google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: July 2023

Sunday 30 July 2023

ਲੰਮੀ ਸਾਧਨਾ ਤੋਂ ਬਾਅਦ ਜਸਪਾਲ ਖੇੜਾ ਦੀ ਨਵੀਂ ਪੁਸਤਕ ਪਾਠਕਾਂ ਸਾਹਮਣੇ

Sunday 30th July 2023 at 10:43 AM Via WhatsApp
ਇਸ ਨਾਵਲ ਦੀ ਮੁੱਖ ਧੁਨੀ ਹੈ......ਜਿੱਤ ਲੜਨ ਵਾਲੇ ਲੋਕਾਂ ਦੀ

ਸਾਹਿਤ ਸੰਸਾਰ: 30 ਜੁਲਾਈ 2023: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::

"ਹਰ ਮਿੱਟੀ ਦੀ ਆਪਣੀ ਖ਼ਸਲਤ,ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ
ਹਰ ਫੱਟੜ ਮੱਥਾ ਨਹੀਂ ਝੁਕਦਾ, ਬੰਨ੍ਹ ਲਾਇਆਂ ਹਰ ਛੱਲ ਨਹੀਂ ਰੁਕਦੀ......।"

ਪੰਜਾਬ ਦੀ ਮਿੱਟੀ ਦਾ ਇਹ ਸੁਭਾਅ ਹੈ ਕਿ ਇਸਨੂੰ ਜਿਨਾਂ ਕੁੱਟੋਂਗੇ ਇਹ ਮੋੜਵੇਂ ਰੂਪ ਵਿੱਚ ਉਨੀ ਹੀ ਤਕੜੀ ਹੋ ਕੇ ਨਿਕਲੇਗੀ। ਪੰਜਾਬ ਦੇ ਇਤਿਹਾਸ ਵਿੱਚ ਚੱਲੀਆਂ ਲੋਕ ਲਹਿਰਾਂ ਵੇਖ‌ ਲਵੋ, ਉਨਾਂ ਉਪਰ ਜਿਨਾਂ ਜਬਰ ਹੋਇਆ ਉਹ ਦਬੀਆਂ ਨਹੀਂ। ਲੋਕਾਂ ਵਿੱਚ ਉਨ੍ਹਾਂ ਦੀਆਂ ਜੜ੍ਹਾਂ ਹੋਰ ਪੱਕੀਆਂ ਹੋਈਆਂ।

 ਕਿਰਤੀ ਲੋਕਾਂ ਦੀ ਹੁੰਦੀ ਲੁੱਟ ਅਤੇ ਜ਼ਬਰ ਨਾਲ ਅਵਾਮ ਤੇ ਜ਼ੁਲਮ ਦਾ ਇੱਕ ਹੋਰ ਹਥਿਆਰ ਹੈ, ਲੜਕੀਆਂ, ਔਰਤਾਂ ਦੀ ਪਤ ਲੁੱਟਣਾ, ਇੱਜ਼ਤ ਖੇਹ ਖ਼ਰਾਬ ਕਰਨਾ। ਅਣਭੋਲ ਲੜਕੀਆਂ ਨੂੰ ਪ੍ਰੇਮ-ਜਾਲ ਚ ਫਸਾ ਉਨ੍ਹਾਂ ਦੇ ਜਜ਼ਬਾਤਾਂ ਨਾਲ ਖੇਡਣਾ।ਉਸ ਤੋਂ ਵੀ ਅੱਗੇ ਧੱਕੇ ਨਾਲ ਅਗਵਾ,ਰੇਪ,ਕਤਲ ਕਰਨਾ।ਇਸ ਤਰ੍ਹਾਂ ਦੇ ਜ਼ੁਲਮੀ ਕਾਰੇ ਦੇਸ਼ ਭਰ ਵਿੱਚ ਹੀ ਹੋਏ ਹਨ,ਹੋ ਰਹੇ ਹਨ। ਮਨੀਪੁਰ ਦੀਆਂ ਤਾਜ਼ਾ ਘਟਨਾਵਾਂ ਇਸ ਦੀ ਨੇੜੇ ਦੀ ਮਿਸਾਲ ਹਨ। ਪੰਜਾਬ ਵਿੱਚ ਵੀ ਅਗਵਾ,ਰੇਪ,ਕਤਲ ਦੀਆਂ ਅਨੇਕਾਂ ਘਟਨਾਵਾਂ ਵਾਪਰੀਆਂ ਹਨ। ਬਹੁਤੇ ਕੇਸਾਂ ਵਿੱਚ ਗਰੀਬ ਅਤੇ ਸਾਧਨ ਹੀਣ ਮਾਪੇ ਸਬਰ ਕਰ,"ਰੱਬ ਦਾ ਭਾਣਾ ਮੰਨ" ਚੁੱਪ ਕਰ ਜਾਂਦੇ ਹਨ।ਕਈ ਕੇਸਾਂ ਵਿੱਚ ਮਾਪੇ ਜੇਰਾ ਕਰਦੇ ਨੇ,ਲੋਕ ਉਨ੍ਹਾਂ ਨਾਲ ਜੁੜਦੇ ਨੇ,ਲੋਕ ਜਥੇਬੰਦੀਆਂ ਅਗਵਾਈ ਦਿੰਦੀਆਂ ਨੇ।ਲੋਕ ਘੋਲ ਚੱਲਦੇ ਹਨ।ਲੜਨ ਵਾਲੇ ਲੋਕਾਂ ਦੀ ਜਿੱਤ ਹੁੰਦੀ ਹੈ।

 ਦੇਸ ਭਰ ਅਤੇ ਪੰਜਾਬ ਚੋਂ ਇਹੋ ਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਚੋਂ ਤੱਥ, ਸਮੱਗਰੀ ਲੈ ਕੇ ਸਿਰਜਿਆ ਹੈ ਇਹ ਨਾਵਲ। ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ। ਯਥਾਰਥਵਾਦੀ ਲੇਖਕ ਆਪਣੀ ਰਚਨਾ ਦੇ ਬੀਅ ਆਪਣੇ ਆਲ਼ੇ ਦੁਆਲ਼ੇ ਤੋਂ ਹੀ ਲੈਂਦਾ ਹੈ।

ਇਸ ਨਾਵਲ ਦੀ ਮੁੱਖ ਧੁਨੀ ਹੈ......."ਜੇ ਲੋਕ ਇਕੱਠੇ ਹੋ ਕੇ ਲੜਦੇ ਹਨ ਤਾਂ ਜਿੱਤ ਜਾਂਦੇ ਹਨ। ਜਿੱਤ ਲੜਨ ਵਾਲੇ ਲੋਕਾਂ ਦੀ ਹੁੰਦੀ ਹੈ।"

