google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਵਾਹਿਗੁਰੂ ਦੀ ਕ੍ਰਿਪਾ ਬਿਨਾ ਕਦੇ ਸਫਲਤਾ ਨਹੀਂ ਮਿਲਦੀ

Sunday 10 October 2021

ਵਾਹਿਗੁਰੂ ਦੀ ਕ੍ਰਿਪਾ ਬਿਨਾ ਕਦੇ ਸਫਲਤਾ ਨਹੀਂ ਮਿਲਦੀ

ਟਰਗਲਾਂ ਭਾਵੇਂ ਜਿੰਨੀਆਂ ਮਰਜ਼ੀ ਕਰ ਲਈਏ 


ਸੋਸ਼ਲ ਮੀਡੀਆ: 10 ਅਕਤੂਬਰ 2021: (ਸਾਹਿਤ ਸਕਰੀਨ ਬਿਊਰੋ)::
ਪਰਮੇਸ਼ਰ ਸਿੰਘ ਬੇਰਕਲਾਂ
ਸਾਹਿਤ ਦੀ ਦੁਨੀਆ ਵਿੱਚ ਕਵਿਤਾਵਾਂ ਕਹਾਣੀਆਂ ਬਹੁਤ ਲਿਖੀਆਂ ਗਈਆਂ ਹਨ। ਸੱਚੀਆਂ ਕਹਾਣੀਆਂ ਵੀ ਬਹੁਤ ਵਾਰ ਸਾਹਮਣੇ ਆਉਂਦੀਆਂ ਰਹੀਆਂ ਹਨ ਅਤੇ ਬਦਲੇ ਹੋਏ ਨਾਵਾਂ ਵਾਲੀਆਂ ਵੀ ਪਰ ਇਸ ਹਥਲੀ ਰਚਨਾ ਵਿਚਲਾ ਸੱਚ ਕੁਝ ਵੱਖਰਾ ਜਿਹਾ ਹੈ। ਇਸ ਵਿਚ ਕੋਈ ਮਿਲਾਵਟ ਨਹੀਂ। ਅਸਲ ਵਿੱਚ ਪਰਮੇਸ਼ਰ ਸਿੰਘ ਬੇਰਕਲਾਂ ਇੱਕ ਪੱਤਰਕਾਰ ਹੈ। ਇੱਕ ਵੱਡੀ ਪੰਜਾਬੀ ਅਖਬਾਰ ਦਾ ਪੱਤਰਕਾਰ ਰਿਹਾ। ਅੱਜਕਲ੍ਹ ਰੇਡੀਓ ਲਈ ਵੀ ਸਰਗਰਮ ਹੈ। ਤਬਸਰੇ ਵਿੱਚ ਉਸਦਾ ਕੋਈ ਜੁਆਬ ਨਹੀਂ। ਪੱਤਰਕਾਰੀ ਵਿਚ ਸੰਪਾਦਨਾ ਦੌਰਾਨ ਬੜੀ ਬੇਰਹਿਮੀ ਨਾਲ ਕੈਂਚੀ ਚਲਾਉਣੀ ਪੈਂਦੀ ਹੈ। ਇੱਕ ਸ਼ਬਦ ਵੀ ਫਾਲਤੂ ਨਾਂ ਰਹਿ ਜਾਵੇ ਇਸਦਾ ਖਿਆਲ ਰੱਖਣਾ ਪੈਂਦਾ ਹੈ। ਇਹੀ ਆਦਤ ਹੋਲੀ ਹੋਲੀ ਸਮੁੱਚੀ ਜ਼ਿੰਦਗੀ ਦੇ ਲਾਈਫ ਸਟਾਈਲ ਵਿੱਚ ਸ਼ਾਮਲ ਹੋ ਜਾਂਦੀ ਹੈ। ਆਮ ਤੌਰ ਤੇ ਹਰ ਵੇਲੇ ਆਲੇ ਦੁਆਲੇ ਰਹਿਣ ਵਾਲੀਆਂ ਘਟਨਾਵਾਂ ਅਤੇ ਪਾਤਰਾਂ ਦੀ ਭੀੜ ਦੇ ਬਾਵਜੂਦ ਪੱਤਰਕਾਰਾਂ ਨੂੰ ਇਸਦੀ ਜਾਚ ਭਲੀ ਭਾਂਤ ਆ ਜਾਂਦੀ ਹੈ ਕਿ ਆਪਣੇ ਪਾਠਕਾਂ ਨੂੰ ਕਿਹੜੀ ਗੱਲ ਕਿੰਨੇ ਕੁ ਸ਼ਬਦਾਂ ਵਿੱਚ ਦੱਸਣੀ ਹੈ। ਪੱਤਰਕਾਰ ਕਦੇ ਵੀ ਆਪਣੇ ਪਾਠਕਾਂ ਦਾ ਸਮਾਂ ਖਰਾਬ ਨਹੀਂ ਕਰਦਾ। ਇਸ ਲਿਖਤ ਵਿੱਚ ਵੀ ਪਰਮੇਸ਼ਰ ਸਿੰਘ ਬੇਰਕਲਾਂ ਨੇ ਬਹੁਤ ਕੁਝ ਛੋਹਿਆ ਹੈ ਜਿਹਨਾਂ ਵਿੱਚ ਅਜੇ ਕਈ ਕਈ ਕਹਾਣੀਆਂ ਨਿਕਲ ਸਕਦੀਆਂ ਸਨ ਪਰ ਲੇਖਕ ਆਪਣੇ ਵਿਸ਼ੇ ਤੇ ਕੇਂਦਰਿਤ ਰਿਹਾ। ਜ਼ਿੰਦਗੀ ਦੀਆਂ ਸਫਲਤਾਵਾਂ ਲਈ ਜਿਹੜੇ ਪਾਪੜ ਵੇਲਣੇ ਪੈਂਦੇ ਹਨ ਉਹਨਾਂ ਦੀ ਗੱਲ ਕਰਦਿਆਂ ਕਰਦਿਆਂ ਲੇਖਕ ਆਪਣੇ ਸੁਨੇਹੇ ਵਾਲੀ ਗੱਲ ਇਥੇ ਹੀ ਮੁਕਾਉਂਦਾ ਹੈ ਕਿ ਵਾਹਿਗੁਰੂ ਦੀ ਕਿਰਪਾ ਬਿਨਾ ਸਫਲਤਾ ਨਹੀਂ ਮਿਲਦੀ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ। ਇਸਦੇ ਨਾਲ ਹੀ ਡੇਰਿਆਂ,  ਧਾਰਮਿਕ ਅਦਾਰਿਆਂ ਅਤੇ ਮੀਡੀਆ ਵਿਚਲੀ ਨੇੜਤਾ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ। ਫਿਲਹਾਲ ਤੁਸੀਂ ਇਥੇ ਪੜ੍ਹੋ ਪਰਮੇਸ਼ਰ ਹੁਰਾਂ ਦੀ ਇਹ ਖਾਸ ਲਿਖਤ-ਰੈਕਟਰ ਕਥੂਰੀਆ 

