google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: October 2023

Friday 13 October 2023

ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ -ਭਾਸ਼ਾ ਵਿਭਾਗ ਜ਼ਿੰਦਾਬਾਦ

ਜ਼ਿਲ੍ਹਾ ਭਾਸ਼ਾ ਦਫ਼ਤਰ ਵਿੱਖੇ ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਸਬੰਧੀ ਮਿਲਣੀ


ਐਸ.ਏ.ਐਸ ਨਗਰ: 13 ਅਕਤੂਬਰ 2023: (ਪੰਜਾਬ ਸਕਰੀਨ ਡੈਸਕ)::

ਪੰਜਾਬੀ ਦੀ ਰਾਖੀ, ਪੰਜਾਬੀ ਦੀ ਸ਼ਾਨੋਸ਼ੌਕਤ ਅਤੇ ਪੰਜਾਬੀ ਨਾਲ ਪ੍ਰੇਮ ਲਈ ਭਾਵੇਂ ਪੰਜਾਬ ਵਿੱਚ ਅਜੇ ਤੱਕ ਦੱਖਣੀ ਭਾਰਤ ਦੇ ਸੂਬਿਆਂ ਵਰਗਾ ਜਜ਼ਬਾਤੀ ਮਾਹੌਲ ਨਹੀਂ ਬਣ ਸਕਿਆ ਪਰ ਫਿਰ ਵੀ ਇਸ ਸੁਰ ਵਾਲੀ ਆਵਾਜ਼ ਬੁਲੰਦ ਹੋਣ ਲੱਗ ਪਈ ਹੈ। ਦਿਲਚਸਪ ਗੱਲ ਹੈ ਕਿ ਇਹ ਆਵਾਜ਼ ਪੰਜਾਬੀ ਦੇ ਹੱਕ ਵਿੱਚ ਦਿੱਤੇ ਜਾਂਦੇ ਧਰਨਿਆਂ ਤੇ ਮੁਜ਼ਾਹਰਿਆਂ ਆਦਿ ਤੋਂ ਬਿਲਕੁਲ ਹੀ ਵੱਖਰੀ ਹੈ। ਭਾਸ਼ਾ ਨੂੰ ਸਿਆਸਤ ਤੋਂ ਦੂਰ ਰੱਖ ਕੇ ਇਸ ਅੰਦਾਜ਼ ਨਾਲ ਸੰਘਰਸ਼ ਚਲਾਇਆ ਜਾ ਰਿਹਾ ਹੈ ਕਿ ਭਾਸ਼ਾ ਦੇ ਨਾਮ 'ਤੇ ਹੁੰਦੀ ਸਿਆਸਤ ਰਹਿਣ ਪੰਜਾਬੀ ਦਾ ਵਿਰੋਧ ਕਰਨ ਵਾਲੇ ਵੀ ਛੇਤੀ ਇਸ ਪੰਜਾਬੀ ਹਮਾਇਤੀ ਮੁਹਿੰਮ ਸਾਹਮਣੇ ਸ਼ਰਮਸਾਰ ਹੋਣਗੇ। ਇਸ ਸਾਰੀ ਮੁਹਿੰਮ ਦਾ ਇੱਕ ਬਹੁਤ ਹੀ ਸੁਖਦ ਪਹਿਲੂ ਇਹ ਵੀ ਕਿ ਇਸ ਸਾਰੀ ਮੁਹਿੰਮ ਅਧੀਨ ਹਿੰਦੀ, ਸੰਸਕ੍ਰਿਤ ਜਾਂ ਅੰਗਰੇਜ਼ੀ ਦਾ ਵਿਰੋਧ ਵੀ ਕੋਈ ਨਹੀਂ। ਜਦੋਂ ਪੰਜਾਬੀ ਘਰਾਂ ਅਤੇ ਖਾਸ ਕਰ ਕੇ ਸਿੱਖ ਘਰਾਂ ਵਿੱਚ ਬੱਚਿਆਂ ਨੂੰ ਹਿੰਦੀ ਸਿਖਾਉਣ ਵਾਲੇ ਪਾਸੇ ਜ਼ੋਰ ਲੱਗਿਆ ਹੋਇਆ ਹੋਵੇ ,ਸਕੂਲਾਂ ਵਿਚ ਪੰਜਾਬੀ ਬੋਲਣ 'ਤੇ ਜੁਰਮਾਨੇ ਹੁੰਦੇ ਹੋ ਉਦੋਂ ਅਜਿਹੀ ਪ੍ਰੇਮ ਭਰੀ ਮੁਹਿੰਮ ਸਫਲਤਾ ਨਾਲ ਚਲਾਉਣੀ ਕੋਈ ਸੌਖੀ ਵੀ ਨਹੀਂ। ਤੇਜ਼ੀ ਨਾਲ ਉਭਰ ਰਹੀ  ਇਸ ਸਾਰਥਕ ਮੁਹਿੰਮ ਦੀ ਅਗਵਾਈ ਕਰਨ ਵਾਲਿਆਂ ਵਿੱਚ ਖੁਦ ਜ਼ਿਲਾ ਭਾਸ਼ਾ ਅਫਸਰ ਦਵਿੰਦਰ ਸਿੰਘ ਬੋਹਾ ਵੀ ਸਰਗਰਮ ਹਨ। ਕੋਲੋਂ ਪੈਸੇ ਲਾ ਕੇ ਪੰਜਾਬੀ ਨੂੰ ਉਤਸ਼ਾਹਿਤ ਕਰਨ ਵਾਲਿਆਂ ਵਿਚ ਜਨਾਬ ਬੋਹਾ ਦਾ ਵੀ ਕੋਈ ਮੁਕਾਬਲਾ ਨਹੀਂ।  ਉਹਨਾਂ ਨੇ ਇਸ ਮਕਸਦ ਲਈ ਆਪਣੇ ਮਿੱਤਰਾਂ ਦੀ ਮੰਡਲੀ ਵੀ ਬਣਾਈ ਹੋਈ ਹੈ ਜਿਹੜੇ ਇਸ ਨੇਕ ਕੰਮ ਲਈ ਹਰ ਪਲ ਤਿਆਰ ਰਹਿੰਦੇ ਹਨ। ਅਜਿਹੇ ਮਿੱਤਰਾਂ ਵਿੱਚੋਂ ਕੁਝ ਲੋਕ ਆਏ ਵੀ ਹੋਏ ਸਨ। 


ਪੰਜਾਬੀ ਦੀ ਸ਼ਾਨ ਬਹਾਲ ਕਰਨ ਲਈ ਸਮਰਪਿਤ ਇਸੇ ਮੁਹਿੰਮ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਸ਼ੁੱਕਰਵਾਰ ਨੂੰ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਸਾਹਿਤਕਾਰਾਂ, ਲੇਖਕਾਂ ਅਤੇ ਪਾਠਕਾਂ ਨਾਲ ਜਾਗਰੂਕਤਾ ਮੁਹਿੰਮ ਵਜੋਂ ਮਿਲਣੀ ਕੀਤੀ ਗਈ। ਇਸ ਮਿਲਣੀ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ ਅਨੇਕ ਨਾਮਵਰ ਸ਼ਖਸੀਅਤਾਂ ਵੱਲੋਂ ਭਾਗ ਲਿਆ ਗਿਆ।

ਜ਼ਿਲ੍ਹਾ ਭਾਸ਼ਾ ਦਫਤਰ ਵਿੱਚ ਹੋਈ ਇਸ ਯਾਦਗਾਰੀ ਮਿਲਣੀ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਸੰਖੇਪ ਜਿਹੇ ਵੇਰਵੇ ਨਾਲ ਜਾਣੂੰ ਕਰਵਾਇਆ। ਗਿਆ। ਉਨ੍ਹਾਂ ਨੇ ਇਸ ਦਿਸ਼ਾ ਵੌਇਚ ਦਿਖਾਈ ਸਰਗਰਮੀ ਅਧੀਨ ਪੰਜਾਬ ਸਰਕਾਰ ਵੱਲੋਂ ਸਮੂਹ ਅਦਾਰਿਆਂ ਅਤੇ ਸੰਸਥਾਵਾਂ ਦੇ ਨਾਂ ਪੰਜਾਬੀ ਭਾਸ਼ਾ ਵਿੱਚ ਲਿਖੇ ਜਾਣ ਸਬੰਧੀ ਜਾਰੀ ਕੀਤੇ ਗਏ ਆਦੇਸ਼ਾਂ ਤੋਂ ਵੀ ਸ੍ਰੋਤਿਆਂ ਨੂੰ ਜਾਣੂ ਕਰਵਾਇਆ। ਹੁਣ ਤੁਸੀਂ ਜ਼ੇਲ੍ਹ ਪ੍ਰਬੰਧਕੀ ਕੰਪਲੈਕਸ  ਵਿਚ ਜੋ ਤਾਂ ਤੁਹਾਨੂੰ ਹਰ ਵਿਭਾਗ ਦੇ ਦਫਤਰ ਵਾਲੇ ਦਰਵਾਜ਼ੇ ਦੇ ਬਾਹਰ ਸਬੰਧਤ ਅਧਿਕਾਰੀ ਦਾ ਨਾਮ ਅਤੇ ਅਹੁਦਾ ਪੰਜਾਬੀ  ਵਿਚ ਲਿਖਿਆ ਮਿਲੇਗਾ ਉਹ ਵੀ ਗੁਰਮੁਖੀ ਵਿੱਚ। 

