google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: March 2019

Sunday 31 March 2019

-ਕਵੀ ਦੀ ਇਜ਼ਤ-//-ਜਨਮੇਜਾ ਸਿੰਘ ਜੌਹਲ

Mar 31, 2019, 3:29 PM
ਦੋ ਘੰਟਿਆਂ ਵਿਚ ਜੋ ਦੇਖਿਆ, ਪੇਸ਼ ਹੈ ਉਹ ਬਿਰਤਾਂਤ
ਕੱਲ ਜਦੋਂ ਹਾਸਰਸ ਕਵੀ ਦਰਬਾਰ ਵਿਚ ਹਿੱਸਾ ਲੈਣ ਗਿਆ ਤਾਂ ਉੱਥੇ ਮਹਾਂਰੱਥੀਆਂ ਦਾ ਕਵੀ ਦਰਬਾਰ ਚੱਲ ਰਿਹਾ ਸੀ। ਸੁੱਖੀ ਸਾਂਦੀ ਉਹਦੇ ਖਤਮ ਹੋਣ ਤੋਂ ਬਾਅਦ ਇਕ ਗਾਇਕ ਲੱਗਿਆ ਤੇ ਫੇਰ ਸਾਡੀ ਵਾਰੀ ਆ ਗਈ। ਇਹਨਾਂ ਦੋ ਘੰਟਿਆਂ ਵਿਚ ਜੋ ਦੇਖਿਆ, ਪੇਸ਼ ਹੈ ਉਹ ਬਿਰਤਾਂਤ:
-ਕਵੀ ਦੀ ਇਜ਼ਤ-
ਪੰਜ ਸੌ ਖਾਲੀ ਕੁਰਸੀਆਂ ਮੂਹਰੇ
ਕਵੀ ਕਵਿਤਾ ਸੁਣਾ ਗਿਆ
ਵੱਡੇ ਕਵੀ ਦੇ ਆਖੇ ਲੱਗਕੇ
ਮਾਂਬੋਲੀ ਦੇ ਜਸ਼ਨ ਮਨਾ ਗਿਆ
ਇਕ ਦੂਜੇ ਦੀ ਵਾਹਵਾ ਕਰਕੇ
ਭੇਟਾ ਜੇਬ ਚ ਪਾ ਗਿਆ।
ਸਟੇਜ ਪਿੱਛੇ ਪਰਟੇ ਉਹਲੇ
ਮੋਟਾ ਜਿਹਾ ਇਕ ਲਾ ਗਿਆ
ਜਦ ਆਈ ਮੇਰੀ ਵਾਰੀ
ਕੁਰਸੀਆਂ ਤੇ ਬੰਦਾ ਇਕ 
ਨਾਲ ਲੈਕੇ ਦੋ ਹੋਰ ਆ ਗਿਆ
ਦੂਣੀ ਮੇਰ ਖੁਸ਼ੀ ਹੋਗੀ
ਮੈਂ ਵਾਧੂ ਇਕ ਸੁਣਾ ਗਿਆ
ਬਾਕੀਆਂ ਨਾਲੋ ਮੇਰੀ ਬੱਚ ਗਈ
ਇਜ਼ਤ ਦਿਲ ਨੂੰ ਲਾ ਗਿਆ
ਚਾਹ ਪੀਂਦੇ ਨੂੰ ਜਦ 
ਉਹ ਬੰਦੇ ਮਿਲ ਗਏ
ਮੇਰਾ ਮਨ ਮੁਸਕਾ ਗਿਆ।
ਛੇਤੀ ਚਾਹ ਮੁੱਕਾ ਲੈ ਭਾਈ
ਹੁਕਮ ਹੈ ਸਾਨੂੰ ਆ ਗਿਆ
ਏਸ ਹਾਲ ਨੂੰ ਤਾਲਾ ਲਾਉਣਾ
ਟੈਮ ਛੁੱਟੀ ਦਾ ਆ ਗਿਆ।
ਮਨ ਦਾ ਪੰਛੀ ਜ਼ਖਮੀ ਹੋਇਆ
ਸ਼ਬਦਾਂ ਚ ਕੁਰਲਾਅ ਗਿਆ
ਬਈ ਦੇਰ ਤਕ ਰੁਆ ਗਿਆ
ਬਈ ਦੇਰ ਤਕ ਰੁਆ ਗਿਅ।
-ਜਨਮੇਜਾ ਸਿੰਘ ਜੌਹਲ

Sunday 24 March 2019

7 ਅਪ੍ਰੈਲ ਨੂੰ ਤਿੰਨ ਪੁਸਤਕਾਂ ਦਾ ਲੋਕ ਅਰਪਣ ਸਮਾਗਮ

ਰੂਪ ਨਗਰ ਵਿੱਚ ਹੋਏਗਾ ਇਹ ਸਾਹਿਤਿਕ ਸਮਾਗਮ 
ਲੁਧਿਆਣਾ: 24 ਮਾਰਚ 2019: (ਸਾਹਿਤ ਸਕਰੀਨ ਬਿਊਰੋ)::
ਸਾਹਿਤਿਕ ਸਰਗਰਮੀਆਂ ਇੱਕ ਵਾਰ ਹਨ। ਇੱਕ ਨਵੀਂ ਸੂਚਨਾ ਮੁਤਾਬਿਕ 7 ਅਪਰੈਲ 2019 ਨੂੰ ਤਿੰਨ ਪੁਸਤਕਾਂ ਦਾ ਅਰਪਣ ਸਮਾਗਮ ਹੋਣਾ ਹੈ ਰੂਪ ਨਗਰ ਵਿੱਚ। ਇਸ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਡਾਕਟਰ ਗੁਰਚਰਨ ਕੌਰ ਕੋਚਰ। ਲੋਕ ਅਰਪਣ ਹੋਣ ਵਾਲੀਆਂ ਪੁਸਤਕਾਂ ਹਨ: ਸੁਰਿੰਦਰ ਕੌਰ ਸੈਣੀ ਦਾ ਨਾਵਲ "ਫਰਿਸ਼ਤੇ", ਦਰਸ਼ਨ ਸਿੰਘ ਘੁੰਮਣ ਦਾ ਕਾਵਿ ਸੰਗ੍ਰਹਿ "ਇੱਕ ਛਿੱਟ ਚਾਨਣ" ਅਤੇ ਦੀਪ ਲੁਧਿਆਣਵੀ ਦਾ ਕਾਵਿ ਸੰਗ੍ਰਹਿ-"ਮੈਂ ਦੀਪਕ ਦੀ ਲੋਅ"। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਣਗੇ ਗੁਰਦਿਆਲ ਰੌਸ਼ਨ, ਹਰੀ ਸਿੰਘ ਜਾਚਕ, ਸੁਲੱਖਣ ਸਰਹੱਦੀ, ਰਾਮ ਲਾਲ ਭਗਤ, ਬਲਦੇਵ ਸਿੰਘ  ਡਾਕਟਰ ਹੇਮ ਕਿਰਨ। ਪਰਚਾ ਪੜ੍ਹਨਗੇ-ਸਤਨਾਮ ਚੌਹਾਨ, ਅੰਜੂ ਵੀ ਰੱਤੀ ਅਤੇ ਪਰਵਿੰਦਰ ਕੌਰ। ਮੰਚ ਸੰਚਾਲਨ ਕੀਤਾ ਜਾਏਗਾ-ਸਰਬਜੀਤ ਬਿਰਦੀ ਅਤੇ ਗੁਰਮੇਲ ਸਾਗੀ ਵੱਲੋਂ। ਪ੍ਰੀਤ ਪਬਲੀਕੇਸ਼ਨ ਨਾਭਾ ਅਤੇ ਸਾਂਝੀ ਸੁਰ ਪਬਲੀਕੇਸ਼ਨ ਵੱਲੋਂ ਪੁਸਤਕ ਪ੍ਰਦਰਸ਼ਨੀਆਂ ਵੀ ਲੱਗਣਗੀਆਂ। ਪ੍ਰੋਗਰਾਮ ਦਾ ਸਥਾਨ ਹੋਏਗਾ-ਐਚ ਐਮ ਟੀ ਰਿਸੋਰਟ, ਬੇਲਾ ਰੋਡ, ਰੂਪਨਗਰ। ਤਾਰੀਖ ਸੱਤ ਅਪ੍ਰੈਲ 2019 ਸਵੇਰੇ ਦਸ ਵਜੇ। ਇਸ ਸਮਾਂ ਵਿੱਚ ਸ਼ਾਮਲ ਹੋਣ ਲਈ ਸਾਰੇ ਸਾਹਿਤ ਰਸੀਆਂ ਨੂੰ ਖੁੱਲ੍ਹਾ ਸੱਦਾ ਹੈ। ਇਸ ਮੌਕੇ ਸਾਹਿਤਕ ਖੇਤਰ ਦੇ ਮੌਜੂਦਾ ਮਾਹੌਲ ਬਾਰੇ ਵੀ ਵਿਚਾਰਾਂ ਹੋ ਸਕਣਗੀਆਂ। 

Saturday 16 March 2019

ਆਨੰਦ ਦੀ ਯਾਦ ਵਿੱਚ ਹੋਏ ਸਮਾਗਮ ਦੌਰਾਨ ਕੁਰਸੀਆਂ ਖਾਲੀ ਕਿਓਂ ਸਨ?

