google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: November 2023

Wednesday 29 November 2023

ਸੰਸਾਰ ਅਮਨ ਫਿਰ ਖਤਰਿਆਂ ਵਿਚ ਹੈ ਪਰ ਭੂਆ ਸਾਡੇ ਕੋਲ ਨਹੀਂ

 ਕਿੰਨਾ ਫਿਕਰ ਹੁੰਦਾ ਸੀ ਸੰਸਾਰ ਅਮਨ  ਦਾ ਭੂਆ ਨੂੰ!

ਫਿਕਰਾਂ ਦੇ ਹਨੇਰਿਆਂ ਦੀ ਦੁਨੀਆ ਵਿੱਚੋਂ: 29 ਨਵੰਬਰ 2023: (ਰੈਕਟਰ ਕਥੂਰੀਆ//ਪੰਜਾਬ ਸਕਰੀਨ)::


ਨਾ ਕਦੇ ਗਮ ਮੁੱਕਦੇ ਨੇ ਤੇ ਨਾ ਹੀ ਕਦੇ ਸੁੱਖਾਂ ਦਾ ਸਿਲਸਿਲਾ ਖਤਮ ਹੁੰਦਾ ਹੈ। ਮੁਸ਼ਕਲਾਂ, ਮੁਸੀਬਤਾਂ ਅਤੇ ਔਕੜਾਂ ਸ਼ਾਇਦ ਮੱਧ ਵਰਗੀ ਲੋਕਾਂ ਦਾ ਨਸੀਬ ਬਣ ਗਿਆ ਹੈ। ਫਿਰ ਵੀ ਲੋਕ ਇਨਕਲਾਬ ਲਈ ਅਜੇ ਤੀਕ ਤਿਆਰ ਹੁੰਦੇ ਨਜ਼ਰ ਨਹੀਂ ਆਉਂਦੇ। ਇਹ ਸਾਰਾ ਕੁਝ ਕਈ ਵਾਰ ਬੇਹੱਦ ਹੈਰਾਨ ਵੀ ਕਰਦਾ। 

ਪਤਾ ਨਹੀਂ ਕਿਓਂ ਪਰ ਮੈਂ ਇੱਕ ਵਾਰ ਸੋਚਿਆ ਕਿ ਇਸ ਗੱਲ ਦਾ ਪਤਾ ਲਗਾਉਣਾ ਚਾਹੀਦਾ ਹੈ ਕਿ ਮੌਜੂਦਾ ਦੁੱਖਾਂ ਤਕਲੀਫਾਂ ਦਾ ਇਹ ਦੌਰ ਕਿਸ ਕਿਸ ਕਾਰਨ ਕਰਕੇ ਖਤਮ ਹੋਣ ਦਾ ਨਾਮ ਹੀ ਨਹੀਂ ਲੈ  ਰਿਹਾ। ਇਸੇ ਬਹਾਨੇ ਆਪਣੀਆਂ  ਹੁਣ ਤੱਕ ਦੀਆਂ ਗਲਤੀਆਂ ਦਾ ਰਿਵਿਊ ਵੀ ਤਾਂ ਕਰਨਾ ਹੀ ਚਾਹੀਦਾ ਹੈ। ਫਿਰ ਇਹੀ ਖਿਆਲ ਹੋਰ ਵਿਕਸਿਤ ਹੋਇਆ ਤਾਂ ਸੋਚਿਆ ਹੁਣ ਤੱਕ ਤੋਂ ਲੈ ਕੇ ਪਿਛਲੇ ਜਨਮਾਂ ਤੱਕ ਦੀ ਹਕੀਕਤ ਦਾ ਪਤਾ ਵੀ ਲਾਉਣਾ ਚਾਹੀਦਾ ਹੈ। ਜੇਕਰ ਜਨਮਾਂ ਦਾ ਚੱਕਰ ਨਹੀਂ ਵੀ ਹੁੰਦਾ ਤਾਂ ਵੀ ਤਜਰਬਾ ਕਰਕੇ ਦੇਖਣ ਵਿੱਚ ਕੀ ਹਰਜ ਹੈ। ਕਰਮਾਂ ਦੇ ਫਲ ਦੀ ਅਸਲ ਕਹਾਣੀ ਵੀ ਤਾਂ ਸਾਹਮਣੇ ਆਉਣੀ ਜ਼ਰੂਰੀ ਹੈ। ਪਰ ਜਾਪਦਾ ਹੈ ਜਨਮ ਜਨਮਾਂਤਰਾਂ ਦੀਆਂ ਗੱਲਾਂ ਵੀ ਫਿਜ਼ੂਲ ਨਹੀਂ ਹਨ। 

ਆਪਾਂ ਤਾਂ ਸਿਰਫ ਅੰਨੇਵਾਹ ਮੰਨਣ ਦੇ ਹੀ ਵਿਰੋਧੀ ਹਾਂ। ਇਸ ਜਾਂਚ ਪਰਖ ਵਾਲੇ ਮਕਸਦ ਲਈ ਸਾਰੀਆਂ ਲੁੜੀਂਦੀਆਂ ਤਿਆਰੀਆਂ ਵੀ ਕਰ ਲਈਆਂ। ਇਸ ਰਸਤੇ ਵਿਚ ਆਉਣ ਵਾਲੇ ਸਾਰੇ ਖਤਰਿਆਂ ਦਾ ਵੀ ਅੰਦਾਜ਼ਾ ਲਗਾ ਲਿਆ। ਜਿਸਮ ਦੀ ਫਿਟਨੈਸ ਅਤੇ ਮਾਨਸਿਕ ਚੇਤਨਾ ਵਧਾਉਣ ਲਈ ਵੀ ਕੋਸ਼ਿਸ਼ਾਂ ਕੀਤੀਆਂ। ਕੁਝ ਮਾਹਰਾਂ ਨਾਲ ਵੀ ਸਲਾਹ ਮਸ਼ਵਰਾ ਕਰ ਲਿਆ। ਉਹਨਾਂ ਰਾਏ ਵੀ ਦਿੱਤੀ ਕਿ ਇਹ ਸਭ ਕੁਝ ਕਿਸੇ ਮਾਹਰ ਦੀ ਨਿਗਰਾਨੀ ਹੇਠ ਹੀ ਕਰੀਂ ਪਰ ਆਪਾਂ ਇਸ ਨੂੰ ਠੀਕ ਮੰਨਦਿਆਂ ਵੀ ਨਜ਼ਰਅੰਦਾਜ਼ ਕੀਤੀ ਰੱਖਿਆ। 

ਫਿਰ ਬਿਨਾ ਕਿਸੇ ਮਹੂਰਤ ਦੇ ਅਚਾਨਕ ਇਕ ਦਿਨ ਅੱਧੀ ਰਾਤ ਨੂੰ ਸ਼ੁਰੂਆਤ ਕਰ ਦਿੱਤੀ। ਨੀਂਦ ਨਹੀਂ ਸੀ ਆ ਰਹੀ ਸੋ ਸੋਚਿਆ ਨੀਂਦ ਦੀ ਗੋਲੀ ਖਾਣ ਦੀ ਬਜਾਏ ਜਾਂ ਫਿਰ ਰੂਟੀਨ ਵਾਂਗ ਕੋਈ ਕਿਤਾਬ ਪੜ੍ਹਨ ਦੀ ਬਜਾਏ ਇਹੀ ਤਜਰਬਾ ਕਰ ਲਿਆ ਜਾਵੇ। ਇਸ ਤਰ੍ਹਾਂ ਆਪਣੇ  ਅਨੁਭਵ ਅਤੇ ਸੋਚ ਨੂੰ ਪਿੱਛੇ-ਹੋਰ ਪਿੱਛੇ-ਹੋਰ ਪਿਛੇ  ਲਿਜਾਣ ਦੀ ਪ੍ਰਕ੍ਰਿਆ ਵੀ ਸ਼ੁਰੂ ਕਰ ਦਿੱਤੀ। ਹੈਰਾਨ ਸਾਂ ਏਨਾ ਕੁਝ ਸਾਡੇ ਦਿਮਾਗ ਵਿਚ ਏਨੀ ਸਫਾਈ ਅਤੇ ਧਿਆਨ ਨਾਲ ਰਿਕਾਰਡ ਹੋਇਆ ਪਿਆ ਕਿਵੇਂ ਰਹਿੰਦਾ ਹੈ। ਇਸ ਨੂੰ ਸੰਭਾਲਦਾ ਕੌਣ ਹੈ? ਬਹੁਤ ਕੁਝ ਸਾਹਮਣੇ ਆਉਣ ਲੱਗਿਆ ਜਿਵੇਂ ਅਤੀਤ ਵਾਪਿਸ ਮੁੜ ਆਇਆ ਹੋਵੇ। ਪਤਾ ਨਹੀਂ ਕਿੰਨੇ ਟੀਬੀ ਦੀ ਹਾਰਡ ਡਿਸਕ ਵਰਗੀ ਥਾਂ ਹੈ ਇਸ ਦਿਮਾਗ ਵਿੱਚ? 

ਗੱਲ ਤਾਂ ਲੰਮੀ ਹੈ ਪਰ ਇਥੋਂ ਕੱਟ ਮਾਰ ਕੇ ਸ਼ਾਰਟਕੱਟ ਵਾਲੇ ਰਸਤੇ ਸਿਰਫ ਸਬੰਧਤ ਗੱਲ ਵੱਲ ਆ ਰਿਹਾ ਹਾਂ। ਪਿਛਲੇ ਗੁਜ਼ਰੇ ਸਮਿਆਂ ਦੇ ਦ੍ਰਿਸ਼ ਜ਼ਹਿਨ ਵਿੱਚ ਰੂਪਮਾਨ ਸਾਹਮਣੇ ਸ਼ੁਰੂ ਹੋ ਗਏ। ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਭੁੱਲੇ ਵਿੱਸਰੇ ਲੋਕ, ਬਹੁਤ ਸਾਰੀਆਂ ਥਾਂਵਾਂ ਵਗੈਰਾ ਬਹੁਤ ਕੁਝ ਸਾਹਮਣੇ ਆਉਣਾ ਸ਼ੁਰੂ ਹੋਇਆ। 

