ਸਾਹਿਤ ਨੂੰ ਬਚਾਉਣ ਅਤੇ ਪ੍ਰਫੁੱਲਤ ਕਰਨ ਲਈ ਮਜ਼ਬੂਤ ਕਾਫ਼ਿਲਾ ਜ਼ਰੂਰੀ
ਸਾਹਿਤ ਦਾ ਸੰਸਾਰ ਪੂਰੀ ਤਰ੍ਹਾਂ ਵੱਖਰਾ ਅਤੇ ਵੱਡਾ ਸੰਸਾਰ ਹੈ। ਇਸਨੂੰ ਦੂਜੀਆਂ ਅਖਬਾਰਾਂ ਰਸਾਲਿਆਂ ਦੇ ਕਾਲਮਾਂ ਜਾਂ ਇਕ ਅੱਧ ਸਫ਼ਾ ਦੇ ਕੇ ਬੁੱਤਾ ਸਾਰਨ ਦੀ ਕੋਸ਼ਿਸ਼ ਸਾਹਿਤ ਨਾਲ ਬੇਇਨਸਾਫ਼ੀ ਵਾਲੀ ਗੱਲ ਹੈ। ਮੈਕਸਿਮ ਗੋਰਕੀ ਦਾ ਨਾਵਲ ਮਾਂ ਹੋਵੇ, ਬੋਰਿਸ ਪੋਲੇਵੋਈ ਦਾ "ਅਸਲੀ ਇਨਸਾਨ ਦੀ ਕਹਾਣੀ", ਅਰਨੈਸਟ ਹੈਮਿੰਗਵੇ ਦਾ ਨਾਵਲ "ਓਲਡ ਮੇਨ ਐਂਡ ਦ ਸੀ", ਚਹੇਗਾਵੈਰਾ ਦੀ ਡਾਇਰੀ, ਜਸਵੰਤ ਸਿੰਘ ਕੰਵਲ ਦਾ ਨਾਲ ਰਾਤ ਬਾਕੀ ਹੈ ਅਤੇ ਲਹੂ ਦੀ ਲੋਅ, ਪਾਸ਼, ਸੰਤ ਰਾਮ ਉਦਾਸੀ---ਬਹੁਤ ਸਾਰੇ ਨਾਮ ਹੋਰ ਵੀ ਹਨ ਜਿਹਨਾਂ ਦੀਆਂ ਲਿਖਤਾਂ ਨੇ ਦੁਨੀਆ ਨੂੰ ਬਦਲਣ ਵਿੱਚ ਯੋਗਦਾਨ ਪਾਇਆ ਹੈ। ਸਰਦਾਰ ਗੁਰਬਖਸ਼ ਸਿੰਘ ਹੁਰਾਂ ਦੀ ਅਗਵਾਈ ਹੇਠ ਸਮਾਜ ਦੇ ਵੱਡੇ ਹਿੱਸੇ ਦੀ ਮਾਨਸਿਕਤਾ ਬਦਲਣ ਵਾਲੀ ਪ੍ਰੀਤਲੜੀ ਅੱਜ ਵੀ ਚੱਲ ਰਹੀ ਹੈ ਪੂਨਮ ਸਿੰਘ ਅਤੇ ਰਤੀਕੰਤ ਦੀ ਦੇਖਰੇਖ ਹੇਠ।
ਇਹਨਾਂ ਸਾਰਿਆਂ ਦਾ ਹਵਾਲਾ ਇਸ ਲਈ ਕਿ ਅੱਜ ਵੀ ਬਹੁਤ ਕੁਝ ਲਿਖਿਆ ਜਾ ਰਿਹਾ ਹੈ ਜਿਹੜਾ ਦੁਨੀਆ ਨੂੰ ਬਦਲਣ ਵਿੱਚ ਯੋਗਦਾਨ ਪਾ ਰਿਹਾ ਹੈ। ਇਸ ਲਈ ਅੱਜ ਵੀ ਸਾਹਿਤ ਦੇ ਖਿਲਾਫ ਸਾਜ਼ਿਸ਼ਾਂ ਜਾਰੀ ਹਨ। ਉਹਨਾਂ ਨੂੰ ਮੰਚ ਪ੍ਰਦਾਨ ਕਰਨ, ਉਹਨਾਂ ਨੂੰ ਐਵਾਰਡਾਂ ਅਤੇ ਹੋਰ ਖਿਤਾਬਾਂ ਨਾਲ ਸਨਮਾਨਿਤ ਕਰਨ, ਉਹਨਾਂ ਦੀਆਂ ਕਿਤਾਬਾਂ ਛਾਪਣ ਅਤੇ ਫਿਰ ਰਿਲੀਜ਼ ਕਰਨ ਵਰਗੇ ਲੁਭਾਉਣੇ ਜਿਹੇ ਆਯੋਜਨ ਕੀਤੇ ਜਾਂਦੇ ਹਨ ਨਾਲ ਹੀ ਅਛੋਪਲ ਅਜਿਹੇ ਦੱਸਿਆ ਜਾਂਦਾ ਹੈ ਕਿ ਤੁਹਾਨੂੰ ਕੀ ਲਿਖਣਾ ਚਾਹੀਦਾ ਹੈ? ਇਹਨਾਂ ਸਾਜ਼ਿਸ਼ਾਂ ਦਾ ਮਕਸਦ ਹੁੰਦਾ ਹੈ ਲੋਕਾਂ ਦੇ ਪੱਖ ਵਾਲੇ ਸਾਹਿਤ ਨੂੰ ਦਬਾਇਆ ਜਾਂ ਲੁਕਾਇਆ ਜਾਵੇ ਅਤੇ ਸੱਤਾ ਦੇ ਹੱਕ ਵਿਛਕ ਗੱਲਾਂ ਕਰਨਾ ਵਾਲੇ ਸਾਹਿਤ ਨੂੰ ਉਤਸਾਹਿਤ ਕੀਤਾ ਜਾਵੇ। ਇਹਨਾਂ ਸਾਜ਼ਿਸ਼ਾਂ ਵਿਹਚ ਬਹੁਤ ਸਾਰੇ ਨਾਮੀ ਗਰਾਮੀ ਸੰਗਠਨ ਸ਼ਾਮਲ ਹਨ ਜਿਹਨਾਂ ਦੀ ਚਰਚਾ ਫਿਰ ਕਦੇ ਕੀਤੀ ਜਾਏਗੀ। ਫਿਲਹਾਲ ਗੱਲ ਕਰਦੇ ਹਾਂ ਸਾਹਿਤ ਸਕਰੀਨ ਦੇ ਸੁਪਨੇ ਵਰਗੇ ਇੱਕ ਮਜ਼ਬੂਤ ਕਾਫ਼ਿਲੇ ਬਾਰੇ।
ਸਾਹਜਿਤ ਸਕਰੀਨ ਦਾ ਇਹ ਮੰਚ ਮੰਚ ਕਈ ਸਾਲ ਪਹਿਲਾਂ ਬਣਾਈ ਗਈ ਯੋਜਨਾ ਦੇ ਅਧੀਨ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਹੀ ਬਣਾਇਆ ਗਿਆ ਸੀ। ਇਸਨੂੰ ਸਰਗਰਮੀ ਨਾਲ ਸ਼ੁਰੂ ਕੀਤਾ ਗਿਆ ਫਰਵਰੀ 2017 ਵਿੱਚ। ਪੰਜਾਬੀ ਸਾਹਿਤ ਵਿੱਚ ਜਿਹੜਾ ਬਹੁਤ ਕੁਝ ਰਚਿਆ ਜਾ ਰਿਹਾ ਹੈ। ਉਸ ਵਿੱਚੋਂ ਸਮੇਂ ਦੀਆਂ ਸਾਰੀਆਂ ਔਕੜਾਂ, ਮੁਸੀਬਤਾਂ ਅਤੇ ਰੁਕਾਵਟਾਂ ਦੇ ਨਾਲ ਨਾਲ ਆਧੁਨਿਕ ਯੁਗ ਦੀ ਗੱਲ ਕਰਦਾ ਹੋਇਆ ਸਾਹਿਤ ਅਸੀਂ ਲਗਾਤਾਰ ਲਭਦੇ ਰਹਿੰਦੇ ਹਾਂ। ਸਾਡੀ ਕੋਸ਼ਿਸ਼ ਹੋਵੇਗੀ ਇਹਨਾਂ ਸਾਰੀਆਂ ਸਰਗਰਮੀਆਂ ਦੀ ਵੀ ਇੱਕ ਝਲਕ ਤੁਹਾਡੇ ਸਾਹਮਣੇ ਲਗਾਤਾਰ ਰੱਖ ਸਕੀਏ ਅਤੇ ਇਸਦੇ ਨਾਲ ਨਾਲ ਅਨਮੋਲ ਰਚਨਾਵਾਂ ਸੰਭਾਲਣ ਦਾ ਉਪਰਾਲਾ ਵੀ।
