google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: August 2023

Tuesday 29 August 2023

ਮਨਜੀਤ ਇੰਦਰਾ ਨਾਲ ਪੰਜਾਬ ਕਲਾ ਪ੍ਰੀਸ਼ਦ ਨੇ ਕਰਾਇਆ ਰੂਬਰੂ

ਤਾਰਿਆਂ ਦਾ ਛੱਜ ਕਿਸ ਕਿਸ ਨੂੰ ਕਿੰਨਾ ਕੁ ਛੱਟਦਾ ਹੈ ਪੜ੍ਹ ਕੇ ਦੇਖੋ 


ਚੰਡੀਗੜ੍ਹ
: 28 ਅਗਸਤ 2023: (ਕੈਮਰਾ-ਕਾਰਤਿਕਾ ਸਿੰਘ//ਰਿਪੋਰਟ-ਰੈਕਟਰ ਕਥੂਰੀਆ//ਸਾਹਿਤ ਸਕਰੀਨ)::

ਇੱਕ ਮਹਾਨ ਸ਼ਾਇਰ ਹੁੰਦੇ ਸਨ ਪ੍ਰਿੰਸੀਪਲ ਤਖਤ ਸਿੰਘ ਜੀ। ਜਗਰਾਓਂ ਦੇ ਅਗਵਾੜ ਗੁੱਜਰਾਂ ਜਾ ਕੇ ਉਹਨਾਂ ਨੂੰ ਸਜਦਾ ਕਰਨਾ ਹਰ ਸਾਹਿਤਕਾਰ ਜ਼ਰੂਰੀ ਸਮਝਦਾ ਸੀ। ਗੋਆ ਦੀ ਆਜ਼ਾਦੀ ਵਿਚ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਕਾਮਰੇਡ ਕਰਨੈਲ ਸਿੰਘ ਸਿੰਘ ਈਸੜੂ ਦਾ ਨਾਂਅ ਭਲਾ ਕੌਣ ਨਹੀਂ ਜਾਣਦਾ। ਹਰ ਸਾਲ 15 ਅਗਸਤ ਮੌਕੇ ਉਹਨਾਂ ਦੀ ਯਾਦ ਵਿੱਚ ਮੇਲਾ ਜੁੜਦਾ ਹੈ। ਸਾਰੀਆਂ ਸਿਆਸੀ ਪਾਰਟੀਆਂ ਪਹੁੰਚਦਿਆਂ ਹਨ। ਇਹ ਉਹ ਦੇਸ਼ ਭਗਤ ਸੀ ਜਿਹੜਾ ਆਪਣੇ ਪਿੰਡ ਈਸੜੂ ਤੋਂ ਸਾਈਕਲ 'ਤੇ ਚੱਲ ਕੇ ਲੁਧਿਆਣਾ ਵਿਚਲੇ ਪਾਰਟੀ ਦਫਤਰ ਪੁੱਜਿਆ ਅਤੇ ਉਥੇ ਸਾਈਕਲ ਰੱਖ ਕੇ ਗੋਆ ਵਾਲੀ ਟਰੇਨ ਫੜੀ ਅਤੇ ਤੁਰ ਪਿਆ ਸ਼ਹੀਦ ਹੋਣ ਲਈ। ਖੁਦ ਮਕਤਲ ਵਿਚ ਜਾ ਪਹੁੰਚਿਆ ਤਿਰੰਗੇ ਦਾ ਇਹ ਆਸ਼ਕ। ਗੋਲੀਆਂ ਦੇ ਸਾਹਮਣੇ ਹੋ ਕੇ ਵੀ ਤਿਰੰਗਾ ਹੱਥੋਂ ਨਹੀਂ ਡਿੱਗਣ ਦਿੱਤਾ। ਉਸ ਮਹਾਨ ਰਾਸ਼ਟਰਵਾਦੀ ਸ਼ਹੀਦ ਦੇ ਭਰਾ ਪ੍ਰਿੰਸੀਪਲ ਤਖਤ ਸਿੰਘ ਲੰਮੇ ਕੱਦ ਦੇ ਸਨ। ਜਦੋਂ ਉਹ ਬੈਠੇ ਬੈਠੇ ਅਚਾਨਕ ਕਦੇ ਉੱਠ ਖੜੋਂਦੇ ਤਾਂ ਅਸ਼ਟਾਵਕਰ ਦੀ ਯਾਦ ਤਾਜ਼ਾ ਹੋ ਜਾਂਦੀ। ਪ੍ਰਿੰਸੀਪਲ ਸਾਹਿਬ ਬੜੇ ਮਿਲਣਸਾਰ ਵੀ ਸਨ। ਜ਼ਿੰਦਗੀ ਦੇ ਤੱਤ ਅਤੇ ਨਿਚੋੜ ਉਹਨਾਂ ਦੀ ਸ਼ਾਇਰੀ ਵਿਚ ਨਜ਼ਰ ਆਉਂਦੇ ਸਨ>
ਕੁਝ ਕੁ ਸ਼ੀਸ਼ੇ ਰੋੜ ਖਾ ਕੇ ਵੀ ਨ ਭੱਜੇ; 
ਹਾਰ ਕੇ ਭੱਜੇ ਵੀ ਤਾਂ ਕਿਰਚਾਂ ਖਿੰਡਾ ਕੇ!

ਉਹਨਾਂ ਦੀ ਸ਼ਾਇਰੀ ਦੀ ਉਡਾਣ ਵੀ ਬਹੁਤ ਉੱਚੀ ਸੀ। ਸਾਦਗੀ ਭਰੇ ਅੰਦਾਜ਼ ਨਾਲ ਬੜੀ ਡੂੰਘੀ ਗੱਲ ਆਖ ਜਾਂਦੇ ਸਨ। ਇਸੇ ਗ਼ਜ਼ਲ ਵਿੱਚ ਉਹਨਾਂ ਇੱਕ ਸ਼ੇਅਰ ਲਿਖਿਆ ਸੀ:

ਮੈਂ ਤਾਂ ਕਲਮੂੰਹਾਂ ਗਿਆਂ ਪੂਣਿਆਂ ਤਾਂ ਫਿਰ ਕੀ!
ਚੰਦ ਕਿਓਂ ਛੱਟੇ ਗਏ ਛੱਜਾਂ 'ਚ ਪਾ ਕੇ!

ਉੰਝ ਇਸ ਸ਼ੇਅਰ ਦੀ ਵੀ ਇੱਕ ਵੱਖਰੀ ਕਹਾਣੀ ਹੈ ਪਰ ਉਹ ਫਿਰ ਕਦੇ ਸਹੀ। ਫਿਲਹਾਲ ਗੱਲ ਕਰਦੇ ਹਾਂ ਮਨਜੀਤ ਇੰਦਰਾ ਦੀ ਬਹੁਚਰਚਿਤ ਪੁਸਤਕ "ਤਾਰਿਆਂ ਦਾ ਛੱਜ" ਦੀ ਵੀ ਅਤੇ ਇਸਦੇ ਨਾਮ ਦੀ ਵੀ। ਇਸ ਨਾਵਲ ਦੇ ਕਈ ਐਡੀਸ਼ਨ ਛਪ ਚੁੱਕੇ ਹਨ। ਇਸ ਵਾਰ ਨਵਾਂ ਐਡੀਸ਼ਨ ਆਇਆ ਹੈ ਸੋ ਇਸਨੂੰ ਵੀ ਬਾਕਾਇਦਾ ਪਹਿਲੇ ਐਡੀਸ਼ਨ ਵਾਂਗ ਹੀ ਰਿਲੀਜ਼ ਕੀਤਾ ਗਿਆ। ਉਂਝ ਇਸਨੂੰ ਦਸਤਾਵੇਜ਼ੀ ਗਲਪ ਵਾਲੇ ਵਰਗ ਵਿਚ ਵੀ ਰੱਖਿਆ ਜਾ ਸਕਦਾ ਹੈ। ਇਹ ਪੁਸਤਕ ਇੱਕ ਖਾਸ ਵਿਅਕਤੀ ਦੇ  ਇੱਕ ਤਰਫ ਇਸ਼ਕ ਵਾਲੀ ਸ਼ਿੱਦਤ ਅਤੇ ਉਸ ਵਿਚਲੇ ਦਰਦ ਦੀ ਬੇਹੱਦ ਸੰਤੁਲਿਤ ਰਿਪੋਰਟ ਵੀ ਆਖੀ ਜਾ ਸਕਦੀ ਹੈ। ਪੱਤਰਕਾਰੀ ਵਾਲੇ ਨਿਰਪੱਖਤਾ ਦੇ ਧਰਮ ਨੂੰ ਨਿਭਾਉਂਦਿਆਂ ਦੂਜੀ ਧਿਰ ਦੇ ਦਿਲ ਅੰਦਰਲੇ ਸੱਚ ਨੂੰ ਵੀ ਟੋਹ ਟੋਹ ਕੇ ਲਭਿਆ ਗਿਆ ਹੈ। ਉਸ ਵਿੱਚੋਂ ਨਫਰਤ ਨਿਕਲੀ ਤਾਂ ਮਨਜੀਤ ਇੰਦਰਾ ਨੇ ਉਹੀ ਰਿਪੋਰਟ ਕਰਨੀ ਸੀ। ਜਿਹੜਾ ਪ੍ਰੋਫੈਸਰ ਮੋਹਨ ਸਿੰਘ ਅੰਮ੍ਰਿਤਾ ਪ੍ਰੀਤਮ ਨੂੰ ਸ਼ਿੱਦਤ ਨਾਲ ਇਸ਼ਕ ਕਰਦਾ ਸੀ ਉਹ ਅੰਮ੍ਰਿਤਾ ਉਸ ਮੋਹਨ ਸਿੰਘ ਨੂੰ ਨਫਰਤ ਕਰਦੀ ਸੀ। ਇਸ ਹਕੀਕਤ ਵਿਚ ਮਨਜੀਤ ਇੰਦਰ ਚਾਹ ਕੇ ਵੀ ਕੋਈ ਤਬਦੀਲੀ ਨਹੀਂ ਸੀ ਕਰ ਸਕਦੀ। ਜਿਸ ਨੂੰ ਮੋਹਨ ਸਿੰਘ ਨੇ ਇਸ਼ਕ ਕੀਤਾ ਉਹ ਉਸਦੇ ਨਸੀਬਾਂ ਵਿਚ ਨਹੀਂ ਸੀ। ਜਿਸਨੂੰ ਅੰਮ੍ਰਿਤਾ ਨੇ ਇਸ਼ਕ ਕੀਤਾ ਉਹ ਸਾਹਿਰ ਉਸਦੇ ਨਸੀਬਾਂ ਵਿਹਚ ਨਹੀਂ ਸੀ। ਇਸ ਗੱਲ ਤੋਂ ਇਮਰੋਜ਼ ਵੀ ਜਾਣੂੰ ਸੀ। ਅਤੇ ਮਨਜੀਤ ਇੰਦਰਾ ਵੀ। ਪ੍ਰਸਿੱਧ ਅਨੁਵਾਦਿਕਾ ਅਮੀਆ ਕੁੰਵਰ ਨੇ ਵੀ ਅੰਮ੍ਰਿਤਾ ਪ੍ਰੀਤਮ ਦੀ ਜ਼ਿੰਦਗੀ ਨੂੰ ਬਹੁਤ ਨੇੜਿਓਂ ਦੇਖਿਆ ਹੈ। ਚੰਗਾ ਹੋਵੇ ਜੇਕਰ ਉਹ ਵੀ ਆਪਣੇ ਵਿਚਾਰ ਦਰਜ ਕਰਾਉਣ। 

ਇਥੇ ਇਹ ਦੱਸਣਾ ਵੀ ਜ਼ਰੂਰੀ ਲੱਗਦਾ ਹੈ ਕਿ ਬਹੁਤਿਆਂ ਨੂੰ ਅੱਜਕਲ੍ਹ ਛੱਜ ਦਾ ਵੀ ਨਹੀਂ ਪਤਾ। ਪੂੰਜੀਵਾਦੀ ਵਿਕਾਸ ਅਤੇ ਫਿਸ਼ਨਾਂ ਦੀ ਹਨੇਰੀ ਨੇ ਸਾਡੇ ਕੋਲੋਂ ਸਦਾ ਸਭ ਕੁਝ ਖੋਹ ਲਿਆ ਅਤੇ ਭੁਲਾ ਵੀ ਦਿੱਤਾ। ਇੱਕ ਕਹਾਵਤ ਆਉਂਦੀ ਹੈ ‘‘ਛੱਜ ਤਾਂ ਬੋਲੇ ਛਾਨਣੀ ਕੀ ਬੋਲੇ’’ਇਹ ਪੰਜਾਬੀਆਂ ਵਿਚ ਆਮ ਬੋਲੀ ਜਾਂਦੀ ਰਹੀ। ਕਿਸੇ ਗੱਲ ਨੂੰ ਜਿਆਦਾ ਉਛਾਲਣ ਤੇ ‘‘ਛੱਜ ਵਿੱਚ ਪਾ ਕੇ ਛੱਟਣਾ’’ ਵਾਲੀ ਕਹਾਵਤ ਵੀ ਵਰਤੀ ਜਾਂਦੀ ਹੈ।  

ਹੁਣ ਮਨਜੀਤ ਇੰਦਰਾ ਨੇ ਕਿਸ ਕਿਸ ਦੀ ਕਿਸ ਕਿਸ ਗੱਲ ਨੂੰ ਆਪਣੇ ਛੱਜ ਵਿੱਚ ਪਾ ਕੇ ਜ਼ਿਆਦਾ ਛੱਟਿਆ  ਹੈ ਇਸਦਾ ਪਤਾ ਤੁਸੀਂ ਪੁਸਤਕ ਪੜ੍ਹ ਕੇ ਲਗਾ ਸਕਦੇ ਹੋ। ਇਹ ਪੁਸਤਕ ਪ੍ਰੋਫੈਸਰ ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਦੇ ਇਸ਼ਕ ਦੀ ਉਸ ਕਹਾਣੀ ਤੇ ਕੇਂਦਰਿਤ ਵੀ ਹੈ ਜਿਸ ਬਾਰੇ ਯਾਦ ਆ ਰਹੀਆਂ ਨੇ ਇੱਕ ਪ੍ਰਸਿੱਧ ਪੁਰਾਣੇ ਫ਼ਿਲਮੀ ਗੀਤ ਦੀਆਂ ਸਤਰਾਂ-
ਮੋਹੱਬਤ ਕੀ ਝੂਠੀ ਯੇਹ ਕਹਾਣੀ ਪੇ ਰੋਏ--
ਬੜੀ ਚੋਟ ਖਾਈ ਜਵਾਨੀ ਪੇ ਰੋਏ..!
 
ਇਸ਼ਕ ਵਿਚ ਕਿਸੇ ਏਨੀ ਵੱਡੀ ਸ਼ਖ਼ਸੀਅਤ ਦਾ ਰੋਣਾ ਵੀ ਤਾਂ ਹਰ ਕਿਸੇ ਸਾਹਮਣੇ ਨਹੀਂ ਸੀ ਹੋ ਸਕਦਾ। ਤੜਪ ਅਤੇ ਰੋਂ ਵਾਲੀ ਉਸ ਅਵਸਥਾ ਵਿੱਚ ਮਨਜੀਤ ਇੰਦਰਾ ਦਾ ਕੋਲ ਹੋਣਾ ਹੀ ਬੜਾ ਵੱਡਾ ਹੌਂਸਲਾ ਹੁੰਦਾ ਸੀ। ਇਸ ਹਕੀਕਤ ਦਾ ਪਤਾ ਰੋਜ਼ ਗਾਰਡਨ ਵਾਲੀ ਸੜਕ ਨੂੰ ਵੀ ਹੈ ਅਤੇ ਸਵਰਗੀ ਕੁਲਵੰਤ ਸਿੰਘ ਵਰਗੀ ਮਹਾਨ ਸ਼ਖ਼ਸੀਅਤ ਨੂੰ ਵੀ। 

ਸ਼ਾਇਦ ਅਜਿਹੀ ਹੀ ਹਾਲਤ ਅੰਮ੍ਰਿਤਾ ਪ੍ਰੀਤਮ ਅਤੇ ਸਾਹਿਰ ਲੁਧਿਆਣਵੀ ਦੇ ਇਸ਼ਕ ਦੀ ਵੀ ਸੀ। ਨਿਦਾ ਫਾਜ਼ਲੀ  ਸਾਹਿਬ ਨੇ ਇੱਕ ਅਮਰ ਹਕੀਕਤ ਵਰਗੀ ਗੱਲ ਬਿਆਨ ਕੀਤੀ ਹੈ--ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ--ਅਸਲ ਵਿਚ ਯਰਾ ਡੂੰਘਾਈ ਨਾਲ ਸੋਚੀਏ ਤਾਂ ਮੋਹੱਬਤ ਦੇ ਢਾਈ ਅੱਖਰ ਹੁੰਦੇ ਨੇ-ਮਤਲਬ ਅਧੂਰੇ ਹਨ ਆਪਣੇ ਆਪ ਵਿੱਚ ਹੀ..-ਇਹ ਗੱਲ ਨਿਰਥਰਕ ਨਹੀਂ ਹੈ--ਇਹੀ ਦੱਸਦੀ ਹੈ ਕਿ ਅਧੂਰੇਪਣ ਦਾ ਸੱਚ ਹੀ ਮੋਹੱਬਤ ਦਾ ਨਸੀਬ ਹੁੰਦਾ ਹੈ। ਉੰਝ ਇਸੇ ਬਹਿਰ   ਵਿੱਚ ਕੈਫ਼ੀ ਆਜ਼ਮੀ ਸਾਹਿਬ ਦੀ ਰਚਨਾ ਵੀ ਪੜ੍ਹਨ ਵਾਲੀ ਹੈ--

ਮੈਂ ਢੂੰਢਤਾ ਹੂੰ  ਜਿਸੇ ਵੋ ਜਹਾਂ ਨਹੀਂ ਮਿਲਤਾ! 
ਈ ਜ਼ਮੀਨ ਨਯਾ ਆਸਮਾਂ ਨਹੀਂ ਮਿਲਤਾ!

ਵੋ ਤੇਗ ਮਿਲ ਗਈ ਜਿਸੇ ਹੂਆ ਹੈ ਕਤਲ ਮੇਰਾ! 
ਕਿਸੀ ਕੇ ਹਾਥ ਕਾ ਉਸ ਪਰ ਨਿਸ਼ਾਂ ਨਹੀਂ ਮਿਲਤਾ!

ਕਈ ਵਾਰ ਜਿਸਮਾਨੀ ਕਤਲ ਨਹੀਂ ਹੁੰਦੇ ਪਰ ਸ਼ਖਸ਼ੀਅਤ ਦੇ ਕਤਲ ਹੋ ਜਾਂਦੇ ਨੇ। ਅੰਗਰੇਜ਼ੀ ਵਾਲਿਆਂ ਕੋਲ ਇੱਕ ਬਹੁਤ ਖੂਬਸੂਰਤ ਸ਼ਬਦ ਹੈ--ਕਰੈਕਟਰ ਅਸੈਸੀਨੇਸ਼ਨ-ਸਾਡੇ ਵੇਲਿਆਂ ਵਿਚ ਅਜਿਹੇ ਕਤਲ ਬਹੁਤ ਵੱਧ ਗਏ ਹਨ। ਮਨਜੀਤ ਇੰਦਰਾ ਨੇ ਇੱਕ ਤਰ੍ਹਾਂ ਨਾਲ ਸਾਹਿਤਕ ਪੱਤਰਕਾਰੀ ਵਾਲੀ ਖੋਜ ਭਰਪੂਰ ਰਿਪੋਰਟ ਲੱਭੀ ਅਤੇ ਲਿਖੀ ਜੋ ਹਕੀਕਤਾਂ ਬਾਰੇ ਕਾਫੀ ਕੁਝ ਦਰਸਾਉਂਦੀ ਹੈ।  ਏਨੇ ਵੱਡੇ ਕਾਤਲਾਨਾ ਵਾਰ ਸਹਿ ਕੇ ਵੀ ਸੀ ਨਾ ਕਰਨਾ--ਸ਼ਾਇਦ ਇਹੀ ਹੁੰਦਾ ਹੈ ਮੋਹੱਬਤ ਦਾ ਦਸਤੂਰ।
 
ਮੋਹੱਬਤ ਜੋ ਕਰਤੇ ਹੈਂ ਵੋ, ਮੋਹੱਬਤ ਜਤਾਤੇ ਨਹੀਂ!
ਧੜਕਣੇਂ ਆਪਣੇ ਦਿਲ ਕੀ ਕਭੀ, ਕਿਸੀ ਕੋ ਸੁਨਾਤੇ ਨਹੀਂ!
ਮਜ਼ਾ ਕੀਆ ਰਾਹ ਜਬਕਿ ਖੁਦ ਕਰ ਦੀਆ ਹੋ, 
ਮੋਹੱਬਤ ਕਾ ਇਜ਼ਹਾਰ ਆਪਣੀ ਜ਼ੁਬਾਂ ਸੇ!

