google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: December 2022

Sunday 4 December 2022

"ਨਰਸਿੰਗ ਕਿੱੱਤੇ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ" ਪੁਸਤਕ ਹੋਈ ਲੋਕ ਅਰਪਣ

 Sunday 4th December 2022 at 5:10 PM

   ਪ੍ਰਿੰਸੀਪਲ ਕ੍ਰਿਸ਼ਨ ਸਿੰਘ ਹੁਰਾਂ  ਨੇ ਲਿਖੀ ਹੈ ਇਹ ਨਵੀਂ ਪੁਸਤਕ    


ਲੁਧਿਆਣਾ
: 4 ਦਸੰਬਰ 2022: (ਪ੍ਰਿੰਸੀਪਲ ਬਲਜਿੰਦਰ ਕੌਰ//ਇਨਪੁਟ-ਕਾਰਤਿਕਾ ਸਿੰਘ//ਸਾਹਿਤ ਸਕਰੀਨ ਡੈਸਕ)::

ਦਸ਼ਮੇਸ਼ ਖ਼ਾਲਸਾ ਚੈਰੀਟੇਬਲ ਟਰੱਸਟ ਹਸਪਤਾਲ ਹੇਰਾਂ (ਲੁਧਿਆਣਾ) ਵਿਖੇ ਆਯੋਜਿਤ ਕੀਤੇ ਗਏ ਇੱਕ ਵਿਸ਼ੇਸ਼ ਸਮਾਗਮ ਵਿੱਚ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਹੁਰਾਂ ਦੀ ਨਵੀਂ ਪੁਸਤਕ,"ਨਰਸਿੰਗ ਕਿੱੱਤੇ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ" ਰਿਲੀਜ਼ ਕੀਤੀ ਗਈ।  ਨਰਸਿੰਗ ਵਿੱਚ ਰੂਚੀ ਰੱਖਣ ਵਾਲਿਆਂ ਲਈ ਇਹ ਪੁਸਤਕ ਬਹੁਤ ਸਾਰੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੋਹਲਦੀ ਹੈ। ਇਸਦੇ ਨਾਲ ਹੀ ਨਰਸਿੰਗ ਦੀ ਪੜ੍ਹਾਈ ਦਾ ਵੀ ਮਾਰਗਦਰਸ਼ਨ ਕਰਦੀ ਹੈ। 

ਕੌਮਾਂਤਰੀ ਪੱਧਰ ਦੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸਤਿਕਾਰਤ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਹੁਰਾਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਇਸ ਪੁਸਤਕ ਦੀਆਂ ਖੂਬੀਆਂ ਦੇ ਨਾਲ ਇਸ ਕਿੱਤੇ ਦੀ ਅਹਿਮੀਅਤ ਬਾਰੇ ਵੀ ਦੱਸਿਆ। ਇਹ ਇੱਕ ਰੋਜ਼ਗਾਰ ਹੋਣ ਦੇ ਨਾਲ ਨਾਲ ਮਨੁੱਖਤਾ ਦੀ ਸੇਵਾ ਦਾ ਇੱਕ ਮਹਾਨ ਉਪਰਾਲਾ ਵੀ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੀ ਮਹੱਤਤਾ ਅਜੇ ਹੋਰ ਵਧਣੀ ਹੈ। 

