google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: May 2021

Thursday 27 May 2021

ਬਾਜ਼ ਉਡਾਰੀ ਵਰਗਾ ਦੂਰਦਰਸ਼ੀ ਸੀ ਡਾ. ਜਸਮੇਲ ਸਿੰਘ ਧਾਲੀਵਾਲ

Thursday 27th May 2021 at 6:41 PM

 ਗੁਰਭਜਨ ਸਿੰਘ ਗਿੱਲ (ਪ੍ਰੋ:) ਵੱਲੋਂ ਵਿਸ਼ੇਸ਼ ਲਿਖਤ 

ਬਾਜ਼ ਨੂੰ ਕਿਸੇ ਪੁੱਛਿਆ ਸੀ,
ਤੂੰ ਕਿੱਥੇ ਜੰਮਿਆ ਸੈਂ, ਉਸ ਉੱਤਰ ਮੋੜਿਆ ਬੁੱਢੇ ਰੁੱਖ ਦੀ ਖੋੜ ਵਿੱਚ। ਦੂਜਾ ਸਵਾਲ ਸੀ, ਹੁਣ ਕਿੱਧਰ ਦੀ ਉਡਾਰੀ ਹੈ, ਉਸ ਉੱਤਰ  ਮੋੜਿਆ, ਵਿਸ਼ਾਲ ਆਕਾਸ਼ ਦੀਆਂ ਨੀਲੱਤਣਾਂ ਦੀ ਥਾਹ ਪਾਉਣ।
ਇਹ ਗੱਲ ਮੈਂ 1975 ’ਚ  ਰਸੂਲ ਹਮਜ਼ਾਤੋਵ ਦੀ ਪੁਸਤਕ ਮੇਰਾ ਦਾਗਿਸਤਾਨ ਦੇ ਪੰਜਾਬ ਅਨੁਵਾਦ ’ਚੋਂ ਪੜ੍ਹੀ ਸੀ। ਉਦੋਂ ਪਤਾ ਨਹੀਂ ਸੀ ਇਹ ਬਾਜ਼ ਮੋਗਾ ਜ਼ਿਲ੍ਹੇ ’ਚ ਪਿੰਡ ਗਗੜਾ ਵਿਖੇ ਜਨਮ ਲੈ ਚੁਕਾ  ਹੈ।