ਉੰਝ ਇਸ ਸਾਰੇ ਮੁੱਦੇ ਅਤੇ ਵਿਸ਼ੇ ਬਾਰੇ ਡਾਕਟਰ ਸੁਰਜੀਤ ਪਾਤਰ ਵੀ ਬਹੁਤ ਕੁਝ ਜਾਣਦੇ ਹਨ ਇਹ ਵੱਖਰੀ ਗੱਲ ਹੈ ਕਿ ਉਹ ਬੋਲਦੇ ਬਹੁਤ ਘੱਟ ਹਨ। ਇਥੇ ਇਹ ਜ਼ਿਕਰ ਜ਼ਰੂਰੀ ਜਾਪਦਾ ਹੈ ਕਿ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀ ਪ੍ਰੇਰਨਾ 'ਤੇ ਹੀ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਆਏ ਅਤੇ ਨਿਯੁਕਤ ਵੀ ਹੋਏ। ਯੂਨੀਵਰਸਿਟੀ ਦੇ ਤਿੰਨ ਨੰਬਰ ਗੇਟ ਤੋਂ ਜਿਹੜੀ ਸੜਕ ਫਿਰੋਜ਼ਪੁਰ ਰੋਡ ਨੂੰ ਜਾਂਦੀ ਹੈ ਉਸ ਸੜਕ ਤੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦਾ ਉਹ ਮਕਾਨ ਹੁਣ ਵੀ ਬੜੀ ਬਦਹਾਲੀ ਵਿਚ ਹੈ। ਕਿਸੇ ਵੀ ਸਾਹਿਤਿਕ ਜਾਂ ਸਰਕਾਰੀ ਸੰਗਠਨ ਨੇ ਉਸ ਮਕਾਨ ਨੂੰ ਸੰਭਾਲ ਕੇ ਪ੍ਰੋਫੈਸਰ ਸਾਹਿਬ ਦੀ ਯਾਦ ਵਿੱਚ ਕੋਈ ਮਿਊਜ਼ੀਅਮ ਨਹੀਂ ਉਸਾਰਿਆ। 

ਇਹੀ ਹਸ਼ਰ ਅੰਮ੍ਰਿਤਾ ਪ੍ਰੀਤਮ ਦੇ ਦਿੱਲੀ ਵਿੱਚ ਕੇ-25 ਹੌਜ਼ ਖਾਸ ਵਾਲੇ ਮਕਾਨ ਨਾਲ ਵੀ ਹੋਇਆ। ਉਸ ਮਕਾਨ ਨੂੰ ਵੀ ਨਹੀਂ ਸੰਭਾਲਿਆ। ਉਥੇ ਬੁਲਡੋਜ਼ਰ ਚੱਲਿਆ ਅਤੇ ਕੋਈ ਸਾਹਿਤਿਕ ਸੰਗਠਨ ਕੁਝ ਨਾ ਕਰ ਸਕਿਆ। ਸਾਡੇ ਸਮਾਜ ਵਿਚ ਗੱਲਾਂ ਬਹੁਤ ਜ਼ਿਆਦਾ ਹਨ ਅਤੇ ਦੱਖਣੀ ਭਾਰਤ, ਬੰਗਾਲ ਅਤੇ ਵਿਦੇਸ਼ ਵਿੱਚ ਲੋਕ ਅਮਲੀ ਤੌਰ ਤੇ ਇਹਨਾਂ ਵਿਰਾਸਤਾਂ ਨੂੰ ਸੰਭਾਲਦੇ ਹਨ। ਉਹਨਾਂ ਦੀਵਾਰਾਂ ਵਿੱਚੋਂ ਆਉਂਦੀਆਂ ਤਰੰਗਾਂ ਨੂੰ ਮਹਿਸੂਸ ਕਰ ਕੇ ਸ਼ਕਤੀ ਲੈਂਦੇ ਹਨ। 

ਖੈਰ ਵਾਪਿਸ ਲੁਧਿਆਣਾ ਮੁੜਦੇ ਹਾਂ-ਪ੍ਰੋਫੈਸਰ ਮੋਹਨ ਸਿੰਘ ਉਸ ਮਕਾਨ ਵਿੱਚ ਹੀ ਡਾਕਟਰ ਪਾਤਰ ਕੋਲੋਂ ਵੀ ਹਰ ਰੋਜ਼ ਉਹਨਾਂ ਦੀ ਸ਼ਾਇਰੀ ਤਰੰਨੁਮ ਵਿਚ ਸੁਣਦੇ ਰਹੇ। ਇਹਨਾਂ ਸਤਰਾਂ ਦਾ ਲੇਖਕ ਵੀ ਕਈ ਵਾਰ ਇਸ ਗੱਲ ਦਾ ਗਵਾਹ ਰਿਹਾ। ਉਸ ਛੋਟੀ ਜਿਹੀ ਮਹਿਫ਼ਿਲ ਦੇ ਸਾਰੇ ਚਿਹਰੇ ਮੈਨੂੰ ਅੱਜ ਵੀ ਯਾਦ ਹਨ। ਖੱਬੇ ਪੱਖੀ ਆਗੂ ਡਾਕਟਰ ਗੁਰਬਚਨ ਸਿੰਘ ਕਥੂਰੀਆ, ਸੱਭਿਆਚਾਰਕ ਦੂਤ ਵੱਜੋਂ ਪ੍ਰਸਿੱਧ ਹੋਏ ਕਾਂਗਰਸੀ ਐਮ ਐਲ ਏ ਸਰਦਾਰ ਜਗਦੇਵ ਸਿੰਘ ਜੱਸੋਵਾਲ ਅਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਹੁਰਾਂ ਦੀ ਫੌਜ ਵਿੱਚ ਉਹਨਾਂ ਦੇ ਨਾਲ ਸਰਹਗਰਮ ਭੂਮਿਕਾ ਨਿਭਾਉਣ ਵਾਲੇ ਕੈਪਟਨ ਸੁਰਜੀਤ ਸਿੰਘ ਗਰੇਵਾਲ ਵੀ ਅਕਸਰ ਇਸ ਮਹਿਫ਼ਿਲ ਵਿਚ ਸ਼ਾਮਲ  ਹੋਇਆ ਕਰਦੇ ਸਨ। 

ਸ਼ਾਇਰਾ ਮਨਜੀਤ ਇੰਦਰਾ ਹੁਰਾਂ ਨਾਲ ਰੂਬਰੂ ਦੌਰਾਨ ਜਦੋਂ ਡਾਕਟਰ ਸੁਰਜੀਤ ਪਾਤਰ ਧੰਨਵਾਦ ਕਰਨ ਲਈ ਮਾਈਕ ਤੇ ਆਏ ਤਾਂ ਉਹਨਾਂ ਇੱਕ ਬੜੀ ਅਨਮੋਲ ਗੱਲ ਕਹੀ ਜਿਹੜੀ ਹਰ ਕਲਮਕਾਰ ਤੱਕ ਪਹੁੰਚਣੀ ਚਾਹੀਦੀ ਹੈ। ਉਹਨਾਂ ਆਖਿਆ ਸ਼ਾਇਰ ਨੂੰ ਹਮੇਸ਼ਾਂ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣਦਿਆਂ ਸੱਚ ਬੋਲਣਾ ਚਾਹੀਦਾ ਹੈ। ਜਦੋਂ ਉਹ ਝੂਠ ਮੂਠ ਕੁਝ ਆਖਣ ਲੱਗਦਾ ਹੈ ਤਾਂ ਉਸ ਰਚਨਾ ਵਿਚ ਉਹ ਗੱਲ ਹੀ ਨਹੀਂ ਰਹਿੰਦੀ। 

ਅਸਲ ਵਿੱਚ ਮਨਜੀਤ ਇੰਦਰਾ ਹੁਰਾਂ ਦੀ ਅੰਮ੍ਰਿਤਾ ਪ੍ਰੀਤਮ ਨਾਲ ਵੀ ਬਹੁਤ ਨੇੜਤਾ ਰਹੀ ਅਤੇ ਪ੍ਰੋਫੈਸਰ ਮੋਹਨ ਸਿੰਘ ਨਾਲ ਵੀ। ਇਹਨਾਂ ਸੰਬੰਧਾਂ ਨੂੰ ਮਨਜੀਤ ਇੰਦਰ ਹੁਰਾਂ ਨੇ ਦੋਹਾਂ ਵਿਚਲਾ ਰਾਬਤਾ ਮੈਬੂਤ ਬਣਾਉਣ ਅਤੇ ਸੰਬੰਧ ਸੁਧਾਰਨ ਲਈ ਵੀ ਵਰਤਿਆ ਅਤੇ ਮੋਹੱਬਤ ਵਾਲੇ ਮਾਮਲੇ ਦੀ ਤਹਿ ਤੱਕ ਜਾਣ ਲਈ ਵੀ। 

ਪ੍ਰੋਫੈਸਰ ਮੋਹਨ ਸਿੰਘ ਅੰਮ੍ਰਿਤਾ ਪ੍ਰੀਤਮ ਨਾਲ ਇੱਕ ਤਰ੍ਹਾਂ ਦਾ ਇਸ਼ਕ ਹੀ ਕਰਦੇ ਸਨ। ਸ਼ਾਇਦ ਇੱਕ ਤਰਫ ਪਿਆਰ ਹੀ ਸੱਚਾ ਪਿਆਰ ਹੁੰਦਾ ਹੈ। ਇਹ ਇਸ਼ਕ ਭਾਵੇਂ ਇੱਕ ਤਰਫਾ ਜਿਹਾ ਹੀ ਸੀ ਪਰ ਸੀ ਬੜੀ ਸ਼ਿੱਦਤ ਵਾਲਾ। ਇਸਦੀ ਚਰਚਾ ਵੀ ਬਹੁਤ ਹੋਣ ਲੱਗ ਪਈ ਸੀ।  

ਮਨਜੀਤ ਇੰਦਰਾ ਨੂੰ ਇਸ ਸਾਰੀ ਕਹਾਣੀ ਦਾ ਗਵਾਹ ਵੀ ਕਿਹਾ ਜਾ ਸਕਦਾ ਹੈ। ਉਸ ਦੀ ਦੋਹਾਂ ਧਿਰਾਂ ਨਾਲ ਨੇੜਤਾ ਸੀ। ਇੱਕ ਵਾਰ ਜਦੋਂ ਮਨਜੀਤ ਇੰਦਰਾ ਕਿਸੇ ਪੁਸਤਕ ਦੀ ਤਿਆਰੀ ਵਿੱਚ ਅੰਮ੍ਰਿਤਾ ਪ੍ਰੀਤਮ ਨਾਲ ਮਿਲੀ ਤਾਂ ਇਸ ਇਸ਼ਕ ਬਾਰੇ ਵੀ ਗੱਲਾਂ ਚੱਲੀਆਂ। ਅੰਮ੍ਰਿਤਾ ਪ੍ਰੀਤਮ ਨੇ ਆਖਿਆ-ਆਈ ਹੇਟ ਹਿਮ। ((I hate him)

ਹੁਣ ਜਦੋਕਿ ਦੋਵੇਂ ਮਹਾਨ ਸ਼ਖਸੀਅਤਾਂ ਸਾਡੇ ਦਰਮਿਆਨ ਨਹੀਂ ਰਹੀਆਂ ਤਾਂ ਇਸ ਅਨਮੋਲ ਗਵਾਹ ਅਰਥਾਤ, ਮਨਜੀਤ ਇੰਦਰਾ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਸਾਨੂੰ ਇਸ ਗੱਲ ਦੀ ਕਦਰ ਵੀ ਕਰਨੀ ਚਾਹੀਦੀ ਹੈ। ਮਨਜੀਤ ਇੰਦਰਾ ਕਿਸੇ ਦੀ ਜਾਇਦਾਦ ਜਾਂ ਰੁਪਏ ਪੈਸੇ ਲਈ ਇਹ ਸਾਰੀ ਗਵਾਹੀ ਨਹੀਂ ਦੇ ਰਹੀ। ਇਹ ਤਾਂ ਦਿਲ ਦਾ ਮਾਮਲਾ ਹੈ। ਜਜ਼ਬਾਤਾਂ ਦੀ ਪੂੰਜੀ ਹੈ। ਇਹਨਾਂ ਦੀ ਤਰਜਮਾਨੀ ਵੀ ਸੌਖੀ ਨਹੀਂ ਹੁੰਦੀ। 

ਸ਼ਾਇਦ ਇਹੀ ਹਨ ਇਸ਼ਕ ਦੀਆਂ ਤਿਲਕਵੀਆਂ ਹਕੀਕਤਾਂ। ਜਿਹੜੀਆਂ ਦਿੱਸਦੀਆਂ ਵੀ ਹਨ ਪਰ ਕਦੇ ਹੱਥ ਨਹੀਂ ਆਉਂਦੀਆਂ। ਅੰਮ੍ਰਿਤਾ ਪ੍ਰੀਤਮ ਸਾਹਿਰ ਲੁਧਿਆਣਵੀ ਨੂੰ ਇਸ਼ਕ ਕਰਦੀ ਸੀ। ਉਸਦਾ ਇਹ ਵੀ ਦਾਅਵਾ ਸੀ ਕਿ ਸਾਹਿਰ ਵੀ ਉਸਨੂੰ ਇਸ਼ਕ ਕਰਦਾ ਸੀ ਪਰ ਸੁਧਾ ਮਲਹੋਤਰਾ ਦਾ ਕਹਿਣਾ ਹੈ ਕਿ ਇਹ ਗੱਲ ਝੂਠ ਹੈ। ਸੁਧਾ ਨੇ ਦੱਸਿਆ ਕਿ ਅਸਲ ਵਿਚ ਸਾਹਿਰ ਅੰਮ੍ਰਿਤਾ ਪ੍ਰੀਤਮ ਨੂੰ ਨਹੀਂ ਬਲਕਿ ਉਸਨੂੰ ਇਸ਼ਕ ਕਰਦਾ ਸੀ। ਇਸ਼ਕ ਦੀ ਬਾਜ਼ੀ ਕਿਸਦੇ ਹੱਥ ਲੱਗੇ ਕੁਝ ਕਿਹਾ ਨਹੀਂ ਜਾ ਸਕਦਾ ਹਾਂ ਅੱਜਕਲ੍ਹ ਦੀ ਪੀੜ੍ਹੀ ਨੂੰ ਇਸ ਇਸ਼ਕ ਦੀ ਗੱਲ ਸ਼ਾਇਦ ਕਦੇ ਵੀ ਸਮਝ ਨਾ ਆਏ ਜਿਸਦੇ ਇਰਾਦੇ ਬੈਡਰੂਮ ਤੋਂ ਵੱਧ ਕਦੇ ਵੀ ਨਹੀਂ ਹੁੰਦੇ। 

ਇੱਕ ਗੀਤ ਬਹੁਤ ਪ੍ਰਸਿੱਧ ਹੋਇਆ ਸੀ--ਫਿਲਮ ਸੀ -ਦੂਜ ਕਾ ਚਾਂਦ-ਇਸ ਗੀਤ ਨੂੰ ਲਿਖਿਆ ਸੀ ਸਾਹਿਰ ਲੁਧਿਆਣਵੀ ਸਾਹਿਬ ਨੇ, ਸੰਗੀਤ ਤਿਆਰ ਕੀਤਾ ਸੀ ਜਨਾਬ ਰੌਸ਼ਨ ਨੇ ਅਤੇ ਆਵਾਜ਼ ਦਿੱਤੀ ਸੀ ਮੋਹੰਮਦ ਰਫੀ ਸਾਹਿਬ ਨੇ। ਅੰਮ੍ਰਿਤਾ ਨੇ ਕਿਸੇ ਨੂੰ ਆਖਿਆ ਕਿ ਇਕ ਵਾਰ ਮੈਂ ਅਤੇ ਇਮਰੋਜ਼ ਸ਼ਹਿਰ ਸਾਹਿਬ ਕੋਲੋਂ ਉੱਠ ਕੇ ਆ ਗਏ। ਸਾਡੇ ਆਉਣ ਮਗਰੋਂ ਸ਼ਹਿਰ ਸਹਿਣ ਤਿੰਨ ਗਲਾਸਾਂ ਵਿੱਚ ਵਾਰੀ ਵਾਰੀ ਦਾਰੂ ਪਾ ਕੇ ਪੀਂਦੇ ਰਹੇ। ਉਦੋਂ ਹੀ ਉਹਨਾਂ ਇਹ ਗੀਤ ਲਿਖਿਆ ਸੀ ਜਿਸਦੇ ਬੋਲ ਸਨ-
ਮਹਿਫ਼ਿਲ ਸੇ ਉੱਠ ਜਾਣੇ ਵਾਲੋ!
ਤੁਮ ਲੋਗੋਂ ਪਰ ਕਿਆ ਇਲਜ਼ਾਮ!
ਤੁਮ ਆਬਾਦ ਘਰੋਂ ਕੇ ਬਾਸੀ!
ਮੈਂ ਆਵਾਰਾ ਔਰ ਬਦਨਾਮ!
ਮੇਰੇ ਸਾਥੀ ਮੇਰੇ ਸਾਥੀ, ਮੇਰਾ ਸਾਥੀ ਖਾਲੀ ਜਾਮ!

ਜਦੋਂ ਮੈਡਮ ਮਨਜੀਤ ਇੰਦਰਾ ਅੰਮ੍ਰਿਤਾ ਪ੍ਰੀਤਮ ਨਾਲ ਲੰਮੀ ਗੱਲਬਾਤ ਕਰਕੇ ਮੁੜਨ ਲੱਗੀ ਤਾਂ ਅੰਮ੍ਰਿਤਾ ਪ੍ਰੀਤਮ ਨੇ ਆਖਿਆ ਉੱਥੇ ਜਾ ਕੇ ਤੂੰ ਜਿਹੜੀ ਕਿਤਾਬ ਪ੍ਰੋਫੈਸਰ ਮੋਹਨ ਸਿੰਘ ਬਾਰੇ ਲਿਖੇਂਗੀ ਨ ਉਸਦਾ ਨਾਮ ਰੱਖੀਂ--ਮੋਹਨ ਸਿੰਘ ਦੇ ਤਾਰਿਆਂ ਦਾ ਛੱਜ! ਮਨਜੀਤ ਇੰਦਰਾ ਨੇ ਵਾਅਦਾ ਵੀ ਨਿਭਾਇਆ ਅਤੇ ਸੱਚ ਵੀ ਸਾਹਮਣੇ ਲਿਆਂਦਾ! ਇਥੋਂ ਹੀ ਕੁਝ ਹੋਰ ਪੁਰਾਣੀਆਂ ਯਾਦਾਂ ਆਉਣ ਲੱਗਿਆਂ ਹਨ। 

ਸੱਤਰਵਿਆਂ ਦਾ ਦਹਾਕਾ ਸ਼ਾਇਦ ਮੁੱਕਣ ਵਾਲਾ ਸੀ ਪਰ ਪੰਜਾਬ ਦੇ ਹਾਲਾਤਾਂ ਨੇ ਅਜੇ ਵੀ ਭਿਆਨਕ ਮੋੜ ਨਹੀਂ ਸੀ ਕੱਟਿਆ। ਨਿਸਚੇ ਹੀ ਇਹ ਗੱਲ ਸੰਨ 1978 ਦੀ ਵਿਸਾਖੀ ਵਾਲੇ ਟਕਰਾਉਣ ਤੋਂ ਪਹਿਲਾਂ ਦੀ ਗੱਲ ਹੋਣੀ ਚਾਹੀਦੀ ਹੈ। ਉਦੋਂ ਸਾਹਿਤਿਕ ਮਾਹੌਲ ਕਾਇਮ ਸੀ। ਜਲੰਧਰ ਵਿੱਚ ਸਾਹਿਤਿਕ ਮੀਟਿੰਗਾਂ ਲੁਧਿਆਣਾ ਨਾਲੋਂ ਜ਼ਿਆਦਾ ਹੋਇਆ ਕਰਦੀਆਂ ਸਨ। ਯੁਗ ਭਾਵੇਂ ਅੰਮ੍ਰਿਤਾ ਪ੍ਰੀਤਮ ਅਤੇ ਪ੍ਰੋਫੈਸਰ ਮੋਹਨ ਸਿੰਘ ਵਾਲਾ ਹੀ ਸੀ ਪਰ ਪ੍ਰੇਮ ਗੋਰਖੀ, ਕਿਰਪਾਲ ਕਜ਼ਾਕ, ਸਰੋਜ ਪਾਂਦੇ, ਰਸ਼ਪਾਲ ਕਲੇਰ, ਕੰਵਰ ਸੁਖਦੇਵ ਆਦਿ ਬਹੁਤ ਸਾਰੇ ਦਮਦਾਰ ਕਲਮਕਾਰ ਸਾਹਿਤਿਕ ਪ੍ਰੋਗਰਾਮਾਂ ਵੱਲ ਇਕੱਠੇ ਹੋ ਕੇ ਤੁਰਦੇ ਤਾਂ ਇੰਝ ਲੱਗਦਾ ਜਿਵੇਂ ਕੋਈ ਸਿਆਸੀ ਕਾਫ਼ਿਲਾ ਜਾ ਰਿਹਾ ਹੋਵੇ ਕਿਂਕਿ ਅਸੀਂ ਕਿ ਵਾਰ ਇੱਕ ਪ੍ਰੋਗਰਾਮ ਤੋਂ ਉੱਠਦੇ ਅਤੇ ਦੂਜੇ ਪ੍ਰੋਗਰਾਮ ਵੱਲ ਇਕੱਠੇ ਹੀ ਚੱਲ ਪੈਂਦੇ ਪੈਦਲ ਹੀ। 

ਉਸ ਦਿਨ ਮਨਜੀਤ ਇੰਦਰਾ ਨੇ ਜਲੰਧਰ ਦੇ ਕਿਸੇ ਖਾਸ ਪ੍ਰੋਗਰਾਮ ਵਿੱਚ ਆਉਣਾ ਸੀ। ਇਸਦੇ ਬਾਕਾਇਦਾ ਸਾਦਗੀ ਭਰੇ ਕਾਰਡ ਵੀ ਛਪੇ ਗਏ ਸਨ। ਸ਼ਾਇਦ ਉਹ ਕੋਈ ਵਿਦਿਅਕ ਅਦਾਰਾ ਸੀ। ਉਸਦਾ ਖੁਲ੍ਹਾ ਜਿਹਾ ਗਰਾਊਂਡ ਸੀ ਜਿਹੜਾ ਸਾਨੂੰ ਅਜਿਹੇ ਆਯੋਜਨ ਦੌਰਾਨ  ਸਾਹਿਤਿਕ ਵੇਹੜਾ ਲੱਗਿਆ ਕਰਦਾ ਸੀ। ਉਹ ਸਕੂਲ ਸੀ ਜਾਂ ਕਾਲਜ ਇਹ ਵੀ ਯਾਦ ਨਹੀਂ ਰਿਹਾ। ਸ਼ਾਇਦ ਇਹੀ ਹੁੰਦਾ ਹੈ ਬੁਢਾਪਾ। ਹੋਰ ਕੌਣ ਕੌਣ ਸੀ ਇਹ ਵੀ ਯਾਦ ਨਹੀਂ ਇਸ ਲਈ ਉਸ ਪ੍ਰੋਗਰਾਮ ਨੂੰ ਵੀ ਮਨਜੀਤ ਇੰਦਰਾ ਦਾ ਰੂਬਰੂ ਪ੍ਰੋਗਰਾਮ ਹੀ ਕਿਹਾ ਜਾ ਸਕਦਾ ਹੈ। ਉਸਦੇ ਸੱਦਾ ਪੱਤਰ ਵੀ ਬਾਕਾਇਦਾ ਛਾਪੇ ਅਤੇ ਵੰਡੇ ਗਏ ਸਨ। ਸੱਦੇ ਗਏ ਸਰੋਤੇ ਬੜੇ ਚੁਣੇ ਹੋਏ ਸਨ। ਭੀੜ ਇਕਠੀ ਕਰਨ ਤੋਂ ਸੁਚੇਤ ਤੌਰ |ਤੇ ਗੁਰੇਜ਼ ਕੀਤਾ ਗਿਆ ਸੀ ਫਿਰ ਵੀ ਉਹ ਗਰਾਊਂਡ ਨੁਮਾ ਵੇਹੜਾ ਕਾਫੀ ਹੱਦ ਤੱਕ ਭਰ ਗਿਆ ਸੀ /ਲੋਕਾਂ ਨੂੰ ਕੁਰਸੀਆਂ ਦੇ ਪਿਛੇ ਖੜੋਣ ਲਈ ਵੀ ਮਜਬੂਰ ਹੋਣਾ ਪਿਆ ਸੀ। । 

