google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: November 2018

Friday 30 November 2018

"ਮੈਂ ਧਰਤੀ ਦੇ ਦੁੱਖ-ਸੁੱਖ ਦਾ ਮੁਣਸ਼ੀ ਹਾਂ"-ਗੁਰਭਜਨ ਗਿੱਲ

Fri, Nov 30, 2018 at 5:49 PM
ਗੁਰਭਜਨ ਗਿੱਲ ਦੀ ਨਜ਼ਮ 'ਲੋਰੀ' ਹਲੂਣਾ ਦੇਂਦੀ ਹੈ-ਐਸ ਐਸ ਜੋਹਲ
ਲੁਧਿਆਣਾ: 30 ਨਵੰਬਰ 2018: (ਸਾਹਿਤ ਸਕਰੀਨ ਬਿਊਰੋ)::
ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਦੇ ਚਾਂਸਲਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪਦਮ ਵਿਭੂਸ਼ਨ ਡਾ. ਸ.ਸ ਜੌਹਲ ਨੇ ਗਰੈਂਡ ਵਾਕ ਲੁਧਿਆਣਾ ਵਿਖੇ ਪੰਜਾਬੀ ਕਵੀ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਦੇ ਕਾਵਿ ਸੰਗ੍ਰਹਿ 'ਧਰਤੀ ਨਾਦ' ਦੇ ਤੀਸਰੇ ਸੰਸਕਰਨ ਨੂੰ ਲੋਕ ਅਰਪਨ ਕਰਦਿਆਂ  ਕਿਹਾ ਹੈ ਕਿ ਗੁਰਭਜਨ ਕੋਲ ਧਰਤੀ ਦੀ ਜ਼ੁਬਾਨ ਹੈ ਜਿਸ ਸਹਾਰੇ ਉਹ ਗੁੰਝਲਦਾਰ ਵਿਸ਼ਿਆਂ ਨੂੰ ਵੀ ਸਧਾਰਨ ਲੋਕ ਭਾਸ਼ਾ 'ਚ ਪੇਸ਼ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕਵਿਤਾ ਦੀ ਸਰੋਦੀ ਸੁਰ ਕਾਇਮ ਰੱਖਣ 'ਚ ਉਸਨੇ ਗੀਤ, ਗਜ਼ਲ, ਰੁਬਾਈ ਅਤੇ ਨਜ਼ਮ ਨੂੰ ਇਸ ਸੰਗ੍ਰਹਿ 'ਚ ਅੰਕਿਤ ਕਰਕੇ ਆਪਣੀ ਕਾਵਿ ਕੌਸ਼ਲਤਾ ਦਾ ਸਬੂਤ ਦਿੱਤਾ ਹੈ।
ਡਾ. ਜੌਹਲ ਨੇ ਕਿਹਾ ਕਿ ਭਰੂਣ ਹੱਤਿਆ ਵਰਗੇ ਕੋਮਲ ਵਿਸ਼ੇ ਤੇ ਜਿਹੜੀ ਨਜ਼ਮ 'ਲੋਰੀ' ਇਸ ਸੰਗ੍ਰਹਿ 'ਚ ਪੇਸ਼ ਕੀਤੀ ਹੈ, ਉਸ ਨਾਲ ਮਨੁੱਖੀ ਮਨ ਦੀ ਸੰਵੇਦਨਾ ਹਲੂਣੀ ਜਾਂਦੀ ਹੈ ਅਤੇ ਇਸ ਕੁਕਰਮ ਤੋਂ ਮਨੁੱਖਤਾ ਨੂੰ ਵਰਜਣ ਵਿਚ ਵੀ ਸਹਾਈ ਹੁੰਦੀ ਹੈ। 
ਸਰੀ (ਕੈਨੇਡਾ) 'ਚ ਪੰਜਾਬ ਭਵਨ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਨੇ ਕਿਹਾ ਕਿ ਗੁਰਭਜਨ ਗਿੱਲ ਸਿਰਫ ਕਵੀ ਹੀ ਨਹੀਂ ਸਗੋਂ ਦੂਰ ਦ੍ਰਿਸ਼ਟੀਵਾਨ ਪੰਜਾਬੀ ਹਨ, ਜੋ ਭਵਿੱਖ ਦੇ ਨਕਸ਼ ਉਲੀਕਣੇ ਵੀ ਜਾਣਦੇ ਹਨ। ਪੰਜਾਬ ਭਵਨ ਕੈਨੇਡਾ ਉਨ੍ਹਾਂ ਦੀਆਂ ਸੇਧਾਂ ਕਾਰਨ ਹੀ ਉੱਸਰਿਆ ਤੇ ਕਰਮਸ਼ੀਲ ਹੋ ਸਕਿਆ ਹੈ। ਸ਼੍ਰੀ ਬਾਠ ਨੇ ਕਿਹਾ ਕਿ ਰਿਸ਼ਤਿਆਂ ਦੀ ਪਾਕੀਜ਼ਗੀ ਅਤੇ ਨਿਭਾਅ ਉਨ੍ਹਾਂ ਦੀਆਂ ਕਵਿਤਾਵਾਂ 'ਚ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਇਸੇ ਕਾਰਨ ਉਨ੍ਹਾਂ ਦੇ ਪਾਠਕਾਂ ਦਾ ਘੇਰਾ ਸੱਤ ਸਮੁਦਰੋਂ ਪਾਰ ਵੀ ਵਿਸ਼ਾਲ ਹੈ। 
ਉੱਘੇ ਵਿਦਵਾਨ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਡਾ. (ਕਰਨਲ) ਦਲਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਵਿਤਾ ਤ੍ਰੈਕਾਲ ਦਰਸ਼ੀ ਮਨ ਵਿੱਚੋਂ ਹੀ ਉੱਸਰਦੀ ਹੈ। ਵਿਰਸੇ ਦੀ ਰੌਸ਼ਨੀ ਵਰਤਮਾਨ ਦੀ ਸੂਝ ਅਤੇ ਭਵਿੱਖ ਮੁਖੀ ਨੀਝ ਕਾਰਨ ਹੀ ਧਰਤੀ ਨਾਦ ਵਿਚਲੀਆਂ ਕਵਿਤਾਵਾਂ ਸਾਰਥਕ ਹਨ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਸ਼੍ਰੋਮਣੀ ਪੱਤਰਕਾਰ ਅਤੇ ਫਾਸਟ ਵੇਅ ਦੇ ਨਿਊਜ਼ ਚੈਨਲ ਹੈੱਡ ਦਰਸ਼ਨ ਸਿੰਘ ਮੱਕੜ ਨੇ ਕਿਹਾ ਕਿ ਗੁਰਭਜਨ ਗਿੱਲ ਦੇ ਪ੍ਰਥਮ ਕਾਵਿ ਸੰਗ੍ਰਹਿ ''ਸ਼ੀਸ਼ਾ ਝੂਠ ਬੋਲਦਾ ਹੈ'' ਤੋਂ ਲੈ ਕੇ ''ਰਾਵੀ'' ਤੀਕ ਦਾ ਸਫ਼ਰ ਮੇਰੀ ਨਜ਼ਰੋਂ ਲੰਘਿਆ ਹੋਣ ਕਾਰਨ ਧਰਤੀ ਨਾਦ ਦੀ ਸ਼ਕਤੀ ਮੈਂ ਪਹਿਚਾਣਦਾ ਹਾਂ। 
ਗੁਰਭਜਨ ਗਿੱਲ ਨੇ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਧਰਤੀ ਦੇ ਦੁੱਖ-ਸੁੱਖ ਦਾ ਮੁਣਸ਼ੀ ਹਾਂ, ਇਸੇ ਕਰਕੇ ਮੇਰੀ ਹਰ ਲਿਖਤ ਨੂੰ ਸਾਰਥਕ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਵਿਤਾ ਦੀ ਕਿਤਾਬ ਦਾ ਤੀਜਾ ਸੰਸਕਰਨ ਛਪਣਾ ਮੇਰੇ ਲਈ ਮਾਣ ਵਾਲੀ ਗੱਲ ਹੈ।

