google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਕਲਾਪੀਠ ਫ਼ਿਰੋਜ਼ਪੁਰ ਵੱਲੋਂ ਦੋ ਪੁਸਤਕਾਂ ਦਾ ਲੋਕ ਅਰਪਣ

Thursday 22 November 2018

ਕਲਾਪੀਠ ਫ਼ਿਰੋਜ਼ਪੁਰ ਵੱਲੋਂ ਦੋ ਪੁਸਤਕਾਂ ਦਾ ਲੋਕ ਅਰਪਣ

ਅਕਤੂਬਰ ਇਨਕ਼ਲਾਬ ਅਤੇ ਸੋਵੀਅਤ ਸੰਘ ਦੇ ਟੁੱਟਣ ਬਾਰੇ ਵੀ ਚਰਚਾ ਹੋਈ  
ਫ਼ਿਰੋਜ਼ਪੁਰ: 22 ਨਵੰਬਰ 2018: (ਸਾਹਿਤ ਸਕਰੀਨ ਬਿਊਰੋ)::
ਸਾਹਿਤ ਦੇ ਪ੍ਰਚਾਰ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ ਫ਼ਿਰੋਜ਼ਪੁਰ ਵੱਲੋਂ ਪ੍ਰਸਿੱਧ ਸ਼ਾਇਰ ਜਸਪਾਲ ਘਈ ਦੀ ਨਵ ਪ੍ਰਕਾਸ਼ਿਤ ਕਾਵਿ - ਪੁਸਤਕ "ਨਾਲ ਨਾਲ ਤੁਰਦੀ ਕਵਿਤਾ " ਅਤੇ ਨੌਜਵਾਨ ਚਿੰਤਕ ਸੁਖਜਿੰਦਰ ਵੱਲੋਂ ਅਨੁਵਾਦਤ ਰੂਸੀ ਇਨਕਲਾਬ ਦੀ ਸੌਵੀਂ ਵਰ੍ਹੇਗੰਢ ਨੂੰ ਸਮਰਪਿਤ ਪੁਸਤਕ " ਪਹਿਲਾ ਸਮਾਜਵਾਦੀ ਇਨਕਲਾਬ ਸੌ ਵਰ੍ਹੇ ਬਾਅਦ (ਸੰਪਾਦਕ ਪ੍ਰਿਥਵੀ ਰਾਜ ਕਾਲੀਆ) ਦੇ ਲੋਕ ਅਰਪਣ ਲਈ ਆਰ.ਐਸ.ਡੀ.ਕਾਲਜ ਦੇ ਸਹਿਯੋਗ ਨਾਲ ਇੱਕ ਸਾਦਾ ਪਰ ਭਾਵ ਪੂਰਤ  ਸਮਾਗਮ ਕਰਵਾਇਆ ਗਿਆ।ਜਿਸਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੋ.ਗੁਰਤੇਜ ਕੋਹਾਰਵਾਲਾ, ਪ੍ਰੋ.ਜਸਪਾਲ ਘਈ,ਹਰਮੀਤ ਵਿਦਿਆਰਥੀ,ਡਾ.ਅਮਨਦੀਪ ਸਿੰਘ ਅਤੇ ਸੁਖਜਿੰਦਰ ਸ਼ਾਮਲ ਹੋਏ।

ਚਰਚਿਤ ਸ਼ਾਇਰ ਅਨਿਲ ਆਦਮ ਦੀ ਕਾਵਿਕ ਸੰਚਾਲਨਾ ਨਾਲ ਆਰੰਭ ਹੋਏ ਸਮਾਗਮ ਵਿੱਚ ਪ੍ਰੋ.ਕੁਲਦੀਪ ਨੇ ਸਮੂਹ ਲੇਖਕਾਂ/ਪਾਠਕਾਂ/ਸਾਹਿਤ ਪ੍ਰੇਮੀਆਂ ਸਵਾਗਤ ਕਰਦਿਆਂ ਕਾਲਜ ਅਤੇ ਕਲਾਪੀਠ ਦੀਆਂ ਸਰਗਰਮੀਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ।ਗਿੱਲ ਗੁਲਾਮੀ ਵਾਲਾ ਦੇ ਭਰੂਣ ਹੱਤਿਆ ਵਾਲੇ ਗੀਤ ਨਾਲ ਸ਼ੁਰੂ ਹੋਏ ਸਮਾਗਮ ਵਿੱਚ ਲਾਲ ਸਿੰਘ ਸੁਲਹਾਨੀ,ਬਲਵਿੰਦਰ ਪਨੇਸਰ, ਵਿਜੇ ਵਿਕਟਰ ਅਤੇ ਸੁਰਿੰਦਰ ਢਿੱਲੋਂ ਨੇ ਆਪਣੀਆਂ ਗ਼ਜ਼ਲਾਂ ਕਵਿਤਾਵਾਂ ਦਾ ਪਾਠ ਕੀਤਾ। 

