google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: June 2021

Friday 25 June 2021

ਰਾਮਗੜ੍ਹੀਆ ਵਿਰਾਸਤ ਇੱਕ ਵਿਲੱਖਣ ਅਤੇ ਨਿਵੇਕਲੀ ਪੁਸਤਕ

Thursday 24th June 2021 at 11:58 PM

ਢਿੱਲੀ ਸਿਹਤ ਦੇ ਬਾਵਜੂਦ ਅਨਮੋਲ ਪੁਸਤਕ ਰਚੀ-ਸ੍ਰੀ ਠਾਕੁਰ ਦਲੀਪ ਸਿੰਘ

ਸਥਿਤੀ ਭਾਵੇਂ ਕਦੇ ਵੀ ਕੁਝ ਵੀ ਕਿਓਂ ਨਾ ਹੋਵੇ ਮਹਾਂਪੁਰਸ਼ ਹੱਦਾਂ ਸਰਹੱਦਾਂ ਤੋਂ ਪਾਰ ਆਪਣੀ ਮੌਜੂਦਗੀ ਦਾ ਅਹਿਸਾਸ ਹਰ ਯੁਗ ਵਿੱਚ ਕਰਾਇਆ ਹੀ ਕਰਦੇ ਹਨ। ਓਹ ਸਾਹਿਤ, ਸੱਭਿਆਚਾਰ, ਕਲਾ ਅਤੇ ਸੰਸਕ੍ਰਿਤੀ ਦਾ ਵਿਕਾਸ ਕਰਨ ਵਾਲੇ ਕੋਈ ਇੱਕ ਨਹੀਂ  ਬਹੁਤ ਸਾਰੇ ਉਪਰਾਲੇ ਵੀ ਕਰਦੇ ਕਰਾਉਂਦੇ ਰਹਿੰਦੇ ਹਨ। ਅਜਿਹੇ ਉਪਰਾਲੇ ਅਕਸਰ ਯੁਗਾਂ ਯੁਗਾਂ  ਤੀਕ ਉਹਨਾਂ ਦੇ ਸੁਨੇਹੇ ਵੀ ਲੈ ਜਾਂਦੇ ਹਨ। ਮਹਾਂਪੁਰਸ਼ਾਂ ਦੀ ਇੱਕ ਨਜ਼ਰ ਵੀ ਸਮਝਣ ਵਾਲਿਆਂ ਲਈ ਜ਼ਿੰਦਗੀ ਦਾ ਸੁਆਲ ਬਣ ਜਾਂਦੀ ਹੈ ਅਤੇ ਉਹ ਕਹਿ ਉੱਠਦੇ ਹਨ: 

ਤੇਰੀ ਇੱਕ ਨਿਗਾਹ ਕੀ ਬਾਤ ਹੈ, ਮੇਰੀ ਜ਼ਿੰਦਗੀ ਕਾ ਸੁਆਲ ਹੈ! 

ਮਨ ਦੀ ਅਡੋਲਤਾ ਨੂੰ ਦ੍ਰਿੜਾਉਂਦੇ ਹੋਏ, ਦੁਨਿਆਵੀ ਸੁਹਜ ਸੁਆਦਾਂ ਨੂੰ ਰੂਹਾਨੀ ਰੰਗ ਨਾਲ ਰੰਗਦੇ ਹੋਏ ਠਾਕੁਰ ਜੀ ਅੱਜ ਦੇ ਇਸ ਭਿਆਨਕ ਕੋਰੋਨਾ ਯੁਗ ਵਿੱਚ ਵੀ ਸਰਗਰਮ ਹਨ। ਉਹਨਾਂ ਨੇ ਉੱਘੇ ਸਾਹਿਤਿਕ ਫੋਟੋਗ੍ਰਾਫਰ ਸ੍ਰੀ ਜੈ ਤੇਗ ਸਿੰਘ ਅਨੰਤ ਹੁਰਾਂ ਦੀ ਲਿਖੀ ਕਿਤਾਬ ਨੂੰ ਲੋਕ ਅਰਪਣ ਕਰਨ ਦੀ ਰਸਮ ਵੀ ਨਿਭਾਈ ਹੈ ਜੋ ਕਿ ਸਾਹਿਤਿਕ ਹਲਕਿਆਂ ਵਿੱਚ ਇੱਕ  ਬਖਸ਼ਿਸ਼ ਵਾਂਗ ਦੇਖੀ ਜਾ ਰਹੀ ਹੈ।  ਲਓ ਦੇਖੋ ਇਸ ਪੁਸਤਕ ਦੀ ਇੱਕ ਝਲਕ ਠਾਕੁਰ ਜੀ ਦੀਆਂ ਨਜ਼ਰਾਂ ਨਾਲ।  