Sunday 25 November 2018

"ਮਹਿਕ ਪੰਜਾਬ ਦੀ" ਵੱਲੋਂ ਕੀਤਾ ਗਿਆ ਕਿਤਾਬਾਂ ਦੇ ਲੋਕ ਅਰਪਣ ਦਾ ਵਿਸ਼ੇਸ਼ ਆਯੋਜਨ

ਮੁੰਬਈ ਤੋਂ ਇਕ਼ਬਾਲ ਬਹਾਦਰ ਚਾਨਾ ਅਤੇ ਜਲੰਧਰ ਤੋਂ ਕੁਲਦੀਪ ਬੇਦੀ ਵੀ ਪੁੱਜੇ 
ਲੁਧਿਆਣਾ: 25 ਨਵੰਬਰ 2018: (ਐਮ ਐਸ ਭਾਟੀਆ//ਸਾਹਿਤ ਸਕਰੀਨ)::
"ਮਹਿਕ ਪੰਜਾਬ ਦੀ" ਉਹਨਾਂ ਲੋਕਾਂ ਦਾ ਸੋਸ਼ਲ ਮੀਡੀਆ ਗਰੁੱਪ ਹੈ ਜਿਹਨਾਂ ਬਾਰੇ ਗੱਲ ਕਰਦਿਆਂ ਭਾਈ ਵੀਰ ਸਿੰਘ ਹੁਰਾਂ ਦੀਆਂ ਸਤਰਾਂ ਚੇਤੇ ਆ ਜਾਂਦੀਆਂ ਹਨ-ਸੀਨੇ ਖਿਚ ਜਿਹਨਾਂ ਨੇ ਖਾਧੀ-ਓਹ ਕਰ ਆਰਾਮ ਨਹੀਂ ਬਹਿੰਦੇ। ਪੰਜਾਬੀ ਭਵਨ ਵਿੱਚ ਹੋਏ ਆਯੋਜਨ ਦੌਰਾਨ ਇਕੱਤਰ ਹੋਏ ਕਲਮਕਾਰ ਅਤੇ ਸਾਹਿਤ ਰਸੀਏ ਵੀ ਕੁਝ ਅਜਿਹੇ ਹੀ ਸਨ ਜਿਹਨਾਂ ਸੀਨੇ ਖਿਚ ਖਾਧੀ ਹੋਈ ਹੈ। ਪੰਜਾਬੀ ਵਿੱਚ ਰਚਨਾ ਲਿਖਣਾ, ਫਿਰ ਉਉਨਾਂ ਨੂੰ ਸੰਭਾਲਣਾ ਅਤੇ ਫਿਰ ਪ੍ਰਕਾਸ਼ਿਤ ਕਰਾਉਣਾ ਕੋਈ ਸੌਖਾ ਕੰਮ ਨਹੀਂ। ਅੱਜਕਲ ਕਿਤਾਬ ਛਪਵਾਉਣੀ ਕਿੰਨੀ ਕੁ ਸੌਖੀ ਹੈ ਇਹ ਉਹੀ ਦੱਸ ਸਕਦੇ ਹਨ ਜਿਹੜੇ ਇਸ ਸਾਧਨਾ ਚੋਂ ਨਿਕਲ ਚੁੱਕੇ ਹਨ। ਮਹਿਕ ਪੰਜਾਬ ਦੀ ਵੱਲੋ ਕਰੇ ਗਏ ਸਮਾਗਮ ਵਿੱਚ ਇੱਕੋ ਵੇਲੇ ਕਈ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਸਮਾਗਮ ਵਿੱਚ ਸ਼ਾਮਲ ਹੋਣ ਲਈ ਮੁੰਬਈ ਤੋਂ ਇਕਬਾਲ ਬਹਾਦਰ ਚਾਨਾ ਅਤੇ ਜਲੰਧਰ ਤੋਂ ਕੁਲਦੀਪ ਬੇਦੀ ਸਮੇਤ ਕਈ ਸ਼ਖਸੀਅਤਾਂ ਦੂਰ ਦੁਰਾਡਿਓਂ ਪੁੱਜੀਆਂ। ਡਾਕਟਰ ਗੁਰਚਰਨ ਕੌਰ ਕੋਚਰ ਨੇ ਸਮਾਗਮ ਦੇ ਸਫਲਤਾ ਲਈ ਇਸ ਵਾਰ ਵੀ ਸਰਗਰਮ ਰੋਲ ਅਦਾ ਕੀਤਾ। ਜੇ ਬਾਹਰ ਪਾਰਕ ਵਿੱਚ ਮੀਟਿੰਗ ਕਰਦੇ ਲੇਖਕ ਅਤੇ ਸ਼ਾਇਰ ਵੀ ਪੰਜਾਬੀ ਭਵਨ ਦੇ ਇਸ ਹਾਲ ਵਿੱਚ ਆ ਜਾਂਦੇ ਤਾਂ ਇਸ ਸਮਾਗਮ ਦੀ ਵਿਸ਼ਾਲਤਾ ਹੋਰ ਵਧ ਜਾਣੀ ਸੀ ਪਰ ਛੱਡੋ ਹੋਏਗੀ ਕੋਈ ਮਜਬੂਰੀ। 
ਅੰਤਰਰਾਸ਼ਟਰੀ ਪੰਜਾਬੀ ਗਰੁੱਪ ‘ਮਹਿਕ ਪੰਜਾਬ ਦੀ’ਵੱਲੋਂ ਮੁੱਖ ਪਰਬੰਧਕ ਪਰੋਫੈਸਰ ਰਾਮ ਲਾਲ ਭਗਤ ਕਾਫੀ ਲੰਮੇ ਸਮੇਂ ਤੋਂ ਪੰਜਾਬੀਆਂ ਨੂੰ ਕਿਸੇ ਇੱਕ ਸਭਿਆਚਾਰਕ ਮੰਚ 'ਤੇ ਇਕੱਠੇ ਕਰਨ ਲਈ ਸਰਗਰਮ ਹਨ। ਉਹਨਾਂ ਦੇ ਨਾਲ ਹੁਣ ਹਰਦੇਵ ਇੰਸਾਂ ਹਮਦਰਦ ਦਾ ਸਾਥ ਇਸ ਕੰਮ ਵਿੱਚ ਹੋਰ ਤੇਜ਼ੀ ਲਿਆ ਰਿਹਾ ਹੈ। ਇਹਨਾਂ ਦੋਹਾਂ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਹਫ਼ਤਾਵਾਰੀ ਕਾਵਿ-ਮੁਕਾਬਲਿਆਂ ਵਿਚ ਜੇਤੂ ਰਹੇ 38 ਕਵੀ/ਕਵਿੱਤਰੀਆਂ ਨੂੰ ਸਨਮਾਨਿਤ ਕਰਨ ਲਈ ਪੰਜਾਬੀ ਭਵਨ, ਲੁਧਿਆਣਾ ਵਿਖੇ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਲੁਧਿਆਣਾ ਦੀ ਪਰਧਾਨ ਡਾ. ਗੁਰਚਰਨ ਕੌਰ ਕੋਚਰ  ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸ਼ਾਨਦਾਰ ਪਰੋਗਰਾਮ ਦੇ ਪਰਧਾਨਗੀ ਮੰਡਲ ਵਿਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪਰਧਾਨ ਪ੍ਰੋਫੈਸਰ ਰਵਿੰਦਰ ਭੱਠਲ, ਅਮਰੀਕ ਸਿੰਘ ਤਲਵੰਡੀ, ਦਰਸ਼ਨ ਸਿੰਘ ਆਸ਼ਟ, ਪ੍ਰੋਫੈਸਰ ਰਾਮ ਲਾਲ ਭਗਤ, ਡਾ. ਗੁਰਚਰਨ ਕੋਰ ਕੌਚਰ, ਇਕਬਾਲ ਚਾਨਾ ਮੁੰਬਈ, ਗੁਰਦੀਪ ਸਿੰਘ, ਕੁਲਦੀਪ ਸਿੰਘ ਬੇਦੀ, ਗੁਰਦਿੱਤਾ ਸਿੰਘ ਸੰਧੂ ਅਤੇ ਪਰਮਜੀਤ ਸਿੰਘ ਸ਼ਾਮਲ ਹੋਏ। ਪਰੋਫੈਸਰ  ਰਾਮ ਲਾਲ ਭਗਤ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਕਿਹਾ ਕਿ ‘ਮਹਿਕ ਪੰਜਾਬ ਦੀ’ ਵਲੋਂ ਪੰਜਾਬੀ ਮਾਂ ਬੋਲੀ ਦੀ ਪਰਫ਼ੁਲਤਾ ਲਈ ਲਗਾਤਾਰ ਯਤਨ  ਕੀਤੇ ਜਾ ਰਹੇ ਹਨ। ਉਹਨਾਂ ਨੇ ਇਹ ਵੀ ਦਸਿੱਆ ਕਿ ਇਸ ਅੰਤਰਰਾਸ਼ਟਰੀ ਸਾਹਿਤਕ ਗਰੁੱਪ ਵਿਚ ਦੇਸ਼-ਵਿਦੇਸ਼ ਤੋਂ ਪੰਜਾਬੀ ਸਾਹਿਤਕਾਰ ਜੁੜੇ ਹੋਏ ਹਨ। ਇਸ ਮੌਕੇ ਜੇਤੂ ਕਵੀਆਂ ਨੇ ਸਮਾਜ ਦੇ ਭੱਖਦੇ ਮਸਲਿਆਂ ਬਾਰੇ ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਤੋਂ ਖੂਬ ਵਾਹ ਵਾਹ ਖ਼ੱਟੀ। ਇਸ ਮੌਕੇ ਸ਼ਿਵ ਲੁਧਿਆਣਵੀਂ ਦੀ ਪੁਸਤਕ ‘ਉਸਤਤ’,ਬਲਵਿੰਦਰ ਕੌਰ ਦਿੱਲੀ ਦੀ ਲਿਖੀ ਪੁਸਤਕ ‘ਪੰਨਾ ਪੰਨਾ ਜਜ਼ਬਾਤ”,ਹੀਰਾ ਸਿੰਘ ਤੂਤ ਦੀ ਲਿਖੀ ਪੁਸਤਕ “ਬੇਰੰਗ”ਅਤੇ ਜੇਤੂ ਕਵੀਆਂ ਦਾ ਸਾਝਾਂ ਕਾਵਿ ਸੰਗਰਹਿ ਸਮੇਤ 4 ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਕੁਲਵੰਤ ਸਰੋਤਾ ਨੇ ਮੰਚ ਸੰਚਾਲਨ ਬਾਖ਼ੂਬੀ ਕੀਤਾ। ਜੇਤੂ ਕਵੀਆਂ ਅਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਗਰ ਸਿਆਲਕੋਟੀ, ਪ੍ਰਿੰਸੀਪਲ ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਸੁਨੀਲ ਕੁਮਾਰ,ਪਰਦੀਪ ਸਿੰੰਘ, ਪਰਮਜੀਤ ਸਿੰਘ ਸੋਹਲ,ਸਰਬਜੀਤ ਵਿਰਦੀ,ਕੁਲਵਿੰਦਰ ਕੌਰ ਕਿਰਨ, ਵਰਗਿਸ ਸਲਾਮਤ, ਪੰਮੀ ਹਬੀਬ, ਪਰਵੀਨ ਸ਼ਰਮਾ, ਕਿਰਨ ਜੋਤ, ਰਵਿੰਦਰ ਦੀਵਾਨਾ, ਭੁਪਿੰਦਰ ਧਾਲੀਵਾਲ, ਰਣਬੀਰ ਬਡਵਾਲ,ਜੱਗਾ ਸਿੰਘ ਰੱਤੇਵਾਲਾ,ਦੇਵ ਰਾਜ ਖੁੰਡਾ ਆਦਿ ਵੱਡੀ ਗਿਣਤੀ ਵਿਚ ਸਾਹਿਤਕਾਰ ਅਤੇ ਵਿਦਵਾਨ ਹਾਜ਼ਰ ਸਨ। ਪਰੋਗਰਾਮ ਦੇ ਅਖੀਰ ਵਿਚ ਡਾ. ਕੋਚਰ ਨੇ ਦੇਸ਼ -ਵਿਦੇਸ਼ ਤੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।  ਚੰਗਾ ਹੁੰਦਾ ਜੇ ਸਮਾਗਮ ਦੀ ਕਵਰੇਜ ਕਰਨ ਲਈ ਸੱਦੇ ਗਏ// ਪੁੱਜੇ ਮੀਡੀਆ ਲਈ ਵੀ ਲੁੜੀਂਦਾ ਪਰਬੰਧ ਕੀਤਾ ਗਿਆ ਹੁੰਦਾ। 

