google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: October 2021

Saturday 23 October 2021

ਅੱਜ ਅਨੀਤਾ ਸ਼ਬਦੀਸ਼ ਦਾ ਜਨਮ ਦਿਨ ਹੈ

ਬਹੁਤ ਬਹੁਤ ਮੁਬਾਰਕ ਕੁੜੀਏ-ਹਰਮੀਤ ਵਿਦਿਆਰਥੀ ਦੇ ਸ਼ਬਦਾਂ ਵਿੱਚ 


ਅੱਜ ਜਨਮਦਿਨ ਤਾਂ ਅਨੀਤਾ ਸ਼ਬਦੀਸ਼ ਹੈ ਪਰ ਪਹਿਲਾਂ ਗੱਲ ਹਰਮੀਤ ਦੀ ਕਰ ਲਈਏ। ਹਰਮੀਤ ਵਿਦਿਆਰਥੀ ਉਹਨਾਂ ਫ਼ਰਿਸ਼ਤਿਆਂ ਵਰਗੇ ਇਨਸਾਨਾਂ ਵਿੱਚੋਂ ਹੈ ਜਿਹਨਾਂ ਨੇ ਮਿਲਣ ਗਿਲਣ ਵਿਚ ਆਏ ਸੱਜਣਾਂ ਮਿੱਤਰਾਂ ਜਾਂ ਬੇਗਾਨਿਆਂ ਅੰਦਰ ਲੁਕੀ ਹੋਈ ਕਿਸੇ ਨ ਕਿਸੇ ਖ਼ਾਸੀਅਤ ਦੀ ਚਿਣਗ ਨੂੰ ਪਹਿਲੀ ਨਜ਼ਰੇ ਹੀ ਪਛਾਣਿਆ। ਸਿਰਫ ਪਛਾਣਿਆ ਹੀ ਨਹੀਂ ਬਲਕਿ ਉਸਨੂੰ ਹਵਾ ਵੀ ਦਿੱਤੀ। ਹੋਰਨਾਂ ਬਹੁਤੀਆਂ ਘੜੰਮ ਚੌਧਰੀਆਂ ਵਾਂਗ ਆਪਣੀਆਂ ਸਿਆਣਪਾਂ ਦਾ ਪਾਣੀ ਪਾ ਕੇ ਬੁਝਾਇਆ ਨਹੀਂ। ਉਸ ਖੂਬੀ ਨੂੰ ਸਲਾਮੀ ਕਰਕੇ ਹੋਰ ਉਤਸ਼ਾਹਿਤ ਹੀ ਕੀਤਾ। ਅਨੀਤਾ ਸ਼ਬਦੀਸ਼ ਲਈ ਲਿਖੇ ਜਨਮਦਿਨ ਦੀ ਵਧਾਈ ਦੇ ਸ਼ਬਦ ਪੜ੍ਹ ਕੇ ਇਹੀ ਕੁਝ ਮੇਰੇ ਮਨ ਵਿਚ ਆਇਆ। ਲਓ ਪੜ੍ਹੋ ਤੁਸੀਂ ਵੀ ਇਹਨਾਂ ਜਾਦੂਈ ਸ਼ਬਦਾਂ ਨੂੰ। ਇਹਨਾਂ ਵਿਚਲੀ ਉਰਜਾ ਤੁਹਾਨੂੰ ਵੀ ਸ਼ਕਤੀ ਦੇਵੇਗੀ।
  -ਰੈਕਟਰ ਕਥੂਰੀਆ 

ਅਨੀਤਾ.....

ਪੰਜਾਬੀ ਰੰਗਮੰਚ ਦਾ ਸਥਾਪਤ ਨਾਂ

ਉਹਨਾਂ ਰਾਹਾਂ ਤੇ ਪੂਰੇ ਸਾਬਤ ਕਦਮੀਂ ਤੁਰੀ

ਜਿਹੜੇ ਰਾਹਾਂ ਵਿੱਚ ਕੰਡੇ ਵੀ ਸਨ ਤੇ ਟੋਏ ਵੀ

ਨਾਟਕਾਂ ਦਾ ਸਫ਼ਰ ਆਤਮਜੀਤ ਹੁਰਾਂ ਨਾਲ ਸ਼ੁਰੂ ਕੀਤਾ

ਪਰ ਭਾਈ ਮੰਨਾ ਸਿੰਘ (ਗੁਰਸ਼ਰਨ ਸਿੰਘ) 

ਦੇ ਅੰਗ ਸੰਗ ਰਹਿੰਦਿਆਂ

ਉਸ ਨੇ ਥੀਏਟਰ ਦੀ ਆਤਮਾ ਨੂੰ ਆਤਮਸਾਤ ਕੀਤਾ

ਪੰਜਾਬ ਦੇ ਪਿੰਡ ਪਿੰਡ ਸ਼ਹਿਰ ਸ਼ਹਿਰ

ਵੇਲੇ ਦੇ ਬਲਦੇ ਸੁਆਲਾਂ ਨੂੰ ਉਠਾਉਂਦੇ ਨਾਟਕ ਖੇਡੇ....

ਅਨੀਤਾ ਜਦੋਂ ਅਨੀਤਾ ਸ਼ਬਦੀਸ਼ ਬਣੀ ਤਾਂ

ਅਦਾਕਾਰੀ ਦੇ ਨਾਲ ਨਾਲ 

ਨਿਰਦੇਸ਼ਨ ਦੇ ਕੰਮ ਨੂੰ ਵੀ ਆਪਣੇ ਹੱਥ ਵਿੱਚ ਲੈ ਲਿਆ

ਤਕਰੀਬਨ " ਚਿੜੀ ਦੀ ਅੰਬਰ ਵੱਲ ਉਡਾਣ "ਨਾਲ ਸ਼ੁਰੂ ਹੋਏ 

ਇਸ ਸਫ਼ਰ ਵਿੱਚ

ਕਥਾ ਰਿੜ੍ਹਦੇ ਪਰਿੰਦੇ ਦੀ

ਲੜਕੀ ਜਿਸਨੂੰ ਰੋਣਾ ਨਹੀਂ ਆਉਂਦਾ

ਹਵਾ ਜੇ ਏਦਾਂ ਹੀ ਵਗਦੀ ਰਹੀ

ਮਨ ਮਿੱਟੀ ਦਾ ਬੋਲਿਆ

ਨਟੀ ਬਿਨੋਦਨੀ

ਅਗਲੀ ਸਦੀ ਦਾ ਸੰਤਾਲੀ

ਜੇ ਹੁਣ ਵੀ ਨਾ ਬੋਲੇ

ਵਰਗੇ ਵੱਡੇ ਨਾਟਕਾਂ ਦੀ ਉਸਨੇ ਨਿਰਦੇਸ਼ਨਾਂ ਵੀ ਦਿੱਤੀ ਹੈ

ਅਤੇ ਉਹਨਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਵੀ ਵਿਖਾਇਆ ਹੈ

ਕਈ ਰਾਸ਼ਟਰੀ ਪੱਧਰ ਦੇ ਸਨਮਾਨ ਹਾਸਲ ਕੀਤੇ

ਦਰਜਨਾਂ ਫ਼ਿਲਮਾਂ ਵਿੱਚ ਮਹੱਤਵਪੂਰਨ ਕਿਰਦਾਰ ਨਿਭਾਏ ਹਨ

ਉਹ ਅਭਿਨੇਤਰੀ ਹੈ

ਨਿਰਦੇਸ਼ਕ ਹੈ

ਸੁਚੇਤਕ ਸਕੂਲ ਆਫ਼ ਐਕਟਿੰਗ ਦੀ ਡਾਇਰੈਕਟਰ ਹੈ

ਸਾਡੇ ਬਹੁਤ ਪਿਆਰੇ ਦੋਸਤ ਸ਼ਬਦੀਸ਼ ਦੀ ਜੀਵਨ ਸਾਥਣ ਹੈ

ਪਰ ਇਸ ਸਭ ਤੋਂ ਪਹਿਲਾਂ ਸਾਡੇ ਆਪਣੇ ਘਰ ਦਾ ਜੀਅ ਹੈ

ਅੱਜ ਅਨੀਤਾ ਸ਼ਬਦੀਸ਼ ਦਾ ਜਨਮ ਦਿਨ ਹੈ

ਬਹੁਤ ਬਹੁਤ ਮੁਬਾਰਕ ਕੁੜੀਏ

                   --ਹਰਮੀਤ ਵਿਦਿਆਰਥੀ 

ਲੋਕਾਂ ਦੇ ਸੰਘਰਸ਼ਾਂ ਨੂੰ ਸਮਰਪਿਤ ਅੱਜ ਦੇ ਵੇਲਿਆਂ ਦੀ ਇਸ ਮਹਾਨ ਕਲਾਕਾਰਾ ਬਾਰੇ ਜੇ ਤੁਹਾਡਾ ਵੀ
ਕੋਈ ਅਨੁਭਵ, ਕੋਈ ਯਾਦ ਜ਼ਹਿਨ ਦੇ ਕਿਸੇ ਕੋਨੇ ਵਿਚ ਲੁੱਕੀ ਪਈ ਹੈ ਤਾਂ ਉਸਨੂੰ ਜ਼ਰੂਰ ਸਾਂਝਿਆਂ
ਕਰਨ। ਤੁਹਾਡੀਆਂ ਲਿਖਤਾਂ ਦੀ ਉਡੀਕ ਬਣੀ ਰਹੇਗੀ। ਉਸਦੇ ਨਾਲ ਸਬੰਧਤ ਤਸਵੀਰਾਂ ਵੀ ਹੋਣ
ਤਾਂ ਉਹ ਵੀ ਜ਼ਰੂਰ ਭੇਜਣਾ। -ਸੰਪਾਦਕ 
Email: medialink32@gmail.com
WhatsApp-+919915322407




Wednesday 13 October 2021

ਜਾਦੂ ਵਰਗਾ ਅਸਰ ਦਿਖਾਏਗੀ ਇਹ ਕਿਤਾਬ ਡਿਪਰੈਸ਼ਨ ਦੇ ਮਰੀਜ਼ਾਂ ਨੂੰ

ਡਿਪਰੈਸ਼ਨ ਤੋਂ ਛੁਟਕਾਰਾ//ਡਾ.ਪ੍ਰਮੋਦ ਸ਼ੰਕਰ ਸੋਨੀ//ਤਰਕਭਾਰਤੀ ਪ੍ਰਕਾਸ਼ਨ ਬਰਨਾਲਾ 

ਲੁਧਿਆਣਾ: 13 ਅਕਤੂਬਰ 2021: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::

200 ਸਫ਼ਿਆਂ ਦੀ ਕਿਤਾਬ-ਕੀਮਤ ਸਿਰਫ
200/-ਰੁ.ਡਾਕ ਖਰਚ ਸਮੇਤ 
ਇੱਕ ਜ਼ਮਾਨਾ ਉਹ ਵੀ ਸੀ ਜਦੋਂ ਹਿੰਦੀ ਵਿੱਚ ਜਾਦੂ ਮੰਤਰ ਤੇ ਕਾਲੇ ਇਲਮ ਦੀਆਂ ਕਿਤਾਬਾਂ ਵੱਡੀ ਗਿਣਤੀ ਵਿੱਚ ਛਪਦੀਆਂ ਤੇ ਵਿਕਿਆ ਕਰਦੀਆਂ ਸਨ। ਉਦੋਂ ਸਮਾਜ ਲਈ ਬਰਬਾਦੀ ਦੇ ਰਾਹ ਖੋਹਲੇ ਜਾ ਰਹੇ ਸਨ। ਵੱਡੇ ਵੱਡੇ ਨਾਮੀ ਰਸਾਲੇ ਅਜਿਹੇ ਵਿਸ਼ਿਆਂ ਤੇ ਆਪਣੇ ਵਿਸ਼ੇਸ਼ ਅੰਕ ਛਾਪਿਆ ਕਰਦੇ ਸਨ। ਇਹਨਾਂ ਵਿਸ਼ੇਸ਼ਨਕਾਂ ਵਿੱਚ ਛਪਦੀਆਂ ਕਹਾਣੀਆਂ ਦੀ ਕਦੇ ਪੜਤਾਲ ਵੀ ਨਹੀਂ ਸੀ ਕੀਤੀ ਜਾਂਦੀ ਕਿ ਉਹ ਕਿੰਨੀਆਂ ਕੁ ਸੱਚੀਆਂ ਹਨ। ਫਿਰ ਇਸ ਅੰਧਵਿਸ਼ਵਾਸ ਨੂੰ ਫੈਲਾਉਣ ਵਾਲੀ ਬਿਮਾਰੀ ਪੰਜਾਬੀ ਪ੍ਰਕਾਸ਼ਨਾਂ ਵਿੱਚ ਵੀ ਪਹੁੰਚ ਗਈ। ਅਸਲੀ ਇੰਦਰਜਾਲ ਵਰਗੇ ਨਾਵਾਂ ਹੇਠ ਕਿਤਾਬਾਂ ਵਰਗੇ ਮੋਟੇ ਰਸਾਲੇ ਅਤੇ ਕਿਤਾਬਚੇ ਪੰਜਾਬੀ ਵਿੱਚ ਵੀ ਧੜਾਧੜ ਛਪਣ ਲੱਗੇ। ਘਰ ਘਰ ਜਾਦੂ ਮੰਤਰਾਂ ਨਾਲ ਰਾਤੋ ਰਾਤੋ ਅਮੀਰ ਬਣਨ ਵਾਲੀ ਸੋਚ ਘਰ ਕਰਨ ਲੱਗ ਪਈ। ਵਸ਼ੀਕਰਨ ਵਾਲੇ ਟੋਟਕਿਆਂ ਨੇ ਲੋਕਾਂ ਨੂੰ ਮਾਨਸਿਕ ਬਿਮਾਰ ਬਣਾ ਦਿੱਤਾ। ਇਸ ਸਾਰੇ ਰੁਝਾਣ ਨੂੰ ਤਰਕਸ਼ੀਲਾਂ ਦੀ ਮੁਹਿੰਮ ਨੇ ਜ਼ੋਰਦਾਰ ਟੱਕਰ ਦਿੱਤੀ। ਉਹਨਾਂ ਨੇ ਇਸ ਮਾਰੂ ਰੁਝਾਨ ਨੂੰ ਠੱਲ ਵੀ ਪਾਈ। ਦੇਵ ਪੁਰਸ਼ ਹਾਰ ਗਏ ਨਾਮਕ ਕਿਤਾਬ ਵਾਲੀ ਸੋਚ ਸਾਹਮਣੇ ਬਹੁਤਿਆਂ ਨੂੰ ਗੋਡੇ ਟੇਕਣੇ ਪਏ। ਤਰਕਸ਼ੀਲਾਂ ਦਾ ਇਨਾਮ ਕੋਈ ਬਾਬਾ ਨਾ ਜਿੱਤ ਸਕਿਆ। ਪੂੰਜੀਵਾਦ ਦੇ ਕਾਰਪੋਰੇਟੀ ਦੌਰ ਨੇ ਲੋਕਾਂ ਨੂੰ ਸਿਰਫ ਮੁਨਾਫ਼ੇ ਦੀ ਭਾਸ਼ਾ ਹੀ ਸਮਝਾਈ ਅਤੇ ਬਾਕੀ ਸਭ ਕੁਝ ਭੁਲਾ ਦਿੱਤਾ। ਨਾ ਆਪਸੀ ਰਿਸ਼ਤੇ ਯਾਦ ਰਹੇ, ਨਾ ਹੀ ਇਹਨਾਂ  ਰਿਸ਼ਤਿਆਂ ਵਿਚਲੀ ਪਵਿੱਤਰਤਾ, ਨਾ ਹੀ ਫਰਜ਼ ਅਤੇ ਨਾ ਹੀ ਨੈਤਿਕਤਾ। ਪੈਸੇ ਦੀ ਅੰਨੀ ਦੌੜ ਨੇ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਮਾਰੂ ਬਿਮਾਰੀਆਂ ਨੂੰ ਜਨਮ ਦਿੱਤਾ। 

