google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: April 2019

Saturday 20 April 2019

ਧਰਤੀ ਪੁੱਤਰ ਸੀ ਲੋਕ ਕਵੀ ਸੰਤ ਰਾਮ ਉਦਾਸੀ-ਗੁਰਭਜਨ ਗਿੱਲ

Apr 20, 2019, 6:14 PM
ਲੋਕ ਕਵੀ ਸੰਤ ਰਾਮ ਉਦਾਸੀ ਮੰਚ ਵਲੋਂ ਮਨਾਇਆ ਗਿਆ 80ਵਾਂ ਜਨਮ ਦਿਨ
ਲੁਧਿਆਣਾ: 20 ਅਪਰੈਲ 2019: (ਸਾਹਿਤ ਸਕਰੀਨ ਬਿਊਰੋ)::
ਲੋਕ ਕਵੀ ਸੰਤ ਰਾਮ ਉਦਾਸੀ ਮੰਚ ਵਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਸੰਤ ਰਾਮ ਉਦਾਸੀ ਦਾ 80ਵਾਂ ਜਨਮ ਦਿਨ ਪੰਜਾਬੀ ਭਵਨ ਲੁਧਿਆਣਾ ਵਿਖੇ ਮਨਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਅਕਾਡਮੀ ਦੇ ਮੀਤ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ, ਚਰਨ ਸਿੰਘ ਸਰਾਭਾ, ਡਾ. ਗੁਰਚਰਨ ਕੌਰ ਕੋਚਰ ਅਤੇ ਮੰਚ ਦੇ ਪ੍ਰਧਾਨ ਜਗਸ਼ਰਨ ਸਿੰਘ ਛੀਨਾ ਸ਼ਾਮਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸੰਤ ਰਾਮ ਉਦਾਸੀ ਧਰਤੀ ਦਾ ਪੁੱਤਰ ਕਵੀ ਸੀ ਜਿਸ ਨੇ ਧਰਤੀ ਦੇ ਦੁੱਖ ਸੁੱਖ ਨੂੰ ਆਪਣੇ ਸ਼ਬਦਾਂ 'ਚ ਪਰੋਇਆ। ਉਦਾਸੀ ਦੀ ਸ਼ਾਇਰੀ ਜਿੱਥੇ ਕੱਚੇ ਵਿਹਡ਼ਿਆਂ ਦੇ ਦਰਦ ਨੂੰ ਪੇਸ਼ ਕਰਦੀ ਹੈ ਉਥੇ ਨਾਲ ਹੀ ਧਰਤੀ ਦੇ ਸ੍ਵੈਮਾਣ ਨੂੰ ਵੀ ਪੇਸ਼ ਕਰਦੀ ਹੈ। ਉਹਨਾਂ ਕਿਹਾ ਕਿ ਉਦਾਸੀ ਨੇ ਮੇਰੀ ਪੀੜ੍ਹੀ ਦੇ ਸਿਰਜਕਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ।
ਚਰਨ ਸਿੰਘ ਸਰਾਭਾ ਨੇ ਉਦਾਸੀ ਜੀ ਨਾਲ ਆਪਣੀ ਸਾਂਝ ਅਤੇ ਸਮਾਜਵਾਦੀ ਇਨਕਲਾਬੀ ਲਹਿਰ ਵਿਚ ਉਹਨਾਂ ਦੇ ਯੋਗਦਾਨ ਦੀ ਚਰਚਾ ਕੀਤੀ। ਸੰਤ ਰਾਮ ਉਦਾਸੀ ਬਾਰੇ ਗੱਲ ਕਰਦਿਆਂ ਬਲਕੌਰ ਸਿੰਘ ਗਿੱਲ ਨੇ ਕਿਹਾ ਕਿ ਉਹ ਧਰਤੀ ਧਰਮ ਨਿਭਾਉਣ ਵਾਲਾ ਲੋਕ ਕਵੀ ਸੀ। ਆਪਣੀਆਂ ਨਿੱਜੀ ਮੁਲਾਕਾਤਾਂ ਦੇ ਹਵਾਲੇ ਨਾਲ ਉਹਨਾਂ ਕਿਹਾ ਕਿ ਅੱਜ ਸਮਾਜਕ ਸਥਿਤੀ ਬਾਰੇ ਚਿੰਤਾ ਨਹੀਂ, ਚਿੰਤਨ ਕਰਨ ਦੀ ਲੋਡ਼ ਹੈ। ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਉਦਾਸੀ ਤੋਂ ਅੱਜ ਦੀ ਦੇਸ਼ ਭਗਤੀ ਦੇ ਸੰਧਰਵ ਨੂੰ ਇਹ ਕਹਿ ਕੇ ਬਾਖ਼ੂਬੀ ਪ੍ਰੀਭਾਸ਼ਿਤ ਕਰ ਦਿੱਤਾ ਸੀ ਕਿ ਦੇਸ਼ ਤੋਂ ਜ਼ਿੰਦਗੀ ਤੇ ਜ਼ਿੰਦਗੀ ਤੋਂ ਲੋਕ ਪਿਆਰੇ ਹੁੰਦੇ ਨੇ। ਅਸਲ ਦੇਸ਼ ਭਗਤੀ ਲੋਕ ਸੇਵਾ ਹੀ ਹੁੰਦੀ ਹੈ। ਪ੍ਰਧਾਨਗੀ ਮੰਡਲ ਵਿਚੋਂ ਡਾ. ਗੁਰਚਰਨ ਕੌਰ ਕੋਚਰ ਨੇ ਸੰਬੋਧਨ ਕਰਦਿਆਂ ਉਦਾਸੀ ਜੀ ਦੀ ਗੀਤਕਾਰੀ ਅਤੇ ਜੀਵਨ ਸੰਬੰਧੀ ਗੱਲਬਾਤ ਕੀਤੀ। ਕਵੀ ਦਰਬਾਰ ਵਿਚ ਹੋਰਨਾਂ ਤੋਂ ਇਲਾਵਾ ਦਲਬੀਰ ਕਲੇਰ, ਹਰਬੰਸ ਮਾਲਵਾ, ਅਮਰਜੀਤ ਸ਼ੇਰਪੁਰੀ, ਸਿਮਰਨ ਕੌਰ ਧੁੱਗਾ, ਪਰਮਿੰਦਰ ਅਲਬੇਲਾ, ਹਾਕਮ ਕਾਂਗਡ਼, ਸੁਖਵਿੰਦਰ ਅਨਹਦ, ਸੁਰਿੰਦਰ ਦੀਪ, ਜਤਿੰਦਰ ਕੌਰ ਗਿੱਲ ਸੰਧੂ, ਬਲਕੌਰ ਸਿੰਘ ਗਿੱਲ, ਯਾਦਵਿੰਦਰ ਭਾਮੀਆਂ, ਸੋਹਣ ਸਿੰਘ ਸਮੇਤ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਮਹਾਨ ਕਵੀ ਨੂੰ ਯਾਦ ਕੀਤਾ। ਇਸ ਮੌਕੇ ਮੰਚ ਸੰਚਾਲਨ ਸਰਬਜੀਤ ਸਿੰਘ ਵਿਰਦੀ ਨੇ ਕੀਤਾ। ਰਵੀ ਦੀਪ ਰਵੀ ਨੇ ਸੰਤ ਰਾਮ ਉਦਾਸੀ ਦੇ ਜੀਵਨ ਤੇ ਸੰਘਰਸ਼ ਬਾਰੇ ਚਾਨਣਾ ਪਾਇਆ।