ਸਰਹੱਦਾਂ ਤੋਂ ਪਾਰ: 24 ਜੂਨ 2021: (ਸਾਹਿਤ ਸਕਰੀਨ ਬਿਊਰੋ):: 
"ਰਾਮਗੜ੍ਹੀਆ ਵਿਰਾਸਤ"  ਪੂਰੇ ਵਿਸ਼ਵ ਵਿਚ ਇੱਕ ਵਿਲੱਖਣ ਅਤੇ ਨਿਵੇਕਲੀ ਪੁਸਤਕ ਆਈ ਹੈ, ਜੋ ਰਾਮਗੜ੍ਹੀਆ ਸ਼ਿਲਪਕਾਰਾਂ ਨੂੰ ਰਾਮਗੜ੍ਹੀਆ (ਤਰਖਾਣ) ਬਰਾਦਰੀ ਅਤੇ ਉਹਨਾਂ ਦੇ ਕਿੱਤੇ, ਉਹਨਾਂ ਦੀਆਂ ਮਹਾਨ ਹਸਤੀਆਂ ਨੂੰ ਉਜਾਗਰ ਕਰਦੀ ਹੈ। ਸ੍ਰ.ਜੈਤੇਗ ਸਿੰਘ ਅਨੰਤ ਜੀ ਨੇ ਇਸ ਪੁਸਤਕ ਰਾਹੀਂ ਆਪਣੇ ਆਪ ਵਿਚ ਇੱਕ ਬਹੁਤ ਵੱਡਾ ਮੀਲ-ਪੱਥਰ ਗੱਡਿਆ ਹੈ। ਅਨੰਤ ਜੀ ਲਗਭਗ 30-40 ਸਾਲਾਂ ਤੋਂ ਮੇਰੇ ਬੜੇ ਪਿਆਰੇ ਮਿੱਤਰ ਹਨ। ਅਨੰਤ ਜੀ ਨੇ ਇਸ ਪੁਸਤਕ ਰਾਹੀਂ ਇਕ ਇਹੋ ਜਿਹਾ ਮੀਲ-ਪੱਥਰ ਗੱਡਿਆ ਹੈ ਜੋ ਅੱਜ ਤੱਕ ਕਿਸੇ ਨੇ ਨਹੀਂ ਕੀਤਾ। ਇਹ ਇੱਕ ਸਚਿੱਤਰ ਪੁਸਤਕ, ਵੱਡ ਆਕਾਰੀ ਹੋਣ ਦੇ ਨਾਲ ਇਸਦਾ ਕਾਗਜ ਅਤੇ ਛਪਾਈ ਵੀ ਬਹੁਤ ਵਧੀਆ ਹੈ। ਇਸਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਅਨੰਤ ਜੀ ਨੇ ਇਸ ਵਿਚ ਲੱਭ-ਲੱਭ ਕੇ ਰਾਮਗੜ੍ਹੀਆ ਬਰਾਦਰੀ ਦੇ ਹੀਰੇ-ਮੋਤੀ, ਜਵਾਹਰਾਤ ਇਕੱਠੇ ਕੀਤੇ ਹਨ। ਮੈਂ ਤਾਂ ਸੋਚ ਵੀ ਨਹੀਂ ਸਕਦਾ ਕਿ ਐਨੀਆਂ ਹਸਤੀਆਂ ਦੇ ਨਾਮ ਉਹਨਾਂ ਕਿਵੇਂ ਲੱਭੇ ਹਨ? ਫਿਰ ਇੰਨੀ ਵੱਡੀ ਗਿਣਤੀ ਵਿਚ ਲੱਭੇ ਹਨ, ਜਿਨ੍ਹਾਂ ਬਾਰੇ ਉਹਨਾਂ ਨੇ ਇਸ ਪੁਸਤਕ ਵਿਚ ਲਿਖਿਆ ਹੈ ਕਿ ਉਹਨਾਂ ਨੇ ਇੰਨੇ ਵੱਡੇ ਕਾਰਨਾਮੇ ਕੀਤੇ, ਜਿਨ੍ਹਾਂ ਬਾਰੇ ਕਿਸੇ ਨੂੰ ਪਤਾ ਹੀ ਨਹੀਂ,  ਰਾਮਗੜ੍ਹੀਆਂ ਨੂੰ ਵੀ ਨਹੀਂ ਪਤਾ। ਇਹ ਪੁਸਤਕ ਹਰੇਕ ਸੱਜਣ ਨੂੰ ਪੜ੍ਹਨੀ ਚਾਹੀਦੀ ਹੈ ਅਤੇ ਹਰ ਲਾਇਬ੍ਰੇਰੀ ਵਿਚ ਹੋਣੀ ਚਾਹੀਦੀ ਹੈ। ਇਸ ਪੁਸਤਕ ਦੀਆਂ ਬਹੁਤ ਹੀ ਵਿਸ਼ੇਸ਼ਤਾਈਆਂ ਅਤੇ ਵਿਲੱਖਣਤਾਵਾਂ ਹਨ। ਰਾਮਗੜ੍ਹੀਆ ਨਾਮ ਤੋਂ ਅਤੇ ਬਾਹਰੀ ਦਿੱਖ ਤੋਂ ਇਹ ਪੁਸਤਕ ਸਿਰਫ ਸਿੱਖਾਂ ਭਾਵ ਕੇਸਾਧਾਰੀ ਸਿੱਖਾਂ ਨਾਲ ਹੀ ਸੰਬੰਧਿਤ ਜਾਪਦੀ ਹੈ ਪਰ ਅੰਦਰ ਜਾ ਕੇ ਝਾਤੀ ਮਾਰਨ ਨਾਲ ਇਸ ਵਿਚ ਸਿੱਖਾਂ ਦੇ ਨਾਲ ਕੇਸ ਰਹਿਤ ਸਿੱਖਾਂ ਬਾਰੇ ਵੀ ਬਹੁਤ ਕੁਝ ਪਤਾ ਲਗਦਾ ਹੈ ਕਿ ਕਿਵੇਂ ਮੋਨੇ ਸਿੱਖਾਂ ਨੇ ਬਹੁਤ ਮੱਲਾਂ ਮਾਰੀਆਂ ਅਤੇ ਪ੍ਰਾਪਤੀਆਂ ਕੀਤੀਆਂ। 
ਇਸ ਪੁਸਤਕ ਵਿਚ ਅਨੰਤ ਜੀ ਨੇ ਅਮਰੀਕਾ ਦੇ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਅਤੇ ਹਜ਼ਰਤ ਈਸਾ ਮਸੀਹ ਬਾਰੇ ਵੀ ਜ਼ਿਕਰ ਕੀਤਾ ਹੈ ਕਿ ਉਹ ਵੀ ਤਰਖਾਣਾਂ ਵਿਚੋਂ ਸਨ। ਇਹ ਸਾਰਾ ਕੁਝ ਵੇਖ ਕੇ ਅਚੰਭਿਤ ਰਹਿ ਜਾਈਦਾ ਹੈ, ਹੈਰਾਨੀ ਵੀ ਹੁੰਦੀ ਹੈ ਕਿ ਸਾਰੇ ਸੰਸਾਰ ਵਿਚੋਂ ਉਹਨਾਂ ਇੰਨੀ ਵੱਡੀ ਖੋਜ ਕਰਕੇ, ਇਸ ਤਰ੍ਹਾਂ ਦੀਆਂ ਵੱਡੀਆਂ ਹਸਤੀਆਂ ਅਤੇ ਉਹਨਾਂ ਦੇ ਜੀਵਨ ਨੂੰ ਅੰਕਿਤ ਕੀਤਾ ਹੈ। ਇਹਦੇ ਵਿਚ ਅਨੰਤ ਜੀ ਦੀ ਭਾਵਨਾ ਹੈ, ਭਾਵੇਂ ਉਹ ਰਾਮਗੜ੍ਹੀਆ ਬਰਾਦਰੀ ਵਾਸਤੇ ਹੈ। ਪਰ ਮੁੱਖ ਰੂਪ ਵਿਚ ਉਹ ਮਹਾਨ ਸ਼ਰਧਾਲੂ ਅਤੇ ਦ੍ਰਿੜ੍ਹ ਸਿੱਖ ਹਨ ਜਿਹੜੀ ਮੈਂ ਉਹਨਾਂ ਦੀ ਸਰਵਉੱਚ ਵਿਆਖਿਆ ਕਹਿ ਸਕਦਾਂ ਕਿਉਂਕਿ ਮੈਂ ਉਹਨਾਂ ਨੂੰ ਇੰਨੇ ਸਾਲਾਂ ਤੋਂ ਜਾਣਦਾ ਹਾਂ, ਉਹਨਾਂ ਦੇ ਅੰਦਰ ਸਿੱਖੀ ਭਾਵਨਾ ਬੜੀ ਪ੍ਰਬਲ ਭਰੀ ਪਈ ਹੈ ਅਤੇ ਇਹ ਭਾਵਨਾ ਨੂੰ ਉਹ ਆਪਣੇ ਅੰਦਰ ਹੀ ਨਹੀਂ ਰੱਖਦੇ ਸਗੋਂ ਇਸ ਭਾਵਨਾ ਨੂੰ ਪ੍ਰਚੰਡ ਕਰਕੇ ਬਾਹਰ ਲੋਕਾਂ ਤੱਕ ਵੀ ਪਹੁੰਚਾਉਂਦੇ ਹਨ। ਇਨ੍ਹਾਂ ਸਾਰੇ ਕੁਝ ਦੇ ਪਿੱਛੇ ਉਹਨਾਂ ਦੇ ਮਾਤਾ ਜੀ ਅਤੇ ਪਿਤਾ ਜੀ, ਸਤਿਕਾਰਯੋਗ ਸਰਦਾਰ ਹਰਚਰਨ ਸਿੰਘ ਜੀ ਅਤੇ ਮਾਤਾ ਦਰਸ਼ਨ ਕੌਰ ਜੀ ਦਾ ਬਹੁਤ ਵੱਡਾ ਹੱਥ ਹੈ। ਇਹ ਉਨ੍ਹਾਂ ਦੀ ਦੇਣ ਹੈ ਜਿਸ ਕਰਕੇ ਅਨੰਤ ਜੀ ਇਸ ਤਰ੍ਹਾਂ ਦੇ ਮਹਾਨ ਗੁਰਸਿੱਖ ਬਣ ਸਕੇ। ਮੈਂ ਉਹਨਾਂ ਮਾਤਾ-ਪਿਤਾ ਨੂੰ ਸਿਰ ਝੁਕਾਉਂਦਾ ਹਾਂ ਕਿਉਂਕਿ ਜਿਹੜੇ ਸਰਦਾਰ ਹਰਚਰਨ ਸਿੰਘ ਜੀ ਸਨ, ਉਹ ਮਹਾਨ ਹਸਤੀ ਸਨ, ਜਿਨ੍ਹਾਂ ਨੇ 'ਅੰਮ੍ਰਿਤ ਕੀਰਤਨ' ਨਾਮ ਦੀ ਪੁਸਤਕ ਦਾ ਸੰਪਾਦਨ ਕੀਤਾ। 
'ਅੰਮ੍ਰਿਤ ਕੀਰਤਨ' ਬਾਰੇ ਗੁਰਸਿੱਖਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਬਹੁਤ ਮੋਟੀ ਪੁਸਤਕ ਹੈ, ਇਸ ਪੁਸਤਕ ਨੂੰ ਸੰਪਾਦਨ ਕਰਨਾ ਕੋਈ ਸੌਖਾ ਕੰਮ ਨਹੀਂ। ਇਸ ਵਿਚ ਆਦਿ ਬਾਣੀ, ਦਸਮ ਬਾਣੀ, ਭਾਈ ਗੁਰਦਾਸ ਜੀ ਦੀ ਬਾਣੀ, ਭਾਈ ਨੰਦਲਾਲ ਜੀ ਦੀ ਬਾਣੀ ਆਦਿ- ਆਦਿ ਉਸਦੇ ਵਿਚ ਇਕੱਠੀਆਂ ਕਰਕੇ, ਸਾਰਾ ਕੁਝ ਇੰਨ੍ਹਾ ਵਧੀਆ ਕੀਰਤਨ ਕਰਨ ਵਾਸਤੇ ਸੰਪਾਦਨ ਕਰਕੇ, ਸੰਤ ਹਰਚਰਨ ਸਿੰਘ ਜੀ ਨੇ ਆਪਣਾ ਨਾਮ ਨਹੀਂ ਲਿਖਾਇਆ, ਇੰਨੀ ਨਿਮਰਤਾ ਸੀ ਉਹਨਾਂ ਵਿਚ।  ਇਹ ਉਸ ਮਹਾਨ ਪਿਤਾ ਦੇ ਪੁੱਤਰ ਹਨ, ਸਰਦਾਰ ਜੈਤੇਗ ਸਿੰਘ ਅਨੰਤ ਜੀ ਅਤੇ ਇਹ ਬੜੇ ਵਧੀਆ ਲੇਖਕ, ਉੱਘੇ ਪੱਤਰਕਾਰ ਅਤੇ ਫੋਟੋਗ੍ਰਾਫਰ ਵੀ ਹਨ। ਮੇਰੀ ਇਹਨਾਂ ਨਾਲ ਵਾਕਫੀ ਤਾਂ ਫੋਟੋਗ੍ਰਾਫੀ ਕਰਕੇ ਹੀ ਹੋਈ ਸੀ। ਸਭ ਤੋਂ ਵੱਡੀ ਗੱਲ ਹੈ ਕਿ ਇਹ ਬੜੇ ਪੱਕੇ ਗੁਰਸਿੱਖ ਹਨ। ਅੱਜ ਇਹਨਾਂ ਨੇ ਜਿਹੜੀ ਇੰਨ੍ਹੀ ਵੱਡੀ ਮੱਲ ਮਾਰੀ ਹੈ, ਇਸ ਪੁਸਤਕ ਨੂੰ ਰਚ ਕੇ ਇੰਨਾ ਵਧੀਆ ਮੀਲ ਪੱਥਰ ਗੱਡ ਦਿੱਤਾ ਹੈ, ਇਹ ਪੂਰਨ ਸਲਾਘਾਯੋਗ ਹੈ। ਇਸ ਸਮੇਂ ਇਹਨਾਂ ਦੀ ਸਿਹਤ ਵੀ ਬਹੁਤ ਢਿੱਲੀ ਰਹਿੰਦੀ ਹੈ, ਇਨ੍ਹਾਂ ਹਾਲਾਤਾਂ ਵਿਚ ਵੀ ਉਹਨਾਂ ਨੇ ਐਸੀ ਪੁਸਤਕ ਰਚ ਦਿੱਤੀ ਹੈ। ਇਸ ਕਰਕੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਹਾਂ ਅਤੇ ਇਸ ਪੁਸਤਕ ਦੀਆਂ ਹੋਰ ਵੀ ਵਿਸ਼ੇਸ਼ਤਾਈਆਂ ਆਪ ਜੀ ਨੂੰ ਦੱਸ ਦਿੰਦਾ ਹਾਂ। ਅਨੰਤ ਜੀ ਨੇ ਜਿੱਥੇ ਰਾਮਗੜ੍ਹੀਆਂ ਦਾ ਵਿਰਸਾ ਸੰਭਾਲਿਆ ਹੈ, ਉੱਥੇ ਸਿੱਖੀ ਦਾ ਵਿਰਸਾ ਵੀ ਸੰਭਾਲਿਆ ਹੈ ਅਤੇ ਇੱਕ ਨਹੀਂ, ਦੋ ਨਹੀਂ, ਚੋਖੀਆਂ ਪੁਸਤਕਾਂ ਲਿਖ ਕੇ ਉਹਨਾਂ ਨੇ ਸਿੱਖ ਪੰਥ ਦੀ ਸੇਵਾ ਕੀਤੀ ਹੈ, ਮਾਂ ਬੋਲੀ ਪੰਜਾਬੀ ਦੀ ਸੇਵਾ ਕੀਤੀ ਹੈ ਅਤੇ ਆਪਣੇ ਪੰਥ ਦੀ ਵਿਰਾਸਤ ਸੰਭਾਲੀ ਹੈ। ਇਸ ਪੁਸਤਕ ਵਿਚ ਅਨੰਤ ਜੀ ਨੇ ਸਿੱਖ ਸਿਆਸਤ ਤੋਂ ਉੱਪਰ ਉਠ ਕੇ ਗਿਆਨੀ ਜ਼ੈਲ ਸਿੰਘ ਜੀ ਵਰਗੀ ਮਹਾਨ ਹਸਤੀ, ਜਿਹੜੇ ਕਾਂਗਰਸ ਵਿਚ ਸਨ, ਉਹਨਾਂ ਦਾ ਨਾਮ ਵੀ ਇਸ ਪੁਸਤਕ ਵਿਚ ਦੇ ਕੇ ਬਹੁਤ  ਵਧੀਆ ਕਾਰਜ ਕੀਤਾ ਹੈ, ਨਹੀਂ ਤਾਂ ਬਹੁਤ ਸਾਰੇ ਸਿੱਖ ਤਾਂ ਗਿਆਨੀ ਜ਼ੈਲ ਸਿੰਘ ਨੂੰ ਸਿੱਖ ਹੀ ਨਹੀਂ ਮੰਨਦੇ ਕਿਉਂਕਿ ਉਹਨਾਂ ਦੇ ਮੁਤਾਬਿਕ ਉਹ ਕਾਂਗਰਸ ਵਿਚ ਸਨ, ਉਹ ਸਿੱਖ ਨਹੀਂ ਹੋ ਸਕਦੇ। ਪਰ ਅਨੰਤ ਜੀ ਨੇ ਉਹਨਾਂ ਦਾ ਨਾਮ ਵੀ ਦੇ ਦਿੱਤਾ। ਇਸ ਤੋਂ ਇਲਾਵਾ ਨਾਮਧਾਰੀਆਂ ਨੂੰ ਵੀ ਕਈ ਪੰਨੇ ਦੇ ਕੇ, ਸਤਿਗੁਰੂ ਰਾਮ ਸਿੰਘ ਜੀ ਬਾਰੇ, ਉਹਨਾਂ ਨੇ ਸਿੱਖੀ ਵਾਸਤੇ ਜਿਹੜਾ ਪ੍ਰਚਾਰ ਕੀਤਾ ਅਤੇ ਦੇਸ਼ ਵਾਸਤੇ ਜੋ ਕੁਝ ਕੀਤਾ, ਇਹ ਸਾਰੇ ਵੇਰਵੇ ਲਈ ਪੁਸਤਕ ਵਿਚ ਬਹੁਤ ਵੱਡਾ ਥਾਂ ਦਿੱਤਾ ਹੈ। ਇਸ ਲਈ ਵੀ ਮੈਂ ਅਨੰਤ ਜੀ ਦਾ ਬਹੁਤ ਧੰਨਵਾਦੀ ਹਾਂ।
ਸਿੱਖ ਪੰਥ ਵਿਚ, ਸਿੱਖ ਸਿਆਸਤ ਵਿਚ, ਖਾਲਸਾ ਅਤੇ ਸਿੱਖ ਰਾਜ ਸਥਾਪਿਤ ਕਰਨ ਵਿਚ ਉਸ ਸਮੇਂ ਦੀ ਰਾਮਗੜ੍ਹੀਆ ਮਿਸਲ ਦਾ ਬਹੁਤ ਵੱਡਾ ਹੱਥ ਸੀ। ਜੱਸਾ ਸਿੰਘ ਰਾਮਗੜ੍ਹੀਆ ਨੇ ਉਸ ਸਮੇਂ ਬੜਾ ਵੱਡਾ ਅਤੇ ਵਧੀਆ ਕਿਰਦਾਰ ਨਿਭਾਇਆ। ਉਹਨਾਂ ਦਾ ਮੁੱਖ ਪੰਨੇ ਤੇ ਚਿੱਤਰ ਦੇ ਕੇ, ਉਹਨਾਂ ਨੇ ਰਾਮਗੜ੍ਹੀਆਂ ਦਾ ਅਤੇ ਸਿੱਖਾਂ ਦਾ ਵੀ ਨਾਮ ਉੱਚਾ ਕੀਤਾ ਹੈ ਅਤੇ ਰੋਸ਼ਨ ਕੀਤਾ ਹੈ, ਇਸ ਰਾਹੀਂ ਬਾਕੀ ਵੀਰਾਂ ਨੂੰ ਵੀ ਆਪਣੀ ਵਿਰਾਸਤ ਬਾਰੇ ਜਾਣਕਾਰੀ ਦਿੱਤੀ ਹੈ। ਜਿਵੇਂ ਉਹਨਾਂ ਨੇ ਵੱਡੀਆਂ-ਵੱਡੀਆਂ ਹਸਤੀਆਂ ਲੱਭ ਕੇ ਉਹਨਾਂ ਬਾਰੇ ਲਿਖਿਆ ਹੈ, ਉਹ ਕੰਮ ਅਤਿ ਕਠਿਨ ਹੈ ਅਤੇ ਹੈਰਾਨੀਜਨਕ ਹੈ ਕਿ ਉਹਨਾਂ ਨੇ ਇਸ ਉਮਰ ਵਿਚ, ਸਿਹਤ ਬਹੁਤ ਢਿੱਲੀ ਹੋਣ ਦੇ ਬਾਵਜੂਦ ਇੰਨੀ ਖੋਜ ਕਰਕੇ ਐਸੀ ਪ੍ਰਾਪਤੀ ਕੀਤੀ ਹੈ। ਇਸ ਲਈ ਮੈਂ ਉਹਨਾਂ ਨੂੰ ਫਿਰ ਤੋਂ ਵਧਾਈ ਦਿੰਦਾ ਹਾਂ, ਸਤਿਗੁਰੂ ਜੀ ਕਿਰਪਾ ਕਰਨ ਅਨੰਤ ਜੀ ਆਪਣਾ ਗੁਰਸਿੱਖੀ ਜੀਵਨ ਇਸੇ ਤਰ੍ਹਾਂ ਮਾਣਦੇ ਹੋਏ, ਪੰਥ ਦੀ, ਗੁਰੂ ਘਰ ਦੀ ਸੇਵਾ ਕਰਦੇ ਰਹਿਣ।  

