ਜਲਦੀ ਹੀ ਆਉਣ ਵਾਲੀ ਹੈ ਉਹਨਾਂ ਦੀ ਨਵੀਂ ਪੁਸਤਕ
ਲੁਧਿਆਣਾ: 27 ਦਸੰਬਰ 2021: (ਰੈਕਟਰ ਕਥੂਰੀਆ//ਕਾਰਤਿਕ ਸਿੰਘ//ਸਾਹਿਤ ਸਕਰੀਨ)::
ਡੇੜ ਕੁ ਦਹਾਕਾ ਪਹਿਲਾਂ ਲੁਧਿਆਣਾ ਦੇ ਕਲਗੀਧਰ ਗੁਰਦੁਆਰਾ ਸਾਹਿਬ ਵਾਲੀ ਸੜਕ ਤੇ ਸਥਿਤ ਸਰਗੋਧਾ ਸਕੂਲ ਵਿੱਚ ਇੱਕ ਸਮਾਗਮ ਸੀ ਭਾਰਤ ਜਨ ਗਿਆਨ ਵਿਗਿਆਨ ਜੱਥਾ ਵੱਲੋਂ। ਵਿਸ਼ਾ ਸੀ ਵਿਗਿਆਨਕ ਸੋਚ ਨੂੰ ਜ਼ਿੰਦਗੀ ਵਿੱਚ ਉਤਾਰਨ ਬਾਰੇ। ਅੱਜਕਲ ਆਮ ਜ਼ਿੰਦਗੀ ਵਿੱਚ ਨਜ਼ਰ ਮਾਰੀਏ ਤਾਂ ਨਿੱਛ ਆਉਣ ਤੇ ਰੁਕਣ ਵਾਲਿਆਂ ਵਿੱਚ ਪੜ੍ਹੇ ਲਿਖੇ ਡਾਕਟਰੀ ਗਿਆਨ ਵਾਲੇ ਵਿਅਕਤੀ ਵੀ ਕਾਫੀ ਹੁੰਦੇ ਹਨ ਜਿਹਨਾਂ ਨੂੰ ਪਤਾ ਹੁੰਦਾ ਹੈ ਕਿ ਨਿੱਛ ਕਿਓਂ ਆਉਂਦੀ ਹੈ। ਇਸੇ ਤਰ੍ਹਾਂ ਬਿੱਲੀ ਰਸਤਾ ਕੱਟ ਜਾਏ ਤਾਂ ਇੱਕ ਵਾਰ ਰੁਕਣ ਲਈ ਕਹਿਣ ਵਾਲਿਆਂ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਵਾਲੇ ਵੀ ਹੋਣਗੇ ਜਿਹਨਾਂ ਨੂੰ ਪਤਾ ਹੈ ਕਿ ਬਿੱਲੀ ਦੇ ਰਸਤਾ ਕੱਟਣ ਨਾਲ ਕੋਈ ਮੁਸੀਬਤ ਨਹੀਂ ਡਿੱਗਣ ਵਾਲੀ। ਫਿਰ ਵੀ ਅਜਿਹਾ ਬੜਾ ਕੁਝ ਆਏ ਦਿਨ ਵਾਪਰਦਾ ਨਜ਼ਰ ਆਉਂਦਾ ਹੈ। ਉਸ ਨੂੰ ਦੇਖਦਿਆਂ ਮਹਿਸੂਸ ਹੁੰਦਾ ਹੈ ਕਿ ਸਾਡੇ ਲੋਕਾਂ ਵਿੱਚ ਅਜੇ ਤੱਕ ਵਿਗਿਆਨਕ ਸੋਚ ਪੂਰੀ ਤਰ੍ਹਾਂ ਪੈਦਾ ਨਹੀਂ ਹੋ ਸਕੀ। ਖੱਬੀ ਸੋਚ ਵਾਲੇ ਅਗਾਂਹਵਧੂ ਡਾਕਟਰ ਅਰੁਣ ਮਿੱਤਰਾ ਹੁਰਾਂ ਦੀ ਟੀਮ ਵੱਲੋਂ ਸੰਚਾਲਿਤ ਭਾਰਤ ਜਨ ਗਿਆਨ ਵਿਗਿਆਨ ਜੱਥਾ ਇਸ ਸੋਚ ਨੂੰ ਵਿਕਸਿਤ ਕਰਨ ਲਈ ਕੁਝ ਨ ਕੁਝ ਕਰਦਾ ਹੀ ਰਹਿੰਦਾ ਹੈ। ਸਰਗੋਧਾ ਸਕੂਲ ਵਾਲਾ ਸਮਾਗਮ ਵੀ ਇਸੇ ਮੁਹਿੰਮ ਦੀ ਹੀ ਇੱਕ ਲੜੀ ਸੀ। ਰਣਜੀਤ ਸਿੰਘ ਹੁਰਾਂ ਵੱਲੋਂ ਹਿਸਾਬ ਦੇ ਵਿਸ਼ੇ ਦੀ ਦਿਲਚਸਪ ਵਿਆਖਿਆ ਇਸੇ ਸੋਚ ਨੂੰ ਪ੍ਰਫੁੱਲਿਤ ਕਰਨ ਦੀ ਹੀ ਕੋਸ਼ਿਸ਼ ਸੀ। ਹਿਸਾਬ ਵਰਗੇ ਵਿਸ਼ੇ ਨੂੰ ਦਿਲਚਸਪ ਬਣਾ ਕੇ ਪੇਸ਼ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਵੀ ਨਹੀਂ।