Saturday 13 April 2019

ਪੰਜਾਬੀ ਸਾਹਿਤ ਅਕਾਡਮੀ ਜਨਰਲ ਇਜਲਾਸ ਵਿੱਚ ਉਠਾਏ ਜਾਣਯੋਗ ਮਸਲੇ

14 ਅਪ੍ਰੈਲ 2019 ਨੂੰ ਹੋ ਰਿਹਾ ਹੈ ਅਕਾਡਮੀ ਦਾ ਜਨਰਲ ਇਜਲਾਸ
ਲੁਧਿਆਣਾ: 13 ਅਪਰੈਲ 2019: (ਸਾਹਿਤ ਸਕਰੀਨ ਬਿਊਰੋ)::
ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੀ ਕਿਸੇ ਕਲਮੀ ਰਿਆਸਤ ਤੋਂ ਘੱਟ ਨਹੀਂ। ਇੱਕ ਅਜਿਹੀ ਰਿਆਸਤ ਜਿੱਥੇ ਆ ਕੇ ਵੱਖ ਵੱਖ ਧੜਿਆਂ ਨਾਲ ਜੁੜੇ ਕਲਮਕਾਰ ਵੀ ਸਕੂਨ ਦੇ ਕੁਝ ਪਲ ਬਿਤਾ ਸਕਦੇ ਹਨ। ਇਹ ਵੱਖਰੀ ਗੱਲ ਹੈ ਕਿ ਅਜਿਹਾ ਪੂਰੀ ਤਰਾਂ ਹੋਣ ਵਿੱਚ ਕੁਝ ਦਿੱਕਤਾਂ ਆ ਰਹੀਆਂ ਹਨ। ਹਾਲਾਂਕਿ ਪੰਜਾਬੀ ਭਵਨ ਲੁਧਿਆਣਾ ਦੀਆਂ ਸਰਗਰਮੀਆਂ ਪਿਛਲੇ ਕੁਝ ਸਮੇਂ ਵਿੱਚ ਹੋਰ ਤੇਜ਼ ਹੋਈਆਂ ਹਨ ਫਿਰ ਵੀ ਖੜੋਤ ਵਰਗੀ ਹਾਲਤ ਅਜੇ ਟੁੱਟ ਨਹੀਂ ਰਹੀ। ਇਸੇ ਦੌਰਾਨ ਹਰਿਆਣਵੀ ਡਾਂਸਰ ਸਪਨਾ ਚੌਧਰੀ ਦਾ ਆਉਣਾ ਕੁਝ ਚਰਚਾ ਦਾ ਵਿਸ਼ਾ ਬਣਿਆ ਸੀ ਅਤੇ ਉਸੇ ਸ਼ਾਮ  ਓਪਨ ਏਅਰ ਥਿਏਟਰ ਦੇ ਡਿਗੂੰ ਡਿਗੂੰ ਕਰਦੇ ਕੁਝ ਹਿੱਸਿਆਂ ਦੀ ਗੱਲ ਵੀ ਤੁਰੀ ਸੀ ਪਰ ਮਾਮਲਾ ਫਿਰ ਦੱਬਿਆ ਹੀ ਰਹਿ ਗਿਆ। ਇਸ ਵੇਲੇ ਪੰਜਾਬੀ ਸਾਹਿਤ ਅਕਾਦਮੀ ਦੀ ਤੁਲਨਾ ਦੇਸ਼ ਦੇ ਉਹਨਾਂ ਵੇਲਿਆਂ ਨਾਲ ਵੀ ਕੀਤੀ ਜਾ ਸਕਦੀ ਹੈ ਜਦੋਂ ਕਿਹਾ ਜਾਂਦਾ ਸੀ ਕਿ ਦੇਸ਼ ਵਿੱਚ ਸੱਤਾ ਦੇ ਦੋ ਕੇਂਦਰ ਬਣੇ ਹੋਏ ਹਨ? ਅਕਾਦਮੀ ਦੀ ਹਾਲਤ ਵੀ ਕੁਝ ਅਜਿਹੀ ਹੀ ਲੱਗਦੀ ਹੈ। ਜੇ ਇੱਕ ਧੜਾ ਕੁਝ ਵਿਸ਼ੇਸ਼ ਆਯੋਜਨ ਕਰਦਾ ਹੈ ਤਾਂ ਦੂਜਾ ਧੜਾ ਗੈਰਹਾਜ਼ਰ ਹੁੰਦਾ ਹੈ। ਗੈਰਹਾਜ਼ਰੀ ਨੂੰ ਹਥਿਆਰ ਬਣਾ ਕੇ "ਵੀਟੋ ਪਾਵਰ" ਵਾਂਗ ਵਰਤਣ ਦੀਆਂ ਅਜਿਹੀਆਂ "ਕੋਸ਼ਿਸ਼ਾਂ" ਦਾ ਸਿੱਧਾ ਅਸਰ ਪੰਜਾਬੀ ਭਵਨ ਵਿੱਚ ਹੁੰਦੇ ਸਮਾਗਮਾਂ ਦੀ ਹਾਜ਼ਰੀ 'ਤੇ ਪੈ ਰਿਹਾ ਹੈ। 
ਹੋ ਸਕਦਾ ਹੈ ਕਿ ਕੁਝ ਲੋਕਾਂ ਨੂੰ ਆਪਣੀ ਚੌਧਰ ਚਮਕਣ ਦਾ ਭੁਲੇਖਾ ਵੀ ਪੈ ਰਿਹਾ ਹੋਵੇ ਪਰ ਅਸਲ ਵਿੱਚ ਪੰਜਾਬੀ ਭਵਨ ਵਿੱਚ ਹੁੰਦੇ ਸ਼ੁੱਧ ਸਾਹਿਤਿਕ ਸਮਾਗਮਾਂ ਦੀ ਸ਼ਾਨ ਘਟ ਰਹੀ ਹੈ। ਦੂਜੇ ਪਾਸੇ ਸਿਆਸੀ ਕਹੇ ਜਾ ਸਕਦੇ ਸਮਾਗਮਾਂ ਵਿੱਚ ਹਾਜ਼ਰੀ ਏਨੀ ਜ਼ਿਆਦਾ ਹੁੰਦੀ ਹੈ ਕਿ ਹਾਲ ਵਿੱਚੋਂ ਲੰਘ ਕੇ ਦੋ ਚਾਰ ਤਸਵੀਰਾਂ ਖਿੱਚਣਾ ਵੀ ਬੜਾ ਮੁਸ਼ਕਿਲ ਜਿਹਾ ਮਹਿਸੂਸ ਹੁੰਦਾ ਹੈ। ਅਜਿਹੇ ਬੜੇ ਮੁੱਦੇ ਹਨ ਜਿਹੜੇ ਧਿਆਨ ਮੰਗਦੇ ਹਨ। ਉਮੀਦ ਕਰਨੀ ਚਾਹੀਦੀ ਹੈ ਕਿ ਹਾਲਤ ਵਿੱਚ ਸੁਧਾਰ ਵੀ ਜਲਦੀ ਹੀ ਹੋਵੇਗਾ। ਇਸੇ ਦੌਰਾਨ ਇੱਕ ਬੇਨਾਮੀ ਜਿਹਾ ਦਸਤਾਵੇਜ਼ ਫਾਰਵਰਡ ਹੁੰਦਾ ਹੁੰਦਾ ਸਾਡੇ ਤੱਕ ਵੀ ਪਹੁੰਚਿਆ ਹੈ। ਇਸ ਵਿੱਚ ਕੁਝ ਨੁਕਤੇ ਉਠਾਏ ਗਏ ਹਨ। ਇਸ ਵੇਰਵੇ ਨੂੰ ਹੂਬਹੂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਸ ਬਾਰੇ ਪੁੱਜੇ ਸੱਭਿਅਕ ਸ਼ਬਦਾਂ ਵਾਲੇ ਪ੍ਰਤੀਕਰਮ ਵੀ ਪੂਰੇ ਆਦਰ ਨਾਲ ਪ੍ਰਕਾਸ਼ਿਤ ਕੀਤੇ ਜਾਣਗੇ। 
