google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਮੁਢਲੇ ਦੌਰ ਦੀ ਪੱਤਰਕਾਰੀ ਯਾਦ ਕਰਾਈ GCG ਦੇ ਪੋਸਟਰ ਮੇਕਿੰਗ ਮੁਕਾਬਲੇ ਨੇ

Tuesday, 14 December 2021

ਮੁਢਲੇ ਦੌਰ ਦੀ ਪੱਤਰਕਾਰੀ ਯਾਦ ਕਰਾਈ GCG ਦੇ ਪੋਸਟਰ ਮੇਕਿੰਗ ਮੁਕਾਬਲੇ ਨੇ

ਮੁਕਾਬਲਾ ਕਰਾਇਆ ਗਿਆ ਕਾਲਜ ਦੇ ਲੋਕ ਪ੍ਰਸ਼ਾਸ਼ਨ ਵਿਭਾਗ ਵੱਲੋਂ 


ਲੁਧਿਆਣਾ
: 14 ਦਸੰਬਰ 2021: (ਅੰਮ੍ਰਿਤਪਾਲ ਸਿੰਘ//
ਕਾਰਤਿਕਾ ਸਿੰਘ//ਸਾਹਿਤ ਸਕਰੀਨ)::

ਅੱਜ ਕੱਲ੍ਹ ਡੈਮੋਕਰੇਸੀ ਦਾ ਜ਼ਮਾਨਾ ਹੈ। ਡੈਮੋਕਰੇਸੀ ਵਿੱਚ ਕਲਮ ਦੀ ਤਾਕਤ ਨੂੰ ਬਹੁਤ ਹੀ ਅਹਿਮੀਅਤ ਹਾਸਲ ਹੈ। ਅਖ਼ਬਾਰਾਂ ਨਾਲ ਤੋਪਾਂ ਦੇ ਮੂੰਹ ਮੋੜ ਦਿੱਤੇ ਜਾਂਦੇ ਹਨ। ਪੋਸਟਰ ਬਣਾਉਣਾ ਇੱਕ ਤਰ੍ਹਾਂ ਨਾਲ ਅਖਬਾਰੀ ਖੇਤਰ ਦੀ ਮੁਢਲੀ ਕੋਸ਼ਿਸ਼ ਗਿਣੀ ਜਾਂਦੀ ਹੈ। ਪਹਿਲਾਂ ਪਹਿਲ ਆਜ਼ਾਦੀ ਲਿਆਉਣ ਵਾਲੇ ਕ੍ਰਾਂਤੀਕਾਰੀ ਜਦੋਂ ਗੁਪਤ ਵਿਚਰਦੇ ਸਨ ਤਾਂ ਉਹ ਆਪਣੀ ਅਖਬਾਰ ਦਾ ਵਰਕਾ  ਹੱਥਾਂ ਨਾਲ ਲਿਖ ਕੇ ਕੰਧਾਂ ਤੇ ਚਿਪਕਾ ਦਿਆ ਕਰਦੇ ਸਨ। ਇਸਦਾ ਰੂਪ, ਰੰਗ ਅਤੇ ਆਕਾਰ ਪੋਸਟਰ ਵਰਗਾ ਹੀ ਹੁੰਦਾ ਸੀ। ਬਾਅਦ ਵਿੱਚ ਅਜਿਹੀਆਂ ਅਖਬਾਰਾਂ ਸਾਈਕਲੋ ਸਟਾਈਲ ਹੋ ਕੇ ਸਾਹਮਣੇ ਆਉਣ ਲੱਗੀਆਂ।  ਸਾਈਕਲੋ ਸਟਾਈਲ ਕਰਨ ਵਾਲੀ ਛੋਟੀ ਜਿਹੀ ਮਸ਼ੀਨ ਚੁੱਕ ਕੇ ਕਿਧਰੇ ਵੀ ਲੀਜੈ ਜਾ ਸਕਦੀ ਸੀ ਜਿਸ ਨਾਲ ਕ੍ਰਾਂਤੀਕਾਰੀ ਆਪਣੇ ਟਿਕਾਣੇ ਬੜੀ ਫੁਰਤੀ ਨਾਲ ਬਦਲ ਲਿਆ ਕਰਦੇ ਸਨ। ਇਹਨਾਂ ਕ੍ਰਾਂਤੀਕਾਰੀ ਪਾਰਟੀਆਂ ਦੇ ਨਵੇਂ ਰਕਰੂਟਾਂ ਦੀ ਪਰਖ ਲਈ ਵੀ ਉਹਨਾਂ ਨੂੰ ਅਜਿਹੇ ਪੋਸਟਰ ਸ਼ਹਿਰ ਦੀਆਂ ਕੰਧਾਂ ਉੱਤੇ ਲਾਉਣ ਦੀ ਡਿਊਟੀ ਲਗਾਈ ਜਾਂਦੀ ਸੀ ਜੋ ਕਿ ਬਹੁਤ ਕਠਿਨ ਹੁੰਦੀ ਸੀ। ਪੁਲਿਸ ਦੇ ਹੱਥ ਆਏ ਬਿਨਾ ਪੋਸਟਰਾਂ ਨੂੰ ਕੰਧਾਂ ਤੇ ਚਿਪਕਾ ਕੇ ਛੂਮੰਤ੍ਰ ਹੋ ਜਾਣਾ ਸੌਖਾ ਨਹੀਂ ਸੀ ਹੁੰਦਾ। ਉਹਨਾਂ ਵੇਲਿਆਂ ਵਿਚ ਗੁਪਤ ਵਿਚਰਦਿਆਂ ਪਾਰਟੀਆਂ ਇਸੇ ਤਰ੍ਹਾਂ ਆਪਣੇ ਵਰਕਰਾਂ ਨੂੰ ਪਰਖਦੀਆਂ ਸਨ। ਨਵੀਆਂ ਫ਼ਿਲਮਾਂ ਦੇ ਰਿਲੀਜ਼ ਹੋਣ ਤੇ ਵੀ ਸਭ ਤੋਂ ਪਹਿਲਾਂ ਉਹਨਾਂ ਫ਼ਿਲਮਾਂ ਦੇ ਆਕਰਸ਼ਕ ਢੰਗ ਨਾਲ ਛਪੇ ਰੰਗੀਨ ਪੋਸਟਰ ਕੰਧਾਂ ਤੇ ਨਜ਼ਰ ਆਇਆ ਕਰਦੇ ਸਨ।  

