google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਅਲਵਿਦਾ ! ਡਾ. ਸੁਰਿੰਦਰ ਸਿੰਘ ਦੁਸਾਂਝ -ਅਮਰਜੀਤ ਟਾਂਡਾ

Tuesday, 14 December 2021

ਅਲਵਿਦਾ ! ਡਾ. ਸੁਰਿੰਦਰ ਸਿੰਘ ਦੁਸਾਂਝ -ਅਮਰਜੀਤ ਟਾਂਡਾ

14th December 2021 at 08:52 AM

 ਕਹਿੰਦੇ ਸਨ-ਅੱਜ ਵੀ ਮੇਰੇ ਨਾਲ ਕੋਈ ਦਸਤਪੰਜਾ ਲੜਾ ਕੇ ਦੇਖ ਸਕਦਾ ਹੈ 


ਡਾਕਟਰ ਐਸ ਐਸ ਦੋਸਾਂਝ ਹੁਰਾਂ ਦੇ ਅਕਾਲ ਚਲਾਣੇ ਮੌਕੇ ਦਿਲ ਉਦਾਸ ਹੈ।  ਹਰ ਪਾਸੇ ਸੋਗ ਦੀ ਲਹਿਰ ਹੈ। ਉਹਨਾਂ ਕੋਲੋਂ ਪੜ੍ਹੇ ਹੋਏ ਵਿਦਿਆਰਥੀ ਵੀ ਉਦਾਸ ਹਨ। ਉਹਨਾਂ ਕੋਲੋਂ ਗੂੜ੍ਹੇ ਹੋਏ ਮਿੱਤਰ ਵੀ ਸੋਗ ਵਿੱਚ ਹਨ। ਸਿਆਸੀ ਪ੍ਰਤੀਬੱਧਤਾ ਅਤੇ ਪੱਤਰਕਾਰੀ ਕਿਵੇਂ ਨਾਲੋਂ ਨਾਲ ਚੱਲਦਿਆਂ ਵੀ ਇਮਾਨਦਾਰ ਹੋ ਸਕਦੀਆਂ ਹਨ ਇਹ ਉਹਨਾਂ ਆਪਣੀਆਂ ਕੀਰਤਨ ਰਹਿਣ ਵੀ ਸਮਝਾਇਆ ਤੇ ਜੀਵਨ ਸ਼ੈਲੀ ਰਾਹੀਂ ਵੀ। ਉਹਨਾਂ ਦੇ ਵਿਛੋੜੇ ਮੌਕੇ ਡਾ. ਅਮਰਜੀਤ ਟਾਂਡਾ ਹੁਰਾਂ ਨੇ ਇੱਕ ਕਾਵਿ ਰਚਨਾ ਲਿਖੀ ਹੈ ਜਜ਼ਬਾਤਾਂ ਨਾਲ ਭਿੱਜੀ ਹੋਈ ਰਚਨਾ ਜੋ ਉਹਨਾਂ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਨੂੰ ਤਾਜ਼ਾ ਕਰਦੀ ਹੈ। ਉਸ ਦੌਰ ਦਾ ਬਹੁਤ ਕੁਝ ਯਾਦ ਕਰਾਉਂਦੀ ਹੈ। ਲਓ ਤੁਸੀਂ ਵੀ ਪੜ੍ਹੋ ਅਤੇ ਆਪਣੇ ਵਿਚਾਰ ਵੀ ਭੇਜੋ-ਰੈਕਟਰ ਕਥੂਰੀਆ 

 ਡਾ.ਅਮਰਜੀਤ ਟਾਂਡਾ ਹੁਰਾਂ ਦੀ ਰਚਨਾ ਡਾ. ਦੋਸਾਂਝ ਦੀ ਯਾਦ ਵਿੱਚ  

14th December 2021 at 06:09 AM

ਅਜੇ ਆਪਾਂ 

ਕੁਝ ਕੁ ਹਫ਼ਤੇ ਪਹਿਲਾਂ ਹੀ ਤਾਂ ਗੱਲਾਂ ਕੀਤੀਆਂ ਸਨ

ਕਿਸਾਨਾਂ ਦੇ ਸੰਘਰਸ਼ ਬਾਰੇ ਤੇ 

ਤੁਹਾਡੀ ਸਿਹਤ ਬਾਰੇ 

ਤੁਸੀਂ ਕਿਹਾ ਸੀ 

ਕਿਸਾਨ ਘੋਲ ਬਾਰੇ ਹੌਸਲੇ ਵਾਲਾ ਲਿਖੋ 

ਤੇ ਸਿਹਤ ਬਾਰੇ ਦੱਸਦਿਆਂ ਕਿਹਾ ਸੀ    

"ਅੱਜ ਵੀ ਮੇਰੇ ਨਾਲ ਕੋਈ ਦਸਤਪੰਜਾ ਲੜਾ ਕੇ ਦੇਖ ਸਕਦਾ ਹੈ"  

