google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: November 2022

Tuesday 29 November 2022

ਪਾਕਿ ਸ਼ਾਇਰਾ ਬੁਸ਼ਰਾ ਨਾਜ਼ ਦੀ ਕਾਵਿ ਕਿਤਾਬ "ਬੰਦਾ ਮਰ ਵੀ ਸਕਦਾ ਏ"

Tuesday 29th November 2022 at 10:35 AM

ਇਸ ਪੁਸਤਕ ਦਾ ਪਹਿਲਾ  ਪਰਾਗਾ 6 ਦਿਨਾਂ ਚ ਹੀ ਵਿਕ ਗਿਆ

ਗੁਰਭਜਨ ਗਿੱਲ ਵੱਲੋਂ ਕਿਤਾਬ ਦੇ ਨਾਲ ਨਾਲ ਦਿਲ ਦੀਆਂ ਗੱਲਾਂ ਦਾ ਵੀ ਵੇਰਵਾ 


ਲੁਧਿਆਣਾ: 29  ਨਵੰਬਰ 2022: (ਗੁਰਭਜਨ ਗਿੱਲ//ਸਾਹਿਤ ਸਕਰੀਨ)::

ਅਜੇ ਪਿਛਲੇ ਹ਼ਫ਼ਤੇ ਹੀ ਬੁਸ਼ਰਾ ਨਾਜ਼ ਦਾ ਲਾਇਲਪੁਰ (ਪਾਕਿਸਤਾਨ) ਤੋਂ ਫ਼ੋਨ ਆਇਆ ਸੀ ਕਿ ਮੇਰੀ ਕਵਿਤਾ ਦੀ ਕਿਤਾਬ "ਬੰਦਾ ਮਰ ਵੀ ਸਕਦਾ ਏ" ਅੰਮ੍ਰਿਤਸਰ ਦੇ ਉਤਸ਼ਾਹੀ ਨੌਜਵਾਨ ਸਤਿੰਦਰਜੀਤ ਸਿੰਘ  (ਸੰਨੀ ਪੱਖੋਕੇ) ਨੇ ਛਾਪ ਦਿੱਤੀ ਹੈ। ਇਹ ਗੱਲ 19 ਨਵੰਬਰ ਦੀ ਹੈ। ਸਤਿੰਦਰਜੀਤ ਨੂੰ ਮੈਂ ਬਿਲਕੁਲ ਨਹੀਂ ਸਾਂ ਜਾਣਦਾ। ਹਾਂ ਏਨਾ ਕੁ ਪਤਾ ਸੀ ਕਿ ਉਸ ਨੇ ਮੁਸ਼ਤਾਕ ਅਹਿਮਦ ਗੋਗਾ ਮਰਹੂਮ ਦੇ ਗੀਤਾਂ ਦੀ ਕਿਤਾਬ ਸਬਰ ਚੇਤਨਾ ਪ੍ਰਕਾਸ਼ਨ ਤੋਂ ਛਪਵਾਈ ਹੈ। ਮੈਂ ਸਮਝਦਾ ਸਾਂ ਕਿ ਕੋਈ ਅਮੀਰ ਸੱਜਣ ਬਦੇਸ਼ ਬੈਠਾ ਇਹੋ ਜਹੇ ਹਲਕੇ ਫੁਲਕੇ ਗੀਤ ਛਾਪ ਕੇ ਸੁਪਨਿਆਂ ਦੇ ਕਬੂਤਰ ਪਾਲਦਾ ਹੈ। ਉਦੋਂ ਵੀ ਪਤਾ ਨਹੀਂ ਸੀ ਕਿ ਉਹ ਤਾਂ ਅੰਬਰਸਰੀਆ ਭਾਊ ਹੈ। ਖੀਰ ਵਾਲੇ ਪਿੰਡ ਸ਼ੇਖ ਫੱਤੇ ਲਾਗੇ ਪਿੰਡ ਪੱਖੋਕੇ ਤੋਂ। ਕਿਰਤੀ ਬੰਦਾ ਹੈ। ਕਿਰਤ ਸਹਾਰੇ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੀ ਐੱਚ ਡੀ ਕਰਨ ਤੀਕ ਪੁੱਜਾ ਹੈ। ਹੀਰ ਵਾਰਿਸ ਤੇ ਖੋਜ ਕਾਰਜ ਕਰ ਰਿਹੈ। ਸੰਪਰਕ ਕੀਤਾ ਤਾਂ ਉਹ ਖਰਾ ਸੋਨਾ ਨਿਕਲਿਆ। ਸ਼ੌਕ ਦੇ ਘੋੜੇ ਚੇਤਨਤਾ ਸਹਾਰੇ ਭਜਾਉਣ  ਵਾਲਾ। ਫੋਨ ਤੇ ਸੰਪਰਕ ਕੀਤਾ ਤਾ ਉਸ ਦੱਸਿਆ ਕਿ ਉਸ ਆਪਣੇ ਪਿੰਡੋਂ ਹੀ ਪ੍ਰਕਾਸ਼ਨ ਕਾਰਜ ਆਰੰਭ ਲਿਆ ਹੈ। ਅਦਬ ਪ੍ਰਕਾਸ਼ਨ ਪੱਖੋਕੇ ਤਰਨ ਤਾਰਨ ਦੇ ਨਾਮ  ਹੇਠ। ਚੰਗਾ ਲੱਗਿਆ ਪਰ ਡਰ ਵੀ ਕਿ ਕਿਤੇ ਖੋਜ ਕਾਰਜ ਤੋਂ ਭਟਕ ਨਾ ਜਾਵੇ।

ਸੰਨੀ ਪੱਖੋਕੇ ਨੇ ਦੱਸਿਆ ਕਿ ਉਸ ਦੇ ਸੋਸ਼ਲ ਮੀਡੀਆ ਤੇ ਲੱਖਾਂ ਕਦਰਦਾਨ ਨੇ। ਬੁਸ਼ਰਾ ਨਾਜ਼ ਦੀ ਕਿਤਾਬ ਉਨ੍ਹਾਂ ਦੀ ਮੰਗ ਤੇ ਹੀ ਛਾਪੀ ਹੈ। ਛਪਣ ਤੋਂ ਪਹਿਲਾਂ ਸੌ ਕਾਪੀ ਦੇ ਆਰਡਰ ਆ ਚੁਕੇ ਨੇ। ਬਾਕੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੁਸਤਕ ਮੇਲੇ ਦਾ ਹੁੰਗਾਰਾ ਵੇਖਾਂਗੇ।

ਕੱਲ੍ਹ ਸਵੇਰੇ ਉਸ ਦਾ ਫੋਨ ਆਇਆ ਕਿ ਚਾਰ ਸੌ ਕਾਪੀ ਪਟਿਆਲੇ ਹੀ ਵਿਕ ਗਈ ਹੈ। ਪੰਜ ਸੌ ਛਾਪੀ ਸੀ ਪਹਿਲੀ ਵਾਰ। ਹੁਣ ਬਹੁਤ ਮੰਗ ਉੱਠੀ ਹੈ, ਸੋਸ਼ਲ ਮੀਡੀਆ ਤੇ ਸਵਾਰ ਜਾਣਕਾਰੀ ਪ੍ਰਵਾਨ ਕਰਕੇ ਲੋਕ ਕਿਤਾਬ ਮੰਗ ਰਹੇ ਨੇ। ਬਠਿੰਡਾ ਪੁਸਤਕ ਮੇਲਾ ਵੀ ਸਿਰ ਤੇ ਹੈ। ਦੂਜਾ ਐਡੀਸ਼ਨ ਛਪਵਾ ਰਿਹਾਂ।

ਮੈਂ ਪਹਿਲਾਂ ਕਦੇ ਇਹੋ ਜਹੀਆਂ ਗੱਲਾਂ ਦਾ ਵਿਸ਼ਵਾਸ ਨਹੀਂ ਸਾਂ ਕਰਦਾ ਹੁੰਦਾ ਪਰ ਜਦ ਤੋਂ ਹਰਮਨਦੀਪ ਦੀ ਕਿਤਾਬ ਰਾਣੀ ਤੱਤ ਦੇ ਸੱਠ ਪੈਂਹਠ ਹਜ਼ਾਰ ਤੋਂ ਵੱਧ ਕਾਪੀਆਂ ਵਿਕਣ ਦਾ ਪਤਾ ਲੱਗਾ ਹੈ, ਉਦੋਂ ਦਾ ਮੈਂ ਵੀ ਸੋਸ਼ਲ ਮੀਡੀਏ ਦੀ ਸ਼ਕਤੀ ਮੰਨਣ ਲੱਗ ਪਿਆ ਹਾਂ। ਸੁਰਿੰਦਰ ਸਿੰਘ ਦਾਊਮਾਜਰਾ ਦੇ ਨਾਵਲ  ਨੇਤਰ ਦੀ ਵੀ ਤਾਂ ਇਹੋ ਕਹਾਣੀ ਹੈ। ਆਲੋਚਕਾਂ ਦੀ ਨਜ਼ਰ ਚੜ੍ਹੇ ਬਗੈਰ ਹੀ ਇੱਕ ਸਾਲ ਵਿੱਚ ਚਾਰ ਐਡੀਸ਼ਨ ਵਿਕ ਚੱਲੇ ਹਨ।

