google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: February 2023

Tuesday 21 February 2023

ਬਹੁਤ ਕੁਝ ਆਖਦੇ ਨੇ ਮਾਤਭਾਸ਼ਾ ਬਾਰੇ ਬਣੇ ਲਲਕਾਰ ਦੇ ਪੋਸਟਰ

ਇਹ ਪੋਸਟਰ ਅਸਲੀ ਮੰਜ਼ਲਾਂ ਦੀ ਅਸਲੀ ਰਾਹ ਦਿਖਾਉਂਦੇ ਹਨ 


ਲੁਧਿਆਣਾ:21 ਫਰਵਰੀ 2023: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::

ਸ਼ਬਦਾਂ ਵਿੱਚ ਜਾਨ ਹੁੰਦੀ ਹੈ। ਸ਼ਬਦ ਸਿਰਫ ਪੂਜਾ ਅਰਚਨਾ ਲਈ ਨਹੀਂ ਹੁੰਦੇ। ਸ਼ਬਦ ਸਿਰਫ ਰੁਮਾਲਿਆਂ ਨਾਲ ਢਕ ਕੇ ਧੂਫ ਅਗਰਬੱਤੀ ਕਰਨ ਲਈ ਨਹੀਂ ਹੁੰਦੇ। ਇਹਨਾਂ ਨਾਲ ਦਿਲ ਦਿਮਾਗ ਵਿੱਚ ਜਿਹੜੀ ਜੋਤ ਜਗਦੀ ਹੈ ਉਸ ਜਗਦੀ ਜੋਤ ਨਾਲ ਹੀ ਸਮਾਜ ਬਦਲਦੇ ਹਨ। ਉਸ ਜਗਦੀ ਜੋਤ ਨਾਲ ਹੀ ਜਿੱਤ ਦੇ ਰਾਹ ਨਜ਼ਰ ਆਉਂਦੇ ਹਨ। ਸ਼ਬਦਾਂ ਦੇ ਇਸ ਅਸਲੀ ਜਾਦੂ ਨੂੰ  ਲਲਕਾਰ ਮੀਡੀਆ ਵਾਲੇ ਬਹੁਤ ਹੀ ਖੂਬਸੂਰਤੀ ਅਤੇ ਬੇਬਾਕੀ ਨਾਲ ਸਾਹਮਣੇ ਲਿਆਉਂਦੇ ਹਨ। ਲਲਕਾਰ ਦਾ  ਪ੍ਰਿੰਟ ਪਰਚਾ ਵੀ ਪੜ੍ਹਿਆ ਜਾ ਸਕਦਾ ਹੈ ਅਤੇ ਆਨਲਾਈਨ ਰੂਪ ਵਿੱਚ ਵੀ। 

ਦਿਲਚਸਪ ਗੱਲ ਹੈ ਕਿ ਲਲਕਾਰ ਗਰੁੱਪ ਨੇ ਮਾਤ ਭਾਸ਼ਾ ਦਿਵਸ ਦੇ ਇਸ ਮੌਕੇ ਤੇ ਬਹੁਤ ਹੀ ਪਤੇ ਵਾਲੇ ਡਿਜੀਟਲ ਪੋਸਟਰ ਵੀ ਜਾਰੀ ਕੀਤੇ ਹਨ ਜਿਹੜੇ ਅਸਲੀ ਚੁਣੌਤੀ ਅਤੇ ਅਸਲੀ ਖਤਰਿਆਂ ਨੂੰ ਬੜੀ ਹੀ ਸਾਦਗੀ ਅਤੇ ਸਹਿਜਤਾ ਨਾਲ ਬੇਨਕਾਬ ਕਰਦੇ ਹਨ। ਇਹਨਾਂ ਦੀ ਇੱਕ ਝਲਕ ਤੁਸੀਂ ਦੇਖ ਸਕਦੇ ਹੋ ਇਸ ਲਿੰਕ 'ਤੇ ਕਲਿੱਕ ਕਰ ਕੇ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। ਮਾਤਭਾਸ਼ਾ ਬਾਰੇ ਬਣੇ ਲਲਕਾਰ ਦੇ ਪੋਸਟਰ ਬਹੁਤ ਕੁਝ ਆਖਦੇ ਨੇ ਇਹਨਾਂ ਪੋਸਟਰਾਂ ਨੂੰ ਦੇਖ ਕੇ ਤੁਸੀਂ ਸਮਝ ਸਕੋਗੀ ਕਿ ਅਸਲੀ ਸਮੱਸਿਆ ਕਿੱਥੇ ਹੈ ਅਤੇ ਇਸਨੂੰ ਦੂਰ ਕਰਨ ਦਾ ਰਸਤਾ ਕਿਵੇਂ ਅਤੇ ਕਿਥੋਂ ਲੱਭੇਗਾ। 

ਮਾਤ ਭਾਸ਼ਾ ਨੂੰ ਸਤਿਕਾਰ ਦੇਣ ਦਾ ਇਕ ਅੰਦਾਜ਼ ਇਹ ਵੀ

ਹੁਣ ਪੰਜਾਬ ਵਿੱਚ ਵੀ ਵਧਣ ਲੱਗ ਪਿਆ ਹੈ ਮਾਤਭਾਸ਼ਾ ਨਾਲ ਪਿਆਰ 

ਲੁਧਿਆਣਾ: 21 ਫਰਵਰੀ 2023: (ਕਾਰਤਿਕਾ ਸਿੰਘ//ਸਾਹਿਤ ਸਕਰੀਨ):: 