ਮੈਂ ਡਾ. ਜਸਮੇਲ ਸਿੰਘ ਧਾਲੀਵਾਲ ਨੂੰ ਪਹਿਲੀ ਵਾਰ ਸ. ਜਗਦੇਵ ਸਿੰਘ ਜੱਸੋਵਾਲ ਅਤੇ ਡਾ. ਨਿਰਮਲ ਜੌੜਾ ਕਾਰਨ ਗਗੜਾ ਵਿਖੇ ਹੀ ਮਿਲਿਆ। ਉਸ ਨਾਲ ਸ. ਨਿਧੜਕ  ਸਿੰਘ ਬਰਾੜ ਤੇ ਸਾਥੀਆਂ ਨੇ ਰਲ ਕੇ ਮੋਗਾ ਵਿਖੇ ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲਾ ਲਾਉਣਾ ਸੀ। ਉਸ ਦੀ ਤਿਆਰੀ ਕਮੇਟੀ ਦੀ ਮੀਟਿੰਗ ’ਚ ਸ਼ਾਮਲ ਹੋਣ ਗਿਆ ਸਾਂ ਮੈਂ। ਸਿਰਮੌਰ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਵੀ ਪੁੱਜੇ। ਸਭ ਨੇ ਆਪੋ ਆਪਣੇ ਸੁਝਾਅ ਦਿੱਤੇ ਜੋ ਡਾ. ਜਸਮੇਲ ਸਿੰਘ ਧਾਲੀਵਾਲ ਨਾਲੋ ਨਾਲ ਨੋਟ ਕਰ ਰਹੇ ਸਨ। ਹਰ ਸੁਝਾਅ ਬਾਅਦ ਸੰਖੇਪ ਟਿੱਪਣੀ ਦਿੰਦੇ, ਹੋ ਗਿਆ, ਹੁਣ ਅੱਗੇ ਚੱਲੋ। ਦ੍ਰਿੜ  ਵਿਸ਼ਵਾਸ਼ ਤੇ ਆਪਣੀ ਸਮਰੱਥਾ ’ਤੇ ਮਾਣ ਬਿਨ ਇਹ ਟਿੱਪਣੀ ਸੰਭਵ ਨਹੀਂ।
ਮੀਟਿੰਗ ਤੋਂ ਬਾਦ ਅਗਲੇ ਹਫ਼ਤੇ ਮੈ ਅਮਰੀਕਾ ਤੇ ਕੈਨੇਡਾ ਚਲਾ ਗਿਆ। ਮੇਲੇ ਚ ਹਾਜ਼ਰ ਨਹੀਂ ਸਾਂ ਪਰ ਰੀਪੋਰਟ ਨਾਲੋ ਨਾਲ ਮਿਲ ਰਹੀ ਸੀ ਕਿ ਨਿਧੜਕ ਦਾ ਸਖ਼ਤ ਅਨੁਸ਼ਾਸਨ ਸੀ ਤੇ ਧਾਲੀਵਾਲ ਦੀ ਖ਼ੁੱਲ੍ਹੀ ਬੁੱਕਲ। ਨਿਰਮਲ ਜੌੜਾ ਸਭ ਨੂੰ ਟਿਕਾਣੇ ਸਿਰ ਰੱਖ ਰਿਹਾ ਸੀ।
ਜਦ ਮੈਂ ਅਮਰੀਕਾ ਤੋਂ ਪਰਤਿਆ ਤਾਂ ਧਾਲੀਵਾਲ ਨਾਲ ਜੱਸੋਵਾਲ ਸਾਹਿਬ ਦੇ ਘਰ ਮੁਲਾਕਾਤ ਹੋਈ। ਇੱਕੋ ਬੋਲ ਬਾਰ ਬਾਰ ਬੋਲ ਰਿਹਾ ਸੀ ਉਹ
ਬਾਈ ਜੀ ਤੁਸੀਂ ਤਾਂ ਚਲੇ ਗਏ ਪਰ ਮੇਲਾ ਵੇਖਦੇ ਕਦੇ। ਤੁਹਾਡੇ ਹੁੰਦਿਆਂ ਹੋਰ ਵੀ ਰੰਗ ਭਰਦਾ।
ਮੈਨੂੰ ਚੰਗਾ ਲੱਗਿਆ ਉਸ ਦਾ ਚਾਅ ਲੈਣ ਦਾ ਅੰਦਾਜ਼।
ਉਹ ਕਈ ਤਪਦੀਆਂ ਲੂਆਂ ਚੋਂ ਲੰਘ ਕੇ ਸਿਖ਼ਰ ਤੇ ਪੁੱਜਾ ਸੀ ਪਰ ਉਸ ਨੂੰ ਹੋਰ ਅੱਗੇ ਜਾਣ ਦਾ ਉਤਸ਼ਾਹ ਸੀ।
ਡਾ.ਜਸਮੇਲ ਸਿੰਘ ਧਾਲੀਵਾਲ ਦੀ ਚੇਅਰਮੈਨਸ਼ਿਪ ਹੇਠ ਹੀ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲਿਆਂ ਦੀ ਯਾਦ ਵਿੱਚ ਇਹ ਵਿੱਦਿਅਕ ਸੰਸਥਾਵਾਂ ਕਾਰਜਸ਼ੀਲ ਹਨ ਅਤੇ ਤਲਵੰਡੀ ਸਾਬੋ (ਬਠਿੰਡਾ) ਅਤੇ ਮੋਹਾਲੀ ਦੇ ਨੇੜ ਤੇੜ ਵੀ ਕਈ ਵਿੱਦਿਅਕ ਅਦਾਰੇ ਤਕਨੀਕੀ ਸਿੱਖਿਆ ਦੇ ਰਹੇ ਹਨ। ਦੁਪਹਿਰੀ ਭੋਜ ਕਰਦਿਆਂ ਨੇੜਤਾ ਦੀਆਂ ਕਈ ਗੱਲਾਂ ਹੋਈਆਂ, ਜੋ ਬਾਅਦ ’ਚ ਸਨੇਹੀ ਰਿਸ਼ਤੇ ’ਚ ਤਬਦੀਲ ਹੋ ਗਈਆਂ।
ਮੋਗਾ ਤੋਂ ਮੋਹਾਲੀ ਜਾਂਦਿਆਂ ਉਹ ਅਕਸਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇੜੇ ਬਰੇਕਾਂ ਮਾਰ ਮਿਲ ਜਾਂਦੇ।
2010-11 ਦੇ ਨੇੜੇ ਉਨ੍ਹਾਂ ਬਾਰੇ ਪਤਾ ਲੱਗਿਆ ਕਿ ਉਹ ਤਲਵੰਡੀ ਸਾਬੋ ਵਿਖੇ ਗੁਰੂ ਕਾਸ਼ੀ ਯੂਨੀਵਰਸਿਟੀ ਸਥਾਪਤ ਕਰ ਰਹੇ ਹਨ। ਅਚਾਨਕ ਮੁਲਾਕਾਤ ਹੋਈ ਤਾਂ ਉਹ ਭਰਪੂਰ ਉਤਸ਼ਾਹ ’ਚ ਸਨ। ਕਹਿਣ ਲੱਗੇ, ਤੇਰੀ ਕਿੰਨੀ ਕੁ ਨੌਕਰੀ ਰਹਿ ਗਈ? ਮੈਂ ਦੱਸਿਆ ਕਿ ਮਈ 2013 ਤੀਕ ਹੀ ਏਥੇ ਹਾਂ। ਕਹਿਣ ਲੱਗੇ, ਮਗਰੋਂ ਸਾਡਾ ਸਾਥ ਦੇਵੀਂ, ਇਕਰਾਰ ਪੱਕਾ ਕਰੀਂ। ਮੈਂ ਚੁੱਪ ਰਿਹਾ।
ਮੇਰੀ ਸੇਵਾ ਮੁਕਤੀ ਦੀ ਖਬਰ ਮਿਲਣ ਸਾਰ ਜੂਨ ਦੇ ਪਹਿਲੇ ਹਫ਼ਤੇ ਫੋਨ ਆਇਆ, ਛੋਟੇ ਭਾਈ, ਇਕਰਾਰ ਚੇਤੇ ਹੈ? ਮੈਂ ਕਿਹਾ ਕਿਹੜਾ ? ਬੋਲੇ, ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ! ਸਾਥ ਦੇਣ ਵਾਲਾ ਹੋਰ ਕਿਹੜਾ?
ਮੈਂ ਕਿਹਾ ਸੋਚਦੇ ਹਾਂ, ਅਜੇ ਤਾਂ ਮਨ ਨਹੀਂ, ਨੌਕਰੀ ਕਰਨ ਦਾ। ਡਾ: ਬਲਦੇਵ ਸਿੰਘ ਢਿੱਲੋਂ ਵੀ ਨੌਕਰੀ ਵਾਧਾ ਬਦਲਵੇਂ ਰੂਪ ਚ ਦੇ ਰਹੇ ਸਨ ਪਰ ਮੈਂ ਨਾਂਹ ਕਰ ਦਿੱਤੀ। ਲੋਕ ਸਮਝਦੇ ਨੇ ਇਹਨੂੰ ਝੱਲਦਾ ਕੋਈ ਨਹੀਂ, ਯੂਨੀਵਰਸਿਟੀ ਨੂੰ ਚੰਬੜਿਆ ਹੋਇਐ ਚਿੱਚੜ ਵਾਂਗ। ਮੈਂ ਚਿੱਚੜ ਕਿਉਂ ਬਣਾਂ?
ਕਹਿਣ ਲੱਗੇ ਤੈਨੂੰ ਨੌਕਰੀ ਕਰਨ ਨੂੰ ਕੌਣ ਕਹਿੰਦਾ ਹੈ? ਸਾਥ ਮੰਗਿਆ ਹੈ। ਮੈਂ ਨਿਰ ਉੱਤਰ ਸਾਂ! ਬੇ ਹਥਿਆਰਾ ! ਅੱਖਾਂ ਸਿੱਲ੍ਹੀਆਂ ਹੋ ਗਈਆਂ, ਭਲਾ ! ਕੋਈ ਸੱਜਣ ਮੇਰੇ ’ਤੇ ਏਨਾ  ਵੀ ਹੱਕ ਜਤਾ ਸਕਦਾ ਹੈ?
ਮੈਂ ਪਿੱਛਲ ਝਾਤ ਮਾਰੀ ਤਾਂ ਕਿੰਨਾ ਕੁਝ ਚੇਤੇ ਆਇਆ।
ਉਹ ਵੀ ਦਿਨ ਜਦ ਸ. ਜਗਦੇਵ ਸਿੰਘ ਜੱਸੋਵਾਲ ਦੇ ਘਰ ਸਵੇਰੇ ਚਾਹ ਵੇਲਾ ਖਾਂਦਿਆਂ ਵਿਰਾਸਤ ਭਵਨ ਦੇ ਹਾਲ ਕਮਰੇ ਦੀ ਉਸਾਰੀ ਦੀ ਗੱਲ ਤੁਰੀ ਤਾਂ ਡਾ. ਜਸਮੇਲ ਸਿੰਘ ਧਾਲੀਵਾਲ ਨੇ ਮੇਰੀ ਬਾਤ ਦਾ ਹੁੰਗਾਰਾ ਭਰਦਿਆਂ ਆਪ ਹੀ ਕਹਿ ਦਿੱਤਾ, ਬਾਪੂ ਜੀ ਚੰਨਣ ਸਿੰਘ ਸੀ, ਦੀ ਯਾਦ ਵਿੱਚ ਇਹ ਹਾਲ ਕਮਰਾ ਮੈਂ ਉਸਾਰ ਕੇ ਦਿਆਂਗਾ, ਹੁਣ ਹੋਰ ਗੱਲ ਕਰੋ! ਹਫ਼ਤੇ ਡੇਢ ਬਾਅਦ ਡਾ. ਧਾਲੀਵਾਲ ਦੇ ਭੇਜੇ ਇੰਜੀਨੀਅਰ ਕਾਮੇ ਤੇ ਸੁਪਰਵਾਈਜ਼ਰ ਪਾਲਮ ਵਿਹਾਰ ਦੇ ਵਿਰਾਸਤ ਭਵਨ ’ਚ ਹਾਜ਼ਰ ਸਨ।
ਉਨ੍ਹਾਂ ਕੋਲ ਖਲੋ ਕੇ ਇਹ ਹਾਲ ਕਮਰਾ ਬਣਵਾਇਆ, ਪਤਾ ਨਹੀਂ 10 ਲੱਖ ਲੱਗਿਆ ਕਿ ਪੰਦਰਾਂ, ਅੱਜ ਤੀਕ ਪਤਾ ਨਹੀਂ ਲੱਗਿਆ?
1 ਜੂਨ 1952 ਨੂੰ ਪੈਦਾ ਹੋਏ ਡਾ. ਜਸਮੇਲ ਸਿੰਘ ਧਾਲੀਵਾਲ ਦਾ ਕੱਦ ਲਗਭਗ ਸਵਾ ਛੇ ਕੁ ਫੁੱਟ ਸੀ। ਬਿਲਕੁਲ ਜੱਸੋਵਾਲ ਜਿੱਡਾ। ਜਦ ਗੱਲਾਂ ਕਰਦੇ ਤਾਂ ਜਾਪਦਾ ਦੋ ਮੀਨਾਰ ਆਹਮੋ ਸਾਹਮਣੇ ਖੜ੍ਹੇ ਹਨ। ਇੱਕ ਨੇ ਤਕਨੀਕੀ ਸਿੱਖਿਆ ਦੇ ਖੇਤਰ ’ਚ ਮੱਲ੍ਹਾਂ ਮਾਰੀਆਂ ਤੇ ਦੂਸਰੇ ਨੇ ਸੱਭਿਆਚਾਰਕ ਕਾਮੇ ਵਜੋਂ ਨਿਵੇਕਲੀਆਂ ਪੈੜਾਂ ਕੀਤੀਆਂ।
ਸਮਾਜ ਦੇ ਦੱਬੇ, ਕੁਚਲੇ ਤੇ ਆਰਥਿਕ ਤੌਰ ’ਤੇ ਟੁੱਟੇ ਬੁੜੇ ਲੋਕਾਂ ਲਈ ਉਹ ਆਸ ਉਮੀਦ ਦਾ ਰੌਸ਼ਨ ਮੀਨਾਰ ਬਣੇ। ਉਨ੍ਹਾਂ ਦੀ ਸਦਾਰਤ  ਹੇਠ ਕੰਮ ਕਰਦੇ ਅਦਾਰਿਆਂ ਵਿੱਚ ਹਰ ਸਾਲ ਲਗ-ਪਗ 25 ਹਜ਼ਾਰ ਵਿਦਿਆਰਥੀ ਸਿੱਖਿਆ ਗ੍ਰਹਿਣ ਕਰਦੇ ਸਨ। ਹੋਰ ਤਾਂ ਹੋਰ! ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਪਟਨਾ ਸਾਹਿਬ ਵਿਖੇ ਵੀ ਮੈਡੀਕਲ ਕਾਲਜ ਜਾ ਖੋਲ੍ਹਿਆ।
ਮੈਂ ਇੱਕ ਸਤਰ ਵਿੱਚ ਡਾ. ਜਸਮੇਲ ਸਿੰਘ ਧਾਲੀਵਾਲ ਦਾ ਰੇਖਾ ਚਿੱਤਰ ਉਲੀਕਣਾ ਹੋਵੇ ਤਾਂ ਇਹੀ ਬਣੇਗਾ ਕਿ ਡਾ. ਜਸਮੇਲ ਸਿੰਘ ਧਾਲੀਵਾਲ ਖ਼ਤਰਿਆਂ  ਦਾ ਖਿਡਾਰੀ ਸੀ। ਉਸ ਵਿੱਚ ਉਤਸ਼ਾਹ ਕੁੱਟ ਕੁੱਟ ਕੇ ਭਰਿਆ ਹੋਇਆ ਸੀ। ਇਲੈਕਟਰੋਪੈਥੀ ਵਿੱਚ ਐਮ.ਡੀ. ਕਰਕੇ ਮਗਰੋਂ ਵਕਾਲਤ ਪਾਸ ਕਰਨਾ ਕਮਾਲ ਸੀ। ਜੇ ਇਲੈਕਟਰੋਪੈਥੀ ਨੂੰ ਪ੍ਰਵਾਨਗੀ ਮਿਲ ਜਾਂਦੀ ਤਾਂ ਸ਼ਾਇਦ ਵਿਸ਼ਾਲ ਸਿੱਖਿਆ ਤੰਤਰ ਦਾ ਸੁਪਨਕਾਰ ਡਾ. ਜਸਮੇਲ ਸਿੰਘ ਧਾਲੀਵਾਲ ਸਿਰਫ਼ ਮੋਗਾ ਜ਼ਿਲ੍ਹੇ ਤੀਕ ਸੀਮਤ ਰਹਿ ਜਾਂਦਾ।
ਮੇਰੀ ਗੱਲ ਮੰਨ ਕੇ ਉਨ੍ਹਾਂ ਕਈ ਵੱਡੇ ਫ਼ੈਸਲੇ ਕੀਤੇ। ਯੂਨੀਵਰਸਿਟੀ ਵਾਈਸ ਚਾਂਸਲਰ ਲਾਉਣ ਤੀਕ। ਖੇਤੀਬਾੜੀ ਕਾਲਿਜ ਦੇ ਅਧਿਆਪਕਾਂ ਨੂੰ ਮੂੰਹ ਮੰਗਵੀਂ ਤਨਂਕਾਹ ਦੇ ਕੇ ਤਲਵੰਡੀ ਸਾਬੋ ਲਿਆਉਣ ਤੀਕ। ਕਿਸਾਨ ਮੇਲਾ ਵੀ ਕਰਵਾਇਆ ਤੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬੁਲਾ ਕੇ ਪ੍ਰਸ਼ਾਸਕੀ ਬਲਾਕ ਦਾ ਉਦਘਾਟਨ ਵੀ ਕਰਵਾਇਆ। ਪ੍ਰੋ: ਮੋਹਨ ਸਿੰਘ ਮੇਲੇ ਦਾ ਅੱਧਾ ਆਯੋਜਨ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਚ ਕੀਤਾ। ਦੂਰਦਰਸ਼ਨ ਤੋਂ ਯੂਨੀਵਰਸਿਟੀ ਬਾਰੇ ਦਸਤਾਵੇਜ਼ੀ ਫਿਲਮ ਵੀ ਬਣਵਾਈ। ਡਾ: ਜਸਮੇਲ ਸਿੰਘ ਧਾਲੀਵਾਲ, ਗੁਰਲਾਭ ਸਿੰਘ ਸਿੱਧੂ ਤੇ ਸੁਖਰਾਜ ਸਿੰਘ ਸਿੱਧੂ ਤੋਂ ਇਲਾਵਾ ਇੰਜਨੀਅਰ ਸੁਖਵਿੰਦਰ ਸਿੰਘ ਸਿੱਧੂ ਹਰ ਕਾਰਜ ਸਿਰ ਜੋੜ ਕੇ ਕਰਦੇ ਸਨ।
ਜਦ ਡਾ: ਨ ਸ  ਮੱਲ੍ਹੀ ਜੀ ਨੂੰ ਬਤੌਰ ਵੀ ਸੀ ਜਾਇਨ ਕਰਾਉਣ ਗਏ ਤਾਂ ਅਸੀਂ ਲੁਧਿਆਣਿਉਂ ਪੰਜ ਜਣੇ ਸਾਂ। ਚਾਰ ਇੱਕ ਕਾਰ ਚ ਤੇ ਪੰਜਵੇਂ ਡਾ: ਬਲਦੇਵ ਸਿੰਘ ਢਿੱਲੋਂ ਵੀ ਸੀ ,ਪੀ ਏ ਯੂ ਵੱਖਰੇ। ਉਨ੍ਹਾਂ ਉਥੋਂ ਅੱਗੇ ਬਠਿੰਡਾ ਜਾਣਾ ਸੀ।
ਜਦ ਡਾ: ਨ ਸ ਮੱਲ੍ਹੀ ਨੇ ਅਹੁਦਾ ਸੰਭਾਲ ਲਿਆ ਤਾਂ ਡਾ: ਧਾਲੀਵਾਲ ਬੋਲੇ,ਹੁਣ ਤੂੰ ਵੀ ਅਹੁਦਾ ਸੰਭਾਲ।
ਮੈਂ ਕਿਹਾ, ਆਪਣੀ ਤਾਂ ਨੌਕਰੀ ਦੀ ਗੱਲ ਹੀ ਨਹੀਂ ਹੋਈ?
ਗੁਰਲਾਭ ਸਿੰਘ ਤੇ ਡਾ: ਧਾਲੀਵਾਲ ਇਕੱਠੇ ਬੋਲੇ, ਨੌਕਰੀ ਨਹੀਂ ਸਾਥ ਦੀ ਕਮਿੱਟਮੈਂਟ ਭੁੱਲ ਗਿਐ?
ਮੇਰੀਆ ਅੱਖਾਂ ਚ ਨਮੀ ਸੀ, ਕੋਈ ਮੇਰੇ ਤੇ ਏਨਾ ਹੱਕ ਵੀ ਜਤਾ ਸਕਦੈ, ਕਦੇ ਨਹੀਂ ਸੀ ਸੋਚਿਆ!
ਡਾ: ਬਲਦੇਵ ਸਿੰਘ ਢਿੱਲੋਂ ਨੇ ਮੈਨੂੰ ਮਿੱਠਾ ਜਿਹਾ ਘੂਰਿਆ ਵੀ ,ਤੂੰ ਆਪਣੇ ਆਪ ਨੂੰ ਕੀ ਸਮਝਦੈਂ?ਪਹਿਲਾਂ ਮੈਨੂੰ ਨਾਂਹ ਕਰ ਗਿਆ, ਹੁਣ ਇਨ੍ਹਾਂ ਨੂੰ ਨਾਂਹ ਕਰ ਰਿਹੈਂ।
ਗੁਰਲਾਭ ਤੇ ਡਾ: ਧਾਲੀਵਾਲ ਨਾਲ ਵਾਲੇ ਕਮਰੇ ਚ ਮੈਨੂੰ ਲੈ ਗਏ।
ਬੋਲੇ, ਦੋ ਹਰਫ਼ੀ ਗੱਲ ਹੈ ਨਾਂਹ ਨਹੀਂ ਸੁਣਨੀ। ਜ਼ੁੰਮੇਵਾਰੀ ਤੇ ਰੁਤਬਾ ਤੇਰੀ ਮਰਜ਼ੀ ਦਾ।
ਪੰਜ ਮਿੰਟਾਂ ਬਾਦ ਮੈਂ ਯੂਨੀਵਰਸਿਟੀ ਦਾ ਡਾਇਰੈਕਟਰ ਯੋਜਨਾ ਤੇ ਵਿਕਾਸ ਸਾਂ। ਵਾਈਸ ਚਾਂਸਲਰ ਤੋਂ ਦੂਜੇ ਨੰਬਰ ਤੇ। ਵੱਖਰੀ ਕਾਰ, ਘਰ ਤੇ ਹੋਰ ਸਹੂਲਤਾਂ। ਤਨਖ਼ਾਹ ਮੂੰਹ ਮੰਗਵੀਂ। ਮੈਂ ਮੰਨ ਤਾਂ ਗਿਆ ਪਰ
ਮੈਂ 8 ਮਹੀਨੇ ਬਾਅਦ ਉਕਤਾ ਗਿਆ। ਲੱਗਿਆ ਜੋ ਕੁਝ ਹਾਸਲ ਕਰ ਰਿਹਾਂ, ਓਨਾ ਕੰਮ ਨਹੀਂ ਕਰ ਰਿਹਾ। ਜਿੰਨਾ ਚਿਰ ਰਿਹਾ, ਅਨੇਕਾਂ ਨਿਵੇਕਲੇ ਕਾਰਜ ਕੀਤੇ। ਡਾ: ਨ ਸ ਮੱਲ੍ਹੀ ਦੀ ਅਗਵਾਈ ਚ ਖੇਤੀਬਾੜੀ ਕਾਲਿਜ ਸਮਰੱਥ ਬਣਾਇਆ। ਚੋਟੀ ਦੇ ਵਿਗਿਆਨੀ ਭਰਤੀ ਕੀਤੇ। ਕਿਸਾਨ ਮੇਲਾ ਕਰਵਾਇਆ।
ਯੂਨੀਵਰਸਿਟੀ ਦੇ ਪ੍ਰਸ਼ਾਸਕੀ ਬਲਾਕ ਦੇ ਬਾਹਰ ਇੱਕ ਹਫ਼ਤੇ ਅੰਦਰ ਅੰਦਰ ਯਾਦਗਾਰੀ ਗਿਆਨ ਸਤੰਭ ਵਿਉਂਤਿਆ ਤੇ ਬਣਾਇਆ। ਉਸ ਚ ਡਾ: ਜਸਮੇਰ ਸਿੰਘ ਧਾਲੀਵਾਲ ਦੋ ਤਿੰਨ ਵਾਰ ਮੇਰੇ ਨਾਲ ਬੁੱਤ ਤਰਾਸ਼ ਕੋਲ ਕਈ ਕਈ ਘੰਟੇ ਬੈਠੇ। ਡਾ: ਬਲਵਿੰਦਰ ਲੱਖੇਵਾਲੀ ਨੇ ਵੀ ਵਿਉਂਤਕਾਰੀ ਚ ਵੱਡਾ ਸਾਥ ਦਿੱਤਾ। ਉਸ ਦਾ ਸਮਰਪਣ ਵੇਖ ਕੇ ਧਾਲੀਵਾਲ ਨੇ ਉਸ ਨੂੰ ਪਰਿਵਾਰ ਸਮੇਤ ਯੂਨੀਵਰਸਿਟੀ ਸੇਵਾ ਚ ਆਉਣ ਦੀ ਪੇਸ਼ਕਸ਼ ਵੀ ਕੀਤੀ ਪਰ ਉਹ ਲੁਧਿਆਣਾ ਨਹੀਂ ਸੀ ਛੱਡਣਾ ਚਾਹੁੰਦਾ।
ਜਦ ਕਦੇ ਵੀ ਹੁਣ ਤੋਂ ਕੁਝ ਮਹੀਨੇ ਪਹਿਲਾਂ ਤੀਕ ਫੋਨ ਆਉਂਦਾ, ਹਰ ਫੋਨ ਹੱਕ ਵਾਲਾ ਹੀ ਹੁੰਦਾ।
ਛੋਟੇ ਭਾਈ! ਆਹ ਕੰਮ ਤੇਰੇ ਜ਼ਿੰਮੇ, ਸਾਡੀ ਸਿਰਦਰਦੀ ਖ਼ਤਮ!
ਹੁਣ ਅਜਿਹਾ ਫ਼ੋਨ ਕਦੇ ਨਹੀਂ ਆਏਗਾ।
ਜਾਣ ਵਾਲਿਆ ਵੇ ਕਦੇ ਏਸਰਾਂ ਨਹੀਂ ਕਰੀਦਾ।
ਨਿਭਣਾ ਨਾ ਹੋਵੇ ਤਾਂ ਹੁੰਗਾਰਾ ਵੀ ਨਹੀਂ ਭਰੀਦਾ।
ਪਰ ਡਾ: ਜਸਮੇਲ ਸਿੰਘ ਧਾਲੀਵਾਲ ਤਾਂ ਨਿਭਾ ਗਿਆ।
ਯਾਦ ਸਲਾਮਤ ਰਹੇਗੀ।