ਅਕਾਡਮੀ ਦੇ ਸੂਝਵਾਨ ਮੈਂਬਰ, ਚੋਣਾਂ ਸਮੇਂ, ਵਿਭਿੰਨ ਅਹੁਦੇਦਾਰਾਂ ਦੀ ਚੋਣ ਕਰਦੇ ਹਨ ਅਤੇ ਉਨ੍ਹਾਂ ਤੋਂ ਅਕਾਡਮੀ ਦੀ ਭਲਾਈ ਦੀ ਕਾਰਜਸ਼ੀਲਤਾ ਦੀ ਉਮੀਦ ਕਰਦੇ ਹਨ। ਪਿਛਲੀਆਂ ਚੋਣਾਂ ਤੋਂ ਬਾਅਦ ਪਹਿਲੀ ਮੀਟਿੰਗ ਵਿੱਚ ਹੀ ਕੁੱਝ ਗੱਲਾਂ ਤੇ ਮੱਤਭੇਦ ਉੱਭਰੇ, ਜਿਵੇਂ ਕਿ:- 
1- ਚੁਣੇ ਹੋਏ ਮੈਂਬਰਾਂ ਦੇ ਸਮਾਨ-ਅੰਤਰ ਕੁੱਝ ਹੋਰ ਮੈਂਬਰ ਜਾਂ ਹਾਰੇ ਹੋਏ ਮੈਂਬਰ ਨਾਮਜ਼ਦ ਨਾ ਕੀਤੇ ਜਾਣ। 
2- ਹਮੇਸ਼ ਦੀ ਤਰ੍ਹਾਂ ਸੰਵਿਧਾਨ ਅਨੁਸਾਰ ਨਾਮਜ਼ਦ ਮੈਂਬਰ ਪਹਿਲੀ ਮੀਟਿੰਗ ਵਿੱਚ ਭਾਗ ਨਹੀਂ ਲੈਂਦੇ, ਸਗੋਂ ਦੂਸਰੀ ਮੀਟਿੰਗ ਵਿੱਚ ਬਕਾਇਦਾ ਨਾਮਜ਼ਦਗੀ ਮੁਕੰਮਲ ਹੋਣ ਤੋਂ ਬਾਅਦ ਸਤਿਕਾਰ ਸਹਿਤ ਬੁਲਾਏ ਜਾਂਦੇ ਰਹੇ ਹਨ, ਪਰ ਇਸ ਵਾਰ ਹੋਇਆ ਇਸ ਤੋਂ ਬਿਲਕੁੱਲ ਉਲਟ ਅਤੇ ਮੱਤਭੇਦ ਰੱਖਣ ਵਾਲ਼ੇ ਅਹੁਦੇਦਾਰਾਂ ਦੀ ਰਾਏ ਨੂੰ ਧੱਕੇ ਨਾਲ਼ ਦਬਾ ਦਿੱਤਾ ਗਿਆ, ਤੇ ਵਿਰੋਧ ਦੀ ਵੱਖਰੀ ਰਾਇ ਵੀ ਕਾਰਵਾਈ ਵਿੱਚ ਦਰਜ ਨਹੀਂ ਕੀਤੀ ਗਈ। ਜਿਸਨੂੰ ਅਜੋਕੀਆਂ ਲੋਕਤੰਤਰੀ ਸੰਸਥਾਵਾਂ ਵਿੱਚ ਬੜਾ ਸਨਮਾਨ ਦਿੱਤਾ ਜਾਂਦਾ ਹੈ ਤੇ ਕਾਰਵਾਈ ਵਿੱਚ ਦਰਜ ਕੀਤਾ ਜਾਂਦਾ ਹੈ। 
3- ਜਨਰਲ ਸਕੱਤਰ ਜੀ ਇੱਕ ਹਫਤੇ ਵਿੱਚ ਕਾਰਵਾਈ ਦੀ ਕਾਪੀ ਮੈਂਬਰਾਂ ਨੂੰ ਭੇਜਣ ਦੀ ਰਿਵਾਇਤ ਤੋਂ ਉਲ਼ਟ ਕਈ ਮਹੀਨੇ ਟੱਪਾ ਗਏ ਤੇ ਪੁੱਛਣ ਤੇ ਸੂਚਨਾ ਟੈਕਨਾਲੇਜੀ ਦਾ ਜ਼ਮਾਨਾ ਕਹਿ ਕੇ ਟਾਲ਼ ਦਿੰਦੇ ਰਹੇ। 
4- ਪਿਛਲੀ 20 ਜਨਵਰੀ 2019 ਨੂੰ ਹੋਈ ਮੀਟਿੰਗ ਦੀ ਰਿਪੋਰਟ ਅਜੇ ਤੱਕ ਉਸ ਮੀਟਿੰਗ ਵਿੱਚ ਫੈਸਲਾ ਹੋਣ ਜਾਣ ਦੇ ਬਾਵਯੂਦ ਨਹੀਂ ਦੇ ਸਕੇ। ਅਜਿਹੀ ਖਿਚੋਤਾਣ ਕਾਰਨ ਪਿਛਲੀ ਮੀਟਿੰਗ ਦੀ ਕਾਰਵਾਈ ਦੀ ਰਿਪੋਰਟ ਸਿਮਟ ਕੇ ਇੱਕ ਪੰਨੇ ਤੋਂ ਵੀ ਘੱਟ ਰਹਿ ਗਈ। 
5- ਪਹਿਲੀ ਮੀਟਿੰਗ ਵਿੱਚ ਕਮੇਟੀਆਂ ਦੀ ਲੰਮੀ-ਚੌੜੀ ਲਿਸਟ ਬਣਾਈ ਗਈ ਸੀ। ਜਿੰਨ੍ਹਾਂ ਵਿੱਚੋਂ ਬਹੁਤੀਆਂ ਕਾਰਜਸ਼ੀਲ ਨਹੀਂ। ਜਦੋਂ ਕੋਈ ਅਹੁਦੇਦਾਰ ਆਪਣੇ ਜ਼ਿੰਮੇ ਲੱਗਿਆ ਸਮਾਗਮ ਕਰਵਾਉਣ ਲਈ ਜਨਰਲ ਸਕੱਤਰ ਨਾਲ਼ ਫੋਨ ਤੇ ਗੱਲ ਕਰਨੀ ਚਾਹੁੰਦਾ ਹੈ ਤਾਂ ਲੰਮਾ ਸਮਾਂ ਫੋਨ ਦਾ ਜਵਾਬ ਹੀ ਨਹੀਂ ਦਿੱਤਾ ਜਾਂਦਾ। ਜੇਕਰ ਫਿਰ ਵੀ, ਸੀ. ਮੀਤ ਪ੍ਰਧਾਨ ਦੇ ਅਹੁਦੇ ਵਾਲਾ ਮੈਂਬਰ ਸਮਾਗਮ ਕਰਵਾਉਣ ਦੇ ਬਾਰੇ ਇੱਕ ਮਹੀਨਾ ਪਹਿਲਾਂ ਸੂਚਨਾ, ਅਕਾਡਮੀ ਦੇ ਗਰੁੱਪ ਵਿੱਚ ਪਾ ਕੇ ਸਮਾਗਮ ਰੱਖ ਲੈਂਦਾ ਹੈ ਤਾਂ ਆਪਹੁਦਰੇ ਹੋਣ ਇਲਜ਼ਾਮ ਮੜ੍ਹ ਕੇ ਸਮਾਗਮ ਰੋਕਣ ਕੋਸ਼ਿਸ਼ ਹੀ ਨਹੀਂ ਕੀਤੀ ਜਾਂਦੀ, ਸਗੋਂ ਦਫਤਰ ਨੂੰ ਸਹਿਯੋਗ ਨਾ ਦੇਣ ਦੀਆਂ ਹਦਾਇਤਾਂ ਵੀ ਕਰ ਦਿੱਤੀਆਂ ਜਾਂਦੀਆਂ ਹਨ। ਗਰੁੱਪ ਦਾ ਵਟਸਐਪ ਦੇਖਿਆ ਜਾ ਸਕਦਾ ਹੈ। 
