google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: September 2023

Monday 25 September 2023

ਗਜ਼ਲਗੋ ਸਰਦਾਰ ਪੰਛੀ ਵੀ ਪੁੱਜੇ ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਮੀਟਿੰਗ ਵਿੱਚ

ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਵਿੱਚ ਕਈ ਸ਼ਾਇਰਾਂ ਨੇ ਸੁਣਾਇਆ ਕਲਾਮ 

ਭੈਣੀ ਸਾਹਿਬ: 24 ਸਤੰਬਰ 2023(ਗੁਰਸੇਵਕ ਸਿੰਘ  ਢਿੱਲੋਂ//ਇਨਪੁਟ-ਕਾਰਤਿਕਾ ਸਿੰਘ//ਸਾਹਿਤ ਸਕਰੀਨ ਡੈਸਕ)::

ਸ੍ਰੀ ਭੈਣੀ ਸਾਹਿਬ ਦੀ ਧਰਤੀ ਅਧਿਆਤਮਕ ਵਾਤਾਵਰਣ ਵਾਲੀ ਵੀ ਹੈ ਅਤੇ ਕੁਦਰਤ ਦੇ ਵੀ ਬਹੁਤ ਨੇੜੇ ਹੈ। ਇਥੇ ਉੱਠਦੀਆਂ ਤਰੰਗਾਂ ਦਿਲ ਦਿਮਾਗ ਦੀ ਨਿਰਥਰਕ ਜਿਹੀ ਭੱਜਦੌੜ ਨੂੰ ਇੱਕ ਵਾਰ ਬੜੀ ਹੀ ਸਹਿਜਤਾ ਨਾਲ ਰੋਕ ਦੇਂਦੀਆਂ ਹਨ। ਇਥੇ ਪਹੁੰਚ ਕੇ ਸੁਰਤਿ ਵੀ  ਜੁੜਦੀ ਹੈ ਅਤੇ ਮਨ ਵੀ ਸ਼ਾਂਤ ਹੁੰਦਾ ਹੈ। ਇਥੇ ਕਦੇ ਕਦੇ ਮਿਲਦਾ ਵੱਡੇ ਲੱਡੂ ਦਾ ਪ੍ਰਸ਼ਾਦ ਏਨਾ ਸੁਆਦ ਹੁੰਦਾ ਹੈ ਕਿ ਉਸਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਬੜੀ ਕੋਸ਼ਿਸ਼ ਵੀ ਕੀਤੀ ਪਰ ਅਜਿਹਾ ਲੱਡੂ ਬਾਹਰੋਂ ਕਿਤਿਓਂ ਨਹੀਂ ਮਿਲਦਾ। ਇਸ ਸ਼ਾਂਤ ਅਤੇ ਮਿਠਾਸ ਭਰੇ ਵਾਤਾਵਰਨ ਵਿਚ ਪਹੁੰਚ ਕੇ ਸਾਹਿਤ ਸਿਰਜਣਾ ਆਪ ਮੁਹਾਰੇ ਬਹੁੜਦੀ ਹੈ। ਸ਼ਾਇਦ ਇਸਦਾ ਕਾਰਨ ਇਹੀ ਕਿ ਆਧੁਨਿਕ ਵਿਕਾਸ ਦੇ ਬਾਵਜੂਦ ਇਸ ਅਸਥਾਨ ਦੇ ਅੰਦਰ ਕੁਦਰਤੀ ਨਜ਼ਾਰਿਆਂ ਨੂੰ ਕਦੇ ਵੀ ਨਸ਼ਟ ਨਹੀਂ ਹੋਣ ਦਿੱਤਾ ਗਿਆ।  ਇਥੇ ਪਹੁੰਚ ਕੇ ਜਦੋਂ ਅੰਦਰ ਬਣਾਏ ਗਏ ਮਿਨੀਏਚਰ ਪਾਰਕ ਦੇ ਮਿਊਜ਼ੀਅਮ ਵੱਲ ਨਜ਼ਰ ਮੈਰੀ ਤਾਂ ਨਾਮਧਾਰੀ ਕੁਰਬਾਨੀਆਂ ਦਾ ਉਹ ਇਤਿਹਾਸ ਇੱਕ ਵਾਰ ਫੇਰ ਅੱਖਾਂ ਸਾਹਮਣੇ ਸਾਕਾਰ ਹੋਇਆ ਲੱਗਦਾ ਹੈ ਜਿਵੇਂ ਗੁਜ਼ਰ ਚੁੱਕਿਆ ਸਮਾਂ ਫਿਰ ਪਰਤ ਆਇਆ ਹੋਵੇ। 

ਇਸ ਵਾਰ ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੋਂ ਰੋਡ ਵਿਖੇ ਹੋਈ। ਸ਼ੁਰੂਆਤੀ ਦੌਰ ਵਿੱਚ ਹੇਠ ਪਹੁੰਚ ਕੇ ਜਿੱਥੇ ਸੂਰਤ ਆüਨੇ ਆਪ ਜੁੜਦੀ ਹੈ ਉੱਥੇ ਗਜ਼ਲਗੋ ਹਰਜਿੰਦਰ ਬੱਲ, ਉਭਰਦੇ ਗਾਇਕ ਅਰਮਾਨ ਸਿੱਧੂ, ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਸਭਾ ਵੱਲੋਂ ਸ਼ੋਕ ਮਤਾ ਪਾਇਆ ਗਿਫਿਰ ਪਰਤ ਆਇਆ ਹੋਏ। ਆ। ਗੀਤਕਾਰ ਬਾਪੂ ਦੇਵ ਥਰੀਕੇ ਵਾਲੇ ਨੂੰ ਉਹਨਾਂ ਦੇ 85 ਵੇਂ ਜਨਮ ਦਿਨ ਤੇ ਯਾਦ ਕੀਤਾ ਗਿਆ। 

ਰਚਨਾਵਾਂ ਦੇ ਦੌਰ ਵਿੱਚ ਅਨਿਲ ਫਤਿਹਗੜ੍ਹ ਜੱਟਾਂ ਨੇ, ਸੋਚ ਲਿਓ (ਗ਼ਜ਼ਲ) ਜਸਵੀਰ ਝੱਜ ਨੇ, ਹਰਿਆ ਬੂਟ ( ਗੀਤ )  ਗਜ਼ਲਗੋ ਸਰਦਾਰ ਪੰਛੀ ਨੇ, ਭਾਈ ਘਨ੍ਹਈਆ (ਗਜ਼ਲ) ਜੋਰਾਵਰ ਪੰਛੀ ਨੇ, ਨਦੀ ਮਿਲਕੇ ਸਮੰਦਰ ਹੋ ਗਈ (ਗਜ਼ਲ) ਕਰਨੈਲ ਸਿਵੀਆ ਨੇ, ਰੱਬ ਦਾ ਸ਼ੁਕਰ (ਗੀਤ) ਸ਼੍ਰੀ ਸੋਮਨਾਥ ਸਿੰਘ ਨੇ, ਮਾਂ ਬੋਲੀ (ਗੀਤ) ਬਲਵੰਤ ਸਿੰਘ ਵਿਰਕ ਨੇ, ਮਾਂ (ਗੀਤ) ਦਲਵੀਰ ਸਿੰਘ ਕਲੇਰ ਨੇ, ਮੈਂ ਸੰਨ ਸੰਤਾਲੀ ਹਾਂ, (ਗੀਤ) ਮਨਜੀਤ ਘਣਗਸ ਨੇ ਵਹਿਮ ਭਰਮ (ਗੀਤ) ਹਰਬੰਸ ਸਿੰਘ ਰਾਏ ਨੇ-ਅਵਾਰਾ ਕੁੱਤੇ ਨਾਮਕ (ਗੀਤ) ਗੁਰਸੇਵਕ ਸਿੰਘ ਢਿੱਲੋ ਨੇ ਦੇਵ ਥਰੀਕੇ ਵਾਲਾ (ਗੀਤ) ਨੇਤਰ ਸਿੰਘ ਮੁੱਤੋ ਨੇ-ਸੈਤਾਨ ਮਨ (ਕਵਿਤਾ) ਜਗਵੀਰ ਸਿੰਘ ਵਿੱਕੀ ਨੇ, ਪਸੰਦ (ਗੀਤ), ਜਗਦੇਵ ਮਕਸੂਦੜਾ ਨੇ-ਕਾਸ਼ (ਗਜ਼ਲ) ਸ਼ਿੰਦਰ ਕੌਰ ਦਿੱਲੀ ਨੇ, ਢੱਠਾ ਖੂਹ (ਕਵਿਤਾ), ਪੰਮੀ ਹਬੀਬ ਨੇ-ਦਾਲ ਕਰਾਰੀ ( ਮਿੰਨ੍ਹੀ ਕਹਾਣੀ ) ਹਜ਼ਾਰਾ ਸਿੰਘ ਗਿੱਲ ਨੇ ਗੜ੍ਹੀ ਚਮਕੌਰ ( ਕਵਿਤਾ ) ਜਗਜੀਤ ਸਿੰਘ ਕਮਾਂਡੋ ਨੇ, ਅਹਿਸਾਸ ( ਕਵਿਤਾ ) ਦਲਜੀਤ ਸਿੰਘ ਬਿੱਲੇ ਨੇ, ਮਾਂ ( ਗੀਤ ) ਤਰਨ ਬੱਲ ਨੇ (ਕਹਾਣੀ) ਆਦਿਕ ਰਚਨਾਵਾਂ ਪੇਸ਼ ਕੀਤੀਆਂ। 

ਇਸ ਮੀਟਿੰਗ ਦੌਰਾਨ ਪੜ੍ਹੀਆਂ ਸੁਣੀਆਂ ਰਚਨਾਵਾਂ ਤੇ ਗਜ਼ਲਗੋ ਸਰਦਾਰ ਪੰਛੀ, ਸ਼੍ਰੀ ਜਸਵੀਰ ਝੱਜ, ਗੀਤਕਾਰ ਕਰਨੈਲ ਸਿਵੀਆ, ਰਾਮਪੁਰ ਲਿਖਾਰੀ ਸਭਾ ਦੇ ਪ੍ਰਧਾਨ ਅਨਿਲ ਫਤਿਹਗੜ੍ਹ ਜੱਟਾਂ, ਗੁਰਸੇਵਕ ਸਿੰਘ ਢਿੱਲੋਂ, ਹਰਬੰਸ ਸਿੰਘ ਰਾਏ ਆਦਿਕ ਨੇ ਉਸਾਰੂ ਵਿਚਾਰ ਚਰਚਾ ਕੀਤੀ। ਕਹਾਣੀਕਾਰ ਤਰਨ ਬੱਲ ਤੇ ਜਗਵੀਰ ਸਿੰਘ ਵਿੱਕੀ ਨੇ ਸਭਾ ਦੀ ਕਾਰਵਾਈ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਚਲਾਇਆ। ਗੁਰਸੇਵਕ ਸਿੰਘ ਢਿੱਲੋਂ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਵੀ ਕੀਤਾ।

Tuesday 19 September 2023

190 ਦੇ ਕਰੀਬ ਸਾਹਿਤ ਸਭਾਵਾਂ ਤੀਕ ਪਹੁੰਚ ਅਪਣਾਉਣ ਦੀ ਲੋੜ 'ਤੇ ਜ਼ੋਰ

 ਕੇਂਦਰੀ ਪੰਜਾਬੀ ਲੇਖਕ ਸਭਾ ਦੀ ਨਵੀਂ  ਟੀਮ ਵੱਲੋਂ ਪਲੇਠੀ ਮੀਟਿੰਗ ਵਿੱਚ ਹੀ ਮਾਸਟਰ ਸਟ੍ਰੋਕ 

ਪਹਿਲੀ ਮੀਟਿੰਗ ਵਿੱਚ ਹੀ ਪਛਾਣੀ ਗਈ ਅਸਲੀ ਲੋੜਾਂ ਵਾਲੀ ਨਬਜ਼ 


ਚੰਡੀਗੜ੍ਹ
//ਲੁਧਿਆਣਾ: 19 ਸਤੰਬਰ 2023: (ਸਾਹਿਤ ਸਕਰੀਨ ਡੈਸਕ)::

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਨਵੀਂ ਟੀਮ ਨੇ ਇਸ ਵਾਰ ਦੇ "ਚੋਣ ਨਤੀਜਿਆਂ" ਮਗਰੋਂ ਬੜੀ ਨਿਰਪੱਖਤਾ ਅਤੇ ਖੁਲ੍ਹੇ  ਦਿਲ ਨਾਲ  ਵਿਚਾਰਿਆ ਲੱਗਦਾ ਹੈ। ਬਿਨਾ ਮੁਕਾਬਲਾ ਹੋਈ ਇਸ ਜਿੱਤ ਤੋਂ ਬਾਅਦ ਨਵੀਂ ਟੀਮ ਨੇ ਸੋਸ਼ਲ ਮੀਡੀਆ 'ਤੇ ਆਈਆਂ ਟਿੱਪਣੀਆਂ ਅਤੇ ਆਲੋਚਨਾਵਾਂ ਨੂੰ ਵੀ ਬੜੀ ਸੁਹਿਰਦਤਾ ਨਾਲ ਵਿਚਾਰਿਆ ਲੱਗਦਾ ਹੈ। ਜਿੱਥੇ ਇਸ ਮੌਕੇ 'ਤੇ  ਕਾਰਜਕਾਰਨੀ ਦਾ ਗਠਨ ਕੀਤਾ ਗਿਆ ਉੱਥੇ ਧੜੇਬੰਦੀ ਅਤੇ ਪੱਖਪਾਤ ਨੂੰ ਵੀ ਨੁੱਕਰੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਨਵੇਂ ਗਠਨ ਦੇ ਐਲਾਨ ਮੌਕੇ ਇਸ ਗੱਲ ਨੂੰ ਵੀ ਮਹਿਸੂਸ ਕੀਤਾ ਗਿਆ ਹੈ ਕਿ ਬਹੁਤ ਕੁਝ ਨਵਾਂ ਕਰਨਾ ਪਏਗਾ। ਇਸ ਮੀਟਿੰਗ ਸਮੇਂ 190 ਦੇ ਕਰੀਬ ਸਾਹਿਤ ਸਭਾਵਾਂ ਤੀਕ ਪਹੁੰਚ ਅਪਨਾਉਣ ਦੀ ਲੋੜ ਨੂੰ ਵੀ ਸ਼ਿੱਦਤ ਨਾਲ ਮਹਿਸੂਸ ਕੀਤਾ ਗਿਆ। ਜੇਕਰ ਇਸ ਪਾਸੇ ਗੰਭੀਰਤਾ ਨਾਲ ਧਿਆਨ ਦਿੱਤਾ ਗਿਆ ਤਾਂ ਨਿਸਚੇ ਹੀ ਚੰਗੇ ਨਤੀਜੇ ਹੀ ਨਿਕਲਣਗੇ। 

ਪੰਜਾਬੀ ਲੇਖਕਾਂ ਦੀ ਸਿਰਮੌਰ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਰਜਿ ਦੇ ਨਵ- ਨਿਯੁਕਤ  ਅਹੁਦੇਦਾਰਾਂ ਦੀ ਪਲੇਠੀ ਮੀਟਿੰਗ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਹੇਠ  ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ। ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ-ਡਾ. ਹਰਜਿੰਦਰ ਸਿੰਘ ਅਟਵਾਲ, ਜਨਰਲ ਸਕੱਤਰ-ਸੁਸ਼ੀਲ ਦੁਸਾਂਝ, ਦੀਪ ਦੇਵਿੰਦਰ ਸਿੰਘ, ਸੁਰਿੰਦਰਪ੍ਰੀਤ ਘਣੀਆਂ, ਭੁਪਿੰਦਰ ਪ੍ਰੀਤ ਕੌਰ ਅਤੇ ਰਜਿੰਦਰ ਰਾਜਨ (ਸਾਰੇ ਸਕੱਤਰ) ਸ਼ੈਲਿੰਦਰਜੀਤ ਰਾਜਨ, ਮਨਜੀਤ ਇੰਦਰਾ,  ਦਲਜੀਤ ਸਾਹੀ, ਬਲਵਿੰਦਰ ਸੰਧੂ ਅਤੇ ਮੂਲ ਚੰਦ ਸ਼ਰਮਾ (ਸਾਰੇ ਮੀਤ ਪ੍ਰਧਾਨ) ਸ਼ਾਮਲ ਹੋਏ। ਮੀਟਿੰਗ ਦਾ ਆਗਾਜ਼  ਪਿਛਲੇ ਦਿਨੀਂ ਵਿਛੜ ਗਏ ਸਾਹਿਤਕਾਰਾਂ ਨੂੰ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਕੀਤਾ ਗਿਆ। ਇਸ ਅਰਸੇ ਦੌਰਾਨ ਹੋਏ ਵਿਛੋੜੇ ਸੱਚਮੁੱਚ ਦੇਰ ਤੀਕ ਦਰਦ ਦਾ ਕਾਰਨ ਬਣੇ ਰਹਿਣਗੇ। ਵਿਛੜੇ ਸੱਜਣ ਸਾਨੂੰ ਸਭਨਾਂ ਨੂੰ ਯਾਦ ਵੀ ਆਉਂਦੇ ਰਹਿਣਗੇ ਅਤੇ ਉਹਨਾਂ ਦੀਆਂ ਲਿਖਤਾਂ ਸਾਨੂੰ ਪ੍ਰੇਰਣਾ ਵੀ ਦੇਂਦੀਆਂ ਰਹਿਣਗੀਆਂ। 

ਇਸ ਮੌਕੇ ਸਭਾ ਦੇ ਜਨਰਲ ਸਕੱਤਰ  ਸੁਸ਼ੀਲ ਦੁਸਾਂਝ ਨੇ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਕਿਹਾ ਕਿ ਕੇਂਦਰੀ ਸਭਾ ਦੀ ਨਵੀਂ ਚੁਣੀ ਟੀਮ ਨੂੰ ਕੇਂਦਰੀ ਨਾਲ ਜੁੜੀਆਂ 190 ਦੇ ਕਰੀਬ ਸਹਿਤ ਸਭਾਵਾਂ ਤੀਕ ਪਹੁੰਚ ਅਪਣਾਉਣ ਦੀ ਲੋੜ ਹੈ। 

ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਸਭਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਨਵੀਂ ਟੀਮ ਹਰ ਤਰ੍ਹਾਂ ਦੀ ਧੜੇਬੰਦੀ ਅਤੇ ਪੱਖਪਾਤ ਨੂੰ ਪਾਸੇ ਰੱਖ ਕੇ ਕੇਂਦਰੀ ਸਭਾ ਦੇ ਬਹੁ -ਪੱਖੀ ਉਦੇਸ਼, ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਨਿਰੰਤਰ ਕਾਰਜ ਸ਼ੀਲ ਰਹੇਗੀ। 

ਮੀਟਿੰਗ ਵਿੱਚ ਹਾਜ਼ਰ ਅਹੁਦੇਦਾਰਾਂ ਵਲੋਂ ਸਰਬਸੰਮਤੀ ਨਾਲ ਜਿੱਥੇ ਦੀਪ ਦੇਵਿੰਦਰ ਸਿੰਘ ਨੂੰ ਦਫਤਰ ਸੱਕਤਰ ਅਤੇ ਸੁਰਿੰਦਰ ਪ੍ਰੀਤ ਘਣੀਆ ਨੂੰ ਵਿੱਤ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ ਉੱਥੇ ਇਕੱਤੀ ਮੈਂਬਰੀ ਕਾਰਜਕਾਰਨੀ ਦਾ ਗਠਨ ਵੀ ਕੀਤਾ ਗਿਆ ਜਿਸ ਵਿੱਚ ਡਾ. ਸੁਖਦੇਵ ਸਿੰਘ ਸਿਰਸਾ, ਮੱਖਣ ਕੁਹਾੜ, ਡਾ.ਕਰਮਜੀਤ ਸਿੰਘ , ਡਾ. ਉਮਿੰਦਰ ਜੌਹਲ, ਜਸਬੀਰ ਰਾਣਾ, ਗੁਰਮੀਤ ਬਾਜਵਾ, ਡਾ. ਦੇਵਿੰਦਰ ਸੈਫੀ,ਡਾ.ਪਰਮਜੀਤ ਸਿੰਘ ਬਾਠ, ਵਿਸ਼ਾਲ, ਮਨਜਿੰਦਰ ਧਨੋਆ, ਐਸ ਨਸੀਮ, ਹਰਪਾਲ ਸਿੰਘ ਨਾਗਰਾ, ਮਨਜੀਤ ਸਿੰਘ ਵਸੀ, ਗੁਰਪ੍ਰੀਤ ਰੰਗੀਲਪੁਰ, ਸੁਰਿੰਦਰ ਖੀਵਾ, ਗੁਰਬਿੰਦਰ ਮਾਣਕ, ਡਾ. ਜਸਵੰਤ ਰਾਏ, ਮਦਨ ਵੀਰਾ, ਦੀਪਕ ਸ਼ਰਮਾ ਚਨਾਰਥਲ, ਸੁਰਿੰਦਰਜੀਤ ਚੌਹਾਨ, ਡਾ. ਹਰਪ੍ਰੀਤ ਰਾਣਾ, ਡਾ. ਸ਼ਿੰਦਰਪਾਲ ਸਿੰਘ, ਗੁਰਭੇਜ ਸਿੰਘ ਗੁਰਾਇਆ, ਤੇਜਾ ਸਿੰਘ ਤਿਲਕ, ਅਮਰਜੀਤ ਜੀਤ, ਰਿਸ਼ੀ ਹਿਰਦੇ ਪਾਲ, ਅਨਿਲ ਫਤਿਹਗੜ੍ਹ ਜੱਟਾਂ, ਗੁਰਸੇਵਕ ਸਿੰਘ ਢਿਲੋਂ, ਗੁਰਮੀਤ ਸਰਾਂ, ਸੰਪੂਰਨ ਟੱਲੇਵਾਲੀਆ ਅਤੇ ਜਤਿੰਦਰ ਕੌਰ ਮਾਹਲ ਨੂੰ ਚੁਣਿਆ ਗਿਆ। 