⚫️
ਚੇਅਰਮੈਨ
ਪੰਜਾਬੀ ਲੋਕ ਵਿਰਾਸਤ ਅਕਾਡਮੀ
ਲੁਧਿਆਣਾ।

Wednesday 19 May 2021

ਇੱਕ ਕਵਿਤਾ ਜਿਸ ਨੇ ਦੁਨੀਆ ਹਿਲਾ ਦਿੱਤੀ

ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਹੋ ਚੁੱਕਾ ਹੈ ਅਨੁਵਾਦ


ਮਾਮਲਾ ਪਾਰੁਲ ਖੱਖਰ ਅਤੇ ਉਸਦੀ ਇਹ 14 ਲਾਈਨਾਂ ਵਾਲੀ ਇੱਕ ਕਵਿਤਾ ਦਾ ਹੈ ਜਿਹੜੀ ਬਹੁਤ ਤੇਜ਼ੀ ਨਾਲ ਕਈ ਭਾਸ਼ਾਵਾਂ ਵਿੱਚ ਅਨੁਵਾਦ ਹੋਈ ਤੇ ਵੱਡੀ ਪੱਧਰ ਤੇ ਪੜ੍ਹੀ ਗਈ। ਇਥੇ ਸਪਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਪਾਰੁਲ ਖੱਖਰ  ਕਦੇ ਵੀ ਖੱਬੇ ਪੱਖੀਆਂ ਦੇ ਕਿਸੇ ਕੈਂਪ ਵਿੱਚ ਕਿਸੇ ਵੀ ਤਰਾਂ ਨਾਲ ਨਹੀਂ ਰਹੀ। ਕਿਸੇ ਟਰੇਡ ਯੂਨੀਅਨ ਨਾਲ ਵੀ ਉਸਦਾ ਕਦੇ ਕੋਈ ਸੰਬੰਧ ਨਹੀਂ ਰਿਹਾ। ਕਾਂਗਰਸ ਜਾਂ ਕਿਸੇ ਹੋਰ ਅਜਿਹੀ ਪਾਰਟੀ ਨਾਲ ਵੀ ਉਸਦਾ ਕੋਈ ਲਾਗਾ ਦੇਗਾ ਨਹੀਂ ਸੀ। ਬੀਜੇਪੀ ਦੇ ਵਿਰੋਧੀਆਂ ਵਿੱਚੋਂ ਗਿਣੇ ਜਾਂਦੇ ਕਿਸੇ ਵੀ ਸੰਗਠਨ ਨਾਲ ਉਸਦਾ ਕੋਈ ਵਾਸਤਾ ਕਦੇ ਨਹੀਂ ਸੀ ਰਿਹਾ।   

ਅਸਲੀਅਤ ਤਾਂ ਇਹ ਹੈ ਕਿ ਪਾਰੁਲ ਹਿੰਦੂਤਵੀ ਸੰਗਠਨਾਂ ਦੀ ਲਾਡਲੀ ਹੀ ਗਿਣੀ ਜਾਂਦੀ ਰਹੀ। ਉਸਨੂੰ ਹਿੰਦੂਤਵੀ ਸੰਗਠਨਾਂ ਨਾਲ ਜੁੜੇ ਅਹਿਮ ਵਿਅਕਤੀ ਕਾਵਿ ਖੇਤਰ ਵਿੱਚ ਆਉਣ ਵਾਲੇ ਸਮੇਂ ਦੀ ਨਾਇਕਾ ਵੀ ਦੱਸਦੇ ਰਹੇ। ਪਰ ਅਸਲ ਵਿੱਚ ਉਹ ਇੱਕ ਸੰਵੇਦਨਸ਼ੀਲ ਸ਼ਾਇਰਾ ਹੈ ਜਿਸ ਨੇ ਅੰਧਭਗਤ ਬਣਨ ਤੋਂ ਇਨਕਾਰ ਕਰ ਦਿੱਤਾ। ਪ੍ਰਸਿੱਧ ਨਦੀ ਗੰਗਾ ਨੂੰ ਮਾਂ ਮੰਨਣ ਵਾਲੀ ਸੰਸਕ੍ਰਿਤੀ ਵਿੱਚ ਪਲੀ ਅਤੇ ਵੱਡੀ ਹੋਈ ਪਾਰੁਲ ਖੱਖਰ ਨੇ ਜਦੋਂ ਗੰਗਾ ਵਿੱਚ ਲਾਸ਼ਾਂ ਤਰਦੀਆਂ ਦੇਖੀਆਂ ਤਾਂ ਉਸ ਤੋਂ ਰਹਿ ਨਾ ਹੋਇਆ। ਉਸਨੇ ਗੁਜਰਾਤੀ ਵਿੱਚ ਇੱਕ ਕਵਿਤਾ ਲਿੱਖ ਦਿੱਤੀ ਅਤੇ ਆਪਣੇ ਕਿਸੇ ਸੋਸ਼ਲ ਮੀਡੀਆ ਅਕਾਉਂਟ ਤੇ ਸ਼ੇਅਰ ਵੀ ਕਰ ਦਿੱਤੀ। 

ਬਸ ਇਸ ਕਵਿਤਾ ਦੇ ਨਾਲ ਹੀ ਅੰਧਭਗਤਾਂ ਦੇ ਰਾਜੇ ਦੀ ਟਰੋਲਿੰਗ ਆਰਮੀ ਭੜਕ ਗਈ।  ਪਾਰੁਲ ਖੱਖਰ ਦਾ ਤਿੱਖਾ ਵਿਰੋਧ ਸ਼ੁਰੂ ਹੋ ਗਿਆ। ਗੁੱਸੇ ਵਿੱਚ ਆਏ ਆਈਟੀ ਸੈਲ ਨੇ ਸਿਰਫ 14 ਸਤਰਾਂ ਦੀ ਇਸ ਕਵਿਤਾ ਦੇ ਖਿਲਾਫ ਅਣਗਿਣਤ ਗਾਹਲਾਂ ਕੱਢੇ ਜਾਣ ਦਾ ਪ੍ਰਬੰਧ ਕਰ ਦਿੱਤਾ। ਕੁਝ ਲੋਕਾਂ ਦਾ ਕਹਿਣਾ ਹੈ ਕਿ ਘਟੋਘਟ 28 ਹਜ਼ਾਰ ਗਾਹਲਾਂ ਇਸ ਕਵਿਤਾ ਨੂੰ ਲੈ ਕੇ ਪਾਰੁਲ ਦੇ ਖਿਲਾਫ ਕੱਢੀਆਂ ਗਈਆਂ। ਅਸਹਿਣਸ਼ੀਲਤਾ ਨੂੰ ਸਾਬਿਤ ਕਰਦਾ ਇਹ ਸ਼ਾਇਦ ਸਭ ਤੋਂ ਤਾਜ਼ਾ ਮਾਮਲਾ ਹੈ। ਇੱਕ ਕਵਿਤਾ ਤੋਂ ਕਿੰਨੀ ਬੋਖਲਾਹਟ ਹੋ ਸਕਦੀ ਹੈ! ਕਿਓਂਕਿ ਇਸ ਕਵਿਤਾ ਵਿੱਚ ਬੋਲਿਆ ਗਿਆ ਸੱਚ  ਸਿਆਸਤ ਤੋਂ ਉੱਪਰ ਉੱਠਕੇ ਬੋਲਿਆ ਗਿਆ ਸੱਚ ਹੈ ਜਿਹੜਾ ਅੰਧ ਭਗਤਾਂ ਨੂੰ ਰਾਸ ਨਹੀਂ ਆਇਆ। ਓਹ ਲੋਕ ਉਹੀ ਕੁਝ ਦੇਖਣ ਵਾਲੇ ਬਣ ਗਏ ਹਨ ਜਿਹੜਾ ਕੁਝ ਉਹਨਾਂ ਦੇ ਦਿਮਾਗਾਂ ਵਿੱਚ ਭਰ ਦਿੱਤਾ ਗਿਆ ਹੈ। ਆਕਸੀਜ਼ਨ ਦੀ ਕਮੀ, ਬੈਡਾਂ ਦੀ ਕਮੀ, ਹਸਪਤਾਲਾਂ ਦੀ ਕਮੀ, ਜ਼ਰੂਰੀ ਦਵਾਈਆਂ ਦੀ ਕਮੀ--ਇਹ ਸਭ ਕੁਝ ਤਾਂ ਉਹਨਾਂ ਨੂੰ ਨਜ਼ਰ ਹੀ ਕੀ ਆਉਣਾ ਸੀ, ਉਹਨਾਂ ਨੂੰ ਗੰਗਾ ਵਿਚਕ ਵਹਿੰਦੀਆਂ ਲਾਸ਼ਾਂ ਵੀ ਨਜ਼ਰ ਨਹੀਂ ਆਈਆਂ। ਉਹਨਾਂ ਦੀਆਂ ਅੱਖਾਂ ਖੋਹਲਣ ਦੀ ਕੋਸ਼ਿਸ਼ ਕਰਨ ਵਾਲੀ ਇਹ ਕਵਿਤਾ ਉਹਨਾਂ ਨੂੰ ਮਾੜੀ ਤਾਂ ਲੱਗਣੀ ਹੀ ਸੀ। 

ਇਸ ਤਿੱਖੇ ਵਿਰੋਧ ਦੇ ਬਾਵਜੂਦ ਇਸ ਕਵਿਤਾ ਦਾ ਅਨੁਵਾਦ ਕਈ ਭਾਸ਼ਾਵਾਂ ਵਿੱਚ ਹੋਇਆ। ਹਿੰਦੀ ਦੇ ਨਾਲ ਨਾਲ ਅਸਮੀ, ਮਲਿਆਲਮ, ਤਮਿਲ, ਭੋਜਪੁਰੀ, ਬੰਗਲਾ ਅਤੇ ਅੰਗਰੇਜ਼ੀ ਸਮੇਤ ਕਈ ਭਾਸ਼ਾਵਾਂ ਵਿੱਚ। ਗੁਜਰਾਤੀ ਤੋਂ ਹਿੰਦੀ ਵਿਚ ਇਸਦਾ ਅਨੁਵਾਦ ਕੀਤਾ ਇਲਿਆਸ ਸ਼ੇਖ ਨੇ ਅਤੇ ਗੁਜਰਾਤੀ ਤੋਂ ਹੀ ਅੰਗਰੇਜ਼ੀ ਅਨੁਵਾਦ ਕੀਤਾ ਸਲਿਲ ਤ੍ਰਿਪਾਠੀ ਨੇ। ਦੇਖਦਿਆਂ ਹੀ ਦੇਖਦਿਆਂ ਇਸ ਲੋਕ-ਕਵਿਤਾ ਨੇ ਕਿਸੇ ਲੋਕ ਗੀਤ ਵਰਗੀ ਹਰਮਨਪਿਆਰਤਾ ਹਾਸਲ ਕਰ ਲਈ। ਇਸ ਵਿਚਲੇ ਸੰਗੀਤ ਕਾਰਨ ਇਸਦਾ ਗਾਇਨ ਵੀ ਹੋ ਰਿਹਾ ਹੈ। ਦਿੱਲੀ ਦੇ ਰਹਿਣ ਵਾਲੇ ਸਲੀਮ ਜ਼ਫ਼ਰ ਨੇ ਇਸਦਾ ਖੂਬਸੂਰਤ ਗਾਇਨ ਵੀ ਕੀਤਾ ਹੈ। 

ਇਸ ਨਾਲ ਪ੍ਰੇਸ਼ਾਨੀਆਂ ਵੀ ਖੜੀਆਂ ਹੋਈਆਂ। ਇਸ ਕਵਿਤਾ ਦੇ ਵਿਰੋਧ ਦਾ ਸਿੱਟਾ ਇਹ ਵੀ ਨਿਕਲਿਆ ਕਿ ਪਾਰੁਲ ਖੱਖਰ ਨੂੰ ਆਪਣੀ ਫੇਸਬੁੱਕ ਆਈਡੀ ਬਦਲਣੀ ਪਈ ਅਤੇ ਇੰਸਟਾਗ੍ਰਾਮ ਵੀ ਬੰਦ ਕਰਨਾ ਪਿਆ। ਅਸਹਿਣਸ਼ੀਲਤਾ ਵਿਵਾਦ ਲਗਾਤਾਰ ਤਿੱਖਾ ਹੋਇਆ। ਵਾਇਰ ਵਰਗੇ ਕਈ ਆਨਲਾਈਨ ਮੀਡੀਆ ਸੰਸਥਾਨਾਂ ਨੇ ਇਸ ਚਰਚਾ ਨੂੰ ਅੱਗੇ ਤੋਰਿਆ ਅਤੇ ਗੋਦੀ ਮੀਡੀਆ ਵਾਲੇ ਇਸ ਯੁਗ ਵਿੱਚ ਅਸਲੀ ਮੀਡੀਆ ਦੀ ਭੂਮਿਕਾ ਵੀ ਨਿਭਾਈ। ਹੁਣ ਇਸਦਾ ਪੰਜਾਬੀ ਅਨੁਵਾਦ ਕੀਤਾ ਹੈ ਜਸਵੰਤ ਸਿੰਘ ਜ਼ੱਫਰ  ਹੁਰਾਂ ਨੇ। ਇੰਝ ਲੱਗਦੈ ਜਿਵੇਂ ਇਹ ਬਿਲਕੁਲ ਮੂਲ ਪੰਜਾਬੀ ਵਿੱਚ ਲਿਖੀ ਗਈ ਕਾਵਿ ਰਚਨਾ ਹੋਵੇ। ਦੇਖੋ, ਪੜ੍ਹੋ, ਸ਼ੇਅਰ ਕਰਨੀ ਚਾਹੋ ਤਾਂ ਸ਼ੇਅਰ ਵੀ ਕਰੋ ਅਤੇ ਆਪਣੇ ਕੁਮੈਂਟ ਵੀ ਜ਼ਰੂਰ ਦਰਜ ਕਰੋ। ਤੁਹਾਡੇ ਵਿਚਾਰਾਂ ਦੀ ਉਡੀਕ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਬੜੀ ਸ਼ਿੱਦਤ ਨਾਲ ਰਹੇਗੀ ਹੀ। --ਰੈਕਟਰ ਕਥੂਰੀਆ//ਸਾਹਿਤ ਸਕਰੀਨ 


