google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: April 2024

Tuesday 30 April 2024

ਸਰਬਜੀਤ ਪੰਧੇਰ ਦੀ ਪੱਤਰਕਾਰੀ ਅੱਜ ਦੇ ਸਮੇਂ ਵਿੱਚ ਹੋਰ ਵੀ ਪ੍ਰਸੰਗਿਕ ਹੋ ਗਈ ਹੈ

ਉਸ ਬੇਬਾਕੀ ਅਤੇ ਦਲੇਰੀ ਨੂੰ ਸਦਾ ਸਭਨਾਂ ਦਾ ਸਲਾਮ 


ਚੰਡੀਗੜ੍ਹ
: 29 ਅਪ੍ਰੈਲ 2024: (ਐਸ ਐਸ ਸਿੱਧੂ//ਸਾਹਿਤ ਸਕਰੀਨ ਡੈਸਕ)::

ਸੀਨੀਅਰ ਪੱਤਰਕਾਰ ਅਤੇ ਚੰਡੀਗੜ੍ਹ ਪ੍ਰੈੱਸ ਕਲੱਬ ਦੇ ਸਾਬਕਾ ਪ੍ਰਧਾਨ ਸਰਬਜੀਤ ਪੰਧੇਰ ਦਾ ਬੀਤੇ ਦਿਨੀਂ ਮੋਹਾਲੀ ਸਥਿਤ ਉਨ੍ਹਾਂ ਦੀ ਰਿਹਾਇਸ਼ ਵਿਖੇ ਦੇਹਾਂਤ ਹੋ ਗਿਆ। ਉਹਨਾਂ ਦਾ ਜਾਣਾ ਇੱਕ ਬੇਬਾਕ ਅਤੇ ਦਲੇਰ ਕਲਮਕਾਰ ਦਾ ਚਲੇ ਜਾਣਾ ਹੈ। ਆਖਰੀ ਸਾਹ ਲੈਣ ਤੋਂ ਪਹਿਲਾਂ ਉਹ ਲਗਭਗ ਅੱਠ ਮਹੀਨਿਆਂ ਤੱਕ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਬਹਾਦਰੀ ਨਾਲ ਲੜਦੇ ਰਹੇ ਅਤੇ ਉਨ੍ਹਾਂ 58 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ। ਇਹਨਾਂ 58 ਸਾਲਾਂ ਵਿੱਚ ਉਹਨਾਂ ਆਪਣੀ ਜ਼ਿੰਦਗੀ ਵਿੱਚ ਵੀ ਬਹੁਤ ਸਾਰੇ ਉਤਰਾਅ ਚੜ੍ਹਾਅ ਦੇਖੇ। ਖਾੜਕੂਵਾਦ ਵੇਲੇ ਜਦੋਂ ਹਾਲਾਤ ਬੇਹੱਦ ਨਾਜ਼ੁਕ ਸਨ ਉਦੋਂ ਵੀ ਸਰਬਜੀਤ ਪੰਧੇਰ ਨੇ ਬੜੀ ਦਲੇਰੀ ਅਤੇ ਨਿਰਪੱਖਤਾ ਨਾਲ ਰਿਪੋਰਟਿੰਗ ਕੀਤੀ। ਸਰਬਜੀਤ ਪੰਧੇਰ ਦੀ ਪੱਤਰਕਾਰੀ ਅੱਜ ਦੇ ਸਮੇਂ ਵਿੱਚ ਹੋਰ ਵੀ ਪ੍ਰਸੰਗਿਕ ਹੋ ਗਈ ਹੈ। 

ਉਹ ਆਪਣੇ ਪਿੱਛੇ ਪਿਤਾ ਸਰਦਾਰ ਗੁਰਦੇਵ ਸਿੰਘ ਪੰਧੇਰ ਅਤੇ ਦੋ ਧੀਆਂ ਛੱਡ ਗਏ। ਨਾਮਵਰ ਪੱਤਰਕਾਰ ਹੋਣ ਦੇ ਨਾਲ-ਨਾਲ ਉਹ ਇੱਕ ਉੱਘੇ ਫੋਟੋਗ੍ਰਾਫ਼ਰ ਵੀ ਸਨ। ਉਹਨਾਂ ਦੇ ਕੈਮਰੇ ਨੇ ਬਹੁਤ ਦੂਰ ਦੁਰਾਡੇ ਜਾ ਕੇ ਵੀ ਵੱਖ ਵੱਖ ਥਾਂਵਾਂ ਅਤੇ ਹਾਲਾਤਾਂ ਨੂੰ ਕੈਮਰੇ ਵਿੱਚ ਕੈਦ ਕੀਤਾ। 

ਸੰਨ 1964 ਵਿੱਚ ਲੁਧਿਆਣਾ ‘ਚ ਜਨਮੇ ਸਰਬਜੀਤ ਪੰਧੇਰ ਨੇ ਆਪਣੀ ਸਕੂਲੀ ਪੜ੍ਹਾਈ ਸੈਕਰਡ ਹਾਰਟ ਸਕੂਲ ਤੋਂ ਹਾਸਲ ਕੀਤੀ। ਉਨ੍ਹਾਂ ਨੇ ਸਰਕਾਰੀ ਕਾਲਜ, ਲੁਧਿਆਣਾ ਵਿੱਚ ਥੋੜ੍ਹੇ ਸਮੇਂ ਲਈ ਪੜ੍ਹਾਈ ਕੀਤੀ ਅਤੇ ਪੀ.ਏ.ਯੂ., ਲੁਧਿਆਣਾ ਤੋਂ ਪੱਤਰਕਾਰੀ ਵਿੱਚ ਮਾਸਟਰਜ਼ ਕਰਨ ਲੱਗੇ। ਇਹੀ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਵਿਸ਼ੇਸ਼ ਮੋੜ ਸਾਬਿਤ ਹੋਇਆ। ਉਹਨਾਂ ਇਸ ਇਮਤਿਹਾਨ ਤੋਂ ਬਾਅਦ ਜਦੋਂ ਪੱਤਰਕਾਰੀ ਆਰੰਭ ਕੀਤੀ ਤਾਂ ਬਹੁਤ ਸਾਰੇ ਪੂਰਨੇ ਵੀ ਪਾਏ। ਉਸ ਦੌਰ ਵਿੱਚ ਉਹਨਾਂ ਦੀ ਪੱਤਰਕਾਰੀ ਅੱਜ ਦੇ ਸਮੇਂ ਵਿੱਚ ਹੋਰ ਵੀ ਪ੍ਰਸੰਗਿਕ ਹੋ ਗਈ ਹੈ। 