ਅੱਜ ਮਾਤਭਾਸ਼ਾ ਦਿਵਸ ਦੇ ਮੌਕੇ 'ਤੇ ਬਹੁਤ ਸਾਰੀਆਂ ਥਾਂਵਾਂ 'ਤੇ ਬਹੁਤ ਸਾਰੇ ਪ੍ਰੋਗਰਾਮ ਹੋਏ। ਇਸ ਖਾਸ ਦਿਵਸ ਦੇ ਮੌਕੇ ਮੌਕੇ 'ਤੇ ਉੱਘੇ ਲੇਖਕ ਅਤੇ ਮੌਜੂਦਾ ਦੌਰ ਬਾਰੇ ਸਰਜੀਕਲ ਵਿਸ਼ਲੇਸ਼ਣ ਕਰਨ ਵਾਲੇ ਬੇਬਾਕ ਬੁਧੀਜੀਵੀ ਮਿੱਤਰ ਸੈਨ ਮੀਤ ਹੁਰਾਂ ਨੇ ਲੁਧਿਆਣਾ ਵਿੱਚ ਪ੍ਰਦਰਸ਼ਿਤ ਇੱਕ ਕਲਾਕ੍ਰਿਤੀ ਦੀ ਤਸਵੀਰ ਵੀ ਪੋਸਟ ਕੀਤੀ ਹੈ। ਇਹ ਦੱਸਦੀ ਹੈ ਕਿ ਜੇ ਕੁਝ ਕਰਨਾ ਚਾਹੁਣ ਤਾਂ ਉੱਚ ਸਰਕਾਰੀ ਅਧਿਕਾਰੀ ਵੀ ਆਪੋ ਆਪਣੇ ਤੌਰ 'ਤੇ ਮਾਤ ਭਾਸ਼ਾ ਲਈ ਪ੍ਰੇਰਣਾ ਦੇਣ ਵਾਲਾ ਕੁਝ ਨ ਕੁਝ ਤਾਂ ਕਰ ਹੀ ਸਕਦੇ ਹਨ। ਤੁਸੀਂ ਸਬੰਧਤ ਕਲਾਕ੍ਰਿਤੀ ਦਾ ਵੇਰਵਾ ਦੇਖ ਸਕਦੇ ਹੋ ਇਥੇ ਦਿੱਤੇ ਜਾ ਰਹੇ ਲਿੰਕ ਨੂੰ ਕਲਿੱਕ ਕਰਕੇ
ਮਾਤ ਭਾਸ਼ਾ ਨੂੰ ਸਤਿਕਾਰ ਦੇਣ ਦਾ ਇਕ ਅੰਦਾਜ਼ ਇਹ ਵੀ ਅਸਲ ਵਿੱਚ ਇਹ ਪੋਸਟ ਦੱਸਦੀ ਹੈ ਕਿ ਮਾਮਲਾ ਮਾਂ ਬੋਲੀ ਦਾ ਹੋਵੇ//ਮਾਤ ਭਾਸ਼ਾ ਦਿਵਸ ਦਾ ਹੋਵੇ ਤਾਂ ਸੀਨੇ ਦੀ ਖਿੱਚ ਬਹੁਤ ਸਾਰੇ ਰਾਹਾਂ ਦਾ ਪਤਾ ਦੇਣ ਲੱਗਦੀ ਹੈ। 

ਹਰ ਪਾਸੇ ਇਸ ਅੰਦਾਜ਼ ਦੀ ਚਰਚਾ ਰਹੀ। ਮਾਤ ਭਾਸ਼ਾ ਨੂੰ ਸਤਿਕਾਰ ਦੇਣ ਦਾ ਇਕ ਅੰਦਾਜ਼ ਇਹ ਵੀ ਦੇਖਿਆ ਗਿਆ ਜਿਹੜਾ ਲੁਧਿਆਣਾ ਵਾਲਿਆਂ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ। ਮਾਤ ਭਾਸ਼ਾ ਨੂੰ ਸਤਿਕਾਰ ਦੇਣ ਦਾ ਇਕ ਅੰਦਾਜ਼ ਇਸ ਤਸਵੀਰ ਵਾਲਾ ਵੀ ਹੋ ਸਕਦਾ ਹੈ।

ਹੋਰਨਾਂ  ਨੂੰ ਪ੍ਰੇਰਣਾ ਦੇਣ ਵਾਲੀ ਇਹ ਤਸਵੀਰ ਦੱਸਦੀ ਹੈ ਕਿ ਦੱਖਣੀ ਭਾਰਤ ਦੇ ਸੂਬਿਆਂ ਵਾਂਗ ਹੁਣਪੰਜਾਬ ਵਿੱਚ ਵੀ ਪੰਜਾਬੀ ਪ੍ਰਤੀ ਮੋਹ, ਪਿਆਰ ਅਤੇ ਸਤਿਕਾਰ ਵਿਕਸਿਤ ਹੋ ਰਿਹਾ ਹੈ। 

ਇਸ ਕਲਾਕ੍ਰਿਤੀ ਦੀ ਤਸਵੀਰ ਨੂੰ ਲੋਕਾਂ ਤੱਕ ਪਹੁੰਚਾਇਆ ਪੰਜਾਬੀ ਦੀ ਸ਼ਾਨ ਬਹਾਲ ਕਾਰਨ ਲਈ ਸਰਗਰਮ ਹੋਏ ਲੇਖਕ ਮਿੱਤਰ ਸੈਨ ਮੀਤ ਹੁਰਾਂ ਨੇ। ਉਹਨਾਂ ਦਸਿਆ ਕਿ ਨਗਰ ਨਿਗਮ ਲੁਧਿਆਣਾ ਵਿੱਚ ਖੇਤਰ ਡੀ ਦੇ ਉੱਚ ਅਧਿਕਾਰੀ ਸ੍ਰ ਜਸਦੇਵ ਸਿੰਘ ਸੇਖੋਂ ਵੱਲੋਂ ਮਾਂ ਬੋਲੀ ਪੰਜਾਬੀ ਪ੍ਰਤੀ ਆਪਣਾ ਸਤਿਕਾਰ, ਆਪਣੇ ਦਫ਼ਤਰ ਦੇ ਪ੍ਰਵੇਸ਼ ਦੁਆਰ ਤੇ ਇਹ ਖੂਬਸੂਰਤ ਕਲਾ ਕ੍ਰਿਤ ਲਗਾ ਕੇ ਕੀਤਾ ਹੈ। ਇਸ ਕਲਾ ਕ੍ਰਿਤ ਤੇ ਖਰਚ ਕਰਨ ਵਾਲੀ ਸੰਸਥਾ ਨੇ ਭਾਵੇਂ ਆਪਣਾ ਅੰਗਰੇਜ਼ੀ ਮੋਹ ਨਹੀਂ ਤਿਆਗਿਆ ਫੇਰ ਵੀ ਨਿਗਮ ਦੇ ਅਧਿਕਾਰੀਆਂ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ।

