google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: November 2021

Tuesday 30 November 2021

ਪ੍ਰੋਫੈਸਰ ਕਰਤਾਰ ਸਿੰਘ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਣ ਤੇ ਖੁਸ਼ੀਆਂ ਦੀ ਲਹਿਰ

30th November 2021 at 6:52 PM

ਲੋਕ ਵਿਰਾਸਤ ਅਕਾਦਮੀ ਵੱਲੋਂ ਘਰ ਪਹੁੰਚ ਕੇ ਸਤਿਕਾਰ


ਲੁਧਿਆਣਾ
: 30 ਨਵੰਬਰ 2021: (ਸਾਹਿਤ ਸਕਰੀਨ ਬਿਊਰੋ)::

ਲੁਧਿਆਣਾ ਵੱਸਦੇ ਗੁਰਬਾਣੀ ਸੰਗੀਤ ਮਾਰਤੰਡ ਪ੍ਰੋਃ ਕਰਤਾਰ ਸਿੰਘ ਜੀ ਨੂੰ ਭਾਰਤ ਸਰਕਾਰ ਵੱਲੋਂ ਇਸ ਸਾਲ ਪਦਮ ਸ਼੍ਰੀ ਪੁਰਸਕਾਰ ਦਿੱਤੇ ਜਾਣ ਤੇ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਇਸ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਦੀ ਅਗਵਾਈ ਹੇਠ ਪੰਜਾਬੀ ਲੇਖਕਾਂ ਸਃ ਡੀ ਐੱਮ ਸਿੰਘ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ਅਤੇ ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਰਵਿੰਦਰ ਰੰਗੂਵਾਲ ਨੇ ਪ੍ਰੋਃ ਕਰਕਾਰ ਸਿੰਘ ਜੀ ਦੇ ਘਰ ਜਾ ਕੇ ਉਨ੍ਹਾਂ ਦਾ  ਫੁੱਲਾਂ ਦੇ ਹਾਰਾਂ ਤੇ ਗੁਲਦਸਤਿਆਂ ਸਮੇਤ ਦੋਸ਼ਾਲਾ ਪਹਿਨਾ ਕੇ ਸਨਮਾਨਿਤ ਕੀਤਾ। 
ਪ੍ਰੋਃ ਕਰਤਾਰ ਸਿੰਘ ਸਰੀਰਕ ਤਕਲੀਫ਼ ਅਤੇ ਵਡੇਰੀ ਉਮਰ ਕਾਰਨ ਪਦਮ ਸ਼੍ਰੀ ਖਿਤਾਬ ਲੈਣ ਲਈ ਦਿੱਲੀ ਨਹੀਂ ਸੀ ਜਾ ਸਕੇ। ਪ੍ਰੋਃ ਕਰਤਾਰ ਸਿੰਘ ਜੀ ਦਾ ਜਨਮ 1928 ਵਿੱਚ ਲਾਹੌਰ ਜ਼ਿਲ੍ਹੇ ਦੇ ਪਿੰਡ ਘੁੰਮਣ ਕੇ ਵਿੱਚ ਹੋਇਆ। ਆਪ ਨੇ ਸੰਗੀਤ ਦੀ ਮੁੱਢਲੀ ਸਿੱਖਿਆ ਭਾਈ ਗੁਰਚਰਨ ਸਿੰਘ, ਭਾਈ ਸੁੰਦਰ ਸਿੰਘ ਕਸੂਰ ਵਾਲਿਆਂ ਤੋਂ ਪ੍ਰਾਪਤ ਕੀਤੀ। ਤਬਲਾ ਵਾਦਕ ਭਾਈ ਦਲੀਪ ਸਿੰਘ , ਬਲਵੰਤ ਰਾਏ ਜਸਵਾਲ ਅਤੇ ਉਸਤਾਦ ਜਸਵੰਤ ਭੰਵਰਾ ਜੀ ਤੋਂ ਵੀ ਆਪ ਨੇ ਸ਼ਾਸਤਰੀ ਸੰਗੀਤ ਸਿੱਖਿਆ ਗ੍ਰਹਿਣ ਕੀਤੀ।
ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਜਵੱਦੀ ਕਲਾਂ (ਲੁਧਿਆਣਾ) ਵਿੱਚ ਆਪ ਨੇ ਉਸਤਾਦ ਜਸਵੰਤ ਭੰਵਰਾ ਅਤੇ  ਸ੍ਵ. ਬੀਬੀ ਜਸਬੀਰ ਕੌਰ ਖਾਲਸਾ ਦੇ ਨਾਲ ਵੱਡੀ ਧਿਰ ਬਣ ਕੇ 1991 ਚ ਸੰਤ ਬਾਬਾ ਸੁੱਚਾ ਸਿੰਘ ਜੀ ਦੀ ਅਗਵਾਈ ਹੇਠ ਨਿਰਧਾਰਤ ਰਾਗਾਂ ਵਾਲੀ ਕੀਰਤਨ ਲਹਿਰ ਦੀ ਨੀਂਹ ਰੱਖੀ।
ਸੰਗੀਤ ਅਧਿਆਪਨ ਦਾ ਕਾਰਜ ਆਪ ਨੇ ਮਾਲਵਾ ਸੈਂਟਰਲ ਕਾਲਿਜ ਆਫ਼ ਐਜੂਕੇਸ਼ਨ ਲੁਧਿਆਣਾ ਤੇ ਗੁਰੂ ਨਾਨਕ ਗਰਲਜ਼ ਕਾਲਿਜ ਲੁਧਿਆਣਾ ਵਿੱਚ ਮੁਖੀ ਸੰਗੀਤ ਵਿਭਾਗ ਵਜੋਂ ਲੰਮਾ ਸਮਾਂ ਕੀਤਾ। ਇਸ ਵਕਤ ਵੀ ਆਪ ਗੁਰਮਤਿ ਸੰਗੀਤ ਅਕਾਦਮੀ ਸ਼੍ਰੀ ਆਨੰਦਪੁਰ ਸਾਹਿਬ ਦੇ ਨਿਰਦੇਸ਼ਕ ਹਨ।
ਆਪ ਵੱਲੋਂ ਗੁਰਮਤਿ ਸੰਗੀਤ ਨਾਲ ਸਬੰਧਿਤ ਪੰਜ ਪੁਸਤਕਾਂ ਦਾ ਪ੍ਰਕਾਸ਼ਨ ਸ਼੍ਰੋਮਣੀ ਗੁਰਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਹੈ। ਪੰਜਾਬੀ ਵਿਦਵਾਨ ਪ੍ਰੋਃ ਪ੍ਰੀਤਮ ਸਿੰਘ ਪਟਿਆਲਾ ਦੀ ਪ੍ਰੇਰਨਾ ਨਾਲ ਉਨ੍ਹਾਂ ਕਲਮ ਅਜਮਾਈ ਸ਼ੁਰੂ ਕੀਤੀ। ਇਸ ਵੇਲੇ ਵੀ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਪ੍ਰਕਾਸ਼ਨ ਅਧੀਨ ਹਨ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਪ੍ਰੋਃ ਕਰਤਾਰ ਸਿੰਘ ਜੀ ਨੇ ਕਿਹਾ ਕਿ ਉਨ੍ਹਾਂ ਦੇ ਸਾਹਿੱਤਕ ਤੇ ਸਭਿਆਚਾਰਕ ਬੱਚਿਆਂ ਵੱਲੋਂ ਸਾਡੇ ਘਰ ਆ ਕੇ ਆਦਰ ਕਰਨਾ ਮੈਨੂੰ ਚੰਗਾ ਲੱਗਿਆ ਹੈ। ਉਨ੍ਹਾਂ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਮੇਰੇ ਲਈ ਅਰਦਾਸ ਕਰੋ ਕਿ ਮੈ ਗੁਰਬਾਣੀ ਸੰਗੀਤ ਦੇ ਅਧੂਰੇ ਪ੍ਰਾਜੈਕਟ ਨਿਰਵਿਘਨ ਸੰਪੂਰਨ ਕਰ ਸਕਾਂ।
ਸਃ ਡੀ ਐੱਮ ਸਿੰਘ ਨੇ ਕਿਹਾ ਕਿ ਪ੍ਰੋਃ ਕਰਤਾਰ ਸਿੰਘ ਕੌਮੀ ਅਮਾਨਤ ਵਰਗੀ ਵਡਮੁੱਲੀ ਸ਼ਖਸੀਅਤ ਹਨ ਜੋ ਏਨੀਆਂ ਪ੍ਰਾਪਤੀਆਂ ਦੇ ਬਾਵਜੂਦ ਨਿਮਰਤਾ ਦੇ ਪੁੰਜ ਹਨ।

Sunday 28 November 2021

ਸੁਰਿੰਦਰ ਗਿੱਲ ਜੈਪਾਲ ਸਮੇਤ ਹੋਰ ਲੇਖਕ ਲੇਖਿਕਾਵਾਂ ਵੀ ਸਰਗਰਮ ਰਹੇ ਰੈਲੀ ਵਿੱਚ

 ਅੰਦੋਲਨ, ਜਿੱਤ ਅਤੇ ਸੰਘਰਸ਼ ਦੇ ਨਾਲ  ਚੱਲੀ ਪੁਸਤਕ ਚਰਚਾ  

ਲੁਧਿਆਣਾ: 28 ਨਵੰਬਰ 2021: (ਸਾਹਿਤ ਸਕਰੀਨ ਟੀਮ)::

ਕਈ ਲੇਖਕ ਲੇਖਿਕਾਵਾਂ ਵੀ ਇਸ ਮੌਕੇ ਮੌਜੂਦ ਸਨ। ਇਸਤਰੀ ਸੰਗਠਨਾਂ ਅਤੇ ਲੋਕ ਪੱਖੀ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਸਰਗਰਮ ਰਹਿਣ ਵਾਲੀ ਲੇਖਿਕਾ ਸੁਰਿੰਦਰ ਗਿੱਲ ਜੈਪਾਲ ਵੀ ਇਸ ਮੌਕੇ ਪੂਰੀ ਤਰ੍ਹਾਂ ਸਰਗਰਮ ਨਜ਼ਰ ਆਏ। ਸਿਆਸੀ ਰੈਲੀਆਂ ਵਿੱਚ ਅਪਣੱਤ ਅਤੇ ਜਜ਼ਬਾਤ ਵੀ ਮਾਅਨੇ ਰੱਖਦੇ ਹਨ ਇਹ ਹੱਲ ਮੈਡਮ ਸੁਰਿੰਦਰ ਜੈਪਾਲ ਦੀ ਭੱਜ ਨੱਠ ਤੋਂ ਮਹਿਸੂਸ ਕੀਤੀ ਜਾ ਸਕਦੀ ਸੀ। 