ਦਾਸਾਂ ਕਾਰਜ ਆਪੁ ਸਵਾਰੇ ਇਹ ਉਸਦੀ ਵਡਿਆਈ॥

ਸੈਲਾਨੀ ਵੀਜੇ ਲਈ ਵੱਖ ਵੱਖ ਪਾਪੜ ਵੇਲਣ ਤੋਂ ਲੈ ਕੇ ਪੱਕੇ ਕੈਨੇਡਾ ਵਾਲ਼ੇ ਹੋਣ ਦੀ ਖੁਸ਼ੀ

20 ਕੁ ਸਾਲ ਪਹਿਲਾਂ ਦੀ ਗੱਲ ਹੈ ਜਦੋਂ ਅਮਰੀਕਾ ਵਸਦਾ ਯੋਗੀ ਹਰਭਜਨ ਸਿੰਘ ਆਪਣੇ ਵੱਡੇ ਜਥੇ ਸਮੇਤ ਪੰਜਾਬ ਫੇਰੀ 'ਤੇ ਆਇਆ ਸੀ। ਮੈਨੂੰ ਉਦੋਂ ਹਾਲੇ ਪੱਤਰਕਾਰੀ ਸ਼ੁਰੂ ਕੀਤਿਆਂ ਸਾਲ ਡੇਢ ਸਾਲ ਹੀ ਹੋਇਆ ਸੀ। ਇਸ ਫੇਰੀ ਦੌਰਾਨ ਯੋਗੀ ਜਵੱਦੀ ਵਾਲ਼ੇ ਬਾਬਾ ਸੁੱਚਾ ਸਿੰਘ ਵੱਲੋਂ ਕਰਵਾਏ ਵਿਸ਼ਾਲ ਗੁਰਮਤਿ ਸੰਗੀਤ ਸੰਮੇਲਨ ਵਿਚ ਵੀ ਪਹੁੰਚੇ। ਇਥੇ ਯੋਗੀ ਨਾਲ਼ ਗੱਲਬਾਤ ਦੌਰਾਨ ਪੰਜਾਬੀ ਟ੍ਰਿਬਿਊਨ ਦੇ ਨਾਮਾਨਿਗਾਰ ਸਤਿਬੀਰ ਸਿੰਘ ਨੇ ਕਹਿ ਦਿੱਤਾ ਕਿ ਯੋਗੀ ਜੀ ਪੰਜਾਬ ਤੋਂ ਸਿੱਖ ਕੌਮ ਦੇ ਉਚ ਕੋਟੀ ਦੇ ਵਿਦਵਾਨਾਂ ਨੂੰ ਬੁਲਾ ਕੇ ਅਮਰੀਕਾ ਵਿਚ ਵੀ ਕੋਈ ਏਦਾਂ ਦਾ ਵੱਡਾ ਸਮਾਗਮ ਕਰਵਾਓ। ਯੋਗੀ ਨੇ ਤੁਰੰਤ ਹਾਮੀ ਭਰਦਿਆਂ ਇਸ ਦੀ ਕਵਰੇਜ ਲਈ ਸਤਿਬੀਰ ਸਿੰਘ ਨੂੰ ਵੀ ਅਮਰੀਕਾ ਆਉਣ ਦਾ ਸੱਦਾ ਦੇ ਦਿੱਤਾ। 