6- ਵਿੱਤੀ ਸੰਕਟ ਦੇ ਨਾਮ ਹੇਠ ਸਮਾਗਮ ਕਰਨ ਤੋਂ ਸੰਕੋਚ ਕਰਨ ਦੇ ਬਹਾਨੇ ਘੜੇ ਜਾਂਦੇ ਹਨ। ਸਿੱਧੇ ਤੌਰ ਤੇ ਵਿੱਤੀ ਸੰਕਟ ਮੰਨ ਕੇ, ਵਿੱਤੀ ਸਾਧਨ ਪੈਦਾ ਕਰਨ ਜਿਵੇਂ ਮਾਤ-ਭਾਸ਼ਾ ਫੰਡ ਆਦਿ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਵਿੱਤੀ ਸੰਕਟ ਦੂਰ ਕਰਨ ਦਾ ਇੱਕੋ ਇੱਕ ਸਾਧਨ ਦਾ ਤਰੀਕਾ ਸਕੂਲ ਐਜੁਕੇਸ਼ਨ ਬੋਰਡ ਨੂੰ ਬਿਲਡਿੰਗ ਕਿਰਾਏ ਤੇ ਦੇਣਾ ਹੀ ਮੰਨ ਲਿਆ ਜਾਂਦਾ ਹੈ। ਇਸ ਮੰਤਵ ਲਈ ਬੇਨਿਯਮੀਆਂ ਕਰਨ ਦੇ ਯਤਨ ਹੋਏ। ਪਹਿਲਾਂ ਫੈਸਲਾ ਹੋਇਆ ਸੀ ਕਿ ਅਕਾਡਮੀ ਟੈਂਡਰ ਮੰਗ ਕੇ ਵੱਧ ਰੇਟ ਦੇਣ ਵਾਲ਼ੀ ਪਾਰਟੀ ਨੂੰ ਕਿਰਾਏ ਤੇ ਦਿੱਤਾ ਜਾਵੇ। ਇਸ ਕੰਮ ਤੇ ਖਰਚ ਬਹੁਤ ਆਵੇਗਾ, ਏਸ ਪੱਜ ਨਾਲ਼ ਟੈਂਡਰ ਕਾਲ ਹੀ ਨਹੀਂ ਕੀਤੇ ਗਏ। ਪਹਿਲਾਂ ਬੋਰਡ ਦਾ ਆਪਣਾ ਹੀ ਫੈਸਲਾ ਸੀ ਕਿ ਆਪਣਾ ਦਫਤਰ ਆਪ ਹੀ ਬਣਾਇਆ ਜਾਵੇ, ਕਿਰਾਏ ਤੇ ਨਾ ਲਿਆ ਜਾਵੇ। ਪ੍ਰੰਤੂ, ਕਿਉਂਕਿ ਪੰਜਾਬੀ ਭਵਨ ਦੀ ਥਾਂ ਬੋਰਡ ਨੂੰ ਬਹੁਤ ਠੀਕ ਬੈਠਦੀ ਹੈ, ਬੋਰਡ ਨੇ ਫੈਸਲਾ ਬਦਲ ਲਿਆ ਅਤੇ ਟੈਂਡਰ ਮੰਗਣ ਦੀ ਆਪਣੇ ਵੱਲੋਂ ਕਾਲ ਕੀਤੀ ਗਈ। ਕੁੱਝ ਮੈਂਬਰ ਮੰਗ ਕਰ ਰਹੇ ਸਨ ਕਿ ਪੀ.ਡਬਲਯੂ.ਡੀ. ਤੋਂ ਕਿਰਾਇਆ ਇਸੈਸ ਕਰਾ ਲਿਆ ਜਾਵੇ ਤੇ ਓਹੀ ਟੈਂਡਰ ਭਰਿਆ ਜਾਵੇ। ਪੀ.ਬਲਯੂ.ਡੀ. ਨੇ ਮਿਤੀ 09-11-2018 ਨੂੰ ਕਿਰਾਇਆ ਰੇਟ 35 ਰੁਪਏ 98 ਪੈਸੇ ਇਸੈਸ ਕੀਤਾ ਸੀ। ਚਿੱਠੀ ਦਫਤਰ ਦੇ ਰਿਕਾਰਡ ਵਿੱਚ ਦਰਜ ਹੈ। ਪ੍ਰੰਤੂ ਪਹਿਲਾਂ ਟੈਂਡਰ 20 ਰੁਪਏ ਪ੍ਰਤੀ ਵਰਗ ਫੁੱਟ ਭਰਿਆ ਗਿਆ ਫੇਰ ਕਾਰਜਕਾਰਨੀ ਦੇ ਵਿਰੋਧ ਦੇ ਬਾਵਯੂਦ 'ਬਹੁ ਸੰਮਤੀ' ਦੇ ਫੈਸਲੇ, ਜੋ ਕਾਰਜਕਾਰਨੀ 14 ਰੁਪਏ ਫੁੱਟ ਪਾਸ ਕੀਤਾ ਸੀ, ਤੋਂ ਵੀ ਹੇਠਾਂ ਜਾ ਕੇ ਐਗਰੀਮੈਂਟ ਕੀਤੇ ਜਾਣ ਦੀ ਸ਼ੰਕਾ ਹੈ। ਐਗਰੀਮੈਂਟ ਦੀ ਕਾਪੀ ਸੀਨੀਅਰ ਮੈਂਬਰਾਂ ਦੇ ਮੰਗਣ ਤੇ ਵੀ ਨਹੀਂ ਦਿੱਤੀ ਗਈ। ਅਜਿਹਾ ਫੈਸਲਾ ਜਿੱਥੇ ਸ਼ੰਕੇ ਪੈਦਾ ਕਰਦਾ ਹੈ ਓਥੇ ਅਕਾਡਮੀ ਦੇ ਭਵਿੱਖ ਲਈ ਵੀ ਘਾਤਕ ਹੈ। 
7- ਐਜੁਕੇਸ਼ਨ ਬੋਰਡ ਨੇ ਪਿਛਲੇ ਕਿਰਾਏ ਵਿੱਚੋਂ ਕੁੱਝ ਮਹੀਨਿਆਂ ਦਾ ਟੀ.ਡੀ.ਐੱਸ. ਕੱਟਿਆ ਸੀ ਪਰ ਆਮਦਨ ਕਰ ਵਿਭਾਗ ਨੂੰ ਜਮ੍ਹਾਂ ਨਹੀਂ ਕਰਾਇਆ ਗਿਆ। 