ਉਹ ਪੀ.ਟੀ.ਆਈ. ਅਤੇ ਦਿ ਟ੍ਰਿਬਿਊਨ ਅਖਬਾਰ ਵਿੱਚ ਇੱਕ ਸਟਰਿੰਗਰ ਵਜੋਂ ਸ਼ਾਮਲ ਹੋਏ ਸਨ ਅਤੇ ਗੁਰਦਾਸਪੁਰ ਵਿੱਚ ਤਾਇਨਾਤੀ ਸਮੇਂ ਉਨ੍ਹਾਂ ਨੇ ਪੰਜਾਬ ਵਿੱਚ ਖਾੜਕੂਵਾਦ ਦੀਆਂ ਘਟਨਾਵਾਂ ਨੂੰ ਬੜੀ ਹਿੰਮਤ ਅਤੇ ਹੌਂਸਲੇ ਨਾਲ ਕਵਰ ਕੀਤਾ ਸੀ। ਕੇ ਪੀ ਐਸ ਗਿੱਲ ਦੇ ਵੇਲਿਆਂ ਵੇਲੇ ਦੇ ਪੰਜਾਬ ਦੀ ਕਵਰੇਜ ਆਸਾਨ ਨਹੀਂ ਸੀ। 

ਬਾਅਦ ਵਿਚ ਉਹ ਪੰਜਾਬ ਨੂੰ ਕਵਰ ਕਰਨ ਲਈ ਚੰਡੀਗੜ੍ਹ ਵਿਖੇ 'ਦਿ ਹਿੰਦੂ' ਅਖਬਾਰ ਨਾਲ ਜੁੜ ਗਏ। ਇਹ ਅਖਬਾਰਾਂ "ਦ ਹਿੰਦੂ" ਉਸ ਵੇਲੇ ਵੀ ਇੱਕ ਬਹੁਤ ਵੱਡਾ ਅਖਬਾਰ ਸੀ। ਇਸ ਅਖਬਾਰ ਦੇ ਪਾਠਕਾਂ ਦਾ ਘੇਰਾ ਵੀ ਬਹੁਤ ਚੋਣਵਾਂ ਅਤੇ ਅਤਿਅੰਤ ਬੁੱਧਜੀਵੀ ਸੀ। ਉਨ੍ਹਾਂ ਨੇ ਪੰਜਾਬ ਦੀ ਆਰਥਿਕਤਾ, ਵਿਸ਼ਵ ਵਪਾਰ ਸੰਗਠਨ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਮੁੱਦਿਆਂ ਬਾਰੇ ਵਿਆਪਕ ਤੌਰ 'ਤੇ ਲਿਖਿਆ। ਉਨ੍ਹਾਂ ਨੂੰ ਖੇਤੀ ਮੁੱਦਿਆਂ ਦੇ ਅਧਿਐਨ ਲਈ ਅਮਰੀਕੀ ਸਰਕਾਰ ਵੱਲੋਂ ਵੀ ਸੱਦਾ ਦਿੱਤਾ ਗਿਆ ਸੀ। ਅਜਿਹੇ ਸਨਮਾਨਯੋਗ ਸੱਦੇ ਦਾ ਮਿਲਣਾ ਬਹੁਤ ਵੱਡੀ ਗੱਲ ਸੀ। 