ਪੰਜਾਬ ਤੋਂ ਬਾਹਰਲੇ ਵਿਸ਼ੇਸ਼ ਨਿਮੰਤਰਤ ਮੈਂਬਰਾਂ ਵਿਚ ਬਲਬੀਰ ਮਾਧੋਪੁਰੀ (ਦਿੱਲੀ), ਕਰਨੈਲ ਚੰਦ (ਹਰਿਆਣਾ), ਕਾਬਲ ਵਿਰਕ (ਹਰਿਆਣਾ), ਕੇਸਰਾ ਰਾਮ( ਹਰਿਆਣਾ) ਖਾਲਿਦ ਹੁਸੈਨ (ਜੰਮੂ) ਸੁਰਿੰਦਰ ਨੀਰ (ਜੰਮੂ) ਸੁਆਮੀ ਅੰਤਰਨੀਰਵ (ਜੰਮੂ) ਜਗਮੋਹਨ (ਪੱਛਮੀ ਬੰਗਾਲ) ਡਾ.ਕਾਬਲ ਸਿੰਘ ( ਰਾਜਸਥਾਨ) ਨੂੰ ਨਾਮਜ਼ਦ ਕੀਤਾ ਗਿਆ। 

ਇਸ ਦੇ ਨਾਲ ਹੀ  ਇਹ ਵੀ ਫੈਸਲਾ ਕੀਤਾ ਗਿਆ ਕਿ ਕੇਂਦਰੀ ਸਭਾ ਦਾ ਸਲਾਹਕਾਰ ਬੋਰਡ , ਵਿਸ਼ੇਸ਼ ਨਿਮੰਤਰਤ ਮੈਂਬਰ ਅਤੇ ਨਿਮੰਤਰਤ ਮੈਂਬਰਾਂ ਦਾ ਗਠਨ ਕਾਰਜਕਾਰਨੀ ਦੀ ਅਗਲੀ ਮੀਟਿੰਗ ਵਿੱਚ ਕੀਤਾ ਜਾਵੇਗਾ। ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਹਰਜਿੰਦਰ ਸਿੰਘ ਅਟਵਾਲ ਨੇ ਮੀਟਿੰਗ ਦੇ ਅੰਤ 'ਤੇ ਸਭ ਦਾ ਧੰਨਵਾਦ ਕੀਤਾ।

ਹੁਣ ਦੇਖਣਾ ਇਹ ਹੈ ਕਿ ਕਿੰਨੀਆਂ ਸਭਾਵਾਂ ਕੇਂਦਰੀ ਸਭਾ ਨਾਲ ਸਬੰਧਤ ਹਨ ਅਤੇ ਕਿੰਨੀਆਂ ਦੇ ਸਬੰਧ ਸਾਬਕਾ ਹੋ ਚੁੱਕੇ ਹਨ ਅਤੇ ਕਿੰਨੀਆਂ ਨਵੀਆਂ ਸਭਾਵਾਂ ਅਜੇ ਵੀ ਕੇਂਦਰੀ ਸਭਾ ਤੋਂ ਦੂਰ ਹਨ? ਕੀ ਪੰਜਾਬੀ ਸਾਹਿਤ ਜਗਤ ਵਿੱਚ ਛਪ ਰਹੇ ਸਾਰੇ ਨਵੇਂ ਹਸਤਾਖਰ ਇਸ ਸਭਾ ਨਾਲ ਜੁੜੇ ਹੋਏ ਹਨ? ਕੀ ਨਵੀਂ ਮੈਂਬਰੀ ਲਈ ਲਈ ਕਿਤਾਬ ਦੀ ਸ਼ਰਤ ਬਰਕਰਾਰ ਰਹੇਗੀ? ਜੇ ਰਹੇਗੀ ਤਾਂ ਕੇਂਦਰੀ ਸਭ ਉਸ ਲਈ ਕੋਈ ਪ੍ਰਕਾਸ਼ਨ ਅਦਾਰਾ ਖੋਹਲਣ ਲਈ ਤਿਆਰ ਹੈ ਜਿਹੜਾ ਲਾਗਤ ਮੁੱਲ ਤੇ ਕਿਤਾਬਾਂ ਛਾਪੇ ਪੂਰੀ  ਪਾਰਦਰਸ਼ਿਤਾ ਨਾਲ? ਕਿਤਾਬਾਂ ਤੋਂ ਬਿਨਾ ਵਾਲੇ ਕਲਮਕਾਰਾਂ ਨੂੰ ਕੇਂਦਰੀ ਸਭ ਕਿਸ ਖਾਤੇ ਵਿਚ ਰੱਖੇਗੀ? ਅਜਿਹੇ ਕਿ ਸੁਆਲ ਹਨ ਜਿਹੜੇ ਸਮੇਂ ਸਮੇਂ ਪਹਿਲਾਂ ਵੀ ਸਾਹਮਣੇ ਆਉਂਦੇ ਰਹੇ ਹਨ ਅਤੇ ਹੁਣ ਵੀ ਹੁੰਦੇ ਰਹਿਣਗੇ, ਉਦੋਂ ਤੱਕ ਜਦੋਂ ਤੱਕ ਸਭਨਾਂ ਨੂੰ ਸਭਨਾਂ ਸੁਆਲਾਂ ਦੇ ਜੁਆਬ ਨਹੀਂ ਮਿਲ ਜਾਂਦੇ!

Thursday 14 September 2023

ਡਾ. ਅਰਵਿੰਦਰ ਸਿੰਘ ਭੱਲਾ ਦੀ ਨਵੀਂ ਪੁਸਤਕ 'ਜ਼ਾਵੀਆ' ਰਿਲੀਜ਼

13th September 2023 at 19:53 Via WhatsApp

ਇਕਬਾਲ ਸਿੰਘ ਲਾਲਪੁਰਾ ਨੇ ਪੁਸਤਕ ਨੂੰ ਲੋਕ ਅਰਪਣ

ਲੁਧਿਆਣਾ: 13 ਸਤੰਬਰ 2023: (ਕਾਰਤਿਕਾ ਸਿੰਘ//ਸਾਹਿਤ ਸਕਰੀਨ ਡੈਸਕ):: 

ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ੍ਰ. ਇਕਬਾਲ ਸਿੰਘ ਲਾਲਪੁਰਾ ਵਲੋਂ ਅੱਜ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਦੁਆਰਾ ਲਿਖੀ ਗਈ ਪੁਸਤਕ 'ਜ਼ਾਵੀਆ' ਨੂੰ ਲੋਕ ਅਰਪਿਤ ਕੀਤਾ ਗਿਆ । ਸ੍ਰ. ਇਕਬਾਲ ਸਿੰਘ ਲਾਲਪੁਰਾ ਨੇ ਇਸ ਮੌਕੇ ਉੱਪਰ ਇਸ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਹਰੇਕ ਵਿਅਕਤੀ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਉਹ ਆਪਣੀ ਜ਼ਿੰਦਗੀ ਪ੍ਰਤੀ, ਆਪਣੇ ਆਸ-ਪਾਸ ਦੇ ਲੋਕਾਂ ਅਤੇ ਵਰਤਾਰਿਆਂ ਪ੍ਰਤੀ ਆਪਣੇ ਜ਼ਾਵੀਏ ਨੂੰ ਦਰੁਸਤ ਕਰੇ । ਉਹਨਾਂ ਕਿਹਾ ਮਨੁੱਖ ਦੀਆਂ ਵਧੇਰੇ ਕਰਕੇ ਸਮਸਿਆਵਾਂ ਦੀ ਮੂਲ ਜੜ੍ਹ ਉਸ ਦਾ ਨਾਕਾਰਾਤਮਕ ਦਿ੍ਸਟੀਕੋਣ ਹੁੰਦਾ ਹੈ ਅਤੇ ਜੇਕਰ ਮਨੁੱਖ ਆਪਣੇ ਨੁਕਤਾ-ਏ-ਨਜ਼ਰ ਨੂੰ ਸਾਕਾਰਾਤਮਕ ਰੱਖਣ ਦਾ ਯਤਨ ਕਰੇ ਤਾਂ ਉਹ ਨਿਸ਼ਚਿਤ ਤੌਰ ਉੱਪਰ ਹਰ ਮੈਦਾਨ ਫ਼ਤਿਹ ਕਰ ਸਕਦਾ ਹੈ। ਉਹਨਾਂ ਪਿ੍ੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੂੰ ਇਸ ਪੁਸਤਕ ਲਈ ਮੁਬਾਰਕਬਾਦ ਦਿੰਦਿਆ ਕਿਹਾ ਕਿ ਲੇਖਕ ਵਲੋਂ ਜੀਵਨ ਦੀਆਂ ਡੂੰਘੀਆਂ ਰਮਜ਼ਾਂ ਅਤੇ ਬੁਨਿਆਦੀ ਕਦਰਾਂ ਕੀਮਤਾਂ ਪ੍ਰਤੀ ਮਨੁੱਖੀ ਸਮਝ ਨੂੰ ਬੇਹਤਰ ਬਣਾਉਣ ਦੇ ਮਕਸਦ ਨਾਲ ਇਹ ਪੁਸਤਕ ਲਿਖੀ ਗਈ ਹੈ ।  

ਉਹਨਾਂ ਨੇ ਇਸ ਗੱਲ ਦਾ ਵੀ ਵਿਸ਼ੇਸ਼ ਤੌਰ ਉੱਪਰ ਉਲੇਖ ਕੀਤਾ ਕਿ ਇਹ ਪੁਸਤਕ  ਅਜੌਕੀ ਪੀੜ੍ਹੀ ਨੂੰ ਜੀਵਨ ਵਿੱਚ ਉਸਾਰੂ ਤੇ ਸਾਰਥਕ ਸੋਚ ਨੂੰ ਅਪਣਾਉਣ, ਆਪਣੇ ਉਜਵਲ ਭਵਿੱਖ ਲਈ ਸੁਪਨੇ ਸਿਰਜਣ ਅਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਹਾਂ ਪੱਖੀ ਬਿਰਤੀ ਨੂੰ ਅਪਣਾਉਣ ਦੇ ਨਾਲ ਨਾਲ ਸੰਕਰੀਨ ਤੇ ਨਾਂਹ ਪੱਖੀ ਸੋਚ ਨੂੰ ਤਿਲਾਂਜਲੀ ਦੇਣ ਸਬੰਧੀ ਪ੍ਰੇਰਿਤ ਕਰੇਗੀ । ਉਨ੍ਹਾਂ ਨੇ ਇਸ ਦੀ ਤਰ੍ਹਾਂ ਦੀ ਕਿਤਾਬ ਨੂੰ ਵਰਤਮਾਨ ਸਮੇਂ ਦੀ ਇਕ ਅਹਿਮ ਲੋੜ ਦੱਸਿਆ ਹੈ। ਉਹਨਾਂ ਨੇ ਡਾ. ਅਰਵਿੰਦਰ ਸਿੰਘ ਭੱਲਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪੁਸਤਕ ਵਿਚ ਡਾ. ਭੱਲਾ ਨੇ ਬਜ਼ੁਰਗ, ਦਾਨਿਸ਼ਵਰ, ਮੁਰਸ਼ਦ, ਮੁਰੀਦ, ਸ਼ਿਸ਼, ਗੁਰੂਦੇਵ, ਫ਼ਕੀਰ, ਜਗਿਆਸੂ, ਸਾਈਂ, ਵਲੀ, ਜੋਗੀ, ਕਰਮਯੋਗੀ ਜਿਹੇ ਪਾਤਰਾਂ ਰਾਹੀਂ ਜੀਵਨ ਦੀਆਂ ਤਲਖ਼ ਹਕੀਕਤਾਂ ਨਾਲ ਨਜਿੱਠਣ ਦੇ ਢੰਗ ਬੜੇ ਸੌਖੇ ਅਤੇ ਸਰਲ ਢੰਗ ਪੇਸ਼ ਕੀਤੇ ਗਏ ਹਨ । 

ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਆਪਣੀ ਪੁਸਤਕ ਬਾਰੇ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ  ਇਸ ਪੁਸਤਕ ਵਿਚ ਸ਼ਾਮਿਲ ਲਲਿਤ ਨਿਬੰਧ ਇਨਸਾਨ ਨੂੰ ਦਰਪੇਸ਼ ਚਣੌਤੀਆਂ, ਮੁਸ਼ਕਿਲਾਂ, ਤ੍ਰਾਸਦੀਆਂ ਆਦਿ ਦੇ ਸਨਮੁੱਖ ਸੰਘਰਸ਼ ਕਰਨ ਨੂੰ ਤਰਜੀਹ ਦਿੰਦੇ ਹਨ ਅਤੇ ਮਨੁੱਖ ਅੰਦਰ ਹੌਸਲਾ, ਹਿੰਮਤ ਤੇ ਚੜਦੀ ਕਲਾ ਦੀ ਭਾਵਨਾ ਪੈਦਾ ਕਰਦੇ ਹਨ। 

ਉਹਨਾਂ ਨੇ ਇਸ ਗੱਲ ਦਾ ਇਥੇ ਵਿਸ਼ੇਸ਼ ਤੌਰ ਉੱਪਰ ਜ਼ਿਕਰ ਕੀਤਾ ਕਿ ਇਸ ਪੁਸਤਕ ਦਾ ਮੁੱਖਬੰਧ ਸੈਂਟਰਲ ਯੂਨੀਵਰਸਿਟੀ ਆਫ ਹਿਮਾਚਲ ਪ੍ਰਦੇਸ਼ ਦੇ ਚਾਂਸਲਰ ਪਦਮਸ਼੍ਰੀ ਡਾ. ਹਰਮੋਹਿੰਦਰ ਸਿੰਘ ਬੇਦੀ ਨੇ ਵਿਸ਼ੇਸ਼ ਤੌਰ ਉੱਪਰ ਲਿਖਿਆ ਹੈ। ਡਾ. ਅਰਵਿੰਦਰ ਸਿੰਘ ਭੱਲਾ ਨੇ ਇਹ ਵੀ ਦੱਸਿਆ ਕਿ ਇਹ ਪੁਸਤਕ ਮਨੁੱਖ ਅੰਦਰਲੀਆਂ ਬੁਰਾਈਆਂ ਦੀ ਨਿਸ਼ਾਨਦੇਹੀ ਕਰਕੇ  ਉਸ ਨੂੰ ਨੈਤਿਕਤਾ ਜਾਂ ਆਦਰਸ਼ਵਾਦ ਦੇ ਰਾਹ ਉੱਪਰ ਚੱਲਣ ਲਈ ਪ੍ਰੇਰਦੀ ਹੈ। 

ਆਧੁਨਿਕ ਮਨੁੱਖ ਜੋ ਕਿ ਈਰਖਾ, ਹੰਕਾਰ, ਨਫ਼ਰਤ, ਸੌੜੀ ਸੋਚ, ਬਦਲਾਖੋਰੀ, ਪਸ਼ੂ-ਬਿਰਤੀ, ਡਰ, ਚਿੰਤਾ, ਅਸੁਰੱਖਿਆ, ਆਦਿ ਪ੍ਰਵਿਰਤੀਆਂ ਦੇ ਪ੍ਰਭਾਵ ਹੇਠ ਜਿਉਂਣ ਲਈ ਮਜਬੂਰ ਦਿਖਾਈ ਦੇ ਰਿਹਾ ਹੈ, ਉਹ ਇਖ਼ਲਾਕੀ ਕਦਰਾਂ ਕੀਮਤਾਂ ਨੂੰ ਅਮਲੀ ਜੀਵਨ ਵਿੱਚ ਅਪਣਾਉਣ ਦੀ ਬਜਾਏ ਬਦਕਿਸਮਤੀ ਨਾਲ ਆਪਣੇ ਵਿਵਹਾਰਿਕ ਜੀਵਨ 'ਚੋਂ ਬਾਹਰ ਕੱਢ ਰਿਹਾ ਹੈ। ਸਿੱਟੇ ਵਜੋਂ ਉਸ ਦੀ ਜ਼ਿੰਦਗੀ ਵਿਚੋਂ ਸਹਿਜ, ਸੁਹਜ, ਸਬਰ, ਸੁਹਿਰਦਤਾ ਅਤੇ ਸੰਤੋਖ ਮਨਫੀ ਹੋ ਰਿਹਾ ਹੈ। 

ਉਨ੍ਹਾਂ ਇਸ ਪੁਸਤਕ ਨੂੰ ਲਿਖਣ ਵਿਚ ਸਹਿਯੋਗ ਅਤੇ ਮਾਰਗਦਰਸ਼ਨ ਦੇਣ ਲਈ ਡਾ. ਸ. ਪ. ਸਿੰਘ, ਸਾਬਕਾ ਉੱਪ ਕੁਲਪਤੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦਾ  ਧੰਨਵਾਦ ਕੀਤਾ। ਇਥੇ ਇਹ ਗੱਲ ਵਿਸ਼ੇਸ਼ ਤੌਰ ਉਪਰ ਜ਼ਿਕਰਯੋਗ ਹੈ ਕਿ ਪਿ੍ੰੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਆਪਣੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ ਨਾਲ ਖੋਜ ਕਾਰਜਾਂ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ । ਹੁਣ ਤੱਕ ਉਨ੍ਹਾਂ ਵੱਲੋਂ ਪੰਦਰਾਂ ਕਿਤਾਬਾਂ ਅਤੇ ਅੱਸੀਂ ਤੋਂ ਵੱਧ ਖੋਜ ਪਰਚੇ ਲਿਖੇ ਜਾਣ ਦੇ ਨਾਲ ਨਾਲ ਦੋ ਖੋਜ ਪ੍ਰਾਜੈਕਟ ਸਫਲਤਾਪੂਰਵਕ ਮੁਕੰਮਲ ਕੀਤੇ ਜਾ ਚੁੱਕੇ ਹਨ। 

Tuesday 12 September 2023

ਕੀ ਕੇਂਦਰੀ ਪੰਜਾਬੀ ਲੇਖਕ ਸਭਾ ਕੁਝ ਸਮੇਂ ਲਈ ਅਹੁਦਿਆਂ ਨੂੰ ਛੱਡ ਸਕਦੀ ਹੈ?

ਸਾਰੇ ਕੰਮ ਵਾਲੰਟੀਅਰ ਵੱਜੋਂ ਹੋਣ ਤਾਂਕਿ ਸੱਚੀ ਏਕਤਾ ਵਾਲਾ ਮਾਹੌਲ ਬਣ ਸਕੇ!