ਲੁਧਿਆਣਾ ਸ਼ਹਿਰ ਦੀ ਮੰਨੀ- ਪ੍ਰਮੰਨੀ ਸਮਾਜ ਸੇਵਿਕਾ, ਲੇਖਿਕਾ ਅਤੇ "ਗਿਆਨ ਅੰਜਨੁ ਅਕਾਦਮੀ" ਦੀ ਨਿਰਦੇਸ਼ਿਕਾ ਡਾਕਟਰ ਕੁਲਵਿੰਦਰ ਕੌਰ ਮਿਨਹਾਸ ਨੇ ਪੁਸਤਕ ਸੰਬੰਧੀ ਆਪਣਾ ਖੋਜ ਪੱਤਰ ਪੜ੍ਹਿਆ।  ਜ਼ਿਕਰਯੋਗ ਹੈ ਕਿ ਡਾਕਟਰ ਕੁਲਵਿੰਦਰ ਕੌਰ ਮਿਨਹਾਸ ਨੇ ਆਪਣੀ ਸਾਰੀ ਜ਼ਿੰਦਗੀ ਸਾਹਿਤ ਅਤੇ ਲੋਕ ਸੇਵਾ ਦੇ ਲੇਖੇ ਲਾਈ ਹੈ। ਛੋਟੇ ਛੋਟੇ ਅਨਾਥ ਅਤੇ ਅਵਾਰਾਗਰਦੀ ਕਰਦੇ ਬੱਚਿਆਂ ਨੂੰ ਇਕੱਠਾ ਕਰਕੇ ਪੜ੍ਹਿਆ ਲਿਖਾਇਆ ਅਤੇ ਸਮਾਜ ਵਿੱਚ ਚੰਗੇ ਰਾਹਾਂ 'ਤੇ ਤੁਰਨ ਲਈ ਸਮਰੱਥ ਵੀ ਬਣਾਇਆ। ਡਾਕਟਰ ਮਿਨਹਾਸ ਬਚਪਨ ਵਿੱਚ ਹੀ ਰੂਹਾਨੀਅਤ ਵਾਲੇ ਆਕਰਸ਼ਿਤ ਹੋ ਗਏ ਸਨ। ਚੜ੍ਹਦੀ ਜਵਾਨੀ ਵੇਲੇ ਉਹ ਦੁਨੀਆ ਤੋਂ ਉਦਾਸੀਨ ਵੀ ਰਹਿਣ ਲੱਗ ਪਏ। ਇਸ ਤਰ੍ਹਾਂ ਹੁਣ ਤੱਕ ਸਾਰੀ ਉਮਰ ਉਹ ਕਲਮ ਅਤੇ ਸਮਾਜ ਸੇਵਾ ਨੂੰ ਪੂਰੀ ਤਰ੍ਹਾਂ ਸਮਰਪਿਤ ਰਹੇ।  ਇਸ ਤਰ੍ਹਾਂ ਇਹ ਸਮਾਗਮ ਦੈਵੀ ਸ਼ਖਸੀਅਤਾਂ ਦੀ ਇਕੱਤਰਤਾ ਹੋ ਨਿੱਬੜਿਆ ਜਿਥੇ ਆਪ ਮੁਹਾਰੇ ਸਭਨਾਂ ਦਾ ਮਨ ਇਸ ਮਨੁੱਖੀ ਸੇਵਾ ਵੱਲ ਖਿੱਚਿਆ ਜਾ ਰਿਹਾ ਸੀ।  

ਬੱਚਿਆਂ ਨੂੰ ਲੋਕ ਅਰਪਿਤ ਕੀਤੀ ਗਈ ਇਹ ਪੁਸਤਕ ਅਸਲ ਵਿੱਚ ਮਨੁੱਖਤਾ ਨੂੰ ਸਮਰਪਿਤ ਭਾਵਨਾ ਵਾਲੀ ਜਗਤ ਪ੍ਰਸਿੱਧ ਨਾਇਕਾ ਮਦਰ ਟੈਰੇਸਾ ਨੂੰ ਸਮਰਪਿਤ ਹੈ।  ਇਸ ਪੁਸਤਕ ਦੀ ਰਚਨਾ ਬਾਰੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਕਿਹਾ ਕਿ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ਜ਼ੇਰੇ ਇਲਾਜ ਦੌਰਾਨ ਹੋਏ ਅਨੁਭਵਾਂ ਨੂੰ ਕਲਮਬੰਦ ਕਰਕੇ ਨਰਸਿੰਗ ਕਿੱੱਤੇ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਹੀ ਨਹੀਂ ਸਗੋਂ ਆਮ ਪਾਠਕਾਂ ਲਈ ਵੀ ਗੁਰਬਾਣੀ ਸਿਧਾਂਤਾਂ ਦੇ ਅੰਤਰਗਤ ਬੜਾ ਸਾਰਥਕ ਸੰਦੇਸ਼ ਦਿੱਤਾ ਹੈ। ਜ਼ਿਕਰਯੋਗ ਹੈ ਕਿ ਬਾਈਪਾਸ ਸਰਜਰੀ ਦੌਰਾਨ ਪ੍ਰੋਫੈਸਰ ਕ੍ਰਿਸ਼ਨ ਸਿੰਘ ਹੁਰਾਂ ਨੇ ਨਰਸਿੰਗ ਦੀ ਅਹਿਮੀਅਤ ਅਤੇ ਸਮਰਪਣ ਨੂੰ ਬਹੁਤ ਹੀ ਨੇੜਿਉਂ ਹੋ ਕੇ ਦੇਖਿਆ ਅਤੇ ਮਹਿਸੂਸ ਕੀਤਾ। 