Friday 23 November 2018

ਹਨੇਰੇ ਚ ਘਿਰੀ ਪੂਰਨਮਾਸ਼ੀ//ਹਰਮੀਤ ਵਿਦਿਆਰਥੀ

ਬਾਬਰ ਲਹਿਰਾ ਰਿਹਾ ਚੌਰ ਸੀ
ਨਾਨਕ ਬਾਬੇ ਦੇ 
ਪ੍ਰਕਾਸ਼ ਉਤਸਵ ਤੇ
ਗੁਰੂਦੁਆਰੇ ਜਾਣ ਦਾ ਮਨ ਸੀ
ਇਸ਼ਨਾਨ ਕੀਤਾ
ਦੋ ਘੜੀ ਬਾਬੇ ਦੀ ਬਾਣੀ ਪੜ੍ਹੀ
ਧਿਆਨ ਧਰਿਆ
ਗੁਰੂਦੁਆਰੇ ਜਾਣ ਲਈ
ਸਫ਼ਰ ਸ਼ੁਰੂ ਕਰਿਆ
ਜ਼ਿਹਨ ਵਿੱਚ ਗੁਰੂ ਬਾਬੇ ਦੇ
ਜੀਵਨ ਦੀ ਰੀਲ ਚੱਲੀ
ਪੱਥਰ ਹੋਏ ਆਪੇ ਵਿੱਚ
ਜ਼ਿੰਦਗੀ ਦੀ ਰੀਝ ਹੱਲੀ
ਬਾਬੇ ਦੇ ਸਫ਼ਰ ਬਾਰੇ ਸੋਚਦਾ
ਗੁਰੂਦੁਆਰੇ ਪੁੱਜਾ
ਅਜਬ ਵਰਤਾਰਾ ਸੀ
ਮਰਦਾਨਾ
ਬਾਹਰ ਜੋੜਿਆਂ ਵਾਲੇ
ਰੱਖਣੇ ਚ ਬੈਠਾ ਸੀ
ਅੰਦਰ ਗਿਆ
ਡੰਡੌਤ ਕਰ ਮੁੜ ਰਿਹਾ
ਕੌਡਾ ਰਾਖਸ਼ ਮੱਥੇ ਲੱਗਦਾ ਹੈ
ਬਾਬਰ ਲਹਿਰਾ ਰਿਹਾ ਚੌਰ ਸੀ
ਹਰਮੀਤ ਵਿਦਿਆਰਥੀ 
ਅੰਦਰ ਮੇਰਾ ਨਾਨਕ ਨਹੀਂ
ਕੋਈ ਹੋਰ ਸੀ
ਲੰਗਰ ਦਾ ਨਿਜ਼ਾਮ
ਮਲਕ ਭਾਗੋ ਦੇ ਹੱਥ ਸੀ
ਉਦਾਸ ਕਦਮੀਂ ਬਾਹਰ ਨਿਕਲਿਆ
ਗੁਰੂਦੁਆਰੇ ਦੇ
ਆਲੀਸ਼ਾਨ ਗੇਟ ਦੇ ਬਾਹਰ
ਫਟੇ ਕੱਪੜਿਆਂ 'ਚ
ਲੰਗਰ ਖੁੱਲਣ ਦੀ ਉਡੀਕ ਕਰ ਰਹੇ
"ਅੱਤ ਨੀਚਾਂ" ਵਿੱਚ
ਸ਼ਬਦ ਗਾਉਂਦਾ ਇੱਕ ਦਰਵੇਸ਼
ਮੁਸਕੁਰਾ ਰਿਹਾ ਸੀ
ਹੌਲੇ ਹੌਲੇ
ਮੈਂ ਮਲਕੜੇ ਜਿਹੇ 
ਉਸ ਦਰਵੇਸ਼ ਦੇ
ਪਿਛਲੇ ਪਾਸੇ
ਜਾ ਖੜਾ ਹੁੰਦਾ ਹਾਂ
ਤੇ ਮਨਾ ਰਿਹਾ ਹਾਂ
ਆਪਣੇ ਗੁਰੂ ਬਾਬੇ ਦਾ ਪ੍ਰਕਾਸ਼ ਉਤਸਵ