ਹੋਰ ਵੀ ਮਿਸਾਲਾਂ ਹੋਣਗੀਆਂ।

ਹਾਲ ਦੀ ਘੜੀ ਬੁਸ਼ਰਾ ਨਾਜ਼ ਤੇ ਉਸ ਦੇ ਪ੍ਰਕਾਸ਼ਕ ਮੁਬਾਰਕ ਦੇ ਹੱਕਦਾਰ ਹਨ।


ਕੱਲ੍ਹ ਦੁਪਹਿਰ ਪੰਜਾਬੀ ਲੋਕ ਗਾਇਕ  ਸੁਰਿੰਦਰ ਛਿੰਦਾ ਮੈਨੂੰ ਮਿਲਣ ਆਇਆ ਤਾਂ ਮੈਂ ਉਸ ਨੂੰ ਬੁਸ਼ਰਾ ਦੀਆਂ ਕੁਝ ਲਿਖਤਾਂ ਸੁਣਾਈਆਂ। ਉਹ ਅਸ਼ ਅਸ਼ ਕਰ ਉੱਠਿਆ ਤੇ ਬੋਲਿਆ ਕਿ ਹੁਣੇ ਗੱਲ ਕਰਵਾਉ। ਉਸ ਨਾਜ਼ ਨੂੰ ਮੁਬਾਰਕ ਵੀ ਦਿੱਤੀ ਤੇ ਕਲਾਮ ਗਾਉਣ ਦਾ ਇਕਰਾਰ ਵੀ।

ਬੂਟਾ ਸਿੰਘ ਚੌਹਾਨ ਬਰਨਾਲੇ ਵੱਸਦਾ ਬਾਰੀਕ ਬੁੱਧ ਸ਼ਾਇਰ ਹੈ। ਮੇਰੇ ਕਿਤਾਬ ਪੜ੍ਹਦਿਆਂ ਉਹ ਮੈਨੂੰ ਲਕਸ਼ਮਣ ਗਾਇਕਵਾੜ ਦੀ ਸਵੈਜੀਵਨੀ ਦਾ ਉਸ ਵੱਲੋਂ ਕੀਤਾ ਅਨੁਵਾਦ ਚੋਰ ਉਚੱਕੇ ਦੇਣ ਆ ਗਿਆ। ਉਸ ਨੂੰ ਵੀ ਮੈਂ ਬੁਸ਼ਰਾ ਨਾਜ਼  ਦੀਆਂ ਕੁਝ ਗ਼ਜ਼ਲਾਂ ਸੁਣਾਈਆਂ। ਉਹ ਬੋਲਿਆ, ਇਹ ਲਿਖਤਾਂ ਧਰਤੀ ਦੀਆਂ ਧੀਆਂ ਵਰਗੀਆਂ ਨੇ। ਦਿਲ ਨੂੰ ਟੁੰਬਦੀਆਂ।

ਮੈਂ ਉਸਨੂੰ ਦੱਸਿਆ ਕਿ ਪਾਕਿਸਤਾਨ ਦੇ ਸ਼ਹਿਰ ਲਾਇਲਪੁਰ ਵੱਸਦੀ ਪੰਜਾਬੀ ਸ਼ਾਇਰਾ ਬੁਸ਼ਰਾ ਨਾਜ਼ ਦਾ ਗੁਰਮੁਖੀ ਅੱਖਰਾਂ ਵਿੱਚ ਕਾਵਿ ਸੰਗ੍ਰਹਿ ਪਹਿਲੀ ਵਾਰ ਛਪ ਰਿਹਾ ਹੈ। ਇਸ ਤੋਂ ਪਹਿਲਾਂ ਉਸ ਦੀਆਂ ਕੁਝ ਲਿਖਤਾਂ ਪੰਜਾਬੀ ਕਵਿਤਾ ਡਾਟ ਕਾਮ ਵਿੱਚ ਹੀ ਮਿਲਦੀਆਂ ਹਨ।

ਲਾਹੌਰ ਵਿੱਚ ਮਾਰਚ 2022 ਨੂੰ ਹੋਈ ਵਿਸ਼ਵ ਪੰਜਾਬੀ ਅਮਨ ਕਾਨਫਰੰਸ ਮੌਕੇ ਇੱਕ ਸ਼ਾਮ ਗੈਰ ਰਸਮੀ ਤੌਰ ਤੇ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਉਸ ਨੂੰ ਫੁਲਕਾਰੀ ਭੇਂਟ ਕਰਕੇ ਅਸਾਂ ਸਾਰਿਆਂ ਗੁਰਤੇਜ ਕੋਹਾਰਵਾਲਾ,ਡਾਃ ਭਾਰਤਬੀਰ ਕੌਰ, ਅਫ਼ਜ਼ਲ ਸਾਹਿਰ,ਸਵਰਗੀ ਡਾਃ ਸੁਲਤਾਨਾ ਬੇਗਮ, ਸਹਿਜਪ੍ਰੀਤ ਸਿੰਘ ਮਾਂਗਟ ਤੇ ਅਜ਼ੀਮ ਸ਼ੇਖ਼ਰ ਸਮੇਤ ਰਲ ਕੇ ਸਨਮਾਨਿਤ ਕੀਤਾ ਸੀ। ਉਹ ਸਾਨੂੰ ਪਹਿਲੀ ਵਾਰ 28 ਦਸੰਬਰ 2021 ਨੂੰ ਬਾਬਾ ਨਜਮੀ, ਅਫ਼ਜ਼ਲ ਸਾਹਿਰ, ਸਾਨੀਆ ਸ਼ੇਖ਼, ਬਾਬਾ ਨਦੀਮ ਤੇ ਮੁਨੀਰ ਹੋਸ਼ਿਆਰਪੁਰੀ ਨਾਲ ਆਪਣੇ ਪੁੱਤਰ ਸਮੇਤ ਮਿਲੀ ਸੀ।

ਲਾਹੌਰ ਵਿੱਚ ਤਾਂ ਉਹ ਦੋ ਧੀਆਂ, ਪੁੱਤਰ ਤੇ ਨੂੰਹ ਸਮੇਤ ਆਈ ਸੀ। ਉਸ ਦੇ ਟੱਬਰ ਨੂੰ ਮਿਲ ਕੇ ਮੈਨੂੰ ਤੇ ਮੇਰੀ ਜੀਵਨ ਸਾਥਣ ਨੂੰ ਬੜਾ ਚੰਗਾ ਲੱਗਿਆ।

ਬੁਸ਼ਰਾ ਸਰਲ ਪੰਜਾਬੀ ਚ ਲਿਖਣ ਵਾਲੀ ਸਮਰੱਥ ਪਰ ਸੰਗਾਊ ਪੰਜਾਬੀ ਸ਼ਾਇਰਾ ਹੈ ਜਿਸ ਦੇ ਤਿੰਨ ਕਾਵਿ ਸੰਗ੍ਰਹਿ ਸ਼ਾਹਮੁਖੀ ਲਿਪੀ ਵਿੱਚ ਪ੍ਰਕਾਸ਼ਿਤ ਹੋ ਚੁਕੇ ਹਨ।


ਪਾਕਿਸਤਾਨ ਦੇ ਇਤਿਹਾਸਕ ਸ਼ਹਿਰ ਲਾਇਲਪੁਰ (ਹੁਣ ਫੈਸਲਾਬਾਦ) ਚ 10 ਜੁਲਾਈ 1973 ਨੂੰ ਹਮੀਦਾ ਬੀਬੀ ਦੀ ਕੁਖੋਂ ਜਨਾਬ ਅਬਦੁਰ ਰਹਿਮਾਨ ਦੇ ਘਰ ਜਨਮੀ , ਪੰਜਾਬੀ ਸ਼ਾਇਰਾ ਬੁਸ਼ਰਾ ਨਾਜ਼ ਦਾ ਅਸਲੀ ਨਾਮ ਬਚਪਨ ਵੇਲੇ ਮਾਪਿਆਂ ਨੇ ਬੁਸ਼ਰਾ ਇਕਬਾਲ ਰੱਖਿਆ ਸੀ ਪਰ ਸ਼ਾਇਰੀ ਨੇ ਉਸ ਨੂੰ ਨਾਜ਼ ਕਰ ਦਿੱਤਾ। ਪੰਜਾਬ ਕਾਲਿਜ ਆਫ਼ ਕਾਮਰਸ ਫੈਸਲਾਬਾਦ ਤੋਂ ਬੀ ਕਾਮ ਪਾਸ ਬੁਸ਼ਰਾ ਨਾਮਵਰ ਡਰੈੱਸ ਡੀਜ਼ਾਈਨਰ ਹੈ ਅਤੇ ਇਸ ਖੇਤਰ ਵਿੱਚ ਉਹ ਬਦੇਸ਼ਾਂ ਚ ਵੀ ਨਾਮਣਾ ਖੱਟ ਚੁਕੀ ਹੈ।

ਜਨਾਬ ਮੁਹੰਮਦ ਇਕਬਾਲ ਸਾਹਿਬ ਨਾਲ ਵਿਆਹੀ, ਇੱਕ ਪੁੱਤਰ ਤੇ ਤਿੰਨ ਧੀਆਂ ਦੀ ਮਾਂ ਬੁਸ਼ਰਾ ਨਾਜ਼ ਘਰ ਪਰਿਵਾਰ ਲਈ ਜ਼ੁੰਮੇਵਾਰ ਸਵਾਣੀ ਹੈ। ਲਿਖਣਾ ਪੜ੍ਹਨਾ ਉਸ ਦੇ ਸ਼ੌਕ ਦਾ ਹਿੱਸਾ ਹੈ। ਪੰਜਾਬੀ ਵਿੱਚ ਸ਼ਾਇਰੀ ਦੀਆ ਦੋ ਕਿਤਾਬਾਂ ਪੰਜਾਬੀ ਵਿੱਚ ਕੰਧ ਆਸਮਾਨਾਂ ਤੀਕ ਅਤੇ ਸੋਚ ਸਮਿਆਂ ਤੋਂ ਅੱਗੇ ਛਪ ਚੁਕੀਆਂ ਨੇ। ਕੰਧ ਆਸਮਾਨਾਂ ਤੀਕ ਨੂੰ ਮਸੂਦ ਖੱਦਰਪੋਸ਼ ਐਵਾਰਡ ਮਿਲ ਚੁਕਾ ਹੈ। ਉਰਦੂ ਵਿੱਚ ਵੀ ਉਸ ਦਾ ਇੱਕ ਸੰਗ੍ਰਹਿ ਇਲਹਾਮ ਛਪ ਚੁਕਾ ਹੈ। ਭਾਰਤ, ਬਹਿਰੀਨ, ਬੰਗਲਾਦੇਸ਼ ਅਤੇ ਮਲੇਸ਼ੀਆ ਵਿੱਚ ਹੋਏ ਕਵੀ ਦਰਬਾਰਾਂ ਵਿੱਚ ਉਹ ਹਿੱਸਾ ਲੈ ਚੁਕੀ ਹੈ।

