google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: 2018

Monday 24 December 2018

ਦੋ ਕਾਵਿ ਰਚਨਾਵਾਂ ਬੱਚਿਆਂ ਲਈ

ਜਗਜੀਤ ਸਿੰਘ ‘ਗੁਰਮ’ ਦੀਆਂ ਦੋ ਹੋਰ ਬਾਲ ਰਚਨਾਵਾਂ
ਜਗਜੀਤ ਸਿੰਘ ਗੁਰਮ ਹੁਰਾਂ ਬਾਰੇ ਤੁਸੀਂ ਪਹਿਲਾਂ ਵੀ ਸਾਹਿਤ ਸਕਰੀਨ ਵਿੱਚ ਪੜ੍ਹ ਚੁੱਕੇ ਹੋ। ਬੱਚਿਆਂ ਬਾਰੇ ਲਿਖਣ ਦਾ ਔਖਾ ਜਿਹਾ ਕੰਮ ਬੜੀ ਤਨਦੇਹੀ ਨਾਲ ਨਿਭਾਉਣ ਵਾਲੇ ਗੁਰਮ ਹੁਰਾਂ ਦੀਆਂ ਦੋ ਹੋਰ ਰਚਨਾਵਾਂ ਇਥੇ ਦਿੱਤੀਆਂ ਜਾ ਰਹੀਆਂ ਹਨ। ਇਹ ਰਚਨਾਵਾਂ ਤੁਹਾਨੂੰ ਕਿਹੋ ਜਿਹੀਆਂ ਲਗੀਆਂ ਇਸ ਬਾਰੇ ਜ਼ਰੁਰ ਦੱਸਣਾ। --ਸੰਪਾਦਕ
1.ਬੱਚਿਓ ਜਾਵੋ ਜਦੋਂ ਸਕੂਲ
ਬੱਚਿਓ ਜਾਵੋ ਜਦੋਂ ਸਕੂਲ।
ਚੇਤੇ ਰੱਖਿਓ ਸਭੇ ਅਸੂਲ।
ਉੱਠ ਸਵੇਰੇ ਜਲਦੀ ਨਾਇਓ।
ਭੁੱਖੇ ਢਿੱਡ ਕਦੇ ਨਾ ਜਾਇਓ।
ਜੋ ਵੀ ਮਿਲਦਾ ਫਤਿਹ ਬੁਲਾਇਓ।
ਗ਼ਲਤੀ ਕਰਿਓ ਸਦਾ ਕਬੂਲ
ਬੱਚਿਓ ਜਾਵੋ ..........।

ਸਾਰਿਆਂ ਦਾ ਸਤਿਕਾਰ ਹੈ ਕਰਨਾ।
ਸਾਰਿਆਂ ਨਾਲ ਪਿਆਰ ਹੈ ਕਰਨਾ।
ਪੜਿਆਂ ਜੋ ਵਿਚਾਰ ਹੈ ਕਰਨਾ।
ਬੋਲਿਓ ਨਾ ਕਦੇ ਊਲ-ਜਲੂਲ।
ਬੱਚਿਓ ਜਾਵੋ ..........।

ਵਿੱਦਿਆ ਸਭ ਤੋਂ ਉੱਤਮ ਗਹਿਣਾ।
ਜਿਹੜਾ ਥੋਡੇ ਕੋਲ੍ਹ ਹੈ ਰਹਿਣਾ।
ਮੰਨਿਓ ਟੀਚਰਾਂ ਨੇ ਜੋ ਕਹਿਣਾ।
ਗਵਾਇਓ ਨਾ ਕਦੇ ਵਕਤ ਫ਼ਜੂਲ।
ਬੱਚਿਓ ਜਾਵੋ ..........।

ਪੜ ਪੜ ਕੇ ਜੋ ਸੋਝੀ ਆਊ।
ਇਹੀ ਥੋਡੇ ਰਾਹ ਮਹਿਕਾਊ।
ਦਰ ਦਰ ਉਤੋਂ ਨੇਰ੍ਹ ਮਿਟਾਊ।
‘ਗੁਰਮ’ ਸੰਗ ਚੱਕੀਏ ਰਾਹੋਂ ਸੂਲ।

ਬੱਚਿਓ ਜਾਵੋ ਜਦੋਂ ਸਕੂਲ।
ਚੇਤੇ ਰੱਖਿਓ ਸਭੇ ਅਸੂਲ।

2.ਬਾਗ਼ ਬੜਾ ਹੈ ਇੱਕ ਮਸ਼ਹੂਰ
ਸਾਡੇ ਘਰ ਤੋਂ ਥੋੜ੍ ਹੀ ਦੂਰ।
ਬਾਗ਼ ਬੜਾ ਹੈ ਇੱਕ ਮਸ਼ਹੂਰ।
ਕੁਦਰਤ ਨੇ ਸਭ ਰੰਗ ਬਿਖੇਰੇ
ਵੇਖਣ ਆਇਓ ਤੁਸੀਂ ਹਜ਼ੂਰ।

ਰੰਗ ਬਿਰੰਗੇ ਫੁੱਲ ਨੇ ਉਥੇ
ਫਲ ਵਾਲੇ ਰੁੱਖ ਨੇ ਭਰਪੂਰ।
ਹਰ ਕਿਸਮ ਦੇ ਪੰਛੀ ਉਥੇ
ਦਿਖਦੇ ਮੋਰ, ਗਟਾਰ, ਗਰੂੜ।

ਹਾਥੀ, ਸ਼ੇਰ ਤੇ ਗਿਦੱੜ, ਲੂੰਬੜ
ਦਿਖਦੇ ਗੈਂਡੇ, ਰਿੱਛ, ਲੰਗੂਰ।
ਠੰਡੀ ਠਾਰ ਹਵਾ ਹੈ ਚਲਦੀ
ਬੱਦਲ ਆਉਂਦੇ ਪੈਂਦੀ ਭੂਰ।

ਤੰਗ ਕਰੋ ਨਾ ਕਿਸੇ ਨੂੰ ਏਥੇ
ਕੰਧ ਤੇ ਲਿਖਿਆ ਪੜੋ ਜ਼ਰੂਰ।
ਦੁਨੀਆਂ ਹੋ ਜੇ ਬਾਗ਼ ਦੇ ਵਰਗੀ
ਵੈਰ, ਵਿਰੋਧ ਨਾ ਰਹੇ ਗਰੂਰ।

ਬੋਲ ਪਿਆਰ ਦੇ ਮਹਿਕੀ ਜਾਵਣ
ਚੜ੍ਹਿਆ ਸਭ ਨੂੰ ਰਹੇ ਸਰੂਰ।
ਖੁਸ਼ੀਆਂ ਵੱਸਣ ਹਰ ਵਿਹੜੇ ਵਿੱਚ
ਹਰ ਚਿਹਰਾ ਹੋਏ ਨੂਰੋ ਨੂਰ।

ਆਉ, ਬੇਲੀਓ ਸੰਗ ‘ਗੁਰਮ’ ਦੇ               

ਲਾਈਏ ਐਸੇ ਬਾਗ਼ ਜ਼ਰੂਰ।

ਜਗਜੀਤ ਸਿੰਘ ‘ਗੁਰਮ’ 
ਮ. ਨੰ: 1008/29/2, ਗਲੀ ਨੰ: 8,
ਬਾਲ ਸਿੰਘ ਨਗਰ, ਬਸਤੀ ਜੋਧੇਵਾਲ,
ਲੁਧਿਆਣਾ। (ਮੋ): 99147-01668

Monday 17 December 2018

ਬਲਜੀਤ ਸੈਣੀ ਦਾ ਗ਼ਜ਼ਲ ਸੰਗ੍ਰਹਿ "ਖਾਮੋਸ਼ੀ ਦਾ ਤਰਜੁਮਾ": ਰਿਲੀਜ਼ ਸਮਾਗਮ 25 ਨੂੰ

ਦੋ ਹੋਰ ਕਿਤਾਬਾਂ ਵੀ ਰਿਲੀਜ਼ ਹੋਣਗੀਆਂ 
ਮੁਕੇਰੀਆਂ: 17 ਦਸੰਬਰ 2018: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::
ਦਿਲ ਦੀਆਂ ਡੂੰਘਾਈਆਂ ਨੂੰ ਬੜੀ ਹੀ ਸਾਦਗੀ ਨਾਲ ਕਾਵਿਕ ਅੰਦਾਜ਼ ਦੇਣ ਵਾਲੀ ਸ਼ਾਇਰਾ ਬਲਜੀਤ ਸੈਣੀ ਦਾ ਗ਼ਜ਼ਲ ਸੰਗ੍ਰਹਿ "ਖਾਮੋਸ਼ੀ ਦਾ ਤਰਜੁਮਾ" 25 ਦਸੰਬਰ 2018 ਨੂੰ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਗੀਤਕਾਰ ਮਨਮੋਹਨ ਪੰਛੀ ਦਾ ਗੀਤ ਸੰਗ੍ਰਹਿ "ਉਡੀਕਾਂ" ਅਤੇ ਤੀਜੀ ਪੁਸਤਕ ਹੈ ਪ੍ਰਿੰਸੀਪਲ ਦਲਜੀਤ ਸਿੰਘ ਦੀ "ਆਤਮ ਪ੍ਰਕਾਸ਼ ਦੀਆਂ ਪਉੜੀਆਂ"  ਇਹਨਾਂ ਤਿੰਨਾਂ ਪੁਸਤਕਾਂ ਦਾ ਇੱਕੋ ਵੇਲੇ ਰਿਲੀਜ਼ ਹੋਣਾ ਕੋਈ ਸਾਧਾਰਨ ਗੱਲ ਨਹੀਂ।  ਅਸਲ ਵਿੱਚ ਉਸ ਦਿਨ ਪੰਜਾਬੀ ਸਾਹਿਤ ਸਭਾ (ਰਜਿ.) ਮੁਕੇਰੀਆਂ  ਦਾ 42ਵਾਂ ਸਾਲਾਨਾ ਸਨਮਾਨ ਸਮਾਰੋਹ ਹੈ। ਮੁਕੇਰੀਆਂ ਦੇ ਪ੍ਰਸਿੱਧ ਵਿਦਿਅਕ ਅਦਾਰੇ "ਦਸ਼ਮੇਸ਼ ਗਰਲਜ਼ ਕਾਲਜ" ਜੋ ਕਿ ਚੱਕ ਅੱਲਾ ਬਖਸ਼ ਇਲਾਕੇ ਵਿੱਚ  ਸਥਿਤ ਹੈ ਵਿਖੇ ਹੋਣ ਵਾਲਾ ਇਹ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨਾਲ ਸਬੰਧਿਤ ਜਨਮ ਸ਼ਤਾਬਦੀ ਨੂੰ ਸਮਰਪਿਤ ਹੈ।  
ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਇਸੇ ਕਾਲਜ ਦੀ ਪ੍ਰਿੰਸੀਪਲ ਰਵਿੰਦਰ ਕੌਰ ਚਢਾ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣੇ ਰਵਿੰਦਰ ਸਿੰਘ ਚੱਕ, ਡਾਕਟਰ ਕਰਮਜੀਤ ਸਿੰਘ, ਯੋਧ ਸਿੰਘ,  ਸਰੋਆ (ਈਟੀਓ), ਡਾਕਟਰ ਗੁਰਚਰਨ ਕੌਰ ਕੋਚਰ, ਬਲਵਿੰਦਰ ਬਾਲਮ ਅਤੇ ਗੀਤਕਾਰ ਸਰਬਜੀਤ ਵਿਰਦੀ। ਕੁਲ ਮਿਲਾ ਕੇ ਇਹ ਇੱਕ ਯਾਦਗਾਰੀ ਸਮਾਗਮ ਹੋਵੇਗਾ। ਸ਼ਾਮਲ ਜ਼ਰੂਰ ਹੋਣਾ। ਲੁਧਿਆਣਾ ਤੋਂ ਡਾ. ਗੁਰਚਰਨ ਕੌਰ ਕੋਚਰ ਵੀ ਪੁੱਜਣਗੇ 

Friday 30 November 2018

"ਮੈਂ ਧਰਤੀ ਦੇ ਦੁੱਖ-ਸੁੱਖ ਦਾ ਮੁਣਸ਼ੀ ਹਾਂ"-ਗੁਰਭਜਨ ਗਿੱਲ

Fri, Nov 30, 2018 at 5:49 PM
ਗੁਰਭਜਨ ਗਿੱਲ ਦੀ ਨਜ਼ਮ 'ਲੋਰੀ' ਹਲੂਣਾ ਦੇਂਦੀ ਹੈ-ਐਸ ਐਸ ਜੋਹਲ
ਲੁਧਿਆਣਾ: 30 ਨਵੰਬਰ 2018: (ਸਾਹਿਤ ਸਕਰੀਨ ਬਿਊਰੋ)::
ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਦੇ ਚਾਂਸਲਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਪਦਮ ਵਿਭੂਸ਼ਨ ਡਾ. ਸ.ਸ ਜੌਹਲ ਨੇ ਗਰੈਂਡ ਵਾਕ ਲੁਧਿਆਣਾ ਵਿਖੇ ਪੰਜਾਬੀ ਕਵੀ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ ਦੇ ਕਾਵਿ ਸੰਗ੍ਰਹਿ 'ਧਰਤੀ ਨਾਦ' ਦੇ ਤੀਸਰੇ ਸੰਸਕਰਨ ਨੂੰ ਲੋਕ ਅਰਪਨ ਕਰਦਿਆਂ  ਕਿਹਾ ਹੈ ਕਿ ਗੁਰਭਜਨ ਕੋਲ ਧਰਤੀ ਦੀ ਜ਼ੁਬਾਨ ਹੈ ਜਿਸ ਸਹਾਰੇ ਉਹ ਗੁੰਝਲਦਾਰ ਵਿਸ਼ਿਆਂ ਨੂੰ ਵੀ ਸਧਾਰਨ ਲੋਕ ਭਾਸ਼ਾ 'ਚ ਪੇਸ਼ ਕਰਨ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਕਵਿਤਾ ਦੀ ਸਰੋਦੀ ਸੁਰ ਕਾਇਮ ਰੱਖਣ 'ਚ ਉਸਨੇ ਗੀਤ, ਗਜ਼ਲ, ਰੁਬਾਈ ਅਤੇ ਨਜ਼ਮ ਨੂੰ ਇਸ ਸੰਗ੍ਰਹਿ 'ਚ ਅੰਕਿਤ ਕਰਕੇ ਆਪਣੀ ਕਾਵਿ ਕੌਸ਼ਲਤਾ ਦਾ ਸਬੂਤ ਦਿੱਤਾ ਹੈ।
ਡਾ. ਜੌਹਲ ਨੇ ਕਿਹਾ ਕਿ ਭਰੂਣ ਹੱਤਿਆ ਵਰਗੇ ਕੋਮਲ ਵਿਸ਼ੇ ਤੇ ਜਿਹੜੀ ਨਜ਼ਮ 'ਲੋਰੀ' ਇਸ ਸੰਗ੍ਰਹਿ 'ਚ ਪੇਸ਼ ਕੀਤੀ ਹੈ, ਉਸ ਨਾਲ ਮਨੁੱਖੀ ਮਨ ਦੀ ਸੰਵੇਦਨਾ ਹਲੂਣੀ ਜਾਂਦੀ ਹੈ ਅਤੇ ਇਸ ਕੁਕਰਮ ਤੋਂ ਮਨੁੱਖਤਾ ਨੂੰ ਵਰਜਣ ਵਿਚ ਵੀ ਸਹਾਈ ਹੁੰਦੀ ਹੈ। 
ਸਰੀ (ਕੈਨੇਡਾ) 'ਚ ਪੰਜਾਬ ਭਵਨ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਨੇ ਕਿਹਾ ਕਿ ਗੁਰਭਜਨ ਗਿੱਲ ਸਿਰਫ ਕਵੀ ਹੀ ਨਹੀਂ ਸਗੋਂ ਦੂਰ ਦ੍ਰਿਸ਼ਟੀਵਾਨ ਪੰਜਾਬੀ ਹਨ, ਜੋ ਭਵਿੱਖ ਦੇ ਨਕਸ਼ ਉਲੀਕਣੇ ਵੀ ਜਾਣਦੇ ਹਨ। ਪੰਜਾਬ ਭਵਨ ਕੈਨੇਡਾ ਉਨ੍ਹਾਂ ਦੀਆਂ ਸੇਧਾਂ ਕਾਰਨ ਹੀ ਉੱਸਰਿਆ ਤੇ ਕਰਮਸ਼ੀਲ ਹੋ ਸਕਿਆ ਹੈ। ਸ਼੍ਰੀ ਬਾਠ ਨੇ ਕਿਹਾ ਕਿ ਰਿਸ਼ਤਿਆਂ ਦੀ ਪਾਕੀਜ਼ਗੀ ਅਤੇ ਨਿਭਾਅ ਉਨ੍ਹਾਂ ਦੀਆਂ ਕਵਿਤਾਵਾਂ 'ਚ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਇਸੇ ਕਾਰਨ ਉਨ੍ਹਾਂ ਦੇ ਪਾਠਕਾਂ ਦਾ ਘੇਰਾ ਸੱਤ ਸਮੁਦਰੋਂ ਪਾਰ ਵੀ ਵਿਸ਼ਾਲ ਹੈ। 
ਉੱਘੇ ਵਿਦਵਾਨ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲ ਲੁਧਿਆਣਾ ਦੇ ਸਾਬਕਾ ਪ੍ਰਿੰਸੀਪਲ ਡਾ. (ਕਰਨਲ) ਦਲਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਕਵਿਤਾ ਤ੍ਰੈਕਾਲ ਦਰਸ਼ੀ ਮਨ ਵਿੱਚੋਂ ਹੀ ਉੱਸਰਦੀ ਹੈ। ਵਿਰਸੇ ਦੀ ਰੌਸ਼ਨੀ ਵਰਤਮਾਨ ਦੀ ਸੂਝ ਅਤੇ ਭਵਿੱਖ ਮੁਖੀ ਨੀਝ ਕਾਰਨ ਹੀ ਧਰਤੀ ਨਾਦ ਵਿਚਲੀਆਂ ਕਵਿਤਾਵਾਂ ਸਾਰਥਕ ਹਨ। ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਸ਼੍ਰੋਮਣੀ ਪੱਤਰਕਾਰ ਅਤੇ ਫਾਸਟ ਵੇਅ ਦੇ ਨਿਊਜ਼ ਚੈਨਲ ਹੈੱਡ ਦਰਸ਼ਨ ਸਿੰਘ ਮੱਕੜ ਨੇ ਕਿਹਾ ਕਿ ਗੁਰਭਜਨ ਗਿੱਲ ਦੇ ਪ੍ਰਥਮ ਕਾਵਿ ਸੰਗ੍ਰਹਿ ''ਸ਼ੀਸ਼ਾ ਝੂਠ ਬੋਲਦਾ ਹੈ'' ਤੋਂ ਲੈ ਕੇ ''ਰਾਵੀ'' ਤੀਕ ਦਾ ਸਫ਼ਰ ਮੇਰੀ ਨਜ਼ਰੋਂ ਲੰਘਿਆ ਹੋਣ ਕਾਰਨ ਧਰਤੀ ਨਾਦ ਦੀ ਸ਼ਕਤੀ ਮੈਂ ਪਹਿਚਾਣਦਾ ਹਾਂ। 
ਗੁਰਭਜਨ ਗਿੱਲ ਨੇ ਸਭ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਧਰਤੀ ਦੇ ਦੁੱਖ-ਸੁੱਖ ਦਾ ਮੁਣਸ਼ੀ ਹਾਂ, ਇਸੇ ਕਰਕੇ ਮੇਰੀ ਹਰ ਲਿਖਤ ਨੂੰ ਸਾਰਥਕ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਵਿਤਾ ਦੀ ਕਿਤਾਬ ਦਾ ਤੀਜਾ ਸੰਸਕਰਨ ਛਪਣਾ ਮੇਰੇ ਲਈ ਮਾਣ ਵਾਲੀ ਗੱਲ ਹੈ।

Sunday 25 November 2018

"ਮਹਿਕ ਪੰਜਾਬ ਦੀ" ਵੱਲੋਂ ਕੀਤਾ ਗਿਆ ਕਿਤਾਬਾਂ ਦੇ ਲੋਕ ਅਰਪਣ ਦਾ ਵਿਸ਼ੇਸ਼ ਆਯੋਜਨ

ਮੁੰਬਈ ਤੋਂ ਇਕ਼ਬਾਲ ਬਹਾਦਰ ਚਾਨਾ ਅਤੇ ਜਲੰਧਰ ਤੋਂ ਕੁਲਦੀਪ ਬੇਦੀ ਵੀ ਪੁੱਜੇ 
ਲੁਧਿਆਣਾ: 25 ਨਵੰਬਰ 2018: (ਐਮ ਐਸ ਭਾਟੀਆ//ਸਾਹਿਤ ਸਕਰੀਨ)::
"ਮਹਿਕ ਪੰਜਾਬ ਦੀ" ਉਹਨਾਂ ਲੋਕਾਂ ਦਾ ਸੋਸ਼ਲ ਮੀਡੀਆ ਗਰੁੱਪ ਹੈ ਜਿਹਨਾਂ ਬਾਰੇ ਗੱਲ ਕਰਦਿਆਂ ਭਾਈ ਵੀਰ ਸਿੰਘ ਹੁਰਾਂ ਦੀਆਂ ਸਤਰਾਂ ਚੇਤੇ ਆ ਜਾਂਦੀਆਂ ਹਨ-ਸੀਨੇ ਖਿਚ ਜਿਹਨਾਂ ਨੇ ਖਾਧੀ-ਓਹ ਕਰ ਆਰਾਮ ਨਹੀਂ ਬਹਿੰਦੇ। ਪੰਜਾਬੀ ਭਵਨ ਵਿੱਚ ਹੋਏ ਆਯੋਜਨ ਦੌਰਾਨ ਇਕੱਤਰ ਹੋਏ ਕਲਮਕਾਰ ਅਤੇ ਸਾਹਿਤ ਰਸੀਏ ਵੀ ਕੁਝ ਅਜਿਹੇ ਹੀ ਸਨ ਜਿਹਨਾਂ ਸੀਨੇ ਖਿਚ ਖਾਧੀ ਹੋਈ ਹੈ। ਪੰਜਾਬੀ ਵਿੱਚ ਰਚਨਾ ਲਿਖਣਾ, ਫਿਰ ਉਉਨਾਂ ਨੂੰ ਸੰਭਾਲਣਾ ਅਤੇ ਫਿਰ ਪ੍ਰਕਾਸ਼ਿਤ ਕਰਾਉਣਾ ਕੋਈ ਸੌਖਾ ਕੰਮ ਨਹੀਂ। ਅੱਜਕਲ ਕਿਤਾਬ ਛਪਵਾਉਣੀ ਕਿੰਨੀ ਕੁ ਸੌਖੀ ਹੈ ਇਹ ਉਹੀ ਦੱਸ ਸਕਦੇ ਹਨ ਜਿਹੜੇ ਇਸ ਸਾਧਨਾ ਚੋਂ ਨਿਕਲ ਚੁੱਕੇ ਹਨ। ਮਹਿਕ ਪੰਜਾਬ ਦੀ ਵੱਲੋ ਕਰੇ ਗਏ ਸਮਾਗਮ ਵਿੱਚ ਇੱਕੋ ਵੇਲੇ ਕਈ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ। ਸਮਾਗਮ ਵਿੱਚ ਸ਼ਾਮਲ ਹੋਣ ਲਈ ਮੁੰਬਈ ਤੋਂ ਇਕਬਾਲ ਬਹਾਦਰ ਚਾਨਾ ਅਤੇ ਜਲੰਧਰ ਤੋਂ ਕੁਲਦੀਪ ਬੇਦੀ ਸਮੇਤ ਕਈ ਸ਼ਖਸੀਅਤਾਂ ਦੂਰ ਦੁਰਾਡਿਓਂ ਪੁੱਜੀਆਂ। ਡਾਕਟਰ ਗੁਰਚਰਨ ਕੌਰ ਕੋਚਰ ਨੇ ਸਮਾਗਮ ਦੇ ਸਫਲਤਾ ਲਈ ਇਸ ਵਾਰ ਵੀ ਸਰਗਰਮ ਰੋਲ ਅਦਾ ਕੀਤਾ। ਜੇ ਬਾਹਰ ਪਾਰਕ ਵਿੱਚ ਮੀਟਿੰਗ ਕਰਦੇ ਲੇਖਕ ਅਤੇ ਸ਼ਾਇਰ ਵੀ ਪੰਜਾਬੀ ਭਵਨ ਦੇ ਇਸ ਹਾਲ ਵਿੱਚ ਆ ਜਾਂਦੇ ਤਾਂ ਇਸ ਸਮਾਗਮ ਦੀ ਵਿਸ਼ਾਲਤਾ ਹੋਰ ਵਧ ਜਾਣੀ ਸੀ ਪਰ ਛੱਡੋ ਹੋਏਗੀ ਕੋਈ ਮਜਬੂਰੀ। 
ਅੰਤਰਰਾਸ਼ਟਰੀ ਪੰਜਾਬੀ ਗਰੁੱਪ ‘ਮਹਿਕ ਪੰਜਾਬ ਦੀ’ਵੱਲੋਂ ਮੁੱਖ ਪਰਬੰਧਕ ਪਰੋਫੈਸਰ ਰਾਮ ਲਾਲ ਭਗਤ ਕਾਫੀ ਲੰਮੇ ਸਮੇਂ ਤੋਂ ਪੰਜਾਬੀਆਂ ਨੂੰ ਕਿਸੇ ਇੱਕ ਸਭਿਆਚਾਰਕ ਮੰਚ 'ਤੇ ਇਕੱਠੇ ਕਰਨ ਲਈ ਸਰਗਰਮ ਹਨ। ਉਹਨਾਂ ਦੇ ਨਾਲ ਹੁਣ ਹਰਦੇਵ ਇੰਸਾਂ ਹਮਦਰਦ ਦਾ ਸਾਥ ਇਸ ਕੰਮ ਵਿੱਚ ਹੋਰ ਤੇਜ਼ੀ ਲਿਆ ਰਿਹਾ ਹੈ। ਇਹਨਾਂ ਦੋਹਾਂ ਦੀ ਯੋਗ ਅਗਵਾਈ ਹੇਠ ਕਰਵਾਏ ਗਏ ਹਫ਼ਤਾਵਾਰੀ ਕਾਵਿ-ਮੁਕਾਬਲਿਆਂ ਵਿਚ ਜੇਤੂ ਰਹੇ 38 ਕਵੀ/ਕਵਿੱਤਰੀਆਂ ਨੂੰ ਸਨਮਾਨਿਤ ਕਰਨ ਲਈ ਪੰਜਾਬੀ ਭਵਨ, ਲੁਧਿਆਣਾ ਵਿਖੇ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਲੁਧਿਆਣਾ ਦੀ ਪਰਧਾਨ ਡਾ. ਗੁਰਚਰਨ ਕੌਰ ਕੋਚਰ  ਦੇ ਸਹਿਯੋਗ ਨਾਲ ਕਰਵਾਏ ਗਏ ਇਸ ਸ਼ਾਨਦਾਰ ਪਰੋਗਰਾਮ ਦੇ ਪਰਧਾਨਗੀ ਮੰਡਲ ਵਿਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪਰਧਾਨ ਪ੍ਰੋਫੈਸਰ ਰਵਿੰਦਰ ਭੱਠਲ, ਅਮਰੀਕ ਸਿੰਘ ਤਲਵੰਡੀ, ਦਰਸ਼ਨ ਸਿੰਘ ਆਸ਼ਟ, ਪ੍ਰੋਫੈਸਰ ਰਾਮ ਲਾਲ ਭਗਤ, ਡਾ. ਗੁਰਚਰਨ ਕੋਰ ਕੌਚਰ, ਇਕਬਾਲ ਚਾਨਾ ਮੁੰਬਈ, ਗੁਰਦੀਪ ਸਿੰਘ, ਕੁਲਦੀਪ ਸਿੰਘ ਬੇਦੀ, ਗੁਰਦਿੱਤਾ ਸਿੰਘ ਸੰਧੂ ਅਤੇ ਪਰਮਜੀਤ ਸਿੰਘ ਸ਼ਾਮਲ ਹੋਏ। ਪਰੋਫੈਸਰ  ਰਾਮ ਲਾਲ ਭਗਤ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਕਿਹਾ ਕਿ ‘ਮਹਿਕ ਪੰਜਾਬ ਦੀ’ ਵਲੋਂ ਪੰਜਾਬੀ ਮਾਂ ਬੋਲੀ ਦੀ ਪਰਫ਼ੁਲਤਾ ਲਈ ਲਗਾਤਾਰ ਯਤਨ  ਕੀਤੇ ਜਾ ਰਹੇ ਹਨ। ਉਹਨਾਂ ਨੇ ਇਹ ਵੀ ਦਸਿੱਆ ਕਿ ਇਸ ਅੰਤਰਰਾਸ਼ਟਰੀ ਸਾਹਿਤਕ ਗਰੁੱਪ ਵਿਚ ਦੇਸ਼-ਵਿਦੇਸ਼ ਤੋਂ ਪੰਜਾਬੀ ਸਾਹਿਤਕਾਰ ਜੁੜੇ ਹੋਏ ਹਨ। ਇਸ ਮੌਕੇ ਜੇਤੂ ਕਵੀਆਂ ਨੇ ਸਮਾਜ ਦੇ ਭੱਖਦੇ ਮਸਲਿਆਂ ਬਾਰੇ ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਤੋਂ ਖੂਬ ਵਾਹ ਵਾਹ ਖ਼ੱਟੀ। ਇਸ ਮੌਕੇ ਸ਼ਿਵ ਲੁਧਿਆਣਵੀਂ ਦੀ ਪੁਸਤਕ ‘ਉਸਤਤ’,ਬਲਵਿੰਦਰ ਕੌਰ ਦਿੱਲੀ ਦੀ ਲਿਖੀ ਪੁਸਤਕ ‘ਪੰਨਾ ਪੰਨਾ ਜਜ਼ਬਾਤ”,ਹੀਰਾ ਸਿੰਘ ਤੂਤ ਦੀ ਲਿਖੀ ਪੁਸਤਕ “ਬੇਰੰਗ”ਅਤੇ ਜੇਤੂ ਕਵੀਆਂ ਦਾ ਸਾਝਾਂ ਕਾਵਿ ਸੰਗਰਹਿ ਸਮੇਤ 4 ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਕੁਲਵੰਤ ਸਰੋਤਾ ਨੇ ਮੰਚ ਸੰਚਾਲਨ ਬਾਖ਼ੂਬੀ ਕੀਤਾ। ਜੇਤੂ ਕਵੀਆਂ ਅਤੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਗਰ ਸਿਆਲਕੋਟੀ, ਪ੍ਰਿੰਸੀਪਲ ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਸੁਨੀਲ ਕੁਮਾਰ,ਪਰਦੀਪ ਸਿੰੰਘ, ਪਰਮਜੀਤ ਸਿੰਘ ਸੋਹਲ,ਸਰਬਜੀਤ ਵਿਰਦੀ,ਕੁਲਵਿੰਦਰ ਕੌਰ ਕਿਰਨ, ਵਰਗਿਸ ਸਲਾਮਤ, ਪੰਮੀ ਹਬੀਬ, ਪਰਵੀਨ ਸ਼ਰਮਾ, ਕਿਰਨ ਜੋਤ, ਰਵਿੰਦਰ ਦੀਵਾਨਾ, ਭੁਪਿੰਦਰ ਧਾਲੀਵਾਲ, ਰਣਬੀਰ ਬਡਵਾਲ,ਜੱਗਾ ਸਿੰਘ ਰੱਤੇਵਾਲਾ,ਦੇਵ ਰਾਜ ਖੁੰਡਾ ਆਦਿ ਵੱਡੀ ਗਿਣਤੀ ਵਿਚ ਸਾਹਿਤਕਾਰ ਅਤੇ ਵਿਦਵਾਨ ਹਾਜ਼ਰ ਸਨ। ਪਰੋਗਰਾਮ ਦੇ ਅਖੀਰ ਵਿਚ ਡਾ. ਕੋਚਰ ਨੇ ਦੇਸ਼ -ਵਿਦੇਸ਼ ਤੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।  ਚੰਗਾ ਹੁੰਦਾ ਜੇ ਸਮਾਗਮ ਦੀ ਕਵਰੇਜ ਕਰਨ ਲਈ ਸੱਦੇ ਗਏ// ਪੁੱਜੇ ਮੀਡੀਆ ਲਈ ਵੀ ਲੁੜੀਂਦਾ ਪਰਬੰਧ ਕੀਤਾ ਗਿਆ ਹੁੰਦਾ। 

