google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: July 2022

Sunday 31 July 2022

ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਸੁਰਜੀਤ ਸਿੰਘ ਬੈਂਸ ਨੂੰ ਸ਼ਰਧਾਜਲੀਆਂ

31st July 2022 at 05:39 PM

 ਪ੍ਰੋਫੈਸਰ ਗੁਰਭਜਨ ਗਿੱਲ ਨੇ ਯਾਦ ਕਰਾਈਆਂ ਪੁਰਾਣੀਆਂ ਯਾਦਾਂ

ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਦਿੱਤੀ ਗਈ ਸ਼ਰਧਾਂਜਲੀ 

ਲੁਧਿਆਣਾਃ :31 ਜੁਲਾਈ 2022: (ਸਾਹਿਤ ਸਕਰੀਨ ਬਿਊਰੋ):: 
ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਸੁਰਜੀਤ ਸਿੰਘ ਬੈਂਸ ਨੂੰ ਸ਼ਰਧਾਂਜਲੀ ਭੇਟ ਕਰਦਿਆਂ  ਉਨ੍ਹਾਂ ਦੇ ਪੁਰਾਣੇ ਵਿਦਿਆਰਥੀ ਅਤੇ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਉਹ ਸਰਬਪੱਖੀ  ਅਧਿਆਪਕ ਸਨ ਜੋ ਸਿੱਖਿਆ , ਖੇਡਾਂ, ਸਮਾਜਿਕ ਚੇਤਨਾ ਤੇ ਸੂਝ ਬੂਝ ਵਿਦਿਆਰਥੀਆਂ ਵਿੱਚ ਵੰਡਣ ਲਈ ਹਰ ਪਲ ਤਿਆਰ ਬਰ ਤਿਆਰ ਰਹਿੰਦੇ ਸਨ। ਮੈਂ 1971 ਵਿੱਚ ਲੁਧਿਆਣਾ ਦੇ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਵਿੱਚ ਉਨ੍ਹਾਂ ਦਾ ਵਿਦਿਆਰਥੀ ਬਣਿਆ ਪਰ ਮੈਥੋਂ ਦਸ ਸਾਲ ਪਹਿਲਾਂ ਮੇਰੇ ਵੱਡੇ ਭਾ ਜੀ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਉਨ੍ਹਾਂ ਦੇ ਇਸੇ ਕਾਲਿਜ ਚ ਵਿਦਿਆਰਥੀ ਰਹਿ ਚੁਕੇ ਹੋਣ ਕਰਕੇ ਮੇਰੇ ਤੇ ਵਿਸ਼ੇਸ਼ ਨਜ਼ਰ ਰੱਖਦੇ ਸਨ।
ਉਨ੍ਹਾਂ ਵਕਤਾਂ ਦੇ ਅਧਿਆਪਕਾਂ ਪ੍ਰੋਃ ਨਿਰਮਲ ਸਿੰਘ ਮਾਂਗਟ,ਮੇਜਰ ਸ਼ਮਸ਼ੇਰ ਸਿੰਘ ਰੰਗੀ, ਪ੍ਰੋਃ ਰਤਨ ਸਿੰਘ ਵਿਰਦੀ, ਸੁਰਿੰਦਰਜੀਤ ਸਿੰਘ ਗਿੱਲ, ਸੁਰਜੀਤ ਸਿੰਘ ਪੰਨੂੰ, ਗੁਣਵੰਤ ਸਿੰਘ ਦੂਆ, ਗੁਰਬੀਰ ਸਿੰਘ ਸਰਨਾ ਤੇ ਕਈ ਹੋਰ ਵਿੱਛੜ ਚੁਕੇ ਹਨ ਪਰ ਯਾਦਾਂ ਸਲਾਮਤ ਨੇ। ਪ੍ਰਿੰਸੀਪਲ ਬੈਂਸ ਦੇ ਜਾਣ ਨਾਲ ਅਨੁਸ਼ਾਸਨ ਬੱਧ ਅਧਿਆਪਕ ਦੇ ਰੂਪ ਵਿੱਚ ਇੱਕ ਯੁਗ ਦਾ ਖਾਤਮਾ ਹੋ ਗਿਆ ਹੈ।
ਪ੍ਰਿੰਸੀਪਲ ਬੈਂਸ ਨੇ ਆਪਣੇ ਪਿੰਡ ਕੋਟਲਾ ਨੌਧ ਸਿੰਘ ਨੇੜੇ ਪੈਂਦੇ ਖਾਲਸਾ ਕਾਲਿਜ ਮਾਹਿਲਪੁਰ ਤੋਂ ਬੀ ਏ ਕਰਕੇ ਗੌਰਮਿੰਟ ਕਾਲਿਜ ਹੋਸ਼ਿਆਰਪੁਰ ਸਥਿਤ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਐੱਮ ਏ ਪੁਲਿਟੀਕਲ ਸਾਇੰਸ  ਪਾਸ ਕੀਤੀ। ਇਥੇ ਹੀ ਉਹ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਃ ਮਨਮੋਹਨ ਸਿੰਘ ਦੇ ਸਹਿਪਾਠੀ ਬਣੇ।
ਪ੍ਰਿੰਸੀਪਲ ਬੈਂਸ ਹਾਕੀ ਤੇ ਫੁੱਟਬਾਲ ਦੇ ਚੰਗੇ ਖਿਡਾਰੀ ਸਨ। ਮਾਲਵਾ ਸੈਂਟਰਲ ਕਾਲਿਜ ਆਫ਼ ਐਜੂਕੇਸ਼ਨ ਵਿੱਚ ਕੁਝ ਸਮਾਂ ਪੜ੍ਹਾ ਕੇ ਉਹ ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਿਜ ਵਿੱਚ ਪੜ੍ਹਾਉਣ ਲੱਗ ਪਏ ਅਕੇ ਇਥੋਂ ਹੀ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਏ।
ਪ੍ਰਿੰਸੀਪਲ ਸੁਰਜੀਤ ਸਿੰਘ ਬੈਂਸ ਦੀ ਯਾਦ ਹਮੇਸ਼ਾਂ ਸਾਡੇ ਮਨਾਂ ਵਿੱਚ ਜਿਉਂਦੀ ਰਹੇਗੀ।