ਹੈਰਾਨ ਹੋ ਗਿਆ ਹਾਂ 

ਯਕੀਨ ਜਿਹਾ ਹੀ ਨਹੀਂ ਆ ਰਿਹਾ 

ਕਿ ਏਡੇ ਹੌਸਲੇ ਵਾਲਾ ਇਨਸਾਨ ਵੀ ਰਾਤ ਬਰਾਤੇ ਆਪਣੇ 

ਸਾਰੇ ਪਰਿਵਾਰ ਨੂੰ ਛੱਡ  

ਕਿਤੇ ਜਾ ਛੁਪ ਸਕਦਾ ਹੈ  

ਪੰਜਾਬ ਖੇਤੀ ਯੂਨੀਵਰਸਿਟੀ ਚ 

ਮੈਂ ਤੁਹਾਨੂੰ 1970-71 ਤੋਂ

ਤੱਕਦਾ ਆ ਰਿਹਾ ਸਾਂ 

ਤੇਜ ਆਉਂਦੇ ਜਾਂਦੇ

ਇਕ ਹੱਥ ਪਿੰਟ ਦੀ ਜੇਬ ਚ 

ਪਾ ਕੇ ਲੰਘ ਜਾਣਾ ਮੇਰੀ ਸਤਿ ਸਰੀ ਅਕਾਲ ਦਾ ਜੁਆਬ ਦੇ ਕੇ

ਤੁਸੀਂ ਸਾਰੀ ਉਮਰ ਪੰਜਾਬੀ ਭਾਸ਼ਾ ਸਾਹਿੱਤ ਤੇ ਸਭਿਆਚਾਰ ਨੂੰ ਸ਼ੰਗਾਰਿਆ  

ਸੰਪਾਦਕੀ ਕੀਤੀ 

ਪੱਤਰਕਾਰੀ ਪੜ੍ਹਾਈ 

ਪੰਜਾਬੀ ਸਾਹਿੱਤ ਅਕਾਡਮੀ ਨਾਲ ੨ ਟੋਰੀ 

ਤੇ ਪਾਉਟਾ ਦੀ ਪ੍ਰਧਾਨਗੀ ਕਰ ਅਧਿਆਪਕ ਮੰਗਾਂ ਲਈ ਜੂਝਦੇ ਰਹੇ 

ਕਦੇ ਥਕਾਵਟ ਨਹੀਂ ਸੀ ਦੇਖੀ 

ਮੈਂ ਤੁਹਾਡੀ ਟੋਰ ਚ

ਲੋਕ ਲਹਿਰਾਂ ਉਸਾਰੀਆਂ 

ਜੂਝਦੇ ਰਹੇ 

ਸਿਆਸੀ ਸਲਾਹਕਾਰ ਰਹੇ 

ਸਲਾਹਾਂ ਦਿਤੀਆਂ ਤੇ 

ਅਹੁਦਿਆਂ ਨੂੰ ਨਕਾਰਿਆ  

ਗੁਰੂ ਨਾਨਕ ਤੇ 

ਗੁਰੂ ਤੇਗ ਬਹਾਦਰ ਬਾਰੇ ਸੱਚ ਦੀ ਖੋਜ ਮੈਂ 1972-73 ਚ ਹੀ ਪੜ੍ਹ ਲਈ ਸੀ

ਹੇਮ ਜਯੋਤੀ ਚ ਲਿਖਿਆ 

ਤੇ ਪੰਥ ਦੇ ਦਾਵੇਦਾਰ ਛਾਪਿਆ  

ਪੰਜਾਬ ਖੇਤੀ ਯੂਨੀਵਰਸਿਟੀ ਦੇ  ਕਿਸਾਨ ਮੇਲਿਆਂ ਚ ਸਾਹਿੱਤ ਵੰਡਿਆ 

ਤੇ ਮੇਰੇ ਕੋਲ ਲੋਕਾਂ ਦੇ ਰਵੱਈਏ ਬਾਰੇ ਰੋਸ ਵੀ ਕਰਦੇ ਰਹੇ  

ਲਹੂ ਭਿੱਜੇ ਬੋਲਾਂ ਚ ਵੀ ਭਿੱਜੇ ਰਹੇ ਤੇ ਆਪਾਂ ਪਾਸ਼, ਦਰਦ 