ਅਲੋਪ ਹੁੰਦੀ ਜਾ ਰਹੀ ਸਾਹਿਤਿਕ ਪੱਤਰਕਾਰੀ ਨੂੰ ਸੁਰਜੀਤ ਕਰਨਾ ਵੀ ਸਾਡੇ ਮੁੱਖ ਉਪਰਾਲਿਆਂ ਵਿਚ ਸ਼ਾਮਲ ਰਹੇਗਾ। ਇਸ ਮਕਸਦ ਲਈ ਕੁਝ ਦਹਾਕੇ ਪਹਿਲਾਂ ਵਰਗੀ ਹਵਾ ਅਤੇ ਰੁਝਾਨ ਪੈਦਾ ਕਰਨਾ ਸਾਡੇ ਪਹਿਲ ਵਾਲੇ ਕੰਮਾਂ ਵਿੱਚ ਸ਼ਾਮਲ ਰਹੇਗਾ। ਜ਼ਿਕਰਯੋਗ ਹੈ ਕਿ ਬਹੁਤ ਸਾਰੇ ਕਲਮਕਾਰ ਸਾਹਿਤ ਰਚਨਾ ਤੋਂ ਸ਼ੁਰੂ ਹੋ ਕੇ ਸਿਆਸੀ ਖਬਰਾਂ ਵਾਲੀ ਪੱਤਰਕਾਰੀ ਵਿੱਚ ਸਰਗਰਮ ਹੋਏ ਪਰ ਛੇਤੀ ਹੀ ਉਹਨਾਂ ਦੀ ਸਾਹਿਤਿਕ ਪਛਾਣ ਗੁੰਮ ਹੁੰਦੀ ਚਲੀ ਗਈ। ਖਬਰਾਂ ਦੇ ਸੰਸਾਰ ਨੇ ਉਹਨਾਂ ਦਾ ਸਾਹਿਤਿਕ ਪਹਿਲੂ ਨਿਗਲ ਲਿਆ। ਪ੍ਰੇਮ ਪ੍ਰਕਾਸ਼ ਖੰਨਵੀਂ, ਬਲਬੀਰ ਪਰਵਾਨਾ, ਡਾਕਟਰ ਹਰਜਿੰਦਰ ਸਿੰਘ ਲਾਲ ਅਤੇ ਦੇਸਰਾਜ ਕਾਲੀ ਇਸ ਦੇ ਅਪਵਾਦ ਹਨ ਇਹਨਾਂ ਨੇ ਆਪਣੀ ਸਾਹਿਤਿਕ ਪਛਾਣ ਵੀ ਬਚਾ ਕੇ ਰੱਖੀ। ਅਜਿਹਾ ਕੁਝ ਹਿੰਦੀ ਵਿੱਚ ਵੀ ਹੋਇਆ। ਉਸ ਵੇਲੇ ਸਿਮਰ ਸਦੋਸ਼ ਹੁਰਾਂ ਨੇ ਵੀ ਇਸ ਨੂੰ ਬਚਾਉਣ ਦਾ ਪੂਰਾ ਵਾਹ ਲਾਇਆ ਪਰ ਸਾਜ਼ਿਸ਼ੀ ਲੋਕ ਕਾਮਯਾਬ ਰਹੇ। ਉਹਨਾਂ ਮਿੰਨੀ ਕਹਾਣੀ ਦੇ ਜਿਹੜੇ ਵਿਸ਼ੇਸ਼ ਅੰਕ ਕੱਢੇ ਸਨ ਉਹ ਦਸਤਾਵੇਜ਼ੀ ਰੂਪ ਵਰਗੇ ਹੀ ਸਨ। ਉਹਨਾਂ ਇੱਕ ਲਹਿਰ ਸਿਰਜੀ ਸੀ। ਪਰ ਮਾਮਲਾ ਰੋਜ਼ੀ ਰੋਟੀ ਦਾ ਵੀ ਹੈ। ਭੂਖੇ ਭਗਤ ਨ ਹੋਤ ਗੋਪਾਲਾ!
