google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: July 2020

Saturday 18 July 2020

ਸ਼ਾਇਰ ਵਰਵਰਾ ਰਾਓ ਦੀ ਰਿਹਾਈ ਲਈ ਪ੍ਰਗਤੀਸ਼ੀਲ ਲੇਖਕ ਸੰਘ ਵੀ ਮੈਦਾਨ ਵਿੱਚ

 ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਇਕਾਈ ਵੱਲੋਂ ਪਿੰਡਾਂ ਵਿੱਚ ਰੋਸ ਵਖਾਵੇ ਸ਼ੁਰੂ 
ਲੁਧਿਆਣਾ: 18 ਜੁਲਾਈ 2020: (ਸਾਹਿਤ ਸਕਰੀਨ ਬਿਊਰੋ)::
ਪ੍ਰਗਤੀਸ਼ੀਲ ਲੇਖਕ ਸੰਘ ਲੁਧਿਆਣਾ ਇਕਾਈ ਵੱਲੋਂ ਵਰਵਰਾ ਰਾਓ ਸਮੇਤ ਜੇਲੀਂ ਡੱਕੇ ਬੁਧੀਜੀਵੀਆਂ ਦੀ ਬਿਨਾ ਸ਼ਰਤ ਰਿਹਾਈ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ। ਅੱਜ ਇੱਥੇ ਪ੍ਰਗਤੀਸ਼ੀਲ  ਲੇਖਕ ਸੰਘ ਲੁਧਿਆਣਾ  ਦੀ ਮੀਟਿੰਗ ਹੋਈ ਜਿਸ ਵਿੱਚ ਤੇਲਗੂ ਕਵੀ ਬਾਰਬਰਾ ਰਾਓ  ਦੀਆਂ ਇਨਕਲਾਬੀ ਰਚਨਾਵਾਂ ਦਾ ਪਾਠ ਕੀਤਾ ਗਿਆ। ਮੀਟਿੰਗ ਵਿਚ ਸ਼ਾਮਲ ਸਮੁੱਚੇ ਅਹੁਦੇਦਾਰਾਂ ਨੇ ਮਹਿਸੂਸ ਕੀਤਾ ਕਿ ਸਰਕਾਰ  ਕਰੋਨਾ ਸੰਕਟ ਦੇ ਬਹਾਨੇ ਲੋਕ ਵਿਰੋਧੀ ਫੈਸਲੇ ਕਰਕੇ ਲੋਕਾਂ ਤੇ ਮੜ ਰਹੀ ਹੈ।
         ਇਸ ਦੇ ਨਾਲ ਹੀ ਸੰਘ ਦੇ ਸਮੁੱਚੇ ਅਹੁਦੇਦਾਰਾਂ ਦੀ ਚਰਚਾ ਤੋਂ ਬਾਅਦ ਇਹ ਸਮਝ ਬਣੀ ਕਿ ਹਿੰਦੋਸਤਾਨ ਦੇ ਉੱਘੇ ਕਰਮਸ਼ੀਲ ਕਵੀ ਬਾਰਬਰਾ ਰਾਓ ਨੂੰ  ਪਹਿਲਾਂ ਨਾਜਾਇਜ ਤਰੀਕੇ ਨਾਲ ਭੀਮਾ ਕਾਰੇਗਾਓਂ ਕੇਸ ਦੇ ਬਹਾਨੇ ਫਸਾ ਕੇ ਜੇਲ੍ਰ ਵਿੱਚ ਡੱਕਿਆ ਗਿਆ ਕੇ ਹੁਣ ਵੱਡੀ ਉਮਰ ਦੇ ਸਾਹਿਤਕਾਰ ਨੂੰ ਅਣਮਨੁੱਖੀ ਤਸੀਹੇ ਦੇ ਕੇ ਮਾਰਿਆ ਜਾ ਰਿਹਾ ਹੈ। ਕਵੀ ਜੀ ਦੀ ਕਰੋਨਾ ਰਿਪੋਰਟ ਪਾਜੇਟਿਵ ਆਉਣਾ ਹੋਰ ਚਿੰਤਾ ਵਿੱਚ ਵਾਦਾ ਕਰਦਾ ਹੈ ਸੋ ਸਮੁੱਚੀ ਮੀਟਿੰਗ ਨੇ ਮੰਗ ਕੀਤੀ ਕਿ ਤਮਾਮ ਬੁਧੀਜੀਵੀ  ਜਿਵੇਂ ਤੇਲਤੁੰਬੜੇ ਚਾਹੇ ਓੁਹ ਭੀਮਾਕਾਰੇਗਾਓਂ ਦੇ ਬਹਾਨੇ ,ਜੇ .ਅੈਨ.ਯੂ.ਦੇ ਘੋਲ ਵਿੱਚ ਵਿਚਾਰਧਾਰਕ ਪੱਧਰ ਤੇ ਜਾਂ ਹੋਰ ਹੱਕੀ ਲੋਕ ਪੱਖੀ ਘੋਲਾਂ ਵਿੱਚ ਜੇਲੀਂ ਡੱਕੇ ਹੋੇ ਬੁਧੀਜੀਵੀਆਂ ਤੇ ਸਾਹਿਤਕਾਰ ਹੋਣ ਨੂੰ  ਬਿਨਾ ਸ਼ਰਤ ਤੁਰੰਤ ਰਿਹਾ ਕੀਤਾ ਜਾਵੇ ਇਸ ਸਬੰਧ ਵਿਚ ਬੁੱਧੀਜੀਵੀ ਸਫਾਂ ਵਿੱਚ ਗਹਿਰਾ ਰੋਸ ਫੈਲ ਰਿਹਾ ਹੈ ।ਮੀਟਿੰਗ  ਵਿੱਚ ਹੋਰਨਾ ਤੋਂ ਇਲਾਵਾ ਸੰਘ ਲੁਧਿਆਣਾ ਇਕਾਈ ਦੇ ਪ੍ਰਧਾਨ ਸ਼੍ਰੀ ਸੁਰਿੰਦਰ ਕੈਲੇ,ਜਨਰਲ ਸਕੱਤਰ ਡਾ.ਗੁਲਜ਼ਾਰ ਸਿੰਘ ਪੰਧੇਰ ਨੇ ਇਹਨਾ ਮੰਗਾਂ ਲਈ ਸਮੁੱਚੇ ਲੇਖਕ  ਵਰਗ ਨੂੰ ਆਵਾਜ਼ ਉਠਾਉਣ ਦਾ ਸੱਦਾ ਦਿੱਤਾ। ਮੀਟਿੰਗ ਵਿੱਚ  ਹੋਰਨਾ ਤੋਂ ਇਲਾਵਾ ਪਲਸ ਮੰਚ ਦੇ ਸੂਬਾ ਖਜਾਨਚੀ ,ਮਲਕੀਤ ਸਿੰਘ ਪੱਜਾਬ ਰੋਡਵੇਜ,ਤਰਲੋਚਨ ਝਾਂਡੇ ,ਸੁਰਿੰਦਰ ਸਿੰਘ , ਭਗਵਾਨ ਢਿੱਲੋਂ,ਹਰਬੰਸ ਮਾਲਵਾ,ਜਰਨੈਲ ਮਾਂਗਟ,ਦੀਪ ਦਿਲਵਰ, ਆਦਿ ਸ਼ਾਮਿਲ ਹੋਏ।
ਇਸ ਮੁਹਿੰਮ ਨਾਲ ਜੁੜਨ ਦੇ ਚਾਹਵਾਨ  ਇਸੇ ਸੰਗਠਨ ਦੇ ਜਨਰਲ ਸਕੱਤਰ ਡਾ.ਗੁਲਜ਼ਾਰ ਸਿੰਘ ਪੰਧੇਰ ਨਾਲ ਸੰਪਰਕ ਕਰ ਸਕਦੇ ਹਨ ਉਹਨਾਂ ਦੇ ਇਹਨਾਂ ਮੋਬਾਈਲ ਨੰਬਰਾਂ 'ਤੇ  7001996688.,9464762825. 