8- ਅਕਾਡਮੀ ਵੱਲੋਂ ਦੁਬਾਰਾ ਕਿਰਾਏ ਤੇ ਦੇਣ ਸਮੇਂ ਇਹ ਮਸਲਾ ਵਿਚਾਰਿਆ ਤੱਕ ਨਹੀਂ। ਪੁਸਤਕਾਂ ਦੀਆਂ ਦੁਕਾਨਾਂ ਕਿਰਾਏ ਤੇ ਦੇਣ ਸਮੇਂ ਕਮੇਟੀ ਨੇ ਜਿੱਥੇ ਸਾਰੇ ਕਿਰਾਏਦਾਰਾਂ ਦਾ 25% ਕਿਰਾਇਆ ਵਧਾਇਆ, ਓਥੇ ਚੇਤਨਾ ਪ੍ਰਕਾਸ਼ਨ ਦਾ ਕਮੇਟੀ ਨੇ ਬਾਹਰੋਂ ਬਾਹਰ ਕਿਰਾਇਆ-ਨਾਮਾ ਕਰਕੇ ਸਿਰਫ 5% ਕਿਰਾਇਆ ਹੀ ਵਧਾਇਆ, ਹੋਰ ਤਾਂ ਹੋਰ 11 ਮਹੀਨੇ ਦੇ ਐਗਰੀਮੈਂਟ ਦੀ ਥਾਂ ਤੇ ਤਿੰਨ ਸਾਲ ਦਾ ਐਗਰੀਮੈਂਟ ਵੀ ਕਰ ਦਿੱਤਾ ਗਿਆ। 
9- ਪੁਰਾਣੀ ਲਾਇਬ੍ਰੇਰੀ ਦਾ ਇੱਕ ਪੋਰਸ਼ਨ ਆਪਣੇ ਤਰੀਕੇ ਨਾਲ਼ ਹੀ ਬਿਨ੍ਹਾਂ ਲਾਇਬ੍ਰੇਰੀ ਕਮੇਟੀ ਦੀ ਰੀਇ ਤੋਂ ਸਕੂਲ ਬੋਰਡ ਨੂੰ ਕਿਰਾਏ ਤੇ ਦਿੱਤਾ ਜਾ ਰਿਹਾ ਹੈ। ਵਿੱਤੀ ਸੰਕਟ ਦੂਰ ਕਰਨ ਲਈ ਵਿਭਿੰਨ ਕਿਰਾਏਦਾਰਾਂ ਪਾਸੋਂ, ਜਿਵੇਂ ਸੁਮਿਤ ਪ੍ਰਕਾਸ਼ਨ ਵੱਲ 12700- ਰੁਪਏ, ਚੇਤਨਾ ਪ੍ਰਕਾਸ਼ਨ ਵੱਲ 1,08045- ਰੁਪਏ, ਕਾਫੀ ਹਾਊਸ ਵੱਲ 52300- ਰੁਪਏ, ਭਾਸ਼ਾ ਵਿਭਾਗ ਵੱਲ ਜੁਲਾਈ 2017 ਤੋਂ ਕਰੀਬ ਸਵਾ ਦੋ ਲੱਖ ਰੁਪਏ ਲਿਆ ਹੀ ਨਹੀਂ ਗਿਆ ਅਤੇ ਨਾ ਹੀ ਕਾਰਜਕਾਰਨੀ ਵਿੱਚ ਪਾਸ ਕੀਤੀਆਂ ਸ਼ਰਤਾਂ ਅਨੁਸਾਰ ਦੁਬਾਰਾ ਨਿਰਧਾਰਤ ਕਾਰਵਾਈ ਕੀਤੀ ਗਈ ਹੈ। 
10- ਪਿਛਲੀ ਟਰਮ ਵਿੱਚ ਪ੍ਰਧਾਨ ਜੀ ਵੱਲੋਂ ਪਬਲੀਕੇਸ਼ਨ ਲਈ ਲਿਆਂਦੇ ਚਾਰ ਲੱਖ ਰੁਪਏ ਤਨਖਾਖਾਂ ਦੇਣ ਵਿੱਚ ਹੀ ਵਰਤੇ ਜਾ ਚੁੱਕੇ ਹਨ। ਮਾਤ-ਭਾਸ਼ਾ ਫੰਡ ਵਿੱਚ ਡਾ. ਗੁਲਜ਼ਾਰ ਸਿੰਘ ਪੰਧੇਰ ਦੇ ਯਤਨਾਂ ਨਾਲ਼ ਸਿਰਫ 11000- ਰੁਪਏ ਹੀ ਆਏ ਹਨ। 
11- ਜਨਰਲ ਸਕੱਤਰ ਨੇ ਜਿਹੜਾ ਕਿਤਾਬਚਾ ਮਾਤਾ-ਭਾਸ਼ਾ ਸਬੰਧੀ ਛਪਵਾਉਣਾ ਸੀ ਪਿਛਲੇ ਸਾਲਾਂ ਤੋਂ ਉਸ ਪਾਸੇ ਵੱਲ ਕੋਈ ਪ੍ਰਗਤੀ ਨਹੀਂ ਹੋਈ। 
12- ਅਲੋਚਨਾ ਮੈਗਜ਼ੀਨ ਵਿੱਚ ਜਨਰਲ ਸਕੱਤਰ ਆਪਣੇ ਵਿਦਿਆਰਥੀਆਂ ਦੇ ਮਜ਼ਬੂਨ ਛਾਪਦਾ ਹੈ, ਰੈਫਰਡ ਜਨਰਲ ਦੇ ਰੈਫਰੀਜ਼ ਦੇ ਨਾਮ ਤੱਕ ਨਹੀਂ ਦੱਸੇ ਜਾਂਦੇ, ਨਾ ਹੀ ਸੰਪਾਦਕੀ ਬੋਰਡ ਦੀ ਕੋਈ ਸਲਾਹ ਲਈ ਜਾਂਦੀ ਹੈ। 
13- ਮੈਂਬਰਸ਼ਿੱਪ ਦੀ ਨਿਰੰਤਰਤਾ ਫੀਸ ਅਤੇ ਇਕੱਤ੍ਰਤਾ ਵਿੱਚ ਸ਼ਾਮਲ ਹੋਣ ਦੀ ਸ਼ਰਤ ਸੰਵਿਧਾਨਕ ਸੋਧ ਦੀ ਮੰਗ ਕਰਦੀ ਹੈ। ਪਰ ਜਨਰਲ ਸਕੱਤਰ ਵੱਲੋਂ ਪਿਛਲੀਆਂ ਚੋਣਾਂ ਤੋਂ ਪਹਿਲਾਂ ਮੈਂਬਰਸ਼ਿਪ ਸੂਚੀ ਵਿੱਚ ਆਪਣੇ ਆਪ ਹੀ ਗਲਤ ਤਰੀਕੇ ਨਾਲ਼ ਨਵੀਂਆਂ ਮੱਦਾਂ ਪਾਈਆਂ ਗਈਆਂ ਸਨ। 
14- ਅਕਾਡਮੀ ਦੀ ਲਾਇਬਰੇਰੀ ਦਾ ਪਹਿਲੀ ਟਰਮ ਵਿੱਚ ਹੀ ਉਦਘਾਟਨ ਹੋ ਜਾਣ ਦੇ ਬਾਵਯੂਦ ਸਿਫਟ ਕਰਨ ਤੇ ਹੀ ਇੱਕ ਸਾਲ ਲੱਗ ਗਿਆ। ਕੈਟਾਲੌਗਿੰਗ ਦੇ ਕੰਮ ਪਤਾ ਨਹੀਂ ਲੱਗ ਰਿਹਾ ਕਿਸ ਸਟੇਜ ਤੇ ਹੈ। 
15- ਵੈਬਸਾਇਟ ਬਿੱਲਕੁੱਲ ਅੱਪਡੇਟ ਨਹੀਂ ਹੇ ਰਹੀ। ਜਿਸ ਕਰਕੇ ਅਕਾਡਮੀ ਦੇ ਮੈਂਬਰਾਂ ਤੱਕ ਅਕਾਡਮੀ ਦੀਆਂ ਸੂਚਨਾਵਾਂ ਵੀ ਨਹੀਂ ਪਹੁੰਚ ਰਹੀਆਂ।
ਉਮੀਦ ਹੈ ਕਿ ਜਨਰਲ ਅਜਲਾਸ ਵਿੱਚ ਇਹਨਾਂ ਨੁਕਤਿਆਂ ਬਾਰੇ ਚਰਚਾ ਹੋਵੇਗੀ ਅਤੇ ਇਹਨਾਂ ਦਾ ਹੱਲ ਵੀ ਨਿਕਲੇਗਾ।  