ਹਰ ਚੰਗੀ ਪੁਸਤਕ ਪਿੱਛੇ ਇੱਕ ਚੰਗੀ ਪ੍ਰੇਰਨਾ ਦੇਣ ਵਾਲੀ ਕੋਈ ਨ ਕੋਈ ਕਹਾਣੀ ਵੀ ਹੁੰਦੀ ਹੈ ਜਿਸਨੇ ਉਸ ਸੰਵੇਦਨਾ ਨੂੰ ਜਗਾਇਆ ਹੁੰਦਾ ਹੈ ਜਿਸਦੇ ਜਾਗਣ ਮਗਰੋਂ ਹੀ ਕਿਤਾਬ ਲਿਖੀ ਜਾਂਦੀ ਹੈ। ਦਿਲ ਦੇ ਅਹਿਸਾਸਾਂ ਨਾਲ ਰੂਬਰੂ ਹੋਣ ਮਗਰੋਂ ਹੀ ਅਜਿਹਸ ਅਹਦ ਔੜ੍ਹਦੇ ਹਨ ਜਿਹੜੇ ਜ਼ਮੀਰਾਂ ਜਗਾਉਣ ਵਾਲੀ ਲਿਖ ਦੀ ਪ੍ਰੇਰਨਾ ਬਣਦੇ ਹਨ। ਪੰਜਾਬ ਵਿੱਚ ਵੀ ਅਜਿਹਾ ਬਹੁਤ ਕੁਝ ਵਾਪਰਦਾ ਰਿਹਾ ਹੈ ਜਿਸ ਨੂੰ ਦੇਖਦਿਆਂ ਜ਼ਾਦ ਆਉਂਦਾ ਸੀ ਕਿ ਹਰ ਮਿੱਟੀ ਕੁੱਤਿਆਂ ਨਹੀਂ ਭੁਰਦੀ.....! ਫਿਰ ਵੀ ਜਦੋਂ ਅਜਿਹਾ ਕੁਝ ਵਾਪਰ ਰਿਹਾ ਸੀ ਉਦੋਂ ਬਹੁਤ ਸਾਰੇ ਨਾਮੀ ਗਿਰਾਮੀ ਲੇਖਕ ਪ੍ਰੇਮ ਪਿਆਰ ਅਤੇ ਇਸ਼ਕ ਦੀਆਂ ਕਹਾਣੀਆਂ/ਕਵਿਤਾਵਾਂ ਲਿਖਦਿਆਂ ਸਾਵਣ ਕਾਵਿ ਦਰਬਾਰ ਦੇ ਸੱਦੇ ਦੇਂਦੇ ਰਹੇ ਜਾਂ ਫਿਰ ਆਪੋ ਆਪਣੀਆਂ ਪੁਸਤਕਾਂ ਛਪਣ 'ਤੇ ਵਧਾਈਆਂ ਲੈਣ ਦੇਣ ਵਾਲੇ ਸਮਾਗਮ ਕਰਨ ਕਰਾਉਣ ਵਿੱਚ ਰੁਝੇ ਰਹੇ।   ਜਸਵੰਤ ਸਿੰਘ ਕੰਵਲ, ਪਾਸ਼ ਅਤੇ ਲਾਲ ਸਿੰਘ ਦਿਲ ਦੀਆਂ ਰਚਨਾਵਾਂ ਮਗਰੋਂ ਆਈ ਖੜ੍ਹੋਤ ਨੂੰ ਤੋੜਨ ਵਿੱਚ ਜਸਪਾਲ ਮਾਨਖੇੜਾ ਨੇ ਸਰਗਰਮ ਹਿੱਸਾ ਪਾਇਆ ਹੈ। ਪਾਣੀ ਇਸ ਰਚਨਾ ਬਾਰੇ ਉਹ ਇੱਕ ਥਾਂ ਦੱਸਦੇ ਹਨ-ਮੇਰਾ ਪਹਿਲਾ ਨਾਵਲ 2019 ਚ ਛਪਿਆ ਸੀ।ਇਹ ਨਾਵਲ "ਹੁਣ ਮੈਂ ਉਹ ਨਹੀਂ" ਕਿਸਾਨੀ ਬਾਰੇ ਸੀ। ਇਸ ਨਾਵਲ ਬਾਅਦ ਜਦੋਂ ਮੈਂ ਅਗਲਾ ਨਾਵਲ ਲਿਖਣ ਦੀ ਸੋਚ ਰਿਹਾ ਸੀ ਤਾਂ ਮੈਨੂੰ ਕੁਝ ਯਾਦ ਆ ਗਿਆ।

      ਸਾਲ 2016 ਵਿੱਚ ਅਸੀਂ, ਗੁਰਦੇਵ ਖੋਖਰ, ਰਣਬੀਰ ਰਾਣਾ,ਦਮਜੀਤ ਦਰਸ਼ਨ ਅਤੇ ਮੈਂ, ਜੈਪੁਰ ਲਿਟਰੇਚਰ ਫੈਸਟੀਵਲ ਵਿਚ ਗਏ ਸਾਂ। ਜਿਥੇ ਪਹਿਲੇ ਦਿਨ ਹੀ ਅਸੀਂ ਇੱਕ ਬੁੱਕ ਸ਼ਾਪ ਵਿੱਚ ਦਸ ਵਾਈ ਦਸ ਫੁੱਟ ਉਚਾ-ਚੌੜਾ ਇੱਕ ਕਿਤਾਬ ਦਾ ਇੱਟਾਂ ਦੇ ਚੱਠੇ ਵਾਂਗ ਚੱਠਾ ਲੱਗਿਆ ਵੇਖਿਆ।ਉਹ ਕਿਸੇ ਇੱਕ ਘਟਨਾ ਉਪਰ ਲਿਖੀ ਕਿਤਾਬ ਦਾ ਸਟਾਕ ਸੀ। 'ਜਾਣ ਵੇਲੇ ਲਵਾਂਗੇ ਇਹ ਕਿਤਾਬ,' ਮੈ ਸੋਚਿਆ।

ਪਰ ਅਖੀਰਲੇ ਦਿਨ ਤੋਂ ਇਕ ਦਿਨ ਪਹਿਲਾਂ ਉਹ ਸਟਾਕ ਖ਼ਤਮ ਸੀ। ਸਾਰੀ ਕਿਤਾਬ ਵਿਕ ਗਈ ਸੀ। ਜਦੋਂ ਫਿਰ ਸਟਾਕ ਆ ਗਿਆ ਮੈਂ ਕਿਤਾਬ ਖਰੀਦ ਲਈ।ਪੜ੍ਹ ਕੇ ਮੇਰੇ ਦਿਮਾਗ ਵਿੱਚ, ਇਹ ਨਾਵਲ ਲਿਖਣ ਦਾ ਵਿਚਾਰ ਆਇਆ ਸੀ।

5 ਜੁਲਾਈ 2018 ਨੂੰ ਮੈਂ ਇਹ ਨਾਵਲ "ਹਰ‌ ਮਿੱਟੀ ਦੀ ਆਪਣੀ ਖ਼ਸਲਤ" ਲਿਖਣਾ ਸ਼ੁਰੂ ਕੀਤਾ। ਪੰਜ ਸਾਲਾਂ ਦੀ ਸੋਧ ਸੁਧਾਈ,ਮਾਂਜ ਮਜਾਈ ਬਾਅਦ ਇਹ ਨਾਵਲ ਛਪ ਕੇ ਲੋਕਾਂ ਸਾਹਮਣੇ ਆਇਆ ਹੈ। ਕੁਲ 216 ਪੰਨਿਆਂ ਦੇ ਇਸ ਨਾਵਲ ਦੇ ਪ੍ਰਕਾਸ਼ਿਕ "ਪੀਪਲਜ਼ ਫੋਰਮ ਬਰਗਾੜੀ" ਹਨ। ਇਸ ਪੁਸਤਕ ਨੂੰ ਵੀ ਪਿਆਰੇ ਪਾਠਕ ਬਹੁਤ ਸਨੇਹ ਦੇ ਰਹੇ ਹਨ। 

ਕਈ ਸਾਲਾਂ ਦੀ ਮਿਹਨਤ, ਕਈ ਪੜਤਾਂ ਚ ਲਿਖ ਲੈਣ ਬਾਅਦ ਅਤੇ ਅਨੇਕਾਂ ਵਾਰ ਪੜ੍ਹ ਸੋਧ ਲੈਣ ਬਾਅਦ ਤੁਹਾਡੇ ਹੱਥਾਂ ਵਿੱਚ ਹੈ ਇਹ ਨਾਵਲ...."ਹਰ ਮਿੱਟੀ ਦੀ ਆਪਣੀ ਖ਼ਸਲਤ"। ਇਸਨੂੰ ਪੀਪਲਜ਼ ਫੋਰਮ ਬਰਗਾੜੀ ਨੇ ਬੜੀ ਨੀਝ ਨਾਲ ਛਾਪਿਆ ਹੈ।