Monday 21 June 2021

ਧੋਖਾ ਸਾਡੇ ਨਾਲ ਹੋਇਆ ਹੈ

Monday: 21st June 2021 at 10.33 PM WhatsApp

ਘਰ ਘਰ ਦੇ ਵਿਚ ਜੀਅ ਮੋਇਆ ਹੈ  

-ਅੱਜ ਤੇ ਕੱਲ-//ਜਨਮੇਜਾ ਸਿੰਘ ਜੌਹਲ 

ਕਰੋਨਾ ਪਿੱਛੇ ਛੱਡ ਆਏ ਹਾਂ, 

ਖੋਤਾ ਆਪਣਾ ਕੱਢ ਆਏ ਹਾਂ । 


ਅੱਗੇ ਜੀਵਨ ਬੜਾ ਹੀ ਔਖਾ , 

ਪਹਿਲੋਂ ਵੀ ਸੀ ਕਿਹੜਾ ਸੌਖਾ । 


ਧੋਖਾ ਸਾਡੇ ਨਾਲ ਹੋਇਆ ਹੈ। 

ਘਰ ਘਰ ਦੇ ਵਿਚ ਜੀਅ ਮੋਇਆ ਹੈ। 


ਅੱਗ ਦੀਆਂ ਲਾਟਾਂ ਅੰਬਰੋਂ ਉੱਚੀਆਂ, 

ਲੀਡਰਾਂ ਦੀਆਂ ਜਿਵੇਂ ਨੀਤਾਂ ਲੁੱਚੀਆਂ। 


ਹੁਣ ਘਰਾਂ ਨੂੰ ਪਰਤ ਨੀ ਹੋਣਾ, 

ਡਿੱਗਿਆ ਹੰਝੂ ਵਰਤ ਨੀ ਹੋਣਾ। 


ਪੜ੍ਹ ਲੈ 'ਮੇਜਰਾ' ਕੰਧ ਤੇ ਲਿਖਿਆ , 

ਕੱਲ ਨੂੰ ਤੇਰਾ ਧਰਤ ਨੀ ਹੋਣਾ।

ਕਲਾ ਤੇ ਸ਼ਬਦ:ਜਨਮੇਜਾ ਸਿੰਘ ਜੌਹਲ

Monday 7 June 2021

ਦੋਰਾਹੇ ਕਾਲਜ ਦੇ ਦਿਨਾਂ ਦੀ ਯਾਦ ਤਾਜ਼ਾ ਕਰਾਈ ਡਾ. ਬਲਜਿੰਦਰ ਨਸਰਾਲੀ ਨੇ

7th June 2021 at 6:14 PM

ਰਾਮਪੁਰ ਸਭਾ ਨਾਲ ਜੁੜਨ ਕਰਕੇ ਸਾਹਿਤ ਤੇ ਸਭਾਵਾਂ ਦੀ ਸੋਝੀ ਪ੍ਰਾਪਤ ਹੋਈ

ਰਾਮਪੁਰ-ਰਾਮਪੁਰ ਸਭਾ ਦੀ ਜੂਨ ਮਹੀਨੇ ਦੀ ਇਕੱਤ੍ਰਤਾ ਸਮੇਂ ਡਾ. ਬਲਜਿੰਦਰ ਨਸਰਾਲੀ ਨੂੰ  ਯਾਦ ਨਿਸ਼ਾਨੀ ਭੇਂਟ ਕਰਕੇ ਸਨਮਾਨਤ ਕਰਨ ਸਮੇਂ ਹਾਜ਼ਰ ਸਾਹਿਤਕਾਰ ਤੇ ਸਾਹਿਤ ਪ੍ਰੇਮੀ    
ਦੋਰਾਹਾ: 7 ਜੂਨ 2021 (ਜਸਵੀਰ ਝੱਜ//ਸਾਹਿਤ ਸਕਰੀਨ)::  

ਪੰਜਾਬੀ ਲਿਖਾਰੀ ਸਭਾ ਰਾਮਪੁਰ (ਰਜਿ.) ਵਲੋਂ 68ਵੇਂ ਸਥਾਪਨਾ ਵਰ੍ਹੇ ਦੇ ਸਮਾਗਮਾਂ ਦੀ ਲੜੀ ਤਹਿਤ ਜੂਨ ਮਹੀਨੇ ਦੀ ਵਿਸ਼ੇਸ਼ ਇਕੱਤ੍ਰਤਾ ਸਮੇਂ, ਸਭਾ ਦੇ ਪ੍ਰਧਾਨ ਜਸਵੀਰ ਝੱਜ ਦੀ ਪ੍ਰਧਾਨਗੀ ਹੇਠ, ਡਾ. ਬਲਜਿੰਦਰ ਨਸਰਾਲੀ, (ਐਸੋਸੀਏਟ ਪ੍ਰੋ. ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ ਨਾਲ ਰੂ-ਬ-ਰੂ ਕੀਤਾ ਗਿਆ। ਡਾ. ਨਸਰਾਲੀ ਬਾਰੇ ਗੁਰਦੀਪ ਸਿੰਘ ਨਿਜ਼ਾਮਪੁਰ ਨੇ ਜਾਣਪਛਾਣ ਕਰਵਾਉਂਦਿਆਂ ਕਿਹਾ ਕਿ ਡਾ. ਨਸਰਾਲੀ ਦੇ ਦੋ ਕਹਾਣੀ ਸੰਗ੍ਰਹਿ 'ਡਾਕਖਾਨਾ ਖਾਸ' ਤੇ 'ਔਰਤ ਦੀ ਸ਼ਰਣ ਵਿਚ', ਤਿੰਨ ਨਾਵਲ 'ਹਾਰੇ ਦੀ ਅੱਗ', 'ਵੀਹਵੀਂ ਸਦੀ ਦੀ ਆਖਰੀ ਕਥਾ' ਤੇ 'ਅੰਬਰ ਪਰੀਆਂ' ਦੇ ਨਾਲ ਨਾਲ ਖੋਜ ਪੱਤਰ ਲਿਖੇ ਹਨ। ਡਾ. ਸੰਦੀਪ ਸ਼ਰਮਾ ਨੇ ਕਿਹਾ ਕਿ ਡਾ. ਨਸਰਾਲੀ ਵਿਚ ਸਲੇਬਸ ਦੇ ਨਾਲ ਨਾਲ ਸਮਾਜ ਵਿਚ ਵਿਚਰਨ ਬਾਰੇ ਰੌਚਕ ਗੱਲਾਂ ਵਿਦਿਆਰਥੀਆਂ ਨੂੰ  ਨੀਰਸਤਾ ਤੋਂ ਉਭਾਰਦੀਆਂ ਹਨ। ਡਾ. ਨਸਰਾਲੀ ਨੇ ਅਲੋਚਨਾ ਦੀਆਂ ਪੁਸਤਕਾਂ 'ਸਭਿਆਚਾਰਕ ਸ਼ਾਸ਼ਤਰੀ ਅਲੋਚਨਾ' ਅਤੇ 'ਪੰਜਾਬੀ ਸਿਨੇਮਾ ਤੇ ਸਮਕਾਲੀ ਸਾਹਿਤ' ਰਾਹੀਂ ਵੱਡਾ ਕਾਰਜ ਕੀਤਾ ਹੈ। ਡਾ. ਨਸਰਾਲੀ ਨੇ ਕਿਹਾ ਕਿ ਦੋਰਾਹੇ ਗੁਰੂ ਨਾਨਕ ਕਾਲਜ ਪੜ੍ਹਦਿਆਂ ਜਦੋਂ ਰਾਮਪੁਰ ਲਿਖਾਰੀ ਸਭਾ ਦੀ ਦੱਸ ਪਈ ਤਾਂ ਰਾਮਪੁਰ ਸਭਾ ਨਾਲ ਜੁੜ ਕੇ ਸਾਹਿਤ ਸਾਹਿਤ ਸਭਾਵਾਂ ਬਾਰੇ ਜਾਣਿਆ, ਜੋ ਮੇਰੇ ਸਾਹਿਤ ਖੇਤਰ ਵਿਚ ਅੱਗੇ ਵਧਣ ਦਾ ਜ਼ਰੀਆ ਬਣਿਆ। ਸਕੂਲ ਵਕਤ ਸਮੇਂ ਇੱਕ ਕਾਮਰੇਡ ਵਿਚਾਰਧਾਰਾ ਦੇ ਨਿਹੰਗ ਸਿੰਘ ਨੇ ਕਿਤਾਬਾਂ ਪੜ੍ਹਨ ਦਾ ਜਾਗ ਲਾਇਆ | ਸਲੇਬਸ ਦੇ ਨਾਲ ਨਾਲ ਹੋਰ ਲੇਖਕਾਂ ਨੂੰ  ਪੜ੍ਹ ਕੇ ਜਿੱਥੇ ਪ੍ਰੋਫੈਸਰੀ ਦੀ ਨੌਕਰੀ ਵਿਚ ਸਹਾਇਤਾ ਮਿਲੀ ਓਥੇ ਲੇਖਕ ਬਣਨ ਵਿਚ ਪੜ੍ਹੀਆਂ ਕਿਤਾਬਾਂ ਦਾ ਖਾਸ ਯੋਗਦਾਨ ਹੈ। ਸਿਆਣਾ ਅਧਿਆਪਕ ਜਿੱਥੇ ਵਿਦਿਆਰਥੀ ਦੀ ਜ਼ਿੰਦਗੀ ਸੰਵਾਰ ਸਕਦਾ ਹੈ, ਓਥੇ ਬੇਇਮਾਨ ਅਧਿਆਪਕ ਵਿਦਿਆਰਥੀ ਦੀ ਜ਼ਿੰਦਗੀ ਤਬਾਹ ਵੀ ਕਰ ਦਿੰਦਾ ਹੈ। ਅੰਬਰ ਪਰੀਆਂ ਨਾਵਲ ਲਿਖਣ ਨੂੰ ਪੰਜ ਸਾਲ ਤੱਕ ਦਾ ਵਕਤ ਲੱਗ ਗਿਆ। ਮੇਰੇ ਘੂਮੱਕੜ ਹੋਣ ਦੇ ਸ਼ੌਕ ਦਾ ਵਿਦਿਆਰਥੀਆਂ ਨੂੰ  ਰੌਚਿਕਤਾ ਨਾਲ ਪੜ੍ਹਾਉਣ ਤੇ ਮੇਰੇ ਲਿਖਣ ਕਾਰਜ ਵਿਚ ਵਿਸ਼ਾਲਤਾ ਲਿਆਉਂਦਾ ਹੈ। ਇਸ ਸਮੇਂ ਡਾ. ਸੰਦੀਪ ਸ਼ਰਮਾ, ਨਰਿੰਦਰ ਸ਼ਰਮਾ, ਸੁਖਜੀਤ, ਗੁਰਮੀਤ ਆਰਿਫ, ਬਲਵੰਤ ਮਾਂਗਟ, ਅਨਿੱਲ ਫਤਿਹਗੜ੍ਹ ਜੱਟਾਂ, ਹਰਬੰਸ ਮਾਲਵਾ ਤੇ ਜਸਵੀਰ ਝੱਜ ਦੇ ਕੀਤੇ ਗਏ ਸਵਾਲਾਂ ਦੇ ਤਸੱਲੀਬਖਸ਼ ਜਵਾਬ ਬਹੁਤ ਸਾਰੀਆਂ ਕੌਮਾਂਤਰੀ ਪੁਸਤਕਾਂ ਦੇ ਹਵਾਲਿਆਂ ਨਾਲ ਦਿੱਤੇ। ਸੁਰਿੰਦਰ ਰਾਮਪੁਰੀ ਨੇ ਕਿਹਾ ਕਿ ਸਾਨੂੰ ਡਾ. ਨਸਰਾਲੀ ਤੇ ਮਾਣ ਹੈ। ਵੱਖ ਵੱਖ ਥਾਵਾਂ ਤੇ ਪੜ੍ਹਾਉਂਦੇ ਹੋਏ ਗਿਆਨ ਪ੍ਰਾਪਤੀ ਦੇ ਨਾਲ ਵਿਕਾਸ ਵੀ ਕੀਤਾ ਹੈ। ਡਾ. ਬਲਜਿੰਦਰ ਨਸਰਾਲੀ ਨੂੰ ਯਾਦ ਨਿਸ਼ਾਨੀ ਅਤੇ ਡੁਗਦੀਪ ਸਿੰਘ ਨਿਜ਼ਾਮਪੁਰ ਨੂੰ ਪੁਸਤਕਾਂ ਭੇਂਟ ਕਰਕੇ ਸਭਾ ਵੱਲੋਂ ਸਨਮਾਨ ਕੀਤਾ ਗਿਆ | ਦੂਸਰੇ ਭਾਗ ਵਿਚ ਸਭਾ ਦੇ ਪ੍ਰਧਾਨ ਜਸਵਾਰ ਝੱਜ ਨੇ ਸਭਾ ਵਿਚ ਪਹਿਲੀ ਵਾਰ ਆਉਣ ਤੇ ਪ੍ਰੋ. ਦਵਿੰਦਰ ਸਿੰਘ ਸਮਾਣਾ, ਮੰਗਲ ਸਿੰਘ ਖੱਟਰਾਂ, ਰਣਧੀਰ ਸਿੰਘ ਸਮਾਣਾ ਤੇ ਗੁਰਪ੍ਰੀਤ ਸਿੰਘ ਮਕਤਸਰ ਨੂੰ  ਜੀ ਆਇਆਂ ਕਹਿੰਦਿਆਂ ਸੁਆਗਤ ਕੀਤਾ। ਦਵਿੰਦਰ ਸਿੰਘ ਪਟਿਆਲਾ ਨੇ ਗੀਤ ਪਟਿਆਲਾ, ਮੰਗਲ ਸਿੰਘ ਨੇ ਮਕਤੀ, ਰਣਧੀਰ ਸਿੰਘ ਨੇ ਬੰਦਾ, ਬਲਵੰਤ ਮਾਂਗਟ ਨੇ ਉੱਲੂਆਂ ਦਾ ਬਦਲਾ, ਵਸ਼ਵਿੰਦਰ ਵਸ਼ਿਸ਼ਟ ਨੇ ਨੀਲਾ ਗ੍ਰਹਿ ਤੇ ਸੰਦੀਪ ਸ਼ਰਮਾਂ ਨੇ ਲਕੀਰ (ਕਵਿਤਾ), ਅਨਿੱਲ ਫਤਿਹਗੜ੍ਹ ਜੱਟਾਂ ਨੇ ਕੈਦੋਂ ਮਹਾਂਕਾਵਿ ਵਿਚੋਂ ਬੰਦ, ਹਰਬੰਸ ਮਾਲਵਾ ਨੇ ਗੀਤ ਪਨਾਹ ਸੁਣਾਏ। ਪੜ੍ਹੀਆਂ-ਸੁਣੀਆਂ ਗਈਆਂ ਰਚਨਾਵਾਂ 'ਤੇ ਜਤਿੰਦਰ ਮਲਹਾਂਸ, ਨਰਿੰਦਰ ਸ਼ਰਮਾ, ਸੰਦੀਪ ਸਮਰਾਲਾ, ਜਰਨੈਲ ਰਾਮਪੁਰੀ, ਲਾਭ ਸਿੰਘ ਬੇਗੋਵਾਲ, ਪੁਖਰਾਜ ਸਿੰਘ ਘੁਲਾਲ, ਸੁਖਜੀਤ, ਗੁਰਮੀਤ ਆਰਿਫ, ਪ੍ਰੋ. ਗੁਰਪ੍ਰੀਤ ਸਿੰਘ ਮਕਤਸਰ, ਮੀਤ ਪ੍ਰਧਾਨ ਬਲਦੇਵ ਸਿੰਘ ਝੱਜ ਨੇ  ਸਾਰਥਿਕ ਅਤੇ ਉਸਾਰੂ ਟਿੱਪਣੀਆਂ ਕੀਤੀਆਂ।  ਅੰਤ ਵਿਚ ਸਦੀਵੀ ਵਿਛੋੜਾ ਦੇ ਗਏ ਗੀਤਕਾਰ ਦਰਸ਼ਨ ਗਿੱਲ (ਖੰਨਾ), ਉੱਘੇ ਅਲੋਚਕ ਡਾ. ਹਰਚੰਦ ਸਿੰਘ ਬੇਦੀ, ਕੇਂਦਰੀ ਪੰਜਾਬੀ ਲਿਖਾਰੀ ਸਭਾ ਦੇ ਸਾਬਕਾ ਮੀਤ ਪ੍ਰਧਾਨ ਸੂਬਾ ਸੁਰਿੰਦਰ ਕੌਰ ਖ਼ਰਲ ਅਤੇ ਕਾਲੇ ਖੇਤੀ ਕਨੂੰਨਾਂ ਵਿਰੁੱਧ ਸੰਘਰਸ਼ ਵਿਚ ਜਾਨਾਂ ਗੁਆਉਣ ਵਾਲੇ ਕਿਸਾਨ ਨੂੰ  ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕਰਕੇ ਸਭਾ ਉੱਠਾ ਦਿੱਤੀ ਗਈ।--ਜਸਵੀਰ ਝੱਜ