ਛੇਤੀ ਹੀ ਉਹਨਾਂ ਹੋਰ ਪ੍ਰੋਗਰਾਮ ਵੀ ਉਲੀਕ ਲਏ ਸਨ। 'ਦਿ ਹਿੰਦੂ' ਅਖਬਾਰ ਤੋਂ ਸਵੈ-ਇੱਛਤ ਸੇਵਾਮੁਕਤੀ ਲੈਣ ਉਪਰੰਤ ਉਨ੍ਹਾਂ ਨੇ ਡੇਲੀ ਪੋਸਟ ਦੇ ਮੁੱਖ ਸੰਪਾਦਕ ਵਜੋਂ ਸੇਵਾਵਾਂ ਸ਼ੁਰੂ ਕੀਤੀਆਂ। ਉਨ੍ਹਾਂ ਨੇ ਪੱਤਰਕਾਰੀ ਤੋਂ ਬ੍ਰੇਕ ਲੈ ਕੇ ਫੋਟੋਗ੍ਰਾਫੀ ਵੱਲ ਰੁਖ਼ ਕਰ ਲਿਆ। ਫੋਟੋਗ੍ਰਾਫੀ ਲਈ ਉਨ੍ਹਾਂ ਦਾ ਜਨੂੰਨ ਉਨ੍ਹਾਂ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਥਾਵਾਂ 'ਤੇ ਲੈ ਗਿਆ। ਉਨ੍ਹਾਂ ਨੇ ਕਈ ਸੋਲੋ ਪ੍ਰਦਰਸ਼ਨੀਆਂ ਦਾ ਆਯੋਜਨ ਕੀਤਾ ਅਤੇ ਉਨ੍ਹਾਂ ਦੀਆਂ ਸ਼ਾਨਦਾਰ ਤਸਵੀਰਾਂ ਲਈ ਵੱਖ-ਵੱਖ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਨਾਮਵਰ ਪੱਤਰਕਾਰ ਹੋਣ ਦੇ ਨਾਲ-ਨਾਲ ਉਹ ਪੱਤਰਕਾਰ ਭਾਈਚਾਰੇ ਲਈ ਹਮੇਸ਼ਾ ਇਕ ਸੱਚੇ ਆਗੂ ਵਾਂਗ ਖੜੇ ਹੋਏ। ਉਨ੍ਹਾਂ ਨੇ ਪੀ.ਟੀ.ਆਈ. ਵਿੱਚ ਯੂਨੀਅਨ ਲੀਡਰ ਵਜੋਂ ਸ਼ੁਰੂਆਤ ਕੀਤੀ ਅਤੇ ਪ੍ਰੈਸ ਕਲੱਬ ਵਿੱਚ ਕਾਫ਼ੀ ਸਰਗਰਮ ਰਹੇ ਜਿੱਥੇ ਦੋ ਵਾਰ ਉਨ੍ਹਾਂ ਨੂੰ ਪ੍ਰਧਾਨ ਅਤੇ ਸਕੱਤਰ ਜਨਰਲ ਚੁਣਿਆ ਗਿਆ। ਜਦੋਂ ਵੀ ਕਿਸੇ ਪੱਤਰਕਾਰ ਨੂੰ ਮਦਦ ਜਾਂ ਸਹਾਇਤਾ ਦੀ ਲੋੜ ਹੁੰਦੀ ਸੀ ਤਾਂ ਉਹ ਸਭ ਤੋਂ ਪਹਿਲਾਂ ਮਦਦ ਲਈ ਅੱਗੇ ਆਉਂਦੇ ਸਨ। ਉਨ੍ਹਾਂ ਨੂੰ ਆਪਣੇ ਪਰਿਵਾਰ ਅਤੇ ਸਨੇਹੀਆਂ ਵੱਲੋਂ ਹਮੇਸ਼ਾਂ ਯਾਦ ਕੀਤਾ ਜਾਵੇਗਾ। ਉਹਨਾਂ ਦਾ ਜਾਣਾ ਸਾਡੇ ਸਭਨਾਂ ਲਈ ਇੱਕ ਉਦਾਸੀ ਭਰੀ ਖਬਰ ਹੈ। 

Saturday 27 April 2024

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਦੋ ਰੋਜ਼ਾ ਪੰਜਾਬੀ ਭਾਸ਼ਾ ਕਾਨਫ਼ਰੰਸ ਸ਼ੁਰੂ

ਮਸ਼ੀਨੀ ਬੁੱਧੀਮਾਨਤਾ ਦੇ ਸਕਾਰਾਤਮਕ ਪੱਖਾਂ ਨੂੰ ਅਪਨਾਉਣ ਦੀ ਜ਼ਰੂਰਤ-ਡਾ. ਸੁਰਜੀਤ ਪਾਤਰ


ਲੁਧਿਆਣਾ: 27 ਅਪ੍ਰੈਲ 2024::(ਸਾਹਿਤ ਸਕਰੀਨ ਡੈਸਕ)::

ਜਦੋਂ ਕੁਝ ਦਹਾਕੇ ਪਹਿਲਾਂ ਕੰਪਿਊਟਰ ਆਏ ਸਨ ਤਾਂ ਉਦੋਂ ਵੀ ਬਹੁਤ ਸਾਰੇ ਉਹ ਕਿਰਤੀ ਬੇਰੋਜ਼ਗਾਰ ਹੋ ਗਏ ਸਨ ਜਿਹੜੇ ਸਮੇਂ ਦੀ ਰਫਤਾਰ ਨਾਲ ਕਦਮ ਨਹੀਂ ਸਨ ਮਿਲਾ ਸਕੇ। ਫਿਰ ਅਖਬਾਰੀ ਦੁਨੀਆ ਵਿੱਚ ਆਈ ਕਾਮਸੈਟ ਪ੍ਰਿੰਟਿੰਗ ਜਿਸਨੇ ਅਖਬਾਰਾਂ ਦੀ ਛਪਾਈ ਦਾ ਨਕਸ਼ਾ ਹੀ ਬਦਲ ਦਿੱਤਾ ਸੀ। ਛਪਾਈ ਬਹੁਤ ਘੱਟ ਸਮੇਂ ਵਿੱਚ ਬਹੁਤ ਹੀ ਸੋਹਣੀ ਵੀ ਹੋ ਗਈ ਸੀ। ਇਸ ਮੌਕੇ ਵੀ ਬਹੁਤ ਸਾਰੇ ਕਿਰਤੀਆਂ ਨੂੰ ਬੇਰੋਜ਼ਗਾਰ ਹੋਣਾ ਪਿਆ ਕਿਓਂਕਿ ਉਹ ਤਾਂ ਇੱਕ ਇੱਕ ਮਾਤਰਾ ਅਤੇ ਇੱਕ ਇੱਕ ਅੱਖਰ ਜੋੜ ਕੇ ਹੀ ਅਖਬਾਰਾਂ//ਰਸਾਲੇ ਕੰਪੋਜ਼ ਕਰਨਾ ਜਾਣਦੇ ਸਨ। ਪਰ ਉਸ ਵੇਲੇ ਉਹ ਸਿਰਫ ਤਕਨੀਕੀ ਵਿਕਾਸ ਸੀ ਜਿਸ ਦਾ ਬਹੁਤਾ ਕੰਟਰੋਲ ਮਨੁੱਖ ਦੇ ਹੱਥ ਵਿੱਚ ਹੀ ਸੀ। ਇਸ ਵਾਰ ਦਾ ਮਾਮਲਾ ਬਹੁਤ ਹੀ ਹੋਰ ਹੋ ਗਿਆ ਹੈ। 