ਜਸਪਾਲ ਮਾਨਖੇੜਾ 

30 ਜੁਲਾਈ 2023

ਮਾਨਖੇੜਾ ਸਾਡਾ ਬਹੁਤ ਮਾਣਮੱਤਾ ਗਲਪਕਾਰ ਹੈ--ਬਲਬੀਰ ਪਰਵਾਨਾ ਇੱਕ ਟਿੱਪਣੀ ਦੇ ਜੁਆਬ ਵਿੱਚ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday 22 July 2023

ਮਨੀਪੁਰ ਦੇ ਮੁੱਦੇ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਦਿੱਤਾ ਹਲੂਣਾ

22nd July 2023 at 15:28

ਨਪੁੰਸਕ ਸਿਆਸਤਦਾਨਾਂ ਦਾ ਹਾਲ ਦੇਖ ਕੇ ਮੈਦਾਨ ਵਿੱਚ ਨਿੱਤਰੇ ਲੇਖਕ


ਚੰਡੀਗੜ੍ਹ: 22 ਜੁਲਾਈ 2023: (ਰਵਿੰਦਰ ਭਾਰਤੀ//ਸਾਹਿਤ ਸਕਰੀਨ ਡੈਸਕ):: 

ਮਨੀਪੁਰ ਵਿੱਚ ਹਿੰਸਾ ਲਗਾਤਾਰ ਜਾਰੀ ਹੈ। ਜ਼ਾਹਿਰ ਹੈ ਕਿ ਜਾਂ ਤਾਂ ਹਿੰਸਾ ਨੂੰ ਰੋਕਣਾ ਸਰਕਾਰ ਦੇ ਵੱਸ ਵਿੱਚ ਹੀ ਨਹੀਂ ਅਤੇ ਜਾਂ ਫਿਰ ਸਰਕਾਰ ਇਸ ਹਿੰਸਾ ਨੂੰ ਰੋਕਣਾ ਹੀ ਨਹੀਂ ਚਾਹੁੰਦੀ। ਨਵੰਬਰ-84 ਵੇਲੇ ਵੀ ਦਿੱਲੀ ਵਿੱਚ ਬੈਠੀ ਸੱਤਾ ਨੇ ਘਟੋਘਟ ਤਿੰਨ ਦਿਨਾਂ ਤਕ ਖੂਨ ਖਰਾਬੇ ਅਤੇ ਕਤਲਾਂ ਨੂੰ ਇੱਕ ਤਮਾਸ਼ੇ ਵਾਂਗ ਦੇਖਿਆ ਸੀ।  ਬਾਅਦ ਵਿਹਚਕ ਵੀ ਕਾਤਲਾਂ ਨੂੰ ਕਦੇ ਮਿਸਾਲੀ ਸਜ਼ਾਵਾਂ ਨਹੀਂ ਮਿਲ ਸਕੀਆਂ।  ਫਿਰ ਗੁਜਰਾਤ ਵਿੱਚ ਵੀ ਇਹੀ ਕੁਝ ਵਾਪਰਿਆ। ਸ਼ਾਇਦ ਸਿਆਸਤਦਾਨਾਂ ਨੂੰ ਗੁੰਡਾਗਰਦੀ ਅਤੇ ਹਿੰਸਾ ਵਾਲਾ ਰਸਤਾ ਰਾਸ ਆ ਗਿਆ ਹੈ। ਅਜਿਹੇ ਵਰਤਾਰਿਆਂ ਵਿੱਚ ਸੱਤਾ ਦੀ ਕੁਰਸੀ ਉਹਨਾਂ ਦੇ ਪੈਰਾਂ ਹੇਠਾਂ ਆ ਜਾਂਦੀ ਹੈ। ਆਖਿਰ ਜਦੋਂ ਸਿਆਸਤਦਾਨਾਂ ਤੋਂ ਕੋਈ ਉਮੀਦ ਨਹੀਂ ਰਹੀ। ਧਾਰਮਿਕ ਅਤੇ ਸਮਾਜਿਕ ਆਗੂ ਵੀ ਆਪੋ ਆਪਣੀਆਂ ਸਵਾਰਥੀ ਖੇਡਾਂ ਵਿੱਚ ਗਲਤਾਨ ਹਨ। ਬਹੁਤ ਸਾਰੇ ਸਾਹਿਤਿਕ ਹਲਕੇ ਵੀ ਸਾਵਣ ਦੇ ਕਾਵਿ ਦਰਬਾਰਾਂ ਅਤੇ ਇੱਕ ਦੂਜੇ ਦੇ ਸਨਮਾਨਾਂ ਵਿੱਚ ਰੁਝੇ ਹੋਏ ਹਨ ਉਦੋਂ  ਵੀ ਕੁਝ ਜਾਗਦੀ ਜ਼ਮੀਰ ਵਾਲੇ ਲੇਖਕ ਖੁੱਲ੍ਹ ਕੇ ਸਾਹਮਣੇ ਆਏ ਹਨ। ਇਹਨਾਂ ਨੇ ਮਨੀਪੁਰ ਦੀਆਂ ਵਹਿਸ਼ੀ ਘਟਨਾਵਾਂ ਦੀ ਜ਼ੋਰਦਾਰ ਨਿੰਦਿਆ ਵੀ ਕੀਤੀ ਹੈ। ਇਸੇ ਦੌਰਾਨ ਪ੍ਰਸਿੱਧ ਲੇਖ ਗੌਹਰ ਰਜ਼ਾ ਸਾਹਿਬ ਨੇ ਇੱਕ ਨਜ਼ਮ ਲਿਖੀ ਹੈ ਖਾਮੋਸ਼ੀ ਜਿਸ ਵਿਚ ਬੜੀਆਂ ਸਿਧੀਆਂ ਗੱਲਾਂ ਕੀਤੀਆਂ ਗਈਆਂ ਹਨ। ਮਨ ਕਿ ਬਾਤ ਕਰਨ ਵਾਲਿਆਂ ਨੂੰ ਇਹਨਾਂ ਲੇਖਕਾਂ ਅਤੇ ਸ਼ਾਇਰਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਇੱਕ ਤਰ੍ਹਾਂ ਨਾਲ ਸੁਆਲ ਕੀਤਾ ਹੈ ਕਿ ਹੁਣ ਇਹਨਾਂ ਲੋਕਾਂ ਦੇ ਦਿਲਾਂ ਵਿੱਚ ਮਣੀਪੁਰ ਦਾ ਦਰਦ ਕਿਓਂ ਨਹੀਂ ਜਾਗਿਆ? 

ਦੂਜੇ ਪਾਸੇ ਅਗਾਂਹਵਧੂ ਲੇਖਕਾਂ ਦੇ ਸਰਗਰਮ ਸੰਗਠਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਮਨੀਪੁਰ ਵਿੱਚ ਵਾਪਰ ਰਹੀਆਂ ਅਣਮਨੁੱਖੀ ਘਟਨਾਵਾਂ, ਉੱਥੇ ਦੋ ਭਾਈਚਾਰਿਆਂ ਵਿੱਚ ਵਧ ਰਹੇ ਤਣਾਉ ਅਤੇ ਕੇਂਦਰ ਸਰਕਾਰ ਦੀ ਮਨੀਪੁਰ ਦੇ ਮਸਲੇ ਬਾਰੇ ਉਦਾਸੀਨਤਾ ਪ੍ਰਤੀ ਆਪਣੀ ਚਿੰਤਾ ਪ੍ਰਗਟ ਕੀਤੀ ਹੈ। ਮਨੀਪੁਰ ਵਿੱਚ ਪਿਛਲੇ ਦੋ ਮਹੀਨੇ ਤੋਂ ਵੀ ਵਧ ਸਮੇਂ ਵਿੱਚ ਭਾਈਚਾਰਕ ਅਤੇ ਸੰਪ੍ਰਦਾਇਕ ਤਣਾਉ ਵਧਿਆ ਹੈ। ਵੱਡੀ ਗਿਣਤੀ ਵਿੱਚ ਦੰਗਾਈਆਂ ਵੱਲੋਂ ਲੁੱਟ-ਮਾਰ ਅਤੇ ਕਤਲੋ-ਗਾਰਤ ਦੀਆਂ ਘਟਨਾਵਾਂ ਵਾਪਰੀਆਂ ਹਨ। ਸਿਵਲ ਪ੍ਰਸ਼ਾਸਨ, ਫ਼ੌਜ ਅਤੇ ਪੁਲਿਸ ਵੱਲੋਂ ਲੋਕਾਂ ਉੱਪਰ ਹੋਈਆਂ ਜ਼ਿਆਦਤੀਆਂ ਦੀਆਂ ਖ਼ਬਰਾਂ ਵੀ ਦਿਲ ਹਿਲਾ ਦੇਣ ਵਾਲੀਆਂ ਹਨ। ਸਭ ਤੋਂ ਸ਼ਰਮਨਾਕ ਘਟਨਾ ਇਹ ਹੈ ਕਿ ਦੋ ਕਬਾਇਲੀ ਬੱਚੀਆਂ ਨੂੰ ਨੰਗਾ ਕਰਕੇ ਉਨ੍ਹਾਂ ਦੇ ਪਿੰਡ ਵਿੱਚ ਤੋਰਿਆ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਦਾ ਬਲਾਤਕਾਰ ਕਰ ਕੇ ਕਤਲ ਕੀਤਾ ਗਿਆ।