ਉਦੋਂ ਮਨਜੀਤ ਇੰਦਰ ਪਤਲੀ ਜਿਹੀ ਛੀਟਕੀ ਜਿਹੀ ਕੁੜੀ ਹੁੰਦੀ ਸੀ।  ਡਰ ਲੱਗਦਾ ਸੀ ਕਿ ਕਿਤੇ ਤੇਜ਼ ਹਵਾ ਵਿਚ ਉਡ ਹੀ  ਜਾਏ। ਸਲਵਾਰ ਕਮੀਜ਼ ਵਾਲਾ ਸਫੇਦ ਰੰਗ ਦਾ ਤੰਗ ਸੂਟ ਸੀ। ਕਮੀਜ਼ ਦੇ ਕਿਨਾਰਿਆਂ 'ਤੇ ਸ਼ਾਇਦ ਛੋਟੀ ਛੋਟੀ ਜਿਹੀ ਕਢਾਈ ਜਾਂ ਛਪਾਈ ਵਰਗਾ ਵੀ ਕੁਝ ਸੀ ਜਿਹੜਾ ਉਸ ਚਿੱਟੇ ਰੰਗ ਦੀ ਸੋਗ ਵਰਗੀ ਭਾਵਨਾ ਨੂੰ ਤੋੜ ਕੇ ਬਹੁਤ ਸਾਰੀ ਸ਼ੋਖੀ ਵੀ ਪ੍ਰਦਾਨ ਕਰ ਰਿਹਾ ਸੀ। ਮਨਜੀਤ ਇੰਦਰਾ ਹੁਰਾਂ ਦੀ ਚੜ੍ਹਤ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ। ਲੋਕ ਮਨਜੀਤ ਇੰਦਰਾ ਦਾ ਨਾਮ ਸੁਣ ਕੇ ਉਚੇਚਾ ਚੱਲ ਕੇ ਕਵਿਤਾਵਾਂ ਸੁਣਨ ਲਈ ਆਉਂਦੇ ਸਨ। ਉਸ ਸ਼ਾਇਰੀ ਵਿਚ ਦਰਦ ਹੀ ਨਹੀਂ ਨਾਬਰੀ ਦੀ ਸੁਰ ਵੀ ਹੁੰਦੀ ਸੀ। ਜੁਆਨ ਕੁੜੀਆਂ ਦੀਆਂ ਉਹਨਾਂ ਇੱਛਾਵਾਂ ਦਾ ਵੀ ਇਸ਼ਾਰਿਆਂ ਵਿਚ ਜ਼ਿਕਰ ਹੁੰਦਾ ਸੀ ਜਿਸ ਦੀ ਚਰਚਾ ਸਾਡਾ ਸਮਾਜ ਠੀਕ ਨਹੀਂ ਸੀ ਸਮਝਦਾ। ਇਸਦਾ ਇਸ਼ਾਰਾ ਉਹਨਾਂ ਕਲਾ ਭਵਨ ਵਾਲੇ ਰੂਬਰੂ ਪ੍ਰੋਗਰਾਮ ਵਿਚ ਦਿੱਤਾ ਇੱਕ ਪੁਰਾਣੀ ਯਾਦ ਦੀ ਗੱਲ ਕਰਦਿਆਂ ਜਦੋਂ ਮਾਂ ਨੇ ਰੋਕਿਆ ਕਿ ਆਲੇ ਦੁਆਲੇ ਦੀਆਂ ਜਨਾਨੀਆਂ ਜਦੋਂ ਇਥੇ ਆ ਕੇ ਗੱਲਾਂ ਕਰਦਿਆਂ ਹਨ ਤਾਂ ਤੂੰ ਨਾ ਬੈਠਿਆ ਕਰ। ਮਨਜੀਤ ਨੂੰ ਉਠਾ ਦਿੱਤਾ ਜਾਂਦਾ ਸੀ। ਇਸ ਲਈ ਮਨਜੀਤ ਹੈਰਾਨ ਸੀ ਕਿ ਉਹ ਕਿਹੜੀਆਂ ਗੱਲਾਂ ਹਨ ਜਿਹੜੀਆਂ ਮੇਰੀ ਮਾਂ ਤਾਂ ਸੁਣ  ਸਕਦੀ ਹੈ ਪਰ ਮੈਂ ਨਹੀਂ। ਆਖਿਰ ਕਿਓਂ!

ਉਹਨਾਂ ਦਿਨਾਂ ਵਿੱਚ ਸ਼ੋਹਰਤਾਂ ਦੇ ਰੱਥ 'ਤੇ ਸਵਾਰ ਮਨਜੀਤ ਇੰਦਰਾ ਨੂੰ ਸੁਣਨਾ ਹਾਰੀ ਸਾਰੀ ਦੇ ਵੱਸ ਦੀ ਗੱਲ ਵੀ ਨਹੀਂ ਸੀ ਹੁੰਦੀ। ਵਰਜਨਾਵਾਂ ਨੂੰ ਤੋੜਦੀ ਹੋਈ ਸ਼ਾਇਰੀ ਸੁਣਦਿਆਂ ਲੱਗਦਾ ਕਿ ਇਹ ਕੁੜੀ ਸ਼ਾਇਦ ਅੰਮ੍ਰਿਤਾ ਪ੍ਰੀਤਮ ਨੂੰ ਵੀ ਪਿਛੇ ਛੱਡ ਜਾਏਗੀ। ਇਸ ਸ਼ਾਇਰੀ ਨੂੰ ਸੁਣਨਾ ਕਿਸੇ ਮੂੰਹਜ਼ੋਰ ਪਹਾੜੀ ਨਦੀ ਕੋਲ ਬੈਠਣ ਵਾਂਗ ਹੁੰਦਾ ਜਾਂ ਫਿਰ ਕਿਸੇ ਵਾਵਰੋਲੇ ਨੂੰ ਉਤਸੁਕਤਾ ਵੱਜੋਂ ਨੇੜੇ ਹੋ ਕੇ ਦੇਖਣ ਦੀ ਗਲਤੀ ਵਰਗਾ ਹੁੰਦਾ। ਇਸਦਾ ਅੰਦਾਜ਼ਾ ਲਾਉਣਾ ਤਾਂ ਕੋਈ ਔਖਾ ਨਹੀਂ ਕਿ ਪਹਾੜੀ ਨਦੀ ਕੋਲ ਬੈਠਣਾ ਜਾਂ ਫਿਰ ਵਾਵਰੋਲਿਆਂ ਦੇ ਨੇੜਿਓਂ ਲੰਘਣਾ ਖਤਰਿਆਂ ਭਰਿਆ ਤਾਂ ਹੁੰਦਾ ਹੀ ਹੈ। 

ਵੱਡਾ ਖਤਰਾ ਇਹ ਹੁੰਦਾ ਕਿ ਮਨਜੀਤ ਇੰਦਰਾ ਦੀ ਸ਼ਾਇਰੀ ਆਪਣੇ ਸਰੋਤਿਆਂ ਅੰਦਰ ਆਪਣੇ ਸ਼ਬਦਾਂ ਨਾਲ ਮੁਖੌਟਿਆਂ ਵਾਲੇ ਸਮਾਜ ਦੇ ਖਿਲਾਫ ਨਾਬਰੀ ਵਾਲੀ ਭਾਵਨਾ ਨਾ ਜਗਾ ਦੇਵੇ। ਜੇ ਸੱਤਾ ਖਿਲਾਫ ਨਾਬਰੀ ਦੀ ਭਾਵਨਾ ਹੁੰਦੀ ਤਾਂ ਸ਼ਾਇਦ ਸੱਤਾ ਵਾਲਿਆਂ ਨੇ ਉਸਨੂੰ ਹੋਰ ਤਰ੍ਹਾਂ ਲਿਆ ਹੁੰਦਾ।  ਕਈ ਕੇਸ ਦਰਜ ਹੋ ਚੁੱਕੇ ਹੁੰਦੇ ਅਤੇ ਜੇਲ੍ਹ ਜ਼ਾਤਰਾਵਾਂ ਸ਼ੁਰੂ ਹੋ ਚੁੱਕੀਆਂ ਹੁੰਦੀਆਂ ਪਰ ਇਹ ਤਾਂ ਸਮਾਜ ਦੇ ਖਿਲਾਫ ਨਾਬਰੀ ਸੀ। ਉਹ ਸਮਾਜ ਜਿਸ ਨੂੰ ਬਦਲਣ ਦੇ ਮਾਮਲੇ ਵਿੱਚ ਕਿ ਵਾਰ ਸੱਤਾ ਵੀ ਨਾਕਾਮ ਹੋ ਜਾਂਦੀ ਹੈ। ਸਮਾਜ ਆਪਣੇ ਆਪ ਵਿੱਚ ਬੜਾ ਵੱਡਾ ਨਾਢੂ ਖਾਨ ਹੀ ਹੁੰਦਾ ਹੈ। 

ਇਸ ਲਈ ਮਨਜੀਤ ਇੰਦਰਾ ਦੀ ਸ਼ਾਇਰੀ ਨਕਸਲਬਾੜੀ ਸ਼ਾਇਰੀ ਵਾਲੀ ਲਹਿਰ ਤੋਂ ਹਮੇਸ਼ਾਂ ਵੱਖਰੀ ਹੀ ਰਹੀ ਹਾਲਾਂਕਿ ਉਸਦੀਆਂ ਕਈ ਗੱਲਾਂ ਕਈ ਵਾਰ ਹੁਣ ਵੀ ਨਕਸਲੀ ਸੁਰ ਵਾਲੀਆਂ ਹੁੰਦੀਆਂ ਹਨ। ਉਸਨੇ ਮਨੀਪੁਰ ਵਿਚ ਹੋਈ ਹਿੰਸਾ ਨੂੰ ਪੂਰੇ ਵੇਗ ਨਾਲ ਨਿੰਦਿਆ ਅਤੇ ਔਰਤਾਂ ਨੂੰ ਇਸ ਮੁੱਦੇ ਤੇ ਇਕਮੁੱਠ ਹੋਣ ਦਾ ਸੱਦਾ ਵੀ ਦਿੱਤਾ। ਉਹ ਸ਼ਾਇਰੀ ਵੀ ਸੁਣਨ ਵਾਲੀ ਹੈ। ਇਸ ਸ਼ਾਇਰੀ ਬਾਰੇ ਵਿਸ਼ੇਸ਼ ਲਿਖਤ ਜਲਦੀ ਹੀ ਵੱਖਰੇ ਤੌਰ ਤੇ ਵੀ ਪੋਸਟ ਕੀਤੀ ਜਾਏਗੀ। ਮੈਂ ਮਨੀਪੁਰ ਦੀਆਂ ਔਰਤਾਂ ਦੇ ਦਰਦ ਨੂੰ ਮਨਜੀਤ ਇੰਦਰਾ ਦੇ ਬੋਲਾਂ ਵਿਚ ਵੀ ਸੁਣਿਆ ਹੈ ਅਤੇ ਚਿਹਰੇ ਤੇ ਵੀ ਦੇਖਿਆ ਹੈ। ਉਸ ਜ਼ਿੱਲਤ, ਅਪਮਾਨ, ਹਿੰਸਾ ਅਤੇ ਉਥੇ ਚੱਲੀਆਂ ਗੋਲੀਆਂ ਦੀ ਗੱਲ ਕਰਦਿਆਂ ਮਨਜੀਤ ਇੰਦਰਾ ਪੂਰੀ ਤਰ੍ਹਾਂ ਜਜ਼ਬਾਤੀ ਵੀ ਹੋ ਜਾਂਦੀ ਹੈ। 

ਖੈਰ ਜਲੰਧਰ ਵਾਲੇ ਪ੍ਰੋਗਰਾਮ ਵੱਲ ਆਉਂਦੇ ਹਾਂ। ਉਸ ਦਿਨ ਸ਼ਾਮੀ ਵੀ ਪ੍ਰੋਗਰਾਮ ਤਾਂ ਦੋ ਤਿੰਨ ਘੰਟਿਆਂ ਮਗਰੋਂ ਮੁੱਕ ਗਿਆ ਅਤੇ ਮਨਜੀਤ ਇੰਦਰਾ ਆਪਣੇ ਘਰ ਵੱਲ ਵੀ ਤੁਰ ਗਈ ਪਰ ਉਸਦੀਆਂ ਕਵਿਤਾਵਾਂ ਦੇ ਬੋਲ, ਨਜ਼ਮਾਂ ਦੀਆਂ ਸਤਰਾਂ ਸਾਡੇ ਦਿਲਾਂ ਵਿਚ ਖੋਰੂ ਪਾਈ ਰੱਖਦੀਆਂ। ਅਸੀਂ ਵਾਪਿਸੀ ਵੇਲੇ ਜਾਂ ਫਿਰ ਅਗਲੇ ਦਿਨ ਵੀ ਨਿਊਜ਼ ਡੈਸਕ 'ਤੇ ਬੈਠਿਆਂ ਇਸੇ ਅਵਸਥਾ ਵਿਚ ਹੁੰਦੇ। ਜੇ ਸਾਡੀ ਡੈਸਕ ਵਾਲੇ ਪੱਤਰਕਾਰ ਸਾਥੀਆਂ ਦੀ ਆਪਸ ਵਿਚ ਕਦੇ ਅੱਖ ਮਿਲ ਜਾਂਦੀ ਤਾਂ ਚਿਹਰੇ ਤੇ ਸਿਰਫ ਮੁਸਕਰਾਹਟ ਹੀ ਆਉਂਦੀ ਜਾਂ ਫਿਰ ਮਨਜੀਤ ਇੰਦਰਾ ਦੀ ਸ਼ਾਇਰੀ ਦੀ ਕੋਈ ਸਤਰ ਵੀ। ਇਸ ਤੋਂ ਜਾਪਦਾ ਸੀ ਕਿ ਅਸੀਂ ਸਾਰੇ ਹੀ ਜਿਹੜੇ ਪ੍ਰੋਗਰਾਮ ਸੁਣ ਕੇ  ਆਏ ਹੁੰਦੇ ਸਾਂ ਉਹ ਮਨਜੀਤ ਇੰਦਰਾ  ਕਾਵਿਕ ਤਲਿਸਮ ਵਿਚ ਹੀ ਹੁੰਦੇ। ਇਹ ਜਾਦੂਈ ਅਸਰ ਕਈ ਘੰਟਿਆਂ ਤੋਂ ਲੈ ਕੇ ਕਈ ਦਿਨਾਂ ਜਾਂ ਕਈ ਹਫਤਿਆਂ ਤੱਕ ਵੀ ਰਹਿ ਸਕਦਾ ਸੀ।  ਇਹਨਾਂ ਅਨੁਭਵਾਂ ਵਿੱਚੋਂ ਗੁਜ਼ਰ ਕੇ ਹੀ ਅਹਿਸਾਸ ਹੁੰਦਾ ਹੈ ਕਿ ਸ਼ਬਦ ਗੁਰੂ ਕਿਵੇਂ ਹੋ ਸਕਦਾ ਹੈ। ਸ਼ਬਦਾਂ ਵਿਚ ਮੰਤਰਾਂ ਦੀ ਸ਼ਕਤੀ ਕਿਵੇਂ ਹੋ ਸਕਦੀ ਹੈ। 

ਏਨੇ ਦਹਾਕਿਆਂ ਮਗਰੋਂ ਮਨਜੀਤ ਇੰਦਰਾ ਨੂੰ ਨੇੜਿਉਂ ਸੁਣਨ ਦਾ ਇਤਫ਼ਾਕ ਚੰਡੀਗੜ੍ਹ ਦੇ ਇਲਾਕਿਆਂ ਵਿੱਚ ਹੀ ਹੋਇਆ। ਕਦੇ ਉਸਦੇ ਘਰ ਅਤੇ ਕਦੇ ਕਲਾ ਭਵਨ ਵਿੱਚ। ਉਸ ਕੋਲ ਸ਼ਬਦਾਂ ਦੇ ਜਾਦੂ ਨਾਲ ਇੱਕ ਪੂਰਾ ਤਲਿਸਮ ਰਚਣ ਦੀ ਸਮਰਥਾ ਅੱਜ ਵੀ ਹੈ। ਉਸਦੇ ਸ਼ਬਦਾਂ ਨੂੰ ਸੁਣ ਇਨਸਾਨ ਅੰਦਰ ਬਹੁਤ ਕੁਝ ਬਦਲ ਜਾਂਦਾ ਹੈ। 

ਇੱਕ ਵਿਸ਼ੇਸ਼ ਗੱਲ ਕਿੱਟੀ ਪਾਰਟੀਆਂ ਦੇ ਰਿਵਾਜ ਬਦਲਣ ਦੀ ਵੀ ਹੈ। ਮਨਜੀਤ ਇੰਦਰਾ ਨੇ ਔਰਤਾਂ ਦੇ ਕਿੱਟੀ ਪਾਰਟੀ ਵਾਲੇ ਰੁਝਾਣ ਨੂੰ ਰੱਦ ਕਰਦਿਆਂ ਇਸਦੇ ਬਰਾਬਰ ਤੇ ਆਪਣੇ ਘਰ ਇੱਕ ਸਾਹਿਤਿਕ ਆਯੋਜਨ ਦਾ ਸਿਲਸਿਲਾ ਆਰੰਭ ਕੀਤਾ ਜਿਸ ਵਿਚ ਅਨਮੋਲ ਸ਼ਖਸੀਅਤਾਂ ਹੁੰਦੀਆਂ ਹਨ। ਇਹਨਾਂ ਘਰੇਲੂ ਸਾਹਿਤਿਕ ਆਯੋਜਨਾਂ ਵਿਚ ਭਾਗ ਲੈਣ ਵਾਲਾ ਪੱਕੇ ਤੌਰ ਤੇ ਅਜਿਹੇ ਰੁਝਾਨ ਦਾ ਰਸੀਆ ਬਣ ਜਾਂਦਾ ਹੈ। ਪ੍ਰੋਗਰਾਮ ਕਰਾਉਂਦਿਆਂ ਕੁਝ ਹਜ਼ਾਰ ਦਾ ਖਰਚਾ ਤਾਂ ਹੋ ਜਾਂਦਾ ਹੈ ਪਰ ਮਨਜੀਤ ਇੰਦਰਾ ਦੇ ਚਿਹਰੇ ਤੇ ਕਦੇ ਸ਼ਿਕਨ ਤੱਕ ਨਹੀਂ ਦੇਖੀ। ਅਸਲ ਵਿੱਚ ਇਹੀ ਰੁਝਾਣ ਇਸ ਗਰਕਦੇ ਜਾਂਦੇ ਸਮਾਜ ਨੰ ਸ਼ਾਇਦ ਬਚਾ ਸਕੇਗਾ। ਲੋਕਾਂ ਵਿਚ ਕੋਈ ਚੇਤਨਾ ਜਗਾ ਸਕੇਗਾ। ਕੋਈ ਰੁੱਕ ਕ੍ਰਾਂਤੀ ਵੀ ਲਿਆ ਸਕੇਗਾ। 

ਇਥੇ ਇਹ ਸਪਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਹੁਣ ਵਾਲੀ ਮਨਜੀਤ ਇੰਦਰਾ ਕਿਸੇ ਵਾਵਰੋਲੇ ਜਾਂ ਪਹਾੜੀ ਨਦੀ ਵਾਂਗ ਨਹੀਂ ਰਹੀ।  ਉਹ ਸਮੁੰਦਰ ਵਾਂਗ ਅਥਾਹ ਅਤੇ ਅਸਗਾਹ ਬਣ ਚੁੱਕੀ ਹੈ।  ਹੁਣ ਉਸਦੀ ਖਾਮੋਸ਼ੀ ਵੀ ਸੁਣਨ ਵਾਲੀ ਹੁੰਦੀ ਹੈ। ਚਾਰੇ ਪਾਸੇ ਨਜ਼ਰ ਰੱਖਦਿਆਂ ਉਸਦੀਆਂ ਅੱਖਾਂ ਦੀਆਂ ਹਰਕਤਾਂ ਅਤੇ ਇਸ਼ਾਰੇ ਆਪਣੇ ਆਪ ਵਿਚ ਬਹੁਤ ਕੁਝ ਆਖਦੇ ਹਨ। ਅਫ਼ਸੋਸ ਕਿ ਮੈਂ ਉਸ ਦਿਨ 28 ਅਗਸਤ 2023 ਨੂੰ ਸਿਹਤ ਦੀ ਖਰਾਬੀ ਕਾਰਨ ਕਲਾ ਭਵਨ ਵਿਚ ਇਸ ਸਭ ਕੁਝ ਬਾਰੇ ਵੀਡੀਓ ਨਹੀਂ ਬਣਾ ਸਕਿਆ। ਉਸਦੀ ਗੰਭੀਰਤਾ ਉਸਦੇ ਅੰਦਰ ਚੱਲ ਰਹੇ ਤੂਫ਼ਾਨਾਂ ਦਾ ਪਤਾ ਹੁਣ ਵੀ ਦੇਂਦੀ ਹੈ। ਉਸਦੇ ਜਜ਼ਬਾਤੀ ਵਹਿਣ ਸ਼ਾਇਦ ਕੁਝ  ਜ਼ਿਆਦਾ ਅਮੋੜ ਹੋ ਗਏ ਹਨ। ਉਸਦੀ ਬੇਬਾਕੀ ਅਤੇ ਸਾਫ਼ਗੋਈ ਵਿਚ ਵਿਚ ਵੀ ਜ਼ਿਆਦਾ ਤਿੱਖਾਪਣ ਆਇਆ ਹੈ। ਇਸ ਦੇ ਬਾਵਜੂਦ ਉਸਨੂੰ ਅੱਜ ਵੀ ਯਾਦ ਹੈ ਕਿ ਰੇਡੀਓ ਵਾਲਾ ਮਹਾਨ ਸ਼ਾਇਰ  ਮੀਸ਼ਾ ਕਿਵੇਂ ਧੀਮਾ ਧੀਮਾ ਜਿਹਾ ਬੋਲਦਾ ਸੀ। 