Friday 17 July 2020

ਸ਼ਾਇਰ ਵਰਵਰਾ ਰਾਓ ਨੂੰ ਜੇਲ੍ਹ ਚੋਂ ਰਿਹਾਅ ਕਰਨ ਦੀ ਮੰਗ

17th July 2020 at 7:34 PM
ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਵੀ ਸ਼ਾਇਰ ਦੇ ਹੱਕ ਵਿੱਚ ਡਟਵਾਂ ਸਟੈਂਡ 
ਦੋਰਾਹਾ: 17 ਜੁਲਾਈ 2020: (ਸਾਹਿਤ ਸਕਰੀਨ ਬਿਊਰੋ)::
ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਤੇਲਗੂ ਕਵੀ, ਸਮਾਜਿਕ ਕਾਰਕੁਨ ਵਰਵਰਾ ਰਾਓ ਨੂੰ ਜੇਲ੍ਹ ਭੇਜਣ ਤੇ ਉਨ੍ਹਾਂ ਨਾਲ ਅਣਮਨੁੱਖੀ ਵਰਤਾਓ ਕਰਨ ਦੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸਭਾ ਦੇ ਪ੍ਰਧਾਨ ਤੇ ਸਕੱਤਰ ਪ੍ਰਗਤੀਸ਼ੀਲ ਲੇਖਕ ਮੰਚ ਪੰਜਾਬ ਜਸਵੀਰ ਝੱਜ, ਮੀਤ ਪ੍ਰਧਾਨ ਲਾਭ ਸਿੰਘ ਬੇਗੋਵਾਲ ਤੇ ਜਨਰਲ ਸਕੱਤਰ ਬਲਵੰਤ ਮਾਂਗਟ ਤੇ ਸਕੱਤਰ ਸ਼ਾਇਰਾ ਨੀਤੂ ਰਾਮਪੁਰ ਨੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਕ੍ਰਾਂਤੀਕਾਰੀ ਸ਼ਾਇਰ ਵਰਵਰਾ ਰਾਓ ਲਗਪਗ 80 ਸਾਲ ਦੇ ਹਨ ਤੇ ਕਈ ਬਿਮਾਰੀਆਂ ਤੋਂ ਪੀੜਤ ਹਨ। ਸਰਕਾਰ ਉਨ੍ਹਾਂ ਨੂੰ ਜੇਲ੍ਹ ਵਿਚ ਸੁੱਟ ਕੇ ਉਨ੍ਹਾਂ ਦੀ ਸਿਹਤ ਤੇ ਜਿਓਣ ਦੇ ਅਧਿਕਾਰ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਦੀ ਰਿਹਾਈ ਲਈ ਸਾਹਿਤ ਸਭਾਵਾਂ, ਲੇਖਕ ਜਥੇਬੰਦੀਆਂ ਤੇ ਸੰਘਰਸ਼ੀਲ ਧਿਰਾਂ ਸਘੰਰਸ਼ ਕਰ ਰਹੀਆਂ ਹਨ। ਚੇਤੇ ਰਹੇ ਕਿ ਇੱਕ ਪਾਸੇ ਸਰਕਾਰ ਸਮਾਜ ਲਈ ਖਤਰਨਾਕ ਅਪਰਾਧੀਆਂ ਨੂੰ ਤਾਂ ਕੋਰੋਨਾ ਮਹਾਂਮਾਰੀ ਕਾਰਨ ਪੈਰੋਲ ਤੇ ਰਿਹਾ ਕਰ ਰਹੀ ਹੈ, ਪਰ ਦੂਜੇ ਪਾਸੇ ਕਰੋੜਾਂ ਲੋਕਾਂ ਦੀ ਆਵਾਜ ਸ਼੍ਰੀ ਵਰਵਰਾ ਰਾਓ, ਗੌਤਮ ਨਵਲੱਖਾ, ਪ੍ਰੋ. ਸਾਈ ਬਾਬਾ, ਮੈਡਮ ਸੁਧਾ ਭਾਰਵਦਵਾਜ ਤੇ ਅਨਿੱਲ ਤੂੰਬੜੇ ਵਰਗੇ ਸਮਾਜਿਕ ਕਾਰਕੁੰਨ, ਬੁੱਧੀਜੀਵੀ, ਸਾਹਿਤਕਾਰ, ਰੰਗਕਰਮੀਆਂ ਨੂੰ ਬੇਬੁਨਿਆਦ ਝੂਠੇ ਕੇਸ ਬਣਾ ਕੇ ਜੇਲ੍ਹਾਂ ਵਿਚ ਬੰਦ ਕਰ ਰਹੀ ਹੈ। ਸਾਹਿਤਕਾਰਾਂ, ਰੰਗਕਰਮੀਆਂ, ਲੋਕ ਜਥੇਬੰਦੀਆਂ ਦੇ ਆਗੂਆਂ ਵਲੋਂ ਵਲੋਂ ਸ੍ਰੀ ਵਰਵਰਾ ਰਾਓ ਵਾਂਗ ਗਿ੍ਰਫ਼ਤਾਰ ਹੋਰ ਲੇਖਕਾਂ, ਸਮਾਜਿਕ ਕਾਰਕੁੰਨਾ, ਬੁੱਧੀਜੀਵੀਆਂ ਨੂੰ ਵੀ ਰਿਹਾ ਕਰਨ ਲਈ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਹੈ। 
ਅੰਤ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀ ਬਹੁਤ ਹੀ ਪੁਰਾਣੀ ਪਰ ਬਹੁਤ ਹੀ ਹਰਮਨ ਪਿਆਰੀ ਕਾਵਿ ਰਚਨਾ ਦੇ ਕੁਝ ਅੰਸ਼:
ਜਿੱਥੇ ਲੱਖ ਮਣਿਆਂ ਦਾ ਲੋਹਿਆ,
ਜ਼ੰਜੀਰਾਂ ਹੱਥਕੜੀਆਂ ਹੋਇਆ,
ਜਿੱਥੇ ਕੈਦ-ਖਾਨਿਆਂ ਜੇਹਲਾਂ
ਮੀਲਾਂ ਤੀਕ ਵਲਗਣਾਂ ਵਲੀਆਂ,
ਜਿੱਥੇ ਮਜ਼ਹਬ ਦੇ ਨਾਂ ਥੱਲੇ,
ਦਰਿਆ ਕਈ ਖ਼ੂਨ ਦੇ ਚੱਲੇ,
ਜਿੱਥੇ ਵਤਨ-ਪਰਸਤੀ ਤਾਈਂ,
ਜੁਰਮ ਸਮਝਦੀ ਧੱਕੇ ਸ਼ਾਹੀ,
ਜਿੱਥੇ ਸ਼ਾਇਰ ਬੋਲ ਨਾ ਸਕਣ,
ਦਿਲ ਦੀਆਂ ਘੁੰਡੀਆਂ ਖੋਲ੍ਹ ਨਾ ਸਕਣ,
ਮੈਂ ਨਹੀਂ ਰਹਿਣਾ ਐਸੀ ਥਾਂ-
ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀ ਇਸ ਕਾਵਿ ਰਚਨਾ ਦੇ ਅੰਸ਼ਾਂ ਤੋਂ ਅੱਜ ਵੀ ਜ਼ਾਹਿਰ ਹੈ ਕਿ ਹਾਲਾਤ ਬਦ ਤੋਂ ਬਦਤਰ ਹੁੰਦੇ ਚਲੇ ਗਏ ਹਨ। ਸ਼ਾਇਰਾਂ ਨੂੰ ਇਸ ਵੇਲੇ ਸਿਰ ਜੋੜ ਕੇ ਸੋਚਣ ਦੀ ਲੋੜ ਵੀ ਹੈ ਅਤੇ ਸਾਂਝੇ ਐਕਸ਼ਨ ਕਰਨ ਦੀ ਵੀ। ਚੰਗਾ ਹੋਵੇ ਜੇ ਕਰ ਕਲਮਕਾਰਾਂ ਦੇ ਸੰਗਠਨ ਅਹੁਦਿਆਂ ਦੇ ਲਾਲਚ ਛੱਡ ਕੇ ਭਾਈ ਭਤੀਜਾਵਾਦ ਤੋਂ ਉੱਪਰ ਉੱਠ ਕੇ ਅੱਜ ਦੇ ਇਹਨਾਂ ਅਸਲ ਮਸਲਿਆਂ ਬਾਰੇ ਕੁਝ ਠੋਸ ਕਦਮ ਚੁੱਕਣ। 

Thursday 16 July 2020

ਅਮਰੀਕਾ ਵੱਸਦੇ ਪ੍ਰਸਿੱਧ ਪੰਜਾਬੀ ਕਵੀ ਹਰਭਜਨ ਸਿੰਘ ਬੈਂਸ ਸੁਰਗਵਾਸ

 16th  July 2020 at 8:24 PM