ਕੁਲ ਮਿਲਾ ਕੇ 87 ਸਫਿ਼ਆਂ ਦੀ ਇਹ ਪੁਸਤਕ ਆਪਣੀ ਸੰਬੋਧਨੀ ਸ਼ੈਲੀ ਤੇ ਬ੍ਰਿਤਾਂਤਮਈ ਜੁਗਤੀ ਦੇ ਮਾਧਿਅਮ ਰਾਹੀਂ ਇਕ ਨਿਵੇਕਲੀ ਵਿਧਾ ਦਾ ਅਹਿਸਾਸ ਕਰਵਾਉਂਦੀ ਹੈ। ਪੁਸਤਕ ਅਧਿਐਨ ਦੇ ਪ੍ਰਤਿਕਰਮ ਵਜੋਂ ਡਾਕਟਰ ਮਿਨਹਾਸ ਹੁਰਾਂ ਨੇ ਕਿਹਾ ਕਿ ਇਹ ਪੁਸਤਕ ਪੰਜਾਬੀ ਸਾਹਿਤ ਦੇ ਹਰ ਪਾਠਕ ਨੂੰ ਪੜ੍ਹਨੀ ਚਾਹੀਦੀ ਹੈ ਕਿਉਂਕਿ ਇਸ ਵਿੱਚ ਪੇਸ਼ ਹੋਏ ਸਿੱਖੀ ਚੇਤਨਾ ਵਾਲੇ ਇਤਿਹਾਸਕ ਅਤੇ ਪ੍ਰਮਾਣਿਕ ਹਵਾਲੇ ਬੜੇ ਵਿਦਵਤਾ ਭਰਪੂਰ ਹਨ। 

ਪ੍ਰਿੰਸੀਪਲ ਕ੍ਰਿਸ਼ਨ ਸਿੰਘ ਹੁਰਾਂ ਨੂੰ ਵਧਾਈ ਦਿੰਦਿਆਂ ਤੇ ਪਾਠਕਾਂ ਦੇ ਵਸੀਹ ਦਾਇਰੇ ਦੀਆਂ ਸੰਭਾਵਨਾਵਾਂ ਤੇ ਕੇਂਦ੍ਰਿਤ ਹੁੰਦਿਆਂ  ਉਹਨਾਂ  ਕਿਹਾ ਕਿ ਇਹ ਪੁਸਤਕ ਕੌਮਾਂਤਰੀ ਪੱਧਰ ਦੇ ਮੈਡੀਕਲ ਕਿੱਤੇ ਨਾਲ ਸੰਬੰਧਿਤ ਹੈ ਇਸ ਲਈ ਇਹ ਅੰਗਰੇਜ਼ੀ ਭਾਸ਼ਾ ਵਿਚ ਵੀ ਅਨੁਵਾਦ ਹੋਣੀ ਚਾਹੀਦੀ ਹੈ। 

ਸਾਬਕਾ ਜੱਥੇਦਾਰ ਗਿਆਨੀ ਕੇਵਲ ਸਿੰਘ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੇ ਵੀ ਪੁਸਤਕ ਸੰਬੰਧੀ ਆਪਣਾ ਮੱਤ ਪੇਸ਼ ਕੀਤਾ ਹੈ ਕਿ ਪ੍ਰਿੰਸੀਪਲ ਸਾਹਿਬ ਦੀ ਸ਼ਖ਼ਸੀਅਤ ਦੀ ਖ਼ਾਸੀਅਤ ਇਹ ਹੈ ਕਿ ਉਹ ਕਿਸੇ ਵੀ ਸਾਹਿਤ ਵਿਧਾ ਤੇ ਚਰਚਾ ਕਰਦੇ ਹੋਣ ਉਹਨਾਂ ਦਾ ਵਿਚਾਰਧਾਰਕ ਪਰਿਪੇਖ ਹਮੇਸ਼ਾਂ ਮੱਧਕਾਲੀ ਚਿੰਤਨ ਵਿਸ਼ੇਸ਼ ਕਰਕੇ ਗੁਰਮਤਿ ਦੀ ਕਸਵੱਟੀ ਨੂੰ ਆਪਣੀ ਅੰਤਿਮ ਓਟ ਤੱਕਦਾ ਹੈ। 

