google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: July 2018

Monday 30 July 2018

ਨੀਅਤਾਂ ਨਾਲ ਮੁਰਾਦਾਂ

Mon, Jul 30, 2018 at 11:54 PM
"ਮੁਫਤ ਦੀ ਮਾਰ" ਜ਼ਿਆਦਾ ਹੀ ਮਹਿੰਗੀ ਪੈ ਜਾਂਦੀ ਹੈ 
ਲੁਧਿਆਣਾ: 30 ਜੁਲਾਈ 2018: (ਪੰਜਾਬ ਸਕਰੀਨ ਬਿਊਰੋ)::
ਜਨਮੇਜਾ ਸਿੰਘ ਜੋਹਲ ਮਨਮੌਜੀ ਕਿਸਮ ਦਾ ਕਲਾਕਾਰ ਹੈ। ਕੈਮਰਾ, ਕਲਮ ਅਤੇ ਕੋਈ ਅਚਾਨਕ ਆਇਆ ਖਿਆਲ ਫਿਰ ਪਤਾ ਨਹੀਂ ਅਚਾਨਕ ਕਿਧਰ ਨੂੰ ਉੜਾਨ। ਕੋਈ ਸਮਾਗਮ ਕਰਨਾ ਹੋਵੇ ਜਾਂ ਉਪਰਾਲਾ ਉਸਨੇ ਕਦੇ ਕਿਸੇ ਨੂੰ ਵਗਾਰ ਨਹੀਂ ਪਾਈ। ਕਈ ਵਾਰ ਗੱਲ ਵੀ ਤੁਰੀ ਕਿ ਆਖਿਰ ਹਰ ਪਰੋਜੈਕਟ 'ਤੇ ਖਰਚੇ ਹੁੰਦੇ ਹਨ। ਹਮੇਸ਼ਾਂ ਇਸ ਸੁਆਲ ਨੂੰ ਹੱਸ ਕੇ ਟਾਲ ਦੇਣਾ।  ਸਿਰਫ ਇੱਕ ਵਾਰ ਆਖਿਆ ਕੁਦਰਤ ਕੋਈ ਨ ਕੋਈ ਢੋਅ ਢੁਕਾ ਦੇਂਦੀ ਹੈ। ਪਰ ਅੱਜ ਦੇ ਜ਼ਮਾਨੇ ਵਿੱਚ ਕਈ ਵਾਰ ਅਜਿਹੇ ਲੋਕ ਵੀ ਮੁਫਤਬਰੀ ਕਰਦੇ ਹਨ ਜਿਹਨਾਂ ਕੋਲ ਕਮੀ ਕੋਈ ਨਹੀਂ ਹੁੰਦੀ। ਜਨਮੇਜਾ ਸਿੰਘ ਜੋਹਲ ਆਪਣੀ ਇਸ ਲਿਖਤ ਦੇ ਬਹਾਨੇ ਉਹਨਾਂ ਸਾਰੇ ਲੋਕਾਂ ਵੱਲ ਇਸ਼ਾਰਾ ਕਰ ਰਿਹਾ ਹੈ ਜਿਹੜੇ ਕਲਾਕਾਰ ਕਿਰਤੀਆਂ ਦਾ ਸ਼ੋਸ਼ਣ ਕਰਦੇ ਹਨ। ਲਓ ਪੜੋ ਇਸ ਤਰਾਂ ਦੀ ਇੱਕ ਨਵੀਂ ਮਿਲੀ ਲਿਖਤ:
ਅਮਰਜੀਤ ਗਰੇਵਾਲ (ਪੀਏਯੂ ਵਾਲਾ) ਦਾ ਵਿਆਹ ਸੀ, ਮੈਨੂੰ ਪਤਿਆ ਕੇ ਫੋਟੋਆ ਖਿੱਚਣ ਲਈ ਰਾਜ਼ੀ ਕਰ ਲਿਆ। ਖੰਨੇ ਕੋਲ ਕੋਈ ਪਿੰਡ ਸੀ। ਮੇਰੀ ਇਕ ਲੱਤ ਵਿਆਹ ਵਾਲੇ ਗੁਰਦੁਆਰੇ ਹੁੰਦੀ ਤੇ ਇਕ ਲੱਤ ਪਿੰਡ ਦੇ ਦ੍ਰਿਸ਼ ਕੈਦ ਕਰਨ ਦੀ ਹੁੰਦੀ। ਵਿਆਹ ਤੋਂ ਬਾਅਦ ਫੋਟੋਆਂ ਧੁਆ ਲਈਆਂ। ਅਮਰਜੀਤ ਮੁਫਤ ਦੀ ਮਾਰ ਮਾਰਕੇ ਖੁਸ਼ ਲੱਗਦਾ ਸੀ। ਥੋਡ਼ੀ ਥੋਡ਼ੀ ਦੇਰ ਬਾਅਦ ਫੋਟੋਆਂ ਫਰੋਲੀ ਜਾਵੇ। 

' ਜਨਮੇਜੇ ਇਹਨਾਂ ਚ ਨਾ ਲਾਵਾਂ ਦੀ ਫੋਟੋ ਆ ਤੇ ਨਾ ਕੱਠ ਦੀ। '

ਮੈਂ ਫੋਟੋਆਂ ਚੋਂ ਇਕ ਕੱਢ ਕੇ ਫਡ਼ਾ ਤੀ, ਆ ਹੈ ਤਾਂ ਸਹੀ।

ਅਮਰਜੀਤ ਨੇ ਮੱਥੇ ਤੇ ਹੱਥ ਮਾਰਦੇ ਕਿਹਾ,' ਇਹ ਤਾਂ ਬਾਹਰ ਲਾਹੀਆਂ ਪਈਆਂ ਜੁੱਤੀਆਂ ਹਨ?'

