google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: September 2021

Monday 27 September 2021

ਗੱਡੀਆਂ ਦੇ ਜੰਗ ਵੱਜਦੇ' ਪੁਸਤਕ ਦੀਆਂ ਪਈਆਂ ਗੂੰਜਾਂ

 Sunday 26th September 2021 at 5:31 pm

ਪੁਸਤਕ ਦੇ ਨਾਲ ਫਿਲਮ ਸੱਚ ਦੀ ਕਲੀ ਵੀ ਰਿਲੀਜ਼ ਕੀਤੀ ਗਈ 

ਰੱਬੀ ਬੈਰੋਂਪੁਰੀ ਟਿਵਾਣਾ ਦੀ ਕਾਵਿ-ਪੁਸਤਕ 'ਗੱਡੀਆਂ ਦੇ  ਜੰਗ ਵੱਜਦੇ' ਲੋਕ ਅਰਪਣ ਕਰਦੇ ਹੋਏ


ਮੋਹਾਲੀ 26 ਸੰਤਬਰ 2021: (ਗੁਰਜੀਤ ਬਿੱਲਾ//ਸਾਹਿਤ ਸਕਰੀਨ):: 

ਸੰਯੁਕਤ ਕਿਸਾਨ ਮੋਰਚੇ ਨੂੰ ਸਮਰਪਿਤ, ਪੁਆਧੀ ਪੰਜਾਬੀ ਸੱਥ ਮੁਹਾਲੀ ਵੱਲੋਂ ਰੱਬੀ ਬੈਰੋਂਪੁਰੀ ਟਿਵਾਣਾ ਦੀ ਕਾਵਿ-ਪੁਸਤਕ 'ਗੱਡੀਆਂ ਦੇ  ਜੰਗ ਵੱਜਦੇ' ਸ਼ਿਵਾਲਿਕ ਪਬਲਿਕ ਸਕੂਲ ਫੇਜ਼ 6 ਮੁਹਾਲੀ ਵਿਖੇ ਲੋਕ ਅਰਪਣ ਕੀਤੀ ਗਈ। ਕਿਸਾਨ ਅੰਦੋਲਨ 'ਚ ਜਾਨਾਂ ਵਾਰਨ ਵਾਲੇ ਕਿਸਾਨਾਂ, ਵਿੱਛੜੇ ਰੱਬੀ ਬੈਰੋਂਪੁਰੀ ਅਤੇ ਡਾ. ਨਾਹਰ ਸਿੰਘ ਦੇ ਪਿਤਾ ਰੱਖਾ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ। ਤਿੰਨੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਪ੍ਰੌੜਤਾ ਵੀ ਕੀਤੀ। ਸੁਆਗਤੀ ਸ਼ਬਦ ਦਰਸ਼ਨ ਸਿੰਘ ਬਨੂੜ ਨੇ ਆਖੇ ਤੇ ਸੱਥ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਪ੍ਰਧਾਨਗੀ ਮੰਡਲ 'ਚ ਵਿਸ਼ੇਸ਼ ਮਹਿਮਾਨ ਲੋਕਯਾਨ ਵਿਦਵਾਨ ਡਾ. ਨਾਹਰ ਸਿੰਘ, ਸੱਥ ਦੇ ਮੁਖੀ ਮਨਮੋਹਨ ਸਿੰਘ ਦਾਊ, ਗ਼ਜ਼ਲਗੋ ਸਿਰੀਰਾਮ ਅਰਸ਼, ਪਿ੍ੰ. ਗੁਰਮੀਤ ਸਿਘ ਖਰੜ ਤੇ ਕਨਵੀਨਰ ਮਨਦੀਪ ਕੌਰ ਟਿਵਾਣਾ ਨੇ 'ਗੱਡੀਆਂ ਦੇ ਜੰਗ ਵੱਜਦੇ' ਲੋਕ ਅਰਪਣ ਦੀ ਰਸਮ ਨਿਭਾਈ। ਪੁਸਤਕ ਬਾਰੇ ਸਿਰੀ ਰਾਮ ਅਰਸ਼ ਨੇ ਪਰਚਾ ਪੜ੍ਹਦਿਆਂ ਰੱਬੀ ਨੂੰ  'ਪੁਆਧ ਦੀ ਖੁਸ਼ਬੋ' ਵਾਲਾ ਕਲਾਕਾਰ ਆਖਿਆ। ਡਾ. ਜਸਪਾਲ ਸਿੰਘ ਜੱਸੀ ਨੇ ਰੱਬੀ ਦੀ ਪੁਆਧੀ ਅਖਾੜਾ   ਕਲਾ ਤੇ ਰਚਨਾ ਦੀ ਚੜ੍ਹਤ ਬਾਰੇ ਜਾਣਕਾਰੀ ਦਿੱਤੀ। ਗੁਰਪ੍ਰੀਤ ਸਿੰਘ ਨਿਆਮੀਆਂ ਅਤੇ ਅਮਰਜੀਤ ਸਿੰਘ ਬਠਲਾਣਾ ਨੇ ਰੱਬੀ ਦੀ ਪੁਸਤਕ ਅਤੇ ਉਸ ਦੀ ਕਲਾ ਨਾਲ ਯਾਦਾਂ ਸਾਂਝੀਆਂ ਕੀਤੀਆਂ। ਡਾ. ਨਾਹਰ ਸਿੰਘ ਨੇ ਪੁਸਤਕ ਦੇ ਗੀਤਾਂ ਦੇ ਆਧਾਰ ਤੇ ਪੁਆਧੀ ਸਭਿਆਚਾਰ ਦੇ ਰੰਗਾਂ ਦੀ ਗੱਲ ਕੀਤੀ ਤੇ ਰੱਬੀ ਨੂੰ ਪੁਆਧ ਦੀ ਗਾਇਕੀ ਦਾ ਅਲੰਬਰਦਾਰ ਕਿਹਾ। ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊ ਨੇ ਕੂੰਜੀਵਤ ਭਾਸ਼ਣ 'ਚ ਰੱਬੀ ਦੇ ਵਿਅਕਤਿਤਵ, ਕਾਵਿ-ਕਲਾ ਤੇ ਪੁਆਧੀ ਅਖਾੜੇ ਦੀ ਲੋਕ-ਪਿ੍ਯਤਾ ਬਾਰੇ ਚਾਨਣਾ ਪਾਇਆ ਤੇ ਰੱਬੀ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ। ਇਸ ਸ਼ਾਨਦਾਰ ਸਮਾਗਮ ਵਿਚ ਰੱਬੀ ਦੀ ਧਰਮ ਪਤਨੀ ਚਰਨ ਕੌਰ ਤੇ ਕਨਵੀਨਰ (ਰੱਬੀ ਦੀ ਪੋਤਰੀ) ਮਨਦੀਪ ਕੌਰ ਟਿਵਾਣਾ ਨੂੰ ਸੱਥ ਵੱਲੋਂ ਸਨਮਾਨਿਤ ਕੀਤਾ ਗਿਆ। ਰੱਬੀ ਦੇ ਪਰਿਵਾਰ ਦੇ ਮੈਂਬਰਾਂ ਸਮੇਤ ਡਾ. ਬਲਜੀਤ ਸਿੰਘ, ਡਾ. ਰਾਜਿੰਦਰ ਸਿੰਘ ਕੁਰਾਲੀ, ਦਲਜੀਤ ਕੌਰ ਦਾਊ, ਹਰਮਿੰਦਰ ਸੁੰਮੀ, ਗੁਰਿੰਦਰ ਗੈਰੀ, ਹਰਜਿੰਦਰ ਸਿੰਘ ਸਾਈ, ਚੇਅਰਮੈਨ ਰੇਸ਼ਮ ਸਿੰਘ, ਦੇਵਿੰਦਰ ਸਿਘ, ਪਰਦੀਪ ਸਿੰਘ ਗਿੱਲ, ਜਗਦੀਪ ਸਿੰਘ ਬੈਦਵਾਨ, ਸਵਰਨ ਸਿਘ ਬੈਦਵਾਨ, ਜਸਪਾਲ ਸਿਘ ਕੰਵਲ, ਆਸ਼ਾ, ਕੇਸਰ ਸਿੰਘ ਬੈਦਵਾਨ ਤੇ ਹੋਰਾਂ ਨੇ ਹਾਜ਼ਰੀ ਭਰੀ। ਇਸ ਮੌਕੇ ਗ੍ਰਰਪ੍ਰੀਤ ਟਿਵਾਣਾ ਅਤੇ ਦੀਪ ਟਿਵਾਣਾ (ਡਾਇਰੈਕਟਰ) ਵੱਲੋਂ ਰੱਬੀ ਦੇ ਗੀਤ ਤੇ ਤਿਆਰ ਕੀਤੀ ਫਿਲਮ 'ਸੱਚ ਦੀ ਕਲੀ' ਰਿਲੀਜ਼ ਕੀਤੀ ਗਈ। ਮੰਚ ਸੰਚਾਲਨ ਬਾ-ਖੂਬੀ ਪਿ੍ੰ. ਗੁਰਮੀਤ ਸਿੰਘ ਖਰੜ ਨੇ ਕੀਤਾ। ਧੰਨਵਾਦ ਮਨਦੀਪ ਕੌਰ ਟਿਵਾਣਾ ਨੇ ਕੀਤਾ।

ਰਣਜੀਤ ਸਿੰਘ ਹੁਰਾਂ ਨਾਲ ਸਬੰਧਤ ਇੱਕ ਹੋਰ ਲਿਖਤ ਪੜ੍ਹੋ ਇਥੇ ਕਲਿੱਕ ਕਰ ਕੇ 

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਅਤੇ ਡਾ. ਗੁਲਜ਼ਾਰ ਪੰਧੇਰ 

ਪੰਜਾਬੀ ਸਾਹਿਤ ਅਕਾਦਮੀ ਨਾਲ ਹੋਰ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ 

ਡਾ. ਲਖਵਿੰਦਰ ਜੌਹਲ ਬਣੇ ਪੰਜਾਬੀ ਸਾਹਿਤ ਐਕਡਮੀ ਦੇ ਬਿਨਾ ਮੁਕਾਬਲਾ ਪ੍ਰਧਾਨ

Thursday 23 September 2021

ਸੋਨੀਆ ਪਾਹਵਾ ਵੱਲੋਂ ਆਪਣੀ ਕਿਤਾਬ "ਕੀਮਤੀ ਜਜ਼ਬਾਤ" ਦਾ ਲੋਕ ਅਰਪਣ

Thursday 23rd September 2021 at 08:22 PM Whatsapp

ਪਹਿਲਾਂ ਵੀ ਲਿਖ ਚੁੱਕੇ ਹਨ "ਟੀਉਣ ਇੰਟੁ ਦਾ ਵਰਲਡ ਆਫ ਰੇਡੀਓ" 


ਲੁਧਿਆਣਾ
: 23 ਸਤੰਬਰ 2021: (ਅੰਮ੍ਰਿਤਪਾਲ ਸਿੰਘ//ਕਾਰਤਿਕਾ ਸਿੰਘ//ਸਾਹਿਤ ਸਕਰੀਨ)::

ਸਿਲੇਬਸ ਅਤੇ ਡਿਗਰੀਆਂ ਵਾਲੀ ਸਿੱਖਿਆ ਦੇ ਨਾਲ ਨਾਲ ਸਾਹਿਤ ਅਤੇ ਕਲਾ ਦੀ ਸਿੱਖਿਆ ਦੇਣ ਵਿੱਚ ਵੀ ਲੁਧਿਆਣਾ ਵਿੱਚ ਲੜਕੀਆਂ ਦਾ ਸਰਕਾਰੀ ਕਾਲਜ ਅਕਸਰ ਅੱਗੇ ਰਹਿੰਦਾ ਹੈ। ਇਸ ਕਾਲਜ ਨਾਲ ਬਹੁਤ ਵੱਡੇ ਵੱਡੇ ਕਲਮਕਾਰਾਂ ਅਤੇ ਸ਼ਖਸੀਅਤਾਂ ਦੇ ਨਾਮ ਜੁੜੇ ਰਹੇ ਹਨ ਜਿਹਨਾਂ ਨੇ ਸਾਹਿਤਿਕ ਦੁਨੀਆ ਨੂੰ ਬਹੁਤ ਅਮੀਰ ਬਣਾਇਆ ਹੈ।

ਆਪਣੀ ਪਹਿਲੀ ਕਿਤਾਬ "ਟੀਉਣ ਇੰਟੁ ਦਾ ਵਰਲਡ ਆਫ ਰੇਡੀਓ" ਦੀ ਅਪਾਰ ਸਫ਼ਲਤਾ ਤੋਂ ਬਾਅਦ ਅੱਜ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਸਹਾਇਕ ਪ੍ਰੋਫੈਸਰ ਸੋਨੀਆ ਪਾਹਵਾ ਨੇ ਆਪਣੀ ਦੂਜੀ ਕਿਤਾਬ "ਕੀਮਤੀ ਜਜ਼ਬਾਤ" ਰਿਲੀਜ਼ ਕੀਤੀ। ਕਿਤਾਬ ਨੂੰ ਰਲੀਜ਼ ਕਰਦੇ ਹੋਏ ਲੇਖਿਕਾ ਸਹਾਇਕ ਪ੍ਰੋਫੈਸਰ ਸੋਨੀਆ ਪਾਹਵਾ ਨੇ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਆਪਣੀਆਂ ਭਾਵਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਸਨ। ਇਸ ਕਿਤਾਬ ਵਿੱਚ ਲਿਖੀ ਸ਼ਾਇਰੀ ਦੇ ਜ਼ਰੀਏ ਉਹਨਾਂ ਆਪਣੇ ਕੀਮਤੀ ਜਜ਼ਬਾਤ ਲੋਕਾਂ ਸਾਹਮਣੇ ਪੇਸ਼ ਕੀਤੇ ਹਨ ਅਤੇ ਪੂਰੀ ਉਮੀਦ ਹੈ ਕਿ ਪਹਿਲੀ ਕਿਤਾਬ ਵਾਂਗ ਇਸ ਕਿਤਾਬ ਨੂੰ ਵੀ ਲੋਕਾਂ ਦਾ ਵਡਮੁੱਲਾ ਪਿਆਰ ਮਿਲੇਗਾ। ਇਸ ਕਿਤਾਬ ਵਿਚ ਹਰ ਤਰਾਂ ਦੀ ਭਾਵਨਾਵਾਂ ਨਾਲ ਜੁੜੀ ਸ਼ਾਇਰੀ ਤੁਹਾਨੂੰ ਪੜ੍ਹਨ ਨੂੰ ਮਿਲੇਗੀ। ਇਹ ਕਿਤਾਬ ਐਮਾਜ਼ੋਨ, ਫਲਿਪਕਾਰਟ ਆਦਿ ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

ਕਿਤਾਬ ਨੂੰ ਰਲੀਜ਼ ਕਰਦੇ ਹੋਏ ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਪ੍ਰਿੰਸੀਪਲ ਡਾਕਟਰ ਸੁਖਵਿੰਦਰ ਕੌਰ ਨੇ ਕਿਹਾ ਕਿ ਇਹ ਉਨ੍ਹਾਂ ਦੇ ਕਾਲਜ ਲਈ ਬਹੁਤ ਹੀ ਮਾਣ ਦੀ ਗੱਲ ਹੈ। ਮੈਡਮ ਸੋਨੀਆ ਪਾਹਵਾ ਦੀ ਇਹ ਕਿਤਾਬ ਵਿੱਚ ਸ਼ਾਇਰੀ ਨੂੰ ਬਹੁਤ ਹੀ ਸੁੰਦਰ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ। ਉਹ ਕੇਵਲ ਆਪਣੇ ਖੇਤਰ ਵਿੱਚ ਹੀ ਨਹੀਂ ਬਲਕਿ ਹਰ ਖੇਤਰ ਵਿੱਚ ਨਾਮ ਰੋਸ਼ਨ ਕਰ ਰਹੇ ਹਨ। ਕਾਲਜ ਅਤੇ ਸਮੂਹ ਸਟਾਫ ਲਈ ਇਹ ਬਹੁਤ ਮਾਣ ਦੀ ਗੱਲ ਹੈ। ਕਿਤਾਬ ਦੀ ਰਿਲੀਜ਼ ਸਮੇਂ ਸ਼੍ਰੀਮਤੀ ਕਿਰਪਾਲ ਕੌਰ (ਵਾਇਸ ਪ੍ਰਿੰਸੀਪਲ),ਸ੍ਰੀਮਤੀ ਗੁਰਜਿੰਦਰ ਬਰਾੜ (ਮੁਖੀ ਅੰਗਰੇਜ਼ੀ ਵਿਭਾਗ) ਅਤੇ ਹੋਰ ਸਟਾਫ਼ ਮੈਂਬਰ ਮੁੱਖ ਰੂਪ ਵਿੱਚ ਹਾਜ਼ਰ ਰਹੇ।

ਰਣਜੀਤ ਸਿੰਘ ਹੁਰਾਂ ਨਾਲ ਸਬੰਧਤ ਇੱਕ ਹੋਰ ਲਿਖਤ ਪੜ੍ਹੋ ਇਥੇ ਕਲਿੱਕ ਕਰ ਕੇ 

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਅਤੇ ਡਾ. ਗੁਲਜ਼ਾਰ ਪੰਧੇਰ 

ਪੰਜਾਬੀ ਸਾਹਿਤ ਅਕਾਦਮੀ ਨਾਲ ਹੋਰ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ 

ਡਾ. ਲਖਵਿੰਦਰ ਜੌਹਲ ਬਣੇ ਪੰਜਾਬੀ ਸਾਹਿਤ ਐਕਡਮੀ ਦੇ ਬਿਨਾ ਮੁਕਾਬਲਾ ਪ੍ਰਧਾਨ

Wednesday 22 September 2021

ਇਹ ਆਵਾਜ਼ ਸਿਰਸਾ ਵਾਲੇ ਰੇਡੀਓ ਤੋਂ ਆਈ ਹੈ

 Tuesday: 21st September 2021 at 07:38 pm WhatsApp

ਦਿਲ ਲਗਾ ਕੇ ਬੜੇ ਹੀ ਧਿਆਨ ਨਾਲ ਸੁਣਿਓ 


ਛਿੰਦਰ ਕੌਰ ਸਿਰਸਾ ਵਿੱਚ ਰੇਡੀਓ ਦੀ ਦੁਨੀਆ ਨਾਲ ਜੁੜੇ ਹੋਏ ਹਨ। ਆਵਾਜ਼ ਦੀ ਦੁਨੀਆ ਨਾਲ ਉਹਨਾਂ ਦਾ ਨੇੜਲਾ ਰਾਬਤਾ ਹੈ। ਦਿਲ ਦਰਿਆ ਸਮੁੰਦਰੋਂ ਡੂੰਘੇ ਵਾਲੀ ਅਵਸਥਾ ਨੂੰ ਅਨੁਭਵ ਕਰਦਿਆਂ ਕਰਦਿਆਂ ਬਾਹਰਲੀ ਦੁਨੀਆ ਦੇ ਦਿਲਾਂ ਤੇ ਦਸਤਕ ਦੇਣੀ ਅਤੇ ਉਹਨਾਂ ਦੀ ਥਾਹ ਪਾ ਲੈਣੀ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਆਉਂਦੀ ਹੈ। ਰੇਡੀਓ ਦੇ ਇਸ ਸੁਹਜ ਭਰੇ ਕਲਾਤਮਕ ਕਿੱਤੇ ਵਿੱਚ ਖਾਮੋਸ਼ੀ ਵੀ ਬੜੀ ਜ਼ਰੂਰੀ ਹੁੰਦੀ ਹੈ-ਜਿਸ ਨੂੰ ਅੰਗਰੇਜ਼ੀ ਵਾਲੇ ਕਹਿੰਦੇ ਹੁੰਦੇ ਨੇ ਪਿੰਨ ਡ੍ਰੌਪ ਸਾਈਲੈਂਸ। ਮੌਨ ਦੀ ਉਸ ਅਵਸਥਾ ਵਿੱਚ ਵੀ ਅਕਸਰ ਹੀ ਸੰਵਾਦ ਚੱਲਦੇ ਰਹਿੰਦੇ ਹਨ। ਮਾਈਕ ਸਾਹਮਣੇ ਬੋਲਣ ਵੇਲੇ ਵੀ ਅਕਸਰ ਉਹਨਾਂ ਸਰੋਤਿਆਂ ਨਾਲ ਗੱਲ ਹੁੰਦੀ ਰਹਿੰਦੀ ਹੈ ਜਿਹੜੇ ਆਮ ਤੌਰ ਤੇ ਅੱਖਾਂ ਸਾਹਮਣੇ ਨਹੀਂ ਹੁੰਦੇ। ਸਿਰਫ ਆਵਾਜ਼ ਦਾ ਹੀ ਰਾਬਤਾ ਹੁੰਦਾ ਹੈ। ਦਿਲ ਵਾਲਾ ਰਾਬਤਾ ਹੁੰਦਾ ਹੈ। ਰੂਹਾਂ ਦੀ ਪਛਾਣ ਹੁੰਦੀ ਹੈ। ਮੈਡੀਟੇਸ਼ਨ ਵਰਗੀ ਇਸ ਅਵਸਥਾ ਵਿੱਚੋਂ ਜਿਹੜੀਆਂ ਕਾਵਿ ਰਚਨਾਵਾਂ ਜਨਮ ਲੈਂਦੀਆਂ ਹਨ ਉਹ ਸੱਚਮੁੱਚ ਸ਼ਾਹਕਾਰ ਹੁੰਦੀਆਂ ਹਨ। ਉਹਨਾਂ ਵਿੱਚੋਂ ਹੀ ਹੈ ਇਹ ਰਚਨਾ ਵੀ ਇੱਕ ਸ਼ਾਹਕਾਰ। ਤੁਹਾਨੂੰ ਇਹ ਕਾਵਿ ਰਚਨਾ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। ਜਲਦੀ ਹੀ ਸਾਂਝੀਆਂ ਕਰਾਂਗੇ ਛਿੰਦਰ ਕੌਰ ਹੁਰਾਂ ਦੀਆਂ ਹੋਰ ਰਚਨਾਵਾਂ ਵੀ। ਉਹਨਾਨੀ ਦੀਆਂ ਕਾਵਿ ਰਚਨਾਵਾਂ ਵੀ ਅਤੇ ਵਾਰਤਕ ਵੀ। --ਰੈਕਟਰ ਕਥੂਰੀਆ 

ਖਾਮੋਸ਼ੀ ਦੀਆਂ ਅਵਾਜ਼ਾਂ ਨੂੰ ਪਕੜਦੀ ਛਿੰਦਰ ਕੌਰ ਦੀ ਨਵੀਂ ਕਾਵਿ ਰਚਨਾ 

ਸ਼ਬਦਾਂ ‘ਚ ਰਲੀ ਨਮੀਂ

ਹੌਲੀ -ਹੌਲੀ ਘਟਣ ਲੱਗ ਗਈ 

ਘੁੰਮ ਕੇ ਬ੍ਰਹਿਮੰਡ 

ਆਪਣੇ ਆਪ ਤਕ ਅੱਪੜ ਗਈ 

ਪਿਆਰ ਦਾ ਰੁੱਖ ਪਾਲਣ ਲਈ 

ਜਿੰਦ ਅਰਘ ਹੋ ਗਈ

ਰੁਦਨ’ਚ ਨਿਰਮਲ ਹੋਈਆ ਅੱਖਾਂ 

ਆਦਿ ਤੋਂ ਅੰਤ ਤਕ ਰਾਖ਼ਵੀਆਂ ਨੇ

ਕਿਸੇ ਪਹੁੰਚੇ ਫਕੀਰ ਦੀ ਫੂਕ ਵਜੇ 

ਤਵੀਤ ਜਿਹੀ ਅਰਾਮਦਾਇਕ

ਤਾਸੀਰ ਹੋ ਗਈ

ਹਵਾ ਪਾਣੀ ਬਦਲ ਗਿਆ

ਤਲਿਸਮੀ ਦਿਨ ਤੇ ਤਲਿਸਮੀ 

ਹਰ ਸ਼ਾਮ ਹੋ ਗਈ

ਅੱਬਲ ਤੇ ਆਉਂਦੀ ਨਹੀਂ ਉਦਾਸੀ

ਜੇ ਆਉਂਦੀ ਵੀ ਹੈ ਤੇ ਬਹੁਤਾ ਚਿਰ 

ਠਹਿਰਦੀ ਨਹੀਂ 

ਠੰਡੀ -ਮਿੱਠੀ ਛਾਂ ਵਾਲਾ ਰੁੱਖ ਕਰ ਲਿਆ

ਖ਼ੁਦ ਨੂੰ 

ਉਮਰਾਂ ਲਈ ਰੁਕ ਗਈ ਹਾਂ

ਰਾਹੀਓਂ ਵਸਨੀਕ ਹੋ ਗਈ

ਓਹ ਮੂਰਤੀਕਾਰ ਵੀ ਵਧੀਆ

ਤੇ ਕਿਸਮਤਘਾੜਾ ਵੀ ਚੰਗਾ

ਬਖ਼ਸ਼ਿਸ਼ਾਂ ਦਾ ਮੌਸਮ ਹੋ ਗਿਆ

ਤੇ ਧਿਆਨ ਦੀ ਇਹ ਰੁੱਤ ਹੋ ਗਈ!  