Wednesday 27 July 2022

ਦਾਰੂ ਦਾ ਰੰਗ ਵੱਖਰਾ--ਜਨਮੇਜਾ ਸਿੰਘ ਜੌਹਲ

 ਇਹ ਮਨ ਦੀ ਮੌਜ ਕਰਮਾਂ ਵਾਲੇ ਹੀ ਮਾਣ ਸਕਦੇ ਹਨ 

ਲੁਧਿਆਣਾ: 26 ਜੁਲਾਈ 2022: (ਸਾਹਿਤ ਸਕਰੀਨ ਬਿਊਰੋ)::

ਸਦੀਆਂ ਹੋ ਗਈਆਂ ਹਨ ਦਾਰੂ ਦੀਆਂ ਨਿਖੇਧੀਆਂ ਅਤੇ ਬਦਨਾਮੀਆਂ ਨੂੰ ਪਰ ਦਾਰੂ ਦਾ ਲੋਕਾਂ ਨਾਲ ਰਾਬਤਾ ਕਦੇ ਕਮਜ਼ੋਰ ਨਹੀਂ ਪਿਆ। ਅਮੀਰ ਹੋਵੇ ਜਾਂ ਗਰੀਬ ਉਹ ਦਾਰੂ ਦੇ ਪੈਗ ਨੂੰ ਨਜ਼ਰ ਅੰਦਾਜ਼ ਨਹੀਂ ਕਰਦਾ। ਜਿਹੜੇ ਆਖਦੇ ਨੇ ਅਸੀਂ ਹੱਥ ਨੀ ਲਾਉਂਦੇ ਉਹ ਗੁੱਸੇ ਨਾ ਕਰਨ। ਉਹਨਾਂ ਲਈ ਕੁਝ ਨਹੀਂ ਕਿਹਾ ਇਥੇ। ਗੱਲ ਤਾਂ ਦਾਰੂ ਪ੍ਰੇਮੀਆਂ ਦੀ ਹੋ ਰਹੀ ਹੈ। ਮਹਿੰਗੀ ਹੋਵੇ ਜਾਂ ਸਸਤੀ ਲੋਕ ਦਾਰੂ ਖਰੀਦਣ ਤੋਂ ਨਹੀਂ ਹਟਦੇ। ਦੇਸੀ ਹੋਵੇ ਜਾਂ ਅੰਗਰੇਜ਼ੀ। ਅਸਲੀ ਹੋਵੇ ਜਾਂ ਨਕਲੀ। ਵਿਸਕੀ ਹੋਵੇ ਜਾਂ ਸਕਾਚ, ਵਾਈਨ ਹੋਵੇ ਜਾਂ ਵੋਦਕਾ ਹਰ ਵਰਗ ਨੂੰ ਲੋਕ ਪਸੰਦ ਕਰਦੇ ਹਨ। ਇਹਨੀਂ ਦਿਨੀਂ ਸਾਡੇ ਜਾਣੇ ਪਛਾਣੇ ਕਲਮਕਾਰ ਅਤੇ ਕੈਮਰੇ ਦੇ ਜਾਦੂਗਰ ਜਨਮੇਜਾ ਸਿੰਘ ਜੌਹਲ ਹੁਰਾਂ ਇੱਕ ਫੋਟੋ ਕਿਧਰੇ ਰਾਹ ਜਾਂਦਿਆਂ ਕਲਿੱਕ ਕਰ ਲਈ। ਫੋਟੋ ਉਸ ਅਵਸਥਾ ਦੀ ਹੈ ਜਦੋਂ ਬੰਦਾ ਦੁੱਖਾਂ ਦੇ ਬਾਵਜੂਦ ਸੁਖਾਂ ਦੇ ਰੰਗੀਨ ਸਪਨੇ ਦੇਖਦਾ ਰਹਿੰਦਾ ਹੈ। ਫੁੱਟਪਾਥ ਹੋਵੇ ਜਾਂ ਸੜਕ ਪਰ ਉਸਨੂੰ ਉਹ ਸੇਜ ਬੜੀ ਰੰਗੀਨ ਲੱਗਦੀ ਹੈ। ਇਹ ਜਾਦੂ ਭਲਾ ਦਾਰੂ ਤੋਂ ਬਿਨਾ ਕੋਈ ਹੋਰ ਕਰ ਸਕਦਾ ਹੈ?

ਜਨਮੇਜਾ ਸਿੰਘ ਜੌਹਲ ਆਪਣੇ ਕੈਮਰੇ ਨਾਲ ਕਲਿੱਕ ਕੀਤੀ ਇਸ ਤਸਵੀਰ ਬਾਰੇ ਦੱਸਦੇ ਹਨ ਆਪਣੇ ਇੱਕ ਵਟਸਪ ਸੁਨੇਹੇ ਵਿੱਚ--ਦਾਰੂ ਦਾ ਰੰਗ ਵੱਖਰਾ- ਕਪੱੜਿਆਂ ਦਾ ਰੰਗ ਚਿੱਟਾ ਹੋਵੇ, ਨੀਲਾ ਹੋਵੇ ਜਾਂ ਭੱਗਵਾਂ, ਦਾਰੂ ਸਿਰਫ ਲਾਲ ਰੰਗ ਦੇ ਖੂਨ ਵਿਚ ਹੀ ਪ੍ਰਵੇਸ਼ ਕਰਦੀ ਹੈ ਤੇ ਉਸੇ ਨੂੰ ਪਿਆਰ ਕਰਦੀ ਹੈ । ਨਾ ਮੰਜਾ ਨਾ ਸਿਰਹਾਣਾ, ਬਸ ਧਰਤੀ ਮਾਂ ਦੀ ਗੋਦ ਹੀ ਪਿਆਰੀ ਹੈ। ਇਹ ਮਨ ਦੀ ਮੌਜ ਕਰਮਾਂ ਵਾਲੇ ਹੀ ਮਾਣ ਸਕਦੇ ਹਨ। ਅਕਲਮੰਦ, ਸਿਆਣੇ ਜਾਂ ਮੋਹਤਬਰ ਤਾਂ ਫਿਕਰਾਂ ਚ ਹੀ ਜੀਵਨ ਖਤਮ ਕਰ ਲੈਂਦੇ ਹਨ। ਕਦੇ ਕਦੇ ਮੇਰਾ ਵੀ ਦਿਲ ਕਰਦਾ, ਇੰਝ ਗੁੰਮ ਹੋ ਜਾਣ ਨੂੰ , ਪਰ ... 

ਅੰਤ ਵਿੱਚ ਜਨਾਬ ਹਰਿਵੰਸ਼ ਰਾਏ ਬੱਚਨ ਸਾਹਿਬ ਦੀਆਂ ਦੋ ਕੁ ਸਤਰਾਂ--

ਮੰਦਰ ਮਸਜਿਦ ਦੂਰ ਕਰਾਤੇ ਮੇਲ ਕਰਾਤੀ ਮਧੂਸ਼ਾਲਾ!

ਦਿਨ ਮੈਂ ਹੋਲੀ, ਰਾਤ ਦੀਵਾਲੀ-ਰੋਜ਼ ਮਨਾਤੀ ਮਧੂਸ਼ਾਲਾ! 


ਇੱਕ ਤਸਵੀਰ ਹੋਰ ਪੰਜਾਬ ਸਕਰੀਨ ਦੀ ਇੱਕ ਪੁਰਾਣੀ ਪੋਸਟ ਵਿੱਚੋਂ  (ਸ਼ਨੀਵਾਰ 7 ਮਾਰਚ 2015)


ਇੱਕ ਤਸਵੀਰ ਹੋਰ
ਪੰਜਾਬ ਸਕਰੀਨ ਦੀ ਇੱਕ ਪੁਰਾਣੀ ਪੋਸਟ ਵਿੱਚੋਂ   
 (ਸ਼ਨੀਵਾਰ 7 ਮਾਰਚ 2015)


Sunday 17 July 2022

ਬੱਦੋਵਾਲ ਕਰੇ ਸਵਾਲ ? - ਅਮੋਲਕ ਸਿੰਘ

17th July 2022 at 06:23 Via WhatsApp

       ਲੋਕਾਂ ਦੀ ਹੀ ਮੁਕਤੀ ਲਈ ਉਹ ਕਦਮ ਕਦਮ ਤੇ ਲੜਿਆ ਸੀ       
18 ਜੁਲਾਈ ਵਾਲੇ ਦਿਨ ਨੂੰ ਯਾਦ ਕਰਦਿਆਂ ਜਦੋਂ ਸਾਡੇ ਕੋਲੋਂ ਸਾਡਾ ਪ੍ਰਿਥੀ  ਖੋਹ ਲਿਆ ਗਿਆ ਸੀ  

ਉਹ ਵਿਛੋੜਾ--ਉਹ ਦਿਨ-ਉਹ ਸ਼ਹੀਦੀ ਅਤੇ ਅੱਜ ਦੇ ਹਾਲਾਤ ਬਾਰੇ ਪੜ੍ਹੋ ਅਮੋਲਕ ਸਿੰਘ ਹੁਰਾਂ ਦੀ ਕਾਵਿ ਰਚਨਾ 

ਜੋ ਕਈ ਸੁਆਲ ਵੀ ਪੁਛਦੀ ਹੈ ਅਤੇ ਕਈ ਜੁਆਬ ਦੇ ਕੇ ਰਸਤਾ ਵੀ ਦਿਖਾਉਂਦੀ ਹੈ--ਰੈਕਟਰ ਕਥੂਰੀਆ 

ਹਲੂਣਾ ਦੇਂਦੀ ਅਮੋਲਕ ਸਿੰਘ ਦੀ ਕਾਵਿ ਰਚਨਾ 

ਜੇ ਪ੍ਰਿਥੀ ਦੀ ਸੋਚ 'ਤੇ

ਪਹਿਰਾ ਦੇਣਾ ਠੋਕ  ਕੇ

ਸੁਣ ਲੈ ਛੈਲ ਜੁਆਨਾਂ ਤੂੰ

ਜ਼ਰਾ ਕਦਮ ਨੂੰ ਰੋਕ ਕੇ


ਗੱਲ ਮੰਜ਼ਿਲ ਦੀ ਸਈ ਫੇਰ ਕਦੇ

ਗੱਲ ਬਦਲੀ ਤੋਰ ਦੀ ਕਰਦੇ ਹਾਂ

ਹੱਥ ਝੰਡਾ ਕੱਲ੍ਹ ਸੰਘਰਸ਼ਾਂ ਦਾ

ਅੱਜ ਕਦਮ ਕਿੱਧਰ ਨੂੰ ਧਰਦੇ ਹਾਂ


ਪ੍ਰਿਥੀ ਨੇ ਜੋ ਪੜ੍ਹਿਆ ਸੀ

ਓਹਨੇ ਵਿੱਚ ਮਸ਼ਾਲਾਂ ਜੜਿਆ ਸੀ

ਲੋਕਾਂ ਦੀ ਹੀ ਮੁਕਤੀ ਲਈ

ਉਹ ਕਦਮ ਕਦਮ ਤੇ ਲੜਿਆ ਸੀ


ਪ੍ਰਿਥੀ ਤੇਰਾ ਕਾਜ਼ ਅਧੂਰਾ

ਕਿੰਝ ਕਰਾਂਗੇ ਸੱਜਣਾ ਪੂਰਾ!