ਚਾਰ ਮਈ ਨੂੰ ਵਾਪਰੀ ਇਸ ਸ਼ਰਮਨਾਕ ਹਿੰਸਾ ਨੂੰ ਸਰਕਾਰੀ ਪ੍ਰਸ਼ਾਸਨ ਅਤੇ ਪ੍ਰੈੱਸ ਨੇ ਦਬਾਈ ਰੱਖਿਆ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਅਹੁਦੇਦਾਰ ਤੇ ਸਮੁੱਚੀ ਕਾਰਜਕਾਰਨੀ ਕੇਂਦਰੀ ਸਭਾ ਦੀਆਂ ਸਾਰੀਆਂ ਇਕਾਈਆਂ ਨੂੰ ਬੇਨਤੀ ਕਰਦੀ ਹੈ ਕਿ ਉਹ ਆਪਣੇ ਪੱਧਰ 'ਤੇ ਇਨ੍ਹਾਂ ਘਟਨਾਵਾਂ ਦੀ ਨਿੰਦਿਆ ਅਤੇ ਦੋਸ਼ੀਆਂ ਲਈ ਸਜ਼ਾ ਦੀ ਮੰਗ ਕਰਨ। ਕੇਂਦਰੀ ਸਭਾ ਸਾਰੀਆਂ ਸਾਹਿਤਕ ਜਥੇਬੰਦੀਆਂ, ਸਭਿਆਚਾਰਕ ਕਾਮਿਆਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਅਗਾਂਹਵਧੂ ਅਤੇ ਮਨੁੱਖਤਾਵਾਦੀ ਸੋਚ ਰੱਖਣ ਵਾਲੇ ਸਾਰੇ ਦੋਸਤਾਂ ਨੂੰ ਅਪੀਲ ਕਰਦੀ ਹੈ ਕਿ ਉਹ ਮਨੀਪੁਰ ਦੀਆਂ ਘਟਨਾਵਾਂ ਦੀ ਨਿੰਦਿਆ ਅਤੇ ਦੋਸ਼ੀਆਂ ਲਈ ਮਿਸਾਲੀ ਸਜ਼ਾ ਦੇਣ ਦੀ ਮੰਗ ਕਰਨ। ਕੇਂਦਰੀ ਸਭਾ ਨਾਲ ਸਬੰਧਤ ਸਾਰੀਆਂ ਸਭਾਵਾਂ ਰੋਸ ਮਾਰਚ, ਧਰਨੇ, ਮੁਜ਼ਾਹਰੇ ਕਰਨ, ਮੋਮਬੱਤੀਆਂ ਜਗਾ ਕੇ ਪੀੜਤਾਂ ਨਾਲ ਹਮਦਰਦੀ ਪ੍ਰਗਟ ਕਰਨ ਅਤੇ ਸਰਕਾਰੀ ਤੰਤਰ ਨੂੰ ਮੰਗ ਪੱਤਰ ਦੇ ਕੇ ਮਨੀਪੁਰ ਦੇ ਦੰਗਾ ਪੀੜਤ ਲੋਕਾਂ ਲਈ ਇਨਸਾਫ਼ ਦੀ ਮੰਗ ਕਰਨ। ਇਹ ਬਿਆਨ ਜਾਰੀ ਕਰਦਿਆਂ ਡਾਕਟਰ ਸੁਖਦੇਵ ਸਿੰਘ ਸਿਰਸਾ ਨੇ ਨਿਜੀ ਤੌਰ ਤੇ ਵੀ ਵੱਖ ਵੱਖ ਜ਼ਿਲਿਆਂ ਦੇ ਸਾਹਿਤਿਕ ਅਤੇ ਕਲਾ ਨਾਲ ਜੁੜੇ ਸੰਗਠਨਾਂ ਨੂੰ ਅੱਗੇ ਹੋ ਕੇ ਸਰਗਰਮ ਹੋਣ ਦੀ ਅਪੀਲ ਕੀਤੀ ਹੈ। 

ਇਪਟਾ ਵੀ ਖੁੱਲ੍ਹ ਕੇ ਇਸ ਮਕਸਦ ਲਈ ਸਰਗਰਮ ਹੈ ਅਤੇ ਦੁਨੀਆ ਦੇ ਵੱਖ ਵੱਖ ਹਿਸਿਆਂ ਵਿੱਚ ਬੈਠੇ ਲੇਖਕ ਅਤੇ ਸ਼ਾਇਰ ਵੀ ਇਸ ਜ਼ਖਮੀ  ਮਾਹੌਲ ਵਿੱਚ ਹਾਅ ਦਾ ਨਾਅਰਾ ਮਾਰ ਰਹੇ ਹਨ। ਗੌਹਰ ਰਜ਼ਾ ਨੇ ਇੱਕ ਨਜ਼ਮ ਪੋਸਟ ਕੀਤੀ ਹੈ ਜਿਹੜੀ ਅਸੀਂ ਇਥੇ ਵੀ ਦਿਖਾ ਰਹੇ ਹਾਂ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday 15 July 2023