                             --ਛਿੰਦਰ ਕੌਰ 

ਇਸ ਰਚਨਾ ਬਾਰੇ ਆਪਣੇ ਵਿਚਾਰ ਭੇਜਣਾ ਨਾ ਭੁੱਲਣਾ। ਤੁਸੀਂ ਇਥੇ ਇਸ ਰਚਨਾ ਦੇ ਅਖੀਰ ਵਿਛਕ ਦਿੱਤੇ ਕੁਮੈਂਟ   ਬਾਕਸ ਵਿਚ ਆਪਣੀਆਂ ਟਿੱਪਣੀਆਂ ਟਾਈਪ ਕਰ ਸਕਦੇ ਹੋ। ਟਿੱਪਣੀਆਂ ਨਾਲ ਆਪਣਾ ਨਾਮ, ਸ਼ਹਿਰ ਦਾ ਨਾਮ ਅਤੇ ਮੋਬਾਈਲ ਨੰਬਰ ਵੀ ਦੇਣਾ। 

Tuesday 14 September 2021

ਦਰਦ ਪੰਜਾਬੀ ਦਾ//ਕੇਹਰ ਸ਼ਰੀਫ਼

14th September 2021 at 06:47 pm Whatsapp 

ਹਲੂਣਾ ਦੇਂਦੀ ਕਾਵਿ ਰਚਨਾ ਜਿਸ ਨੂੰ ਲਿਖਿਆ ਹੈਮਕੇਹਰ ਸ਼ਰੀਫ ਹੁਰਾਂ ਨੇ 


ਦੇਖ  ਲੈ   ਪੰਜਾਬੀਏ   ਨੀ   ਪੁੱਤ   ਤੇਰੇ   ਲਾਡਲੇ

ਇਨ੍ਹਾਂ ਨੂੰ ਤਾਂ ਤੇਰੀ  ਹੀ ਸਿਆਣ  ਭੁੱਲੀ ਜਾਂਦੀ ਐ।


ਨਾਮ ਤੇਰਾ ਜਪਦੇ ਆ ਬਹਿ ਕੇ ਜਿਹੜੇ ਦਿਨੇ ਰਾਤੀਂ

ਅੱਖਰਾਂ ਦੀ  ਉਨ੍ਹਾਂ  ਨੂੰ  ਪਛਾਣ  ਭੁੱਲੀ  ਜਾਂਦੀ  ਐ।


ਮਨੁੱਖਤਾ ਦਾ ਪਿੱਟਦੀ ਢੰਡੋਰਾ ਜਿਹੜੀ ਅੱਠੇ ਪਹਿਰ 

ਉਹੋ  ਈ  ਲੋਕਾਈ  ਇਨਸਾਨ   ਭੁੱਲੀ  ਜਾਂਦੀ  ਐ।


ਅੱਗੇ ਹੋਣਾ  ਕੀ ਐ ਇਹੋ ਕੋਈ ਵੀ  ਨਹੀਂ ਜਾਣਦਾ

ਕੇਹਰ ਸ਼ਰੀਫ 
ਭਵਿੱਖ ਦੀ ਜੁਆਨੀ  ਵਰਤਮਾਨ ਭੁੱਲੀ  ਜਾਂਦੀ ਐ।


ਕਿਵੇਂ  ਦਦਿਔਰੇ,  ਪਤਿਔਰੇ  ਤੇ  ਨਨਿਔਰੇ   ਕਹੂ

ਜਿਹੜੀ ਪੀੜ੍ਹੀ  ਆਪਣੀ ਜ਼ੁਬਾਨ  ਭੁੱਲੀ  ਜਾਂਦੀ ਐ।


ਕੱਖੋਂ   ਹੌਲੇ  ਰਿਸ਼ਤੇ   ਤੇ  ਮਰ   ਰਿਹਾ  ਮੋਹ  ਵੇਖ 

ਭਾਬੀ ਨੂੰ  ਤਾਂ  ਆਪਣੀ ਨਣਾਨ  ਭੁੱਲੀ  ਜਾਂਦੀ ਐ।

ਸੰਪਰਕ : +491733546050


ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। ਜੇ ਤੁਸੀਂ ਵੀ ਕੁਝ ਅਜਿਹਾ ਲਿਖਿਆ ਹੈ ਤਾਂ ਉਹ ਵੀ ਜ਼ਰੂਰ ਭੇਜਣਾ। 

Sunday 12 September 2021

ਕਿਸਾਨੀ ਖਿਲਾਫ ਸਾਜ਼ਿਸ਼ਾਂ ਦੇ ਭੇਦ ਖੁਲ੍ਹੇ ਲੇਖਕਾਂ ਦੇ ਅਜਲਾਸ ਵਿੱਚ

 ਬਹੁਤ ਕੁਝ ਬੇਨਕਾਬ ਕੀਤਾ ਉਘੇ ਖੇਤੀ ਮਾਹਰ ਦਵਿੰਦਰ ਸ਼ਰਮਾ ਨੇ 

ਪ੍ਰਬੰਧ ਚਾਹੁੰਦਾ ਹੈ ਕਿਸਾਨ ਦੇ ਕਿੱਤੇ ਨੂੰ ਏਨਾ ਘਾਟੇ ਵਾਲਾ ਬਣਾ ਦਿਓ ਕਿ ਉਹ ਖੁਦ ਛੱਡ ਜਾਵੇ

*ਕੇਂਦਰੀ ਪੰਜਾਬੀ ਲੇਖਕ ਸਭਾ ਦਾ  ਡੇਢ ਸਾਲਾ ਇਜਲਾਸ
*ਦਿੱਤੇ ਤਿੰਨ ਸ‍ਾਹਿਤਕਾਰਾਂ ਦੀ ਯਾਦ ਵਿੱਚ ਤਿੰਨ ਪੁਰਸਕਾਰ

ਲੁਧਿਆਣਾ:12 ਸਤੰਬਰ 2021: (ਐਮ ਐਸ ਭਾਟੀਆ//ਸਾਹਿਤ ਸਕਰੀਨ)::

ਅੱਜ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਆਪਣਾ ਪਹਿਲਾ ਡੇਢ ਸਾਲਾ ਇਜਲਾਸ ਪੰਜਾਬੀ ਭਵਨ ਲੁਧਿਆਣਾ  ਵਿਖੇ ਕੀਤਾ ਗਿਆ ਜਿਸ ਵਿੱਚ ਚਰਚਾ ਦਾ ਮੁਖ ਕੇਂਦਰੀ ਨੁਕਤਾ ਕਿਸਾਨੀ ਦਾ ਸੀ। ਕਿਸਾਨੀ ਦੇ ਖਿਲਾਫ ਚੱਲ ਰਹੀਆਂ ਸਾਜ਼ਿਸ਼ਾਂ ਨੂੰ ਲੇਖਕਾਂ ਦੇ ਇਸ ਸਮਾਗਮ ਦੌਰਾਨ ਪੂਰੀ ਤਰ੍ਹਾਂ ਬੇਨਕਾਬ ਕੀਤਾ ਗਿਆ। ਉਘੇ ਖੇਤੀ ਮਾਹਰ ਇਸ ਮੌਕੇ ਤੇ ਮੁਖ ਬੁਲਾਰੇ ਸਨ ਅਤੇ ਉਹਨਾਂ ਨੇ ਤੱਥਾਂ ਦੇ ਹਵਾਲੇ ਦੇ ਦੇ ਕੇ ਕਿਸਾਨੀ ਖਿਲਾਫ ਰਚੀਆਂ ਗਈਆਂ ਸਾਜ਼ਿਸ਼ਾਂ ਨੂੰ ਬੇਨਕਾਬ ਕੀਤਾ। 

ਅੱਜ ਦੇ ਅਜਲਾਸ ਬਾਰੇ ਜ਼ਿਕਰਯੋਗ ਹੈ ਕਿ ਸੰਵਿਧਾਨ ਅਨੁਸਾਰ ਹਰ ਮਿਆਦ ਵਿੱਚ ਦੋ ਇਜਲਾਸ ਹੋਣੇ ਹੁੰਦੇ ਹਨ। ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਡਾ.ਸੁਖਦੇਵ ਸਿੰਘ ਸਿਰਸਾ, ਸੀ.ਮੀਤ ਪ੍ਰਧਾਨ ਡਾ.ਜੋਗਾ ਸਿੰਘ ਸਮੇਤ ਸ਼ਾਮਲ ਹੋਏ।ਲੇਖਕ ਖਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਪੁੱਜੇ।ਹੋਏ ਸਨ। ਕਿਤਾਬਾਂ ਵੀ ਰਿਲੀਜ਼ ਕੀਤੀਆਂ ਗਈਆਂ। 

ਸਮਾਗਮ ਨੂੰ  ਉੱਘੇ ਖੇਤੀ ਮਾਹਿਰ ਡਾ. ਦਵਿੰਦਰ ਸ਼ਰਮਾ ਨੇ ਵਿਸ਼ੇਸ ਤੌਰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੀ ਸਿਰਫ ਮੁੱਢਲੀ ਤਨਖਾਹ ਅਤੇ ਮਹਿੰਗਾਈ ਭੱਤਾ ਹੀ ਲੈ ਲਈਏ ਤਾਂ ਕਿਸਾਨ ਕਿਤੇ ਪਛੜ  ਜਾਂਦਾ ਹੈ। ਉਹਨਾਂ ਨੇ ਅੰਕੜੇ ਦੇ ਕੇ ਦੱਸਿਆ ਕਿ ਅਮਰੀਕਾ ਦੀ ਇਕ ਗਾਂ ਦੀ  ਖੁਰਾਕ  ਸਾਡੇ ਕਿਸਾਨ ਦੀ ਖੁਰਾਕ ਨਾਲੋਂ ਜਿਆਦਾ ਸੁਰੱਖਿਅਤ ਹੈ। ਡਾ. ਦਵਿੰਦਰ ਸ਼ਰਮਾ ਨੇ ਮੌਜੂਦਾ ਕਿਸਾਨੀ ਸੰਕਟ ਉਤੇ ਆਪਣਾ ਮੁਖ ਭਾਸ਼ਣ ਦਿੰਦਿਆਂ ਕਿਹਾ ਕਿ ਸਰਕਾਰਾਂ ਨੇ ਕਿਸਾਨਾਂ ਦੀ ਆਮਦਨ ਵਧਾਉਣ ਦੀਆਂ ਕੋਈ ਵੀ ਨੀਤੀਆਂ ਤਿਆਰ ਨਹੀਂ ਕੀਤੀਆਂ।ਉਹਨਾਂ 1975 ਤੋਂ 2020 ਤੱਕ ਦੇ ਸਰਕਾਰੀ ਅਤੇ ਕਾਰਪੋਰੇਟ ਖੇਤਰ ਦੀਆਂ ਤਨਖਾਹਾਂ ਦੇ ਤੱਥ ਦਿੰਦਿਆਂ ਸਪਸ਼ਟ ਕੀਤਾ ਕਿ ਜਿੱਥੇ ਸਰਕਾਰੀ ਤੇ ਕਾਰਪੋਰੇਟ ਖੇਤਰ 300 ਤੋਂ ਲੈ ਕੇ 1000 ਗੁਣਾ ਵਾਧਾ ਪ੍ਰਾਪਤ ਕਰ ਗਿਆ ਉੱਥੇ ਕਿਸਾਨੀ ਆਮਦਨ ਸਿਰਫ 19 ਗੁਣਾ ਵਧੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਘੱਟੋ ਘੱਟ ਸਮਰਥਨ ਮੁੱਲ,ਕਾਨੂੰਨੀ ਤੌਰ ਤੇ ਨਿਰਧਾਰਿਤ ਕਰੇ ਅਤੇ ਹਰ ਫਸਲ ਉਸ ਵਿੱਚ ਸ਼ਾਮਿਲ ਹੋਵੇ।

ਇਸ ਉਪਰੰਤ ਵਿਚਾਰ ਚਰਚਾ ਵਿੱਚ ਪੋ੍.ਕੇਵਲ ਕਲੋਟੀ, ਚਰਨ ਸਰਾਭਾ, ਡਾ ਜੋਗਾ ਸਿੰਘ, ਡਾ ਕਰਮਜੀਤ  ਸਿੰਘ ਤੇ ਮੱਖਣ ਕੁਹਾੜ ਨੇ ਭਾਗ ਲਿਆ। ਜਨਰਲ ਬਾਡੀ ਇਜਲਾਸ ਦੇ ਦੂਜੇ ਭਾਗ ਵਿੱਚ ਡਾ. ਸੁਖਦੇਵ ਸਿੰਘ ਸਿਰਸਾ ਨੇ ਕੇਂਦਰੀ ਸਭਾ ਦੇ ਪਿਛਲੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। 

ਕੇਂਦਰੀ ਸਭਾ ਵੱਲੋਂ ਦਿੱਤੇ ਜਾਣ ਵਾਲੇ ਤਿੰਨ ਸਨਮਾਨ, ਗਿਆਨੀ ਹੀਰਾ ਸਿੰਘ ਦਰਦ, ਡਾ ਰਵਿੰਦਰ ਸਿੰਘ ਰਵੀ ਤੇ ਡਾ. ਐਸ ਤਰਸੇਮ, ਦੀ ਯਾਦ ਵਿਚ ਕ੍ਰਮਵਾਰ ਸ਼ੁਸ਼ੀਲ ਦੁਸ਼ਾਂਝ ,ਡਾ. ਸਰਬਜੀਤ ਸਿੰਘ ਅਤੇ ਗੁਰਬਚਨ ਸਿੰਘ ਭੁੱਲਰ ਨੂੰ ਭੇਂਟ ਕੀਤੇ ਗਏ। ਸਨਮਾਨਿਤ ਸ਼ਖ਼ਸੀਅਤਾਂ ਸਬੰਧੀ ਸਨਮਾਨ ਪੱਤਰ ਕ੍ਰਮਵਾਰ ਡਾ.ਕਰਮਜੀਤ ਸਿੰਘ, ਡਾ. ਅਰਵਿੰਦਰ ਕੌਰ 'ਕਾਕੜਾ' ਤੇ ਕੁਲਦੀਪ ਸਿੰਘ 'ਬੇਦੀ' ਨੇ ਪੜ੍ਹੇ। 

ਇਸ ਮੌਕੇ ਪੰਜਾਬ ਦੀਆਂ ਸਮੂਹ ਸਭਾਵਾਂ ਦੇ ਪ੍ਰਤਿਨਿਧ,ਕੇਂਦਰੀ ਸਭਾ ਦੇ ਸਮੂਹ ਅਹੁਦੇਦਾਰ ਅਤੇ ਕਾਰਜਕਾਰਨੀ ਮੈਂਬਰ ਹਾਜ਼ਰ ਸਨ।ਇਸ ਮੌਕੇ ਤਿੰਨ ਮਤੇ ਸਰਬ-ਸੰਮਤੀ ਨਾਲ ਪਾਸ ਕੀਤੇ ਗਏ ਜਿਨ੍ਹਾਂ ਵਿੱਚ 27 ਸਤੰਬਰ ਨੂੰ ਭਾਰਤ ਬੰਦ ਦਾ ਸਮਰਥਨ,ਬੇਰੁਜ਼ਗਾਰ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਪੰਜਾਬ ਯੂਨੀਵਰਸਿਟੀ ਦੇ ਲੋਕ-ਤੰਤਰੀ ਢਾਂਚੇ ਨੂੰ ਬਣਾਈ ਰੱਖਣਾ ਸ਼ਾਮਿਲ ਹੈ। ਇਜਲਾਸ ਵਿੱਚ ਕੇਂਦਰੀ ਸਭਾ ਦਾ ਪੰਜਾਬੀ ਲੇਖਕ ਅੰਕ 96 ਵੀ ਰਿਲੀਜ ਕੀਤਾ ਗਿਆ। ਡਾ ਜੋਗਾ ਸਿੰਘ ਨੇ ਆਏ ਹੋਏ ਸਮੂਹ ਲੇਖਕਾਂ ਦਾ ਧੰਨਵਾਦ ਕੀਤਾ। ਡਾ ਜੋਗਾ ਸਿੰਘ ਨੇ ਆਏ ਹੋਏ ਸਮੂਹ ਲੇਖਕਾਂ ਦਾ ਧੰਨਵਾਦ ਕੀਤਾ। ਕੁਲ ਮਿਲਾ ਕੇ ਇਹ ਇੱਕ ਸਫਲ ਅਜਲਾਸ ਰਿਹਾ।

ਉਂਝ ਤਾਂ ਬਹੁ ਗਿਣਤੀ ਲੇਖਕ ਲੋਕ ਅੰਦੋਲਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਹੀ ਆਏ ਹਨ ਪਰ ਜਾਂ ਤਾਂ ਇਹ ਇੱਕ ਦੁੱਕਾ ਵਿਅਕਤੀਗਤ ਵਰਗਾ ਪ੍ਰਭਾਵ ਹੁੰਦਾ ਸੀ ਤਾਂ ਜਾਂ ਫਿਰ ਟਰੇਡ ਯੂਨੀਅਨ ਦੇ ਸੱਦੇ ਵਰਗਾ। ਇਸ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕਿਸਾਨੀ ਅਤੇ ਲੋਕ ਅੰਦੋਲਨਾਂ ਨਾਲ ਖੁੱਲ੍ਹ ਕੇ ਜੁੜਨ ਦੀ ਜੋ ਹਿੰਮਤ ਦਿਖਾਈ ਹੈ ਇਸਦੇ ਨੇੜ ਭਵਿੱਖ ਵਿੱਚ ਹੀ ਚੰਗੇ ਲੋਕਪੱਖੀ ਨਤੀਜੇ ਸਾਹਮਣੇ ਆਉਣਗੇ। ਜਿਹੜੇ ਕਲਮਕਾਰ ਅਜੇ ਵੀ ਕਿਸੇ ਦੁਬਿਧਾ ਵਿਚ ਹੋਣਗੇ ਉਹਨਾਂ ਨੂੰ ਇਸ ਨਾਲ ਪ੍ਰੇਰਨਾ ਮਿਲੇਗੀ।  ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦੇ ਨਾਲ ਲੇਖਕਾਂ ਦੇ ਹੋਰ ਵੱਡੇ ਕਾਫ਼ਿਲੇ ਤੁਰਨਗੇ। 

Saturday 11 September 2021

ਮਨੋਜ ਧੀਮਾਨ ਨੇ ਲਿਖੀ ਇਕ ਹੋਰ ਹਿੰਦੀ ਫਿਕਸ਼ਨ ਕਿਤਾਬ

Saturday:11th September 2021 at 8:05 PM

'ਯੇ ਮਕਾਨ ਬੀਕਾਉ ਹੈ'-ਬਾਜ਼ਾਰ ਵਿੱਚ ਵੀ ਹੈ ਅਤੇ ਚਰਚਾ ਵਿੱਚ ਵੀ 

ਪੁਸਤਕ ਸਮਾਜ, ਪ੍ਰਣਾਲੀ ਅਤੇ ਹਾਕਮਾਂ ਦੀ ਕਾਰਜਸ਼ੈਲੀ ਦੇ ਕਈ ਪੱਖਾਂ ਨੂੰ ਉਜਾਗਰ ਕਰਦੀ ਹੈ

ਲੁਧਿਆਣਾ: 11 ਸਤੰਬਰ 2021: (ਪੰਜਾਬ ਸਕਰੀਨ ਬਿਊਰੋ)::

ਜਦੋਂ ਪੰਜਾਬ ਵਿੱਚ ਹਾਲਾਤ ਖਰਾਬ ਸਨ। ਗੋਲੀਆਂ ਚੱਲਦੀਆਂ ਸਨ, ਬੰਬ ਚਲਦੇ ਸਨ। ਸਵੇਰੇ ਘਰੋਂ ਨਿਕਲਦਿਆਂ ਪਤਾ ਨਹੀਂ ਸੀ ਹੁੰਦਾ ਕਿ ਸ਼ਾਮ ਨੂੰ ਮੁੜਨਾ ਹੈ ਜਾਂ ਨਹੀਂ, ਉਦੋਂ ਵੀ ਸਮਾਜ ਵਿੱਚ ਨਾ ਤਾਂ ਕੁਰੱਪਸ਼ਨ ਘਟੀ ਸੀ ਤੇ ਹੀ ਠੱਗੀਆਂ ਠੋਰੀਆਂ ਘਟੀਆਂ ਸਨ। ਉਦੋਂ ਵੀ ਸ਼ੋਸ਼ਣ ਜਾਰੀ ਸੀ। ਆਏ ਦਿਨ ਡੁੱਲਦੇ ਲਹੂ ਨੂੰ ਦੇਖਦਿਆਂ ਪੱਤਰਕਾਰ ਮਨੋਜ ਧੀਮਾਨ ਦੀ ਅੱਖ ਉਦੋਂ ਵੀ ਪੂਰੀ ਤਰ੍ਹਾਂ ਸੁਚੇਤ ਸੀ। ਉਹ ਸਮਾਜ ਨੂੰ ਖੋਖਲਾ ਕਰ ਰਹੇ ਇਹਨਾਂ ਵਰਤਾਰਿਆਂ ਨੂੰ ਬੜੀ ਬਾਜ਼ ਨਜ਼ਰ ਨਾਲ ਦੇਖ ਰਿਹਾ ਸੀ। ਜੋ ਜੋ ਦੇਖਿਆ ਸੁਣਿਆ ਉਸ ਵਿੱਚੋਂ ਬਹੁਤ ਕੁਝ ਖਬਰਾਂ ਬਣ ਕੇ ਮੀਡੀਆ ਕੋਲ ਚਲਾ ਗਿਆ ਅਤੇ ਜੋ ਜੋ ਬਹੁਤ ਕੁਝ ਦਿਲ ਦਿਮਾਗ ਵਿੱਚ ਬਚ ਗਿਆ ਉਸ ਵਿੱਚੋਂ ਕਾਂਟ ਛਾਂਟ ਕਰ ਕੇ ਇਹ ਮਿੰਨੀ ਕਹਾਣੀ ਸੰਗ੍ਰਹਿ ਨਿਕਲਿਆ। ਇਸ ਬਾਰੇ ਗੱਲ ਕਰਾਂਗੇ ਕਦੇ ਵੱਖਰੀ ਪੋਸਟ ਵਿੱਚ ਫਿਲਹਾਲ ਇਸ ਕਿਤਾਬ ਨੂੰ ਜੀ ਆਇਆਂ ਜਿਹੜੀ ਰਸਮੀ ਰਿਲੀਜ਼ ਦੀ ਉਡੀਕ ਕੀਤੇ ਬਿਨਾ ਬਾਜ਼ਾਰ ਵਿੱਚ ਵੀ ਪੁੱਜ ਗਈ ਅਤੇ ਲੋਕਾਂ ਦੇ ਦਿਲਾਂ ਵਿੱਚ ਵੀ। -ਰੈਕਟਰ ਕਥੂਰੀਆ 