ਕੀ ਆਉਂਦੇ ਦਿਨਾਂ ਵਿੱਚ ਹੋਰ ਉੱਚ ਅਧਿਕਾਰੀ ਵੀ ਇਸ ਕਲਾਕ੍ਰਿਤੀ ਵਾਲੇ ਅੰਦਾਜ਼ ਤੋਂ ਪ੍ਰੇਰਨਾ ਲੈਣਗੇ? ਕਿੰਨਾ ਹੀ ਚੰਗਾ ਹੋਵੇ ਜੇਕਰ ਹਰ ਜ਼ਿਲੇ ਦੇ ਹਰ ਦਫਤਰ ਵਿੱਚ ਪੰਜਾਬੀ ਲਈ ਅਜਿਹੀ ਹੀ ਭਾਵਨਾ ਵਾਲਾ ਮਾਣ ਸਤਿਕਾਰ ਹੋਵੇ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday 14 February 2023

ਮਾਤਭਾਸ਼ਾ ਦੇ ਮਾਣ ਸਨਮਾਣ ਲਈ ਸਰਗਰਮ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ

Monday 13th February 2023 at 07:50 PM

19 ਫਰਵਰੀ ਨੂੰ ਰਾਮਪੁਰ ਸਮਾਗਮ ਵਿਚ ਵੀ ਹੋਵੇਗੀ ਸਰਗਰਮ ਸ਼ਮੂਲੀਅਤ

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਅਹੁਦੇਦਾਰ ਤੇ ਸਾਹਿਤਕਾਰ ਪੰਜਾਬੀ ਭਵਨ ਦੇ ਵਿਹੜੇ ਵਿੱਚ

ਲੁਧਿਆਣਾ: 12 ਫਰਵਰੀ 2023:(ਕਾਰਤਿਕਾ ਸਿੰਘ//ਸਾਹਿਤ ਸਕਰੀਨ ਡੈਸਕ)::

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਇੱਕ ਵਾਰ ਫੇਰ ਗੰਭੀਰਤਾ ਨਾਲ ਅੱਗੇ ਆਇਆ ਹੈ। ਇਸ ਵਾਰ ਮੁੱਖ ਮੁੱਦਾ ਮਾਤ ਭਾਸ਼ਾ ਦਿਵਸ ਮੌਕੇ ਪੰਜਾਬੀ ਦੇ ਮਾਣ ਸਨਮਾਣ ਦਾ ਹੈ। ਅਸਲ ਵਿੱਚ ਪੰਜਾਬ ਵਿੱਚ ਵੀ ਪੰਜਾਬੀ ਉਸੇ ਤਰ੍ਹਾਂ ਮਾਨ ਸਨਮਾਨ ਨਾਲ ਨਿਵਾਜੀ ਜਾਣੀ ਚਾਹੀਦੀ ਸੀ ਜਿਵੇਂ ਦੱਖਣੀ ਭਾਰਤ ਵਿਚ ਉਧਰ ਦੀਆਂ ਭਾਸ਼ਾਵਾਂ ਦਾ ਮਾਣ ਸਨਮਾਣ ਹੁੰਦਾ ਹੈ। ਬਿਲਕੁਲ ਉਸੇ ਆਦਰ ਨਾਲ ਜਿਸ ਤਰ੍ਹਾਂ ਦੇ ਸਤਿਕਾਰ ਅਤੇ ਪ੍ਰੇਮ ਦੀ ਗੱਲ ਰਸੂਲ ਹਮਜ਼ਾਤੋਵ ਨੇ ਮੇਰਾ ਦਾਗਿਸਤਾਨ ਵਿੱਚ ਕੀਤੀ ਸੀ। ਬਿਲਕੁਲ ਉਸੇ ਸ਼ਾਨ ਦੀ ਗੱਲ ਜਿਸਨੂੰ ਜਨਾਬ ਫ਼ਿਰੋਜ਼ਦੀਨ ਸ਼ਰਫ਼ ਹੁਰਾਂ ਨੇ ਬਿਆਨ ਕੀਤਾ ਹੈ। ਉਹਨਾਂ ਦੀਆਂ ਸਤਰਾਂ ਇੱਕ ਵਾਰ ਫੇਰ ਯਾਦ ਕਰਾਉਣੀਆਂ ਜ਼ਰੂਰੀ ਲੱਗਦੀਆਂ ਹਨ: 

ਬੋਲੀ ਆਪਣੀ ਨਾਲ ਪਿਆਰ ਰੱਖਾਂ,

ਇਹ ਗੱਲ ਆਖਣੋਂ ਕਦੀ ਨਾਂ ਸੰਗਦਾ ਹਾਂ।

ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ,

ਟੁਕੜਾ ਕਿਸੇ ਪੰਜਾਬਣ ਦੀ ਵੰਗ ਦਾ ਹਾਂ।

ਮਿਲੇ ਮਾਣ ਪੰਜਾਬੀ ਨੂੰ ਦੇਸ ਅੰਦਰ,

ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ।  

ਪਰ ਇਥੇ ਹੁੰਦਾ ਕੀ ਰਿਹਾ? ਪੰਜਾਬੀ ਨੂੰਵਿਸਾਰ ਕੇ ਹੋਰ ਭਾਸ਼ਾਵਾਂ ਵਿੱਚ ਗੱਲ ਕਰਨਾ ਫਖਰ ਸਮਝਿਆ ਜਾਣ ਲੱਗ ਪਿਆ। ਮਾਤ ਭਾਸ਼ਾ ਨਾਲ ਇਸ ਬੇਵਫ਼ਾਈ ਲਈ ਕਿਸੇ ਸਰਕਾਰ ਨੇ ਨਹੀਂ ਸੀ ਕਿਹਾ। ਮਰਦਮ ਸ਼ੁਮਾਰੀ ਸਮੇਂ ਪੰਜਾਬੀ ਦੀ ਥਾਂ 'ਤੇ ਹਿੰਦੀ ਨੂੰ ਮਾਤਭਾਸ਼ਾ ਲਿਖਵਾਉਣ ਦਾ ਪ੍ਰਚਾਰ ਜ਼ਰੂਰ ਸਿਆਸੀ ਅਤੇ ਸਾਜ਼ਿਸ਼ੀ ਸੀ ਪਰ ਇਸ ਪ੍ਰਚਾਰ ਨੂੰ ਮੰਨਣ ਲਾਇ ਕਿਸੇ ਨੇ ਦਬਾਅ ਨਹੀਂ ਸੀ ਪਾਇਆ। ਵੱਡੇ ਵੱਡੇ ਅਦਾਰਿਆਂ ਦੇ ਬੌਰਡਾਂ 'ਤੇ ਮੋਟੇ ਮੋਟੇ ਸ਼ਬਦਾਂ ਵਿਚ ਲਿਖੀ ਪੰਜਾਬੀ ਦੇ ਸਪੈਲਿੰਗ ਗਲਤ ਹੋਣ ਇਹ ਕਿਸ ਨੇ ਦੇਖਣਾ ਸੀ? ਪ੍ਰਮੁੱਖ ਸੜਕਾਂ  ਅਤੇ ਹੋਰ ਥਾਂਵਾਂ 'ਤੇ ਲੱਗੇ ਸਾਈਨ ਬੌਰਡਾਂ 'ਤੇ ਗਲਤ ਪੰਜਾਬੀ ਲਿਖਣ ਲਈ ਕਿਸ ਨੇ ਕਿਹਾ ਸੀ?ਦੱਖਣੀ ਭਾਰਤ ਦੇ ਦੱਖਣੀ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਪੰਜਾਬੀ ਮਾਤ ਭਾਸ਼ਾ ਉਹਨਾਂ ਸੂਬਿਆਂ ਦੀ ਤਰ੍ਹਾਂ ਹੀ ਲਾਗੂ ਅਤੇ ਪ੍ਰਚੱਲਿਤ ਹੋਵੇ ਇਸ ਵੱਲ ਧਿਆਨ ਕਿਓਂ ਨਹੀਂ ਦਿੱਤਾ ਗਿਆ? ਅਜਿਹੇ ਵਰਤਾਰਿਆਂ ਬਾਰੇ ਚਰਚਾਵਾਂ ਵੀ ਹੁੰਦੀਆਂ  ਅਤੇ ਧਰਨਿਆਂ ਮੁਜ਼ਾਹਰਿਆਂ ਵਰਗੇ ਐਕਸ਼ਨ ਵੀ ਹੁੰਦੇ ਹਨ। ਇਹਨਾਂ ਸਾਰੀਆਂ ਸਰਗਰਮੀਆਂ ਵਿੱਚ ਜਿਹੜੇ ਵਿਅਕਤੀ ਅਤੇ ਸੰਗਠਨ ਲਗਾਤਾਰ ਸਰਗਰਮ ਰਹਿੰਦੇ ਹਨ ਉਹਨਾਂ ਵਿੱਚ ਡਾਕਟਰ ਗੁਲਜ਼ਾਰ ਪੰਧੇਰ ਅਤੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਵੀ ਸ਼ਾਮਲ ਹਨ। ਇਸ ਵਾਰ 12 ਫਰਵਰੀ ਦੀ ਮੀਟਿੰਗ ਵਿੱਚ ਵੀ ਇਹ ਮੁੱਦਾ ਸਰਗਰਮੀ ਨਾਲ ਵਿਚਾਰਿਆ ਗਿਆ।                 

ਮਾਤਭਾਸ਼ਾ ਦੇ ਮਾਣ ਸਨਮਾਣ ਲਈ ਲਗਾਤਾਰ ਸਰਗਰਮ ਰਹਿਣ ਵਾਲਾ ਇਹ ਸੰਗਠਨ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਇਸ ਵਾਰ ਵੀ ਕੁਝ ਠੋਸ ਪ੍ਰੋਗਰਾਮ ਉਲੀਕੀ ਬੈਠਾ ਹੈ। ਇਸ ਸੰਗਠਨ ਦੀ ਇਸ ਵਾਰ ਵਾਲੀ ਵਿਸ਼ੇਸ਼ ਮੀਟਿੰਗ ਵੀ ਮਾਤ ਭਾਸ਼ਾ ਦਿਵਸ ਨੂੰ ਸਮਰਪਤ ਰਹੀ।  ਚੁਣੌਤੀਆਂ ਅਤੇ ਮੁਸ਼ਕਲਾਂ ਬਾਰੇ ਇਸ ਪੂਰੇ ਵੇਰਵੇ ਨਾਲ ਗੱਲ ਹੋਈ।          

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਮਹੀਨਾਵਾਰ ਮੀਟਿੰਗ ਦਰਸ਼ਨ ਸਿੰਘ ਬੋਪਾਰਾਏ ਵੱਲੋਂ ਕੀਤੀ ਗਈ।ਮੀਟਿੰਗ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਤ ਕਰਦਿਆਂ ਹਰ ਪੱਧਰ ਤੇ ਮਾਤ ਭਾਸ਼ਾ ਨੂੰ  ਬਣਦਾ ਸਥਾਨ ਦੇਣ ਦੀ ਸਰਕਾਰ ਅਤੇ ਸਮਾਜ ਤੋਂ ਪੁਰਜ਼ੋਰ ਮੰਗ ਕੀਤੀ ਗਈ।ਮੀਟਿੰਗ ਵਿੱਚ ਇਹ ਵੀ ਫੈਸਲਾ ਹੋਇਆ ਕਿ 19 ਫਰਵੀਰੀ ਨੂੰ  ਲਿਖਾਰੀ ਸਭਾ ਰਾਮਪੁਰ ਦੇ ਸਮਾਗਮ ਵਿਚ ਪਹੁੰਚਕੇ ਪੰਜਾਬ ਦੀ ਸਭ ਤੋਂ ਪੁਰਾਣੀ ਸਭਾ 'ਲਿਖਾਰੀ ਸਭਾ ਰਾਮਪੁਰ"ਦੇ ਸਲਾਨਾ ਸਮਾਗਮ ਵਿਚ ਸ਼ਮੂਲੀਅਤ ਕਰਕੇ ਪਿੰਡਾਂ ਵਿੱਚ ਮਾਤ ਭਾਸ਼ਾ ਦਿਵਸ ਦਾ ਸੁਨੇਹਾ ਪੁਚਾਉਣ ਦਾ ਯਤਨ ਕੀਤਾ ਜਾਵੇਗਾ। 