Friday 23 November 2018

ਹਨੇਰੇ ਚ ਘਿਰੀ ਪੂਰਨਮਾਸ਼ੀ//ਹਰਮੀਤ ਵਿਦਿਆਰਥੀ

ਬਾਬਰ ਲਹਿਰਾ ਰਿਹਾ ਚੌਰ ਸੀ
ਨਾਨਕ ਬਾਬੇ ਦੇ 
ਪ੍ਰਕਾਸ਼ ਉਤਸਵ ਤੇ
ਗੁਰੂਦੁਆਰੇ ਜਾਣ ਦਾ ਮਨ ਸੀ
ਇਸ਼ਨਾਨ ਕੀਤਾ
ਦੋ ਘੜੀ ਬਾਬੇ ਦੀ ਬਾਣੀ ਪੜ੍ਹੀ
ਧਿਆਨ ਧਰਿਆ
ਗੁਰੂਦੁਆਰੇ ਜਾਣ ਲਈ
ਸਫ਼ਰ ਸ਼ੁਰੂ ਕਰਿਆ
ਜ਼ਿਹਨ ਵਿੱਚ ਗੁਰੂ ਬਾਬੇ ਦੇ
ਜੀਵਨ ਦੀ ਰੀਲ ਚੱਲੀ
ਪੱਥਰ ਹੋਏ ਆਪੇ ਵਿੱਚ
ਜ਼ਿੰਦਗੀ ਦੀ ਰੀਝ ਹੱਲੀ
ਬਾਬੇ ਦੇ ਸਫ਼ਰ ਬਾਰੇ ਸੋਚਦਾ
ਗੁਰੂਦੁਆਰੇ ਪੁੱਜਾ
ਅਜਬ ਵਰਤਾਰਾ ਸੀ
ਮਰਦਾਨਾ
ਬਾਹਰ ਜੋੜਿਆਂ ਵਾਲੇ
ਰੱਖਣੇ ਚ ਬੈਠਾ ਸੀ
ਅੰਦਰ ਗਿਆ
ਡੰਡੌਤ ਕਰ ਮੁੜ ਰਿਹਾ
ਕੌਡਾ ਰਾਖਸ਼ ਮੱਥੇ ਲੱਗਦਾ ਹੈ
ਬਾਬਰ ਲਹਿਰਾ ਰਿਹਾ ਚੌਰ ਸੀ
ਹਰਮੀਤ ਵਿਦਿਆਰਥੀ 
ਅੰਦਰ ਮੇਰਾ ਨਾਨਕ ਨਹੀਂ
ਕੋਈ ਹੋਰ ਸੀ
ਲੰਗਰ ਦਾ ਨਿਜ਼ਾਮ
ਮਲਕ ਭਾਗੋ ਦੇ ਹੱਥ ਸੀ
ਉਦਾਸ ਕਦਮੀਂ ਬਾਹਰ ਨਿਕਲਿਆ
ਗੁਰੂਦੁਆਰੇ ਦੇ
ਆਲੀਸ਼ਾਨ ਗੇਟ ਦੇ ਬਾਹਰ
ਫਟੇ ਕੱਪੜਿਆਂ 'ਚ
ਲੰਗਰ ਖੁੱਲਣ ਦੀ ਉਡੀਕ ਕਰ ਰਹੇ
"ਅੱਤ ਨੀਚਾਂ" ਵਿੱਚ
ਸ਼ਬਦ ਗਾਉਂਦਾ ਇੱਕ ਦਰਵੇਸ਼
ਮੁਸਕੁਰਾ ਰਿਹਾ ਸੀ
ਹੌਲੇ ਹੌਲੇ
ਮੈਂ ਮਲਕੜੇ ਜਿਹੇ 
ਉਸ ਦਰਵੇਸ਼ ਦੇ
ਪਿਛਲੇ ਪਾਸੇ
ਜਾ ਖੜਾ ਹੁੰਦਾ ਹਾਂ
ਤੇ ਮਨਾ ਰਿਹਾ ਹਾਂ
ਆਪਣੇ ਗੁਰੂ ਬਾਬੇ ਦਾ ਪ੍ਰਕਾਸ਼ ਉਤਸਵ

(ਤਸਵੀਰਾਂ ਇੰਟਰਨੈਟ ਤੋਂ ਧੰਨਵਾਦ ਸਹਿਤ)

Thursday 22 November 2018

ਕਲਾਪੀਠ ਫ਼ਿਰੋਜ਼ਪੁਰ ਵੱਲੋਂ ਦੋ ਪੁਸਤਕਾਂ ਦਾ ਲੋਕ ਅਰਪਣ

ਅਕਤੂਬਰ ਇਨਕ਼ਲਾਬ ਅਤੇ ਸੋਵੀਅਤ ਸੰਘ ਦੇ ਟੁੱਟਣ ਬਾਰੇ ਵੀ ਚਰਚਾ ਹੋਈ  
ਫ਼ਿਰੋਜ਼ਪੁਰ: 22 ਨਵੰਬਰ 2018: (ਸਾਹਿਤ ਸਕਰੀਨ ਬਿਊਰੋ)::
ਸਾਹਿਤ ਦੇ ਪ੍ਰਚਾਰ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ ਫ਼ਿਰੋਜ਼ਪੁਰ ਵੱਲੋਂ ਪ੍ਰਸਿੱਧ ਸ਼ਾਇਰ ਜਸਪਾਲ ਘਈ ਦੀ ਨਵ ਪ੍ਰਕਾਸ਼ਿਤ ਕਾਵਿ - ਪੁਸਤਕ "ਨਾਲ ਨਾਲ ਤੁਰਦੀ ਕਵਿਤਾ " ਅਤੇ ਨੌਜਵਾਨ ਚਿੰਤਕ ਸੁਖਜਿੰਦਰ ਵੱਲੋਂ ਅਨੁਵਾਦਤ ਰੂਸੀ ਇਨਕਲਾਬ ਦੀ ਸੌਵੀਂ ਵਰ੍ਹੇਗੰਢ ਨੂੰ ਸਮਰਪਿਤ ਪੁਸਤਕ " ਪਹਿਲਾ ਸਮਾਜਵਾਦੀ ਇਨਕਲਾਬ ਸੌ ਵਰ੍ਹੇ ਬਾਅਦ (ਸੰਪਾਦਕ ਪ੍ਰਿਥਵੀ ਰਾਜ ਕਾਲੀਆ) ਦੇ ਲੋਕ ਅਰਪਣ ਲਈ ਆਰ.ਐਸ.ਡੀ.ਕਾਲਜ ਦੇ ਸਹਿਯੋਗ ਨਾਲ ਇੱਕ ਸਾਦਾ ਪਰ ਭਾਵ ਪੂਰਤ  ਸਮਾਗਮ ਕਰਵਾਇਆ ਗਿਆ।ਜਿਸਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੋ.ਗੁਰਤੇਜ ਕੋਹਾਰਵਾਲਾ, ਪ੍ਰੋ.ਜਸਪਾਲ ਘਈ,ਹਰਮੀਤ ਵਿਦਿਆਰਥੀ,ਡਾ.ਅਮਨਦੀਪ ਸਿੰਘ ਅਤੇ ਸੁਖਜਿੰਦਰ ਸ਼ਾਮਲ ਹੋਏ।

ਚਰਚਿਤ ਸ਼ਾਇਰ ਅਨਿਲ ਆਦਮ ਦੀ ਕਾਵਿਕ ਸੰਚਾਲਨਾ ਨਾਲ ਆਰੰਭ ਹੋਏ ਸਮਾਗਮ ਵਿੱਚ ਪ੍ਰੋ.ਕੁਲਦੀਪ ਨੇ ਸਮੂਹ ਲੇਖਕਾਂ/ਪਾਠਕਾਂ/ਸਾਹਿਤ ਪ੍ਰੇਮੀਆਂ ਸਵਾਗਤ ਕਰਦਿਆਂ ਕਾਲਜ ਅਤੇ ਕਲਾਪੀਠ ਦੀਆਂ ਸਰਗਰਮੀਆਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ।ਗਿੱਲ ਗੁਲਾਮੀ ਵਾਲਾ ਦੇ ਭਰੂਣ ਹੱਤਿਆ ਵਾਲੇ ਗੀਤ ਨਾਲ ਸ਼ੁਰੂ ਹੋਏ ਸਮਾਗਮ ਵਿੱਚ ਲਾਲ ਸਿੰਘ ਸੁਲਹਾਨੀ,ਬਲਵਿੰਦਰ ਪਨੇਸਰ, ਵਿਜੇ ਵਿਕਟਰ ਅਤੇ ਸੁਰਿੰਦਰ ਢਿੱਲੋਂ ਨੇ ਆਪਣੀਆਂ ਗ਼ਜ਼ਲਾਂ ਕਵਿਤਾਵਾਂ ਦਾ ਪਾਠ ਕੀਤਾ। 

ਦੂਜੇ ਪੜਾਅ ਵਿੱਚ ਪ੍ਰਧਾਨਗੀ ਮੰਡਲ ਵੱਲੋਂ ਪ੍ਰੋ.ਜਸਪਾਲ ਘਈ ਦੀ ਨਜ਼ਮਾਂ ਦੀ ਕਿਤਾਬ ਦਾ ਲੋਕ ਅਰਪਣ ਕੀਤਾ ਗਿਆ।ਪ੍ਰੋ. ਘਈ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਦਾ ਪਾਠ ਕੀਤਾ।ਇਸ ਤੋਂ ਬਾਅਦ ਡਾ.ਅਮਨਦੀਪ ਸਿੰਘ ਨੇ ਵਿਸ਼ਵੀਕਰਨ ਦੇ ਪ੍ਰਸੰਗ ਵਿੱਚ ਪ੍ਰੋ.ਘਈ ਦੀ ਸ਼ਾਇਰੀ ਦਾ ਮੁਲਾਂਕਣ ਕਰਦਿਆਂ ਕਿਹਾ ਕਿ ਜਸਪਾਲ ਘਈ ਰਾਜਸੀ ਅਤੇ ਸੱਭਿਆਚਾਰਕ ਤੌਰ ਤੇ ਸੁਚੇਤ ਕਵੀ ਹੈ।ਉਸ ਦੀ ਕਵਿਤਾ ਵਿੱਚ ਵਿਸ਼ਵੀਕਰਨ ਦੇ ਮਨੁੱਖੀ ਸੁਭਾਅ ਅਤੇ ਪ੍ਰਵਿਰਤੀ ਉੱਤੇ ਪੈ ਰਹੇ ਪ੍ਰਭਾਵਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਵਿਸ਼ਵੀਕਰਨ ਨੇ ਮਨੁੱਖੀ ਸੁਭਾਅ ਅਤੇ ਜੀਵਨ ਜਾਚ ਨੂੰ ਹਰ ਤਰ੍ਹਾਂ ਹੀ ਪ੍ਰਭਾਵਿਤ ਕੀਤਾ ਹੈ।
ਅਗਲੇ ਪੜਾਅ ਵਿੱਚ ਸੁਖਜਿੰਦਰ ਵੱਲੋਂ ਅਨੁਵਾਦਤ ਰੂਸੀ ਇਨਕਲਾਬ ਦੀ ਸੌਵੀਂ ਵਰ੍ਹੇਗੰਢ ਨੂੰ ਸਮਰਪਿਤ ਪੁਸਤਕ " ਪਹਿਲਾ ਸਮਾਜਵਾਦੀ ਇਨਕਲਾਬ ਸੌ ਵਰ੍ਹੇ ਬਾਅਦ (ਸੰਪਾਦਕ ਪ੍ਰਿਥਵੀ ਰਾਜ ਕਾਲੀਆ) ਦੇ ਲੋਕ ਅਰਪਣ ਕੀਤਾ ਗਿਆ। ਪੁਸਤਕ ਬਾਰੇ ਬੋਲਦਿਆਂ ਪ੍ਰੋ.ਗੁਰਤੇਜ ਕੋਹਾਰਵਾਲਾ ਨੇ ਕਿ ਇਹ ਕਿਤਾਬ ਵੀਹਵੀਂ ਸਦੀ ਦੀ ਸਭ ਤੋਂ ਮਹਤੱਵਪੂਰਣ ਘਟਨਾ ਸੋਵੀਅਤ ਯੂਨੀਅਨ ਦੇ ਅਕਤੂਬਰ 1917 ਦੀ ਸਮਾਜਵਾਦੀ ਇਨਕਲਾਬ ਦੇ ਉਸਾਰ ਦੇ ਕੇਂਦਰੀ ਬਿੰਦੂਆਂ ਤੋਂ ਲੈ ਕੇ 1990-91 ਵਿੱਚ ਸੋਵੀਅਤ ਯੂਨੀਅਨ ਦੇ ਟੁੱਟਣ ਦੇ ਕਾਰਨਾਂ ਦੀ ਨਿਸ਼ਾਨਦੇਹੀ ਅਤੇ ਵਿਸ਼ਲੇਸ਼ਣ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ ਦੇ 13 ਵਿਦਵਾਨਾਂ ਦੇ ਲੇਖ ਸ਼ਾਮਲ ਹਨ। ਸੁਖਜਿੰਦਰ ਦੇ ਅਨੁਵਾਦ ਦੀ ਸ਼ਲਾਘਾ ਕਰਦਿਆਂ ਪ੍ਰੋ.ਕੋਹਾਰਵਾਲਾ ਨੇ ਕਿਹਾ ਸੁਖਜਿੰਦਰ ਨੇ ਮੂਲ ਕਿਤਾਬ ਦੀ ਆਤਮਾ ਨੂੰ ਫੜ ਪੰਜਾਬੀ ਮੁਹਾਵਰੇ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਹੈ ।
ਸੰਦੀਪ ਚੌਧਰੀ, ਐਮ.ਕੇ.ਰਾਹੀ, ਗੁਰਦਿਆਲ ਵਿਰਕ, ਸੁਰਿੰਦਰ ਕੰਬੋਜ, ਕਮਲ ਸ਼ਰਮਾ, ਪ੍ਰੋ.ਆਜ਼ਾਦ ਵਿੰਦਰ,
ਪ੍ਰੋ.ਲਕਸ਼ਮਿੰਦਰ, ਰਾਕੇਸ਼ ਕੁਮਾਰ ਹਿਸਟੋਰੀਅਨ, ਵਿਨੋਦ ਗਰਗ , ਰਵੀਇੰਦਰ ਸਿੰਘ  ਮਿਹਰਦੀਪ, ਸੁਖਵਿੰਦਰ ਭੁੱਲਰ, ਪ੍ਰੋ ਕਪਿਲ, ਪ੍ਰੋ.ਹੇਮੰਤ,ਸੰਜੀਵ ਪ੍ਰਚੰਡ, ਪ੍ਰੋ.ਸ਼ੈਲਜਾ ਬਜਾਜ,ਸ਼ਵੇਤਾ ਪੁਸ਼ਪਾ,ਕਪਿਲ ਗਿਰਧਰ,ਮਨਜਿੰਦਰ ਧਾਲੀਵਾਲ, ਜਤਿੰਦਰ,ਜਗਦੀਪ ਸਿੱਧੂ, ਮਲਕੀਤ ਸਿੰਘ,ਚੰਦਨ ਕੁਮਾਰ,ਸੋਨੂੰ ਮੱਲਾਂਵਾਲਾ ਅਤੇ ਸੁਨੀਲ ਗੱਖੜ ਦੀ ਭਰਪੂਰ ਸ਼ਮੂਲੀਅਤ ਨਾਲ ਸਫ਼ਲ ਸਮਾਗਮ ਵਿੱਚ ਧੰਨਵਾਦੀ ਸ਼ਬਦ ਬੋਲਦਿਆਂ ਹਰਮੀਤ ਵਿਦਿਆਰਥੀ ਨੇ ਕਿਹਾ ਕਿ ਅੱਜ ਲੋਕ ਅਰਪਣ ਹੋਈਆਂ ਦੋਵਾਂ ਕਿਤਾਬਾਂ ਦਾ ਸਾਂਝਾ ਸੂਤਰ ਇਹਨਾਂ ਦਾ ਲੋਕਾਂ ਲਈ ਪ੍ਰਣਾਏ  ਹੋਣਾ ਹੈ।ਦੋਵੇਂ ਕਿਤਾਬਾਂ ਸਮਾਜਵਾਦੀ ਇਨਕਲਾਬ ਦੇ ਫੇਲ੍ਹ ਹੋਣ ਤੋਂ ਬਾਅਦ ਦੀ ਦੁਨੀਆਂ ਦੇ ਦੁੱਖਾਂ ਨੂੰ ਲੋਕਾਂ ਸਾਹਮਣੇ ਪੇਸ਼ ਕਰਦੀਆਂ ਨੇ । ਵਿਦਿਆਰਥੀ ਨੇ ਸਮਾਗਮ ਵਿੱਚ ਸ਼ਾਮਲ ਸਭ ਦਾ ਧੰਨਵਾਦ ਕੀਤਾ।

Monday 19 November 2018

ਬਾਲ ਗੀਤਾਂ ਦਾ ਰਚੇਤਾ ਜਗਜੀਤ ਸਿੰਘ ਗੁਰਮ--ਪ੍ਰੋ. ਅਮ੍ਰਿਤਪਾਲ ਸਿੰਘ

ਸੌਖਾ ਨਹੀਂ ਹੁੰਦਾ ਬਾਲ ਗੀਤ ਲਿਖਣਾ ਬਚਪਨ ਵੱਲ ਯਾਤਰਾ ਕਰਨੀ ਪੈਂਦੀ ਹੈ 
ਬਾਲ ਗੀਤ ਬਹੁਤ ਘੱਟ ਰਚੇ ਜਾਂਦੇ ਹਨ। ਬੜੇ ਗਿਣਵੇਂ ਚੁਣਵੇਂ ਨਾਮ ਹਨ ਜਿਹਨਾਂ ਨੇ ਇਸ ਪਾਸੇ ਬਹੁਤ ਹੀ ਇਤਿਹਾਸਿਕ ਯੋਗਦਾਨ ਪਾਇਆ ਹੈ। ਆਮ ਤੌਰ ਤੇ ਬਹੁਤੇ ਸ਼ਾਇਰ ਅਤੇ ਲੇਖਕ ਅਜਿਹੇ ਹਨ ਜਿਹੜੇ ਵੱਡੇ ਹੁੰਦਿਆਂ ਸਾਰ  ਹੀ ਆਪਣਾ  ਬਚਪਨ ਭੁੱਲ ਭੁਲਾ ਜਾਂਦੇ ਹਨ। ਬਾਲ ਗੇਟ ਲਿਖਣ ਲਈ ਖੁਦ ਬਚਪਨ ਦੇ ਉਸ ਅਵਸਥਾ ਤੱਕ ਜਾਣਾ ਪੈਂਦਾ ਹੈ। ਬਾਲ ਮਨ ਦੇ ਸੂਖਮ ਅਹਿਸਾਸਾਂ ਨੂੰ ਵੱਡੀ ਉਮਰ ਵਿੱਚ ਜਾ ਕੇ ਵੀ ਇੱਕ ਵਾਰ ਫੇਰ ਹੰਢਾਉਣਾ ਪੈਂਦਾ ਹੈ। ਇਸ ਲਈ ਸਮੇਂ ਦਾ ਪੁੱਠਾ ਗੇੜਾ ਅਰਥਾਤ ਅਤੀਤ ਦੀ ਯਾਤਰਾ ਸਭਨਾਂ ਦੇ ਵੱਸ ਵਿੱਚ ਨਹੀਂ ਹੁੰਦੀ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਬਾਲ ਲੇਖਕਾਂ ਦੇ ਰੂਬਰੂ ਕਰ ਸਕੀਏ। ਇਸ ਵਾਰ ਪੜ੍ਹੋ ਜਗਜੀਤ ਗੁਰਮ ਦੀਆਂ ਕਾਵਿ ਰਚਨਾਵਾਂ। --ਪ੍ਰੋਫੈਸਰ ਅੰਮ੍ਰਿਤਪਾਲ ਸਿੰਘ 
1.  ਬਾਲ ਗੀਤ
ਕੱਚੇ ਦੁੱਧ ਦੀ ਮਹਿਕ ਜੇਹੀ ਤਾਂ ਤੇਰੇ ਕੋਲੋਂ ਆਵੇ।
ਰੋ ਰੋ ਕੇ ਤਾ ਸਮਰਵੀਰ ਸਿਆਂ ਸਭ ਨੂੰ ਪਿਆ ਹਸਾਵੇ।
ਤੂੰ ਆਇਆ ਤਾਂ ਮਹਿਕ ਫੁੱਲਾਂ ਦੀ ਆਈ ਸਾਡੇ ਵਿਹੜੇ।
ਰੌਸ਼ਨੀਆਂ ਵੀ ਭੱਜ ਭੱਜ ਕੇ ਹੁਣ ਹੋਈਆ ਸਾਡੇ ਨੇੜੇ।
ਤੱਕ ਤੱਕ ਤੈਨੂੰ ਸਮਰਵੀਰ ਸਿਆਂ ਚੰਨ ਪਿਆ ਮੁਸਕਾਵੇ।
ਕੱਚੇ ਦੁੱਧ ਦੀ ..........................................।
ਤਾਰਿਆਂ ਨੇ ਰਲ ਵਿੱਚ ਅਸਮਾਨੀ ਚਮਕ ਹੈ ਦੂਣੀ ਕਰਤੀ।
ਇੱਕ ਤਾਰੇ ਨੇ ਧਰਤੀ ਉੱਤੇ ਮਾਂ ਦੀ ਝੋਲੀ ਭਰਤੀ।
ਤੱਕ ਤੱਕ ਤੈਨੂੰ ਸਮਰਵੀਰ ਸਿਆਂ ਹਰ ਕੋਈ ਖੁਸ਼ੀ ਮਨਾਵੇ।
ਕੱਚੇ ਦੁੱਧ ਦੀ ..........................................।
ਤੂੰ ਆਇਆ ਤਾਂ ਵਿੱਚ ਕਿਆਰਿਆਂ ਬੂਟੇ ਝੂਮਣ ਲੱਗੇ।
ਖੜ ਖੜ ਕਰਦੇ ਪੱਤੇ ਹੱਸਦੇ ਜਦੋਂ ਹਵਾ ਪਈ ਵੱਗੇ।
ਤੱਕ ਤੱਕ ਤੈਨੂੰ ਸਮਰਵੀਰ ਸਿਆਂ ਪੰਛੀ ਗੀਤ ਸੁਣਾਵੇ।
ਕੱਚੇ ਦੁੱਧ ਦੀ ..........................................।
ਕੁਦਰਤ ਕੋਲੋਂ ਬੋਲ ਉਧਾਰੇ ਲੈ ਮੈਂ ਗੀਤ ਬਣਾਇਆ।
ਚੰਨ, ਸੂਰਜ, ਤਾਰੇ, ਫੁੱਲ, ਪਾਣੀ ਨੇ ਮੈਨੂੰ ਸਮਝਾਇਆ।
ਤੱਕ ਤੱਕ ਤੈਨੂੰ ਸਮਰਵੀਰ ਸਿਆਂ ‘ਗੁਰਮ’ ਤਾਂ ਬੋਲ ਪੁਗਾਵੇ।
ਕੱਚੇ ਦੁੱਧ ਦੀ ਮਹਿਕ ਜੇਹੀ ਤਾਂ ਤੇਰੇ ਕੋਲੋਂ ਆਵੇ।
ਰੋ ਰੋ ਕੇ ਤਾ ਸਮਰਵੀਰ ਸਿਆਂ ਸਭ ਨੂੰ ਪਿਆ ਹਸਾਵੇ।
*************

2. ਕਾਕਾ ਆਇਆ
ਕਾਕਾ ਆਇਆ ਸਾਡੇ ਘਰ।
ਰੋਸ਼ਨ ਹੋਇਆ ਸਾਡਾ ਦਰ।
ਦਾਦਾ ਦਾਦੀ ਖੁਸ਼ੀ ‘ਚ ਖੀਵੇ।
ਆਖਣ ਕਾਕਾ ਜੁਗ ਜੁਗ ਜੀਵੇ।
ਮੰਮੀ ਡੈਡੀ ਨੂੰ ਮਿਲਣ ਵਧਾਈਆਂ।
ਖੁਸ਼ੀਆਂ ਹੋਈਆਂ ਦੂਣ ਸਵਾਈਆਂ।
ਭੂਆ, ਫੁੱਫੜ ਚੜ੍ਹਿਆ ਚਾਅ।
ਗਏ ਨੇ ਸਾਰੀ ਬਰਫ਼ੀ ਖਾ।
ਆਖਣ ਮੁੜ ਮੁੜ ਤਾਈ ਤਾਇਆ।
ਕਹਿਣ ਚੰਨ ਸਾਡੇ ਘਰ ਆਇਆ।
ਨਾਨਾ, ਨਾਨੀ, ਮਾਮਾ, ਮਾਸੀ।
ਮੱਲੋ ਮੱਲੀ ਨਿਕਲੇ ਹਾਸੀ।
ਮਾਮੇ ਨੇ ਵੀ ਗੱਲ ਸਮਝਾਈ।
ਕਹਿੰਦਾ ਮੈਨੂੰ ਦਿਉ ਵਧਾਈ।
ਮਾਸੀ ਫਿਰਦੀ ਭੱਜੀ ਭੱਜੀ।
ਆਖਣ ਜਿਹਨੂੰ ਸਾਰੇ ਰੱਜੀ।
ਭੈਣਾਂ ਨੇ ਰਲ ਗੀਤ ਹੈ ਗਾਇਆ।
ਰੱਖੜੀ ਬੰਨ੍ਹੀਏ ਵੀਰਾ ਆਇਆ।
ਕਈ ਨੇ ਰਲ ਖੇਡ ਰਚਾਈ।
ਨਾਲ ਮੋਬਾਇਲ ਦੇ ਫਿਲਮ ਬਣਾਈ।
ਖੁਸ਼ੀ ‘ਚ ਖੀਵੀ ਹੋ ਕੇ ਮਾਂ।
ਸਮਰਵੀਰ ਓਹਦਾ ਰੱਖਿਆ ਨਾਂ।
ਦਿਲ ਦੀ ਗੱਲ ਕਿਸੇ ਨਾ ਦੱਸਦਾ।
ਚੁੱਪ ਚੁਪੀਤਾ ‘ਗੁਰਮ’ ਹੈ ਹੱਸਦਾ।
************
ਜਗਜੀਤ ਸਿੰਘ ਗੁਰਮ
ਮੋ. 99147 01668

Tuesday 2 October 2018

ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਕਵਿਤਾ ਲਿਖਦਾ ਹੈ ਕੁਲਵਿੰਦਰ ਵਿਰਕ

19:34, 10/1/2018] Dr Arvinder K Kaakra: Whats App 
ਉਹ ਨਿਵੇਕਲੀ ਕਾਵਿ ਸ਼ੈਲੀ ਲੈ ਕੇ ਆ ਰਿਹਾ ਹੈ-ਡਾ.ਅਰਵਿੰਦਰ ਕੌਰ ਕਾਕੜਾ
ਲਿਖਿਆ ਤਾਂ ਬਹੁਤ ਕੁਝ ਜਾ ਰਿਹਾ ਹੈ ਪਰ ਬਹੁਤ ਘੱਟ ਸਾਹਿਤ ਅਜਿਹਾ ਹੈ ਜਿਹੜਾ ਲੋਕੰਦੀ ਗੱਲ ਕਰੇ-ਸਮਾਜ ਦੀ ਗੱਲ ਕਰੇ। ਅਜਿਹੇ ਇੱਕ ਸ਼ਾਇਰ ਬਾਰੇ ਜਾਣ ਪਛਾਣ ਕਰਵਾ ਰਹੇ ਡਾਕਟਰ ਅਰਵਿੰਦਰ ਕੌਰ ਕਾਕੜਾ। ਇਸ ਵਾਰ ਗੱਲ ਕਰ ਰਹੇ ਹਾਂ ਕੁਲਵਿੰਦਰ ਵਿਰਕ ਦੀ। ਡਾਕਟਰ ਕਾਕੜਾ ਦਾ ਕਹਿਣਾ ਹੈ: ਕੁਲਵਿੰਦਰ ਵਿਰਕ ਪੰਜਾਬੀ ਵਿੱਚ ਕਾਵਿ ਸਿਰਜਣਾ 'ਚ ਨਿਰੰਤਰ ਕਾਰਜਸ਼ੀਲ ਹੈ ਸਮਾਜਿਕ ਵਿਸੰਗਤੀਅਾਂ ਨੂੰ ਪੇਸ਼ਕਾਰੀ  ਵਿੱਚ ੳੁਸ ਦੇ ਛੋਟੇ ਛੋਟੇ ਖਿਅਾਲ ਵੱਡੇ ਮਸਲੇ ਨੂੰ ਵੀ ਕਲਾਵੇ ਲੈਂਦੇ ਹਨ। ੳੁਹ ਸੰਵਦੇਨਾਮੁਖੀ ਸੁਰ ੳੁਭਾਰਦਾ ਹੋੲਿਅਾ ਅਾਪਣੇ ਵਿਲੱਖਣ ਖਿਅਾਲਾਂ ਨਾਲ ਕਾਵਿ ੳੁਡਾਰੀ ਭਰਦਾ ਹੈ। ਅਜਿਹੇ ਵਲਵਲਿਅਾਂ ਦੀ ਤਸਵੀਰ ਪੇਸ਼ ਹੈ ਕੁਲਵਿੰਦਰ ਵਿਰਕ ਦੀਆਂ ਕਾਵਿ ਰਚਨਾਵਾਂ ਵਿੱਚ। ਕੁਲਵਿੰਦਰ ਕਾਵਿ ਦੀਆਂ ਨਵੀਆਂ ਪੈੜਾਂ ਤਰਾਸ਼ਦਾ ਹੋਇਆ ਆਪਣੇ ਕਾਵਿ ਸਫ਼ਰ ਵਿੱਚ ਨਿਵੇਕਲੀ ਕਾਵਿ ਸ਼ੈਲੀ ਲੈ ਕੇ ਆ ਰਿਹਾ ਹੈ ਉਸ ਨੇ ਅਜੇ ਕਾਵਿ ਸਫ਼ਰ ਸ਼ੁਰੂ ਕੀਤਾ ਹੈ ਉਹ ਇੱਕ ਸੰਭਾਵਨਾ ਪੂਰਕ ਵੀ ਹੈ ਜਿੱਥੇ ਉਹ ਸਮਾਜਿਕ ਸਰੋਕਾਰਾਂ ਨਾਲ ਲਬਰੇਜ਼ ਕਵਿਤਾ ਲਿਖਦਾ ਹੈ।                                                                                              --ਡਾ. ਅਰਵਿੰਦਰ ਕੌਰ ਕਾਕੜਾ
1.          ਮੈਂ
'ਮੈਂ'-
 ਜੇ ਸਮਰੱਥਾ,
ਸੰਭਾਵਨਾਵਾਂ ਭਰਪੂਰ,
 ਸਾਕਾਰਾਤਮਕ ਸੋਚ,
ਕਲਾ ਦਾ ਪ੍ਗਟਾਅ,
ਸਮਾਜਿਕ ਅਤੇ
ਸੱਭਿਅਤਾ ਦਾ ਪ੍ਤੀਕ ਹੋਵੇ....
ਤਾਂ 'ਮੈ'
 ਐਨੀ ਬੁਰੀ ਵੀ ਨਹੀਂ ਹੁੰਦੀ... ...!!

            2.         ਸੋਚ
ਵਫ਼ਾ -
ਮਜਬੂਰੀਆਂ ਹੇਠ ਦੱਬ ਵੀ ਸਕਦੀ ਹੈ...
ਵਾਅਦਿਆਂ 'ਤੇ
ਜੋ ਵਫ਼ਾ ਨਹੀਂ ਹੁੰਦੇ -
  ਇਲਜ਼ਾਮ ਦੀ ਮੋਹਰ ਨਾ ਲਾਈਏ...
 ਸਮੇਂ ਨੂੰ
ਸ਼ਿਕਵਿਆਂ ਤੋਂ ਸੁਰਖ਼ੁਰੂ ਕਰ ਦੇਈਏ...!
ਆਓ!
   ਆਪਣੀ ਸੋਚ ਨੂੰ ਬਦਲੀਏ
ਤੇ ਮਨਾਂ ਦੇ ਭਾਰ 
     ਨਜ਼ਮਾਂ ਹਵਾਲੇ ਕਰ ਦੇਈਏ.... !!
       