ਔਰਤ ਸ਼ਕਤੀਕਰਨ ਨਾਲ ਸਬੰਧਿਤ ਲਾਇਲਪੁਰ ਦੀਆਂ ਕਈ ਸਵੈ ਸੇਵੀ ਜਥੇਬੰਦੀਆਂ ਦੀ ਉਹ ਮੈਂਬਰ ਤੇ ਉੱਘੀ ਕਾਰਕੁਨ ਹੈ।

ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਉਸ ਦਾ ਕਥਨ ਹੈ ਕਿ ਆਪਣੇ ਘਰ ਵਿੱਚ ਪੰਜਾਬੀ ਦੀ ਸਰਦਾਰੀ ਤੋਂ ਸਾਨੂੰ ਸਭ ਨੂੰ ਅੱਗੇ ਵਧਣਾ ਪਵੇਗਾ। ਸਾਲ ਚ ਇੱਕ ਦਿਨ ਮਾਂ ਬੋਲੀ ਦਿਹਾੜਾ ਮਨਾ ਕੇ ਅਸੀਂ ਰਸਮ ਤਾਂ ਪੂਰੀ ਕਰ ਲੈਂਦੇ ਹਾਂ ਪਰ ਲੋੜਵੰਦੇ ਨਤੀਜੇ ਨਹੀਂ ਹਾਸਲ ਕਰ ਸਕਦੇ। ਸਾਨੂੰ ਹਰ ਰੋਜ਼ ਹਰ ਵਿਅਕਤੀ ਨੂੰ ਇਸ ਦਿਸ਼ਾ ਵੱਲ ਤੁਰਨ ਤੇ ਸਰਗਰਮ ਹੋਣ ਦੀ ਲੋੜ ਹੈ। ਉਹ ਦੱਸਦੀ ਹੈ ਕਿ ਮੇਰੀ ਜਣਨਹਾਰੀ ਮਾਂ ਉਰਦੂ ਬੋਲਦੀ ਸੀ ਪਰ ਪੰਜਾਬੀ ਮੈਂ ਆਪਣੀ ਸੱਸ ਤੋਂ ਸਿੱਖੀ ਹੈ। ਮੇਰੀ ਸੱਸ ਆਪਣੇ ਪਰਿਵਾਰ ਚ ਸਭ ਨਾਲ ਵਧੀਆ ਮੁਹਾਵਰੇਦਾਰ ਪੰਜਾਬੀ ਚ ਗੱਲ ਕਰਦੀ ਸੀ। ਉਸ ਤੋਂ ਸਿੱਖ ਕੇ ਹੀ ਮੈਂ ਪੰਜਾਬੀ ਦੇ ਵੱਡੇ ਸ਼ਾਇਰਾਂ ਨੂੰ ਪੜ੍ਹਿਆ ਤੇ ਉਨ੍ਹਾਂ ਤੋਂ ਮੁਤਾਸਰ ਹੋ ਕੇ ਸ਼ਿਅਰ ਕਹਿਣੇ ਆਰੰਭੇ।


ਉਸ ਦੀ ਵਿਸ਼ਵ ਅਮਨ ਤਾਂਘ ਤੇ ਹਿੰਦ ਪਾਕਿ ਸਾਂਝ ਸਾਨੂੰ ਸਭ ਨੂੰ ਬਹੁਤ ਪ੍ਰਭਾਵਤ ਕਰਦੀ ਹੈ। ਮੈਨੂੰ ਮਾਣ ਹੈ ਕਿ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਪ੍ਰੇਰਨਾ ਨਾਲ ਕਰਵਾਏ ਇਸ ਕਵੀ ਦਰਬਾਰ ਵਿੱਚ ਪਾਕਿਸਤਾਨ ਵੱਲੋਂ ਬੁਸ਼ਰਾ ਨਾਜ਼ ਤੋਂ  ਇਲਾਵਾ ਬਾਬਾ ਨਜਮੀ, ਅਫ਼ਜ਼ਲ ਸਾਹਿਰ,ਅੰਜੁਮ ਸਲੀਮੀ, ਬਾਬਾ ਗੁਲਾਮ ਹੁਸੈਨ ਨਦੀਮ,ਸਾਨੀਆ ਸ਼ੇਖ, ਮੁਨੀਰ ਹੋਸ਼ਿਆਰਪੁਰੀਆ ਤੇ ਏਧਰੋਂ ਸਵਰਗੀ ਡਾਃ ਸੁਲਤਾਨਾ ਬੇਗਮ, ਡਾਃ ਨਵਜੋਤ ਕੌਰ, ਮਨਜਿੰਦਰ ਧਨੋਆ ਦੇ ਨਾਲ ਮੈਂ ਵੀ ਸ਼ਾਮਿਲ ਸਾਂ। ਪੰਜਾਬੀ ਲਹਿਰ ਯੂ ਟਿਊਬ ਚੈਨਲ ਵਾਸਤੇ ਇਸ ਨੂੰ ਨਾਸਿਰ ਢਿੱਲੋਂ ਤੇ ਭੁਪਿੰਦਰ ਸਿੰਘ ਲਵਲੀ ਨੇ ਰੀਕਾਰਡ ਕੀਤਾ ਜਿਸ ਨੂੰ ਹਜ਼ਾਰਾਂ ਸਰੋਤੇ ਸੁਣ ਤੇ ਮਾਣ ਚੁਕੇ ਹਨ। ਹੁਣ ਖ਼ਬਰ ਮਿਲੀ ਹੈ ਕਿ ਅੰਮ੍ਰਿਤਸਰ ਵਾਸੀ ਸਤਿੰਦਰਜੀਤ ਸਿੰਘ ਸਨੀ ਪੱਖੋਕੇ ਨੇ ਉਸ ਦੀ ਸ਼ਾਇਰੀ ਦੇ ਸੰਗ੍ਰਹਿ

"ਬੰਦਾ ਮਰ ਵੀ ਸਕਦਾ ਏ" ਨੂੰ ਗੁਰਮੁਖੀ ਵਿੱਚ ਛਾਪਣ ਦਾ ਹੀਲਾ ਕੀਤਾ ਹੈ। ਮੁਬਾਰਕ ਕਦਮ ਹੈ।

ਉਸ ਦੀਆਂ ਕੁਝ ਗ਼ਜ਼ਲਾਂ ਨਾਲ ਤੁਸੀਂ ਵੀ ਸਾਂਝ ਪਾਉ।

 ਗ਼ਜ਼ਲ-1

ਲੱਗਦਾ ਏ ਹੁਣ ਇੱਸਰਾਂ ਸੱਚ ਦੀ ਰੀਤ ਨਿਭਾਉਣੀ ਪਏਗੀ।

ਗਜਰੇ ਵਾਲੀਆਂ ਬਾਹਾਂ ਨੂੰ ਤਲਵਾਰ ਉਠਾਉਣੀ ਪਏਗੀ।

 


ਮੂੰਹੋਂ ਗੱਲ ਨੂੰ ਕੱਢਣ ਲੱਗਿਆਂ ਇਹ ਗੱਲ ਚੇਤੇ ਰੱਖੀਂ,

ਸਿਰ ਭਾਵੇਂ ਲੱਥ ਜਾਵੇ ਤੈਨੂੰ ਗੱਲ ਵਿਆਹੁਣੀ ਪਏਗੀ।


ਬਾਗ਼ ਉਜਾੜਨ ਵਾਲਿਆਂ ਦਾ ਜੇ ਲੋਕਾਂ ਰਾਹ ਨਾ ਡੱਕਿਆ,

ਕੰਧਾਂ ਉੱਤੇ ਫੁੱਲਾਂ ਦੀ ਤਸਵੀਰ ਬਣਾਉਣੀ ਪਏਗੀ।


ਅੱਗ ਨੇ ਸਾੜਨ ਲੱਗਿਆਂ ਤੇਰਾ ਘਰ ਵੀ ਨਹੀਓਂ ਛੱਡਣਾ,

ਜਿਹੜੀ ਅੱਗ ਤੂੰ ਹੱਥੀਂ ਲਾਈ ਆਪ ਬੁਝਾਉਣੀ ਪਏਗੀ।


ਨਫ਼ਰਤ ਦੇ ਮਾਹੌਲ ‘ਚ ਬੁਸ਼ਰਾ ਸਾਥੋਂ ਰਹਿ ਨਹੀਂ ਹੋਣਾ,

ਸਾਨੂੰ ਹੁਣ ਇੱਕ ਪਿਆਰ ਦੀ ਬਸਤੀ ਆਪ ਵਸਾਉਣੀ ਪਏਗੀ।

 ਗ਼ਜ਼ਲ-2

ਦਿਲ ਦਾ ਵਿਹੜਾ ਵੱਸ ਪਵੇ ਪਰ ਕਿੱਥੋਂ?

ਇੱਕ ਵਾਰੀ ਉਹ ਹੱਸ ਪਵੇ ਪਰ ਕਿੱਥੋਂ?


