google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਹਸਪਤਾਲ ਵਾਲੇ ਉਹ ਅਠਾਰਾਂ ਦਿਨ ਜਿਹਨਾਂ ਮੇਰੀ ਤੌਬਾ ਕਰਾ ਦਿੱਤੀ

Saturday 5 June 2021

ਹਸਪਤਾਲ ਵਾਲੇ ਉਹ ਅਠਾਰਾਂ ਦਿਨ ਜਿਹਨਾਂ ਮੇਰੀ ਤੌਬਾ ਕਰਾ ਦਿੱਤੀ

 [8:14 pm, 04/06/2021] Pardeep Sharma new

            ਪ੍ਰਦੀਪ ਸ਼ਰਮਾ ਇਪਟਾ ਵੱਲੋਂ ਹੱਡਬੀਤੀ ਤੇ ਅਧਾਰਿਤ ਵਿਸ਼ੇਸ਼ ਲਿਖਤ                  

Courtesy Photo 

ਲੁਧਿਆਣਾ: 4 ਜੂਨ 2021: (ਪ੍ਰਦੀਪ ਸ਼ਰਮਾ ਇਪਟਾ//ਸਾਹਿਤ ਸਕਰੀਨ)::

ਕੋਵਿਡ-19 ਇਕ ਜਾਨਲੇਵਾ ਹਮਲਾ ਹੈ ਸਾਡੇ ਸਭਨਾਂ ਤੇ। ਦੁੱਖਾਂ ਦਾ ਅਚਾਨਕ ਟੁੱਟਿਆ ਪਹਾੜ ਹੈ ਅੱਜ ਦੇ ਮਨੁੱਖ ਤੇ। ਇਕ ਐਸੀ ਰਾਖਸ਼ਸ ਨੁਮਾ ਬਿਮਾਰੀ ਜੋ ਕਿਸੇ ਨੂੰ ਵੀ ਕੰਗਾਲ ਬਣਾ ਦੇਂਦੀ ਹੈ ਅਤੇ ਕਦੇ ਵੀ ਤੁਹਾਡੇ ਘਰ ਦੇ ਵਿਚ ਆ ਕੇ ਖੌਫ਼ਨਾਕ ਦਸਤਕ ਦੇ ਦਿੰਦੀ ਹੈ। ਮਿਤੀ 27 ਅਪਰੈਲ 2021 ਮੇਰਾ ਪਰਿਵਾਰ ਹਾਲੇ ਇਕ ਮੈਂਬਰ ਦੇ ਚਲੇ ਜਾਣ ਦੀ ਦੁਖਾਂਤ ਤੋਂ ਉਭਰਿਆ ਵੀ ਨਹੀਂ ਸੀ  ਮੇਰੇ ਲੜਕੇ ਵਿਕਾਸ ਨੂੰ ਇਸ ਭਿਆਨਕ ਬੀਮਾਰੀ ਨੇ ਆਪਣੀ ਗਿਰਫਤ ਵਿਚ ਲੈ ਲਿਆ। ਇਹ ਬਿਮਾਰੀ ਆਪਣੇ ਵੱਖ ਵੱਖ ਲੱਛਣ ਬਦਲ ਕੇ  ਮੇਰੇ ਲੜਕੇ ਨੂੰ ਆਪਣੀ ਜਕੜ ਵਿੱਚ ਲੈ ਰਹੀ ਸੀ। ਉਸ ਦਾ ਕਰੋਨਾ ਟੈਸਟ ਕਰਵਾਇਆ ਗਿਆ। ਘਟਦਾ ਹੋਇਆ ਆਕਸੀਜਨ ਲੈਵਲ ਲਗਾਤਾਰ ਮੇਰੇ ਮਨ ਵਿਚ ਦਹਿਸ਼ਤ ਪਾ ਰਿਹਾ ਸੀ। ਉਸ ਦਾ ਮੈਡੀਕਲ ਬੀਮਾ ਨਾ ਹੋਣਾ ਵੀ ਚਿੰਤਾ ਦਾ ਕਾਰਨ ਸੀ।  ਇਲਾਜ ਮਹਿੰਗੇ ਤੋਂ ਮਹਿੰਗਾ  ਹੁੰਦਾ ਜਾ ਰਿਹਾ ਸੀ। ਜੇਬ ਖਾਲੀ ਹੋ ਚੁੱਕੀ ਸੀ। ਉਧਾਰਾਂ ਦਾ ਕਰਜ਼ਾ ਲਗਾਤਾਰ ਚੜ੍ਹਦਾ ਜਾ ਰਿਹਾ ਸੀ। 

