google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: 2023

Tuesday 12 December 2023

ਕਿਤੇ ਕਵਿਤਾ ਨੂੰ ਤਲਵਾਰ ਨਾ ਬਣਨਾ ਪੈ ਜਾਵੇ ਡਰ ਹੈ!

Posted on 13th December 2023 at 02:30 AM      Updated  on 13th December 2023 at 11:52 AM 

"ਰਾਹਾਂ ਵਿੱਚ ਅੰਗਿਆਰ ਬੜੇ ਸੀ"--ਪਰ ਹੁਣ ਵੀ ਕਿਹੜਾ ਘੱਟ ਨੇ!

ਸੁਖਵਿੰਦਰ ਅੰਮ੍ਰਿਤ ਸੰਬੰਧੀ ਰਾਜਵਿੰਦਰ ਦਾ ਨਾਟਕ ਕਰਦਾ ਹੈ ਡੂੰਘੀਆਂ ਗੱਲਾਂ!


ਚੰਡੀਗੜ੍ਹ:11 ਦਸੰਬਰ 2023:(ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ)

ਉਸਤਾਦ ਸ਼ਾਇਰ ਦੀਪਕ ਜੈਤੋਈ ਸਾਹਿਬ ਦੀ ਇੱਕ ਸ਼ਾਹਕਾਰ ਰਚਨਾ ਹੈ-ਮਾਲਾ ਕਿਓਂ ਤਲਵਾਰ ਬਣੀ? ਇਹ ਰਚਨਾ ਸਿੱਖ ਇਤਿਹਾਸ ਦੇ ਇੱਕ ਮਹੱਤਵਪੂਰਨ ਮੋੜ ਅਤੇ ਅਧਿਆਇ ਨਾਲ ਸਬੰਧਤ ਕਾਵਿ ਚਰਚਾ ਹੈ। ਉਂਝ ਮਾਲਾ ਤੋਂ ਤਲਵਾਰ ਤੱਕ ਦਾ ਸਫ਼ਰ ਅਜੇ ਵੀ ਕਿਸੇ ਨ ਕਿਸੇ ਲਈ ਜ਼ਰੂਰੀ ਬਣ ਹੀ ਜਾਂਦਾ ਹੈ। ਉਸਤਾਦ ਸ਼ਾਇਰ ਦੀਪਕ ਜੈਤੋਈ ਸਾਹਿਬ ਦੀ ਇਸ ਸ਼ਾਹਕਾਰ ਰਚਨਾ ਦੇ ਨਾਮ ਦੀ ਯਾਦ ਬੀਤੀ ਸ਼ਾਮ ਉਦੋਂ ਯਾਦ ਆਈ ਜਦੋਂ ਅਸੀਂ ਕੁਝ ਸਾਹਿਤਿਕ ਮੀਡੀਆ ਨਾਲ ਸਬੰਧਤ ਲੋਕ ਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੀ ਜ਼ਿੰਦਗੀ ਬਾਰੇ ਲਿਖੇ ਇੱਕ ਨਾਟਕ ਦਾ ਮੰਚਣ ਦੇਖ ਰਹੇ ਸਾਂ। 

ਚੰਡੀਗੜ੍ਹ ਦੇ ਸੈਕਟਰ 26 ਵਿੱਚ ਸਥਿੱਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜੀਏਟ ਸਕੂਲ ਦੇ ਓਪਨ ਏਅਰ ਥਿਏਟਰ ਵਿਚ ਇਹ ਮੰਚਣ ਕੁਦਰਤ ਦੀ ਗੋਦ ਵਿਚ ਹੁੰਦਾ ਮਹਿਸੂਸ ਹੋ ਰਿਹਾ ਸੀ। ਇਸ ਨਾਟਕ ਦਾ ਨਾਮ ਹੈ "ਰਾਹਾਂ ਵਿੱਚ ਅੰਗਿਆਰ ਬੜੇ ਸੀ" ਅਤੇ ਇਸ ਦੇ ਸ਼ੋਅ ਦਾ ਸਿਲਸਿਲਾ ਲਗਾਤਾਰ ਵੱਖ ਵੱਖ ਥਾਂਵਾਂ ਤੇ ਜਾਰੀ ਹੈ। ਹੁਣ 23 ਨੂੰ ਇਹ ਸ਼ੋਅ ਸਮਰਾਲੇ ਵੀ ਹੋਣਾ ਹੈ ਅਤੇ 26 ਨੂੰ ਬਠਿੰਡੇ ਵੀ। ਲਗਾਤਾਰ ਹਰਮਨ ਪਿਆਰੇ ਹੋ ਰਹੇ ਇਸ ਨਾਟਕ ਦੀ ਸਕਰਿਪਟ ਲਿਖੀ ਹੈ ਸਮਰਾਲੇ ਵਾਲੀ ਪ੍ਰਸਿੱਧ ਨਾਟ ਮੰਡਲੀ ਦੇ ਸੰਚਾਲਕ ਰਾਜਵਿੰਦਰ ਸਿੰਘ ਨੇ ਅਤੇ ਇਸ ਮੰਚਨ ਦੌਰਾਨ ਨਾਇਕਾ ਸੀ-ਕਮਲਜੀਤ ਨੀਰੂ। ਅਸਲ ਵਿੱਚ ਰਵਾਇਤੀ ਕਿਤਾਬੀ ਅੰਦਾਜ਼ ਤੋਂ ਵੱਖ ਹੋ ਕੇ  ਇਹ ਇੱਕ ਤਰ੍ਹਾਂ ਨਾਲ ਥਿਏਟਰ ਬੁਕ ਵਾਂਗ ਹੀ ਹੈ। ਸਾਹਿਤ ਦਾ ਇਹ ਅੰਦਾਜ਼ ਬਹੁਤ ਜਲਦੀ ਬੁਲੰਦੀਆਂ ਛੂਹਣ ਵਾਲਾ ਹੈ। ਇਸ ਸ਼ੋਅ ਵਿੱਚ ਨਾਟਕ ਦੇ ਸਕ੍ਰਿਪਟ ਰਾਈਟਰ ਪ੍ਰਸਿਧ ਲੇਖਿਕਾ ਸੁਖਵਿੰਦਰ ਅੰਮ੍ਰਿਤ ਦੀਆਂ 9 ਕਿਤਾਬਾਂ ਵਿਚਲੀ ਸ਼ਾਇਰੀ ਦਾ ਸਾਰ ਵੀ ਬੜੀ ਸਫਲਤਾ ਨਾਲ ਦਿਖਾਇਆ ਹੈ। ਇਸ ਲਈ  ਸ਼ਾਇਦ ਇਸ ਸ਼ੋਅ ਨਾਲ ਥਿਏਟਰ ਬੁਕ ਵਾਲਾ ਸੰਕਲਪ ਜਾਂ ਅੰਦਾਜ਼ ਵੀ ਜ਼ੋਰ ਫੜੇਗਾ। ਪੁਸਤਕਾਂ ਦੇ ਰਵਾਇਤੀ ਪ੍ਰਕਾਸ਼ਨ ਦਾ ਸਿਲਸਿਲਾ ਕਾਫੀ ਮੰਦਾ ਹੋਣ ਦੀ ਸੰਭਾਵਨਾ ਹੈ ਪਰ ਪਰਿਵਰਤਨ ਤਾਂ ਸੰਸਾਰ ਦਾ ਨਿਯਮ ਵੀ ਤਾਂ ਹੈ।  ਇਸਦੇ ਨਾਲ ਹੀ ਆਡੀਓ ਅਤੇ ਵੀਡੀਓ ਪੁਸਤਕਾਂ ਦਾ ਬਾਜ਼ਾਰ ਵੀ ਤਿਆਰ ਹੋ ਰਿਹਾ ਹੈ। 

ਇਹ ਨਾਟਕ ਵੀ ਇੱਕ ਪਾਤਰੀ ਹੀ ਹੈ। ਇੱਕ ਪਾਤਰੀ ਮੰਚਣ ਮਤਲਬ ਸਾਰੇ ਪਾਤਰਾਂ ਦੀ ਭੂਮਿਕਾ ਖੁਦ ਹੀ ਨਿਭਾਉਣੀ। ਉਹ ਵੀ  ਬਿਨਾ ਸੀਨ ਬਦਲਿਆ ਅਤੇ ਬਿਨੇ ਪਰਦਾ ਸੁੱਟਿਆਂ। ਇਸ ਇਕ ਪਾਤਰੀ ਮੰਚਣ ਦੀਆਂ ਸਾਰੀਆਂ ਚੁਣੌਤੀਆਂ ਨੂੰ ਇਸ ਨਾਟਕ ਦੀ ਨਾਇਕਾ ਕਮਲਜੀਤ ਨੀਰੂ ਨੇ ਬਹੁਤ ਹੀ ਖੂਬਸੂਰਤੀ ਨਾਲ ਸਵੀਕਾਰ ਕੀਤਾ ਅਤੇ ਨਿਭਾਇਆ ਵੀ ਹੈ। ਉਸਦੀ ਅਦਾਕਾਰੀ ਨੇ ਨਵਾਂ ਮੀਲ ਪੱਥਰ  ਸਥਾਪਿਤ ਕੀਤਾ ਹੈ। ਅਜਿਹੀ ਅਦਾਕਾਰੀ ਅਤੇ ਪੇਸ਼ਕਾਰੀ ਡੂੰਘੀ ਸਾਧਨਾ ਮੰਗਦੀ ਹੈ। ਤਕਰੀਬਨ ਦੋ ਘੰਟੇ ਤੀਕ ਸ੍ਟੇਜ 'ਤੇ ਭੱਜਦੌੜ ਕਰਨ ਦਾ ਮਤਲਬ ਜਿਸਮਾਨੀ ਅਤੇ ਮਾਨਸਿਕ ਸਿਹਤ-ਦੋਹਾਂ ਦੀ ਨਿਰੰਤਰ ਸਾਂਭ ਸੰਭਾਲ ਨਾਲ ਹੀ ਇਹ ਸੰਭਵ ਹੈ। ਅੱਜਕਲ੍ਹ ਦੀਆਂ ਬਹੁਤੀਆਂ ਕੁੜੀਆਂ ਤਾਂ ਇੱਕ ਅੱਧ ਗੀਤ ਵਾਲੇ ਡਾਂਸ ਨਾਲ ਹੀ ਸਾਹੋ ਸਾਹੀ ਹੋ ਜਾਂਦੀਆਂ ਹਨ। 

ਇੱਕ ਘੰਟਾ 55 ਮਿੰਟਾਂ ਦਾ ਇਹ ਸਾਰਾ ਨਾਟਕ ਇਸ ਨਾਇਕਾ ਨੂੰ ਜ਼ੁਬਾਨੀ ਯਾਦ ਹੈ। ਸੋਮਵਾਰ 11 ਦਸੰਬਰ ਦੀ ਸ਼ਾਮ ਨੂੰ ਜਦੋਂ ਚੰਡੀਗੜ੍ਹ ਵਿੱਚ ਇਸ ਨਾਟਕ ਦਾ 25ਵਾਂ  ਸ਼ੋਅ ਹੋਇਆ ਤਾਂ ਪਹਿਲੇ ਦੋ ਤਿੰਨ ਮਿੰਟ ਅਤੇ ਆਖ਼ਿਰੀ ਦੋ ਤਿੰਨ ਮਿੰਟ ਅਰਥਾਤ ਕੁਲ ਛੇ ਕੁ ਮਿੰਟਾਂ ਦੀ ਰਿਕਾਰਡਿੰਗ ਨੂੰ ਛੱਡ ਕੇ ਬਾਕੀ ਸਾਰਾ ਕਾਵਿ ਨਾਟਕ ਇਸ ਨਾਇਕਾ ਨੇ ਲਾਈਵ ਬੋਲਿਆ।  ਹਰ ਸਤਰ, ਹਰ ਡਾਇਲਾਗ ਹਰ ਕਵਿਤਾ, ਹਰ ਇੱਕ ਸ਼ਿਅਰ ਅਰਥਾਤ ਸਭ ਕੁਝ ਵਿੱਚ ਨੀਰੂ ਦੀ ਆਵਾਜ਼ ਅਤੇ ਅਦਾਕਾਰੀ ਨੇ ਜਾਨਦਾਰ ਬਣਾ ਦਿੱਤਾ। ਸਕਿੰਟਾਂ ਦੇ ਹਿਸਾਬ ਨਾਲ ਚਿਹਰੇ ਦੇ ਹਾਵ-ਭਾਵ ਬਦਲਣੇ ਅਦਾਕਾਰੀ ਦੀਆਂ ਸਿਖਰਾਂ ਛੂਹਣ ਵਾਲੀ ਗੱਲ ਹੈ। ਪੰਜਾਬੀ ਥਿਏਟਰ ਵਿੱਚ ਅਜਿਹਾ ਰੁਝਾਨ ਬੜੇ ਚਿਰ ਮਗਰੋਂ ਨਜ਼ਰ ਆ ਰਿਹਾ ਹੈ। 


ਇਹ ਸਭ ਕੁਝ ਸਮਰਾਲਾ ਵਾਲੀ ਨਾਟ ਮੰਡਲੀ ਦੇ ਸੰਚਾਲਕ ਰਾਜਵਿੰਦਰ ਅਤੇ ਉਹਨਾਂ ਦੇ ਸਾਥੀਆਂ ਦੀ ਨਿਰੰਤਰ ਮਿਹਨਤ ਦਾ ਹੀ ਨਤੀਜਾ ਹੈ। ਇਸ ਨਾਟਕ ਦੀ ਸਕਰਿਪਟ ਲਿਖਣ ਲਈ ਰਾਜਵਿੰਦਰ ਨੂੰ ਸਾਢੇ ਚਾਰ ਸਾਲ ਦਾ ਸਮਾਂ ਲੱਗਿਆ। ਇਸ ਨਾਟਕ ਦੀ ਸਕਰਿਪਟ ਲਈ ਰਾਜਵਿੰਦਰ ਨੇ ਸੁਖਵਿੰਦਰ ਅੰਮ੍ਰਿਤ ਦੀਆਂ ਸਾਰੀਆਂ 9 ਦੀਆਂ 9 ਕਿਤਾਬਾਂ ਇੱਕ ਵਾਰ ਨਹੀਂ ਕਈ ਕਈ ਵਾਰ ਪੜ੍ਹੀਆਂ। ਇਸ ਲਈ ਸੁਖਵਿੰਦਰ ਅੰਮ੍ਰਿਤ ਦੀ ਕਿਸੇ ਵੀ ਕਿਤਾਬ ਵਿਚਲੀ ਕਿਸੇ ਵੀ ਕਵਿਤਾ ਜਾਂ ਗ਼ਜ਼ਲ ਦਾ ਕੋਈ ਵੀ ਸ਼ਿਅਰ ਪੁੱਛ ਲਓ ਤਾਂ ਰਾਜਵਿੰਦਰ ਨੂੰ ਜ਼ੁਬਾਨੀ ਯਾਦ ਹੈ। ਕਿਓਂ ਕਿ ਇਸ ਦੀ ਰਿਹਰਸਲ ਵੀ ਕਈ ਕਈ ਵਾਰ ਹੋਈ ਇਸ ਲਈ ਇਹ ਸਭ ਕੁਝ ਟੀਮ ਨੂੰ ਵੀ ਜ਼ੁਬਾਨੀ ਯਾਦ ਹੈ। ਪੰਜਾਬੀ ਸ਼ਾਇਦ ਸਾਹਿਤ ਲਈ ਸਟੇਜ ਵਾਲਿਆਂ ਵੱਲੋਂ ਏਨੀ ਵੱਡੀ ਪ੍ਰਤਿਬਧਤਾ ਪਹਿਲਾਂ ਕਦੇ ਨਾ ਦਿਖਾਈ ਗਈ ਹੋਵੇ। 

ਨਾਟਕ ਦੀ ਜਾਨ ਬਣੀ ਰਹੀ ਇਹ ਨਾਇਕਾ ਕਮਲਜੀਤ ਨੀਰੂ। ਹਰ ਡਾਇਲਾਗ ਅਤੇ ਹਰ ਸਤਰ ਨਾਲ ਦਰਸ਼ਕਾਂ ਨੂੰ ਹਲੂਣਦੀ ਹੈ। ਕੁਝ ਚੇਤਾ ਕਰਾਉਂਦੀ ਹੈ। ਕੁਝ ਵਚਨ ਲੈਦੀ ਹੈ। ਜੇਕਰ ਸੰਹੁ ਵਰਗਾ ਕੁਝ ਹੁੰਦਾ ਹੈ ਤਾਂ ਉਹ ਵੀ ਚਕਵਾਉਂਦੀਹੈ। ਉਸਦੀਆ ਅਦਾਕਾਰੀ  ਅਤੇ ਡਾਇਲਾਗ ਡਲਿਵਰੀ ਕਦੇ ਕਦੇ ਵਾਸਤੇ ਜਿਹੇ ਦੇਂਦੀ ਵੀ ਮਹਿਸੂਸ ਹੁੰਦੀ ਹੈ ਕਿ ਹੁਣ ਤਾਂ ਜਾਗ ਜਾਓ! ਕਦੋਂ ਤੀਕ ਸੁੱਤੇ ਰਹੋਂਗੇ? ਉਹ ਜਦੋਂ ਬੋਲਦੀ ਹੈ:

ਨੀ ਫੁੱਲਾਂ ਵਰਗੀਓ ਕੁੜੀਓ

ਨੀ ਚੋਭਾਂ ਜਰਦੀਓ ਕੁੜੀਓ

ਕਰੋ ਕੋਈ ਜਿਉਣ ਦਾ ਹੀਲਾ

ਨੀ ਤਿਲ ਤਿਲ ਮਰਦੀਓ ਕੁੜੀਓ

ਸ਼ੋਅ ਦੌਰਾਨ ਕਈ ਵਾਰ ਅੱਖਾਂ ਨਮ ਹੁੰਦੀਆਂ ਹਨ-ਗਲਾ ਭਰ ਆਉਂਦਾ ਹੈ--ਕਈ ਵਾਰ ਜੋਸ਼ ਆਉਂਦਾ ਹੈ--ਇਹਨਾਂ ਸਾਰੇ ਉਤਰਾਵਾਂ ਚੜ੍ਹਾਵਾਂ ਦੌਰਾਨ ਹੀ ਅਤੀਤ ਦੇ ਨਾਲ ਨਾਲ ਮੌਜੂਦਾ ਦੌਰ ਦੀਆਂ ਕੌੜੀਆਂ ਹਕੀਕਤਾਂ ਵੀ ਸਾਡੇ ਸਾਹਮਣੇ ਸਾਕਾਰ ਹੋ ਜਾਂਦੀਆਂ ਹਨ। ਅਸਲ ਵਿੱਚ ਇਹ ਨਾਟਕ ਸਿਰਫ ਪ੍ਰਸਿੱਧ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਦੀ ਕਹਾਣੀ ਹੀ ਨਹੀਂ ਹੈ। ਇਹ ਨਾਟਕ ਨਾਰੀ ਵਰਗ ਨਾਲ ਲਗਾਤਾਰ ਹੁੰਦੀਆਂ ਆ ਰਹੀਆਂ ਬੇਇਨਸਾਫੀਆਂ ਦੀ ਦਾਸਤਾਨ ਸਾਹਮਣੇ ਲਿਆਉਂਦਾ ਹੈ। ਇਹ ਨਾਟਕ ਯਾਦ ਕਰਾਉਂਦਾ ਹੈ ਇਸਤਰੀਆਂ ਬਾਰੇ ਇਸ ਦੇਸ਼ ਵਿੱਚ ਇਹ ਵੀ ਕਿਹਾ ਜਾਂਦਾ ਰਿਹਾ

ਢੋਲ , ਪਸ਼ੂ , ਸ਼ੂਦਰ ਔਰ ਨਾਰੀ
ਯੇ ਸਭ ਤਾੜਨ ਕੇ ਅਧਿਕਾਰੀ !!

ਇਸ ਨਾਟਕ ਵਿੱਚ ਪੰਜਾਬੀ ਸੱਭਿਆਚਾਰ ਵਿਚਲੇ ਰੁਮਾਂਸ ਦੇ ਉਹਨਾਂ ਵੇਲਿਆਂ ਦੀਆਂ ਗੱਲਾਂ ਦਾ ਵੀ ਜ਼ਿਕਰ ਹੈ ਜਦੋਂ ਬਸ ਛੋਟੀਆਂ ਛੋਟੀਆਂ ਇੱਛਾਵਾਂ ਨਾਲ ਰੁਮਾਂਸ ਵਿਚ ਰੰਗ ਬੱਝ ਜਾਂਦਾ ਸੀ। ਜਦੋਂ ਬਾਂਟੇ ਜਾਂ ਗੋਲੀ ਵਾਲੀ ਕੋਲਡ ਡਰਿੰਕ ਦੀ ਬੋਤਲ ਜਿਹਨੂੰ ਉਹਨਾਂ ਸਮਿਆਂ ਵਿੱਚ ਬੱਤਾ ਕਿਹਾ ਜਾਂਦਾ ਸੀ ਉਹ ਵੀ ਬੜੀ ਵੱਡੀ ਸੌਗਾਤ ਵਰਗੀ ਹੁੰਦੀ ਸੀ। ਇਸ ਨਾਲ ਹੀ ਘਰ ਆਏ ਗਏ ਦੀ ਆਓ ਭਗਤ ਹੁੰਦੀ ਸੀ ਅਤੇ ਇਸ ਨਾਲ ਬਾਜ਼ਾਰ ਜਾਣ ਵੇਲੇ ਜਾਂ ਘਰੋਂ ਬਾਹਰ ਜਾਣ ਵੇਲੇ ਸਭ ਤੋਂ ਵੱਡੀ ਪਸੰਦ ਵਾਲੀ ਸੁਆਦੀ ਆਈਟਮ। ਇਸ ਨਾਲ ਸਾਰਾ ਮੂਡ ਅਤੇ ਮਾਹੌਲ ਬਦਲਿਆ ਕਰਦਾ ਸੀ ਅਤੇ ਅੱਜ ਵਾਲੀਆਂ ਕੋਲਡ ਡਰਿੰਕਸ ਵਾਲਾ ਨੁਕਸਾਨ ਵੀ ਇਸ ਨਾਲ ਕਦੇ ਨਾ ਹੁੰਦਾ। ਪੇਟ ਦੀ ਗੈਸ ਅਤੇ ਸਰੀਰ ਵਿੱਚ ਮੌਸਮ ਦੀ ਗਰਮ ਤੋਂ ਝਟਪਟ ਰਾਹਤ ਮਿਲ ਜਾਂਦੀ। 

ਰਾਹਾਂ ਵਿਚ ਅੰਗਿਆਰ ਬੜੇ ਸੀ ਦਾ ਮੰਚਣ ਅਤੀਤ ਦੀਆਂ ਕਾਫੀ ਗੱਲਾਂ ਸਾਹਮਣੇ ਲਿਆਉਂਦਾ ਹੈ। ਇੱਕ ਪੁਰਾਣੇ ਰੇਡੀਓ ਸੈਟ ਨੂੰ ਵੀ ਇਸ ਨਾਟਕ ਵਿਚ ਉਹਨਾਂ ਵੇਲਿਆਂ ਦੇ ਗੀਤ ਸੰਗੀਤ ਦੀਆਂ ਯਾਦਾਂ ਤਾਜ਼ਾ ਕਰਨ ਵਾਲੇ ਪ੍ਰਤੀਕ ਵੱਜੋਂ ਦਿਖਾਇਆ ਗਿਆ ਹੈ। ਇਸ ਤਰ੍ਹਾਂ ਇਹ ਨਾਟਕ ਹਕੀਕਤ ਦੇ ਬੇਹੱਦ ਨੇੜੇ ਵੀ ਹੋ ਜਾਂਦਾ ਹੈ। ਰੇਡੀਓ ਬਹੁਤ ਸਾਰੇ ਘਰਾਂ ਵਿੱਚ ਹੋਇਆ ਕਰਦਾ ਸੀ।ਉਸਦੀ ਉੱਚੀ ਆਵਾਜ਼ ਦਾ ਲਾਹਾ ਲੈਂਦਿਆਂ ਕੁੜੀਆਂ ਰੇਡੀਓਂ ਤੋਂ  ਵੱਜਦੇ ਗੀਤਾਂ ਨੂੰ ਕੰਧਾਂ ਨਾਲ ਕੰਨ ਲਾ ਕੇ ਸੁਣਦੀਆਂ। 

ਰੇਡੀਓ ਤੋਂ ਸੁਣੇ ਇਹ ਗੀਤ ਹੀ ਕੁੜੀਆਂ ਨੂੰ ਗੀਤ ਲਿਖਣ ਲਈ ਵੀ ਪ੍ਰੇਰਦੇ ਪਰ ਕੁੜੀਆਂ ਲਈ ਗੀਤ ਲਿਖਣਾ ਵੀ ਤਾਂ ਬੰਦਸ਼ਾਂ ਦੇ ਦਾਇਰਿਆਂ ਵਿਚ ਹੀ ਸੀ। ਗੀਤਾਂ ਵਾਲੀਆਂ ਕਾਪੀਆਂ ਨੂੰ ਕਿਵੇਂ ਵਰਕਾ ਵਰਕਾ ਕਰਕੇ ਚੁੱਲ੍ਹਿਆਂ ਵਿੱਚ ਸੁੱਟ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਬਹੁਤੇ ਮਾਮਲਿਆਂ ਵਿੱਚ ਕੁੜੀਆਂ ਅੰਦਰਲੇ ਲੇਖਕਾਂ ਨੂੰ ਜਨਮ ਲੈਂਦਿਆਂ ਹੀ ਮਾਰ ਦਿੱਤਾ ਜਾਂਦਾ ਸੀ। ਗੀਤ ਲਿਖਣ ਗਾਉਣ ਵਰਗੀ ਕਲਾ ਦੀ ਸਾਧਨਾ ਨੂੰ ਕੰਜਰਾਂ ਵਾਲਾ ਕੰਮ ਆਖਿਆ ਜਾਂਦਾ ਸੀ। ਅਜਿਹੇ ਰਿਵਾਜਾਂ ਵਾਲੀਆਂ  ਸਖਤੀਆਂ ਦੇ ਬਾਵਜੂਦ ਕੋਈ ਨ ਕੋਈ ਕੁੜੀ ਸੁਖਵਿੰਦਰ ਅੰਮ੍ਰਿਤ ਬਣ ਹੀ ਜਾਂਦੀ ਹੈ। ਯਾਦ ਆਉਂਦੀਆਂ ਨੇ ਬਾਵਾ ਬਲਵੰਤ ਹੁਰਾਂ ਦੀਆਂ ਸਤਰਾਂ:

ਸ਼ੌਂਕ ਤੋੜ ਲੰਘਿਆ ਕੋਟ ਆਫ਼ਤਾਂ ਦੇ--ਸਮਾਂ ਸੂਝ ਦੀਆਂ ਛੁਰੀਆਂ ਉਲਾਰਦਾ ਰਿਹਾ!

ਏਨੀਆਂ ਪਾਬੰਦੀਆਂ ਵਾਲੇ ਮਾਹੌਲ ਅਤੇ ਏਨੇ ਪ੍ਰਦੂਸ਼ਿਤ ਮਾਹੌਲ ਵਿਚ ਵੀ ਕੁਝ ਕੁੜੀਆਂ ਜੇਕਰ ਕੁਝ ਬਣ ਜਾਂਦੀਆਂ ਹਨ ਤਾਂ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ। ਪੂੰਜੀਵਾਦ ਨੇ ਤਾਂ ਥਾਂ ਥਾਂ ਗਲੀ ਮੁਹੱਲਿਆਂ ਵਿਚ ਜੀਬੀ ਰੋਡ ਵਰਗੇ ਮਾਹੌਲ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਇਹ ਸਰਮਾਏਦਾਰੀ ਸਿਸਟਮ ਨਹੀਂ ਚਾਹੁੰਦਾ ਕਿ ਅੱਜ ਦੇ ਮੁੰਡੇ ਕੁੜੀਆਂ ਕੋਈ  ਚੇਤਨਾ ਜਗਾਉਣ ਵਾਲਾ ਕੰਮ ਕਰਨ। 

ਕੁੜੀਆਂ ਨੂੰ ਸਿਰਫ ਭੋਗ ਦੀ ਵਸਤੂ ਬਣਾ ਕੇ ਪ੍ਰਚਾਰਨ ਦੀਆਂ ਸਾਜ਼ਿਸ਼ਾਂ ਵਿੱਚ ਸੱਤਾ, ਸਰਕਾਰ ਅਤੇ ਸਿਆਸੀ ਪਾਰਟੀਆਂ ਸ਼ਾਮਿਲ ਲੱਗਦੀਆਂ ਹਨ ਕਿਓਂਕਿ ਇਹਨਾਂ ਨੇ ਕਦੇ ਇਹਨਾਂ ਦੀ ਰੋਕਥਾਮ ਲਈ ਬਣੇ ਹੋਏ ਕਾਨੂੰਨ ਅਤੇ ਪੁਲਿਸ ਦੀ ਵਰਤੋਂ ਵੀ ਅਸਰਦਾਇਕ ਢੰਗ ਨਾਲ ਨਹੀਂ ਕੀਤੀ। ਅਸ਼ਲੀਲਤਾ ਅਤੇ ਨਸ਼ਿਆਂ  ਮਾਰੇ ਮੁੰਡੇ ਕੁੜੀਆਂ ਕਦੇ ਕ੍ਰਾਂਤੀ ਜਾਂ ਬਦਲਾਹਟ ਬਾਰੇ ਸੋਚ ਹੀ ਨਹੀਂ ਸਕਦੇ। ਇਹਨਾਂ ਤੋਂ ਕਿਸੇ ਸੱਤਾ ਜਾਂ ਪਾਰਟੀ ਨੂੰ ਕੋਈ ਖਤਰਾ ਨਹੀਂ ਹੁੰਦਾ। 

ਬਸ ਕਦੇ ਕਦਾਈ ਜਦੋਂ ਕਿਸੇ ਸੁਖਵਿੰਦਰ ਅੰਮ੍ਰਿਤ ਦੀ ਸ਼ਖਸੀਅਤ ਸਾਹਮਣੇ ਆਉਂਦੀ ਹੈ ਤਾਂ ਕੁਝ ਕੁੜੀਆਂ ਮੁੰਡੇ ਇਸ ਤਰ੍ਹਾਂ ਦਾ ਬਣਨ ਲਈ ਪ੍ਰੇਰਿਤ ਹੁੰਦੇ ਹਨ। ਇਹੀ ਹੈ ਇਸ ਨਾਟਕ ਦੀ ਗਭੀਰ ਪ੍ਰਾਪਤੀ। ਸਾਹਿਤ ਦੀਆਂ 9 ਕਿਤਾਬਾਂ ਨੂੰ ਇੱਕੋ ਥਾਂ ਸਮੇਟਣ ਵਾਲਾ ਇਹ ਨਾਟਕ ਬਹੁਤ ਸੂਖਮ ਅਸਰ ਪਾਉਂਦਾ ਹੈ ਜਿਹਨਾ ਦੇ ਚੰਗੇ ਨਤੀਜੇ ਵੀ ਛੇਤੀ ਨਿਕਲਣਗੇ। ਇਹ ਸ਼ੋਅ ਅਸਲ ਵਿੱਚ 9 ਕਿਤਾਬਾਂ ਦਾ ਲਾਈਵ ਸੰਗ੍ਰਹਿ ਜਿਹਾ ਹੀ ਸੀ। 

ਹਰ ਮਾਮਲੇ ਵਿਚ ਨਫ਼ਾ ਨੁਕਸਾਨ ਦੇਖਣ ਵਾਲੇ ਪੂੰਜੀਵਾਦ ਨੂੰ ਪ੍ਰਣਾਏ ਸਿਸਟਮ  ਨੇ ਖੁਦ ਹੀ ਨਾਰੀ ਜਾਤੀ ਨੂੰ ਗਲਤ ਰਾਹਾਂ ਤੇ ਤੋਰਿਆ। ਆਪਣੀ ਅਯਾਸ਼ੀ ਲਈ ਇਹਨਾਂ ਨੂੰ ਮਜਬੂਰ ਕੀਤਾ ਅਤੇ ਫਿਰ ਖੁਦ ਹੀ ਇਹਨਾਂ ਨੂੰ ਬਦਕਾਰ ਆਖ ਕੇ ਬਦਨਾਮ ਕੀਤਾ। ਬਦਨਾਮ ਆਖ ਕੇ ਇਹਨਾਂ ਨੂੰ ਸਮਾਜ ਦੀ ਮੁਖ ਧਾਰਾ ਵਿੱਚੋਂ ਬਾਹਰ ਕਢਣ ਦਾ ਜੁਰਮ ਵੀ ਕੀਤਾ। ਸਾਹਿਰ ਲੁਧਿਆਣਵੀ ਸਾਹਿਬ ਦੀ ਲੰਮੀ ਕਵਿਤਾ ਹਿਲਾ ਕੇ ਰੱਖ ਦੇਂਦੀ ਹੈ ਇਸ ਸਮਾਜ ਦੀਆਂ ਕਰਤੂਤਾਂ ਬਾਰੇ ਸੁਣ ਕੇ:

ਔਰਤ ਨੇ ਜਨਮ ਦੀਆ ਮਰਦੋਂ ਕੋ

ਮਰਦੋਂ ਨੇ ਉਸੇ ਬਾਜ਼ਾਰ ਦੀਆ

ਜਬ ਜੀ ਚਾਹਾ ਮਸਲਾ ਕੁਚਲਾ

ਜਬ ਜੀ ਚਾਹਾ ਦੁਤਕਾਰ ਦੀਆ


ਤੁਲਤੀ ਹੈ ਕਹੀਂ ਦਿਨਾਰੋਂ ਮੇਂ 

ਬਿਕਤੀ ਹੈ ਕਹੀਂ ਬਜ਼ਾਰੋਂ ਮੇਂ!

ਨੰਗੀ ਨਚਵਾਈ ਜਾਤੀ ਹੈ, 

ਅਯਾਸ਼ੋਂ ਕੇ ਦਰਬਾਰੋਂ ਮੇਂ!

ਯੇਹ ਵੋਹ ਬੇਇਜ਼ਤ ਚੀਜ਼ ਹੈ ਜੋ,

ਬੰਟ ਜਾਤੀ ਹੈ ਇਜ਼ਤਦਾਰੋਂ ਮੇਂ 

ਸਾਜ਼ਿਸ਼ਾਂ ਅਤੇ ਕਾਰੋਬਾਰੀ ਸੋਚਾਂ ਵਾਲੇ ਸਮਾਜ ਦਾ ਮਾਹੌਲ ਬਹੁਤ ਗੰਧਲਾ ਅਤੇ ਨਿਰਾਸ਼ਾਪੂਰਨ ਹੀ ਰਿਹਾ। ਪੇਕੇ ਘਰ ਦੀਆਂ ਬੰਦਸ਼ਾਂ ਤੋਂ ਬਾਅਦ ਸ਼ੁਰੂ ਹੁੰਦੀਆਂ ਸਹੁਰੇ ਘਰ ਦੀਆਂ ਬੰਦਸ਼ਾਂ। ਜਨਮ ਤੋਂ ਲੈ ਕੇ ਮੌਤ ਤੀਕ ਕੁੜੀਆਂ ਨੂੰ ਇਹ ਵੀ ਨਾ ਸਮਝ ਆਉਂਦਾ ਕਿ ਉਹਨਾਂ ਦਾ ਆਪਣਾ ਘਰ ਕਿਹੜਾ ਹੈ। ਬੇਗਾਨਾ ਧੰਨ ਆਖੀਆਂ ਜਾਂਦੀਆਂ ਕੁੜੀਆਂ ਲਈ ਇੱਕ ਕੈਦ ਤੋਂ ਦੂਜੀ ਕੈਦ ਤੱਕ ਦੇ ਸਫ਼ਰ ਨੂੰ ਵੀ ਇਸ ਨਾਟਕ ਨੂੰ ਬਹੁਤ ਹੀ ਖੂਬਸੂਰਤੀ ਅਤੇ ਸਲੀਕੇ ਨਾਲ ਦਿਖਾਇਆ ਹੈ। ਜਨਮ ਤੋਂ ਲੈ ਕੇ ਮੌਤ ਤੱਕ ਦਾ ਸਫ਼ਰ ਬਸ ਅਜਿਹੀਆਂ ਬੰਦਸ਼ਾਂ ਵਿੱਚ ਹੀ ਗੁਜ਼ਰਦਾ। ਆਰਥਿਕ ਔਕੜਾਂ ਦਾ ਸਾਰਾ ਭਾਂਡਾ ਵੀ ਔਰਤਾਂ ਦੇ ਸਿਰ ਹੀ ਭੰਨਿਆ ਜਾਂਦਾ। ਆਰਥਿਕ ਔਕੜਾਂ ਦਾ ਹੱਲ ਉਹਨਾਂ ਸਮਿਆਂ ਵਿਚ ਵੀ ਨਹੀਂ ਸੀ ਇਸ ਲਈ ਜਦ ਆਰਥਿਕ ਸਮੱਸਿਆ ਸਾਹਮਣੇ ਆਉਂਦੀ ਤਾਂ ਕੁੱਟਮਾਰ ਅਕਸਰ ਪਤਨੀ ਦੀ ਹੀ ਹੁੰਦੀ। ਆਰਥਿਕ ਮੁਸ਼ਕਲਾਂ ਦਾ ਗੁੱਸਾ ਘਰ ਦੀਆਂ ਇਸਤਰੀਆਂ ਸਿਰ ਹੀ ਨਿਕਲਦਾ ਸੀ। 

ਅਜਿਹੇ ਸਾਰੇ ਹਾਲਾਤ ਹੀ ਇਸਤਰੀਆਂ ਲਈ ਬਗਾਵਤਾਂ ਵਾਲੇ ਹੀ ਬਣੇ ਹੋਏ ਸਨ। ਇੱਕ ਦੁੱਕਾ ਬਹੁਤ ਕੁਝ ਹੁੰਦਾ ਵੀ ਰਿਹਾ ਹੋਣਾ ਹੈ। ਖੁਦਕੁਸ਼ੀਆਂ ਅਤੇ ਕਤਲ ਉਦੋਂ ਵੀ ਹੁੰਦੇ ਰਹੇ ਹੋਣੇ ਹਨ। ਪਰ ਸਮਾਜ ਦੀਆਂ ਇਹਨਾਂ ਕੁਰੀਤੀਆਂ ਅਤੇ ਬੇਇਨਸਾਫੀਆਂ ਦਾ ਸਭ ਤੋਂ ਵੱਧ ਖਮਿਆਜ਼ਾ ਇਸਤਰੀ ਵਰਗ ਨੇ ਹੀ ਭੁਗਤਿਆ।  ਹਾਲਾਤ ਅਜੇ ਵੀ ਕੋਈ ਬਹੁਤਾ ਨਹੀਂ ਸੁਧਰੇ। 

ਜੇਕਰ ਕਦੇ ਉਹਨਾਂ ਬੀਤੇ ਵੇਲਿਆਂ ਦੀ ਪੜਤਾਲ ਹੋਈ ਤਾਂ ਸਭ ਤੋਂ ਵੱਧ ਸ਼ਰਮਸਾਰ ਪੁਰਸ਼ ਵਰਗ ਹੀ ਹੋਵੇਗਾ ਅਤੇ ਇਸ ਵਰਗ ਲਈ ਖੁਦ ਨੂੰ ਮੁਆਫ ਕਰਨਾ ਵੀ ਔਖਾ ਹੋ ਜਾਵੇਗਾ ਜਦਕਿ ਸਭ ਤੋਂ ਵੱਧ ਕਸੂਰ ਉਹਨਾਂ ਵੇਲਿਆਂ ਦੇ ਆਰਥਿਕ ਢਾਂਚੇ ਦਾ ਹੀ ਸੀ। ਜਾਤ ਪਾਤ ਵਾਲੇ ਸਿਸਟਮ ਦਾ ਵੀ ਸੀ। ਸਮਾਜ ਵਿਚ ਬਾਹੂਬਲੀਆਂ  ਦੀਆਂ ਗੰਦੀਆਂ ਨਜ਼ਰਾਂ ਦਾ ਵੀ ਸੀ। ਬਸ ਸਭ ਨੂੰ ਇਹੋ ਠੀਕ ਅਤੇ ਸੌਖਾ ਲੱਗਦਾ ਰਿਹਾ ਕਿ ਕੁੜੀਆਂ ਨੂੰ ਅੰਦਰ ਦੀਵਾਰਾਂ ਵਿਚ ਡੱਕੀ ਰੱਖੋ। ਹੁਣ ਵੀ ਸਮਾਜ ਇਹਨਾਂ, ਕੁੜੀਆਂ ਨੂੰ ਪੂਰੀ ਸੁਰੱਖਿਆ ਨਹੀਂ ਦੇ ਸਕਿਆ। ਅਜੇ ਵੀ ਆਏ ਦਿਨ ਨਿਰਭਿਆ ਵਰਗੇ ਕਾਂਡ ਵਾਪਰਦੇ ਹਨ। ਅਜੇ ਵੀ ਉੱਚੇ ਉੱਚੇ ਧਾਰਮਿਕ ਅਤੇ ਸਮਾਜਿਕ ਅਹੁਦਿਆਂ 'ਤੇ ਬੈਠੇ ਲੋਗ ਕੁੜੀਆਂ ਨੂੰ ਰਸੋਈ ਅਤੇ ਬੈਡਰੂਮ ਤੱਕ ਸੀਮਿਤ ਰੱਖਣ ਦੀਆਂ ਸਲਾਹਾਂ ਦੇਂਦੇ ਹਨ। ਇਸ ਲਈ ਅਜੋਕੇ ਮਾਹੌਲ ਵਿਚ ਇਸ ਨਾਟਕ ਦਾ ਮੰਚਣ ਬਹੁਤ ਅਰਥ ਰੱਖਦਾ ਹੈ। ਮਨੂ ਸਮ੍ਰਿਤੀ ਅੱਜ ਵੀ ਪ੍ਰਚਾਰੀ ਜਾ ਰਹੀ ਹੈ। ਹਾਲਾਤ ਹੁਣ ਵੀ ਬੇਹੱਦ ਨਾਜ਼ੁਕ ਹਨ। ਸ਼ਾਇਦ ਨਵੇਂ ਸਾਲ ਦੇ ਚੜ੍ਹਨ ਮਗਰੋਂ ਹੋਰ ਵੀ ਬਹੁਤ ਕੁਝ ਅਜਿਹਾ ਹੋਵੇ ਜਿਸ ਬਾਰੇ ਸੋਚ ਕੇ ਵੀ ਡਰ ਲੱਗਦਾ ਹੈ। 

ਬਸ ਇਹੀ ਆਖ ਸਕਦੇ ਹਾਂ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿਚ ਰਾਜ਼ੀ! ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਕਿ ਸਾਡੇ ਕੋਲ ਸੁਖਵਿੰਦਰ ਅੰਮ੍ਰਿਤਾ ਵਰਗੇ ਕੁਝ ਲੋਕ ਮੌਜੂਦਾ ਹਨ ਜਿਹੜੇ ਅਜੇ ਵੀ ਚੇਤਨਾ ਹਨ। ਸਿਰਫ ਆਪਣੀ ਕਲਮ ਦੇ ਸਿਰ 'ਤੇ ਜਾਗ੍ਰਤੀ ਲਿਆਉਣ ਲਈ ਜਤਨਸ਼ੀਲ ਹਨ। 

ਸੁਖਵਿੰਦਰ ਅੰਮ੍ਰਿਤ ਦੀ ਜ਼ਿੰਦਗੀ ਦੇ ਬਹਾਨੇ ਸਮੁੱਚੇ ਨਾਰੀ ਜਗਤ ਸੰਬੰਧੀ ਰਾਜਵਿੰਦਰ ਦੇ ਲਿਖੇ ਅਤੇ ਨਿਰਦੇਸ਼ਿਤ ਇਸ ਨਾਟਕ ਨੂੰ ਦੇਖਦਿਆਂ ਬਾਰ ਬਾਰ ਇਹ ਖਿਆਲ ਵੀ ਆਇਆ ਕਿ ਇਸਦਾ ਨਾਮ "ਕਵਿਤਾ ਕਿਓਂ ਤਲਵਾਰ ਬਣੀ" ਵਾਂਗ ਕੁਝ ਹੁੰਦਾ ਜਾਂ ਇਹ ਹੁੰਦਾ "ਕਵਿਤਾ ਕਿੰਝ ਤਲਵਾਰ ਬਣੇ।" 

ਹਾਲਾਂਕਿ ਨਾਟਕ ਵਿੱਚ ਨਾਇਕਾ ਸਪਸ਼ਟ ਵੀ ਕਰ ਦੇਂਦੀ ਹੈ ਕਿ ਉਸ ਨੇ ਸਮਾਜ ਅਤੇ ਪਰਿਵਾਰ ਦੇ ਜਬਰ ਜ਼ੁਲਮ ਦੇ ਖਿਲਾਫ ਕਹੀ ਨਹੀਂ ਚੁੱਕੀ ਬਲਕਿ ਕਲਮ ਚੁੱਕੀ ਅਤੇ ਕਵਿਤਾ ਨੂੰ ਹੀ ਹਥਿਆਰ ਬਣਾਇਆ। ਫਿਰ ਵੀ ਇਹ ਸੁਆਲ ਅਜੇ ਕਾਇਮ ਹੈ ਕਿ ਨਾਰੀ ਨੂੰ ਆਪਣੇ ਜ਼ੁਲਮੋ ਸਿਤਮ ਦਾ ਸ਼ਿਕਾਰ ਬਣਾਉਣ ਵਾਲੇ ਜਿਹੜੇ ਅਣਮਨੁੱਖੀ ਸੋਚਾਂ ਅਤੇ ਵਰਤਾਰਿਆਂ ਵਾਲੇ ਅਨਸਰ ਪੁਲਿਸ, ਕਾਨੂੰਨ ਅਤੇ ਸੱਤਾ ਦੇ ਸਾਹਮਣੇ ਵੀ ਦਨਦਨਾਉਂਦੇ ਫਿਰਦੇ ਹਨ ਉਹਨਾਂ ਦਾ ਸਾਹਮਣਾ ਕਿਸ ਤਰ੍ਹਾਂ ਹੋਵੇਗਾ? ਉਹ ਕਵਿਤਾ ਨੂੰ ਕੀ ਸਮਝਦੇ ਹਨ?

ਕੀ ਕਵਿਤਾ ਨਾਲ ਇਹ ਸੰਭਵ ਹੋ ਸਕੇਗਾ? ਇਹ ਸਭ ਉਦੋਂ ਵੀ ਹੋ ਰਿਹਾ ਹੈ ਜਦੋਂ ਕੁੜੀਆਂ ਪੜ੍ਹ ਲਿਖ ਕੇ ਘਰਾਂ ਦੀ ਚਾਰ ਦੀਵਾਰੀ ਵਿੱਚੋਂ ਬਾਹਰ ਆ ਕੇ ਵੀ ਬੜੀ ਦਲੇਰੀ ਨਾਲ ਵਿਚਰ ਰਹੀਆਂ ਹਨ। ਗਲੀ ਮੁਹੱਲਿਆਂ ਦੇ ਕੋਨੇ ਅਤੇ ਹਾਈਵੇ ਵਰਗੀਆਂ ਸੜਕਾਂ ਦੇ ਚੋਰਾਹੇ ਵੀ ਸੁਰਖਿਅਤ ਨਹੀਂ ਰਹੇ।  ਕੈਮਰਿਆਂ ਨਾਲ ਸੁਸਜਿਤ ਬਸਾਂ ਅਤੇ ਟਰੇਨਾਂ ਵਿੱਚ ਵੀ ਇਹ ਸੁਰਖਿਆ ਯਕੀਨੀ ਨਹੀਂ ਬਣਾਈ ਜਾ ਸਕੀ। ਦਫਤਰਾਂ ਅਤੇ ਕਾਰੋਬਾਰੀ ਅਦਾਰਿਆਂ ਵਿਚ ਵੀ ਇਹ ਸੁਰਖਿਅਤ ਮਾਹੌਲ ਸੁਨਿਸਚਿਤ ਨਹੀਂ  ਕੀਤਾ ਜਾ ਸਕਿਆ। 

ਪਿੱਤਰ-ਸੱਤਾ ਜਾਂ ਪੁਰਸ਼ ਵਰਗ ਦੀਆਂ ਚਿੰਤਾਵਾਂ ਦੇ ਕਈ ਠੋਸ ਕਾਰਨ ਅਜੇ ਵੀ ਮੌਜੂਦ ਹਨ। ਪੁਰਸ਼ ਵਰਗ ਦਾ ਨਾ ਹੀ ਕੋਈ  ਹੈ ਅਤੇ ਨਾ ਹੀ ਪੁਰਸ਼ ਵਰਗ ਨਾਰੀ ਦਾ ਕੋਈ ਦੁਸ਼ਮਣ ਹੈ। ਦੁਸ਼ਮਣ ਤਾਂ  ਹੈ ਜਿਹੜਾ ਕੁੜੀਆਂ ਨੂੰ ਲੈ ਇਸਤਰੀ ਅਤੇ ਪੁਰਸ਼  ਦੋਹਾਂ  ਵਰਗਾਂ ਲਈ ਚਿੰਤਾਵਾਂ ਹੀ ਪੈਦਾ ਕਰਦਾ ਹੈ। ਇਹ ਚਿੰਤਾਵਾਂ ਨਫ਼ਾ ਨੁਕਸਾਨ ਦੇਖਣ ਵਾਲੇ ਆਰਥਿਕ ਢਾਂਚੇ ਅਤੇ ਫਿਰਕਾਪ੍ਰਸਤੀ ਨੂੰ ਹਥਿਆਰ ਬਣਾ ਕੇ ਵਿਚਰਦੇ ਵਰਗਾਂ ਵੱਲੋਂ ਹੀ ਪੈਦਾ ਕੀਤੀਆਂ ਜਾਂਦੀਆਂ ਹਨ। 

ਦਿਲਚਸਪ ਗੱਲ ਹੈ ਕਿ ਉਹਨਾਂ ਕਾਰਨਾਂ ਅਤੇ  ਲਈ ਜ਼ਿੰਮੇਵਾਰਾਂ ਤੱਕ ਪਹੁੰਚਣ ਤੋਂ ਬਿਨਾ ਗੱਲ ਨਹੀਂ ਬਣਨੀ। ਇਹਨਾਂ ਅਨਸਰਾਂ ਨੂੰ ਜੜ੍ਹੋਂ ਪੁੱਟਣ ਦਾ ਸੁਨੇਹਾ ਦੇਂਦੇ ਇਸ ਨਾਟਕ ਵਿੱਚ ਪੁਰਸ਼ ਵਰਗ ਨੂੰ ਕਿਸੇ ਦੁਸ਼ਮਣ ਵਾਂਗ ਨਹੀਂ ਚਿਤਰਿਆ ਗਿਆ। ਸਦੀਆਂ ਤੋਂ ਚਲੀ ਆ ਰਹੀ ਇਸ ਸਾਜ਼ਿਸ਼ ਨੂੰ ਬੇਨਕਾਬ ਵੀ ਕਰਦਾ ਹੈ ਇਹ ਨਾਟਕ। 

ਇਸ ਨਾਟਕ ਵਿੱਚ ਸੱਦਾ ਦਿੱਤਾ ਗਿਆ ਹੈ ਕਿ ਉਹ ਵੀ ਇਸਤਰੀ ਵਰਗ ਦੇ ਇਸ ਸੰਘਰਸ਼ ਵਿਚ ਔਰਤ ਦੇ ਨਾਲ ਤੁਰੇ। ਗੋਲੀ ਬਾਂਟੇ ਵਾਲਾ ਬੱਤਾ ਲਿਆ ਕੇ ਆਪਣੀ ਸਾਥਣ ਨੂੰ ਪਿਆਉਣਾ ਇਹੀ ਸੁਨੇਹਾ ਹੈ ਕਿ ਹੁਣ ਪੁਰਸ਼ ਅਤੇ ਨਾਰੀ ਦੋਵੇਂ ਇੱਕ ਹਨ। ਜਿਹੜੇ ਸਿਸਟਮ ਨੇ ਇਹ ਸਭ ਕੁਝ ਤਬਾਹ ਕੀਤਾ ਬਸ ਹੁਣ ਉਸਦੀ ਖੈਰ ਨਹੀਂ। ਅਜਿਹੇ ਮਨੁੱਖਤਾ ਵਿਰੋਧੀ ਸਿਸਟਮ ਨੂੰ ਜਦੋਂ  ਵੀ ਸੁਰਖਿਅਤ ਨਹੀਂ ਬਚਣਾ। 

ਅੱਜ ਉਹੀ ਪੁਰਾਣਾ ਗੀਤ  ਫਿਰ ਰਲ ਕੇ ਗਾਉਣਾ ਪਏਗਾ:

ਸਾਥੀ  ਹਾਥ ਬੜ੍ਹਾਣਾ !

ਦੇਖ ਅਕੇਲਾ ਥਕ ਜਾਏਗਾ!

ਮਿਲ ਕਰ ਬੋਝ ਉਠਾਣਾ!

ਇਸ ਨਾਟਕ ਦਾ ਏਨਾ ਖੂਬਸੂਰਤ ਮੰਚਣ ਗੀਤ ਸੰਗੀਤ ਅਤੇ ਲੁੜੀਂਦੀ ਰੌਸ਼ਨੀ ਬਿਨਾ ਏਨਾ ਸਫਲ ਨਹੀਂ ਸੀ ਹੋਣਾ। ਇਸ ਕੰਮ ਵਿੱਚ ਅਬਦੁਲ ਖਾਨ ਤੇ  ਉਦੈਵੀਰ ਸੰਗੀਤ ਵਾਲਾ ਮੋਰਚਾ ਸੰਭਾਲ ਰਹੇ ਸਨ।  ਵੰਸ਼, ਕੁਨਾਲ ਅਭਿਜੀਤ ਲਾਈਟਸ ਨੂੰ ਦੇਖ ਰਹੇ ਸਨ ਅਤੇ ਪਰਮਿੰਦਰ ਡਿਜ਼ਾਈਨ ਵਾਲੇ ਪਾਸੇ ਸੀ। ਕੁਲ ਮਿਲਾ ਕੇ ਸ਼ਬਦ ਅਤੇ ਸੰਗੀਤ ਦੀ ਸ਼ਕਤੀ ਨੇ ਇੱਕ ਹੋਰ ਕ੍ਰਾਂਤੀ ਦੀ ਅਲਖ ਜਗਾਈ ਹੈ। ਇਸਦਾ ਮੰਚਣ ਥਾਂ ਥਾਂ ਹੋਣਾ ਚਾਹੀਦਾ ਹੈ। 

Wednesday 29 November 2023

ਸੰਸਾਰ ਅਮਨ ਫਿਰ ਖਤਰਿਆਂ ਵਿਚ ਹੈ ਪਰ ਭੂਆ ਸਾਡੇ ਕੋਲ ਨਹੀਂ

 ਕਿੰਨਾ ਫਿਕਰ ਹੁੰਦਾ ਸੀ ਸੰਸਾਰ ਅਮਨ  ਦਾ ਭੂਆ ਨੂੰ!

ਫਿਕਰਾਂ ਦੇ ਹਨੇਰਿਆਂ ਦੀ ਦੁਨੀਆ ਵਿੱਚੋਂ: 29 ਨਵੰਬਰ 2023: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::


ਨਾ ਕਦੇ ਗਮ ਮੁੱਕਦੇ ਨੇ ਤੇ ਨਾ ਹੀ ਕਦੇ ਸੁੱਖਾਂ ਦਾ ਸਿਲਸਿਲਾ ਖਤਮ ਹੁੰਦਾ ਹੈ। ਮੁਸ਼ਕਲਾਂ, ਮੁਸੀਬਤਾਂ ਅਤੇ ਔਕੜਾਂ ਸ਼ਾਇਦ ਮੱਧ ਵਰਗੀ ਲੋਕਾਂ ਦਾ ਨਸੀਬ ਬਣ ਗਿਆ ਹੈ। ਫਿਰ ਵੀ ਲੋਕ ਇਨਕਲਾਬ ਲਈ ਅਜੇ ਤੀਕ ਤਿਆਰ ਹੁੰਦੇ ਨਜ਼ਰ ਨਹੀਂ ਆਉਂਦੇ। ਇਹ ਸਾਰਾ ਕੁਝ ਕਈ ਵਾਰ ਬੇਹੱਦ ਹੈਰਾਨ ਵੀ ਕਰਦਾ। 

ਪਤਾ ਨਹੀਂ ਕਿਓਂ ਪਰ ਮੈਂ ਇੱਕ ਵਾਰ ਸੋਚਿਆ ਕਿ ਇਸ ਗੱਲ ਦਾ ਪਤਾ ਲਗਾਉਣਾ ਚਾਹੀਦਾ ਹੈ ਕਿ ਮੌਜੂਦਾ ਦੁੱਖਾਂ ਤਕਲੀਫਾਂ ਦਾ ਇਹ ਦੌਰ ਕਿਸ ਕਿਸ ਕਾਰਨ ਕਰਕੇ ਖਤਮ ਹੋਣ ਦਾ ਨਾਮ ਹੀ ਨਹੀਂ ਲੈ  ਰਿਹਾ। ਇਸੇ ਬਹਾਨੇ ਆਪਣੀਆਂ  ਹੁਣ ਤੱਕ ਦੀਆਂ ਗਲਤੀਆਂ ਦਾ ਰਿਵਿਊ ਵੀ ਤਾਂ ਕਰਨਾ ਹੀ ਚਾਹੀਦਾ ਹੈ। ਫਿਰ ਇਹੀ ਖਿਆਲ ਹੋਰ ਵਿਕਸਿਤ ਹੋਇਆ ਤਾਂ ਸੋਚਿਆ ਹੁਣ ਤੱਕ ਤੋਂ ਲੈ ਕੇ ਪਿਛਲੇ ਜਨਮਾਂ ਤੱਕ ਦੀ ਹਕੀਕਤ ਦਾ ਪਤਾ ਵੀ ਲਾਉਣਾ ਚਾਹੀਦਾ ਹੈ। ਜੇਕਰ ਜਨਮਾਂ ਦਾ ਚੱਕਰ ਨਹੀਂ ਵੀ ਹੁੰਦਾ ਤਾਂ ਵੀ ਤਜਰਬਾ ਕਰਕੇ ਦੇਖਣ ਵਿੱਚ ਕੀ ਹਰਜ ਹੈ। ਕਰਮਾਂ ਦੇ ਫਲ ਦੀ ਅਸਲ ਕਹਾਣੀ ਵੀ ਤਾਂ ਸਾਹਮਣੇ ਆਉਣੀ ਜ਼ਰੂਰੀ ਹੈ। ਪਰ ਜਾਪਦਾ ਹੈ ਜਨਮ ਜਨਮਾਂਤਰਾਂ ਦੀਆਂ ਗੱਲਾਂ ਵੀ ਫਿਜ਼ੂਲ ਨਹੀਂ ਹਨ। 

ਆਪਾਂ ਤਾਂ ਸਿਰਫ ਅੰਨੇਵਾਹ ਮੰਨਣ ਦੇ ਹੀ ਵਿਰੋਧੀ ਹਾਂ। ਇਸ ਜਾਂਚ ਪਰਖ ਵਾਲੇ ਮਕਸਦ ਲਈ ਸਾਰੀਆਂ ਲੁੜੀਂਦੀਆਂ ਤਿਆਰੀਆਂ ਵੀ ਕਰ ਲਈਆਂ। ਇਸ ਰਸਤੇ ਵਿਚ ਆਉਣ ਵਾਲੇ ਸਾਰੇ ਖਤਰਿਆਂ ਦਾ ਵੀ ਅੰਦਾਜ਼ਾ ਲਗਾ ਲਿਆ। ਜਿਸਮ ਦੀ ਫਿਟਨੈਸ ਅਤੇ ਮਾਨਸਿਕ ਚੇਤਨਾ ਵਧਾਉਣ ਲਈ ਵੀ ਕੋਸ਼ਿਸ਼ਾਂ ਕੀਤੀਆਂ। ਕੁਝ ਮਾਹਰਾਂ ਨਾਲ ਵੀ ਸਲਾਹ ਮਸ਼ਵਰਾ ਕਰ ਲਿਆ। ਉਹਨਾਂ ਰਾਏ ਵੀ ਦਿੱਤੀ ਕਿ ਇਹ ਸਭ ਕੁਝ ਕਿਸੇ ਮਾਹਰ ਦੀ ਨਿਗਰਾਨੀ ਹੇਠ ਹੀ ਕਰੀਂ ਪਰ ਆਪਾਂ ਇਸ ਨੂੰ ਠੀਕ ਮੰਨਦਿਆਂ ਵੀ ਨਜ਼ਰਅੰਦਾਜ਼ ਕੀਤੀ ਰੱਖਿਆ। 

ਫਿਰ ਬਿਨਾ ਕਿਸੇ ਮਹੂਰਤ ਦੇ ਅਚਾਨਕ ਇਕ ਦਿਨ ਅੱਧੀ ਰਾਤ ਨੂੰ ਸ਼ੁਰੂਆਤ ਕਰ ਦਿੱਤੀ। ਨੀਂਦ ਨਹੀਂ ਸੀ ਆ ਰਹੀ ਸੋ ਸੋਚਿਆ ਨੀਂਦ ਦੀ ਗੋਲੀ ਖਾਣ ਦੀ ਬਜਾਏ ਜਾਂ ਫਿਰ ਰੂਟੀਨ ਵਾਂਗ ਕੋਈ ਕਿਤਾਬ ਪੜ੍ਹਨ ਦੀ ਬਜਾਏ ਇਹੀ ਤਜਰਬਾ ਕਰ ਲਿਆ ਜਾਵੇ। ਇਸ ਤਰ੍ਹਾਂ ਆਪਣੇ  ਅਨੁਭਵ ਅਤੇ ਸੋਚ ਨੂੰ ਪਿੱਛੇ-ਹੋਰ ਪਿੱਛੇ-ਹੋਰ ਪਿਛੇ  ਲਿਜਾਣ ਦੀ ਪ੍ਰਕ੍ਰਿਆ ਵੀ ਸ਼ੁਰੂ ਕਰ ਦਿੱਤੀ। ਹੈਰਾਨ ਸਾਂ ਏਨਾ ਕੁਝ ਸਾਡੇ ਦਿਮਾਗ ਵਿਚ ਏਨੀ ਸਫਾਈ ਅਤੇ ਧਿਆਨ ਨਾਲ ਰਿਕਾਰਡ ਹੋਇਆ ਪਿਆ ਕਿਵੇਂ ਰਹਿੰਦਾ ਹੈ। ਇਸ ਨੂੰ ਸੰਭਾਲਦਾ ਕੌਣ ਹੈ? ਬਹੁਤ ਕੁਝ ਸਾਹਮਣੇ ਆਉਣ ਲੱਗਿਆ ਜਿਵੇਂ ਅਤੀਤ ਵਾਪਿਸ ਮੁੜ ਆਇਆ ਹੋਵੇ। ਪਤਾ ਨਹੀਂ ਕਿੰਨੇ ਟੀਬੀ ਦੀ ਹਾਰਡ ਡਿਸਕ ਵਰਗੀ ਥਾਂ ਹੈ ਇਸ ਦਿਮਾਗ ਵਿੱਚ? 

ਗੱਲ ਤਾਂ ਲੰਮੀ ਹੈ ਪਰ ਇਥੋਂ ਕੱਟ ਮਾਰ ਕੇ ਸ਼ਾਰਟਕੱਟ ਵਾਲੇ ਰਸਤੇ ਸਿਰਫ ਸਬੰਧਤ ਗੱਲ ਵੱਲ ਆ ਰਿਹਾ ਹਾਂ। ਪਿਛਲੇ ਗੁਜ਼ਰੇ ਸਮਿਆਂ ਦੇ ਦ੍ਰਿਸ਼ ਜ਼ਹਿਨ ਵਿੱਚ ਰੂਪਮਾਨ ਸਾਹਮਣੇ ਸ਼ੁਰੂ ਹੋ ਗਏ। ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਭੁੱਲੇ ਵਿੱਸਰੇ ਲੋਕ, ਬਹੁਤ ਸਾਰੀਆਂ ਥਾਂਵਾਂ ਵਗੈਰਾ ਬਹੁਤ ਕੁਝ ਸਾਹਮਣੇ ਆਉਣਾ ਸ਼ੁਰੂ ਹੋਇਆ। 

ਇਸ ਪ੍ਰਕ੍ਰਿਆ ਦੌਰਾਨ ਹੀ ਬਚਪਨ ਵਿਚ ਇੱਕ ਅਜਿਹੇ ਦੌਰ ਦਾ ਦ੍ਰਿਸ਼ ਵੀ ਸਾਹਮਣੇ ਆਇਆ ਜਦੋਂ ਬਚਪਨ ਦੇ ਸੰਭਾਲੇ ਵਾਲੀ ਹੋਸ਼-ਅਜੇ ਸ਼ੁਰੂ ਹੀ ਹੋਈ ਸੀ। ਪੰਜਾਂ ਸੱਤਾਂ ਸਾਲਾਂ ਤੋਂ ਵੱਧ ਦੀ ਉਮਰ ਨਹੀਂ ਹੋਣੀ ਮੇਰੀ ਉਸ ਵੇਲੇ। ਹੋ ਸਕਦਾ ਹੈ ਇਸ ਤੋਂ ਵੀ ਘੱਟ ਹੀ ਹੋਵੇ। ਅਸਲੀ ਸੰਨ ਫਿਰ ਲਭਣ ਦੀ ਵੀ ਕੋਸ਼ਿਸ਼ ਜਾਰੀ ਹੈ। ਸਭ ਕੁਝ ਕਿਧਰੇ ਲਿਖਿਆ ਵੀ ਸੀ ਪਰ ਫਿਰ ਉਹ ਡਾਇਰੀ ਏਧਰ ਓਧਰ ਹੋ ਗਈ। ਬਸ ਏਨਾ ਜ਼ਰੂਰ ਯਾਦ ਹੈ ਨੰਗੇ ਪੈਰ--ਨੰਗੇ ਸਿਰ ਬਾਹਰ ਅੰਦਰ ਘੁੰਮਣਾ ਫਿਰਨਾ ਮੇਰੇ ਲਈ ਆਮ ਜਿਹੀ ਗੱਲ ਸੀ। ਉਸ ਕਿਰਾਏ ਵਾਲੇ ਘਰ ਦਾ ਕਮਰਾ,  ਰਸੋਈ ਅਤੇ ਵੇਹੜਾ ਵੀ ਨਜ਼ਰ ਆਉਣ ਲੱਗਿਆ ਜਿਸ ਵੇਹੜੇ ਨੂੰ ਅਸੀਂ ਅਤੇ ਮਾਲਕ ਮਕਾਨ ਰਲ ਕੇ ਵਰਤਿਆ ਕਰਦੇ ਸਾਂ। 

ਵੇਹੜੇ ਵਿਚ ਹੈਂਡ ਪੰਪ ਵੀ ਸੀ। ਪਾਣੀ ਦੀ ਕਦੇ ਕੋਈ ਕਮੀ ਨਹੀਂ ਸੀ ਆਈ ਉਸ ਜ਼ਮਾਨੇ ਵਿੱਚ। ਉਸ ਮਕਾਨ ਦਾ ਮਾਲਕ ਇੱਕ ਬਾਣੀਆ ਪਰਿਵਾਰ ਸੀ। ਮੁਹੱਲੇ ਵਾਲੇ ਅਕਸਰ ਉਸ ਨੂੰ ਲਾਲਾ ਜੀ ਆਖਦੇ। ਸਾਰਾ ਟੱਬਰ ਹੀ ਬੜਾ ਚੰਗੇ ਸੁਭਾਅ ਵਾਲਾ ਸੀ। ਉਸ ਮਕਾਨ ਵਾਲੇ ਕਮਰੇ ਦਾ ਦਰਵਾਜ਼ਾ ਅਤੇ ਗਲੀ ਦੇ ਦ੍ਰਿਸ਼ ਵੀ ਨਜ਼ਰ ਆਉਣ ਲੱਗੇ। ਮੈਂ ਹੈਰਾਨ ਰਹਿ ਗਿਆ ਕਿ ਏਨੀ ਸਪਸ਼ਟਤਾ ਨਾਲ ਸਭ ਕੁਝ ਕਿਸੇ ਫਿਲਮ ਵਾਂਗ ਸਾਹਮਣੇ ਲੰਘਦਾ ਮਹਿਸੂਸ ਹੋ ਰਿਹਾ ਸੀ ਕਿ ਬੇਹੱਦ ਹੈਰਾਨੀ ਵਾਲੀ ਗੱਲ ਸੀ। ਜਿਵੇਂ ਇੱਕ ਬੜੀ ਸਪਸ਼ਟ ਜਿਹੀ ਫਿਲਮ ਚੱਲ ਰਹੀ ਸੀ। 

ਉਹ ਦ੍ਰਿਸ਼ ਦੇਖ ਕੇ ਇੱਕ ਵਾਰ ਫੇਰ ਪਤਾ ਲੱਗਿਆ ਕਿ ਇੱਕ ਵਾਰ ਪੁਲਿਸ ਵਾਲੇ ਕੁਰਕੀ ਦੇ ਹੁਕਮ ਲੈ ਕੇ ਆਏ ਤਾਂ ਲਾਲਾ ਜੀ ਦੀ ਕੁੜੀ ਅਚਾਨਕ ਪਿਛਲੇ ਦਰਵਾਜ਼ਿਓਂ ਆਈ ਅਤੇ ਅੱਧੇ ਤੋਂ ਵੱਧ ਸਾਮਾਨ ਆਪਣਾ ਆਖ ਕੇ ਵਾਰੀ ਵਾਰੀ ਚੁੱਕ ਕੇ ਪੁਲਿਸ ਦੇ ਸਾਹਮਣਿਓਂ ਚੁੱਕ ਕੇ ਲੈ ਗਈ। ਹੈਰਾਨ ਸਾਂ ਸਭ ਕੁਝ ਦੇਖ ਕੇ ਲੋਕ ਕਿੰਨੀ ਮੋਹੱਬਤ ਕਰਦੇ ਸਨ। ਏਨੀ ਮੁਹੱਬਤ ਕਿ ਪੁਲਿਸ ਦਾ ਖਤਰਾ ਵੀ ਮੁੱਲ ਲਾਇ ਲੈਂਦੇ ਸਨ। ਮੇਰੇ ਨਿੱਕੇ ਨਿੱਕੇ ਕੱਪੜੇ ਉਸ ਚੰਗੇ ਸੁਭਾਅ ਵਾਲੇ ਥਾਣੇਦਾਰ ਨੇ ਆਪ ਹੀ ਕੱਢ ਕੇ ਮੇਰੀ ਦਾਦੀ ਨੂੰ ਫੜਾ ਦਿੱਤੇ। ਘਰ ਦੀਆਂ ਕੁਰਕੀਆਂ, ਪੁਲਿਸ ਦੇ ਫੇਰੇ ਅਤੇ ਹੋਰ ਸਖਤੀਆਂ ਮੈਂ ਹੋਸ਼ ਸੰਭਾਲਦਿਆਂ ਹੀ ਦੇਖ ਲਏ ਸਨ। ਇਹ ਸਭ ਕੁਝ ਬੜੀ ਆਮ ਜਿਹੀ ਗੱਲ ਵਰਗਾ ਵਰਤਾਰਾ ਬਣ ਗਿਆ ਸੀ। 

ਇੱਕ ਹੋਰ ਦ੍ਰਿਸ਼ ਆਇਆ ਕਿ ਇਕ ਦਿਨ ਘਰ ਵਿਚ ਬੜੀ ਚਹਿਲ ਪਹਿਲ ਜਿਹੀ ਨਜ਼ਰ ਆਉਂਦੀ ਹੈ। ਬੜੀਆਂ ਖੁਸ਼ੀਆਂ ਵਾਲਾ ਮਾਹੌਲ ਹੈ। ਮੈਂ ਮਠਿਆਈਆਂ ਖਾ ਖਾ ਰੱਜ ਗਿਆ ਹਾਂ। ਚਾਹ ਵੀ ਰੱਜ ਕੇ ਬੜੀ ਪੀ ਲਈ। ਅੱਜ ਕਿਸੇ ਨੇ ਟੋਕਿਆ ਵੀ ਨਹੀਂ ਕਿ ਚਾਹ ਨਹੀਂ ਪੀਣੀ ਕਿਓਂਕਿ ਰੋਕਣ ਟੋਕਣ ਵਾਲੇ ਤਾਂ ਘਰ ਵਿਚ ਛੋਟੇ ਜਿਹੇ ਅਤੇ ਸਾਦੇ ਜਿਹੇ ਫ਼ੰਕਸ਼ਨ ਵਿਚ ਰੁਝੇ ਹੋਏ ਸਨ। 

ਇਹ ਦ੍ਰਿਸ਼ ਦੇਖ ਕੇ ਯਾਦ ਆਇਆ ਕਿ ਮੈਂ ਚਾਹ ਦਾ ਕਿੰਨਾ ਸ਼ੌਕੀਨ ਹੁੰਦਾ ਸਾਂ। ਕਈ ਵਾਰ ਘਰ ਪਰਿਵਾਰ ਵਿੱਚ ਕਿਸੇ ਨ ਕਿਸੇ ਨੇ ਦੁੱਧ ਵਿਚ ਬੋਰਨਵੀਟਾ ਵਗੈਰਾ ਪਾ ਕੇ ਦੇ ਦੇਣਾ ਕਿ ਸ਼ਾਇਦ ਮੈਂ ਚਾਹ ਵਾਲਾ ਰੰਗ ਦੇਖ ਕੇ ਪੀ ਲਵਾਂਗਾ ਪਰ ਚਾਹ ਦਾ ਸੁਆਦ ਅਤੇ ਨਸ਼ਾ ਤਾਂ ਰਗ ਰਗ ਵਿਚ ਰਚ ਚੁੱਕਿਆ ਸੀ।  ਮੈਂ ਸਾਫ ਨਾਂਹ ਕਰ ਦੇਂਦਾ ਤੇ ਆਖਦਾ ਮੈਨੂੰ ਬਸ ਕਾਲੀ ਚਾਹ ਚਾਹੀਦੀ ਹੈ। ਜਦੋਂ ਅਸਲੀ ਚਾਹ ਦਾ ਕੱਪ ਸਾਹਮਣੇ ਆਉਂਦਾ ਤਾਂ ਫਿਰ ਉਸ ਬੋਰਨਵੀਟਾ ਵਾਲੇ ਦੁੱਧ ਨੂੰ ਵੀ ਫਟਾਫਟ ਪਹਿਲਾਂ ਪੀ ਲੈਂਦਾ ਕਿਓਂਕਿ ਮੈਨੂੰ ਚਾਹ ਮਿਲਣ ਦੀ ਗੱਲ ਇਸੇ ਸ਼ਰਤ ਤੇ ਮੰਨੀ ਜਾਂਦੀ ਸੀ ਕਿ ਮੈਂ ਇਹ ਦੁੱਧ ਵੀ ਪੀ ਲਵਾਂਗਾ। ਇਸ ਤੋਂ ਬਾਅਦ ਮੈਂ ਚਾਹ ਦੀਆਂ ਚੁਸਕੀਆਂ ਹੋਲੀ ਹੋਲੀ ਲੈਂਦਾ ਰਹਿੰਦਾ ਕਿਸੇ ਜੇਤੂ ਵਾਂਗ ਜਿਵੇਂ ਪਤਾ ਨਹੀਂ ਕਿੰਨੀ ਕੁ ਵੱਡੀ ਜੰਗ ਜਿੱਤ ਲਈ ਹੋਵੇ। ਚਾਹ ਨਾਲ ਇਹ ਲਗਾਓ ਹੁਣ ਤੱਕ ਵੀ ਜਾਰੀ ਹੈ। 