ਉਹਦੇ ਤੀਕਰ ਉੱਡ ਕੇ ਅੱਪੜ ਜਾਵਾਂ,

ਜੇਕਰ ਉਹਦੀ ਦੱਸ ਪਵੇ ,ਪਰ ਕਿੱਥੋਂ?


ਖੁੱਲ੍ਹੀਆਂ ਬਾਹਵਾਂ ਦੇ ਨਾਲ ਹੋਕਾ ਦੇਵਾਂ,

ਉਹ ਮੇਰੇ ਵੱਲ ਨੱਸ ਪਵੇ, ਪਰ ਕਿੱਥੋਂ?


ਮੈਂ ਚਾਹੁੰਦੀ ਆਂ ਮੇਰੇ ਗ਼ਮ ਦਾ ਬੱਦਲ,

ਉਹਦੀ ਅੱਖ ‘ਚੋਂ ਵੱਸ ਪਵੇ,ਪਰ ਕਿੱਥੋਂ?


ਹਰ ਪਲ ਉਹਦੀਆਂ ਸੋਚਾਂ ਯਾਦਾਂ ਵਾਲਾ,

ਦਿਲ ਵਿੱਚ ਨਾ ਘੜਮੱਸ ਪਵੇ, ਪਰ ਕਿੱਥੋਂ?


ਜਾਵਣ ਵਾਲਾ ਜੇ ਬੁਸ਼ਰਾ ਮੁੜ ਆਵੇ,

ਲਗਰਾਂ ਦੇ ਵਿੱਚ ਰਸ ਪਵੇ, ਪਰ ਕਿੱਥੋਂ?


 ਗ਼ਜ਼ਲ 3

ਕੀ ਪੁੱਛਦੇ ਓ ਕਾਂ ਦਾ ਮਤਲਬ।

ਝੂਠੇ ਖ਼ਬਰ ਰਸਾਂ ਦਾ ਮਤਲਬ।



ਬੱਕ ਬੱਕ ਜੇ ਮੈਂ ਨਾ ਸਮਝਾ ਤੇ,

ਕੀ ਸਮਝਾ ਕਾਂ ਕਾਂ ਦਾ ਮਤਲਬ।


ਖ਼ੌਰੇ ਕਿਉਂ ਦਿਲ ਵੈਰੀ ਸਮਝੇ,

ਸੱਜਣਾਂ ਦੇ ਸੱਜਣਾਂ ਦਾ ਮਤਲਬ।


ਜੰਨਤ ਦੇ ਵਿੱਚ ਥਾਂ ਵਰਗਾ ਏ,

ਉਹਦੇ ਦਿਲ ਵਿੱਚ ਥਾਂ ਦਾ ਮਤਲਬ।


ਇਕ ਦਿਨ ਮੇਰੇ ਦਿਲ ਵਿਚ ਆਇਆ,

ਧੁੱਪ ਤੋਂ ਪੁੱਛਾਂ ਛਾਂ ਦਾ ਮਤਲਬ।


ਬਿਨ ਸੋਚੇ ਮੈਂ ਦੱਸ ਸਕਦੀ ਆਂ,

ਰੱਬ ਹੁੰਦਾ ਏ ਮਾਂ ਦਾ ਮਤਲਬ।


ਬੁਸ਼ਰਾ ਆਖ਼ਰਕਾਰ ਮੈਂ ਬੁੱਝਿਆ,

ਉਹਦੀ ਨਾਂ ਚੋਂ ਹਾਂ ਦਾ ਮਤਲਬ।

 ਗ਼ਜ਼ਲ 4

ਸਾਡੇ ਸ਼ੌਕ ਗੁਲਾਬਾਂ ਹਾਰ ਸਨ ਕੰਡਿਆਂ ਨਾਲ਼ ਖਹਿ ਗਏ।

ਅਸੀਂ ਸੀ ਨਾ ਕੀਤੀ ਫੇਰ  ਵੀ ਸਭ ਹੱਸ ਕੇ ਸਹਿ ਗਏ।

ਸਾਨੂੰ ਰੀਤ ਰਿਵਾਜ ਦੇ ਨਾਮ ਤੇ ਜੱਗ ਕੈਦ ਸੁਣਾਈ,

ਅਸੀਂ ਪੈਰੀਂ ਸੰਗਲ ਪਾ ਲਏ, ਚੁੱਪ ਕਰਕੇ ਬਹਿ ਗਏ।

ਦਿਲ ਰੋਇਆ ਧਾਹਾਂ ਮਾਰ ਕੇ ਫ਼ਿਰ ਅੰਦਰੋਂ ਅੰਦਰੀਂ,

ਕੁੱਝ ਰੋਗ ਕਿਸੇ ਦੀ ਸਿੱਕ ਦੇ ਸਾਨੂੰ ਕਰਨ ਉਦਾਸੇ।

ਕੋਈ ਹਾਸੇ ਖੋਹ ਕੇ ਲੈ ਗਿਆ ਵਿੱਚ ਹਾਸੇ‌ ਹਾਸੇ।

 ਜਦੋਂ ਇਸ਼ਕਾ ਤੇਰੀ ਹੋਂਦ ਦੇ ਵੱਧ ਗਏ ਸਿਆਪੇ।

ਅਸੀਂ ਹੱਥੀਂ ਸੂਲੀਆਂ ਗੱਡੀਆਂ ਤੇ ਚੜ੍ਹ ਗਏ ਆਪੇ।

 ਕੋਈ ਆਵੇ ਐਸਾ ਮਾਂਦਰੀ ਜੋ ਕੀਲੇ ਤੈਨੂੰ,

ਅਸੀਂ ਬੇਪਰਵਾਹਾ ਜਿੱਤਣਾ ਹਰ  ਹੀਲੇ  ਤੈਨੂੰ।

ਗ਼ਜ਼ਲ 5

ਪੁੱਛਣ ਲੋਕ ਨਿਮਾਣੇ ਰੱਬਾ।

ਸੌਖੇ ਦਿਨ ਨਹੀਂ ਆਣੇ ਰੱਬਾ।

ਜੇ ਮਜ਼ਦੂਰੀ ਪੂਰੀ ਲੱਭੇ,

ਕਾਹਨੂੰ ਰੋਣ ਨਿਆਣੇ ਰੱਬਾ।

ਮੁੜ ਮੁੜ ਕਾਹਨੂੰ ਉਂਗਰ ਜਾਂਦੇ,

ਲੱਗੇ ਫੱਟ ਪੁਰਾਣੇ ਰੱਬਾ।

ਅਸੀਂ ਆਂ ਤੇਰੇ ਸਾਦੇ ਬੰਦੇ,

ਲੋਕੀਂ ਬਹੁਤ ਸਿਆਣੇ ਰੱਬਾ।

ਹਾਕਮ ਨੂੰ ਤੌਫ਼ੀਕ ਅਤਾ ਕਰ,

ਸਾਡਾ ਰੋਗ ਪਛਾਣੇ ਰੱਬਾ।

ਮਾੜੇ ਦੀ ਕੋਠੀ ਵੀ ਭਰ ਦੇ,

ਬਹੁਤੇ ਸਾਰੇ ਦਾਣੇ ਰੱਬਾ।

ਬੁਸ਼ਰਾ ਵਾਂਗਰ ਸਭ ਨੂੰ ਆਵਣ,

ਕੀਤੇ ਕੌਲ ਨਿਭਾਣੇ ਰੱਬਾ।

ਗ਼ਜ਼ਲ 5.

ਦੁੱਖ ਦੀ ਸ਼ਾਲ 'ਚ ਸਾਰੇ ਮੌਸਮ ਆਉਂਦੇ ਨੇ।;

ਇਸ਼ਕ ਧਮਾਲ ‘ਚ ਸਾਰੇ ਮੌਸਮ ਆਉਂਦੇ ਨੇ।


ਦਿਲ ਵੀ ਆਖ਼ਰ ਉਹਦੀ ਚਾਲ ‘ਚ ਆਇਆ ਏ,

ਜੀਹਦੀ ਚਾਲ  ‘ਚ ਸਾਰੇ ਮੌਸਮ ਆਉਂਦੇ ਨੇ।


ਤੇਰੀਆਂ ਗੱਲਾਂ ਕਰਨ ਦੇ ਬਹਾਨੇ ਲਾਉਨੀ ਆਂ,

ਇੰਜ ਫਿਰ ਯਾਦ ‘ਚ ਸਾਰੇ ਮੌਸਮ ਆਉਂਦੇ ਨੇ।


ਮੈਂ ‘ਕੱਲੀ ਨਹੀਂ ਆਉਂਦੀ ਇਹ ਗੱਲ ਪੱਕੀ ਏ,

ਉਹਦੀ ਭਾਲ ‘ਚ ਸਾਰੇ ਮੌਸਮ ਆਉਂਦੇ ਨੇ।


ਉਹਦਿਆਂ ਹੱਥਾਂ ਦੇ ਵਿੱਚ ਚੰਗਾ ਲੱਗਦਾ ਏ,

ਜਿਸ ਰੁਮਾਲ ‘ਚ ਸਾਰੇ ਮੌਸਮ ਆਉਂਦੇ ਨੇ।


ਉਹਦਿਆਂ ਆਇਆਂ ਦਿਲ ਦਾ ਮੌਸਮ ਖਿੜਦਾ ਏ,

ਉਂਝ ਤੇ ਸਾਲ ‘ਚ ਸਾਰੇ ਮੌਸਮ ਆਉਂਦੇ ਨੇ।


ਬੁਸ਼ਰਾ ਜਿਸ ਖ਼ਿਆਲ ਨੇ ਪਾਗ਼ਲ ਕੀਤੀ ਏ,

ਓਸ ਖ਼ਿਆਲ ‘ਚ ਸਾਰੇ ਮੌਸਮ ਆਉਂਦੇ ਨੇ।

ਤੁਹਾਨੂੰ ਇਹ ਪੋਸਟ ਕਿਹੋ ਜਿਹੀ ਜੀ ਲੱਗੀ ਜ਼ਰੂਰ ਦੱਸਣਾ। ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ ਹੀ। ਆਪਣਾ ਨਾਮ, ਪਤਾ, ਸਟੇਸ਼ਨ ਅਤੇ ਮੋਬਾਈਲ ਨੰਬਰ ਵੀ ਨਾਲ ਲਿਖੋ ਤਾਂ ਜ਼ਿਆਦਾ ਚੰਗਾ ਹੋਵੇਗਾ ਜੀ। 

ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Wednesday 16 November 2022

ਸੱਚੀ ਕਹਾਣੀ 'ਤੇ ਅਧਾਰਿਤ ਹੈ ਨਾਵਲ ‘ਅੰਬਰੀਂ ਉੱਡਣ ਤੋਂ ਪਹਿਲਾਂ’

Posted on Monday 14th November 2022 at 10:35 PM

ਰਿਲੀਜ਼ ਸਮਾਗਮ ਵਿੱਚ ਪੁੱਜੀਆਂ ਕਈ ਗਵਾਹ ਵਰਗੀਆਂ ਅਹਿਮ ਸ਼ਖਸੀਅਤਾਂ 


ਚੰਡੀਗੜ੍ਹ
: 15 ਨਵੰਬਰ 2022: (ਸੰਕਲਨ-ਸੰਪਾਦਨ-ਕਾਰਤਿਕਾ ਸਿੰਘ//ਸਾਹਿਤ ਸਕਰੀਨ ਡੈਸਕ)::
ਪੱਥਰਾਂ  ਵੱਜੋਂ  ਜਾਣੇ ਜਾਂਦੇ ਚੰਡੀਗੜ੍ਹ ਵਿੱਚ
ਸੰਵੇਦਨਾ ਅਤੇ ਅਹਿਸਾਸਾਂ ਦੀ ਭਾਵਨਾ ਕਲਮਕਾਰਾਂ ਅਤੇ ਲੇਖਕਾਂ ਨੇ ਹੀ ਭਰੀ ਹੈ। ਇਸ ਧਰਤੀ ਦੇ ਸ਼ਾਇਰਾਂ, ਗਾਇਕਾਂ, ਅਦਾਕਾਰਾਂ ਅਤੇ ਚਿਤਰਕਾਰਾਂ ਨੇ ਜਜ਼ਬਾਤਾਂ ਦੀ ਗਰਮਾਹਟ ਪੈਦਾ ਕੀਤੀ ਹੈ ਜਿਸ ਨਾਲ ਜ਼ਿੰਦਗੀ ਆਪਣੇ ਸੱਚੇ ਅਰਥਾਂ ਵਿਚ ਧੜਕਦੀ ਹੈ। ਮਨਜੀਤ ਇੰਦਰਾ, ਗੁਰਨਾਮ ਕੰਵਰ, ਬਲਕਾਰ ਸਿੱਧੂ, ਸੰਜੀਵਨ ਅਤੇ ਸੁਸ਼ੀਲ ਰਹੇਜਾ ਵਰਗੀਆਂ ਸ਼ਖਸੀਅਤਾਂ ਨੇ ਜਜ਼ਬਾਤਾਂ ਦੇ ਅੰਨ੍ਹੇ ਵੇਗ ਨੂੰ ਸੇਧ ਦੇ ਕੇ ਸਰਬੱਤ ਦੇ ਭਲੇ ਵਾਲੀ ਊਰਜਾ ਵਿੱਚ ਬਦਲਿਆ ਹੈ। ਕਲਾ ਭਵਨ ਵਰਗੇ ਅਦਾਰੇ ਇਹਨਾਂ ਸਮੂਹ ਕੋਸ਼ਿਸ਼ਾਂ ਨੂੰ ਸਫਲ ਬਣਾ ਕੇ ਆਮ ਲੋਕਾਂ ਤੱਕ ਲਿਜਾਣ ਵਿਚ ਸਹਾਈ ਹੁੰਦੇ ਹਨ। ਇਸ ਨਾਵਲ ਦੇ ਲੋਕ ਅਰਪਣ ਸਮਾਗਮ ਦੀ ਖਾਸ ਗੱਲ ਇਹ ਵੀ ਸੀ ਕਿ ਇਸ ਸਮਾਗਮ ਵਿਹੁੱਚ ਕਈ ਅਜਿਹੀਆਂ ਨਾਮਵਰ ਸ਼ਖਸੀਅਤਾਂ ਵੀ ਮੌਜੂਦ ਸਨ ਜਿਹਨਾਂ ਨਾਂਵ ਦੀ ਇਸ ਸਾਰੀ ਕਹਾਣੀ ਨੂੰ ਅਸਲੀ ਜ਼ਿੰਦਗੀ ਵਿਚ ਵੀ ਵਾਪਰਦਿਆਂ ਦੇਖਿਆ। ਇਹਨਾਂ ਸ਼ਖਸੀਅਤਾਂ ਨੂੰ ਗਵਾਹ ਵੀ ਕਿਹਾ ਜਾ ਸਕਦਾ ਹੈ।  

ਇਸ ਵਾਰ ਗੱਲ ਕਰ ਰਹੇ ਹਾਂ ਜਾਣੀ ਪਛਾਣੀ ਲੇਖਿਕਾ ਡਾਕਟਰ ਗੁਰਮਿੰਦਰ ਸਿੱਧੂ ਹੁਰਾਂ ਦੀ। ਡੂੰਘੀਆਂ ਗੱਲਾਂ ਨੂੰ ਸਾਦਗੀ ਨਾਲ ਦੂਜਿਆਂ ਦੇ ਦਿਲਾਂ ਵਿਚ ਉਤਾਰਨ ਦੀ ਮੁਹਾਰਤ ਹੈ ਡਾਕਟਰ ਗੁਰਮਿੰਦਰ ਸਿੱਧੂ ਨੂੰ। ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਨਾਮਵਰ ਲੇਖਿਕਾ ਡਾ. ਗੁਰਮਿੰਦਰ ਸਿੱਧੂ ਦਾ ਜੀਵਨ ਦੀਆਂ ਤਲਖ ਸਚਾਈਆਂ ਵਿਚੋਂ ਹਕੀਕੀ ਰੂਪ ਵਾਲਾ ਨਾਵਲ ‘ਅੰਬਰੀਂ ਉੱਡਣ ਤੋਂ ਪਹਿਲਾਂ’ 12 ਨਵੰਬਰ, 2022 ਨੂੰ ਪੰਜਾਬ ਕਲਾ ਭਵਨ, ਸੈਕਟਰ 16-ਬੀ, ਚੰਡੀਗੜ੍ਹ ਵਿਖੇ ਲੋਕ ਅਰਪਣ ਕੀਤਾ ਗਿਆ। ਸਾਡੇ ਸਮਾਜ ਦੀ ਕਰੂਪਤਾ ਵਾਲੀ ਤਸਵੀਰ ਨੂੰ ਸਾਹਮਣੇ ਲਿਆਂਦਾ ਗਿਆ ਹੈ ਇਸ ਲਿਖਤ ਦੇ ਨਾਲ। ਉਹ ਤਸਵੀਰ ਜਿਹੜੀ ਸਾਡੇ ਅੱਜ ਦੇ ਸਮਿਆਂ ਦਾ ਵੀ ਸੱਚ ਹੈ। 

ਦਹੇਜ-ਲੋਭੀਆਂ ਦੇ ਹੱਥ ਪੈ ਕੇ ਤੇ ਵਿਦੇਸ਼ਾਂ ’ਚ ਰੁਲਣ ਵਾਲੀ ਇੱਕ ਧੀ ਦੇ ਦਰਦ ਨੂੰ ਬਿਆਨ ਕਰਦੇ ਇਸ ਨਾਵਲ ’ਤੇ ਪੰਜਾਬੀ ਲੇਖਕ ਸਭਾ ਵੱਲੋਂ ਕਰਵਾਏ ਗਏ ਇਸ ਲੋਕ ਅਰਪਣ ਅਤੇ ਵਿਚਾਰ-ਚਰਚਾ ਦੇ ਸਮਾਗਮ ਵਿਚ ਕਰਨਲ ਜਸਬੀਰ ਭੁੱਲਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।  ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਵਿਕਾਸ ਮੰਚ ਯੂ ਕੇ ਦੇ ਸੰਸਥਾਪਕ ਡਾ. ਬਲਦੇਵ ਸਿੰਘ ਕੰਦੋਲਾ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਉਘੇ ਸਮਾਜ ਚਿੰਤਕ ਤੇ ਡਾ. ਗੁਰਮਿੰਦਰ ਸਿੱਧੂ ਦੇ ਜਮਾਤੀ ਡਾ. ਪਿਆਰੇ ਲਾਲ ਗਰਗ ਨੇ ਹਾਜ਼ਰੀ  ਭਰੀ। ਇਨ੍ਹਾਂ ਸਭਨਾਂ ਦੇ ਨਾਲ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ, ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ, ਲੇਖਿਕਾ ਗੁਰਮਿੰਦਰ ਸਿੱਧੂ ਅਤੇ ਡਾ. ਬਲਦੇਵ ਸਿੰਘ ਖਹਿਰਾ ਹੁਰਾਂ ਨੇ ਸਾਂਝੇ ਤੌਰ ’ਤੇ ਨਾਵਲ ‘ਅੰਬਰੀਂ ਉੱਡਣ ਤੋਂ ਪਹਿਲਾਂ’ ਲੋਕ ਅਰਪਣ ਕੀਤਾ। ਕੁਲ ਮਿਲਾ ਕੇ ਮਨੁੱਖਤਾ ਨੂੰ ਸੇਧ ਦੇਣ ਵਾਲੀ ਸੋਚ ਵਾਲੇ ਕੁਝ ਲੋਕ ਪੁਸਤਕ ਰਿਲੀਜ਼ ਦੇ ਬਹਾਨੇ ਨਾਲ ਇੱਕੋ ਥਾਂ ਇਕੱਤਰ ਹੋਏ ਸਨ। 