ਸਮਾਗਮ ਦੇ ਮੁੱਖ ਮਹਿਮਾਨ ਸਤਿਕਾਰਤ ਹਸਤੀ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਨਵੀਂ ਪੁਸਤਕ ਨੂੰ ਲੋਕ ਅਰਪਣ ਕਰਦਿਆਂ ਕਿਹਾ ਕਿ ਪ੍ਰਿੰਸੀਪਲ ਸਾਹਿਬ ਵਧਾਈ ਦੇ ਪਾਤਰ ਹਨ ਜਿਹਨਾਂ ਮਨੁੱਖਤਾ ਨੂੰ ਸਮਰਪਿਤ ਹੋ ਕੇ ਇਹ ਸ਼ਬਦ ਸੱਭਿਆਚਾਰ ਦਾ ਮਹਾਨ ਅਤੇ ਇਤਿਹਾਸਿਕ ਕਾਰਜ ਕੀਤਾ ਹੈ। ਚੇਤਨਾ ਭਰਪੂਰ ਸ਼ਖ਼ਸੀਅਤਾਂ ਵਲੋਂ ਸਰਬੱਤ ਦੇ ਭਲੇ ਲਈ ਕੀਤਾ ਕੋਈ ਵੀ ਕਾਰਜ ਅਜਾਈਂ ਨਹੀਂ ਜਾਂਦਾ। ਸਮਾਂ ਪੈਣ ਤੇ ਉਸ ਦਾ ਮੁੱਲ ਜ਼ਰੂਰ ਪੈਂਦਾ ਹੈ। ਵਾਤਾਵਰਣ ਦੀ ਚੰਗੇਰੀ ਸੰਭਾਲ ਤੇ ਗੁਰੂ ਨਾਨਕ ਸਾਹਿਬ ਦੇ ਕ੍ਰਾਂਤੀਕਾਰੀ ਸੰਦੇਸ਼,"ਪਵਣੁ ਗੁਰੂ ਪਾਣੀ ਪਿਤਾ"  ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਸਾਨੂੰ ਹਮੇਸ਼ਾਂ ਆਪਣੇ ਵਿਰਸੇ ਨੂੰ ਸੰਭਾਲਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ। 

ਪੁਸਤਕ ਲੇਖਕ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ਗਿਆਨ ਪਰਗਾਸੁ ਟਰੱਸਟ ਦੇ ਚੇਅਰਮੈਨ, ਪ੍ਰਧਾਨ ਤੇ ਹਾਜ਼ਰ ਪਤਵੰਤੇ ਸੱਜਣਾਂ ਨੂੰ ਸੰਬੋਧਨ ਹੁੰਦਿਆਂ ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਰੀ ਖੁਸ਼ਨਸੀਬੀ ਹੈ ਕਿ ਮੈਡੀਕਲ ਸਾਇੰਸ ਦੀ ਇਹ ਪੁਸਤਕ ਇਕ ਚੈਰੀਟੇਬਲ ਹਸਪਤਾਲ ਵਿਖੇ ਰਿਲੀਜ਼ ਹੋ ਰਹੀ ਹੈ। ਉਹਨਾਂ ਆਪਣੀ ਪੁਸਤਕ ਰੋਜ਼ਾਨਾ ਪਹਿਰੇਦਾਰ ਅਖ਼ਬਾਰ ਦੇ ਸੰਪਾਦਕ ਸ. ਜਸਪਾਲ ਸਿੰਘ ਹੇਰਾਂ ਨੂੰ ਵੀ ਭੇਂਟ ਕੀਤੀ। 