ਜਦੋਂ ਇਹ ਗੱਲ ਲੁਧਿਆਣੇ ਅਤੇ ਪੰਜਾਬ ਦੇ ਹੋਰ ਪੱਤਰਕਾਰਾਂ ਤੱਕ ਪਹੁੰਚੀ ਤਾਂ ਅਜੀਤ ਦੇ ਗੁਰਿੰਦਰ ਸਿੰਘ ਸਮੇਤ ਕੁੱਝ ਹੋਰ ਨਾਮਾਨਿਗ਼ਾਰ ਵੀ ਯੋਗੀ ਦੇ ਸੰਪਰਕ ਵਿਚ ਆ ਗਏ ਤੇ ਯੋਗੀ ਨੇ ਉਨ੍ਹਾਂ ਨੂੰ ਵੀ ਅਮਰੀਕਾ ਦਾ ਸੱਦਾ ਘੱਲ ਦਿੱਤਾ। ਅਮਰੀਕਾ ਦਾ ਨਾਂਅ ਸੁਣ ਕੇ ਸਾਡੇ ਮਨ ਵੀ ਲੂਹਰੀਆਂ ਲੈਣ ਲੱਗਾ। ਮੇਰੇ ਤੋਂ ਇਲਾਵਾ 'ਪਾਲੀ ਦੇ ਢਾਬੇ' ਉਤੇ ਸਤਿਬੀਰ ਸਿੰਘ ਦੀ ਸ਼ਾਗਿਰਦੀ ਵਿਚ ਵਿਚਰਨ ਵਾਲ਼ੇ ਮਰਹੂਮ ਪਰਮਜੀਤ ਸਿੰਘ ਪੰਮੀ, ਗੁਰਦੇਵ ਮੁੱਲਾਂਪੁਰੀ, ਮਰਹੂਮ ਸੁਭਾਸ਼ ਸੇਠੀ ਨੇ ਵੀ 'ਉਸਤਾਦ ਜੀ' ਦੇ ਰੋਜ਼ਾਨਾ ਤਰਲੇ ਕਰਨੇ ਸ਼ੁਰੂ ਕਰ ਦਿੱਤੇ ਕਿ ਯੋਗੀ ਨੂੰ ਕਹਿ ਕੇ ਕਿਸੇ ਤਰਾਂ ਸਾਡਾ ਨਾਂਅ ਵੀ ਇਸ ਅਮਰੀਕਾ ਦੌਰੇ ਵਾਲ਼ੀ ਟੀਮ ਵਿਚ ਪੁਆ ਦਿੱਤਾ ਜਾਵੇ। ਪਰ ਉਸਤਾਦ ਜੀ ਦਾ ਦਲੀਲ ਪੂਰਨ ਜੁਆਬ ਸੀ ਕਿ ਪਹਿਲਾਂ ਉਨ੍ਹਾਂ ਦੀ ਅਮਰੀਕਾ ਫੇਰੀ ਤਾਂ ਪੈ ਜਾਵੇ ਅਗਲੀ ਵਾਰ ਤੁਹਾਡਾ ਵੀ ਨੰਬਰ ਲਾ ਦਿਆਂਗੇ। ਕੁੱਝ ਸਾਲਾਂ ਬਾਅਦ ਯੋਗੀ ਹਰਭਜਨ ਸਿੰਘ ਚੱਲ ਵਸਿਆ ਤੇ ਸਾਡੇ ਅਮਰੀਕਾ ਦੌਰੇ ਦੇ ਅਰਮਾਨ ਵਿਚੇ ਹੀ ਰਹਿ ਗਏ। ਇਸ ਤੋਂ ਬਾਅਦ ਖੇਡ ਪੱਤਰਕਾਰ ਜਗਰੂਪ ਸਿੰਘ ਜਰਖੜ ਵਿਸ਼ਵ ਹਾਕੀ ਕੱਪ ਤੇ ਉਲੰਪਿਕ ਖੇਡਾਂ ਦੀ ਕਵਰੇਜ ਕਰਨ ਲਈ ਜਰਮਨ ਤੇ ਆਸਟ੍ਰੇਲੀਆ ਗਿਆ ਤਾਂ ਪੱਤਰਕਾਰੀ ਹਲਕਿਆਂ ਵਿਚ ਇਸ ਦੀ ਚਰਚਾ ਹੋਣੀ ਸੁਭਾਵਕ ਹੀ ਸੀ। ਅਸੀਂ ਫੇਰ ਲੰਗਰ ਲਗੋਟੇ ਕਸੇ ਤੇ ਅਗਲੇ ਵਿਸ਼ਵ ਹਾਕੀ ਕੱਪ ਮੌਕੇ ਮੈਚਾਂ ਦੀਆਂ ਟਿਕਟਾਂ ਖਰੀਦ ਕੇ ਸੈਲਾਨੀ ਵੀਜਾ ਹਾਸਲ ਕਰਨ ਲਈ ਜਰਮਨ ਅੰਬੈਸੀ ਜਾ ਪਹੁੰਚੇ। ਪਰ ਬਿਨਾ ਕਿਸੇ ਮਾਹਰ ਏਜੰਟ ਦੀਆਂ ਸੇਵਾਵਾਂ ਲਿਆਂ ਖੁਦ ਹੀ ਫਾਈਲ ਤਿਆਰ ਕਰਨ ਤੇ ਅੰਬੈਸੀ ਵਾਲ਼ੀ ਬੀਬੀ ਨੂੰ ਟਿਕਟਾਂ ਵਿਖਾਉਣ ਦੇ ਅਨਾੜੀਪੁਣੇ ਕਾਰਨ ਉਨ੍ਹਾਂ ਕੋਰੀ ਨਾਂਹ ਕਰ ਦਿੱਤੀ। 