ਪਾਰੁਲ ਖੱਖਰ ਦੀ ਗੁਜਰਾਤੀ ਕਵਿਤਾ//ਲਾਸ਼ਾਂ ਢੋਂਦੀ ਗੰਗਾ//ਪੰਜਾਬੀ ਅਨੁਵਾਦ ਜਸਵੰਤ ਜ਼ਫ਼ਰ 

ਕੱਠੇ ਹੋ ਸਭ ਮੁਰਦੇ ਬੋਲੇ, 

“ਸਭ ਕੁਛ ਚੰਗਾ ਚੰਗਾ”

ਰਾਜਨ ਤੇਰੇ ਰਾਮਰਾਜ ਵਿਚ 

ਪੰਜਾਬੀ ਅਨੁਵਾਦ ਜਸਵੰਤ ਜ਼ਫ਼ਰ 

ਲਾਸ਼ਾਂ ਢੋਵੇ ਗੰਗਾ

ਸ਼ਮਸ਼ਾਨ ਘਾਟ ਸਭ ਭਰ ਗਏ ਤੇਰੇ,

ਲੱਕੜਾਂ ਬਲ ਬਲ ਮੁੱਕੀਆਂ।

ਥੱਕ ਗਏ ਨੇ ਮੋਢੇ ਸਾਰੇ, 

ਅੱਖੀਆਂ ਰੋ ਰੋ ਸੁੱਕੀਆਂ।

ਦਰ ਦਰ ਜਾ ਜਮਦੂਤ ਖੇਲਦੇ,

ਮੌਤ-ਨਾਚ ਬੇਢੰਗਾ।

ਰਾਜਨ ਤੇਰੇ ਰਾਮਰਾਜ ਵਿਚ 

ਲਾਸ਼ਾਂ ਢੋਵੇ ਗੰਗਾ।

ਦਿਨ ਰਾਤ ਜੋ ਬਲਣ ਚਿਤਾਵਾਂ,

ਰੋਕ ਨਾ ਪੈਂਦੀ ਪਲ ਭਰ।

ਟੁੱਟੀ ਜਾਂਦੇ ਗਜਰੇ ਵੰਙਾਂ,

ਛਾਤੀਆਂ ਪਿੱਟਣ ਘਰ ਘਰ।

ਲਾਟਾਂ ਦੇਖ ਵੀ ਮੱਛਰੀ ਫਿਰਦੀ,

ਜੋੜੀ ‘ਬਿੱਲਾ-ਰੰਗਾ’।

ਰਾਜਨ ਤੇਰੇ ਰਾਮਰਾਜ ਵਿਚ 

ਲਾਸ਼ਾਂ ਢੋਵੇ ਗੰਗਾ।

ਰਾਜਨ ਤੇਰੇ ਉਜਲੇ ਵਸਤਰ,

ਕਹਿਣ ਤੂੰ ਰੱਬੀ ਜੋਤੀ।

ਤੂੰ ਜੋ ਸੀ ਪੱਥਰ ਤੋਂ ਭੈੜਾ,

ਰਹੇ ਸਮਝਦੇ ਮੋਤੀ।

ਹਿੰਮਤ ਹੈ ਤਾਂ ਬੋਲੋ ਭਾਈ,

ਸਾਡਾ ਰਾਜਨ ਨੰਗਾ।

ਰਾਜਨ ਤੇਰੇ ਰਾਮਰਾਜ ਵਿਚ 

ਲਾਸ਼ਾਂ ਢੋਵੇ ਗੰਗਾ।

(ਪੰਜਾਬੀ ਅਨੁਵਾਦ: ਜਸਵੰਤ ਜ਼ਫ਼ਰ)


ਰਣਜੀਤ ਸਿੰਘ ਹੁਰਾਂ ਨਾਲ ਸਬੰਧਤ ਇੱਕ ਹੋਰ ਲਿਖਤ ਪੜ੍ਹੋ ਇਥੇ ਕਲਿੱਕ ਕਰ ਕੇ 

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਅਤੇ ਡਾ. ਗੁਲਜ਼ਾਰ ਪੰਧੇਰ 

ਪੰਜਾਬੀ ਸਾਹਿਤ ਅਕਾਦਮੀ ਨਾਲ ਹੋਰ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ 

ਡਾ. ਲਖਵਿੰਦਰ ਜੌਹਲ ਬਣੇ ਪੰਜਾਬੀ ਸਾਹਿਤ ਐਕਡਮੀ ਦੇ ਬਿਨਾ ਮੁਕਾਬਲਾ ਪ੍ਰਧਾਨ

Tuesday 18 May 2021

ਨਰਿੰਜਨ ਸਿੰਘ ਕਿਵੇਂ ਬਣੇ ਲੋਕਾਂ ਦੇ ਸਾਥੀ?

 ਵੇਰਵੇ ਸਹਿਤ ਦੱਸ ਰਹੇ ਹਨ ਸੁਰਿੰਦਰ ਰਾਮਪੁਰੀ 

ਰਾਮਪੁਰ//ਲੁਧਿਆਣਾ: 18 ਮਈ 2021::


ਸੁਰਿੰਦਰ ਰਾਮਪੁਰੀ ਹੁਰਾਂ ਨਾਲ ਫੋਨ ਤੇ ਹੋਈ ਗੱਲਬਾਤ ਮਗਰੋਂ ਸਾਹਿਤ ਸਕਰੀਨ ਟੀਮ

ਲੋਕਪੱਖੀ ਤਾਕਤਾਂ ਚਿਰਾਂ ਤੋਂ ਇਸ ਗੱਲ ਲਈ ਜਤਨਸ਼ੀਲ ਸਨ ਕੀ ਜਾਤਪਾਤ, ਊਂਚਨੀਚ, ਧਰਮਾਂ ਅਤੇ ਮਜ਼੍ਹਬਾਂ ਦੇ ਵਖਰੇਵਿਆਂ ਵਾਲਿਆਂ ਦੀਵਾਰਾਂ ਢਾਹ ਕੇ ਮੁੱਖ ਜਾਤੀ ਨੂੰ ਇੱਕਮਿੱਕ ਕੀਤਾ ਜਾਈ। ਇਹ ਕੋਸ਼ਿਸ਼ਾਂ ਕਾਫੀ ਹੱਦ ਤੱਕ ਸਫਲ ਵੀ ਹੋ ਰਹੀਆਂ ਸਨ। ਹੁਣ ਕੋਵਿਡ-19 ਅਤੇ ਕੋਰੋਨਾ ਦੇ ਬਹਾਨੇ ਇਹ ਦੂਰੀਆਂ ਇੱਕ ਵਾਰ ਫੇਰ ਵੱਧ ਜਾਣਗੀਆਂ ਇਸਦਾ ਅੰਦਾਜ਼ਾ ਤਾਂ ਕਿਸੇ ਨੂੰ ਵੀ ਨਹੀਂ ਸੀ। ਸਾਡੇ ਵੱਡੇ ਵੱਡੇ ਬੁੱਧੀਜੀਵੀ ਇਸ ਕੋਵਿ/ਕੋਰੋਨਾ ਨੇ ਖਾ ਲਏ। ਏਨਾ ਨੁਕਸਾਨ ਤਾਂ ਸ਼ਾਇਦ ਸੈਕੂਲਰ ਅਤੇ ਅਗਾਂਹਵਧੂ ਲਹਿਰ ਤੇ ਹੁੰਦੇ ਆਏ ਹਿੰਸਕ ਹਮਲਿਆਂ ਨਾਲ ਵੀ ਨਹੀਂ ਸੀ ਹੋਇਆ। ਹੁਣ ਨਵੀਂ ਖਬਰ ਮਿਲੀ ਹੈ ਨਰਿੰਜਨ ਸਿੰਘ ਸਾਥੀ ਹੁਰਾਂ ਦੀ। ਉਹ ਵੀ ਸਾਥੋਂ ਹਮੇਸ਼ਾਂ ਲਈ ਵਿੱਛੜ ਗਏ ਹਨ। ਸੁਰਿੰਦਰ ਰਾਮਪੁਰੀ ਹੁਰਾਂ ਦਾ ਫੋਨ ਆਇਆ ਤਾਂ ਉਹਨਾਂ ਦਾ ਗਲਾ ਭਰਿਆ ਹੋਇਆ ਸੀ। ਉਹ ਦੱਸਦੇ ਰਹੇ ਨਰਿੰਜਨ ਸਿੰਘ ਸਾਥੀ ਹੁਰਾਂ ਦੀਆਂ ਪ੍ਰਾਪਤੀਆਂ ਬਾਰੇ। ਉਹਨਾਂ ਕਿਹਾ ਕਿ ਨਰਿੰਜਨ ਸਿੰਘ ਸਾਥੀ ਜੀ ਦੇ ਸਦੀਵੀ ਵਿਛੋੜੇ ਦਾ  ਪੰਜਾਬੀ ਲਿਖਾਰੀ ਸਭਾ ਰਾਮਪੁਰ ਨੂੰ  ਬਹੁਤ ਵੱਡਾ ਵਿਗੋਚਾ ਆਇਆ ਹੈ। ਉੱਠ ਗਏ ਨੇ ਗਵਾਂਢੋਂ ਯਾਰ ਰੱਬਾ ਹੁਣ ਕੀ  ਕਰੀਏ 

ਸੁਰਿੰਦਰ ਰਾਮਪੁਰੀ ਹੁਰਾਂ ਨੇ ਦੱਸਿਆ ਕਿ ਸਤਿਕਾਰ ਯੋਗ ਨਰਿੰਜਨ ਸਿੰਘ ਸਾਥੀ ਜੀ ਇਕ ਖੋਜੀ ਇਤਿਹਾਸਕਾਰ, ਨਿਪੁੰਨ ਵਾਰਤਕ ਲੇਖਕ, ਸਫਲ ਸੰਪਾਦਕ ਅਤੇ ਉੱਚ ਪਾਏ ਦੇ ਸ਼ਾਇਰ ਸਨ। ਮੁੱਢਲੇ ਦਿਨਾਂ ਵਿਚ ਗਿਆਨੀ ਅਰਜਨ ਸਿੰਘ ਨੇ ਉਨ੍ਹਾਂ ਨੂੰ ਸਾਹਿਤਕ ਸੇਧ ਦਿੱਤੀ ‌ਉਨ੍ਹਾਂ ਲਾਲ ਸਿੰਘ ਕਮਲਾ ਅਕਾਲੀ ਤੋਂ ਪ੍ਰਭਾਵਿਤ ਹੋ ਕੇ ਆਪਣਾ ਤਖ਼ੱਲਸ ' ਦੁਖੀਆ ਅਕਾਲੀ ' ਰੱਖ ਲਿਆ। ਤੇਜਾ ਸਿੰਘ ਸਾਬਰ  ਜੀ ਨੇ ਜਦੋਂ ਕਿਹਾ ,"ਤੇਰੇ ਵਿਚ ਸਾਹਿਤ ਦੀ ਚਿਣਗ ਮਘ ਰਹੀ ਹੈ", ਸਾਬਰ ਜੀ ਦੀ ਪ੍ਰੇਰਨਾ ਨਾਲ ਕਾਵਿ ਲੋਕ ਦੀਆਂ ਉਡਾਰੀਆਂ ਲਾਉਂਦਿਆ 'ਨਰਿੰਜਨ ਸਿੰਘ ਚਿਣਗ' ਬਣ ਗਏ। ਤਰਲੋਕ ਸਿੰਘ ਤਰਲੋਕ ਨੇ ਕਿਹਾ "ਤੂੰ ਨਾ ਤਾਂ ਦੁਖੀਆ ਹੈਂ ਨਾ ਅਕਾਲੀ ਅਤੇ ਨਾ ਹੀ ਚਿਣਗ। ਤੂੰ ਤਾਂ ਸਾਥੀ ਹੈਂ‌ ਲੋਕਾਂ ਦਾ ਸਾਥੀ‌। ਮਨੁੱਖਤਾ ਦਾ ਹਮਦਰਦ‌। ਸੰਵੇਦਨਸ਼ੀਲ ਸ਼ਾਇਰ ਹੈ ‌"ਉਸ ਦਿਨ ਤੋਂ ਉਹ ਨਰਿੰਜਨ ਸਿੰਘ ਸਾਥੀ ਬਣ ਗਏ। 