ਉਪਰੋਕਤ ਤੋਂ ਇਲਾਵਾ  ਸ. ਰਿਸ਼ਬਜੀਤ ਸਿੰਘ, ਪ੍ਰਿੰਸੀਪਲ ਜਸਵੰਤ ਸਿੰਘ,ਪ੍ਰੋ ਕੁਲਵੰਤ ਸਿੰਘ,ਸ.ਮੇਜਰ ਸਿੰਘ ਰਾਜਗੁਰੂ ਨਗਰ ਲੁਧਿਆਣਾ, ਡਾਕਟਰ ਗੁਰਲਾਲ ਸਿੰਘ, ਐਸ ਐਮ ਓ ਹਸਪਤਾਲ ਸੁਧਾਰ, ਸ. ਸੁਖਦੇਵ ਸਿੰਘ ਐਲ ਏ, ਯੂਨਾਈਟਿਡ ਸਿੱਖਸ ਆਦਾਰੇ ਦੇ ਅਹੁਦੇਦਾਰ,ਸਵਰਣ ਸਿੰਘ ਰਾਣਾ ਹੁਰਾਂ ਵੀ ਆਪਣੀ ਹਾਜ਼ਰੀ ਲਗਵਾਈ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday 3 December 2022

ਕਿਹੜੀ ਸੱਤਾ ਲਏਗੀ ਕਲਮਕਾਰਾਂ ਦੀ ਸਾਰ--ਪੁੱਛਦੇ ਸਨ ਜੇ ਐਸ ਭਾਟੀਆ

ਉਹ ਚਾਹੁੰਦੇ ਸਨ ਲੇਖਕਾਂ ਨੂੰ ਵੀ ਪੈਨਸ਼ਨਾਂ ਅਤੇ ਸਬਸਿਡੀਆਂ ਮਿਲਿਆ ਕਰਨ 

ਲੁਧਿਆਣਾ: 3 ਦਸੰਬਰ 2022: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::

ਜੋਗਿੰਦਰ ਸਿੰਘ ਭਾਟੀਆ ਅੰਤਲੇ ਦਿਨਾਂ ਤੀਕ ਵੀ ਕਲਮ ਨੂੰ ਸਮਰਪਿਤ ਰਹੇ। ਉਹਨਾਂ ਦੀਆਂ ਕੁਝ ਪੁਸਤਕਾਂ ਛਪਣ ਮਗਰੋਂ ਚਰਚਾ ਵਿੱਚ ਵੀ ਆਈਆਂ। ਉਹਨਾਂ ਸੰਸਾਰ ਪ੍ਰਸਿੱਧ ਰਚਨਾਵਾਂ ਦੇ ਅਨੁਵਾਦ ਵੀ ਕੀਤੇ। ਸਾਹਿਤਿਕ ਹਲਕਿਆਂ ਵਿੱਚ ਕਿਸੇ ਵੇਲੇ ਉਹ ਬਹੁਤ ਹੀ ਹਰਮਨ ਪਿਆਰੇ ਵੀ ਰਹੇ। ਖੰਨਾ ਰਹਿੰਦਿਆਂ ਉਹ ਉਥੋਂ ਦੇ ਲੋਕਾਂ ਨਾਲ ਦਿਲੋਂ ਜੁੜੇ ਹੋਏ ਸਨ। ਸਾਹਿਤ ਸਭਾਵਾਂ ਵਿਚ ਅਕਸਰ ਉਹਨਾਂ ਦੀ ਗੱਲ ਹੁੰਦੀ। ਲੁਧਿਆਣਾ ਸ਼ਿਫਟ ਹੋਣ ਮਗਰੋਂ ਵੀ ਉਹ ਕਲਮ ਲਈ ਸਮਰਪਿਤ ਰਹੇ। ਟੈਲੀਫੋਨ 'ਤੇ ਲੰਮੀਆਂ ਗੱਲਾਂਬਾਤਾਂ ਦੌਰਾਨ ਉਹ ਅਕਸਰ ਆਪਣੀਆਂ ਰਚਨਾਵਾਂ ਅਤੇ ਖਰੜਿਆਂ ਦੀ ਵੀ ਗੱਲ ਕਰਦੇ। ਚਿੱਤ ਚੇਤਾ ਵੀ ਨਹੀਂ ਸੀ ਉਹ ਏਨੀ ਜਲਦੀ ਤੁਰ ਜਾਣਗੇ ਪਰ ਸਿਹਤ ਜਦੋਂ ਖਰਾਬ ਹੋਣ 'ਤੇ ਆਈ ਤਾਂ ਖਰਾਬ ਹੀ ਹੁੰਦੀ ਚਲੀ ਗਈ। ਇਸ ਵਾਰ ਸਾਡੇ ਸਭਨਾਂ ਦੀਆਂ ਦੁਆਵਾਂ ਵੀ ਕੰਮ ਨਹੀਂ ਆਈਆਂ ਅਤੇ ਸਿਹਤ ਨੂੰ ਮੋੜਾ ਨਹੀਂ ਪੈ ਸਕਿਆ। ਹਸਪਤਾਲੋਂ ਘਰ ਪਰਤਣ ਦੀ ਇੱਛਾ ਉਹਨਾਂ ਦੇ ਵੀ ਮਨ ਵਿਚ ਰਹੀ ਅਤੇ ਪਰਿਵਾਰ ਦੇ ਵੀ। 