ਉਹਨਾਂ ਆਪਣੀ ਕਿਤਾਬ "ਇੱਕ ਸਫ਼ਾ ਮੇਰਾ ਵੀ" ਦੀਆਂ ਕੁਝ ਕੁ ਕਾਪੀਆਂ ਵੀ ਇਕੱਠ ਵਿੱਚ ਆਏ ਲੇਖਕਾਂ ਅਤੇ ਪੱਤਰਕਾਰਾਂ ਨੂੰ ਭੇਂਟ ਕੀਤੀਆਂ। ਕਿਸਾਨ ਅੰਦੋਲਨ ਦੀ ਜਿੱਤ ਵੱਲ ਵਧੇ ਕਦਮਾਂ ਨੂੰ ਦੇਖਦਿਆਂ ਉਹਨਾਂ ਲੱਡੂ ਵੀ ਵੰਡੇ ਅਤੇ ਆਪਣੀ ਪੁਸਤਕ ਦੀਆਂ ਕਾਪੀਆਂ ਵੀ ਕੁਝ ਕੁ ਲੇਖਕਾਂ ਅਤੇ ਪੱਤਰਕਾਰਾਂ ਨੂੰ ਦਿੱਤੀਆਂ ਕਿਓਂਕਿ ਕਿਤਾਬਾਂ ਦੀ ਸੰਖਿਆ ਬਹੁਤ ਹੀ ਸੀਮਿਤ ਜਿਹੀ ਸੀ। ਇੱਕ ਕਾਪੀ ਉਹਨਾਂ ਸਾਹਿਤ ਸਕਰੀਨ ਲਾਇਬ੍ਰੇਰੀ ਲਈ ਵੀ ਭੇਂਟ ਕੀਤੀ। ਇਸ ਤਰ੍ਹਾਂ ਇਸ ਰੈਲੀ ਵਿੱਚ ਹੀ ਸਿਆਸੀ ਗੱਲਾਂ ਦੇ ਨਾਲ ਸਾਹਿਤਿਕ ਮਾਹੌਲ ਵੀ ਬਣਿਆ ਹੋਇਆ ਸੀ। ਇਸ ਮਾਹੌਲ ਨੂੰ ਉਸਾਰਨ ਅਤੇ ਮਜ਼ਬੂਤ ਬਣਾਉਣ ਵਿੱਚ ਪ੍ਰੋਫੈਸਰ ਜਗਮੋਹਨ ਸਿੰਘ, ਮਹੀਪਾਲ ਸਾਥੀ, ਰਮੇਸ਼ ਰਤਨ ਅਤੇ ਕੁਝ ਹੋਰ ਵੀ ਸਗਰਮ ਰਹੇ। ਪ੍ਰੋਫੈਸਰ ਜਗਮੋਹਨ ਹੁਰਾਂ ਨੇ ਯਾਦ ਦੁਆਇਆ ਕਿ ਅੱਜ 1924 ਵਾਲੇ ਭਗਤ ਸਿੰਘ ਨੂੰ ਲੱਭ ਕੇ ਲੋਕਾਂ ਵਿਚ ਲਿਆਉਣ ਦੀ ਲੋੜ ਹੈ। ਫਿਰ ਪਤਾ ਲੱਗੇਗਾ ਕਿ  ਉਸਨੇ 24 ਸਾਲਾਂ ਵਿੱਚ ਹੀ ਕਿੰਨਾ ਵੱਡਾ ਕਾਰਜ ਨੇਪਰੇ ਚਾੜ੍ਹ  ਲਿਆ ਸੀ। ਸੀਨੀਅਰ ਪੱਤਰਕਾਰ ਕਾਮਰੇਡ ਰਮੇਸ਼ ਕੌਸ਼ਲ ਅਤੇ ਸਤੀਸ਼ ਸਚਦੇਵਾ ਵੀ ਲੋਕਾਂ ਨਾਲ ਮਿਲਦਿਆਂ ਗਿਲਦਿਆਂ ਕਿਸਾਨ ਅੰਦੋਲਨ ਵਾਲੀ ਜਿੱਤ ਦੀਆਂ ਖਬਰਾਂ ਜੋਸ਼ੋ ਖਰੋਸ਼ ਨਾਲ ਸੁਣਦੇ ਸੁਣਾਉਂਦੇ ਰਹੇ। 

ਲੇਖਿਕਾ ਸੁਰਿੰਦਰ ਗਿੱਲ ਜੈਪਾਲ ਹੁਰਾਂ ਦੀ ਕਿਤਾਬ "ਇੱਕ ਸਫ਼ਾ ਮੇਰਾ ਵੀ" ਦੀ ਸਾਹਿਤਿਕ ਚਰਚਾ ਵੱਖਰੇ ਤੌਰ ਤੇ ਵੀ ਜਲਦੀ ਹੀ ਕੀਤੀ ਜਾਏਗੀ। ਇਸ ਕਿਤਾਬ ਵਿਚਲੀਆਂ ਕਵਿਤਾਵਾਂ ਜ਼ਮੀਨੀ ਹਕੀਕਤਾਂ ਦੀ ਗੱਲ ਕਰਦੀਆਂ ਹਨ ਪੂਰੀ ਤਰ੍ਹਾਂ ਬੇਲਿਹਾਜ਼ ਹੋ ਕੇ। ਸਿਆਸੀ ਸਾਜ਼ਿਸ਼ਾਂ ਨੂੰ ਬੇਨਕਾਬ ਕਰਦੀਆਂ ਹਨ ਬੜੀ ਹੀ ਬੇਬਾਕੀ ਨਾਲ ਪਰ ਪੂਰੀ ਤਰ੍ਹਾਂ ਸੱਭਿਅਕ ਰਹਿੰਦਿਆਂ। ਕਾਰਪੋਰੇਟੀ ਕਲਚਰ ਦੇ ਸਿੱਟੇ ਵੱਜੋਂ ਫੈਲੇ ਪ੍ਰਦੂਸ਼ਣ ਦਾ ਵੀ ਲੇਖਿਕਾ ਨੇ ਗੰਭੀਰ ਨੋਟਿਸ ਲਿਆ ਹੈ। ਫਿਲਹਾਲ ਕਿਤਾਬ ਦੀ ਸਿਰਫ ਇੱਕੋ ਕਵਿਤਾ ਦੀਆਂ ਸਿਰਫ ਚਾਰ ਕੁ  ਸਤਰਾਂ ਜੋ ਵਿੰਡੋ ਟੂ ਦ ਵਰਲਡ ਵਾਂਗ ਦਿਖਾਉਂਦੀਆਂ ਨੇ ਮੈਡਮ ਸੁਰਿੰਦਰ ਗਿੱਲ ਜੈਪਾਲ ਹੁਰਾਂ ਵੱਲੋਂ ਪਕੜੀ ਹੋਈ ਕਲਮ ਦੀ ਇੱਕ ਝਲਕ। 


ਬੋਤਲਾਂ  'ਚ  ਬੰਦ ਪੰਜ-ਆਬ ਰੋ ਪਿਆ!                                                                                                   ਦੁੱਖੜਾ ਤਾਂ ਦੱਸ, ਤੇਰਾ ਕੀ ਖੋ ਗਿਆ?

                              ਛੰਨਾਂ ਢਾਰਿਆਂ ਦੇ ਸੰਘ ਸੁੱਕੇ!                                                                                                                      ਅੱਖੀਆਂ ਵਿੱਚੋਂ ਅਥਰੂ ਮੁੱਕੇ! 

                           ਨੀਲਾ ਨੀਰ ਤਾਂ ਸੁਪਨਾ ਹੋਇਆ!                                                                                                                 ਇਸ ਸੁਪਨੇ ਨੂੰ ਕੀਹਨੇ ਕੋਹਿਆ?

                            ਲਹੂ ਤੋਂ ਮਹਿੰਗਾ ਨੀਰ ਵੇਖ ਕੇ!                                                                                                                  ਸੰਦਲੀ ਜਿਹੀ ਜ਼ਿੰਦਗੀ ਦਾ ਖ਼ਾਬ ਰੋ ਪਿਆ                                                                                                      ਬੋਤਲਾਂ  'ਚ  ਬੰਦ ਪੰਜ-ਆਬ ਰੋ ਪਿਆ!   

(ਪੁਸਤਕ  ਇੱਕ ਸਫ਼ਾ ਮੇਰਾ ਵੀ ਵਿੱਚੋਂ )


ਰੈਲੀ ਵਿੱਚ ਗੈਰ ਰਸਮੀ ਪੁਸਤਕ ਮੇਲਾ ਵੀ ਸੀ

ਸਿਹਤ ਦੀ ਖਰਾਬੀ ਦੇ ਬਾਵਜੂਦ ਡਟੇ ਹੋਏ ਸਨ ਬਜ਼ੁਰਗ ਪ੍ਰੀਤਮ ਸਿੰਘ ਦਰਦੀ 


ਲੁਧਿਆਣਾ
: 28 ਨਵੰਬਰ 2021: (ਰੈਕਟਰ ਕਥੂਰੀਆ//ਸਾਹਿਤ ਸਕਰੀਨ ਟੀਮ):: 

ਜੇ ਲੁਧਿਆਣਾ ਪਹੁੰਚ ਕੇ ਗਿੱਲ ਰੋਡ ਵਾਲੇ ਪਾਸਿਓਂ ਦਾਣਾ ਮੰਡੀ ਵਿੱਚ ਹੋ ਰਹੀ ਰੈਲੀ ਵਾਲੇ ਪੰਡਾਲ ਵੱਲ ਤੁਰੀਏ ਤਾਂ ਮਾਹੌਲ ਬਿਲਕੁਲ ਮੇਲੇ ਵਰਗਾ ਸੀ। ਤੜਕਸਾਰ ਸਵੇਰ ਸਵੇਰੇ ਦੂਰ ਦੁਰਾਡਿਓਂ ਤੁਰੇ ਲੋਕ ਆਪੋ ਆਪਣੀਆਂ ਬਸਾਂ, ਮਿੰਨੀ ਬਸਾਂ ਅਤੇ ਟੈਂਪੂ ਟਰਾਲੀਆਂ ਵਿੱਚੋਂ ਉਤਰ ਰਹੇ ਸਨ। ਫੁੱਟਪਾਥ ਤੇ ਬਣੀਆਂ ਚਾਹ ਵਾਲਿਆਂ ਛੋਟੀਆਂ ਛੋਟੀਆਂ ਦੁਕਾਨਾਂ ਅਤੇ ਰੇਹੜੀਆਂ ਵਾਲਿਆਂ ਦਾ ਕੰਮ ਅੱਜ ਵਾਹ ਵਾਹ ਚੱਲ ਪਿਆ ਸੀ। ਸੋਚ ਰਹੇ ਸਨ ਅਜਿਹੀ ਰੈਲੀ ਤਾਂ ਰੋਜ਼ ਹੋਵੇ। 

