google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਨਾਸਮਝਾਂ ਨੂੰ ਸਮਝਦਾਰ ਬਣਾਉਂਦੀ ਹੈ ਸਰਦਾਰ ਰਣਜੀਤ ਸਿੰਘ ਦੀ ਸ਼ਖ਼ਸੀਅਤ

Tuesday, 28 December 2021

ਨਾਸਮਝਾਂ ਨੂੰ ਸਮਝਦਾਰ ਬਣਾਉਂਦੀ ਹੈ ਸਰਦਾਰ ਰਣਜੀਤ ਸਿੰਘ ਦੀ ਸ਼ਖ਼ਸੀਅਤ

 ਜਦੋਂ  ਜ਼ਿੰਦਗੀ ਹਿਸਾਬ ਮੰਗਦੀ ਹੈ ਤਾਂ ਬੜਾ ਕੁਝ ਸਿਖਾਉਂਦੀ  ਵੀ ਹੈ  

ਲੁਧਿਆਣਾ
: 28 ਦਸੰਬਰ 2021: (ਰੈਕਟਰ ਕਥੂਰੀਆ//ਸਾਹਿਤ ਸਕਰੀਨ)::
ਨਿੱਕੇ ਹੁੰਦਿਆਂ ਸਕੂਲ ਵਾਲੀ ਉਮਰ ਵਿੱਚ ਮੈਨੂੰ ਹਿਸਾਬ ਵਾਲਾ ਵਿਸ਼ਾ ਕਦੇ ਚੰਗਾ ਨਹੀਂ ਸੀ ਲੱਗਦਾ। ਉਸ ਵੇਲੇ ਦੀਆਂ ਜਮਾਤਾਂ ਵਿੱਚ ਇੱਕ ਫਾਰਮੂਲਾ ਬਹੁਤ ਜ਼ਰੂਰੀ ਹੁੰਦਾ ਸੀ ਜਿਸਨੂੰ ਬੋਡਮਾਸ ਕਿਹਾ ਜਾਂਦਾ ਸੀ। ਇਸ BODMAS ਦੇ ਸਾਰੇ ਅੱਖਰਾਂ  ਦੇ ਅਰਥ ਵੱਖ ਵੱਖ ਹੁੰਦੇ ਸਨ। ਜਿਵੇਂ B ਦਾ ਮਤਲਬ ਬਰੈਕਟਾਂ ਤੋਂ ਹੁੰਦਾ ਸੀ ਅਤੇ D ਦਾ ਅਰਥ ਡਿਵੀਯਨ ਅਰਥਾਤ ਤਕਸੀਮ ਹੁੰਦਾ ਸੀ। ਇਸ ਤਰ੍ਹਾਂ ਸਾਰੇ ਅੱਖਰਾਂ ਨੂੰ ਰਲਾ ਕੇ ਬਣ ਜਾਂਦਾ ਸੀ BODMAS. ਅਸੀਂ ਇਸ ਬੋਡਮਾਸ ਨੂੰ ਹਾਸੇ ਮਜ਼ਾਕ ਵਿਚ ਬਦਮਾਸ਼ ਆਖਿਆ ਕਰਦੇ ਸਾਂ। ਇਸ ਫਾਰਮੂਲੇ ਵਿੱਚ ਗਣਿਤ ਦੀਆਂ ਸਾਰੀਆਂ ਘੁੰਡੀਆਂ ਨੂੰ ਹੱਲ ਕਰਕੇ ਸੁਆਲ ਦਾ ਜੁਆਬ ਕੱਢਣਾ ਹੁੰਦਾ ਸੀ। ਇਹ ਸਾਰਾ ਫਾਰਮੂਲਾ ਮੈਨੂੰ ਚੰਗਾ ਤਾਂ ਲੱਗਦਾ ਪਰ ਇਸ ਵਿਚਲੀ ਡਿਵੀਯਨ ਅਰਥਾਤ ਤਕਸੀਮ ਮੈਨੂੰ ਔਖੀ ਲੱਗਦੀ। ਇਸ ਕਰਕੇ ਮੈਂ ਪਹਿਲਾਂ ਇਸ ਫਾਰਮੂਲੇ ਤੋਂ ਦੂਰ ਹੋਇਆ ਫਿਰ ਹਿਸਾਬ ਅਰਥਾਤ ਗਣਿਤ ਵੀ ਚੰਗਾ ਲੱਗਣੋਂ ਹਟ ਗਿਆ। ਸ਼ਾਇਦ ਤਾਂ ਹੀ ਹੁਣ ਤੱਕ ਕੈਲਕੁਲੇਟਰ ਚੰਗਾ ਚੰਗਾ ਲੱਗਦਾ ਹੈ। ਸੋਚਦਾ ਹਾਂ ਅਜਿਹੇ ਯੰਤਰ ਪਹਿਲਾਂ ਹੀ ਆ ਗਏ ਹੁੰਦੇ ਸਾਡੇ ਵੇਲਿਆਂ ਵਿੱਚ!

