google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: February 2019

Monday 25 February 2019

ਕਵਿਤਾ ਕੁੰਭ -4 ਵਿਚ ਸ਼ਾਇਰਾਂ ਅਤੇ ਸਰੋਤਿਆਂ ਨੇ ਲਾਈਆਂ ਡੁਬਕੀਆਂ

ਇਕ ਸ਼ਾਇਰ 6ਵੀਂ, ਇਕ 12ਵੀਂ ਅਤੇ ਇਕ ਬੀ.ਏ.ਭਾਗ (1)ਦਾ ਵਿਦਿਆਰਥੀ ਸੀ
ਲੁਧਿਆਣਾ: 24 ਫਰਵਰੀ 2019:  (ਸੁਰਿੰਦਰ ਰਾਮਪੁਰੀ//ਸਾਹਿਤ ਸਕਰੀਨ)::
ਅਦਾਰਾ ਸ਼ਬਦਜੋਤ ਵਲੋਂ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਏ ਗਏ ਕਵਿਤਾ ਕੁੰਭ -4 ਵਿਚ  ਪੰਜਾਬੀ, ਹਿੰਦੀ ਅਤੇ ਉਰਦੂ ਦੇ ਬਵੰਜਾ ਕਵੀਆਂ ਨੇ ਭਾਗ ਲਿਆ । ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਜਿੱਥੇ ਕਈ ਕਈ ਪੁਸਤਕਾਂ ਰਚਣ ਵਾਲੇ ਲੇਖਕ ਸ਼ਾਮਲ ਹੋਏ, ਉੱਥੇ  ਨਵੀਂਆਂ ਪੁੰਗਰ ਰਹੀਆਂ ਕਲਮਾਂ ਨੇ ਵੀ ਹਿੱਸਾ ਲਿਆ।
ਇਕ ਸ਼ਾਇਰ ਛੇਵੀਂ ਕਲਾਸ , ਇਕ ਬਾਰਵੀਂ ਕਲਾਸ ਅਤੇ ਇਕ ਬੀ.ਏ.ਭਾਗ ਪਹਿਲਾਂ ਦਾ ਵਿਦਿਆਰਥੀ ਸੀ।
ਸ਼੍ਰੀ ਗੁਰਦਿਆਲ ਰੌਸ਼ਨ ਨੇ ਪੜ੍ਹੀਆਂ ਗਈਆਂ ਗ਼ਜ਼ਲਾਂ ਅਤੇ  ਗੀਤਾਂ ਬਾਰੇ ਅਤੇ ਡਾ਼.ਸਰਬਜੀਤ ਕੌਰ ਸੋਹਲ ਨੇ ਕਵਿਤਾਵਾਂ ਬਾਰੇ ਵਿਸਥਾਰ ਸਹਿਤ ਟਿੱਪਣੀਆਂ ਕੀਤੀਆਂ । ਡਾ਼.ਸੁਰਜੀਤ ਪਾਤਰ ਨੇ ਸਾਰੇ ਸ਼ਾਇਰਾਂ ਨੂੰ ਅਸ਼ੀਰਵਾਦ ਦਿੱਤਾ।ਪਿਛਲੀ ਪੀੜ੍ਹੀ ਦੇ ਸ਼ਾਇਰਾਂ ਨੇ ਨਵੇਂ ਸ਼ਾਇਰਾਂ ਦਾ  ਸੁਆਗਤ ਕਰਦਿਆਂ, ਉਨ੍ਹਾਂ ਨੂੰ ਨਿੱਠ ਕੇ ਸੁਣਿਆ ਜਿੰਨ੍ਹਾਂ ਵਿਚ ਰਵਿੰਦਰ ਭੱਠਲ, ਸਵਰਨਜੀਤ ਸਵੀ, ਜਸਵੰਤ ਜ਼ਫ਼ਰ, ਸਤੀਸ਼ ਗੁਲਾਟੀ ਸੁਰਿੰਦਰ ਰਾਮਪੁਰੀ, ਸੀ ਮਾਰਕੰਡਾ, ਜਨਮੇਜਾ ਜੌਹਲ , ਹਰਬੰਸ ਸਿੰਘ ਅਖਾੜਾ, ਰੈਕਟਰ ਕਥੂਰੀਆ, ਕੁਲਵਿੰਦਰ ਕਿਰਨ, ਤਰਲੋਚਨ ਲੋਚੀ, ਮਨਜਿੰਦਰ ਧਨੋਆ,  ਆਦਿ ਸ਼ਾਮਲ ਸਨ ।
ਪੜ੍ਹੀਆਂ ਗਈਆਂ ਸਾਰੀਆਂ ਕਵਿਤਾਵਾਂ ਦੀ ਪੁਸਤਕ ਛਾਪੀ ਜਾਵੇਗੀ।
ਇਹ ਸਮਾਗਮ ਨੂੰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਸਹਿਯੋਗ ਪ੍ਰਾਪਤ ਸੀ।। ਰਵੀ ਰਵਿੰਦਰ, ਪ੍ਰਭਜੋਤ ਸੋਹੀ ਅਤੇ ਮੀਤ ਅਨਮੋਲ ਦੀ ਮਿਹਨਤ ਰੰਗ ਲਿਆਈ।