ਇਸਦੇ ਨਾਲ ਹੀ ਹਰ ਘਰ ਵਿੱਚ ਡਿਪਰੈਸ਼ਨ ਦੇ ਮਰੀਜ਼ ਪੈਦਾ ਹੋਣ ਲੱਗ ਪਏ।  ਡਿਪਰੈਸ਼ਨ ਰੋਕਣ ਵਾਲੀਆਂ ਦਵਾਈਆਂ  ਦੀ ਦੂਰ ਦੁਰਵਰਤੋਂ ਬਹੁਤੇ ਲੋਕਾਂ ਨੇ ਨਸ਼ਿਆਂ ਦੇ ਬਦਲ ਵੱਜੋਂ ਕਰਨੀ ਸ਼ੁਰੂ ਕਰ ਦਿੱਤੀ। ਉੱਚੇ ਲੰਮੇ ਕੱਦਕਾਠ ਵਾਲੇ ਗਭਰੂ ਸੁੰਗੜਦੇ ਸੁੰਗੜਦੇ ਬੌਣੇ ਜਿਹੇ ਹੋਣ ਲੱਗ ਪਏ। ਜਵਾਨੀ ਵਿੱਚ ਕੁੱਬ ਨਿਕਲਣ ਲੱਗ ਪਏ ਤੇ ਛੋਟੀ ਉਮਰੇ ਚਿੱਟੀਆਂ ਵਾਲਾਂ ਵਾਲੀ ਬਿਮਾਰੀ ਵੀ ਆਮ ਹੋ ਗਈ। ਚਿਹਰਿਆਂ ਵਿਚਲਾ ਜਲਾਲ ਅਲੋਪ ਹੋ ਗਿਆ। ਜਨਮ, ਬਚਪਨ ਅਤੇ ਸਿਧ ਬੁਢਾਪਾ--ਜਵਾਨੀ ਨੂੰ ਤਾਂ ਨਜ਼ਰ ਹੀ ਲੱਗ ਗਈ। ਖੁਦਕੁਸ਼ੀਆਂ ਚਿੰਤਾਜਨਕ ਹੱਦ ਤੱਕ ਵੱਧ ਗਈਆਂ। ਇਹਨਾਂ ਸਾਰੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਚੁਣੌਤੀ ਕਬੂਲ ਕੀਤੀ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਨੇ।  

ਉਹਨਾਂ ਨੇ ਡਿਪਰੈਸ਼ਨ ਤੋਂ ਛੁਟਕਾਰਾ ਨਾਮ ਦੀ ਕਿਤਾਬ ਪ੍ਰਕਾਸ਼ਿਤ ਕੀਤੀ ਹੈ ਜਿਸ ਨੂੰ ਲਿਖਿਆ ਹੈ ਡਾ.ਪ੍ਰਮੋਦ ਸ਼ੰਕਰ ਸੋਨੀ ਨੇ। ਪਰਕ੍ਸ਼ਕਾਂ ਦਾ ਕਹਿਣਾ ਹੈ ਕਿ ਡਾ. ਪ੍ਰਮੋਦ ਸ਼ੰਕਰ ਸੋਨੀ ਦੀ ਇਹ ਕਿਤਾਬ ਡਿਪਰੈਸ਼ਨ ਨਾਲ ਜੂਝ ਰਹੇ ਵਿਅਕਤੀਆਂ ਲਈ ਅੰਮ੍ਰਿਤ ਦਾ ਇੱਕ ਅਜਿਹਾ ਪਿਆਲਾ ਹੈ, ਜੋ ਲੋਕਾਂ ਨੂੰ ਨਾ ਸਿਰਫ਼ ਇਸ ਅਵਸਥਾ ਤੋਂ ਛੁਟਕਾਰਾ ਹੀ ਦਿਵਾਏਗਾ, ਸਗੋਂ ਜੀਵਨ ਲਈ ਇੱਕ ਨਵਾਂ ਉਤਸ਼ਾਹ ਅਤੇ ਉਮੰਗ ਵੀ ਪ੍ਰਦਾਨ ਕਰੇਗਾ। ਇਹ ਪੁਸਤਕ ਤੁਹਾਨੂੰ ਤੁਹਾਡੀ ਸਮੱਸਿਆ ਦੀ ਜੜ ਤੱਕ ਪਹੁੰਚਾਉਣ ਦੇ ਨਾਲ-ਨਾਲ ਇੱਕ ਨਵੀਂ ਜੀਵਨਸ਼ੈਲੀ ਪ੍ਰਤੀ ਵੀ ਪ੍ਰੇਰਿਤ ਕਰੇਗੀ।