ਹੁਣ ਪਛਤਾਵਾ ਵੀ ਹੁੰਦਾ ਹੈ ਕਿ ਕਾਰਲ ਮਾਰਕਸ ਦੀ ਰਚਨਾ ਪੂੰਜੀ ਵਾਲੀ ਪੁਸਤਕ ਅਤੇ ਇਸ ਵਿਚਲੀ ਫਿਲਾਸਫੀ ਨੂੰ ਸਮਝਣ ਲਈ ਵੀ ਗਣਿਤ ਦਾ ਆਉਣਾ ਜ਼ਰੂਰੀ ਹੈ, ਸਾਇੰਸ ਦੀ ਪੜ੍ਹਾਈ ਲਈ ਵੀ ਗਣਿਤ ਜ਼ਰੂਰੀ ਹੈ ਅਤੇ ਜ਼ਿੰਦਗੀ ਵਿੱਚ ਸਰਮਾਏਦਾਰਾਂ ਹੱਥੋਂ ਹੁੰਦੇ ਸ਼ੋਸ਼ਣ ਤੋਂ ਬਚਣ ਲਈ ਵੀ ਗਣਿਤ ਆਉਣਾ ਜ਼ਰੂਰੀ ਹੈ। ਪਰ ਕੀ ਹੋ ਸਕਦਾ ਸੀ। ਜਮਾਤਾਂ ਪੜ੍ਹ ਕੇ ਸਿੱਖਣ ਦਾ ਵਕਤ ਲੰਘ ਚੁੱਕਿਆ ਸੀ। ਖੁਦ ਨੂੰ ਬੁਰਾ ਵੀ ਲੱਗਦਾ ਸੀ ਪਰ ਕੋਈ ਰਸਤਾ ਨਾ ਸੁਝਦਾ। ਹੁਣ ਸਿਰਫ ਪਛਤਾਵਾ ਹੋ ਸਕਦਾ ਸੀ। ਗੋਪਾਲ ਦਾਸ ਨੀਰਜ ਹੁਰਾਂ ਦਾ ਲਿਖਿਆ ਗੀਤ- ਕਾਰਵਾਂ ਗੁਜ਼ਰ ਗਿਆ ਗੁਬਾਰ ਦੇਖਤੇ ਰਹੇ-ਸ਼ਾਇਦ ਇਸੇ ਲਈ ਹੁਣ ਤੱਕ ਵੀ ਬੜਾ ਚੰਗਾ ਲੱਗਦਾ ਹੈ। ਹਿਸਾਬ ਦਾ ਵਿਸ਼ਾ ਨਾ ਆਉਣ ਕਾਰਨ ਮਨ ਵਿਚ ਹੀਣ ਭਾਵਨਾ ਜ਼ਰੂਰ ਬਣ ਗਈ ਸੀ। 

ਮੈਂ ਉਸ ਘਰ ਦਾ ਮੁੰਡਾ ਸਾਂ ਜਿਸ ਪਰਿਵਾਰ ਦੇ ਉਸ ਜ਼ਮਾਨੇ ਵਿੱਚ ਵੀ ਕਈ ਵੱਡੇ ਵੱਡੇ ਸਕੂਲ ਚੱਲਦੇ ਸਨ। ਜ਼ਿਲਾ ਪ੍ਰਸ਼ਾਸਨ ਵੀ ਬੜਾ ਆਦਰ ਮਾਨ ਦੇਂਦਾ ਸੀ। ਸਾਡੇ ਸਕੂਲ ਦੇ ਪੜ੍ਹੇ ਬੱਚਿਆਂ ਨੰ ਵੱਡੇ ਵੱਡੇ ਸਕੂਲਾਂ ਵਿਚ ਹੱਸ ਕੇ ਦਾਖਲਾ ਮਿਲ ਜਾਂਦਾ ਪਰ ਮੈਂ ਉਸੇ ਪਰਿਵਾਰ ਵਿੱਚ ਹਿਸਾਬ ਦੇ ਪੱਖੋਂ ਨਾਲਾਇਕ ਸਾਂ। ਇਹ ਨਾਲਾਇਕੀ ਮੈਨੂੰ ਕਾਫੀ ਦੇਰ ਤੱਕ ਨਾਕਾਮ ਰਹਿ ਜਾਣ ਦਾ ਅਹਿਸਾਸ ਕਰਾਉਂਦੀ ਰਹੀ। 