ਬੇਟੇ ਦੀ ਵਿਗੜਦੀ ਹਾਲਤ ਵੇਖ ਕੇ ਹਸਪਤਾਲ ਲਿਜਾਣਾ ਜ਼ਰੂਰੀ ਹੋ ਗਿਆ ਸੀ। ਮੇਰਾ ਜ਼ਾਤੀ ਤਜਰਬਾ ਹੈ ਕਿ ਸਰਕਾਰ ਨੇ ਕੋਰੋਨਾ ਨੂੰ ਮਹਾਂਮਾਰੀ ਤਾਂ ਘੋਸ਼ਿਤ ਕਰ ਦਿੱਤਾ ਹੈ ਪਰ ਇਲਾਜ ਦੇ ਭਿਆਨਕ ਖਰਚਿਆਂ ਤੋਂ ਮੂੰਹ ਮੋੜ ਲਿਆ ਹੈ।  ਸਾਡੇ ਤੋਂ ਭਾਂਤ ਭਾਂਤ ਦੇ ਟੈਕਸ ਵਸੂਲਣ ਵਾਲੀਆਂ ਸਰਕਾਰਾਂ ਨੇ ਇਸ ਮੁਸੀਬਤ ਮੌਕੇ ਸਾਡੇ ਲਈ ਉਹ ਕੁਝ ਕਿਓਂ ਨਹੀਂ ਕੀਤਾ ਜੋ ਬੇਹੱਦ ਜ਼ਰੂਰੀ ਸੀ। ਸਮਾਜਿਕ ਅਤੇ ਧਾਰਮਿਕ ਸੰਗਠਨ ਨਾ ਹੁੰਦੇ ਤਾਂ ਅਸੀਂ ਸਾਰੇ ਹੀ ਰੁਲ ਗਏ ਸਾਂ। ਕੋਰੋਨਾ ਸਭਨਾਂ ਨੂੰ ਨਿਗਲਦਾ ਤੁਰਿਆ ਜਾ ਰਿਹਾ ਹੈ। ਅਜੇ ਵੀ ਇਸਦੀ ਕੋਈ ਤਾਰੀਖ ਨਜ਼ਰ ਨਹੀਂ ਆ ਰਹੀ।  

ਜਦੋਂ ਸਾਡੇ ਪਰਿਵਾਰ ਤੇ ਮੁਸੀਬਤ ਪਈ ਤਾਂ ਬੇਟੇ ਨੂੰ ਲੁਧਿਆਣੇ ਦੇ ਇੱਕ ਬਹੁਤ ਵੱਡੇ ਹਸਪਤਾਲ ਦੇ ਵਿੱਚ ਦਾਖ਼ਲ ਕਰਾ ਦਿੱਤਾ ਗਿਆ। ਜਦੋਂ ਹਸਪਤਾਲ ਵਾਲੇ ਮੈਨੂੰ ਬੈੱਡ ਦੇਣ ਤੋਂ ਇਨਕਾਰ ਕਰ ਰਹੇ ਸੀ ਤਾਂ ਮੇਰਾ ਦਿਲ ਬੈਠਿਆ ਜਾ ਰਿਹਾ ਸੀ। ਪਰ ਫੇਰ ਵੀ ਬੜੀ ਮਸ਼ੱਕਤ ਤੋਂ ਬਾਅਦ ਓ ਲੈਵਲ ਟੂ ਦਾ ਬੈੱਡ ਦੇਣ ਵਾਸਤੇ ਰਾਜ਼ੀ ਹੋ ਗਏ। ਹਾਲਾਂਕਿ ਮੇਰਾ ਪੇਸ਼ੈਂਟ ਲੈਵਲ ਥਰੀ ਦਾ ਸੀ। 