ਪਿਛਲੇ ਤਿੰਨ ਦਹਾਕਿਆਂ ਤੋਂ
ਪੰਜਾਬ ਵਿੱਚ ਅੰਗਰੇਜ਼ੀ ਪੱਤਰਕਾਰੀ ਨਾਲ ਜੁੜੇ ਪੱਤਰਕਾਰ ਮਨੋਜ ਧੀਮਾਨ ਨੇ ਇੱਕ ਹੋਰ ਹਿੰਦੀ ਫਿਕਸ਼ਨ ਕਿਤਾਬ 'ਯੇ ਮਕਾਨ ਬੀਕਾਉ ਹੈ' (ਲਘੂ ਕਹਾਣੀ ਸੰਗ੍ਰਹਿ) ਲਿਖੀ ਹੈ, ਜਿਸ ਨੂੰ ਰਸਮੀ ਤੌਰ 'ਤੇ ਅਜੇ ਰਿਲੀਜ਼ ਨਹੀਂ ਕੀਤਾ ਗਿਆ ਹੈ। ਪਰ, ਇਹ ਕਿਤਾਬ ਮਾਰਕੀਟ ਵਿੱਚ ਆ ਚੁੱਕੀ ਹੈ ਅਤੇ ਪਾਠਕਾਂ ਦੇ ਹੱਥਾਂ ਵਿੱਚ ਪਹੁੰਚਦੇ ਸਾਰ ਹੀ ਇਹ ਚਰਚਾ ਦਾ ਵਿਸ਼ਾ ਬਣ ਗਈ ਹੈ। 

ਇਸ ਲਘੂ ਕਹਾਣੀ ਸੰਗ੍ਰਹਿ ਵਿੱਚ, ਧੀਮਾਨ ਨੇ ਰਾਜਨੀਤੀ, ਧਰਮ, ਆਰਥਿਕ ਸਮੱਸਿਆਵਾਂ, ਸਮਾਜਿਕ ਅਸਮਾਨਤਾ, ਪਿਆਰ, ਮਾੜੇ ਰਿਸ਼ਤੇ ਅਤੇ ਮੀਡੀਆ ਵਰਗੇ ਲਗਭਗ ਸਾਰੇ ਵਿਸ਼ਿਆਂ ਨੂੰ ਲੈ ਕੇ ਲਿਖਿਆ ਹੈ।  ਉਹਨਾਂ ਨੇ ਮਨੁੱਖੀ ਮਨ ਵਿੱਚ ਪੈਦਾ ਹੋਣ ਵਾਲੀ ਨਿਰਾਸ਼ਾ, ਘਬਰਾਹਟ, ਡਰ, ਦੁਖਾਂਤ ਨੂੰ ਮਨੋਵਿਗਿਆਨਕ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ।  ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਦੇ ਹਿੰਦੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਅਨਿਲ ਕੁਮਾਰ ਪਾਂਡੇ ਨੇ ਕਿਹਾ, "ਜਿਸ ਤਰ੍ਹਾਂ ਇਹ ਸਾਰੇ ਵਿਸ਼ੇ ਇੱਕ ਦੂਜੇ ਨਾਲ ਜੁੜੇ ਹੋਏ ਹਨ, ਉਸੇ ਤਰ੍ਹਾਂ ਛੋਟੀਆਂ ਕਹਾਣੀਆਂ ਇੱਕ ਤੋਂ ਬਾਅਦ ਇੱਕ ਸਮੱਸਿਆਵਾਂ ਨੂੰ ਪ੍ਰਗਟਾਉਂਦੀਆਂ ਹਨ।"

ਲਘੂ ਕਹਾਣੀਆਂ ਬਾਰੇ ਬੋਲਦਿਆਂ ਡਾ: ਪਾਂਡੇ ਨੇ ਕਿਹਾ ਕਿ ਹਰ ਕਹਾਣੀ ਆਪਣੇ ਆਪ ਵਿੱਚ ਸੰਪੂਰਨ ਹੈ। ਉਨ੍ਹਾਂ ਕਿਹਾ ਕਿ  ਲਘੂ  ਕਹਾਣੀਆਂ ਸਮਾਜ, ਪ੍ਰਣਾਲੀ ਅਤੇ ਹਾਕਮਾਂ ਦੀ ਕਾਰਜਸ਼ੈਲੀ ਦੇ ਕਈ ਪੱਖਾਂ ਨੂੰ ਉਜਾਗਰ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਭ੍ਰਿਸ਼ਟਾਚਾਰ ਸਮਾਜਿਕ ਨੀਤੀ ਦਾ ਹਿੱਸਾ ਬਣਿਆ ਹੋਇਆ ਹੈ। ਜਿਨ੍ਹਾਂ ਦੀ ਭਿ੍ਰਸ਼ਟਾਚਾਰ ਨੂੰ ਰੋਕਣ ਦੀ ਜ਼ਿੰਮੇਵਾਰੀ ਸੀ, ਉਹ ਇਸ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਲਈ ਲੱਗੇ ਹੋਏ  ਹਨ। ਲਘੂ ਕਹਾਣੀ 'ਸੋਨ ਕੀ ਮੁਰਗੀ' ਵਿੱਚ ਲੇਖਕ ਨੇ ਇੱਕ ਕਾਰੋਬਾਰੀ ਦੀ ਕਹਾਣੀ ਦੇ ਬਹਾਨੇ ਪੁਲਿਸ ਪ੍ਰਣਾਲੀ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਹੈ। ਕਿਵੇਂ ਇੱਕ ਕਾਰੋਬਾਰੀ ਨੂੰ ਪੁਲਿਸ ਕੇਸ ਵਿੱਚ ਫਸਾਇਆ ਜਾਂਦਾ ਹੈ ਅਤੇ ਫਾਇਦਾ ਉਠਾਇਆ ਜਾਂਦਾ ਹੈ. ਇਸੇ ਤਰ੍ਹਾਂ ਲੇਖਕ ਨੇ ਲਘੂ ਕਹਾਣੀ ‘ਨਯਾ ਧੰਧਾ' ਵਿੱਚ ਪੱਥਰਬਾਜ਼ੀ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ਇਹ ਲਘੂ ਕਹਾਣੀ ਇੱਕ ਬੇਰੁਜ਼ਗਾਰ ਨੌਜਵਾਨ ਦੀ ਕਿਸਮਤ ਬਾਰੇ ਦੱਸਦੀ ਹੈ। ਲਘੂ ਕਹਾਣੀ 'ਰਾਜਾ ਔਰ ਪ੍ਰਜਾ' ਵਿੱਚ, ਰਾਜਾ ਖੁਦ ਰੱਬ ਬਣ ਜਾਂਦਾ ਹੈ. ਜੇ ਰਾਜਾ ਕੋਈ ਨੇਕ ਕੰਮ ਕਰਦਾ ਹੈ, ਤਾਂ ਲੋਕ ਉਸਨੂੰ ਭੁੱਲ ਜਾਂਦੇ ਹਨ. ਹੁਣ ਕਿਉਂਕਿ ਹਰ ਰਾਜਾ ਚਾਹੁੰਦਾ ਹੈ ਕਿ ਜਨਤਾ ਉਸ ਦੀ ਪ੍ਰਸ਼ੰਸਾ ਕਰਨ ਦੇ ਇਰਾਦੇ ਨਾਲ ਉਸ ਦੇ 'ਦਰਬਾਰ' ਵਿੱਚ ਹਾਜ਼ਰ ਹੋਵੇ, ਭਾਰਤੀ ਰਾਜਨੇਤਾਵਾਂ ਵਿੱਚ ਉਨ੍ਹਾਂ ਦੁਆਰਾ ਕੀਤੇ ਗਏ ਨੇਕ ਕੰਮਾਂ ਨੂੰ ਗਲਤ ਕੰਮਾਂ ਵਿੱਚ ਬਦਲਣ ਦੀ ਕਲਾ ਹੈ। ਰਾਜੇ ਨੇ ਅਜਿਹਾ ਹੜ੍ਹਾਂ ਤੋਂ ਬਚਾਉਣ ਲਈ ਬਣਾਏ ਗਏ ਮਜ਼ਬੂਤ ਡੈਮ ਨੂੰ ਕਮਜ਼ੋਰ ਕਰਨ ਲਈ ਕੀਤਾ।

ਡਾ: ਪਾਂਡੇ ਨੇ ਕਿਹਾ, ""ਇਸ ਤਰ੍ਹਾਂ, ਹਰ ਲਘੂ ਕਹਾਣੀ ਅੱਜ ਦੇ ਸੱਚ ਅਤੇ ਹਕੀਕਤ ਦੇ ਬਹੁਤ ਨੇੜੇ ਹੈ। ਲੇਖਕ ਆਪਣੇ ਸਮੇਂ ਦੀਆਂ ਕਹਾਣੀਆਂ ਨੂੰ ਖੁੱਲ੍ਹੀਆਂ ਅੱਖਾਂ ਨਾਲ ਬਿਆਨ ਕਰਦਾ ਹੈ। "

ਲਘੂ ਕਹਾਣੀ ਸੰਗ੍ਰਹਿ 'ਯੇ ਮਕਾਨ ਬੀਕਾਉ ਹੈ' ਦੀ ਰਚਨਾ ਕਿਵੇਂ ਸ਼ੁਰੂ ਹੋਈ? ਇਸ ਪ੍ਰਸ਼ਨ ਦੇ ਉੱਤਰ ਵਿੱਚ, ਧੀਮਾਨ ਨੇ ਕਿਹਾ ਕਿ ਸਾਲ 2020 ਵਿੱਚ ਕੋਰੋਨਾ ਦੇ ਸਮੇਂ ਦੌਰਾਨ, ਉਹ ਮਸ਼ਹੂਰ ਹਿੰਦੀ ਲੇਖਕਾਂ ਦੇ ਵਟਸਐਪ ਗਰੁੱਪ  "ਪਾਠਕ ਮੰਚ" ਵਿੱਚ ਸ਼ਾਮਲ ਹੋਇਆ ਸੀ। "ਪਾਠਕ ਮੰਚ" ਵਿੱਚ ਕੁਝ ਛੋਟੀਆਂ ਕਹਾਣੀਆਂ ਪੋਸਟ ਕਰਨ ਨਾਲ ਪਾਠਕਾਂ ਦਾ ਉਤਸ਼ਾਹਜਨਕ ਹੁੰਗਾਰਾ ਮਿਲਿਆ, ਜਿਸ ਨਾਲ ਲਿਖਣ ਦੀ ਨਿਰੰਤਰਤਾ ਦੀ ਆਗਿਆ ਮਿਲੀ. ਇਸ ਤਰ੍ਹਾਂ ਇਹ ਛੋਟੀਆਂ ਕਹਾਣੀਆਂ ਆਖਰਕਾਰ ਇੱਕ ਕਿਤਾਬ ਦਾ ਰੂਪ ਲੈ ਗਈਆਂ।

ਧੀਮਾਨ ਨੇ ਇਹ ਕਿਤਾਬ ਪ੍ਰਸਿੱਧ ਕਵੀ, ਨਾਟਕਕਾਰ ਅਤੇ ਆਲੋਚਕ ਡਾ: ਨਰਿੰਦਰ ਮੋਹਨ ਨੂੰ ਸਮਰਪਿਤ ਕੀਤੀ ਹੈ। ਉਨ੍ਹਾਂ  ਕਿਹਾ ਕਿ ਡਾ: ਨਰਿੰਦਰ ਮੋਹਨ ਨੇ ਨਾ ਸਿਰਫ ਉਨ੍ਹਾਂ ਨੂੰ ਲਘੂ ਕਹਾਣੀਆਂ ਨੂੰ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਨ ਲਈ ਪ੍ਰੇਰਿਤ ਕੀਤਾ, ਬਲਕਿ ਉਨ੍ਹਾਂ ਨੂੰ ਆਪਣੇ ਪ੍ਰਕਾਸ਼ਕ - ਅਕੈਡਮਿਕ  ਪ੍ਰਕਾਸ਼ਨ, ਦਿੱਲੀ ਨਾਲ ਗੱਲ ਕਰਨ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ, "ਮੈਨੂੰ ਆਪਣੀ ਬਾਕੀ ਦੀ ਜ਼ਿੰਦਗੀ ਲਈ ਇਸ ਗੱਲ ਦਾ ਪਛਤਾਵਾ ਰਹੇਗਾ ਕਿ  ਡਾ: ਨਰਿੰਦਰ ਮੋਹਨ ਨੇ ਕਿਤਾਬ ਛਪਣ ਤੋਂ ਪਹਿਲਾਂ ਹੀ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਨਹੀਂ ਤਾਂ ਅੱਜ ਜੇਕਰ ਉਹ ਜਿਉਂਦਾ ਹੁੰਦੇ ਤਾਂ ਕਿਤਾਬ ਪ੍ਰਕਾਸ਼ਿਤ ਹੋਣ ਤੋਂ ਪਸ਼ਚਾਤ ਜਸ਼ਨ ਦਾ ਮਾਹੌਲ ਕੁਝ ਹੋਰ ਹੁੰਦਾ।"  

ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ, ਹਰਿਆਣਾ ਗ੍ਰੰਥ ਅਕਾਦਮੀ ਦੇ ਸਾਬਕਾ ਉਪ-ਪ੍ਰਧਾਨ ਅਤੇ ਪ੍ਰਸਿੱਧ ਲੇਖਕ, ਕਮਲੇਸ਼ ਭਾਰਤੀਆ ਨੇ ਕਿਹਾ, "ਲਘੂ ਕਹਾਣੀਆਂ ਨਿੱਤ ਦੀਆਂ ਘਟਨਾਵਾਂ ਜਾਂ ਜੀਵਨ ਦੀਆਂ ਸਥਿਤੀਆਂ ਤੋਂ ਉਭਰਦੀਆਂ ਹਨ। ਰਚਨਾਵਾਂ ਧਰਤੀ ਨਾਲ ਜੁੜੀਆਂ ਹੋਈਆਂ ਹਨ। ਅਖ਼ਬਾਰਾਂ ਦੀਆਂ ਸੁਰਖੀਆਂ, ਰਾਜਨੀਤੀ ਵਿੱਚ ਕੋਈ ਮੋੜ ਜਾਂ ਸਾਡੇ ਆਲੇ ਦੁਆਲੇ ਦੀ ਜ਼ਿੰਦਗੀ ਲੇਖਕ ਦੀਆਂ ਲਘੂ  ਕਹਾਣੀਆਂ ਦੀ ਦੁਨੀਆ ਹੈ।"

ਪੰਜਾਬ ਦੇ ਪ੍ਰਸਿੱਧ ਨਾਵਲਕਾਰ ਅਤੇ ਪੰਜਾਬ ਸਰਕਾਰ ਵੱਲੋਂ ਸ਼ਿਰੋਮਣੀ ਹਿੰਦੀ ਸਾਹਿਤ ਪੁਰਸਕਾਰ ਨਾਲ ਸਮਮਾਨਿਤ ਡਾ. ਅਜੈ ਸ਼ਰਮਾ ਨੇ ਕਿਹਾ, "ਲਘੂ ਕਹਾਣੀਆਂ ਮੁਕੰਮਲ ਕਹਾਣੀ ਬਿਆਨ ਕਰਦੀਆਂ ਹਨ ਐਸੀ ਤਕਨੀਕ  ਬੜੇ ਘੱਟ ਲਘੂ ਲੇਖਕਾਂ ਵਿਚ ਦੇਖਣ ਨੂੰ ਮਿਲਦੀ ਹੈ।"  

ਅੰਜੂ ਖਰਬੰਦਾ, ਸੰਚਾਲਿਕਾ, ਲਘੂਕਥਾ ਸ਼ੋਧ ਕੇਂਦਰ, ਭੋਪਾਲ (ਦਿੱਲੀ ਸ਼ਾਖਾ) ਨੇ ਕਿਹਾ, “ਲਘੂ ਕਹਾਣੀਆਂ ਪੜ੍ਹਦਿਆਂ ਪਾਠਕ ਉਨ੍ਹਾਂ ਛੋਟੀਆਂ ਕਹਾਣੀਆਂ ਦੇ ਨਾਲ ਚੱਲਣਾ ਸ਼ੁਰੂ ਕਰ ਦਿੰਦਾ ਹੈ। ਲਘੂ ਕਹਾਣੀਆਂ ਜੀਵਨ ਦੇ ਖੱਟੇ-ਮਿੱਠੇ ਅਨੁਭਵ ਹਨ, ਜੋ ਸਿੱਧੇ ਲੋਕਾਂ ਦੇ ਦਿਲਾਂ ਤਕ ਪੁਜਦਿਆਂ ਹਨ।" ਡਾ: ਜਵਾਹਰ ਧੀਰ, ਪ੍ਰਧਾਨ, ਦੁਆਬਾ ਸਾਹਿਤ ਅਤੇ ਕਲਾ ਅਕਾਦਮੀ, ਫਗਵਾੜਾ (ਪੰਜਾਬ) ਨੇ ਕਿਹਾ, "ਛੋਟੀਆਂ ਕਹਾਣੀਆਂ ਬਹੁਤ ਘੱਟ ਸ਼ਬਦਾਂ ਵਿੱਚ ਇੱਕ ਵੱਡਾ ਸੰਦੇਸ਼ ਦੇਣ ਦੇ ਸਮਰੱਥ ਹਨ।"

ਅਕੈਡਮਿਕ ਪ੍ਰਕਾਸ਼ਨ, ਦਿੱਲੀ ਦੇ ਰਾਜੇਸ਼ ਕੁਮਾਰ ਨੇ ਕਿਹਾ ਕਿ ਕਿਤਾਬ ਵਿੱਚ ਅੱਜ ਦੀ ਜਿੰਦਗੀ ਅਤੇ ਘਟਨਾਵਾਂ ਨਾਲ ਭਰਪੂਰ ਲਘੂ ਕਹਾਣੀਆਂ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਹ ਪੁਸਤਕ ਨਿਸ਼ਚਤ ਰੂਪ ਵਿਚ ਹਿੰਦੀ ਸਾਹਿਤ ਵਿੱਚ ਵਿਸ਼ੇਸ਼ ਸਥਾਨ ਬਣਾਏਗੀ। ਉਨ੍ਹਾਂ ਕਿਹਾ ਕਿ ਇਹ ਕਿਤਾਬ ਜਲਦੀ ਹੀ ਐਮਾਜ਼ਾਨ 'ਤੇ ਉਪਲਬਧ ਹੋਵੇਗੀ।

ਲਘੂ ਕਹਾਣੀ ਸੰਗ੍ਰਹਿ 'ਯੇ ਮਕਾਨ ਬੀਕਾਉ ਹੈ' ਦੇ ਕੁੱਲ 164 ਪੰਨੇ ਹਨ ਅਤੇ 120 ਛੋਟੀਆਂ ਕਹਾਣੀਆਂ ਹਨ।

ਇਥੇ ਦੱਸਿਆ ਜਾਂਦਾ ਹੈ ਕਿ ਮਨੋਜ ਧੀਮਾਨ ਇਸ ਤੋਂ ਪਹਿਲਾਂ ਹਿੰਦੀ ਦੀਆਂ ਤਿੰਨ ਕਿਤਾਬਾਂ ਲਿਖ ਚੁੱਕੇ ਹਨ। ਇਹ ਕਿਤਾਬਾਂ ਸਨ- 'ਲੇਟ ਨਾਈਟ ਪਾਰਟੀ' (ਕਹਾਣੀ ਸੰਗ੍ਰਹਿ), 'ਬਾਰਿਸ਼ ਕੀ ਬੂੰਦੇਂ' (ਕਵਿਤਾ ਸੰਗ੍ਰਹਿ) ਅਤੇ 'ਸ਼ੂਨਿਆ ਕੀ ਔਰ' (ਨਾਵਲ). ਪੁਸਤਕ 'ਲੇਟ ਨਾਈਟ ਪਾਰਟੀ' ਦਾ ਅੰਗਰੇਜ਼ੀ ਰੂਪਾਂਤਰ ਵੀ ਪ੍ਰਕਾਸ਼ਿਤ ਹੋ ਚੁੱਕਾ ਹੈ। ਅੰਗਰੇਜ਼ੀ ਅਨੁਵਾਦ ਪ੍ਰੋਫੈਸਰ ਸ਼ਾਹਿਨਾ ਖਾਨ ਵੱਲੋਂ  ਕੀਤਾ ਗਿਆ ਸੀ।

ਇਸ ਗੱਲ ਦਾ ਜੁਆਬ ਲੇਖਕ ਕਿਉਂ ਦੇਵੇ?

 ਦੋਹਾਂ ਨੇ ਘਰੋਂ ਭੱਜ ਕੇ ਕਿਹੜਾ ਮੈਦਾਨ ਫਤਹਿ ਕਰ ਲਿਆ?


