google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: May 2022

Monday 16 May 2022

ਚੁੱਪ ਕਿਉਂ ਹੋ ਅੰਕਲ// ਹਰਮੀਤ ਵਿਦਿਆਰਥੀ

ਦਿਲ ਦਿਮਾਗ ਨੂੰ ਹਲੂਣਾ ਦੇ ਕੇ ਝੰਜੋੜਦੀ ਹੋਈ ਕਾਵਿ ਰਚਨਾ

ਸੋਸ਼ਲ ਮੀਡੀਆ: 15 ਮਈ 2022: (ਸਾਹਿਤ ਸਕਰੀਨ ਡੈਸਕ)::
ਹਵਾ ਦੇ ਉਲਟ ਲਿਖਣਾ, ਸੱਚ ਨੂੰ ਬੇਬਾਕੀ ਨਾਲ ਸੱਚ ਲਿਖਣਾ, ਨਾਅਰਿਆਂ ਅੰਦਰਲੇ ਖੋਖਲੇਪਨ ਨੂੰ ਸਾਹਮਣੇ ਲਿਆਉਣਾ ਹਰਮੀਤ ਵਿਦਿਆਰਥੀ ਦੀ ਕਾਵਿ ਸਾਧਨਾ ਦਾ ਸ਼ੁਰੂ ਤੋਂ ਹੀ ਅੰਗ ਰਿਹਾ ਹੈ। ਹਰਮੀਤ ਵਿਦਿਆਰਥੀ ਦੀ ਨਵੀਂ ਕਾਵਿ ਰਚਨਾ "ਚੁੱਪ ਕਿਉਂ ਹੋ ਅੰਕਲ" ਵੀ ਇਸੇ ਸਿਲਸਿਲੇ ਨੂੰ ਅੱਗੇ ਵਧਾਉਂਦੀ ਹੈ। ਸਾਹਿਤ ਸਕਰੀਨ ਦੇ ਪਾਠਕਾਂ ਨੂੰ ਇਹ ਰਚਨਾ ਕਿਹੋ ਜਿਹੀ ਲੱਗੀ? ਵਿਚਾਰਾਂ ਦੀ ਉਡੀਕ ਰਹੇਗੀ ਹੈ। --ਰੈਕਟਰ ਕਥੂਰੀਆ
ਇਹ ਤਸਵੀਰ ਬਣਾਈ ਹੈ Gurpreet artist ਹੁਰਾਂ ਨੇ

ਅੰਕਲ
ਉਹ ਮੇਰੀ ਤਸਵੀਰ ਸੀ
ਜਿਸਨੂੰ ਥਾਂ ਥਾਂ ਤੇ ਲਾ ਕੇ
ਤੁਸੀਂ ਆਪਣੇ ਯੁੱਧ ਨੂੰ
ਲੋਕ ਯੁੱਧ ਬਨਾਉਣ ਦਾ
ਐਲਾਨ ਕਰਦੇ ਰਹੇ
ਆਪਣੀਆਂ ਛੁੱਟੀਆਂ ਵਿੱਚ
ਨਾਨਕੇ ਜਾਣ ਦੀ ਥਾਂ
ਮੈਂ ਆਪਣੇ ਮੰਮੀ ਪਾਪਾ ਨਾਲ
ਸਿੰਘੂ ਬਾਰਡਰ ਤੇ ਗਈ ਸਾਂ
ਮੈਨੂੰ ਤਾਂ ਪਤਾ ਵੀ ਨਹੀਂ ਸੀ
ਕਿ ਕਿਉਂ ਲੜ ਰਹੇ ਹੋ ਤੁਸੀਂ
ਕੀ ਮੰਗਦੇ ਓ
ਕਿਉਂ ਮੰਗਦੇ ਓ
ਕਿਸ ਤੋਂ ਮੰਗਦੇ ਓ
ਬੱਸ ਚੰਗਾ ਲੱਗਦਾ ਸੀ
ਨਾਅਰਿਆਂ ਨੂੰ ਸੁਨਣਾ
ਇਸੇ ਲਈ ਤੁਹਾਡੀਆਂ ਆਵਾਜ਼ਾਂ ਵਿੱਚ
ਮਿਲਾ ਦਿੰਦੀ ਸੀ
ਆਪਣੀ ਤੋਤਲੀ ਆਵਾਜ਼
"ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ"
ਬੱਸ ਹਰ ਥਾ ਇਹੀ ਸੁਣਦਾ ਸੀ
ਫ਼ਸਲਾਂ ਬਚਾਉਣੀਆਂ ਨੇ
ਨਸਲਾਂ ਬਚਾਉਣੀਆਂ ਨੇ
ਅੰਕਲ
ਜਿਸ ਦਿਨ ਤੁਸੀਂ ਜਿੱਤ ਕੇ ਮੁੜੇ ਸੀ
ਉਸ ਦਿਨ ਬਹੁਤ ਖੁਸ਼ ਸਾਂ ਮੈਂ
ਜਿੱਤ ਦੇ ਅਰਥ ਤਾਂ ਪਤਾ ਨਹੀਂ ਸਨ
ਪਰ ਮੰਮੀ ਨਾਲ ਰਲ ਕੇ
ਆਪਣੇ ਨਿੱਕੇ ਨਿੱਕੇ ਪੈਰਾਂ ਨਾਲ
ਵਿਹੜੇ ਵਿੱਚ ਗਿੱਧਾ ਪਾਇਆ ਸੀ ਰੱਜ ਕੇ
ਡੈਡੀ ਹੁਰੀਂ ਰਾਤੀਂ ਝੁੱਗੀ ਦੇ ਬਾਹਰ ਬਹਿ ਕੇ
ਗੱਲਾਂ ਕਰਦੇ ਸੁਣਦੇ ਸੀ
ਇੱਕ ਵਾਰ ਤਾਂ ਫਸਲਾਂ ਬਚਾ ਲਈਆਂ
ਬਚੇ ਖੇਤਾਂ ਚ ਬੀਜੀ ਫਸਲ ਵੱਢੀ
ਫਸਲ ਘਰ ਆਈ
ਜਸ਼ਨ ਮਨਾਏ
ਮੈਂ ਪਾਪਾ ਨਾਲ ਖੇਤ ਜਾਂਦੀ
ਪਾਪਾ ਅੰਕਲ ਦੇ ਖੇਤਾਂ ਵਿੱਚ ਕੰਮ ਕਰਦੇ
ਮੈਂ ਮਿੱਟੀ ਨਾਲ ਖੇਡਦੀ ਰਹਿੰਦੀ
ਅਚਾਨਕ ਪਤਾ ਨਹੀਂ ਕਿਧਰੋਂ ਆਇਆ
ਇੱਕ ਲਾਂਬੂ
ਮੈਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਉਸਨੇ
ਮੰਜੀ ਥੱਲੇ ਲੁਕਣ ਲੱਗੀ
ਸਦਾ ਲਈ ਲੁਕ ਗਈ
ਅੰਕਲ
ਮੇਰਾ ਸੜਨਾ ਵੱਡੀ ਗੱਲ ਨਹੀਂ
ਸਾੜ ਦੀ ਪੀੜ ਤੋਂ ਜ਼ਿਆਦਾ ਦੁਖੀ ਕਰਦਾ ਏ
ਮੇਰੇ ਸੜਨ ਤੇ ਤੁਹਾਡਾ ਚੁੱਪ ਰਹਿਣਾ
ਖੇਤਾਂ ਚ ਅੱਗ ਬੀਜ ਕੇ
ਕਿੰਨਾ ਕੁ ਬਚਾ ਲਉਗੇ
ਆਪਣੀ ਮਿੱਟੀ ਚ ਅੱਗ ਬੀਜ ਕੇ
ਕਿੰਨੀ ਕੁ ਦੇਰ ਜਿਉਂਦੇ ਰਹੋਗੇ
ਜੇ ਜਖ਼ਮ ਨੂੰ ਦਵਾ ਨਾ ਮਿਲੇ
ਤਾਂ ਹੱਥ ਨਹੀਂ ਵੱਢ ਲਈਦੇ
ਅੰਕਲ
ਹੁਣ ਜਦੋਂ ਯੁੱਧ ਵਿੱਚ ਜਾਉਗੇ
ਕਿਹੜੇ ਮੂੰਹ ਨਾਲ ਮੇਰੀ ਤਸਵੀਰ ਲਾਉਗੇ
ਕਿਸ ਹੌਂਸਲੇ ਨਾਲ
ਆਪਣੀ ਜੰਗ ਨੂੰ ਲੋਕ ਯੁੱਧ ਕਹੋਗੇ
ਅੰਕਲ
ਉਹ ਮੇਰੀ ਤਸਵੀਰ ਸੀ
ਜਿਸਨੂੰ ਥਾਂ ਥਾਂ ਤੇ ਲਾ ਕੇ
ਤੁਸੀਂ ਆਪਣੇ ਯੁੱਧ ਨੂੰ
ਲੋਕ ਯੁੱਧ ਬਨਾਉਣ ਦਾ
ਐਲਾਨ ਕਰਦੇ ਰਹੇ

