google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: July 2019

Tuesday 30 July 2019

ਨਿਰੋਲ ਇਸਤਰੀਆਂ ਦੀ ਬਣੀ ”ਜੀਵਨ ਜੋਤ” ਸਾਹਿਤ ਸਭਾ

Jul 30, 2019, 5:25 PM
ਪਲੇਠੇ ਉਦਘਾਟਨੀ ਸਮਾਗਮ ਸਮੇਂ ਪੁੱਜੀਆਂ ਕਈ ਸਾਹਿਤਿਕ ਸ਼ਖਸੀਅਤਾਂ 
ਸਾਹਨੇਵਾਲ (ਲੁਧਿਆਣਾ): 30 ਜੁਲਾਈ 2019: (ਰਵਿੰਦਰ ਸਿੰਘ ਦੀਵਾਨਾ//ਪੰਜਾਬ ਸਕਰੀਨ)::
ਕਸਬਾ ਸਾਹਨੇਵਾਲ ਦੇ ਕਮਿਊਨਟੀ ਸੈਂਟਰ ਨੇੜੇ ਡਰੀਮ ਪਾਰਕ ਵਿਖੇ ”ਜੀਵਨ ਜੋਤ” ਪੰਜਾਬੀ ਸਾਹਿਤ ਸਭਾ ਦਾ ਗਠਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮਹੰਤ ਹਰਪਾਲ ਦਾਸ ਤੇ ਡਾ. ਗੁਰਚਰਨ ਕੌਰ ਕੋਚਰ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸਟੇਜ ਦਾ ਸੰਚਾਲਨ ਕਰਦਿਆਂ ਕਵੀਸ਼ਰ ਗੁਰਸੇਵਕ ਸਿੰਘ ਢਿੱਲੋਂ ਨੇ ਬੜੇ ਫਖ਼ਰ ਨਾਲ ਐਲਾਨ ਕੀਤਾ ਕਿ ਇਹ ”ਜੀਵਨ ਜੋਤ” ਸਾਹਿਤ ਸਭਾ ਨਿਰੋਲ ਇਸਤਰੀਆਂ ਦੀ ਬਣਾਈ ਗਈ ਹੈ, ਜਿਸ ਦੀ ਪ੍ਰਧਾਨ ਜਤਿੰਦਰ ਕੌਰ ਸੰਧੂ ਅਤੇ ਖਜ਼ਾਨਚੀ ਸਿਮਰਨ ਕੌਰ ਧੁੱਗਾ ਹੈ। ਇਸ ਮੌਕੇ ਡਾ. ਗੁਰਚਰਨ ਕੌਰ ਕੌਚਰ ਨੇ ਵੱਡੀ ਗਿਣਤੀ ਵਿੱਚ ਮਰਦ ਕਵੀਆਂ ਅਤੇ ਕਵਿਤਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਵੇਂ ਗੁਰੂ ਨਾਨਕ ਸਾਹਿਬ ਨੂੰ ਇਸ ਧਰਤੀ  ਤੇ ਆਇਆ ਨੂੰ 500 ਸਾਲ ਤੋਂ ਉਪਰ ਹੋ ਗਏ ਹਨ, ਜਿੰਨ੍ਹਾਂ ਨੇ ਇਸਤਰੀਆਂ ਬਾਰੇ ਕਿਹਾ ਸੀ ਕਿ ”ਸੋ ਕਿਉਂ ਮੰਦਾ ਆਖੀਏ-ਜਿੱਤ ਜੰਮੇ ਰਾਜਾਨ” ਇਸਤਰੀਆਂ ਨੇ ਪੜ੍ਹ ਲਿਖ ਕੇ ਬੜੀਆਂ ਮੱਲਾਂ ਮਾਰੀਆਂ ਹਨ ਇਸਤਰੀਆਂ ਫੌਜ ਦੇ ਵਿੱਚ ਬਹਾਦਰੀ ਦਿਖਾ ਰਹੀਆਂ ਹਨ ਤੇ ਪੀ.ਟੀ. ਊਸ਼ਾ ਵਰਗੀਆਂ ਅਸਮਾਨ ਛੋਹਣ ਵਰਗੀਆਂ ਦੌੜਾਂ ਦੌੜ ਕੇ ਇਸਤਰੀਆਂ ਦੀ ਅਗਵਾਈ ਕਰ ਰਹੀਆਂ ਹਨ ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਹਾਲੇ ਵੀ ਸਾਡੇ ਸਮਾਜ ਵਿੱਚ ਇਸਤਰੀਆਂ ਦਾ ਸਤਿਕਾਰ ਉਹ ਨਹੀ ਹੋ ਰਿਹਾ ਜੋ ਹੋਣਾ ਚਾਹੀਦਾ ਹੈ। ਅੱਜ ਮੈਂ ਬੜੇ ਫਖਰ ਨਾਲ ਕਹਿ ਰਹੀ ਹਾਂ ਕਿ ਸਾਡੀ ਇਹ ਜੀਵਨ ਜੋਤ ਸਾਹਿਤ ਸਭਾ ਭਾਵੇ ਮਰਦ ਕਵੀ ਵੀ ਬਹੁਤ ਆਏ ਹੋਏ ਹਨ ਤੇ ਆਉਂਦੇ ਰਹਿਣਗੇ ਪਰ ਇਸ ਸਭਾ ਦੀ ਅਗਵਾਈ ਸਿਰਫ ਇਸਤਰੀਆਂ ਹੀ ਕਰਨਗੀਆਂ ਇਸ ਮੌਕੇ ਮਹੰਤ ਹਰਪਾਲ ਦਾਸ ਨੇ ਵੀ ਆਪਣੇ ਵੱਡਮੁਲੇ ਵਿਚਾਰਾ ਨਾਲ ਇਸਤਰੀਆਂ ਦੀ ਸਲਾਘਾ ਕਰਦਿਆਂ ਸਭ ਨੂੰ ਵਧਾਈ ਦਿੱਤੀ ਇਸ ਮੌਕੇ ਪਰਮਜੀਤ ਕੌਰ ਮਹਿਕ, ਬਲਵਿੰਦਰ ਕੌਰ ਕਿਰਨ, ਸੁਰਿੰਦਰ ਕੌਰ ਬਾੜਾ, ਨੀਤੂ ਰਾਮਪੁਰ, ਰਜਿੰਦਰ ਕੌਰ ਪੰਨੂ, ਜਸਪ੍ਰੀਤ ਕੌਰ ਮਾਂਗਟ ਅਤੇ ਮਰਦ ਕਵੀਆਂ ਵਿੱਚੋਂ ਜਸਵੀਰ ਝੱਜ, ਰਵਿੰਦਰ ਸਿੰਘ ਦੀਵਾਨਾ, ਪਰਮਿੰਦਰ ਅਲਬੇਲਾ ਆਦਿ ਵੱਡੀ ਗਿਣਤੀ ਵਿੱਚ ਕਵੀ ਹਾਜ਼ਰ ਸਨ ਜਿਨ੍ਹਾਂ ਨੇ ਆਪਣੀਆਂ ਵੱਖੋ-ਵੱਖਰੀਆਂ ਕਵਿਤਾਵਾਂ ਸੁਣਾ ਕੇ ਫਿਜ਼ਾ ਵਿੱਚ ਰੰਗ ਘੋਲੇ। ਅਖੀਰ ਵਿੱਚ ਪ੍ਰਧਾਨ ਜਤਿੰਦਰ ਕੌਰ ਸੰਧੂ ਨੇ ਕਿਹਾ ਕਿ ਮੈਂ ਪ੍ਰਧਾਨ ਹੋਣ ਦੇ ਨਾਤੇ ਇਹ ਐਲਾਨ ਕਰਦੀ ਹਾਂ ਕਿ ਇਸ ਸਾਹਿਤ ਸਭਾ ਵਿੱਚ ਮਰਦ ਕਵੀਆਂ ਨੂੰ ਵੀ ਮਾਨ ਸਨਮਾਨ ਦਿੱਤਾ ਜਾਵੇਗਾ। ਪਰ ਇਸਤਰੀ ਕਵਿਤਰੀਆਂ ਨੂੰ ਪਿਛੇ ਨਹੀ ਰਖਿਆ ਜਾਵੇਗਾ। ਮੈਂ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਵਾਗੀ। ਜੀਵਨ ਜੋਤ ਸਾਹਿਤ ਸਭਾ ਸਾਹਨੇਵਾਲ ਦਾ ਇਹ ਪਲੇਠਾ ਕਵੀ ਦਰਬਾਰ ਯਾਦਗਾਰੀ ਹੋ ਨਿਭਰਿਆ।
  