ਆਹੋ, ਫੇਰ, ਇਹਦਾ ਮਤਲਬ ਸਾਫ ਹੈ ਕਿ ਅੰਦਰ ਐਨੇ ਸਾਰੇ ਬੰਦੇ ਬੈਠੇ ਆ ਤੇ ਲਾਵਾਂ ਫੇਰੇ ਹੋ ਰਹੇ ਹਨ'

-ਜਨਮੇਜਾ ਸਿੰਘ ਜੌਹਲ 

Moral: ਕਦੇ ਕਲਾਕਾਰਾਂ ਦਾ ਸ਼ੋਸ਼ਣ ਨਾ ਕਰੋ 

Sunday 29 July 2018

ਮਾਨਵੀ ਸੰਵੇਦਨਾ ਦਾ ਚਿਤਰਮਾਨ ਕਰਦੀ ਸ਼ਾਇਰੀ---ਇਉਂ ਵੀ ਦੇਖਣਾ ਹੈ

Jul 25, 2018, 6:14 PM
ਸੰਨ 84 ਤੇ ਗੁਜਰਾਤ ਸਮੇਤ ਹੁਣ ਤੱਕ ਦਾ ਕਾਵਿਕ ਦਸਤਾਵੇਜ਼ ਵੀ ਹੈ ਇਹ
(ਕਾਵਿ ਪੁਸਤਕ)                                                       
ਜਗਦੀਪ ਸਿੱਧੂ
ਪੰਨੇ: 80 ਕੀਮਤ: 130 ਰੁਪਏ
ਕੈਲੀਬਰ ਪਬਲੀਕੇਸ਼ਨ, ਪਟਿਆਲਾ  
ਜਗਦੀਪ ਸਿੱਧੂ ਪੰਜਾਬੀ ਕਵਿਤਾ ਦਾ ਉਹ ਹਸਤਾਖ਼ਰ ਹੈ ਜੋ ਜੀਵਨ ਵਿਚਲੇ ਹਰ ਵਰਤਾਰੇ ਨੂੰ ਸੂਖ਼ਮਤਾ ਨਾਲ ਵਾਚਦਾ ਹੈ ਤੇ ਸੁਹਜਮਈ ਢੰਗ ਨਾਲ ਚਿਤਰਮਾਨ ਕਰਦਾ ਹੈ। ਉਸਦੀ ਕਵਿਤਾ ਦਾ ਪਾਸਾਰ ਨਿੱਜੀ ਅਨੁਭਵ ਤੋਂ ਬ੍ਰਹਿਮੰਡੀ ਵਿਸ਼ਾਲਤਾ ਤੱਕ ਸਫ਼ਰ ਕਰਦਾ ਹੈ। ਉਹ ਆਪਣੇ ਪਹਿਲੇ ਕਾਵਿ ਸੰਗ੍ਰਹਿ ਜਾਣ ਤੇ ਮੈਂਨੂੰ ਨਾਲ ਕਾਵਿ ਜਗਤ ਅੰਦਰ ਪ੍ਰਵੇਸ਼ ਹੁੰਦਾ ਹੈ। ਜਗਦੀਪ ਸਿਰਜਨਾ ਦੇ ਨਾਲ ਨਾਲ ਅਨੁਵਾਦ ਕਰਨ ਵਿੱਚ ਵੀ ਨਿਪੁੰਨ ਹੈ। ਉਹ ਕਵੀ ਦੀਆਂ ਭਾਵਨਾਵਾਂ ਪ੍ਰਤੀ ਤੀਬਰ ਅਹਿਸਾਸ ਰੱਖਦਾ ਹੋਇਆ ਰਚਨਾ ਦਾ ਅਨੁਵਾਦ ਇਸ ਢੰਗ ਨਾਲ ਕਰਦਾ ਹੈ ਕਿ ਵੇਖਣ ਵਾਲੇ ਨੂੰ ਉਹ ਅਨੁਵਾਦਿਤ ਰਚਨਾ ਨਹੀ ਬਲਕਿ ਜਗਦੀਪ ਦੀ ਨਿੱਜੀ ਲਿਖਤ ਲਗਦੀ ਹੈ। ਉਹ ਕਵਿਤਾ ਵਿੱਚਲੇ ਥੀਮ ਤੇ ਕੇਂਦਰਿਤ ਕਾਵਿਕ ਧੁੱਨੀ ਨੂੰ ਮਾਪਣ ਵਿੱਚ ਸਫ਼ਲ ਹੁੰਦਾ ਹੈ ਜਿਸ ਦਾ ਪ੍ਰਗਟਾਵਾ ਉਸ ਦੁਆਰਾ ਅਨੁਵਾਦਿਤ ਪੁਸਤਕ ਸਮੁੰਦਰ ਤੇ ਹੋ ਰਹੀ ਬਾਰਿਸ਼ ਵਿੱਚੋਂ ਸਾਹਮਣੇ ਆਉਂਦਾ ਹੈ। ਉਹ ਮਹਿਜ਼ ਵਿਸਿ਼ਆਂ ਦੀ ਰਿਪੋੋਰਟਿੰਗ ਤੱਕ ਹੀ ਸੀਮਤ ਨਹੀ ਬਲਕਿ ਵਰਤਾਰੇ ਅੰਦਰ ਸਮਾਏ ਬਹੁ-ਪੱਖੀ ਅੰਸ਼ਾਂ ਦਾ ਗੰਭੀਰਤਾ ਨਾਲ ਨੋਟਿਸ ਵੀ ਲੈਂਦਾ ਹੈ ਸ਼ਬਦਾਂ ਦੀ ਕਲਾਮਈ ਘਾਤੜ ਘੜਣਾ ਉਸ ਦੀ ਖ਼ੂਬੀ ਹੈ ਜਿਸ ਦੀ ਪ੍ਰਤਖਣਤਾ ਉਸ ਦੀ ਨਵੀਂ ਪੁਸਤਕ ਇਉਂ ਵੀ ਦੇਖਣਾ ਹੈੋ ਵਿੱਚੋ ਭਲੀ ਭਾਂਤ ਉਘੜਦੀ ਹੈ। ਇਸ ਕਵਿਤਾ ਦੇ ਪਾਠ ਚੋਂ ਗੁਜਰਦਿਆਂ ਮਹਿਸੂਸ ਹੁੰਦਾ ਹੈ ਕਿ ਜਗਦੀਪ ਦੀ ਵਿਸ਼ਾਲ ਦ੍ਰਿਸ਼ਟੀ ਹਰ ਪ੍ਰਸਥਿਤੀ ਨੂੰ ਕਈ ਕੋਣਾਂ ਤੋਂ ਵਾਚਦੀ ਹੋਈ ਸਮੁੱਚਤਾ ਵਿੱਚ ਕਵਿਤਾ ਨੂੰ ਬੰਨਦੀ ਹੈ। ਇਸ ਪੁਸਤਕ ਦਾ ਸਾਰਾਂਸ਼ ਵੀ ਇਹ ਹੈ ਕਿ ਹਰ ਘਟਨਾ ਦਾ ਬਹੁ-ਪੱਖੀ ਮੁਲਾਂਕਣ ਕਰਕੇ ਸਮਾਜ ਅੰਦਰਲੀਆਂ ਵਿਰੋਧਾਈਆਂ ਦਾ ਨਿਰੋਲ ਨਿਰਣਾ ਸਥਾਪਿਤ ਕਰਨਾ ਜਿਵੇਂ ਕਵਿਤਾ ਇਉਂ ਵੀ ਦੇਖਣਾ ਹੈ ਵਿਚੋਂ ਇਸ ਦੀ ਝਲਕ ਉਭਰਦੀ ਨਜ਼ਰ ਆਉਂਦੀ ਹੈ।
ਇਉਂ ਵੀ ਦੇਖਣਾ ਹੈ
ਕਿ ਸਿਰਫ਼
ਇੱਕ ਦੀਵਾਰ ਨਾ ਦਿਖੇ
ਇੱਕ ਛੱਤ ਨਾ ਦਿਖੇ
ਦਿਖੇ
ਕਿੰਨਾ ਸੀਮਿੰਟ
ਕਿੰਨੀ ਰੇਤ
ਕਿੰਨਾ ਪਾਣੀ
ਕਿੰਨੀ ਮਿਹਨਤ
ਕਿਰਤੀਆਂ ਦੀ
ਕਵੀ ਆਪਣੇ ਤੋਂ ਆਪਣੇ ਤੱਕ ਦਾ ਸਫ਼ਰ ਕਰਦਿਆਂ ਜ਼ਿੰਦਗੀ ਦੇ ਰਾਹਾਂ ਵਿਚਲੀਆਂ ਕਈ ਵਿੱਥਾਂ 'ਚ ਉੱਗੇ ਅਹਿਸਾਸਾਂ ਨੂੰ ਜ਼ੁਬਾਨ ਦਿੰਦਾ ਹੈ ਜਿਸ ਵਿੱਚ ਔਖੇ ਬਿਖੜੇ ਪੈਡਿਆਂ ਤੇ ਅਸਵਾਰ ਮਨੁੱਖ ਨੂੰ ਕੌੜੇ ਯਥਾਰਥ ਨਾਲ ਸਨਮੁੱਖ ਹੁੰਦਿਆਂ ਆਪਣੀ ਮੰਜ਼ਲ ਦਾ ਰਸਤਾ ਖੁ਼ਦ ਤਰਾਸ਼ਣਾ ਪੈਂਦਾ ਹੈ। ਆਪਣੇ ਬਾਰੇ ਕਵਿਤਾ ਅਜਿਹੇ ਭਾਵਾਂ ਨਾਲ ਲਬਰੇਜ਼ ਹੈ। ਜਿ਼ੰਦਗੀ ਜਿਉਣ ਤੇ ਮਾਨਣ ਵਿਚਲੇ ਅੰਤਰ ਨੂੰ ਸਮਝਦਿਆਂ ਜਗਦੀਪ ਨਿਮਰਤਾ ਤੇ ਸਹਿਜਤਾ ਨਾਲ ਫੈਲਾਅ ਚ ਭਟਕਦੀ ਰੂਹ ਨੂੰ ਸਕੂਨ ਪ੍ਰਾਪਤ ਕਰਨ ਦੀ ਤਮੰਨਾ ਚ ਜੀਵਨ ਦੀ ਸਕਾਰਾਤਮਕਤਾ ਚਾਹੁੰਦਾ ਕਵਿਤਾ ਫੈਲਾਅ ਵਿੱਚ ਬਿਆਨਦਾ ਹੈ। ਇਸ ਕਵਿਤਾ ਵਿਚਲੇ ਕਈ ਰੰਗ ਆਪਣੀ ਆਪਣੀ ਸਪੇਸ ਗ੍ਰਹਿਣ ਕਰਦੇ ਨਜ਼ਰ ਆਉਂਦੇ ਹਨ। ਰਿਸ਼ਤਿਆਂ ਦੀ ਵਿਆਕਰਣ ਰਾਹੀਂ ਮੋਹ ਮੁਹੱਬਤ ਤੇ ਫ਼ਰਜਾਂ ਨੂੰ ਤੱਕੜੀ ਚ ਤੋਲਦਿਆਂ ਜਗਦੀਪ ਜੀਵਨ ਦੀ ਪੂਰਨਤਾ ਤੱਕ ਪਹੁੰਚਣਾ ਚਾਹੁੰਦਾ ਹੈ ਉਸ ਖਾਮੌਸ਼ ਪਲਾਂ ਚ ਵੀ ਹਿਲਚੁੱਲ ਦਾ ਅਹਿਸਾਸ ਕਰਦਾ ਹੋਇਆ ਚੁੱਪ ਦੇ ਕੈਨਵਸ ਚ ਆਪਣਾ ਪ੍ਰਤੀਕਰਮ ਦਿੰਦਾ ਹੈ। ਮੇਰਾ ਬੱਚਾ ਇਸੇ ਸੰਦਰਭ ਵਿੱਚ ਵਾਚੀ ਜਾ ਸਕਦੀ ਮੱਹਤਵਪੂਰਨ ਕਵਿਤਾ ਹੈ। ਹਾਸੇ ਦੀ ਕੀਮਤ, ਰਾਣੀ ਬੇਟੀੋ, ਕੋਲ ਕੋਲੋ, ਨਵਾਂ ਜਨਮ, ਭਵਿੱਖ ਆਦਿ ਕਵਿਤਾਵਾਂ ਵਿੱਚੋਂ ਕਵੀ ਆਪਣੀ ਬੱਚੀ ਦੇ ਵਿਕਾਸ ਰਾਹੀਂ ਜ਼ਿੰਦਗੀ ਨੂੰ ਨਿਰੰਤਰਤਾ ਦੇ ਚੌਖਟੇ ਤੇ ਰੱਖ ਕੇ ਵਾਚਦਾ ਹੋਇਆ ਖਲਾਅ ਦੇ ਪਲਾਂ ਚ ਤਾਜ਼ਗੀ ਤੇ ਨਵੀਂ ਆਸ ਦੀ ਪੂਰਤੀ ਕਰਨ ਵਿੱਚ ਨਿਵੇਕਲਾ ਪ੍ਰਯੋਗ ਕਰਦਾ ਹੈ। ਜੋ ਇਸ ਕਵਿਤਾ ਦੀ ਵਿਸ਼ੇਸ਼ਤਾ ਦੇ ਤੌਰ ਤੇ ਉੱਘੜਕੇ ਸਾਹਮਣੇ ਆਉਂਦੇ ਹੈ। ਤੂੰ ਵੀ ਬੱਸ, ਧੁੱਪ ਧੁੰਦ ਦੇ ਗਲੋਟੇ ਦੀਵਾਲੀ, ਸੱਚਾਈ, ਘਰ, ਉਤਸਵ ਆਦਿ ਕਵਿਤਾਵਾਂ ਵਿਚਲੀ ਸੁਰ ਨਿਰਸੁਆਰਥੀ ਰਿਸ਼ਤਿਆਂ ਵਿਚਲੇ ਨਿੱਘ ਨੂੰ ਮਾਣਦੀ ਹੋਈ ਵਰਤਮਾਨ ਤੇ ਅਤੀਤ ਵਿਚਲੇ ਫ਼ਾਸਲੇ ਨੂੰ ਸਮਝਦੀ ਹੈ ਜਿਸ ਤਹਿਤ ਮਨਫ਼ੀ ਹੋ ਰਹੀਆਂ ਸਾਝਾਂ ਦਾ ਸੁਆਲ ਵੀ ਸਾਹਮਣੇ ਆ ਖੜਦਾ ਹੈ। ਜਗਦੀਪ ਪਿਆਰ ਭਰੀ ਜ਼ਿੰਦਗੀ ਪ੍ਰਤੀ ਫ਼ਰਜਾਂ ਨੂੰ ਪਹਿਚਾਣਨ ਦੀ ਤਵੱਕੋ ਕਰਦਾ ਹੈ। ਉਹ ਮੁੱਹਬਤ ਵਰਗੇ ਹਰਫਾਂ ਦੀ ਤੌਹੀਨ ਨਹੀ ਕਰਦਾ ਬਲਕਿ ਯਾਦਾਂ, ਮਿਲਣ ਤੇ ਵਿਛੜਣ ਦੇ ਅਹਿਸਾਸਾਂ ਵਿਚੋਂ ਵੀ ਨਿਵੇਕਲਾਪਣ ਮਹਿਸੂਸਤਾ ਹੋਇਆ ਆਪਣੇ ਕਾਵਿ ਪ੍ਰਸੰਗਾਂ ਰਾਹੀਂ ਪਿਆਰ ਦਾ ਇਜ਼ਹਾਰ ਬਾਖੂਬੀ ਕਰਦਾ ਹੈ। ਇਸੇ ਤਰਾਂ ਦੀ ਮੁਹਬੱਤੀ ਧੁੱਨੀ ਦਾ ਪ੍ਰਗਟਾ ਸ਼ੀਸ਼ਾ, ਬਦਲ, ਜਾਦੂ, ਦੋ ਘਰ, ਭੁੱਲ ਹੀ ਜਾਈਏ ਤਾਂ ਚੰਗਾ ਹੈ, ਕੌਣ ਭੁਲੱਣ ਦਿੰਦਾ ਹੈ ਆਦਿ ਕਵਿਤਾਵਾਂ ਰਾਹੀਂ ਸਾਹਮਣੇ ਆਉਂਦਾ ਹੈ। ਹੜ੍ਹਾਂ ਵਿੱਚ ਫ਼ਸੇ ਲੋਕ ਇਕ ਪ੍ਰਤੀਕਾਤਮਕ ਕਵਿਤਾ ਹੈ ਜਿਸ ਵਿੱਚ ਉਲਝਣਮਈ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਦਾ ਸਫ਼ਰ ਹੈ। ਪਿੰਡ ਉਦਾਸ ਹੈ  ਕਵਿਤਾ ਰਾਹੀ ਕਵੀ ਨੇ ਪੇਡੂ ਭਾਈਚਾਰਕ ਸਾਂਝ ਦਾ ਅਧਾਰ ਖੇਤੀਬਾੜੀ ਅਰਥਚਾਰੇ ਉੱਪਰ ਕੇਂਦਰਿਤ ਕਰਕੇ ਫ਼ਸਲ ਦੇ ਉਜਾੜੇ ਤੋਂ ਪ੍ਰਭਾਵਿਕਤਾ ਦਾ ਚਿਤਰਨ ਬਾਖੂਬੀ ਨਾਲ ਕੀਤਾ ਹੈ। ਬਚਪਨ ਦੀ ਤ੍ਰਾਸਦੀ ਦਾ ਉਲੇਖ ਦ੍ਰਿਸ਼ਟਾਂਤ ਮਈ ਰੂਪ ਵਿੱਚ ਪੈਰਾਂ ਤੇ ਖਲੋਣਾ ਤੇ ਲਾਲ ਬੱਤੀ ਵਿੱਚੋਂ ਮਿਲਦਾ ਹੈ ਜਿਸ ਵਿੱਚ ਸਮਾਜ ਸਾਹਮਣੇ ਸੁਆਲ ਵੀ ਖੜਾ ਹੈ। ਜੋ ਮਨੁੱਖ ਨੂੰ ਚਿਤੰਨਤਾ ਵੱਲ ਪ੍ਰੇਰਦਾ ਹੈ
ਮੈਂ
ਬਾਜ਼ੀਗਰ ਬੱਚੇ ਨੂੰ ਪੁੱਛਿਆ
ਤੂੰ ਪੈਸੇ ਕਦ ਕਮਾਉਣੇ?