ਵਾਹ ਜ਼ਿੰਦਗੀ’ ਨਰਿੰਦਰ ਪਾਲ ਸਿੰਘ ਜਗਦਿਓ ਦੀ ਸੁਜਿੰਦ ਵਾਰਤਕ: ਪ੍ਰੋ.ਗੁਰਭਜਨ ਗਿੱਲ

 Saturday 15th July 2023 at 5:15 PM

ਹਰੇਕ ਪਾਠਕ ਖੁਦ ਨੂੰ ਕਿਤਾਬ ਨਾਲ ਜੁੜਿਆ ਮਹਿਸੂਸ ਕਰੇਗਾ

ਨਿਊ ਬੈਂਕ ਕਾਲੋਨੀ, ਖੰਨਾ ਵਿਖੇ ਨਰਿੰਦਰ ਪਾਲ ਸਿੰਘ ਜਗਦਿਓ ਦੀ ਨਵ ਪ੍ਰਕਾਸ਼ਿਤ ਪੁਸਤਕ ‘ਵਾਹ ਜ਼ਿੰਦਗੀ’ ਦੀ ਘੁੰਡ ਚੁਕਾਈ ਕਰਦੇ ਹੋਏ ਲੇਖਕ ਦੇ ਮਾਤਾ-ਪਿਤਾ ਅਤੇ ਨਾਮਵਰ ਪੰਜਾਬੀ ਸ਼ਾਇਰ ਪ੍ਰੋ. ਗੁਰਭਜਨ ਗਿੱਲ ਅਤੇ ਹੋਰ
ਲੁਧਿਆਣਾ
/ਖੰਨਾ: 15 ਜੁਲਾਈ 2023: (ਕਾਰਤਿਕਾ ਸਿੰਘ//ਸਾਹਿਤ ਸਕਰੀਨ ਡੈਸਕ)::
ਪੰਜਾਬ ਸਰਕਾਰ ਦੇ ਲੋਕ ਸੰਪਰਕ ਅਧਿਕਾਰੀ ਨਰਿੰਦਰ ਪਾਲ ਸਿੰਘ ਜਗਦਿਓ ਦੀ ਨਵ ਪ੍ਰਕਾਸ਼ਿਤ ਪੁਸਤਕ ‘ਵਾਹ ਜ਼ਿੰਦਗੀ!’
ਬਾਰੇ ਪੰਜਾਬੀ ਦੇ ਨਾਮਵਰ ਸ਼ਾਇਰ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਇਹ ਕਿਤਾਬ ਰੌਚਕਤਾ ਤੇ ਗਿਆਨ ਦਾ ਸੋਮਾ ਹੈ ਅਤੇ ਕਈ ਵੱਡੇ ਤੇ ਸੂਖਮ ਵਿਸ਼ੇ ਲੇਖਕ ਨੇ ਥੋੜ੍ਹੇ ਸ਼ਬਦਾਂ ਵਿਚ ਪਰੋ ਦਿੱਤੇ ਹਨ। ਇੱਥੇ ਨਿਊ ਬੈਂਕ ਕਾਲੋਨੀ ਵਿਖੇ ਕਿਤਾਬ ਦੀਘੁੰਡ ਚੁਕਾਈ ਮੌਕੇ ਉਨ੍ਹਾਂ ਕਿਹਾ ਕਿ ਲੇਖਕ ਨਾ ਤਾਂ ਗੱਲ ਅਧੂਰੀ ਛੱਡਦਾ ਹੈ ਤੇ ਨਾ ਹੀ ਸ਼ਬਦਾਂ ਦੀ ਫਜ਼ੂਲ ਖਰਚੀ ਕਰਦਾ ਹੈ ਅਤੇ ਸੀਮਤ ਸ਼ਬਦਾਂ ‘ਚ ਹਰੇਕ ਗੱਲ ਬਹੁਤ ਸਵਾਦਲੇ ਤਰੀਕੇ ਨਾਲ ਪਾਠਕਾਂ ਸਾਹਮਣੇ ਰੱਖ ਦਿੰਦਾ ਹੈ। 
ਇਹ ਤਰ੍ਹਾਂ ਇਹ ਪੁਸਤਕ ਪਾਠਕਾਂ ਨੂੰ ਜ਼ਿੰਦਗੀ ਜਿਊਣ ਦੇ ਗੁਰ ਸਮਝਾਉਂਦੀ ਹੋਈ ਬੜੇ ਹੀ ਦਿਲਚਸਪ ਢੰਗ ਨਾਲ ਉਹਨਾਂ ਦਾ ਮਾਰਗ ਦਰਸ਼ਨ ਵੀ ਕਰਦੀ ਹੈ। ਹਿੰਦੀ ਅੰਗਰੇਜ਼ੀ ਵਿੱਚ ਅਜਿਹਾ ਸਾਹਿਤ ਕਾਫੀ ਰਚਿਆ ਜਾਂਦਾ ਹੈ ਪਰ ਪੰਜਾਬੀ ਵਿੱਚ ਅਜਿਹੇ ਸਾਹਿਤ ਦੀ ਘਾਟ ਨੂੰ ਪੂਰਿਆਂ ਕਰਨ ਲਈ ਲੇਖਕ ਨੇ ਕਾਫੀ ਯੋਗਦਾਨ ਪਾਇਆ ਹੈ। 

ਉਨ੍ਹਾਂ ਕਿਹਾ ਕਿ ਇਸ ਕਿਤਾਬ ਦੀ ਸਭ ਤੋਂ ਵੱਡੀ ਖੂਬੀ ਹੈ ਕਿ ਲੇਖਕ ਨੇ ਆਮ ਜ਼ਿੰਦਗੀ ਦੇ ਵਿਸ਼ੇ ਨਿੱਜੀ ਤਜਰਬਿਆਂ, ਕਹਾਣੀਆਂ, ਉਦਾਹਰਣਾਂ ਅਤੇ ਸਵਾਦਲੀਆਂ ਬਾਤਾਂ ਰਾਹੀਂ ਪਾਠਕਾਂ ਸਾਹਮਣੇ ਪੇਸ਼ ਕੀਤੇ ਹਨ। ਕਿਤਾਬ ਵਿਚ ਅਜਿਹੇ ਵਿਸ਼ੇ ਅਤੇ ਗੱਲਾਂ ਹਨ ਜਿਸਨੂੰ ਪੜ੍ਹ ਕੇ ਹਰ ਉਮਰ ਵਰਗ ਦਾ ਪਾਠਕ ਖੁਦ ਨੂੰ ਕਿਤਾਬ ਨਾਲ ਜੁੜਿਆ ਮਹਿਸੂਸ ਕਰੇਗਾ।

ਨਰਿੰਦਰ ਪਾਲ ਸਿੰਘ ਜਗਦਿਓ ਦੀ ਕਿਤਾਬ “ਵਾਹ ਜ਼ਿੰਦਗੀ!” ਵਿਚ 50 ਲੇਖ ਸ਼ਾਮਲ ਹਨ ਜੋ ਜ਼ਿੰਦਗੀ ਦੇ ਵੱਖ-ਵੱਖ ਰੰਗਾਂ, ਸੰਘਰਸ਼ਾਂ, ਪ੍ਰਾਪਤੀਆਂ ਅਤੇ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਵਿਲੱਖਣ ਤੇ ਰੌਚਕ ਸ਼ੈਲੀ ਵਿਚ ਪੇਸ਼ ਕਰਦੇ ਹਨ।
ਲੇਖਕ ਦਾ ਕਹਿਣਾ ਹੈ ਕਿ ਕਈ ਵਾਰ ਜ਼ਿੰਦਗੀ ਦੀਆਂ ਮੁਸ਼ਕਿਲਾਂ ਰਾਹਾਂ ਨੂੰ ਪਾਰ ਕਰਨ ਲਈ ਸਾਨੂੰ ਛੋਟੇ ਜਿਹੇ ਸਹਾਰੇ, ਹੌਂਸਲੇ ਜਾਂ ਫਿਰ ਹਿੰਮਤ ਭਰੇ ਦੋ ਸ਼ਬਦਾਂ ਦੀ ਲੋੜ ਹੁੰਦੀ ਹੈ ਅਤੇ ਪਾਠਕਾਂ ਨੂੰ ਇਹ ਸਾਰਾ ਕੁਝ “ਵਾਹ ਜ਼ਿੰਦਗੀ!” ਦੇ ਪੰਨਿਆਂ ‘ਚੋਂ ਮਿਲ ਜਾਵੇਗਾ। ਕਿਤਾਬ ਪਾਠਕਾਂ ਨੂੰ ਸਾਕਾਰਾਤਮਕ ਊਰਜਾ ਨਾਲ ਭਰਨ ਦੀ ਸਮਰੱਥਾ ਰੱਖਦੀ ਹੈ।