ਇਸ ਪ੍ਰਕ੍ਰਿਆ ਦੌਰਾਨ ਹੀ ਬਚਪਨ ਵਿਚ ਇੱਕ ਅਜਿਹੇ ਦੌਰ ਦਾ ਦ੍ਰਿਸ਼ ਵੀ ਸਾਹਮਣੇ ਆਇਆ ਜਦੋਂ ਬਚਪਨ ਦੇ ਸੰਭਾਲੇ ਵਾਲੀ ਹੋਸ਼-ਅਜੇ ਸ਼ੁਰੂ ਹੀ ਹੋਈ ਸੀ। ਪੰਜਾਂ ਸੱਤਾਂ ਸਾਲਾਂ ਤੋਂ ਵੱਧ ਦੀ ਉਮਰ ਨਹੀਂ ਹੋਣੀ ਮੇਰੀ ਉਸ ਵੇਲੇ। ਹੋ ਸਕਦਾ ਹੈ ਇਸ ਤੋਂ ਵੀ ਘੱਟ ਹੀ ਹੋਵੇ। ਅਸਲੀ ਸੰਨ ਫਿਰ ਲਭਣ ਦੀ ਵੀ ਕੋਸ਼ਿਸ਼ ਜਾਰੀ ਹੈ। ਸਭ ਕੁਝ ਕਿਧਰੇ ਲਿਖਿਆ ਵੀ ਸੀ ਪਰ ਫਿਰ ਉਹ ਡਾਇਰੀ ਏਧਰ ਓਧਰ ਹੋ ਗਈ। ਬਸ ਏਨਾ ਜ਼ਰੂਰ ਯਾਦ ਹੈ ਨੰਗੇ ਪੈਰ--ਨੰਗੇ ਸਿਰ ਬਾਹਰ ਅੰਦਰ ਘੁੰਮਣਾ ਫਿਰਨਾ ਮੇਰੇ ਲਈ ਆਮ ਜਿਹੀ ਗੱਲ ਸੀ। ਉਸ ਕਿਰਾਏ ਵਾਲੇ ਘਰ ਦਾ ਕਮਰਾ,  ਰਸੋਈ ਅਤੇ ਵੇਹੜਾ ਵੀ ਨਜ਼ਰ ਆਉਣ ਲੱਗਿਆ ਜਿਸ ਵੇਹੜੇ ਨੂੰ ਅਸੀਂ ਅਤੇ ਮਾਲਕ ਮਕਾਨ ਰਲ ਕੇ ਵਰਤਿਆ ਕਰਦੇ ਸਾਂ। 

ਵੇਹੜੇ ਵਿਚ ਹੈਂਡ ਪੰਪ ਵੀ ਸੀ। ਪਾਣੀ ਦੀ ਕਦੇ ਕੋਈ ਕਮੀ ਨਹੀਂ ਸੀ ਆਈ ਉਸ ਜ਼ਮਾਨੇ ਵਿੱਚ। ਉਸ ਮਕਾਨ ਦਾ ਮਾਲਕ ਇੱਕ ਬਾਣੀਆ ਪਰਿਵਾਰ ਸੀ। ਮੁਹੱਲੇ ਵਾਲੇ ਅਕਸਰ ਉਸ ਨੂੰ ਲਾਲਾ ਜੀ ਆਖਦੇ। ਸਾਰਾ ਟੱਬਰ ਹੀ ਬੜਾ ਚੰਗੇ ਸੁਭਾਅ ਵਾਲਾ ਸੀ। ਉਸ ਮਕਾਨ ਵਾਲੇ ਕਮਰੇ ਦਾ ਦਰਵਾਜ਼ਾ ਅਤੇ ਗਲੀ ਦੇ ਦ੍ਰਿਸ਼ ਵੀ ਨਜ਼ਰ ਆਉਣ ਲੱਗੇ। ਮੈਂ ਹੈਰਾਨ ਰਹਿ ਗਿਆ ਕਿ ਏਨੀ ਸਪਸ਼ਟਤਾ ਨਾਲ ਸਭ ਕੁਝ ਕਿਸੇ ਫਿਲਮ ਵਾਂਗ ਸਾਹਮਣੇ ਲੰਘਦਾ ਮਹਿਸੂਸ ਹੋ ਰਿਹਾ ਸੀ ਕਿ ਬੇਹੱਦ ਹੈਰਾਨੀ ਵਾਲੀ ਗੱਲ ਸੀ। ਜਿਵੇਂ ਇੱਕ ਬੜੀ ਸਪਸ਼ਟ ਜਿਹੀ ਫਿਲਮ ਚੱਲ ਰਹੀ ਸੀ। 

ਉਹ ਦ੍ਰਿਸ਼ ਦੇਖ ਕੇ ਇੱਕ ਵਾਰ ਫੇਰ ਪਤਾ ਲੱਗਿਆ ਕਿ ਇੱਕ ਵਾਰ ਪੁਲਿਸ ਵਾਲੇ ਕੁਰਕੀ ਦੇ ਹੁਕਮ ਲੈ ਕੇ ਆਏ ਤਾਂ ਲਾਲਾ ਜੀ ਦੀ ਕੁੜੀ ਅਚਾਨਕ ਪਿਛਲੇ ਦਰਵਾਜ਼ਿਓਂ ਆਈ ਅਤੇ ਅੱਧੇ ਤੋਂ ਵੱਧ ਸਾਮਾਨ ਆਪਣਾ ਆਖ ਕੇ ਵਾਰੀ ਵਾਰੀ ਚੁੱਕ ਕੇ ਪੁਲਿਸ ਦੇ ਸਾਹਮਣਿਓਂ ਚੁੱਕ ਕੇ ਲੈ ਗਈ। ਹੈਰਾਨ ਸਾਂ ਸਭ ਕੁਝ ਦੇਖ ਕੇ ਲੋਕ ਕਿੰਨੀ ਮੋਹੱਬਤ ਕਰਦੇ ਸਨ। ਏਨੀ ਮੁਹੱਬਤ ਕਿ ਪੁਲਿਸ ਦਾ ਖਤਰਾ ਵੀ ਮੁੱਲ ਲਾਇ ਲੈਂਦੇ ਸਨ। ਮੇਰੇ ਨਿੱਕੇ ਨਿੱਕੇ ਕੱਪੜੇ ਉਸ ਚੰਗੇ ਸੁਭਾਅ ਵਾਲੇ ਥਾਣੇਦਾਰ ਨੇ ਆਪ ਹੀ ਕੱਢ ਕੇ ਮੇਰੀ ਦਾਦੀ ਨੂੰ ਫੜਾ ਦਿੱਤੇ। ਘਰ ਦੀਆਂ ਕੁਰਕੀਆਂ, ਪੁਲਿਸ ਦੇ ਫੇਰੇ ਅਤੇ ਹੋਰ ਸਖਤੀਆਂ ਮੈਂ ਹੋਸ਼ ਸੰਭਾਲਦਿਆਂ ਹੀ ਦੇਖ ਲਏ ਸਨ। ਇਹ ਸਭ ਕੁਝ ਬੜੀ ਆਮ ਜਿਹੀ ਗੱਲ ਵਰਗਾ ਵਰਤਾਰਾ ਬਣ ਗਿਆ ਸੀ। 

ਇੱਕ ਹੋਰ ਦ੍ਰਿਸ਼ ਆਇਆ ਕਿ ਇਕ ਦਿਨ ਘਰ ਵਿਚ ਬੜੀ ਚਹਿਲ ਪਹਿਲ ਜਿਹੀ ਨਜ਼ਰ ਆਉਂਦੀ ਹੈ। ਬੜੀਆਂ ਖੁਸ਼ੀਆਂ ਵਾਲਾ ਮਾਹੌਲ ਹੈ। ਮੈਂ ਮਠਿਆਈਆਂ ਖਾ ਖਾ ਰੱਜ ਗਿਆ ਹਾਂ। ਚਾਹ ਵੀ ਰੱਜ ਕੇ ਬੜੀ ਪੀ ਲਈ। ਅੱਜ ਕਿਸੇ ਨੇ ਟੋਕਿਆ ਵੀ ਨਹੀਂ ਕਿ ਚਾਹ ਨਹੀਂ ਪੀਣੀ ਕਿਓਂਕਿ ਰੋਕਣ ਟੋਕਣ ਵਾਲੇ ਤਾਂ ਘਰ ਵਿਚ ਛੋਟੇ ਜਿਹੇ ਅਤੇ ਸਾਦੇ ਜਿਹੇ ਫ਼ੰਕਸ਼ਨ ਵਿਚ ਰੁਝੇ ਹੋਏ ਸਨ। 

ਇਹ ਦ੍ਰਿਸ਼ ਦੇਖ ਕੇ ਯਾਦ ਆਇਆ ਕਿ ਮੈਂ ਚਾਹ ਦਾ ਕਿੰਨਾ ਸ਼ੌਕੀਨ ਹੁੰਦਾ ਸਾਂ। ਕਈ ਵਾਰ ਘਰ ਪਰਿਵਾਰ ਵਿੱਚ ਕਿਸੇ ਨ ਕਿਸੇ ਨੇ ਦੁੱਧ ਵਿਚ ਬੋਰਨਵੀਟਾ ਵਗੈਰਾ ਪਾ ਕੇ ਦੇ ਦੇਣਾ ਕਿ ਸ਼ਾਇਦ ਮੈਂ ਚਾਹ ਵਾਲਾ ਰੰਗ ਦੇਖ ਕੇ ਪੀ ਲਵਾਂਗਾ ਪਰ ਚਾਹ ਦਾ ਸੁਆਦ ਅਤੇ ਨਸ਼ਾ ਤਾਂ ਰਗ ਰਗ ਵਿਚ ਰਚ ਚੁੱਕਿਆ ਸੀ।  ਮੈਂ ਸਾਫ ਨਾਂਹ ਕਰ ਦੇਂਦਾ ਤੇ ਆਖਦਾ ਮੈਨੂੰ ਬਸ ਕਾਲੀ ਚਾਹ ਚਾਹੀਦੀ ਹੈ। ਜਦੋਂ ਅਸਲੀ ਚਾਹ ਦਾ ਕੱਪ ਸਾਹਮਣੇ ਆਉਂਦਾ ਤਾਂ ਫਿਰ ਉਸ ਬੋਰਨਵੀਟਾ ਵਾਲੇ ਦੁੱਧ ਨੂੰ ਵੀ ਫਟਾਫਟ ਪਹਿਲਾਂ ਪੀ ਲੈਂਦਾ ਕਿਓਂਕਿ ਮੈਨੂੰ ਚਾਹ ਮਿਲਣ ਦੀ ਗੱਲ ਇਸੇ ਸ਼ਰਤ ਤੇ ਮੰਨੀ ਜਾਂਦੀ ਸੀ ਕਿ ਮੈਂ ਇਹ ਦੁੱਧ ਵੀ ਪੀ ਲਵਾਂਗਾ। ਇਸ ਤੋਂ ਬਾਅਦ ਮੈਂ ਚਾਹ ਦੀਆਂ ਚੁਸਕੀਆਂ ਹੋਲੀ ਹੋਲੀ ਲੈਂਦਾ ਰਹਿੰਦਾ ਕਿਸੇ ਜੇਤੂ ਵਾਂਗ ਜਿਵੇਂ ਪਤਾ ਨਹੀਂ ਕਿੰਨੀ ਕੁ ਵੱਡੀ ਜੰਗ ਜਿੱਤ ਲਈ ਹੋਵੇ। ਚਾਹ ਨਾਲ ਇਹ ਲਗਾਓ ਹੁਣ ਤੱਕ ਵੀ ਜਾਰੀ ਹੈ। 