ਲੁਧਿਆਣਾ
: 12 ਸਤੰਬਰ 2023: (ਮੀਡੀਆ ਲਿੰਕ 32//ਸਾਹਿਤ ਸਕਰੀਨ ਡੈਸਕ):: 

ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ 17 ਸਤੰਬਰ ਨੂੰ ਹੋਣੀਆਂ ਸਨ ਪਰ ਨਤੀਜੇ ਅੱਜ ਹੀ ਆ ਗਏ। ਪੂਰੀ ਤਰ੍ਹਾਂ ਅਚਾਨਕ ਆਈ ਈਮੇਲ ਰਾਹੀਂ। ਇਹ ਸਾਰੇ "ਸਰਬਸੰਮਤੀ" ਵਾਲੇ ਨਤੀਜੇ ਸਮਝੇ ਜਾ ਰਹੇ ਸਨ ਪਰ ਅਸਲ ਵਿਚ ਇਹ ਬਿਨਾ ਮੁਕਾਬਲਾ ਹੋਈ ਜਿੱਤ ਸੀ। ਜੇਕਰ ਸਰਬਸੰਮਤੀ ਬਣ ਜਾਂਦੀ ਤਾਂ ਜ਼ਿਆਦਾ ਚੰਗਾ ਹੋਣਾ ਸੀ। ਫਿਰ ਵੀ ਇਸ ਬਿਨਾ ਮੁਕਾਬਲਾ ਹੋਈ ਜਿੱਤ ਦੀ ਵੀ ਖੁਸ਼ੀ ਤਾਂ ਹੋਈ ਪਰ ਸਕੂਨ ਨਹੀਂ ਸੀ ਮਿਲ ਰਿਹਾ। ਮਨ ਸੋਚ ਰਿਹਾ ਸੀ ਤਿਆਗ ਦੀਆਂ ਰਾਹਾਂ ਦਿਖਾਉਣ ਵਾਲੇ ਫੱਕਰ ਕਿਸਮ ਦੇ ਇਹ ਲੇਖਕ ਕਿਹਨਾਂ ਅਹੁਦਿਆਂ ਦੇ ਮਾਇਆ ਜਾਲ ਵਿਚ ਫਸ ਗਏ ਹਨ!

ਫਿਰ ਜਾਪਿਆ ਕਿਧਰੇ ਕੁਝ ਗੜਬੜ ਨਾ ਹੋਵੇ। ਵੈਸੇ ਇਹੀ ਨਤੀਜੇ 17 ਸਤੰਬਰ ਨੂੰ ਵੀ ਐਲਾਨੇ ਜਾ ਸਕਦੇ ਸਨ। ਸ਼ਾਇਦ ਕੋਈ ਕਾਹਲ ਰਹੀ ਹੋਵੇ। ਕਾਹਲ ਕਿਓਂ ਰਹੀ ਇਹ ਵੀ ਕਾਹਲ ਕਰਨ ਵਾਲਿਆਂ ਨੂੰ ਹੀ ਪਤਾ ਹੋਣਾ ਹੈ। ਇੱਕ ਰਾਸ਼ਟਰ-ਇੱਕ ਚੋਣ ਵਾਲੇ ਸ਼ੋਰ ਸ਼ਰਾਬੇ ਵਿਚ ਚੋਣਾਂ ਦੇ ਖਰਚੇ ਅਤੇ ਸਮਾਂ ਬਚਾਉਣ ਵਾਲਾ ਪ੍ਰਭਾਵ ਇਹਨਾਂ ਚੋਣਾਂ 'ਤੇ ਵੀ ਪਿਆ ਹੋ ਸਕਦਾ ਹੈ। ਨਤੀਜਿਆਂ ਵਾਲੇ ਬਿਆਨ ਪੜ੍ਹ ਕੇ ਮਨ ਵਿਚ ਕਈ ਗੱਲਾਂ ਆ ਰਹੀਆਂ ਹਨ ਪਰ ਸਭ ਤੋਂ ਪਹਿਲਾਂ ਇੱਕ ਸ਼ੇਅਰ। ਬਿਨਾ ਕਿਸੇ ਅਹੁਦੇ ਜਾਂ ਬੈਨਰ ਤੋਂ ਸਿਰਫ ਕੰਮ ਨਾਲ ਪ੍ਰਤੀਬੱਧ ਰਹਿਣ ਵਾਲੇ ਪ੍ਰਸਿੱਧ ਸ਼ਾਇਰ ਜਨਾਬ ਗੁਰਦੀਪ ਭਾਟੀਆ ਜੀ ਦਾ ਸ਼ੇਅਰ। ਲਓ ਤੁਸੀਂ ਵੀ ਪੜ੍ਹੋ:

ਕਿਸ ਭੁਲੇਖੇ ਯਾਰ ਪੱਬਾਂ ਭਾਰ ਨੇ!

ਬਖ਼ਸ਼ਿਆ ਹੈ ਕਦ ਕਿਸੇ ਸਰਕਾਰ ਨੇ!

ਮਿੱਤਰ ਗੁਰਦੀਪ ਭਾਟੀਆ ਜੀ ਦਾ ਇਹ ਸ਼ੇਅਰ ਅੱਜ ਹੀ ਪੜ੍ਹਿਆ ਅਤੇ ਅੱਜ ਇਹ ਬਾਰ ਬਾਰ ਮੌਜੂਦਾ ਹਾਲਾਤ ਵੱਲ ਇਸ਼ਾਰੇ ਕਰਦਾ ਜਾਪਦਾ ਹੈ। ਖਾਸ ਕਰਕੇ ਸਾਹਿਤਿਕ ਮਾਹੌਲ ਨੂੰ ਦੇਖ ਕੇ। ਚੋਣਾਂ ਦੇ ਨਤੀਜਿਆਂ ਨੂੰ ਦੇਖ ਕੇ ਅਤੇ ਵੱਖ ਵੱਖ ਸੁਰਾਂ ਵਾਲੇ ਬਿਆਨਾਂ ਨੂੰ ਪੜ੍ਹ ਕੇ ਲੱਗਦਾ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਸੀ ਪੀ ਆਈ ਅਤੇ ਸੀ ਪੀ ਆਈ ਐਮ ਵਰਗੀਆਂ ਕੱਦਾਵਰ ਸਿਆਸੀ ਪਾਰਟੀਆਂ ਸ਼ਾਇਦ ਆਪਣਾ ਬਹੁਮਤ ਹੁਣ ਗੁਆ ਬੈਠੀਆਂ ਹਨ। ਅਸਲੀ ਕਹਾਣੀ ਤਾਂ ਬਾਅਦ ਵਿੱਚ ਹੀ ਸਮਝ ਆਉਣ ਲੱਗੀ। 

ਇਸ ਬਿਨਾ ਮੁਕਾਬਲਾ ਹੋਈ ਜਿੱਤ ਦੇ ਸਿੱਟੇ ਵੱਜੋਂ ਹੁਣ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਸੱਤਾ ਨਵੀ ਟੀਮ ਦੇ ਹੱਥ ਵਿੱਚ ਆ ਗਈ ਹੈ। ਇਹ ਨਵੀਂ ਟੀਮ ਕਮਿਊਨਿਸਟ ਅੰਦੋਲਨ ਦੇ ਪੁਰਾਣੇ ਆਗੂ ਮੰਗਤ ਰਾਮ ਪਾਸਲਾ ਹੁਰਾਂ ਨਾਲ ਪ੍ਰਤੀਬੱਧ ਦੱਸੀ ਜਾਂਦੀ ਹੈ। ਹੁਣ ਸ਼ਾਇਦ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ, ਅਕਾਲੀ ਦਲ ਬਾਦਲ, ਅਕਾਲੀ ਦਲ ਮਾਨ ਅਤੇ ਹੋਰ ਸਿਆਸੀ ਪਾਰਟੀਆਂ ਵੀ ਲੇਖਕਾਂ ਦੇ ਸੰਗਠਨਾਂ ਨੂੰ ਆਪਣੇ ਹੱਥ ਵਿੱਚ ਕਰਨ ਲਈ ਹੱਥ ਅਜ਼ਮਾਉਣ। 

ਬਹੁਤ ਸਾਲ ਪਹਿਲਾਂ ਜਦੋਂ ਕੇਂਦਰੀ ਪੰਜਾਬੀ ਲੇਖਕ ਸਭਾ ਦਾ ਇੱਕ ਸਗਰਮ ਧੜਾ ਆਪਣੇ ਆਪ ਨੂੰ ਅਣਰਜਿਸਟਰਡ ਲਿਖਦਿਆਂ ਵੱਖਰਾ ਹੋ ਗਿਆ ਸੀ ਉਦੋਂ ਵੀ ਸਥਿਤੀ ਗੰਭੀਰ ਹੀ ਸੀ। ਇਹ ਧੜਾ ਵੱਖਰੇ ਹੋ ਕੇ ਤੇਜਵੰਤ ਮਾਨ ਹੁਰਾਂ ਦੀ ਅਗਵਾਈ ਹੇਠ ਸਰਗਰਮ ਹੋ ਗਿਆ ਸੀ ਅਤੇ ਹੁਣ ਵੀ ਹੈ। 

ਉਦੋਂ ਵੀ ਨਿਰਪੱਖ ਸਾਹਿਤਿਕ ਹਲਕਿਆਂ ਨੇ ਇਸ ਵੰਡ 'ਤੇ ਦੁੱਖ ਦਾ ਇਜ਼ਹਾਰ ਕੀਤਾ ਸੀ। ਹੁਣ ਇੱਕ ਵਾਰ ਫੇਰ ਵੰਡ ਹੋਈ ਲੱਗਦੀ ਹੈ। ਪਤਾ ਨਹੀਂ ਇਹ ਵੰਡ ਵਾਲੀ ਭਾਵਨਾ ਹੁਣ ਇਥੇ ਹੀ ਰੁਕੇਗੀ ਜਾਂ ਫਿਰ ਹੋਰ ਤਿੱਖੀ ਹੋਵੇਗੀ? ਸੱਤਾਧਾਰੀ ਧੜਾ ਨਵੇਂ ਝੰਡੇ ਨੂੰ ਲੈ ਕੇ ਸਾਹਮਣੇ ਆਇਆ ਹੈ। ਇਹ ਇੱਕ ਤਰ੍ਹਾਂ ਨਾਲ ਸਾਹਿਤਿਕ ਅਦਾਰਿਆਂ 'ਤੇ ਕਬਜ਼ੇ ਦੇ ਐਲਾਨਾਂ ਦੀ ਸ਼ੁਰੂਆਤ ਵਾਂਗ ਹੀ ਹੈ। ਹੋ ਸਕਦਾ ਹੈ ਕੱਲ੍ਹ ਨੂੰ ਕੋਈ ਸੱਜ ਪਿਛਾਖੜ ਸੰਗਠਨ ਜਾਂ ਪਾਰਟੀ ਵੀ ਆਪਣਾ ਨੀਲਾ, ਪੀਲਾ ਜਾਂ ਭਗਵਾ ਝੰਡਾ ਲੈ ਕੇ ਇਸ ਸਾਹਿਤਿਕ ਸੱਤਾ ਨੂੰ ਸੰਭਾਲ ਲਵੇ। ਉਂਝ ਇਹ ਕੁਝ ਉਹਨਾਂ ਲਈ ਮੁਸ਼ਕਿਲ ਬਿਲਕੁਲ ਵੀ ਨਹੀਂ। 

ਗੋਦੀ ਮੀਡੀਆ ਦੇ ਸਫਲ ਤਜਰਬੇ ਅਤੇ ਇਸ ਦੇ ਮੁਕਾਬਲੇ ਵੱਜੋਂ ਕਿਸਾਨ ਮੋਰਚੇ ਦੌਰਾਨ ਸਾਹਮਣੇ ਆਏ ਵਰਤਾਰਿਆਂ ਨੇ ਸਾਬਿਤ ਕੀਤਾ ਹੈ ਕਿ ਜਿਹੜਾ ਮੀਡੀਆ "ਵਿਕ ਗਿਆ" ਉਹ ਤਾਂ ਗੋਦੀ ਬਹਿ ਗਿਆ। ਅਖੀਰ ਏਨੀ ਮਹਿੰਗਾਈ ਵਿਚ ਗੁਜ਼ਾਰਾ ਵੀ ਕਿਵੇਂ ਹੋਵੇ! ਸ਼ਾਇਦ ਵਿਕਣ ਬਿਨਾ ਕੋਈ ਚਾਰ ਹੀ ਨਾ ਬਚਿਆ ਹੋਵੇ। ਉਂਝ ਵੀ ਜਦੋਂ ਮੀਡੀਆ ਹਾਊਸ ਦੇ ਮਾਲਕ ਹੀ ਵਿਕ ਗਏ ਹੋਣ ਤਾਂ ਵਿਚਾਰੇ ਕੰਮ ਕਰਦੇ ਮੁਲਾਜ਼ਮਾਂ ਨੇ ਕੁਹਾੜੇ ਬਲਬੂਤੇ ਨਾਂਹ ਨੁੱਕਰ ਕਰਨੀ ਹੈ। ਇਸਦੇ ਨਾਲ ਹੀ ਇਹ ਪੱਖ ਵੀ ਸਾਬਿਤ ਹੋਇਆ ਕਿ ਜਿਹੜਾ ਗੋਦੀ ਨਹੀਂ ਬੈਠਿਆ ਜਾਂ ਨਹੀਂ ਬੈਠ ਸਕਿਆ ਉਸ ਨੂੰ ਦੂਜੀਆਂ ਤਾਕਤਾਂ ਨੇ ਥੋੜਾ ਬਹੁਤ ਘਟ ਮੁਲ ਦੇ ਕੇ ਆਪਣੇ ਨਾਲ ਹੀ ਆਪਣੇ ਕੰਧਾੜੇ ਬਿਠਾ ਲਿਆ। ਬੇਰੋਜ਼ਗਾਰੀ ਅਤੇ ਆਰਥਿਕ ਸੋਮਿਆਂ ਦੀ ਘਾਟ ਲੇਖਕਾਂ ਵਿਚ ਵੀ ਬਹੁਤ ਤਿੱਖੀ ਹੈ। ਹੁਣ ਸਭਨਾਂ ਨੂੰ ਇਹ ਸਾਫ ਹੋ ਗਿਆ ਹੈ ਕਿ ਸਿਰਫ "ਪੱਤਰਕਾਰ" ਹੀ ਨਹੀਂ ਇਹ "ਲੇਖਕ" ਵੀ ਬੜੇ ਕੰਮ ਦੀ ਚੀਜ਼ ਹੁੰਦੇ ਹਨ, ਇਹਨਾਂ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ। ਹੋ ਸਕਦਾ ਹੈ ਕੱਲ੍ਹ ਨੂੰ ਬੁੱਕਲ ਵਿਚ ਲੁਕਿਆ ਜਾਂ ਕੰਧਾੜੀ ਚੜ੍ਹਿਆ ਇਹ ਸਾਹਿਤਿਕ ਮੀਡੀਆ ਵੀ ਗੋਦੀ ਮੀਡੀਆ ਵਾਂਗ ਚੰਗਾ ਨਾਮ ਕਮਾ ਲਵੇ ਅਤੇ ਹਾਲਾਤ ਦੀ ਹਵਾ ਨੂੰ ਬਦਲ ਦੇਵੇ! ਸ਼ਾਇਰੀ ਭਾਵੇਂ ਸਟੇਜੀ ਹੋਵੇ ਤੇ ਭਾਵੇਂ ਕਿਤਾਬੀ ਉਹ ਤਾਂ ਇਹੀ ਲੋਕ ਮਾਹਰ ਹੁੰਦੇ ਹਨ। 

ਯਾਦ ਆ ਰਹੀਆਂ ਨੇ ਕੁਝ ਦਹਾਕੇ ਪੁਰਾਣੀਆਂ ਗੱਲਾਂ। ਉਦੋਂ ਤੇਜਵੰਤ ਮਾਨ ਹੁਰਾਂ ਦੀ ਅਗਵਾਈ ਹੇਠਾਂ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਵੰਡ ਤੋਂ ਬਾਅਦ ਵੀ ਕਈ ਵਾਰ ਇਹਨਾਂ ਵਰਤਾਰਿਆਂ ਵਿੱਚ ਤਿੱਖਾਪਣ ਆਉਂਦਾ ਰਿਹਾ ਹੈ। ਜਿਵੇਂ ਕੁਝ ਅਰਸਾ ਪਹਿਲਾਂ ਮੋਦੀ ਸਰਕਾਰ ਨੇ ਰਾਹੁਲ ਗਾਂਧੀ ਨੂੰ ਸੰਸਦ ਤੋਂ ਮੁਅੱਤਲ ਕਰ ਦਿੱਤਾ ਸੀ ਉਵੇਂ ਹੀ ਕੁਝ ਦਹਾਕੇ ਪਹਿਲਾਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਭਾਰੂ ਧੜੇ ਨੇ ਵੀ ਕਈ ਮੈਂਬਰਾਂ ਨੂੰ ਨਿਜੀ ਰੰਜਿਸ਼ਾਂ ਅਤੇ ਗੁੱਟਬੰਦੀਆਂ ਕਾਰਣ ਬਾਹਰ ਦਾ ਰਾਹ ਦਿਖਾ ਦਿੱਤਾ ਸੀ ਤਾਂਕਿ ਸਭਾ ਦੇ ਨੇੜ ਭਵਿੱਖ ਵਾਲੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਸਭਾ ਵਿੱਚੋਂ ਬਾਹਰ ਗਏ ਉਹਨਾਂ ਮੈਂਬਰਾਂ ਨੇ ਕਦੇ ਵੀ ਦੋਬਾਰਾ ਇਸ ਸਭਾ ਵੱਲ ਰੂਚੀ ਹੀ ਨਹੀਂ ਦਿਖਾਈ ਅਤੇ ਉਹ ਸਾਰੇ ਆਪਣੇ ਆਪ ਵਿਚ ਮਗਨ ਰਹਿ ਕੇ ਕੰਮ ਕਰਦੇ ਰਹੇ। ਇਸੇ ਦੌਰਾਨ ਕਿੰਝ ਕਲਮਕਾਰਾਂ ਨੂੰ ਲਿਹਾਜ਼ਦਾਰੀ ਵਿਚ ਵੀ ਮੈਂਬਰ ਬਣਾਇਆ ਗਿਆ। ਸਭਾ ਨਾਲੋਂ ਟੁੱਟੇ ਹੋਏ ਲੇਖਕ ਅਜੇ ਵੀ ਟੁੱਟੇ ਹੋਏ ਕਿਓਂ ਹਨ

ਦੂਜੇ ਪਾਸੇ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਵੀ ਇਹਨਾਂ ਉਦਾਸੀਨ ਹੋਏ ਮੈਂਬਰਾਂ ਨੂੰ ਮਨਾਉਣ ਦੇ ਕਦੇ ਉਪਰਾਲੇ ਨਹੀਂ ਕੀਤੇ। ਦੂਰੀਆਂ ਵਧਦੀਆਂ ਰਹੀਆਂ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਬਾਦਸ਼ਾਹਤ ਅਡੋਲ ਰਹੀ ਕਿਸੇ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਕੋਈ ਉਸ ਨਾਲ ਚੱਲੇ ਜਾਂ ਨਾ ਚੱਲੇ। ਸਭਾ ਦੀ ਸੱਤਾ ਬਦਲਦੀ ਰਹੀ। ਕਿਸੇ ਨੇ ਉਹਨਾਂ ਉਦਾਸੀਨ ਮੈਂਬਰਾਂ ਨੂੰ ਪੰਜ ਪੈਸਿਆਂ ਵਾਲਾ ਪੋਸਟ ਕਾਰਡ ਵੀ ਨਹੀਂ ਪਾ ਕੇ ਦੇਖਿਆ ਕਿ ਤੁਸੀਂ ਸਭਾ ਨਾਲ ਕਿਓਂ ਨਾਰਾਜ਼ ਹੋ? ਵਤੀਰਾ ਇਵੇਂ ਸੀ ਜਿਵੇਂ ਸ਼ੁਕਰ ਮਨਾ ਰਹੇ ਹੋਣ ਕਿ ਚੰਗਾ ਹੋਇਆ ਪੁਰਾਣੇ ਜਾਣੂੰ ਆਪੇ ਹੀ ਦੂਰ ਹਟ ਗਏ। 

ਇਸੇ ਦੌਰਾਨ ਅੰਮ੍ਰਿਤਸਰ ਵਿੱਚ ਯੁਵਕ ਲਿਖਾਰੀ ਸਭਾ ਆਪਣੇ ਤੌਰ 'ਤੇ ਆਪਣੇ ਕੰਮ ਕਰਦੀ ਹੋਈ ਬਹੁਤ ਹੀ ਸਰਗਰਮ ਹੋਣ ਲੱਗ ਪਈ। ਐਮ ਐਸ ਪਾਲ ਅਤੇ ਰਣਜੀਤ ਕੋਮਲ ਹੁਰਾਂ ਦੀ ਟੀਮ ਨੂੰ "ਕੰਵਲ" ਪਰਚੇ ਦੀ ਸੰਪਾਦਕਾ ਅਨਵੰਤ ਕੌਰ ਅਤੇ ਪ੍ਰਸਿੱਧ ਆਰਟਿਸਟ ਫੁੱਲਾਂ ਰਾਣੀ ਵਰਗੀਆਂ ਸ਼ਖਸੀਅਤਾਂ ਦਾ ਅਸ਼ੀਰਵਾਦ ਵੀ ਹਾਸਲ ਰਿਹਾ। ਉਹਨਾਂ ਪੁਰਾਣੇ ਸਮਿਆਂ ਦੇ ਗਵਾਹ ਹਰਭਜਨ ਸਿੰਘ ਖੇਮਕਰਨੀ ਵੀ ਰਹੇ ਹਨ। 