ਰੋਜ਼ੀ ਰੋਟੀ ਦੀਆਂ ਮੁਸ਼ਕਲਾਂ ਅਤੇ ਜ਼ਿੰਦਗੀ ਦੀਆਂ ਗਰਦਿਸ਼ਾਂ ਵੀ ਉਹਨਾਂ ਨੂੰ ਕਲਮ ਦੀ ਇਸ ਸਾਧਨਾ ਤੋਂ ਕਦੇ ਵੀ ਰੋਕ ਨਾ ਸਕੀਆਂ।ਸਿੱਖਿਆ ਵਿਭਾਗ ਪੰਜਾਬ ਦੀ ਨੋਕਰੀ ਕਰਦਿਆਂ ਉਹ 1954 ਵਿਚ ਤਬਦੀਲ ਹੋ ਕੇ ਰਾਮਪੁਰ ਆ ਗਏ।  ਪੰਜਾਬੀ ਲਿਖਾਰੀ ਸਭਾ ਰਾਮਪੁਰ ਨਾਲ ਜੁੜ ਗਏ। ਆਖਰੀ ਸਮੇਂ ਤੱਕ ਜੁੜੇ ਰਹੇ। ਲੰਮਾ ਸਮਾਂ ਸਭਾ ਦੇ ਜਨਰਲ ਸਕੱਤਰ ਰਹੇ। ਨਵੀਆਂ ਪੈੜਾਂ ਪਾਈਆਂ, ਨਵੇਂ ਪੂਰਨੇ ਪਾਏ। 'ਕਥਨਾਵਲੀ' ਦੀ ਸੰਪਾਦਨਾ ਕੀਤੀ। ਡਾਕ ਮੈਂਬਰਸ਼ਿਪ ਦੀ ਪਿਰਤ ਪਾਈ। ਅਜਿਹਾ ਬਹੁਤ ਕੁਝ ਹੈ ਜਿਸਦਾ ਜ਼ਿਕਰ ਕਰਦਿਆਂ ਸੁਰਿੰਦਰ ਰਾਮਪੁਰੀ ਉਦਾਸ ਹੋ ਜਾਂਦੇ ਹਨ। ਬਾਰ ਬਾਰ ਗਲਾ ਭਰ ਆਉਂਦਾ ਹੈ। 

ਰਾਮਪੁਰੀ ਜੀ ਦੱਸਦੇ ਹਨ ਕਿ ਪ੍ਰਿੰਸੀਪਲ ਰਾਜਿੰਦਰ ਸਿੰਘ ਸੋਢੀ ਨਾਲ ਉਨ੍ਹਾਂ ਦਾ ਭਰਾਵਾਂ ਵਰਗਾ ਪਿਆਰ ਸੀ। ਮੈਂ ਅਤੇ ਸੁਖਮਿੰਦਰ ਰਾਮਪੁਰੀ ਨੇ ਉਨ੍ਹਾਂ ਦਾ  ਦਿਲੋਂ ਸਤਿਕਾਰ ਕੀਤਾ ਹੈ ਅਤੇ ਹਰ ਹੁਕਮ ਪ੍ਰਵਾਨ ਚੜ੍ਹਾਇਆ। ਇਹ ਸਿਲਸਿਲਾ ਆਖ਼ਿਰੀ ਸਮੇਂ ਤੀਕ ਵੀ ਜਾਰੀ ਰਿਹਾ। ਸਾਥੀ ਜੀ  ਅਤੇ  ਤੋਂ ਉਮਰ ਭਰ ਦੂਰ ਰਹੇ। 

ਸਿੱਖਿਆ ਵਿਭਾਗ ਪੰਜਾਬ ਤੋਂ ਸੇਵਾ-ਮੁਕਤ ਹੋਣ ਪਿੱਛੋਂ ਉਹ ਸ. ਬਰਜਿੰਦਰ ਸਿੰਘ ਹਮਦਰਦ ਜੀ ਦੀ ਪ੍ਰੇਰਨਾ ਨਾਲ 'ਅਜੀਤ ਅਖ਼ਬਾਰ ' ਨਾਲ ਜੁੜ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ਬਾਰੇ ਲੰਮੀ ਲੇਖ ਲੜੀ ਲਿਖੀ ਜੋਂ ਲਾਹੌਰ ਬੁੱਕ ਸ਼ਾਪ ਨੇ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕੀਤੀ। ਪਿੱਛੇ ਜਿਹੇ ਉਸ ਦਾ ਦੂਸਰਾ ਐਡੀਸ਼ਨ ਆਇਆ ਹੈ। ਇਸ  ਬਾਰੇ ਵੀ ਰਾਮਪੁਰੀ ਜੀ ਕੋ  ਹੈ  ਕਿਸੇ ਵੱਖਰੀ ਪੋਸਟ ਵਿੱਚ ਵੀ ਸਾਂਝਿਆਂ ਕਰਨਗੇ। 

ਜਸਬੀਰ ਝੱਜ ਜਦੋਂ ਵੀ ਅਜੀਤ ਦੇ ਦਫ਼ਤਰ ਜਾਂਦੇ, ਸਾਥੀ ਜੀ ਦਾ ਸੁੱਖ ਸੁਨੇਹਾ ਲੈ ਕੇ ਹੈ ਆਉਂਦੇ।

ਸੁਰਜੀਤ ਰਾਮਪੁਰੀ  ਜੀ ਦੇ ਤੁਰ ਜਾਣ ਬਾਅਦ  ਨਰਿੰਜਨ ਸਿੰਘ ਸਾਥੀ ਜੀ ਦਾ ਵਿਛੋੜਾ ਅਕਿਹ ਅਤੇ ਅਸਿਹ ਹੈ।

ਉਨ੍ਹਾਂ ਦੀਆਂ ਲਿਖਤਾਂ ਇਤਿਹਾਸ ਦੀ ਜਾਣਕਾਰੀ ਵੀ ਦਿੰਦੀਆਂ ਹਨ ਅਤੇ ਮਾਣ -ਸਨਮਾਨ ਨਾਲ ਜ਼ਿੰਦਗੀ ਜਿਊਣ ਦਾ ਵੱਲ ਵੀ ਦੱਸਦੀਆਂ ਹਨ।

ਅੱਜ ਸਵੇਰੇ ਤਿੰਨ ਵਜੇ ਭਾਵੇਂ ਉਨ੍ਹਾਂ ਆਖਰੀ ਸਾਹ ਲਿਆ ਪਰ ਆਪਣੀਆਂ ਬਹੁਮੁੱਲੀਆਂ ਰਚਨਾਵਾਂ ਰਾਹੀਂ ਉਹ ਸਦਾ ਸਾਡੇ ਅੰਗ ਸੰਗ ਰਹਿਣਗੇ। ਜਲਦੀ ਹੀ ਸੁਰਿੰਦਰ ਰਾਮਪੁਰੀ ਸਾਹਿਬ ਉਹਨਾਂ ਬਾਰੇ ਹੋਰ ਵੇਰਵਾ ਦੇਣਗੇ। ਫਿਲਹਾਲ ਪੋਸਟ ਸਕਰਿਪਟ

ਸਾਥੀ ਜੀ ਦੀਆਂ ਪ੍ਰਕਾਸ਼ਿਤ ਪੁਸਤਕਾਂ ਦਾ ਕੁਝ ਸੰਖੇਪ ਜਿਹਾ ਜ਼ਿਕਰ:

1. ਹਰਿਆਣਾ ਦੇ ਲੋਕ ਰੋਮਾਂਸ

2. ਵਰਤਮਾਨ ਪੰਜਾਬੀ ਸ਼ਬਦ ਜੋੜ

3.  ਕਥਨਾਵਲੀ

4. ਨਦੌਣ ਦੀ ਜੰਗ

5. ਚਰਨ ਚਲਉ ਮਾਰਿਗ ਗੋਬਿੰਦ

6.ਇਕ ਪੁਸਤਕ ' ਮਹਾਂਭਾਰਤ ' ਬਾਰੇ ਛਪੀ ਹੈ।

ਸੱਚੀ ਸਾਇੰਸ ਫਿਕਸ਼ਨ/ਹਰਵਿੰਦਰ ਸਿੰਘ

  ਸੋਚਣ ਲਈ ਮਜਬੂਰ ਕਰਦੀ ਕਾਵਿ ਰਚਨਾ  


ਬੰਦਾ

ਚਿਹਰੇ ਤੇ ਲਾਏ ਮਾਸਕ ਨਾਲ

ਪੁਣ ਪੁਣ ਸਾਹ ਲੈ ਰਿਹਾ ਹੈ

ਸ਼ਾਇਰ ਹਰਵਿੰਦਰ ਸਿੰਘ 


ਦੁੱਧ , ਜੋ ਪੁੱਤ ਵੇਚਣ ਬਰਾਬਰ ਸਮਝਿਆ ਜਾਂਦਾ ਸੀ

ਸਿਰਫ ਉਹ ਹੀ ਨਹੀ

ਪੀਣ ਵਾਲਾ ਪਾਣੀ ਵੀ

ਵਿਕਣ ਲੱਗ ਪਿਆ ਹੈ

ਸਾਹ ਆਕਸੀਜਨ ਸਿਲੰਡਰਾਂ ਸਹਾਰੇ

ਚੱਲ ਰਹੇ ਨੇ

ਕਬਰਸਤਾਨਾਂ ਵਿੱਚ ਬਸਤੀਆਂ ਵਰਗੀ ਭੀੜ ਹੈ

ਅਤੇ

ਬਸਤੀਆਂ ਵਿੱਚ ਕਬਰਸਤਾਨਾਂ ਵਰਗੀ ਮਾਤਮੀ ਚੁੱਪ ਹੈ

ਮਾਤਮ ਮਨਾਉਣ ਤੇ ਦਫ਼ਾ ਚੁਤਾਲੀ

ਅਤੇ ਮਿਲਣ ਤੇ ਕਰਫਿਊ ਲੱਗ ਚੁੱਕਾ ਹੈ

ਸੋਸ਼ਲ ਡਿਸਟੈਂਸਿਗ ਹੁਣ ਸਿਰਫ ਅਛੂਤਾਂ ਤੇ ਹੀ ਨਹੀ

ਸਵਰਨਾਂ ਤੇ ਵੀ ਆਇਦ ਹੋ ਗਈ ਹੈ

ਬਾਂਦਰ ਆਪਣੇ ਆਪ ਨੂੰ

ਬੰਦੇ ਦਾ ਪੂਰਵਜ ਮੰਨਣੋ ਇਨਕਾਰੀ

ਹੋ ਗਏ ਹਨ

ਜਿਹੜੇ ਗਵਾਰ ਚਿੜੀਆਂ ਨੂੰ

ਮਾਰ ਕੇ ਹੱਸੇ ਸੀ

ਉਹਨਾਂ ਦੀ ਮੌਤ ਤੇ

ਚਿੜੀਆਂ ਉਦਾਸ ਨੇ

ਇਹ ਜੋ ਅਜੇ ਕੱਲ ਹੀ ਲਿਖੀ

ਸਾਇੰਸ ਫਿਕਸ਼ਨ ਸੀ

ਅੱਜ ਸੱਚ ਸਾਬਤ ਹੋ ਗਈ ਹੈ

ਮੇਰੇ ਸਾਂਹਵੇਂ


ਰਣਜੀਤ ਸਿੰਘ ਹੁਰਾਂ ਨਾਲ ਸਬੰਧਤ ਇੱਕ ਹੋਰ ਲਿਖਤ ਪੜ੍ਹੋ ਇਥੇ ਕਲਿੱਕ ਕਰ ਕੇ 

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਅਤੇ ਡਾ. ਗੁਲਜ਼ਾਰ ਪੰਧੇਰ 

ਪੰਜਾਬੀ ਸਾਹਿਤ ਅਕਾਦਮੀ ਨਾਲ ਹੋਰ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ 

ਡਾ. ਲਖਵਿੰਦਰ ਜੌਹਲ ਬਣੇ ਪੰਜਾਬੀ ਸਾਹਿਤ ਐਕਡਮੀ ਦੇ ਬਿਨਾ ਮੁਕਾਬਲਾ ਪ੍ਰਧਾਨ

Monday 17 May 2021

ਸਮੇਂ ਦੇ ਦਰਦ ਦੀ ਗੱਲ ਕਰਦੀ ਜੋਗਿੰਦਰ ਆਜ਼ਾਦ ਦੀ ਕਵਿਤਾ

ਦਿਲ ਨੂੰ ਹਿਲਾ ਦੇਣ ਵਾਲਿਆਂ ਹਕੀਕਤਾਂ ਹਨ ਕਵਿਤਾ ਵਿੱਚ

Courtesy Photo 

ਬਘਿਆੜਾਂ ਦੇ ਵੱਸ

ਇਹ ਕੌਣ ਜਾ ਰਿਹਾ ਹੈ?

ਸ਼ਾਇਰ ਜੋਗਿੰਦਰ ਆਜ਼ਾਦ 

ਆਪਣੇ ਹੀ  ਮੋਢਿਆਂ ਤੇ  ਚੁੱਕੀ 

ਆਪਣੀ ਅਰਥੀ 

ਕਿਸ ਦੀ ਇਹ ਅਣਪਛਾਤੀ ਲਾਸ਼?

ਸ਼ਾਇਦ

ਇਹ  ਗਣਤੰਤਰ  ਦੀ ਲਾਸ਼  ਹੈ 

ਜਾਂ ਲੋਕ ਤੰਤਰ ਦੀ। 

ਨਿਆਂ ਤੰਤਰ ਦੀ ਲਾਸ਼ ਹੈ 

ਜਾਂ ਨਕਲੀ ਆਜ਼ਾਦੀ  ਦੀ ਲਾਸ਼। 

 ਹੁਕਮਰਾਨਾਂ ਦੀ  ਲਾਸ਼ ਹੈ 

 ਜਾਂ ਦੇਸ਼  ਦੀ ਗਲ਼ੀ ਸੜੀ ਲਾਸ਼ ?

ਨਹੀਂ ਨਹੀਂ!

ਭਾਰਤ  ਜਿਸ ਦਾ  ਨਾਮ 

ਓਥੋਂ ਦੀ ਸਭਿਅਤਾ ਤੇ ਸੰਸਕ੍ਰਿਤੀ 

ਵਿੱਚੋਂ ਨਿਕਲੀ ਹੈ

ਇਹ  ਆਦਮਖੋਰ 

ਵਿਕਾਸ  ਪੁਰਸ਼ ਦੀ ਲਾਸ਼ ।

 ਲਾਸ਼ ਘਰ ਬਣ ਗਿਆ ਹੈ ਮੁਲਕ

ਗੰਗਾ  ਨਦੀ  ਨੇ ਵੀ  

ਖੋਲ੍ਹੀ ਹੈ ਅਪਣੀ ਬੁੱਕਲ 

ਢੋ ਰਹੀ ਹੈ ਲਾਸ਼ਾਂ  ਹੀ ਲਾਸ਼ਾਂ।

ਖਾਮੋਸ਼  ਦੇਖ ਰਿਹਾ 

ਆਦਮਖ਼ੋਰ ਨੇਤਾ ਨਿਰਾ ਅਭਿਨੇਤਾ

ਸਿਰਫ਼ ਵੋਟਾਂ  ਗਿਣ ਰਿਹਾ। 

ਉਹਦੇ ਖੂਨੀ ਜਬਾੜੇ

ਅਜੇ ਨਹੀਂ  ਹੋਏ  ਤ੍ਰਿਪਤ ।

ਅਜੇ ਵੀ

ਆਦਮ ਬੋ, ਆਦਮ ਬੋ 

ਕਰਦਾ ਫਿਰ ਰਿਹਾ ਹੈ ਹਰਾਮਖ਼ੋਰ।

ਦਿਲ ਨੂੰ ਹਿਲਾ ਦੇਣ ਵਾਲਿਆਂ ਹਕੀਕਤਾਂ ਹਨ ਕਵਿਤਾ ਵਿੱਚ

ਜੋਗਿੰਦਰ ਆਜ਼ਾਦ 16-5-2021

Sunday 16 May 2021

ਸ਼ਰਮ ਆਤੀ ਹੈ-----!