ਇਸ ਵਿਸ਼ੇਸ਼ ਮਿਲਣੀ ਲਈ ਪਹੁੰਚਣ ਵਾਲਿਆਂ ਵਿੱਚ ਬਹੁਤ ਹੀ ਸੂਝਵਾਨ ਸਰੋਤੇ ਵੀ। ਡਾ. ਬੋਹਾ ਵੱਲੋਂ ਸਮੂਹ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਸਮੂਹ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ/ ਵਿਭਾਗਾਂ/ ਅਦਾਰਿਆਂ/ ਸੰਸਥਾਵਾਂ/ ਵਿੱਦਿਅਕ ਅਦਾਰਿਆਂ/ ਬੋਰਡਾਂ/ ਨਿਗਮਾਂ ਅਤੇ ਗ਼ੈਰ ਸਰਕਾਰੀ ਸੰਸਥਾਵਾਂ/ ਪਬਲਿਕ  ਅਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜਕਾਂ ਦੇ ਨਾਮ/ ਮੀਲ ਪੱਥਰ/ ਨਾਮ ਪੱਟੀਆਂ/ ਸਾਈਨ ਬੋਰਡ ਉਪਰਲੇ ਪਾਸੇ ਪੰਜਾਬੀ ਭਾਸ਼ਾ (ਗੁਰਮੁਖੀ ਲਿੱਪੀ) ਵਿੱਚ ਲਿਖੇ ਜਾਣ ਸਬੰਧੀ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ 21 ਨਵੰਬਰ 2023 ਤੋਂ ਪਹਿਲਾਂ-ਪਹਿਲਾਂ ਜ਼ਿਲ੍ਹੇ ਦੇ ਸਮੂਹ ਬੋਰਡ ਪੰਜਾਬੀ ਭਾਸ਼ਾ ਵਿੱਚ ਲਿਖਾਏ ਜਾਣ ਦੀ ਅਪੀਲ ਕੀਤੀ ਗਈ ਅਤੇ ਇਸ ਸ਼ੁੱਭ ਕਾਰਜ ਨੂੰ ਇੱਕ ਲੋਕ ਲਹਿਰ ਬਣਾਉਣ ਦੀ ਗੁਜ਼ਾਰਿਸ਼ ਕੀਤੀ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ, ਸਾਹਿਤਕਾਰਾਂ, ਸਾਹਿਤ ਸਭਾਵਾਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਇਸ ਲਹਿਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। 

ਮਿਲਣੀ ਦੇ ਇਸ ਸਮਾਗਮ ਵਿੱਚ ਨਵੇਂ ਗਿਆਨ ਦੀ ਰੌਸ਼ਨੀ ਨਾਲ ਚਕਾਚੌਂਧ ਵਰਗੀ ਸਥਿਤੀ ਪੈਦਾ ਕਰਨ ਵਾਲੇ ਪ੍ਰੋ. ਜਲੌਰ ਸਿੰਘ ਖੀਵਾ ਇਸ ਮੌਕੇ ਬੜੇ ਹੀ ਉਚੇਚ ਨਾਲ ਪੁੱਜੇ ਹੋਏ ਸਨ। ਮੋਰਿੰਡਾ ਤੋਂ ਉਚੇਚਾ ਸਮਾਂ ਕੱਢ ਕੇ ਆਏ ਸਨ। ਉਹਨਾਂ ਵੱਲੋਂ ਆਪਣੇ ਵਿਚਾਰ ਰੱਖਦਿਆਂ ਬਹੁਤ ਹੀ ਗਿਆਨ ਵਰਧਕ ਗੱਲਾਂ ਅੱਖੀਆਂ ਗਈਆਂ ਜਿਹਨਾਂ ਨੰ ਸਮੂਹ ਸਰੋਤਿਆਂ ਨੇ ਸਾਹ ਰੋਕ ਕੇ ਬੜੇ ਹੀ ਧਿਆਨ ਨਾਲ ਸੁਣਿਆ। ਉਹਨਾਂ ਦੇ ਮੋਬਾਈਲ ਨੰਬਰ ਅਤੇ ਪੁਸਤਕ ਦੀ ਮੰਗ ਕਰਨ ਵਾਲੇ ਬੜੀ ਤੀਬਰਤਾ ਨਾਲ ਉਹਨਾਂ ਦਾ ਇੱਕ ਪਲ ਲੈਣ ਲਈ ਉਤਾਵਲੇ ਸਨ। ਉਹਨਾਂ ਵੱਲੋਂ ਕਿਹਾ ਗਿਆ ਕਿ ਅਸਲ ਵਿੱਚ ਪੰਜਾਬੀ ਭਾਸ਼ਾ ਨਹੀਂ ਸਗੋਂ ਬੋਲੀ ਹੈ ਅਤੇ ਲੋਕ ਸਾਹਿਤ ਨੂੰ ਪੜ੍ਹੇ ਬਿਨਾ ਪੰਜਾਬੀ ਨਹੀਂ ਸਿੱਖੀ ਜਾ ਸਕਦੀ। ਉਹਨਾਂ ਸਮਝਾਇਆ  ਕਿ ਕਾਂ ਨੂੰ ਕਾਂ ਕਿਓਂ ਕਿਹਾ ਜਾਂਦਾ ਹੈ, ਗਗਨ ਨੂੰ ਗਗਨ ਕਿਓਂ ਕਿਹਾ ਜਾਂਦਾ ਹੈ, ਅਸਮਾਨ ਅਤੇ ਗਗਨ ਵੱਖਰੇ ਕਿਵੇਂ ਹਨ? ਉਹਨਾਂ ਆਖਿਆ ਕਿ ਕੁਝ ਸ਼ਬਦਾਂ ਅਤੇ ਨਾਂਵਾਂ ਨੂੰ ਸਮਾਨ ਅਰਥੀ ਆਖਿਆ ਜਾਣਾ ਭੁੱਲ ਹੈ ਕਿਓਂਕਿ ਸਮਾਂ ਅਰਥੀ ਕੁਝ ਨਹੀਂ ਹੁੰਦਾ। ਹਰ ਸ਼ਬਦ ਦੇ ਆਪਣੇ ਵੱਖਰੇ ਅਰਥ ਹੁੰਦੇ ਹਨ। ਜਿਵੇਂ ਗਗਨ, ਅਸਮਾਨ, ਆਕਾਸ਼ ਅਤੇ ਅੰਬਰ ਦੇ ਅਰਥ ਵੱਖੋ ਵੱਖ ਭਾਵਨਾ ਵਾਲੇ ਹਨ ਉਵੇਂ ਕਾਂ ਅਤੇ ਅੰਗਰੇਜ਼ੀ ਵਾਲੇ ਕ੍ਰੋ (Crow) ਦਾ ਵੀ ਬਾਕਾਇਦਾ ਫਰਕ ਹੁੰਦਾ ਹੈ। ਉਹਨਾਂ ਦੇ ਵਿਚਾਰ ਇਸ ਮਿਲਣੀ ਦੀ ਵਿਸ਼ੇਸ਼ ਪ੍ਰਾਪਤੀ ਆਖੇ ਜਾ ਸਕਦੇ ਹਨ। 

ਬਹੁਤ ਹੀ ਸੰਵੇਦਨਸ਼ੀਲ ਸ਼ਾਇਰਾ, ਬਹੁਤ ਸਾਰੀਆਂ ਪੁਸਤਕਾਂ ਦੀ ਲੇਖਿਕਾ ਅਤੇ ਅਨੁਵਾਦਿਕਾ ਡਾ. ਸਰਬਜੀਤ ਕੌਰ ਸੋਹਲ ਵੀ ਉਚੇਚ ਨਾਲ ਸਮਾਂ ਕੱਢ ਕੇ ਪੁਜੇ ਹੋਏ ਸਨ। ਉਹਨਾਂ ਵੱਲੋਂ ਆਖਿਆ ਗਿਆ ਕਿ ਪੰਜਾਬੀ ਨੂੰ ਵਿਸ਼ਵ ਪੱਧਰ ਦੀ ਭਾਸ਼ਾ ਬਣਾਉਣ ਲਈ ਤਕਨੀਕ ਨਾਲ ਜੋੜਨਾ ਸਮੇਂ ਦੀ ਲੋੜ ਹੈ। ਤਕਨੀਕ ਦੀ ਗੱਲ ਕਰਦਿਆਂ ਉਹਨਾਂ  ਇਸ ਸੰਬੰਧੀ ਹੋ ਰਹੇ ਕੰਮਾਂ ਬਾਰੇ ਵੀ ਦੱਸਿਆ ਅਤੇ ਨਾਲ ਹੀ ਇਹ ਵੀ ਕਿ ਇਹਨਾਂ ਮੰਤਵਾਂ ਲਈ ਸਾਨੂੰ ਕਿਸੇ ਪਾਸਿਓਂ ਵੀ ਲੁੜੀਂਦੇ ਫ਼ੰਡ ਨਹੀਂ ਮਿਲ ਰਹੇ। ਫੰਡਾਂ ਦੀ ਕਮੀ ਕਾਰਨ ਅਜਿਹੇ ਸਾਰੇ üਰੋਜੈਕਟ ਜਾਂ ਤਾਂ ਸ਼ੁਰੂ ਹੀ ਨਹੀਂ ਹੂ ਨਦੇ ਤੇ ਜਾਂ ਫਿਰ ਅੱਧ ਵਿਚਾਲੇ ਹੀ ਦਮ ਤੋੜ ਜਾਂਦੇ ਹਨ। 

ਉਘੇ ਲੇਖਕ ਅਤੇ ਲੋਕ ਸੰਪਰਕ ਵਿਭਾਗ ਵਿਚ ਅਹਿਮ ਡਿਊਟੀ ਨਿਭਾ ਰਹੇ ਨਵਦੀਪ ਸਿੰਘ ਗਿੱਲ ਵੱਲੋਂ ਪੰਜਾਬੀ ਬੋਲੀ ਦੇ ਵਿਕਾਸ ਨੂੰ ਆਰਥਿਕਤਾ ਨਾਲ ਜੋੜਨ ਦੀ ਬਹੁਮੁੱਲੀ ਗੱਲ ਵੀ ਕੀਤੀ ਗਈ। ਉਹਨਾਂ ਦੇ ਇਸ ਨੁਕਤੇ ਨੂੰ ਸਭਨਾਂ ਨੇ ਬਹੁਤ ਹੀ ਧਿਆਨ ਨਾਲ ਸੁਣਿਆ। ਸ਼੍ਰੀ ਗਿੱਲ ਵੱਲੋਂ ਆਖਿਆ ਗਿਆ ਕਿ ਸਾਨੂੰ ਆਪਣੇ ਪੱਧਰ ਤੇ ਪੰਜਾਬੀ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ ਤਾਂ ਹੀ ਪੰਜਾਬੀ ਬਜ਼ਾਰ ਅਤੇ ਰੁਜ਼ਗਾਰ ਦੀ ਭਾਸ਼ਾ ਬਣੇਗੀ। ਇਹ ਗੱਲ ਹੈ ਵੀ ਅਸਲੀ ਹਕੀਕਤ ਵਾਲੀ। ਲੋਕ ਪਰਿਵਾਰ ਦਾਲ ਰੋਟੀ ਚਲਾਉਣ ਵਾਲੇ ਪਾਸੇ ਸਾਰੇ ਕੰਮ ਛੱਡ ਕੇ ਵੀ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਇਹ ਗੱਲ ਲੋਕਾਂ ਦੀ ਮਜਬੂਰੀ ਵੀ ਹੈ ਕਿ ਅਤੇ ਉਹ ਇਸਨੂੰ ਨਜ਼ਰ ਅੰਦਾਜ਼ ਕਰ ਵੀ ਨਹੀਂ ਸਕਦੇ। 

ਇਸੇ ਮਿਲਣੀ ਦੌਰਾਨ ਤਕਨੀਕੀ ਵਿਕਾਸ ਦੀ ਗੱਲ ਤੁਰੀ ਤਾਂ ਐਡਵੋਕੇਟ ਰਵਿੰਦਰ ਸਿੰਘ ਸੈਂਪਲਾ ਵੱਲੋਂ ਕਿਹਾ ਗਿਆ ਕਿ ਪੰਜਾਬੀ ਦੇ ਪ੍ਰਸਾਰ ਲਈ ਪੰਜਾਬੀਆਂ ਨੂੰ ਜੱਥੇਬੰਦਕ ਤੌਰ 'ਤੇ ਕੰਮ ਕਰਨ ਦੀ ਲੋੜ ਹੈ। ਸਤਵਿੰਦਰ ਸਿੰਘ ਧੜਾਕ ਵੱਲੋਂ ਆਖਿਆ ਗਿਆ ਕਿ ਪੰਜਾਬੀ ਨੂੰ ਬਚਾਉਣ ਲਈ ਭਾਸ਼ਾਈ ਵਰਕਸ਼ਾਪਾਂ ਉਲੀਕਣ ਦੇ ਨਾਲ-ਨਾਲ ਪੰਜਾਬੀ ਨੂੰ ਵਿਗਿਆਨ ਅਤੇ ਤਕਨੀਕ ਦੀ ਭਾਸ਼ਾ ਬਣਾਉਣ ਦੀ ਲੋੜ ਹੈ। ਦਿਲਚਸਪ ਗੱਲ ਹੈ ਕਿ ਇਸ ਬੋਲੀ ਅਤੇ ਭਾਸ਼ਾ ਵਿੱਚ ਅਜਿਹੇ ਅਮੀਰ ਸ਼ਬਦ ਮੌਜੂਦ ਵੀ ਹਨ; ਹਾਂ ਇਹ ਗੱਲ ਵੱਖਰੀ ਹੈ ਕਿ ਉਹਨਾਂ ਦੀ ਭਾਲ ਲਈ ਮਿਹਨਤ ਮੁਸ਼ੱਕਤ ਕਰਨੀ ਪੈ ਸਕਦੀ ਹੈ। 

ਕਿਸੇ ਵੇਲੇ ਪ੍ਰਿੰਟ ਮੀਡੀਆ ਵਿੱਚ ਸਾਹਿਤਿਕ ਸਮਾਗਮਾਂ ਦੀਆਂ ਰਿਪੋਰਟ ਬੜੇ ਹੀ ਵੱਖੋ ਵੱਖਰੇ ਢੰਗ ਤਰੀਕੇ ਨਾਲ ਛਪਿਆ ਕਰਦੀਆਂ ਸਨ। ਮੌਜੂਦਾ ਅਖਬਾਰਾਂ ਦੀ ਆਧੁਨਿਕ ਛਪਾਈ ਨੇ ਭਾਵੇਂ ਜ਼ੋਰ ਨਹੀਂ ਸੀ ਫੜ੍ਹਿਆ ਪਰ ਨਵਾਂ ਜ਼ਮਾਨਾ, ਲੋਕ ਲਹਿਰ, ਕੌਮੀ ਦਰਦ, ਜੱਥੇਦਾਰ, ਅਕਾਲੀ ਪਤ੍ਰਿਕਾ, ਅਕਾਲੀ ਟਾਈਮਜ਼, ਹਿੰਦੀ ਮਿਲਾਪ, ਵੀਰ ਪ੍ਰਤਾਪ ਦੇ ਸਮਿਆਂ ਦੌਰਾਨ ਵੀ ਇਸ ਪਾਸੇ ਉਚੇਚਾ ਧਿਆਨ ਦਿੱਤਾ ਜਾਂਦਾ ਸੀ। ਪੰਜਾਬ ਕੇਸਰੀ ਦਾ ਮੈਗਜ਼ੀਨ ਐਡੀਸ਼ਨ ਵਾਲਾ ਪਹਿਲਾ ਸਫ਼ਾ ਨੀਲੇ ਰੰਗ ਦਾ ਬਹੁਤ ਜਚਿਆ ਕਰਦਾ ਸੀ। ਪੰਜਾਬ ਕੇਸਰੀ ਨੇ ਕਹਾਣੀਆਂ ਦੇ ਨਾਲ ਨਾਲ ਪਾਕਿਸਤਾਨ ਮਹਿਲਾ ਲੇਖਕਾਂ ਦੇ ਨਾਵਲ ਵੀ ਛਾਪੇ ਸਨ। ਬਾਅਦ ਵਿਚ ਅਜੀਤ ਅਤੇ ਜਗਬਾਣੀ ਨੇ ਵੀ ਕਮਾਲ ਦੀ ਜਾਦੂਗਰੀ ਦਿਖਾਈ। 