ਕਾਬਿਲੇਗੌਰ ਹੈ ਕਿ ਖੰਨਾ ਨਿਵਾਸੀ ਨਰਿੰਦਰ ਪਾਲ ਸਿੰਘ ਜਗਦਿਓ ਪੰਜਾਬ ਸਰਕਾਰ ਵਿਚ ਸੂਚਨਾ ਅਤੇ ਲੋਕ ਸੰਪਰਕ ਅਧਿਕਾਰੀ ਦੇ ਤੌਰ ਉੱਤੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਤੈਨਾਤ ਹਨ। ਪੰਜਾਬੀ ਅਖ਼ਬਾਰਾਂ ਵਿਚ ਮਿਡਲ ਲੇਖਕ ਵਜੋਂ ਉਨ੍ਹਾਂ ਦੀ ਪਹਿਲਾਂ ਹੀ ਚੰਗੀ ਪਛਾਣ ਹੈ। ਇਸ ਕਿਤਾਬ ਨੂੰ ਮੋਹਾਲੀ ਦੇ ਯੂਨੀਸਟਾਰ ਬੁੱਕਸ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਅਤੇ ਅਮਰੀਕਾ-ਕੈਨੇਡਾ ਵਿੱਚ ਇਹ ਕਿਤਾਬ ਐਮਾਜ਼ੋਨ ਉੱਤੇ ਵੀ ਮਿਲਦੀ ਹੈ। ਜਲਦ ਹੀ ਆਸਟ੍ਰੇਲੀਆ ਵਿਚ ਵੀ ਇਹ ਕਿਤਾਬ ਉਪਲੱਬਧ ਹੋਵੇਗੀ।

ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਤੋਂ ਇਲਾਵਾ ਲੇਖਕ ਦੇ ਮਾਤਾ-ਪਿਤਾ ਅਮਰਜੀਤ ਕੌਰ ਤੇ ਬਲਵੀਰ ਸਿੰਘ, ਪੰਜਾਬ ਜੈਨਕੋ ਦੇ ਚੇਅਰਮੈਨ ਨਵਜੋਤ ਸਿੰਘ ਮੰਡੇਰ, ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਲੁਧਿਆਣਾ ਪੁਨੀਤ ਪਾਲ ਸਿੰਘ ਗਿੱਲ, ਮੁੱਖ ਮੰਤਰੀ ਪੰਜਾਬ ਦੇ ਲੋਕ ਸੰਪਰਕ ਅਧਿਕਾਰੀ ਇਕਬਾਲ ਸਿੰਘ ਬਰਾੜ, ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਮੋਗਾ ਪ੍ਰਭਦੀਪ ਸਿੰਘ ਨੱਥੋਵਾਲ, ਐਸਐਚਓ ਸਿਟੀ-2 ਖੰਨਾ ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ,ਵੇਰਕਾ ਮਿਲਟ ਪਲਾਂਟ ਲੁਧਿਆਣਾ ਦੇ ਡਿਪਟੀ  ਮੈਨੇਜਰ ਧਰਮਿੰਦਰ ਸਿੰਘ ਗਰੇਵਾਲ ਅਤੇ ਦਾਦ ਪਿੰਡ ਤੋਂ ਸਰਪੰਚ ਸਃ ਜਗਦੀਸ਼ ਪਾਲ ਸਿੰਘ ਗਰੇਵਾਲ ਹਾਜ਼ਰ ਸਨ।
-----
ਫੋਟੋ ਕੈਪਸ਼ਨ: ।

Saturday 1 July 2023

ਹਲੂਣਾ ਦੇਂਦੀ ਨਜ਼ਮ//ਪਰਜਾ ਪੱਤ//ਗੁਰਭਜਨ ਗਿੱਲ

Friday 30th June 2023 at 4:41 PM

ਹਕੀਕਤ ਨਾਲ ਰੂਬਰੂ ਕਰਵਾਉਂਦੀ ਨਜ਼ਮ 

ਦਾਅਵੇ ਜਿੰਨੇ ਮਰਜ਼ੀ ਕਰ ਲਏ ਜਾਣ। ਬਿਆਨ ਵੀ ਜਿੰਨੇ ਮਰਜ਼ੀ ਜਾਰੀ ਹੋ ਜਾਣ। ਹਕੀਕਤ ਕੀ ਹੁੰਦੀ ਹੈ ਇਹ ਉਹੀ ਜਾਣਦੇ ਹਨ ਜਿਹਨਾਂ ਨਾਲ ਹਕੀਕਤ ਦਾ ਸਾਹਮਣਾ ਹੋ ਰਿਹਾ ਹੁੰਦਾ ਹੈ। ਇਸ ਹਕੀਕਤ ਤੋਂ ਰੂਬਰੂ ਕਰਵਾਉਂਦੀ ਹੈ ਸਾਹਿਤ ਜਗਤ ਦੇ ਨਾਇਕ ਗੁਰਭਜਨ ਗਿੱਲ ਹੁਰਾਂ ਦੀ ਇਹ ਨਜ਼ਮ। ਬੜੇ ਨਿਜ਼ਾਮ ਬਦਲੇ, ਬੜੀਆਂ ਸਿਆਸਤਾਂ ਵੀ ਬਦਲੀਆਂ, ਬੜੇ ਕਾਨੂੰਨ ਵੀ ਬਣੇ ਪਰ ਇੱਕ ਦਰਦ ਅਜੇ ਵੀ ਕਾਇਮ ਹੈ ਜਿਸਦਾ ਅਹਿਸਾਸ ਕਰਵਾਉਂਦੀ ਹੈ ਇਹ ਨਜ਼ਮ!

ਸ਼ਾਇਦ ਇਸ ਨਜ਼ਮ ਨਾਲ ਵੀ ਕੁਝ ਨਾ ਬਦਲੇ, ਸ਼ਾਇਦ ਇਸ ਨਜ਼ਮ ਨਾਲ ਵੀ ਕੋਈ ਅਸਰ ਨਾ ਹੋਵੇ, ਸ਼ਾਇਦ ਇਸ ਨਜ਼ਮ ਨਾਲ ਵੀ ਕੋਈ ਹਲਚਲ ਪੈਦਾ ਨਾ ਹੋਵੇ ਪਰ ਇਹ ਨਜ਼ਮ ਮੌਜੂਦਾ ਦੌਰ ਦੀ ਗਵਾਹੀ ਤਾਂ ਦੇਂਦੀ ਹੀ ਰਹੇਗੀ। ਪੂਰੇ ਧਿਆਨ ਨਾਲ ਪੜ੍ਹੋ ਇਹ ਖਾਸ ਨਜ਼ਮ। ਇਹ ਭਾਵੇਂ ਕੋਈ ਦਸਤਾਵੇਜ਼ੀ ਨਹੀਂ ਹੈ ਪਰ ਦਸਤਾਵੇਜ਼ੀ ਤੋਂ ਘੱਟ ਵੀ ਨਹੀਂ। --ਕਾਰਤਿਕਾ ਸਿੰਘ 


ਪਰਜਾ ਪੱਤ//ਗੁਰਭਜਨ ਗਿੱਲ

ਸ ਨੇ ਮੈਨੂੰ ਫ਼ੋਨ ਤੇ ਕਿਹਾ

ਗੁਰਭਜਨ ਗਿੱਲ 
ਭਾ ਜੀ ਤੁਸੀਂ ਮੈਨੂੰ

ਸ਼ਰਮਾ ਜੀ ਨਾ ਕਿਹਾ ਕਰੋ। 

ਤੁਹਾਡੇ ਏਦਾਂ ਕਹਿਣ ਨਾਲ

ਕੁਲੀਨ-ਵਰਗੀਏ ਬੁਰਾ ਮਨਾਉਂਦੇ ਨੇ। 

ਮੈਂ ਸ਼ਰਮਾ ਨਹੀਂ, ਪਰਜਾਪੱਤ ਹਾਂ। 

ਜਿਸ ਨੂੰ ਇਹ ਘੁਮਿਆਰ ਕਹਿੰਦੇ ਨੇ। 

ਮੈਂ ਅੱਕ ਗਿਆ ਹਾਂ

ਇਨ੍ਹਾਂ ਦੀਆਂ ਸੁਣਦਾ ਸਕੂਲ ਵੇਲੇ ਤੋਂ। 

ਕਦੇ ਕੁਝ ਕਦੇ ਕੁਝ ਵੰਨ ਸੁਵੰਨੀਆਂ। 

ਇਹ ਬੰਦੇ ਨੂੰ ਬੰਦਾ ਨਹੀਂ ਗਿਣਦੇ

ਹਰ ਵੇਲੇ ਹੰਕਾਰ ਦੇ ਡੰਗੇ

ਟੰਮਣੇ ਤੇ ਚੜ੍ਹੇ ਰਹਿੰਦੇ ਨੇ। 

ਜਦ ਤੋਂ ਦਿੱਲੀ 'ਚ

ਬੋਦੀ ਵਾਲਾ ਤਾਰਾ ਚੜ੍ਹਿਐ

ਇਹ ਪਿੰਡ ਬੈਠੇ ਹੀ

ਖ਼ੁਦ ਨੂੰ ਹਾਕਮ ਸਮਝਦੇ ਨੇ। 

ਹੁਣ ਹੋਰ ਵੀ ਨੀਮ ਚੜ੍ਹੇ ਕਰੇਲੇ ਵਾਂਗ

ਬੋਲ ਕੇ ਮੂੰਹ ਕੁਸੈਲਾ ਕਰ ਜਾਂਦੇ ਨੇ। 

ਪਤਾ ਨਹੀਂ ਕਿਸ ਭੁਲੇਖੇ 'ਚ ਹਨ?