ਥੋਹੜਾ ਹੋਰ ਅੱਗੇ ਤੁਰੀਏ ਤਾਂ ਕਿਤਾਬਾਂ ਵਾਲੇ ਸਟਾਲ ਸਜੇ ਹੋਏ ਸਨ। ਵੱਖ ਵੱਖ ਸ਼ਹਿਰਾਂ ਤੋਂ, ਵੱਖ ਸੰਗਠਨਾਂ ਤੋਂ ਪਰ ਸੋਚ ਇੱਕੋ ਹੀ ਸੀ। ਲੋਕਾਂ ਵਿੱਚ ਚੇਤਨਾ ਜਗਾਉਣੀ। ਉਹਨਾਂ ਵਿੱਚ ਸੰਘਰਸ਼ਾਂ ਵਾਲੀ ਹਿੰਮਤ ਪੈਦਾ ਕਰਨੀ। ਉਹਨਾਂ ਨੂੰ ਲੁੱਟ ਖਸੁੱਟ ਅਤੇ ਸ਼ੋਸ਼ਣ ਦੇ ਖਿਲਾਫ ਜਾਗਰੂਕ ਕਰਨਾ। ਸਟਾਲਾਂ ਦੀ ਲਾਈਨ ਇਸ ਵਾਰ ਕਾਫੀ ਲੰਮੀ ਸੀ। ਭੀੜ ਵੀ ਕਾਫੀ ਸੀ। ਫੋਟੋ ਲੈਣ ਲਈ ਕੁਝ ਲੋਕਾਂ ਨੂੰ ਪਾਸੇ ਹਟਣ ਦੀ ਬੇਨਤੀ ਵੀ ਕਰਨੀ ਪਈ। 

ਇਹ ਇਕੱਠ ਇੱਕ ਤਰ੍ਹਾਂ ਨਾਲ ਲੋਕ ਸੱਭਿਆਚਾਰ ਵਾਲਾ ਗੈਰ ਰਸਮੀ ਪੁਸਤਕ ਮੇਲਾ ਵੀ ਸੀ ਜਿਸ ਵਿੱਚ ਪੂੰਜੀਵਾਦੀ ਢੰਗ ਤਰੀਕੇ ਨਹੀਂ ਸਨ ਨਾ ਹੀ ਉਸ ਤਰ੍ਹਾਂ ਦੀ ਕੋਈ ਸ਼ੋਸ਼ੇਬਾਜ਼ੀ ਸੀ ਪਰ ਪੁਸਤਕ ਪ੍ਰੇਮੀ ਇੱਕ ਦੂਜੇ ਨੂੰ ਮਿਲ ਵੀ ਰਹੇ ਸਨ ਅਤੇ ਕਿਤਾਬਾਂ ਵੀ ਖਰੀਦ ਕੇ ਭੇਂਟ ਕਰ ਰਹੇ ਸਨ। 

ਜਾਗ੍ਰਤੀ ਦਾ ਸੁਨੇਹਾ ਦਿਨ ਦੇਣ ਵਾਲੀਆਂ ਸ਼ਖਸੀਅਤਾਂ ਦੇ ਪੋਸਟਰ ਵੀ ਕਾਫੀ ਵਿਕੇ। ਇਹਨਾਂ ਵਿੱਚ ਧਰਮਾਂ ਨਾਲ ਸਬੰਧਤ ਕਿਤਾਬਾਂ ਵੀ ਸਨ ਅਤੇ ਵਿਗਿਆਨ ਨਾਲ ਸਬੰਧਤ ਕਿਤਾਬਾਂ ਵੀ। ਸਾਹਿਤ ਵੀ ਸੀ ਅਤੇ ਚਲੰਤ ਮਾਮਲਿਆਂ ਤੇ ਚਰਚਾ ਕਰਦੀਆਂ ਕਿਤਾਬਾਂ ਵਿਚ। ਆਪੋ ਆਪਣੀ ਜੇਬ ਦੀ ਹਾਲਤ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਕੁਝ ਕੁ ਕਿਤਾਬਾਂ ਸਸਤੀਆਂ ਵੀ ਸਨ ਅਤੇ ਕੁਝ ਕੁ ਮਹਿੰਗੀਆਂ ਵੀ ਸਨ। ਪੰਜਾਬ ਦੇ ਵੱਖ ਵੱਖ ਪਿੰਡਾਂ ਵਿੱਚ ਆਏ ਲੋਕਾਂ ਨੇ ਕੁਝ ਨ ਕੁਝ ਜ਼ਰੂਰ ਖਰੀਦਿਆ। ਸ਼ਰਾਬਾਂ ਦੀਆਂ ਬੋਤਲਾਂ ਅਤੇ ਮਠਿਆਈਆਂ ਦੇ ਡੱਬੇ ਗਿਫਟ ਕਰਨ ਦੀ ਥਾਂ ਕਿਤਾਬਾਂ ਦੀਆਂ ਸੌਗਾਤਾਂ ਲਈਆਂ ਦਿੱਤੀਆਂ ਗਈਆਂ। ਸੰਘਰਸ਼ ਨੂੰ ਜਾਰੀ ਰੱਖਣ ਲਈ ਇਹ ਜ਼ਰੂਰੀ ਵੀ ਹੈ। ਸੰਗਰਾਮ ਐਵੇਂ ਨਹੀਂ ਅਡੋਲ ਰਹਿੰਦੇ। ਵਿਚਾਰਾਂ ਦੀ ਸ਼ਕਤੀ ਨਾਲ ਇਹਨਾਂ ਸੰਗਰਾਮਾਂ ਨੂੰ ਲਗਾਤਾਰ ਮਜ਼ਬੂਤ ਕਰਨਾ ਪੈਂਦਾ ਹੈ। ਨਵੇਂ ਜੋੜਿਆਂ ਨੇ ਕਿਤਾਬਾਂ ਨਾਲ ਤਸਵੀਰਾਂ ਖਿਚਵਾਈਆਂ। ਆਪਣੇ ਕੁੱਛੜ ਚੁੱਕੇ ਬੱਚਿਆਂ ਦੇ ਹੱਥ ਵੀ ਕਿਤਾਬਾਂ ਪਕੜਾ ਕੇ ਫੋਟੋ ਖਿਚਵਾਈਆਂ। ਜਦ ਇਹ ਬੱਚੇ ਵੱਡੇ ਹੋਣਗੇ ਇਹ ਤਸਵੀਰਾਂ ਅੱਜ ਦੇ ਹਾਲਾਤ ਅਤੇ ਸੰਘਰਸ਼ਾਂ ਦੀ ਯਾਦ ਦੁਆਉਣ ਇਹਨਾਂ ਕਿਤਾਬਾਂ ਵਾਲੀਆਂ ਤਸਵੀਰਾਂ। 

ਇਹਨਾਂ ਸਟਾਲਾਂ ਵਿੱਚ ਬਜ਼ੁਰਗ ਲੇਖਕ ਪ੍ਰੀਤਮ ਸਿੰਘ ਦਰਦੀ ਹੁਰਾਂ ਦਾ ਸਟਾਲ ਵੀ ਸੀ। ਉਹ ਤਕਰੀਬਨ ਹਰ ਅਜਿਹੇ ਆਯੋਜਨ ਵਿੱਚ ਪੁੱਜਦੇ ਹਨ।  ਲੋਕਪੱਖੀ ਇਕੱਠ ਦੀ ਥਾਂ ਪੰਜਾਬੀ ਭਵਨ ਹੋਵੇ ਤੇ ਭਾਵੇਂ ਕੋਈ ਹੋਰ ਥਾਂ। ਉਹ ਹਰ ਵਾਰ ਚੜ੍ਹਦੀਕਲਾ ਵਿਚ ਮਿਲਦੇ ਹਨ। ਇਸ  ਵਾਰ ਉਹਨਾਂ ਦੀ ਸਿਹਤ ਕੁਝ ਢਿੱਲੀ ਨਜ਼ਰ ਆਈ ਤਾਂ ਚਿੰਤਾ ਜਿਹੀ ਹੋਈ। ਪੁੱਛਣ ਤੇ ਉਹਨਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਕੁਝ ਸਮੱਸਿਆ ਆ ਰਹੀ ਹੈ ਸਿਹਤ ਦੀ ਪਰ ਛੇਤੀ ਠੀਕ ਹੋ ਜਾਵੇਗੀ। ਆਪਾਂ ਅਜੇ ਸਟਰਗਲ ਕਰਨੀ ਹੈ -ਲੋਕ ਯੁੱਧ ਜਿੱਤਣੇ ਹਨ। ਉਹਨਾਂ ਨੂੰ ਕਿਹਾ ਆਪਣੇ ਪਸੰਦ ਕੋਈ ਕਿਤਾਬ ਕੋਈ ਹੱਥਾਂ ਵਿੱਚ ਲੋ ਤਾਂਕਿ ਫੋਟੋ ਖਿੱਚੀ ਜਾ ਸਕੇ। ਉਹਨਾਂ ਮਾਰਕਸਵਾਦ ਦੀ ਯਾਦ ਦੁਆਉਂਦਿਆਂ  ਇੱਕ ਕਿਤਾਬ ਚੁੱਕ ਲਈ ਜਿਸ ਤੇ ਕਾਰਲ ਮਾਰਕਸ ਦੀ ਤਸਵੀਰ ਸੀ। ਇਹ ਉਹਨਾਂ ਯੋਧਿਆਂ ਵਿੱਚੋਂ ਹਨ ਜਿਹਨਾਂ ਨੇ ਦਾਲ ਰੋਟੀ ਲਈ ਵੀ ਕਦੇ ਅਜਿਹਾ ਕਾਰੋਬਾਰ ਨਹੀਂ ਕੀਤਾ ਜਿਹੜਾ ਵਿਚਾਰਾਂ ਨਾਲ ਮੇਲ ਨਾ ਖਾਂਦਾ ਹੋਵੇ। ਦਾਲ ਰੋਟੀ ਲਈ ਕੀਤੀ ਜਾਣ ਵਾਲੀ ਇਸ ਕਿਰਤ ਕਮਾਈ ਦੇ ਨਾਲ ਵੀ ਇਹਨਾਂ ਨੇ ਮਾਰਕਸਵਾਦ ਦੇ ਗਿਆਨ ਦੀ ਰੌਸ਼ਨੀ ਵੰਡੀ ਹੈ। ਇਹਨਾਂ ਨੇ ਕਲਮ ਦੇ ਸਿਪਾਹੀਆਂ ਦੀਆਂ ਕੀਰਤਨ ਨੂੰ ਘਰ ਘਰ ਪਹੁੰਚਾਉਣ ਵਿਚ ਯੋਗਦਾਨ ਦਿੱਤਾ ਹੈ। 