(ਤਸਵੀਰਾਂ ਇੰਟਰਨੈਟ ਤੋਂ ਧੰਨਵਾਦ ਸਹਿਤ)

Thursday 22 November 2018

ਕਲਾਪੀਠ ਫ਼ਿਰੋਜ਼ਪੁਰ ਵੱਲੋਂ ਦੋ ਪੁਸਤਕਾਂ ਦਾ ਲੋਕ ਅਰਪਣ

ਅਕਤੂਬਰ ਇਨਕ਼ਲਾਬ ਅਤੇ ਸੋਵੀਅਤ ਸੰਘ ਦੇ ਟੁੱਟਣ ਬਾਰੇ ਵੀ ਚਰਚਾ ਹੋਈ  
ਫ਼ਿਰੋਜ਼ਪੁਰ: 22 ਨਵੰਬਰ 2018: (ਸਾਹਿਤ ਸਕਰੀਨ ਬਿਊਰੋ)::
ਸਾਹਿਤ ਦੇ ਪ੍ਰਚਾਰ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ ਫ਼ਿਰੋਜ਼ਪੁਰ ਵੱਲੋਂ ਪ੍ਰਸਿੱਧ ਸ਼ਾਇਰ ਜਸਪਾਲ ਘਈ ਦੀ ਨਵ ਪ੍ਰਕਾਸ਼ਿਤ ਕਾਵਿ - ਪੁਸਤਕ "ਨਾਲ ਨਾਲ ਤੁਰਦੀ ਕਵਿਤਾ " ਅਤੇ ਨੌਜਵਾਨ ਚਿੰਤਕ ਸੁਖਜਿੰਦਰ ਵੱਲੋਂ ਅਨੁਵਾਦਤ ਰੂਸੀ ਇਨਕਲਾਬ ਦੀ ਸੌਵੀਂ ਵਰ੍ਹੇਗੰਢ ਨੂੰ ਸਮਰਪਿਤ ਪੁਸਤਕ " ਪਹਿਲਾ ਸਮਾਜਵਾਦੀ ਇਨਕਲਾਬ ਸੌ ਵਰ੍ਹੇ ਬਾਅਦ (ਸੰਪਾਦਕ ਪ੍ਰਿਥਵੀ ਰਾਜ ਕਾਲੀਆ) ਦੇ ਲੋਕ ਅਰਪਣ ਲਈ ਆਰ.ਐਸ.ਡੀ.ਕਾਲਜ ਦੇ ਸਹਿਯੋਗ ਨਾਲ ਇੱਕ ਸਾਦਾ ਪਰ ਭਾਵ ਪੂਰਤ  ਸਮਾਗਮ ਕਰਵਾਇਆ ਗਿਆ।ਜਿਸਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੋ.ਗੁਰਤੇਜ ਕੋਹਾਰਵਾਲਾ, ਪ੍ਰੋ.ਜਸਪਾਲ ਘਈ,ਹਰਮੀਤ ਵਿਦਿਆਰਥੀ,ਡਾ.ਅਮਨਦੀਪ ਸਿੰਘ ਅਤੇ ਸੁਖਜਿੰਦਰ ਸ਼ਾਮਲ ਹੋਏ।

ਚਰਚਿਤ ਸ਼ਾਇਰ ਅਨਿਲ ਆਦਮ ਦੀ ਕਾਵਿਕ ਸੰਚਾਲਨਾ ਨਾਲ ਆਰੰਭ ਹੋਏ ਸਮਾਗਮ ਵਿੱਚ ਪ੍ਰੋ.ਕੁਲਦੀਪ ਨੇ ਸਮੂਹ ਲੇਖਕਾਂ/ਪਾਠਕਾਂ/ਸਾਹਿਤ ਪ੍ਰੇਮੀਆਂ ਸਵਾਗਤ ਕਰਦਿਆਂ ਕਾਲਜ ਅਤੇ ਕਲਾਪੀਠ ਦੀਆਂ ਸਰਗਰਮੀਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ।ਗਿੱਲ ਗੁਲਾਮੀ ਵਾਲਾ ਦੇ ਭਰੂਣ ਹੱਤਿਆ ਵਾਲੇ ਗੀਤ ਨਾਲ ਸ਼ੁਰੂ ਹੋਏ ਸਮਾਗਮ ਵਿੱਚ ਲਾਲ ਸਿੰਘ ਸੁਲਹਾਨੀ,ਬਲਵਿੰਦਰ ਪਨੇਸਰ, ਵਿਜੇ ਵਿਕਟਰ ਅਤੇ ਸੁਰਿੰਦਰ ਢਿੱਲੋਂ ਨੇ ਆਪਣੀਆਂ ਗ਼ਜ਼ਲਾਂ ਕਵਿਤਾਵਾਂ ਦਾ ਪਾਠ ਕੀਤਾ। 