Sunday 6 June 2021

ਜਨਮੇਜਾ ਜੋਹਲ ਦੀ ਪਹਿਲੀ ਪੁਸਤਕ 44 ਸਾਲ ਬਾਅਦ ਕਿੰਝ ਲੱਭੀ?

Sunday: 6th June 2021 ਅਤ 7:59 PM Via WhatsApp 

ਨਿੱਕੀ ਜਿਹੀ ਪਰ ਦਿਲਚਸਪ ਪੋਸਟ 

ਦਰਵੇਸ਼ੀ ਵਾਲੇ ਰੰਗ ਨਾਲ ਭਰਪੂਰ ਜਨਮੇਜਾ ਸਿੰਘ ਜੋਹਲ ਨੂੰ ਬੇਤਾਜ ਬਾਦਸ਼ਾਹ ਵੀ ਕਹਿ ਲਿਆ ਜਾਵੇ ਤਾਂ ਕੋਈ ਗਲਤ ਨਹੀਂ ਹੋਵੇਗਾ। ਜਦੋਂ ਪੰਜਾਬ ਦੇ ਆਮ ਲੋਕਾਂ ਨੇ ਕੰਪਿਊਟਰ ਦੇਖੇ ਵੀ ਨਹੀਂ ਸਨ ਉਸ ਵੇਲੇ ਉਹ ਕੰਪਿਊਟਰ ਦੀ ਦੁਨੀਆ ਦਾ ਮਾਹਰ ਸੀ। ਮੇਰੇ ਸਮੇਤ ਬਹੁਤੇ ਲੋਕ ਹੁਣ ਵੀ ਜਦੋਂ ਕੋਈ ਗੱਲ ਖੜ੍ਹ ਜਾਵੇ ਤਾਂ ਜਨਮੇਜੇ ਨੂੰ ਹੀ ਫੋਨ ਕਰ ਕੇ ਮਸਲਾ ਹੱਲ ਹੁੰਦਾ ਹੈ। ਜਨਮੇਜਾ ਸਾਹਿਬ ਦੀ ਬੇਪਰਵਾਹੀ ਅੱਜ ਫਿਰ ਨਜ਼ਰ ਆਈ ਉਹਨਾਂ ਦੀ ਹੀ ਇੱਕ ਪੋਸਟ ਵਿੱਚੋਂ; ਲਓ ਤੁਸੀਂ ਵੀ ਪੜ੍ਹੋ ਇਹ ਨਿੱਕੀ ਜਿਹੀ ਪੋਸਟ ਜਿਹੜੀ ਕਾਫੀ ਕੁਝ ਦੱਸਦੀ ਹੈ। -ਰੈਕਟਰ ਕਥੂਰੀਆ 

44 ਸਾਲ ਬਾਅਦ  ਤਕਰੀਬਨ 44 ਸਾਲ ਪਹਿਲੋਂ ਮੈਂ ਮੁਹੱਬਤੀ ਰੁਬਾਈਆਂ ਲਿਖੀਆਂ ਸਨ। ਉਦੋਂ ਵੀ ਹੁਣ ਵਾਂਗ ਨਾ ਮੈਂ ਲੇਖਕ ਸੀ ਤੇ ਨਾ ਹੀ ਮੈਨੂੰ ਕਿਸੇ ਵਿਧੀ ਵਿਧਾਨ ਦਾ ਪਤਾ ਸੀ। ਬਸ ਮਨ ਦੇ ਆਖੇ ਲੱਗ ਕੇ ਲਿਖ ਦਿੱਤੀਆਂ। ਚੰਗੀਆਂ ਸਨ ਜਾਂ ਮਾੜੀਆਂ, ਇਹ ਤਾਂ ਪਤਾ ਨਹੀਂ ਪਰ ਇਕ ਬਸ ਅੱਡੇ ਵਾਲਾ ਮੇਰੇ ਕੋਲੋਂ 40 ਪੈਸੇ ਪ੍ਰਤੀ ਦੇ ਹਿਸਾਬ ਤਿੰਨ ਕੁ ਮਹੀਨੇ ਵਿਚ ਪੰਜ ਹਜ਼ਾਰ ਕਾਪੀਆਂ ਛਪਵਾ ਕੇ ਲੈ ਗਿਆ। ਮੇਰਾ ਖਰਚਾ ਉਦੋਂ 25 ਪੈਸੇ ਪ੍ਰਤੀ ਕਾਪੀ ਸੀ। ਉਹਨੇ ਅੱਗੇ ਬਸਾਂ ਵਿਚ ਇਕ ਰੁਪਏ ਨੂੰ ਵੇਚੀ ਸੀ। ਇਸਦਾ ਨਾਮ 'ਮੈਨੂੰ ਮੁਆਫ਼ ਕਰੀਂ' ਸੀ ਤੇ ਟਾਇਟਲ ਮੇਰੇ ਮਿੱਤਰ ਡੈਨੀ ਉਰਫ ਗੁਰਦੀਪ ਉੱਪਲ ਨੇ ਬਣਾਇਆ ਸੀ। ਇਸ ਕਿਤਾਬ ਦਾ ਜ਼ਿਕਰ ਕਿਸੇ ਨੇ ਆਪਣੇ ਥੀਸਸ ਵਿਚ ਵੀ ਕੀਤਾ ਸੀ। 

ਸਮਾਂ ਪਾ ਕਿ ਹੋਰ ਕਿਤਾਬਾਂ ਆਉਂਦੀਆਂ ਗਈਆਂ, ਇਸ ਬਾਰੇ ਭੁੱਲ ਭਲ ਗਿਆ। ਕਦੇ ਕਦੇ ਚੇਤਾ ਆਉਂਦਾ ਸੀ, ਪਰ ਕਿਤਿਓ ਵੀ ਕਦੇ ਕੋਈ ਕਾਪੀ ਨਾ ਲੱਭੀ। ਆਖਰ ਮਨ ਨੇ ਸਬਰ ਕਰ ਲਿਆ। ਪਰ ....  ਅੱਜ ਆਪਣੀ ਸਵਰਗੀ ਪਤਨੀ ਦੇ ਕਿਸੇ ਸਰਕਾਰੀ ਕਾਗਜ਼ ਦੀ ਲੋੜ ਸੀ, ਜੋ ਲੱਭ ਨਹੀੰ ਸੀ ਰਿਹਾ। ਇਸ ਲਈ ਉਸਦੀ ਅਲਮਾਰੀ ਵਿਚ ਪਈਆਂ ਫਾਇਲਾਂ ਫਰੋਲਣੀਆਂ ਪਈਆਂ। ਕਾਗਜ਼ ਫਰੋਲਦੇ ਫਰੋਲਦੇ ਇਕ ਪੁਰਾਣੀ ਤਹਿ ਚੋਂ ਅਚਾਨਕ ਇਹ ਕਿਤਾਬ ਦਿੱਸ ਪਈ। ਸ਼ਾਇਦ ਇਹ 1980 ਵਿਚ ਸਾਡੇ ਵਿਆਹ ਵੇਲੇ ਤੋਂ ਪਈ ਸੀ। ਇਸਤੋਂ ਬਾਅਦ ਮੇਰੀਆਂ 49 ਕਿਤਾਬਾਂ ਹੋਰ ਆ ਚੁੱਕੀਆਂ ਹਨ, ਪਰ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਸੀ। ਮੈਨੂੰ ਕੀ ਪਤਾ ਸੀ ਕਿ ਮੇਰੀ ਪਹਿਲੀ ਕਿਰਤ ਸਾਂਭੀ ਪਈ ਹੈ ਤੇ ਮੈਂ ਸਿਰੇ ਦਾ ਬੇਪਰਵਾ ਬਾਕੀ ਦੀਆਂ ਵੀ ਗੁਆਈ ਬੈਠਾ ਹਾਂ। -ਜਨਮੇਜਾ ਸਿੰਘ ਜੌਹਲ

23 ਮਾਰਚ ਨੂੰ ਸਮਰਪਿਤ//ਕਿਥੇ ਲੱਭਦੇ ਹੋ?//ਗੁਰਨਾਮ ਕੰਵਰ

ਭਗਤ ਸਿੰਘ ਸੰਗਰਾਮੀਆਂ ਦਾ ਹੈ--ਨਾ ਤੇਰਾ ਨਾ ਮੇਰਾ


ਸਰਕਾਰਾਂ, ਸਮਾਜਾਂ ਅਤੇ ਫਿਰਕੂ ਹਵਾਵਾਂ ਦੀਆਂ ਸਖਤੀਆਂ ਨੂੰ ਹੱਡੀਂ ਹੰਢਾਉਣ ਵਾਲੇ ਲੋਕਪੱਖੀ ਕਲਮਕਾਰ ਗੁਰਨਾਮ ਕੰਵਰ ਨੇ ਹਰ ਵਾਰ ਸਮੇਂ ਦਾ ਸੱਚ ਸਮੇਂ ਸਿਰ ਹੀ ਬੋਲਿਆ ਹੈ। ਇਸ  ਵਾਰ ਵੀ ਉਹਨਾਂ  ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਦੇ ਦਰਦ ਨੂੰ  ਬੜੀ ਹੀ ਸ਼ਿੱਦਤ ਨਾਲ ਮਹਿਸੂਸ ਵੀ ਕੀਤਾ ਹੈ ਅਤੇ ਆਪਣੀ ਨਵੀਂ ਕਾਵਿ ਰਚਨਾ ਵਿੱਚ ਉਸਦਾ ਪ੍ਰਗਟਾਵਾ ਵੀ ਕੀਤਾ ਹੈ। ਇਸਦੇ ਨਾਲ ਹੀ ਉਹਨਾਂ ਸ਼ਹੀਦ-ਏ- ਆਜ਼ਮ ਭਗਤ ਸਿੰਘ ਨੂੰ ਫਿਰਕੂ ਲੀਹਾਂ ਤੇ ਵੰਡਣ ਦੀਆਂ ਸਾਜ਼ਿਸ਼ਾਂ ਨੂੰ ਵੀ ਬੇਨਕਾਬ ਕੀਤਾ ਹੈ। --ਰੈਕਟਰ ਕਥੂਰੀਆ (ਸੰਪਾਦਕ)

ਕਿਥੇ ਲੱਭਦੇ ਹੋ?

ਨਵੇਂ  ਵਕਤ ਦੇ ਘੋਲਾਂ ਅੰਦਰ

ਸ਼ਾਇਰ ਗੁਰਨਾਮ ਕੰਵਰ 
ਟ੍ਰੈਕਟਰ ਦੀਆਂ ਪਰੇਡਾਂ ਤੇ।

ਮੈਨੂੰ ਕਿਥੇ ਲੱਭਦੇ ਹੋ

ਮੈਂ ਤਾਂ ਲੜਦਾਂ ਬੈਰੀਕੇਡਾਂ ਤੇ।


ਅੰਗ੍ਰੇਜ਼ ਤਾਂ ਗੋਰੇ ਕੱਢ ਦਿਤੇ ਸਨ

ਆ ਬੈਠੇ ਨੇ ਕਾਲੇ।

ਸੰਸਦ ਬੋਲੀ ਹਾਕਮ ਬੋਲੇ

ਸਭ ਬੋਲੇ ਕੰਨਾਂ ਵਾਲੇ।

ਲੋਕ ਗੁੱਸੇ ਦਾ ਬੰਬ ਤਾਂ ਫਟਦਾ

ਸੰਸਦ ਦੇ ਬਨੇਰਿਆਂ ਨਾਲ।

ਮੈਨੂੰ ਕਿਥੇ ਲੱਭਦੇ ਹੋ

ਮੈਂ ਖੜਾਂ ਹਾਂ ਚੀ ਗੁਵੇਰਿਆਂ ਨਾਲ।


ਨਾ ਮੈਂ ਪੱਗੜੀ ਨਾ ਮੈਂ ਟੋਪੀ

ਨਾ ਮੈਂ ਬੋਦੀ ਵਾਲਾ।

ਅੰਨ੍ਹੀ ਆਸਥਾ ਤੋੜ ਸੁੱਟੀ ਮੈਂ

ਚੇਤੰਨ ਸੂਝ  ਉਜਾਲਾ।

ਨਵੇਂ ਸਮੇਂ ਦੀਆਂ ਕਿਰਨਾਂ ਲੈ ਕੇ

ਚੜ੍ਹਿਆ ਮੈਂ ਸਵੇਰਿਆਂ ਨਾਲ।

ਮੈਨੂੰ ਕਿਥੇ ਲੱਭਦੇ ਹੋ

ਮੈਂ ਲੜਦਾ ਪਿਆਂ ਹਨ੍ਹੇਰਿਆਂ ਨਾਲ।


ਮੇਰੇ ਰਸਤੇ ਉਹੀ ਚਲਦਾ

ਮੁਕਤ ਜੋ ਸੌੜੀਆਂ ਗਰਜ਼ਾਂ ਤੋਂ।

ਰਾਹ ਸੁਖਾਲੇ ਵਾਰ ਦੇਵੇ

ਕੰਡਿਆਲੇ ਰਾਹ ’ਤੇ ਫਰਜ਼ਾਂ ਤੋਂ।

ਕਿਰਤੀ ਰਾਜ ਦਾ ਸਾਡਾ ਸੁਪਨਾ

ਸੱਚ ਹੋਣਾ ਬਲੀਦਾਨਾਂ ਨਾਲ।

ਮੈਨੂੰ ਕਿਥੇ ਲੱਭਦੇ ਹੋ

ਮੈੈਂ ਲੜਦਾ ਪਿਆਂ ਤੂਫਾਨਾਂ ਨਾਲ।


ਦੁਰਗਾ ਭਾਬੀ ਦਾ ਦੁਪੱਟਾ

ਬਣਦਾ ‘ਕੰੰਵਰ’ ਫਰੇਰਾ।

ਭਗਤ ਸਿੰਘ ਸੰਗਰਾਮੀਆਂ ਦਾ ਹੈ

ਨਾ ਤੇਰਾ ਨਾ ਮੇਰਾ।

ਭਗਤ ਕੌਰ ਜਾਂ ਬਾਬਾ ਭਗਤਾ

ਕਿਰਤੀ ਜਾਂ ਕਿਸਾਨੀ ਵਿਚ।

ਮੈਨੂੰ ਕਿਥੇ ਲੱਭਦੇ ਹੋ

ਮੈਂ ਲੜਦਾ ਪਿਆਂ ਜੁਆਨੀ ਵਿਚ।

--ਗੁਰਨਾਮ ਕੰਵਰ 11 ਮਾਰਚ 2021

Saturday 5 June 2021

DC ਵੱਲੋਂ ਡਾਕੂਮੈਂਟਰੀ ਫਿਲਮ 'ਕੁਦਰਤ ਦਾ ਸਤਿਕਾਰ ਕਰੋ' ਰਿਲੀਜ਼

 5th June 2021 at 7:50 PM

ਲੁਧਿਆਣਾ ਦੇ ਐਡਵੋਕੇਟ ਵੱਲੋਂ ਨਿਰਦੇਸ਼ਤ ਹੈ ਇਹ ਫਿਲਮ


ਲੁਧਿਆਣਾ
: 05 ਜੂਨ 2021:(ਕਾਰਤਿਕਾ ਸਿੰਘ//ਸਾਹਿਤ ਸਕਰੀਨ)::

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਲੁਧਿਆਣਾ ਵਿਖੇ ਪਦਮਸ੍ਰੀ ਡਾ. ਸੁਰਜੀਤ ਪਾਤਰ ਦੇ ਨਾਲ ਐਡਵੋਕੇਟ ਹਰਪ੍ਰੀਤ ਸੰਧੂ ਦੁਆਰਾ ਨਿਰਦੇਸ਼ਤ "ਕੁਦਰਤ ਦਾ ਸਤਿਕਾਰ ਕਰੋ" ਡਾਕੂਮੈਂਟਰੀ ਫਿਲਮ ਰਿਲੀਜ਼ ਕੀਤੀ। ਸ੍ਰੀ ਵਰਿੰਦਰ ਸ਼ਰਮਾ ਨੇ ਡਾਕੂਮੈਂਟਰੀ ਫਿਲਮ ਦੀ ਝਲਕ ਵੇਖਣ ਤੋਂ ਬਾਅਦ ਕਿਹਾ ਕਿ ਐਡਵੋਕੇਟ ਹਰਪ੍ਰੀਤ ਸੰਧੂ ਨੇ ਆਪਣੀ ਡਾਕੂਮੈਂਟਰੀ ਰਾਹੀਂ ਕੁਦਰਤ ਬਾਰੇ ਇਕ ਬਹੁਤ ਸਾਰਥਕ ਸੰਦੇਸ਼ ਦਿੱਤਾ ਹੈ ਅਤੇ ਹਰ ਇਕ ਨੂੰ ਲਾਜ਼ਮੀ ਤੌਰ 'ਤੇ ਡਾਕੂਮੈਂਟਰੀ ਵਿਚ ਪ੍ਰਕਾਸ਼ਤ ਕੀਤੇ ਜਾਣ ਵਾਲੇ ਲੁਧਿਆਣਾ ਦੇ ਸ਼ਾਂਤ ਸਥਾਨਾਂ ਦੀ ਝਲਕ ਹੋਣੀ ਚਾਹੀਦੀ ਹੈ। 

ਉਨ੍ਹਾਂ ਛੋਟੀ ਡਾਕੂਮੈਂਟਰੀ ਫਿਲਮ 'ਕੁਦਰਤ ਦਾ ਸਤਿਕਾਰ ਕਰੋ' ਦੀ ਸੁੰਦਰ ਸਕ੍ਰਿਪਟ ਬਣਾਉਣ ਲਈ ਐਡਵੋਕੇਟ ਹਰਪ੍ਰੀਤ ਸੰਧੂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ, ਜਿਹੜੀ ਕੁਦਰਤ ਦੇ ਬਦਲਵੇਂ ਦ੍ਰਿਸ਼ਟੀਕੋਣ ਨੂੰ ਦਰਸਾਉਂਦੀ ਹੈ ਅਤੇ ਮਨੁੱਖੀ ਜੀਵਨ ਵਿਚ ਕੁਦਰਤ ਦੀ ਮਹੱਤਤਾ ਦੀ ਕਦਰ ਕਰਦੀ ਹੈ। ਹਰਪ੍ਰੀਤ ਸੰਧੂ ਦੁਆਰਾ ਬਣਾਈ ਗਈ ਕੁਦਰਤ ਬਾਰੇ ਇਹ ਫਿਲਮ ਲੁਧਿਆਣਾ ਦੇ ਆਸ ਪਾਸ ਲੁੱਕੇ ਹੋਏ ਸੁੰਦਰ ਨਜ਼ਾਰੇ ਅਤੇ ਸਤਲੁਜ ਦਰਿਆ ਦੇ ਕਿਨਾਰਿਆਂ ਤੋਂ ਸੂਰਜ ਦਾ ਅਸਤ ਹੋਣਾ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੁੰਦਰ ਬਗੀਚਿਆਂ ਨੂੰ ਪ੍ਰਦਰਸ਼ਿਤ ਕਰਦੀ ਹੈ ਜੋ ਕਿ ਲੁਧਿਆਣਾ ਦੇ ਲੋਕ ਬਹੁਤ ਘੱਟ ਵੇਖਦੇ ਹਨ, ਇਸ ਲਈ ਐਡਵੋਕੇਟ ਹਰਪ੍ਰੀਤ ਸੰਧੂ ਸ਼ਲਾਘਾ ਦੇ ਹੱਕਦਾਰ ਹਨ। ਜ਼ਿਲ੍ਹਾ ਲੁਧਿਆਣਾ ਦੀ ਯਾਦਗਾਰੀ ਸੁੰਦਰਤਾ 'ਤੇ ਫਿਲਮ ਨੂੰ ਬਣਾਉਣ ਲਈ ਉਨ੍ਹਾਂ ਦੀ ਸੁਹਿਰਦ ਸ਼ਰਧਾ ਅਤੇ ਦ੍ਰਿਸ਼ਟੀ ਲਈ ਤਹਿ ਦਿਲੋਂ ਧੰਨਵਾਦ ਕੀਤਾ।