ਕਮੀ ਸਰੋਤਿਆਂ ਦੀ ਜਾਂ ਪਰਬੰਧਾਂ ਦੀ?
ਲੁਧਿਆਣਾ: 16 ਮਾਰਚ 2019: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::
ਜਗਜੀਤ ਸਿੰਘ ਅਨੰਦ ਆਪਣੇ ਆਪ ਵਿੱਚ ਇੱਕ ਅਜਿਹੀ ਸ਼ਖ਼ਸੀਅਤ ਸੀ ਜਿਸਦਾ ਲੋਹਾ ਉਸਦੇ ਦੁਸ਼ਮਣ ਵੀ ਮੰਨਦੇ  ਸਨ। ਪੰਜਾਬੀ ਸਾਹਿਤ ਵਿੱਚ ਨਵੇਂ ਸ਼ਬਦ ਜੋੜਨੇ ਅਤੇ ਸਪੈਲਿੰਗ ਦੀ ਗਲਤੀ ਨੂੰ ਗੰਭੀਰਤਾ ਨਾਲ ਲੈਣਾ ਉਹਨਾਂ ਦੇ ਰੋਜ਼ ਵਾਲੇ ਪੱਤਰਕਾਰੀ ਰੂਟੀਨ ਵਿੱਚ ਸ਼ਾਮਲ ਸੀ। ਸਭ ਤੋਂ ਘੱਟ ਅਤੇ ਬੇਹੱਦ ਸਸਤੇ ਸਾਧਨਾਂ ਨਾਲ ਹੀ "ਨਵਾਂ ਜ਼ਮਾਨਾ" ਨੂੰ ਪੱਤਰਕਾਰੀ ਦੀਆਂ ਬੁਲੰਦੀਆਂ 'ਤੇ ਲੈ ਜਾਣ ਵਾਲਾ ਚਮਤਕਾਰ ਜਗਜੀਤ ਸਿੰਘ ਅਨੰਦ ਤੋਂ ਬਿਨਾ ਸ਼ਾਇਦ ਹੋਰ ਕੋਈ ਕਰ ਵੀ ਨਹੀਂ ਸੀ ਸਕਦਾ। ਬਾਬਾ ਗੁਰਬਖਸ਼ ਸਿੰਘ ਬੰਨੋਆਣਾ, ਸੁਰਜਨ ਸਿੰਘ ਜ਼ੀਰਵੀ, ਅਤੇ ਕਰਿਸ਼ਨ ਭਾਰਦਵਾਜ-ਇਹ ਅਜਿਹੇ ਚਾਰ ਦਰਵੇਸ਼ ਸਨ ਜਿਹਨਾਂ ਨੇ ਨਵਾਂ ਜ਼ਮਾਨਾ ਨੂੰ ਇੱਕ ਨਹੀਂ ਕਈ ਕਈ ਵਾਰ ਸੰਕਟਾਂ ਵਿੱਚੋਂ ਕੱਢਿਆ।  ਸੰਕਟਕਾਲ ਵਿੱਚ ਵੱਡੇ ਤੋਂ ਵੱਡੇ ਰੁਤਬੇ ਵਾਲੇ ਬੰਦੇ ਨਾਲ ਗੱਲ ਕਰਦਿਆਂ ਵੀ ਆਪਣੇ ਆਦਰਸ਼ਾਂ ਨੂੰ ਸਾਬਤ ਰੱਖਣਾ ਅਤੇ ਖੁਦ ਨੂੰ ਝੁਕਣ ਨਾ ਦੇਣਾ ਆਸਾਨ ਨਹੀਂ ਹੁੰਦਾ। ਅੱਜ ਉਸੇ ਸ਼ਖ਼ਸੀਅਤ ਦੀ ਯਾਦ ਵਿੱਚ ਇੱਕ ਪੁਰਸਕਾਰ ਲੁਧਿਆਣਾ ਦੇ ਪੰਜਾਬੀ ਭਵਨ ਵਿੱਚ ਖੋਜੀ ਲੇਖਕ ਸੁਵਰਨ ਸਿੰਘ ਵਿਰਕ ਨੂੰ ਦਿੱਤਾ ਗਿਆ ਜਿਸ ਵਿੱਚ ਇੱਕੀ ਹਜ਼ਾਰ ਰੁਪਏ ਦੀ ਰਾਸ਼ੀ, ਦੋਸ਼ਾਲਾ ਅਤੇ ਸਨਮਾਨ ਚਿੰਨ ਭੇਟਾ ਕੀਤਾ ਗਿਆ। ਇਸੇ ਸਮਾਗਮ ਵਿੱਚ ਬਾਲ ਰਚਨਾਵਾਂ ਦੇ ਲੇਖਕ ਅਵਤਾਰ ਸਿੰਘ ਸੰਧੂ ਨੂੰ ਸਾਲ 2017 ਦਾ ਮਾਤਾ ਜਸਵੰਤ ਕੌਰ ਸਰਬੋਤਮ ਮੌਲਿਕ ਬਾਲ ਪੁਸਤਕ ਪੁਰਸਕਾਰ ਭੇਟਾ ਕੀਤਾ ਗਿਆ ਜਿਸ ਵਿਚ ਦਸ ਹਜ਼ਾਰ ਰੁਪਏ ਦੀ ਰਾਸ਼ੀ, ਦੋਸ਼ਾਲਾ ਅਤੇ ਸਨਮਾਨ ਚਿੰਨ ਸ਼ਾਮਲ ਸਨ। ਕੁਲ ਮਿਲਾ ਕੇ ਇਹ ਇੱਕ ਸਿਹਤਮੰਦ ਰੁਝਾਣ ਹੈ ਜਿਸ ਵਿੱਚ ਕਲਮਕਾਰਾਂ ਦੇ ਆਰਥਿਕ ਪੱਖ ਨੂੰ ਵੀ ਅਹਿਮੀਅਤ ਦਿੱਤੀ ਗਈ ਹੈ। ਇਸ ਉਪਰਾਲੇ ਪਿੱਛੇ ਸਰਗਰਮ ਸਾਰੇ ਵਿਅਕਤੀ ਸ਼ਲਾਘਾ ਦੇ ਹੱਕਦਾਰ ਹਨ। ਇਸ ਗੱਲ ਨੂੰ ਮਹਿਸੂਸ ਕੀਤਾ ਗਿਆ ਕਿ ਕਲਮ ਦੇ ਇਹਨਾਂ ਮਜ਼ਦੂਰਾਂ ਨੇ ਵੀ ਘਟੋਘੱਟ ਦਾਲ ਰੋਟੀ ਤਾਂ ਖਾਣੀ ਹੀ ਹੁੰਦੀ ਹੈ। 
ਜਗਜੀਤ ਸਿੰਘ ਆਨੰਦ ਹੁਰਾਂ ਦੀ ਯਾਦ ਵਿੱਚ ਹੋਏ ਇਸ ਸਮਾਗਮ ਵਿੱਚ ਸਾਹਿਤ ਅਤੇ ਮੌਜੂਦਾ ਸਮਾਜਿਕ ਸਰੋਕਾਰਾਂ ਬਾਰੇ ਵੀ ਕਈ ਕਈ ਗੱਲਾਂ ਚੱਲੀਆਂ। ਬੜੇ ਜੋਸ਼ੀਲੇ ਅੰਦਾਜ਼ ਨਾਲ ਸਾਦਾ ਵਿਆਹ ਕਰਨ ਵਾਲਿਆਂ ਦੀਆਂ ਗੱਲਾਂ ਵੀ ਚੱਲੀਆਂ ਜਿਹੜੇ ਸਾਦਗੀ ਭਰੇ ਵਿਆਹ ਕਰਕੇ ਵਿਆਹ ਤੋਂ ਬਾਅਦ ਮਗਰੋਂ ਕਈ ਕਈ ਲੱਖ ਰੁਪਏ ਦੀਆਂ ਸੈਲੀਬਰੇਸ਼ਨ ਅਤੇ ਰਿਸੈਪਸ਼ਨਾਂ ਅਰੇਂਜ ਕਰਨ ਵਾਲਿਆਂ ਦੀ ਗੱਲ ਵੀ ਚੱਲੀ ਜਿਸਨੂੰ ਉਠਾਇਆ ਸੀ ਬਾਗੀ ਸੁਰ ਵਾਲੇ ਪਰੋਫ਼ੈਸਰ ਗੁਰਭਜਨ ਸਿੰਘ ਗਿੱਲ ਨੇ। ਉਹਨਾਂ ਪੁੱਛਿਆ ਕਿ ਗੁਰੂ ਦੀ ਹਜ਼ੂਰੀ ਵਿੱਚ ਸਾਦਾ ਵਿਆਹ ਕਰਨਾ ਅਤੇ ਮਗਰੋਂ ਲੱਖਾਂ ਰੁਪਏ ਦੇ ਵਖਾਵੇ ਵਾਲੇ ਖਰਚੇ ਕਰਨੇ ਇਹ ਗੁਰੂ ਨਾਲ ਠੱਗੀ ਨਹੀਂ ਤਾਂ ਹੋਰ ਕੀ ਹੈ? ਨਾਮਧਾਰੀ ਦਰਬਾਰ ਦੇ ਪਰਤੀਨਿਧਾਂ ਨੇ ਇਹ ਸਭ ਕੁਝ ਬੜੇ ਧਿਆਨ ਅਤੇ ਗੰਭੀਰਤਾ ਨਾਲ ਸੁਣਿਆ।