ਦੂਜੇ ਪੜਾਅ ਵਿੱਚ ਪ੍ਰਧਾਨਗੀ ਮੰਡਲ ਵੱਲੋਂ ਪ੍ਰੋ.ਜਸਪਾਲ ਘਈ ਦੀ ਨਜ਼ਮਾਂ ਦੀ ਕਿਤਾਬ ਦਾ ਲੋਕ ਅਰਪਣ ਕੀਤਾ ਗਿਆ।ਪ੍ਰੋ. ਘਈ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਦਾ ਪਾਠ ਕੀਤਾ।ਇਸ ਤੋਂ ਬਾਅਦ ਡਾ.ਅਮਨਦੀਪ ਸਿੰਘ ਨੇ ਵਿਸ਼ਵੀਕਰਨ ਦੇ ਪ੍ਰਸੰਗ ਵਿੱਚ ਪ੍ਰੋ.ਘਈ ਦੀ ਸ਼ਾਇਰੀ ਦਾ ਮੁਲਾਂਕਣ ਕਰਦਿਆਂ ਕਿਹਾ ਕਿ ਜਸਪਾਲ ਘਈ ਰਾਜਸੀ ਅਤੇ ਸੱਭਿਆਚਾਰਕ ਤੌਰ ਤੇ ਸੁਚੇਤ ਕਵੀ ਹੈ।ਉਸ ਦੀ ਕਵਿਤਾ ਵਿੱਚ ਵਿਸ਼ਵੀਕਰਨ ਦੇ ਮਨੁੱਖੀ ਸੁਭਾਅ ਅਤੇ ਪ੍ਰਵਿਰਤੀ ਉੱਤੇ ਪੈ ਰਹੇ ਪ੍ਰਭਾਵਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਵਿਸ਼ਵੀਕਰਨ ਨੇ ਮਨੁੱਖੀ ਸੁਭਾਅ ਅਤੇ ਜੀਵਨ ਜਾਚ ਨੂੰ ਹਰ ਤਰ੍ਹਾਂ ਹੀ ਪ੍ਰਭਾਵਿਤ ਕੀਤਾ ਹੈ।
ਅਗਲੇ ਪੜਾਅ ਵਿੱਚ ਸੁਖਜਿੰਦਰ ਵੱਲੋਂ ਅਨੁਵਾਦਤ ਰੂਸੀ ਇਨਕਲਾਬ ਦੀ ਸੌਵੀਂ ਵਰ੍ਹੇਗੰਢ ਨੂੰ ਸਮਰਪਿਤ ਪੁਸਤਕ " ਪਹਿਲਾ ਸਮਾਜਵਾਦੀ ਇਨਕਲਾਬ ਸੌ ਵਰ੍ਹੇ ਬਾਅਦ (ਸੰਪਾਦਕ ਪ੍ਰਿਥਵੀ ਰਾਜ ਕਾਲੀਆ) ਦੇ ਲੋਕ ਅਰਪਣ ਕੀਤਾ ਗਿਆ। ਪੁਸਤਕ ਬਾਰੇ ਬੋਲਦਿਆਂ ਪ੍ਰੋ.ਗੁਰਤੇਜ ਕੋਹਾਰਵਾਲਾ ਨੇ ਕਿ ਇਹ ਕਿਤਾਬ ਵੀਹਵੀਂ ਸਦੀ ਦੀ ਸਭ ਤੋਂ ਮਹਤੱਵਪੂਰਣ ਘਟਨਾ ਸੋਵੀਅਤ ਯੂਨੀਅਨ ਦੇ ਅਕਤੂਬਰ 1917 ਦੀ ਸਮਾਜਵਾਦੀ ਇਨਕਲਾਬ ਦੇ ਉਸਾਰ ਦੇ ਕੇਂਦਰੀ ਬਿੰਦੂਆਂ ਤੋਂ ਲੈ ਕੇ 1990-91 ਵਿੱਚ ਸੋਵੀਅਤ ਯੂਨੀਅਨ ਦੇ ਟੁੱਟਣ ਦੇ ਕਾਰਨਾਂ ਦੀ ਨਿਸ਼ਾਨਦੇਹੀ ਅਤੇ ਵਿਸ਼ਲੇਸ਼ਣ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦੇ 13 ਵਿਦਵਾਨਾਂ ਦੇ ਲੇਖ ਸ਼ਾਮਲ ਹਨ। ਸੁਖਜਿੰਦਰ ਦੇ ਅਨੁਵਾਦ ਦੀ ਸ਼ਲਾਘਾ ਕਰਦਿਆਂ ਪ੍ਰੋ.