ਦੂਜੇ ਪੜਾਅ ਵਿੱਚ ਪ੍ਰਧਾਨਗੀ ਮੰਡਲ ਵੱਲੋਂ ਪ੍ਰੋ.ਜਸਪਾਲ ਘਈ ਦੀ ਨਜ਼ਮਾਂ ਦੀ ਕਿਤਾਬ ਦਾ ਲੋਕ ਅਰਪਣ ਕੀਤਾ ਗਿਆ।ਪ੍ਰੋ. ਘਈ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਦਾ ਪਾਠ ਕੀਤਾ।ਇਸ ਤੋਂ ਬਾਅਦ ਡਾ.ਅਮਨਦੀਪ ਸਿੰਘ ਨੇ ਵਿਸ਼ਵੀਕਰਨ ਦੇ ਪ੍ਰਸੰਗ ਵਿੱਚ ਪ੍ਰੋ.ਘਈ ਦੀ ਸ਼ਾਇਰੀ ਦਾ ਮੁਲਾਂਕਣ ਕਰਦਿਆਂ ਕਿਹਾ ਕਿ ਜਸਪਾਲ ਘਈ ਰਾਜਸੀ ਅਤੇ ਸੱਭਿਆਚਾਰਕ ਤੌਰ ਤੇ ਸੁਚੇਤ ਕਵੀ ਹੈ।ਉਸ ਦੀ ਕਵਿਤਾ ਵਿੱਚ ਵਿਸ਼ਵੀਕਰਨ ਦੇ ਮਨੁੱਖੀ ਸੁਭਾਅ ਅਤੇ ਪ੍ਰਵਿਰਤੀ ਉੱਤੇ ਪੈ ਰਹੇ ਪ੍ਰਭਾਵਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਵਿਸ਼ਵੀਕਰਨ ਨੇ ਮਨੁੱਖੀ ਸੁਭਾਅ ਅਤੇ ਜੀਵਨ ਜਾਚ ਨੂੰ ਹਰ ਤਰ੍ਹਾਂ ਹੀ ਪ੍ਰਭਾਵਿਤ ਕੀਤਾ ਹੈ।
ਅਗਲੇ ਪੜਾਅ ਵਿੱਚ ਸੁਖਜਿੰਦਰ ਵੱਲੋਂ ਅਨੁਵਾਦਤ ਰੂਸੀ ਇਨਕਲਾਬ ਦੀ ਸੌਵੀਂ ਵਰ੍ਹੇਗੰਢ ਨੂੰ ਸਮਰਪਿਤ ਪੁਸਤਕ " ਪਹਿਲਾ ਸਮਾਜਵਾਦੀ ਇਨਕਲਾਬ ਸੌ ਵਰ੍ਹੇ ਬਾਅਦ (ਸੰਪਾਦਕ ਪ੍ਰਿਥਵੀ ਰਾਜ ਕਾਲੀਆ) ਦੇ ਲੋਕ ਅਰਪਣ ਕੀਤਾ ਗਿਆ। ਪੁਸਤਕ ਬਾਰੇ ਬੋਲਦਿਆਂ ਪ੍ਰੋ.ਗੁਰਤੇਜ ਕੋਹਾਰਵਾਲਾ ਨੇ ਕਿ ਇਹ ਕਿਤਾਬ ਵੀਹਵੀਂ ਸਦੀ ਦੀ ਸਭ ਤੋਂ ਮਹਤੱਵਪੂਰਣ ਘਟਨਾ ਸੋਵੀਅਤ ਯੂਨੀਅਨ ਦੇ ਅਕਤੂਬਰ 1917 ਦੀ ਸਮਾਜਵਾਦੀ ਇਨਕਲਾਬ ਦੇ ਉਸਾਰ ਦੇ ਕੇਂਦਰੀ ਬਿੰਦੂਆਂ ਤੋਂ ਲੈ ਕੇ 1990-91 ਵਿੱਚ ਸੋਵੀਅਤ ਯੂਨੀਅਨ ਦੇ ਟੁੱਟਣ ਦੇ ਕਾਰਨਾਂ ਦੀ ਨਿਸ਼ਾਨਦੇਹੀ ਅਤੇ ਵਿਸ਼ਲੇਸ਼ਣ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦੇ 13 ਵਿਦਵਾਨਾਂ ਦੇ ਲੇਖ ਸ਼ਾਮਲ ਹਨ। ਸੁਖਜਿੰਦਰ ਦੇ ਅਨੁਵਾਦ ਦੀ ਸ਼ਲਾਘਾ ਕਰਦਿਆਂ ਪ੍ਰੋ.ਕੋਹਾਰਵਾਲਾ ਨੇ ਕਿਹਾ ਸੁਖਜਿੰਦਰ ਨੇ ਮੂਲ ਕਿਤਾਬ ਦੀ ਆਤਮਾ ਨੂੰ ਫੜ ਪੰਜਾਬੀ ਮੁਹਾਵਰੇ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਹੈ ।
ਸੰਦੀਪ ਚੌਧਰੀ, ਐਮ.ਕੇ.ਰਾਹੀ, ਗੁਰਦਿਆਲ ਵਿਰਕ, ਸੁਰਿੰਦਰ ਕੰਬੋਜ, ਕਮਲ ਸ਼ਰਮਾ, ਪ੍ਰੋ.ਆਜ਼ਾਦ ਵਿੰਦਰ,
ਪ੍ਰੋ.ਲਕਸ਼ਮਿੰਦਰ, ਰਾਕੇਸ਼ ਕੁਮਾਰ ਹਿਸਟੋਰੀਅਨ, ਵਿਨੋਦ ਗਰਗ , ਰਵੀਇੰਦਰ ਸਿੰਘ  ਮਿਹਰਦੀਪ, ਸੁਖਵਿੰਦਰ ਭੁੱਲਰ, ਪ੍ਰੋ ਕਪਿਲ, ਪ੍ਰੋ.ਹੇਮੰਤ,ਸੰਜੀਵ ਪ੍ਰਚੰਡ, ਪ੍ਰੋ.ਸ਼ੈਲਜਾ ਬਜਾਜ,ਸ਼ਵੇਤਾ ਪੁਸ਼ਪਾ,ਕਪਿਲ ਗਿਰਧਰ,ਮਨਜਿੰਦਰ ਧਾਲੀਵਾਲ, ਜਤਿੰਦਰ,ਜਗਦੀਪ ਸਿੱਧੂ, ਮਲਕੀਤ ਸਿੰਘ,ਚੰਦਨ ਕੁਮਾਰ,ਸੋਨੂੰ ਮੱਲਾਂਵਾਲਾ ਅਤੇ ਸੁਨੀਲ ਗੱਖੜ ਦੀ ਭਰਪੂਰ ਸ਼ਮੂਲੀਅਤ ਨਾਲ ਸਫ਼ਲ ਸਮਾਗਮ ਵਿੱਚ ਧੰਨਵਾਦੀ ਸ਼ਬਦ ਬੋਲਦਿਆਂ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਅੱਜ ਲੋਕ ਅਰਪਣ ਹੋਈਆਂ ਦੋਵਾਂ ਕਿਤਾਬਾਂ ਦਾ ਸਾਂਝਾ ਸੂਤਰ ਇਹਨਾਂ ਦਾ ਲੋਕਾਂ ਲਈ ਪ੍ਰਣਾਏ  ਹੋਣਾ ਹੈ।ਦੋਵੇਂ ਕਿਤਾਬਾਂ ਸਮਾਜਵਾਦੀ ਇਨਕਲਾਬ ਦੇ ਫੇਲ੍ਹ ਹੋਣ ਤੋਂ ਬਾਅਦ ਦੀ ਦੁਨੀਆਂ ਦੇ ਦੁੱਖਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਦੀਆਂ ਨੇ । ਵਿਦਿਆਰਥੀ ਨੇ ਸਮਾਗਮ ਵਿੱਚ ਸ਼ਾਮਲ ਸਭ ਦਾ ਧੰਨਵਾਦ ਕੀਤਾ।

Monday 19 November 2018

ਬਾਲ ਗੀਤਾਂ ਦਾ ਰਚੇਤਾ ਜਗਜੀਤ ਸਿੰਘ ਗੁਰਮ--ਪ੍ਰੋ. ਅਮ੍ਰਿਤਪਾਲ ਸਿੰਘ

ਸੌਖਾ ਨਹੀਂ ਹੁੰਦਾ ਬਾਲ ਗੀਤ ਲਿਖਣਾ ਬਚਪਨ ਵੱਲ ਯਾਤਰਾ ਕਰਨੀ ਪੈਂਦੀ ਹੈ 
ਬਾਲ ਗੀਤ ਬਹੁਤ ਘੱਟ ਰਚੇ ਜਾਂਦੇ ਹਨ। ਬੜੇ ਗਿਣਵੇਂ ਚੁਣਵੇਂ ਨਾਮ ਹਨ ਜਿਹਨਾਂ ਨੇ ਇਸ ਪਾਸੇ ਬਹੁਤ ਹੀ ਇਤਿਹਾਸਿਕ ਯੋਗਦਾਨ ਪਾਇਆ ਹੈ। ਆਮ ਤੌਰ ਤੇ ਬਹੁਤੇ ਸ਼ਾਇਰ ਅਤੇ ਲੇਖਕ ਅਜਿਹੇ ਹਨ ਜਿਹੜੇ ਵੱਡੇ ਹੁੰਦਿਆਂ ਸਾਰ  ਹੀ ਆਪਣਾ  ਬਚਪਨ ਭੁੱਲ ਭੁਲਾ ਜਾਂਦੇ ਹਨ। ਬਾਲ ਗੇਟ ਲਿਖਣ ਲਈ ਖੁਦ ਬਚਪਨ ਦੇ ਉਸ ਅਵਸਥਾ ਤੱਕ ਜਾਣਾ ਪੈਂਦਾ ਹੈ। ਬਾਲ ਮਨ ਦੇ ਸੂਖਮ ਅਹਿਸਾਸਾਂ ਨੂੰ ਵੱਡੀ ਉਮਰ ਵਿੱਚ ਜਾ ਕੇ ਵੀ ਇੱਕ ਵਾਰ ਫੇਰ ਹੰਢਾਉਣਾ ਪੈਂਦਾ ਹੈ। ਇਸ ਲਈ ਸਮੇਂ ਦਾ ਪੁੱਠਾ ਗੇੜਾ ਅਰਥਾਤ ਅਤੀਤ ਦੀ ਯਾਤਰਾ ਸਭਨਾਂ ਦੇ ਵੱਸ ਵਿੱਚ ਨਹੀਂ ਹੁੰਦੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਬਾਲ ਲੇਖਕਾਂ ਦੇ ਰੂਬਰੂ ਕਰ ਸਕੀਏ। ਇਸ ਵਾਰ ਪੜ੍ਹੋ ਜਗਜੀਤ ਗੁਰਮ ਦੀਆਂ ਕਾਵਿ ਰਚਨਾਵਾਂ। --ਪ੍ਰੋਫੈਸਰ ਅੰਮ੍ਰਿਤਪਾਲ ਸਿੰਘ 
1.  ਬਾਲ ਗੀਤ
ਕੱਚੇ ਦੁੱਧ ਦੀ ਮਹਿਕ ਜੇਹੀ ਤਾਂ ਤੇਰੇ ਕੋਲੋਂ ਆਵੇ।
ਰੋ ਰੋ ਕੇ ਤਾ ਸਮਰਵੀਰ ਸਿਆਂ ਸਭ ਨੂੰ ਪਿਆ ਹਸਾਵੇ।
ਤੂੰ ਆਇਆ ਤਾਂ ਮਹਿਕ ਫੁੱਲਾਂ ਦੀ ਆਈ ਸਾਡੇ ਵਿਹੜੇ।
ਰੌਸ਼ਨੀਆਂ ਵੀ ਭੱਜ ਭੱਜ ਕੇ ਹੁਣ ਹੋਈਆ ਸਾਡੇ ਨੇੜੇ।
ਤੱਕ ਤੱਕ ਤੈਨੂੰ ਸਮਰਵੀਰ ਸਿਆਂ ਚੰਨ ਪਿਆ ਮੁਸਕਾਵੇ।
ਕੱਚੇ ਦੁੱਧ ਦੀ ..........................................।
ਤਾਰਿਆਂ ਨੇ ਰਲ ਵਿੱਚ ਅਸਮਾਨੀ ਚਮਕ ਹੈ ਦੂਣੀ ਕਰਤੀ।
ਇੱਕ ਤਾਰੇ ਨੇ ਧਰਤੀ ਉੱਤੇ ਮਾਂ ਦੀ ਝੋਲੀ ਭਰਤੀ।
ਤੱਕ ਤੱਕ ਤੈਨੂੰ ਸਮਰਵੀਰ ਸਿਆਂ ਹਰ ਕੋਈ ਖੁਸ਼ੀ ਮਨਾਵੇ।
ਕੱਚੇ ਦੁੱਧ ਦੀ ..........................................।
ਤੂੰ ਆਇਆ ਤਾਂ ਵਿੱਚ ਕਿਆਰਿਆਂ ਬੂਟੇ ਝੂਮਣ ਲੱਗੇ।
ਖੜ ਖੜ ਕਰਦੇ ਪੱਤੇ ਹੱਸਦੇ ਜਦੋਂ ਹਵਾ ਪਈ ਵੱਗੇ।
ਤੱਕ ਤੱਕ ਤੈਨੂੰ ਸਮਰਵੀਰ ਸਿਆਂ ਪੰਛੀ ਗੀਤ ਸੁਣਾਵੇ।
ਕੱਚੇ ਦੁੱਧ ਦੀ ..........................................।
ਕੁਦਰਤ ਕੋਲੋਂ ਬੋਲ ਉਧਾਰੇ ਲੈ ਮੈਂ ਗੀਤ ਬਣਾਇਆ।
ਚੰਨ, ਸੂਰਜ, ਤਾਰੇ, ਫੁੱਲ, ਪਾਣੀ ਨੇ ਮੈਨੂੰ ਸਮਝਾਇਆ।
ਤੱਕ ਤੱਕ ਤੈਨੂੰ ਸਮਰਵੀਰ ਸਿਆਂ ‘ਗੁਰਮ’ ਤਾਂ ਬੋਲ ਪੁਗਾਵੇ।
ਕੱਚੇ ਦੁੱਧ ਦੀ ਮਹਿਕ ਜੇਹੀ ਤਾਂ ਤੇਰੇ ਕੋਲੋਂ ਆਵੇ।
ਰੋ ਰੋ ਕੇ ਤਾ ਸਮਰਵੀਰ ਸਿਆਂ ਸਭ ਨੂੰ ਪਿਆ ਹਸਾਵੇ।
*************