ਇਹ ਸਭ ਕੁਝ ਬੜਾ ਯਾਦਗਾਰੀ ਸੀ ਪਰ ਫਿਰ ਵੀ ਮਾਹੌਲ ਵਿੱਚ ਉਦਾਸੀ ਸੀ। ਇਸ ਪੁਰਸਕਾਰ ਨੂੰ ਸ਼ੁਰੂ ਕਰਨ ਕਰਾਉਣ ਵਾਲੇ ਟਰੇਡ ਯੂਨੀਅਨ ਲੀਡਰ ਰੂਪ ਸਿੰਘ ਰੂਪਾ ਵੀ ਇਸ ਮਾਹੌਲ ਨੂੰ ਦੇਖ ਕੇ ਉਦਾਸ ਸਨ। ਡਾਕਟਰ ਗੁਲਜ਼ਾਰ ਪੰਧੇਰ ਦੇ ਚਿਹਰੇ ਤੇ ਵੀ ਉਹ ਪਹਿਲਾਂ ਵਾਲੀ ਰੌਣਕ ਨਹੀਂ ਸੀ। ਸੁਰਿੰਦਰ ਕੈਲੇ ਵੀ ਕਿਸੇ ਮਸ਼ੀਨ ਵਾਂਗ ਜ਼ਿੰਮੇਵਾਰੀ ਨਿਭਾ ਰਹੇ ਸਨ। ਉਹਨਾਂ ਦੀ ਸੁਭਾਵਿਕ ਜਿਹੀ ਦਿਲ ਟੁੰਭਵੀ ਮੁਸਕਾਨ ਗਾਇਬ ਸੀ। 
ਹਾਲ ਦੀਆਂ ਕੁਰਸੀਆਂ ਖਾਲੀ ਕਿਓਂ ਸਨ? ਕੀ ਲੋਕ ਜਗਜੀਤ ਸਿੰਘ ਅਨੰਦ ਦੀ ਸ਼ਖ਼ਸੀਅਤ ਨੂੰ ਏਨੀ ਜਲਦੀ ਭੁੱਲ ਸਕਦੇ ਹਨ? ਹਰਗਿਜ਼ ਵੀ ਨਹੀਂ। ਲੋਕ ਕਿਸੇ ਨ ਕਿਸੇ ਨੁਕਤੇ ਤੇ ਅਸਹਿਮਤ ਵੀ ਹੋ ਸਕਦੇ ਹਨ ਅਤੇ ਨਾਰਾਜ਼ ਵੀ ਹੋ ਸਕਦੇ ਹਨ ਪਰ ਉਸ ਸ਼ਖ਼ਸੀਅਤ ਨੂੰ ਭੁੱਲ ਨਹੀਂ ਸਕਦੇ। ਉਹ ਜਗਜੀਤ ਸਿੰਘ ਆਨੰਦ ਨਾਲ ਸਬੰਧਤ ਸਮਾਗਮ ਵਿੱਚੋਂ ਗੈਰ ਹਾਜ਼ਰ ਨਹੀਂ ਸਨ ਹੋ ਸਕਦੇ। ਆਖਿਰ ਇਹ ਸਭ ਕਿਓਂ ਹੋਇਆ? ਬਹੁਤ ਸੋਚਿਆ ਬਹੁਤ ਸੋਚਿਆ-ਲੱਗਦਾ ਸੀ ਕਿ ਇਸ ਸਮਾਗਮ ਦੀ ਸੂਚਨਾ ਸਬੰਧਤ ਸਰਕਲਾਂ ਤੱਕ ਪਹੁੰਚ ਹੀ ਨਹੀਂ ਸਕੀ।
ਵਰਨਾ ਸਿਰਫ ਪੀਏਯੂ ਦਾ ਸਰਕਲ ਹੀ ਏਨਾ ਸੀ ਕਿ ਇਸ ਹਾਲ ਵਿੱਚ ਆਏ ਸਰੋਤਿਆਂ ਨਾਲ ਸਭਕੁਝ ਕੰਟਰੋਲ ਤੋਂ ਬਾਹਰ ਵੀ ਹੋ ਸਕਦਾ ਸੀ। ਇਹ ਹਾਲ ਬੜਾ ਛੋਟਾ ਛੋਟਾ ਜਿਹਾ ਲੱਗਣਾ ਸੀ। ਜਿਹੜੀਆਂ ਵੱਡੀਆਂ ਸ਼ਖ਼ਸੀਅਤਾਂ ਹਾਲ ਵਿੱਚ ਮੌਜੂਦ ਸਨ ਜੇ ਉਹਨਾਂ ਦੇ ਚਾਹੁਣ ਵਾਲਿਆਂ ਵਿੱਚ ਦੋ ਦੋ ਜਾਂ ਚਾਰ ਚਾਰ ਸਮਰਥਕ ਵੀ ਆਉਂਦੇ ਤਾਂ ਵੀ ਹਾਲ ਦੇ ਇਹ ਹਾਲਾਤ ਇਹ ਨਹੀਂ ਸਨ ਹੋਣੇ।  ਜੇ ਨਾਮਧਾਰੀਆਂ ਦੇ ਕਿਸੇ ਇੱਕ ਧੜੇ ਨੇ ਵੀ ਇਸ ਵਿੱਚ ਗੰਭੀਰਤਾ ਨਾਲ ਸ਼ਾਮਲ ਹੋਣ ਦਾ ਫੈਸਲਾ ਲਿਆ ਹੁੰਦਾ ਤਾਂ ਵੀ ਹਾਲ ਭਰਿਆ ਹੋਣਾ ਸੀ। ਜੇਕਰ ਮੀਡੀਆ ਨਾਲ  ਸਬੰਧਤ ਸਰਕਲਾਂ ਅਤੇ ਵਿਦਿਅਕ ਅਦਾਰਿਆਂ ਦੇ ਪੱਤਰਕਾਰੀ ਵਿਭਾਗਾਂ ਤੱਕ ਵੀ ਸਮੇਂ ਸਰ ਪਹੁੰਚ ਕੀਤੀ ਗਈ ਹੁੰਦੀ ਤਾਂ ਵੀ ਇਥੇ ਹਾਜ਼ਰੀ ਦੀ ਗਿਣਤੀ ਬਹੁਤ ਵੱਡੀ ਹੋਣੀ ਸੀ। ਹਾਂ ਇਹ ਗੱਲ ਜ਼ਰੂਰ ਹੈ ਕਿ ਇਸ ਹਾਜ਼ਰੀ ਨੂੰ ਵਧਾਉਣ ਲਈ ਪਰਬੰਧਕਾਂ ਵਿੱਚੋਂ ਸਾਰਿਆਂ ਨੂੰ ਹੀ ਆਪਣੀ ਹਉਮੈ ਅਤੇ ਗੁੱਟਬੰਦੀ ਤਿਆਗਣੀ ਪੈਣੀ ਸੀ।
ਇਕੱਲੇ ਸੁਵਰਨ ਸਿੰਘ ਵਿਰਕ ਦੀ ਸ਼ਖ਼ਸੀਅਤ ਹੀ ਏਨੀ ਵੱਡੀ ਹੈ ਕਿ ਉਸਨੂੰ ਘੰਟਿਆਂ ਬੱਧੀ  ਲਗਾਤਾਰ ਸੁਣਿਆ ਜਾ ਸਕਦਾ ਹੈ। ਅਫਸੋਸ ਕਿ ਮੀਡੀਆ ਵਿੱਚ ਕਈ ਮੀਲ ਪੱਥਰ ਗੱਡਣ ਵਾਲੇ ਜਗਜੀਤ ਸਿੰਘ ਆਨੰਦ ਪੁਰਸਕਾਰ ਲਈ ਮੀਡੀਆ ਕਵਰੇਜ ਵੀ ਓਨੀ ਨਹੀਂ ਹੋ ਸਕੀ ਜਿੰਨੀ ਹੋਣੀ ਚਾਹੀਦੀ ਸੀ। ਕੀ ਪਰਬੰਧਕੀ ਚੌਧਰੀ ਇਹਨਾਂ ਨੁਕਤਿਆਂ ਬਾਰੇ ਰੀਵਿਊ ਕਰਨਗੇ? ਕਿਰਪਾ ਕਰਕੇ ਸਿਰਕੱਢ ਸ਼ਖਸੀਅਤਾਂ ਦੀ ਚਰਚਾ ਵੇਲੇ ਉਹਨਾਂ ਨੂੰ ਆਪਣੀਆਂ ਸੌੜੀਆਂ ਵਲਗਣਾਂ ਵਿੱਚੋਂ ਬਾਹਰ ਕੱਢ ਲਿਆ ਕਰੋ। 