ਇਸ ਲਗਾਓ ਪਿਛੇ ਵੀ ਇੱਕ ਪੂਰੀ ਕਹਾਣੀ ਨਿਕਲੀ। ਅਸਲ ਵਿੱਚ ਦੱਸਦੇ ਹਨ ਕਿ ਜਦੋਂ ਲੁਧਿਆਣਾ ਦੇ  ਹਸਪਤਾਲ ਵਿਚ ਮੇਰਾ ਜਨਮ ਹੋਇਆ ਤਾਂ ਸਾਡੇ ਘਰਾਂ ਵਿਚ ਜਨਮ ਘੁੱਟੀ ਦਾ ਸ਼ਾਇਦ ਕੋਈ ਰਿਵਾਜ ਵੀ ਬਹੁਤਾ ਹੀਂ ਸੀ। ਕੋਲ ਖੜੀ ਇੱਕ ਨਰਸ ਨੇ ਕਿਹਾ ਏਦਾਂ ਥੋੜੀ ਚੱਲੂ? ਉਸਨੇ ਆਪਣੀਆਂ ਦੋ ਉਂਗਲੀਆਂ ਕੋਸੀ ਜਿਹੀ ਕੀਤੀ ਚਾਹ ਵਾਲੇ ਕੱਪ ਵਿਚ ਬੋੜ ਕੇ ਮੇਰੀ ਜੀਭ ਨਾਲ ਛੂਹਾ  ਦਿੱਤੀਆਂ। ਮੈਂ ਵੱਡਾ ਹੋ ਕੇ ਵੀ ਬਹੁਤ ਕੋਸ਼ਿਸ਼ ਕੀਤੀ ਕਿ ਉਸ ਨਰਸ ਨੂੰ ਕਦੇ ਮਿਲ ਸਕਣ ਪਰ ਗੱਲ ਨਾ ਬਣੀ। ਉਸ ਨੂੰ ਜਾਂ ਉਸਦੀ ਤਸਵੀਰ ਨੂੰ ਦੇਖਣ ਦੀ ਤਮੰਨਾ ਹੁਣ ਵੀ ਬਹੁਤ ਹੈ ਮਨ ਵਿੱਚ। 

ਉਸਦੀ ਦਿੱਤੀ ਗੁੜਤੀ ਵਾਲੀ ਇਹ ਚਾਹ ਏਨੀ ਰਚੀ ਕਿ ਰੋਜ਼ਾਨਾ "ਨਵਾਂ ਜ਼ਮਾਨਾ" ਦੇ ਡੈਸਕ ਤੇ ਜਾ ਕੇ ਇਹ ਤਲਬ ਹੋਰ ਤਿੱਖੀ ਹੋ ਗਈ। ਮੈਂ ਹਰ ਰੋਜ਼ ਦੇ ਕਰੀਬ 40-45 ਕੱਪ ਚਾਹ ਦੇ ਪੀ ਜਾਂਦਾ ਸਾਂ। ਇਹਨਾਂ ਵਿਚ ਨਵਾਂ ਜ਼ਮਾਨਾ ਦੇ ਖਾਤੇ ਵਿਚ ਆਉਂਦੀ ਚਾਹ ਦੇ ਚਾਰ ਪੰਜ ਕੱਪ ਵੀ ਸ਼ਾਮਲ ਹੁੰਦੇ। ਇਹ ਚਾਹ ਏਨੀ ਕਿਓਂ ਪੀਤੀ ਜਾਂਦੀ ਸੀ ਇਸਦੀ ਵੀ ਇੱਕ ਵੱਖਰੀ ਕਹਾਣੀ ਹੈ। 

"ਨਵਾਂ ਜ਼ਮਾਨਾ" ਅਖਬਾਰ ਤੋਂ ਮਿਲਦੀ ਮੇਰੀ ਸਾਰੀ ਤਨਖਾਹ ਚਾਹ ਦੀ ਕੀਮਤ ਤਾਰਦਿਆਂ ਕੰਟੀਨ ਵਾਲੇ ਕਾਕੇ ਕੋਲ ਚਲੀ ਜਾਂਦੀ ਸੀ। ਉਹ ਯਾਦਗਾਰੀ ਕੰਟੀਨ "ਅਜੀਤ" ਅਖਬਾਰ ਅਤੇ "ਨਵਾਂ ਜ਼ਮਾਨਾ" ਵਿਚ ਸਾਂਝੀ ਕੰਟੀਨ ਵਰਗੀ ਹੀ ਸੀ। ਕੰਟੀਨ ਦਾ ਮਾਲਕ ਉਂਝ ਤਾਂ ਲੰਮ ਸਲੰਮੇ ਜੁੱਸੇ ਵਾਲਾ ਬੜਾ ਚੰਗੀ ਸਿਹਤ ਵਾਲਾ ਸੀ ਪਰ ਉਸਦਾ ਨਾਮ ਸਾਰੇ ਕਾਕਾ ਆਖ ਕੇ ਹੀ ਬੁਲਾਉਂਦੇ।  ਸੁਭਾਅ ਦਾ ਬਹੁਤ ਹੀ ਚੰਗਾ ਸੀ। ਚਾਹ ਦੇ ਨਾਲ ਰਸ ਅਤੇ ਮੱਠੀਆਂ ਦਾ ਵੀ ਵੱਖਰਾ ਹੀ ਸੁਆਦ ਸੀ। ਇਥੇ ਹੀ ਉਸਤਾਦ ਸ਼ਾਇਰ ਉਲਫ਼ਤ ਬਾਜਵਾ, ਨਕਸਲੀ ਆਗੂ ਜੈਮਲ ਪੱਡਾ, ਚਿਤਰਕਾਰ ਸੁਖਵੰਤ, ਗੀਤਕਾਰ ਹਰਜਿੰਦਰ ਬੱਲ, ਗ਼ਜ਼ਲਾਂ ਦਿਉ ਮੁਹਾਰਤ ਰੱਖਣ ਵਾਲੇ ਇੱਕ ਹੋਰ ਸ਼ਾਇਰ ਡੀ  ਆਰ ਧਵਨ, ਪੱਤਰਕਾਰ ਅਤੇ ਗਜ਼ਲਗੋ ਅਜੀਤ ਕੁਮਾਰ, ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਨ ਵਾਲੀ ਸਾਹਿਤਕਾਰ ਅਨਵੰਤ ਕੌਰ-ਉਹਨਾਂ ਦੇ ਪਤੀ ਅਵਤਾਰ ਸਿੰਘ ਦੀਪਕ, ਫੱਕਰ ਸ਼ਾਇਰਾਂ ਵਾਂਗ ਪਤੇ ਦੀਆਂ ਗੱਲਾਂ ਕਰਨ ਵਾਲੇ ਫਕੀਰ ਚੰਦ ਤੁਲਿ ਅਤੇ ਬਹੁਤ ਸਾਰੇ ਹੋਰ ਰਾਂਗਲੇ ਸੱਜਣ ਮਿਲਦੇ ਰਹੇ। 

ਹਾਂ ਪਰ ਗੱਲ ਚਲਦੀ ਸੀ ਘਰ ਵਿਚਲੇ ਫ਼ੰਕਸ਼ਨ ਦੀ। ਜਿਸ ਦਿਨ ਚਹਿਲ ਪਹਿਲ ਸੀ ਉਸ ਦਿਨ ਵੀ ਮੈਂ ਚਾਹ ਬੜੀ ਖੁੱਲ੍ਹ ਕੇ ਪੀਤੀ। ਕਿਸੇ ਦਾ ਸ਼ਾਇਦ ਮੇਰੇ ਵੱਲ ਧਿਆਨ ਵੀ ਨਹੀਂ ਸੀ। ਮੈਂ ਵੀ ਆਪਣੇ ਆਪ ਵਿਚ ਮਸਤ ਸਾਂ। ਮੇਰੇ ਲਈ ਚਾਹ ਅਤੇ ਮਠਿਆਈ ਦੀਆਂ ਮੌਜਾਂ ਲੱਗੀਆਂ ਹੋਈਆਂ ਸਨ।  ਸ਼ਾਇਦ ਭੁੱਲ ਗਿਆ ਸਾਂ ਖੁਸ਼ੀ ਦੇ ਨਾਲ ਨਾਲ ਕੋਈ ਗਮ ਵੀ ਲੁਕਿਆ ਹੁੰਦਾ ਹੈ ਅਤੇ ਗਮ ਨਾਲ ਕੋਈ ਖੁਸ਼ੀ ਵੀ ਸਬੰਧਤ ਹੋ ਸਕਦੀ ਹੈ। 

ਅਚਾਨਕ ਮੇਰਾ ਧਿਆਨ ਉਦੋਂ ਭੰਗ ਹੋਇਆ ਜਦੋਂ  ਪਰਿਵਾਰ ਦੇ ਮੈਂਬਰ ਮੇਰੀ ਭੂਆ ਕ੍ਰਿਪਾਲ ਕੌਰ ਨੂੰ ਇੱਕ ਫੂਲਾਂ ਨਾਲ ਸਜੀ ਹੋਈ ਕਾਰ ਵਿਚ ਬਿਠਾਉਣ ਲੱਗੇ। ਉਸ ਕਾਰ ਵਿੱਚ ਭੂਆ ਨਾਲ ਕੋਈ ਹੋਰ ਸਰਦਾਰ ਜਿਹਾ ਵੀ ਸੀ। ਜਿਸਦੀ ਪਰਸਨੈਲਿਟੀ ਮੈਨੂੰ ਬਹੁਤ ਬਾਅਦ ਵਿਚ ਪਤਾ ਲੱਗਿਆ ਇਹ ਪ੍ਰਸਿੱਧ ਕਾਮਰੇਡ ਪ੍ਰਦੁਮਨ ਸਿੰਘ ਸੀ ਜਿਸ ਨਾਲ ਮੇਰੀ ਭੂਆ ਦਾ ਵਿਆਹ ਕੀਤਾ ਗਿਆ ਸੀ। ਕਿਓਂਕਿ ਦੋਵੇਂ ਪਰਿਵਾਰ ਕਮਿਊਨਿਸਟ ਸਨ ਇਸ ਲਈ ਸਾਦਗੀ ਨਾਲ ਸਭ ਕੁਝ ਹੋਇਆ ਸੀ। ਸਾਡੇ ਜਾਣਕਾਰਾਂ ਵਿੱਚੋਂ ਹਰ ਕੋਈ ਆਪੋ ਆਪਣੇ ਮੁਤਾਬਿਕ ਕੋਈ ਨ ਕੋਈ ਸੌਗਾਤ ਲੈ ਕੇ ਆਇਆ ਸੀ। ਇਹ ਸੌਗਾਤਾਂ ਬੜੀ ਸ਼ਰਧਾ, ਪਿਆਰ ਅਤੇ ਸਤਿਕਾਰ ਨਾਲ ਦਿੱਤੀਆਂ ਗਈਆਂ ਸਨ। 