ਹੁਣ ਮਨੁੱਖ ਦਾ ਦਾ ਸਾਹਮਣਾ ਦਿਮਾਗਾਂ ਨੂੰ ਕੰਟਰੋਲ ਕਰਨ ਵਾਲੇ ਮਸ਼ੀਨੀ ਬੁੱਧੀਮਾਨਤਾ ਵਾਲੇ ਹੈਰਾਨਕੁੰਨ ਵਿਕਾਸ ਨਾਲ ਹੈ। ਇਸ ਬਾਰੇ ਸਭ ਤੋਂ ਵੱਧ ਚੇਤੰਨ ਹੋਣ ਦੀ ਲੋੜ ਉਹਨਾਂ ਕਲਮਕਾਰਾਂ ਨੂੰ ਹੀ ਹੈ ਜਿਹੜੇ ਲੋਕ ਪੱਖੀ ਵਿਚਾਰਧਾਰਾ ਵਾਲੀ ਪ੍ਰਤੀਬੱਧਤਾ ਨੂੰ ਪ੍ਰਣਾਏ ਹੋਏ ਹਨ। ਜੇਕਰ ਅੱਜ ਆਮ ਚੋਣਾਂ ਦੀਆਂ ਵੋਟਾਂ ਵੀ ਈਵੀਐਮ ਨਾਲ ਪੈ ਰਹੀਆਂ ਹਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਹਿਤ ਅਕਾਦਮੀਆਂ, ਸਾਹਿਤ ਸਭਾਵਾਂ ਅਤੇ ਸਾਹਿਤਿਕ ਅਦਾਰਿਆਂ ਦਾ ਕੰਟਰੋਲ ਵੀ ਮਸ਼ੀਨਾਂ ਵੱਲ ਜਾਣ ਦੀ ਤਿਆਰੀ ਵਿੱਚ ਹੈ। 


ਕੀ ਲਿਖਿਆ ਜਾਏ, ਕਦੋਂ ਲਿਖਿਆ ਜਾਏ, ਕਿਸ ਰੂਪ ਵਿੱਚ ਲਿਖਿਆ ਜਾਏ ਅਤੇ ਉਸਨੂੰ ਕਿਵੇਂ ਛਾਪਿਆ ਜਾਏ ਇਹ ਸਾਰੇ ਫੈਸਲੇ ਮਸ਼ੀਨਾਂ ਦੇ ਹੱਥਾਂ ਵਿੱਚ ਜਾ ਹੀ ਚੁੱਕੇ ਹਨ। ਦੇਰ ਸਵੇਰ ਇਹ ਸਭ ਕੁਝ ਆਮ ਲੋਕਾਂ ਦੇ ਸਾਹਮਣੇ ਵੀ ਆ ਹੀ ਜਾਣਾ ਹੈ। ਇਸਦੇ ਤਕਨੀਕੀ ਪੱਖੋਂ ਫਾਇਦੇ ਵੀ ਬਹੁਤ ਹੋਣਗੇ, ਰਫਤਾਰ ਵੀ ਬਹੁਤ ਵੱਧ ਜਾਏਗੀ ਅਤੇ ਰੇਂਜ ਵੀ ਪਰ ਸਭ ਤੋਂ ਵੱਡਾ ਹੱਲਾ ਸ਼ਾਇਦ ਵਿਚਾਰਧਾਰਕ ਪ੍ਰਤੀਬੱਧਤਾ ਨਾਲ ਜੁੜੇ ਅਦਾਰਿਆਂ ਅਤੇ ਸੰਗਠਨਾਂ 'ਤੇ ਹੋ ਸਕਦਾ ਹੈ। 

ਇਸਦੀ ਰੋਕਥਾਮ ਲਈ ਅਜੇ ਪ੍ਰਤੀਬੱਧ ਧਿਰਾਂ ਬਹੁਤ ਤਿਆਰ ਨਹੀਂ ਜਾਪਦੀਆਂ। ਤਸੱਲੀ ਵਾਲੀ ਗੱਲ ਇਹ ਹੈ ਕਿ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ‘ਬਦਲਦਾ ਦ੍ਰਿਸ਼, ਸਮਕਾਲ ਅਤੇ ਪੰਜਾਬੀ ਭਾਸ਼ਾ’ ਵਿਸ਼ੇ ’ਤੇ ਦੋ ਰੋਜ਼ਾ ਪੰਜਾਬੀ ਭਾਸ਼ਾ ਕਾਨਫ਼ਰੰਸ 27 ਅਤੇ 28 ਅਪ੍ਰੈਲ, 2024 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਆਯੋਜਿਤ ਆਰੰਭਿਆ ਗਿਆ ਹੈ। ਇਸ ਇਤਿਹਾਸਿਕ ਆਯੋਜਨ ਦਾ ਪਹਿਲਾ ਦਿਨ 27 ਅਪ੍ਰੈਲ ਵੀ ਬਹੁਤ ਖਾਸ ਰਿਹਾ ਅਤੇ ਹੁਣ ਦੂਜੇ ਦਿਨ 28 ਅਪ੍ਰੈਲ ਨੂੰ ਬਹੁਤ ਸਾਰੇ ਮੁੱਦੇ ਵਿਚਾਰੇ ਜਾਣੇ ਹਨ। 