Saturday 20 July 2019

ਪੰਜਾਬੀ ਸ਼ਾਇਰਾ ਕੁਲਵਿੰਦਰ ਕਿਰਨ ਨੇ ਪ੍ਰਗਟਾਈ ਹਿੰਦੀ ਸਰੋਤਿਆਂ ਨਾਲ ਨਾਰਾਜ਼ਗੀ

ਜੁਆਬ ਵਿੱਚ ਹਿੰਦੀ ਸਰੋਤਿਆਂ ਨੇ ਦੂਰ ਕੀਤੇ ਸਾਰੇ ਗਿਲੇ
ਲੁਧਿਆਣਾ21 ਜੁਲਾਈ 2019: (ਕਾਰਤਿਕਾ  ਸਿੰਘ//ਸਾਹਿਤ ਸਕਰੀਨ)::
ਅੱਜ ਪ੍ਰਸਿੱਧ ਸ਼ਾਇਰਾ ਕੁਲਵਿੰਦਰ ਕੌਰ ਕਿਰਨ ਨੂੰ ਉਸ ਵੇਲੇ ਗੁਸਾ ਆ ਗਿਆ ਜਦੋਂ ਉਹਨਾਂ ਨੂੰ ਲੱਗਿਆ ਕਿ ਸਮਾਗਮ ਵਿੱਚ ਹਿੰਦੀ ਦੇ ਸਰੋਤਿਆਂ ਦੀ ਬਹੁਤਾਤ ਹੈ ਇਸ ਲਈ ਬਹੁਤੇ ਸਰੋਤੇ ਉਹਨਾਂ ਦੀ ਪੰਜਾਬੀ ਸ਼ਾਇਰੀ ਵੱਲ ਧਿਆਨ ਨਹੀਂ ਦੇ ਰਹੇ। ਇਸ ਗੱਲ ਦਾ ਪ੍ਰਗਟਾਵਾ ਉਹਨਾਂ ਮਾਈਕ 'ਤੇ ਆਪਣੀ ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਹੀ ਖੁੱਲ ਕੇ ਵੀ ਕਰ ਦਿੱਤਾ। ਉਹ ਅੱਜ ਪੰਜਾਬੀ ਭਵਨ ਵਿਖੇ ਹੋਏ ਤ੍ਰੈ-ਭਾਸ਼ੀ ਮੁਸ਼ਾਇਰੇ ਵਿੱਚ ਸ਼ਾਮਲ ਹੋਣ ਲਈ ਆਏ ਹੋਏ ਸਨ। ਇਸਦਾ ਆਯੋਜਨ "ਅਲਫਾਜ਼-ਏ-ਅਦਬ" ਅਤੇ "ਆਗਮਨ" ਨਾਮਕ ਸੰਸਥਾਵਾਂ ਵੱਲੋਂ ਸ਼ਾਇਰਾ ਨੀਲੂ ਬੱਗਾ ਦੇ ਜਨਮਦਿਨ ਮੌਕੇ ਸਾਂਝੇ ਤੌਰ 'ਤੇ ਕੀਤਾ ਗਿਆ ਸੀ। ਇਸ 'ਤੇ ਪ੍ਰਬੰਧਕਾਂ ਅਤੇ ਸਰੋਤਿਆਂ ਨੇ ਉਹਨਾਂ ਨੂੰ ਯਕੀਨ ਦੁਆਇਆ ਕਿ ਅਜਿਹਾ ਕੁਝ ਵੀ ਨਹੀਂ ਹੈ ਤੁਸੀਂ ਆਪਣੀ ਕਵਿਤਾ ਦਾ ਪਾਠ ਸ਼ੁਰੂ ਕਰੋ। ਅੱਜ ਦੇ ਮੁਸ਼ਾਇਰੇ ਵਿਚਕ ਉਹਨਾਂ  ਨਾਲ ਗ਼ਜ਼ਲਾਂ ਵੀ ਸੁਣਾਈਆਂ ਅਤੇ ਨਾਲ ਹੀ ਸੁਣਾਈਆਂ ਆਪਣੀ ਹਿੰਦੀ ਕਾਵਿ ਰਚਨਾ ਦੀਆਂ ਦੋ ਕੁ ਸਤਰਾਂ।  ਸਰੋਤਿਆਂ ਨੇ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਤਾੜੀਆਂ ਨਾਲ ਬੱਲੇ ਬੱਲੇ ਕਰਵਾ ਦਿੱਤੀ।