ਇੱਕ ਗੱਲੋਂ ਤੇ ਮੈਨੂੰ ਸੁੱਖ ਦਾ ਸਾਹ ਆਇਆ ਕਿ ਚਲੋ ਮਰੀਜ਼ ਦਾਖਲ ਤਾਂ ਹੋ ਗਿਆ ਹੈ ਪਰ ਦੂਸਰੇ ਪਾਸੇ ਖਰਚੇ ਦੀ ਚਿੰਤਾ ਸਤਾਉਣ ਲੱਗ ਪਈ। ਮੈਂ ਤੇ ਮੇਰੇ ਪਰਿਵਾਰ ਨੇ ਭਿਖਾਰੀਆਂ ਵਾਂਗ ਰਿਸ਼ਤੇਦਾਰਾਂ ਅਤੇ ਵਾਕਫ਼ਾਂ ਦੇ ਕੋਲੋਂ ਪੈਸਾ ਮੰਗਣਾ ਸ਼ੁਰੂ ਕਰ ਦਿੱਤਾ। ਇਹੀ ਇੱਕ ਰਸਤਾ ਬਚਿਆ ਸੀ ਇਲਾਜ ਦੇ ਲਈ ਲੁੜੀਂਦੇ ਪੈਸੇ ਇਕੱਠੇ ਕਰਨ ਦਾ । ਇਹ ਹਾਲਤ ਸਿਰਫ ਮੇਰੀ ਨਹੀਂ ਹਿੰਦੋਸਤਾਨ ਦੇ ਹਰ ਗਰੀਬ ਅਤੇ ਮੱਧਵਰਗੀ ਪਰਿਵਾਰ ਦੀ ਹੋ ਚੁੱਕੀ ਹੈ। ਮੇਰੇ ਲਈ ਵੀ ਕਰਜ਼ਾ ਜ਼ਰੂਰੀ ਹੋ ਗਿਆ ਸੀ ਅਤੇ ਗਨੀਮਤ ਸੀ ਕਿ ਮਿਲ ਵੀ ਰਿਹਾ ਸੀ ਤਾਂ ਜੋ ਲੜਕੇ ਦੀ ਜਾਨ ਬਚਾਈ ਜਾ ਸਕੇ ਪਰ ਉੱਥੇ ਜਾ ਕੇ ਮੈਂ ਵੇਖਿਆ ਹਰ ਕੋਈ ਖ਼ਰਚੇ ਤੋਂ ਪਰੇਸ਼ਾਨ ਸੀ। ਉਹਨਾਂ ਲੋਕਾਂ ਦੀ ਗਿਣਤੀ ਅਜੇ ਵੱਖਰੀ ਹੈ ਜਿਹਨਾਂ ਨੂੰ ਕਰਜ਼ਾ ਮਿਲ ਹੀ ਨਹੀਂ ਰਿਹਾ।  

ਕੋਈ ਸੋਨਾ ਵੇਚ ਕੇ ਆਇਆ ਹੈ ਅਤੇ ਕੋਈ ਕੁਝ ਹੋਰ ਵੇਚ ਕੇ ਆਇਆ ਹੈ। ਸਮਝ ਨਹੀਂ ਸੀ ਆ ਰਹੀ ਕਿ ਸਰਕਾਰਾਂ ਕਿਹੜੇ ਮੂੰਹ ਨਾਲ ਵਿਕਾਸ ਦੇ ਦਮਗਜੇ ਮਾਰਦੀਆਂ ਹਨ? ਹਸਪਤਾਲ ਵਿੱਚ ਜਾ ਕੇ ਬੜਾ ਭਿਆਨਕ ਮੰਜ਼ਰ ਦੇਖਣ ਨੂੰ ਮਿਲਿਆ। ਥੁੜਾਂ ਮਾਰੇ ਲੋਕ ਆਪਣੇ ਸੱਜਣਾਂ ਪਿਆਰਿਆਂ ਨੂੰ ਦਵਾਈਆਂ ਦੇ ਖੁਣੋਂ ਮੌਤ ਦੇ ਮੂੰਹ ਵੱਲ ਜਾਂਦਾ ਦੇਖ ਰਹੇ ਸਨ। 