ਇਸ ਲਗਾਓ ਪਿਛੇ ਵੀ ਇੱਕ ਪੂਰੀ ਕਹਾਣੀ ਨਿਕਲੀ। ਅਸਲ ਵਿੱਚ ਦੱਸਦੇ ਹਨ ਕਿ ਜਦੋਂ ਲੁਧਿਆਣਾ ਦੇ  ਹਸਪਤਾਲ ਵਿਚ ਮੇਰਾ ਜਨਮ ਹੋਇਆ ਤਾਂ ਸਾਡੇ ਘਰਾਂ ਵਿਚ ਜਨਮ ਘੁੱਟੀ ਦਾ ਸ਼ਾਇਦ ਕੋਈ ਰਿਵਾਜ ਵੀ ਬਹੁਤਾ ਹੀਂ ਸੀ। ਕੋਲ ਖੜੀ ਇੱਕ ਨਰਸ ਨੇ ਕਿਹਾ ਏਦਾਂ ਥੋੜੀ ਚੱਲੂ? ਉਸਨੇ ਆਪਣੀਆਂ ਦੋ ਉਂਗਲੀਆਂ ਕੋਸੀ ਜਿਹੀ ਕੀਤੀ ਚਾਹ ਵਾਲੇ ਕੱਪ ਵਿਚ ਬੋੜ ਕੇ ਮੇਰੀ ਜੀਭ ਨਾਲ ਛੂਹਾ  ਦਿੱਤੀਆਂ। ਮੈਂ ਵੱਡਾ ਹੋ ਕੇ ਵੀ ਬਹੁਤ ਕੋਸ਼ਿਸ਼ ਕੀਤੀ ਕਿ ਉਸ ਨਰਸ ਨੂੰ ਕਦੇ ਮਿਲ ਸਕਣ ਪਰ ਗੱਲ ਨਾ ਬਣੀ। ਉਸ ਨੂੰ ਜਾਂ ਉਸਦੀ ਤਸਵੀਰ ਨੂੰ ਦੇਖਣ ਦੀ ਤਮੰਨਾ ਹੁਣ ਵੀ ਬਹੁਤ ਹੈ ਮਨ ਵਿੱਚ। 

ਉਸਦੀ ਦਿੱਤੀ ਗੁੜਤੀ ਵਾਲੀ ਇਹ ਚਾਹ ਏਨੀ ਰਚੀ ਕਿ ਰੋਜ਼ਾਨਾ "ਨਵਾਂ ਜ਼ਮਾਨਾ" ਦੇ ਡੈਸਕ ਤੇ ਜਾ ਕੇ ਇਹ ਤਲਬ ਹੋਰ ਤਿੱਖੀ ਹੋ ਗਈ। ਮੈਂ ਹਰ ਰੋਜ਼ ਦੇ ਕਰੀਬ 40-45 ਕੱਪ ਚਾਹ ਦੇ ਪੀ ਜਾਂਦਾ ਸਾਂ। ਇਹਨਾਂ ਵਿਚ ਨਵਾਂ ਜ਼ਮਾਨਾ ਦੇ ਖਾਤੇ ਵਿਚ ਆਉਂਦੀ ਚਾਹ ਦੇ ਚਾਰ ਪੰਜ ਕੱਪ ਵੀ ਸ਼ਾਮਲ ਹੁੰਦੇ। ਇਹ ਚਾਹ ਏਨੀ ਕਿਓਂ ਪੀਤੀ ਜਾਂਦੀ ਸੀ ਇਸਦੀ ਵੀ ਇੱਕ ਵੱਖਰੀ ਕਹਾਣੀ ਹੈ। 

"ਨਵਾਂ ਜ਼ਮਾਨਾ" ਅਖਬਾਰ ਤੋਂ ਮਿਲਦੀ ਮੇਰੀ ਸਾਰੀ ਤਨਖਾਹ ਚਾਹ ਦੀ ਕੀਮਤ ਤਾਰਦਿਆਂ ਕੰਟੀਨ ਵਾਲੇ ਕਾਕੇ ਕੋਲ ਚਲੀ ਜਾਂਦੀ ਸੀ। ਉਹ ਯਾਦਗਾਰੀ ਕੰਟੀਨ "ਅਜੀਤ" ਅਖਬਾਰ ਅਤੇ "ਨਵਾਂ ਜ਼ਮਾਨਾ" ਵਿਚ ਸਾਂਝੀ ਕੰਟੀਨ ਵਰਗੀ ਹੀ ਸੀ। ਕੰਟੀਨ ਦਾ ਮਾਲਕ ਉਂਝ ਤਾਂ ਲੰਮ ਸਲੰਮੇ ਜੁੱਸੇ ਵਾਲਾ ਬੜਾ ਚੰਗੀ ਸਿਹਤ ਵਾਲਾ ਸੀ ਪਰ ਉਸਦਾ ਨਾਮ ਸਾਰੇ ਕਾਕਾ ਆਖ ਕੇ ਹੀ ਬੁਲਾਉਂਦੇ।  ਸੁਭਾਅ ਦਾ ਬਹੁਤ ਹੀ ਚੰਗਾ ਸੀ। ਚਾਹ ਦੇ ਨਾਲ ਰਸ ਅਤੇ ਮੱਠੀਆਂ ਦਾ ਵੀ ਵੱਖਰਾ ਹੀ ਸੁਆਦ ਸੀ। ਇਥੇ ਹੀ ਉਸਤਾਦ ਸ਼ਾਇਰ ਉਲਫ਼ਤ ਬਾਜਵਾ, ਨਕਸਲੀ ਆਗੂ ਜੈਮਲ ਪੱਡਾ, ਚਿਤਰਕਾਰ ਸੁਖਵੰਤ, ਗੀਤਕਾਰ ਹਰਜਿੰਦਰ ਬੱਲ, ਗ਼ਜ਼ਲਾਂ ਦਿਉ ਮੁਹਾਰਤ ਰੱਖਣ ਵਾਲੇ ਇੱਕ ਹੋਰ ਸ਼ਾਇਰ ਡੀ  ਆਰ ਧਵਨ, ਪੱਤਰਕਾਰ ਅਤੇ ਗਜ਼ਲਗੋ ਅਜੀਤ ਕੁਮਾਰ, ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਵਾਲੀ ਸਾਹਿਤਕਾਰ ਅਨਵੰਤ ਕੌਰ-ਉਹਨਾਂ ਦੇ ਪਤੀ ਅਵਤਾਰ ਸਿੰਘ ਦੀਪਕ, ਫੱਕਰ ਸ਼ਾਇਰਾਂ ਵਾਂਗ ਪਤੇ ਦੀਆਂ ਗੱਲਾਂ ਕਰਨ ਵਾਲੇ ਫਕੀਰ ਚੰਦ ਤੁਲਿ ਅਤੇ ਬਹੁਤ ਸਾਰੇ ਹੋਰ ਰਾਂਗਲੇ ਸੱਜਣ ਮਿਲਦੇ ਰਹੇ। 

ਹਾਂ ਪਰ ਗੱਲ ਚਲਦੀ ਸੀ ਘਰ ਵਿਚਲੇ ਫ਼ੰਕਸ਼ਨ ਦੀ। ਜਿਸ ਦਿਨ ਚਹਿਲ ਪਹਿਲ ਸੀ ਉਸ ਦਿਨ ਵੀ ਮੈਂ ਚਾਹ ਬੜੀ ਖੁੱਲ੍ਹ ਕੇ ਪੀਤੀ। ਕਿਸੇ ਦਾ ਸ਼ਾਇਦ ਮੇਰੇ ਵੱਲ ਧਿਆਨ ਵੀ ਨਹੀਂ ਸੀ। ਮੈਂ ਵੀ ਆਪਣੇ ਆਪ ਵਿਚ ਮਸਤ ਸਾਂ। ਮੇਰੇ ਲਈ ਚਾਹ ਅਤੇ ਮਠਿਆਈ ਦੀਆਂ ਮੌਜਾਂ ਲੱਗੀਆਂ ਹੋਈਆਂ ਸਨ।  ਸ਼ਾਇਦ ਭੁੱਲ ਗਿਆ ਸਾਂ ਖੁਸ਼ੀ ਦੇ ਨਾਲ ਨਾਲ ਕੋਈ ਗਮ ਵੀ ਲੁਕਿਆ ਹੁੰਦਾ ਹੈ ਅਤੇ ਗਮ ਨਾਲ ਕੋਈ ਖੁਸ਼ੀ ਵੀ ਸਬੰਧਤ ਹੋ ਸਕਦੀ ਹੈ। 

ਅਚਾਨਕ ਮੇਰਾ ਧਿਆਨ ਉਦੋਂ ਭੰਗ ਹੋਇਆ ਜਦੋਂ  ਪਰਿਵਾਰ ਦੇ ਮੈਂਬਰ ਮੇਰੀ ਭੂਆ ਕ੍ਰਿਪਾਲ ਕੌਰ ਨੂੰ ਇੱਕ ਫੂਲਾਂ ਨਾਲ ਸਜੀ ਹੋਈ ਕਾਰ ਵਿਚ ਬਿਠਾਉਣ ਲੱਗੇ। ਉਸ ਕਾਰ ਵਿੱਚ ਭੂਆ ਨਾਲ ਕੋਈ ਹੋਰ ਸਰਦਾਰ ਜਿਹਾ ਵੀ ਸੀ। ਜਿਸਦੀ ਪਰਸਨੈਲਿਟੀ ਮੈਨੂੰ ਬਹੁਤ ਬਾਅਦ ਵਿਚ ਪਤਾ ਲੱਗਿਆ ਇਹ ਪ੍ਰਸਿੱਧ ਕਾਮਰੇਡ ਪ੍ਰਦੁਮਨ ਸਿੰਘ ਸੀ ਜਿਸ ਨਾਲ ਮੇਰੀ ਭੂਆ ਦਾ ਵਿਆਹ ਕੀਤਾ ਗਿਆ ਸੀ। ਕਿਓਂਕਿ ਦੋਵੇਂ ਪਰਿਵਾਰ ਕਮਿਊਨਿਸਟ ਸਨ ਇਸ ਲਈ ਸਾਦਗੀ ਨਾਲ ਸਭ ਕੁਝ ਹੋਇਆ ਸੀ। ਸਾਡੇ ਜਾਣਕਾਰਾਂ ਵਿੱਚੋਂ ਹਰ ਕੋਈ ਆਪੋ ਆਪਣੇ ਮੁਤਾਬਿਕ ਕੋਈ ਨ ਕੋਈ ਸੌਗਾਤ ਲੈ ਕੇ ਆਇਆ ਸੀ। ਇਹ ਸੌਗਾਤਾਂ ਬੜੀ ਸ਼ਰਧਾ, ਪਿਆਰ ਅਤੇ ਸਤਿਕਾਰ ਨਾਲ ਦਿੱਤੀਆਂ ਗਈਆਂ ਸਨ। 

ਮੈਂ ਚਿੰਤਾ ਅਤੇ ਸੋਚ ਵਿਚ ਪੈ ਗਿਆ ਇਹ ਭਾਈ ਕੌਣ ਹੈ? ਮੇਰੀ ਭੂਆ ਇਸ ਨਾਲ ਕਿਓਂ ਅਤੇ ਕਿਥੇ ਜਾ ਰਹੀ ਹੈ? ਮੇਰਾ ਰੌਣਾ ਦੇਖ ਕੇ ਮੇਰੀ ਭੂਆ ਮੈਨੂੰ ਘੁੱਟ ਕੇ ਮਿਲੀ ਅਤੇ ਕਾਰ ਵਿਚ ਬੈਠਣ ਲੱਗੀ ਤਾਂ ਮੈਂ ਹੋਰ ਰੋ ਪਿਆ। ਨਾਲ ਹੀ ਆਖਣ ਲੱਗਾ ਮੈਂ ਨਹੀਂ ਆਪਣੀ ਭੂਆ ਨੂੰ ਕਿਤੇ ਜਾਣ ਦੇਣਾ।  

ਮੈਨੂੰ ਬਹੁਤ ਸਮਝਾਇਆ ਗਿਆ ਪਰ ਮੇਰਾ ਰੋਣਾ ਬੰਦ ਨਹੀਂ ਸੀ ਹੋ ਰਿਹਾ। ਅਖੀਰ ਭੂਆ ਫਿਰ ਕਾਰ ਵਿਚੋਂ ਬਾਹਰ ਆਈ..ਮੈਨੂੰ ਕਾਰ ਵਿਚ ਆਪਣੇ ਨਾਲ ਆਪਣੀ ਝੋਲੀ ਵਿੱਚ ਬਿਠਾਇਆ। ਏਨੇ ਵਿੱਚ ਹੀ ਘਰੋਂ ਇੱਕ ਕੱਪੜੇ ਦਾ ਥੈਲਾ ਜਿਹਾ ਕਾਰ ਵਿਚ ਹੀ ਮੇਰੀ ਭੂਆ ਨੂੰ ਫੜਾ ਦਿੱਤਾ ਗਿਆ ਜਿਸ ਵਿੱਚ ਮੇਰੇ ਦੋ ਚਾਰ ਕੱਪੜੇ ਸਨ ਅਤੇ ਕਾਰ ਤੁਰ ਪਈ। ਮੈਂ ਪਹਿਲੀ ਵਾਰ ਡੋਲੀ ਤੁਰਦੀ ਦੇਖੀ ਸੀ। ਪਹਿਲੀ ਵਾਰ ਹੀ ਕੋਈ ਵਿਆਹ ਦੇਖਿਆ ਸੀ। ਪਹਿਲੀ ਵਾਰ ਹੀ ਵਿਆਹ ਨਾਲ ਸਬੰਧਤ ਕੁਝ ਸੁਆਲ ਮਨ ਵਿਚ ਪੈਦਾ ਹੋਏ ਸਨ।  

ਜਦੋਂ ਕਾਰ ਮੁਰਾਦਪੁਰ, ਮਿੱਲਰਗੰਜ, ਜਗਰਾਓਂ ਵਾਲਾ ਪੁਲ ਅਤੇ ਸ਼ਹਿਰ ਦੇ ਹੋਰ ਇਲਾਕਿਆਂ ਨੂੰ ਛੱਡਦੀ ਹੋਈ ਲੁਧਿਆਣੇ ਤੋਂ ਬਾਹਰ ਜਲੰਧਰ-ਅੰਮ੍ਰਿਤਸਰ ਵਾਲੀ ਸੜਕੇ  ਪੈ ਗਈ ਤਾਂ  ਮੈਨੂੰ ਮਹਿਸੂਸ ਹੋਣ ਲੱਗਿਆ ਕਿ ਮੈਂ ਭੂਆ ਨਾਲ ਕਿਧਰੇ ਦੂਰ ਜਾ ਰਿਹਾ ਹਾਂ। ਲੁਧਿਆਣੇ ਵਾਲੇ ਘਰ ਤੋਂ ਦੂਰ। ਆਪਣੀ ਮਾਂ ਤੋਂ ਦੂਰ ਪਿਤਾ ਤੋਂ ਦੂਰ, ਦਾਦੀ ਤੋਂ ਦੂਰ, ਚਾਚੇ ਤੋਂ ਦੂਰ..ਆਪਣੇ ਇਲਾਕੇ ਦੀਆਂ ਗਲੀਆਂ ਤੋਂ ਦੂਰ। ਪਿਛਲਾ ਖਿਆਲ ਮੁੜ ਮੁੜ ਕੇ ਆਇਆ ਤਾਂ ਉਦਾਸੀ ਹੋਰ ਵੀ ਜ਼ੋਰ ਫੜਨ ਲੱਗੀ ਪਰ ਮੈਂ ਲੁਕਾਈ ਰੱਖੀ। 

ਫਿਲਮ "ਮਾਚਿਸ" ਵਾਲਾ ਗੀਤ--"ਛੋੜ ਆਏ ਹਮ ਵੋ ਗਲੀਆਂ"... ਤਾਂ ਬਹੁਤ ਦੇਰ ਬਾਅਦ ਲਿਖਿਆ ਗਿਆ ਪਰ ਮੇਰੇ ਲਈ ਇਹ ਗੀਤ ਅੱਜ ਵੀ ਹਕੀਕਤ ਹੈ। ਮੁੜ ਉਹਨਾਂ ਛੱਡੀਆਂ ਹੋਈਆਂ ਗਲੀਆਂ ਵੱਲ ਕਦੇ ਨਾ ਜਾ ਹੋਇਆ। ਚਾਰ ਕੁ ਦਹਾਕਿਆਂ ਮਗਰੋਂ ਦੋ ਚਾਰ ਗੇੜੇ ਮਾਰੇ ਪਰ ਸਭ ਕੁਝ ਬਦਲ ਚੁੱਕਿਆ ਸੀ। ਉਹਨਾਂ ਗਲੀਆਂ ਦੇ ਮੋੜਾਂ ਦੀ ਬਸ ਧੁੰਦਲੀ ਜਿਹੀ ਯਾਦ ਹੀ ਬਾਕੀ ਬੱਚੀ। ਉਹ ਮਕਾਨ--ਉਹ ਇਮਾਰਤਾਂ ਸਭ ਕੁਝ ਬਦਲ ਗਿਆ। ਉਥੇ ਰਹਿੰਦੇ ਲੋਕ ਵੀ ਕਿਸੇ ਨ ਕਿਸੇ ਹੋਰ ਪੋਸ਼ ਇਲਾਕੇ ਵਿੱਚ ਸ਼ਿਫਟ ਹੋ ਗਏ ਸਨ। 

ਅਗਿਆਤਵਾਸ ਦੌਰਾਨ ਕਿਸੇ ਜਾਣਕਾਰ ਨੇ ਪਿਤਾ ਜੀ ਨੂੰ ਆਖਿਆ ਤੁਹਾਡਾ ਤਾਂ ਬਣਵਾਸ ਹੀ ਲੰਮਾ ਹੋ ਗਿਆ।  ਮੈਂ ਪੁੱਛਿਆ ਬਣਵਾਸ ਕੀ ਹੁੰਦਾ ਹੈ ਤਾਂ ਜੁਆਬ ਇੱਕ ਜੁਆਬੀ ਸੁਆਲ ਵਾਂਗ ਮਿਲਿਆ  ਤੈਨੂੰ ਪਤਾ ਨਹੀਂ ਰਾਮ ਜੀ ਨੂੰ 14 ਸਾਲ ਦਾ ਬਣਵਾਸ ਮਿਲਿਆ ਸੀ। ਉਸ ਦਿਨ ਮਨ ਵਿਚ ਤਮੰਨਾ ਪੈਦਾ ਹੋਈ ਕਿਸੇ ਤਰ੍ਹਾਂ ਰਾਮਾਇਣ ਪੜ੍ਹਨ ਦਾ ਮੌਕਾ ਮਿਲੇ ਪਰ ਇਹ ਕਿਵੇਂ ਸੰਭਵ ਸੀ? ਮੈਨੂੰ ਤਾਂ ਹਿੰਦੀ ਵੀ ਨਹੀਂ ਸੀ ਆਉਂਦੀ। ਇਸ ਤਮੰਨਾ ਨੇ ਹਿੰਦੀ ਸਿੱਖਣ ਵਾਲੇ ਪਾਸੇ ਲਾਇਆ। ਹਿੰਦੀ ਕਿਵੇਂ ਸਿੱਖੀ ਇਸਦੀ ਵੀ ਇੱਕ ਵੱਖਰੀ ਕਹਾਣੀ ਹੈ। ਜਿਹੜੀ ਫਿਰ ਕਦੇ ਸਹੀ। 

ਭੂਆ ਨਾਲ ਇਹ ਆਤਮਿਕ ਜਿਹੀ ਸਾਂਝ ਅਖੀਰ ਤੱਕ ਬਣੀ ਰਹੀ। ਉਸ ਦਿਨ ਤੋਂ ਅੰਮ੍ਰਿਤਸਰ ਨਾਲ ਬਣੀ ਸਾਂਝ ਅਜੇ ਤੀਕ ਜਾਰੀ ਹੈ। ਇੱਕ ਦੋ ਦਿਨਾਂ ਮਗਰੋਂ ਸਭਨਾਂ ਨੇ ਪੁੱਛਣਾ ਸ਼ੁਰੂ ਕੀਤਾ ਕਿ ਇਥੇ ਰਹਿਣਾ ਜਾਂ ਵਾਪਿਸ ਲੁਧਿਆਣੇ ਚੱਲਣਾ? ਮੈਂ ਭੂਆ ਨਾਲ ਰਹਿਣ ਦੀ ਹਾਮੀ ਹੀ ਭਰੀ ਪਰ ਲੁਧਿਆਣੇ ਜਾਣ ਦੀ  ਉਦਾਸੀ ਵੀ ਦਿਲ ਦਿਮਾਗ ਵਿੱਚ ਘਰ ਕਰ ਗਈ। 

ਉਦੋਂ ਮੈਨੂੰ ਅਹਿਸਾਸ ਹੋਇਆ ਕਿ ਕਿਵੇਂ ਸਾਡੀ ਸ਼ਖ਼ਸੀਅਤ ਇੱਕ ਤੋਂ ਵੱਧ ਥਾਂਈਂ ਵੰਡੀ ਜਾਂਦੀ ਹੈ। ਉਦੋਂ ਮੈਂ ਸੋਚਦਾ ਕਾਸ਼ ਅੱਖਾਂ ਮੀਚਦਾ ਤੇ ਲੁਧਿਆਣਾ ਜਾ ਪਹੁੰਚਦਾ। ਫਿਰ ਅੱਖਾਂ ਮੀਚਦਾ ਤੇ ਵਾਪਿਸ ਅੰਮ੍ਰਿਤਸਰ ਆ ਜਾਂਦਾ। ਮੈਂ ਬਾਬਾ ਨਾਨਕ ਦੀ ਤਸਵੀਰ ਸਾਹਮਣੇ ਬੈਠ ਪੁੱਛਦਾ ਮੈਨੂੰ ਵੀ ਸਿਖਾਓ ਇਹ ਸਾਰਾ ਜਾਦੂ। ਪਰ ਜਾਦੂ ਤਾਂ ਜਾਦੂ ਹੀ ਹੁੰਦੇ ਹਨ। ਅਸਲ ਵਿੱਚ ਯੋਗਮਾਇਆ ਦੀ ਮਾਇਆ ਦੇ ਭੇਦ ਬੜੇ ਡੂੰਘੇ ਹੁੰਦੇ ਹਨ। ਅਧਿਆਤਮ ਦੀ ਦੁਨੀਆ ਇਹਨਾਂ ਰਿਧੀਆਂ ਸਿੱਧੀਆਂ ਅਤੇ ਹੋਰ ਕਰਾਮਾਤੀ ਸ਼ਕਤੀਆਂ ਤੋਂ ਕਿਤੇ  ਜ਼ਿਆਦਾ ਉਚੇਰੀ ਅਵਸਥਾ ਦਾ ਅਹਿਸਾਸ ਕਰਾਉਂਦੀ ਹੈ।  

ਏਨੇ ਵਿਚ ਮੈਂ 9-10 ਸਾਲਾਂ ਦਾ ਹੋ ਗਿਆ ਸਾਂ। ਹਾਲਾਤ ਅਤੇ ਜ਼ਿੰਦਗੀ ਦੀ ਕੁਝ ਕੁਝ ਸਮਝ ਆਉਣ ਲੱਗ ਪਈ ਸੀ। ਮੈਂ ਗੁਰਮੁਖੀ ਪੜ੍ਹਨੀ ਵੀ ਸਿੱਖ ਲਈ ਸੀ। ਕਿਤਾਬਾਂ ਹੀ ਸਾਥੀ ਸਨ। ਘਰ ਪਈਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲਈਆਂ। ਇਹਨਾਂ ਕਿਤਾਬਾਂ ਦੀ ਪੜ੍ਹਾਈ ਦੇ ਇਸ ਸ਼ੌਂਕ ਕਾਰਨ ਹੀ ਗਿਆਨੀ ਦਾ ਇਮਤਿਆਹਨ ਪਹਿਲੇ ਹੱਲੇ ਪਾਸ ਹੋ ਗਿਆ ਸੀ ਪਰ ਸ਼ਖ਼ਸੀਅਤ ਖੰਡਿਤ ਹੀ ਰਹੀ। ਧਿਆਨ ਏਧਰ ਓਧਰ ਜਾਂਦਾ ਹੀ ਰਹਿੰਦਾ। ਇਸ ਭਟਕਣ ਨੇ ਹੀ ਸਾਹਿਤ ਪ੍ਰਤੀ ਸੰਵੇਦਨਾ ਵਧਾਈ। ਦਿੱਲੀ, ਅੰਮ੍ਰਿਤਸਰ, ਜਲੰਧਰ, ਫਿਰੋਜ਼ਪੁਰ, ਫਰੀਦਕੋਟ ਅਤੇ ਹੋਰ ਵੀ ਬਹੁਤ ਸਾਰੀਆਂ ਥਾਂਵਾਂ ਹੁਣ ਤੱਕ ਜ਼ਹਿਨ ਵਿੱਚ ਹਨ। ਇਸਦੇ ਬਾਵਜੂਦ ਅੱਜ ਵੀ ਅੰਮ੍ਰਤਿਸਰ ਜਨਮਾਂ ਜਨਮਾਂਤਰਾਂ ਦੇ ਚੇਤਿਆਂ ਵਾਂਗ ਦਿਲ ਵਿਚ ਵੱਸਿਆ ਹੋਇਆ ਹੈ।  ਇਥੇ ਜ਼ਾਦ ਆ ਰਹੀਆਂ ਹਨ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਹੁਰਾਂ ਵੱਲੋਂ ਕਿਸੇ ਵੇਲੇ ਸੁਣਾਈਆ ਸਤਰਾਂ:ਮਨ ਤੇਰਾ ਦੇਸ ਅਤੇ ਤਨ ਪਰਦੇਸ ਵਿੱਚ  ਕਿਵੇਂ ਵੇ ਤੂੰ ਵੰਡਿਆ ਗਿਆ!

ਸੱਠਵਿਆਂ ਦੇ ਅਖੀਰ ਵਿੱਚ ਨਕਸਲਬਾੜੀ ਦੀ ਲਹਿਰ ਪੰਜਾਬ ਵਿੱਚ ਪੂਰੀ ਤਰ੍ਹਾਂ ਦਸਤਕ ਦੇ ਚੁੱਕੀ ਸੀ। ਇਸੇ ਲਹਿਰ ਦੇ ਚੱਲਦਿਆਂ ਪਿਤਾ ਜੀ ਨੂੰ ਅੰਡਰਗਰਾਊਂਡ ਹੋਣਾ ਪਿਆ। ਪੁਲਿਸ ਦੇ ਅਖਬਾਰਾਂ ਵਿਚ ਛਪੇ ਬਿਆਨਾਂ ਵਿੱਚ ਉਹਨਾਂ ਨੂੰ ਚਮਕੌਰ ਸਾਹਿਬ ਥਾਣੇ 'ਤੇ ਹਮਲੇ ਦਾ ਮਾਸਟਰ ਮਾਈਂਡ ਦੱਸਿਆ ਗਿਆ ਸੀ। ਬਾਅਦ ਵਿੱਚ ਗੋਲੀ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ।ਹਾਲਾਤ ਬੇਹੱਦ ਨਾਜ਼ੁਕ ਬਣ ਗਏ ਸਨ। ਇਹੀ ਖਤਰਾ ਰਹਿੰਦਾ ਕਿ ਅੱਜ ਕਿਧਰੇ ਐਨਕਾਊਂਟਰ ਨਾ ਬਣਾ ਦਿੱਤਾ ਹੋਵੇ। ਬਸ ਇਹਨਾਂ ਖਤਰਿਆਂ ਦੇ ਪਰਛਾਵਿਆਂ ਹੇਠ ਅਖਬਾਰ ਪੜ੍ਹਨ ਦਾ ਜਨੂੰਨ ਲੱਗਿਆ। ਨਵਾਂ ਜ਼ਮਾਨਾ ਦੇ ਨਾਲ ਨਾਲ ਲਾਇਬ੍ਰੇਰੀ ਜਾ ਕੇ ਬਾਕੀ ਅਖਬਾਰਾਂ ਵੀ ਪੜ੍ਹਨੀਆਂ ਕਿ ਕੀਤੇ ਇੰਝ ਨਾ ਹੋ ਗਿਆ ਹੋਵੇ--ਕਿਤੇ ਉਂਝ ਨਾ ਹੋ ਗਿਆ ਹੋਵੇ। ਬਸ ਇਹੀ ਜਨੂੰਨ ਮੈਨੂੰ ਸਾਹਿਤ ਅਤੇ ਪੱਤਰਕਾਰੀ ਵਾਲੇ ਪਾਸੇ ਲੈ ਆਇਆ। 

ਮੈਨੂੰ ਯਾਦ ਹੈ ਦੁਸਹਿਰਾ ਲੰਘ ਕੇ ਹਟਿਆ  ਸੀ। ਪੰਜ ਸੱਤ ਛੋਟੀਆਂ ਛੋਟੀਆਂ ਫੁਲਝੜੀਆਂ ਪਟਾਕੇ ਮੈਂ ਚਲਾ ਲਏ ਸਨ ਅਤੇ ਏਨੇ ਕੁ ਹੀ ਬਚਾ ਵੀ ਲਏ ਸਨ ਦੀਵਾਲੀ ਲਈ। ਪਿਤਾ ਜੀ ਦੇ ਅਚਾਨਕ ਅੰਡਰਗਰਾਊਂਡ ਹੋਣ ਕਾਰਨ ਅਸੀਂ ਉਸ ਮਕਾਨ ਨੂੰ ਤਾਲਾ ਲਾਇਆ ਅਤੇ ਘਰੋਂ ਨਿਕਲ ਤੁਰੇ। 

ਮੁੜ ਕੇ ਕਦੇ ਉਸ ਘਰ ਨਹੀਂ ਵੜੇ। ਕਦੇ ਉਸ ਉਡੀਕ ਵਾਲੀ ਦੀਵਾਲੀ ਵੀ ਨਹੀਂ ਆਈ। ਉਡੀਕ ਅਜੇ ਤੀਕ ਨਹੀਂ ਮੁੱਕੀ। ਮੈਂ ਅੱਜ ਤੱਕ ਕਦੇ ਦੀਵਾਲੀ ਮਨਾਈ ਵੀ ਨਹੀਂ। ਹਮੇਸ਼ਾਂ ਜਸਵੰਤ ਸਿੰਘ ਕੰਵਲ ਵੀ ਚੇਤੇ ਰਿਹਾ। ਖਾਸ ਕਰ ਲੰਮੇ ਸਮੇਂ ਤੀਕ ਪਾਠਕਾਂ ਨੂੰ ਪ੍ਰਭਾਵਿਤ ਕਰਨ ਵਾਲੇ  ਉਸ ਨਾਵਲ ਦਾ ਕਵਰ-ਰਾਤ ਬਾਕੀ ਹੈ।  ਇਸਦੇ ਨਾਲ ਹੀ ਮਿੱਤਰ ਮਹਿੰਦਰ ਸਾਥੀ ਦਾ ਗੀਤ ਵੀ ਚੇਤਿਆਂ ਵਿਚ ਰਿਹਾ-ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ-ਗੁਪਤਵਾਸ ਦੇ ਉਹਨਾਂ ਵੇਲਿਆਂ ਦੌਰਾਨ ਸਾਡੇ ਟਿਕਾਣੇ ਲਗਾਤਾਰ ਬਦਲਦੇ ਰਹੇ। ਜ਼ਿਆਦਾ ਸਮਾਂ ਦਿੱਲੀ ਹੀ ਕੱਟਿਆ। ਦਿੱਲੀ  ਵਿਚ ਸਾਨੂੰ ਲੋਕਾਂ ਦਾ ਬਹੁਤ ਸੰਘਣਾ ਜੰਗਲ ਲੱਭ ਗਿਆ ਸੀ। ਕੋਈ ਰਿਸ਼ਤੇਦਾਰ ਨੇੜੇ ਤੇੜੇ ਵੀ ਨਹੀਂ ਸੀ। ਹੁੰਦਾ ਵੀ ਤਾਂ ਜਾਣਾ ਠੀਕ ਨਹੀਂ ਸੀ। ਪਰ ਮੇਰੀ ਭੂਆ ਅਤੇ ਫੁੱਫੜ ਉਹਨਾਂ ਖਤਰਿਆਂ ਭਰੇ ਦਿਨਾਂ ਵਿਚ ਵੀ ਆ ਕੇ ਮਿਲ ਜਾਂਦੇ ਰਹੇ। ਕਦੇ ਦਿੱਲੀ ਵਿਚਲੇ ਖੁਲ੍ਹੇ ਮੈਦਾਨਾਂ ਅਤੇ ਸੜਕਾਂ ਤੇ ਹੁੰਦੀਆਂ ਕਮਿਊਨਿਸਟ ਰੈਲੀਆਂ ਵਿੱਚ ਨਾਅਰੇ ਮਾਰਦਿਆਂ। ਇਸੇ ਤਰ੍ਹਾਂ ਕਦੇ ਮਈ ਦਿਵਸ ਦੇ ਪ੍ਰਗਰਾਮਾਂ ਵਿਚ ਕਦੇ,  ਸੀਸ ਗੰਜ ਸਾਹਿਬ ਵਿਖੇ ਅਤੇ ਕਦੇ ਬੰਗਲਾ ਸਾਹਿਬ ਵਿਖੇ। 

ਕਰੀਬ ਅੱਠ ਦੱਸ ਸਾਲ ਹੋਰ ਲੰਘ ਗਏ ਸਨ। ਪੰਜਾਬ ਵਿਚ ਖਾੜਕੂਵਾਦ ਜ਼ੋਰ ਫੜਨ ਲੱਗ ਪਿਆ ਸੀ। ਸੰਨ 1978 ਦੀ ਵਿਸਾਖੀ ਵਾਲੇ ਅੰਮ੍ਰਿਤਸਰ ਵਿੱਚ ਨਿਰੰਕਾਰੀਆਂ ਅਤੇ ਸਿੰਘਾਂ ਦਰਮਿਆਨ ਹੋਇਆ ਟਕਰਾਓ ਪੰਜਾਬ ਦੇ ਸੰਘਰਸ਼ਾਂ ਵਿਚ ਇੱਕ ਨਾਜ਼ੁਕ ਮੋੜ ਵਾਂਗ ਸਾਹਮਣੇ ਆਇਆ। ਨਕਸਲੀ ਲਹਿਰ ਤੋਂ ਬਾਅਦ ਖਾੜਕੂਆਂ ਦੇ ਮੁਕਾਬਲਿਆਂ ਨਾਲ ਹਾਲਾਤ ਦਿਨੋਂ  ਦਿਨ ਨਾਜ਼ੁਕ ਹੁੰਦੇ ਜਾ ਰਹੇ ਸਨ। ਨਾਵਲ-"ਲਹੂ ਦੀ ਲੋਅ" ਤੋਂ ਬਾਅਦ "ਐਨਿਆਂ ਚੋਣ ਉੱਥੋਂ ਸੂਰਮਾ" ਦਾ ਸਫਰ ਪੰਜਾਬੀਆਂ ਸਾਹਮਣੇ ਸਾਕਾਰ ਜਿਹਾ ਹੋਣ ਲੱਗ ਪਿਆ ਸੀ। ਜਸਵੰਤ ਸਿੰਘ ਕੰਵਲ ਦੀ ਆਲੋਚਨਾ ਵੀ ਹੋਇਆ ਪਰ ਹਕੀਕਤ ਇੱਕ ਦਿਨ ਫੇਰ ਬੋਲੇਗੀ ਇਹ ਵੀ ਪੱਕੀ ਗੱਲ ਹੈ। ਜਸਵੰਤ ਸਿੰਘ ਕੰਵਲ ਦੀ ਆਵਾਜ਼ ਦੇਹਾਂਤ ਨਾਲ ਖਾਮੋਸ਼ ਹੋਣ ਵਾਲੀ ਵੀ ਨਹੀਂ।  

ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਅਤੀਤ ਰੁਕ ਰੁਕ ਕੇ ਅਤੇ ਕਈ ਵਾਰ ਟੁੱਟ ਟੁੱਟ ਕੇ ਮੇਰੇ ਸਾਹਮਣੇ ਰੂਪਮਾਨ ਹੁੰਦਾ ਰਿਹਾ। ਹਾਲਾਤ ਸ਼ਾਂਤ ਹੋਣ ਦੀ ਬਜਾਏ ਵਿਗੜਦੇ ਚਲੇ ਗਏ। ਪਸਾਰਵਾਦ ਵਾਲੀਆਂ ਸੋਚਾਂ, ਸਾਮਰਾਜੀ ਸਾਜ਼ਿਸ਼ਾਂ, ਸਰਮਾਏਦਾਰੀ ਦੇ ਜਾਲ ਅਤੇ ਕਾਰਪੋਰੇਟੀ ਕਲਚਰ ਬਹੁਤ ਪਹਿਲਾਂ ਵੀ ਕਿਸੇ ਨਾ ਕਿਸੇ ਢੰਗ ਨਾਲ ਮੌਜੂਦ ਸੀ। ਸੰਨ 1947 ਵਾਲੀ ਆਜ਼ਾਦੀ ਤੋਂ ਬਾਅਦ ਵੀ ਇਸਦੀ ਜਕੜ ਮਜ਼ਬੂਤ ਹੁੰਦੀ ਰਹੀ। ਇਸੇ ਤਰ੍ਹਾਂ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਾਂਗ ਪੰਜਾਬ ਵੀ ਇਹਨਾਂ ਅਣਮਨੁੱਖੀ ਸੋਚਾਂ ਸੋਚਣ ਵਾਲਿਆਂ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਰਿਹਾ। ਜੰਗਾਂ ਜੁੱਧਾਂ ਨੇ ਅਮਨ ਅਮਨ ਨੂੰ ਕਦੇ ਵੀ ਲੰਮੇ ਸਮੇਂ ਤੱਕ ਟਿਕਣ ਨਾ ਦਿੱਤਾ। 

ਬਸਰੇ ਦੀ ਜੰਗ ਲੱਗੀ ਤਾਂ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਫੌਜਾਂ ਆਪਣੇ ਹਿੱਤਾਂ ਦੀ ਰਾਖੀ ਲਈ ਇਰਾਕ ਭੇਜੀਆਂ। ਇਹਨਾਂ ਵਿੱਚ ਪੰਜਾਬੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ ਜਿਹੜੀ ਕੁਝ ਹਜ਼ਾਰਾਂ ਤੋਂ ਸ਼ੁਰੂ ਹੋ ਕੇ ਲੱਖਾਂ ਤੱਕ ਪਹੁੰਚ ਗਈ ਸੀ। ਜੇਕਰ ਅੱਜ ਗੋਦੀ ਮੀਡੀਆ ਦੀ ਚਰਚਾ ਹੈ ਤਾਂ ਉਦੋਂ ਵੀ ਸਰਕਰ ਦੇ ਧੂਤੂ ਬਥੇਰੇ ਸਨ। ਜਦੋਂ ਲੋਕ ਪੱਖੀ ਕਲਮਕਾਰ ਲਿਖ ਅਤੇ ਬੋਲ ਰਹੇ ਸਨ-

ਸੜਕਾਂ ਵਿਚ ਟੋਏ ਨੀ;

ਬੱਚੜੇ ਗ਼ਰੀਬਾਂ ਦੇ;

ਬਸਰੇ ਵਿਚ ਮੋਏ ਨੀ!

