google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: February 2024

Thursday 29 February 2024

ਰਿਸ਼ਤਿਆਂ ਦੀ ਵਿਆਕਰਨ ਅਤੇ ਜਿਊਣ ਦਾ ਹੁਨਰ ਸਿਖਾਉਂਦੀ ਹੈ ਇਹ ਪੁਸਤਕ-ਬੋਹਾ

 Thursday 29th February 2024 at 4:49 PM   ਜ਼ਿਲ੍ਹਾ ਲੋਕ ਸੰਪਰਕ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

"ਵਿਹੜਾ ਬਾਬੁਲ ਦਾ" ਕਾਵਿ ਸੰਗ੍ਰਹਿ ਭਾਸ਼ਾ ਵਿਭਾਗ ਦੇ ਦਫਤਰ ਵਿੱਚ ਰਿਲੀਜ਼

ਸਾਹਿਬਜ਼ਾਦਾ ਅਜੀਤ ਸਿੰਘ ਨਗਰ: 29 ਫਰਵਰੀ 2024:(ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ)::

ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਰਾਸ਼ਟਰੀ ਕਵੀ ਸੰਗਮ, ਮੋਹਾਲੀ ਦੇ ਸਹਿਯੋਗ ਨਾਲ ਮਿਤੀ 29.02.2024 ਨੂੰ ਨੀਲਮ ਨਾਰੰਗ ਦੇ ਕਾਵਿ-ਸੰਗ੍ਰਹਿ ‘ਵਿਹੜਾ ਬਾਬੁਲ ਦਾ’ ਨੂੰ ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਇਸ ਸਮਾਗਮ ਵਿੱਚ ਸਾਹਿਤ ਅਤੇ ਯਿਨਦਗੀ ਨਾਲ ਸਬੰਧਤ ਬਹੁਤ ਸਾਰੀਆਂ ਕੰਮ ਦੀਆਂ ਗੱਲਾਂ ਹੋਈਆਂ। 

ਇਸ ਸਮਾਗਮ ਦੇ ਸ਼ੁੱਭ-ਆਰੰਭ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਿਹਾ ਗਿਆ। ਇਸ ਮੌਕੇ ਸਾਹਿਤ ਨਾਲ ਜੁੜੀਆਂ ਬਹੁਤ ਸਾਰੀਆਂ ਚਰਚਿਤ ਸ਼ਖਸੀਅਤਾਂ ਪਹੁੰਚੀਆਂ
ਹੋਈਆਂ ਸਨ। ਇਹਨਾਂ ਨੂੰ ਕਵਿਤਾ ਦੀ ਵੀ ਪੂਰੀ ਸਮਝ ਸੀ ਜ਼ਿੰਦਗੀ ਦੇ ਉਹਨਾਂ ਰੰਗਾਂ ਦੀ ਵੀ ਜਿਹੜੇ ਰੰਗ ਇਜ਼ਿੰਦਗੀ ਅਚਨਚੇਤੀ ਸਾਨੂੰ ਸਭਨਾਂ ਨੂੰ ਦਿਖਾਉਂਦੀ ਹੀ ਰਹਿੰਦੀ ਹੈ। 

ਜ਼ਿਲਾ ਭਾਸ਼ਾ ਅਫਸਰ ਡਾਕਟਰ ਦੇਵਿੰਦਰ ਬੋਹਾ ਨੇ ਨੀਲਮ ਨਾਰੰਗ ਨੂੰ ਉਹਨਾਂ ਦੇ ਪਹਿਲੇ ਪੰਜਾਬੀ ਕਾਵਿ ਸੰਗ੍ਰਹਿ ‘ਵਿਹੜਾ ਬਾਬੁਲ ਦਾ’ ਲਈ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਇਹ ਕਾਵਿ-ਪੁਸਤਕ ਰਿਸ਼ਤਿਆਂ ਦੀ ਵਿਆਕਰਨ ਨੂੰ ਸਮਝਣ ਪੱਖੋਂ ਜਿਊਣ ਦਾ ਹੁਨਰ ਸਿਖਾਉਂਦੀ ਹੈ। ਉਨ੍ਹਾਂ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।

ਇਸ ਮੌਕੇ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਕਾਵਿ ਸੰਗ੍ਰਹਿ ‘ਵਿਹੜਾ ਬਾਬੁਲ ਦਾ’ ਨੂੰ ਲੋਕ ਅਰਪਣ ਕਰਨ ਉਪਰੰਤ ਵਿਚਾਰ ਚਰਚਾ ਦੀ ਪ੍ਰਧਾਨਗੀ ਕਰ ਰਹੇ ਸ਼੍ਰੀ ਬਲਕਾਰ ਸਿੰਘ ਸਿੱਧੂ ਵੀ ਮੌਜੂਦ ਰਹੇ। ਜ਼ਿਕਰਯੋਗ ਹੈ ਕਿ ਬਲਕਾਰ ਸਿੱਧੂ ਚੰਡੀਗੜ੍ਹ ਲੇਖਕ ਸਭਾ ਦੇ ਪ੍ਰਧਾਨ ਵੀ ਹਨ ਅਤੇ ਹੋਰ ਵੀ ਬਹੁਤ ਸਾਰੀਆਂ ਰਚਨਾਤਮਕ ਸੰਸਥਾਵਾਂ ਨਾਲ ਨੇੜਿਓਂ ਜੁੜੇ ਹੋਏ ਹਨ। 

ਸਟੇਜ ਅਤੇ ਸਾਹਿਤ ਦੇ ਸੁਮੇਲ ਵਿੱਚ ਆਪਣੀ ਵੱਖਰੀ ਥਾਂ ਰੱਖਣ ਵਾਲੇ ਜਨਾਬ ਬਲਕਾਰ ਸਿੱਧੂ  ਨੇ ਨੀਲਮ ਨਾਰੰਗ ਦੀ ਸ਼ਾਇਰ ਬਾਰੇ ਟਿੱਪਣੀ ਕਰਦਿਆਂ ਆਖਿਆ ਕਿ ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਪੰਜਾਬੀ ਸੱਭਿਆਚਾਰ ਅੰਦਰ ਵਿਹੜੇ ਦੇ ਸੰਕਲਪ ਨੂੰ ਮੁਖ਼ਾਤਿਬ ਹੁੰਦਿਆਂ ਆਪਸੀ ਸਾਂਝਾਂ ਦਾ ਪ੍ਰਗਟਾਵਾ ਕਰਦੀਆਂ ਹਨ ਜੋ ਕਿ ਮੌਜੂਦਾ ਮਾਹੌਲ ਵਿੱਚ ਬਹੁਤ ਹੀ ਅਨਮੋਲ ਭੂਮਿਕਾ ਹੈ। 

ਰਾਸ਼ਟਰੀ ਕਵੀ ਸੰਗਮ, ਚੰਡੀਗੜ੍ਹ ਦੀ ਪ੍ਰਧਾਨ ਸ਼੍ਰੀਮਤੀ ਸੰਤੋਸ਼ ਗਰਗ ਇਸ ਸਮਾਗਮ ਦੇ ਮੁੱਖ ਮਹਿਮਾਨ ਵੱਜੋਂ ਮੌਜੂਦ ਰਹੇ। ਉਹਨਾਂ ਨੇ  ਕਵਿੱਤਰੀ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਹ ਕਵਿਤਾਵਾਂ ਸਮਾਜ ਪ੍ਰਤੀ ਆਪਣੇ ਫਰਜ਼ਾਂ ਨੂੰ ਜ਼ਿੰਮੇਵਾਰੀ ਨਾਲ ਨਿਭਾਉਣ ਦਾ ਧਰਮ ਪੁਗਾਉਂਦੀਆਂ ਹਨ। ਅੱਜਕਲ੍ਹ ਦੇ ਤੇਜ਼ ਰਫ਼ਤਾਰੀ ਵਾਲੇ ਇਸ ਦੌਰ ਵਿੱਚ ਸਾਨੂੰ ਸਾਡੇ ਇਹ ਫਰਜ਼ ਚੇਤੇ ਰਹਿਣ ਇਹ ਗੱਲ ਬਹੁਤ ਜ਼ਰੂਰੀ ਵੀ ਹੈ। 

ਪੁਸਤਕ ਰਿਲੀਜ਼ ਦੇ ਇਸ ਸਮਾਗਮ ਮੌਕੇ ਵਿਸ਼ੇਸ਼ ਮਹਿਮਾਨ ਸ਼੍ਰੀ ਮਨਮੋਹਨ ਸਿੰਘ ਦਾਊਂ ਨੇ ਆਖਿਆ ਕਿ ਇਹ ਸ਼ਾਇਰੀ ਅਤੀਤ ਅਤੇ ਵਰਤਮਾਨ ’ਚ ਪੁਲ ਦਾ ਕੰਮ ਕਰਦਿਆਂ ਮਨੁੱਖੀ ਵੇਦਨਾ ਦੀ ਕਵਿਤਾ ਹੋ ਨਿਬੜਦੀ ਹੈ ਜਿਸ ਵਿੱਚ ਜੀਵਨ ਅਕਾਂਖਿਆ ਸ਼ਾਮਲ ਹੈ।  (ਉੱਘੇ ਬਾਲ ਸਾਹਿਤਕਾਰ)ਇਸ ਤੋਂ ਉਪਰੰਤ ਰੰਜਨ ਮੰਗੋਤਰਾ (ਪ੍ਰਧਾਨ, ਰਾਸ਼ਟਰੀ ਕਵੀ ਸੰਗਮ, ਮੋਹਾਲੀ) ਨੇ ਆਖਿਆ ਕਿ ਕਵਿਤਾ ਸਰਲ ਭਾਵੀ ਹੋਣ ਕਰਕੇ ਸਭ ਨੂੰ ਸਮਝ ਆਉਣ ਵਾਲੀ ਹੈ।

ਪਰਚਾ ਲੇਖਕ ਸਤਬੀਰ ਕੌਰ ਵੱਲੋਂ ਆਪਣਾ ਪਰਚਾ ਪੜ੍ਹਦਿਆਂ ਕਿਹਾ ਗਿਆ ਕਿ ਇਸ ਕਾਵਿ ਸੰਗ੍ਰਹਿ ਵਿੱਚ ਜਿੱਥੇ ਵਿਸ਼ਿਆਂ ਦੀ ਵੰਨ-ਸੁਵੰਨਤਾ ਹੈ ਉੱਥੇ ਇਸ ਵਿੱਚ ਆਏ ਨਵੇਂ ਸ਼ਬਦ, ਖ਼ਿਆਲ ਇਸ ਕਵਿਤਾ ਦਾ ਹਾਸਿਲ ਹਨ। ਕਵਿੱਤਰੀ ਨੇ ਇਸ ਵਿੱਚ ਠੇਠ ਪੰਜਾਬੀ ਸ਼ਬਦਾਂ ਦੀ ਸੁਚੱਜੀ ਵਰਤੋਂ ਕਰਦਿਆਂ ਇਸ ਨੂੰ ਕਵਿਤਾ ਦੀ ਭਾਸ਼ਾ ’ਚ ਗੁੰਨ੍ਹਿਆ ਹੈ।

ਇਸ ਪੁਸਤਕ ਦੀ ਰਚੇਤਾ ਸ਼ਾਇਰਾ ਨੀਲਮ ਨਾਰੰਗ ਹਿੰਦੀ ਸਾਹਿਤ ਨਾਲ ਜੁੜੀ ਰਹੀ ਅਤੇ ਹਰਿਆਣਾ ਦੀ ਜੰਮਪਲ ਹੈ। ਇਸ ਲਈ ਹਿੰਦੀ ਤੋਂ ਪੰਜਾਬੀ ਦਾ ਸਫਰ ਬੜਾ ਦਿਲਚਸਪ ਰਿਹਾ। ਇਹ ਸਾਰਾ ਵੇਰਵਾ ਤੁਸੀਂ ਇਥੇ ਕਲਿੱਕ ਕਰ ਕੇ ਵੀ ਪੜ੍ਹ ਸਕਦੇ ਹੋ। ਮੈਡਮ ਨੀਲਮ ਨਾਰੰਗ ਵੱਲੋਂ ਆਪਣੀ ਸਿਰਜਣ ਪ੍ਰੀਕਿਰਿਆ ਦੀ ਗੱਲ ਕਰਦਿਆਂ ਵੀ ਸਪਸ਼ਟ ਕਿਹਾ ਗਿਆ ਕਿ ਮੈਂ ਪਹਿਲਾਂ ਹਿੰਦੀ ਵਿੱਚ ਲਿਖਦੀ ਸਾਂ ਪਰ ਮੈਂ ਆਪਣੀ ਮਾਂ-ਬੋਲੀ ਪੰਜਾਬੀ ’ਚ ਲਿਖਣ ਦੀ ਕਮੀ ਮਹਿਸੂਸ ਕਰਦਿਆਂ ਹੁਣ ਪੰਜਾਬੀ ਵਿੱਚ ਲਿਖਣਾ ਸ਼ੁਰੂ ਕੀਤਾ ਤਾਂ ਮੈਨੂੰ ਬਹੁਤ ਮਾਣ ਸਤਿਕਾਰ ਮਿਲਿਆ। ਇਹ ਮੇਰੀ ਪਲੇਠੀ ਪੰਜਾਬੀ ਕਵਿਤਾ ਦੀ ਪੁਸਤਕ ਹੈ ਜਿਸ ਅੰਦਰ ਮੇਰੇ ਮਨ ਦੇ ਸੱਚੇ-ਸੁੱਚੇ ਭਾਵ ਅਤੇ ਜਜ਼ਬਾਤ ਸ਼ਾਮਲ ਹਨ। 

ਕਾਨੂੰਨ ਅਤੇ ਅਦਾਲਤ ਨਾਲ ਜੁੜੀ ਹੋਈ ਇਹ ਸ਼ਾਇਰ ਨੀਲਮ ਨਾਰੰਗ ਜਦੋ ਸ਼ਾਇਰੀ ਕਰਦੀ ਹੈ ਤਾਂ ਉਦੋਂ ਵੀ ਮੰਡੀਆਂ ਅੱਖਾਂ ਤੋਂ ਕਾਨੂੰਨ ਵਾਲੀ ਐਨਕ ਨੁਨਾਲੱਗ ਕਰਨਾ ਸੌਖਾ ਨਹੀਂ ਹੰਦਾ। ਦਿਲਚਸਪ ਗੱਲ ਹੈ ਕਿ ਵਕਾਲਤ ਦਾ ਕਿੱਤਾ ਕਰਦਿਆਂ ਪੂਰੀ ਤਰ੍ਹਾਂ ਦਲੀਲ ਨਾਲ ਜੁੜਨਾ ਪੈਂਦਾ ਹੈ। ਕਾਨੂੰਨ ਅਤੇ ਜੁਰਮਾਂ ਦੀ ਦੁਨੀਆ ਨਾਲ ਸਾਹਮਣਾ ਕਰਦਿਆਂ ਇਨਸਾਨ ਦੀ ਮਾਨਸਿਕਤਾ ਬੜੀ ਵੱਖਰੀ ਕਿਸਮ ਦੀ ਬਣ ਜਾਂਦੀ ਹੈ। ਹਰ ਗੱਲ ਨੂੰ ਸਬੂਤਾਂ ਦੇ ਅਧਾਰ ਤੇ ਦੇਖਣ ਪਰਖਣ ਦੀ ਆਦਤ ਵੀ ਪੈ ਜਾਂਦੀ ਹੈ। ਕੁਲ ਮਿਲਾ ਕੇ ਇਨਸਾਨ ਦੀ ਮਨ ਵਾਲੀ ਦੁਨੀਆ ਅਤੇ ਮਾਨਸਿਕ ਮਾਹੌਲ ਦਿਲਚਸਪ ਵੀ ਬਣ ਜਾਂਦੇ ਹਨ। ਅਜਿਹੇ ਮਾਹੌਲ ਵਿੱਚ ਜਜ਼ਬਾਤਾਂ ਅਤੇ ਕਲਪਨਾ ਨਾਲ ਸ਼ਾਇਰੀ ਦੀ ਦੁਨੀਆ ਵਿਚ ਵਿਚਰਣਾ ਇੱਕ ਵੱਖਰੀ ਕਿਸਮ ਦੇ ਤਜਰਬਿਆਂ ਵਿੱਚੋਂ ਲੰਘਣ ਵਾਂਗ ਹੁੰਦਾ ਹੈ। 

ਇਸ ਮੌਕੇ ‘ਵਿਹੜਾ ਬਾਬੁਲ ਦਾ’ ਕਾਵਿ ਸੰਗ੍ਰਹਿ ਵਿਚੋਂ ਸੁਰਜੀਤ ਸਿੰਘ ਧੀਰ, ਬਲਵਿੰਦਰ ਢਿੱਲੋਂ, ਸਵਿਤਾ ਗਰਗ, ਪ੍ਰਭਜੋਤ ਕੌਰ ਜੋਤ, ਸੀਮਾ ਗੁਪਤਾ ਅਤੇ ਬਾਬੂ ਰਾਮ ਦੀਵਾਨਾ ਵੱਲੋਂ ਆਪਣੀ ਖ਼ੂਬਸੂਰਤ ਅਤੇ ਬੁਲੰਦ ਅਵਾਜ਼ ਤੇ ਅੰਦਾਜ਼ ਵਿਚ ਕਵਿਤਾਵਾਂ ਵੀ ਪੇਸ਼ ਕੀਤੀਆਂ ਗਈਆਂ। ਸੰਗੀਤ ਦੇ ਇਸ ਜਾਦੂ ਨੇ ਇਹਨਾਂ ਰਚਨਾਵਾਂ ਵਿੱਚ ਨਵੀਂ ਜਾਨ ਪਾ ਦਿੱਤੀ। 

ਭਾਸ਼ਾ ਵਿਭਾਗ ਦਾ ਮੋਹਾਲੀ ਵਾਲਾ ਇਹ ਜ਼ਿਲ੍ਹਾ ਦਫਤਰ ਤਾਂ ਆਪਣੇ ਆਪ ਵਿੱਚ ਹੀ ਬਹੁਤ ਰਚਨਾਤਮਕ ਹੈ। ਦਫਤਰ ਦੇ ਜਿਸ ਕਮਰੇ  ਦੀ ਦੀਵਾਰ ਵੱਲ ਵੀ ਦੇਖੋ ਤਾਂ ਕੁਝ ਨ ਕੁਝ ਅਜਿਹਾ ਨਜ਼ਰ ਆ ਹੀ ਜਾਏਗਾ ਜਿਹੜਾ ਤੁਹਾਡੇ ਮਨ ਵਿੱਚ ਲੁੱਕੀ ਜਾਂ ਸੁੱਤੀ ਹੋਈ ਰਚਨਾਤਮਕਤਾ ਨੂੰ ਜਗਾ ਕੇ ਕੁਝ ਜਾਦੂ ਵਰਗਾ ਦਿਖਾਉਣ ਲੱਗੇਗਾ।  ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।

ਇਸ ਮੌਕੇ ਸਾਗਰ ਸਿੰਘ ਭੁਰੀਆ, ਧਿਆਨ ਸਿੰਘ ਕਾਹਲੋਂ, ਵਰਿੰਦਰ ਚੱਠਾ, ਰੇਣੁ ਅੱਬੀ,  ਆਸ਼ਾ ਰਾਣੀ, ਕ੍ਰਿਸ਼ਨਾ ਗੋਇਲ, ਜਸਮੇਰ ਸਿੰਘ ਕੰਵਰ, ਚਰਨਜੀਤ ਸਿੰਘ ਕਲੇਰ, ਜਗਤਾਰ ਸਿੰਘ ਜੋਗਾ, ਮਨਜੀਤ ਪਾਲ ਸਿੰਘ, ਸੁਰਜਨ ਸਿੰਘ ਗਿੱਲ, ਸਕਿੰਦਰ ਸਿੰਘ ਪੱਲ੍ਹਾ, ਪਿਆਰਾ ਸਿੰਘ ਰਾਹੀ, ਮਲਕੀਤ ਸਿੰਘ ਨਾਗਰਾ, ਭੁਪਿੰਦਰ ਸਿੰਘ ਭਾਗੋਮਾਜਰਾ, ਛਿੱਬਰ ਸਹੇੜੀ, ਰਜਨੀ ਪਾਠਕ, ਸੁਧਾ ਜੈਨ ਸੁਦੀਪ, ਨੇਹਾ ਸ਼ਰਮਾ, ਡਾ. ਪੰਨਾ ਲਾਲ ਮੁਸਤਫ਼ਾਬਾਦੀ, ਪਰਮਿੰਦਰ ਸੋਨੀ, ਗੁਰਵਿੰਦਰ ਕੌਰ, ਮਨਜੀਤ ਸਿੰਘ, ਜਪਨੀਤ ਕੌਰ ਵੱਲੋਂ ਵੀ ਸ਼ਿਰਕਤ ਕੀਤੀ ਗਈ।

ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦਿਲ ਪ੍ਰੀਤ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।


Wednesday 28 February 2024

ਪੁਸਤਕ "ਬਾਬੁਲ ਦਾ ਵਿਹੜਾ" ਰਿਲੀਜ਼ ਸਮਾਗਮ 29 ਫਰਵਰੀ ਵੀਰਵਾਰ ਨੂੰ

Wednesday 28th February  2024 at 15-40

ਲੰਮੀ ਸਾਹਿਤ ਸਾਧਨਾ ਮਗਰੋਂ ਪਾਠਕਾਂ ਸਾਹਮਣੇ ਆਈ ਹੈ ਇਹ ਪੁਸਤਕ 


ਲੁਧਿਆਣਾ: 28 ਫਰਵਰੀ 2024: (ਕਾਰਤਿਕਾ ਕਲਿਆਣੀ ਸਿੰਘ//ਸਾਹਿਤ ਸਕਰੀਨ ਡੈਸਕ )::

ਲੜਨ ਦੀ ਸੋਚ ਵਾਲੇ ਲੋਕ ਭਾਵੇਂ ਭਾਸ਼ਾ ਦੇ ਨਾਮ ਤੇ ਲੜੀ ਜਾਣ ਤੇ ਭਾਵੇਂ ਇਲਾਕਾਵਾਦ ਨੂੰ ਅਧਾਰ ਬਣਾ ਕੇ ਪਰ ਅਸਲ ਵਿੱਚ ਇਸ ਲੜਾਈ ਦਾ ਅਧਾਰ ਹਮੇਸ਼ਾ ਸੌੜੀ ਸਿਆਸਤ ਵਾਲੇ ਸਵਾਰਥੀ ਲੋਕ ਹੀ ਹੋਇਆ ਕਰਦੇ ਹਨ। ਹਿੰਦੀ, ਪੰਜਾਬੀ, ਉਰਦੂ ਅੰਗਰੇਜ਼ੀ ਸਭ ਭਾਸ਼ਾਵਾਂ ਚੰਗੀਆਂ ਹਨ ਅਤੇ ਇਹਨਾਂ ਦੇ ਗੁਣ ਵੀ ਆਪੋ ਆਪਣੇ ਹਨ। ਗੱਲ ਭਾਸ਼ਾ ਦੀ ਹੋਵੇ ਜਾਂ ਸਰਹੱਦਾਂ ਦੀ ਜਾਂ ਫਿਰ ਜਾਤਾਂ ਪਾਤਾਂ ਦੀ-ਕਲਮਾਂ ਵਾਲੇ ਹਮੇਸ਼ਾਂ ਇੱਕ ਦੂਜੇ ਨੂੰ ਨੇੜੇ ਲਿਆਉਣ ਲਈ ਸਰਗਰਮ ਰਹਿੰਦੇ ਹਨ। ਅਜਿਹੇ ਚੰਗੇ ਲੇਖਕਾਂ ਵਿੱਚ ਇੱਕ ਨਾਮ ਨੀਲਮ ਨਾਰੰਗ ਦਾ ਵੀ ਹੈ।  

ਨੀਲਮ ਨਾਰੰਗ ਦਾ ਜਨਮ ਫਤਿਹਾਬਾਦ ਵਿੱਚ 21 ਜੂਨ 1968 ਨੂੰ ਇੱਕ ਮੱਧ ਵਰਗੀ ਪਰਿਵਾਰ ਵਿੱਚ ਹੋਇਆ।ਘਰ ਵਿੱਚ ਜਨਮ ਤੋਂ ਪਹਿਲਾਂ ਹੀ  ਸਾਹਿਤਕ ਮਾਹੌਲ ਸੀ। ਇਸ ਮਾਹੌਲ ਕਰਕੇ ਸਾਰੇ ਮਸ਼ਹੂਰ ਲੇਖਕਾਂ ਦੀਆਂ ਕਈ ਕਿਤਾਬਾਂ ਵੀ ਸਹਿਜੇ ਹੀ ਪੜ੍ਹੀਆਂ ਗਈਆਂ। ਇਸ ਦੇ ਨਾਲ ਨਾਲ ਵਿਦਿਅਕ ਯੋਗਤਾ ਵਾਲੇ ਪਾਸੇ ਵੀ ਸਾਧਨਾ ਜਾਰੀ ਰਹੀ ਅਤੇ 20 ਸਾਲ ਦੀ ਉਮਰ ਵਿੱਚ,  ਬੀ.ਏ. ਤੱਕ ਦੀ ਪੜ੍ਹਾਈ ਵੀ ਮੁਕੰਮਲ ਕਰ ਲਈ। ਬੀ ਏ ਦੀ ਡਿਗਰੀ ਤੋਂ ਬਾਅਦ ਵਿਆਹ ਕਰਵਾ ਕੇ ਜ਼ਿੰਦਗੀ ਦੀ ਇਸ ਗ੍ਰਹਿਸਥ ਸਾਧਨਾ  ਵਿਚ ਵੀ ਕਦਮ ਰੱਖਿਆ। 

ਵਿਆਹ ਤੋਂ ਬਾਅਦ ਹਿਸਾਰ ਵਿੱਚ ਐਮ.ਏ. (ਰਾਜਨੀਤੀ ਸ਼ਾਸਤਰ) ਅਤੇ ਫਿਰ ਬੀ.ਐਡ ਕੀਤੀ ਅਤੇ ਅਧਿਆਪਨ ਦਾ ਕਿੱਤਾ ਚੁਣਿਆ। ਸੰਨ 2006 ਵਿੱਚ ਐਲ. ਐਲ ਬੀ. ਕਰਕੇ ਵਕਾਲਤ ਦੇ ਕਿੱਤੇ ਵਿੱਚ ਪ੍ਰਵੇਸ਼ ਕੀਤਾ। ਜ਼ਿੰਦਗੀ ਅਤੇ ਸਿੱਖਾਂ ਦੇ ਏਨੇ ਸਾਰੇ ਪੜਾਵਾਂ ਅਤੇ  ਤੋਂ ਬਾਅਦ ਸੰਨ 2016 ਵਿੱਚ ਨੀਲਮ ਨੇ ਲਿਖਣਾ ਸ਼ੁਰੂ ਕੀਤਾ।  

ਉਹ ਦੱਸਦੇ ਹਨ-ਮੈਂ ਕਵਿਤਾ, ਗ਼ਜ਼ਲ, ਗੀਤ, ਮੁਕਤਕ, ਲੇਖ, ਯਾਦਾਂ, ਕਹਾਣੀਆਂ ਅਤੇ ਛੋਟੀਆਂ ਕਹਾਣੀਆਂ ਵਾਲੇ ਖੇਤਰਾਂ ਵਿੱਚ ਆਪਣੀ ਕਲਮ ਦੇ ਤਜਰਬੇ ਸ਼ੁਰੂ ਕੀਤੀ ਜਿਹੜੇ ਬਹੁਤ ਹੀ ਸੰਦ ਵੀ ਕੀਤੇ ਗਏ। ਜੁਲਾਈ 2017 ਵਿਚ ਹੀ ਹਿੰਦੀ ਦੀ ਪ੍ਰਸਿੱਧ ਅਖਬਾਰ ਅਮਰ ਉਜਾਲਾ ਮੇਰੀ ਰਚਨਾ ਛਪੀ ਜੋ ਕਿ ਇੱਕ ਕਹਾਣੀ ਸੀ।  'ਮੇਰਾ ਸਮਾਜ ਅਲਗ ਕੈਸੇ' ਨਾਂ ਦੀ ਇਸ ਪਹਿਲੀ ਪ੍ਰਕਾਸ਼ਿਤ ਕਹਾਣੀ ਨੂੰ ਪਾਠਕਾਂ ਵੱਲੋਂ ਬਹੁਤ ਹੁੰਗਾਰਾ ਵੀ ਮਿਲਿਆ ਅਤੇ ਇਸਨੇ ਉਤਸ਼ਾਹ ਵੀ ਵਧਾਇਆ ਅਤੇ ਹੌਂਸਲਾ ਵੀ ਦਿੱਤਾ। ਇਸ ਨਾਲ ਸਾਹਿਤ ਰਚਨਾ ਵਿੱਚ ਤੇਜ਼ੀ ਵੀ ਆਈ। 