ਉਹਨਾਂ ਨੂੰ ਡੀ ਐਮ ਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਕਰੀਬ ਇੱਕ ਹਫਤਾ ਪੂਰੀ ਵਾਹ ਲਾਈ। ਇਸ ਪ੍ਰਸਿੱਧ ਹਸਪਤਾਲ ਦੇ ਡਾਕਟਰਾਂ ਨਾਲ ਉਹਨਾਂ ਦੀ ਸੁਰ ਵੀ ਮਿਲੀ ਹੋਇਆ ਸੀ। ਡਾਕਟਰਾਂ ਨੂੰ ਉਹਨਾਂ ਦੀ ਕੇਸ ਹਿਸਟਰੀ ਵੀ ਬੜੀ ਚੰਗੀ ਤਰ੍ਹਾਂ ਪਤਾ ਸੀ ਕਿਓਂਕਿ ਜਦੋਂ ਵੀ ਸਿਹਤ ਦੀ ਕੋਈ ਸਮੱਸਿਆ ਹੁੰਦੀ ਤਾਂ ਉਹਨਾਂ ਨੂੰ ਇਥੇ ਹੀ ਲਿਆਂਦਾ ਜਾਂਦਾ ਸੀ। ਹਰ ਵਾਰ ਉਹ ਠੀਕ ਹੋ ਕੇ ਪਰਤਦੇ ਅਤੇ  ਪਰਿਵਾਰ ਨਾਲ ਗੱਲਾਂ ਕਰਦੇ। ਇਸਦੇ ਬਾਵਜੂਦ ਇਸ ਵਾਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 

ਉਹਨਾਂ ਦਾ ਬਲੱਡ ਪ੍ਰੈਸ਼ਰ ਡਿੱਗਦਾ ਚਲਾ ਗਿਆ ਅਤੇ ਅਤੇ ਸੱਠ//ਚਾਲੀ (60//40) 'ਤੇ ਆ ਕੇ ਸਥਿਰ ਵਰਗਾ ਹੀ ਹੋ ਗਿਆ। ਡਾਕਟਰਾਂ ਨੇ ਬਹੁਤ ਵਾਹ ਲਾਈ ਪਰ ਇਹ ਬਲੱਡ ਪ੍ਰੈਸ਼ਰ ਉੱਪਰ ਵੱਲ ਨਹੀਂ ਚੜ੍ਹਿਆ। ਇੰਝ ਲੱਗਦਾ ਸੀ ਜਿਵੇਂ ਉਹ ਅੰਤਲੀਆਂ ਘੜੀਆਂ ਨੂੰ ਬਹੁਤ ਨੇੜਿਓਂ ਹੋ ਕੇ ਦੇਖ ਰਹੇ ਹੋਣ। ਸਿਰਫ ਦੇਖ ਹੀ ਨਾ ਰਹੇ ਹੋਣ ਬਲਕਿ ਉਹਨਾਂ ਨਾਲ ਮੁਲਾਕਾਤ ਵੀ ਕਰ ਰਹੇ ਹੋਣ। ਜੇ ਉਹ ਹਸਪਤਾਲੋਂ ਰਾਜ਼ੀਖੁਸ਼ੀ ਹੋ ਕੇ ਘਰ ਪਰਤ ਆਉਂਦੇ ਤਾਂ ਉਹਨਾਂ ਨਿਸਚੇ ਹੀ ਇਸ ਮੁਲਾਕਾਤ ਨੂੰ ਸ਼ਬਦਾਂ ਦੀ ਤਰਤੀਬ ਦੇਣੀ ਸੀ। ਕੋਈ ਲੇਖ ਵੀ ਲਿਖਣਾ ਸੀ ਅਤੇ ਕੋਈ  ਕਹਾਣੀ ਵੀ ਲਿਖਣੀ ਸੀ। 