ਕੋਰੋਨਾ ਯੁਗ ਵਿੱਚ ਮੁੱਕ ਰਹੀ ਸੰਵੇਦਨਾ ਤੇ ਵੱਧ ਰਹੀ ਮੁਨਾਫਾਖੋਰੀ


ਜਿੰਨਾ ਧਰਮਕਰਮ ਏਸ ਦੇਸ਼ ਵਿੱਚ ਹੈ ਓਨਾ ਹੋਰ ਕਿਸੇ ਦੇਸ਼ ਵਿੱਚ ਨਹੀਂ। ਪੂਜਾ ਪਾਠ ਦੇ ਜਿੰਨੇ ਅਡੰਬਰ ਏਸ ਦੇਸ਼ ਅਤੇ ਸਮਾਜ ਵਿੱਚ ਹਨ ਓਨੇ ਹੋਰ ਕਿਸੇ ਦੇਸ਼ ਵਿੱਚ ਨਹੀਂ। ਜਦੋਂ ਜਦੋਂ ਕੋਈ ਸੰਕਟ ਆਉਂਦਾ ਹੈ ਉਦੋਂ ਉਦੋਂ ਕਾਲੇ ਬਜ਼ਾਰੀਆਂ, ਜ਼ਖ਼ੀਰਾਬਾਜ਼ਾਂ ਅਤੇ ਹੋਰ ਢੰਗਾਂ ਨਾਲ ਕੁਰੱਪਸ਼ਨ ਕਰਨ ਵਾਲਿਆਂ ਦੀ ਚਾਂਦੀ ਹੋਣ ਲੱਗਦੀ ਹੈ। ਇਹੀ ਕੁਝ ਹੁਣ ਕੋਰੋਨਾ ਦੇ ਇਸ ਗੰਭੀਰ ਸੰਕਟ ਸਮੇਂ ਵੀ ਦੇਖਣ ਵਿੱਚ ਆ ਰਿਹਾ ਹੈ। ਸੰਵੇਦਨਾ ਜਗਾਉਣ ਲਈ ਅਕਸਰ ਸਰਗਰਮ ਰਹਿਣ ਵਾਲੇ ਜਸਵੰਤ ਜ਼ਫ਼ਰ ਸਾਹਿਬ ਆਕਾਸ਼ਵਾਣੀ ਜਲੰਧਰ ਵਾਲੇ ਵਾਲੇ ਐਸ ਐਸ ਮੀਸ਼ਾ ਸਾਹਿਬ ਦੀ ਇੱਕ ਕਾਵਿ ਰਚਨਾ ਦੇ ਹਵਾਲੇ ਨਾਲ ਇਸ ਪਾਸੇ  ਕੀਤਾ ਹੈ ਉਸ ਵਿੱਚ ਡਾਕਟਰ ਰਵੇਲ ਸਿੰਘ ਹੁਰਾਂ ਦੀ ਕਾਵਿ ਰਚਨਾ ਵੀ ਹੈ। ਉਹ  ਅਤੀਤ ਦਾ ਜ਼ਿਕਰ ਕਰਦਿਆਂ ਲਿਖਦੇ ਹਨ ਕਿ ਹੁਣ ਹਾਲਾਤ ਕੀ ਹਨ!

ਕਾਲਜ ਪੜ੍ਹਦਿਆਂ ਸ. ਸ. ਮੀਸ਼ਾ ਸਾਹਿਬ ਦੀ ਕਿਤਾਬ ‘ਕੱਚ ਦੇ ਵਸਤਰ’ ਵਿਚ ਕਵਿਤਾ ਪੜ੍ਹੀ ਸੀ: ਮੋਮਜਾਮਾ। ਇਸ ਵਿਚ ਇਕ ਹਸਪਤਾਲ ਵਿਚ ਮਰੀਜ਼ ਦੀ ਮੌਤ ਹੋ ਜਾਣ ‘ਤੇ ਨਰਸ ਨੂੰ ਉਸ ਹੇਠ ਵਿਛਾਏ ਮੋਮਜਾਮੇ ਦਾ ਫਿਕਰ ਹੈ ਕਿ ਇਹ ਮੋਮਜਾਮਾ ਕਿਤੇ ਲਾਸ਼ ਲਿਜਾਣ ਵਾਲੇ ਨਾਲ ਹੀ ਨਾ ਲੈ ਜਾਣ। ਇਹ ਕਵਿਤਾ ਬਹੁਤ ਪਰੇਸ਼ਾਨ ਕਰਨ ਵਾਲੀ ਸੀ ਕਿ ਅਸੀਂ ਆਪੋ ਆਪਣੇ ਹਿੱਤਾਂ ਲਈ ਫਿਕਰਮੰਦ ਦੂਸਰਿਆਂ ਦੇ ਦੁੱਖ ਤੋਂ ਕਿੰਨਾ ਅਣਭਿੱਜ ਰਹਿੰਦੇ ਹਾਂ। ਘਟਦੀ ਜਾਂਦੀ ਮਾਨਵੀ ਸੰਵੇਦਨਾ ਦਾ ਵਰਨਣ ਹੈ। ਪਰ ਪਿਛਲੇ ਸਾਲਾਂ ਦੀ ਤਰੱਕੀ ਦੌਰਾਨ ਅਸੀਂ ਕਿੰਨੇ ਕਮੀਨੇ ਹੋ ਗਏ ਹਾਂ, ਅਸੰਵੇਦਨ ਹੋਣ ਦੇ ਕਿੰਨੇ ਪੈਂਡੇ ਤਹਿ ਕਰ ਲਏ ਹਨ, ਇਸ ਗੱਲ ਦਾ ਪਤਾ ਮਿੱਤਰ ਡਾ.Rawail Singh ਦੀ ਤਾਜ਼ਾ ਨਜ਼ਮ ਪੜ੍ਹ ਕੇ ਲੱਗਦਾ ਹੈ। ਇਸ ਨੂੰ ਪੜ੍ਹ ਕੇ ਕਿਸੇ ਬੰਦੇ, ਵਰਗ ਜਾਂ ਸਿਸਟਮ ਨੂੰ ਲਾਹਣਤਾਂ ਪਾਉਣ ਦੀ ਲੋੜ ਨਹੀਂ। ਇਹ ਮੇਰੇ, ਤੁਹਾਡੇ ਅਤੇ ਸਾਡੇ ਸਾਰਿਆਂ ਬਾਰੇ ਹੈ। ਪੜ੍ਹਨਾ ਜ਼ਰਾ: 


ਕਵਿਤਾ /..ਤੇ ਮੇਰੀ ਮੌਤ ਹੋ ਗਈ / ਡਾ: ਰਵੇਲ ਸਿੰਘ  

ਮੈਂ ਹਾਲੇ ਉਦੋਂ ਜ਼ਿੰਦਾ ਸਾਂ 

ਜਦੋਂ ਮੇਰੇ ਬੇਟੇ ਨੇ ਮੇਰੇ ਨੱਕ ਤੋਂ ਆਕਸੀਜਨ ਦੀ ਨਾਲੀ ਉਤਾਰ

ਕਾਹਲੀ ਨਾਲ ਜਦੋਂ ਆਪਣੀ ਮਾਂ ਦੇ ਮੂੰਹ ਉਤੇ ਲਗਾਈ ਸੀ...... 

ਮੇਰੇ ਵਾਰਡ ਵਿਚ ਹਰ ਤਰਫ਼ ਹਫੜਾ ਦਫੜੀ ਸੀ 

ਹੱਥ ਪੈਰ ਮਾਰ ਰਹੇ ਵਾਰਡ ਬੁਆਏ, ਨਰਸਾਂ, ਮਰੀਜ਼ਾਂ ਦੇ ਘਰ ਦੇ ਜੀਅ.........

ਲਗਾ ਰਹੇ ਸਨ 

ਸਾਹੋਂ ਸਹਿਕਦੇ ਮਰੀਜ਼ਾਂ ਨੂੰ ਆਕਸੀਜਨ

ਲਾਸ਼ਾਂ ਦੇ ਮੂੰਹਾਂ ਤੋਂ ਲਾਹ ਇਸ ਉਮੀਦ ਨਾਲ 

ਕਿ ਸ਼ਾਇਦ ਕੋਈ ਬਚ ਹੀ ਜਾਏ ਮਾਂ ਦਾ ਜਾਇਆ

ਮੌਤ ਤੇ ਜੀਵਨ ਦੀ ਇਸ ਜੰਗ ਵਿਚ ਮੈਂ ਥੋੜਾ ਬਹੁਤ ਬਚਿਆ ਸਾਂ

ਪਤਨੀ ਦੇ ਉੱਖੜੇ ਸਾਹ ਟਿਕ ਰਹੇ ਸਨ

ਪਰ ਨਾਲ ਦੇ ਬਿਸਤਰਿਆਂ ਤੇ ਪਏ ਹੋਰ ਮਰੀਜ਼


ਏਨੇ ਖੁਸ਼ਕਿਸਮਤ ਨਹੀਂ ਸਨ.... 

ਮੇਰੇ ਦੇਖਦਿਆਂ ਹੀ 

‘ਅੱਛਾ ਤੋ ਹਮ ਚਲਤੇ ਹੈਂ’ ਕਹਿੰਦੇ ਆਪਣੀਆਂ ਦੇਹਾਂ ਤੋਂ ਉਪਰ ਉੱਠ ਰਹੇ ਸਨ

ਮੈਂ ਹਾਲੇ ਮਰਿਆ ਨਹੀਂ ਸਾਂ

ਪਤਾ ਨਹੀਂ ਮੇਰੀ ਬੇਟੀ ਕਿਉਂ

ਮੇਰੇ ਨਾਲ ਲਿਪਟ ਕੇ ਰੋਣ ਲੱਗ ਪਈ ਸੀ। 

ਪੀ ਪੀ ਕਿੱਟ ਵਿਚ ਮੇਰੀ ਧੀ.... 

ਤੇ ਚਿੱਟੇ ਮਰੀਜ਼ਾਂ ਵਾਲੇ ਲਿਬਾਸ ਵਿਚ ਮੈਂ 

ਦੋਵੇਂ ਕੱਫਣ ਦਾ ਸਮਾਨ ਲੱਗ ਰਹੇ ਸਾਂ.... 

ਉਹਦੇ ਗਲ ਦਾ ਹਾਰ

ਆਕਸੀਜ਼ਨ ਸਿਲੰਡਰ ਦਾ ਇੰਤਜ਼ਾਮ ਕਰਦਿਆ ਚਲਾ ਗਿਆ ਸੀ

ਉਹ ਮੇਰੇ ਨਾਲ ਲਿਪਟ ਕੇ ਹੋਰ ਰੋਣਾ ਚਾਹੁੰਦੀ ਸੀ

 ਪਿਛੋਂ ਵਾਰਡ ਬੁਆਏ ਕੜਕਿਆ-

“ਇਹਨੂੰ ਸ਼ਮਸ਼ਾਨ ਲੈ ਜਾਓ ਮੈਡਮ 

ਪਿਛੇ ਹੋਰ ਵੀ ਕਤਾਰ"

ਉਹ ਸਟ੍ਰੈਚਰ ਧੱਕਦੀ ਬਾਹਰ ਆਈ


ਐਮਬੂਲੈਂਸ ਵਾਲੇ ਨੇ ਕਿਰਾਇਆ ਬਾਰਾਂ ਹਜ਼ਾਰ ਮੰਗਿਆ

ਸਾਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਹੋ ਰਿਹਾ

ਭਲਾ ਆਹ ਚਾਰ ਕਿਲੋਮੀਟਰ ਤੱਕ ਜਾਣ ਦੇ ਐਨੇ ਪੈਸੇ?

“ਚਲਣਾ ਹੈ ਤਾਂ ਦੱਸ.... 

ਨਹੀਂ ਤਾਂ ਆਪਣੇ ਮੋਢੇ ਤੇ ਲੈ ਜਾ ਆਪਣੇ ਪਿਓ ਨੂੰ

ਜੀਅ ਤਾਂ ਕਰਦਾ ਸੀ 

ਸਟਰੈਚਰ ਤੋਂ ਉੱਠ ਫੜਾਂ ਗਲਮੇ ਤੋਂ ਇਹ ਬਦਤਮੀਜ਼

ਪਰ ਇਹ ਮੇਰੀ ਪਹੁੰਚ ਤੋਂ ਦੂਰ ਸੀ...

ਮੇਰੀ ਧੀ ਨੇ ਆਪਣੇ ਕੰਗਣ ਉਤਾਰ ਦਿੱਤੇ ਸਨ 

ਮੈਨੂੰ ਆਖ਼ਰੀ ਮੰਜ਼ਿਲ ਤੇ ਜੁ ਪਹੁੰਚਾਉਣਾ ਸੀ

ਸਮਸ਼ਾਨ ਦੀ ਚਿਮਨੀ ਦਾ ਧੂੰਆਂ ਬਹੁਤ ਗਾੜ੍ਹਾ ਸੀ

ਬੇਟੀ ਨੂੰ ਇਕ ਟੋਕਨ ਫੜਾ ਮੈਨੂੰ ਹੋਰ ਲਾਸ਼ਾਂ ਵਿਚ ਧੱਕ ਦਿੱਤਾ ਗਿਆ

 ਮੈਂ ਤਦ ਤੱਕ ਜ਼ਿੰਦਾ ਸੀ....

