google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਸੁਤੰਤਰ ਭਾਰਤੀ ਦੇ ਅਕਾਲ-ਚਲਾਣੇ 'ਤੇ ਦੁਖ ਦਾ ਇਜ਼ਹਾਰ

Thursday 13 May 2021

ਸੁਤੰਤਰ ਭਾਰਤੀ ਦੇ ਅਕਾਲ-ਚਲਾਣੇ 'ਤੇ ਦੁਖ ਦਾ ਇਜ਼ਹਾਰ

 13th May 2021 at 02:14 PM Via WhatsApp

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਡੂੰਘੇ ਗਮ ਦਾ ਪ੍ਰਗਟਾਵਾ 

ਚੰਡੀਗੜ੍ਹ: 13 ਮਈ 2021: (ਕਰਮ ਵਕੀਲ//ਸਾਹਿਤ ਸਕਰੀਨ):: 

ਸੁਤੰਤਰ ਭਾਰਤੀ ਹੁਰਾਂ ਦੀ ਇੱਕ ਫਾਈਲ ਫੋਟੋ
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਆਪਣੇ ਸਰਗਰਮ ਜੀਵਨ-ਮੈਂਬਰ, ਅਗਾਂਹਵਧੂ ਜਨਵਾਦੀ-ਜਮਹੂਰੀ ਪ੍ਰਤੀਬੱਧ ਸਮਾਜਕ ਰੁਕਨ, ਸੰਜੀਦਾ ਅਧਿਆਪਕ, ਲੋਕ-ਪੱਖੀ ਸਭਿਆਚਾਰਕ ਗੀਤਕਾਰ ਅਤੇ ਗਾਇਕ ਸਿਰਸਾ ਵਾਸੀ ਸੁਤੰਤਰ ਭਾਰਤੀ ਦੇ ਬੇਵਕਤ ਅਕਾਲ-ਚਲਾਣੇ 'ਤੇ ਵੱਡੇ ਦੁਖ ਅਤੇ ਡੂੰਘੇ ਗ਼ਮ ਦਾ ਇਜ਼ਹਾਰ ਕੀਤਾ ਹੈ। ਕੇਂਦਰੀ ਸਭਾ ਵੱਲੋਂ ਜਾਰੀ ਸੋਗ-ਮਤੇ ਵਿਚ ਕਿਹਾ ਗਿਆ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਖੀਵਾ ਪਿੰਡ ਵਿਚ ਜੰਮੇ-ਪਲੇ ਸੁਤੰਤਰ ਭਾਰਤੀ ਨੇ ਹਰਿਆਣਾ ਵਿਚ ਜੇਬੀਟੀ ਅਧਿਆਪਕ ਦੀ ਸੇਵਾ ਗ੍ਰਹਿਣ ਕਰਨ ਉਪਰੰਤ ਹਰਿਆਣਾ ਦੇ ਸਿਰਸਾ ਸ਼ਹਿਰ ਵਿਚ ਹੀ ਪੱਕੇ ਤੌਰ ਤੇ ਨਿਵਾਸ ਕਰ ਲਿਆ ਸੀ। ਜੇਬੀਟੀ ਤੋਂ ਪਦ-ਉਨਤੀ ਉਪਰੰਤ ਉਹ ਲੰਬਾ ਸਮਾਂ ਪੰਜਾਬੀ ਅਧਿਆਪਕ ਵਜੋਂ ਸੇਵਾਵਾਂ ਪ੍ਰਦਾਨ ਕਰਦੇ ਰਹੇ। ਸੁਤੰਤਰ ਭਾਰਤੀ ਅੱਜ ਕੱਲ੍ਹ ਸਰਕਾਰੀ ਮਿਡਲ ਸਕੂਲ, ਭੰਗੂ ਦੇ ਮੁਖੀ ਸਨ ਅਤੇ ਉਹਨਾਂ ਨੇ ਆਉਂਦੀ 30 ਜੂਨ ਨੂੰ ਸਰਕਾਰੀ ਸੇਵਾ ਤੋਂ ਸੇਵਾ-ਮੁਕਤ ਹੋਣਾ ਸੀ ਪਰ ਕੋਰੋਨਾ ਵਰਗੀ ਮਹਾਮਾਰੀ ਅਤੇ ਸਾਡੇ ਮੁਲਕ ਦੀਆਂ ਲਚਰ ਸਿਹਤ-ਸੇਵਾਵਾਂ ਨੇ ਉਹਨਾਂ ਨੂੰ ਵਕ਼ਤ ਤੋਂ ਪਹਿਲਾਂ ਹੀ ਲੀਲ ਲਿਆ ਅਤੇ ਉਹ 12 ਮਈ ਦੀ ਰਾਤ ਸਦੀਵੀ ਵਿਛੋੜਾ ਦੇ ਗਏ। ਸੁਤੰਤਰ ਭਾਰਤੀ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜੀਵਨ-ਮੈਂਬਰ ਹੋਣ ਦੇ ਨਾਲ-ਨਾਲ ਸਰਵ ਕਰਮਚਾਰੀ ਸੰਘ, ਹਰਿਆਣਾ, ਹਰਿਆਣਾ ਗਿਆਨ-ਵਿਗਿਆਨ ਸੰਮਤੀ, ਹਰਿਆਣਾ ਸਕੂਲ ਅਧਿਆਪਕ ਸੰਘ, ਸੰਵਾਦ ਸਿਰਸਾ ਅਤੇ ਪੰਜਾਬੀ ਲੇਖਕ ਸਭਾ, ਸਿਰਸਾ ਵਿਚ ਵੀ ਸਰਗਰਮ ਰਹੇ। ਉਹਨਾਂ ਨੇ ਸਿਰਸਾ ਸਾਖ਼ਰਤਾ ਮਿਸ਼ਨ ਵਿਚ ਬਿਹਤਰ ਸੇਵਾਵਾਂ ਪ੍ਰਦਾਨ ਕਰਦੇ ਹੋਏ ਕਲਾ-ਜੱਥਿਆਂ ਵਿਚ ਮੋਹਰੀ ਭੂਮਿਕਾ ਨਿਭਾਈ। ਉਹ ਇਕ ਸੁਰੀਲੇ ਗਾਇਕ ਵੀ ਸਨ ਅਤੇ ਉਹਨਾਂ ਵੱਲੋਂ ਗਾਏ ਬਹੁਤ ਸਾਰੇ ਸਿਹਤਮੰਦ ਸਭਿਆਚਾਰਕ ਗੀਤ ਰਿਕਾਰਡ ਵੀ ਹੋ ਚੁੱਕੇ ਹਨ। ਸੁਤੰਤਰ ਭਾਰਤੀ ਦੇ ਬੇਵਕਤ ਸਦੀਵੀ ਵਿਛੋੜਾ ਦੇ ਜਾਣ 'ਤੇ ਅਗਾਂਹਵਧੂ ਜਨਵਾਦੀ-ਜਮਹੂਰੀ ਸਫ਼ਾਂ ਨੂੰ ਜੋ ਘਾਟਾ ਪਿਆ ਹੈ ਉਸਦੀ ਪੂਰਤੀ ਨਾਮੁਮਕਿਨ ਹੈ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਮੀਤ-ਪ੍ਰਧਾਨ ਡਾ. ਜੋਗਾ ਸਿੰਘ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਸਮੇਤ ਸਮੂਹ ਅਹੁਦੇਦਾਰਾਂ ਅਤੇ ਕਾਰਜਕਾਰਨੀ ਮੈਂਬਰਾਂ ਨੇ ਸੁਤੰਤਰ ਭਾਰਤੀ ਵਰਗੀ ਅਜ਼ੀਮ ਹਸਤੀ ਦੇ ਬੇਵਕਤ ਅਕਾਲ-ਚਲਾਣਾ ਕਰ ਜਾਣ 'ਤੇ ਵੱਡੇ ਦੁਖ ਦਾ ਇਜ਼ਹਾਰ ਕਰਦਿਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਭਨਾਂ ਸੱਜਣ-ਸਨੇਹੀਆਂ ਪ੍ਰਤੀ ਡੂੰਘੇ ਅਫ਼ਸੋਸ ਅਤੇ ਦਿਲ਼ੀ-ਸੰਵੇਦਨਾਵਾਂ ਦਾ ਪ੍ਰਗਟਾਵਾ ਕੀਤਾ ਹੈ ਅਤੇ ਮਨੁੱਖ-ਮਾਰੂ ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ ਲਈ ਮੁਲਕ ਦੀਆਂ  ਲਚਰ ਸਿਹਤ-ਸੇਵਾਵਾਂ ਉਪਰ ਸਖ਼ਤ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਇਹਨਾਂ ਵਿਚ ਫੌਰੀ ਸੁਧਾਰ ਕੀਤੇ ਜਾਣ ਦੀ ਮੁਲਕ ਦੀ ਸਰਕਾਰ ਅਤੇ ਰਾਜ-ਸਰਕਾਰਾਂ ਪਾਸੋਂ ਮੰਗ ਕੀਤੀ ਹੈ।

No comments:

Post a Comment