ਦਿੱਲੀ ਨੂੰ ਫਿਰ ਜ਼ਫਰਨਾਮਾ ਲਿਖਿਆ ਜਾਣਾ ਚਾਹੀਦੈ

 28 ਵਾਲੀ ਲੁਧਿਆਣਾ ਰੈਲੀ ਵਿਚ ਗੂੰਜਿਆ ਰਸੂਲਪੁਰ ਦਾ ਜੱਥਾ


ਲੁਧਿਆਣਾ: 28  ਨਵੰਬਰ 2021: (ਸਾਹਿਤ ਸਕਰੀਨ ਟੀਮ)::

ਖੱਬੀਆਂ ਟਰੇਡ ਯੂਨੀਅਨਾਂ ਦੀ 28 ਵਾਲੀ ਲੁਧਿਆਣਾ ਰੈਲੀ ਅੱਜ ਪੂਰੇ ਜੋਸ਼ੋ ਖਰੋਸ਼ ਨਾਲ ਲੁਧਿਆਣਾ ਦੇ ਬਹੁਤ ਪੁਰਾਣੇ ਸਿਨੇਮਾ ਹਾਲਾਂ ਵਿੱਚੋਂ ਇੱਕ ਰਹੇ ਅਰੋੜਾ ਪੈਲੇਸ ਦੇ ਪਿਛੇ ਸਥਿਤ ਦਾਣਾ ਮੰਡੀ ਵਿੱਚ ਸ਼ੁਰੂ ਹੋਈ। ਰਸੂਲਪੁਰ ਦਾ ਕਵੀਸ਼ਰੀ ਜੱਥਾ ਅੱਜ ਆਰੰਭਿਕ ਦੌਰ ਵਿੱਚ ਹੀ ਪੂਰੀ ਤਰ੍ਹਾਂ ਛਾ ਗਿਆ। 

ਸੁਰ ਅਤੇ ਹੇਕ ਕਮਾਲ ਦੀ ਸੀ। ਮੌਜੂਦਾ ਦੌਰ ਦੀਆਂ ਸਥਿਤੀਆਂ ਦਾ ਕਾਵਿਕ ਵਿਸ਼ਲੇਸ਼ਣ ਕਰਦਿਆਂ ਜੱਥੇ ਦਾ ਗੀਤ ਬੜੀ ਦਿਲਚਸਪੀ ਨਾਲ ਸੁਣਿਆ ਜਾ ਰਿਹਾ ਸੀ ਜਿਸਦੀ ਪ੍ਰਮੁੱਖ ਸਤਰ ਸੀ: ਦਿੱਲੀ ਨੂੰਫਿਰ ਜ਼ਫਰਨਾਮਾ ਫਿਰ ਲਿਖਿਆ ਜਾਣਾ ਚਾਹੀਦੈ। ਸਰੋਤਿਆਂ ਵਿੱਚ ਇਹ ਗੀਤ ਆਖਿਰ ਤੱਕ ਬਹੁਤ ਹੀ ਪਿਆਰ ਨਾਲ ਸੁਣਿਆ ਗਿਆ। ਲੋਕਾਂ ਨੇ ਇਨਾਮਾਂ ਦੀ ਬਾਰਿਸ਼ ਹੀ ਲੈ ਆਂਦੀ। ਗੀਤ ਮੁੱਕਣ ਤੋਂ ਬਾਅਦ ਵੀ ਕਾਫੀ ਦੇਰ ਤੱਕ ਲੋਕ ਇਸ ਜੱਥੇ ਲਈ ਇਨਾਮ ਲੈ ਕੇ ਆਉਂਦੇ ਰਹੇ। ਇਸ ਸਿਆਸੀ ਰੈਲੀ ਵਿੱਚ ਸਾਹਿਤ ਅਤੇ ਕਲਾ ਨੇ ਆਪਣਾ ਬਹੁਤ ਰੰਗ ਬੰਨਿਆ। ਇਸ ਰੰਗ ਨੂੰ ਬੰਨਣ ਵਿੱਚ ਇਪਟਾ ਮੋਗਾ ਦੀ ਟੀਮ ਵੀ ਸਰਗਰਮ ਰਹੀ। 

ਰਣਜੀਤ ਸਿੰਘ ਹੁਰਾਂ ਨਾਲ ਸਬੰਧਤ ਇੱਕ ਹੋਰ ਲਿਖਤ ਪੜ੍ਹੋ ਇਥੇ ਕਲਿੱਕ ਕਰ ਕੇ 

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਅਤੇ ਡਾ. ਗੁਲਜ਼ਾਰ ਪੰਧੇਰ 

ਪੰਜਾਬੀ ਸਾਹਿਤ ਅਕਾਦਮੀ ਨਾਲ ਹੋਰ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ 

ਡਾ. ਲਖਵਿੰਦਰ ਜੌਹਲ ਬਣੇ ਪੰਜਾਬੀ ਸਾਹਿਤ ਐਕਡਮੀ ਦੇ ਬਿਨਾ ਮੁਕਾਬਲਾ ਪ੍ਰਧਾਨ

Saturday 27 November 2021

ਲੜਕੀਆਂ ਦੇ ਸਰਕਾਰੀ ਕਾਲਜ ਵਿਖੇ ਮਨਾਇਆ ਗਿਆ 'ਪੰਜਾਬੀ ਮਾਂਹ'

 ਪੋ੍ਫੈਸਰ ਇੰਦਰਪਾਲ ਸਿੰਘ ਸਨ ਮੁੱਖ ਮਹਿਮਾਨ 


ਲੁਧਿਆਣਾ
: 27 ਨਵੰਬਰ 2021 (ਸਾਹਿਤ ਸਕਰੀਨ ਬਿਊਰੋ)::

ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵਿਖੇ ਪੰਜਾਬੀ ਸਾਹਿਤ ਸਭਾ, ਪੰਜਾਬੀ ਵਿਭਾਗ ਵੱਲੋ ਮਾਂ ਬੋਲੀ ਪੰਜਾਬੀ ਨੂੰ ਪ੍ਫੁੱਲਤ ਕਰਨ ਲਈ 'ਪੰਜਾਬੀ ਮਾਂਹ' ਮਨਾਇਆ ਗਿਆ | ਜਿਸ ਤਹਿਤ ਵਿਦਿਆਰਥੀਆਂ ਨੂੰ ਵਿਸਰ ਰਹੀ  ਪੰਜਾਬੀ ਮਾਂ ਬੋਲੀ ਪ੍ਤੀ ਸੁਚੇਤ ਅਤੇ ਮਹੱਤਤਾ ਤੋਂ ਜਾਣ¨ ਕਰਵਾਉਣ ਲਈ ਪੇਪਰ ਰੀਡਿੰਗ  ਅਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ ਗਏ ਤਾਂ ਜੋ ਅਜੋਕੇ ਵਿਦਿਆਰਥੀ ਆਪਣੀ ਮਾਂ ਬੋਲੀ ਦੇ ਨਿੱਘ ਨੂੰ ਮਾਣ ਸਕਣ। ਪੋ੍ਫੈਸਰ ਇੰਦਰਪਾਲ ਸਿੰਘ, ਜੋ ਕਿ ਪੰਜਾਬੀ  ਭਾਸ਼ਾ ਪਾਸਾਰ ਭਾਈਚਾਰਾ ਫਾਉਂਨਡੇਸ਼ਨ (ਕੈਨੇਡਾ) ਨਾਲ ਜੁੜੇ ਹੋਏ ਹਨ, ਨੇ ਬਤੌਰ ਮੁੱਖ ਮਹਿਮਾਨ ਅਤੇ ਇਹਨਾਂ ਮੁਕਾਬਲਿਆਂ ਦੇ ਨਿਰਨਾਇਕ ਵਜੋਂ ਭੂਮਿਕਾ ਨਿਭਾਈ। ਪੇਪਰ ਰੀਡਿੰਗ ਮੁਕਾਬਲੇ ਵਿੱਚ ਮਨਵੀਰ ਕੌਰ, ਜਸਪੀ੍ਤ ਕੌਰ ਅਤੇ ਨੀਸ਼ਾ ਨੇ ਕ੍ਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਅਤੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਦਮਨਪੀ੍ਤ ਕੌਰ, ਮਨਵੀਰ ਕੌਰ, ਮੁਸਕਾਨ ਸ਼ਰਮਾ ਕ੍ਮਵਾਰ ਪਹਿਲਾ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਕਾਲਜ ਦੀ ਵਾਈਸ ਪ੍ਰਿੰਸੀਪਲ ਸ਼ੀ੍ਮਤੀ ਕਿਰਪਾਲ ਕੌਰ ਨੇ ਜੇਤੂ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਪ੍ਰਸੰਸਾ ਕਰਦਿਆਂ, ਪੰਜਾਬੀ  ਭਾਸ਼ਾ ਦੇ ਪਾਸਾਰ ਲਈ ਯਤਨਸ਼ੀਲ ਰਹਿਣ ਦੀ ਪੇ੍ਰਨਾ ਵੀ ਦਿੱਤੀ। ਪੰਜਾਬੀ ਵਿਭਾਗ ਦੇ ਮੁਖੀ ਡਾ. ਸ਼ਰਨਜੀਤ ਕੌਰ ਪਰਮਾਰ ਨੇ ਆਏ ਹੋਏ ਮੁੱਖ ਮਹਿਮਾਨ ਦਾ ਰਸਮੀ ਤੌਰ ਤੇ ਧੰਨਵਾਦ ਕੀਤਾ| ਇਸ ਮੌਕੇ ਤੇ ਪੰਜਾਬੀ  ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਨੇ ਸ਼ਮੂਲੀਅਤ ਕੀਤੀ। 