ਖੁਦ ਨੂੰ ਸ਼ਰਮ ਵੀ ਆਉਂਦੀ ਸੀ ਪਰ ਹਿਸਾਬ ਫਿਰ ਵੀ ਨਹੀਂ ਸੀ ਆਉਂਦਾ। ਇਸਦੀ ਕਮੀ ਹੁਣ ਤਕ ਮਹਿਸੂਸ ਵੀ ਹੁੰਦੀ ਹੈ। ਆਖਿਰ ਪਿਤਾ ਜੀ ਨੂੰ ਖੱਬੀ ਸਿਆਸਤ ਕਾਰਨ ਅੰਡਰ ਗਰਾਊਂਡ ਹੋਣਾ ਪਿਆ। ਇਹ ਅਗਿਆਤਵਾਸ ਕੋਈ ਪਹਿਲੀ ਵੇਰਾਂ ਨਹੀਂ ਸੀ। ਜਦੋਂ ਮੈਨੂੰ ਮੇਰੀ ਮਾਂ ਨੇ ਕੁੱਛੜ ਚੁੱਕਿਆ ਹੁੰਦਾ ਸੀ ਉਦੋਂ ਮੈਂ ਪਿਤਾ ਜੀ ਨਾਲ ਮੁਲਾਕਾਤ ਕਰਨ ਲੁਧਿਆਣਾ ਵਾਲੀ ਸੈਂਟਰਲ ਜੇਲ੍ਹ ਗਿਆ ਸਾਂ। ਮੇਰੀ ਦਾਦੀ ਅਤੇ ਚਾਚਾ ਵੀ ਨਾਲ ਸਨ। ਇਸ ਜੇਲ੍ਹ ਦੀ ਗੇਟ ਵਾਲੀ ਥਾਂ ਤੇ ਹੁਣ ਨਾਮਧਾਰੀ ਸਮਾਰਕ ਬਣਿਆ ਹੋਇਆ ਹੈ। ਉਹ ਬੋਹੜ ਅਜੇ ਵੀ ਹੈ ਜਿਸ ਦੀ ਛਾਂ ਹੇਠਾਂ ਮੁਲਾਕਾਤੀ ਉਡੀਕ ਕਰਦੇ ਸਨ। ਇਸੇ ਦੁਆਲੇ ਇੱਕ ਚੰਗਾ ਮਜ਼ਬੂਤ ਥੜਾ ਬਣਿਆ ਹੁੰਦਾ ਸੀ। ਉਸੇ ਤੇ ਹੀ ਸਾਰੇ ਬੈਠਿਆ ਕਰਦੇ ਸਨ। ਹੁਣ ਉਸ ਬੋਹਲ ਹੇਠਾਂ ਸ਼ਹੀਦਾਂ ਦੀ ਯਾਦ ਦੁਆਉਂਦੀ ਇੱਕ ਜੋਤ ਜਗਦੀ ਰਹਿੰਦੀ ਹੈ। ਧੁੰਦਲੀਆਂ ਧੁੰਦਲੀਆਂ ਯਾਦਾਂ ਅਜੇ ਵੀ ਜ਼ਹਿਨ ਵਿੱਚ ਹਨ। ਉਸ ਵੇਲੇ ਦੀਆਂ ਗੱਲਾਂ ਯਾਦ ਕਰ ਕਰ ਕੇ ਮੇਰਾ ਯਕੀਨ ਪੱਕਾ ਹੋ ਗਿਆ ਹੈ ਕਿ ਇਕਾਗਰਤਾ ਨਾਲ ਉਮਰ ਦੇ ਹਰ ਪੜਾਅ ਨੰ ਯਾਦ ਕੀਤਾ ਜਾ ਸਕਦਾ ਹੈ।  ਇਸ ਸਬੰਧੀ ਓਸ਼ੋ ਦੀਆਂ ਗੱਲਾਂ ਬਹੁਤ ਕੁਝ ਦੱਸਦਿਆਂ ਹਨ ਜਿਹੜੀਆਂ ਸਭਨਾਂ ਨੂੰ ਪੜ੍ਹਨੀਆਂ ਚਾਹੀਦੀਆਂ ਹਨ। 