ਪੰਜਾਬ ਸਕਰੀਨ ਦੀ ਟੀਮ ਮੀਡੀਆ ਕਵਰੇਜ ਲਈ ਉੱਥੇ ਗਈ ਸੀ। ਸਕੂਲ ਲੱਭਣ ਵਿਚ ਕੁਝ ਦੇਰ ਵੀ ਹੋ ਗਈ ਸੀ। ਜਦੋਂ ਹਾਲ ਵਿੱਚ ਪੁੱਜੇ ਤਾਂ ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਸਰਗਰਮ ਮੈਂਬਰ ਰਣਜੀਤ ਸਿੰਘ ਆਪਣਾ ਭਾਸ਼ਣ ਸ਼ੁਰੂ ਕਰ ਚੁੱਕੇ ਸਨ। ਉਹਨਾਂ ਨੇ ਵਿਸ਼ਾ ਛੋਹਿਆ ਸੀ ਹਿਸਾਬ ਦੇ ਵਿਸ਼ੇ ਨਾਲ ਸਬੰਧਤ ਨੁਕਤਿਆਂ ਬਾਰੇ। ਇਸ ਬਾਰੇ ਬੋਲਦਿਆਂ ਉਹਨਾਂ ਕਈ ਗੱਲਾਂ ਦੱਸੀਆਂ ਜਿਹਨਾਂ ਲ ਲੱਗਦਾ ਸੀ ਕਿ ਹਿਸਾਬ ਵਰਗਾ ਦਿਲਚਸਪ ਅਤੇ ਸੌਖਾ ਵਿਸ਼ਾ ਕੋਈ ਹੋਰ ਹੋ ਹੀ ਨਹੀਂ ਸਕਦਾ। ਬੱਚੇ ਸਾਹ ਰੋਕ ਕੇ ਇਸ ਤਰ੍ਹਾਂ ਸੁਣ ਰਹੇ ਸਨ ਜਿਵੇਂ ਬੜੀ ਹੀ ਦਿਲਚਸਪ ਕਹਾਣੀ ਸੁਣਾਈ ਜਾ ਰਹੀ ਹੋਵੇ। ਕੁਲ ਮਿਲਾ ਕੇ ਇਹ ਭਾਸ਼ਣ ਹਿਸਾਬ ਦੇ ਵਿਸ਼ੇ ਨੂੰ ਬੜਾ ਰੌਚਿਕ ਬਣਾ ਕੇ ਪੇਸ਼ ਕਰ ਰਿਹਾ ਸੀ। ਹਿਸਾਬ ਦਾ ਨਾਮ ਲੈਂਦਿਆਂ ਹੀ ਬੁਖਾਰ ਜਿਹਾ ਮਹਿਸੂਸ ਕਰਨ ਵਾਲੇ ਮੇਰੇ ਵਰਗੇ ਬੰਦੇ ਦਾ ਵੀ ਦਿਲ ਕਰਨ ਲੱਗ ਪਿਆ ਕਿ ਹਿਸਾਬ ਇਸ ਉਮਰ ਵਿੱਚ ਵੀ ਸਿੱਖ ਲਿਆ ਜਾਵੇ ਤਾਂ ਹਰਜ ਕੋਈ ਨਹੀਂ।
ਮੈਨੂੰ ਲੱਗਿਆ ਕਿ ਇਹ ਹਿਸਾਬ ਦੇ ਮਾਹਰ ਹੋਣਗੇ। ਇਹ ਨੈਸ਼ਨਲ ਐਵਾਰਡੀ ਅਧਿਆਪਕ ਰਣਜੀਤ ਸਿੰਘ ਸਨ ਜਿਹੜੇ ਮਾਇਆ ਨਗਰ ਵਾਲੇ ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਵੀ ਬੜੀ ਸਫਲਤਾ ਨਾਲ ਚਲਾ ਰਹੇ ਹਨ ਅਤੇ ਮੁੱਖ ਅਧਿਆਪਕ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਰਹੇ ਹਨ। ਇਸਦੇ ਨਾਲ ਹੀ ਜਦੋਂ ਕਿਸੇ ਹੋਰ ਵਿਸ਼ੇ ਤੇ ਵੀ ਬੋਲਦੇ ਹਨ ਤਾਂ ਪੂਰੀ ਦਲੀਲ ਨਾਲ ਗੱਲ ਕਰਦੇ ਹਨ। ਅੱਜਕਲ੍ਹ ਉਹ ਕਿਤਾਬਾਂ ਵੀ ਲਿਖ ਰਹੇ ਹਨ। ਹਾਲ ਹੀ ਵਿਛਕ ਉਹਨਾਂ ਦੀ ਲਿਖੀ ਕਿਤਾਬ ਰਿਲੀਜ਼ ਵੀ ਹੋਈ।