ਮਾਤ ਭਾਸ਼ਾ ਨੂੰ  ਦਰਪੇਸ਼ ਚੁਣੌਤੀਆਂ ਤੇ ਗੰਭੀਰ ਚਰਚਾ ਉਪਰੰਤ ਹਾਜ਼ਰ ਕਵੀਆਂ  ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ| ਸਭ ਤੋਂ ਪਹਿਲਾਂ ਸੁਰਜੀਤ ਸਿੰਘ ਜੀਤ ਨੇ ਗੀਤ 'ਬੱਚਤ ਕਰੀਏ ਪਾਣੀ ਦੀ', ਪੰਮੀ ਹਬੀਬ ਨੇ ਮਿੰਨੀ ਕਹਾਣੀ 'ਝੋਲ਼ੀ ਫ਼ਲ', ਜ਼ੋਰਾਵਰ ਸਿੰਘ ਪੰਛੀ ਨੇ ਗ਼ਜ਼ਲ ' ਤੇਰਾ ਖਿਆਲ', ਮਲਕੀਤ ਸਿੰਘ ਮਾਲੜਾ ਨੇ ਕਵਿਤਾ ' ਲੁੰਬੜਬੱਚੀ", ਮਹੇਸ਼ ਪਾਂਡੇ ਰੋਹਲਵੀ ਨੇ ਗ਼ਜ਼ਲ 'ਨੈਣੀਂ ਨੀਂਦ ਨਾ ਆਵੇ", ਅਮਰਜੀਤ ਸ਼ੇਰਪੁਰੀ ਨੇ ਗੀਤ 'ਨਿੱਕਾ ਬਾਲਪਨ", ਬਰਿਸ਼ਭਾਨ ਘਲੋਟੀ ਨੇ ਕਹਾਣੀ 'ਮੁਸ਼ੱਕਤ', ਬੁੱਧ ਸਿੰਘ ਨੀਲੋਂ ਨੇ ਵਿਅੰਗ ਮਈ ਕਵਿਤਾ 'ਮੇਰੀ ਗਲ਼ੀ ਦੇ ਕੁੱਤੇ", ਦਰਸ਼ਨ ਸਿੰਘ ਢੋਲਣ ਨੇ ਗੀਤ 'ਪੁੱਤਰ ਨਿਸ਼ਾਨ", ਪਰਮਿੰਦਰ ਅਲਬੇਲਾ ਨੇ ਗੀਤ ਮੇਰਾ ਪਿੰਡ,  ਡਾ ਗੁਲਜ਼ਾਰ ਸਿੰਘ ਪੰਧੇਰ ਨੇ ਕਵਿਤਾ 'ਤੂੰ ਵੀ ਲਿਖ ਕਵਿਤਾਵਾਂ"ਅਤੇ ਦਰਸ਼ਨ ਸਿੰਘ ਬੋਪਾਰਾਏ ਨੇ ਕਵਿਤਾ 'ਅੱਟਣਾ ਤੇ ਅੱਥਰੂ' ਸੁਣਾਈ ਤੇ ਨਾਲ ਨਾਲ ਉਸਾਰੂ ਬਹਿਸ ਵੀ ਕੀਤੀ ਗਈ। ਅੰਤ ਵਿੱਚ ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ ਨੇ ਆਏ ਹੋਏ ਕਵੀਆਂ ਦਾ ਧੰਨਵਾਦ ਕੀਤਾ | ਮੰਚ ਦੇ ਜਰਨਲ ਸਕੱਤਰ ਪਰਮਿੰਦਰ ਅਲਬੇਲਾ ਵੱਲੋਂ ਮੀਟਿੰਗ ਦਾ ਬਾਖੂਬੀ ਸੰਚਾਲਨ ਕੀਤਾ। 

ਸਾਹਿਤ-ਸਰਗਰਮੀਆਂ ਦੀ ਕਵਰੇਜ ਵਾਲੀ ਪੱਤਰਕਾਰੀ ਨੂੰ ਮਜ਼ਬੂਤ ਬਣਾਉਣ ਵਿੱਚ ਸਹਿਯੋਗੀ ਬਣੋ।  
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Tuesday 7 February 2023

ਪ੍ਰਿੰ. ਕ੍ਰਿਸ਼ਨ ਸਿੰਘ ਦੀ ਪੁਸਤਕ “ਇੱਕ ਖ਼ਤ ਬੇਗ਼ਮਪੁਰੇ ਦੇ ਵਾਸੀ ਦੇ ਨਾਂ” ਰਿਲੀਜ਼

Tuesday 7th February 2023 at 5:19 PM 

ਗੁਰੂ ਰਵਿਦਾਸ ਪੁਰਬ 'ਤੇ ਗਹੌਰ ਵਿਖੇ ਹੋਇਆ ਪੁਸਤਕ ਦਾ ਲੋਕ-ਅਰਪਣ


ਲੁਧਿਆਣਾ
: 6 ਫਰਵਰੀ 2023: (ਸਾਹਿਤ ਸਕਰੀਨ ਬਿਊਰੋ)::

ਸ਼ਰੋਮਣੀ ਭਗਤ ਬਾਣੀਕਾਰ-ਗੁਰੂ ਰਵਿਦਾਸ ਜੀ ਦੇ ਆਗਮਨ ਪੁਰਬ ਦੇ ਸ਼ੁਭ ਮੌਕੇ ’ਤੇ, ਪਿੰਡ ਗਹੌਰ ਦੀ ਸੰਗਤ ਵਲੋਂ ਹਰ ਸਾਲ ਦੀ ਤਰ੍ਹਾਂ ਇੱਕ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਪ੍ਰਿੰ. ਕ੍ਰਿਸ਼ਨ ਸਿੰਘ ਦੀ  ਨਿਵੇਕਲੀ ਵਿਧਾ ਵਿੱਚ ਲਿਖੀ ਖ਼ਤ-ਪੁਸਤਕ ਰਿਲੀਜ਼ ਕੀਤੀ ਗਈ। ਇਹ ਪੁਸਤਕ ਗੁਰੂ ਰਵਿਦਾਸ ਜੀ ਦੇ ਬਾਣੀ-ਸਿਧਾਂਤਾਂ ਅਤੇ ਉਹਨਾਂ ਦੀਆਂ ਜੀਵਨ-ਘਟਨਾਵਾਂ ਨਾਲ ਸੰਬੰਧਿਤ ਖੋਜ-ਪੁਸਤਕ ਹੈ। ਇਸ ਲਈ ਇਸ ਦਾ ਲੋਕ-ਅਰਪਣ ਚਿਰਾਂ ਤੋਂ ਉਡੀਕਿਆ ਜਾ ਰਿਹਾ ਸੀ। 