ਮੈਂ ਨਿੱਜੀ ਤੌਰ ਤੌਰ ਤੇ ਇਨ੍ਹਾਂ ਨਵੇਂ ਸ਼ਾਇਰਾਂ ਤੋਂ ਬਹੁਤ ਕੁਝ ਸਿੱਖਿਆ।  --ਸੁਰਿੰਦਰ ਰਾਮਪੁਰੀ

Friday 15 February 2019

ਹਰਿਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ ਜਤਿੰਦਰ ਪੰਨੂ ਨੂੰ

ਸਮਾਗਮ ਹੋਵੇਗਾ 17 ਫਰਵਰੀ ਨੂੰ ਹਲਵਾਰਾ ਵਿਖੇ
ਲੁਧਿਆਣਾ: 15 ਫਰਵਰੀ 2019: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::
ਹਰਿਭਜਨ ਹਲਵਾਰਵੀ ਦਾ ਚੇਤਾ ਕਰਦਿਆਂ ਅਕਸਰ ਯਾਦ ਆਉਂਦਾ ਹੈ ਕਿ ਮਾਲਾ ਕਿਓਂ ਤਲਵਾਰ ਬਣੀ? ਇੱਕ ਸੂਖਮ ਜਿਹਾ ਸੰਵੇਦਨਸ਼ੀਲ ਵਿਅਕਤੀ ਹਥਿਆਰਬੰਦ ਇਨਕਲਾਬ ਦੇ ਰਾਹ ਤੁਰ ਪਿਆ। ਆਖਿਰ ਕਿਓਂ? ਕਿ ਉਸ ਨੂੰ ਮੌਤ ਦਾ ਡਰ ਨਹੀਂ ਸੀ? ਗੱਲ ਉਸ ਸੱਠਵਿਆਂ ਦੇ ਦਹਾਕੇ ਦੀ ਹੈ ਜਦੋਂ ਨਕਸਲਵਾਦ ਦਾ ਰਸਤਾ ਬਹੁਤ ਸਾਰੇ ਨੌਜਵਾਨਾਂ ਦੇ ਨਾਲ ਨਾਲ ਕਲਮਕਾਰਾਂ ਨੂੰ ਵੀ ਆਕਰਸ਼ਿਤ ਕਰ ਰਿਹਾ ਸੀ। ਕਦੋਂ ਕਿਸ ਨੇ ਫੜੇ ਜਾਣਾ ਹੈ ਜਾਣ ਕਦੋਂ ਕਿਸਦਾ ਮੁਕਾਬਲਾ ਬਣਾ ਦਿੱਤਾ ਜਾਣਾ ਹੈ ਇਸਦਾ ਕੁਝ ਪਤਾ ਨਹੀਂ ਸੀ ਪਰ ਫਿਰ ਵੀ ਪੰਜਾਬ ਦੇ ਨੌਜਵਾਨ ਇਸ ਲਹਿਰ ਵੱਲ ਖਿੱਚੇ ਤੁਰੇ ਆ ਰਹੇ ਸਨ। ਚੰਗੇ ਪੜ੍ਹੇ ਲਿਖੇ ਨੌਜਵਾਨ , ਘਰੋਂ ਸਰਦੇ ਪੁੱਜਦੇ ਨੌਜਵਾਨ। ਇਹਨਾਂ ਨੂੰ ਆਪਣੀ ਨਿਜੀ ਜ਼ਿੰਦਗੀ ਵਿੱਚ ਸ਼ਾਇਦ ਕੋਈ ਔਖ ਨਹੀਂ ਸੀ। ਜੇ ਗਮ ਸੀ ਤਾਂ ਬਸ ਏਨਾ ਕੁ ਹੀ ਕਿ ਆਖਿਰ ਕਿਓਂ ਸਾਕਾਰ ਨਹੀਂ ਹੁੰਦੇ ਸ਼ਹੀਦਾਂ ਦੇ ਸੁਪਨੇ! ਦਾਰਜੀਲਿੰਗ ਨੇੜੇ ਸਥਿਤ ਇੱਕ ਛੋਟੇ ਜਿਹੇ ਇਲਾਕੇ "ਨਕਸਲਬਾੜੀ" ਤੋਂ ਉੱਠੀ ਚਿੰਗਾਰੀ ਨੇ ਅਣਗਿਣਤ ਲੋਕਾਂ ਨੂੰ ਮੋਹ ਲਿਆ। ਉਹਨੀਂ ਦਿਨੀਂ ਰੇਡੀਓ ਵਾਲੇ ਐਸ ਐਸ ਮੀਸ਼ਾ (ਸੋਹਨ ਸਿੰਘ ਮੀਸ਼ਾ) ਹੁਰਾਂ ਨੇ ਲਿਖਿਆ;
ਲਹਿਰਾਂ ਸੱਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ,
ਸਾਥੋਂ ਮੋਹ ਤੋੜ ਹੋਇਆ ਨਾ ਕਿਨਾਰਿਆਂ ਦੇ ਨਾਲ। 