ਇਹ ਗੱਲਾਂ ਦਹਾਕਿਆਂ ਪੁਰਾਣੀਆਂ ਹੋ ਗਈਆਂ ਹਨ। ਉਹਨਾਂ ਸਮਿਆਂ ਵਿੱਚ  ਜਿੰਨੇ ਰਿਪੋਰਟਰ ਕਵਰੇਜ ਲਈ ਆਉਂਦੇ ਸਨ ਉਹ ਸਾਰੇ ਆਪੋ ਆਪਣੇ ਢੰਗ ਨਾਲ ਉਸ ਕਵਰੇਜ ਦੀ ਖਬਰ ਬਣਾਉਂਦੇ ਸਨ। ਇਸ ਨਾਲ ਅਖਬਾਰਾਂ ਰਸਾਲਿਆਂ ਦੀ ਰੀਡਰਸ਼ਿਪ ਵੀ ਵਧਦੀ ਸੀ।  ਉਹਨਾਂ ਪਰਚਿਆਂ ਨੂੰ ਸੰਭਾਲ ਕੇ ਵੀ ਰੱਖਿਆ ਜਾਂਦਾ ਸੀ। ਮੈਗਜ਼ੀਨ ਐਡੀਟਰ ਦੀ ਪੋਸਟ ਤਾਂ ਹੁਣ ਵੀ ਤਕਰੀਬਨ ਸਾਰੀਆਂ ਚੰਗੀਆਂ ਅਖਬਾਰਾਂ ਵਿਚ ਮੌਜੂਦ ਹੈ ਪਰ ਹਿੰਦੀ ਅਤੇ ਅੰਗਰੇਜ਼ੀ ਵਾਂਗ ਉਹ ਮੌਲਿਕਤਾ ਅਤੇ ਵਿਲੱਖਣਤਾ ਹੋਲੀ ਹੋਲੀ ਅਲੋਪ ਹੀ ਹੁੰਦੀ ਚਲੀ ਗਈ ਕਿਓਂਕਿ ਅਖਬਾਰਾਂ ਰਸਾਲਿਆਂ ਨੂੰ ਇਸ ਕਵਰੇਜ ਵਾਲੇ ਪਾਸਿਓਂ ਕੋਈ ਆਰਥਿਕ ਮੁਨਾਫ਼ਾ ਨਹੀਂ ਸੀ ਹੁੰਦਾ। ਨਵੀਆਂ ਛਪੀਆਂ ਕਿਤਾਬਾਂ ਦੇ ਇਸ਼ਤਿਹਾਰ ਹਿੰਦੀ ਵਿਚ ਤਾਂ ਹੁਣ ਵੀ ਆਮ ਮਿਲ ਜਾਣਗੇ ਪਰ ਪੰਜਾਬੀ ਵਿੱਚ ਕਵਰੇਜ ਕਰਨ ਗਏ ਪੱਤਰਕਾਰ ਨੂੰ ਰਿਲੀਜ਼ ਕੀਤੀ ਗਈ ਪੁਸਤਕ  ਦੇਣ ਲੱਗਿਆਂ ਵੀ ਪ੍ਰਬੰਧਕ ਜਕੋਤਕੀ ਵਿਚ ਪੈ ਜਾਂਦੇ ਹਨ। 

ਬਾਪ ਬੜਾ ਨਾ ਭਈਆ-ਸਬਸੇ ਬੜਾ ਰੁਪਈਆ ਦੀ ਕਹਾਵਤ ਨੂੰ ਮੁੜ ਮੁੜ ਯਾਦ ਕਰਵਾਉਂਦੇ ਨਫ਼ਾ ਨੁਕਸਾਨ ਦੇਖਣ ਵਾਲੇ ਅਜਿਹੇ ਵਾਪਰਕ ਕਿਸਮ ਦੇ ਦੌਰ ਵਿੱਚ ਵੀ ਉਸ ਵਿਲੱਖਣ ਕਿਸਮ ਦੀ ਸਾਹਿਤਿਕ ਪੱਤਰਕਾਰੀ ਨੂੰ ਸੁਰਜੀਤ ਕਰਨ ਲਈ ਜਿਹੜੇ ਕੁਝ ਕੁ ਲੋਕ ਸਰਗਰਮ ਹਨ ਉਹਨਾਂ ਵਿੱਚ ਸੁਰ ਸਾਂਝ ਨਾਮ ਦਾ ਔਨਲਾਈਨ ਪਰਚਾ ਚਲਾਉਂਦੇ ਸੁਰਜੀਤ ਸੁਮਨ ਵੀ ਸ਼ਾਮਲ ਹਨ। ਹਰ ਖਬਰ ਨੂੰ ਅਗਲੇ  ਦਿਨ ਕਿਸੇ ਵੀ ਕਾਰੋਬਾਰ ਵਿਚ ਆਉਣ ਤੋਂ ਪਹਿਲਾਂ ਪਹਿਲਾਂ ਪ੍ਰਕਾਸ਼ਿਤ ਕਰਨ ਲਈ ਸਰਗਰਮ ਰਹਿੰਦੇ ਸੁਰਜੀਤ ਸੁਮਨ ਨੇ ਵੀ ਇਸ ਮਿਲਣੀ ਦੌਰਾਨ ਕਈ ਖਾਸ ਗੱਲਾਂ ਆਖੀਆਂ। ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬੀ ਨੂੰ ਬਚਾਉਣ ਲਈ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਉਹ ਪੰਜਾਬੀ ਤੋਂ ਫਾਸਲਾ ਨਾ ਰੱਖਣ। 

ਪੰਜਾਬੀ ਭਾਸ਼ਾ ਅਤੇ ਬੋਲੀ ਦੇ ਸੱਚੇ ਸਪੂਤਾਂ ਨੂੰ ਇੱਕ ਥਾਂ ਇੱਕਜੁੱਟ ਕਰਨ ਵਾਲੇ ਇਸ ਉਪਰਾਲੇ ਵਾਲੀ ਇਸ ਮਿਲਣੀ ਦੌਰਾਨ ਪੁੱਜੇ ਹੋਏ ਡਾ. ਸੰਜੇ ਰਾਮਨ ਦੇ ਰੂਬਰੂ ਹੋਣਾ ਇਸ ਮਿਲਣੀ ਵਿਚ ਪੁੱਜੇ ਸਾਰੇ ਸਾਹਿਤ ਰਸੀਆਂ ਲਈ ਵੀ ਇੱਕ ਵਿਸ਼ੇਸ਼ ਪ੍ਰਾਪਤੀ ਸੀ। ਚੇੱਨਈ ਤੋਂ ਉਚੇਚ ਨਾਲ ਪੰਜਾਬ ਆ ਕੇ ਰਹਿ ਰਹੇ ਡਾਕਟਰ ਸੰਜੇ ਰਾਮਨ ਏਨੀ ਸ਼ੁੱਧ ਪੰਜਾਬੀ ਬੋਲਦੇ ਹਨ ਕਿ ਸੁਣਨ ਵਾਲਾ ਹੈਰਾਨ ਰਹੀ  ਜਾਂਦਾ ਹੈ। ਦੱਖਣੀ ਭਾਰਤ ਦੇ ਇੱਕ ਵਸਨੀਕ ਦਾ ਪੰਜਾਬੀ ਨਾਲ ਏਨਾ ਪਿਆਰ ਉਹਨਾਂ ਅਨਸਰਾਂ ਸਾਹਮਣੇ ਇੱਕ ਚੁਣੌਤੀ ਬਣ ਕੇ ਆਇਆ ਹੈ ਜਿਹੜੇ ਭਾਸ਼ਾ ਅਤੇ ਬੋਲੀ ਨੂੰ ਸਿਆਸੀ ਹਥਿਆਰ ਬਣਾ ਕੇ ਆਪਣਾ ਉੱਲੂ ਸਿਧ ਕਰਨ ਵਿਚ ਰੁਝੇ ਰਹਿੰਦੇ ਹਨ। ਉਹਨਾਂ ਵੱਲੋਂ ਵੀ ਆਖਿਆ ਗਿਆ ਕਿ ਪੰਜਾਬੀ ਨੂੰ ਬਚਾਉਣ ਲਈ ਮਾਪਿਆਂ ਨੂੰ ਹੀ ਯਤਨਸ਼ੀਲ ਹੋਣ ਦੀ ਲੋੜ ਹੈ। 