ਬਾਅਦ ਵਿੱਚ ਆਮ ਅਤੇ ਗੁਪਤ ਛਪਦੇ ਪੋਸਟਰਾਂ ਦੀ ਛਪਾਈ ਵੀ ਵਿਕਸਿਤ ਹੋਏ ਤਰੀਕਿਆਂ ਨਾਲ ਹੋਣ ਲੱਗ ਪਈ। ਹੁਣ ਤਾਂ ਕਈ ਕਈ ਸਫ਼ਿਆਂ ਦੀ ਅਖਬਾਰ ਮਿੰਟਾਂ ਵਿੱਚ ਹੀ ਕਈ ਕਈ ਹਜ਼ਾਰ ਛਾਪਣ ਵਾਲਿਆਂ ਮਸ਼ੀਨਾਂ ਵੀ ਆਮ ਹੋ ਚੁੱਕੀਆਂ ਹਨ ਜਿਹੜੀਆਂ ਅਖਬਾਰ ਨੂੰ ਛਾਪ ਕੇ, ਅਖਬਾਰ ਦੇ ਸਾਰੇ ਵਰਕੇ ਤਹਿ ਲਗਾ ਕੇ ਅਤੇ ਫਿਰ ਇਹਨਾਂ ਨੂੰ ਗਿਣ ਕੇ ਬਾਹਰ ਕੱਢਦੀ ਹੈ। ਪਰ ਇਸ ਸਾਰੇ ਵਿਕਾਸ ਦਾ ਮੁੱਢ ਤਕਨੀਕੀ ਪੱਖੋਂ ਪੋਸਟਰ ਬਣਾਉਣ ਨਾਲ ਹੀ ਆਰੰਭ ਹੋਇਆ ਸੀ। ਇੱਕ ਅਖਬਾਰ ਅਸਲ ਵਿੱਚ ਕਈ ਪੋਸਟਰਾਂ ਦਾ ਸੰਕਲਨ ਹੀ ਹੁੰਦੀ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਲੁਧਿਆਣਾ ਵਿੱਚ ਲੜਕੀਆਂ ਦੇ ਸਰਕਾਰੀ ਕਾਲਜ ਵਿੱਚ ਪੋਸਟਰ ਮੇਕਿੰਗ ਦੇ ਆਰਟ ਨੂੰ ਵੀ ਬੜੇ ਹੀ ਧਿਆਨ ਨਾਲ ਵਿਕਸਿਤ ਕੀਤਾ ਜਾਂਦਾ ਹੈ। ਅਸਲ ਵਿੱਚ ਪੋਸਟਰ ਛੋਟੀਆਂ ਅਖਬਾਰਾਂ ਹੀ ਤਾਂ ਹੁੰਦੀਆਂ ਹਨ। ਕੋਈ ਵੀ ਸਕੈਂਡਲ ਜਦੋਂ ਲੋਕਾਂ ਸਾਹਮਣੇ ਲਿਆਉਣਾ ਹੁੰਦਾ ਹੈ ਤਾਂ ਪੋਸਟਰ ਛਪਵਾ ਕੇ ਰਾਤੋ ਰਾਤ ਕੰਧਾਂ ਤੇ ਚਿਪਕਾ ਦਿੱਤੇ ਜਾਂਦੇ ਹਨ। ਤੜਕਸਾਰ ਸਾਰੀ ਗੱਲ ਅੱਗ ਵਾਂਗ ਸ਼ਹਿਰ ਵਿੱਚ ਫੇਲ ਜਾਂਦੀ ਹੈ। 