ਅੱਜ ਕੱਲ੍ਹ ਹੋਈ ਕਨੇਡਾ ਨੇੜੇ

ਬੱਦੋਵਾਲ ਤਾਂ ਬਹੁਤੀ ਦੂਰ ਆ


ਬੱਦੋਵਾਲ ਸੀ ਪ੍ਰਿਥੀ ਮੋਇਆ

ਨੇਰ੍ਹੀ ਰਾਤੇ ਸੂਰਜ ਕੋਹਿਆ

ਪੋਟਾ ਪੋਟਾ ਜਿਸਮ ਤੋੜਿਆ

ਫਿਰ ਵੀ ਨਹੀਓਂ ਸੂਰਜ ਮੋਇਆ !


ਮਾਣ ਸੀ ਉਸ ਰਾਹ ਆਊ ਜੁਆਨੀ

ਇਹਦੀ ਤੋਰ 'ਚ ਸਦਾ ਰਵਾਨੀ

ਪਰ ਇਹ ਵੀ ਤਾਂ ਕੌੜਾ ਸੱਚ ਹੈ

ਹੁੰਦੀ ਜਾਏ ਕਿਉਂ ਬੇਗਾਨੀ ?


ਪਿੰਡਾਂ ਦੇ ਪਿੰਡ ਖ਼ਾਲੀ ਹੋ ਗਏ

ਗੱਭਰੂ ਕਿੱਥੇ ਜਾ ਖਲੋ ਗਏ

ਕਿੱਥੇ ਉੱਡੀਆਂ ਕੁੜੀਆਂ ਚਿੜੀਆਂ

ਹੁਣ ਨਾ ਵਿਹੜੇ ਕਲੀਆਂ ਖਿੜੀਆਂ


ਹੁਣ ਤਾਂ ਪ੍ਰਿਥੀ ਰੋਜ਼ ਹੀ ਮਰਦਾ 

ਨਿੱਤ ਜ਼ੇਲ੍ਹਾਂ ਦੇ ਵਿੱਚ ਹੈ ਸੜਦਾ 

ਭੇਸ਼ ਬਦਲ ਕੇ ਉਸਦਾ ਕਾਤਲ 

ਨਿੱਤ ਆ ਸਾਡੀ ਹਿੱਕ 'ਤੇ ਚੜ੍ਹਦਾ 


ਜੇ ਜਿਉਣਾਂ ਝੰਡਾ ਗੱਡ ਵੇ ਸੱਜਣਾ 

ਜਕੋ ਤਕੀ ਨੂੰ ਛੱਡ ਵੇ ਸੱਜਣਾ

 ਫ਼ਰਜ਼ਾਂ ਤੋਂ ਨਾ ਭੱਜ ਵੇ ਸੱਜਣਾ

 ਪ੍ਰਿਥੀ ਬਣਕੇ ਗੱਜ ਵੇ ਸੱਜਣਾ 


ਚੱਲ ਵੇ ਚੱਲੀਏ ਬੱਦੋਵਾਲ

ਬੱਦੋਵਾਲ ਤਾਂ ਕਰੇ ਸਵਾਲ

ਲਹੂ 'ਚ ਭਿੱਜੀ ਖ਼ਾਕ ਸੰਭਾਲ

ਫਿਰ ਆਵੇਗਾ ਲੋਕ-ਭੂਚਾਲ 

    -----ਅਮੋਲਕ ਸਿੰਘ

Friday 15 July 2022

ਪਰਵਾਸ ਦਾ ਯੋਰਪੀਨ ਅੰਕ ਲੋਕ ਅਰਪਨ

15th July 2022 at 6:49 PM

 ਪਰਵਾਸੀ ਸਾਹਿੱਤ ਅਧਿਐਨ ਕੇਂਦਰ ਲੁਧਿਆਣਾ ਵੱਲੋਂ ਵਿਸ਼ੇਸ਼ ਉਪਰਾਲਾ 


ਲੁਧਿਆ
ਣਾਃ 15 ਜੁਲਾਈ 2022: (ਸਾਹਿਤ ਸਕਰੀਨ ਬਿਊਰੋ):: 

ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅੱਜ ਪਰਵਾਸ ਮੈਗਜ਼ੀਨ ਦਾ ਅਠਾਰ੍ਹਵਾਂ ਅੰਕ  ਭਾਗ ਪਹਿਲਾ ਯੋਰਪੀਨ ਲੇਖਕ ਤੇ ਪੰਜਾਬੀ ਸਾਹਿੱਤ ਲੋਕ ਅਰਪਨ ਸਮਾਗਮ ਕੀਤਾ ਗਿਆ।  ਜਿਸ ਵਿੱਚ ਸ. ਮੋਤਾ ਸਿੰਘ ਸਰਾਏ ਸੰਚਾਲਕ ਪੰਜਾਬੀ ਸੱਥ ਯੂ. ਕੇ. ਅਤੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਪ੍ਰੋਫ਼ੈਸਰ ਕਲੀਵਲੈਂਡ ਯੂਨੀਵਰਸਿਟੀ ਅਮਰੀਕਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ  ਕੀਤੀ।
ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਮੌਜੂਦਾ ਪ੍ਰਧਾਨ ਗੁਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਸਭ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਪਰਵਾਸ ਦੇ ਇਸ ਅੰਕ ਬਾਰੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ।
ਡਾਃ ਸ ਪ ਸਿੰਘ  ਨੇ ਕਿਹਾ ਕਿ ਇਸ ਅੰਕ ਵਿਚ ਬਰਤਾਨੀਆ ਨੂੰ ਛੱਡ ਕੇ ਯੂਰੋਪ (ਇਟਲੀ, ਜਰਮਨੀ, ਗਰੀਸ, ਪੁਰਤਗਾਲ, ਫਰਾਂਸ, ਸਵੀਡਨ, ਬੈਲਜੀਅਮ ਆਦਿ) ਦੇ ਗਿਆਰਾਂ ਮੁਲਕਾਂ ਵਿੱਚ ਸਰਗਰਮ  46 ਪੰਜਾਬੀ ਲੇਖਕਾਂ ਦਾ ਜੀਵਨ ਬਿਓਰਾ,ਉਨ੍ਹਾਂ ਦੀਆਂ ਰਚਨਾਵਾਂ ਅਤੇ ਯੂਰਪ ਵਿਚ ਦੋ ਸਰਗਰਮ ਪੰਜਾਬੀ ਸਾਹਿਤ ਸਭਾਵਾਂ ਸਾਹਿਤ ਸੁਰ ਸੰਗਮ ਸਭਾ ਇਟਲੀ ਅਤੇ ਪੰਜ ਨਾਦ ਸੰਸਥਾ ਜਰਮਨੀ ਦੀ ਸਥਾਪਨਾ ਤੇ ਹੁਣ ਤਕ ਦੀਆਂ ਕਾਰਗੁਜ਼ਾਰੀਆਂ ਬਾਰੇ ਲੇਖ ਸ਼ਾਮਲ ਹਨ।
ਪ੍ਰੋ. ਗੁਰਭਜਨ ਗਿੱਲ ਚੇਅਰਮੈਨ ਲੋਕ ਵਿਰਾਸਤ ਅਕਾਡਮੀ ਅਤੇ ਮੁੱਖ ਸਲਾਹਕਾਰ 'ਪਰਵਾਸ' ਮੈਗਜ਼ੀਨ ਦੇ ਮੁੱਖ ਸਲਾਹਕਾਰ ਨੇ ਕਿਹਾ ਕਿ 'ਪਰਵਾਸ' ਮੈਗਜ਼ੀਨ ਪੰਜਾਬ ਵਿੱਚ ਹੀ ਨਹੀਂ ਬਲਕਿ ਜਿੱਥੇ ਕਿਤੇ ਵੀ ਪੰਜਾਬੀ ਪਾਠਕ ਅਤੇ ਲੇਖਕ ਵੱਸਦਾ ਹੈ ਉੱਥੇ ਇਸ ਨੂੰ ਹਰਮਨ ਪਿਆਰਤਾ ਮਿਲੀ ਹੈ। ਇਸ ਦਾ ਕਾਰਨ ਇਹ ਹੈ ਕਿ ਪਰਵਾਸ ਮੈਗਜ਼ੀਨ ਪਰਵਾਸੀ ਲੇਖਕਾਂ ਨੂੰ ਆਰਥਿਕ, ਮਾਨਸਿਕ ਸੋਸ਼ਣ ਤੋਂ ਬਚਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ।
