google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: December 2021

Tuesday 28 December 2021

ਨਾਸਮਝਾਂ ਨੂੰ ਸਮਝਦਾਰ ਬਣਾਉਂਦੀ ਹੈ ਸਰਦਾਰ ਰਣਜੀਤ ਸਿੰਘ ਦੀ ਸ਼ਖ਼ਸੀਅਤ

 ਜਦੋਂ  ਜ਼ਿੰਦਗੀ ਹਿਸਾਬ ਮੰਗਦੀ ਹੈ ਤਾਂ ਬੜਾ ਕੁਝ ਸਿਖਾਉਂਦੀ  ਵੀ ਹੈ  

ਲੁਧਿਆਣਾ
: 28 ਦਸੰਬਰ 2021: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::
ਨਿੱਕੇ ਹੁੰਦਿਆਂ ਸਕੂਲ ਵਾਲੀ ਉਮਰ ਵਿੱਚ ਮੈਨੂੰ ਹਿਸਾਬ ਵਾਲਾ ਵਿਸ਼ਾ ਕਦੇ ਚੰਗਾ ਨਹੀਂ ਸੀ ਲੱਗਦਾ। ਉਸ ਵੇਲੇ ਦੀਆਂ ਜਮਾਤਾਂ ਵਿੱਚ ਇੱਕ ਫਾਰਮੂਲਾ ਬਹੁਤ ਜ਼ਰੂਰੀ ਹੁੰਦਾ ਸੀ ਜਿਸਨੂੰ ਬੋਡਮਾਸ ਕਿਹਾ ਜਾਂਦਾ ਸੀ। ਇਸ BODMAS ਦੇ ਸਾਰੇ ਅੱਖਰਾਂ  ਦੇ ਅਰਥ ਵੱਖ ਵੱਖ ਹੁੰਦੇ ਸਨ। ਜਿਵੇਂ B ਦਾ ਮਤਲਬ ਬਰੈਕਟਾਂ ਤੋਂ ਹੁੰਦਾ ਸੀ ਅਤੇ D ਦਾ ਅਰਥ ਡਿਵੀਯਨ ਅਰਥਾਤ ਤਕਸੀਮ ਹੁੰਦਾ ਸੀ। ਇਸ ਤਰ੍ਹਾਂ ਸਾਰੇ ਅੱਖਰਾਂ ਨੂੰ ਰਲਾ ਕੇ ਬਣ ਜਾਂਦਾ ਸੀ BODMAS. ਅਸੀਂ ਇਸ ਬੋਡਮਾਸ ਨੂੰ ਹਾਸੇ ਮਜ਼ਾਕ ਵਿਚ ਬਦਮਾਸ਼ ਆਖਿਆ ਕਰਦੇ ਸਾਂ। ਇਸ ਫਾਰਮੂਲੇ ਵਿੱਚ ਗਣਿਤ ਦੀਆਂ ਸਾਰੀਆਂ ਘੁੰਡੀਆਂ ਨੂੰ ਹੱਲ ਕਰਕੇ ਸੁਆਲ ਦਾ ਜੁਆਬ ਕੱਢਣਾ ਹੁੰਦਾ ਸੀ। ਇਹ ਸਾਰਾ ਫਾਰਮੂਲਾ ਮੈਨੂੰ ਚੰਗਾ ਤਾਂ ਲੱਗਦਾ ਪਰ ਇਸ ਵਿਚਲੀ ਡਿਵੀਯਨ ਅਰਥਾਤ ਤਕਸੀਮ ਮੈਨੂੰ ਔਖੀ ਲੱਗਦੀ। ਇਸ ਕਰਕੇ ਮੈਂ ਪਹਿਲਾਂ ਇਸ ਫਾਰਮੂਲੇ ਤੋਂ ਦੂਰ ਹੋਇਆ ਫਿਰ ਹਿਸਾਬ ਅਰਥਾਤ ਗਣਿਤ ਵੀ ਚੰਗਾ ਲੱਗਣੋਂ ਹਟ ਗਿਆ। ਸ਼ਾਇਦ ਤਾਂ ਹੀ ਹੁਣ ਤੱਕ ਕੈਲਕੁਲੇਟਰ ਚੰਗਾ ਚੰਗਾ ਲੱਗਦਾ ਹੈ। ਸੋਚਦਾ ਹਾਂ ਅਜਿਹੇ ਯੰਤਰ ਪਹਿਲਾਂ ਹੀ ਆ ਗਏ ਹੁੰਦੇ ਸਾਡੇ ਵੇਲਿਆਂ ਵਿੱਚ!

ਹੁਣ ਪਛਤਾਵਾ ਵੀ ਹੁੰਦਾ ਹੈ ਕਿ ਕਾਰਲ ਮਾਰਕਸ ਦੀ ਰਚਨਾ ਪੂੰਜੀ ਵਾਲੀ ਪੁਸਤਕ ਅਤੇ ਇਸ ਵਿਚਲੀ ਫਿਲਾਸਫੀ ਨੂੰ ਸਮਝਣ ਲਈ ਵੀ ਗਣਿਤ ਦਾ ਆਉਣਾ ਜ਼ਰੂਰੀ ਹੈ, ਸਾਇੰਸ ਦੀ ਪੜ੍ਹਾਈ ਲਈ ਵੀ ਗਣਿਤ ਜ਼ਰੂਰੀ ਹੈ ਅਤੇ ਜ਼ਿੰਦਗੀ ਵਿੱਚ ਸਰਮਾਏਦਾਰਾਂ ਹੱਥੋਂ ਹੁੰਦੇ ਸ਼ੋਸ਼ਣ ਤੋਂ ਬਚਣ ਲਈ ਵੀ ਗਣਿਤ ਆਉਣਾ ਜ਼ਰੂਰੀ ਹੈ। ਪਰ ਕੀ ਹੋ ਸਕਦਾ ਸੀ। ਜਮਾਤਾਂ ਪੜ੍ਹ ਕੇ ਸਿੱਖਣ ਦਾ ਵਕਤ ਲੰਘ ਚੁੱਕਿਆ ਸੀ। ਖੁਦ ਨੂੰ ਬੁਰਾ ਵੀ ਲੱਗਦਾ ਸੀ ਪਰ ਕੋਈ ਰਸਤਾ ਨਾ ਸੁਝਦਾ। ਹੁਣ ਸਿਰਫ ਪਛਤਾਵਾ ਹੋ ਸਕਦਾ ਸੀ। ਗੋਪਾਲ ਦਾਸ ਨੀਰਜ ਹੁਰਾਂ ਦਾ ਲਿਖਿਆ ਗੀਤ- ਕਾਰਵਾਂ ਗੁਜ਼ਰ ਗਿਆ ਗੁਬਾਰ ਦੇਖਤੇ ਰਹੇ-ਸ਼ਾਇਦ ਇਸੇ ਲਈ ਹੁਣ ਤੱਕ ਵੀ ਬੜਾ ਚੰਗਾ ਲੱਗਦਾ ਹੈ। ਹਿਸਾਬ ਦਾ ਵਿਸ਼ਾ ਨਾ ਆਉਣ ਕਾਰਨ ਮਨ ਵਿਚ ਹੀਣ ਭਾਵਨਾ ਜ਼ਰੂਰ ਬਣ ਗਈ ਸੀ। 

ਮੈਂ ਉਸ ਘਰ ਦਾ ਮੁੰਡਾ ਸਾਂ ਜਿਸ ਪਰਿਵਾਰ ਦੇ ਉਸ ਜ਼ਮਾਨੇ ਵਿੱਚ ਵੀ ਕਈ ਵੱਡੇ ਵੱਡੇ ਸਕੂਲ ਚੱਲਦੇ ਸਨ। ਜ਼ਿਲਾ ਪ੍ਰਸ਼ਾਸਨ ਵੀ ਬੜਾ ਆਦਰ ਮਾਨ ਦੇਂਦਾ ਸੀ। ਸਾਡੇ ਸਕੂਲ ਦੇ ਪੜ੍ਹੇ ਬੱਚਿਆਂ ਨੰ ਵੱਡੇ ਵੱਡੇ ਸਕੂਲਾਂ ਵਿਚ ਹੱਸ ਕੇ ਦਾਖਲਾ ਮਿਲ ਜਾਂਦਾ ਪਰ ਮੈਂ ਉਸੇ ਪਰਿਵਾਰ ਵਿੱਚ ਹਿਸਾਬ ਦੇ ਪੱਖੋਂ ਨਾਲਾਇਕ ਸਾਂ। ਇਹ ਨਾਲਾਇਕੀ ਮੈਨੂੰ ਕਾਫੀ ਦੇਰ ਤੱਕ ਨਾਕਾਮ ਰਹਿ ਜਾਣ ਦਾ ਅਹਿਸਾਸ ਕਰਾਉਂਦੀ ਰਹੀ। 

ਖੁਦ ਨੂੰ ਸ਼ਰਮ ਵੀ ਆਉਂਦੀ ਸੀ ਪਰ ਹਿਸਾਬ ਫਿਰ ਵੀ ਨਹੀਂ ਸੀ ਆਉਂਦਾ। ਇਸਦੀ ਕਮੀ ਹੁਣ ਤਕ ਮਹਿਸੂਸ ਵੀ ਹੁੰਦੀ ਹੈ। ਆਖਿਰ ਪਿਤਾ ਜੀ ਨੂੰ ਖੱਬੀ ਸਿਆਸਤ ਕਾਰਨ ਅੰਡਰ ਗਰਾਊਂਡ ਹੋਣਾ ਪਿਆ। ਇਹ ਅਗਿਆਤਵਾਸ ਕੋਈ ਪਹਿਲੀ ਵੇਰਾਂ ਨਹੀਂ ਸੀ। ਜਦੋਂ ਮੈਨੂੰ ਮੇਰੀ ਮਾਂ ਨੇ ਕੁੱਛੜ ਚੁੱਕਿਆ ਹੁੰਦਾ ਸੀ ਉਦੋਂ ਮੈਂ ਪਿਤਾ ਜੀ ਨਾਲ ਮੁਲਾਕਾਤ ਕਰਨ ਲੁਧਿਆਣਾ ਵਾਲੀ ਸੈਂਟਰਲ ਜੇਲ੍ਹ ਗਿਆ ਸਾਂ। ਮੇਰੀ ਦਾਦੀ ਅਤੇ ਚਾਚਾ ਵੀ ਨਾਲ ਸਨ। ਇਸ ਜੇਲ੍ਹ ਦੀ ਗੇਟ ਵਾਲੀ ਥਾਂ ਤੇ ਹੁਣ ਨਾਮਧਾਰੀ ਸਮਾਰਕ ਬਣਿਆ ਹੋਇਆ ਹੈ। ਉਹ ਬੋਹੜ ਅਜੇ ਵੀ ਹੈ ਜਿਸ ਦੀ ਛਾਂ ਹੇਠਾਂ ਮੁਲਾਕਾਤੀ ਉਡੀਕ ਕਰਦੇ ਸਨ। ਇਸੇ ਦੁਆਲੇ ਇੱਕ ਚੰਗਾ ਮਜ਼ਬੂਤ ਥੜਾ ਬਣਿਆ ਹੁੰਦਾ ਸੀ। ਉਸੇ ਤੇ ਹੀ ਸਾਰੇ ਬੈਠਿਆ ਕਰਦੇ ਸਨ। ਹੁਣ ਉਸ ਬੋਹਲ ਹੇਠਾਂ ਸ਼ਹੀਦਾਂ ਦੀ ਯਾਦ ਦੁਆਉਂਦੀ ਇੱਕ ਜੋਤ ਜਗਦੀ ਰਹਿੰਦੀ ਹੈ। ਧੁੰਦਲੀਆਂ ਧੁੰਦਲੀਆਂ ਯਾਦਾਂ ਅਜੇ ਵੀ ਜ਼ਹਿਨ ਵਿੱਚ ਹਨ। ਉਸ ਵੇਲੇ ਦੀਆਂ ਗੱਲਾਂ ਯਾਦ ਕਰ ਕਰ ਕੇ ਮੇਰਾ ਯਕੀਨ ਪੱਕਾ ਹੋ ਗਿਆ ਹੈ ਕਿ ਇਕਾਗਰਤਾ ਨਾਲ ਉਮਰ ਦੇ ਹਰ ਪੜਾਅ ਨੰ ਯਾਦ ਕੀਤਾ ਜਾ ਸਕਦਾ ਹੈ।  ਇਸ ਸਬੰਧੀ ਓਸ਼ੋ ਦੀਆਂ ਗੱਲਾਂ ਬਹੁਤ ਕੁਝ ਦੱਸਦਿਆਂ ਹਨ ਜਿਹੜੀਆਂ ਸਭਨਾਂ ਨੂੰ ਪੜ੍ਹਨੀਆਂ ਚਾਹੀਦੀਆਂ ਹਨ। 

ਜ਼ਿੰਦਗੀ ਦੇ ਤੂਫ਼ਾਨ ਬਹੁਤ ਕੁਝ ਲੈ ਗਏ। ਬਹੁਤ ਸਾਰੀਆਂ ਯਾਦਾਂ ਵੀ ਭੁਲਭੁਲਾ ਗਈਆਂ। ਅਜੇ ਵੀ ਕੁਝ ਕੁਝ ਯਾਦਾਂ ਵਿਚ ਬਚਿਆ ਹੋਇਆ ਹੈ। ਜਦੋਂ ਪਿਤਾ ਜੀ ਅੰਡਰ ਗਰਾਊਂਡ ਹੋਏ ਉਸ ਵੇਲੇ ਮੇਰੀ ਉਮਰ ਮਸਾਂ ਦਸਾਂ ਕੁ ਸਾਲਾਂ ਦੀ ਸੀ। ਮੈਨੂੰ ਇਸਦਾ ਅੰਦਾਜ਼ਾ ਕਦੇ ਵੀ ਨਹੀਂ ਸੀ ਕਿ ਇਸ ਵਾਰ ਅਸੀਂ ਇਸ ਘਰੋਂ ਨਿਕਲ ਕੇ ਕਦੇ ਇਥੇ ਨਹੀਂ ਪਰਤ ਨਹੀਂ ਸਕਣਾ। ਸ਼ਾਇਦ ਖਾਲਸਾ ਨੈਸ਼ਨਲ ਸਕੂਲ ਨਾਲ ਅਟੈਚਮੈਂਟ ਜਿਹੀ ਹੋ ਗਈ ਸੀ। 

ਮੈਨੂੰ ਪਹਿਲੀ ਵੇਰਾਂ ਆਪਣੇ ਪਰਿਵਾਰ ਦੀ ਦੇਖਰੇਖ ਹੇਠਾਂ ਚੱਲਦੇ ਸਕੂਲੋਂ ਕੱਢ ਕੇ ਖਾਲਸਾ ਨੈਸ਼ਨਲ ਸਕੂਲ ਵਿੱਚ ਪਾ ਦਿੱਤਾ ਗਿਆ ਸੀ ਜਾਂ ਇੰਝ ਕਹਿ ਲਓ ਕਿ ਸਕੂਲ ਵਿਚ ਦਾਖਲਾ ਮਿਲਣ ਮਗਰੋਂ ਹੀ ਮੇਰੇ ਘਰ ਪਰਿਵਾਰ ਨੂੰ ਪਤਾ ਲੱਗਿਆ। ਇਹ ਵੀ ਇੱਕ ਦਿਲਚਸਪ ਕਹਾਣੀ ਹੈ। ਵਿਸਥਾਰ ਫਿਰ ਕਦੇ ਸਹੀ। 

ਫਿਲਹਾਲ ਏਨਾ ਹੀ ਕਿ ਮੇਰੇ ਤਾਇਆ ਜੀ ਗਿਆਨੀ ਗੁਰਬਖਸ਼ ਸਿੰਘ ਓਕਾੜਾ ਕਾਲਜ ਵਾਲਿਆਂ ਨੇ ਹੀ ਮੈਨੂੰ ਬੋਰਡ ਵਾਲੀ ਪੰਜਵੀਂ ਜਮਾਤ ਦਾ ਪ੍ਰਾਈਵੇਟ ਇਮਤਿਹਾਨ ਦੁਆਇਆ ਜਿਸਦਾ ਸੈਂਟਰ ਕਰੀਮਪੁਰਾ ਬਾਜ਼ਾਰ ਵਿੱਚ ਖੁਲਦੇ ਖਾਲਸਾ ਨੈਸ਼ਨਲ ਸਕੂਲ ਦੀ ਹੀ ਕਿਸੇ ਦੂਜੀ ਇਮਾਰਤ ਵਿੱਚ ਸੀ। ਇਮਤਿਹਾਨ ਉੱਪਰਲੀ ਮੰਜ਼ਿਲ ਦੇ ਕਿਸੇ ਹਾਲ ਕਮਰੇ ਵਿਚ ਲਿਆ ਗਿਆ ਸੀ। ਪਹਿਲੀ ਵਾਰ ਕਿਸੇ ਓਪਰੇ ਜਿਹੇ ਮਾਹੌਲ ਵਾਲੇ ਸਕੂਲ ਜਾ ਕੇ ਉਹ ਵੀ ਪਹਿਲਾ ਪੇਪਰ ਦੇਣ ਲਈ..ਮੇਰੀ ਤਬੀਅਤ ਘਰ ਜਿਹੀ ਗਈ। ਦਿਲ ਕੱਚ ਹੁੰਦਾ ਜਿਹਾ ਲੱਗੇ। ਮਾਰਚ ਮਹੀਨੇ ਵਾਲਾ ਮੌਸਮ ਸਰਦੀ ਗਰਮੀ ਰਲਿਆ ਮਿਲਿਆ ਜਿਹਾ ਸੀ। ਸਵੇਰੇ ਸਵੇਰੇ ਥੁੜਨ ਲੱਗਿਆ ਹੀ ਕਰਦੀ ਸੀ। ਇੱਕ ਟੀਚਰ ਮੈਡਮ ਨੇ ਮੈਨੂੰ ਪਿਆਰ ਨਾਲ ਸਮਝਿਆ ਤੂੰ ਤਾਂ ਬਹਾਦਰ ਹੈਂ। ਇਮਤਿਹਾਨ ਤਾਂ ਗੱਲ ਈ ਕੋਈ ਨਹੀਂ। ਉਸਨੇ ਮੈਨੂੰ ਇੱਕ ਸੰਤਰਾ ਛਿੱਲ ਕੇ ਵੀ ਖੁਆਇਆ ਤੇ ਮੇਰੀ ਤਬੀਅਤ ਠੀਕ ਹੋ ਗਈ। 

ਰਿਜ਼ਲਟ ਆਉਣ ਤੇ ਮੈਨੂੰ ਇਸੇ ਸਕੂਲ ਵਿੱਚ ਛੇਵੀਂ ਜਮਾਤ ਵਿਚ ਦਾਖਲ ਕਰਵਾ ਦਿੱਤਾ ਗਿਆ। ਇਹ ਸਭ ਕੁਝ ਮੇਰੇ ਤਾਇਆ ਜੀ ਨੇ ਹੀ ਬੜੇ ਪਰਦੇ ਜਿਹੇ ਨਾਲ ਕੀਤਾ। ਦਾਖਲਾ ਹੋਣ ਮਗਰੋਂ ਹੀ ਮੇਰੇ ਘਰ ਜਾ ਕੇ ਦੱਸਿਆ ਗਿਆ। ਦਾਖਲੇ ਦੀਆਂ ਬਾਕੀ ਰਸਮਾਂ ਵੀ ਸ਼ਾਇਦ ਬਾਅਦ ਵਿਚ ਹੀ ਪੂਰੀਆਂ ਹੋਈਆਂ। ਤਾਇਆ ਜੀ ਦੀ ਉਸ ਸਕੂਲ ਦਾ ਸਾਰਾ ਸਟਾਫ ਵੀ ਕਾਫੀ ਇਜ਼ਤ ਕਰਦਾ ਸੀ। ਤਾਇਆ ਕੋਲੋਂ ਪੜ੍ਹ ਕੇ ਗਏ ਲੋਕ ਅਕਸਰ ਹਰ ਥਾਂ ਹਰ ਮਹਿਕਮੇ ਵਿਚ ਮਿਲ ਜਾਂਦੇ। ਉਹਨਾਂ ਸਾਰੀ ਉਮਰ ਖੱਦਰ ਦਾ ਕੁੜਤਾ ਪਜਾਮਾ ਪਾਇਆ, ਖੱਦਰ ਦੀ ਪੱਗ ਬੰਨੀ ਅਤੇ ਲੰਮੀ ਖੁਲ੍ਹੀ ਦਾਹੜੀ ਆਖ਼ਿਰੀ ਸਾਹਾਂ ਤੀਕ ਰਹੀ। ਕਦ ਕਾਫੀ ਲੰਮਾ ਸੀ ਸੋ ਸਮੁੱਚੀ ਸ਼ਖ਼ਸੀਅਤ ਵੀ ਚੰਗੀ ਸੀ। ਕਿਤਾਬਾਂ ਦਾ ਗਿਆਨ ਵੀ ਕਾਫੀ ਸੀ ਅਤੇ ਗੁਰਬਾਣੀ ਦਾ ਗਈਆਂ ਵੀ। ਖੈਰ ਪਰਤਦੇ ਹਨ ਖਾਲਸਾ ਸਕੂਲ ਵਾਲੀ ਗੱਲ ਤੇ ਹੀ। 

ਇਸ ਖਾਲਸਾ ਨੈਸ਼ਨਲ ਸਕੂਲ ਦਾ ਗੇਟ ਹੁਣ ਵੀ ਸ਼ਾਹਪੁਰ ਰੋਡ ਤੇ ਹੀ ਹੈ ਅਤੇ ਪਹਿਲਾਂ ਵੀ ਇਸੇ ਹੀ ਥਾਂ ਤੇ ਹੁੰਦਾ ਸੀ। ਪੰਜਾਬੀ ਦੀ  ਮੈਨੂੰ ਦਿੱਕਤ ਕੋਈ ਨਹੀਂ ਸੀ। ਕਲਾਸ ਦੀ ਲੋੜ ਜਿੰਨੀ ਏਨੀ ਕੁ ਅੰਗਰੇਜ਼ੀ ਮੈਂ ਇਥੇ ਸਿੱਖ ਲਈ ਕਿ ਕਲਾਸ ਵਿੱਚ ਬੱਲੇ ਬੱਲੇ ਹੋਣ ਲੱਗ ਪਈ। ਬਾਕੀ ਵਿਸ਼ੇ ਵੀ ਛੇਤੀ ਹੀ ਆਉਣ ਲੱਗ ਪਏ ਪਰ ਹਿਸਾਬ ਦਾ ਡਰ ਅਤੇ ਝਾਕਾ ਫਿਰ ਵੀ ਬਣਿਆ ਰਿਹਾ। ਹਿਸਟਰੀ ਵੀ ਚੰਗੀ ਲੱਗਦੀ ਅਤੇ ਸਮਾਜਿਕ ਵੀ ਪਰ ਹਿਸਾਬ ਵਾਲਾ ਬੁਖਾਰ ਨਾ ਉਤਰਦਾ। ਵਰਦੀ, ਕਿਤਾਬਾਂ ਅਤੇ ਨਵੇਂ ਬਸਤੇ ਨਾਲ ਮੈਨੂੰ ਚਾਅ ਜਿਹਾ ਵੀ ਚੜ੍ਹ ਗਿਆ। ਰੋਜ਼ ਸਵੇਰੇ ਸਮੇਂ ਸਿਰ ਸਕੂਲ ਲਈ ਤਿਆਰ ਹੋ ਜਾਣਾ। ਮੇਰੇ ਪਿਤਾ ਜੀ ਰੋਜ਼ ਮੈਨੂੰ ਛੱਡ ਕੇ ਆਇਆ ਕਰਦੇ ਸਨ। ਲੋਕ ਭਲਾਈ ਦੇ ਕੰਮਾਂ ਕਾਰਨ ਬਥੇਰੀਆਂ ਦੁਸ਼ਮਣੀਆਂ ਵੀ ਸਨ। ਇਸ ਲਈ ਖੁਦ ਛੱਡ ਕੇ ਆਉਂਦੇ। 

ਸਕੂਲ ਵਿੱਚ ਸਾਡੀ ਕਲਾਸ ਦੇ ਇੰਚਾਰਜ ਮਾਸਟਰ ਦੇਵਰਾਜ ਕੋਲੋਂ ਸਾਰੀ ਕਲਾਸ ਨੂੰ ਹੀ ਬਹੁਤ ਕੁੱਟ ਪੈਂਦੀ ਸੀ। ਅੱਜ ਵੀ ਯਾਦ ਹੈ ਉਸ ਮੋਟੇ ਡੰਡੇ ਦੀ ਮਾਰ ਪਰ ਉਹ ਮਾਸਟਰ ਪ੍ਰੇਮ ਵੀ ਬਹੁਤ ਕਰਦਾ ਸੀ ਸਭਨਾਂ ਨੂੰ। ਇਹੀ ਹਾਲ ਕਲਾਸ ਵਿਚ ਪੜ੍ਹਨ ਵਾਲਿਆਂ ਦਾ ਵੀ ਸੀ।  ਡੰਡੇ ਖਾਣ ਵੇਲੇ ਸਾਹ ਸੁੱਕਿਆ ਹੁੰਦਾ ਸੀ ਪਰ ਜਦੋਂ ਅੱਧੀ ਛੁੱਟੀ ਮਗਰੋਂ ਦੁਬਾਰਾ ਪੀਰੀਅਡ ਲੱਗਣਾ ਤਾਂ ਲੱਸੀ ਲਿਆਉਣ ਵਾਲਿਆਂ ਵਿਚ ਵੀ ਇਹੀ ਸਭ ਤੋਂ ਅੱਗੇ ਹੁੰਦੇ। ਲੱਸੀ ਜ਼ਿਆਦਾ ਹੁੰਦੀ ਤਾਂ ਅਸੀਂ ਕਲਾਸ ਵਿੱਚ ਪੜ੍ਹਨ ਵਾਲੇ ਵੀ ਪੀ ਲੈਂਦੇ। ਪਰ ਇਹ ਲੱਸੀ ਪੀ ਕੇ ਵੀ ਹਿਸਾਬ ਪੂਰੀ ਤਰ੍ਹਾਂ ਨਹੀਂ ਸੀ ਆ ਰਿਹਾ। ਮਾਸਟਰ ਦੇਵਰਾਜ ਨੇ ਪੁੱਛਿਆ ਕਿਓਂ ਲੱਸੀ ਪੀ ਕੇ ਵੀ ਉਦਾਸ ਜਿਹਾ ਕਿਓਂ ਹੈਂ? ਮੈਂਉੱਥੇ ਵੀ ਇਹੀ ਅੱਖ ਦਿੱਤਾ-ਜੀ ਲੱਸੀ ਪੀ ਕੇ ਵੀ ਹਿਸਾਬ ਨਹੀਂ ਆਉਂਦਾ? ਉਸਨੇ ਪੁੱਛਿਆ ਅੰਗਰੇਜ਼ ਆ ਜਾਂਦੀ ਹੈ?ਮੈਂ ਹੱਸਦਿਆਂ ਹੱਸਦਿਆਂ ਅੱਖ ਦਿੱਤਾ ਜੀ ਉਹ ਤਾਂ ਆ ਜਾਂਦੀ ਹੈ। ਸਾਰੀ ਕöਲਾਸ ਹੱਸਣ ਲੱਗ ਪਈ ਤੇ ਗੱਲ ਆਈ ਗਈ ਹੋ ਗਈ। ਜਦੋਂ ਡੰਡੇ ਖਾਨ ਵੇਲੇ ਸਾਰੀ ਕਲਾਸ ਨੂੰ ਮਾਸਟਰਜੀ ਨੇ ਖੁਦ ਅਕਰਨਾ ਤਾਂ ਮਮੇਰੀ ਵਾਰ ਆਉਣ ਤੇ ਅੱਗੇ ਲੰਘ ਜਾਣਾ ਛੱਡ ਤੈਨੂੰ ਕੀ ਕਹਿਣਾ ਤੂੰ ਤਾਂ ਲੱਸੀ ਪੀ ਪੀ ਕੇ ਸਬਕ ਸਿੱਖਣਾ ਸਾਡੇ ਡੰਡੇ ਨੇ ਤੈਨੂੰ ਕੁਝ ਨਹੀਂ ਸਿਖਾਉਣਾ। ਇਸ ਤਰ੍ਹਾਂ ਹੀ ਗਰਮੀਆਂ ਦੀਆਂ ਛੁੱਟੀਆਂ ਆ ਗਈਆਂ ਤੇ ਉਹਨਾਂ ਛੁੱਟਿਆਮ ਮਗਰੋਂ ਮੈਂ ਕਦੇ ਉਸ ਸਕੂਲ ਨਾ ਜਾ ਸਕਿਆ। ਬਸ ਕੁਝ ਕੁ ਮਹੀਨਿਆਂ ਦੀ ਪੜ੍ਹਾਈ ਨੇ ਅੱਜ ਤੱਕ ਜਜ਼ਬਾਤੀ ਤੌਰ ਤੇ ਉਸ ਸਕੂਲ ਨਾਲ ਜੋੜਿਆ ਹੋਇਆ ਹੈ। ਜਦੋਂ ਵੀ ਉਧਰੋਂ ਲੰਘਣਾ ਪਵੇ ਤਾਂ ਦਹਾਕਿਆਂ ਪੁਰਾਣੇ ਉਹ ਦਿਨ ਇੱਕ ਵਾਰ ਫੇਰ ਯਾਦ ਆ ਜਾਂਦੇ ਹਨ। ਸਮਾਂ ਲੰਘਦਾ ਗਿਆ। ਬਹੁਤ ਕੁਝ ਭੁੱਲ ਭੁਲਾ ਵੀ ਗਿਆ। 