ਇਹ ਜਾਣਕਾਰੀ ਦਿੰਦੇ ਹੋਏ ਅਕਾਡਮੀ ਦੇ ਪ੍ਰੈੱਸ ਸਕੱਤਰ ਅਤੇ ਸਰਗਰਮ ਲੇਖਕ ਜਸਵੀਰ ਝੱਜ ਨੇ ਦਸਿਆ ਕਿ ਦੋ ਰੋਜ਼ਾ ਪੰਜਾਬੀ ਭਾਸ਼ਾ ਕਾਨਫ਼ਰੰਸ ਦੇ ਪਹਿਲੇ ਦਿਨ ਉਦਘਾਟਨੀ ਸੈਸ਼ਨ ਸ਼ੁਰੂ ਕਰਨ ਸਮੇਂ ਹਾਜ਼ਰੀਨ ਦਾ ਸਵਾਗਤ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਪਾਰਟੀਆਂ ਦੇ ਚੋਣ ਪ੍ਰਚਾਰ ਵਿਚੋਂ ਭਾਸ਼ਾ, ਸਾਹਿਤ, ਸਿੱਖਿਆ ਵਰਗੇ ਮਸਲੇ ਅਲੋਪ ਹਨ। ਇਕ ਰੰਗੇ ਭਾਰਤ ਦੀ ਗੱਲ ਕਰਦੇ ਹੋਏ ਅਸਹਿਮਤੀ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। 

ਉਨ੍ਹਾਂ ਕਾਨਫ਼ਰੰਸ ਦੀ ਰੂਪ-ਰੇਖਾ ਵਿਚ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਤੁਹਾਡੀ ਆਮਦ ਭਾਸ਼ਾ ਦੀ ਫ਼ਿਕਰਮੰਦੀ ਬਾਰੇ ਗਵਾਹੀ ਭਰਦੀ ਹੈ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਸੁਰਜੀਤ ਪਾਤਰ ਸ਼ਾਮਲ ਸਨ। ਪ੍ਰਧਾਨਗੀ ਮੰਡਲ ਵਿੱਚ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਡਾ. ਜੋਗਾ ਸਿੰਘ ਸ਼ਾਮਲ ਸਨ। 

ਪ੍ਰਸਿੱਧ ਭਾਸ਼ਾ ਵਿਗਿਆਨੀ ਡਾ. ਜੋਗਾ ਸਿਘ ਨੇ ਕਾਨਫ਼ਰੰਸ ਦਾ ਮੁੱਖ ਸੁਰ ਭਾਸ਼ਨ ’ਚ ਭਾਸ਼ਾਈ ਵਿਕਾਸ ਦੀਆਂ ਅਵੱਸਥਾਵਾਂ ਦਾ ਜ਼ਿਕਰ ਕਰਦੇ ਹੋਏ ਵਿਦਿਆ, ਰਾਜਸੀ ਤੰਤਰ ਅਤੇ ਸੰਚਾਰ ਰਾਹੀਂ ਇਕ ਭਾਸ਼ਾ ਦੇ ਦੂਜੀ ਭਾਸ਼ਾ ’ਤੇ ਭਾਰੂ ਹੋਣ ਦੀਆਂ ਮਿਸਾਲਾਂ ਦਿੰਦੇ ਹੋਏ ਪੰਜਾਬੀ ਭਾਸ਼ਾ ਦੇ ਅਤੀਤ ਅਤੇ ਸਮਕਾਲ ’ਤੇ ਚਰਚਾ ਕੀਤੀ। ਉਨ੍ਹਾਂ ਸਮਕਾਲ ਵਿਚ ਵਿਸ਼ਵੀਕਰਨ ਦੇ ਦੌਰ ਦੀ ਦਿੱਖ ਤੇ ਸੱਚ ਨੂੰ ਉਜਾਗਰ ਕੀਤਾ। 

ਉਨ੍ਹਾਂ ਕਿਹਾ ਕਿ ਪੰਜਾਬੀ ਦੇ ਪਾਸਾਰ ਲਈ ਇਸ ਨੂੰ ਵਿਦਿਆ ਦਾ ਮਾਧਿਅਮ, ਰੁਜ਼ਗਾਰ ਦੀ ਭਾਸ਼ਾ, ਕਾਨੂੰਨ, ਗਿਆਨ ਅਤੇ ਪੱਤਰ ਵਿਹਾਰ ਦੀ ਭਾਸ਼ਾ ਬਣਾਉਣਾ ਪਵੇਗਾ। ਡਾ. ਸ. ਸ. ਜੌਹਲ ਨੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਭਾਸ਼ਾ ਦੀ ਜ਼ਰੂਰਤ ਹੀ ਉਸ ਨੂੰ ਪ੍ਰਫੁੱਲਤ ਕਰਦੀ ਹੈ। ਉਨ੍ਹਾਂ ਸੌੜੀ ਰਾਜਨੀਤੀ ਤੇ ਪੰਜਾਬ ਦੀ ਵੰਡ ਵੱਲ ਇਸ਼ਾਰਾ ਕਰਦੇ ਹੋਏ ਭਾਸ਼ਾ ਦੇ ਨੁਕਸਾਨ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਡਾਇਸਪੋਰੇ ਤੋਂ ਬੋਲੀ ਦੀ ਪੱਧਰ ਤੇ ਭਾਸ਼ਾ ਦੇ ਚੰਗੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ।

ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇਹ ਬੜੀ ਨਮੋਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਸਕੂਲਾਂ ਵਿਚ ਹੀ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆਂ ਦੀ ਅੰਗਰੇਜ਼ੀ ਪ੍ਰਤੀ ਉਲਾਰ ਬਿਰਤੀ ਤੇ ਭਰਮ ਚੇਤਨਾ ਨੂੰ ਬਦਲਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਦੇ ਸਕਾਰਾਤਮਕ ਪੱਖਾਂ ਨੂੰ ਅਪਨਾਉਣ ਦੀ ਜ਼ਰੂਰਤ ਹੈ। ਉਨ੍ਹਾਂ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਾਲੇ ਤੇਰਾਂ ਕਾਰਕਾਂ ਦੀ ਵਿਸਥਾਰ ਨਾਲ ਚਰਚਾ ਕਰਦੇ ਹੋਏ ਭਾਸ਼ਾਈ ਸਰੋਕਾਰਾਂ ਤੇ ਸੁਹਿਰਦਤਾ ਨਾਲ ਸੰਬਾਦ ਰਚਾਉਣ ਦੀ ਲੋੜ ’ਤੇੇ ਜ਼ੋਰ ਦਿੱਤਾ। 

ਇਸ ਸੈਸ਼ਨ ਦਾ ਮੰਚ ਸੰਚਾਲਨ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਆਪਣੇ ਰਵਾਇਤੀ ਅਤੇ ਵਿਸ਼ੇਸ਼ ਅੰਦਾਜ਼ ਨਾਲ ਕੀਤਾ ਜਦਕਿ  ਰਿਪੋਰਟ ਪ੍ਰੋ.  ਬਲਵਿੰਦਰ ਸਿੰਘ ਚਾਹਿਲ ਨੇ ਰੱਖੀ।

ਦੂਸਰੇ ਸੈਸ਼ਨ ਦੀ ਪ੍ਰਧਾਨਗੀ ਡਾ. ਸਵਰਾਜਬੀਰ ਨੇ ਕੀਤੀ। ਡਾ. ਸੁਖਦੇਵ ਸਿੰਘ ਸਿਰਸਾ ਨੇ ‘ਸਮਕਾਲ ਅਤੇ ਭਾਰਤੀ ਭਾਸ਼ਾਵਾਂ ਦੀ ਸਥਿਤੀ’ ਬਾਰੇ ਆਪਣਾ ਖੋਜ-ਪੱਤਰ ਪੇਸ਼ ਕਰਦਿਆਂ ਕਿਹਾ ਕਿ ਜਨਜਾਤੀ ਅਤੇ ਕਬੀਲਾਈ ਭਾਸ਼ਾਵਾਂ ਪ੍ਰਤੀ ਸਰਕਾਰਾਂ ਦੀ ਅਵਿਗਿਆਨਕ, ਨਸਲੀ ਅਤੇ ਪ੍ਰਸ਼ਾਸ਼ਨਮੁਖ ਪਹੁੰਚ ਕਰਕੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸੈਂਕੜੇ ਭਾਸ਼ਾਵਾਂ ਮਰ ਚੁੱਕੀਆਂ ਹਨ ਜਾਂ ਮਰਨ ਕਿਨਾਰੇ ਹਨ। ਭਾਸ਼ਾਵਾਂ ਦੇ ਵਿਕਾਸ ਲਈ, ਲੋਕ ਚੇਤਨਾ ਅਤੇ ਸਿੱਖਿਆ ਅਹਿਮ ਅਤੇ ਬੁਨਿਆਦੀ ਕਾਰਕ ਹਨ।

ਡਾ. ਸੁਰਜੀਤ ਸਿੰਘ ਨੇ ‘ਉਪਭੋਗੀ ਸਭਿਆਚਾਰ ਅਤੇ ਪੰਜਾਬੀ ਭਾਸ਼ਾ’ ਬਾਰੇ ਆਪਣੇ ਖੋਜ-ਪੱਤਰ ’ਚ ਕਿਹਾ ਕਿ ਉਪਭੋਗੀ ਸਭਿਆਚਾਰ ਨੂੰ ਨਾਕਾਰਤਮਕ ਵਰਤਾਰੇ ਦੀ ਥਾਂ ਜ਼ਰੂਰੀ ਇਤਿਹਾਸਕ ਸਥਿਤੀ ਵਜੋਂ ਸਮਝਣਾ ਚਾਹੀਦਾ ਹੈ। ਇਸ ਸਮੇਂ ਵਸਤਾਂ ਹੀ ਸਮਾਜਿਕ ਰੁਤਬਾ ਅਤੇ ਪੱਧਰ ਤਹਿ ਕਰਦੀਆਂ ਹਨ। ਅਜਿਹੇ ਹਾਲਾਤ ਵਿੱਚ ਵਿਚ ਖੇਤਰੀ ਭਾਸ਼ਾਵਾਂ ਜਾਂ ਭਾਸ਼ਾ ਦੀ ਵੰਨਸੁਵੰਨਤਾ ਦਾ ਬਚਿਆ ਰਹਿਣਾ ਬੇਹੱਦ ਜ਼ਰੂਰੀ ਹੈ। 