ਹਰਿਭਜਨ ਹਲਵਾਰਵੀ ਉਹਨਾਂ ਵਿੱਚੋਂ ਸੀ ਜਿਹਨਾਂ ਨੇ ਇੱਕ ਵਾਰ ਤਾਂ ਕਿਨਾਰਿਆਂ ਤੋਂ ਮੋਹ ਤੋੜ ਲਿਆ ਸੀ। ਇਸ ਜੁਰਮ ਦੀ ਸਜ਼ਾ ਵੀ ਭੁਗਤੀ।  ਸੁਪਨੇ ਦੇਖਣਾ ਤੇ ਫਿਰ ਉਹਨਾਂ ਨੂੰ ਸਾਕਾਰ ਕਰਨ ਲਈ ਸੰਘਰਸ਼ਾਂ ਦੇ ਰਸਤੇ ਪੈਣਾ ਬੜਾ ਬਿਖੜਾ ਪੈਂਡਾ ਸੀ। ਸਜ਼ਾ ਤਾਂ ਭੁਗਤਣੀ ਹੀ ਪੈਣੀ ਸੀ ਪਰ ਇਹਨਾਂ ਸੂਝਵਾਨਾਂ ਨੇ ਆਪਣੇ ਸੁਪਨਿਆਂ ਨੂੰ ਮਰਨ ਨਹੀਂ ਸੀ ਦਿੱਤਾ। ਜੇ ਗੋਲੀ ਦਾ ਰਸਤਾ ਠੀਕ ਲੱਗਿਆ ਤਾਂ ਉਧਰ ਹੀ ਤੁਰ ਪਏ।  ਜੇ ਗੋਰਕੀ ਦੇ ਨਾਵਲ "ਮਾਂ" ਨੇ ਬਹੁਤ ਸਾਰੇ ਲੋਕਾਂ ਨੂੰ ਕਮਿਊਨਿਸਟ ਬਣਾਇਆ ਸੀ ਤਾਂ ਜਸਵੰਤ ਸਿੰਘ ਕੰਵਲ ਦੀਆਂ "ਲਹੂ ਦੀ ਲੋਅ" ਵਰਗੀਆਂ ਲਿਖਤਾਂ ਨੇ ਬਹੁਤ ਸਾਰਿਆਂ ਨੂੰ ਨਕਸਲਬਾੜੀ ਵਾਲੇ ਰਸਤੇ ਤੋਰਿਆ ਸੀ।
ਇਹ ਗੱਲ ਵੱਖਰੀ ਹੈ ਕਿ ਬਾਅਦ ਵਿੱਚ ਬਹੁਤ ਸਾਰਿਆਂ ਦਾ ਮੋਹ ਭੰਗ ਹੁੰਦਾ ਚਲਾ ਗਿਆ। ਨਕਸਲਬਾੜੀ ਲਹਿਰ ਕਈ ਗਰੁਪਾਂ ਵਿਚ ਵੰਡੀ ਗਈ। ਕੇਡਰ ਨਿਰਾਸ਼ ਹੁੰਦਾ ਚਲਾ ਗਿਆ। ਇਸ ਤਰਾਂ ਲੱਗਦਾ ਜਿਵੈਂ ਇਹ ਸਾਰੀਆਂ ਕੁਰਬਾਨੀਆਂ ਖੂਹਖਾਤੇ ਚਲੀਆਂ ਗਈਆਂ। ਉਸ ਵੇਲੇ ਆਪਣਾ ਆਪ ਫਰੋਲਣ ਦਾ ਵੇਲਾ ਸੀ। ਖੁਦ ਹੀ ਖੁਦ ਕੋਲੋਂ ਸੁਆਲ ਪੁੱਛਣੇ ਸਨ ਅਤੇ ਖੁਦ ਹੀ ਖੁਦ ਨੂੰ ਜੁਆਬ ਦੇਣੇ ਸਨ। ਜੇਲ੍ਹ ਦਾ ਮਾਹੌਲ ਉਹਨਾਂ ਦਿਨਾਂ ਵਿੱਚ ਅੱਜ ਨਾਲੋਂ ਚੰਗਾ ਸੀ। ਸੋਚਣ ਦਾ ਮੌਕਾ ਮਿਲਦਾ ਸੀ। ਪੜ੍ਹਨ ਲਿਖਣ ਦਾ ਮੌਕਾ ਵੀ ਮਿਲਦਾ ਸੀ। ਇਸ ਨਾਲ ਜਦੋਂ ਆਪਣੇ ਆਪ ਨਾਲ ਮੁਲਾਕਾਤ ਹੁੰਦੀ ਸੀ ਤਾਂ ਖੁਦ ਦਾ ਖੁਦ ਨਾਲ ਵਿਚਾਰ ਵਟਾਂਦਰਾ ਵੀ ਹੁੰਦਾ। ਹਰਿਭਜਨ ਹਲਵਾਰਵੀ ਨੇ ਵੀ ਕਈ ਵਾਰ ਖੁਦ ਦਾ ਸਾਹਮਣਾ ਕੀਤਾ ਅਤੇ ਉਸ ਮੁਲਾਕਾਤ ਵਿੱਚੋਂ ਕਈ ਵਾਰ ਕਾਫੀ ਕੁਝ ਨਿਕਲਿਆ। ਸਮੁੰਦਰ ਮੰਥਨ ਦੇ ਖਜ਼ਾਨਿਆਂ ਵਾਂਗ-ਬਹੁਤ ਕੁਝ। ਨਕਸਲਬਾੜੀ ਲਹਿਰ ਕਾਰਣ ਹੀ ਸਾਡੀ ਪਰਿਵਾਰਿਕ ਸਾਂਝ ਬਣੀ। ਮੈਂ ਬਹੁਤ ਛੋਟਾ ਸੀ ਪਰ ਮੇਰੇ ਪਿਤਾ ਜੀ ਅਤੇ ਚਾਚਾ ਜੀ ਨਾਲ ਹਲਵਾਰਵੀ ਹੁਰਾਂ ਦੇ ਬਹੁਤ ਨੇੜਲੇ ਸਬੰਧ ਸਨ। ਪਿੰਡ ਪੱਕਾ ਕਾਲੇਵਾਲੇ ਵਾਲੇ ਗੁਰਪਰਤਾਪ ਸਿੰਘ ਸ਼ੇਰਗਿੱਲ ਅਤੇ ਜਲਾਲਾਬਾਦ ਵਾਲੇ ਸਤਨਾਮ ਸਿੰਘ ਸੇਠੀ ਆਦਿ ਕੁਝ ਚੰਗੇ ਸਰਦੇ ਪੁੱਜਦੇ ਲੋਕ ਵੀ ਉਹਨਾਂ ਦੇ ਮਿੱਤਰਾਂ ਵਿੱਚੋਂ ਸਨ। 
