google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਕੁਦਰਤ ਦੀ ਬੇਇਨਸਾਫ਼ੀ ਬਾਰੇ ਸੁਆਲ ਉਠਾਉਂਦਾ ਹੈ ਨਾਵਲ "ਆਦਮ-ਗ੍ਰਹਿਣ"

Tuesday 2 April 2019

ਕੁਦਰਤ ਦੀ ਬੇਇਨਸਾਫ਼ੀ ਬਾਰੇ ਸੁਆਲ ਉਠਾਉਂਦਾ ਹੈ ਨਾਵਲ "ਆਦਮ-ਗ੍ਰਹਿਣ"

ਪੀਏਯੂ ਦੇ ਸਟੂਡੈਂਟਸ ਹੋਮ ਵਿੱਚ ਹੋਇਆ ਯਾਦਗਾਰੀ ਰਿਲੀਜ਼ ਸਮਾਗਮ
ਨਾਵਲ "ਆਦਮ-ਗ੍ਰਹਿਣ" 'ਤੇ ਫਿਲਮ ਬਣਨ ਦੀ ਵੀ ਸੰਭਾਵਨਾ-ਹਰਜਿੰਦਰ ਵਾਲੀਆ
ਲੁਧਿਆਣਾ: 2 ਅਪਰੈਲ 2019: (ਕਾਰਤਿਕਾ ਸਿੰਘ//ਸਾਹਿਤ ਸਕਰੀਨ):: 
ਹਰਕੀਰਤ ਕੌਰ ਚਹਿਲ ਦੀ ਚੌਥੀ ਪੁਸਤਕ ਹੈ "ਆਦਮ ਗ੍ਰਹਿਣ" 
ਸੁਣਿਆ ਹੈ ਘੁਮਿਆਰ ਕਦੇ ਕੋਈ ਭਾਂਡਾ ਵਿੰਗਾ ਟੇਢਾ ਨਹੀਂ ਬਣਾਉਂਦਾ। ਆਖਦੇ ਨੇ ਰੱਬ ਵੀ ਕਿਸੇ ਨਾਲ ਵਧੀਕੀ ਨਹੀਂ ਕਰਦਾ। ਫਿਰ ਰੱਬ ਨੇ "ਥਰਡ ਜੈਂਡਰ", ਛੱਕੇ, ਖੁਸਰੇ ਜਾਂ ਕਿੰਨਰ ਕਿਓਂ ਬਣਾ ਦਿੱਤੇ?  ਇਹ ਮੁੱਦਾ ਅੱਜ ਲੁਧਿਆਣਾ ਦੇ ਖੇਤੀਬਾੜੀ ਯੂਨਵਰਸਿਟੀ ਵਿੱਚ ਹੋਏ ਇੱਕ ਸਮਾਗਮ ਦੌਰਾਨ ਉਠਾਇਆ ਮੈਡਮ ਸੁਰਿੰਦਰ ਜੈਪਾਲ ਨੇ। ਉਹ ਅੱਜ ਇਥੇ ਰਿਲੀਜ਼ ਹੋਈ ਇੱਕ ਵਿਸ਼ੇਸ਼ ਪੁਸਤਕ ਬਾਰੇ ਗੱਲ ਕਰ ਰਹੇ ਸਨ। ਇਹ ਬਹੁਤ ਹੀ ਅਹਿਮ ਸਮਾਗਮ ਕੈਨੇਡਾ ਰਹਿੰਦੀ ਲੇਖਿਕਾ ਹਰਕੀਰਤ ਕੌਰ ਚਾਹਲ ਦੀ ਪੁਸਤਕ "ਆਦਮ ਗ੍ਰਹਿਣ" ਨੂੰ ਰਿਲੀਜ਼ ਕਰਨ ਦੇ ਸਬੰਧ ਵਿੱਚ ਆਯੋਜਿਤ ਕੀਤਾ ਗਿਆ ਸੀ। ਇੱਕ ਗੈਰਗੰਭੀਰ ਸਮਝੇ ਜਾਂਦੇ ਵਰਗ ਦੀ ਗੰਭੀਰਤਾ ਦਾ ਅਹਿਸਾਸ ਕਰਾਉਣ ਵਾਲਾ ਸਮਾਗਮ ਸੀ ਇਹ। ਇਸ ਮੌਕੇ ਇੱਕ ਅਜਿਹੇ ਵਰਗ ਦੀ ਗੱਲ ਕੀਤੀ ਗਈ ਸੀ ਜਿਸ ਦੇ ਦਰਦ ਨੂੰ ਆਮ ਤੌਰ ਤੇ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਬੜੇ ਚਿਰਾਂ ਮਗਰੋਂ ਲੁਧਿਆਣਾ ਦੇ ਵਿਦਿਆਰਥੀ ਭਵਨ ਅਰਥਾਤ ਸਟੂਡੈਂਟਸ ਹੋਮ ਵਿੱਚ ਇੱਕ ਅਜਿਹੇ ਵਰਗ ਦੀ ਗੱਲ ਹੋ ਰਹੀ ਸੀ ਜਿਸਨੂੰ ਅਕਸਰ ਤਿਰਸਕਾਰ ਦਾ ਪਾਤਰ ਬਣਾਇਆ ਜਾਂਦਾ ਹੈ। ਉਹ ਵਰਗ ਜਿਹੜਾ ਤਿਰਸਕਾਰ ਅਤੇ ਤਾਅਨੇ ਮਿਹਣੇ ਸਹਿ ਕੇ ਵੀ ਸਮਾਜ ਨੂੰ ਲੋਰੀਆਂ ਦੇਂਦਾ ਹੈ। ਉਹਨਾਂ ਦੀਆਂ ਖੁਸ਼ੀਆਂ ਦੀ ਕਾਮਨਾ ਕਰਦਾ ਹੈ। ਉਹਨਾਂ ਦੇ ਸੁਖ ਵਿੱਚ ਆ ਕੇ ਨੱਚਦਾ ਹੈ ਗਾਉਂਦਾ ਹੈ। ਆਪਣੇ ਹੰਝੂ ਲੁਕਾ ਕੇ ਦੂਜਿਆਂ ਨੂੰ ਹਾਸੇ ਵੰਡਦਾ ਹੈ। ਰੱਬ ਜਾਂ ਕੁਦਰਤ ਦੀ ਇੱਕ ਵੱਡੀ ਬੇਇਨਸਾਫ਼ੀ ਦੀ ਚਰਚਾ ਕਰਨ ਵਾਲਾ ਸਮਾਗਮ ਸੀ ਇਹ। ਮੰਚ 'ਤੇ  ਸੁਸ਼ੋਭਿਤ ਪਰਧਾਨਗੀ ਮੰਡਲ ਵਿੱਚ ਮੌਜੂਦ ਸਨ ਡਾਕਟਰ ਸੁਰਜੀਤ ਪਾਤਰ, ਬਲਦੇਵ ਸੜਕਨਾਮਾ, ਡਾਕਟਰ ਰਵਿੰਦਰ ਕੌਰ ਧਾਲੀਵਾਲ, ਲੇਖਿਕਾ ਹਰਕੀਰਤ ਕੌਰ ਚਹਿਲ, ਇੰਦਰਜੀਤ ਕੌਰ ਸਿੱਧੂ, ਜਰਨੈਲ ਸਿੰਘ ਸੇਖਾ, ਗਲੋਬਲ ਪੰਜਾਬ ਫਾਊਂਡੇਸ਼ਨ ਦੇ ਪ੍ਰਧਾਨ ਡਾਕਟਰ ਐਚ ਐਸ ਵਾਲੀਆ ਅਤੇ ਜਤਿੰਦਰ ਹਾਂਸ।  