ਇਸ ਕਿਤਾਬ ਦੀ ਕਾਪੀ ਉਹਨਾਂ ਮੈਨੂੰ ਵੀ ਭੇਂਟ ਕੀਤੀ। ਇਸ ਪੁਸਤਕ ਵਿੱਚ ਜਿੱਥੇ ਸਿੱਖੀ ਵਿਚਾਰਾਂ ਦੀ ਗੱਲ ਹੈ ਉੱਥੇ ਅਧਿਆਤਮ ਦਾ ਰੰਗ ਵੀ ਹੈ। ਇਤਿਹਾਸ ਦੀ ਜਾਣਕਾਰੀ ਵੀ ਹੈ ਅਤੇ ਗੁਰਬਾਣੀ ਤੁਕਾਂ ਦੀ ਸਰਲ ਵਿਆਖਿਆ ਵੀ ਹੈ। ਸਿੱਖ ਮਿਸ਼ਨਰੀ ਕਾਲਜ ਨਾਲ ਲੰਮੇ ਸਮੇਂ ਤੋਂ ਜੁੜਿਆ ਹੋਇਆ ਹੋਣਾ ਵੀ ਉਹਨਾਂ ਨੂੰ ਏਨਾ ਗਿਆਨਵਾਨ ਬਣਾਉਂਦਾ ਹੈ। ਸਿੱਖ ਧਰਮ ਦੇ ਵਿਦਿਆਰਥੀਆਂ ਨੂੰ ਇਹ ਪੁਸਤਕ ਵੱਧ ਤੋਂ ਵੱਧ ਪੜ੍ਹਨੀ ਅਤੇ ਪੜ੍ਹਾਉਣੀ ਚਾਹੀਦੀ ਹੈ। ਅਸਲ ਵਿੱਚ ਜਦੋਂ ਧਾਰਮਿਕ ਅਤੇ ਨਾਸਤਿਕ ਲੋਕਾਂ ਨੂੰ ਇੱਕ ਦੂਜੇ ਦੇ ਖਿਲਾਫ ਖੜੋਤੇ ਦੇਖੀਏ ਤਾਂ ਉੱਠ ਜ਼ਰਾ ਧਿਆਨ ਦੇਣਾ ਇਹਨਾਂ ਦੋਹਾਂ ਨੂੰ ਜੋੜਨ ਵਾਲੇ ਪੁਲ ਵਾਂਗ ਰਣਜੀਤ ਸਿੰਘ ਜੀ ਵੀ ਉੱਥੇ ਹੀ ਵਿਚਰਦੇ ਨਜ਼ਰ ਆ ਜਾਣਗੇ। ਸਮਾਜ ਦੇ ਭਲੇ ਲਈ ਇਹਨਾਂ ਦਾ ਇੱਕ ਹੋਣਾ ਜ਼ਰੂਰੀ ਵੀ ਹੈ। ਧਰਮ ਅਤੇ ਨਾਸਤਿਕਤਾ ਦਰਮਿਆਨ ਰਾਬਤੇ ਵਾਂਗ ਹੀ ਹਨ ਰਣਜੀਤ ਸਿੰਘ। ਹੁਣ ਜਲਦੀ ਹੀ ਉਹਨਾਂ ਦੀ ਕੋਈ ਨਵੀਂ ਪੁਸਤਕ ਵੀ ਆ ਸਕਦੀ ਹੈ। ਚੌਗਿਰਦੇ ਦੀ ਸੰਭਾਲ ਬਾਰੇ ਵੀ ਉਹ ਜਾਗਰੂਕਤਾ ਲਿਆ ਰਹੇ ਹਨ। --ਰੈਕਟਰ ਕਥੂਰੀਆ
ਰਣਜੀਤ ਸਿੰਘ ਹੁਰਾਂ ਨਾਲ ਸਬੰਧਤ ਇੱਕ ਹੋਰ ਲਿਖਤ ਪੜ੍ਹੋ ਇਥੇ ਕਲਿੱਕ ਕਰ ਕੇ
ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਅਤੇ ਡਾ. ਗੁਲਜ਼ਾਰ ਪੰਧੇਰ
ਪੰਜਾਬੀ ਸਾਹਿਤ ਅਕਾਦਮੀ ਨਾਲ ਹੋਰ ਸਬੰਧਤ ਖਬਰਾਂ ਦੇਖਣ ਲਈ ਇਥੇ ਕਲਿੱਕ ਕਰੋ ਜੀ
ਡਾ. ਲਖਵਿੰਦਰ ਜੌਹਲ ਬਣੇ ਪੰਜਾਬੀ ਸਾਹਿਤ ਐਕਡਮੀ ਦੇ ਬਿਨਾ ਮੁਕਾਬਲਾ ਪ੍ਰਧਾਨ
No comments:
Post a Comment