ਕਲਾ ਭਵਨ ਵਾਲਾ ਪ੍ਰੋਗਰਾਮ ਤਕਰੀਬਨ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਇਆ ਇਸ ਲਈ ਇਸ ਰੂਬਰੂ ਦੌਰਾਨ ਸਰੋਤਿਆਂ ਨੂੰ ਸੁਆਲਾਂ ਜੁਆਬਾਂ ਦਾ ਜ਼ਿਆਦਾ ਸਮਾਂ ਹੀ ਨਹੀਂ ਮਿਲ ਸਕਿਆ। ਚਾਹ ਦੀ ਅਣਹੋਂਦ ਅਤੇ ਪਾਣੀ ਦੀ ਕਮੀ ਨੇ ਥਕਾਵਟ ਵੀ ਵਧਾਈ ਹੋਈ ਸੀ। ਪਤਾ ਨਹੀਂ ਆਰਟ ਕਾਉਂਸਿਲ ਵਾਲੇ ਕੰਜੂਸੀ ਕਿਓਂ ਕਰਨ ਲੱਗ ਪਏ ਹਨ। 

ਸਰੋਤਿਆਂ ਵਿਚ ਬਹੁਤ ਸਾਰੀਆਂ ਸ਼ਖਸੀਅਤਾਂ ਪੁੱਜੀਆਂ ਹੋਈਆਂ ਸਨ ਪਰ ਪ੍ਰਸਿੱਧ ਗਾਇਕ ਸਾਧਨਾ ਸਰਗਰਮ ਦਾ ਜ਼ਿਕਰ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਸ਼ੋਹਰਤਾਂ ਅਤੇ ਸਾਹਿਤਿਕ ਸਿਆਸਤਾਂ ਤੋਂ ਦੂਰ ਰਹਿ ਕਿ ਕਿਸੇ ਪਹੁੰਚੇ ਹੋਏ ਕਰਮਯੋਗੀ ਵਾਂਗ ਸਾਧਨਾ ਕਰਨ ਵਾਲੇ ਜਨਾਬ ਜੰਗ ਬਹਾਦਰ ਗੋਇਲ ਵੀ ਇਸ ਪ੍ਰੋਗਰਾਮ ਵਿਚ ਮੌਜੂਦ ਰਹੇ। ਲਖਵਿੰਦਰ ਜੌਹਲ ਅਤੇ ਸੁਰਜੀਤ ਪਾਤਰ ਭਾਵੇਂ ਇਸ ਸਾਰੇ ਆਯੋਜਨ ਦੇ ਮੇਜ਼ਬਾਨ ਵੀ ਸਨ ਪਰ ਅਸਲ ਵਿੱਚ ਮਨਜੀਤ ਇੰਦਰਾ ਦੀ ਜ਼ਿੰਦਗੀ ਅਤੇ ਸ਼ਾਇਰੀ ਨੂੰ ਦੇਖਦੇ ਆਏ ਗਵਾਹ ਵਾਂਗ ਵੀ ਹਨ। ਉਹਨਾਂ ਵੀ ਸਾਹਿਤ ਜਗਤ ਦਾ ਬਹੁਤ ਕੁਝ ਨੇੜਿਓਂ ਦੇਖਿਆ ਹੈ। 

ਸ਼ਾਇਦ ਇਹੀ ਕਾਰਨ ਸੀ ਕਿ ਇਸ ਪ੍ਰੋਗਰਾਮ ਦਾ ਰਸਮੀ ਸ਼ੁਭਆਰੰਭ ਕਰਦਿਆਂ ਡਾਕਟਰ ਲਖਵਿੰਦਰ ਜੌਹਲ ਨੇ ਸਰੋਤਿਆਂ ਅਤੇ ਦਰਸ਼ਕਾਂ ਨੂੰ ਚੇਤੇ ਕਰਾਇਆ ਕਿ ਅੱਜ ਦਾ ਪ੍ਰੋਗਰਾਮ ਯਾਦਗਾਰੀ ਰਹੇਗਾ। ਇਹ ਪ੍ਰੋਗਰਾਮ ਸਿਰਫ ਯਾਦਗਾਰੀ ਹੀ ਨਹੀਂ ਰਿਹਾ ਬਲਕਿ ਇਸਨੇ ਬਹੁਤ ਸਾਰੇ ਸੁਆਲ ਵੀ ਖੜੇ ਕੀਤੇ ਹਨ। ਅੱਜ ਗੋਦੀ ਮੀਡੀਆ ਵਾਲੇ ਮਾਹੌਲ ਵਿੱਚ ਜਿਸ ਤਰ੍ਹਾਂ ਦੀ ਖੜੋਤ ਜਿਹੀ ਆਈ ਹੋਈ ਹੈ ਉਸਨੂੰ ਦੇਖਦਿਆਂ ਸੁਆਲਾਂ ਦਾ ਖੜੇ ਹੋਣਾ ਸੱਚਮੁੱਚ ਇੱਕ ਸ਼ੁਭ ਸੰਕੇਤ ਹੈ। 

ਹਾਸ਼ੀਏ ਵੱਲ ਵੱਧ ਰਹੇ ਕਮਿਊਨਿਸਟ ਅੰਦੋਲਨ ਬਾਰੇ ਉੰਝ ਤਾਂ ਮਨਜੀਤ ਇੰਦਰਾ ਨੇ ਵੀ ਕੁਝ ਨਹੀਂ ਕਿਹਾ ਪਰ ਇਹ ਜ਼ਰੂਰ ਦੱਸਿਆ ਕਿ ਮੇਰਾ ਪਿਤਾ ਵੀ ਕਾਮਰੇਡ ਸੀ, ਕਮਿਊਨਿਸਟ ਸੀ ਪਰ ਅੱਜ ਦੇ ਕਾਮਰੇਡਾਂ ਵਰਗਾ ਨਹੀਂ ਸੀ। ਚੇਤੇ ਰਹੇ ਕਿ ਬੀਰ ਕਲਸੀ ਵਰਗੀਆਂ ਸੰਘਰਸ਼ਸ਼ੀਲ ਕਮਿਊਨਿਸਟ ਕਾਰਕੁਨਾਂ ਨਾਲ ਮਨਜੀਤ ਇੰਦਰਾ ਦੀ ਕਾਫੀ ਨੇੜਤਾ ਰਹੀ ਸੀ। ਮਨਜੀਤ ਇੰਦਰਾ ਨੇ ਕਮਿਊਨਿਸਟਾਂ ਦੀ ਚੜ੍ਹਤ ਦਾ ਦੌਰ ਵੀ ਦੇਖਿਆ ਹੈ ਅਤੇ ਤਿੱਖੇ ਸੰਘਰਸ਼ ਦਾ ਵੀ। ਇਹਨਾਂ ਪ੍ਰਭਾਵਾਂ ਅਧੀਨ ਹੀ ਮਨਜੀਤ ਇੰਦਰਾ ਬੜੀ ਉਚੇਚ ਨਾਲ ਆਪਣੀ ਸ਼ਾਇਰੀ ਦੇ ਹਵਾਲੇ ਵੀ ਦੇਂਦੀ ਰਹੀ। ਕਾਲੇ ਬਾਗਾਂ ਦਾ ਵੀ ਚੇਤਾ ਕਰਵਾਇਆ ਅਤੇ ਛਡਰੇ ਹਨੇਰੀਆਂ ਦਾ ਵੀ। 
ਸਾਡਾ ਸੂਰਜ ਵੀ ਮੋੜੋ 
ਸਾਡਾ ਚਾਨਣ ਵੀ ਮੋੜੋ 
ਕਿਤੇ ਖਾ ਨਾ ਜਾਣ ਚੰਦਰੇ ਹਨੇਰੇ

ਕੱਟ ਬੇੜੀਆਂ, ਪੈਰਾਂ 'ਚ ਅਸਾਂ 
ਬਿਜਲੀ ਸੀ ਬੱਧੀ 
ਸਾਡੇ ਪੈਰਾਂ 'ਚੋਂ ਹਟਾਓ 
ਕਾਲੇ ਪੰਧ ਇਹ ਲੰਮੇਰੇ

ਸਾਡਾ ਚਾਨਣ ਚੁਰਾ ਕੇ 
ਤੁਸੀਂ ਕਿੱਥੇ ਭੱਜ ਚੱਲੇ 
ਅਸੀਂ ਜ਼ੁਲਮਾਂ ਦੇ ਵੈਰੀ 
ਅਸਾਂ ਵੰਡਣੇ ਸਵੇਰੇ

ਸਾਡੇ ਨੈਣਾਂ ਵਿੱਚ ਭਖਦੇ ਨੇ 
ਰੋਹ ਦੇ ਚਿੰਗਾੜੇ 
ਅਸੀਂ ਹਿੰਮਤਾਂ ਦੇ ਜਾਏ 
ਸਾਡੇ ਪਰਬਤਾਂ ਦੇ ਜੇਰੇ।

ਸਾਡੇ ਪੈਰਾਂ ਨਾਲ਼ ਕਾਲ਼ 
ਜਿਹੜਾ ਬੰਨ੍ਹਿਆ ਤੁਸਾਂ ਨੇ 
ਤੁਹਾਡੇ ਸਿਰਾਂ ਉੱਤੇ ਕੂਕੂ 
ਜਦੋਂ ਹੋਣਗੇ ਨਿਬੇੜੇ।

ਸਾਡਾ ਸੂਰਜ ਵੀ ਮੋੜੋ 
ਸਾਡਾ ਚਾਨਣ ਵੀ ਮੋੜੋ 
ਕਿਤੇ ਖਾ ਨਾ ਜਾਣ ਚੰਦਰੇ ਹਨੇਰੇ।

ਮਨਜੀਤ ਇੰਦਰਾ ਨੇ ਆਪਣੇ ਹਿੱਸੇ ਆਏ ਸਮੇਂ ਦੌਰਾਨ ਮਾਈਕ 'ਤੇ ਇਹ ਵੀ ਸਪਸ਼ਟ ਕਿਹਾ ਕਿ ਉਹ ਅੱਜ ਵੀ ਪੁਰਾਣਾ ਪੰਜਾਬ ਚਾਹੁੰਦੀ ਹੈ। ਬਹੁਤ ਕੁਝ ਹੋਰ ਵੀ ਹੈ ਜਿਸਦੀ ਚਰਚਾ ਵੱਖਰੀਆਂ ਲਿਖਤਾਂ ਵਿਚ ਸਮੇਂ ਸਮੇਂ ਹੁੰਦੀ ਰਹੇਗੀ। 




Sunday 20 August 2023

ਇੰਡੀਅਨ ਕੋਫੀ ਹਾਊਸ ਨੂੰ ਹਟਾ ਕੇ ਕਿਓਂ ਬਣਾਇਆ ਗਿਆ ਸੀ ਪਾਲਿਕਾ ਬਾਜ਼ਾਰ...?

Updated on 22nd August 2023 at 08:11 AM

ਲਗਾਤਾਰ ਸਰਗਰਮ ਨੇ ਖਰੜ ਦੇ ਸਾਹਿਤਿਕ ਹਲਕੇ 

ਮਿੰਨੀ ਕਹਾਣੀ ਅਤੇ ਕਵੀ ਦਰਬਾਰ ਦਾ ਆਯੋਜਨ ਵੀ ਕਮਾਲ ਦਾ ਰਿਹਾ 


ਖਰੜ: 20 ਅਗਸਤ 2023: (ਕਾਰਤਿਕਾ ਸਿੰਘ//ਸਾਹਿਤ ਸਕਰੀਨ ਡੈਸਕ)::

ਮੋਹਾਲੀ ਵਿਚ ਪੈਂਦੇ ਖਰੜੇ ਵਿਚਲੇ ਸਾਹਿਤਿਕ ਹਲਕੇ ਵੀ  ਸਾਹਿਤਿਕ ਤੌਰ 'ਤੇ ਲਗਾਤਾਰ ਸਰਗਰਮ ਹਨ। ਸਾਹਿਤਿਕ ਮੰਚ ਖਰੜ ਅਤੇ ਸਾਹਿਤਕ ਸੱਥ ਖਰੜ ਵੀ ਇਸ ਪਾਸੇ ਲਗਾਤਾਰ ਕੁਝ ਨ ਕੁਝ ਕਰਦੇ ਰਹਿੰਦੇ ਹਨ। ਇਹਨਾਂ ਸਰਗਰਮੀਆਂ ਨੂੰ ਦੇਖ ਕੇ ਯਾਦ ਆਉਂਦੀਆਂ ਹਨ ਦਿੱਲੀ ਦੇ ਕਨਾਟ ਪਲੇਸ ਦੀਆਂ ਗੱਲਾਂ ਵੀ ਅਤੇ ਜਲੰਧਰ ਦੇ ਕਨਾਟ ਸਰਕਸ ਅਤੇ ਮਿਲਾਪ ਚੌਂਕ ਦੀਆਂ ਗੱਲਾਂ ਵੀ। ਇਹਨਾਂ ਯਾਦਾਂ ਨੂੰ ਸੁਣ ਸੁਣਾ  ਕੇ ਕਈ ਵਾਰ ਇਹਨਾਂ ਥਾਂਵਾਂ ਨੂੰ ਦੇਖਣ ਲਈ ਵੀ ਜਾਣਾ। ਇਹਨਾਂ ਥਾਂਵਾਂ ਅਤੇ ਘਟਨਾਵਾਂ ਨਾਲ ਇੱਕ ਮਾਨਸਿਕ ਰਿਸ਼ਤਾ ਜਿਹਾ ਬਣ ਗਿਆ ਸੀ।  ਅਤੀਤ ਦੇ ਉਹ ਪਾਤਰ ਕਈ ਵਾਰ ਆਪਣੇ ਹੀ ਨੇੜੇ ਤੇੜੇ ਸਾਕਾਰ ਜਿਹੇ ਹੋਏ ਲੱਗਦੇ। ਜੋ ਆਪਣੀਂ ਅੱਖੀਂ ਨਹੀਂ ਸੀ ਦੇਖਿਆ ਉਹ ਵੀ ਅੱਖੀਂ ਡਿੱਠਾ ਲੱਗਦਾ। 

ਅਤੀਤ ਦੀਆਂ ਉਹ ਸਾਰੀਆਂ ਸੱਚੀਆਂ ਦਾਸਤਾਨਾਂ, ਕਹਾਣੀਆਂ ਆਪਣੀਆਂ ਹੀ ਸੱਚੀਆਂ ਕਹਾਣੀਆਂ ਲੱਗਦੀਆਂ।  ਇਹਨਾਂ ਪਾਤਰਾਂ ਅਤੇ ਸ਼ਖਸੀਅਤਾਂ ਵਿੱਚੋਂ ਜਿਹੜੇ ਇਸ  ਇਸ ਦੁਨੀਆ ਤੋਂ ਵਿਦਾ ਹੋ ਚੁੱਕੇ ਹਨ ਉਹ ਵੀ ਆਪਣੇ ਆਪਣੇ ਅਤੇ ਜਾਣੇ ਪਛਾਣੇ ਲੱਗਦੇ। ਇਹ ਸਾਰਾ ਅਜਦੁਇ ਅਸਰ ਮੌਜੂਦਾ ਦੌਰ ਦੀਆਂ ਸਾਹਿਤਿਕ ਸਰਗਰਮੀਆਂ ਨੂੰ ਦੇਖ ਕੇ ਮਹਿਸੂਸ ਹੁੰਦਾ ਹੈ। ਗਾਲਿਬ ਸਾਹਿਬ ਦੀਆਂ ਦਿੱਲੀ ਦੀਆਂ ਗਲੀਆਂ ਵੀ ਦੇਖੀਆਂ ਭਾਲਿਆਂ ਲੱਗਦੀਆਂ ਅਤੇ ਬਹਾਦਰ ਸ਼ਾਹ ਜ਼ਫ਼ਰ ਸਾਹਿਬ ਦਾ ਵੇਲਾ ਵੀ ਕਈ ਵਾਰ ਅੱਖਾਂ ਸਾਹਮਣਿਓਂ ਕਿਸੇ ਪੁਰਾਣੀ ਫਿਲਮ ਨੂੰ ਮੁੜ ਦੇਖਣ ਵਾਂਗ ਮਹਿਸੂਸ ਹੁੰਦਾ। 

ਖਰੜ ਦੀਆਂ ਸਾਹਿਤਿਕ ਸਰਗਰਮੀਆਂ ਬਾਰੇ ਪਤਾ ਲੱਗਣ ਤੇ ਵੀ ਅਜਿਹਾ ਹੀ ਲੱਗਦਾ। ਪਿਛਲੇ ਕੁਝ ਅਰਸੇ ਤੋਂ ਮੌਸਮਾਂ ਦੀ ਮਾਰ, ਕੁਦਰਤ ਦੀਆਂ ਕਰੋਪੀਆਂ ਅਤੇ ਲਗਾਤਾਰ ਹਰ ਰੋਜ਼ ਰੰਗ ਬਦਲਦੀਆਂ ਆ ਰਹੀਆਂ ਸਿਆਸੀ ਸਰਗਰਮੀਆਂ ਵਾਲੇ ਇਹਨਾਂ ਰੁਝਾਨਾਂ ਦੇ ਬਾਵਜੂਦ ਇਹ ਸਾਹਿਤਿਕ ਹਲਕੇ ਆਪੋ ਆਪਣੀ ਸਮਰਥਾ ਮੁਤਾਬਿਕ  ਸਾਹਿਤਿਕ ਸਰਗਰਮੀਆਂ  ਨੂੰ ਵਿਕਸਿਤ ਕਰਨ ਵਿਚ ਰੁਝੀਆਂ ਰਹਿੰਦੀਆਂ ਹਨ। 

ਕਦੇ ਇਹ ਸੰਗਠਨ ਇਲਾਕੇ ਦੇ ਪਾਰਕਾਂ ਵਿਚ,  ਕਦੇ ਸਾਥੀ ਮੈਂਬਰਾਂ ਦੇ ਘਰਾਂ ਵਿੱਚ ਅਤੇ ਕਦੇ ਸਾਂਝੇ ਜਨਤਕ ਸਥਾਨਾਂ ਵਿਚ ਇਹਨਾਂ ਗੰਭੀਰ ਸਾਹਿਤਿਕ ਹਲਕਿਆਂ ਨੇ ਆਪਣੀ ਮੌਜੂਦਗੀ ਲਗਾਤਾਰ  ਦਰਜ ਕਾਰਵਾਈ ਹੈ। ਇਹਨਾਂ ਦੇ ਸਮਾਗਮ ਵੀ ਯਾਦਗਾਰੀ ਰਹਿੰਦੇ ਹਨ। ਇਸ ਤਰ੍ਹਾਂ ਹਰ ਵਾਰ ਨਾਲ ਇੱਕ ਨਵਾਂ ਇਤਿਹਾਸ ਰਚਿਆ ਜਾਂਦਾ ਹੈ। 

ਇਥੇ ਯਾਦ ਕਰਾਉਣਾ ਜ਼ਰੂਰੀ ਲੱਗਦਾ ਹੈ ਕਿ ਸੱਤਰਵਿਆਂ ਅਤੇ ਅੱਸੀਵਿਆਂ ਦੌਰਾਨ ਕਵਿਤਾ ਦੇ ਨਾਲ ਨਾਲ ਮਿੰਨੀ ਕਹਾਣੀ ਦੀ ਵਿਧਾ ਨੇ ਤੇਜ਼ੀ ਫੜੀ ਸੀ। ਰੋਜ਼ਾਨਾ ਅਜੀਤ, ਜਗਬਾਣੀ, ਅਕਾਲੀ ਪਤ੍ਰਿਕਾ, ਨਵਾਂ ਜ਼ਮਾਨਾ, ਜਥੇਦਾਰ ਅਤੇ ਕੌਮੀ ਦਰਦ ਵਰਗੀਆਂ ਅਖਬਾਰਾਂ ਨੇ ਬਹੁਤ ਸਾਰੇ ਨਵੇਂ ਕਲਮਕਾਰਾਂ ਨੂੰ ਮੌਕਾ ਦਿੱਤਾ। ਹਿੰਦੀ ਦੇ ਉਸ ਵੇਲੇ ਦੇ ਪ੍ਰਸਿੱਧ ਅਖਬਾਰ ਹਿੰਦੀ ਮਿਲਾਪ ਨੇ ਤਾਂ ਮਿੰਨੀ ਕਹਾਣੀ ਬਾਰੇ ਵਿਸ਼ੇਸ਼ ਅੰਕ ਵੀ ਕੱਢੇ। ਮਿੰਨੀ ਕਹਾਣੀ ਉਸ ਵੇਲੇ ਇੱਕ ਮੁਹਿੰਮ ਵਾਂਗ ਸਾਹਮਣੇ ਆਈ। ਦੇਸ਼ ਭਰ ਵਿੱਚ ਮਿੰਨੀ ਕਹਾਣੀ ਦਾ ਅੰਦੋਲਨ ਜਿਹਾ ਚੱਲ ਪਿਆ ਸੀ। ਹਿੰਦੀਅਤੇ ਪੰਜਾਬੀ ਦੇ ਮਿੰਨੀ ਕਹਾਣੀ ਲੇਖਕ ਦੂਰ ਦੁਰਾਡੇ ਜਾ ਕੇ ਵੀ ਇੱਕ ਦੂਜੇ ਨਾਲ ਮਿਲਣ ਮਿਲਾਉਣ ਲੱਗ ਪਾਏ ਸਨ। ਉਸ ਵੇਲੇ ਨਫਰਤੀ ਮੁਹਿੰਮਾਂ ਨਹੀਂ ਸਨ ਚੱਲੀਆਂ। ਫਿਰਕਾਪ੍ਰਸਤੀ ਵਾਲਾ ਜਹਿਰ ਉਦੋਂ ਵੀ ਸੀ ਪਰ ਸਾਹਿਤ ਨਾਲ ਜੁੜੇ ਹੋਏ ਕਲਮਾਂ ਦੇ ਪੁਲ ਉਸ ਜ਼ਹਿਰ ਦੇ ਅਸਰ ਨੂੰ ਭਾਰੂ ਨਹੀਂ ਸਨ ਹੋਣ ਦੇਂਦੇ। 

ਆਪਣੇ ਜ਼ਮਾਨੇ ਦੇ ਪ੍ਰਸਿੱਧ ਪਤਰਕਾਰ ਅਤੇ ਕਹਾਣੀਕਾਰ ਜਨਾਬ ਸਿਮਰ ਸਦੋਸ਼ ਹੁਰਾਂ ਦੀ ਸੋਚ,ਪ੍ਰੇਰਨਾ ਅਤੇ ਹਿੰਮਤ ਉਪਰਾਲਿਆਂ ਨਾਲ ਹੀ ਹਿੰਦੀ ਮਿਲਾਪ ਅਖਬਾਰ ਦੇ ਇਹ ਵਿਸ਼ੇਸ਼ ਅੰਕ ਸਾਹਿਤ ਜਗਤ ਦਾ ਮੀਲ ਪੱਥਰ ਬਣੇ। ਪੰਜਾਬ ਦੇ ਪੰਜਾਬੀ ਕਹਾਣੀਕਾਰ, ਪੰਜਾਬ ਦੇ ਹਿੰਦੀ ਕਹਾਣੀਕਾਰ ਅਤੇ ਦੂਜਿਆਂ ਸੂਬਿਆਂ ਦੇ ਕਹਾਣੀਕਾਰਾਂ ਦਰਮਿਆਨ ਸਾਂਝ ਨੂੰ ਲਗਾਤਾਰ ਮਜ਼ਬੂਤ ਕਰਨ ਵਿਚ ਯੋਗਦਾਨ ਪਾਇਆ। 