         3.     ਪਰਿਭਾਸ਼ਾ
ਇੱਕ -ਦੋ ਸਤਰਾਂ ਨਾਕਾਫੀ ਹਨ
ਮਾਂ ਅਤੇ ਘਰ ਨੂੰ
     ਪਰਿਭਾਸ਼ਿਤ ਕਰਨ ਲਈ...
ਮਾਂ ,
 ਅਤੇ ਘਰ ਦੇ
  ਬੜੇ ਗਹਿਰੇ ,ਬੜੇ ਵਿਸ਼ਾਲ ਅਰਬ
 ਖੰਡ ਤੋਂ ਅਖੰਡ ਤੀਕ
     ਬਿੰਦੂ ਤੋਂ ਬ੍ਰਹਿਮੰਡ ਤੀਕ ...!!
       
         4.      ਉਦਾਸ ਬਿਰਖ
ਉਦਾਸ ਬਿਰਖਾਂ ਦੇ
ਖਾਮੋਸ਼ ਪੱਤੇ,
 ਧੁਖਦੀਆਂ ਛਾਵਾਂ,
ਘੁਟਣ ਮਹਿਸੂਸ ਕਰਦੀਆਂ ਜੜ੍ਹਾਂ,
ਧੁਆਂਖੇ ਫੁੱਲ ....
 ਅੈ ਹਵਾਓ !
ਅੈਸੇ ਉਦਾਸ ਬਿਰਖਾਂ ਦੇ ਨਾਂ
     ਮੈਂ ਕਿਹੜੇ ਸ਼ਬਦ ਕਰਾਂ..... ??
                                        ----ਕੁਲਵਿੰਦਰ ਵਿਰਕ

Friday 28 September 2018

“ਭਗਤ ਸਿੰਘ ਦਾ ਸੁਨੇਹਾ"///ਅਰਵਿੰਦਰ ਕੌਰ ਕਾਕੜਾ

Sep 25, 2018, 9:39 AM
ਉਹ ਲਟ ਲਟ...................... ਬਲਦਾ ਦੀਪ  
ਚੇਤਿਆਂ `ਚ ਜਾਗਦਾ
ਇੱਕ ਗਹਿਰਾ ਅਹਿਸਾਸ
ਅਕ੍ਰਿਤੀ ਨੇ ਨਕਸ਼
ਬਣਾ ਰਿਹੈ............
ਜੇਕਰ ਜਿਉਂਦੀ ਦੇਹ ਅੰਦਰ
ਜ਼ਿੰਦਗੀ ਧੜਕ ਪਵੇ
ਤਾਂ ਕਾਲੀਆਂ ਰਾਤਾਂ `ਚ
ਸੂਰਜ ਉੱਗ ਆਉਦੈ।
ਪਾਟੀਆਂ ਤਲੀਆਂ ਅੰਦਰ
ਰੱਤ ਦੀ ਹਰਕਤ.........
ਜਦ ਅਪਨਾ ਹਿੱਸਾ ਮੰਗੇ
ਤਾਂ ਤਖ਼ਤਾ ਉਲਟ ਜਾਦੈ।
ਪੈਰਾਂ ਦਾ ਸਫ਼ਰ..........
ਚੇਤਨਾ ਦੀ ਪਗਡੰਡੀ `ਤੇ ਤੁਰੇ  ਤਾਂ
ਸਮਝੋ....... ਮਾਰੂਥਲ ਵੀ
ਨਖ਼ਲਿਸਤਾਨ ਬਣ ਜਾਦੈ।
ਜਦ ਸੂਹੀ ਪ੍ਰਭਾਤ ਦਾ ਡੋਲਾ
ਕਿਸੇ ਢਾਰੇ `ਚੋਂ ਨਿਕਲੇ ਤਾਂ ................
ਇਤਿਹਾਸ ਬਦਲ ਜਾਦੈ।
ਧੁਆਖੇ ਮੌਸਮਾਂ `ਚ  ਧਰਤੀ ਦੀ ਕੁੱਖ ਅੰਦਰ
ਕੋਈ ਹਲਚਲ ਹੋਵੇ
ਤਾਂ ਭਾਣਾ ਵਰਤ ਜਾਦੈ।
ਤਰਜ਼ਾਂ ਤੇ ਤਰੰਗਾਂ ਦੀ  ਵਾਛੜ `ਚ.........
ਕਾਣੀ ਵੰਡ ਦੀ ਮੌਜੂਦਗੀ  ਖੋਰ ਦੇਵੇ....... ਜਦ
ਦਾਬੇ ਦੇ ਮੁਨਾਰੇ
ਤਾਂ..........
ਇਕ ਚਿਣਗ ਭੱਖਦੀ ਹੈ
ਇਸ ਜ਼ਜਬ ਹੋਈ
ਸੰਵੇਦਨਾ ਅੰਦਰ......
ਖੇਤਾਂ ਵਿੱਚ ਜਦ
ਬਗਾਵਤ ਸੁਲਘਦੀ ਹੈ
ਤਾਂ ਦਾਣਿਆਂ ਦਾ ਮੁੱਲ ਪੈਂਦਾ।
ਜਦ ਕੰਜਕ ਕੁਆਰੀ
ਚੰਡੀ ਬਣ...... ਜਿਸਮ ਨੋਚਦੇ
ਦਰਿੰਦਿਆਂ ਨੂੰ ਕਹੇ.......
ਪੂਜ ਲਵੋਂ ਮੁਲਕ ਅੰਦਰ
ਏਸ ਦੇਵੀ ਨੂੰ...........
ਤਾਂ ਫੈਸਲਾ ਹੋਣ ਲਗਦੈ।
ਨਸ਼ਿਆਂ `ਚ ਰੁੜਦੀ  ਜਵਾਨੀ ਦਾ ਵਹਾਅ........
ਮੁੜ ਕਿਨਾਰੇ ਵੱਲ ਘੱਤ ਕਰੇ
ਉਦੋਂ.........................
ਚੇਤਨਾ ਦੀ ਪੌਦ ਪੁੰਗਰੀ ਜਾਪਦੀ ਹੈ
ਜਦ ਫਿਰਕੂ ਜਨੁੂੰਨ `ਚ
ਭਸਮ ਹੋਇਆ ਮਮਤਾ ਦਾ ਅੰਸ਼
ਸਿਆਸੀ ਪੈੜਾਂ ਦੀ
ਨਿਸ਼ਾਨਦੇਹੀ ਕਰੇ..........
ਨਕਸ਼ ਬਣ ਉਕਰੇ
ਤਾਂ ਲਗਦਾ............
ਕੁਝ ਹਿਲਜੁਲ ਹੈ
ਧਰਤੀ ਬਲਦ ਦੇ ਸਿੰਗਾਂ ਤੇ ਨਹੀ
ਕਿਰਤ ਦੇ ਥੰਮਾਂ `ਤੇ ਖੜ੍ਹੀ ਹੈ।
ਕੀ ਕੁਝ ਤੁਆਰਫ਼ ਕਰਾਉਂਦਾ
ਸੋਹਣੇ ਸਮਾਜ ਦਾ ..........
ਕੈਨਵਸ ਚਿਤਰਦਾ
ਪਰਵਾਜ਼ ਅੰਦਰ ਤਪਸ਼ .............ਭਰ ਰਿਹੈ।
ਉਹ ਲਟ ਲਟ..........
............ ਬਲਦਾ ਦੀਪ
ਕਾਫ਼ਲਾ ਬਣ ਗਿਐ। ਜੇਲ੍ਹ ਨੁਮਾ ਜ਼ਿੰਦਗੀ ਤੋਂ
ਮੁਕਤ ਹੋਣ ਦਾ.........
ਬਣਾ ਗਿਆ ਰਾਹ ਸਾਡਾ।       
--ਮੋ:- 94636-15536
  

Thursday 30 August 2018

12ਵਾਂ ਸਾਲਾਨਾ ਮੁਸ਼ਾਇਰਾ ਪਹਿਲੀ ਸਤੰਬਰ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ

ਸਿਆਸੀ ਅਤੇ ਸਮਾਜਿਕ ਲੋਕ ਵੀ ਵੱਡੀ ਗਿਣਤੀ ਵਿੱਚ ਪੁੱਜਣਗੇ 
ਲੁਧਿਆਣਾ: 29 ਅਗਸਤ 2018: (ਸਾਹਿਤ ਸਕਰੀਨ ਬਿਊਰੋ)::
ਪੰਜਾਬੀ ਉਰਦੂ ਦੇ ਮਸਹੂਰ ਸ਼ਾਇਰ ਸ੍ਰੀ ਲਾਲ ਚੰਦ "ਦੁਖੀ" ਅਤੇ ਸ਼੍ਰੀ  ਰਾਮ ਪ੍ਰਕਾਸ਼ ਮਾਸੂਮ ਜੀ ਦੀ ਯਾਦ ਵਿੱਚ 12ਵਾਂ ਸਾਲਾਨਾ ਮੁਸ਼ਾਇਰਾ ਇਸ ਵਾਰ ਵੀ ਬੜੇ ਉਤਸ਼ਾਹ ਨਾਲ ਕਰਾਇਆ ਜਾ ਰਿਹਾ ਹੈ। ਇਸ ਵਾਰ ਇਸਦਾ ਆਯੋਜਨ ਪੰਜਾਬੀ ਭਵਨ ਵਿਖੇ ਪਹਿਲੀ ਸਤੰਬਰ 2018 ਨੂੰ ਸ਼ਾਮੀ 5 ਵਜੇ ਕਰਾਇਆ ਜਾਏਗਾ। ਇਸਦੇ ਮੁੱਖ ਮਹਿਮਾਨ ਹੋਣਗੇ ਪੀਏਯੂ ਦੇ ਸਾਬਕਾ ਵਾਈਸ ਚਾਂਸਲਰ ਡਾਕਟਰ ਮਨਜੀਤ ਸਿੰਘ ਕੰਗ  ਜਦਕਿ ਸ਼ਮਾ ਰੌਸ਼ਨ ਕਰਨਗੇ ਸਤੀਸ਼ ਚੰਦਰ ਧਵਨ ਕਾਲਜ ਦੇ ਪ੍ਰਿੰਸੀਪਲ ਡਾਕਟਰ ਧਰਮ ਸਿੰਘ ਸੰਧੂ, ਸੀਟੀ ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਜਗਤਾਰ ਧੀਮਾਨ, ਪ੍ਰ੍ਸਿਧ ਲੇਖਕ ਪ੍ਰੋਫੈਸਰ ਗੁਰਭਜਨ ਗਿੱਲ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਪ੍ਰੋਫੈਸਰ ਰਵਿੰਦਰ ਭੱਠਲ, ਪੰਜਾਬੀ ਵਿਸ਼ਵ ਵਿਚਾਰ ਮੰਚ ਦੇ  ਪ੍ਰਧਾਨ ਡਾਕਟਰ ਗੁਲਜ਼ਾਰ ਪੰਧੇਰ ਅਤੇ ਜੋਤਿਸ਼ ਸ਼੍ਰੋਮਣੀ ਸੁਖਮਿੰਦਰ। 
ਸਮਾਰੋਹ ਦਾ ਉਦਘਾਟਨ ਕਰਨ ਵਾਲੀਆਂ ਸ਼ਖਸੀਅਤਾਂ ਹੋਣਗੀਆਂ ਲੁਧਿਆਣਾ ਸਿਟੀਜਨ ਕੋਂਸਿਲ ਦੇ ਚੇਅਰਮੈਨ-ਦਰਸ਼ਨ ਅਰੋੜਾ, ਬੀਜੇਪੀ ਦੀ ਸੀਨੀਅਰ ਲੀਡਰ ਰਾਕੇਸ਼ ਕਪੂਰ, ਲਾਇਨ ਹਰੀਸ਼ ਦੁਆ, ਆਈ ਬੀ ਐਸ ਨੰਦਾ, ਲੁਧਿਆਣਾ ਸਿਟੀਜਨ ਕੋਂਸਿਲ ਦੇ ਵਾਈਸ ਚੇਅਰਮੈਨ ਅਸ਼ੋਕ ਧੀਰ,  ਗਿਆਨਸਥਲ ਮੰਦਰ ਦੇ ਸਰਪਰਸਤ ਹਰਦਿਆਲ ਸਿੰਘ ਅਮਨ। 
ਸ਼ਾਇਰੀ ਦੇ ਮਾਮਲੇ ਵਿੱਚ ਆਪਣੇ ਕਲਾਮ ਦਾ ਜਾਦੂ ਬਿਖੇਰਨਗੇ ਜਨਾਬ ਸਰਦਾਰ ਪੰਛੀ, ਸਾਗਰ ਸਿਆਲਕੋਟੀ, ਦਾਨਿਸ਼ ਭਾਰਤੀ,  ਮੈਡਮ ਜਸਪ੍ਰੀਤ ਕੌਰ ਫਲਕ, ਮੈਡਮ ਨੀਲੂ ਬੱਗਾ, ਮੈਡਮ ਜਸਮੀਤ ਕੌਰ, ਤਰਲੋਚਨ ਲੋਚੀ, ਮੈਡਮ ਪੂਨਮ ਕੌਸਰ ਅਤੇ ਕਈ ਹੋਰ। ਅਵਿਨਾਸ਼ ਪ੍ਰਤਾਪ ਸਿੰਘ ਸਿਧੂ ਅਤੇ ਰਮਨ ਗੋਇਲ ਸਮੇਤ ਕਈ ਸ਼ਖਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਏਗਾ। 

Wednesday 29 August 2018

ਚਿੰਤਾ, ਚਿੰਤਨ ਤੇ ਚੇਤਨਾ ਦੀ ਸੰਵੇਦਨਸ਼ੀਲ ਪੇਸ਼ਕਾਰੀ//ਅਰਵਿੰਦਰ ਕੌਰ ਕਾਕੜਾ (ਡਾ਼)

Aug 26, 2018, 9:31 AM
ਗੁਰਪਰੀਤ ਸਿੰਘ ਤੂਰ ਦੀ ਕਲਮ ਖੋਹਲਦੀ ਹੈ ਮਸਲਿਆਂ ਦੀਆਂ ਕਈ ਪਰਤਾਂ
ਲੇਖਕ ਇੱਕ ਸੰਵੇਦਨਸ਼ੀਲ ਵਰਗ ਹੈ। ਸਮਾਜ ਵਿੱਚ ਵਾਪਰਦਾ ਹਰ ਵਰਤਾਰਾ ਉਸਨੂੰ ਪ੍ਰਭਾਵਿਤ ਕਰਦਾ ਹੈ। ਹਰ ਲੇਖਕ ਦੀ ਵਰਤਾਰੇ ਪ੍ਰਤੀ ਆਪਣੀ ਆਪਣੀ ਪਹੁੰਚ ਹੁੰਦੀ ਹੈ ਜੋ ਕਿ ਉਸ ਦੀ ਦ੍ਰਿਸ਼ਟੀ ਨੂੰ ਉਭਾਰਦੀ ਹੈ। ਪੰਜਾਬੀ ਸਾਹਿਤ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਇਹ ਹਮੇਸ਼ਾ ਹੀ ਲੋਕ-ਹਿੱਤਾਂ ਦੀ ਗੱਲ ਕਰਦਾ ਰਿਹਾ ਹੈ। ਅੱਜ ਜਦੋਂ ਸਮਾਜ ਵਿਚਲੀ ਸਥਿਤੀ ਨੂੰ ਦੇਖੀਏ ਤਾਂ ਬਹੁਤ ਸਾਰੇ ਸੁਆਲ ਲੇਖਕ ਵਰਗ ਸਾਹਮਣੇ ਚੁਣੌਤੀ ਬਣ ਖੜ੍ਹੇ ਹਨ। ਵੇਖਣਾ ਇੱਥੇ ਇਹ ਹੈ ਕਿ ਲੇਖਕ ਦੀ ਲੇਖਣੀ ਸਮਾਜ ਵਿਚਲੀ ਕਰੂਰ ਹਕੀਕਤ ਨੂੰ ਬਿਆਨ ਕਰਨ ਤੇ ਸਮੱਸਿਆ ਦੀ ਜੜ੍ਹ ਤੱਕ ਕਿਸ ਪੱਧਰ ਤੱਕ ਪਹੁੰਚਦੀ ਹੈ। 
ਇਹ ਕਿਹਾ ਜਾਂਦਾ ਹੈ ਕਿ ਨੌਜਵਾਨ ਵਰਗ ਕਿਸੇ ਸਮਾਜ/ਮੁਲਕ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਉਪਰ ਹੀ ਸਮਾਜ ਮਾਣ ਕਰਦਾ ਹੈ ਪਰ ਜੇਕਰ ਨੌਜਵਾਨ ਪੀੜ੍ਹੀ ਦਿਸ਼ਾਹੀਣ ਹੋ ਕੇ ਗਲਤ ਰਾਹਾਂ ਤੇ ਅਸਵਾਰ ਹੋਵੇ ਤਾਂ ਉਸ ਸਮਾਜ ਦੀ ਦਸ਼ਾ ਦੀ ਹੋਵੇਗੀ। ਇਹ ਸੱਚ ਹੈ ਕਿ ਜੇਕਰ ਕਿਸੇ ਮੁਲਕ ਦੇ ਸਮਾਜਕ ਵਿਕਾਸ ਨੂੰ ਵੇਖਣਾ ਹੋਵੇ ਤਾਂ ਉਸ ਸਮਾਜ ਵਿੱਚ ਔਰਤ ਦੀ ਸਥਿਤੀ ਨੂੰ ਵੇਖਿਆ ਜਾਵੇ ਤੇ ਜੇਕਰ ਸਮਾਜ ਦਾ ਭਵਿੱਖ ਵੇਖਣਾ ਹੋਵੇ ਤਾਂ ਨੌਜਵਾਨ ਵਰਗ ਦੀ ਪ੍ਰਵਿਰਤੀ ਨੂੰ ਵੇਖਿਆ ਜਾਵੇ।ਪਰ ਜੇਕਰ ਦੌਹਾਂ ਦੀ ਸਥਿਤੀ ਨਾਜੁਕ ਹੈ ਤਾਂ ਇਹ ਫਿ਼ਕਰਮੰਦੀ ਹਰ ਸੰਵੇਦਨਸ਼ੀਲ ਮਨੁੱਖ ਨੂੰ ਝੰਜੋੜਣ ਵਾਲੀ ਹੋਣੀ ਚਾਹੀਦੀ ਹੈ।  
ਗੁਰਪਰੀਤ ਸਿੰਘ ਤੂਰ ਇੱਕ ਉੱਚ ਪੁਲਿਸ ਅਧਿਕਾਰੀ ਅਤੇ ਕਿਰਿਆਸ਼ੀਲ ਲੇਖਕ ਹੈ। ਉਹ ਪੰਜਾਬ ਦੀ ਨਸ਼ਿਆਂ ਦੇ ਦਰਿਆ ਵਿੱਚ ਰੁੜ੍ਹਦੀ ਜਾ ਰਹੀ ਜਵਾਨੀ ਨੂੰ ਮੁੜ੍ਹ ਠੀਕ ਰਸਤੇ ਤੇ ਲਿਆਉਣ ਲਈ ਯਤਨਸ਼ੀਲ ਹੈ। ਉਸ ਦੇ ਅੰਦਰੋਂ ਬਾਬੇ ਨਾਨਕ, ਪੀਰਾਂ-ਫਕੀਰਾਂ, ਸੂਫੀਆਂ ਦੀ ਧਰਤੀ ਪ੍ਰਤੀ ਮੁਹੱਬਤ ਫੁੱਟ-ਫੁੱਟ ਨਿਕਲਦੀ ਹੈ। ਏਹੀ ਕਾਰਨ ਹੈ ਕਿ ਉਹ ਜਦੋਂ ਵੀ ਕੋਈ ਲੇਖ ਲਿਖਦਾ ਹੈ ਤਾਂ ਉਸ ਵਿਚਲੀ ਭਾਵਨਾ ਮਾਨਵਤਾ ਕੇਂਦਰਿਤ ਹੁੰਦੀ ਹੈ।‘ਸੰਭਲੇ ਪੰਜਾਬ` ‘ਜੀਵੇ ਜਵਾਨੀ` ‘ਆਲ੍ਹਣਿਓ ਡਿੱਗੇ ਬੋਟ` ਤੇ ‘ਕਰਮੀ` ਪੁਸਤਕ ਵਿਚਲੀ ਸੁਰ ਵੀ ਦੇਸ਼ ਨੂੰ ਕੁਰਾਹੇ ਤੋਂ ਮੋੜਨ ਲਈ ਹਰ ਹੀਲਾ ਜੁਟਾਉਂਦੀ ਨਜ਼ਰ ਆਉਂਦੀ ਹੈ। ਇਹ ਨਵੀਂ ਪੁਸਤਕ ‘ਅੱਲੜ੍ਹ ਉਮਰਾਂ ਤਲਖ਼ ਸੁਨੇਹੇ` ਵੀ ਦਲਦਲ ਵਿੱਚ ਧਸ ਰਹੀ ਜਵਾਨੀ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨ ਵਾਸਤੇ ਤੱਤਪਰ ਹੈ। ਲੇਖਕ ਸਿਰਫ਼ ਬਾਹਰਮੁੱਖੀ ਪ੍ਰਸਥਿਤੀਆਂ ਬਾਰੇ ਹੀ ਚਾਨਣਾ ਨਹੀ ਪਾਉਂਦਾ ਬਲਕਿ ਮਨੁੱਖ ਅੰਦਰ ਹੋ ਰਹੀ ਕਸ਼ਮਕਸ਼ ਨੂੰ ਵੀ ਵਾਚਦਾ ਹੈ। ਲੇਖਕ ਨੌਜ਼ਵਾਨਾਂ ਦੇ ਮਨਾਂ ਵਿੱਚ ਸੁਪਨਿਆਂ ਦੀ ਹਕੀਕਤ ‘ਚ ਅਧੂਰੇਪਣ ਦੀ ਦਾਸਤਾ ਨੂੰ ਬਾਖੂਬੀ ਨਾਲ ਪੇਸ਼ ਕਰਦਾ ਹੈ। ਉਹ ਕਲਪਨਾ ਤੇ ਹਕੀਕਤ ਦੇ ਟਕਰਾਉ ਵਿੱਚੋਂ ਪੈਦਾ ਹੋਈ ਤ੍ਰਾਸਦੀ ਦੀਆਂ ਵਿਭਿੰਨ ਪਰਤਾਂ ਆਪਣੀ ਇਸ ਨਵੀਂ ਪੁਸਤਕ ਰਾਹੀਂ ਅਭਿਵਿਅਕਤ ਕਰਦਾ ਹੈ। ਲੇਖਕ ਇੱਛਿਤ ਯਥਾਰਥ ਬਾਰੇ ਸੋਚਦਾ ਹੈ ਪਰ ਅਣਇੱਛਿਤ ਯਥਾਰਥ ਉਸ ਦੀ ਫਿਕਰਮੰਦੀ ਨੂੰ ਹੋਰ ਤਿਖੇਰਾ ਕਰਦਾ ਹੈ। ਦੇਸ਼ ਦੇ ਆਰਥਿਕ ਸਮਾਜਿਕ ਪ੍ਰਬੰਧ ਵਿਚਲੀਆਂ ਅਨੇਕਾਂ ਵਿਸੰਗਤੀਆਂ ਬਾਰੇ ਲੇਖਕ ਸੁਚੇਤ ਹੈ ਪਰ ਉਹ ਨੌਜਵਾਨਾਂ ਦੇ ਨੈਣਾਂ ਵਿੱਚ ਮਰ ਰਹੇ ਸੁਪਨਿਆਂ ਪ੍ਰਤੀ ਆਪਣੀ ਗੰਭੀਰ ਚਿੰਤਾ ਪ੍ਰਗਟਾਉਂਦਾ ਹੈ। ਇਸ ਪੁਸਤਕ ਵਿੱਚ ਅਜਿਹੇ ਹੀ ਬਹੁ-ਪਾਸਾਰ ਸਾਹਮਣੇ ਆਉਂਦੇ ਹਨ - ਜੋ ਹਰ ਗੰਭੀਰ ਪਾਠਕ ਨੂੰ ਹਲੂਣਦੇ ਹਨ ਤੇ ਚਿੰਤਿਤ ਕਰਦੇ ਹਨ।ਇਸ ਪੁਸਤਕ ਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿੱਚ 14 ਲੇਖ ਸ਼ਾਮਲ ਹਨ। ਜਿਨ੍ਹਾਂ ਦਾ ਪਾਸਾਰ ਯਥਾਰਥਵਾਦੀ ਧੁਨੀ ਨੂੰ ਉਭਾਰਦਾ ਹੋਇਆ ਸਮੇਂ ਵਿਚਲੀਆਂ ਘਟਨਾਵਾਂ ਨੂੰ ਵਿਵਹਾਰਕਤਾ ਦਾ ਜਾਮਾ ਪਹਿਨਾਉਂਦਾ ਹੈ। ਨੌਜਵਾਨ ਪੀੜ੍ਹੀ ਕਿਵੇਂ ਬੇਰੁਜਗਾਰੀ, ਕੰਗਾਲੀ, ਖੁਦਕਸ਼ੀ ਵੱਲ ਵੱਧ ਰਹੀ ਹੈ। ਸਮਾਜ ਵਿਚਲੀ ਕਿਰਤ ਸ਼ਕਤੀ ਖੜੌਤ ਵਿੱਚ ਹੋਣ ਕਰਕੇ ਨੈਤਿਕ ਕਦਰਾਂ-ਕੀਮਤਾਂ ਵਿੱਚ ਵੀ ਨਿਘਾਰ ਆ ਰਿਹਾ ਹੈ। ਨਿਰਾਸ਼ਾਮਈ ਵਰਤਾਰਾ ਹੋਣ ਕਰਕੇ ਨੌਜਵਾਨ ਇਸ ਦਾ ਹੱਲ ਸੂਝ ਸਮਝ ਤੋਂ ਲੈਣ ਦੀ ਬਜਾਏ ਮਾਨਸਿਕ ਦੁਬਿਧਾ ਵਿੱਚੋ ਨਿਕਲਣ ਲਈ ਨਸ਼ਿਆਂ ਦਾ ਸਹਾਰਾ ਲੈਣ ਲੱਗ ਜਾਂਦਾ ਹੈ। ਲੇਖਕ ਨੌਜਵਾਨ ਪੀੜ੍ਹੀ ਦੇ ਨਸ਼ਿਆਂ ਵਿੱਚ ਗਲਤਾਨ ਹੋਣ ਦੇ ਮਾਨਸਿਕ ਕਾਰਨਾਂ ਦੀ ਤਲਾਸ਼ ਕਰਦਾ ਹੈ। ਇਸ ਪੁਸਤਕ ਵਿੱਚੋਂ ਨਸ਼ਿਆਂ ਦੇ ਦੋ ਮੁੱਖ ਕਾਰਨ ਉਭਰ ਕੇ ਸਾਹਮਣੇ ਆਏ ਉਹ ਹਨ-ਫੈਸ਼ਨਪ੍ਰਸਤੀ ਤੇ ਮਜਬੂਰੀ ਇਸ ਪਿਛਲੇ ਕਈ ਕਾਰਨ ਆਪੋ ਵਿੱਚ ਜੁੜੇ ਹੋਏ ਹਨ ਜਿਵੇ ਵਿਦਿਅਕ ਸੰਸਥਾਵਾਂ ਵਿੱਚ ਦੇਖਾ ਦੇਖੀ ਨਸ਼ਿਆਂ ਦੀ ਆਦਤ ਸਹੇੜਨਾ, ਆਪਣੇ ਵਧ ਰਹੇ ਖਰਚੇ ਦੀ ਪੂਰਤੀ ਲਈ ਨਸ਼ੇ ਵੇਚਣਾ, ਮੰਡੀ ਦੇ ਸਭਿਆਚਾਰ ਨੂੰ ਕਬੂਲਦਿਆਂ ਫੁਕਰਾਪਣ, ਆਪਹੁਦਰਾਪਣ, ਹੀਰੋਇਯਮ ਦੀ ਪ੍ਰਵਿਰਤੀ ਦਾ ਪੈਦਾ ਹੋਣਾ। ਅਜਿਹੀ ਸਥਿਤੀ ‘ਚ ਵਿਦਿਆਰਥੀ ਆਪਣੇ ਸੁਪਨਿਆਂ ਦਾ ਤਾਂ ਕਤਲ ਕਰਦੇ ਹਨ ਪਰ ਨਾਲੋ-ਨਾਲ ਮਾਪਿਆਂ ਨੂੰ ਵੀ ਧੋਖਾ ਦਿੰਦੇ ਤੇ ਉਨ੍ਹਾਂ ਦੇ ਅਰਮਾਨਾਂ ਉੱਤੇ ਵੀ ਪਾਣੀ ਫੇਰ ਦਿੰਦੇ ਹਨ। 
ਲੇਖਕ ਇਹ ਵੀ ਦੱਸਦਾ ਹੈ ਕਿ ਭਾਰਤ ਵਿਚਲੀ ਕਿਰਤ ਸ਼ਕਤੀ ਦੀ ਅਹਿਮੀਅਤ ਨਾ ਹੋਣ ਕਰਕੇ ਨੌਜਵਾਨਾਂ ਦਾ ਵਿਦੇਸ਼ ਵੱਲ ਧੱਕੇ ਜਾਣਾ-ਇਥੇ ਕੰਮ ਨਾ ਮਿਲਨ ਕਰਕੇ ਜੋ ਨਹੀ ਜਾ ਸਕਦੇ ਉਹ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਸ਼ਿਆਂ ਦੀ ਵਿਕਰੀ ਕਰਨ ਵੱਲ ਤੁਰ ਪੈਣਾ। ਗੈਂਗਵਾਦ, ਗੁੰਡਾਗਰਦੀ, ਲੁੱਟ-ਖੋਹ, ਹਿੰਸਕ ਘਟਨਾਵਾਂ ਅਜਿਹੇ ਬਹੁਤ ਸਾਰੇ ਕੇਸ ਅਸਲੀਅਤ ‘ਚ ਲੇਖਕ ਦੇ ਸਾਹਮਣੇ ਆਏ ਹਨ। ਨਸ਼ੇੜੀ ਵਿਅਕਤੀ ਦੇ ਪਰਿਵਾਰ, ਘਰ ਦੀ ਜੋ ਦੁਰਦਸ਼ਾ ਹੁੰਦੀ ਹੈ। ਉਸ ਦਾ ਬਿਆਨ ਵੀ ਸੂਖਮਤਾ ਨਾਲ ਕੀਤਾ ਗਿਆ ਹੈ।ਲੇਖਕ ਇਸ ਪੱਖੋਂ ਹੈਰਾਨ ਹੁੰਦਾ ਹੈ ਕਿ ਨਸ਼ਿਆਂ ਵਿਰੁੱਧ ਜੋ ਲਹਿਰ ਪਿੰਡ-ਪਿੰਡ ਪੰਚਾਇਤ ਪੱਧਰ ਤੋਂ ਉਪਰ ਵੱਲ ਉੱਠਣੀ ਚਾਹੀਦੀ -ਇੱਥੇ ਅਜਿਹਾ ਨਹੀ ਹੋ ਰਿਹਾ ਕਿਉਂਕਿ ਵੋਟਤੰਤਰ ਵਿੱਚ ਵੋਟਾਂ ਖਰੀਦਣ ਲਈ ਨਸ਼ੇ ਵਰਤਾਉਣਾ ਸਸਤਾ ਸਾਧਨ ਹੈ ਜੋ ਬਾਅਦ ‘ਚ ਲੋਕਾਂ ਲਈ ਘਾਤਕ ਸਾਬਤ ਹੁੰਦਾ ਹੈ। ਸ਼ਰਾਬ ਦੇ ਨਸ਼ੇ ਤੋਂ ਉਪਰ ਸਮੈਕ ਦੇ ਨਸ਼ੇ ਦੇ ਸੇਵਨ ਨਾਲ ਪੰਜਾਬ ਦੇ ਘਰਾਂ ਦੇ ਚਿਰਾਗ਼ ਬੁਝਾ ਦਿੱਤੇ ਹਨ। ਲੇਖਕ ਨੇ ਇਹ ਸਚਾਈ ਤੱਥਾਂ ਦੇ ਅਧਾਰਿਤ ਬਿਆਨ ਕੀਤੀ ਹੈ। ਨਸ਼ਿਆਂ ਦੇ ਮਾਰੂ ਪ੍ਰਭਾਵ, ਨਸ਼ਿਆਂ ਦਾ ਸੰਤਾਪ ਹੰਢਾਉਂਦੀਆਂ ਔਰਤਾਂ, ਇੱਕੋ ਦਿਨ ਵਾਪਰੀਆਂ ਘਟਨਾਵਾਂ, ਵੇਖ ਧੀਆਂ ਦੇ ਲੇਖ, ਹਾਰੀ ਹੋਈ ਜ਼ਿੰਦਗੀ ਨਾਲ ਜੀਵਿਆਂ ਨਹੀ ਜਾਂਦਾ ਆਦਿ ਲੇਖਾਂ ਦੇ ਜਰੀਏ ਲੇਖਕ ਨੇ ਨਸ਼ਿਆਂ ਦੇ ਆਏ ਹੜ੍ਹ ਵਿੱਚ ਰੁੜ ਰਹੀਆਂ ਜ਼ਿੰਦਗੀਆਂ ਪ੍ਰਤੀ ਜਿੱਥੇ ਰੋਹ ਪ੍ਰਗਟਾਇਆ ਉਥੇ ਉਨਾਂ ਦੇ ਪਰਿਵਾਰਾਂ ਸੰਗ ਤਰਸ਼ ਤੇ ਹਮਦਰਦੀ ਦੀ ਭਾਵਨਾ ਨੂੰ ਵੀ ਸਾਹਮਣੇ ਲਿਆਂਦਾ ਹੈ। ਉਥੇ ਗੁਰਪ੍ਰੀਤ ਸਿੰਘ ਤੂਰ ਪੰਜਾਬ ਵਿੱਚ ਅਣਖ, ਗੈਰਤ, ਸੂਰਬੀਰਤਾ, ਤਿਆਗ, ਸੇਵਾ, ਕੁਰਬਾਨੀ ਵਰਗੀਆਂ ਭਾਵਨਾਵਾਂ ਨੂੰ ਬਰਕਰਾਰ ਦੇਖਣਾ ਚਾਹੁੰਦਾ ਹੈ। ਜਿਸ ਦਾ ਸਿੱਟਾ ਇਹ ਕੱਢਦਾ ਹੈ ਕਿ ਜਿਨ੍ਹਾਂ ਚਿਰ ਅਸੀਂ ਕਿਰਤ ਤੇ ਕੁਦਰਤ ਤੋਂ ਵਿਛੁੰਨੇ ਰਹਾਂਗੇ ਉਨ੍ਹਾਂ ਚਿਰ ਵਕਾਰਾਂ ਦੇ ਰਾਹਾਂ ਤੇ ਤੁਰਦੇ ਦਿਸ਼ਾਹੀਣ ਮੁਸਾਫਿ਼ਰ ਬਣੇ ਰਹਾਂਗੇ। ਲੇਖਕ ਸਿਰਫ਼ ਸਮਾਜ ਵਿੱਚੋਂ ਨਾ-ਪੱਖੀ ਤੱਤਾਂ ਨੂੰ ਦ੍ਰਿਸ਼ਟਮਾਨ ਨਹੀ ਕਰਦਾ ਉਹ ਚੰਗੀਆਂ ਸਾਹਿਤਕ ਰਚਨਾਵਾਂ, ਸੰਸਕਾਰ, ਵਿਚਾਰ, ਫਿਲਮਾਂ ਜੋ ਲੋਕ ਤੱਤਾਂ ਨਾਲ ਪਰਨਾਈਆਂ ਹਨ ਉਨ੍ਹਾਂ ਦਾ ਜ਼ਿਕਰ ਵੀ ਨਾਲੋਂ ਨਾਲ ਕਰਦਾ ਹੈ ਜੋ ਸਮਾਜ ਨੂੰ ਸੇਧ ਦਿੰਦੀਆਂ ਹਨ। 
ਇਨਾਂ ਲੇਖਾਂ ਦਾ ਇੱਕ ਪਾਸਾਰ ਉਪਦੇਸ਼ਮਈ ਸੁਰ ਅਲਾਪਦਾ ਹੋਇਆ ਸੁਧਾਰਵਾਦੀ ਪੈਂਤੜਾ ਲੈਂਦਾ ਹੈ। ਭਾਗ ਦੂਜੇ ਦੇ 21 ਲੇਖ ਏਸੇ ਵਿਚਾਰਾਂ ਦੀ ਪੈਰਵੀ ਹੋਈ ਹੈ ਜਿਵੇਂ ਵਿਕਾਸ ਵਿੱਚ ਕਿਰਤ ਦੀ ਦੇਣ, ਮਨੁੱਖ ਦੀ ਸਖਸੀਅਤ ਨੂੰ ਨਿਖਾਰ ਵਿੱਚ ਕਿਰਤ ਦਾ ਯੋਗਦਾਨ, ਸਾਦਗੀ ਤੇ ਸਲੀਕਾ, ਗੌਰਵਤਾ, ਸਹਿਜਤਾ, ਮੇਲ-ਮਿਲਾਪ, ਮਾਨਵੀ ਮੁਹੱਬਤ ਆਦਿ ਅਨੇਕਾਂ ਪੱਖਾਂ ਬਾਰੇ ਬਹੁਤ ਸਾਰੇ ਅੰਸ਼ ਉਭਰ ਕੇ ਸਾਹਮਣੇ ਆਏ ਹਨ। ਲੇਖਕ ਆਪਣੇ ਲੋਕ ਵਿਰਸੇ ਨਾਲ ਜੁੜਨ ਲਈ ਨਸੀਹਤ ਦਿੰਦਾ ਹੈ। ਏਨਾਂ ਲੇਖਾਂ ਦੇ ਮੁਹਾਂਦਰੇ ‘ਚ ਅਤੀਤ ਵਰਤਮਾਨ ਤੇ ਭਵਿੱਖ ਦੇ ਨਕਸ਼ਾਂ ਦੀ ਨਿਸ਼ਾਨਦੇਹੀ ਸਫ਼ਲ ਪੂਰਵਕ ਹੋਈ ਹੈ। ਲੇਖਕ ਗ਼ਲਤੀਆਂ ਤੋਂ ਸਬਕ ਸਿੱਖਣ, ਜਿੰਦਗੀ ਦੇ ਰੁਝੇਵੇ ਦੀ ਸਾਕਾਰਤਮਕ ਦੇਣ, ਕਿਰਤ ਦੀਆਂ ਖੁਸਬੋਆਂ ਦਾ ਫੈਲਾਅ, ਗੈਰ ਰਸਮੀ ਸਿੱਖਿਆ ਤੇ ਘੁੰਮਣ-ਫਿਰਨ ਦਾ ਸ਼ੋਕ, ਚੰਗੀਆਂ ਪੁਸਤਕਾਂ ਪੜ੍ਹਣ ਦੀ ਰੁਚੀ, ਖੇਡ ਸਭਿਆਚਾਰ ਨੂੰ ਪ੍ਰਫੁਲਤ ਕਰਨ ਲਈ ਯਤਨਸ਼ੀਲ ਹੈ ਤੇ ਉਹ ਸਿਰਜਣਾਤਮਕ ਲੀਹਾਂ ਦੀ ਅਜਿਹੀ ਉਸਾਰੀ ਕਰਨ ਦਾ ਸੁਪਨਾ ਲੈਂਦਾ ਹੈ ਜਿਸ ਵਿੱਚੋਂ ਸਿਰਫ ਜਾਣਕਾਰੀ ਹੀ ਨਾ ਬਲਕਿ ਗਿਆਨ ਤੇ ਸਿਆਣਪ ਦੀਆਂ ਬਹੁ-ਪਰਤਾਂ ਦਾ ਸੁਮੇਲ ਵੀ ਹੋਵੇ। 
ਇਸ ਪੁਸਤਕ ਦਾ ਆਖਰੀ ਹਿੱਸਾ ਬੇਰੁਜਗਾਰੀ ਦੇ ਸੱਚ ਨੂੰ ਬਿਆਨ ਕਰਦਾ ਹੋਇਆ ਨੌਜ਼ਵਾਨਾਂ ਦੇ ਭਵਿੱਖ ਪ੍ਰਤੀ ਚਿੰਤਿਤ ਦਿਖਾਈ ਦਿੰਦਾ ਹੈ। ਛੇ ਹਜਾਰ ਅਸਾਮੀਆਂ ਲਈ ਪੰਜ ਲੱਖ ਤੋਂ ਵੱਧ ਅਰਜੀਆਂ ਪ੍ਰਾਪਤ ਹੋਈਆਂ। ਨੌਜਵਾਨ ਨੂੰ ਆਪਣੀ ਆਖਰੀ ਮੰਜ਼ਲ ਤੱਕ ਪਹੁੰਚਣ ਲਈ ਕਿੰਨੇ ਰਾਹੀਂ ਗੁਜਰਨਾ ਪੈਂਦਾ ਹੈ। ਜਦੋਂ ਨੌਜ਼ਵਾਨ ਆਪਣੇ ਫਿਜ਼ੀਕਲ ਟੈਸਟ ਲਈ ਹਾਜ਼ਰ ਹੁੰਦਾ ਤਾਂ ਉਸ ਸਾਹਵੇ ਰੁਜ਼ਗਾਰ ਪ੍ਰਾਪਤ ਕਰਨ ਦੀ ਇੱਛਾ ਉਹਦੇ ਚਿਹਰੇ ਤੇ ਖੁਸ਼ੀ ਦੀਆਂ ਤਰੰਗਾਂ ਬਿਖੇਰਦੀ ਹੈ ਪਰਿਵਾਰ ਵਾਲੇ ਵੀ ਬੱਚੇ ਨੂੰ ਚਾਵਾਂ ਨਾਲ ਭੇਜਦੇ ਉਨ੍ਹਾਂ ਦੇ ਨੈਣਾਂ ਵਿੱਚ ਵੀ ਖੁਸ਼ੀ ਦਾ ਉਭਾਰ ਆਉਂਦਾ ਹੈ ਕਿੰਨੇ ਹੀ ਜੀਵਨ ਦੇ ਸੁੱਪਨੇ ਉਸ ਨੇ ਭਰਤੀ ਸਮੇਂ ਦਿੱਤੇ ਟੈਸਟ ਵਿੱਚ ਪਰੋਏ ਹੁੰਦੇ ਹਨ। ਲੇਖਕ ਖੁਦ ਪੁਲਿਸ ਅਧਿਕਾਰੀ ਹੋਣ ਕਰਕੇ ਭਰਤੀ ਵੇਲੇ ਸਾਮਲ ਹੁੰਦਾ ਹੈ ਤੇ ਨੌਜਵਾਨਾਂ ਦੇ ਮੈਦਾਨ ਵਿੱਚ ਆਉਣ ਵੇਲੇ ਤੇ ਜਾਣ ਵੇਲੇ ਦੇ ਚਿਹਰੇ ਦੇ ਭਾਵਾਂ ਨੂੰ ਪਕੜਦਾ ਹੈ। ਫਿਜ਼ੀਕਲ ਟੈਸਟ ਵਿੱਚੋਂ ਪਾਸ ਨਾ ਹੋਣ ਦੀ ਸੂਰਤ ਵਿੱਚ ਉਸ ਦੀ ਮਾਨਸਿਕ ਦਸ਼ਾ ਨੂੰ ਸਮੇਂ ਦੀ ਸਥਿਤੀ, ਰਾਜਸੀ ਸਿਸਟਮ, ਸਮਾਜਕ ਵਰਤਾਰਾ ਤੇ ਨੌਜਵਾਨ ਦੇ ਕਿਰਦਾਰ ਵਿਚਲੀਆਂ ਵਿਭਿੰਨ ਗੁੰਝਲਾਂ ਬਾਰੇ ਲੇਖਕ ਜਾਣਨ ਲਈ ਤੱਤਪਰ ਰਹਿੰਦਾ ਹੈ। ਉਹ ਅਜਿਹੇ ਨੌਜਵਾਨਾਂ ਨਾਲ ਮੁਲਾਕਾਤਾਂ ਕਰਕੇ ਉਹਨਾਂ ਦੀ ਜੀਵਨ ਸ਼ੈਲੀ ਨੂੰ ਸਮਝਦਾ ਹੈ। ਅਜਿਹੇ ਪੜਾਅ ਦੇ ਨੌਜਵਾਨ ਦੇ ਖੁਰ ਗਏ ਅਰਮਾਨਾਂ ਪਿਛਲੀ ਜੜ੍ਹ ਨੂੰ ਪਹਿਚਾਨਣ ਲਈ ਲੇਖਕ ਆਪਣੀ ਪਹੁੰਚ ਤੋਂ ਨਤੀਜ਼ਾ ਕੱਢਦਾ ਹੈ। ਇਨਾਂ ਲੇਖਾਂ ਵਿੱਚੋਂ ਸਾਹਮਣੇ ਆਈ ਚਿੰਤਨਮੁੱਖੀ ਸੁਰ ਜਵਾਨੀ ਨੂੰ ਸੰਭਾਲਣ ਲਈ ਸਮਾਜ ਨੂੰ ਹਲੂਣਦੀ ਹੈ। ਤੂਰ ਨੇ ਘਟਨਾਵਾਂ, ਤੱਥਾਂ, ਦ੍ਰਿਸ਼ਾਂ ਰਾਹੀਂ ਵਾਰਤਕ ਸਿਰਜਦਿਆਂ ਸਮਾਜ ਨੂੰ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਵਿਚਲੀ ਵਾਰਤਕ ਸ਼ੈਲੀ ਬਹੁਤ ਹੀ ਦਿਲਸਚਪ ਹੈ। ਇਸ ਵਿੱਚ ਸਮੇਂ ਦੀ ਕੌੜੀ ਸਚਾਈ ਵੀ ਸਹਿਜਤਾ ਨਾਲ ਸਾਹਮਣੇ ਆਉਂਦੀ ਹੈ। ਪੰਜਾਬ ਵਿੱਚੋਂ ਨਸ਼ਿਆਂ ਦੇ ਪਾਸਾਰ ਅਤੇ ਇਸ ਨੂੰ ਰੋਕਣ ਵਾਸਤੇ ਠੋਸ ਕਦਮ ਲੋਕਾਂ ਦੁਆਰਾ ਚੁੱਕਣ ਦੀ ਗੱਲ ਕੀਤੀ ਗਈ ਹੈ। 
ਲੇਖਕ ਤਲਖ਼ ਹਕੀਕਤਾਂ ਨੂੰ ਬਿਆਨਦਾ ਹੋਇਆ ਨਸ਼ਿਆਂ ਦਾ ਖ਼ਾਤਮਾ ਚਾਹੁੰਦਾ ਹੈ। ਇਹ ਪੁਸਤਕ ਵਿਚਲੀਆਂ ਸਭ ਘਟਨਾਵਾਂ ਹਕੀਕੀ ਹਨ। ਲੇਖਕ ਪੁਲਿਸ ਦਾ ਉੱਚ ਅਧਿਕਾਰੀ ਹੋਣ ਕਰਕੇ ਇੱਕ ਦਾਇਰੇ ‘ਚ ਰਹਿ ਕੇ ਸਮੱਸਿਆ ਦਾ ਖਾਤਮਾ ਚਾਹੁੰਦਾ ਹੋਇਆ ਮਨੁੱਖੀ ਜੀਵਨ ‘ਚ ਨਵਾਂ ਹੁਲਾਸ ਪੈਦਾ ਕਰਨ ਦਾ ਚਾਹਵਾਨ ਹੈ। ਯਥਾਰਥ ਦੀ ਤਸਵੀਰ ਨੂੰ ਸਾਹਮਣੇ ਲਿਆਉਂਦੀਆਂ ਅਜਿਹੀਆਂ ਪੁਸਤਕਾਂ ਪਾਠਕਾਂ ਲਈ ਮੁਲਵਾਨ ਹੁੰਦੀਆਂ ਹਨ। 
*ਅਰਵਿੰਦਰ ਕੌਰ ਕਾਕੜਾ (ਡਾ਼)  
ਅਸਿਸਟੈਂਟ ਪ੍ਰੋਫੈਸਰ 
ਪਬਲਿਕ ਕਾਲਜ ਸਮਾਣਾ। 
ਮੋ: 9463615536
  