ਇਸ ਕਿਤਾਬ ਵਿੱਚ ਲੇਖਕ ਨੇ ਡਿਪਰੈਸ਼ਨ ਦੇ ਹਰੇਕ ਪਹਿਲੂ ਦਾ ਵਿਸਥਾਰ ਨਾਲ ਵਰਨਣ ਹੀ ਨਹੀਂ ਕੀਤਾ, ਸਗੋਂ ਡਿਪਰੈਸ਼ਨ ਤੋਂ ਪੀੜਤ ਲੋਕਾਂ ਦੀਆਂ ਸਕਸੈਸ ਸਟੋਰੀਜ਼ ਨਾਲ ਇਸ ਦੇ ਉੱਭਰਨ ਦੇ ਬਹੁਤ ਹੀ ਸਰਲ ਅਤੇ ਸਟੀਕ ਉਪਾਅ ਵੀ ਦੱਸੇ ਹਨ, ਜੋ ਇਸ ਪੁਸਤਕ ਨੂੰ ਬਹੁਤ ਦਿਲਚਸਪ ਅਤੇ ਵਿਵਹਾਰਿਕ ਬਣਾ ਦਿੰਦੀ ਹੈ। ਇਹ ਕਿਤਾਬ ਉਨ੍ਹਾਂ ਲੋਕਾਂ ਲਈ ਜ਼ਰੂਰੀ ਹੈ, ਜਿਨ੍ਹਾਂ ਨੂੰ ਅਕਸਰ ਨਿਰਾਸ਼ਾ, ਹਤਾਸ਼ਾ, ਖਾਲੀਪਣ, ਉਦਾਸੀ ਜਾਂ ਫਿਰ ਚਿੰਤਾ ਆਪਣੇ ਚੁੰਗਲ ਵਿੱਚ ਫਸਾ ਲੈਂਦੀ ਹੈ। ਇਹ ਕਿਤਾਬ ਉਨ੍ਹਾਂ ਨੂੰ ਵੀ ਪੜ੍ਹਨੀ ਚਾਹੀਦੀ ਹੈ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ ਜਾਂ ਮਿੱਤਰ ਅਜਿਹੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਕਿਤਾਬ ਪੇਪਰਬੈਕ ਵਿੱਚ ਹੈ ਅਤੇ 200 ਸਫ਼ਿਆਂ ਦੀ ਹੈ ਜਿਸ ਵਿਹਚਕ ਡਿਪਰੈਸ਼ਨ ਨਾਲ ਸਬੰਧਤ ਕਾਫੀ ਕੁਝ ਸੌਖੇ ਜਿਹੇ ਸ਼ਬਦਾਂ ਵਿੱਚ ਸਮੇਟਿਆ ਗਿਆ ਹੈ। ਲਿਖਣ ਦਾ ਅੰਦਾਜ਼ ਵੀ ਬਹੁਤ ਦਿਲਚਸਪ ਹੈ। ਕੀਮਤ ਡਾਕ ਖਰਚ ਸਮੇਤ ਸਿਰਫ 200/- ਰੁਪਏ ਹੈ।  ਫੋਨ ਕਰਕੇ ਆਰਡਰ ਦੇਣਾ ਚਾਹੋ ਤਾਂ ਮੋਬਾਈਲ ਨੰਬਰ ਹੈ-7528862854 ਜਿਸ ਤੇ ਤੁਸੀਂ ਆਪਣਾ ਨਾਮ ਪਤਾ ਵਟਸਪ ਕਰ ਸਕਦੇ ਹੋ। ਆਪਣੇ ਦੋਸਤਾਂ, ਮਿੱਤਰਾਂ ਅਤੇ ਹੋਰ ਸਨੇਹੀਆਂ ਨੂੰ ਇਹ ਕਿਤਾਬ ਤੁਸੀਂ ਸੌਗਾਤ ਵੱਜੋਂ ਵੀ ਦੇ ਸਕਦੇ ਹੋ। ਲਾਇਬ੍ਰੇਰੀਆਂ ਲਈ ਸ਼ਾਇਦ ਵਿਸ਼ੇਸ਼ ਛੋਟ ਵੀ ਮਿਲ ਜਾਵੇ। --ਕਾਰਤਿਕਾ ਸਿੰਘ (+919417242529):

Sunday 10 October 2021

ਵਾਹਿਗੁਰੂ ਦੀ ਕ੍ਰਿਪਾ ਬਿਨਾ ਕਦੇ ਸਫਲਤਾ ਨਹੀਂ ਮਿਲਦੀ

ਟਰਗਲਾਂ ਭਾਵੇਂ ਜਿੰਨੀਆਂ ਮਰਜ਼ੀ ਕਰ ਲਈਏ 


ਸੋਸ਼ਲ ਮੀਡੀਆ: 10 ਅਕਤੂਬਰ 2021: (ਸਾਹਿਤ ਸਕਰੀਨ ਬਿਊਰੋ)::
ਪਰਮੇਸ਼ਰ ਸਿੰਘ ਬੇਰਕਲਾਂ
ਸਾਹਿਤ ਦੀ ਦੁਨੀਆ ਵਿੱਚ ਕਵਿਤਾਵਾਂ ਕਹਾਣੀਆਂ ਬਹੁਤ ਲਿਖੀਆਂ ਗਈਆਂ ਹਨ। ਸੱਚੀਆਂ ਕਹਾਣੀਆਂ ਵੀ ਬਹੁਤ ਵਾਰ ਸਾਹਮਣੇ ਆਉਂਦੀਆਂ ਰਹੀਆਂ ਹਨ ਅਤੇ ਬਦਲੇ ਹੋਏ ਨਾਵਾਂ ਵਾਲੀਆਂ ਵੀ ਪਰ ਇਸ ਹਥਲੀ ਰਚਨਾ ਵਿਚਲਾ ਸੱਚ ਕੁਝ ਵੱਖਰਾ ਜਿਹਾ ਹੈ। ਇਸ ਵਿਚ ਕੋਈ ਮਿਲਾਵਟ ਨਹੀਂ। ਅਸਲ ਵਿੱਚ ਪਰਮੇਸ਼ਰ ਸਿੰਘ ਬੇਰਕਲਾਂ ਇੱਕ ਪੱਤਰਕਾਰ ਹੈ। ਇੱਕ ਵੱਡੀ ਪੰਜਾਬੀ ਅਖਬਾਰ ਦਾ ਪੱਤਰਕਾਰ ਰਿਹਾ। ਅੱਜਕਲ੍ਹ ਰੇਡੀਓ ਲਈ ਵੀ ਸਰਗਰਮ ਹੈ। ਤਬਸਰੇ ਵਿੱਚ ਉਸਦਾ ਕੋਈ ਜੁਆਬ ਨਹੀਂ। ਪੱਤਰਕਾਰੀ ਵਿਚ ਸੰਪਾਦਨਾ ਦੌਰਾਨ ਬੜੀ ਬੇਰਹਿਮੀ ਨਾਲ ਕੈਂਚੀ ਚਲਾਉਣੀ ਪੈਂਦੀ ਹੈ। ਇੱਕ ਸ਼ਬਦ ਵੀ ਫਾਲਤੂ ਨਾਂ ਰਹਿ ਜਾਵੇ ਇਸਦਾ ਖਿਆਲ ਰੱਖਣਾ ਪੈਂਦਾ ਹੈ। ਇਹੀ ਆਦਤ ਹੋਲੀ ਹੋਲੀ ਸਮੁੱਚੀ ਜ਼ਿੰਦਗੀ ਦੇ ਲਾਈਫ ਸਟਾਈਲ ਵਿੱਚ ਸ਼ਾਮਲ ਹੋ ਜਾਂਦੀ ਹੈ। ਆਮ ਤੌਰ ਤੇ ਹਰ ਵੇਲੇ ਆਲੇ ਦੁਆਲੇ ਰਹਿਣ ਵਾਲੀਆਂ ਘਟਨਾਵਾਂ ਅਤੇ ਪਾਤਰਾਂ ਦੀ ਭੀੜ ਦੇ ਬਾਵਜੂਦ ਪੱਤਰਕਾਰਾਂ ਨੂੰ ਇਸਦੀ ਜਾਚ ਭਲੀ ਭਾਂਤ ਆ ਜਾਂਦੀ ਹੈ ਕਿ ਆਪਣੇ ਪਾਠਕਾਂ ਨੂੰ ਕਿਹੜੀ ਗੱਲ ਕਿੰਨੇ ਕੁ ਸ਼ਬਦਾਂ ਵਿੱਚ ਦੱਸਣੀ ਹੈ। ਪੱਤਰਕਾਰ ਕਦੇ ਵੀ ਆਪਣੇ ਪਾਠਕਾਂ ਦਾ ਸਮਾਂ ਖਰਾਬ ਨਹੀਂ ਕਰਦਾ। ਇਸ ਲਿਖਤ ਵਿੱਚ ਵੀ ਪਰਮੇਸ਼ਰ ਸਿੰਘ ਬੇਰਕਲਾਂ ਨੇ ਬਹੁਤ ਕੁਝ ਛੋਹਿਆ ਹੈ ਜਿਹਨਾਂ ਵਿੱਚ ਅਜੇ ਕਈ ਕਈ ਕਹਾਣੀਆਂ ਨਿਕਲ ਸਕਦੀਆਂ ਸਨ ਪਰ ਲੇਖਕ ਆਪਣੇ ਵਿਸ਼ੇ ਤੇ ਕੇਂਦਰਿਤ ਰਿਹਾ। ਜ਼ਿੰਦਗੀ ਦੀਆਂ ਸਫਲਤਾਵਾਂ ਲਈ ਜਿਹੜੇ ਪਾਪੜ ਵੇਲਣੇ ਪੈਂਦੇ ਹਨ ਉਹਨਾਂ ਦੀ ਗੱਲ ਕਰਦਿਆਂ ਕਰਦਿਆਂ ਲੇਖਕ ਆਪਣੇ ਸੁਨੇਹੇ ਵਾਲੀ ਗੱਲ ਇਥੇ ਹੀ ਮੁਕਾਉਂਦਾ ਹੈ ਕਿ ਵਾਹਿਗੁਰੂ ਦੀ ਕਿਰਪਾ ਬਿਨਾ ਸਫਲਤਾ ਨਹੀਂ ਮਿਲਦੀ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ। ਇਸਦੇ ਨਾਲ ਹੀ ਡੇਰਿਆਂ,  ਧਾਰਮਿਕ ਅਦਾਰਿਆਂ ਅਤੇ ਮੀਡੀਆ ਵਿਚਲੀ ਨੇੜਤਾ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ। ਫਿਲਹਾਲ ਤੁਸੀਂ ਇਥੇ ਪੜ੍ਹੋ ਪਰਮੇਸ਼ਰ ਹੁਰਾਂ ਦੀ ਇਹ ਖਾਸ ਲਿਖਤ-ਰੈਕਟਰ ਕਥੂਰੀਆ 