ਜਨਾਬ ਜਸਵੰਤ ਸਿੰਘ ਵਿਰਦੀ, ਸਿੱਧੂ ਦਮਦਮੀ, ਵਰਿਆਮ ਸਿੱਧੂ, ਰਾਮ ਸਰੂਪ ਅਣਖੀ ਵਰਗੀਆਂ ਸ਼ਖਸੀਅਤਾਂ ਬਹੁਤ ਹੀ ਸਾਧਾਰਨ ਵਰਗ ਦੇ ਲੇਖਕਾਂ ਅਤੇ ਪਾਠਕਾਂ ਦੇ ਸੰਪਰਕ ਵਿੱਚ ਵੀ ਬੜੀ ਸਹਿਜਤਾ ਨਾਲ ਆ ਸਕੀਆਂ। ਇਹ ਮਾਹੌਲ ਉਸ ਵੇਲੇ ਦੇ ਸਾਹਿਤ ਦੀ ਰਚਨਾ ਨੇ ਹੀ ਸਿਰਜਿਆ ਸੀ। ਨਾ ਸਿਰਫ ਇਹਨਾਂ ਕਹਾਣੀਆਂ ਵਿਚਲੇ ਸੁਨੇਹੇ ਪ੍ਰਸਿੱਧ ਹੋਏ ਬਲਕਿ ਇਹਨਾਂ ਕਹਾਣੀਆਂ ਨੇ ਅਸਲੀ ਪਾਤਰਾਂ ਦੇ ਨਾਮ ਲਏ ਬਿਨਾ ਸਿਆਸਤ ਵਾਲੇ ਉਸ ਨਾਜ਼ੁਕ ਮਾਹੌਲ ਵਿਚ ਵੀ ਆਪਣੀ ਮੌਜੂਦਗੀ ਦਰਜ ਕਾਰਵਾਈ। ਬਾਅਦ ਵਿੱਚ ਉਹ ਗੱਲਾਂ ਨਹੀਂ ਰਹੀਆਂ। ਖਾੜਕੂਵਾਦ ਨੇ ਜਿਥੇ ਸਮਾਜ ਦੇ ਸਾਰੇ ਵਰਤਾਰਿਆਂ ਤੇ ਅਸਰ ਪਾਇਆ ਉੱਥੇ ਇਹ ਵਿਧਾ ਵੀ ਪ੍ਰਭਾਵਿਤ ਹੋਈ। ਅਖਬਾਰਾਂ ਹਰ ਰੋਜ਼ ਲਹੂ ਰੰਗੀਆਂ ਬਣ ਕੇ ਆਉਂਦੀਆਂ। 

ਹੁਣ ਉਸ ਦੌਰ ਨੂੰ ਯਾਦ ਕਰਾਉਣ ਵਿੱਚ ਸਾਹਿਤਿਕ ਸੱਥ ਖਰੜ ਵੀ ਸਰਗਰਮ ਹੈ। ਉਹ ਸੱਚਮੁੱਚ ਸਾਹਿਤ ਸਿਰਜਣਾ ਦਾ ਇੱਕ ਸੁਨਹਿਰੀ ਦੌਰ ਸੀ। ਉਸ ਨੂੰ ਯਾਦ ਕਰਾਉਣ ਦੇ ਹੀਲ ਵਸੀਲੇ ਹੁਣ ਦੇ ਸਾਹਿਤਿਕ ਮਾਹੌਲ 'ਤੇ ਵੀ ਵੀ ਚੰਗਾ ਅਸਰ ਹੀ ਪਾਉਣਗੇ। ਸਿਰਫ ਸ਼ੌਕ ਲਈ ਲਿਖਣ ਦੇ ਵਾਲੇ ਰੁਝਾਨ ਨੂੰ ਇੱਕ ਵਾਰ ਫਿਰ ਕੁਲ ਵਕਤੀ ਬਣਾਉਣਾ ਜ਼ਰੂਰੀ ਹੈ ਜਿਵੇਂ ਜਨਾਬ ਸੰਤੋਖ ਸਿੰਘ ਧੀਰ ਹੁਰਾਂ ਨੇ ਆਖ਼ਿਰੀ ਸਾਹਾਂ ਤੀਕ ਲਿਖਿਆ। ਸਮਾਜ ਕਲਮ ਦੀ ਇਸ ਕਿਰਤ ਅਤੇ ਮਜ਼ਦੂਰੀ ਨੂੰ ਕੰਮ ਜਾਂ ਕਾਰੋਬਾਰ ਨਹੀਂ ਮੰਨਦਾ ਪਰ ਫ਼ਿਲਮਾਂ ਨੂੰ ਫਾਇਦੇ ਵਾਲਾ ਬਿਜ਼ਨਸ ਜ਼ਰੂਰ ਮੰਨਦਾ ਹੈ। ਉਂਝ ਤਰਸੇਮ ਬਸ਼ਰ ਸਾਹਿਬ ਫ਼ਿਲਮੀ ਕਲਾਕਾਰਾਂ ਦੇ ਆਰਥਿਕ ਸੰਘਰਸ਼ਾਂ ਦਾ ਵੀ ਜ਼ਿਕਰ ਆਪਣੀਆਂ ਪੋਸਟਾਂ ਵਿਚ ਕਰਿਆ ਕਰਦੇ ਹਨ। ਅਜਿਹਾ ਜ਼ਿਕਰ ਸਾਹਿਤਿਕ ਸਫ਼ਰ ਨਾਲ ਜੁੜੀਆਂ ਸ਼ਖਸੀਅਤਾਂ ਬਾਰੇ ਵੀ ਹੋਵੇ ਤਾਂ ਹੋਰ ਵੀ ਚੰਗਾ। 

ਕਲਮ ਅਤੇ ਕਲਮਕਾਰਾਂ ਦੇ ਹੱਕਾਂ ਦੀ ਰਾਖੀ ਲਈ ਅਜਿਹੇ ਆਯੋਜਨ ਅਤੇ ਉਪਰਾਲੇ ਲਗਾਤਾਰ ਜ਼ਰੂਰੀ ਹੁੰਦੇ ਜਾ ਰਹੇ ਹਨ। ਚੰਗਾ ਹੋਵੇ ਜੇਕਰ ਇਹਨਾਂ ਆਯੋਜਨਾਂ ਵਿੱਚ ਕਲਮ ਅਤੇ ਕਲਮਕਾਰਾਂ ਦੇ  ਆਰਥਿਕ ਪਹਿਲੂਆਂ ਬਾਰੇ ਵੀ ਸੋਚਿਆ ਜਾਵੇ ਵਰਨਾ ਕੋਫੀ ਹਾਊਸ ਦੇ ਪਿਆਲਿਆਂ ਵਿਚ ਆਉਂਦੇ ਇਨਕਲਾਬ ਵਾਲੀ ਗੱਲ ਜਿਹੀ ਹੀ ਨਾ ਬਣ ਜਾਵੇ। ਅਫਸੋਸ ਕਿ ਇੰਡੀਅਨ ਕੋਫੀ ਹਾਊਸ ਦੇ ਪਿਆਲੈ ਸਾਹਿਤ ਅਤੇ ਸਮਾਜ ਵਿਚ ਸੱਚਮੁੱਚ ਸਿਆਸੀ ਕ੍ਰਾਂਤੀਆਂ ਦਾ ਵੀ ਅਧਾਰ ਤਿਆਰ ਕਰਦੇ ਸਨ। ਇਹੀ ਕਿੜ ਵਾਲੀ ਗੱਲ ਸੀ ਵਰਨਾ ਇਹ ਵਿਚਾਰ ਇੰਡੀਅਨ ਕੋਫੀ ਹਾਊਸ ਕਿਹੜਾ ਕੋਈ ਤੁਰਕਮਾਨ ਗੇਟ ਸੀ। ਇਹਨਾਂ ਗੁਝੇ ਕਾਰਨਾਂ ਕਰ ਕੇ ਹੀ ਇਸ ਕੋਫੀ ਹਾਊਸ ਨੂੰ ਖਤਮ ਕਰ ਕੇ ਉੱਥੇ ਬੜੀ ਤੇਜ਼ੀ ਨਾਲ ਪਾਲਿਕਾ ਬਾਜ਼ਾਰ ਬਣਾ ਦਿੱਤਾ ਗਿਆ। ਜਿਹੜਾ ਕੋਫੀ ਹਾਊਸ ਬਦਲਵੇਂ ਥਾਂ ਬਣਾਇਆ ਗਿਆ ਸੀ ਹੁਣ ਉਥੇ ਸਾਹਿਤ ਅਤੇ ਸਿਆਸਤ ਦੇ ਵਿਚਾਰ ਵਟਾਂਦਰਿਆਂ ਵਾਲੀਆਂ ਸਭਾਵਾਂ ਅਤੇ ਮਹਿਫ਼ਿਲਾਂ ਕਦੇ ਨਹੀਂ ਜੁੜਦੀਆਂ। ਉਂਝ ਵੀ ਹੁਣ ਵਾਲਾ ਇੰਡਿਅਨ ਕੋਫੀ ਹਾਊਸ ਪਹਿਲਾਂ ਵਰਗਾ ਤਾਂ ਉੱਕਾ ਹੀ ਨਹੀਂ ਰਿਹਾ। ਲਗਾਤਾਰ ਵਧਦੀ ਮਹਿੰਗਾਈ ਨੇ ਇਸਦਾ ਵੀ ਲੱਕ ਤੋੜ ਦਿੱਤਾ। ਮਲਟੀਨੈਸ਼ਨਲ ਕੰਪਨੀਆਂ ਨੇ ਇਸ ਨੂੰ ਵੱਡਾ ਕਾਰੋਬਾਰੀ ਘਾਟਾ ਵੀ ਪਾਇਆ। ਸਟਾਫ਼ ਘਟਦਾ ਘਟਦਾ ਬੇਹਦ ਘਟ ਗਿਆ। ਪੂੰਜੀਵਾਦ ਨੇ ਸਾਡੇ ਕੋਲੋਂ ਬੜਾ ਕੁਝ ਖੋਹ ਲਿਆ ਹੈ।  

ਇਹ ਸਭ ਕੁਝ ਇਥੇ ਇਸੇ ਲਈ ਦੱਸਿਆ ਗਿਆ ਕਿ ਹੁਣ ਵਾਲੇ ਕਲਮਕਾਰਾਂ ਅਤੇ ਵਿਚਾਰਵਾਨਾਂ ਨੂੰ ਇਹ ਯਾਦ ਕਰਾਇਆ ਜਾ ਸਕੇ ਕਿ ਸੱਤਾ ਦੀ ਹੋੜ ਅਤੇ ਸਿਆਸਤ ਇਹਨਾਂ ਵਿਚਾਰ ਵਟਾਂਦਰਿਆਂ ਵਾਲੇ ਪ੍ਰੋਗਰਾਮਾਂ ਤੇ ਨਜ਼ਰ ਪਹਿਲਾਂ ਵੀ ਰੱਖਦੀ ਸੀ ਹੁਣ ਵੀ ਰੱਖਦੀ ਹੈ। ਭਾਵੇਂ ਉਹ ਵਿਚਾਰ ਚਰਚਾ ਸਿਰਫ ਕੋਫੀ ਦੇ ਪਿਆਲੇ ਤੇ ਹੀ ਹੋਵੇ। ਜਿਹੜੇ ਆਖਦੇ ਹਨ ਜੀ ਸਾਡਾ ਤਾਂ ਕਿਸੇ ਸਿਆਸਤ ਨਾਲ ਕੋਈ ਸੰਬੰਧ ਨਹੀਂ ਜਾਂ ਤਾਂ ਉਹ ਅਣਜਾਣ ਹਨ ਜਾਂ ਫਿਰ ਝੂਠ ਬੋਲਦੇ ਹਨ। 

ਸਾਹਿਤਿਕ ਸੱਥ ਖਰੜ ਵਿਚ ਤਰਸੇਮ ਬਸ਼ਰ, ਹਰਨਾਮ ਸਿੰਘ ਡੱਲਾ ਅਤੇ ਬਹੁਤ ਸਾਰੇ ਹੋਰ ਸੁਹਿਰਦ ਸਾਥੀ ਇਸ ਪੱਖੋਂ ਸੁਚੇਤ ਹਨ। ਇਸੇ ਲਈ ਉਹ ਗਰਮ ਹਵਾ ਵਰਗੀਆਂ ਪੁਰਾਣੀਆਂ ਫ਼ਿਲਮਾਂ ਦੀ ਕਹਾਣੀ ਅਤੇ ਸਮੀਖਿ ਸਾਹਮਣੇ ਲਿਆ ਰਹੇ ਹਨ ਕਿਓਂ ਅੱਜ ਫਿਰ ਉਹਨਾਂ ਫ਼ਿਲਮ ਦੀ ਗੱਲ ਕਰਨੀ ਜ਼ਰੂਰੀ ਬਣ ਗਈ ਹੈ। 

ਇਸ ਵਾਰ ਸਾਹਿਤਿਕ ਸੱਥ ਖਰੜ ਦਾ ਪ੍ਰੋਗਰਾਮ ਸਥਾਨਕ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਵਿਖੇ ਹੋਇਆ। ਇਸ ਮੰਚ ਦੀ ਮਾਸਿਕ ਇਕੱਤਰਤਾ ਕਹਾਣੀਕਾਰ ਸਰੂਪ ਸਿੰਘ ਸਿਆਲਵੀ, ਗੁਰਮੀਤ ਸਿੰਗਲ ਅਤੇ ਸੁਰਜੀਤ ਸਿੰਘ ਜੀਤ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ’ਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਵੱਲੋਂ ਆਏ ਹੋਏ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ ਗਿਆ। ਇਸ ਉਪਰੰਤ ਡਾ. ਹਰਨੇਕ ਸਿੰਘ ਕਲੇਰ, ਜਸਵਿੰਦਰ ਸਿੰਘ ਕਾਈਨੌਰ, ਗੁਰਮੀਤ ਸਿੰਗਲ, ਸੁਰਜੀਤ ਸੁਮਨ, ਸੁਰਜੀਤ ਸਿੰਘ ਜੀਤ, ਹਿੱਤ ਅਭਿਲਾਸ਼ੀ, ਨੀਲਮ ਨਾਰੰਗ ਅਤੇ ਮੋਹਨ ਸਿੰਘ ਪ੍ਰੀਤ ਨੇ ਆਪੋ ਆਪਣੀ ਮਿੰਨੀ ਕਹਾਣੀ ਪੇਸ਼ ਕੀਤੀ। ਇਸ ਮੌਕੇ ਤੇ    ਡਾ. ਹਰਨੇਕ ਸਿੰਘ ਕਲੇਰ ਅਤੇ ਮਰਹੂਮ ਡਾ. ਹੇਮ ਕਿਰਨ ਵੱਲੋਂ ਪਿਛਲੇ ਸਮੇਂ ਵਿੱਚ ਸੰਪਾਦਿਤ ਮਿੰਨੀ ਕਹਾਣੀ ਸੰਗ੍ਰਹਿ ‘ਤਿਲ-ਫੁੱਲ’ ਵੀ ਲੋਕ ਅਰਪਣ ਕੀਤਾ ਗਿਆ। ਇਸ ਤਰ੍ਹਾਂ ਅੱਜ ਦੇ ਦੌਰ ਵਿਚਲੀਆਂ ਸਾਹਿਤਿਕ ਸਰਗਰਮੀਆਂ ਵੀ ਸਾਹਮਣੇ ਆਈਆਂ। 

ਇਸ ਤੋਂ ਬਾਅਦ ਕਵਿਤਾ ਦਾ ਦੌਰ ਵੀ ਚੱਲਿਆ। ਹੁਣ ਦੀ ਕਵਿਤਾ ਵਿਸ਼ੇ ਵਸਤੂ ਦੇ ਪੱਖੋਂ ਵੀ ਮਜ਼ਬੂਤ ਬਣਦੀ ਜਾ ਰਹੀ ਹੈ ਸੰਗੀਤਮਈ ਵੀ ਹੋ ਰਹੀ ਹੈ। ਹਰਨਾਮ ਸਿੰਘ ਡੱਲਾ ਇਸ ਪੱਖੋਂ ਬਹੁਤ ਸੁਚੇਤ ਹਨ। ਇਸ ਮੀਟਿੰਗ ਮੌਕੇ ਚੱਲੇ ਕਾਵਿਕ ਦੌਰ ਵਿੱਚ ਸ਼ਾਇਰ ਹਾਕਮ ਸਿੰਘ ਨੱਤਿਆਂ, ਸਤਬੀਰ ਕੌਰ, ਇੰਦਰਜੀਤ ਕੌਰ ਵਡਾਲਾ, ਬਲਦੇਵ ਸਿੰਘ ਬਿੰਦਰਾ, ਤਰਸੇਮ ਸਿੰਘ ਕਾਲੇਵਾਲ, ਕੇਸਰ ਸਿੰਘ ਇੰਸਪੈਕਟਰ, ਬਲਦੇਵ ਸਿੰਘ ਬੁਰਜਾਂ, ਪਵਨਪ੍ਰੀਤ ਸਿੰਘ ਵਡਾਲਾ, ਜਸਵਿੰਦਰ ਸਚਦੇਵਾ, ਧਿਆਨ ਸਿੰਘ ਕਾਹਲੋ, ਬਲਵਿੰਦਰ ਢਿੱਲੋਂ, ਖੁਸ਼ੀ ਰਾਮ ਨਿਮਾਣਾ, ਅਮ੍ਰਿੰਤਜੀਤ ਕੌਰ, ਪਿਆਰਾ ਸਿੰਘ ਰਾਹੀ, ਹਰਜਿੰਦਰ ਸਿੰਘ ਸਾਈਂ ਸਕੇਤੜੀ, ਮਲਕੀਤ ਨਾਗਰਾ, ਰਾਜਵਿੰਦਰ ਸਿੰਘ ਗੱਡੂ, ਡਾ. ਸੁਦਾਗਰ ਸਿੰਘ ਪਾਲ, ਸੁਖਦੀਪ ਸਿੰਘ ਪੁਆਧੀ, ਕਰਮਜੀਤ ਬੱਗਾ ਅਤੇ ਜਗਤਾਰ ਸਿੰਘ ਜ਼ੋਗ ਆਦਿ ਨੇ ਆਪੋ ਆਪਣੀਆਂ ਗਜ਼ਲਾਂ, ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ। ਇਸ ਮੌਕੇ ਸੁਖਦੀਪ ਸਿੰਘ ਨਿਆਂ ਸ਼ਹਿਰ, ਭਾਗ ਸਿੰਘ ਸ਼ਾਹਪੁਰ, ਆਸ਼ਾ ਬੱਤਰਾ, ਕਰਮ ਸਿੰਘ, ਗੁਰਮੀਤ ਸਿੰਘ ਖਰੜ ਅਤੇ ਟੀ. ਐਲ. ਵਰਮਾ ਨੇ ਵੀ ਆਪੋ ਆਪਣੇ ਵਿਚਾਰ ਪੇਸ਼ ਕਰਕੇ ਹਾਜ਼ਰੀ ਲਵਾਈ। ਕਹਾਣੀਕਾਰ ਚਰਨਜੀਤ ਸਿੰਘ ਕਤਰਾ ਵੱਲੋਂ ਵੀ ਭੇਜੇ ਇੱਕ ਲਿਖਤੀ ਸੰਦੇਸ਼ ਰਾਹੀਂ ਸਾਹਿਤਕ ਸੱਥ ਖਰੜ ਵੱਲੋਂ ਮਿੰਨੀ ਕਹਾਣੀ ਨੂੰ ਉਤਸ਼ਾਹਿਤ ਕਰਨ ਲਈ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ ਗਈ।

ਵਿਛੜ ਗਿਆਂ ਨੂੰ ਯਾਦ ਕਰਨਾ ਅਤੇ ਰੱਖਣਾ ਵੀ ਜ਼ਰੂਰੀ ਹੁੰਦਾ ਹੈ। ਇਹ ਸਿਰਫ ਰਸਮੀ ਗੱਲ ਨਹੀਂ ਹੁੰਦੀ। ਉਹਨਾਂ ਦੀਆਂ ਯਾਦਾਂ ਅਤੇ ਸ਼ਬਦ ਸਾਨੂੰ ਪ੍ਰੇਰਨਾ ਅਤੇ ਸ਼ਕਤੀ ਵੀ ਦੇਂਦੇ ਹਨ ਸੋ ਇਸ ਮੀਟਿੰਗ ਦੌਰਾਨ ਵੀ ਪੰਜਾਬੀ ਦੇ ਨਾਮਵਾਰ ਲੇਖਕ ਅਤੇ ਰੰਗਕਰਮੀ ਮਾਸਟਰ ਤਰਲੋਚਨ ਸਿੰਘ ਸਮਰਾਲਾ ਦੀ ਅਚਾਨਕ ਹੋਈ ਬੇਵਕਤੀ ਮੌਤ ’ਤੇ ਡੂੰਘਾ ਦੁੱਖ ਅਤੇ ਸੋਗ ਪ੍ਰਗਟ ਕੀਤਾ ਗਿਆ। ਇਹ ਸੱਚਮੁੱਚ ਸਾਡੇ ਅਭਿਨਾਂ ਲਈ ਵੱਡਾ ਸਦਮਾ ਸੀ। ਸੜਕਾਂ ਤੇ ਦਨਦਨਾਉਂਦੀ ਮੌਤ ਨੇ ਸਾਡੇ ਬਹੁਤ ਸਾਰੇ ਹੀਰੇ ਸਾਥੋਂ ਖੋਹ ਲਏ ਹਨ। ਇਸ ਪੱਖੋਂ ਨਾ ਤਾਂ ਸਰਕਾਰਾਂ ਕੁਝ ਠੋਸ ਕਦਮ ਪੁੱਟ ਸਕੀਆਂ ਹਨ ਅਤੇ ਨਾ ਹੀ ਸਦਾ ਸਮਾਜ ਫੁਕਰਾਗੀਰੀ ਵਾਲੀ ਡਰਾਈਵਿੰਗ ਦੇ ਰੁਝਾਨ ਨੂੰ ਠੱਲ ਪਾ ਸਕਿਆ ਹੈ। ਮਾਸਟਰ ਤਰਲੋਚਨ ਦੀ ਜਾਨ ਇੱਕ ਨਾਬਾਲਿਗ ਡਰਾਈਵਿੰਗ ਨੇ ਲੈ ਲਈ ਸੀ। ਇਸ ਗੱਲ ਨੂੰ ਜਿੰਨਾ ਜ਼ਿਆਦਾ ਚਰਚਿਤ ਕੀਤਾ ਜਾ ਸਕੇ ਉਨ੍ਹਾਂ ਹੀ ਥੋਹੜਾ ਹੈ। 

ਅਖੀਰ ਵਿੱਚ ਪ੍ਰਧਾਨਗੀ ਮੰਡਲ ’ਚ ਸ਼ੁਸੋਭਿਤ ਕਹਾਣੀਕਾਰ ਸਰੂਪ ਸਿੰਘ ਸਿਆਲਵੀ ਨੇ ਪੇਸ਼ ਕੀਤੀਆਂ ਮਿੰਨੀ ਕਹਾਣੀਆਂ ’ਤੇ ਵਿਸਥਾਰ ਪੂਰਵਕ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਮਿੰਨੀ ਕਹਾਣੀ ਵੀ ਸਾਹਿਤ ਦਾ ਇੱਕ ਅਨਿੱਖੜਵਾਂ ਅੰਗ ਹੈ। ਉਨ੍ਹਾਂ ਨੇ ਮਿੰਨੀ ਕਹਾਣੀ ਦੇ ਪਿਛੋਕੜ ਬਾਰੇ ਗੱਲ ਕਰਦਿਆਂ ਨਾਮਵਰ ਪੁਰਾਣੇ ਸਾਹਿਤਕਾਰਾਂ ਵੱਲੋਂ ਲਿੱਖੀਆਂ ਗਈਆਂ ਕਈ ਮਿੰਨੀ ਕਹਾਣੀਆਂ ਦਾ ਜ਼ਿਕਰ ਕੀਤਾ। ਅਖੀਰ ਵਿੱਚ ਸੱਥ ਦੇ ਪ੍ਰਧਾਨ ਜਸਵਿੰਦਰ ਸਿੰਘ ਕਾਈਨੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। 

ਐਤਕੀਂ ਮੰਚ ਸੰਚਾਲਨ ਦੀ ਕਾਰਵਾਈ ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਵੱਲੋਂ ਬਾਖੂਬੀ ਨਿਭਾਈ ਗਈ। ਜੋ ਆਪਣੇ ਆਪ ਵਿੱਚ ਕਲਾਤਮਕ ਸੂਤਰਧਾਰੀ ਵਰਗਾ ਅਹਿਸਾਸ ਕਰਾਉਂਦੀ ਸੀ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday 14 August 2023

ਅਣੂ ਮੰਚ ਲਗਾਤਾਰ ਸਰਗਰਮ ਹੈ ਕਿਤਾਬਾਂ ਦਾ ਚਾਨਣ ਫੈਲਾਉਣ ਲਈ

Saturday 12th August 2023 at 4:36 PM
ਬੁਟਾਹਰੀ ਦੇ ਸਰਕਾਰੀ ਸਕੂਲ ਦੀ ਲਾਇਬ੍ਰੇਰੀ ਨੂੰ ਹੋਰ ਕਿਤਾਬਾਂ ਭੇਂਟ ਕੀਤੀਆਂ 


ਲੁਧਿਆਣਾ
: 12 ਅਗਸਤ 2023:  (ਕਾਰਤਿਕਾ ਸਿੰਘ//ਸਾਹਿਤ ਸਕਰੀਨ)::

ਜਦੋਂ ਅਣੂ ਨਾਂਅ ਦੀ ਮਿੰਨੀ ਪਤ੍ਰਿਕਾ ਸਾਹਿਤ ਜਗਤ ਵਿੱਚ ਲੋਕਾਂ ਸਾਹਮਣੇ ਆਈ ਤਾਂ ਸਾਹਿਤਿਕ ਹਲਕਿਆਂ ਵਿੱਚ ਬੜੀ   ਹੈਰਾਨੀ ਜਿਹੀ ਵੀ ਨਜ਼ਰ ਆਈ ਸੀ। ਇਹ ਪਤ੍ਰਿਕਾ ਆਕਾਰ ਵਿੱਚ ਬਿਲਕੁਲ ਹੀ ਛੂਟੀ ਸੀ। ਲੋਕਾਂ ਨੇ ਏਨੇ ਕੁ ਆਕਾਰ ਵਿੱਚ ਗੁਟਕੇ ਅਤੇ ਹੋਰ ਧਾਰਮਿਕ ਸੰਗ੍ਰਹਿ ਤਾਂ ਦੇਖੇ ਸਨ ਪਰ ਸਾਹਿਤ ਨੂੰ ਸਮਰਪਿਤ ਪੂਰੀ ਪਤ੍ਰਿਕਾ ਕਦੇ ਨਹੀਂ ਸੀ ਦੇਖੀ। ਇਸ ਮਿੰਨੀ ਪਤ੍ਰਿਕਾ ਦਿਨ ਰਚਨਾਵਾਂ ਦੇ ਅਰਥ ਅਤੇ ਪ੍ਰਭਾਵ ਬਹੁਤ ਵਡੇ ਹੁੰਦੇ ਸਨ। ਇਸ ਵਿਚਲੀਆਂ ਰਚਨਾਵਾਂ ਸੋਚਣ ਲਈ ਮਜਬੂਰ ਕਰਦੀਆਂ ਸਨ। ਇਸੇ ਦੌਰਾਨ ਜਦੋਂ ਐਮਰਜੰਸੀ ਲੱਗੀ ਤਾਂ ਉਦੋਂ ਵੀ ਇਸ ਮਿੰਨੀ ਪਤ੍ਰਿਕਾ ਅਣੂ ਨੇ ਕਮਾਲ ਦੀ ਭੂਮਿਕਾ ਨਿਭਾਈ। ਇਸ ਪਤ੍ਰਿਕਾ ਦੀ ਹਰਮਨ-ਪਿਆਰਤਾ ਲਗਾਤਾਰ ਵਧਦੀ ਚਲੀ ਗਈ ਅਤੇ ਅਣੂ ਪਤ੍ਰਿਕਾ ਇੱਕ ਵੱਡਾ ਕਾਫ਼ਿਲਾ ਵੀ ਬਣ ਗਈ। ਹੁਣ ਇਸ ਪਤ੍ਰਿਕਾ ਦੀ ਸੰਚਾਲਨ ਟੀਮ ਨੂੰ ਅਣੂ ਮੰਚ ਵੱਜੋਂ ਵੀ ਜਾਣਿਆ ਜਾਂਦਾ ਹੈ। ਅਣੂ ਮੰਚ ਉੱਥੇ ਵੀ ਪਹੁੰਚਦਾ ਹੈ ਜਿੱਥੇ ਵੱਡੇ ਵੱਡੇ ਪਰਚੇ ਵੀ ਨਹੀਂ ਪਹੁੰਚਦੇ। ਇਸ ਦੌਰਾਨ ਅਣੂ ਮੰਚ ਕਿਤਾਬ ਦੇ ਤੋਹਫ਼ਿਆਂ ਦਾ ਰਿਵਾਜ ਵੀ ਲਗਾਤਾਰ ਉਤਸ਼ਾਹਿਤ ਕਰ ਰਿਹਾ ਹੈ। ਦੂਰ ਦੁਰਾਡੇ ਪਿੰਡਾਂ ਦੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਨੂੰ ਕਿਤਾਬਾਂ ਦੀਆਂ ਸੌਗਾਤਾਂ ਦੇਣ ਦੇ ਰੁਝਾਨ ਵਿਚ ਅਣੂ ਮੰਚ ਨੇ ਜ਼ਬਰਦਸਤ ਤੇਜ਼ੀ ਲਿਆਂਦੀ ਹੈ। ਇਹ ਸਭ ਕੁਝ ਚੱਲ ਰਿਹਾ ਹੈ ਖਾਮੋਸ਼ ਰਹਿ ਕੇ ਸਾਹਿਤ ਸਾਧਨਾ ਕਰਨ ਵਾਲੇ ਲੇਖਕ ਸੁਰਿੰਦਰ ਕੈਲੇ ਹੁਰਾਂ ਦੀ ਅਗਵਾਈ ਹੇਠ  

ਸਾਹਿਤਿਕ ਅਹੁਦਿਆਂ ਦੀ ਦੌੜ ਅਤੇ ਅਤੇ ਹੋਰ ਇਨਾਮਾਂ ਸਨਮਾਨਾਂ ਦੀ ਦੌੜ ਤੋਂ ਅਕਸਰ ਦੂਰ ਰਹਿਣ ਵਾਲੇ ਸੁਰਿੰਦਰ ਕੈਲੇ ਲਗਾਤਾਰ ਸਾਹਿਤ ਸਾਧਨਾ ਵਿੱਚ ਮਗਨ ਰਹਿੰਦੇ ਹਨ। ਕਿਤਾਬਾਂ ਪੜ੍ਹਨੀਆਂ, ਕਿਤਾਬਾਂ ਲਿਖਣੀਆਂ ਅਤੇ ਮਿੰਨੀ ਪੱਤ੍ਰਿਕਾ ਅਣੂ ਦੀ ਨਿਰੰਤਰਤਾ ਨੂੰ ਜਾਰੀ ਰੱਖਣਾ ਉਹਨਾਂ ਦੇ ਪਹਿਲ ਵਾਲੇ ਜ਼ਰੂਰੀ ਕੰਮਾਂ ਵਿਚ ਸ਼ਾਮਲ ਰਹਿੰਦਾ ਹੈ।

ਅਦਾਰਾ ਅਣੂ ਮੰਚ, ਲੁਧਿਆਣਾ ਤੇ ‘ਅਣੂ’ (ਮਿੰਨੀ ਪੱਤਿ੍ਰਕਾ) ਵੱਲੋਂ ਸੁਰਿੰਦਰ ਕੈਲੇ ਰਾਹੀਂ ਇਕ ਸੌ ਤੋਂ ਵੱਧ ਕਿਤਾਬਾਂ ਦਾ ਸੈੱਟ ਸਰਕਾਰੀ ਹਾਇਰ ਸੈਕੰਡਰੀ ਸਕੂਲ ਬੁਟਾਹਰੀ ਦੀ ਲਾਇਬੇ੍ਰਰੀ ਨੂੰ ਭੇਂਟ ਕੀਤਾ ਗਿਆ। ਸੁਰਿੰਦਰ ਕੈਲੇ ਦਾ ਸਾਥ ਸਰਵਸ੍ਰੀ ਜਗਜੀਤ ਸਿੰਘ ਸਾਹਿਤਕਾਰ, ਮਨਜੀਤ ਸਿੰਘ ਕਵੀਸ਼ਰ ਤੇ ਪਿੰਡ ਦੀ ਜਨਰਲ ਲਾਇਬ੍ਰੇਰੀ ਦੇ ਇੰਚਾਰਜ ਸੁਖਮੇਲ ਸਿੰਘ ਨੇ ਦਿੱਤਾ। ਲਾਇਬ੍ਰੇਰੀ ਵਲੋਂ ਪਿ੍ਰੰਸੀਪਲ ਕਰਮਜੀਤ ਕੌਰ, ਸਟਾਫ਼ ਮੈਂਬਰ ਸ੍ਰੀਮਤੀ ਬਾਬੀਤਾ ਅਤੇ ਸ. ਕੁਲਵਿੰਦਰ ਸਿੰਘ ਨੇ ਕਿਤਾਬਾਂ ਪ੍ਰਾਪਤ ਕੀਤੀਆਂ। ਜ਼ਿਕਰਯੋਗ ਹੈ ਕਿ ਬੁਟਾਹਰੀ ਲੁਧਿਆਣਾ ਜ਼ਿਲ੍ਹੇ ਦੇ ਹੀ ਪ੍ਰਸਿੱਧ ਬਲਾਕ ਡੇਹਲੋਂ ਦਾ ਇੱਕ ਪਿੰਡ ਹੈ।

ਸੁਰਿੰਦਰ ਕੈਲੇ ਨੇ ਕਿਹਾ ਕਿ ਮਾਪੇ ਤੇ ਅਧਿਆਪਕਾਂ ਤੋਂ ਬਾਅਦ ਕਿਤਾਬਾਂ ਹੀ ਹਨ ਜੋ ਬੱਚਿਆਂ ਦੇ ਗਿਆਨ ਵਿਚ ਵਾਧਾ ਕਰਦਿਆਂ, ਉਨ੍ਹਾਂ ਦੀ ਸ਼ਖ਼ਸੀਅਤ ਦੀ ਬੁਨਿਆਦ ਨੂੰ ਬਣਾਉਂਦੀਆਂ ਅਤੇ ਹੋਰ ਮਜ਼ਬੂਤ ਕਰਦੀਆਂ ਹਨ। ਵਧੀਆ ਸਮਾਜੀ ਜੀਵ ਬਣਨ ਲਈ ਵਿਦਿਆਰਥੀਆਂ ਨੂੰ ਕਿਤਾਬਾਂ ਮੁਹਈਆ  ਕਰਵਾਉਣਾ ਮੇਰੀ ਪ੍ਰਤੀਬੱਧਤਾ ਹੈ। ਮੇਰਾ ਮਿਸ਼ਨ ਵੀ ਹੈ। 

ਅਣੂ ਮੰਚ ਦਾ ਧੰਨਵਾਦ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਕਰਮਜੀਤ ਕੌਰ ਨੇ ਕਿਹਾ ਕਿ ਸਾਡੇ ਇਸ ਸਕੂਲ ਵਿਚ ਲਾਇਬ੍ਰੇਰੀ ਦੀ ਸਥਾਪਨਾ ਤੇ ਵੱਡੀ ਗਿਣਤੀ ਵਿਚ ਤਿਕਾਬਾਂ ਜਮ੍ਹਾਂ ਕਰਨ ਲਈ ਸੁਰਿੰਦਰ ਕੈਲੇ ਹੋਰਾਂ ਦਾ ਵਿਸ਼ੇਸ਼ ਸਹਿਯੋਗ ਹੈ। ਹੁਣ ਵੀ ਹਰ ਸਾਲ ਇਹ ਇਸ ਲਾਇਬ੍ਰੇਰੀ ਨੂੰ ਕਿਤਾਬਾਂ ਦਿੰਦੇ ਹਨ। ਅੱਜ ਇਕ ਸੌ ਤੋਂ ਵੱਧ ਕਿਤਾਬਾਂ ਭੇਂਟ ਕਰਨ ਨਾਲ ਕਿਤਾਬਾਂ ਦੀ ਗਿਣਤੀ ਵਿਚ ਹੋਰ ਵਾਧਾ ਹੋਇਆ ਹੈ ਜਿਸ ਤੋਂ ਵਿਦਿਆਰਥੀ ਲਾਭ ਉਠਾ ਸਕਦੇ ਹਨ। ਕਿੰਨਾ ਚੰਗਾ ਹੋਵੇ ਜੇਕਰ ਕਿਤਾਬਾਂ ਦੀਆਂ ਸੌਗਾਤਾਂ ਦੇਣ ਦਾ ਇਹ ਸਿਲਸਿਲਾ ਅਤੇ ਰਿਵਾਜ ਤੇਜ਼ੀ ਨਾਲ ਸਮਾਜ ਦੇ ਹੋਰਨਾਂ ਵਰਗਾਂ ਤੱਕ ਵੀ ਪਹੁੰਚ ਸਕੇ। 
 
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Sunday 13 August 2023

ਕੇਂਦਰੀ ਪੰਜਾਬੀ ਲੇਖਕ ਸਭਾ ਦੀਆਂ ਚੋਣਾਂ ਐਤਕੀਂ 17 ਸਤੰਬਰ 2023 ਨੂੰ

Sunday 13th August 2023 at 18:12 AM

ਚੋਣਾਂ ਦੇ ਐਲਾਨ ਨਾਲ ਹੀ ਫਿਰ ਸਾਹਿਤਿਕ ਸਿਆਸਤ ਹੋਈ ਹੋਰ ਤੇਜ਼  

ਚੰਡੀਗੜ੍ਹ//ਲੁਧਿਆਣਾ: 13 ਅਗਸਤ 2023: (ਸਾਹਿਤ ਸਕਰੀਨ ਡੈਸਕ)::

ਸਾਹਿਤਿਕ ਸੰਸਥਾਵਾਂ ਦੀਆਂ ਚੋਣਾਂ ਅਤੇ ਅਹੁਦੇਦਾਰੀਆਂ ਵੀ ਲੰਮੇ ਸਮੇਂ ਤੋਂ ਕਿਸੇ ਵੱਡੀ ਸੱਤਾ ਅਤੇ ਬਹੁਤ ਹੀ ਵੱਡੇ ਫਾਇਦਿਆਂ ਵਾਲੀਆਂ ਕੁਰਸੀਆਂ ਵਾਂਗ ਖਿੱਚ  ਦਾ ਕੇਂਦਰ ਬਣੀਆਂ ਹੋਈਆਂ ਹਨ। ਇਸ ਲਈ ਇਸ ਕੇਂਦਰੀ ਸਭਾ ਨਾਲ ਜੁੜੇ ਹੋਏ ਵਿਅਕਤੀਗਤ ਲੇਖਕ ਅਤੇ ਸੰਸਥਾਵਾਂ ਹਰ ਵਾਰ ਚੋਣਾਂ ਮੌਕੇ ਬੜੀ ਉਚੇਚ ਨਾਲ ਸਰਗਰਮ ਹੋ ਜਾਂਦੀਆਂ ਹਨ। ਇਸ ਵਾਰ ਵੀ ਇਹ ਸਰਗਰਮੀਆਂ ਅੱਜਕਲ੍ਹ ਵਿੱਚ ਸਾਹਮਣੇ ਆਉਣ ਵਾਲੀਆਂ ਹੀ ਹਨ। ਉਂਝ ਸ਼ੁਰੁਆਤ ਤਾਂ ਸਮਝੋ ਇਹਨਾਂ ਚੋਣਾਂ ਦੇ ਐਲਾਨ ਨਾਲ ਹੀ ਹੋ ਗਈ ਹੈ। ਤਿਆਗ, ਬੇਗਰਜ਼ੀ ਅਤੇ ਨਿਸ਼ਕਾਮ ਕਰਮਾਂ ਦੀਆਂ ਗੱਲਾਂ ਕਰਨ ਅਤੇ ਪ੍ਰਚਾਰਨ ਵਾਲੇ ਲੇਖਕ ਸੱਜਣ ਵੀ ਇਹ ਅਹੁਦਿਆਂ ਵਿਚ ਆਪਣੇ ਲਈ ਜਾਂ ਆਪਣੇ ਗਰੁੱਪ ਦੇ ਮਿੱਤਰਾਂ ਲਈ ਪੂਰੀ ਦਿਲਚਸਪੀ ਦਿਖਾਉਣਗੇ। 

ਇਸ ਵਾਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ 17 ਸਤੰਬਰ 2023 ਨੂੰ ਹੋ ਰਹੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਂਝੇ ਬਿਆਨ ਰਾਹੀਂ ਦਸਿਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ 17 ਸਤੰਬਰ, 2023 ਨੂੰ ਸਵੇਰੇ 9 ਵਜੇ ਤੋਂ 4 ਵਜੇ ਤਕ ਪੰਜਾਬੀ ਭਵਨ, ਲੁਧਿਆਣਾ ਵਿਖ਼ੇ ਹੋਵੇਗੀ। ਇਹ ਚੰਗੀ ਗੱਲ ਹੈ ਕਿ ਪੰਜਾਬੀ ਭਵਨ ਲੁਧਿਆਣਾ ਨਾਲ ਇਹਨਾਂ ਸਭਾਵਾਂ ਅਤੇ ਚੋਣਾਂ ਦਾ ਰਿਸ਼ਤਾ ਲਗਾਤਾਰ ਮਜ਼ਬੂਤ ਹੁੰਦਾ ਜਾ ਰਿਹਾ ਹੈ। 

ਇਹਨਾਂ ਚੋਣਾਂ ਦੌਰਾਨ ਚੋਣ ਅਧਿਕਾਰੀ ਦੀ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਸਹਿਮਤੀ ਦੇ ਦਿੱਤੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ ਵਿਚ ਹਿੱਸਾ ਲੈਣ ਵਾਲੇ ਉਮੀਦਵਾਰ ਆਪਣੇ ਨਾਮਜ਼ਦਗੀ ਫਾਰਮ ਪੰਜਾਬੀ ਭਵਨ, ਲੁਧਿਆਣਾ ਵਿਖੇ ਪਹਿਲੀ ਸਤੰਬਰ  2023 ਤੋਂ ਅਠ ਸਤੰਬਰ 2023 ਤੱਕ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤਕ ਕਦੇ ਵੀ ਚੋਣ ਅਧਿਕਾਰੀ ਕੋਲ ਜਮ੍ਹਾਂ ਕਰਵਾ ਸਕਦੇ ਹਨ। 

ਇਹਨਾਂ ਚੋਣਾਂ ਸੰਬੰਧੀ ਨਾਮਜ਼ਦਗੀ ਫਾਰਮਾਂ ਦੀ ਪੜਤਾਲ 09 ਸਤੰਬਰ 2023 ਨੂੰ 2 ਵਜੇ ਤੋਂ 4 ਵਜੇ ਤਕ ਹੋਵੇਗੀ, ਜਿਸ ਉਪਰੰਤ ਯੋਗ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਨਾਮਜ਼ਦਗੀ ਦਾਖ਼ਲ ਕਰਨ ਵਾਲੇ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ 10 ਸਤੰਬਰ 2023 ਨੂੰ 11 ਵਜੇ ਤੋਂ 4 ਵਜੇ ਤਕ ਵਾਪਸ ਲੈ ਸਕਣਗੇ, ਜਿਸ ਉਪਰੰਤ ਚੋਣ ਵਿਚ ਹਿਸਾ ਲੈਣ ਵਾਲੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾਵੇਗੀ।              