Friday 12 July 2019

ਸਰਕਾਰ ਪੰਜਾਬੀ ਲੇਖਕਾਂ ਨੂੰ ਵੀ ਜਲਦੀ ਸਨਮਾਨਿਤ ਕਰੇ-ਡਾ. ਟਾਂਡਾ

Jul 12, 2019, 3:24 AM
ਸਰਕਾਰ ਉੱਚ ਦਰਜੇ ਦਾ ਸਾਹਿਤ ਛਾਪਣ 'ਚ ਵੀ ਮਦਦ ਕਰੇ
ਸਿਡਨੀ: 12 ਜੁਲਾਈ 2019: (ਸਾਹਿਤ ਸਕਰੀਨ ਬਿਊਰੋ)::
‘ਵਿਸ਼ਵ ਪੰਜਾਬੀ ਸਾਹਿਤ ਪੀਠ’ ਦੇ ਡਾਇਰੈਕਟਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਲਾਹਕਾਰ ਡਾ ਅਮਰਜੀਤ ਟਾਂਡਾ ਨੇ ਪਰੈਸ ਦੇ ਨਾਂ ਨੋਟ ਜਾਰੀ  ਕਰਦਿਆਂ ਰੋਜਹਿੱਲ ਸਿਡਨੀ ਵਿਖੇ ਕਿਹਾ ਹੈ ਕਿ ‘ਵਿਸ਼ਵ ਪੰਜਾਬੀ ਸਾਹਿਤ ਪੀਠ’ ਪੰਜਾਬ ਦੇ ਪ੍ਰਸਿੱਧ ਖਿਡਾਰੀਆਂ ਨੂੰ ਉਨ੍ਹਾਂ ਦਾ ਖੇਡਾਂ ਦੇ ਖੇਤਰ 'ਚ ਵੱਡਾ ਨਾਮਣਾ ਖੱਟਣ ਸਦਕਾ ਸਨਮਾਨਿਤ ਕਰਨ ਤੇ ਖੁਸ਼ੀ ਜ਼ਾਹਰ ਕਰਦੀ ਹੈ। 
ਡਾ. ਟਾਂਡਾ ਨੇ ਕਿਹਾ ਕਿ ਅਸੀਂ ਸਰਕਾਰ ਦੇ ਇਸ ਕਾਰਜ ਦੀ ਸ਼ਲਾਘਾ ਕਰਦੇ ਹਾਂ ਤੇ ਇਹ ਵੀ ਅਰਜ਼ ਕਰਦੇ ਹੈ ਕਿ ਉਹ ਪੰਜਾਬੀ ਦੇ ਨਾਮਵਰ ਪਰਸਿੱਧ ਲੇਖਕਾਂ ਨੂੰ ਵੀ ਸਨਮਾਨਿਤ ਕਰੇ। ਇੰਜ ਕਰਨ ਨਾਲ ਪੰਜਾਬੀ ਕਲਮਾਂ ਚ ਅੱਛਾ ਤੇ ਉਚਪੱਧਰੀ ਲਿਖਣ ਦੀ ਪਿਰਤ ਪਏਗੀ।
ਡਾ. ਟਾਂਡਾ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਇਹ ਵੀ ਬੇਨਤੀ ਕਰਾਂਗੇ ਕਿ ਉਹ ਉੱਚ ਦਰਜੇ ਦਾ ਸਾਹਿਤ ਵੀ ਛਾਪਣ ਚ ਮੱਦਦ ਕਰੇ। ਉਹ ਲੇਖਕ ਜਿਹਨਾਂ ਸਾਹਿੱਤ ਦੇ ਖੇਤਰ ਚ ਵਿਲੱਖਣ ਪੇਸ਼ਕਸ਼ ਕਾਰਣ ਨਾਮਣਾ ਖੱਟਿਆ ਹੈ ਉਹਨਾਂ ਦੀ ਧਨ ਨੌਕਰੀ ਨਾਲ ਸਹਾਇਤਾ ਕੀਤੀ ਜਾਵੇ ਡਾ ਟਾਂਡਾ ਨੇ ਜ਼ੋਰ ਪਾ ਕੇ ਕਿਹਾ।
ਡਾ ਟਾਂਡਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਲੇਖਕਾਂ ਨੂੰ ਲਿਖਣ ਲਈ ਉਤਸ਼ਾਹਤ ਕਰਨ ਲਈ ਉਹਨਾਂ ਨੂੰ ਸਾਹਿਤ ਫੈਲੋਸਿਪ ਖਾਸ ਐਵਾਰਡ  ਦੇ ਕੇ ਨਿਵਾਜਿਆ ਜਾਵੇ।