ਉਸ ਤੋਂ ਬਾਅਦ ਵੱਖ-ਵੱਖ ਅਖਬਾਰਾਂ ਅਤੇ ਰਸਾਲਿਆਂ ਵਿਚ ਛੋਟੀਆਂ ਕਹਾਣੀਆਂ, ਲੇਖ ਅਤੇ ਕਵਿਤਾਵਾਂ ਪ੍ਰਕਾਸ਼ਿਤ ਹੋਈਆਂ ਹਨ। ਇਸ ਤੋਂ ਇਲਾਵਾ ਕਈ ਪੁਸਤਕ ਸੰਗ੍ਰਿਹਾਂ ਵਿੱਚ ਮੇਰੀਆਂ ਮਿੰਨੀ ਕਹਾਣੀਆਂ ਸ਼ਾਮਲ ਕੀਤੀਆਂ ਗਈਆਂ। ਇਹਨਾਂ ਦੀ ਵੀ ਸਮੇਂ ਸਮੇਂ ਕਾਫੀ ਚਰਚਾ ਹੋਈ। 

ਕਲਮ ਅਤੇ ਕਵਿਤਾ ਵਿੱਚ ਇੱਕ ਨਵਾਂ ਮੋੜ ਆਇਆ ਪਿਤਾ ਨਾਲ ਮਨ ਵਿਚ ਉਥੇ ਜਜ਼ਬਾਤਾਂ ਕਾਰਨ। ਇਹ ਉਦੋਂ ਦੀ ਗੱਲ ਹੈ ਜਦੋਂ  10 ਨਵੰਬਰ 2019 ਨੂੰ ਸ਼ਬਦ ਸ਼ਕਤੀ ਸੰਸਥਾ ਵੱਲੋਂ ਪਿਤਾ ਜੀ 'ਤੇ ਲਿਖੀ ਗਈ ਕਵਿਤਾ 'ਤੇ ਪ੍ਰਸ਼ੰਸਾ ਪੱਤਰ ਵੀ ਦਿੱਤਾ ਗਿਆ। ਪਿਤਾ ਨਾਲ ਉਹ ਜਜ਼ਬਾਤੀ ਸਾਂਝ ਲਗਾਤਾਰ ਬਣੀ ਹੋਈ ਹੈ ਅਤੇ ਬਣੀ ਰਹੇਗੀ ਵੀ। 

ਕਰੋਨਾ ਦੌਰਾਨ ਵੱਖ-ਵੱਖ ਸੰਸਥਾਵਾਂ ਨਾਲ ਜੁੜਨ ਦਾ ਸੁਭਾਗ ਵੀ ਪ੍ਰਾਪਤ ਹੋਇਆ। ਔਨਲਾਈਨ ਛੋਟੀਆਂ ਕਹਾਣੀਆਂ ਅਤੇ ਕਵਿਤਾਵਾਂ ਸੁਣਾਈਆਂ ਅਤੇ ਕਈ ਸਮਾਜਿਕ ਸੰਸਥਾਵਾਂ ਦੁਆਰਾ ਸਨਮਾਨਿਤ ਵੀ ਕੀਤਾ ਗਿਆ। ਕਾਵਿ ਸੰਗ੍ਰਹਿ ‘ਵਕਤ ਦੀ ਆਵਾਜ਼ ਸਾਂਝ’ ਵਿੱਚ ਕਵਿਤਾਵਾਂ ਪ੍ਰਕਾਸ਼ਿਤ ਹੋਈਆਂ ਹਨ। 

ਜ਼ਿੰਦਗੀ ਵਿਚ ਦੁਖਦਾਈ ਮੋੜ ਉਦੋਂ ਆਇਆ ਜਦੋਂ ਕੁਝ ਅਣਸੁਖਾਵੇਂ ਕਾਰਨਾਂ ਕਰਕੇ ਪਤੀ ਦੀ ਮੌਤ ਹੋ ਗਈ ਅਤੇ ਜ਼ਿੰਦਗੀ ਵਿੱਚ  ਨਵੀਆਂ ਔਕੜਾਂ ਅਤੇ ਮੁਸੀਬਤਾਂ ਦਾ ਤੂਫ਼ਾਨ ਜਿਹਾ ਹੀ ਆ ਗਿਆ। ਇਸ ਤੋਂ ਬਾਅਦ ਨੀਲਮ ਨੂੰ ਹਿਸਾਰ ਛੱਡ ਕੇ ਚੰਡੀਗੜ੍ਹ ਜਾਣਾ ਪਿਆ। ਕਲਮ ਜ਼ਿੰਦਗੀ ਦੇ ਰੰਗਾਂ ਨੂੰ ਦੇਖਦੀ ਹੋਈ ਲਗਾਤਾਰ ਨਿਖਰਦੀ ਵੀ ਗਈ।ਸੋਚ ਵਿਚ ਵੀ ਗਈ। ਕਲਪਨਾ ਨੇ ਵੀ ਆਪਣੀ ਉਡਾਣ ਹੋਰ ਉੱਚੀ ਕੀਤੀ। ਸਾਹਿਤ ਰਚਨਾ ਨਾਲੋਂ ਨਾਲ ਜਾਰੀ ਵੀ ਰਹੀ। 

ਸੰਨ 2020 ਵਿੱਚ, ਹਰਿਆਣਾ ਸਾਹਿਤ ਅਕਾਦਮੀ ਦੇ ਸ਼ਿਸ਼ਟਾਚਾਰ ਨਾਲ, 2020_2021 ਨੂੰ 'ਬੰਧਨ ਰਿਸ਼ਤਿਆਂ ਦਾ' ਦੇ ਨਾਮ ਦਾ ਇੱਕ ਛੋਟਾ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਗਿਆ ਹੈ। ਫਿਰ ਸਤੰਬਰ 2022 ਵਿੱਚ ਕਾਵਿ ਸੰਗ੍ਰਹਿ ‘ਅਣਖੀ ਦਾਸਤਾਨ’ ਪ੍ਰਕਾਸ਼ਿਤ ਹੋਇਆ। ਇਕ ਪ੍ਰਸਿੱਧ ਫ਼ਿਲਮੀ ਗੀਤ ਹੈ ਨ-ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ। ਬਸ ਉਹ ਹਕੀਕਤ ਨੀਲਮ ਨਾਰੰਗ ਸਾਹਿਬ ਨੇ ਵੀ ਬਹੁਤ ਨੇੜਿਓਂ ਹੋ ਕੇ ਦੇਖੀ। 

ਜ਼ਿੰਦਗੀ ਦੀ ਇਸ ਜੰਗ ਦੀਆਂ ਚੁਣੌਤੀਆਂ ਨੂੰ ਸਵਿਕਾਰ ਕਰਦਿਆਂ ਨੀਲਮ ਨੇ ਜੁਲਾਈ 2022 ਤੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿੱਚ ਆਪਣੀ ਲਾਅ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਵਕਾਲਤ ਦੇ ਅਨੁਭਵਾਂ ਨੇ ਯਿਨਦਗੀ ਦੀਆਂ ਬਹੁਤ ਸਾਰੀਆਂ ਹਕੀਕਤਾਂ ਤੋਂ ਵੀ ਜਾਣੂ ਕਰਵਾਇਆ। ਬਹੁਤ ਸਾਰੇ ਲੋਕਾਂ ਨਾਲ ਵਾਪਰੇ ਘਟਨਾਕ੍ਰਮ ਲਗਾਤਾਰ ਜ਼ਹਿਨ ਵਿੱਚ ਕਹਾਣੀਆਂ ਜਾਂ ਕਵਿਤਾਵਾਂ ਬਣ ਕੇ ਢਲ ਰਹੇ ਹਨ। ਇਹ ਰਚਨਾਵਾਂ ਵੀ ਜਲਦੀ ਹੀ ਕਿਸੇ ਨਵੀਂ ਪੁਸਤਕ ਵਿਚ ਸਾਹਮਣੇ ਆਉਣਗੀਆਂ। ਇਸ ਤਰ੍ਹਾਂ ਹੁਣ ਕਲਮ ਅਤੇ ਜ਼ਿੰਦਗੀ ਦਾ ਅਗਲਾ ਸਫ਼ਰ ਲਗਾਤਾਰ ਜਾਰੀ ਹੈ।

ਨੀਲਮ ਮੈਡਮ ਦੱਸਦੇ ਹਨ- ਮੇਰਾ ਬਹੁਤਾ ਸਮਾਂ ਸਾਹਿਤਕ ਮਾਹੌਲ ਦੀ ਸੰਗਤ ਵਿੱਚ ਬੀਤਦਾ ਹੈ। ਕਿਤਾਬਾਂ ਮੇਰੀਆਂ ਬਹੁਤ ਹੀ ਚੰਗੀਆਂ ਦੋਸਤ ਹਨ। ਇਸ ਸਾਹਿਤਿਕ ਰਸ ਕਾਰਨ ਹੀ ਕਈ ਸਮਾਜਿਕ ਸੰਸਥਾਵਾਂ ਨਾਲ ਵੀ ਸੰਪਰਕ ਬਣਿਆ। ਪੰਜਾਬ ਵਿੱਚ ਆ ਕੇ  ਨੀਲਮ ਨੇ ਮੈਂ ਪੰਜਾਬੀ ਭਾਸ਼ਾ ਵੀ ਸਿੱਖੀ ਅਤੇ ਪੰਜਾਬੀ ਵਿੱਚ ਪਹਿਲਾ ਕਾਵਿ ਸੰਗ੍ਰਹਿ ਬਾਬੁਲ ਦਾ ਵੇਹੜਾ 2024 ਵਿੱਚ ਪ੍ਰਕਾਸ਼ਿਤ ਹੋਇਆ ਹੈ। 

ਹੁਣ ਇਹ ਪੁਸਤਕ ਬਾਬੁਲ ਦਾ ਵਿਹੜਾ 29 ਫਰਵਰੀ ਵੀਰਵਾਰ ਨੂੰ  ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਲਖਨੌਰ ਵਿਖੇ ਸਵੇਰੇ ਸਾਢੇ ਦਸ ਵਜੇ ਰਿਲੀਜ਼ ਕੀਤੀ ਜਾਣੀ ਹੈ। ਇਹ ਦਫਤਰ ਕਮਰਾ ਨੰਬਰ 520, ਚੌਥੀ ਮੰਜ਼ਿਲ,ਡੀਸੀ ਦਫਤਰ ਕੰਪਲੈਕਸ, ਸੈਕਟਰ-76 ਵਿਚ ਸਥਿਤ ਹੈ। ਮੁੱਖ ਮਹਿਮਾਨ ਹੋਣਗੇ ਰਾਸ਼ਟਰੀ ਕਵੀ ਸੰਗਮ ਚੰਡੀਗੜ੍ਹ ਦੇ ਪ੍ਰਧਾਨ ਮੈਡਮ ਸੰਤੋਸ਼ ਗਰਗ।  ਪ੍ਰਧਾਨਗੀ ਕਰਨਗੇ ਪੰਜਾਬੀ ਲੇਖਕ ਸਭ ਚੰਡੀਗੜ੍ਹ ਦੇ ਪ੍ਰਧਾਨ ਜਨਾਬ ਬਲਕਾਰ ਸਿੱਧੂ ਅਤੇ ਜ਼ਿਲਾ ਭਾਸ਼ਾ ਅਫਸਰ ਜਨਾਬ ਦੇਵਿੰਦਰ ਬੋਹਾ। ਵਿਸ਼ੇਸ਼ ਮਹਿਮਾਨ ਹੋਣਗੇ ਉੱਘੇ ਲੇਖਕ ਮਨਮੋਹਨ ਸਿੰਘ ਦਾਊਂ ਅਤੇ ਪਰਚਾ ਪੜ੍ਹਨਗੇ ਸਤਿਬੀਰ ਕੌਰ। ਰੰਜਨ ਮੰਗੋਤਰਾ ਅਤੇ ਅਕਸ਼ੈ ਨਾਰੰਗ ਦੇ ਨਾਲ ਨਾਲ ਰਾਸ਼ਟਰੀ ਕਾਵਿ ਸੰਗਮ ਦੇ ਕਈ ਸੀਨੀਅਰ ਅਹੁਦੇਦਾਰ ਵੀ ਇਸ ਸਮਾਗਮ ਵਿਚ ਤੁਹਾਡੀ ਉਡੀਕ ਕਰਨਗੇ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday 26 February 2024

ਕੌਣ ਲਵੇ ਹੁਣ ਸਾਰ ਉਹਨਾਂ ਬਜ਼ੁਰਗ ਲੇਖਕਾਂ ਦੀ ਜਿਹਨਾਂ ਦੀ ਜੇਬ ਵੀ ਖਾਲੀ ਹੈ

Saturday:24th February 2024 at 15:53 Jasvir Sharma Dadahur

ਕੀ ਅਜਿਹੇ ਲੋੜਵੰਦ ਲੇਖਕਾਂ ਲਈ ਕੋਈ ਸਾਹਿਤਿਕ ਸੰਸਥਾ ਸਰਗਰਮ ਹੈ?


ਸ੍ਰੀ ਮੁਕਤਸਰ ਸਾਹਿਬ//ਮੋਹਾਲੀ: 26 ਫਰਵਰੀ 2024:(ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਜਸਵੀਰ ਸ਼ਰਮਾ ਦੱਦਾਹੂਰ 
ਜਸਵੀਰ ਸ਼ਰਮਾ ਦੱਦਾਹੂਰ ਹੁਰਾਂ ਨੇ ਆਰਥਿਕ ਪੱਖੋਂ ਕਮਜ਼ੋਰ ਲੇਖਕਾਂ ਨੂੰ ਬਣਦਾ ਮਾਣ ਭੱਤਾ ਦੇਣ ਲਈ ਇੱਕ ਪੱਤਰ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖਿਆ। ਇਸ ਪੱਤਰ ਨੂੰ ਪੜ੍ਹੋ ਅਤੇ ਉਸ ਹਾਲਤ ਨੂੰ ਮਹਿਸੂਸ ਕਰੋ ਜਿਹੜੀ ਮਾੜੀਆ ਆਰਥਿਕ ਹਾਲਤਾਂ ਦੌਰਾਨ ਅਕਸਰ ਮੁਸੀਬਤਾਂ ਲੈ ਕੇ ਆਉਂਦੀ ਹੈ। ਇੱਕ ਬੁਢਾਪਾ ਅਤੇ ਅਤੇ ਇੱਕ ਖਾਲੀ ਜੇਬ। ਚੰਗਾ ਹੁੰਦਾ ਜੇਕਰ ਇਸ ਸਮੱਸਿਆ ਸੰਬੰਧੀ ਕੁਝ ਸੋਚਿਆ ਜਾਂਦਾ। ਐਵਾਰਡ ਸ਼ਵਾਰਡ, ਮਾਨ ਸਨਮਾਣ ਅਤੇ ਭੱਤੇ ਅਜਿਹੇ ਲੇਖਕਾਂ ਨੂੰ ਦੁਆਉਣ ਲਈ ਉਪਰਾਲੇ ਕੀਤੇ ਜਾਂਦੇ। ਇਸ ਪਾਸੇ ਸ਼ਿੱਦਤ ਨਾਲ ਸੋਚਣ ਦੀ ਲੋੜ ਹੈ। ਹੁਣ ਜਦੋਂ ਕਿ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਹੋ ਰਹੀਆਂ ਹਨ ਤਾਂ ਉਦੋਂ ਇਸ ਪਾਸੇ ਵੀ ਕੁਝ ਧਿਆਨ ਦਿੱਤਾ ਜਾਵੇਗਾ। ਕੀ ਇਸ ਮਕਸਦ ਲਈ ਕੋਈ ਯੋਜਨਾ ਜਾਂ ਰੋਡ ਮੈਪ ਚੋਣਾਂ ਲੜ ਰਹੀਆਂ ਧਿਰਾਂ ਕੋਲ ਹੈ?ਪੰਜਾਬੀ ਸਾਹਿਤ ਅਕਾਦਮੀ ਅਤੇ ਹੋਰਨਾਂ ਸਾਹਿਤਿਕ ਅਦਾਰਿਆਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।  

"ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਧਿਆਨ ਹਿੱਤ"

ਸਤਿਕਾਰ ਯੋਗ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਮਾਨ ਸਾਹਿਬ ਜੀ ਆਪ ਜੀ ਨੂੰ ਬਹੁਤ ਉਮੀਦਾਂ ਨਾਲ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਤੁਸੀਂ ਬਹੁਤ ਸਾਰੇ ਇਹੋ ਜਿਹੇ ਕੰਮ ਕਰ ਵੀ ਰਹੇ ਹੋਂ ਜਿਨ੍ਹਾਂ ਤੇ ਤੁਹਾਨੂੰ ਚਾਹੁਣ ਵਾਲਿਆਂ ਨੂੰ ਬਹੁਤ ਮਾਣ ਹੈ,ਪਰ ਮੈਂ ਇੱਕ ਵਿਰਸੇ ਦਾ ਲੇਖਕ ਹੋਣ ਦੇ ਨਾਤੇ ਤੇ ਆਰਥਿਕ ਪੱਖੋਂ ਕਮਜ਼ੋਰ ਕਰਕੇ ਪੰਜਾਬ ਸਰਕਾਰ ਵੱਲੋਂ ਮਿਲਦੇ ਭੱਤਿਆਂ ਵੱਲ ਆਪ ਜੀ ਦਾ ਧਿਆਨ ਦਿਵਾਉਣਾ ਚਾਹੁੰਦਾ ਹਾਂ।

ਮੈਂ ਉਨੱਤਰ ਸਾਲ ਦੀ ਉਮਰ ਦਾ ਵਿਅਕਤੀ ਹਾਂ ਮੈਨੂੰ ਦੋ ਹਜ਼ਾਰ ਗਿਆਰਾਂ ਦੇ ਵਿੱਚ ਵਿਰਸਾ ਭਾਵ ਪੁਰਾਤਨ ਸਮਿਆਂ ਵਿੱਚ ਸਾਡੇ ਪੁਰਖਿਆਂ ਦੀ ਜੀਵਨ ਜਾਚ ਰਹਿਣੀ ਸਹਿਣੀ ਕੰਮ ਕਾਰ ਵਿਹਾਰ ਸੰਯੁਕਤ ਪਰਿਵਾਰਾਂ ਦਾ ਪਿਆਰ ਮੁਹੱਬਤ ਅਪਣੱਤ ਲਿਖਣ ਦੀ ਚੇਟਕ ਲੱਗੀ ਜੋ ਬਾਰਾਂ ਸਾਲਾਂ ਬਾਅਦ ਵੀ ਜਿਉਂ ਦੀ ਤਿਉਂ ਹੈ। ਮੈਂ ਪ੍ਰਾਈਵੇਟ ਕਾਰ ਡਰਾਈਵਰ ਹਾਂ ਤੇ ਹੁਣ ਉਮਰ ਦੇ ਤਕਾਜ਼ੇ ਨਾਲ ਓओਹ ਵੀ ਛੱਡ ਦਿੱਤੀ ਹੈ ਤੇ ਬਿਲਕੁਲ ਵਿਹਲਾ ਹਾਂ।ਪਰ ਮੈਂ ਸੱਤ ਕਿਤਾਬਾਂ ਲਿਖੀਆਂ ਨੇ ਜੋ ਮੈਂ ਸਮਾਜਿਕ ਜਥੇਬੰਦੀਆਂ,,ਸਾਹਿਤ ਨੂੰ ਪਿਆਰ ਕਰਨ ਵਾਲਿਆਂ, ਜਾਂ ਦੋਸਤਾਂ ਮਿੱਤਰਾਂ ਦੀ ਮਦਦ ਨਾਲ ਲਿਖੀਆਂ। ਮੈਂ ਕਿਰਾਏ ਦੇ ਮਕਾਨ ਵਿੱਚ ਸ੍ਰੀ ਮੁਕਤਸਰ ਸਾਹਿਬ ਵਿਖੇ ਰਹਿੰਦਾ ਹਾਂ ਮੇਰੇ ਦੋ ਬੇਟੇ ਆਪਣਾ ਪ੍ਰਾਈਵੇਟ ਕੰਮ ਕਾਰ ਕਰਦੇ ਹਨ, ਮੈਂ ਸਿਰਫ਼ ਬੁਢਾਪਾ ਪੈਨਸ਼ਨ ਜੋ ਆਪ ਜੀ ਪੰਦਰਾਂ ਸੌ ਦੇ ਰਹੇ ਹੋਂ ਓਹ ਜਰੂਰ ਲੈ ਰਿਹਾ ਹਾਂ ਤੇ ਪੱਚੀ ਸੌ ਵਾਲੀ ਗੱਲ ਵੀ ਹਾਲੇ ਫਾਇਲਾਂ ਵਿੱਚ ਹੀ ਦੱਬੀ ਹੋਈ ਹੈ।

ਮੈਨੂੰ ਭਰੋਸੇਯੋਗ ਸੂਤਰਾਂ ਤੇ ਕੁੱਝ ਕੁ ਦੋਸਤਾਂ ਮਿੱਤਰਾਂ ਤੋਂ ਪਤਾ ਲੱਗਾ ਸੀ ਕੋਈ ਦੋ ਕੁ ਸਾਲ ਪਹਿਲਾਂ ਕਿ ਪੰਜਾਬ ਸਰਕਾਰ ਆਰਥਿਕ ਪੱਖੋਂ ਕਮਜ਼ੋਰ ਲੇਖਕਾਂ ਨੂੰ ਪੱਚੀ ਸੌ ਰੁਪਏ ਮਹੀਨਾ ਮਦਦ ਦੇ ਤੌਰ ਤੇ ਜਾਂ ਪੈਂਨਸ਼ਨ ਦੇ ਰੂਪ ਚ ਦਿੰਦੀ ਹੈ ਤੇ ਤੁਸੀਂ ਉਸ ਲਈ ਬਿਲਕੁਲ ਜਾਇਜ਼ ਵਿਅਕਤੀ ਹੋਂ, ਸੋ ਮੈਂ ਵੀ ਪੁੱਛ ਪਛਾ ਕੇ ਓਹ ਫ਼ਾਰਮ ਭਰ ਦਿੱਤੇ। ਇਸ ਦੀ ਪ੍ਰਵੀਨ ਜੀ ਜੋ ਭਾਸ਼ਾ ਵਿਭਾਗ ਚ ਪਟਿਆਲਾ ਤਾਇਨਾਤ ਹਨ ਓਹਨਾਂ ਨੂੰ, ਮਨਜੀਤ ਪੁਰੀ ਜੀ ਫਰੀਦਕੋਟ,ਜਗਰੀਤ ਕੌਰ ਸੰਧੂ ਸ੍ਰੀ ਮੁਕਤਸਰ ਸਾਹਿਬ, ਮੈਡਮ ਵੀਰ ਪਾਲ ਜੀ ਭਾਸ਼ਾ ਵਿਭਾਗ ਪਟਿਆਲਾ ਸੱਭਨਾਂ ਨੂੰ ਫੋਨ ਤੇ ਜਾਣਕਾਰੀ ਦਿੱਤੀ,ਪਰ ਪੈਂਨਸ਼ਨ ਵਾਲੇ ਕੇਸ ਨੇ ਅੱਗੇ ਤਾਂ ਕੀ ਜਾਣਾ ਸੀ ਓਹ ਸਾਰਾ ਪੁਲੰਦਾ ਕਰੀਬ ਡੇਢ਼ ਸਾਲ ਮਗਰੋਂ ਮੈਨੂੰ ਈ ਵਾਪਸ ਆ ਗਿਆ ਤੇ ਓਹਦੇ ਨਾਲ ਇੱਕ ਹੋਰ ਪਰਫਾਰਮਾ ਲੱਗਾ ਸੀ ਤੇ ਹੁਕਮ ਸੀ ਕਿ ਆਹ ਪੂਰਾ ਕਰਕੇ ਭੇਜੋ ਸੋ ਮੈਂ ਓਹ ਵੀ ਕਚਹਿਰੀਆਂ ਦੇ ਧੱਕੇ ਖਾ ਕੇ ਛੇ ਕੁ ਸੌ ਰੁਪਏ ਲਗਾ ਕੇ ਪੂਰਾ ਕਰਕੇ ਰਜਿਸਰੀ ਕਰਵਾ ਕੇ ਭੇਜ ਚੁੱਕਾ ਹਾਂ ਪਰ ਪਰਨਾਲਾ ਉਥੇ ਦਾ ਉਥੇ ਹੀ ਹੈ, ਕਿਤੇ ਜਨਾਬ ਜੀ ਇਹ ਤਾਂ ਨਹੀਂ ਹੋ ਰਿਹਾ ਕਿ "ਅੰਨ੍ਹਾ ਵੰਡੇ ਸੀਰਨੀ ਮੁੜ ਮੁੜ ਘਰਦਿਆਂ ਨੂੰ?"

ਮੇਰੀਆਂ ਸਾਰੀਆਂ ਪੁਸਤਕਾਂ ਵੀ ਪਟਿਆਲਾ ਵਿਖੇ ਪਹੁੰਚੀਆਂ ਨੇ ਹੁਣ ਬੇਸ਼ੱਕ ਭਾਸ਼ਾ ਵਿਭਾਗ ਮੰਨੇ ਨਾ ਮੰਨੇ ਓਹ ਓਨਾਂ ਦੀ ਮਰਜ਼ੀ ਹੈ। ਧਰਮ ਕੰਮਿਆਣਾ ਜੀ ਦੇ ਸਮੇਂ ਮੇਰੀਆਂ ਰਚਨਾਵਾਂ ਭਾਸ਼ਾ ਵਿਭਾਗ ਦੇ ਮੈਗ਼ਜ਼ੀਨਾਂ ਵਿੱਚ ਵੀ ਲੱਗਦੀਆਂ ਰਹੀਆਂ ਹਨ ਅਤੇ ਹੁਣ ਵੀ ਇੱਕ ਮਹੀਨਾ ਪਹਿਲਾਂ ਸੰਤੋਖ ਸਿੰਘ ਜੀ ਦਾ ਭਾਸ਼ਾ ਵਿਭਾਗ ਚੋਂ ਫ਼ੋਨ ਵੀ ਆਇਆ ਸੀ ਕਿ ਤੁਹਾਡੀਆਂ ਰਚਨਾਵਾਂ  ਲੱਗੀਆਂ ਨੇ ਡਾਕ ਐਡਰੈਸ ਦਿਓ ਤੁਹਾਨੂੰ ਭੇਜਦੇ ਹਾਂ ਪਰ ਮਹੀਨਾ ਹੋ ਚੁੱਕਿਆ ਹੈ ਕੁੱਝ ਨਹੀਂ ਆਇਆ ਖੈਰ---! 