"ਕੁੱਖ ਦਾ ਕਤਲ" ਰਿਸ਼ੀ ਗੁਲਾਟੀ ਹੁਰਾਂ ਦੀ 14 ਸਾਲ ਪਹਿਲਾਂ ਲਿਖੀ ਗਈ ਕਹਾਣੀ ਹੈ ਪਰ ਹੁਣ ਲੰਮੇ ਵਕਫ਼ੇ ਮਗਰੋਂ ਫੇਸਬੁੱਕ ਤੇ ਵੀ ਪੋਸਟ ਕੀਤੀ ਗਈ ਹੈ ਹਾਲ ਹੀ ਵਿੱਚ 9 ਸਤੰਬਰ 2021 ਨੂੰ ਬਾਅਦ ਦੁਪਹਿਰ 1:23 ਵਜੇ। ਦਿਲਚਸਪ ਗੱਲ ਇਹ ਹੈ ਕਿ ਇਸਦੀ ਪ੍ਰਸੰਗਕਤਾ ਅੱਜ ਵੀ ਕਾਇਮ ਹੈ। ਅਜਿਹੀਆਂ ਘਟਨਾਵਾਂ ਅੱਜ ਵੀ ਹੁੰਦੀਆਂ ਹਨ। ਚਾਰ ਦਿਨਾਂ ਦੇ ਬੁਖਾਰ ਵਾਲੇ "ਇਸ਼ਕ" ਅਤੇ "ਪ੍ਰੇਮ" ਦੇ ਨਾਂਅ ਤੇ ਸਾਰੇ ਘਰ ਪਰਿਵਾਰ ਦੇ ਸਾਰੇ ਸੁਪਨੇ ਚਕਨਾਚੂਰ ਕਰ ਦਿੱਤੇ ਜਾਂਦੇ ਹਨ। ਆਪਣੀ ਜ਼ਿੰਦਗੀ ਵੀ ਬਰਬਾਦ ਕਰ ਲਈ ਜਾਂਦੀ ਹੈ ਅਤੇ ਦੂਜੇ ਦੀ ਵੀ। ਸਮਾਜ ਦੇ ਇੱਕ ਹਿੱਸੇ ਵੱਲੋਂ ਅਖੌਤੀ ਪ੍ਰਗਤੀਸ਼ੀਲਤਾ ਵਾਲੀ ਰੌਸ਼ਨੀ ਅਧੀਨ ਇਸਨੂੰ "ਆਜ਼ਾਦੀ" ਦੇ ਨਾਂਅ ਤੇ ਜਾਇਜ਼ ਵੀ ਠਹਿਰਾਇਆ ਜਾਂਦਾ ਹੈ ਅਤੇ ਕਿਹਾ ਜਾਂਦਾ ਹੈ ਕਿ ਇਸ ਵਿੱਚ ਗਲਤ ਹੀ ਕੀ ਸੀ? ਕਹਾਣੀ "ਕੁੱਖ ਦਾ ਕਤਲ" ਇਥੇ ਕਲਿੱਕ ਕਰ ਕੇ ਵੀ ਪੜ੍ਹ ਸਕਦੇ ਹੋ 

ਸਮਾਜ ਸੁਧਾਰ ਜਾਂ ਸਮਾਜ ਬਦਲਣ ਵਾਲੀ ਕਿਸੇ ਵੀ ਤਰ੍ਹਾਂ ਦੀ ਵਿਚਾਰਧਾਰਾ ਤੋਂ ਨਿਰਲੇਪ ਰਹਿ ਕੇ ਲਿਖੀ ਗਈ ਹੈ। ਇਹ ਕਹਾਣੀ ਸ਼ੁੱਧ ਤੌਰ ਤੇ ਉਹਨਾਂ ਕੋੜੀਆਂ ਹਕੀਕਤਾਂ ਦੀ ਗੱਲ ਕਰਦੀ ਹੈ ਜਿਹੜੀਆਂ ਅੱਜ ਵੀ ਸਮਾਜ ਵਿੱਚ ਮੌਜੂਦ ਹਨ। ਇਹ ਇੱਕ ਸ਼ੀਸ਼ਾ ਦਿਖਾਉਂਦੀ ਹੈ ਜਿਸ ਨੂੰ ਹਿੰਦੀ ਵਾਲੇ ਆਈਨਾ ਵੀ ਕਹਿੰਦੇ ਹਨ ਅਤੇ ਦਰਪਣ ਵੀ। ਇਸ ਤਰ੍ਹਾਂ ਸ਼ੀਸ਼ਾ ਦਿਖਾਉਂਣ ਤੋਂ ਬਾਅਦ ਇਹ ਬਾਕੀ ਸਭ ਕੁਝ ਸਮਾਜ ਤੇ ਛੱਡ ਦੇਂਦੀ ਹੈ। ਸਾਡੇ ਮੰਨਣ ਜਾਂ ਨਾ ਮੰਨਣ ਨਾਲ ਹਕੀਕਤ ਬਦਲਣ ਨਹੀਂ ਲੱਗੀ ਹਾਂ ਮਨਾਂ ਦੇ ਭਰਮ ਭਾਵੇਂ ਵੱਧ ਜਾਣ। ਇਹਨਾਂ ਕੌੜੀਆਂ ਹਕੀਕਤਾਂ ਤੇ ਪਰਦਾਪੋਸ਼ੀ ਤਾਂ ਬਹੁਤ ਸਾਰਿਆਂ ਨੇ ਕੀਤੀ ਹੋਣੀ ਹੈ ਪਰ ਇਹਨਾਂ ਨੂੰ ਬਦਲਣ ਲਈ ਜੱਥੇਬੰਦਕ ਤੌਰ ਤੇ ਕੋਈ ਠੋਸ ਹੰਭਲਾ ਸ਼ਾਇਦ ਕਿਸੇ ਨੇ ਨਹੀਂ ਮਾਰਿਆ। ਇੱਕਾ ਦੁੱਕਾ ਵਿਅਕਤੀਗਤ ਜਤਨ ਜ਼ਰੂਰ ਹੋਏ ਹੋਣੇ ਹਨ ਅਤੇ ਉਹਨਾਂ ਦਾ ਅਸਰ ਵੀ ਜ਼ਰੂਰ ਪਿਆ ਹੋਣਾ ਹੈ। ਇਸ ਕਹਾਣੀ ਵਿਚਲੀ ਸਾਰੀ ਬੇਬਸੀ ਦਾ ਕਾਰਨ ਵੀ ਕਮਜ਼ੋਰ ਆਰਥਿਕਤਾ ਹੀ ਕੇਂਦਰੀ ਪਹਿਲੂ ਬਣ ਕੇ ਉਘੜਦੀ ਹੈ। ਕਮਜ਼ੋਰ ਆਰਥਿਕਤਾ ਅਕਸਰ ਮਾੜੇ ਦਿਨ ਹੀ ਦਿਖਾਉਂਦੀ ਹੈ ਉਸਨੂੰ ਸਿਰਫ ਨਾਅਰਿਆਂ ਨਾਲ ਨਹੀਂ ਬਦਲਿਆ ਜਾ ਸਕਦਾ ਹਾਂ ਨਾਅਰਿਆਂ ਵਾਲੇ ਵਿਚਾਰਾਂ ਨਾਲ ਵਿਹਲਾ ਮਨ ਸ਼ੈਤਾਨ ਦਾ ਘਰ ਵਾਲੀ ਉਸ ਮਨੋਸਥਿਤੀ ਨੂੰ ਜ਼ਰੂਰ ਬਦਲਿਆ ਜਾ ਸਕਦਾ ਹੈ ਜਿਸਦਾ ਸ਼ਿਕਾਰ ਰਾਣੋ ਪੜ੍ਹੀ ਲਿਖੀ ਹੋ ਕੇ ਵੀ ਬਣ ਗਈ। ਉਸਨੇ ਆਪਣੇ ਪ੍ਰੇਮੀ ਨਾਇਕ ਰਾਜੇਸ਼ ਵਾਂਗ ਘਰ ਦੀਆਂ ਹਾਲਤਾਂ ਬਾਰੇ ਕਿਓਂ ਨ ਸੋਚਿਆ? ਮਾੜੀਆਂ ਹਾਲਤਾਂ ਵਾਲੇ ਘਰ ਵਿੱਚ ਪੜ੍ਹਾਈ ਕਰ ਕੇ ਵੀ ਉਸਦੇ ਦਿਲ ਦਿਮਾਗ ਵਿੱਚ ਇਹ ਖਿਆਲ ਕਿਓਂ ਨਾ ਜਾਗਿਆ ਕਿ ਕਰਜ਼ੇ ਚੁੱਕ ਚੁੱਕ ਕੀਤੀ ਪੜ੍ਹਾਈ ਮਗਰੋਂ ਹੁਣ ਘਰ ਪਰਿਵਾਰ ਦਾ ਕੀ ਬਣੂ? ਮੈਨੂੰ ਪੁੱਤਾਂ ਵਾਂਗ ਪੜ੍ਹਾਉਣ ਵਾਲੇ ਮਾਂ ਪਿਓ ਦਾ ਕੀ ਬਣੂ? ਉਸਨੂੰ ਇਹ ਖਿਆਲ ਕਿਓਂ ਨਾ ਆਇਆ ਜਿਸ ਬਾਰੇ ਇਹ ਗੀਤ ਬਹੁਤ ਹਰਮਨ ਪਿਆਰਾ ਹੋਇਆ ਸੀ--

ਭੂਖ ਔਰ ਪਿਆਸ ਕੀ ਮਾਰੀ ਹੁਈ ਇਸ ਦੁਨੀਆ ਮੇਂ; 

ਇਸ਼ਕ ਹੀ ਏਕ ਹਕੀਕਤ ਨਹੀਂ ਕੁਛ ਔਰ ਭੀ ਹੈ!

ਫਿਰ ਵੀ ਕਹਾਣੀ ਸਮਾਜ ਦੇ ਪੀੜਿਤ ਵਰਗ ਨਾਲ ਜੁੜੇ ਬਹੁਤ ਸਾਰੇ ਲੋਕਾਂ ਦੀ ਹਾਲਤ ਬਿਆਨ ਕਰਦੀ ਹੈ। ਵਿਚਾਰਧਾਰਕ ਸੇਧ ਦੇਣ ਦੇ ਨਾਂਅ  ਹੇਠ ਕਹਾਣੀ ਵਿਚ ਕੋਈ ਜਬਰੀ ਮੋੜਾ ਨਹੀਂ ਲਿਆਂਦਾ ਗਿਆ। ਸਮਾਜ ਸੁਧਾਰ ਦਾ ਖੋਖਲਾ ਜਿਹਾ ਕੋਈ ਫਰੇਮ ਵੀ ਨਹੀਂ ਪਾਇਆ ਗਿਆ। ਨਾ ਹੀ ਕਿਸੇ ਵਾਦ ਜਾਂ ਫਲਸਫੇ ਵਾਲਾ ਕਿਸੇ ਵਿਸ਼ੇਸ਼ ਰੰਗ ਦਾ ਕੋਈ ਚਸ਼ਮਾ ਚੜ੍ਹਾਇਆ ਗਿਆ ਹੈ। ਇਸ ਵਿਚਲਾ ਬਹੁਤ ਕੁਝ ਸਚ ਹੈ ਅਤੇ ਇਸ ਸਚ ਨੂੰ ਬਦਲਣ ਲਈ ਕੁਝ ਕਰਨਾ ਪੈਣਾ ਹੈ ਜਿਹੜਾ ਸਿਰਫ ਨਾਅਰੇ ਮਾਰ ਕੇ ਨਹੀਂ ਹੋਣਾ। ਨਾਅਰੇ ਵੀ ਤਾਂ ਹੁਣ ਸਿਰਫ ਸਿਆਸੀ ਜਿਹੇ ਬਣ ਕੇ ਰਹਿ ਗਏ ਹਨ।  ਇਹ ਨਾਅਰੇ ਹੁਣ ਸਮਾਜਿਕ ਤਬਦੀਲੀ ਦਾ ਕੋਈ ਰਸਤਾ ਨਹੀਂ ਦਿਖਾਉਂਦੇ। ਇਸਦੀ ਮੰਗ ਵੀ ਨਹੀਂ ਕਰਦੇ। ਸਿਰਫ ਅਤੇ ਸਿਰਫ ਸਿਆਸੀ ਸੱਤਾ ਬਦਲਣ ਦੀ ਗੱਲ ਕਰਦੇ ਹਨ। ਸਿਸਟਮ ਜਾਂ ਢਾਂਚਾ ਨਹੀਂ ਬਦਲਦੇ। ਇੱਕ ਝੰਡਾ ਹਟਾ ਦਿਓ ਤੇ ਦੂਜਾ ਝੰਡਾ ਲੈ ਆਓ। ਇੱਕ ਪਾਰਟੀ ਹਟਾ ਦਿਓ ਅਤੇ ਦੂਜੀ ਪਾਰਟੀ ਲੈ ਆਓ। ਸਮਾਜ ਦੀਆਂ ਹਾਲਤਾਂ ਕੌਣ ਬਦਲੇਗਾ ਇਸਦੀ ਗਾਰੰਟੀ ਕੋਈ ਮੰਗਦਾ ਹੀ ਨਹੀਂ ਦੇਣੀ ਤਾਂ ਕਿਸੇ ਨੇ ਕੀ ਹੈ? ਸ਼ਾਇਦ ਇਹ ਨਾਅਰੇ ਮਜਬੂਰ ਲੋਕਾਂ ਵੱਲੋਂ ਆਪਣੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਬਣ ਕੇ ਆਏ ਹੁੰਦੇ ਹਨ ਜਿਹਨਾਂ ਵਿਚ ਕਿਸੇ ਵੀ ਸਥਾਨਕ ਮਸਲੇ ਦੀ ਕੋਈ ਗੱਲ ਨਹੀਂ ਹੁੰਦੀ ਨਿਜੀ ਮਸਲਿਆਂ ਦੀ ਤਾਂ ਗੱਲ ਹੀ ਕੀ ਹੋਣੀ ਹੈ? ਜਦਕਿ ਦਰਦ ਦਾ ਅਹਿਸਾਸ ਨਿੱਜ ਤੋਂ ਹੀ ਵਿਕਸਿਤ ਹੋ ਕੇ ਸਮਾਜ ਤੱਕ ਪਹੁੰਚਦਾ ਹੈ। ਬਕੌਲ ਡਾ. ਰਣਧੀਰ ਸਿੰਘ ਚੰਦ-

ਇੱਕ ਬਿੰਦੂ ਫੈਲ ਕੇ ਦਾਇਰੇ ਬਰਾਬਰ ਹੋ ਗਿਆ;

ਤੇਰਾ ਗਮ ਕਤਰੇ ਜਿਹਾ ਸੀ, ਹੁਣ ਸਮੁੰਦਰ ਹੀ ਗਿਆ!

ਇਸ ਕਹਾਣੀ ਬਾਰੇ ਇੱਕ ਪਾਠਕਾ ਗੁਰਵਿੰਦਰ ਕੌਰ ਨੇ ਟਿੱਪਣੀ ਕਰਦਿਆਂ ਪੁੱਛਿਆ ਹੈ ਕਿ ਆਖਿਰ ਇਸਦਾ Moral ਕੀ ਹੈ? ਕਹਾਣੀ ਪੜ੍ਹ ਕੇ ਅਸੀਂ ਕਿਸ ਸਿੱਟੇ ਤੇ ਪੁੱਜਦੇ ਹਾਂ? ਇਸ ਪਾਠਕਾ ਦਾ ਇਤਰਾਜ਼ ਹੈ ਕਿ ਇਹ ਕਹਾਣੀ ਸਮਾਜ ਵਿੱਚ ਭਰੂਣ ਹੱਤਿਆ ਵਾਲੇ ਗਲਤ ਸੁਨੇਹੇ ਨੂੰ ਫੈਲਾਉਂਦੀ ਹੈ? ਕੀ ਕਿਸੇ ਕੁੜੀ ਨੂੰ ਆਪਣਾ ਜੀਵਨਸਾਥੀ ਚੁਣਨ ਦਾ ਹੱਕ ਨਹੀਂ?

ਇਸਦੇ ਜੁਆਬ ਵਿੱਚ ਲੇਖਕ ਰਿਸ਼ੀ ਗੁਲਾਟੀ ਕਹਿੰਦੇ ਹਨ:

ਚੌਦਾਂ ਸਾਲ ਪਹਿਲਾਂ ਜਦੋਂ ਇਹ ਕਹਾਣੀ ਲਿਖੀ ਸੀ, ਉਦੋਂ ਵੀ ਮੈਨੂੰ ਅਜਿਹੇ ਸੁਆਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪਿਛਲੇ ਦਿਨੀਂ ਇੱਕ ਵਿਲਕਦੇ ਪਿਓ ਦੀ ਵੀਡੀਓ ਸਭ ਨੇ ਵੇਖੀ ਹੋਵੇਗੀ, ਪਰ ਚੌਦਾਂ ਸਾਲ ਪਹਿਲਾਂ ਜੋ ਵਾਕਿਆ ਵੇਖ ਕੇ ਇਸ ਕਹਾਣੀ ਦਾ ਪਲਾਟ ਸਿਰਜਿਆ ਸੀ, ਉਹ ਇਹ ਵੀਡੀਓ ਵੇਖ ਕੇ ਜ਼ਿਹਨ ਵਿਚ ਮੁੜ ਤਾਜ਼ਾ ਹੋ ਗਿਆ।
ਲੇਖਕ ਨੂੰ ਕਟਿਹਰੇ ਵਿਚ ਤਾਂ ਹੀ ਖੜਾ ਕੀਤਾ ਜਾ ਸਕਦਾ ਹੈ, ਜੇਕਰ ਉਹ ਕੋਈ ਸਟੇਟਮੈਂਟ ਦੇ ਰਿਹਾ ਹੋਵੇ। ਇਸ ਕਹਾਣੀ ਵਿਚ 'ਕੁੱਖ ਦੇ ਕਤਲ' ਵਾਲੀ ਗੱਲ 'ਲੇਖਕ ਨਹੀਂ', ਉਹ ਦੁਖਿਆਰਾ ਪਿਓ ਕਰ ਰਿਹਾ ਹੈ, ਜਿਸ ਦੀ ਜੁਆਨ ਧੀ ਘਰੋਂ ਭੱਜ ਗਈ ਹੈ ਅਤੇ ਇਸੇ ਕਾਰਣ ਉਸਦੀ ਘਰ ਵਾਲੀ ਦੁਨੀਆ ਤੋਂ ਵਿਦਾ ਹੋ ਗਈ ਹੈ।
ਹੁਣ ਇਹ ਸੁਆਲ ਪੈਦਾ ਹੁੰਦਾ ਹੈ ਕਿ ਕੀ ਇਹ ਸਾਰੇ ਹਾਲਾਤ ਪੈਦਾ ਹੋਣ ਪਿੱਛੇ ਰਾਣੋ ਦੀ ਜ਼ਿੰਮੇਵਾਰੀ ਹੈ? ਕੀ ਉਹ ਆਪਣੀ ਮਰਜ਼ੀ ਨਾਲ ਜੀਵਨਸਾਥੀ ਚੁਣਨ ਦਾ ਹੱਕ ਨਹੀਂ ਰੱਖਦੀ?
ਇਸ ਗੱਲ ਦਾ ਜੁਆਬ ਲੇਖਕ ਕਿਉਂ ਦੇਵੇ? ਲੇਖਕ ਦਾ ਕੇਵਲ ਇੱਕ ਦਿਮਾਗ਼ ਹੈ, ਜਿਸਨੇ ਇਸ ਸਾਰੀ ਕਹਾਣੀ ਨੂੰ ਸਿਰਜਿਆ। ਪਾਠਕ ਹਜ਼ਾਰਾਂ ਜਾਂ ਇਸ ਤੋਂ ਵੀ ਵੱਧ ਗਿਣਤੀ ਦੇ ਹੋ ਸਕਦੇ ਹਨ। ਇਹ ਹਜ਼ਾਰਾਂ ਦਿਮਾਗ਼ ਮਿਲ ਕੇ ਵਿਚਾਰ ਕਰਨ ਕਿ ਰਾਣੋ ਜਿਸ ਸਮਾਜ ਵਿਚ ਵਿਚਰ ਰਹੀ ਸੀ, ਜੰਮੀ ਪਲੀ ਸੀ, ਕੀ ਉਸ ਸਮਾਜ ਵਿਚ ਘਰੋਂ ਭੱਜ ਕੇ ਵਿਆਹ ਕਰਵਾਉਣ ਨੂੰ ਮਾਨਤਾ ਮਿਲਦੀ ਹੈ, ਜੇਕਰ ਹਾਂ ਤਾਂ ਕਿੰਨੀ, ਜੇਕਰ ਨਹੀਂ ਤਾਂ ਕਿਉਂ? ਰਾਣੋ ਮਾਪਿਆਂ ਨੂੰ ਬੇਸ਼ੱਕ ਕੋਠੇ ਜਿੱਡੀ ਹੁੰਦੀ ਨਜ਼ਰ ਆਉਂਦੀ ਸੀ ਪਰ ਅਸਲ ਵਿਚ ਤਾਂ ਉਹ ਵੱਧ ਤੋਂ ਵੱਧ ਅਠਾਰਾਂ ਜਾਂ ਉਨੀਆਂ ਸਾਲਾਂ ਦੀ ਸੀ। ਉਮਰ ਦੇ ਇਸ ਦੌਰ ਵਿਚ ਉਸਨੂੰ ਵਿਆਹ ਕਰਵਾਉਣ ਦੀ, ਤੇ ਉਹ ਵੀ ਘਰੋਂ ਭੱਜ ਕੇ, ਕਾਹਦੀ ਕਾਹਲੀ ਸੀ? ਰਾਜੇਸ਼ ਵੀ ਤਾਂ ਅਜੇ ਬੇਰੋਜ਼ਗਾਰ ਸੀ। ਉਹ ਵੀ ਤਾਂ ਉਸਦੇ ਹਾਣ ਦਾ ਹੀ ਸੀ, ਸਾਲ-ਦੋ ਸਾਲ ਵੱਡਾ ਹੋਵੇਗਾ। ਉਸਦੇ ਮੋਢੇ ਵੀ ਤਾਂ ਕਬੀਲਦਾਰੀ ਦਾ ਭਾਰ ਚੁੱਕਣ ਜੋਗੇ ਨਹੀਂ ਸਨ। ਫਿਰ ਦੋਹਾਂ ਨੇ ਘਰੋਂ ਭੱਜ ਕੇ ਕਿਹੜਾ ਮੈਦਾਨ ਫਤਹਿ ਕਰ ਲਿਆ? ਇਸ਼ਕੇ ਦਾ ਬੁਖ਼ਾਰ ਤਾਂ ਦਰ-ਦਰ ਦੀਆਂ ਠੋਕਰਾਂ ਖਾ ਕੇ ਬੜੀ ਛੇਤੀ ਉਤਰ ਜਾਵੇਗਾ, ਪਰ ਜ਼ਿੰਦਗੀ ਕਿਵੇਂ ਬੀਤੇਗੀ? ਕੀ ਇਸ ਬਾਰੇ ਕੋਈ ਪਲਾਨ ਉਹਨਾਂ ਕੋਲ ਸੀ? ਬਿਲਕੁੱਲ ਨਹੀਂ।
ਉਹ ਦੋਵੇਂ ਤਾਂ ਆਪਣੇ ਮਾਪਿਆਂ ਨੂੰ ਵਿਆਹ ਲਈ ਰਾਜ਼ੀ ਕਰਨ ਦੇ ਕਾਬਿਲ ਵੀ ਨਹੀਂ ਸਨ। ਜੇਕਰ ਹੁੰਦੇ ਤਾਂ ਉਹਨਾਂ ਨੂੰ ਵੀ ਇਸ ਗੱਲ ਦਾ ਗਿਆਨ ਹੁੰਦਾ। ਜੇਕਰ ਉਹਨਾਂ ਦੀ ਸੋਚ ਇਨੀ ਹੀ ਮਚਿਉਰ ਹੁੰਦੀ ਤਾਂ ਉਹ ਇਹ ਕਦਮ ਕਦੇ ਨਾ ਚੁੱਕਦੇ। ਹੁਣ ਜੇਕਰ ਉਹਨਾਂ ਦੀ ਸੋਚ ਮਚਿਉਰ ਨਾ ਹੋਣ ਕਰਕੇ ਇਹ ਕਦਮ ਚੁੱਕ ਲਿਆ ਤਾਂ ਦੋਹਾਂ ਦੇ ਮਾਪਿਆਂ ਦੀ ਸਮਾਜ ਵਿਚ ਹੋਈ ਬਦਖੋਈ ਅਤੇ ਸੰਤੀ ਦੀ ਮੌਤ ਦੇ ਜ਼ਿੰਮੇਵਾਰ ਵੀ ਉਹੀ ਹਨ। ਜਿਨਾ ਕੁ ਤਜਰਬਾ ਆਪਣਾ ਸਭ ਦਾ ਇਸ ਸਮਾਜ ਵਿਚ ਵਿਚਰਨ ਦਾ ਹੋ ਚੁੱਕਿਆ ਹੈ, ਇਹ ਗੱਲ ਤਾਂ ਪੱਥਰ 'ਤੇ ਲਕੀਰ ਹੈ ਕਿ ਵਧੇਰੇ ਕਰਕੇ ਸਮਾਜ ਦੀਆਂ ਮਾਨਤਾਵਾਂ ਦੇ ਉਲਟ ਚੱਲਣਾ ਔਖਾ ਹੈ। ਸਮਾਜ ਤਾਂ ਛੱਡੋ, ਜੇਕਰ ਸਾਂਝਾ ਪਰਿਵਾਰ ਹੋਵੇ ਤਾਂ ਉਹਨਾਂ ਦਾ ਵਿਰੋਧ ਕਰਨਾ ਵੀ ਔਖਾ ਹੁੰਦਾ ਹੈ। ਚਲੋ ਸਾਰੀ ਗੱਲ ਛੱਡੋ! ਰਾਣੋ ਨੇ ਆਪਣੀ ਮਰਜ਼ੀ ਨਾਲ ਘਰ ਵਸਾਉਣ ਲਈ ਰਾਜੇਸ਼ ਨੂੰ ਮਜ਼ਬੂਰ ਕਰ ਦਿੱਤਾ, ਸਹੀ! ਆਪਣੀ ਜ਼ਿੰਦਗੀ ਖ਼ੁਦ ਜਿਉਣ ਦਾ ਹੌਸਲਾ ਕੀਤਾ, ਸਹੀ! ਪਰ ਜੋ ਕੁਝ ਉਸਦਾ ਬੇਕਸੂਰ ਪਿਓ ਭੁਗਤ ਰਿਹਾ ਹੈ, ਉਸਦਾ ਕੀ? ਕੀ ਉਸਦਾ ਕਸੂਰ ਇਹ ਹੈ ਕਿ ਉਸਨੇ ਆਪਣੀ ਸੋਚ ਤੋਂ ਅੱਗੇ ਵਧ ਕੇ ਆਪਣੀ ਧੀ ਨੂੰ ਪੈਰਾਂ ਸਿਰ ਕਰਨ ਦਾ ਫੈਸਲਾ ਕੀਤਾ? ਕੀ ਇਹ ਸਹੀ ਸੀ ਕਿ ਉਸਦਾ ਪਿਓ ਉਸਨੂੰ ਨਾ ਪੜ੍ਹਾਉਂਦਾ, ਉਹ ਘਰੇ ਹੀ ਰਹਿੰਦੀ, ਉਸਦੀ ਸੋਚ ਦਾ ਦਾਇਰਾ ਵਿਸ਼ਾਲ ਨਾ ਹੁੰਦਾ ਤੇ ਸਮਾਂ ਪਾ ਕੇ ਕਿਸੇ ਐਰੇ ਗੈਰੇ ਨੱਥੂ ਖੈਰੇ ਨਾਲ ਉਸਨੂੰ ਵਿਆਹ ਕੇ ਤੋਰ ਦਿੱਤਾ ਜਾਂਦਾ? ਮੁੜ ਉਹੀ ਚੱਕੀ ਗੇੜ ਉਸ ਨਾਲ ਵੀ ਸ਼ੁਰੂ ਹੋ ਜਾਂਦਾ, ਜੋ ਉਸਦੇ ਮਾਪਿਆਂ ਦਾ ਸੀ।
ਸੋ, ਜੇਕਰ ਕਹਾਣੀ ਨੂੰ ਪਾਤਰਾਂ ਦੇ ਨਾਲ-ਨਾਲ ਚੱਲਦਿਆਂ ਉਹਨਾਂ ਦੀ ਮਾਨਸਿਕਤਾ ਮੁਤਾਬਿਕ ਦੋਬਾਰਾ ਪੜ੍ਹੋਗੇ ਤਾਂ ਇਹ ਆਸ਼ਾ ਨਜ਼ਰ ਆਵੇਗਾ ਕਿ ਇਹ ਕਹਾਣੀ ਭਰੂਣ ਹੱਤਿਆ ਨੂੰ ਉਤਸ਼ਾਹਿਤ ਕਰਨ ਨਹੀਂ ਕਰਦੀ, ਬਲਕਿ ਨੌਜਵਾਨ ਪੀੜ੍ਹੀ ਨੂੰ ਆਪਣੀ ਅਕਲ ਨੂੰ ਹੱਥ ਮਾਰਨ ਦਾ ਸੰਦੇਸ਼ ਦਿੰਦੀ ਹੈ। ਸ਼ੁਕਰੀਆ!