Saturday 14 May 2022

ਬਾਰੂ ਸਤਬਰਗ ਦੇ ਸਨਮਾਨ ਵਿਚ 14 ਮਈ ਨੂੰ ਇਕ ਸਾਹਿਤਕ ਸਮਾਗਮ

 7th May 2022 at 01:14 PM

ਬਾਰੂ ਸਤਬਰਗ ਦੀ ਸਾਹਿਤਕ ਤੇ ਇਨਕਲਾਬੀ ਦੇਣ ਬਾਰੇ ਪੇਪਰ ਪੜ੍ਹੇ ਜਾਣਗੇ 


ਮਾਨਸਾ
7 ਮਈ 2022: (ਸਾਹਿਤ ਸਕਰੀਨ ਬਿਊਰੋ):: 

ਬਜ਼ੁਰਗ ਪੰਜਾਬੀ ਸਾਹਿਤਕਾਰ ਅਤੇ ਇਨਕਲਾਬੀ ਸੰਗਰਾਮੀਏ ਬਾਰੂ ਸਤਬਰਗ ਦੇ ਸਨਮਾਨ ਵਿਚ ਇਥੇ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ 14 ਮਈ ਨੂੰ ਇਕ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ।

'ਬਾਰੂ ਸਤਬਰਗ ਦੀ ਘਾਲਣਾ ਨੂੰ ਸਲਾਮ' ਬੈਨਰ ਹੇਠ ਇਹ ਸਮਾਗਮ ਰੈਡੀਕਲ ਪੀਪਲਜ਼ ਫੋਰਮ ਪੰਜਾਬ ਅਤੇ ਜੁਟਾਨ ਵਲੋਂ ਕਰਵਾਇਆ ਜਾਵੇਗਾ। ਇਸ ਵਿਚ ਨਰਭਿੰਦਰ ਸਿੰਘ ਅਤੇ ਪ੍ਰੋ. ਅਜਾਇਬ ਸਿੰਘ ਟਿਵਾਣਾ ਬਾਰੂ ਸਤਬਰਗ ਦੀ ਸਾਹਿਤਕ ਤੇ ਇਨਕਲਾਬੀ ਜਥੇਬੰਦਕ ਦੇਣ ਬਾਰੇ ਪੇਪਰ ਪੜ੍ਹਨਗੇ। ਵੱਖ ਵੱਖ ਉਘੇ ਵਿਦਵਾਨ ਅਤੇ ਜਥੇਬੰਦਕ ਆਗੂ ਇਸ ਸਨਮਾਨ ਸਮਾਗਮ ਅਤੇ ਵਿਚਾਰ ਚਰਚਾ ਵਿਚ ਸ਼ਾਮਲ ਹੋਣਗੇ। ਸਮੂਹ ਸਾਹਿਤਕ ਪ੍ਰੇਮੀਆਂ ਨੂੰ ਇਸ ਸਮਾਗਮ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ।

ਵਲੋਂ : ਸੁਖਦਰਸ਼ਨ ਸਿੰਘ ਨੱਤ, ਰਾਜਵਿੰਦਰ ਮੀਰ

9417233404

Monday 9 May 2022

ਪਿੱਪਲ ਪੱਤੀਆਂ ਨਾਮ ਹੇਠ ਸੰਗੀਤਕ ਸ਼ਾਮ ਸੰਗੀਤਕ ਸ਼ਾਮ ਦਾ ਆਯੋਜਨ

9th May 2022 at 10:17 AM

ਆਯੋਜਨ ਕੀਤਾ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਲੁਧਿਆਣਾ ਨੇ


ਸੁਰ ਸ਼ਬਦ ਸੰਗੀਤ ਦੇ ਵਿਸਮਾਦੀ ਸੁਮੇਲ ਨਾਲ ਹੀ ਖਿੱਲਰਿਆ ਮਨ  ਇਕਾਗਰ ਹੋ ਸਕਦੈ-ਪ੍ਰੋਃ ਗੁਰਭਜਨ ਸਿੰਘ ਗਿੱਲ