ਪੰਜਾਬੀ ਦਾ ਪ੍ਰਿੰਟਿਡ ਕੋਈ ਵੀ ਐਸਾ ਅਖ਼ਬਾਰ ਨਹੀਂ ਜੀਹਦੇ ਵਿੱਚ ਮੇਰੀਆਂ ਰਚਨਾਵਾਂ ਨਾ ਛਪੀਆਂ ਹੋਣ ਜੱਗ ਬਾਣੀ ਨੂੰ ਛੱਡ ਕੇ,ਬਾਕੀ ਔਨ ਲਾਈਨ ਅਖ਼ਬਾਰਾਂ ਵਿੱਚ ਵੀ ਕਰੀਬ ਸਾਰਿਆਂ ਅਖ਼ਬਾਰਾਂ ਵਿੱਚ ਦਾਸ ਦੀਆਂ ਰਚਨਾਵਾਂ ਛਪਦੀਆਂ ਰਹਿੰਦੀਆਂ ਹਨ, ਨਵੰਬਰ ਮਹੀਨਾ ਜੋ ਭਾਸ਼ਾ ਵਿਭਾਗ ਬਤੌਰ ਮਾਂ ਬੋਲੀ ਨੂੰ ਸਮਰਪਿਤ ਭਾਸ਼ਾ ਵਿਭਾਗ ਪਟਿਆਲਾ ਦੇ ਵਿਹੜੇ ਵਿੱਚ ਮਨਾਉਂਦਾ ਹੈ ਤੇ ਸਮਾਪਤੀ ਵੀ ਓਥੇ ਹੀ ਕਰਦਾ ਹੈ ਓਥੇ ਵੀ ਦਾਸ ਦੀ ਹਾਜ਼ਰੀ ਲੱਗਦੀ ਹੈ,ਪਰ ਕੀਤਾ ਕੀ ਜਾਵੇ ਮੇਰੇ ਵਰਗੇ ਅਨੇਕਾਂ ਹੀ ਗਰੀਬ ਲੇਖਕਾਂ ਨੂੰ ਲੇਖਕ ਸਮਝਿਆ ਹੀ ਨਹੀਂ ਜਾਂਦਾ ਸਗੋਂ ਅਣਗੌਲਿਆ ਕੀਤਾ ਜਾਂਦਾ ਹੈ ਜੋ ਆਪਣੇ ਆਪ ਨੂੰ ਵੱਡੇ ਲੇਖਕ ਸਮਝਦੇ ਹਨ ਇਸਦੇ ਬਿਲਕੁਲ ਉਲਟ ਓਨਾਂ ਨੂੰ ਗ਼ਰੀਬ ਲੇਖਕਾਂ ਜਾਂ ਕਹਿ ਲਓ ਨਵੇਂ ਲੇਖਕਾਂ ਦੀ ਉਂਗਲੀ ਫੜ ਕੇ ਨਾਲ ਤੋਰਨਾ ਚਾਹੀਦਾ ਹੈ ਪਰ ਹੋ ਸੱਭ ਉਲ਼ਟ ਰਿਹਾ ਹੈ ਕੋਈ ਇਸ ਨੂੰ ਉਜਾਗਰ ਕਰ ਦਿੰਦਾ ਹੈ ਤੇ ਕੋਈ ਵਿਚੇ ਵਿੱਚ ਹੀ ਘੁੱਟਣ ਮਹਿਸੂਸ ਕਰਦਾ ਰਹਿੰਦਾ ਹੈ।ਹੁਣ ਤੁਹਾਡੇ ਤੋਂ ਹੀ ਬਹੁਤ ਆਸਾਂ ਉਮੀਦਾਂ ਨੇ।

ਇਸ ਲੇਖ ਰਾਹੀਂ ਮੈਂ ਆਪ ਜੀ ਨੂੰ ਪੁਰਜ਼ੋਰ ਅਪੀਲ ਕਰਦਾ ਹਾਂ ਕਿ ਆਪ ਤਾਂ ਖੁਦ ਇਸ ਲੇਖਣੀ ਗਾਇਕੀ ਤੇ ਵਿਅੰਗ ਦੇ ਧਰੂ ਤਾਰੇ ਰਹੇ ਹੋਂ ਤੇ ਇਸ ਸਮੇਂ ਹਰਾ ਪਿੰਨ ਵੀ ਤੁਹਾਡੇ ਹੱਥ ਵਿੱਚ ਹੈ, ਮੇਰੀਆਂ ਸੱਤ ਪੁਸਤਕਾਂ ਦੇ ਨਾਮ ਵੀ ਆਪ ਨਾਲ ਸਾਂਝੇ ਕਰਨੇ ਅਤਿ ਜ਼ਰੂਰੀ ਸਮਝਦਾ ਹਾਂ, ਸੁਣੋਂ ਜਨਾਬ -ਵਿਰਸੇ ਦੀ ਲੋਅ, ਵਿਰਸੇ ਦੀ ਖੁਸ਼ਬੋ, ਵਿਰਸੇ ਦੀ ਸੌਗਾਤ, ਪੰਜਾਬੀ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ, ਵਿਰਸੇ ਦੀਆਂ ਪੌਣਾਂ, ਸਾਡਾ ਵਿਰਸਾ ਤੇ ਵਿਰਸੇ ਦੇ ਰਾਗ। 

ਇਨ੍ਹਾਂ ਵਿਚੋਂ ਦੋ ਵਾਰਤਕ ਨੇ ਵਿਰਸੇ ਦੀਆਂ ਅਣਮੁੱਲੀਆਂ ਯਾਦਾਂ ਤੇ ਸਾਡਾ ਵਿਰਸਾ ਜਿਨ੍ਹਾਂ ਵਿੱਚ ਫੋਟੋਆਂ ਸਮੇਤ ਵਿਰਸੇ ਪ੍ਰਤੀ ਲੇਖ ਛਪੇ ਨੇ ਤੇ ਬਾਕੀ ਪੰਜ ਪੁਸਤਕਾਂ ਕਾਵਿ ਸੰਗ੍ਰਹਿ ਨੇ ਜਿਨ੍ਹਾਂ ਵਿੱਚ ਕਰੀਬ ਹਰ ਪੁਸਤਕ ਚ ਪੰਜਾਹ ਪਰਸੈਂਟ ਵਿਰਸਾ ਗੀਤਾਂ ਕਵਿਤਾਵਾਂ ਤੁੱਕ ਬੰਦੀ ਵਿੱਚ ਦਰਜ ਹੈ ਤੇ ਪੰਜਾਹ ਪਰਸੈਂਟ ਫੌਜੀਆਂ, ਸ਼ਹੀਦਾਂ, ਸਮਾਜਿਕ ਤੇ ਦੁਨਿਆਵੀ ਮੁੱਦਿਆਂ ਤੇ ਗੁਰੂ ਸਾਹਿਬਾਨ ਪ੍ਰਤੀ ਗੀਤ ਕਵਿਤਾਵਾਂ ਦਰਜ ਹਨ।ਇਸ ਸਮੇਂ ਮੇਰੀ ਉਮਰ ਉਨੱਤਰ ਸਾਲ ਦੀ ਹੈ ਪਤਾ ਨਹੀਂ ਸਾਲ ਦੋ ਸਾਲ ਜ਼ਿੰਦਗੀ ਹੋਰ ਵਾਹਿਗੁਰੂ ਬਖਸ਼ਦੇ ਹਨ ਜਾਂ ਨਹੀਂ, ਜੇਕਰ ਹੁਣ ਵੀ ਤੁਸੀਂ ਖੁਦ ਇਸ ਲਾਈਨ ਨਾਲ ਸਬੰਧਤ ਹੋਂ ਹਰਾ ਪਿੰਨ ਇਸ ਪਾਸੇ ਨਾ ਚੱਲਿਆ ਤਾਂ ਹੋ ਸਕਦਾ ਹੈ ਕਿ ਇਸ ਵਿਤੀ ਸਹਾਇਤਾ ਵੱਲੋਂ ਵਾਂਝੇ ਹੀ ਦੁਨੀਆਂ ਤੋਂ ਜਾਣਾ ਪਵੇ। ਹਾਂ ਸੱਚ ਇੱਕ ਗੱਲ ਹੋਰ

ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਆਰਥਿਕ ਪੱਖੋਂ ਕਮਜ਼ੋਰ ਲੇਖਕਾਂ ਵਾਲੀ ਸਹੂਲਤ ਬਹੁਤ ਸਾਰੇ ਐਸੇ ਲੇਖਕ ਵੀ ਲੈ ਰਹੇ ਨੇ ਜੋ ਹਰ ਪੱਖੋਂ ਸਮਰੱਥ ਨੇ ਭਾਵ ਸੱਭ ਕੁੱਝ ਹੁੰਦੇ ਸੁੰਦੇ ਹੱਕ ਵਾਲਿਆਂ ਦਾ ਹੱਕ ਖੋਹ ਕੇ ਖਾ ਰਹੇ ਨੇ। ਜਿਵੇਂ ਤੁਸੀਂ ਹਰ ਮਹਿਕਮੇ ਤੇ ਸ਼ਿਕੰਜਾ ਕੱਸਿਆ ਹੈ ਜੇਕਰ ਇਸ ਪਾਸੇ ਵੀ ਘੋਖ ਪੜਤਾਲ ਕਰਵਾਓ ਤਾਂ ਬੜਾ ਕੁੱਝ ਸਾਹਮਣੇ ਆ ਸਕਦਾ ਹੈ।

ਉਮੀਦ ਕਰਦਾ ਹਾਂ ਕਿ ਮੇਰੀ ਇਹ ਲਿਖਤ ਤੁਹਾਡਾ ਕੋਈ ਪੀ ਏ ਸਾਹਿਬ ਜਾਂ ਤੁਹਾਡੇ ਕੋਲ ਪਹੁੰਚ ਰੱਖਣ ਵਾਲਾ ਦੋਸਤ ਤੁਹਾਡੇ ਕੋਲ ਪਹੁੰਚਾ ਦੇਵੇ ਤਾਂ ਮਿਹਰਬਾਨੀ ਕਰਕੇ ਇਸਨੂੰ ਪੜ੍ਹ ਕੇ ਜ਼ਰੂਰ ਗੌਰ ਕਰਨੀ ਵੈਸੇ ਤੁਹਾਡੇ ਦੋ ਫੇਸਬੁੱਕ ਗਰੁੱਪ ਮੇਰੇ ਮੋਬਾਇਲ ਵਿੱਚ ਚਲਦੇ ਨੇ ਜੇਕਰ ਕਿਸੇ ਅਖ਼ਬਾਰ ਨੇ ਇਹ ਲੇਖ ਛਾਪਿਆ ਤਾਂ ਓਨਾਂ ਗਰੁੱਪਾਂ ਵਿੱਚ ਵੀ ਪਾਵਾਂਗਾ।

ਜੇਕਰ ਤੁਸੀਂ ਇਸਨੂੰ ਪੜ੍ਹ ਕੇ ਕਿਤਾਬਾਂ ਨੂੰ ਵੇਖਣ ਤੇ ਲੈਣ ਦਾ ਹੁਕਮ ਕਰੋਂਗੇ ਤਾਂ ਦਾਸ ਨੰਗੇ ਪੈਰੀਂ ਆਪ ਜੀ ਦੇ ਦਰਸ਼ਨ ਕਰਨ ਵੀ ਆ ਸਕਦਾ ਹਾਂ ਜੀ। ਮੈਨੂੰ ਬਹੁਤ ਸਾਰੀਆਂ ਸਾਹਿਤ ਸਭਾਵਾਂ ਵੱਲੋਂ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਵੱਲੋਂ ਸਮੇਂ ਸਮੇਂ ਤੇ ਮਾਣ ਸਤਿਕਾਰ ਵੀ ਮਿਲਿਆ ਹੈ। 

ਮੇਰੀ ਪੁਸਤਕ ਸਤਿਕਾਰ ਯੋਗ ਸ੍ਰ ਹਰਪਾਲ ਸਿੰਘ ਜੀ ਸੈਸ਼ਨ ਜੱਜ ਫਰੀਦਕੋਟ ਨੇ ਉਚੇਚੇ ਤੌਰ ਤੇ ਮੰਗਵਾ ਕੇ ਪੜੀ ਹੈ ਤੇ ਸਾਡਾ ਵਿਰਸਾ ਪੁਸਤਕ ਓਨਾਂ ਨੂੰ ਮੈਂ ਮੁਹਾਲੀ ਡਾਕ ਰਾਹੀਂ ਭੇਜ ਦਿੱਤੀ ਸੀ ਕਿਉਂਕਿ ਉਹ ਫਰੀਦਕੋਟ ਤੋਂ ਬਦਲ ਕੇ ਓਥੇ ਚਲੇ ਗਏ ਸਨ। ਇਹ ਪੁਸਤਕਾਂ ਦਾਸ ਗੁਰਦੁਆਰਾ ਨਾਨਕ ਝੀਰਾ ਕਰਨਾਟਕਾ ਵਿਖੇ ਓਥੋਂ ਦੇ ਹੈਡ ਗ੍ਰੰਥੀ ਸਾਹਿਬਾਨ ਨੂੰ ਭੇਂਟ ਕਰਕੇ ਆਇਆ ਹਾਂ ਓਥੋਂ ਵੀ ਦਾਸ ਨੂੰ ਸਿਰੋਪਾਓ ਦੀ ਬਖਸ਼ਿਸ਼ ਹੋਈ ਸੀ ਜੀ। 

ਮੈਂ ਇਹ ਵੀ ਭਲੀਭਾਂਤ ਜਾਣਦਾ ਹਾਂ ਕਿ ਜੋ ਤੁਸੀਂ ਗੰਧਲੀ ਰਾਜਨੀਤੀ ਨੂੰ ਸੁਧਾਰਨ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਬੀੜਾ ਚੁੱਕਿਆ ਹੈ ਵਾਹਿਗੁਰੂ ਤੁਹਾਨੂੰ ਕਾਮਯਾਬੀ ਦੇਵੇ ਸਦਾ ਤੁਹਾਡੇ ਅੰਗ ਸੰਗ ਰਹਿਣ ਇਹ ਦੁਆ ਕਰਦੇ ਹਾਂ,ਪਰ ਜੇਕਰ ਤੁਹਾਡੇ ਮਨ ਚ ਇਹ ਗੱਲ ਆਵੇ ਕਿ ਇਸ ਲੇਖ ਦੇ ਲੇਖਕ ਨੂੰ ਮਿਲਣਾ ਹੈ ਤਾਂ ਮੈਂ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਾਂਗਾ ਪਰ ਸਮਾਂ ਓਹੀ ਦੇਣਾ ਜਦੋਂ ਤੁਸੀਂ ਮਿਲ ਸਕੋਂ ਕਿਉਂਕਿ ਮੈਂ ਤਾਂ ਕਿਰਾਇਆ ਵੀ ਕਿਸੇ ਤੋਂ ਮੰਗ ਕੇ ਲਾ ਕੇ ਆਵਾਂਗਾ ਜਨਾਬ।

ਮੈਨੂੰ ਬਹੁਤ ਵੱਡੀ ਉਮੀਦ ਹੈ ਕਿ ਤੁਹਾਡਾ ਹਰਾ ਪਿੰਨ ਮੇਰੀ ਇਸ ਜਾਇਜ਼ ਮੰਗ ਲਈ ਜ਼ਰੂਰ ਚੱਲੇਗਾ ਤੇ ਇਸ ਨਾਲ ਮੇਰੇ ਵਰਗੇ ਹੋਰ ਅਭਾਗੇ ਲੇਖਕ ਦੋਸਤਾਂ ਮਿੱਤਰਾਂ ਦੀ ਵੀ ਸੁਣੀ ਜਾਵੇਗੀ। ਬਹੁਤ ਹੀ ਆਸ ਉਮੀਦ ਨਾਲ ---

ਜਸਵੀਰ ਸ਼ਰਮਾ ਦੱਦਾਹੂਰ, ਸ੍ਰੀ ਮੁਕਤਸਰ ਸਾਹਿਬ, ਮੋਬਾਈਲ ਨੰਬਰ-+91 95691-49556

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਡਾਕਟਰ ਸੁਖਵਿੰਦਰ ਪਰਮਾਰ ਜੀ ਦੇ ਕੁਝ ਸਵਾਲਾਂ ਦਾ ਜਵਾਬ--ਹਰਪ੍ਰੀਤ ਕੌਰ ਸੰਧੂ

Sunday 25th February 2024 at 9:39 PM

ਉਹ ਸਵਾਲ ਹੀ ਗਲਤ ਥਾਂ ਤੇ ਪੁੱਛ ਰਹੇ ਹਨ


ਪਟਿਆਲਾ
//ਲੁਧਿਆਣਾ: 26 ਫਰਵਰੀ 2024:(ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਨਾਲ ਸਬੰਧਤ ਸਰਗਰਮੀਆਂ ਤੇਜ਼ੀ ਨਾਲ ਜਾਰੀ ਹਨ। ਇਸ ਵਾਰ ਵੀ ਇਹਨਾਂ ਚੋਣਾਂ ਦੇ ਚਰਚੇ ਜ਼ੋਰਾਂ ਸ਼ੋਰਾਂ ਨਾਲ ਹੋ ਰਹੇ ਹਨ। ਮੁੱਦੇ ਭਖੇ ਹੋਏ ਹਨ। ਜਿਹੜੇ ਲੇਖਕ ਸੱਜਣ ਕਦੇ ਨਹੀਂ ਬੋਲਿਆ ਕਰਦੇ ਸਨ ਹੁਣ ਉਹ ਵੀ ਬੋਲ ਰਹੇ ਹਨ।  ਇਹਨਾਂ ਚੋਣਾਂ ਦੇ ਮੁੱਦਿਆਂ ਨੂੰ ਲੈ ਕੇ ਡਾਕਟਰ ਸੁਖਵਿੰਦਰ ਸਿੰਘ ਪਰਮਾਰ ਹੁਰਾਂ ਨੇ ਪਿਛਲੇ ਦਿਨੀਂ ਕੁਝ ਤਿੱਖੇ ਸੁਆਲ ਵੀ ਪੁੱਛੇ ਸਨ। ਇਹਨਾਂ ਸੁਆਲਾਂ ਨੇ ਵੀ ਸਾਹਿਤਿਕ ਹਲਕਿਆਂ ਦਾ ਧਿਆਨ ਖਿੱਚਿਆ ਸੀ। ਇਹਨਾਂ ਸੁਆਲਾਂ ਦੇ ਕੁਝ ਤਿੱਖੇ ਜੁਆਬ ਚਲੰਤ ਮਾਮਲਿਆਂ ਦੀ ਚਰਚਾ ਵਿਚ ਸਰਗਰਮ ਰਹਿਣ ਵਾਲੀ ਬੁਧੀਜੀਵੀ ਮੈਡਮ ਹਰਪ੍ਰੀਤ ਕੌਰ ਸੰਧੂ ਹੁਰਾਂ ਨੇ ਦਿੱਤੇ ਹਨ ਜਿਹੜੇ ਕਾਬਿਲੇ ਜ਼ਿਕਰ ਵੀ ਹਨ ਅਤੇ ਕਾਬਿਲੇ ਗੌਰ ਵੀ ਹਨ। ਇਥੇ ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਮੈਡਮ ਹਰਪ੍ਰੀਤ ਕੌਰ ਸੰਧੂ ਅਕਸਰ ਆਪਣੀਆਂ ਪੋਸਟਾਂ ਵਿੱਚ ਜ਼ਰੂਰੀ ਮੁੱਦੇ ਉਠਾਉਂਦੇ ਹੀ ਰਹਿੰਦੇ ਹਨ। ਦਾ. ਪਰਮਾਰ ਵੱਲੋਂ ਉਥੇ ਸੁਆਲਾਂ ਦਾ ਜੁਆਬ ਦੇਂਦਿਆਂ ਵੀ ਉਹਨਾਂ ਇੱਕ ਇੱਕ ਨੁਕਤਾ ਉਠਾਇਆ ਹੈ ਆਪਣੇ ਇਹਨਾਂ ਜੁਆਬਾਂ ਵਿੱਚ ਉਹਨਾਂ ਨੇ ਜੋ ਜੋ ਕੁਝ ਕਿਹਾ ਹੈ ਉਹ ਇਥੇ ਹਾਜ਼ਰ ਹੈ:

ਮੈਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਅਹੁਦੇਦਾਰ ਨਹੀਂ ਹਾਂ। ਪਰ ਮੈਂ ਡਾਕਟਰ ਸੁਖਵਿੰਦਰ ਪਰਮਾਰ ਜੀ ਦੇ ਕੁਝ ਸਵਾਲਾਂ ਦਾ ਜਵਾਬ ਦੇਣਾ ਚਾਹੁੰਦੀ ਹਾਂ। 

1. ਡਾਕਟਰ ਸੁਖਵਿੰਦਰ ਪਰਮਾਰ ਸਵਾਲ ਪੁੱਛਦੇ ਹਨ ਕਿ ਇਸ ਸੰਸਥਾ ਨੇ ਕਿੰਨੇ ਕੁ ਆਈਐਸ ਪੀਸੀਐਸ ਤੇ ਹੋਰ ਵੱਡੇ ਅਫਸਰ ਮਾਤ ਭਾਸ਼ਾ ਦੇ ਆਧਾਰ ਤੇ ਬਣਾ ਕੇ ਅਹੁਦਿਆਂ ਤੇ ਪਹੁੰਚਣ ਵਿੱਚ ਮਦਦ ਕੀਤੀ ਹੈ। ਕਿ ਉਹ ਇਹ ਜਾਣਦੇ ਹਨ ਕਿ ਮਾਧਿਅਮ ਪ੍ਰੀਖਿਆਰਥੀ ਨੇ ਖੁਦ ਚੁਣਨਾ ਹੁੰਦਾ ਹੈ। ਵਿਦਿਆਰਥੀ ਨੇ ਜਿਸ ਮਾਧਿਅਮ ਵਿੱਚ ਪੜ੍ਹਾਈ ਕੀਤੀ ਹੁੰਦੀ ਹੈ ਉਸੇ ਨੂੰ ਹੀ ਉਹ ਆਪਣੀ ਪ੍ਰੀਖਿਆ ਦਾ ਮਾਧਿਅਮ ਬਣਾਉਂਦਾ ਹੈ। ਇਹ ਕੰਮ ਪੰਜਾਬੀ ਯੂਨੀਵਰਸਿਟੀ ਦਾ ਬਣਦਾ ਹੈ। ਪੰਜਾਬੀ ਯੂਨੀਵਰਸਿਟੀ ਵਿਚਲੇ ਪੰਜਾਬੀ ਵਿਭਾਗ ਨੂੰ ਇਹ ਸਵਾਲ ਪੁੱਛਣਾ ਬਣਦਾ ਹੈ। ਉਥੇ ਦੇ ਆਈਏਐਸ ਪੀਸੀਐਸ ਟਰੇਨਿੰਗ ਸੈਂਟਰ ਨੂੰ ਇਹ ਸਵਾਲ ਪੁੱਛਣਾ ਬਣਦਾ ਹੈ। ਉਹ ਸਵਾਲ ਹੀ ਗਲਤ ਥਾਂ ਤੇ ਪੁੱਛ ਰਹੇ ਹਨ।

2. ਉਹਨਾਂ ਦੇ ਦੂਜੇ ਸਵਾਲ ਮੁਤਾਬਕ 25 ਸਾਲਾਂ ਤੋਂ ਪੰਜਾਬੀ ਦੇ ਅਧਿਆਪਕਾਂ ਦੀ ਭਰਤੀ ਨਹੀਂ ਹੋਈ ਉਸ ਲਈ ਸੰਸਥਾ ਨੇ ਕੀ ਯਤਨ ਕੀਤਾ ਹੈ। ਸ਼ਾਇਦ ਉਹ ਇਹ ਨਹੀਂ ਜਾਣਦੇ ਕਿ ਸਿਰਫ ਪੰਜਾਬੀ ਦੇ ਹੀ ਨਹੀਂ ਕਿਸੇ ਵੀ ਵਿਸ਼ੇ ਦੇ ਅਧਿਆਪਕਾਂ ਦੀ ਭਰਤੀ ਨਹੀਂ ਹੋਈ। ਇਹ ਸਵਾਲ ਸਰਕਾਰਾਂ ਨੂੰ ਕਰਨੇ ਬਣਦੇ ਹਨ। ਸਰਕਾਰ ਨੇ ਕਾਲਜ ਦੀਆਂ ਪ੍ਰੋਫੈਸਰ ਦੀਆਂ ਅਸਾਮੀਆਂ ਲਈ ਪੱਕੀਆਂ ਭਰਤੀਆਂ ਕਿਉਂ ਨਹੀਂ ਕੀਤੀਆਂ ਇਸ ਦਾ ਜਵਾਬ ਉਸ ਸਮੇਂ ਦੀਆਂ ਸਰਕਾਰਾਂ ਨੂੰ ਪੁੱਛਣਾ ਚਾਹੀਦਾ ਸੀ। ਚੋਣਾਂ ਦਾ ਫਾਇਦਾ ਉਠਾਉਂਦੇ ਹੋਏ ਇੱਕ ਧਿਰ ਨੂੰ ਫਾਇਦਾ ਦੇਣ ਲਈ ਬੇ ਮੌਕੇ ਇਹ ਸਵਾਲ ਕਰਨੇ ਠੀਕ ਨਹੀਂ ਹਨ। ਜੇਕਰ 25 ਸਾਲ ਨਹੀਂ ਹੋਈ ਤਾਂ ਕੋਈ ਗੱਲ ਨਹੀਂ ਬੀਤੇ ਸਮੇਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਅੱਜ ਉਹ ਇਹ ਸਵਾਲ ਮੌਜੂਦਾ ਸਰਕਾਰ ਨੂੰ ਕਿਉਂ ਨਹੀਂ ਕਰਦੇ ਕਿ ਕਾਲਜ ਦੇ ਅਧਿਆਪਕਾਂ ਦੀ ਪੱਕੀ ਭਰਤੀ ਕੀਤੀ ਜਾਵੇ। ਸਿਰਫ ਪੰਜਾਬੀ ਦੇ ਹੀ ਨਹੀਂ ਬਾਕੀ ਵਿਸ਼ਿਆਂ ਦੇ ਵੀ।

3. ਤੀਜਾ ਸਵਾਲ ਉਨਾਂ ਨੂੰ ਲੱਗਦਾ ਹੈ ਕਿ ਆਪਣੇ ਸਾਥੀਆਂ ਨੂੰ ਹੀ ਇਨਾਮ ਦਿੱਤੇ ਜਾਂਦੇ ਹਨ ਇੱਥੇ ਮੈਂ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਉਹ ਇੱਕ ਵਾਰ ਸਨਮਾਨਾਂ ਤੇ ਨਜ਼ਰ ਜਰੂਰ ਮਾਰਨ। ਜਿੱਥੋਂ ਤੱਕ ਮੈਨੂੰ ਯਾਦ ਹੈ ਹਰ ਸਨਮਾਨ ਯੋਗਤਾ ਦੇ ਆਧਾਰ ਤੇ ਹੀ ਮਿਲਿਆ ਹੈ। ਸਨਮਾਨ ਪ੍ਰਾਪਤ ਕਰਨ ਵਾਲੇ ਜਰੂਰੀ ਨਹੀਂ ਕਿ ਇਸੇ ਧਿਰ ਵਿੱਚ ਹੋਣ ਉਹ ਦੂਜੀ ਧਿਰ ਦੇ ਵੀ ਹਨ। ਬਹੁਤਾ ਪਿੱਛੇ ਦੀ ਗੱਲ ਨਹੀਂ ਕਰਦੇ ਹਾਲ ਹੀ ਵਿੱਚ ਪਿਛਲੇ ਦਿਨੀ ਇੱਕ ਸਾਹਿਤਿਕ ਸ਼ਖਸੀਅਤ  ਨੂੰ ਇਨਾਮ ਮਿਲਿਆ ਹੈ ਜਿਨਾਂ ਦੀ ਧਰਮ ਪਤਨੀ ਦੂਜੇ ਧਿਰ ਵੱਲੋਂ ਪ੍ਰਬੰਧਕੀ ਬੋਰਡ ਮੈਂਬਰ ਦੀ ਉਮੀਦਵਾਰ ਹੈ। ਉਹ ਚਾਹੁੰਦੇ ਹਨ ਤਾਂ ਇਸ ਗੱਲ ਨੂੰ ਵੈਰੀਫਾਈ ਵੀ ਕਰ ਸਕਦੇ ਹਨ।

ਜਿੱਥੋਂ ਤੱਕ ਪੰਜਾਬੀ ਬਾਰੇ ਕੰਮ ਕਰਨ ਦੀ ਗੱਲ ਹੈ ਤਾਂ ਜੋ ਕੰਮ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਲਖਵਿੰਦਰ ਜੌਹਲ ਜੀ ਨੇ ਕੀਤਾ ਹੈ ਉਹ ਪੰਜਾਬੀ ਯੂਨੀਵਰਸਿਟੀ ਵਿੱਚ ਬੈਠੇ ਪੰਜਾਬੀ ਦੇ ਸ਼ੁਭ ਚਿੰਤਕ ਵੀ ਨਹੀਂ ਕਰ ਸਕੇ। ਡਾਕਟਰ ਸੁਖਵਿੰਦਰ ਪਰਮਾਰ ਨੂੰ ਪਤਾ ਹੋਏਗਾ ਕਿ ਕਿਵੇਂ ਕਾਲਜਾਂ ਵਿੱਚ ਪੰਜਾਬੀ ਬੰਦ ਕਰ ਦੇਣ ਬਾਰੇ ਗੱਲ ਹੋਈ ਸੀ। ਇਸ ਵਿੱਚ ਡਾਕਟਰ ਲਖਵਿੰਦਰ ਜੌਹਲ ਨੇ ਇੱਕ ਮਹੱਤਵਪੂਰਨ ਰੋਲ ਅਦਾ ਕੀਤਾ। ਉਨਾਂ ਦੇ ਯਤਨਾ ਸਦਕਾ ਪੰਜਾਬੀ ਯੂਨੀਵਰਸਿਟੀ ਪੰਜਾਬੀ ਨੂੰ ਲਾਗੂ ਕਰਨ ਲਈ ਮੰਨ ਗਈ ਹੈ ਪਰ ਇਸ ਦਾ ਅਸਲੀ ਪ੍ਰਭਾਵ ਜੂਨ ਤੋਂ ਪਤਾ ਲੱਗੇਗਾ।

ਪੰਜਾਬੀ ਦੇ ਬਹੁਤੇ ਸ਼ੁਭ ਚਿੰਤਕ ਕਹਾਉਣ ਵਾਲੇ ਸੱਜਣਾਂ ਨੇ ਤਾਂ ਮੂੰਹ ਵੀ ਨਹੀਂ ਖੋਲਿਆ। ਖੈਰ ਇਹ ਗੱਲਾਂ ਹੌਲੀ ਹੌਲੀ ਸਭ ਦੇ ਸਾਹਮਣੇ ਆ ਜਾਣਗੀਆਂ।

ਮੇਰੀ ਜਾਚੇ ਮੇਰੀ ਸਮਝ ਮੁਤਾਬਿਕ ਮੈਂ ਡਾਕਟਰ ਸੁਖਵਿੰਦਰ ਪਰਮਾਰ ਜੀ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ। 