ਉਦੋਂ ਪ੍ਰਿੰਟ ਮੀਡੀਆ ਵਾਲੇ ਦੌਰ ਸਮੇਂ ਹੀ ਅੰਮ੍ਰਿਤਸਰ ਵਿੱਚ ਲੁਧਿਆਣਾ ਨਾਲੋਂ ਵੀ ਚੰਗਾ ਸਾਹਿਤਿਕ ਮਾਹੌਲ ਹੋਇਆ ਕਰਦਾ ਸੀ। ਯੁਵਕ ਲਿਖਾਰੀ ਸਭਾ ਅਤੇ ਕੰਵਲ ਪਰਚੇ ਦਾ ਸਟਾਫ ਸਿਰਫ ਰਸਮੀ ਤੌਰ ਤੇ ਮਿਲਣੀਆਂ ਨਹੀਂ ਸਨ ਕਰਦੇ। ਇਹਨਾਂ ਨੂੰ ਇੱਕ ਦੂਜੇ ਦਾ ਦੁੱਖ ਸੁਖ ਵੀ ਪਤਾ ਹੁੰਦਾ ਸੀ। ਜੇਕਰ ਕੋਈ ਮੈਂਬਰ ਚਾਰ ਦਿਨ ਨਜ਼ਰ ਨਹੀਂ ਆਇਆ ਤਾਂ ਉਸਦੇ ਘਰ ਜਾ ਕੇ ਉਸਦਾ ਹਾਲ ਚਾਲ ਪੁੱਛਿਆ ਜਾਂਦਾ। ਇਹ ਯੁਵਕ ਲਿਖਾਰੀ ਸਭਾ ਵੀ ਇੱਕ ਲਹਿਰ ਵਾਂਗ ਸੀ ਜਿਸਨੇ ਬਹੁਤ ਸਾਰੇ ਨਵੇਂ ਚਿਹਰਿਆਂ ਨੂੰ ਉਤਸ਼ਾਹਿਤ ਕੀਤਾ ਸੀ। 

ਇਸੇ ਤਰ੍ਹਾਂ ਫਿਰੋਜ਼ਪੁਰ ਦੀ ਪੰਜਾਬੀ ਲਿਖਾਰੀ ਸਭਾ ਵੀ ਬਹੁਤ ਸਰਗਰਮੀ ਨਾਲ ਕੰਮ ਕਰਦੀ ਰਹੀ। ਗਿਆਨੀ ਰਾਜਿੰਦਰ ਸਿੰਘ ਛਾਬੜਾ, ਦਲੀਪ ਸਿੰਘ ਭੁਪਾਲ, ਸ਼ਿਵ ਕੁਮਾਰ ਸ਼ਰਮਾ, ਲਛਮਣ ਸਿੰਘ, ਸੁਸ਼ੀਲ ਰਹੇਜਾ ਅਤੇ ਹਰੀਸ਼ ਗਰੋਵਰ ਸਮੇਤ ਬਹੁਤ ਸਾਰੇ ਲੇਖਕ ਸਰਗਰਮੀ ਨਾਲ ਕੰਮ ਕਰਦੇ ਰਹੇ। ਆਤਮ ਹਮਰਾਹੀ ਹੁਰਾਂ ਦਾ ਅਸ਼ੀਰਵਾਦ ਵੀ ਇਸ ਟੀਮ ਦਾ ਮਾਰਗਦਰਸ਼ਨ ਕਰਦਾ ਸੀ। ਫਿਰੋਜ਼ਪੁਰ, ਜਲੰਧਰ, ਲੁਧਿਆਣਾ ਅਤੇ ਚੰਡੀਗੜ੍ਹ  ਅਤੇ ਦਿੱਲੀ ਤਕ ਇਹ ਸਭਾ ਸਰਗਰਮ ਹੁੰਦੀ ਰਹੀ। ਇਸ ਸਭ ਦਾ ਇੱਕ ਸਾਹਿਤਿਕ ਪਰਚਾ ਲਿਖਾਰੀ ਇੱਕ ਵਾਰ ਫੇਰ ਸਾਹਮਣੇ ਆਇਆ ਹੈ ਗੁਰਪ੍ਰੀਤ ਸਿੰਘ ਛਾਬੜਾ ਦੀ ਦੇਖਰੇਖ ਹੇਠ। ਇਸ ਸਭਾ ਨੇ ਹੁਣ ਕੁਝ ਹੋਰ ਨਵੇਂ ਪ੍ਰੋਗਰਾਮ ਵੀ ਉਲੀਕੇ ਹਨ। 

ਫਿਰੋਜ਼ਪੁਰ, ਲੁਧਿਆਣਾ ਅਤੇ ਕੁਝ ਥਾਂਵਾਂ ਤੋਂ ਇੱਕੋ ਵੇਲੇ ਕੇਂਦਰੀ ਯੁਵਕ ਲਿਖਾਰੀ ਸਭਾ ਵੀ ਹੌਂਦ ਵਿੱਚ ਆਈ ਸੀ ਜਿਸ ਨੇ ਸੋਨ ਤਮਗੇ ਵਾਲਾ ਗ਼ਜ਼ਲ ਮੁਕਾਬਲਾ ਵੀ ਕਰਵਾਇਆ। ਇਸ ਮੁਕਾਬਲੇ ਦੇ ਜੱਜਾਂ ਅਤੇ ਸੰਚਾਲਕਾਂ ਵਿੱਚ ਡਾਕਟਰ ਲਾਲ ਫਿਰੋਜ਼ਪੁਰੀ ਦੇ ਨਾਲ ਜਨਾਬ ਦੀਪਕ ਜੈਤੋਈ ਸਾਹਿਬ, ਸਵਰਗੀ ਸਾਧੂ ਸਿੰਘ ਹਮਦਰਦ ਜੀ, ਪ੍ਰਿੰਸੀਪਲ ਤਖਤ ਸਿੰਘ ਵਰਗੀਆਂ ਸ਼ਖਸੀਅਤਾਂ ਵੀ ਸਰਗਰਮ ਹੋ ਕੇ ਸਹਿਯੋਗ ਦੇਂਦੀਆਂ ਰਹੀਆਂ। 

ਪਹਿਲਾ ਸੋਨ ਤਮਗਾ ਜਨਾਬ ਥੰਮਣ ਸਿੰਘ ਸੈਣੀ ਹੁਰਾਂ ਦੇ ਨਾਮ ਰਿਹਾ ਸੀ। ਇਸ ਤਰ੍ਹਾਂ ਬਹੁਤ ਕੁਝ ਛੋਟਾ ਵੱਡਾ ਸਾਹਿਤਿਕ ਉਪਰਾਲਾ ਹੁੰਦਾ ਰਿਹਾ ਪਰ ਕੇਂਦਰੀ ਪੰਜਾਬੀ ਲੇਖਕ ਸਭਾ ਇੱਕੋ ਇੱਕ ਮਜ਼ਬੂਤ ਮੰਚ ਵੱਜੋਂ ਕਦੇ ਨਾ ਉਭਰ ਸਕੀ। ਪੰਜਾਬੀ ਦੇ ਕਿੰਨੇ ਲੇਖਕ ਹਨ ਅਤੇ ਕਿੰਨੇ ਹੋ ਚੁੱਕੇ ਹਨ ਇਹਨਾਂ ਦਾ ਜਾਇਜ਼ਾ ਅਖਬਾਰਾਂ ਰਸਾਲਿਆਂ ਵਿਚ ਛਪਦੇ ਨਾਂਵਾਂ ਨੂੰ ਦੇਖ ਕੇ ਵੀ ਲੱਗ ਸਕਦਾ ਹੈ। ਡਿਜੀਟਲ ਮੀਡੀਆ ਨੇ ਵੀ ਇਸ ਪਾਸੇ ਇਤਿਹਾਸਿਕ ਯੋਗਦਾਨ ਪਾਇਆ ਹੈ। ਏਨੀ ਵੱਡੀ ਗਿਣਤੀ ਹੋਣ ਦੇ ਬਾਵਜੂਦ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੈਂਬਰਾਂ  ਦੀ ਕੁੱਲ ਗਿਣਤੀ ਕਿੰਨੀ ਹੈ? ਚੋਣਾਂ ਵੇਲੇ ਕਿੰਨੇ ਕੁ ਮੈਂਬਰ ਹਾਜ਼ਰ ਹੁੰਦੇ ਹਨ? ਜਿਹੜੇ ਵਿਦੇਸ਼ਾਂ ਵਿਚੋਂ ਨਹੀਂ ਪਹੁੰਚ ਸਕਦੇ ਉਹਨਾਂ ਦੀ ਵੋਟ ਲਈ ਕੀ ਪ੍ਰਬੰਧ ਹੁੰਦੇ ਹਨ? ਕੀ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਕਦੇ ਉਹਨਾਂ ਲੇਖਕਾਂ ਨੂੰ ਵੀ ਨਾਲ ਲਿਆ ਹੈ ਜਿਹੜੇ ਪੰਜਾਬੀ ਵੀ ਹਨ, ਪੰਜਾਬ ਵਿਚ ਰਹਿੰਦੇ ਵੀ ਹਨ ਪਰ ਇਤਫ਼ਾਕ ਨਾਲ ਹਿੰਦੀ ਵਿਚ ਵੀ ਲਿਖਦੇ ਹਨ। ਜੇਕਰ ਅਜਿਹਾ ਸਾਕਾਰਤਮਕ ਫੈਸਲਾ ਲਿਆ ਗਿਆ ਹੁੰਦਾ ਤਾਂ ਪੰਜਾਬ ਵਿੱਚ ਹੀ ਪੰਜਾਬ ਦੇ ਰਹਿਣ ਵਾਲੇ ਲੇਖਕਾਂ ਨੂੰ ਸਿਰਫ ਹਿੰਦੀ ਪ੍ਰੇਮ ਕਾਰਨ ਵੱਖਰੇ ਸੰਗਠਨ ਨਾ ਬਣਾਉਣੇ ਪੈਂਦੇ। 

ਇਸ ਵੇਲੇ ਇਕੱਲੇ ਲੁਧਿਆਣਾ ਵਿੱਚ ਹੀ ਪੰਜਾਬ ਅਤੇ ਪੰਜਾਬੀ ਨਾਲ ਜੁੜੇ ਹੋਏ ਹਿੰਦੀ ਲੇਖਕਾਂ ਦੇ ਕਈ ਸੰਗਠਨ ਸਰਗਰਮ ਹਨ। ਇਹਨਾਂ ਵਿੱਚ ਉਹਨਾਂ ਔਰਤਾਂ ਦੀ ਗਿਣਤੀ ਜ਼ਿਆਦਾ ਹੈ ਜਿਹੜੀਆਂ ਘਰ ਸੰਭਾਲਣ ਦੇ ਨਾਲ ਨਾਲ ਨੌਕਰੀ ਵੀ ਕਰਦੀਆਂ ਹਨ। ਸਾਹਿਤ ਵੀ ਰਚਦੀਆਂ ਹਨ। ਕਿਤਾਬਾਂ ਛਪਵਾਉਂਦੀਆਂ ਵੀ ਹਨ ਅਤੇ ਹਨ ਤਾਂ ਛਾਪਦੀਆਂ ਵੀ ਹਨ। ਔਰਤਾਂ ਦੀ  ਦੇਖਰੇਖ ਹੇਠ ਬਹੁਤ ਸਾਰੇ ਪ੍ਰਕਾਸ਼ਨ ਅਦਾਰੇ ਸਾਹਮਣੇ ਆਏ ਹਨ ਜਿਹੜੇ ਬਹੁਤ ਸ਼ਾਨਦਾਰ ਦਿੱਖ ਵਾਲਿਆਂ ਪੁਸਤਕਾਂ ਛਪਦੀਆਂ ਹਨ। ਇਸ ਸਨਅਤ ਵਿੱਚ ਤੇਜ਼ੀ ਨਾਲ ਨਾਮ ਕਮਾ ਰਹੀਆਂ ਇਹ ਔਰਤਾਂ ਸਥਾਪਿਤ ਹੀ ਚੁੱਕੀਆਂ ਸਾਹਿਤਿਕ ਸ਼ਖ਼ਸੀਅਤਾਂ ਵਾਂਗ ਹੀ ਪੁਸਤਕਾਂ ਦੀ ਰਿਲੀਜ਼ ਅਤੇ ਮੀਡੀਆ ਕਵਰੇਜ ਵੀ ਬੜੀ ਜ਼ਿੰਮੇਵਾਰੀ ਨਾਲ ਨਿਭਾਉਂਦੀਆਂ ਹਨ। ਉਹ ਵੀ ਬਿਨਾ ਦਾਰੂ ਸ਼ਾਰੂ ਅਤੇ ਹੋਰ ਫਿਜ਼ੂਲ ਖਰਚਿਆਂ ਦੇ। ਕੰਮ ਵੀ ਬੜੇ ਅਨੁਸ਼ਾਸਨ ਨਾਲ ਸਿਰੇ ਚੜ੍ਹਦਾ ਹੈ। ਪੁਸਤਕ ਛਾਪਣ, ਉਸਨੂੰ ਰਿਲੀਜ਼ ਕਰਨ ਅਤੇ ਉਸਦੀ ਚਰਚਾ ਕਰਾਉਣ ਵਿੱਚ ਇਹਨਾਂ ਮਹਿਲਾ ਪ੍ਰਕਾਸ਼ਕਾਂ//ਸੰਪਾਦਕਾਂ ਦਾ ਕੋਈ ਜੁਆਬ ਨਹੀਂ। 

ਇਸਦੇ ਨਾਲ ਹੀ ਹੁਣ ਹਿੰਦੀ ਭਵਨ ਦੀ ਮੰਗ ਵੀ ਉੱਠਣ ਲੱਗ ਪਈ ਹੈ। ਇਸ ਨੂੰ ਪੰਜਾਬੀ ਨਾਲ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਵੱਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਪਰ ਇਹ ਜ਼ਰੁਰ ਸੋਚਣ ਵਾਲੀ ਗੱਲ ਹੈ ਕਿ ਹਿੰਦੀ ਪ੍ਰੇਮੀ ਲੇਖਕਾਂ ਨੂੰ ਪੰਜਾਬੀ ਭਵਨ ਆਪਣਾ ਕਿਓਂ ਨਹੀਂ ਲੱਗਦਾ? ਉਹਨਾਂ ਨੂੰ ਏਥੇ ਕੀ ਵਿਤਕਰਾ ਮਹਿਸੂਸ ਹੁੰਦਾ ਰਿਹਾ ਹੈ? ਏਥੇ ਮਹਿਲਾਵਾਂ ਦੀ ਦੇਖ ਰੇਖ ਹੇਠ ਚੱਲਦੇ ਸਹਿਤਿਕ ਸੰਗਠਨਾਂ ਨੇ ਪੰਜਾਬੀ ਭਵਨ ਤੋਂ ਦੂਰੀ ਬਣਾਉਂਦਿਆਂ ਆਪੋ ਆਪਣੇ ਸਾਹਿਤਿਕ ਆਯੋਜਨ ਗੁਰੂ ਨਾਨਕ ਭਵਨ, ਸਤਲੁਜ ਕਲੱਬ ਅਤੇ ਕਈ ਵਾਰ ਤਾਂ ਕੁਝ ਨਿੱਜੀ ਹਸਪਤਾਲਾਂ ਦੇ ਹਾਲ ਕਮਰਿਆਂ ਵਿਚ ਕਰਵਾਏ। ਨਾਜ਼ ਸਾਹਿਬ ਦੀ ਦੇਖ ਰੇਖ ਅਤੇ ਪ੍ਰੇਰਨਾ ਨਾਲ  ਬਣੇ ਮਹਿਲਾ ਕਾਵਿ ਮੰਚ ਦੀਆਂ ਤਾਂ ਕਈ ਮੁਢਲੀਆਂ ਮੀਟਿੰਗਾਂ ਰਾਣੀ ਝਾਂਸੀ ਰੋਡ ਤੇ ਸਥਿਤ ਪੀ ਡਬਲਿਊ ਰੈਸਟ ਹਾਊਸ ਵਿੱਚ ਹੀ ਹੁੰਦੀਆਂ ਰਹੀਆਂ। ਚਾਹ ਪਾਣੀ ਦਾ ਖਰਚਾ ਸੰਗਠਨ ਦਾ ਬਾਕੀ ਕੋਈ ਖਰਚਾ ਹੀ ਨਹੀਂ। 

ਇਸ ਤਰ੍ਹਾਂ ਪੰਜਾਬੀ ਭਵਨ ਤੋਂ ਦੂਰੀ ਲਗਾਤਾਰ ਵਧ ਰਹੀ ਹੈ। ਕਿਉਂ ਹੋ ਰਿਹਾ ਹੈ ਅਜਿਹਾ। ਇਹ ਮਹਿਲਾ ਸੰਗਠਨ ਬਾਕਾਇਦਾ ਪੁਰਸ਼ ਵਰਗ ਦੀਆਂ ਨਵੀਆਂ ਕਲਮਾਂ ਨੂੰ ਵੀ ਉਤਸ਼ਾਹਿਤ ਕਰਦੇ ਹਨ। ਇਹ ਸੰਗਠਨ ਦੂਜਿਆਂ ਸ਼ਹਿਰਾਂ ਤੋਂ ਵੀ ਸਰਗਰਮ ਲੇਖਿਕਾਵਾਂ ਨੂੰ ਬੁਲਾ ਉਹਨਾਂ ਨਾਲ ਰੂਬਰੂ ਕਰਵਾਉਂਦੇ ਹਨ। ਪੰਜਾਬੀ, ਹਿੰਦੀ ਅਤੇ ਉਰਦੂ ਨਾਲ ਸਬੰਧਤ ਸ਼ਾਇਰਾਂ ਦੇ ਨਾਲ ਨਾਲ ਸਾਹਿਤਕ ਪੱਤਰਕਾਰੀ ਕਰਨ ਵਾਲਿਆਂ ਨੂੰ ਵੀ ਮੰਚ 'ਤੇ ਬੁਲਾ ਕੇ ਸਨਮਾਨਿਤ ਕਰਦੇ ਹਨ। ਇਸ ਤਰ੍ਹਾਂ ਇਹ ਲੋਕ ਬਿਨਾ ਕਿਸੇ ਸ਼ਹਿਰ ਸ਼ਰਾਬੇ ਅਤੇ ਵਿਵਾਦਾਂ ਦੇ ਸਾਹਿਤ ਸਾਧਨਾ ਨੂੰ ਸ਼ੁੱਧ ਸਾਹਿਤਿਕ ਭਾਵਨਾ ਨਾਲ ਅੱਗੇ ਲਿਜਾ ਰਹੇ ਹਨ। ਅਖੀਰ ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪੰਜਾਬੀ ਭਵਨ ਵਿਚ ਕੁਝ ਲੋਕਾਂ ਨੂੰ ਹਰ ਵਾਰ ਵਿਤਕਰੇ ਦਾ ਅਹਿਸਾਸ ਕਿਓਂ ਹੁੰਦਾ ਹੈ? ਹਰ ਵਾਰ ਮੰਚ 'ਤੇ ਆਉਣ ਵਾਲੇ ਅਤੇ ਸਨਮਾਨਿਤ ਕੀਤੇ ਜਾਣ ਵਾਲਿਆਂ ਦੇ ਨਾਂਵਾਂ ਦਾ ਅੰਦਾਜ਼ਾ ਪਹਿਲਾਂ ਤੋਂ ਹੀ ਕਿਓਂ ਲੱਗ ਜਾਂਦਾ ਹੈ? ਹਰ ਵਾਰ ਉਹੀ ਨਾਮ, ਉਹੀ ਗਰੁੱਪ, ਉਹੀ ਧੜੇ, ਉਹੀ ਗੱਲਾਂ, ਉਹੀ ਲਿਹਾਜ਼ਦਾਰੀਆਂ ਅਤੇ ਉਸੇ ਅੰਦਾਜ਼ ਨੂੰ ਦਰਸਾਉਂਦੀਆਂ ਤਸਵੀਰਾਂ ਕਿਓਂ? ਨਵੇਂ ਨਾਂਵਾਂ ਨੂੰ ਸਾਹਮਣੇ ਆਉਣ ਵਿਚ ਰੋਕਣ ਪਿਛੇ ਕੌਣ ਲੋਕ ਹਨ? 