2. ਕਾਕਾ ਆਇਆ
ਕਾਕਾ ਆਇਆ ਸਾਡੇ ਘਰ।
ਰੋਸ਼ਨ ਹੋਇਆ ਸਾਡਾ ਦਰ।
ਦਾਦਾ ਦਾਦੀ ਖੁਸ਼ੀ ‘ਚ ਖੀਵੇ।
ਆਖਣ ਕਾਕਾ ਜੁਗ ਜੁਗ ਜੀਵੇ।
ਮੰਮੀ ਡੈਡੀ ਨੂੰ ਮਿਲਣ ਵਧਾਈਆਂ।
ਖੁਸ਼ੀਆਂ ਹੋਈਆਂ ਦੂਣ ਸਵਾਈਆਂ।
ਭੂਆ, ਫੁੱਫੜ ਚੜ੍ਹਿਆ ਚਾਅ।
ਗਏ ਨੇ ਸਾਰੀ ਬਰਫ਼ੀ ਖਾ।
ਆਖਣ ਮੁੜ ਮੁੜ ਤਾਈ ਤਾਇਆ।
ਕਹਿਣ ਚੰਨ ਸਾਡੇ ਘਰ ਆਇਆ।
ਨਾਨਾ, ਨਾਨੀ, ਮਾਮਾ, ਮਾਸੀ।
ਮੱਲੋ ਮੱਲੀ ਨਿਕਲੇ ਹਾਸੀ।
ਮਾਮੇ ਨੇ ਵੀ ਗੱਲ ਸਮਝਾਈ।
ਕਹਿੰਦਾ ਮੈਨੂੰ ਦਿਉ ਵਧਾਈ।
ਮਾਸੀ ਫਿਰਦੀ ਭੱਜੀ ਭੱਜੀ।
ਆਖਣ ਜਿਹਨੂੰ ਸਾਰੇ ਰੱਜੀ।
ਭੈਣਾਂ ਨੇ ਰਲ ਗੀਤ ਹੈ ਗਾਇਆ।
ਰੱਖੜੀ ਬੰਨ੍ਹੀਏ ਵੀਰਾ ਆਇਆ।
ਕਈ ਨੇ ਰਲ ਖੇਡ ਰਚਾਈ।
ਨਾਲ ਮੋਬਾਇਲ ਦੇ ਫਿਲਮ ਬਣਾਈ।
ਖੁਸ਼ੀ ‘ਚ ਖੀਵੀ ਹੋ ਕੇ ਮਾਂ।
ਸਮਰਵੀਰ ਓਹਦਾ ਰੱਖਿਆ ਨਾਂ।
ਦਿਲ ਦੀ ਗੱਲ ਕਿਸੇ ਨਾ ਦੱਸਦਾ।
ਚੁੱਪ ਚੁਪੀਤਾ ‘ਗੁਰਮ’ ਹੈ ਹੱਸਦਾ।
************
ਜਗਜੀਤ ਸਿੰਘ ਗੁਰਮ
ਮੋ. 99147 01668