Saturday 20 November 2021

‘ਇਸ਼ਕ ਮਿਜਾਜੀ ਤੋਂ ਇਸ਼ਕ ਹਕੀਕੀ ਵੱਲ’ ਲੋਕ ਅਰਪਣ

 19th November 2021 at 4:51 PM

ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਵੱਲੋਂ ਕੀਤਾ ਗਿਆ ਵਿਸ਼ੇਸ਼ ਆਯੋਜਨ 

ਚੰਡੀਗੜ: 19 ਨਵੰਬਰ 2021: (ਪ੍ਰੀਤਮ ਲੁਧਿਆਣਵੀ//ਸਾਹਿਤ ਸਕਰੀਨ)::

ਅੰਮ੍ਰਿਤਸਰ ਦੀ ਧਰਤੀ ਕਲਮ ਦੀ ਦੁਨੀਆ ਨੂੰ ਪ੍ਰਫੁੱਲਿਤ ਕਰਨ ਵਾਲੀ ਧਰਤੀ ਰਹੀ ਹੈ। ਬਹੁਤ ਸਾਰੇ ਨਾਮਵਰ ਲੇਖਕਾਂ ਨੇ ਇਥੇ ਹੀ ਯਾਦਗਾਰੀ ਰਚਨਾਵਾਂ ਰਚੀਆਂ ਅਤੇ ਬਹੁਤ ਸਾਰੀਆਂ ਪ੍ਰਕਾਸ਼ਨਾਵਾਂ ਵੀ ਹੋਈਆਂ। ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਥੇ ਬਹੁਤ ਕੁਝ ਲਿਖਿਆ ਗਿਆ ਅਤੇ ਬਹੁਤ ਕੁਝ ਪ੍ਰਕਾਸ਼ਿਤ ਵੀ ਹੋਇਆ। 

ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਪੰਜਾਬ (ਰਜਿ) ਵੱਲੋਂ ਗੁਰੂ ਨਾਨਕ ਦੇਵ ਜੀ ਦੇ 552-ਵੇਂ ਪ੍ਰਕਾਸ਼ ਉਸਤਵ ’ਤੇ ਆਪਣਾ ਪਲੇਠਾ ਸਾਝਾਂ ਕਾਵਿ ਸੰਗ੍ਰਹਿ,‘ਇਸ਼ਕ ਮਿਜਾਜੀ ਤੋਂ ਇਸ਼ਕ ਹਕੀਕੀ ਵੱਲ’ ਲੋਕ ਅਰਪਣ ਕੀਤਾ ਗਿਆ। ਇਸ ਕਾਵਿ ਸੰਗ੍ਰਹਿ ਦੇ ਮੁੱਖ ਸੰਪਾਦਕ ਸਭਾ ਦੇ ਚੇਅਰਮੈਨ ਤੇ ਸੰਸਥਾਪਕ ਗੁਰਵੇਲ ਕੋਹਾਲਵੀ ਅਤੇ ਸਹਿ ਸੰਪਾਦਕ ਇੰਦਰਬੀਰ ਸਰਾਂ ਅਤੇ ਜਸਵਿੰਦਰ ਕੌਰ ਅੰਮ੍ਰਿਤਸਰ ਹਨ। ਕਾਵਿ- ਸੰਗ੍ਰਹਿ ਵਿੱਚ ਸ਼ਾਮਲ ਦੇਸ਼ ਵਿਦੇਸ ਦੇ 40 ਕਵੀਆਂ ਦੀਆਂ ਰਚਨਾਵਾਂ ਹਨ। ਇਹ ਕਾਵਿ ਸੰਗ੍ਰਹਿ ਇੱਕ ਖੂਬਸੂਰਤ ਗੁਲਦਸਤੇ ਵਾਂਗ ਹੈ। ਰਚਨਾਵਾਂ ਦੇ ਵਿਸ਼ਿਆਂ ਵਿੱਚ ਬੜੀ ਵੰਨ-ਸੁਵੰਨਤਾ ਹੈ। ਪਿਆਰ, ਮੁਹੱਬਤ, ਇਸ਼ਕ, ਰਾਜਨੀਤਕ, ਆਰਥਿਕ, ਸੱਭਿਆਚਾਰ, ਗੱਲ ਕੀ, ਜੀਵਨ ਦੇ ਹਰ ਖੇਤਰ ਨੂੰ ਛੂਹਦੀਆਂ ਦਿਲ ਟੁੰਬਦੀਆਂ ਕਵਿਤਾਵਾਂ ਦੀ ਜੜਤ ਹੈ ਇਹ ਪੁਸਤਕ। 

 ਪ੍ਰੈਸ ਨਾਲ ਗੱਲਬਾਤ ਕਰਦਿਆਂ ਸਹਿ ਸੰਪਾਦਕ, ਜਸਵਿੰਦਰ ਕੌਰ, ਅੰਮ੍ਰਿਤਸਰ  ਨੇ ਕਿਹਾ, ‘‘ਮੈਨੂੰ ਮਾਣ ਹੈ ਕਿ ਮੈਂ ਵੀ ਇਸ ਪੁਸਤਕ ਦਾ ਹਿੱਸਾ ਹਾਂ। ਇਸ ਪੁਸਤਕ ਵਿੱਚ ਸਹਿ- ਸੰਪਾਦਕ ਵਜੋਂ ਸ਼ਾਮਲ ਕਰਨ ਲਈ ਕੋਹਾਲਵੀ ਸਾਹਿਬ ਦਾ ਸ਼ੁਕਰਾਨਾ।’’   ਇਸ ਮੌਕੇ ਗੁਰਵੇਲ ਕੋਹਾਲਵੀ ਨੇ ਕਿਹਾ, ‘‘ਮੈਂ ਪੁਸਤਕ ਵਿੱਚ ਸ਼ਾਮਲ ਕਵੀਆਂ ਅਤੇ ਉਨਾਂ ਦੋਸਤਾਂ ਦਾ ਸ਼ੁਕਰਗੁਜਾਰ ਹਾਂ ਜਿਨਾਂ ਦੀ ਰਹਿਨੁਮਾਈ ਤੇ ਮਾਰਗ ਦਰਸ਼ਨ ਦੀ ਬਦੌਲਤ ਮੈਨੂੰ ਪੰਜਾਬੀ ਮਾਂ ਬੋਲੀ ਦੀ ਤਿਲ ਫੁੱਲ ਸੇਵਾ ਕਰਨ ਦਾ ਸੁਭਾਗ ਮਿਲਿਆ ਹੈ। ਆਸ ਹੈ ਕਿ ਇਹ ਪੁਸਤਕ ਪੰਜਾਬੀ ਸਾਹਿਤ ਦੀ ਝੋਲੀ ਨੂੰ ਸਰਸ਼ਾਰ ਕਰਦੀ ਹੋਈ ਪਾਠਕਾਂ ਲਈ ਚਾਨਣ ਮੁਨਾਰਾ ਸਾਬਿਤ ਹੋਵੇਗੀ।’’

Thursday 18 November 2021

ਸਾਜ਼ਿਸ਼ੀ ਧੁੰਦ ਨੂੰ ਚੀਰਦੀ ਲਿਖਤ ਜਿਹੜੀ ਤੁਹਾਨੂੰ ਹੁਣੇ ਤੋਂ ਬਦਲ ਸਕਦੀ ਹੈ

ਕੀ ਤੁਹਾਨੂੰ ਪਤਾ ਹੈ ਤੁਹਾਨੂੰ ਕਿਸ ਕਿਸ ਨੇ ਘੇਰਿਆ ਹੋਇਆ ਹੈ?

ਚਾਰ ਚੁਫੇਰੇ ਸੂਚਨਾ ਹੀ ਸੂਚਨਾ 
ਲੁਧਿਆਣਾ//ਖਰੜ//ਮੋਹਾਲੀ:18 ਨਵੰਬਰ 2021: (ਸਾਹਿਤ ਸਕਰੀਨ ਡੈਸਕ)::

ਲੇਖਕ ਵੀ ਬਹੁਤ ਹਨ। ਅਨੁਵਾਦਕ ਵੀ ਬਹੁਤ ਹਨ। ਲਿਖਿਆ ਵੀ ਬਹੁਤ ਕੁਝ ਜਾ ਰਿਹਾ ਹੈ। ਛਪ ਵੀ ਬਹੁਤ ਕੁਝ ਰਿਹਾ ਹੈ। ਸ਼ਾਇਦ ਕੋਈ ਗਿਣਤੀ ਸੰਭਵ ਹੀ ਨਹੀਂ। ਫਿਰ ਵੀ ਕਿੰਨੀਆਂ ਕੁ ਲਿਖਤਾਂ ਹਨ--ਕਿੰਨੀਆਂ ਕੁ ਕਿਤਾਬਾਂ ਹਨ ਜਿਹਨਾਂ ਨੇ ਪੜ੍ਹਨ ਵਾਲਿਆਂ ਨੂੰ ਹਲੂਣਾ ਦਿੱਤਾ ਹੋਵੇ? ਉਹਨਾਂ ਵਿੱਚ ਇਹਨਾਂ ਲਿਖਤਾਂ ਨੇ ਕੁਝ ਨਾ ਕੁਝ ਚੇਤਨਾ ਵਰਗਾ ਜਗਾਇਆ ਹੋਵੇ? ਫੈਲੇ ਅਤੇ ਫੈਲਾਏ ਜਾ ਰਹੇ ਇਸ ਗਿਆਨ ਦੀ ਧੁੰਦ ਵਿੱਚ ਕਿਸੇ ਲਿਖਤ ਜਾਂ ਕਿਸੇ ਕਿਤਾਬ ਨੇ ਕੋਈ ਰਸਤਾ ਦਿਖਾਇਆ ਹੋਵੇ? ਅੱਜ ਅਸੀਂ ਦੇ ਰਹੇ ਹਾਂ ਰਜਨੀਸ਼ ਜੱਸ ਹੁਰਾਂ ਦੀ ਇੱਕ ਲਿਖਤ ਉਹਨਾਂ ਦੇ ਹੀ ਬਲਾਗ ਤੋਂ ਧੰਨਵਾਦ ਸਹਿਤ। --ਰੈਕਟਰ ਕਥੂਰੀਆ 