ਦਾਸਾਂ ਕਾਰਜ ਆਪੁ ਸਵਾਰੇ ਇਹ ਉਸਦੀ ਵਡਿਆਈ॥

ਸੈਲਾਨੀ ਵੀਜੇ ਲਈ ਵੱਖ ਵੱਖ ਪਾਪੜ ਵੇਲਣ ਤੋਂ ਲੈ ਕੇ ਪੱਕੇ ਕੈਨੇਡਾ ਵਾਲ਼ੇ ਹੋਣ ਦੀ ਖੁਸ਼ੀ

20 ਕੁ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਅਮਰੀਕਾ ਵਸਦਾ ਯੋਗੀ ਹਰਭਜਨ ਸਿੰਘ ਆਪਣੇ ਵੱਡੇ ਜਥੇ ਸਮੇਤ ਪੰਜਾਬ ਫੇਰੀ 'ਤੇ ਆਇਆ ਸੀ। ਮੈਨੂੰ ਉਦੋਂ ਹਾਲੇ ਪੱਤਰਕਾਰੀ ਸ਼ੁਰੂ ਕੀਤਿਆਂ ਸਾਲ ਡੇਢ ਸਾਲ ਹੀ ਹੋਇਆ ਸੀ। ਇਸ ਫੇਰੀ ਦੌਰਾਨ ਯੋਗੀ ਜਵੱਦੀ ਵਾਲ਼ੇ ਬਾਬਾ ਸੁੱਚਾ ਸਿੰਘ ਵੱਲੋਂ ਕਰਵਾਏ ਵਿਸ਼ਾਲ ਗੁਰਮਤਿ ਸੰਗੀਤ ਸੰਮੇਲਨ ਵਿਚ ਵੀ ਪਹੁੰਚੇ। ਇਥੇ ਯੋਗੀ ਨਾਲ਼ ਗੱਲਬਾਤ ਦੌਰਾਨ ਪੰਜਾਬੀ ਟ੍ਰਿਬਿਊਨ ਦੇ ਨਾਮਾਨਿਗਾਰ ਸਤਿਬੀਰ ਸਿੰਘ ਨੇ ਕਹਿ ਦਿੱਤਾ ਕਿ ਯੋਗੀ ਜੀ ਪੰਜਾਬ ਤੋਂ ਸਿੱਖ ਕੌਮ ਦੇ ਉਚ ਕੋਟੀ ਦੇ ਵਿਦਵਾਨਾਂ ਨੂੰ ਬੁਲਾ ਕੇ ਅਮਰੀਕਾ ਵਿਚ ਵੀ ਕੋਈ ਏਦਾਂ ਦਾ ਵੱਡਾ ਸਮਾਗਮ ਕਰਵਾਓ। ਯੋਗੀ ਨੇ ਤੁਰੰਤ ਹਾਮੀ ਭਰਦਿਆਂ ਇਸ ਦੀ ਕਵਰੇਜ ਲਈ ਸਤਿਬੀਰ ਸਿੰਘ ਨੂੰ ਵੀ ਅਮਰੀਕਾ ਆਉਣ ਦਾ ਸੱਦਾ ਦੇ ਦਿੱਤਾ। 