“ਧੁਰ ਕੀ ਬਾਣੀ” ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਪਿੰਡ ਦੇ ਵਿਸ਼ੇਸ਼ ਨੁਮਾਇੰਦਿਆਂ ਵਲੋਂ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਤੇ ਉਹਨਾਂ ਦੇ ਨਾਲ ਪਧਾਰੇ ਪਤਵੰਤੇ ਸੱਜਣਾਂ ਨੂੰ ਗੁਰੂ-ਘਰ ਵਲੋਂ ਸਿਰੋਪਾਓ ਨਾਲ ਸਨਮਾਨਿਤ ਕਰ ਕੇ ਜੀ ਆਇਆਂ ਕਿਹਾ ਗਿਆ। 

ਪਿਛਲੇ ਚਾਰ ਦਹਾਕਿਆਂ ਤੋਂ ਲੁਧਿਆਣਾ ਸ਼ਹਿਰ ਵਿੱਚ ਰਹਿ ਰਹੇ ਪਿੰਡ ਦੇ ਮੂਲ ਬਾਸ਼ਿੰਦੇ ਤੇ ਪੁਸਤਕ ਲੇਖਕ ਕ੍ਰਿਸ਼ਨ ਸਿੰਘ ਹੁਰਾਂ ਆਪਣੀਆਂ ਭਾਈਚਾਰਕ ਤੇ ਪਰਿਵਾਰਕ ਸਾਂਝਾਂ ਦਾ ਹਵਾਲਾ ਦਿੰਦਿਆਂ, ਬੜੇ ਹੀ ਭਾਵੁਕ ਅੰਦਾਜ਼ ਵਿੱਚ ਕਿਹਾ, “ਪ੍ਰਭੂ-ਕਿਰਪਾ ਅਤੇ ਪਿੰਡ ਦੇ ਬਜ਼ੁਰਗਾਂ ਤੇ ਮਾਤਾਵਾਂ ਦੇ ਅਸ਼ੀਰਵਾਦ ਤੇ ਉਨ੍ਹਾਂ ਦੀਆਂ ਅਸੀਸਾਂ ਦਾ ਹੀ ਨਤੀਜਾ ਹੈ ਕਿ ਅੱਜ ਮੈਂ ਸੰਗਤੀ ਰੂਪ ਵਿੱਚ ਆਪ ਜੀ ਦੇ ਰੂਬਰੂ ਹਾਂ। 

ਉਹਨਾਂ ਇਸ ਮੌਕੇ ਕਿਹਾ ਕਿ ਮੇਰੀ ਇਹ ਖ਼ੁਸ਼ਨਸੀਬੀ ਹੈ ਕਿ ਮੈਂ ਆਪਣੀ ਇਸ ਜਨਮ-ਭੋਇੰ ਤੋਂ ਰੱਬੀ-ਪਿਆਰ ਦੀਆਂ ਝੋਲੀਆਂ ਭਰੀਆਂ ਜਿਸ ਦੇ ਸਿੱਟੇ ਵਜੋਂ ਸਾਹਿਤ-ਪ੍ਰੇਮੀਆਂ ਨੇ ਮੈਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਮਾਣ-ਸਨਮਾਨ ਦੇ ਕੇ ਨਿਵਾਜ਼ਿਆ। “ਗੁਰੂ ਰਵਿਦਾਸ ਜੀ ਦੇ ਗੁਰਪੁਰਬ ਵਿਸ਼ੇਸ਼ ਦੀ ਅਹਿਮੀਅਤ ਦੇ ਆਧਾਰ ’ਤੇ ਉਹਨਾਂ ਹਾਜ਼ਰ ਸੰਗਤਾਂ ਨੂੰ ਵਧਾਈ ਦਿੰਦਿਆਂ ਕਿਹਾ, “ਕੇਵਲ ਪੰਜਾਬ ਵਾਸੀਆਂ ਲਈ ਹੀ ਨਹੀਂ ਸਗੋਂ ਸਮੁੱਚੇ ਭਾਰਤੀ ਨਾਗਰਿਕਾਂ ਲਈ ਬੜੇ ਫ਼ਖ਼ਰ ਵਾਲੀ ਗੱਲ ਹੈ ਕਿ ਰਵਿਦਾਸ ਜੀ ਦਾ ਉਚਾਰਨ ਕੀਤਾ “ਬੇਗਮਪੁਰਾ ਸਹਰ ਕੋ ਨਾਉ” ਦਾ ਸ਼ਬਦ ਜੋ ਇਨਸਾਨੀਅਤ ਦੇ ਤੌਰ ’ਤੇ ਸਮੁੱਚੀ ਮਨੁੱਖਤਾ ਲਈ ਰੋਲ਼ ਮਾਡਲ ਹੈ। 

ਉਹਨਾਂ ਯਾਦ ਕਰਾਇਆ ਕਿ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਜੇਕਰ ਸਰਬ ਧਰਮ ਸੰਮੇਲਨ ਦੇ ਨੁਮਾਇੰਦਿਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬਸਾਂਝੀਵਾਲਤਾ ਦੇ ਸੰਦੇਸ਼ ਦਾ ਜ਼ਿਕਰ ਕੀਤਾ ਗਿਆ ਤਾਂ ਰਵਿਦਾਸ ਬਾਣੀ ਦੇ ਇਸ ਪਾਕਿ-ਪਵਿੱਤ੍ਰ/ਅਦੁੱਤੀ ਸ਼ਬਦ ਨੂੰ ਵੀ ਪੂਰੇ ਅਦਬ- ਸਤਿਕਾਰ ਨਾਲ ਉਨ੍ਹਾਂ ਆਪਣੀ ਸਿਮ੍ਰਤੀ ਦਾ ਹਿੱਸਾ ਬਣਾਇਆ। 