ਇਸ ਤਰ੍ਹਾਂ ਕਰ ਕੇ ਸਾਰੀ ਨਿਸਚਿਤ ਪ੍ਰਕ੍ਰਿਆ ਪੂਰੀ ਹੋਣ ਮਗਰੋਂ ਪੰਜਾਬੀ ਲੇਖਕ ਸਭਾ (ਰਜਿ.) ਦੀ ਚੋਣ 17 ਸਤੰਬਰ 2023 ਨੂੰ 9 ਵਜੇ ਤੋਂ 4 ਵਜੇ ਤਕ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਵੇਗੀ, ਜਿਸ ਵਿਚ ਇਕ ਪ੍ਰਧਾਨ, ਇਕ ਸੀਨੀਅਰ ਮੀਤ ਪ੍ਰਧਾਨ, ਇਕ ਜਨਰਲ ਸਕੱਤਰ, ਪੰਜ ਮੀਤ ਪ੍ਰਧਾਨ (ਮੀਤ ਪ੍ਰਧਾਨ ਦਾ ਇਕ ਅਹੁਦਾ ਔਰਤ ਉਮੀਦਵਾਰ ਲਈ ਰਾਖਵਾਂ) ਅਤੇ ਚਾਰ ਸਕੱਤਰ (ਸਕੱਤਰ ਦਾ ਇਕ ਅਹੁਦਾ ਔਰਤ ਉਮੀਦਵਾਰ ਲਈ ਰਾਖਵਾਂ) ਦੀ ਚੋਣ ਹੋਵੇਗੀ। 

ਕਾਰਜਕਾਰਨੀ ਵੱਲੋਂ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਇਕ ਤਿੰਨ ਮੈਂਬਰੀ ਕਮੇਟੀ ਸਰਬਸੰਮਤੀ ਨਾਲ ਬਣਾਈ ਗਈ ਹੈ, ਜਿਸ ਨੂੰ ਚੋਣ ਅਧਿਕਾਰੀ ਨਾਲ ਸੰਪਰਕ ਰੱਖਦੇ ਹੋਏ, ਚੋਣ ਸੁਚਾਰੂ ਰੂਪ ਨਾਲ ਕਰਾਉਣ ਦੇ ਅਧਿਕਾਰ ਦਿੱਤੇ ਗਏ। 

ਕੇਂਦਰੀ ਸਭਾ ਅਤੇ ਇਸ ਦੀਆਂ ਇਹਨਾਂ ਚੋਣਾਂ ਬਾਰੇ ਕੁਝ ਹੋਰ  ਗੱਲਾਂ ਵੱਖਰੀ ਪੋਸਟ ਵਿੱਚ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਨੁਕਤਿਆਂ ਬਾਰੇ ਤੁਸੀਂ ਵੀ ਨਜ਼ਰ ਮਾਰ ਸਕਦੇ ਹੋ ਸਿਰਫ  ਇਥੇ ਕਲਿੱਕ ਕਰ ਕੇ। ਇਸ ਸਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਵੀ ਰਹੇਗੀ।  

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday 12 August 2023

ਉੱਘੇ ਰੰਗਕਰਮੀਂ ਤਰਲੋਚਨ ਦੇ ਵਿਛੋੜੇ 'ਤੇ// ਇਹ ਤਾਂ ਸੱਜਣਾਂ 'ਧੋਖਾ'//ਜਸਪਾਲ ਜੱਸੀ

Saturday 12th August 2023 at 05:38 AM Via WhatsApp

ਮੌਤ ਕੂਕਦੀ ਸੜਕਾਂ 'ਤੇ ਕੋਈ ਚਾਰਾ ਕਰੀਏ 

ਰੰਗਮੰਚ ਦੇ ਨਾਲ ਨਾਲ ਛੋਟੀਆਂ ਟੈਲੀ ਫ਼ਿਲਮਾਂ ਰਹਿਣ ਸਿਹਤਮੰਦ ਸਮਾਜ ਦੀ ਸਿਰਜਣਾਂ ਵਿੱਚ ਸਰਗਰਮ ਮਾਸਟਰ ਤਰਲੋਚਨ ਸਿੰਘ ਦੇ ਬੇਵਕਤ ਵਿਛੋੜੇ ਮੌਕੇ ਹਰ ਪਾਸੇ ਸੋਗ ਦੀ ਲਹਿਰ ਹੈ। ਦੁਨੀਆ ਵਿੱਚ ਜਿੱਥੇ ਜਿੱਥੇ ਵੀ ਲੋਕ ਪੱਖੀ ਕਲਾਕਾਰਾਂ ਵੱਸਦੇ ਹਨ ਉੱਥੋਂ ਸੋਗ ਭਰੇ ਸੁਨੇਹੇ ਆ ਰਹੇ ਹਨ। ਇਹ ਸਾਰੇ ਸੁਨੇਹੇ ਕੋਈ ਰਸਮੀ ਸੁਨੇਹੇ ਨਹੀਂ ਬਲਕਿ ਦਿਲੋਂ ਨਿਕਲੀਆਂ ਹੂਕਾਂ ਹਨ। ਸੜਕਾਂ 'ਤੇ  ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਅਨਸਰਾਂ ਨੇ ਇੱਕ ਹੋਰ ਅਨਮੋਲ ਹੀਰਾ ਖੋਹ ਲਿਆ ਹੈ। ਉੱਘੇ ਨਕਸਲੀ ਆਗੂ ਸੁਖਦਰਸ਼ਨ ਨੱਤ ਦੱਸਦੇ ਹਨ ਕਿ ਜਿਸ ਥਾਰ ਨੇ ਮਾਸਟਰ ਤਰਲੋਚਨ ਦੀ ਜਾਣਾ ਲਈ ਉਸਨੂੰ ਵੀ ਇੱਕ ਨਾਬਾਲਗ ਚਲਾ ਰਿਹਾ ਸੀ। ਕਿੰਨੀ ਗੰਭੀਰ ਹਾਲਤ ਹੈ ਸਾਡੇ ਸੜਕੀ ਜੀਵਨ ਦੀ ਜਿੱਥੇ ਕਿਸੇ ਨੂੰ ਵੀ ਕਿਸੇ ਵੀ ਥਾਂ ਮੌਤ ਨਿਗਲ ਸਕਦੀ ਹੈ ਕਿਓਂਕਿ ਵਿਗੜੇ ਹੋਏ ਅਮੀਰਜ਼ਾਦਿਆਂ ਦੇ ਵਿਗੜੇ ਹੋਏ ਬੱਚਿਆਂ ਸਾਹਮਣੇ ਸ਼ਾਇਦ ਕਾਨੂੰਨ ਵੀ ਬੇਬਸ ਜਿਹਾ ਹੋ ਜਾਂਦਾ ਹੈ। ਇਸ ਮੌਕੇ ਸਾਡੇ ਸਮਿਆਂ ਦੇ ਸੰਵੇਦਨਸ਼ੀਲ ਸਾਹਿਤਿਕ ਪੱਤਰਕਾਰ ਅਤੇ ਸ਼ਾਇਰ ਜਸਪਾਲ ਜੱਸੀ ਨੇ ਇੱਕ ਨਜ਼ਮ ਭੇਜੀ ਹੈ। ਜੱਸੀ ਦੀਆਂ ਬਾਕੀ ਕਾਵਿ ਰਚਨਾਵਾਂ ਵਾਂਗ ਇਹ ਰਚਨਾ ਵੀ ਬੰਧਸ ਮੁਕਤ ਹੀ ਹੈ ਪਰ ਇਸ ਵਿਚਲਾ ਰਿਦਮ ਅਤੇ ਅਤੇ ਦਰਦ ਦਿਲ ਨੂੰ ਧੂਹ ਪਾਉਂਦੇ ਹਨ। ਇੱਕ ਵਾਰ ਫੇਰ ਯਾਦ ਆਉਂਦੀ ਹੈ ਜੱਸੀ ਦੀ ਹੀ ਲਿਖੀ ਪਾਸ਼ ਬਾਰੇ ਇੱਕ ਖਾਸ ਕਵਿਤਾ-ਤੇਰੇ ਬਾਝੋਂ ਸੀਨੇ ਵਿਚ 'ਚ ਖੋਹ ਪੈ ਰਹੀ ਹੈ। ਅੱਜ ਮਾਸਟਰ ਤਰਲੋਚਨ ਦੇ ਤੁਰ ਜਾਣ ਮੌਕੇ ਵੀ ਖੋਹ ਪੈ ਰਹੀ ਹੈ। --ਰੈਕਟਰ ਕਥੂਰੀਆ 


ਅੱਜ ਪਰਦੇ ਤੇ

"ਮੰਗੋ"ਗੁੰਮ ਸੁੰਮ

ਸਦਮੇਂ ਅੰਦਰ 


ਕਿਉਂ ਅਣਹੋਣੀ ਹੋਈ

ਇੰਝ ਪਰਦੇ ਤੋਂ

ਪਰਦੇ ਪਿੱਛੇ

ਕਿੰਝ ਛੁਪ ਜਾਵੇ ਕੋਈ

ਜਾਪੇ "ਸੋਮਾਂ" ਦੂਜੀ ਵਾਰੀ ਮੋਈ*

ਸਾਡੇ ਨਾਲ ਤਾਂ ਪਰਦੇ ਤੇ ਵੀ

ਗਊਆਂ ਵਰਗੀ ਹੋਈ!

ਇਸ ਦਰਦ ਦੀ

ਸਾਰ ਨਾ ਜਾਣੇਂ ਕੋਈ


ਗੁਰਸ਼ਰਨ ਸਿੰਘ ਦੇ ਰੰਗ ਮੰਚ ਦੇ 

ਤੇਰੇ ਹਿੱਸੇ ਦੇ ਕੋਨੇ ਦੀ

ਸੁੰਨ ਨੈਣਾਂ ਵਿੱਚ ਝਰਦੀ

ਨਿੱਕੇ ਨਿੱਕੇ ਕਤਰੇ ਗੱਲਾਂ ਕਰਦੇ

ਪਲਸ ਮੰਚ ਦੇ ਵੇਹੜੇ ਅੰਦਰ

ਧੜਕ ਰਹੇ ਦਿਲ

ਚੁੱਪ -ਹੁੰਘਾਰਾ ਭਰਦੇ


ਪੌਣਾਂ ਸ਼ਿਕਵਾ ਹੋਈਆਂ ਯਾਰਾ 

ਇੰਝ ਨਹੀਂ ਕਰਦੇ

ਇੰਝ ਡਿੱਗੇ ਨਾਟਕ ਦਾ ਪਰਦਾ

ਇਹ ਨਾ ਦਰਸ਼ਕ ਜਰਦੇ


ਕਲਾ ਕਲਪਨਾ ਦੇ ਖੰਭਾਂ ਦੀ

ਅਗਲੀ ਝਲਕ ਵਿਖਾ ਤਾਂ ਜਾਂਦਾ

ਸਾਥੀ ਨਾਟਕ ਦੇ "ਸਾਥੀ "ਦੀ

ਅਗਲੀ ਕਥਾ ਸੁਣਾ ਤਾਂ ਜਾਂਦਾ


ਅਜੇ ਤਾਂ ਵਾਟਾਂ ਲੰਮੀਆਂ

ਅਜੇ ਸਫ਼ਰ ਹੈ ਚੋਖਾ

ਸੂਤਰਧਾਰ ਨੂੰ ਕਹਿੰਦੇ ਪਾਤਰ

ਇਹ ਤਾਂ ਸੱਜਣਾਂ 'ਧੋਖਾ' ! 


ਧੜਕਦੀਆਂ ਯਾਦਾਂ ਦੇ ਅੰਗ ਸੰਗ

ਰੰਗ ਮੰਚ ਦੀ ਪਟੜੀ ਤੇ 

ਇਕਰਾਰ ਤੁਰਨਗੇ

ਬਾਹਾਂ ਵਿੱਚ ਤੇਰੀ ਬਾਂਹ ਲੈ ਕੇ

ਯਾਰ ਤੁਰਨਗੇ 

                                 -----ਜਸਪਾਲ ਜੱਸੀ

*ਮੰਗੋ ਅਤੇ ਸੋਮਾਂ-ਸੰਤੋਖ ਸਿੰਘ ਧੀਰ ਦੀ ਕਹਾਣੀ ਅਤੇ ਤਰਲੋਚਨ ਦੀ ਟੈਲੀ ਫਿਲਮ ਦੀਆਂ ਪਾਤਰ

Saturday 5 August 2023

ਯਾਦਾਂ ਦੇ ਉਜਾਲੇ ਹੁਣ ਵੀ ਸਾਥ ਦੇਣਗੇ ਸਾਥੀ ਸੁਰਿੰਦਰ ਰਾਮਪੁਰੀ ਨੂੰ

ਵਿਛੋੜੇ ਮਗਰੋਂ ਸੁਰਿੰਦਰ ਰਾਮਪੁਰੀ ਨੇ ਦੱਸਿਆ ਰੱਬ ਵਰਗਾ ਸਾਥ ਸੀ ਉਸਦਾ


ਦੋਰਾਹੇ ਦੀ ਨਹਿਰ ਨੇੜਿਓਂ: 5 ਅਗਸਤ 2023: (ਸਾਹਿਤ ਸਕਰੀਨ ਡੈਸਕ)::

ਹੁਣ ਜਦੋਂ ਕਿ ਆਸਤਿਕ ਲੋਕਾਂ ਨੇ, ਨਵਰਾਤਰਿਆਂ ਦੇ ਵਰਤ ਰੱਖਣ ਵਾਲਿਆਂ ਨਾਲ ਸਬੰਧਤ ਲੋਕਾਂ ਨੇ ਅਤੇ ਭਾਰਤ ਮਾਤਾ ਦੇ ਨਾਂਅ  'ਤੇ  ਰਾਸ਼ਟਰਵਾਦ ਦਾ ਪਾਖੰਡ ਕਰਨ ਵਾਲੇ ਲੋਕਾਂ ਨੇ ਖੁਦ ਆਪਣੀ ਦੇਖਰੇਖ ਹੇਠ ਮਣੀਪੁਰ ਵਿੱਚ ਵੀ ਭਾਰਤ ਮਾਤਾ ਨੂੰ ਸਰੇ ਬਾਜ਼ਾਰ ਨੰਗਿਆਂ ਕੀਤੇ ਜਾਣ ਤੇ ਵੀ ਚੁੱਪ ਵੱਟੀ ਹੋਈ ਹੈ ਉਦੋਂ ਇਸ ਦੋਗਲੇਪਨ 'ਤੇ ਥੱਪੜ ਮਾਰਦੀਆਂ ਹੋਈਆਂ ਲਿਖਤਾਂ ਵੀ ਲਿਖੀਆਂ ਜਾ ਰਹੀਆਂ ਹਨ। 

ਇਹਨਾਂ ਹਾਦਸਿਆਂ ਅਤੇ ਲਿਖਤਾਂ ਦੌਰਾਨ ਹੀ ਪਤਨੀ ਦੇ ਵਿਛੋੜੇ ਮੌਕੇ ਵੀ ਉਘੇ ਲੋਕਪੱਖੀ ਲੇਖਕ ਸੁਰਿੰਦਰ ਰਾਮਪੁਰੀ ਨੇ ਆਪਣੀ ਪਤਨੀ ਨੂੰ ਯਾਦ ਕਰਦਿਆਂ ਜੋ ਦੱਸਿਆ ਉਸਦਾ ਸਿੱਧਾ ਸੰਬੰਧ ਔਰਤ ਦੇ ਉਸ ਸਨਮਾਨ ਨਾਲ ਜੁੜਿਆ ਹੈ ਜਿਹੜਾ ਸਾਥੀ ਰਾਮਪੁਰੀ ਦੇ ਮਨ ਵਿਚ ਪਤਨੀ ਦੇ ਜਿਊਂਦੇ ਜੀਅ ਵੀ ਸੀ ਅਤੇ ਵਿਛੋੜੇ ਮਗਰੋਂ ਹੋਰ ਸ਼ਿੱਦਤ ਨਾਲ ਉਭਰ ਕੇ ਸਾਹਮਣੇ ਆਇਆ ਹੈ। ਇਸ ਸੋਚ ਵਾਲੇ ਸਾਰੇ ਸਾਥੀਆਂ ਦੇ ਮਨਾਂ ਵਿਚ ਇਹ ਸਨਮਾਨ ਅਕਸਰ ਹਮੇਸ਼ਾਂ ਕਾਇਮ ਰਹਿੰਦਾ ਹੈ। 

ਕਾਸ਼ ਮਨੀਪੁਰ ਦੇ ਗੁਨਾਹਗਾਰਾਂ ਨੇ ਝੂਠੇ ਅਡੰਬਰਾਂ ਵਾਲੇ ਨਾਅਰੇ ਲਾਉਣ ਦੀ ਬਜਾਏ ਆਪਣੀਆਂ ਜ਼ਿੰਦਗੀਆਂ ਵਿਚ ਅਜਿਹਾ ਇੱਕ ਅੱਧ ਸੰਬੰਧ ਵੀ ਨਿਭਾਇਆ ਹੁੰਦਾ ਤਾਂ ਉਹ ਇੱਕੋ ਵੇਲੇ ਕਈ ਕਈ  ਦ੍ਰੋਪਦੀਆਂ ਦੇ ਚੀਰਹਰਨ ਦਾ ਬੱਜਰ  ਗੁਨਾਹ ਨਾ ਕਰਦੇ। ਭਾਰਤ ਮਾਤਾ ਨੂੰ ਕਲੰਕਿਤ ਕਰਨ ਵਾਲੇ ਇਹਨਾਂ ਅੱਤਿਆਚਾਰਾਂ 'ਤੇ ਚੁੱਪੀ ਨਾ ਵੱਟਦੇ। 

ਸਦੀਆਂ ਪਹਿਲਾਂ ਇੱਕ ਦਰੋਪਦੀ ਦੇ ਵਸਤਰਾਂ ਨੂੰ ਹੱਥ ਪਾਇਆ ਗਿਆ ਸੀ ਤਾਂ ਨਤੀਜੇ ਵੱਜੋਂ ਮਹਾਂਭਾਰਤ ਹੋਈ ਸੀ। ਜਿਸਨੂੰ ਉਹਨਾਂ ਵੇਲਿਆਂ ਦੀ ਸਭ ਤੋਂ ਵੱਡੀ ਜੰਗ ਦਸਿਆ ਜਾਂਦਾ ਹੈ। ਹੁਣ ਇੱਕੋ ਵੇਲੇ ਕਈ ਕਈ ਦ੍ਰੋਪਦੀਆਂ ਨੂੰ  ਨਾ ਸਿਰਫ ਨਗਨ ਕੀਤਾ ਗਿਆ ਬਲਕਿ ਕਤਲ ਵੀ ਕੀਤਾ ਗਿਆ। ਹੁਣ ਇਸਦੇ ਸਿੱਟੇ ਵੱਜੋਂ ਕੀ ਕੀ ਵਾਪਰਨਾ ਹੈ ਇਸ ਦਾ ਪਤਾ ਕਿਸੇ ਜੋਤਿਸ਼ੀ ਤੋਂ ਪੁੱਛਣ ਦੀ ਲੋੜ ਹੀ ਨਹੀਂ ਰਹੀ। 

ਹੁਣ ਇਹਨਾਂ ਦੇ ਕਰਮਾਂ ਨੇ ਬਣਾਉਣਾ ਹੈ ਸਮੁਚੇ ਦੇਸ਼ ਨੂੰ ਕੁਰਕਸ਼ੇਤਰ ਦਾ ਮੈਦਾਨ। ਇਨਾਮਾਂ ਸਨਮਾਨਾਂ ਦੀ ਝਾਕ ਤੋਂ ਦੂਰ ਰਹਿਣ ਵਾਲੇ ਲੇਖਕ ਅਤੇ ਬੁਧੀਜੀਵੀ ਮੌਜੂਦਾ ਦੌਰ ਨੂੰ ਵੀ ਨੀਝ ਲਾ ਕੇ ਦੇਖ ਰਹੇ ਹਨ। ਇਹ ਉਹ ਲੋਕ ਹਨ ਜਿਹਨਾਂ ਨੇ ਆਪਣੀ ਅਸਲੀ ਜ਼ਿੰਦਗੀ ਵਿਹੁੱਚ ਵੀ ਰਿਸ਼ਤੇ ਨਿਭਾਏ ਹਨ ਅਤੇ ਔਰਤ ਦਾ ਸਨਮਾਨ ਕੀਤਾ ਹੈ। 

ਇਸ ਨਾਜ਼ੁਕ ਸਥਿਤੀ ਵਿਚ ਸੁਰਿੰਦਰ ਰਾਮਪੁਰੀ ਯਾਦ ਕਰਾਉਂਦੇ ਹਨ ਕਿ ਕਿਵੇਂ ਉਹਨਾਂ ਦੀ ਅਰਧਾਂਗਨੀ ਨੇ ਸਾਹਿਤ ਦੀ ਸਾਧਨਾ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਅਤੇ ਵਿਚਾਰਧਾਰਾ ਨਾਲ ਪ੍ਰਤੀਬੱਧਤਾ ਵੇਲੇ ਕਦਮ ਕਦਮ 'ਤੇ ਸਾਥ ਦਿੱਤਾ ਸੀ। ਸੁਰਿੰਦਰ ਰਾਮਪੁਰੀ ਜੀ ਨੂੰ ਯਕੀਨ ਹੈ ਕਿ ਪਤਨੀ ਦੀਆਂ ਯਾਦਾਂ ਲਗਾਤਾਰ ਦਸਤਕ ਦੇ ਰਹੇ ਨਾਜ਼ੁਕ ਸੰਘਰਸ਼ਾਂ ਸਮੇਂ ਵੀ ਉਹਨਾਂ ਦਾ ਸਾਥ ਦੇਣਗੀਆਂ। ਐਤਵਾਰ 6 ਅਗਸਤ ਨੂੰ ਆਯੋਜਿਤ ਹੋਣ ਵਾਲੇ ਸ਼ਰਧਾਂਜਲੀ ਸਮਾਗਮ ਅਤੇ ਇਸ ਸਬੰਧੀ ਪੈਣ ਵਾਲੇ ਭੋਗ ਦੀ ਰਸਮ ਮੌਕੇ ਪੜ੍ਹੋ ਸੁਰਿੰਦਰ ਰਾਮਪੁਰੀ ਹੁਰਾਂ ਦੇ ਵਿਚਾਰਾਂ 'ਤੇ ਆਧਾਰਿਤ ਇਹ ਲਿਖਤ ਜਿਸ ਨੂੰ ਪੜ੍ਹ ਕੇ ਤੁਹਾਨੂੰ ਆਪਣੇ ਨਾਲ ਹੋਈਆਂ ਬੀਤੀਆਂ ਵੀ ਯਾਦ ਆਉਣਗੀਆਂ।   