ਅੰਡਰਗਰਾਊਂਡ ਵਾਲੇ ਹਾਲਾਤ ਠੀਕ ਹੋਏ ਤਾਂ ਮੁਲਾਕਾਤਾਂ ਵੀ ਵਧੀਆਂ ਸਨ ਪਰ ਰੁਝੇਵਿਆਂ ਨੇ ਜ਼ਿਆਦਾ ਗੱਲਾਂਬਾਤਾਂ ਨਾ ਕਰਨ ਦਿੱਤੀਆਂ। ਪੰਜਾਬੀ ਟ੍ਰਿਬਿਊਨ ਲਈ ਕੰਮ ਕਰਦਿਆਂ ਮੈਂ ਮਹਿਸੂਸ ਕੀਤਾ ਕਿ ਹਲਵਾਰਵੀ ਸਾਹਿਬ ਆਏ ਗਏ ਦਾ ਸੁੱਖ ਸਾਂਦ ਵੀ ਪੁੱਛਦੇ। ਅਪਣੱਤ ਦਾ ਅਹਿਸਾਸ ਵੀ ਕਰਾਉਂਦੇ,  ਉਸ ਲਈ ਜ਼ਰੂਰੀ ਕਦਮ ਵੀ ਚੁੱਕਦੇ ਪਰ ਫਿਰ ਵੀ ਆਪਣੀ ਕੁਰਸੀ ਦੀ ਜ਼ਿੰਮੇਵਾਰੀ ਨੂੰ ਦੇਖਦਿਆਂ ਕਈ ਵਾਰ ਨਿਰਲੇਪ ਜਿਹੇ ਵੀ ਬਣੇ ਰਹਿੰਦੇ। ਇਹ ਉਹ ਦੌਰ ਸੀ ਜਦੋਂ ਕਈਆਂ ਨੇ ਹਲਵਾਰਵੀ ਹੁਰਾਂ ਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਵੀ ਬਣਾਇਆ। ਵਿਵਾਦ ਵੀ ਉੱਠੇ ਪਰ ਹਥਿਆਰਬੰਦ ਘੋਲ ਵਾਲੇ ਰਸਤੇ ਨੂੰ ਛੱਡ ਕੇ ਕਲਮ ਵੱਲ ਆਏ ਬਹੁਤ ਸਾਰੇ ਨਕਸਲੀ ਯੋਧਿਆਂ ਵਾਂਗ ਹਲਵਾਰਵੀ ਹੁਰਾਂ ਨੇ ਵੀ ਪਿਛਾਂਹ ਮੁੜ ਕੇ ਨਹੀਂ ਦੇਖਿਆ। ਇਸ ਦੁਨੀਆ ਤੋਂ ਉਹਨਾਂ ਦਾ ਵਿਦਾ ਹੋਣਾ ਸਮੇਂ ਤੋਂ ਬਹੁਤ ਹੀ ਪਹਿਲਾਂ ਦੀ ਗੱਲ ਸੀ। ਅਜਿਹਾ ਕਿਸੇ ਨੇ ਸੋਚਿਆ ਵੀ ਨਹੀਂ ਸੀ। ਅਚਿੰਤੇ ਬਾਜ਼ ਪਏ ਵਾਲੀ ਗੱਲ ਇੱਕ ਵਾਰ ਫੇਰ ਸੱਚ ਹੋ ਨਿੱਬੜੀ ਸੀ। 
ਦੂਜੇ ਪਾਸੇ ਜਤਿੰਦਰ ਪੰਨੂ ਹੁਰਾਂ ਨੇ ਜਦੋਂ ਸਰਗਰਮ ਪੱਤਰਕਾਰੀ ਵਿੱਚ ਕਦਮ ਰੱਖਿਆ ਉਦੋਂ ਪੰਜਾਬ ਵਿੱਚ ਅੱਗ ਲੱਗੀ ਹੋਈ ਸੀ। ਹਥਿਆਰਬੰਦ ਸੰਘਰਸ਼ ਫਿਰ ਸ਼ੁਰੂ ਹੋ ਚੁੱਕਿਆ ਸੀ।  ਥਾਣੇ ਅਕਸਰ ਸ਼ਾਮ ਨੂੰ ਪੰਜ ਵਜੇ ਬੰਦ ਹੋ ਜਾਇਆ ਕਰਦੇ ਸਨ। ਸਵੇਰੇ ਘਰੋਂ ਨਿਕਲਣ ਵੇਲੇ ਯਕੀਨ ਨਹੀਂ ਸੀ ਹੁੰਦਾ ਕਿ ਸ਼ਾਮੀ ਘਰ ਪਰਤ ਸਕਾਂਗੇ ਜਾਂ ਨਹੀਂ। ਇੱਕ ਪਾਸੇ ਹਕੂਮਤ ਦੀ ਸਖਤੀ ਦੂਜੇ ਪਾਸੇ ਖਾਲਿਸਤਾਨੀ ਹਨੇਰੀ। ਜਦੋਂ ਪੰਥਕ ਕਮੇਟੀ ਨੇ ਮੀਡੀਆ ਲਈ ਵੀ "ਕੋਡ ਆਫ ਕੰਡਕਟ" ਜਾਰੀ ਕੀਤਾ ਤਾਂ ਉਸਨੂੰ ਬਹੁਤ ਸਾਰੇ ਅੰਗਰੇਜ਼ੀ-ਹਿੰਦੀ ਅਤੇ ਪੰਜਾਬੀ ਅਖਬਾਰਾਂ ਸਮੇਤ ਕਈਆਂ ਨੇ ਪਰਕਾਸ਼ਿਤ ਕੀਤਾ। ਮੈਨੂੰ ਯਾਦ ਹੈ ਉਹ ਕਾਫੀ ਲੰਮਾ ਬਿਆਨ ਸੀ। ਪਰ ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ਨਾ ਚਾਹੁੰਦਿਆਂ ਹੋਈਆਂ ਵੀ ਉਸ ਨੂੰ ਪੂਰੇ ਦਾ ਪੂਰਾ ਛਾਪਿਆ ਸੀ। ਹਿੰਦੀ ਦੇ ਰੋਜ਼ਾਨਾ ਅਖਬਾਰ  ਦੈਨਿਕ ਟ੍ਰਿਬਿਊਨ ਦੇ ਸੰਪਾਦਕ ਰਾਧੇ ਸ਼ਿਆਮ ਸ਼ਰਮਾ ਸ਼ਾਇਦ ਅਜਿਹੀ ਹੀ ਕਿਸੇ ਖਬਰ ਦੇ ਮੁੱਦੇ ਨੂੰ ਲੈ ਕੇ ਅਸਤੀਫਾ ਦੇ ਗਏ ਸਨ।  