ਇਸੇ ਤਰ੍ਹਾਂ ਜੇਕਰ ਖੇਤੀਬਾੜੀ ਦੇ ਤਿੰਨ ਕਾਨੂੰਨਾਂ ਦੇ ਵਿਰੋਧ ਵਿੱਚ, ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਅੰਦੋਲਨ ਵੀ ਚੱਲਿਆ, ਉਥੇ ਵੀ ਗੁਰੂ ਰਵਿਦਾਸ ਜੀ ਦੇ ਬੇਗਮਪੁਰੇ ਦੇ ਸੰਕਲਪ ਨੂੰ ਯਾਦ ਕੀਤਾ ਗਿਆ। ਮਨੁੱਖਤਾ ਲਈ ਤਨੋਂ ਮਨੋਂ ਸਮਰਪਣ ਭਾਵਨਾ ਵਾਲੇ ਤੇ ਡੀ ਐਫ਼ ਐੱਸ ਓ ਦੇ ਮਾਣਮੱਤੇ ਅਹੁਦੇ ਤੋਂ ਸੇਵਾ-ਮੁਕਤ ਹੋਏ ਸਮਾਜ-ਸੇਵੀ ਸ੍ਰ. ਪ੍ਰੀਤਮ ਸਿੰਘ ਨੇ ਪ੍ਰਿੰ.  ਕ੍ਰਿਸ਼ਨ ਸਿੰਘ ਦੀਆਂ ਸਾਹਿਤਕ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮਾਣਮੱਤੀ ਸ਼ਖ਼ਸੀਅਤ ਸਾਡੇ ਇਲਾਕੇ ਦਾ ਮਾਣ ਹਨ, ਮੈਨੂੰ ਪੂਰੀ ਆਸ ਹੈ ਕਿ  ਸ਼ਬਦ-ਸੱਭਿਆਚਾਰ ਪ੍ਰਤਿ ਤੇ ਅਧਿਆਪਨ ਦੇ ਖੇਤਰ ਵਿੱਚ ਨਿਭਾਈਆਂ ਇਨ੍ਹਾਂ ਦੀਆਂ ਸੇਵਾਵਾਂ ਹਮੇਸ਼ਾਂ ਸਾਡੀ ਰਹਿਨੁਮਾਈ ਕਰਨਗੀਆਂ। 

ਇਹਨਾਂ ਨੂੰ ਕੌਮਾਂਤਰੀ ਪੱਧਰ ਦੀ ਹਰਮਨ ਪਿਆਰੀ ਨਾਇਕਾ ਦੇ ਨਾਮ ’ਤੇ ਮਿਲਿਆ “ਮਦਰ ਟੈਰੇਸਾ ਸਦਭਾਵਨਾ ਅਵਾਰਡ” ਇਹਨਾਂ ਦੀ ਮਾਣਯੋਗ ਪ੍ਰਾਪਤੀ ਹੈ। ਦੇਸ਼ਾਂ-ਵਿਦੇਸ਼ਾਂ ਵਿੱਚ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਸ. ਬਲਵੀਰ ਸਿੰਘ ਸਰੋਹੀ ਨੇ ਬਤੌਰ ਮੰਚ ਸੰਚਾਲਕ ਡਿਊਟੀ ਨਿਭਾਉਂਦਿਆਂ ਦੱਸਿਆ ਕਿ ਪ੍ਰਿੰਸੀਪਲ ਸਾਹਿਬ ਆਪਣੇ ਬਚਪਨ ਤੋਂ ਹੀ ਗੁਰੂ-ਘਰ ਪ੍ਰਤਿ ਸਮਰਪਿਤ ਰਹੇ, ਸਾਨੂੰ ਅਤਿਅੰਤ ਖੁਸ਼ੀ ਹੈ ਕਿ ਪਰਮਾਤਮਾ ਵਲੋਂ ਇਹਨਾਂ ਦੀ ਜੀਵਨ-ਘਾਲਿ ਥਾਏਂ ਪਈ ਹੈ। 

ਉਹਨਾਂ ਫਖਰ ਨਾਲ ਦੱਸਿਆ ਕਿ ਗਾਹੇ-ਵਗਾਹੇ ਵੀ ਇਹ ਹਮੇਸ਼ਾਂ ਸਾਡੀ ਰਹਿਨੁਮਾਈ ਕਰਦੇ ਹਨ। ਸਾਡੇ ਸਮੁੱਚੇ ਗੁਰਦੁਆਰਾ ਪ੍ਰਬੰਧਕਾਂ ਵਲੋਂ ਇਹਨਾਂ ਦੀ ਇਸ ਦਸਵੀਂ ਮੌਲਿਕ ਪੁਸਤਕ ਦੀਆਂ ਤਹਿ ਦਿਲੋਂ ਮੁਬਾਰਕਾਂ। ਪਰਮਾਤਮਾ ਇਹਨਾਂ ਦੀ ਕਲਮ ਨੂੰ ਹਮੇਸ਼ਾਂ ਸਲਾਮਤ ਰੱਖੇ। 

ਰਵਿਦਾਸ ਬਾਣੀ ਦੇ ਕ੍ਰਾਂਤੀਕਾਰੀ ਸੰਦੇਸ਼ ਨੂੰ ਘਰ-ਘਰ ਪਹੰਚਾਉਣ ਦਾ ਹਵਾਲਾ ਦਿੰਦੇ ਹੋਏ ਉਹਨਾਂ ਨਗਰ ਕੀਰਤਨ ਦੀ ਰੂਪ-ਰੇਖਾ ਵੀ ਉਲੀਕੀ। ਪ੍ਰਿੰਸੀਪਲ ਜਸਵੰਤ ਸਿੰਘ ਜਿਹਨਾਂ ਨੂੰ ਇਸ ਪੁਸਤਕ ਦੇ ਮੁੱਢਲੇ ਸ਼ਬਦ ਲਿਖਣ ਦਾ ਮਾਣ ਹਾਸਲ ਹੈ, ਨੇ ਆਪਣੇ ਭੇਜੇ ਸੰਦੇਸ਼ ਵਿੱਚ ਕਿਹਾ, “ਖ਼ਤ-ਵਿਧਾ ’ਤੇ ਕਲਮ ਅਜ਼ਮਾਈ ਕਰਨਾ ਆਮ ਹਾਰੀ-ਸਾਰੀ ਦੇ ਵੱਸ ਦਾ ਕੰਮ ਨਹੀਂ, ਇਹ ਤਾਂ ਧੁਰ ਅੰਦਰੋਂ ਨਿਕਲੇ ਮੁਹੱਬਤੀ ਬੋਲ ਹੁੰਦੇ ਹਨ। 