ਇਹ ਚੋਣਾਂ ਰਾਜਨੀਤਿਕ ਚੋਣਾਂ ਨਹੀਂ ਹਨ ਤੇ ਨਾ ਹੀ ਇਹਨਾਂ ਨੂੰ ਰਾਜਨੀਤਿਕ ਚੋਣਾਂ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕੋਈ ਜਾਤ ਦਾ ਮੁੱਦਾ ਉਠਾ ਰਿਹਾ ਹੈ ਤੇ ਕੋਈ ਇਸ ਤਰ੍ਹਾਂ ਦੇ ਸਵਾਲ ਕਰ ਰਿਹਾ ਹੈ ਜੋ ਕਿ ਮੌਕੇ ਦੀਆਂ ਸਰਕਾਰਾਂ ਨੂੰ ਕਰਨੇ ਬਣਦੇ ਹਨ। ਸਾਹਿਤ ਅਕਾਦਮੀਆਂ ਦੇ ਕੰਮ ਸਾਹਿਤ ਤੇ ਭਾਸ਼ਾ ਪ੍ਰਤੀ ਹੁੰਦੇ ਹਨ ਜੋ ਕਿ ਪੰਜਾਬ ਸਾਹਿਤ ਅਕਾਦਮੀ ਲੁਧਿਆਣਾ ਬਾਖੂਬੀ ਕਰ ਰਹੀ ਹੈ।                      --ਹਰਪ੍ਰੀਤ ਕੌਰ ਸੰਧੂ

ਹੁਣ ਦੇਖਣਾ ਹੈ ਕਿ ਵੱਖ ਵੱਖ ਅਹੁਦਿਆਂ ਲਈ ਕਿਸ ਨੂੰ ਕਿੰਨੀਆਂ ਵੋਟਾਂ ਪੈਂਦੀਆਂ ਹਨ ਅਤੇ ਕਿਸ ਦੇ ਸਿਰ 'ਤੇ ਸਜੇਗਾ ਜਿੱਤ ਦਾ ਤਾਜ। ਇੱਕ ਗੱਲ ਤਸੱਲੀ ਵਾਲੀ ਹੈ ਕਿ ਇਸ ਵਾਰ ਸੋਸ਼ਲ ਮੀਡੀਆ 'ਤੇ ਇਹਨਾਂ ਸਾਹਿਤਿਕ ਚੋਣਾਂ ਲਈ ਵੀ ਸਿਆਸੀ ਚੋਣਾਂ ਵਰਗੀਆਂ ਸਰਗਰਮੀਆਂ ਨਜ਼ਰ ਆਈਆਂ। ਇਹ ਵੀ ਚੰਗੀ ਗੱਲ ਹੈ ਕਿ ਅਜਿਹੀਆਂ ਚੋਣਾਂ ਮੌਕੇ ਇੱਕ ਦੂਜੇ ਬਾਰੇ ਪ੍ਰਗਟਾਏ ਗਏ ਵਿਚਾਰ ਵੀ ਰਿਕਾਰਡ ਵਿੱਚ ਆ ਗਏ। ਸਾਹਿਤਿਕ ਚੋਣਾਂ ਦੀ ਇਹ ਪ੍ਰਚਾਰ ਮੁਹਿੰਮ ਜਿੱਤਣ ਵਾਲੀ ਧਿਰ ਅਤੇ ਹਾਰਨ ਵਾਲੀ ਧਿਰ ਦੋਹਾਂ ਨੂੰ ਵਧੇਰੇ ਜ਼ਿੰਮੇਵਾਰ ਬਣਾਏਗੀ ਅਤੇ ਸਵੈ ਪੜਚੋਲ ਦੀ ਪ੍ਰੇਰਨਾ ਵੀ ਦੇਂਦੀ ਰਹੇਗੀ।  

Sunday 25 February 2024

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ ਚੋਣ 03 ਮਾਰਚ ਨੂੰ

Saturday 24th Feb 2024 at 3:45 PM

ਨਾਮਜ਼ਦੀਆਂ ਵਾਪਸ ਲੈਣ ਮੈਦਾਨ ਵਿਚ ਬਚੇ ਉਮੀਦਵਾਰਾਂ ਨੇ ਕਮਰ ਕੱਸੀ 


ਲੁਧਿਆਣਾ: 24 ਫ਼ਰਵਰੀ  2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਲਗਾਤਾਰ ਨੇੜੇ ਆ ਰਹੀਆਂ ਹਨ। ਨਾਮਜ਼ਦਗੀਆਂ ਵਾਪਿਸ ਲੈਣ ਵਾਲਾ ਰਸਮੀ ਕੰਮ ਵੀ ਪੂਰਾ ਹੋ ਚੁੱਕਿਆ ਹੈ। ਹੁਣ ਮੈਦਾਨ ਵਿੱਚੋਂ ਵਾਪਿਸੀ ਨਹੀਂ ਹੋ ਸਕਦੀ। ਇਹ ਗੱਲ ਵੱਖਰੀ ਹੈ ਕਿ ਰਸਤੇ ਹਰ ਮਾਮਲੇ ਵਿੱਚ ਕਢੇ ਹੀ ਜਾ ਸਕਦੇ ਹਨ ਪਰ ਇਸ ਵਾਰ ਇਹ ਚੋਣ ਜੰਗ ਪੂਰੀ ਟੱਕਰ ਦੀ ਹੈ। ਜਿੱਤ ਹਾਰ ਦੇ ਨਤੀਜੇ ਭਾਵੇਂ ਕੁਝ ਵੀ ਹੋਣ ਪਰ ਲੜਾਈ ਬੇਹੱਦ ਦਿਲਚਸਪ ਬਣ ਗਈ ਹੈ। 

ਅਸ਼ਵਮੇਧ ਯੱਗ ਵਰਗੀ ਚੁਨੌਤੀ ਵਰਗਾ ਘੋੜਾ ਫੜਨਾ ਸਚਮੁਚ ਹਿੰਮਤ ਵਾਲੀ ਗੱਲ ਹੀ ਹੈ। ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ 2 ਸਾਲਾ (2024-2026) ਚੋਣ 3 ਮਾਰਚ 2024,ਦਿਨ ਐਤਵਾਰ ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋ ਰਹੀ ਹੈ। ਚੋਣ ਅਧਿਕਾਰੀ ਕੁਲਦੀਪ ਸਿੰਘ ਬੇਦੀ ਨੇ ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਉਪਰੰਤ ਚੋਣ ਮੈਦਾਨ ’ਚ ਰਹਿ ਗਏ ਉਮੀਦਵਾਰਾਂ ਦੀ ਚੋਣ ਨਿਸਚਿਤ ਪ੍ਰੋਗਰਾਮ ਮੁਤਾਬਿਕ ਹੋਏਗੀ। ਇਸ ਚੋਣ ਜੰਗ ਵਿੱਚ ਆਹਮੋ ਸਾਹਮਣੇ ਵੀ  ਮਹਾਰਥੀ ਉਤਰੇ ਹੋਏ ਹਨ ਅਤੇ ਉਹਨਾਂ ਦੀ ਪਿਠ ਤੇ ਹੱਥ ਰਖਣ ਵਾਲੀਆਂ ਸ਼ਖਸੀਅਤਾਂ ਵੀ ਕਿਸੇ ਤੋਂ ਘੱਟ ਨਹੀਂ ਹਨ। 

ਹਾਂ ਇਹ ਗੱਲ ਜ਼ਰੁਰ ਉਦਾਸ ਕਰਨ ਵਾਲੀ ਹੈ ਕਿ ਚੋਣਾਂ ਦੀ ਇਸ ਜੰਗ ਵਿੱਚ ਕੁੱਦੇ ਹੋਏ ਸਾਰੇ ਉਮੀਦਵਾਰ ਹੀ ਸਿਰੇ ਦੇ ਬੁਧੀਜੀਵੀ ਹਨ ਪਰ ਇਸਦੇ ਬਾਵਜੂਦ ਸਰਬ ਸੰਮਤੀ ਵਰਗੀ ਕੋਈ ਸਹਿਮਤੀ ਨਹੀਂ ਹੋ ਸਕੀ। ਇਸ ਲਈ ਇਹਨਾਂ ਸਾਹਿਤਿਕ ਚੋਣਾਂ ਦੌਰਾਨ ਵੀ ਸਿਆਸੀ ਰੰਗ ਵਰਗਾ ਮਾਹੌਲ ਬਣਿਆ ਹੋਇਆ ਹੈ। 

ਪ੍ਰਧਾਨ ਦੇ ਅਹੁਦੇ ਲਈ ਹੁਣ ਜਿਹੜੇ ਲੇਖਕ ਮੈਦਾਨ ਵਿਚ ਹਨ ਉਹਨਾਂ ਦੇ ਨਾਂਅ ਇਸ ਪ੍ਰਕਾਰ ਹਨ: ਪ੍ਰਧਾਨ ਦੇ ਅਹੁਦੇ ਲਈ ਡਾ. ਸਰਬਜੀਤ ਸਿੰਘ, ਡਾ. ਲਖਵਿੰਦਰ ਸਿੰਘ ਜੌਹਲ ਅਤੇ ਸ੍ਰੀਮਤੀ ਬੇਅੰਤ ਕੌਰ ਗਿੱਲ।  

ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਲਈ ਡਾ. ਸ਼ਿੰਦਰ ਪਾਲ ਸਿੰਘ ਅਤੇ ਡਾ. ਪਾਲ ਕੌਰ, ਮੈਦਾਨ ਵਿਚ ਹਨ। 

ਜਨਰਲ ਸਕੱਤਰ ਲਈ ਡਾ. ਗੁਰਇਕਬਾਲ ਸਿੰਘ ਅਤੇ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਦੀ ਟੱਕਰ ਹੈ। 

ਮੀਤ ਪ੍ਰਧਾਨ ਦੇ ਅਹੁਦੇ ਲਈ ਮਦਨ ਵੀਰਾ, ਤ੍ਰੈਲੋਚਨ ਲੋਚੀ, ਡਾ. ਭਗਵੰਤ ਸਿੰਘ, ਇਕਬਾਲ ਸਿੰਘ ਗੋਦਾਰਾ (ਪੰਜਾਬੋਂ ਬਾਹਰ), ਡਾ. ਗੁਰਚਰਨ ਕੌਰ ਕੋਚਰ, ਤੇਜਿੰਦਰ ਚੰਡਿਹੋਕ, ਡਾ. ਅਰਵਿੰਦਰ ਕੌਰ ਕਾਕੜਾ, ਹਰਜਿੰਦਰ ਸਿੰਘ ਸੂਰੇਵਾਲੀਆ, ਜਸਪਾਲ ਮਾਨਖੇੜਾ, ਭੁਪਿੰਦਰ ਸੰਧੂ ਅਤੇ ਡਾ. ਹਰਵਿੰਦਰ ਸਿੰਘ (ਪੰਜਾਬੋਂ ਬਾਹਰ) ਦੇ ਨਾਂ ਸ਼ਾਮਲ ਹਨ।

ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਚੋਣ ਲਈ ਫਾਈਨਲ ਨਾਂਅ ਇਸ ਪ੍ਰਕਾਰ ਹਨ-ਸ. ਕਰਮਜੀਤ ਸਿੰਘ ਗਰੇਵਾਲ, ਪ੍ਰੋ. ਸਰਘੀ, ਸ੍ਰੀ ਬਲਬੀਰ ਜਲਾਲਾਬਾਦੀ, ਸ੍ਰੀਮਤੀ ਪਰਮਜੀਤ ਕੌਰ ਮਹਿਕ, ਡਾ. ਨਾਇਬ ਸਿੰਘ ਮੰਡੇਰ (ਪੰਜਾਬੋਂ ਬਾਹਰ), ਡਾ. ਗੁਰਵਿੰਦਰ ਸਿੰਘ ਅਮਨ, ਸ੍ਰੀ ਹਰਦੀਪ ਢਿੱਲੋਂ, ਸ੍ਰੀ ਬਲਜੀਤ ਪਰਮਾਰ (ਬਾਕੀ ਭਾਰਤ), ਸ. ਸਹਿਜਪ੍ਰੀਤ ਸਿੰਘ ਮਾਂਗਟ, ਦੀਪ ਜਗਦੀਪ ਸਿੰਘ, ਸ. ਕਰਮ ਸਿੰਘ ਜ਼ਖ਼ਮੀ, ਸ. ਸੁਖਵਿੰਦਰ ਸਿੰਘ ਲੋਟੇ, ਸ੍ਰੀਮਤੀ ਅਮਰਜੀਤ ਕੌਰ ਅਮਰ, ਸ੍ਰੀ ਬਲਰਾਜ ਓਬਰਾਏ ਬਾਜ਼ੀ, ਸ੍ਰੀ ਕੰਵਰਜੀਤ ਭੱਠਲ, ਸ. ਹਰਵਿੰਦਰ ਸਿੰਘ, ਸ੍ਰੀ ਜਗਦੀਸ਼ ਰਾਏ ਕੁਲਰੀਆਂ, ਪ੍ਰੋ. ਹਰਜਿੰਦਰ ਸਿੰਘ (ਪੰਜਾਬੋਂ ਬਾਹਰ), ਡਾ. ਬਲਵਿੰਦਰ ਸਿੰਘ ਚਹਿਲ, ਸ੍ਰੀ ਰਣਜੀਤ ਗੌਰਵ, ਸ੍ਰੀ ਪ੍ਰੇਮ ਸਾਹਿਲ (ਬਾਕੀ ਭਾਰਤ), ਸ੍ਰੀ ਨਵਤੇਜ ਗੜ੍ਹਦੀਵਾਲਾ, ਡਾ. ਹਰੀ ਸਿੰਘ ਜਾਚਕ, ਸ੍ਰੀ ਸ਼ਬਦੀਸ਼, ਸ. ਸੰਤੋਖ ਸਿੰਘ ਸੁੱਖੀ,ਸ੍ਰੀਮਤੀ ਨਰਿੰਦਰ ਪਾਲ ਕੌਰ, ਸ੍ਰੀ ਵਾਹਿਦ ਉਰਫ ਸਤਨਾਮ ਸਿੰਘ, ਸ੍ਰੀ ਵਰਗਿਸ ਸਲਾਮਤ, ਸ. ਸੰਜੀਵਨ ਸਿੰਘ, ਸ. ਗੁਰਸੇਵਕ ਸਿੰਘ ਢਿੱਲੋ ਕਵੀਸ਼ਰ, ਡਾ. ਰੋਜ਼ੀ ਸਿੰਘ, ਡਾ. ਜੀਵਨ ਜੋਤੀ ਸ਼ਰਮਾ, ਸ. ਕੰਵਲਜੀਤ ਸਿੰਘ ਕੁਟੀ ਅਤੇ ਡਾ. ਨਰੇਸ਼ ਕੁਮਾਰ।

ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ ਗੁਪਤ ਵੋਟਾਂ ਰਾਹੀਂ 3 ਮਾਰਚ 2024 ਨੂੰ ਸਵੇਰੇ 9.00 ਵਜੇ ਤੋਂ ਬਾਅਦ ਦੁਪਹਿਰ 3.00 ਵਜੇ ਤਕ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗੀ ਅਤੇ ਉਸੇ ਦਿਨ ਵੋਟਾਂ ਦੀ ਗਿਣਤੀ ਕਰਕੇ ਸਾਰੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।

ਹੁਣ ਦੇਖਣਾ ਹੈ ਕਿ ਜਿੱਤ ਦਾ ਤਾਜ ਕਿਸ ਦੇ ਸਿਰ ਤੇ ਸਜੇਗਾ ਅਤੇ ਬਾਕੀ ਦੇ ਨਤੀਜੇ ਕਿਵੇਂ ਰਹਿਣਗੇ? ਪਰ ਇੱਕ ਸਾਫ ਹੈ ਕਿ ਇਸ ਵਾਰ ਤਿੰਨ ਮਾਰਚ ਤੋਂ ਬਾਅਦ 8 ਮਾਰਚ ਨੂੰ ਆਉਣ ਵਾਲਾ ਕੌਮਾਂਤਰੀ ਮਹਿਲਾ ਦਿਵਸ ਇਕ ਸਾਹਿਤਿਕ ਚੋਣ ਜੰਗ ਅਤੇ ਇਹਨਾਂਦੇ ਨਤੀਜਿਆਂ ਪ੍ਰਤੀ ਗੰਭੀਰਤਾ ਨਾਲ ਚਰਚਾ ਜ਼ਰੂਰ ਕਰੇਗਾ ਅਤੇ ਇਸਤਰੀਆਂ ਦੇ ਹੱਕ ਵਿਚ ਲਿਖਣ ਵਾਲਿਆਂ ਨੂੰ ਸ਼ਾਇਦ ਤਿੱਖੇ ਸੁਆਲਾਂ ਦਾ ਸਾਹਮਣਾ ਵੀ ਕਰਨਾ ਪਵੇ। 

Saturday 24 February 2024

ਕਾਫ਼ਲਾ ਰਾਗ’ ਵੱਲੋਂ ਮਾਂ-ਬੋਲੀ ਨੂੰ ਸਮਰਪਿਤ ਸ਼ਖਸੀਅਤਾਂ ਦਾ ਸਨਮਾਨ

 Saturday 24th February 2024 at 4:57 PM

 ਸਾਹਿਤਕ ਪਰਚਾ "ਰਾਗ" ਨਿਰਵਿਘਨ ਛਪਦਾ ਰਹੇਗਾ 

 ਯੋਗ ਕਲਾਕਾਰਾਂ ਅਤੇ ਸਾਹਿਤ ਨਾਲ ਸੰਬੰਧਿਤ ਹਸਤੀਆਂ ਦੇ ਸਨਮਾਨ ਹੁੰਦੇ ਰਹਿਣਗੇ 


ਸਾਹਿਬਜ਼ਾਦਾ ਅਜੀਤ ਸਿੰਘ ਨਗਰ
: 24 ਫਰਵਰੀ 2024: (ਮੀਡੀਆ ਲਿੰਕ//ਇਨਪੁੱਟ-ਕਾਰਤਿਕਾ ਸਿੰਘ//ਸਾਹਿਤ ਸਕਰੀਨ ਡੈਸਕ)::

ਸਰਕਾਰੀ ਅਦਾਰਿਆਂ ਵੱਲੋਂ ਤਾਂ ਵੱਖ ਵੱਖ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦੀਆਂ ਖਬਰਾਂ ਅਕਸਰ ਮਿਲਦੀਆਂ ਹੀ ਰਹਿੰਦੀਆਂ ਹਨ ਪਰ ਇੱਕ ਗੈਰ-ਸਰਕਾਰੀ ਅਤੇ ਸ਼ੁੱਧ ਸਾਹਿਤਿਕ ਪਰਚੇ ਰਾਗ ਨਾਲ ਜੁੜੇ ਕਾਫ਼ਿਲੇ ਵੱਲੋਂ ਸਾਹਿਤਕ ਸ਼ਖਸੀਅਤਾਂ ਦੇ ਸਨਮਾਨ ਪਿਛਲੇ ਕਾਫ਼ੀ ਸਮੇਂ ਤੋਂ ਚਰਚਾ ਵਿਚ ਹਨ। ਇਹਨਾਂ ਦੀ ਵੀ ਹੁਣ ਉਡੀਕ ਹੁੰਦੀ ਹੈ ਅਤੇ ਬਹੁਤ ਸਾਰਿਆਂ ਦੀ ਜ਼ਿੰਦਗੀ ਇਹਨਾਂ ਨਾਲ ਸੰਵਰਦੀ ਵੀ ਰਹੀ ਹੈ। ਇਹਨਾਂ ਇਨਾਮਾਂ ਅਤੇ ਸਨਮਾਨਾਂ ਵਿੱਚ ਵੱਡੀਆਂ ਰਕਮਾਂ ਵੀ ਹੁੰਦੀਆਂ ਹਨ। ਇਸਦੇ ਨਾਲ ਹੀ "ਰਾਗ" ਨੇ ਆਪਣੇ ਸਾਹਿਤਿਕ ਮਿਆਰ ਨੂੰ ਵੀ ਬਰਕਰਾਰ ਰੱਖਿਆ ਅਤੇ ਦਿੱਖ ਨੂੰ ਵੀ। ਇਸ ਉੱਚ ਪੱਧਰ ਦੇ ਸਾਹਿਤਿਕ ਪਰਚੇ "ਰਾਗ" ਨੂੰ ਲੋਕ ਉਡੀਕਦੇ ਵੀ ਹਨ ਅਤੇ ਸੰਭਾਲ ਕੇ ਵੀ ਰੱਖਦੇ ਹਨ।   

ਰਾਗ ਦੀ ਟੀਮ ਵੱਲੋਂ ਸਨਮਾਨ ਲਈ ਚੁਣੀਆਂ ਜਾਂਦੀਆਂ ਸ਼ਖਸੀਅਤਾਂ ਸੱਚਮੁੱਚ ਸਨਮਾਨ ਦੇ ਕਾਬਿਲ ਵੀ ਹੁੰਦੀਆਂ ਹਨ। ਕਿਸੇ ਲਿਹਾਜ਼ਦਾਰੀ ਜਾਂ ਸਿਫਾਰਿਸ਼ ਵਾਲਾ ਇਸ਼ਾਰਾ ਕਦੇ ਦਿਖਾਈ ਨਹੀਂ ਦਿੱਤਾ। ਦੂਜੀ ਗੱਲ ਇਹ ਕਿ ਇਹਨਾਂ ਸਨਮਾਨਾਂ ਵਿੱਚ ਨਗਦ ਰਕਮ ਵੀ ਹੁੰਦੀ ਹੈ। 

ਜਦੋਂ ਕਿਸੇ ਵੇਲੇ ਲੋਈ, ਸ਼ਾਲ ਜਾਂ ਸਿਰੋਪਾ ਪਾ ਕੇ ਸਨਮਾਨਿਤ ਕਰਨ ਦਾ ਰਿਵਾਜ ਜ਼ੋਰ ਫੜ ਗਿਆ ਸੀ  ਤਾਂ ਉਦੋਂ ਪ੍ਰਸਿੱਧ ਪੱਤਰਕਾਰ ਅਤੇ ਸਾਹਿਤਕਾਰ ਜਨਾਬ ਪ੍ਰੇਮ ਪ੍ਰਕਾਸ਼ ਹੁਰਾਂ ਨੇ ਕਿਹਾ ਸੀ ਕਿ ਨਗਦ ਰਕਮ ਬਿਨਾ ਪੁਰਸਕਾਰ ਦਾ ਕੋਈ ਮਕਸਦ ਨਹੀਂ ਰਹਿ ਜਾਂਦਾ। ਉਹਨਾਂ ਦੀ ਗੱਲ  ਹੈ ਵੀ ਠੀਕ ਕਿਓਂਕਿ ਸਰਸਵਤੀ ਦੇ ਇਹਨਾਂ ਬਹੁਤ ਸਾਰੇ ਪੁੱਤਰਾਂ ਦੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਥੁੜਾਂ ਨਾਲ ਸੰਘਰਸ਼ ਕਰਦਿਆਂ ਲੰਘ ਜਾਂਦਾ ਹੈ ਪਰ ਇਹਨਾਂ ਉੱਤੇ ਲਕਸ਼ਮੀ ਦੀ ਕਿਰਪਾ ਨਹੀਂ ਹੁੰਦੀ। ਜਦੋਂ ਕਿਸੇ ਸਰਕਾਰੀ ਅਦਾਰੇ ਵੱਲੋਂ ਅਜਿਹੀ ਚੰਗੀ ਖਬਰ ਆਉਂਦੀ ਵੀ ਹੈ ਤਾਂ ਉਦੋਂ ਅਕਸਰ ਬਹੁਤੀ ਵਾਰ ਮਨ ਡੋਲ ਚੁੱਕਿਆ ਹੁੰਦਾ ਹੈ ਅਤੇ ਤਨ ਖਸਤਾ ਹਾਲਤ ਤੱਕ ਪਹੁੰਚਿਆ ਹੁੰਦਾ ਹੈ। ਉਦੋਂ ਇਹ ਮਾਨ ਸਨਮਾਨ ਮਜ਼ਾਕ ਵਾਂਗ ਜਾਪਣ ਲੱਗਦੇ ਹਨ। 

ਜ਼ਿੰਦਗੀ ਦੀਆਂ ਦੁਸ਼ਵਾਰੀਆਂ ਕਿਸੇ ਫਾਂਸੀ ਦੀ ਸਜ਼ਾ ਨਾਲੋਂ ਘੱਟ ਨਹੀਂ ਹੁੰਦੀਆਂ ਅਤੇ ਉਮਰਾਂ ਲੰਘਾ ਕੇ ਮਿਲਣ ਵਾਲੇ ਬਹੁਤੇ ਨਗਦ ਪੁਰਸਕਾਰ ਸਾਹਿਤ ਸਾਧਕਾਂ ਦੀ ਜ਼ਿੰਦਗੀ ਵਿਛਕ ਇਸ ਤਰ੍ਹਾਂ ਆਉਂਦੇ ਹਨ ਜਿਵੇਂ ਕੋਈ ਫਾਂਸੀ ਦੇ ਤਖਤੇ ਤੇ ਚੜ੍ਹ ਕੇ ਗਟਾਗਟ ਅੰਮ੍ਰਿਤ ਦਾ ਪਿਆਲਾ ਪੀ ਰਿਹਾ ਹੋਵੇ ਅਤੇ ਉਧਰੋਂ ਜਲਾਦ ਫਾਂਸੀ ਵਾਲੇ ਤਖਤੇ ਦਾ ਲੀਵਰ ਖਿੱਚਣ ਵਾਲਾ ਹੋਵੇ। ਯਾਦ ਆਉਂਦੇ ਨੇ ਜਨਾਬ ਕ੍ਰਿਸ਼ਨ ਬਿਹਾਰੀ ਨੂਰ ਸਾਹਿਬ:
ਜ਼ਿੰਦਗੀ ਸੇ ਬੜੀ ਸਜ਼ਾ ਹੀ ਨਹੀਂ!
ਔਰ ਕਿਆ ਜੁਰਮ ਹੈ? ਪਤਾ ਹੀ ਨਹੀਂ!