ਇੱਕ ਹੋਰ ਗੇਟ ਗਿਆ ਜਾਂਦਾ ਸੀ--

ਬਸਰੇ ਦੀ ਲਾਮ ਟੁੱਟ ਜੇ;

ਨੀ ਮੈਂ ਰੰਡੀਓ ਸੁਹਾਗਣ ਹੋਵਾਂ!

ਉਦੋਂ ਵੀ ਗੋਦੀ ਮੀਡੀਆ ਦੀ ਤਰਜਮਾਨੀ ਕਰਦੇ ਲੋਕ ਮੌਜੂਦ ਰਹੇ- ਇਕ ਸੀ ਕੋਈ ਭਾਈ ਛਲੀਆ ਪਟਿਆਲੇ ਵਾਲਾ-ਉਸਨੇ ਅੰਗਰੇਜ਼ਾਂ ਦੇ ਕਹਿਣ 'ਤੇ ਇੱਕ ਗੀਤ ਲਿਖਿਆ ਜਾਂ ਲਿਖਵਾਇਆ ਪਰ ਉਸ ਗੀਤ ਤੇ ਬਣਿਆ ਤਵਾ ਥਾਂ ਥਾਂ ਚੱਲਦਾ ਸੁਣੀਂਦਾ ਸੀ--ਉਸ ਮਨੁੱਖਤਾ ਵਿਰੋਧੀ ਗੀਤ ਦੇ ਬੋਲ ਸਨ- ਜਿਹੜਾ ਤਵਾ ਬਣਾਇਆ ਗਿਆ ਸੀ ਉਸ ਦਾ ਸੁਨੇਹਾ ਜੰਗ ਦੀ ਭਾਠੀ ਲਈ ਬਾਲਣ ਇਕੱਠਾ ਕਰਨ ਵਾਲਾ ਹੀ ਸੀ..!

ਭਰਤੀ ਹੋ ਜਾ ਵੇ ਬਾਹਰ ਖੜ੍ਹੇ ਰੰਗਰੂਟ!

ਏਥੇ ਖਾਵੇਂ ਸੁੱਕੀ ਹੋਈ ਰੋਟੀ ਓਥੇ ਖਾਵੇਂ ਫਰੂਟ!

ਏਥੇ ਪਾਵੇਂ ਫਟੇ ਹੋਏ ਲੀੜੇ ਓਥੇ ਪਾਵੇਂ ਸੂਟ!

ਏਥੇ ਪਾਵੇਂ ਟੁੱਟੀ ਹੋਈ ਜੁੱਤੀ ਓਥੇ ਪਾਵੇਂ ਬੂਟ!

ਅਜਿਹੀਆਂ ਲੋਕ ਵਿਰੋਧੀ ਪ੍ਰਚਾਰ ਮੁਹਿੰਮਾਂ ਦੇ ਜੁਆਬ ਵਿੱਚ ਜੰਗ ਦੇ ਵਿਰੋਧੀ ਵੀ ਸਰਗਰਮ ਰਹੇ.ਲੋਕ ਪੱਖੀ ਭਾਵਨਾਵਾਂ ਵਾਲੇ ਵੀ ਸਰਗਰਮ ਰਹੇ--ਫਿਰ ਜਦੋਂ ਜੰਗਾਂ ਮੁੱਕ ਗਈਆਂ ਪਰ ਸੰਨ 1947 ਵਿੱਚ ਅਤੇ ਮਗਰੋਂ ਵੀ ਅਮਨ ਨਾ ਹੋਇਆ ਤਾਂ ਇਹਨਾਂ ਲੋਕ ਹਮਾਇਤੀਆਂ ਦੀ ਜ਼ਿੰਮੇਵਾਰੀ ਹੋਰ ਵਧ ਗਈ। 

ਇਹ ਗੀਤ ਮੂਲ ਰੂਪ ਵਿੱਚ ਕਰਤਾਰ ਸਿੰਘ ਬਲੱਗਣ ਹੁਰਾਂ ਦਾ ਲਿਖਿਆ ਹੋਇਆ ਸੀ ਜਿਸ ਨੂੰ ਆਵਾਜ਼ ਦਿੱਤੀ ਸੀ ਉਹਨਾਂ ਵੇਲਿਆਂ ਦੀ ਉਘੀ ਗਾਇਕਾ ਸੁਰਿੰਦਰ ਕੌਰ ਨੇ। 

ਵੇ ਮੁੜਿਆ ਲਾਮਾਂ ਤੋਂ!

ਸਾਨੂੰ ਘਰੇ ਬੜਾ ਰੋਜ਼ਗਾਰ

ਕਿ ਕਣਕਾਂ ਨਿੱਸਰ ਪਈਆਂ

ਕਦੇ ਮੁੜ ਕੇ ਝਾਤੀ ਮਾਰ!

ਵੇ ਮੁੜਿਆ ਲਾਮਾਂ ਤੋਂ!

ਭੂਆ ਕਿਰਪਾਲ ਕੌਰ ਦੀ ਦੇਖ ਰੇਖ ਅਤੇ ਨਿਰਦੇਸ਼ਨ ਹੇਠ ਚੱਲਦੇ ਕਈ ਸਕੂਲਾਂ ਵਿੱਚ ਸਮੇਂ ਸਮੇਂ ਹੁੰਦੇ ਫ਼ੰਕਸ਼ਨਾਂ ਦੌਰਾਨ ਇਸ ਗੀਤ ਦਾ ਨਾਟਕੀ ਮੰਚਨ ਵੀ ਹੁੰਦਾ ਰਿਹਾ। ਜੰਗ ਦੇ ਖਤਰਿਆਂ ਖਿਲਾਫ ਚੇਤਨਾ ਜਗਾਉਣ ਦੀ ਇਹ ਇੱਕ ਜ਼ੋਰਦਾਰ  ਕੋਸ਼ਿਸ਼ ਸੀ। ਇਪਟਾ, ਇਸਕਸ, ਇਸਤਰੀ ਸਭਾ ਅਤੇ ਹੋਰ ਬਹੁਤ ਸਾਰੇ ਸੰਗਠਨ ਇਸ ਚੇਤਨਾ ਲਈ ਸਰਗਰਮ ਵੀ ਲਗਾਤਾਰ ਰਹੇ ਪਰ ਜੰਗ ਫਿਰ ਵੀ ਸਾਡੇ ਸਿਰਾਂ 'ਤੇ ਮੰਡਰਾ ਰਹੀ ਹੈ। ਇਸਰਾਈਲ ਅਤੇ ਫਲਸਤੀਨ ਦਰਮਿਆਨ ਛੋਟੇ ਛੋਟੇ ਬੱਚੇ ਵੀ ਗੋਲੀਆਂ ਅਤੇ ਬੰਬਾਂ ਦੀ ਮਾਰ ਤੋਂ ਨਹੀਂ ਬਚੇ। ਪੂਰੀ ਦੁਨੀਆ ਵਿਚ ਕੁਰਲਾਹਟ ਹੈ। ਤੀਸਰੀ ਸੰਸਾਰ ਜੰਗ ਦੇਸਟਕ ਦੇ ਚੁੱਕੀ ਹੈ। ਜੋਤਿਸ਼ ਵਿਗਿਆਨ  ਦੇ ਮਾਹਰ ਵੀ ਇਸ ਕਿਸਮ ਦੀਆਂ ਭਵਿੱਖਬਾਣੀਆਂ ਕਰ ਚੁੱਕੇ ਹਨ। ਜੰਗ ਦੇ ਇਹਨਾਂ ਤਿੱਖੇ ਹੋ ਰਹੇ ਖਤਰਿਆਂ ਦੌਰਾਨ ਇੱਕ ਵਾਰ ਫੇਰ ਸਾਹਿਰ ਲੁਧਿਆਣਵੀ ਸਾਹਿਬ ਦੀ ਲੰਮੀ ਕਵਿਤਾ "ਪਰਛਾਈਆਂ" ਪੜ੍ਹ ਰਿਹਾ ਹਾਂ। ਇਸਦੀ ਦੱਸ ਵੀ ਭੂਆ ਜੀ ਨੇ ਹੀ ਪਾਈ ਸੀ ਸਾਹਿਰ ਦੀਆਂ ਕਵਿਤਾਵਾਂ ਬਾਰੇ ਵੀ ਕਾਫੀ ਕੁਝ ਦੱਸਿਆ। ਇਸ ਤੋਂ ਬਾਅਦ ਸਾਹਿਰ ਨਾਲ ਬਣਿਆ ਪ੍ਰੇਮ ਲਗਾਤਾਰ ਜਾਰੀ ਹੈ। ਇਹਨਾਂ ਗੀਤਾਂ ਅਤੇ ਕਵਿਤਾਵਾਂ ਦਾ ਮੰਚਨ ਵੀ ਅਕਸਰ ਹੋਇਆ ਕਰਦਾ ਸੀ .

ਅੱਜ ਜਿਸ ਤਰ੍ਹਾਂ ਜੰਗਾਂ ਵਾਲਾ ਮਾਹੌਲ ਬਣਿਆ ਹੋਇਆ ਹੈ ਤਾਂ ਇੱਕ ਵਾਰ ਫੇਰ ਸਾਹਿਰ ਸਾਹਿਬ ਯਾਦ ਆ ਰਹੇ ਹਨ--

ਖ਼ੂਨ ਅਪਨਾ ਹੋ ਯਾ ਪਰਾਯਾ ਹੋ
ਨਸਲੇ ਆਦਮ ਕਾ ਖ਼ੂਨ ਹੈ ਆਖ਼ਿਰ
ਜੰਗ ਮਗ਼ਰਿਬ ਮੇਂ ਹੋ ਕਿ ਮਸ਼ਰਿਕ ਮੇਂ
ਅਮਨੇ ਆਲਮ ਕਾ ਖ਼ੂਨ ਹੈ ਆਖ਼ਿਰ
ਬਮ ਘਰੋਂ ਪਰ ਗਿਰੇਂ ਕਿ ਸਰਹਦ ਪਰ
ਰੂਹੇ-ਤਾਮੀਰ ਜ਼ਖ਼ਮ ਖਾਤੀ ਹੈ
ਖੇਤ ਅਪਨੇ ਜਲੇਂ ਯਾ ਔਰੋਂ ਕੇ
ਜ਼ੀਸਤ ਫ਼ਾਕੋਂ ਸੇ ਤਿਲਮਿਲਾਤੀ ਹੈ

ਟੈਂਕ ਆਗੇ ਬੜ੍ਹੇਂ ਕਿ ਪੀਛੇ ਹਟੇਂ
ਕੋਖ ਧਰਤੀ ਕੀ ਬਾਂਝ ਹੋਤੀ ਹੈ
ਫ਼ਤਹ ਕਾ ਜਸ਼ਨ ਹੋ ਕਿ ਹਾਰ ਕਾ ਸੋਗ
ਜਿੰਦਗੀ ਮੱਯਤੋਂ ਪੇ ਰੋਤੀ ਹੈ

ਇਸ ਲੀਏ ਐ ਸ਼ਰੀਫ ਇੰਸਾਨੋਂ
ਜੰਗ ਟਲਤੀ ਰਹੇ ਤੋ ਬੇਹਤਰ ਹੈ
ਆਪ ਔਰ ਹਮ ਸਭੀ ਕੇ ਆਂਗਨ ਮੇਂ
ਸ਼ਮਾ ਜਲਤੀ ਰਹੇ ਤੋ ਬੇਹਤਰ ਹੈ।
       -----ਸਾਹਿਰ ਲੁਧਿਆਣਵੀ  

ਇਸ ਕਾਵਿ ਰਚਨਾ ਵਿਚ ਆਏ ਕੁਝ ਔਖੇ ਸ਼ਬਦ ਅਰਥ ਇਸ ਪ੍ਰਕਾਰ ਹਨ: ਮਗ਼ਰਿ ਮਤਲਬ ਪੱਛਮ ਹੁੰਦਾ  ਅਤੇ ਮਸ਼ਰਿਕ ਦਾ ਮਤਲਬ ਪੂਰਬ ਹੁੰਦਾ ਹੈ।  ਇਸੇ ਤਰ੍ਹਾਂ ਆਲਮ ਦਾ ਮਤਲਬ ਦੁਨੀਆਂ, ਜ਼ੀਸਤ ਦਾ ਮਤਲਬ ਜ਼ਿੰਦਗੀ ਅਤੇ 
ਮੱਯਤ ਦਾ ਮਤਲਬ ਜਨਾਜ਼ਾ ਹੁੰਦਾ ਹੈ।

ਹਾਲਾਤ ਫਿਰ ਵਿਗੜਦੇ ਜਾ ਰਹੇ ਹਨ ਪਰ ਇਹਨਾਂ ਸਭਨਾਂ ਬਾਰੇ ਚਿੰਤਾ ਕਰਨ ਵਾਲੀ ਭੂਆ ਹੁਣ ਸਾਡੇ ਦਰਮਿਆਨ ਨਹੀਂ ਹੈ। ਉਮਰ ਭਰ ਜਬਰ ਜ਼ੁਲਮ ਦੇ ਖਿਲਾਫ ਲੜਦਿਆਂ ਬਹੁਤ ਸਾਰੇ ਦੁੱਖ ਦੇਖੇ। ਬਹੁਤ ਸਾਰੇ ਸੰਘਰਸ਼ ਕੀਤੇ। ਇਸ ਦੌਰਾਨ ਕਦੇ ਕਦੇ ਕਵਿਤਾਵਾਂ ਵੀ ਲਿਖਣੀਆਂ।  ਜੇਕਰ ਕਿਸੇ ਲੇਖਕ ਨੇ ਘਰ ਆਉਣਾ ਤਾਂ ਉਸ ਕੋਲੋਂ ਵੀ ਰਚਨਾਵਾਂ ਸੁਣਨੀਆਂ। ਕਈ ਵਾਰ ਬਹੁਤ ਚੰਗੀਆਂ। ਦੋ ਸਾਲ ਹੋ ਗਏ ਵਿੱਛੜਿਆਂ ਪਰ ਨਾ ਤਾਂ ਯਕੀਨ ਆਉਂਦਾ ਹੈ ਅਤੇ ਨਾ ਹੀ ਯਕੀਨ ਕਰਨ ਦੀ ਹਿੰਮਤ ਪੈਂਦੀ ਹੈ। 

ਉਂਝ ਵੀ ਜਾਪਦਾ ਇਹੀ ਹੈ ਕਿ ਭੂਆ ਹੁਣ ਵੀ ਸਾਡੇ ਨੇੜੇ ਤੇੜੇ ਹੈ। ਸਾਡੇ ਕੋਲ ਕੋਲ ਹੀ ਹੈ ਬਸ ਹੁਣ ਸਰੀਰਕ ਪੱਖੋਂ ਨਜ਼ਰ ਆਉਣੋ ਹਟ ਗਈ ਹੈ। ਹੁਣ ਸਾਨੂੰ ਭੂਆ ਦੀ ਉਹ ਆਵਾਜ਼ ਨਹੀਂ ਸੁੰਡੀ। ਹੁਣ ਉਸਦੀ ਚਿਠੀ ਆਉਣੋਂ ਵੀ ਹਟ ਗਈ ਹੈ। ਹੁਣ ਕਦੇ ਫੋਨ ਵੀ ਨਹੀਂ ਖੜਕਿਆ। ਫਿਰ ਵੀ ਭੂਆ ਸਾਡੇ ਕੋਲ ਹੀ ਹੈ ਇਸਦਾ ਯਕੀਨ ਵੀ ਪੱਕਾ ਹੈ। 

ਉਂਝ ਵੀ ਦੇਹਾਂਤ ਦਾ ਮਤਲਬ ਦੇਹ ਦਾ ਅੰਤ ਹੀ ਹੁੰਦਾ ਹੈ ਜ਼ਿੰਦਗੀ ਦਾ ਨਹੀਂ। ਜ਼ਿੰਦਗੀ ਤਾਂ ਆਪਣੇ ਮਕਸਦ ਅਤੇ ਮਿਸ਼ਨ ਦੇ ਨਾਲ ਹੀ ਜਾਰੀ ਰਹਿੰਦੀ ਹੈ। ਉਸਨੇ ਆਪਣਾ ਰੰਗ ਰੂਪ ਵੀ ਇਸੇ ਮਿਸ਼ਨ ਅਤੇ ਮਕਸਦ ਨੂੰ ਪੂਰਿਆਂ ਕਰਨ ਲਈ ਹੀ ਵਟਾਉਣਾ ਹੁੰਦਾ ਹੈ। ਹਰ ਇੱਕ ਦਾ ਦੁੱਖ-ਦਰਦ ਵੰਡਾਉਣਾ, ਹਰ ਲੋੜਵੰਦ ਦੇ ਕੰਮ ਆਉਣਾ, ਬਾਣੀ ਪੜ੍ਹਨੀ ਅਤੇ ਹੋਰ ਕਿਤਾਬਾਂ ਵੀ ਪੜ੍ਹਨੀਆਂ, ਕੱਟੜ ਕਦੇ ਨਹੀਂ ਬਣਨਾ। ਸੱਚੀ ਇਨਸਾਨੀਅਤ ਦਾ ਪੱਲਾ ਨਹੀਂ ਛੱਡਣਾ--ਇਹ ਸਭ ਕੁਝ ਉਹਨਾਂ ਦਾ ਪੂਰਾ ਪਰਿਵਾਰ ਵੀ ਕਰ ਰਿਹਾ ਹੈ। ਖੂਨ ਦਾਨ ਤੋਂ ਲੈ ਕੇ ਪਿੰਗਲਵਾੜੇ ਅਤੇ ਅੰਮ੍ਰਿਤਸਰ ਵਿੱਚ ਪੁਤਲੀਘਰ ਨੇੜੇ ਸਥਿਤ ਸੈਂਟਰਲ ਖਾਲਸਾ ਯਤੀਮਖ਼ਾਨਾ ਤੱਕ ਸਭ ਕੁਝ ਹੁਣ ਵੀ ਉਵੇਂ ਹੀ ਕੀਤਾ ਜਾ ਰਿਹਾ ਹੈ। 

ਉਹਨਾਂ ਦੇ ਬੇਟੇ ਡਾਕਟਰ ਆਰ ਐਸ ਸੇਠੀ ਨੇ ਕਿੰਨੀ ਵਾਰ ਬਿਲਕੁਲ ਹੀ ਅਣਜਾਣ ਮਰੀਜ਼ਾਂ ਲਈ ਖੂਨਦਾਨ ਕੀਤਾ ਇਸਦੀ ਸਹੀ ਗਿਣਤੀ ਸ਼ਾਇਦ ਉਸਨੂੰ ਖੁਦ ਵੀ ਚੇਤੇ ਨਹੀਂ। ਦੂਜੇ ਬੇਟੇ ਭੁਪਿੰਦਰ ਸਿੰਘ ਸੇਠੀ ਨੇ ਕਿੰਨੇ ਮੁਲਕਾਂ ਵਿੱਚ ਆਪਣੇ ਲੋਕ ਭਲਾਈ ਦੇ ਕੰਮਾਂ ਨਾਲ ਆਪਣੀ ਮਾਂ ਦਾ ਸੱਚੀ ਇਨਸਾਨੀਅਤ ਵਾਲਾ ਸੁਨੇਹਾ ਪਹੁੰਚਾਇਆ ਇਸਦੀ ਵੀ ਕੋਈ ਗਿਣਤੀ ਨਹੀਂ। ਤੀਸਰੇ ਬੇਟੇ ਕੰਵਲ ਸੇਠੀ ਨੇ ਕਈ ਫ਼ਿਲਮਾਂ ਬਣਾਈਆਂ ਅਤੇ ਮਕਸਦ ਹਰ ਵਾਰ ਇਹੀ ਹੁੰਦਾ ਹੈ ਕਿ ਉਸ ਦਰਦ ਦੀ ਆਵਾਜ਼ ਬਣਿਆ ਜਾ ਸਕੇ ਜਿਸ ਦਰਦ ਦਾ ਪ੍ਰਗਟਾਵਾ ਕਰਨ ਲਈ ਕੋਈ ਅੱਗੇ ਨਹੀਂ ਆਉਂਦਾ। ਇਹ ਦਰਦ ਸਿਰਫ ਸਾਡੇ ਆਲੇ ਦੁਆਲੇ ਹੀ ਨਹੀਂ ਬਲਕਿ ਦੁਨੀਆ ਭਰ ਵਿੱਚ ਸਰੱਹਦਾਂ ਤੋਂ ਪਾਰ ਵੀ ਮੌਜੂਦ ਹੈ। ਪਾਕਿਸਤਾਨ, ਇੰਗਲੈਂਡ, ਅਮਰੀਕਾ, ਕੈਨੇਡਾ ਅਤੇ ਹੋਰ ਥਾਨਾਵਾਂ ਤੋਂ ਬਹੁਤ ਸਾਰੇ ਮਹਿਮਾਣ ਭੂਆ ਦੇ ਹੁੰਦਿਆਂ ਵੀ ਆਉਂਦੇ ਰਹੇ ਅਤੇ ਹੁਣ ਵੀ ਉਹਨਾਂ ਦੀਆਂ ਯਾਦਾਂ ਸਾਂਝੀਆਂ ਕਰਨ ਲਈ ਆਉਂਦੇ ਹਨ। ਇਹਨਾਂ ਵਿਚ ਵੱਖ ਵੱਖ ਖੇਤਰਾਂ ਦੇ ਕਲਾਕਾਰ ਵੀ ਸ਼ਾਮਿਲ ਹਨ।  

ਅਖਬਾਰਾਂ,ਰਸਾਲੇ ਅਤੇ ਸਤਕਾਂ ਦੀ ਖਰੀਦ ਅਤੇ ਸਾਂਭ ਸੰਭਾਲ ਵੀ ਹੁਣ ਤੱਕ ਉਵੇਂ ਹੀ ਜਾਰੀ ਹੈ। ਪ੍ਰੀਤਲੜੀ ਅਤੇ ਹੋਰ ਪਰਚਿਆਂ ਨਾਲ ਲਗਾਓ ਵੀ ਹੁਣ ਤੱਕ ਜਾਰੀ ਹੈ। ਕੁਝ ਨਹੀਂ ਬਦਲਿਆ ਸਿਰਫ ਇਹ ਸਭ ਦੇਖ ਕੇ ਖੁਸ਼ ਹੁਣ ਵਾਲੀ ਭੂਆ ਹੁਣ ਪਤਾ ਨਹੀਂ ਇਹ ਸਭ ਦੇਖ ਰਹੀ ਹੈ ਕਿ ਨਹੀਂ? ਜਦੋਂ ਕਦੇ ਗਮਾਂ ਹਨੇਰੇ ਵਿੱਚ ਆਸ-ਉਮੀਦ ਦਾ ਕੋਈ ਚਾਨਣ ਜਿਹਾ ਦਿਲ ਦਿਮਾਗ ਵਿਚ ਆਉਂਦਾ ਹੈ ਤਾਣਾ ਲੱਗਦਾ ਹੈ ਭੂਆ ਕੋਲੇ ਹੈ। ਇਹ ਉਸਦੇ ਕੋਲ ਹੋਏ ਬਿਨਾ ਹੋ ਹੀ ਕਿਵੇਂ ਸਕਦਾ ਸੀ? ਜਦੋਂ ਕਦੇ ਮਨ ਡੋਲ ਜਾਂਦਾ ਹੈ ਜ਼ਿੰਦਗੀ ਦੀਆਂ ਔਕੜਾਂ ਸਾਹਮਣੇ ਤਾਂ ਅਚਾਨਕ ਜਦੋਂ ਇੱਕ ਹੌਂਸਲਾ ਜਿਹਾ ਵੀ ਮਿਲਦਾ ਹੈ ਤਾਂ ਉਦੋਂ ਵੀ ਜਾਪਦਾ ਹੈ ਭੂਆ ਸਾਡੇ ਕੋਲ ਕੋਲ ਹੀ ਹੈ। 

ਬਹੁਤ ਸਾਰੀਆਂ ਗੱਲਾਂ ਹੋਰ ਵੀ ਹਨ ਜਿਹੜੀਆਂ ਯਾਦ ਆ ਰਹੀਆਂ ਹਨ ਪਰ ਲਿਖਤ ਲੰਮੀ ਹੁੰਦੀ ਜਾ ਰਹੀ ਹੈ ਇਸ ਲਈ ਬਾਕੀ ਫਿਰ ਕਦੇ ਸਹੀ।  ਫਿਲਹਾਲ ਭੂਆ ਦੀ ਪੋਤਰੀ ਅੰਕਿਤਾ ਦੇ ਵਿਚਾਰ ਇੱਕ ਵੱਖਰੀ ਪੋਸਟ ਵਿੱਚ ਹਨ ਉਹੀ ਅੰਕਿਤਾ ਜਿਸਨੇ ਭੂਆ ਦੀ ਲਿਖੀ ਕਵਿਤਾ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਵੀ ਪੜ੍ਹੀ ਸੀ। 
 
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Friday 13 October 2023

ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ -ਭਾਸ਼ਾ ਵਿਭਾਗ ਜ਼ਿੰਦਾਬਾਦ

ਜ਼ਿਲ੍ਹਾ ਭਾਸ਼ਾ ਦਫ਼ਤਰ ਵਿੱਖੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਸਬੰਧੀ ਮਿਲਣੀ


ਐਸ.ਏ.ਐਸ ਨਗਰ: 13 ਅਕਤੂਬਰ 2023: (ਪੰਜਾਬ ਸਕਰੀਨ ਡੈਸਕ)::

ਪੰਜਾਬੀ ਦੀ ਰਾਖੀ, ਪੰਜਾਬੀ ਦੀ ਸ਼ਾਨੋਸ਼ੌਕਤ ਅਤੇ ਪੰਜਾਬੀ ਨਾਲ ਪ੍ਰੇਮ ਲਈ ਭਾਵੇਂ ਪੰਜਾਬ ਵਿੱਚ ਅਜੇ ਤੱਕ ਦੱਖਣੀ ਭਾਰਤ ਦੇ ਸੂਬਿਆਂ ਵਰਗਾ ਜਜ਼ਬਾਤੀ ਮਾਹੌਲ ਨਹੀਂ ਬਣ ਸਕਿਆ ਪਰ ਫਿਰ ਵੀ ਇਸ ਸੁਰ ਵਾਲੀ ਆਵਾਜ਼ ਬੁਲੰਦ ਹੋਣ ਲੱਗ ਪਈ ਹੈ। ਦਿਲਚਸਪ ਗੱਲ ਹੈ ਕਿ ਇਹ ਆਵਾਜ਼ ਪੰਜਾਬੀ ਦੇ ਹੱਕ ਵਿੱਚ ਦਿੱਤੇ ਜਾਂਦੇ ਧਰਨਿਆਂ ਤੇ ਮੁਜ਼ਾਹਰਿਆਂ ਆਦਿ ਤੋਂ ਬਿਲਕੁਲ ਹੀ ਵੱਖਰੀ ਹੈ। ਭਾਸ਼ਾ ਨੂੰ ਸਿਆਸਤ ਤੋਂ ਦੂਰ ਰੱਖ ਕੇ ਇਸ ਅੰਦਾਜ਼ ਨਾਲ ਸੰਘਰਸ਼ ਚਲਾਇਆ ਜਾ ਰਿਹਾ ਹੈ ਕਿ ਭਾਸ਼ਾ ਦੇ ਨਾਮ 'ਤੇ ਹੁੰਦੀ ਸਿਆਸਤ ਰਹਿਣ ਪੰਜਾਬੀ ਦਾ ਵਿਰੋਧ ਕਰਨ ਵਾਲੇ ਵੀ ਛੇਤੀ ਇਸ ਪੰਜਾਬੀ ਹਮਾਇਤੀ ਮੁਹਿੰਮ ਸਾਹਮਣੇ ਸ਼ਰਮਸਾਰ ਹੋਣਗੇ। ਇਸ ਸਾਰੀ ਮੁਹਿੰਮ ਦਾ ਇੱਕ ਬਹੁਤ ਹੀ ਸੁਖਦ ਪਹਿਲੂ ਇਹ ਵੀ ਕਿ ਇਸ ਸਾਰੀ ਮੁਹਿੰਮ ਅਧੀਨ ਹਿੰਦੀ, ਸੰਸਕ੍ਰਿਤ ਜਾਂ ਅੰਗਰੇਜ਼ੀ ਦਾ ਵਿਰੋਧ ਵੀ ਕੋਈ ਨਹੀਂ। ਜਦੋਂ ਪੰਜਾਬੀ ਘਰਾਂ ਅਤੇ ਖਾਸ ਕਰ ਕੇ ਸਿੱਖ ਘਰਾਂ ਵਿੱਚ ਬੱਚਿਆਂ ਨੂੰ ਹਿੰਦੀ ਸਿਖਾਉਣ ਵਾਲੇ ਪਾਸੇ ਜ਼ੋਰ ਲੱਗਿਆ ਹੋਇਆ ਹੋਵੇ ,ਸਕੂਲਾਂ ਵਿਚ ਪੰਜਾਬੀ ਬੋਲਣ 'ਤੇ ਜੁਰਮਾਨੇ ਹੁੰਦੇ ਹੋ ਉਦੋਂ ਅਜਿਹੀ ਪ੍ਰੇਮ ਭਰੀ ਮੁਹਿੰਮ ਸਫਲਤਾ ਨਾਲ ਚਲਾਉਣੀ ਕੋਈ ਸੌਖੀ ਵੀ ਨਹੀਂ। ਤੇਜ਼ੀ ਨਾਲ ਉਭਰ ਰਹੀ  ਇਸ ਸਾਰਥਕ ਮੁਹਿੰਮ ਦੀ ਅਗਵਾਈ ਕਰਨ ਵਾਲਿਆਂ ਵਿੱਚ ਖੁਦ ਜ਼ਿਲਾ ਭਾਸ਼ਾ ਅਫਸਰ ਦਵਿੰਦਰ ਸਿੰਘ ਬੋਹਾ ਵੀ ਸਰਗਰਮ ਹਨ। ਕੋਲੋਂ ਪੈਸੇ ਲਾ ਕੇ ਪੰਜਾਬੀ ਨੂੰ ਉਤਸ਼ਾਹਿਤ ਕਰਨ ਵਾਲਿਆਂ ਵਿਚ ਜਨਾਬ ਬੋਹਾ ਦਾ ਵੀ ਕੋਈ ਮੁਕਾਬਲਾ ਨਹੀਂ।  ਉਹਨਾਂ ਨੇ ਇਸ ਮਕਸਦ ਲਈ ਆਪਣੇ ਮਿੱਤਰਾਂ ਦੀ ਮੰਡਲੀ ਵੀ ਬਣਾਈ ਹੋਈ ਹੈ ਜਿਹੜੇ ਇਸ ਨੇਕ ਕੰਮ ਲਈ ਹਰ ਪਲ ਤਿਆਰ ਰਹਿੰਦੇ ਹਨ। ਅਜਿਹੇ ਮਿੱਤਰਾਂ ਵਿੱਚੋਂ ਕੁਝ ਲੋਕ ਆਏ ਵੀ ਹੋਏ ਸਨ। 


ਪੰਜਾਬੀ ਦੀ ਸ਼ਾਨ ਬਹਾਲ ਕਰਨ ਲਈ ਸਮਰਪਿਤ ਇਸੇ ਮੁਹਿੰਮ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਸ਼ੁੱਕਰਵਾਰ ਨੂੰ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਸਾਹਿਤਕਾਰਾਂ, ਲੇਖਕਾਂ ਅਤੇ ਪਾਠਕਾਂ ਨਾਲ ਜਾਗਰੂਕਤਾ ਮੁਹਿੰਮ ਵਜੋਂ ਮਿਲਣੀ ਕੀਤੀ ਗਈ। ਇਸ ਮਿਲਣੀ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ ਅਨੇਕ ਨਾਮਵਰ ਸ਼ਖਸੀਅਤਾਂ ਵੱਲੋਂ ਭਾਗ ਲਿਆ ਗਿਆ।

ਜ਼ਿਲ੍ਹਾ ਭਾਸ਼ਾ ਦਫਤਰ ਵਿੱਚ ਹੋਈ ਇਸ ਯਾਦਗਾਰੀ ਮਿਲਣੀ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਸੰਖੇਪ ਜਿਹੇ ਵੇਰਵੇ ਨਾਲ ਜਾਣੂੰ ਕਰਵਾਇਆ। ਗਿਆ। ਉਨ੍ਹਾਂ ਨੇ ਇਸ ਦਿਸ਼ਾ ਵੌਇਚ ਦਿਖਾਈ ਸਰਗਰਮੀ ਅਧੀਨ ਪੰਜਾਬ ਸਰਕਾਰ ਵੱਲੋਂ ਸਮੂਹ ਅਦਾਰਿਆਂ ਅਤੇ ਸੰਸਥਾਵਾਂ ਦੇ ਨਾਂ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ ਸਬੰਧੀ ਜਾਰੀ ਕੀਤੇ ਗਏ ਆਦੇਸ਼ਾਂ ਤੋਂ ਵੀ ਸ੍ਰੋਤਿਆਂ ਨੂੰ ਜਾਣੂ ਕਰਵਾਇਆ। ਹੁਣ ਤੁਸੀਂ ਜ਼ੇਲ੍ਹ ਪ੍ਰਬੰਧਕੀ ਕੰਪਲੈਕਸ  ਵਿਚ ਜੋ ਤਾਂ ਤੁਹਾਨੂੰ ਹਰ ਵਿਭਾਗ ਦੇ ਦਫਤਰ ਵਾਲੇ ਦਰਵਾਜ਼ੇ ਦੇ ਬਾਹਰ ਸਬੰਧਤ ਅਧਿਕਾਰੀ ਦਾ ਨਾਮ ਅਤੇ ਅਹੁਦਾ ਪੰਜਾਬੀ  ਵਿਚ ਲਿਖਿਆ ਮਿਲੇਗਾ ਉਹ ਵੀ ਗੁਰਮੁਖੀ ਵਿੱਚ। 