Friday 15 March 2019

ਉਹ ਤਾਂ ਚੁਰਾਸੀ ਵਿਚ ਚੁੱਪ ਸੀ ਪਰ ਤੁਸੀਂ ਆਪਣੇ ਵੇਲਿਆਂ ਵਿਚ ਚੁੱਪ ਨਾ ਰਿਹੋ

ਤਰਕਸ਼ੀਲ ਸੋਸਾਇਟੀ ਨੇ ਕਿਸਾਨ ਮੇਲੇ ਵਿੱਚ ਦਿੱਤਾ ਕਲਮਕਾਰਾਂ ਨੂੰ ਸੰਦੇਸ਼ 
ਲੁਧਿਆਣਾ: 15 ਮਾਰਚ 2019: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::
ਜਾਦੂਗਰੀਆਂ ਅਤੇ ਚਮਤਕਾਰਾਂ ਦੀ ਹਕੀਕਤ ਨੂੰ ਅਕਸਰ ਬੇਨਕਾਬ ਕਰਨ ਵਾਲੇ ਤਰਕਸ਼ੀਲਾਂ ਨੇ ਇਸ ਵਾਰ ਉਹਨਾਂ ਬਹੁਤ ਬੋਲਣ ਵਾਲੇ ਕਲਮਕਾਰਾਂ ਦੀ ਵੀ ਚੰਗੀ ਖਬਰ ਲਈ ਜਿਹੜੇ ਸੱਚ ਬੋਲਣ ਵੇਲੇ ਅਕਸਰ ਮੌਨ ਵਰਤ ਧਾਰਨ ਕਰ ਲੈਂਦੇ ਹਨ। ਇਸ ਵਾਰ ਵੀ ਕਿਸਾਨ ਮੇਲੇ ਵਿੱਚ ਤਰਕਸ਼ੀਲਾਂ ਦੇ ਬੁੱਕ ਸਟਾਲ ਉੱਤੇ ਰੌਣਕਾਂ ਲੱਗੀਆਂ ਹੋਈਆਂ ਸਨ। ਇਸ ਵਾਰ ਵੀ ਤਰਕਸ਼ੀਲ ਵੱਧ ਚੜ੍ਹ ਕੇ ਇਸ ਸਟਾਲ ਦੀ ਸੇਵਾ ਬੜੇ ਹੀ ਨਿਰਸੁਆਰਥ ਭਾਵ ਨਾਲ ਨਿਭਾ ਰਹੇ ਸਨ। ਇਸ ਵਾਰ ਵੀ ਜਿੱਥੇ ਵਿਗਿਆਨਕ ਚੇਤਨਾ ਨਾਲ ਸਬੰਧਤ ਕਿਤਾਬਾਂ ਨੇ ਲੋਕਾਂ ਨੂੰ ਆਕਰਸ਼ਿਤ ਕੀਤਾ ਉੱਥੇ ਸਾਹਿਤਕ ਰੰਗ ਵਾਲਾ ਤਰਕਸ਼ੀਲ ਸਾਹਿਤ ਵੀ ਲੋਕਾਂ ਨੂੰ ਆਪਣੀ ਵੱਲ ਖਿੱਚ ਰਿਹਾ ਸੀ।  ਤਰਕਸ਼ੀਲਾਂ ਨੇ ਜਿੱਥੇ ਸੁਆਲ ਖੜੇ ਕੀਤੇ ਉੱਥੇ ਲੋਕਾਂ ਦੇ ਮਨਾਂ ਦੀ ਧੁੰਦ ਹਟਾਉਣ ਲਈ ਉਹਨਾਂ ਸੁਆਲਾਂ ਦੇ ਜੁਆਬ ਵੀ ਦਿਤੇ ਜਿਹਨਾਂ ਨੂੰ ਪੁੱਛਣੋਂ ਲੋਕ ਅਕਸਰ ਗੁਰੇਜ਼ ਕਰ ਜਾਂਦੇ ਹਨ। 
ਇਸ ਵਾਰ ਤਰਕਸ਼ੀਲਾਂ ਦੇ ਸਟਾਲ ਉੱਤੇ ਇੱਕ ਪੋਸਟਰ ਲੱਗਿਆ ਹੋਇਆ ਸੀ ਇੱਕ ਅਜਿਹੀ ਪਰਸਿੱਧ ਲੇਖਿਕਾ ਬਾਰੇ ਜਿਹੜੀ ਸਾਰੀ ਉਮਰ ਆਪਣੇ ਆਪ ਨੂੰ ਬਹੁਤ ਹੀ ਬਾਗ਼ੀਆਨਾ ਸਾਬਿਤ ਕਰਦੀ ਰਹੀ ਪਰ ਉਮਰ ਦੇ ਅਖੀਰਲੇ ਵਰ੍ਹਿਆਂ ਵਿੱਚ ਉਹ ਜਾਦੂ ਮੰਤਰਾਂ, ਜੋਤਿਸ਼  ਸ਼ਾਸਤਰ ਅਤੇ ਅਸਮਾਨੀ ਤਾਰਿਆਂ ਨੂੰ ਅਧਾਰ ਬਣਾ ਕੇ ਸਾਹਿਤ ਰਚਨਾ ਕਰਨ ਲੱਗ ਪਈ ਸੀ। ਉਸਨੂੰ ਓਸ਼ੋ ਦੇ ਸੁਪਨੇ ਵੀ ਆਉਣ ਲੱਗੇ ਅਤੇ ਅਣਦਿੱਸਦੀ ਦੁਨੀਆ ਦੇ ਭੇਦ ਵੀ ਉਜਾਗਰ ਹੋਣ ਲੱਗੇ। ਉਸਨੇ ਆਪਣੇ ਪਰਸਿੱਧ ਮਾਸਿਕ ਸਾਹਿਤਿਕ  ਪਰਚੇ ਦੇ ਕਈ ਵਿਸ਼ੇਸ਼ ਅੰਕ ਵੀ ਕੱਢੇ। ਉਸਦੀ ਉਮਰ ਦੇ ਅਖੀਰਲੇ ਦਿਨ ਮੰਜੇ ਤੇ ਪਿਆਂ ਨੀਮ ਬੇਹੋਸ਼ੀ ਜਿਹੀ ਹਾਲਤ ਵਿੱਚ ਗੁਜ਼ਰੇ। ਉਸਦਾ ਜਿਹੜਾ ਘਰ ਬਹੁਤ ਸਾਰੇ ਲੇਖਕਾਂ ਲਈ ਮੱਕਾ ਮਦੀਨਾ ਬਣਿਆ ਹੋਇਆ ਸੀ ਉਸਦੀ ਮੌਤ ਤੋਂ ਮਗਰੋਂ ਉਸਤੇ ਬੁਲਡੋਜ਼ਰ ਚੱਲਿਆ ਅਤੇ ਉਸ ਇਮਾਰਤ ਦਾ ਵੀ ਨਾਮੋਨਿਸ਼ਾਨ ਮਿਟ ਗਿਆ। ਉਸਦੇ ਚਾਹੁਣ ਵਾਲਿਆਂ ਵਿੱਚੋਂ ਵੀ ਕਿਸੇ ਨੇ ਇਸ ਮੁੱਦੇ ਨੂੰ ਲੈ ਕੇ ਕੋਈ ਅੰਦੋਲਨ ਖੜਾ ਨਹੀਂ ਸੀ ਕੀਤਾ। ਜੇ ਉਹ ਲੋਕਪੱਖੀ ਰਹੀ ਹੁੰਦੀ ਤਾਂ ਨਿਸ਼ਚੇ ਹੀ ਲੋਕਾਂ ਨੇ ਇਸਨੂੰ ਯਾਦਗਾਰ ਬਣਾ ਕੇ ਸੰਭਾਲ ਲੈਣਾ ਸੀ। 
ਸਾਹਿਰ ਲੁਧਿਆਣਵੀ ਨਾਲ ਉਸਦਾ ਇਸ਼ਕ ਪਤਾ ਨਹੀਂ ਕਿਸ ਅਵਸਥਾ ਵਿਚ ਸ਼ੁਰੂ ਹੋਇਆ ਕਿ ਉਹ ਤੋੜ ਨਹੀਂ ਚੜ੍ਹਿਆ। ਹਾਂ ਉਸਨੇ ਦੱਸਿਆ ਕਿ ਸਾਹਿਰ ਨੇ ਵੀ ਉਸ ਉੱਤੇ ਗੀਤ ਲਿਖੇ ਸਨ। ਇਹ ਗੀਤ ਫ਼ਿਲਮਾਂ ਵਿੱਚ ਵੀ ਮਕਬੂਲ ਹੋਏ। ਉਸਨੇ ਦੱਸਿਆ ਸੀ ਕਿ ਸਾਹਿਰ ਦੇ ਹੋਠਾਂ ਨੂੰ ਲੱਗੀਆਂ ਸਿਗਰਟਾਂ ਦੇ ਸੁੱਟੇ ਹੋਏ ਟੋਟਿਆਂ ਨੂੰ ਉਹ ਆਪਣੇ ਬੁੱਲਾਂ ਨਾਲ ਛੁਹਾਉਂਦੀ ਰਹੀ ਕਿਓਂਕਿ ਇਹਨਾਂ ਸੁੱਟੇ ਹੋਏ ਸਿਗਰਟ-ਟੋਟਿਆਂ ਨੂੰ ਸਾਹਿਰ ਦੇ ਬੁੱਲ ਲੱਗੇ ਹੋਏ ਸਨ। ਇਸ ਗੱਲ ਨੂੰ ਮੁੱਦਾ ਬਣਾ ਕੇ ਇੱਕ ਪਰਸਿੱਧ ਪੰਜਾਬੀ ਅਖਬਾਰ ਨੇ ਉਸਦੇ ਖਿਲਾਫ ਸਿੱਖੀ ਨਜ਼ਰੀਏ ਤੋਂ ਲਗਾਤਾਰ ਇਤਰਾਜ਼ ਵੀ ਉਠਾਏ ਸਨ। ਜਦੋਂ ਉਸ ਨੇ "ਝਨਾਂ ਦੀ ਰਾਤ" ਦੀ ਰਾਤ ਦੇ ਲੇਖਕ ਹਰਿੰਦਰ ਸਿੰਘ ਮਹਿਬੂਬ ਹੁਰਾਂ ਨੂੰ ਇੱਕ ਬਹੁਤ ਵੱਡਾ ਸਨਮਾਨ ਦੁਆਉਣ ਵਿੱਚ ਆਪਣੀ ਕਥਿਤ ਭੂਮਿਕਾ ਨਿਭਾਈ ਤਾਂ ਖੱਬੀਆਂ ਧਿਰਾਂ ਨੇ ਵੀ ਉਸਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ। ਆਪਣੇ "ਬੋਲਡ ਲਾਈਫ ਸਟਾਈਲ"ਨੂੰ ਲੈ ਕੇ ਜੇ ਉਹ ਬਹੁਤ ਸਾਰੇ ਨਵੇਂ ਲੇਖਕਾਂ ਇੱਕ ਆਦਰਸ਼ ਵੱਜੋਂ ਸਥਾਪਿਤ ਹੋਣ ਦੀ ਕੋਸ਼ਿਸ਼ ਕਰਦੀ ਰਹੀ ਤਾਂ ਡਾ. ਦਲੀਪ ਕੌਰ ਟਿਵਾਣਾ ਵਰਗੀਆਂ ਉਹ ਲੇਖਿਕਾਵਾਂ ਜਿਹੜੀਆਂ ਉਸਦੀਆਂ ਸਮਕਾਲੀ ਸਨ ਉਹਨਾਂ ਨੇ ਵੀ ਉਸਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਇੰਝ ਲੱਗਦਾ ਹੈ ਕਿ ਜਿਵੇਂ ਹੁਣ ਇਹ ਲੇਖਿਕਾ ਆਪਣੇ ਜੀਣ ਥੀਣ ਦੀਆਂ ਮੁਆਫੀਆਂ ਜਿਹੀਆਂ ਮੰਗ ਰਹੀ ਹੋਵੇ। ਇਸੇ ਤਰਾਂ ਅੰਮ੍ਰਿਤਸਰ ਦੀ ਇੱਕ ਪ੍ਰਸਿੱਧ ਲੇਖਿਕਾ ਅਤੇ ਸੰਪਾਦਿਕਾ ਅਨਵੰਤ ਕੌਰ (ਮਾਸਿਕ ਕੰਵਲ) ਨੇ ਇਹਨਾਂ ਸਤਰਾਂ ਦੇ ਲੇਖਕ ਨਾਲ ਗੱਲਬਾਤ ਕਰਦਿਆਂ ਕਰਦਿਆਂ ਬਹੁਤ ਪਹਿਲਾਂ ਇਸ ਵਿਵਾਦਿਤ ਲੇਖਿਕਾ ਬਾਰੇ ਕਿਹਾ ਸੀ ਕਿ ਉਸਨੇ ਇੰਦਰਜੀਤ ਦੀ ਜ਼ਿੰਦਗੀ ਤਬਾਹ ਕਰ ਦਿੱਤੀ। ਇੰਦਰਜੀਤ ਦਾ ਭਾਵ ਉਸ ਚਿਤਰਕਾਰ ਅਤੇ ਸ਼ਾਇਰ ਤੋਂ ਹੈ ਜਿਹੜਾ ਇਮਰੋਜ਼ ਦੇ ਨਾਮ ਨਾਲ ਹਰਮਨ ਪਿਆਰਾ ਹੋਇਆ। 
ਇਸ ਤਰਾਂ ਸਾਰੀ ਉਮਰ ਵਿਵਾਦਾਂ ਵਿੱਚ ਰਹੀ ਇਸ ਲੇਖਿਕਾ ਨੂੰ ਹੁਣ ਆਪਣੇ ਦੇਹਾਂਤ ਮਗਰੋਂ ਵੀ ਵਿਵਾਦਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਰਕਸ਼ੀਲ ਸੋਸਾਇਟੀ ਨੇ ਕਿਸਾਨ ਮੇਲੇ ਵਿਚਲੇ ਆਪਣੇ ਸਟਾਲ 'ਤੇ ਇੱਕ ਵਿਸ਼ੇਸ਼ ਪੋਸਟਰ ਲਾ ਕੇ ਦੱਸਿਆ ਕਿ 1947 ਦੀ ਵੰਡ ਵੇਲੇ ਵਾਰਿਸ ਸ਼ਾਹ ਨੂੰ ਵਾਜਾਂ ਮਾਰਨ ਵਾਲੀ ਇਹ ਲੇਖਿਕਾ ਖੁਦ 1984 ਵਿੱਚ ਖਾਮੋਸ਼ ਰਹੀ ਸੀ। ਜ਼ਿਕਰਯੋਗ ਹੈ ਕਿ ਸਵਰਗੀ ਪਰਧਾਨ ਮੰਤਰੀ ਇੰਦਰ ਗਾਂਧੀ ਨਾਲ ਆਪਣੀ ਜਾਣੀਪਛਾਣੀ ਨੇੜਤਾ ਵਾਲੀ ਇਸ ਲੇਖਿਕਾ ਦੀ ਇਹ ਖਾਮੋਸ਼ੀ ਵੀ ਅਸਲ ਵਿੱਚ ਕੋਈ ਨਵੀਂ ਨਹੀਂ ਸੀ। ਉਸਨੂੰ ਨਕਸਲੀ ਸੁਰ ਵਾਲੇ ਇੱਕ ਖੱਬੇਪੱਖੀ ਸ਼ਾਇਰ ਨੇ ਵੀ ਆਪਣੀ ਇੱਕ ਰਚਨਾ ਵਿੱਚ ਆਵਾਜ਼ ਮਾਰੀ ਸੀ-
ਤੈਨੂੰ ਆਖਾਂ ਅੰਮ੍ਰਿਤ ਬੀਬੀਏ 
ਕਿਤੋਂ ਦਿੱਲੀਂ ਚੋਂ ਹੀ ਬੋਲ। 
ਹੁਣ ਉਹ ਜਿਸ ਦੁਨੀਆ ਵਿੱਚ ਜਾ ਚੁੱਕੀ ਹੈ ਉਸਨੇ ਤਾਂ ਹੁਣ ਕਿੱਥੋਂ ਬੋਲਣਾ ਹੈ ਪਰ ਅੱਜ ਦੇ ਜਿਹੜੇ ਵੀ ਕਲਮਕਾਰ ਖੁਦ ਨੂੰ ਸ਼ਾਇਰ ਜਾਂ ਲੇਖਕ ਮੰਨਦੇ ਹਨ ਉਹਨਾਂ ਨੂੰ ਇਹ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਕਿ ਜੇ ਉਹ ਆਪਣੇ ਵੇਲਿਆਂ ਦਾ ਸੱਚ ਬੋਲਣੋ ਖੁੰਝ ਗਏ ਤਾਂ ਇਹ ਗੁਨਾਹ ਉਹਨਾਂ ਦੇ ਦੇਹਾਂਤ ਮਗਰੋਂ ਵੀ ਲੋਕਾਂ ਨੇ ਯਾਦ ਰੱਖਣਾ ਹੈ। ਇਸ ਲਈ ਜੇ ਕਲਮ ਦੀ ਬਖਸ਼ਿਸ਼ ਹੋਈ ਹੈ ਤਾਂ ਇਸ ਨੂੰ ਸੱਚ ਬੋਲਣ ਲਈ ਹੀ ਵਰਤੋਂ। 
ਅੰਤ ਵਿਚ ਏਨਾ ਹੀ ਕਿ ਇਸੀ ਸਟਾਲ 'ਤੇ ਗੌਰੀ ਲੰਕੇਸ਼ ਦਾ ਪੋਸਟਰ ਵੀ ਸੀ ਜਿਸਨੂੰ ਉਸਦੇ ਵਿਚਾਰਾਂ ਕਾਰਨ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਤਰਾਂ ਤਰਕਸ਼ੀਲ ਸੋਸਾਇਟੀ ਲੋਕ ਪੱਖੀ ਅਤੇ ਲੋਕ ਵਿਰੋਧੀ ਸ਼ਖਸੀਅਤਾਂ ਵਿਚਾਲੇ ਲਕੀਰ ਖਿੱਚ ਵੀ ਰਹੀ ਹੈ ਅਤੇ ਉਸਨੂੰ ਗੂਹੜਾ ਵੀ ਕਰ ਰਹੀ ਹੈ।  