ਜਦੋਂ ਇਹ ਗੱਲ ਲੁਧਿਆਣੇ ਅਤੇ ਪੰਜਾਬ ਦੇ ਹੋਰ ਪੱਤਰਕਾਰਾਂ ਤੱਕ ਪਹੁੰਚੀ ਤਾਂ ਅਜੀਤ ਦੇ ਗੁਰਿੰਦਰ ਸਿੰਘ ਸਮੇਤ ਕੁੱਝ ਹੋਰ ਨਾਮਾਨਿਗ਼ਾਰ ਵੀ ਯੋਗੀ ਦੇ ਸੰਪਰਕ ਵਿਚ ਆ ਗਏ ਤੇ ਯੋਗੀ ਨੇ ਉਨ੍ਹਾਂ ਨੂੰ ਵੀ ਅਮਰੀਕਾ ਦਾ ਸੱਦਾ ਘੱਲ ਦਿੱਤਾ। ਅਮਰੀਕਾ ਦਾ ਨਾਂਅ ਸੁਣ ਕੇ ਸਾਡੇ ਮਨ ਵੀ ਲੂਹਰੀਆਂ ਲੈਣ ਲੱਗਾ। ਮੇਰੇ ਤੋਂ ਇਲਾਵਾ 'ਪਾਲੀ ਦੇ ਢਾਬੇ' ਉਤੇ ਸਤਿਬੀਰ ਸਿੰਘ ਦੀ ਸ਼ਾਗਿਰਦੀ ਵਿਚ ਵਿਚਰਨ ਵਾਲ਼ੇ ਮਰਹੂਮ ਪਰਮਜੀਤ ਸਿੰਘ ਪੰਮੀ, ਗੁਰਦੇਵ ਮੁੱਲਾਂਪੁਰੀ, ਮਰਹੂਮ ਸੁਭਾਸ਼ ਸੇਠੀ ਨੇ ਵੀ 'ਉਸਤਾਦ ਜੀ' ਦੇ ਰੋਜ਼ਾਨਾ ਤਰਲੇ ਕਰਨੇ ਸ਼ੁਰੂ ਕਰ ਦਿੱਤੇ ਕਿ ਯੋਗੀ ਨੂੰ ਕਹਿ ਕੇ ਕਿਸੇ ਤਰਾਂ ਸਾਡਾ ਨਾਂਅ ਵੀ ਇਸ ਅਮਰੀਕਾ ਦੌਰੇ ਵਾਲ਼ੀ ਟੀਮ ਵਿਚ ਪੁਆ ਦਿੱਤਾ ਜਾਵੇ। ਪਰ ਉਸਤਾਦ ਜੀ ਦਾ ਦਲੀਲ ਪੂਰਨ ਜੁਆਬ ਸੀ ਕਿ ਪਹਿਲਾਂ ਉਨ੍ਹਾਂ ਦੀ ਅਮਰੀਕਾ ਫੇਰੀ ਤਾਂ ਪੈ ਜਾਵੇ ਅਗਲੀ ਵਾਰ ਤੁਹਾਡਾ ਵੀ ਨੰਬਰ ਲਾ ਦਿਆਂਗੇ। ਕੁੱਝ ਸਾਲਾਂ ਬਾਅਦ ਯੋਗੀ ਹਰਭਜਨ ਸਿੰਘ ਚੱਲ ਵਸਿਆ ਤੇ ਸਾਡੇ ਅਮਰੀਕਾ ਦੌਰੇ ਦੇ ਅਰਮਾਨ ਵਿਚੇ ਹੀ ਰਹਿ ਗਏ। ਇਸ ਤੋਂ ਬਾਅਦ ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਵਿਸ਼ਵ ਹਾਕੀ ਕੱਪ ਤੇ ਉਲੰਪਿਕ ਖੇਡਾਂ ਦੀ ਕਵਰੇਜ ਕਰਨ ਲਈ ਜਰਮਨ ਤੇ ਆਸਟ੍ਰੇਲੀਆ ਗਿਆ ਤਾਂ ਪੱਤਰਕਾਰੀ ਹਲਕਿਆਂ ਵਿਚ ਇਸ ਦੀ ਚਰਚਾ ਹੋਣੀ ਸੁਭਾਵਕ ਹੀ ਸੀ। ਅਸੀਂ ਫੇਰ ਲੰਗਰ ਲਗੋਟੇ ਕਸੇ ਤੇ ਅਗਲੇ ਵਿਸ਼ਵ ਹਾਕੀ ਕੱਪ ਮੌਕੇ ਮੈਚਾਂ ਦੀਆਂ ਟਿਕਟਾਂ ਖਰੀਦ ਕੇ ਸੈਲਾਨੀ ਵੀਜਾ ਹਾਸਲ ਕਰਨ ਲਈ ਜਰਮਨ ਅੰਬੈਸੀ ਜਾ ਪਹੁੰਚੇ। ਪਰ ਬਿਨਾ ਕਿਸੇ ਮਾਹਰ ਏਜੰਟ ਦੀਆਂ ਸੇਵਾਵਾਂ ਲਿਆਂ ਖੁਦ ਹੀ ਫਾਈਲ ਤਿਆਰ ਕਰਨ ਤੇ ਅੰਬੈਸੀ ਵਾਲ਼ੀ ਬੀਬੀ ਨੂੰ ਟਿਕਟਾਂ ਵਿਖਾਉਣ ਦੇ ਅਨਾੜੀਪੁਣੇ ਕਾਰਨ ਉਨ੍ਹਾਂ ਕੋਰੀ ਨਾਂਹ ਕਰ ਦਿੱਤੀ। 

ਤੀਜੀ ਵਾਰ ਬੈਲਜੀਅਮ ਸਰਕਾਰ ਨੂੰ ਵਿਸ਼ਵ ਹਾਕੀ ਕੱਪ ਦੀ ਕਵਰੇਜ ਵਾਸਤੇ ਅਰਜੀ ਦਿੱਤੀ। ਪਰ ਉਨ੍ਹਾਂ ਵੀ ਮਹੀਨਾ ਕੁ ਉਡੀਕ ਕਰਵਾ ਕੇ ਨਾਂਹ ਵਿਚ ਸਿਰ ਹਿਲਾ ਦਿੱਤਾ। ਇਸ ਦੌਰਾਨ ਵਿਦੇਸ਼ ਗੇੜੀ ਲਾ ਚੁੱਕੇ ਕੁੱਝ ਜਾਣਕਾਰਾਂ ਨੇ ਸਲਾਹ ਦਿੱਤੀ ਕਿ ਪਹਿਲਾਂ ਕੁੱਝ ਨੇੜੇ ਦੇ ਮੁਲਕਾਂ ਜਿਵੇਂ ਸਿੰਗਾਪੁਰ ਜਾਂ ਡੁਬਈ ਆਦਿ ਦਾ ਗੇੜਾ ਲਾ ਕੇ ਪਾਸਪੋਰਟ 'ਤੇ ਆਪਣਾ 'ਸੈਰ ਸਪਾਟੇ ਦਾ ਇਤਿਹਾਸ' (Travel history) ਬਣਾਓ ਤਾਂ ਹੀ ਯੂਰਪ ਜਾਂ ਵੱਡੇ ਮੁਲਕ ਵੀਜਾ ਦੇਣਗੇ। ਲਓ ਜੀ ਅਸੀਂ ਚੱਲ ਪਏ ਥਾਈਲੈਂਡ, ਮਲੇਸ਼ੀਆ ਤੇ ਸਿੰਗਾਪੁਰ ਤਿੰਨ ਮੁਲਕਾਂ ਦੇ ਸੈਰ ਸਪਾਟਾ ਟੂਰ ਉਤੇ। ਪਰ ਤਰਾਸਦੀ ਇਹ ਰਹੀ ਕਿ ਇਹ ਟ੍ਰੈਵਲ ਹਿਸਟਰੀ ਕਿਸੇ ਕੰਮ ਨਾ ਆਈ ਕਿਉਂਕਿ ਬੱਚੇ ਛੋਟੇ ਹੋਣ ਤੇ ਕਬੀਲਦਾਰੀ ਦੇ ਝੰਜਟਾਂ ਵਿਚ ਮੁੜ ਕਿਸੇ ਹੋਰ ਮੁਲਕ ਜਾਣ ਦਾ ਸਬੱਬ ਹੀ ਨਾ ਬਣਿਆ। 

ਅਖੀਰ ਕੈਨੇਡਾ ਅਮਰੀਕਾ ਜਾਣ ਦਾ ਇਹ ਸੁਫ਼ਨਾ ਪੂਰੇ ਦੋ ਦਹਾਕੇ ਬਾਅਦ 2019 ਵਿਚ ਉਦੋਂ ਸਾਕਾਰ ਹੋਇਆ ਜਦੋਂ ਪੜ੍ਹਾਈ ਵੀਜੇ 'ਤੇ ਕਨੈਡਾ ਗਏ ਵੱਡੇ ਪੁੱਤ ਕੁਲਤੇਜ ਸਿੰਘ ਨੇ ਆਪਣੇ ਕਾਲਜ ਦੀ ਕਾਨਵੋਕੇਸ਼ਨ ਵਿਚ ਸ਼ਾਮਿਲ ਹੋਣ ਲਈ ਕਾਲਜ ਤੋਂ ਚਿੱਠੀ ਲਿਖਵਾ ਕੇ ਘੱਲੀ। ਕੈਨੇਡਾ ਜਾ ਕੇ ਸੈਰ ਸਪਾਟੇ ਦੇ 'ਮਾਹਰ' ਜਾਣਕਾਰਾਂ ਦੀਆਂ ਸਲਾਹਾਂ ਦੇ ਉਲਟ ਮੈਂ ਅਮਰੀਕਾ ਦੇ ਵੀਜੇ ਲਈ ਇਹ ਸੋਚ ਕੇ ਅਰਜੀ ਲਾ ਦਿੱਤੀ ਕਿ ਪਹਿਲਾਂ ਵੀ ਤਾਂ ਯੂਰਪ ਵਾਲ਼ੇ ਦੋ ਵਾਰ ਰੱਦ ਕਰ ਈ ਚੁੱਕੇ ਹਨ, ਜੇ ਟੰਰਪ ਕੇ ਕਰ ਦੇਣਗੇ ਤਾਂ ਕੀ ਹੈ। ਪਰ ਉਨ੍ਹਾਂ ਦਰਿਆਦਿਲੀ ਵਿਖਾਉਂਦਿਆਂ 10 ਸਾਲ ਦਾ ਵੀਜ਼ਾ ਦੇ ਦਿੱਤਾ ਤੇ ਹਫਤਾ ਭਰ ਕੈਲੇਫੋਰਨੀਆ ਵਾਲ਼ੇ ਮਿੱਤਰਾਂ ਦੀ ਮੇਜ਼ਬਾਨੀ ਦਾ ਵੀ ਆਨੰਦ ਮਾਣਿਆ।