Saturday 25 August 2018

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵਲੋਂ ਸ੍ਰੀ ਕੁਲਦੀਪ ਨਈਅਰ ਦੇ ਦੇਹਾਂਤ 'ਤੇ ਸ਼ੋਕ ਸਭਾ

Aug 25, 2018, 4:54 PM
ਨਈਅਰ ਜੀ ਪੰਜਾਬੀ ਸ਼ਖ਼ਸੀਅਤ ਸਨ-ਡਾ. ਸੁਖਦੇਵ ਸਿੰਘ ਸਿਰਸਾ
ਲੁਧਿਆਣਾ: 25 ਅਗਸਤ 2018: (ਸਾਹਿਤ ਸਕਰੀਨ ਬਿਊਰੋ):: 
ਵਿਵਾਦਾਂ ਦੇ ਬਾਵਜੂਦ ਕੁਲਦੀਪ ਨਈਅਰ ਉਮਰ ਦੇ ਆਖ਼ਿਰੀ ਸਮੇਂ ਤੱਕ ਸਰਗਰਮ ਪੱਤਰਕਾਰ ਰਹੇ। ਉਹਨਾਂ ਨੇ ਪੰਜਾਬ ਸਮਸਿਆ ਨੂੰ ਸੁਲਝਾਉਣ ਲਈ ਵੀ ਆਪਣੀ ਪੂਰੀ ਵਾਹ ਲਾਈ। ਉਹਨਾਂ ਦੇ ਵਿਚਾਰਾਂ ਕਰਕੇ ਉਹਨਾਂ ਦੀ ਆਲੋਚਨਾ ਵੀ ਹੁੰਦੀ ਰਹੀ ਅਤੇ ਪਰਸੰਸਾ ਵੀ। ਇਹ-ਸ ਭ ਕੁਝ ਦੇ ਬਾਵਜੂਦ ਉਹ ਆਪਣੀ ਧੁੰਨ ਵਿੱਚ ਮਗਨ ਰਹੇ। ਕਦੇ ਉਹਨਾਂ ਨੂੰ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਕਰੋਪੀ ਕਾਰਨ ਜੇਲ ਜਾਣਾ  ਪਿਆ ਅਤੇ ਕਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਸਬੰਧਤ ਹਲਕਿਆਂ ਵੱਲੋਂ ਕਾਫੀ ਕੁਝ ਸੁਣਨਾ ਪਿਆ। ਉਹਨਾਂ ਦੇ ਦੇਹਾਂਤ ਮਗਰੋਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। 

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵਲੋਂ ਉੱਘੇ ਲੇਖਕ ਅਤੇ ਪੱਤਰਕਾਰ ਸ੍ਰੀ ਕੁਲਦੀਪ ਨਈਅਰ ਦੇ ਦੇਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸੰਘ ਦੇ ਕੌਮੀ ਸਕੱਤਰੇਤ ਮੈਂਬਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਨਈਅਰ ਜੀ ਉਹ ਪੰਜਾਬੀ ਸ਼ਖ਼ਸੀਅਤ ਸਨ ਜਿਹੜੇ ਆਪਣੀ ਲਿਆਕਤ ਸਦਕਾ ਆਪਣੀ ਸ਼ਖ਼ਸੀਅਤ ਨੂੰ ਵਿਲੱਖਣ ਕਿਸਮ ਦੀ ਖ਼ੁਦਦਾਰ ਅਤੇ ਖੁਦਮੁਖਤਿਆਰ ਬਣਾ ਸਕੇ। ਉਹਨਾਂ  ਦਾ ਅਜਿਹੇ ਸਮਿਆਂ ਵਿਚ ਜਦੋਂ ਹਿੰਦੁਸਤਾਨ ਭੀੜਤੰਤਰ ਅਤੇ ਅਸਹਿਣਸ਼ੀਲਤਾ ਵਰਗੀਆਂ ਲਾਹਨਤਾਂ ਨਾਲ ਮੱਥਾ ਲਾ ਰਿਹਾ ਹੈ, ਜਾਣਾ ਬੜਾ ਅਸਹਿ ਹੈ। 
ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਗਿੱਲ ਨੇ ਕਿਹਾ ਕਿ ਸ੍ਰੀ ਕੁਲਦੀਪ ਨਈਅਰ ਜੀ ਨੇ ਸਥਾਪਤੀ ਵਿਰੋਧੀ ਸਟੈਂਡ ਲਿਆ ਅਤੇ ਆਪਣੀ ਲਿਆਕਤ ਅਤੇ ਦਲੀਲ ਨਾਲ ਆਪਣੀ ਸਮਝ ਦਾ ਸਿੱਕਾ ਮਨਵਾਇਆ। ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਅਤੇ ਜਨਰਲ ਸਕੱਤਰ ਪ੍ਰੋ. ਸੁਰਜੀਤ ਜੱਜ ਨੇ ਮਹਿਸੂਸ ਕੀਤਾ ਕਿ ਉਹ ਅਜਿਹੀ ਪੰਜਾਬੀ ਸ਼ਖ਼ਸੀਅਤ ਸਨ ਜਿਹਨਾਂ ਨੇ ਕਦੇ ਵੀ ਹਿੰਦ-ਪਾਕ ਵੰਡ ਨੂੰ ਅੰਦਰ ਆਤਮਸਾਤ ਨਹੀਂ ਕੀਤਾ। ਜ਼ਿੰਦਗੀ ਭਰ ਹਿੰਦ-ਪਾਕ ਦੋਸਤੀ ਲਈ ਕਾਰਜਸ਼ੀਲ ਰਹੇ ਅਤੇ ਵੱਡੀ ਉਮਰ ਵਿਚ ਵੀ ਆਪਣੀਆਂ ਲਿਖਤਾਂ ਨਾਲ ਸਰਗਰਮ ਰਹੇ।
ਪ੍ਰਗਤੀਸ਼ੀਲ ਲੇਖਕ ਸੰਘ ਦੀ ਲੁਧਿਆਣਾ ਇਕਾਈ ਦੇ ਪ੍ਰਧਾਨ ਸੁਰਿੰਦਰ ਕੈਲੇ, ਸੀਨੀ. ਮੀਤ ਪ੍ਰਧਾਨ ਇੰਦਰਜੀਤਪਾਲ ਕੌਰ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਤੋਂ ਇਲਾਵਾ ਸਮੁੱਚੀ ਜ਼ਿਲਾ ਇਕਾਈ ਨੇ ਅਫ਼ਸੋਸ ਪ੍ਰਗਟ ਕੀਤਾ ਜਿਹਨਾਂ ਵਿਚ ਭਗਵਾਨ ਢਿੱਲੋਂ, ਪ੍ਰੋ. ਰਮਨ, ਜਸਵੀਰ ਝੱਜ, ਤਰਲੋਚਨ ਝਾਂਡੇ, ਦਲਵੀਰ ਲੁਧਿਆਣਵੀ, ਹਰਬੰਸ ਮਾਲਵਾ, ਕੁਲਵਿੰਦਰ ਕਿਰਨ, ਸੁਰਿੰਦਰ ਦੀਪ, ਪਰਮਜੀਤ ਕੌਰ ਮਹਿਕ, ਜਗਜੀਵਨ ਕੌਰ ਜਿੰਦ, ਸੁਖਚਰਨਜੀਤ ਕੌਰ ਗਿੱਲ, ਅਜੀਤ ਪਿਆਸਾ, ਜਨਮੇਜਾ ਸਿੰਘ ਜੌਹਲ, ਬਲਕੌਰ ਗਿੱਲ,  ਡੀ. ਐਮ. ਸਿੰਘ, ਹਰਬੰਸ ਅਖਾੜਾ, ਭੁਪਿੰਦਰ ਧਾਲੀਵਾਲ, ਰਾਜਦੀਪ ਤੂਰ, ਜਰਨੈਲ ਸਿੰਘ ਮਾਂਗਟ, ਦੀਪ ਦਿਲਬਰ, ਗੁਰਸੇਵਕ ਸਿੰਘ ਢਿੱਲੋਂ, ਉਜਾਗਰ ਲਲਤੋਂ, ਹਰੀ ਕ੍ਰਿਸ਼ਨ ਮਾਇਰ, ਗੁਰਦੀਪ ਸਿੰਘ, ਬਲਵੰਤ ਸਿੰਘ ਮੁਸਾਫ਼ਿਰ, ਬਲਵੰਤ ਸਿੰਘ ਮਾਂਗਟ, ਰਵੀਦੀਪ, ਰਵਿੰਦਰ ਦੀਵਨਾ, ਅਮਰਜੀਤ ਸ਼ੇਰਪੁਰੀ, ਸੁਰਜਨ ਸਿੰਘ ਇੰਜਨੀਅਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੇਖਕਾਂ ਨੇ ਅਫ਼ਸੋਸ ਪ੍ਰਗਟ ਕੀਤਾ। ਸਮੁੱਚੇ ਲੇਖਕਾਂ ਦੀ ਰਾਇ ਸੀ ਕਿ ਸ੍ਰੀ ਕੁਲਦੀਪ ਨਈਅਰ ਜੀ ਵਰਗੀਆਂ ਸ਼ਖ਼ਸੀਅਤਾਂ ਦੀ ਪ੍ਰਗਤੀਸ਼ੀਲ ਲੇਖਕ ਸੰਘ ਦੀ ਸੋਚ ਵਾਸਤੇ ਵੱਡੀ ਲੋੜ ਹੈ।

Wednesday 1 August 2018

ਪਾਠਕਾਂ ਨੂੰ ਬੜੀ ਸੰਜੀਦਗੀ ਨਾਲ ਚੋਣਵਾਂ ਸਾਹਿਤ ਪੜ੍ਹਨਾ ਚਾਹੀਦਾ ਹੈ-ਡਾ ਲਖਵਿੰਦਰ ਜੌਹਲ

Tue, Jul 31, 2018 at 9:35 PM
ਪ੍ਰਗਟ ਸਿੰਘ ਸਤੌਜ ਦੇ ਨਾਵਲ “ਖਬਰ ਇੱਕ ਪਿੰਡ ਦੀ" ‘ਤੇ ਵਿਚਾਰ-ਚਰਚਾ  
ਚੰਡੀਗੜ੍ਹ: 31 ਜੁਲਾਈ 2018: (ਸੰਜੀਵਨ ਸਿੰਘ//ਪੰਜਾਬ ਸਕਰੀਨ)::   
ਰਾਈਟਰਜ਼ ਕੱਲਬ ਚੰਡੀਗਡ਼ ਅਤੇ ਸਰਘੀ ਕਲਾ ਕੇਂਦਰ ਮੁਹਾਲੀ ਵੱਲੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਹਿਯੋਗ ਨਾਲ ਵਿਚ ਪੰਜਾਬੀ ਅਕੈਡਮੀ ਲੁਧਿਆਣਾ ਯੁਵਾ ਪੁਰਸਕਾਰ ਵਿਜੇਤਾ ,  ਢਾਹਾਂ ਸਾਹਿਤ ਪੁਰਸਕਾਰ ਪ੍ਰਗਟ ਸਿੰਘ ਸਤੌਜ ਦੇ ਨਾਵਲ "ਖਬਰ ਇੱਕ ਪਿੰਡ ਦੀ" ਤੇ ਵਿਚਾਰ-ਚਰਚਾ ਕਰਵਾਈ ਗਈ ਜਿਸ ਵਿਚ  ਪਰਮਿੰਦਰ ਸਿੰਘ ਗਿੱਲ  ਨੇ ਵਿਸਥਾਰ ਨਾਲ ਗੱਲ ਕਰਦਿਆਂ ਕਿਹਾ ਕਿ ਜੋ ਪਾਤਰ ਧਰਮਰਾਜ ਜਾਂ ਹੋਰ ਮਿੱਥਾਂ ਨੂੰ ਕਿਸੇ ਹੋਰ ਤਰ੍ਹਾਂ ਨਾਲ ਵੀ ਪੇਸ਼ ਕੀਤੀ ਜਾ ਸਕਦੀ ਸੀ। ਬਲਵਿੰਦਰ ਸਿੰਘ ਨੇ ਕਿਹਾ ਕਿ ਨਾਵਲ ਨੂੰ ਇਕ ਵਾਰੀ ਪਡ਼੍ਹਨਾ ਸ਼ੁਰੂ ਕਰ ਦਿਓ ਤਾਂ ਬੰਦ ਕਰਨ ਨੂੰ ਦਿਲ ਨਹੀਂ ਕਰਦਾ।ਸਵਾਲ ਜਵਾਬ ਸੈਸ਼ਨ ਵੀ ਹੋਇਆ। ਪ੍ਰਗਟ ਸਤੌਜ ਨੇ ਆਪਣੀ ਪਤਨੀ ਦੇ  ਵਿਸ਼ੇਸ਼ ਯੋਗਦਾਨ ਬਾਰੇ ਦਸਿਆ ਜੋ ਕਿ ਉਸ ਦੇ ਸਾਹਿਤ ਦੇ ਪ੍ਰਾਇਮਰੀ ਕੰਮ ਜਿਵੇਂ ਚੰਗੀਆਂ ਕਿਤਾਬਾਂ ਅਤੇ ਮੈਗਜ਼ੀਨਾਂ ਵਿੱਚੋਂ ਚੰਗੀਆਂ ਲਿਖਤਾਂ ਪਡ਼੍ਹਨ ਲਈ ਚੋਣ ਕਰ ਦਿੰਦੀ ਹੈ ਜਿਸ ਨਾਲ ਉਨ੍ਹਾਂ ਦਾ ਟਾਈਮ ਬਚ ਜਾਂਦਾ ਹੈ। ਸਟੇਜ ਸਕੱਤਰ ਸ੍ਰੀ ਸ਼ਾਮ ਸਿੰਘ ਅੰਗਸੰਗ ਜੀ ਸਾਰੇ ਪ੍ਰੋਗਰਾਮ ਵਿੱਚ ਆਪਣੇ ਸੁਭਾਅ ਅਨੁਸਾਰ ਹਾਸੇ ਮਜ਼ਾਕ ਦਾ ਤਡ਼ਕਾ ਲਾਈ ਰੱਖਿਆ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਤਹਿਤ ਕਰਵਾਏ ਇਸ ਪ੍ਰੋਗਰਾਮ ਨੂੰ ਰਾਈਟਰਜ ਕਲੱਬ ਦੇ ਸਹਿਯੋਗ ਨਾਲ ਡਾ ਸ਼ਰਨਜੀਤ ਕੌਰ ਨੇ ਕਨਵੀਨਰ ਦੇ ਤੌਰ 'ਤੇ ਬਹੁਤ ਵਧੀਆ ਸੰਚਾਲਿਤ ਕੀਤਾ। ਜਗਤਾਰ ਜੋਗ ਨੇ ਆਪਣੀ ਮਿੱਠੀ ਅਤੇ ਬੁਲੰਦ ਅਵਾਜ਼ ਵਿਚ ਪੰਜਾਬੀ ਮਾਂ ਬੋਲੀ ਬਾਰੇ ਗੀਤ ਗਾਇਆ ਜਿਸ ਵਿੱਚ ਅੰਮ੍ਰਿਤਾ ਅਤੇ ਸ਼ਿਵ ਕੁਮਾਰ ਬਟਾਲਵੀ ਤੋਂ ਅਗਲੇ ਕਵੀਆਂ ਦਾ ਜਿਕਰ ਕੀਤਾ ਤਾਂ ਲੱਗਿਆ ਕਿ ਹੁਣ ਸਾਨੂੰ ਪੰਜਾਬੀ ਚਿੰਤਕਾਂ ਨੂੰ ਇਸ ਗੱਲ ਦਾ ਫਿਕਰ ਨਹੀਂ ਕਰਨਾ ਚਾਹੀਦਾ ਕਿ ਕਵਿਤਾ ਕੋਈ ਪਡ਼੍ਹਦਾ ਨਹੀਂ। ਕਿਉਂਕਿ ਹੁਣ ਗੱਲ ਅੱਗੇ ਤੁਰ ਪਈ ਹੈ।  ਡਾ. ਮਨਮੋਹਨ ਜੀ ਨੇ ਕਿਹਾ ਕਿ ਪੰਜਾਬੀ ਲੋਕ ਜ਼ਜ਼ਬਾਤੀ ਅਤੇ ਬਹੁਤਾ ਭਾਵੁਕ ਹੁੰਦੇ ਹਨ ਪਰ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਦੀ ਸੇਵਾ ਗਿਆਨ ਨਾਲ ਅਤੇ ਪਡ਼੍ਹਨ ਨਾਲ ਸਮਾਜ ਦਾ ਕੁਛ ਸੰਵਰਨਾ ਹੈ ਕਿ ਪੰਜਾਬੀ ਬੁੱਧੀਜੀਵੀ ਹੋਣ ਦੀ ਚਾਰਾਜੋਈ ਕਰੇ। ਉਨ੍ਹਾਂ ਨੇ ਨਾਵਲ ਨੂੰ ਸ਼ਕਤੀਸ਼ਾਲੀ ਨਿਯਮ ਵਿੱਚ ਬੱਝੀ ਹੋਈ ਅਤੇ ਜਿੰਮੇਵਾਰੀ ਵਾਲੀ ਵਿਧਾ ਗਿਆਨ ਸੰਸਾਰ ਦੀ ਸਿਰਜਨਾ ਕਿਹਾ ਕਿ ਨਾਵਲ ਕਹਾਣੀ ਨਹੀਂ ਹੁੰਦਾ ਭਾਵੇਂ ਕਿ ਇਸਦਾ ਦਾਇਰਾ ਬਹੁਤ ਵਿਸ਼ਾਲ ਹੋਣ ਦੇ ਬਾਵਜੂਦ ਵੀ ਇਸ ਵਿੱਚ ਹੋਈ ਗਲਤੀ ਛੁਪੀ ਨਹੀਂ ਰਹਿ ਸਕਦੀ। ਡਾ ਦੀਪਕ ਮਨਮੋਹਨ ਜੀ ਨੇ ਕਿਹਾ ਕਿ ਪ੍ਰਗਟ ਸਤੌਜ ਆਪਣੇ ਆਲੇ-ਦੁਆਲੇ ਨੂੰ ਵੇਖਦਾ ਅਤੇ ਘੋਖਦਾ ਹੈ ਅਤੇ ਜਦੋਂ ਕੁਛ ਕਹਿਣ ਲਈ ਤਤਪਰ ਹੁੰਦਾ ਹੈ ਤਾਂਗਿਆਨ ਦੀ ਗੱਲ ਕਰਦਾ ਹੈ। ਪ੍ਰਧਾਨਗੀ ਭਾਸ਼ਣ ਵਿਚ ਡਾ ਲਖਵਿੰਦਰ ਜੌਹਲ ਨੇ ਕਿਹਾ ਕਿ ਪਾਠਕਾਂ ਨੂੰ ਬੜੀ ਸੰਜੀਦਗੀ ਨਾਲ ਚੋਣ ਕਰਕੇ ਸਾਹਿਤ ਪਡ਼੍ਹਨਾ ਚਾਹੀਦਾ ਹੈ। ਕੋਆਰਡੀਨੇਟਰ ਆਰਟ ਕੌਂਸਲ ਨਿੰਦਰ ਘੁਗਿਆਣਵੀ,  ਆਰਪ੍ਰਬੰਧਕੀ ਬੋਰਡ ਮੈਂਬਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਅਮਰਜੀਤ ਕੌਰ ਹਿਰਦੇ, ਕੰਨਵੀਨਰ ਮਨਮੋਹਨ ਦਾਊਂ, ਦੀਪਤੀ ਬਬੂਟਾ, ਡਾ ਸਵਰਾਜ ਸੰਧੂ, ਅਵਤਾਰ ਭੰਵਰਾ, ਸੰਜੀਵਨ, ਬਹਾਦਰ ਸਿੰਘ ਗੋਸਲ,  ਹਿਰਦੇਪਾਲ ਸਿੰਘ ਮੈਨੇਜਰ ਅਸ ਬੀ ਆਈ, ਸਤਬੀਰ, ਜਨਕਰਾਜ ਸਿੰਘ, ਪਰਮਜੀਤ ਸਿੰਘ ਗਿੱਲ, ਅਮਰਜੀਤ ਅਮਰ, ਸਰਦਾਰਾ ਸਿੰਘ ਚੀਮਾ ਆਦਿ ਹਾਜ਼ਰ ਹੋਏ।

Monday 30 July 2018

ਨੀਅਤਾਂ ਨਾਲ ਮੁਰਾਦਾਂ

Mon, Jul 30, 2018 at 11:54 PM
"ਮੁਫਤ ਦੀ ਮਾਰ" ਜ਼ਿਆਦਾ ਹੀ ਮਹਿੰਗੀ ਪੈ ਜਾਂਦੀ ਹੈ 
ਲੁਧਿਆਣਾ: 30 ਜੁਲਾਈ 2018: (ਪੰਜਾਬ ਸਕਰੀਨ ਬਿਊਰੋ)::
ਜਨਮੇਜਾ ਸਿੰਘ ਜੋਹਲ ਮਨਮੌਜੀ ਕਿਸਮ ਦਾ ਕਲਾਕਾਰ ਹੈ। ਕੈਮਰਾ, ਕਲਮ ਅਤੇ ਕੋਈ ਅਚਾਨਕ ਆਇਆ ਖਿਆਲ ਫਿਰ ਪਤਾ ਨਹੀਂ ਅਚਾਨਕ ਕਿਧਰ ਨੂੰ ਉੜਾਨ। ਕੋਈ ਸਮਾਗਮ ਕਰਨਾ ਹੋਵੇ ਜਾਂ ਉਪਰਾਲਾ ਉਸਨੇ ਕਦੇ ਕਿਸੇ ਨੂੰ ਵਗਾਰ ਨਹੀਂ ਪਾਈ। ਕਈ ਵਾਰ ਗੱਲ ਵੀ ਤੁਰੀ ਕਿ ਆਖਿਰ ਹਰ ਪਰੋਜੈਕਟ 'ਤੇ ਖਰਚੇ ਹੁੰਦੇ ਹਨ। ਹਮੇਸ਼ਾਂ ਇਸ ਸੁਆਲ ਨੂੰ ਹੱਸ ਕੇ ਟਾਲ ਦੇਣਾ।  ਸਿਰਫ ਇੱਕ ਵਾਰ ਆਖਿਆ ਕੁਦਰਤ ਕੋਈ ਨ ਕੋਈ ਢੋਅ ਢੁਕਾ ਦੇਂਦੀ ਹੈ। ਪਰ ਅੱਜ ਦੇ ਜ਼ਮਾਨੇ ਵਿੱਚ ਕਈ ਵਾਰ ਅਜਿਹੇ ਲੋਕ ਵੀ ਮੁਫਤਬਰੀ ਕਰਦੇ ਹਨ ਜਿਹਨਾਂ ਕੋਲ ਕਮੀ ਕੋਈ ਨਹੀਂ ਹੁੰਦੀ। ਜਨਮੇਜਾ ਸਿੰਘ ਜੋਹਲ ਆਪਣੀ ਇਸ ਲਿਖਤ ਦੇ ਬਹਾਨੇ ਉਹਨਾਂ ਸਾਰੇ ਲੋਕਾਂ ਵੱਲ ਇਸ਼ਾਰਾ ਕਰ ਰਿਹਾ ਹੈ ਜਿਹੜੇ ਕਲਾਕਾਰ ਕਿਰਤੀਆਂ ਦਾ ਸ਼ੋਸ਼ਣ ਕਰਦੇ ਹਨ। ਲਓ ਪੜੋ ਇਸ ਤਰਾਂ ਦੀ ਇੱਕ ਨਵੀਂ ਮਿਲੀ ਲਿਖਤ:
ਅਮਰਜੀਤ ਗਰੇਵਾਲ (ਪੀਏਯੂ ਵਾਲਾ) ਦਾ ਵਿਆਹ ਸੀ, ਮੈਨੂੰ ਪਤਿਆ ਕੇ ਫੋਟੋਆ ਖਿੱਚਣ ਲਈ ਰਾਜ਼ੀ ਕਰ ਲਿਆ। ਖੰਨੇ ਕੋਲ ਕੋਈ ਪਿੰਡ ਸੀ। ਮੇਰੀ ਇਕ ਲੱਤ ਵਿਆਹ ਵਾਲੇ ਗੁਰਦੁਆਰੇ ਹੁੰਦੀ ਤੇ ਇਕ ਲੱਤ ਪਿੰਡ ਦੇ ਦ੍ਰਿਸ਼ ਕੈਦ ਕਰਨ ਦੀ ਹੁੰਦੀ। ਵਿਆਹ ਤੋਂ ਬਾਅਦ ਫੋਟੋਆਂ ਧੁਆ ਲਈਆਂ। ਅਮਰਜੀਤ ਮੁਫਤ ਦੀ ਮਾਰ ਮਾਰਕੇ ਖੁਸ਼ ਲੱਗਦਾ ਸੀ। ਥੋਡ਼ੀ ਥੋਡ਼ੀ ਦੇਰ ਬਾਅਦ ਫੋਟੋਆਂ ਫਰੋਲੀ ਜਾਵੇ। 

' ਜਨਮੇਜੇ ਇਹਨਾਂ ਚ ਨਾ ਲਾਵਾਂ ਦੀ ਫੋਟੋ ਆ ਤੇ ਨਾ ਕੱਠ ਦੀ। '

ਮੈਂ ਫੋਟੋਆਂ ਚੋਂ ਇਕ ਕੱਢ ਕੇ ਫਡ਼ਾ ਤੀ, ਆ ਹੈ ਤਾਂ ਸਹੀ।

ਅਮਰਜੀਤ ਨੇ ਮੱਥੇ ਤੇ ਹੱਥ ਮਾਰਦੇ ਕਿਹਾ,' ਇਹ ਤਾਂ ਬਾਹਰ ਲਾਹੀਆਂ ਪਈਆਂ ਜੁੱਤੀਆਂ ਹਨ?'

ਆਹੋ, ਫੇਰ, ਇਹਦਾ ਮਤਲਬ ਸਾਫ ਹੈ ਕਿ ਅੰਦਰ ਐਨੇ ਸਾਰੇ ਬੰਦੇ ਬੈਠੇ ਆ ਤੇ ਲਾਵਾਂ ਫੇਰੇ ਹੋ ਰਹੇ ਹਨ'

-ਜਨਮੇਜਾ ਸਿੰਘ ਜੌਹਲ 

Moral: ਕਦੇ ਕਲਾਕਾਰਾਂ ਦਾ ਸ਼ੋਸ਼ਣ ਨਾ ਕਰੋ 

Sunday 29 July 2018

ਮਾਨਵੀ ਸੰਵੇਦਨਾ ਦਾ ਚਿਤਰਮਾਨ ਕਰਦੀ ਸ਼ਾਇਰੀ---ਇਉਂ ਵੀ ਦੇਖਣਾ ਹੈ

Jul 25, 2018, 6:14 PM
ਸੰਨ 84 ਤੇ ਗੁਜਰਾਤ ਸਮੇਤ ਹੁਣ ਤੱਕ ਦਾ ਕਾਵਿਕ ਦਸਤਾਵੇਜ਼ ਵੀ ਹੈ ਇਹ
(ਕਾਵਿ ਪੁਸਤਕ)                                                       
ਜਗਦੀਪ ਸਿੱਧੂ
ਪੰਨੇ: 80 ਕੀਮਤ: 130 ਰੁਪਏ
ਕੈਲੀਬਰ ਪਬਲੀਕੇਸ਼ਨ, ਪਟਿਆਲਾ  
ਜਗਦੀਪ ਸਿੱਧੂ ਪੰਜਾਬੀ ਕਵਿਤਾ ਦਾ ਉਹ ਹਸਤਾਖ਼ਰ ਹੈ ਜੋ ਜੀਵਨ ਵਿਚਲੇ ਹਰ ਵਰਤਾਰੇ ਨੂੰ ਸੂਖ਼ਮਤਾ ਨਾਲ ਵਾਚਦਾ ਹੈ ਤੇ ਸੁਹਜਮਈ ਢੰਗ ਨਾਲ ਚਿਤਰਮਾਨ ਕਰਦਾ ਹੈ। ਉਸਦੀ ਕਵਿਤਾ ਦਾ ਪਾਸਾਰ ਨਿੱਜੀ ਅਨੁਭਵ ਤੋਂ ਬ੍ਰਹਿਮੰਡੀ ਵਿਸ਼ਾਲਤਾ ਤੱਕ ਸਫ਼ਰ ਕਰਦਾ ਹੈ। ਉਹ ਆਪਣੇ ਪਹਿਲੇ ਕਾਵਿ ਸੰਗ੍ਰਹਿ ਜਾਣ ਤੇ ਮੈਂਨੂੰ ਨਾਲ ਕਾਵਿ ਜਗਤ ਅੰਦਰ ਪ੍ਰਵੇਸ਼ ਹੁੰਦਾ ਹੈ। ਜਗਦੀਪ ਸਿਰਜਨਾ ਦੇ ਨਾਲ ਨਾਲ ਅਨੁਵਾਦ ਕਰਨ ਵਿੱਚ ਵੀ ਨਿਪੁੰਨ ਹੈ। ਉਹ ਕਵੀ ਦੀਆਂ ਭਾਵਨਾਵਾਂ ਪ੍ਰਤੀ ਤੀਬਰ ਅਹਿਸਾਸ ਰੱਖਦਾ ਹੋਇਆ ਰਚਨਾ ਦਾ ਅਨੁਵਾਦ ਇਸ ਢੰਗ ਨਾਲ ਕਰਦਾ ਹੈ ਕਿ ਵੇਖਣ ਵਾਲੇ ਨੂੰ ਉਹ ਅਨੁਵਾਦਿਤ ਰਚਨਾ ਨਹੀ ਬਲਕਿ ਜਗਦੀਪ ਦੀ ਨਿੱਜੀ ਲਿਖਤ ਲਗਦੀ ਹੈ। ਉਹ ਕਵਿਤਾ ਵਿੱਚਲੇ ਥੀਮ ਤੇ ਕੇਂਦਰਿਤ ਕਾਵਿਕ ਧੁੱਨੀ ਨੂੰ ਮਾਪਣ ਵਿੱਚ ਸਫ਼ਲ ਹੁੰਦਾ ਹੈ ਜਿਸ ਦਾ ਪ੍ਰਗਟਾਵਾ ਉਸ ਦੁਆਰਾ ਅਨੁਵਾਦਿਤ ਪੁਸਤਕ ਸਮੁੰਦਰ ਤੇ ਹੋ ਰਹੀ ਬਾਰਿਸ਼ ਵਿੱਚੋਂ ਸਾਹਮਣੇ ਆਉਂਦਾ ਹੈ। ਉਹ ਮਹਿਜ਼ ਵਿਸਿ਼ਆਂ ਦੀ ਰਿਪੋੋਰਟਿੰਗ ਤੱਕ ਹੀ ਸੀਮਤ ਨਹੀ ਬਲਕਿ ਵਰਤਾਰੇ ਅੰਦਰ ਸਮਾਏ ਬਹੁ-ਪੱਖੀ ਅੰਸ਼ਾਂ ਦਾ ਗੰਭੀਰਤਾ ਨਾਲ ਨੋਟਿਸ ਵੀ ਲੈਂਦਾ ਹੈ ਸ਼ਬਦਾਂ ਦੀ ਕਲਾਮਈ ਘਾਤੜ ਘੜਣਾ ਉਸ ਦੀ ਖ਼ੂਬੀ ਹੈ ਜਿਸ ਦੀ ਪ੍ਰਤਖਣਤਾ ਉਸ ਦੀ ਨਵੀਂ ਪੁਸਤਕ ਇਉਂ ਵੀ ਦੇਖਣਾ ਹੈੋ ਵਿੱਚੋ ਭਲੀ ਭਾਂਤ ਉਘੜਦੀ ਹੈ। ਇਸ ਕਵਿਤਾ ਦੇ ਪਾਠ ਚੋਂ ਗੁਜਰਦਿਆਂ ਮਹਿਸੂਸ ਹੁੰਦਾ ਹੈ ਕਿ ਜਗਦੀਪ ਦੀ ਵਿਸ਼ਾਲ ਦ੍ਰਿਸ਼ਟੀ ਹਰ ਪ੍ਰਸਥਿਤੀ ਨੂੰ ਕਈ ਕੋਣਾਂ ਤੋਂ ਵਾਚਦੀ ਹੋਈ ਸਮੁੱਚਤਾ ਵਿੱਚ ਕਵਿਤਾ ਨੂੰ ਬੰਨਦੀ ਹੈ। ਇਸ ਪੁਸਤਕ ਦਾ ਸਾਰਾਂਸ਼ ਵੀ ਇਹ ਹੈ ਕਿ ਹਰ ਘਟਨਾ ਦਾ ਬਹੁ-ਪੱਖੀ ਮੁਲਾਂਕਣ ਕਰਕੇ ਸਮਾਜ ਅੰਦਰਲੀਆਂ ਵਿਰੋਧਾਈਆਂ ਦਾ ਨਿਰੋਲ ਨਿਰਣਾ ਸਥਾਪਿਤ ਕਰਨਾ ਜਿਵੇਂ ਕਵਿਤਾ ਇਉਂ ਵੀ ਦੇਖਣਾ ਹੈ ਵਿਚੋਂ ਇਸ ਦੀ ਝਲਕ ਉਭਰਦੀ ਨਜ਼ਰ ਆਉਂਦੀ ਹੈ।
ਇਉਂ ਵੀ ਦੇਖਣਾ ਹੈ
ਕਿ ਸਿਰਫ਼
ਇੱਕ ਦੀਵਾਰ ਨਾ ਦਿਖੇ
ਇੱਕ ਛੱਤ ਨਾ ਦਿਖੇ
ਦਿਖੇ
ਕਿੰਨਾ ਸੀਮਿੰਟ
ਕਿੰਨੀ ਰੇਤ
ਕਿੰਨਾ ਪਾਣੀ
ਕਿੰਨੀ ਮਿਹਨਤ
ਕਿਰਤੀਆਂ ਦੀ
ਕਵੀ ਆਪਣੇ ਤੋਂ ਆਪਣੇ ਤੱਕ ਦਾ ਸਫ਼ਰ ਕਰਦਿਆਂ ਜ਼ਿੰਦਗੀ ਦੇ ਰਾਹਾਂ ਵਿਚਲੀਆਂ ਕਈ ਵਿੱਥਾਂ 'ਚ ਉੱਗੇ ਅਹਿਸਾਸਾਂ ਨੂੰ ਜ਼ੁਬਾਨ ਦਿੰਦਾ ਹੈ ਜਿਸ ਵਿੱਚ ਔਖੇ ਬਿਖੜੇ ਪੈਡਿਆਂ ਤੇ ਅਸਵਾਰ ਮਨੁੱਖ ਨੂੰ ਕੌੜੇ ਯਥਾਰਥ ਨਾਲ ਸਨਮੁੱਖ ਹੁੰਦਿਆਂ ਆਪਣੀ ਮੰਜ਼ਲ ਦਾ ਰਸਤਾ ਖੁ਼ਦ ਤਰਾਸ਼ਣਾ ਪੈਂਦਾ ਹੈ। ਆਪਣੇ ਬਾਰੇ ਕਵਿਤਾ ਅਜਿਹੇ ਭਾਵਾਂ ਨਾਲ ਲਬਰੇਜ਼ ਹੈ। ਜਿ਼ੰਦਗੀ ਜਿਉਣ ਤੇ ਮਾਨਣ ਵਿਚਲੇ ਅੰਤਰ ਨੂੰ ਸਮਝਦਿਆਂ ਜਗਦੀਪ ਨਿਮਰਤਾ ਤੇ ਸਹਿਜਤਾ ਨਾਲ ਫੈਲਾਅ ਚ ਭਟਕਦੀ ਰੂਹ ਨੂੰ ਸਕੂਨ ਪ੍ਰਾਪਤ ਕਰਨ ਦੀ ਤਮੰਨਾ ਚ ਜੀਵਨ ਦੀ ਸਕਾਰਾਤਮਕਤਾ ਚਾਹੁੰਦਾ ਕਵਿਤਾ ਫੈਲਾਅ ਵਿੱਚ ਬਿਆਨਦਾ ਹੈ। ਇਸ ਕਵਿਤਾ ਵਿਚਲੇ ਕਈ ਰੰਗ ਆਪਣੀ ਆਪਣੀ ਸਪੇਸ ਗ੍ਰਹਿਣ ਕਰਦੇ ਨਜ਼ਰ ਆਉਂਦੇ ਹਨ। ਰਿਸ਼ਤਿਆਂ ਦੀ ਵਿਆਕਰਣ ਰਾਹੀਂ ਮੋਹ ਮੁਹੱਬਤ ਤੇ ਫ਼ਰਜਾਂ ਨੂੰ ਤੱਕੜੀ ਚ ਤੋਲਦਿਆਂ ਜਗਦੀਪ ਜੀਵਨ ਦੀ ਪੂਰਨਤਾ ਤੱਕ ਪਹੁੰਚਣਾ ਚਾਹੁੰਦਾ ਹੈ ਉਸ ਖਾਮੌਸ਼ ਪਲਾਂ ਚ ਵੀ ਹਿਲਚੁੱਲ ਦਾ ਅਹਿਸਾਸ ਕਰਦਾ ਹੋਇਆ ਚੁੱਪ ਦੇ ਕੈਨਵਸ ਚ ਆਪਣਾ ਪ੍ਰਤੀਕਰਮ ਦਿੰਦਾ ਹੈ। ਮੇਰਾ ਬੱਚਾ ਇਸੇ ਸੰਦਰਭ ਵਿੱਚ ਵਾਚੀ ਜਾ ਸਕਦੀ ਮੱਹਤਵਪੂਰਨ ਕਵਿਤਾ ਹੈ। ਹਾਸੇ ਦੀ ਕੀਮਤ, ਰਾਣੀ ਬੇਟੀੋ, ਕੋਲ ਕੋਲੋ, ਨਵਾਂ ਜਨਮ, ਭਵਿੱਖ ਆਦਿ ਕਵਿਤਾਵਾਂ ਵਿੱਚੋਂ ਕਵੀ ਆਪਣੀ ਬੱਚੀ ਦੇ ਵਿਕਾਸ ਰਾਹੀਂ ਜ਼ਿੰਦਗੀ ਨੂੰ ਨਿਰੰਤਰਤਾ ਦੇ ਚੌਖਟੇ ਤੇ ਰੱਖ ਕੇ ਵਾਚਦਾ ਹੋਇਆ ਖਲਾਅ ਦੇ ਪਲਾਂ ਚ ਤਾਜ਼ਗੀ ਤੇ ਨਵੀਂ ਆਸ ਦੀ ਪੂਰਤੀ ਕਰਨ ਵਿੱਚ ਨਿਵੇਕਲਾ ਪ੍ਰਯੋਗ ਕਰਦਾ ਹੈ। ਜੋ ਇਸ ਕਵਿਤਾ ਦੀ ਵਿਸ਼ੇਸ਼ਤਾ ਦੇ ਤੌਰ ਤੇ ਉੱਘੜਕੇ ਸਾਹਮਣੇ ਆਉਂਦੇ ਹੈ। ਤੂੰ ਵੀ ਬੱਸ, ਧੁੱਪ ਧੁੰਦ ਦੇ ਗਲੋਟੇ ਦੀਵਾਲੀ, ਸੱਚਾਈ, ਘਰ, ਉਤਸਵ ਆਦਿ ਕਵਿਤਾਵਾਂ ਵਿਚਲੀ ਸੁਰ ਨਿਰਸੁਆਰਥੀ ਰਿਸ਼ਤਿਆਂ ਵਿਚਲੇ ਨਿੱਘ ਨੂੰ ਮਾਣਦੀ ਹੋਈ ਵਰਤਮਾਨ ਤੇ ਅਤੀਤ ਵਿਚਲੇ ਫ਼ਾਸਲੇ ਨੂੰ ਸਮਝਦੀ ਹੈ ਜਿਸ ਤਹਿਤ ਮਨਫ਼ੀ ਹੋ ਰਹੀਆਂ ਸਾਝਾਂ ਦਾ ਸੁਆਲ ਵੀ ਸਾਹਮਣੇ ਆ ਖੜਦਾ ਹੈ। ਜਗਦੀਪ ਪਿਆਰ ਭਰੀ ਜ਼ਿੰਦਗੀ ਪ੍ਰਤੀ ਫ਼ਰਜਾਂ ਨੂੰ ਪਹਿਚਾਣਨ ਦੀ ਤਵੱਕੋ ਕਰਦਾ ਹੈ। ਉਹ ਮੁੱਹਬਤ ਵਰਗੇ ਹਰਫਾਂ ਦੀ ਤੌਹੀਨ ਨਹੀ ਕਰਦਾ ਬਲਕਿ ਯਾਦਾਂ, ਮਿਲਣ ਤੇ ਵਿਛੜਣ ਦੇ ਅਹਿਸਾਸਾਂ ਵਿਚੋਂ ਵੀ ਨਿਵੇਕਲਾਪਣ ਮਹਿਸੂਸਤਾ ਹੋਇਆ ਆਪਣੇ ਕਾਵਿ ਪ੍ਰਸੰਗਾਂ ਰਾਹੀਂ ਪਿਆਰ ਦਾ ਇਜ਼ਹਾਰ ਬਾਖੂਬੀ ਕਰਦਾ ਹੈ। ਇਸੇ ਤਰਾਂ ਦੀ ਮੁਹਬੱਤੀ ਧੁੱਨੀ ਦਾ ਪ੍ਰਗਟਾ ਸ਼ੀਸ਼ਾ, ਬਦਲ, ਜਾਦੂ, ਦੋ ਘਰ, ਭੁੱਲ ਹੀ ਜਾਈਏ ਤਾਂ ਚੰਗਾ ਹੈ, ਕੌਣ ਭੁਲੱਣ ਦਿੰਦਾ ਹੈ ਆਦਿ ਕਵਿਤਾਵਾਂ ਰਾਹੀਂ ਸਾਹਮਣੇ ਆਉਂਦਾ ਹੈ। ਹੜ੍ਹਾਂ ਵਿੱਚ ਫ਼ਸੇ ਲੋਕ ਇਕ ਪ੍ਰਤੀਕਾਤਮਕ ਕਵਿਤਾ ਹੈ ਜਿਸ ਵਿੱਚ ਉਲਝਣਮਈ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਦਾ ਸਫ਼ਰ ਹੈ। ਪਿੰਡ ਉਦਾਸ ਹੈ  ਕਵਿਤਾ ਰਾਹੀ ਕਵੀ ਨੇ ਪੇਡੂ ਭਾਈਚਾਰਕ ਸਾਂਝ ਦਾ ਅਧਾਰ ਖੇਤੀਬਾੜੀ ਅਰਥਚਾਰੇ ਉੱਪਰ ਕੇਂਦਰਿਤ ਕਰਕੇ ਫ਼ਸਲ ਦੇ ਉਜਾੜੇ ਤੋਂ ਪ੍ਰਭਾਵਿਕਤਾ ਦਾ ਚਿਤਰਨ ਬਾਖੂਬੀ ਨਾਲ ਕੀਤਾ ਹੈ। ਬਚਪਨ ਦੀ ਤ੍ਰਾਸਦੀ ਦਾ ਉਲੇਖ ਦ੍ਰਿਸ਼ਟਾਂਤ ਮਈ ਰੂਪ ਵਿੱਚ ਪੈਰਾਂ ਤੇ ਖਲੋਣਾ ਤੇ ਲਾਲ ਬੱਤੀ ਵਿੱਚੋਂ ਮਿਲਦਾ ਹੈ ਜਿਸ ਵਿੱਚ ਸਮਾਜ ਸਾਹਮਣੇ ਸੁਆਲ ਵੀ ਖੜਾ ਹੈ। ਜੋ ਮਨੁੱਖ ਨੂੰ ਚਿਤੰਨਤਾ ਵੱਲ ਪ੍ਰੇਰਦਾ ਹੈ
ਮੈਂ
ਬਾਜ਼ੀਗਰ ਬੱਚੇ ਨੂੰ ਪੁੱਛਿਆ
ਤੂੰ ਪੈਸੇ ਕਦ ਕਮਾਉਣੇ?
ਆਪਣੇ ਪੈਰਾਂ ਤੇ ਕਦ ਖੜੇ ਹੋਣਾ?
ਬਾਜੀਗਰ ਬੱਚੇ ਨੇ ਕਿਹਾ
ਜਦ ਮੈਂ
ਆਪਣੇ ਹੱਥਾਂ ਤੇ ਖਲੋਣਾ
ਮਕਾਨ ਕਵਿਤਾ ਰਾਹੀ ਕਵੀ ਨੇ ਜੀਵਨ ਦੇ ਵਿਭਿੰਨ ਰੰਗਾਂ ਨੂੰ ਮਾਣਦੇ ਹੋਏ ਜ਼ਿੰਦਗੀ ਦੇ ਸਫ਼ਰ ਦੀਆਂ ਵਿਭਿੰਨ ਪਰਤਾਂ ਵਿੱਚ ਗੁੰਦੇ ਰੰਗਾਂ ਦੇ ਅਰਥ ਚੋ ਅਰਥ ਨੂੰ ਕੱਢਣ ਦੀ ਸਫ਼ਲ ਕੋਸਿ਼ਸ਼ ਕੀਤੀ ਹੈ ਇਸੇ ਤਰਾਂ ਚੰਡੀਗੜੋਂ ਕਵਿਤਾ ਰਾਹੀਂ ਕਵੀ ਸ਼ਹਿਰ ਦੀਆਂ ਬਹੁ ਦਿਸ਼ਾਵਾਂ ਦਾ ਚਿਤਰਨ ਕਰਦਾ ਹੈ ਸਿਆਲ ਕਵਿਤਾ ਰਾਹੀ ਮੌਸਮ ਦੇ ਬਦਲ ਦਾ ਮਾਨਵੀ ਸੰਵੇਦਨਾ ਨਾਲ ਸਬੰਧ ਨਿਰਧਾਰਿਤ ਕਰਦਾ ਕਵੀ ਹਾਂ ਪੱਖੀ ਦ੍ਰਿਸ਼ਟੀ ਰਾਹੀਂ ਇਸ ਧੁੰਦੂਕਾਰੇ ਤੋਂ ਮੁਕਤ ਹੋਣ ਦੀ ਲਾਲਸਾ ਕਰਦਾ ਹੈ। ਸਮਾਜ ਦੀ ਪਿਛਾਕੜੀ ਸੋਚ ਨੂੰ ਪੁੱਠਾ ਗੇੜ ਦਿੰਦਿਆਂ ਮਾਨਵੀ ਹਿੱਤਾਂ ਦੀ ਪੂਰਤੀ ਲਈ ਆਪਣੇ ਆਪ ਨੂੰ ਨਿਛਾਵਰ ਕਰਨ ਦੀ ਪ੍ਰਵਿਰਤੀ ਰਾਹੀਂ ਜਗਦੀਪ ਅੰਗਦਾਨ ਦੀ ਵਸੀਅਤ ਕਵਿਤਾ ਰਾਹੀਂ ਦੋ ਵਿਰੋਧੀ ਸਥਿਤੀਆਂ ਵਿਚੋਂ ਮਾਨਵ ਹਿਤੈਸ਼ੀ ਪੈਤੜਾ ਅਖਤਿਆਰ ਕਰਦਾ ਹੈ। ਇਸ ਕਵਿਤਾ ਵਿੱਚ ਸਮਾਜ ਲਈ ਇੱਕ ਸੁਨੇਹਾ ਵੀ ਛੁਪਿਆ ਹੋਇਆ ਹੈ ਕਵੀ ਜੀਵਨ ਵਿਚਲੀ ਸੰਤੁਲਨਤਾ ਦਾ ਹਾਮੀ ਹੈ। ਉਡਾਰੀ ਕਵਿਤਾ ਏਸੇ ਗੱਲ ਦੀ ਪੈਰਵੀ ਕਰਦੀ ਹੈ। ਇਸ ਕਵਿਤਾ ਦੀ ਇਹ ਵਿਸ਼ੇਸ਼ਤਾ ਵੀ ਸਾਹਮਣੇ ਆਉਂਦੀ ਹੈ ਕਿ ਕਵੀ ਨੇ ਆਧੁਨਿਕ ਯੁੱਗ  ਦੀ ਸੰਵੇਦਨਾ ਤੇ ਗੰਭੀਰ ਅਹਿਸਾਸਾਂ ਦਾ ਕਾਵਿਕ ਰੂਪਾਂਤਰਨ ਇਸ ਤਰਾਂ ਕੀਤਾ ਹੈ ਉਹ ਅਣਕਿਆਸੇ ਅਤੇ ਅਣਇਛਤ ਵਰਤਾਰਿਆ ਦੇ ਘੁਟਨਮਈ ਦਬਾਉ ਵਿੱਚ ਉਲਝਣ ਦੀ ਥਾਂ ਉਸ ਦੇ ਕਾਰਨ ਢੂੰਡਦਾ ਹੈ ਜਿਵੇਂ ਜ਼ਮੀਨ ਐਕਵਾਇਰ ਕਰਨ ਦਾ ਮਸਲਾ, ਬਾਜਾਰੀਕਰਨ ਦਾ ਮਨੁੱਖ ਉੱਪਰ ਪ੍ਰਭਾਵ ਉਸ ਦੀ ਕਵਿਤਾ ਢੱਕਣਾ ਤੇ ਬਿਰਖ ਵਿੱਚੋਂ ਵੇਖਿਆ ਜਾ ਸਕਦਾ ਹੈ। ਜਗਦੀਪ ਦਾ ਕਵਿਤਾ ਅੰਤਰ ਵਿਰੋਧੀ ਜੁਗਤ ਰਾਹੀ ਇਕੋਂ ਹੀ ਸਮੇਂ, ਇਕ ਹੀ ਸਥਿਤੀ ਤਹਿਤ ਦਵੰਦ ਸਿਰਜਦੀ ਹੋਈ ਕਾਵਿਕ ਅਰਥਾਂ ਨੂੰ ਗੰਭੀਰਤਾ ਪ੍ਰਦਾਨ ਕਰਦੀ ਹੈ। ਜਿਵੇਂ ਈਦੂ ਸ਼ਰੀਫ, ਨਵਾਂ ਸਾਲ, ਤਰੱਕੀ ਆਦਿ ਕਵਿਤਾਵਾਂ ਵਿੱਚ ਇਹ ਸੁਰ ਸਾਹਮਣੇ ਆਉਂਦੀ ਹੈ ਇਸ ਕਵਿਤਾ ਵਿਚੋਂ ਆਧੁਨਿਕ ਮਨੁੱਖ ਦੀ ਹੋਂਦ, ਜੀਵਨ ਸੈ਼ਲੀ ਬੜੀ ਸ਼ਿੱਦਤ ਨਾਲ ਬਿਆਨ ਕੀਤੀ ਗਈ ਹੈ। ਪੰਜਾਬ ਦੇ ਕਾਲੇ ਦਿਨਾਂ ਵਿੱਚ ਹੋਇਆ ਮਨੁਖਤਾ ਦਾ ਘਾਣ ਜੋ ਸਿਰਫ਼ ਪੰਜਾਬ ਤੱਕ ਸੀਮਤ ਨਾ ਰਹਿ ਕੇ ਦਿੱਲੀ ਤੱਕ ਫੈਲ ਗਿਆ ਇਸੇ ਤਰਾਂ ਦੇਸ਼ ਵਿੱਚ ਫਿਰਕੂ ਫਸਾਦਾਂ ਦੀ ਅੱਗ ਵਿੱਚ ਝੁਲਸਦਿਆਂ ਮਾਨਵੀ ਜਿ਼ੰਮੇਵਾਰੀ ਕਿਸ ਤਰਾਂ ਮਨਫ਼ੀ ਹੁੰਦੀ ਰਹੀ ਇਸ ਦਰਦਨਾਕ ਤੇ ਵਲੂੰਦਰੀ ਦਸ਼ਾ ਉੱਤੇ ਪ੍ਰਤੀਕਰਮ ਕਰਦੀ ਸੰਨ 84 ਤੇ ਗੁਜਰਾਤ ਕਵਿਤਾ ਦੇਖੀ ਜਾ ਸਕਦੀ ਹੈ। ਇਸ ਕਵਿਤਾ ਦੀ ਇਹ ਖੂਬੀ ਵੀ ਸਾਹਮਣੇ ਆਉਂਦੀ ਹੈ ਕਿ ਕਵੀ ਮਨੁਖੀ ਫਿ਼ਤਰਤ ਅਤੇ ਸਮਾਜਕ ਉਲਝਣਾਂ ਦਾ ਬੇਹੱਦ ਸੂਖਮਤਾ ਤੇ ਵਿਅੰਗਮਈ ਬਿਆਨ ਕਰਨ ਵਿੱਚ ਵੀ ਮਾਹਰ ਹੈ ਉਹ ਚਾਹੇ ਮੱਧਵਰਗੀ ਜੀਵਨ ਸ਼ੈਲੀ ੋਤੇ ਕਰ ਰਿਹਾ ਹੋਵੇ ਚਾਹੇ ਕਠਮੁਲਾਵਾਦੀ ਜਮਹੂਰੀਅਤ ਉੱਤੇ ਇਸ ਸੰਦਰਭ ਵਿੱਚ ਸ਼ਾਪਿੰਗ ਮਾਲ, ਸਵੱਛ ਭਾਰਤ ਤੇ ਸੰਸਦ ਕਵਿਤਾਵਾਂ ਵੇਖੀਆਂ ਜਾ ਸਕਦੀ ਹੈ।
ਇਸ ਸਮੁੱਚੀ ਕਵਿਤਾ ਵਿੱਚਲੀ ਧੁੱਨੀ ਕਰੂਰ ਯਥਾਰਥ ਨੂੰ ਦ੍ਰਿਸ਼ਟਮਾਨ ਕਰਦੀ ਹੋਈ ਸਹਿਜਮਈ ਜੀਵਨ ਦੀ ਤਲਾਸ਼ ਵੱਲ ਵੱਧਦੀ ਸੁਣਾਈ ਦਿੰਦੀ ਹੈ ਜਿਸ ਵਿੱਚ ਆਸ਼ਾਵਾਦੀ ਅੰਸ਼ ਆਪ ਮੁਹਾਰੇ ਸਾਹਮਣੇ ਆਉਂਦੇ ਹਨ। ਕੱਟ ਵੱਢ, ਨਹੀਂ ਮਰਦਾ ਚਾਨਣ ਇਹ ਨਵੀ ਉਮੀਦ ਪੈਦਾ ਕਰਦੀਆਂ ਖੂਬਸੂਰਤ ਕਵਿਤਾਵਾਂ ਹਨ। ਜਗਦੀਪ ਕੋਲ ਵਿਚਾਰਾਂ ਦਾ ਨਿਭਾਉ ਕਰਨ ਲਈ ਸੁਹਜਮਈ ਕਲਾ ਹੈ ਜਿਸ ਵਿੱਚ ਉਹ ਚੁਣਵੇ ਤੇ ਢੁਕੱਵੇਂ ਸ਼ਬਦਾਂ ਰਾਹੀਂ ਕਾਵਿਕ ਪ੍ਰਵਾਹ ਚ ਨਵੀਂ ਰੰਗਤ ਬੀਜਣ ਵਿੱਚ ਸਫ਼ਲ ਹੁੰਦਾ ਹੈ। ਉਸ ਕੋਲ ਜੀਵਨ ਨੂੰ ਨਿਹਾਰਨ ਵਾਲਾ ਸਹਿਜ ਪ੍ਰਗਟਾਵਾ ਹੈ ਜੋ ਇਸ ਕਵਿਤਾ ਦੀ ਜਿੰਦ ਜਾਨ ਬਣਦਾ ਹੈ। ਮਨੁੱਖ ਦੇ ਅਸਤਿਤਵੀ ਸੰਕਟ ਤੋਂ ਉਪਜੀ ਪੀੜ ਦੇ ਸਮਾਨਅੰਤਰ ਆਪਣੀ ਹੋਂਦ ਬਰਕਰਾਰ ਰੱਖਣ ਲਈ ਜਗਦੀਪ ਦੀ ਹਾਂ ਪੱਖੀ ਸੋਚ ਕਵਿਤਾ ਵਿੱਚੋਂ ਦਿਖਾਈ ਦਿੰਦੀ ਹੈ। ਇਹ ਹੀ ਇਸ ਕਵਿਤਾ ਦਾ ਹਾਸਲ ਹੈ। ਇਹ ਕਵਿਤਾ ਪੰਜਾਬੀ ਕਾਵਿ ਜਗਤ ਦੇ ਵਿੱਚ ਆਪਣੀ ਵਿਲਖਣਤਾ ਹਾਸਲ ਕਰਨ ਵਿੱਚ ਪੂਰੀ ਤਰਾਂ ਕਾਮਯਾਬ ਹੋਵੇਗੀ। ਜਗਦੀਪ ਤੋਂ ਭਵਿੱਖ ਲਈ ਬਹੁਤ ਸੰਭਾਵਨਾਵਾਂ ਉਘੜਦੀਆਂ ਨਜ਼ਰ ਆਉਂਦੀਆਂ ਹਨ ਕਵੀ ਵਧਾਈ ਦਾ ਪਾਤਰ ਹੈ।
-- ਡਾ. ਅਰਵਿੰਦਰ ਕੌਰ ਕਾਕੜਾ
ਮਾਨਵੀ ਸੰਵੇਦਨਾ ਦਾ ਚਿਤਰਮਾਨ ਕਰਦੀ ਸ਼ਾਇਰੀ---ਇਉਂ ਵੀ ਦੇਖਣਾ ਹੈ
  

Saturday 2 June 2018

ਜਦੋਂ ਲੱਭਦੇ ਨੇ ਗੀਤ ਗੁਆਚੇ//ਪਰੋਫੈਸਰ ਗੁਰਭਜਨ ਗਿੱਲ

[22:35, 6/1/2018] Prof Gurbhajan Singh Gill: ਮੇਰਾ ਗੀਤ ਗੁਆਚਾ ਲੱਭ ਗਿਆ
ਗੁਆਚੇ ਗੀਤ ਦੇ ਲੱਭਣ ਦੀ ਇੱਕ ਦਿਲਚਸਪ ਦਾਸਤਾਨ 
ਲਗਪਗ ਸੋਲਾਂ ਸਤਾਰਾਂ ਸਾਲ ਪਹਿਲਾਂ ਮੇਰੇ ਪਿਆਰੇ ਪੁੱਤਰ ਪਿਰਥੀਪਾਲ ਸਿੰਘ ਹੇਅਰ ਨੇ ਗੁਣਗੁਣਾ ਕੇ ਇਹ ਤਰਜ਼ ਦੱਸੀ ਤੇ ਕਿਹਾ
ਅਸਾਂ ਜੋਗੀ ਬਣ ਜਾਣਾ
ਹੁਣੇ ਇਹ ਗੀਤ ਲਿਖ ਕੇ ਦਿਓ।
ਉਸ ਨੂੰ ਪਤਾ ਹੈ ਕਿ ਮੈਂ ਉਸਨੂੰ ਨਾਂਹ ਨਹੀਂ ਕਰ ਸਕਦਾ ਪਰ ਤੁਰੰਤ ਗੀਤ ਲਿਖਣਾ ਬਹੁਤੀ ਵਾਰ ਸੰਭਵ ਨਹੀਂ ਹੁੰਦਾ।
ਮੈਂ ਕੱਲ੍ਹ ਜਾਂ ਪਰਸੋਂ ਤੇ ਗੱਲ ਟਾਲ ਦਿੱਤੀ ਪਰ ਤਰਜ਼ ਮੇਰੇ ਨਾਲ ਨਾਲ ਰਹੀ। ਸਾਹਾਂ ਸਵਾਸਾਂ ਚ ਰਮ ਗਈ।
ਸਵੇਰੇ ਯੂਨੀਵਰਸਿਟੀ ਗਿਆ। ਸੁਰਤ ਗੀਤ ਦੀ ਤਰਜ਼ ਚ ਰਹੀ।
ਸ਼ਾਮੀਂ ਪਰਤਿਆ ਤਾਂ ਸੂਰਜ ਛਿਪ ਰਿਹਾ ਸੀ।
ਅੰਬਰ ਤੋਂ ਪਾਰ ਜਾ ਰਿਹਾ ਰਮਤਾ ਜੋਗੀ ਲੱਗਿਆ ਮੈਨੂੰ ਸੂਰਜ ਦਾ ਸੁਰਖ਼ ਗੋਲਾ।
ਰਾਹ ਵਿੱਚ ਅੱਧਾ ਗੀਤ ਜ਼ਬਾਨੀ ਲਿਖ ਲਿਆ। ਘਰ ਆ ਕੇ ਕਾਗ਼ਜ਼ ਤੇ ਉਤਾਰਿਆ। ਪੂਰਾ ਗੀਤ ਲਿਖਿਆ ਗਿਆ।
ਪਿਰਥੀਪਾਲ ਨੇ ਉਹ ਗੀਤ ਬਟਾਲੇ ਵਾਲੇ ਸਰੂਪ ਬੱਲ ਨੂੰ ਸੌਂਪ ਦਿੱਤਾ ਗਾਉਣ ਲਈ।
ਉਸ ਗਾ ਦਿੱਤਾ।
ਅਸਲ ਗੀਤ ਮੈਂ ਰੋਜ਼ਾਨਾ ਅਜੀਤ ਨੂੰ ਭੇਜ ਦਿੱਤਾ। ਮੇਰੇ ਕੋਲ ਕੋਈ ਕਾਪੀ ਨਹੀਂ ਸੀ ਰਹੀ।
ਗੀਤ ਮਹੀਨੇ ਬਾਦ ਛਪ ਗਿਆ।
ਕਟਿੰਗ ਫਿਰ ਨਹੀਂ ਰੱਖੀ। ਇਹੋ ਜਹੇ ਦੋ ਗੀਤ ਮੇਰੇ ਅਜੇ ਵੀ ਗਵਾਚੇ ਹੋਏ ਨੇ।
ਇੱਕ ਗੀਤ ਤਾਂ ਪੰਜਾਬ ਨੂੰ ਮਰਨ ਮਿੱਟੀ ਚੜ੍ਹੇ ਸਮੇਂ ਲਿਖਿਆ ਸੀ।
ਤਾਰਾ ਸਿੰਘ ਤਾਂ ਕਹਿੰਦਾ ਸੀ

ਐਵੇਂ ਬਾਲ ਨਾ ਬਨੇਰਿਆਂ ਤੇ ਮੋਮ ਬੱਤੀਆਂ
ਪਰ ਮੈਂ ਜਵਾਬ ਮੋੜਿਆ

ਅਸੀਂ ਬਾਲਾਂਗੇ ਬਨੇਰਿਆਂ ਤੇ ਮੋਮ ਬੱਤੀਆਂ।
ਭਾਵੇਂ ਵਗਣ ਬਾਜ਼ਾਰ ਚ ਹਵਾਵਾਂ ਤੱਤੀਆਂ।
1992-93 ਨੇੜੇ ਦੋ ਗੀਤ ਅਜੀਤ ਚ ਹੀ ਛਪੇ ਸਨ ਦੀਵਾਲੀ ਨੇੜੇ। ਮੇਰੇ ਕੋਲ ਦੋਵੇਂ ਨਹੀਂ ਹਨ।
ਅਸਾਂ ਜੋਗੀ ਬਣ ਜਾਣਾ ਗੀਤ ਦੀ ਬਾਤ ਸੁਣੋ। ਬਹੁਤ ਮੱਥਾ ਮਾਰਿਆ ਪਰ ਗੀਤ ਨਹੀਂ ਲੱਭਿਆ।
ਅੱਜ ਅਚਨਚੇਤ ਮੇਰੀ ਜੀਵਨ ਸਾਥਣ ਦੀ ਪੁਰਾਣੀ ਵਿਦਿਆਰਥੀ ਪਰਵੀਨ ਨੇ ਇਸ ਗੀਤ ਦੀ ਕਟਿੰਗ ਭੇਜੀ ਹੈ।
ਕਿਤੇ ਫਿਰ ਗੁਆਚ ਨਾ ਜਾਵੇ, ਇਸੇ ਲਈ ਤੁਹਾਨੂੰ ਸੌਂਪ ਰਿਹਾਂ। ਕਿਉਂਕਿ ਮੇਰੀ ਸੰਭਾਲ ਬਹੁਤ ਮਾੜੀ ਹੈ।
ਗੀਤ ਪੜ੍ਹੋ
ਅਸਾਂ ਜੋਗੀ ਬਣ ਜਾਣਾ
ਨੀ ਤੂੰ ਬਣ ਸਾਡੀ ਹੀਰ
ਮੇਰੇ ਲੇਖਾਂ ਦੀ ਲਕੀਰ
ਵੇਖੀਂ ਮੇਟ ਹੀ ਨਾ ਦੇਵੇ
ਕਿਤੋਂ ਆ ਕੇ ਸੈਦਾ ਕਾਣਾ।
ਅਸੀਂ ਜੋਗੀ ਬਣ ਜਾਣਾ।

ਵੇਖ ਘੁੱਗੀਆਂ ਦਾ ਜੋੜਾ ਨੀ ਕਲੋਲ ਕਰਦਾ।
ਕਿਵੇਂ ਪਿਆਰ ਨਾਲ ਚੁੰਝਾਂ ਕੋਲ ਕੋਲ ਕਰਦਾ।
ਤੇਰੇ ਬਿਨਾ ਮੈਂ ਇਕੱਲ੍ਹਾ ਠੰਢੇ ਹਾਉਕੇ ਭਰਦਾ।
ਦੱਸ ਕਦੋਂ ਤੱਕ ਦੋਹਾਂ ਵਿੱਚ ਫਾਸਲਾ ਮੁਕਾਣਾ।
ਅਸਾਂ ਜੋਗੀ ਬਣ ਜਾਣਾ।

ਤੈਨੂੰ ਰੱਬ ਦਿੱਤਾ ਸੱਜਰੀ ਸਵੇਰ ਜਿਹਾ ਮੁੱਖ।
ਜਦੋਂ ਤੁਰਦੀ ਏਂ ਵੇਖ ਕੇ ਹੁਲਾਰੇ ਖਾਣ ਰੁੱਖ।
ਤੈਨੂੰ ਰੱਜ ਰੱਜ ਵੇਖਣੇ  ਦੀ ਸਦਾ ਰਹੇ ਭੁੱਖ।
ਤੇਰੇ ਦਿਲ ਵਿੱਚ ਕਦੋਂ ਮੈਨੂੰ ਮਿਲਣਾ ਟਿਕਾਣਾ।
ਅਸਾਂ ਜੋਗੀ ਬਣ ਜਾਣਾ।

ਨੀ ਮੈਂ ਤੇਰੇ ਪਿੱਛੇ ਛੱਡ ਆਇਆ ਤਖ਼ਤ ਹਜ਼ਾਰਾ।
ਮੈਨੂੰ ਪਾਲ਼ੀ ਪਾਲ਼ੀ ਆਖਦਾ ਸਿਆਲ ਪਿੰਡ ਸਾਰਾ।
ਵੱਸ ਮਹਿਲਾਂ ਵਿੱਚ ਢਾਹੀਂ ਨਾ ਪਿਆਰ ਦਾ ਮੁਨਾਰਾ।
ਕਿਸੇ ਮੇਰੇ ਬਿਨਾ ਵੰਝਲੀ ਦਾ ਬੋਲ ਨਾ ਸੁਨਾਣਾ।
ਅਸਾਂ ਜੋਗੀ ਬਣ ਜਾਣਾ।

ਲੋਕਾਂ ਜਾਣਿਆਂ ਏ ਗੁੱਡੀਆਂ ਪਟੋਲਿਆਂ ਦਾ ਖੇਲ੍ਹ।
ਕੌਣ ਦੱਸੇ ਇਹ ਤਾਂ ਤੇਰਾ ਮੇਰਾ ਜਨਮਾਂ ਦਾ ਮੇਲ।
ਵੇਖੀਂ ਮੁੱਕ ਜੇ ਨਾ ਜ਼ਿੰਦਗੀ ਦੇ ਦੀਵੇ ਵਿੱਚੋਂ ਤੇਲ।
ਸਾਥੋਂ ਤੇਰੇ ਤੋਂ ਬਗੈਰ ਕੱਲ੍ਹੇ ਤੁਰਿਆ ਨਹੀਂ ਜਾਣਾ।
ਅਸਾਂ ਜੋਗੀ ਬਣ ਜਾਣਾ।
           ਗੁਰਭਜਨ ਗਿੱਲ
           ਸੰਪਰਕ:987263119

ਸਮਕਾਲੀ ਯਥਾਰਥ ਦੀਆਂ ਬੇਤਰਤੀਬੀਆਂ ਦੇ ਖਰ੍ਹ੍ਵੇ ਕਥਾ ਬਿੰਥ – “ਸੰਸਾਰ”