ਬੰਦੇ ਨੂੰ ਬੰਦਾ ਹੀ ਨਹੀਂ ਗਿਣਦੇ। 

ਭਾ ਜੀ ਕੋਈ ਪੁੱਛਣ ਵਾਲਾ ਹੀ ਨਹੀਂ,

ਗਿਆਨ ਗਰੰਥ ਹਨ੍ਹੇਰੇ ਚ ਲਿਖੇ ਸਨ?

ਇਨ੍ਹਾਂ ਦੇ ਵੱਡੇ ਵਡੇਰਿਆਂ,

ਦੀਵੇ ਬਗੈਰ ਕਿਸ ਨੇ ਚਾਨਣ ਬੀਜਿਆ?

ਕਿਸ ਦੀ ਗਵਾਹੀ ਹੈ ਹਰਫ਼ ਹਰਫ਼?

ਉਹ ਚਿਰਾਗ ਕਿਸ ਨੇ ਬਣਾਏ ਸਨ?

ਸਾਡੇ ਹੀ ਬਜ਼ੁਰਗਾਂ ਪਹਿਲਾਂ,

ਚੀਕਨੀ ਮਿੱਟੀ ਲੱਭੀ, ਕੁੱਟੀ, ਗੁੰਨ੍ਹੀ। 

ਚੱਕ ਨੂੰ ਘੁੰਮਾਇਆ,

ਆਕਾਰ ਬਣਾਇਆ,

ਆਵੇ 'ਚ ਪਕਾਇਆ। 

ਚਿਰਾਗ 'ਚ ਤੇਲ ਵੀ ਤਾਂ ਅਸਾਂ ਤੁਸਾਂ ਪਾਇਆ!

ਜਿੰਨ੍ਹਾਂ ਨੂੰ ਇਹ ਸ਼ੂਦਰ ਦੱਸਦੇ ਨੇ ।

ਭਾ ਜੀ, ਤੁਹਾਨੂੰ ਪਤੈ,

ਜਿਸ ਰੱਬ ਨੂੰ ਇਹ ਪੂਜਦੇ ਨੇ,

ਉਸ ਦੀ ਅੰਗਲੀ ਸੰਗਲੀ ਵੀ

ਸਾਡੇ ਨਾਲ ਬਹੁਤ ਰਲ਼ਦੀ ਹੈ। 

ਰੱਬ ਦੇ ਜ਼ਿੰਮੇ ਕਾਇਨਾਤ ਚਲਾਉਣਾ ਹੈ,

ਤੇ ਸਾਡੇ ਜ਼ਿੰਮੇ ਚੱਕ ਨੂੰ ਘੁਮਾਉਣਾ। 

ਰੱਬ ਮਿੱਟੀ ਤੋਂ ਬੰਦੇ ਘੜਦਾ

ਤੇ ਅਸੀਂ ਮਿੱਟੀ ਤੋਂ ਭਾਂਡੇ। 

ਬਾਬਾ ਵਿਸ਼ਵਕਰਮਾ ਨੇ ਸਾਡੇ ਲਈ ਹੀ ਤਾਂ

ਗੋਲ ਚੱਕ ਬਣਾਇਆ ਸੀ। 

ਇਨ੍ਹਾਂ ਲਈ ਕੀ ਬਣਾਇਆ?

ਦੱਸਣ ਤਾਂ ਸਹੀਂ ਪੱਤਰੀਆਂ ਫ਼ੋਲ ਕੇ। 

ਅਸੀਂ ਤਾਂ ਮੱਘੀਆਂ, ਸੁਰਾਹੀਆਂ

ਥਾਲ਼ੀਆਂ, ਕੁਨਾਲ਼ੀਆਂ ਬਣਾਈਆਂ। 

ਖੂਹ ਚੋਂ ਪਾਣੀ ਕੱਢਦੀਆਂ ਟਿੰਡਾਂ ਵੀ,

ਅਸੀਂ ਹੀ ਮੁੱਦਤਾਂ ਪਹਿਲਾਂ ਬਣਾਈਆਂ। 

ਲੋਹਾ ਤਾਂ ਬਹੁਤ ਮਗਰੋਂ ਜੰਮਿਆ ਹੈ। 

ਪਤਾ ਨਹੀਂ ਸਦੀਆਂ ਬਾਅਦ ਵੀ,

ਇਹ ਗੁਰਬਤ ਵਾਂਗ,

ਸਾਡਾ ਖਹਿੜਾ ਨਹੀਂ ਛੱਡਦੇ। 

ਹਾਂ, ਸੱਚ ਇੱਕ ਗੱਲ ਹੋਰ ਸੁਣੋ!

ਗੀਤਾਂ ਚ ਜਿਸ ਨੂੰ ਇਹ

ਰੰਨ ਕਹਿ ਕੇ ਬੁਲਾਉਂਦੇ ਨੇ

ਜੋ ਅੱਡੀਆਂ ਕੂਚਦੀ ਮਰ ਗਈ ਸੀ,

ਜਿਸ ਨੂੰ ਬਾਂਕਾਂ ਨਹੀਂ ਸਨ ਜੁੜੀਆਂ,

ਉਹ ਵੀ ਸਾਡੇ ਪੁਰਖ਼ਿਆਂ ਦੀ ਦਾਦੀ ਸੀ। 

ਕਹਿੰਦੇ ਨੇ

ਉਹ ਅਕਸਰ ਆਖਦੀ ਸੀ,

ਵੇ ਪੁੱਤਰੋ! ਸਾਰੇ ਭਾਂਡੇ, ਬੁਘਨੀਆਂ,ਘੁੱਗੂ ਘੋੜੇ ਤੇ ਝਾਵੇਂ ਬਣਾ ਲੈਂਦੇ ਹੋ,

ਇਨ੍ਹਾਂ ਜ਼ਾਤ ਅਭਿਮਾਨੀਆਂ ਦੇ

ਮਨ ਦੀ ਮੈਲ ਲਾਹੁਣ ਲਈ ਵੀ

ਕੋਈ ਨਵਾਂ ਯੰਤਰ ਬਣਾਉ ।

ਕਹਿੰਦੇ ਨੇ ਕਿ

ਉਸੇ ਨੇ ਪਹਿਲੀ ਵਾਰ ਪੁੱਤਰ ਧੀਆਂ ਨੂੰ

ਸਕੂਲ ਦਾ ਰਾਹ ਵਿਖਾਇਆ ਸੀ। 

ਪਰ ਉਸ ਨੂੰ ਕੀ ਪਤਾ ਸੀ ਕਿ

ਦੁਲੱਤੇ, ਟੀਟਣੇ ਮਾਰਨ ਵਾਲੇ

ਹਰ ਥਾਂ ਪਹਿਲਾਂ ਹੀ ਹਾਜ਼ਰ ਨਾਜ਼ਰ। 

ਬੰਦਾ ਕਿੱਧਰ ਜਾਵੇ?