ਡੈਸਕ ਇਨਪੁਟ: ਕੀ ਤੁਹਾਡੇ ਕੋਲ ਇਸ ਕਹਾਣੀ ਦਾ ਕੋਈ ਹੋਰ ਚੰਗੇਰਾ ਅੰਤ ਹੈ? ਜੇ ਹੈ ਤਾਂ ਕਿਰਪਾ ਕਰਕੇ ਜ਼ਰੂਰ ਲਿਖ ਭੇਜੋ। ਈਮੇਲ ਹੈ-medialink32@gmail.com

ਕਹਾਣੀ//ਕੁੱਖ ਦਾ ਕਤਲ//ਰਿਸ਼ੀ ਗੁਲਾਟੀ

ਇਸ ਕਹਾਣੀ ਵਿਚਲੇ ਸੁਨੇਹੇ ਬਾਰੇ ਚਰਚਾ ਹੋਵੇ ਤਾਂ ਜੋ ਸਮਾਜ ਸੁੱਧਰ ਸਕੇ

ਸੋਸ਼ਲ ਮੀਡੀਆ: ਇਹ ਕਹਾਣੀ 14 ਸਾਲ ਪਹਿਲਾਂ ਲਿਖੀ ਗਈ ਸੀ। ਅੱਜ ਵੀ ਇਸਦੀ ਚਰਚਾ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਕੀ ਇਹ ਕਹਾਣੀ ਕੋਈ ਗਲਤ ਸੁਨੇਹਾ ਦੇ ਰਹੀ ਹੈ? ਸਭ ਤੋਂ ਪਹਿਲਾਂ ਪੜ੍ਹੋ ਰਿਸ਼ੀ ਗੁਲਾਟੀ ਹੁਰਾਂ ਦੀ ਇਹ ਕਹਾਣੀ। ਸ਼ਾਇਦ ਤੁਹਾਨੂੰ ਅਖਬਾਰਾਂ ਵਿੱਚ ਪੜ੍ਹੀਆਂ ਅਜਿਹੀਆਂ ਕਈ ਸੱਚੀਆਂ ਖਬਰਾਂ ਅਤੇ ਤਸਵੀਰਾਂ ਵੀ ਯਾਦ ਆ ਜਾਣ ਜਿਹਨਾਂ ਨੂੰ ਪੜ੍ਹਨਾ ਅਤੇ ਦੇਖਣਾ ਆਸਾਨ ਨਹੀਂ ਹੁੰਦਾ। ਕਹਾਣੀ ਪੜ੍ਹ ਕੇ ਤੁਹਾਡਾ ਮਨ ਕੀ ਆਖਦਾ ਹੈ ਇਸ ਬਾਰੇ ਜ਼ਰੂਰ ਲਿਖਣਾ। -ਸੰਪਾਦਕ