ਮੇਰੇ ਲੜਕੇ ਨੂੰ ਆਕਸੀਜਨ ਲਗਾਉਣ ਉਪਰੰਤ ਵਿਸ਼ੇਸ਼ ਆਈ ਸੀ ਯੂ ਵਾਰਡ ਵਿੱਚ ਭੇਜ ਦਿੱਤਾ ਗਿਆ ਜਿੱਥੇ ਕਿਸੇ ਵੀ ਰਿਸ਼ਤੇਦਾਰ ਦੇ ਜਾਣ ਦੀ ਮਨਾਹੀ ਸੀ। ਇਕ ਪਾਸੇ ਲੜਕੇ ਦੇ ਇਲਾਜ ਦੀ ਚਿੰਤਾ ਤੇ ਦੂਜੇ ਪਾਸੇ ਪਰਿਵਾਰ ਦੇ ਬਾਕੀ ਰਹਿੰਦਿਆਂ ਨੂੰ ਬਚਾਉਣ ਦੀ ਚਿੰਤਾ। ਉਹ ਬੇਹੱਦ ਦਹਿਸ਼ਤਜ਼ਦਾ ਕਰਨ ਵਾਲਾ ਦੁਖਦਾਈ ਸਮਾਂ ਸੀ। ਜਦੋਂ ਵੀ ਹਸਪਤਾਲ ਤੋਂ ਡਾਕਟਰ ਦਾ ਕੋਈ ਫੋਨ ਆਉਂਦਾ ਤਾਂ ਕੰਬਦੇ ਕੰਬਦੇ ਹੱਥਾਂ ਨਾਲ ਡਰਦੇ ਡਰਦੇ ਹੀ ਫੋਨ ਚੁੱਕਿਆ ਜਾਂਦਾ। ਕਿਸੇ ਵੀ ਅਣਹੋਣੀ ਦੇ ਖ਼ਤਰੇ ਤੋਂ ਦਿਲ ਕੰਬ ਜਾਂਦਾ। ਦਿਲ ਦਿਮਾਗ ਵਿੱਚ ਅਣਦਿੱਸਦੇ ਰੱਬ ਅੱਗੇ ਕਈ ਕਈ ਅਰਦਾਸਾਂ ਇੱਕੋ ਵੇਲੇ ਉੱਠਦੀਆਂ ਕਿ ਪਰਮਾਤਮਾ ਸਭ ਕੁਝ ਚੰਗਾ ਹੀ ਕਰੀਂ।