Fri, Jun 1, 2018 at 8:27 PM
ਲਾਲ ਸਿੰਘ ਦੀ ਕਥਾਕਾਰੀ ਜਟਿਲ ਬਿਰਤਾਂਤ ਬਣਤਰ ਵਾਲੀ ਹੈ 
ਲਾਲ ਸਿੰਘ ਸਮਕਾਲੀ ਪੰਜਾਬੀ ਕਹਾਣੀ ਦਾ ਵਿਸ਼ੇਸ਼ ਨਾਮ ਹੈ । ਉਹ ਚੌਥੇ ਪੜਾਅ  ਦੀ ਪੰਜਾਬੀ ਕਹਾਣੀ  ਦੇ ਵੱਖਰੇ ਰੁਝਾਨਾਂ ਵਿੱਚ ਪ੍ਰਤੀਨਿਧੀ ਭੂਮਿਕਾ ਨਿਭਾ ਰਿਹਾ ਹੈ । ਚੌਥੇ ਪੜਾਅ ਦੀ ਕਹਾਣੀ ਨੂੰ ਵਸਤੂ , ਰੂਪ ਅਤੇ ਦ੍ਰਿਸ਼ਟੀ ਪੱਖੋਂ ਨਵਾਂਪਨ ਦੇਣ ਵਿੱਚ ਕਹਾਣੀ ਦੇ ਆਲੋਚਕਾਂ ਵੱਲੋਂ ਕਥਾਕਾਰਾਂ ਦੀ ਭੂਮਿਕਾ ਅਹਿਮ ਮੰਨੀ ਜਾ ਰਹੀ  ਹੈ। ਲਾਲ ਸਿੰਘ ਪ੍ਰੋੜ ਉਮਰ ਦਾ ਕਥਾਕਾਰ ਹੈ,ਪਰ ਉਸਦੀ ਕਥਾ ਚੇਤਨਾ ਵਿੱਚ ਉਹ ਸਭ ਕੁਝ ਹੈ ਜੋ ਚੌਥੇ ਪੜਾਅ ਦੀ ਕਹਾਣੀ ਦੀ ਵੱਖਰਤਾ ਵਿੱਚ ਮੌਜੂਦ ਹੈ। ਲਾਲ ਸਿੰਘ ਦੀ ਕਥਾਕਾਰੀ ਜਟਿਲ ਬਿਰਤਾਂਤ ਬਣਤਰ ਵਾਲੀ ਹੈ ਜਿਸ ਵਿੱਚੋਂ ਸਮਾਜਿਕ ਯਥਾਰਥ ਦੀਆਂ ਬਹੁਪਾਸਾਰੀ ਵਿਸਫੋਟਕ ਹੋ ਰਹੀਆਂ ਹਨ। ਚੌਥੇ ਪੜਾਅ ਦੀ ਕਹਾਣੀ ਜਿਸ ਕਿਸਮ ਦੇ ਟਾਕਰਵੇਂ ਵਿਚਾਰਾਂ , ਪਾਤਰਾਂ ਦੇ ਵਿਸਫੋਟਕ ਉਚਾਰ ਅਤੇ  ਲੁਕੇ ਸਮਾਜਿਕ ਯਥਾਰਥ ਨੂੰ ਆਪਣੇ ਨਿਵੇਕਲੇ ਸ਼ਿਲਪ ਵਿਧਾਨ ਵਿੱਚ ਪ੍ਰਸਤੁਤ ਕਰ ਰਹੀ ਹੈ ਲਾਲ ਸਿੰਘ ਦੀ ਕਹਾਣੀ ਇਸਦਾ ਪ੍ਰਮਾਣ ਹੈ। ਉਸਦੀ ਬਿਰਤਾਂਤ ਦ੍ਰਿਸ਼ਟੀ ਮਾਰਕਸੀ ਵਿਚਾਰਧਾਰਾ ਦੇ ਰਚਨਾਤਮਿਕ ਰੂਪ ਵਾਲੀ ਹੈ। ਉਹ ਮਾਰਕਸੀ ਪ੍ਰਗਤੀਵਾਦੀ ਸਿਧਾਂਤ ਦੀ ਮੌਖਿਕ ਅਤੇ ਕੱਟੜਤਾ ਵਾਲੀ ਗਲਪੀ ਦ੍ਰਿਸ਼ਟੀ ਦਾ ਪੂਜਕ ਨਹੀ ਸਗੋਂ ਕਾਰਪੋਰੇਟ ਸੈਕਟਰ ਦੀ ਸੱਤਾ ਨਾਲ ਸਾਂਝ ਭਿਆਲੀ ਦੇ ਯੁੱਗ ਵਿੱਚ ਲੋਕ ਹਿਤੂ ਸਿਧਾਂਤਾਂ ਦੀ ਪ੍ਰਸੰਗਿਕਤਾ ਨੂੰ ਸੰਵਾਦ ਦੇ ਨਜ਼ਰੀਏ ਤੋਂ ਪ੍ਰਸਤੁਤ ਕਰਨ ਵਾਲਾ ਲੇਖਕ ਹੈ। ਹੁਣ ਦੀ ਕਹਾਣੀ ਵਿਚਾਰਧਾਰਾ ਦੀ ਫੋਰਸ ਨਾਲ ਨਹੀਂ ਤੁਰਦੀ ਸਗੋਂ ਟਾਕਰਵੇਂ ਹਾਲਾਤ ਦੀ ਉਪਜ ਵਿਚੋਂ ਪੈਦਾ ਹੁੰਦੇ ਸਾਪੇਖ ਸੱਚ ਨੂੰ ਕਈ ਕੋਣਾਂ ਤੋਂ ਉਭਾਰ ਕੇ ਪੇਸ਼ ਕਰ ਰਹੀ ਹੈ। ਇਹ ਕਹਾਣੀ ਵਿਸ਼ਵੀਕਰਨ ਦੇ ਗੜਬੜੀਆਂ ਵਾਲੇ ਸਮਿਆਂ ਦੀ ਸੰਵੇਦਨਾ ਨੂੰ ਰਜਿਸਟਰ ਕਰ ਰਹੀ ਹੈ ਅਤੇ ਵਸਤੂ ਵਿਧਾਨ ਪੱਖੋਂ ਹੀ ਨਹੀਂ ਸਗੋਂ ਸ਼ਿਲਪ ਵਿਧਾਨ ਪੱਖੋਂ ਵੀ ਵਿਲੱਖਣ ਗਲਪੀ ਪ੍ਰਬੰਧ ਉਸਾਰ ਰਹੀ ਹੈ। ਲਾਲ ਸਿੰਘ ਦੀ ਕਥਾ ਵਾਰਤਾ ਵੀ ਇਸੇ ਪਰੰਪਰਾ ਨੂੰ ਹੋਰ ਵਿਸਥਾਰ ਦਿੰਦੀ ਹੈ। ਲਾਲ ਸਿੰਘ ਪੂੰਜੀਵਾਦੀ ਵਿਸ਼ਵੀਕਰਨ ਦੀਆਂ ਤਿੱਖੀਆਂ  ਅਲਾਮਤਾਂ ਦਾ ਜਾਣਕਾਰ ਹੀ ਨਹੀਂ ਸਗੋਂ ਭੇਤੀ ਵੀ ਹੈ। ਪੂੰਜੀਵਾਦੀ ਵਿਸ਼ਵੀਕਰਨ ਜਿਸ ਕਿਸਮ ਦੇ ਸੰਕਟ ਲੈ ਕੇ ਪੰਜਾਬੀ ਸਭਿਆਚਾਰ ਵਿੱਚ ਦਾਖਿਲ ਹੁੰਦਾ ਹੈ ਇਸ ਵਰਤਾਰੇ ਨੂੰ ਸਮਕਾਲੀ ਦੀ ਕਹਾਣੀ ਵਿੱਚ ਲਾਲ ਸਿੰਘ ਵਰਗੇ ਕਥਾਕਾਰ ਚਿੰਤਨ ਦੀ ਪੱਧਰ ਉੱਤੇ ਜਾ ਕੇ ਪ੍ਰਸਤੁਤ ਕਰਦੇ ਹਨ। ਵਰਤਮਾਨ ਦੀ ਕਹਾਣੀ ਪੰਜਾਬ ਦੇ ਇਸੇ ਯਥਾਰਥ ਦੇ ਰੂ-ਬ-ਰੂ ਹੈ ਜਿਸ ਵਿੱਚ ਕਾਰਪੋਰੇਟ ਸੈਕਟਰ ਦੇ ਖਪਤਵਾਦੀ ਰੁਝਾਨਾਂ ਨੇ ਪੰਜਾਬੀ ਲੋਕਾਂ ਨੂੰ ਸੱਭਿਆਚਾਰ ਦੇ ਉਸਾਰੂ ਜੀਵਨ ਮੁੱਲਾਂ ਤੋਂ ਵਿਛੁੰਨ ਕੇ ਪਦਾਰਥਵਾਦੀ ,ਉਪਭੋਗੀ ਅਤੇ ਵਿਅਕਤੀਵਾਦੀ ਅਲਾਮਤਾਂ ਨਾਲ ਜੋੜ ਦਿੱਤਾ ਹੈ।
ਲਾਲ ਸਿੰਘ ਦਾ ਪਹਿਲਾ ਕਹਾਣੀ ਸੰਗ੍ਰਹਿ  ਮਾਰਖੋਰੇ  1984 ਵਿੱਚ ਛਪਦਾ ਹੈ ਇਸ ਪਿੱਛੋਂ 1986 ਵਿੱਚ ਬਲੌਰ , 1990 ਵਿੱਚ “ ਧੁੱਪ-ਛਾਂ “ ,1996 ਵਿੱਚ ਕਾਲੀ ਮਿੱਟੀ , 2003 ਵਿੱਚ ਅੱਧੇ ਅਧੂਰੇ  ਅਤੇ 2009 ਵਿੱਚ  ਗੜ੍ਹੀ ਬਖ਼ਸ਼ਾ ਸਿੰਘ  ਨਾਮਕ ਕਥਾ ਸੰਗ੍ਰਿਹ ਛਪਦੇ ਹਨ । ਲੇਖਣੀ ਦੀ ਇਹ ਵਿਰਾਸਤ ਲਾਲ ਸਿੰਘ ਨੂੰ ਉਸ ਕਹਾਣੀ ਦੇ ਵੀ ਸਮਾਨ ਅੰਤਰ ਰੱਖਦੀ ਹੈ ਜਿਸਦੀ ਪੰਜਾਬੀ ਕਹਾਣੀ ਦੇ ਤੀਜੇ ਪੜਾਅ ਦੇ ਪਿਛਲੇ ਸਮਿਆਂ ਦੌਰਾਨ ਦੇਹ ਦੇ ਜਸ਼ਨੀ ਸਰੋਕਾਰਾਂ ਅਤੇ ਵਰਜਿਤ ਰਿਸ਼ਤਿਆਂ ਨੂੰ ਕਹਾਣੀ ਦਾ ਇਕੋ ਇੱਕ ਕੇਂਦਰ ਬਣਾ ਕੇ ਪ੍ਰਸਤੁਤ ਕਰਦੀ ਰਹੀ ਹੈ।ਇਹ ਦੌਰ ਵਰਜਿਤ ਰਿਸ਼ਤਿਆਂ ਅਤੇ ਕਾਮੁਕ ਮਨੋਂ ਗੁੰਝਲਾਂ ਦੁਆਲੇ ਭਿਣਭਿਣਾਉਂਦੀ ਕਥਾਕਾਰੀ ਦਾ ਦੌਰ ਹੈ। ਲਾਲ ਸਿੰਘ ਅਜਿਹਾ ਪ੍ਰਭਾਵ ਲੈਣ ਦੀ ਥਾਂ ਮਾਰਖੋਰੇ, ਧੁੱਪ-ਛਾਂ, ਨਾਈਟ ਸਰਵਿਸ, ਬਲੌਰ ਵਰਗੀਆਂ ਕਹਾਣੀਆਂ ਲਿਖ ਕੇ ਉਸ ਸਮੇਂ ਦਹਿਸ਼ਤਗਰਦਾਂ ਅਤੇ ਸਟੇਟ ਦੇ ਜ਼ਬਰ ਵਿੱਚ ਪਿਸਦੀ ਲੋਕਾਈ ਦੇ ਦਰਦ ਨੂੰ ਪ੍ਰਗਤੀਵਾਦੀ ਨਜ਼ਰੀਏ ਤੋਂ ਪੇਸ਼ ਕਰਦਾ ਹੈ। ਇਸਦੇ ਨਾਲ ਉਸਦੀ ਕਹਾਣੀ ਪੰਜਾਬੀ ਸਮਾਜ ਦੇ ਜਾਤੀ ਜਮਾਤੀ ਪ੍ਰਸੰਗਾਂ ਨੂੰ ਪ੍ਰਸਤਤ ਕਰਦੀ ਪੰਜਾਬੀ ਦੇ ਰਾਜਨੀਤਕ, ਆਰਥਿਕ ਅਤੇ ਸਮਾਜਿਕ ਢਾਂਚੇ ਉੱਤੇ ਕਾਬਜ਼ ਧਿਰਾਂ ਵੱਲੋਂ ਮਿਹਨਤਕਸ਼ ਵਰਗਾਂ ਦੀ ਕੀਤੀ ਜਾਂਦੀ ਲੁੱਟ ਖਸੁੱਟ ਪ੍ਰਤੀ ਤਿੱਖੇ ਪ੍ਰਵਚਨ ਉਚਾਰਦੀ ਹੈ।ਉਸਦੀਆਂ ਸਮੁੱਚੀਆਂ ਕਹਾਣੀਆਂ ਦਾ ਕੇਂਦਰੀ ਨੁਕਤਾ ਸਾਮਰਾਜੀ ਤਾਕਤਾਂ ਦੇ ਵਿਦੇਸ਼ੀ ਅਤੇ ਦੇਸੀ ਰੂਪਾਂ ਦੁਆਰਾ ਹਾਸ਼ੀਅਤ ਵਰਗਾਂ ਨਾਲ ਕੀਤੇ ਜਾਂਦੇ ਸਮਾਜਿਕ ਅਨਿਆਂ ਵਿਰੁੱਧ ਉਗਰ ,ਖਰ੍ਹਵੇਂ ਅਤੇ ਬੜਬੋਲੇ ਉਚਾਰਾਂ ਵਾਲੇ ਕਥਾ ਸ਼ਿਲਪ ਦਾ ਪ੍ਰਸਾਰ ਕਰਨਾ ਹੈ । ਇਸ ਪੱਖੋਂ ਉਹ ਵਕਤ ਦੀ ਚਾਲ ਨੂੰ ਪਛਾਣ ਕੇ ਆਪਣੀ ਕਹਾਣੀ ਨੂੰ ਚਿੰਤਨ ਪ੍ਰਧਾਨ ਬਣਾਉਣ ਵਾਲਾ ਸੁਚੇਤ ਕਥਾਕਾਰ ਹੈ। ਸੰਨ 1990 ਤੋਂ ਬਾਅਦ ਸਮਾਜਵਾਦੀ ਬਲਾਕ ਦੇ ਟੁੱਟਣ ਅਤ ਵਿਸ਼ਵੀਕਰਨ ਦੀਆਂ ਨੀਤੀਆਂ ਦੇ ਫੈਲਾਅ ,ਸੂਚਨਾ ਸੰਚਾਰ ਸਾਧਨਾਂ ਦੀ ਬਹੁਤਾਂਤ ਅਤੇ ਉਪਭੋਗੀ ਸੱਭਿਆਚਾਰ ਦੇ ਪ੍ਰਚਲਨ ਨਾਲ ਜਿਸ ਤਰ੍ਹਾਂ ਸੰਘਰਸ਼ ਦੀ ਰੂੜ੍ਹੀ ਅਤੇ ਨਾਇਕ ਕੇਂਦਰਿਤ ਕਥਾਕਾਰੀ ਕਹਾਣੀ ਦੇ ਦ੍ਰਿਸ਼ ਵਿੱਚੋਂ ਲੋਪ ਹੁੰਦੀ ਹੈ ਉਸਦਾ ਪ੍ਰਗਟਾਵਾ ਲਾਲ ਸਿੰਘ ਦੀਆਂ ਕਹਾਣੀਆਂ ਅੰਦਰ ਦਰਜ ਹੈ ।ਇਸ ਕਹਾਣੀ ਵਿੱਚ ਇਕਹਿਰੇ ਯਥਾਰਥ ਦੀ ਥਾਂ ਬਹੁਪਰਤੀ ਯਥਾਰਥ ,ਨਿਰਪੇਖ ਸੱਚ ਦੀ ਥਾਂ ਸਾਪੇਖ ਸੱਚ ,ਜਿੱਤ ਦੀ ਥਾਂ ਹਾਰ ਦਾ ਬਿਰਤਾਂਤ ,ਨਾਇਕ ਦੀ ਸੂਰਮਗਤੀ ਦੀ ਥਾਂ ਵਿਗਠਨਕਾਰੀ ,ਰਾਹ ਦੀ ਥਾਂ ਤਣਾਓ ,ਲੇਖਣੀ ਦੇ ਸਰਬਗਿਆਨ ਦੀ ਥਾਂ ਅਰਥਾਂ ਦਾ ਭੇੜ ,ਚੇਤਨ ਦੀ ਥਾਂ ਅਵਚੇਤਨ ,ਵਿਅੰਗ ਦੀ ਥਾਂ ਵਿਡੰਬਨਾ ,ਕਹਾਣੀ ਸੁਣਾਉਣ ਦੀ ਥਾਂ ਦਿਖਾਉਣ ,ਦਿਸਦੇ ਸੱਚ ਦੀ ਥਾਂ ਅਣਦਿਸਦੇ ਸੱਚ ਨਾਲ ਜੁੜੇ ਕਥਾ ਸਰੋਕਾਰ ਪ੍ਰਵੇਸ਼ ਕਰਦੇ ਹਨ। ਕਹਾਣੀ ਦਾ ਇਹ ਨਵਾਂ ਸੁਹਜ ਅਤੇ ਸ਼ਿਲਪ ਵਿਧਾਨ ਵਿਸ਼ਵੀਕਰਨ ਦੀਆਂ ਨੀਤੀਆਂ ਤੋਂ ਕਾਰਪੋਰੇਟ ਸੈਕਟਰ ਦੀ ਚੜਤ ਦੌਰਾਨ ਬਦਲਦੇ ਪੰਜਾਬੀ ਸਮਾਜ ਦੀ ਕਠੋਰਤਾ ਵਿੱਚੋਂ ਰੂਪਮਾਨ ਹੋ ਰਿਹਾ ਹੈ। ਲਾਲ ਸਿੰਘ ਦੀ ਕਹਾਣੀ ਵੀ ਇਸੇ ਸਮਾਜੀ ਕਠੋਰਤਾ ਤੋਂ ਉੱਪਜੀਆਂ ਕਥਾ ਸਥਿਤੀਆਂ ਉੱਤੇ ਆਪਣੀ ਬੁਣਤੀ ਬੁਣਦੀ ਹੈ। ਜਿਸ ਵਿੱਚ ਸਮਕਾਲੀ ਸਮਾਜਿਕ ਯਥਾਰਥ ਦੀ ਕਰੂਰਤਾ ਦਾ ਭਰਪੂਰ ਪ੍ਰਗਟਾਵਾ ਮਿਲਦਾ ਹੈ। ਲੇਖਕ ਕਾਰਪੋਰੇਟ ਸੈਕਟਰ ਦੀ ਅੰਨ੍ਹੀ ਚੜਤ ਤੋਂ ਪੈਦਾ ਹੋ ਰਹੇ ਸਮਾਜਿਕ ਦੁਖਾਂਤ ਪ੍ਰਤੀ ਚਿੰਤਾਤੁਰ ਹੀ ਨਹੀਂ ਸਗੋਂ ਚੇਤੰਨ ਵੀ ਹੈ ਇਸੇ ਕਰਕੇ ਉਹ ਕਾਰਪੋਰੇਟ ਵਰਤਾਰਿਆਂ ਦੇ ਰਾਜਨੀਤੀ ਅਤੇ ਸਰਮਾਏਦਾਰੀ ਨਾਲ ਹੁੰਦੇ ਨਾਪਾਕ ਗਠਜੋੜ ਦੀ ਸਿਆਸਤ ਦਾ ਭੇਤੀ ਹੈ। ਉਸਦੀਆਂ ਵਰਤਮਾਨ ਕਹਾਣੀਆਂ ਪੰਜਾਬ ਦੇ ਮੌਜੂਦ ਸੰਕਟਾਂ ਦਾ ਇਕਹਿਰਾ ਪਰਿਪੇਖ ਪੇਸ਼ ਕਰਨ ਨਾਲੋਂ ਇਨ੍ਹਾਂ ਦਾ ਬਹੁਪਾਸਾਰੀ ਚਿਹਰਾ ਰੂਪਮਾਨ ਕਰਦੀਆਂ ਹਨ। ਬਾਕੀ ਕਥਾਕਾਰਾਂ ਤੋਂ ਉਸਦੀ ਭਿੰਨਤਾ ਹੈ ਕਿ ਉਹ ਪੰਜਾਬ ਦੇ ਜੁਝਾਰੂ ਮਾਦੇ ਵਾਲੇ ਸੱਭਿਆਚਾਰਕ ਅਤੇ ਇਤਿਹਾਸਿਕ ਪਿਛੋਕੜ ਦੀ ਸਮਝ ਰੱਖਦਾ ਇਸਦੀ ਸਦੀਵੀ ਪ੍ਰਸੰਗਿਕਤਾ ਦਾ ਅਹਿਸਾਸ ਵੀ ਕਰਵਾਉਂਦਾ ਹੈ ।ਇਸੇ ਕਰਕੇ ਉਹ ਆਪਣੀ ਮਾਰਕਸੀ ਕਥਾ ਦ੍ਰਿਸ਼ਟੀ ਨੂੰ ਕਿਸੇ ਮਕੈਨੀਕਲ ਸਿਧਾਂਤਵਾਦੀ ਦੀ ਜਕੜ ਨਾਲੋਂ ਇਸਦੀ ਲੋਕ ਪੱਖੀ ਭੂਮਿਕਾ ਨੂੰ ਆਪਣੇ ਇਤਿਹਾਸ ਦੇ ਪ੍ਰੇਰਨਾਦਇਕ ਨਾਇਕਾਂ, ਘਟਨਾਵਾਂ ਅਤੇ ਵਰਤਾਰਿਆਂ ਨਾਲ ਮੇਲ ਜੋੜ ਕੇ ਪ੍ਰਸਾਰਦਾ ਹੈ । ਲਾਲ ਸਿੰਘ ਦੀਆਂ ਕਹਾਣੀਆਂ ਦਾ ਇਕ ਸਰੋਕਾਰ ਕਮਿਊਨਿਸਟ ਲਹਿਰ ਦੇ ਚਿੰਤਨ ਨਾਲ ਜੁੜਿਆ ਹੈ । ਕਮਿਊਨਿਸਟ ਲਹਿਰ ਗਲਪੀ ਮੁਲਾਂਕਣ ਕਰਦਿਆਂ ਉਹ ਲਹਿਰ ਦੀ ਕਥਿਤ ਅਸਫ਼ਲਤਾ ਤੇ ਕੱਛ ਵਜਾਉਣ ਵਾਲੀ ਗਲਪੀ ਸਿਆਸਤ ਨਹੀਂ ਖੇਡਦਾ ਸਗੋਂ ਲਹਿਰ ਦੇ ਮਨਸੂਬਿਆਂ ਦੀ ਅਪ੍ਰਾਪਤੀ ਤੇ ਮੰਥਨ ਕਰਦਾ ਦੱਬੀਆਂ ਘੁੱਟੀਆਂ ਰਗਾਂ ਤੇ ਹੱਥ ਧਰਦਾ ਹੈ। ਇਸਦੇ ਨਾਲ ਨਾਲ ਖੁਦਕੁਸ਼ੀਆਂ ਦੇ ਰਾਹ ਪਈ ਪੰਜਾਬ ਦੀ ਕਿਸਾਨੀ , ਨੌਜਵਾਨਾਂ ਦੀ ਦਿਸ਼ਾਹੀਣਤਾ, ਦਿਹਾਤੀ ਖੇਤਰ ਵਿੱਚ ਉਪਭੋਗਤਾਵਾਦੀ ਰੁਚੀਆਂ ਦੇ ਦਖ਼ਲ , ਗਲੋਬਲ ਪਿੰਡ ਦੇ ਵਿਕਾਸ ਮਾਡਲ ਵੱਲੋਂ ਮੰਡੀ ਅਤੇ ਬਾਜ਼ਾਰ ਦੇ ਖੜ੍ਹੇ ਕੀਤੇ ਤਲਿੱਸਮ ਵਿੱਚ ਉਲਝੀ ਪੰਜਾਬੀ ਬੰਦਿਆਈ ਨੂੰ ਆਏ ਸੰਕਟਾਂ ਤੇ ਰੁਦਨ ਕਰਨਾ ਵੀ ਉਸ ਦੇ ਕਥਾ ਮਰਕਜ਼ ਦਾ ਹਿੱਸਾ ਰਿਹਾ ਹੈ । ਲਾਲ ਸਿੰਘ ਦੇ ਕਥਾ ਪਾਤਰ ਬੇਚੈਨ ਕਿਸਮ ਦੇ ਅਤੇ ਆਪਣੇ ਅਸਲੇ ਤੋਂ ਉਖੜੇ ਹੋਏ ਹਨ। ਇਨ੍ਹਾਂ ਦੀ ਅਸਹਿਜ , ਅਸ਼ਾਂਤ ਅਤੇ ਅਸਥਿਰ ਮਾਨਸਿਕਤਾ ਲਈ ਜਿਸ ਕਿਸਮ ਦੀ ਗੁੰਝਲਦਾਰ ਕਥਾ ਭਾਸ਼ਾ ਦੀ ਲੋੜ ਹੈ ਲਾਲ ਸਿੰਘ ਦੀ ਭਾਸ਼ਾ ਦੀ ਲੋੜ ਨੂੰ ਪੂਰਾ ਕਰਦਾ ਹੈ । ਕਈ ਵਾਰ ਗੁੰਝਲਦਾਰ ਕਥਾ ਜੁਗਤਾਂ ਦੀ ਸ਼ਿਕਾਰ ਹੋ ਕੇ ਉਸਦੀ ਕਹਾਣੀ ਰਵਾਨੀ ਰਹਿਤ ਅਤੇ ਕਥਾ ਰਸ ਤੋਂ ਵਿਰਵੀ ਹੁੰਦੀ ਜਾਂਦੀ ਹੈ । ਪਰ ਲੇਖਕ ਦੀ ਪ੍ਰਗਤੀਵਾਦੀ ਅਤੇ ਮਾਨਵਵਾਦ ਲਈ ਪ੍ਰਤੀਬੱਧਤਾ ਪਾਠਕਾਂ ਨੂੰ ਜ਼ਿੰਦਗੀ ਜੀਉਣ ਦਾ ਕੋਈ ਨਾਲ ਕੋਈ ਰਸਤਾ ਪ੍ਰਦਾਨ ਕਰਦੀ ਨਵੀਆਂ ਚਿੰਤਨੀ ਦਿਸ਼ਾਵਾਂ ਨਾਲ ਜੋੜਦੀ ਹੈ ।
ਉਪਰੋਤਕ ਚਰਚਾ ਦੇ ਪ੍ਰਸੰਗ ਵਿੱਚ  ਲਾਲ ਸਿੰਘ ਦੀ ਵਿਚਾਰ ਅਧੀਨ ਪੁਸਤਕ ਸੰਸਾਰ  ਦੇ ਕੇਂਦਰੀ ਥੀਮ ਵੀ ਸਮਕਾਲ ਦੇ ਸੰਸਾਰੀਕਰਨ ਦੇ ਵਰਤਾਰੇ ਦੀ ਗ੍ਰਿਫਤ ਵਿੱਚ ਆਏ ਪੰਜਾਬੀ ਜਨ ਜੀਵਨ, ਸੂਚਨਾ ਸੰਚਾਰ ਸਾਧਨਾਂ ਦੇ ਵਹਿਣ ਵਿੱਚ ਰੁੜੀ ਜਾਂਦੀ ਨੌਜਵਾਨ ਪੀੜ੍ਹੀ ਦੇ ਦੁਖਾਂਤ , ਨਵ ਪੂੰਜੀਵਾਦ ਤੋਂ ਪੈਦਾ ਉਪਭੋਗਤਾਵਾਦੀ ਰੁਝਾਨਾਂ ਅਤੇ ਲੋਕ ਪੱਖੀ ਲਹਿਰਾਂ ਦੀ ਸਿਧਾਂਤਕ ਵਿਹਾਰਕ ਵਿੱਥ ਤੋਂ ਉਪਜੇ ਸੰਤਾਪ ਅਤੇ ਸੱਤਾ ਦੇ ਸ਼ੋਸ਼ਣ ਵਿੱਚ ਪਿਸਦੇ ਪੰਜਾਬੀ ਬੰਦੇ ਦੇ ਸਹਿਜ ਜੀਵਨ ਵਿੱਚ ਆਈ ਅਸਹਿਜਤਾ ਦੇ ਵਿਖਿਆਨ ਪੇਸ਼ ਕਰਨਾ ਹੈ। ਪੁਸਤਕ ਵਿੱਚ ਲਾਲ ਸਿੰਘ ਆਪਣੇ ਪਾਤਰਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਲਿਖਦਾ ਹੈ –“ ਸਮਾਜ ਦੇ ਵਿਸ਼ਵੀਕਰਨ ਦੇ ਵਰਤਾਰੇ ਨੇ, ਸੂਚਨਾ ਤਕਨਾਲੋਜੀ ਦੇ ਤੇਜ਼ਤਰਾਰ ਯੁੱਗ ਵਿੱਚ ਨਵ-ਪੂੰਜੀਵਾਦ ਦੇ ਕਰੂਰ ਪਰਪੰਚ ਨੇ,ਮਨੁੱਖ ਦੀ ਬੌਧਿਕਤਾ ,ਮਾਨਸਿਕਤਾ ਤੇ ਭਾਵੁਕਤਾ ਦੇ ਸਮੀਕਰਨ ਨਿਘਾਰ ਦੀ ਸਭ ਤੋਂ ਹੇਠਲੀ ਹੱਦ ਤੱਥ ਉਥਲ ਪੁਥਲ ਕਰ ਦਿੱਤੇ ਹਨ । 
ਲਾਲ ਸਿੰਘ ਦੀ ਕਹਾਣੀ ਦੀ ਵੱਖਰਤਾ ਨੇ ਸੰਸਾਰੀਕਰਨ ਤੋਂ  ਪੈਦਾ ਹੋਈ ਪਿਛਲੇ ਦੋ ਦਹਾਕਿਆਂ ਦੀ ਉਥਲ ਪੁਥਲ ਦਾ ਮਾਰਮਿਕ ਅਤੇ ਚਿੰਤਨੀ ਬਿਰਤਾਂਤ ਪੇਸ਼ ਕੀਤਾ ਹੈ । ਉਸਦੇ ਕਥਾ ਸੰਸਾਰ ਵਿੱਚ ਭੂਤਕਾਲ ਨੂੰ ਨਮਸਕਾਰ ਅਤੇ ਵਰਤਮਾਨ ਨੂੰ ਤ੍ਰਿਸਕਾਰਨ ਦੀ ਰੂੜੀ ਮੌਜੂਦ ਹੈ ।ਇਸੇ  ਤਹਿਤ ਉਹ ਦੇਸ਼ ਦੀ ਆਜ਼ਾਦੀ ਅਤੇ ਸਮਾਰਾਜੀ ਕੈਦ ਤੋਂ ਮੁਕਤੀ ਲਈ ਜੂਝਦੀਆਂ ਰਹੀਆਂ ਗ਼ਦਰ ਲਹਿਰ, ਕਿਰਤੀ ਕਿਸਾਨ ਲਹਿਰ ਅਤੇ ਹੋਰ ਲੋਕ ਪੱਖੀ ਤਹਿਰੀਕਾਂ ਦੀ ਸਿਮਰਤੀ ਕਰਦਾ ਹੈ ਅਤੇ ਸਮਕਾਲ ਦੇ ਵਿਸ਼ਵੀਕਰਨ ਵਾਲੇ ਵਰਤਾਰਿਆਂ ਵਿੱਚ ਮਨੁੱਖ ਦੀ ਹੋਂਦ ਨੂੰ ਦਰਪੇਸ਼ ਸੰਕਟਾਂ ਤੇ ਰੁਦਨ ਕਰਦਾ ਹੈ । ਗ਼ਦਰ  ਕਹਾਣੀ ਵਿੱਚ ਉਹ  ਗ਼ਦਰ ਸ਼ਬਦ ਦੇ ਅਰਥਾਂ ਉੱਤੇ ਸਵਾਲੀਆਂ ਚਿੰਨ੍ਹ ਲਗਾਉਂਦਾ ਹੈ । ਪੰਜਾਬ ਦੇ ਬਸਤੀਵਾਦੀ ਇਤਿਹਾਸ ਵਿੱਚ ਗ਼ਦਰ ਲਹਿਰ ਦੀ ਵਡੇਰੀ ਭੂਮਿਕਾ ਦੇ ਬਾਵਜੂਦ ਲੋਕ ਮਨਾਂ ਵਿੱਚ ਗ਼ਦਰ ਸ਼ਬਦ ਦੀ ਨਕਾਰਤਮਿਕ ਭੂਮਿਕਾ ਉਸਦੇ ਕਥਾ ਚਿੰਤਨ ਦਾ ਅਹਿਮ ਸਰੋਕਾਰ ਹੈ ।ਆਜ਼ਾਦੀ ਦੀ ਲਹਿਰ ਵਿੱਚ ਗ਼ਦਰੀ ਬਾਬਿਆਂ ਦੇ ਇਨਕਲਾਬੀ ਯੋਗਦਾਨ ਦੇ ਬਾਵਜੂਦ ਇਹ ਲਹਿਰ ਭਾਰਤ ਦੇ ਆਜ਼ਾਦੀ ਸੰਗਰਾਮ ਦੀ ਇਤਿਹਾਸਕਾਰੀ ਵਿੱਚ ਇਕ ਹਾਸ਼ੀਆ ਹੰਢਾਉਂਦੀ ਰਹੀ ਹੈ । ਲਾਲ ਸਿੰਘ ਹਾਸ਼ੀਏ ਦੇ ਕਾਰਨ ਤਲਾਸ਼ਣ ਦੀ ਥਾਂ ਸਮਕਾਲ ਦੀ ਨਿਆਂ ਪਾਲਿਕਾ , ਕਾਰਜ ਪਾਲਿਕਾ ਅਤੇ ਵਿਧਾਨ ਪਾਲਿਕਾ ਦੀ ਕਾਰਗੁਜ਼ਾਰੀ ਤੇ ਪ੍ਰਸ਼ਨ ਚਿੰਨ ਉਠਾਉੱਦਾ ਹੈ । ਉਹ ਗ਼ਦਰੀ ਬਾਬਿਆਂ ਨੂੰ ਗ਼ਦਰ ਸ਼ਬਦ ਦੇ ਰਵਾਇਤੀ ਅਰਥ ਤਬਦੀਲ ਕਰਕੇ ਬਸਤੀਵਾਦੀ ਸੱਤਾ ਦੇ ਸ਼ੋਸ਼ਨ ਤੋਂ ਲੋਕਾਂ ਨੂੰ ਆਜ਼ਾਦ ਕਰਾਉਣ ਪੱਖੋਂ ਸਿਮਰਦਾ ਹੈ ਪਰ ਸਮਕਾਲ ਦੇ ਭ੍ਰਿਸ਼ਟ ਤੰਤਰ ਦੌਰਾਨ ਲੋਕਤੰਤਰ ਵਿੱਚ ਗ਼ਦਰ  ਪਾਉਣ ਵਾਲੇ ਸਰਕਾਰੀ ਅਫ਼ਸਰਾਂ , ਅਧਿਆਪਕਾਂ ਅਤੇ ਅਖੌਤੀ ਆਗੂਆਂ ਦੇ ਕਿਰਦਾਰ ਦੀ ਨਿੰਦਾ ਕਰਦਾ ਹੈ । ਕਹਾਣੀ ਵਿਚਲਾ ਉੱਤਮ ਪੁਰਖੀ ਪਾਤਰ ਇਕ ਪਰਵਾਸੀ ਲੇਖਕ ਹੈ ਜੋ ਕਿ ਪੰਜਾਬ ਵਿੱਚ ਆ ਕੇ ਯੂਨੀਵਰਸਿਟੀਆਂ ਵਿਚ ਫੈਲੇ ਅਕਾਦਮਿਕ ਭ੍ਰਿਸ਼ਟਾਚਾਰ, ਪਰਵਾਸੀਆਂ ਦੀਆਂ ਜ਼ਮੀਨਾਂ ਦੱਬੀ ਬੈਠੇ ਮਾਫੀਏ ਸਰਮਾਏਦਾਰਾਂ , ਪੁਲੀਸ ਅਤੇ ਨਿਆਂ ਪਾਲਿਕਾ  ਦੀ ਰਿਸ਼ਵਤਖੋਰੀ ਦੇਖ ਕੇ ਸੁੰਨ ਹੋ ਜਾਂਦਾ ਹੈ ।ਕਹਾਣੀ ਦਾ ਗ਼ਦਰੀ ਬਜ਼ੁਰਗ ਪਾਤਰ ਉਧੋ ਸਮਕਾਲ ਦੀ ਇਸੇ ਆਪਾਧਾਪੀ ਨੂੰ ਦੇਖ ਕੇ ਗੁੰਮਨਾਮੀ ਮੌਤ ਮਰ ਜਾਂਦਾ ਹੈ ਅਤੇ ਕਹਾਣੀ ਦੇ ਮੁੱਖ ਪਾਤਰ ਦੀ ਮਨਬਚਨੀ ਵਰਤਮਾਨ ਦੇ ਸਮਾਜਿਕ ਯਥਾਰਥ ਦੀ ਇਸ ਕਰੂਰਤਾ ਅੱਗੇ ਕਹਾਣੀ ਦੇ ਅੰਤ ਵਿਚ ਇੱਕ ਵਿਸਫੋਟ ਬਣ ਕੈ ਉਭਰਦੀ ਹੈ ।
"ਗਦਰੀ ਤੁਸੀ ਨਹੀਂ, ਆਹ ਹੁਣ ਦਾ ਅਮਲਾ ਫੈਲਾ....ਹੁਣ ਦਾ ਲਾਣਾ ਐ ਪੂਰਾ ਗੰਦ ਗਦਰੀ । ਇਹਨਾਂ ਤਾਂ ਤੁਹਾਡੇ ਮਿਸ਼ਨ ਤੁਹਾਡੀ ਲਹਿਰ ਨੂੰ ਪੂਰੀ ਤਰ੍ਹਾਂ ਕਲੰਕਤ ਹੀ ਕਰ ਛੱਡਿਆ । ਤੁਸੀਂ .....ਤਾਂ ਅਠਾਰਾਂ ਸਤਵੰਜਾਂ ਦੀ ਜੰਗ ਨੂੰ ਸਲਾਮ ਕੀਤੀ ਸੀ ਇਕ ਤਰ੍ਹਾਂ ਨਾਲ। ਅਧਵਾਟੇ ਰੁਕੇ ਕਾਰਜ ਨੂੰ ਅੱਗੇ ਤੋਰਿਆ ਸੀ ਗਹਿ ਗੱਚ ਖੁੱਭ ਕੇ। ਤੁਸੀਂ....ਤੁਸੀਂ ਤਾਂ ਗ਼ਦਰ ਸ਼ਬਦ ਦੇ ਨਾਂਹ ਵਾਚੀ ਅਰਥ ਹੀ ਤਬਦੀਲ ਕਰ ਦਿੱਤੇ ਸਨ ਮੁੱਢੋਂ ਸੁੱਢੋਂ। ਪਰ ਅਸੀਂ ਪਤਾ ਨੀਂ ਕਿਦੀ ਰੀਸੇ ਤੁਹਾਨੂੰ ਮੁਕਤੀ ਕਾਮਿਆਂ ਨੂੰ , ਬੇ-ਦਾਗ, ਬੇਲਾਗ ਯੋਧਿਆਂ , ਸੂਰਬੀਰਾਂ ਨੂੰ ਗ਼ਦਰੀ ਆਖਦੇ ਰਹੇ ਐਨਾ ਚਿਰ । ਹੱਦ ਹੋਈ ਪਈ ਆ ਸਾਡੇ ਆਲੀ। 
ਲਾਲ ਸਿੰਘ ਦੀ ਇਕ ਕਹਾਣੀ ਆਪੋ ਆਪਣੇ ਮੁਹਾਜ਼  ਵੀ ਇਸੇ ਵਿਚਾਰਧਾਰਾ ਆਧਾਰ ਵਾਲੀ ਹੈ ਜਿਸ ਵਿੱਚ ਸੀਮਤ ਸਾਧਨਾਂ ਨਾਲ ਆਜ਼ਾਦੀ ਦੇ ਅਸੀਮਤ ਸੁਪਨੇ ਨੂੰ ਦੇਖਣ ਅਤੇ ਪੂਰਾ ਕਰਨ ਲਈ ਉੱਠੀਆਂ ਪੰਜਾਬ ਦੀਆਂ ਜੁਝਾਰੂ ਇਨਕਲਾਬੀ ਲਹਿਰਾਂ ਦੀ ਵਿਚਾਰਧਾਰਾ ਨੂੰ ਸਮਕਾਲੀ ਸਮਿਆਂ ਦੇ ਪ੍ਰਸੰਗ ਵਿੱਚ ਸੰਵਾਦੀ ਬਣਾਇਆ ਮਿਲਦਾ ਹੈ । ਆਪੋ ਆਪਣੇ ਮੁਹਾਜ਼  ਕਹਾਣੀ ਵਿਚ ਮੌਜੂਦਾ ਸਮੇਂ ਅੰਦਰ ਰਾਜਨੀਤੀ ਵਿੱਚ ਪਰਿਵਾਰਵਾਦ, ਭ੍ਰਿਸ਼ਟ ਤੰਤਰ ਅਤੇ ਬੇਰੁਜ਼ਗਾਰੀ ਕਾਰਨ ਦਿਸ਼ਾਹੀਣਤਾ ਭੋਗਦੀ ਨੌਜਵਾਨ ਪੀੜ੍ਹੀ ਦੀ ਸੰਵੇਦਨਾ ਦਾ ਵਰਨਣ ਹੈ ।ਕਹਾਣੀ ਦਾ ਅਨਯ ਪੁਰਖੀ ਪਾਤਰ ਬਿੰਦਰ ਇਕ ਬੇਰੁਜ਼ਗਾਰ ਨੌਜਵਾਨ ਹੈ ਜਿਹੜਾ ਬੇਰੁਜ਼ਗਾਰੀ ਭੋਗਦਾ ਆਪਣੀ ਪਛਾਣ ਦੇ ਸੰਕਟਾਂ ਨਾਲ ਜੂਝਦਾ ਹੈ । ਇਨ੍ਹਾਂ ਸੰਕਟਾਂ ਦੇ ਮੋਚਨ ਲਈ ਆਖਿਰ ਉਹ ਬਾਬਾ ਸੋਹਨ ਸਿੰਘ ਭਕਨਾ , ਬੀਬੀ ਗੁਲਾਬ ਕੌਰ ਅਤੇ ਹੋਰ ਆਗੂਆਂ ਦੀ ਕੁਰਬਾਨੀ ਤੋਂ ਸੇਧ ਲੈਂਦਾ ਇਨ੍ਹਾਂ ਨਾਲ ਇਕ ਰਿਸ਼ਤਾ ਦੀ ਗੰਢ ਵਾਲੇ ਅਹਿਸਾਸ ਵਿੱਚੋਂ ਗੁਜ਼ਰਦਾ ਹੈ । ਇਨ੍ਹਾਂ ਕਹਾਣੀਆਂ ਵਿਚ ਲਾਲ ਸਿੰਘ ਇਕ ਪਾਸੇ ਇਨਕਲਾਬੀ ਚੇਤਨਾ ਵਾਲੇ ਪੰਜਾਬੀ ਬੰਦੇ ਦੀ ਜੁਝਾਰੂ ਤਾਸੀਰ ਨੂੰ ਪੇਸ਼ ਕਰਦਾ ਹੈ ਦੂਜੇ ਪਾਸੇ ਉਨ੍ਹਾਂ ਹਾਲਾਤਤੇ ਕਟਾਖ਼ਸ਼ ਕਰਦਾ ਹੈ ਜਿਨ੍ਹਾਂ ਕਰਕੇ ਉੱਚੇ ਆਦਰਸ਼ਾਂ ਲਈ  ਉੱਠਦੀਆਂ ਲਹਿਰਾਂ ਦੇ ਅਖੌਤੀ ਆਗੂ ਸੱਤਾ ਦੇ ਲੂਣ ਦੇ ਪਹਾੜ  ਵਿੱਚ ਰਚ ਮਿਚ ਜਾਂਦੇ ਰਹੇ ਜਦ ਕਿ ਕੁਰਬਾਨੀਆਂ ਦੇਣ ਵਾਲੇ ਆਗੂਆਂ ਨੂੰ ਗੁੰਮਨਾਮੀ ਤੋਂ ਵੱਧ ਕੁਝ ਨਹੀ ਮਿਲਿਆ।  
ਲੇਖਕ ਦੀਆਂ ਕਹਾਣੀਆਂ ਨੇ ਵਰਤਮਾਨ ਦੇ ਨਵ ਪੂੰਜੀਵਾਦੀ ਸਮਾਜ ਵਿਚ ਸ਼ਹਿਰਾਂ ਅਤੇ ਕਸਬਿਆਂ ਵਿਚ ਉਸਰਦੀ ਖਪਤਵਾਦੀ ਜੀਵਨ ਜਾਂਚ ਨੂੰ ਵੀ ਆਪਣੀ ਕਥਾ ਚੇਤਨਾ ਦਾ ਹਿੱਸਾ ਬਣਾਇਆ ਹੈ । ਖ਼ਪਤਵਾਦੀ ਸਭਿਆਚਾਰ ਨੇ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਮੇਲੇ ਮਾਨਣ ਆਏ ਹੋਣ ਦੀ ਸੰਸਕ੍ਰਿਤਕ ਰੂੜ੍ਹੀ ਨੂੰ ਉਪਭੋਗਤਾਵਾਦ ਦੀ ਨਵੀਂ ਹਵਾ ਦਿੱਤੀ ਹੈ। ਲਾਲ ਸਿੰਘ ਕਿਰਤੀ ਸਭਿਆਚਾਰ ਵਾਲੇ ਪੰਜਾਬੀਆਂ ਦੀ ਨਵੀਂ ਉਪਭੋਗੀ ਜੀਵਨ ਜਾਂਚ ਪਿੱਛੇ ਕਾਰਪੋਰੇਟੀ ਪ੍ਰਬੰਧ ਦਾ ਜਾਣਕਾਰ ਹੈ। ਉਸਦੀਆਂ ਕਹਾਣੀਆਂ ਵਿਚ ਕਾਰਪੋਰੇਟ ਸੈਕਟਰ ਦਾ ਬਿੰਬ ਜੁਬਾੜ੍ਹੇ ਕਹਾਣੀ ਵਿੱਚ ਜੁਬਾੜ੍ਹੇ  ਦੇ ਰੂਪਕ ਨਾਲ ਪੇਸ਼ ਹੋਇਆ ਹੈ। ਸੱਤਾ ਦਾ ਧਰਮ ਅਤੇ ਕਾਰਪੋਰੇਟ ਸੈਕਟਰ ਨਾਲ ਨਾਪਾਕ ਗਠਜੋੜ ਸਮੁੱਚੀ ਲੋਕਾਈ ਲਈ ਕਿੰਨਾ ਖਤਰਨਾਕ ਹੈ ਇਸਦੇ ਕਥਾ ਵੇਰਵੇ ਜੁਬਾੜੇ ਕਹਾਣੀ ਵਿਚ ਦਰਜ ਹਨ । ਕਾਰਪੋਰੇਟ ਸੈਕਟਰ ਨੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਵਿਚ ਮੈਰਿਜ ਪੈਲਸ , ਰਿਜ਼ੋਰਟ , ਮਾਲਜ਼ ਅਤੇ ਹਾਬੜ ਉਸਾਰੀ ਨੇ ਅਖੌਤੀ ਵਿਕਾਸ ਮਾਡਲ ਦਾ ਮਾਰੂ ਅਧਿਆਇ ਸ਼ੁਰੂ ਕਰ ਦਿੱਤਾ ਹੈ । ਕਹਾਣੀ ਵਿੱਚ ਜ਼ਮੀਨਾਂ ਦੇ ਉਜਾੜੇ, ਖੇਤੀ ਦੀ ਮੰਦਹਾਲੀ ਅਤੇ ਸਰਕਾਰਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਰਕੇ ਰਾਮਗੋਪਾਲ ਅਤੇ ਮਹਿੰਗਾ ਰਾਮ ਵਰਗੇ ਪਾਤਰ ਆਪਣੇ ਦੇਸ਼ ਵਿੱਚ ਇਕ ਬੇਗਾਨਗੀ ਦੇ ਅਹਿਸਾਸ ਵਿੱਚੋਂ ਗੁਜ਼ਰਦੇ ਹਨ ।ਕਹਾਣੀ ਵਿਚ ਕਾਰਪੋਰੇਟ ਸੈਕਟਰ ਦਾ ਵਰਤਾਰਾ ਕਸਬਿਆਂ ਅੰਦਰ ਛੋਟੇ ਵਪਾਰੀ , ਮਧਲੇ ਕਿਸਾਨ ਅਤੇ ਮਿਹਨਤਕਸ਼ ਵਰਗਾਂ  ਨੂੰ ਨਿਗਲਦਾ ਦਿਖਾਇਆ ਗਿਆ ਹੈ ਜਿਸ ਨਾਲ ਲੋਕਾਂ ਦੀ ਆਪਸੀ ਸਾਂਝ , ਮਿਲਵਰਤਨ ਅਤੇ ਸਹਿਹੋਂਦ ਦੀ ਭਾਵਨਾ ਖਤਮ ਹੁੰਦੀ ਦਿਸਦੀ ਹੈ । ਪੂੰਜੀਵਾਦੀ ਵਿਸ਼ਵੀਕਰਨ ਦਾ ਇਕ ਚਿਹਰਾ ਸਮਾਜਿਕ ਵਿਵਸਥਾ ਨੂੰ ਜੋੜਨ ਦੀ ਥਾਂ ਤੋੜਨ ਦੀ ਭੂਮਿਕਾ ਨਿਭਾਉੱਦਾ ਪੇਸ਼ ਕਰਕੇ ਲੇਖਕ ਨੇ ਤੀਸਰਾ ਸ਼ਬਦ  ਕਹਾਣੀ ਵਿਚ ਜਾਤੀ ਵਿਵਸਥਾ ਨਾਲ ਉਪਜਦੇ ਮਾਨਸਿਕ ਸੰਤਾਪ ਦੀਆਂ ਤੰਦਾ ਫੜਨ ਦਾ ਯਤਨ ਕਰਕਾ ਹੈ । ਸਮਕਾਲ ਅੰਦਰ ਦਲਿਤ ਸੰਘਰਸ਼ ਜਿਸ ਕਿਸਮ ਦੇ ਜਾਤੀਗਤ ਟਕਰਾਅ ਅਤੇ ਧਾਰਮਿਕ ਘੁੰਮਣਘੇਰੀ, ਬੌਧਿਕ ਕੰਗਾਲੀ ਵਿਚਾਰਧਾਰਕ ਧੁੰਦਵਾਦ ਵਿੱਚੋ ਗੁਜ਼ਰ ਰਿਹਾ ਹੈ ਉਸਦਾ ਇਕ ਪੱਖ ਤੀਸਰਾ ਸ਼ਬਦ  ਕਹਾਣੀ ਵਿਚ ਦਰਜ਼ ਹੈ । ਲੇਖਕ ਦਾ ਦਲਿਤ ਪਾਤਰ ਨੌਕਰੀਪੇਸ਼ਾ ਮੱਧਸ਼੍ਰੇਣੀ ਵਿੱਚੋਂ ਹੈ ਜਿਹੜਾ ਕਿ ਅਗਲੀ ਪੀੜ੍ਹੀ ਨੂੰ ਜਾਤੀ ਚੇਤਨਾ ਨਾਲੋਂ ਜਮਾਤੀ ਚੇਤਨਾ ਦੇ ਵੱਡੇ ਸੰਕਲਪ ਨਾਲ ਜੋੜ ਕੇ ਉਨ੍ਹਾਂ ਦਾ ਮੁਕਤੀ ਮਾਰਗ ਬਣਨ ਦਾ ਯਤਨ ਕਰਦਾ ਹੈ ।ਸਾਰੀ ਉਮਰ ਜਾਤੀਗਤ ਪਛਾਣ ਦੇ ਲੇਬਲ ਹੇਠਾਂ ਉਮਰ ਕੱਟ ਕੇ ਉਹ ਗੁੰਮਨਾਮੀ ਜ਼ਰੂਰ ਹੰਢਾਉਂਦਾ ਹੈ ਪਰ ਵਿਚਾਰਧਾਰਾ ਪੱਖੋਂ ਉਹ ਸਮਕਾਲੀ ਦੀ ਦਲਿਤ ਲਹਿਰ ਨੂੰ ਜਾਤਵਾਦੀ ਸਿਆਸਤ ਤੱਕ ਸਿਮਟਾ ਕੇ ਰੱਖਣ ਵਾਲੀ ਸੱਤਾਧਾਰੀ ਨੀਤੀ ਦਾ ਵੀ ਜਾਣੂੰ ਹੈ। ਲਾਲ ਸਿੰਘ ਦੀ ਇਸ ਕਹਾਣੀ ਦਾ ਕੇਂਦਰੀ ਪਾਤਰ ਬੇਸ਼ੱਕ ਸਮਕਾਲੀ ਦਲਿਤ ਕਹਾਣੀ ਦੇ ਚਰਚਿਤ ਪਾਤਰ ਵਾਂਗ ਸ਼ਹਿਰੀ ਮੱਧਵਰਗੀ ਸ਼੍ਰੇਣੀ ਵਿੱਚੋਂ ਹੈ ਪਰ ਇਹ ਪਾਤਰ ਦਲਿਤ ਕਹਾਣੀ ਦੇ ਰਵਾਇਤੀ ਪਾਤਰ ਵਾਂਗ ਰੈਡੀਕਲ ਵਿਰੋਧ ਵਾਲਾ ਨਹੀਂ ਸਗੋਂ ਚਿੰਤਨ ਕਰਦਾ ਹੋਇਆ ਧਰਮ ਅਤੇ ਰਾਜਨੀਤੀ ਦੀ ਸੱਤਾ ਵੱਲੋਂ ਲੋਕਾਂ ਨੂੰ ਇਕ ਦੂਜੇ ਤੋਂ ਤੋੜ ਕੇ ਰੱਖਣ ਵਾਲੀ ਵਿਚਾਰਧਾਰਾ ਦਾ ਜਾਣੂੰ ਹੈ ਦੂਜੇ ਪਾਸੇ ਦਲਿਤ ਲਹਿਰ ਵਿਚ ਪੈਦਾ ਹੋ ਰਹੇ ਬ੍ਰਾਹਮਣਵਾਦ ਦਾ ਵੀ ਨਿੰਦਕ ਹੈ ।
....ਸਭ ਕੁਝ ਜਾਣਦਿਆਂ ਬੁਝਦਿਆਂ ਵੀ ਆਪਾਂ ਸਾਧਾਂ ਦੀ ਸਿਆਸਤ ਨੂੰ ਇਲਾਹੀ ਹੁਕਮ ਮੰਨ ਲਿਆ। ਇਕ ਪਾਸੇ ਤਾਂ ਆਪਾਂ ਆਪਣੇ ਉਪਰ ਥੋਪੇ ਗਏ ਜਾਤ ਪ੍ਰਬੰਧ ਤੋਂ ਬਾਗੀ ਹੋਣ ਲਈ ਤਰਲੋਮੱਛੀ ਹੋਈ ਬੈਠੇ ਆ , ਦੂਜੇ ਪਾਸੇ ਉਹਨਾਂ ਵਰਗਾ ਹੀ ਜਾਤ ਅਭਿਆਨ ਸਿਰ ਤੇ ਚੁੱਕੀ ਫਿਰਦੇ ਆ। ....ਬੱਸ ਐਸੇ ਗੱਲੋਂ ਮਾਰ ਖਾਨੇ ਆਂ ਅਸੀਂ ਲੋਕੀਂ। 
 ਲਾਲ ਸਿੰਘ ਇਸ ਕਹਾਣੀ ਦਾ ਕੇਂਦਰੀ ਪਾਤਰ ਸਿਰਜਦਿਆ ਉਹ ਕਹਾਣੀਕਾਰ ਅਤੇ ਪਾਤਰ ਦੀ ਵਿੱਥ ਵੀ ਮਿਟਾ ਗਿਆ ਹੈ ।ਇਸ ਤੋਂ ਇਲਾਵਾ ਵੀ ਉਹ ਬਿਰਤਾਂਤਕਾਰੀ ਵਿਚ ਹੋਰ ਵੀ ਕਈ ਥਾਂ ਸਿੱਧਾ ਦਖ਼ਲ ਦਿੰਦਾ ਹੈ ਅਤੇ ਉਸਦੀ ਕਹਾਣੀ ਸਹਿਜਤਾ ਤੋਂ ਟੁੱਟ ਕੇ ਭਾਸ਼ਣੀ ਸੁਰ ਅਖ਼ਤਿਆਰ ਕਰ ਜਾਂਦੀ ਹੈ ।ਉਸਦੇ ਹੋਰ ਕਲਾ ਦੋਸ਼ਾਂ ਵਿੱਚ ਉਸਦੀ ਕਹਾਣੀ ਦਾ ਪਾਠਕ ਨਿਰੋਲ ਪਾੜਾ ਬਣ ਕੇ ਰਹਿ ਜਾਂਦਾ ਹੈ ਅਤੇ ਕਹਾਣੀ ਦੀਆਂ ਸਥਿਤੀਆਂ ਇੰਨੀਆਂ ਜਟਿਲ ਅਤੇ ਪੀਡੀਆਂ  ਹੋ ਜਾਂਦੀਆਂ ਹਨ ਕਿ ਪਾਠਕ ਦੀ ਆਪਣੀ ਕਲਪਨਾ ਸ਼ਕਤੀ ਮੌਨ ਹੋ ਜਾਂਦੀ ਹੈ । ਲਾਲ ਸਿੰਘ ਵਾਂਗ ਚੌਥੇ ਪੜਾਅ ਦੇ ਹੋਰ ਵੀ ਕਈ ਕਹਾਣੀਕਾਰ ਪਾਠਕਾਂ ਨੂੰ ਕਹਾਣੀ ਵਿਚ ਉਭਰਨ ਦਾ ਮੌਕਾ ਨਹੀ ਦਿੰਦੇ ਅਤੇ ਉੱਤਮ ਪੁਰਖੀ ਪ੍ਰਵਚਨ ਦੀਆਂ ਭਾਰੂ ਇਕਪਾਸੜੀ ਸੁਰਾਂ ਪੈਦਾ ਕਰਦੇ ਹਨ।
ਘੜਮੱਸ ਅਤੇ ਗੜਬੜੀ ਦੇ ਦੌਰ ਵਿਚ ਸਮਕਾਲੀ ਵਸਤੂ ਵਰਤਾਰਿਆਂ ਦੀ ਪੇਸ਼ਕਾਰੀ ਕਰਦਿਆਂ ਲਾਲ ਸਿੰਘ ਜਿਸ ਕਥਾ ਭਾਸ਼ਾ ਦੀ ਸਹਾਇਤਾ ਲੈਂਦਾ ਹੈ ਉਹ ਦੁਆਬੀ ਆਂਚਲਿਕਤਾ ਵਾਲੀ ਅਤੇ ਵਿਆਕਰਣ ਪੱਖੋਂ ਸਥਾਪਿਤ ਪ੍ਰਤਿਮਾਨਾਂ ਨੂੰ ਉਲੰਘਦੀ ਹੈ। ਸਮਾਸੀ ਸ਼ਬਦਾਂ ਦੀ ਵਰਤੋਂ ਕਰਕੇ ਉਹ ਗਲਪ ਦੀ ਭਾਸ਼ਾ ਦੇ ਨਵੇਂ ਪ੍ਰਯੋਗ ਕਰਦਾ ਹੈ। ਪਾਤਰਾਂ ਦੇ ਮੌਲਿਕ ਉਚਾਰ ਫੜਨ ਲਈ ਲੇਖਕ ਪਾਤਰਾਂ ਦੀ ਸਮਾਜਿਕ ਮਾਨਸਿਕ ਸਥਿਤੀ ਦੇ ਅਨੁਸਾਰ ਭਾਸ਼ਾ ਦੀ ਵਰਤੋਂ ਕਰਦਾ ਹੈ। ਲਾਲ ਸਿੰਘ ਦੇ ਕਥਾ ਪਾਤਰ ਟਾਕਰਵੇਂ ਬੋਲਾਂ ਨਾਲ ਭਰੇ ਪਏ ਹਨ, ਉਨ੍ਹਾਂ ਅੰਦਰ ਇਕੋ ਵਾਰ ਕਈ ਕਈ ਆਵਾਜ਼ਾਂ ਨਿਰੰਤਰ ਚੱਲਦੀਆਂ ਹਨ, ਇਹ ਸਮਕਾਲੀ ਬੰਦੇ ਦੀ ਹੋਣੀ ਹੈ ਜਿੱਥੇ ਪੰਜਾਬੀ ਬੰਦਾ ਸਾਲਮ ਸੂਰਤ ਸ਼ਖਸ਼ੀਅਤ ਦੀ ਥਾਂ ਖੰਡ ਖੰਡ ਹੋ ਕੇ ਵਿਚਰ ਰਿਹਾ ਹੈ। ਲਾਲ ਸਿੰਘ ਦੇ ਕਥਾ ਪਾਤਰ ਇਕ ਗੈਲਰੀ ਸਿਰਜਦੇ ਹਨ ਉਹ ਵਰਤਮਾਨ ਦੀਆਂ ਗੜਬੜੀਆਂ  ਵਿਚ ਗੁੰਮਨਾਮੀ , ਮੰਦਹਾਲੀ ਅਤੇ ਬੇਗਾਨਗੀ ਭਰੇ ਅਹਿਸਾਸਾਂ ਵਿੱਚੋਂ ਗੁਜ਼ਰਦੇ ਹਨ ਪਰ ਆਖਿਰ ਸਮਾਜਿਕ ਯਥਾਰਥ ਨੂੰ ਭੇਦਣ ਲਈ ਉੱਠ ਖੜੋਂਤੇ ਹਨ। ਇਸਦਾ ਕਾਰਨ ਲੇਖਕ ਦਾ ਮਾਰਕਸੀ ਚਿੰਤਨ ਵਿਚ ਵਿਸ਼ਵਾਸ਼ ਹੈ ਜਿਹੜਾ ਕਿ ਪ੍ਰਗਤੀਵਾਦ ਦੇ ਵਡੇਰੇ ਸੰਕਲਪ ਨੂੰ ਪ੍ਰਣਾਈ ਹੈ ਜਿਸ ਵਿਚ ਕਮਿਉਨਿਸਟ ਵਿਚਾਰਧਾਰਾ ਦਾ ਸੰਵਾਦ ਕਈ ਕੋਣਾਂ ਤੋਂ ਪੇਸ਼ ਹੈ ਇਸੇ ਲਈ ਉਸਦੀ ਕਹਾਣੀ ਟਾਕਰਵੇਂ ਬੋਲਾਂ, ਉਤੇਜ਼ਕ ਸੰਵਾਦਾਂ, ਪਾਤਰਾਂ ਦੀਆਂ ਮਨੋਬਚਨੀਆਂ ਅਤੇ ਇਤਿਹਾਸ ਦੇ ਇਨਕਲਾਬੀ ਕਾਂਡਾਂ ਤੋਂ ਪ੍ਰੇਰਨਾ ਲੈ ਕੇ ਇਤਿਹਾਸ ਅਤੇ ਵਰਤਮਾਨ ਵਿਚ ਸਾਹ ਲੈਂਦੀ ਪ੍ਰਤੀਤ ਹੁੰਦੀ ਹੈ ।ਲਾਲ ਸਿੰਘ ਦੀ ਕਹਾਣੀ  ਦੇ ਟੂਲ ਬਾਕਸ ਵਿਚ ਪੰਜਾਬੀ ਦੀ ਜੁਝਾਰੂ ਇਤਿਹਾਸਕਾਰੀ ਸਾਹ ਲੈਂਦੀ ਹੈ ।ਉਹ ਸਿੱਖ ਇਤਿਹਾਸ ਦੇ ਪ੍ਰਸੰਗਾਂ, 1857 ਦੇ ਗ਼ਦਰ , ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ ਅਤੇ ਆਜ਼ਾਦੀ ਦੇ ਹੋਰ ਪਰਵਾਨਿਆਂ ਦੀ ਮਨੁੱਖ ਨੂੰ ਗੁਲਾਮੀ ਤੋਂ ਮੁਕਤ ਕਰਨ ਦੀ ਭਾਵਨਾ ਦਾ ਸਿੱਧਾ ਬੁਲਾਰਾ ਹੈ। ਸੱਤਾ ਦੇ ਗਲਿਆਰਿਆਂ ਵਿਚ ਕਾਬਜ਼ ਆਗੂਆਂ , ਸਰਮਾਏਦਾਰੀ ਦਲਾਲਾਂ , ਅਖੌਤੀ ਧਾਰਮਿਕ ਰਹਿਬਰਾਂ ਦੀ ਤਿੱਕੜੀ ਦੇ ਗਠਜੋੜ ਨੂੰ ਉਹ ਵੰਗਾਰਦਾ ਹੈ ਅਤੇ ਵਿਕਾਸ ਮਾਡਲ ਦੀ ਥਾਂ ਕਾਰਪੋਰੇਟ ਘਰਾਣਿਆਂ ਵੱਲੋਂ ਦੇਸ਼ ਦੇ ਵਿਨਾਸ਼ ਮਾਡਲ ਦੀ ਬਣਾਈ ਜਾ ਰਹੀ ਰੂਪ ਰੇਖਾ ਪ੍ਰਤੀ ਪੂਰਨ ਸੁਚੇਤ ਹੈ । ਲਾਲ ਸਿੰਘ ਸਚਮੁੱਚ ਸਮਕਾਲੀ ਕਹਾਣੀ ਦਾ ਲਾਲ ਹੈ ਜਿਸਦਾ ਲਗਾਤਾਰ ਲਿਖਦੇ ਰਹਿਣਾ ਅਤੇ ਵਰਤਮਾਨ ਦੇ ਵਰਤਾਰਿਆਂ ਨਾਲ ਅਪਡੇਟ ਰਹਿ ਕੇ ਮਨੁੱਖ ਮਾਰੂ ਪ੍ਰਬੰਧ ਨੂੰ ਵੰਗਾਰਨਾ ਇਸ ਕਿਤਾਬ ਦੀ ਵੱਡੀ ਸਾਰਥਿਕਤਾ ਹੈ ।
ਸੰਪਰਕ – 9417586028
www.lalsinghdasuya.yolasite.com ( Link ਸੰਸਾਰ )