ਕੀ ਹੁਣ ਸਾਹਿਤਿਕ ਸਮਾਗਮਾਂ ਵਿੱਚ ਚੌਧਰਪੁਣੇ ਤੋਂ ਰਿਟਾਇਰ ਹੋਣ ਲਈ ਉਮਰ ਦੀ ਕੋਈ ਹੱਦ ਨਿਸਚਿਤ ਕਰਨ ਦੀ ਲੋੜ ਹੈ? ਕਦੋਂ ਆਏਗੀ ਤਿਆਗ ਦੀ ਭਾਵਨਾ? ਕਦੋਂ ਵਧੇਗਾ ਸੱਚੇ ਦਿਲੋਂ ਆਪਸੀ ਸਦਭਾਵ? ਕਦੋਂ ਰੁਕਣਗੇ ਮੰਚ 'ਤੇ ਬੈਠਿਆਂ ਵੱਲੋਂ ਅੱਖਾਂ ਅੱਖਾਂ ਵਿੱਚ ਹੁੰਦੇ ਇਸ਼ਾਰੇ? ਕਦੋਂ ਆਏਗੀ ਉਮਰ ਦੇ ਨਾਲ ਨਾਲ ਸੱਚੀ ਸਿਆਣਪ ਅਤੇ ਪਰਿਪੱਕਤਾ? ਕਦੋਂ ਜਾਏਗੀ ਚਿਹਰਿਆਂ ਅਤੇ ਅੱਖਾਂ ਵਿੱਚੋਂ ਸਾਜ਼ਿਸ਼ੀ ਜਿਹੀ ਸ਼ਰਾਰਤ? ਕਦੋਂ ਮੁੜੇਗੀ ਇਹਨਾਂ ਕਲਮਕਾਰਾਂ ਦੇ ਚਿਹਰਿਆਂ 'ਤੇ, ਉਹ ਮਾਸੂਮੀਅਤ ਜਿਹੜੀ ਸੁਰਜੀਤ ਪਾਤਰ ਹੁਰਾਂ ਦੇ ਚਿਹਰੇ 'ਤੇ ਉਹਨਾਂ ਦੀ ਜਵਾਨੀ ਦੇ ਦਿਨਾਂ ਵਿੱਚ ਵੀ ਨਜ਼ਰ ਆਉਂਦੀ ਹੁੰਦੀ ਸੀ ਅਤੇ ਹੁਣ ਵੀ ਹੈ? ਪਰ ਇਹਨਾਂ ਚੌਧਰੀਆਂ ਦੇ ਚਿਹਰਿਆਂ ਤੋਂਕਦੋਂ ਦੀ ਗੁਆਚ ਚੁੱਕੀ ਹੈਕਿਓਂ ਕਿ ਇਹ ਮਾਸੂਮ ਰਹੇ ਵੀ ਨਹੀਂ। ਕਦੋਂ ਆਏਗੀ ਕਲਮਕਾਰਾਂ ਦੇ ਚਿਹਰਿਆਂ ਅਤੇ ਸ਼ਬਦਾਂ ਵਿੱਚ ਉਹ ਸੱਚੀ ਸਿਆਣਪ ਜਿਹੜੀ ਜਸਵੰਤ ਜ਼ਫ਼ਰ ਸਾਹਿਬ ਦੇ ਸ਼ਬਦਾਂ ਵਿਚ ਅੱਜ ਵੀ ਹੈ! ਕਦੋਂ ਆਏਗੀ ਉਹੀ ਸਾਫ਼ਗੋਈ ਅਤੇ ਖਰ੍ਹੇ ਅੰਦਾਜ਼ ਵਾਲੀ ਸੁਰ ਜਿਹੜੀ ਜਗਜੀਤ ਸਿੰਘ ਅਨੰਦ, ਬਾਬਾ ਗੁਰਬਖਸ਼ ਸਿੰਘ ਬੰਨੋਆਣਾ ਅਤੇ ਸਾਧੂ ਸਿੰਘ ਹਮਦਰਦ ਹੁਰਾਂ ਦੀ ਸ਼ਖ਼ਸੀਅਤ ਵਿੱਚ ਝਲਕਦੀ ਹੁੰਦੀ ਸੀ!

ਅਜਿਹੇ ਕਈ ਸੁਆਲ ਅਤੇ ਮਸਲੇ ਖੜੇ ਹੋਣ ਲੱਗ ਪਏ ਹਨ ਜਿਹਨਾਂ ਨੂੰ ਬਹੁਤ ਸਾਰੇ ਸਰਗਰਮ ਲੇਖਕ ਚੰਗੀ ਤਰ੍ਹਾਂ ਜਾਣਦੇ ਹਨ। ਚੰਗਾ ਹੋਵੇ ਜੇਕਰ ਕੇਂਦਰੀ ਪੰਜਾਬੀ ਲੇਖਕ ਸਭਾ ਵੀ ਸਿਆਸੀ ਪਾਰਟੀ ਦਾ ਸਾਹਿਤਿਕ ਵਿੰਗ ਬਣਨ ਦੀ ਥਾਂ ਕੇਵਲ ਅਤੇ ਕੇਵਲ ਸਾਹਿਤ ਨੂੰ ਪ੍ਰਤਿਬੱਧ ਹੋ ਕੇ ਚੱਲੇ। ਵਿਚਾਰਧਾਰਾ ਨਾਲ ਪ੍ਰਤਿਬਧਤਾ ਬਿਲਕੁਲ ਵੱਖਰੀ ਗੱਲ ਹੈ ਜਿਹੜੀ ਕਾਫੀ ਹੱਦ  ਤੱਕ ਜ਼ਰੁਰੀ ਵੀ ਹੈ ਪਰ ਸਾਹਿਤਿਕ ਸੰਗਠਨਾਂ ਨੂੰ ਕਿਸੇ ਵੀ ਸਿਆਸੀ ਪਾਰਟੀ ਦੀ ਕਾਰਬਨ ਕਾਪੀ ਨਹੀਂ ਬਣਨਾ ਚਾਹੀਦਾ। ਉਸਦੇ ਹਥ ਸਾਹਿਤ ਦਾ ਝੰਡਾ ਹੀ ਸੋਭਦਾ ਹੈ ਨਾ ਕਿ ਸਿਆਸਤ ਵਾਲਾ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸੀ ਪੀ ਆਈ, ਸੀ ਪੀ ਆਈ  ਐਮ ਅਤੇ ਪਾਸਲਾ ਵਾਲੀਆਂ ਪਾਰਟੀਆਂ ਤੋਂ ਬਾਅਦ ਲਿਬਰੇਸ਼ਨ ਵਾਲੇ, ਨਿਊ ਡੈਮੋਕ੍ਰੇਸੀ  ਵਾਲੇ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਾਲੇ ਵੀ ਆਪੋ ਆਪਣਾ ਝੰਡਾ ਬੁਲੰਦ ਕਰ ਸਕਦੇ ਹਨ। ਫਿਰ ਇਹਨਾਂ ਪਾਰਟੀਆਂ ਵੱਲੋਂ ਇਹਨਾਂ ਮੈਂਬਰ ਲੇਖਕਾਂ ਤੇ ਆਪੋ ਆਪਣੀ ਲੋੜ ਮੁਤਾਬਿਕ ਬੰਦਸ਼ਾਂ ਅਤੇ ਪਾਬੰਦੀਆਂ ਵੀ ਲਾਈਆਂ ਜਾ ਸਕਦੀਆਂ ਹਨ। ਫਲਾਂ ਗੀਤ ਲਿਖਣਾ ਹੈ, ਫਲਾਂ ਗੀਤ ਵਾਪਿਸ ਲੈਣਾ ਹੈ, ਫਲਾਂ ਕਹਾਣੀ ਦਾ ਅੰਤ ਵਾਲਾ ਦ੍ਰਿਸ਼ ਬਦਲਣਾ ਹੈ ਅਤੇ ਫਲਾਂ ਨਾਟਕ ਨੂੰ ਫਿਲਹਾਲ ਵਾਪਿਸ ਲੈਣਾ ਹੈ। ਇਸਦੇ ਨਾਲ ਹੀ ਫਲਾਣੀ ਪਾਰਟੀ ਦਾ ਗੁਣਗਾਣ ਕਰਨਾ ਹੈ ਅਤੇ ਫਲਾਣੀ ਪਾਰਟੀ ਦਾ ਤਵਾ ਲਾਉਣਾ ਹੈ। 

ਜੇਕਰ ਇਹ ਡਰਾਉਣਾ ਜਿਹਾ ਸੁਫ਼ਨਾ ਸਾਕਾਰ ਹੋ ਗਿਆ ਅਤੇ ਲੇਖਕ ਵਿਚਾਰੇ ਨੀਂਵੀਂ ਪਾਈ ਆਪੋ ਆਪਣੀਆਂ ਪਾਰਟੀਆਂ ਦੇ ਦਫਤਰਾਂ ਵਿੱਚ ਬੈਠੇ ਜਾਂ ਦਰਵਾਜ਼ਿਆਂ ਵਿੱਚ ਦਹਿਲੀਜ਼ਾਂ ਤੇ ਖੜੋਤੇ ਹੋਏ ਇਹਨਾਂ ਹੁਕਮਾਂ ਮੁਤਾਬਿਕ ਕੰਮ ਕਰਦੇ ਹੋਏ ਤਾਂ ਆਪਾਂ ਵੀ ਕੀ ਕਰ ਸਕਾਂਗੇ ਸਿਵਾਏ ਪ੍ਰੋਫੈਸਰ ਮੋਹਨ ਸਿੰਘ ਦੀਆਂ ਸਤਰਾਂ ਨੂੰ ਯਾਦ ਕਰਨ ਦੇ ਜਿਹਨਾਂ ਵਿਚ ਉਹ ਆਖਿਆ ਕਰਦੇ ਸਨ:

ਕੋਲ ਮਾਲਕ ਓਸਦਾ

ਆਖੇ ਜਾਇਦਾਦ ਦੇ ਮੋਢੇ ਨੂੰ ਫੜ:

ਮੇਰੀ ਹੈ ਇਹ ਜਾਏਦਾਦ

ਮੈਂ ਹਾਂ ਮਾਲਕ ਏਸਦਾ

ਮਨੂੰ ਦਾ ਕਾਨੂੰਨ ਵੀ ਮੇਰੀ ਤਰਫ਼

ਵੇਲੇ ਦੀ ਸਰਕਾਰ ਵੀ

ਪੈਸੇ ਦੀ ਛਣਕਾਰ ਵੀ

ਧਰਮ ਲੋਕਾਚਾਰ ਵੀ

ਦਿਲ ਨਹੀਂ ਤੇ ਨਾ ਸਹੀ

ਦੇਖਾਂਗਾ ਪਰ ਕਿਸ ਤਰ੍ਹਾਂ ਸੋਹਣਾ ਇਹ ਮਹਿਲ

ਮੈਨੂੰ ਉਹਲਾ ਦੇਣ ਤੋਂ ਕਰਦਾ ਹੈ ਨਾਂਹ

ਵਿਚ ਸਿਆਲੇ ਕਿਸ ਤਰ੍ਹਾਂ ਦੇਂਦਾ ਨ ਨਿੱਘ

ਵਿਚ ਹੁਨਾਲੇ ਕਿਸ ਤਰ੍ਹਾਂ ਕਰਦਾ ਨਾ ਛਾਂ ।

ਕਿੱਦਾਂ ਸੋਨਾ ਪਾਇਆਂ ਸਜਦਾ ਨਹੀਂ,

ਕਿੱਦਾਂ ਰੇਸ਼ਮ ਕੱਜਿਆਂ ਫਬਦਾ ਨਹੀਂ ।

ਸਾਹਵੇਂ ਆਸ਼ਕ ਓਸਦਾ--------

ਜੇਕਰ ਅਹੁਦਿਆਂ ਨਾਲ ਲਗਾਓ ਅਤੇ ਲਾਲਚ ਨਾ ਰੁਕਿਆ ਤਾਂ ਫੇਰ ਇਹੀ ਕੁਝ ਹੋਣ ਵਾਲਾ ਜਾਪਦਾ ਹੈ। ਬਸ ਖਾਲੀ ਜਜ਼ਬਾਤੀ ਜਿਹਾ ਰਸਤਾ ਬਚ ਸਕੇਗਾ ਸ਼ਾਇਦ--

ਸਾਹਵੇਂ ਆਸ਼ਕ ਓਸਦਾ

ਨਾਲ ਦਿੜ੍ਹਤਾ ਸੋਚਦਾ,

ਹੋਇਆ ਕੀ ਜੇ ਬਣ ਗਈ ਇਹ ਜਾਇਦਾਦ

ਹੋਇਆ ਕੀ ਜੇ ਸੈਲ ਪੱਥਰ ਹੋ ਗਈ

ਹੋਇਆ ਕੀ ਜੇ ਜਵਾਲਾ ਮੇਰੇ ਇਸ਼ਕ ਦੀ

ਇਸਨੂੰ ਅਜ ਪਿਘਲਾ ਸਕਣ ਜੋਗੀ ਨਹੀਂ

ਹੋਰ ਇਸ ਅਗਨੀ ਨੂੰ ਭੜਕਾਵਾਂਗਾ ਮੈਂ

ਜੁਗ ਪਲਟ ਕੇ ਫਿਰ ਕਦੀ ਆਵਾਂਗਾ ਮੈਂ

ਰਾਮ ਵਾਂਗੂੰ ਇੱਕੋ ਛੋਹ-ਲੂੰਬੇ ਦੇ ਨਾਲ

ਇਸ ਅਹਿਲਿਆ ਨੂੰ ਲਵਾਂਗਾ ਫਿਰ ਜਿਵਾਲ।

ਜੁਗਾਂ ਜੁੱਗਾਂ ਤੀਕ ਲਟਕ ਜਾਏਗੀ ਇਸ ਮੁਕਤੀ ਦੀ ਗੱਲ...ਅਸੀਂ ਫਿਰ ਮਾਤ ਖਾ ਜਾਵਾਂਗੇ---ਸਾਡੇ ਕੋਲ ਬੁਲੰਦ ਅਤੇ ਸੁਤੰਤਰ ਬਾਗੀ ਸੁਰ ਵਾਲੇ ਪਾਸ਼ ਵਰਗੇ ਸ਼ਾਇਰ ਪਹਿਲਾਂ ਹੀ ਬਹੁਤ ਘੱਟ ਹਨ। ਵਰਿਆਮ ਮਸਤ ਹੁਰਾਂ ਦੀ ਟਿੱਪਣੀ ਹਲੂਣਾ ਦੇਂਦੀ ਹੈ:

Waryam Mast:    ਇਹ ਚੋਣਾਂ ਵਗੈਰਾ ਸੱਭ ਬਕਵਾਸ ਹੈ। ਬਹੁਤੇ ਲੇਖਕ ਤਾਂ ਸਾਰਾ ਦਿਨ ਭਾਸ਼ਾ ਵਿਭਾਗ ਪੰਜਾਬ ਸਰਕਾਰ ਤੇ ਸਰਕਾਰੀ ਅਫਸਰਾਂ ਦੀਆਂ ਜੁੱਤੀਆਂ ਚੱਟਦੇ ਰਹਿੰਦੇ ਨੇ । ਕਿਤਾਬਾਂ ਦੇ ਝੋਲੇ ਭਰਕੇ ਅਫ਼ਸਰਾਂ ਨੂੰ ਭੇਟ ਕਰਦੇ ਨੇ ਕਿ ਕੋਈ ਇਨਾਮ ਮਿਲ ਜਾਏ

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday 11 September 2023

ਜੋ ਕਹੀ ਗਈ ਨ ਹਮਸੇ-ਵੋ ਜ਼ਮਾਨਾ ਕਹਿ ਰਹਾ ਹੈ!

Posted on 12th September 2023 at 09:30 PM                   Updated on 14th September 2023 at 02:23 AM

ਕਿ ਫਸਾਨਾ ਬਣ ਗਈ ਹੈ; ਯੇਹ ਬਾਤ ਟਲਤੇ ਟਲਤੇ! 


ਲੁਧਿਆਣਾ: 11 ਸਤੰਬਰ 2023: (ਸਾਹਿਤ ਸਕਰੀਨ ਡੈਸਕ)::

ਇੱਕ  ਵੇਰਾਂ ਕਿਸੇ ਆਮ ਮਧ ਵਰਗੀ ਨੇ ਮਕਾਨ ਬਣਾਉਣ ਲਈ ਬੈਂਕ ਨੂੰ ਕਰਜ਼ੇ ਲਈ ਅਰਜ਼ੀ ਦਿੱਤੀ। ਉਸਨੇ ਬਥੇਰੇ ਚੱਕਰ ਵੀ ਮਾਰੇ ਪਰ ਫਾਈਲ ਅੱਗੇ ਨਾ ਤੁਰੀ। ਇਸੇ ਦੌਰਾਨ ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਜਾਂਦਾ ਗੁਰਬਾਣੀ ਪੜ੍ਹਦਾ ਅਤੇ ਉਸ ਬਾਣੀ ਦੀ ਰੌਸ਼ਨੀ ਵਿੱਚ ਖੁਦ ਨੂੰ ਹੌਂਸਲਾ ਦੇਂਦਾ। ਇਹੀ ਹੌਂਸਲਾ ਸ਼ਕਤੀ ਬਣ ਕੇ ਉਭਰਦਾ ਰਿਹਾ। ਉਸਦੇ ਕੰਮ ਸੰਵਰਨ ਲੱਗੇ।

ਇੱਕ ਦਿਨ ਉਸੇ ਗੁਰਦੁਆਰੇ ਪ੍ਰਬੰਧਕਾਂ ਦੀ ਨਵੀਂ ਟੀਮ ਲਈ ਕੋਈ ਹੰਗਾਮੀ ਮੀਟਿੰਗ ਬੁਲਾਈ ਗਈ ਸੀ। ਮੀਟਿੰਗ ਵਿਚ ਪ੍ਰਧਾਨਗੀ ਦੇ ਮੁਦੇ ਤੇ ਆ ਕੇ ਗੱਲ ਰੁਕ ਗਈ। ਅਚਾਨਕ ਪ੍ਰਬੰਧਕਾਂ ਨੂੰ ਖਿਆਲ ਆਇਆ ਕਿ ਜਿਹੜਾ ਬੰਦਾ ਹਰ ਰੋਜ਼ ਨੇਮ ਨਾਲ ਗੁਰਦੁਆਰਾ ਸਾਹਿਬ ਆਉਂਦਾ ਹੈ ਬੜੇ ਆਦਰ ਸਤਿਕਾਰ ਨਾਲ ਮੱਥਾ ਟੇਕਦਾ ਹੈ, ਗੁਰਬਾਣੀ ਸੁਣਦਾ ਹੈ, ਕਿਸ ਹੋਰ ਗੱਲ ਵੱਲ ਧਿਆਨ ਨਹੀਂ ਦੇਂਦਾ ਉਸੇ ਨੂੰ ਹੀ ਪ੍ਰਧਾਨ ਬਣਾਉਣਾ ਉਚਿਤ ਰਹੇਗਾ। ਜਦੋਂ ਵਿਵਾਦਿਤ ਬੰਦਿਆਂ ਵਿੱਚੋਂ ਕਿਸੇ ਬਾਰੇ ਸਰਬਸੰਮਤੀ ਬਣ ਗਈ ਉਦੋਂ ਬਦਲ ਦਿਆਂਗੇ। ਅਖੀਰ ਉਸ ਨੂੰ ਪ੍ਰਧਾਨ ਬਣਾ ਦਿੱਤਾ ਗਿਆ। 