ਇਸ ਵਿਸ਼ੇਸ਼ ਮਿਲਣੀ ਲਈ ਪਹੁੰਚਣ ਵਾਲਿਆਂ ਵਿੱਚ ਬਹੁਤ ਹੀ ਸੂਝਵਾਨ ਸਰੋਤੇ ਵੀ। ਡਾ. ਬੋਹਾ ਵੱਲੋਂ ਸਮੂਹ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਸਮੂਹ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ/ ਵਿਭਾਗਾਂ/ ਅਦਾਰਿਆਂ/ ਸੰਸਥਾਵਾਂ/ ਵਿੱਦਿਅਕ ਅਦਾਰਿਆਂ/ ਬੋਰਡਾਂ/ ਨਿਗਮਾਂ ਅਤੇ ਗ਼ੈਰ ਸਰਕਾਰੀ ਸੰਸਥਾਵਾਂ/ ਪਬਲਿਕ  ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ/ ਮੀਲ ਪੱਥਰ/ ਨਾਮ ਪੱਟੀਆਂ/ ਸਾਈਨ ਬੋਰਡ ਉਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਲਿਖੇ ਜਾਣ ਸਬੰਧੀ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ 21 ਨਵੰਬਰ 2023 ਤੋਂ ਪਹਿਲਾਂ-ਪਹਿਲਾਂ ਜ਼ਿਲ੍ਹੇ ਦੇ ਸਮੂਹ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖਾਏ ਜਾਣ ਦੀ ਅਪੀਲ ਕੀਤੀ ਗਈ ਅਤੇ ਇਸ ਸ਼ੁੱਭ ਕਾਰਜ ਨੂੰ ਇੱਕ ਲੋਕ ਲਹਿਰ ਬਣਾਉਣ ਦੀ ਗੁਜ਼ਾਰਿਸ਼ ਕੀਤੀ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ, ਸਾਹਿਤਕਾਰਾਂ, ਸਾਹਿਤ ਸਭਾਵਾਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਲਹਿਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। 

ਮਿਲਣੀ ਦੇ ਇਸ ਸਮਾਗਮ ਵਿੱਚ ਨਵੇਂ ਗਿਆਨ ਦੀ ਰੌਸ਼ਨੀ ਨਾਲ ਚਕਾਚੌਂਧ ਵਰਗੀ ਸਥਿਤੀ ਪੈਦਾ ਕਰਨ ਵਾਲੇ ਪ੍ਰੋ. ਜਲੌਰ ਸਿੰਘ ਖੀਵਾ ਇਸ ਮੌਕੇ ਬੜੇ ਹੀ ਉਚੇਚ ਨਾਲ ਪੁੱਜੇ ਹੋਏ ਸਨ। ਮੋਰਿੰਡਾ ਤੋਂ ਉਚੇਚਾ ਸਮਾਂ ਕੱਢ ਕੇ ਆਏ ਸਨ। ਉਹਨਾਂ ਵੱਲੋਂ ਆਪਣੇ ਵਿਚਾਰ ਰੱਖਦਿਆਂ ਬਹੁਤ ਹੀ ਗਿਆਨ ਵਰਧਕ ਗੱਲਾਂ ਅੱਖੀਆਂ ਗਈਆਂ ਜਿਹਨਾਂ ਨੰ ਸਮੂਹ ਸਰੋਤਿਆਂ ਨੇ ਸਾਹ ਰੋਕ ਕੇ ਬੜੇ ਹੀ ਧਿਆਨ ਨਾਲ ਸੁਣਿਆ। ਉਹਨਾਂ ਦੇ ਮੋਬਾਈਲ ਨੰਬਰ ਅਤੇ ਪੁਸਤਕ ਦੀ ਮੰਗ ਕਰਨ ਵਾਲੇ ਬੜੀ ਤੀਬਰਤਾ ਨਾਲ ਉਹਨਾਂ ਦਾ ਇੱਕ ਪਲ ਲੈਣ ਲਈ ਉਤਾਵਲੇ ਸਨ। ਉਹਨਾਂ ਵੱਲੋਂ ਕਿਹਾ ਗਿਆ ਕਿ ਅਸਲ ਵਿੱਚ ਪੰਜਾਬੀ ਭਾਸ਼ਾ ਨਹੀਂ ਸਗੋਂ ਬੋਲੀ ਹੈ ਅਤੇ ਲੋਕ ਸਾਹਿਤ ਨੂੰ ਪੜ੍ਹੇ ਬਿਨਾ ਪੰਜਾਬੀ ਨਹੀਂ ਸਿੱਖੀ ਜਾ ਸਕਦੀ। ਉਹਨਾਂ ਸਮਝਾਇਆ  ਕਿ ਕਾਂ ਨੂੰ ਕਾਂ ਕਿਓਂ ਕਿਹਾ ਜਾਂਦਾ ਹੈ, ਗਗਨ ਨੂੰ ਗਗਨ ਕਿਓਂ ਕਿਹਾ ਜਾਂਦਾ ਹੈ, ਅਸਮਾਨ ਅਤੇ ਗਗਨ ਵੱਖਰੇ ਕਿਵੇਂ ਹਨ? ਉਹਨਾਂ ਆਖਿਆ ਕਿ ਕੁਝ ਸ਼ਬਦਾਂ ਅਤੇ ਨਾਂਵਾਂ ਨੂੰ ਸਮਾਨ ਅਰਥੀ ਆਖਿਆ ਜਾਣਾ ਭੁੱਲ ਹੈ ਕਿਓਂਕਿ ਸਮਾਂ ਅਰਥੀ ਕੁਝ ਨਹੀਂ ਹੁੰਦਾ। ਹਰ ਸ਼ਬਦ ਦੇ ਆਪਣੇ ਵੱਖਰੇ ਅਰਥ ਹੁੰਦੇ ਹਨ। ਜਿਵੇਂ ਗਗਨ, ਅਸਮਾਨ, ਆਕਾਸ਼ ਅਤੇ ਅੰਬਰ ਦੇ ਅਰਥ ਵੱਖੋ ਵੱਖ ਭਾਵਨਾ ਵਾਲੇ ਹਨ ਉਵੇਂ ਕਾਂ ਅਤੇ ਅੰਗਰੇਜ਼ੀ ਵਾਲੇ ਕ੍ਰੋ (Crow) ਦਾ ਵੀ ਬਾਕਾਇਦਾ ਫਰਕ ਹੁੰਦਾ ਹੈ। ਉਹਨਾਂ ਦੇ ਵਿਚਾਰ ਇਸ ਮਿਲਣੀ ਦੀ ਵਿਸ਼ੇਸ਼ ਪ੍ਰਾਪਤੀ ਆਖੇ ਜਾ ਸਕਦੇ ਹਨ। 

ਬਹੁਤ ਹੀ ਸੰਵੇਦਨਸ਼ੀਲ ਸ਼ਾਇਰਾ, ਬਹੁਤ ਸਾਰੀਆਂ ਪੁਸਤਕਾਂ ਦੀ ਲੇਖਿਕਾ ਅਤੇ ਅਨੁਵਾਦਿਕਾ ਡਾ. ਸਰਬਜੀਤ ਕੌਰ ਸੋਹਲ ਵੀ ਉਚੇਚ ਨਾਲ ਸਮਾਂ ਕੱਢ ਕੇ ਪੁਜੇ ਹੋਏ ਸਨ। ਉਹਨਾਂ ਵੱਲੋਂ ਆਖਿਆ ਗਿਆ ਕਿ ਪੰਜਾਬੀ ਨੂੰ ਵਿਸ਼ਵ ਪੱਧਰ ਦੀ ਭਾਸ਼ਾ ਬਣਾਉਣ ਲਈ ਤਕਨੀਕ ਨਾਲ ਜੋੜਨਾ ਸਮੇਂ ਦੀ ਲੋੜ ਹੈ। ਤਕਨੀਕ ਦੀ ਗੱਲ ਕਰਦਿਆਂ ਉਹਨਾਂ  ਇਸ ਸੰਬੰਧੀ ਹੋ ਰਹੇ ਕੰਮਾਂ ਬਾਰੇ ਵੀ ਦੱਸਿਆ ਅਤੇ ਨਾਲ ਹੀ ਇਹ ਵੀ ਕਿ ਇਹਨਾਂ ਮੰਤਵਾਂ ਲਈ ਸਾਨੂੰ ਕਿਸੇ ਪਾਸਿਓਂ ਵੀ ਲੁੜੀਂਦੇ ਫ਼ੰਡ ਨਹੀਂ ਮਿਲ ਰਹੇ। ਫੰਡਾਂ ਦੀ ਕਮੀ ਕਾਰਨ ਅਜਿਹੇ ਸਾਰੇ üਰੋਜੈਕਟ ਜਾਂ ਤਾਂ ਸ਼ੁਰੂ ਹੀ ਨਹੀਂ ਹੂ ਨਦੇ ਤੇ ਜਾਂ ਫਿਰ ਅੱਧ ਵਿਚਾਲੇ ਹੀ ਦਮ ਤੋੜ ਜਾਂਦੇ ਹਨ। 

ਉਘੇ ਲੇਖਕ ਅਤੇ ਲੋਕ ਸੰਪਰਕ ਵਿਭਾਗ ਵਿਚ ਅਹਿਮ ਡਿਊਟੀ ਨਿਭਾ ਰਹੇ ਨਵਦੀਪ ਸਿੰਘ ਗਿੱਲ ਵੱਲੋਂ ਪੰਜਾਬੀ ਬੋਲੀ ਦੇ ਵਿਕਾਸ ਨੂੰ ਆਰਥਿਕਤਾ ਨਾਲ ਜੋੜਨ ਦੀ ਬਹੁਮੁੱਲੀ ਗੱਲ ਵੀ ਕੀਤੀ ਗਈ। ਉਹਨਾਂ ਦੇ ਇਸ ਨੁਕਤੇ ਨੂੰ ਸਭਨਾਂ ਨੇ ਬਹੁਤ ਹੀ ਧਿਆਨ ਨਾਲ ਸੁਣਿਆ। ਸ਼੍ਰੀ ਗਿੱਲ ਵੱਲੋਂ ਆਖਿਆ ਗਿਆ ਕਿ ਸਾਨੂੰ ਆਪਣੇ ਪੱਧਰ ਤੇ ਪੰਜਾਬੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਤਾਂ ਹੀ ਪੰਜਾਬੀ ਬਜ਼ਾਰ ਅਤੇ ਰੁਜ਼ਗਾਰ ਦੀ ਭਾਸ਼ਾ ਬਣੇਗੀ। ਇਹ ਗੱਲ ਹੈ ਵੀ ਅਸਲੀ ਹਕੀਕਤ ਵਾਲੀ। ਲੋਕ ਪਰਿਵਾਰ ਦਾਲ ਰੋਟੀ ਚਲਾਉਣ ਵਾਲੇ ਪਾਸੇ ਸਾਰੇ ਕੰਮ ਛੱਡ ਕੇ ਵੀ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਇਹ ਗੱਲ ਲੋਕਾਂ ਦੀ ਮਜਬੂਰੀ ਵੀ ਹੈ ਕਿ ਅਤੇ ਉਹ ਇਸਨੂੰ ਨਜ਼ਰ ਅੰਦਾਜ਼ ਕਰ ਵੀ ਨਹੀਂ ਸਕਦੇ। 

ਇਸੇ ਮਿਲਣੀ ਦੌਰਾਨ ਤਕਨੀਕੀ ਵਿਕਾਸ ਦੀ ਗੱਲ ਤੁਰੀ ਤਾਂ ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਵੱਲੋਂ ਕਿਹਾ ਗਿਆ ਕਿ ਪੰਜਾਬੀ ਦੇ ਪ੍ਰਸਾਰ ਲਈ ਪੰਜਾਬੀਆਂ ਨੂੰ ਜੱਥੇਬੰਦਕ ਤੌਰ 'ਤੇ ਕੰਮ ਕਰਨ ਦੀ ਲੋੜ ਹੈ। ਸਤਵਿੰਦਰ ਸਿੰਘ ਧੜਾਕ ਵੱਲੋਂ ਆਖਿਆ ਗਿਆ ਕਿ ਪੰਜਾਬੀ ਨੂੰ ਬਚਾਉਣ ਲਈ ਭਾਸ਼ਾਈ ਵਰਕਸ਼ਾਪਾਂ ਉਲੀਕਣ ਦੇ ਨਾਲ-ਨਾਲ ਪੰਜਾਬੀ ਨੂੰ ਵਿਗਿਆਨ ਅਤੇ ਤਕਨੀਕ ਦੀ ਭਾਸ਼ਾ ਬਣਾਉਣ ਦੀ ਲੋੜ ਹੈ। ਦਿਲਚਸਪ ਗੱਲ ਹੈ ਕਿ ਇਸ ਬੋਲੀ ਅਤੇ ਭਾਸ਼ਾ ਵਿੱਚ ਅਜਿਹੇ ਅਮੀਰ ਸ਼ਬਦ ਮੌਜੂਦ ਵੀ ਹਨ; ਹਾਂ ਇਹ ਗੱਲ ਵੱਖਰੀ ਹੈ ਕਿ ਉਹਨਾਂ ਦੀ ਭਾਲ ਲਈ ਮਿਹਨਤ ਮੁਸ਼ੱਕਤ ਕਰਨੀ ਪੈ ਸਕਦੀ ਹੈ। 

ਕਿਸੇ ਵੇਲੇ ਪ੍ਰਿੰਟ ਮੀਡੀਆ ਵਿੱਚ ਸਾਹਿਤਿਕ ਸਮਾਗਮਾਂ ਦੀਆਂ ਰਿਪੋਰਟ ਬੜੇ ਹੀ ਵੱਖੋ ਵੱਖਰੇ ਢੰਗ ਤਰੀਕੇ ਨਾਲ ਛਪਿਆ ਕਰਦੀਆਂ ਸਨ। ਮੌਜੂਦਾ ਅਖਬਾਰਾਂ ਦੀ ਆਧੁਨਿਕ ਛਪਾਈ ਨੇ ਭਾਵੇਂ ਜ਼ੋਰ ਨਹੀਂ ਸੀ ਫੜ੍ਹਿਆ ਪਰ ਨਵਾਂ ਜ਼ਮਾਨਾ, ਲੋਕ ਲਹਿਰ, ਕੌਮੀ ਦਰਦ, ਜੱਥੇਦਾਰ, ਅਕਾਲੀ ਪਤ੍ਰਿਕਾ, ਅਕਾਲੀ ਟਾਈਮਜ਼, ਹਿੰਦੀ ਮਿਲਾਪ, ਵੀਰ ਪ੍ਰਤਾਪ ਦੇ ਸਮਿਆਂ ਦੌਰਾਨ ਵੀ ਇਸ ਪਾਸੇ ਉਚੇਚਾ ਧਿਆਨ ਦਿੱਤਾ ਜਾਂਦਾ ਸੀ। ਪੰਜਾਬ ਕੇਸਰੀ ਦਾ ਮੈਗਜ਼ੀਨ ਐਡੀਸ਼ਨ ਵਾਲਾ ਪਹਿਲਾ ਸਫ਼ਾ ਨੀਲੇ ਰੰਗ ਦਾ ਬਹੁਤ ਜਚਿਆ ਕਰਦਾ ਸੀ। ਪੰਜਾਬ ਕੇਸਰੀ ਨੇ ਕਹਾਣੀਆਂ ਦੇ ਨਾਲ ਨਾਲ ਪਾਕਿਸਤਾਨ ਮਹਿਲਾ ਲੇਖਕਾਂ ਦੇ ਨਾਵਲ ਵੀ ਛਾਪੇ ਸਨ। ਬਾਅਦ ਵਿਚ ਅਜੀਤ ਅਤੇ ਜਗਬਾਣੀ ਨੇ ਵੀ ਕਮਾਲ ਦੀ ਜਾਦੂਗਰੀ ਦਿਖਾਈ। 

ਇਹ ਗੱਲਾਂ ਦਹਾਕਿਆਂ ਪੁਰਾਣੀਆਂ ਹੋ ਗਈਆਂ ਹਨ। ਉਹਨਾਂ ਸਮਿਆਂ ਵਿੱਚ  ਜਿੰਨੇ ਰਿਪੋਰਟਰ ਕਵਰੇਜ ਲਈ ਆਉਂਦੇ ਸਨ ਉਹ ਸਾਰੇ ਆਪੋ ਆਪਣੇ ਢੰਗ ਨਾਲ ਉਸ ਕਵਰੇਜ ਦੀ ਖਬਰ ਬਣਾਉਂਦੇ ਸਨ। ਇਸ ਨਾਲ ਅਖਬਾਰਾਂ ਰਸਾਲਿਆਂ ਦੀ ਰੀਡਰਸ਼ਿਪ ਵੀ ਵਧਦੀ ਸੀ।  ਉਹਨਾਂ ਪਰਚਿਆਂ ਨੂੰ ਸੰਭਾਲ ਕੇ ਵੀ ਰੱਖਿਆ ਜਾਂਦਾ ਸੀ। ਮੈਗਜ਼ੀਨ ਐਡੀਟਰ ਦੀ ਪੋਸਟ ਤਾਂ ਹੁਣ ਵੀ ਤਕਰੀਬਨ ਸਾਰੀਆਂ ਚੰਗੀਆਂ ਅਖਬਾਰਾਂ ਵਿਚ ਮੌਜੂਦ ਹੈ ਪਰ ਹਿੰਦੀ ਅਤੇ ਅੰਗਰੇਜ਼ੀ ਵਾਂਗ ਉਹ ਮੌਲਿਕਤਾ ਅਤੇ ਵਿਲੱਖਣਤਾ ਹੋਲੀ ਹੋਲੀ ਅਲੋਪ ਹੀ ਹੁੰਦੀ ਚਲੀ ਗਈ ਕਿਓਂਕਿ ਅਖਬਾਰਾਂ ਰਸਾਲਿਆਂ ਨੂੰ ਇਸ ਕਵਰੇਜ ਵਾਲੇ ਪਾਸਿਓਂ ਕੋਈ ਆਰਥਿਕ ਮੁਨਾਫ਼ਾ ਨਹੀਂ ਸੀ ਹੁੰਦਾ। ਨਵੀਆਂ ਛਪੀਆਂ ਕਿਤਾਬਾਂ ਦੇ ਇਸ਼ਤਿਹਾਰ ਹਿੰਦੀ ਵਿਚ ਤਾਂ ਹੁਣ ਵੀ ਆਮ ਮਿਲ ਜਾਣਗੇ ਪਰ ਪੰਜਾਬੀ ਵਿੱਚ ਕਵਰੇਜ ਕਰਨ ਗਏ ਪੱਤਰਕਾਰ ਨੂੰ ਰਿਲੀਜ਼ ਕੀਤੀ ਗਈ ਪੁਸਤਕ  ਦੇਣ ਲੱਗਿਆਂ ਵੀ ਪ੍ਰਬੰਧਕ ਜਕੋਤਕੀ ਵਿਚ ਪੈ ਜਾਂਦੇ ਹਨ। 

ਬਾਪ ਬੜਾ ਨਾ ਭਈਆ-ਸਬਸੇ ਬੜਾ ਰੁਪਈਆ ਦੀ ਕਹਾਵਤ ਨੂੰ ਮੁੜ ਮੁੜ ਯਾਦ ਕਰਵਾਉਂਦੇ ਨਫ਼ਾ ਨੁਕਸਾਨ ਦੇਖਣ ਵਾਲੇ ਅਜਿਹੇ ਵਾਪਰਕ ਕਿਸਮ ਦੇ ਦੌਰ ਵਿੱਚ ਵੀ ਉਸ ਵਿਲੱਖਣ ਕਿਸਮ ਦੀ ਸਾਹਿਤਿਕ ਪੱਤਰਕਾਰੀ ਨੂੰ ਸੁਰਜੀਤ ਕਰਨ ਲਈ ਜਿਹੜੇ ਕੁਝ ਕੁ ਲੋਕ ਸਰਗਰਮ ਹਨ ਉਹਨਾਂ ਵਿੱਚ ਸੁਰ ਸਾਂਝ ਨਾਮ ਦਾ ਔਨਲਾਈਨ ਪਰਚਾ ਚਲਾਉਂਦੇ ਸੁਰਜੀਤ ਸੁਮਨ ਵੀ ਸ਼ਾਮਲ ਹਨ। ਹਰ ਖਬਰ ਨੂੰ ਅਗਲੇ  ਦਿਨ ਕਿਸੇ ਵੀ ਕਾਰੋਬਾਰ ਵਿਚ ਆਉਣ ਤੋਂ ਪਹਿਲਾਂ ਪਹਿਲਾਂ ਪ੍ਰਕਾਸ਼ਿਤ ਕਰਨ ਲਈ ਸਰਗਰਮ ਰਹਿੰਦੇ ਸੁਰਜੀਤ ਸੁਮਨ ਨੇ ਵੀ ਇਸ ਮਿਲਣੀ ਦੌਰਾਨ ਕਈ ਖਾਸ ਗੱਲਾਂ ਆਖੀਆਂ। ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬੀ ਨੂੰ ਬਚਾਉਣ ਲਈ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਉਹ ਪੰਜਾਬੀ ਤੋਂ ਫਾਸਲਾ ਨਾ ਰੱਖਣ। 

ਪੰਜਾਬੀ ਭਾਸ਼ਾ ਅਤੇ ਬੋਲੀ ਦੇ ਸੱਚੇ ਸਪੂਤਾਂ ਨੂੰ ਇੱਕ ਥਾਂ ਇੱਕਜੁੱਟ ਕਰਨ ਵਾਲੇ ਇਸ ਉਪਰਾਲੇ ਵਾਲੀ ਇਸ ਮਿਲਣੀ ਦੌਰਾਨ ਪੁੱਜੇ ਹੋਏ ਡਾ. ਸੰਜੇ ਰਾਮਨ ਦੇ ਰੂਬਰੂ ਹੋਣਾ ਇਸ ਮਿਲਣੀ ਵਿਚ ਪੁੱਜੇ ਸਾਰੇ ਸਾਹਿਤ ਰਸੀਆਂ ਲਈ ਵੀ ਇੱਕ ਵਿਸ਼ੇਸ਼ ਪ੍ਰਾਪਤੀ ਸੀ। ਚੇੱਨਈ ਤੋਂ ਉਚੇਚ ਨਾਲ ਪੰਜਾਬ ਆ ਕੇ ਰਹਿ ਰਹੇ ਡਾਕਟਰ ਸੰਜੇ ਰਾਮਨ ਏਨੀ ਸ਼ੁੱਧ ਪੰਜਾਬੀ ਬੋਲਦੇ ਹਨ ਕਿ ਸੁਣਨ ਵਾਲਾ ਹੈਰਾਨ ਰਹੀ  ਜਾਂਦਾ ਹੈ। ਦੱਖਣੀ ਭਾਰਤ ਦੇ ਇੱਕ ਵਸਨੀਕ ਦਾ ਪੰਜਾਬੀ ਨਾਲ ਏਨਾ ਪਿਆਰ ਉਹਨਾਂ ਅਨਸਰਾਂ ਸਾਹਮਣੇ ਇੱਕ ਚੁਣੌਤੀ ਬਣ ਕੇ ਆਇਆ ਹੈ ਜਿਹੜੇ ਭਾਸ਼ਾ ਅਤੇ ਬੋਲੀ ਨੂੰ ਸਿਆਸੀ ਹਥਿਆਰ ਬਣਾ ਕੇ ਆਪਣਾ ਉੱਲੂ ਸਿਧ ਕਰਨ ਵਿਚ ਰੁਝੇ ਰਹਿੰਦੇ ਹਨ। ਉਹਨਾਂ ਵੱਲੋਂ ਵੀ ਆਖਿਆ ਗਿਆ ਕਿ ਪੰਜਾਬੀ ਨੂੰ ਬਚਾਉਣ ਲਈ ਮਾਪਿਆਂ ਨੂੰ ਹੀ ਯਤਨਸ਼ੀਲ ਹੋਣ ਦੀ ਲੋੜ ਹੈ। 

ਇਸ ਮੌਕੇ ਸਤਵੀਰ ਸਿੰਘ ਧਨੋਆ ਵੱਲੋਂ ਵੀ ਕਿਹਾ ਗਿਆ ਕਿ ਪੰਜਾਬੀ ਨੂੰ ਘਰ-ਘਰ ਦੀ ਬੋਲੀ ਬਣਾਉਣ ਲਈ ਲੋਕ ਲਹਿਰ ਚਲਾਉਣੀ ਚਾਹੀਦੀ ਹੈ। ਉਹਨਾਂ ਦੇ ਇਸ ਸੁਝਾਅ ਦੀ ਸ਼ਲਾਘਾ ਵੀ ਹੋਈ ਅਤੇ ਪੁਸ਼ਟੀ ਵੀ। ਸਰੋਤਿਆਂ ਨੇ ਇਸ ਪ੍ਰਤੀ ਹਾਂ ਪੱਖੀ ਹੁੰਗਾਰਾ ਭਰੀਦਾ ਹਰ ਸੰਭਵ ਸਹਿਯੋਗ ਦਾ ਵਾਅਦਾ ਕੀਤਾ। 

ਇਸ ਮਿਲਣੀ ਵਿਚ ਸ਼ਾਮਲ ਪੰਜਾਬੀ ਹਿਤੈਸ਼ੀਆਂ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਉਹ ਆਪਣੇ ਅਧੀਨ ਆਉਂਦੇ ਖੇਤਰ ਵਿੱਚ ਪੂਰੀ ਊਰਜਾ ਨਾਲ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਯਤਨ ਕਰਨਗੇ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਪੀਲ ਕਰਨਗੇ। 

ਅੱਜ ਦੀ ਇਸ ਮਿਲਣੀ ਦੌਰਾਨ ਰਾਜਿੰਦਰ ਕੌਰ ਅਤੇ ਬਲਦੀਪ ਕੌਰ ਸੰਧੂ ਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਤੇ ਅਧਾਰਿਤ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਦਿਆਂ ਆਪਣੇ ਸੂਝ ਦਿੱਤੇ ਅਤੇ ਕਿਹਾ ਕਿ ਉਹ ਇਸ ਮਕਸਦ ਲਈ ਉਲੀਕੇ ਜਾਂ ਵਾਲੇ ਪ੍ਰੋਗਰਾਮਾਂ ਵਿਚ ਹਮੇਸ਼ਾਂ ਸਰਗਰਮੀ ਨਾਲ ਸਾਥ ਦੇਣਗੇ। 

ਮਨਜੀਤ ਪਾਲ ਸਿੰਘ ਅਤੇ ਗੁਰਚਰਨ ਸਿੰਘ ਦੇ ਸੁਝਾਅ ਵੀ ਬਹੁਤ ਪਸੰਦ ਕੀਤੇ ਗਏ। ਇਹਨਾਂ ਦੀਆਂ ਗੱਲਾਂ ਨੰ ਵੀ ਬੜੇ ਹੀ ਧਿਆਨ ਨਾਲ ਸੁਣਿਆ ਅਤੇ ਵਿਚਾਰਿਆ ਗਿਆ। ਇਹਨਾਂ ਸਭਨਾਂ ਦੇ ਕੋਲ ਪੰਜਾਬੀ ਭਾਸ਼ਾ ਅਤੇ ਬੋਲੀ ਦੀ ਸ਼ਾਨ ਵਧਾਉਣ ਲਈ ਸਾਰਥਕ ਗੱਲਾਂ ਸਨ। 

ਉਘੇ ਲੇਖਕ ਭੁਪਿੰਦਰ ਸਿੰਘ ਮਟੌਰ ਵਾਲਾ ਨੇ ਆਪਣੀਆਂ ਪੰਜਾਬੀ ਪੁਸਤਕਾਂ ਦੌਰਾਨ ਹੋਏ ਤਜਰਬਿਆਂ ਦੇ ਅਧਾਰ ਤੇ ਵੀ ਪੰਜਾਬੀ ਲਈ ਬਹੁਤ ਚੰਗੀਆਂ ਗੱਲਾਂ ਕੀਤੀਆਂ। ਪੁਆਧੀ ਵਿਚ ਬਹੁਤ ਦਿਲਚਸਪੀ ਅਤੇ ਲਿਆਕਤ ਰੱਖਣ ਵਾਲੇ ਭੁਪਿੰਦਰ ਹੁਰਾਂ ਨੇ ਮੁੱਢ ਤੋਂ ਲੈ ਕੇ  ਅਖੀਰ ਤੱਕ ਸਭਨਾਂ ਬੁਲਾਰਿਆਂ ਨੂੰ ਸੁਣਿਆ। 

ਹਿੰਦੀ ਨਾਲ ਸਬੰਧਤ ਕਵਿਤਾ ਦੇ ਸੰਗਠਨਾਂ ਨਾਲ ਸਰਗਰਮੀ ਨਾਲ ਜੁੜੀ ਹੋਈ ਦਿਲਪ੍ਰੀਤ ਚਹਿਲ ਏਨੀ ਚੰਗੀ ਪੰਜਾਬੀ ਬੋਲਦੀ ਹੈ ਕਿ ਸੁਣਨ ਵਾਲਾ ਹੈਰਾਨ ਰਹਿ ਜਾਵੇ। ਮਹਿਲਾ ਕਵੀਆਂ ਮੰਚ ਨਾਲ ਜੁੜੀ ਹੋਈ ਇਸ ਸ਼ਾਇਰ ਨੇ ਪੰਜਾਬੀ ਦੇ ਸਪੂਤਾਂ ਦੀ ਇਸ ਵਿਸ਼ੇਸ਼ ਬੈਠਕ ਵਿਚ ਪੰਜਾਬੀ ਨਾਲ ਵੀ 

, ਜਗਤਾਰ ਸਿੰਘ ਜੋਗ, ਹਰਮਨ ਸਿੰਘ ਅਤੇ ਗੁਰਵਿੰਦਰ ਸਿੰਘ ਵੱਲੋਂ ਸ਼ਿਰਕਤ ਕਰਦਿਆਂ ਵਿਭਾਗ ਨੂੰ ਇਸ ਗੱਲ ਦਾ ਯਕੀਨ ਦਵਾਇਆ ਕਿ ਉਹ 21 ਨਵੰਬਰ ਤੋਂ ਪਹਿਲਾਂ-ਪਹਿਲਾਂ ਜ਼ਿਲ੍ਹੇ ਦੇ ਸਮੂਹ ਬੋਰਡ ਪੰਜਾਬੀ ਵਿੱਚ ਲਿਖਾਉਣ ਲਈ ਲੋਕਾਂ ਤੱਕ ਪਹੁੰਚ ਕਰਨਗੇ। 

ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਅੱਜ ਦੀ ਮਿਲਣੀ ਵਿੱਚ ਭਾਗ ਲੈਣ ਵਾਲੇ ਸਾਰੇ ਨੁਮਾਇੰਦਿਆਂ ਦਾ ਮਿਲਣੀ ਸਮਾਗਮ ਵਿਚ ਪਹੁੰਚਣ ਲਈ ਸਭਨਾਂ ਦਾ ਧੰਨਵਾਦ ਕੀਤਾ ਗਿਆ। ਹੁਣ ਦੇਖਣਾ ਹੈ ਕਿ ਪੰਜਾਬੀ ਦੀ ਸ਼ਾਨ ਬਹਾਲ ਕਰਨ ਲਈ ਇਹ ਮੁਹਿੰਮ ਕਿੰਨੀ ਜਲਦੀ ਸਫਲ ਹੁੰਦੀ ਹੈ।  

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Wednesday 4 October 2023

ਸਾਹਿਤ ਸਿਰਜਣਾ ਲਈ ਨਿਰੰਤਰ ਸਰਗਰਮ ਹੈ ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ

Wednesday 4th October 2023 at 14:35

ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲਿਆਂ ਦਾ ਖਾਸ ਆਯੋਜਨ 


ਚੰਡੀਗੜ੍ਹ
: 04 ਅਕਤੂਬਰ 2023: (ਸ਼ੈਲੀ ਸਿੰਘ//ਸਾਹਿਤ ਸਕਰੀਨ ਡੈਸਕ)::

ਚੜ੍ਹਦੀ ਉਮਰੇ ਜਿਹੜੇ ਸੰਸਕਾਰ ਅਤੇ ਆਦਤਾਂ ਸਾਡੇ ਸੁਭਾਵਾਂ ਵਿਚ ਘਰ ਕਰ ਜਾਂਦੀਆਂ ਹਨ ਉਹਨਾਂ ਦਾ ਅਸਰ ਆਖ਼ਿਰੀ ਸਾਹਾਂ ਤੀਕ ਬਣਿਆ ਰਹਿੰਦਾ ਹੈ। ਕੁਦਰਤ ਦੀ ਕ੍ਰਿਪਾ ਵਾਲੀ ਇਸ ਹਕੀਕਤ ਨੂੰ ਵਰਤੋਂ ਵਿਚ ਲਿਆਉਂਦਿਆਂ ਭਾਸ਼ਾ ਵਿਭਾਗ ਨਵੀਂ ਉਮਰ ਦੇ ਮੁੰਡੇ ਕੁੜੀਆਂ ਨੂੰ ਸਾਹਿਤ ਸਿਰਜਣਾ ਵਾਲੇ ਪਾਸੇ ਉਤਸ਼ਾਹਿਤ ਕਰਨ ਲਈ ਕਾਫੀ ਅਰਸੇ ਤੋਂ ਲਗਾਤਾਰ ਜਤਨਸ਼ੀਲ ਹੈ। ਹੁਣ ਇੱਕ ਹੋਰ ਆਯੋਜਨ ਵੀ ਇਸੇ ਮਕਸਦ ਨਾਲ ਕੀਤਾ ਗਿਆ। 

ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਦਫ਼ਤਰ ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਵੱਲੋਂ ਮਿਤੀ 04 ਅਕਤੂਬਰ 2023 ਨੂੰ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਦਸਵੀਂ ਜਮਾਤ ਤੱਕ ਪੜ੍ਹਨ ਵਾਲੇ ਵਿਦਿਆਰਥੀਆਂ ਦੇ 'ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ' ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਲੇਖ ਰਚਨਾ, ਕਵਿਤਾ ਰਚਨਾ, ਕਹਾਣੀ ਰਚਨਾ ਅਤੇ ਕਵਿਤਾ ਗਾਇਨ ਦੇ ਮੁਕਾਬਲੇ ਸ਼ਾਮਲ ਸਨ।  ਚੰਡੀਗੜ੍ਹ ਨਾਲ ਸਬੰਧਿਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ ਜਿਸ ਵਿੱਚ ਕਵਿਤਾ ਗਾਇਨ ਮੁਕਾਬਲੇ ਲਈ 22 ਵਿਦਿਆਰਥੀ, ਲੇਖ ਰਚਨਾ ਲਈ 17 ਵਿਦਿਆਰਥੀ, ਕਹਾਣੀ ਰਚਨਾ ਲਈ 16 ਵਿਦਿਆਰਥੀ ਅਤੇ ਕਵਿਤਾ ਰਚਨਾ ਲਈ 16 ਵਿਦਿਆਰਥੀ ਸ਼ਾਮਲ ਸਨ । ਮੁਕਾਬਲੇ ਸ਼ੁਰੂ ਕਰਨ ਤੋਂ ਪਹਿਲਾਂ ਸਹਾਇਕ ਡਾਇਰੈਕਟਰ (ਪੰਜਾਬੀ ਸੈੱਲ) ਚੰਡੀਗੜ੍ਹ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁਕਾਬਲਿਆਂ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਮਹਿਮਾਨਾਂ, ਵਿਦਿਆਰਥੀਆਂ , ਅਧਿਆਪਕਾਂ, ਮਾਪਿਆਂ ਅਤੇ ਪਤਵੰਤਿਆਂ ਨੂੰ 'ਜੀ ਆਇਆਂ ਨੂੰ' ਕਿਹਾ ਗਿਆ।  ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਇਹਨਾਂ ਮੁਕਾਬਲਿਆਂ ਲਈ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੁਆਰਾ ਤਿਆਰੀ ਕਰਵਾ ਕੇ ਭੇਜਣਾ ਸਲਾਹੁਣਯੋਗ ਕਦਮ ਹੈ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਸਰਗਰਮੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। 

ਇਹਨਾਂ ਮੁਕਾਬਲਿਆਂ ਦੇ ਨਿਯਮਾਂ ਅਨੁਸਾਰ ਕਵਿਤਾ ਗਾਇਨ ਲਈ ਨੰਦ ਲਾਲ ਨੂਰਪੁਰੀ, ਧਨੀ ਰਾਮ ਚਾਤ੍ਰਿਕ, ਭਾਈ ਵੀਰ ਸਿੰਘ, ਸ਼ਿਵ ਕੁਮਾਰ ਬਟਾਲਵੀ, ਕਰਤਾਰ ਸਿੰਘ ਬਲੱਗਣ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਗੁਰਭਜਨ ਸਿੰਘ, ਸੁਲੱਖਣ ਸਰਹੱਦੀ, ਗੁਰਤੇਜ ਕੋਹਾਰਵਾਲਾ, ਮਨਜੀਤ ਇੰਦਰਾ ਦੀਆਂ ਕਵਿਤਾਵਾਂ ਨੂੰ ਵਿਦਿਆਰਥੀਆਂ ਦੁਆਰਾ ਮੰਚ ਤੋਂ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਕਵਿਤਾ ਰਚਨਾ ਮੁਕਾਬਲੇ (300 ਸ਼ਬਦ) ਲਈ ਮੌਕੇ 'ਤੇ ‘ਜ਼ਿੰਦਗੀ’, ‘ਮਾਂ-ਬੋਲੀ’ ਅਤੇ ‘ਪੰਜਾਬ’, ਲੇਖ ਰਚਨਾ ਮੁਕਾਬਲੇ (600 ਸ਼ਬਦ) ਲਈ ‘ਵਿਦੇਸ਼ ਜਾਣ ਦਾ ਰੁਝਾਨ’, ‘ਕੁਦਰਤ ਤੇ ਮਨੁੱਖ’ ਅਤੇ ‘ਚੰਦਰਯਾਨ-3’ ਅਤੇ ਕਹਾਣੀ ਰਚਨਾ ਮੁਕਾਬਲੇ (600 ਸ਼ਬਦ) ਲਈ 'ਕੁਦਰਤੀ ਕਰੋਪੀ’, ‘ਹਿੰਮਤ’ ਅਤੇ ‘ਮਮਤਾ’ ਵਿਸ਼ੇ ਦਿੱਤੇ ਗਏ। ਸਾਰੀਆਂ ਹੀ ਵਿਧਾਵਾਂ ਵਿੱਚ ਜ਼ਬਰਦਸਤ ਮੁਕਾਬਲਾ ਅਤੇ ਰੌਚਿਕਤਾ ਵੇਖਣ ਵਾਲੀ ਸੀ। 