ਡਾ. ਅਰਵਿੰਦਰ ਕੌਰ ਕਾਕੜਾ ਨੇ ਟਿੱਪਣੀ ਤੇ ਧੰਨਵਾਦ ਕੀਤਾ। ਮੰਚ ਸੰਚਾਲਨ ਸ਼ਬਦੀਸ਼ ਹੋਰਾਂ ਨੇ ਕੀਤਾ ਅਤੇ ਰਿਪੋਰਟ ਵਾਹਿਦ ਨੇ ਪੇਸ਼ ਕੀਤੀ। ਆਪਣੇ ਪ੍ਰਧਾਨਗੀ ਭਾਸ਼ਾਨ ਵਿਚ ਸਿਰੇ ਦੀ ਗੱਲ ਕਰਦਿਆਂ ਡਾ. ਸਵਰਾਜਬੀਰ ਨੇ ਸਪਸ਼ਟ ਕਿਹਾ ਕਿ ਪੱਛਮੀ ਵਿਦਵਾਨਾਂ ਦੇ ਹਵਾਲੇ ਨਾਲ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਸਿਰਫ਼ ਪੰਜਾਬੀ ਸਾਹਿਤਕਾਰ ਹੀ ਨਹੀਂ ਬਚਾ ਸਕਦੇ ਸਗੋਂ ਇਸ ਨੂੰ ਹੋਰਨਾਂ ਖੇਤਰਾਂ ਵਿਚ ਕੰਮ ਕਰ ਰਹੇ ਵਿਗਿਆਨੀ, ਚਿੰਤਕ, ਅਰਥਸ਼ਾਸਤਰੀ ਹੀ ਰਲ ਮਿਲ ਕੇ ਇਸ ਦੇ ਵਿਕਾਸ ਦੀਆਂ ਸੰਭਾਵਨਾਵਾਂ ਤਿਆਰ ਕਰ ਸਕਦੇ ਹਨ। ਮੌਜੂਦਾ ਸਥਿਤੀ ਵਿੱਚ ਹਕੀਕਤ ਵੀ ਇਹੀ ਹੈ। 

ਤੀਸਰੇ ਸੈਸ਼ਨ ਦੀ ਪ੍ਰਧਾਨਗੀ ਪ੍ਰੋਫ਼ੈਸਰ ਅਰਵਿੰਦ ਨੇ ਕੀਤੀ। ‘ਮਸਨੂਈ ਬੌਧਿਕਤਾ ਅਤੇ ਪੰਜਾਬੀ ਭਾਸ਼ਾ’ ਬਾਰੇ ਅਮਰਜੀਤ ਗਰੇਵਾਲ ਨੇ ਆਪਣੇ ਖੋਜ-ਪੱਤਰ ’ਚ ਕਿਹਾ ਕਿ ‘ਸਾਨੂੰ ਓਪਨ ਸੋਰਸ ਅਪਨਾਉਣਾ ਪਵੇਗਾ ਤਾਂ ਜੋ ਅਸੀਂ ਸਾਫ਼ਟਵੇਅਰ ਕੰਪਨੀਆਂ ਦੀ ਨਿਰਭਰਤਾ ਤੋਂ ਬਚ ਸਕੀਏ। ਪੰਜਾਬੀ ਸਾਹਿਤਿਕ ਜਗਤ ਦੀ ਆਰਥਿਕ ਹਾਲਤ, ਪਹੁੰਚ ਅਤੇ ਤਕਨੀਕੀ ਵਿਕਾਸ ਵੱਲ ਬੜਾ ਸਪਸ਼ਟ ਜਿਹਾ ਇਸ਼ਾਰਾ ਕਰਦਿਆਂ ਉਹਨਾਂ ਸਪਸਾਹਤ ਕਿਹਾ ਕਿ ਪੰਜਾਬੀ ਵਰਤਣ ਵਾਲੇ ਆਮ ਲੋਕ ਏਨੇੇ ਅਮੀਰ ਨਹੀਂ ਹਨ ਕਿ ਉਹ ਹਰ ਕੰਪਨੀ ਦੇ ਹਰ ਸਾਫ਼ਟਵੇਅਰ ਨੂੰ ਖ਼ਰੀਦ ਸਕਣ। ਉਨ੍ਹਾਂ ਕਿਹਾ ਯੂਨੀਵਰਸਲ ਭਾਸ਼ਾ ਬਣਾਉਣੀ ਤਾਂ ਔਖੀ ਹੈ ਪਰ ਜੇ ਭਾਰਤੀ ਭਾਸ਼ਾਵਾਂ ਦੀ ਇਕ ਸਾਂਝੀ ਭਾਸ਼ਾ ਆਰਟੀਫ਼ਿਸ਼ਲ ਇੰਨਟੇਲੀਜੈਂਸ ਨਾਲ ਬਣਾ ਲਈ ਜਾਵੇ ਤਾਂ ਇਹ ਸੌਖੀ ਬਣ ਜਾਵੇਗੀ। ਇਕ ਭਾਸ਼ਾ ਨੂੰ ਫ਼ੈਸ਼ਨ ਬਣਾਉਣਾ ਪਵੇਗਾ’।

ਡਾ. ਸੁਖਵਿੰਦਰ ਸਿੰਘ ਸੰਘਾ ਨੇ ‘ਵਿਸ਼ਵ-ਨੇੜਤਾ ਅਤੇ ਪੰਜਾਬੀ ਭਾਸ਼ਾ ਦੀਆਂ ਸੰਭਾਵਨਾਵਾਂ’ ਬਾਰੇ ਬੋਲਦਿਆਂ ਦੂਜੀਆਂ ਭਾਸ਼ਾਵਾਂ ਨਾਲ ਪੰਜਾਬੀ ਭਾਸ਼ਾ ਦੇ ਆਦਾਨ ਪ੍ਰਦਾਨ ਬਾਰੇ ਵਿਗਿਆਨਕ ਟਿੱਪਣੀਆਂ ਕੀਤੀਆਂ। ‘ਤਕਨਾਲੋਜੀ ਅਤੇ ਪੰਜਾਬੀ ਭਾਸ਼ਾ’ ਬਾਰੇ ਡਾ. ਧਰਮਵੀਰ ਸ਼ਰਮਾ ਨੇ ਖੋਜ-ਪੱਤਰ ਪੇਸ਼ ਕਰਦਿਆਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਆਪਣੇ ਪੱਧਰ ’ਤੇ ਕੁਝ ਇਸ ਤਰ੍ਹਾਂ ਦੇ ਸਾਫ਼ਟਵੇਅਰ ਤਿਆਰ ਕੀਤੇ ਹਨ ਜਿਨ੍ਹਾਂ ਨੂੰ ਮੌਜੂਦਾ ਸਾਫ਼ਟਵੇਅਰਾਂ ਨਾਲ ਜੋੜ ਕੇ ਪੰਜਾਬੀ ਭਾਸ਼ਾ ਨੂੰ ਜ਼ਿਆਦਾ ਬੇਹਤਰ ਢੰਗ ਨਾਲ ਤਕਨੀਕ ਦੇ ਹਾਣ ਦਾ ਬਣਾਇਆ ਜਾ ਸਕਦਾ ਹੈ। 