ਉਸਨੇ ਬੜੇ ਉਤਸ਼ਾਹ ਨਾਲ ਗੁਰਦੁਆਰਾ ਸਾਹਿਬ ਦੀ ਬੇਹਤਰੀ ਦੇ ਕੰਮਾਂ ਵੱਲ ਉਚੇਚ ਨਾਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਉਸ ਨੂੰ ਪ੍ਰਧਾਨਗੀ ਦੇ ਨਾਲ ਨਾਲ ਇਹਨਾਂ ਚੰਗੇ ਉਪਰਾਲਿਆਂ ਦੀਆਂ ਵੀ ਵਧਾਈਆਂ ਮਿਲਣ ਲੱਗੀਆਂ। ਤੀਜੇ ਕੁ ਦਿਨ ਉਸੇ ਬੈਂਕ ਦਾ ਮੈਨੇਜਰ ਵੀ ਆਪਣੀ ਟੀਮ ਦੇ ਨਾਲ ਮਠਿਆਈ ਦਾ ਡੱਬਾ ਲੈ ਕੇ ਵਧਾਈ ਦੇਣ ਆਇਆ। 

ਚਾਹ ਪਾਣੀ ਦੌਰਾਨ ਉਸਨੇ ਇੱਕ ਫਾਈਲ ਵੀ ਪ੍ਰਧਾਨ ਸਾਹਿਬ ਵੱਲ ਵਧਾਈ ਕਿ ਤੁਸੀਂ ਕਰਜ਼ੇ ਲਈ ਅਪਲਾਈ ਕੀਤਾ ਸੀ। ਉਹ ਮਨਜ਼ੂਰ ਹੋ ਗਿਆ ਹੈ ਇਹ ਹਨ ਕਾਗਜ਼ ਪੱਤਰ। ਇਹ ਸੁਣ ਕੇ ਪ੍ਰਧਾਨ ਜੀ ਵੀ ਹੈਰਾਨ ਹੋ ਕਿਓਂਕਿ ਕਈ ਮਹੀਨੇ ਪਹਿਲਾਂ ਵਾਲੀ ਇਸ ਅਰਜ਼ੀ ਨੂੰ ਉਹ ਭੁੱਲ ਭੁਲਾ ਵੀ ਗਏ ਸਨ ਅਤੇ ਆਸ ਵੀ ਲਾਹ ਚੁੱਕੇ ਸਨ। 

ਫਿਰ ਵੀ ਪ੍ਰਧਾਨ ਜੀ ਨੇ ਸ਼ੁਕਰੀਆ ਅਦਾ ਕਰਦਿਆਂ ਫਾਈਲ ਨੂੰ ਇੱਕ ਨਜ਼ਰ ਦੇਖਿਆ ਅਤੇ ਫਾਈਲ ਇਹ ਕਹਿੰਦਿਆਂ ਵਾਪਿਸ ਕਰ ਦਿੱਤੀ ਕਿ ਹੁਣ ਤਾਂ ਉਹਨਾਂ ਦਾ ਮਕਾਨ ਬਣ ਵੀ ਚੁੱਕਿਆ ਹੈ ਅਤੇ ਉਹ ਉਸੇ ਵਿੱਚ ਰਹਿ ਵੀ ਰਹੇ ਹਨ ਇਸ ਲਈ ਹੁਣ ਤਾਂ ਕਰਜ਼ੇ ਦੀ ਲੋੜ ਹੀ ਕੋਈ ਨਹੀਂ। ਇਸ 'ਤੇ ਬੈਂਕ ਵਾਲਿਆਂ ਨੇ ਕੋਸ਼ਿਸ਼ ਕੀਤੀ ਕਿ ਫਿਰ ਵੀ ਲੈ ਲਿਆ ਜਾਵੇ ਪਰ ਗੱਲ ਨਹੀਂ ਬਣੀ

ਗੱਲ ਹੱਥੋਂ ਨਿਕਲਦੀ ਦੇਖ ਕੇ ਮੈਨੇਜਰ ਸਾਹਿਬ ਨੇ ਤੁਰੰਤ ਕਿਹਾ ਫਿਰ ਤੁਸੀਂ ਸਾਡੀ ਇੱਕ ਫੇਵਰ ਹੀ ਕਰੋ। ਤੁਹਾਡੇ ਗੁਰਦੁਆਰਾ ਸਾਹਿਬ ਦੀ  ਗੋਲਕ ਵਿੱਚ ਅੰਦਾਜ਼ਨ ਏਨੀ ਕੁ ਰਕਮ ਹਰ ਰੋਜ਼, ਏਨੀ ਕੁ ਹਰ ਹਫਤੇ ਅਤੇ ਏਨੀ ਕੁ ਹਰ ਮਹੀਨੇ ਆਉਂਦੀ ਹੈ। ਸ਼ਾਇਦ ਬੈਂਕ ਵਾਲਿਆਂ ਨੇ ਪੂਰੀ ਤਰ੍ਹਾਂ ਕੋਈ ਨਿਗਰਾਨ ਲੈ ਕੇ ਮੁਆਇਨਾ ਪਹਿਲਾਂ ਹੀ ਕਰ ਲਿਆ ਹੋਇਆ ਸੀ। ਮੈਨੇਜਰ ਸਾਹਿਬ ਨੇ ਬੇਨਤੀ ਕੀਤੀ ਕਿ ਚੰਗਾ ਹੋਵੇ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਦਾ ਖਾਤਾ ਸਾਡੇ ਬੈਂਕ ਵਿੱਚ ਖੁਲਵਾ ਦਿਓ। ਅਸੀਂ ਇਸਦੇ ਬਦਲੇ ਬਹੁਤ ਸਾਰੀਆਂ ਸਹੂਲਤਾਂ ਵੀ ਦਿਆਂਗੇ। ਪ੍ਰਧਾਨ ਜੀ ਹੈਰਾਨ ਸਨ ਕਿ ਗੁਰੂ ਘਰ ਦੀ ਬਖਸ਼ਿਸ਼ ਨਾਲ ਖੂਹ ਖਾਤੇ ਪਏ ਕੰਮ ਵੀ ਕਿਵੇਂ ਬਣਨ ਲੱਗ ਪੈਂਦੇ ਹਨ। ਇਹ ਸੱਚੀ ਗੱਲ ਮੈਨੂੰ ਕਿਸੇ ਮਿੱਤਰ ਨੇ ਸੱਤ ਕੁ ਸਾਲ ਪਹਿਲਾਂ ਸੁਣਾਈ ਸੀ। ਥਾਂ ਅਤੇ ਨਾਮ ਮੈਂ ਯਾਦ ਵੀ ਨਹੀਂ ਰੱਖੇ ਪਰ ਬੈਂਕ ਵਾਲਿਆਂ ਦੀ ਕਰਗੁਜ਼ਾਰੀ ਦਾ ਮੈਂ ਵੀ ਦੀਵਾਨਾ ਬਣ ਗਿਆ। ਕਿੰਨੀ ਡੂੰਘੀ ਜਾਂਚ ਪੜਤਾਲ ਕਰਦੇ ਹਨ ਅੱਜਕਲ! ਇਹ ਗੱਲ ਵੱਖਰੀ ਹੈ ਕਿ ਸਿਆਸੀ ਸਿਫਾਰਸ਼ਾਂ ਵਾਲੇ ਬਾਹੂਬਲੀ ਫਿਰ ਵੀ ਵੱਡੇ ਕਰਜ਼ੇ ਲੈ ਕੇ ਦੌੜ ਜਾਂਦੇ ਹਨ। 

ਫਿਰ ਪਤਾ ਲੱਗਿਆ ਕਿ ਹੋਰਨਾਂ ਸੰਸਥਾਵਾਂ ਵਾਲੀਆਂ ਪ੍ਰਧਾਨਗੀਆਂ ਨੂੰ ਵੀ ਇਹ ਫਾਇਦੇ ਅਕਸਰ ਹੀ ਮਿਲ ਜਾਂਦੇ ਹਨ ਬਸ਼ਰਤੇ ਇਹਨਾਂ ਸੰਸਥਾਵਾਂ ਕੋਲ ਮਾਇਆ ਦਾ ਆਉਣਾ ਜਾਣਾ ਲੱਗਿਆ ਰਹੇ। ਇਹਨਾਂ ਪ੍ਰਧਾਨਗੀਆਂ ਵਿੱਚ ਸਿਰਫ ਗੁਰਦੁਆਰੇ ਹੀ ਨਹੀਂ ਮੰਦਰ ਵਗੈਰਾ ਵੀ ਸ਼ਾਮਲ ਹੁੰਦੇ ਹਨ। ਜ਼ਿਆਦਾ ਚੜ੍ਹਾਵੇ ਵਾਲੇ ਡੇਰੇ, ਦਰਗਾਹਾਂ, ਪੀਰਖਾਨੇ ਅਤੇ ਸਮਾਧਾਂ ਵੀ। ਇਥੇ ਲੱਗਣ ਵਾਲੇ ਮੇਲਿਆਂ ਦੌਰਾਨ ਵੀ ਬੇਸ਼ੁਮਾਰ ਮਾਇਆ ਆਉਂਦੀ ਅਤੇ ਖਰਚ  ਹੁੰਦੀ ਹੈ। ਕੁਝ ਅਜਿਹੀ ਹੀ ਬਖਸ਼ਿਸ਼ ਵੱਡੇ ਮੀਡੀਆ ਅਦਾਰਿਆਂ ਅਤੇ ਪ੍ਰਕਾਸ਼ਨ ਘਰਾਂ ਨੂੰ ਵੀ ਮਿਲ ਜਾਇਆ ਕਰਦੀ ਹੈ। ਸਾਹਿਤਕ ਸੰਸਥਾਵਾਂ ਅਤੇ ਸਭਾਵਾਂ ਨੂੰ ਵੀ ਇਸਦੇ ਕਈ ਫਾਇਦੇ ਹੁੰਦੇ ਹਨ। ਸੋ ਜਿਊਂ ਹੀ ਕੋਈ ਵਿਸ਼ੇਸ਼ ਅਹੁਦਾ ਹੱਥ ਆਉਂਦਾ ਹੈ ਤਾਂ ਫਾਇਦਿਆਂ ਦੀ ਕਤਾਰ ਵੀ ਮਗਰੇ ਮਗਰ ਤੁਰੀ ਆਉਂਦੀ ਹੈ। ਹੁਣ ਉਹ ਕਿਹੜੇ ਕਿਹੜੇ ਫਾਇਦੇ ਹੁੰਦੇ ਹਨ ਇਹਨਾਂ ਦੀ ਚਰਚਾ ਵੀ ਜਲਦੀ ਕਿਸੇ ਵੱਖਰੀ ਪੋਸਟ ਵਿਚ ਹੋਵੇਗੀ ਫਿਲਹਾਲ ਸਾਹਿਤਿਕ ਸੰਗਠਨਾਂ ਦੇ ਮੌਜੂਦਾ ਦੌਰ ਬਾਰੇ ਚਰਚਾ ਕਰਦੇ ਹਾਂ। ਇਹ ਸਾਹਿਤਿਕ ਸੱਭਿਆਚਾਰਕ ਚੋਣਾਂ ਵੀ ਮਾਇਆ ਦੇ ਯੁਗ ਵਿਚ ਨਫ਼ੇ ਨੁਕਸਾਨ ਵਾਲੀ ਸੋਚ ਤੋਂ ਪ੍ਰਭਾਵਿਤ ਹੁੰਦੀਆਂ ਹੀ ਹਨ। ਇਹ ਅੱਜ ਦੇ ਮੌਜੂਦਾ ਦੌਰ ਵਿਚ ਆਮ ਗੱਲ ਹੈ। ਇਕੱਲੀ ਸੇਵਾ ਤਾਂ ਕੌਣ ਕਰਦਾ ਹੈ ਅੱਜਕਲ੍ਹ! ਹੁਣ ਸੋਚਣਾ ਚਾਹੀਦਾ ਹੈ ਕਿ ਕੀ ਅਜਿਹੇ ਫਾਇਦਿਆਂ ਨੂੰ ਪਾਰਦਰਸ਼ੀ ਬਣਾਇਆ ਜਾ ਸਕਦਾ ਹੈ? ਜੇ ਗੱਲ ਜਚਦੀ ਨਾ ਲੱਗੇ ਤਾਂ ਕੀ ਅਹੁਦੇਦਾਰਾਂ 'ਤੇ ਅਜਿਹੇ ਫਾਇਦੇ ਲਾਉਣ 'ਤੇ ਰੋਕ ਲਾਈ ਜਾ ਸਕਦੀ ਹੈ? ਕੀ ਅਹੁੱਦਾਰ ਦਾ ਕੰਮ ਸਿਰਫ ਨਿਜੀ ਫਾਇਦੇ ਲੈਣਾ ਹੋਣਾ ਚਾਹੀਦਾ ਹੈ ਜਾਂ ਫਿਰ ਅਜਿਹੇ ਫਾਇਦੇ ਸਾਰੇ ਮੈਂਬਰਾਂ ਦੁਆਏ ਜਾਣੇ ਚਾਹੀਦੇ ਹਨ?

ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਦੇ ਨਤੀਜਿਆਂ ਬਾਰੇ ਚਰਚਾ ਚੱਲੀ ਪ੍ਰਸਿੱਧ ਲੋਕ ਪੱਖੀ ਸ਼ਾਇਰਾ ਪਾਲ ਕੌਰ ਨੇ ਵੀ ਆਪਣੀ ਟਿੱਪਣੀ ਦਰਜ ਕਰਾਈ ਹੈ। ਉਹਨਾਂ ਕਿਹਾ ਹੈ:

ਇਸ ਲਈ ਗੱਲ ਸਿਰਫ ਅਹੁਦਿਆਂ ਦੀ ਤਾਂ ਨਹੀਂ ਹੁਣ। 

ਚੋਣਾਂ ਦੀ ਸਿਆਸਤ ਦਾ ਡੰਗਿਆ ਦੇਸ਼ ਖ਼ਤਰੇ ਵਿਚ ਹੈ, ਪਰ ਅਸੀਂ ਲੇਖਕ ਵੀ ?

ਕੀ ਇਸ ਤਰ੍ਹਾਂ ਕੋਈ ਲਿਖ ਸਕਦਾ ਹੈ ? ਜੇ ਲਿਖੇਗਾ ਤਾਂ ਉਹ ਲਿਖਤ ਕੀ ਸੇਧ ਦੇਵੇਗੀ ?

ਜੇ ਅਸੀਂ ਲੇਖਕ ਬੈਠ ਕੇ ਫੈਸਲਾ ਨਹੀਂ ਕਰ ਸਕਦੇ ਤਾਂ ਨੇਤਾਵਾਂ ਤੋਂ ਕੀ ਉਮੀਦ ਕਰਨੀ ?

ਅੱਜ ਕਲ ਸੰਸਦ ਵਿਚ ਰੌਲੇ ਰੱਪੇ ਵਿਚ ਹੱਥ ਖੜ੍ਹੇ ਕਰ ਕੇ ਵੱਡੇ ਵੱਡੇ ਕਾਨੂੰਨ ਪਾਸ ਹੋ ਜਾਂਦੇ ਹਨ,

ਕੀ ਅਸੀਂ ਵੀ ਸੰਵਾਦ ਤੋਂ ਦੂਰ ਹੋ ਗਏ ਹਾਂ ? ਬਿਨਾ ਮੁਕਾਬਲਾ ਜੇਤੂ ਕਹਿਣਾ ਮੁਕਾਬਲੇ ਦਾ ਮਜ਼ਾਕ 

ਹੈ ਤੇ ਮੁਕਾਬਲੇ ਤੋਂ ਬਾਹਰ ਹੋ ਜਾਣਾ ਵੀ ਕੋਈ ਹੱਲ ਨਹੀਂ।--

ਇਸੇ ਵਿਸ਼ੇ ਤੇ ਇੰਦਰਜੀਤ ਸਿੰਘ ਪੁਰੇਵਾਲ ਨੇ ਸਪਸ਼ਟ ਸ਼ਬਦਾਂ ਵਿੱਚ ਬੜੀ ਗੰਭੀਰ ਟਿੱਪਣੀ ਕਰਦਿਆਂ ਕਿਹਾ ਕਿ 

ਜਿਸ ਦੀ ਜੇਬ ‘ਚ ਸੈਂਕੜਿਆਂ ਦੀ ਵੱਡੀ ਗਿਣਤੀ ਵਿੱਚ ਜਾਅਲੀ ਵੋਟਾਂ ਹੋਣ , ਉਹ ਸਰਬ-ਸੰਮਤੀ ਲਈ ਨਹੀਂ ਮੰਨੇਗਾ, ਵਿਰੋਧੀ ਧਿਰ ਦਾ ਫੈਸਲਾ ਵਧੀਆ ਹੈ , ਬੜੀ ਬੁਰੀ ਤਰਾਂ ਹਾਰ ਕੇ ਲਾ- ਲਾ-ਲਾ ਕਰਵਾਉਣ ਨਾਲੋਂ ਇਹ ਚੰਗਾ ਕੀਤਾ ਸਿਆਣੇ ਬੰਦਿਆਂ ਨੇ ਪਾਸੇ ਹਟ ਜਾਣਾ ਠੀਕ ਸਮਝਿਆ…

ਜੇਕਰ ਅਜਿਹਾ ਹੈ ਤਾਂ ਹਾਲ ਹੀ ਵਿਚ ਹੋਈਆਂ ਚੋਣਾਂ ਦੇ ਨਤੀਜੇ ਰੱਦ ਕਰ ਕੇ ਮੈਂਬਰਸ਼ਿਪ ਦੀ ਸਕਰੀਨਿੰਗ ਹੋਣੀ ਚਾਹੀਦੀ ਹੈ ਅਤੇ ਚੋਣਾਂ ਛੇ ਕੁ ਮਹੀਨੇ ਬਾਅਦ ਨਵੇਂ ਸਿਰਿਓਂ ਕਾਰਵਾਈਆਂ ਜਾਣੀਆਂ ਚਾਹੀਦੀਆਂ ਹਨ। 

ਚਲੰਤ ਘਟਨਾਵਾਂ ਬਾਰੇ ਬੇਬਾਕ ਟਿੱਪਣੀਆਂ ਕਰਨ ਵਾਲੇ ਮੋਹਾਲੀ ਵਿੱਚ ਰਹਿੰਦੇ ਸਰਗਰਮ ਬੁੱਧੀਜੀਵੀ ਪਾਲੀ ਭੁਪਿੰਦਰ ਸਿੰਘ ਹੁਰਾਂ ਨੇ ਵੀ ਕਿਹਾ:

ਕੇਂਦਰੀ ਪੰਜਾਬੀ ਲੇਖਕ ਸਭਾ ਦੀ ਚੋਣ… ਮੈਨੂੰ ਪੰਜਾਬੀ ਸਾਹਿਤ ਬਾਰੇ ਆਪਣੀ ਜਾਣਕਾਰੀ ‘ਤੇ ਸ਼ਰਮ ਆ ਰਹੀ ਹੈ। ਕਿੰਨੇ ਉਮੀਦਵਾਰ ਅਜਿਹੇ ਸਨ, ਜਿਨ੍ਹਾਂ ਦਾ ਮੈਂ ਬਤੌਰ ਲੇਖਕ ਨਾਂ ਤੱਕ ਨਹੀਂ ਸਾਂ ਜਾਣਦਾ। 

ਤੇ ਮੈਨੂੰ ਪੂਰੀ ਉਮੀਦ ਹੈ, ਉਹ ਵੀ ਮੇਰਾ ਨਾਂ ਤੱਕ ਨਹੀਂ ਜਾਣਦੇ ਹੋਣੇ।

"ਗੱਗ ਬਾਣੀ" ਵੱਜੋਂ ਮਸ਼ਹੂਰ ਹੋਣ ਵਾਲੇ ਸੁਰਜੀਤ ਗਗ ਕਾਵਿ ਰੂਪ ਵਿੱਚ ਕਹਿੰਦੇ ਹਨ:

ਲੇਖਕ ਸਭਾ ਦੀਆਂ ਚੋਣਾਂ ਹੋਈਆਂ

ਜਾਂ ਮੰਜੀ ਦੀਆਂ ਦੋਣਾਂ ਹੋਈਆਂ?

ਕੱਸੇ ਕੋਈ ਤੇ ਪੈ ਜਏ ਕੋਈ

ਖੜ੍ਹਾ ਸਮੱਤਦਾ ਰਹਿ ਜੇ ਕੋਈ। 

ਇੱਕ ਆਂਹਦੇ ਨੇ ਲੜਦੇ ਕਿਉਂ ਨਹੀਂ

ਲੱਤਾਂ ਏ ਤੇ ਖੜ੍ਹਦੇ ਕਿਉਂ ਨਹੀੰ?

ਦੂਜੇ ਆਂਹਦੇ ਕੀ ਲੜਾਈ

ਤੂੰ ਮੇਰਾ ਮੈਂ ਤੇਰਾ ਬਾਈ। 

ਜੇਕਰ ਕਲਮਾਂ ‘ਕੱਠੀਆਂ ਹੋਈਆਂ

ਫਿਰ ਕਿਉਂ ਮੁੱਕੀਆਂ ਵੱਟੀਆਂ ਹੋਈਆਂ?