ਜਦੋਂ ਸਿਨੇਮਾ ਦੀ ਖੋਜ ਹੋਈ ਤਾਂ
ਐਲਡਸ ਹਕਸਲੇ ਨੇ ਕਿਹਾ, "ਆਦਮੀ ਦੀ ਸੋਚ ਨੂੰ ਖਤਮ ਕਰਨ ਵਾਲਾ ਪਹਿਲਾ ਯੰਤਰ ਹੋਂਦ ਚ ਆ ਗਿਆ ਹੈ।"

ਫਿਰ ਰੇਡੀਓ ਦੀ ਖੋਜ ਹੋਈ ਤਾਂ ਉਸਨੇ ਕਿਹਾ, ਦੂਜਾ ਯੰਤਰ ਤੇ ਟੀਵੀ ਦੀ ਖੋਜ ਤੇ ਕਿਹਾ ਇਹ ਤੀਜਾ ਯੰਤਰ ਹੈ ਆਦਮੀ ਦੀ ਖੋਜ ਨੂੰ ਖਤਮ ਕਰਨ ਵਾਲਾ। 

ਇਹ ਸਭ ਗੱਲਾਂ ਲਿਖਣ ਵਾਲੇ ਐਲਡਸ ਹਕਸਲੇ ਨੇ ਇਕ ਨਾਵਲ ਲਿਖਿਆਂ "ਨਵਾਂ ਤਕੜਾ ਸੰਸਾਰ"

ਲੇਖਕ ਰਜਨੀਸ਼ ਜੱਸ 
ਮੈਂ ਇਹ ਨਾਵਲ ਸਤਾਰਾਂ ਕੁ ਸਾਲ ਦੀ ਉਮਰ ਚ ਪੜ੍ਹ ਲਿਆ ਸੀ। ਇਸਦਾ ਮੇਰੇ ਤੇ ਇੰਨਾ ਪ੍ਰਭਾਵ ਪਿਆ ਕਿ ਮੈਂ ਕਈ ਦਿਨ ਤੱਕ ਟੀਵੀ ਨਹੀਂ ਵੇਖਿਆ।

ਹੁਣ ਤਾਂ ਮੋਬਾਇਲ ਆ ਗਿਆ ਹੈ ਜਿਸ ਵਿਚ ਹਰ ਘੜੀ ਸੰਸਾਰ ਚ ਕੀ ਵਾਪਰ ਰਿਹਾ ਉਹ ਅਸੀਂ ਜਾਣ ਰਹੇ ਹਾਂ। ਜੋ ਸਾਡੀ ਲੋੜ ਵੀ ਨਹੀਂ ਉਹ ਵੀ ਅਸੀਂ ਗ੍ਰਹਿਣ ਕਰ ਰਹੇ ਹਾਂ ।

ਕਿਸੇ ਨੇ ਕਿਹਾ ਹੈ, ਜਦ ਵੀ ਕੋਈ ਨਵੀਂ ਖੋਜ ਹੁੰਦੀ ਹੈ, ਉਸਦਾ ਸਭ ਤੋਂ ਪਹਿਲਾਂ ਫਾਇਦਾ ਸ਼ੈਤਾਨ ਉਠਾਉਂਦਾ ਹੈ।

ਓਸ਼ੋ ਟਾਇਮਜ਼ ਚ ਲਿਖਿਆ ਹੋਇਆ ਸੀ, ਅਸੀਂ ਲਗਭਗ 400 ਗੁਣਾ ਜਿਆਦਾ ਇਨਫਰਮੇਸ਼ਨ ਲੈ ਰਹੇ ਹਾਂ , ਜੋ ਸਾਨੂੰ ਥਕਾ ਦੇ ਰਹੀ ਹੈ। 

ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕੇ ਇਹ ਟੀਵੀ ਵਗੈਰਾ ਜੋ ਸਾਧਨ ਨੇ ਇਹਨਾਂ ਦਾ ਮੁੱਖ ਕੰਮ ਉਸ ਵਿਚ ਆਉਣ ਵਾਲੀਆਂ ਮਸ਼ੂਰੀਆਂ ਨੇ, ਜਿਹਨਾਂ ਨਾਲ ਇਹ ਕਾਰਪੋਰੇਟ ਸੰਸਾਰ ਚੱਲਦਾ ਹੈ। 

ਉਹਨਾਂ ਦਾ ਬਸ ਚੱਲੇ ਤਾਂ ਉਹ ਸਰਾ ਦਿਨ ਮਸ਼ੂਰੀਆਂ ਹੀ ਦੇਣ।

ਕਿਸੇ ਨੇ ਕਿਹਾ ਹੈ,

If the product is free, then you are the product.

ਮੈਂ ਇੱਕ ਵਾਰ ਇੱਕ ਸੰਗੀਤ ਦੇ ਬਹੁਤ ਵੱਡੇ ਕਲਾਕਾਰ ਨੂੰ ਪੁੱਛਿਆ, ਕੇਬਲ ਟੀਵੀ ਤੇ ਇੰਨੇ ਚੈਨਲ ਨੇ , ਇਸ ਵਿੱਚ ਭਾਰਤੀ ਸ਼ਾਸਤਰੀ ਸੰਗੀਤ ਦਾ ਇੱਕ ਚੈਨਲ ਕਿਉਂ ਨਹੀਂ, ਜਿਸ ਨਾਲ ਲੋਕ ਕਲਾ ਨਾਲ ਜੁਡ਼ਕੇ ਮਨ ਦੀ ਸ਼ਾਂਤੀ ਪਾ ਸਕਣ?"

ਤਾਂ ਉਹਨਾਂ ਜਵਾਬ ਦਿੱਤਾ, "ਤੈਨੂੰ ਪਤਾ ਹੋਣਾ ਚਾਹੀਦਾ ਹੈ ਜਿਹਨਾਂ ਲੋਕਾਂ ਦੇ ਹੱਥ ਮੀਡੀਆ ਹੈ ਉਹ ਆਪਣੇ ਨਫੇ ਲਈ ਸਾਰਾ ਕੰਮ ਕਰਦੇ ਨੇ, ਇਸ ਵਿਚ ਕੀ ਨਫਾ ਹੋਵੇਗਾ? ਉਹ ਕਦੇ ਨਹੀਂ ਚਲਾਉਣਗੇ ਇਹ!"

ਅਸੀਂ ਟੀਵੀ ਵੇਖਦੇ ਹਾਂ, ਇਸ ਲਈ ਉਹ ਕੁਝ ਪ੍ਰੋਗਰਾਮ ਦਿੰਦੇ ਨੇ, ਜਿਵੇ ਸੱਸ ਬਹੁ ਦੇ ਸੀਰੀਅਲ, ਹੈਰਾਨੀ ਸਸਪੇਂਸ ਵਾਲੇ, ਕਦੇ ਕਦੇ ਕੁਝ ਚੰਗੇ ਪ੍ਰੋਗਰਾਮ ਵੀ ਆਉਂਦੇ ਨੇ। 

ਪਰ ਕਦੇ ਅਜਿਹੇ ਨਹੀਂ ਜਿਸ ਨਾਲ ਲੋਕਾਂ ਦੀ ਸੋਚਣ ਸਮਝਣ ਦੀ ਸ਼ਕਤੀ ਵਧੇ। 

ਸ਼ਾਇਦ ਇਸੇ ਕਰਕੇ ਇਸਨੂੰ ਬੁੱਧੁ ਬਕਸਾ (Idiot Box) ਕਿਹਾ ਜਾਂਦਾ ਹੈ। 

ਅਸਲੀ ਕੰਮ ਬਾਰ ਬਾਰ ਪ੍ਰੋਡਕਟ ਦੀ ਐਡ ਕਰਕੇ ਸਾਨੂੰ ਹਿਪਨੋਟਾਈਜ਼ ਕੀਤਾ ਜਾਂਦਾ ਹੈ। ਜਦ ਅਸੀਂ ਬਜਾਰ ਜਾਂਦੇ ਹਾਂ ਤਾਂ ਉਹੀ ਪ੍ਰੋਡਕਟ ਮੰਗਦੇ ਹਾਂ ਹਲਾਂਕਿ ਹੋਰ ਵੀ ਵਧੀਆ ਪ੍ਰੋਡਕਟ ਮਾਰਕਿਟ ਚ ਹੁੰਦੇ ਨੇ। ਇਸ ਨਾਲ ਉਹਨਾਂ ਦਾ ਵਪਾਰ ਵਧਦਾ ਹੈ।

ਇਸ ਨਾਲ ਸਾਮੂਹਿਕ ਸੰਮੋਹਨ ਹੁੰਦਾ ਹੈ ਲੋਕਾਂ ਨੂੰ ਇਕ ਭੀੜ ਵਾਂਙ  ਭੇਡਾਂ ਵਾਂਙ ਹੱਕਿਆ ਜਾਂਦਾ ਹੈ।

ਇਹ ਸਭ ਕੁਝ ਪਹਿਲਾਂ ਹੀ ਤੈਅ ਹੁੰਦਾ ਹੈ ਕਿ ਕਿਸ ਦੇਸ਼ ਦੀ ਸੁੰਦਰੀ ਨੂੰ ਇਸ ਬਾਰ ਵਿਸ਼ਵ ਸੁੰਦਰੀ ਚੁਣਿਆ ਜਾਵੇਗਾ ਕਿਉਕਿਂ ਉਹ ਉਹਨਾਂ ਦੀ ਕੰਪਨੀ ਦੇ ਪ੍ਰੋਡਕਟਾਂ ਦੀ ਐਡ ਕਰੇਗੀ, ਜਿਸ ਤੋਂ ਉਹਨਾਂ ਨੂੰ ਲੱਖਾਂ ਡਾਲਰਾਂ ਦਾ ਫਾਇਦਾ ਹੋਵੇਗਾ। 