ਕਾਫ਼ਿਲਾ ਰਾਗ ਆਪਣੇ ਪੁਰਸਕਾਰਾਂ ਦੀ ਚੋਣ ਵੇਲੇ ਇਹ ਵੀ ਧਿਆਨ ਰੱਖਦਾ ਹੈ ਕਿ ਇਹ ਪੁਰਸਕਾਰ ਛੇਤੀ ਦੇ ਦਿੱਤੇ ਜਾਇਆ ਕਰਨ ਤਾਂ ਕਿ ਸਾਹਿਤ ਦੀ ਸਾਧਨਾ ਕਰਨ ਵਾਲੇ ਇਸ ਸਨਮਾਨ ਨਾਲ ਮਿਲਦੀ ਰਕਮ ਦੀ ਰਾਹਤ ਨਾਲ ਕਲਮ ਦੀ ਸਾਧਨਾ ਹੋਰ ਤੇਜ਼ ਕਰ ਸਕਣ। 

ਇੰਦਰਜੀਤ ਸਿੰਘ ਪੁਰੇਵਾਲ ਅਤੇ ਕਾਫ਼ਲਾ ਰਾਗ ਵੱਲੋਂ ਮਿਤੀ 23 ਫਰਵਰੀ 2024 ਨੂੰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਮਾਂ-ਬੋਲੀ ਪੰਜਾਬੀ ਦੀ ਸੇਵਾ ਵਿਚ ਜੁੱਟੀਆਂ ਪੰਜ ਉੱਘੀਆਂ ਸ਼ਖਸੀਅਤਾਂ ਦਾ ‘ਰਾਗ ਸਾਹਿਤ ਪੁਰਸਕਾਰ’ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਨ੍ਹਾਂ ਸਨਮਾਨਿਤ ਸ਼ਖਸੀਅਤਾਂ ਵਿਚ ਡਾ. ਦਵਿੰਦਰ ਸਿੰਘ ਬੋਹਾ (ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ), ਡਾ. ਸੰਦੀਪ ਸ਼ਰਮਾ (ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ), ਕੀਰਤੀ ਕਿਰਪਾਲ (ਜ਼ਿਲ੍ਹਾ ਭਾਸ਼ਾ ਅਫ਼ਸਰ, ਬਠਿੰਡਾ), ਡਾ.ਜਸਵੰਤ ਰਾਏ (ਖੋਜ ਅਫ਼ਸਰ, ਹੁਸ਼ਿਆਰਪੁਰ), ਗੁਰਪ੍ਰੀਤ (ਖੋਜ ਅਫ਼ਸਰ, ਮਾਨਸਾ) ਨੂੰ ਗਿਆਰਾਂ ਹਜ਼ਾਰ ਰੁਪਏ, ਸ਼ਾਲ ਅਤੇ ਇਕ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਤੇ ਅਨੁਵਾਦਕ ਸ਼੍ਰੀ ਜੰਗ ਬਹਾਦੁਰ ਗੋਇਲ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਵਜੋਂ ਉੱਘੇ ਕਵੀ ਜਸਵੰਤ ਸਿੰਘ ਜ਼ਫ਼ਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਾਹਿਤ ਅਕਾਦਮੀ ਪੁਰਸਕ੍ਰਿਤ ਸਵਰਨਜੀਤ ਸਵੀ ਵੱਲੋਂ ਸ਼ਿਰਕਤ ਕੀਤੀ ਗਈ। ਸ਼੍ਰੀ ਜੰਗ ਬਹਾਦੁਰ ਗੋਇਲ ਵੱਲੋਂ ਆਖਿਆ ਗਿਆ ਕਿ ਸਾਰੀਆਂ ਸਨਮਾਨਿਤ ਸ਼ਖ਼ਸੀਅਤਾਂ ਦਾ ਕੰਮ ਮਹੱਤਵਪੂਰਨ ਹੈ; ਸਨਮਾਨ ਮਿਲਣ ਨਾਲ ਲੇਖਕ, ਕਲਾਕਾਰ ਉਤਸ਼ਾਹਿਤ ਹੁੰਦਾ ਹੈ। ਉਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਪ੍ਰਤੀ ਵੀ ਆਪਣੇ ਤੌਖਲੇ ਵੀ ਜ਼ਾਹਰ ਕੀਤੇ।

ਸਮਾਗਮ ਦੇ ਆਰੰਭ ਵਿਚ 'ਕਾਫ਼ਲਾ ਰਾਗ' ਦੇ ਸਰਪ੍ਰਸਤ ਹਰਵਿੰਦਰ ਸਿੰਘ ਵੱਲੋਂ ਮਹਿਮਾਨਾਂ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ 'ਜੀ ਆਇਆਂ ਨੂੰ’ ਕਹਿ ਕੇ ਸੁਆਗਤ ਕੀਤਾ ਗਿਆ। ਸਨਮਾਨਿਤ ਕੀਤੀਆਂ ਜਾ ਰਹੀਆਂ ਹਸਤੀਆਂ ਵਿੱਚੋਂ ਡਾ. ਦਵਿੰਦਰ ਸਿੰਘ ਬੋਹਾ ਦੀਆਂ ਪ੍ਰਾਪਤੀਆਂ ਬਾਰੇ ਡਾ. ਲਾਭ ਸਿੰਘ ਖੀਵਾ ਨੇ ਬੋਲਦਿਆਂ ਆਖਿਆ ਕਿ ਡਾ. ਬੋਹਾ ਦੀ ਸਿੱਖਿਆ ਦੇ ਖੇਤਰ ਵਿਚ ਅਹਿਮ ਦੇਣ ਹੈ। ਉਨ੍ਹਾਂ ਅੱਗੇ ਕਿਹਾ ਕਿ ਡਾ. ਬੋਹਾ ਦੇ ਭਾਸ਼ਾ ਵਿਭਾਗ ਵਿਚ ਆਉਣ ਨਾਲ ਇਸ ਵਿਭਾਗ ਵਿਚ ਜਾਨ ਪੈ ਗਈ। ਇਸ ਉਪਰੰਤ ਕੀਰਤੀ ਕਿਰਪਾਲ ਬਾਰੇ ਬੋਲਦਿਆਂ ਨਾਟਕਕਾਰ ਸੰਜੀਵਨ ਸਿੰਘ ਨੇ ਕਿਹਾ ਕਿ ਕੀਰਤੀ ਹੋਰਾਂ ਦਾ ਨਾਟਕ ਦੇ ਖੇਤਰ ਵਿਚ ਮਹੱਤਵਪੂਰਨ ਕੰਮ ਹੈ। ਇਨ੍ਹਾਂ ਨੇ ਭਾਸ਼ਾ ਵਿਭਾਗ ਵਿਚ ਆ ਕੇ ਅਹਿਮ ਕਾਰਜ ਨੇਪਰੇ ਚਾੜੇ ਨੇ। ਕਵਿਤਾ ਤੇ ਚਿਤਰਕਲਾ ਦੇ ਉੱਘੇ ਹਸਤਾਖ਼ਰ ਸਵਰਨਜੀਤ ਸਵੀ ਨੇ ਸਨਮਾਨ ਪ੍ਰਾਪਤ ਸ਼ਾਇਰ ਡਾ. ਸੰਦੀਪ ਸ਼ਰਮਾ ਬਾਰੇ ਕਿਹਾ ਕਿ ਸੰਦੀਪ ਨਵੇਂ ਭਾਵ-ਬੋਧ ਦਾ ਸ਼ਾਇਰ ਹੈ। ਉਨ੍ਹਾਂ ਨੇ ਏ.ਆਈ. ਲਈ ਇੰਟਰਨੈੱਟ 'ਤੇ ਪੰਜਾਬੀ ਵਿਚ ਡਾਟਾ ਨਾ ਹੋਣ ਦਾ ਫ਼ਿਕਰ ਜ਼ਾਹਰ ਕੀਤਾ।ਡਾ. ਜਸਵੰਤ ਰਾਏ ਬਾਰੇ ਬੋਲਦਿਆਂ ਮਨਜੀਤ ਪਾਲ ਸਿੰਘ ਹੋਰਾਂ ਨੇ ਕਿਹਾ ਜਸਵੰਤ ਹੁਸ਼ਿਆਰਪੁਰ ਦੇ ਭਾਸ਼ਾ ਵਿਭਾਗ ਵਿਖੇ ਖੋਜ ਅਫ਼ਸਰ ਵਜੋਂ ਤਾਇਨਾਤ ਹੈ; ਇਨ੍ਹਾਂ ਨੇ ਦਰਜਨ ਦੇ ਕਰੀਬ ਕਿਤਾਬਾਂ ਦੀ ਸਿਰਜਨਾ ਕੀਤੀ ਹੈ ਅਤੇ ਅਨੁਵਾਦ ਦੇ ਖੇਤਰ ਵਿਚ ਵੀ ਇਨ੍ਹਾਂ ਦਾ ਨਿਵੇਕਲਾ ਕੰਮ ਹੈ। ਸ਼ਾਇਰ ਗੁਰਪ੍ਰੀਤ ਮਾਨਸਾ ਬਾਰੇ ਬੋਲਦਿਆਂ ਜਸਵੰਤ ਜ਼ਫ਼ਰ ਹੋਰਾਂ ਨੇ ਕਿਹਾ ਕਿ ਗੁਰਪ੍ਰੀਤ ਮੇਰਾ ਸਮਕਾਲੀ ਹੈ ਅਤੇ ਕਾਵਿ, ਅਨੁਵਾਦ ਤੇ ਵਾਰਤਕ ਦੇ ਖੇਤਰ ਵਿਚ ਇਸਦਾ ਕੰਮ ਗੌਲਣਯੋਗ ਹੈ।

'ਰਾਗ' ਦੇ ਮੁੱਖ ਸੰਪਾਦਕ ਇੰਦਰਜੀਤ ਪੁਰੇਵਾਲ ਹੋਰਾਂ ਨੇ ਸਨਮਾਨ ਸਮਾਗਮ ਵਿਚ ਸ਼ਿਰਕਤ ਕਰਨ ਲਈ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਯੋਗ ਕਲਾਕਾਰ ਅਤੇ ਸਾਹਿਤ ਨਾਲ ਸੰਬੰਧਿਤ ਹਸਤੀਆਂ ਦੇ ਸਨਮਾਨ ਹੁੰਦੇ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਰਾਗ ਸਾਹਿਤਕ ਪਰਚਾ ਨਿਰਵਿਘਨ ਛਪਦਾ ਰਹੇਗਾ। 

ਇਸ ਸਮਾਗਮ ਮੌਕੇ ਮੰਚ ਸੰਚਾਲਨ ਸ਼ਾਇਰ ਜਗਦੀਪ ਸਿੱਧੂ ਨੇ ਕੀਤਾ। ਇਸ ਦੌਰਾਨ ਇੰਦਰਜੀਤ ਪ੍ਰੇਮੀ, ਭੁਪਿੰਦਰ ਬੇਕਸ, ਰਮਨ ਸੰਧੂ, ਮਨਜੀਤ ਪਾਲ ਸਿੰਘ, ਧਿਆਨ ਸਿੰਘ ਕਾਹਲੋਂ, ਪਰਮਜੀਤ ਮਾਨ, ਹਰਦੀਪ ਢਿੱਲੋਂ, ਸੁਨੀਲਮ ਮੰਡ ਆਦਿ ਵੀ ਸ਼ਾਮਲ ਹੋਏ।

ਜਮਹੂਰੀਅਤ ਦੇ ਅਮਲ ਮੁਤਾਬਕ ਪੂਰੀ ਸਮੁੱਚੀ ਟੀਮ ਚੋਣ ਲੜੇਗੀ-ਚੋਣ ਸੰਚਾਲਨ ਕਮੇਟੀ

23rd  February 2024 at 06:25 PM

ਕੋਈ ਅਫ਼ਵਾਹ ਫੈਲਾਏ ਤਾਂ ਉਸ ਤੋਂ ਸਬੂਤ ਮੰਗੋ--ਸਾਜ਼ਿਸ਼ਾਂ ਨੂੰ ਨਕਾਰੋ-ਡਾ ਦੀਪ 

ਪਟਿਆਲਾ//ਲੁਧਿਆਣਾ: 23 ਫਰਵਰੀ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਅੱਜਕਲ੍ਹ ਸੋਸ਼ਲ ਮੀਡੀਆ ਪੂਰੀ ਤਰ੍ਹਾਂ ਆਪਣੀ ਥਾਂ ਬਣਾ ਚੁੱਕਿਆ ਹੈ। ਸੋਸ਼ਲ ਮੀਡੀਆ ਤੇ ਜਾਰੀ ਸੁਨੇਹਾ ਜਾਂ ਕੋਈ ਲਿਖਤ ਜਾਂ ਵੀਡੀਓ ਅਸਰ ਦਿਖਾਉਣ ਲੱਗਦੀ ਹੈ। ਆਈਜੀ ਰਿਵਾਜ ਅਤੇ ਰੁਝਾਣ ਦੇ ਫਾਇਦੇ ਵੀ ਹੋ ਸਕਦੇ ਹਨ ਪਰ ਨੁਕਸਾਨ ਵੀ ਹੁੰਦੇ ਹਨ। ਕਿਓਂਕਿ ਇਸ ਸੋਸ਼ਲ ਮੀਡੀਆ ਵਾਲੇ ਰੁਝਾਨ ਵਿੱਚ ਬਹੁਤ ਵਾਰ ਕੁਝ ਲੋਕ ਗੈਰ ਜ਼ਿੰਮੇਵਾਰੀ ਵੀ ਦਿਖਾਉਂਦੇ ਹਨ ਅਤੇ ਕਈ ਵਾਰ ਗੁੰਮਨਾਮ ਰਹਿ ਕੇ ਵੀ ਕੰਮ ਕਰਦੇ ਹਨ। ਕਈ ਵਾਰ ਪਿਛੇ ਹਟ ਕੇ ਮੁੱਕਰ ਵੀ ਜਾਂਦੇ ਹਨ। ਅਜਿਹੇ ਮਾਹੌਲ ਵਿੱਚ ਕਈ ਵਾਰ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ। 

ਇਹ ਅਕਸਰ ਅਜਿਹੀਆਂ ਅਫਵਾਹਾਂ ਹੁੰਦੀਆਂ ਹਨ ਜਿਹਨਾਂ ਦੇ ਮੂਲ ਸਰੋਤ ਦਾ ਪਤਾ ਨਹੀਂ ਲੱਗਦਾ। ਇਸ ਧੁੰਦ ਵਰਗੇ ਮਾਹੌਲ ਇੱਕ ਜ਼ਰੂਰੀ ਸੂਚਨਾ ਜਾਰੀ ਕੀਤੀ ਹੈ ਸਾਡੇ ਸਮਿਆਂ ਦੇ ਉਘੇ ਵਿਦਵਾਨ ਡਾਕਟਰ ਕੁਲਦੀਪ ਸਿੰਘ ਦੀਪ ਨੇ।  ਡਾਕਟਰ ਦੀਪ ਉਘੇ ਵਿਦਵਾਨ ਹੋਣ ਦੇ ਨਾਲ ਨਾਲ ਟੀਮ ਭਾਵਨਾ ਨੂੰ ਸਮਝਣ ਵਾਲੇ ਰਣਨੀਤਿਕ ਯੋਧੇ ਵੀ ਹਨ। ਇਹ ਉਹੀ ਡਾਕਟਰ ਦੀਪ ਹਨ ਜਿਹੜੇ ਡਾਕਟਰ ਸਰਬਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਦਾ ਚੋਣ ਪ੍ਰਚਾਰ ਕਰ ਰਹੀ ਚੋਣ ਸੰਚਾਲਨ ਕਮੇਟੀ ਦੇ ਸਰਗਰਮ ਮੈਂਬਰ ਵੀ ਹਨ। ਇਸ ਮੈਂਬਰ ਵੱਜੋਂ ਹੀ ਡਾਕਟਰ ਦੀਪ ਪੂਰੀ ਤਰ੍ਹਾਂ ਇਸ ਮੁਹਿੰਮ ਅਤੇ ਮੀਡੀਆ ਦੇ ਸੰਪਰਕ ਵਿਚ ਰਹਿੰਦੇ ਹਨ। ਉਹਨਾਂ ਆਪਣੀ ਜ਼ਰੂਰੀ ਸੂਚਨਾ ਵਿੱਚ ਜੋ ਜੋ ਨੁਕਤੇ ਉਠਾਏ ਹਨ ਉਹ ਸਚਮੁਚ ਬਹੁਤ ਜ਼ਰੁਰੀ ਹਨ। ਉਹ ਲਿਖਦੇ ਹਨ: 

ਜ਼ਰੂਰੀ ਸੂਚਨਾ

ਸਤਿਕਾਰਤ ਦੋਸਤੋ

ਫਤਹਿ ਪ੍ਰਵਾਨ ਹੋਵੇ...

ਪੰਜਾਬੀ ਸਾਹਿਤ ਅਕਾਡਮੀ ਦੀ ਚੋਣ ਭਖ ਚੁੱਕੀ ਹੈ। ਇਸ ਦੇ ਨਾਲ ਹੀ ਅਫ਼ਵਾਹਾਂ ਦਾ ਬਾਜ਼ਾਰ ਵੀ ਗਰਮ ਹੋ ਚੁੱਕਾ ਹੈ। ਇਹ ਆਮ ਵਰਤਾਰਾ ਹੈ। ਜਦ ਵੀ ਕੋਈ ਵੱਡੀ ਸਰਗਰਮੀ ਹੁੰਦੀ ਹੈ, 

ਅਫ਼ਵਾਹਾਂ ਅਤੇ ਗ਼ਲਤ ਸੂਚਨਾਵਾਂ ਵੀ ਗਰਮ ਪਕੌੜਿਆਂ ਵਾਂਗ ਚੱਲ ਪੈਂਦੀਆਂ ਹਨ। ਇਸ ਦੇ ਪਿੱਛੇ ਕਈ ਵਾਰ ਸ਼ਰਾਰਤਾਂ ਹੁੰਦੀਆਂ ਹਨ ਤੇ ਕਈ ਵਾਰ ਸਾਜ਼ਿਸ਼ਾਂ ਹੁੰਦੀਆਂ ਹਨ। 

ਅਸੀਂ ਚੋਣ ਸੰਚਾਲਨ ਕਮੇਟੀ ਵੱਲੋਂ ਆਪਣੇ ਸਾਰੇ ਸਮਰਥਕਾਂ, ਲੇਖਕਾਂ, ਹਮਦਰਦਾਂ ਅਤੇ ਸਨੇਹੀਆਂ ਨੂੰ ਸਪਸ਼ਟ ਕਰਦੇ ਹਾਂ ਕਿ ਜ਼ਮਹੂਰੀਅਤ ਦੇ ਅਮਲ ਮੁਤਾਬਕ ਪੂਰੀ ਸਮੁੱਚੀ ਟੀਮ ਚੋਣ ਲੜੇਗੀ।ਕਿਸੇ ਵੀ ਤਰ੍ਹਾਂ ਦੀ ਅਫ਼ਵਾਹ ਉੱਪਰ ਵਿਸ਼ਵਾਸ ਨਾ ਕਰੋ। ਜਿਹੜਾ ਅਫ਼ਵਾਹ ਫੈਲਾਉਂਦਾ ਹੈ,ਉਸ ਨੂੰ ਕਹੋ ਕਿ 'ਸਬੂਤ ਦਿਓ' ਨਹੀਂ ਤਾਂ ਉਸ ਦੀ ਸ਼ਰਾਰਤ/ਸਾਜ਼ਿਸ਼ ਨੂੰ ਨਕਾਰੋ।

ਇਸ ਅਦਬੀ ਚੋਣ ਦੀ ਮੁਹਿੰਮ ਨੂੰ ਪੂਰਨ ਅਦਬ ਨਾਲ ਜਾਰੀ ਰੱਖੋ...

ਧੰਨਵਾਦ ਸਹਿਤ

ਚੋਣ ਸੰਚਾਲਨ ਕਮੇਟੀ

ਡਾ. ਸੁਖਦੇਵ ਸਿੰਘ ਸਿਰਸਾ, ਡਾ. ਅਨੂਪ ਸਿੰਘ, ਪ੍ਰੋ. ਸੁਰਜੀਤ ਜੱਜ, ਡਾ. ਰਤਨ ਸਿੰਘ ਢਿੱਲੋਂ, ਡਾ. ਮੋਹਨਜੀਤ, ਖਾਲਿਦ ਹੁਸੈਨ, ਕੇਵਲ ਧਾਲੀਵਾਲ, ਡਾ. ਕੁਲਦੀਪ ਸਿੰਘ ਦੀਪ, ਡਾ. ਸੁਪਨਦੀਪ ਕੌਰ ਅਤੇ ਰਮੇਸ਼ ਯਾਦਵ

Friday 23 February 2024

ਇਨਾਮ ਸਨਮਾਨ ਲੈਣ ਤੋਂ ਇਲਾਵਾ ਹੋਰ ਕਿਹੜਾ ਮਾਅਰਕੇ ਵਾਲਾ ਕੰਮ ਕੀਤਾ?

Friday 23rd February 2024 at 08:39

 PSA ਚੋਣਾਂ ਮੌਕੇ ਡਾ. ਸੁਖਵਿੰਦਰ ਪਰਮਾਰ ਹੁਰਾਂ ਵੱਲੋਂ ਕੁਝ ਤਿੱਖੇ ਸੁਆਲ 


ਲੁਧਿਆਣਾ: 23 ਫਰਵਰੀ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਇਸ ਵਾਰ ਫੇਰ ਇੱਕ ਇਤਿਹਾਸ ਰਚ ਰਹੀਆਂ ਹਨ। ਚੋਣ ਜੰਗ ਤਿੱਖੀ ਹੁੰਦੀ ਜਾ ਰਹੀ ਹੈ। ਨਤੀਜੇ ਕੁਝ ਵੀ ਹੋਣ ਪਰ ਚੋਣਾਂ ਦਿਲਚਸਪ ਹੁੰਦੀਆਂ ਜਾ ਰਹੀਆਂ ਹਨ। ਟੱਕਰ ਮੁਕਾਬਲੇ ਦੀ ਹੈ। ਸ਼ਖਸੀਅਤਾਂ ਦਾ ਜਾਦੂ ਇੱਕ ਪਾਸੇ--ਵਿਚਾਰਧਾਰਾ ਵਾਲੀ ਪ੍ਰਤੀਬਧਤਾ ਦਾ ਪ੍ਰਭਾਵ  ਇੱਕ ਪਾਸੇ ਅਤੇ ਇਹਨਾਂ ਦੋਹਾਂ ਤੋਂ ਮੁਕਤ ਨਿਜੀ ਸੁਤੰਤਰਤਾ ਵਾਲੀ ਸੋਚ ਇੱਕ ਪਾਸੇ। 

ਚੋਣਾਂ ਵਿੱਚ ਉਭਰ ਕੇ ਸਾਹਮਣੇ ਆਏ ਇਹਨਾਂ ਤਿੰਨਾ ਧੜਿਆਂ ਨੂੰ ਸੁਆਲ ਕਰਨ ਵਾਲੇ ਵੀ ਮੌਜੂਦ ਹਨ ਜਿਹਨਾਂ ਨੂੰ ਆਮ  ਤੌਰ ਤੇ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਇਹ ਲੋਕ ਕਿਸੇ ਸਿਆਸੀ ਧਿਰ ਜਾਂ ਕਿਸੇ ਸਾਹਿਤਿਕ ਧੜੇ ਨਾਲ ਵੀ ਨਹੀਂ ਜੁੜੇ ਹੁੰਦੇ। ਸਾਹਿਤ ਸਾਧਨਾ ਵਿੱਚ ਮਗਨ ਵੀ ਰਹਿੰਦੇ ਹਨ ਪਰ ਕਿਸੇ ਬੰਧਨ ਵਿਚ ਨਹੀਂ ਆਉਂਦੇ। 

ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਮੌਕੇ ਬਹੁਤ ਕੁਝ ਲਿਖਿਆ ਜਾ ਰਿਹਾ ਬਹੁਤ ਕੁਝ ਕਿਹਾ ਜਾ ਰਿਹਾ ਹੈ। ਇੱਕ ਲਿਖਤ ਇਹ ਵੀ ਸਾਹਮਣੇ ਆਈ ਹੈ ਡਾ. ਸੁਖਵਿੰਦਰ ਪਰਮਾਰ ਹੁਰਾਂ ਦੀ ਜੋ ਰਣਬੀਰ ਕਾਲਜ,ਸੰਗਰੂਰ ਦੇ ਪੰਜਾਬੀ ਵਿਭਾਗ ਦੇ ਮੁਖੀ ਹਨ।ਉਹਨਾਂ ਦੀ ਲਿਖਤ ਵੀ ਅਰਥਪੂਰਨ ਹੈ ਅਤੇ ਧਿਆਨ ਮੰਗਦੀ ਹੈ।  

ਉਹਨਾਂ ਨੇ ਅਕਾਡਮੀ ਦੇ ਸਾਬਕਾ ਅਤੇ ਚੋਣ ਲੜਨ ਜਾ ਰਹੇ ਉਮੀਦਵਾਰਾਂ ਨੂੰ ਕੁਝ ਤਿੱਖੇ ਸਵਾਲ ਕੀਤੇ ਹਨ। 

ਉਹ ਆਖਦੇ ਹਨ-

-ਨਾ ਮੇਰੀ ਵੋਟ ਹੈ ਨਾ ਮੇਰੀ ਸਪੋਰਟ ਹੈ ਕਿਸੇ ਨੂੰ....  ਬਸ ਮਾਂ ਬੋਲੀ ਪੰਜਾਬੀ ਦਾ ਅਦਨਾ ਜਾ ਵਿਦਿਆਰਥੀ ਹੋਣ ਦੇ ਨਾਂ 'ਤੇ ਅਖੌਤੀ ਸਾਹਿਤਕ ਰਾਜਨੀਤੀਵਾਨਾਂ (ਹੁਣ ਤੋਂ ਪਹਿਲਾਂ ਹੋਏ ਸਾਰੇ ਅਹੁਦੇਦਾਰਾਂ ਨੂੰ ਵੀ ) ਨੂੰ ਕੁਝ ਕੁ ਸਵਾਲ ਨੇ ਮੇਰੇ....

1.ਇਸ ਸੰਸਥਾ ਨੇ ਕਿੰਨੇ ਕੁ ਆਈ. ਏ.ਐਸ., ਆਈ.ਪੀ.ਐਸ. ਪੀ.ਸੀ.ਐਸ. ਜਾਂ ਹੋਰ ਵੱਡੇ ਅਫਸਰ ਮਾਤ ਭਾਸ਼ਾ ਪੰਜਾਬੀ ਨੂੰ ਆਧਾਰ ਬਣਾ ਕੇ ਅਹੁਦਿਆਂ ਤੇ ਪਹੁੰਚਾਉਣ ਤੱਕ ਮੱਦਦ ਕੀਤੀ ਹੈ?

2. ਉਚੇਰੀ ਸਿੱਖਿਆ ਕਾਲਜਾਂ  ਵਿੱਚ ਪੰਜਾਬੀ ਦੇ ਅਧਿਆਪਕਾਂ ਦੀ ਭਰਤੀ ਹੋਈ ਨੂੰ 25 ਸਾਲ ਬੀਤ ਗਏ ਹਨ ਇਸ ਸੰਸਥਾ ਨੇ  ਕੀ ਯਤਨ ਕੀਤਾ?

3. ਆਪੋ ਆਪਣੇ ਆਲੇ ਦੁਆਲੇ ਦੇ ਸੰਗੀਆਂ ਸਾਥੀਆਂ ਤੇ ਜੁੰਡੀ ਦੇ ਯਾਰਾਂ ਨੂੰ ਜੋੜ ਤੋੜ ਕਰਕੇ ਵੱਖ-ਵੱਖ ਸੰਸਥਾਵਾਂ ਤੋਂ ਦਬਾਅ ਪਾ ਕੇ ਇਨਾਮ ਸਨਮਾਨ ਲੈਣ ਤੋਂ ਇਲਾਵਾ ਹੋਰ ਕਿਹੜਾ ਮਾਅਰਕੇ ਵਾਲਾ ਕੰਮ ਕੀਤਾ.…. ਕਿੰਨੀਆਂ ਕੁ ਪੇਂਡੂ ਲਾਇਬਰੇਰੀਆਂ ਨੂੰ ਕਿਤਾਬਾਂ ਲੈ ਕੇ ਦਿੱਤੀਆਂ, ਕਿੰਨੀਆਂ ਕੋਈ ਨਵੀਆਂ ਲਾਇਬ੍ਰੇਰੀਆਂ ਖੋਲੀਆਂ, ਰਵਾਇਤੀ ਪੰਜਾਬੀ ਨੂੰ ਸਾਂਭਣ ਦੇ ਕਿੰਨੇ ਕੁ ਯਤਨ ਹੋਏ? 

ਕਦੇ ਜਾ ਕੇ‌ ਯੂਨੀਵਰਸਿਟੀਆਂ 'ਚ ਪੰਜਾਬੀ ਭਾਸ਼ਾ ਦੀ ਖੋਜ ਸਥਿਤੀ ਵਾਚਣ ਘੋਖਣ ਦੀ ਕੋਸ਼ਿਸ਼ ਕੀਤੀ। ਇਹਨਾਂ ਸੰਸਥਾਵਾਂ ਵਿੱਚ ਪੰਜਾਬੀ ਵਿਸ਼ੇ ਦੀਆਂ ਪੋਸਟਾਂ ਲਈ ਕਿਤੇ ਪੁੱਤ- ਭਤੀਜਾਵਾਦ, ਚੇਲਾ,ਉਹਦਾ ਚੇਲਾ, ਫਿਰ ਉਹਦਾ ਚੇਲਾ, 'ਤੇ ਉਂਗਲ ਰੱਖੀ। ਹੋਰ ਵੀ ਬਹੁਤ ਕੁਝ ਐ ਕਹਿਣ ਨੂੰ.....

   ਵੋਟਾਂ ਪੈਣ , ਸਹਿਮਤੀ ਹੋਵੇ ਪਰ 'ਮਾਂ ਬੋਲੀ ਪੰਜਾਬੀ ' ਨੂੰ ਕੋਈ ਫਰਕ ਨਹੀਂ ਪੈਣ ਲੱਗਿਆ।

ਉਮੀਦ ਹੈ ਸਬੰਧਤ ਧਿਰਾਂ ਅਤੇ ਉਮੀਦਵਾਰ ਇਹਨਾਂ ਸੁਆਲਾਂ ਵੱਲ ਧਿਆਨ ਦੇਣਗੀਆਂ ਅਤੇ ਇਹਨਾਂ ਦੇ ਜੁਆਬ ਵੀ ਪਾਠਕਾਂ ਸਾਹਮਣੇ ਆਉਣਗੇ। ਇਹ ਸੁਆਲ ਅਤੇ ਇਹਨਾਂ ਦੇ ਜੁਆਬ ਪੰਜਾਬੀ ਸਾਹਿਤ ਨਾਲ ਜੁੜੀਆਂ ਸਭਨਾਂ ਧਿਰਾਂ ਲਈ ਜ਼ਰੂਰੀ ਹਨ ਅਤੇ ਜਿੱਤ ਹਾਰ ਤੋਂ ਉੱਪਰ ਉੱਠ ਕੇ ਵਿਚਾਰੇ ਜਾਣੇ ਚਾਹੀਦੇ ਹਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ:ਲੱਭੀਏ ਨਵਾਂ ਬਦਲ!