ਡਾ. ਗੁਰਮਿੰਦਰ ਸਿੱਧੂ ਦਾ ਨਾਵਲ ‘ਅੰਬਰੀਂ ਉੱਡਣ ਤੋਂ ਪਹਿਲਾਂ’ ਨੂੰ ਲੋਕ ਅਰਪਣ ਕਰਦੇ ਹੋਏ ਕਰਨਰਲ ਜਸਬੀਰ ਭੁੱਲਰ, ਡਾ. ਬਲਦੇਵ ਕੰਦੋਲਾ, ਡਾ. ਬਲਦੇਵ ਖਹਿਰਾ, ਬਲਕਾਰ ਸਿੱਧੂ ਅਤੇ ਦੀਪਕ ਚਨਾਰਥਲ ਜਿਵੇਂ ਸਾਡੇ ਸਮਾਜ ਨੂੰ ਉੱਚੀਆਂ ਉਠਾਉਣ ਲਈ ਇੱਕ ਹੋਰ ਹੰਭਲਾ ਮਾਰਦੇ ਮਹਿਸੂਸ ਹੁੰਦੇ ਸਨ। 

ਇਸ ਮੌਕੇ ਆਏ ਹੋਏ ਮਹਿਮਾਨਾਂ ਦਾ ਲੇਖਕ ਸਭਾ ਵੱਲੋਂ ਫੁੱਲਾਂ ਨਾਲ ਸਵਾਗਤ ਕੀਤਾ ਗਿਆ ਅਤੇ ਜੀ ਆਇਆਂ ਆਖਦਿਆਂ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਆਖਿਆ ਕਿ ਡਾ. ਗੁਰਮਿੰਦਰ ਸਿੱਧੂ ਦੀ ਕਲਮ ਨੂੰ ਸਲਾਮ ਹੈ ਜਿਸ ਨੇ ਇਕ ਸੱਚ ਨੂੰ ਹੂਬਹੂ ਬਿਆਨ ਕਰਕੇ ਸਾਡੇ ਸਾਹਮਣੇ ਇਕ ਉਦਾਹਰਣ ਪੇਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਅੱਜ ਦੇ ਇਸ ਸਮਾਗਮ ਦੀ ਸ਼ੁਰੂਆਤ ਸੁਰਜੀਤ ਸਿੰਘ ਧੀਰ ਹੁਰਾਂ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਕ ਸ਼ਬਦ ਨਾਲ ਕੀਤੀ ਗਈ, ਜਿਸ ਨਾਲ ਮਹਿਫ਼ਲ ਵਿਚ ਰੂਹਾਨੀਅਤ ਦਾ ਪ੍ਰਸਾਰ ਹੋਇਆ। ਇਸ ਤਰ੍ਹਾਂ ਰੂਹਾਨੀ ਵਿਗਿਆਨ ਦੀ ਸੋਚ ਦੀ ਮੌਜੂਦਗੀ ਦਾ ਅਹਿਸਾਸ ਵੀ ਹੋਇਆ।  

ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਪ੍ਰਸਿੱਧ ਕਹਾਣੀਕਾਰ ਤੇ ਨਾਵਲਕਾਰ ਕਰਨਲ ਜਸਬੀਰ ਭੁੱਲਰ ਨੇ ਬਹੁਤ ਹੀ ਕੌੜਾ ਸੱਚ ਬਿਆਨ ਕਰਦਿਆਂ ਆਖਿਆ ਕਿ ਅਸਲ ਵਿੱਚ ਸਾਨੂੰ ਅਜੇ ਜਿਊਣ ਦੀ ਜਾਚ ਹੀ ਨਹੀਂ ਆਈ ਤਾਂ ਫਿਰ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਸਿਖਾ ਸਕਦੇ ਹਾਂ ਕਿ ਜਿਊਣਾ ਕਿਵੇਂ ਹੈ। 

ਇਸ ਸੰਬੰਧੀ ਉਨ੍ਹਾਂ ਆਪਣਾ ਨਿੱਜੀ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਦਹੇਜ ਦੇ ਲੋਭੀਆਂ ਨੂੰ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੱਥ ਜੋੜ ਦੇਣੇ ਚਾਹੀਦੇ ਹਨ, ਨਹੀਂ ਤਾਂ ਫਿਰ ਸਭ ਠੀਕ ਹੋਣ ਦੀ ਆਸ ਵਿਚ 300 ਪੰਨਿਆਂ ਦੀ ਕਹਾਣੀ ਬਣ  ਜਾਂਦੀ ਹੈ ਜਿਸ ਵਿਚ ਧੀ ਦੇ ਮਾਪੇ ਤੇ ਧੀ ਦੀ ਸਾਰੀ ਜ਼ਿੰਦਗੀ ਲੇਖੇ ਲਗ ਜਾਂਦੀ ਹੈ। 

ਉਹਨਾਂ ਦੱਸਿਆ ਕਿ ਇਹੀ ਕਹਾਣੀ ਜਿਸ ਵਿਚ ਮੈਂ ਵੀ ਆਪਣੇ ਹਿੱਸਾ ਦਾ ਬਣਦਾ ਰੋਲ ਨਿਭਾਉਂਦਾ ਰਿਹਾ ਹਾਂ, ਉਹ ਡਾ. ਗੁਰਮਿੰਦਰ ਸਿੱਧੂ ਨੇ ਸਾਹਮਣੇ ਲਿਆ ਰੱਖੀ ਹੈ। ਲੇਖਿਕਾ ਦੀ ਹਿੰਮਤ ਨੂੰ ਦਾਦ ਦਿੰਦਿਆਂ ਕਰਨਲ ਜਸਬੀਰ ਭੁੱਲਰ ਨੇ ਆਖਿਆ ਕਿ ਸੁਪਨਿਆਂ ਦੇ ਘਰ ਦਾ ਸੁਪਨਾ ਲੈ ਕੇ ਵਿਹੜਿਓਂ ਵਿਦਾ ਹੋਈ ਧੀ ਜਦ ਦੁੱਖ ਹੰਢਾਉਂਦੀ ਹੈ ਤਦ ਅਸੀਂ ਬੇਵਸ ਹੁੰਦੇ ਹਾਂ।  ਅਜਿਹੇ ’ਚ ਗੁਰਮਿੰਦਰ ਸਿੱਧੂ ਦਾ ਨਾਵਲ ਸਾਨੂੰ ਸਭਨਾਂ ਨੂੰ ਪੜ੍ਹਨਾ ਚਾਹੀਦਾ ਹੈ। ਸ਼ਾਇਦ ਸਾਨੂੰ ਸਭਨਾਂ ਨੂੰ ਕੋਈ ਸੇਧ ਮਿਲ ਸਕੇ। 

ਇਸ ਯਾਦਗਾਰੀ ਸਮਾਗਮ  ਦੀ ਪ੍ਰਧਾਨਗੀ ਕਰ ਰਹੇ ਡਾ. ਬਲਦੇਵ ਸਿੰਘ ਕੰਦੋਲਾ ਹੁਰਾਂ ਨੇ ਕਿਹਾ ਕਿ ਅਸੀਂ ਐਨ ਆਰ ਆਈ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਦੇ ਹਾਂ।  ਜਿੱਥੇ ਅਸੀਂ ਆਪਣਾ ਸੱਭਿਆਚਾਰ ਅਤੇ ਆਪਣੀਆਂ ਕਦਰਾਂ-ਕੀਮਤਾਂ ਵੀ ਸੱਤ ਸਮੁੰਦਰ ਪਾਰ ਲੈ ਜਾਂਦੇ ਹਾਂ, ਉਥੇ ਅਸੀਂ ਮਾੜੀਆਂ ਆਦਤਾਂ ਵੀ ਚੁੱਕ ਕੇ ਨਾਲ ਲੈ ਜਾਂਦੇ ਹਾਂ। ਉਨ੍ਹਾਂ ਮਾੜੀਆਂ ਆਦਤਾਂ ਦਾ ਹੀ ਨਤੀਜਾ ਹੈ ਕਿ  ਡਾ. ਗੁਰਮਿੰਦਰ ਸਿੱਧੂ ਨੂੰ ਇਕ ਸੱਚਾ ਅਤੇ ਹਕੀਕੀ ਹੰਢਾਇਆ ਨਾਵਲ ਲਿਖਣਾ ਪੈਂਦਾ ਹੈ। ਡਾ. ਕੰਦੋਲਾ ਨੇ ਗੁਰਮਿੰਦਰ ਸਿੱਧੂ ਨੂੰ ਵਧਾਈ ਦੇਣ ਦੇ ਨਾਲ-ਨਾਲ ਮਾਂ ਬੋਲੀ ਪੰਜਾਬੀ ਲਈ ਨਿਭਾਏ ਜਾ ਰਹੇ ਆਪਣੇ ਕਾਰਜਾਂ ਦਾ ਜ਼ਿਕਰ ਵੀ ਕੀਤਾ। ਇਸ ਤਰ੍ਹਾਂ ਇਹ ਕਈ ਪੱਖਾਂ ਤੋਂ ਇੱਕ ਯਾਦਗਾਰੀ ਸਮਾਗਮ ਬਣਿਆ। 