ਇਸ ਮੌਕੇ ਸਤਵੀਰ ਸਿੰਘ ਧਨੋਆ ਵੱਲੋਂ ਵੀ ਕਿਹਾ ਗਿਆ ਕਿ ਪੰਜਾਬੀ ਨੂੰ ਘਰ-ਘਰ ਦੀ ਬੋਲੀ ਬਣਾਉਣ ਲਈ ਲੋਕ ਲਹਿਰ ਚਲਾਉਣੀ ਚਾਹੀਦੀ ਹੈ। ਉਹਨਾਂ ਦੇ ਇਸ ਸੁਝਾਅ ਦੀ ਸ਼ਲਾਘਾ ਵੀ ਹੋਈ ਅਤੇ ਪੁਸ਼ਟੀ ਵੀ। ਸਰੋਤਿਆਂ ਨੇ ਇਸ ਪ੍ਰਤੀ ਹਾਂ ਪੱਖੀ ਹੁੰਗਾਰਾ ਭਰੀਦਾ ਹਰ ਸੰਭਵ ਸਹਿਯੋਗ ਦਾ ਵਾਅਦਾ ਕੀਤਾ। 

ਇਸ ਮਿਲਣੀ ਵਿਚ ਸ਼ਾਮਲ ਪੰਜਾਬੀ ਹਿਤੈਸ਼ੀਆਂ ਵੱਲੋਂ ਇਹ ਵਿਸ਼ਵਾਸ ਦਵਾਇਆ ਗਿਆ ਕਿ ਉਹ ਆਪਣੇ ਅਧੀਨ ਆਉਂਦੇ ਖੇਤਰ ਵਿੱਚ ਪੂਰੀ ਊਰਜਾ ਨਾਲ ਮਾਂ-ਬੋਲੀ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਲਈ ਯਤਨ ਕਰਨਗੇ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਪੀਲ ਕਰਨਗੇ। 

ਅੱਜ ਦੀ ਇਸ ਮਿਲਣੀ ਦੌਰਾਨ ਰਾਜਿੰਦਰ ਕੌਰ ਅਤੇ ਬਲਦੀਪ ਕੌਰ ਸੰਧੂ ਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਤੇ ਅਧਾਰਿਤ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਦਿਆਂ ਆਪਣੇ ਸੂਝ ਦਿੱਤੇ ਅਤੇ ਕਿਹਾ ਕਿ ਉਹ ਇਸ ਮਕਸਦ ਲਈ ਉਲੀਕੇ ਜਾਂ ਵਾਲੇ ਪ੍ਰੋਗਰਾਮਾਂ ਵਿਚ ਹਮੇਸ਼ਾਂ ਸਰਗਰਮੀ ਨਾਲ ਸਾਥ ਦੇਣਗੇ। 

ਮਨਜੀਤ ਪਾਲ ਸਿੰਘ ਅਤੇ ਗੁਰਚਰਨ ਸਿੰਘ ਦੇ ਸੁਝਾਅ ਵੀ ਬਹੁਤ ਪਸੰਦ ਕੀਤੇ ਗਏ। ਇਹਨਾਂ ਦੀਆਂ ਗੱਲਾਂ ਨੰ ਵੀ ਬੜੇ ਹੀ ਧਿਆਨ ਨਾਲ ਸੁਣਿਆ ਅਤੇ ਵਿਚਾਰਿਆ ਗਿਆ। ਇਹਨਾਂ ਸਭਨਾਂ ਦੇ ਕੋਲ ਪੰਜਾਬੀ ਭਾਸ਼ਾ ਅਤੇ ਬੋਲੀ ਦੀ ਸ਼ਾਨ ਵਧਾਉਣ ਲਈ ਸਾਰਥਕ ਗੱਲਾਂ ਸਨ। 

ਉਘੇ ਲੇਖਕ ਭੁਪਿੰਦਰ ਸਿੰਘ ਮਟੌਰ ਵਾਲਾ ਨੇ ਆਪਣੀਆਂ ਪੰਜਾਬੀ ਪੁਸਤਕਾਂ ਦੌਰਾਨ ਹੋਏ ਤਜਰਬਿਆਂ ਦੇ ਅਧਾਰ ਤੇ ਵੀ ਪੰਜਾਬੀ ਲਈ ਬਹੁਤ ਚੰਗੀਆਂ ਗੱਲਾਂ ਕੀਤੀਆਂ। ਪੁਆਧੀ ਵਿਚ ਬਹੁਤ ਦਿਲਚਸਪੀ ਅਤੇ ਲਿਆਕਤ ਰੱਖਣ ਵਾਲੇ ਭੁਪਿੰਦਰ ਹੁਰਾਂ ਨੇ ਮੁੱਢ ਤੋਂ ਲੈ ਕੇ  ਅਖੀਰ ਤੱਕ ਸਭਨਾਂ ਬੁਲਾਰਿਆਂ ਨੂੰ ਸੁਣਿਆ। 

ਹਿੰਦੀ ਨਾਲ ਸਬੰਧਤ ਕਵਿਤਾ ਦੇ ਸੰਗਠਨਾਂ ਨਾਲ ਸਰਗਰਮੀ ਨਾਲ ਜੁੜੀ ਹੋਈ ਦਿਲਪ੍ਰੀਤ ਚਹਿਲ ਏਨੀ ਚੰਗੀ ਪੰਜਾਬੀ ਬੋਲਦੀ ਹੈ ਕਿ ਸੁਣਨ ਵਾਲਾ ਹੈਰਾਨ ਰਹਿ ਜਾਵੇ। ਮਹਿਲਾ ਕਵੀਆਂ ਮੰਚ ਨਾਲ ਜੁੜੀ ਹੋਈ ਇਸ ਸ਼ਾਇਰ ਨੇ ਪੰਜਾਬੀ ਦੇ ਸਪੂਤਾਂ ਦੀ ਇਸ ਵਿਸ਼ੇਸ਼ ਬੈਠਕ ਵਿਚ ਪੰਜਾਬੀ ਨਾਲ ਵੀ 

, ਜਗਤਾਰ ਸਿੰਘ ਜੋਗ, ਹਰਮਨ ਸਿੰਘ ਅਤੇ ਗੁਰਵਿੰਦਰ ਸਿੰਘ ਵੱਲੋਂ ਸ਼ਿਰਕਤ ਕਰਦਿਆਂ ਵਿਭਾਗ ਨੂੰ ਇਸ ਗੱਲ ਦਾ ਯਕੀਨ ਦਵਾਇਆ ਕਿ ਉਹ 21 ਨਵੰਬਰ ਤੋਂ ਪਹਿਲਾਂ-ਪਹਿਲਾਂ ਜ਼ਿਲ੍ਹੇ ਦੇ ਸਮੂਹ ਬੋਰਡ ਪੰਜਾਬੀ ਵਿੱਚ ਲਿਖਾਉਣ ਲਈ ਲੋਕਾਂ ਤੱਕ ਪਹੁੰਚ ਕਰਨਗੇ। 

ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਅੱਜ ਦੀ ਮਿਲਣੀ ਵਿੱਚ ਭਾਗ ਲੈਣ ਵਾਲੇ ਸਾਰੇ ਨੁਮਾਇੰਦਿਆਂ ਦਾ ਮਿਲਣੀ ਸਮਾਗਮ ਵਿਚ ਪਹੁੰਚਣ ਲਈ ਸਭਨਾਂ ਦਾ ਧੰਨਵਾਦ ਕੀਤਾ ਗਿਆ। ਹੁਣ ਦੇਖਣਾ ਹੈ ਕਿ ਪੰਜਾਬੀ ਦੀ ਸ਼ਾਨ ਬਹਾਲ ਕਰਨ ਲਈ ਇਹ ਮੁਹਿੰਮ ਕਿੰਨੀ ਜਲਦੀ ਸਫਲ ਹੁੰਦੀ ਹੈ।  