ਜ਼ਿੰਦਗੀ ਦੇ ਤੂਫ਼ਾਨ ਬਹੁਤ ਕੁਝ ਲੈ ਗਏ। ਬਹੁਤ ਸਾਰੀਆਂ ਯਾਦਾਂ ਵੀ ਭੁਲਭੁਲਾ ਗਈਆਂ। ਅਜੇ ਵੀ ਕੁਝ ਕੁਝ ਯਾਦਾਂ ਵਿਚ ਬਚਿਆ ਹੋਇਆ ਹੈ। ਜਦੋਂ ਪਿਤਾ ਜੀ ਅੰਡਰ ਗਰਾਊਂਡ ਹੋਏ ਉਸ ਵੇਲੇ ਮੇਰੀ ਉਮਰ ਮਸਾਂ ਦਸਾਂ ਕੁ ਸਾਲਾਂ ਦੀ ਸੀ। ਮੈਨੂੰ ਇਸਦਾ ਅੰਦਾਜ਼ਾ ਕਦੇ ਵੀ ਨਹੀਂ ਸੀ ਕਿ ਇਸ ਵਾਰ ਅਸੀਂ ਇਸ ਘਰੋਂ ਨਿਕਲ ਕੇ ਕਦੇ ਇਥੇ ਨਹੀਂ ਪਰਤ ਨਹੀਂ ਸਕਣਾ। ਸ਼ਾਇਦ ਖਾਲਸਾ ਨੈਸ਼ਨਲ ਸਕੂਲ ਨਾਲ ਅਟੈਚਮੈਂਟ ਜਿਹੀ ਹੋ ਗਈ ਸੀ। 

ਮੈਨੂੰ ਪਹਿਲੀ ਵੇਰਾਂ ਆਪਣੇ ਪਰਿਵਾਰ ਦੀ ਦੇਖਰੇਖ ਹੇਠਾਂ ਚੱਲਦੇ ਸਕੂਲੋਂ ਕੱਢ ਕੇ ਖਾਲਸਾ ਨੈਸ਼ਨਲ ਸਕੂਲ ਵਿੱਚ ਪਾ ਦਿੱਤਾ ਗਿਆ ਸੀ ਜਾਂ ਇੰਝ ਕਹਿ ਲਓ ਕਿ ਸਕੂਲ ਵਿਚ ਦਾਖਲਾ ਮਿਲਣ ਮਗਰੋਂ ਹੀ ਮੇਰੇ ਘਰ ਪਰਿਵਾਰ ਨੂੰ ਪਤਾ ਲੱਗਿਆ। ਇਹ ਵੀ ਇੱਕ ਦਿਲਚਸਪ ਕਹਾਣੀ ਹੈ। ਵਿਸਥਾਰ ਫਿਰ ਕਦੇ ਸਹੀ। 

ਫਿਲਹਾਲ ਏਨਾ ਹੀ ਕਿ ਮੇਰੇ ਤਾਇਆ ਜੀ ਗਿਆਨੀ ਗੁਰਬਖਸ਼ ਸਿੰਘ ਓਕਾੜਾ ਕਾਲਜ ਵਾਲਿਆਂ ਨੇ ਹੀ ਮੈਨੂੰ ਬੋਰਡ ਵਾਲੀ ਪੰਜਵੀਂ ਜਮਾਤ ਦਾ ਪ੍ਰਾਈਵੇਟ ਇਮਤਿਹਾਨ ਦੁਆਇਆ ਜਿਸਦਾ ਸੈਂਟਰ ਕਰੀਮਪੁਰਾ ਬਾਜ਼ਾਰ ਵਿੱਚ ਖੁਲਦੇ ਖਾਲਸਾ ਨੈਸ਼ਨਲ ਸਕੂਲ ਦੀ ਹੀ ਕਿਸੇ ਦੂਜੀ ਇਮਾਰਤ ਵਿੱਚ ਸੀ। ਇਮਤਿਹਾਨ ਉੱਪਰਲੀ ਮੰਜ਼ਿਲ ਦੇ ਕਿਸੇ ਹਾਲ ਕਮਰੇ ਵਿਚ ਲਿਆ ਗਿਆ ਸੀ। ਪਹਿਲੀ ਵਾਰ ਕਿਸੇ ਓਪਰੇ ਜਿਹੇ ਮਾਹੌਲ ਵਾਲੇ ਸਕੂਲ ਜਾ ਕੇ ਉਹ ਵੀ ਪਹਿਲਾ ਪੇਪਰ ਦੇਣ ਲਈ..ਮੇਰੀ ਤਬੀਅਤ ਘਰ ਜਿਹੀ ਗਈ। ਦਿਲ ਕੱਚ ਹੁੰਦਾ ਜਿਹਾ ਲੱਗੇ। ਮਾਰਚ ਮਹੀਨੇ ਵਾਲਾ ਮੌਸਮ ਸਰਦੀ ਗਰਮੀ ਰਲਿਆ ਮਿਲਿਆ ਜਿਹਾ ਸੀ। ਸਵੇਰੇ ਸਵੇਰੇ ਥੁੜਨ ਲੱਗਿਆ ਹੀ ਕਰਦੀ ਸੀ। ਇੱਕ ਟੀਚਰ ਮੈਡਮ ਨੇ ਮੈਨੂੰ ਪਿਆਰ ਨਾਲ ਸਮਝਿਆ ਤੂੰ ਤਾਂ ਬਹਾਦਰ ਹੈਂ। ਇਮਤਿਹਾਨ ਤਾਂ ਗੱਲ ਈ ਕੋਈ ਨਹੀਂ। ਉਸਨੇ ਮੈਨੂੰ ਇੱਕ ਸੰਤਰਾ ਛਿੱਲ ਕੇ ਵੀ ਖੁਆਇਆ ਤੇ ਮੇਰੀ ਤਬੀਅਤ ਠੀਕ ਹੋ ਗਈ। 