ਹੁਣ ਲੰਘੇ ਦਿਨ ਪੁੱਤ ਕੁਲਤੇਜ ਸਿੰਘ ਦਾ ਵੱਡੇ ਤੜਕੇ ਅੰਮ੍ਰਿਤ ਵੇਲ਼ੇ 3 ਵਜੇ ਫੋਨ ਆਇਆ ਉਸ ਦੀ ਕੈਨੇਡਾ ਦਾ ਪੱਕਾ ਵਸਨੀਕ ਬਣਨ ਲਈ ਪੀ ਆਰ (PR) ਦੀ ਫਾਈਲ ਪ੍ਰਵਾਨ ਹੋ ਗਈ ਹੈ। ਉਸ ਕਾਦਰ ਦਾ ਕੋਟਨਿ ਕੋਟਿ ਸ਼ੁਕਰਾਨਾ ਕਰਦਿਆਂ ਮੇਰੇ ਮਨ ਵਿਚ ਪਿਛਲੇ 20 ਸਾਲਾਂ ਦੌਰਾਨ ਅਮਰੀਕਾ ਕੈਨੇਡਾ ਜਾਣ ਲਈ ਵੇਲੇ ਪਾਪੜਾਂ ਦੀ ਕਹਾਣੀ ਫਿਲਮ ਵਾਂਗ ਮੁੜ ਘੁੰਮ ਗਈ। ਹਾਂ ਸੱਚ ਪ੍ਰਾ ਇਨ੍ਹਾਂ 20 ਸਾਲਾਂ ਦੌਰਾਨ ਪੈਰ ਪੈਰ 'ਤੇ ਜਿਸ ਇਨਸਾਨ ਨੇ ਹਰ ਔਖੇ ਵੇਲ਼ੇ ਮੇਰਾ ਡਟ ਕੇ ਸਾਥ ਦਿੱਤਾ ਉਹ ਹੈ Jasbir Singh Jassal ਜਿਸ ਨੇ ਇਕ ਮਾਰਗਦਰਸ਼ਕ ਤੇ ਦੋਸਤ ਵਾਂਗ ਹਰ ਪੈਰ 'ਤੇ ਅੱਗੇ ਵਧਣ ਵਿਚ ਸਾਥ ਦਿੱਤਾ। 

ਪੁੱਤ ਦੀ ਕੈਨੇਡਾ ਵਿਚ ਇਸ ਦੂਜੀ ਤੇ ਜ਼ਿੰਦਗੀ ਦੀ ਅਹਿਮ ਪ੍ਰਾਪਤੀ ਲਈ ਵਾਹਿਗੁਰੂ ਦਾ ਕੋਟਨਿ ਕੋਟਿ ਸ਼ੁਕਰਾਨਾ ਕਿਉਂਕਿ ਮੇਰਾ ਪੱਕਾ ਯਕੀਨ ਹੈ ਕਿ ਉਸ ਦੀ ਕ੍ਰਿਪਾ ਬਿਨਾ ਤੁਹਾਡੀ ਜੀ ਜਾਨ ਨਾਲ਼ ਕੀਤੀ ਮੁਸ਼ੱਕਤ ਅਤੇ ਸਫਲ ਹੋਣ ਲਈ ਲਾਏ ਜੁਗਾੜ ਵੀ ਅਕਸਰ ਕਿਸੇ ਕੰਮ ਨਹੀਂ ਆਉਂਦੇ। (Saturday 9th October 2021 at 10:36 AM)


Thursday 7 October 2021

ਕੈਨੇਡਾ ਵਿੱਚ ਨਾਮਵਰ ਸਾਹਿਤਕਾਰ ਕੇਸਰ ਸਿੰਘ ਨੀਰ ਦਾ ਸਨਮਾਨ

7th October 2021 at 3:44 PM  

ਸਾਹਿਤਿਕ ਆਯੋਜਨ ਸਮੇਂ ਵੀ ਬੁਲੰਦ ਹੋਈ ਕਿਸਾਨ ਅੰਦੋਲਨ ਦੀ ਗੱਲ 


ਲੁਧਿਆਣਾ
/ਸਰੀ: 7 ਅਕਤੂਬਰ 2021: (ਅਰਵਿੰਦਰ ਸਿੰਘ ਲਾਡੀ//ਸਾਹਿਤ ਸਕਰੀਨ)::

ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਕੈਲਗਰੀ ਤੋਂ ਆਏ ਪੰਜਾਬੀ ਦੇ ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਦੇ ਮਾਣ ਵਿਚ ਸਰੀ ਵਿਖੇ ਇਕ ਸੰਖੇਪ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਕੁਝ ਚੋਣਵੇਂ ਸਾਹਿਤਕਾਰ ਸ਼ਾਮਲ ਹੋਏ।