Friday 12 April 2019

ਲੇਖਿਕਾ ਅਮਰਜੀਤ ਕੌਰ "ਹਿਰਦੇ" ਨੂੰ ਸਦਮਾ

ਪਿਤਾ ਦਾ ਦੇਹਾਂਤ-ਭੋਗ 13 ਅਪਰੈਲ ਨੂੰ ਅੰਮ੍ਰਿਤਸਰ ਵਿੱਚ 
ਮੋਹਾਲੀ: 11 ਅਪਰੈਲ 2019: (ਸਾਹਿਤ ਸਕਰੀਨ ਬਿਊਰੋ)::  
ਸਾਹਿਤਿਕ ਅਤੇ ਸਮਾਜਿਕ ਖੇਤਰਾਂ ਵਿੱਚ ਅਕਸਰ ਵਿਵਾਦਿਤ ਅਤੇ ਨਾਜ਼ੁਕ ਵਿਸ਼ਿਆਂ ਬਾਰੇ ਵੀ ਬੜੀ ਬੇਬਾਕੀ ਨਾਲ ਆਪਣੇ ਵਿਚਾਰ ਰੱਖਣ ਵਾਲੀ ਕਲਮਕਾਰਾ ਅਮਰਜੀਤ ਕੌਰ ਹਿਰਦੇ ਦੇ ਪਿਤਾ ਸੋਹਨ ਸਿੰਘ ਇਸ ਨਾਸ਼ਵਾਨ ਦੁਨੀਆ ਵਿੱਚ ਨਹੀਂ ਰਹੇ। ਇਸ ਸਦਮੇ ਵਾਲੀ ਘੜੀ ਵਿੱਚ ਸਾਹਿਤਿਕ ਜਗਤ ਅਤੇ ਸਾਹਿਤ ਸਕਰੀਨ  ਹੈ। ਉਹਨਾਂ ਨਮਿਤ ਰੱਖੇ ਗਏ ਪਾਠ ਦਾ ਭੋਗ ਕਾਰਡ ਵਿੱਚ ਦਿੱਤੇ ਪਰੋਗਰਾਮ ਮੁਤਾਬਿਕ ਪੈਣਾ ਹੈ। ਸਬੰਧਤ ਸੱਜਣਾਂ ਅਤੇ ਸੰਸਥਾਵਾਂ ਨੂੰ ਸਮੇਂ ਸਿਰ ਪਹੁੰਚ ਕੇ ਪਰਿਵਾਰ ਦਾ  ਵੰਡਾਉਣਾ ਚਾਹੀਦਾ ਹੈ। ਪਿਛਲੇ ਦਿਨੀਂ 6 ਅਪਰੈਲ ਨੂੰ  ਉਹ ਸਦੀਵੀ ਵਿਛੋੜਾ ਦੇ ਗਏ। ਪਹੁੰਚਣ ਵਿੱਚ ਕੋਈ  ਦਿੱਕਤ ਆਵੇ ਤਾਂ ਮੈਡਮ ਅਮਰਜੀਤ ਕੌਰ "ਹਿਰਦੇ" ਨਾਲ +91 6464958236 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ  ਨੂੰ ਹਮਦਰਦੀ ਅਤੇ ਹੋਂਸਲੇ ਵਾਲੇ ਸੋਗ ਸੰਦੇਸ਼ ਵੀ ਇਸੇ ਨੰਬਰ 'ਤੇ ਵਾਟਸਅਪ ਕੀਤੇ ਜਾ ਸਕਦੇ ਹਨ। 

Tuesday 2 April 2019

ਕੁਦਰਤ ਦੀ ਬੇਇਨਸਾਫ਼ੀ ਬਾਰੇ ਸੁਆਲ ਉਠਾਉਂਦਾ ਹੈ ਨਾਵਲ "ਆਦਮ-ਗ੍ਰਹਿਣ"