 ਸਾਹਿਤਕ ਹਲਕਿਆਂ ਚ ਸੋਗ ਦੀ ਲਹਿਰ 
ਲੁਧਿਆਣਾ: 16 ਜੁਲਾਈ 2020: (ਸਾਹਿੱਤ ਸਕਰੀਨ ਬਿਊਰੋ)::
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਤੇ (ਸਿਆਟਲ)ਅਮਰੀਕਾ ਵੱਸਦੇ ਪੰਜਾਬੀ ਕਵੀ ਸ: ਹਰਭਜਨ ਸਿੰਘ ਬੈਂਸ ਬੀਤੇ ਦਿਨ  15 ਜੁਲਾਈ ਨੂੰ ਦਿਲ ਦੀ ਹਰਕਤ ਬੰਦ ਹੋਣ ਕਾਰਨ ਸੁਰਗਵਾਸ ਹੋ ਗਏ ਹਨ।
ਸ: ਬੈਂਸ ਪੰਜਾਬੀ ਮਾਂ-ਬੋਲੀ ਦੇ ਅਲੰਬਰਦਾਰ, ਉਸਤਾਦ ਗ਼ਜ਼ਲਗੋ, ਕਈ ਕਿਤਾਬਾਂ ਦੇ ਰਚੇਤਾ, ਕਈ ਭਾਸ਼ਾਵਾਂ ਦੇ ਗਿਆਤਾ ਤੇ ਮਹਾਨ ਵਿਦਵਾਨ ਸਨ। ਕੈਨੇਡਾ ਚ ਛਪਦੇ ਸਪਤਾਹਿਕ ਅਖ਼ਬਾਰ ਚੜ੍ਹਦੀ ਕਲਾ ਦੇ ਵੀ ਆਪ ਸੰਪਾਦਕ ਰਹੇ।
ਸ: ਬੈਂਸ ਦੇ ਦੇਹਾਂਤ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਉਨ੍ਹਾਂ ਦੇ ਪਰਿਵਾਰਕ ਸਨੇਹੀ ਪ੍ਰੋ: ਗੁਰਭਜਨ ਸਿੰਘ ਗਿੱਲ, ਸਰਦਾਰ ਪੰਛੀ,ਤ੍ਰੈਲੋਚਨ ਲੋਚੀ, ਡਾ: ਗੁਰਇਕਬਾਲ ਸਿੰਘ,ਮਨਜਿੰਦਰ ਸਿੰਘ ਧਨੋਆ , ਡਾ: ਜਗਵਿੰਦਰ ਜੋਧਾ,ਰਮਣੀਕ ਕੌਰ, ਗੁਰਚਰਨ ਕੌਰ ਕੋਚਰ, ਸਹਿਜਪ੍ਰੀਤ ਸਿੰਘ ਮਾਂਗਟ, ਡਾ: ਜਗਵਿੰਦਰ ਜੋਧਾ ਨੇ ਵੀ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। 
ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੇ ਸਰਪ੍ਰਸਤ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ,ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ, ਜਨ: ਸਕੱਤਰ ਡਾ: ਸੁਰਜੀਤ ਸਿੰਘ ਨੇ ਵੀ ਪੰਜਾਬੀ ਕਵੀ ਸ: ਹਰਭਜਨ ਸਿੰਘ ਬੈਂਸ ਦੇ ਜਾਣ ਦਾ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਓਥੇ ਪੰਜਾਬੀ ਲਿਖਾਰੀ ਸਭਾ ਸਿਆਟਲ ਅਤੇ ਪੰਜਾਬੀ ਮਾਂ-ਬੋਲੀ ਦੇ ਪਿਆਰ ਕਰਨ ਵਾਲੇ ਸਮੂਹ ਪੰਜਾਬੀਆਂ ਨੂੰ ਵੀ ਭਾਰੀ ਘਾਟਾ ਪਿਆ ਹੈ।