Friday 23rd February 2024 at 13:27

ਡਾ. ਸਵਰਨਜੀਤ ਕੌਰ ਗਰੇਵਾਲ ਵੱਲੋਂ ਵੀ ਬੇਅੰਤ ਕੌਰ ਗਿੱਲ ਦੀ ਹਮਾਇਤ  

ਮੋਗਾ: 23 ਫਰਵਰੀ 2024:( ਡਾ. ਸਵਰਨਜੀਤ ਕੌਰ ਗਰੇਵਾਲ//ਸਾਹਿਤ ਸਕਰੀਨ ਡੈਸਕ)::

"ਇਕ ਵਾਰ ਤੂੰ ਤੇ ਇਕ ਵਾਰ ਮੈਂ! ਦੋਹੇਂ ਇਕ ਦੂਜੇ ਨੂੰ ਵਾਰੀ ਦੇਈ ਜਾਈਏ ਤਾਂ ਮਜ਼ਾਲ ਐ ਕੋਈ ਤੀਜਾ ਆਪਣੇ ਸਾਹਮਣੇ ਖੰਘ ਵੀ ਜਾਵੇ!" ਕੁਝ ਇਹੋ ਜਿਹਾ ਮਸਲਾ ਹੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਚੋਣਾਂ ਵਿਚ ਬਣਿਆ ਨਜ਼ਰ ਆ ਰਿਹਾ ਹੈ।  

ਕੁਝ ਖੜਪੈਂਚ ਕਿਸਮ ਦੇ ਪਿੱਪਲਾਂ ਨੇ ਆਪਣੀ ਛਤਰ ਛਾਇਆ ਏਨੀ ਕੁ ਵਿਸ਼ਾਲ ਬਣਾ ਰੱਖੀ ਹੈ ਕਿ ਉਹ ਨਵੀਂ ਪੌਦ ਨੂੰ ਵਿਗਸਣ ਲਈ ਮੌਕਾ ਹੀ ਨਹੀਂ ਦੇਣਾ ਚਾਹੁੰਦੇ ਤੇ ਨਾ ਹੀ ਆਪਣੇ ਉਹਨਾਂ ਸਮਕਾਲੀਆਂ ਨਾਲ ਮਿਲ ਕੇ ਚੱਲਣ ਦੀ ਉਹਨਾਂ ਦੀ ਕੋਈ ਮਨਸ਼ਾ ਹੈ ਜਿਹੜੇ ਉਹਨਾਂ ਦੁਆਰਾ ਤੈਅ ਕੀਤੇ ਮੁੱਦਿਆਂ ਉੱਤੇ ਸਵਾਲੀਆ ਚਿੰਨ੍ਹ ਲਾਉਂਦੇ ਹਨ। 

ਉਹਨਾਂ ਨੂੰ ਲੱਗਦਾ ਹੈ ਕਿ ਦੁਨੀਆ ਭਰ ਵਿਚੋਂ ਜੇ ਕੋਈ ਸਿਰੇ ਦੇ ਸਾਹਿਤਕਾਰ ਜਨਮੇ ਹਨ ਤਾਂ ਸਿਰਫ਼ ਓਹੀ ਹਨ ਤੇ ਜੇ ਖੁਦਾ ਨਾ ਖਾਸਤਾ ਉਹਨਾਂ ਦੀ ਚੌਧਰ ਚਲੀ ਗਈ ਤਾਂ ਪੰਜਾਬੀ ਸਾਹਿਤ ਅਕਾਡਮੀ ਪਤਾ ਨਹੀਂ ਕਿਹੜੇ ਨਰਕ ਦੀ ਭੱਠੀ ਵਿਚ ਝੋਕੀ ਜਾਊ‌? ਜਦ ਕਿ ਬਹੁ-ਗਿਣਤੀ ਪੰਜਾਬੀ ਸਾਹਿਤਕਾਰ ਭਾਈਚਾਰਾ ਬੇਸ਼ੱਕ ਨਿਧੜਕ ਹੋ ਕੇ ਕੋਈ ਗੱਲ ਨਹੀਂ ਕਹਿ ਰਿਹਾ ਪਰ ਅੰਦਰੋਂ ਅੰਦਰੀ ਇਹਨਾਂ ਖੜਪੈਂਚਾਂ ਖ਼ਿਲਾਫ਼ ਰਿੱਝ ਜ਼ਰੂਰ ਰਿਹਾ ਹੈ। 

ਸਾ+ਹਿੱਤ ਨੂੰ ਪ੍ਰਣਾਈ ਹੋਈ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਪਿਛਲੇ ਕੁਝ ਸਾਲਾਂ ਦੀ ਕਾਰਗੁਜ਼ਾਰੀ ਉੱਤੇ ਤਕੜੇ ਪ੍ਰਸ਼ਨ-ਚਿੰਨ੍ਹ ਲੱਗਦੇ ਆ ਰਹੇ ਹਨ। ਹੁਣ ਸਮਾਂ ਹੈ ਕਿ ਇਹਨਾਂ ਕੁਤਾਹੀਆਂ ਕਰਨ ਵਾਲੇ ਲੇਖਕਾਂ ਦਾ ਭਾਂਡਾ ਐਨ ਚੌਰਾਹੇ ਵਿੱਚ ਭੰਨ ਕੇ ਦਿਆਨਤਦਾਰ ਲੇਖਕਾਂ ਨੂੰ ਇਸ ਵੱਕਾਰੀ ਸੰਸਥਾ ਦੀ ਵਾਗਡੋਰ ਸੌਂਪੀ ਜਾਵੇ ਜਿਹੜੇ ਬਜ਼ੁਰਗ ਤੇ ਨਵੇਂ ਲਿਖਾਰੀਆਂ ਨੂੰ ਉਹਨਾਂ ਦੇ ਬਣਦੇ ਹੱਕ ਦੇਣ ਦਿਵਾਉਣ ਲਈ ਪਾਬੰਦ ਹਨ ਤੇ ਇਸ ਮਿਆਰੀ ਸਾਹਿਤਕ ਸੰਸਥਾ ਦਾ ਪਹਿਲਾਂ ਵਾਲਾ ਵੱਕਾਰ ਸਥਾਪਤ ਕਰਨ ਦੇ ਚਾਹਵਾਨ ਹਨ।  

ਇਸ ਵਾਰ ਦੀਆਂ ਚੋਣਾਂ ਵਿਚ ਬੀਬਾ ਬੇਅੰਤ ਕੌਰ ਗਿੱਲ ਮੋਗਾ ਨੇ ਪ੍ਰਧਾਨਗੀ ਲਈ ਕਾਗ਼ਜ਼ ਦਾਖਲ ਕੀਤੇ ਹਨ ! ਇਹਨਾਂ ਦੇ ਸਾਹਿਤਕ ਸਫ਼ਰ ਵੱਲ ਪੰਛੀ ਝਾਤ ਪਾਉਣੀ ਏਥੇ ਕੁਥਾਂ ਨਹੀਂ ਹੋਵੇਗੀ: 

1. ਅਕਲਾਂ ਵਾਲਿਓ ਮੋੜੋ ਮੁਹਾਰਾਂ ( ਵਾਰਤਕ)

2. ਨਾਦ ( ਕਾਵਿ ਸੰਗ੍ਰਹਿ)

3. ਦਸ ਗੁਰੂ ਸਾਹਿਬਾਨ ਅਤੇ ਸਮਕਾਲੀ ਸਮਾਜ ( ਇਤਿਹਾਸਕ ਪ੍ਰਸ਼ਨੋਤਰੀ)

ਲੇਖਿਕਾ ਡਾ. ਸਵਰਨਜੀਤ ਕੌਰ ਗਰੇਵਾਲ 
4. ਮਲਾਹਾਂ ਵਰਗੇ ( ਨਾਵਲ)

5. ਤਬਾਦਲਾ ( ਨਾਵਲ)

ਬੇਬਾਕ, ਨਿਧੜਕ ਤੇ ਜਾਂਬਾਜ਼ ਬੀਬਾ ਬੇਅੰਤ ਕੌਰ ਗਿੱਲ ਮੋਗਾ ਹੋਰਾਂ ਦੀ ਦਿਲੀ ਤਮੰਨਾ ਹੈ ਕਿ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਫਿਰ ਤੋਂ ਪੰਜਾਬੀ ਸਾਹਿਤ ਜਗਤ ਦੇ ਲਿਖਾਰੀਆਂ ਦੁਆਰਾ ਸ਼ਾਨਾਂ ਮੱਤੀਆਂ ਕਾਰਗੁਜ਼ਾਰੀਆਂ ਨਾਲ ਹੋਰ ਬੁਲੰਦੀਆਂ ਉੱਤੇ ਪਹੁੰਚਾਇਆ ਜਾਵੇ! ਇਹਦੇ ਲਈ ਇਹ ਕਾਰਜ ਕਰਨ ਨੂੰ ਬੀਬਾ ਜੀ ਪਹਿਲ ਦੇਣਗੇ: 

1. ਗੁੱਟਬੰਦੀ ਦੀ ਨਾ-ਮੁਰਾਦ ਬਿਮਾਰੀ ਖ਼ਤਮ ਕਰਕੇ ਸਭ ਨੂੰ ਬਰਾਬਰੀ ਦੇਣਾ। 

2. ਨੌਜਵਾਨ ਲੇਖਕਾਂ ਅਤੇ ਅਣਗੌਲ਼ੇ ਬਜ਼ੁਰਗ ਲੇਖਕਾਂ ਨੂੰ  ਵਧੇਰੇ ਮੌਕੇ ਪ੍ਰਦਾਨ ਕਰਨਾ। 

3. ਅਕਾਡਮੀ ਦੀ ਆਮਦਨ ਦੇ ਇਕ ਇਕ ਪੈਸੇ ਨੂੰ ਸਾਹਿਤਕ ਕਾਰਜਾਂ ਅਤੇ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਵਰਤਣਾ ਅਤੇ ਉਸਨੂੰ ਸਾਲਾਨਾ ਬਜਟ ਵਿਚ ਜਨਤਕ ਕਰਨਾ। 

4. ਵਧੀਆ ਸਾਹਿਤ ਨੂੰ ਚੁਣਨ ਲਈ ਕਮੇਟੀਆਂ ਦਾ ਗਠਨ ਕਰਨਾ ਤੇ ਪ੍ਰਕਾਸ਼ਿਤ ਕਰਨਾ, ਵਧੀਆ ਸਾਹਿਤ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ ਪੰਜਾਬੀ ਪਾਠਕਾਂ ਦਾ ਘੇਰਾ ਵਿਸ਼ਾਲ ਕਰਨਾ।  

ਇਸਤੋਂ ਇਲਾਵਾ ਜੋ ਵੀ ਅਕਾਡਮੀ ਦੀ ਸ਼ਾਖ ਨੂੰ ਵਧਾਉਣ ਵਾਲੇ ਕਾਰਜ ਹੋਣਗੇ, ਉਹਨਾਂ ਨੂੰ ਤਰਜੀਹੀ ਪੱਧਰ ਉੱਤੇ ਕਰਨ ਨੂੰ ਪਹਿਲ ਦਿੱਤੀ ਜਾਵੇਗੀ!

ਸੋ ਸਮੂਹ ਲੇਖਕ ਭਾਈਚਾਰੇ ਨੂੰ ਬੇਨਤੀ ਅਤੇ ਪੁਰਜ਼ੋਰ ਅਪੀਲ ਹੈ ਕਿ ਆਓ ! "ਉੱਤਰ ਕਾਟੋ ਮੈਂ ਚੜ੍ਹਾਂ" ਦੇ ਮੁਹਾਵਰੇ ਨੂੰ ਨਕਾਰ ਕੇ ਬੀਬਾ ਬੇਅੰਤ ਕੌਰ ਗਿੱਲ ਮੋਗਾ ਵਰਗੇ ਸੁਹਿਰਦ ਲੇਖਕਾਂ ਨੂੰ ਵਾਗਡੋਰ ਸੌਂਪੀਏ ਤਾਂ ਜੋ ਭਵਿੱਖ ਦੀਆਂ ਪੀੜ੍ਹੀਆਂ ਵੀ ਪੰਜਾਬੀ ਸਾਹਿਤ ਜਗਤ ਵਿਚ ਆਪਣੀਆਂ ਨਿਵੇਕਲੀਆਂ ਪੈੜਾਂ ਛੱਡ ਸਕਣ ਦੇ ਸਮਰੱਥ ਹੋ ਸਕਣ! 

✍️ਡਾ. ਸਵਰਨਜੀਤ ਕੌਰ ਗਰੇਵਾਲ ✍️

Thursday 22 February 2024

PSA ਚੋਣਾਂ:ਕਿਹੜਾ ਲੇਖਕ ਕਿਸਦਾ ਬੰਦਾ?

ਕਿਸ ਕਿਸ ਦੇ ਹੱਥ ਹੈ ਚੋਣਾਂ ਲੜਨ ਵਾਲਿਆਂ ਦਾ ਰਿਮੋਟ ਕੰਟਰੋਲ?


ਲੁਧਿਆਣਾ
: 22 ਫਰਵਰੀ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਭਵਨ ਵਿੱਚ ਆ ਕੇ ਕਿਸੇ ਵੇਲੇ ਸਟੇਜ ਵਾਲੀ ਕਲਾ ਦਾ ਅਹਿਸਾਸ ਹੁੰਦਾ ਸੀ, ਕਦੇ ਕਲਾਸ ਅਤੇ ਸੰਗੀਤ ਦਾ ਅਹਿਸਾਸ ਹੁੰਦਾ ਸੀ, ਕਦੇ ਸਾਹਿਤਕ ਸਰਗਰਮੀਆਂ ਅਤੇ ਕਦੇ ਪੰਜਾਬ ਨਾਲ ਸਬੰਧਤ ਮਸਲਿਆਂ ਦੇ ਸੈਮੀਨਾਰ ਸਬੰਧਤ ਮੁੱਦਿਆਂ ਨੂੰ ਉਭਰਦੇ ਸਨ।

ਉੜੇ ਥੁੜੇ ਲੋੜਵੰਦ ਲੇਖਕਾਂ ਅਤੇ ਸ਼ਾਇਰਾਂ ਦੀ ਥੋਹੜ-ਚਿਰੀ ਆਰਥਿਕ ਤੰਗੀ ਵੀ ਕੱਟੀ ਜਾਂਦੀ ਸੀ, ਸ਼ਾਮ ਦੇ ਜਾਮ ਦਾ ਪ੍ਰਬੰਧ ਵੀ ਹੁੰਦਾ ਸੀਰਾਤ ਦੀ ਰੋਟੀ ਅਤੇ ਠਹਿਰ ਦਾ ਵੀ ਅਤੇ ਵਾਪਿਸੀ ਲਈ ਕਿਰਾਏ ਭਾੜੇ ਦਾ ਵੀ। ਸਰਦਾਰ ਜਗਦੇਵ ਸਿੰਘ ਜੱਸੋਵਾਲ ਤੋਂ ਬਾਅਦ ਇਹ ਗੱਲਾਂ ਕਲਪਨਾ ਵਾਂਗ ਬਣ ਕੇ ਰਹੀ ਗਈਆਂ। ਹੁਣ ਧੜੇਬੰਦੀਆਂ ਅਤੇ ਮੁਲਾਹਜ਼ੇਦਾਰੀਆਂ ਜ਼ਿਆਦਾ ਹਨ। ਇਹ ਰੰਗ ਪੰਜਾਬੀ ਸਾਹਿਤ ਐਕਡਮੀ ਦੀਆਂ ਚੋਣਾਂ ਵਿੱਚ ਵੀ ਨਜ਼ਰ ਆ ਰਿਹਾ ਹੈ। ਇਸ ਸਬੰਧੀ

ਮਲਕੀਅਤ ਸਿੰਘ ਔਲਖ ਬੜੇ ਸਾਦ ਮੁਰਾਦੇ ਜਿਹੇ ਬੁਧੀਜੀਵੀ ਹਨ। ਉਹਨਾਂ ਦੀ ਰਹਿਣੀ ਬਹਿਣੀ ਕਿਸੇ ਤੱਪਸਵੀ ਵਾਂਗ ਹੀ ਹੈ। ਜਿਵੇਂ ਕਿਸੇ ਆਮ ਸ਼ਹਿਰੀ ਵਾਲੇ ਲਿਬਾਸ ਵਿੱਚ ਕੋਈ ਪਹੁੰਚਿਆ ਹੋਇਆ ਮਹਾਤਮਾ ਹੋਵੇ। ਉਹਨਾਂ ਦਾ ਆਧੁਨਿਕ ਸੁਖ ਸਹੂਲਤਾਂ ਦੇ ਬਾਵਜੂਦ ਘਰ ਕਿਸੇ ਆਸ਼ਰਮ ਦਾ ਅਹਿਸਾਸ ਦੇਂਦਾ ਹੈ। ਇਸ ਘਰ ਵਿਚ ਪਹੁੰਚ ਕੇ ਕਿਸੇ ਅਲੌਕਿਕ ਜਿਹੀ ਸ਼ਾਂਤੀ ਦਾ ਅਹਿਸਾਸ ਹੁੰਦਾ ਹੈ। ਉਹਨਾਂ ਦੇ ਘਰ ਵਿੱਚ ਕਿਤਾਬਾਂ ਦੀ ਮੌਜੂਦਗੀ ਧੜੇਬੰਦੀਆਂ ਤੋਂ ਪੂਰੀ ਤਰ੍ਹਾਂ ਨਿਰਲੇਪ ਸ਼ੁੱਧ ਸਾਹਿਤਿਕ ਮਾਹੌਲ ਦਾ ਅਹਿਸਾਸ ਕਰਵਾਉਂਦੀ ਹੈ। ਇਸਦੇ ਬਾਵਜੂਦ ਜਦੋਂ ਉਹ ਕਿਸੇ ਥਾਂ ਨਿਗਰਾਨ ਜਾਂ ਪ੍ਰਬੰਧਕ ਨਿਯੁਕਤ ਕੀਤੇ ਜਾਂਦੇ ਹਨ ਤਾਂ ਉਹ ਖੁਦ ਵੀ ਅਨੁਸ਼ਾਸਨ ਵਿੱਚ ਰਹਿੰਦੇ ਹਨ ਅਤੇ ਬਾਕੀਆਂ ਨੂੰ ਵੀ ਅਨੁਸ਼ਾਸਨ ਵਿਚ ਰਹਿਣ ਲਈ ਪ੍ਰੇਰਦੇ ਰਹਿੰਦੇ ਹਨ। ਉਹਨਾਂ ਨੇ ਸਾਹਿਤਿਕ ਅਦਾਰਿਆਂ ਨੂੰ ਅਤੇ ਸਾਹਿਤਿਕ ਅਦਾਰਿਆਂ ਦੇ ਚੋਣ ਪ੍ਰਬੰਧਾਂ ਨੂੰ ਬਹੁਤ ਨੇੜਿਓਂ ਹੋ ਕੇ ਦੇਖਿਆ ਹੈ। ਜਦੋਂ ਵੀ ਉਹ ਸਾਹਿਤਿਕ ਚੋਣਾਂ ਦੇ ਨਿਗਰ ਨ ਵਰਗੀ ਕੋਈ ਜ਼ਿੰਮੇਵਾਰੀ ਨਿਭਾਉਂਦੇ ਹਨ ਤਾਂ ਮੀਡੀਆ ਕਵਰੇਜ ਕਰਨ ਲਈ ਆਈਆਂ ਟੀਮਾਂ ਨੂੰ ਅਨੁਸ਼ਾਸਨ ਦੇ ਬਾਵਜੂਦ ਵੀ ਪੂਰਾ ਸਹਿਯੋਗ ਦੇਂਦੇ ਹਨ।

ਪਿਛਲੇ ਕੁਝ ਅਰਸੇ ਤੋਂ ਸਾਹਿਤਿਕ ਚੋਣਾਂ ਦੇ ਅੰਦਾਜ਼ ਬੇਹੱਦ ਸਿਆਸੀ ਜਿਹੇ ਹੁੰਦੇ ਜਾ ਰਹੇ ਹਨ। ਧੜੇਬੰਦੀਆਂ//ਗੁੱਟਬੰਦੀਆਂ/ਪਾਰਟੀਬਾਜ਼ੀ ਇਹ ਲਗਾਤਾਰ ਵਧਦਾ ਜਾ ਰਿਹਾ ਹੈ। ਚੋਣਾਂ ਵਿੱਚ ਖੜੇ ਹੋਣ ਵਾਲੇ ਅਤੇ ਚੁਣੇ ਜਾਣ ਵਾਲੇ ਚੰਗੇ ਸਾਹਿਤਿਕ ਕੱਦ ਵਾਲੇ ਵੀ ਕਈ ਵਾਰ ਇੰਝ ਲੱਗਦੇ ਹਨ ਜਿਵੇਂ ਉਹ ਫਲਾਣੀ ਪਾਰਟੀ, ਫਲਾਣੇ ਧੜੇ ਜਾਂ ਫਿਰ ਫਲਾਣੇ ਵਿਅਕਤੀ ਦੇ ਬੰਦੇ ਹਨ। ਬੰਦਿਆਂ ਦੇ ਬੰਦੇ ਬਣ ਕੇ ਵਿਚਰਨ ਵਾਲੇ ਇਸ ਰੁਝਾਣ ਨੇ ਸਾਹਿਤਿਕ ਸੁਤੰਤਰਤਾ 'ਤੇ ਸੁਆਲੀਆ ਫਿਕਰੇ ਹੀ ਲਗਾਏ ਹਨ।

ਕੋਈ ਸਮਾਂ ਸੀ ਜਦੋਂ ਇਹ ਸਾਹਿਤਿਕ ਕਤਾਰਬੰਦੀ ਪੂੰਜੀਵਾਦ ਦੀਆਂ ਬੁਰਾਈਆਂ ਦੇ ਖਿਲਾਫ ਹੋਇਆ ਕਰਦੀ ਸੀ। ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੇ ਲਿਖਿਆ ਸੀ

ਦੋ ਟੋਟਿਆਂ ਦੇ ਵਿੱਚ ਭੋਂ ਟੁੱਟੀ,
ਇਕ ਮਹਿਲਾਂ ਦਾ ਇਕ ਢੋਕਾਂ ਦਾ
ਦੋ ਧੜਿਆਂ ਵਿਚ ਖ਼ਲਕਤ ਵੰਡੀ
ਇਕ ਲੋਕਾਂ ਦਾ ਇਕ ਜੋਕਾਂ ਦਾ

ਫਿਰ ਹੋਲੀ ਹੋਲੀ ਇਹ ਧੜੇ ਲੋਕ ਪੱਖੀ ਅਤੇ ਸੱਤਾ ਪੱਖੀ ਧਿਰਾਂ ਵਿਚ ਵੰਡੇ ਜਾਂ ਲੱਗੇ। ਲੋਕਾਂ ਦੇ ਨਾਲ ਤੁਰ ਕੇ ਆਰਥਿਕ ਦੁਸ਼ਵਾਰੀਆਂ ਦੂਰ ਨਹੀਂ ਸਨ ਹੁੰਦੀਆਂ। ਮਾਣ-ਸਨਮਾਨ ਅਤੇ ਐਵਾਰਡ ਨਹੀਂ ਸਨ ਮਿਲਦੇ ਫਿਰ ਸੱਤਾ ਵਾਲਿਆਂ ਨਾਲ ਲੁਕਵੀਆਂ ਪੀਂਘਾਂ ਵੀ ਪੈਣ ਲੱਗ ਪਈਆਂ। ਇਹਨਾਂ ਸਾਹਿਤਿਕ ਮਾਨਾਂ-ਸਨਮਾਨਾਂ ਤੋਂ ਬਿਨਾ ਰੇਡੀਓ ਟੀਵੀ ਦੇ ਪ੍ਰੋਗਰਾਮ ਅਤੇ ਕਵੀ ਦਰਬਾਰਾਂ ਦੇ ਸੱਦੇ ਵੀ ਪ੍ਰਭਾਵਿਤ ਹੋਣ ਲੱਗ ਪਏ। ਥੁੜੇ ਹੋਏ ਭੁੱਖੇ ਮਰਨ ਲੱਗੇ ਅਤੇ ਰੱਜੇ ਹੋਏ ਆਪਣੇ ਗੁਦਾਮ ਭਰਨ ਲੱਗ ਪਏ। ਇਸ ਤਰ੍ਹਾਂ ਸਾਹਿਤਿਕ ਖੇਤਰਾਂ ਵਿੱਚ ਕਾਰਪੋਰੇਟੀ ਸੋਚ ਦਾ ਬੋਲਬਾਲਾ ਹੋਣ ਲੱਗ ਪਿਆ। ਸਾਹਿਤਿਕ ਅਦਾਰਿਆਂ ਦੀਆਂ ਚੋਣਾਂ ਵਿੱਚ ਵੀ ਅਜਿਹੇ ਰੰਗ ਖੁੱਲ੍ਹ ਕੇ ਨਜ਼ਰ ਆਉਣ ਲੱਗੇ। ਜਿਹੜੇ ਖੁਦ ਨੂੰ ਬੜੇ ਵੱਡੇ ਕੱਦਕਾਠ ਵਾਲੇ ਸਾਹਿਤਕਾਰ ਅਤੇ ਪੱਤਰਕਾਰ ਸਮਝਦੇ ਸਨ ਉਹ ਵੀ ਆਪਣੇ ਆਪ ਨੂੰ ਨਿਊਂ ਨਿਊਂ ਕੇ ਤੁਰਨ ਵਾਲਿਆਂ ਦੀ ਦੌੜ ਵਿੱਚ ਸ਼ਾਮਲ ਹੋਣ ਲੱਗੇ। ਸਰਕਾਰੀ ਅਤੇ ਗੈਰ ਸਰਕਾਰੀ ਐਵਾਰਡ ਲੈਣ ਵਾਲਿਆਂ ਦਿਨ ਭੀੜਾਂ ਜੁੜਨ ਲੱਗਿਆਂ। ਸਰਕਾਰ ਦਰਬਾਰੇ ਲਾਈਨਾਂ ਲੱਗਣ ਲੱਗੀਆਂ।

ਰੋਜ਼ਗਾਰਵਾਦੀਆਂ,ਐਵਾਰਡਵਾਦੀਆਂ, ਸਨਮਾਨ ਵਾਦੀਆਂ ਅਤੇ ਅਹੁਦਾ-ਪ੍ਰੇਮੀਆਂ ਦੀਆਂ ਕਤਾਰਾਂ ਮਜ਼ਬੂਤ ਹੋਣ ਲੱਗੀਆਂ। ਇਹਨਾਂ ਮਕਸਦਾਂ ਲਈ ਧੜੇਬੰਦੀਆਂ ਅਤੇ ਇਹਨਾਂ ਵਿਚ ਸ਼ਾਮਲ ਲੋਕਾਂ ਦੇ ਰੰਗ ਵੀ ਬਦਲਣ ਲੱਗੇ। ਵਿਚਾਰ ਗਿਰਗਿਟ ਵੀ ਸ਼ਰਮਸਾਰ ਹੋ ਗਿਆ ਹੋਣਾ ਹੈ।

ਹੁਣ ਫਿਰ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਹੋ ਰਹੀਆਂ ਹਨ। ਇਹਨਾਂ ਬਾਰੇ ਉਹਨਾਂ ਇੱਕ ਬਹੁਤ ਚੰਗੀ ਪੋਸਟ ਲਿਖੀ ਹੈ ਜਿਸ ਵਿਚ ਉਹਨਾਂ ਕਈ ਜਰੂਰੀ ਮੁੱਦੇ ਉਠਾਏ ਹਨ। ਕਦੇ ਕਿਸੇ ਜ਼ਮਾਨੇ ਵਿੱਚ ਲੇਖਕ ਇੱਕ ਚੰਗੇ ਇਨਸਾਨ ਦੀ ਮਿਸਾਲ ਬਣਿਆ ਕਰਦੇ ਸਨ ਜਿਹੜਾ ਲਾਲਚਾਂ ਅਤੇ ਸਵਾਰਥਾਂ ਤੋਂ ਨਿਰਲੇਪ ਰਹਿੰਦਾ ਹੋਇਆ ਸਮਾਜ ਨੂੰ ਉੱਚੇ ਸੁੱਚੇ ਮਾਰਗਾਂ ਵੱਲ ਜਾਂਦਾ ਰਸਤਾ ਦਿਖਾਉਂਦਾ ਅਤੇ ਸਮਝਾਉਂਦਾ ਸੀ ਪਰ ਹੁਣ ਸ਼ਾਇਦ ਕਲਮਾਂ ਵਾਲਿਆਂ ਦੇ ਧਰਮ ਵੀ ਬਦਲ ਗਏ ਹਨ ਅਤੇ ਵਿਚਾਰਧਾਰਕ ਪ੍ਰਤੀਬੱਧਤਾ ਵੀ। ਇੱਕ ਝਲਕ ਜਨਾਬ ਮਲਕੀਅਤ ਸਿੰਘ ਔਲਖ ਹੁਰਾਂ ਦੀ ਲਿਖਤ ਵੱਲ ਵੀ।