Monday 4 March 2019

ਸਿਆਸਤ ਤੋਂ ਸਾਹਿਤ ਵੱਲ-ਸੰਗੀਤਾ ਭੰਡਾਰੀ

ਜਲਦੀ ਹੀ ਆ ਸਕਦੀ ਹੈ ਪਹਿਲੀ ਪੁਸਤਕ
ਲੁਧਿਆਣਾ: 3 ਮਾਰਚ 2019: (ਰੈਕਟਰ ਕਥੂਰੀਆ//ਸਾਹਿਤ ਸਕਰੀਨ):: More Pics on Facebook
ਸਾਹਿਤ ਪੜ੍ਹ ਕੇ ਪ੍ਰਭਾਵਿਤ ਹੋਣਾ ਅਤੇ ਫਿਰ ਕਿਸੇ ਵਿਸ਼ੇਸ਼ ਸਿਆਸੀ ਵਿਚਾਰਧਾਰਾ ਵੱਲ ਖਿੱਚੇ ਜਾਣਾ--ਅਜਿਹਾ ਅਕਸਰ ਹੁੰਦਾ ਰਿਹਾ ਹੈ। ਬਹੁਤ ਸਾਰੇ ਲੋਕ ਗਾਂਧੀ ਜੀ ਬਾਰੇ ਪੜ੍ਹ ਸੁਣ ਕੇ ਗਾਂਧੀਵਾਦੀ ਬਣ ਗਏ। ਬਹੁਤ ਸਾਰੇ ਲੋਕ ਸ਼ਹੀਦ ਭਗਤ ਸਿੰਘ  ਦੀਆਂ ਲਿਖਤਾਂ ਪੜ੍ਹ ਕੇ ਸ਼ਹੀਦਾਂ ਦੇ ਪੈਰੋਕਾਰ ਬਣ ਗਏ। ਜਸਵੰਤ ਸਿੰਘ ਕੰਵਲ ਹੁਰਾਂ ਦਾ ਬਹੁਚਰਚਿਤ ਨਾਵਲ "ਰਾਤ ਬਾਕੀ ਹੈ" ਪੜ੍ਹ ਕੇ ਲੋਕ ਕਮਿਊਨਿਜ਼ਮ ਵੱਲ ਖਿੱਚੇ ਚਲੇ ਆਏ ਅਤੇ "ਲਹੂ  ਦੀ ਲੋਅ" ਨੂੰ ਪੜ੍ਹ ਕੇ ਲੋਕ ਨਕਸਲਬਾੜੀ ਦੀ ਵਿਚਾਰਧਾਰਾ ਵੱਲ ਆਕਰਸ਼ਿਤ ਹੋਏ। ਪਰ ਅਜਿਹਾ ਬਹੁਤ ਘੱਟ ਦੇਖਿਆ ਜਦੋਂ ਲੋਕ ਉਮਰ ਦਾ ਬਹੁਤ ਸਾਰਾ ਹਿੱਸਾ ਕਿਸੇ ਖਾਸ ਸਿਆਸੀ ਅਤੇ ਧਾਰਮਿਕ ਵਿਚਾਰਧਾਰਾ ਨਾਲ ਪ੍ਰਤੀਬੱਧ ਹੋ ਕੇ ਗੁਜ਼ਾਰਨ ਮਗਰੋਂ ਲੋਕ ਪੱਖੀ ਸਾਹਿਤ ਵੱਲ ਆ ਗਏ ਹੋਣ। ਸ਼ਾਇਦ ਅਜਿਹਾ ਹੁੰਦਾ ਵੀ ਰਿਹਾ ਹੋਵੇ ਅਤੇ ਮੈਨੂੰ ਇਸਦਾ ਪਤਾ ਨਾ ਹੋਵੇ। 
ਤਿੰਨ ਮਾਰਚ 2019 ਨੂੰ ਪੰਜਾਬੀ ਭਵਨ ਵਿੱਚ ਮਿੰਨੀ ਕਹਾਣੀ ਨੂੰ ਲੈ ਕੇ ਇੱਕ ਸਮਾਗਮ ਸੀ। ਬਹੁਤ ਚਿਰ ਪਹਿਲਾਂ ਸ਼ਾਇਦ ਸੱਤਰਵਿਆਂ ਵਿੱਚ ਬੜੀ ਬੁਲੰਦੀ ਨਾਲ ਅਸਮਾਨ ਛੂਹਣ ਵਾਲੀ ਇਸ ਵਿਧਾ ਨੇ ਇੱਕ ਲਹਿਰ ਦਾ ਅਹਿਸਾਸ ਕਰਾਇਆ ਸੀ।  ਉਹ ਸੀ ਮਿੰਨੀ ਕਹਾਣੀ ਦੀ ਲਹਿਰ। ਦੇਸ਼ ਭਰ ਵਿੱਚ ਮਿੰਨੀ ਕਹਾਣੀ ਲਿਖੀ ਜਾ ਰਹੀ ਸੀ। ਵੱਖ ਵੱਖ ਭਾਸ਼ਾਵਾਂ ਵਿੱਚ ਲਿਖੀ ਜਾ ਰਹੀ ਸੀ।  ਇਸਦੇ ਅਨੁਵਾਦ ਵੀ ਹੋ ਰਹੇ ਸਨ। ਬਹੁਤ ਸਾਰੇ ਹਿੰਦੀ ਪਰਚਿਆਂ ਨੇ ਤਾਂ ਅੰਤਰਰਾਸ਼ਟਰੀ ਮਿੰਨੀ ਕਹਾਣੀ ਅੰਕ ਵੀ ਛਾਪੇ। ਹਿੰਦੀ ਅਤੇ ਪੰਜਾਬੀ ਦੋਹਾਂ ਵਿੱਚ ਹੀ ਇਹ ਵਿਧਾ ਬਹੁਤ ਹੀ ਮਕਬੂਲ ਵੀ ਹੋਈ। "ਅਜੀਤ" ਅਖਬਾਰ ਨੇ ਉਸ ਵੇਲੇ ਦੇ ਮੰਨੇ ਪ੍ਰਮੰਨੇ ਮੈਗਜ਼ੀਨ ਐਡੀਟਰ ਬਲਦੇਵ ਗਰੇਵਾਲ ਹੁਰਾਂ ਦੀ ਦੇਖਰੇਖ ਹੇਠ ਮਿੰਨੀ ਕਹਾਣੀ ਦੇ ਵਿਸ਼ੇਸ਼ ਅੰਕ ਵਰਗੇ ਕਈ ਅੰਕ ਵੀ ਕੱਢੇ। ਐਤਵਾਰ ਅਤੇ ਵੀਰਵਾਰ ਦੇ ਐਡੀਸ਼ਨਾਂ ਵਿੱਚ ਮਿੰਨੀ ਕਹਾਣੀਆਂ ਨੂੰ ਬਹੁਤ ਹੀ ਆਕਰਸ਼ਕ ਢੰਗ ਨਾਲ ਛਾਪਿਆ ਜਾਂਦਾ ਸੀ। ਸਾਹਿਤ ਰਸੀਏ ਵੀ ਮਿੰਨੀ ਕਹਾਣੀਆਂ ਨੂੰ ਫਟਾਫਟ ਪੜ੍ਹ ਲੈਂਦੇ। 
ਇਸੇ ਤਰਾਂ ਹਿੰਦੀ ਮਿਲਾਪ ਅਖਬਾਰ ਨੇ ਜਨਾਬ ਸਿਮਰ ਸਦੋਸ਼ ਹੁਰਾਂ ਦੀ ਦੇਖਰੇਖ ਹੇਠ ਮਿੰਨੀ ਕਹਾਣੀਆਂ ਦੇ ਦੋ ਵਿਸ਼ੇਸ਼ ਅੰਕ ਵੀ ਛਾਪੇ। ਇਹ ਐਡੀਸ਼ਨ ਮੇਰੇ ਕੋਲ ਬਹੁਤ ਦੇਰ ਤੱਕ ਸੰਭਾਲੇ ਵੀ ਰਹੇ ਪਰ ਨਵਾਂ ਮੁਹੱਲਾ ਨਾਮ ਵਾਲੇ ਬਹੁਤ ਹੀ ਪੁਰਾਣੇ ਇਲਾਕੇ ਵਿੱਚ ਕੱਚਾ ਮਕਾਨ ਸੀ ਆਖਿਰ ਕਦੋਂ ਤੱਕ ਬਰਸਾਤਾਂ ਦੀ ਮਾਰ ਸਹਿੰਦਾ।  ਇੱਕ ਇੱਕ ਕਰਕੇ ਤਿੰਨੇ ਕਮਰੇ ਡਿੱਗ ਪਏ ਅਤੇ ਇਸਦੇ ਨਾਲ ਹੀ ਬਹੁਤ ਸਾਰਾ ਰਿਕਾਰਡ ਵੀ ਮਲਬਾ ਹੀ ਬਣ ਗਿਆ। ਉਸ ਰਿਕਾਰਡ ਵਿੱਚ ਛਪੀਆਂ ਅਤੇ ਅਣਛਪੀਆਂ ਮਿੰਨੀ ਕਹਾਣੀਆਂ ਵੀ ਸਨ। 
ਤਿੰਨ ਮਾਰਚ 2019 ਵਾਲੇ ਸਮਾਗਮ ਵਿੱਚ ਬਹੁਤ ਸਾਰੇ ਨਵੇਂ ਚਿਹਰੇ ਵੀ ਸਨ ਪਰ "ਅਣੂ" ਦੇ ਸੰਪਾਦਕ ਸੁਰਿੰਦਰ ਕੈਲੇ,  ਡਾਕਟਰ ਸ਼ਿਆਮ ਸੁੰਦਰ ਦੀਪਤੀ, ਹਰਭਜਨ ਖੇਮਕਰਨੀ ਅਤੇ ਕਈ ਹੋਰਾਂ ਨੂੰ ਦੇਖ ਕੇ ਪੁਰਾਣੇ ਵੇਲੇ ਦੀਆਂ ਬਹੁਤ ਸਾਰੀਆਂ ਸਾਹਿਤਿਕ ਸਰਗਰਮੀਆਂ ਯਾਦ ਆ ਗਈਆਂ। ਇਹ ਗੱਲ ਵੱਖਰੀ ਹੈ ਕਿ ਹੁਣ ਇਹਨਾਂ ਪੁਰਾਣੇ ਚਿਹਰਿਆਂ ਨਾਲ ਵੀ ਤਕਰੀਬਨ ਤਕਰੀਬਨ ਦੋਬਾਰਾ ਜਾਣ ਪਛਾਣ ਕਰਨ-ਕਰਾਉਣ ਵਾਲੀ ਹਾਲਤ ਬਣ ਗਈ ਹੈ। ਜ਼ਿੰਦਗੀ ਦੇ ਹਾਲਾਤਾਂ ਨੇ ਸਾਨੂੰ ਏਨਾ ਬਦਲ ਦਿੱਤਾ ਹੈ ਕਿ ਇੱਕ ਵਾਰ ਫੇਰ ਸਾਨੂੰ ਇੱਕ ਦੂਜੇ ਨਾਲ ਤੁਆਰਫ਼ ਦੀ ਲੋੜ ਮਹਿਸੂਸ ਹੁੰਦੀ ਹੈ। ਇਨਕਲਾਬ ਤਾਂ ਅਜੇ ਤੱਕ ਆਉਂਦਾ ਨਜ਼ਰ ਨਹੀਂ ਆਉਂਦਾ ਪਰ ਇੱਕ ਬਹੁ ਚਰਚਿਤ ਸ਼ਿਅਰ ਅਕਸਰ ਯਾਦ ਆ ਜਾਂਦਾ ਹੈ-