ਵਿਸ਼ੇਸ਼ ਆਯੋਜਨ ਅਧੀਨ ਕੀਤੇ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਭਗਤ ਸਿੰਘ (ਸ.ਮਾ.ਸ.ਸ.ਸ.ਮਨੀਮਾਜਰਾ), ਦੂਜਾ ਸਥਾਨ ਸੁਖਮਨੀ ਸਾਰੰਗ (ਸ.ਕ.ਸ.ਸ.ਸ-18 ਸੀ, ਚੰਡੀਗੜ੍ਹ) ਅਤੇ ਤੀਜਾ ਸਥਾਨ ਕੁਲਤਰਨ ਕੌਰ (ਸੈਕਰਡ ਹਾਰਟ ਸ.ਸ.ਸਕੂਲ, ਸੈ.26, ਚੰਡੀਗੜ੍ਹ) ਨੇ ਪ੍ਰਾਪਤ ਕੀਤਾ। 

ਕਹਾਣੀ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਰਨੂਰ ਕੌਰ (ਸ.ਮ.ਸ.ਸ.ਸ-37 ਬੀ, ਚੰਡੀਗੜ੍ਹ), ਦੂਜਾ ਸਥਾਨ ਸ਼ਬਨੂਰ ਕੌਰ (ਸ.ਹ.ਸ.ਮਲੋਆ) ਅਤੇ ਤੀਜਾ ਸਥਾਨ ਮਨਰੂਪ ਕੌਰ (ਸੇਂਟ ਜੋਸਫ਼ ਸ.ਸ.ਸਕੂਲ, ਚੰਡੀਗੜ੍ਹ) ਨੇ ਪ੍ਰਾਪਤ ਕੀਤਾ। ਕਵਿਤਾ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਰਾਫ਼ੀਆ (ਸ.ਹ.ਸ.ਮਲੋਆ), ਦੂਜਾ ਸਥਾਨ ਸਵਦੀਪ ਕੌਰ (ਸ਼ਿਵਾਲਿਕ ਪਬਲਿਕ ਸਕੂਲ-41 ਬੀ, ਚੰਡੀਗੜ੍ਹ) ਅਤੇ ਤੀਜਾ ਸਥਾਨ ਰਵਨੀਤ ਕੌਰ (ਸ.ਮਾ.ਸ.ਸ.ਸ.-18 ਸੀ, ਚੰਡੀਗੜ੍ਹ) ਨੇ ਪ੍ਰਾਪਤ ਕੀਤਾ। 

ਲੇਖ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰਨੂਰ ਕੌਰ (ਸ਼ਿਵਾਲਿਕ ਪਬਲਿਕ ਸਕੂਲ-41 ਬੀ, ਚੰਡੀਗੜ੍ਹ), ਦੂਜਾ ਸਥਾਨ ਯੁਵਿਕਾ ਸ਼ਰਮਾ (ਸੇਂਟ ਜੋਸਫ਼ ਸ.ਸ.ਸਕੂਲ, ਚੰਡੀਗੜ੍ਹ) ਅਤੇ ਤੀਜਾ ਸਥਾਨ ਅਨੰਨਿਆ ਮਿਸ਼ਰਾ (ਕੇ.ਬੀ.ਡੀ.ਏ.ਵੀ.ਸਕੂਲ, ਸੈਕ. 7 ਬੀ, ਚੰਡੀਗੜ੍ਹ) ਨੇ ਪ੍ਰਾਪਤ ਕੀਤਾ। 

ਮੁਕਾਬਲਿਆਂ ਉਪਰੰਤ ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ  ਸਹਾਇਕ ਡਾਇਰੈਕਟਰ (ਪੰਜਾਬੀ ਸੈੱਲ) ਚੰਡੀਗੜ੍ਹ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਭਾਗੀਦਾਰੀ ਦਾ ਪ੍ਰਮਾਣ ਪੱਤਰ ਵੀ  ਦਿੱਤਾ ਗਿਆ। ਜ਼ਿਲ੍ਹਾ ਪੱਧਰ ’ਤੇ ਜੇਤੂ ਰਹੇ ਵਿਦਿਆਰਥੀ  ਹੁਣ ਪਟਿਆਲੇ ਵਿਖੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਮੁਕਾਬਲਿਆਂ ਦੌਰਾਨ ਜੱਜਮੈਂਟ ਲਈ  ਪ੍ਰੋ. ਗੁਰਜੋਧ ਕੌਰ, ਸ਼੍ਰੀ ਰਾਬਿੰਦਰ ਸਿੰਘ ਰੱਬੀ, ਮੈਡਮ ਦਿਲਪ੍ਰੀਤ ਕੌਰ, ਸ਼੍ਰੀਮਤੀ ਸੁਧਾ ਜੈਨ ‘ਸੁਦੀਪ’, ਸ਼੍ਰੀ ਗੁਰਤੇਜ ਸਿੰਘ ਅਤੇ ਸ਼੍ਰੀ ਗੁਰਿੰਦਰ ਸਿੰਘ ਕਲਸੀ ਵੱਲੋਂ ਸਾਰਥਕ ਭੂਮਿਕਾ ਨਿਭਾਈ ਗਈ। 

ਇਨ੍ਹਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਦੇ ਮਾਪੇ ਅਤੇ ਜ਼ਿਲ੍ਹੇ ਦੀਆਂ ਹੋਰ ਅਦਬੀ ਸ਼ਖਸ਼ੀਅਤਾਂ ਵੀ ਹਾਜ਼ਰ ਸਨ। ਇਸ ਮੌਕੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਵਿਦਿਆਰਥੀਆਂ ਅੰਦਰ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨਰੋਏ ਜੀਵਨ ਮੁੱਲਾਂ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday 2 October 2023

ਆਪੋ ਆਪਣੀ ਚੁੱਪ ਨੂੰ ਤੋੜੋ//ਗੁਰਭਜਨ ਗਿੱਲ

Monday 2nd October 2023 at 6:10 PM

ਸਭ ਕੁਝ ਦੇਖ ਕੇ ਵੀ ਖਾਮੋਸ਼ ਬੈਠਿਆਂ ਨੂੰ ਹਲੂਣਾ ਦੇਂਦੀ ਕਾਵਿ ਰਚਨਾ 
ਜਾਗੋ ਜਾਗੋ ਸੌਣ ਵਾਲਿਓ!
ਦੇਸ਼ ਕੌਮ ਤੇ ਮਾਨਵਤਾ ਦੇ ਪੈਰੀਂ ਜੋ ਜ਼ੰਜੀਰਾਂ ਪਈਆਂ ।

ਸਿਉਂਕ ਨੇ ਖਾਧੇ ਘਰ ਦੇ ਬੂਹੇ?
ਸਣੇ ਚੁਗਾਠਾਂ ਅਤੇ ਬਾਰੀਆਂ।
ਗਿਆਨ ਧਿਆਨ ਫ਼ਲਸਫ਼ੇ ਲੀਰਾਂ ਲੀਰਾਂ ਹੋਏ।
ਨੰਗੀ ਅੱਖ ਨੂੰ ਕੇਵਲ ਉਤਲਾ ਰੋਗਨ ਦਿਸਦਾ।
ਸੁੱਤਿਆਂ ਸੁੱਤਿਆਂ ਖਾ ਗਈ ਚੰਦਰੀ ਸਭ ਅਲਮਾਰੀਆਂ।

ਪੜ੍ਹੇ ਲਿਖੇ ਚਿੰਤਕ ਤੇ ਚੇਤਨ ਜੀਵ ਕਹਾਉਂਦੇ ਭਰਮੀ ਲੋਕੋ।
ਸੁਣੋ ਸੁਣੋ ਹੁਣ ਏਧਰ ਆਪਣੀ ਬਿਰਤੀ ਜੋੜੋ,
ਆਪੋ ਆਪਣੀ ਚੁੱਪ ਨੂੰ ਤੋੜੋ।

ਚੁੱਪ ਨੂੰ ਗਹਿਣਾ ਮੰਨਦੇ ਮੰਨਦੇ,
ਅੱਧੀ ਸਦੀ ਵਿਅਰਥ ਗੁਆਈ।
ਬੁੜ ਬੁੜ ਕਰਦੇ ਘੂਕੀ ਅੰਦਰ ਸੁੱਤੇ ਸੁੱਤੇ,
ਬੋਲਣ ਦੀ ਸਭਨਾਂ ਨੇ ਲੱਗਦੈ ਜਾਚ ਭੁਲਾਈ।

ਇਸ ਤੋਂ ਅੱਗੇ ਪਿੱਛੇ ਸੱਜੇ ਖੱਬੇ ਪਾਸੇ,
ਉਹ ਅਣਦਿਸਦੀ ਡੂੰਘੀ ਖਾਈ ।
ਜਿਸ ਵਿੱਚ ਡਿੱਗੀ ਚੀਜ਼ ਕਦੇ ਨਹੀਂ ਵਾਪਸ ਆਈ ।

ਖੌਰੇ ਕਿਹੜੇ ਭਰਮ ਭੁਲੇਖੇ,
ਜਾਂ ਫਿਰ ਡੂੰਘੀ ਸਾਜ਼ਿਸ਼ ਕਾਰਨ,
ਅਸਾਂ ਸਮਝਿਆ।
ਪੜ੍ਹਨ ਲਿਖਣ ਦਾ ਕਾਰਜ ਕਰਦੇ,
ਪੜ੍ਹਦੇ ਅਤੇ ਪੜ੍ਹਾਉਂਦੇ ਸਾਰੇ,
ਰੰਗ ਦੇ ਰਸੀਏ ਸ਼ਬਦਕਾਰ,
ਤੇ ਸੁਰ ਸ਼ਹਿਜ਼ਾਦੇ।
ਪਰਮਾਤਮ ਲੜ ਲੱਗੇ ਲੋਕੀਂ,
ਕੇਵਲ ਪੁਸਤਕ-ਪਾਠ ਕਰਨਗੇ।

ਪਾਠ ਪੁਸਤਕਾਂ ਵੀ ਬੱਸ ਉਹੀ,
ਜਿਨ੍ਹਾਂ ਦੇ ਅੱਖਰ ਅੱਧਮੋਏ।
ਨਵੀਂ ਸੋਚ ਤੇ ਸਰੋਕਾਰ ਸੰਸਾਰ ਨਵੇਲੇ,
ਜਿਸ ਵਿਚ ਵਰਜਿਤ ਧੁੰਦਲੇ ਹੋਏ।

ਕਲਮਾਂ ਤੇ ਬੁਰਸ਼ਾਂ ਸੰਗ ਸੁਪਨ-ਸਿਰਜਣਾ ਕਰਦੇ,
ਹੇਕਾਂ ਲਾ ਲਾ ਸੁਰਾਂ ਵੇਚਦੇ ਗਾਉਣ ਵਾਲਿਓ !
ਜਾਗੋ ਜਾਗੋ ਸੌਣ ਵਾਲਿਓ।

ਨ੍ਹੇਰੇ ਵਿਚੋਂ ਬਾਹਰ ਆਓ।
ਕਿਹੜੀ ਸ਼ਕਤੀ ਹੈ ਜੋ ਸਾਨੂੰ,
ਆਪਣੀ ਇੱਛਿਆ ਮੂਜਬ ਤੋਰੇ ।
ਭਰ ਵਗਦੇ ਦਰਿਆਵਾਂ ਦੇ ਜੋ ਕੰਢੇ ਭੋਰੇ।
ਧਰਤੀ ਦੀ ਮਰਯਾਦਾ ਖੋਰੇ ।
ਜਿੱਸਰਾਂ ਚਾਹੇ ਰਾਗ-ਰੰਗ ਸ਼ਬਦਾਂ ਨੂੰ,
ਕਿਸੇ ਵਗਾਰੀ ਵਾਂਗੂੰ,
ਜਿੱਧਰ ਚਾਹੇ ਮਰਜ਼ੀ ਤੋਰੇ।

ਸਰਮਾਏ ਦੀ ਅਮਰ-ਵੇਲ ਹੈ,
ਅਣਦਿਸਦੀ ਜਹੀ ਤਾਰ ਦਾ ਬੰਧਨ।
ਤਨ ਮਨ ਉੱਪਰ ਧਨ ਦਾ ਪਹਿਰਾ।
ਚਾਰ ਚੁਫ਼ੇਰ ਪਸਰਿਆ ਸਹਿਰਾ।

ਬੰਦੇ ਕਾਹਦੇ ਕੋਹਲੂ ਅੱਗੇ ਜੁੱਪੇ ਢੱਗੇ,
ਰੰਗ ਬਰੰਗੇ ਗਦਰੇ ਬੱਗੇ।
ਉੱਡਣੇ ਪੁੱਡਣੇ ਪੰਛੀ ਬਣ ਗਏ ਰੀਂਘਣ ਹਾਰੇ।
ਰਾਜ ਭਵਨ ਦੀ ਅਰਦਲ ਬੈਠੇ ਬਣੇ ਨਿਕਾਰੇ।

ਭੂਤ ਭਵਿੱਖ ਤੇ ਵਰਤਮਾਨ ਨੂੰ,
ਸਰਮਾਏ ਦਾ ਨਾਗ ਲਪੇਟੇ ਮਾਰੀ ਬੈਠਾ।
ਜਦ ਵੀ ਕੋਈ ਇਸ ਤੋਂ ਮੁਕਤੀ ਦੀ ਗੱਲ ਸੋਚੇ,
ਕੁੱਤੇ ਬਿੱਲੀਆਂ ਗਿੱਦੜਾਂ ਤੇ ਬਘਿਆੜਾਂ ਰਲ ਕੇ,
ਸਦਾ ਉਨ੍ਹਾਂ ਦੇ ਮੂੰਹ-ਸਿਰ ਨੋਚੇ।

ਜੇਕਰ ਸਾਡਾ ਚਿੰਤਨ ਸੋਚ ਚੇਤਨਾ ਸਭ ਕੁਝ,
ਨਿਸ਼ਚਤ ਦਾਇਰੇ ਅੰਦਰ ਹੀ ਬੱਸ ਬੰਦ ਰਹਿਣਾ ਹੈ।
ਜੇਕਰ ਆਪਾਂ ਆਪਣੀ ਅਕਲ ਮਹਾਨ ਸਮਝ ਕੇ,
ਗੁਫ਼ਾ ਵਿਚ ਪਏ ਰਹਿਣਾ ਹੈ ।

ਤਦ ਫਿਰ ਜ਼ਿੰਦਗੀ ਦੀ ਰਫ਼ਤਾਰ ਤੇ ਚੱਲਦਾ ਪਹੀਆ,
ਜਬਰ ਜਨਾਹੀਆਂ ਚੋਰ ਲੁਟੇਰਿਆਂ,
ਤੇ ਕਾਲੇ ਧਨ ਵਾਨ ਸ਼ਾਸਕਾਂ,
ਹੱਥ ਰਹਿਣਾ ਹੈ।

ਹੇ ਧਰਤੀ ਦੇ ਜੰਮੇ ਜਾਏ,
ਅਕਲਾਂ ਵਾਲੇ ਲੋਕੋ ਆਓ।
ਆਪੋ ਆਪਣੀ ਸੁਰਤਿ ਜਗਾਓ।
ਵਰਜਿਤ ਰਾਹਾਂ ਚੱਲ ਕੇ ਨਵੀਆਂ ਪੈੜਾਂ ਪਾਓ।

ਵਕਤ ਦੇ ਅੱਥਰੇ ਘੋੜੇ ਨੂੰ,
ਹੁਣ ਕਾਬੂ ਕਰੀਏ।
ਇਸ ਉੱਪਰ ਹੁਣ ਕਾਠੀ ਪਾਈਏ।

ਸਬਰ ਦਾ ਸਰਵਰ ਨੱਕੋ ਨੱਕ ਹੈ,
ਤਰਣ ਦੁਹੇਲਾ।
ਲੱਖ ਕਰੋੜ ਸਿਰਾਂ ਨੂੰ ਜੋੜੋ।
ਚੁੱਪ ਨਾ ਬੈਠੋ,
ਆਪੋ ਆਪਣੀ ਚੁੱਪ ਨੂੰ ਤੋੜੋ। 

     --ਗੁਰਭਜਨ ਗਿੱਲ

Monday 25 September 2023

ਗਜ਼ਲਗੋ ਸਰਦਾਰ ਪੰਛੀ ਵੀ ਪੁੱਜੇ ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਮੀਟਿੰਗ ਵਿੱਚ

ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਵਿੱਚ ਕਈ ਸ਼ਾਇਰਾਂ ਨੇ ਸੁਣਾਇਆ ਕਲਾਮ 

ਭੈਣੀ ਸਾਹਿਬ: 24 ਸਤੰਬਰ 2023(ਗੁਰਸੇਵਕ ਸਿੰਘ  ਢਿੱਲੋਂ//ਇਨਪੁਟ-ਕਾਰਤਿਕਾ ਸਿੰਘ//ਸਾਹਿਤ ਸਕਰੀਨ ਡੈਸਕ)::

ਸ੍ਰੀ ਭੈਣੀ ਸਾਹਿਬ ਦੀ ਧਰਤੀ ਅਧਿਆਤਮਕ ਵਾਤਾਵਰਣ ਵਾਲੀ ਵੀ ਹੈ ਅਤੇ ਕੁਦਰਤ ਦੇ ਵੀ ਬਹੁਤ ਨੇੜੇ ਹੈ। ਇਥੇ ਉੱਠਦੀਆਂ ਤਰੰਗਾਂ ਦਿਲ ਦਿਮਾਗ ਦੀ ਨਿਰਥਰਕ ਜਿਹੀ ਭੱਜਦੌੜ ਨੂੰ ਇੱਕ ਵਾਰ ਬੜੀ ਹੀ ਸਹਿਜਤਾ ਨਾਲ ਰੋਕ ਦੇਂਦੀਆਂ ਹਨ। ਇਥੇ ਪਹੁੰਚ ਕੇ ਸੁਰਤਿ ਵੀ  ਜੁੜਦੀ ਹੈ ਅਤੇ ਮਨ ਵੀ ਸ਼ਾਂਤ ਹੁੰਦਾ ਹੈ। ਇਥੇ ਕਦੇ ਕਦੇ ਮਿਲਦਾ ਵੱਡੇ ਲੱਡੂ ਦਾ ਪ੍ਰਸ਼ਾਦ ਏਨਾ ਸੁਆਦ ਹੁੰਦਾ ਹੈ ਕਿ ਉਸਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਬੜੀ ਕੋਸ਼ਿਸ਼ ਵੀ ਕੀਤੀ ਪਰ ਅਜਿਹਾ ਲੱਡੂ ਬਾਹਰੋਂ ਕਿਤਿਓਂ ਨਹੀਂ ਮਿਲਦਾ। ਇਸ ਸ਼ਾਂਤ ਅਤੇ ਮਿਠਾਸ ਭਰੇ ਵਾਤਾਵਰਨ ਵਿਚ ਪਹੁੰਚ ਕੇ ਸਾਹਿਤ ਸਿਰਜਣਾ ਆਪ ਮੁਹਾਰੇ ਬਹੁੜਦੀ ਹੈ। ਸ਼ਾਇਦ ਇਸਦਾ ਕਾਰਨ ਇਹੀ ਕਿ ਆਧੁਨਿਕ ਵਿਕਾਸ ਦੇ ਬਾਵਜੂਦ ਇਸ ਅਸਥਾਨ ਦੇ ਅੰਦਰ ਕੁਦਰਤੀ ਨਜ਼ਾਰਿਆਂ ਨੂੰ ਕਦੇ ਵੀ ਨਸ਼ਟ ਨਹੀਂ ਹੋਣ ਦਿੱਤਾ ਗਿਆ।  ਇਥੇ ਪਹੁੰਚ ਕੇ ਜਦੋਂ ਅੰਦਰ ਬਣਾਏ ਗਏ ਮਿਨੀਏਚਰ ਪਾਰਕ ਦੇ ਮਿਊਜ਼ੀਅਮ ਵੱਲ ਨਜ਼ਰ ਮੈਰੀ ਤਾਂ ਨਾਮਧਾਰੀ ਕੁਰਬਾਨੀਆਂ ਦਾ ਉਹ ਇਤਿਹਾਸ ਇੱਕ ਵਾਰ ਫੇਰ ਅੱਖਾਂ ਸਾਹਮਣੇ ਸਾਕਾਰ ਹੋਇਆ ਲੱਗਦਾ ਹੈ ਜਿਵੇਂ ਗੁਜ਼ਰ ਚੁੱਕਿਆ ਸਮਾਂ ਫਿਰ ਪਰਤ ਆਇਆ ਹੋਵੇ। 

ਇਸ ਵਾਰ ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋਂ ਰੋਡ ਵਿਖੇ ਹੋਈ। ਸ਼ੁਰੂਆਤੀ ਦੌਰ ਵਿੱਚ ਹੇਠ ਪਹੁੰਚ ਕੇ ਜਿੱਥੇ ਸੂਰਤ ਆüਨੇ ਆਪ ਜੁੜਦੀ ਹੈ ਉੱਥੇ ਗਜ਼ਲਗੋ ਹਰਜਿੰਦਰ ਬੱਲ, ਉਭਰਦੇ ਗਾਇਕ ਅਰਮਾਨ ਸਿੱਧੂ, ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸਭਾ ਵੱਲੋਂ ਸ਼ੋਕ ਮਤਾ ਪਾਇਆ ਗਿਫਿਰ ਪਰਤ ਆਇਆ ਹੋਏ। ਆ। ਗੀਤਕਾਰ ਬਾਪੂ ਦੇਵ ਥਰੀਕੇ ਵਾਲੇ ਨੂੰ ਉਹਨਾਂ ਦੇ 85 ਵੇਂ ਜਨਮ ਦਿਨ ਤੇ ਯਾਦ ਕੀਤਾ ਗਿਆ। 

ਰਚਨਾਵਾਂ ਦੇ ਦੌਰ ਵਿੱਚ ਅਨਿਲ ਫਤਿਹਗੜ੍ਹ ਜੱਟਾਂ ਨੇ, ਸੋਚ ਲਿਓ (ਗ਼ਜ਼ਲ) ਜਸਵੀਰ ਝੱਜ ਨੇ, ਹਰਿਆ ਬੂਟ ( ਗੀਤ )  ਗਜ਼ਲਗੋ ਸਰਦਾਰ ਪੰਛੀ ਨੇ, ਭਾਈ ਘਨ੍ਹਈਆ (ਗਜ਼ਲ) ਜੋਰਾਵਰ ਪੰਛੀ ਨੇ, ਨਦੀ ਮਿਲਕੇ ਸਮੰਦਰ ਹੋ ਗਈ (ਗਜ਼ਲ) ਕਰਨੈਲ ਸਿਵੀਆ ਨੇ, ਰੱਬ ਦਾ ਸ਼ੁਕਰ (ਗੀਤ) ਸ਼੍ਰੀ ਸੋਮਨਾਥ ਸਿੰਘ ਨੇ, ਮਾਂ ਬੋਲੀ (ਗੀਤ) ਬਲਵੰਤ ਸਿੰਘ ਵਿਰਕ ਨੇ, ਮਾਂ (ਗੀਤ) ਦਲਵੀਰ ਸਿੰਘ ਕਲੇਰ ਨੇ, ਮੈਂ ਸੰਨ ਸੰਤਾਲੀ ਹਾਂ, (ਗੀਤ) ਮਨਜੀਤ ਘਣਗਸ ਨੇ ਵਹਿਮ ਭਰਮ (ਗੀਤ) ਹਰਬੰਸ ਸਿੰਘ ਰਾਏ ਨੇ-ਅਵਾਰਾ ਕੁੱਤੇ ਨਾਮਕ (ਗੀਤ) ਗੁਰਸੇਵਕ ਸਿੰਘ ਢਿੱਲੋ ਨੇ ਦੇਵ ਥਰੀਕੇ ਵਾਲਾ (ਗੀਤ) ਨੇਤਰ ਸਿੰਘ ਮੁੱਤੋ ਨੇ-ਸੈਤਾਨ ਮਨ (ਕਵਿਤਾ) ਜਗਵੀਰ ਸਿੰਘ ਵਿੱਕੀ ਨੇ, ਪਸੰਦ (ਗੀਤ), ਜਗਦੇਵ ਮਕਸੂਦੜਾ ਨੇ-ਕਾਸ਼ (ਗਜ਼ਲ) ਸ਼ਿੰਦਰ ਕੌਰ ਦਿੱਲੀ ਨੇ, ਢੱਠਾ ਖੂਹ (ਕਵਿਤਾ), ਪੰਮੀ ਹਬੀਬ ਨੇ-ਦਾਲ ਕਰਾਰੀ ( ਮਿੰਨ੍ਹੀ ਕਹਾਣੀ ) ਹਜ਼ਾਰਾ ਸਿੰਘ ਗਿੱਲ ਨੇ ਗੜ੍ਹੀ ਚਮਕੌਰ ( ਕਵਿਤਾ ) ਜਗਜੀਤ ਸਿੰਘ ਕਮਾਂਡੋ ਨੇ, ਅਹਿਸਾਸ ( ਕਵਿਤਾ ) ਦਲਜੀਤ ਸਿੰਘ ਬਿੱਲੇ ਨੇ, ਮਾਂ ( ਗੀਤ ) ਤਰਨ ਬੱਲ ਨੇ (ਕਹਾਣੀ) ਆਦਿਕ ਰਚਨਾਵਾਂ ਪੇਸ਼ ਕੀਤੀਆਂ। 

ਇਸ ਮੀਟਿੰਗ ਦੌਰਾਨ ਪੜ੍ਹੀਆਂ ਸੁਣੀਆਂ ਰਚਨਾਵਾਂ ਤੇ ਗਜ਼ਲਗੋ ਸਰਦਾਰ ਪੰਛੀ, ਸ਼੍ਰੀ ਜਸਵੀਰ ਝੱਜ, ਗੀਤਕਾਰ ਕਰਨੈਲ ਸਿਵੀਆ, ਰਾਮਪੁਰ ਲਿਖਾਰੀ ਸਭਾ ਦੇ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ, ਗੁਰਸੇਵਕ ਸਿੰਘ ਢਿੱਲੋਂ, ਹਰਬੰਸ ਸਿੰਘ ਰਾਏ ਆਦਿਕ ਨੇ ਉਸਾਰੂ ਵਿਚਾਰ ਚਰਚਾ ਕੀਤੀ। ਕਹਾਣੀਕਾਰ ਤਰਨ ਬੱਲ ਤੇ ਜਗਵੀਰ ਸਿੰਘ ਵਿੱਕੀ ਨੇ ਸਭਾ ਦੀ ਕਾਰਵਾਈ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਚਲਾਇਆ। ਗੁਰਸੇਵਕ ਸਿੰਘ ਢਿੱਲੋਂ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਵੀ ਕੀਤਾ।

Tuesday 19 September 2023

190 ਦੇ ਕਰੀਬ ਸਾਹਿਤ ਸਭਾਵਾਂ ਤੀਕ ਪਹੁੰਚ ਅਪਣਾਉਣ ਦੀ ਲੋੜ 'ਤੇ ਜ਼ੋਰ

 ਕੇਂਦਰੀ ਪੰਜਾਬੀ ਲੇਖਕ ਸਭਾ ਦੀ ਨਵੀਂ  ਟੀਮ ਵੱਲੋਂ ਪਲੇਠੀ ਮੀਟਿੰਗ ਵਿੱਚ ਹੀ ਮਾਸਟਰ ਸਟ੍ਰੋਕ 

ਪਹਿਲੀ ਮੀਟਿੰਗ ਵਿੱਚ ਹੀ ਪਛਾਣੀ ਗਈ ਅਸਲੀ ਲੋੜਾਂ ਵਾਲੀ ਨਬਜ਼ 


ਚੰਡੀਗੜ੍ਹ
//ਲੁਧਿਆਣਾ: 19 ਸਤੰਬਰ 2023: (ਸਾਹਿਤ ਸਕਰੀਨ ਡੈਸਕ)::

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਨਵੀਂ ਟੀਮ ਨੇ ਇਸ ਵਾਰ ਦੇ "ਚੋਣ ਨਤੀਜਿਆਂ" ਮਗਰੋਂ ਬੜੀ ਨਿਰਪੱਖਤਾ ਅਤੇ ਖੁਲ੍ਹੇ  ਦਿਲ ਨਾਲ  ਵਿਚਾਰਿਆ ਲੱਗਦਾ ਹੈ। ਬਿਨਾ ਮੁਕਾਬਲਾ ਹੋਈ ਇਸ ਜਿੱਤ ਤੋਂ ਬਾਅਦ ਨਵੀਂ ਟੀਮ ਨੇ ਸੋਸ਼ਲ ਮੀਡੀਆ 'ਤੇ ਆਈਆਂ ਟਿੱਪਣੀਆਂ ਅਤੇ ਆਲੋਚਨਾਵਾਂ ਨੂੰ ਵੀ ਬੜੀ ਸੁਹਿਰਦਤਾ ਨਾਲ ਵਿਚਾਰਿਆ ਲੱਗਦਾ ਹੈ। ਜਿੱਥੇ ਇਸ ਮੌਕੇ 'ਤੇ  ਕਾਰਜਕਾਰਨੀ ਦਾ ਗਠਨ ਕੀਤਾ ਗਿਆ ਉੱਥੇ ਧੜੇਬੰਦੀ ਅਤੇ ਪੱਖਪਾਤ ਨੂੰ ਵੀ ਨੁੱਕਰੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਨਵੇਂ ਗਠਨ ਦੇ ਐਲਾਨ ਮੌਕੇ ਇਸ ਗੱਲ ਨੂੰ ਵੀ ਮਹਿਸੂਸ ਕੀਤਾ ਗਿਆ ਹੈ ਕਿ ਬਹੁਤ ਕੁਝ ਨਵਾਂ ਕਰਨਾ ਪਏਗਾ। ਇਸ ਮੀਟਿੰਗ ਸਮੇਂ 190 ਦੇ ਕਰੀਬ ਸਾਹਿਤ ਸਭਾਵਾਂ ਤੀਕ ਪਹੁੰਚ ਅਪਨਾਉਣ ਦੀ ਲੋੜ ਨੂੰ ਵੀ ਸ਼ਿੱਦਤ ਨਾਲ ਮਹਿਸੂਸ ਕੀਤਾ ਗਿਆ। ਜੇਕਰ ਇਸ ਪਾਸੇ ਗੰਭੀਰਤਾ ਨਾਲ ਧਿਆਨ ਦਿੱਤਾ ਗਿਆ ਤਾਂ ਨਿਸਚੇ ਹੀ ਚੰਗੇ ਨਤੀਜੇ ਹੀ ਨਿਕਲਣਗੇ। 

ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ ਦੇ ਨਵ- ਨਿਯੁਕਤ  ਅਹੁਦੇਦਾਰਾਂ ਦੀ ਪਲੇਠੀ ਮੀਟਿੰਗ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਹੇਠ  ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ-ਡਾ. ਹਰਜਿੰਦਰ ਸਿੰਘ ਅਟਵਾਲ, ਜਨਰਲ ਸਕੱਤਰ-ਸੁਸ਼ੀਲ ਦੁਸਾਂਝ, ਦੀਪ ਦੇਵਿੰਦਰ ਸਿੰਘ, ਸੁਰਿੰਦਰਪ੍ਰੀਤ ਘਣੀਆਂ, ਭੁਪਿੰਦਰ ਪ੍ਰੀਤ ਕੌਰ ਅਤੇ ਰਜਿੰਦਰ ਰਾਜਨ (ਸਾਰੇ ਸਕੱਤਰ) ਸ਼ੈਲਿੰਦਰਜੀਤ ਰਾਜਨ, ਮਨਜੀਤ ਇੰਦਰਾ,  ਦਲਜੀਤ ਸਾਹੀ, ਬਲਵਿੰਦਰ ਸੰਧੂ ਅਤੇ ਮੂਲ ਚੰਦ ਸ਼ਰਮਾ (ਸਾਰੇ ਮੀਤ ਪ੍ਰਧਾਨ) ਸ਼ਾਮਲ ਹੋਏ। ਮੀਟਿੰਗ ਦਾ ਆਗਾਜ਼  ਪਿਛਲੇ ਦਿਨੀਂ ਵਿਛੜ ਗਏ ਸਾਹਿਤਕਾਰਾਂ ਨੂੰ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਕੀਤਾ ਗਿਆ। ਇਸ ਅਰਸੇ ਦੌਰਾਨ ਹੋਏ ਵਿਛੋੜੇ ਸੱਚਮੁੱਚ ਦੇਰ ਤੀਕ ਦਰਦ ਦਾ ਕਾਰਨ ਬਣੇ ਰਹਿਣਗੇ। ਵਿਛੜੇ ਸੱਜਣ ਸਾਨੂੰ ਸਭਨਾਂ ਨੂੰ ਯਾਦ ਵੀ ਆਉਂਦੇ ਰਹਿਣਗੇ ਅਤੇ ਉਹਨਾਂ ਦੀਆਂ ਲਿਖਤਾਂ ਸਾਨੂੰ ਪ੍ਰੇਰਣਾ ਵੀ ਦੇਂਦੀਆਂ ਰਹਿਣਗੀਆਂ। 

ਇਸ ਮੌਕੇ ਸਭਾ ਦੇ ਜਨਰਲ ਸਕੱਤਰ  ਸੁਸ਼ੀਲ ਦੁਸਾਂਝ ਨੇ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਕਿਹਾ ਕਿ ਕੇਂਦਰੀ ਸਭਾ ਦੀ ਨਵੀਂ ਚੁਣੀ ਟੀਮ ਨੂੰ ਕੇਂਦਰੀ ਨਾਲ ਜੁੜੀਆਂ 190 ਦੇ ਕਰੀਬ ਸਹਿਤ ਸਭਾਵਾਂ ਤੀਕ ਪਹੁੰਚ ਅਪਣਾਉਣ ਦੀ ਲੋੜ ਹੈ। 

ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਸਭਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਵੀਂ ਟੀਮ ਹਰ ਤਰ੍ਹਾਂ ਦੀ ਧੜੇਬੰਦੀ ਅਤੇ ਪੱਖਪਾਤ ਨੂੰ ਪਾਸੇ ਰੱਖ ਕੇ ਕੇਂਦਰੀ ਸਭਾ ਦੇ ਬਹੁ -ਪੱਖੀ ਉਦੇਸ਼, ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਨਿਰੰਤਰ ਕਾਰਜ ਸ਼ੀਲ ਰਹੇਗੀ। 

ਮੀਟਿੰਗ ਵਿੱਚ ਹਾਜ਼ਰ ਅਹੁਦੇਦਾਰਾਂ ਵਲੋਂ ਸਰਬਸੰਮਤੀ ਨਾਲ ਜਿੱਥੇ ਦੀਪ ਦੇਵਿੰਦਰ ਸਿੰਘ ਨੂੰ ਦਫਤਰ ਸੱਕਤਰ ਅਤੇ ਸੁਰਿੰਦਰ ਪ੍ਰੀਤ ਘਣੀਆ ਨੂੰ ਵਿੱਤ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ ਉੱਥੇ ਇਕੱਤੀ ਮੈਂਬਰੀ ਕਾਰਜਕਾਰਨੀ ਦਾ ਗਠਨ ਵੀ ਕੀਤਾ ਗਿਆ ਜਿਸ ਵਿੱਚ ਡਾ. ਸੁਖਦੇਵ ਸਿੰਘ ਸਿਰਸਾ, ਮੱਖਣ ਕੁਹਾੜ, ਡਾ.ਕਰਮਜੀਤ ਸਿੰਘ , ਡਾ. ਉਮਿੰਦਰ ਜੌਹਲ, ਜਸਬੀਰ ਰਾਣਾ, ਗੁਰਮੀਤ ਬਾਜਵਾ, ਡਾ. ਦੇਵਿੰਦਰ ਸੈਫੀ,ਡਾ.ਪਰਮਜੀਤ ਸਿੰਘ ਬਾਠ, ਵਿਸ਼ਾਲ, ਮਨਜਿੰਦਰ ਧਨੋਆ, ਐਸ ਨਸੀਮ, ਹਰਪਾਲ ਸਿੰਘ ਨਾਗਰਾ, ਮਨਜੀਤ ਸਿੰਘ ਵਸੀ, ਗੁਰਪ੍ਰੀਤ ਰੰਗੀਲਪੁਰ, ਸੁਰਿੰਦਰ ਖੀਵਾ, ਗੁਰਬਿੰਦਰ ਮਾਣਕ, ਡਾ. ਜਸਵੰਤ ਰਾਏ, ਮਦਨ ਵੀਰਾ, ਦੀਪਕ ਸ਼ਰਮਾ ਚਨਾਰਥਲ, ਸੁਰਿੰਦਰਜੀਤ ਚੌਹਾਨ, ਡਾ. ਹਰਪ੍ਰੀਤ ਰਾਣਾ, ਡਾ. ਸ਼ਿੰਦਰਪਾਲ ਸਿੰਘ, ਗੁਰਭੇਜ ਸਿੰਘ ਗੁਰਾਇਆ, ਤੇਜਾ ਸਿੰਘ ਤਿਲਕ, ਅਮਰਜੀਤ ਜੀਤ, ਰਿਸ਼ੀ ਹਿਰਦੇ ਪਾਲ, ਅਨਿਲ ਫਤਿਹਗੜ੍ਹ ਜੱਟਾਂ, ਗੁਰਸੇਵਕ ਸਿੰਘ ਢਿਲੋਂ, ਗੁਰਮੀਤ ਸਰਾਂ, ਸੰਪੂਰਨ ਟੱਲੇਵਾਲੀਆ ਅਤੇ ਜਤਿੰਦਰ ਕੌਰ ਮਾਹਲ ਨੂੰ ਚੁਣਿਆ ਗਿਆ। 