ਡਾ. ਟਾਂਡਾ ਨੇ ਕਿਹਾ ਕਿ ਪੰਜਾਬੀ ਵਿਚ ਬਹੁਤ ਕਵੀ ਅਤੇ ਵਿਦਵਾਨ ਲੇਖਕ ਹਨ ਤੇ ਉਹ ਆਪਣੀਆਂ ਰਚਨਾਵਾਂ ਰਾਹੀਂ ਸੁਹਜ ਤੇ ਉਦਾਰਤਾ ਸਿਰਜ ਰਹੇ ਹਨ। ਲੇਖਕ ਸਥੂਲਤਾ ਭਰੇ ਬਿੰਬ ਅਨੁਭਵ ਦਾ ਚਿੱਤਰ ਸਿਰਜਦੇੇ ਸੰਪੂਰਨਤਾ ਦਾ ਸਾਹ ਲੈਂਦੇ ਹਟਕੋਰੇ ਵੀ ਭਰਦੇ ਹਨ। ਤੇ ਓਸੇ ਹੀ ਗਤੀਸ਼ੀਲਤਾ ਵਿੱਚ ਕਲਪਨਾ ਲੋਕ ਅੱਖ ਖੋਲਦੀ ਤੇ ਖਿੜਦੀ ਹੈ।
ਏਸੇ ਹੀ ਸਾਹਿਤਕ ਕਾਵਿ ਕਲਪਨਾ, ਵਿਸ਼ਾਲਤਾ ਤੇ ਜ਼ਰਖੇਜ਼ ਪਾਰਦਰਸ਼ੀ ਦ੍ਰਿਸ਼ਟਤਾ ਨਾਲ ਸਮਾਜ ਸਿਰਜਿਆ ਜਾਂਦਾ ਹੈ। ਤੇ ਇੰਜ ਹੀ ਡਾਟਾਂ ਵਾਲੇ ਉਚੇ ਬੂਹੇ ਪਿੰਡਾਂ ਸ਼ਹਿਰਾਂ ਵਿਚ ਉਸਾਰੇ ਜਾ ਸਕਦੇ ਹਨ।
ਜੇ ਸਰਕਾਰ ਮਦਦ ਕਰੇ ਬੂੰਦ 2 ਸਮੁੰਦਰ ਵੀ ਬਣ ਸਕਦੀ ਹੈ। ਗੂੜ੍ਹੀ ਲਿਖਤ ਵਾਲੇ ਵਰਕੇ ਕਿਤਾਬਾਂ ਬਣ ਵਿਚਰ ਸਕਦੇ ਹਨ ਡਾ ਟਾਂਡਾ ਨੇ ਕਿਹਾ।
ਡਾ. ਟਾਂਡਾ ਨੇ ਕਿਹਾ ਕਿ ਲੇਖਕ ਇੰਜ ਵਿਸ਼ਵ ਸਾਹਿਤ ਅਨੁਭਵ ਵਿਚ ਅਹਿਸਾਸ ਭਰ ਦਿੰਦਾ ਹੈ। ਯਥਾਰਕਤਾ ਕਲਪਨਾ ਦੀ ਸੰਪੂਰਨਤਾ ਨੂੰ ਤਲਾਸ਼ ਕਰਦਾ ਤਾਂਬੇ ਦੀ ਤਸਤਰੀ ਤੇ ਇਕ ਸ਼ਾਲ ਤੱਕ ਬਹੁਤ ਦੇਰ ਬਾਅਦ ਪਹੁੰਚਾਇਆ ਗਿਆ ਲੇਖਕ ਪਾਠਕਾਂ ਦੇ ਸੀਨਿਆਂ ਚ ਦੇਰ ਤੋਂ ਵਸਦਾ ਸਰਕਾਰ ਦਰਬਾਰ ਤੋਂ ਅਣਪਛਾਤਾ ਰਹਿੰਦਾ ਹੈ।        
ਡਾ. ਟਾਂਡਾ ਨੇ ਕਿਹਾ ਕਿ ਅੱਛੀ ਕਿਰਤ ਤੇ ਲੇਖਕ ਸਮੇਂ ਸਿਰ ਪਛਾਣੇ ਜਾਣੇ ਚਾਹੀਦੇ ਹਨ ਨਹੀਂ ਤਾਂ ਕਲਮਾਂ ਨੂੰ ਗੀਤ ਭੁੱਲ ਜਾਣਗੇ। ‘ਵਿਸ਼ਵ ਪੰਜਾਬੀ ਸਾਹਿਤ ਪੀਠ’ ਨੇ ਵੀ ਫੈਸਲਾ ਕੀਤਾ ਹੈ ਕਿ ਸੁਹਿਰਦ ਲੇਖਕ ਜਲਦੀ ਪਛਾਣੇ ਜਾਣ ਤੇ ਭਵਿੱਖ ਵਿਚ ਅਣਪਛਾਤੇ ਨਾ ਰਹਿ ਜਾਣ। ਇੰਜ ਹੋਇਆ ਤਾਂ ਸਦੀਆਂ ਸਾਨੂੰ ਮੁਆਫ ਨਹੀਂ ਕਰਨਗੀਆਂ। ਚੁੱਪ ਨਾਲ ਕੋਈ ਨਹੀਂ ਕਰੇਗਾ ਸੰਵਾਦ। ਸੋ ਸਰਕਾਰਾਂ ਨੂੰ ਅਜਿਹੇ ਕਾਰਜ ਜਲਦੀ ਅਰੰਭਣੇ ਚਾਹੀਦੇ ਹਨ ਡਾ. ਟਾਂਡਾ ਨੇ ਸਲਾਹ ਦਿੰਦਿਆਂ ਕਿਹਾ।
ਉਹਨਾਂ ਇਹ ਗੱਲ ਸਪਸ਼ਟ ਨਹੀਂ ਕੀਤੀ ਕਿ ਸਥਾਪਤੀ ਅਤੇ ਸੱਤਾ ਦੇ ਖਿਲਾਫ ਲਿਖਣ ਵਾਲੇ ਲੇਖਕਾਂ ਦੀਆਂ ਪੁਸਤਕਾਂ ਕੌਣ ਛਾਪੇਗਾ? ਅਸਹਿਣਸ਼ੀਲ ਅਨਸਰਾਂ ਦੇ ਹਮਲਿਆਂ ਦਾ ਸ਼ਿਕਾਰ ਹੋ ਰਹੇ ਲੇਖਕਾਂ ਲਈ ਕੌਣ ਬਣੇਗਾ ਸਹਾਇਕ?