ਮੈਂ ਚਿੰਤਾ ਅਤੇ ਸੋਚ ਵਿਚ ਪੈ ਗਿਆ ਇਹ ਭਾਈ ਕੌਣ ਹੈ? ਮੇਰੀ ਭੂਆ ਇਸ ਨਾਲ ਕਿਓਂ ਅਤੇ ਕਿਥੇ ਜਾ ਰਹੀ ਹੈ? ਮੇਰਾ ਰੌਣਾ ਦੇਖ ਕੇ ਮੇਰੀ ਭੂਆ ਮੈਨੂੰ ਘੁੱਟ ਕੇ ਮਿਲੀ ਅਤੇ ਕਾਰ ਵਿਚ ਬੈਠਣ ਲੱਗੀ ਤਾਂ ਮੈਂ ਹੋਰ ਰੋ ਪਿਆ। ਨਾਲ ਹੀ ਆਖਣ ਲੱਗਾ ਮੈਂ ਨਹੀਂ ਆਪਣੀ ਭੂਆ ਨੂੰ ਕਿਤੇ ਜਾਣ ਦੇਣਾ।  

ਮੈਨੂੰ ਬਹੁਤ ਸਮਝਾਇਆ ਗਿਆ ਪਰ ਮੇਰਾ ਰੋਣਾ ਬੰਦ ਨਹੀਂ ਸੀ ਹੋ ਰਿਹਾ। ਅਖੀਰ ਭੂਆ ਫਿਰ ਕਾਰ ਵਿਚੋਂ ਬਾਹਰ ਆਈ..ਮੈਨੂੰ ਕਾਰ ਵਿਚ ਆਪਣੇ ਨਾਲ ਆਪਣੀ ਝੋਲੀ ਵਿੱਚ ਬਿਠਾਇਆ। ਏਨੇ ਵਿੱਚ ਹੀ ਘਰੋਂ ਇੱਕ ਕੱਪੜੇ ਦਾ ਥੈਲਾ ਜਿਹਾ ਕਾਰ ਵਿਚ ਹੀ ਮੇਰੀ ਭੂਆ ਨੂੰ ਫੜਾ ਦਿੱਤਾ ਗਿਆ ਜਿਸ ਵਿੱਚ ਮੇਰੇ ਦੋ ਚਾਰ ਕੱਪੜੇ ਸਨ ਅਤੇ ਕਾਰ ਤੁਰ ਪਈ। ਮੈਂ ਪਹਿਲੀ ਵਾਰ ਡੋਲੀ ਤੁਰਦੀ ਦੇਖੀ ਸੀ। ਪਹਿਲੀ ਵਾਰ ਹੀ ਕੋਈ ਵਿਆਹ ਦੇਖਿਆ ਸੀ। ਪਹਿਲੀ ਵਾਰ ਹੀ ਵਿਆਹ ਨਾਲ ਸਬੰਧਤ ਕੁਝ ਸੁਆਲ ਮਨ ਵਿਚ ਪੈਦਾ ਹੋਏ ਸਨ।  

ਜਦੋਂ ਕਾਰ ਮੁਰਾਦਪੁਰ, ਮਿੱਲਰਗੰਜ, ਜਗਰਾਓਂ ਵਾਲਾ ਪੁਲ ਅਤੇ ਸ਼ਹਿਰ ਦੇ ਹੋਰ ਇਲਾਕਿਆਂ ਨੂੰ ਛੱਡਦੀ ਹੋਈ ਲੁਧਿਆਣੇ ਤੋਂ ਬਾਹਰ ਜਲੰਧਰ-ਅੰਮ੍ਰਿਤਸਰ ਵਾਲੀ ਸੜਕੇ  ਪੈ ਗਈ ਤਾਂ  ਮੈਨੂੰ ਮਹਿਸੂਸ ਹੋਣ ਲੱਗਿਆ ਕਿ ਮੈਂ ਭੂਆ ਨਾਲ ਕਿਧਰੇ ਦੂਰ ਜਾ ਰਿਹਾ ਹਾਂ। ਲੁਧਿਆਣੇ ਵਾਲੇ ਘਰ ਤੋਂ ਦੂਰ। ਆਪਣੀ ਮਾਂ ਤੋਂ ਦੂਰ ਪਿਤਾ ਤੋਂ ਦੂਰ, ਦਾਦੀ ਤੋਂ ਦੂਰ, ਚਾਚੇ ਤੋਂ ਦੂਰ..ਆਪਣੇ ਇਲਾਕੇ ਦੀਆਂ ਗਲੀਆਂ ਤੋਂ ਦੂਰ। ਪਿਛਲਾ ਖਿਆਲ ਮੁੜ ਮੁੜ ਕੇ ਆਇਆ ਤਾਂ ਉਦਾਸੀ ਹੋਰ ਵੀ ਜ਼ੋਰ ਫੜਨ ਲੱਗੀ ਪਰ ਮੈਂ ਲੁਕਾਈ ਰੱਖੀ। 

ਫਿਲਮ "ਮਾਚਿਸ" ਵਾਲਾ ਗੀਤ--"ਛੋੜ ਆਏ ਹਮ ਵੋ ਗਲੀਆਂ"... ਤਾਂ ਬਹੁਤ ਦੇਰ ਬਾਅਦ ਲਿਖਿਆ ਗਿਆ ਪਰ ਮੇਰੇ ਲਈ ਇਹ ਗੀਤ ਅੱਜ ਵੀ ਹਕੀਕਤ ਹੈ। ਮੁੜ ਉਹਨਾਂ ਛੱਡੀਆਂ ਹੋਈਆਂ ਗਲੀਆਂ ਵੱਲ ਕਦੇ ਨਾ ਜਾ ਹੋਇਆ। ਚਾਰ ਕੁ ਦਹਾਕਿਆਂ ਮਗਰੋਂ ਦੋ ਚਾਰ ਗੇੜੇ ਮਾਰੇ ਪਰ ਸਭ ਕੁਝ ਬਦਲ ਚੁੱਕਿਆ ਸੀ। ਉਹਨਾਂ ਗਲੀਆਂ ਦੇ ਮੋੜਾਂ ਦੀ ਬਸ ਧੁੰਦਲੀ ਜਿਹੀ ਯਾਦ ਹੀ ਬਾਕੀ ਬੱਚੀ। ਉਹ ਮਕਾਨ--ਉਹ ਇਮਾਰਤਾਂ ਸਭ ਕੁਝ ਬਦਲ ਗਿਆ। ਉਥੇ ਰਹਿੰਦੇ ਲੋਕ ਵੀ ਕਿਸੇ ਨ ਕਿਸੇ ਹੋਰ ਪੋਸ਼ ਇਲਾਕੇ ਵਿੱਚ ਸ਼ਿਫਟ ਹੋ ਗਏ ਸਨ। 

ਅਗਿਆਤਵਾਸ ਦੌਰਾਨ ਕਿਸੇ ਜਾਣਕਾਰ ਨੇ ਪਿਤਾ ਜੀ ਨੂੰ ਆਖਿਆ ਤੁਹਾਡਾ ਤਾਂ ਬਣਵਾਸ ਹੀ ਲੰਮਾ ਹੋ ਗਿਆ।  ਮੈਂ ਪੁੱਛਿਆ ਬਣਵਾਸ ਕੀ ਹੁੰਦਾ ਹੈ ਤਾਂ ਜੁਆਬ ਇੱਕ ਜੁਆਬੀ ਸੁਆਲ ਵਾਂਗ ਮਿਲਿਆ  ਤੈਨੂੰ ਪਤਾ ਨਹੀਂ ਰਾਮ ਜੀ ਨੂੰ 14 ਸਾਲ ਦਾ ਬਣਵਾਸ ਮਿਲਿਆ ਸੀ। ਉਸ ਦਿਨ ਮਨ ਵਿਚ ਤਮੰਨਾ ਪੈਦਾ ਹੋਈ ਕਿਸੇ ਤਰ੍ਹਾਂ ਰਾਮਾਇਣ ਪੜ੍ਹਨ ਦਾ ਮੌਕਾ ਮਿਲੇ ਪਰ ਇਹ ਕਿਵੇਂ ਸੰਭਵ ਸੀ? ਮੈਨੂੰ ਤਾਂ ਹਿੰਦੀ ਵੀ ਨਹੀਂ ਸੀ ਆਉਂਦੀ। ਇਸ ਤਮੰਨਾ ਨੇ ਹਿੰਦੀ ਸਿੱਖਣ ਵਾਲੇ ਪਾਸੇ ਲਾਇਆ। ਹਿੰਦੀ ਕਿਵੇਂ ਸਿੱਖੀ ਇਸਦੀ ਵੀ ਇੱਕ ਵੱਖਰੀ ਕਹਾਣੀ ਹੈ। ਜਿਹੜੀ ਫਿਰ ਕਦੇ ਸਹੀ। 

ਭੂਆ ਨਾਲ ਇਹ ਆਤਮਿਕ ਜਿਹੀ ਸਾਂਝ ਅਖੀਰ ਤੱਕ ਬਣੀ ਰਹੀ। ਉਸ ਦਿਨ ਤੋਂ ਅੰਮ੍ਰਿਤਸਰ ਨਾਲ ਬਣੀ ਸਾਂਝ ਅਜੇ ਤੀਕ ਜਾਰੀ ਹੈ। ਇੱਕ ਦੋ ਦਿਨਾਂ ਮਗਰੋਂ ਸਭਨਾਂ ਨੇ ਪੁੱਛਣਾ ਸ਼ੁਰੂ ਕੀਤਾ ਕਿ ਇਥੇ ਰਹਿਣਾ ਜਾਂ ਵਾਪਿਸ ਲੁਧਿਆਣੇ ਚੱਲਣਾ? ਮੈਂ ਭੂਆ ਨਾਲ ਰਹਿਣ ਦੀ ਹਾਮੀ ਹੀ ਭਰੀ ਪਰ ਲੁਧਿਆਣੇ ਜਾਣ ਦੀ  ਉਦਾਸੀ ਵੀ ਦਿਲ ਦਿਮਾਗ ਵਿੱਚ ਘਰ ਕਰ ਗਈ। 