ਉਸ ਵੇਲੇ ਵੀ ਜਤਿੰਦਰ ਪੰਨੂ ਹੁਰਾਂ ਨੇ  "ਨਵਾਂ ਜ਼ਮਾਨਾ" ਵਿੱਚ ਉਹੀ ਕੁਝ ਛਾਪਿਆ ਜੋ ਉਹਨਾਂ ਨੂੰ ਠੀਕ ਲੱਗਿਆ। ਇੱਕ ਹੱਥ ਵਿੱਚ ਕਲਮ ਅਤੇ ਦੂਜੇ ਹੱਥ ਵਿੱਚ ਪਿਸਤੌਲ ਫੜ ਕੇ ਲਿਖਣਾ ਕੋਈ ਸੌਖਾ ਕੰਮ ਨਹੀਂ ਸੀ। ਸ਼ਾਇਦ ਜਾਗਦੀ ਜ਼ਮੀਰ ਵਾਲੇ ਪੱਤਰਕਾਰ ਲਈ ਹਰ ਵੇਲੇ ਅਜਿਹੇ ਹਾਲਾਤ ਹੀ ਰਹਿੰਦੇ ਹਨ। ਉਸਨੂੰ ਹਰ ਵੇਲੇ ਆਪਣੀ ਕਲਮ 'ਤੇ ਵੀ ਪਹਿਰਾ ਦੇਣਾ ਪੈਂਦਾ ਹੈ ਅਤੇ ਆਪਣੀ ਜ਼ਮੀਰ 'ਤੇ ਵੀ। ਸ਼ਾਇਦ ਪੰਨੂ ਹੁਰਾਂ ਦੀਆਂ ਅੱਖਾਂ ਵਿਚਲੀ ਚਮਕ, ਬੋਲਬਾਣੀ ਵਿੱਚ ਦਲੇਰੀ ਅਤੇ ਚਿਹਰੇ ਦਾ ਨੂਰ ਇਸ ਕਰਕੇ ਹੀ ਸੰਭਵ ਹੋ ਸਕਿਆ ਕਿ ਉਹਨਾਂ ਆਪਣੀ ਜ਼ਮੀਰ ਦੀ ਆਵਾਜ਼ ਵੱਲ ਹਰ ਵੇਲੇ ਕੰਨ ਰੱਖਿਆ।  ਇਸ ਲਈ ਇਸ ਇਨਾਮ-ਸਨਮਾਨ ਦੀ ਇੱਕ ਵੱਖਰੀ ਜਿਹੀ ਅਹਿਮੀਅਤ ਬਣ ਜਾਂਦੀ ਹੈ। ਇੱਕ ਨਾਇਕ ਦੇ ਨਾਮ ਵਾਲਾ ਇਨਾਮ ਸਨਮਾਨ ਇੱਕ ਨਾਇਕ ਨੂੰ ਹੀ ਦਿੱਤਾ ਜਾ ਰਿਹਾ ਹੈ। 
ਸਭ ਤੋਂ ਵੱਡੀ ਗੱਲ ਇਹ ਕਿ ਇਹ ਇੱਕ ਪ੍ਰੇਰਨਾ ਵੀ ਹੈ। ਅੱਜ ਦੇ ਦੌਰ ਵਿੱਚ ਜਦੋਂ ਮੀਡੀਆ ਵੀ ਸ਼ੁੱਧ ਕਾਰੋਬਾਰੀ ਹੋ ਚੁੱਕਿਆ ਹੈ ਅਤੇ ਸਮਾਜ ਵੀ। ਇਸ ਵਿਕਾਓ ਯੁਗ ਵਿੱਚ ਵੀ ਜੇ ਅਸੀਂ ਉਹਨਾਂ ਕਲਮਾਂ ਵਾਲਿਆਂ ਨੂੰ ਪਛਾਣ ਸਕਦੇ ਹਾਂ ਜਿਹੜੇ ਨਾ ਵਿਕੇ ਤੇ ਨਾ ਡਰੇ ਤਾਂ ਨਿਸਚੇ ਹੀ ਅਸੀਂ ਅਜੇ ਵੀ ਉਮੀਦ ਕਰ ਸਕਦੇ ਹਾਂ ਕਿ ਕਲਮ ਨਾਲ ਸਮਾਜ ਬਦਲਿਆ ਜਾ ਸਕਦਾ ਹੈ। 
ਜਦੋਂ ਪੰਨੂ ਹੁਰਾਂ ਨੇ "ਨਵਾਂ ਜ਼ਮਾਨਾ" ਵਿੱਚ ਆਪਣੀਆਂ ਲਿਖਤਾਂ ਲਿਖੀਆਂ ਉਦੋਂ ਲੋਕ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਦਾ ਸਫ਼ਰ ਸਿਰਫ ਰੋਜ਼ਾਨਾ "ਨਵਾਂ ਜ਼ਮਾਨਾ" ਖਰੀਦਣ ਲਈ ਹਰ ਰੋਜ਼ ਕਰਿਆ ਕਰਦੇ ਸਨ। ਇਹ ਸਾਡੇ ਸਾਰਿਆਂ ਲਈ ਇੱਕ ਮਾਣ ਵਾਲੀ ਗੱਲ ਹੈ ਕਿ "ਨਵਾਂ ਜ਼ਮਾਨਾ" ਨੇ  ਅੱਜ ਦੀਆਂ ਸਥਾਪਿਤ ਅਖਬਾਰਾਂ ਵਾਂਗ ਆਪਣੀ ਵਿਕਰੀ ਵਧਾਉਣ ਲਈ ਕਦੇ ਵੀ ਗਿਫਟ  ਆਈਟਮਾਂ ਦਾ ਸਹਾਰਾ ਨਹੀਂ ਸੀ ਲਿਆ। ਕਦੇ ਵੀ ਘਰ ਘਰ ਜਾ ਕੇ ਪਰਚਾ ਖਰੀਦਣ ਵਾਲਿਆਂ ਗਿਫ਼ਟ ਸਕੀਮਾਂ ਨਹੀਂ ਸਨ ਚਲਾਈਆਂ। ਵੱਡੀਆਂ ਵੱਡੀਆਂ ਰੰਗੀਨ ਅਖਬਾਰਾਂ ਦੇ ਮੁਕਾਬਲੇ ਬੜੀ ਹੀ ਸਾਦਗੀ ਨਾਲ ਛਪਣ ਵਾਲਾ ਬਲੈਕ ਐਂਡ ਵਾਈਟ ਨਵਾਂ ਜ਼ਮਾਨਾ ਸਿਰਫ ਆਪਣੇ ਸ਼ਬਦਾਂ ਦੀ ਜਾਨ ਦੇ ਸਿਰ ਤੇ ਘਰ ਘਰ ਪਹੁੰਚਦਾ ਸੀ। ਜਿਹਨਾਂ ਲੋਕਾਂ ਨੇ ਜਤਿੰਦਰ ਪੰਨੂੰ ਹੁਰਾਂ ਦੀਆਂ ਲਿਖਤਾਂ ਪੜ੍ਹੀਆਂ ਹਨ ਉਹਨਾਂ ਨੂੰ ਪਤਾ ਹੈ ਕਿ "ਨਵਾਂ ਜ਼ਮਾਨਾ" ਉਹਨਾਂ ਦੀਆਂ ਲਿਖਤਾਂ ਕਾਰਨ ਅੱਜ ਵੀ ਹਰਮਨ ਪਿਆਰਾ ਹੈ। 
ਪੰਨੂੰ ਹੁਰਾਂ ਦਾ ਇਹੀ ਰੰਗ ਬਾਕੀ ਮੀਡੀਆ ਉੱਤੇ ਵੀ ਸੀ।
ਇੱਕ ਵਾਰ ਜਲੰਧਰ ਵਾਲੇ ਰੇਡੀਓ ਸਟੇਸ਼ਨ 'ਤੇ ਮੁਲਾਕਾਤ ਹੋਈ। ਉਸ ਵੇਲੇ ਇੱਕੋ ਇੱਕ ਸਟੂਡੀਓ ਹੀ ਖਾਲੀ ਸੀ ਅਤੇ ਪੰਨੂ ਹੁਰਾਂ ਨੇ ਜਲਦੀ ਜਾਣਾ ਸੀ। ਸੋ ਫੈਸਲਾ ਹੋਇਆ ਉਹਨਾਂ ਦੀ ਰਿਕਾਰਡਿੰਗ ਪਹਿਲਾਂ ਕਰ ਲਈ ਜਾਏ। ਮੈਂ ਦੂਜੇ ਪਾਸਿਓਂ ਤਕਨੀਕੀ ਸੈਕਸ਼ਨ ਵਿੱਚ  ਲੱਗੇ ਸ਼ੀਸ਼ੇ ਵਿੱਚੋਂ ਦੇਖ ਵੀ ਰਿਹਾ ਸਾਂ ਅਤੇ ਸੁਣ ਵੀ ਰਿਹਾ ਸਾਂ। ਇੱਕ ਵੀ ਸ਼ਬਦ ਅਜਿਹਾ ਨਹੀਂ ਜਿਹੜਾ ਉਹਨਾਂ ਕਿਸੇ ਕਾਗਜ਼ ਤੋਂ ਪੜ੍ਹਿਆ ਹੋਵੇ ਅਤੇ ਇੱਕ ਵੀ ਸ਼ਬਦ ਨਿਰਥਰਕ ਨਹੀਂ ਸੀ। ਸੁਣਨ ਵਾਲਾ ਸਾਹ ਰੋਕ ਕੇ ਸੁਣਦਾ। ਵਾਲ ਦੀ ਖੱਲ ਲਾਹੁਣਾ ਸੁਣਿਆ ਸੀ ਪਰ ਪੰਨੂ ਸਾਹਿਬ ਜਦੋਂ ਵਿਸ਼ਲੇਸ਼ਣ ਕਰਦੇ ਹਨ ਤਾਂ ਇੱਕ ਆਮ ਅਤੇ ਅਨਪੜ੍ਹ ਕਿਸਮ ਦੇ ਵਿਅਕਤੀ ਸਾਹਮਣੇ ਵੀ ਸਾਰਾ ਹੀਜ ਪਿਆਜ ਸਾਹਮਣੇ ਲੈ ਆਂਦੇ ਹਨ। ਹਲਵਾਰਾ ਦੀ ਧਰਤੀ 'ਤੇ ਅਜਿਹੀ ਸ਼ਖ਼ਸੀਅਤ ਦੇ ਮਾਨ ਸਨਮਾਨ ਵਿੱਚ ਅਜਿਹਾ ਸਮਾਗਮ ਹੋਣਾ ਸਾਡੇ ਸਭਨਾਂ ਲਈ ਖੁਸ਼ੀ ਦੀ ਗੱਲ ਹੈ। 