ਕੀ ਦੱਸਾਂ ਭਾ ਜੀ,

ਕਾਲਿਜ ਚ ਪ੍ਰੋਫ਼ੈਸਰੀ ਕਰਦਿਆਂ ਵੀ

ਇਨ੍ਹਾਂ ਲਈ ਅਜੇ ਮੈਂ ਤਰਸੇਮ ਨਹੀਂ,

ਘੁਮਿਆਰਾਂ ਦਾ ਤੇਮਾ ਹੀ ਹਾਂ। 

ਗਧੇ-ਚਾਰਾਂ ਦੀ ਛੇੜ ਨਾਲ ਵਿੰਨ੍ਹਦੇ। 

ਇਨ੍ਹਾਂ ਨੂੰ ਕੋਈ ਪੁੱਛੇ,

ਜਿਸ ਕੂੰਡੇ ਵਿੱਚ ਚਟਨੀ ਕੁੱਟਦੇ ਹੋ। 

ਦੇਗਚੀ ਵਿੱਚ ਦਾਲ ਰਿੰਨ੍ਹਦੇ ਹੋ,

ਘੜੇ ਨੂੰ ਕੁੰਭ ਕਹਿ ਕੇ,

ਪੂਜਾ ਵੇਲੇ ਲੱਭਦੇ ਫਿਰਦੇ ਹੋ,

ਉਹ ਕਿਸੇ ਮਸ਼ੀਨ ਨੇ ਨਹੀਂ ਘੜਿਆ

ਸਾਡੇ ਵਡਿੱਕਿਆਂ ਨੇ ਹੀ ਬਣਾਇਆ ਹੈ। 

ਸਿਰਫ਼ ਅੱਖਾਂ ਬੰਦ ਕਰੋ

ਅੰਤਰ ਧਿਆਨ ਹੋਵੋ ਤੇ ਸੋਚੋ,

ਹਰ ਥਾਂ ਪੈੜਾਂ ਹਨ

ਸਾਡੇ ਬਾਪੂਆਂ ਦੀਆਂ। 

ਚੱਪਣੀ ਨਾ ਹੁੰਦੀ ਤਾਂ

ਬੇਸ਼ਰਮ ਕਿੱਥੇ ਡੁੱਬ ਮਰਦੇ?

ਹੋਰ ਸੁਣੋ!

ਉਹ ਚੱਪਣੀ ਵੀ ਅਸੀਂ ਹੀ ਬਣਾਈ ਹੈ। 

ਬੰਦਾ ਗਿਆਨ ਦੇ ਲੜ ਤਾਂ

ਇਸ ਲਈ ਲੱਗਦਾ ਹੈ ਨਾ ਕਿ

ਉਹ ਇਨਸਾਨੀਅਤ ਦਾ ਸਬਕ ਸਿੱਖੇ। 

ਪਰ ਇਹ ਓਥੇ ਦੇ ਓਥੇ ਖੜ੍ਹੇ ਨੇ,

ਜਿੱਥੇ ਮਨੂ ਸੰਮ੍ਰਿਤੀ ਵਾਲਾ

ਭਾਈ ਛੱਡ ਗਿਆ। 

ਨਾ ਇੱਕ ਕਦਮ ਅੱਗੇ ਨਾ ਪਿੱਛੇ!

ਭਾ ਜੀ! ਇਹ

ਪਿਆਰ ਦੀ ਭਾਸ਼ਾ ਕਿਉਂ ਨਹੀਂ ਸਮਝਦੇ

ਨਾ ਪਿਆਰ ਲੈਂਦੇ, ਨਾ ਦੇਂਦੇ। 

ਹਰ ਵੇਲੇ ਆਪਣੇ

ਉੱਚ - ਕੁਲੀਨ ਰੁਤਬੇ ਦੀ ਰਾਖੀ ਬੈਠ ਕੇ

ਇਹੀ ਸਿੱਖਿਆ ਦਿੰਦੇ ਨੇ। 

ਆਹ ਕਰੋ, ਆਹ ਨਾ ਕਰੋ। 

ਬਿੱਲੀ ਰਾਹ ਕੱਟ ਜਾਵੇ ਤਾਂ

ਸਾਨੂੰ ਪਰਤ ਜਾਉ ਕਹਿੰਦੇ। 

ਨਿੱਛ ਮਾਰ ਬਹੀਏ ਤਾਂ

ਕਹਿਣਗੇ, ਅਸੀਂ ਭਿੱਟੇ ਗਏ!

ਤੁਸੀਂ ਨਹਾ ਕੇ ਆਉ!

ਪੁੱਛਣ ਵਾਲਾ ਹੀ ਕੋਈ ਨਹੀਂ,

ਭਿੱਟੇ ਗਏ ਤੁਸੀਂ ਤੇ ਨਹਾਈਏ ਅਸੀਂ!

ਗੋਹਾ ਕੂੜਾ ਕਰਦੀ ਕੋਈ ਧੀ ਭੈਣ

ਟੋਕਰਾ ਚੁੱਕੀ ਮੱਥੇ ਲੱਗੇ

ਤਾਂ ਇਹ ਬਦਸ਼ਗਨੀ ਆਖਦੇ ਨੇ।

ਚਾਰ ਦਿਨ ਗਊ ਮਾਤਾ ਦਾ ਗੋਹਾ

ਇਨ੍ਹਾਂ ਘਰ ਪਿਆ ਰਹੇ ਤਾਂ ਪਤਾ ਲੱਗੇ

ਬਈ ਕੀ ਭਾਅ ਵਿਕਦੀ ਹੈ?

ਇਨ੍ਹਾਂ ਦਾ ਕੂੜਾ ਸਮੇਟਦੇ,

ਰੂੜੀਆਂ ਤੇ ਸੁੱਟਣ ਜਾਂਦੇ ਲੋਕ

ਇਨ੍ਹਾਂ ਦੇ ਮਨ ਵਿੱਚ ਨਿਗੂਣੇ ਜੀਵ ਨੇ। 

ਕਾਨੂੰਨ ਨੂੰ ਵੀ ਟਿੱਚ ਜਾਣਦੇ ਨੇ ਇਹ

ਧੱਕਾ ਕਰਕੇ ਆਪੇ ਆਖਦੇ

ਸਬੂਤ ਪੇਸ਼ ਕਰੋ!

ਦਿਲ ਦੇ ਜ਼ਖ਼ਮ ਐਕਸਰੇ ਚ ਨਹੀਂ ਆਉਂਦੇ। 

ਹੌਕਿਆਂ ਦੀ ਸਕੈਨਿੰਗ ਨਹੀਂ ਹੁੰਦੀ। 

ਰੂਹ ਤੇ ਪਈਆਂ ਲਾਸਾਂ ਦਾ ਜੁਰਮ ਨਹੀਂ ਬਣਦਾ। 

ਅਰਜ਼ੀ ਵਿੱਚ ਇਹ ਸਾਰਾ ਕੁਝ ਕਿਵੇਂ ਲਿਖੀਏ। 

ਸਬੂਤ ਤਾਂ ਨੰਗੀ ਅੱਖ ਹੀ ਵੇਖ ਸਕਦੀ

ਇਹ ਜਬਰ ਜਾਨਣ ਲਈ

ਤੀਸਰਾ ਨੇਤਰ ਚਾਹੀਦਾ ਹੈ। 

ਉਹੀ ਗ਼ੈਰ ਹਾਜ਼ਰ ਹੈ। 

ਭਾ ਜੀ!

ਕਿਸੇ ਨਾਲ ਕੋਈ ਗੱਲ ਨਾ ਕਰਿਉ

ਪਰ ਸੱਚ ਪੁੱਛਿਉ,

ਇਹ ਵੇਖ ਕੇ ਵੱਟ ਬਹੁਤ ਚੜ੍ਹਦੈ। 

     ---ਗੁਰਭਜਨ ਗਿੱਲ