ਉਦੋਂ ਮੈਨੂੰ ਅਹਿਸਾਸ ਹੋਇਆ ਕਿ ਕਿਵੇਂ ਸਾਡੀ ਸ਼ਖ਼ਸੀਅਤ ਇੱਕ ਤੋਂ ਵੱਧ ਥਾਂਈਂ ਵੰਡੀ ਜਾਂਦੀ ਹੈ। ਉਦੋਂ ਮੈਂ ਸੋਚਦਾ ਕਾਸ਼ ਅੱਖਾਂ ਮੀਚਦਾ ਤੇ ਲੁਧਿਆਣਾ ਜਾ ਪਹੁੰਚਦਾ। ਫਿਰ ਅੱਖਾਂ ਮੀਚਦਾ ਤੇ ਵਾਪਿਸ ਅੰਮ੍ਰਿਤਸਰ ਆ ਜਾਂਦਾ। ਮੈਂ ਬਾਬਾ ਨਾਨਕ ਦੀ ਤਸਵੀਰ ਸਾਹਮਣੇ ਬੈਠ ਪੁੱਛਦਾ ਮੈਨੂੰ ਵੀ ਸਿਖਾਓ ਇਹ ਸਾਰਾ ਜਾਦੂ। ਪਰ ਜਾਦੂ ਤਾਂ ਜਾਦੂ ਹੀ ਹੁੰਦੇ ਹਨ। ਅਸਲ ਵਿੱਚ ਯੋਗਮਾਇਆ ਦੀ ਮਾਇਆ ਦੇ ਭੇਦ ਬੜੇ ਡੂੰਘੇ ਹੁੰਦੇ ਹਨ। ਅਧਿਆਤਮ ਦੀ ਦੁਨੀਆ ਇਹਨਾਂ ਰਿਧੀਆਂ ਸਿੱਧੀਆਂ ਅਤੇ ਹੋਰ ਕਰਾਮਾਤੀ ਸ਼ਕਤੀਆਂ ਤੋਂ ਕਿਤੇ  ਜ਼ਿਆਦਾ ਉਚੇਰੀ ਅਵਸਥਾ ਦਾ ਅਹਿਸਾਸ ਕਰਾਉਂਦੀ ਹੈ।  

ਏਨੇ ਵਿਚ ਮੈਂ 9-10 ਸਾਲਾਂ ਦਾ ਹੋ ਗਿਆ ਸਾਂ। ਹਾਲਾਤ ਅਤੇ ਜ਼ਿੰਦਗੀ ਦੀ ਕੁਝ ਕੁਝ ਸਮਝ ਆਉਣ ਲੱਗ ਪਈ ਸੀ। ਮੈਂ ਗੁਰਮੁਖੀ ਪੜ੍ਹਨੀ ਵੀ ਸਿੱਖ ਲਈ ਸੀ। ਕਿਤਾਬਾਂ ਹੀ ਸਾਥੀ ਸਨ। ਘਰ ਪਈਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲਈਆਂ। ਇਹਨਾਂ ਕਿਤਾਬਾਂ ਦੀ ਪੜ੍ਹਾਈ ਦੇ ਇਸ ਸ਼ੌਂਕ ਕਾਰਨ ਹੀ ਗਿਆਨੀ ਦਾ ਇਮਤਿਆਹਨ ਪਹਿਲੇ ਹੱਲੇ ਪਾਸ ਹੋ ਗਿਆ ਸੀ ਪਰ ਸ਼ਖ਼ਸੀਅਤ ਖੰਡਿਤ ਹੀ ਰਹੀ। ਧਿਆਨ ਏਧਰ ਓਧਰ ਜਾਂਦਾ ਹੀ ਰਹਿੰਦਾ। ਇਸ ਭਟਕਣ ਨੇ ਹੀ ਸਾਹਿਤ ਪ੍ਰਤੀ ਸੰਵੇਦਨਾ ਵਧਾਈ। ਦਿੱਲੀ, ਅੰਮ੍ਰਿਤਸਰ, ਜਲੰਧਰ, ਫਿਰੋਜ਼ਪੁਰ, ਫਰੀਦਕੋਟ ਅਤੇ ਹੋਰ ਵੀ ਬਹੁਤ ਸਾਰੀਆਂ ਥਾਂਵਾਂ ਹੁਣ ਤੱਕ ਜ਼ਹਿਨ ਵਿੱਚ ਹਨ। ਇਸਦੇ ਬਾਵਜੂਦ ਅੱਜ ਵੀ ਅੰਮ੍ਰਤਿਸਰ ਜਨਮਾਂ ਜਨਮਾਂਤਰਾਂ ਦੇ ਚੇਤਿਆਂ ਵਾਂਗ ਦਿਲ ਵਿਚ ਵੱਸਿਆ ਹੋਇਆ ਹੈ।  ਇਥੇ ਜ਼ਾਦ ਆ ਰਹੀਆਂ ਹਨ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਹੁਰਾਂ ਵੱਲੋਂ ਕਿਸੇ ਵੇਲੇ ਸੁਣਾਈਆ ਸਤਰਾਂ:ਮਨ ਤੇਰਾ ਦੇਸ ਅਤੇ ਤਨ ਪਰਦੇਸ ਵਿੱਚ  ਕਿਵੇਂ ਵੇ ਤੂੰ ਵੰਡਿਆ ਗਿਆ!

ਸੱਠਵਿਆਂ ਦੇ ਅਖੀਰ ਵਿੱਚ ਨਕਸਲਬਾੜੀ ਦੀ ਲਹਿਰ ਪੰਜਾਬ ਵਿੱਚ ਪੂਰੀ ਤਰ੍ਹਾਂ ਦਸਤਕ ਦੇ ਚੁੱਕੀ ਸੀ। ਇਸੇ ਲਹਿਰ ਦੇ ਚੱਲਦਿਆਂ ਪਿਤਾ ਜੀ ਨੂੰ ਅੰਡਰਗਰਾਊਂਡ ਹੋਣਾ ਪਿਆ। ਪੁਲਿਸ ਦੇ ਅਖਬਾਰਾਂ ਵਿਚ ਛਪੇ ਬਿਆਨਾਂ ਵਿੱਚ ਉਹਨਾਂ ਨੂੰ ਚਮਕੌਰ ਸਾਹਿਬ ਥਾਣੇ 'ਤੇ ਹਮਲੇ ਦਾ ਮਾਸਟਰ ਮਾਈਂਡ ਦੱਸਿਆ ਗਿਆ ਸੀ। ਬਾਅਦ ਵਿੱਚ ਗੋਲੀ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ।ਹਾਲਾਤ ਬੇਹੱਦ ਨਾਜ਼ੁਕ ਬਣ ਗਏ ਸਨ। ਇਹੀ ਖਤਰਾ ਰਹਿੰਦਾ ਕਿ ਅੱਜ ਕਿਧਰੇ ਐਨਕਾਊਂਟਰ ਨਾ ਬਣਾ ਦਿੱਤਾ ਹੋਵੇ। ਬਸ ਇਹਨਾਂ ਖਤਰਿਆਂ ਦੇ ਪਰਛਾਵਿਆਂ ਹੇਠ ਅਖਬਾਰ ਪੜ੍ਹਨ ਦਾ ਜਨੂੰਨ ਲੱਗਿਆ। ਨਵਾਂ ਜ਼ਮਾਨਾ ਦੇ ਨਾਲ ਨਾਲ ਲਾਇਬ੍ਰੇਰੀ ਜਾ ਕੇ ਬਾਕੀ ਅਖਬਾਰਾਂ ਵੀ ਪੜ੍ਹਨੀਆਂ ਕਿ ਕੀਤੇ ਇੰਝ ਨਾ ਹੋ ਗਿਆ ਹੋਵੇ--ਕਿਤੇ ਉਂਝ ਨਾ ਹੋ ਗਿਆ ਹੋਵੇ। ਬਸ ਇਹੀ ਜਨੂੰਨ ਮੈਨੂੰ ਸਾਹਿਤ ਅਤੇ ਪੱਤਰਕਾਰੀ ਵਾਲੇ ਪਾਸੇ ਲੈ ਆਇਆ। 

ਮੈਨੂੰ ਯਾਦ ਹੈ ਦੁਸਹਿਰਾ ਲੰਘ ਕੇ ਹਟਿਆ  ਸੀ। ਪੰਜ ਸੱਤ ਛੋਟੀਆਂ ਛੋਟੀਆਂ ਫੁਲਝੜੀਆਂ ਪਟਾਕੇ ਮੈਂ ਚਲਾ ਲਏ ਸਨ ਅਤੇ ਏਨੇ ਕੁ ਹੀ ਬਚਾ ਵੀ ਲਏ ਸਨ ਦੀਵਾਲੀ ਲਈ। ਪਿਤਾ ਜੀ ਦੇ ਅਚਾਨਕ ਅੰਡਰਗਰਾਊਂਡ ਹੋਣ ਕਾਰਨ ਅਸੀਂ ਉਸ ਮਕਾਨ ਨੂੰ ਤਾਲਾ ਲਾਇਆ ਅਤੇ ਘਰੋਂ ਨਿਕਲ ਤੁਰੇ। 

ਮੁੜ ਕੇ ਕਦੇ ਉਸ ਘਰ ਨਹੀਂ ਵੜੇ। ਕਦੇ ਉਸ ਉਡੀਕ ਵਾਲੀ ਦੀਵਾਲੀ ਵੀ ਨਹੀਂ ਆਈ। ਉਡੀਕ ਅਜੇ ਤੀਕ ਨਹੀਂ ਮੁੱਕੀ। ਮੈਂ ਅੱਜ ਤੱਕ ਕਦੇ ਦੀਵਾਲੀ ਮਨਾਈ ਵੀ ਨਹੀਂ। ਹਮੇਸ਼ਾਂ ਜਸਵੰਤ ਸਿੰਘ ਕੰਵਲ ਵੀ ਚੇਤੇ ਰਿਹਾ। ਖਾਸ ਕਰ ਲੰਮੇ ਸਮੇਂ ਤੀਕ ਪਾਠਕਾਂ ਨੂੰ ਪ੍ਰਭਾਵਿਤ ਕਰਨ ਵਾਲੇ  ਉਸ ਨਾਵਲ ਦਾ ਕਵਰ-ਰਾਤ ਬਾਕੀ ਹੈ।  ਇਸਦੇ ਨਾਲ ਹੀ ਮਿੱਤਰ ਮਹਿੰਦਰ ਸਾਥੀ ਦਾ ਗੀਤ ਵੀ ਚੇਤਿਆਂ ਵਿਚ ਰਿਹਾ-ਮਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ-ਗੁਪਤਵਾਸ ਦੇ ਉਹਨਾਂ ਵੇਲਿਆਂ ਦੌਰਾਨ ਸਾਡੇ ਟਿਕਾਣੇ ਲਗਾਤਾਰ ਬਦਲਦੇ ਰਹੇ। ਜ਼ਿਆਦਾ ਸਮਾਂ ਦਿੱਲੀ ਹੀ ਕੱਟਿਆ। ਦਿੱਲੀ  ਵਿਚ ਸਾਨੂੰ ਲੋਕਾਂ ਦਾ ਬਹੁਤ ਸੰਘਣਾ ਜੰਗਲ ਲੱਭ ਗਿਆ ਸੀ। ਕੋਈ ਰਿਸ਼ਤੇਦਾਰ ਨੇੜੇ ਤੇੜੇ ਵੀ ਨਹੀਂ ਸੀ। ਹੁੰਦਾ ਵੀ ਤਾਂ ਜਾਣਾ ਠੀਕ ਨਹੀਂ ਸੀ। ਪਰ ਮੇਰੀ ਭੂਆ ਅਤੇ ਫੁੱਫੜ ਉਹਨਾਂ ਖਤਰਿਆਂ ਭਰੇ ਦਿਨਾਂ ਵਿਚ ਵੀ ਆ ਕੇ ਮਿਲ ਜਾਂਦੇ ਰਹੇ। ਕਦੇ ਦਿੱਲੀ ਵਿਚਲੇ ਖੁਲ੍ਹੇ ਮੈਦਾਨਾਂ ਅਤੇ ਸੜਕਾਂ ਤੇ ਹੁੰਦੀਆਂ ਕਮਿਊਨਿਸਟ ਰੈਲੀਆਂ ਵਿੱਚ ਨਾਅਰੇ ਮਾਰਦਿਆਂ। ਇਸੇ ਤਰ੍ਹਾਂ ਕਦੇ ਮਈ ਦਿਵਸ ਦੇ ਪ੍ਰਗਰਾਮਾਂ ਵਿਚ ਕਦੇ,  ਸੀਸ ਗੰਜ ਸਾਹਿਬ ਵਿਖੇ ਅਤੇ ਕਦੇ ਬੰਗਲਾ ਸਾਹਿਬ ਵਿਖੇ। 