ਡਾ. ਗੁਰਬਖ਼ਸ਼ ਸਿੰਘ ਭੰਡਾਲ ਨੇ ਇਸ ਮੌਕੇ ਆਪਣੇ ਬਚਪਨ ਵਿੱਦਿਆ ਸਾਹਿਤ ਸਿਰਜਣਾ ਦਾ ਸਫ਼ਰ, ਕਲੀਵਲੈਂਡ ਸਟੇਟ ਯੂਨੀਵਰਸਿਟੀ ਅਮਰੀਕਾ ਵਿਚ ਆਪਣੇ   ਅਧਿਆਪਨ ਦੇ ਤਜ਼ਰਬੇ ਤੇ ਪਰਵਾਸ ਦੇ ਅਨੁਭਵ ਸਰੋਤਿਆਂ ਨਾਲ ਸਾਂਝੇ ਕੀਤੇ।
ਸ. ਮੋਤਾ ਸਿੰਘ ਸਰਾਏ ਸੰਚਾਲਕ ਪੰਜਾਬੀ ਸੱਥ ਯੂ. ਕੇ. ਨੇ  ਕਿਹਾ ਕਿ ਅੱਜ ਵਿਸ਼ਵ ਦੇ ਹਰ ਖਿੱਤੇ ਵਿੱਚ ਜਿੱਥੇ ਵੀ ਪਰਵਾਸੀ ਸਾਹਿਤਕਾਰ ਵੱਸੇ ਹੋਏ ਹਨ ਉਥੇ ਉਹ ਪੰਜਾਬੀ ਮਾਂ ਬੋਲੀ ਅਤੇ ਲੋਕ ਵਿਰਾਸਤ ਨੂੰ ਸੰਭਾਲਣ ਲਈ ਯਤਨਸ਼ੀਲ ਹਨ ਕਿਉਂਕਿ ਉਨ੍ਹਾਂ ਦੀ ਮਾਤ ਭਾਸ਼ਾ ਉਨ੍ਹਾਂ ਦੀ ਰੂਹ ਦੀ ਬੋਲੀ ਹੈ  ਉਨ੍ਹਾਂ ਨੇ ਇੰਗਲੈਂਡ ਵਿੱਚ ਪੰਜਾਬੀਆਂ ਦੇ ਮੁੱਢਲੇ ਪਰਵਾਸ ਬਾਰੇ ਵੀ ਇਤਿਹਾਸ ਦੇ ਹਵਾਲੇ ਨਾਲ ਗੱਲ ਕੀਤੀ। ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਸ. ਮੋਤਾ ਸਿੰਘ ਸਰਾਏ ਤੇ ਡਾ. ਗੁਰਬਖ਼ਸ਼ ਸਿੰਘ ਭੰਡਾਲ ਨੂੰ ਫੁਲਕਾਰੀਆਂ ,ਸਨਮਾਨ ਚਿੰਨ੍ਹ ਅਤੇ ਪਰਵਾਸ ਮੈਗਜ਼ੀਨ ਦੇ ਅੰਕ ਦੇ ਕੇ ਸਨਮਾਨਤ ਕੀਤਾ ਗਿਆ।  
ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸਭਨਾਂ ਦਾ ਰਸਮੀ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ  ਵਿਦੇਸ਼ਾਂ ਵਿੱਚ ਪੰਜਾਬੀ ਸਾਹਿਤ ਅਤੇ ਭਾਸ਼ਾ ਦਾ ਪਰਚਮ ਲਹਿਰਾਉਣ ਵਾਲੇ ਦੋ ਦਾਨਿਸ਼ਮੰਦ ਵਿਅਕਤੀਆਂ ਹੱਥੋਂ ਪਰਵਾਸ ਦੇ ਅਠਾਰ੍ਹਵੇਂ ਅੰਕ ਦਾ ਰਿਲੀਜ਼ ਹੋਣਾ ਆਪਣੇ ਆਪ ਵਿੱਚ ਹੀ ਮਾਣ ਤੇ ਖ਼ੁਸ਼ੀ  ਦੀ ਗੱਲ ਹੈ।
ਇਸ ਮੌਕੇ  ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਪ੍ਰੋ ਰਵਿੰਦਰ ਭੱਠਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਸ. ਹਰਸ਼ਰਨ ਸਿੰਘ ਨਰੂਲਾ ਕੌਂਸਲ ਮੈਂਬਰ,  ਪ੍ਰੋ. ਮਨਜੀਤ ਸਿੰਘ ਛਾਬੜਾ ਡਾਇਰੈਕਟਰ ਜੀ.ਜੀ.ਐਨ.ਆਈ.ਐਮ
ਟੀ,ਪੰਜਾਬੀ ਸ਼ਾਇਰ ਤ੍ਰੈਲੋਚਨ ਲੋਚੀ, ਪੰਜਾਬੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਪ੍ਰੋ. ਸ਼ਰਨਜੀਤ ਕੌਰ, ਅੰਮ੍ਰਿਤਪਾਲ ਸਿੰਘ ਸਰਾਏ ਤੇ ਰਜਿੰਦਰ ਸਿੰਘ ਸੰਧੂ ਸਹਿ ਸੰਪਾਦਕ ਪਰਵਾਸ ਵੀ ਹਾਜ਼ਰ ਰਹੇ।