ਪੰਜਾਬ ਤੋਂ ਬਾਹਰਲੇ ਵਿਸ਼ੇਸ਼ ਨਿਮੰਤਰਤ ਮੈਂਬਰਾਂ ਵਿਚ ਬਲਬੀਰ ਮਾਧੋਪੁਰੀ (ਦਿੱਲੀ), ਕਰਨੈਲ ਚੰਦ (ਹਰਿਆਣਾ), ਕਾਬਲ ਵਿਰਕ (ਹਰਿਆਣਾ), ਕੇਸਰਾ ਰਾਮ( ਹਰਿਆਣਾ) ਖਾਲਿਦ ਹੁਸੈਨ (ਜੰਮੂ) ਸੁਰਿੰਦਰ ਨੀਰ (ਜੰਮੂ) ਸੁਆਮੀ ਅੰਤਰਨੀਰਵ (ਜੰਮੂ) ਜਗਮੋਹਨ (ਪੱਛਮੀ ਬੰਗਾਲ) ਡਾ.ਕਾਬਲ ਸਿੰਘ ( ਰਾਜਸਥਾਨ) ਨੂੰ ਨਾਮਜ਼ਦ ਕੀਤਾ ਗਿਆ। 

ਇਸ ਦੇ ਨਾਲ ਹੀ  ਇਹ ਵੀ ਫੈਸਲਾ ਕੀਤਾ ਗਿਆ ਕਿ ਕੇਂਦਰੀ ਸਭਾ ਦਾ ਸਲਾਹਕਾਰ ਬੋਰਡ , ਵਿਸ਼ੇਸ਼ ਨਿਮੰਤਰਤ ਮੈਂਬਰ ਅਤੇ ਨਿਮੰਤਰਤ ਮੈਂਬਰਾਂ ਦਾ ਗਠਨ ਕਾਰਜਕਾਰਨੀ ਦੀ ਅਗਲੀ ਮੀਟਿੰਗ ਵਿੱਚ ਕੀਤਾ ਜਾਵੇਗਾ। ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਨੇ ਮੀਟਿੰਗ ਦੇ ਅੰਤ 'ਤੇ ਸਭ ਦਾ ਧੰਨਵਾਦ ਕੀਤਾ।

ਹੁਣ ਦੇਖਣਾ ਇਹ ਹੈ ਕਿ ਕਿੰਨੀਆਂ ਸਭਾਵਾਂ ਕੇਂਦਰੀ ਸਭਾ ਨਾਲ ਸਬੰਧਤ ਹਨ ਅਤੇ ਕਿੰਨੀਆਂ ਦੇ ਸਬੰਧ ਸਾਬਕਾ ਹੋ ਚੁੱਕੇ ਹਨ ਅਤੇ ਕਿੰਨੀਆਂ ਨਵੀਆਂ ਸਭਾਵਾਂ ਅਜੇ ਵੀ ਕੇਂਦਰੀ ਸਭਾ ਤੋਂ ਦੂਰ ਹਨ? ਕੀ ਪੰਜਾਬੀ ਸਾਹਿਤ ਜਗਤ ਵਿੱਚ ਛਪ ਰਹੇ ਸਾਰੇ ਨਵੇਂ ਹਸਤਾਖਰ ਇਸ ਸਭਾ ਨਾਲ ਜੁੜੇ ਹੋਏ ਹਨ? ਕੀ ਨਵੀਂ ਮੈਂਬਰੀ ਲਈ ਲਈ ਕਿਤਾਬ ਦੀ ਸ਼ਰਤ ਬਰਕਰਾਰ ਰਹੇਗੀ? ਜੇ ਰਹੇਗੀ ਤਾਂ ਕੇਂਦਰੀ ਸਭ ਉਸ ਲਈ ਕੋਈ ਪ੍ਰਕਾਸ਼ਨ ਅਦਾਰਾ ਖੋਹਲਣ ਲਈ ਤਿਆਰ ਹੈ ਜਿਹੜਾ ਲਾਗਤ ਮੁੱਲ ਤੇ ਕਿਤਾਬਾਂ ਛਾਪੇ ਪੂਰੀ  ਪਾਰਦਰਸ਼ਿਤਾ ਨਾਲ? ਕਿਤਾਬਾਂ ਤੋਂ ਬਿਨਾ ਵਾਲੇ ਕਲਮਕਾਰਾਂ ਨੂੰ ਕੇਂਦਰੀ ਸਭ ਕਿਸ ਖਾਤੇ ਵਿਚ ਰੱਖੇਗੀ? ਅਜਿਹੇ ਕਿ ਸੁਆਲ ਹਨ ਜਿਹੜੇ ਸਮੇਂ ਸਮੇਂ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਹਨ ਅਤੇ ਹੁਣ ਵੀ ਹੁੰਦੇ ਰਹਿਣਗੇ, ਉਦੋਂ ਤੱਕ ਜਦੋਂ ਤੱਕ ਸਭਨਾਂ ਨੂੰ ਸਭਨਾਂ ਸੁਆਲਾਂ ਦੇ ਜੁਆਬ ਨਹੀਂ ਮਿਲ ਜਾਂਦੇ!

Thursday 14 September 2023

ਡਾ. ਅਰਵਿੰਦਰ ਸਿੰਘ ਭੱਲਾ ਦੀ ਨਵੀਂ ਪੁਸਤਕ 'ਜ਼ਾਵੀਆ' ਰਿਲੀਜ਼

13th September 2023 at 19:53 Via WhatsApp

ਇਕਬਾਲ ਸਿੰਘ ਲਾਲਪੁਰਾ ਨੇ ਪੁਸਤਕ ਨੂੰ ਲੋਕ ਅਰਪਣ

ਲੁਧਿਆਣਾ: 13 ਸਤੰਬਰ 2023: (ਕਾਰਤਿਕਾ ਸਿੰਘ//ਸਾਹਿਤ ਸਕਰੀਨ ਡੈਸਕ):: 

ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰ. ਇਕਬਾਲ ਸਿੰਘ ਲਾਲਪੁਰਾ ਵਲੋਂ ਅੱਜ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ਲਿਖੀ ਗਈ ਪੁਸਤਕ 'ਜ਼ਾਵੀਆ' ਨੂੰ ਲੋਕ ਅਰਪਿਤ ਕੀਤਾ ਗਿਆ । ਸ੍ਰ. ਇਕਬਾਲ ਸਿੰਘ ਲਾਲਪੁਰਾ ਨੇ ਇਸ ਮੌਕੇ ਉੱਪਰ ਇਸ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਹਰੇਕ ਵਿਅਕਤੀ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਉਹ ਆਪਣੀ ਜ਼ਿੰਦਗੀ ਪ੍ਰਤੀ, ਆਪਣੇ ਆਸ-ਪਾਸ ਦੇ ਲੋਕਾਂ ਅਤੇ ਵਰਤਾਰਿਆਂ ਪ੍ਰਤੀ ਆਪਣੇ ਜ਼ਾਵੀਏ ਨੂੰ ਦਰੁਸਤ ਕਰੇ । ਉਹਨਾਂ ਕਿਹਾ ਮਨੁੱਖ ਦੀਆਂ ਵਧੇਰੇ ਕਰਕੇ ਸਮਸਿਆਵਾਂ ਦੀ ਮੂਲ ਜੜ੍ਹ ਉਸ ਦਾ ਨਾਕਾਰਾਤਮਕ ਦਿ੍ਸਟੀਕੋਣ ਹੁੰਦਾ ਹੈ ਅਤੇ ਜੇਕਰ ਮਨੁੱਖ ਆਪਣੇ ਨੁਕਤਾ-ਏ-ਨਜ਼ਰ ਨੂੰ ਸਾਕਾਰਾਤਮਕ ਰੱਖਣ ਦਾ ਯਤਨ ਕਰੇ ਤਾਂ ਉਹ ਨਿਸ਼ਚਿਤ ਤੌਰ ਉੱਪਰ ਹਰ ਮੈਦਾਨ ਫ਼ਤਿਹ ਕਰ ਸਕਦਾ ਹੈ। ਉਹਨਾਂ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੰਦਿਆ ਕਿਹਾ ਕਿ ਲੇਖਕ ਵਲੋਂ ਜੀਵਨ ਦੀਆਂ ਡੂੰਘੀਆਂ ਰਮਜ਼ਾਂ ਅਤੇ ਬੁਨਿਆਦੀ ਕਦਰਾਂ ਕੀਮਤਾਂ ਪ੍ਰਤੀ ਮਨੁੱਖੀ ਸਮਝ ਨੂੰ ਬੇਹਤਰ ਬਣਾਉਣ ਦੇ ਮਕਸਦ ਨਾਲ ਇਹ ਪੁਸਤਕ ਲਿਖੀ ਗਈ ਹੈ ।  

ਉਹਨਾਂ ਨੇ ਇਸ ਗੱਲ ਦਾ ਵੀ ਵਿਸ਼ੇਸ਼ ਤੌਰ ਉੱਪਰ ਉਲੇਖ ਕੀਤਾ ਕਿ ਇਹ ਪੁਸਤਕ  ਅਜੌਕੀ ਪੀੜ੍ਹੀ ਨੂੰ ਜੀਵਨ ਵਿੱਚ ਉਸਾਰੂ ਤੇ ਸਾਰਥਕ ਸੋਚ ਨੂੰ ਅਪਣਾਉਣ, ਆਪਣੇ ਉਜਵਲ ਭਵਿੱਖ ਲਈ ਸੁਪਨੇ ਸਿਰਜਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਹਾਂ ਪੱਖੀ ਬਿਰਤੀ ਨੂੰ ਅਪਣਾਉਣ ਦੇ ਨਾਲ ਨਾਲ ਸੰਕਰੀਨ ਤੇ ਨਾਂਹ ਪੱਖੀ ਸੋਚ ਨੂੰ ਤਿਲਾਂਜਲੀ ਦੇਣ ਸਬੰਧੀ ਪ੍ਰੇਰਿਤ ਕਰੇਗੀ । ਉਨ੍ਹਾਂ ਨੇ ਇਸ ਦੀ ਤਰ੍ਹਾਂ ਦੀ ਕਿਤਾਬ ਨੂੰ ਵਰਤਮਾਨ ਸਮੇਂ ਦੀ ਇਕ ਅਹਿਮ ਲੋੜ ਦੱਸਿਆ ਹੈ। ਉਹਨਾਂ ਨੇ ਡਾ. ਅਰਵਿੰਦਰ ਸਿੰਘ ਭੱਲਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪੁਸਤਕ ਵਿਚ ਡਾ. ਭੱਲਾ ਨੇ ਬਜ਼ੁਰਗ, ਦਾਨਿਸ਼ਵਰ, ਮੁਰਸ਼ਦ, ਮੁਰੀਦ, ਸ਼ਿਸ਼, ਗੁਰੂਦੇਵ, ਫ਼ਕੀਰ, ਜਗਿਆਸੂ, ਸਾਈਂ, ਵਲੀ, ਜੋਗੀ, ਕਰਮਯੋਗੀ ਜਿਹੇ ਪਾਤਰਾਂ ਰਾਹੀਂ ਜੀਵਨ ਦੀਆਂ ਤਲਖ਼ ਹਕੀਕਤਾਂ ਨਾਲ ਨਜਿੱਠਣ ਦੇ ਢੰਗ ਬੜੇ ਸੌਖੇ ਅਤੇ ਸਰਲ ਢੰਗ ਪੇਸ਼ ਕੀਤੇ ਗਏ ਹਨ । 

ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਆਪਣੀ ਪੁਸਤਕ ਬਾਰੇ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ  ਇਸ ਪੁਸਤਕ ਵਿਚ ਸ਼ਾਮਿਲ ਲਲਿਤ ਨਿਬੰਧ ਇਨਸਾਨ ਨੂੰ ਦਰਪੇਸ਼ ਚਣੌਤੀਆਂ, ਮੁਸ਼ਕਿਲਾਂ, ਤ੍ਰਾਸਦੀਆਂ ਆਦਿ ਦੇ ਸਨਮੁੱਖ ਸੰਘਰਸ਼ ਕਰਨ ਨੂੰ ਤਰਜੀਹ ਦਿੰਦੇ ਹਨ ਅਤੇ ਮਨੁੱਖ ਅੰਦਰ ਹੌਸਲਾ, ਹਿੰਮਤ ਤੇ ਚੜਦੀ ਕਲਾ ਦੀ ਭਾਵਨਾ ਪੈਦਾ ਕਰਦੇ ਹਨ। 

ਉਹਨਾਂ ਨੇ ਇਸ ਗੱਲ ਦਾ ਇਥੇ ਵਿਸ਼ੇਸ਼ ਤੌਰ ਉੱਪਰ ਜ਼ਿਕਰ ਕੀਤਾ ਕਿ ਇਸ ਪੁਸਤਕ ਦਾ ਮੁੱਖਬੰਧ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਪਦਮਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਵਿਸ਼ੇਸ਼ ਤੌਰ ਉੱਪਰ ਲਿਖਿਆ ਹੈ। ਡਾ. ਅਰਵਿੰਦਰ ਸਿੰਘ ਭੱਲਾ ਨੇ ਇਹ ਵੀ ਦੱਸਿਆ ਕਿ ਇਹ ਪੁਸਤਕ ਮਨੁੱਖ ਅੰਦਰਲੀਆਂ ਬੁਰਾਈਆਂ ਦੀ ਨਿਸ਼ਾਨਦੇਹੀ ਕਰਕੇ  ਉਸ ਨੂੰ ਨੈਤਿਕਤਾ ਜਾਂ ਆਦਰਸ਼ਵਾਦ ਦੇ ਰਾਹ ਉੱਪਰ ਚੱਲਣ ਲਈ ਪ੍ਰੇਰਦੀ ਹੈ। 

ਆਧੁਨਿਕ ਮਨੁੱਖ ਜੋ ਕਿ ਈਰਖਾ, ਹੰਕਾਰ, ਨਫ਼ਰਤ, ਸੌੜੀ ਸੋਚ, ਬਦਲਾਖੋਰੀ, ਪਸ਼ੂ-ਬਿਰਤੀ, ਡਰ, ਚਿੰਤਾ, ਅਸੁਰੱਖਿਆ, ਆਦਿ ਪ੍ਰਵਿਰਤੀਆਂ ਦੇ ਪ੍ਰਭਾਵ ਹੇਠ ਜਿਉਂਣ ਲਈ ਮਜਬੂਰ ਦਿਖਾਈ ਦੇ ਰਿਹਾ ਹੈ, ਉਹ ਇਖ਼ਲਾਕੀ ਕਦਰਾਂ ਕੀਮਤਾਂ ਨੂੰ ਅਮਲੀ ਜੀਵਨ ਵਿੱਚ ਅਪਣਾਉਣ ਦੀ ਬਜਾਏ ਬਦਕਿਸਮਤੀ ਨਾਲ ਆਪਣੇ ਵਿਵਹਾਰਿਕ ਜੀਵਨ 'ਚੋਂ ਬਾਹਰ ਕੱਢ ਰਿਹਾ ਹੈ। ਸਿੱਟੇ ਵਜੋਂ ਉਸ ਦੀ ਜ਼ਿੰਦਗੀ ਵਿਚੋਂ ਸਹਿਜ, ਸੁਹਜ, ਸਬਰ, ਸੁਹਿਰਦਤਾ ਅਤੇ ਸੰਤੋਖ ਮਨਫੀ ਹੋ ਰਿਹਾ ਹੈ। 

ਉਨ੍ਹਾਂ ਇਸ ਪੁਸਤਕ ਨੂੰ ਲਿਖਣ ਵਿਚ ਸਹਿਯੋਗ ਅਤੇ ਮਾਰਗਦਰਸ਼ਨ ਦੇਣ ਲਈ ਡਾ. ਸ. ਪ. ਸਿੰਘ, ਸਾਬਕਾ ਉੱਪ ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ  ਧੰਨਵਾਦ ਕੀਤਾ। ਇਥੇ ਇਹ ਗੱਲ ਵਿਸ਼ੇਸ਼ ਤੌਰ ਉਪਰ ਜ਼ਿਕਰਯੋਗ ਹੈ ਕਿ ਪਿ੍ੰੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਆਪਣੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ ਨਾਲ ਖੋਜ ਕਾਰਜਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ । ਹੁਣ ਤੱਕ ਉਨ੍ਹਾਂ ਵੱਲੋਂ ਪੰਦਰਾਂ ਕਿਤਾਬਾਂ ਅਤੇ ਅੱਸੀਂ ਤੋਂ ਵੱਧ ਖੋਜ ਪਰਚੇ ਲਿਖੇ ਜਾਣ ਦੇ ਨਾਲ ਨਾਲ ਦੋ ਖੋਜ ਪ੍ਰਾਜੈਕਟ ਸਫਲਤਾਪੂਰਵਕ ਮੁਕੰਮਲ ਕੀਤੇ ਜਾ ਚੁੱਕੇ ਹਨ। 

Tuesday 12 September 2023

ਕੀ ਕੇਂਦਰੀ ਪੰਜਾਬੀ ਲੇਖਕ ਸਭਾ ਕੁਝ ਸਮੇਂ ਲਈ ਅਹੁਦਿਆਂ ਨੂੰ ਛੱਡ ਸਕਦੀ ਹੈ?

ਸਾਰੇ ਕੰਮ ਵਾਲੰਟੀਅਰ ਵੱਜੋਂ ਹੋਣ ਤਾਂਕਿ ਸੱਚੀ ਏਕਤਾ ਵਾਲਾ ਮਾਹੌਲ ਬਣ ਸਕੇ!


ਲੁਧਿਆਣਾ
: 12 ਸਤੰਬਰ 2023: (ਮੀਡੀਆ ਲਿੰਕ 32//ਸਾਹਿਤ ਸਕਰੀਨ ਡੈਸਕ):: 

ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ 17 ਸਤੰਬਰ ਨੂੰ ਹੋਣੀਆਂ ਸਨ ਪਰ ਨਤੀਜੇ ਅੱਜ ਹੀ ਆ ਗਏ। ਪੂਰੀ ਤਰ੍ਹਾਂ ਅਚਾਨਕ ਆਈ ਈਮੇਲ ਰਾਹੀਂ। ਇਹ ਸਾਰੇ "ਸਰਬਸੰਮਤੀ" ਵਾਲੇ ਨਤੀਜੇ ਸਮਝੇ ਜਾ ਰਹੇ ਸਨ ਪਰ ਅਸਲ ਵਿਚ ਇਹ ਬਿਨਾ ਮੁਕਾਬਲਾ ਹੋਈ ਜਿੱਤ ਸੀ। ਜੇਕਰ ਸਰਬਸੰਮਤੀ ਬਣ ਜਾਂਦੀ ਤਾਂ ਜ਼ਿਆਦਾ ਚੰਗਾ ਹੋਣਾ ਸੀ। ਫਿਰ ਵੀ ਇਸ ਬਿਨਾ ਮੁਕਾਬਲਾ ਹੋਈ ਜਿੱਤ ਦੀ ਵੀ ਖੁਸ਼ੀ ਤਾਂ ਹੋਈ ਪਰ ਸਕੂਨ ਨਹੀਂ ਸੀ ਮਿਲ ਰਿਹਾ। ਮਨ ਸੋਚ ਰਿਹਾ ਸੀ ਤਿਆਗ ਦੀਆਂ ਰਾਹਾਂ ਦਿਖਾਉਣ ਵਾਲੇ ਫੱਕਰ ਕਿਸਮ ਦੇ ਇਹ ਲੇਖਕ ਕਿਹਨਾਂ ਅਹੁਦਿਆਂ ਦੇ ਮਾਇਆ ਜਾਲ ਵਿਚ ਫਸ ਗਏ ਹਨ!

ਫਿਰ ਜਾਪਿਆ ਕਿਧਰੇ ਕੁਝ ਗੜਬੜ ਨਾ ਹੋਵੇ। ਵੈਸੇ ਇਹੀ ਨਤੀਜੇ 17 ਸਤੰਬਰ ਨੂੰ ਵੀ ਐਲਾਨੇ ਜਾ ਸਕਦੇ ਸਨ। ਸ਼ਾਇਦ ਕੋਈ ਕਾਹਲ ਰਹੀ ਹੋਵੇ। ਕਾਹਲ ਕਿਓਂ ਰਹੀ ਇਹ ਵੀ ਕਾਹਲ ਕਰਨ ਵਾਲਿਆਂ ਨੂੰ ਹੀ ਪਤਾ ਹੋਣਾ ਹੈ। ਇੱਕ ਰਾਸ਼ਟਰ-ਇੱਕ ਚੋਣ ਵਾਲੇ ਸ਼ੋਰ ਸ਼ਰਾਬੇ ਵਿਚ ਚੋਣਾਂ ਦੇ ਖਰਚੇ ਅਤੇ ਸਮਾਂ ਬਚਾਉਣ ਵਾਲਾ ਪ੍ਰਭਾਵ ਇਹਨਾਂ ਚੋਣਾਂ 'ਤੇ ਵੀ ਪਿਆ ਹੋ ਸਕਦਾ ਹੈ। ਨਤੀਜਿਆਂ ਵਾਲੇ ਬਿਆਨ ਪੜ੍ਹ ਕੇ ਮਨ ਵਿਚ ਕਈ ਗੱਲਾਂ ਆ ਰਹੀਆਂ ਹਨ ਪਰ ਸਭ ਤੋਂ ਪਹਿਲਾਂ ਇੱਕ ਸ਼ੇਅਰ। ਬਿਨਾ ਕਿਸੇ ਅਹੁਦੇ ਜਾਂ ਬੈਨਰ ਤੋਂ ਸਿਰਫ ਕੰਮ ਨਾਲ ਪ੍ਰਤੀਬੱਧ ਰਹਿਣ ਵਾਲੇ ਪ੍ਰਸਿੱਧ ਸ਼ਾਇਰ ਜਨਾਬ ਗੁਰਦੀਪ ਭਾਟੀਆ ਜੀ ਦਾ ਸ਼ੇਅਰ। ਲਓ ਤੁਸੀਂ ਵੀ ਪੜ੍ਹੋ:

ਕਿਸ ਭੁਲੇਖੇ ਯਾਰ ਪੱਬਾਂ ਭਾਰ ਨੇ!

ਬਖ਼ਸ਼ਿਆ ਹੈ ਕਦ ਕਿਸੇ ਸਰਕਾਰ ਨੇ!

ਮਿੱਤਰ ਗੁਰਦੀਪ ਭਾਟੀਆ ਜੀ ਦਾ ਇਹ ਸ਼ੇਅਰ ਅੱਜ ਹੀ ਪੜ੍ਹਿਆ ਅਤੇ ਅੱਜ ਇਹ ਬਾਰ ਬਾਰ ਮੌਜੂਦਾ ਹਾਲਾਤ ਵੱਲ ਇਸ਼ਾਰੇ ਕਰਦਾ ਜਾਪਦਾ ਹੈ। ਖਾਸ ਕਰਕੇ ਸਾਹਿਤਿਕ ਮਾਹੌਲ ਨੂੰ ਦੇਖ ਕੇ। ਚੋਣਾਂ ਦੇ ਨਤੀਜਿਆਂ ਨੂੰ ਦੇਖ ਕੇ ਅਤੇ ਵੱਖ ਵੱਖ ਸੁਰਾਂ ਵਾਲੇ ਬਿਆਨਾਂ ਨੂੰ ਪੜ੍ਹ ਕੇ ਲੱਗਦਾ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਸੀ ਪੀ ਆਈ ਅਤੇ ਸੀ ਪੀ ਆਈ ਐਮ ਵਰਗੀਆਂ ਕੱਦਾਵਰ ਸਿਆਸੀ ਪਾਰਟੀਆਂ ਸ਼ਾਇਦ ਆਪਣਾ ਬਹੁਮਤ ਹੁਣ ਗੁਆ ਬੈਠੀਆਂ ਹਨ। ਅਸਲੀ ਕਹਾਣੀ ਤਾਂ ਬਾਅਦ ਵਿੱਚ ਹੀ ਸਮਝ ਆਉਣ ਲੱਗੀ। 

ਇਸ ਬਿਨਾ ਮੁਕਾਬਲਾ ਹੋਈ ਜਿੱਤ ਦੇ ਸਿੱਟੇ ਵੱਜੋਂ ਹੁਣ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸੱਤਾ ਨਵੀ ਟੀਮ ਦੇ ਹੱਥ ਵਿੱਚ ਆ ਗਈ ਹੈ। ਇਹ ਨਵੀਂ ਟੀਮ ਕਮਿਊਨਿਸਟ ਅੰਦੋਲਨ ਦੇ ਪੁਰਾਣੇ ਆਗੂ ਮੰਗਤ ਰਾਮ ਪਾਸਲਾ ਹੁਰਾਂ ਨਾਲ ਪ੍ਰਤੀਬੱਧ ਦੱਸੀ ਜਾਂਦੀ ਹੈ। ਹੁਣ ਸ਼ਾਇਦ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਅਕਾਲੀ ਦਲ ਬਾਦਲ, ਅਕਾਲੀ ਦਲ ਮਾਨ ਅਤੇ ਹੋਰ ਸਿਆਸੀ ਪਾਰਟੀਆਂ ਵੀ ਲੇਖਕਾਂ ਦੇ ਸੰਗਠਨਾਂ ਨੂੰ ਆਪਣੇ ਹੱਥ ਵਿੱਚ ਕਰਨ ਲਈ ਹੱਥ ਅਜ਼ਮਾਉਣ। 

ਬਹੁਤ ਸਾਲ ਪਹਿਲਾਂ ਜਦੋਂ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਇੱਕ ਸਗਰਮ ਧੜਾ ਆਪਣੇ ਆਪ ਨੂੰ ਅਣਰਜਿਸਟਰਡ ਲਿਖਦਿਆਂ ਵੱਖਰਾ ਹੋ ਗਿਆ ਸੀ ਉਦੋਂ ਵੀ ਸਥਿਤੀ ਗੰਭੀਰ ਹੀ ਸੀ। ਇਹ ਧੜਾ ਵੱਖਰੇ ਹੋ ਕੇ ਤੇਜਵੰਤ ਮਾਨ ਹੁਰਾਂ ਦੀ ਅਗਵਾਈ ਹੇਠ ਸਰਗਰਮ ਹੋ ਗਿਆ ਸੀ ਅਤੇ ਹੁਣ ਵੀ ਹੈ। 

ਉਦੋਂ ਵੀ ਨਿਰਪੱਖ ਸਾਹਿਤਿਕ ਹਲਕਿਆਂ ਨੇ ਇਸ ਵੰਡ 'ਤੇ ਦੁੱਖ ਦਾ ਇਜ਼ਹਾਰ ਕੀਤਾ ਸੀ। ਹੁਣ ਇੱਕ ਵਾਰ ਫੇਰ ਵੰਡ ਹੋਈ ਲੱਗਦੀ ਹੈ। ਪਤਾ ਨਹੀਂ ਇਹ ਵੰਡ ਵਾਲੀ ਭਾਵਨਾ ਹੁਣ ਇਥੇ ਹੀ ਰੁਕੇਗੀ ਜਾਂ ਫਿਰ ਹੋਰ ਤਿੱਖੀ ਹੋਵੇਗੀ? ਸੱਤਾਧਾਰੀ ਧੜਾ ਨਵੇਂ ਝੰਡੇ ਨੂੰ ਲੈ ਕੇ ਸਾਹਮਣੇ ਆਇਆ ਹੈ। ਇਹ ਇੱਕ ਤਰ੍ਹਾਂ ਨਾਲ ਸਾਹਿਤਿਕ ਅਦਾਰਿਆਂ 'ਤੇ ਕਬਜ਼ੇ ਦੇ ਐਲਾਨਾਂ ਦੀ ਸ਼ੁਰੂਆਤ ਵਾਂਗ ਹੀ ਹੈ। ਹੋ ਸਕਦਾ ਹੈ ਕੱਲ੍ਹ ਨੂੰ ਕੋਈ ਸੱਜ ਪਿਛਾਖੜ ਸੰਗਠਨ ਜਾਂ ਪਾਰਟੀ ਵੀ ਆਪਣਾ ਨੀਲਾ, ਪੀਲਾ ਜਾਂ ਭਗਵਾ ਝੰਡਾ ਲੈ ਕੇ ਇਸ ਸਾਹਿਤਿਕ ਸੱਤਾ ਨੂੰ ਸੰਭਾਲ ਲਵੇ। ਉਂਝ ਇਹ ਕੁਝ ਉਹਨਾਂ ਲਈ ਮੁਸ਼ਕਿਲ ਬਿਲਕੁਲ ਵੀ ਨਹੀਂ। 

ਗੋਦੀ ਮੀਡੀਆ ਦੇ ਸਫਲ ਤਜਰਬੇ ਅਤੇ ਇਸ ਦੇ ਮੁਕਾਬਲੇ ਵੱਜੋਂ ਕਿਸਾਨ ਮੋਰਚੇ ਦੌਰਾਨ ਸਾਹਮਣੇ ਆਏ ਵਰਤਾਰਿਆਂ ਨੇ ਸਾਬਿਤ ਕੀਤਾ ਹੈ ਕਿ ਜਿਹੜਾ ਮੀਡੀਆ "ਵਿਕ ਗਿਆ" ਉਹ ਤਾਂ ਗੋਦੀ ਬਹਿ ਗਿਆ। ਅਖੀਰ ਏਨੀ ਮਹਿੰਗਾਈ ਵਿਚ ਗੁਜ਼ਾਰਾ ਵੀ ਕਿਵੇਂ ਹੋਵੇ! ਸ਼ਾਇਦ ਵਿਕਣ ਬਿਨਾ ਕੋਈ ਚਾਰ ਹੀ ਨਾ ਬਚਿਆ ਹੋਵੇ। ਉਂਝ ਵੀ ਜਦੋਂ ਮੀਡੀਆ ਹਾਊਸ ਦੇ ਮਾਲਕ ਹੀ ਵਿਕ ਗਏ ਹੋਣ ਤਾਂ ਵਿਚਾਰੇ ਕੰਮ ਕਰਦੇ ਮੁਲਾਜ਼ਮਾਂ ਨੇ ਕੁਹਾੜੇ ਬਲਬੂਤੇ ਨਾਂਹ ਨੁੱਕਰ ਕਰਨੀ ਹੈ। ਇਸਦੇ ਨਾਲ ਹੀ ਇਹ ਪੱਖ ਵੀ ਸਾਬਿਤ ਹੋਇਆ ਕਿ ਜਿਹੜਾ ਗੋਦੀ ਨਹੀਂ ਬੈਠਿਆ ਜਾਂ ਨਹੀਂ ਬੈਠ ਸਕਿਆ ਉਸ ਨੂੰ ਦੂਜੀਆਂ ਤਾਕਤਾਂ ਨੇ ਥੋੜਾ ਬਹੁਤ ਘਟ ਮੁਲ ਦੇ ਕੇ ਆਪਣੇ ਨਾਲ ਹੀ ਆਪਣੇ ਕੰਧਾੜੇ ਬਿਠਾ ਲਿਆ। ਬੇਰੋਜ਼ਗਾਰੀ ਅਤੇ ਆਰਥਿਕ ਸੋਮਿਆਂ ਦੀ ਘਾਟ ਲੇਖਕਾਂ ਵਿਚ ਵੀ ਬਹੁਤ ਤਿੱਖੀ ਹੈ। ਹੁਣ ਸਭਨਾਂ ਨੂੰ ਇਹ ਸਾਫ ਹੋ ਗਿਆ ਹੈ ਕਿ ਸਿਰਫ "ਪੱਤਰਕਾਰ" ਹੀ ਨਹੀਂ ਇਹ "ਲੇਖਕ" ਵੀ ਬੜੇ ਕੰਮ ਦੀ ਚੀਜ਼ ਹੁੰਦੇ ਹਨ, ਇਹਨਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਹੋ ਸਕਦਾ ਹੈ ਕੱਲ੍ਹ ਨੂੰ ਬੁੱਕਲ ਵਿਚ ਲੁਕਿਆ ਜਾਂ ਕੰਧਾੜੀ ਚੜ੍ਹਿਆ ਇਹ ਸਾਹਿਤਿਕ ਮੀਡੀਆ ਵੀ ਗੋਦੀ ਮੀਡੀਆ ਵਾਂਗ ਚੰਗਾ ਨਾਮ ਕਮਾ ਲਵੇ ਅਤੇ ਹਾਲਾਤ ਦੀ ਹਵਾ ਨੂੰ ਬਦਲ ਦੇਵੇ! ਸ਼ਾਇਰੀ ਭਾਵੇਂ ਸਟੇਜੀ ਹੋਵੇ ਤੇ ਭਾਵੇਂ ਕਿਤਾਬੀ ਉਹ ਤਾਂ ਇਹੀ ਲੋਕ ਮਾਹਰ ਹੁੰਦੇ ਹਨ। 

ਯਾਦ ਆ ਰਹੀਆਂ ਨੇ ਕੁਝ ਦਹਾਕੇ ਪੁਰਾਣੀਆਂ ਗੱਲਾਂ। ਉਦੋਂ ਤੇਜਵੰਤ ਮਾਨ ਹੁਰਾਂ ਦੀ ਅਗਵਾਈ ਹੇਠਾਂ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਵੰਡ ਤੋਂ ਬਾਅਦ ਵੀ ਕਈ ਵਾਰ ਇਹਨਾਂ ਵਰਤਾਰਿਆਂ ਵਿੱਚ ਤਿੱਖਾਪਣ ਆਉਂਦਾ ਰਿਹਾ ਹੈ। ਜਿਵੇਂ ਕੁਝ ਅਰਸਾ ਪਹਿਲਾਂ ਮੋਦੀ ਸਰਕਾਰ ਨੇ ਰਾਹੁਲ ਗਾਂਧੀ ਨੂੰ ਸੰਸਦ ਤੋਂ ਮੁਅੱਤਲ ਕਰ ਦਿੱਤਾ ਸੀ ਉਵੇਂ ਹੀ ਕੁਝ ਦਹਾਕੇ ਪਹਿਲਾਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਭਾਰੂ ਧੜੇ ਨੇ ਵੀ ਕਈ ਮੈਂਬਰਾਂ ਨੂੰ ਨਿਜੀ ਰੰਜਿਸ਼ਾਂ ਅਤੇ ਗੁੱਟਬੰਦੀਆਂ ਕਾਰਣ ਬਾਹਰ ਦਾ ਰਾਹ ਦਿਖਾ ਦਿੱਤਾ ਸੀ ਤਾਂਕਿ ਸਭਾ ਦੇ ਨੇੜ ਭਵਿੱਖ ਵਾਲੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਸਭਾ ਵਿੱਚੋਂ ਬਾਹਰ ਗਏ ਉਹਨਾਂ ਮੈਂਬਰਾਂ ਨੇ ਕਦੇ ਵੀ ਦੋਬਾਰਾ ਇਸ ਸਭਾ ਵੱਲ ਰੂਚੀ ਹੀ ਨਹੀਂ ਦਿਖਾਈ ਅਤੇ ਉਹ ਸਾਰੇ ਆਪਣੇ ਆਪ ਵਿਚ ਮਗਨ ਰਹਿ ਕੇ ਕੰਮ ਕਰਦੇ ਰਹੇ। ਇਸੇ ਦੌਰਾਨ ਕਿੰਝ ਕਲਮਕਾਰਾਂ ਨੂੰ ਲਿਹਾਜ਼ਦਾਰੀ ਵਿਚ ਵੀ ਮੈਂਬਰ ਬਣਾਇਆ ਗਿਆ। ਸਭਾ ਨਾਲੋਂ ਟੁੱਟੇ ਹੋਏ ਲੇਖਕ ਅਜੇ ਵੀ ਟੁੱਟੇ ਹੋਏ ਕਿਓਂ ਹਨ

ਦੂਜੇ ਪਾਸੇ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਵੀ ਇਹਨਾਂ ਉਦਾਸੀਨ ਹੋਏ ਮੈਂਬਰਾਂ ਨੂੰ ਮਨਾਉਣ ਦੇ ਕਦੇ ਉਪਰਾਲੇ ਨਹੀਂ ਕੀਤੇ। ਦੂਰੀਆਂ ਵਧਦੀਆਂ ਰਹੀਆਂ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਬਾਦਸ਼ਾਹਤ ਅਡੋਲ ਰਹੀ ਕਿਸੇ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਕੋਈ ਉਸ ਨਾਲ ਚੱਲੇ ਜਾਂ ਨਾ ਚੱਲੇ। ਸਭਾ ਦੀ ਸੱਤਾ ਬਦਲਦੀ ਰਹੀ। ਕਿਸੇ ਨੇ ਉਹਨਾਂ ਉਦਾਸੀਨ ਮੈਂਬਰਾਂ ਨੂੰ ਪੰਜ ਪੈਸਿਆਂ ਵਾਲਾ ਪੋਸਟ ਕਾਰਡ ਵੀ ਨਹੀਂ ਪਾ ਕੇ ਦੇਖਿਆ ਕਿ ਤੁਸੀਂ ਸਭਾ ਨਾਲ ਕਿਓਂ ਨਾਰਾਜ਼ ਹੋ? ਵਤੀਰਾ ਇਵੇਂ ਸੀ ਜਿਵੇਂ ਸ਼ੁਕਰ ਮਨਾ ਰਹੇ ਹੋਣ ਕਿ ਚੰਗਾ ਹੋਇਆ ਪੁਰਾਣੇ ਜਾਣੂੰ ਆਪੇ ਹੀ ਦੂਰ ਹਟ ਗਏ। 