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Wednesday 4 October 2023

ਸਾਹਿਤ ਸਿਰਜਣਾ ਲਈ ਨਿਰੰਤਰ ਸਰਗਰਮ ਹੈ ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ

Wednesday 4th October 2023 at 14:35

ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲਿਆਂ ਦਾ ਖਾਸ ਆਯੋਜਨ 


ਚੰਡੀਗੜ੍ਹ
: 04 ਅਕਤੂਬਰ 2023: (ਸ਼ੈਲੀ ਸਿੰਘ//ਸਾਹਿਤ ਸਕਰੀਨ ਡੈਸਕ)::

ਚੜ੍ਹਦੀ ਉਮਰੇ ਜਿਹੜੇ ਸੰਸਕਾਰ ਅਤੇ ਆਦਤਾਂ ਸਾਡੇ ਸੁਭਾਵਾਂ ਵਿਚ ਘਰ ਕਰ ਜਾਂਦੀਆਂ ਹਨ ਉਹਨਾਂ ਦਾ ਅਸਰ ਆਖ਼ਿਰੀ ਸਾਹਾਂ ਤੀਕ ਬਣਿਆ ਰਹਿੰਦਾ ਹੈ। ਕੁਦਰਤ ਦੀ ਕ੍ਰਿਪਾ ਵਾਲੀ ਇਸ ਹਕੀਕਤ ਨੂੰ ਵਰਤੋਂ ਵਿਚ ਲਿਆਉਂਦਿਆਂ ਭਾਸ਼ਾ ਵਿਭਾਗ ਨਵੀਂ ਉਮਰ ਦੇ ਮੁੰਡੇ ਕੁੜੀਆਂ ਨੂੰ ਸਾਹਿਤ ਸਿਰਜਣਾ ਵਾਲੇ ਪਾਸੇ ਉਤਸ਼ਾਹਿਤ ਕਰਨ ਲਈ ਕਾਫੀ ਅਰਸੇ ਤੋਂ ਲਗਾਤਾਰ ਜਤਨਸ਼ੀਲ ਹੈ। ਹੁਣ ਇੱਕ ਹੋਰ ਆਯੋਜਨ ਵੀ ਇਸੇ ਮਕਸਦ ਨਾਲ ਕੀਤਾ ਗਿਆ। 

ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਦਫ਼ਤਰ ਭਾਸ਼ਾ ਵਿਭਾਗ (ਪੰਜਾਬੀ ਸੈੱਲ) ਚੰਡੀਗੜ੍ਹ ਵੱਲੋਂ ਮਿਤੀ 04 ਅਕਤੂਬਰ 2023 ਨੂੰ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਦਸਵੀਂ ਜਮਾਤ ਤੱਕ ਪੜ੍ਹਨ ਵਾਲੇ ਵਿਦਿਆਰਥੀਆਂ ਦੇ 'ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ' ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਲੇਖ ਰਚਨਾ, ਕਵਿਤਾ ਰਚਨਾ, ਕਹਾਣੀ ਰਚਨਾ ਅਤੇ ਕਵਿਤਾ ਗਾਇਨ ਦੇ ਮੁਕਾਬਲੇ ਸ਼ਾਮਲ ਸਨ।  ਚੰਡੀਗੜ੍ਹ ਨਾਲ ਸਬੰਧਿਤ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲਿਆ ਗਿਆ ਜਿਸ ਵਿੱਚ ਕਵਿਤਾ ਗਾਇਨ ਮੁਕਾਬਲੇ ਲਈ 22 ਵਿਦਿਆਰਥੀ, ਲੇਖ ਰਚਨਾ ਲਈ 17 ਵਿਦਿਆਰਥੀ, ਕਹਾਣੀ ਰਚਨਾ ਲਈ 16 ਵਿਦਿਆਰਥੀ ਅਤੇ ਕਵਿਤਾ ਰਚਨਾ ਲਈ 16 ਵਿਦਿਆਰਥੀ ਸ਼ਾਮਲ ਸਨ । ਮੁਕਾਬਲੇ ਸ਼ੁਰੂ ਕਰਨ ਤੋਂ ਪਹਿਲਾਂ ਸਹਾਇਕ ਡਾਇਰੈਕਟਰ (ਪੰਜਾਬੀ ਸੈੱਲ) ਚੰਡੀਗੜ੍ਹ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁਕਾਬਲਿਆਂ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਮਹਿਮਾਨਾਂ, ਵਿਦਿਆਰਥੀਆਂ , ਅਧਿਆਪਕਾਂ, ਮਾਪਿਆਂ ਅਤੇ ਪਤਵੰਤਿਆਂ ਨੂੰ 'ਜੀ ਆਇਆਂ ਨੂੰ' ਕਿਹਾ ਗਿਆ।  ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਨੂੰ ਇਹਨਾਂ ਮੁਕਾਬਲਿਆਂ ਲਈ ਅਧਿਆਪਕਾਂ ਅਤੇ ਸਕੂਲ ਮੁਖੀਆਂ ਦੁਆਰਾ ਤਿਆਰੀ ਕਰਵਾ ਕੇ ਭੇਜਣਾ ਸਲਾਹੁਣਯੋਗ ਕਦਮ ਹੈ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਸਰਗਰਮੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। 

ਇਹਨਾਂ ਮੁਕਾਬਲਿਆਂ ਦੇ ਨਿਯਮਾਂ ਅਨੁਸਾਰ ਕਵਿਤਾ ਗਾਇਨ ਲਈ ਨੰਦ ਲਾਲ ਨੂਰਪੁਰੀ, ਧਨੀ ਰਾਮ ਚਾਤ੍ਰਿਕ, ਭਾਈ ਵੀਰ ਸਿੰਘ, ਸ਼ਿਵ ਕੁਮਾਰ ਬਟਾਲਵੀ, ਕਰਤਾਰ ਸਿੰਘ ਬਲੱਗਣ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਪਾਤਰ, ਗੁਰਭਜਨ ਸਿੰਘ, ਸੁਲੱਖਣ ਸਰਹੱਦੀ, ਗੁਰਤੇਜ ਕੋਹਾਰਵਾਲਾ, ਮਨਜੀਤ ਇੰਦਰਾ ਦੀਆਂ ਕਵਿਤਾਵਾਂ ਨੂੰ ਵਿਦਿਆਰਥੀਆਂ ਦੁਆਰਾ ਮੰਚ ਤੋਂ ਪੇਸ਼ ਕੀਤਾ ਗਿਆ। ਇਸੇ ਤਰ੍ਹਾਂ ਕਵਿਤਾ ਰਚਨਾ ਮੁਕਾਬਲੇ (300 ਸ਼ਬਦ) ਲਈ ਮੌਕੇ 'ਤੇ ‘ਜ਼ਿੰਦਗੀ’, ‘ਮਾਂ-ਬੋਲੀ’ ਅਤੇ ‘ਪੰਜਾਬ’, ਲੇਖ ਰਚਨਾ ਮੁਕਾਬਲੇ (600 ਸ਼ਬਦ) ਲਈ ‘ਵਿਦੇਸ਼ ਜਾਣ ਦਾ ਰੁਝਾਨ’, ‘ਕੁਦਰਤ ਤੇ ਮਨੁੱਖ’ ਅਤੇ ‘ਚੰਦਰਯਾਨ-3’ ਅਤੇ ਕਹਾਣੀ ਰਚਨਾ ਮੁਕਾਬਲੇ (600 ਸ਼ਬਦ) ਲਈ 'ਕੁਦਰਤੀ ਕਰੋਪੀ’, ‘ਹਿੰਮਤ’ ਅਤੇ ‘ਮਮਤਾ’ ਵਿਸ਼ੇ ਦਿੱਤੇ ਗਏ। ਸਾਰੀਆਂ ਹੀ ਵਿਧਾਵਾਂ ਵਿੱਚ ਜ਼ਬਰਦਸਤ ਮੁਕਾਬਲਾ ਅਤੇ ਰੌਚਿਕਤਾ ਵੇਖਣ ਵਾਲੀ ਸੀ। 