ਲੁਧਿਆਣਾ9 ਮਈ 2022: (ਸਾਹਿਤ ਸਕਰੀਨ ਬਿਊਰੋ)::
ਪਿੱਪਲ ਪੱਤੀਆਂ ਅਜੋਕੇ ਦੌਰ ਦਾ ਇੱਕ ਇਤਿਹਾਸਿਕ ਸ਼ਾਹਕਾਰ ਹੈ। ਜੋ ਕਵਿਤਾ ਅਤੇ ਸੰਗੀਤ ਦੇ ਨਾਲ ਨਾਲ ਫਲਸਫੇ ਅਤੇ ਜੀਵਨ ਦੇ ਸਾਰ ਤੱਤ ਦਾ ਦਸਤਾਵੇਜ਼ ਵੀ ਹੈ। ਇਸ ਨੂੰ ਪੜ੍ਹਦਿਆਂ ਦਿਲ ਕਰਦੈ ਆਹ ਲਾਈਨ ਵੀ ਕਿਧਰੇ ਕੁਟੇਸ਼ਨ ਵੱਜੋਂ ਵਰਤ ਲਈ ਅਤੇ ਆਹ ਲਾਈਨ ਵੀ। 
ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਲੁਧਿਆਣਾ ਵਿਚ ਸੰਗੀਤਕ ਸ਼ਾਮ 'ਪਿੱਪਲ ਪੱਤੀਆਂ' ਮੌਕੇ ਸੰਬੋਧਨ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ  ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਸੁਰ ਸ਼ਬਦ ਸੰਗੀਤ ਦੇ ਵਿਸਮਾਦੀ ਸੁਮੇਲ ਨਾਲ ਹੀ ਖੰਡਿਤ ਸੁਰਤਿ ਇਕਾਗਰ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੇਰੀ ਰਚਨਾ ਨੂੰ ਸੰਗੀਤਕ ਸੰਸਥਾ ਇਸ਼ਮੀਤ ਇੰਸਟੀਚਿਉਟ ਦੇ ਵਿਦਿਆਰਥੀਂਆਂ ਤੇ ਸਟਾਫ਼ ਚ ਸ਼ਾਮਿਲ ਕਲਾਕਾਰਾਂ ਨੇ ਨਵੇਂ ਅਰਥ ਦਿੱਤੇ ਹਨ।
ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਵਿਸ਼ਵ ਮਾਤ-ਦਿਵਸ ਮੌਕੇ ਇਸ ਸੰਗੀਤਕ ਸਮਾਗਮ ਪਿੱਪਲ ਪੱਤੀਆਂ ਦੀ ਪੇਸ਼ਕਾਰੀ ਬੇਹੱਦ ਯਾਦਗਾਰੀ ਹੈ। ਉਨ੍ਹਾਂ ਕਿਹਾ ਕਿ ਮਾਵਾਂ ਦੀ ਮੌਤ ਤੋਂ  ਬਾਦ ਵੀ ਉਹ ਹਾਜ਼ਰ ਹੀ ਰਹਿੰਦੀਆਂ ਹਨ ਕਿਉਂਕਿ ਜਿਸਮ ਦੀ ਮੌਤ ਮਾਂ ਦੀ ਮੌਤ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਉਹ ਤਾਂ ਕੇਵਲ ਚੋਲਾ ਬਦਲੇ ਕੌਣ ਕਹੇ ਮਾਂ ਮਰ ਜਾਂਦੀ ਹੈ। ਉਹ ਤਾਂ ਆਪਣੇ ਬੱਚਿਆਂ ਅੰਦਰ ਸਾਰਾ ਕੁਝ ਹੀ ਧਰ ਜਾਂਦੀ ਹੈ।
ਸਮਾਗਮ ਤੋਂ ਪਹਿਲਾਂ ਪ੍ਰੋਃ ਗੁਰਭਜਨ ਸਿੰਘ ਗਿੱਲ , ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ, ਸਿਕੰਦਰ ਸਿੰਘ ਗਰੇਵਾਲ, ਡਾਃ ਚਰਨ ਕਮਲ ਸਿੰਘ ਡਾਇਰੈਕਟਰ ਇਸ਼ਮੀਤ ਇੰਸਟੀਚਿਊਟ, ਬਲਕਾਰ ਸਿੰਘ,ਮਨਿੰਦਰ ਸਿੰਘ ਗੋਗੀਆ ਸੰਚਾਲਕ ਓਜਸ ਕਰੀਏਸ਼ਨ , ਸ਼ੈਲੀ ਵਧਵਾ ਤੇ ਹੋਰ ਸਾਥੀਆਂ ਨੇ ਇਸ਼ਮੀਤ ਸਿੰਘ ਦੇ ਚਿਤਰ ਨੂੰ ਸ਼ਰਧਾ ਸੁਮਨ ਭੇਂਟ ਕੀਤੇ।
ਸੁਆਗਤੀ ਸ਼ਬਦ ਬੋਲਦਿਆਂ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਦੇ ਡਾਇਰੈਕਟਰ,ਡਾਃ ਚਰਨ ਕਮਲ ਸਿੰਘ ਨੇ ਕਿਹਾ ਕਿ ਪ੍ਰੋਃ ਗੁਰਭਜਨ ਸਿੰਘ ਗਿੱਲ ਸਿਰਫ਼ ਪ੍ਰਸਿੱਧ ਸ਼ਾਇਰ ਹੀ ਨਹੀ ਸਗੋਂ ਇਸ ਇੰਸਟੀਚਿਊਟ ਦੇ ਪ੍ਰਬੰਧਕੀ ਬੋਰਡ ਮੈਂਬਰ ਵੀ ਹਨ। ਉਨ੍ਹਾਂ ਕਿਹਾ ਕਿ ਪ੍ਰੋਃ ਗੁਰਭਜਨ ਸਿੰਘ ਗਿੱਲ ਦਾ ਸੱਜਰਾ ਗੀਤ ਸੰਗ੍ਰਹਿ ਪਿੱਪਲ ਪੱਤੀਆਂ  ਪੰਜਾਬੀਅਤ ਦੇ ਵੱਖ-ਵੱਖ ਵਲਵਲਿਆਂ ਨੂੰ ਪ੍ਰਗਟ  ਕਰਦਾ ਹੈ। ਉਨ੍ਹਾਂ ਕਿਹਾ ਕਿ ਪਿੱਪਲ ਪੱਤੀਆਂ ਦੇ ਗੀਤਾਂ ਦਾ ਸੁਰਮਈ ਗਾਇਨ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਸਿਖਿਆਰਥੀਆਂ ਦਿਵਾਂਸ਼ੂ, ਦਮਨ, ਸ਼ਾਲੂ ਅਤੇ ਰਾਸ਼ੀ ਤੋਂ ਇਲਾਵਾ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਅਧਿਆਪਕਾਂ ਨਾਜਿਮਾ ਬਾਲੀ, ਸਾਹਿਬਜੀਤ ਸਿੰਘ, ਕੰਵਰਜੀਤ ਸਿੰਘ, ਦੀਪਕ ਖੋਸਲਾ ਅਤੇ ਮਹਿਮਾਨ ਕਲਾਕਾਰ ਡਾਃ ਸ਼ਰਨਜੀਤ ਕੌਰ ਪਰਮਾਰ ਵੱਲੋਂ ਕੀਤਾ ਜਾਣਾ ਗਵਾਹੀ ਭਰਦਾ ਹੈ ਕਿ ਸ਼ਬਦ ਨੂੰ ਸੁਰ ਉਡੀਕਦੇ ਸਨ। 
ਪ੍ਰੋਗਰਾਮ ਦੇ ਆਰੰਭ ਵਿੱਚ ਗੁਰਭਜਨ ਗਿੱਲ ਦੇ ਲਿਖੇ ਅਤੇ ਸੰਜੀਦਾ ਲੋਕ ਗਾਇਕਾ ਗਗਨਦੀਪ ਚੀਮਾ ਵੱਲੋਂ ਗਾਏ ਗੀਤ ਦਰੀਆਂ ਤੇ ਪਾਵਾਂ ਘੁੱਗੀਆਂ ਮੋਰ ਵੇ ਪਰਦੇਸੀਆ ਦਾ ਪ੍ਰਸਾਰਨ ਕੀਤਾ ਗਿਆ। ਇਸ ਮੌਕੇ ਸੇਵਾਮੁਕਤ ਏ ਡੀ ਸੀ ਖੰਨਾ(ਲੁਧਿਆਣਾ) ਸਃ ਜਸਪਾਲ ਸਿੰਘ ਗਿੱਲ, ਪ੍ਰਭਦੀਪ ਸਿੰਘ ਨੱਥੋਵਾਲ ਡੀ ਪੀ ਆਰ ਓ ਮੋਗਾ ਤੇ ਮਲੇਰਕੋਟਲਾ,ਉੱਘੇ ਕਵੀ ਤ੍ਰੈਲੋਚਨ ਲੋਚੀ, ਡਾਃ ਅਮਰਜੀਤ ਕੌਰ ਪੀਏ ਯੂ, ਡਾਃ ਯਸ਼ ਪਾਲ ਸਚਦੇਵਾ ਪੀ ਏ ਯੂ,ਪ੍ਰਸਿੱਧ ਫੋਟੋ ਕਲਾਕਾਰ ਸਃ ਤੇਜ ਪਰਤਾਪ ਸਿੰਘ ਸੰਧੂ, ਡਾਃ ਮਾਨ ਸਿੰਘ ਤੂਰ, ਹਰਪਾਲ ਸਿੰਘ ਮਾਂਗਟ, ਸ਼ੈਲੀਵਧਵਾ, ਸੰਗੀਤਕਾਰ ਮੋਹਿਨੀ ਪਰਮਾਰ ਤੇ ਓਜਸ ਕਰੀਏਸ਼ਨ ਵੱਲੋਂ ਮਨਿੰਦਰ ਸਿੰਘ ਉਚੇਚੇ ਤੌਰ ਤੇ ਪੁੱਜੇ।
ਸ਼੍ਰੀਮਤੀ ਨਾਜਿਮਾ ਬਾਲੀ ਡੀਨ ਇਸ਼ਮੀਤ ਮਿਊਜ਼ਿਕ ਇੰਸਟੀਚਿਊਟ ਨੇ ਮੰਚ ਸੰਚਾਲਨ ਕਰਦਿਆਂ ਕਿਹਾ ਕਿ ਸਮਾਜ ਵਿਚ ਲਿਖਾਰੀ ਹੀ ਸਮਾਜ ਦੀ ਸਿਹਤਮੰਦ ਸੋਚ ਦੇ ਘਾੜੇ ਹੁੰਦੇ ਹਨ। ਕਲਾਤਮਕ ਬਾਰੀਕੀ ਦਾ ਅਹਿਸਾਸ ਜਗਾਉਣ ਤੇ ਸਮਾਜ ਨੂੰ ਹਰ ਮਹੱਤਵਪੂਰਨ ਪੱਖ ਤੋਂ ਖਬਰਦਾਰ ਕਰਨ ਲਈ ਇਹੋ ਜਹੇ ਸਮਾਗਮ ਅਸੀਂ ਇਸ ਸੰਸਥਾ ਵੱਲੋਂ ਲਗਾਤਾਰ ਕਰਦੇ ਰਹਾਂਗੇ। ਡਾਃ ਚਰਨ ਕਮਲ ਸਿੰਘ ਨੇ ਪ੍ਰਸੰਨਤਾ ਜ਼ਾਹਿਰ ਕੀਤੀ ਕਿ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਦੇ ਗਾਇਕਾਂ ਨੂੰ ਪ੍ਰੋਃ ਗੁਰਭਜਨ ਸਿੰਘ ਗਿੱਲ ਹੁਰਾਂ ਦੀ ਲੇਖਣੀ ਨੂੰ ਗਾਉਣ ਦਾ ਸੁਭਾਗ ਵਿਸ਼ਵ ਮਾਤ ਦਿਵਸ ਵਾਲੇ ਦਿਨ ਪ੍ਰਾਪਤ ਹੋਇਆ ਹੈ। ਇਸ ਨਾਲ ਸੰਗੀਤਕ ਖੇਤਰ ਵਲੋਂ ਸਮਾਜ ਦੀ ਸੁਚੱਜੀ ਘਾੜਤ ਲਈ ਲੋੜੀਂਦਾ ਯੋਗਦਾਨ ਪਾਇਆ ਜਾ ਸਕੇਗਾ।
ਸ੍ਰ: ਗੁਰਭਜਨ ਸਿੰਘ ਗਿੱਲ ਨੇ ਬਾਅਦ ਵਿੱਚ ਗੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਟੱਪਿਆਂ, ਗੀਤਾਂ ਤੇ ਗ਼ਜ਼ਲਾਂ ਦਾ ਗਾਇਣ ਸੁਣ ਕੇ ਬਹੁਤ ਅਨੰਦਮਈ ਅਹਿਸਾਸ ਹੋਇਆ ਅਤੇ ਕੁਝ ਸਮਰੱਥ ਗਾਇਕਾਂ ਦੀ ਗਾਇਨ ਸ਼ੈਲੀ ਤੋਂ ਉਹ ਬੇਹੱਦ ਪ੍ਰਭਾਵਿਤ ਹੋਏ ਹਨ। ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੰਗੀਤ ਖੇਤਰ ਨੂੰ ਵੀ ਸਮਾਜ ਦੀ ਘਾੜਤ ਵਿਚ ਅੱਗੇ ਵਧ ਕੇ ਹੋਰ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਸੰਵੇਦਨਾ ਦਾ ਬੀਜ ਬਚਿਆ ਰਹੇ।