ਆਪਣੇ ਪੈਰਾਂ ਤੇ ਕਦ ਖੜੇ ਹੋਣਾ?
ਬਾਜੀਗਰ ਬੱਚੇ ਨੇ ਕਿਹਾ
ਜਦ ਮੈਂ
ਆਪਣੇ ਹੱਥਾਂ ਤੇ ਖਲੋਣਾ
ਮਕਾਨ ਕਵਿਤਾ ਰਾਹੀ ਕਵੀ ਨੇ ਜੀਵਨ ਦੇ ਵਿਭਿੰਨ ਰੰਗਾਂ ਨੂੰ ਮਾਣਦੇ ਹੋਏ ਜ਼ਿੰਦਗੀ ਦੇ ਸਫ਼ਰ ਦੀਆਂ ਵਿਭਿੰਨ ਪਰਤਾਂ ਵਿੱਚ ਗੁੰਦੇ ਰੰਗਾਂ ਦੇ ਅਰਥ ਚੋ ਅਰਥ ਨੂੰ ਕੱਢਣ ਦੀ ਸਫ਼ਲ ਕੋਸਿ਼ਸ਼ ਕੀਤੀ ਹੈ ਇਸੇ ਤਰਾਂ ਚੰਡੀਗੜੋਂ ਕਵਿਤਾ ਰਾਹੀਂ ਕਵੀ ਸ਼ਹਿਰ ਦੀਆਂ ਬਹੁ ਦਿਸ਼ਾਵਾਂ ਦਾ ਚਿਤਰਨ ਕਰਦਾ ਹੈ ਸਿਆਲ ਕਵਿਤਾ ਰਾਹੀ ਮੌਸਮ ਦੇ ਬਦਲ ਦਾ ਮਾਨਵੀ ਸੰਵੇਦਨਾ ਨਾਲ ਸਬੰਧ ਨਿਰਧਾਰਿਤ ਕਰਦਾ ਕਵੀ ਹਾਂ ਪੱਖੀ ਦ੍ਰਿਸ਼ਟੀ ਰਾਹੀਂ ਇਸ ਧੁੰਦੂਕਾਰੇ ਤੋਂ ਮੁਕਤ ਹੋਣ ਦੀ ਲਾਲਸਾ ਕਰਦਾ ਹੈ। ਸਮਾਜ ਦੀ ਪਿਛਾਕੜੀ ਸੋਚ ਨੂੰ ਪੁੱਠਾ ਗੇੜ ਦਿੰਦਿਆਂ ਮਾਨਵੀ ਹਿੱਤਾਂ ਦੀ ਪੂਰਤੀ ਲਈ ਆਪਣੇ ਆਪ ਨੂੰ ਨਿਛਾਵਰ ਕਰਨ ਦੀ ਪ੍ਰਵਿਰਤੀ ਰਾਹੀਂ ਜਗਦੀਪ ਅੰਗਦਾਨ ਦੀ ਵਸੀਅਤ ਕਵਿਤਾ ਰਾਹੀਂ ਦੋ ਵਿਰੋਧੀ ਸਥਿਤੀਆਂ ਵਿਚੋਂ ਮਾਨਵ ਹਿਤੈਸ਼ੀ ਪੈਤੜਾ ਅਖਤਿਆਰ ਕਰਦਾ ਹੈ। ਇਸ ਕਵਿਤਾ ਵਿੱਚ ਸਮਾਜ ਲਈ ਇੱਕ ਸੁਨੇਹਾ ਵੀ ਛੁਪਿਆ ਹੋਇਆ ਹੈ ਕਵੀ ਜੀਵਨ ਵਿਚਲੀ ਸੰਤੁਲਨਤਾ ਦਾ ਹਾਮੀ ਹੈ। ਉਡਾਰੀ ਕਵਿਤਾ ਏਸੇ ਗੱਲ ਦੀ ਪੈਰਵੀ ਕਰਦੀ ਹੈ। ਇਸ ਕਵਿਤਾ ਦੀ ਇਹ ਵਿਸ਼ੇਸ਼ਤਾ ਵੀ ਸਾਹਮਣੇ ਆਉਂਦੀ ਹੈ ਕਿ ਕਵੀ ਨੇ ਆਧੁਨਿਕ ਯੁੱਗ  ਦੀ ਸੰਵੇਦਨਾ ਤੇ ਗੰਭੀਰ ਅਹਿਸਾਸਾਂ ਦਾ ਕਾਵਿਕ ਰੂਪਾਂਤਰਨ ਇਸ ਤਰਾਂ ਕੀਤਾ ਹੈ ਉਹ ਅਣਕਿਆਸੇ ਅਤੇ ਅਣਇਛਤ ਵਰਤਾਰਿਆ ਦੇ ਘੁਟਨਮਈ ਦਬਾਉ ਵਿੱਚ ਉਲਝਣ ਦੀ ਥਾਂ ਉਸ ਦੇ ਕਾਰਨ ਢੂੰਡਦਾ ਹੈ ਜਿਵੇਂ ਜ਼ਮੀਨ ਐਕਵਾਇਰ ਕਰਨ ਦਾ ਮਸਲਾ, ਬਾਜਾਰੀਕਰਨ ਦਾ ਮਨੁੱਖ ਉੱਪਰ ਪ੍ਰਭਾਵ ਉਸ ਦੀ ਕਵਿਤਾ ਢੱਕਣਾ ਤੇ ਬਿਰਖ ਵਿੱਚੋਂ ਵੇਖਿਆ ਜਾ ਸਕਦਾ ਹੈ। ਜਗਦੀਪ ਦਾ ਕਵਿਤਾ ਅੰਤਰ ਵਿਰੋਧੀ ਜੁਗਤ ਰਾਹੀ ਇਕੋਂ ਹੀ ਸਮੇਂ, ਇਕ ਹੀ ਸਥਿਤੀ ਤਹਿਤ ਦਵੰਦ ਸਿਰਜਦੀ ਹੋਈ ਕਾਵਿਕ ਅਰਥਾਂ ਨੂੰ ਗੰਭੀਰਤਾ ਪ੍ਰਦਾਨ ਕਰਦੀ ਹੈ। ਜਿਵੇਂ ਈਦੂ ਸ਼ਰੀਫ, ਨਵਾਂ ਸਾਲ, ਤਰੱਕੀ ਆਦਿ ਕਵਿਤਾਵਾਂ ਵਿੱਚ ਇਹ ਸੁਰ ਸਾਹਮਣੇ ਆਉਂਦੀ ਹੈ ਇਸ ਕਵਿਤਾ ਵਿਚੋਂ ਆਧੁਨਿਕ ਮਨੁੱਖ ਦੀ ਹੋਂਦ, ਜੀਵਨ ਸੈ਼ਲੀ ਬੜੀ ਸ਼ਿੱਦਤ ਨਾਲ ਬਿਆਨ ਕੀਤੀ ਗਈ ਹੈ। ਪੰਜਾਬ ਦੇ ਕਾਲੇ ਦਿਨਾਂ ਵਿੱਚ ਹੋਇਆ ਮਨੁਖਤਾ ਦਾ ਘਾਣ ਜੋ ਸਿਰਫ਼ ਪੰਜਾਬ ਤੱਕ ਸੀਮਤ ਨਾ ਰਹਿ ਕੇ ਦਿੱਲੀ ਤੱਕ ਫੈਲ ਗਿਆ ਇਸੇ ਤਰਾਂ ਦੇਸ਼ ਵਿੱਚ ਫਿਰਕੂ ਫਸਾਦਾਂ ਦੀ ਅੱਗ ਵਿੱਚ ਝੁਲਸਦਿਆਂ ਮਾਨਵੀ ਜਿ਼ੰਮੇਵਾਰੀ ਕਿਸ ਤਰਾਂ ਮਨਫ਼ੀ ਹੁੰਦੀ ਰਹੀ ਇਸ ਦਰਦਨਾਕ ਤੇ ਵਲੂੰਦਰੀ ਦਸ਼ਾ ਉੱਤੇ ਪ੍ਰਤੀਕਰਮ ਕਰਦੀ ਸੰਨ 84 ਤੇ ਗੁਜਰਾਤ ਕਵਿਤਾ ਦੇਖੀ ਜਾ ਸਕਦੀ ਹੈ। ਇਸ ਕਵਿਤਾ ਦੀ ਇਹ ਖੂਬੀ ਵੀ ਸਾਹਮਣੇ ਆਉਂਦੀ ਹੈ ਕਿ ਕਵੀ ਮਨੁਖੀ ਫਿ਼ਤਰਤ ਅਤੇ ਸਮਾਜਕ ਉਲਝਣਾਂ ਦਾ ਬੇਹੱਦ ਸੂਖਮਤਾ ਤੇ ਵਿਅੰਗਮਈ ਬਿਆਨ ਕਰਨ ਵਿੱਚ ਵੀ ਮਾਹਰ ਹੈ ਉਹ ਚਾਹੇ ਮੱਧਵਰਗੀ ਜੀਵਨ ਸ਼ੈਲੀ ੋਤੇ ਕਰ ਰਿਹਾ ਹੋਵੇ ਚਾਹੇ ਕਠਮੁਲਾਵਾਦੀ ਜਮਹੂਰੀਅਤ ਉੱਤੇ ਇਸ ਸੰਦਰਭ ਵਿੱਚ ਸ਼ਾਪਿੰਗ ਮਾਲ, ਸਵੱਛ ਭਾਰਤ ਤੇ ਸੰਸਦ ਕਵਿਤਾਵਾਂ ਵੇਖੀਆਂ ਜਾ ਸਕਦੀ ਹੈ।