ਸਰਕਾਰ ਵਿਰੋਧੀ ਪ੍ਰਚਾਰ ਕਰਨ ਵਾਲੇ ਹੁਣ ਵੀ ਆਪਣੇ ਪੋਸਟਰ ਸਰਕਾਰੀ ਇਮਾਰਤਾਂ ਦੀਆਂ ਕੰਧਾਂ ਤੇ ਲਾ ਆਉਂਦੇ ਹਨ ਜਿਹਨਾਂ ਵਿੱਚ ਅਦਾਲਤਾਂ ਅਤੇ ਥਾਣਿਆਂ ਦੀਆਂ ਇਮਾਰਤਾਂ ਵੀ ਸ਼ਾਮਲ ਹੁੰਦੀਆਂ ਹਨ। ਇਸ ਤਰ੍ਹਾਂ ਰਾਤੋਰਾਤ ਛਾਪੇ ਗਏ ਇਹ ਪੋਸਟਰ ਵੀ ਕਿਸੇ ਅਖਬਾਰ ਵਾਂਗ ਤਰੱਥਲੀ ਪਾਉਣ ਵਿਚ ਕਾਮਯਾਬ ਰਹਿੰਦੇ ਹਨ। 

ਲੁਧਿਆਣਾ ਦੇ ਪੁਰਾਣੇ ਕਾਲਜਾਂ ਵਿੱਚੋਂ ਇੱਕ ਹੈ ਲੜਕੀਆਂ ਦਾ ਸਰਕਾਰੀ ਕਾਲਜ। ਇਹ ਕਾਲਜ 1943 ਵਿੱਚ ਸਥਾਪਤ ਹੋਇਆ ਅਤੇ 1953 ਵਿੱਚ ਇਹ ਕਾਲਜ ਮੌਜੂਦਾ ਇਮਾਰਤ ਵਿੱਚ ਆ ਗਿਆ। ਹੁਣ ਜੀ ਸੀ ਜੀ ਅਰਥਾਤ ਗੌਰਮਿੰਟ ਗਰਲਜ਼ ਕਾਲਜ ਦਾ ਬਹੁਤ ਨਾਮ ਹੈ। ਭ੍ਰਿਸ਼ਟਾਚਾਰ ਵਿਰੋਧੀ ਦਿਵਸ ਦੇ ਮੌਕੇ 'ਤੇ ਇਸੇ ਕਾਲਜ ਦੇ ਲੋਕ ਪ੍ਰਸ਼ਾਸਨ ਵਿਭਾਗ ਵੱਲੋਂ ਪੋਸਟਰ ਮੇਕਿੰਗ ਦਾ  ਮੁਕਾਬਲਾ ਕਰਵਾਇਆ ਗਿਆ। ਇਸ ਸਮਾਗਮ ਦਾ ਆਯੋਜਨ ਪ੍ਰਿੰਸੀਪਲ ਸ਼੍ਰੀਮਤੀ ਕਿਰਪਾਲ ਕੌਰ, ਲੋਕ ਪ੍ਰਸ਼ਾਸਨ ਵਿਭਾਗ ਦੇ ਮੁਖੀ ਸ਼੍ਰੀਮਤੀ ਬਲਜੀਤ ਕੌਰ ਅਤੇ ਸ੍ਰੀ ਦਿਨੇਸ਼ ਸ਼ਾਰਦਾ ਦੀ ਅਗਵਾਈ ਹੇਠ ਕੀਤਾ ਗਿਆ। ਵਿਦਿਆਰਥੀਆਂ ਨੇ ਭ੍ਰਿਸ਼ਟਾਚਾਰ ਵਿਰੋਧੀ ਥੀਮ ਨੂੰ ਰਚਨਾਤਮਕ ਢੰਗ ਨਾਲ ਪੇਸ਼ ਕੀਤਾ। ਇਹਨਾਂ ਪੋਸਟਰਾਂ ਰਹਿਣ ਸਾਬਿਤ ਕੀਤਾ ਗਿਆ ਕਿ ਇਹ ਪੋਸਟਰ ਵੀ ਕਿਸੇ ਵੱਡੇ ਮੀਡੀਆ ਵਾਂਗ ਕਿਸ ਵੀ ਘੁਟਾਲੇ ਦਾ ਪਰਦਾਫਾਸ਼ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਹਨ। 