‘ਅੰਬਰੀਂ ਉੱਡਣ ਤੋਂ ਪਹਿਲਾਂ’ ਨਾਵਲ ਦੇ ਲੋਕ ਅਰਪਣ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਨਾਵਲਕਾਰ ਡਾ. ਗੁਰਮਿੰਦਰ ਸਿੱਧੂ ਨੇ ਵੀ ਆਪਣੀ ਇਸ ਰਚਨਾ ਬਾਰੇ ਕਾਵਿ ਵਿਸਥਾਰ ਨਾਲ ਦੱਸਿਆ ਜਿਸ ਬਾਰੇ ਹੋਰ ਜਾਨਣ ਦੀ ਲੋੜ ਅਜੇ ਵੀ ਬਰਕਰਾਰ ਹੈ। ਪੂਰੇ ਸਮਾਜ ਤੱਕ ਪਹੁੰਚਣੀ ਚਾਹੀਦੀ ਹੈ ਇਹ ਸਾਰੀ ਕਹਾਣੀ। 

ਇਸ ਨਾਵਲ ਦੀ ਰਚਨਾ ਦੀ ਕਹਾਣੀ ਨੂੰ ਸਾਂਝਾ ਕਰਦਿਆਂ ਲੇਖਿਕਾ ਡਾ. ਗੁਰਮਿੰਦਰ ਸਿੱਧੂ ਨੇ ਕਿਹਾ ਕਿ ਨਾਵਲ ਦੀ ਹਕੀਕੀ ਕਹਾਣੀ ਵਿਚੋਂ ਵਿਚਰਨਾ ਤਾਂ ਇਕ ਪੀੜਾਂ ਭਰਿਆ ਦੌਰ ਅਸੀਂ ਹੰਢਾਇਆ ਹੀ ਹੈ ਪਰ ਇਸ ਨੂੰ ਕਿਤਾਬੀ ਰੂਪ ਦੇਣ ਲਈ ਵੀ ਇਕ ਵੱਡਾ ਸੰਘਰਸ਼ ਕਰਨਾ ਪਿਆ। ਇਸ ਨਾਵਲ ਦੇ ਕਿੰਨੇ ਹੀ ਚੰਗੇ ਪਾਤਰ ਇਸ ਮਹਿਫਲ ਵਿਚ ਵੀ ਮੌਜੂਦ ਹਨ। 

ਇਸ ਮੌਕੇ ਥੋੜ੍ਹਾ ਭਾਵੁਕ ਹੁੰਦਿਆਂ ਡਾ. ਗੁਰਮਿੰਦਰ ਸਿੱਧੂ ਨੇ ਆਖਿਆ ਕਿ ਮੈਂ ਤਾਂ ਸਿਰਫ਼ ਇੰਨਾ ਹੀ ਜਾਣਦੀ ਹਾਂ ਕਿ ਜੇਕਰ ਅਸੀਂ ਮੰਜ਼ਿਲ ਮਿੱਥ ਲਈਏ ਤਾਂ ਫਿਰ ਸਾਨੂੰ ਕੋਈ ਵੀ ਉਸ ਸਿਖਰ ’ਤੇ ਪਹੁੰਚਣ ਤੋਂ ਨਹੀਂ ਰੋਕ ਸਕਦਾ ਤੇ ਫਿਰ ਧੀਆਂ ਦੇ ਵੀ ਪਰ ਉੱਗ ਆਉਂਦੇ ਹਨ ਤੇ ਫਿਰ ਉਹ ਅੰਬਰੀਂ ਉਡਦੀਆਂ ਹਨ। ਡਾ. ਗੁਰਮਿੰਦਰ ਸਿੱਧੂ ਨੇ ਕਿਹਾ ਕਿ ਮੈਂ ਜਿਸ ਮਰਜੀ ਵਿਧਾ ’ਚ ਲਿਖਾਂ ਬਸ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਉਦਾਸ ਹੱਥਾਂ ਦੀਆਂ ਤਲੀਆਂ ’ਤੇ ਉਮੀਦ ਦੇ ਦੀਵੇ ਬਾਲ ਦੇਵਾਂ ਤੇ ਬੇਹਿੰਮਤੇ ਪੈਰਾਂ ਵਿਚ ਹਿੰਮਤ ਦੇ ਘੁੰਗਰੂ ਬੰਨ੍ਹ ਦੇਵਾਂ। ਉਨ੍ਹਾਂ ਦੇ ਜੀਵਨ ਸਾਥੀ ਡਾ. ਬਲਦੇਵ ਸਿੰਘ ਖਹਿਰਾ ਨੇ ਵੀ ਇਸ ਪੀੜ੍ਹ ਭਰੀ ਇਬਾਰਤ ਬਾਰੇ ਭਾਵੁਕ ਬੋਲ ਸਾਂਝੇ ਕਰਦਿਆਂ ਕਿਹਾ ਕਿ ਮੈਂ ਤਾਂ ਇਕ ਸਹਾਇਕ ਦੀ ਭੂਮਿਕਾ ਵਿਚ ਸਾਂ ਤੇ ਜਦੋਂ ਗੁਰਮਿੰਦਰ ਸਿੱਧੂ ਲਿਖਦੀ ਹੈ ਤਦ ਬਾਕੀ ਸਾਰੇ ਕਾਰਜ ਮੇਰੇ ਜ਼ਿੰਮੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਜੀਵਨ ਸਾਥੀ ਡਾ. ਗੁਰਮਿੰਦਰ ਸਿੱਧੂ ’ਤੇ ਸਦਾ ਹੀ ਮਾਣ ਰਿਹਾ ਹੈ।

ਪੁਸਤਕ ਦੇ ਇਸ ਲੋਕ ਅਰਪਣ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਆਪਣੀ ਗੱਲ ਰੱਖਦਿਆਂ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਮੈਂ ਡਾ. ਗੁਰਮਿੰਦਰ ਸਿੱਧੂ ਨੂੰ ਦਾਦ ਦਿੰਦਾ ਹਾਂ ਜਿਸ ਵਿਚ ਸਾਹਿਤ ਅਤੇ ਸਾਇੰਸ ਦਾ ਸੁਮੇਲ ਹੈ। ਉਹ ਆਪਣਾ ਹਰ ਕੰਮ ਤਰਕ ਦੇ ਆਧਾਰ ’ਤੇ ਕਰਦੀ ਹੈ, ਕਾਲਜ ਦੇ ਦੌਰ ਤੋਂ ਅੱਜ ਦੇ ਦੌਰ ਤੱਕ ਆਉਂਦਿਆਂ ਉਸ ਨੂੰ ਅੰਬਰ ਛੋਹਦਿਆਂ ਦੇਖ ਮੈਨੂੰ ਮਾਣ ਹੁੰਦਾ ਹੈ। 

ਕਿਤਾਬ ਬਾਰੇ ਆਪਣੀ ਟਿੱਪਣੀ ਕਰਦਿਆਂ ਸੁਸ਼ੀਲ ਦੁਸਾਂਝ ਹੁਰਾਂ ਨੇ ਆਖਿਆ ਕਿ ਇਹ ਨਾਵਲ ਸਾਨੂੰ ਸ਼ੀਸ਼ਾ ਵਿਖਾਉਂਦਾ ਹੈ ਕਿ ਜ਼ਿੰਦਗੀ ਕੋਈ ਸਿੱਧੀ ਸੜਕ ਨਹੀਂ ਹੁੰਦੀ। ਇਸ ਵਿਚ ਕਈ ਮੋੜ-ਘੇੜ ਵੀ ਹੁੰਦੇ ਹਨ ਅਤੇ ਕਈ ਕੂੰਹਣੀ ਮੋੜ ਵੀ। ਸੁੱਖਾਂ-ਦੁੱਖਾਂ ਦਾ ਪਰਾਗਾ ਇਹ ਜ਼ਿੰਦਗੀ ਸਾਨੂੰ ਹਰ ਪਲ ਕੁੱਝ ਸਿਖਾਉਂਦੀ ਹੈ ਅਤੇ ਜੇਕਰ ਤੁਸੀਂ ਸ਼ਬਦ ਨਾਲ ਜੁੜੇ ਹੋ, ਕਲਮ ਦੇ ਸਾਥੀ ਹੋ ਤਾਂ ਹਰ ਮੁਸ਼ਕਿਲ ਵਿਚੋਂ ਨਿਕਲਿਆ ਜਾ ਸਕਦਾ ਹੈ ਤੇ ਇਹੋ ਲੇਖਿਕਾ ਦਾ ਨਾਵਲ ਆਖਦਾ ਹੈ। 

ਪ੍ਰਸਿੱਧ ਸ਼ਾਇਰਾ ਮਨਜੀਤ ਇੰਦਰਾ ਨੇ ਵੀ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਮੈਂ ਤਾਂ ਇਸ ਨਾਵਲ ਦੇ ਹਕੀਕੀ ਰੂਪ ਵਿਚ ਨਾਲੋ-ਨਾਲ ਤੁਰੀਂ ਹਾਂ ਅਤੇ ਮੈਨੂੰ ਇਸ ਦੀ ਮੁੱਖ ਪਾਤਰ ਸਰਘੀ ਨਹੀਂ ਗੁਰਮਿੰਦਰ ਹੀ ਲਗਦੀ ਹੈ। ਮਨਜੀਤ ਇੰਦਰ ਦਾ ਅੰਦਾਜ਼ ਹਮੇਸ਼ਾਂ ਵਾਂਗ ਇਸ ਵਾਰ ਵੀ ਨਿਵੇਕਲਾ ਸੀ ਦਿਲਾਂ ਦੇ ਨੇੜੇ ਨੇੜੇ ਮਾਨਸਿਕ ਗੁੰਝਲਾਂ ਨੂੰ ਖੋਹਲਣ ਦੀਆਂ ਕੋਸ਼ਿਸ਼ਾਂ ਕਰਦਾ ਹੋਇਆ ਖਾਸ ਅੰਦਾਜ਼ ਜਿਹੜਾ ਸਿਰਫ ਮਨਜੀਤ ਇੰਦਰ ਹੀ ਜਾਣਦੀ ਹੈ। 