ਪੰਜਾਬੀ-ਸਾਹਿਤ ਅਕਾਦਮੀ, ਲੁਧਿਆਣਾ ਦੀਆਂ ਚੋਣਾਂ ਦਾ ਬਿਗਲ
ਪੰਜਾਬੀ-ਸਾਹਿਤ ਆਕਾਦਮੀ, ਲੁਧਿਆਣਾ ਦੇ ਸੰਵਿਧਾਨ ਮੁਤਾਬਕ ਦੋ-ਸਾਲਾਂ ( 2024-2026)ਦੇ ਸਮੇਂ ਲਈ ਅਹੁਦੇ-ਦਾਰਾਂ ਅਤੇ ਪ੍ਰਬੰਧਕੀ ਬੋਰਡ ਦੀ ਲੋਕ-ਰਾਜਕ (ਬੈਲਿਟ-ਪੇਪਰਾਂ ਰਾਹੀਂ) ਤਰੀਕੇ ਨਾਲ ਤਿੰਨ ਮਾਰਚ, ਵੀਹ ਸੌ ਚੌਵੀ ਨੂੰ ਚੋਣ ਹੋ ਰਹੀ ਹੈ। ਖੁਸ਼ਆਮਦੀਦ!
ਆਕਾਦਮੀ ਦਾ ਕੋਈ ਵੀ ਜੀਵਨ-ਮੈਂਬਰ ਆਪਣੀ ਸਾਹਿਤਕ ਯੋਗਤਾ ਮੁਤਾਬਕ ਲੋਕਾਂ ਸਾਹਮਣੇ ਆਪਣਾ ਐਜੰਡਾ ਰੱਖ ਕੇ ਅਕਾਦਮੀ ਦੀ ਵਰਕਿੰਗ ਵਿੱਚ ਨਿੱਜ ਤੋਂ ਉੱਤੇ ਉਠ ਕੇ ਆਪਣਾ ਯੋਗਦਾਨ ਪਾਉਣ ਹਿੱਤ ਚੋਣ ਲੜ ਸਕਦਾ ਹੈ। ਇਹ ਅਕਾਦਮੀ ਦੇ ਮਨੋਰਥ ਅਤੇ ਸੰਵਿਧਾਨ ਦਾ ਲਿਖਤੀ ਅਤੇ ਭਾਵਨਾਤਮਕ ਪੱਖ ਹੈ।
ਕੁਝ ਸਾਲਾਂ ਤੋਂ ਇਹਨਾਂ ਚੋਣਾਂ ਵਿੱਚ ਅਜੀਬ ਉਲਾਰ ਆ ਰਿਹਾ ਹੈ ਜਿਸ ਕਾਰਨ ਇਹ ਮਾਣ-ਮੱਤੀ ਸੰਸਥਾ ਆਮ ਮੈਂਬਰਾਂ ਵਿੱਚ ਆਪਣਾ ਅਕਸ ਗੁਆ ਰਹੀ ਹੈ। ਹੁਣ ਮੈਂਬਰ ਆਪਣੇ-ਆਪਣੇ ਅਜੰਡੇ ਤੇ ਚੋਣ ਨਹੀਂ ਲੜਦੇ ਅਤੇ ਸਗੋਂ ਉਮੀਦਵਾਰ ਝੁੰਡਾਂ ਦਾ ਹਿੱਸਾ ਬਣ ਕੇ ਚੋਣ ਲੜਦੇ ਹਨ; ਅਜਿਹਾ ਕਰਮ ਇਸ ਸੰਸਥਾ ਦੇ ਚੰਗੇ ਭਵਿੱਖ ਦੀ ਨਿਸ਼ਾਨੀ ਨਹੀਂ ਹੈ। ਇੱਕ ਸਿਆਣਾ ਸਾਹਿਤਕਾਰ ਜੀਵਨ ਵਿੱਚ ਵਿਚਰਦਾ ਹੋਇਆ ਆਪਣੀ ਸੋਚ ਨੂੰ ਸਾਹਿਤਕ ਰੰਗ ਅਤੇ ਖ਼ਾਕਾ ਦੇ ਕੇ ਸਮੂਹ-ਲੋਕਾਈ ਲਈ ਸਾਹਿਤ ਰਚਦਾ ਹੈ ਸਮਾਜ ਨੂੰ ਸਾਰਥਿਕਤਾ ਦੇਣ ਲਈ; ਸਾਹਿਤਕਾਰਾਂ ਦੀ ਮਾਣ-ਮੱਤੀ ਸੰਸਥਾ ਉਹਨਾਂ ਤੋ ਇਸ ਦੀਆਂ ਚੋਣਾਂ ਵਿੱਚ ਵੀ ਅਜਿਹੇ ਵਿਹਾਰ ਦੀ ਆਸ ਰੱਖਦੀ ਹੈ। ਮੈਨੂੰ ਬਹੁਤਿਆਂ ਚੋਣ ਲੜਣ ਵਾਲਿਆਂ ਤੋਂ ਤਾਂ ਅਜਿਹੇ ਵਿਹਾਰ ਦੀ ਬਹੁਤੀ ਆਸ ਨਹੀਂ; ਹਾਂ, ਵੋਟ ਪਾਉਣ ਵਾਲੇ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਰਹਿਣ। ਲੋਕ-ਰਾਜ ਵਿੱਚ ਭੀੜ-ਤੰਤਰ ਸਮਾਜ ਲਈ ਸਾਰਥਿਕ ਨਹੀਂ; ਬਿਗਲ ਵੱਜਣਾ ਜਾਂ ਵਜਾਉਣਾ ਤਾਂ ਉੱਕਾ ਹੀ ਨਹੀਂ।
2016-2018 ਅਤੇ 2018-2020 ਵਾਸਤੇ ਮੁੱਖ ਚੋਣ-ਅਧਿਕਾਰੀ ਦੇ ਤੌਰ ਤੇ ਫ਼ਰਜ਼ ਨਿਭਾਉਂਦਿਆਂ ਮੈਂ ਕਾਫੀ ਕੁਝ ਵੇਖਿਆ ਅਤੇ ਹੰਡਾਇਆ ਹੈ; ਮੇਰੇ ਅਤੇ ਮੇਰੇ ਸਹਿਯੋਗੀ ਅਧਿਕਾਰੀਆਂ ਲਈ ਚੋਣ ਕਰਵਾਉਣ ਦੌਰਾਨ ਅਕੈਡਮੀ ਦਾ ਸੰਵਿਧਾਨ ਹੀ ਸਾਡੀ ਢਾਲ ਰਹੀ ਜਿਸ ਨੇ 'ਨਾਂ ਕਾਂਹੂੰ ਸੇ ਦੋਸਤੀ, ਨਾਂ ਕਾਂਹੂੰ ਸੇ ਵੈਰ' ਵਰਗਾ ਫ਼ਲਸਫ਼ਾ ਸਾਡੇ ਮਨਾਂ ਵਿੱਚ ਹੋਰ ਪੱਕਾ ਕੀਤਾ; ਆਮ ਵੋਟਰ ਨੂੰ ਇੱਕ ਚੋਣ-ਅਧਿਕਾਰੀ ਤੋਂ ਅਜਿਹੀ ਆਸ ਉਸ ਨੂੰ ਵੋਟ-ਬੂਥ ਤੱਕ ਚੱਕਵੇਂ ਪੈਰੀਂ ਪਹੁੰਚਣ ਲਈ ਪ੍ਰੇਰੇਰਦੀ ਹੈ ਜੀ। ਇਹ ਵੇਖਿਆ ਗਿਆ ਹੈ ਕਿ ਹਰ ਸਾਲ ਦਿਨ-ਬਦਿਨ
ਬੂਥ ਤੱਕ ਪਹੁੰਚਣ ਵਾਲੇ ਵੋਟਰਾਂ ਦੀ ਗਿਣਤੀ ਘਟਦੀ ਜਾ ਰਹੀ ਹੈ; ਅਜਿਹੀ ਸਥਿਤੀ ਸਾਡੇ ਸਭ ਲਈ ਆਪਣੇ-ਆਪਣੇ ਸਵੈ ਅੰਦਰ ਝਾਤੀ ਮਾਰਨ ਲਈ ਇਸ ਸੰਸਥਾ ਦੀ ਦਰਦ-ਭਰੀ ਹੂਕ ਹੈ। ਸਭ ਨੂੰ ਸੁਚੇਤ ਹੋਣ ਦੀ ਲੋੜ ਹੈ। ਚੋਣ-ਅਧਿਕਾਰੀ ਆਪਣਾ ਯੋਗਦਾਨ ਬਾ-ਖੂਬੀ ਪਾ ਸਕਦੇ ਹਨ; ਕੇਵਲ ਨਿਰਪੱਖਤਾ ਹੀ ਉਹਨਾਂ ਦੇ ਕੰਮ ਨੂੰ ਆਦਰ-ਮਾਣ ਬਖਸ਼ਦੇ ਹਨ। ਸਗੋਂ, ਉਹ ਸੰਵਿਧਾਨ ਨੂੰ ਹੋਰ ਤਾਕਤ ਦਿੰਦੇ ਹਨ ਭਵਿੱਖ ਲਈ। ਇਸ ਤੋਂ ਉਲਟ, ਇਤਿਹਾਸ ਵੀ ਅਤੇ ਵਰਤਮਾਨ ਵੀ ਇਸ ਗੱਲ ਦਾ ਗਵਾਹ ਹੈ ਕਿ ਚੋਣ-ਅਧਿਕਾਰੀ ਜੇ ਸਵੈ ਤੋਂ ਉੱਪਰ ਨਹੀਂ ਉੱਠਦਾ ਤਾਂ ਸਰੇ-ਬਜ਼ਾਰ ਬੇ-ਇਜ਼ਤ ਹੁੰਦਾ ਹੈ।
ਅਕਾਦਮੀ ਦੇ ਮੈਂਬਰ ਬਾਖੂਬੀ ਸਿਆਣੇ ਹਨ। ਆਪਣੇ ਪ੍ਰਤੀਨਿਧ ਦੀ ਆਪ ਭਾਲ ਕਰਨ।
ਰੱਬ-ਰਾਖਾ!

ਮਲਕੀਅਤ ਸਿੰਘ ਔਲਖ,
ਲੁਧਿਆਣਾ।
ਇਸ ਸੰਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। ਅਖੀਰ ਕੀ ਹੋਣਾ ਚਾਹੀਦਾ ਹੈ ਸਾਹਿਤਿਕ ਪ੍ਰਬੰਧਾਂ ਦਾ ਸਾਫ ਸੁਥਰਾ ਢਾਂਚਾ ਜਿਹੜਾ ਧੜੇਬੰਦੀਆਂ ਤੋਂ ਮੁਕਤ ਰਹੇ। ਜਿਹੜਾ ਲੋੜਵੰਦਾਂ ਦੀ ਸਾਰ ਵੀ ਲਵੇ ਅਤੇ ਸਾਹਿਤਿਕ ਮਿਆਰਾਂ ਨੂੰ ਹੀ ਫਿਲ ਦੇਣ ਵਾਲਾ ਹੋਵੇ। ਅਜਿਹਾ ਸਿਸਟਮ ਜਿਹੜਾ ਕਿਸੇ ਵੀ ਤਰ੍ਹਾਂ ਨੱਕ ਕਿਸੇ ਕਾਰਪੋਰੇਟੀ ਪ੍ਰਕਾਸ਼ਕ ਦਾ ਏਜੰਟ ਨਾ ਬਣਿਆ ਫਿਰੇ ਬਲਕਿ ਖੁਦ ਪੰਜਾਬੀ ਸਾਹਿਤ ਅਕਾਦਮੀ ਦੀ ਪ੍ਰਕਾਸ਼ਨ ਸੰਸਥਾ ਚਲਾਉਣ ਦੇ ਸਮਰਥ ਹੋਵੇ।

Monday 19 February 2024

‘ਜੇ ਸਮਾਜ ਬਚੇਗਾ ਤਾਂ ਹੀ ਅਦਬ ਬਚੇਗਾ’-ਡਾ. ਸਰਬਜੀਤ ਸਿੰਘ ਵਾਲੀ ਟੀਮ

Monday: 19th February 2024 at 19:03 

ਹਰ ਲੋਕਪੱਖੀ ਅਦਾਰੇ ਦੀ ਪਹਿਲੀ ਤਰਜੀਹ ਹੋਵੇ ਮਨੁੱਖਤਾ ਨੂੰ ਬਚਾਉਣਾ 

ਡਾ. ਸੁਖਦੇਵ ਸਿੰਘ ਸਿਰਸਾ ਅਤੇ ਚੋਣ ਕਮੇਟੀ ਦੀ ਅਗਵਾਈ ਵਿਚ ਡਾ. ਸਰਬਜੀਤ ਸਿੰਘ, ਡਾ. ਪਾਲ ਕੌਰ, ਡਾ. ਗੁਲਜਾਰ ਸਿੰਘ ਪੰਧੇਰ ਅਤੇ ਹੋਰਾਂ ਵੱਲੋਂ ਪੰ.ਸਾਹਿਤ ਅਕਾਦਮੀ ਦੀ ਚੋਣ ਲਈ ਨਾਮਜ਼ਦਗੀਆਂ ਦਾਖਲ

ਡਾ. ਸਿਰਸਾ, ਡਾ. ਅਨੂਪ ਸਿੰਘ, ਪ੍ਰੋ. ਜੱਜ, ਡਾ. ਦੀਪ, ਹਰਮੀਤ ਵਿਦਿਆਰਥੀ, ਰਮੇਸ਼ ਯਾਦਵ ਦੀ ਅਗਵਾਈ ਵਿਚ
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਲੜ ਰਹੇ ਡਾ. ਸਰਬਜੀਤ ਸਿੰਘ (ਪ੍ਰਧਾਨ),
ਡਾ. ਗੁਲਜਾਰ ਸਿੰਘ ਪੰਧੇਰ ਆਦਿ ਉਮੀਦਵਾਰ ਅਤੇ ਹੋਰ ਹਾਜ਼ਰੀਨ

ਲੁਧਿਆਣਾ: 19 ਫਰਵਰੀ 2024 (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਲੜ ਰਹੇ ਸਰਗਰਮ ਧੜੇ ਡਾਕਟਰ ਸਰਬਜੀਤ ਸਿੰਘ ਵਾਲੀ ਟੀਮ ਨੇ ਇਹਨਾਂ ਚੋਣਾਂ ਵਿੱਚ ਜਿੱਥੇ ਪੂਰੀ ਮਨੁੱਖਤਾ ਨੂੰ ਦਰਪੇਸ਼ ਚੁਣੌਤੀਆਂ ਦੀ ਗੱਲ ਕੀਤੀ ਹੈ ਉੱਥੇ ਕਲਮਾਂ ਵਾਲਿਆਂ ਨੂੰ ਵੀ ਸੱਦਾ ਦਿੱਤਾ ਹੈ ਕਿ ਉਹ ਪਹਿਲਾਂ ਸੰਸਾਰ ਅਤੇ ਮਨੁੱਖਤਾ ਨੂੰ ਦਰਪੇਸ਼ ਖਤਰਿਆਂ ਦੇ ਖਿਲਾਫ ਸਾਹਮਣੇ ਆਉਂਕਿਓਂਕੀ ਜੇਕਰ ਸਮਾਜ ਬਚੇਗਾ ਤਾਂ ਹੀ ਹੀ ਅਦਬ ਵੀ ਬਚੇਗਾ। 

ਇਸ ਸੱਦੇ ਨਾਲ ਕਲਮਕਾਰਾਂ ਦਰਮਿਆਨ ਸਿਧਾਂਤਕ ਲਕੀਰ ਹੋਰ ਗੂਹੜੀ ਹੋਣ ਦੀ ਸੰਭਾਵਨਾ ਹੈ। ਇਸ ਲਕੀਰ ਨੂੰ ਗੂਹੜਾ ਕਰਨਾ ਇਸ ਵੇਲੇ ਦੀ ਅਹਿਮ ਲੋੜ ਵੀ ਹੈ। ਇਸ ਟੀਮ ਵਿੱਚ ਲੋਕ ਸੰਘਰਸ਼ਾਂ ਅਤੇ ਲੋਕ ਹਿੱਤਾਂ ਨੂੰ ਅਪਣਾਏ ਕਲਮਕਾਰਾਂ ਦੀ ਬਹੁਤਾਤ ਵੀ ਹੈ। ਇਹਨਾਂ ਸਾਹਿਤਿਕ ਚੋਣਾਂ ਦੇ ਨਤੀਜੇ ਭਾਵੇਂ ਕੁਝ ਵੀ ਨਿਕਲਣ ਪਰ ਰੋਜ਼ਗਾਰ ਵਾਦ/ਨਿੱਜਵਾਦ/ ਅਤੇ ਸਿਧਾਂਤਵਾਦ ਦੇ ਮੁੱਦੇ ਇਸ ਵਾਰ ਫੇਰ ਉਭਰ ਕੇ ਸਾਹਮਣੇ ਆਉਣਗੇ। ਅਹੁਦਿਆਂ ਦੀ ਲਾਲਸਾ ਅਤੇ ਸਿਧਾਂਤਾਂ ਨਾਲ ਪ੍ਰੇਮ ਵੀ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਏਗਾ। 

ਡਾ. ਸੁਖਦੇਵ ਸਿੰਘ ਸਿਰਸਾ ਅਤੇ ਚੋਣ ਕਮੇਟੀ ਡਾ. ਅਨੂਪ ਸਿੰਘ, ਪ੍ਰੋ. ਸੁਰਜੀਤ ਜੱਜ, ਡਾ. ਕੁਲਦੀਪ ਸਿੰਘ ਦੀਪ, ਹਰਮੀਤ ਵਿਦਿਆਰਥੀ ਤੇ ਰਮੇਸ਼ ਯਾਦਵ ਦੀ ਅਗਵਾਈ ਵਿਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਸਾਲ 2024-26 ਲਈ 3 ਮਾਰਚ ਨੂੰ ਹੋਣ ਵਾਲੀ ਚੋਣ ਲੜਨ ਲਈ ਡਾ. ਸਰਬਜੀਤ ਸਿੰਘ (ਪ੍ਰਧਾਨ), ਡਾ. ਪਾਲ ਕੌਰ (ਸੀਨੀਅਰ ਮੀਤ ਪ੍ਰਧਾਨ), ਡਾ. ਗੁਲਜਾਰ ਸਿੰਘ ਪੰਧੇਰ (ਜਨਰਲ ਸਕੱਤਰ), ਪੰਜ ਮੀਤ ਪ੍ਰਧਾਨਾਂ ਲਈ ਜਸਪਾਲ ਮਾਨਖੇੜਾ, ਹਰਜਿੰਦਰ ਸਿੰਘ ਸੂਰੇਵਾਲੀਆ ਅਤੇ ਭੁਪਿੰਦਰ ਸਿੰਘ ਸੰਧੂ, ਡਾ. ਹਰਵਿੰਦਰ ਸਿੰਘ (ਸਿਰਸਾ) ਅਤੇ ਡਾ. ਅਰਵਿੰਦਰ ਕੌਰ ਕਾਕੜਾ, ਜਸਵੀਰ ਝੱਜ, ਅਤੇ ਪ੍ਰਬੰਧਕੀ ਬੋਰਡ ਦੇ ਪੰਦਰਾਂ ਮੈਂਬਰ ਲਈ ਡਾ. ਹਰੀ ਸਿੰਘ ਜਾਚਕ, ਮੱਖਣ ਮਾਨ, ਗੁਰਸੇਵਕ ਸਿੰਘ ਢਿੱਲੋਂ, ਸ਼ਬਦੀਸ਼, ਸੰਜੀਵਨ ਸਿੰਘ, ਡਾ. ਸੰਤੋਖ ਸੁੱਖੀ, ਨਵਤੇਜ ਗੜ੍ਹਦੀਵਾਲਾ, ਰਣਜੀਤ ਗੌਰਵ, ਵਰਗਿਸ ਸਲਾਮਤ, ਬਲਵਿੰਦਰ ਸਿੰਘ ਚਹਿਲ, ਵਾਹਿਦ ਉਰਫ਼ ਸਤਨਾਮ ਸਿੰਘ, ਡਾ. ਰੋਜ਼ੀ ਸਿੰਘ, ਇਸਤ੍ਰੀ ਮੈਂਬਰਾਂ ਲਈ ਨਰਿੰਦਰਪਾਲ ਕੌਰ, ਡਾ. ਜੀਵਨ ਜੋਤੀ, ਪੰਜਾਬ ਤੇ ਚੰਡੀਗੜ੍ਹ ਤੋਂ ਬਾਹਰੋਂ ਡਾ. ਹਰਜਿੰਦਰ ਸਿੰਘ ਜੰਮੂ ਅਤੇ ਬਾਕੀ ਭਾਰਤ ਵਿਚੋਂ ਪ੍ਰੇਮ ਸਾਹਿਲ ਨੇ ਪੂਰੇ ਪੈਨਲ ਵੱਲੋਂ ਸਾਂਝੀਂ ਇੱਕਤਰਤਾ ਵਿਚ ਕਾਗਜ਼ ਦਾਖਲ ਕੀਤੇ ਗਏ। 

ਡਾ. ਸਿਰਸਾ, ਡਾ. ਅਨੂਪ ਸਿੰਘ, ਪ੍ਰੋ. ਸੁਰਜੀਤ ਜੱਜ, ਡਾ. ਸਰਬਜੀਤ ਸਿੰਘ, ਡਾ. ਪੰਧੇਰ, ਮਾਨਖੇੜਾ ਤੇ ਹਰਮੀਤ ਵਿਦਿਆਰਥੀ ਆਦਿ ਨੇ ਕਿਹਾ ਕਿ ਚੋਣ ਵਿਅਕਤੀ ਵਿਰੋਧ ਦੇ ਨਾਂ ਤੇ ਨਹੀਂ ਸਗੋਂ ਭਵਿੱਖ ਵਿਚ ਪੰਜਾਬੀ ਸਾਹਿਤ ਅਕਾਡਮੀ ਦੀ ਬਦਲਵੀਂ ਭੂਮਿਕਾ ਅਤੇ ਨਵੇਂ ਦੌਰ ਦੇ ਏਜੰਡਿਆਂ, ਤਰਜ਼ੀਹਾਂ ਤੇ ਚੁਣੌਤੀਆਂ ਲਈ ਲੜੀ ਜਾ ਰਹੀ ਹੈ। 

ਇਸ ਗੱਲ ਨੂੰ ਸ਼ਿੱਦਤ ਨਾਲ ਮਹਿਸੂਸ ਕੀਤਾ ਗਿਆ ਕਿ ਜਿਸ ਕਦਰ ਪੰਜਾਬੀ ਸਮਾਜ, ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਨੂੰ ਚੁਣੌਤੀਆਂ ਹਨ ਅਤੇ ਇਸ ਤੋਂ ਵੀ ਵੱਧ ਸਮੁੱਚੀ ਮਨੁੱਖਤਾ ਲਈ ਵੱਡੇ ਖ਼ਤਰੇ ਹਨ, ਕਾਰਪੋਰੇਟੀ ਅਤੇ ਸਮਾਰਾਜੀ ਏਜੰਡੇ ਤੇ ਤਹਿਤ ਜਿਸ ਤਰ੍ਹਾਂ ਮਨੁੱਖ ਤੋਂ ਵੀ ਅੱਗੇ ਹਵਾ, ਪਾਣੀ, ਪਰਬਤ, ਜੰਗਲ ਅਤੇ ਸਪੇਸ (ਧਰਤੀ ਤੋਂ ਬਿਨਾ ਬਾਕੀ ਗ੍ਰਹਿਆਂ) ਤੇ ਕਬਜ਼ੇ ਦੀ ਹੋੜ ਚੱਲ ਰਹੀ ਹੈ, ਉਸ ਦੌਰ ਵਿਚ ਪੰਜਾਬੀ ਅਦਬ ਅਤੇ ਅਦੀਬ ਆਪਣੇ ਕਿਰਦਾਰ ਦੀ ਬੁਲੰਦੀ ਕਿਵੇਂ ਬਣਾ ਕੇ ਰੱਖ ਸਕਣ ਅਤੇ ਉਪਰੋਕਤ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਅਵਾਮ ਦੀ ਆਵਾਜ਼ ਕਿਸ ਤਰ੍ਹਾਂ ਬਣ ਸਕਣ। 

ਇਹ ਪੰਜਾਬੀ ਸਾਹਿਤ ਅਕਾਡਮੀ ਸਮੇਤ ਹਰ ਲੋਕਪੱਖੀ ਅਦਾਰੇ ਦੀ ਪਹਿਲੀ ਤਰਜ਼ੀਹ ਹੋਣੀ ਚਾਹੀਦੀ ਹੈ। ‘ਜੇ ਸਮਾਜ ਬਚੇਗਾ ਤਾਂ ਹੀ ਅਦਬ ਬਚੇਗਾ’। ਇਸ ਲਈ ਅਦਬਾਂ ਅਤੇ ਅਦੀਬਾਂ ਨੂੰ ਹੋਛੇ ਅਤੇ ਵਕਤੀ ਏਜੰਡਿਆਂ ਤੋਂ ਮੁਕਤ ਰੱਖ ਕੇ ਵਡੇਰੇ ਹਿੱਤਾਂ ਲਈ ਆਪਣੇ ਆਪ ਨੂੰ ਤਿਆਰ ਕਰਨ ਦੀ ਲੋੜ ਹੈ। 

ਇਸ ਸਮੇਂ ਉੱਘੇ ਸਾਹਿਤਕਾਰ ਕੁਲਵਿੰਦਰ ਕੌਰ ਕਿਰਨ, ਮਨਦੀਪ ਕੌਰ ਭੰਮਰਾ, ਦਰਸ਼ਨ ਸਿੰਘ ਢੋਲਣ, ਇੰਜੀ. ਇੰਦਰਜੀਤ ਸਿੰਘ ਨੂਰ, ਸੁਰਜੀਤ ਸਿੰਘ ਅਲਬੇਲਾ, ਭਗਵਾਨ ਢਿੱਲੋਂ, ਡਾ. ਹਰਜੀਤ ਸਿੰਘ, ਸੁਰਜੀਤ ਸਿਰੜੀ, ਡਾ. ਗੁਰਪ੍ਰੀਤ ਸਿੰਘ, ਭਗਵੰਤ ਰਸੂਲਪੁਰੀ, ਸੁਖਜੀਵਨ ਪਟਿਆਲਾ, ਰਵੀ ਰਵਿੰਦਰ, ਮੇਜਰ ਸਿੰਘ ਸਿਆੜ, ਸੁੱਖ ਰਾਮ, ਨਰਿੰਦਰ ਸਿੰਘ ਆਦਿ ਸ਼ਾਮਿਲ ਹੋਏ। 

ਆਉਂਦੇ ਦਿਨਾਂ ਵਿਚ ਇਹ ਕਾਫ਼ਲਾ ਤਬਦੀਲੀ ਦੇ ਇਸ ਏਜੰਡੇ ਨੂੰ ਲੈ ਕੇ ਪੰਜਾਬੀ ਅਦਬ ਅਤੇ ਅਦੀਬਾਂ ਦੀਆਂ ਬਰੂਹਾਂ ਤੇ ਦਸਤਕ ਦੇਵੇਗਾ। ਹਾਜ਼ਰੀਨ ਨੇ ਅਪੀਲ ਕੀਤੀ ਕਿ ਸਮਾਜ ਵਿਚ ਅਦਬ ਦੀ ਵਡੇਰੀ ਭੂਮਿਕਾ ਲਈ ਇਸ ਕਾਫ਼ਲੇ ਦਾ ਸਾਥ ਦਿੱਤਾ ਜਾਵੇ।  

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਅਸੀਂ ਕਰਾਂਗੇ ਮੌਜੂਦਾ ਅਵਸਥਾ ਵਿਚ ਜ਼ਮੀਨੀ ਸੁਧਾਰ-ਡਾ. ਲਖਵਿੰਦਰ ਸਿੰਘ ਜੌਹਲ