Friday 6 May 2022

ਕਲਾਪੀਠ ਵੱਲੋਂ ਪੁਸਤਕਾਂ ਦੀ ਘੁੰਡ ਚੁਕਾਈ ਲਈ ਫਿਰੋਜ਼ਪੁਰ ਵਿਚ ਸਮਾਗਮ

ਕਈ ਪੁਸਤਕਾਂ ਇੱਕੋ ਵੇਲੇ ਰਿਲੀਜ਼--ਉੱਘੀਆਂ ਸ਼ਖਸੀਅਤਾਂ ਸ਼ਾਮਲ ਹੋਈਆਂ


ਫ਼ਿਰੋਜ਼ਪੁਰ
: 5 ਮਈ 2022: (ਸਾਹਿਤ ਸਕਰੀਨ ਬਿਊਰੋ)::

ਸ਼ਬਦ ਸਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ:) ਵੱਲੋਂ ਪੰਜਾਬੀ ਵਿਭਾਗ ਆਰ.ਐਸ.ਡੀ.ਕਾਲਜ ਦੇ ਸਹਿਯੋਗ ਨਾਲ ਪੁਸਤਕਾਂ ਦੀ ਘੁੰਡ ਚੁਕਾਈ ਲਈ ਇੱਕ ਸਾਦਾ ਪਰ ਭਾਵਪੂਰਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਉੱਘੇ ਸ਼ਾਇਰ ਗੁਰਤੇਜ ਕੋਹਾਰਵਾਲਾ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਜਦੋਂ ਕਿ ਪ੍ਰਧਾਨਗੀ ਪ੍ਰਿੰਸੀਪਲ ਅਸ਼ੋਕ ਗੁਪਤਾ ਨੇ ਕੀਤੀ। ਜਗਦੀਪ ਸਿੰਘ ਸੰਧੂ ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਪ੍ਰੋ.ਕੁਲਦੀਪ ਨੇ ਵਿਸ਼ੇਸ਼ ਮਹਿਮਾਨ ਦੇ ਵਜੋਂ ਸ਼ਮੂਲੀਅਤ ਕੀਤੀ। ਸਮਾਗਮ ਦੀ ਕਾਰਵਾਈ ਚਲਾਉਣ ਦਾ ਜ਼ਿੰਮਾ ਨੌਜਵਾਨ ਸ਼ਾਇਰ ਅਤੇ ਕਲਾਪੀਠ ਦੇ ਜਨਰਲ ਸਕੱਤਰ ਅਨਿਲ ਆਦਮ ਨੇ ਬਖ਼ੂਬੀ ਸੰਭਾਲਿਆ ।