ਜ਼ਿੰਦਗੀ ਕਾ ਦਰਦ  ਲੇ ਕਰ ਇਨਕਲਾਬ ਆਇਆ ਤੋਂ ਕਿਆ !
ਜਨਾਬ ਸ਼ਕੀਲ ਬਦਾਉਣੀ ਇਹ ਸ਼ਿਅਰ ਅਕਸਰ ਕਈ ਕਈ ਵਾਰ ਯਾਦ ਆਉਂਦਾ--ਪਤਾ ਨਹੀਂ ਕਿਓਂ--ਕਿ ਰਾਬਤਾ ਜੁੜ ਗਿਆ ਇਸ ਸ਼ਿਅਰ ਨਾਲ। ਇੱਕ ਵਾਰ ਕਵਰੇਜ ਦੌਰਾਨ ਬਹੁਤ ਦੇਰ ਹੋ ਗਈ। ਹਨੇਰਾ ਹੋਣ ਲੱਗ ਪਿਆ। ਅਚਾਨਕ ਇੱਕ ਫੋਨ ਕਾਲ ਆਈ ਕਿ ਇੱਕ ਲੜਕੀ ਆਪਣੇ  ਪਰਿਵਾਰ ਨਾਲ ਹੁਣ ਰਾਤ ਵੇਲੇ ਵੀ ਡੀਸੀ ਦਫਤਰ ਦੇ ਸਾਹਮਣੇ ਹੀ ਸੌਂਵੇਂਗੀ ਕਿਓਂਕਿ ਡੀਸੀ ਦਫਤਰ ਦੇ ਸਟਾਫ ਨੇ ਉਸਨੂੰ ਪੂਰਾ ਦਿਨ ਬਿਠਾਈ ਰੱਖਿਆ ਅਤੇ ਡੀਸੀ ਨਾਲ ਨਹੀਂ ਸੀ ਮਿਲਣ ਦਿੱਤਾ। ਗੱਲ ਬੜੀ ਅਜੀਬ ਸੀ।  ਜਾ ਕੇ ਦੇਖਿਆ ਤਾਂ ਇਹ ਸਭ ਕੁਝ ਸੱਚ ਸੀ। ਉਸ ਰਾਤ ਦੀਆਂ ਫੋਟੋ ਖਿੱਚੀਆਂ। ਅਖਬਾਰਾਂ ਵਿੱਚ ਵੀ ਛਪ ਗਈਆਂ। ਅਗਲੀ ਸਵੇਰ ਸ ਕੋਲ ਪਹੁੰਚਣ ਵਾਲੀਆਂ ਮਹਿਲਾ ਲੀਡਰਾਂ ਵਿੱਚ ਮੈਡਮ ਸੰਗੀਤਾ ਭੰਡਾਰੀ ਵੀ ਸੀ। ਮੈਡਮ ਸੰਗੀਤਾ ਭੰਡਾਰੀ ਨੇ ਹੀ ਡੀਸੀ ਸਾਹਿਬ ਨਾਲ ਉਸ ਪੀੜਿਤ ਪਰਿਵਾਰ ਦੀ ਮੁਲਾਕਾਤ ਕਰਵਾਈ। ਹੁਣ ਉਹ ਲੜਕੀ ਸੈਟਲ ਹੋ ਕੇ ਕਿਸੇ ਬਾਹਰਲੇ ਦੇਸ਼ ਵਿਚ ਚਲੀ ਗਈ ਹੈ। ਅਜਿਹੇ ਕਈ ਮਾਮਲੇ ਅਕਸਰ ਨਜ਼ਰ ਆ ਜਾਂਦੇ ਜਿਹਨਾਂ ਵਿੱਚ ਮੈਡਮ ਸੰਗੀਤ ਭੰਡਾਰੀ ਨਾ ਦਿਨ ਦੇਖਦੀ ਨਾ ਰਾਤ ਪਰ ਪੀੜਿਤ ਨੂੰ ਰਾਹਤ ਜ਼ਰੂਰ ਦੁਆਉਂਦੀ। ਫਿਰ "ਅਹਿਸਾਸ" ਨਾਮ ਦੀ ਸੰਸਥਾ ਵੀ ਬਣਾਈ। ਇਸ ਚੈਰਿਟੇਬਲ ਸੰਸਥਾ "ਅਹਿਸਾਸ" ਰਾਹੀਂ  ਵੀ ਅਕਸਰ ਅਜਿਹੇ ਬਹੁਤ ਸਾਰੇ ਕੰਮ ਕੀਤੇ। ਸਿਆਸੀ ਰਾਬਤਾ ਬੀਜੇਪੀ ਨਾਲ ਅਤੇ ਧਾਰਮਿਕ ਰਾਬਤਾ ਹਿੰਦੂ ਧਰਮ ਨਾਲ ਪਰ ਕੰਮ ਕਰਾਉਣ ਵੇਲੇ ਸਿਰਫ ਇਨਸਾਨੀਅਤ ਵਾਲਾ ਨਾਤਾ। 
ਉਹੀ ਸੰਗੀਤਾ ਭੰਡਾਰੀ ਪੰਜਾਬੀ ਭਵਨ ਦੇ ਸਮਾਗਮ ਵਿੱਚ ਮੌਜੂਦ ਸੀ। ਮੀਡੀਆ ਵਾਲਿਆਂ ਨੂੰ ਭੈੜੀ ਆਦਤ ਹੁੰਦੀ ਹੈ ਸ਼ੱਕ ਦੀ ਆਦਤ। ਹਰ ਗੱਲ ਵਿੱਚ ਸ਼ੱਕ। ਆਦਤ ਤਾਂ ਮਾੜੀ ਹੈ ਪਰ ਹਕੀਕਤ ਲੱਭਣ ਵਿੱਚ ਇਹੀ ਆਦਤ ਕਈ ਕਈ ਵਾਰ ਸਹਾਇਕ ਵੀ ਬਣਦੀ ਹੈ। ਸਾਹਿਤਿਕ ਸਮਾਗਮ ਵਿੱਚ ਇੱਕ ਸਿਆਸੀ ਲੀਡਰ ਨੂੰ ਦੇਖ ਕੇ ਮਨ ਵਿੱਚ ਖਿਆਲ ਆਇਆ ਕਿ ਇਥੇ ਵੀ ਕਿਤੇ ਕੋਈ ਸਿਆਸਤ ਤਾਂ ਨਹੀਂ? ਮੰਚ ਅਤੇ ਪਰਬੰਧ ਵਿੱਚ ਖੱਬੀ ਧਿਰ ਵਾਲੇ ਭਾਰੂ ਸਨ। ਉਹਨਾਂ ਆਪਣੇ ਮਤੇ ਪਾਸ ਕਰਨ ਲੱਗਿਆਂ ਇਸ ਗੱਲ ਨੂੰ ਲੁਕਾਇਆ ਵੀ ਨਹੀਂ। ਮੈਂ ਸੋਚ ਰਿਹਾ ਸਾਂ ਕਿ ਇਹ ਕੀ ਹੋ ਰਿਹਾ ਹੈ? ਏਨੇ ਵਿੱਚ ਹੀ ਸੰਗੀਤਾ ਮੈਡਮ ਮੰਚ ਤੇ ਪੁੱਜੀ।  ਉਮੀਦ ਸੀ ਕਿਸੇ ਸਿਆਸੀ ਗੱਲ ਦੀ ਪਰ ਇਥੇ ਤਾਂ ਸ਼ੁੱਧ ਸਾਹਿਤਿਕ ਗੱਲ ਸ਼ੁਰੂ ਹੋ ਗਈ।  ਉਹਨਾਂ ਆਪਣੇ ਸਾਹਿਤਿਕ ਅਨੁਭਵ ਸਾਂਝੇ ਕੀਤੇ ਅਤੇ ਬਹੁਤ ਸਾਰੇ ਸੁਝਾਅ ਵੀ ਦਿੱਤੇ। ਤਿੰਨ ਚਾਰ ਕਹਾਣੀਆਂ ਬਾਰੇ ਵੀ ਗੱਲਾਂ ਕੀਤੀਆਂ। ਮੈਂ ਹੈਰਾਨ ਸਾਂ। ਸਿਆਸਤ ਤੋਂ ਸਾਹਿਤ ਵੱਲ ਸਫਰ? ਕਿਤੇ ਮੈਂ ਸੁਪਨਾ ਤਾਂ ਨਹੀਂ ਦੇਖ ਰਿਹਾ?
ਏਨੇ 'ਚ ਲੰਚ ਬ੍ਰੇਕ ਹੋ ਗਈ। ਸਵੇਰੇ ਦੇ ਭੁੱਖਣ ਭਾਣੇ ਬੈਠੇ ਲੇਖਕ ਲੋਕ ਲੰਚ ਟੇਬਲ ਵੱਲ ਜਾਣ ਦੀ ਬਜਾਏ ਸੰਗੀਤਾ ਭੰਡਾਰੀ ਹੁਰਾਂ ਦਾ ਮੋਬਾਈਲ ਨੰਬਰ ਲੈ ਰਹੇ ਸਨ। ਆਪਣੇ ਪਤੇ ਨੋਟ ਕਰਵਾ ਰਹੇ ਸਨ।  ਆਪਣੀਆਂ ਕਿਤਾਬਾਂ ਭੇਂਟ ਕਰ ਰਹੇ ਸਨ। ਉਸ ਵੇਲੇ ਮੈਨੂੰ ਅਹਿਸਾਸ ਹੋਇਆ ਕਿ ਇਹ ਸਾਹਿਤਿਕ ਜਗਤ ਵਿੱਚ ਛੇਤੀ ਹੀ ਲੋਕਾਂ ਸਾਹਮਣੇ ਆਉਣ ਵਾਲਾ ਇੱਕ ਨਵਾਂ ਹਸਤਾਖਰ ਹੈ ਸੰਗੀਤਾ ਭੰਡਾਰੀ। ਜ਼ਿੰਦਗੀ ਵਿੱਚ ਦੁੱਖਾਂ ਮਾਰੇ ਲੋਕਾਂ ਨਾਲ ਸੰਗੀਤਾ ਭੰਡਾਰੀ ਦਾ ਇਨਸਾਨੀਅਤ ਵਾਲਾ ਨਾਤਾ ਕਾਫੀ ਪੁਰਾਣਾ ਹੈ। ਇਨਸਾਨੀਅਤ ਦੇ ਇਸ ਰਿਸ਼ਤੇ ਨਾਤੇ ਨੇ ਹੀ ਅਕਸਰ ਉਹਨਾਂ ਨੂੰ ਬਹੁਤ ਸਾਰੀਆਂ ਅਜਿਹੀਆਂ ਹਕੀਕਤਾਂ ਤੋਂ ਰੂਬਰੂ ਵੀ ਕਰਵਾਇਆ ਜਿਹਨਾਂ ਦਾ ਸਾਹਮਣਾ ਕਰਕੇ ਕਦੇ ਕਿਸੇ ਸ਼ਾਇਰ ਨੇ ਆਖਿਆ ਸੀ:
ਤੁਝਸੇ ਨਾਰਾਜ਼ ਨਹੀਂ ਜ਼ਿੰਦਗੀ
ਹੈਰਾਨ ਹੂੰ ਮੈਂ---
ਮੈਡਮ ਸੰਗੀਤਾ ਭੰਡਾਰੀ ਨੇ ਕੁਝ ਕਹਾਣੀਆਂ ਲਿਖ ਲਈਆਂ ਹਨ। ਬਾਕੀਆਂ 'ਤੇ ਮੇਹਨਤ ਜਾਰੀ ਹੈ। ਉਮੀਦ ਹੈ ਕਲਮ ਦੀ ਇਹ ਸਾਧਨਾ ਜਲਦੀ ਹੀ ਸਾਹਿਤ ਨੂੰ ਹੋਰ ਅਮੀਰ ਕਰੇਗੀ। 