ਪੀਏਯੂ ਦੇ ਸਟੂਡੈਂਟਸ ਹੋਮ ਵਿੱਚ ਹੋਇਆ ਯਾਦਗਾਰੀ ਰਿਲੀਜ਼ ਸਮਾਗਮ
ਨਾਵਲ "ਆਦਮ-ਗ੍ਰਹਿਣ" 'ਤੇ ਫਿਲਮ ਬਣਨ ਦੀ ਵੀ ਸੰਭਾਵਨਾ-ਹਰਜਿੰਦਰ ਵਾਲੀਆ
ਲੁਧਿਆਣਾ: 2 ਅਪਰੈਲ 2019: (ਕਾਰਤਿਕਾ ਸਿੰਘ//ਸਾਹਿਤ ਸਕਰੀਨ):: 
ਹਰਕੀਰਤ ਕੌਰ ਚਹਿਲ ਦੀ ਚੌਥੀ ਪੁਸਤਕ ਹੈ "ਆਦਮ ਗ੍ਰਹਿਣ" 
ਸੁਣਿਆ ਹੈ ਘੁਮਿਆਰ ਕਦੇ ਕੋਈ ਭਾਂਡਾ ਵਿੰਗਾ ਟੇਢਾ ਨਹੀਂ ਬਣਾਉਂਦਾ। ਆਖਦੇ ਨੇ ਰੱਬ ਵੀ ਕਿਸੇ ਨਾਲ ਵਧੀਕੀ ਨਹੀਂ ਕਰਦਾ। ਫਿਰ ਰੱਬ ਨੇ "ਥਰਡ ਜੈਂਡਰ", ਛੱਕੇ, ਖੁਸਰੇ ਜਾਂ ਕਿੰਨਰ ਕਿਓਂ ਬਣਾ ਦਿੱਤੇ?  ਇਹ ਮੁੱਦਾ ਅੱਜ ਲੁਧਿਆਣਾ ਦੇ ਖੇਤੀਬਾੜੀ ਯੂਨਵਰਸਿਟੀ ਵਿੱਚ ਹੋਏ ਇੱਕ ਸਮਾਗਮ ਦੌਰਾਨ ਉਠਾਇਆ ਮੈਡਮ ਸੁਰਿੰਦਰ ਜੈਪਾਲ ਨੇ। ਉਹ ਅੱਜ ਇਥੇ ਰਿਲੀਜ਼ ਹੋਈ ਇੱਕ ਵਿਸ਼ੇਸ਼ ਪੁਸਤਕ ਬਾਰੇ ਗੱਲ ਕਰ ਰਹੇ ਸਨ। ਇਹ ਬਹੁਤ ਹੀ ਅਹਿਮ ਸਮਾਗਮ ਕੈਨੇਡਾ ਰਹਿੰਦੀ ਲੇਖਿਕਾ ਹਰਕੀਰਤ ਕੌਰ ਚਾਹਲ ਦੀ ਪੁਸਤਕ "ਆਦਮ ਗ੍ਰਹਿਣ" ਨੂੰ ਰਿਲੀਜ਼ ਕਰਨ ਦੇ ਸਬੰਧ ਵਿੱਚ ਆਯੋਜਿਤ ਕੀਤਾ ਗਿਆ ਸੀ। ਇੱਕ ਗੈਰਗੰਭੀਰ ਸਮਝੇ ਜਾਂਦੇ ਵਰਗ ਦੀ ਗੰਭੀਰਤਾ ਦਾ ਅਹਿਸਾਸ ਕਰਾਉਣ ਵਾਲਾ ਸਮਾਗਮ ਸੀ ਇਹ। ਇਸ ਮੌਕੇ ਇੱਕ ਅਜਿਹੇ ਵਰਗ ਦੀ ਗੱਲ ਕੀਤੀ ਗਈ ਸੀ ਜਿਸ ਦੇ ਦਰਦ ਨੂੰ ਆਮ ਤੌਰ ਤੇ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਬੜੇ ਚਿਰਾਂ ਮਗਰੋਂ ਲੁਧਿਆਣਾ ਦੇ ਵਿਦਿਆਰਥੀ ਭਵਨ ਅਰਥਾਤ ਸਟੂਡੈਂਟਸ ਹੋਮ ਵਿੱਚ ਇੱਕ ਅਜਿਹੇ ਵਰਗ ਦੀ ਗੱਲ ਹੋ ਰਹੀ ਸੀ ਜਿਸਨੂੰ ਅਕਸਰ ਤਿਰਸਕਾਰ ਦਾ ਪਾਤਰ ਬਣਾਇਆ ਜਾਂਦਾ ਹੈ। ਉਹ ਵਰਗ ਜਿਹੜਾ ਤਿਰਸਕਾਰ ਅਤੇ ਤਾਅਨੇ ਮਿਹਣੇ ਸਹਿ ਕੇ ਵੀ ਸਮਾਜ ਨੂੰ ਲੋਰੀਆਂ ਦੇਂਦਾ ਹੈ। ਉਹਨਾਂ ਦੀਆਂ ਖੁਸ਼ੀਆਂ ਦੀ ਕਾਮਨਾ ਕਰਦਾ ਹੈ। ਉਹਨਾਂ ਦੇ ਸੁਖ ਵਿੱਚ ਆ ਕੇ ਨੱਚਦਾ ਹੈ ਗਾਉਂਦਾ ਹੈ। ਆਪਣੇ ਹੰਝੂ ਲੁਕਾ ਕੇ ਦੂਜਿਆਂ ਨੂੰ ਹਾਸੇ ਵੰਡਦਾ ਹੈ। ਰੱਬ ਜਾਂ ਕੁਦਰਤ ਦੀ ਇੱਕ ਵੱਡੀ ਬੇਇਨਸਾਫ਼ੀ ਦੀ ਚਰਚਾ ਕਰਨ ਵਾਲਾ ਸਮਾਗਮ ਸੀ ਇਹ। ਮੰਚ 'ਤੇ  ਸੁਸ਼ੋਭਿਤ ਪਰਧਾਨਗੀ ਮੰਡਲ ਵਿੱਚ ਮੌਜੂਦ ਸਨ ਡਾਕਟਰ ਸੁਰਜੀਤ ਪਾਤਰ, ਬਲਦੇਵ ਸੜਕਨਾਮਾ, ਡਾਕਟਰ ਰਵਿੰਦਰ ਕੌਰ ਧਾਲੀਵਾਲ, ਲੇਖਿਕਾ ਹਰਕੀਰਤ ਕੌਰ ਚਹਿਲ, ਇੰਦਰਜੀਤ ਕੌਰ ਸਿੱਧੂ, ਜਰਨੈਲ ਸਿੰਘ ਸੇਖਾ, ਗਲੋਬਲ ਪੰਜਾਬ ਫਾਊਂਡੇਸ਼ਨ ਦੇ ਪ੍ਰਧਾਨ ਡਾਕਟਰ ਐਚ ਐਸ ਵਾਲੀਆ ਅਤੇ ਜਤਿੰਦਰ ਹਾਂਸ।  ਬਹੁਤ ਹੀ ਨਾਜ਼ੁਕ ਵਿਸ਼ੇ ਦੀ ਚਰਚਾ ਕਰਨ ਵਾਲੇ ਇਸ ਸਮਾਗਮ ਦਾ ਮੰਚ ਸੰਚਾਲਨ ਬਹੁਤ ਹੀ ਖੂਬਸੂਰਤੀ ਨਾਲ ਕੀਤਾ ਪੀਏਯੂ ਦੀ ਹਰਮਨ ਪਿਆਰੀ ਸੰਸਥਾ ਯੰਗ ਰਾਈਟਰਜ਼ ਐਸੋਸੀਏਸ਼ਨ ਦੀ ਪ੍ਰਧਾਨ ਡਾਕਟਰ ਦੇਵਿੰਦਰ ਦਿਲਰੂਪ ਹੁਰਾਂ ਨੇ। 
ਕਿਹਾ ਜਾਂਦਾ ਹੈ ਕਿ ਆਮ ਤੌਰ 'ਤੇ ਸਾਹਿਤ ਕਲਪਨਾ ਦੇ ਸਹਾਰੇ ਨਾਲ ਲਿਖਿਆ ਜਾਂਦਾ ਹੈ ਜਾਂ ਫਿਰ ਕਿਸੇ ਬਹੁਤ ਹੀ ਵੱਡੀ ਘਟਨਾ ਤੋਂ ਪ੍ਰਭਾਵਿਤ ਹੋ ਕੇ ਪਰ ਇਹ ਨਾਵਲ ਲਿਖਿਆ ਗਿਆ ਹੈ ਥਰਡ ਜੈਂਡਰ ਅਰਥਾਤ ਕਿੰਨਰਾਂ ਦੀ ਦੁਨੀਆ ਦੇ ਜੀਵਨ ਨੂੰ ਬਹੁਤ ਹੀ ਨੇੜਿਉਂ ਦੇਖਣ ਮਗਰੋਂ। ਲੇਖਿਕਾ ਹਰਕੀਰਤ ਕੌਰ ਚਹਿਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਵੀ ਦੱਸਿਆ ਕਿ ਇਹ ਸਭ ਆਸਾਨ ਨਹੀਂ ਸੀ। ਵਿਸ਼ੇ ਨਾਲ ਸਬੰਧਤ ਜਾਣਕਾਰੀ ਇਕੱਤਰ ਕਰਨ ਲਈ ਕਿੰਨਰਾਂ ਦੀ ਨਿਜੀ ਜ਼ਿੰਦਗੀ ਵਿੱਚ "ਤਾਂਕ ਝਾਂਕ" ਬੇਹੱਦ ਮੁਸ਼ਕਿਲ ਕੰਮ ਸੀ ਪਰ ਇਸ "ਤਾਂਕ ਝਾਂਕ" ਤੋਂ ਬਿਨਾ ਇਸ ਵਿਸ਼ੇ ਨਾਲ ਇਨਸਾਫ ਵੀ ਨਹੀਂ ਸੀ ਹੋਣਾ। ਨੇੜਿਓਂ ਹੋ ਕੇ ਹੀ ਪੱਤਾ ਲੱਗਿਆ ਕਿ ਰੱਬ ਦੀ ਕਰੋਪੀ ਦਾ ਸ਼ਿਕਾਰ ਹੋਇਆ ਇਹ ਵਰਗ ਦਰਦਾਂ ਦਾ ਦਰਿਆ ਹੋ ਕੇ ਵੀ ਕਿਵੇਂ ਸਭਨਾਂ ਲਈ ਲੋਰੀਆਂ ਵੰਡਦਾ ਅਤੇ ਖੁਸ਼ੀਆਂ ਦੀ ਕਾਮਨਾ ਕਰਦਾ ਹੈ। ਇਸਦੇ ਬਾਵਜੂਦ ਸਮਾਜ ਇਹਨਾਂ ਨਾਲ ਇਨਸਾਫ ਨਹੀਂ ਕਰਦਾ।  ਭਾਵੇਂ ਪੜ੍ਹਾਈ ਲਿਖਾਈ ਹੋਵੇ ਤੇ ਭਾਵੇਂ ਨੌਕਰੀ ਇਸ ਵਰਗ ਲਈ ਸਬੰਧਤ ਫਾਰਮਾਂ ਵਿੱਚ ਕੋਈ ਖਾਨਾ ਹੀ ਨਹੀਂ ਬਣਿਆ। 
ਇਸ ਮੌਕੇ ਹਰਜਿੰਦਰ ਵਾਲੀਆ ਹੁਰਾਂ ਨੇ ਕਿਹਾ ਕਿ ਜਿਸ ਦਿਨ ਕਿਸੇ ਫ਼ਿਲਮੀ ਨਿਰਮਾਤਾ ਨਿਰਦੇਸ਼ਕ ਦੀ ਨਜ਼ਰ ਇਸ ਪੁਸਤਕ 'ਤੇ ਪੈ ਗਈ ਉਸ ਦਿਨ ਇਸ ਨਾਵਲ 'ਤੇ ਫਿਲਮ ਵੀ ਜ਼ਰੂਰ ਬਣੇਗੀ। ਥਰਡ ਜੈਂਡਰ ਨਾਲ ਸਾਡੇ ਸਮਾਜ ਦੀ ਬੇਰੁਖੀ ਵਾਲਾ ਵਤੀਰਾ ਇਸ ਪੁਸਤਕ ਦਾ ਕੇਂਦਰੀ ਬਿੰਦੂ ਹੈ। ਅੱਜ ਦੇ ਸਮਾਗਮ ਵਿੱਚ ਡਾਕਟਰ ਸੁਰਜੀਤ ਪਾਤਰ, ਬਲਦੇਵ ਸਿੰਘ ਸੜਕਨਾਮਾ, ਡਾਕਟਰ ਰਵਿੰਦਰ ਕੌਰ ਧਾਲੀਵਾਲ ਅਤੇ ਹੋਰਨਾਂ ਨੇ ਵੀ ਆਪਣੇ ਵਿਚਾਰ ਰੱਖੇ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ ਜਿਸਨੇ ਆਰੰਭ ਤੋਂ ਲੈ ਕੇ ਅੰਤ ਤੱਕ ਸਭਨਾਂ ਨੂੰ ਸੋਚਣ ਲਾਈ ਰੱਖਿਆ। ਹਾਲ ਵਿੱਚ ਛੋਟੀ ਉਮਰ ਦੇ ਸਰੋਤੇ ਵੀ ਸਨ ਅਤੇ ਵੱਡੀ ਉਮਰ ਦੇ ਵੀ। ਪੁਰਸ਼ ਵੀ ਅਤੇ ਮਹਿਲਾ ਵਰਗ ਵੀ। ਯੰਗ ਰਾਈਟਰਜ਼ ਐਸੋਈਏਸ਼ਨ ਨੇ ਇਸ ਮੌਕੇ ਇੱਕ ਸ਼ਾਨਦਾਰ ਗੀਤ ਵੀ ਪੇਸ਼ ਕੀਤਾ। ਇਸ ਸਮਾਗਮ ਵਿੱਚ ਬਹੁਤ ਸਾਰੇ ਲੋਕ ਦੂਜਿਆਂ ਦੇਸ਼ਾਂ ਅਤੇ ਦੁਜਿਆਂ ਸੂਬਿਆਂ ਤੋਂ ਵੀ ਆਏ ਹੋਏ ਸਨ।               -- ਕਾਰਤਿਕਾ ਸਿੰਘ ਲੁਧਿਆਣਾ 