ਕੋਹਾਰਵਾਲਾ ਨੇ ਕਿਹਾ ਸੁਖਜਿੰਦਰ ਨੇ ਮੂਲ ਕਿਤਾਬ ਦੀ ਆਤਮਾ ਨੂੰ ਫੜ ਪੰਜਾਬੀ ਮੁਹਾਵਰੇ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਹੈ ।
ਸੰਦੀਪ ਚੌਧਰੀ, ਐਮ.ਕੇ.ਰਾਹੀ, ਗੁਰਦਿਆਲ ਵਿਰਕ, ਸੁਰਿੰਦਰ ਕੰਬੋਜ, ਕਮਲ ਸ਼ਰਮਾ, ਪ੍ਰੋ.ਆਜ਼ਾਦ ਵਿੰਦਰ,
ਪ੍ਰੋ.ਲਕਸ਼ਮਿੰਦਰ, ਰਾਕੇਸ਼ ਕੁਮਾਰ ਹਿਸਟੋਰੀਅਨ, ਵਿਨੋਦ ਗਰਗ , ਰਵੀਇੰਦਰ ਸਿੰਘ  ਮਿਹਰਦੀਪ, ਸੁਖਵਿੰਦਰ ਭੁੱਲਰ, ਪ੍ਰੋ ਕਪਿਲ, ਪ੍ਰੋ.ਹੇਮੰਤ,ਸੰਜੀਵ ਪ੍ਰਚੰਡ, ਪ੍ਰੋ.ਸ਼ੈਲਜਾ ਬਜਾਜ,ਸ਼ਵੇਤਾ ਪੁਸ਼ਪਾ,ਕਪਿਲ ਗਿਰਧਰ,ਮਨਜਿੰਦਰ ਧਾਲੀਵਾਲ, ਜਤਿੰਦਰ,ਜਗਦੀਪ ਸਿੱਧੂ, ਮਲਕੀਤ ਸਿੰਘ,ਚੰਦਨ ਕੁਮਾਰ,ਸੋਨੂੰ ਮੱਲਾਂਵਾਲਾ ਅਤੇ ਸੁਨੀਲ ਗੱਖੜ ਦੀ ਭਰਪੂਰ ਸ਼ਮੂਲੀਅਤ ਨਾਲ ਸਫ਼ਲ ਸਮਾਗਮ ਵਿੱਚ ਧੰਨਵਾਦੀ ਸ਼ਬਦ ਬੋਲਦਿਆਂ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਅੱਜ ਲੋਕ ਅਰਪਣ ਹੋਈਆਂ ਦੋਵਾਂ ਕਿਤਾਬਾਂ ਦਾ ਸਾਂਝਾ ਸੂਤਰ ਇਹਨਾਂ ਦਾ ਲੋਕਾਂ ਲਈ ਪ੍ਰਣਾਏ  ਹੋਣਾ ਹੈ।ਦੋਵੇਂ ਕਿਤਾਬਾਂ ਸਮਾਜਵਾਦੀ ਇਨਕਲਾਬ ਦੇ ਫੇਲ੍ਹ ਹੋਣ ਤੋਂ ਬਾਅਦ ਦੀ ਦੁਨੀਆਂ ਦੇ ਦੁੱਖਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਦੀਆਂ ਨੇ । ਵਿਦਿਆਰਥੀ ਨੇ ਸਮਾਗਮ ਵਿੱਚ ਸ਼ਾਮਲ ਸਭ ਦਾ ਧੰਨਵਾਦ ਕੀਤਾ।

No comments:

Post a Comment