ਤੀਜੀ ਵਾਰ ਬੈਲਜੀਅਮ ਸਰਕਾਰ ਨੂੰ ਵਿਸ਼ਵ ਹਾਕੀ ਕੱਪ ਦੀ ਕਵਰੇਜ ਵਾਸਤੇ ਅਰਜੀ ਦਿੱਤੀ। ਪਰ ਉਨ੍ਹਾਂ ਵੀ ਮਹੀਨਾ ਕੁ ਉਡੀਕ ਕਰਵਾ ਕੇ ਨਾਂਹ ਵਿਚ ਸਿਰ ਹਿਲਾ ਦਿੱਤਾ। ਇਸ ਦੌਰਾਨ ਵਿਦੇਸ਼ ਗੇੜੀ ਲਾ ਚੁੱਕੇ ਕੁੱਝ ਜਾਣਕਾਰਾਂ ਨੇ ਸਲਾਹ ਦਿੱਤੀ ਕਿ ਪਹਿਲਾਂ ਕੁੱਝ ਨੇੜੇ ਦੇ ਮੁਲਕਾਂ ਜਿਵੇਂ ਸਿੰਗਾਪੁਰ ਜਾਂ ਡੁਬਈ ਆਦਿ ਦਾ ਗੇੜਾ ਲਾ ਕੇ ਪਾਸਪੋਰਟ 'ਤੇ ਆਪਣਾ 'ਸੈਰ ਸਪਾਟੇ ਦਾ ਇਤਿਹਾਸ' (Travel history) ਬਣਾਓ ਤਾਂ ਹੀ ਯੂਰਪ ਜਾਂ ਵੱਡੇ ਮੁਲਕ ਵੀਜਾ ਦੇਣਗੇ। ਲਓ ਜੀ ਅਸੀਂ ਚੱਲ ਪਏ ਥਾਈਲੈਂਡ, ਮਲੇਸ਼ੀਆ ਤੇ ਸਿੰਗਾਪੁਰ ਤਿੰਨ ਮੁਲਕਾਂ ਦੇ ਸੈਰ ਸਪਾਟਾ ਟੂਰ ਉਤੇ। ਪਰ ਤਰਾਸਦੀ ਇਹ ਰਹੀ ਕਿ ਇਹ ਟ੍ਰੈਵਲ ਹਿਸਟਰੀ ਕਿਸੇ ਕੰਮ ਨਾ ਆਈ ਕਿਉਂਕਿ ਬੱਚੇ ਛੋਟੇ ਹੋਣ ਤੇ ਕਬੀਲਦਾਰੀ ਦੇ ਝੰਜਟਾਂ ਵਿਚ ਮੁੜ ਕਿਸੇ ਹੋਰ ਮੁਲਕ ਜਾਣ ਦਾ ਸਬੱਬ ਹੀ ਨਾ ਬਣਿਆ। 

ਅਖੀਰ ਕੈਨੇਡਾ ਅਮਰੀਕਾ ਜਾਣ ਦਾ ਇਹ ਸੁਫ਼ਨਾ ਪੂਰੇ ਦੋ ਦਹਾਕੇ ਬਾਅਦ 2019 ਵਿਚ ਉਦੋਂ ਸਾਕਾਰ ਹੋਇਆ ਜਦੋਂ ਪੜ੍ਹਾਈ ਵੀਜੇ 'ਤੇ ਕਨੈਡਾ ਗਏ ਵੱਡੇ ਪੁੱਤ ਕੁਲਤੇਜ ਸਿੰਘ ਨੇ ਆਪਣੇ ਕਾਲਜ ਦੀ ਕਾਨਵੋਕੇਸ਼ਨ ਵਿਚ ਸ਼ਾਮਿਲ ਹੋਣ ਲਈ ਕਾਲਜ ਤੋਂ ਚਿੱਠੀ ਲਿਖਵਾ ਕੇ ਘੱਲੀ। ਕੈਨੇਡਾ ਜਾ ਕੇ ਸੈਰ ਸਪਾਟੇ ਦੇ 'ਮਾਹਰ' ਜਾਣਕਾਰਾਂ ਦੀਆਂ ਸਲਾਹਾਂ ਦੇ ਉਲਟ ਮੈਂ ਅਮਰੀਕਾ ਦੇ ਵੀਜੇ ਲਈ ਇਹ ਸੋਚ ਕੇ ਅਰਜੀ ਲਾ ਦਿੱਤੀ ਕਿ ਪਹਿਲਾਂ ਵੀ ਤਾਂ ਯੂਰਪ ਵਾਲ਼ੇ ਦੋ ਵਾਰ ਰੱਦ ਕਰ ਈ ਚੁੱਕੇ ਹਨ, ਜੇ ਟੰਰਪ ਕੇ ਕਰ ਦੇਣਗੇ ਤਾਂ ਕੀ ਹੈ। ਪਰ ਉਨ੍ਹਾਂ ਦਰਿਆਦਿਲੀ ਵਿਖਾਉਂਦਿਆਂ 10 ਸਾਲ ਦਾ ਵੀਜ਼ਾ ਦੇ ਦਿੱਤਾ ਤੇ ਹਫਤਾ ਭਰ ਕੈਲੇਫੋਰਨੀਆ ਵਾਲ਼ੇ ਮਿੱਤਰਾਂ ਦੀ ਮੇਜ਼ਬਾਨੀ ਦਾ ਵੀ ਆਨੰਦ ਮਾਣਿਆ।