ਵਿਸ਼ੇਸ਼ ਆਯੋਜਨ ਅਧੀਨ ਕੀਤੇ ਗਏ ਇਨ੍ਹਾਂ ਮੁਕਾਬਲਿਆਂ ਦੌਰਾਨ ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਭਗਤ ਸਿੰਘ (ਸ.ਮਾ.ਸ.ਸ.ਸ.ਮਨੀਮਾਜਰਾ), ਦੂਜਾ ਸਥਾਨ ਸੁਖਮਨੀ ਸਾਰੰਗ (ਸ.ਕ.ਸ.ਸ.ਸ-18 ਸੀ, ਚੰਡੀਗੜ੍ਹ) ਅਤੇ ਤੀਜਾ ਸਥਾਨ ਕੁਲਤਰਨ ਕੌਰ (ਸੈਕਰਡ ਹਾਰਟ ਸ.ਸ.ਸਕੂਲ, ਸੈ.26, ਚੰਡੀਗੜ੍ਹ) ਨੇ ਪ੍ਰਾਪਤ ਕੀਤਾ। 

ਕਹਾਣੀ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਰਨੂਰ ਕੌਰ (ਸ.ਮ.ਸ.ਸ.ਸ-37 ਬੀ, ਚੰਡੀਗੜ੍ਹ), ਦੂਜਾ ਸਥਾਨ ਸ਼ਬਨੂਰ ਕੌਰ (ਸ.ਹ.ਸ.ਮਲੋਆ) ਅਤੇ ਤੀਜਾ ਸਥਾਨ ਮਨਰੂਪ ਕੌਰ (ਸੇਂਟ ਜੋਸਫ਼ ਸ.ਸ.ਸਕੂਲ, ਚੰਡੀਗੜ੍ਹ) ਨੇ ਪ੍ਰਾਪਤ ਕੀਤਾ। ਕਵਿਤਾ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਰਾਫ਼ੀਆ (ਸ.ਹ.ਸ.ਮਲੋਆ), ਦੂਜਾ ਸਥਾਨ ਸਵਦੀਪ ਕੌਰ (ਸ਼ਿਵਾਲਿਕ ਪਬਲਿਕ ਸਕੂਲ-41 ਬੀ, ਚੰਡੀਗੜ੍ਹ) ਅਤੇ ਤੀਜਾ ਸਥਾਨ ਰਵਨੀਤ ਕੌਰ (ਸ.ਮਾ.ਸ.ਸ.ਸ.-18 ਸੀ, ਚੰਡੀਗੜ੍ਹ) ਨੇ ਪ੍ਰਾਪਤ ਕੀਤਾ। 

ਲੇਖ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਗੁਰਨੂਰ ਕੌਰ (ਸ਼ਿਵਾਲਿਕ ਪਬਲਿਕ ਸਕੂਲ-41 ਬੀ, ਚੰਡੀਗੜ੍ਹ), ਦੂਜਾ ਸਥਾਨ ਯੁਵਿਕਾ ਸ਼ਰਮਾ (ਸੇਂਟ ਜੋਸਫ਼ ਸ.ਸ.ਸਕੂਲ, ਚੰਡੀਗੜ੍ਹ) ਅਤੇ ਤੀਜਾ ਸਥਾਨ ਅਨੰਨਿਆ ਮਿਸ਼ਰਾ (ਕੇ.ਬੀ.ਡੀ.ਏ.ਵੀ.ਸਕੂਲ, ਸੈਕ. 7 ਬੀ, ਚੰਡੀਗੜ੍ਹ) ਨੇ ਪ੍ਰਾਪਤ ਕੀਤਾ। 

ਮੁਕਾਬਲਿਆਂ ਉਪਰੰਤ ਭਾਗ ਲੈਣ ਵਾਲੇ ਹਰ ਵਿਦਿਆਰਥੀ ਨੂੰ  ਸਹਾਇਕ ਡਾਇਰੈਕਟਰ (ਪੰਜਾਬੀ ਸੈੱਲ) ਚੰਡੀਗੜ੍ਹ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਭਾਗੀਦਾਰੀ ਦਾ ਪ੍ਰਮਾਣ ਪੱਤਰ ਵੀ  ਦਿੱਤਾ ਗਿਆ। ਜ਼ਿਲ੍ਹਾ ਪੱਧਰ ’ਤੇ ਜੇਤੂ ਰਹੇ ਵਿਦਿਆਰਥੀ  ਹੁਣ ਪਟਿਆਲੇ ਵਿਖੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ। ਮੁਕਾਬਲਿਆਂ ਦੌਰਾਨ ਜੱਜਮੈਂਟ ਲਈ  ਪ੍ਰੋ. ਗੁਰਜੋਧ ਕੌਰ, ਸ਼੍ਰੀ ਰਾਬਿੰਦਰ ਸਿੰਘ ਰੱਬੀ, ਮੈਡਮ ਦਿਲਪ੍ਰੀਤ ਕੌਰ, ਸ਼੍ਰੀਮਤੀ ਸੁਧਾ ਜੈਨ ‘ਸੁਦੀਪ’, ਸ਼੍ਰੀ ਗੁਰਤੇਜ ਸਿੰਘ ਅਤੇ ਸ਼੍ਰੀ ਗੁਰਿੰਦਰ ਸਿੰਘ ਕਲਸੀ ਵੱਲੋਂ ਸਾਰਥਕ ਭੂਮਿਕਾ ਨਿਭਾਈ ਗਈ। 

ਇਨ੍ਹਾਂ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਦੇ ਮਾਪੇ ਅਤੇ ਜ਼ਿਲ੍ਹੇ ਦੀਆਂ ਹੋਰ ਅਦਬੀ ਸ਼ਖਸ਼ੀਅਤਾਂ ਵੀ ਹਾਜ਼ਰ ਸਨ। ਇਸ ਮੌਕੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਵਿਦਿਆਰਥੀਆਂ ਅੰਦਰ ਪੁਸਤਕ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਅਤੇ ਨਰੋਏ ਜੀਵਨ ਮੁੱਲਾਂ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday 2 October 2023

ਆਪੋ ਆਪਣੀ ਚੁੱਪ ਨੂੰ ਤੋੜੋ//ਗੁਰਭਜਨ ਗਿੱਲ

Monday 2nd October 2023 at 6:10 PM

ਸਭ ਕੁਝ ਦੇਖ ਕੇ ਵੀ ਖਾਮੋਸ਼ ਬੈਠਿਆਂ ਨੂੰ ਹਲੂਣਾ ਦੇਂਦੀ ਕਾਵਿ ਰਚਨਾ 
ਜਾਗੋ ਜਾਗੋ ਸੌਣ ਵਾਲਿਓ!
ਦੇਸ਼ ਕੌਮ ਤੇ ਮਾਨਵਤਾ ਦੇ ਪੈਰੀਂ ਜੋ ਜ਼ੰਜੀਰਾਂ ਪਈਆਂ ।

ਸਿਉਂਕ ਨੇ ਖਾਧੇ ਘਰ ਦੇ ਬੂਹੇ?
ਸਣੇ ਚੁਗਾਠਾਂ ਅਤੇ ਬਾਰੀਆਂ।
ਗਿਆਨ ਧਿਆਨ ਫ਼ਲਸਫ਼ੇ ਲੀਰਾਂ ਲੀਰਾਂ ਹੋਏ।
ਨੰਗੀ ਅੱਖ ਨੂੰ ਕੇਵਲ ਉਤਲਾ ਰੋਗਨ ਦਿਸਦਾ।
ਸੁੱਤਿਆਂ ਸੁੱਤਿਆਂ ਖਾ ਗਈ ਚੰਦਰੀ ਸਭ ਅਲਮਾਰੀਆਂ।

ਪੜ੍ਹੇ ਲਿਖੇ ਚਿੰਤਕ ਤੇ ਚੇਤਨ ਜੀਵ ਕਹਾਉਂਦੇ ਭਰਮੀ ਲੋਕੋ।
ਸੁਣੋ ਸੁਣੋ ਹੁਣ ਏਧਰ ਆਪਣੀ ਬਿਰਤੀ ਜੋੜੋ,
ਆਪੋ ਆਪਣੀ ਚੁੱਪ ਨੂੰ ਤੋੜੋ।