ਦਹਾਕਿਆਂ ਮਗਰੋਂ ਹਿਸਾਬ ਦਾ ਵਿਸ਼ਾ ਪੜ੍ਹਨ ਅਤੇ ਸਿੱਖਣ ਨੂੰ ਦਿਲ ਕੀਤਾ ਰਣਜੀਤ ਸਿੰਘ ਹੁਰਾਂ ਨੂੰ ਮਿਲ ਕੇ। ਫਾਰਮੂਲੇ ਤਾਂ ਅੱਜ ਵੀ ਨਹੀਂ ਆਏ ਪਰ ਹਿਸਾਬ ਦੇ ਸਿਰ ਤੇ ਚਲਦੀ ਇਕਨੋਮਿਕਸ ਦੀ ਸਮਝ ਆਉਣ ਲੱਗ ਪਈ ਸੀ ਜੋ ਕਿ ਚਮਤਕਾਰ ਤੋਂ ਘੱਟ ਨਹੀਂ ਸੀ। ਇਹ ਗਿਆਨ ਸ਼ਾਇਦ ਜ਼ਿੰਦਗੀ ਦੀਆਂ ਉਲਝਣਾਂ ਨੇ ਸਿਖਾਇਆ ਸੀ। ਮੈਂ ਇੱਕ ਬਹੁਤ ਵੱਡੀ ਅਖਬਾਰ ਲਈ ਸ਼ੇਅਰ ਬਾਜ਼ਾਰ ਦੇ ਕਾਲਮ ਵੀ ਲਿਖੇ। ਸ਼ੇਅਰਾਂ ਦੇ ਭਾਵਾਂ ਬਾਰੇ ਭਵਿੱਖਬਾਣੀਆਂ ਵਰਗੀਆਂ ਖਬਰਾਂ ਵੀ ਪਾਈਆਂ। ਲੋਕ ਸ਼ੇਅਰ ਖਰੀਦਣ ਲਈ ਮੇਰੇ ਨਾਲ ਸਲਾਹਾਂ ਵੀ ਕਰਦੇ। ਹੋਲੀ ਹੋਲੀ ਇਹ ਸਮਝ ਆਉਣ ਲੱਗ ਪਈ ਕਿ ਬੇਰੋਜ਼ਗਾਰੀ ਕਿਓਂ ਵੱਧ ਰਹੀ ਹੈ? ਚੀਜ਼ਾਂ ਮਹਿੰਗੀਆਂ ਕਿਓਂ ਹੁੰਦੀਆਂ ਹਨ? ਨਿੱਤ ਵਰਤੋਂ ਦਿਨ ਵਸਤਾਂ ਤੇ ਛਪੇ MRP ਦੀਆਂ ਕੀ ਘੁੰਡੀਆਂ ਹਨ? ਹਿਸਾਬ ਵੱਲ ਦੋਬਾਰਾ ਦਿਲਚਸਪੀ ਜਗਾਉਣ ਵਾਲੇ ਰਣਜੀਤ ਸਿੰਘ ਦੋ ਚਾਰ ਦਿਨ ਪਹਿਲਾਂ ਹੀ ਫਿਰ ਮਿਲੇ ਤਾਂ ਜਿਹਾ ਬੜਾ ਕੁਝ ਯਾਦ ਆਇਆ। ਉਹਨਾਂ ਬਾਰੇ ਇੱਕ ਪੋਸਟ ਵੱਖਰੇ ਤੌਰ ਤੇ ਵੀ ਪਾਈ ਹੈ ਜਿਸ ਨੂੰ ਤੁਸੀਂ ਪੜ੍ਹ ਸਕਦੇ ਹੋ ਇਥੇ ਕਲਿੱਕ ਕਰਕੇ। ਰਣਜੀਤ ਸਿੰਘ ਹੁਰਾਂ ਦਾ ਇੱਕ ਭਾਸ਼ਣ ਸੁਣ ਕੇ ਮੈਨੂੰ ਹਿਸਾਬ ਬਹੁਤ ਹੀ ਚੰਗਾ ਚੰਗਾ ਲੱਗਣ ਲੱਗਿਆ। ਇਹ ਰਣਜੀਤ ਸਿੰਘ ਕੌਣ ਹਨ ਇਸ ਬਾਰੇ ਤੁਸੀਂ ਪੜ੍ਹ ਸਕਦੇ ਹੋ ਇਥੇ ਕਲਿਕ ਕਰਕੇ। ਕੁਝ ਜ਼ਿਕਰ ਹੈ ਕਿਸੇ ਵੱਖਰੀ ਪੋਸਟ ਵਿੱਚ। --ਰੈਕਟਰ ਕਥੂਰੀਆ//ਸਾਹਿਤ ਸਕਰੀਨ

Monday 27 December 2021

ਧਰਮ ਅਤੇ ਨਾਸਤਿਕਤਾ ਦਰਮਿਆਨ ਰਾਬਤੇ ਵਾਂਗ ਹਨ ਰਣਜੀਤ ਸਿੰਘ

 ਜਲਦੀ ਹੀ ਆਉਣ ਵਾਲੀ ਹੈ ਉਹਨਾਂ ਦੀ ਨਵੀਂ ਪੁਸਤਕ 


ਲੁਧਿਆਣਾ
: 27 ਦਸੰਬਰ 2021: (ਰੈਕਟਰ ਕਥੂਰੀਆ//ਕਾਰਤਿਕ ਸਿੰਘ//ਸਾਹਿਤ ਸਕਰੀਨ)::

ਡੇੜ ਕੁ ਦਹਾਕਾ ਪਹਿਲਾਂ ਲੁਧਿਆਣਾ ਦੇ ਕਲਗੀਧਰ ਗੁਰਦੁਆਰਾ ਸਾਹਿਬ ਵਾਲੀ ਸੜਕ ਤੇ ਸਥਿਤ ਸਰਗੋਧਾ ਸਕੂਲ ਵਿੱਚ ਇੱਕ ਸਮਾਗਮ ਸੀ ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ। ਵਿਸ਼ਾ ਸੀ ਵਿਗਿਆਨਕ ਸੋਚ ਨੂੰ ਜ਼ਿੰਦਗੀ ਵਿੱਚ ਉਤਾਰਨ ਬਾਰੇ। ਅੱਜਕਲ ਆਮ ਜ਼ਿੰਦਗੀ ਵਿੱਚ ਨਜ਼ਰ ਮਾਰੀਏ ਤਾਂ ਨਿੱਛ ਆਉਣ ਤੇ ਰੁਕਣ ਵਾਲਿਆਂ ਵਿੱਚ  ਪੜ੍ਹੇ ਲਿਖੇ ਡਾਕਟਰੀ ਗਿਆਨ ਵਾਲੇ ਵਿਅਕਤੀ ਵੀ ਕਾਫੀ ਹੁੰਦੇ ਹਨ ਜਿਹਨਾਂ ਨੂੰ ਪਤਾ ਹੁੰਦਾ ਹੈ ਕਿ ਨਿੱਛ ਕਿਓਂ ਆਉਂਦੀ ਹੈ। ਇਸੇ ਤਰ੍ਹਾਂ ਬਿੱਲੀ ਰਸਤਾ ਕੱਟ ਜਾਏ ਤਾਂ ਇੱਕ ਵਾਰ ਰੁਕਣ ਲਈ ਕਹਿਣ ਵਾਲਿਆਂ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਵਾਲੇ ਵੀ ਹੋਣਗੇ ਜਿਹਨਾਂ ਨੂੰ ਪਤਾ ਹੈ ਕਿ ਬਿੱਲੀ ਦੇ ਰਸਤਾ ਕੱਟਣ ਨਾਲ ਕੋਈ ਮੁਸੀਬਤ ਨਹੀਂ ਡਿੱਗਣ ਵਾਲੀ। ਫਿਰ ਵੀ ਅਜਿਹਾ ਬੜਾ ਕੁਝ ਆਏ ਦਿਨ ਵਾਪਰਦਾ ਨਜ਼ਰ ਆਉਂਦਾ ਹੈ। ਉਸ ਨੂੰ ਦੇਖਦਿਆਂ ਮਹਿਸੂਸ ਹੁੰਦਾ ਹੈ ਕਿ ਸਾਡੇ ਲੋਕਾਂ ਵਿੱਚ ਅਜੇ ਤੱਕ ਵਿਗਿਆਨਕ ਸੋਚ ਪੂਰੀ ਤਰ੍ਹਾਂ ਪੈਦਾ ਨਹੀਂ ਹੋ ਸਕੀ। ਖੱਬੀ ਸੋਚ ਵਾਲੇ ਅਗਾਂਹਵਧੂ ਡਾਕਟਰ ਅਰੁਣ ਮਿੱਤਰਾ ਹੁਰਾਂ ਦੀ ਟੀਮ ਵੱਲੋਂ ਸੰਚਾਲਿਤ ਭਾਰਤ ਜਨ ਗਿਆਨ ਵਿਗਿਆਨ ਜੱਥਾ ਇਸ ਸੋਚ ਨੂੰ ਵਿਕਸਿਤ ਕਰਨ ਲਈ ਕੁਝ ਨ ਕੁਝ ਕਰਦਾ ਹੀ ਰਹਿੰਦਾ ਹੈ। ਸਰਗੋਧਾ ਸਕੂਲ ਵਾਲਾ ਸਮਾਗਮ ਵੀ ਇਸੇ ਮੁਹਿੰਮ ਦੀ ਹੀ ਇੱਕ ਲੜੀ ਸੀ। ਰਣਜੀਤ ਸਿੰਘ ਹੁਰਾਂ ਵੱਲੋਂ ਹਿਸਾਬ ਦੇ ਵਿਸ਼ੇ ਦੀ ਦਿਲਚਸਪ ਵਿਆਖਿਆ ਇਸੇ ਸੋਚ ਨੂੰ ਪ੍ਰਫੁੱਲਿਤ ਕਰਨ ਦੀ ਹੀ ਕੋਸ਼ਿਸ਼ ਸੀ। ਹਿਸਾਬ ਵਰਗੇ ਵਿਸ਼ੇ ਨੂੰ ਦਿਲਚਸਪ ਬਣਾ ਕੇ ਪੇਸ਼ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਵੀ ਨਹੀਂ। 

ਪੰਜਾਬ ਸਕਰੀਨ ਦੀ ਟੀਮ ਮੀਡੀਆ ਕਵਰੇਜ ਲਈ ਉੱਥੇ ਗਈ ਸੀ। ਸਕੂਲ ਲੱਭਣ ਵਿਚ ਕੁਝ ਦੇਰ ਵੀ ਹੋ ਗਈ ਸੀ। ਜਦੋਂ ਹਾਲ ਵਿੱਚ ਪੁੱਜੇ ਤਾਂ ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਸਰਗਰਮ ਮੈਂਬਰ ਰਣਜੀਤ ਸਿੰਘ ਆਪਣਾ ਭਾਸ਼ਣ ਸ਼ੁਰੂ ਕਰ ਚੁੱਕੇ ਸਨ। ਉਹਨਾਂ ਨੇ ਵਿਸ਼ਾ ਛੋਹਿਆ ਸੀ ਹਿਸਾਬ ਦੇ ਵਿਸ਼ੇ ਨਾਲ ਸਬੰਧਤ ਨੁਕਤਿਆਂ ਬਾਰੇ। ਇਸ ਬਾਰੇ ਬੋਲਦਿਆਂ ਉਹਨਾਂ ਕਈ ਗੱਲਾਂ ਦੱਸੀਆਂ ਜਿਹਨਾਂ ਲ ਲੱਗਦਾ ਸੀ ਕਿ ਹਿਸਾਬ ਵਰਗਾ ਦਿਲਚਸਪ ਅਤੇ ਸੌਖਾ ਵਿਸ਼ਾ ਕੋਈ ਹੋਰ ਹੋ ਹੀ ਨਹੀਂ ਸਕਦਾ। ਬੱਚੇ ਸਾਹ ਰੋਕ ਕੇ ਇਸ ਤਰ੍ਹਾਂ ਸੁਣ ਰਹੇ ਸਨ ਜਿਵੇਂ ਬੜੀ ਹੀ ਦਿਲਚਸਪ ਕਹਾਣੀ ਸੁਣਾਈ ਜਾ ਰਹੀ ਹੋਵੇ। ਕੁਲ ਮਿਲਾ ਕੇ ਇਹ ਭਾਸ਼ਣ ਹਿਸਾਬ ਦੇ ਵਿਸ਼ੇ ਨੂੰ ਬੜਾ ਰੌਚਿਕ ਬਣਾ ਕੇ ਪੇਸ਼ ਕਰ ਰਿਹਾ ਸੀ। ਹਿਸਾਬ ਦਾ ਨਾਮ ਲੈਂਦਿਆਂ ਹੀ ਬੁਖਾਰ ਜਿਹਾ ਮਹਿਸੂਸ ਕਰਨ ਵਾਲੇ ਮੇਰੇ ਵਰਗੇ ਬੰਦੇ ਦਾ ਵੀ ਦਿਲ ਕਰਨ ਲੱਗ ਪਿਆ ਕਿ ਹਿਸਾਬ ਇਸ ਉਮਰ ਵਿੱਚ ਵੀ ਸਿੱਖ ਲਿਆ ਜਾਵੇ ਤਾਂ ਹਰਜ ਕੋਈ ਨਹੀਂ। 

ਮੈਨੂੰ ਲੱਗਿਆ ਕਿ ਇਹ ਹਿਸਾਬ ਦੇ ਮਾਹਰ ਹੋਣਗੇ। ਇਹ ਨੈਸ਼ਨਲ ਐਵਾਰਡੀ ਅਧਿਆਪਕ ਰਣਜੀਤ ਸਿੰਘ ਸਨ ਜਿਹੜੇ ਮਾਇਆ ਨਗਰ ਵਾਲੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਵੀ ਬੜੀ ਸਫਲਤਾ ਨਾਲ ਚਲਾ ਰਹੇ ਹਨ ਅਤੇ ਮੁੱਖ ਅਧਿਆਪਕ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਰਹੇ ਹਨ। ਇਸਦੇ ਨਾਲ ਹੀ ਜਦੋਂ ਕਿਸੇ ਹੋਰ ਵਿਸ਼ੇ ਤੇ ਵੀ ਬੋਲਦੇ ਹਨ ਤਾਂ ਪੂਰੀ ਦਲੀਲ ਨਾਲ ਗੱਲ ਕਰਦੇ ਹਨ। ਅੱਜਕਲ੍ਹ ਉਹ ਕਿਤਾਬਾਂ ਵੀ ਲਿਖ ਰਹੇ ਹਨ। ਹਾਲ ਹੀ ਵਿਛਕ ਉਹਨਾਂ ਦੀ ਲਿਖੀ ਕਿਤਾਬ ਰਿਲੀਜ਼ ਵੀ ਹੋਈ। 