ਸ਼ਮਸ਼ਾਨ ਵਾਲਿਆ ਨੇ ਲੱਕੜੀ ਦਾ ਸੱਤ ਹਜ਼ਾਰ ਮੰਗਿਆ

ਜਿਵੇਂ ਲਾਸ਼ ਉਤਸਵ ਮਨਾ ਰਹੇ।

ਬੇਟੀ ਨੇ ਆਪਣਾ ਆਖਰੀ ਗਹਿਣਾ ਮੁੰਦਰੀ ਵੀ ਉਤਾਰ ਦਿੱਤੀ

ਜਦ ਮੇਰੇ ‘ਤੇ ਲੱਕੜਾਂ ਚਿਣ ਰਹੇ ਸਨ... 

ਤੇ ਜਦੋਂ ਲਾਂਬੂ ਲਾਇਆ ਗਿਆ ਉਦੋਂ ਵੀ

.... ਮੈਂ ਜ਼ਿੰਦਾ ਹੀ ਸਾਂ

ਲਪਟਾਂ ਚੋਂ ਝਾਕ ਦੇਖਦਾ ਹਾਂ ਪੰਡਿਤ ਬੇਟੀ ਨੂੰ ਉਪਦੇਸ਼ ਦੇ ਰਿਹਾ ਸੀ-

“ਇਹਦੀ ਮੁਕਤੀ ਲਈ ਪੂਜਾ ਜ਼ਰੂਰੀ ਹੈ... 

ਦੋ ਹਜ਼ਾਰ ਦਕਸ਼ਣਾ ਦੇਣੀ ਪਏਗੀ

ਮੈਂ ਬੇਟੀ ਵੱਲ ਤੱਕਿਆ... 

ਉਸ ਕੋਲ ਉਤਾਰਨ ਲਈ ਤਨ ਦੇ ਕੱਪੜੇ ਹੀ ਬਚੇ ਸਨ

.... ਤੇ ਹੁਣ ਮੇਰੀ ਮੌਤ ਹੋ ਗਈ ਸੀ।

Saturday 15 May 2021

ਬਲਵੀਰ ਸਾਹਨੇਵਾਲ ਵੀ ਸਦੀਵੀ ਵਿਛੋੜਾ ਦੇ ਗਏ

15th May 2021 at 2:20 PM

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ 

ਚੰਡੀਗੜ੍ਹ//ਲੁਧਿਆਣਾ// ਦੋਰਾਹਾ: 15 ਮਈ 2021: (ਸਾਹਿਤ ਸਕਰੀਨ ਬਿਊਰੋ)::

ਹਸਪਤਾਲ, ਸਕੂਲ, ਕਾਲਜ ਅਤੇ ਵਿਕਾਸ ਦੇ ਅਸਲੀ ਕੰਮਾਂ ਨੂੰ ਛੱਡ ਕੇ ਹੋਰਨਾਂ ਸ਼ੁਗਲਾਂ ਵਿੱਚ ਉਲਝੇ ਸਿਸਟਮ ਦੀ ਸਜ਼ਾ ਹੁਣ ਅਸੀਂ ਸਾਰੇ ਹੀ ਭੁਗਤ ਰਹੇ ਹਾਂ।  ਪਤਾ ਨਹੀਂ ਕਿਸ ਪਲ ਕਿਸ ਦੇ ਤੁਰ ਜਾਣ ਦੀ ਖਬਰ ਆ ਜਾਣੀ ਹੈ। ਹੁਣ ਅਖਬਾਰ, ਫੇਸਬੁੱਕ, ਵਟਸਐਪ ਅਤੇ ਹੋਰ ਮੰਚਾਂ ਨੂੰ ਦੇਖਦਿਆਂ ਡਰ ਜਿਹਾ ਲੱਗਦਾ ਹੈ। 

ਬਲਵੀਰ ਸਾਹਨੇਵਾਲ ਕੱਲ ਸਦੀਵੀ ਵਿਛੋੜਾ ਦੇ ਗਏ ਹਨ। ਉਹ 75 ਸਾਲਾਂ ਦੇ ਸਨ। ਉਹ ਦੋਹਾ ਕਾਵਿ ਨੂੰ ਸਮਰਪਿਤ ਰਹੇ। ਉਨ੍ਹਾਂ ਦੋਹਾ ਕਾਵਿ ਦੀਆਂ ਚਾਰ ਪੁਸਤਕਾਂ ‘ਛੱਲਾਂ’, ‘ਇਕ ਇਹ ਦੋਹਾਵਲੀ’, ‘ਸਮੇਂ ਦਾ ਸੱਚ’ ਅਤੇ ‘ਵੇਲੇ ਦਾ ਬਿਰਤਾਂਤ’ ਦੀ ਰਚਨਾ ਕੀਤੀ। ਉਨ੍ਹਾਂ ਦੇ ਦੋ ਕਾਵਿ ਸੰਗ੍ਰਹਿ ‘ਸ਼ੈਤਾਨ ਆਦਮੀ’ ਅਤੇ ‘ਜਿੰਦੜੀਏ ਯਾਦ ਕਰੇਂਗੀ’ ਵੀ ਸਾਹਿਤ ਜਗਤ ਵਿਚ ਮਕਬੂਲ ਹੋਏ। ਉਨ੍ਹਾਂ ਪ੍ਰਸਿਧ ਸਾਹਿਤਕਾਰਾਂ ਦੇ ਸਦਾਬਹਾਰ ਕਥਨਾਂ ਦਾ ਸੰਗ੍ਰਹਿ ਕੀਤਾ ਅਤੇ ਤਿੰਨ ਪੁਸਤਕਾਂ ‘ਜਦੀਦ ਕਥਨਾਵਲੀ’, ‘ਫ਼ੂਲਾਂਜਲੀ’ ਅਤੇ ‘ਮਹਾਨ ਲੋਕ ਮਹਾਨ ਵਿਚਾਰ’ ਵੀ ਸਾਹਿਤ ਜਗਤ ਨੂੰ ਭੇਂਟ ਕੀਤੀਆਂ। 

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਬਲਵੀਰ ਸਾਹਨੇਵਾਲ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ। ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਹੈ। ਅਜੀਬ ਸਥਿਤੀ ਹੈ।ਅਜਿਹੀਆਂ ਖਬਰਾਂ ਸੁਣ ਕੇ ਵੀ ਦੂਰ ਰਹਿਣਾ ਮਜਬੂਰੀ ਬਣ ਗਈ ਹੈ।  

ਸਾਹਿਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ 

ਉੱਘੇ ਅਤੇ ਪ੍ਰਤੀਬੱਧ ਸਾਹਿਤਕਾਰ ਸੁਰਿੰਦਰ ਰਾਮਪੁਰੀ ਹੁਰਾਂ ਨੇ ਵੀ ਬਲਬੀਰ ਸਾਹਨੇਵਾਲ ਦੇ ਵਿਛੋੜੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਹੈ ਕਿ ਬਲਬੀਰ ਸਾਹਨੇਵਾਲ ਦਾ ਸਦੀਵੀ ਵਿਛੋੜਾ ਇੱਕ ਅਸਹਿ ਸਦਮਾ ਹੈ। ਉਹਨਾਂ ਕੁਝ ਯਾਦਾਂ ਵੀ ਸਾਂਝੀਆਂ ਕੀਤੀਆਂ ਹਨ। 


ਬਲਬੀਰ ਸਾਹਨੇਵਾਲ ਵਧੀਆ ਇਨਸਾਨ, ਸੁਹਿਰਦ ਮਿੱਤਰ ਅਤੇ ਨਾਮਵਰ ਸ਼ਾਇਰ ਸਨ। ਉਹ ਮਿਤੀ 13 ਮਈ,2021 ਨੂੰ ਸਦੀਵੀ ਵਿਛੋੜਾ ਦੇ ਗਏ।

ਬਲਬੀਰ ਮੇਰੇ ਨੇੜਲੇ ਸਾਹਿਤਕ ਦੋਸਤਾਂ ਵਿੱਚੋ ਸਨ। ਘਰ ਪਰਿਵਾਰ ਦੀ ਸਾਂਝ ਸੀ।  ਪਹਿਲੀ ਵਾਰ ਜਦੋਂ ਉਹ ਮੈਨੂੰ ਮਿਲਣ ਆਏ ਤਾਂ  ਦੱਸਿਆ ਕਿ " ਮੈਨੂੰ ਤੇਲੂ ਰਾਮ ਕੁਹਾੜਾ ਨੇ ਕਿਹੈ , ਸੁਰਿੰਦਰ ਰਾਮਪੁਰੀ ਨੂੰ ਮਿਲ।" ਉਦੋਂ ਤੱਕ  ਬਲਬੀਰ ਦੇ ਦੋ ਕਾਵਿ ਸੰਗ੍ਰਹਿ , ਸ਼ੈਤਾਨ ਆਦਮੀ' ਅਤੇ ' ਜਿੰਦੜੀਏ ਯਾਦ ਕਰੇਂਗੀ ' ਛਪ ਚੁੱਕੇ ਸਨ। ਮੈਂ ਉਨ੍ਹਾਂ ਨੂੰ ਪੰਜਾਬੀ ਲਿਖਾਰੀ ਸਭਾ ਰਾਮਪੁਰ ਨਾਲ ਜੋੜਿਆ।

ਉਹ ਲਗਾਤਾਰ ਪੜ੍ਹਦੇ ਸਨ । ਪੜ੍ਹੀਆਂ ਪੁਸਤਕਾਂ ਵਿੱਚੋਂ ਯਾਦਗਾਰੀ ਕਥਨ ਇਕੱਤਰ ਕਰਕੇ  ਪੁਸਤਕਾਂ 'ਜਦੀਦ ਕਥਨਾਵਲੀ',  "ਫੂਲਾਂ ਜਾਦੀ' ਅਤੇ 'ਮਹਾਨ ਲੋਕ ਮਹਾਨ ਵਿਚਾਰ' ਛਪਵਾਈਆਂ।

ਪਿਛਲੇ ਸਮੇਂ ਵਿਚ ਉਹ ਦੋਹਾਂ ਕਾਵਿ ਨੂੰ ਸਮਰਪਿਤ ਹੋ ਗਏ ਸਨ। ਦੋਹਿਆਂ ਦੀਆਂ ਚਾਰ, ਪੁਸਤਕਾਂ  ' ਛੱਲਾਂ ' ਇਕ ਇਹ ਦੋਹਾਵਲੀ , 'ਸਮੇਂ ਦਾ ਸੱਚ',' ਵੇਲੇ ਦਾ ਬਿਰਤਾਂਤ'   ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਦੋ ਪੁਸਤਕਾਂ ਦਾ ਖਰੜਾ ਤਿਆਰ ਕਰ ਲਿਆ ਸੀ।

ਬਲਬੀਰ ਸਾਹਨੇਵਾਲ ਦੇ ਸਦੀਵੀ ਵਿਛੋੜੇ ਦਾ ਬਹੁਤ ਅਫ਼ਸੋਸ ਹੈ। ਸੁਰਿੰਦਰ ਰਾਮਪੁਰੀ ਹੁਰਾਂ ਨੇ ਬਲਬੀਰ ਸਾਹਨੇਵਾਲ ਹੁਰਾਂ ਦੀ ਇੱਕ ਪੁਸਤਕ ਦਾ ਕਵਰ ਅਤੇ ਇਕ ਤਸਵੀਰ ਵੀ ਸਾਂਝੀ ਕੀਤੀ ਜਿਸ ਵਿਚ ਉੱਘੇ ਸਾਹਿਤਕਾਰ ਤੇਲੂ ਰਾਮ ਕੁਹਾੜਾ ਵੀ ਉਹਨਾਂ ਦੇ ਨਾਲ ਖੜੇ ਹਨ। 

Thursday 13 May 2021

ਸੁਤੰਤਰ ਭਾਰਤੀ ਦੇ ਅਕਾਲ-ਚਲਾਣੇ 'ਤੇ ਦੁਖ ਦਾ ਇਜ਼ਹਾਰ

 13th May 2021 at 02:14 PM Via WhatsApp

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਡੂੰਘੇ ਗਮ ਦਾ ਪ੍ਰਗਟਾਵਾ 

ਚੰਡੀਗੜ੍ਹ: 13 ਮਈ 2021: (ਕਰਮ ਵਕੀਲ//ਸਾਹਿਤ ਸਕਰੀਨ):: 