ਚੁੱਪ ਨੂੰ ਗਹਿਣਾ ਮੰਨਦੇ ਮੰਨਦੇ,
ਅੱਧੀ ਸਦੀ ਵਿਅਰਥ ਗੁਆਈ।
ਬੁੜ ਬੁੜ ਕਰਦੇ ਘੂਕੀ ਅੰਦਰ ਸੁੱਤੇ ਸੁੱਤੇ,
ਬੋਲਣ ਦੀ ਸਭਨਾਂ ਨੇ ਲੱਗਦੈ ਜਾਚ ਭੁਲਾਈ।

ਇਸ ਤੋਂ ਅੱਗੇ ਪਿੱਛੇ ਸੱਜੇ ਖੱਬੇ ਪਾਸੇ,
ਉਹ ਅਣਦਿਸਦੀ ਡੂੰਘੀ ਖਾਈ ।
ਜਿਸ ਵਿੱਚ ਡਿੱਗੀ ਚੀਜ਼ ਕਦੇ ਨਹੀਂ ਵਾਪਸ ਆਈ ।

ਖੌਰੇ ਕਿਹੜੇ ਭਰਮ ਭੁਲੇਖੇ,
ਜਾਂ ਫਿਰ ਡੂੰਘੀ ਸਾਜ਼ਿਸ਼ ਕਾਰਨ,
ਅਸਾਂ ਸਮਝਿਆ।
ਪੜ੍ਹਨ ਲਿਖਣ ਦਾ ਕਾਰਜ ਕਰਦੇ,
ਪੜ੍ਹਦੇ ਅਤੇ ਪੜ੍ਹਾਉਂਦੇ ਸਾਰੇ,
ਰੰਗ ਦੇ ਰਸੀਏ ਸ਼ਬਦਕਾਰ,
ਤੇ ਸੁਰ ਸ਼ਹਿਜ਼ਾਦੇ।
ਪਰਮਾਤਮ ਲੜ ਲੱਗੇ ਲੋਕੀਂ,
ਕੇਵਲ ਪੁਸਤਕ-ਪਾਠ ਕਰਨਗੇ।

ਪਾਠ ਪੁਸਤਕਾਂ ਵੀ ਬੱਸ ਉਹੀ,
ਜਿਨ੍ਹਾਂ ਦੇ ਅੱਖਰ ਅੱਧਮੋਏ।
ਨਵੀਂ ਸੋਚ ਤੇ ਸਰੋਕਾਰ ਸੰਸਾਰ ਨਵੇਲੇ,
ਜਿਸ ਵਿਚ ਵਰਜਿਤ ਧੁੰਦਲੇ ਹੋਏ।

ਕਲਮਾਂ ਤੇ ਬੁਰਸ਼ਾਂ ਸੰਗ ਸੁਪਨ-ਸਿਰਜਣਾ ਕਰਦੇ,
ਹੇਕਾਂ ਲਾ ਲਾ ਸੁਰਾਂ ਵੇਚਦੇ ਗਾਉਣ ਵਾਲਿਓ !
ਜਾਗੋ ਜਾਗੋ ਸੌਣ ਵਾਲਿਓ।

ਨ੍ਹੇਰੇ ਵਿਚੋਂ ਬਾਹਰ ਆਓ।
ਕਿਹੜੀ ਸ਼ਕਤੀ ਹੈ ਜੋ ਸਾਨੂੰ,
ਆਪਣੀ ਇੱਛਿਆ ਮੂਜਬ ਤੋਰੇ ।
ਭਰ ਵਗਦੇ ਦਰਿਆਵਾਂ ਦੇ ਜੋ ਕੰਢੇ ਭੋਰੇ।
ਧਰਤੀ ਦੀ ਮਰਯਾਦਾ ਖੋਰੇ ।
ਜਿੱਸਰਾਂ ਚਾਹੇ ਰਾਗ-ਰੰਗ ਸ਼ਬਦਾਂ ਨੂੰ,
ਕਿਸੇ ਵਗਾਰੀ ਵਾਂਗੂੰ,
ਜਿੱਧਰ ਚਾਹੇ ਮਰਜ਼ੀ ਤੋਰੇ।

ਸਰਮਾਏ ਦੀ ਅਮਰ-ਵੇਲ ਹੈ,
ਅਣਦਿਸਦੀ ਜਹੀ ਤਾਰ ਦਾ ਬੰਧਨ।
ਤਨ ਮਨ ਉੱਪਰ ਧਨ ਦਾ ਪਹਿਰਾ।
ਚਾਰ ਚੁਫ਼ੇਰ ਪਸਰਿਆ ਸਹਿਰਾ।

ਬੰਦੇ ਕਾਹਦੇ ਕੋਹਲੂ ਅੱਗੇ ਜੁੱਪੇ ਢੱਗੇ,
ਰੰਗ ਬਰੰਗੇ ਗਦਰੇ ਬੱਗੇ।
ਉੱਡਣੇ ਪੁੱਡਣੇ ਪੰਛੀ ਬਣ ਗਏ ਰੀਂਘਣ ਹਾਰੇ।
ਰਾਜ ਭਵਨ ਦੀ ਅਰਦਲ ਬੈਠੇ ਬਣੇ ਨਿਕਾਰੇ।

ਭੂਤ ਭਵਿੱਖ ਤੇ ਵਰਤਮਾਨ ਨੂੰ,
ਸਰਮਾਏ ਦਾ ਨਾਗ ਲਪੇਟੇ ਮਾਰੀ ਬੈਠਾ।
ਜਦ ਵੀ ਕੋਈ ਇਸ ਤੋਂ ਮੁਕਤੀ ਦੀ ਗੱਲ ਸੋਚੇ,
ਕੁੱਤੇ ਬਿੱਲੀਆਂ ਗਿੱਦੜਾਂ ਤੇ ਬਘਿਆੜਾਂ ਰਲ ਕੇ,
ਸਦਾ ਉਨ੍ਹਾਂ ਦੇ ਮੂੰਹ-ਸਿਰ ਨੋਚੇ।

ਜੇਕਰ ਸਾਡਾ ਚਿੰਤਨ ਸੋਚ ਚੇਤਨਾ ਸਭ ਕੁਝ,
ਨਿਸ਼ਚਤ ਦਾਇਰੇ ਅੰਦਰ ਹੀ ਬੱਸ ਬੰਦ ਰਹਿਣਾ ਹੈ।
ਜੇਕਰ ਆਪਾਂ ਆਪਣੀ ਅਕਲ ਮਹਾਨ ਸਮਝ ਕੇ,
ਗੁਫ਼ਾ ਵਿਚ ਪਏ ਰਹਿਣਾ ਹੈ ।

ਤਦ ਫਿਰ ਜ਼ਿੰਦਗੀ ਦੀ ਰਫ਼ਤਾਰ ਤੇ ਚੱਲਦਾ ਪਹੀਆ,
ਜਬਰ ਜਨਾਹੀਆਂ ਚੋਰ ਲੁਟੇਰਿਆਂ,
ਤੇ ਕਾਲੇ ਧਨ ਵਾਨ ਸ਼ਾਸਕਾਂ,
ਹੱਥ ਰਹਿਣਾ ਹੈ।

ਹੇ ਧਰਤੀ ਦੇ ਜੰਮੇ ਜਾਏ,
ਅਕਲਾਂ ਵਾਲੇ ਲੋਕੋ ਆਓ।
ਆਪੋ ਆਪਣੀ ਸੁਰਤਿ ਜਗਾਓ।
ਵਰਜਿਤ ਰਾਹਾਂ ਚੱਲ ਕੇ ਨਵੀਆਂ ਪੈੜਾਂ ਪਾਓ।

ਵਕਤ ਦੇ ਅੱਥਰੇ ਘੋੜੇ ਨੂੰ,
ਹੁਣ ਕਾਬੂ ਕਰੀਏ।
ਇਸ ਉੱਪਰ ਹੁਣ ਕਾਠੀ ਪਾਈਏ।

ਸਬਰ ਦਾ ਸਰਵਰ ਨੱਕੋ ਨੱਕ ਹੈ,
ਤਰਣ ਦੁਹੇਲਾ।
ਲੱਖ ਕਰੋੜ ਸਿਰਾਂ ਨੂੰ ਜੋੜੋ।
ਚੁੱਪ ਨਾ ਬੈਠੋ,
ਆਪੋ ਆਪਣੀ ਚੁੱਪ ਨੂੰ ਤੋੜੋ। 

     --ਗੁਰਭਜਨ ਗਿੱਲ