ਬਚਨੇ ਦੀਆਂ ਅੱਖਾਂ ਦੇ ਹੰਝੂ ਉਹਦੀ ਕਰੜ-ਬਰੜ ਦਾਹੜ੍ਹੀ ਵਿੱਚ ਦੀ ਹੋ ਕੇ ਚੋ ਰਹੇ ਸਨ। ਉਹਦੀਆਂ ਅੱਖਾਂ ਰੋ-ਰੋ ਕੇ ਲਾਲ ਹੋਈਆਂ ਪਈਆਂ ਸਨ। ਉਹ ਬੜਾ ਕੁਝ ਕਹਿਣਾ ਚਾਹੁੰਦਾ ਸੀ ਪਰ ਗਲੇ ਵਿੱਚੋਂ ਆਵਾਜ਼ ਹੀ ਨਹੀਂ ਨਿੱਕਲ ਰਹੀ ਸੀ। ਉਹ ਤਾਂ ਬੱਸ ਭੁੱਬਾਂ ਹੀ ਮਾਰੀ ਜਾ ਰਿਹਾ ਸੀ ਜਾਂ ਕਦੀ-ਕਦੀ ਆਪਣੇ ਮੂੰਹ ਤੇ ਚਪੇੜਾਂ ਮਾਰ ਲੈਂਦਾ ਸੀ।
-“ਹਾਏ ਓਏ ਰੱਬਾ! ਕੀ ਕਰਾਂ ਓਏ! ਕਿਹੜੇ ਜਨਮਾਂ ਦਾ ਵੈਰ ਕੱਢਿਆ ਈ ਓਏ? ਏਹਦੇ ਨਾਲੋਂ ਤਾਂ ਮੈਨੂੰ ਚੁੱਕ ਲੈਂਦਾ! ਨੀਂ ਸੰਤੀਏ, ਕੀਹਦੇ ਆਸਰੇ ਛੱਡ ਗਈ ਏਂ? ਹਾਏ! ਹਾਏ ਓਏ ਰੱਬਾ, ਮੈਨੂੰ ਵੀ ਚੁੱਕ ਲੈ ਵੈਰੀਆ!”, ਬਚਨ ਸਿੰਘ ਬੁਰੀ ਤਰਾਂ ਵਿਲਕ ਰਿਹਾ ਸੀ।
- “ਬਚਨ ਸਿਆਂ! ਹੁਣ ਤਾਂ ਹੌਸਲਾ ਧਰਿਆਂ ਹੀ ਕੁਝ ਬਣਨੈ। ਐਂ ਜਨਾਨੀਆਂ ਵਾਂਗੂੰ ਕੁਰਲਾਇਆਂ ਕੁਸ਼ ਬਣ ਸਕਦੈ ਭਲਾ? ਹੌਸਲਾ ਰੱਖ ਬਚਨ ਸਿਆਂ… ਹੌਸਲਾ ਰੱਖ!”, ਸੱਥਰ ਤੇ ਹੋਏ ਕੱਠ ‘ਚੋਂ ਇੱਕ ਨੇ ਹੌਸਲਾ ਦਿੱਤਾ।
- “ਆਹੋ ਭਾਈ! ਓਸ ਡਾਢੇ ਦੀਆਂ ਲਿਖੀਆਂ ਕੌਣ ਮੇਟ ਸਕਦੈ? ਏਹ ਕਿਹੜਾ ਦਿਹਾੜੀ ਦਾ ਰੋਣ ਐ? ਸਾਰੀ ਉਮਰਾਂ ਦਾ ਰੋਣਾ ਪੱਲੇ ਪਾ ਗੀ ਭਾਈ। ਚੰਦਰੀ ਬਿਮਾਰੀ ਵੀ ਕਿਸੇ ਨੂੰ ਨਾ ਚਿੰਬੜੇ। ਓ ਹੋ!”, ਹੌਕਾ ਭਰਦਿਆਂ ਦੂਜੇ ਨੇ ਹਾਂ ‘ਚ ਹਾਂ ਮਿਲਾਈ।
-“ਕਾਹਦਾ ਹੌਸਲਾ ਰੱਖਾਂ ਓਏ। ਭਾਵੇਂ ਬਿਮਾਰ ਠਿਮਾਰ ਸੀ, ਮੰਜੀ ‘ਤੇ ਪਈ ਸੀ। ਪਰ ਤੀਹਾਂ ਵਰ੍ਹਿਆਂ ਦਾ ਸਾਥ ਸੀ। ਜਿਉਂਦੀ ਜਿੰਦ ਸੀ ਓਏ! ਹੋਰ ਨੀਂ ਤਾਂ ਘੱਟੋ ਘੱਟ ਓਹਦੇ ਨਾਲ਼ ਦਿਲ ਦਾ ਬੋਝ ਹੀ ਹਲਕਾ ਕਰ ਲੈਂਦਾ ਸੀ। ਮੈਨੂੰ ਵੀ ਚੁੱਕ ਲੈਂਦਾ ਓਏ ਡਾਢਿਆ!”, ਬਚਨ ਸਿੰਘ ਮੁੜ ਕੁਰਲਾਇਆ।
- “ਲੈ, ਹੈ ਨੀ ਕਮਲਾ ਹੋਇਆ! ਅਖੇ ਮੈਨੂੰ ਵੀ ਚੁੱਕ ਲੈਂਦਾ! ਬਚਨਿਆਂ ਹੌਸਲਾ ਰੱਖ ਭਰਾਵਾ, ਐਂ ਕਿਤੇ ਮਰਿਆਂ ਨਾਲ਼ ਮਰਿਆ ਜਾਂਦੈ!”, ਕਹਿੰਦਿਆਂ ਪਹਿਲੇ ਪਿੰਡ ਵਾਸੀ ਨੇ ਕਿਸੇ ਨੂੰ ਆਵਾਜ਼ ਮਾਰੀ, “ਓ ਕਾਕਾ! ਪਾਣੀ ਦਾ ਗਿਲਾਸ ਲਿਆ ਨਲਕੇ ਤੋਂ ਭਰ ਕੇ। ਬਚਨਾ ਬਾਹਲਾ ਹੀ ਬੇਹਾਲ ਹੋਇਆ ਪਿਐ। ਬਚਨਿਆਂ ਰੱਬ ਦੀਆਂ ਲਿਖੀਆਂ ਓਹੀ ਜਾਣਦੈ। ਜਾਣ ਆਲੇ ਨਾਲ ਜਾਇਆ ਨਹੀਂ ਜਾਂਦਾ। ਸਿਆਣਿਆਂ ਨੇ ਵੀ ਕਿਹੈ ਪਈ ਜਿਉਣਾ ਝੂਠ ਤੇ ਮਰਨਾ ਸੱਚ!”
- “ਆਹੋ ਭਾਈ! ਸਿਆਣੇ ਤਾਂ ਏਹ ਵੀ ਕਹਿੰਦੇ ਐ ਬਈ ਸਾਨੂੰ ਜਿਉਂਦੇ ਜੀਅ ਐਸੇ ਕਰਮ ਕਰਨੇ ਚਾਹੀਦੇ ਨੇ ਬਈ ਅੱਗਾ ਸੁਧਰ ਜਾਏ। ਪਤਾ ਨਹੀਂ ਕਦੋਂ ਜੋਰਾਵਰ ਆ ਕੇ ਕਹੇ, ਬਈ ਚੱਲ ਤੁਰ, ਮੁੱਕ ਗਿਆ ਤੇਰਾ ਦਾਣਾ ਪਾਣੀ!”, ਇੱਕ ਹੋਰ ਆਵਾਜ਼ ਆਈ।
-“ਤੇਰੀ ਗੱਲ ਤਾਂ ਲੱਖ ਰੁਪਈਏ ਦੀ ਐ। ਪਰ ਜਿਉਂਦੇ ਜੀਅ ਕਿੱਥੇ ਅੱਗਾ ਸੁਧਾਰਨ ਬਾਰੇ ਸੁਝਦੈ? ਸਾਰੀ ਉਮਰ ਟੱਪ ਜਾਂਦੀ ਐ, ਢਿੱਡ ਨੂੰ ਝੁਲਕਾ ਦੇਣ ਦਾ ਜੁਗਾੜ ਈ ਸੂਤ ਨੀਂ ਆਉਂਦਾ। (ਕੁਝ ਪਲ ਠਹਿਰ ਕੇ) ਲੈ ਬਚਨ ਸਿਆਂ! ਪਾਣੀ ਦਾ ਘੁੱਟ ਪੀ ਲੈ।”, ਪਹਿਲੇ ਪਿੰਡ ਵਾਸੀ ਨੇ ਗਲਾਸ ਫੜਾਉਂਦਿਆਂ ਕਿਹਾ।
ਲੇਖਕ ਰਿਸ਼ੀ ਗੁਲਾਟੀ 
-“ਨਾ ਓਏ! ਕਿੱਥੇ ਘੁੱਟ ਟੱਪਦੀ ਐ, ਸੰਘੋਂ ਹੇਠਾਂ? ਕੋਈ ਮਹੁਰਾ ਲਿਆ ਦਿਓ ਓਏ! ਮੈਂ ਵੀ ਤੁਰ ਜਾਂ ਸੰਤੀ ਦੇ ਰਾਹ ‘ਤੇ ਈ। ਕਿਹੜੇ ਰਾਹਾਂ ‘ਤੇ ਤੁਰਗੀ ਕਰਮਾਂ ਆਲੀਏ!”, ਬਚਨ ਸਿੰਘ ਕਲਪ ਰਿਹਾ ਸੀ।
ਸੱਥਰ ਤੇ ਬੈਠੇ ਸਾਕ ਸੰਬੰਧੀ ਉਸਨੂੰ ਬਥੇਰਾ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਹ ਸੀ ਕਿ ਬੱਸ ਵਿਲਕੀ ਹੀ ਜਾਂਦਾ ਸੀ। ਕੋਲੇ ਬੈਠੇ ਉਹਦੇ ਪੁੱਤਰ ਹਰਜਿੰਦਰ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਜਗ੍ਹਾ ਅੱਗ ਵਰ੍ਹ ਰਹੀ ਸੀ। ਉਹ ਬੈਠਾ ਕਦੇ ਆਪਣੇ ਨਹੁੰ ਕੁਤਰਣ ਲੱਗ ਪੈਂਦਾ ਤੇ ਕਦੇ ਸੱਥਰ ਵਾਲੀ ਦਰੀ ਦੇ ਧਾਗੇ ਖਿੱਚਣ ਲੱਗ ਪੈਂਦਾ। ਚਿਹਰੇ ਵੱਲ ਤੱਕ ਕੇ ਪਤਾ ਲੱਗਦਾ ਸੀ ਕਿ ਉਹ ਆਪਣੇ ਆਪ ਨਾਲ ਗੱਲਾਂ ਕਰਦਾ ਦੰਦ ਕਿਰਚੀ ਜਾਂਦਾ ਸੀ। ਉਸਦੇ ਦਿਲ ਵਿੱਚ ਜ਼ਬਰਦਸਤ ਤੁਫਾਨ ਉਮੜਿਆ ਹੋਇਆ ਸੀ, ਜਿਸਨੂੰ ਇਸ ਔਖੀ ਘੜੀ ਵਿੱਚ ਉਸਨੇ ਬੜੀ ਮੁਸ਼ਕਿਲ ਨਾਲ ਕਾਬੂ ਕੀਤਾ ਹੋਇਆ ਸੀ।
ਇੱਕ ਭਿਆਨਕ ਜਿਹਾ ਵਾਤਾਵਰਣ ਚਾਰ ਚੁਫੇਰੇ ਪਸਰਿਆ ਹੋਇਆ ਸੀ। ਸਾਰਾ ਪਿੰਡ ਸੱਥਰ ਤੇ ਬੈਠਾ ਸੀ ਪਰ ਮੌਤ ਵਰਗੀ ਖਾਮੋਸ਼ੀ ਛਾਈ ਹੋਈ ਸੀ। ਪਿੰਡ ਵਾਲੇ ਤੇ ਰਿਸ਼ਤੇਦਾਰ ਨਮੋਸ਼ੀ ਤੇ ਦੁੱਖ ਵਿੱਚ ਸਿਰ ਝੁਕਾਈ ਬੈਠੇ ਸਨ। ਜੇ ਕਿਸੇ ਦੀ ਨਜ਼ਰ ਇੱਕ ਦੂਜੇ ਨਾਲ ਟਕਰਾ ਵੀ ਜਾਂਦੀ ਤਾਂ ਉਹ ਨਜ਼ਰ ਚੁਰਾ ਲੈਂਦਾ। ਜਾਪਦਾ ਸੀ ਕਿ ਕੋਈ ਹੋਵੇ ਹੀ ਨਾਂ। ਸਿਰਫ਼ ਬਚਨੇ ਦੇ ਵਿਲਕਣ ਦੀ ਆਵਾਜ਼ ਜਾਂ ਕਦੇ ਕਿਸੇ ਜ਼ਨਾਨੀ ਦਾ ਕੀਰਨਾਂ ਹੀ ਸੁਣਦਾ ਸੀ। ਅੰਦਰਲੀ ਸਬਾਤ ਵਿੱਚ ਜਿੱਥੇ ਜ਼ਨਾਨੀਆਂ ਬੈਠੀਆਂ ਸਨ, ਬਚਨੇ ਦੀ ਘਰ ਵਾਲੀ ਸੰਤੀ ਦੀ ਲਾਸ਼ ਪਈ ਸੀ।
ਸੰਤੀ ਢਿੱਲੀ ਤਾਂ ਕਾਫੀ ਚਿਰ ਦੀ ਸੀ ਪਰ ਦਮਾ ਐਨਾ ਵੀ ਨਹੀਂ ਸੀ ਕਿ ਉਹ ਚਾਣਚੱਕ ਹੀ ਤੁਰ ਜਾਂਦੀ। ਬਚਨੇ ਨੇ ਸੰਤੀ ਦੇ ਇਲਾਜ ਤੇ ਬੜਾ ਪੈਸਾ ਰੋੜਿਆ ਪਰ ਸਭ ਵਿਅਰਥ ਹੋ ਗਿਆ ਸੀ। ਆਪਣੇ ਵਿਤ ਤੋਂ ਵਧ ਕੇ, ਉਸਨੇ ਆੜ੍ਹਤੀਆਂ ਤੋਂ ਵਿਆਜੂ ਪੈਸੇ ਚੁੱਕ-ਚੁੱਕ ਕੇ ਇਲਾਜ ਤੇ ਲਾਏ ਤਾਂ ਜੋ ਘਰ ਦਾ ਚੁੱਲਾ ਤਪਦਾ ਰਹੇ ਪਰ ਹੋਣੀ ਅੱਗੇ ਕਿਸ ਦਾ ਜ਼ੋਰ ਚਲਦਾ ਹੈ?
ਬਚਨਾ ਆਪ ਤਾਂ ਭਾਵੇਂ ਕੋਰਾ ਅੰਗੂਠਾ ਛਾਪ ਸੀ ਪਰ ਉਸਦੀ ਸੋਚ ਬੜੀ ਅਗਾਂਹ ਵਧੂ ਸੀ। ਚਾਰ ਬੰਦਿਆਂ ਵਿੱਚ ਗੱਲਬਾਤ ਕਰਨ ਜੋਗਾ ਸੀ। ਸਾਰੇ ਪਿੰਡ ਵਿੱਚ ਚੰਗੀ ਬਣਾ ਕੇ ਰੱਖੀ ਸੀ। ਹਰੇਕ ਦੇ ਦੁੱਖ ਸੁੱਖ ਵਿੱਚ ਕੰਮ ਆਉਂਦਾ ਸੀ। ਚਾਰ ਚੱਪੇ ਪੈਲੀ ਦੇ ਵੀ ਸਨ। ਚੰਗੀ ਰੋਟੀ ਦੇ ਗੁਜ਼ਾਰੇ ਤੋਂ ਬਿਨਾਂ ਇਕਲੌਤੇ ਮੁੰਡੇ ਨੂੰ ਅੰਗਰੇਜ਼ੀ ਸਕੂਲ ਵਿੱਚ ਪੜ੍ਹਨੇ ਪਾ ਛੱਡਿਆ ਸੀ ਉਹ ਵੀ ਅਗਲੇ ਸਾਲ ਕਾਲਜ ਜਾਣ ਜੋਗਾ ਹੋ ਗਿਆ ਸੀ ਤੇ ਕੁੜੀ ਵੀ ਪੜ੍ਹਨ ਲਈ ਸ਼ਹਿਰ ਜਾਂਦੀ ਸੀ।
ਹਰ ਸਾਲ ਬੇ-ਵਕਤੇ ਮੀਂਹ ਤੇ ਸੁੰਡੀ ਪੈਣ ਕਰਕੇ ਕਿਰਸਾਨੀ ਦਮ ਤੋੜਨ ਲੱਗੀ ਸੀ, ਖਰਚੇ ਤੇ ਆਮਦਨ ਦੇ ਵਧਦੇ ਫ਼ਰਕ ਨੂੰ ਮਹਿਸੂਸ ਕਰਦਿਆਂ ਉਸਨੇ ਸ਼ਹਿਦ ਦੀਆਂ ਮੱਖੀਆਂ ਪਾਲ ਲਈਆਂ ਸਨ ਤੇ ਨਾਲ ਬੈਂਕ ਤੋਂ ਕਰਜ਼ਾ ਲੈ ਕੇ ਦੋ ਝੋਟੀਆਂ ਵੀ ਲੈ ਲਈਆਂ ਸਨ। ਮਾੜੀ ਕਿਸਮਤ ਨੂੰ ਸੰਤੀ ਨੂੰ ਦਮੇ ਵਰਗੀ ਚੰਦਰੀ ਬਿਮਾਰੀ ਨੇ ਘੇਰ ਲਿਆ ਤੇ ਉਸਦੀ ਦਵਾਈ ‘ਤੇ ਵੀ ਕਾਫੀ ਖਰਚ ਆਉਣ ਲੱਗ ਪਿਆ ਸੀ। ਸੰਤੀ ਬਥੇਰਾ ਕਲਪਦੀ ਰਹਿੰਦੀ, “ਰਾਣੋ ਦੇ ਬਾਪੂ, ਮੇਰਾ ਕੀ ਭਰੋਸਾ। ਹੁਣ ਰਾਣੋ ਦੇ ਹੱਥ ਪੀਲੇ ਕਰ ਦੇ!”
- “ਸੰਤੀਏ! ਤੈਨੂੰ ਕੀ ਦੱਸਾਂ, ਆੜ੍ਹਤੀਏ ਦੀ ਵਹੀ ਦਾ, ਐਸਾ ਰੱਬ ਦਾ ਵਰਦਾਨ ਮਿਲਿਐ ਉਹਨੂੰ, ਬਈ ਦਿਨ ਰਾਤ ਮੀਟਰ ਘੁਕੀ ਜਾਂਦੈ ਵਿਆਜ ਦਾ। ਕਿਸੇ ਟੈਮ ਤਾਂ ਸੂਰਜ ਤੇ ਚੰਦ ਵੀ ਥੱਕ ਕੇ ਸੌਂ ਜਾਂਦੇ ਐ, ਰਾਤ ਦਾ ਦਿਨ ਤੇ ਦਿਨ ਦੀ ਰਾਤ ਹੋ ਜਾਂਦੀ ਐ, ਪਰ ਆੜ੍ਹਤੀਆਂ ਦਾ ਵਿਆਜ ਕਦੇ ਨਹੀਂ ਰੁਕਦਾ, ਕੌੜੀ ਵੇਲ ਵਾਂਗ ਵਧੀ ਜਾਂਦੈ!”
- “ਸਿਰ ਦਿਆ ਸਾਈਆਂ! ਦੋ ਝੋਟੀਆਂ ਕਿੱਲੇ ਖੜ੍ਹੀਐਂ, ਓਹਨਾਂ ਨੂੰ ਵੇਚ ਦੇ, ਪਰ ਸਿਰੋਂ ਭਾਰ ਲਾਹ। ਮੇਰਾ ਕੀ ਪਤੈ, ਕਦੋਂ ਬੁਲਾਵਾ ਆ ਜਾਣੈ!”, ਸੰਤੀ ਖੰਘਦੀ ਹੋਈ ਬੋਲੀ।
- “ਹੈ ਕਮਲੀ! ਝੋਟੀਆਂ ਵੇਚ ਕੇ ਬੈਂਕ ਦੀਆਂ ਕਿਸ਼ਤਾਂ ਕੌਣ ਮੋੜੂਗਾ? ਪਤੈ ਨਾ ਬਈ ਪੈਲੀ ਦੇ ਨੰਬਰ ਦਿੱਤੇ ਹੋਏ ਐ, ਬੈਂਕ ਆਲਿਆਂ ਨੂੰ। ਨਾਲ ਦੇ ਪਿੰਡ ਪਤੈ, ਆਹ ਰਾਮੇ ਕੇ ਰਿਸ਼ਤੇਦਾਰਾਂ ਦੇ... ਝੋਟੀਆਂ ਆਸਤੇ ਕਰਜ਼ਾ ਲਿਆ ਸੀ ਬੈਂਕ ਤੋਂ, ਕਰੰਟ ਨਾਲ਼ ਝੋਟੀਆਂ ਮਰ ਗਈਆਂ। ਮੁੜਕੇ ਜ਼ਮੀਨ ਕੁਰਕੀ ਦੇ ਆਡਰ ਆ ਗਏ। ਮਸਾਂ ਟਰੈਕਟਰ ਵੇਚ ਕੇ ਇੱਕ ਵਾਰੀ ਟਿਕ-ਟਕਾ ਕੀਤੈ। ਅਜੇ ਤੱਕ ਨਬੇੜਾ ਨਹੀਂ ਹੋਇਆ। ਬੈਂਕ ਆਲੇ ਆਵਦੀ ਆਈ ਤੇ ਆ ਜਾਣ ਤਾਂ ਰੋਲ ਕੇ ਧਰ ਦਿੰਦੇ ਐ, ਰੋਲ ਕੇ। ਤੂੰ ਕਹਿੰਨੀ ਐਂ, ਝੋਟੀਆਂ ਵੇਚ ਦਿਆਂ? ਝੋਟੀਆਂ ਦਾ ਦੁੱਧ ਵੇਚ ਕੇ ਤਾਂ ਕਿਸ਼ਤਾਂ ਮਸਾਂ ਜਾਂਦੀਐਂ, ਮੁੜਕੇ ਕਿਸ਼ਤਾਂ ਕਿੱਥੋਂ ਲਾਹ ਦੇਂਗੀ, ਝੋਟੀਆਂ ਵੇਚ ਦੇ... ਬੜੀ ਸਿਆਣੀ ਗੱਲ ਕੀਤੀ ਐ, ਝੋਟੀਆਂ ਵੇਚ ਦੇ!” ਬਚਨ ਸਿੰਘ ਸੰਤੀ ਦੀ ਗੱਲ ਸੁਣ ਕੇ ਖਿਝ ਗਿਆ ਸੀ।
- “ਓ ਮੈਂ ਕਿਹੜਾ ਬੋਲੀ ਲਾਈ ਖੜੀ ਐਂ, ਮੇਰੇ ‘ਤੇ ਕਿਉਂ ਗੁੱਸੇ ਹੋਈ ਜਾਨੈਂ? ਮੈਂ ਤਾਂ ਸੁਭੈਕੀ ਗੱਲ ਕੀਤੀ ਸੀ ਬਈ ਕੁੜੀ ਨੂੰ ਤੋਰ ਆਪਣੇ ਘਰ, ਕੁੜੀਆਂ ਚਿੜੀਆਂ ਆਪਣੇ ਘਰ ਈ ਸੋਭਦੀਐਂ!”
- “ਮੈਂ ਕਾਹਦਾ ਗੁੱਸੇ ਹੋਣੈ ਤੇਰੇ ‘ਤੇ ਸੰਤੀਏ? ਓਹੋ ਜਿਆ ਮੈਂ ਆਂ, ਮੁਸ਼ਕਲਾਂ ਨਾਲ਼ ਨਜਿੱਠਿਆ ਮੈਥੋਂ ਆਪ ਤੋਂ ਨਹੀਂ ਜਾਂਦਾ, ਬੱਸ ਮੂੰਹੋਂ ਨਿੱਕਲ ਜਾਂਦੀ ਐ। ਚੱਲ ਦਿਲ ਨੂੰ ਨਾ ਲਾਈਂ, ਤੂੰ ਦੁਆਈ ਟੈਮ ਨਾਲ਼ ਲਈ ਜਾਂਦੀ ਐਂ?”
- “ਦੁਆਈ ਤਾਂ ਲਈ ਜਾਨੀਂ ਆਂ ਪਰ ਹੁਣ ਤਾਂ ਦਮ ਦਾ ਦਮ ਈ ਪੱਲੇ ਲੱਗਦੈ, ਪਤਾ ਨਹੀਂ ਕਦੋਂ ਧੁਰ ਦਰਗਾਹੋਂ ਬੁਲਾਵਾ ਆ ਜਾਣੈ? ਜਿੰਦਰ ਵੀ ਅਜੇ ਨਿਆਣੈ, ਕੁਸ਼ ਕਰਨ ਜੋਕਰਾ ਨਹੀਂ ਹੋਇਆ। ਤੂੰ ਕੱਲਾ ਮਿੱਟੀ ਨਾਲ਼ ਮਿੱਟੀ ਹੋਇਆ ਰਹਿੰਨੈ, ਓਹਨੂੰ ਨਾਲ ਲਾ ਲੈ, ਕੁਸ਼ ਤਾਂ ਮੱਦਤ ਕਰੂਗਾ ਈ!”
- “ਕਹਾਨੂੰ ਸੰਤੀਏ! ਮੈਂ ਸੋਚਦੈਂ ਬਈ ਚਾਰ ਪੰਜ ਵਰ੍ਹਿਆਂ ਦੀ ਗੱਲ ਐ, ਮੁੰਡਾ ਪੜ੍ਹ ਲਿਖ ਕੇ ਪੈਰਾਂ ਸਿਰ ਹੋ ਜਾਊ ਤੇ ਨੌਕਰੀ ਲੱਗ ਕੇ ਸਾਰੇ ਦੁੱਖ ਧੋ ਦੇਊ। ਕਦੇ ਸੋਚਦੈਂ ਬਈ ਪੜ੍ਹਨੋਂ ਹਟਾ ਕੇ ਆੜ੍ਹਤੀਆਂ ਦੀ ਹੱਟੀ ‘ਤੇ ਈ ਲਾ ਦਿਆਂ। ਕੰਮ ਸਿੱਖ ਕੇ ਮੁਨੀਮ ਬਣ ਗਿਆ ਤਾਂ ਆਪਣੇ ਪੈਰਾਂ ਤੇ ਖੜਾ ਹੋ ਜਾਊ ਤੇ ਸ਼ੈਦ ਸੇਠ ਵਿਆਜ ‘ਚ ਕੋਈ ਮਾੜੀ ਮੋਟੀ ਰਿਐਤ ਵੀ ਕਰ ਦੇਣ!”
- “ਆਹ ਵੀ ਤੇਰੀ ਗੱਲ ਠੀਕ ਐ। ਕੇਰਾਂ ਯਕੀਨ ਬਣੇ ਦੀ ਗੱਲ ਐ, ਫੇਰ ਤਾਂ ਆੜ੍ਹਤੀਏ, ਮੈਨੂੰ ਮੈਦ (ਉਮੀਦ) ਐ, ਰਾਣੋ ਦੇ ਵਿਆਹ ‘ਚ ਵੀ ਮਾੜੀ ਮੋਟੀ ਮੱਦਤ ਕਰ ਦੇਣਗੇ!”
- “ਹੋਰ ਨਾ ਕੁਸ਼, ਅਖੇ ਮੱਦਤ ਕਰ ਦੇਣਗੇ। ਤੇਰਾ ਵੀ ਨਾ ਸੰਤੀਏ, ਬੱਸ ਸਰਿਆ ਈ ਪਿਐ। ਅਗਲੇ ਰੁਪਈਏ ਨਾਲ਼ ਜੋੜ ਕੇ ਰੁਪਈਆ ਕਮਾਉਂਦੇ ਐ। ਮੱਦਤ ਕਰ ਦੇਣਗੇ!”
- “ਫੇਰ ਰਾਣੋ ਨੂੰ ਪੜ੍ਹਨੋ ਹਟਾ ਲੈ। ਊਂ ਤਾਂ ਘਰ ਦਾ ਸਾਰਾ ਕੰਮ ਉਹੀ ਕਰਦੀ ਐ, ਫੇਰ ਵੀ ਮਾੜੀ ਮੋਟੀ ਸਿਲਾਈ ਕਢਾਈ ਸਿਖਾ ਦਿਆਂਗੇ!”
- “ਸੰਤੀਏ, ਜੇ ਪੜ੍ਹਨੋ ਹਟਾ ਲਈ ਤਾਂ ਘਰੇ ਬੈਠੀ ਕੋਠੇ ਜਿੱਡੀ ਹੁੰਦੀ ਧੀ ਝੱਲਣੀ ਸੌਖੀ ਐ? ਪੜ੍ਹਨ ਜਾਂਦੀ ਐ ਤਾਂ ਕੁਸ਼ ਸਿੱਖ ਕੇ ਈ ਆਉਂਦੀ ਐ। ਹੁਣ ਸਾਰਾ ਦਿਨ ਕਿਤਾਬਾਂ ‘ਚ ਰੁੱਝੀ ਰਹਿੰਦੀ ਐ। ਸਿਆਣੇ ਕਹਿੰਦੇ ਐ, ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦੈ!”
- “ਤੈਨੂੰ ਜਿਵੇਂ ਠੀਕ ਲੱਗਦੈ ਕਰ ਲੈ ਰਾਣੋ ਦੇ ਬਾਪੂ। ਪਰ ਯਾਦ ਰੱਖੀਂ ਉਹਦੀਆਂ ਦਸਵੀਂ ਦੀਆਂ ਜਮਾਤਣਾਂ ਵਿੱਚੋਂ ਕਈਆਂ ਦੇ ਕੁੱਛੜ ਤਾਂ ਨਿਆਣੇ ਵੀ ਹੈਗੇ ਐ। ਇੱਕ ਤੂੰ ਈ ਅਨੋਖੀ ਗੱਲ ਕਰਦੈਂ। ਮੇਰੀ ਕਹੀ ਯਾਦ ਰੱਖੀਂ, ਕੱਲ ਨੂੰ ਕੋਈ ਅਬੀ-ਨਬੀ ਹੋ ਗਈ ਤਾਂ ਮੁੜ ਕੇ ਮੈਨੂੰ ਨਾ ਕਹੀਂ!”
- “ਓ ਕੁਸ਼ ਨੀਂ ਹੁੰਦਾ। ਆਵਦੀ ਔਲਾਦ ‘ਤੇ ਭਰੋਸਾ ਰੱਖੀਦੈ। ੳਂੂ… ਰਾਣੋ ਵੀ ਕਹਿੰਦੀ ਸੀ ਬਈ ਪੇਪਰਾਂ ਤੋਂ ਬਾਦ ਮੈਂ ਕੰਪੂਟਰ ਸਿੱਖਣੈ। ਕਹਿੰਦੀ ਸੀ ਬਈ ਕੰਪੂਟਰ ਸਿੱਖ ਕੇ ਛੇਤੀ ਨੌਕਰੀ ਮਿਲ ਜਾਂਦੀ ਐ!”
- “ਤੂੰ ਜਾਣ, ਜਾਣੇ ਤੇਰਾ ਕੰਮ। ਮੈਂ ਜੋ ਕਹਿਣਾ ਸੀ ਕਹਿ ਦਿੱਤਾ। ਨਾ ਅੱਗੇ ਕਦੇ ਤੂੰ ਮੇਰੀ ਮੰਨੀ ਐ, ਜੋ ਹੁਣ ਮੰਨੇਗਾ? ਭਾਵੇਂ ਸਿਖਾ ਕੰਪੂਟਰ ਤੇ ਭਾਵੇਂ ਟਰੈਕਟਰ, ਮੇਰੀ ਕੋਈ ਜਿੰਮੇਦਾਰੀ ਨਹੀਂ!”
- “ਤੂੰ ਤਾਂ ਬੱਸ ਆਵਦੀਆਂ ਮਾਰੀ ਜਾਂਦੀ ਐਂ। ਕੁੜੀ ਨੂੰ ਖਾਲੀ ਹੱਥੀਂ ਕਿੱਥੋਂ ਤੋਰ ਦਿਆਂ? ਕੱਲ ਨੂੰ ਬਿਗਾਨੀ ਨੇ ਅੱਡ ਕਰਤੀ ਤਾਂ ਚਾਰ ਭਾਂਡੇ ਵੀ ਨਾ ਹੋਣ ਕੁੜੀ ਕੋਲ ਰੋਟੀ ਥੱਪਣ ਨੂੰ? ਕੋਈ ਜੁੱਲੀ ਬਿਸਤਰਾ, ਕੱਪੜਾ ਵੀ ਨਾ ਹੋਵੇ ਤਨ ਕੱਜਣ ਨੂੰ? ਹੂੰ… ਜਿੰਮੇਦਾਰੀ ਨਹੀਂ। ਜਿੰਮੇਦਾਰੀ ਆਪਣੀ ਨਹੀਂ ਤਾਂ ਹੋਰ ਕੀਹਦੀ ਐ? ਮੈਂ ਕੀ ਮਾੜਾ ਕਰਤਾ ਕਿਸੇ ਦਾ, ਜੇ ਹੁਣ ਲੱਖਾਂ ਰੁਪਈਏ ਹੈ ਨੀਂ ਲਾਉਣ ਨੂੰ ਤੇ ਕੁਸ਼ ਹਜ਼ਾਰ ਲਾ ਕੇ ਕੁੜੀ ਦਾ ਧਿਆਨ ਪਾਸੇ ਲੱਗਦੈ ਤਾਂ ਮਾੜਾ ਕੀ ਐ? ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਜਨਾਨੀਆਂ ਦੀ। ਅਖੇ ਜਿੰਮੇਦਾਰੀ ਨਹੀਂ, ਜਿੰਮੇਦਾਰੀ ਹੋਰ ਥੋਡੇ ਪਿੰਡ ਆਲੇ ਨੰਜੂ ਬਾਹਮਣ ਦੀ ਐ? ਹੈ ਕਿ ਨਹੀਂ ਗਿੱਟਿਆਂ ‘ਚ ਮੱਤ। ਸਾਲੀ ਢੇਡ ਜਨਾਨੀ!”, ਬਚਨ ਸਿੰਘ ਤਲਖੀ ਨਾਲ ਬੋਲਿਆ।
ਮਹਿੰਗੀਆਂ ਪੜ੍ਹਾਈਆਂ, ਕਾਲਜਾਂ ਦੀਆਂ ਡੋਨੇਸ਼ਨਾਂ ਤੇ ਸਮੇਂ ਦੀ ਨਜ਼ਾਕਤ ਸਮਝਦਿਆਂ ਰਾਣੋ ਨੇ ਕੰਪਿਊਟਰ ਲਾਈਨ ਨੂੰ ਆਪਣਾ ਕੈਰੀਅਰ ਬਨਾਉਣ ਲਈ ਸ਼ਹਿਰ ਦੇ ਨਾਮੀ ਕੰਪਿਊਟਰ ਸੈਂਟਰ ਵਿੱਚ ਦਾਖਲਾ ਲੈ ਲਿਆ। ਹਾਲਾਂਕਿ ਘਰੇਲੂ ਹਾਲਾਤ ਏਨਾ ਖ਼ਰਚ ਕਰਨ ਦੀ ਇਜਾਜ਼ਤ ਨਹੀਂ ਸਨ ਦਿੰਦੇ, ਪਰ ਵਿਆਹ ਦੇ ਖ਼ਰਚ ਨਾਲੋਂ ਕਈ ਗੁਣਾ ਘੱਟ ਖ਼ਰਚ ਦੇ ਲਾਲਚ ਕਰਕੇ ਬਚਨੇ ਨੂੰ ਇਹ ਫ਼ੀਸਾਂ ਭਰਨੀਆਂ ਸੌਖੀਆਂ ਜਾਪੀਆਂ। ਕੰਪਿਊਟਰ ਸੈਂਟਰ ਵਿੱਚ ਸਮੇਂ-ਸਮੇਂ ਸਿਰ ਕਰਵਾਏ ਜਾਂਦੇ ਸੈਮੀਨਾਰਾਂ ਵਿੱਚ ਉਸਨੇ ਵਧ-ਚੜ੍ਹ ਕੇ ਭਾਗ ਲੈਣਾ ਸ਼ੁਰੂ ਕੀਤਾ। ਬੱਸ ਇਕੋ ਹੀ ਧੁਨ ਸਵਾਰ ਹੋ ਗਈ ਕਿ ਆਪਣੇ ਪੈਰਾਂ ਸਿਰ ਖੜੀ ਹੋਣਾ ਹੈ। ਉਹ ਕਲਾਸ ਤੋਂ ਬਾਅਦ ਵੀ ਕੰਪਿਊਟਰ ਤੇ ਪ੍ਰੈਕਟਿਸ ਕਰਦੀ ਤੇ ਆਪਣੇ ਤੋਂ ਜੂਨੀਅਰ ਸਿਖਿਆਰਥੀਆਂ ਨੂੰ ਵੀ ਸਿਖਾਉਂਦੀ, ਇਹ ਸੋਚ ਕੇ ਕਿ ਉਸਦੀ ਪ੍ਰੈਕਟਿਸ ਹੋ ਰਹੀ ਹੈ।
ਜਦੋਂ ਰਾਣੋ ਦੀਆਂ ਪੇਕੇ ਆਈਆਂ ਸਹੇਲੀਆਂ ਉਸਨੂੰ ਮਿਲਣ ਆਉਂਦੀਆਂ ਤਾਂ ਉਹ ਤਾਂ ਰਾਣੋ ਦੇ ਪੜ੍ਹੀ ਲਿਖੀ ਹੋਣ ਤੇ ਰਸ਼ਕ ਕਰਦੀਆਂ ਕਹਿੰਦੀਆਂ, “ਨੀਂ ਰਾਣੋ, ਧੰਨ ਤੇਰੇ ਮਾਪੇ ਜਿਹੜੇ ਤੈਨੂੰ ਪੜ੍ਹਾਈ ਜਾਂਦੇ ਐ, ਪੜ੍ਹ ਕੇ ਅਫਸਰ ਲੱਗ ਜਾਏਂਗੀ। ਅਸੀਂ ਤਾਂ ਸਾਰੀ ਉਮਰ ਗੋਹਾ ਚੁੱਕਣ ਜੋਗੀਆਂ ਹੀ ਰਹਿ ਗਈਆਂ!”
ਉਹਨਾਂ ਕੁੜੀਆਂ ਦੀ ਗੱਲ ਸੁਣ ਕੇ ਬਚਨੇ ਤੇ ਸੰਤੀ ਦੇ ਸਾਹਮਣੇ ਆਪਣੀ ਅਫ਼ਸਰ ਧੀ ਰਾਣੋ ਨਹੀਂ ਸਗੋਂ ਆਪਣੀਆਂ ਉਹ ਮਜ਼ਬੂਰੀਆਂ ਘੁੰਮਣ ਲੱਗ ਜਾਂਦੀਆਂ ਜਿਹਨਾਂ ਕਰਕੇ ਰਾਣੋ ਅਜੇ ਤੱਕ ਪੜ੍ਹ ਰਹੀ ਸੀ। ਆਖਿਰ ਕੀਤਾ ਵੀ ਕੀ ਜਾ ਸਕਦਾ ਸੀ? ਮਜਬੂਰੀ ਮਾਰਿਆ ਠੰਢਾ ਹੌਕਾ ਖਿੱਚ ਕੇ ਹੀ ਸਾਰ ਲੈਂਦੇ। ਜਿ਼ੰਦਗੀ ਆਪਣੇ ਉਸੇ ਰਸਤੇ ਤੇ ਚਲਦੀ ਗਈ, ਜਿਸ ਤੇ ਅੱਜ ਤੱਕ ਚਲ ਰਹੀ ਸੀ।