ਲੋਕਾਂ ਦਾ ਘਰੇਲੂ ਉਦਯੋਗ ਬੰਦ ਕਰਾਇਆ ਜਾਵੇਗਾ ਤਾਂ ਜੋ ਉਹ ਕਾਰਪੋਰੇਟ ਸੈਕਟਰ ਚ ਕੰਮ ਕਰਨ।

ਅਸੀਂ ਹਾਲੀਵੁੱਡ ਦੀਆਂ ਫਿਲਮਾਂ ਵੇਖਦੇ ਹਾਂ ਜਿਸ ਵਿੱਚ ਵਿਖਾਇਆ ਜਾਂਦਾ ਹੈ ਕਿਵੇਂ ਬਿਮਾਰੀਆਂ ਫੈਲਾਈਆਂ ਜਾਂਦੀਆਂ ਨੇ, ਕਿਵੇੰ ਇਹ ਵਪਾਰ ਚਲਾਉਣ ਵਾਲੇ ਲੋਕਾਂ ਦੀ ਜਾਨ ਨਾਲ ਖੇਲਦੇ ਨੇ।

ਆਓ ਮੁੜਦੇ ਹਾਂ ਨਾਵਲ ਵੱਲ। ਇਸ ਦੀ ਸ਼ੁਰੂਆਤ ਹੁੰਦੀ ਹੈ ਕੇ ਇਲ ਸ਼ਹਿਰ ਚ ਓਕ ਲੈਬੋਰਟਰੀ ਹੈ ਜਿਥੇ ਬੱਚੇ ਪੈਦਾ ਕੀਤੇ ਜਾ ਰਹੇ ਨੇ ਤੇ ਉਹਨਾਂ ਦੀ ਕੰਡਿਸ਼ਨਿੰਗ ਕੀਤੀ ਜਾ ਰਹੀ ਹੈ ਕਿ ਉਹ ਮਜ਼ਦੂਰ ਬਣਨਗੇ ਜਾਂ ਕੂਝ ਹੋਰ। 

ਸ਼ਹਿਰ ਚ ਕੰਮ ਕਰਨ ਲਈ ਇੱਕ ਲੇਬਰ ਕਲਾਸ ਹੈ, ਇਕ ਸੁਪਰਵਾਈਜ਼ਰ, ਇਕ ਮੈਨੈਜਰ,ਤੇ ਓਹਨਾ ਉੱਪਰ ਇਕ ਹੋਰ। 

ਇਸਨੂੰ ਇਕ ਕਾਰਪੋਰੇਟ ਸੈਕਟਰ ਚਲਾ ਰਿਹਾ ਹੈ। ਲੋਕਾਂ ਨੂੰ ਹਸਪਤਾਲਾਂ ਚੋ ਮੁਫ਼ਤ ਸੋਮਾ ਨਾਮ ਦੀ ਦਵਾਈ ਦਿਤੀ ਜਾਂਦੀ ਹੈ।

ਜੇ ਕੋਈ ਸੁਪਰਵਾਈਜ਼ਰ ਕਿਸੇ ਮਜ਼ਦੂਰ ਦੇ ਥੱਪੜ ਮਾਰ ਦੇਵੇ ਤਾਂ ਉਹ ਰੋਸ ਨਹੀਂ ਕਰ ਸਕਦਾ ਕਿਓਂਕਿ ਵਿਰੋਧ ਓਹਨਾ ਦੇ ਦਿਮਾਗ ਚ ਹੀ ਨਹੀਂ ਆਉਂਦਾ।

ਇਹ ਸਭ ਉਹਨਾਂ ਦੇ ਪੈਦਾ ਹੋਣ ਵੇਲੇ ਹੀ ਕੰਡਿਸ਼ਨਿੰਗ ਕਰ ਦਿੱਤੀ ਗਈ ਹੈ।

ਉਹ ਖੁਸ਼ ਹੋਣ ਲਈ, ਸੌਣ ਲਈ,,,,ਤੇ ਹਰ ਕੰਮ ਲ ਈ ਇੱਕ ਦਵਾਈ ਤੇ ਨਿਰਭਰ ਨੇ ਜੋ ਹਸਪਤਾਲਾਂ ਚੋ ਮੁਫ਼ਤ ਮਿਲਦੀ ਹੈ।

ਇਕ ਬੰਦਾ ਜੋ ਸ਼ਹਿਰ ਚ ਨਵਾਂ ਆਉਂਦਾ ਹੈ ਉਹ ਇਹ ਸਭ ਵੇਖਕੇ ਹੈਰਾਨ ਹੁੰਦਾ ਹੈ। ਉਹ ਡਾਕਟਰਾਂ ਨਾਲ ਬਹਿਸ ਕਰਦਾ ਹੈ।

ਉਹ ਕਹਿੰਦਾ ਹੈ ਜੇ ਲੋਕ ਮਹਿਸੂਸ ਨਹੀਂ ਕਰਦੇ ਤਾਂ ਇਹ ਗ਼ਲਤ ਹੈ ਉਹ ਤਾਂ ਮਸ਼ੀਨਾਂ ਵਰਗੇ ਹੋ ਗਏ ਨੇ । ਡਾਕਟਰ ਕਹਿੰਦੇ ਨੇ, ਇਸ ਨਾਲ ਸ਼ਹਿਰ ਚ ਸ਼ਾਂਤੀ ਰਹੇਗੀ।

 ਉਹ ਬੰਦਾ ਕਹਿੰਦਾ ਹੈ ਇਹ ਤਾਂ ਫਿਰ ਮੁਰਦਾ ਸ਼ਾਂਤੀ ਹੈ। 

ਫਿਰ ਕਾਰਪੋਰੇਟ ਸੰਸਾਰ ਨੂੰ ਪਤਾ ਲੱਗਦਾ  ਹੈ ਤਾਂ ਉਹ ਡਾਕਟਰਾਂ ਨੂੰ ਧਮਕੀ ਦਿੰਦੇ ਨੇ ਜੇ ਉਹ ਇਸ ਬੰਦੇ ਦੀਆਂ ਗੱਲਾਂ ਚ ਆਏ ਤਾ ਓਹਨਾ ਦੀਆਂ ਸਾਰੀਆਂ ਸਹੂਲਤਾਂ ਬੰਦ ਕਰ ਦਿੱਤੀਆਂ ਜਾਣਗੀਆਂ।

ਫਿਰ ਉਹ ਬੰਦਾ ਵੀ ਇਸੇ ਸਿਸਟਮ ਹੇਠ ਮਾਰਿਆ ਜਾਂਦਾ  ਹੈ।

ਐਲਡਸ ਹਕਸਲੇ ਇਸ ਕਾਰਪੋਰੇਟ ਸੈਕਟਰ ਦੇ ਖਿਲਾਫ ਵੀ ਬਹੁਤ ਬੋਲਿਆ ਜਿਸ ਕਰਕੇ ਉਹ ਓਹਨਾ ਦੀਆਂ ਅੱਖਾਂ ਚ ਬਹੁਤ ਚੁੱਭਦਾ ਰਿਹਾ।

ਹੁਣ ਇਹ ਸਾਡੀ ਸਮਝਦਾਰੀ ਹੈ ਕੇ ਅਸੀਂ ਆਪਣੀ ਅਕਲ ਨਾਲ ਇਹਨਾਂ ਸਾਧਨਾਂ ਦਾ ਇਸਤੇਮਾਲ ਕਰੀਏ। 

ਕਿਤਾਬਾਂ ਪੜ੍ਹੀਏ , ਇਸਦਾ ਸਾਰਾ ਇਸਤੇਮਾਲ ਸਾਡੇ ਦਿਮਾਗ ਨੂੰ ਗੁਲਾਮ ਬਣਾਉਂਦਾ ਹੈ।

ਅਸੀਂ ਆਪਣੀ ਸੱਭਿਅਤਾ, ਆਪਣਾ ਪਹਿਰਾਵਾ, ਆਪਣੀ ਬੋਲੀ, ਆਪਣੀਆਂ ਕਿਤਾਬਾਂ ਨੂੰ ਸਾਂਭ ਕੇ ਰੱਖੀਏ।

ਸਾਡੇ ਕੋਲ ਮਹਾਤਮਾ ਬੁੱਧ, ਮਹਾਂਵੀਰ, ਕ੍ਰਿਸ਼ਨ, ਕਬੀਰ, ਮੀਰਾਂ ...... ਨੇ। ਅਸੀਂ ਆਪਣੇ ਇਸ ਅਣਮੋਲ ਖਜ਼ਾਨੇ ਦਾ ਫਾਇਦਾ ਲਈਏ।

ਕੁਦਰਤ ਦਾ ਆਨੰਦ ਮਾਣੀਏ।

ਇਸਦੇ ਪਲ ਪਲ ਬਹਿੰਦੇ ਸੰਗੀਤ ਨੂੰ ਸੁਣੀਏ,

ਦਰਿਆਵਾਂ, ਝਰਨਿਆਂ ਨੂੰ ਕੌਣ ਚਲਾ ਰਿਹਾ, 

ਫੁੱਲਾਂ ਤੇ ਤਿਤਲੀਆਂ ਚ ਕੌਣ ਰੰਗ ਭਰ ਰਿਹਾ,

ਇਹਨਾਂ ਸਵਾਲਾਂ ਦਾ ਜਵਾਬ ਲੱਭੀਏ,

ਨਾ ਕਿ ਖਪਤਵਾਦੀ ਸਮਾਜ ਚ ਖਪ ਜਾਈਏ।

ਜਿਸ ਚੀਜ਼ ਦੀ ਲੋੜ ਹੋਵੇ ਉਹੀ ਖਰੀਦੀਏ,

ਪੈਸਾ ਬਚਾ ਕੇ ਰੱਖੀਏ।

ਕਿਤਾਬ ਭਾਸ਼ਾ ਵਿਭਾਗ ਨੇ ਛਾਪੀ ਹੈ। ਪਰ ਹੁਣ ਸ਼ਾਇਦ ਆਊਟ ਆਫ ਪ੍ਰਿਂਟ ਹੈ। 

ਇਹ ਯੂਨੀਸਟਾਰ ਵਾਲਿਆਂ ਨੇ ਛਾਪੀ ਹੈ। ਤੁਸੀਂ ਜਸਬੀਰ ਬੇਗਮਪੁਰੀ ਹੋਰਾਂ ਕੋਲੋਂ ਮੰਗਵਾ ਸਕਦੇ ਹੋ।

ਫਿਰ ਮਿਲਾਂਗਾ ਇੱਕ ਨਵੀਂ ਕਿਤਾਬ ਲੈਕੇ।

ਆਪਦਾ ਆਪਣਾ

ਰਜਨੀਸ਼ ਜੱਸ

ਰੁਦਰਪੁਰ, ਉਤਰਾਖੰਡ

ਨਿਵਾਸੀ ਪੁਰਹੀਰਾਂ,

ਹੁਸ਼ਿਆਰਪੁਰ

ਪੰਜਾਬ

#aldous_huxlay

#brave_new_world

#books_i_have_loved

ਪੂਰੀ ਪੋਸਟ ਉਹਨਾਂ ਦੇ ਬਲਾਗ ਤੇ

http://rajneeshjass.blogspot.com/2021/05/blog-post_8.html

Saturday 6 November 2021

ਬਹੁ-ਵਿਧਾਵੀ ਲੇਖਕ, ਉੱਘੇ ਸ਼ਾਇਰ ਸੁਖਮਿੰਦਰ ਰਾਮਪੁਰੀ ਨਹੀਂ ਰਹੇ

6th November 2021 at 11:39 AM
     ਅੰਤਿਮ ਸੰਸਕਾਰ 'ਤੇ ਅੰਤਮ ਅਰਦਾਸ ਟੋਰੰਟੋ (ਕੈਨੇਡਾ) ਵਿਖੇ  7 ਨੂੰ    