ਉੱਘੇ ਕਵੀ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੇ ਹਰਪ੍ਰੀਤ ਸੰਧੂ ਦੁਆਰਾ ਨਿਰਦੇਸ਼ਤ ਇਹ ਡਾਕੂਮੈਂਟਰੀ 'ਕੁਦਰਤ ਦਾ ਸਤਿਕਾਰ ਕਰੋ' ਦੀ ਸ਼ਲਾਘਾ ਕੀਤੀ ਜਿਸ ਨੇ ਸਰਬ ਸ਼ਕਤੀਮਾਨ ਕੁਦਰਤ ਵਿੱਚ ਮੌਜੂਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਅਤੇ ਸੁਭਾਅ ਦੀ ਝਲਕ ਨੂੰ ਸੁੰਦਰ ਢੰਗ ਨਾਲ ਮਿਲਾਇਆ।

ਪੀ.ਪੀ.ਸੀ.ਬੀ. ਦੇ ਚੇਅਰਮੈਨ ਡਾ. ਐਸ.ਐਸ. ਮਰਵਾਹਾ ਨੇ ਹਰਪ੍ਰੀਤ ਸੰਧੂ ਦੁਆਰਾ ਕੀਤੇ ਚੰਗੇ ਕੰਮਾਂ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣੇ ਕੈਮਰੇ ਰਾਹੀਂ ਇਸ ਦੂਜੇ ਲਾੱਕਡਾਉਨ ਦੌਰਾਨ ਕੁਦਰਤ ਦੇ ਖੂਬਸੂਰਤ ਪ੍ਰਸੰਗ ਨੂੰ ਕੈਦ ਕੀਤਾ ਅਤੇ ਕਿਹਾ ਕਿ ਇਹ ਇਕ ਸਮੇਂ ਸਿਰ ਪੇਸ਼ ਕੀਤੀ ਡਾਕਊਮੈਂਟਰੀ ਹੈ ਜੋ ਸਮੁੱਚੀ ਮਨੁੱਖਤਾ ਲਈ ਸਮਝਣਾ ਬਹੁਤ ਦਿਲਚਸਪੀ ਵਾਲੀ ਹੋਵੇਗੀ, ਪ੍ਰਮਾਤਮਾ ਦਾ ਮਨੁੱਖਤਾ ਨੂੰ ਉੱਚਾ ਅਤੇ ਸਪਸ਼ਟ ਸੰਦੇਸ਼ ਹੈ ਕਿ, ਂਕੁਦਰਤ ਸਦਾ ਜੀਵਿਤ ਰਹੇਗੀ ਪਰ ਮਨੁੱਖਜਾਤੀ ਨਹੀਂ ਹੋਵੇਗੀ'।

ਹਰਪ੍ਰੀਤ ਸੰਧੂ ਨੇ ਦੱਸਿਆ ਕਿ ਉਨ੍ਹਾਂ ਵਾਤਾਵਰਣ ਤਬਦੀਲੀ ਦਾ ਅਧਿਐਨ ਕਰਨ ਦੇ ਮਕਸਦ ਨਾਲ ਲਾਕਡਾਊਨ ਦੇ ਦੂਸਰੇ ਪੜਾਅ ਵਿੱਚ ਪੀ.ਏ.ਯੂ. ਦੇ ਆਲੇ ਦੁਆਲੇ ਦੀ ਤਸਵੀਰਾਂ ਖਿੱਚਣੀਆਂ ਸੁਰੂ ਕੀਤੀਆਂ, ਖਾਸਕਰ ਸਵੇਰ ਵੇਲੇ ਜਦੋਂ ਬਾਗਾਂ, ਬਗੀਚਿਆਂ ਵਿੱਚੋਂ ਜਦੋਂ ਸੂਰਜ ਚੜ੍ਹਦਾ ਹੈ ਤਾਂ ਜੋ ਲੋਕਾਂ ਤੱਕ ਇਹ ਸੁਨੇਹਾ ਪਹੁੰਚਾਇਆ ਜਾ ਸਕੇ ਕਿ 'ਕੁਦਰਤਾ ਦਾ ਸਤਿਕਾਰ' ਕਰਨਾ ਚਾਹੀਦਾ ਕਿਉਂਕਿ ਸਾਡੇ ਵਿਚੋਂ ਬਹੁਤੇ ਮਨੁੱਖੀ ਜੀਵਨ ਵਿਚ ਕੁਦਰਤ ਦੀਆਂ ਅਸੀਸਾਂ ਦੀ ਕਦੇ ਕਦਰ ਨਹੀਂ ਕਰਦੇ। ਸੰਧੂ ਨੇ ਇਸ ਡਾਕਊਮੈਂਟਰੀ ਫਿਲਮ ਨੂੰ ਂਵਿਸ਼ਵ ਵਾਤਾਵਰਣ ਦਿਵਸਂ ਨੂੰ ਸਮਰਪਿਤ ਕੀਤਾ ਹੈ ਉੱਘੇ ਖੇਤੀ ਮਾਹਰ ਸ੍ਰੀ ਅਵਤਾਰ ਢੀਂਡਸਾ ਅਤੇ ਸ਼ਹਿਰ ਦੇ ਪ੍ਰਮੁੱਖ ਡਾਕਟਰ ਵਿਵੇਕ ਸਾਗਰ ਵੀ ਡਾਕਊਮੈਂਟਰੀ ਫਿਲਮ ਦੀ ਰਿਲੀਜ਼ ਦੌਰਾਨ ਮੌਜੂਦ ਸਨ।

ਹਸਪਤਾਲ ਵਾਲੇ ਉਹ ਅਠਾਰਾਂ ਦਿਨ ਜਿਹਨਾਂ ਮੇਰੀ ਤੌਬਾ ਕਰਾ ਦਿੱਤੀ

 [8:14 pm, 04/06/2021] Pardeep Sharma new

            ਪ੍ਰਦੀਪ ਸ਼ਰਮਾ ਇਪਟਾ ਵੱਲੋਂ ਹੱਡਬੀਤੀ ਤੇ ਅਧਾਰਿਤ ਵਿਸ਼ੇਸ਼ ਲਿਖਤ                  

Courtesy Photo 

ਲੁਧਿਆਣਾ: 4 ਜੂਨ 2021: (ਪ੍ਰਦੀਪ ਸ਼ਰਮਾ ਇਪਟਾ//ਸਾਹਿਤ ਸਕਰੀਨ)::

ਕੋਵਿਡ-19 ਇਕ ਜਾਨਲੇਵਾ ਹਮਲਾ ਹੈ ਸਾਡੇ ਸਭਨਾਂ ਤੇ। ਦੁੱਖਾਂ ਦਾ ਅਚਾਨਕ ਟੁੱਟਿਆ ਪਹਾੜ ਹੈ ਅੱਜ ਦੇ ਮਨੁੱਖ ਤੇ। ਇਕ ਐਸੀ ਰਾਖਸ਼ਸ ਨੁਮਾ ਬਿਮਾਰੀ ਜੋ ਕਿਸੇ ਨੂੰ ਵੀ ਕੰਗਾਲ ਬਣਾ ਦੇਂਦੀ ਹੈ ਅਤੇ ਕਦੇ ਵੀ ਤੁਹਾਡੇ ਘਰ ਦੇ ਵਿਚ ਆ ਕੇ ਖੌਫ਼ਨਾਕ ਦਸਤਕ ਦੇ ਦਿੰਦੀ ਹੈ। ਮਿਤੀ 27 ਅਪਰੈਲ 2021 ਮੇਰਾ ਪਰਿਵਾਰ ਹਾਲੇ ਇਕ ਮੈਂਬਰ ਦੇ ਚਲੇ ਜਾਣ ਦੀ ਦੁਖਾਂਤ ਤੋਂ ਉਭਰਿਆ ਵੀ ਨਹੀਂ ਸੀ  ਮੇਰੇ ਲੜਕੇ ਵਿਕਾਸ ਨੂੰ ਇਸ ਭਿਆਨਕ ਬੀਮਾਰੀ ਨੇ ਆਪਣੀ ਗਿਰਫਤ ਵਿਚ ਲੈ ਲਿਆ। ਇਹ ਬਿਮਾਰੀ ਆਪਣੇ ਵੱਖ ਵੱਖ ਲੱਛਣ ਬਦਲ ਕੇ  ਮੇਰੇ ਲੜਕੇ ਨੂੰ ਆਪਣੀ ਜਕੜ ਵਿੱਚ ਲੈ ਰਹੀ ਸੀ। ਉਸ ਦਾ ਕਰੋਨਾ ਟੈਸਟ ਕਰਵਾਇਆ ਗਿਆ। ਘਟਦਾ ਹੋਇਆ ਆਕਸੀਜਨ ਲੈਵਲ ਲਗਾਤਾਰ ਮੇਰੇ ਮਨ ਵਿਚ ਦਹਿਸ਼ਤ ਪਾ ਰਿਹਾ ਸੀ। ਉਸ ਦਾ ਮੈਡੀਕਲ ਬੀਮਾ ਨਾ ਹੋਣਾ ਵੀ ਚਿੰਤਾ ਦਾ ਕਾਰਨ ਸੀ।  ਇਲਾਜ ਮਹਿੰਗੇ ਤੋਂ ਮਹਿੰਗਾ  ਹੁੰਦਾ ਜਾ ਰਿਹਾ ਸੀ। ਜੇਬ ਖਾਲੀ ਹੋ ਚੁੱਕੀ ਸੀ। ਉਧਾਰਾਂ ਦਾ ਕਰਜ਼ਾ ਲਗਾਤਾਰ ਚੜ੍ਹਦਾ ਜਾ ਰਿਹਾ ਸੀ। 

ਬੇਟੇ ਦੀ ਵਿਗੜਦੀ ਹਾਲਤ ਵੇਖ ਕੇ ਹਸਪਤਾਲ ਲਿਜਾਣਾ ਜ਼ਰੂਰੀ ਹੋ ਗਿਆ ਸੀ। ਮੇਰਾ ਜ਼ਾਤੀ ਤਜਰਬਾ ਹੈ ਕਿ ਸਰਕਾਰ ਨੇ ਕੋਰੋਨਾ ਨੂੰ ਮਹਾਂਮਾਰੀ ਤਾਂ ਘੋਸ਼ਿਤ ਕਰ ਦਿੱਤਾ ਹੈ ਪਰ ਇਲਾਜ ਦੇ ਭਿਆਨਕ ਖਰਚਿਆਂ ਤੋਂ ਮੂੰਹ ਮੋੜ ਲਿਆ ਹੈ।  ਸਾਡੇ ਤੋਂ ਭਾਂਤ ਭਾਂਤ ਦੇ ਟੈਕਸ ਵਸੂਲਣ ਵਾਲੀਆਂ ਸਰਕਾਰਾਂ ਨੇ ਇਸ ਮੁਸੀਬਤ ਮੌਕੇ ਸਾਡੇ ਲਈ ਉਹ ਕੁਝ ਕਿਓਂ ਨਹੀਂ ਕੀਤਾ ਜੋ ਬੇਹੱਦ ਜ਼ਰੂਰੀ ਸੀ। ਸਮਾਜਿਕ ਅਤੇ ਧਾਰਮਿਕ ਸੰਗਠਨ ਨਾ ਹੁੰਦੇ ਤਾਂ ਅਸੀਂ ਸਾਰੇ ਹੀ ਰੁਲ ਗਏ ਸਾਂ। ਕੋਰੋਨਾ ਸਭਨਾਂ ਨੂੰ ਨਿਗਲਦਾ ਤੁਰਿਆ ਜਾ ਰਿਹਾ ਹੈ। ਅਜੇ ਵੀ ਇਸਦੀ ਕੋਈ ਤਾਰੀਖ ਨਜ਼ਰ ਨਹੀਂ ਆ ਰਹੀ।  