ਤੇ ਮਹਿੰਦਰ ਸਿੰਘ ਸੰਧੂ ਭਾਜੀ ਨਾਲ ਮਿਲ ਕੇ ਨਿੱਕੀਆਂ 2 ਸਾਹਿਤਕ ਗੋਸ਼ਟੀਆਂ ਵੀ ਨਕੋਦਰ ਕੀਤੀਆਂ   

ਤੁਸੀਂ ਸਾਡੇ ਵਿਦਿਆਰਥੀ ਯੁੱਧਾਂ ਵਿਚ ਵੀ ਆ ਕੇ ਹਿੱਸਾ ਬਣਦੇ 

ਭਾਸ਼ਣ ਤੇ ਹੌਸਲਾ ਦਿੰਦੇ 

ਜਾਣ ਲੱਗਿਆਂ ਤੁਸੀਂ ਆਪਣੀ  

ਜੀਵਨ ਸਾਥਣ ਅੰਮ੍ਰਿਤ ਦੁਸਾਂਝ ਨੂੰ ਵੀ ਨਾ ਦੱਸਿਆ  

ਇਹ ਕਿਹੋ ਜਿਹੀ ਸਾਂਝ ਵਿਖਾਈ 

ਦੋ ਸਾਂਝਾਂ ਵਿੱਚ!  

ਤੁਸੀਂ ਤਾਂ ਬੇਟੇ ਜਸਮੀਤ ਨੂੰ ਵੀ 

ਨਾ ਦੱਸ ਕੇ ਗਏ 

ਕਿ ਮੈਂ ਕਿੱਥੇ ਚੱਲਿਆ ਹਾਂ?

ਉਹ ਕਿਹੜਾ ਏਡਾ ਜ਼ਰੂਰੀ ਕੰਮ ਸੀ 

ਕਿ ਤੁਸੀਂ ਕਰਨਗੇ ਤਾਂ ਵਾਪਸ ਵੀ ਨਾ ਪਰਤੇ 

ਓਦਣ ਦੇ ਦਾਦੇ ਨੂੰ ਪੋਤਾ ਤੇ ਪੋਤੀ  

ਖੇਡਣ ਲਈ ਉਡੀਕ ਰਹੇ ਹਨ 

ਏਦਾਂ ਦਾ ਕਿਹੜਾ ਦੋਸਤ ਹੁੰਦਾ ਹੈ

ਕਿ ਉਹ ਆਪਣੇ ਨਾਂ ਦੀ ਨੇਮ ਪਲੇਟ ਵੀ 

ਨਾਲ ਹੀ ਪੁੱਟ ਕੇ ਲੈ ਜਾਵੇ 

ਤੇ ਉਸ ਦਾ ਨਿਸ਼ਾਨ ਵੀ ਪੂੰਝ ਜਾਵੇ   

ਤੁਸੀਂ ਚੰਗਾ ਨਹੀਂ ਕੀਤਾ ਡਾ ਸਾਹਿਬ 

ਯਾਰਾਂ ਨੂੰ ਹੰਝੂਆਂ ਚ  

ਭਿੱਜੇ ਛੱਡ ਕੇ ਆਪ ਟੁਰ ਜਾਣਾ

ਚੰਗਾ ਨਹੀਂ ਹੁੰਦਾ    

ਅਲਵਿਦਾ ! ਡਾ ਸਾਹਿਬ  

                   -ਡਾ. ਅਮਰਜੀਤ ਟਾਂਡਾ

ਡਾਕਟਰ ਐਸ ਐਸ ਦੋਸਾਂਝ ਹੁਰਾਂ ਦੀ ਯਾਦਗਾਰੀ ਪਰਿਵਾਰਿਕ ਤਸਵੀਰ 
ਅਦਾਰਾ ਸਾਹਿਤ ਸਕਰੀਨ ਦੀ ਸਮੁੱਚੀ ਟੀਮ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੀ ਹੈ 


No comments:

Post a Comment