ਪੰਜਾਬੀ ਵਿਭਾਗ ਦੇ ਮੁਖੀ ਪ੍ਰੋ.ਕੁਲਦੀਪ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਵਿਭਾਗ ਅਤੇ ਕਲਾਪੀਠ ਦੀਆਂ ਸਰਗਰਮੀਆਂ ਤੇ ਭਰਪੂਰ ਚਾਨਣਾ ਪਾਇਆ। ਮਾਹੌਲ ਨੂੰ ਕਾਵਿਕ ਰੰਗ ਦੇਣ ਲਈ ਸੁਖਵਿੰਦਰ ਜੋਸ਼ , ਸੁਖਦੇਵ ਭੱਟੀ ਅਤੇ ਮੀਨਾ ਮਹਿਰੋਕ ਨੇ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਲਵਾਈ। 

ਡਾ.ਅਮਨਦੀਪ ਸਿੰਘ ਨੇ ਸ਼ਾਇਰਾ ਅਤੇ ਚਿੰਤਕ ਡਾ. ਮਨਜੀਤ ਕੌਰ ਆਜ਼ਾਦ ਦੀ ਕਿਤਾਬ " ਵਿਸ਼ਵ ਸਭਿਆਚਾਰ ਬਨਾਮ ਸਥਾਨਕ ਸਭਿਆਚਾਰ " ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਪੁਸਤਕ ਵਿੱਚ ਦਰਜ ਵਿਸ਼ਵ ਸਭਿਆਚਾਰ ਅਤੇ ਸਥਾਨਕ ਸਭਿਆਚਾਰਾਂ ਦੇ ਟਕਰਾਵਾਂ ਦੀ ਚਰਚਾ ਕੀਤੀ ਅਤੇ ਖ਼ਪਤ ਸਭਿਆਚਾਰ ਦੀ ਚੌਧਰ ਦੀ ਸਥਾਪਨਾ ਦੇ ਕਾਰਨਾਂ ਨੂੰ ਭਲੀਭਾਂਤ ਨੋਟ ਕੀਤਾ।

ਸੂਫ਼ੀ ਕਵੀ ਬੁੱਲ੍ਹੇ ਸ਼ਾਹ ਦੇ ਕਲਾਮ ਦੀ ਵਿਆਖਿਆ ਕਰਨ ਵਾਲੀ ਪ੍ਰੋ.ਜਸਪਾਲ ਘਈ ਦੀ ਪੁਸਤਕ " ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ " ਅਤੇ " ਮਹਾਰਾਣੀ ਜਿੰਦਾਂ ਦੀ ਜੀਵਨ - ਗਾਥਾ " ਬਾਰੇ ਵਿਸਥਾਰ ਸਹਿਤ ਚਰਚਾ ਕਰਦਿਆਂ ਨੌਜਵਾਨ ਚਿੰਤਕ ਸੁਖਜਿੰਦਰ ਨੇ ਇਹਨਾਂ ਵਿਸ਼ਿਆਂ ਤੇ ਲਿਖੀਆਂ ਪਹਿਲੀਆਂ ਕਿਤਾਬਾਂ ਦੀ ਲੜੀ ਵਿੱਚ ਇਹਨਾਂ ਕਿਤਾਬਾਂ ਵਿਚਲੇ ਕਾਰਜ ਦੀ ਮਹੱਤਤਾ ਦੀ ਨਿਸ਼ਾਨਦੇਹੀ ਕੀਤੀ ਅਤੇ ਕਿਹਾ ਕਿ ਜਸਪਾਲ ਘਈ ਦੀਆਂ ਪੁਸਤਕਾਂ ਪੰਜਾਬ ਦੇ ਇਤਿਹਾਸ ਦੇ ਦੋ ਅਜਿਹੇ ਮਹੱਤਵਪੂਰਨ ਕਿਰਦਾਰਾਂ ਦੇ ਵਿਚਾਰਾਂ ਅਤੇ ਸਰਗਰਮੀਆਂ ਉੱਪਰ ਝਾਤ ਪੁਆਉਂਦੀਆਂ ਹਨ ਜਿੰਨਾ ਨੇ ਪੰਜਾਬ ਦੇ ਇਤਿਹਾਸ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।

ਉਪਰੰਤ ਪ੍ਰਧਾਨਗੀ ਮੰਡਲ,ਬਲਵਿੰਦਰ ਪਨੇਸਰ , ਗੁਰਦਿਆਲ ਸਿੰਘ ਵਿਰਕ , ਸੁਖਜਿੰਦਰ ,ਮੀਨਾ ਮਹਿਰੋਕ ਸੁਰਿੰਦਰ ਕੰਬੋਜ , ਹਰਮੀਤ ਵਿਦਿਆਰਥੀ ਅਤੇ ਅਨਿਲ ਆਦਮ  ਵੱਲੋਂ ਡਾ.ਮਨਜੀਤ ਕੌਰ ਆਜ਼ਾਦ ਦੀ ਕਿਤਾਬ " ਵਿਸ਼ਵ ਸਭਿਆਚਾਰ ਬਨਾਮ ਸਥਾਨਕ ਸਭਿਆਚਾਰ " ਅਤੇ ਪ੍ਰੋ.ਜਸਪਾਲ ਘਈ ਦੀਆਂ ਪੁਸਤਕਾਂ " ਬੁੱਲ੍ਹੇ ਸ਼ਾਹ ਅਸਾਂ ਮਰਨਾ ਨਾਹੀਂ " ਅਤੇ " ਮਹਾਰਾਣੀ ਜਿੰਦਾਂ ਦੀ ਜੀਵਨ-ਗਾਥਾ " ਦੀ ਮੁੱਖ ਵਿਖਾਲੀ ਦੀ ਰਸਮ ਅਦਾ ਕੀਤੀ ਗਈ।

ਡਾ.ਜਗਦੀਪ ਸਿੰਘ ਸੰਧੂ ਨੇ ਜਿੱਥੇ ਦੋਹਾਂ ਲੇਖਕਾਂ ਨੂੰ ਮੁਬਾਰਕਬਾਦ ਦਿੱਤੀ ਉੱਥੇ ਕਲਾਪੀਠ ਨੂੰ ਇਸ ਸਮਾਗਮ ਦੇ ਆਯੋਜਨ ਲਈ ਵਧਾਈ ਦਿੱਤੀ। ਪ੍ਰਿੰ. ਅਸ਼ੋਕ ਗੁਪਤਾ ਨੇ ਦੋਹਾਂ ਲੇਖਕਾਂ ਦੀਆਂ ਪ੍ਰਾਪਤੀਆਂ ਨੂੰ ਆਪਣੇ ਕਾਲਜ ਲਈ ਵੀ ਮਾਣਮੱਤੀਆਂ ਦੱਸਿਆ ਅਤੇ ਸਾਹਿਤਕ ਸਮਾਗਮਾਂ ਲਈ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ।

ਪ੍ਰੋ.ਜਸਪਾਲ ਘਈ ਅਤੇ ਡਾ.ਮਨਜੀਤ ਕੌਰ ਆਜ਼ਾਦ ਨੇ ਆਪਣੇ ਸੰਬੋਧਨ ਵਿੱਚ ਨਾ ਕੇਵਲ ਇਹਨਾਂ ਪੁਸਤਕਾਂ ਦੀ ਰਚਨਾ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਨਾਲ ਦੀ ਨਾਲ ਹੀ ਪੰਜਾਬੀ ਵਿਭਾਗ ਅਤੇ ਕਲਾਪੀਠ ਦਾ ਧੰਨਵਾਦ ਵੀ ਕੀਤਾ। 

ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਪੰਜਾਬੀ ਦੇ ਸਮਰੱਥ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਨੇ ਕਿਹਾ ਕਿ ਆਪਣੇ ਸਮੇਂ ਦੇ ਸੰਕਟਾਂ ਦੀ ਨਿਸ਼ਾਨਦੇਹੀ ਅਤੇ ਉਹਨਾਂ ਦੇ ਹੱਲ ਲਈ ਆਪਣੇ ਇਤਿਹਾਸ ਵੱਲ ਵਾਰ ਵਾਰ ਜਾਣਾ ਚਾਹੀਦਾ ਹੈ । ਇਹ ਤਿੰਨੇ ਕਿਤਾਬਾਂ ਸਾਨੂੰ ਇਸ ਕਾਰਜ ਲਈ ਪ੍ਰੇਰਿਤ ਕਰਦੀਆਂ ਹਨ।

ਢਾਈ ਘੰਟੇ ਚੱਲੇ ਇਸ ਸਮਾਗਮ ਵਿੱਚ ਸੰਜੀਵ ਪ੍ਰਚੰਡ , ਡਾ.ਆਜ਼ਾਦਵਿੰਦਰ ਸਿੰਘ , ਕਮਲ ਸ਼ਰਮਾ , ਜੁਗਰਾਜ ਸਿੰਘ ਆਸਟ੍ਰੇਲੀਆ , ਲਕਸ਼ਮਿੰਦਰ ਸਿੰਘ , ਅਜੀਤਪਾਲ ਸਿੰਘ ,ਪ੍ਰੋ.ਨਰੇਸ਼ ,ਪ੍ਰੋ.ਸੁਖਦੇਵ , ਪ੍ਰੋ.ਯਾਦਵਿੰਦਰ ਸਿੰਘ ਗਿੱਲ , ਪ੍ਰੋ.ਬਲਤੇਜ ਸਿੰਘ , ਡਾ.ਕਪਿਲ , ਪ੍ਰੋ.ਸ਼ਵੇਤਾ , ਪ੍ਰੋ.ਮਨਜਿੰਦਰ , ਪ੍ਰੋ.ਇਕਬਾਲ , ਪ੍ਰੋ.ਕੁਲਵਿੰਦਰ ,ਪ੍ਰੋ.ਗੁਰਪਿੰਦਰ ਅਤੇ ਪ੍ਰੋ.ਸ਼ੈਲਜਾ ਸਮੇਤ ਤਿੰਨ ਦਰਜਨ ਤੋਂ ਵੱਧ ਲੇਖਕਾਂ ਬੁੱਧੀਜੀਵੀਆਂ ਅਤੇ ਪਾਠਕਾਂ ਨੇ ਭਾਗ ਲਿਆ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਜਨਰਲ ਸਕੱਤਰ ਹਰਮੀਤ ਵਿਦਿਆਰਥੀ ਨੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਸਮੂਹ ਲੇਖਕਾਂ ਬੁੱਧੀਜੀਵੀਆਂ ਪਾਠਕਾਂ ਦਾ ਧੰਨਵਾਦ ਕੀਤਾ ਅਤੇ ਸਮੁੱਚੇ ਸਮਾਗਮ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਇੱਕ ਲੰਮੇ ਸਮੇਂ ਦੀ ਔੜ ਤੋਂ ਬਾਅਦ ਸਾਹਿਤਕ ਸਖ਼ਸ਼ੀਅਤਾਂ ਅਤੇ ਸਰਗਰਮੀਆਂ ਪੱਖੋਂ ਫ਼ਿਰੋਜ਼ਪੁਰ ਹੁਣ ਇੱਕ ਮਹੱਤਵਪੂਰਨ ਕੇਂਦਰ ਬਣਦਾ ਜਾ ਰਿਹਾ ਹੈ।

Sunday 1 May 2022

ਪਹਿਲੀ ਮਈ ਨੂੰ ਜਨਮ ਦਿਨ ਤੇ//ਪੰਜਾਬੀ ਨਾਵਲ ਦਾ ਰੌਸ਼ਨ ਮੀਨਾਰ ਪ੍ਰੋ: ਨਰਿੰਜਨ ਤਸਨੀਮ

30th April 2022 at 10:31 PM

ਸਾਹਿਤਿਕ ਸ਼ਖਸੀਅਤਾਂ ਬਾਰੇ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਦੀ ਇੱਕ ਵਿਸ਼ੇਸ਼ ਲਿਖਤ 


ਲੁਧਿਆਣਾ
: 30 ਅਪ੍ਰੈਲ 2022: (ਪ੍ਰੋ. ਗੁਰਭਜਨ ਗਿੱਲ//ਸਾਹਿਤ ਸਕਰੀਨ)::

ਪੌਣੀ ਸਦੀ ਨਾਵਲ ਸਿਰਜਣਾ ਦੇ ਖੇਤਰ ਵਿਚ ਕਰਮਸ਼ੀਲ ਰਹੇ ਸਾਡੇ  ਵੱਡੇ ਵਡੇਰੇ ਪ੍ਰੋਫ਼ੈਸਰ ਨਿਰੰਜਨ ਤਸਨੀਮ ਦੇ ਦਸ ਨਾਵਲਾਂ ਕਸਕ, ਪਰਛਾਵੇਂ, ਤਰੇੜਾਂ ਤੇ ਰੂਪ, ਰੇਤ ਛਲ, ਹਨੇਰਾ ਹੋਣ ਤੱਕ, ਇੱਕ ਹੋਰ ਨਵਾਂ ਸਾਲ, ਜਦੋਂ ਸਵੇਰ ਹੋਈ, ਜੁਗਾਂ ਤੋਂ ਪਾਰ, ਗੁਆਚੇ ਅਰਥ ਅਤੇ ਤਲਾਸ਼ ਕੋਈ ਸਦੀਵੀ ਨੂੰ ਇੱਕੋ ਸਮੇਂ ਪੰਜਾਬੀ ਭਵਨ ਦੇ ਵਿਹੜੇ ਲੁਧਿਆਣਾ ਵਿਖੇ ਅਸਾਂ ਉਨ੍ਹਾਂ ਦੇ ਹੁੰਦਿਆਂ ਲੋਕ ਅਰਪਣ ਕੀਤਾ ਸੀ। ਜਸਵੰਤ ਸਿੰਘ ਕੰਵਲ ਜੀ ਦੀ ਸਦਾਰਤ ਥੱਲੇ। ਹੁਣ ਦੋਵੇਂ ਉੱਤੋੜਿੱਤੀ ਸਾਨੂੰ ਫ਼ਤਹਿ ਬੁਲਾ ਗਏ। ਦੋਵੇਂ ਸਾਡੇ ਸਿਰ ਤੇ ਘਣਛਾਵੇਂ ਬਿਰਖ ਸਨ। 