ਜਦੋਂ ਸਾਡੇ ਪਰਿਵਾਰ ਤੇ ਮੁਸੀਬਤ ਪਈ ਤਾਂ ਬੇਟੇ ਨੂੰ ਲੁਧਿਆਣੇ ਦੇ ਇੱਕ ਬਹੁਤ ਵੱਡੇ ਹਸਪਤਾਲ ਦੇ ਵਿੱਚ ਦਾਖ਼ਲ ਕਰਾ ਦਿੱਤਾ ਗਿਆ। ਜਦੋਂ ਹਸਪਤਾਲ ਵਾਲੇ ਮੈਨੂੰ ਬੈੱਡ ਦੇਣ ਤੋਂ ਇਨਕਾਰ ਕਰ ਰਹੇ ਸੀ ਤਾਂ ਮੇਰਾ ਦਿਲ ਬੈਠਿਆ ਜਾ ਰਿਹਾ ਸੀ। ਪਰ ਫੇਰ ਵੀ ਬੜੀ ਮਸ਼ੱਕਤ ਤੋਂ ਬਾਅਦ ਓ ਲੈਵਲ ਟੂ ਦਾ ਬੈੱਡ ਦੇਣ ਵਾਸਤੇ ਰਾਜ਼ੀ ਹੋ ਗਏ। ਹਾਲਾਂਕਿ ਮੇਰਾ ਪੇਸ਼ੈਂਟ ਲੈਵਲ ਥਰੀ ਦਾ ਸੀ। 

ਇੱਕ ਗੱਲੋਂ ਤੇ ਮੈਨੂੰ ਸੁੱਖ ਦਾ ਸਾਹ ਆਇਆ ਕਿ ਚਲੋ ਮਰੀਜ਼ ਦਾਖਲ ਤਾਂ ਹੋ ਗਿਆ ਹੈ ਪਰ ਦੂਸਰੇ ਪਾਸੇ ਖਰਚੇ ਦੀ ਚਿੰਤਾ ਸਤਾਉਣ ਲੱਗ ਪਈ। ਮੈਂ ਤੇ ਮੇਰੇ ਪਰਿਵਾਰ ਨੇ ਭਿਖਾਰੀਆਂ ਵਾਂਗ ਰਿਸ਼ਤੇਦਾਰਾਂ ਅਤੇ ਵਾਕਫ਼ਾਂ ਦੇ ਕੋਲੋਂ ਪੈਸਾ ਮੰਗਣਾ ਸ਼ੁਰੂ ਕਰ ਦਿੱਤਾ। ਇਹੀ ਇੱਕ ਰਸਤਾ ਬਚਿਆ ਸੀ ਇਲਾਜ ਦੇ ਲਈ ਲੁੜੀਂਦੇ ਪੈਸੇ ਇਕੱਠੇ ਕਰਨ ਦਾ । ਇਹ ਹਾਲਤ ਸਿਰਫ ਮੇਰੀ ਨਹੀਂ ਹਿੰਦੋਸਤਾਨ ਦੇ ਹਰ ਗਰੀਬ ਅਤੇ ਮੱਧਵਰਗੀ ਪਰਿਵਾਰ ਦੀ ਹੋ ਚੁੱਕੀ ਹੈ। ਮੇਰੇ ਲਈ ਵੀ ਕਰਜ਼ਾ ਜ਼ਰੂਰੀ ਹੋ ਗਿਆ ਸੀ ਅਤੇ ਗਨੀਮਤ ਸੀ ਕਿ ਮਿਲ ਵੀ ਰਿਹਾ ਸੀ ਤਾਂ ਜੋ ਲੜਕੇ ਦੀ ਜਾਨ ਬਚਾਈ ਜਾ ਸਕੇ ਪਰ ਉੱਥੇ ਜਾ ਕੇ ਮੈਂ ਵੇਖਿਆ ਹਰ ਕੋਈ ਖ਼ਰਚੇ ਤੋਂ ਪਰੇਸ਼ਾਨ ਸੀ। ਉਹਨਾਂ ਲੋਕਾਂ ਦੀ ਗਿਣਤੀ ਅਜੇ ਵੱਖਰੀ ਹੈ ਜਿਹਨਾਂ ਨੂੰ ਕਰਜ਼ਾ ਮਿਲ ਹੀ ਨਹੀਂ ਰਿਹਾ।  

ਕੋਈ ਸੋਨਾ ਵੇਚ ਕੇ ਆਇਆ ਹੈ ਅਤੇ ਕੋਈ ਕੁਝ ਹੋਰ ਵੇਚ ਕੇ ਆਇਆ ਹੈ। ਸਮਝ ਨਹੀਂ ਸੀ ਆ ਰਹੀ ਕਿ ਸਰਕਾਰਾਂ ਕਿਹੜੇ ਮੂੰਹ ਨਾਲ ਵਿਕਾਸ ਦੇ ਦਮਗਜੇ ਮਾਰਦੀਆਂ ਹਨ? ਹਸਪਤਾਲ ਵਿੱਚ ਜਾ ਕੇ ਬੜਾ ਭਿਆਨਕ ਮੰਜ਼ਰ ਦੇਖਣ ਨੂੰ ਮਿਲਿਆ। ਥੁੜਾਂ ਮਾਰੇ ਲੋਕ ਆਪਣੇ ਸੱਜਣਾਂ ਪਿਆਰਿਆਂ ਨੂੰ ਦਵਾਈਆਂ ਦੇ ਖੁਣੋਂ ਮੌਤ ਦੇ ਮੂੰਹ ਵੱਲ ਜਾਂਦਾ ਦੇਖ ਰਹੇ ਸਨ। 

ਮੇਰੇ ਲੜਕੇ ਨੂੰ ਆਕਸੀਜਨ ਲਗਾਉਣ ਉਪਰੰਤ ਵਿਸ਼ੇਸ਼ ਆਈ ਸੀ ਯੂ ਵਾਰਡ ਵਿੱਚ ਭੇਜ ਦਿੱਤਾ ਗਿਆ ਜਿੱਥੇ ਕਿਸੇ ਵੀ ਰਿਸ਼ਤੇਦਾਰ ਦੇ ਜਾਣ ਦੀ ਮਨਾਹੀ ਸੀ। ਇਕ ਪਾਸੇ ਲੜਕੇ ਦੇ ਇਲਾਜ ਦੀ ਚਿੰਤਾ ਤੇ ਦੂਜੇ ਪਾਸੇ ਪਰਿਵਾਰ ਦੇ ਬਾਕੀ ਰਹਿੰਦਿਆਂ ਨੂੰ ਬਚਾਉਣ ਦੀ ਚਿੰਤਾ। ਉਹ ਬੇਹੱਦ ਦਹਿਸ਼ਤਜ਼ਦਾ ਕਰਨ ਵਾਲਾ ਦੁਖਦਾਈ ਸਮਾਂ ਸੀ। ਜਦੋਂ ਵੀ ਹਸਪਤਾਲ ਤੋਂ ਡਾਕਟਰ ਦਾ ਕੋਈ ਫੋਨ ਆਉਂਦਾ ਤਾਂ ਕੰਬਦੇ ਕੰਬਦੇ ਹੱਥਾਂ ਨਾਲ ਡਰਦੇ ਡਰਦੇ ਹੀ ਫੋਨ ਚੁੱਕਿਆ ਜਾਂਦਾ। ਕਿਸੇ ਵੀ ਅਣਹੋਣੀ ਦੇ ਖ਼ਤਰੇ ਤੋਂ ਦਿਲ ਕੰਬ ਜਾਂਦਾ। ਦਿਲ ਦਿਮਾਗ ਵਿੱਚ ਅਣਦਿੱਸਦੇ ਰੱਬ ਅੱਗੇ ਕਈ ਕਈ ਅਰਦਾਸਾਂ ਇੱਕੋ ਵੇਲੇ ਉੱਠਦੀਆਂ ਕਿ ਪਰਮਾਤਮਾ ਸਭ ਕੁਝ ਚੰਗਾ ਹੀ ਕਰੀਂ।

ਮੇਰਾ ਜ਼ਾਤੀ ਤਜਰਬਾ ਹੈ  ਕਿ ਜਦੋਂ ਵੀ ਆਕਸੀਜਨ ਘਟ ਜਾਣ ਦੀ ਸੂਚਨਾ ਮਿਲਦੀ ਤਾਂ ਦਿਲ ਵਿੱਚ ਬੜੀ ਹੀ ਦਹਿਸ਼ਤ ਪੈ ਜਾਂਦੀ।ਸਾਹਾਂ ਦੀ ਡੋਰੀ ਕਿੰਝ ਕਮਜ਼ੋਰ ਹੁੰਦੀ ਹੈ ਤੇ ਇਸਦੇ ਟੁੱਟਣ ਦਾ ਖਤਰਾ ਬਣ ਜਾਂਦਾ ਹੈ ਇਸਦਾ ਅਹਿਸਾਸ ਹੋ ਰਿਹਾ ਸੀ। ਪਰ ਇਸ ਤੋਂ ਵੀ ਵੱਡੀ ਭਿਆਨਕ ਦਹਿਸ਼ਤ ਉਸ ਵੇਲੇ ਹੁੰਦੀ ਕਿ ਜਦੋਂ ਹਸਪਤਾਲ ਵਾਲੇ ਅਗਾਊਂ ਪੈਸੇ ਜਮ੍ਹਾ ਕਰਾਉਣ ਵਾਸਤੇ ਪਰਚੀ ਹੱਥ ਵਿੱਚ ਫੜਾ ਦੇਂਦੇ। ਇੰਝ ਲੱਗਣ ਲੱਗਦਾ ਜਿਵੇਂ ਸਾਡੇ ਖੂਨ ਅਤੇ ਸਾਹ ਸੱਤ ਦੀ ਸਾਡੀ ਆਖ਼ਿਰੀ ਬੂੰਦ ਨਿਚੋੜਨ ਲਈ ਸਾਨੂੰ ਫਿਰ ਤੋਂ ਵੇਲਣੇ ਵਿਚ ਪਾਇਆ ਜਾ ਰਿਹਾ ਹੋਵੇ। ਗੰਨੇ ਅਤੇ ਨਿੰਬੂ ਨੂੰ ਕਿੰਨਾ ਦਰਦ ਹੁੰਦਾ ਹੋਵੇਗਾ ਹੁਣ ਇਸਦਾ ਵੀ ਅਹਿਸਾਸ ਹੋ ਰਿਹਾ ਸੀ। ਅਸੀਂ ਮੱਧ ਵਰਗੀ ਲੋਕ ਇਹਨਾਂ ਮੁਨਾਫ਼ੇਖੋਰਾਂ ਨੇ ਆਪਣੇ ਵੇਲਣੇ ਵਿੱਚ ਹੀ ਤਾਂ ਪਾਏ ਹੋਏ ਹਨ। 

ਇਕ ਹੋਰ ਜ਼ਾਤੀ ਤਜਰਬਾ ਮੈਂ ਦੱਸਣਾ ਚਾਹੁੰਦਾ ਹਾਂ ਉਸ ਵੇਲੇ ਮਰੀਜ਼ ਦੇ ਰਿਸ਼ਤੇਦਾਰਾਂ ਦੀ ਹਾਲਤ ਬੜੀ ਦੁਖਦਾਈ ਹੋ ਜਾਂਦੀ ਸੀ ਕਿ ਜਦੋਂ ਜੀਵਨ ਰੱਖਿਅਕ ਦਵਾਈ ਲਿਖੀ ਜਾਂਦੀ ਹੈ ਪਰ ਉਹ ਹਸਪਤਾਲ ਵਿੱਚ ਚੌਵੀ ਚੌਵੀ ਘੰਟੇ ਮੌਜੂਦ ਨਹੀਂ ਹੁੰਦੀ। ਦਵਾਈ ਕਿਸੇ ਅਜਿਹੇ ਅਣਦਿੱਸਦੇ ਰੱਬ ਦਾ ਰੂਪ ਹੋ ਜਾਂਦੀ ਹੈ ਜਿਹੜੀ ਰੱਬ ਵਾਂਗ ਨਜ਼ਰ ਨਹੀਂ ਆਉਂਦੀ। ਇਹ ਦਵਾਈ ਕਿੱਧਰ ਜਾਂਦੀ ਹੈ ਇਸ ਬਾਰੇ ਕਿਸੇ ਵੱਖਰੀ ਪੋਸਟ ਵਿੱਚ ਚਰਚਾ ਕਰਾਂਗੇ। 