ਇਸ ਸਮੁੱਚੀ ਕਵਿਤਾ ਵਿੱਚਲੀ ਧੁੱਨੀ ਕਰੂਰ ਯਥਾਰਥ ਨੂੰ ਦ੍ਰਿਸ਼ਟਮਾਨ ਕਰਦੀ ਹੋਈ ਸਹਿਜਮਈ ਜੀਵਨ ਦੀ ਤਲਾਸ਼ ਵੱਲ ਵੱਧਦੀ ਸੁਣਾਈ ਦਿੰਦੀ ਹੈ ਜਿਸ ਵਿੱਚ ਆਸ਼ਾਵਾਦੀ ਅੰਸ਼ ਆਪ ਮੁਹਾਰੇ ਸਾਹਮਣੇ ਆਉਂਦੇ ਹਨ। ਕੱਟ ਵੱਢ, ਨਹੀਂ ਮਰਦਾ ਚਾਨਣ ਇਹ ਨਵੀ ਉਮੀਦ ਪੈਦਾ ਕਰਦੀਆਂ ਖੂਬਸੂਰਤ ਕਵਿਤਾਵਾਂ ਹਨ। ਜਗਦੀਪ ਕੋਲ ਵਿਚਾਰਾਂ ਦਾ ਨਿਭਾਉ ਕਰਨ ਲਈ ਸੁਹਜਮਈ ਕਲਾ ਹੈ ਜਿਸ ਵਿੱਚ ਉਹ ਚੁਣਵੇ ਤੇ ਢੁਕੱਵੇਂ ਸ਼ਬਦਾਂ ਰਾਹੀਂ ਕਾਵਿਕ ਪ੍ਰਵਾਹ ਚ ਨਵੀਂ ਰੰਗਤ ਬੀਜਣ ਵਿੱਚ ਸਫ਼ਲ ਹੁੰਦਾ ਹੈ। ਉਸ ਕੋਲ ਜੀਵਨ ਨੂੰ ਨਿਹਾਰਨ ਵਾਲਾ ਸਹਿਜ ਪ੍ਰਗਟਾਵਾ ਹੈ ਜੋ ਇਸ ਕਵਿਤਾ ਦੀ ਜਿੰਦ ਜਾਨ ਬਣਦਾ ਹੈ। ਮਨੁੱਖ ਦੇ ਅਸਤਿਤਵੀ ਸੰਕਟ ਤੋਂ ਉਪਜੀ ਪੀੜ ਦੇ ਸਮਾਨਅੰਤਰ ਆਪਣੀ ਹੋਂਦ ਬਰਕਰਾਰ ਰੱਖਣ ਲਈ ਜਗਦੀਪ ਦੀ ਹਾਂ ਪੱਖੀ ਸੋਚ ਕਵਿਤਾ ਵਿੱਚੋਂ ਦਿਖਾਈ ਦਿੰਦੀ ਹੈ। ਇਹ ਹੀ ਇਸ ਕਵਿਤਾ ਦਾ ਹਾਸਲ ਹੈ। ਇਹ ਕਵਿਤਾ ਪੰਜਾਬੀ ਕਾਵਿ ਜਗਤ ਦੇ ਵਿੱਚ ਆਪਣੀ ਵਿਲਖਣਤਾ ਹਾਸਲ ਕਰਨ ਵਿੱਚ ਪੂਰੀ ਤਰਾਂ ਕਾਮਯਾਬ ਹੋਵੇਗੀ। ਜਗਦੀਪ ਤੋਂ ਭਵਿੱਖ ਲਈ ਬਹੁਤ ਸੰਭਾਵਨਾਵਾਂ ਉਘੜਦੀਆਂ ਨਜ਼ਰ ਆਉਂਦੀਆਂ ਹਨ ਕਵੀ ਵਧਾਈ ਦਾ ਪਾਤਰ ਹੈ।
-- ਡਾ. ਅਰਵਿੰਦਰ ਕੌਰ ਕਾਕੜਾ
ਮਾਨਵੀ ਸੰਵੇਦਨਾ ਦਾ ਚਿਤਰਮਾਨ ਕਰਦੀ ਸ਼ਾਇਰੀ---ਇਉਂ ਵੀ ਦੇਖਣਾ ਹੈ