ਕਰੀਬ ਅੱਠ ਦੱਸ ਸਾਲ ਹੋਰ ਲੰਘ ਗਏ ਸਨ। ਪੰਜਾਬ ਵਿਚ ਖਾੜਕੂਵਾਦ ਜ਼ੋਰ ਫੜਨ ਲੱਗ ਪਿਆ ਸੀ। ਸੰਨ 1978 ਦੀ ਵਿਸਾਖੀ ਵਾਲੇ ਅੰਮ੍ਰਿਤਸਰ ਵਿੱਚ ਨਿਰੰਕਾਰੀਆਂ ਅਤੇ ਸਿੰਘਾਂ ਦਰਮਿਆਨ ਹੋਇਆ ਟਕਰਾਓ ਪੰਜਾਬ ਦੇ ਸੰਘਰਸ਼ਾਂ ਵਿਚ ਇੱਕ ਨਾਜ਼ੁਕ ਮੋੜ ਵਾਂਗ ਸਾਹਮਣੇ ਆਇਆ। ਨਕਸਲੀ ਲਹਿਰ ਤੋਂ ਬਾਅਦ ਖਾੜਕੂਆਂ ਦੇ ਮੁਕਾਬਲਿਆਂ ਨਾਲ ਹਾਲਾਤ ਦਿਨੋਂ  ਦਿਨ ਨਾਜ਼ੁਕ ਹੁੰਦੇ ਜਾ ਰਹੇ ਸਨ। ਨਾਵਲ-"ਲਹੂ ਦੀ ਲੋਅ" ਤੋਂ ਬਾਅਦ "ਐਨਿਆਂ ਚੋਣ ਉੱਥੋਂ ਸੂਰਮਾ" ਦਾ ਸਫਰ ਪੰਜਾਬੀਆਂ ਸਾਹਮਣੇ ਸਾਕਾਰ ਜਿਹਾ ਹੋਣ ਲੱਗ ਪਿਆ ਸੀ। ਜਸਵੰਤ ਸਿੰਘ ਕੰਵਲ ਦੀ ਆਲੋਚਨਾ ਵੀ ਹੋਇਆ ਪਰ ਹਕੀਕਤ ਇੱਕ ਦਿਨ ਫੇਰ ਬੋਲੇਗੀ ਇਹ ਵੀ ਪੱਕੀ ਗੱਲ ਹੈ। ਜਸਵੰਤ ਸਿੰਘ ਕੰਵਲ ਦੀ ਆਵਾਜ਼ ਦੇਹਾਂਤ ਨਾਲ ਖਾਮੋਸ਼ ਹੋਣ ਵਾਲੀ ਵੀ ਨਹੀਂ।  

ਸਮਾਂ ਆਪਣੀ ਚਾਲੇ ਚੱਲਦਾ ਰਿਹਾ। ਅਤੀਤ ਰੁਕ ਰੁਕ ਕੇ ਅਤੇ ਕਈ ਵਾਰ ਟੁੱਟ ਟੁੱਟ ਕੇ ਮੇਰੇ ਸਾਹਮਣੇ ਰੂਪਮਾਨ ਹੁੰਦਾ ਰਿਹਾ। ਹਾਲਾਤ ਸ਼ਾਂਤ ਹੋਣ ਦੀ ਬਜਾਏ ਵਿਗੜਦੇ ਚਲੇ ਗਏ। ਪਸਾਰਵਾਦ ਵਾਲੀਆਂ ਸੋਚਾਂ, ਸਾਮਰਾਜੀ ਸਾਜ਼ਿਸ਼ਾਂ, ਸਰਮਾਏਦਾਰੀ ਦੇ ਜਾਲ ਅਤੇ ਕਾਰਪੋਰੇਟੀ ਕਲਚਰ ਬਹੁਤ ਪਹਿਲਾਂ ਵੀ ਕਿਸੇ ਨਾ ਕਿਸੇ ਢੰਗ ਨਾਲ ਮੌਜੂਦ ਸੀ। ਸੰਨ 1947 ਵਾਲੀ ਆਜ਼ਾਦੀ ਤੋਂ ਬਾਅਦ ਵੀ ਇਸਦੀ ਜਕੜ ਮਜ਼ਬੂਤ ਹੁੰਦੀ ਰਹੀ। ਇਸੇ ਤਰ੍ਹਾਂ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਾਂਗ ਪੰਜਾਬ ਵੀ ਇਹਨਾਂ ਅਣਮਨੁੱਖੀ ਸੋਚਾਂ ਸੋਚਣ ਵਾਲਿਆਂ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਰਿਹਾ। ਜੰਗਾਂ ਜੁੱਧਾਂ ਨੇ ਅਮਨ ਅਮਨ ਨੂੰ ਕਦੇ ਵੀ ਲੰਮੇ ਸਮੇਂ ਤੱਕ ਟਿਕਣ ਨਾ ਦਿੱਤਾ। 

ਬਸਰੇ ਦੀ ਜੰਗ ਲੱਗੀ ਤਾਂ ਅੰਗਰੇਜ਼ਾਂ ਨੇ ਬਹੁਤ ਸਾਰੀਆਂ ਫੌਜਾਂ ਆਪਣੇ ਹਿੱਤਾਂ ਦੀ ਰਾਖੀ ਲਈ ਇਰਾਕ ਭੇਜੀਆਂ। ਇਹਨਾਂ ਵਿੱਚ ਪੰਜਾਬੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀ ਜਿਹੜੀ ਕੁਝ ਹਜ਼ਾਰਾਂ ਤੋਂ ਸ਼ੁਰੂ ਹੋ ਕੇ ਲੱਖਾਂ ਤੱਕ ਪਹੁੰਚ ਗਈ ਸੀ। ਜੇਕਰ ਅੱਜ ਗੋਦੀ ਮੀਡੀਆ ਦੀ ਚਰਚਾ ਹੈ ਤਾਂ ਉਦੋਂ ਵੀ ਸਰਕਰ ਦੇ ਧੂਤੂ ਬਥੇਰੇ ਸਨ। ਜਦੋਂ ਲੋਕ ਪੱਖੀ ਕਲਮਕਾਰ ਲਿਖ ਅਤੇ ਬੋਲ ਰਹੇ ਸਨ-

ਸੜਕਾਂ ਵਿਚ ਟੋਏ ਨੀ;

ਬੱਚੜੇ ਗ਼ਰੀਬਾਂ ਦੇ;

ਬਸਰੇ ਵਿਚ ਮੋਏ ਨੀ!

ਇੱਕ ਹੋਰ ਗੇਟ ਗਿਆ ਜਾਂਦਾ ਸੀ--

ਬਸਰੇ ਦੀ ਲਾਮ ਟੁੱਟ ਜੇ;

ਨੀ ਮੈਂ ਰੰਡੀਓ ਸੁਹਾਗਣ ਹੋਵਾਂ!

ਉਦੋਂ ਵੀ ਗੋਦੀ ਮੀਡੀਆ ਦੀ ਤਰਜਮਾਨੀ ਕਰਦੇ ਲੋਕ ਮੌਜੂਦ ਰਹੇ- ਇਕ ਸੀ ਕੋਈ ਭਾਈ ਛਲੀਆ ਪਟਿਆਲੇ ਵਾਲਾ-ਉਸਨੇ ਅੰਗਰੇਜ਼ਾਂ ਦੇ ਕਹਿਣ 'ਤੇ ਇੱਕ ਗੀਤ ਲਿਖਿਆ ਜਾਂ ਲਿਖਵਾਇਆ ਪਰ ਉਸ ਗੀਤ ਤੇ ਬਣਿਆ ਤਵਾ ਥਾਂ ਥਾਂ ਚੱਲਦਾ ਸੁਣੀਂਦਾ ਸੀ--ਉਸ ਮਨੁੱਖਤਾ ਵਿਰੋਧੀ ਗੀਤ ਦੇ ਬੋਲ ਸਨ- ਜਿਹੜਾ ਤਵਾ ਬਣਾਇਆ ਗਿਆ ਸੀ ਉਸ ਦਾ ਸੁਨੇਹਾ ਜੰਗ ਦੀ ਭਾਠੀ ਲਈ ਬਾਲਣ ਇਕੱਠਾ ਕਰਨ ਵਾਲਾ ਹੀ ਸੀ..!

ਭਰਤੀ ਹੋ ਜਾ ਵੇ ਬਾਹਰ ਖੜ੍ਹੇ ਰੰਗਰੂਟ!

ਏਥੇ ਖਾਵੇਂ ਸੁੱਕੀ ਹੋਈ ਰੋਟੀ ਓਥੇ ਖਾਵੇਂ ਫਰੂਟ!

ਏਥੇ ਪਾਵੇਂ ਫਟੇ ਹੋਏ ਲੀੜੇ ਓਥੇ ਪਾਵੇਂ ਸੂਟ!

ਏਥੇ ਪਾਵੇਂ ਟੁੱਟੀ ਹੋਈ ਜੁੱਤੀ ਓਥੇ ਪਾਵੇਂ ਬੂਟ!