ਮੇਰਾ ਜ਼ਾਤੀ ਤਜਰਬਾ ਹੈ  ਕਿ ਜਦੋਂ ਵੀ ਆਕਸੀਜਨ ਘਟ ਜਾਣ ਦੀ ਸੂਚਨਾ ਮਿਲਦੀ ਤਾਂ ਦਿਲ ਵਿੱਚ ਬੜੀ ਹੀ ਦਹਿਸ਼ਤ ਪੈ ਜਾਂਦੀ।ਸਾਹਾਂ ਦੀ ਡੋਰੀ ਕਿੰਝ ਕਮਜ਼ੋਰ ਹੁੰਦੀ ਹੈ ਤੇ ਇਸਦੇ ਟੁੱਟਣ ਦਾ ਖਤਰਾ ਬਣ ਜਾਂਦਾ ਹੈ ਇਸਦਾ ਅਹਿਸਾਸ ਹੋ ਰਿਹਾ ਸੀ। ਪਰ ਇਸ ਤੋਂ ਵੀ ਵੱਡੀ ਭਿਆਨਕ ਦਹਿਸ਼ਤ ਉਸ ਵੇਲੇ ਹੁੰਦੀ ਕਿ ਜਦੋਂ ਹਸਪਤਾਲ ਵਾਲੇ ਅਗਾਊਂ ਪੈਸੇ ਜਮ੍ਹਾ ਕਰਾਉਣ ਵਾਸਤੇ ਪਰਚੀ ਹੱਥ ਵਿੱਚ ਫੜਾ ਦੇਂਦੇ। ਇੰਝ ਲੱਗਣ ਲੱਗਦਾ ਜਿਵੇਂ ਸਾਡੇ ਖੂਨ ਅਤੇ ਸਾਹ ਸੱਤ ਦੀ ਸਾਡੀ ਆਖ਼ਿਰੀ ਬੂੰਦ ਨਿਚੋੜਨ ਲਈ ਸਾਨੂੰ ਫਿਰ ਤੋਂ ਵੇਲਣੇ ਵਿਚ ਪਾਇਆ ਜਾ ਰਿਹਾ ਹੋਵੇ। ਗੰਨੇ ਅਤੇ ਨਿੰਬੂ ਨੂੰ ਕਿੰਨਾ ਦਰਦ ਹੁੰਦਾ ਹੋਵੇਗਾ ਹੁਣ ਇਸਦਾ ਵੀ ਅਹਿਸਾਸ ਹੋ ਰਿਹਾ ਸੀ। ਅਸੀਂ ਮੱਧ ਵਰਗੀ ਲੋਕ ਇਹਨਾਂ ਮੁਨਾਫ਼ੇਖੋਰਾਂ ਨੇ ਆਪਣੇ ਵੇਲਣੇ ਵਿੱਚ ਹੀ ਤਾਂ ਪਾਏ ਹੋਏ ਹਨ। 

ਇਕ ਹੋਰ ਜ਼ਾਤੀ ਤਜਰਬਾ ਮੈਂ ਦੱਸਣਾ ਚਾਹੁੰਦਾ ਹਾਂ ਉਸ ਵੇਲੇ ਮਰੀਜ਼ ਦੇ ਰਿਸ਼ਤੇਦਾਰਾਂ ਦੀ ਹਾਲਤ ਬੜੀ ਦੁਖਦਾਈ ਹੋ ਜਾਂਦੀ ਸੀ ਕਿ ਜਦੋਂ ਜੀਵਨ ਰੱਖਿਅਕ ਦਵਾਈ ਲਿਖੀ ਜਾਂਦੀ ਹੈ ਪਰ ਉਹ ਹਸਪਤਾਲ ਵਿੱਚ ਚੌਵੀ ਚੌਵੀ ਘੰਟੇ ਮੌਜੂਦ ਨਹੀਂ ਹੁੰਦੀ। ਦਵਾਈ ਕਿਸੇ ਅਜਿਹੇ ਅਣਦਿੱਸਦੇ ਰੱਬ ਦਾ ਰੂਪ ਹੋ ਜਾਂਦੀ ਹੈ ਜਿਹੜੀ ਰੱਬ ਵਾਂਗ ਨਜ਼ਰ ਨਹੀਂ ਆਉਂਦੀ। ਇਹ ਦਵਾਈ ਕਿੱਧਰ ਜਾਂਦੀ ਹੈ ਇਸ ਬਾਰੇ ਕਿਸੇ ਵੱਖਰੀ ਪੋਸਟ ਵਿੱਚ ਚਰਚਾ ਕਰਾਂਗੇ। 