ਕੁਲ ਮਿਲਾ ਕੇ ਮਾਹੌਲ ਬੇਹੱਦ ਚਿੰਤਾਜਨਕ ਬਣ ਜਾਂਦਾ ਹੈ। ਮਰੀਜ਼ ਨਾਲ ਗੱਲਬਾਤ ਵੀ ਨਹੀਂ ਹੋ ਸਕਦੀ ਨਾ ਹੀ ਇਸ ਦਾ ਕੋਈ ਪ੍ਰਬੰਧ ਕੀਤਾ ਗਿਆ ਹੁੰਦਾ ਹੈ। ਹਸਪਤਾਲ ਵੱਲੋਂ ਅਜਿਹੀਆਂ ਮਜਬੂਰੀਆਂ ਜਾਂ ਕਮੀਆਂ ਬਹੁਤ ਹੀ ਚਿੰਤਾਜਨਕ ਹਨ। ਤੁਸੀਂ ਮਰੀਜ਼ ਨੂੰ ਬਾਹਰੋਂ ਜੋ ਫਲ ਫਰੂਟ ਖਾਣ ਨੂੰ ਭੇਜਦੇ ਹੋ ਉਹ ਵੀ ਉਸ ਨੂੰ ਮਿਲਦਾ ਹੈ ਕਿ ਨਹੀਂ ਬੜੀ ਹੀ ਸ਼ੰਕਾ ਵਾਲੀ ਹਾਲਤ ਬਣੀ ਰਹਿੰਦੀ ਹੈ। ਇਸ ਤਰ੍ਹਾਂ ਮਹਿਸੂਸ ਹੋਣ ਲੱਗਦਾ ਹੈ ਕਿ ਕਦਮ ਕਦਮ ਤੇ ਕੋਈ ਲੁਟੇਰਾ ਤੁਹਾਨੂੰ ਲੁੱਟਣ ਲਈ ਤਿਆਰ ਖੜਾ ਹੈ। ਜਿਸਦਾ ਜੋ ਦਾਅ ਲੱਗਦਾ ਹੈ ਉਹ ਆਪਣੀ ਕਸਰ ਨਹੀਂ ਛੱਡਦਾ। ਕੋਰੋਨਾ ਕਾਲ ਇਹਨਾਂ ਮੁਨਾਫ਼ੇਖੋਰਾਂ ਨੂੰ ਵੱਧ ਤੋਂ ਵੱਧ ਪੈਸੇ ਕਮਾਉਣ ਦਾ ਇੱਕ ਬਹਾਨਾ ਮਿਲ ਗਿਆ ਹੈ। 

ਪੂਰੇ ਅਠਾਰਾਂ ਦਿਨ ਹਸਪਤਾਲ ਵਿਚ ਰਹਿਣ ਤੋਂ ਬਾਅਦ ਮੇਰੇ ਬੇਟੇ ਨੂੰ ਛੁੱਟੀ ਮਿਲ ਗਈ ਤਾਂ ਕਿਤੇ ਜਾ ਕੇ ਸੁੱਖ ਦਾ ਸਾਹ ਆਇਆ ਹੈ ਪਰ ਫਾਈਨਲ ਬਿੱਲ ਤਾਰਨਾ ਵੀ ਬਹੁਤ ਵੱਡੀ ਸਮੱਸਿਆ ਬਣ ਗਿਆ। ਕਰਜ਼ੇ ਚੁੱਕ ਚੁੱਕ ਰੋਜ਼ ਵਾਲੇ ਖਰਚੇ ਹੀ ਬੜੀ ਮੁਸ਼ਕਲ ਨਾਲ ਪੂਰੇ ਹੋਏ ਸਨ। ਪਰ ਫਿਰ ਵੀ ਕਿਸੇ ਤਰ੍ਹਾਂ ਇੰਤਜ਼ਾਮ ਕਰਕੇ ਬਿੱਲ ਉਤਾਰਿਆ ਗਿਆ। ਇੱਕ ਵਾਰ ਫੇਰ ਅਹਿਸਾਸ ਹੋਇਆ ਕਿ ਸਾਡਾ ਕਿਸੇ ਦਾ ਬਿਮਾਰ ਹੋਣਾ ਵੀ ਏਨਾ ਵੱਡਾ ਗੁਨਾਹ ਬਣ ਜਾਂਦਾ ਹੈ। ਧਰਮਾਂ ਕਰਮਾਂ ਅਤੇ ਦੇਸ਼ ਭਗਤੀ ਦੀਆਂ ਗੱਲਾਂ ਕਰਨ ਵਾਲੇ ਉਦੋਂ ਸਹਾਇਤਾ ਲਈ ਨਹੀਂ ਬਹੁੜਦੇ। ਗੱਲਾਂ ਜ਼ਿਆਦਾ ਹੁੰਦੀਆਂ ਹਨ। ਪ੍ਰਚਾਰ ਜ਼ਿਆਦਾ ਹੁੰਦਾ ਹੈ।  ਖ਼ਬਰਾਂ ਵਿੱਚ ਫੋਟੋ ਜ਼ਿਆਦਾ ਛਪਦੀਆਂ ਹਨ ਪਰ ਅਸਲੀ ਕੰਮ ਬਹੁਤ ਘੱਟ ਹੁੰਦਾ ਹੈ। 

ਬੜਾ ਹੀ ਮਨ ਵਿਚ ਦੁੱਖ ਹੋਇਆ ਕਿ ਕੀ ਸਾਡੀ ਸਰਕਾਰ ਕੋਲੋਂ ਸਾਨੂੰ ਕੋਈ ਵੀ ਆਰਥਿਕ ਮਦਦ ਨਹੀਂ ਮਿਲ ਸਕਦੀ? ਇਹ ਸਰਕਾਰ ਸਿਰਫ਼ ਟੈਕਸ ਲੈਣਾ ਹੀ ਜਾਣਦੀ ਹੈ। ਇਕ ਗੱਲ ਹੋਰ ਜ਼ਿਕਰਯੋਗ ਹੈ ਕਿ ਜਿਹੜੇ ਸਰਕਾਰੀ ਰੇਟ ਕੋਰੋਨਾ ਦੇ ਇਲਾਜ ਵਾਸਤੇ ਹਨ ਉਹ ਕਿਉਂ ਨਹੀਂ ਡਿਸਪਲੇਅ ਕੀਤੇ ਜਾਂਦੇ। ਹੁਣ ਇਲਾਜ ਉਪਰੰਤ ਇਸ ਗੱਲ ਦੀ ਵੀ ਦਹਿਸ਼ਤ ਹੈ ਕਿ ਕਿਤੇ ਬਲੈਕ ਫੰਗਸ ਵਰਗੀਆਂ ਬਿਮਾਰੀਆਂ ਦਾ ਪੰਗਾ ਨਾ ਪੈ ਜਾਵੇ। ਇਹਨਾਂ ਸਾਈਡ ਇਫੈਕਟਾਂ ਤੋਂ ਕਿਵੇਂ ਬਚਿਆ ਜਾਵੇ? ਬਹੁਤ ਸਾਰੇ ਡਾਕਟਰ ਅਤੇ ਹਸਪਤਾਲ ਦਾ ਸਟਾਫ ਵੀ ਕਾਫੀ ਚੰਗਾ ਹੈ। ਕੁਝ ਦੋਸਤਾਂ ਨੇ ਵੀ ਬਹੁਤ ਹੌਸਲਾ ਵਧਾਊ ਮੱਦਦ ਕੀਤੀ ਜਿਨ੍ਹਾਂ ਦੇ ਅਤਿ ਧੰਨਵਾਦੀ ਰਹਾਂਗੇ  ਪਰ ਜਿਨ੍ਹਾਂ ਦੇ ਜੀਅ ਇਸ ਸੰਸਾਰ ਤੋਂ ਤੁਰ ਗਏ ਉਨ੍ਹਾਂ ਪਰਿਵਾਰਾਂ ਦਾ ਰੋ ਰੋ ਕੇ ਬਹੁਤ ਮਾੜਾ ਹਾਲ ਹੈ। ਉਹ ਪਤਾ ਨਹੀਂ ਕਦੋਂ ਸਨਹਬਲ ਸਕਣਗੇ? ਉਹਨਾਂ ਦੀ ਢਹਿ ਢੇਰੀ ਹੋਈ ਆਰਥਿਕਤਾ ਨੂੰ ਕੌਣ ਦੁਬਾਰਾ ਸੈਟ ਕਰੇਗਾ?  ਜਿਹੜੇ ਲੋਕ ਕੋਰੋਨਾ ਨੂੰ ਮਜ਼ਾਕ ਸਮਝਦੇ ਹਨ ਉਨ੍ਹਾਂ ਨੂੰ ਪਰਮਾਤਮਾ ਸੁਮੱਤ ਬਖਸ਼ੇ ਕਿ ਉਹ ਆਪਣੇ ਬਚਾਅ ਦੇ ਤਰੀਕੇ ਜ਼ਰੂਰ ਅਪਨਾਉਣ ਅਤੇ ਸਰਕਾਰ ਨੂੰ ਬੇਨਤੀ ਹੈ ਕਿ ਦੁੱਖਾਂ ਵਿੱਚ ਤੜਫ਼ਦੇ ਲੋਕਾਂ ਦੀ ਸਾਰ ਜ਼ਰੂਰ ਲਵੋ। 


ਇਹਨਾਂ ਅਠਾਰਾਂ ਦਿਨਾਂ ਨੇ ਮੈਨੂੰ ਮਹਾਂਭਾਰਤ ਯਾਦ ਕਰਵਾ ਦਿੱਤੀ। ਉਹ ਮਹਾਂਭਾਰਤ ਜਿਹੜੀ ਸਦੀਆਂ ਪਹਿਲਾਂ ਹੋ ਚੁੱਕੀ ਹੈ। ਉਹ ਮਹਾਂਭਾਰਤ ਜਿਸਦੀ ਅੱਜ ਫਿਰ ਲੋੜ ਹੈ। ਅੱਜ ਸਾਰੀ ਦੁਨੀਆ ਹੀ ਬਣ ਚੁੱਕੀ ਹੈ ਕੁਰੂਕਸ਼ੇਤਰ ਦਾ ਮੈਦਾਨ। ਅੱਜ ਫਿਰ ਅਰਜਨ ਦੀ ਲੋੜ ਹੈ। ਅੱਜ ਦੇ ਦੁਸ਼ਾਸ਼ਨ ਫਿਰ ਦਨਦਨਾਉਂਦੇ ਫਿਰਦੇ ਹਨ। ਸਮੁੱਚੇ ਗਰੀਬ ਅਤੇ ਮੱਧ  ਵਰਗ ਨੂੰ ਮੁਨਾਫ਼ਾਖ਼ੋਰਾਂ ਅਤੇ ਕਾਲਾ ਬਜ਼ਾਰੀਆਂ ਨੇ ਤਨ ਤੋਂ ਇੱਕ ਇੱਕ ਕੱਪੜਾ ਲਾਹ ਕੇ ਨੰਗਾ ਕਰ ਦਿੱਤਾ ਹੈ। ਅੱਜ ਦੇ ਧ੍ਰਿਤਰਾਸ਼ਟਰ ਵੀ ਅੱਖਾਂ ਮੀਚੀ ਬੈਠੇ ਹਨ। ਅੱਜ ਫਿਰ ਲੋੜ ਹੈ ਕ੍ਰਿਸ਼ਨ ਭਗਵਾਨ ਦੀ। ਅੱਜ ਫਿਰ ਲੋੜ ਹੈ ਗੀਤਾ ਉਪਦੇਸ਼ ਦੀ ਕਿਓਂਕਿ ਅੱਜ ਫਿਰ ਅਰਜਨ ਯੁੱਧ ਨੂੰ ਛੱਡ ਬੈਠਾ ਹੈ ਜਾਂ ਯੁੱਧ ਤੋਂ  ਘਬਰਾ ਗਿਆ ਹੈ। ਕਦੋਂ ਆਉਣਾ ਹੈ ਕ੍ਰਿਸ਼ਨ ਭਗਵਾਨ ਨੇ।  ਹੁਣ ਕੌਣ ਕਰੇਗਾ ਧਰਮ ਦੀ ਰੱਖਿਆ? ਇਨਸਾਨੀਅਤ ਦੇ ਧਰਮ ਦੀ ਰਾਖੀ ਕੌਣ ਕਰੇਗਾ ਹੁਣ?

ਅਸਲੀ ਥਾਂਵਾਂ ਅਤੇ ਵਿਅਕਤੀਆਂ ਦੇ ਨਾਮ ਨਹੀਂ  ਦਿੱਤੇ ਜਾ ਰਹੇ। ਇਸੇ ਤਰ੍ਹਾਂ ਕੁਝ ਹੋਰ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ। -ਸੰਪਾਦਕ