ਅਜਿਹੀਆਂ ਲੋਕ ਵਿਰੋਧੀ ਪ੍ਰਚਾਰ ਮੁਹਿੰਮਾਂ ਦੇ ਜੁਆਬ ਵਿੱਚ ਜੰਗ ਦੇ ਵਿਰੋਧੀ ਵੀ ਸਰਗਰਮ ਰਹੇ.ਲੋਕ ਪੱਖੀ ਭਾਵਨਾਵਾਂ ਵਾਲੇ ਵੀ ਸਰਗਰਮ ਰਹੇ--ਫਿਰ ਜਦੋਂ ਜੰਗਾਂ ਮੁੱਕ ਗਈਆਂ ਪਰ ਸੰਨ 1947 ਵਿੱਚ ਅਤੇ ਮਗਰੋਂ ਵੀ ਅਮਨ ਨਾ ਹੋਇਆ ਤਾਂ ਇਹਨਾਂ ਲੋਕ ਹਮਾਇਤੀਆਂ ਦੀ ਜ਼ਿੰਮੇਵਾਰੀ ਹੋਰ ਵਧ ਗਈ। 

ਇਹ ਗੀਤ ਮੂਲ ਰੂਪ ਵਿੱਚ ਕਰਤਾਰ ਸਿੰਘ ਬਲੱਗਣ ਹੁਰਾਂ ਦਾ ਲਿਖਿਆ ਹੋਇਆ ਸੀ ਜਿਸ ਨੂੰ ਆਵਾਜ਼ ਦਿੱਤੀ ਸੀ ਉਹਨਾਂ ਵੇਲਿਆਂ ਦੀ ਉਘੀ ਗਾਇਕਾ ਸੁਰਿੰਦਰ ਕੌਰ ਨੇ। 

ਵੇ ਮੁੜਿਆ ਲਾਮਾਂ ਤੋਂ!

ਸਾਨੂੰ ਘਰੇ ਬੜਾ ਰੋਜ਼ਗਾਰ

ਕਿ ਕਣਕਾਂ ਨਿੱਸਰ ਪਈਆਂ

ਕਦੇ ਮੁੜ ਕੇ ਝਾਤੀ ਮਾਰ!

ਵੇ ਮੁੜਿਆ ਲਾਮਾਂ ਤੋਂ!

ਭੂਆ ਕਿਰਪਾਲ ਕੌਰ ਦੀ ਦੇਖ ਰੇਖ ਅਤੇ ਨਿਰਦੇਸ਼ਨ ਹੇਠ ਚੱਲਦੇ ਕਈ ਸਕੂਲਾਂ ਵਿੱਚ ਸਮੇਂ ਸਮੇਂ ਹੁੰਦੇ ਫ਼ੰਕਸ਼ਨਾਂ ਦੌਰਾਨ ਇਸ ਗੀਤ ਦਾ ਨਾਟਕੀ ਮੰਚਨ ਵੀ ਹੁੰਦਾ ਰਿਹਾ। ਜੰਗ ਦੇ ਖਤਰਿਆਂ ਖਿਲਾਫ ਚੇਤਨਾ ਜਗਾਉਣ ਦੀ ਇਹ ਇੱਕ ਜ਼ੋਰਦਾਰ  ਕੋਸ਼ਿਸ਼ ਸੀ। ਇਪਟਾ, ਇਸਕਸ, ਇਸਤਰੀ ਸਭਾ ਅਤੇ ਹੋਰ ਬਹੁਤ ਸਾਰੇ ਸੰਗਠਨ ਇਸ ਚੇਤਨਾ ਲਈ ਸਰਗਰਮ ਵੀ ਲਗਾਤਾਰ ਰਹੇ ਪਰ ਜੰਗ ਫਿਰ ਵੀ ਸਾਡੇ ਸਿਰਾਂ 'ਤੇ ਮੰਡਰਾ ਰਹੀ ਹੈ। ਇਸਰਾਈਲ ਅਤੇ ਫਲਸਤੀਨ ਦਰਮਿਆਨ ਛੋਟੇ ਛੋਟੇ ਬੱਚੇ ਵੀ ਗੋਲੀਆਂ ਅਤੇ ਬੰਬਾਂ ਦੀ ਮਾਰ ਤੋਂ ਨਹੀਂ ਬਚੇ। ਪੂਰੀ ਦੁਨੀਆ ਵਿਚ ਕੁਰਲਾਹਟ ਹੈ। ਤੀਸਰੀ ਸੰਸਾਰ ਜੰਗ ਦੇਸਟਕ ਦੇ ਚੁੱਕੀ ਹੈ। ਜੋਤਿਸ਼ ਵਿਗਿਆਨ  ਦੇ ਮਾਹਰ ਵੀ ਇਸ ਕਿਸਮ ਦੀਆਂ ਭਵਿੱਖਬਾਣੀਆਂ ਕਰ ਚੁੱਕੇ ਹਨ। ਜੰਗ ਦੇ ਇਹਨਾਂ ਤਿੱਖੇ ਹੋ ਰਹੇ ਖਤਰਿਆਂ ਦੌਰਾਨ ਇੱਕ ਵਾਰ ਫੇਰ ਸਾਹਿਰ ਲੁਧਿਆਣਵੀ ਸਾਹਿਬ ਦੀ ਲੰਮੀ ਕਵਿਤਾ "ਪਰਛਾਈਆਂ" ਪੜ੍ਹ ਰਿਹਾ ਹਾਂ। ਇਸਦੀ ਦੱਸ ਵੀ ਭੂਆ ਜੀ ਨੇ ਹੀ ਪਾਈ ਸੀ ਸਾਹਿਰ ਦੀਆਂ ਕਵਿਤਾਵਾਂ ਬਾਰੇ ਵੀ ਕਾਫੀ ਕੁਝ ਦੱਸਿਆ। ਇਸ ਤੋਂ ਬਾਅਦ ਸਾਹਿਰ ਨਾਲ ਬਣਿਆ ਪ੍ਰੇਮ ਲਗਾਤਾਰ ਜਾਰੀ ਹੈ। ਇਹਨਾਂ ਗੀਤਾਂ ਅਤੇ ਕਵਿਤਾਵਾਂ ਦਾ ਮੰਚਨ ਵੀ ਅਕਸਰ ਹੋਇਆ ਕਰਦਾ ਸੀ .

ਅੱਜ ਜਿਸ ਤਰ੍ਹਾਂ ਜੰਗਾਂ ਵਾਲਾ ਮਾਹੌਲ ਬਣਿਆ ਹੋਇਆ ਹੈ ਤਾਂ ਇੱਕ ਵਾਰ ਫੇਰ ਸਾਹਿਰ ਸਾਹਿਬ ਯਾਦ ਆ ਰਹੇ ਹਨ--

ਖ਼ੂਨ ਅਪਨਾ ਹੋ ਯਾ ਪਰਾਯਾ ਹੋ
ਨਸਲੇ ਆਦਮ ਕਾ ਖ਼ੂਨ ਹੈ ਆਖ਼ਿਰ
ਜੰਗ ਮਗ਼ਰਿਬ ਮੇਂ ਹੋ ਕਿ ਮਸ਼ਰਿਕ ਮੇਂ
ਅਮਨੇ ਆਲਮ ਕਾ ਖ਼ੂਨ ਹੈ ਆਖ਼ਿਰ
ਬਮ ਘਰੋਂ ਪਰ ਗਿਰੇਂ ਕਿ ਸਰਹਦ ਪਰ
ਰੂਹੇ-ਤਾਮੀਰ ਜ਼ਖ਼ਮ ਖਾਤੀ ਹੈ
ਖੇਤ ਅਪਨੇ ਜਲੇਂ ਯਾ ਔਰੋਂ ਕੇ
ਜ਼ੀਸਤ ਫ਼ਾਕੋਂ ਸੇ ਤਿਲਮਿਲਾਤੀ ਹੈ

ਟੈਂਕ ਆਗੇ ਬੜ੍ਹੇਂ ਕਿ ਪੀਛੇ ਹਟੇਂ
ਕੋਖ ਧਰਤੀ ਕੀ ਬਾਂਝ ਹੋਤੀ ਹੈ
ਫ਼ਤਹ ਕਾ ਜਸ਼ਨ ਹੋ ਕਿ ਹਾਰ ਕਾ ਸੋਗ
ਜਿੰਦਗੀ ਮੱਯਤੋਂ ਪੇ ਰੋਤੀ ਹੈ

ਇਸ ਲੀਏ ਐ ਸ਼ਰੀਫ ਇੰਸਾਨੋਂ
ਜੰਗ ਟਲਤੀ ਰਹੇ ਤੋ ਬੇਹਤਰ ਹੈ
ਆਪ ਔਰ ਹਮ ਸਭੀ ਕੇ ਆਂਗਨ ਮੇਂ
ਸ਼ਮਾ ਜਲਤੀ ਰਹੇ ਤੋ ਬੇਹਤਰ ਹੈ।
       -----ਸਾਹਿਰ ਲੁਧਿਆਣਵੀ  

ਇਸ ਕਾਵਿ ਰਚਨਾ ਵਿਚ ਆਏ ਕੁਝ ਔਖੇ ਸ਼ਬਦ ਅਰਥ ਇਸ ਪ੍ਰਕਾਰ ਹਨ: ਮਗ਼ਰਿ ਮਤਲਬ ਪੱਛਮ ਹੁੰਦਾ  ਅਤੇ ਮਸ਼ਰਿਕ ਦਾ ਮਤਲਬ ਪੂਰਬ ਹੁੰਦਾ ਹੈ।  ਇਸੇ ਤਰ੍ਹਾਂ ਆਲਮ ਦਾ ਮਤਲਬ ਦੁਨੀਆਂ, ਜ਼ੀਸਤ ਦਾ ਮਤਲਬ ਜ਼ਿੰਦਗੀ ਅਤੇ 
ਮੱਯਤ ਦਾ ਮਤਲਬ ਜਨਾਜ਼ਾ ਹੁੰਦਾ ਹੈ।

ਹਾਲਾਤ ਫਿਰ ਵਿਗੜਦੇ ਜਾ ਰਹੇ ਹਨ ਪਰ ਇਹਨਾਂ ਸਭਨਾਂ ਬਾਰੇ ਚਿੰਤਾ ਕਰਨ ਵਾਲੀ ਭੂਆ ਹੁਣ ਸਾਡੇ ਦਰਮਿਆਨ ਨਹੀਂ ਹੈ। ਉਮਰ ਭਰ ਜਬਰ ਜ਼ੁਲਮ ਦੇ ਖਿਲਾਫ ਲੜਦਿਆਂ ਬਹੁਤ ਸਾਰੇ ਦੁੱਖ ਦੇਖੇ। ਬਹੁਤ ਸਾਰੇ ਸੰਘਰਸ਼ ਕੀਤੇ। ਇਸ ਦੌਰਾਨ ਕਦੇ ਕਦੇ ਕਵਿਤਾਵਾਂ ਵੀ ਲਿਖਣੀਆਂ।  ਜੇਕਰ ਕਿਸੇ ਲੇਖਕ ਨੇ ਘਰ ਆਉਣਾ ਤਾਂ ਉਸ ਕੋਲੋਂ ਵੀ ਰਚਨਾਵਾਂ ਸੁਣਨੀਆਂ। ਕਈ ਵਾਰ ਬਹੁਤ ਚੰਗੀਆਂ। ਦੋ ਸਾਲ ਹੋ ਗਏ ਵਿੱਛੜਿਆਂ ਪਰ ਨਾ ਤਾਂ ਯਕੀਨ ਆਉਂਦਾ ਹੈ ਅਤੇ ਨਾ ਹੀ ਯਕੀਨ ਕਰਨ ਦੀ ਹਿੰਮਤ ਪੈਂਦੀ ਹੈ। 