Friday 1 March 2019

ਡਾ. ਹਰਜੀਤ ਸਿੰਘ ਗਿੱਲ ਦੀ ਕਾਵਿ ਪੁਸਤਕ ਵਿਰਸੇ ਦੀ ਗੱਲ ਲੋਕ ਅਰਪਣ

Mar 1, 2019, 3:31 PM
ਟੋਰਾਂਟੋ ਵਸਦੇ ਪੀਏਯੂ ਦੇ ਪੁਰਾਣੇ ਵਿਦਿਆਰਥੀ ਹਨ ਡਾ. ਗਿੱਲ 

ਲੁਧਿਆਣਾ: 1 ਮਾਰਚ 2019: (ਸਾਹਿਤ ਸਕਰੀਨ ਬਿਊਰੋ)::
ਪਿਛਲੇ ਦੋ ਦਹਾਕਿਆਂ ਤੋਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਵਸਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀ ਅਤੇ ਬਾਗਬਾਨੀ ਅਧਿਕਾਰੀ ਡਾ. ਹਰਜੀਤ ਸਿੰਘ ਗਿੱਲ ਦੀ ਪਲੇਠੀ ਕਾਵਿ ਪੁਸਤਕ ਵਿਰਸੇ ਦੀ ਗੱਲ ਯੂਨੀਵਰਸਿਟੀ ਦੇ ਸ਼ਹੀਦ ਭਗਤ ਸਿੰਘ ਵਿਦਿਆਰਥੀ ਭਵਨ ਵਿੱਚ ਲੋਕ ਅਰਪਣ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਵਿਰਾਸਤ ਦੀਆਂ ਨੀਂਹਾਂ ਦੇ ਆਧਾਰ ਉੱਤੇ ਹੀ ਅੱਜ ਦਾ ਸਾਹਿਤ ਉਸਰਿਆ ਹੈ। ਹਰਜੀਤ ਸਿੰਘ ਗਿੱਲ ਨੇ ਵਿਰਾਸਤ ਵਿਚੋਂ ਵਿੱਸਰ ਰਹੇ ਸ਼ਬਦ ਭੰਡਾਰ, ਲੋਕ ਮਰਿਆਦਾ, ਜੀਵਨ ਕਾਰ ਵਿਹਾਰ ਅਤੇ ਪੁਰਾਣੀ ਰਹੁ ਰੀਤ ਨੂੰ ਸੰਭਾਲਣ ਦਾ ਇਤਿਹਾਸਕ ਕਾਰਜ ਕੀਤਾ ਹੈ। ਮਕਸੂਦੜਾ (ਲੁਧਿਆਣਾ) ਦੇ ਜੰਮਪਲ ਸ: ਹਰਜੀਤ ਸਿੰਘ ਗਿੱਲ ਨੇ ਪੰਜਾਬੀ ਕਵਿਤਾ ਦੇ ਨਾਲ-ਨਾਲ ਪੰਜਾਬੀ ਸ਼ਬਦ ਕੋਸ਼ ਨੂੰ ਵੀ ਅਨੇਕਾਂ ਨਵੇਂ ਸ਼ਬਦ ਸੰਭਾਲਣ ਲਈ ਸੌਂਪੇ ਹਨ। 
ਉਹਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਡਾ. ਮਹਿੰਦਰ ਸਿੰਘ ਰੰਧਾਵਾ ਦੀ ਸਰਪ੍ਰਸਤੀ ਕਾਰਨ ਜਿਥੇ ਵਿਗਿਆਨ, ਤਕਨਾਲੋਜੀ ਅਤੇ ਸਮਾਜਿਕ ਵਿਕਾਸ ਦੇ ਖੇਤਰ ਵਿੱਚ ਸਿਰਮੌਰ ਹੋਣ ਦਾ ਮਾਣ ਪ੍ਰਾਪਤ ਹੈ ਉਥੇ ਸਾਹਿਤਕ ਮਾਹੌਲ ਕਾਰਨ ਮਹੱਤਵਪੂਰਨ ਪ੍ਰਾਪਤੀਆਂ ਦਾ ਵੀ ਸਿਹਰਾ ਬੱਝਦਾ ਹੈ। ਪ੍ਰੋ: ਮੋਹਨ ਸਿੰਘ, ਸੰਤ ਸਿੰਘ ਸੇਖੋਂ,  ਕੁਲਵੰਤ ਸਿੰਘ ਵਿਰਕ, ਅਜਾਇਬ ਚਿਤਰਕਾਰ, ਕ੍ਰਿਸ਼ਨ ਅਦੀਬ, ਸੁਰਜੀਤ ਪਾਤਰ ਅਤੇ ਹੋਰ ਸਿਰਜਣਾਤਮਕ ਹਸਤੀਆਂ ਦੀਆਂ ਪੈੜਾਂ ਵਾਲੀ ਇਹ ਧਰਤੀ ਵਿਦਿਆਰਥੀਆਂ ਅੰਦਰ ਵੀ ਮੌਲਿਕ ਸਾਹਿਤ ਸਿਰਜਣ ਦਾ ਬੀਜ ਪੁੰਗਾਰਦੀ ਹੈ। 
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਪਸਾਰ ਸਿੱਖਿਆ ਨਿਰਦੇਸ਼ਕ ਡਾ.ਸਰਜੀਤ ਸਿੰਘ ਗਿੱਲ ਨੇ ਕਿਹਾ ਕਿ ਹਰ ਵਿਅਕਤੀ ਅੰਦਰ ਸਿਰਜਣਾ ਦੇ ਬੀਜ ਹੁੰਦੇ ਹਨ ਪਰ ਉਹ ਬਾਕੀ ਕਾਰਜਾਂ ਵਿੱਚ ਵਧੇਰੇ ਸਮਾਂ ਦੇਣ ਕਾਰਨ ਸਵੈ ਪ੍ਰਗਟਾਵੇ ਪ੍ਰਤੀ ਅਵੇਸਲਾ ਹੋ ਜਾਂਦਾ ਹੈ। ਹਰਜੀਤ ਸਿੰਘ ਗਿੱਲ ਨੇ ਸਵੈ-ਪ੍ਰਗਟਾਵੇ ਲਈ ਵਿਰਸੇ ਦੀ ਗੱਲ ਨੂੰ ਮਾਧਿਅਮ ਬਣਾ ਕੇ ਆਪਣੀ ਸਮਾਜਿਕ ਸਾਰਥਿਕਤਾ ਦਾ ਸਬੂਤ ਦਿੱਤਾ ਹੈ। ਡਾ. ਗਿੱਲ ਨੇ ਆਖਿਆ ਕਿ ਵਰਤਮਾਨ ਸਮਾਜ ਦੀ ਲੋੜ ਜਿਥੇ ਵਿਰਸੇ ਬਾਰੇ ਜਾਣਕਾਰੀ ਹਾਸਿਲ ਕਰਨਾ ਹੈ ਉਥੇ ਸੁਰੱਖਿਅਤ ਭਵਿੱਖ ਲਈ ਵਿਸ਼ਵ ਅਮਨ ਦੀ ਸਲਾਮਤੀ ਵੀ ਜ਼ਰੂਰੀ ਹੈ ਅਤੇ ਜੰਗਬਾਜ਼ਾਂ ਨੂੰ ਧਰਤੀ ਤੇ ਤਬਾਹੀ ਲਈ ਸਾਜਿਸ਼ਾਂ ਨਹੀਂ ਘੜਨੀਆਂ ਚਾਹੀਦੀਆਂ। ਇਹ ਪੁਸਤਕ ਪੰਜ ਦਰਿਆਵਾਂ ਦੀ ਸਾਂਝੀ ਵਿਰਾਸਤ ਪੇਸ਼ ਕਰਦੀ ਹੋਣ ਕਾਰਨ ਸਾਡੇ ਲਈ ਤਸੱਲੀਬਖਸ਼ ਹੈ। 
ਪੀਏਯੂ ਟੀਚਰਜ ਐਸੋਸੀਏਸ਼ਨ ਦੇ ਲੰਮਾ ਸਮਾਂ ਪ੍ਰਧਾਨ ਰਹੇ ਪੰਜਾਬੀ ਲੇਖਕ ਡਾ. ਗੁਰਦੇਵ ਸਿੰਘ ਸੰਧੂ ਨੇ ਆਖਿਆ ਕਿ ਉਹਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਰਵਪੱਖੀ ਵਿਕਾਸ ਗਤੀਵਿਧੀਆਂ ਵਿਚੋਂ ਹੀ ਹਰਜੀਤ ਸਿੰਘ ਗਿੱਲ ਵਰਗੇ ਵਿਦਿਆਰਥੀ ਵਿਕਸਤ ਹੁੰਦੇ ਹਨ। ਉਹਨਾਂ ਆਖਿਆ ਕਿ ਇਸ ਪੁਸਤਕ ਦਾ ਲੇਖਕ ਤੇ ਪ੍ਰਕਾਸ਼ਕ ਜਨਮੇਜਾ ਸਿੰਘ ਜੌਹਲ ਇਸੇ ਯੂਨੀਵਰਸਿਟੀ ਦੀ ਦੇਣ ਹੋਣ ਕਾਰਨ ਹੋਰ ਵੀ ਤਸੱਲੀ ਦਾ ਆਧਾਰ ਹੈ। 
ਸਮਾਗਮ ਦੇ ਮੁੱਖ ਪ੍ਰਬੰਧਕ ਡਾ. ਬਲਵਿੰਦਰ ਸਿੰਘ ਬੁਟਾਹਰੀ ਨੇ ਲੇਖਕ ਡਾ. ਹਰਜੀਤ ਸਿੰਘ ਗਿੱਲ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਉਹ ਪੰਜਾਬ ਦੇ ਬਾਗਬਾਨੀ ਵਿਕਾਸ ਵਿਭਾਗ ਦੀ ਸੇਵਾ ਵਿਚੋਂ ਲਗਪਗ ਦੋ ਦਹਾਕੇ ਪਹਿਲਾਂ  ਪ੍ਰਦੇਸ ਚਲੇ ਗਏ ਸਨ ਅਤੇ ਆਪਣੇ ਪੜਨਾਨਾ ਕਲੀਆਂ ਵਾਲੀ ਹੀਰ ਲਿਖਣ ਵਾਲੇ ਮਹਾਨ ਲੇਖਕ ਹਜ਼ੂਰਾ ਸਿੰਘ ਬੁਟਾਹਰੀ ਦੀ ਵਿਰਾਸਤ ਨੂੰ ਇਸ ਪੁਸਤਕ ਨਾਲ ਅੱਗੇ ਤੋਰਨ ਵਿੱਚ ਸਫਲ ਰਹੇ ਹਨ। 
ਸਰੀ (ਕੈਨੇਡਾ) ਤੋਂ ਆਏ ਪੰਜਾਬੀ ਕਵੀ ਮੋਹਨ ਗਿੱਲ ਨੇ ਆਖਿਆ ਕਿ ਹਰਜੀਤ ਸਿੰਘ ਗਿੱਲ ਦੀ ਇਸ ਪੁਸਤਕ ਨਾਲ ਪ੍ਰਦੇਸ ਵਸਦੇ ਪੰਜਾਬੀ ਕਵੀਆਂ ਦੀ ਗਿਣਤੀ ਵਿੱਚ ਸਿਫਤੀ ਵਾਧਾ ਹੋਇਆ ਹੈ। ਮਕਸੂਦੜਾ ਦੇ ਜੰਮਪਲ ਇਸ ਕਵੀ ਦੀ ਰਚਨਾ ਸਾਨੂੰ ਮੌਲਿਕ ਸ਼ਬਦ ਭੰਡਾਰ ਦੇ ਰੂ-ਬਰੂ ਖੜਾ ਕਰਦੀ ਹੈ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਮੀਤ ਪ੍ਰਧਾਨ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੁਸਤਕ ਦਾ ਸੁਆਗਤ ਕਰਦਿਆਂ ਕਿਹਾ ਕਿ ਲੋਕ ਧਾਰਾ ਅਧਾਰਿਤ ਇਹ ਪੁਸਤਕ ਪੰਜਾਬੀ ਸ਼ਬਦ ਭੰਡਾਰ ਲਈ ਹਵਾਲਾ ਪੁਸਤਕ ਬਣਨ ਦੀ ਸਮਰੱਥਾ ਰੱਖਦੀ ਹੈ।  ਹਾਲੈਂਡ ਤੋਂ ਆਏ ਕਲਾ ਪ੍ਰੇਮੀ ਤਰਲੋਚਨ ਸਿੰਘ ਗਰੇਵਾਲ (ਨਾਰੰਗਵਾਲ) ਨੇ ਦੱਸਿਆ ਕਿ ਹਰ ਵਿਅਕਤੀ ਅੰਦਰ ਸਿਰਜਕ ਬੈਠਾ ਹੁੰਦਾ ਹੈ ਅਤੇ ਉਸ ਨੂੰ ਸਰਗਰਮ ਕਰਨਾ ਸਮਾਜਿਕ ਚੌਗਿਰਦੇ ਦੇ ਹੱਥ ਵਸ ਹੁੰਦਾ ਹੈ। ਹਰਜੀਤ ਸਿੰਘ ਗਿੱਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਉਹਨਾਂ ਨਾਲ ਪੜ•ਦੇ ਮਿੱਤਰ ਦਾਇਰੇ ਨੇ ਸਿਰਜਕ ਬਣਨ ਦੇ ਰਾਹ ਤੋਰਿਆ ਹੈ। ਇਹ ਸ਼ੁਭ ਸ਼ਗਨ ਹੈ। 
ਪੁਸਤਕ ਦੇ ਲੇਖਕ ਹਰਜੀਤ ਸਿੰਘ ਗਿੱਲ ਨੇ ਆਖਿਆ ਕਿ ਮੈਂ ਇਹ ਕਵਿਤਾਵਾਂ ਲਿਖਦਿਆਂ ਕਦੇ ਸੁਪਨਾ ਵੀ ਨਹੀਂ ਸੀ ਲਿਆ ਕਿ ਇਸ ਨੂੰ ਕਾਵਿ ਸੰਗ੍ਰਿਹ ਦਾ ਰੂਪ ਦੇਵਾਂਗਾ ਪਰ ਮੇਰੇ ਪੇਂਡੂ ਮਿੱਤਰਾਂ ਸੁਰਿੰਦਰ ਦਾਸ (ਜਰਮਨ) ਅਤੇ ਗੋਬਿੰਦਰ ਸਿੰਘ ਸੋਹਲ ਦੀ ਪ੍ਰੇਰਨਾ ਅਤੇ ਡਾ. ਬਲਵਿੰਦਰ ਸਿੰਘ ਬੁਟਾਹਰੀ ਦੀ ਅਗਵਾਈ ਕਾਰਨ ਇਹ ਸੰਗ੍ਰਹਿ ਛਪ ਸਕਿਆ ਹੈ। ਭਵਿੱਖ ਵਿੱਚ ਮੇਰੀ ਕੋਸ਼ਿਸ਼ ਰਹੇਗੀ ਕਿ ਮਾਂ ਬੋਲੀ ਦੀ ਸੇਵਾ ਵਿੱਚ ਹੋਰ ਰਚਨਾਵਾਂ ਭੇਂਟ ਕਰ ਸਕਾਂ। ਇਸ ਮੌਕੇ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ, ਤੇਜਿੰਦਰ ਸਿੰਘ ਗਿੱਲ ਮਾਰਕਫੈੱਡ, ਡਾ. ਅਨਿਲ ਸ਼ਰਮਾ ਪੀਏਯੂ, ਪੰਜਾਬ ਦੇ ਸਾਬਕਾ ਬਾਗਬਾਨੀ ਨਿਰਦੇਸ਼ਕ ਡਾ. ਬਲਦੇਵ ਸਿੰਘ ਅਤੇ ਡਾ. ਲਾਜਵਿੰਦਰ ਸਿੰਘ ਬਰਾੜ, ਡਾ. ਅਮਰਜੀਤ ਸਿੰਘ ਸੰਧੂ, ਡਾ. ਜਗਦੇਵ ਸਿੰਘ, ਡਾ. ਭਜਨੀਕ ਸਿੰਘ, ਡਾ. ਗੁਰਦੀਪ ਸਿੰਘ, ਡਾ. ਲਖਵੀਰ ਸਿੰਘ ਭੱਟੀ, ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ, ਉੱਘੇ ਲੇਖਕ ਜਨਮੇਜਾ ਸਿੰਘ ਜੌਹਲ, ਸੁਖਚੈਨ ਸਿੰਘ ਨਾਰੰਗਵਾਲ, ਗੋਬਿੰਦਰ ਸਿੰਘ ਸੋਹਲ, ਡਾ. ਸੁਰਿੰਦਰ ਕੌਰ ਸੋਹਲ ਅਤੇ ਪੀਏਯੂ ਦੇ ਕੁਝ ਵਿਦਿਆਰਥੀ ਵੀ ਸ਼ਾਮਿਲ ਸਨ।