Wednesday 10 July 2019

ਗੀਤਕਾਰ ਅਮਰਜੀਤ ਸ਼ੇਰਪੁਰੀ ਦੀ ਪੁਸਤਕ 'ਗਾਉਂਦੇ ਹਰਫ਼' ਲੋਕ ਅਰਪਣ

Jul 10, 2019, 5:49 PM
ਉੱਘੀਆਂ ਸ਼ਖਸੀਅਤਾਂ ਨੇ ਕੀਤੀ ਸਮਾਗਮ ਵਿੱਚ ਸ਼ਮੂਲੀਅਤ 
ਲੁਧਿਆਣਾ: 10 ਜੁਲਾਈ 2019: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
'ਕੌਮੀ ਸਾਹਿਤ ਅਤੇ ਕਲਾ ਪ੍ਰੀਸ਼ਦ ਅਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਹਿਯੋਗ ਨਾਲ ਉੱਘੇ ਗੀਤਕਾਰ ਅਮਰਜੀਤ ਸ਼ੇਰਪੁਰੀ ਦੁਆਰਾ ਲਿਖੀ ਹੋਈ ਗੀਤਾਂ ਦੀ ਪਲੇਠੀ ਕਾਵਿ-ਪੁਸਤਕ 'ਗਾਉਂਦੇ ਹਰਫ਼' ਪੰਜਾਬੀ ਭਵਨ, ਲੁਧਿਆਣਾ ਵਿਖੇ ਲੋਕ ਅਰਪਣ ਕੀਤੀ ਗਈ। "ਗਾਉਂਦੇ ਹਰਫ਼" ਲਿਖਣ ਵਾਲੇ ਅਮਰਜੀਤ ਸ਼ੇਰਪੁਰੀਦੀ ਬੁਲੰਦ ਆਵਾਜ਼ ਤੋਂ ਸਾਰੇ ਪੰਜਾਬੀ ਸਰੋਤੇ ਵਾਕਿਫ ਹਨ। ਜੇ ਬਿਜਲੀ ਵੀ ਚਲੀ ਜਾਏ ਤਾਂ ਵੀ ਸਪੀਕਰ ਤੋਂ ਉੱਚੀ ਆਵਾਜ਼ ਹੁੰਦੀ ਹੈ ਅਮਰਜੀਤ ਸ਼ੇਰਪੁਰੀ ਦੀ। ਨਗਰ ਨਿਗਮ ਵਿੱਚ ਕੁਰਸੀ 'ਤੇ ਬੈਠੀਆਂ ਵੀ ਉਸਦੇ ਨਿੱਘੇ ਸੁਭਾਅ ਤੋਂ ਸਾਰੇ ਵਾਕਿਫ ਹਨ। ਇਸ ਮੌਕੇ 'ਤੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ, ਪ੍ਰੋ. ਰਵਿੰਦਰ ਸਿੰਘ ਭੱਠਲ, ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਪ੍ਰੋ. ਅਨੂਪ ਵਿਰਕ, ਉੱਘੇ ਪੱਤਰਕਾਰ ਸਤਿਬੀਰ ਸਿੰਘ, ਪ੍ਰਗਟ ਸਿੰਘ ਗਰੇਵਾਲ ਅਤੇ ਗਾਇਕ ਪਾਲੀ ਦੇਤਵਾਲੀਆ ਸਮੇਤ ਸਮੂਹ ਸ਼ਖ਼ਸ਼ੀਅਤਾਂ ਨੇ ਸਾਂਝੇ ਤੌਰ ਤੇ ਲੋਕ ਅਰਪਣ ਕੀਤੀ। ਪੁਸਤਕ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦਿਆਂ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਅਮਰਜੀਤ ਸ਼ੇਰਪੁਰੀ ਨੇ ਵੱਖ ਵੱਖ ਸਮਾਜਿਕ ਵਿਸ਼ਿਆਂ 'ਤੇ ਗੀਤ ਲਿਖ ਕੇ ਚੰਗੀ ਪਿਰਤ ਪਾਈ ਹੈ। ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪੁਸਤਕ ਵਿਚਲੇ ਗੀਤਾਂ ਬਾਰੇ ਭਰਪੂਰ ਚਾਨਣਾ ਪਾਇਆ। ਸਮਾਗਮ ਦੌਰਾਨ ਉੱਘੇ ਗੀਤਕਾਰ ਸਰਬਜੀਤ ਸਿੰਘ ਬਿਰਦੀ ਨੇ ਮੰਚ ਸੰਚਾਲਨ ਕਰਦੇ ਹੋਏ ਸਮੂਹ ਸ਼ਖਸੀਅਤਾਂ ਨੂੰ ਸਰੋਤਿਆਂ ਦੇ  ਰੂਬਰੂ  ਕਰਵਾਇਆ।
ਇਸ ਸਮਾਗਮ ਵਿਚ ਸ. ਹਰਵਿੰਦਰ ਸਿੰਘ, ਡਾ. ਗੁਰਇਕਬਾਲ ਸਿੰਘ, ਡਾ. ਨਿਰਮਲ ਜੌੜਾ, ਤ੍ਰਿਲੋਚਨ ਲੋਚੀ, ਮਨਜਿੰਦਰ ਧਨੋਆ, ਗੁਰਚਰਨ ਕੌਰ ਕੋਚਰ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਪਰਮਜੀਤ ਸਿੰਘ ਸੋਹਲ, ਸ. ਜਸਬੀਰ ਸਿੰਘ ਸੋਹਲ, ਸ.ਜਨਮੇਜਾ ਸਿੰਘ ਜੌਹਲ, ਜਸਮੇਰ ਸਿੰਘ ਢੱਟ, ਤਰਲੋਚਨ ਸਿੰਘ ਰੰਗ ਕਰਮੀ, ਕੇ. ਸਾਧੂ ਸਿੰਘ, ਗੁਰਸ਼ਰਨ ਸਿੰਘ ਨਰੂਲਾ, ਹਰਬੰਸ ਮਾਲਵਾ, ਕੁਲਵਿੰਦਰ ਕੌਰ ਕਿਰਨ, ਸਿਮਰਨ ਕੌਰ ਧੁੱਗਾ, ਜਸਪ੍ਰੀਤ ਕੌਰ ਮਾਂਗਟ, ਕਿੱਕਰ ਡਾਲੇ ਵਾਲਾ, ਰਵਿੰਦਰ ਦੀਵਾਨਾ, ਦਵਿੰਦਰ ਸਿੰਘ ਸੇਖਾ, ਚਮਕੌਰ ਸਿੰਘ, ਗਿਆਨੀ ਗੁਰਦੇਵ ਸਿੰਘ, ਪ੍ਰੋ. ਜਸਬੀਰ ਸਿੰਘ, ਸੁਖਬੀਰ ਸੰਧੇ, ਪਰਮਿੰਦਰ ਅਲਬੇਲਾ ਸਮੇਤ ਹੋਰ ਕਈ ਸ਼ਖ਼ਸੀਅਤਾਂ ਹਾਜ਼ਰ ਸਨ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਸੀ। 