ਇਸੇ ਦੌਰਾਨ ਅੰਮ੍ਰਿਤਸਰ ਵਿੱਚ ਯੁਵਕ ਲਿਖਾਰੀ ਸਭਾ ਆਪਣੇ ਤੌਰ 'ਤੇ ਆਪਣੇ ਕੰਮ ਕਰਦੀ ਹੋਈ ਬਹੁਤ ਹੀ ਸਰਗਰਮ ਹੋਣ ਲੱਗ ਪਈ। ਐਮ ਐਸ ਪਾਲ ਅਤੇ ਰਣਜੀਤ ਕੋਮਲ ਹੁਰਾਂ ਦੀ ਟੀਮ ਨੂੰ "ਕੰਵਲ" ਪਰਚੇ ਦੀ ਸੰਪਾਦਕਾ ਅਨਵੰਤ ਕੌਰ ਅਤੇ ਪ੍ਰਸਿੱਧ ਆਰਟਿਸਟ ਫੁੱਲਾਂ ਰਾਣੀ ਵਰਗੀਆਂ ਸ਼ਖਸੀਅਤਾਂ ਦਾ ਅਸ਼ੀਰਵਾਦ ਵੀ ਹਾਸਲ ਰਿਹਾ। ਉਹਨਾਂ ਪੁਰਾਣੇ ਸਮਿਆਂ ਦੇ ਗਵਾਹ ਹਰਭਜਨ ਸਿੰਘ ਖੇਮਕਰਨੀ ਵੀ ਰਹੇ ਹਨ। 

ਉਦੋਂ ਪ੍ਰਿੰਟ ਮੀਡੀਆ ਵਾਲੇ ਦੌਰ ਸਮੇਂ ਹੀ ਅੰਮ੍ਰਿਤਸਰ ਵਿੱਚ ਲੁਧਿਆਣਾ ਨਾਲੋਂ ਵੀ ਚੰਗਾ ਸਾਹਿਤਿਕ ਮਾਹੌਲ ਹੋਇਆ ਕਰਦਾ ਸੀ। ਯੁਵਕ ਲਿਖਾਰੀ ਸਭਾ ਅਤੇ ਕੰਵਲ ਪਰਚੇ ਦਾ ਸਟਾਫ ਸਿਰਫ ਰਸਮੀ ਤੌਰ ਤੇ ਮਿਲਣੀਆਂ ਨਹੀਂ ਸਨ ਕਰਦੇ। ਇਹਨਾਂ ਨੂੰ ਇੱਕ ਦੂਜੇ ਦਾ ਦੁੱਖ ਸੁਖ ਵੀ ਪਤਾ ਹੁੰਦਾ ਸੀ। ਜੇਕਰ ਕੋਈ ਮੈਂਬਰ ਚਾਰ ਦਿਨ ਨਜ਼ਰ ਨਹੀਂ ਆਇਆ ਤਾਂ ਉਸਦੇ ਘਰ ਜਾ ਕੇ ਉਸਦਾ ਹਾਲ ਚਾਲ ਪੁੱਛਿਆ ਜਾਂਦਾ। ਇਹ ਯੁਵਕ ਲਿਖਾਰੀ ਸਭਾ ਵੀ ਇੱਕ ਲਹਿਰ ਵਾਂਗ ਸੀ ਜਿਸਨੇ ਬਹੁਤ ਸਾਰੇ ਨਵੇਂ ਚਿਹਰਿਆਂ ਨੂੰ ਉਤਸ਼ਾਹਿਤ ਕੀਤਾ ਸੀ। 

ਇਸੇ ਤਰ੍ਹਾਂ ਫਿਰੋਜ਼ਪੁਰ ਦੀ ਪੰਜਾਬੀ ਲਿਖਾਰੀ ਸਭਾ ਵੀ ਬਹੁਤ ਸਰਗਰਮੀ ਨਾਲ ਕੰਮ ਕਰਦੀ ਰਹੀ। ਗਿਆਨੀ ਰਾਜਿੰਦਰ ਸਿੰਘ ਛਾਬੜਾ, ਦਲੀਪ ਸਿੰਘ ਭੁਪਾਲ, ਸ਼ਿਵ ਕੁਮਾਰ ਸ਼ਰਮਾ, ਲਛਮਣ ਸਿੰਘ, ਸੁਸ਼ੀਲ ਰਹੇਜਾ ਅਤੇ ਹਰੀਸ਼ ਗਰੋਵਰ ਸਮੇਤ ਬਹੁਤ ਸਾਰੇ ਲੇਖਕ ਸਰਗਰਮੀ ਨਾਲ ਕੰਮ ਕਰਦੇ ਰਹੇ। ਆਤਮ ਹਮਰਾਹੀ ਹੁਰਾਂ ਦਾ ਅਸ਼ੀਰਵਾਦ ਵੀ ਇਸ ਟੀਮ ਦਾ ਮਾਰਗਦਰਸ਼ਨ ਕਰਦਾ ਸੀ। ਫਿਰੋਜ਼ਪੁਰ, ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ  ਅਤੇ ਦਿੱਲੀ ਤਕ ਇਹ ਸਭਾ ਸਰਗਰਮ ਹੁੰਦੀ ਰਹੀ। ਇਸ ਸਭ ਦਾ ਇੱਕ ਸਾਹਿਤਿਕ ਪਰਚਾ ਲਿਖਾਰੀ ਇੱਕ ਵਾਰ ਫੇਰ ਸਾਹਮਣੇ ਆਇਆ ਹੈ ਗੁਰਪ੍ਰੀਤ ਸਿੰਘ ਛਾਬੜਾ ਦੀ ਦੇਖਰੇਖ ਹੇਠ। ਇਸ ਸਭਾ ਨੇ ਹੁਣ ਕੁਝ ਹੋਰ ਨਵੇਂ ਪ੍ਰੋਗਰਾਮ ਵੀ ਉਲੀਕੇ ਹਨ। 

ਫਿਰੋਜ਼ਪੁਰ, ਲੁਧਿਆਣਾ ਅਤੇ ਕੁਝ ਥਾਂਵਾਂ ਤੋਂ ਇੱਕੋ ਵੇਲੇ ਕੇਂਦਰੀ ਯੁਵਕ ਲਿਖਾਰੀ ਸਭਾ ਵੀ ਹੌਂਦ ਵਿੱਚ ਆਈ ਸੀ ਜਿਸ ਨੇ ਸੋਨ ਤਮਗੇ ਵਾਲਾ ਗ਼ਜ਼ਲ ਮੁਕਾਬਲਾ ਵੀ ਕਰਵਾਇਆ। ਇਸ ਮੁਕਾਬਲੇ ਦੇ ਜੱਜਾਂ ਅਤੇ ਸੰਚਾਲਕਾਂ ਵਿੱਚ ਡਾਕਟਰ ਲਾਲ ਫਿਰੋਜ਼ਪੁਰੀ ਦੇ ਨਾਲ ਜਨਾਬ ਦੀਪਕ ਜੈਤੋਈ ਸਾਹਿਬ, ਸਵਰਗੀ ਸਾਧੂ ਸਿੰਘ ਹਮਦਰਦ ਜੀ, ਪ੍ਰਿੰਸੀਪਲ ਤਖਤ ਸਿੰਘ ਵਰਗੀਆਂ ਸ਼ਖਸੀਅਤਾਂ ਵੀ ਸਰਗਰਮ ਹੋ ਕੇ ਸਹਿਯੋਗ ਦੇਂਦੀਆਂ ਰਹੀਆਂ। 

ਪਹਿਲਾ ਸੋਨ ਤਮਗਾ ਜਨਾਬ ਥੰਮਣ ਸਿੰਘ ਸੈਣੀ ਹੁਰਾਂ ਦੇ ਨਾਮ ਰਿਹਾ ਸੀ। ਇਸ ਤਰ੍ਹਾਂ ਬਹੁਤ ਕੁਝ ਛੋਟਾ ਵੱਡਾ ਸਾਹਿਤਿਕ ਉਪਰਾਲਾ ਹੁੰਦਾ ਰਿਹਾ ਪਰ ਕੇਂਦਰੀ ਪੰਜਾਬੀ ਲੇਖਕ ਸਭਾ ਇੱਕੋ ਇੱਕ ਮਜ਼ਬੂਤ ਮੰਚ ਵੱਜੋਂ ਕਦੇ ਨਾ ਉਭਰ ਸਕੀ। ਪੰਜਾਬੀ ਦੇ ਕਿੰਨੇ ਲੇਖਕ ਹਨ ਅਤੇ ਕਿੰਨੇ ਹੋ ਚੁੱਕੇ ਹਨ ਇਹਨਾਂ ਦਾ ਜਾਇਜ਼ਾ ਅਖਬਾਰਾਂ ਰਸਾਲਿਆਂ ਵਿਚ ਛਪਦੇ ਨਾਂਵਾਂ ਨੂੰ ਦੇਖ ਕੇ ਵੀ ਲੱਗ ਸਕਦਾ ਹੈ। ਡਿਜੀਟਲ ਮੀਡੀਆ ਨੇ ਵੀ ਇਸ ਪਾਸੇ ਇਤਿਹਾਸਿਕ ਯੋਗਦਾਨ ਪਾਇਆ ਹੈ। ਏਨੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੈਂਬਰਾਂ  ਦੀ ਕੁੱਲ ਗਿਣਤੀ ਕਿੰਨੀ ਹੈ? ਚੋਣਾਂ ਵੇਲੇ ਕਿੰਨੇ ਕੁ ਮੈਂਬਰ ਹਾਜ਼ਰ ਹੁੰਦੇ ਹਨ? ਜਿਹੜੇ ਵਿਦੇਸ਼ਾਂ ਵਿਚੋਂ ਨਹੀਂ ਪਹੁੰਚ ਸਕਦੇ ਉਹਨਾਂ ਦੀ ਵੋਟ ਲਈ ਕੀ ਪ੍ਰਬੰਧ ਹੁੰਦੇ ਹਨ? ਕੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕਦੇ ਉਹਨਾਂ ਲੇਖਕਾਂ ਨੂੰ ਵੀ ਨਾਲ ਲਿਆ ਹੈ ਜਿਹੜੇ ਪੰਜਾਬੀ ਵੀ ਹਨ, ਪੰਜਾਬ ਵਿਚ ਰਹਿੰਦੇ ਵੀ ਹਨ ਪਰ ਇਤਫ਼ਾਕ ਨਾਲ ਹਿੰਦੀ ਵਿਚ ਵੀ ਲਿਖਦੇ ਹਨ। ਜੇਕਰ ਅਜਿਹਾ ਸਾਕਾਰਤਮਕ ਫੈਸਲਾ ਲਿਆ ਗਿਆ ਹੁੰਦਾ ਤਾਂ ਪੰਜਾਬ ਵਿੱਚ ਹੀ ਪੰਜਾਬ ਦੇ ਰਹਿਣ ਵਾਲੇ ਲੇਖਕਾਂ ਨੂੰ ਸਿਰਫ ਹਿੰਦੀ ਪ੍ਰੇਮ ਕਾਰਨ ਵੱਖਰੇ ਸੰਗਠਨ ਨਾ ਬਣਾਉਣੇ ਪੈਂਦੇ। 

ਇਸ ਵੇਲੇ ਇਕੱਲੇ ਲੁਧਿਆਣਾ ਵਿੱਚ ਹੀ ਪੰਜਾਬ ਅਤੇ ਪੰਜਾਬੀ ਨਾਲ ਜੁੜੇ ਹੋਏ ਹਿੰਦੀ ਲੇਖਕਾਂ ਦੇ ਕਈ ਸੰਗਠਨ ਸਰਗਰਮ ਹਨ। ਇਹਨਾਂ ਵਿੱਚ ਉਹਨਾਂ ਔਰਤਾਂ ਦੀ ਗਿਣਤੀ ਜ਼ਿਆਦਾ ਹੈ ਜਿਹੜੀਆਂ ਘਰ ਸੰਭਾਲਣ ਦੇ ਨਾਲ ਨਾਲ ਨੌਕਰੀ ਵੀ ਕਰਦੀਆਂ ਹਨ। ਸਾਹਿਤ ਵੀ ਰਚਦੀਆਂ ਹਨ। ਕਿਤਾਬਾਂ ਛਪਵਾਉਂਦੀਆਂ ਵੀ ਹਨ ਅਤੇ ਹਨ ਤਾਂ ਛਾਪਦੀਆਂ ਵੀ ਹਨ। ਔਰਤਾਂ ਦੀ  ਦੇਖਰੇਖ ਹੇਠ ਬਹੁਤ ਸਾਰੇ ਪ੍ਰਕਾਸ਼ਨ ਅਦਾਰੇ ਸਾਹਮਣੇ ਆਏ ਹਨ ਜਿਹੜੇ ਬਹੁਤ ਸ਼ਾਨਦਾਰ ਦਿੱਖ ਵਾਲਿਆਂ ਪੁਸਤਕਾਂ ਛਪਦੀਆਂ ਹਨ। ਇਸ ਸਨਅਤ ਵਿੱਚ ਤੇਜ਼ੀ ਨਾਲ ਨਾਮ ਕਮਾ ਰਹੀਆਂ ਇਹ ਔਰਤਾਂ ਸਥਾਪਿਤ ਹੀ ਚੁੱਕੀਆਂ ਸਾਹਿਤਿਕ ਸ਼ਖ਼ਸੀਅਤਾਂ ਵਾਂਗ ਹੀ ਪੁਸਤਕਾਂ ਦੀ ਰਿਲੀਜ਼ ਅਤੇ ਮੀਡੀਆ ਕਵਰੇਜ ਵੀ ਬੜੀ ਜ਼ਿੰਮੇਵਾਰੀ ਨਾਲ ਨਿਭਾਉਂਦੀਆਂ ਹਨ। ਉਹ ਵੀ ਬਿਨਾ ਦਾਰੂ ਸ਼ਾਰੂ ਅਤੇ ਹੋਰ ਫਿਜ਼ੂਲ ਖਰਚਿਆਂ ਦੇ। ਕੰਮ ਵੀ ਬੜੇ ਅਨੁਸ਼ਾਸਨ ਨਾਲ ਸਿਰੇ ਚੜ੍ਹਦਾ ਹੈ। ਪੁਸਤਕ ਛਾਪਣ, ਉਸਨੂੰ ਰਿਲੀਜ਼ ਕਰਨ ਅਤੇ ਉਸਦੀ ਚਰਚਾ ਕਰਾਉਣ ਵਿੱਚ ਇਹਨਾਂ ਮਹਿਲਾ ਪ੍ਰਕਾਸ਼ਕਾਂ//ਸੰਪਾਦਕਾਂ ਦਾ ਕੋਈ ਜੁਆਬ ਨਹੀਂ। 

ਇਸਦੇ ਨਾਲ ਹੀ ਹੁਣ ਹਿੰਦੀ ਭਵਨ ਦੀ ਮੰਗ ਵੀ ਉੱਠਣ ਲੱਗ ਪਈ ਹੈ। ਇਸ ਨੂੰ ਪੰਜਾਬੀ ਨਾਲ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਵੱਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਪਰ ਇਹ ਜ਼ਰੁਰ ਸੋਚਣ ਵਾਲੀ ਗੱਲ ਹੈ ਕਿ ਹਿੰਦੀ ਪ੍ਰੇਮੀ ਲੇਖਕਾਂ ਨੂੰ ਪੰਜਾਬੀ ਭਵਨ ਆਪਣਾ ਕਿਓਂ ਨਹੀਂ ਲੱਗਦਾ? ਉਹਨਾਂ ਨੂੰ ਏਥੇ ਕੀ ਵਿਤਕਰਾ ਮਹਿਸੂਸ ਹੁੰਦਾ ਰਿਹਾ ਹੈ? ਏਥੇ ਮਹਿਲਾਵਾਂ ਦੀ ਦੇਖ ਰੇਖ ਹੇਠ ਚੱਲਦੇ ਸਹਿਤਿਕ ਸੰਗਠਨਾਂ ਨੇ ਪੰਜਾਬੀ ਭਵਨ ਤੋਂ ਦੂਰੀ ਬਣਾਉਂਦਿਆਂ ਆਪੋ ਆਪਣੇ ਸਾਹਿਤਿਕ ਆਯੋਜਨ ਗੁਰੂ ਨਾਨਕ ਭਵਨ, ਸਤਲੁਜ ਕਲੱਬ ਅਤੇ ਕਈ ਵਾਰ ਤਾਂ ਕੁਝ ਨਿੱਜੀ ਹਸਪਤਾਲਾਂ ਦੇ ਹਾਲ ਕਮਰਿਆਂ ਵਿਚ ਕਰਵਾਏ। ਨਾਜ਼ ਸਾਹਿਬ ਦੀ ਦੇਖ ਰੇਖ ਅਤੇ ਪ੍ਰੇਰਨਾ ਨਾਲ  ਬਣੇ ਮਹਿਲਾ ਕਾਵਿ ਮੰਚ ਦੀਆਂ ਤਾਂ ਕਈ ਮੁਢਲੀਆਂ ਮੀਟਿੰਗਾਂ ਰਾਣੀ ਝਾਂਸੀ ਰੋਡ ਤੇ ਸਥਿਤ ਪੀ ਡਬਲਿਊ ਰੈਸਟ ਹਾਊਸ ਵਿੱਚ ਹੀ ਹੁੰਦੀਆਂ ਰਹੀਆਂ। ਚਾਹ ਪਾਣੀ ਦਾ ਖਰਚਾ ਸੰਗਠਨ ਦਾ ਬਾਕੀ ਕੋਈ ਖਰਚਾ ਹੀ ਨਹੀਂ। 

ਇਸ ਤਰ੍ਹਾਂ ਪੰਜਾਬੀ ਭਵਨ ਤੋਂ ਦੂਰੀ ਲਗਾਤਾਰ ਵਧ ਰਹੀ ਹੈ। ਕਿਉਂ ਹੋ ਰਿਹਾ ਹੈ ਅਜਿਹਾ। ਇਹ ਮਹਿਲਾ ਸੰਗਠਨ ਬਾਕਾਇਦਾ ਪੁਰਸ਼ ਵਰਗ ਦੀਆਂ ਨਵੀਆਂ ਕਲਮਾਂ ਨੂੰ ਵੀ ਉਤਸ਼ਾਹਿਤ ਕਰਦੇ ਹਨ। ਇਹ ਸੰਗਠਨ ਦੂਜਿਆਂ ਸ਼ਹਿਰਾਂ ਤੋਂ ਵੀ ਸਰਗਰਮ ਲੇਖਿਕਾਵਾਂ ਨੂੰ ਬੁਲਾ ਉਹਨਾਂ ਨਾਲ ਰੂਬਰੂ ਕਰਵਾਉਂਦੇ ਹਨ। ਪੰਜਾਬੀ, ਹਿੰਦੀ ਅਤੇ ਉਰਦੂ ਨਾਲ ਸਬੰਧਤ ਸ਼ਾਇਰਾਂ ਦੇ ਨਾਲ ਨਾਲ ਸਾਹਿਤਕ ਪੱਤਰਕਾਰੀ ਕਰਨ ਵਾਲਿਆਂ ਨੂੰ ਵੀ ਮੰਚ 'ਤੇ ਬੁਲਾ ਕੇ ਸਨਮਾਨਿਤ ਕਰਦੇ ਹਨ। ਇਸ ਤਰ੍ਹਾਂ ਇਹ ਲੋਕ ਬਿਨਾ ਕਿਸੇ ਸ਼ਹਿਰ ਸ਼ਰਾਬੇ ਅਤੇ ਵਿਵਾਦਾਂ ਦੇ ਸਾਹਿਤ ਸਾਧਨਾ ਨੂੰ ਸ਼ੁੱਧ ਸਾਹਿਤਿਕ ਭਾਵਨਾ ਨਾਲ ਅੱਗੇ ਲਿਜਾ ਰਹੇ ਹਨ। ਅਖੀਰ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਭਵਨ ਵਿਚ ਕੁਝ ਲੋਕਾਂ ਨੂੰ ਹਰ ਵਾਰ ਵਿਤਕਰੇ ਦਾ ਅਹਿਸਾਸ ਕਿਓਂ ਹੁੰਦਾ ਹੈ? ਹਰ ਵਾਰ ਮੰਚ 'ਤੇ ਆਉਣ ਵਾਲੇ ਅਤੇ ਸਨਮਾਨਿਤ ਕੀਤੇ ਜਾਣ ਵਾਲਿਆਂ ਦੇ ਨਾਂਵਾਂ ਦਾ ਅੰਦਾਜ਼ਾ ਪਹਿਲਾਂ ਤੋਂ ਹੀ ਕਿਓਂ ਲੱਗ ਜਾਂਦਾ ਹੈ? ਹਰ ਵਾਰ ਉਹੀ ਨਾਮ, ਉਹੀ ਗਰੁੱਪ, ਉਹੀ ਧੜੇ, ਉਹੀ ਗੱਲਾਂ, ਉਹੀ ਲਿਹਾਜ਼ਦਾਰੀਆਂ ਅਤੇ ਉਸੇ ਅੰਦਾਜ਼ ਨੂੰ ਦਰਸਾਉਂਦੀਆਂ ਤਸਵੀਰਾਂ ਕਿਓਂ? ਨਵੇਂ ਨਾਂਵਾਂ ਨੂੰ ਸਾਹਮਣੇ ਆਉਣ ਵਿਚ ਰੋਕਣ ਪਿਛੇ ਕੌਣ ਲੋਕ ਹਨ? 

ਕੀ ਹੁਣ ਸਾਹਿਤਿਕ ਸਮਾਗਮਾਂ ਵਿੱਚ ਚੌਧਰਪੁਣੇ ਤੋਂ ਰਿਟਾਇਰ ਹੋਣ ਲਈ ਉਮਰ ਦੀ ਕੋਈ ਹੱਦ ਨਿਸਚਿਤ ਕਰਨ ਦੀ ਲੋੜ ਹੈ? ਕਦੋਂ ਆਏਗੀ ਤਿਆਗ ਦੀ ਭਾਵਨਾ? ਕਦੋਂ ਵਧੇਗਾ ਸੱਚੇ ਦਿਲੋਂ ਆਪਸੀ ਸਦਭਾਵ? ਕਦੋਂ ਰੁਕਣਗੇ ਮੰਚ 'ਤੇ ਬੈਠਿਆਂ ਵੱਲੋਂ ਅੱਖਾਂ ਅੱਖਾਂ ਵਿੱਚ ਹੁੰਦੇ ਇਸ਼ਾਰੇ? ਕਦੋਂ ਆਏਗੀ ਉਮਰ ਦੇ ਨਾਲ ਨਾਲ ਸੱਚੀ ਸਿਆਣਪ ਅਤੇ ਪਰਿਪੱਕਤਾ? ਕਦੋਂ ਜਾਏਗੀ ਚਿਹਰਿਆਂ ਅਤੇ ਅੱਖਾਂ ਵਿੱਚੋਂ ਸਾਜ਼ਿਸ਼ੀ ਜਿਹੀ ਸ਼ਰਾਰਤ? ਕਦੋਂ ਮੁੜੇਗੀ ਇਹਨਾਂ ਕਲਮਕਾਰਾਂ ਦੇ ਚਿਹਰਿਆਂ 'ਤੇ, ਉਹ ਮਾਸੂਮੀਅਤ ਜਿਹੜੀ ਸੁਰਜੀਤ ਪਾਤਰ ਹੁਰਾਂ ਦੇ ਚਿਹਰੇ 'ਤੇ ਉਹਨਾਂ ਦੀ ਜਵਾਨੀ ਦੇ ਦਿਨਾਂ ਵਿੱਚ ਵੀ ਨਜ਼ਰ ਆਉਂਦੀ ਹੁੰਦੀ ਸੀ ਅਤੇ ਹੁਣ ਵੀ ਹੈ? ਪਰ ਇਹਨਾਂ ਚੌਧਰੀਆਂ ਦੇ ਚਿਹਰਿਆਂ ਤੋਂਕਦੋਂ ਦੀ ਗੁਆਚ ਚੁੱਕੀ ਹੈਕਿਓਂ ਕਿ ਇਹ ਮਾਸੂਮ ਰਹੇ ਵੀ ਨਹੀਂ। ਕਦੋਂ ਆਏਗੀ ਕਲਮਕਾਰਾਂ ਦੇ ਚਿਹਰਿਆਂ ਅਤੇ ਸ਼ਬਦਾਂ ਵਿੱਚ ਉਹ ਸੱਚੀ ਸਿਆਣਪ ਜਿਹੜੀ ਜਸਵੰਤ ਜ਼ਫ਼ਰ ਸਾਹਿਬ ਦੇ ਸ਼ਬਦਾਂ ਵਿਚ ਅੱਜ ਵੀ ਹੈ! ਕਦੋਂ ਆਏਗੀ ਉਹੀ ਸਾਫ਼ਗੋਈ ਅਤੇ ਖਰ੍ਹੇ ਅੰਦਾਜ਼ ਵਾਲੀ ਸੁਰ ਜਿਹੜੀ ਜਗਜੀਤ ਸਿੰਘ ਅਨੰਦ, ਬਾਬਾ ਗੁਰਬਖਸ਼ ਸਿੰਘ ਬੰਨੋਆਣਾ ਅਤੇ ਸਾਧੂ ਸਿੰਘ ਹਮਦਰਦ ਹੁਰਾਂ ਦੀ ਸ਼ਖ਼ਸੀਅਤ ਵਿੱਚ ਝਲਕਦੀ ਹੁੰਦੀ ਸੀ!

ਅਜਿਹੇ ਕਈ ਸੁਆਲ ਅਤੇ ਮਸਲੇ ਖੜੇ ਹੋਣ ਲੱਗ ਪਏ ਹਨ ਜਿਹਨਾਂ ਨੂੰ ਬਹੁਤ ਸਾਰੇ ਸਰਗਰਮ ਲੇਖਕ ਚੰਗੀ ਤਰ੍ਹਾਂ ਜਾਣਦੇ ਹਨ। ਚੰਗਾ ਹੋਵੇ ਜੇਕਰ ਕੇਂਦਰੀ ਪੰਜਾਬੀ ਲੇਖਕ ਸਭਾ ਵੀ ਸਿਆਸੀ ਪਾਰਟੀ ਦਾ ਸਾਹਿਤਿਕ ਵਿੰਗ ਬਣਨ ਦੀ ਥਾਂ ਕੇਵਲ ਅਤੇ ਕੇਵਲ ਸਾਹਿਤ ਨੂੰ ਪ੍ਰਤਿਬੱਧ ਹੋ ਕੇ ਚੱਲੇ। ਵਿਚਾਰਧਾਰਾ ਨਾਲ ਪ੍ਰਤਿਬਧਤਾ ਬਿਲਕੁਲ ਵੱਖਰੀ ਗੱਲ ਹੈ ਜਿਹੜੀ ਕਾਫੀ ਹੱਦ  ਤੱਕ ਜ਼ਰੁਰੀ ਵੀ ਹੈ ਪਰ ਸਾਹਿਤਿਕ ਸੰਗਠਨਾਂ ਨੂੰ ਕਿਸੇ ਵੀ ਸਿਆਸੀ ਪਾਰਟੀ ਦੀ ਕਾਰਬਨ ਕਾਪੀ ਨਹੀਂ ਬਣਨਾ ਚਾਹੀਦਾ। ਉਸਦੇ ਹਥ ਸਾਹਿਤ ਦਾ ਝੰਡਾ ਹੀ ਸੋਭਦਾ ਹੈ ਨਾ ਕਿ ਸਿਆਸਤ ਵਾਲਾ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸੀ ਪੀ ਆਈ, ਸੀ ਪੀ ਆਈ  ਐਮ ਅਤੇ ਪਾਸਲਾ ਵਾਲੀਆਂ ਪਾਰਟੀਆਂ ਤੋਂ ਬਾਅਦ ਲਿਬਰੇਸ਼ਨ ਵਾਲੇ, ਨਿਊ ਡੈਮੋਕ੍ਰੇਸੀ  ਵਾਲੇ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਾਲੇ ਵੀ ਆਪੋ ਆਪਣਾ ਝੰਡਾ ਬੁਲੰਦ ਕਰ ਸਕਦੇ ਹਨ। ਫਿਰ ਇਹਨਾਂ ਪਾਰਟੀਆਂ ਵੱਲੋਂ ਇਹਨਾਂ ਮੈਂਬਰ ਲੇਖਕਾਂ ਤੇ ਆਪੋ ਆਪਣੀ ਲੋੜ ਮੁਤਾਬਿਕ ਬੰਦਸ਼ਾਂ ਅਤੇ ਪਾਬੰਦੀਆਂ ਵੀ ਲਾਈਆਂ ਜਾ ਸਕਦੀਆਂ ਹਨ। ਫਲਾਂ ਗੀਤ ਲਿਖਣਾ ਹੈ, ਫਲਾਂ ਗੀਤ ਵਾਪਿਸ ਲੈਣਾ ਹੈ, ਫਲਾਂ ਕਹਾਣੀ ਦਾ ਅੰਤ ਵਾਲਾ ਦ੍ਰਿਸ਼ ਬਦਲਣਾ ਹੈ ਅਤੇ ਫਲਾਂ ਨਾਟਕ ਨੂੰ ਫਿਲਹਾਲ ਵਾਪਿਸ ਲੈਣਾ ਹੈ। ਇਸਦੇ ਨਾਲ ਹੀ ਫਲਾਣੀ ਪਾਰਟੀ ਦਾ ਗੁਣਗਾਣ ਕਰਨਾ ਹੈ ਅਤੇ ਫਲਾਣੀ ਪਾਰਟੀ ਦਾ ਤਵਾ ਲਾਉਣਾ ਹੈ। 

ਜੇਕਰ ਇਹ ਡਰਾਉਣਾ ਜਿਹਾ ਸੁਫ਼ਨਾ ਸਾਕਾਰ ਹੋ ਗਿਆ ਅਤੇ ਲੇਖਕ ਵਿਚਾਰੇ ਨੀਂਵੀਂ ਪਾਈ ਆਪੋ ਆਪਣੀਆਂ ਪਾਰਟੀਆਂ ਦੇ ਦਫਤਰਾਂ ਵਿੱਚ ਬੈਠੇ ਜਾਂ ਦਰਵਾਜ਼ਿਆਂ ਵਿੱਚ ਦਹਿਲੀਜ਼ਾਂ ਤੇ ਖੜੋਤੇ ਹੋਏ ਇਹਨਾਂ ਹੁਕਮਾਂ ਮੁਤਾਬਿਕ ਕੰਮ ਕਰਦੇ ਹੋਏ ਤਾਂ ਆਪਾਂ ਵੀ ਕੀ ਕਰ ਸਕਾਂਗੇ ਸਿਵਾਏ ਪ੍ਰੋਫੈਸਰ ਮੋਹਨ ਸਿੰਘ ਦੀਆਂ ਸਤਰਾਂ ਨੂੰ ਯਾਦ ਕਰਨ ਦੇ ਜਿਹਨਾਂ ਵਿਚ ਉਹ ਆਖਿਆ ਕਰਦੇ ਸਨ:

ਕੋਲ ਮਾਲਕ ਓਸਦਾ

ਆਖੇ ਜਾਇਦਾਦ ਦੇ ਮੋਢੇ ਨੂੰ ਫੜ:

ਮੇਰੀ ਹੈ ਇਹ ਜਾਏਦਾਦ

ਮੈਂ ਹਾਂ ਮਾਲਕ ਏਸਦਾ

ਮਨੂੰ ਦਾ ਕਾਨੂੰਨ ਵੀ ਮੇਰੀ ਤਰਫ਼

ਵੇਲੇ ਦੀ ਸਰਕਾਰ ਵੀ

ਪੈਸੇ ਦੀ ਛਣਕਾਰ ਵੀ

ਧਰਮ ਲੋਕਾਚਾਰ ਵੀ

ਦਿਲ ਨਹੀਂ ਤੇ ਨਾ ਸਹੀ

ਦੇਖਾਂਗਾ ਪਰ ਕਿਸ ਤਰ੍ਹਾਂ ਸੋਹਣਾ ਇਹ ਮਹਿਲ

ਮੈਨੂੰ ਉਹਲਾ ਦੇਣ ਤੋਂ ਕਰਦਾ ਹੈ ਨਾਂਹ

ਵਿਚ ਸਿਆਲੇ ਕਿਸ ਤਰ੍ਹਾਂ ਦੇਂਦਾ ਨ ਨਿੱਘ

ਵਿਚ ਹੁਨਾਲੇ ਕਿਸ ਤਰ੍ਹਾਂ ਕਰਦਾ ਨਾ ਛਾਂ ।

ਕਿੱਦਾਂ ਸੋਨਾ ਪਾਇਆਂ ਸਜਦਾ ਨਹੀਂ,

ਕਿੱਦਾਂ ਰੇਸ਼ਮ ਕੱਜਿਆਂ ਫਬਦਾ ਨਹੀਂ ।

ਸਾਹਵੇਂ ਆਸ਼ਕ ਓਸਦਾ--------

ਜੇਕਰ ਅਹੁਦਿਆਂ ਨਾਲ ਲਗਾਓ ਅਤੇ ਲਾਲਚ ਨਾ ਰੁਕਿਆ ਤਾਂ ਫੇਰ ਇਹੀ ਕੁਝ ਹੋਣ ਵਾਲਾ ਜਾਪਦਾ ਹੈ। ਬਸ ਖਾਲੀ ਜਜ਼ਬਾਤੀ ਜਿਹਾ ਰਸਤਾ ਬਚ ਸਕੇਗਾ ਸ਼ਾਇਦ--

ਸਾਹਵੇਂ ਆਸ਼ਕ ਓਸਦਾ

ਨਾਲ ਦਿੜ੍ਹਤਾ ਸੋਚਦਾ,

ਹੋਇਆ ਕੀ ਜੇ ਬਣ ਗਈ ਇਹ ਜਾਇਦਾਦ

ਹੋਇਆ ਕੀ ਜੇ ਸੈਲ ਪੱਥਰ ਹੋ ਗਈ

ਹੋਇਆ ਕੀ ਜੇ ਜਵਾਲਾ ਮੇਰੇ ਇਸ਼ਕ ਦੀ

ਇਸਨੂੰ ਅਜ ਪਿਘਲਾ ਸਕਣ ਜੋਗੀ ਨਹੀਂ

ਹੋਰ ਇਸ ਅਗਨੀ ਨੂੰ ਭੜਕਾਵਾਂਗਾ ਮੈਂ

ਜੁਗ ਪਲਟ ਕੇ ਫਿਰ ਕਦੀ ਆਵਾਂਗਾ ਮੈਂ

ਰਾਮ ਵਾਂਗੂੰ ਇੱਕੋ ਛੋਹ-ਲੂੰਬੇ ਦੇ ਨਾਲ

ਇਸ ਅਹਿਲਿਆ ਨੂੰ ਲਵਾਂਗਾ ਫਿਰ ਜਿਵਾਲ।

ਜੁਗਾਂ ਜੁੱਗਾਂ ਤੀਕ ਲਟਕ ਜਾਏਗੀ ਇਸ ਮੁਕਤੀ ਦੀ ਗੱਲ...ਅਸੀਂ ਫਿਰ ਮਾਤ ਖਾ ਜਾਵਾਂਗੇ---ਸਾਡੇ ਕੋਲ ਬੁਲੰਦ ਅਤੇ ਸੁਤੰਤਰ ਬਾਗੀ ਸੁਰ ਵਾਲੇ ਪਾਸ਼ ਵਰਗੇ ਸ਼ਾਇਰ ਪਹਿਲਾਂ ਹੀ ਬਹੁਤ ਘੱਟ ਹਨ। ਵਰਿਆਮ ਮਸਤ ਹੁਰਾਂ ਦੀ ਟਿੱਪਣੀ ਹਲੂਣਾ ਦੇਂਦੀ ਹੈ:

Waryam Mast:    ਇਹ ਚੋਣਾਂ ਵਗੈਰਾ ਸੱਭ ਬਕਵਾਸ ਹੈ। ਬਹੁਤੇ ਲੇਖਕ ਤਾਂ ਸਾਰਾ ਦਿਨ ਭਾਸ਼ਾ ਵਿਭਾਗ ਪੰਜਾਬ ਸਰਕਾਰ ਤੇ ਸਰਕਾਰੀ ਅਫਸਰਾਂ ਦੀਆਂ ਜੁੱਤੀਆਂ ਚੱਟਦੇ ਰਹਿੰਦੇ ਨੇ । ਕਿਤਾਬਾਂ ਦੇ ਝੋਲੇ ਭਰਕੇ ਅਫ਼ਸਰਾਂ ਨੂੰ ਭੇਟ ਕਰਦੇ ਨੇ ਕਿ ਕੋਈ ਇਨਾਮ ਮਿਲ ਜਾਏ

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।