ਕੁਲ ਮਿਲਾ ਕੇ ਮਾਹੌਲ ਬੇਹੱਦ ਚਿੰਤਾਜਨਕ ਬਣ ਜਾਂਦਾ ਹੈ। ਮਰੀਜ਼ ਨਾਲ ਗੱਲਬਾਤ ਵੀ ਨਹੀਂ ਹੋ ਸਕਦੀ ਨਾ ਹੀ ਇਸ ਦਾ ਕੋਈ ਪ੍ਰਬੰਧ ਕੀਤਾ ਗਿਆ ਹੁੰਦਾ ਹੈ। ਹਸਪਤਾਲ ਵੱਲੋਂ ਅਜਿਹੀਆਂ ਮਜਬੂਰੀਆਂ ਜਾਂ ਕਮੀਆਂ ਬਹੁਤ ਹੀ ਚਿੰਤਾਜਨਕ ਹਨ। ਤੁਸੀਂ ਮਰੀਜ਼ ਨੂੰ ਬਾਹਰੋਂ ਜੋ ਫਲ ਫਰੂਟ ਖਾਣ ਨੂੰ ਭੇਜਦੇ ਹੋ ਉਹ ਵੀ ਉਸ ਨੂੰ ਮਿਲਦਾ ਹੈ ਕਿ ਨਹੀਂ ਬੜੀ ਹੀ ਸ਼ੰਕਾ ਵਾਲੀ ਹਾਲਤ ਬਣੀ ਰਹਿੰਦੀ ਹੈ। ਇਸ ਤਰ੍ਹਾਂ ਮਹਿਸੂਸ ਹੋਣ ਲੱਗਦਾ ਹੈ ਕਿ ਕਦਮ ਕਦਮ ਤੇ ਕੋਈ ਲੁਟੇਰਾ ਤੁਹਾਨੂੰ ਲੁੱਟਣ ਲਈ ਤਿਆਰ ਖੜਾ ਹੈ। ਜਿਸਦਾ ਜੋ ਦਾਅ ਲੱਗਦਾ ਹੈ ਉਹ ਆਪਣੀ ਕਸਰ ਨਹੀਂ ਛੱਡਦਾ। ਕੋਰੋਨਾ ਕਾਲ ਇਹਨਾਂ ਮੁਨਾਫ਼ੇਖੋਰਾਂ ਨੂੰ ਵੱਧ ਤੋਂ ਵੱਧ ਪੈਸੇ ਕਮਾਉਣ ਦਾ ਇੱਕ ਬਹਾਨਾ ਮਿਲ ਗਿਆ ਹੈ। 

ਪੂਰੇ ਅਠਾਰਾਂ ਦਿਨ ਹਸਪਤਾਲ ਵਿਚ ਰਹਿਣ ਤੋਂ ਬਾਅਦ ਮੇਰੇ ਬੇਟੇ ਨੂੰ ਛੁੱਟੀ ਮਿਲ ਗਈ ਤਾਂ ਕਿਤੇ ਜਾ ਕੇ ਸੁੱਖ ਦਾ ਸਾਹ ਆਇਆ ਹੈ ਪਰ ਫਾਈਨਲ ਬਿੱਲ ਤਾਰਨਾ ਵੀ ਬਹੁਤ ਵੱਡੀ ਸਮੱਸਿਆ ਬਣ ਗਿਆ। ਕਰਜ਼ੇ ਚੁੱਕ ਚੁੱਕ ਰੋਜ਼ ਵਾਲੇ ਖਰਚੇ ਹੀ ਬੜੀ ਮੁਸ਼ਕਲ ਨਾਲ ਪੂਰੇ ਹੋਏ ਸਨ। ਪਰ ਫਿਰ ਵੀ ਕਿਸੇ ਤਰ੍ਹਾਂ ਇੰਤਜ਼ਾਮ ਕਰਕੇ ਬਿੱਲ ਉਤਾਰਿਆ ਗਿਆ। ਇੱਕ ਵਾਰ ਫੇਰ ਅਹਿਸਾਸ ਹੋਇਆ ਕਿ ਸਾਡਾ ਕਿਸੇ ਦਾ ਬਿਮਾਰ ਹੋਣਾ ਵੀ ਏਨਾ ਵੱਡਾ ਗੁਨਾਹ ਬਣ ਜਾਂਦਾ ਹੈ। ਧਰਮਾਂ ਕਰਮਾਂ ਅਤੇ ਦੇਸ਼ ਭਗਤੀ ਦੀਆਂ ਗੱਲਾਂ ਕਰਨ ਵਾਲੇ ਉਦੋਂ ਸਹਾਇਤਾ ਲਈ ਨਹੀਂ ਬਹੁੜਦੇ। ਗੱਲਾਂ ਜ਼ਿਆਦਾ ਹੁੰਦੀਆਂ ਹਨ। ਪ੍ਰਚਾਰ ਜ਼ਿਆਦਾ ਹੁੰਦਾ ਹੈ।  ਖ਼ਬਰਾਂ ਵਿੱਚ ਫੋਟੋ ਜ਼ਿਆਦਾ ਛਪਦੀਆਂ ਹਨ ਪਰ ਅਸਲੀ ਕੰਮ ਬਹੁਤ ਘੱਟ ਹੁੰਦਾ ਹੈ। 