ਹੁਣ ਲੰਘੇ ਦਿਨ ਪੁੱਤ ਕੁਲਤੇਜ ਸਿੰਘ ਦਾ ਵੱਡੇ ਤੜਕੇ ਅੰਮ੍ਰਿਤ ਵੇਲ਼ੇ 3 ਵਜੇ ਫੋਨ ਆਇਆ ਉਸ ਦੀ ਕੈਨੇਡਾ ਦਾ ਪੱਕਾ ਵਸਨੀਕ ਬਣਨ ਲਈ ਪੀ ਆਰ (PR) ਦੀ ਫਾਈਲ ਪ੍ਰਵਾਨ ਹੋ ਗਈ ਹੈ। ਉਸ ਕਾਦਰ ਦਾ ਕੋਟਨਿ ਕੋਟਿ ਸ਼ੁਕਰਾਨਾ ਕਰਦਿਆਂ ਮੇਰੇ ਮਨ ਵਿਚ ਪਿਛਲੇ 20 ਸਾਲਾਂ ਦੌਰਾਨ ਅਮਰੀਕਾ ਕੈਨੇਡਾ ਜਾਣ ਲਈ ਵੇਲੇ ਪਾਪੜਾਂ ਦੀ ਕਹਾਣੀ ਫਿਲਮ ਵਾਂਗ ਮੁੜ ਘੁੰਮ ਗਈ। ਹਾਂ ਸੱਚ ਪ੍ਰਾ ਇਨ੍ਹਾਂ 20 ਸਾਲਾਂ ਦੌਰਾਨ ਪੈਰ ਪੈਰ 'ਤੇ ਜਿਸ ਇਨਸਾਨ ਨੇ ਹਰ ਔਖੇ ਵੇਲ਼ੇ ਮੇਰਾ ਡਟ ਕੇ ਸਾਥ ਦਿੱਤਾ ਉਹ ਹੈ Jasbir Singh Jassal ਜਿਸ ਨੇ ਇਕ ਮਾਰਗਦਰਸ਼ਕ ਤੇ ਦੋਸਤ ਵਾਂਗ ਹਰ ਪੈਰ 'ਤੇ ਅੱਗੇ ਵਧਣ ਵਿਚ ਸਾਥ ਦਿੱਤਾ। 

ਪੁੱਤ ਦੀ ਕੈਨੇਡਾ ਵਿਚ ਇਸ ਦੂਜੀ ਤੇ ਜ਼ਿੰਦਗੀ ਦੀ ਅਹਿਮ ਪ੍ਰਾਪਤੀ ਲਈ ਵਾਹਿਗੁਰੂ ਦਾ ਕੋਟਨਿ ਕੋਟਿ ਸ਼ੁਕਰਾਨਾ ਕਿਉਂਕਿ ਮੇਰਾ ਪੱਕਾ ਯਕੀਨ ਹੈ ਕਿ ਉਸ ਦੀ ਕ੍ਰਿਪਾ ਬਿਨਾ ਤੁਹਾਡੀ ਜੀ ਜਾਨ ਨਾਲ਼ ਕੀਤੀ ਮੁਸ਼ੱਕਤ ਅਤੇ ਸਫਲ ਹੋਣ ਲਈ ਲਾਏ ਜੁਗਾੜ ਵੀ ਅਕਸਰ ਕਿਸੇ ਕੰਮ ਨਹੀਂ ਆਉਂਦੇ। (Saturday 9th October 2021 at 10:36 AM)


No comments:

Post a Comment