ਬਹੁਤ ਹੀ ਨਾਜ਼ੁਕ ਵਿਸ਼ੇ ਦੀ ਚਰਚਾ ਕਰਨ ਵਾਲੇ ਇਸ ਸਮਾਗਮ ਦਾ ਮੰਚ ਸੰਚਾਲਨ ਬਹੁਤ ਹੀ ਖੂਬਸੂਰਤੀ ਨਾਲ ਕੀਤਾ ਪੀਏਯੂ ਦੀ ਹਰਮਨ ਪਿਆਰੀ ਸੰਸਥਾ ਯੰਗ ਰਾਈਟਰਜ਼ ਐਸੋਸੀਏਸ਼ਨ ਦੀ ਪ੍ਰਧਾਨ ਡਾਕਟਰ ਦੇਵਿੰਦਰ ਦਿਲਰੂਪ ਹੁਰਾਂ ਨੇ। 
ਕਿਹਾ ਜਾਂਦਾ ਹੈ ਕਿ ਆਮ ਤੌਰ 'ਤੇ ਸਾਹਿਤ ਕਲਪਨਾ ਦੇ ਸਹਾਰੇ ਨਾਲ ਲਿਖਿਆ ਜਾਂਦਾ ਹੈ ਜਾਂ ਫਿਰ ਕਿਸੇ ਬਹੁਤ ਹੀ ਵੱਡੀ ਘਟਨਾ ਤੋਂ ਪ੍ਰਭਾਵਿਤ ਹੋ ਕੇ ਪਰ ਇਹ ਨਾਵਲ ਲਿਖਿਆ ਗਿਆ ਹੈ ਥਰਡ ਜੈਂਡਰ ਅਰਥਾਤ ਕਿੰਨਰਾਂ ਦੀ ਦੁਨੀਆ ਦੇ ਜੀਵਨ ਨੂੰ ਬਹੁਤ ਹੀ ਨੇੜਿਉਂ ਦੇਖਣ ਮਗਰੋਂ। ਲੇਖਿਕਾ ਹਰਕੀਰਤ ਕੌਰ ਚਹਿਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਵੀ ਦੱਸਿਆ ਕਿ ਇਹ ਸਭ ਆਸਾਨ ਨਹੀਂ ਸੀ। ਵਿਸ਼ੇ ਨਾਲ ਸਬੰਧਤ ਜਾਣਕਾਰੀ ਇਕੱਤਰ ਕਰਨ ਲਈ ਕਿੰਨਰਾਂ ਦੀ ਨਿਜੀ ਜ਼ਿੰਦਗੀ ਵਿੱਚ "ਤਾਂਕ ਝਾਂਕ" ਬੇਹੱਦ ਮੁਸ਼ਕਿਲ ਕੰਮ ਸੀ ਪਰ ਇਸ "ਤਾਂਕ ਝਾਂਕ" ਤੋਂ ਬਿਨਾ ਇਸ ਵਿਸ਼ੇ ਨਾਲ ਇਨਸਾਫ ਵੀ ਨਹੀਂ ਸੀ ਹੋਣਾ। ਨੇੜਿਓਂ ਹੋ ਕੇ ਹੀ ਪੱਤਾ ਲੱਗਿਆ ਕਿ ਰੱਬ ਦੀ ਕਰੋਪੀ ਦਾ ਸ਼ਿਕਾਰ ਹੋਇਆ ਇਹ ਵਰਗ ਦਰਦਾਂ ਦਾ ਦਰਿਆ ਹੋ ਕੇ ਵੀ ਕਿਵੇਂ ਸਭਨਾਂ ਲਈ ਲੋਰੀਆਂ ਵੰਡਦਾ ਅਤੇ ਖੁਸ਼ੀਆਂ ਦੀ ਕਾਮਨਾ ਕਰਦਾ ਹੈ। ਇਸਦੇ ਬਾਵਜੂਦ ਸਮਾਜ ਇਹਨਾਂ ਨਾਲ ਇਨਸਾਫ ਨਹੀਂ ਕਰਦਾ।  ਭਾਵੇਂ ਪੜ੍ਹਾਈ ਲਿਖਾਈ ਹੋਵੇ ਤੇ ਭਾਵੇਂ ਨੌਕਰੀ ਇਸ ਵਰਗ ਲਈ ਸਬੰਧਤ ਫਾਰਮਾਂ ਵਿੱਚ ਕੋਈ ਖਾਨਾ ਹੀ ਨਹੀਂ ਬਣਿਆ। 