ਮਿਲੀ ਸੂਚਨਾ ਮੁਤਾਬਿਕ ਆਸਟਰੇਲੀਆ ਵੱਸਦੇ ਪੰਜਾਬੀ ਮੀਡੀਆ ਕਰਮੀ ਤੇ ਲੇਖਕ ਦਲਬੀਰ ਸਿੰਘ ਸੁੰਮਨ ਹਲਵਾਰਵੀ ਦੇ ਪਿਤਾ ਜੀ ਦੀ ਯਾਦ ਅੰਦਰ ਬਣੇ ਕਾਮਰੇਡ ਰਤਨ ਲਿੰਘ ਹਲਵਾਰਾ (ਇੰਗਲੈਂਡ ਵਾਲੇ) ਯਾਦਗਾਰੀ ਟਰਸਟ ਵੱਲੋਂ ਸਥਾਪਿਤ ਹਰਿਭਜਨ ਹਲਵਾਰਵੀ ਯਾਦਗਾਰੀ ਪੁਰਸਕਾਰ 17 ਫਰਵਰੀ ਨੂੰ ਸ਼੍ਰੀ ਗੁਰੂ ਰਾਮ ਦਾਸ ਕਾਲਿਜ ਆਫ ਐਜੂਕੇਸ਼ਨ ਪੱਖੋਵਾਲ ਰੋਡ ਹਲਵਾਰਾ  (ਲੁਧਿਆਣਾ)ਦੇ ਹਾਲ ਵਿੱਚ ਸਿਰਕੱਢ ਪੱਤਰਕਾਰ ਤੇ ਲੇਖਕ ਸ਼੍ਰੀ ਜਤਿੰਦਰ ਪੰਨੂ ਸੰਪਾਦਕ ਨਵਾਂ ਜ਼ਮਾਨਾ ਨੂੰ ਪ੍ਰਦਾਨ ਕੀਤਾ ਜਾਵੇਗਾ।

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਖੀਰਾ ਚ 19 ਅਕਤੂਬਰ 1954 ਨੂੰ ਪੈਦਾ ਹੋਏ ਸ਼੍ਰੀ ਜਤਿੰਦਰ ਪੰਨੂ ਪਿਛਲੇ 35 ਸਾਲ ਤੋਂ ਪੰਜਾਬੀ ਅਖਬਾਰ ਨਵਾਂ ਜ਼ਮਾਨਾ ਚ ਵੱਖ ਵੱਖ ਜ਼ੁੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਦੇਸ਼ ਬਦੇਸ਼ ਦੇ ਪ੍ਰਿੰਟ ਤੇ ਇਲੈਕਟਰਾਨਿਕ ਮੀਡੀਆ ਵਿੱਚ ਬੇਬਾਕ ਟਿਪਣੀਕਾਰ ਵਜੋਂ ਜਾਣੇ ਪਛਾਣੇ ਚਿਹਰੇ ਹਨ।
ਇਸ ਤੋਂ ਇਲਾਵਾ ਉਹ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਵੀ ਜੀਵਨ ਮੈਂਬਰ ਹਨ।
ਪੁਰਸਕਾਰ ਚੋਣ ਕਮੇਟੀ ਦੇ ਚੇਅਰਮੈਨ ਦਲਬੀਰ ਸਿੰਘ ਸੁੰਮਨ ਹਲਵਾਰਵੀ, ਸਰਬਜੀਤ ਸੋਹੀ ਤੇ ਡਾ: ਨਵਤੇਜ ਸਿੰਘ ਹਲਵਾਰਵੀ ਨੇ ਦੱਸਿਆ ਕਿ ਸ਼੍ਰੀ ਜਤਿੰਦਰ ਪੰਨੂ ਆਪਣੀਆਂ ਆਲੋਚਨਾਤਮਿਕ ਵਾਰਤਕ ਪੁਸਤਕਾਂ ਦਾਸਤਾਨ ਪੱਛੋਂ ਦੇ ਪੱਛਿਆਂ ਦੀ,ਸਿੱਖ ਧਰਮ ਦੇ ਸਮਾਜਿਕ ਸਰੋਕਾਰ, ਤੁਕ ਤਤਕਰਾ- ਵਾਰਾਂ ਭਾਈ ਗੁਰਦਾਸ, ਰੰਗ ਦੁਨੀਆਂ ਦੇ ਅਤੇ ਕਾਵਿ ਪੁਸਤਕ ਅੱਜਨਾਮਾ ਤੋਂ ਇਲਾਵਾ ਕਾਵਿ ਵਿਅੰਗ ਛੀਓਡ਼ੰਬਾ ਕਾਰਨ ਹਮੇਸ਼ਾਂ ਚਰਚਾ ਚ ਰਹੇ ਹਨ। ਦੂਰਦਰਸ਼ਨ ਕੇਂਦਰ ਜਲੰਧਰ ਤੇ ਪਰਾਈਮ ਏਸ਼ੀਆ ਚੈਨਲ ਕੈਨੇਡਾ ਦੇ ਵਿਸ਼ਲੇਸ਼ਣਕਾਰ ਵਜੋਂ ਉਨ੍ਹਾਂ ਦੇ ਵਿਸ਼ਵਕੋਸ਼ੀ ਗਿਆਨ ਦਾ ਲੋਹਾ ਵਿਰੋਧੀ ਵੀ ਮੰਨਦੇ ਹਨ।
ਇਹ ਐਲਾਨ ਟਰਸਟ ਦੇ ਪ੍ਰਧਾਨ ਪ੍ਰੋ: ਗੁਰਭਜਨ ਗਿੱਲ, ਮੀਤ ਪ੍ਰਧਾਨ ਡਾ: ਗੋਪਾਲ ਸਿੰਘ ਬੁੱਟਰ , ਜਨਰਲ ਸਕੱਤਰ ਡਾ: ਨਿਰਮਲ ਜੌਡ਼ਾ, ਡਾ: ਜਗਵਿੰਦਰ ਜੋਧਾ ਸਕੱਤਰ ਸਰਗਰਮੀਆਂ ਤੇ ਵਿੱਤ ਸਕੱਤਰ ਮਨਜਿੰਦਰ ਸਿੰਘ ਧਨੋਆ ਨੇ ਕਰਦਿਆਂ ਕਿਹਾ ਹੈ ਕਿ ਸਮਾਗਮ ਦੀ ਪ੍ਰਧਾਨਗੀ ਡਾ: ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਕਰਨਗੇ ਜਦ ਕਿ ਮੁੱਖ ਮਹਿਮਾਨ ਵਜੋਂ ਡਾ: ਸੁਰਜੀਤ ਸਿੰਘ ਭੱਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ। ਇਸ ਮੌਕੇ ਕਰਵਾਏ ਜਾਣ ਵਾਲੇ ਕਵੀ ਦਰਬਾਰ ਦੀ ਪ੍ਰਧਾਨਗੀ ਪੰਜਾਬੀ ਕਵਿੱਤਰੀਆਂ ਅਰਤਿੰਦਰ ਸੰਧੂ,ਸੁਖਵਿੰਦਰ ਅੰਮ੍ਰਿਤ , ਹਰਿਭਜਨ ਹਲਵਾਰਵੀ ਦੀ ਜੀਵਨ ਸਾਥਣ ਪ੍ਰੋ: ਪ੍ਰਿਤਪਾਲ ਹਲਵਾਰਵੀ ਤੇ ਪ੍ਰਿੰਸੀਪਲ ਰਣਜੀਤ ਸਿੰਘ ਧਾਲੀਵਾਲ ਕਰਨਗੇ।
ਸੱਦੇ ਗਏ ਪੰਦਰਾਂ ਕਵੀਆਂ ਤੇ ਆਧਾਰਿਤ ਕਵੀ ਦਰਬਾਰ ਨੂੰ ਮਾਲਵਾ ਟੀ ਵੀ  ਲਾਈਵ ਟੈਲੀਕਾਸਟ ਕਰੇਗਾ।

Monday 11 February 2019

ਤਰਲੋਚਨ ਸਿੰਘ ਦੀ ਐਮ ਪੀ ਵੱਜੋਂ ਭੂਮਿਕਾ-ਪੁਸਤਕ ਰਿਲੀਜ਼

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਹੋਇਆ ਵਿਸ਼ੇਸ਼ ਸਮਾਗਮ 
ਪਟਿਆਲਾ: 11 ਫਰਵਰੀ 2019: (ਅਮ੍ਰਿਤਪਾਲ ਸਿੰਘ)::
"ਤਰਲੋਚਨ ਸਿੰਘ ਦੀ ਮੈਂਬਰ ਪਾਰਲੀਮੈਂਟ ਵੱਜੋਂ ਭੂਮਿਕਾ" ਨਾਮਕ ਪੁਸਤਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅੱਜ ਰਿਲੀਜ਼ ਕੀਤੀ ਗਈ। ਯੂਨੀਵਰਸਿਟੀ ਦੇ ਸਾਇੰਸ ਆਡੀਟੀਰੀਅਮ ਵਿੱਚ ਹੋਏ ਇੱਕ ਯਾਦਗਾਰੀ ਸਮਾਗਮ ਦੌਰਾਨ ਇਹ ਵਿਸ਼ੇਸ਼ ਪੁਸਤਕ ਯੂਨੀਵਰਸਿਟੀ ਦੇ ਮੌਜੂਦਾ ਵਾਈਸ ਚਾਂਸਲਰ ਡਾਕਟਰ ਬੀ ਐਸ ਘੁੰਮਣ ਅਤੇ ਸਾਬਕਾ ਵੀਸੀ ਡਾਕਟਰ ਜੋਗਿੰਦਰ ਪੁਆਰ ਹੁਰਾਂ ਨੇ ਰਿਲੀਜ਼ ਕੀਤੀ। ਇਸ ਮੌਕੇ ਨਾਮਵਰ ਸ਼ਾਇਰ ਡਾਕਟਰ ਸੁਰਜੀਤ ਪਾਤਰ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਆਏ ਹੋਏ ਡਾਕਟਰ ਭਗਵਾਨ ਜੋਸ਼, ਯੂਨੀਵਰਸਿਟੀ ਦੇ ਅਕਦਮਿਕ ਡੀਨ ਡਾਕਟਰ ਗੁਰਦੀਪ ਸਿੰਘ ਬੱਤਰਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਭਾਗੀ ਮੁਖੀ ਡਾਕਟਰ ਯੋਗਰਾਜ ਸਮੇਤ ਕਈ ਉੱਘੀਆਂ ਸ਼ਖਸੀਅਤਾਂ ਅਤੇ ਕਲਮਕਾਰ ਮੌਜੂਦ ਸਨ। ਸਾਹਿਤ ਰਸੀਆਂ ਦੇ ਨਾਲ ਨਾਲ ਸਿਆਸੀ ਰੂਚੀਆਂ ਰੱਖਣ ਵਾਲੇ ਵੀ ਬੜੇ ਉਤਸ਼ਾਹ ਵਿੱਚ ਨਜ਼ਰ ਆਏ।