Sunday 10 July 2022

ਪੁਸਤਕ 'ਨਾ ਨਰ,ਨਾ ਨਾਰੀ' ਉਪਰ ਵਿਚਾਰ -ਚਰਚਾ ਸਫਲ ਰਹੀ

ਲੇਖਕਾ ਹਰਦੀਪ ਬਾਵਾ ਨੇ ਲਿਖੀ ਹੈ ਟਰਾਂਸਜੈਂਡਰ ਵਰਗ ਬਾਰੇ ਖਾਸ ਪੁਸਤਕ 


ਚੰਡੀਗੜ੍ਹ: 10 ਜੁਲਾਈ 2022: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::
ਅੱਜ ਦਾ ਦਿਨ ਸਾਹਿਤ ਦੀ ਦੁਨੀਆ ਲਈ ਖਾਸ ਦਿਨ ਰਿਹਾ। ਟਰਾਂਸਜੈਂਡਰ ਵਰਗੇ ਗੰਭੀਰ ਅਤੇ ਨਾਜ਼ੁਕ ਜਿਹੇ ਮੁੱਦੇ ਤੇ ਪੰਜਾਬੀ ਵਿੱਚ ਇੱਕ ਹੋਰ ਪੁਸਤਕ ਆਈ ਹੈ ਜਿਸਨੂੰ ਲਿਖਿਆ ਹੈ ਹਰਦੀਪ ਬਾਵਾ ਨੇ।  ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਵੱਲੋਂ ਲੇਖਕਾ ਹਰਦੀਪ ਬਾਵਾ ਦੀ ਟਰਾਂਸਜੈਂਡਰ ਵਰਗ ਬਾਰੇ ਸੰਪਾਦਿਤ ਪੁਸਤਕ 'ਨਾ ਨਰ,ਨਾ ਨਾਰੀ' ਉਪਰ ਵਿਚਾਰ -ਚਰਚਾ ਦੌਰਾਨ ਵਿਚਾਰ ਵਿਅਕਤ ਕਰਦੇ। ਇਸ ਪੁਸਤਕ ਵਿਚ ਕਵਿਤਾਵਾਂ ਵੀ ਹਨ ਮੁਲਾਕਾਤਾਂ ਵੀ। ਕੋਸ਼ਿਸ਼ ਕਰਾਂਗੇ ਇਸ ਪੁਸਤਕ ਬਾਰੇ ਕੋਈ ਵਿਸ਼ੇਸ਼ ਪੋਸਟ ਜਲਦੀ ਹੀ ਤੁਹਾਡੇ ਸਾਹਮਣੇ ਰੱਖੀਏ। --ਕਾਰਤਿਕਾ ਸਿੰਘ