ਉਂਝ ਵੀ ਜਾਪਦਾ ਇਹੀ ਹੈ ਕਿ ਭੂਆ ਹੁਣ ਵੀ ਸਾਡੇ ਨੇੜੇ ਤੇੜੇ ਹੈ। ਸਾਡੇ ਕੋਲ ਕੋਲ ਹੀ ਹੈ ਬਸ ਹੁਣ ਸਰੀਰਕ ਪੱਖੋਂ ਨਜ਼ਰ ਆਉਣੋ ਹਟ ਗਈ ਹੈ। ਹੁਣ ਸਾਨੂੰ ਭੂਆ ਦੀ ਉਹ ਆਵਾਜ਼ ਨਹੀਂ ਸੁੰਡੀ। ਹੁਣ ਉਸਦੀ ਚਿਠੀ ਆਉਣੋਂ ਵੀ ਹਟ ਗਈ ਹੈ। ਹੁਣ ਕਦੇ ਫੋਨ ਵੀ ਨਹੀਂ ਖੜਕਿਆ। ਫਿਰ ਵੀ ਭੂਆ ਸਾਡੇ ਕੋਲ ਹੀ ਹੈ ਇਸਦਾ ਯਕੀਨ ਵੀ ਪੱਕਾ ਹੈ। 

ਉਂਝ ਵੀ ਦੇਹਾਂਤ ਦਾ ਮਤਲਬ ਦੇਹ ਦਾ ਅੰਤ ਹੀ ਹੁੰਦਾ ਹੈ ਜ਼ਿੰਦਗੀ ਦਾ ਨਹੀਂ। ਜ਼ਿੰਦਗੀ ਤਾਂ ਆਪਣੇ ਮਕਸਦ ਅਤੇ ਮਿਸ਼ਨ ਦੇ ਨਾਲ ਹੀ ਜਾਰੀ ਰਹਿੰਦੀ ਹੈ। ਉਸਨੇ ਆਪਣਾ ਰੰਗ ਰੂਪ ਵੀ ਇਸੇ ਮਿਸ਼ਨ ਅਤੇ ਮਕਸਦ ਨੂੰ ਪੂਰਿਆਂ ਕਰਨ ਲਈ ਹੀ ਵਟਾਉਣਾ ਹੁੰਦਾ ਹੈ। ਹਰ ਇੱਕ ਦਾ ਦੁੱਖ-ਦਰਦ ਵੰਡਾਉਣਾ, ਹਰ ਲੋੜਵੰਦ ਦੇ ਕੰਮ ਆਉਣਾ, ਬਾਣੀ ਪੜ੍ਹਨੀ ਅਤੇ ਹੋਰ ਕਿਤਾਬਾਂ ਵੀ ਪੜ੍ਹਨੀਆਂ, ਕੱਟੜ ਕਦੇ ਨਹੀਂ ਬਣਨਾ। ਸੱਚੀ ਇਨਸਾਨੀਅਤ ਦਾ ਪੱਲਾ ਨਹੀਂ ਛੱਡਣਾ--ਇਹ ਸਭ ਕੁਝ ਉਹਨਾਂ ਦਾ ਪੂਰਾ ਪਰਿਵਾਰ ਵੀ ਕਰ ਰਿਹਾ ਹੈ। ਖੂਨ ਦਾਨ ਤੋਂ ਲੈ ਕੇ ਪਿੰਗਲਵਾੜੇ ਅਤੇ ਅੰਮ੍ਰਿਤਸਰ ਵਿੱਚ ਪੁਤਲੀਘਰ ਨੇੜੇ ਸਥਿਤ ਸੈਂਟਰਲ ਖਾਲਸਾ ਯਤੀਮਖ਼ਾਨਾ ਤੱਕ ਸਭ ਕੁਝ ਹੁਣ ਵੀ ਉਵੇਂ ਹੀ ਕੀਤਾ ਜਾ ਰਿਹਾ ਹੈ। 

ਉਹਨਾਂ ਦੇ ਬੇਟੇ ਡਾਕਟਰ ਆਰ ਐਸ ਸੇਠੀ ਨੇ ਕਿੰਨੀ ਵਾਰ ਬਿਲਕੁਲ ਹੀ ਅਣਜਾਣ ਮਰੀਜ਼ਾਂ ਲਈ ਖੂਨਦਾਨ ਕੀਤਾ ਇਸਦੀ ਸਹੀ ਗਿਣਤੀ ਸ਼ਾਇਦ ਉਸਨੂੰ ਖੁਦ ਵੀ ਚੇਤੇ ਨਹੀਂ। ਦੂਜੇ ਬੇਟੇ ਭੁਪਿੰਦਰ ਸਿੰਘ ਸੇਠੀ ਨੇ ਕਿੰਨੇ ਮੁਲਕਾਂ ਵਿੱਚ ਆਪਣੇ ਲੋਕ ਭਲਾਈ ਦੇ ਕੰਮਾਂ ਨਾਲ ਆਪਣੀ ਮਾਂ ਦਾ ਸੱਚੀ ਇਨਸਾਨੀਅਤ ਵਾਲਾ ਸੁਨੇਹਾ ਪਹੁੰਚਾਇਆ ਇਸਦੀ ਵੀ ਕੋਈ ਗਿਣਤੀ ਨਹੀਂ। ਤੀਸਰੇ ਬੇਟੇ ਕੰਵਲ ਸੇਠੀ ਨੇ ਕਈ ਫ਼ਿਲਮਾਂ ਬਣਾਈਆਂ ਅਤੇ ਮਕਸਦ ਹਰ ਵਾਰ ਇਹੀ ਹੁੰਦਾ ਹੈ ਕਿ ਉਸ ਦਰਦ ਦੀ ਆਵਾਜ਼ ਬਣਿਆ ਜਾ ਸਕੇ ਜਿਸ ਦਰਦ ਦਾ ਪ੍ਰਗਟਾਵਾ ਕਰਨ ਲਈ ਕੋਈ ਅੱਗੇ ਨਹੀਂ ਆਉਂਦਾ। ਇਹ ਦਰਦ ਸਿਰਫ ਸਾਡੇ ਆਲੇ ਦੁਆਲੇ ਹੀ ਨਹੀਂ ਬਲਕਿ ਦੁਨੀਆ ਭਰ ਵਿੱਚ ਸਰੱਹਦਾਂ ਤੋਂ ਪਾਰ ਵੀ ਮੌਜੂਦ ਹੈ। ਪਾਕਿਸਤਾਨ, ਇੰਗਲੈਂਡ, ਅਮਰੀਕਾ, ਕੈਨੇਡਾ ਅਤੇ ਹੋਰ ਥਾਨਾਵਾਂ ਤੋਂ ਬਹੁਤ ਸਾਰੇ ਮਹਿਮਾਣ ਭੂਆ ਦੇ ਹੁੰਦਿਆਂ ਵੀ ਆਉਂਦੇ ਰਹੇ ਅਤੇ ਹੁਣ ਵੀ ਉਹਨਾਂ ਦੀਆਂ ਯਾਦਾਂ ਸਾਂਝੀਆਂ ਕਰਨ ਲਈ ਆਉਂਦੇ ਹਨ। ਇਹਨਾਂ ਵਿਚ ਵੱਖ ਵੱਖ ਖੇਤਰਾਂ ਦੇ ਕਲਾਕਾਰ ਵੀ ਸ਼ਾਮਿਲ ਹਨ।  

ਅਖਬਾਰਾਂ,ਰਸਾਲੇ ਅਤੇ ਸਤਕਾਂ ਦੀ ਖਰੀਦ ਅਤੇ ਸਾਂਭ ਸੰਭਾਲ ਵੀ ਹੁਣ ਤੱਕ ਉਵੇਂ ਹੀ ਜਾਰੀ ਹੈ। ਪ੍ਰੀਤਲੜੀ ਅਤੇ ਹੋਰ ਪਰਚਿਆਂ ਨਾਲ ਲਗਾਓ ਵੀ ਹੁਣ ਤੱਕ ਜਾਰੀ ਹੈ। ਕੁਝ ਨਹੀਂ ਬਦਲਿਆ ਸਿਰਫ ਇਹ ਸਭ ਦੇਖ ਕੇ ਖੁਸ਼ ਹੁਣ ਵਾਲੀ ਭੂਆ ਹੁਣ ਪਤਾ ਨਹੀਂ ਇਹ ਸਭ ਦੇਖ ਰਹੀ ਹੈ ਕਿ ਨਹੀਂ? ਜਦੋਂ ਕਦੇ ਗਮਾਂ ਹਨੇਰੇ ਵਿੱਚ ਆਸ-ਉਮੀਦ ਦਾ ਕੋਈ ਚਾਨਣ ਜਿਹਾ ਦਿਲ ਦਿਮਾਗ ਵਿਚ ਆਉਂਦਾ ਹੈ ਤਾਣਾ ਲੱਗਦਾ ਹੈ ਭੂਆ ਕੋਲੇ ਹੈ। ਇਹ ਉਸਦੇ ਕੋਲ ਹੋਏ ਬਿਨਾ ਹੋ ਹੀ ਕਿਵੇਂ ਸਕਦਾ ਸੀ? ਜਦੋਂ ਕਦੇ ਮਨ ਡੋਲ ਜਾਂਦਾ ਹੈ ਜ਼ਿੰਦਗੀ ਦੀਆਂ ਔਕੜਾਂ ਸਾਹਮਣੇ ਤਾਂ ਅਚਾਨਕ ਜਦੋਂ ਇੱਕ ਹੌਂਸਲਾ ਜਿਹਾ ਵੀ ਮਿਲਦਾ ਹੈ ਤਾਂ ਉਦੋਂ ਵੀ ਜਾਪਦਾ ਹੈ ਭੂਆ ਸਾਡੇ ਕੋਲ ਕੋਲ ਹੀ ਹੈ। 

ਬਹੁਤ ਸਾਰੀਆਂ ਗੱਲਾਂ ਹੋਰ ਵੀ ਹਨ ਜਿਹੜੀਆਂ ਯਾਦ ਆ ਰਹੀਆਂ ਹਨ ਪਰ ਲਿਖਤ ਲੰਮੀ ਹੁੰਦੀ ਜਾ ਰਹੀ ਹੈ ਇਸ ਲਈ ਬਾਕੀ ਫਿਰ ਕਦੇ ਸਹੀ।  ਫਿਲਹਾਲ ਭੂਆ ਦੀ ਪੋਤਰੀ ਅੰਕਿਤਾ ਦੇ ਵਿਚਾਰ ਇੱਕ ਵੱਖਰੀ ਪੋਸਟ ਵਿੱਚ ਹਨ ਉਹੀ ਅੰਕਿਤਾ ਜਿਸਨੇ ਭੂਆ ਦੀ ਲਿਖੀ ਕਵਿਤਾ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਵੀ ਪੜ੍ਹੀ ਸੀ। 
 
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।