ਬੜਾ ਹੀ ਮਨ ਵਿਚ ਦੁੱਖ ਹੋਇਆ ਕਿ ਕੀ ਸਾਡੀ ਸਰਕਾਰ ਕੋਲੋਂ ਸਾਨੂੰ ਕੋਈ ਵੀ ਆਰਥਿਕ ਮਦਦ ਨਹੀਂ ਮਿਲ ਸਕਦੀ? ਇਹ ਸਰਕਾਰ ਸਿਰਫ਼ ਟੈਕਸ ਲੈਣਾ ਹੀ ਜਾਣਦੀ ਹੈ। ਇਕ ਗੱਲ ਹੋਰ ਜ਼ਿਕਰਯੋਗ ਹੈ ਕਿ ਜਿਹੜੇ ਸਰਕਾਰੀ ਰੇਟ ਕੋਰੋਨਾ ਦੇ ਇਲਾਜ ਵਾਸਤੇ ਹਨ ਉਹ ਕਿਉਂ ਨਹੀਂ ਡਿਸਪਲੇਅ ਕੀਤੇ ਜਾਂਦੇ। ਹੁਣ ਇਲਾਜ ਉਪਰੰਤ ਇਸ ਗੱਲ ਦੀ ਵੀ ਦਹਿਸ਼ਤ ਹੈ ਕਿ ਕਿਤੇ ਬਲੈਕ ਫੰਗਸ ਵਰਗੀਆਂ ਬਿਮਾਰੀਆਂ ਦਾ ਪੰਗਾ ਨਾ ਪੈ ਜਾਵੇ। ਇਹਨਾਂ ਸਾਈਡ ਇਫੈਕਟਾਂ ਤੋਂ ਕਿਵੇਂ ਬਚਿਆ ਜਾਵੇ? ਬਹੁਤ ਸਾਰੇ ਡਾਕਟਰ ਅਤੇ ਹਸਪਤਾਲ ਦਾ ਸਟਾਫ ਵੀ ਕਾਫੀ ਚੰਗਾ ਹੈ। ਕੁਝ ਦੋਸਤਾਂ ਨੇ ਵੀ ਬਹੁਤ ਹੌਸਲਾ ਵਧਾਊ ਮੱਦਦ ਕੀਤੀ ਜਿਨ੍ਹਾਂ ਦੇ ਅਤਿ ਧੰਨਵਾਦੀ ਰਹਾਂਗੇ  ਪਰ ਜਿਨ੍ਹਾਂ ਦੇ ਜੀਅ ਇਸ ਸੰਸਾਰ ਤੋਂ ਤੁਰ ਗਏ ਉਨ੍ਹਾਂ ਪਰਿਵਾਰਾਂ ਦਾ ਰੋ ਰੋ ਕੇ ਬਹੁਤ ਮਾੜਾ ਹਾਲ ਹੈ। ਉਹ ਪਤਾ ਨਹੀਂ ਕਦੋਂ ਸਨਹਬਲ ਸਕਣਗੇ? ਉਹਨਾਂ ਦੀ ਢਹਿ ਢੇਰੀ ਹੋਈ ਆਰਥਿਕਤਾ ਨੂੰ ਕੌਣ ਦੁਬਾਰਾ ਸੈਟ ਕਰੇਗਾ?  ਜਿਹੜੇ ਲੋਕ ਕੋਰੋਨਾ ਨੂੰ ਮਜ਼ਾਕ ਸਮਝਦੇ ਹਨ ਉਨ੍ਹਾਂ ਨੂੰ ਪਰਮਾਤਮਾ ਸੁਮੱਤ ਬਖਸ਼ੇ ਕਿ ਉਹ ਆਪਣੇ ਬਚਾਅ ਦੇ ਤਰੀਕੇ ਜ਼ਰੂਰ ਅਪਨਾਉਣ ਅਤੇ ਸਰਕਾਰ ਨੂੰ ਬੇਨਤੀ ਹੈ ਕਿ ਦੁੱਖਾਂ ਵਿੱਚ ਤੜਫ਼ਦੇ ਲੋਕਾਂ ਦੀ ਸਾਰ ਜ਼ਰੂਰ ਲਵੋ। 