ਸਾਹਿਤਿਕ ਪੱਤਰਕਾਰੀ ਅਜੇ ਤੱਕ ਰੋਜ਼ਗਾਰ ਵਾਲੇ ਆਰਥਿਕ ਮੌਕੇ ਪੈਦਾ ਨਹੀਂ ਕਰ ਸਕੀ। ਆਪੋ ਆਪਣੇ ਸਾਹਿਤਿਕ ਪ੍ਰੋਜੈਕਟਾਂ ਲਈ ਕਦੇ ਪਬਲਿਸ਼ਰਾਂ ਦੇ ਖਰਚੇ, ਕਦੇ ਆਯੋਜਨਾਂ ਵਾਲੇ ਭਵਨਾਂ ਦੇ ਕਿਰਾਏ ਅਤੇ ਹੋਰ ਵੀ ਬਹੁਤ ਸਾਰੇ ਖਰਚੇ ਕਰਨ ਵਾਲੇ ਸੰਗਠਨਾਂ ਨੇ ਕਦੇ ਸਾਹਿਤਿਕ ਪੱਤਰਕਾਰੀ ਕਰਨ ਵਾਲੇ ਕਿਸੇ ਕਲਮਕਾਰ ਨੂੰ ਇਹ ਨਹੀਂ ਪੁੱਛਿਆ ਹੋਣਾ ਕਿ ਉਸ ਕੋਲ ਆਪਣੇ ਸ਼ਹਿਰ ਜਾਂ ਪਿੰਡ ਨੂੰ ਪਰਤਣ ਜੋਗਾ ਕਿਰਾਇਆ ਵੀ ਹੈ ਜਾਂ ਨਹੀਂ? ਦਾਰੂ ਦੇ ਖਰਚਿਆਂ ਨਾਲੋਂ ਜ਼ਰੂਰੀ ਹੁੰਦਾ ਹੈ ਇਹ ਖਰਚਾ ਜਿਹੜਾ ਬਿਨਾ ਮੰਗੇ ਸਨਮਾਨ ਦੇ ਨਾਲ ਅਤੇ ਪਰਦੇ ਦੇ ਨਾਲ ਦੇ ਦਿੱਤਾ ਜਾਣਾ ਚਾਹੀਦਾ ਹੈ ਪਰ ਕਿੰਨੀ ਕੁ ਵਾਰ ਹੁੰਦਾ ਹੈ ਅਜਿਹਾ? ਇਹ ਕਿੰਨਾ ਕੁ ਹੁੰਦਾ ਹੈ ਇਸ ਬਾਰੇ ਬਹੁਤ ਸਾਰੇ ਸਮਾਗਮਾਂ ਨੂੰ ਨੇੜਿਓਂ ਦੇਖਣ ਵਾਲੇ ਸੱਜਣ ਚੰਗੀ ਤਰ੍ਹਾਂ ਜਾਣਦੇ ਹਨ। ਮਿੱਤਰ ਸੈਨ ਮੀਤ, ਦੇਵਿੰਦਰ ਸੇਖਾ, ਗੁਲਜ਼ਾਰ ਪੰਧੇਰ, ਕੁਲਵੰਤ ਸਿੰਘ ਔਜਲਾ, ਐਮ ਐਸ ਭਾਟੀਆ ਅਤੇ ਹੋਰ ਕੁਝ ਕੁ ਗਿਣਤੀ ਦੇ ਸਾਹਿਤਕਾਰ ਨਿਜੀ ਤੌਰ ਤੇ ਭਾਂਵੇਂ ਕਈ ਵਾਰ ਅਜਿਹਾ ਪ੍ਰਬੰਧ ਕਰ ਜਾਂ ਕਰਵਾ ਦੇਂਦੇ ਹਨ ਪਰ ਜਥੇਬੰਦਕ ਤੌਰ ਤੇ ਇੱਕ ਨਿਯਮ ਵੱਜੋਂ ਅਜਿਹਾ ਨਹੀਂ ਹੁੰਦਾ।
ਇਸਦੇ ਬਾਵਜੂਦ ਬਹੁਤ ਸਾਰੇ ਸਾਹਿਤਿਕ ਪਰਚਿਆਂ ਨੇ ਇਤਿਹਾਸ ਸਿਰਜਿਆ ਹੈ। ਪ੍ਰੀਤਲੜੀ, ਨਾਗਮਣੀ, ਵਿਕੇਂਦ੍ਰਿਤ, ਹੇਮ ਜਿਓਤੀ, ਰੋਹਲੈ ਬਾਣ, ਸਿਆੜ, ਹਿੰਦੀ ਵਿੱਚ-ਧਰਮਯੁਗ, ਕਾਦੰਬਨੀ, ਜਾਹਨਵੀ ਆਦਿ ਕਈ ਨਾਮ ਹਨ ਜਿਹਨਾਂ ਦਾ ਇੱਕ ਜ਼ਮਾਨਾ ਸੀ। ਲੋਕ ਬੜੇ ਚਾਅ ਨਾਲ ਇਹਨਾਂ ਨੂੰ ਉਡੀਕਦੇ ਸਨ, ਖਰੀਦਦੇ ਸਨ ਅਤੇ ਸੰਭਾਲ ਕੇ ਵੀ ਰੱਖਦੇ ਸਨ। ਇਹਨਾਂ ਵਿੱਚੋਂ ਕਈਆਂ ਨੇ ਆਰਥਿਕ ਪਹਿਲੂਆਂ ਤੇ ਵੀ ਸਫਲਤਾ ਨਾਲ ਯੋਗਦਾਨ ਦਿੱਤਾ। ਪਰ ਇੱਕ ਪੋਰ ਮਾਹੌਲ ਨਹੀਂ ਬਣ ਸਕਿਆ। ਇੱਕ ਰੁਝਾਨ ਨਹੀਂ ਸਿਰਜਿਆ ਜਾ ਸਕਿਆ। ਅਸੀਂ ਇਸਦੇ ਬਾਵਜੂਦ ਅੱਜ ਵੀ ਇਸ ਕੋਸ਼ਿਸ਼ ਵਿੱਚ ਹਾਂ। ਪਰ ਤੁਹਾਡੀ ਸਰਗਰਮ ਸ਼ਮੂਲੀਅਤ ਤਾਂ ਜ਼ਰੂਰੀ ਹੈ। ਕੁਝ ਨਾ ਕੁਝ ਸਮਾਂ ਤੁਹਾਨੂੰ ਵੀ ਕੱਢਣਾ ਹੀ ਚਾਹੀਦਾ ਹੈ।
ਜੇ ਤੁਸੀਂ ਸਾਹਿਤ ਲਿਖਦੇ ਹੋ, ਜੇ ਤੁਸੀਂ ਸਾਹਿਤ ਛਾਪਦੇ ਹੋ, ਜੇ ਤੁਸੀਂ ਸਾਹਿਤ ਪੜ੍ਹਦੇ ਹੋ, ਜੇ ਤੁਸੀਂ ਸਾਹਿਤਿਕ ਆਯੋਜਨਾਂ ਦੇ ਪ੍ਰਬੰਧਕ ਹੋ, ਜੇ ਤੁਸੀਂ ਸਾਹਿਤ ਸਭਾਵਾਂ ਨਾਲ ਜੁੜੇ ਹੋ, ਜੇ ਤੁਸੀਂ ਲਾਇਬ੍ਰੇਰੀਆਂ ਨਾਲ ਸਬੰਧਤ ਹੋ, ਜੇ ਤੁਸੀਂ ਸਾਹਿਤਿਕ ਕਲਮ ਲਿਖਦੇ ਹੋ, ਜੇ ਤੁਸੀਂ ਕਿਸੇ ਸਾਹਿਤਿਕ ਪਰਚੇ ਦੇ ਸੰਪਾਦਕ, ਸਬ ਐਡੀਟਰ। ਰਿਪੋਰਟਰ ਜਾਂ ਫੋਟੋਗ੍ਰਾਫਰ ਹੋ --ਮਤਲਬ ਇਹਨਾਂ ਵਿੱਚੋਂ ਤੁਸੀਂ ਕਿਸੇ ਵੀ ਖੇਤਰ ਵਿੱਚ ਹੋ ਤਾਂ ਸਾਨੂੰ ਤੁਹਾਡੀ ਉਡੀਕ ਸ਼ਿੱਦਤ ਨਾਲ ਹੈ। ਆਓ ਸਾਹਿਤਿਕ ਪੱਤਰਕਾਰੀ ਨੂੰ ਮਜ਼ਬੂਤ ਬਣਾਈਏ। ਅੱਜ ਕਿਤਾਬਾਂ ਹੀ ਉਹ ਭੂਮਿਕਾ ਨਿਭਾ ਸਕਦੀਆਂ ਹਨ ਜਿਸ ਨੂੰ ਕੋਈ ਹੋਰ ਨਹੀਂ ਨਿਭਾ ਸਕਦਾ।
ਫੇਸਬੁੱਕ ਪੇਜ: ਪੰਜਾਬ ਸਕਰੀਨ
ਟਵਿੱਟਰ ਤੇ ਪੰਜਾਬ ਸਕਰੀਨ
No comments:
Post a Comment