ਇਸ ਕਿਤਾਬ ਦੀ ਕਾਪੀ ਉਹਨਾਂ ਮੈਨੂੰ ਵੀ ਭੇਂਟ ਕੀਤੀ। ਇਸ ਪੁਸਤਕ ਵਿੱਚ ਜਿੱਥੇ ਸਿੱਖੀ ਵਿਚਾਰਾਂ ਦੀ ਗੱਲ ਹੈ ਉੱਥੇ ਅਧਿਆਤਮ ਦਾ ਰੰਗ ਵੀ ਹੈ। ਇਤਿਹਾਸ ਦੀ ਜਾਣਕਾਰੀ ਵੀ ਹੈ ਅਤੇ ਗੁਰਬਾਣੀ ਤੁਕਾਂ ਦੀ ਸਰਲ ਵਿਆਖਿਆ ਵੀ ਹੈ। ਸਿੱਖ ਮਿਸ਼ਨਰੀ ਕਾਲਜ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੋਣਾ ਵੀ ਉਹਨਾਂ ਨੂੰ ਏਨਾ ਗਿਆਨਵਾਨ ਬਣਾਉਂਦਾ ਹੈ। ਸਿੱਖ ਧਰਮ ਦੇ ਵਿਦਿਆਰਥੀਆਂ ਨੂੰ ਇਹ ਪੁਸਤਕ ਵੱਧ ਤੋਂ ਵੱਧ ਪੜ੍ਹਨੀ ਅਤੇ ਪੜ੍ਹਾਉਣੀ ਚਾਹੀਦੀ ਹੈ। ਅਸਲ ਵਿੱਚ ਜਦੋਂ ਧਾਰਮਿਕ ਅਤੇ ਨਾਸਤਿਕ ਲੋਕਾਂ ਨੂੰ ਇੱਕ ਦੂਜੇ ਦੇ ਖਿਲਾਫ ਖੜੋਤੇ ਦੇਖੀਏ ਤਾਂ ਉੱਠ ਜ਼ਰਾ ਧਿਆਨ ਦੇਣਾ ਇਹਨਾਂ ਦੋਹਾਂ ਨੂੰ  ਜੋੜਨ ਵਾਲੇ ਪੁਲ ਵਾਂਗ ਰਣਜੀਤ ਸਿੰਘ ਜੀ ਵੀ ਉੱਥੇ ਹੀ ਵਿਚਰਦੇ ਨਜ਼ਰ ਆ ਜਾਣਗੇ। ਸਮਾਜ ਦੇ ਭਲੇ ਲਈ ਇਹਨਾਂ ਦਾ ਇੱਕ ਹੋਣਾ ਜ਼ਰੂਰੀ ਵੀ ਹੈ। ਧਰਮ ਅਤੇ ਨਾਸਤਿਕਤਾ ਦਰਮਿਆਨ ਰਾਬਤੇ ਵਾਂਗ ਹੀ ਹਨ ਰਣਜੀਤ ਸਿੰਘ। ਹੁਣ ਜਲਦੀ ਹੀ ਉਹਨਾਂ ਦੀ ਕੋਈ ਨਵੀਂ ਪੁਸਤਕ ਵੀ ਆ ਸਕਦੀ ਹੈ। ਚੌਗਿਰਦੇ ਦੀ ਸੰਭਾਲ ਬਾਰੇ ਵੀ ਉਹ ਜਾਗਰੂਕਤਾ ਲਿਆ ਰਹੇ ਹਨ। --ਰੈਕਟਰ ਕਥੂਰੀਆ

ਰਣਜੀਤ ਸਿੰਘ ਹੁਰਾਂ ਨਾਲ ਸਬੰਧਤ ਇੱਕ ਹੋਰ ਲਿਖਤ ਪੜ੍ਹੋ ਇਥੇ ਕਲਿੱਕ ਕਰ ਕੇ 

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਅਤੇ ਡਾ. ਗੁਲਜ਼ਾਰ ਪੰਧੇਰ 

ਪੰਜਾਬੀ ਸਾਹਿਤ ਅਕਾਦਮੀ ਨਾਲ ਹੋਰ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ 

ਡਾ. ਲਖਵਿੰਦਰ ਜੌਹਲ ਬਣੇ ਪੰਜਾਬੀ ਸਾਹਿਤ ਐਕਡਮੀ ਦੇ ਬਿਨਾ ਮੁਕਾਬਲਾ ਪ੍ਰਧਾਨ

Tuesday 14 December 2021

ਮੁਢਲੇ ਦੌਰ ਦੀ ਪੱਤਰਕਾਰੀ ਯਾਦ ਕਰਾਈ GCG ਦੇ ਪੋਸਟਰ ਮੇਕਿੰਗ ਮੁਕਾਬਲੇ ਨੇ

ਮੁਕਾਬਲਾ ਕਰਾਇਆ ਗਿਆ ਕਾਲਜ ਦੇ ਲੋਕ ਪ੍ਰਸ਼ਾਸ਼ਨ ਵਿਭਾਗ ਵੱਲੋਂ 


ਲੁਧਿਆਣਾ
: 14 ਦਸੰਬਰ 2021: (ਅੰਮ੍ਰਿਤਪਾਲ ਸਿੰਘ//
ਕਾਰਤਿਕਾ ਸਿੰਘ//ਸਾਹਿਤ ਸਕਰੀਨ)::

ਅੱਜ ਕੱਲ੍ਹ ਡੈਮੋਕਰੇਸੀ ਦਾ ਜ਼ਮਾਨਾ ਹੈ। ਡੈਮੋਕਰੇਸੀ ਵਿੱਚ ਕਲਮ ਦੀ ਤਾਕਤ ਨੂੰ ਬਹੁਤ ਹੀ ਅਹਿਮੀਅਤ ਹਾਸਲ ਹੈ। ਅਖ਼ਬਾਰਾਂ ਨਾਲ ਤੋਪਾਂ ਦੇ ਮੂੰਹ ਮੋੜ ਦਿੱਤੇ ਜਾਂਦੇ ਹਨ। ਪੋਸਟਰ ਬਣਾਉਣਾ ਇੱਕ ਤਰ੍ਹਾਂ ਨਾਲ ਅਖਬਾਰੀ ਖੇਤਰ ਦੀ ਮੁਢਲੀ ਕੋਸ਼ਿਸ਼ ਗਿਣੀ ਜਾਂਦੀ ਹੈ। ਪਹਿਲਾਂ ਪਹਿਲ ਆਜ਼ਾਦੀ ਲਿਆਉਣ ਵਾਲੇ ਕ੍ਰਾਂਤੀਕਾਰੀ ਜਦੋਂ ਗੁਪਤ ਵਿਚਰਦੇ ਸਨ ਤਾਂ ਉਹ ਆਪਣੀ ਅਖਬਾਰ ਦਾ ਵਰਕਾ  ਹੱਥਾਂ ਨਾਲ ਲਿਖ ਕੇ ਕੰਧਾਂ ਤੇ ਚਿਪਕਾ ਦਿਆ ਕਰਦੇ ਸਨ। ਇਸਦਾ ਰੂਪ, ਰੰਗ ਅਤੇ ਆਕਾਰ ਪੋਸਟਰ ਵਰਗਾ ਹੀ ਹੁੰਦਾ ਸੀ। ਬਾਅਦ ਵਿੱਚ ਅਜਿਹੀਆਂ ਅਖਬਾਰਾਂ ਸਾਈਕਲੋ ਸਟਾਈਲ ਹੋ ਕੇ ਸਾਹਮਣੇ ਆਉਣ ਲੱਗੀਆਂ।  ਸਾਈਕਲੋ ਸਟਾਈਲ ਕਰਨ ਵਾਲੀ ਛੋਟੀ ਜਿਹੀ ਮਸ਼ੀਨ ਚੁੱਕ ਕੇ ਕਿਧਰੇ ਵੀ ਲੀਜੈ ਜਾ ਸਕਦੀ ਸੀ ਜਿਸ ਨਾਲ ਕ੍ਰਾਂਤੀਕਾਰੀ ਆਪਣੇ ਟਿਕਾਣੇ ਬੜੀ ਫੁਰਤੀ ਨਾਲ ਬਦਲ ਲਿਆ ਕਰਦੇ ਸਨ। ਇਹਨਾਂ ਕ੍ਰਾਂਤੀਕਾਰੀ ਪਾਰਟੀਆਂ ਦੇ ਨਵੇਂ ਰਕਰੂਟਾਂ ਦੀ ਪਰਖ ਲਈ ਵੀ ਉਹਨਾਂ ਨੂੰ ਅਜਿਹੇ ਪੋਸਟਰ ਸ਼ਹਿਰ ਦੀਆਂ ਕੰਧਾਂ ਉੱਤੇ ਲਾਉਣ ਦੀ ਡਿਊਟੀ ਲਗਾਈ ਜਾਂਦੀ ਸੀ ਜੋ ਕਿ ਬਹੁਤ ਕਠਿਨ ਹੁੰਦੀ ਸੀ। ਪੁਲਿਸ ਦੇ ਹੱਥ ਆਏ ਬਿਨਾ ਪੋਸਟਰਾਂ ਨੂੰ ਕੰਧਾਂ ਤੇ ਚਿਪਕਾ ਕੇ ਛੂਮੰਤ੍ਰ ਹੋ ਜਾਣਾ ਸੌਖਾ ਨਹੀਂ ਸੀ ਹੁੰਦਾ। ਉਹਨਾਂ ਵੇਲਿਆਂ ਵਿਚ ਗੁਪਤ ਵਿਚਰਦਿਆਂ ਪਾਰਟੀਆਂ ਇਸੇ ਤਰ੍ਹਾਂ ਆਪਣੇ ਵਰਕਰਾਂ ਨੂੰ ਪਰਖਦੀਆਂ ਸਨ। ਨਵੀਆਂ ਫ਼ਿਲਮਾਂ ਦੇ ਰਿਲੀਜ਼ ਹੋਣ ਤੇ ਵੀ ਸਭ ਤੋਂ ਪਹਿਲਾਂ ਉਹਨਾਂ ਫ਼ਿਲਮਾਂ ਦੇ ਆਕਰਸ਼ਕ ਢੰਗ ਨਾਲ ਛਪੇ ਰੰਗੀਨ ਪੋਸਟਰ ਕੰਧਾਂ ਤੇ ਨਜ਼ਰ ਆਇਆ ਕਰਦੇ ਸਨ।  

ਬਾਅਦ ਵਿੱਚ ਆਮ ਅਤੇ ਗੁਪਤ ਛਪਦੇ ਪੋਸਟਰਾਂ ਦੀ ਛਪਾਈ ਵੀ ਵਿਕਸਿਤ ਹੋਏ ਤਰੀਕਿਆਂ ਨਾਲ ਹੋਣ ਲੱਗ ਪਈ। ਹੁਣ ਤਾਂ ਕਈ ਕਈ ਸਫ਼ਿਆਂ ਦੀ ਅਖਬਾਰ ਮਿੰਟਾਂ ਵਿੱਚ ਹੀ ਕਈ ਕਈ ਹਜ਼ਾਰ ਛਾਪਣ ਵਾਲਿਆਂ ਮਸ਼ੀਨਾਂ ਵੀ ਆਮ ਹੋ ਚੁੱਕੀਆਂ ਹਨ ਜਿਹੜੀਆਂ ਅਖਬਾਰ ਨੂੰ ਛਾਪ ਕੇ, ਅਖਬਾਰ ਦੇ ਸਾਰੇ ਵਰਕੇ ਤਹਿ ਲਗਾ ਕੇ ਅਤੇ ਫਿਰ ਇਹਨਾਂ ਨੂੰ ਗਿਣ ਕੇ ਬਾਹਰ ਕੱਢਦੀ ਹੈ। ਪਰ ਇਸ ਸਾਰੇ ਵਿਕਾਸ ਦਾ ਮੁੱਢ ਤਕਨੀਕੀ ਪੱਖੋਂ ਪੋਸਟਰ ਬਣਾਉਣ ਨਾਲ ਹੀ ਆਰੰਭ ਹੋਇਆ ਸੀ। ਇੱਕ ਅਖਬਾਰ ਅਸਲ ਵਿੱਚ ਕਈ ਪੋਸਟਰਾਂ ਦਾ ਸੰਕਲਨ ਹੀ ਹੁੰਦੀ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਪੋਸਟਰ ਮੇਕਿੰਗ ਦੇ ਆਰਟ ਨੂੰ ਵੀ ਬੜੇ ਹੀ ਧਿਆਨ ਨਾਲ ਵਿਕਸਿਤ ਕੀਤਾ ਜਾਂਦਾ ਹੈ। ਅਸਲ ਵਿੱਚ ਪੋਸਟਰ ਛੋਟੀਆਂ ਅਖਬਾਰਾਂ ਹੀ ਤਾਂ ਹੁੰਦੀਆਂ ਹਨ। ਕੋਈ ਵੀ ਸਕੈਂਡਲ ਜਦੋਂ ਲੋਕਾਂ ਸਾਹਮਣੇ ਲਿਆਉਣਾ ਹੁੰਦਾ ਹੈ ਤਾਂ ਪੋਸਟਰ ਛਪਵਾ ਕੇ ਰਾਤੋ ਰਾਤ ਕੰਧਾਂ ਤੇ ਚਿਪਕਾ ਦਿੱਤੇ ਜਾਂਦੇ ਹਨ। ਤੜਕਸਾਰ ਸਾਰੀ ਗੱਲ ਅੱਗ ਵਾਂਗ ਸ਼ਹਿਰ ਵਿੱਚ ਫੇਲ ਜਾਂਦੀ ਹੈ। 

ਸਰਕਾਰ ਵਿਰੋਧੀ ਪ੍ਰਚਾਰ ਕਰਨ ਵਾਲੇ ਹੁਣ ਵੀ ਆਪਣੇ ਪੋਸਟਰ ਸਰਕਾਰੀ ਇਮਾਰਤਾਂ ਦੀਆਂ ਕੰਧਾਂ ਤੇ ਲਾ ਆਉਂਦੇ ਹਨ ਜਿਹਨਾਂ ਵਿੱਚ ਅਦਾਲਤਾਂ ਅਤੇ ਥਾਣਿਆਂ ਦੀਆਂ ਇਮਾਰਤਾਂ ਵੀ ਸ਼ਾਮਲ ਹੁੰਦੀਆਂ ਹਨ। ਇਸ ਤਰ੍ਹਾਂ ਰਾਤੋਰਾਤ ਛਾਪੇ ਗਏ ਇਹ ਪੋਸਟਰ ਵੀ ਕਿਸੇ ਅਖਬਾਰ ਵਾਂਗ ਤਰੱਥਲੀ ਪਾਉਣ ਵਿਚ ਕਾਮਯਾਬ ਰਹਿੰਦੇ ਹਨ। 

ਲੁਧਿਆਣਾ ਦੇ ਪੁਰਾਣੇ ਕਾਲਜਾਂ ਵਿੱਚੋਂ ਇੱਕ ਹੈ ਲੜਕੀਆਂ ਦਾ ਸਰਕਾਰੀ ਕਾਲਜ। ਇਹ ਕਾਲਜ 1943 ਵਿੱਚ ਸਥਾਪਤ ਹੋਇਆ ਅਤੇ 1953 ਵਿੱਚ ਇਹ ਕਾਲਜ ਮੌਜੂਦਾ ਇਮਾਰਤ ਵਿੱਚ ਆ ਗਿਆ। ਹੁਣ ਜੀ ਸੀ ਜੀ ਅਰਥਾਤ ਗੌਰਮਿੰਟ ਗਰਲਜ਼ ਕਾਲਜ ਦਾ ਬਹੁਤ ਨਾਮ ਹੈ। ਭ੍ਰਿਸ਼ਟਾਚਾਰ ਵਿਰੋਧੀ ਦਿਵਸ ਦੇ ਮੌਕੇ 'ਤੇ ਇਸੇ ਕਾਲਜ ਦੇ ਲੋਕ ਪ੍ਰਸ਼ਾਸਨ ਵਿਭਾਗ ਵੱਲੋਂ ਪੋਸਟਰ ਮੇਕਿੰਗ ਦਾ  ਮੁਕਾਬਲਾ ਕਰਵਾਇਆ ਗਿਆ। ਇਸ ਸਮਾਗਮ ਦਾ ਆਯੋਜਨ ਪ੍ਰਿੰਸੀਪਲ ਸ਼੍ਰੀਮਤੀ ਕਿਰਪਾਲ ਕੌਰ, ਲੋਕ ਪ੍ਰਸ਼ਾਸਨ ਵਿਭਾਗ ਦੇ ਮੁਖੀ ਸ਼੍ਰੀਮਤੀ ਬਲਜੀਤ ਕੌਰ ਅਤੇ ਸ੍ਰੀ ਦਿਨੇਸ਼ ਸ਼ਾਰਦਾ ਦੀ ਅਗਵਾਈ ਹੇਠ ਕੀਤਾ ਗਿਆ। ਵਿਦਿਆਰਥੀਆਂ ਨੇ ਭ੍ਰਿਸ਼ਟਾਚਾਰ ਵਿਰੋਧੀ ਥੀਮ ਨੂੰ ਰਚਨਾਤਮਕ ਢੰਗ ਨਾਲ ਪੇਸ਼ ਕੀਤਾ। ਇਹਨਾਂ ਪੋਸਟਰਾਂ ਰਹਿਣ ਸਾਬਿਤ ਕੀਤਾ ਗਿਆ ਕਿ ਇਹ ਪੋਸਟਰ ਵੀ ਕਿਸੇ ਵੱਡੇ ਮੀਡੀਆ ਵਾਂਗ ਕਿਸ ਵੀ ਘੁਟਾਲੇ ਦਾ ਪਰਦਾਫਾਸ਼ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹਨ। 

ਅਖਬਾਰਾਂ ਦੇ ਜਨਮ ਵੇਲਿਆਂ ਦੇ ਸਾਥੀ ਰਹੇ ਇਹਨਾਂ ਪੋਸਟਰਾਂ ਨੂੰ ਬਣਾਉਣ ਦੀ ਕਲਾ ਦਾ ਇਹ ਤਜਰਬਾ ਬਿਲਕੁਲ ਖਾਸ ਸੀ? ਇੱਕ ਤਰ੍ਹਾਂ ਨਾਲ ਅਤੀਤ ਦੀ ਯਾਤਰਾ ਸੀ ਇਹ। ਭਵਿੱਖ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਵਰਗਾ ਸੀ ਇਹ ਸਭ ਕੁਝ। ਵਰਤਮਾਨ ਦੀਆਂ ਚੁਣੌਤੀਆਂ ਕਬੂਲ ਕਰਦੀ ਕਲਾ ਸੀ ਇਹ। ਅਸਲ ਵਿੱਚ ਮੁਢਲੇ ਦੌਰ ਦੀ ਅਖਬਾਰ ਨਵੀਸੀ ਯਾਦ ਕਰਾਈ GCG ਦੇ ਇਸ ਪੋਸਟਰ ਮੇਕਿੰਗ ਮੁਕਾਬਲੇ ਨੇ। ਇਸ ਤਰ੍ਹਾਂ ਇਹ ਇੱਕ ਯਾਦਗਾਰੀ ਆਯੋਜਨ ਹੋ ਨਿੱਬੜਿਆ। 

ਫਾਈਨ ਆਰਟਸ ਵਿਭਾਗ ਤੋਂ ਸ੍ਰੀਮਤੀ ਮਨਦੀਪ ਕੌਰ ਅਤੇ ਸ੍ਰੀਮਤੀ ਅਮਿਤਾ ਸਹਿਗਲ ਨੇ ਜੱਜਾਂ ਦੀ ਭੂਮਿਕਾ ਨਿਭਾਈ। ਜਸਪ੍ਰੀਤ ਕੌਰ ਨੇ ਪਹਿਲਾ, ਸ਼ਰਨਦੀਪ  ਕੌਰ ਨੇ ਦੂਜਾ , ਟਵਿੰਕਲ ਨੇ ਤੀਜਾ ਇਨਾਮ ਅਤੇ ਦੀਪਿਕਾ ਨੇ ਕੰਸੋਲੇਸ਼ਨ ਇਨਾਮ ਜਿੱਤਿਆ। ਲੋਕ ਪ੍ਰਸ਼ਾਸ਼ਨ ਵਿਸ਼ੇ ਦੀਆਂ ਵਿਦਿਆਰਥਣਾਂ- ਇਸ਼ਪ੍ਰੀਤ ਕੋਰ, ਸਰਗੁਨ, ਅਸ਼ਮੀਤ ਕੋਰ, ਮਨਵੀਰ ਕੋਰ, ਗੁਰਪ੍ਰਿਆ, ਕਰੁਨਾ ਅਤੇ ਈਵਾ ਅਰੋੜਾ ਨੇ ਇਸ ਈਵੈਂਟ ਨੂੰ ਸਫਲ ਬਨਾਉਣ ਵਿਚ  ਵਿਚ ਵਿਸ਼ੇਸ਼ ਯੋਗਦਾਨ ਪਾਇਆ। ਅੰਤ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਕਿਰਪਾਲ ਕੌਰ ਅਤੇ ਲੋਕ ਪ੍ਰਸ਼ਾਸ਼ਨ ਵਿਭਾਗ ਦੇ ਮੁਖੀ ਸ਼੍ਰੀਮਤੀ ਬਲਜੀਤ ਕੌਰ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।


ਅਲਵਿਦਾ ! ਡਾ. ਸੁਰਿੰਦਰ ਸਿੰਘ ਦੁਸਾਂਝ -ਅਮਰਜੀਤ ਟਾਂਡਾ

14th December 2021 at 08:52 AM

 ਕਹਿੰਦੇ ਸਨ-ਅੱਜ ਵੀ ਮੇਰੇ ਨਾਲ ਕੋਈ ਦਸਤਪੰਜਾ ਲੜਾ ਕੇ ਦੇਖ ਸਕਦਾ ਹੈ 


ਡਾਕਟਰ ਐਸ ਐਸ ਦੋਸਾਂਝ ਹੁਰਾਂ ਦੇ ਅਕਾਲ ਚਲਾਣੇ ਮੌਕੇ ਦਿਲ ਉਦਾਸ ਹੈ।  ਹਰ ਪਾਸੇ ਸੋਗ ਦੀ ਲਹਿਰ ਹੈ। ਉਹਨਾਂ ਕੋਲੋਂ ਪੜ੍ਹੇ ਹੋਏ ਵਿਦਿਆਰਥੀ ਵੀ ਉਦਾਸ ਹਨ। ਉਹਨਾਂ ਕੋਲੋਂ ਗੂੜ੍ਹੇ ਹੋਏ ਮਿੱਤਰ ਵੀ ਸੋਗ ਵਿੱਚ ਹਨ। ਸਿਆਸੀ ਪ੍ਰਤੀਬੱਧਤਾ ਅਤੇ ਪੱਤਰਕਾਰੀ ਕਿਵੇਂ ਨਾਲੋਂ ਨਾਲ ਚੱਲਦਿਆਂ ਵੀ ਇਮਾਨਦਾਰ ਹੋ ਸਕਦੀਆਂ ਹਨ ਇਹ ਉਹਨਾਂ ਆਪਣੀਆਂ ਕੀਰਤਨ ਰਹਿਣ ਵੀ ਸਮਝਾਇਆ ਤੇ ਜੀਵਨ ਸ਼ੈਲੀ ਰਾਹੀਂ ਵੀ। ਉਹਨਾਂ ਦੇ ਵਿਛੋੜੇ ਮੌਕੇ ਡਾ. ਅਮਰਜੀਤ ਟਾਂਡਾ ਹੁਰਾਂ ਨੇ ਇੱਕ ਕਾਵਿ ਰਚਨਾ ਲਿਖੀ ਹੈ ਜਜ਼ਬਾਤਾਂ ਨਾਲ ਭਿੱਜੀ ਹੋਈ ਰਚਨਾ ਜੋ ਉਹਨਾਂ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੈ। ਉਸ ਦੌਰ ਦਾ ਬਹੁਤ ਕੁਝ ਯਾਦ ਕਰਾਉਂਦੀ ਹੈ। ਲਓ ਤੁਸੀਂ ਵੀ ਪੜ੍ਹੋ ਅਤੇ ਆਪਣੇ ਵਿਚਾਰ ਵੀ ਭੇਜੋ-ਰੈਕਟਰ ਕਥੂਰੀਆ 

 ਡਾ.ਅਮਰਜੀਤ ਟਾਂਡਾ ਹੁਰਾਂ ਦੀ ਰਚਨਾ ਡਾ. ਦੋਸਾਂਝ ਦੀ ਯਾਦ ਵਿੱਚ  

14th December 2021 at 06:09 AM

ਅਜੇ ਆਪਾਂ 

ਕੁਝ ਕੁ ਹਫ਼ਤੇ ਪਹਿਲਾਂ ਹੀ ਤਾਂ ਗੱਲਾਂ ਕੀਤੀਆਂ ਸਨ

ਕਿਸਾਨਾਂ ਦੇ ਸੰਘਰਸ਼ ਬਾਰੇ ਤੇ 

ਤੁਹਾਡੀ ਸਿਹਤ ਬਾਰੇ 

ਤੁਸੀਂ ਕਿਹਾ ਸੀ 

ਕਿਸਾਨ ਘੋਲ ਬਾਰੇ ਹੌਸਲੇ ਵਾਲਾ ਲਿਖੋ 

ਤੇ ਸਿਹਤ ਬਾਰੇ ਦੱਸਦਿਆਂ ਕਿਹਾ ਸੀ    

"ਅੱਜ ਵੀ ਮੇਰੇ ਨਾਲ ਕੋਈ ਦਸਤਪੰਜਾ ਲੜਾ ਕੇ ਦੇਖ ਸਕਦਾ ਹੈ"  

ਹੈਰਾਨ ਹੋ ਗਿਆ ਹਾਂ 

ਯਕੀਨ ਜਿਹਾ ਹੀ ਨਹੀਂ ਆ ਰਿਹਾ 

ਕਿ ਏਡੇ ਹੌਸਲੇ ਵਾਲਾ ਇਨਸਾਨ ਵੀ ਰਾਤ ਬਰਾਤੇ ਆਪਣੇ 

ਸਾਰੇ ਪਰਿਵਾਰ ਨੂੰ ਛੱਡ  

ਕਿਤੇ ਜਾ ਛੁਪ ਸਕਦਾ ਹੈ  

ਪੰਜਾਬ ਖੇਤੀ ਯੂਨੀਵਰਸਿਟੀ ਚ 

ਮੈਂ ਤੁਹਾਨੂੰ 1970-71 ਤੋਂ

ਤੱਕਦਾ ਆ ਰਿਹਾ ਸਾਂ 

ਤੇਜ ਆਉਂਦੇ ਜਾਂਦੇ

ਇਕ ਹੱਥ ਪਿੰਟ ਦੀ ਜੇਬ ਚ 

ਪਾ ਕੇ ਲੰਘ ਜਾਣਾ ਮੇਰੀ ਸਤਿ ਸਰੀ ਅਕਾਲ ਦਾ ਜੁਆਬ ਦੇ ਕੇ

ਤੁਸੀਂ ਸਾਰੀ ਉਮਰ ਪੰਜਾਬੀ ਭਾਸ਼ਾ ਸਾਹਿੱਤ ਤੇ ਸਭਿਆਚਾਰ ਨੂੰ ਸ਼ੰਗਾਰਿਆ  

ਸੰਪਾਦਕੀ ਕੀਤੀ 

ਪੱਤਰਕਾਰੀ ਪੜ੍ਹਾਈ 

ਪੰਜਾਬੀ ਸਾਹਿੱਤ ਅਕਾਡਮੀ ਨਾਲ ੨ ਟੋਰੀ 

ਤੇ ਪਾਉਟਾ ਦੀ ਪ੍ਰਧਾਨਗੀ ਕਰ ਅਧਿਆਪਕ ਮੰਗਾਂ ਲਈ ਜੂਝਦੇ ਰਹੇ 

ਕਦੇ ਥਕਾਵਟ ਨਹੀਂ ਸੀ ਦੇਖੀ 

ਮੈਂ ਤੁਹਾਡੀ ਟੋਰ ਚ

ਲੋਕ ਲਹਿਰਾਂ ਉਸਾਰੀਆਂ 

ਜੂਝਦੇ ਰਹੇ 

ਸਿਆਸੀ ਸਲਾਹਕਾਰ ਰਹੇ 

ਸਲਾਹਾਂ ਦਿਤੀਆਂ ਤੇ 

ਅਹੁਦਿਆਂ ਨੂੰ ਨਕਾਰਿਆ  

ਗੁਰੂ ਨਾਨਕ ਤੇ 

ਗੁਰੂ ਤੇਗ ਬਹਾਦਰ ਬਾਰੇ ਸੱਚ ਦੀ ਖੋਜ ਮੈਂ 1972-73 ਚ ਹੀ ਪੜ੍ਹ ਲਈ ਸੀ

ਹੇਮ ਜਯੋਤੀ ਚ ਲਿਖਿਆ 

ਤੇ ਪੰਥ ਦੇ ਦਾਵੇਦਾਰ ਛਾਪਿਆ  

ਪੰਜਾਬ ਖੇਤੀ ਯੂਨੀਵਰਸਿਟੀ ਦੇ  ਕਿਸਾਨ ਮੇਲਿਆਂ ਚ ਸਾਹਿੱਤ ਵੰਡਿਆ 

ਤੇ ਮੇਰੇ ਕੋਲ ਲੋਕਾਂ ਦੇ ਰਵੱਈਏ ਬਾਰੇ ਰੋਸ ਵੀ ਕਰਦੇ ਰਹੇ  

ਲਹੂ ਭਿੱਜੇ ਬੋਲਾਂ ਚ ਵੀ ਭਿੱਜੇ ਰਹੇ ਤੇ ਆਪਾਂ ਪਾਸ਼, ਦਰਦ 

ਤੇ ਮਹਿੰਦਰ ਸਿੰਘ ਸੰਧੂ ਭਾਜੀ ਨਾਲ ਮਿਲ ਕੇ ਨਿੱਕੀਆਂ 2 ਸਾਹਿਤਕ ਗੋਸ਼ਟੀਆਂ ਵੀ ਨਕੋਦਰ ਕੀਤੀਆਂ   

ਤੁਸੀਂ ਸਾਡੇ ਵਿਦਿਆਰਥੀ ਯੁੱਧਾਂ ਵਿਚ ਵੀ ਆ ਕੇ ਹਿੱਸਾ ਬਣਦੇ 

ਭਾਸ਼ਣ ਤੇ ਹੌਸਲਾ ਦਿੰਦੇ 

ਜਾਣ ਲੱਗਿਆਂ ਤੁਸੀਂ ਆਪਣੀ  

ਜੀਵਨ ਸਾਥਣ ਅੰਮ੍ਰਿਤ ਦੁਸਾਂਝ ਨੂੰ ਵੀ ਨਾ ਦੱਸਿਆ  

ਇਹ ਕਿਹੋ ਜਿਹੀ ਸਾਂਝ ਵਿਖਾਈ 

ਦੋ ਸਾਂਝਾਂ ਵਿੱਚ!  

ਤੁਸੀਂ ਤਾਂ ਬੇਟੇ ਜਸਮੀਤ ਨੂੰ ਵੀ 

ਨਾ ਦੱਸ ਕੇ ਗਏ 

ਕਿ ਮੈਂ ਕਿੱਥੇ ਚੱਲਿਆ ਹਾਂ?

ਉਹ ਕਿਹੜਾ ਏਡਾ ਜ਼ਰੂਰੀ ਕੰਮ ਸੀ 

ਕਿ ਤੁਸੀਂ ਕਰਨਗੇ ਤਾਂ ਵਾਪਸ ਵੀ ਨਾ ਪਰਤੇ 

ਓਦਣ ਦੇ ਦਾਦੇ ਨੂੰ ਪੋਤਾ ਤੇ ਪੋਤੀ  

ਖੇਡਣ ਲਈ ਉਡੀਕ ਰਹੇ ਹਨ 

ਏਦਾਂ ਦਾ ਕਿਹੜਾ ਦੋਸਤ ਹੁੰਦਾ ਹੈ

ਕਿ ਉਹ ਆਪਣੇ ਨਾਂ ਦੀ ਨੇਮ ਪਲੇਟ ਵੀ 

ਨਾਲ ਹੀ ਪੁੱਟ ਕੇ ਲੈ ਜਾਵੇ 

ਤੇ ਉਸ ਦਾ ਨਿਸ਼ਾਨ ਵੀ ਪੂੰਝ ਜਾਵੇ   

ਤੁਸੀਂ ਚੰਗਾ ਨਹੀਂ ਕੀਤਾ ਡਾ ਸਾਹਿਬ 

ਯਾਰਾਂ ਨੂੰ ਹੰਝੂਆਂ ਚ  

ਭਿੱਜੇ ਛੱਡ ਕੇ ਆਪ ਟੁਰ ਜਾਣਾ

ਚੰਗਾ ਨਹੀਂ ਹੁੰਦਾ    

ਅਲਵਿਦਾ ! ਡਾ ਸਾਹਿਬ  

                   -ਡਾ. ਅਮਰਜੀਤ ਟਾਂਡਾ

ਡਾਕਟਰ ਐਸ ਐਸ ਦੋਸਾਂਝ ਹੁਰਾਂ ਦੀ ਯਾਦਗਾਰੀ ਪਰਿਵਾਰਿਕ ਤਸਵੀਰ 
ਅਦਾਰਾ ਸਾਹਿਤ ਸਕਰੀਨ ਦੀ ਸਮੁੱਚੀ ਟੀਮ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੀ ਹੈ 


Monday 13 December 2021

ਕਵੀਸ਼ਰੀ ਦਾ ਯੁੱਗ-ਪੁਰਸ਼ ਸੀ--ਕਵੀਸ਼ਰ ਬਲਵੰਤ ਸਿੰਘ ਪਮਾਲ

 13 ਦਸੰਬਰ ਨੂੰ ਬਰਸੀ ਤੇ ਵਿਸ਼ੇਸ਼//ਸਵਰਨ ਸਿੰਘ ਸਿਵੀਆ

ਪਮਾਲ (ਲੁਧਿਆਣਾ): 12 ਦਸੰਬਰ 2021: (ਸਵਰਨ ਸਿੰਘ ਸਿਵੀਆ)::
ਪੰਜਾਬੀ-ਕਾਵਿ ਵਿੱਚੋਂ
ਕਵੀਸ਼ਰੀ ਕਲਾ ਦਾ ਇੱਕ ਅਪਣਾ ਹੀ ਨਿਵੇਕਲਾ ਸਥਾਨ ਹੈ ਜੋ ਸਾਡੇ ਪੁਰਖਿਆਂ ਨੇ ਪੀੜ੍ਹੀ ਦਰ ਪੀੜ੍ਹੀ ਪੂਰੀ ਇਖਲਾਕੀ ਜ਼ਿੰਮੇਵਾਰੀ 'ਤੇ ਖਾਨਦਾਨੀ ਪਹਿਰਾ ਦਿੰਦੇ ਹੋਇਆਂ ਪੂਰੀ ਪੁਖਤਗੀ ਅਤੇ ਇਮਾਨਦਾਰੀ ਨਾਲ਼ ਬਿਨਾਂ ਕਿਸੇ ਸੰਸਥਾ ਦੇ ਦਿਸ਼ਾ-ਨਿਰਦੇਸ਼ ਦੇ ਭਲੀਭਾਂਤ ਸੰਭਾਲਕੇ ਰੱਖੀ ਹੈ ਜਿਸ ਵਿੱਚ ਪੰਜਾਬ ਦੇ ਪੁਰਾਤਨ ਇਤਿਹਾਸ ਤੋਂ ਲੈ ਕੇ ਭਗਤੀ-ਮਾਰਗ ਤੋਂ ਅੱਗੇ ਇਸ਼ਕ-ਮਜ਼ਾਜੀ ਦੇ ਕਿਸਿਆਂ ਤੋਂ ਲੈ ਕੇ ਦੇਸ਼-ਭਗਤੀ ਵਰਗੇ ਅਨੇਕਾਂ ਰੰਗਾਂ ਨਾਲ਼ ਸਰਸ਼ਾਰ ਰਹੀ ਹੈ। ਕਵੀਸ਼ਰੀ ਪੰਜਾਬੀ ਲੋਕ-ਗਾਇਕੀ ਦਾ ਇੱਕ ਖ਼ਾਸ ਜੋਸ਼ੀਲਾ ਅੰਦਾਜ਼ ਹੈ ਜਿਸ ਵਿੱਚ ਕਿਸੇ ਕਿਸਮ ਦੇ ਸਾਜ਼ਾਂ ਦੀ ਕੋਈ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਗਾਇਕ ਹੀ ਸਾਜ਼ਾਂ ਦੀ ਘਾਟ ਨੂੰ ਪੂਰਾ ਕਰਦੇ ਹਨ। ਅਸਲ ਵਿੱਚ ਆਮ ਤੌਰ ’ਤੇ ਕਵੀਸ਼ਰੀ ਬਿਨਾਂ ਕਿਸੇ ਸੰਗੀਤਕ ਸਾਜ਼ ਤੋਂ ਗਾਈ ਜਾਂਦੀ ਹੈ।ਇਸ ਦਾ ਜਨਮ ਪੰਜਾਬ ਦੀ ਜ਼ਰਖੇਜ਼ ਮਾਲਵੇ ਦੀ ਧਰਤੀ ’ਤੇ ਹੋਇਆ। ਇੱਥੇ ਉੱਚੀ ਅਤੇ ਲਚਕਦਾਰ ਅਵਾਜ਼ ਵਿੱਚ ਛੰਦ-ਬੱਧ ਕਵਿਤਾ ਗਾਉਣ ਨੂੰ ਕਵੀਸ਼ਰੀ ਆਖਦੇ ਹਨ। ਜੋ ਆਦਮੀ ਕਵੀਸ਼ਰੀ ਲਿਖਦਾ ਜਾਂ ਗਾਉਂਦਾ ਹੈ ਉਸਨੂੰ ਕਵੀਸ਼ਰ ਆਖਦੇ ਹਨ।ਕਵੀਸ਼ਰੀ ਆਮ ਤੌਰ ’ਤੇ ਮੇਲਿਆਂ, ਦੀਵਾਨਾ, ਵਿਆਹਾਂ ਅਤੇ ਮਹਿਫ਼ਲਾਂ ਆਦਿ ਵਿੱਚ ਗਾਈ ਜਾਂਦੀ ਹੈ। ਕਵੀਸ਼ਰੀ ਨੂੰ ਜੋੜੀ ਦੇ ਰੂਪ ’ਚ ਗਾਇਆ ਜਾਂਦਾ ਹੈ।
ਜਦੋਂ ਵੀ ਪਮਾਲ, ਜ਼ਿਲ੍ਹਾ ਲੁਧਿਆਣਾ, ਦਾ ਜ਼ਿਕਰ ਚੱਲੇਗਾ ਤਾਂ ਦੋ ਗੁਰਸਿੱਖ ਚਿਹਰੇ ਅੱਖਾਂ ਦੇ ਸਾਹਮਣੇ ਆਉਣਗੇ ਉਹ ਹਨ: ਕਵੀਸ਼ਰ ਬਲਵੰਤ ਸਿੰਘ ਪਮਾਲ਼ ਅਤੇ ਉਸ ਦਾ ਫਰਜੰਦ ਸਿਰਮੌਰ ਢਾਡੀ ਰਛਪਾਲ ਸਿੰਘ ਪਮਾਲ਼।
ਕਵੀਸ਼ਰ ਬਲਵੰਤ ਸਿੰਘ ਪਮਾਲ ਦਾ ਜਨਮ 30 ਜੁਲਾਈ, 1930 ਨੂੰ ਲੁਧਿਆਣੇ ਸ਼ਹਿਰ ਦੇ ਲਹਿੰਦੇ ਪਾਸੇ ਵਸੇ ਪਿੰਡ ਪਮਾਲ਼ ਵਿਖੇ ਪਿਤਾ ਸ੍ਰ: ਬਚਨ ਸਿੰਘ ਅਤੇ ਮਾਤਾ ਸੰਤ ਕੌਰ ਦੇ ਗ੍ਰਹਿ ਵਿਖੇ ਹੋਇਆ। ਸ੍ਰ: ਬਲਵੰਤ ਸਿੰਘ ਅਪਣੇ ਚਾਰ ਭਰਾਵਾਂ ਵਿੱਚੋਂ ਸਭ ਤੋਂ ਛੋਟੇ ਸਨ। ਆਪ ਸਕੂਲੀ ਵਿੱਦਿਆ ਸਿਰਫ਼ ਪੰਜ ਜਮਾਤਾਂ ਤੱਕ ਹੀ ਹਾਸਲ ਕਰ ਸਕੇ, ਪਰ ਆਪ ਜੀ ਦੀ ਮਾਤਾ ਸਰਦਾਰਨੀ ਸੰਤ ਕੌਰ ਜੀ ਨੇ ਆਪ ਜੀ ਨੂੰ ਸਾਧੂ-ਸੰਤਾਂ ਅਤੇ ਗੁਰੂਆਂ-ਪੀਰਾਂ ਦੀਆਂ ਸਾਖੀਆਂ ਸੁਣਾ ਕੇ ਆਪ ਜੀ ਦੇ ਅੰਦਰ ਪੰਜਾਬੀ ਕਿਸਾਕਾਰੀ ਦਾ ਇੱਕ ਅਜਿਹਾ ਜਾਗ ਲਗਾਇਆ ਕਿ ਆਪ ਜੀ ਦੇ ਅੰਦਰ ਪੰਜਾਬੀ ਕਵਿਤਾ ਇੱਕ ਝਰਨੇ ਵਾਂਗੂੰ ਫੁੱਟਣ ਲੱਗ ਪਈ। 'ਹੋਣਹਾਰ ਬਿਰਵਾਨ ਕੇ ਹੋਤ ਚੀਕਨੇ ਪਾਤ'-ਇਹ ਕਹਾਵਤ ਸ੍ਰ: ਬਲਵੰਤ ਸਿੰਘ ਪਮਾਲ਼ ਤੇ ਬਿਲਕੁੱਲ ਫਿੱਟ ਬੈਠਦੀ ਹੈ। ਸੋਨੇ 'ਤੇ ਸੁਹਾਗੇ ਵਾਲ਼ੀ ਇੱਕ ਗੱਲ ਇਹ ਹੋ ਗਈ ਕਿ ਆਪ ਜੀ ਦੇ ਦਾਦਾ ਜੀ ਵੀ ਗਾਉਂਦੇ ਸਨ, ਜਿਸ ਨਾਲ਼ ਆਪ ਜੀ ਦੇ ਅੰਦਰ ਪਿਤਾ-ਪੁਰਖੀ ਗਾਇਕੀ ਨੇ ਇੱਕ ਬੀਜ ਦੇ ਅੰਕੁਰ ਦਾ ਕੰਮ ਕੀਤਾ ਜਿਸ ਦੀ ਗਾਇਕੀ ਦੇ ਬੂਟੇ ਨੇ ਆਪ-ਮੁਹਾਰੇ ਪੰਖੜੀਆਂ ਕੱਢ ਲਈਆਂ ਸਨ ਜਿਸ ਦੀ ਸੁਚੱਜੀ ਦੇਖ-ਰੇਖ ਲਈ ਸ੍ਰ: ਬਲਵੰਤ ਸਿੰਘ ਪਮਾਲ਼ ਜੀ ਨੇ ਬਚਪਨ ਵਿੱਚ ਅਪਣੇ ਗੁਆਂਢੀ ਪਿੰਡ ਬੱਦੋਵਾਲ ਦੇ ਨਾਮਵਰ ਕਵੀਸ਼ਰ ਸ੍ਰ: ਅਜਾਇਬ ਸਿੰਘ ਜੀ ਨੂੰ ਅਪਣਾ ਉਸਤਾਦ ਧਾਰਨ ਕਰ ਲਿਆ ਅਤੇ ਉਨ੍ਹਾਂ ਦੇ ਨਾਲ਼ ਹੀ ਕਵੀਸ਼ਰੀ ਵੀ ਗਾਉਣ ਲੱਗ ਪਏ।
ਕਵੀਸ਼ਰ ਬਲਵੰਤ ਸਿੰਘ ਪਮਾਲ ਹੁਰਾਂ ਦੀ ਕਵੀਸ਼ਰੀ ਦਾ ਇੱਕ ਸੰਖੇਪ ਜਿਹਾ ਰੂਪ ਤੁਸੀਂ ਇਸ ਵੀਡੀਓ ਵਿਚ ਦੇਖ ਸਕਦੇ ਹੋ 

ਸ੍ਰ: ਬਲਵੰਤ ਸਿੰਘ ਪਮਾਲ
 ਅਪਣੀ ਸਿਰਫ਼ 15 ਸਾਲ ਦੀ ਉਮਰ ਵਿੱਚ ਅਪਣੇ ਉਸਤਾਦ ਸ੍ਰ: ਅਜਾਇਬ ਸਿੰਘ ਜੀ ਨੂੰ ਅਪਣੇ ਦੁਆਰਾ ਰਚਿਤ ਰਮਾਇਣ ਕਵੀਸ਼ਰੀ ਦੇ ਰੂਪ ਵਿੱਚ ਸੁਣਾਈ ਜਿਸ ਨੂੰ ਸੁਣਕੇ ਉਹ ਦੰਗ ਰਹਿ ਗਏ। ਉਸ ਤੋਂ ਬਾਅਦ ਪਮਾਲ ਸਾਹਿਬ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅਪਣੇ ਮਨ ਦੇ ਵਲਵਲਿਆਂ ਰਾਹੀਂ ਉਮਡ ਰਹੀ ਅਥਾਹ ਕਵਿਤਾ ਨੂੰ ਕੋਰੜੇ, ਦਵੱਈਏ, ਦੋਹਰੇ, ਬੈਂਤ, ਕਲੀ, ਡਿਉਢੇ, ਢਾਈਏ, ਕਾਫੀ, ਦੋਤਾਰਾ, ਜੰਗਲ਼ਾ, ਝੋਕ, ਟਰਲ, ਰੁਬਾਈ ਅਤੇ ਦੁੱਖ-ਹਰਨ ਛੰਦਾਂ ਵਿੱਚ ਦਬੋਚਣਾ ਸ਼ੁਰੂ ਕਰ ਦਿੱਤਾ। ਜਦੋਂ ਆਪ ਜੀ ਪਾਸ ਅਪਣੀਆਂ ਲਿਖੀਆਂ ਅਨੇਕਾਂ ਲੜੀਵਾਰ ਕਵੀਸ਼ਰੀਆਂ ਹੋ ਗਈਆਂ ਤਾਂ ਆਪ ਜੀ ਨੇ ਅਪਣੇ ਹੀ ਪਿੰਡ ਦੇ ਦੋ ਸੁਰੀਲੇ ਬੋਲਾਂ ਵਾਲ਼ੇ ਪਾਸ਼ੂ ਮੁੰਡਿਆਂ ਸ੍ਰ: ਗੁਰਦੇਵ ਸਿੰਘ ਅਤੇ ਸ੍ਰ: ਸਾਧੂ ਸਿੰਘ ਜੀ ਹੋਰਾਂ ਨੂੰ ਲੈ ਕੇ ਅਪਣਾ ਪਮਾਲ਼ ਵਾਲ਼ਾ ਕਵੀਸ਼ਰੀ ਜੱਥਾ ਬਣਾ ਲਿਆ। ਇਹ ਕਵੀਸ਼ਰੀ ਕਲਾ ਦਾ ਇੱਕ ਸੁਨਹਿਰੀ ਦੌਰ ਸੀ ਜਦੋਂ ਸਰੋਤੇ ਕਵੀਸ਼ਰਾਂ ਨੂੰ ਬਿਨਾਂ ਕਿਸੇ ਲਾਊਡ ਸਪੀਕਰ ਦੇ ਅਖਾੜੇ ਦੇ ਰੂਪ ਵਿੱਚ ਜ਼ਮੀਨ 'ਤੇ ਬਹਿ ਕੇ ਇੱਕ-ਮਨ ਇੱਕ-ਚਿੱਤ ਹੋ ਕੇ ਬੜੀ ਸ਼ਰਧਾ ਪੂਰਵਕ ਸੁਣਦੇ ਸਨ। ਕਵੀਸ਼ਰ ਬਲਵੰਤ ਸਿੰਘ ਜੀ ਨੇ ਜਦੋਂ ਅਪਣਾ ਕਵੀਸ਼ਰੀ ਜੱਥਾ ਸ਼ੁਰੂ ਕੀਤਾ ਸੀ ਉਨ੍ਹਾਂ ਵੇਲ਼ਿਆਂ ਵਿੱਚ ਪੰਜਾਬ ਦੇ ਨਾਮਵਰ ਕਵੀਸ਼ਰ ਕਰਨੈਲ ਸਿੰਘ ਪਾਰਸ (ਰਾਮੂੰਵਾਲੀਆ) ਅਤੇ ਰਣਜੀਤ ਸਿੰਘ ਸਿੱਧਵਾਂ ਦੇ ਢਾਡੀ ਜੱਥੇ ਨੇ ਕਵੀਸ਼ਰੀ ਦੇ ਖੇਤਰ ਵਿੱਚ ਨੇਹਰੀ ਲਿਆਂਦੀ ਪਈ ਸੀ ਅਤੇ ਦੋਆਬੇ ਦੇ ਖੇਤਰ ਵਿੱਚ ਜੋਗਾ ਸਿੰਘ ਜੋਗੀ ਜੀ ਦਾ ਕਵੀਸ਼ਰੀ ਜੱਥਾ ਯਤਨਸ਼ੀਲ ਸੀ। ਅਪਣੀ ਦਮਦਾਰ ਕਵੀਸ਼ਰੀ ਦੇ ਬੋਲਾਂ ਅਤੇ ਸੁਰੀਲੇ ਜੱਥੇ ਦੇ ਸਦਕਾ ਕਵੀਸ਼ਰ ਬਲਵੰਤ ਸਿੰਘ ਪਮਾਲ ਸਾਹਿਬ ਨੇ ਕਵੀਸ਼ਰੀ ਦੇ ਰੰਗ ਵਿੱਚ ਅਪਣਾ ਵਿਲੱਖਣ ਮੁਕਾਮ ਬਣਾ ਲਿਆ। ਉਨ੍ਹਾਂ ਦਿਨਾਂ ਵਿੱਚ ਐੱਚ.ਐੱਮ.ਵੀ. (ਹਿਜ਼ ਮਾਸਟਰਜ਼ ਵਾਇਸ/ਕੁੱਤਾ ਮਾਰਕਾ) ਤੋਂ ਪ੍ਰਮਾਣਿਤ ਕਲਾਕਾਰ ਹੋਣਾ ਅਪਣੇ-ਆਪ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੁੰਦੀ ਸੀ। ਕਵੀਸ਼ਰ ਬਲਵੰਤ ਸਿੰਘ ਪਮਾਲ ਨੇ ਐੱਚ.ਐੱਮ.ਵੀ. ਕੰਪਨੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ, ਪੂਰਨ ਭਗਤ, ਸੱਸੀ-ਪੁੰਨੂੰ, ਸੋਹਣੀ-ਮਹੀਂਵਾਲ, ਮਿਰਜ਼ਾ-ਸਹਿਬਾਂ ਅਤੇ ਹੀਰ ਰਾਂਝੇ ਦੇ ਪ੍ਰਸੰਗ ਰਿਕਾਰਡ ਕਰਵਾ ਕੇ ਕਵੀਸ਼ਰੀ ਦੇ ਖੇਤਰ ਵਿੱਚ ਅਪਣੇ ਕਵੀਸ਼ਰੀ ਜੱਥੇ ਦੇ ਨਾਮ ਦਾ ਇੱਕ ਤਹਿਲਕਾ ਮਚਾ ਦਿੱਤਾ ਸੀ।
ਕਵੀਸ਼ਰ ਬਲਵੰਤ ਸਿੰਘ ਪਮਾਲ਼ ਸਾਹਿਬ ਜੀ ਨੂੰ ਦੂਰਦਰਸ਼ਨ, ਦਿੱਲੀ ਤੋਂ ਕਵੀਸ਼ਰੀ ਰੰਗ ਵਿੱਚ ਦੇਸ਼-ਭਗਤੀ (ਸ਼ਹੀਦ ਭਗਤ ਸਿੰਘ) ਦੇ ਪ੍ਰਸੰਗ ਗਾਉਣ ਦਾ ਮਾਣ ਹਾਸਿਲ ਹੈ। ਆਪ ਜੀ ਦੇ ਜੱਥੇ ਨੇ ਜਲੰਧਰ ਦੂਰਦਰਸ਼ਨ ਤੋਂ ਅਨੇਕਾਂ ਵਾਰ ਅਪਣੀ ਕਵੀਸ਼ਰੀ ਦੀ ਕਲਾ ਦਾ ਲੋਹਾ ਮਨਵਾਇਆ ਹੈ। ਆਪ ਜੀ ਦੀ ਕਵੀਸ਼ਰੀ ਦੀ ਚੜ੍ਹਦੀਕਲਾ ਸਮੇਂ ਆਪ ਜੀ ਦੀ ਸ਼ਾਦੀ ਪਿੰਡ ਫੱਲੇਵਾਲ ਦੇ ਸ੍ਰ: ਬੰਤਾ ਸਿੰਘ ਜੀ ਦੀ ਬੇਟੀ ਸ੍ਰੀਮਤੀ ਮਹਿੰਦਰ ਕੌਰ ਜੀ ਨਾਲ ਹੋਈ। ਆਪ ਜੀ ਦੇ ਘਰ ਚਾਰ ਬੇਟੀਆਂ ਅਤੇ ਇੱਕ ਬੇਟੇ (ਅੱਜ ਦੇ ਪ੍ਰਸਿੱਧ ਢਾਡੀ ਸ੍ਰ: ਰਛਪਾਲ ਸਿੰਘ ਪਮਾਲ਼) ਨੇ ਜਨਮ ਲਿਆ।
ਕਵੀਸ਼ਰ ਬਲਵੰਤ ਸਿੰਘ ਪਮਾਲ਼ ਜੀ ਨੇ ਕਈ ਮਹਾ-ਕਾਵਿ ਵੀ ਲਿਖਕੇ ਪੰਜਾਬੀ ਮਾਂ-ਬੋਲੀ ਦੀ ਝੋਲ਼ੀ ਵਿੱਚ ਪਾ ਕੇ ਅਪਣੀ ਮਾਂ-ਬੋਲੀ ਨੂੰ ਦੇ ਘੇਰੇ ਨੂੰ ਹੋਰ ਵੀ ਵਿਸ਼ਾਲ ਕੀਤਾ ਹੈ ਜਿਨ੍ਹਾਂ ਉੱਪਰ ਕਈ ਖੋਜ ਪੱਤਰਾਂ ਦੇ ਅਧਾਰ 'ਤੇ ਥੀਸਿਜ਼ ਲਿਖੇ ਜਾ ਸਕਦੇ ਹਨ।
ਪੰਜਾਬ ਦਿਆਂ ਮੇਲਿਆਂ, ਤੀਰਥ ਅਸਥਾਨਾਂ ਅਤੇ ਵਿਆਹ-ਸ਼ਾਦੀਆਂ 'ਤੇ ਕੋਈ ਚਾਰ ਦਹਾਕੇ ਅਪਣੀ ਕਵੀਸ਼ਰੀ ਦੀਆਂ ਮਿੱਠੀਆਂ ਸੁਰਾਂ ਨੂੰ ਪੰਜਾਬ ਦੀ ਫਿਜ਼ਾ ਵਿੱਚ ਬਿਖੇਰਦਾ ਹੋਇਆ ਇਹ ਮਾਣ-ਮੱਤਾ ਸ਼੍ਰੋਮਣੀ ਕਵੀਸ਼ਰ ਬਲਵੰਤ ਸਿੰਘ ਪਮਾਲ ਮਿਤੀ 13 ਦਸੰਬਰ, 1988 ਨੂੰ ਪਿੰਡ ਖੋਸਾ ਪਾਂਡੋ (ਮੋਗਾ)ਵਿੱਚ ਪੂਰਾ ਦਿਨ ਨਗਰ-ਕੀਰਤਨ ਵਿੱਚ ਅਪਣੇ ਕਵੀਸ਼ਰੀ-ਜੱਥੇ ਨਾਲ ਸੇਵਾਵਾਂ ਨਿਭਾਅ ਕੇ ਸ਼ਾਮ ਦੇ ਅੱਠ ਵਜੇ ਅਪਣੇ ਪਿੰਡ ਦੇ ਪਾਸ਼ੂ ਸਾਥੀਆਂ ਨਾਲ਼ 35 ਸਾਲ ਦਾ ਲੰਬਾ ਅਰਸਾ ਸਾਥ ਨਿਭਾ ਕੇ ਅਪਣੇ ਪਰਿਵਾਰ ਅਤੇ ਕਵੀਸ਼ਰੀ ਕਲਾ ਦੇ ਸ਼ੁਦਾਈ ਸਮੂਹ ਸਰੋਤਾ-ਜਨ ਨੂੰ ਆਖਰੀ ਗੁਰ-ਫਤਹਿ ਗੁਜ਼ਾਰ ਕੇ ਨੂਰਾਨੀ ਜੋਤ ਵਿੱਚ ਬ੍ਰਹਮਲੀਨ ਹੋ ਗਏ।
ਰਛਪਾਲ ਸਿੰਘ ਪਮਾਲ ਸਾਹਿਬ ਸ਼੍ਰੋਮਣੀ ਕਵੀਸ਼ਰ ਬਲਵੰਤ ਸਿੰਘ ਪਮਾਲ਼ ਸਾਹਿਬ ਜੀ ਇਕਲੌਤੇ  ਸਪੁੱਤਰ ਹਨ ਜੋ ਢਾਡੀ ਕਲਾ ਦੀ ਛੰਦਾਬੰਦੀ ਵਾਲ਼ੀ ਪੁਰਾਤਨ ਪਰੰਪਰਾ ਨੂੰ ਦੁਨੀਆਂ ਦੇ ਕੋਨੇ-ਕੋਨੇ ਬਹੁਤ ਹੀ ਮਿਹਨਤ ਨਾਲ ਪਹੁੰਚਾ ਰਹੇ ਹਨ। 

Sunday 12 December 2021

ਸ਼ੰਭੂ ਬਾਰਡਰ 'ਤੇ 2022 ਦਾ ਕਿਸਾਨ ਕੈਲੰਡਰ ਲੋਕ-ਅਰਪਣ

12th December 2021 at 04:57 PM

ਲੇਖਕਾਂ ਤੇ ਰੰਗਕਰਮੀਆਂ ਵੱਲੋਂ ਕਿਸਾਨ ਜਥੇਬੰਦੀਆਂ ਦਾ ਭਰਵਾਂ ਸਵਾਗਤ 


ਚੰਡੀਗੜ੍ਹ
: 12 ਦਸੰਬਰ 2021: (ਕਰਮ ਵਕੀਲ//ਕਾਰਤਿਕਾ ਸਿੰਘ//ਸਾਹਿਤ ਸਕਰੀਨ):: 

ਭਵਿੱਖ ਦਾ ਇਤਿਹਾਸ ਸਿਰਜਣ ਦੇ ਨਾਲ ਨਾਲ ਸਭਨਾਂ ਦਾ ਭਵਿੱਖ ਸੰਵਾਰਨ ਵਾਲੇ ਕਿਸਾਨਾਂ ਦਾ ਕਾਫ਼ਿਲਾ ਜਦੋਂ ਦਿੱਲੀ ਜਿੱਤ ਕੇ ਪੰਜਾਬ ਵੱਲ ਮੁੜਿਆ ਤਾਂ ਰਸਤੇ ਵਿੱਚ ਅਣਗਿਣਤ ਥਾਂਵਾਂ ਤੇ ਇਸ ਕਾਫ਼ਿਲੇ ਦਾ ਸੁਆਗਤ ਕੀਤਾ ਗਿਆ। ਸ਼ੰਭੂ ਬਾਰਡਰ ਤੇ ਵੀ ਜਾਹੋ ਜਲਾਲ ਦੇਖਣ ਵਾਲਾ ਸੀ। ਇਹ ਉਹੀ ਥਾਂ ਸੀ ਜਿੱਥੇ ਵੱਖਵਾਦੀਆਂ ਨੇ ਆਕਾਸ਼ਵਾਣੀ ਜਲੰਧਰ ਦੇ ਡਾਇਰੈਕਟਰ ਮੋਹਨਲਾਲ ਮਨਚੰਦਾ ਨੂੰ ਕਤਲ ਕਰਨ ਮਗਰੋਂ ਉਸਦੇ ਜਿਸਮ ਦੇ ਹਿੱਸੇ ਪੰਜਾਬ ਅਤੇ ਹਰਿਆਣਾ ਵਿੱਚ ਦੋਹੀਂ ਪਾਸੀਂ ਸੁੱਟੇ ਸਨ।  ਅੱਜ ਉਸੇ ਥਾਂ ਇਕਜੁੱਟਤਾ ਅਤੇ ਸਾਂਝੀਵਾਲਤਾ ਦੀ ਭਾਵਨਾ ਵਾਲੇ ਕਿਰਤੀਆਂ ਵੱਲੋਂ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ। ਇਹਨਾਂ ਦੇ ਸੁਆਗਤ ਲਈ ਪੰਜਾਬੀ ਲੇਖਕ, ਕਲਾਕਾਰ ਅਤੇ ਰੰਗਕਰਮੀ ਵੀ ਪੁੱਜੇ ਹੋਏ ਸਨ। ਫਿਰਕੂ ਅਤੇ ਫਾਸ਼ੀ ਅਨਸਰਾਂ ਨੂੰ ਸਖਤ ਟੱਕਰ ਦੇ ਕੇ ਦਿੱਲੀ ਦੀ ਹਿੱਕ ਤੇ ਇਹ ਲੋਕ ਜ਼ਿੰਦਾਬਾਦ ਲਿਖ ਕੇ ਆਏ ਸਨ। ਇਹ ਸਾਰੇ ਦਿੱਲੀ ਜਿੱਤ ਕੇ ਪੰਜਾਬ ਆਏ ਸਨ।  

ਕਿਸਾਨ ਸੰਘਰਸ਼ ਵਿੱਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਘਰ ਵਾਪਸੀ ਲਈ ਮੁੜ ਰਹੀਆਂ ਕਿਸਾਨ ਜਥੇਬੰਦੀਆਂ ਦਾ ਪੰਜਾਬੀ ਲੇਖਕਾਂ, ਰੰਗਕਰਮੀਆਂ ਅਤੇ ਕਲਾਕਾਰਾਂ ਵੱਲੋਂ ਰਾਜਪੁਰਾ ਵਿਖੇ ਨਿੱਘਾ ਸੁਆਗਤ ਕੀਤਾ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਪ੍ਰਗਤੀਸ਼ੀਲ ਲੇਖਕ ਸੰਘ ਅਤੇ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦੇ ਲੇਖਕਾਂ ਅਤੇ ਰੰਗਕਰਮੀਆਂ ਨੇ ਸੰਘਰਸ਼ਸ਼ੀਲ ਕਿਸਾਨਾਂ ਦਾ ਅਕਾਸ਼ ਗੂੰਜਾਊ ਨਾਹਰਿਆਂ ਤੇ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਸੀਨੀ. ਮੀਤ ਪ੍ਰਧਾਨ ਡਾ. ਜੋਗਾ ਸਿੰਘ, ਖੇਤੀ ਮਾਹਿਰ ਡਾ. ਸੁਖਪਾਲ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਸਕੱਤਰ ਡਾ. ਗੁਰਮੇਲ ਸਿੰਘ ਅਤੇ ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਦੀ ਅਗਵਾਈ ਵਾਲੀ ਟੀਮ ਵਿੱਚ ਲਗਭਗ 50 ਲੇਖਕ, ਰੰਗਕਰਮੀ ਅਤੇ ਕਲਾਕਾਰ ਸ਼ਾਮਲ ਸਨ। ਸੁਆਗਤ ਕਰਨ ਵਾਲੇ ਲੇਖਕਾਂ ਵਿੱਚ ਕਰਮ ਸਿੰਘ ਵਕੀਲ, ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ, ਕੰਵਲਨੈਣ ਸਿੰਘ ਸੇਖੋਂ, ਕੁਲਦੀਪ ਸਿੰਘ ਦੀਪ, ਬਲਵਿੰਦਰ ਸੰਧੂ, ਜੈਨੇਂਦਰ ਚੌਹਾਨ, ਜਗਜੀਤ ਸਿੰਘ, ਕਿਰਪਾਲ ਸਿੰਘ ਹੀਰਾ, ਬਲਵਿੰਦਰ ਚਹਿਲ, ਪ੍ਰੋ. ਮਨਪ੍ਰੀਤ ਜੱਸ, ਡਾ. ਵੀਰਪਾਲ ਕੌਰ, ਡਾ. ਮਲਕੀਤ ਕੌਰ, ਬਲਦੇਵ ਸਪਤਰਿਸ਼ੀ, ਵਿੱਕੀ ਮਹੇਸ਼ਵਰੀ ਅਤੇ ਪ੍ਰੋ. ਸੰਦੀਪ ਕੌਰ ਸ਼ਾਮਲ ਸਨ। 

ਕਿਸਾਨਾਂ ਦਾ ਕਾਫ਼ਲਾ ਸ਼ਾਮੀਂ ਚਾਰ ਵਜੇ ਦੇ ਆਸ-ਪਾਸ ਜਦੋਂ ਸੰਭੂ ਬੈਰੀਅਰ 'ਤੇ ਪਹੁੰਚਿਆ ਤਾਂ ਲੋਕਾਂ ਦੇ ਵੱਡੇ ਇਕੱਠ ਨੇ ਕਿਸਾਨ ਨੇਤਾਵਾਂ ਅਤੇ ਸੰਘਰਸ਼ੀ ਕਿਸਾਨਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ। ਕਿਸਾਨ ਮਜ਼ਦੂਰ ਏਕਤਾ ਦੇ ਨਾਹਰੇ ਅਤੇ ਹਵਾ ਵਿੱਚ ਤਣੇ ਹੋਏ ਮੁੱਕੇ ਇੱਕ ਅਜਬ ਨਜ਼ਾਰਾ ਪੇਸ਼ ਕਰ ਰਹੇ ਸਨ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਪ੍ਰਗਤੀਸ਼ੀਲ ਲੇਖਕ ਸੰਘ ਅਤੇ ਇਪਟਾ ਦੇ ਆਗੂਆਂ ਨੇ ਇੰਗਲੈਂਡ ਦੇ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਛਪਵਾਇਆ ਗਿਆ ਕਿਸਾਨ ਅੰਦੋਲਨ ਨੂੰ ਸਮਰਪਿਤ 2022 ਦਾ ਕੈਲੰਡਰ ਲੋਕ-ਅਰਪਣ ਕੀਤਾ। ਬਹੁਤ ਹੀ ਖ਼ੂਬਸੂਰਤੀ ਨਾਲ ਡਿਜ਼ਾਈਨ ਕੀਤਾ ਗਿਆ ਇਹ ਕੈਲੰਡਰ ਸੰਘਰਸ਼ੀ ਕਿਸਾਨਾਂ ਨੂੰ ਭੇਂਟ ਕੀਤਾ ਗਿਆ। ਥਾਂ ਥਾਂ ਉੱਪਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਚਾਹ ਅਤੇ ਸਮੋਸਿਆਂ ਦੇ ਲੰਗਰ ਲਗਾਏ ਗਏ ਸਨ। ਮੁਸਲਿਮ ਭਾਈਚਾਰੇ ਨੇ ਲੰਗਰ ਲਗਾ ਕੇ ਭਾਈਚਾਰਕ ਏਕਤਾ ਦਾ ਸਬੂਤ ਦਿੱਤਾ।

ਕਿਸਾਨ ਅੰਦੋਲਨ ਨੂੰ ਕਿਰਤੀਆਂ ਅਤੇ ਮਜ਼ਦੂਰਾਂ ਦੀ ਇਤਿਹਾਸਕ ਜਿੱਤ ਕਰਾਰ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਜੇ ਸੰਘਰਸ਼ ਖ਼ਤਮ ਨਹੀਂ ਹੋਇਆ। ਇਹ ਕਾਰਪੋਰੇਟਸ ਖ਼ਿਲਾਫ਼ ਭਾਰਤੀ ਕਿਸਾਨ-ਮਜ਼ਦੂਰ ਸੰਘਰਸ਼ ਦਾ ਪਹਿਲਾ ਪੜਾਅ ਹੈ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਭਾਰਤੀ ਆਵਾਮ ਦੀ ਸਰਗਰਮ ਭਾਗੀਦਾਰੀ ਨਾਲ ਫਤਹਿ ਕੀਤਾ ਹੈ। ਡਾ. ਸਿਰਸਾ ਨੇ ਕਿਹਾ ਕਿ ਇਹ ਅੰਦੋਲਨ ਦੁਨੀਆਂ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਵੱਡੇ ਅਤੇ ਦੂਰਗਾਮੀ ਸਬਕ ਲੈ ਕੇ ਸਫਲਤਾ ਦੀ ਪੌੜੀ ਚੜ੍ਹਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਕੇਂਦਰੀ ਸਭਾ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿਸਾ ਪਾਉਂਦੀ ਰਹੇਗੀ।


Wednesday 1 December 2021

ਜਸਪ੍ਰੀਤ ਕੌਰ ਫ਼ਲਕ ਦਾ ਪੰਜਾਬੀ ਕਾਵਿ ਸੰਗ੍ਰਹਿ ‘ਅੱਠਵੇ ਰੰਗ ਦੀ ਤਲਾਸ਼’ ਰਿਲੀਜ਼

 ਭਾਸ਼ਾ ਵਿਭਾਗ ਵੱਲੋਂ ਕੀਤਾ ਗਿਆ ਵਿਸ਼ੇਸ਼ ਸਮਾਗਮ


ਲੁਧਿਆਣਾ: 1 ਦਸੰਬਰ 2021: (ਸਾਹਿਤ ਸਕਰੀਨ ਬਿਊਰੋ)::
ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਸਾਹਿਤ ਵਿੱਚ ਵੀ ਮੁਹਾਰਤ ਰੱਖਣ ਵਾਲੀ ਜਸਪ੍ਰੀਤ ਕੌਰ ਫ਼ਲਕ ਇੱਕ ਵਾਰ ਫੇਰ ਸਾਹਮਣੇ ਆਈ ਹੈ ਆਪਣੀ ਨਵੀਂ ਪੁਸਤਕ ਲੈ ਕੇ। ਕੁਝ ਨਿਰਮਾਤਾ ਨਿਰਦੇਸ਼ਕ ਜਸਪ੍ਰੀਤ ਕੌਰ ਫ਼ਲਕ ਦੀ ਸ਼ਖ਼ਸੀਅਤ ਅਤੇ ਰਚਨਾਵਾਂ ਤੇ ਛੋਟੀਆਂ ਫ਼ਿਲਮਾਂ ਬਣਾਉਣ ਲਈ ਵੀ ਸਰਗਰਮ ਹਨ ਜਿਸ ਬਾਰੇ ਰਸਮੀ ਸੂਚਨਾ ਜਲਦੀ ਹੀ ਸਾਹਮਣੇ ਆਵੇਗੀ। ਫਿਲਹਾਲ ਅੱਜ ਦੀ ਖਬਰ ਭਾਸ਼ਾ ਵਿਭਾਗ ਬਾਰੇ ਹੈ। 

ਭਾਸ਼ਾ ਵਿਭਾਗ ਪੰਜਾਬ ਵੱਲੋਂ ‘ਪੰਜਾਬੀ ਮਾਹ’ ਦੇ ਖ਼ੂਬਸੂਰਤ ਵਿਦਾਇਗੀ ਸਮਾਰੋਹ ਵਿੱਚ ਪ੍ਰਸਿੱਧ ਹਿੰਦੀ ਕਵਿੱਤਰੀ ਜਸਪ੍ਰੀਤ ਕੌਰ ਫ਼ਲਕ ਦੇ ਨਿਵੇਕਲੇ ਪੰਜਾਬੀ ਕਾਵਿ ਸੰਗ੍ਰਹਿ ‘ਅੱਠਵੇਂ ਰੰਗ ਦੀ ਤਲਾਸ਼’ ਦਾ ਲੋਕ ਅਰਪਣ ਮੁੱਖ ਮਹਿਮਾਨ ਸ਼੍ਰੋਮਣੀ ਪੰਜਾਬੀ ਆਲੋਚਕ ਡਾ: ਜਸਵਿੰਦਰ ਸਿੰਘ, ਸਮਾਗਮ ਦੇ ਪ੍ਰਧਾਨ ਡਾ.ਸੁਰਜੀਤ ਲੀਅ, ਵਿਸ਼ੇਸ਼ ਮਹਿਮਾਨ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਨਿੰਦਰ ਘੁਨਿਆਣਵੀ ਅਤੇ ਪੰਜਾਬੀ, ਹਿੰਦੀ ਅਤੇ ਉਰਦੂ ਸਾਹਿਤ ਦੀਆਂ ਕਈ ਨਾਮਵਰ ਹਸਤੀਆਂ ਦੇ ਕਰ-ਕਮਲਾਂ ਨਾਲ ਸੰਪੰਨ ਹੋਇਆ। 

ਭਾਸ਼ਾ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਕਰਮਜੀਤ ਕੌਰ ਨੇ ਜਸਪ੍ਰੀਤ ਕੌਰ ਫ਼ਲਕ ਦੀ ਇਸ ਸਿਰਜਣਾਤਮਕ ਪ੍ਰਾਪਤੀ ਲਈ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਰਚਨਾਤਮਕ ਬਣੇ ਰਹਿਣ ਲਈ ਪ੍ਰੇਰਿਤ ਕੀਤਾ। ਜਸਪ੍ਰੀਤ ਕੌਰ ਫ਼ਲਕ ਨੇ ਇਸ ਪਲ ਨੂੰ ਆਪਣੀ ਜ਼ਿੰਦਗੀ ਦਾ ਕਦੇ ਨਾ ਭੁੱਲਣ ਜੋਗ ਪਲ ਦੱਸਿਆ। ਸਮਾਗਮ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਅਮਰ ਨੂਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਸਾਹਿਤਕਾਰ ਓਮਪ੍ਰਕਾਸ਼ ਗਾਸੋ, ਦੀਪਕ ਜਲੰਧਰੀ, ਸਰਦਾਰ ਪੰਛੀ, ਸਤਨਾਮ ਸਿੰਘ, ਵੀਰਪਾਲ ਕੌਰ ਆਦਿ ਸਮੇਤ ਕਈ ਉੱਘੇ ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।