ਸਮਾਂ ਆਪਣੀ ਤੋਰ ਤੁਰਦਾ ਰਿਹਾ ਤੇ ਇਸੇ ਦੌਰਾਨ ਉਸ ਦੀਆਂ ਅੱਖਾਂ ਰਾਜੇਸ਼ ਨਾਲ ਚਾਰ ਹੋ ਗਈਆਂ। ਰਾਜੇਸ਼ ਦੇ ਪਾਪਾ ਕਿਸੇ ਸਰਕਾਰੀ ਦਫ਼ਤਰ ਵਿੱਚ ਕਲਰਕ ਲੱਗੇ ਹੋਏ ਸਨ। ਕੁੱਲ ਮਿਲਾ ਕੇ ਘਰ ਦਾ ਤੋਰੀ ਫੁਲਕਾ ਚੰਗਾ ਚਲਦਾ ਸੀ। ਰਾਜੇਸ਼ ਦੀ ਵੱਡੀ ਭੈਣ ਵੀ ਵਿਆਹੁਣ ਯੋਗ ਸੀ। ਸਮੱਸਿਆ ਉਹੀ ਸੀ ਜੋ ਹਰ ਮੱਧਿਅਮ ਵਰਗ ਦੀ ਪੜ੍ਹੀ-ਲਿਖੀ ਕੁੜੀ ਨੂੰ ਪੇਸ਼ ਆਉਂਦੀ ਹੈ, ਕਿ ਬਰਾਬਰ ਦੇ ਪੜ੍ਹੇ ਲਿਖੇ ਪਰਿਵਾਰ ਦੀਆਂ ਮੰਗਾਂ ਪੂਰੀਆਂ ਕਰਨੀਆਂ ਔਖੀਆਂ ਹਨ ਤੇ ਘੱਟ ਵਾਲਿਆਂ ਘਰ ਜਾਣ ਨੂੰ ਕੁੜੀ ਦਾ ਦਿਲ ਨਹੀਂ ਮੰਨਦਾ। ਸਮਾਂ ਆਪਣੀ ਤੋਰ ਤੁਰਦਾ ਗਿਆ ਤੇ ਰਾਣੋ ਤੇ ਰਾਜੇਸ਼ ਦੀਨ-ਦੁਨੀਆਂ ਤੋਂ ਬੇ-ਖ਼ਬਰ ਆਪਣੀ ਦੁਨੀਆਂ ਵਿੱਚ ਵਿਚਰਦੇ ਰਹੇ।
- “ਰਾਜੇਸ਼, ਕੋਰਸ ਪੂਰਾ ਕਰਕੇ ਕੀ ਸੋਚਿਆ?”, ਇੱਕ ਦਿਨ ਰਾਣੋ ਨੇ ਪੁੱਛਿਆ।
- “ਸੋਚਣਾ ਕੀ ਐ ਰਾਣੋ, ਸਰਕਾਰੀ ਦਫ਼ਤਰਾਂ ਵਿੱਚ ਐਪਲੀਕੇਸ਼ਨਾਂ ਤਾਂ ਭੇਜੀ ਹੀ ਜਾਂਦੇ ਆਂ। ਜਿਵੇਂ ਜਿਵੇਂ ਸਮੈਸਟਰ ਕੰਪਲੀਟ ਹੋਈ ਜਾਂਦੇ ਐ, ਐਪਲੀਕੇਸ਼ਨ ਨਾਲ ਇੱਕ ਸਰਟੀਫਿ਼ਕੇਟ ਹੋਰ ਵਧ ਜਾਂਦਾ ਹੈ!”
- “ਤੈਨੂੰ ਤਾਂ ਹਮੇਸ਼ਾ ਨੌਕਰੀ ਹੀ ਨਜ਼ਰ ਆਉਂਦੀ ਹੈ, ਮੈਂ ਨਹੀਂ। ਕਦੇ ਤਾਂ ਆਪਣੇ ਸੁਪਨੇ ਸੱਚ ਹੋਣ ਦੀ ਗੱਲ ਕਰ ਲਿਆ ਕਰ”, ਰਾਣੋ ਕਦੀ-ਕਦੀ ਜਿਵੇਂ ਨਾਰਾਜ਼ ਹੋ ਜਾਂਦੀ।
- “ਰਾਣੋ... ਮੇਰੀ ਰਾਣੋ... ਪਲੀਜ਼ ਇੰਝ ਨਾਰਾਜ਼ ਹੋਇਆ ਕਰ” ਰਾਜੇਸ਼ ਰਾਣੋ ਦਾ ਚਿਹਰਾ ਆਪਣੇ ਦੋਨਾਂ ਹੱਥਾਂ ਵਿੱਚ ਲੈ ਕੇ ਕਹਿੰਦਾ “ਦੇਖ ਰਾਣੋ... ਮੈਨੂੰ ਤੇਰੇ ਨਾਲ ਕੀਤੇ ਵਾਅਦਿਆਂ ਦਾ ਪੂਰਾ-ਪੂਰਾ ਅਹਿਸਾਸ ਹੈ। ਪਰ ਸਾਨੂੰ ਜਿ਼ੰਦਗੀ ਵਿੱਚ ਆਪਣੀਆਂ ਜਿੰਮੇਵਾਰੀਆਂ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ!”
- “ਚੰਗਾ! ਜਿੰਮੇਵਾਰੀਆਂ ਨਾਲ਼ ਹੀ ਵਿਆਹ ਕਰਵਾ ਲਈਂ। ਮੈਂ ਨੀਂ ਬੋਲਦੀ ਹੁਣ ਤੇਰੇ ਨਾਲ਼...!”
- “ਓ… ਹੋ! ਸਾਰੀ ਦਿਹਾੜੀ ਗੁੱਸਾ ਤਾਂ ਤੇਰੇ ਨੱਕ ‘ਤੇ ਹੀ ਬੈਠਾ ਰਹਿੰਦੈ। ਕਦੇ ਤਾਂ ਹੱਸ ਕੇ ਗੱਲ ਕਰ ਲਿਆ ਕਰੋ ਮਾਲਕੋ!” ਰਾਜੇਸ਼ ਨੇ ਹੱਸਦਿਆਂ ਕਿਹਾ।
- “ਜਾਣ ਦੇ, ਜਾਣ ਦੇ, ਵੱਡਾ ਹੱਸ ਕੇ ਗੱਲਾਂ ਕਰਨ ਵਾਲਾ। ਕਦੇ ਕਦੇ ਤਾਂ ਲੱਗਦੈ ਪੰਗਾ ਈ ਲੈ ਲਿਆ ਤੇਰੇ ਨਾਲ ਦਿਲ ਲਾ ਕੇ!”
- “ਲੈ !!! ਬਈ ਏਡੀ ਕਿਹੜੀ ਗੱਲ ਐ? ਜੇ ਪੰਗਾ ਲੈ ਈ ਲਿਐ, ਭਾਵ ਗ਼ਲਤੀ ਕਰ ਈ ਲਈ ਐ ਤਾਂ ਸਿਆਣੇ ਕਹਿੰਦੇ ਐ ਬਈ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਤਾਂ ਓਹਨੂੰ ਭੁੱਲਿਆ ਨਹੀਂ ਕਹਿੰਦੇ!”
- “ਮਤਲਬ ਕੀ ਏ ਤੇਰਾ?”
- “ਮਤਲਬ... ਮਤਲਬ ਤਾਂ ਕੁਝ ਨਹੀਂ!”
- “ਨਹੀਂ ਮੈਨੂੰ ਮਤਲਬ ਸਮਝਾ ਜਰਾ, ਜਿਹੜੀ ਟੇਢੀ ਗੱਲ ਕਰਦੈਂ, ਤੈਨੂੰ ਕੀ ਲੱਗਦੈ, ਮੈਂ ਸਮਝਦੀ ਨਹੀਂ?”
- “ਕੀ ਸਮਝੇ ਮਾਲਕੋ! ਮੈਂ ਤਾਂ ਅਜਿਹੀ ਕੋਈ ਗੱਲ ਨਹੀਂ ਕੀਤੀ ਜੋ ਟੇਢੀ ਹੋਵੇ!”
- “ਹੋਰ ਟੇਢੀ ਗੱਲ ਕੀ ਹੋਊਗੀ? ਆਖੀ ਤਾਂ ਜਾਂਦੈਂ ਬਈ ਤੇਰੇ ਨਾਲ਼ ਦਿਲ ਲਾਉਣ ਦੀ ਗਲਤੀ ਸੁਧਾਰ ਲਾਂ!”
- “ਮੈਂ ਕਦੋਂ ਆਖਿਐ, ਐਵੇਂ ਈ ਇਲਜ਼ਾਮ ਲਾਈ ਜਾਂਦੀ ਐਂ। ਅਖੇ ਆਪੇ ਈ ਸਿ਼ਕਾਇਤ, ਆਵਦੇ ਕੋਲੇ ਈ ਸਿ਼ਕਾਇਤ ਤੇ ਹੁਣ ਆਪ ਹੀ ਗੁੱਸੇ ਹੋਣ ਦਾ ਨਕਲੀ ਡਰਾਮਾ...। ਯਾਨੀ ਕਿ ਆਪ ਹੀ ਮਦਈ, ਆਪ ਹੀ ਗਵਾਹ, ਆਪ ਹੀ ਵਕੀਲ ਤੇ ਆਪ ਹੀ ਜੱਜ, ਕਿਉਂ ਆਏਂ ਈ ਐ ਨਾ ਜਨਾਬ?”
- “ਰਹਿਣ ਦੇ, ਰਹਿਣ ਦੇ... ਬਾਹਲਾ ਸਿਆਣਾ ਨਾ ਹੋਵੇ ਤਾਂ। ਜੇ ਛੱਡ ਗਈ ਨਾ ਤਾਂ ਮੁੜਕੇ ਮੱਥੇ ‘ਤੇ ਹੱਥ ਰੱਖ ਕੇ ਬੈਠਾ ਰਹੀਂ। ਕਰੀ ਜਾਈਂ ਮਿੰਨਤਾਂ ਤਰਲੇ, ਮੈਂ ਨੀਂ ਗੱਲ ਸੁਣਨੀ। ਆਹੋ!”
- “ਲੈ... ਐਦਾਂ ਕਦੀ ਹੋ ਸਕਦੈ? ਤੂੰ ਕੀ ਸਮਝਦੀ ਐਂ ਮੇਰੀਏ ਬੱਗੀਏ ਕਬੂਤਰੀਏ, ਐਂ ਉਡ ਜਾਏਂਗੀ ਮਿੱਤਰਾਂ ਦੀ ਛਤਰੀ ਤੋਂ? ਐਸਾ ਕਭੀ ਹੋ ਸਕਤਾ ਹੈ? ਕਭੀ ਨਹੀਂ। ਗੱਬਰ ਸੀਂਗ, ਮੈਂ ਤੁਝੇ ਜਾਨੇ ਨਹੀਂ ਦੂੰਗਾ, ਟੈਂ ਟੈਂ ਟੈਂ !!!”
- “ਜਾ ਵੇ ਰਾਜੇਸ਼! ਕਦੀ ਤਾਂ ਸੀਰੀਅਸ ਹੋ ਜਾਇਆ ਕਰ। ਸਾਰਾ ਦਿਨ ਸ਼ਰਾਰਤਾਂ ਈ ਸੁਝਦੀਆਂ ਰਹਿੰਦੀਐਂ ਤੈਨੂੰ!” ਰਾਣੋ ਖਿੜਖੜਾ ਕੇ ਹੱਸਦੀ ਹੋਈ ਬੋਲੀ।
- “ਯੇ ਤੋ ਅਪੁਨ ਕਾ ਇਸ਼ਟਾਈਲ ਹੈ ਜਾਨੇਮਨ!”, ਰਾਜੇਸ਼ ਨੇ ਸਟਾਈਲ ਮਾਰ ਕੇ ਕਿਹਾ। ਦੋਵੇਂ ਖੂਬ ਹੱਸਦੇ ਹਨ।
ਵਕਤੀ ਚਾਲ ਨਾਲ ਉਹਨਾਂ ਦੇ ਪਿਆਰ ਦੀ ਖੁਸ਼ਬੋਈ ਆਲੇ ਦੁਆਲੇ ਫੈਲ ਗਈ ਤੇ ਉੱਡਦਿਆਂ-ਉੱਡਦਿਆਂ ਰਾਣੋ ਦੇ ਘਰ ਤੱਕ ਜਾ ਪੁੱਜੀ। ਇੱਕ ਦਿਨ ਸ਼ਾਮ ਨੂੰ ਜਦ ਸ਼ਹਿਰ ਤੋਂ ਰਾਣੋ ਘਰ ਪੁੱਜੀ ਤਾਂ ਉਸਨੂੰ ਘਰ ਦਾ ਮਾਹੌਲ ਕੁਝ ਬਦਲਿਆ ਬਦਲਿਆ ਜਾਪਿਆ। ਬਚਨ ਸਿੰਘ ਨੇ ਦੁਖੀ ਮਨ ਨਾਲ ਰਾਣੋ ਨੂੰ ਪੁੱਛਿਆ, “ਰਾਣੋ ਪੁੱਤ! ਮੈਂ ਆਹ ਕੀ ਸੁਣ ਰਿਹਾਂ?”
- “ਕੀ ਹੋਇਆ ਬਾਪੂ ਜੀ?”
- “ਕਿੰਝ ਪੁੱਛਾਂ ਧੀਏ? ਮੇਰੀ ਤਾਂ ਜੁਬਾਨ ਹੀ ਸਾਥ ਨਹੀਂ ਦੇ ਰਹੀ?”
- “ਐਹੋ ਜਿਹੀ ਕਿਹੜੀ ਗੱਲ ਐ ਬਾਪੂ ਜੀ, ਜੋ ਤੁਸੀਂ ਐਹੋ ਜਿਹੀਆਂ ਗੱਲਾਂ ਕਰ ਰਹੇ ਹੋ?”
- “ਦਿਲ ਡਰਦੈ ਧੀਏ, ਕਿਤੇ ਮੇਰਾ ਭਰੋਸਾ ਖੇਰੂੰ ਖੇਰੂੰ ਨਾ ਹੋ ਜਾਏ। ਤੈਨੂੰ ਕਦੇ ਪੁੱਤਾਂ ਨਾਲ਼ੋਂ ਘੱਟ ਨਹੀਂ ਸਮਝਿਆ ਪਰ ਅੱਜ ਅਹਿਸਾਸ ਹੋ ਰਿਹੈ ਕਿ ਧੀਆਂ ਆਖਿਰ ਧੀਆਂ ਹੁੰਦੀਆਂ ਨੇ, ਪੁੱਤਾਂ ਦੀ ਆਪਣੀ ਥਾਂ ਹੁੰਦੀ ਐ ਪਰ ਧੀਆਂ, ਹਮੇਸ਼ਾ ਧੀਆਂ ਹੋਣ ਦੇ ਨਾਲ਼ ਨਾਲ਼ ਪਿਉ ਦੀ ਪੱਗ ਦੀਆਂ ਪਹਿਰੇਦਾਰ ਵੀ ਹੁੰਦੀਆਂ ਨੇ। ਪੁੱਤ ਲੱਖ ਗ਼ਲਤੀਆਂ ਕਰੀ ਜਾਏ ਪਰ ਧੀ ਦੀ ਇੱਕ ਗ਼ਲਤੀ ਪਿਉ ਦੀ ਪੱਗ ਲੀਰਾਂ ਲੀਰਾਂ ਕਰ ਸੁੱਟਦੀ ਏ। ਏਸੇ ਗੱਲੋਂ ਡਰਦਾਂ ਕਿਤੇ ਸੁਣੀ ਸੁਣਾਈ ਸੱਚ ਨਾ ਹੋ ਜਾਏ। ਜੇ ਕਿਤੇ ਗੱਲ ਸੱਚ ਨਿੱਕਲ ਆਈ ਤਾਂ ਮੇਰਾ ਜਿਉਂਦੇ ਦਾ ਮਰਨ ਹੋ ਜਾਣੈ!”
- “ਦੇਖ ਬਾਪੂ, ਸਿੱਧੀ ਗੱਲ ਕਰ ਏਹਦੇ ਨਾਲ਼, ਕਿਉਂ ਐਵੇਂ ਕਹਾਣੀਆਂ ਜਿਹੀਆਂ ਪਾਈ ਜਾਂਦੈਂ?”, ਹਰਜਿੰਦਰ ਦੋਹਾਂ ਨੂੰ ਗੱਲਾਂ ਕਰਦਿਆਂ ਗੁੱਸੇ ਨਾਲ਼ ਬੋਲਿਆ।
- “ਕੋਈ ਨਾ ਕਾਕਾ, ਕਰਦੈਂ ਮੈਂ ਸਾਰੀ ਗੱਲ ਪਰ ਗੱਲ ਕਰਨ ਦਾ ਵੀ ਕੋਈ ਤਰੀਕਾ ਹੁੰਦੈ!”, ਬਚਨ ਸਿੰਘ ਦਾ ਜੁਆਬ ਸੀ।
- “ਮੇਰਾ ਖੂਨ ਖੌਲੀ ਜਾਂਦੈ ਬਾਪੂ। ਏਨਾ ਸਬਰ ਮੇਰੇ ‘ਚ ਹੈ ਨਹੀਂ ਬਈ ਤੇਰੇ ਵਾਗੂੰ ਵਲ-ਸ਼ਲ ਪਾ ਕੇ ਗੱਲ ਕਰਾਂ, ਸਿੱਧੀ ਗੱਲ ਕਰ ਬਈ ਏਹ ਸੱਚੀ ਸਾਡੇ ਸਿਰ ‘ਚ ਖੇਹ ਪਾਈ ਜਾਂਦੀ ਐ ਜਾਂ ਐਵੇਂ ਕਿਸੇ ਕੰਜਰ ਨੇ ਭਕਾਈ ਮਾਰੀ ਐ?
- “ਕੀ ਮਤਲਬ ਐ ਜਿੰਦਰ ਤੇਰਾ? ਕਹਿਣਾ ਕੀ ਚਾਹੁੰਨੈ? ਤੈਨੂੰ ਹੋਸ਼ ਹੈ ਕਿ ਤੂੰ ਕਹਿ ਕੀ ਰਿਹੈਂ?”, ਰਾਣੋ ਦੇ ਪੈਰਾਂ ਥੱਲੋਂ ਜ਼ਮੀਨ ਨਿੱਕਲ ਗਈ।
- “ਹੋਸ਼-ਹੂਸ਼ ਦਾ ਤਾਂ ਮੈਨੂੰ ਪਤਾ ਨਹੀਂ ਪਰ ਤੂੰ ਇਹ ਦੱਸ ਬਈ ਕਿੱਥੋਂ ਖੇਹ ਖਾ ਕੇ ਆਈ ਐਂ?”
- “ਖੇਹ ਖਾ ਕੇ ਆਈ ਐਂ? ਕੀ ਬਕਦੈਂ ਜਿੰਦਰ? ਅਕਲ ਦੀ ਗੱਲ ਕਰ। ਬਾਹਲੀ ਬਕਵਾਸ ਕਰਨ ਦੀ ਲੋੜ ਨਹੀਂ। ਤੂੰ ਹੁੰਦਾ ਕੌਣ ਐਂ ਐਸ ਤਰੀਕੇ ਮੇਰੇ ਨਾਲ਼ ਗੱਲ ਕਰਨ ਵਾਲਾ? ਕਿਸੇ ਨੇ ਗੱਲ ਕਰਨ ਦੀ ਅਕਲ ਨਹੀਂ ਸਿਖਾਈ ਤੈਨੂੰ? ਬਾਪੂ ਇਹ ਕੀ ਬਕੀ ਜਾਂਦੈ?”, ਰਾਣੋ ਨੇ ਹੈਰਾਨੀ ਨਾਲ਼ ਪੁੱਛਿਆ।
- “ਬਕਦਾ ਮੈਂ ਆਂ ਕਿ ਤੂੰ? ਸੱਚ ਦੱਸ ਕਿੱਥੋਂ ਆਈ ਐਂ ਨਹੀਂ ਤਾਂ ਪਤਾ ਸਾਨੂੰ ਸਾਰਾ ਈ ਐ!”
- “ਕੀ ਪਤੈ ਤੈਨੂੰ, ਐਵੇਂ ਸਿਰ ਚੜ੍ਹੀ ਜਾਨੈਂ। ਬਾਪੂ ਜੀ ਤੁਸੀਂ ਕਿਉਂ ਚੁੱਪ ਖੜੇ ਹੋ? ਇਹ ਕੀ ਬਕਵਾਸ ਕਰੀ ਜਾਂਦੈ?”
- “ਰਾਣੋ, ਬਹੁਤ ਸਾਰੇ ਅਜਿਹੇ ਸੁਆਲ ਹੁੰਦੇ ਨੇ, ਜਿਹਨਾਂ ‘ਚ ਮੱਲੋ ਮੱਲੀ ਤਲਖ਼ੀ ਆ ਜਾਂਦੀ ਐ। ਉਹ ਸੁਆਲ ਜੁਆਬ ਚਾਹੁੰਦੇ ਨੇ ਪਰ ਜੁਆਬ ਤੋਂ ਡਰ ਵੀ ਬਹੁਤ ਲੱਗਦੈ। ਜੇ ਜਿੰਦਰ ਗੁੱਸੇ ‘ਚ ਐ ਤਾਂ ਉਹਦਾ ਵੀ ਕੋਈ ਕਸੂਰ ਨਹੀਂ ਅਸਲ ‘ਚ ਜੁਆਨ ਖੂਨ ਕਦੇ ਬੇਇੱਜ਼ਤੀ ਬਰਦਾਸ਼ਤ ਈ ਨਹੀਂ ਕਰਦਾ। ਸਾਡੀ ਉਮਰ ‘ਚ ਆ ਕੇ ਬੋਲਣ ਤੋਂ ਪਹਿਲਾਂ ਬੜਾ ਕੁਝ ਸੋਚਣਾ ਪੈਂਦੈ, ਵਿਚਾਰਨਾ ਪੈਂਦੈ। ਏਸ ਉਮਰ ‘ਚ ਬੰਦੇ ਨੂੰ ਗੁੱਸਾ ਆਉਂਦਾ ਵੀ ਐ ਤਾਂ ਬਹੁਤ ਕੁਝ ਸੋਚਕੇ ਗੁੱਸਾ ਪੀਣਾ ਵੀ ਪੈਂਦੈ। ਪਰ ਜੇਕਰ ਸੱਚਮੁੱਚ ਨਮੋਸ਼ੀ ਹੋ ਜਾਏ ਨਾ ਤਾਂ ਬੰਦਾ ਜਿਉਂਦੇ ਜੀਅ ਗਰਕ ਜਾਂਦੈ!”, ਬਚਨ ਸਿੰਘ ਨਮੋਸ਼ੀ ਨਾਲ਼ ਗਰਕਦਾ ਜਾਂਦਾ ਸੀ।
- “ਬਾਪੂ! ਹਾਲੇ ਵੀ ਅਛਣੀਆਂ ਪਛਣੀਆਂ ਕਰੀ ਜਾਦੈਂ? ਸਿੱਧਾ ਪੁੱਛ ਕਿਹੜੇ ਕੰਜਰ ਨਾਲ਼ ਤੁਰੀ ਫਿਰਦੀ ਸੀ?”, ਹਰਜਿੰਦਰ ਦਾ ਗੁੱਸਾ ਆਸਮਾਨ ਨੂੰ ਛੂਹ ਰਿਹਾ ਸੀ।
- “ਜਿੰਦਰ! ਮਾੜਾ ਜਿਆ ਅਕਲ ਨੂੰ ਹੱਥ ਮਾਰ। ਕਿਉਂ ਘਰ ਦੀ ਇੱਜ਼ਤ ਉਛਾਲਦੈਂ?”, ਬਚਨ ਸਿੰਘ ਥੋੜੀ ਸਖ਼ਤੀ ਨਾਲ਼ ਬੋਲਿਆ.
- “ਕਿਹੜੀ ਇੱਜ਼ਤ ਦੀ ਗੱਲ ਕਰਦੈਂ ਬਾਪੂ? ਰੋਜ਼ ਤਾਂ ਇਹ ਪੜ੍ਹਨ ਗਈ ਅਸਮਾਨ ਨੂੰ ਟਾਕੀਆਂ ਲਾ ਕੇ ਮੁੜਦੀ ਐ, ਜੇ ਕੋਈ ਕਸਰ ਬਾਕੀ ਰਹਿੰਦੀ ਐ ਤਾਂ ਉਹ ਵੀ ਪੂਰੀ ਕਰਦੂਗੀ, ਛੱਡ ਦੇ ਵਾਗਾਂ ਢਿੱਲੀਆਂ ਏਹਦੀਆਂ!”
- “ਕਿਉਂ ਟੁੱਟੇ ਛਿੱਤਰ ਵਾਂਗੂੰ ਵਧੀ ਜਾਂਦੈਂ ਜਿੰਦਰ? ਇਉਂ ਲੱਗਦੈ ਜਿਵੇਂ ਗੱਲ ਕਰਨ ਦੀ ਅਕਲ ਹੀ ਨਹੀਂ ਰਹੀ ਤੈਨੂੰ, ਕੋਈ ਛੋਟੇ ਵੱਡੇ ਦੀ ਤਮੀਜ਼ ਹੀ ਨਹੀਂ!”, ਰਾਣੋ ਨੂੰ ਵੀ ਗੁੱਸਾ ਆ ਗਿਆ।
- “ਮਾਰ ਓ ਬਾਪੂ ਲਫੇੜਾ ਏਹਦੇ, ਇੱਕ ਤਾਂ ਮੂੰਹ ਕਾਲਾ ਕਰਕੇ ਰੱਖ ‘ਤਾ ਸਾਰੇ ਟੱਬਰ ਦਾ, ਦੂਜਾ ਉਤੋਂ ਆਕੜਦੀ ਐ। ਵੱਡੀ ਕਰਕੇ ਮੈਂ ਮੂੰਹ ਵੰਨੀਂ ਵੇਖੀ ਜਾਨਾਂ, ਇਹ ਸਿਰ ‘ਤੇ ਈ ਚੜ੍ਹੀ ਜਾਂਦੀ ਐ!”, ਹਰਜਿੰਦਰ ਲਗਾਤਾਰ ਅੱਗ ਦਾ ਗੋਲਾ ਬਣਿਆ ਹੋਇਆ ਸੀ।
- “ਕੌਣ ਸਿਰ ‘ਤੇ ਚੜ੍ਹੀ ਜਾਂਦੀ ਐ, ਕੀਹਦੇ ਸਿਰ ‘ਤੇ ਚੜ੍ਹੀ ਜਾਂਦੀ ਐ? ਸਿਰ ਤੇ ਤੂੰ ਚੜ੍ਹੀ ਜਾਨੈਂ ਕਿ ਮੈਂ? ਮੈਂ ਕੁਸ਼ ਕਹਿੰਦੀ ਨਹੀਂ, ਤਾਂ ਹੀ ਔਖਾ ਹੋਈ ਜਾਨੈਂ? ਨਾਲੇ ਲਫੇੜਾ ਮਾਰਨ ਦਾ ਕੀ ਮਤਲਬ ਐ? ਤੂੰ ਹੁੰਦਾ ਕੌਣ ਐਂ ਏਨੀ ਗੱਲ ਕਰਨ ਵਾਲਾ? ਹੈਂ? ਤੂੰ ਹੱਥ ਤਾਂ ਲਾ, ਹੱਥ ਵੱਢ ਕੇ ਧਰ ਦੇਊਂ। ਜਿਹੜੇ ਪਿਉ ਦਾ ਤੂੰ ਪੁੱਤ ਐਂ ਨਾ ਉਸੇ ਦੀ ਮੈਂ ਵੀ ਧੀ ਆਂ। ਵੱਡਾ ਆਇਆ ਖੱਬੀ ਖਾਨ!”
- “ਖੜ੍ਹ ਤੇਰੇ ਵੱਡੇ ਦੀ ਮੈਂ... ਮੈਂ ਡੱਕਰੇ ਕਰਦੂੰ ਸਾਲੇ ਮਹਾਜਨ ਦੇ ਤੇ ਨਾਲ ਤੇਰੇ ਵੀ, ਸਾਡੀ ਇੱਜ਼ਤ ਨੂੰ ਹੱਥ ਪਾਇਆ ਉਹਨੇ?”, ਹਰਜਿੰਦਰ ਰਾਣੋ ਦੇ ਕਈ ਥੱਪੜ ਮਾਰਦਿਆਂ ਚੀਕਿਆ।
ਘਰ ‘ਚ ਰੌਲਾ ਪੈ ਗਿਆ। ਸੰਤੀ ਤੇ ਬਚਨ ਸਿੰਘ ਨੇ ਰੋਂਦਿਆਂ ਕੁਰਲਾਉਂਦਿਆਂ ਹੋਇਆਂ ਜਿੰਦਰ ਨੂੰ ਮਾਰਨ ਤੋਂ ਰੋਕਣ ਦਾ ਯਤਨ ਕੀਤਾ ਪਰ ਹਰਜਿੰਦਰ ਦੇ ਸਿਰ ਜਾਪਦਾ ਸੀ ਕਿ ਖੂਨ ਚੜ੍ਹ ਗਿਆ ਸੀ।
- “ਓਏ… ਆ ਕੀ ਕਰਨ ਲੱਗ ਪਿਐਂ ਦੁਸ਼ਮਣਾਂ? ਨਾ ਹੱਥ ਚੱਕ ਓਏ। ਓਏ ਤੇਰੀ ਵੱਡੀ ਭੈਣ ਐ, ਓਏ ਨਾ ਮਾਰ ਓਏ। ਮੇਰੀ ਪੱਗ ਨਾ ਰੋਲੋ ਓਏ। ਓ ਮੇਰਿਆ ਰੱਬਾ, ਕੀ ਥੁੜਿਆ ਸੀ ਐਹੋ ਜਿਹੀ ਔਲਾਦ ਬਿਨਾਂ?”, ਬਚਨ ਸਿੰਘ ਕੁਰਲਾ ਰਿਹਾ ਸੀ।
- “ਜਿੰਦਰ ਵੀਰੇ ਨਾ ਮਾਰ ਪਲੀਜ਼, ਤੇਰੀ ਵੱਡੀ ਭੈਣ ਆਂ ਫਿਰ ਵੀ…” ਵਿਲਕਦਿਆਂ ਰਾਣੋ ਨੇ ਹਰਜਿੰਦਰ ਨੂੰ ਵਾਸਤਾ ਪਾਇਆ।
- “ਨੀ ਡੁੱਬੜੀਏ! ਤੈਨੂੰ ਪੜ੍ਹ-ਲਿਖ ਕੇ ਪੈਰਾਂ ਸਿਰ ਹੋਣ ਲਈ ਭੇਜਿਆ ਸੀ ਜਾਂ ਖੇਹ ਖਾਣ ਲਈ? ਏਹਦੇ ਨਾਲੋਂ ਤਾਂ ਜੰਮਦੀ ਮਰ ਜਾਂਦੀ!”, ਸੰਤੀ ਰੋਂਦਿਆਂ ਹੋਇਆਂ ਮੰਜੀ ਤੇ ਬੈਠੀ ਅੱਡ ਵੈਣ ਪਾ ਰਹੀ ਸੀ।
- “ਸਾਡਾ ਕੋਈ ਗ਼ਲਤ ਰਿਸ਼ਤਾ ਨਹੀਂ ਬੀਬੀ। ਰਾਜੇਸ਼ ਬਹੁਤ ਚੰਗਾ ਲੜਕਾ ਹੈ। ਮੈਂ ਵਾਅਦਾ ਕਰਦੀ ਆਂ ਉਹ ਤੁਹਾਨੂੰ ਕਦੇ ਵੀ ਸਿ਼ਕਾਇਤ ਦਾ ਮੌਕਾ ਨਹੀਂ ਦੇਵੇਗਾ!”
- “ਖ਼ਬਰਦਾਰ ਜੇ ਅੱਜ ਤੋਂ ਬਾਅਦ ਜੇ ਉਹਦਾ ਨਾਂ ਲਿਆ ਜਾਂ ਘਰੋਂ ਪੈਰ ਬਾਹਰ ਕੱਢਿਆ ਤਾਂ... ਲੱਤਾਂ ਭੰਨ ਦੇਊਂ ਤੇਰੀਆਂ!” ਕਹਿੰਦਿਆਂ ਹਰਜਿੰਦਰ ਠਾਹ ਦੇਣੇ ਦਰਵਾਜ਼ਾ ਬੰਦ ਕਰ ਗਿਆ।
ਰਾਣੋ ਦਾ ਘਰੋਂ ਬਾਹਰ ਜਾਣਾ ਬੰਦ ਹੋ ਗਿਆ। ਇਹ ਸਭ ਕੁਝ ਦੇਖ ਕੇ ਸੰਤੀ ਦੀ ਤਬੀਅਤ ਹੋਰ ਜਿ਼ਆਦਾ ਖਰਾਬ ਰਹਿਣ ਲੱਗ ਪਈ ਤੇ ਤਾਪ ਉਤਰਨ ਦਾ ਨਾਮ ਨਹੀਂ ਸੀ ਲੈ ਰਿਹਾ। ਕੁਝ ਦਿਨ ਉਸਨੇ ਰੋਂਦਿਆਂ-ਧੋਦਿਆਂ ਗੁਜਾਰੇ। ਇੱਕ ਦਿਨ ਜਦ ਹਰਜਿੰਦਰ ਪਿੰਡੋਂ ਬਾਹਰ ਗਿਆ ਹੋਇਆ ਸੀ ਤੇ ਬਚਨਾ ਵੀ ਖੇਤੀਂ ਗਿਆ ਹੋਇਆ ਸੀ, ਰਾਣੋ ਨੇ ਕੁਝ ਕੱਪੜੇ ਤੇ ਵਿਆਹ ਲਈ ਬਣਾ ਕੇ ਰੱਖੇ ਮਾੜੇ ਮੋਟੇ ਗਹਿਣੇ ਚੁੱਕੇ ਤੇ ਬੱਸ ਚੜ੍ਹ ਸ਼ਹਿਰ ਆ ਗਈ।
- “ਰਾਜੇਸ਼! ਮੈਂ ਤੇਰੇ ਲਈ ਸਭ ਕੁਝ ਛੱਡ ਆਈ ਆਂ!”
- “ਰਾਣੋ! ਤੂੰ ਇਹ ਕੀ ਕੀਤਾ? ਘੱਟੋ-ਘੱਟ ਇਹ ਕਦਮ ਚੁੱਕਣ ਤੋਂ ਪਹਿਲਾਂ ਮੈਨੂੰ ਪੁੱਛ ਤਾਂ ਲੈਣਾ ਸੀ!”
- “ਨਹੀਂ ਰਾਜੇਸ਼, ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ। ਜੇਕਰ ਇਸ ਜ਼ਮਾਨੇ ਤੋਂ ਡਰ ਲੱਗਦਾ ਹੈ ਤਾਂ ਮੈਨੂੰ ਮਰ ਕੇ ਵੀ ਇੱਕ ਹੋਣ ਵਿੱਚ ਕੋਈ ਇਤਰਾਜ਼ ਨਹੀਂ!”
- “ਰਾਣੋ! ਗੱਲ ਨੂੰ ਸਮਝਣ ਦੀ ਕੋਸਿ਼ਸ਼ ਕਰ। ਅਜੇ ਆਪਣਾ ਕੋਰਸ ਪੂਰਾ ਨਹੀਂ ਹੋਇਆ। ਆਪਾਂ ਘਰੋਂ ਜਾ ਕੇ ਗੁਜ਼ਾਰਾ ਕਿਵੇਂ ਕਰਾਂਗੇ?”
- “ਮੈਨੂੰ ਕੁਝ ਨਹੀਂ ਪਤਾ। ਬੱਸ ਏਨਾ ਪਤਾ ਹੈ ਕਿ ਮੈਂ ਤੇਰੇ ਲਈ ਆਪਣਾ ਘਰ-ਪਰਿਵਾਰ ਛੱਡ ਆਈ ਆਂ!”
ਰਾਣੋ ਦੀ ਜਿੱਦ ਦੇ ਅੱਗੇ ਉਸਦੀ ਇੱਕ ਨਾ ਚੱਲੀ। ਰਾਜੇਸ਼ ਨੂੰ ਵੀ ਮਜਬੂਰਨ ਘਰੋਂ ਪੈਰ ਬਾਹਰ ਕੱਢਣਾ ਪੈ ਗਿਆ। ਏਧਰ ਸ਼ਾਮ ਨੂੰ ਹਰਜਿੰਦਰ ਨੇ ਵਾਪਸ ਆ ਕੇ ਜਦ ਰਾਣੋ ਨੂੰ ਨਾ ਦੇਖਿਆ ਤਾਂ ਉਸਨੇ ਘਰ ਨੂੰ ਸਿਰ ਤੇ ਚੱਕ ਲਿਆ। ਸੰਤੀ ਨੇ ਪਿੱਟ-ਪਿੱਟ ਕੇ ਬੁਰਾ ਹਾਲ ਕਰ ਲਿਆ ਤੇ ਉਸਦੀ ਤਬੀਅਤ ਹੋਰ ਜਿ਼ਆਦਾ ਵਿਗੜ ਗਈ ਤੇ ਆਖਿਰ ਉਹੀ ਹੋ ਗਿਆ ਜਿਸਦਾ ਡਰ ਸੀ, ਅੱਧੀ ਰਾਤ ਨੂੰ ਸੰਤੀ ਪਰਲੋਕ ਸਿਧਾਰ ਗਈ।
ਗੁਆਂਢੀਆਂ ਦਾ ਮੁੰਡਾ ਸਵੇਰੇ ਸਾਝਰੇ ਹੀ ਸਕੂਟਰ ਤੇ ਸੰਤੀ ਦੇ ਪੇਕੇ ਪਿੰਡ ਤੁਰ ਗਿਆ ਸੀ ਤੇ ਉਹਨਾਂ ਦਾ ਹੀ ਇੰਤਜ਼ਾਰ ਹੋ ਰਿਹਾ ਸੀ।
- “ਉਏ ਲੋਕੋ! ਇਹ ਕੁੜੀਆਂ ਮੁੰਡਿਆਂ ਨਾਲੋਂ ਜਿਆਦਾ ਤਾਂ ਨਹੀਂ ਖਾਂਦੀਆਂ। ਇਹ ਦਿਨ ਦੇਖਣ ਦੇ ਡਰੋਂ ਹੀ ਲੋਕ ‘ਕੁੱਖ ਦਾ ਕਤਲ’ ਕਰ ਦਿੰਦੇ ਹਨ!”, ਬਚਨੇ ਨੇ ਵਿਲਕਦਿਆਂ ਧਾਹ ਮਾਰੀ।
- ਰਿਸ਼ੀ (2007) Author of Punjabi books "Zindagi Aje Baaki Hai" and "Aakarshan da Sidhaant"