ਇਹਨਾਂ ਅਠਾਰਾਂ ਦਿਨਾਂ ਨੇ ਮੈਨੂੰ ਮਹਾਂਭਾਰਤ ਯਾਦ ਕਰਵਾ ਦਿੱਤੀ। ਉਹ ਮਹਾਂਭਾਰਤ ਜਿਹੜੀ ਸਦੀਆਂ ਪਹਿਲਾਂ ਹੋ ਚੁੱਕੀ ਹੈ। ਉਹ ਮਹਾਂਭਾਰਤ ਜਿਸਦੀ ਅੱਜ ਫਿਰ ਲੋੜ ਹੈ। ਅੱਜ ਸਾਰੀ ਦੁਨੀਆ ਹੀ ਬਣ ਚੁੱਕੀ ਹੈ ਕੁਰੂਕਸ਼ੇਤਰ ਦਾ ਮੈਦਾਨ। ਅੱਜ ਫਿਰ ਅਰਜਨ ਦੀ ਲੋੜ ਹੈ। ਅੱਜ ਦੇ ਦੁਸ਼ਾਸ਼ਨ ਫਿਰ ਦਨਦਨਾਉਂਦੇ ਫਿਰਦੇ ਹਨ। ਸਮੁੱਚੇ ਗਰੀਬ ਅਤੇ ਮੱਧ  ਵਰਗ ਨੂੰ ਮੁਨਾਫ਼ਾਖ਼ੋਰਾਂ ਅਤੇ ਕਾਲਾ ਬਜ਼ਾਰੀਆਂ ਨੇ ਤਨ ਤੋਂ ਇੱਕ ਇੱਕ ਕੱਪੜਾ ਲਾਹ ਕੇ ਨੰਗਾ ਕਰ ਦਿੱਤਾ ਹੈ। ਅੱਜ ਦੇ ਧ੍ਰਿਤਰਾਸ਼ਟਰ ਵੀ ਅੱਖਾਂ ਮੀਚੀ ਬੈਠੇ ਹਨ। ਅੱਜ ਫਿਰ ਲੋੜ ਹੈ ਕ੍ਰਿਸ਼ਨ ਭਗਵਾਨ ਦੀ। ਅੱਜ ਫਿਰ ਲੋੜ ਹੈ ਗੀਤਾ ਉਪਦੇਸ਼ ਦੀ ਕਿਓਂਕਿ ਅੱਜ ਫਿਰ ਅਰਜਨ ਯੁੱਧ ਨੂੰ ਛੱਡ ਬੈਠਾ ਹੈ ਜਾਂ ਯੁੱਧ ਤੋਂ  ਘਬਰਾ ਗਿਆ ਹੈ। ਕਦੋਂ ਆਉਣਾ ਹੈ ਕ੍ਰਿਸ਼ਨ ਭਗਵਾਨ ਨੇ।  ਹੁਣ ਕੌਣ ਕਰੇਗਾ ਧਰਮ ਦੀ ਰੱਖਿਆ? ਇਨਸਾਨੀਅਤ ਦੇ ਧਰਮ ਦੀ ਰਾਖੀ ਕੌਣ ਕਰੇਗਾ ਹੁਣ?

ਅਸਲੀ ਥਾਂਵਾਂ ਅਤੇ ਵਿਅਕਤੀਆਂ ਦੇ ਨਾਮ ਨਹੀਂ  ਦਿੱਤੇ ਜਾ ਰਹੇ। ਇਸੇ ਤਰ੍ਹਾਂ ਕੁਝ ਹੋਰ ਤਬਦੀਲੀਆਂ ਵੀ ਕੀਤੀਆਂ ਗਈਆਂ ਹਨ। -ਸੰਪਾਦਕ

No comments:

Post a Comment