ਅਖਬਾਰਾਂ ਦੇ ਜਨਮ ਵੇਲਿਆਂ ਦੇ ਸਾਥੀ ਰਹੇ ਇਹਨਾਂ ਪੋਸਟਰਾਂ ਨੂੰ ਬਣਾਉਣ ਦੀ ਕਲਾ ਦਾ ਇਹ ਤਜਰਬਾ ਬਿਲਕੁਲ ਖਾਸ ਸੀ? ਇੱਕ ਤਰ੍ਹਾਂ ਨਾਲ ਅਤੀਤ ਦੀ ਯਾਤਰਾ ਸੀ ਇਹ। ਭਵਿੱਖ ਦੀਆਂ ਅੱਖਾਂ ਵਿੱਚ ਅੱਖਾਂ ਪਾਉਣ ਵਰਗਾ ਸੀ ਇਹ ਸਭ ਕੁਝ। ਵਰਤਮਾਨ ਦੀਆਂ ਚੁਣੌਤੀਆਂ ਕਬੂਲ ਕਰਦੀ ਕਲਾ ਸੀ ਇਹ। ਅਸਲ ਵਿੱਚ ਮੁਢਲੇ ਦੌਰ ਦੀ ਅਖਬਾਰ ਨਵੀਸੀ ਯਾਦ ਕਰਾਈ GCG ਦੇ ਇਸ ਪੋਸਟਰ ਮੇਕਿੰਗ ਮੁਕਾਬਲੇ ਨੇ। ਇਸ ਤਰ੍ਹਾਂ ਇਹ ਇੱਕ ਯਾਦਗਾਰੀ ਆਯੋਜਨ ਹੋ ਨਿੱਬੜਿਆ। 

ਫਾਈਨ ਆਰਟਸ ਵਿਭਾਗ ਤੋਂ ਸ੍ਰੀਮਤੀ ਮਨਦੀਪ ਕੌਰ ਅਤੇ ਸ੍ਰੀਮਤੀ ਅਮਿਤਾ ਸਹਿਗਲ ਨੇ ਜੱਜਾਂ ਦੀ ਭੂਮਿਕਾ ਨਿਭਾਈ। ਜਸਪ੍ਰੀਤ ਕੌਰ ਨੇ ਪਹਿਲਾ, ਸ਼ਰਨਦੀਪ  ਕੌਰ ਨੇ ਦੂਜਾ , ਟਵਿੰਕਲ ਨੇ ਤੀਜਾ ਇਨਾਮ ਅਤੇ ਦੀਪਿਕਾ ਨੇ ਕੰਸੋਲੇਸ਼ਨ ਇਨਾਮ ਜਿੱਤਿਆ। ਲੋਕ ਪ੍ਰਸ਼ਾਸ਼ਨ ਵਿਸ਼ੇ ਦੀਆਂ ਵਿਦਿਆਰਥਣਾਂ- ਇਸ਼ਪ੍ਰੀਤ ਕੋਰ, ਸਰਗੁਨ, ਅਸ਼ਮੀਤ ਕੋਰ, ਮਨਵੀਰ ਕੋਰ, ਗੁਰਪ੍ਰਿਆ, ਕਰੁਨਾ ਅਤੇ ਈਵਾ ਅਰੋੜਾ ਨੇ ਇਸ ਈਵੈਂਟ ਨੂੰ ਸਫਲ ਬਨਾਉਣ ਵਿਚ  ਵਿਚ ਵਿਸ਼ੇਸ਼ ਯੋਗਦਾਨ ਪਾਇਆ। ਅੰਤ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਕਿਰਪਾਲ ਕੌਰ ਅਤੇ ਲੋਕ ਪ੍ਰਸ਼ਾਸ਼ਨ ਵਿਭਾਗ ਦੇ ਮੁਖੀ ਸ਼੍ਰੀਮਤੀ ਬਲਜੀਤ ਕੌਰ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।


No comments:

Post a Comment