ਭਾਰਤ ਵਿੱਚ ਲੇਖਕਾਂ ਵਲੋਂ ਸ਼ੋਕ ਸਭਾ ਰਾਮਪੁਰ ਵਿਖੇ ਵੀ 

ਦੋਰਾਹਾ: 6 ਅਕਤੂਬਰ 2021: (ਜਸਵੀਰ ਝੱਜ//ਸਾਹਿਤ ਸਕਰੀਨ)::

ਪੰਜਾਬੀ ਲਿਖਾਰੀ ਸਭਾ ਰਾਮਪੁਰ ਦੇ ਵੱਡੇ ਥੰਮ ਵਜੋਂ ਜਾਣੇ ਜਾਂਦੇ, ਬਹੁ ਵਿਧਾਵੀ ਲੇਖਕ ਉੱਘੇ ਸ਼ਾਇਰ ਸੁਖਮਿੰਦਰ ਸਿੰਘ ਰਾਮਪੁਰੀ 15 ਜੁਲਾਈ 1937 ਤੋਂ ਆਪਣੀ ਜੀਵਨ ਯਾਤਰਾ ਦਰਮਿਆਨ ਪਿਛਲੇ 2014 ਤੋਂ ਬਲੱਡ ਕੈਂਸਰ ਦਾ ਮੁਕਾਬਲਾ ਦਲੇਰੀ ਨਾਲ ਕਰਦੇ ਹੋਏ ਆਖਿਰ, 3 ਨਵੰਬਰ 2021 ਦੀ ਚੜ੍ਹਦੀ ਸਵੇਰ ਨੂੰ  ਅਚਾਨਕ ਸਦੀਵੀ ਵਿਛੋੜਾ ਦੇ ਗਏ। ਜਨਾਬ ਸ਼੍ਰੀ ਸੁਖਮਿੰਦਰ ਰਾਮਪੁਰੀ ਦਾ ਗੀਤ ਲਿਖਣ ਤੇ ਗਾਉਣ ਵਿਚ ਕੋਈ ਸਾਨੀ ਨਹੀਂ ਸੀ। ਉਨ੍ਹਾਂ ਨੇ 15 ਅਗਸਤ ਤੇ 26 ਜਨਵਰੀ ਦੇ ਕੌਮੀ ਕਵੀ ਦਰਬਾਰਾਂ ਵਿਚ ਅਨੇਕ ਵਾਰ ਸ਼ਿਰਕਤ ਕੀਤੀ। ਉਨ੍ਹਾਂ ਨੇ ਗੀਤ ਤੋਂ ਬਿਨਾ ਕਵਿਤਾ, ਗ਼ਜ਼ਲ, ਲੇਖ, ਕਹਾਣੀਆਂ ਤੇ ਨਾਵਲ ਆਦਿ ਤੇ ਵੀ ਬਾਖੂਬੀ ਨਿੱਠ ਕੇ ਲਿਖਿਆ। ਉਨ੍ਹਾਂ ਯੁੱਗਾਂ ਯੁੱਗਾਂ ਦੀ ਪੀੜ', 'ਅਸੀਮਤ ਸਫ਼ਰ', 'ਮੈਂ ਨਿਰੀ ਪੱਤਝੜ ਨਹੀਂ', 'ਅੱਜ ਤੀਕ', 'ਇਹ ਸਫ਼ਰ ਜਾਰੀ ਰਹੇ', 'ਸਫ਼ਰ ਸਾਡੀ ਬੰਦਗੀ', 'ਤੁਹਾਨੂੰ ਕਿਵੇਂ ਲੱਗਦੀ ਹੈ', 'ਪੈਰੋਲ 'ਤੇ ਆਈ ਕਵਿਤਾ' (ਕਾਵਿ ਸੰਗ੍ਰਹਿ), 'ਮਿਹਰਬਾਨ ਹੱਥ' (ਵਾਰਤਿਕ), 'ਧੀਆਂ' (ਇੱਕ ਲੰਮਾ ਗੀਤ), 'ਗੁਲਾਬੀ ਛਾਂ ਵਾਲੀ ਕੁੜੀ' (ਨਾਵਲ) ਗਿਆਰਾਂ ਮੌਲਕ ਪੁਸਤਕਾਂ ਤੋਂ ਬਿਨ 'ਕੂੜ ਨਿਖੁੱਟੇ' (ਵੀਅਤਨਾਮ ਦੇ ਹੱਕ ਵਿਚ), 'ਕਿਰਨਾਂ ਦੇ ਰੰਗ', 'ਕਤਰਾ ਕਤਰਾ ਸੋਚ' (ਕਹਾਣੀ ਸੰਗ੍ਰਹਿ), 'ਨਿੱਕੇ ਨਿੱਕੇ ਫੁੱਲ ਨਿੱਕੀ ਵਾਸ਼ਨਾ' (ਕਾਵਿ ਸੰਗ੍ਰਹਿ) ਸੰਪਾਦਿਤ ਕੀਤੇ | ਆਖਰੀ ਸਮੇਂ ਜਾਂਦੇ ਜਾਂਦੇ ਵੀ ਇੱਕ ਨਾਵਲ ਦੇ 15 ਤੋਂ ਵੱਧ ਕਾਂਡ ਲਿਖ ਗਏ | ਇੱਕ ਕਹਾਣੀ ਸੰਗ੍ਰਹਿ ਛਪਾਈ ਅਧੀਨ ਹੈ।  ਦੋ ਪੁਸਤਕਾਂ ਦੇ ਗੀਤਾਂ ਤੇ ਕਵਿਤਾਵਾਂ ਦਾ ਖਰੜਾ ਪਿਆ ਹੈ। ਧੀ ਰਮਨਦੀਪ ਕੌਰ ਗਰੇਵਾਲ (ਕਨੇਡਾ), ਜਵਾਈ ਜਸਵੰਤ ਸਿੰਘ ਗਰੇਵਾਲ (ਕਨੇਡਾ), ਸਪੁੱਤਰ ਸੁਖਜੀਤ ਸਿੰਘ ਮਾਂਗਟ, ਨੂੰਹ ਕੁਲਦੀਪ ਕੌਰ ਮਾਂਗਟ, ਪੋਤਾ ਜਸਕਰਨ ਸਿੰਘ ਮਾਂਗਟ ਦੇ ਅਨੁਸਾਰ, ਸੁਖਮਿੰਦਰ ਰਾਮਪੁਰੀ ਜੀ ਦਾ ਅੰਤਿਮ ਸੰਸਕਾਰ 7 ਨਵੰਬਰ 2021ਐਤਵਾਰ ਨੂੰ  ਸ਼ਾਮ 3 ਤੋਂ 5 ਵਜੇ, 121 ਸਿਟੀਵਿਊ ਡਰਾਇਵ ਟਰੰਟੋ, ਓਨ ਐਮ-9-ਡਬਲਯੂ, 5-ਏ-8 (ਲੋਟਸ ਫਿਉਨਰ ਕ੍ਰੀਮੇਸ਼ਨ ਸੈਂਟਰ ਇਨਸ. ਵਿਖੇ ਕਰਨ ਉਪ੍ਰੰਤ ਅੰਤਿਮ ਅਰਦਾਸ, ਸ਼ਾਮ 5:30 ਤੋਂ 7:30 ਤੱਕ 9 ਕੈਰੀਅਰ ਡਰਾਇਵ ਇਟੋਬੀਕੋਕ, ਓਨ ਐਮ-9-ਵੀ 4-ਬੀ-2 ਸਿੱਖ ਸਪਿ੍ਚੂਅਲ ਸੈਂਟਰ ਟੋਰੰਟੋ ਵਿਖੇ ਹੋਵੇਗੀ। ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ 7 ਨਵੰਬਰ ਨੂੰ  ਪਹਿਲਾਂ ਤੋਂ ਉਲਿਕਿਆ ਸਮਾਗਮ ਰੱਦ ਕਰਕੇ, 'ਇੰਨ੍ਹਾਂ ਜ਼ਖ਼ਮਾਂ ਦੀ ਕੀ ਕਹਿਣਾ….. .. 'ਜਿੰਦੇ ਨੀ ਆਪਣੀ ਉਦਾਸੀ ਦਾ ਤੂੰ ਮੁੱਲ 'ਤਾਰਦੇ, ਜਿੰਨ੍ਹੀ ਤੇਰੇ ਹਿੱਸੇ ਆਈ ਦੁਨੀਆਂ ਸੰਵਾਰ ਦੇ'.. .. ਸੈਂਕੜੇ ਜੀਵਨ ਮੁੱਖੀ ਗੀਤਾਂ ਦੇ ਰਚਾਇਤਾ, ਸੁਖਮਿੰਦਰ ਰਾਮਪੁਰੀ ਜੀ ਦੀ ਯਾਦ ਪੰਜਾਬ ਦੇ ਲੇਖਕਾਂ ਵੱਲੋਂ ਵਿਚ ਇੱਕ ਸ਼ੋਕ ਸਮਾਗਮ, ਸਭਾ ਦੇ ਲਾਇਬ੍ਰੇਰੀ ਹਾਲ ਪਿੰਡ ਰਾਮਪੁਰ ਵਿਖੇ ਸਵੇਰੇ 10 ਵਜੇ ਕੀਤਾ ਜਾਵੇਗਾ।