ਕੇਸਰ ਸਿੰਘ ਨੀਰ ਦਾ ਸਵਾਗਤ ਕਰਦਿਆਂ ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਬਾਨੀ ਜੈਤੇਗ ਸਿੰਘ ਅਨੰਤ ਨੇ ਕਿਹਾ ਕਿ ਇਕ ਦਰਜਨ ਤੋਂ ਵੀ ਵੱਧ ਸਾਹਿਤਕ ਪੁਸਤਕਾਂ ਰਾਹੀਂ ਪੰਜਾਬੀ ਸਾਹਿਤ ਵਿਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਕੇਸਰ ਸਿੰਘ ਨੀਰ ਨੇ ਆਪਣੇ ਜੀਵਨ ਸੰਘਰਸ਼ ਵਿਚ ਬੇਹੱਦ ਘਾਲਣਾ ਘਾਲੀ ਹੈ ਅਤੇ ਉਨ੍ਹਾਂ ਦੀਆਂ ਸਾਹਿਤਕ ਕਿਰਤਾਂ ਵਿਚ ਵੀ ਇਸ ਸਖਤ ਮਿਹਨਤ ਦੀ ਗਵਾਹੀ ਭਰਦੀਆਂ ਹਨ। ਉਨ੍ਹਾਂ ਦੇ ਸਾਹਿਤਕ ਯੋਗਦਾਨ ਲਈ ਹੋਰਨਾਂ ਮਾਣ ਸਨਮਾਨਾਂ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਵੱਲੋਂ 2012 ਵਿਚ ਉਨ੍ਹਾਂ ਨੂੰ ਸ਼ਰੋਮਣੀ ਸਾਹਿਤਕਾਰ ਦਾ ਵਡੇਰਾ ਸਨਮਾਨ ਪ੍ਰਦਾਨ ਕੀਤਾ ਗਿਆ ਹੈ।
ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਪੰਜਾਬੀ ਹੈਰੀਟੇਜ ਦੇ ਸੰਪਾਦਕ ਲਖਬੀਰ ਸਿੰਘ ਖੰਗੂਰਾ ਨੇ ਕੇਸਰ ਸਿੰਘ ਨੀਰ ਦੀ ਸੰਖੇਪ ਜਾਣ ਪਛਾਣ ਕਰਵਾਉਂਦਿਆਂ ਉਨ੍ਹਾਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ। ਕੇਸਰ ਸਿੰਘ ਨੀਰ ਨੇ ਆਪਣੇ ਬਚਪਨ, ਸਕੂਲੀ ਜੀਵਨ, ਆਪਣੀ ਸਿੱਖਿਆ, ਆਪਣੇ ਅਧਿਆਪਨ ਕਾਰਜ, ਟੀਚਰ ਯੂਨੀਅਨ ਅਤੇ ਆਪਣੇ ਪਿੰਡੇ ਤੇ ਹੰਢਾਈਆਂ ਤਲਖੀਆਂ, ਮੁਸ਼ੱਕਤਾਂ ਦਾ ਸੰਖੇਪ ਵਰਨਣ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬੀ ਦੇ ਉਸਤਾਦ ਗ਼ਜ਼ਲਗੋ ਪ੍ਰਿੰ. ਤਖਤ ਦੀ ਪ੍ਰੇਰਨਾ ਨਾਲ ਉਨ੍ਹਾਂ ਗ਼ਜ਼ਲ ਖੇਤਰ ਵਿਚ ਪ੍ਰਵੇਸ਼ ਕੀਤਾ ਅਤੇ ਉਨ੍ਹਾਂ ਨੂੰ ਉਸਤਾਦ ਧਾਰਨ ਕਰਕੇ ਗ਼ਜ਼ਲ ਦੀਆਂ ਬਰੀਕੀਆਂ ਅਤੇ ਗ਼ਜ਼ਲ ਦੀ ਰਚਨ ਪ੍ਰਕਿਰਿਆ ਬਾਰੇ ਗਿਆਨ ਹਾਸਲ ਕੀਤਾ। ਉਨ੍ਹਾਂ ਆਪਣੀਆਂ ਪੁਸਤਕਾਂ ਬਾਰੇ ਸੰਖੇਪ ਵਿਚ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਆਪਣੀਆਂ ਕੁਝ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਆਪਣੀ ਸ਼ਾਇਰੀ ਰਾਹੀਂ ਲੋਕਾਂ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ-
ਉਠਾਇਆ ਹੈ ਸਦਾ ਦਿਲ ਤੇ ਜੀਹਨੇ ਵੀ ਭਾਰ ਲੋਕਾਂ ਦਾ।
ਉਸੇ ਨੂੰ ਹੀ ਸਦਾ ਮਿਲਿਆ ਹੈ ਪੂਰਾ ਪਿਆਰ ਲੋਕਾਂ ਦਾ।
ਇਸ ਪ੍ਰੋਗਰਾਮ ਵਿਚ ਸ਼ਾਮਲ ਪੰਜਾਬੀ ਕਹਾਣੀਕਾਰ ਅਤੇ ਕਵੀ ਬਿੱਕਰ ਸਿੰਘ ਖੋਸਾ ਨੇ ਆਪਣੇ ਸ਼ਿਅਰਾਂ ਰਾਹੀਂ ਅਜੋਕੇ ਮਨੁੱਖ ਦੇ ਬਹੁਪਰਤੀ ਕਿਰਦਾਰ ਦੀ ਗੱਲ ਕਰਦਿਆਂ ਕਿਹਾ-
ਉਹੀ ਚੜ੍ਹ ਕੇ ਸਟੇਜੀਂ ਹੱਸਣੇ ਦੀ ਜਾਚ ਦੱਸਦਾ ਹੈ
ਕੋਈ ਮੁਸਕਾਨ ਕੀਤੀ ਕੈਦ ਜਿਸ ਆਪਣੇ ਦਰਾਂ ਅੰਦਰ।

ਕਵਿੱਤਰੀ ਹਰਸ਼ਰਨ ਕੌਰ ਨੇ ਇਸ ਮੌਕੇ ਭਾਰਤ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਆਪਣੇ ਕਾਵਿਕ ਨਜ਼ਰੀਏ ਵਿਚ ਪੇਸ਼ ਕੀਤਾ-
ਉਹ ਵਕਤ ਨੂੰ ਪਿੰਜਰੇ ‘ਚ ਕੈਦ ਕਰਨਾ ਹੀ ਜਾਣਨ
ਨਾ ਜਾਣਨ ਪੰਛੀ ਉੱਚੀ ਪਰਵਾਜ਼ ਭਰਦੇ ਨੇ!

ਉਪਰੰਤ ਹਰਦਮ ਸਿੰਘ ਮਾਨ ਨੇ ਆਪਣੇ ਕਾਵਿਕ ਜਜ਼ਬਾਤ ਦਾ ਪ੍ਰਗਟਾਵਾ ਇਉਂ ਕੀਤਾ-
ਧੂੜ ਹਾਂ, ਖੁਸ਼ਬੂ ਬਣਾਂ ਤੇ ਫੈਲ ਜਾਵਾਂ ਧਰਤ ‘ਤੇ।
ਇਸ ਤਰ੍ਹਾਂ ਹੁਣ ਆਪਣੀ ਮੈਂ ਹੋਂਦ ਚਾਹਵਾਂ ਧਰਤ ‘ਤੇ।

ਸੁਰਿੰਦਰ ਸਿੰਘ ਜੱਬਲ ਨੇ ਇਸ ਮੌਕੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਾਜਨ ਦੇ ਬਿਰਤਾਂਤ ਨੂੰ ਆਪਣੀ ਕਵਿਤਾ ਰਾਹੀਂ ਦਰਸਾ ਕੇ ਸਟੇਜੀ ਕਵਿਤਾ ਨੂੰ ਦ੍ਰਿਸ਼ਮਾਨ ਕੀਤਾ।

ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਵੱਲੋਂ ਕੇਸਰ ਸਿੰਘ ਨੀਰ ਨੂੰ ਸਿਰੋਪਾਓ, ਦਸਤਾਰ ਅਤੇ ਕਿਤਾਬਾਂ ਦਾ ਸੈਂਟ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਕਾਮਨਾ ਕੀਤੀ ਗਈ ਕਿ ਸ. ਨੀਰ ਇਸੇ ਤਰ੍ਹਾਂ ਤੰਦਰੁਸਤੀ ਮਾਣਦਿਆਂ ਪੰਜਾਬੀ ਸਾਹਿਤਕਾਰਾਂ ਦੀ ਸਰਪ੍ਰਸਤੀ ਅਤੇ ਮਾਰਗ ਦਰਸ਼ਨ ਕਰਦੇ ਰਹਿਣ। ਕੇਸਰ ਸਿੰਘ ਨੀਰ ਨੇ ਵੀ ਆਪਣੀਆਂ ਕੁਝ ਪੁਸਤਕਾਂ ਟਰੱਸਟ ਲਈ ਜੈਤੇਗ ਸਿੰਘ ਅਨੰਤ ਨੂੰ ਭੇਟ ਕੀਤੀਆਂ।