ਰਿਜ਼ਲਟ ਆਉਣ ਤੇ ਮੈਨੂੰ ਇਸੇ ਸਕੂਲ ਵਿੱਚ ਛੇਵੀਂ ਜਮਾਤ ਵਿਚ ਦਾਖਲ ਕਰਵਾ ਦਿੱਤਾ ਗਿਆ। ਇਹ ਸਭ ਕੁਝ ਮੇਰੇ ਤਾਇਆ ਜੀ ਨੇ ਹੀ ਬੜੇ ਪਰਦੇ ਜਿਹੇ ਨਾਲ ਕੀਤਾ। ਦਾਖਲਾ ਹੋਣ ਮਗਰੋਂ ਹੀ ਮੇਰੇ ਘਰ ਜਾ ਕੇ ਦੱਸਿਆ ਗਿਆ। ਦਾਖਲੇ ਦੀਆਂ ਬਾਕੀ ਰਸਮਾਂ ਵੀ ਸ਼ਾਇਦ ਬਾਅਦ ਵਿਚ ਹੀ ਪੂਰੀਆਂ ਹੋਈਆਂ। ਤਾਇਆ ਜੀ ਦੀ ਉਸ ਸਕੂਲ ਦਾ ਸਾਰਾ ਸਟਾਫ ਵੀ ਕਾਫੀ ਇਜ਼ਤ ਕਰਦਾ ਸੀ। ਤਾਇਆ ਕੋਲੋਂ ਪੜ੍ਹ ਕੇ ਗਏ ਲੋਕ ਅਕਸਰ ਹਰ ਥਾਂ ਹਰ ਮਹਿਕਮੇ ਵਿਚ ਮਿਲ ਜਾਂਦੇ। ਉਹਨਾਂ ਸਾਰੀ ਉਮਰ ਖੱਦਰ ਦਾ ਕੁੜਤਾ ਪਜਾਮਾ ਪਾਇਆ, ਖੱਦਰ ਦੀ ਪੱਗ ਬੰਨੀ ਅਤੇ ਲੰਮੀ ਖੁਲ੍ਹੀ ਦਾਹੜੀ ਆਖ਼ਿਰੀ ਸਾਹਾਂ ਤੀਕ ਰਹੀ। ਕਦ ਕਾਫੀ ਲੰਮਾ ਸੀ ਸੋ ਸਮੁੱਚੀ ਸ਼ਖ਼ਸੀਅਤ ਵੀ ਚੰਗੀ ਸੀ। ਕਿਤਾਬਾਂ ਦਾ ਗਿਆਨ ਵੀ ਕਾਫੀ ਸੀ ਅਤੇ ਗੁਰਬਾਣੀ ਦਾ ਗਈਆਂ ਵੀ। ਖੈਰ ਪਰਤਦੇ ਹਨ ਖਾਲਸਾ ਸਕੂਲ ਵਾਲੀ ਗੱਲ ਤੇ ਹੀ। 