ਸੁਤੰਤਰ ਭਾਰਤੀ ਹੁਰਾਂ ਦੀ ਇੱਕ ਫਾਈਲ ਫੋਟੋ
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਆਪਣੇ ਸਰਗਰਮ ਜੀਵਨ-ਮੈਂਬਰ, ਅਗਾਂਹਵਧੂ ਜਨਵਾਦੀ-ਜਮਹੂਰੀ ਪ੍ਰਤੀਬੱਧ ਸਮਾਜਕ ਰੁਕਨ, ਸੰਜੀਦਾ ਅਧਿਆਪਕ, ਲੋਕ-ਪੱਖੀ ਸਭਿਆਚਾਰਕ ਗੀਤਕਾਰ ਅਤੇ ਗਾਇਕ ਸਿਰਸਾ ਵਾਸੀ ਸੁਤੰਤਰ ਭਾਰਤੀ ਦੇ ਬੇਵਕਤ ਅਕਾਲ-ਚਲਾਣੇ 'ਤੇ ਵੱਡੇ ਦੁਖ ਅਤੇ ਡੂੰਘੇ ਗ਼ਮ ਦਾ ਇਜ਼ਹਾਰ ਕੀਤਾ ਹੈ। ਕੇਂਦਰੀ ਸਭਾ ਵੱਲੋਂ ਜਾਰੀ ਸੋਗ-ਮਤੇ ਵਿਚ ਕਿਹਾ ਗਿਆ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਖੀਵਾ ਪਿੰਡ ਵਿਚ ਜੰਮੇ-ਪਲੇ ਸੁਤੰਤਰ ਭਾਰਤੀ ਨੇ ਹਰਿਆਣਾ ਵਿਚ ਜੇਬੀਟੀ ਅਧਿਆਪਕ ਦੀ ਸੇਵਾ ਗ੍ਰਹਿਣ ਕਰਨ ਉਪਰੰਤ ਹਰਿਆਣਾ ਦੇ ਸਿਰਸਾ ਸ਼ਹਿਰ ਵਿਚ ਹੀ ਪੱਕੇ ਤੌਰ ਤੇ ਨਿਵਾਸ ਕਰ ਲਿਆ ਸੀ। ਜੇਬੀਟੀ ਤੋਂ ਪਦ-ਉਨਤੀ ਉਪਰੰਤ ਉਹ ਲੰਬਾ ਸਮਾਂ ਪੰਜਾਬੀ ਅਧਿਆਪਕ ਵਜੋਂ ਸੇਵਾਵਾਂ ਪ੍ਰਦਾਨ ਕਰਦੇ ਰਹੇ। ਸੁਤੰਤਰ ਭਾਰਤੀ ਅੱਜ ਕੱਲ੍ਹ ਸਰਕਾਰੀ ਮਿਡਲ ਸਕੂਲ, ਭੰਗੂ ਦੇ ਮੁਖੀ ਸਨ ਅਤੇ ਉਹਨਾਂ ਨੇ ਆਉਂਦੀ 30 ਜੂਨ ਨੂੰ ਸਰਕਾਰੀ ਸੇਵਾ ਤੋਂ ਸੇਵਾ-ਮੁਕਤ ਹੋਣਾ ਸੀ ਪਰ ਕੋਰੋਨਾ ਵਰਗੀ ਮਹਾਮਾਰੀ ਅਤੇ ਸਾਡੇ ਮੁਲਕ ਦੀਆਂ ਲਚਰ ਸਿਹਤ-ਸੇਵਾਵਾਂ ਨੇ ਉਹਨਾਂ ਨੂੰ ਵਕ਼ਤ ਤੋਂ ਪਹਿਲਾਂ ਹੀ ਲੀਲ ਲਿਆ ਅਤੇ ਉਹ 12 ਮਈ ਦੀ ਰਾਤ ਸਦੀਵੀ ਵਿਛੋੜਾ ਦੇ ਗਏ। ਸੁਤੰਤਰ ਭਾਰਤੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜੀਵਨ-ਮੈਂਬਰ ਹੋਣ ਦੇ ਨਾਲ-ਨਾਲ ਸਰਵ ਕਰਮਚਾਰੀ ਸੰਘ, ਹਰਿਆਣਾ, ਹਰਿਆਣਾ ਗਿਆਨ-ਵਿਗਿਆਨ ਸੰਮਤੀ, ਹਰਿਆਣਾ ਸਕੂਲ ਅਧਿਆਪਕ ਸੰਘ, ਸੰਵਾਦ ਸਿਰਸਾ ਅਤੇ ਪੰਜਾਬੀ ਲੇਖਕ ਸਭਾ, ਸਿਰਸਾ ਵਿਚ ਵੀ ਸਰਗਰਮ ਰਹੇ। ਉਹਨਾਂ ਨੇ ਸਿਰਸਾ ਸਾਖ਼ਰਤਾ ਮਿਸ਼ਨ ਵਿਚ ਬਿਹਤਰ ਸੇਵਾਵਾਂ ਪ੍ਰਦਾਨ ਕਰਦੇ ਹੋਏ ਕਲਾ-ਜੱਥਿਆਂ ਵਿਚ ਮੋਹਰੀ ਭੂਮਿਕਾ ਨਿਭਾਈ। ਉਹ ਇਕ ਸੁਰੀਲੇ ਗਾਇਕ ਵੀ ਸਨ ਅਤੇ ਉਹਨਾਂ ਵੱਲੋਂ ਗਾਏ ਬਹੁਤ ਸਾਰੇ ਸਿਹਤਮੰਦ ਸਭਿਆਚਾਰਕ ਗੀਤ ਰਿਕਾਰਡ ਵੀ ਹੋ ਚੁੱਕੇ ਹਨ। ਸੁਤੰਤਰ ਭਾਰਤੀ ਦੇ ਬੇਵਕਤ ਸਦੀਵੀ ਵਿਛੋੜਾ ਦੇ ਜਾਣ 'ਤੇ ਅਗਾਂਹਵਧੂ ਜਨਵਾਦੀ-ਜਮਹੂਰੀ ਸਫ਼ਾਂ ਨੂੰ ਜੋ ਘਾਟਾ ਪਿਆ ਹੈ ਉਸਦੀ ਪੂਰਤੀ ਨਾਮੁਮਕਿਨ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ-ਪ੍ਰਧਾਨ ਡਾ. ਜੋਗਾ ਸਿੰਘ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਨੇ ਸੁਤੰਤਰ ਭਾਰਤੀ ਵਰਗੀ ਅਜ਼ੀਮ ਹਸਤੀ ਦੇ ਬੇਵਕਤ ਅਕਾਲ-ਚਲਾਣਾ ਕਰ ਜਾਣ 'ਤੇ ਵੱਡੇ ਦੁਖ ਦਾ ਇਜ਼ਹਾਰ ਕਰਦਿਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਭਨਾਂ ਸੱਜਣ-ਸਨੇਹੀਆਂ ਪ੍ਰਤੀ ਡੂੰਘੇ ਅਫ਼ਸੋਸ ਅਤੇ ਦਿਲ਼ੀ-ਸੰਵੇਦਨਾਵਾਂ ਦਾ ਪ੍ਰਗਟਾਵਾ ਕੀਤਾ ਹੈ ਅਤੇ ਮਨੁੱਖ-ਮਾਰੂ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਮੁਲਕ ਦੀਆਂ  ਲਚਰ ਸਿਹਤ-ਸੇਵਾਵਾਂ ਉਪਰ ਸਖ਼ਤ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਇਹਨਾਂ ਵਿਚ ਫੌਰੀ ਸੁਧਾਰ ਕੀਤੇ ਜਾਣ ਦੀ ਮੁਲਕ ਦੀ ਸਰਕਾਰ ਅਤੇ ਰਾਜ-ਸਰਕਾਰਾਂ ਪਾਸੋਂ ਮੰਗ ਕੀਤੀ ਹੈ।

ਮਿੰਨੀ ਕਹਾਣੀ//ਸਫੇਦ ਖੂਨ//ਐਮ ਐਸ ਭਾਟੀਆ

ਕਿਤਨਾ ਬਦਲ ਗਿਆ ਇਨਸਾਨ! 

Unsplash Photo by OpticalNomad

ਸਾਡੇ ਮੁਹੱਲੇ ਵਿੱਚ ਰਹਿੰਦੇ ਸ਼ਰਮਾ ਜੀ ਇਨਕਮ ਟੈਕਸ ਦੇ ਮਹਿਕਮੇ ਤੋਂ ਚੰਗੀ ਪੁਜੀਸ਼ਨ ਤੋਂ  ਰਿਟਾਇਰ ਹੋਏ ਹਨ। ਉਨ੍ਹਾਂ ਦੇ ਦੋ ਬੇਟੇ ਹਨ , ਜਿਹੜੇ ਚੰਗੀ  ਪੜ੍ਹਾਈ ਕਰ ਕੇ  ਅਮਰੀਕਾ ਵਿਚ ਰਹਿ ਰਹੇ  ਹਨ। ਇੱਥੇ ਸਿਰਫ਼  ਸ਼ਰਮਾ ਜੀ ਤੇ ਉਨ੍ਹਾਂ ਦੀ ਪਤਨੀ ਹੀ ਰਹਿੰਦੇ ਹਨ। ਘਰ ਦੇ ਕੰਮਕਾਜ ਅਤੇ ਦੇਖਭਾਲ ਲਈ ਨੌਕਰ ਹਨ। ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਹੈ।  ਜੇ ਕਦੀ  ਝੋਰਾ ਹੁੰਦਾ ਹੈ ਤਾਂ ਸਿਰਫ਼ ਬੱਚਿਆਂ ਦੇ ਦੂਰ ਵਿਦੇਸ਼ ਵਿੱਚ ਹੋਣ ਦਾ ਹੁੰਦਾ ਹੈ । ਸੰਖੇਪ ਜਿਹੀ ਬਿਮਾਰੀ ਪਿਛੋਂ  ਉਨ੍ਹਾਂ ਦੀ ਪਤਨੀ  ਦਾ ਦੇਹਾਂਤ ਹੋ ਗਿਆ।  ਦੋਨਾਂ ਬੇਟਿਆਂ ਨੂੰ ਇਤਲਾਹ ਦੇ  ਦਿੱਤੀ  ਤੇ ਉਨ੍ਹਾਂ ਦੀ ਉਡੀਕ  ਹੋ ਰਹੀ ਸੀ ਤਾਂ ਕਿ ਉਨ੍ਹਾਂ ਦੇ ਆਉਣ ਤੇ ਸਸਕਾਰ ਕੀਤਾ ਜਾਵੇ। ਅੱਜ ਉਨ੍ਹਾਂ ਦਾ ਛੋਟਾ ਬੇਟਾ ਆ ਗਿਆ । ਜਦੋਂ ਉਸ ਨੂੰ ਵੱਡੇ ਬੇਟੇ ਦੇ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਕਿ ਭਾਈ ਸਾਹਿਬ ਨੇ ਕਿਹਾ ਹੈ ਕਿ ਮੈਂ ਅਜੇ ਬਿਜੀ ਹਾਂ। ਇਸ ਵਾਰ ਤੂੰ ਚਲਾ ਜਾ ਤੇ ਪਿਤਾ ਜੀ ਦੀ ਵਾਰੀ  ਮੈਂ ਚਲਾ ਜਾਵਾਂਗਾ।
ਐਮ ਐਸ ਭਾਟੀਆ
M-9988491002

Wednesday 12 May 2021

ਸਦੀਵੀ ਵਿਛੋੜਾ ਦੇ ਗਏ ਮਸ਼ਹੂਰ ਕਵੀ ਕਿਦਾਰ ਨਾਥ ਕਿਦਾਰ

 12th May 2021 at 03:48 Via WhatsApp 

ਹਿੰਦੀ ਅਤੇ ਪੰਜਾਬੀ ਵਿੱਚ ਸੱਤ ਕਿਤਾਬਾਂ ਪਾਪੂਲਰ ਹੋਈਆਂ 


ਚੰਡੀਗੜ੍ਹ
: 12 ਮਈ 2021: (ਸਾਹਿਤ ਸਕਰੀਨ ਬਿਊਰੋ)::

ਮਸ਼ਹੂਰ ਕਵੀ ਕਿਦਾਰ ਨਾਥ ਕਿਦਾਰ 97 ਸਾਲ ਦੀ ਉਮਰ ਭੋਗ ਕੇ ਕੱਲ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਜਨਮ 13.01.1924 ਨੂੰ ਮਾਤਾ ਸਰਸਵਤੀ ਦੇ ਪਿਤਾ ਗਿਰਧਾਰੀ ਲਾਲ ਦੇ ਘਰੇ ਹੋਇਆ ਸੀ। ਉਨ੍ਹਾਂ ਸੱਤ ਕਾਵਿ ਸੰਗ੍ਰਹਿ ਹਿੰਦੀ ਅਤੇ ਪੰਜਾਬੀ ਵਿਚ ਰਚੇ-‘ਯਾਦਾਂ ਦੇ ਮਾਰੂਥਲ’, ‘ਮਹਿਕ ਪਿਆਰ ਦੀ’, ‘ਸੁਮਨ ਯਾਦਾਂ’, ਰਾਹੁਲ ਯਾਦਾਂ’, ‘ਦੋ ਬੋਲ ਪਿਆਰ ਦੇ’, ‘ਕਿਦਾਰਨਾਮਾ’ ਅਤੇ ‘ਪਲ ਦੋ ਪਲ ਦਾ ਸਾਥ’, ਇਕ ਨਾਟਕ ਸੰਗ੍ਰਹਿ ‘50 ਰੇਡੀਓ ਨਾਟਕ’ ਅਤੇ ‘ਸਫ਼ਰਨਾਮਾ’ ਸਾਹਿਤ ਜਗਤ ਦੀ ਝੋਲੀ ਪਾਏ। ਕਿਦਾਰ ਨਾਥ ਕਿਦਾਰ ਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦੀ ਇਕ ਸੀ. ਡੀ ‘ਆ ਸੱਜਣਾ ਦੋ ਗੱਲਾਂ ਕਰੀਏ’ ਸ਼੍ਰੀਮਤੀ ਡੌਲੀ ਗੁਲੇਰੀਆ ਦੀ ਮਿੱਠੀ ਆਵਾਜ਼ ਵਿਚ ਆਈ ਸੀ। ਸ਼੍ਰੀ ਸ਼ਾਮ ਸਿੰਘ ਅੰਗਸੰਗ ਅਤੇ ਸ਼੍ਰੀ ਦੇਵ ਭਾਰਦਵਾਜ ਨੇ ‘ਕਿਦਾਰ ਨਾਥ ਕਿਦਾਰ ਅਭਿਨੰਦਨ ਗ੍ਰੰਥ’ 2015 ਵਿਚ ਸੰਪਾਦਤ ਕੀਤਾ ਸੀ। ਸਾਹਿਤਕ ਕਾਰਜ ਕਰਦਿਆਂ ਉਨ੍ਹਾਂ ਨੇ ਪੰਜਾਬੀ ਅਦਬੀ ਸੰਗਤ, ਕੁਵੈਤ ਵਿਚ ਅਤੇ ਕਿਦਾਰ ਅਦਬੀ ਟਰੱਸਟ, ਪੰਚਕੂਲਾ ਵਿਖੇ ਬਣਾਏ ਅਤੇ ਦੋ ਦਹਾਕੇ ਤੋਂ ਵੱਧ ਸਮਾਂ ਆਪਣੇ ਘਰੇ ਪੰਚਕੂਲਾ ਵਿਖੇ ਸ਼ਾਇਰਾਂ ਦੀਆਂ ਮਹਿਫ਼ਲਾਂ ਬੁਲਾਉਂਦੇ ਰਹੇ। ਉਨ੍ਹਾਂ ਨੂੰ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਹਰਿਆਣਾ ਪੰਜਾਬੀ ਮਹਾਂ ਕਵੀ ਭਾਈ ਸੰਤੋਖ ਸਿੰਘ ਪੁਰਸਕਾਰ-2011 ਵਿਚ ਪ੍ਰਦਾਨ ਕੀਤਾ ਗਿਆ ਸੀ। 

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਦਾਰ ਨਾਥ ਕਿਦਾਰ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ।