google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: May 2019

Thursday 30 May 2019

ਪ੍ਰਸਿੱਧ ਪੰਜਾਬੀ ਲੇਖਕ ਪੂਰਨ ਸਿੰਘ ਯੂ ਕੇ ਦੇ ਦੇਹਾਂਤ ਤੇ ਅਫਸੋਸ ਦਾ ਪ੍ਰਗਟਾਵਾ

May 30, 2019, 8:04 PM
ਉਹਨਾਂ ਦੀਆਂ ਲਗਪਗ ਦੋ ਦਰਜਨ ਵਾਰਤਕ ਪੁਸਤਕਾਂ ਛਪ ਚੁਕੀਆਂ ਹਨ
ਲੁਧਿਆਣਾ: 30 ਮਈ 2019: (ਗੁਰਭਜਨ ਸਿੰਘ ਗਿੱਲ)::
ਇੰਗਲੈਂਡ ਤੇ ਦੀਨਾ ਨਗਰ (ਗੁਰਦਾਸਪੁਰ ) ਤੋਂ ਇੱਕੋ ਵੇਲੇ  ਛਪਦੇ ਤ੍ਰੈਮਾਸਿਕ ਸਾਹਿੱਤਕ ਮੈਗਜ਼ੀਨ ਰੂਪਾਂਤਰ ਦੇ ਸੰਚਾਲਕ ਪੂਰਨ ਸਿੰਘ ਯੂ ਕੇ ਦਾ ਇੰਗਲੈਂਡ ਵਿੱਚ ਦੇਹਾਂਤ ਹੋ ਗਿਆ ਹੈ। ਇਹ ਜਾਣਕਾਰੀ ਸਿੰਘ ਬਰਦਰਜ਼ ਪ੍ਰਕਾਸ਼ਨ ਘਰ ਅੰਮ੍ਰਿਤਸਰ ਦੇ ਸ: ਗੁਰਸਾਗਰ ਸਿੰਘ ਨੇ ਦਿੱਤੀ ਹੈ। 
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਪੂਰਨ ਸਿੰਘ ਦੀਆਂ ਵਾਰਤਕ ਲਿਖਤਾਂ ਵਿੱਚ ਤਰਕਸ਼ੀਲ ਜੀਵਨ ਦਾ ਆਚਾਰ, ਵਿਹਾਰ, ਕਿਰਦਾਰ ਉਸਾਰੀ ਤੇ ਸਵੈ ਵਿਕਾਸ ਮਾਰਗ ਬਹੁਤ ਸਪਸ਼ਟ ਰੂਪ ਚ ਸੁਭਾਇਮਾਨ ਸੀ। 
ਪੂਰਨ ਸਿੰਘ ਜੀ ਦੀਆਂ ਲਗਪਗ ਦੋ ਦਰਜਨ ਵਾਰਤਕ ਪੁਸਤਕਾਂ ਛਪ ਚੁਕੀਆਂ ਹਨ ਜਿੰਨ੍ਹਾਂ ਚੋਂ ਪ੍ਰਮੁੱਖ ਘਰ ਸੁਖ ਵਸਿਆ ਬਾਹਰ ਸੁਖ ਪਾਇਆ,ਸ਼ਕਤੀ: ਇੱਕ ਦਾਰਸ਼ਨਿਕ ਅਧਿਐਨ, ਸੰਘਰਸ਼: ਇੱਕ ਸਮਾਜਿਕ ਅਧਿਐਨ, ਮਨੋਵਿਕਾਸ: ਕੁਝ ਸੰਕੇਤ ਕੁਝ ਸੁਝਾਉ, ਸੁੰਦਰਤਾ ਅਤੇ ਆਨੰਦ, ਸ਼ਾਕਾਹਾਰ ਇੱਕ ਸੁੰਦਰਤਾ, ਪ੍ਰਬੰਧ: ਰਾਜਨੀਤਕ, ਆਰਥਿਕ, ਸਮਾਜਿਕ ਅਤੇਧਾਰਮਿਕ ਪ੍ਰਬੰਧਾਂ ਦਾ ਦਾਰਸ਼ਨਿਕ ਅਧਿਐਨ, ਬਾਬਾ ਰੂਡ਼ਾ ਤੇ ਹੋਰ ਕਹਾਣੀਆਂ, ਅਠਵਾਂ ਅਜੂਬਾ ਤੇ ਹੋਰ ਕਹਾਣੀਆਂ, ਪ੍ਰਸੰਨਤਾ ਦੀ ਭਾਲ ਵਿੱਚ, ਸਾਇੰਸ ਦਾ ਸੰਸਾਰ, ਸਭਿਅਤਾ ਤੇ ਸੱਭਿਆਚਾਰ, ਸੋਚ ਦਾ ਸਫ਼ਰ(ਚਾਰ ਭਾਗ) ਵਿਸ਼ਵਾਸ ਤੋਂ ਵਿਚੇਤਨਾ ਤੀਕ, ਪਰਹਿਵਾਰ ਸੰਸਾਰ(ਅੱਜ ਕੱਲ੍ਹ ਤੇ ਭਲਕ) ਪਰਲੋਕ ਦਾ ਭਰਮ ਪ੍ਰਮੁੱਖ ਹਨ। 
ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਰੂਪਾਂਤਰ ਮੈਗਜ਼ੀਨ ਦਾ ਸੰਪਾਦਨ ਉਨ੍ਹਾਂ ਨੇ ਆਪਣੇ ਵੀਰ ਪ੍ਰੋ:,ਵਰਿੰਦਰ ਸਿੰਘ ਨਾਲ ਰਲ ਕੇ ਦੋ ਦਹਾਕੇ ਪਹਿਲਾਂ ਆਰੰਭਿਆ ਸੀ ਅਤੇ ਉਨ੍ਹਾਂ ਦੀ ਮੌਤ ਮਗਰੋਂ ਹੁਣ ਦੀਨਾ ਨਗਰ ਵੱਸਦੇ ਕਵੀ ਸ: ਧਿਆਨ ਸਿੰਘ ਸ਼ਾਹ ਸਿਕੰਦਰ ਇਹ ਜੁੰਮੇਵਾਰੀ ਨਿਭਾ ਰਹੇ ਹਨ। 
ਪੰਜਾਬੀ ਕਵੀ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਅਜੇ ਪਿਛਲੇ ਹਫ਼ਤੇ ਹੀ ਪੂਰਨ ਸਿੰਘ ਜੀ  ਦੀ ਸੱਜਰੀ ਗਿਆਨ ਪੁਸਤਕ ਮਨੁੱਖਤਾ ਦਾ ਭਵਿੱਖ: ਸਾਡੇ ਬੱਚੇ ਛਪ ਕੇ ਆਈ ਸੀ ਜੋ ਮੈਨੂੰ ਉਨ੍ਹਾਂ ਨੇ ਭੇਜੀ ਸੀ। 
ਪੂਰਨ ਸਿੰਘ ਜੀ ਨੂੰ ਵਿਸਾਰਨਾ ਆਸਾਨ ਨਹੀਂ ਹੋਵੇਗਾ। 

ਪੂਰਨ ਸਿੰਘ ਜੀ ਨੂੰ ਡਾ: ਗੁਰਇਕਬਾਲ ਸਿੰਘ, ਮਨਜਿੰਦਰ ਧਨੋਆ,ਸਹਿਜਪ੍ਰੀਤ ਸਿੰਘ ਮਾਂਗਟ, ਸਰਬਜੀਤ ਵਿਰਦੀ, ਰਾਜਦੀਪ ਤੂਰ, ਅਮਰਜੀਤ ਸ਼ੇਰਪੁਰੀ ਨੇ ਵੀ ਅਕੀਦਤ ਦੇ ਫੁੱਲ ਭੇਂਟ ਕੀਤੇ ਹਨ।

Saturday 25 May 2019

ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੀ ਸਾਹਿਤਿਕ ਮੀਟਿੰਗ ਯਾਦਗਾਰੀ ਰਹੀ

ਇਸ ਵਾਰ ਕਵਿੱਤਰੀਆਂ ਨੇ ਵੀ ਸਰਗਰਮ ਭਾਗ ਲਿਆ
ਲੁਧਿਆਣਾ: 25 ਮਈ 2019:  (ਸਾਹਿਤ ਸਕਰੀਨ ਬਿਊਰੋ)::

ਗੱਲ ਭਾਵੇਂ ਮੌਸਮਾਂ ਦੇ  ਬਦਲਣ ਦੀ ਹੋਵੇ ਤੇ ਭਾਵੇਂ ਸਿਆਸੀ ਹਾਲਾਤਾਂ ਦੀ ਬਿਨਾ ਰੁਕੇ ਆਪਣੀ ਮਸਤ ਚਾਲੇ ਤੁਰੇ ਜਾਣਾ ਆਸਾਨ ਨਹੀਂ ਹੁੰਦਾ। ਇਹਨਾਂ ਸਾਰੇ ਨਾਜ਼ੁਕ ਹਾਲਾਤਾਂ ਦਾ ਕਰਦਿਆਂ ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਨਿਰੰਤਰ ਹਰ ਮਹੀਨੇ ਆਪਣੀ ਬੈਠਕ ਪੂਰੀ ਸ਼ਾਨ-ਓ-ਸ਼ੌਕਤ ਨਾਲ ਕਰਦੀ ਹੈ। ਅੱਜ ਦੀ ਸਾਹਿਤਕ ਇਕੱਤਰਤਾ ਵੀ ਯਾਦਗਾਰੀ ਰਹੀ। ਮੀਟਿੰਗ ਦੇ ਆਰੰਭ ਵਿੱਚ ਦੇਸ਼ ਅਤੇ ਸੂਬੇ ਦੇ ਮੌਜੂਦਾ ਹਾਲਾਤਾਂ ਦੀ ਚਰਚਾ ਹੋਈ ਅਤੇ ਇਸਤੋਂ ਬਾਅਦ ਕਵੀਸ਼ਰੀ ਦਾ ਰੰਗ ਛਾਇਆ। ਕਵੀਸ਼ਰੀ ਦਾ ਰੰਗ ਬੰਨਿਆ ਬੁੱਢੇਵਾਲ ਤੋਂ ਆਏ ਕਵੀਸ਼ਰ ਅਮਰੀਕ ਸਿੰਘ ਮਦਨਪੁਰੀ ਅਤੇ ਸੁਰਜੀਤ ਸਿੰਘ ਮਦਨਪੁਰੀ ਦੇ ਜੱਥੇ ਨੇ। ਕਵੀਸ਼ਰੀ ਦਾ ਇਹ ਸਾਹਿਤਿਕ ਰੰਗ ਅੱਜਕਲ ਅਲੋਪ ਹੁੰਦਾ ਜਾ ਰਿਹਾ ਹੈ ਇਸ ਲਈ ਹਾਜ਼ਰ ਸਾਹਿਤਿਕ ਸ਼ਖਸੀਅਤਾਂ ਨੇ ਇਸ ਰੰਗ ਅਤੇ ਇਸ ਵਿਰਾਸਤ ਨੂੰ ਬਚਾਉਣ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਵੀ ਬਹੁਤ ਸ਼ਲਾਘਾ ਕੀਤੀ। ਕੁਝ ਸਮਾਂ ਲੰਘ ਜਾਣ ਉਪਰੰਤ ਕਵੀਸ਼ਰੀ ਦੇ ਅਜਿਹੇ ਆਯੋਜਨਾਂ ਦਾ ਬਹੁਤ ਮੁੱਲ ਪਵੇਗਾ ਅਤੇ ਇਸਦੀਆਂ ਵੀਡੀਓ ਰਿਕਾਰਡਿੰਗਾਂ ਲੱਭਿਆ ਕਰਨਗੇ। ਸ੍ਰੀ ਭੈਣੀ ਸਾਹਿਬ ਵਿਖੇ ਸਾਹਿਤ ਅਤੇ ਸੱਭਿਆਚਾਰ ਦੇ ਸੰਭਾਲ ਦੇ ਨਾਲ ਨਾਲ ਇਹ ਬਹੁਤ ਹੀ ਖਾਸ ਕੰਮ ਹੋ ਰਿਹਾ ਹੈ।  
ਇਸ ਦੇ ਨਾਲ ਹੀ ਅੱਜ ਕੱਲ੍ਹ ਦੀ ਵਿਦਿਅਕ ਸਥਿਤੀ ਬਾਰੇ ਵੀ ਚਰਚਾ ਹੋਈ। ਮਹਿੰਗੀ ਹੋ ਰਹੀ ਸਿੱਖਿਆ ਦੇ ਦੌਰ ਵਿੱਚ ਵੀ ਕਾਬਲੀਅਤ ਨੂੰ ਬਚਾਉਣਾ ਅਤੇ ਵਧਾਉਣਾ ਬਡ਼ਾ ਮੁਸ਼ਕਿਲ ਕੰਮ ਹੈ। ਇਸ ਚਰਚਾ ਚਰਚਾ ਦੌਰਾਨ ਜਗਦੀਸ਼ ਸਿੰਘ ਅਤੇ ਰਾਜਿੰਦਰ ਕੌਰ ਪੰਨੂੰ ਦੇ ਬੇਟੇ ਜਸਪਾਲ ਸਿੰਘ ਨੂੰ ਦੱਸਵੀਂ ਦੀ ਪ੍ਰੀਖਿਆ ਚੋਣ 93% ਨੰਬਰ ਲੈਣ ਤੇ ਵਧਾਈ ਦਿੱਤੀ ਗਈ। ਉਸਦੇ ਪਰਿਵਾਰ ਨੇ ਉਸਦੀ ਇਸ ਵਿਦਿਅਕ ਸਫਲਤਾ ਦੇ ਰਾਜ ਵੀ ਸਾਂਝੇ ਕੀਤੇ ਅਤੇ ਦੱਸਿਆ ਕਿ ਚੰਗੇ ਨੰਬਰਾਂ ਲਈ ਬੱਚਿਆਂ ਨੂੰ ਹਰ ਤਰਾਂ ਦੇ ਮਾਨਸਿਕ ਦਬਾਅ ਤੋਂ ਬਚਾ ਕੇ ਰੱਖਣਾ ਬਹੁਤ ਜ਼ਰੂਰੀ ਹੈ। 
ਇਸ ਉਪਰੰਤ ਸ਼ੁਰੂ ਹੋਇਆ ਸਾਹਿਤਿਕ ਰੰਗ। ਅੱਜ ਦੀ ਇਸ ਬੈਠਕ ਵਿੱਚ ਕਵਿੱਤਰੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ। ਬੈਠਕ ਵਿੱਚ ਹਾਜ਼ਰ ਸ਼ਾਇਰਾਂ ਵਿੱਚੋਂ ਬਲਬੀਰ ਸਿੰਘ ਬੱਬੀ, ਲੋਕ ਗਾਇਕ ਜਗਤਾਰ ਸਿੰਘ ਰਾਈਆਂ  ਵਾਲਾ, ਹਰਬੰਸ ਸਿੰਘ ਰਾਏ, ਬਲਰਾਜ ਬਾਜਵਾ, ਜਗਦੇਵ ਸਿੰਘ ਬਾਘਾ, ਰਾਜਿੰਦਰ ਕੌਰ ਪੰਨਣੁ, ਸੁਖਦੇਵ ਸਿੰਘ ਚੁੰਨੀ, ਸੁਲੱਖਣ ਸਿੰਘ ਅਟਵਾਲ, ਕੁਲਵਿੰਦਰ ਕੌਰ ਕਿਰਨ, ਸਿਮਰਜੀਤ ਕੌਰ ਧੁੱਗਾ, ਜਤਿੰਦਰ ਕੌਰ ਸੰਧੂ,ਸਵਿੰਦਰ ਸਿੰਘ ਲੁਧਿਆਣਾ, ਦਰਸ਼ਨ ਸਿੰਘ ਖੰਨਾ, ਭਗਵੰਤ ਸਿੰਘ , ਨੇਤਰ ਸਿੰਘ ਮੁੱਤੋਂ, ਹਰਬੰਸ ਸਿੰਘ ਸ਼ਾਨ ਬਗਲੀ, ਤਰਨ ਸਿੰਘ ਬੱਲ, ਬਲਦੇਵ ਸਿੰਘ ਵਿਰਕ ਅਤੇ ਹੋਰਾਂ ਨੇ  ਕੀਤਾ। 
ਪੜ੍ਹੀਆਂ ਗਈਆਂ ਰਚਨਾਵਾਂ 'ਤੇ ਉਸਾਰੂ ਬਹਿਸ ਵੀ ਹੋਈ। ਸ਼੍ਰੀ ਸੁਰਿੰਦਰ ਰਾਮਪੁਰੀ, ਕੇਂਦਰੀ ਲੇਖਕ ਸਭ ਦੇ ਮੀਤ ਪ੍ਰਧਾਨ-ਜਸਵੀਰ ਝੱਜ, ਸੁਰਜੀਤ ਵਿੱਛਡ਼, ਹਰਬੰਸ ਸਿੰਘ ਮਾਲਵਾ, ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ ਨੇ ਵੀ ਵਿਚਾਰ ਚਰਚਾ ਵਿੱਚ ਸਰਗਰਮ ਹਿੱਸਾ ਲਿਆ। ਪੰਜਾਬੀ ਸਾਹਿਤ ਸਭ ਜਰਨਾਮ ਪੂਰਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਸੋਮਨਾਥ ਜੀ ਦੀ ਹਾਜ਼ਰੀ ਨੇ ਮੀਟਿੰਗ ਨੂੰ ਚਾਰ ਚੰਨ ਲੈ ਦਿੱਤੇ। ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ ਨੇ ਆਏ ਹੋਏ ਲੇਖਕਾਂ ਦਾ ਤਹਿਦਿਲੋਂ ਧੰਨਵਾਦ ਵੀ ਕੀਤਾ। ਕੁੱਲ ਮਿਲਾ ਕੇ ਅੱਜ ਦਾ ਸਾਹਿਤਕ ਆਯੋਜਨ ਵੀ ਯਾਦਗਾਰੀ ਰਿਹਾ। 


Friday 24 May 2019

ਲੋਕਾਂ ਤੋਂ ਆਸ ਨਾ ਲਾਈਏ ਆਦੀ ਨੇ ਜੁੱਤੀਆਂ ਦੇ!

ਰਿਸ਼ਤੇ ਵੀ ਗੂਹੜੇ ਹੋ ਗਏ, ਚੋਰਾਂ ਸੰਗ ਕੁੱਤੀਆਂ ਦੇ!
ਲੁਧਿਆਣਾ: 23 ਮਈ 2019: (ਸਾਹਿਤ ਸਕਰੀਨ ਡੈਸਕ)::
ਚੋਣ ਦੇ ਨਤੀਜੇ ਆਏ ਤਾਂ ਵਧਾਈਆਂ ਦਾ ਸਿਲਸਿਲਾ ਵੀ ਬੜੀ ਤੇਜ਼ੀ ਨਾਲ ਸ਼ੁਰੂ ਹੋ ਗਿਆ। ਜਿਹੜੇ ਵੋਟਾਂ ਵਾਲੇ ਦਿਨਾਂ ਤੱਕ ਹਾਰਨ ਵਾਲਿਆਂ ਨਾਲ ਤੁਰੇ ਫਿਰਦੇ ਸਨ ਉਹ ਵੀ ਜੇਤੂਆਂ ਨਾਲ ਨਜ਼ਰ ਆ ਰਹੇ ਹਨ।  ਗਿਰਗਿਟ ਵਾਂਗ ਰੰਗ ਬਦਲਣ ਦੀ ਇਹ ਖਾਸੀਅਤ ਸ਼ਾਇਦ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਕਾਬਲੀਅਤ ਬਣ ਗਈ ਹੈ। ਇਸਦੇ ਬਾਵਜੂਦ--ਆਖਦੇ ਨੇ ਨਾ--ਅਭੀ ਕੁਛ ਲੋਗ ਬਾਕੀ ਹੈਂ ਜਹਾਂ ਮੈਂ। ਪ੍ਰੋਫੈਸਰ ਗੁਰਭਜਨ ਗਿੱਲ ਵੀ ਉਹਨਾਂ ਵਿੱਚੋਂ ਇੱਕ ਹਨ। ਸਮੇਂ ਦੇ ਨਾਲ ਚੱਲਣਾ--ਜੇ ਲੋੜ ਪਾਵੇ ਤਾਂ ਧਾਰਾ ਦੇ ਉਲਟ ਵੀ ਚੱਲਣਾ ਪਰ ਜਿਸ ਗੱਲ 'ਤੇ ਪਹਿਰਾ ਦਿੱਤਾ ਉਸਤੋਂ ਨਹੀਂ ਹਟਣਾ। ਉਹਨਾਂ ਵੱਲੋਂ ਇੱਕ ਵਟਸਐਪ ਗਰੁੱਪ ਚਲਾਇਆ ਜਾਂਦਾ ਹੈ-ਸਿਰਜਣਧਾਰਾ। ਸਿਰਜਣਧਾਰਾ ਇੱਕ ਸੰਸਥਾ ਵੀ ਹੈ ਜਿਹੜੀ ਕਾਫੀ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ। ਇਸਦੀ ਸਥਾਪਨਾ ਵਿੱਚ ਵੀ ਪ੍ਰੋਫੈਸਰ ਗੁਰਭਜਨ ਗਿੱਲ ਬਹੁਤ ਸਰਗਰਮ ਸਨ। ਇੰਝ ਕਹਿ ਲਓ ਕਿ ਮੋਢੀਆਂ ਵਿੱਚੋਂ ਇੱਕ। ਇਸ ਗਰੁੱਪ ਵਿੱਚ ਉਹਨਾਂ ਦਾ ਸਾਹਿਤਿਕ ਰੰਗ ਸਮੇਂ ਦੀ ਸੂਚਨਾ ਵੀ ਦਰਜ ਕਰਦਾ ਹੈਂ। ਹੁਣ ਜਦੋਂ ਕਿ ਜਿੱਤਣ ਵਾਲੀ ਧਿਰ ਨੂੰ ਵਧਾਈਆਂ ਦੇਣਾ ਇੱਕ ਫੈਸ਼ਨ ਵਾਂਗ ਸਾਹਮਣੇ ਆ ਰਿਹਾ ਹੈ ਉਦੋਂ ਉਹਨਾਂ ਨੇ ਇੱਕ ਰਚਨਾ ਪੋਸਟ ਕੀਤੀ ਹੈ ਜਿਹੜੀ ਲੋਕਾਂ ਦੀ ਇਸ ਖਸਲਤ ਬਾਰੇ ਵੀ ਦੱਸਦੀ ਹੈ।  ਇਹ ਰਚਨਾ ਸ਼ਾਇਦ ਕਿਸੇ "ਸੰਧੂ" ਸਾਹਿਬ ਦੀ ਲਿਖੀ ਹੋਈ ਹੈ। ਪੂਰਾ ਨਾਮ ਪਤਾ ਨਹੀਂ  ਸਕਿਆ। ਲਓ ਰਚਨਾ ਪੜ੍ਹੋ ਅਤੇ ਅੱਜ ਦੇ ਲੋਕਾਂ ਦੀ ਖਸਲਤ ਵੀ ਦੇਖੋ। ਇਹ ਹਕੀਕਤ ਲੋਕ ਪੱਖੀਆਂ ਨੂੰ ਸਦਮਾ ਪਹੁੰਚ ਸਕਦੀ ਹੈ ਇਸ ਲਈ ਧਿਆਨ ਨਾਲ ਪੜ੍ਹੀ ਜਾਵੇ ਜੀ। 
ਲੋਕਾਂ ਤੋਂ ਆਸ ਨਾ ਲਾਈਏ
ਆਦੀ ਨੇ ਜੁੱਤੀਆਂ ਦੇ,
ਰਿਸ਼ਤੇ ਵੀ ਗੂਹੜੇ ਹੋ ਗਏ 
ਚੋਰਾਂ ਸੰਗ ਕੁੱਤੀਆਂ ਦੇ,
ਖੱਟ ਲੂ ਕੀ ਰਾਹੁਲ ਗਾਂਧੀ
'ਮੇਠੀ ਤੋਂ ਈ ਹਰਕੇ ਜੀ
ਆ ਗਿਆ ਏ ਮੋਦੀ ਫਿਰ ਤੋਂ
ਭਗਵੇਂ ਰੰਗ ਕਰਕੇ ਜੀ.....

ਲੋਕਾਂ ਦੇ ਹੱਕਾਂ ਲਈ ਜੋ
ਰਾਣੀ ਲਲਕਾਰ ਗਿਆ 
ਹੁੰਦੀ ਏ ਖੂਬ ਹੈਰਾਨੀ  
ਗਾਂਧੀ ਕਿਓਂ ਹਾਰ ਗਿਆ
ਮਹਿਲਾਂ ਤੱਕ ਕਿੱਥੇ ਸੁਣਦੇ
ਚੌਕਾਂ ਦੇ ਖੜਕੇ ਜੀ 
ਆ ਗਿਆ ਏ ਮੋਦੀ ਫਿਰ ਤੋਂ 
ਭਗਵੇਂ ਰੰਗ ਕਰਕੇ ਜੀ.....

ਜਿਸਨੇ ਸੀ ਲੱਭਿਆ ਮਰ ਕੇ
ਦੱਬੀ ਹੋਈ ਜੁਆਨੀ ਨੂੰ
ਭੁੱਲ ਗਿਆ 'ਪੰਥਕ ਹਲਕਾ"
ਉਸਦੀ ਕੁਰਬਾਨੀ ਨੂੰ
ਅਣਖਾਂ ਉਣਖਾਂ ਦੇ ਹੁਣ ਤਾਂ
ਪਾੜੇ ਗਏ ਵਰਕੇ ਜੀ 
ਆ ਗਿਆ ਏ ਮੋਦੀ ਫਿਰ ਤੋਂ
ਭਗਵੇਂ ਰੰਗ ਕਰਕੇ ਜੀ.....

ਪਾਵਣ ਗੁਰਬਾਣੀ ਨੂੰ ਵੀ
ਤੱਕੜੀ ਸੰਗ ਤੋਲ ਦਿੱਤਾ
ਜਾਤੀ ਦੇ ਨਾਂ ਤੇ ਵੋਟ ਦਾ
ਬਿਸਤਰ ਕਰ ਗੋਲ ਦਿੱਤਾ
ਬਣਜੂੰ ਪਰ ਜਲਾਲਾਬਾਦੋਂ 
ਅੈਮ.ਅੈਲ.ੲੇ ਖੜਕੇ ਜੀ
ਆ ਗਿਆ ਏ ਮੋਦੀ ਫਿਰ ਤੋਂ
ਭਗਵੇਂ ਰੰਗ ਕਰਕੇ ਜੀ.....

ਜਾਖੜ ਤੋਂ 'ਬੋਹਰ ਵੀ ਖੁੱਸਿਆ
ਲੁੱਟਿਆ ਗਿਆ ਮਾਝਾ ਵੀ
ਲੱਗਦਾ ਪ੍ਰਧਾਨਗੀ ਦਾ ਵੀ
ਵੱਜ ਜੂ ਹੁਣ ਵਾਜਾ ਜੀ
ਵੇਖੋ ਪਰ ਕਿੰਨੇ ਦਿਨ ਰਹੂ 
ਸੰਨੀ ਵਿੱਚ ਹਲਕੇ ਜੀ 
ਆ ਗਿਆ ਏ ਮੋਦੀ ਫਿਰ ਤੋਂ
ਭਗਵੇਂ ਰੰਗ ਕਰਕੇ ਜੀ.....

ਝੀਲਾਂ ਤੇ ਚੱਲ ਗਿਆ ਜਾਦੂ
ਜਿੱਤ ਪਰ ਕੋਈ ਖਾਸ ਨਹੀਂ
ਝਾੜੂ ਤੇ ਖਹਿਰੇ ਦੀ ਪਰ 
ਪੁੱਛੀ ਕਿਸੇ ਬਾਤ ਨਹੀਂ
ਹਰ ਕੇ ਵੀ ਜਿੱਤ ਗਿਆ ਰਾਜਾ
ਲੜਿਆ ਹੈ ਅੜ ਕੇ ਜੀ
ਆ ਗਿਆ ਏ ਮੋਦੀ ਫਿਰ ਤੋਂ
ਭਗਵੇਂ ਰੰਗ ਕਰਕੇ ਜੀ.....

ਦਬਦਾ ਤਾਂ ਪਹਿਲਾਂ ਈ ਨਹੀਂ ਸੀ
ਹੁਣ ਤਾਂ ਹੋ ਰੀਪੀਟ ਗਿਆ
ਝਾੜੂ ਚਾਹੇ ਹੋ ਗਿਆ ਤੀਲਾ
ਪੱਕੀ ਕਰ ਸੀਟ ਗਿਆ
ਲੈ ਲਿਆ ਸੰਗਰੂਰ ਹੀ ਮੁੱਲ 
ਉਸ ਕੰਮਾਂ ਦੇ ਸਦਕੇ ਜੀ
ਆ ਗਿਆ ਏ ਮੋਦੀ ਫਿਰ ਤੋਂ
ਭਗਵੇਂ ਰੰਗ ਕਰਕੇ ਜੀ.....

ਕਿਹੜੀ ਹੁਣ ਨਜ਼ਰ ਨਾ' ਤੱਕੀਏ
ਵੋਟਾਂ ਦੀ ਮਿਣਤੀ ਨੂੰ
ਹੋ ਜੂ ਪੰਜ ਸਾਲ ਲਈ ਔਖਾ
ਸੰਧੂਆ ਘੱਟ ਗਿਣਤੀ ਨੂੰ
ਉੱਚਾ ਸਾਹ ਲੈ ਨੀ ਹੋਣਾ
ਰਹਿਣਾ ਚੁੱਪ ਕਰਕੇ ਜੀ
ਆ ਗਿਆ ਏ ਮੋਦੀ ਫਿਰ ਤੋਂ
ਭਗਵੇਂ ਰੰਗ ਕਰਕੇ ਜੀ.....
23 ਮਈ 2019 ਨੂੰ ਰਾਤੀ 22:08 ਵਜੇ ਪੋਸਟ ਕੀਤੀ ਗਈ।  

Sunday 19 May 2019

ਜਗਜੀਤ ਸਿੰਘ 'ਗੁਰਮ' ਦੇ ਦੋ ਧਾਰਮਿਕ ਗੀਤ

ਸਮਰਪਿਤ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਸਮਾਗਮਾਂ ਨੂੰ
     ਪਹਿਲਾ ਗੀਤ 
ਚੰਨ ਚਮਕਿਆ, ਸੂਰਜ ਮਿਿਲਆ, ਭੱਜ ਗਲਵਕੜੀ ਪਾ।
ਮੇਰੇ ਸਾਈਆਂ, ਜਦੋ ਧਰਤ ਤੈਂ, ਦਿੱਤਾ ਪੈਰ ਟਿਕਾ।

ਰੁੱਖਾਂ ਤੇ ਹਰਿਆਲੀ ਛਾਈ, ਗੀਤ ਪੰਛੀਆਂ ਗਾਏ।
ਠੰਢੀ ਠੰਢੀ ‘ਵਾ ਨਾ ਆ ਕੇ, ਪੱਤਰ ਝੂਮਣ ਲਾਏ।
ਸ਼ਬਨਮ ਨੇ ਆ ਪੋਲੇ ਪੈਰ੍ਹੀਂ, ਦਿੱਤੇ ਫੁੱਲ ਨਹਿਲਾ।
ਮੇਰੇ ਸਾਈਆਂ, ..............................।

ਵਿੱਚ ਦੁੱਧ ਜਿਉ ਕੇਸਰ ਘੁਲਿਆ, ਧੁੱੱਪਾਂ ਇੰਝ ਦੀ ਹੋਈ।
ਆਪ ਮੁਹਾਰੇ ਚਸ਼ਮੇ ਫੁੱਟ-ਫੁੱਟ, ਧਰਤੀ ਜਾਵਣ ਧੋਈ।
ਭਰ ਭਰ ਵੱਗਣ ਲੱਗ ਪਏ, ਜੋ ਸੁੱਕੇ ਸੀ ਦਰਿਆ।
ਮੇਰੇ ਸਾਈਆਂ, ..............................।

ਰਾਹਾਂ ਵਿੱਚ ਕੰਡੇ ਹੀ ਕੰਡੇ, ਰੋੜ ਤੇ ਪੱਥਰ ਭਾਰੇ।
ਦੀਪ ਗਿਆਨ ਜਗਾਇਆ ਜੋ ਤੈਂ, ਚਾਨਣ ਦਵੇ ਹੁਲਾਰੇ।
ਤੇਰੇ ਦਿੱਤੇ ਚਾਨਣ ਸਦਕਾ, ਗਏ ਨੇ ਰਾਹ ਰੁਸ਼ਨਾ।
ਮੇਰੇ ਸਾਈਆਂ, ..............................।

ਤੇਰੇ ਸ਼ਬਦਾਂ ਦੀ ਛੋਹ ਨੇ ਤਾਂ, ‘ਗੁਰਮ’ ਨੂੰ ਹੈ ਰੁਸ਼ਨਾਇਆ।
ਨਾਨਕ ਤੇਰੇ ਵਰਗਾ ਹੋਰ ਨਾ, ਕੋਈ ਜੱਗ ਤੇ ਆਇਆ।
ਲੋਕਾਂ ਖਾਤਰ ਨੰਗੇ ਪੈਰ੍ਹੀਂ, ਛਾਣੇ ਸਭ ਤੈਂ ਰਾਹ।  

ਚੰਨ ਚਮਕਿਆ, ਸੂਰਜ ਮਿਿਲਆ, ਭੱਜ ਗਲਵਕੜੀ ਪਾ।
ਮੇਰੇ ਸਾਈਆਂ, ਜਦੋ ਧਰਤ ਤੈਂ, ਦਿੱਤਾ ਪੈਰ ਟਿਕਾ।
ਦੂਜਾ ਗੀਤ 
ਤੇਰੇ ਬੋਲਾਂ ਨੇ ਹੀ ਬਾਬਾ ਰਾਹ ਸਾਡੇ ਰੁਸ਼ਨਾਏ।
ਕੀ ਦੱਸਾਂ ਤੇਰੇ ਬੋਲਾਂ ਨੂੰ ਹੀ ਟੋਲੇ ਵੰਡਣ ਆਏ।

ਤੇਰੇ ਬੋਲਾਂ ਨੇ ਤਾਂ ਬਾਬਾ ਥਾਂ ਥਾਂ ਨੇ੍ਹਰ ਮਿਟਾਇਆ।
ਤੇਰੇ ਬੋਲਾਂ ਸਦਕੇ ਸਾਡਾ ਸੂਰਜ ਅੰਬਰੀ ਛਾਇਆ।
ਨਹੀ ਬੁਝੇ ਓਹ ਨਾ ਹੀ ਬੁਝਣੇ ਤੈਂ ਜੋ ਦੀਪ ਜਗਾਏ।
ਤੇਰੇ ਬੋਲਾਂ ਨੇ ਹੀ .................................।

ਬਾਬਾ ਤੇਰੇ ਨਾਂ ਠੱਗੀਆਂ ਇਹ ਟੋਲੇ ਮਾਰਦੇ ਫਿਰਦੇ।
ਸੱਜਣ ਠੱਗ ਬਥੇਰੇ ਪਰ ਓਹ ਸੱਜਣ ਭੁੱਲੇ ਚਿਰਦੇ।
ਆਪਾ ਧਾਪੀ ਮੱਚੀ ਹੈ ਸਾਰੇ ਕੌਣ ਕਿਹਨੂੰ ਸਮਝਾਏ।
ਤੇਰੇ ਬੋਲਾਂ ਨੇ ਹੀ .................................।

ਤੇਰੇ ਦਰ ਤੇ ਭੀੜ ਬੜੀ ਹੁਣ ਮਲਕ ਭਾਗੋਆ ਲਾਈ।
ਦੂਰ ਖੜਾ ਔਹ ਲਾਲੋ ਸੋਚੇ ਕੌਣ ਕਰੂ ਸੁਣਵਾਈ।
ਨਿੱਤ ਉਡੀਕੇ ਲਾਲੋ ਹੁਣ ਆ ਕੌਣ ਕੁੰਡਾ ਖੜਕਾਏ।
ਤੇਰੇ ਬੋਲਾਂ ਨੇ ਹੀ .................................।

‘ਗੁਰਮਾ’ ਉਸਰੇ ਮਹਿਲਾਂ ਵਰਗੇ ਡੇਰੇ ਵੀ ਗੱਲ ਕਰਦੇ।
ਲੁੱਟਦੇ ਲੋਕਾਂ ਤਾਂਈ ਨਾਲੇ ਕਹਿਣ ਤੇਰਾ ਦਮ ਭਰਦੇ।
ਫਿਰ ਵੀ ਤੇਰੇ ਬੋਲਾਂ ਕੋਲੋਂ ਫਿਰਦੇ ਨੇ ਘਬਰਾਏ।
ਤੇਰੇ ਬੋਲਾਂ ਨੇ ਹੀ ਬਾਬਾ ਰਾਹ ਸਾਡੇ ਰੁਸ਼ਨਾਏ।
ਕੀ ਦੱਸਾਂ ਤੇਰੇ ਬੋਲਾਂ ਨੂੰ ਹੀ ਟੋਲੇ ਵੰਡਣ ਆਏ।

ਜਗਜੀਤ ਸਿੰਘ ‘ਗੁਰਮ’
ਮਕਾਨ ਨੰ: 1008/29/2, ਗਲੀ ਨੰ: 8
ਬਾਲ ਸਿੰਘ ਨਗਰ, ਬਸਤੀ ਜੋਧੇਵਾਲ,
ਲੁਧਿਆਣਾ।
ਮੋਬਾਈਲ ਸੰਪਰਕ-99147 01668

ਬੋਲ ਧਰਤੀਏ ਬੋਲ" ਦੇ ਸਿਰਜਕ ਕਵੀ ਰਾਜਿੰਦਰ ਸਿੰਘ ਮੰਗਲੀ ਸੁਰਗਵਾਸ

ਆਸਟਰੇਲੀਆ ਤੋਂ ਪਰਤੇ ਸਨ ਅਤੇ 75 ਸਾਲਾਂ ਦੇ ਸਨ ਸ਼ਾਇਰ ਮੰਗਲੀ 
ਲੁਧਿਆਣਾ: 19 ਮਈ 2019: (ਸਾਹਿਤ ਸਕਰੀਨ ਬਿਊਰੋ)::
ਲੁਧਿਆਣਾ ਸ਼ਹਿਰ ਨੇੜੇ ਪੈਂਦੇ ਰਾਹੋਂ ਰੋਡ ਤੇ ਪਿੰਡ ਮੰਗਲੀ ਦੇ ਵਸਨੀਕ ਉੱਘੇ ਲੋਕ ਕਵੀ ਰਾਜਿੰਦਰ ਸਿੰਘ ਮੰਗਲੀ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਹੈ।  ਉਹ ਲਗਪਗ । ਸੰਖੇਪ ਸਮੇਂ ਚ ਹੀ ਜਾਨ ਲੇਵਾ ਬੀਮਾਰੀ ਉਨ੍ਹਾਂ ਨੂੰ ਸਾਥੋਂ ਵਿਛੋੜ ਕੇ ਲੈ ਗਈ ਹੈ। 
ਦੇ ਸਾਲ ਪਹਿਲਾਂ ਹੀ ਉਨ੍ਹਾਂ ਦਾ ਪਹਿਲੀ ਕਾਵਿ ਸੰਗ੍ਰਹਿ ਬੋਲ ਧਰਤੀਏ ਬੋਲ  ਇਟਲੀ ਵੱਸਦੇ ਪੰਜਾਬੀ ਕਵੀ ਦਲਜਿੰਦਰ ਰਹਿਲ ਦੀ ਪ੍ਰੇਰਨਾ ਨਾਲ ਅਸਥੈਟਿਕ ਪਬਲੀਕੇਸ਼ਨਜ਼ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਹੋਇਆ ਸੀ। ਹੁਣ ਦੂਸਰਾ ਕਾਵਿ ਸੰਗ੍ਰਹਿ ਵੀ ਲਗਪਗ ਛਪਣ ਲਈ ਤਿਆਰ ਸੀ। 
ਸ: ਰਾਜਿੰਦਰ ਸਿੰਘ ਮੰਗਲੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਸਨ। 
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਸਕੱਤਰ ਡਾ: ਗੁਰਇਕਬਾਲ ਸਿੰਘ ਨੇ ਕਿਹਾ ਹੈ ਕਿ ਉੱਚੇ ਸੁੱਚੇ ਭਾਵਾਂ ਵਾਲੇ ਨੇਕ ਦਿਲ ਇਨਸਾਨ ਸ: ਰਾਜਿੰਦਰ ਸਿੰਘ ਮੰਗਲੀ ਨੂੰ ਲੋਕ ਹਮੇਸ਼ਾ ਯਾਦ ਕਰਦੇ ਰਹਿਣਗੇ ਤੇ ਉਨਾਂ ਦੀ ਕਲਮ ਦੁਆਰਾ ਦਿੱਤਾ ਗਿਆ ਕਾਵਿਕ ਹੋਕਾ ਉਨਾਂ ਨੂੰ ਲੋਕਾਂ ਵਿੱਚ ਹਮੇਸ਼ਾ ਜ਼ਿੰਦਾ ਖੇਗਾ...  
ਉੱਘੇ ਕਹਾਣੀਕਾਰ ਸੁਖਜੀਤ ਮਾਛੀਵਾੜਾ ਨੇ ਕਿਹਾ ਹੈ ਕਿ ਸ: ਮੰਗਲੀ ਦੀਆਂ  ਲਿਖਤਾਂ ਸਮੇਂ ਦਾ ਸੱਚ ਉਲੀਕ ਕੇ ਸਮਾਜ ਨੂੰ ਜਗਾਉਣ ਵਾਲੀਆਂ ਹਨ.. ਮਾਣ ਵਾਲੀ ਗੱਲ ਹੈ ਕੇ ਉਨਾਂ ਦੀਆਂ ਲਿਖਤਾਂ ਨੂੰ ਕਿਤਾਬੀ ਰੂਪ ਦੇਂਦਿਆਂ ਮੈਂ ਉਨਾਂ ਦਾ ਸਹਯੋਗੀ ਰਿਹਾ ਤੇ ਉਨਾਂ ਦੇ ਕਾਵਿ ਸੰਗ੍ਰਹਿ "ਬੋਲ ਧਰਤੀਏ ਬੋਲ" ਨੂੰ ਪੰਜਾਬੀ ਮਾਂ ਬੋਲੀ ਦੇ ਵੱਡੇ ਸਾਹਿਤਕਾਰਾਂ ਦਾ ਹੁੰਗਾਰਾ ਮਿਲਿਆ। 
ਇਟਲੀ ਕੋਂ ਆਪਣੇ ਸ਼ੋਕ ਸੁਨੇਹੇ ਚ ਦਲਜਿੰਦਰ ਰਹਿਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਪ੍ਰੇਰਨਾ ਨਾਲ ਪਿੰਡ ਮੰਗਲੀ ਚ ਵਿਸ਼ਾਲ ਸਾਹਿੱਤਕ ਸਮਾਗਮ ਵੀ ਕਰਵਾਇਆ ਸੀ ਜਿਸ ਚ ਸਵਰਨਜੀਤ ਸਵੀ, ਜਸਵੰਤ ਜਫਰ, ਤ੍ਰੈਲੋਚਨ ਲੋਚੀ ਤੇ ਮਨਜਿੰਦਰ ਧਨੋਆ ਵਰਗੇ ਲੇਖਕ ਪੁੱਜੇ ਸਨ। ਅਜਿਹੇ ਨੇਕ ਦਿਲ ਇਨਸਾਨ ਦੇ ਤੁਰ ਜਾਣ ਦਾ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਸਾਹਿਤਿਕ ਭਾਈਚਾਰੇ ਨੂੰ ਵੀ ਉਨਾਂ ਦੀ ਘਾਟ ਮਹਿਸੂਸ ਹੋਵੇਗੀ ਪਰ ਉਨਾਂ ਦੀਆਂ ਲਿਖਤਾਂ ਸਦਕਾ ਉਹ ਹਮੇਸ਼ਾ ਸਾਡੇ ਅੰਗ ਸੰਗ ਰਹਿਣਗੇ। 
ਸ: ਰਾਜਿੰਦਰ ਸਿੰਘ ਮੰਗਲੀ ਕੁਝ ਸਮਾਂ ਪਹਿਲਾਂ ਹੀ ਆਪਣੇ ਪੁੱਤਰ ਨੂੰ ਆਸਟਰੇਲੀਆ ਮਿਲ ਕੇ ਵਤਨ ਪਰਤੇ ਸਨ।

Thursday 16 May 2019

ਵਕਤ ਦੀ ਨਬਜ਼ ਪਛਾਨਣ ਵਾਲਾ ਸਾਹਿੱਤ ਹੀ ਸਦੀਵੀ ਹੁੰਦਾ ਹੈ:ਡਾ: ਸੁਰਿੰਦਰ ਗਿੱਲ


May 16, 2019, 4:49 PM
ਲੁਧਿਆਣਾ 'ਚ ਕੀਤਾ ਚੋਣਵੇਂ ਲੇਖਕਾਂ ਤੇ ਬੁੱਧੀਜੀਵੀਆਂ ਨਾਲ ਵਿਚਾਰ ਵਟਾਂਦਰਾ
ਲੁਧਿਆਣਾ: 16 ਮਈ 2019: (ਸਾਹਿਤ ਸਕਰੀਨ ਬਿਊਰੋ)::
ਸਿਰਕੱਢ ਪੰਜਾਬੀ ਕਵੀ ਤੇ ਬੁੱਧੀਜੀਵੀ ਡਾ: ਸੁਰਿੰਦਰ ਗਿੱਲ ਨੇ ਅੱਜ ਇਥੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਚੋਣਵੇਂ ਲੇਖਕਾਂ ਤੇ ਬੁੱਧੀਜੀਵੀਆਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਚਿਰਜੀਵੀ ਸਾਹਿੱਤ ਉਹੀ ਬਣਨ ਦੀ ਸਮਰਥਾ ਰੱਖਦਾ ਹੈ ਜੋ ਵਕਤ ਦੀ ਨਬਜ਼ ਤੇ ਹੱਥ ਰੱਖੇ। ਉਨ੍ਹਾਂ ਆਖਿਆ ਕਿ ਵੀਅਤਨਾਮ ਤੇ ਅਮਰੀਕਨ ਹਮਲੇ ਵੇਲੇ ਅਮਰੀਕਨ ਫੌਜੀਆਂ ਦੇ ਮਨੋਰੰਜਨ ਲਈ ਭਾਰਤੀ ਮੂਲ ਦੀ ਵਿਸ਼ਵ ਸੁੰਦਰੀ ਰੀਟਾ ਫੇਰੀਆ ਗਈ ਸੀ ਅਤੇ ਉਸ ਦੇ ਜ਼ਾਲਮਾਂ ਦੇ ਹੱਕ ਵਿੱਚ ਭੁਗਤਣ ਵਾਲੇ ਕਦਮ ਦੀ ਮੇਰੇ ਸਮੇਤ ਕਈ ਲੇਖਕਾਂ ਨੇ ਕਵਿਤਾਵਾਂ ਤੇ ਲੇਖਾਂ ਰਾਹੀਂ ਵਿਰੋਧਤਾ ਕੀਤੀ ਸੀ। ਉਸ ਕਵਿਤਾ ਸਦਕਾ ਹੀ ਮੇਰੀ ਕਵਿਤਾ ਨੂੰ ਵਿਸ਼ਵ ਸਨਮਾਨ ਮਿਲਿਆ ਤੇ ਹੁਣ ਤੀਕ ਵੀ ਮੈਨੂੰ ਛੱਟਾ ਚਾਨਣਾਂ ਦਾ ਦੇਈ ਜਾਣਾ ਵਾਲੇ ਸੁਰਿੰਦਰ ਗਿੱਲ ਵਜੋਂ ਜਾਣਿਆ ਜਾਂਦਾ ਹੈ। 
ਡਾ: ਸੁਰਿੰਦਰ ਗਿੱਲ ਨੇ ਕਿਹਾ ਕਿ ਪੰਜਾਬ ਨੂੰ ਨਿਰਭਉ ਤੇ ਨਿਰਵੈਰ ਬਣਨ ਦਾ ਸੁਨੇਹਾ ਗੁਰੂ ਨਾਨਕ ਦੇਵ ਜੀ ਪੰਜ ਸਦੀਆਂ ਪਹਿਲਾਂ ਦੇ ਗਏ ਸਨ ਪਰ ਅੱਜ ਅਸੀਂ ਭੈ ਮੁਕਤ ਨਹੀਂ ਹਾਂ ਤੇ ਈਰਖਾਲੂ ਸੁਭਾਅ ਦੇ ਗੁਲਾਮ ਹਾਂ। 
ਇਸ ਮੌਕੇ ਲੋਕ ਵਿਰਾਸਤ ਅਕਾਡਮੀ ਵੱਲੋਂ ਡਾ: ਸੁਰਿੰਦਰ ਗਿੱਲ ਨੂੰ ਦਸਤਾਰ ਤੇ ਪੁਸਤਕਾਂ ਦਾ ਸੈੱਟ ਭੇਂਟ ਕਰਕੇ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਗੁਰਭਜਨ ਗਿੱਲ ਤੇ ਤ੍ਰੈਲੋਚਨ ਲੋਚੀ ਨੇ ਸਨਮਾਨਿਤ ਕੀਤਾ। 
ਡਾ: ਸੁਰਿੰਦਰ ਗਿੱਲ ਗੇ 1969 ਚ ਗੁਰੂ ਨਾਨਕ ਕਾਲਿਜ ਕਾਲਾ ਅਫ਼ਗਾਨਾ(ਗੁਰਦਾਸਪੁਰ) ਚ ਵਿਦਿਆਰਥੀ ਰਹੇ ਪੰਜਾਬੀ ਲੇਖਕ ਤੇ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਗਿੱਲ ਨੇ ਦੱਸਿਆ ਕਿ ਡਾ: ਸੁਰਿੰਦਰ ਗਿੱਲ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਸ: ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਤੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਪੰਜਾਬੀ ਕਵੀ ਪੁਰਸਕਾਰ ਹਾਸਲ ਕਰ ਚੁਕੇ ਹਨ। ਡਾ: ਗਿੱਲ ਸਾਹਿੱਤ ਸਿਰਜਣਾ ਦੇ ਖੇਤਰ ਚ 1963 ਤੋਂ ਲੈ ਕੇ ਹੁਣ ਤੀਕ ਸ਼ਗਨ, ਸਫ਼ਰ ਤੇ ਸੂਰਜ,ਗੁੰਗਾ ਦਰਦ,ਆਵਾਜ਼, ਹੁਣ ਧੀਆਂ ਦੀ ਵਾਰੀ,ਦੋਸਤੀ ਦੀ ਰੁੱਤ, ਰਸੀਆਂ ਨਿੰਮੋਲ਼ੀਆਂ ਤੇ ਗੀਤ ਦਾ ਬੇਦਾਵਾ ਕਾਵਿ ਸੰਗ੍ਰਹਿ ਪਾਠਕਾਂ ਦੀ ਝੋਲੀ ਪਾ ਚੁਕੇ ਹਨ। ਇੱਕ ਬਾਲ ਕਾਵਿ ਸੰਗ੍ਰਹਿ ਬਾਲਡ਼ੀਆਂ ਮੁਸਕਾਨਾਂ , ਇੱਕ ਖੋਜ ਪੁਸਤਕ ਡਾ: ਦੀਵਾਨ ਸਿੰਘ ਕਾਲੇਪਾਣੀ: ਜੀਵਨ ਤੇ ਰਚਨਾ ਤੇ ਇੱਕ ਸਫ਼ਰਨਾਮਾ ਪੰਜ ਪਰਦੇਸ ਲਿਖ ਤੇ ਪ੍ਰਕਾਸ਼ਿਤ ਕਰ ਚੁਕੇ ਹਨ। 
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਡਾ: ਸੁਰਿੰਦਰ ਗਿੱਲ ਦੀ ਸ਼ਾਇਰੀ ਨੇ ਸਮੁੱਚੇ ਪੰਜਾਬੀ ਕਾਵਿ ਜਗਤ ਨੂੰ ਪ੍ਰਭਾਵਿਤ ਕੀਤਾ ਹੈ। ਉਹ ਜਿੱਥੇ ਪਰਬੁੱਧ ਅਧਿਆਪਕ ਸਨ ਉਥੇ ਅਗਾਂਵਧੂ ਸੋਚ ਦੇ ਰਾਹ ਦਿਸੇਰਾ ਵੀ ਸਨ। ਉਨ੍ਹਾਂ ਆਪਣੀ ਸੱਜਰੀ ਕਾਵਿ ਪੁਸਤਕ ਇੱਕ ਸੰਸਾਰ ਇਹ ਵੀ ਤੇ ਗੁਰਭਜਨਗਿੱਲ ਦਾ ਕਾਵਿ ਸੰਗ੍ਰਹਿ ਰਾਵੀ ਉਨ੍ਹਾਂ ਨੂੰ ਭੇਂਟ ਕੀਤਾ। ਡਾ: ਸੁਰਿੰਦਰ ਗਿੱਲ ਨੇ ਆਪਣਾ ਸਫ਼ਰਨਾਮਾ ਪੰਜ ਪਰਦੇਸ ਵੀ ਲੇਖਕਾਂ ਨੂੰ ਸੌਪਿਆ। 
ਇਸ ਮੌਕੇ ਉੱਘੇ ਕਵੀ ਤ੍ਰੈਲੋਚਨ ਲੋਚੀ ਨੇ ਡਾ: ਸੁਰਿੰਦਰ ਗਿੱਲ ਨੂੰ ਸਮਰਪਿਤ ਗ਼ਜ਼ਲ ਦੇ ਕੁਝ ਸ਼ਿਅਰ ਸੁਣਾਏ। 
ਜ਼ੋਰ ਜ਼ੁਲਮ ਨਾ ਸਹਿਣਾ ਹੁਣ ਨਾਰਾਜ਼ ਹਵਾ!
ਲੈ ਜਾਵੇਗੀ ਸਿਰ ਤੋਂ ਲਾਹ ਕੇ ਤਾਜ਼ ਹਵਾ।
ਘਰ, ਕਮਰੇ ਤੇ ਦਿਲ ਦੇ ਵਿਹਡ਼ੇ ਸਹਿਕ ਰਹੇ, 
ਸਦੀਆਂ ਤੋਂ ਜੋ ਸਾਂਭੀ ਫਿਰਦੀ ਰਾਜ਼ ਹਵਾ !
ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ: ਜਗਦੀਪ ਕੌਰ ਚੰਡੀਗਡ਼੍ਹ, ਜਸਵਿੰਦਰ ਕੌਰ ਗਿੱਲ ਵੀ ਹਾਜ਼ਰ ਸਨ।