ਇਸ ਖਾਲਸਾ ਨੈਸ਼ਨਲ ਸਕੂਲ ਦਾ ਗੇਟ ਹੁਣ ਵੀ ਸ਼ਾਹਪੁਰ ਰੋਡ ਤੇ ਹੀ ਹੈ ਅਤੇ ਪਹਿਲਾਂ ਵੀ ਇਸੇ ਹੀ ਥਾਂ ਤੇ ਹੁੰਦਾ ਸੀ। ਪੰਜਾਬੀ ਦੀ  ਮੈਨੂੰ ਦਿੱਕਤ ਕੋਈ ਨਹੀਂ ਸੀ। ਕਲਾਸ ਦੀ ਲੋੜ ਜਿੰਨੀ ਏਨੀ ਕੁ ਅੰਗਰੇਜ਼ੀ ਮੈਂ ਇਥੇ ਸਿੱਖ ਲਈ ਕਿ ਕਲਾਸ ਵਿੱਚ ਬੱਲੇ ਬੱਲੇ ਹੋਣ ਲੱਗ ਪਈ। ਬਾਕੀ ਵਿਸ਼ੇ ਵੀ ਛੇਤੀ ਹੀ ਆਉਣ ਲੱਗ ਪਏ ਪਰ ਹਿਸਾਬ ਦਾ ਡਰ ਅਤੇ ਝਾਕਾ ਫਿਰ ਵੀ ਬਣਿਆ ਰਿਹਾ। ਹਿਸਟਰੀ ਵੀ ਚੰਗੀ ਲੱਗਦੀ ਅਤੇ ਸਮਾਜਿਕ ਵੀ ਪਰ ਹਿਸਾਬ ਵਾਲਾ ਬੁਖਾਰ ਨਾ ਉਤਰਦਾ। ਵਰਦੀ, ਕਿਤਾਬਾਂ ਅਤੇ ਨਵੇਂ ਬਸਤੇ ਨਾਲ ਮੈਨੂੰ ਚਾਅ ਜਿਹਾ ਵੀ ਚੜ੍ਹ ਗਿਆ। ਰੋਜ਼ ਸਵੇਰੇ ਸਮੇਂ ਸਿਰ ਸਕੂਲ ਲਈ ਤਿਆਰ ਹੋ ਜਾਣਾ। ਮੇਰੇ ਪਿਤਾ ਜੀ ਰੋਜ਼ ਮੈਨੂੰ ਛੱਡ ਕੇ ਆਇਆ ਕਰਦੇ ਸਨ। ਲੋਕ ਭਲਾਈ ਦੇ ਕੰਮਾਂ ਕਾਰਨ ਬਥੇਰੀਆਂ ਦੁਸ਼ਮਣੀਆਂ ਵੀ ਸਨ। ਇਸ ਲਈ ਖੁਦ ਛੱਡ ਕੇ ਆਉਂਦੇ। 