ਇਸ ਖਾਸ ਕਿਤਾਬ ’ਤੇ ਸਵਰਗੀ ਗੁਰੂਮੇਲ ਸਿੱਧੂ ਦਾ ਲਿਖਿਆ ਪਰਚਾ ਜਗਦੀਪ ਕੌਰ ਨੂਰਾਨੀ ਹੁਰਾਂ ਨੇ ਪੜ੍ਹਿਆ ਅਤੇ ਉਨ੍ਹਾਂ ਆਪਣੇ ਵੀ ਵਿਚਾਰ ਨਾਵਲ ਦੇ ਹਵਾਲੇ ਨਾਲ ਸਾਂਝੇ ਕੀਤੇ। ਇਸੇ ਤਰ੍ਹਾਂ ਗੁਰਨਾਮ ਕੰਵਰ, ਪਾਲ ਅਜਨਬੀ ਹੁਰਾਂ ਨੇ ਵੀ ਨਾਵਲ ਦੇ ਹਵਾਲੇ ਨਾਲ ਆਪਣੀ ਗੱਲ ਰੱਖਦਿਆਂ ਲੇਖਿਕਾ ਦੀ ਕਲਮ ਨੂੰ ਤੇ ਲੇਖਿਕਾ ਦੀ ਹਿੰਮਤ ਨੂੰ ਸਲਾਮ ਕੀਤੀ। 

ਇਸ ਮੌਕੇ ਜਗਤਾਰ ਸਿੰਘ ਜੋਗ ਹੁਰਾਂ ਨੇ ਡਾ. ਗੁਰਮਿੰਦਰ ਸਿੱਧੂ ਦੀ ਗ਼ਜ਼ਲ਼ ਨੂੰ ਤਰੰਨਮ ਵਿਚ ਗਾ ਕੇ ਮਾਹੌਲ ਨੂੰ ਹੋਰ ਵੀ ਭਾਵਪੂਰਨ ਬਣਾ ਦਿੱਤਾ। ਜਦੋਂਕਿ ਇਸ ਨਾਵਲ ਦੇ ਹਵਾਲੇ ਨਾਲ ਆਪਣੀਆਂ ਛੋਟੀਆਂ-ਛੋਟੀਆਂ ਟਿੱਪਣੀਆਂ ਸਾਂਝੀਆਂ ਕਰਦਿਆਂ ਮੰਚ ਸੰਚਾਲਨ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ ਤੇ ਸਭਨਾਂ ਦਾ ਧੰਨਵਾਦ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ  ਡਾ. ਅਵਤਾਰ ਸਿੰਘ ਪਤੰਗ ਹੁਰਾਂ ਨੇ  ਕੀਤਾ।

ਇਸ ਸਮੁੱਚੇ ਸਮਾਗਮ ਵਿਚ ਵੱਡੀ ਗਿਣਤੀ ਵਿਚ ਲੇਖਕ, ਸਾਹਿਤਕਾਰ, ਕਵੀ, ਪ੍ਰੋਫੈਸਰ ਅਤੇ ਸਰੋਤੇ ਮੌਜੂਦ ਸਨ ਜਿਨ੍ਹਾਂ ਵਿਚ ਸੁਰਜੀਤ ਕੌਰ ਬੈਂਸ, ਹਰਮਿੰਦਰ ਕਾਲੜਾ, ਭੁਪਿੰਦਰ ਮਲਿਕ, ਅਸ਼ੋਕ ਭੰਡਾਰੀ ਨਾਦਿਰ, ਡਾ. ਜਸਪਾਲ ਸਿੰਘ, ਪ੍ਰਿ. ਗੁਰਦੇਵ ਕੌਰ ਪਾਲ, ਗੁਰਦੀਪ ਗੁਲ, ਡਾ. ਗੁਰਮੇਲ ਸਿੰਘ, ਸ਼ਾਮ ਸਿੰਘ ਅੰਗ-ਸੰਗ, ਜਸਵਿੰਦਰ ਕਾਈਨੌਰ, ਪ੍ਰੋ. ਓ ਪੀ ਵਰਮਾ, ਧਿਆਨ ਸਿੰਘ ਕਾਹਲੋਂ, ਸੁਦੇਸ਼ ਸ਼ਰਮਾ, ਊਸ਼ਾ ਕੰਵਰ, ਮਨਮੋਹਨ ਸਿੰਘ ਕਲਸੀ, ਮਨਜੀਤ ਕੌਰ ਮੋਹਾਲੀ, ਸਰਦਾਰਾ ਸਿੰਘ ਚੀਮਾ, ਸੇਵੀ ਰਾਇਤ, ਦਵੀ ਦਵਿੰਦਰ ਕੌਰ, ਡਾ. ਗੁਰਵਿੰਦਰ ਅਮਨ ਰਾਜਪੁਰਾ, ਅਮਰਜੀਤ ਕੌਰ, ਲਾਭ ਸਿੰਘ ਲਹਿਲੀ, ਥੰਮਣ ਸਿੰਘ ਸੈਣੀ, ਹਰਸਿਮਰਨ ਕੌਰ, ਰਾਣਾ ਬੂਲਪੁਰੀ ਆਦਿ ਵੀ ਹਾਜ਼ਰ ਸਨ।

ਚਲਦੇ ਚਲਦੇ:

ਇਸ ਸਮਾਗਮ ਉਪਰੰਤ ਇੱਕ ਖਾਸ ਟਿੱਪਣੀ ਖੁਦ ਡਾ. ਗੁਰਮਿੰਦਰ ਸਿੱਧੂ ਹੁਰਾਂ ਦੀ:

ਪੰਜਾਬੀ ਲੇਖਕ ਸਭਾ ਤੇ ਪੰਜਾਬ ਸਾਹਿਤ ਅਕਾਦਮੀ ਦਾ ' ਅੰਬਰੀਂ ਉੱਡਣ ਤੋਂ ਪਹਿਲਾਂ ' ਦੇ ਏਨੇ ਸ਼ਾਨਦਾਰ  ਲੋਕ-ਅਰਪਣ ਲਈ ਤੇ ਸਾਡਾ ਏਨਾ ਮਾਣ ਸਤਿਕਾਰ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਇਸ ਸਮਾਗਮ ਦੇ ਦੋ ਪਹਿਲੂ ਰਹੇ, ਇੱਕ ਸੁਖਦਾਈ  ਤੇ ਦੂਜਾ ਦੁਖਦਾਈ:

1. ਸੁਖਦਾਈ ਪਹਿਲੂ ਸੀ:  ਬੁਲਾਰਿਆਂ ਦੇ ਪਿਘਲੇ ਹੋਏ ਬੋਲ, ਸਰੋਤਿਆਂ ਦਾ ਇੱਕ ਇੱਕ ਸ਼ਬਦ ਨੂੰ ਬੋਚਣਾ, ਹਾਲ ਵਿੱਚ  ਛਾਇਆ ਸੰਨਾਟਾ ਤੇ ਅਚਾਨਕ  ਤਾੜੀਆਂ ਦੀ ਗੂੰਜ, ਮੇਰੇ ਲਈ ਇਹ ਕਿਸੇ ਇਨਾਮ ਵਾਂਗ ਸੀ।

2. ਦੁਖਦਾਈ  ਪਹਿਲੂ ਸੀ: ਸਰੋਤਿਆਂ  ਦੇ ਸਿੱਲ੍ਹੇ ਸਿੱਲ੍ਹੇ ਬੋਲ, ਹਰ ਕਿਸੇ ਦਾ ਅਪਣੀ ਧੀ, ਭੈਣ ਜਾਂ ਕਿਸੇ ਹੋਰ ਰਿਸ਼ਤੇਦਾਰ ਕੁੜੀ ਦੀ ਦਰਦ-ਕਹਾਣੀ ਸਾਂਝੀ ਕਰਨਾ, ਮਨਾਂ ਵਿੱਚ ਪਸਰਿਆ ਸੰਨਾਟਾ, ਅਚਾਨਕ  ਲਰਜ਼ ਆਏ ਹੰਝੂ, ਇਹ ਕਿਸੇ ਤਿੱਖੇ ਆਰੇ ਵਾਂਗ ਸੀ।

ਕਿੱਡੀ ਨਮੋਸ਼ੀ ਦੀ ਗੱਲ ਹੈ ਕਿ ' ਪੰਜਾਬੀਆਂ ਦੀ ਸ਼ਾਨ ਵੱਖਰੀ ' ਕਹਿ ਕੇ ਹਿੱਕਾਂ ਚੌੜੀਆਂ ਕਰਨ ਵਾਲ਼ੇ ਪੰਜਾਬੀ ਵਿਆਹ ਕੇ ਲਿਆਂਦੀਆਂ ਧੀਆਂ  ਦੇ ਮਾਮਲੇ ਵਿੱਚ ਕਿੰਨੇ ਨਿੱਘਰੇ ਹੋਏ ਨੇ! ਕਾਸ਼ ਇਹ ਕਿਤਾਬ ਜਾਂ ਇਹੋ ਜਿਹੀਆਂ ਹੋਰ ਕਿਤਾਬਾਂ ਪੜ੍ਹ ਕੇ ਉਨ੍ਹਾਂ ਨੂੰ ਸ਼ਰਮ ਆਵੇ ਤੇ ਉਹ ਆਪਣਾ ਵਤੀਰਾ ਸੁਧਾਰ ਲੈਣ! ਇਹੋ ਦੁਆ ਕਰਦੀ ਹਾਂ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।