Friday 18 May 2018

ਲਾਲ ਸਿੰਘ ਦਸੂਹਾ ਦੇ ਕਹਾਣੀ ਸੰਕਲਨ ‘ਸੰਸਾਰ’ ’ਤੇ ਵਿਚਾਰ ਗੋਸ਼ਟੀ

Fri, May 18, 2018 at 6:24 PM
ਪੰਜਾਬੀ ਲੇਖਕ ਸਭਾ (ਜਲੰਧਰ) ਵੱਲੋਂ ਕਰਾਇਆ ਗਿਆ ਵਿਸ਼ੇਸ਼ ਆਯੋਜਨ 
ਜਲੰਧਰ: 18 ਮਈ 2018: (ਕੇਸਰ//ਰਾਜਪਾਲ ਕੌਰ//ਸਾਹਿੱਤ ਸਕਰੀਨ)::
ਲੰਘੇ ਐਤਵਾਰ 13 ਮਈ ਨੂੰ ਪੰਜਾਬੀ ਲੇਖਕ ਸਭਾ (ਰਜਿ.) ਜਲੰਧਰ ਸਥਾਨਕ ਦੇਸ਼ ਭਗਤ ਯਾਦਗਾਰ ਵਿਖੇ ਉਘੇ ਕਹਾਣੀਕਾਰ ਲਾਲ ਸਿੰਘ ਦਸੂਹਾ ਦੇ ਕਹਾਣੀ ਸੰਗ੍ਰਹਿ ‘ਸੰਸਾਰ’ ਤੇ ਪਿਆਰਾ ਸਿੰਘ ਭੋਗਲ ਦੀ ਪ੍ਰਧਾਨਗੀ ਹੇਠ ਵਿਚਾਰ ਗੋਸ਼ਟੀ ਕਰਵਾਈ ਗਈ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਹਰਜਿੰਦਰ ਸਿੰਘ ਅਟਵਾਲ, ਜਨਰਲ ਸਕੱਤਰ ਗੁਰਮੀਤ, ਕਹਾਣੀਕਾਰ ਲਾਲ ਸਿੰਘ ਦਸੂਹਾ ਅਤੇ ਪਰਚਾਕਾਰ ਡਾ. ਜੇ.ਬੀ.ਸੇਖੋਂ ਸ਼ਸ਼ੋਭਿਤ ਸਨ।
ਵਿਚਾਰ ਗੋਸ਼ਟੀ ਵਿਚ ਪੇਪਰ ਪੇਸ਼ ਕਰਦਿਆਂ ਡਾ. ਜੇ.ਬੀ. ਸੇਖੋਂ ਨੇ ਮੁੱਖ ਰੂਪ ਵਿਚ ਕਿਹਾ ਕਿ, ਲਾਲ ਸਿੰਘ ਸਮਕਾਲੀ ਪੰਜਾਬੀ ਕਹਾਣੀ ਦਾ ਵਿਸ਼ੇਸ਼ ਨਾਮ ਹੈ। ਉਹ ਚੌਥੇ ਪੜਾਅ ਦੀ ਪੰਜਾਬੀ ਕਹਾਣੀ ਦੇ ਵੱਖਰੇ ਰੁਝਾਨਾਂ ਵਿਚ ਪ੍ਰਤੀਨਿਧੀ ਭੂਮਿਕਾ ਨਿਭਾ ਰਿਹਾ ਹੈ। ਲਾਲ ਸਿੰਘ ਪ੍ਰੋੜ ਉਮਰ ਦਾ ਕਥਾਕਾਰ ਹੈ ਪਰ ਉਸਦੀ ਕਥਾ ਚੇਤਨਾ ਵਿਚ ਉਹ ਸਭ ਕੁਝ ਹੈ ਜੋ ਕਿ ਚੌਥੇ ਪੜਾਅ ਦੇ ਨੌਜਵਾਨ ਕਹਾਣੀਕਾਰਾਂ ਦੀਆਂ ਰਚਨਾਵਾਂ ਵਿਚ ਮੌਜੂਦ ਹੈ। ਚੌਥੇ ਪੜਾਅ ਦੀ ਕਹਾਣੀ ਜਿਸ ਕਿਸਮ ਦੇ ਟਾਕਰਵੇਂ ਵਿਚਾਰਾਂ,ਪਾਤਰਾਂ ਦੇ ਵਿਸਫੋਟਕ ਉਚਾਰ ਅਤੇ ਲੁਕੇ ਸਮਾਜਿਕ ਯਥਾਰਥ ਨੂੰ ਆਪਣੇ ਨਿਵੇਕਲੇ ਸ਼ਿਲਪ ਵਿਧਾਨ ਵਿਚ ਪੇਸ਼ ਕਰ ਰਹੀ ਹੈ ਲਾਲ ਸਿੰਘ ਦੀ ਕਹਾਣੀ ਇਸਦਾ ਪ੍ਰਮਾਣ ਹੈ। ਉਸਦੀ ਦਿ੍ਰਸ਼ਟੀ ਮਾਰਕਸੀ ਵਿਚਾਰਧਾਰਾ ਵਾਲੀ ਹੈ। ਉਹ ਮਾਰਕਸੀ ਪ੍ਰਗਤੀਵਾਦੀ ਸਿਧਾਂਤ ਦੀ ਮੌਖਿਕ ਅਤੇ ਕੱਟੜਤਾ ਵਾਲੀ ਗਲਪੀ ਦਿ੍ਰਸ਼ਟੀ ਦਾ ਪੂਜਕ ਨਹੀਂ ਸਗੋਂ ਕਾਰਪੋਰੇਟ ਸੈਕਟਰ ਦੀ ਸੱਤਾ ਨਾਲ ਸਾਂਝ ਭਿਆਲੀ ਦੇ ਯੁੱਗ ਵਿਚ ਲੋਕ ਹਿਤੂ ਸਿਧਾਂਤਾਂ ਦੀ ਪ੍ਰਸੰਗਿਕਤਾ  ਨੂੰ ਸੰਵਾਦ ਦੇ ਨਜ਼ਰੀਏ ਤੋਂ ਪੇਸ਼  ਕਰਨ ਵਾਲਾ ਲੇਖਕ ਹੈ।
ਉਨ੍ਹਾਂ ਕਿਹਾ ਕਿ ਲਾਲ ਸਿੰਘ ਪੂੰਜੀਵਾਦੀ ਵਿਸ਼ਵੀਕਰਣ ਦੀਆਂ ਤਿੱਖੀਆਂ ਅਲਾਮਤਾਂ ਦਾ ਜਾਣਕਾਰ ਹੀ ਨਹੀਂ ਸਗੋਂ ਭੇਤੀ ਵੀ ਹੈ। ਪੂੰਜੀਵਾਦੀ ਵਿਸ਼ਵੀਕਰਣ ਜਿਸ ਕਿਸਮ ਦੇ ਸੰਕਟ ਲੈ ਕੇ ਪੰਜਾਬੀ ਸਭਿਆਚਾਰ ਵਿਚ ਦਾਖ਼ਿਲ ਹੁੰਦਾ ਹੈ ਇਸ ਵਰਤਾਰੇ ਨੂੰ ਸਮਕਾਲੀ ਦੀ ਕਹਾਣੀ ਵਿਚ ਲਾਲ ਸਿੰਘ ਵਰਗੇ ਕਥਾਕਾਰ ਚਿੰਤਨ ਦੀ ਪੱਧਰ ‘ਤੇ ਜਾ ਕੇ ਪੇਸ਼ ਕਰਦੇ ਹਨ। ਵਰਤਮਾਨ ਦੀ ਕਹਾਣੀ ਪੰਜਾਬ ਦੇ ਇਸੇ ਸਮਾਜੀ ਯਥਾਰਥ ਦੇ ਰੂ ਬ ਰੂ ਹੈ ਜਿਸ ਵਿਚ ਕਾਰੋਪਰੇਟ ਸੈਕਟਰ ਦੇ ਖਪਤਵਾਦੀ ਰੁਝਾਨਾਂ ਨੇ ਪੰਜਾਬੀ ਲੋਕਾਂ ਨੂੰ ਸਭਿਆਚਾਰ ਦੇ ਉਸਾਰੂ ਜੀਵਨ ਮੁੱਲਾਂ ਤੋਂ ਵਿਛੁੰਨ ਕੇ ਪਦਾਰਥਵਾਦੀ , ਉਪਭੋਗੀ ਅਤੇ ਵਿਅਕਤੀਵਾਦੀ ਅਲਾਮਤਾਂ ਨਾਲ ਜੋੜ ਦਿੱਤਾ ਹੈ।
ਵਿਚਾਰ ਗੋਸ਼ਟੀ ਦੌਰਾਨ ਡਾ. ਭੁਪਿੰਦਰ ਕੌਰ, ਪਿ੍ਰੰਸੀਪਲ ਜਨਮੀਤ, ਡਾ. ਕਰਮਜੀਤ ਸਿੰਘ, ਡਾ. ਸੁਖਵਿੰਦਰ ਸਿੰਘ ਰੰਧਾਵਾ, ਮਦਨ ਵੀਰਾ ਅਤੇ ਬਲਦੇਵ ਬੱਲੀ ਹੋਰਾਂ ਬਹਿਸ ਵਿਚ ਹਿੱਸਾ ਲਿਆ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰੋ. ਪਿਆਰਾ ਸਿੰਘ ਭੋਗਲ ਨੇ ਕਿਹਾ ਕਿ ਅਜਿਹੀਆਂ ਚਰਚਾਵਾਂ ਹੀ ਪੰਜਾਬੀ ਕਹਾਣੀ ਨੂੰ ਸਹੀ ਦਿਸ਼ਾ ਪ੍ਰਦਾਨ ਕਰ ਸਕਦੀਆਂ ਹਨ।
ਉਪਰੰਤ ਡਾ. ਕੀਰਤੀ ਕੇਸਰ ਦੀ ‘ਪਾਸ਼ ਕਾ ਸਾਹਿਤ’, ਕੰਵਲ ਭੱਲਾ ਦੀ ‘ਸਾਹਿਤ ਅਧਿਐਨ ਤੇ ਆਲੋਚਨਾ’ ਅਤੇ ਪਰਗਟ ਸਿੰਘ ਰੰਧਾਵਾ ਦੀ ‘ਸਧਰਾਂ ਦਾ ਗੁਲਦਸਤਾ’ ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ। ਇਨ੍ਹਾਂ ਪੁਸਤਕਾਂ ਦੀ ਜਾਣ ਪਛਾਣ ਕਰਮਵਾਰ ਡਾ. ਲਖਵਿੰਦਰ ਜੌਹਲ, ਡਾ. ਸੁਖਵਿੰਦਰ ਸੰਘਾ ਅਤੇ ਪ੍ਰੋ. ਗੋਪਾਲ ਬੁੱਟਰ ਨੇ ਹੋਰਾਂ ਕਰਵਾਈ। ਸਟੇਜ ਸੰਚਾਲਕ ਦੀ ਭੂਮਿਕਾ ਡਾ. ਓਮਿੰਦਰ ਜੌਹਲ ਹੋਰਾਂ ਸੁਚਾਰੂ ਢੰਗ ਨਾਲ ਨਿਭਾਈ।