ਇਸ ਮੌਕੇ ਹਰਜਿੰਦਰ ਵਾਲੀਆ ਹੁਰਾਂ ਨੇ ਕਿਹਾ ਕਿ ਜਿਸ ਦਿਨ ਕਿਸੇ ਫ਼ਿਲਮੀ ਨਿਰਮਾਤਾ ਨਿਰਦੇਸ਼ਕ ਦੀ ਨਜ਼ਰ ਇਸ ਪੁਸਤਕ 'ਤੇ ਪੈ ਗਈ ਉਸ ਦਿਨ ਇਸ ਨਾਵਲ 'ਤੇ ਫਿਲਮ ਵੀ ਜ਼ਰੂਰ ਬਣੇਗੀ। ਥਰਡ ਜੈਂਡਰ ਨਾਲ ਸਾਡੇ ਸਮਾਜ ਦੀ ਬੇਰੁਖੀ ਵਾਲਾ ਵਤੀਰਾ ਇਸ ਪੁਸਤਕ ਦਾ ਕੇਂਦਰੀ ਬਿੰਦੂ ਹੈ। ਅੱਜ ਦੇ ਸਮਾਗਮ ਵਿੱਚ ਡਾਕਟਰ ਸੁਰਜੀਤ ਪਾਤਰ, ਬਲਦੇਵ ਸਿੰਘ ਸੜਕਨਾਮਾ, ਡਾਕਟਰ ਰਵਿੰਦਰ ਕੌਰ ਧਾਲੀਵਾਲ ਅਤੇ ਹੋਰਨਾਂ ਨੇ ਵੀ ਆਪਣੇ ਵਿਚਾਰ ਰੱਖੇ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ ਜਿਸਨੇ ਆਰੰਭ ਤੋਂ ਲੈ ਕੇ ਅੰਤ ਤੱਕ ਸਭਨਾਂ ਨੂੰ ਸੋਚਣ ਲਾਈ ਰੱਖਿਆ। ਹਾਲ ਵਿੱਚ ਛੋਟੀ ਉਮਰ ਦੇ ਸਰੋਤੇ ਵੀ ਸਨ ਅਤੇ ਵੱਡੀ ਉਮਰ ਦੇ ਵੀ। ਪੁਰਸ਼ ਵੀ ਅਤੇ ਮਹਿਲਾ ਵਰਗ ਵੀ। ਯੰਗ ਰਾਈਟਰਜ਼ ਐਸੋਈਏਸ਼ਨ ਨੇ ਇਸ ਮੌਕੇ ਇੱਕ ਸ਼ਾਨਦਾਰ ਗੀਤ ਵੀ ਪੇਸ਼ ਕੀਤਾ। ਇਸ ਸਮਾਗਮ ਵਿੱਚ ਬਹੁਤ ਸਾਰੇ ਲੋਕ ਦੂਜਿਆਂ ਦੇਸ਼ਾਂ ਅਤੇ ਦੁਜਿਆਂ ਸੂਬਿਆਂ ਤੋਂ ਵੀ ਆਏ ਹੋਏ ਸਨ।               -- ਕਾਰਤਿਕਾ ਸਿੰਘ ਲੁਧਿਆਣਾ 

No comments:

Post a Comment