Monday 8 July 2019

ਰਾਮਪੁਰ ਸਭਾ ਦੀ ਜੁਲਾਈ ਮਹੀਨੇ ਦੀ ਇਕੱਤ੍ਰਤਾ ਵਿੱਚ ਵਿਚਾਰੇ ਗਏ ਅਹਿਮ ਮੁੱਦੇ

Jul 8, 2019, 6:27 PM
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੂੰ ਹੋਰ ਮਜ਼ਬੂਤ ਕਰਨ ਦੀਆਂ ਵੀ ਵਿਚਾਰਾ 
ਰਾਮਪੁਰ ਲਿਖਾਰੀ ਸਭਾ ਦੀ ਜੁਲਾਈ ਮਹੀਨੇ ਦੀ ਇਕੱਤ੍ਰਤਾ ਸਮੇਂ ਹਾਜ਼ਰ ਸਾਹਿਤਕਾਰ ਤੇ ਸਾਹਿਤ ਪ੍ਰੇਮੀ, ਪ੍ਰੋ. ਸ਼ਮਸ਼ਾਦ ਅਲੀ ਅਤੇ ਦੌਲਤ ਜਲੋਟਾ ਵੱਲੋਂ ਸਭਾ ਦੀ ਲਾਇਬ੍ਰੇਰੀ ਲਈ ਭੇਂਟ ਕੀਤੀਆਂ ਪੁਸਤਕਾਂ ਦੇ ਨਾਲ
ਰਾਮਪੁਰ//ਬੁਆਣੀ: 8 ਜੁਲਾਈ 2019: (ਸਾਹਿਤ ਸਕਰੀਨ ਬਿਊਰੋ):: 
ਜਦੋਂ ਆਮ ਲੋਕਾਂ ਦੇ ਨਾਲ ਨਾਲ ਬੁੱਧੀਜੀਵੀ ਵੀ ਵਕਤ ਦੇ ਦਬਾਵਾਂ ਅੱਗੇ ਝੁਕ ਰਹੇ ਸਨ। ਕਦੇ ਸਰਕਾਰਾਂ ਦੇ ਦਬਾਅ ਅੱਗੇ ਤੇ ਕਦੇ ਫਿਰਕੂ ਚੜ੍ਹਤ ਦੇ ਦਬਾਅ ਅੱਗੇ। ਉਦੋਂ ਵੀ ਰਾਮਪੁਰ ਦੇ ਲੇਖਕਾਂ ਨੇ ਆਪਣੀ ਅਡੋਲਤਾ ਨਹੀਂ ਛੱਡੀ। ਹੁਣ ਇੱਕ ਵਾਰ ਫੇਰ ਇਮਤਿਹਾਨ ਵਰਗਾ ਦੌਰ ਚੱਲ ਰਿਹਾ ਹੈ। ਉਦੋਂ ਵੀ ਰਾਮਪੁਰ ਦੇ ਲੇਖਕ ਦ੍ਰਿੜਤਾ ਨਾਲ ਅਡੋਲ ਖੜੇ ਹਨ। ਇਸ ਗੱਲ ਦਾ ਅਹਿਸਾਸ ਹੋਇਆ ਇਥੋਂ ਦੇ ਲੇਖਕਾਂ ਦੀ ਮੀਟਿੰਗ ਦੌਰਾਨ। 
ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਜੁਲਾਈ ਮਹੀਨੇ ਦੀ ਇਕੱਤਰਤਾ ਸਭਾ ਦੇ ਪ੍ਰਧਾਨ ਜਸਵੀਰ ਝੱਜ ਦੀ ਪ੍ਰਧਾਨਗੀ ਹੇਠ ਸਭਾ ਦੀ ਲਾਇਬ੍ਰੇਰੀ ਪਿੰਡ ਰਾਮਪੁਰ ਵਿਖੇ ਕੀਤੀ ਗਈ। ਜਿਸ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੀਆਂ ਸਤੰਬਰ ਮਹੀਨੇ ਹੋਣ ਵਾਲ਼ੀ ਚੋਣ ਨੂੰ ਧਿਆਨ ਵਿਚ ਰੱਖਦੇ ਹੋਏ, ਕੇਂਦਰੀ ਸਭਾ ਦੇ ਮੀਤ ਪ੍ਰਧਾਨ ਜਸਵੀਰ ਝੱਜ ਨੇ ਦੱਸਿਆ ਕਿ ਨਵੇਂ ਮੈਂਬਰ ਬਣਨ ਲਈ ਪੁਸਤਕ ਜਾਂ 15 ਤੋਂ ਵੱਧ ਛਪੀਆਂ ਰਚਨਾਵਾਂ, ਜਾਂ ਪੁਸਤਕ ਤੇ ਰਚਨਾਵਾਂ ਦੇ ਖਰੜੇ ਦੀ ਕਾਪੀ ਦੇ ਨਾਲ਼ ਤਿੰਨ ਸਾਲ ਲਈ ਦੋ ਰੁਪਏ ਮੈਂਬਰਸ਼ਿੱਪ ਤੇ ਡੇਢ ਸੌ ਰੁਪਏ ਮੈਂਬਰ ਸੂਚੀ (ਜ਼ਰੂਰੀ ਨਹੀਂ) ਜਮ੍ਹਾਂ ਕਰਵਾਕੇ ਅਗਲੇ ਤਿੰਨ ਸਾਲ ਲਈ ਜਾਂ ਇੱਕ ਹਜ਼ਾਰ ਰੁਪਏ ਇੱਕ ਵਾਰ ਦੇ ਕੇ ਜੀਵਨ ਭਰ ਲਈ ਮੈਂਬਰ ਬਣ ਸਕਦਾ ਹੈ। ਰਾਸ਼ੀ ਜਮ੍ਹਾਂ ਕਰਵਾਉਣ ਲਈ ਕੇਂਦਰੀ ਸਭਾ ਨੇ 21 ਜੁਲਾਈ ਅੰਤਮ ਮਿਤੀ ਐਲਾਨੀ ਹੈ। ਸਭਾ ਦੀ ਇਕੱਤ੍ਰਤਾ ਵਿਚ ਪਹਿਲੀ ਵਾਰ ਸੋਮਨਾਥ ਸਿੰਘ ਨੂੰ ਸਭਾ ਦੇ ਪ੍ਰਧਾਨ ਜਸਵੀਰ ਝੱਜ ਤੇ ਹਾਜ਼ਰੀਨ ਨੇ ਜੀ ਆਇਆਂ ਕਿਹਾ। ਰਚਨਾਵਾਂ ਦੇ ਦੌਰ ਵਿਚ ਸ਼ਾਇਰਾ ਨੀਤੂ ਰਾਮਪੁਰ ਨੇ ‘ ਕਵਿਤਾ ਕਦੇ ਮਰਦੀ ਨਹੀਂ’, ਨਰਿੰਦਰ ਸ਼ਰਮਾਂ ਨੇ ‘ਹਿਸਾਬ ਤਾਂ ਦੇਣਾ ਹੀ ਪਵੇਗਾ’, ਅਮਨਦੀਪ ਆਜ਼ਾਦ ਨੇ ‘ਰਿਸ਼ਤੇ’, ਹਰਪ੍ਰੀਤ ਸਿਹੌੜਾ ਨੇ ‘ਖੁਲ੍ਹੀ ਕਵਿਤਾ’, ਅਮਰਿੰਦਰ ਸੋਹਲ ਨੇ ‘ਹੁੰਨਰ’ ਕਵਿਤਾ ਪੜ੍ਹੀ। ਡਾ. ਗੁਲਜ਼ਾਰ ਭੈੜਾ ਨੇ ‘ਬਾਪੂ ਪੜ੍ਹਨੇ ਪਾ ‘ਤਾ ਪੁੱਤਾਂ ਧੀਆਂ ਨੇ’ ਗਜ਼ਲ ਸੁਣਾਈ। ਦੀਪ ਦਿਲਬਰ ਨੇ ‘ਬੰਨ ਬੰਨ ਆਉਣ ਕਤਾਰ ਲੋਕ’, ਸੰਪੂਰਨ ਸਿੰਘ ਸਨਮ ਨੇ ‘ਇਸ਼ਕ ਝੂਕਤਾ ਨਹੀਂ (ਹਿੰਦੀ), ਰਜਿੰਦਰ ਨਾਥ ਨੇ ‘ਗੁਰੂ ਘਰ ਸੀਸ ਨਿਵਾਉਣ ਵਾਲ਼ਿਓ’,  ਬਲਵੰਤ ਮਾਂਗਟ ਨੇ ‘ਜਿਉਣ ਲਈ ਤਾਂ ਜਿਉਣਾ ਪੈਣੈ’, ਸੋਮਨਾਥ ਸਿੰਘ ਨੇ ‘ਦੁੱਖ ਦੁਨੀਆਂ ਦੇ ਚੁਣ ਮੈਂ ਲਵਾਂ’, ਸੁਲੱਖਣ ਸਿੰਘ ਅਟਵਾਲ ਨੇ ‘ਤੱਤੀ ਤਵੀ ਤੇ ਬੈਠਾ ਕੇ ਸਤਿਗੁਰੂ ਨੂੰ’ ਗੀਤ ਤਰੰਨਮ ਸੁਣਾਇਆ। ਕੰਵਲਜੀਤ ਨੀਲੋਂ ਨੇ ਬਾਲ ਕਹਾਣੀ ‘ਤੰਦ’, ਤਰਨ ਬੱਲ ਨੇ ‘ਖ਼ਾਮੋਸ਼ ਹੌਕੇ ਦੀ ਪੀੜ’, ਕਬੀਰ ਜਲੋਟਾ ਨੇ ‘ਮਿਸੋ’ ਤੇ ਕਹਾਣੀਕਾਰ ਅਜਮੇਰ ਸਿੱਧੂ ਪੱਛਮੀ ਤੇ ਭਾਰਤੀ ਸਮਾਜ ਦੇ ਫਿਕਰਮੰਦੀ ਦੀ ਕਹਾਣੀ ਪੜ੍ਹੀ। ਗੁਰਸੇਵਕ ਸਿੰਘ ਢਿਲ੍ਹੋਂ ਨੇ ‘ਕੁੱਲ ਦਾ ਨਾਸ’ ਮਿੰਨ੍ਹੀ ਕਹਾਣੀ ਸੁਣਾਈ। ਜਰਨੈਲ ਸਿੰਘ ਮਾਂਗਟ ਰਾਮਪੁਰੀ ਨੇ ‘ਰੱਬ ਦੇ ਘਰ ਵਿਚ ਬੈਠ ਕੇ ਲੈਣ ਪੁਜਾਰੀ ਦਾਨ’ ਦੋਹੇ ਪੜ੍ਹੇ। ਪੜ੍ਹੀਆਂ-ਸੁਣੀਆਂ ਗਈਆਂ ਰਚਨਾਵਾਂ ‘ਤੇ ਨਿੱਠ ਕੇ ਹੋਈ ਸਾਰਥਿਕ ਅਤੇ ਉਸਾਰੂ ਬਹਿਸ ਵਿਚ ਰਚਨਾਕਾਰਾਂ ਦੇ ਨਾਲ਼ ਸੁਖਜੀਤ, ਸੁਰਿੰਦਰ ਰਾਮਪੁਰੀ, ਸੰਦੀਪ ਸਮਰਾਲ਼ਾ, ਜਸਵੀਰ ਝੱਜ, ਬਲਦੇਵ ਸਿੰਘ ਝੱਜ, ਡਾ. ਟਹਿਲ ਸਿੰਘ ਜੱਸਲ਼ ਆਦਿ ਨੇ ਸਾਰਥਿਕ ਟਿਪੱਣੀਆਂ ਕੀਤੀਆਂ।ਇੱਕਤ੍ਰਤਾ ਦੀ ਸੰਚਾਲਨਾ ਸਭਾ ਦੇ ਜਨਰਲ ਸਕੱਤਰ ਬਲਵੰਤ ਮਾਂਗਟ ਨੇ ਭਾਵਪੂਰਤ ਅੰਦਾਜ਼ ਵਿਚ ਬਾਖੂਬੀ ਨਿਭਾਈ। ਦੌਲਤ ਜਲੋਟਾ ਨੇ ਆਪਣੇ ਕਾਵਿ ਸੰਗਿ੍ਰਹ ‘ਚੱਲ ਰਸਤਾ ਦੂਜਾ ਫੜ੍ਹ ਲਈਏ’ ਅਤੇ ਪ੍ਰੋ. ਸ਼ਮਸ਼ਾਦ ਅਲੀ ਨੇ ‘ਦਰਸ ਅਲੀ, ਰਾਗ ਬੰਦਿਸ਼ਾਵਲੀ, (ਅਲਾਪ ਤਾਨ ਸਮੇਤ) ਭਾਗ ਪਹਿਲਾ ਦੀਆਂ ਦੋ, ਦੋ ਪੁਸਤਕਾਂ ਸਭਾ ਦਾ ਲਾਇਬ੍ਰੇਰੀ ਲਈ ਭੇਂਟ ਕੀਤੀਆਂ। ਅੰਤ ਵਿਚ ਉਰਦੂ ਉੱਘੇ ਲੇਖਕ, ਪ੍ਰਗਤੀਸ਼ੀਲ ਲੇਖਕ ਸੰਘ ਦੀ ਕੌਮੀ ਕਾਰਜਕਾਨੀ ਅਤੇ ਸੀ.ਪੀ.ਆਈ. ਕੌਮੀ ਸਕੱਤਰੇਤ ਦੇ ਮੈਂਬਰ ਸ਼ਮੀਮ ਫ਼ੈਜ਼ੀ ਅਤੇ ਪ੍ਰੀਤ ਸੰਦਲ ਦੇ ਭਣੋਈਏ ਦੇ ਬੇ-ਵਕਤ ਸਦੀਵੀ ਵਿਛੋੜੇ ‘ਤੇ ਸ਼ੋਕ ਮਤਾ ਪਾ ਕੇ ਸਬੰਧਤ ਪ੍ਰੀਵਾਰਾਂ ਨਾਲ਼ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਕੇ ਸਭਾ ਉੱਠਾ ਦਿੱਤੀ ਗਈ।
ਇਸ ਲਿਖਾਰੀ ਸਭਾ ਨਾਲ ਜੁੜਨ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸਰਗਰਮ ਲੇਖਕ ਜਸਵੀਰ ਝੱਜ ਹੁਰਾਂ ਨਾਲ। ਉਹਨਾਂ ਦਾ ਮੋਬਾਈਲ ਨੰਬਰ ਹੈ: +91 855459765   