ਸੁਰਿੰਦਰ ਰਾਮਪੁਰੀ ਦੱਸਦੇ ਹਨ ਕਿ ਪਰਿਵਾਰ ਨੂੰ ਡੋਰ ਵਿਚ ਬੰਨ੍ਹ ਕੇ ਰੱਖਣ ਵਾਲੀ ਸੂਤਰਧਾਰ ਸੀ ਮਾਤਾ ਸੁਦੇਸ਼ ਰਾਣੀ। ਜ਼ਿੰਦਗੀ ਦੇ ਸੰਘਰਸ਼ਾਂ ਅਤੇ ਸਾਹਿਤਕ ਸਾਧਨਾ ਵਿੱਚ ਆਉਂਦੀਆਂ ਔਕੜਾਂ ਦਾ ਸਾਹਮਣਾ ਕਰਨ ਦੇ ਦੌਰ ਵਿੱਚ ਸ਼ਕਤੀ ਅਤੇ ਪ੍ਰੇਰਨਾ ਦਾ ਸਰੋਤ ਉਹੀ ਹੁੰਦੀ ਸੀ। 

ਅਜੋਕੇ ਪੂੰਜੀਵਾਦੀ ਦੌਰ ਨੇ ਪਰਿਵਾਰਿਕ ਸੰਬੰਧਾਂ ਦਾ ਜੋ ਹਾਲ ਕੀਤਾ ਹੈ ਉਸ ਬਾਰੇ ਵੀ ਸੁਰਿੰਦਰ ਰਾਮਪੁਰੀ ਪੂਰੀ ਤਰ੍ਹਾਂ ਸੁਚੇਤ ਹਨ। ਪਤਨੀ ਦੀਆਂ ਯਾਦਾਂ ਬਾਰੇ ਗੱਲ ਕਰਦਿਆਂ ਉਹ ਦੱਸਦੇ ਹਨ ਕਿ ਅਜੋਕੇ ਦੌਰ ਵਿਚ ਪਰਿਵਾਰਾਂ ਦਾ ਟੁੱਟਣਾ ਤੇ ਮਨਾਂ ਵਿਚ ਵਿੱਥ ਪੈ ਜਾਣੀ ਲਗਭਗ ਹਰ ਟੱਬਰ ਦੀ ਹੋਣੀ ਬਣ ਚੁੱਕਿਆ ਹੈ। ਇਸ ਨੇਮ ਨੂੰ ਪੁੱਠਾ ਗੇੜਾ ਦੇਣ ਲਈ ਘਰ ਦੀ ਸੁਆਣੀ ਨੂੰ ਮੁੱਖ ਭੂਮਿਕਾ ਨਿਭਾਉਣੀ ਪੈਂਦੀ ਹੈ। ਪੰਜਾਬ ਦੇ ਪਿੰਡਾਂ ਵਿਚ ਔਰਤਾਂ ਦੇ ਅਜਿਹੇ ਸੰਸਕਾਰੀ ਸੁਭਾਅ ਨੇ ਜਿਥੇ ਪਰਿਵਾਰਾਂ ਵਿਚ ਨੇੜਤਾ ਬਚਾਈ ਰੱਖੀ ਹੈ, ਉਥੇ ਸਮਾਜਿਕ ਸਦਭਾਵਨਾ ਨੂੰ ਜਿਊਂਦਿਆਂ ਰੱਖਣ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਇਆ ਹੈ।  

ਸੰਨ-1962 ਵਿਚ ਚੀਨ ਨਾਲ ਜੰਗ, ਫਿਰ ਸੰਨ 1965 ਵਿਚ ਪਾਕਿਸਤਾਨ ਨਾਲ ਜੰਗ ਅਤੇ ਸੰਨ 1971 ਵਿਚ ਫਿਰ ਪਾਕਿਸਤਾਨ ਦਾ ਹਮਲਾ ਅਤੇ ਇਸ ਜੰਗ ਦੌਰਾਨ ਬੰਗਲਾਦੇਸ਼ ਦੀ ਕਾਇਮੀ ਇਸ ਸੰਨ ਨੂੰ ਬੜਾ ਯਾਦਗਾਰੀ ਅਤੇ ਅਹਿਮੀਅਤ ਵਾਲਾ ਬਣਾਉਂਦੀਆਂ ਹਨ। ਜੰਗੀ ਮਾਹੌਲ ਦੇ ਬਾਵਜੂਦ ਪੰਜਾਬ ਦੇ ਬਹਾਦਰਾਂ ਨੇ ਆਪਣੀ ਬਹਾਦਰੀ ਨਹੀਂ ਸੀ ਛੱਡੀ ਅਤੇ ਨਾ ਹੀ ਜ਼ਿੰਦਗੀ ਨੂੰ ਅੱਗੇ ਤੋਰਨ ਵਾਲੇ ਰੀਤੀ ਰੀਵਾਜ ਛੱਡੇ ਸਨ। ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀਆਂ ਸਤਰਾਂ ਯਾਦ ਆ ਰਹੀਆਂ ਹਨ-

 ਅਸੀਂ ਪੰਜਾਂ ਦਰਿਆਵਾਂ ਦੇ ਸ਼ੇਰ ਦੂਲੇ,ਦੋਹਾਂ ਦੇਵੀਆਂ ਨੂੰ ਨਿਮਸ਼ਕਾਰ ਸਾਡੀ।

ਵਿਚ ਰੰਗ ਦੇ ਦੇਵੀ ਹੈ ਨਾਰ ਸਾਡੀ,ਵਿਚ ਜੰਗ ਦੇ ਦੇਵੀ ਕਟਾਰ ਸਾਡੀ।

ਇਸੇ ਯਾਦਗਾਰੀ ਸਾਲ ਅਰਥਾਤ ਸੰਨ 1971 ਵਿਚ ਘਲੋਟੀ (ਜ਼ਿਲ੍ਹਾ ਲੁਧਿਆਣਾ) ਤੋਂ ਚੱਲ ਕੇ ਸ਼੍ਰੀ ਸੁਰਿੰਦਰ ਰਾਮਪੁਰੀ ਨਾਲ ਵਿਆਹ ਕੇ ਰਾਮਪੁਰ ਆਈ।  ਉਹੀ ਰਾਮਪੁਰ ਜਿਸਨੇ ਲਾਲ ਝੰਡੇ ਵਾਲੇ ਸੰਘਰਸ਼ਾਂ ਵਾਲੇ ਸਾਹਿਤ ਰਚਨਾ ਵਿਚ ਇਤਿਹਾਸਿਕ ਯੋਗਦਾਨ ਪਾਇਆ ਸੀ। ਉਸੇ ਦੋਰਾਹਾ ਨੇੜੇ ਵੱਸਿਆ ਰਾਮਪੁਰ ਜੀ ਦੋਰਾਹਾ ਤਰਸੇਮ ਬਾਵਾ ਇਸ ਦੇਸ਼ ਦੀ ਹੋਣੀ ਬਾਦਲਾਂ ਲਈ ਉੱਠੀ ਨਕਲਸਲਬਾਦੀ ਲਹਿਰ ਦੌਰਾਨ ਆਪਣੀ ਕੁਰਬਾਨੀ ਦੇ ਗਿਆ। ਉਸ ਸਮੇਂ ਦੀ ਬਾਦਲ ਸਰਕਾਰ ਨੇ 25 ਮਈ 1971 ਨੂੰ ਦਿਨ ਦਿਹਾੜੇ ਚੁੱਕ ਕੇ, ਅੰਤਾਂ ਦਾ ਕਹਿਰ ਢਾਹ ਕੇ ਸ਼ਹੀਦ ਕਰ ਦਿੱਤਾ ਸੀ। ਇਸ ਸ਼ਹਾਦਤ ਤੋਂ ਸਿਰਫ 40 ਦਿਨ ਪਹਿਲਾਂ ਤਰਸੇਮ ਬਾਵਾ  ਦੇ ਭਣੋਈਏ ਪ੍ਰੀਤਮ ਦਾਸ ਪਿੰਡ ਕਕਰਾਲਾ ਜ਼ਿਲ੍ਹਾ ਲੁਧਿਆਣਾ 'ਚੋਂ ਘਰੋਂ ਚੁੱਕ ਕੇ ਕਿਧਰੇ ਖਪਾ ਦਿੱਤਾ ਸੀ। ਹੁਣ ਪਿੰਡ ਕਕਰਾਲਾ ਜ਼ਿਲ੍ਹਾ  ਫਤਿਹਗੜ  ਸਾਹਿਬ ਵਿੱਚ ਆਉਂਦਾ ਹੈ। ਸ਼ਹੀਦ ਤਰਸੇਮ 'ਬਾਵੇ' ਦੀ ਭੈਣ ਸੰਯੋਗਤਾ, ਪੇਕੇ ਤੇ ਸਹੁਰੇ ਪਰਿਵਾਰ 'ਤੇ ਹਕੂਮਤੀ ਵਹਿਸ਼ੀ ਜਬਰ ਨਾ ਸਹਾਰਦੀ ਹੋਈ ਸਦਮੇ ਨਾਲ ਹੀ ਗੋਦੜੀ ਦੇ ਨਿੱਕੇ ਲਾਲ ਨੂੰ ਛੱਡ ਕੇ ਅੱਖਾਂ ਮੀਟ ਗਈ ਸੀ। ਮਾਂ ਨੇ ਆਪਣੇ ਜੁਆਨ ਪੁੱਤ ਤੇ ਪੁੱਤਰ ਵਰਗੇ ਜਵਾਈ ਅਤੇ ਧੀ ਨੂੰ ਵਿਦਾ ਕਰਕੇ ਵੀ ਹੌਂਸਲਾ ਨਹੀਂ ਸੀ ਹਾਰਿਆ, ਸਗੋਂ ਹਕੂਮਤੀ ਜਬਰ ਅਤੇ ਪੁਲਸੀ ਧਾੜਾਂ ਅੱਗੇ ਡਟ ਕੇ ਖੜੋਂਦੀ ਰਹੀ ਅਤੇ ਅਗਲੇ ਵਰ੍ਹਿਆਂ  ਦੌਰਾਨ ਲਗਾਤਾਰ ਇਲਾਕੇ ਦੀ ਜਮਹੂਰੀ ਇਨਕਲਾਬੀ ਲਹਿਰ ਨਾਲ ਜੁੜ ਕੇ ਰਹੀ। ਦੇਹਾਂਤ ਵੇਲੇ ਉਮਰ ਦੇ 100 ਵਰ੍ਹਿਆਂ ਨੂੰ ਢੁੱਕੀ ਮਾਂ ਆਗਿਆਵੰਤੀ ਨੇ ਸਰਕਾਰੀ ਜਬਰ ਦੇ ਸਾਹਮਣੇ ਇੱਕ ਨਵਾਂ ਇਤਿਹਾਸ ਰਚਿਆ ਸੀ। ਉਸ ਇਲਾਕੇ ਵਿੱਚ ਸੁਰਿੰਦਰ ਰਾਮਪੁਰੀ ਦੀ ਪਤਨੀ ਦਾ ਆਉਣਾ ਜਿਵੇਂ ਸੰਘਰਸ਼ਾਂ ਵਾਲੇ ਪਿੜ੍ਹ ਨੂੰ ਹੋਰ ਮਜ਼ਬੂਤ ਕਰਨ ਦਾ ਹੀ ਇੱਕ ਨਵਾਂ ਮੁੱਢ ਸੀ। ਲੋਕ ਸੰਘਰਸ਼ਾਂ ਦੇ ਮੋਰਚੇ ਨੂੰ ਮਜ਼ਬੂਤ ਕਰਨ ਵਿਚ ਆਪਣਾ ਹਿੱਸਾ ਪਾਉਂਦਿਆਂ ਸੁਦੇਸ਼ ਰਾਣੀ ਨੇ ਫਿਰਕੂ ਦਹਿਸ਼ਤ ਦਾ ਮੁਕਾਬਲਾ ਕਰਨ ਵਾਲੇ ਰਾਮਪੁਰ ਦੇ ਲੇਖਕਾਂ ਦੀ ਮੁਹਿੰਮ ਸਮੇਂ ਸੁਰਿੰਦਰ ਰਾਮਪੁਰੀ ਨਾਲ ਮੋਢੇ ਨਾਲ ਮੋਢਾ ਜੋੜਿਆ ਸੀ। ਹਰ ਕਦਮ 'ਤੇ ਸਾਥ ਦਿੱਤਾ ਸੀ। 

ਮਾਤਾ ਸੁਦੇਸ਼ ਰਾਣੀ ਅਜਿਹੇ ਖਾਲਸ ਤੇ ਉਸਾਰੂ ਸੁਭਾਅ ਦੀ ਮਾਲਕਣ ਸੀ ਕਿ ਬਹੁਤ ਕੁਝ ਯਾਦ ਆਉਂਦਾ ਹੈ। ਉਮਰ ਦੇ 72 ਬਸੰਤ ਹੰਢਾਅ ਕੇ 28 ਜੁਲਾਈ ਨੂੰ ਇਸ ਜਹਾਨ-ਏ-ਫ਼ਾਨੀ ਨੂੰ ਅਲਵਿਦਾ ਆਖ ਗਈ ਮਾਤਾ ਸੁਦੇਸ਼ ਰਾਣੀ ਨੇ ਸੱਸ (ਮਾਤਾ ਸਵਿੱਤਰੀ ਦੇਵੀ) ਨੂੰ ਮਾਂ ਬਣਾ ਕੇ ਸੇਵਾ ਕੀਤੀ, ਪਤੀ ਨੂੰ ਸਾਹਿਤਕ-ਸਮਾਜਿਕ ਜਿੰਮੇਵਾਰੀਆਂ ਲਈ ਵਿਹਲੇ ਕਰੀ ਰੱਖਿਆ, ਪੁੱਤਾਂ (ਗਗਨ ਦੀਪ ਸ਼ਰਮਾ ਅਤੇ ਭੁਵਨੇਸ਼ ਸ਼ਰਮਾ) ਨੂੰ ਉਡਾਰੀ ਮਾਰਨ ਲਈ ਜ਼ਮੀਨ ਮੋਕਲੀ ਕੀਤੀ, ਦਿਉਰ (ਰਮੇਸ਼ ਕੁਮਾਰ ਸ਼ਰਮਾ) ਨੂੰ ਨਿੱਕੇ ਵੀਰ ਤੇ ਭਰਜਾਈ (ਸ਼ਸ਼ੀ ਸ਼ਰਮਾ) ਨੂੰ ਛੋਟੀ ਭੈਣ ਵਾਂਗ ਤਿਓ੍ਹ ਕੀਤਾ, ਨੂੰਹਾਂ (ਮਨਦੀਪ ਅਤੇ ਭਾਰਤੀ) ਲਈ ਆਲੇ-ਦੁਆਲੇ ਦੀ ਤੱਤੀ ’ਵਾਅ ਤੋਂ ਓਟ ਬਣੀ ਰਹੀ, ਅਤੇ ਪੋਤਰੇ (ਜੀਵਾਂਸ਼) ਲਈ ਮੋਹ ਦਾ ਸਰੋਤ ਬਣ ਕੇ ਵਗੀ।   

ਆਪਣੀ ਰੇਖਾ-ਚਿੱਤਰਾਂ ਦੀ ਪੁਸਤਕ ‘ਚੰਦਨ ਦੇ ਰੁੱਖ’ ਦਾ ਸਮਰਪਣ ਪਤਨੀ ਦੇ ਨਾਂਅ ਕਰਦਿਆਂ ਸੁਰਿੰਦਰ ਰਾਮਪੁਰੀ ਦਾ ਲਿਖਿਆ, “ਪਤਨੀ ਸੁਦੇਸ਼ ਨੂੰ, ਜਿਸਦੇ ਸੁਭਾਅ ਵਿਚ ਚੰਦਨ ਦੀ ਤਾਸੀਰ ਹੈ”, ਸੱਚਮੁੱਚ ਉਹਨਾਂ ਦੇ ਸੁਭਾਅ ਦੀ ਸੱਚ-ਬਿਆਨੀ ਕਰਦਾ ਹੈ। ਪਤਨੀ ਦੀ ਨਿੱਘੀ ਯਾਦ ਨੂੰ ਸੀਨੇ ਨਾਲ ਲਾ ਕੇ ਰਾਮਪੁਰੀ ਆਖਦੈ, “ਉਸਦੇ ਹੁੰਦਿਆਂ ਮੈਨੂੰ ਕਦੇ ਲੱਗਿਆ ਹੀ ਨਹੀਂ ਕਿ ਘਰ ਦੀ ਕੋਈ ਜ਼ਿੰਮੇਵਾਰੀ ਵੀ ਹੁੰਦੀ ਹੈ। ਉਸ ਦਾ ਮੰਜੇ ’ਤੇ ਪਈ ਹੋਣ ਦਾ ਵੀ ਇਕ ਚਮਤਕਾਰੀ ਆਭਾ ਸੀ ਜਿਸ ਨੇ ਟੱਬਰ ਦੁਆਲੇ ਸਦਭਾਵਨਾ ਦਾ ਇਕ ਚੱਕਰ ਵਲ਼ੀ ਰੱਖਿਆ”।

ਇਸੇ ਆਭਾ ਦਾ ਪ੍ਰਤਾਪ ਸੀ ਕਿ ਉਹਨਾਂ ਦੇ ਤੁਰ ਜਾਣ ਮੌਕੇ ਆਲੇ-ਦੁਆਲੇ ਦੀਆਂ ਉਹ ਅੱਖਾਂ ਵੀ ਨਮ ਸਨ ਜਿਹਨਾਂ ਨਾਲ ਉਹਨਾਂ ਦਾ ਕੋਈ ਖ਼ੂਨ ਦਾ ਨਹੀਂ ਸੀ ਸਗੋਂ ਮਹਿਜ਼ ਸੰਸਾਰਿਕ ਰਿਸ਼ਤੇ ਹੀ ਸਨ। ਉਹਨਾਂ ਨੂੰ ਰਿਸ਼ਤੇ ਬਣਾਉਣੇ ਵੀ ਆਉਂਦੇ ਸਨ ਤੇ ਬਚਾਉਣੇ ਵੀ। ਮਾਂ ਦੀ ਪ੍ਰਗਤੀਵਾਦੀ ਸੋਚ ਦਾ ਲੜ ਫੜ ਕੇ ਉਡਾਰ ਹੋਇਆ ਪੁੱਤ ਗਗਨ ਦੀਪ ਸ਼ਰਮਾ ਆਖਦਾ ਹੈ, “ਮਾਪੇ ਬੱਚੇ ਨੂੰ ਨਿਰਾ ਜਨਮ ਹੀ ਨਹੀਂ ਦਿੰਦੇ ਸਗੋਂ ਉਹਨਾਂ ਦਾ ਚਰਿੱਤਰ ਵੀ ਘੜਦੇ ਹਨ। ਜੇ ਪਾਪਾ ਦੀਆਂ ਲਿਖਤਾਂ ਨੂੰ ਪੜ੍ਹ-ਪੜ੍ਹ ਕੇ ਮੈਂ ਕਵਿਤਾ ਲਿਖਣੀ ਸਿੱਖੀ ਤਾਂ ਮੰਮੀ ਦੇ ਜਿਊਣ ਨੂੰ ਵਾਚਦਿਆਂ ਮੈਂ ਤੇ ਛੋਟੇ ਭਰਾ ਨੇ ਜ਼ਿੰਦਗ਼ੀ ਨੂੰ ਕਵਿਤਾ ਵਾਂਗ ਜਿਊਣਾ ਸਿੱਖਿਆ”।

ਸ਼ੁੱਕਰਵਾਰ (28 ਜੁਲਾਈ) ਨੂੰ ਵੱਡੇ ਤੜਕੇ ਦੇਹ ਦਾ ਓਹਲਾ ਕਰ ਗਈ ਮਾਤਾ ਸੁਦੇਸ਼ ਰਾਣੀ ਨਮਿਤ ਰੱਖੇ ਸ਼੍ਰੀ ਗਰੁਣ ਪੁਰਾਣ ਦੇ ਭੋਗ ਤੇ ਪਗੜੀ ਦੀ ਰਸਮ 6 ਅਗਸਤ ਦਿਨ ਐਤਵਾਰ ਨੂੰ ਪਿੰਡ ਰਾਮਪੁਰ ਵਿਚਲੇ ਗੁਰਦੁਆਰਾ ਸ੍ਰੀ ਬੁੰਗਾ ਸਾਹਿਬ ਦੇ ਦੀਵਾਨ ਹਾਲ ਵਿਚ ਦੁਪਹਿਰ ਇਕ ਤੋਂ ਦੋ ਵਜੇ ਤੱਕ ਹੋਵੇਗੀ।

ਸ਼੍ਰੀ ਗਰੁਣ ਪੁਰਾਣ ਦੇ ਭੋਗ ਤੇ ਪਗੜੀ ਦੀ ਰਸਮ 6 ਅਗਸਤ ਦਿਨ ਐਤਵਾਰ ਨੂੰ ਹੋ ਜਾਣੀ ਹੈ। ਉਸੇ ਦਿਨ ਹੀ ਤਕਰੀਬਨ ਸਾਰੇ ਮਿੱਤਰਾਂ ਅਤੇ ਸੰਬੰਧੀਆਂ ਨੇ ਤੁਰ ਜਾਣਾ ਹੁੰਦਾ ਹੈ। ਅੰਤਿਮ ਅਰਦਾਸ ਵੇਲੇ ਤੀਕ ਹਉ  ਬਹੁਤ ਸਾਰੇ ਮਿੱਤਰ ਅਤੇ ਸੰਬੰਧੀ ਆਲੇ ਦੁਆਲੇ ਰਹਿੰਦੇ ਹਨ। ਉਨਾਂ ਦੇ ਤੁਰ ਜਾਨ ਮਗਰੋਂ ਯਾਦਾਂ ਸ਼ਿੱਦਤ ਨਾਲ ਆਉਣ ਲੱਗਦੀਆਂ ਹਨ ਅਤੇ ਜਾਣ ਵਾਲੀ ਸ਼ਖ਼ਸੀਅਤ ਦੀ ਗੈਰ ਹਾਜ਼ਿਰੀ ਵਿੱਚ ਮੌਜੂਦਗੀ ਦਾ ਅਹਿਸਾਸ ਹੋਰ ਤਿੱਖਾ ਹੋ ਜਾਂਦਾ ਹੈ। ਇਸਲਈ ਸੁਰਿੰਦਰ ਰਾਮਪੁਰੀ ਸਾਹਮਣੇ ਬਿਰਹਾ ਦੀ ਅਸਲੀ ਪ੍ਰੀਖਿਆ ਹੁਣ ਸ਼ੁਰੂ ਹੋਣੀ ਹੈ। ਇਸਲਈ ਸੱਜਣਾਂ ਮਿੱਤਰਾਂ ਨੇ ਸੁਰਿੰਦਰ ਰਾਮਪੁਰੀ ਜੀ ਕੋਲ ਗੇੜਾ ਮਾਰਦੇ ਰਹਿਣਾ ਹੈ।  --ਰੈਕਟਰ ਕਥੂਰੀਆ//ਸਾਹਿਤ ਸਕਰੀਨ ਡੈਸਕ

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।