Monday 19th February 2024 at 7:55 PM

 ਅਕਾਡਮੀ ਦੀ ਸਾਹਿਤਕ ਤੇ ਅਕਾਦਮਿਕ ਪਛਾਣ  ਨੂੰ ਵੀ ਕਰਾਂਗੇ ਹੋਰ ਗੂੜ੍ਹਾ 


ਲੁਧਿਆਣਾਃ 19 ਫਰਵਰੀ2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬ ਦੀ ਸੂਬਾਈ ਅਤੇ ਕੌਮੀ ਸਿਆਸਤ ਦੇ ਨਾਲ ਨਾਲ ਕਾਫੀ ਸਮੇਂ ਤੱਕ ਸਿੱਖ ਖਾੜਕੂਵਾਦ ਦਾ ਕੇਂਦਰੀ ਅਸਥਾਨ ਬਣਿਆ ਰਿਹਾ ਲੁਧਿਆਣਾ ਇੱਕ ਵਾਰ ਫੇਰ ਸ਼ੁੱਧ ਸਾਹਿਤਿਕ ਸਰਗਰਮੀਆਂ ਵੱਲ ਪਰਤ ਰਿਹਾ ਹੈ। ਪੰਜਾਬੀ ਭਵਨ ਵਿੱਚ ਡਾਕਟਰ ਪਰਮਿੰਦਰ ਸਿੰਘ ਹੁਰਾਂ ਦੇ ਵੇਲਿਆਂ ਵਾਲੀ ਚਹਿਲ ਪਹਿਲ ਇੱਕ ਵਾਰ ਫੇਰ ਨਜ਼ਰ ਆਉਣ ਲੱਗੀ ਹੈ। ਸਾਹਿਤਿਕ ਚੋਣਾਂ ਵਿੱਚ ਇੱਕ ਵਾਰ ਫੇਰ ਸਿਆਸੀ ਚੋਣਾਂ ਵਰਗਾ ਜੋਸ਼ ਅਤੇ ਉਮਾਹ ਦੇਖਿਆ ਜਾ ਰਿਹਾ ਹੈ। ਜਗਦੇਵ ਸਿੰਘ ਜੱਸੋਵਾਲ ਵਾਲੇ ਸਮੇਂ ਇੱਕ ਵਾਰ ਫੇਰ ਝਲਕਾਰਾ ਜਿਹਾ ਮਾਰਦੇ ਦਿੱਸਦੇ ਹਨ। ਪੰਜਾਬੀ ਭਵਨ ਦੇ ਬਾਗ ਵਿੱਚ ਇੱਕ ਵਾਰ ਫੇਰ ਰੌਣਕਾਂ ਹਨ। ਪੰਜਾਬੀ ਸਾਹਿਤ ਅਕਾਦਮੀ ਦੀਆਂ ਤਿੰਨ ਮਾਰਚ ਨੂੰ ਹੋ ਰਹੀਆਂ ਚੋਣਾਂ ਲਈ ਸਰਗਰਮੀਆਂ ਸਿਖਰਾਂ ਛੂਹ ਰਹੀਆਂ ਹਨ। ਨਵੀਂ ਕਤਾਰਬੰਦੀ ਵੀ ਹੋ ਰਹੀ ਹੈ ਅਤੇ ਨਵੇਂ ਸਮੀਕਰਨ ਵੀ ਸਾਹਮਣੇ ਆ ਰਹੇ ਹਨ। 

ਇਸ ਵਾਰ 3 ਮਾਰਚ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਵਾਸਤੇ ਅੱਜ ਡਾ. ਲਖਵਿੰਦਰ ਸਿੰਘ ਜੌਹਲ, ਡਾਃ ਸ਼ਿੰਦਰਪਾਲ ਸਿੰਘ ਤੇ ਡਾ. ਗੁਰਇਕਬਾਲ ਸਿੰਘ ਦੀ ਅਗਵਾਈ ਹੇਠ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਡਾ. ਲਖਵਿੰਦਰ ਸਿੰਘ ਜੌਹਲ ਨੇ ਪ੍ਰਧਾਨ, ਡਾਃ ਸ਼ਿੰਦਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਦੇ ਅਹੁਦੇ ਲਈ ਡਾਃ ਗੁਰਇਕਬਾਲ ਸਿੰਘ ਨੇ ਕਾਗ਼ਜ਼ ਦਾਖ਼ਲ ਕੀਤੇ ਹਨ।

ਇਸ ਸਬੰਧੀ ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਮੀਤ ਪ੍ਰਧਾਨ ਲਈ ਭਗਵੰਤ ਸਿੰਘ (ਡਾ.), ਗੁਰਚਰਨ ਕੌਰ ਕੋਚਰ(ਡਾ.) ਤ੍ਰੈਲੋਚਨ ਲੋਚੀ, ਮਦਨ ਵੀਰਾ ਤੇ ਇਕਬਾਲ ਸਿੰਘ ਗੋਂਦਾਰਾ (ਡਾ.) (ਪੰਜਾਬੋਂ ਬਾਹਰ) ਤੋਂ ਇਲਾਵਾ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਲਈ ਗੁਰਵਿੰਦਰ ਸਿੰਘ ਅਮਨ ਰਾਜਪੁਰਾ,ਦੀਪ ਜਗਦੀਪ ਸਿੰਘ ਲੁਧਿਆਣਾ,ਕੇ ਸਾਧੂ ਸਿੰਘ ਮੁੱਲਾਂਪੁਰ,ਸਹਿਜਪ੍ਰੀਤ ਸਿੰਘ ਮਾਂਗਟ ਲੁਧਿਆਣਾ,ਬਲਜੀਤ ਪਰਮਾਰ (ਮੁੰਬਈ), ਹਰਦੀਪ ਢਿੱਲੋਂ ਅਬੋਹਰ,ਡਾ.ਸਰਘੀ ਅੰਮ੍ਰਿਤਸਰ,ਪਰਮਜੀਤ ਕੌਰ ਮਹਿਕ ਲੁਧਿਆਣਾ,ਜਗਦੀਸ਼ ਰਾਏ ਕੁੱਲਰੀਆਂ ਮਾਨਸਾ,ਹਰਵਿੰਦਰ ਸਿੰਘ ਗੁਲਾਬਾਸੀ ਚੰਡੀਗੜ੍ਹ,ਡਾ. ਨਾਇਬ ਸਿੰਘ ਮੰਡੇਰ ਰਤੀਆ ਹਰਿਆਣਾ (ਪੰਜਾਬੋਂ ਬਾਹਰ), ਰੋਜ਼ੀ ਸਿੰਘ ਫ਼ਤਹਿਗੜ੍ਹ ਚੂੜੀਆਂ,ਕਰਮਜੀਤ ਸਿੰਘ ਕੁੱਟੀ ਐਡਵੋਕੇਟ ਬਠਿੰਡਾ,ਡਾ.ਨਰੇਸ਼ ਕੁਮਾਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।

ਨਾਮਜ਼ਦਗੀਆਂ ਵਾਲੇ ਇਸ ਇਸ ਮੌਕੇ  'ਤੇ ਡਾ. ਲਖਵਿੰਦਰ ਸਿੰਘ ਜੌਹਲ  ਦੀ ਅਗਵਾਈ ਵਿਚ ਹੋਈ ਬੈਠਕ ਦੌਰਾਨ ਸਮੁੱਚੇ  ਮੈਂਬਰ ਸਾਹਿਬਾਨ ਨੇ ਪੰਜਾਬੀ ਸਾਹਿਤ ਅਕਾਦਮੀ ਦੀ ਅਮੀਰ ਸਾਹਿਤਕ ਤੇ ਅਕਾਦਮਿਕ ਵਿਰਾਸਤ ਨੂੰ ਕਾਇਮ ਰੱਖਣ ਤੇ ਪ੍ਰਫੁੱਲਿਤ ਕਰਨ ਦੇ ਮਨੋਰਥ ਨਾਲ ਲੜੀ ਜਾਵੇਗੀ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਡਾ. ਲਖਵਿੰਦਰ ਸਿੰਘ ਜੌਹਲ ਦੀ ਅਗਵਾਈ ਵਾਲੀ ਟੀਮ ਨੇ ਪਿਛਲੇ ਦੋ ਸਾਲਾਂ ਵਿਚ ਅਕਾਡਮੀ ਨੇ ਇਸ ਮਹਾਨ ਸੰਸਥਾ ਦੇ ਮੋਢੀਆਂ ਤੇ ਵਡੇਰਿਆਂ ਦੇ ਪਾਏ ਹੋਏ ਪੂਰਨਿਆਂ 'ਤੇ ਚੱਲਦਿਆਂ ਬਹੁਤ ਸਾਰੇ ਉਹ ਕਾਰਜ ਕੀਤੇ ਹਨ ਜੋ ਚਿਰਾਂ ਤੋਂ ਰੁਕੇ ਹੋਏ ਸਨ। ਨਿਸਚੇ ਹੀ ਇਸ ਮਿਸ਼ਨ ਅਤੇ ਇਸ ਰਫਤਾਰ ਨੂੰ ਹੋਰ ਵਧਾਇਆ ਜਾਏਗਾ। 

ਆਪਣੀ ਟੀਮ ਦੀਆਂ ਪ੍ਰਾਪਤੀਆਂ ਅਤੇ ਮਨੋਰਥਾਂ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਨਾ ਸਿਰਫ਼ ਅਕਾਡਮੀ ਦੀ ਇਸ ਟੀਮ ਨੇ ਸਾਹਿਤਕ ਤੇ ਅਕਾਦਮਿਕ ਕਾਰਜਾਂ ਵਿਚ ਚੋਖਾ ਵਾਧਾ ਕੀਤਾ ਬਲਕਿ ਮਾਂ-ਬੋਲੀ ਨੂੰ ਤਕਨੀਕ ਦੇ ਹਾਣ ਦਾ ਬਣਾਉਣ ਲਈ ਉਚੇਚੇ ਉਪਰਾਲੇ ਕੀਤੇ। ਜਿਸ ਨਾਲ ਅਕਾਡਮੀ ਦੀ ਵਿਲੱਖਣ ਗਿਆਨ ਖ਼ਜ਼ਾਨੇ ਨਾਲ ਭਰਪੂਰ ਲਾਇਬ੍ਰੇਰੀ ਦੇਸ਼-ਵਿਦੇਸ਼ ਵਿਚ ਬੈਠੇ ਪੰਜਾਬੀ ਲੇਖਕਾਂ ਤੇ ਸਾਹਿਤ ਪ੍ਰੇਮੀਆਂ ਦੀ ਪਹੁੰਚ ਵਿਚ ਆਈ। ਉਨ੍ਹਾਂ ਕਿਹਾ ਕਿ ਇਸ ਅਨਮੋਲ ਖ਼ਜ਼ਾਨੇ ਨੂੰ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਦੌਰ ਵਿਚ ਨਵੀਂ ਪੀੜ੍ਹੀਆਂ ਤੱਕ ਪਹੁੰਚਾਉਣ ਦੇ ਕਾਰਜ ਨੂੰ ਜਾਰੀ ਰੱਖਣ ਲਈ ਇਸ ਟੀਮ ਨੂੰ ਇਕ ਵਾਰ ਫੇਰ ਮੌਕਾ ਦੇਣਾ ਲਾਜ਼ਮੀ ਹੈ।

ਇਸ ਮੌਕੇ ਸਾਰੇ ਹਾਜ਼ਰ ਲੇਖਕਾਂ ਨੇ ਪਿਛਲੇ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਕਾਰਜਕਾਰਨੀ ਮੈਂਬਰ ਸੁਖਜੀਤ ਮਾਛੀਵਾੜਾ ਦੇ ਅਚਾਨਕ ਦੇਹਾਂਤ ਤੇ ਉਸ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਗੁਰਭਜਨ ਗਿੱਲ ਨੇ ਸਮੂਹ ਲੇਖਕਾਂ ਨੂੰ ਅਪੀਲ ਕੀਤੀ ਕਿ ਵਿੱਛੜੇ ਮਿੱਤਰ ਪਿਆਰੇ ਨੂੰ ਸ਼ਰਧਾ ਸੁਮਨ ਭੇਂਟ ਕਰਨ ਲਈ ਸਭ ਦੋਸਤ 21 ਫਰਵਰੀ ਨੂੰ ਗੁਰਦੁਆਰਾ ਚਰਨ  ਕੰਵਲ ਸਾਹਿਬ ਮਾਛੀਵਾੜਾ (ਲੁਧਿਆਣਾ) ਵਿਖੇ ਦੁਪਹਿਰ 12ਵਜੇ ਤੋਂ 1ਵਜੇ ਤੀਕ ਜ਼ਰੂਰ ਪੁੱਜਣ।

ਇਸ ਮੌਕੇ ਇਸ ਟੀਮ ਦੇ ਪੁਰਾਣੇ ਮਿੱਤਰ ਵੀ ਜੋਸ਼ੋ ਖਰੋਸ਼ ਨਾਲ ਮੌਜੂਦ ਰਹੇ। ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ) ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਕਿਹਾ ਕਿ ਪੰਜਾਬੀ ਸਾਹਿੱਤ  ਅਕਾਡਮੀ ਲੁਧਿਆਣਾ ਆਪਣੀ ਵਿਲੱਖਣ ਸਾਹਿਤਕ ਤੇ ਅਕਾਦਮਿਕ ਰਿਵਾਇਤ ਲਈ ਜਾਣੀ ਜਾਂਦੀ ਹੈ। ਡਾ. ਲਖਵਿੰਦਰ ਸਿੰਘ ਜੌਹਲ  ਦੀ ਅਗਵਾਈ ਵਾਲੀ ਟੀਮ ਨੇ ਅਕਾਡਮੀ ਦੀ ਸਾਹਿਤਕ ਪਰੰਪਰਾ ਤੇ ਆਧੁਨਿਕ ਤਕਨੀਕ ਵਿਚਾਲੇ ਪੁਲ ਉਸਰਾਦਿਆਂ ਆਪਣੀ ਪ੍ਰਬੰਧਕੀ ਸੂਝ ਨਾਲ ਅਕਾਡਮੀ ਦੀ ਬੁਨਿਆਦ ਨੂੰ ਮਜ਼ਬੂਤ ਕੀਤਾ ਹੈ। ਇਸ ਮਜ਼ਬੂਤੀ ਨੂੰ ਕਾਇਮ ਰੱਖਣ ਲਈ ਸਮੂਹ ਪੰਜਾਬੀ ਲੇਖਕ ਭਾਈਚਾਰਾ ਡਾ. ਜੌਹਲ ਦੀ ਅਗਵਾਈ ਵਾਲੇ ਅਦਬੀ ਕਾਫ਼ਲੇ ਦੇ ਭਰਪੂਰ ਸਮਰਥਨ ਵਿਚ ਆ ਗਿਆ ਹੈ। 

ਇਸ ਮੌਕੇ ਚੋਣਾਂ ਵਿੱਚ ਉਤਾਰੀ ਟੀਮ ਨੂੰ ਸਹਿਯੋਗ ਦੇਣ ਲਈ ਡਾ. ਨਿਰਮਲ ਜੌੜਾ, ਨਵਾਂ ਜ਼ਮਾਨਾ ਦੇ ਮੈਗਜ਼ੀਨ ਸੰਪਾਦਕ ਡਾ. ਹਰਜਿੰਦਰ ਸਿੰਘ ਅਟਵਾਲ,ਆਪਣੀ ਆਵਾਜ਼ ਦੇ ਮੁੱਖ ਸੰਪਾਦਕ ਸੁਰਿੰਦਰ ਸਿੰਘ ਸੁੱਨੜ, ਡਾ. ਓਮਿੰਦਰ ਜੌਹਲ, ਚੰਡੀਗੜ੍ਹ ਤੋਂ ਡਾ. ਸਵੈਰਾਜ ਸੰਧੂ, ਡਾ. ਨਿਰਮਲ ਸਿੰਘ ਬਾਸੀ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ, ਸੁਰਿੰਦਰਜੀਤ ਚੌਹਾਨ ਨਾਭਾ,ਇੰਦਰਜੀਤਪਾਲ ਕੌਰ ਭਿੰਡਰ,ਅਮਰਜੀਤ ਸ਼ੇਰਪੁਰੀ ਤੇ ਸਰਬਜੀਤ ਵਿਰਦੀ ਸਮੇਤ ਕਈ ਉੱਘੇ ਲੇਖਕ ਹਾਜ਼ਰ ਸਨ।

ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਆਪਣੀ ਟੀਮ ਦਾ ਮਿਸ਼ਨ ਅਤੇ ਮਕਸਦ ਬੜੇ ਸਪਸ਼ਟ ਸ਼ਬਦਾਂ ਵਿੱਚ ਅਤੇ ਬੜੇ ਆਤਮ ਵਿਸ਼ਵਾਸ ਨਾਲ ਦੱਸਿਆ। ਡਾ. ਜੌਹਲ ਨੇ ਇਸ ਕਿਹਾ ਕਿ ਅਸੀਂ ਆਪਣਾ ਆਪਣਾ 22 ਨੁਕਾਤੀ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੋਇਆ ਹੈ ਜਿਸ ਤੋਂ ਸਾਡਾ ਮਨੋਰਥ ਸਪੱਸ਼ਟ ਹੈ ਕਿ ਸਾਡਾ ਸਾਹਿਤਕ ਕਾਫ਼ਲਾ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਬੰਧਾਂ ਨੂੰ ਬਿਹਤਰ ਕਰਨ, ਇਸ ਦੀ ਮੌਜੂਦਾ ਅਵਸਥਾ ਵਿਚ ਜ਼ਮੀਨੀ ਸੁਧਾਰ ਕਰਨ ਤੋਂ ਲੈ ਕੇ ਅਕਾਡਮੀ ਦੇ ਸਾਹਿਤਕ ਤੇ ਅਕਾਦਮਿਕ ਪਛਾਣ  ਨੂੰ ਹੋਰ ਗੂੜ੍ਹਾ ਕਰਨ ਲਈ ਸਰਗਰਮੀ ਨਾਲ ਜਤਨਸ਼ੀਲ ਹੈ। 

ਅਸੀਂ ਸਮੂਹ ਲੇਖਕ ਮੈਂਬਰਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਡੇ ਮਨੋਰਥ ਪੱਤਰ 'ਤੇ ਮੋਹਰ ਲਾ ਕੇ ਸਾਡੇ ਵਿਸ਼ਵਾਸ  ਤੇ ਪੰਜਾਬੀ ਸਾਹਿੱਤ ਅਕਾਡਮੀ ਦੀ ਸਰਬ-ਉੱਚਤਾ ਲਈ ਵਿੱਢੇ ਕਾਰਜਾਂ ਨੂੰ ਜਾਰੀ ਰੱਖਣ ਵਿਚ ਸਾਡਾ ਸਹਿਯੋਗ ਕਰਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਸਾਹਿਤ ਵਿੱਚ ਦੋਹਰੇ ਕਿਰਦਾਰ ਰੱਖਣਾ ਸਮਾਜ ਲਈ ਘਾਤਕ ਸਿੱਧ ਹੁੰਦੈ-ਭੰਮਰਾ

Monday 19th February 2024 at 10:43 AM

 ਮੈਡਮ ਮਨਦੀਪ ਕੌਰ ਭੰਮਰਾ ਨੇ ਚੋਣਾਂ ਮੌਕੇ ਕਹੀਆਂ ਦੋ ਟੂਕ ਗੱਲਾਂ 


ਸੋਸ਼ਲ ਮੀਡੀਆ ਅਤੇ ਲੁਧਿਆਣਾ: 19 ਫਰਵਰੀ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ):: 

ਡਾ. ਸਰਬਜੀਤ ਸਿੰਘ ਦੀ ਅਗਵਾਈ ਵਾਲੇ ਸਮੁੱਚੇ ਪੈਨਲ ਲਈ 
ਮਨਦੀਪ ਭਮਰਾ ਦੀ ਅਗਵਾਈ ਹੇਠਲੀ ਟੀਮ ਵੀ ਸਮਰਥਨ ਵਿੱਚ
 

ਦੁਨੀਆ ਦੇ ਬਹੁਤ ਸਾਰੇ ਹੋਰਨਾਂ ਖੇਤਰਾਂ ਵਾਂਗ ਸਾਹਿਤ ਦੇ ਖੇਤਰ ਵਿੱਚ ਵੀ ਔਰਤਾਂ ਨਾਲ ਵਿਤਕਰਾ ਅਜੇ ਤੱਕ ਪੂਰੀ ਤਰ੍ਹਾਂ ਨਾਲ ਘਟਣ ਦਾ ਨਾਮ ਨਹੀਂ ਲੈ ਰਿਹਾ।  ਇਹ ਅਜੇ ਵੀ ਜਾਰੀ ਹੈ। ਫਿਲਮ ਦਾਮਿਨੀ, ਨਿਕਾਹ, ਅਰਥ ਅਤੇ ਬਹੁਤ ਸਾਰੀਆਂ ਹੋਰ ਫਿਲਮਾਂ ਵਿਚਲੀਆਂ ਕਹਾਣੀਆਂ ਕੋਈ ਕਾਲਪਨਿਕ ਕਥਾ ਕਥਾਵਾਂ ਨਹੀਂ ਸਨ। ਉਹ ਸਭ ਕੁਝ ਸਾਡੇ ਸਮਾਜ ਵਿਚ ਅੱਜ ਵੀ ਵਾਪਰਦਾ ਹੈ।ਬਸ ਇਹਨਾਂ ਫਿਲਮਾਂ ਨੇ ਔਰਤਾਂ ਨਾਲ ਹੁੰਦੀਆਂ ਜ਼ਿਆਦਤੀਆਂ ਨੂੰ ਕਥਾ-ਕਹਾਣੀ ਵਾਲੇ ਰੂਪ ਵਿੱਚ ਪੇਸ਼ ਕਰਨ ਵੇਲੇ ਪਾਤਰਾਂ ਦੇ ਨਾਮ ਬਦਲ ਦਿੱਤੇ ਸਨ,ਅਜਿਹਾ ਕਰਨਾ ਅਸੂਲੀ ਤੌਰ 'ਤੇ ਜ਼ਰੂਰੀ ਵੀ ਸੀ। ਜਨਾਬ ਸਾਹਿਰ ਲੁਧਿਆਣਵੀ ਸਾਹਿਬ ਵੀ ਪੁਰਸ਼ ਸੱਤਾ ਨੂੰ ਇਹਨਾਂ ਜੁਲਮਾਂ ਲਈ ਜ਼ਿੰਮੇਵਾਰ ਦੱਸਦਿਆਂ ਕਹਿੰਦੇ ਹਨ:  

ਹਮ ਜੋ ਇਨਸਾਨ ਕੀ ਤਹਿਜ਼ੀਬ ਲੀਏ ਫਿਰਤੇ ਹੈਂ!

ਹਮ ਸਾ ਵਹਿਸ਼ੀ ਕੋਈ ਜੰਗਲ ਕੇ ਦਰਿੰਦੋਂ ਮੇਂ ਨਹੀਂ!

ਮੈਡਮ ਮਨਦੀਪ ਕੌਰ ਭੰਮਰਾ ਆਪਣੀ ਇਸ ਸੰਖੇਪ ਜਿਹੀ ਲਿਖਤ ਵਿੱਚ ਔਰਤਾਂ ਨਾਲ ਜਾਰੀ ਬੇਇਨਸਾਫੀਆਂ ਦੀ ਗੱਲ ਕਰਦਿਆਂ ਦਿਲ ਦੀ ਹੂਕ  ਨੂੰ ਬਿਆਨ ਕਰਦਿਆਂ ਕੁਝ ਸਪਸ਼ਟ ਜਿਹੀਆਂ ਗੱਲਾਂ ਵੀ ਕਰਦੇ ਹਨ। ਜ਼ਰਾ ਪੜ੍ਹ ਕੇ ਦੇਖੋ ਇਹਨਾਂ ਸ਼ਬਦਾਂ ਨੂੰ ਅਤੇ ਮਹਿਸੂਸ ਕਰੋ ਇਹਨਾਂ ਸ਼ਬਦਾਂ ਵਿਚਲਾ ਦਰਦ, ਚਿੰਤਾ ਅਤੇ ਸੰਵੇਦਨਾ। 

ਮੈਡਮ ਭੰਮਰਾ ਜੀ ਦਾ ਕਹਿਣਾ ਹੈ: ਸਾਹਿਤ ਵਿੱਚ ਦੋਹਰੇ ਕਿਰਦਾਰ ਰੱਖਣਾ ਸਮਾਜ ਲਈ ਘਾਤਕ ਸਿੱਧ ਹੁੰਦਾ ਹੈ, ਕਿਸੇ ਵੀ ਵਿਅਕਤੀ ਦੀ ਇੱਕ ਨਿੱਜੀ ਜ਼ਿੰਦਗੀ ਹੋ ਸਕਦੀ ਹੈ, ਪਰ ਜਿੱਥੇ ਉਸਦਾ ਸੰਬੰਧ ਸਾਹਿਤ ਰਾਹੀਂ ਸਮਾਜ ਨਾਲ਼ ਹੁੰਦਾ ਹੈ, ਉੱਥੇ ਉਹ ਪਾਰਦਰਸ਼ੀ ਹੋਣਾ ਚਾਹੀਦਾ ਹੈ,ਆਪਣੀ ਜ਼ਮੀਰ ਸਾਹਵੇਂ ਸੱਚਾ ਹੋ ਕੇ ਹੀ ਸ਼ਾਨ ਨਾਲ਼ ਜੀਵਿਆ ਜਾ ਸਕਦਾ ਹੈ, ਨਹੀਂ ਆਤਮਾ ‘ਤੇ ਭਾਰ ਏਨਾ ਵੱਧ ਜਾਂਦਾ ਹੈ ਕਿ ਜਿਉਣਾਂ ਹੀ ਦੁਸ਼ਵਾਰ ਹੋ ਜਾਂਦਾ ਹੈ। 

ਇਸ ਗਰੁੱਪ ਦੀ ਭੰਨ ਤੋੜ ਮੇਰੇ ਲਈ ਕਈ ਵਾਰ ਜ਼ਰੂਰੀ ਹੋ ਜਾਂਦੀ ਹੈ...!

ਮੈਂ ਇੱਕ ਬਹੁਤ ਹੀ ਸੰਵੇਦਨਸ਼ੀਲ ਇਨਸਾਨ ਹਾਂ, ਨਿਰੋਲ ਕਵੀ ਹਾਂ, ਪਰ ਮੈਂ ਮਨੋਂ ਬਹੁਤ ਨਰਮ, ਭੋਲ਼ੀ ਜਾਂ ਕਮਜ਼ੋਰ ਨਹੀਂ ਹਾਂ...ਜ਼ਿੰਦਗੀ ਦੀਆਂ ਹਜ਼ਾਰ ਠੋਕਰਾਂ ਖਾ ਕੇ ਵੀ ਆਪਣੇ ਪਰਿਵਾਰ ਦੀ ਮੁੜ-ਸਥਾਪਤੀ ਕਰ ਸਕੀ ਹਾਂ-ਇਹੋ ਹੀ ਸੁਪਨੇ ਮੇਰੇ ਸਮਾਜ ਲਈ ਹਨ-ਸਾਹਿਤ ਸੁੱਤੀਆਂ ਜ਼ਮੀਰਾਂ ਜਗਾਉਣ ਦੀ ਤਾਕਤ ਰੱਖਦਾ ਹੈ...ਮੈਂ ਤਾਂ ਪਹਿਲਾਂ ਆਪਣੀ ਜ਼ਮੀਰ ਜਗਾਉਣਾ ਚਾਹੁੰਦੀ ਹਾਂ, ਤੁਸੀਂ ਸਾਰੇ ਹੀ ਸੂਝਵਾਨ ਹੋ...!

ਮੇਰਾ ਜੀਵਨ ਆਪ ਸਭ ਵਰਗੇ ਮਹਾਨ ਸਾਹਿਤਕਾਰਾਂ ਦੀ ਸੰਗਤ ਵਿੱਚ ਬੀਤਿਆ ਹੈ, ਉਨ੍ਹਾਂ ਸਭ ਦੀਆਂ ਗੱਲਾਂ ਮੇਰੇ ਅਚੇਤ ਬਾਲਮਨ ਵਿੱਚ ਘਰ ਕਰ ਗਈਆਂ ਸਨ....ਮੈਡਮ ਮਨਜੀਤ ਭੰਮਰਾ ਨੇ 

ਔਰਤਾਂ ਨੂੰ ਡੌਮੀਨੇਟ ਕਰਨ ਵਾਲ਼ੇ ਵੱਡੇ  ਕੱਦਾਵਰ ਸਾਹਿਤਕਾਰ ਆਪਣੀ ਸੋਚ ਦੇ ਦਾਇਰੇ ਨੂੰ ਜ਼ਰਾ ਵਿਸ਼ਾਲ ਕਰ ਲੈਣ...., ਸਾਨੂੰ ਘਰਾਂ ਵਿੱਚ ਪੂਰਨ ਸਨਮਾਨ ਮਿਲ਼ਦਾ ਹੈ, ਅਸੀਂ ਤਾਂ ਸਿਰਫ਼ ਆਪਣੇ ਸਾਹਿਤਕ ਅਤੇ ਨੈਤਿਕ ਫ਼ਰਜ਼ ਨਿਭਾਹੁਣ ਤੁਰੀਆਂ ਹਾਂ...! 

ਇਸ ਗਰੁੱਪ ਵਿੱਚ ਹੁਣ ਤੋਂ ਹਰੇਕ ਪੋਸਟ ਨਹੀਂ ਪੈ ਸਕੇਗੀ ਕੇਵਲ ਕੰਮ ਦੀ ਗੱਲ ਹੋਵੇਗੀ !

ਅਦਬੀ ਦੋਸਤੋ ਬਹੁਤ ਮਿਹਰਬਾਨੀ 

✍️ਮਨਦੀਪ ਕੌਰ ਭੰਮਰਾ

(ਚੇਅਰਪਰਸਨ)

ਚਿੰਤਨਸ਼ੀਲ ਸਾਹਿਤਧਾਰਾ

19.2,2024

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।