ਲਿੱਪੇ ਮੂੰਹਾਂ ਪੌਡਰ ਦੀ ਗੱਲ

ਕੀ ਇਹ ਵੀ ਐ ਚੌਧਰ ਦੀ ਗੱਲ?

ਮੰਟੋ, ਗੱਗ ਤਰੀਕਾਂ ਭੁਗਤਣ

ਇਹ ਸਭਾਵਾਂ ਲੀਕਾਂ ਭੁਗਤਣ। 

ਗੱਲ ਕੋਈ ਹੋ ਜਏ, ਬਿਆਨ ਦੇ ਦਿਓ

ਜਾਂ ਇੱਕ-ਦੋ ਕੁ, ਕਲਾਮ ਦੇ ਦਿਓ।

ਨਾਲ ਖੜ੍ਹੇ ਪਰ ਨਾਲ ਨਹੀਂ ਦੀਂਹਦੇ

ਲਾਲਾਂ ‘ਚੋਂ ਵੀ ਲਾਲ ਨਹੀਂ ਦੀਂਹਦੇ। 

ਕਿੰਝ ਕੋਈ ਖੁੱਲ੍ਹ ਕੇ ਲਿਖ ਜਾਵੇਗਾ

ਕਿਉਂ ਨਹੀਂ ਲ੍ਹਿਫ਼ਾਇਆਂ ਲ੍ਹਿਫ਼ ਜਾਵੇਗਾ?

ਜ਼ਿਲਾ ਕੋਈ ਤਹਿਸੀਲ ਵੀ ਹੈ ਨਹੀਂ

ਕੀ ਦੋ-ਚਾਰ ਵਕੀਲ ਵੀ ਹੈ ਨਹੀੰ?

ਜੇਕਰ ਧਰਮ ਤੋਂ ਧੜਾ ਪਿਆਰਾ

ਕਰਨਾ ਪੈਣੈ ਇੱਕ ਕਿਨਾਰਾ। 

ਜਾਂ ਤੇ ਕਲਮਾਂ ਧਾਰ ਤਿਆਗਣ

ਜਾਂ ਫੇ ਘਰ ਪਰਿਵਾਰ ਤਿਆਗਣ। 

--ਗੱਗਬਾਣੀ

ਕੁਝ ਟਿੱਪਣੀਆਂ  ਹੋਰ ਜਿਹੜੀਆਂ ਡਾਕਟਰ ਪਾਲ ਕੌਰ ਹੁਰਾਂ ਦੀ ਪੋਸਟ ਤੇ ਹਨ--

Balwinder Singh Bhatti

ਹੁਰਾਂ ਨੇ ਕੇਂਦਰੀ ਲੇਖਕ ਸਭਾ ਦੀਆਂ ਇਹਨਾਂ ਚੋਣਾਂ ਅਤੇ ਇਹਨਾਂ ਦੇ ਨਤੀਜਿਆਂ ਬਾਰੇ ਕਿਹਾ ਕਿ 

ਲੋਕਤੰਤਰ ਨੂੰ ਮੂਰਖਾਂ ਦਾ ਰਾਜ ਵੀ ਕਿਹਾ ਜਾਂਦਾ ਹੈ ਜੀ ਮੈਡਮ

ਇਸੇ ਤਰ੍ਹਾਂ Sukhwinder Pappi ਜੀ ਨੇ ਜੇਤੂਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ-

ਬਿਨਾ ਜਿੱਤ ਦੇ ਸਿਕੰਦਰ 

ਗਹਿਰ ਗੰਭੀਰ ਅਤੇ ਅਧਿਆਤਮਕ ਰੰਗਣ ਦਾ ਅਹਿਸਾਸ ਕਰਾਉਂਦੀਆਂ ਲਿਖਜਤਾ ਲਿਖਣ ਵਾਲੇ ਪ੍ਰਸਿੱਧ ਲੇਖਕ Jagmohan Singh ਆਪਣੀ ਟਿੱਪਣੀ ਵਿੱਚ ਅੱਜ ਦੀ ਸਖਤ ਅਤੇ ਕੌੜੀ ਹਕੀਕਤ ਦਾ ਅਹਿਸਾਸ ਕਰਾਉਂਦਿਆਂ ਕਿਹਾ ਕਿ ਲੇਖਕਾਂ ਦੀ ਜਥੇਬੰਦੀ ਵਿਚ ਜੋ ਹੋਇਆ ਹੈ ਉਸ ਬਾਰੇ ਤੁਹਾਡਾ ਨੋਟਿਸ ਲੈਣਾ ਬਹੁਤ ਵਾਜਬ ਹੈ। ਸਾਡੇ ਬੰਦੇ ਵੀ ਰਾਜਨੀਤਕਾਂ ਤੋਂ ਵੱਖਰੇ ਨਹੀਂ ਹਨ, ਉਸੇ ਤਰ੍ਹਾਂ ਦੇ ਗਠਜੋੜ ਅਤੇ ਹਥਕੰਡੇ ਇਸਤੇਮਾਲ ਕਰਦੇ ਹਨ ਜੋ ਦੇਸ਼ ਅਤੇ ਸੂਬੇ ਦੇ ਸਿਆਸਤਦਾਨਾਂ ਵੱਲੋਂ ਵਰਤੇ ਜਾਂਦੇ ਹਨ

ਖੱਬੇਪੱਖੀ ਪਤੱਰਕਾਰੀ ਦੀ ਲੰਮੀ ਸਾਧਨਾ ਕਰਨ ਵਾਲੇ Hardial Sagar ਨੇ ਇਹਨਾਂ ਚੋਣ ਨਤੀਜਿਆਂ ਦੀਆਂ ਖਬਰਾਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ 

ਏਕਤਾ ਅਤੇ ਕੁਰਬਾਨੀ ਦੀ ਖਾਤਿਰ

ਦੀ ਥਾਂ

ਬੁਜਦਿਲੀ ਅਤੇ ਨਮੋਸ਼ੀ ਕਹਿਣਾ ਉਚਿਤ ਹੈ

ਸਾਡੇ ‘ ਵੱਡੇ ਸਾਹਿਤਕਾਰ’ ਅਸਲ ਵਿੱਚ ਦੀਵਾਲੀਆ ਹੋ ਚੁੱਕੇ ਹਨ

ਅਹੁਦਿਆਂ ਦੀ ਭੁੱਖ ਨੇ ਇਨ੍ਹਾਂ ਨੂੰ ਬੌਣੇ ਬਣਾ ਦਿੱਤਾ ਹੈ

ਜ਼ਲਾਲਤ ਦੇ ਆਦੀ ਹੋ ਚੁੱਕੇ ਹਨ ਇਹ ਸਾਹਿਤ ਦੇ ਮੁਜਰਿਮ

ਮਰੀ ਜ਼ਮੀਰ ਦੀ ਸ਼ਰਮਿੰਦਗੀ ਦੇ ਭਾਰ ਨੂੰ ਕਿੰਨੇ ਚਾਅ ਨਾਲ ਚੁੱਕੀ ਫਿਰਦੇ ਹਨ ਇਹ ਸਾਹਿਤ ਦੇ ਅਖੌਤੀ ਚੌਧਰੀ!

ਇਸ ਮੌਕੇ Hardial Sagar ਨੇ ਆਪਣੀ ਇੱਕ ਹੋਰ ਵੱਖਰੀ ਟਿੱਪਣੀ ਵਿੱਚ 

ਜਾਲਸਾਜ਼ੀ ਉੱਪਰ ਪਰਦਾ ਪਾਣ ਦੀ ਬੇਤੁਕੀ ਅਤੇ ਲਗ-ਪਗ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਹੈ ਇਹ ਪੋਸਟ

ਨਿਰਾ ਕੁਫ਼ਰ

ਸੇਵਾ ਕਰਨ ਨਹੀਂ ਮੇਵਾ ਖਾਣ ਲਈ ਲੋਟਣੀਆਂ ਲੈਂਦੇ ਹਨ

ਜਗ ਜਾਹਿਰ ਹੈ ਇਹ ਸੱਚਾਈ

ਇਸ ਸਬੰਧੀ ਹੀ Chahal Jagpal Ralli ਨੇ ਉਘੀ ਲੇਖਿਕਾ, ਅਨੁਵਾਦਿਕਾ ਅਤੇ ਰੀਵਿਊਕਾਰ ਦੇ ਕਿਸੇ ਕੁਮੈਂਟ 'ਤੇ ਟਿੱਪਣੀ ਕਰਦਿਆਂ ਕਿਹਾ-Arvinder Kaur Kakra ਰਾਜਨੀਤਕ ਸਾਹਿਤਕਾਰ ਸਮਾਜ ਲਈ ਕੀ ਚਾਨਣ-ਮੁਨਾਰਾ ਨੇ ਚਿੰਤਾ ਇਸ ਗੱਲ ਦੀ ਹੈ... ਅਸੀਂ ਪਿੰਡ ਦੀ ਸੱਥ ਵਿੱਚ ਜਾ ਕੇ ਕੀ ਕਹਾਂਗੇ ?

Hardial Sagar ਹੁਰਾਂ ਨੇ ਇੱਕ ਹੋਰ ਵੱਖਰੀ ਟਿੱਪਣੀ ਵੀ ਕੀਤੀ ਹੈ ਸ਼ਾਇਦ ਇਹਨਾਂ ਚੋਣ ਨਤੀਜਿਆਂ ਸਬੰਧੀ ਆਈ ਕਿਸੇ ਰਿਪੋਰਟ ਬਾਰੇ 

“ਹਮਲੇ” ਦਾ ਖ਼ਦਸ਼ਾ

ਇਸ ਤਰ੍ਹਾਂ ਲੱਗਦਾ ਹੈ ਸਾਹਿਤਕਾਰਾਂ ਦਾ ਨਹੀ ਬਲਕਿ ਹਥਿਆਰ -ਬੰਦ ਲੁਟੇਰਿਆਂ ਦਾ ਇਕੱਠ ਹੋ ਰਿਹਾ ਸੀ

ਇਹ ਹੈ ਸਾਡੇ ਸਾਹਿਤਕਾਰਾਂ ਦਾ ਕਿਰਦਾਰ

Chahal Jagpal Ralli

ਇਹ ਜੇਤੂ ਧਿਰ ਦੀ ਬੇਸਮਝੀ ਹੈ ਜੀ,,, ਵਿਰੋਧੀ ਧਿਰ ਦ‍ਾ ਪਿੱਛੇ ਹਟ ਜਾਣਾ ਉਸਦੀ ਕਮਜ਼ੋਰੀ ਨਹੀਂ ਸਮਝਣੀ ਚਾਹੀਦੀ... ਉਸਦੇ ਵਿਚਾਰ, ਮਨਸਾ ਅਤੇ ਤਤਕਾਲੀ ਸਥਿਤੀਆਂ ਨੂੰ ਧਿਆਨ ਵਿਚ ਰੱਖ ਕੇ ਬਿਆਨ ਦੇਣ ਦੀ ਲੋੜ ਹੈ... ਹਕੂਮਤਾਂ ਪੰਡਤਾਂ ਨੂੰ ਵਰਤਦੀਆਂ ਆਈਆਂ ਨੇ, ਅੱਜ ਦੇ ਪੰਡਤ ਸਾਹਿਤਕਾਰ ਨੇ

ਇਸ ਸਾਰੇ ਘਟਨਾਕ੍ਰਮ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। ਕੀ ਅਜਿਹਾ ਕੁਝ ਹੋ ਸਕਦਾ ਹੈ ਵਿਚਾਰਧਾਰਾ ਭਾਵੇਂ ਰਹੇ ਪਰ ਸਿਆਸੀ ਪਾਰਟੀਆਂ ਦੀ ਪਕੜ ਲੇਖਕਾਂ ਅਤੇ ਲੇਖਕ ਸਭਾਵਾਂ ਤੋਂ ਖਤਮ ਹੋ ਜਾਏ? 

ਅਖੀਰ ਵਿੱਚ ਜਸਪਾਲ ਘਈ ਹੁਰਾਂ ਦੀ ਇੱਕ ਰਚਨਾ ਜਿਹੜੀ ਮੌਜੂਦਾ ਦੌਰ ਦੀ ਹੀ ਗੱਲ ਕਰਦੀ ਲੱਗਦੀ ਹੈ:

ਸਿਰਫ਼ ਅਪਣੇ ਹੀ ਸਿਰ ਤੇ ਛਾਂ  ਮੰਗੇ ।

ਬਾਗ਼ਬਾਂ  ਬਾਗ਼  ਵਿਚ  ਖ਼ਿਜ਼ਾਂ  ਮੰਗੇ ।

ਵਕਤ ਚੰਦਰਾ  ਵਿਛਾ  ਰਿਹੈ  ਕਿਰਚਾਂ 

ਰੀਝ  ਸਾਡੀ  ਤਾਂ  ਝਾਂਜਰਾਂ   ਮੰਗੇ ।

ਰੁੱਖ ਰਹਿ ਗਏ ਨੇ ਕੁਰਸੀਆਂ  ਜੋਗੇ 

ਕੌਣ ਇਹਨਾ ਤੋਂ  ਵੰਝਲੀਆਂ  ਮੰਗੇ ?

ਓਹੀ ਮਕਤਲ, ਉਹੀ  ਨਿਆਂ-ਸ਼ਾਲਾ 

ਕੌਣ, ਕਿਸ ਤੋਂ, ਕਿਵੇਂ  ਨਿਆਂ  ਮੰਗੇ  ?

ਅੱਗ ਦੇ ਬੂਟੇ ਨੇ,  ਆਤਸ਼ੀ   ਫੁੱਲ   ਨੇ 

ਮਨ ਹੈ ਝੱਲਾ, ਕਿ  ਤਿਤਲੀਆਂ  ਮੰਗੇ ।

ਸ਼ਹਿਰ,ਪਿੰਡ ਹਰ ਜਗ੍ਹਾ ਉਹ ਗ਼ਾਇਬ ਨੇ 

ਬੁੱਢਾ   ਪਿੱਪਲ   ਜੋ   ਰੌਣਕਾਂ   ਮੰਗੇ ।

                      ___ਜਸਪਾਲ ਘਈ

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਕੇਂਦਰੀ ਪੰਜਾਬੀ ਲੇਖਕ ਸਭਾ ਚੋਣਾਂ ਦੀ ਸਰਬਸੰਮਤੀ ਦੇ ਪਿਛੇ ਦੀ ਕਹਾਣੀ

ਅਸਲੀਅਤ ਬਹੁਤ ਗੰਭੀਰ ਅਤੇ ਹੈਰਾਨਕੁੰਨ ਹੈ 

ਕੇਂਦਰੀ ਸਭਾ ਦੇ ਵੱਡੇ ਗਰੁੱਪ ਨੇ ਆਪਣੀਆਂ ਸਾਰੀਆਂ ਨਾਮਜ਼ਦਗੀਆਂ ਕਿਓਂ ਵਾਪਿਸ ਲਈਆਂ?  


ਲੁਧਿਆਣਾ
: 10 ਸਤੰਬਰ 2023: (ਸਾਹਿਤ ਸਕਰੀਨ ਡੈਸਕ)::

ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਦੀ ਤਾਰੀਖ 17 ਸਤੰਬਰ ਸੀ। ਇਸ ਲਈ ਸਭਨਾਂ ਨੂੰ ਇਸਦੀ ਉਡੀਕ ਵੀ ਸੀ। ਇਸੇ ਦੌਰਾਨ ਕੁਝ ਜੋਤਿਸ਼ੀ ਅਤੇ ਕੁਝ ਸਿਆਸਤਦਾਨ ਅਕਸਰ ਇਸ ਗੱਲ ਦੀ ਚਰਚਾ ਕਰ ਰਹੇ ਸਨ ਕਿ ਇਸ ਵਾਰ ਜਲਦੀ ਹੀ ਲੋਕ ਸਭਾ ਭੰਗ ਹੋ ਜਾਣੀ ਹੈ ਅਤੇ ਆਮ ਚੋਣਾਂ ਦਸੰਬਰ ਤੱਕ ਹੀ ਹੋ ਜਾਣੀਆਂ ਹਨ। ਇਸਦੇ ਪੱਖ ਵਿਚ ਦਲੀਲਾਂ ਵੀ ਦਿੱਤੀਆਂ ਜਾ ਰਹੀਆਂ ਸਨ। 

ਲੁਧਿਆਣਾ ਦੇਹਾਤ ਦੇ ਇੱਕ ਬਹੁ ਚਰਚਿਤ ਜੋਤਿਸ਼ ਵਿਗਿਆਨੀ ਨੇ ਤਾਂ ਇਥੋਂ ਤੀਕ ਭਵਿੱਖ ਬਾਣੀ ਕਰ ਦਿੱਤੀ ਸੀ ਕਿ ਇਸ ਵਾਰ 6 ਅਤੇ ਸੱਤ ਸਤੰਬਰ ਦੀ ਜਨਮ ਅਸ਼ਟਮੀ ਵਾਲੀ ਰਾਤ ਨੂੰ ਹੀ ਲੋਕ ਸਭ ਭੰਗ ਹੋ ਜਾਣੀ ਹੈ। ਜਦੋਂ ਅਜਿਹਾ ਨਹੀਂ ਹੋਇਆ ਤਾਂ ਇਸ ਜੋਤਿਸ਼ੀ ਨੇ ਇਸਦੇ ਕਾਰਨ ਵੀ ਸਮਝਾਏ ਕਿ ਇਹ ਗੱਲ ਕੁਝ ਦਿਨ  ਅੱਗੇ ਕਿਓਂ ਪੈ ਗਈ ਹੈ। ਇਸ ਤਰ੍ਹਾਂ ਲੱਗਦਾ ਸੀ ਕਿ ਇਸ ਸਾਰੇ ਘਟਨਾਕ੍ਰਮ ਦਾ ਅਸਰ ਬੁਧੀਜੀਵੀ ਅਤੇ ਸਾਹਿਤਿਕ ਹਲਕਿਆਂ ਤੇ ਵੀ ਪੈਣਾ ਹੈ।  ਇਹਨਾਂ ਸਾਰੀਆਂ ਗੱਲਾਂ ਦਾ ਅਸਰ ਸਮੁਚੇ ਸਾਹਿਤਿਕ ਮਾਹੌਲ 'ਤੇ ਵੀ ਪਿਆ ਅਤੇ ਜਨ-ਮਾਨਸਿਕਤਾ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ। ਸ਼ਾਇਦ ਇਸ ਅਸਰ ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਵਾਲਿਆਂ ਨੇ ਵੀ ਕਬੂਲਿਆ ਹੋਵੇ ਅਤੇ 17 ਸੰਤਬਰ ਨੂੰ ਹੋਣ ਵਾਲੀਆਂ ਚੋਣਾਂ ਅੱਜ  10 ਸਤੰਬਰ ਨੂੰ ਹੀ ਨਿਬੇੜ ਦਿੱਤੀਆਂ। ਅੱਜ ਕਾਗਜ਼ ਵਾਪਿਸ ਲੈਣ ਦੀ ਆਖ਼ਿਰੀ ਤਾਰੀਖ ਸੀ। ਲੇਖਕਾਂ ਦਾ ਵੱਡਾ ਧੜਾ ਚਾਹੁੰਦਾ ਸੀ ਕਿ ਆਉਣ ਵਾਲੇ ਸਮੇਂ ਦੇ ਨਾਜ਼ੁਕ ਹਾਲਾਤਾਂ ਦੇ ਟਾਕਰੇ ਲਈ ਵਿਸ਼ੇਸ਼ ਤਿਆਰੀਆਂ ਜ਼ਰੂਰੀ ਹਨ। ਇਹਨਾਂ ਵਿਸ਼ੇਸ਼ ਤਿਆਰੀਆਂ ਲਈ ਕੁਝ ਖਾਸ ਕਿਸਮ ਦੀਆਂ ਜੁਝਾਰੂ ਸ਼ਖਸੀਅਤਾਂ ਦੀ ਅਗਵਾਈ ਵੀ ਜ਼ਰੂਰੀ ਹੈ। ਇਸ ਲਈ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿਸਟਰਡ) ਦੇ ਵਡੇਰੇ ਹਿੱਤਾਂ ਵਿਚ ਲੇਖਕਾਂ ਅਤੇ ਬੁੱਧੀਜੀਵੀਆਂ ਦੇ ਵੱਡੇ ਗਰੁੱਪ ਨੇ ਆਪਣੀਆਂ ਸਾਰੀਆਂ ਨਾਮਜ਼ਦਗੀਆਂ ਵਾਪਿਸ ਲਈਆਂ ਗਈਆਂ।  

ਅਸਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ ਬਾਰੇ ਅੱਜ ਨਾਮਜਦਗੀਆਂ ਵਾਪਿਸ ਲੈਣ ਦੀ ਆਖਰੀ ਤਰੀਕ ਸੀ। ਇਸ ਮੌਕੇ ਸ੍ਰੀ ਕੇਵਲ ਧਾਲੀਵਾਲ, ਡਾ. ਸਰਬਜੀਤ ਸਿੰਘ ਅਤੇ ਡਾ. ਅਰਵਿੰਦਰ ਕੌਰ ਕਾਕੜਾ ਦੀ ਅਗਵਾਈ ਵਾਲੀ ਟੀਮ ਦੇ ਸਾਰੇ ਮੈਂਬਰਾਂ ਨੇ ਸਾਰੇ ਅਹੁਦਿਆਂ ਉੱਤੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ। ਇਹ ਕਦਮ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਗਾਂਵਧੂ ਵਿਚਾਰਾਂ ਵਾਲੇ ਲੇਖਕਾਂ ਦੀ ਆਪਸੀ ਫੁੱਟ ਅਤੇ ਧੜੇ ਬੰਦੀ ਨੂੰ ਰੋਕਣ ਲਈ ਚੁੱਕਿਆ ਗਿਆ। 

ਅਜੋਕੇ ਹਾਲਾਤ ਵਿਚ ਜਦੋਂ ਅਗਾਂਹਵਧੂ ਵਿਚਾਰਾਂ ਵਾਲੇ ਲੇਖਕਾਂ ਦੇ ਬੋਲਣ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਆਇਦ ਕੀਤੀਆਂ ਜਾ ਰਹੀਆਂ ਹਨ ਅਤੇ ਸਰਕਾਰਾਂ ਵੱਲੋਂ ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਹਰ ਤਰ੍ਹਾ ਦੇ ਸੱਭਿਆਚਾਰਕ ਕਾਮਿਆਂ ਉੱਪਰ ਤਰ੍ਹਾਂ ਤਰ੍ਹਾਂ ਦਾ ਤਸ਼ੱਦਦ ਢਾਇਆ ਜਾ ਰਿਹਾ ਹੈ, ਉਸ ਸਮੇਂ ਲੇਖਕਾਂ ਦੀ ਇਕਜੁੱਟਤਾ ਇਤਿਹਾਸਿਕ ਲੋੜ ਹੈ, ਜਿਸ ਨੂੰ ਮੁੱਖ ਰਖਦਿਆਂ ਇਹ ਫੈਸਲਾ ਲਿਆ ਗਿਆ ਹੈ। ਜੇਕਰ ਇਸ ਸੰਬੰਧੀ ਸ਼ਾਂਤ ਮਨ ਨਾਲ ਨਿਰਪੱਖ ਹੋ ਕੇ ਇਸ ਟੀਮ ਨਾਲ ਗੱਲ ਕੀਤੀ ਜਾਂਦੀ ਤਾਂ ਇਸ ਟੀਮ ਨੇ ਉਹਨਾਂ ਸਾਰੇ ਖਤਰਿਆਂ ਬਾਰੇ ਸਾਹਿਬ ਨੂੰ ਇਸ਼ਾਰਿਆਂ ਵਿਚ ਜ਼ਰੂਰੁ ਅਗਾਂਹ ਕਰ ਦੇਣਾ ਸੀ ਕਿ ਨੇੜ  ਭਵਿੱਖ ਵਿੱਚ ਬਹੁਤ ਸਾਰੇ ਖਤਰੇ ਦਰਪੇਸ਼ ਹਨ। ਲੋਕ ਪੱਖੀ ਸੋਚ ਰੱਖਣ ਵਾਲੇ ਸਮੂਹ ਸੰਗਠਨਾਂ ਅਤੇ ਜੱਥੇਬੰਦੀਆਂ ਪ੍ਰਤੀ ਆਉਣ ਵਾਲਾ ਸਮਾਂ ਕੁਝ ਵਧੇਰੇ ਨਾਜ਼ੁਕ ਹੋ ਸਕਦਾ ਹੈ। ਇਸ ਲਈ ਕੇਂਦਰੀ ਪੰਜਾਬੀ ਲੇਖਕ ਸਭ ਦਾ ਇਹ ਵੱਡਾ ਧੜਾ ਚਾਹੁੰਦਾ ਸੀ ਕਿ ਅਹੁਦਿਆਂ ਦੀ ਲਾਲਸਾ ਤੋਂ ਮੁਕਤ ਲੋਕਾਂ ਨੂੰ ਇਸ ਵਾਰ ਵਧੇਰੇ ਜ਼ਿੰਮੇਵਾਰੀ ਦਿੱਤੀ ਜਾਵੇ। ਇਸ ਮਕਸਦ ਦੀ ਤਿਆਰੀ ਵੀ ਇਸੇ ਸੋਚ ਮੁਤਾਬਿਕ ਕੀਤੀ ਗਈ ਸੀ।  

ਕਰਮ ਸਿੰਘ ਵਕੀਲ ਹੁਰਾਂ ਨੇ ਇਸ ਸਬੰਧੀ ਇਸ਼ਾਰੇ ਕਰਦਾ ਇੱਕ ਪ੍ਰੈਸ ਨੋਟ ਵੀ ਜਾਰੀ ਕੀਤਾ ਕਿ ਅਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਚੰਗੇਰੇ ਭਵਿੱਖ ਲਈ ਇਹ ਕਦਮ ਬਹੁਤ ਸੋਚ-ਵਿਚਾਰ ਤੋਂ ਬਾਅਦ ਚੁੱਕ ਰਹੇ ਹਾਂ। ਹੁਣ ਇਸ ਚੰਗੇਰੇ ਭਵਿੱਖ ਦੀ ਗੱਲ ਕਰਦਿਆਂ ਇਹ ਕੁਝ ਇਸ਼ਾਰਿਆਂ ਵਾਂਗ ਹੀ ਤਾਂ ਕਿਹਾ ਜਾ ਸਕਦਾ ਸੀ। ਸਾਰੇ ਖਤਰਿਆਂ ਬਾਰੇ ਖੁਲ੍ਹੀ ਗੱਲ ਕਰਨ ਦਾ ਅਜੇ ਵੇਲਾ ਹੀ ਨਹੀਂ ਆਇਆ। ਫਿਲਹਾਲ ਸਿਰਫ ਇਹੀ ਜ਼ਰੂਰੀ ਹੈ ਕਿ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਪਹਿਲਾਂ ਨਾਲੋਂ ਕਿਤੇ ਵੱਧ ਸੁਚੇਤ ਰਿਹਾ ਜਾਵੇ। ਇਥੇ ਪੱਤਰਕਾਰ ਅਤੇ ਲੇਖਕ ਐਮ ਐਸ ਭਾਟੀਆ ਦੀ ਇਹ ਗੱਲ ਵੀ ਜੋੜੀ  ਜਾ ਸਕਦੀ ਹੈ ਕਿ ਇੰਦੌਰ ਵਿੱਚ ਇਪਟਾ ਅਜਲਾਸ ਮੌਕੇ ਹੋਏ ਹਮਲੇ ਨੂੰ ਚੇਤੇ ਰੱਖਣ ਦੀ ਲੋੜ ਇਸ ਵੇਲੇ ਹੋਰ ਵੀ ਜ਼ਿਆਦਾ ਹੈ। 

ਚੇਤੇ ਰਹੇ ਕਿ ਇਸ ਹਮਲੇ ਮੌਕੇ ਪੰਜਾਬ ਸਕਰੀਨ ਮੀਡੀਆ ਅਤੇ ਰੋਜ਼ਾਨਾ ਨਵਾਂ ਜ਼ਮਾਨਾ ਨਾਲ ਜੁੜੇ ਹੋਏ ਪ੍ਰਦੀਪ ਸ਼ਰਮਾ ਵੀ ਮੌਜੂਦ ਸਨ ਜਿਹਨਾਂ ਨੇ ਸਭ ਕੁਝ ਆਪਣੀ ਅੱਖੀਂ ਦੇਖਿਆ ਸੀ। ਇਹ ਹਮਲਾ ਕਿੰਨਾ ਅਚਾਨਕ ਸੀ ਇਸ ਦਾ ਅਹਿਸਾਸ ਉਹਨਾਂ ਨੂੰ ਹੀ ਹੋ ਸਕਦਾ ਹੈ ਜਿਹੜੇ ਹਮਲੇ ਸਮੇਂ ਉਸ ਸੰਮੇਲਨ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਸਨ। ਸ਼੍ਰੀ ਸ਼ਰਮਾ ਦੱਸਦੇ ਹਨ ਕਿ ਸੰਨ 2016 ਵਿੱਚ ਦੋ ਤੋਂ 4 ਅਕਤੂਬਰ ਤੱਕ ਚੱਲੇ ਇਸ ਪ੍ਰੋਗਰਾਮ ਦੌਰਾਨ ਗੁੰਡਾਗਰਦੀ ਵਾਲਾ ਇਹ ਹਮਲਾ ਮਹਾਸ਼ਵੇਤਾ ਦੇਵੀ ਦੇ ਲਿਖੇ ਗਏ ਇੱਕ ਨਾਟਕ "ਦਰੋਪਦੀ" ਦੇ ਮੰਚਨ ਨੂੰ ਰੋਕਣ ਲਈ ਕੀਤਾ ਗਿਆ ਸੀ। ਮਹਾਸ਼ਵੇਤਾ ਦੇਵੀ ਹਰਿਆਣਾ ਦੀ ਪ੍ਰਸਿੱਧ ਪ੍ਰਗਤੀਸ਼ੀਲ ਲੇਖਿਕਾ ਹੈ। 

ਉਸਦਾ ਇਹ ਨਾਟਕ ਦਰੋਪਦੀ ਕਈ ਯੂਨੀਵਰਸਟੀਆਂ ਦੇ ਸਿਲੇਬਸਾਂ ਵਿੱਚ ਲੱਗਿਆ ਹੋਇਆ ਹੈ। ਇਸ ਨਾਟਕ ਦਾ ਸੁਨੇਹਾ ਵੀ ਬਹੁਤ ਸੰਵੇਦਨਸ਼ੀਲ ਹੈ। ਦਰੋਪਦੀ ਫੌਜ ਦੇ ਉਹਨਾਂ ਜਵਾਨਾਂ ਕੋਲੋਂ ਕੱਪੜੇ ਲੈਣ ਤੋਂ ਸਾਫ ਨਾਂਹ ਕਰ ਦੇਂਦੀ ਹੈ ਜਿਹਨਾਂ ਨੇ ਉਸਦਾ ਰੇਪ ਕੀਤਾ ਹੁੰਦਾ ਹੈ ਅਤੇ ਹੁਣ ਉਸਨੂੰ ਨਗਨਤਾ ਢਕਣ ਲਈ ਕੱਪੜੇ ਦੇ ਰਹੇ ਹੁੰਦੇ ਹਨ। ਇਸ ਨਾਟਕ ਵਿਚ ਦਰੋਪਦੀ ਦੀ ਨਗਨਤਾ ਉਸਦੇ ਆਤਮ ਸਨਮਾਨ ਦਾ ਪ੍ਰਤੀਕ ਬਣ ਕੇ ਉਭਰਦੀ ਹੈ। ਏ ਬੀ ਵੀ ਪੀ ਵਾਲਿਆਂ ਨੇ ਇਸ ਨੂੰ ਫ਼ੌਜ ਦਾ ਅਪਮਾਨ ਦੱਸਿਆ ਅਤੇ ਵਿਰੋਧ ਕੀਤਾ। ਇਸ ਮਹਾਸ਼ਵੇਤਾ ਦੇਵੀ ਦੇ ਪੁਤਲੇ ਫੂਕੇ ਗਏ ਅਤੇ ਨਾਅਰੇਬਾਜ਼ੀ ਕੀਤੀ ਗਈ। 

ਇਸੇ ਸਮਾਗਮ ਵਿੱਚ ਫਿਲਮ ਗਰਮ ਹਵਾ ਦੇ ਨਿਰਦੇਸ਼ਕ ਐਮ ਐਸ ਸਥਿਊ ਪਾਕਿਸਤਾਨ ਵਿਚ ਭਾਰਤੀ ਫੌਜ ਦੀ ਸਰਜੀਕਲ ਸਟ੍ਰਾਈਕ ਦੀ ਆਲੋਚਨਾ ਕਰ ਕੇ ਵੀ ਹਟੇ ਸਨ। ਮੀਡੀਆ ਨਾਲ ਪੱਤਰਕਾਰ ਸੰਮੇਲਨ ਵੀ ਚੱਲ ਰਿਹਾ ਸੀ। ਇਸ ਤਰ੍ਹਾਂ ਸਮਾਜ ਵਿੱਚ ਝੂਠ ਅਤੇ ਫਿਰਕਪ੍ਰਸਤੀ ਦੇ ਖਿਲਾਫ ਚੇਤਨਾ ਜਗਾਈ ਜਾ ਰਹੀ ਸੀ। 

ਹੁਣ ਫੇਰ ਇੰਦੌਰ ਵਰਗੇ ਹਮਲਿਆਂ ਦਾ ਖਦਸ਼ਾ ਬਣਿਆ ਹੋਇਆ ਹੈ। ਇਹਨਾਂ ਦੇ ਟਾਕਰੇ ਦੀ ਲੋੜ ਪ੍ਰਧਾਨਗੀਆਂ ਅਤੇ ਜਨਰਲ ਸਕੱਤਰੀਆਂ ਦੀ ਲੋੜ ਤੋਂ ਉੱਪਰ ਉੱਠ ਕੇ ਮਹਿਸੂਸ ਕੀਤੀ ਜਾਣੀ ਚਾਹੀਦੀ ਹੈ। ਅਜਿਹੇ ਮਾਹੌਲ ਦਾ ਸਾਹਮਣਾ ਕਰਨ ਦੀ ਤਿਆਰੀ ਇਸ ਵੇਲੇ ਸਭ ਤੋਂ ਵੱਡੀ ਲੋੜ ਹੈ। ਧੜੇਬੰਦੀਆਂ ਅਤੇ ਗੁੱਟਬੰਦੀਆਂ ਨਾਲ ਲੋਕ ਪੱਖੀ ਤਾਕਤਾਂ ਦਾ ਮੋਰਚਾ ਕਮਜ਼ੋਰ ਹੀ ਹੋਵੇਗਾ। ਇਸ ਲਈ ਅਹੁਦਿਆਂ ਦਾ ਤਿਆਗ ਸਭ ਤੋਂ ਵੱਡੀ ਲੋੜ ਬਣ ਗਿਆ ਸੀ। 

ਅਹੁਦਿਆਂ ਨੂੰ ਲੱਤ ਮਾਰਨ ਦਾ ਇਹ ਫੈਸਲਾ ਕੇਵਲ ਧਾਲੀਵਾਲ, ਡਾ ਸਰਬਜੀਤ ਸਿੰਘ, ਡਾ. ਅਰਵਿੰਦਰ ਕਾਕੜਾ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਗੁਲਜਾਰ ਪੰਧੇਰ, ਹਰਮੀਤ ਵਿਦਿਆਰਥੀ,  ਸੁਰਜੀਤ ਜੱਜ, ਸਤਪਾਲ ਭੀਖੀ, ਡਾ. ਹਰਜਿੰਦਰ ਸਿੰਘ ਸੂਰੇਵਾਲੀਆ, ਡਾ. ਹਰਵਿੰਦਰ ਸਿੰਘ ਸਿਰਸਾ, ਕਰਮ ਸਿੰਘ ਵਕੀਲ, ਜਸਪਾਲ ਮਾਨਖੇੜਾ, ਜਸਵੀਰ ਝੱਜ, ਧਰਵਿੰਦਰ ਸਿੰਘ ਔਲਖ, ਬਲਕਾਰ ਸਿੱਧੂ, ਬਲਵਿੰਦਰ ਸਿੰਘ ਭੁੱਲਰ, ਮਨਦੀਪ ਕੌਰ ਭੰਵਰਾ, ਵਰਗਿਸ ਸਲਾਮਤ, ਸੁਖਵੰਤ ਚੇਤਨਪੁਰਾ, ਡਾ. ਗੁਰਮੇਲ ਸਿੰਘ, ਤਰਲੋਚਨ ਝਾਂਡੇ, ਡਾ. ਜੋਗਾ ਸਿੰਘ, ਡਾ. ਅਨੂਪ ਸਿੰਘ ਬਟਾਲਾ, ਰਣਬੀਰ ਰਾਣਾ, ਡਾ. ਕੁਲਦੀਪ ਸਿੰਘ ਦੀਪ, ਸੁਰਜੀਤ ਸਿਰੜੀ ਹਰਿਆਣਾ, ਡਾ. ਸੰਤੋਖ ਸਿੰਘ ਸੁੱਖੀ, ਗੁਰਪ੍ਰੀਤ ਸਿੰਘ ਸੰਗਰਾਣਾ, ਸੁਰਿੰਦਰ ਕੈਲੇ, ਅਮਰਜੀਤ ਪੇਂਟਰ, ਡਾ. ਬਲਵਿੰਦਰ ਚਾਹਲ, ਪ੍ਰੋ ਹਰਜੀਤ ਸਿੰਘ, ਬਲਕੌਰ ਸਿੰਘ ਗਿੱਲ, ਅਜੀਤ ਪਿਆਸਾ ਅਤੇ ਕਾਮਰੇਡ ਰਜਿੰਦਰ ਬੱਲਾਂ ਨੇ ਸਾਂਝੇ ਤੌਰ ਤੇ ਲਿਆ। ਇਹ ਤਿਆਗ ਇਸ ਗੱਲ ਨੂੰ ਚੇਤੇ ਕਰਵਾ ਰਿਹਾ ਹੈ ਕਿ ਹਾਲਾਤ ਨਾਜ਼ੁਕ ਦੌਰ ਵਿਚ ਦਾਖਲ ਹੋ ਚੁੱਕੇ ਹਨ। ਫਾਸ਼ੀਵਾਦੀ ਸੰਗਠਨ ਲੋਕ ਪੱਖੀ ਲਹਿਰਾਂ ਦੇ ਉਭਾਰ ਨੂੰ ਰੋਕਣ ਲਈ ਕੁਝ ਵੀ ਕਰ ਸਕਦੇ ਹਨ। ਅਹੁਦਿਆਂ ਦੇ ਤਿਆਗ ਤੋਂ ਮੁਕਤ ਹੋ ਕੇ ਇੱਕਜੁੱਟ ਹੋਣਾ ਹੀ ਸਮੇਂ ਦੀ ਲੋੜ ਹੈ ਅਤੇ ਆਪਣੇ ਨਾਮ ਵਾਪਿਸ ਲੈਣ ਵਾਲਿਆਂ ਨੇ ਇਸ ਪਾਸੇ ਪਹਿਲ ਕਦਮੀ ਕੀਤੀ ਹੈ।ਭਵਿੱਖ ਵਿਚ ਇਸਦੀ ਸ਼ਲਾਘਾ ਹੋਵੇਗੀ। ਜਿਹੜੇ ਇਹ ਆਖ ਰਹੇ ਹਨ ਕਿ ਇਹ ਗਰੁੱਪ ਡਰਦਾ ਮਾਰਾ ਚੋਣਾਂ ਲੜਨ ਤੋਂ ਪਿਛੇ ਹਟ ਗਿਆ ਉਹਨਾਂ ਨੂੰ ਵੀ ਭਗਵਾਨ ਕ੍ਰਿਸ਼ਨ ਦੀ ਰਣਛੋੜ ਵਾਲੀ ਭੂਮਿਕਾ ਵੀ ਚੇਤੇ ਰੱਖਣੀ ਚਾਹੀਦੀ ਹੈ। 

ਅਖੀਰ ਵਿਚ ਡਾਕਟਰ ਲਾਲ ਫਿਰੋਜ਼ਪੁਰੀ ਦਾ ਇੱਕ ਸ਼ੇਅਰ:

ਜੇ ਤੇਰੇ 'ਚ ਨਹੀਂ ਹੌਂਸਲਾ ਸਹਿਣ ਦਾ ਤਾਂ;

ਤੂੰ ਹਰ ਇੱਕ ਬੁਰੀ ਗੱਲ ਮੇਰੇ ਨਾਮ ਕਰਦੇ!

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।