ਸਰਦਾਰ  ਬੈਂਸ ਨੂੰ ਭਾਰਤ, ਪਾਕਿਸਤਾਨ, ਅਮਰੀਕਾ, ਕਨੇਡਾ, ਇੰਗਲੈਂਡ ਅਤੇ ਹੋਰ ਕਈ ਦੇਸ਼ਾਂ ਵਿੱਚ ਅਨੇਕਾਂ ਮਾਣ-ਸਨਮਾਨ ਮਿਲੇ ਹਨ। ਉਹ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਮੋਢੀਆਂ ਵਿਚੋਂ ਸਨ ਅਤੇ ਲੰਮਾ ਸਮਾਂ ਪ੍ਰਧਾਨ ਵੀ ਰਹੇ।
              ਸਰਦਾਰ ਹਰਭਜਨ ਸਿੰਘ ਬੈਂਸ ਆਪਣੇ ਪਿੱਛੇ ਤਿੰਨ ਸਪੁੱਤਰ ਹਰਿੰਦਰਪਾਲ ਸਿੰਘ ਬੈਂਸ, ਗਗਨਦੀਪ ਸਿੰਘ ਬੈਂਸ, ਗੁਰਿੰਦਰ ਸਿੰਘ ਬੈਂਸ, ਬੇਟੀ ਰਵਿੰਦਰ ਕੌਰ, ਪੋਤੇ-ਪੋਤੀਆਂ, ਦੋਹਤੇ-ਦੋਹਤੀਆਂ ਹੱਸਦਾ-ਵੱਸਦਾ ਪਰਿਵਾਰ ਛੱਡ ਕੇ ਗਏ ਹਨ।

Tuesday 14 July 2020

ਕਲਾਪੀਠ ਵੱਲੋਂ ਫਿਰੋਜ਼ਪੁਰ ਵਿੱਚ ਦੋ ਹਿੰਦੀ ਬਾਲ ਪੁਸਤਕਾਂ ਦਾ ਲੋਕ ਅਰਪਣ

Tuesday: 14th July 2020 at 17:58 Messenger  
 ਸ਼ਾਇਰ ਅਨਿਲ ਆਦਮ ਵੱਲੋਂ ਸੰਪਾਦਤ ਹਨ ਦੋਵੇਂ ਹਿੰਦੀ ਬਾਲ ਪੁਸਤਕਾਂ 
ਫ਼ਿਰੋਜ਼ਪੁਰ: 14 ਜੁਲਾਈ 2020: (ਸਾਹਿਤ ਸਕਰੀਨ ਬਿਊਰੋ)::
ਜਦੋਂ ਪੰਜਾਬ ਵਿੱਚ ਗੋਲੀ ਦੀ ਭਾਸ਼ਾ ਆਮ ਹੋ ਗਈ ਸੀ। ਸਵੇਰੇ ਘਰੋਂ ਨਿਕਲ ਕੇ ਇਹ ਪਤਾ ਨਹੀਂ ਸੀ ਹੁੰਦਾ ਕਿ ਸ਼ਾਮੀ ਘਰਾਂ ਨੂੰ ਪਰਤਣਾ ਹੈ ਜਾਂ ਨਹੀਂ ਉਦੋਂ ਵੀ ਕਲਾਪੀਠ ਨੇ ਇਸ ਸਰਹੱਦੀ ਸ਼ਹਿਰ ਫ਼ਿਰੋਜ਼ਪੁਰ ਵਿੱਚ ਸੁਹਜ ਭਰੇ ਸ਼ਬਦਾਂ ਰਾਹੀਂ ਸਾਹਿਤਿਕ ਸਰਗਰਮੀਆਂ ਜਾਰੀ ਰੱਖੀਆਂ। ਹੁਣ ਕੋਰੋਨਾ ਦੇ ਦੌਰ ਵਿੱਚ ਵੀ ਕਲਾਪੀਠ ਲਗਾਤਾਰ ਸਰਗਰਮ ਹੈ। ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ.) ਵੱਲੋਂ ਸਰਕਾਰ ਦੇ ਫ਼ਿਜ਼ੀਕਲ ਡਿਸਟੈਂਸਿੰਗ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਕਰਵਾਏ ਇੱਕ ਸਾਦੇ ਪਰ ਭਾਵਪੂਰਤ ਸਮਾਗਮ ਵਿੱਚ ਪੰਚਤੰਤਰ ਦੀਆਂ ਕਹਾਣੀਆਂ ਤੇ ਅਧਾਰਿਤ ਸ਼ਾਇਰ ਅਨਿਲ ਆਦਮ ਵੱਲੋਂ ਸੰਪਾਦਤ ਦੋ ਹਿੰਦੀ ਬਾਲ ਪੁਸਤਕਾਂ  'ਸੰਗੀਤਕਾਰ ਗਧਾ' ਅਤੇ  'ਘਮੰਡ ਕਾ ਸਿਰ ਨੀਚਾ' ਦਾ ਲੋਕ ਅਰਪਣ ਕੀਤਾ ਗਿਆ।
ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰਿੰਸੀਪਲ ਦਿਨੇਸ਼ , ਪ੍ਰੋਫੈਸਰ ਗੁਰਤੇਜ ਕੋਹਾਰਵਾਲਾ, ਪ੍ਰੋਫੈਸਰ ਜਸਪਾਲ ਘਈ, ਪ੍ਰੋਫੈਸਰ  ਕੁਲਦੀਪ ਅਤੇ ਅਨਿਲ ਆਦਮ ਸ਼ਾਮਲ ਹੋਏ।
ਪ੍ਰੋ.ਜਸਪਾਲ ਘਈ ਨੇ ਅਨਿਲ ਆਦਮ ਦੀ ਸ਼ਖ਼ਸੀਅਤ ਅਤੇ ਉਸਦੀਆਂ ਰਚਨਾਤਮਿਕ ਸਰਗਰਮੀਆਂ ਬਾਰੇ ਚਾਨਣਾ ਪਾਉਂਦਿਆਂ ਉਸ ਦੇ ਸਿਰਜਣਾਤਮਕ ਜਗਤ ਦੇ ਬਹੁਪਰਤੀ ਪਾਸਾਰਾਂ ਬਾਰੇ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਸੁਖਜਿੰਦਰ ਫ਼ਿਰੋਜ਼ਪੁਰ ਨੇ ਬਾਲ ਸਾਹਿਤ ਦੇ ਇਤਿਹਾਸ ਪ੍ਰਸੰਗ ਨੂੰ ਅੱਜ ਨਾਲ ਜੋੜ ਕੇ ਇਸ ਦੀ ਅਜੋਕੇ ਵਕਤਾਂ ਵਿੱਚ ਲੋੜ ਤੇ ਜ਼ੋਰ ਦਿੱਤਾ। ਪ੍ਰੋ.ਗੁਰਤੇਜ ਕੋਹਾਰਵਾਲਾ ਨੇ ਬਾਲ ਸਾਹਿਤ ਦੇ ਖੇਤਰ ਵਿੱਚ ਅਨਿਲ ਆਦਮ ਦੀ ਦਖ਼ਲ ਅੰਦਾਜ਼ੀ ਸ਼ੁਭ ਵਰਤਾਰਾ ਹੈ। ਪ੍ਰਿੰਸੀਪਲ ਦਿਨੇਸ਼ ਨੇ ਅਨਿਲ ਆਦਮ ਅਤੇ ਕਲਾਪੀਠ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਮੰਚ ਸੰਚਾਲਕ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਹਰਮੀਤ ਵਿਦਿਆਰਥੀ ਨੇ ਕਾਲਜ ਮੈਨੇਜਮੈਂਟ, ਪ੍ਰਿੰਸੀਪਲ ਅਤੇ ਸਟਾਫ਼ ਦਾ ਧੰਨਵਾਦ ਕਰਦਿਆਂ ਅਨਿਲ ਆਦਮ ਦੀ ਤਾਜ਼ਾ ਪ੍ਰਾਪਤੀ ਲਈ ਮੁਬਾਰਕ ਦਿੱਤੀ।
ਇਸ ਸਾਦਾ ਜਿਹੇ ਸਮਾਗਮ ਵਿੱਚ ਪ੍ਰੋ.ਕੁਲਦੀਪ, ਰਾਜੀਵ ਖ਼ਿਆਲ, ਕਪਿਲ ਦੇਵ, ਡਾ. ਅਮਨਦੀਪ ਸਿੰਘ, ਡਾ. ਜੀਤ ਪਾਲ,ਯਾਦਵਿੰਦਰ ਸਿੰਘ, ਇਕਬਾਲ ਸਿੰਘ ਵੀ ਸ਼ਾਮਲ ਹੋਏ।
ਕਲਾਪੀਠ ਵੱਲੋਂ ਫਿਰੋਜ਼ਪੁਰ ਵਿੱਚ ਦੋ ਹਿੰਦੀ ਬਾਲ ਪੁਸਤਕਾਂ  ਦਾ ਲੋਕ ਅਰਪਣ