Monday 1 April 2019

ਸਾਵਧਾਨ ਦੋਸਤੋ! --ਗੁਰਭਜਨ ਗਿੱਲ

ਸਚੁ ਸੁਣਾਇਸੀ ਸਚ ਕੀ ਬੇਲਾ
ਜੇ ਸਾਹਿਤ ਵਿੱਚ ਸਮੇਂ ਦੀ ਨਬਜ਼ ਹੀ ਮਹਿਸੂਸ ਨਾ ਹੋਵੇ ਤਾਂ ਉਹ ਕਾਹਦਾ ਸਾਹਿਤ? ਪ੍ਰੋਫੈਸਰ ਗੁਰਭਜਨ ਗਿਲ ਹੁਰਾਂ ਨੇ ਬਹੁਤ ਸਾਰੇ ਨਾਜ਼ੁਕ ਸਮੇਂ ਦੇਖੇ ਹਨ। ਖੁਸ਼ੀ ਦੀ ਗੱਲ ਹੈ ਕਿ ਹਰ ਵਾਰ ਉਹਨਾਂ ਦੀਆਂ ਰਚਨਾਵਾਂ ਵਿੱਚੋਂ ਸਮੇਂ ਦੀ ਨਬਜ਼ ਮਹਿਸੂਸ ਹੁੰਦੀ ਰਹੀ ਹੈ। ਹੁਣ ਜਦੋਂ ਕਿ ਇੱਕ ਵਿਸ਼ੇਸ਼ ਸਿਆਸੀ ਸੋਚ ਵਾਲੇ ਲੋਕ ਇੱਕ ਮੁਹਿੰਮ ਚਲਾ ਰਹੇ ਹਨ--ਮੈਂ ਭੀ ਚੌਕੀਦਾਰ--ਤਾਂ ਉਦੋਂ ਵੀ ਪ੍ਰੋਫੈਸਰ ਗਿੱਲ ਨੇ ਇੱਕ ਕਾਵਿ ਰਚਨਾ ਲਿਖੀ ਹੈ ਜਿਹੜੀ ਇਸ ਦੌਰ ਦੀ ਗੱਲ ਕਰਦੀ ਹੈ। 
  -ਸਾਹਿਤ ਸੰਪਾਦਕ 
ਸਾਵਧਾਨ ਦੋਸਤੋ
ਯਕੀਨ ਕਰਿਓ!
ਆਪਣੇ ਤਜਰਬੇ ਚੋਂ ਦੱਸ ਰਿਹਾਂ। 
ਸਿਰਫ਼ ਡਾਕੀਆ 
ਰਹਿ ਗਿਆ ਹੈ ਈਮਾਨਦਾਰ
ਦੀਵਾਲੀ ਦੁਸਹਿਰੇ ਦੀ 
ਵਧਾਈ ਬਦਲੇ 
ਦੁਖ ਸੁਖ  ਦੇ ਖ਼ਤ ਪੱਤਰ
ਫੜਾ ਜਾਂਦਾ ਹੈ ਬਿਲਾ ਨਾਗਾ। 
ਟੱਬਰ ਦਾ ਹਾਲ ਚਾਲ ਪੁੱਛ ਜਾਂਦਾ ਹੈ। 
ਸਾਈਕਲ ਦੀ ਟੱਲੀ ਮਾਰ ਕੇ
ਆਪਣੀ ਖ਼ੈਰ ਸੁਖ ਸੁਣਾ ਜਾਂਦਾ। 
ਪਰ 
ਚੌਕੀਦਾਰ ਤੇ ਯਕੀਨ ਨਾ ਕਰਿਓ!
ਉਹ ਹੁਣ
ਚੋਰਾਂ ਨਾਲ ਰਲ ਗਿਆ ਹੈ। 
ਪਾਟਿਆ ਬਾਂਸ ਬਹੁਤਾ ਖੜਕਾਉਂਦਾ ਹੈ। 
ਗੇਟ ਦੀਆਂ ਕੁੰਜੀਆਂ
ਧਾੜਵੀਆਂ ਨੂੰ ਸੌਪ ਕੇ
ਸਾਨੂੰ ਉੱਚੀ ਉੱਚੀ ਕਹਿੰਦਾ ਹੈ !
ਜਾਗਦੇ ਰਹੋ। 


ਯਕੀਨ ਕਰੋ!

ਇਸ ਵੇਲੇ ਤਾਂ ਹੀ ਤਾਂ
ਜਗਰਾਵਾਂ ਵਾਲਾ ਕਾਮਰੇਡ ਪਰੇਮ
ਬਾਰ ਬਾਰ ਯਾਦ ਆ ਰਿਹੈ। 
ਪਾਟੇ ਬਾਂਸ ਦੇ ਖੜਕਣ ਸਾਰ
ਜਾਗਦੇ ਰਹੋ ਕਹਿਣ ਵਾਲੇ


ਚੌਕੀਦਾਰ ਨੂੰ ਜਿਸ ਨੇ

ਧੌਣ ਮਰੋੜ ਕੇ ਪੁੱਛਿਆ ਸੀ
ਸੁਣ ਉਇ ਭਲਿਆ ਮਾਣਸਾ! 
ਜੇ ਅਸਾਂ ਹੀ ਜਾਗਣਾ ਹੈ
ਤਾਂ ਤੈਨੂੰ ਪੰਜ ਰੁਪਈਏ ਮਹੀਨਾ
ਕਾਹਦਾ ਦਿੰਨੇ ਆਂ। 
ਬੰਦਾ ਬਣ ਕੇ ਪਹਿਰਾ ਦੇ। 
ਪਰ ਹੁਣ ਇਉਂ ਲੱਗਦੈ
ਸਾਰੇ ਕਾਮਰੇਡ ਪ੍ਰੇਮ ਮਰ ਗਏ ਨੇ। 
ਚੌਕੀਦਾਰ ਚੋਰਾਂ ਨਾਲ ਤਾਂਹੀਂ 
ਪਰੇਮ ਪੀਂਘਾਂ ਝੂਟਦਾ। 


ਗੁਰਭਜਨ ਗਿੱਲ

ਪਹਿਲੀ ਅਪਰੈਲ 2019