ਉਹ ਰਸੂਲ ਹਮਜ਼ਾਤੋਵ ਦੀ ਪੁਸਤਕ ਮੇਰਾ ਦਾਗਿਸਤਾਨ ਬਾਰੇ ਕਈ ਕਈ ਵਾਰ ਪੁੱਛਦੇ ਕਿ ਉਹ ਪੜ੍ਹੀ ਹੈ ਜਾਂ ਨਹੀਂ? ਲੱਗਦੈ ਉਹ ਇਸ ਪੁਸਤਕ ਨੂੰ ਦੋਬਾਰਾ ਪੜ੍ਹਨਾ ਚਾਹੁੰਦੇ ਸਨ। ਉਹ ਅਕਸਰ ਪੁੱਛਦੇ ਇਥੇ ਆਪਣੇ ਪੰਜਾਬ ਅਤੇ ਆਪਣੇ ਇੰਡੀਆ ਵਿਚ ਲੇਖਕਾਂ ਦੀ ਸਾਰ ਲੈਣ ਵਾਲੇ ਕਾਨੂੰਨ ਕਦੋਂ ਸਭਨਾਂ ਲੇਖਕਾਂ ਦਾ ਭਲਾ ਕਰਨਗੇ? ਕਦੋਂ ਇਹਨਾਂ ਲਈ ਬੁਢਾਪਾ ਪੈਨਸ਼ਨ ਲੱਗੇਗੀ? ਕਦੋਂ ਇਹਨਾਂ ਨੂੰ ਦੂਜਿਆਂ ਥਾਂਵਾਂ 'ਤੇ ਜਾ ਕੇ ਉਹਨਾਂ ਥਾਂਵਾਂ ਬਾਰੇ ਲਿਖਣ ਲਈ ਲੁੜੀਂਦਾ ਖਰਚਾ ਪਾਣੀ ਮਿਲੇਗਾ। 

ਮਨਿੰਦਰ ਭਾਟੀਆ ਦੀ ਕਮਿਊਨਿਸਟ ਸੋਚ ਅਤੇ ਕਮਿਊਨਿਸਟ ਪਾਰਟੀ ਬਾਰੇ ਗੱਲ ਕਰਦਿਆਂ ਉਹ ਅਕਸਰ ਪੁੱਛਦੇ ਜੇ ਲਾਲ ਝੰਡੇ ਵਾਲਿਆਂ ਦੀ ਹਕੂਮਤ ਆ ਗਈ ਤਾਂ ਕੀ ਇਹ ਕਲਮਕਾਰਾਂ ਦੀ ਸਾਰ ਲੈਣਗੇ? ਫਿਰ ਉਹ ਚਿੰਤਾ ਵੀ ਕਰਦੇ। ਮਨਿੰਦਰ ਭਾਟੀਆ ਬਾਰੇ ਅਕਸਰ ਕਹਿੰਦੇ ਲੋਕਾਂ ਦੀ ਸੇਵਾ ਤਾਂ ਚੰਗੀ ਗੱਲ ਹੈ ਪਾਰ ਆਪਣੀ ਸਿਹਤ ਖਰਾਬ ਕਰ ਲੈਣਾ ਇਹ ਕੋਈ ਚੰਗੀ ਗੱਲ ਨਹੀਂ। ਉਹਨਾਂ ਦਿਨਾਂ ਵਿੱਚ ਮਨਿੰਦਰ ਭਾਟੀਆ ਬਾਈ ਪਾਸ ਸਰਜਰੀ ਮਗਰੋਂ ਬਾਅਦ ਰੈਸਟ 'ਤੇ ਸਨ। 