Thursday 9 September 2021

ਕੇਂਦਰੀ ਪੰਜਾਬੀ ਲੇਖਕ ਸਭਾ ਦਾ ਜਨਰਲ ਇਜਲਾਸ 12 ਸਤੰਬਰ, 2021 ਨੂੰ

9th September 2021 at 3:16 PM

ਡਾ.  ਦਵਿੰਦਰ ਸ਼ਰਮਾ ਖੇਤੀ ਮਸਲਿਆਂ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ

ਚੰਡੀਗੜ੍ਹ: 09 ਸਤੰਬਰ 2021: (ਕਰਮ ਵਕੀਲ//ਸਾਹਿਤ ਸਕਰੀਨ):: 

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਪ੍ਰਧਾਨ-ਸ਼੍ਰੀ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ-ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਂਝੇ ਬਿਆਨ ਰਾਹੀਂ ਦਸਿਆ ਕਿ ਕੇਂਦਰੀ ਸਭਾ ਦਾ ਜਨਰਲ ਇਜਲਾਸ  12 ਸਤੰਬਰ, ਐਤਵਾਰ, 2021 ਨੂੰ ਠੀਕ 10.30 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਵੇਗਾ।

ਨਾਮਵਰ ਖੇਤੀ ਮਾਹਰ ਤੇ ਖਾਧ-ਖ਼ੁਰਾਕ ਵਿਸੇਸ਼ਗ ਡਾ. ਦਵਿੰਦਰ ਸ਼ਰਮਾ ਖੇਤੀ ਮਸਲਿਆਂ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ।

ਉਨ੍ਹਾਂ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਗਿਆਨੀ ਹੀਰਾ ਸਿੰਘ ਦਰਦ ਯਾਦਗਾਰੀ ਪੁਰਸਕਾਰ, ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਪੁਰਸਕਾਰ ਅਤੇ ਡਾ. ਐਸ. ਤਰਸੇਮ ਸਾਹਿਤ ਸਾਧਨਾ ਪੁਰਸਕਾਰ ਇਸ ਸਾਲ ਕ੍ਰਮਵਾਰ ਸ਼੍ਰੀ ਸੁਸ਼ੀਲ ਦੁਸਾਂਝ, ਡਾ. ਸਰਬਜੀਤ ਸਿੰਘ ਅਤੇ ਸ਼੍ਰੀ ਗੁਰਬਚਨ ਸਿੰਘ ਭੁੱਲਰ ਜੀ ਨੂੰ ਪ੍ਰਦਾਨ ਕੀਤੇ ਜਾਣਗੇ। 

ਉਨ੍ਹਾਂ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ  ਵੱਲੋਂ ਪਿਛਲੇ ਡੇਢ ਸਾਲ ਵਿੱਚ ਕੀਤੇ ਗਏ ਕੰਮਾਂ ਬਾਰੇ ਰਿਪੋਰਟ ਪੇਸ਼ ਕੀਤੀ ਜਾਵੇਗੀ ਅਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਕਾਰਜਾਂ ਦੀ ਰੂਪ-ਰੇਖਾ ਤਹਿ ਕੀਤੀ ਜਾਵੇਗੀ। ਕੇਂਦਰੀ ਦੇ ਹਾਜ਼ਰ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਸਭਾ ਦੇ ਕੰਮ ਨੂੰ ਹੋਰ ਸਚਾਰੂ ਬਣਾਉਣ ਦੀ ਵਿਉਂਤ-ਬੰਦੀ ਕੀਤੀ ਜਾਵੇਗੀ।

ਪਾਸ਼ ਦੇ ਨਾਲ ਨਾਲ-ਪਾਸ਼ ਦੇ ਕੋਲ ਕੋਲ

 9th September 2021 at 12:53 AM

ਹਰਮੀਤ ਵਿਦਿਆਰਥੀ ਨੇ ਫਿਰ ਯਾਦ ਕਰਾਇਆ ਸੁਪਨਿਆਂ ਦਾ ਕਤਲ 

ਕਲਮ ਦੇ ਮੈਦਾਨ ਚੋਂ: 9 ਸਤੰਬਰ 2021: (ਸਾਹਿਤ ਸਕਰੀਨ ਡੈਸਕ)::

ਅਵਤਾਰ ਪਾਸ਼ ਦਾ ਜਨਮਦਿਨ ਜਾਂ ਸ਼ਹੀਦੀ ਦਿਨ ਨਾ ਵੀ ਹੋਵੇ ਤਾਂ ਵੀ ਹਰਮੀਤ ਵਿਦਿਆਰਥੀ ਦੀ ਕਲਮ ਪਾਸ਼ ਦੇ ਨੇੜੇ ਨੇੜੇ ਹੋਣ ਦਾ ਅਹਿਸਾਸ ਕਰਾਉਂਦੀ ਰਹਿੰਦੀ ਹੈ, ਕਾਤਲਾਂ ਨੂੰ ਲਾਹਨਤਾਂ ਪਾਉਂਦੀ ਰਹਿੰਦੀ ਹੈ ਅਤੇ ਪਾਸ਼ ਦੇ ਸੁਪਨਿਆਂ ਦੀ ਗੱਲ ਕਰਦੀ ਰਹਿੰਦੀ ਹੈ। ਉਹ ਪਾਸ਼ ਜਿਸਨੇ ਬਹੁ ਗਿਣਤੀ ਲੋਕਾਂ ਦੇ ਸੁਪਨਿਆਂ ਦਾ ਕਤਲ ਉਹਨਾਂ ਵੇਲਿਆਂ ਵਿੱਚ ਈ ਤੱਕ ਲਿਆ ਸੀ ਅਤੇ ਆਖਿਆ ਸੀ:---

ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ। 

ਹਰਮੀਤ ਵਿਦਿਆਰਥੀ ਯਾਦ ਕਰਵਾ ਰਹੇ ਹਨ ਅੱਜ ਫਿਰ ਪਾਸ਼ ਦੇ ਜਨਮ ਦਿਨ ਤੇ ਉਹੀ ਖਤਰਨਾਕ ਵਰਤਾਰਾ ਜਿਹੜਾ ਅੱਜ ਵੀ ਜਾਰੀ ਹੈ। ਸਥਿਤੀ ਪਹਿਲਾਂ ਨਾਲੋਂ ਜ਼ਿਆਦਾ ਭਿਆਨਕ ਹੋ ਗਈ ਹੈ ਅਤੇ ਅਸੀਂ ਕੀ ਕਰ ਰਹੇ ਹਾਂ ਇਹ ਸੁਆਲ ਅਹਿਮ ਬਣਦਾ ਜਾ ਰਿਹਾ ਹੈ। ਸੁਪਨਿਆਂ ਦੀਆਂ ਮੌਤਾਂ ਵਧਦੀਆਂ ਜਾ ਰਹੀਆਂ ਹਨ। ਸਾਡੀ ਸੰਵੇਦਨਾ ਮਰਦੀ ਜਾ ਰਹੀ ਹੈ। ਉਸਨੂੰ ਬਚਾਉਣ ਦਾ ਹੀਲਾ ਵਸੀਲਾ ਕਰਦਿਆਂ ਹਰਮੀਤ ਵਿਦਿਆਰਥੀ ਇੱਕ ਵਾਰ ਫੇਰ ਯਾਦ ਕਰਾ ਰਹੇ ਹਨ ਪਾਸ਼-


ਤੇਰੀਆਂ
ਦਗਦੀਆਂ ਅੱਖਾਂ ਨੇ
ਬਹੁਤ ਦੂਰ ਤੱਕ ਵੇਖ ਕੇ ਆਖਿਆ ਸੀ
"ਸਭ ਤੋਂ ਖ਼ਤਰਨਾਕ ਹੁੰਦਾ ਏ
ਸਾਡੇ ਸੁਪਨਿਆਂ ਦਾ ਮਰ ਜਾਣਾ"
ਅਸੀਂ ਆਪਣੇ ਹੱਥੀਂ
ਕਤਲ ਕੀਤੇ ਨੇ
ਆਪਣੇ ਸੁਪਨੇ
ਤੇ ਸ਼ੋਹਰਤ ਦੇ ਵਾ ਵਰੋਲੇ ਚ
ਉਡਾ ਦਿੱਤੀ ਹੈ
ਇਹਨਾਂ ਦੀ ਰਾਖ਼
ਪਿਆਰੇ ਪਾਸ਼
ਤੇਰੀਆਂ ਦਗਦੀਆਂ ਅੱਖਾਂ ਤੋਂ
ਅੱਖ ਬਚਾ ਕੇ
ਜਨਮ ਦਿਨ ਮੁਬਾਰਕ ਆਖਦੇ ਹਾਂ
--ਹਰਮੀਤ ਵਿਦਿਆਰਥੀ