ਸਕੂਲ ਵਿੱਚ ਸਾਡੀ ਕਲਾਸ ਦੇ ਇੰਚਾਰਜ ਮਾਸਟਰ ਦੇਵਰਾਜ ਕੋਲੋਂ ਸਾਰੀ ਕਲਾਸ ਨੂੰ ਹੀ ਬਹੁਤ ਕੁੱਟ ਪੈਂਦੀ ਸੀ। ਅੱਜ ਵੀ ਯਾਦ ਹੈ ਉਸ ਮੋਟੇ ਡੰਡੇ ਦੀ ਮਾਰ ਪਰ ਉਹ ਮਾਸਟਰ ਪ੍ਰੇਮ ਵੀ ਬਹੁਤ ਕਰਦਾ ਸੀ ਸਭਨਾਂ ਨੂੰ। ਇਹੀ ਹਾਲ ਕਲਾਸ ਵਿਚ ਪੜ੍ਹਨ ਵਾਲਿਆਂ ਦਾ ਵੀ ਸੀ।  ਡੰਡੇ ਖਾਣ ਵੇਲੇ ਸਾਹ ਸੁੱਕਿਆ ਹੁੰਦਾ ਸੀ ਪਰ ਜਦੋਂ ਅੱਧੀ ਛੁੱਟੀ ਮਗਰੋਂ ਦੁਬਾਰਾ ਪੀਰੀਅਡ ਲੱਗਣਾ ਤਾਂ ਲੱਸੀ ਲਿਆਉਣ ਵਾਲਿਆਂ ਵਿਚ ਵੀ ਇਹੀ ਸਭ ਤੋਂ ਅੱਗੇ ਹੁੰਦੇ। ਲੱਸੀ ਜ਼ਿਆਦਾ ਹੁੰਦੀ ਤਾਂ ਅਸੀਂ ਕਲਾਸ ਵਿੱਚ ਪੜ੍ਹਨ ਵਾਲੇ ਵੀ ਪੀ ਲੈਂਦੇ। ਪਰ ਇਹ ਲੱਸੀ ਪੀ ਕੇ ਵੀ ਹਿਸਾਬ ਪੂਰੀ ਤਰ੍ਹਾਂ ਨਹੀਂ ਸੀ ਆ ਰਿਹਾ। ਮਾਸਟਰ ਦੇਵਰਾਜ ਨੇ ਪੁੱਛਿਆ ਕਿਓਂ ਲੱਸੀ ਪੀ ਕੇ ਵੀ ਉਦਾਸ ਜਿਹਾ ਕਿਓਂ ਹੈਂ? ਮੈਂਉੱਥੇ ਵੀ ਇਹੀ ਅੱਖ ਦਿੱਤਾ-ਜੀ ਲੱਸੀ ਪੀ ਕੇ ਵੀ ਹਿਸਾਬ ਨਹੀਂ ਆਉਂਦਾ? ਉਸਨੇ ਪੁੱਛਿਆ ਅੰਗਰੇਜ਼ ਆ ਜਾਂਦੀ ਹੈ?ਮੈਂ ਹੱਸਦਿਆਂ ਹੱਸਦਿਆਂ ਅੱਖ ਦਿੱਤਾ ਜੀ ਉਹ ਤਾਂ ਆ ਜਾਂਦੀ ਹੈ। ਸਾਰੀ ਕöਲਾਸ ਹੱਸਣ ਲੱਗ ਪਈ ਤੇ ਗੱਲ ਆਈ ਗਈ ਹੋ ਗਈ। ਜਦੋਂ ਡੰਡੇ ਖਾਨ ਵੇਲੇ ਸਾਰੀ ਕਲਾਸ ਨੂੰ ਮਾਸਟਰਜੀ ਨੇ ਖੁਦ ਅਕਰਨਾ ਤਾਂ ਮਮੇਰੀ ਵਾਰ ਆਉਣ ਤੇ ਅੱਗੇ ਲੰਘ ਜਾਣਾ ਛੱਡ ਤੈਨੂੰ ਕੀ ਕਹਿਣਾ ਤੂੰ ਤਾਂ ਲੱਸੀ ਪੀ ਪੀ ਕੇ ਸਬਕ ਸਿੱਖਣਾ ਸਾਡੇ ਡੰਡੇ ਨੇ ਤੈਨੂੰ ਕੁਝ ਨਹੀਂ ਸਿਖਾਉਣਾ। ਇਸ ਤਰ੍ਹਾਂ ਹੀ ਗਰਮੀਆਂ ਦੀਆਂ ਛੁੱਟੀਆਂ ਆ ਗਈਆਂ ਤੇ ਉਹਨਾਂ ਛੁੱਟਿਆਮ ਮਗਰੋਂ ਮੈਂ ਕਦੇ ਉਸ ਸਕੂਲ ਨਾ ਜਾ ਸਕਿਆ। ਬਸ ਕੁਝ ਕੁ ਮਹੀਨਿਆਂ ਦੀ ਪੜ੍ਹਾਈ ਨੇ ਅੱਜ ਤੱਕ ਜਜ਼ਬਾਤੀ ਤੌਰ ਤੇ ਉਸ ਸਕੂਲ ਨਾਲ ਜੋੜਿਆ ਹੋਇਆ ਹੈ। ਜਦੋਂ ਵੀ ਉਧਰੋਂ ਲੰਘਣਾ ਪਵੇ ਤਾਂ ਦਹਾਕਿਆਂ ਪੁਰਾਣੇ ਉਹ ਦਿਨ ਇੱਕ ਵਾਰ ਫੇਰ ਯਾਦ ਆ ਜਾਂਦੇ ਹਨ। ਸਮਾਂ ਲੰਘਦਾ ਗਿਆ। ਬਹੁਤ ਕੁਝ ਭੁੱਲ ਭੁਲਾ ਵੀ ਗਿਆ। 

ਦਹਾਕਿਆਂ ਮਗਰੋਂ ਹਿਸਾਬ ਦਾ ਵਿਸ਼ਾ ਪੜ੍ਹਨ ਅਤੇ ਸਿੱਖਣ ਨੂੰ ਦਿਲ ਕੀਤਾ ਰਣਜੀਤ ਸਿੰਘ ਹੁਰਾਂ ਨੂੰ ਮਿਲ ਕੇ। ਫਾਰਮੂਲੇ ਤਾਂ ਅੱਜ ਵੀ ਨਹੀਂ ਆਏ ਪਰ ਹਿਸਾਬ ਦੇ ਸਿਰ ਤੇ ਚਲਦੀ ਇਕਨੋਮਿਕਸ ਦੀ ਸਮਝ ਆਉਣ ਲੱਗ ਪਈ ਸੀ ਜੋ ਕਿ ਚਮਤਕਾਰ ਤੋਂ ਘੱਟ ਨਹੀਂ ਸੀ। ਇਹ ਗਿਆਨ ਸ਼ਾਇਦ ਜ਼ਿੰਦਗੀ ਦੀਆਂ ਉਲਝਣਾਂ ਨੇ ਸਿਖਾਇਆ ਸੀ। ਮੈਂ ਇੱਕ ਬਹੁਤ ਵੱਡੀ ਅਖਬਾਰ ਲਈ ਸ਼ੇਅਰ ਬਾਜ਼ਾਰ ਦੇ ਕਾਲਮ ਵੀ ਲਿਖੇ। ਸ਼ੇਅਰਾਂ ਦੇ ਭਾਵਾਂ ਬਾਰੇ ਭਵਿੱਖਬਾਣੀਆਂ ਵਰਗੀਆਂ ਖਬਰਾਂ ਵੀ ਪਾਈਆਂ। ਲੋਕ ਸ਼ੇਅਰ ਖਰੀਦਣ ਲਈ ਮੇਰੇ ਨਾਲ ਸਲਾਹਾਂ ਵੀ ਕਰਦੇ। ਹੋਲੀ ਹੋਲੀ ਇਹ ਸਮਝ ਆਉਣ ਲੱਗ ਪਈ ਕਿ ਬੇਰੋਜ਼ਗਾਰੀ ਕਿਓਂ ਵੱਧ ਰਹੀ ਹੈ? ਚੀਜ਼ਾਂ ਮਹਿੰਗੀਆਂ ਕਿਓਂ ਹੁੰਦੀਆਂ ਹਨ? ਨਿੱਤ ਵਰਤੋਂ ਦਿਨ ਵਸਤਾਂ ਤੇ ਛਪੇ MRP ਦੀਆਂ ਕੀ ਘੁੰਡੀਆਂ ਹਨ? ਹਿਸਾਬ ਵੱਲ ਦੋਬਾਰਾ ਦਿਲਚਸਪੀ ਜਗਾਉਣ ਵਾਲੇ ਰਣਜੀਤ ਸਿੰਘ ਦੋ ਚਾਰ ਦਿਨ ਪਹਿਲਾਂ ਹੀ ਫਿਰ ਮਿਲੇ ਤਾਂ ਜਿਹਾ ਬੜਾ ਕੁਝ ਯਾਦ ਆਇਆ। ਉਹਨਾਂ ਬਾਰੇ ਇੱਕ ਪੋਸਟ ਵੱਖਰੇ ਤੌਰ ਤੇ ਵੀ ਪਾਈ ਹੈ ਜਿਸ ਨੂੰ ਤੁਸੀਂ ਪੜ੍ਹ ਸਕਦੇ ਹੋ ਇਥੇ ਕਲਿੱਕ ਕਰਕੇ। ਰਣਜੀਤ ਸਿੰਘ ਹੁਰਾਂ ਦਾ ਇੱਕ ਭਾਸ਼ਣ ਸੁਣ ਕੇ ਮੈਨੂੰ ਹਿਸਾਬ ਬਹੁਤ ਹੀ ਚੰਗਾ ਚੰਗਾ ਲੱਗਣ ਲੱਗਿਆ। ਇਹ ਰਣਜੀਤ ਸਿੰਘ ਕੌਣ ਹਨ ਇਸ ਬਾਰੇ ਤੁਸੀਂ ਪੜ੍ਹ ਸਕਦੇ ਹੋ ਇਥੇ ਕਲਿਕ ਕਰਕੇ। ਕੁਝ ਜ਼ਿਕਰ ਹੈ ਕਿਸੇ ਵੱਖਰੀ ਪੋਸਟ ਵਿੱਚ। --ਰੈਕਟਰ ਕਥੂਰੀਆ//ਸਾਹਿਤ ਸਕਰੀਨ

No comments:

Post a Comment