ਜੋਗਿੰਦਰ ਸਿੰਘ ਭਾਟੀਆ ਜੀ ਨੇ ਮਨਿੰਦਰ ਸਿੰਘ ਭਾਟੀਆ ਦੀ ਸ਼ਖ਼ਸੀਅਤ ਸਿਰਜਣ ਵਿਚ ਕਾਫੀ ਯੋਗਦਾਨ ਦਿੱਤਾ ਸੀ। ਜੋਗਿੰਦਰ ਸਿੰਘ ਭਾਟੀਆ ਜੀ ਦੀ ਸਰਪ੍ਰਸਤੀ ਮਨਿੰਦਰ ਸਿੰਘ ਭਾਟੀਆ 'ਤੇ ਬਚਪਨ ਦੇ ਦਿਨਾਂ ਵਿੱਚ ਉਦੋਂ ਤੋਂ ਹੀ ਬਣੀ ਰਹੀ ਜਦੋਂ ਮਨਿੰਦਰ ਭਾਟੀਆ  ਵਿੱਚ ਨਾਸਤਿਕਤਾ ਦੀ ਸੋਚ ਪ੍ਰਫੁੱਲਿਤ ਹੋਣ ਲੱਗ ਪਈ ਸੀ ਅਤੇ ਉਹ ਟੂਣੇ ਲਈ ਕਿਸੇ ਵੱਡੇ ਦਰਖਤ ਰੱਖੇ ਲੱਡੂ ਨੂੰ ਹੱਸਦੇ ਹੱਸਦੇ ਮੂੰਹ ਵਿਚ ਪਾ ਗਏ ਸਨ। ਇਹ ਸਰਪ੍ਰਸਤੀ ਆਖ਼ਿਰੀ ਸਾਹਾਂ ਤੀਕ ਬਣੀ ਰਹੀ। ਜੋਗਿੰਦਰ ਸਿੰਘ ਭਾਟੀਆ ਖੁਦ ਬੈਡ 'ਤੇ ਪਿਆਂ ਵੀ ਮਨਿੰਦਰ ਭਾਟੀਆ ਲਈ ਚਿੰਤਿਤ ਸਨ। ਉਹ ਚਾਹੁੰਦੇ ਸਨ ਟਰੇਡ ਯੂਨੀਅਨ ਜਾਂ ਪਾਰਟੀ ਦਾ ਕੰਮ ਕਰਦਿਆਂ ਮਨਿੰਦ ਆਪਣੀ ਸਿਹਤ ਦਾ ਖਿਆਲ ਜ਼ਰੂਰ ਰੱਖੇ। 

ਸਾਹਿਤ ਅਤੇ ਮਨਿੰਦਰ ਭਾਟੀਆ ਦੀ ਚਿੰਤਾ ਵਿੱਚ ਜੋਗਿੰਦਰ ਸਿੰਘ ਭਾਟੀਆ ਖੁਦ ਹੀ ਉਹਨਾਂ ਰਾਹਾਂ 'ਤੇ ਤੁਰ ਗਏ ਜਿੱਥੋਂ ਕੋਈ ਨਹੀਂ ਮੁੜਿਆ। ਉਹਨਾਂ ਦੀਆਂ ਰਚਨਾਵਾਂ ਦੇ ਖਰੜੇ ਉਹਨਾਂ ਦੇ ਲੇਖਕ ਬੇਟੇ ਨਵਦੀਪ ਭਾਟੀਆ ਕੋਲ ਹਨ। ਉਹਨਾਂ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 4 ਦਸੰਬਰ ਦੁਪਹਿਰ 12 ਵਜੇ ਤੋਂ ਇੱਕ ਵਜੇ ਤੀਕ ਗੁਰਦੁਆਰਾ ਸਾਹਿਬ ਰਣਜੋਧ ਪਾਰਕ ਹੈਬੋਵਾਲ ਲੁਧਿਆਣਾ ਵਿਖੇ ਹੋਵੇਗੀ। ਛੇਤੀ ਹੀ ਅਸੀਂ ਉਹਨਾਂ ਦੀ ਕਿਸੇ ਨਵੀਂ ਛਪੀ ਪੁਸਤਕ ਨੂੰ ਵੀ ਦੇਖ ਸਕਾਂਗੇ। 

ਸਵਰਗੀ ਜੇ ਐਸ ਭਾਟੀਆ ਸੰਬੰਧੀ ਇਹ ਲਿਖਤ ਵੀ ਪੜ੍ਹਨਾ ਜ਼ਰਾ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।