Thursday 4 July 2019

ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਦੂਸਰਾ ਕਵੀ ਦਰਬਾਰ 13 ਨੂੰ

ਮੀਟਿੰਗ ਵਿੱਚ ਦਿੱਤੀਆਂ ਸਾਰੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ 
ਲੁਧਿਆਣਾ: 4 ਜੁਲਾਈ 2019: (ਸਾਹਿਤ ਸਕਰੀਨ ਬਿਊਰੋ):: 
ਇਸ ਵਾਰ ਸਾਹਿਤਕ ਸਮਾਗਮਾਂ ਦੀ ਚਰਚਾ ਕਰਦਿਆਂ  ਇੱਕ ਗੱਲ ਬਹੁਤ ਜ਼ਰੂਰੀ ਹੈ ਅਤੇ ਉਹ ਗੱਲ ਹੈ ਇੱਕ ਅਜਿਹੀ ਸ਼ਖ਼ਸੀਅਤ ਬਾਰੇ ਜਿਸਨੇ ਜ਼ਿੰਦਗੀ ਵਿੱਚ ਸੰਘਰਸ਼ ਹੀ ਸੰਘਰਸ਼ ਦੇਖਿਆ। ਇਹਨਾਂ ਸੰਘਰਸ਼ਾਂ ਨੇ ਉਸਨੂੰ ਕਦਮ ਕਦਮ 'ਤੇ ਮਜ਼ਬੂਤ ਵੀ ਬਣਾਇਆ ਅਤੇ ਸੰਵੇਦਨਸ਼ੀਲ ਵੀ। ਇਥੇ ਮੁਰਾਦ ਹੈ ਮੈਡਮ ਕਮਲੇਸ਼ ਕੁਮਾਰੀ ਤੋਂ। ਉਹੀ ਕਮਲੇਸ਼ ਕੁਮਾਰੀ ਜਿਸਨੇ ਰਿਟਾਇਰਮੈਂਟ ਵੇਲੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਸਾਥੀਆਂ ਨੇ ਪੁੱਛਿਆ ਤੁਹਾਨੂੰ ਵਿਦਾਇਗੀ ਪਾਰਟੀ ਵੱਜੋਂ ਕੀ ਦਿੱਤਾ ਜਾਵੇ? ਜੁਆਬ ਸੀ ਮੇਰੇ ਸਨਮਾਨ ਵਿੱਚ ਇੱਕ ਕਵੀ ਦਰਬਾਰ ਕਰਵਾ ਦਿਓ।  ਦੇ ਸੰਗ ਸੰਗ ਰਹਿਣਾ ਚਾਹੁੰਦੀ ਹਾਂ।  ਇਸ ਨਾਲ ਤੁਸੀਂ ਸਾਰੇ ਹਮੇਸ਼ਾਂ ਮੇਰੇ ਨਾਲ ਬਣੇ ਰਹੋਗੇ।
  ਮੈਡਮ ਕਮਲੇਸ਼ ਕੁਮਾਰੀ ਦੇ ਸਨਮਾਣ ਵਿੱਚ ਕਰਾਇਆ ਗਿਆ ਪਿਛਲੇ ਸਾਲ ਦਾ ਪਹਿਲਾ ਕਵੀ ਦਰਬਾਰ
ਸ਼ਹੀਦ ਭਗਤ ਸਿੰਘ ਸਭਿਆਚਾਰ ਮੰਚ ਲੁਧਿਆਣਾ ਦੀ ਮੀਟਿੰਗ ਸੁਖਵਿੰਦਰ ਲੀਲ੍ਹ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਵਿਖੇ ਹੋਈ। ਜਿਸ ਵਿੱਚ ਰੁਪਿੰਦਰਪਾਲ ਸਿੰਘ ਗਿੱਲ, ਰਮਨਜੀਤ ਸੰਧੂ, ਹਰੀਸ਼ ਪੱਖੋਵਾਲ, ਰਾਜਿੰਦਰ ਜੰਡਿਆਲੀ ਅਤੇ ਕਮਲੇਸ਼ ਕੁਮਾਰੀ ਹਾਜ਼ਰ ਹੋਏ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਮੰਚ ਦੀ ਮੁੱਖ ਸਹਿਯੋਗੀ ਸ਼੍ਰੀਮਤੀ ਕਮਲੇਸ਼ ਕੁਮਾਰੀ ਅਤੇ ਸਮੂਹ ਮੈਂਬਰਾਨ ਵੱਲੋਂ ਦੂਸਰਾ ਕਵੀ ਦਰਬਾਰ 13 ਜੁਲਾਈ ਸ਼ਨੀਵਾਰ ਨੂੰ ਸਵੇਰੇ 9.30 ਵਜੇ ਤੋਂ 1 ਵਜੇ ਤੱਕ ਪੰਜਾਬੀ ਭਵਨ ਵਿੱਚ ਹੀ ਕਰਵਾਇਆ ਜਾਣ ਵਾਲਾ ਕਵੀ ਦਰਬਾਰ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਕਵੀ ਦਰਬਾਰ ਵਿੱਚ ਪੰਜਾਬ ਦੇ ਨਾਮਵਰ ਕਵੀ ਹਿੱਸਾ ਲੈਣਗੇ।

ਮੈਡਮ ਕਮਲੇਸ਼ ਕੁਮਾਰੀ ਦੇ ਸਨਮਾਣ ਵਿੱਚ ਕਰਾਇਆ ਗਿਆ ਪਿਛਲੇ ਸਾਲ ਦਾ ਪਹਿਲਾ ਕਵੀ ਦਰਬਾਰ 

ਪੰਜਾਬ ਸਕਰੀਨ ਵਿੱਚ ਛਪੀਆਂ ਪੰਜਾਬੀ ਭਵਨ ਨਾਲ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