ਪ੍ਰੋਫ਼ੈਸਰ ਨਿਰੰਜਨ ਤਸਨੀਮ ਅੰਮ੍ਰਿਤਸਰ ਵਿੱਚ ਪਹਿਲੀ ਮਈ 1929 ਪੈਦਾ ਹੋਏ ਤੇ 17 ਅਗਸਤ  2019 ਨੂੰ ਸ਼ਾਮੀ ਚਾਰ ਵਜੇ ਆਖਰੀ ਸਲਾਮ ਕਹਿ ਗਏ। 30 ਅਪਰੈਲ ਨੂੰ ਸ: ਜਗਦੇਵ ਸਿੰਘ ਜੱਸੋਵਾਲ ਜੀ ਦਾ ਜਨਮ ਦਿਨ ਹੁੰਦਾ ਸੀ, ਪਹਿਲੀ ਮਈ ਨੂੰ ਤਸਨੀਮ ਜੀ ਦੀ ਤੇ ਦੋ ਮਈ ਨੂੰ ਮੇਰਾ। ਦੋ ਤਿੰਨ ਵਾਰ ਅਸਾਂ ਜਨਮ ਦਿਨ ਇਕੱਠਿਆਂ ਵੀ ਮਨਾਇਆ। ਉਹ ਕੁਲੀਨ ਵਰਗ ਦੇ ਪ੍ਰਤੀਨਿਧ ਸਨ। ਹਰ ਗੱਲ ਬਹੁਤ ਸਲੀਕੇ ਨਾਲ ਲਿਖਦੇ ਪੜ੍ਹਦੇ ਤੇ ਬੋਲਦੇ। ਇੱਕ ਹੋਰ ਨਵਾਂ ਸਾਲ ਨਾਵਲ ਕਈ ਸਾਲ ਲਗਾਤਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਲਈ ਸਿਲੇਬਸ ਦਾ ਹਿੱਸਾ ਰਿਹਾ। ਆਮ ਲੋਕਾਂ ਚ ਬਹੁਤ ਹਰਮਨ ਪਿਆਰੇ ਹੋਏ ਇਸ ਨਾਲ ਉਹ। ਪੰਜਾਬੀ ਕਵੀ ਈਸ਼ਵਰ ਚਿਤਰਕਾਰ ਚ ਉਨ੍ਹਾਂ ਦੀ ਵਿਸ਼ੇਸ਼ ਦਿਲਚਸਪੀ ਰਹੀ ਉਮਰ ਭਰ। ਦੋਵੇਂ ਕਿਸੇ ਵੇਲੇ ਸ਼ਿਮਲੇ ਇਕੱਠੇ ਰਹੇ ਸਨ ਨੌਕਰੀ ਕਾਰਨ। ਉਨ੍ਹਾਂ ਦਾ ਨਾਵਲ ਜੁਗਾਂ ਤੋਂ ਪਾਰ ਈਸ਼ਵਰ ਚਿਤਰਕਾਰ ਜੀ ਬਾਰੇ ਹੀ ਹੈ। ਪੁਰਦਮਨ ਸਿੰਘ ਬੇਦੀ ਨਾਲ ਮਿਲ ਕੇ ਉਨ੍ਹਾਂ ਈਸ਼ਵਰ ਚਿਤਰਕਾਰ ਸਿਮਰਤੀ ਗਰੰਥ ਵੀ ਸੰਪਾਦਿਤ ਕੀਤਾ ਸੀ। ਆਪਣੇ ਪਰਿਵਾਰਕ ਮੁਖੀਆਂ ਤਾਇਆ ਜੀ ਉਰਦੂ ਸ਼ਾਇਰ ਪੂਰਨ ਸਿੰਘ ਹੁਨਰ ਅਤੇ ਮਹਿੰਦਰ ਸਿੰਘ ਕੌਸਰ ਪਾਸੋਂ ਅਦਬੀ ਚਿਣਗ ਹਾਸਿਲ ਕਰਕੇ ਆਪ ਨੇ ਉਰਦੂ ਅਤੇ ਪੰਜਾਬੀ ਵਿੱਚ ਸਾਹਿਤ ਸਿਰਜਣਾ ਆਰੰਭੀ। 1929 ਵਿੱਚ ਪੈਦਾ ਹੋਏ ਇਸ ਲੰਮੇ ਕੱਦ ਕਾਠ ਵਾਲੇ ਗੱਭਰੂ ਨੇ 1945-46 ਵਿੱਚ ਅੰਮ੍ਰਿਤਸਰ ਦੇ ਕਾਲਜਾਂ ਵਿੱਚ ਪੜ੍ਹਦਿਆਂ ਹੀ ਉਰਦੂ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਪਰ ਇਨ੍ਹਾਂ ਦੀ ਸਾਹਿਤਕ ਜੀਵਨੀ ਦਾ ਆਰੰਭ 1959 ਨੂੰ ਹੋਇਆ ਜਦ ਉਨ੍ਹਾਂ ਨੇ ਉਰਦੂ ਵਿੱਚ ਪਹਿਲਾ  ਨਾਵਲ 'ਸੋਗਵਾਰ' ਲਿਖਿਆ ।ਇਹ ਨਾਵਲ 1960 ਵਿੱਚ ਪ੍ਰਕਾਸ਼ਿਤ ਹੋਇਆ। 1962 ਵਿੱਚ ਉਨ੍ਹਾਂ ਦਾ ਦੂਸਰਾ ਉਰਦੂ ਨਾਵਲ 'ਮੋਨਾਲੀਜ਼ਾ' ਛਪ ਕੇ ਹਿੰਦ ਪਾਕਿ ਦੇ ਅਦਬੀ ਹਲਕਿਆਂ ਕੋਲ ਪੁੱਜਾ।

ਪ੍ਰੋ: ਨਰਿੰਜਨ ਤਸਨੀਮ ਨੇ ਪੰਜਾਬੀ ਵਿੱਚ ਸਾਹਿਤ ਸਿਰਜਣਾ 'ਪਰਛਾਵੇਂ' ਨਾਵਲ  ਨਾਲ ਸ਼ੁਰੂ ਕੀਤੀ ਅਤੇ 1966 ਵਿੱਚ ਉਹਨਾਂ ਦਾ ਪਹਿਲਾ ਪੰਜਾਬੀ ਨਾਵਲ ਕਸਕ ਛਪ ਕੇ ਆਇਆ। ਸਾਲ 2000 ਤੀਕ ਉਨ੍ਹਾਂ ਦੇ ਦਸ ਨਾਵਲ ਪਾਠਕਾਂ ਕੋਲ ਪਹੁੰਚੇ ਅਤੇ ਸ਼ਹਿਰੀ ਪਿਛੋਕੜ ਦੇ ਬਾਵਜੂਦ ਉਨ੍ਹਾਂ ਦੀ ਲਿਖਤ ਪੇਂਡੂ ਅਤੇ ਸ਼ਹਿਰੀ ਹਲਕਿਆਂ ਵਿੱਚ ਇੱਕੋ ਜਿੰਨੀ ਸਲਾਹੀ ਗਈ। ਪੰਜਾਬ ਦੀਆਂ ਲਗਪਗ ਸਾਰੀਆਂ ਯੂਨੀਵਰਸਿਟੀਆਂ ਅਤੇ ਸਕੂਲ ਸਿੱਖਿਆ ਬੋਰਡ ਨੇ ਉਨ੍ਹਾਂ ਦੇ ਨਾਵਲਾਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਿਸ ਕਾਰਨ ਨਵੀਂ ਪੀੜ੍ਹੀ ਦੀ ਰੂਹ ਨਾਲ ਉਨ੍ਹਾਂ ਦੀ ਸਿਰਜਣਾਤਮਕ ਸਾਂਝ ਪੈ ਗਈ।
ਪ੍ਰੋ. ਨਰਿੰਜਨ ਤਸਨੀਮ ਪੰਜਾਬ ਭਾਸ਼ਾ ਵਿਭਾਗ ਦੇ ਸਾਹਿਤ ਰਤਨ ਪੁਰਸਕਾਰ ਨਾਲ ਸਨਮਾਨਿਤ ਲੇਖਕ ਸਨ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਵੀ ਬਹੁਤ ਪਹਿਲਾਂ ਉਨ੍ਹਾਂ ਨੂੰ 1993 ਸ. ਕਰਤਾਰ ਸਿੰਘ ਧਾਲੀਵਾਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਪੰਜਾਬ ਦੇ ਸਿੱਖਿਆ ਮੰਤਰੀ ਸ. ਲਖਮੀਰ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ 1995 ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਜੋਂ ਆਦਰ ਮਾਣ ਦਿੱਤਾ।

ਭਾਰਤੀ ਸਾਹਿਤ ਅਕੈਡਮੀ ਵੱਲੋਂ ਤਸਨੀਮ ਜੀ ਨੂੰ 1999 ਵਿੱਚ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਸਾਹਿਤ ਸੰਸਥਾਨ ਲੁਧਿਆਣਾ ਨੇ ਉਨ੍ਹਾਂ ਨੂੰ ਸਰਵੋਤਮ ਪੰਜਾਬੀ ਗਲਪਕਾਰ ਪੁਰਸਕਾਰ ਨਾਲ 1994 ਵਿੱਚ ਨਿਵਾਜਿਆ। ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀ ਦੇ ਆਪ 1998-99ਦੌਰਾਨ ਫੈਲੋ ਰਹੇ। ਗੌਰਮਿੰਟ ਕਾਲਿਜ ਟਾਂਡਾ, ਕਪੂਰਥਲਾ , ਫ਼ਰੀਦਕੋਟ , ਲੁਧਿਆਣਾ ਤੇ ਗੁਰੂ ਹਰਗੋਬਿੰਦ ਖਾਲਸਾ ਕਾਲਿਜ ਗੁਰੂਸਰ ਸਧਾਰ (ਲੁਧਿਆਣਾ) ਵਿੱਚ ਸਾਰੀ ਜ਼ਿੰਦਗੀ ਅੰਗਰੇਜ਼ੀ ਪੜ੍ਹਾਉਣ ਵਾਲੇ ਪ੍ਰੋ ਤਸਨੀਮ ਨੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਵੀ ਦਸ ਮਹੱਤਵਪੂਰਨ ਪੁਸਤਕਾਂ ਦਿੱਤੀਆਂ ਪੰਜਾਬੀ ਨਾਵਲ ਦਾ ਮੁਹਾਂਦਰਾ 'ਮੇਰੀ ਨਾਵਲ ਨਿਗਾਰੀ', ਨਾਵਲ ਕਲਾ ਅਤੇ ਮੇਰਾ ਅਨੁਭਵ, ਆਈਨੇ ਦੇ ਰੂ-ਬਰੂ, ਆਧੁਨਿਕ ਪ੍ਰਵਿਰਤੀਆਂ ਅਤੇ ਪੰਜਾਬੀ ਨਾਵਲ' ਤੋਂ ਇਲਾਵਾ ਸਮਕਾਲੀ ਸਾਹਿਤਕ ਸੰਦਰਭ ਯੂਨੀਵਰਸਿਟੀ ਅਧਿਆਪਕਾਂ ਲਈ ਮਾਰਗ ਦਰਸ਼ਕ ਪੁਸਤਕਾਂ ਹਨ ।

ਅੰਗਰੇਜ਼ੀ ਵਿੱਚ ਵੀ ਉਨ੍ਹਾਂ ਨੇ ਪੰਜਾਬੀ ਸਾਹਿਤ ਬਾਰੇ ਪੰਜ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚੋਂ ਕਾਦਰ ਯਾਰ ਬਾਰੇ ਲਿਖੀ ਪੁਸਤਕ ਨੂੰ ਭਾਰਤੀ ਸਾਹਿਤ ਅਕੈਡਮੀ ਨੇ ਪ੍ਰਕਾਸ਼ਿਤ ਕੀਤਾ। ਉਹ ਪੰਜਾਬੀ ਤੋਂ ਅੰਗਰੇਜ਼ੀ ਚ ਬਹੁਤ ਚੰਗੇ ਅਨੁਵਾਦਕ ਸਨ। ਮੈਨੂੰ ਮਾਣ ਹੈ ਕਿ ਉਨ੍ਹਾਂ ਮੇਰੀਆਂ ਵੀ ਕੁਝ ਕਵਿਤਾਵਾਂ ਅਨੁਵਾਦ ਕਰਕੇ ਸੋਵੀਅਤ ਲੈਂਡ ਮੈਗਜ਼ੀਨ ਚ ਛਪਵਾਈਆਂ।

ਅੰਗਰੇਜ਼ੀ ਅਖ਼ਬਾਰਾਂ ਵਿੱਚ ਲਗਾਤਾਰ ਕਾਲਮ ਲਿਖਣ ਵਾਲੇ ਪ੍ਰੋ. ਨਰਿੰਜਨ ਤਸਨੀਮ ਨੇ ਅਨੇਕਾਂ ਮਹੱਤਵਪੂਰਨ ਪੁਸਤਕਾਂ ਨੂੰ ਪੰਜਾਬੀ ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਉਲਥਾਇਆ ਹੈ। ਆਪਣੀ ਸਿਰਜਣਾਤਮਕ ਸਿਖ਼ਰ ਉਹ ਫਰੀਦਕੋਟ ਨੂੰ ਹੀ ਮੰਨਦੇ ਸਨ। ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਲੁਧਿਆਣਾ ਸ਼ਹਿਰ ਦੇ ਪੱਖੋਵਾਲ ਰੋਡ ਸਥਿਤ ਵਿਸ਼ਾਲ ਨਗਰ ਇਲਾਕੇ ਵਿੱਚ ਵੱਸਦੇ ਪ੍ਰੋ. ਨਰਿੰਜਨ ਤਸਨੀਮ ਉਮਰ ਦੇ 89ਵੇੰ ਡੰਡੇ ਤੀਕ ਸਿੱਧੇ ਸਤੋਰ ਖੜ੍ਹੇ ਰਹੇ ਪਰ 90ਵਾਂ ਚੜ੍ਹਨ ਸਾਰ ਡੋਲ ਗਏ। ਆਪਣੇ ਇਕਲੌਤੇ ਪੁੱਤਰ ਡਾ: ਗੁਰਿੰਦਰਜੀਤ ਸਿੰਘ ਤੇ ਧੀਆਂ ਪੁੱਤਰਾਂ ਤੋਂ ਇਲਾਵਾ ਵਿਸ਼ਾਲ ਪਾਠਕ ਵਰਗ ਤੇ ਮਿੱਤਰ ਮੰਡਲ ਉਨ੍ਹਾਂ ਨੂੰ ਪਹਿਲੀ ਮਈ ਨੂੰ ਉਨ੍ਹਾਂ ਦੇ ਜਨਮ ਦਿਹਾੜੇ ਤੇ ਚੇਤੇ ਕਰੇਗਾ।