ਪ੍ਰਿੰ. ਕ੍ਰਿਸ਼ਨ ਸਿੰਘ ਨੇ 178 ਪੰਨਿਆਂ ਦਾ ਇਹ ਖ਼ਤ ਲਿਖ ਕੇ, ਦੀਨ-ਦੁਨੀਆਂ ਦੇ ਰਹਿਬਰ ਗੁਰੂ ਰਵਿਦਾਸ ਜੀ ਨਾਲ ਮੁਹੱਬਤ ਵੀ ਪਾਲ਼ੀ ਹੈ ਅਤੇ ਉਹ ਆਪਣੇ ਸਾਹਿਤਕ ਮਿਸ਼ਨ ਵਿੱਚ ਵੀ ਖ਼ਰੇ ਉਤਰੇ ਹਨ। ਉਹਨਾਂ ਦੀ ਇਹ ਨਿਵੇਕਲੇ ਅੰਦਾਜ਼ ਵਾਲੀ ਬ੍ਰਿਤਾਂਤਮੁਖੀ ਖੋਜ-ਵਿਧੀ ਆਪਣੀ ਮਿਸਾਲ ਆਪ ਹੈ।” ਉੱਚੇਚੇ ਤੌਰ ’ਤੇ ਸਮਾਗਮ ਵਿੱਚ ਹਾਜ਼ਰ ਹੋਏ ਸ. ਹਰਦਿਆਲ ਸਿੰਘ ਬੋਪਾਰਾਏ-ਪ੍ਰਧਾਨ ਡਾਕਟਰ ਬੀ ਆਰ ਅੰਬੇਡਕਰ ਵੈੱਲਫੇ਼ਅਰ ਸੁਸਾਇਟੀ ਮੁੱਲਾਂਪੁਰ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਰਵਿਦਾਸੀਆ ਭਾਈਚਾਰੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਤੇ ਰਵਿਦਾਸ ਬਾਣੀ ਦੇ ਲਿਖਤ-ਪਾਠ ਨੂੰ ਸਦੀਵੀ ਤੌਰ ’ਤੇ ਸੰਭਾਲਣ ਵਾਲੇ ਗੂਰੂ ਅਰਜਨ ਦੇਵ ਜੀ ਦੇ ਹਮੇਸ਼ਾਂ ਰਿਣੀ ਹੋਣਾ ਚਾਹੀਦਾ ਹੈ। 

ਖੋਜੀ ਬਿਰਤੀ ਦੇ ਮਹੱਤਵ ’ਤੇ ਜ਼ੋਰ ਦਿੰਦਿਆਂ ਉਹਨਾਂ ਕਿਹਾ ਕਿ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਜਿਹੇ ਵਿਦਵਾਨਾਂ ਦੀ ਸਾਨੂੰ ਅੱਜ ਵੀ ਲੋੜ ਹੈ ਜੋ ਰਵਿਦਾਸ ਜੀ ਦੀ ਬਾਣੀ ਤੇ ਉਹਨਾਂ ਦੇ ਜੀਵਨ-ਬਿਓਰੇ ਨੂੰ ਪ੍ਰਮਾਣਿਕ ਰੂਪ ਵਿੱਚ ਸੰਭਾਲਣ ਲਈ ਯਤਨਸ਼ੀਲ ਹੋਣ। ਉਪਰੋਕਤ ਤੋਂ ਇਲਾਵਾ ਇਸ ਧਾਰਮਿਕ ਸਮਾਗਮ ਵਿੱਚ ਸ਼੍ਰੀਮਤੀ ਬਲਜਿੰਦਰ ਕੌਰ ਡਿਪਟੀ ਡੀ ਈ ਓ, ਸ. ਧਰਮਪਾਲ ਸਿੰਘ, ਸ. ਪਾਲ ਸਿੰਘ, ਗੁਰਦੁਆਰਾ ਪ੍ਰਧਾਨ ਸ. ਦਿਲਜੀਤ ਸਿੰਘ , ਸਕੱਤਰ ਸ. ਬਲਵੀਰ ਸਿੰਘ, ਸ. ਨਿਰੰਜਣ ਸਿੰਘ, ਸ. ਜਰਨੈਲ ਸਿੰਘ, ਸ. ਕ੍ਰਿਪਾਲ ਸਿੰਘ, ਸੁਖਵਿੰਦਰ ਕੌਰ ਕੈਨੇਡੀਅਨ, ਸ. ਅਮਰੀਕ ਸਿੰਘ ਤੇ ਨਗਰ ਦੀ ਸੰਗਤ ਨੇ ਭਰਵੇਂ ਰੂਪ ਵਿੱਚ ਗੁਰੂ-ਘਰ ਦੀ ਹਾਜ਼ਰੀ ਭਰੀ ਅਤੇ ਪੁਸਤਕ ਲੋਕ ਅਰਪਣ ਦੇ ਇਸ ਨਵੇਂ-ਨਿਵੇਕਲੇ ਸਾਹਿੱਤਕ ਮਾਹੌਲ ਦਾ ਵੀ ਖ਼ੂਬ ਆਨੰਦ ਮਾਣਿਆ।

ਸਾਹਿਤ-ਸਰਗਰਮੀਆਂ ਦੀ ਕਵਰੇਜ ਵਾਲੀ ਪੱਤਰਕਾਰੀ ਨੂੰ ਮਜ਼ਬੂਤ ਬਣਾਉਣ ਵਿੱਚ ਸਹਿਯੋਗੀ ਬਣੋ।  
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।