‘ਡਿਜ਼ੀਟਲ ਯੁੱਗ ਅਤੇ ਪੰਜਾਬੀ ਭਾਸ਼ਾ’ ਬਾਰੇ ਪੇਪਰ ਪੇਸ਼ ਕਰਦਿਆਂ ਡਾ. ਸੀ. ਪੀ. ਕੰਬੋਜ਼ ਨੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਜਿੰਨੇ ਵੀ ਸਾਫ਼ਟਵੇਅਰ ਬਣ ਚੁੱਕੇ ਹਨ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਤੇ ਸਮੂਹ ਲੇਖਕਾਂ ਅਤੇ ਆਮ ਪੰਜਾਬੀਆਂ ਨੂੰ ਯੂਨੀਕੋਡ ਫ਼ੌਟ ਵਰਤਣ ਦੀ ਤਾਕੀਦ ਕੀਤੀ। ਖੋਜ-ਪੱਤਰਾਂ ’ਤੇ ਟਿੱਪਣੀ ਅਤੇ ਧੰਨਵਾਦ ਡਾ. ਹਰਵਿੰਦਰ ਸਿੰਘ ਸਿਰਸਾ ਨੇ ਕੀਤਾ। ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਕੁਲਦੀਪ ਸਿੰਘ ਦੀਪ ਨੇ ਕੀਤਾ ਅਤੇ ਰਿਪੋਰਟ ਦੀਪ ਜਗਦੀਪ ਸਿੰਘ ਨੇ ਪੇਸ਼ ਕੀਤੀ।

ਕਾਨਫ਼ਰੰਸ ਦੇ ਚੌਥੇ ਸੈਸ਼ਨ ਵਿਚ ‘ਆਤੂ ਖੋਜੀ’ ਫ਼ਿਲਮ ਜਿਸ ਦੇ ਲੇਖਕ ਗੁਰਮੀਤ ਕੜਿਆਲਵੀ ਹਨ ਅਤੇ ਮੁੱਖ ਕਿਰਦਾਰ ਸੈਮੂਅਲ ਜੌਹਨ, ਨਿਰਦੇਸ਼ਕ ਡਾ. ਰਾਜੀਵ ਕੁਮਾਰ ਹਨ ਦਿਖਾਈ ਗਈ।

ਟਿੱਪਣੀ ਅਤੇ ਧੰਨਵਾਦ ਡਾ. ਗੁਰਚਰਨ ਕੌਰ ਕੋਚਰ ਨੇ ਕੀਤਾ। ਇਸ ਸੈਸ਼ਨ ਦਾ ਮੰਚ ਸੰਚਾਲਨ ਸਹਿਜਪ੍ਰੀਤ ਸਿੰਘ ਮਾਂਗਟ ਨੇ ਕੀਤਾ ਅਤੇ ਰਿਪੋਰਟ ਸ. ਕਰਮਜੀਤ ਸਿੰਘ ਗਰੇਵਾਲ ਨੇ ਪੇਸ਼ ਕੀਤੀ।

ਕਾਨਫ਼ਰੰਸ ਦੇ ਪਹਿਲੇ ਦਿਨ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਪਹੁੰਚੇ ਲੇਖਕਾਂ, ਵਿਦਵਵਾਨਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਪ੍ਰਗਤੀਸ਼ੀਲ ਸੰਘ ਲੇਖਕ ਸੰਘ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ, ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਸੁਰਿੰਦਰ ਕੈਲੇ, ਡਾ. ਸੁਰਜੀਤ ਬਰਾੜ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਜਨਮੇਜਾ ਸਿੰਘ ਜੌਹਲ, ਤ੍ਰੈਲੋਚਨ ਲੋਚੀ, ਪ੍ਰੋ. ਜਗਮੋਹਨ ਸਿੰਘ, ਜਸਪਾਲ ਮਾਨਖੇੜਾ, ਡਾ. ਗੁਰਮੇਲ ਸਿੰਘ, ਡਾ. ਸਰਬਜੋਤ ਕੌਰ, ਸੋਮਾ ਸਬਲੋਕ, ਮਨਦੀਪ ਕੌਰ ਭੰਮਰਾ, ਸੁਰਿੰਦਰ ਦੀਪ, ਇੰਦਰਜੀਤ ਪਾਲ ਕੌਰ, ਇੰਜ. ਡੀ.ਐਮ. ਸਿੰਘ, ਭਗਵੰਤ ਰਸੂਲਪੁਰੀ, ਡਾ. ਚਰਨਦੀਪ ਸਿੰਘ, ਬਲਵਿੰਦਰ ਸਿੰਘ ਜੰਮੂ, ਸਾਗਰ ਸਫ਼ਰੀ, ਮਲਕੀਅਤ ਸਿੰਘ ਔਲਖ, ਕਰਨੈਲ ਸਿੰਘ ਵਜ਼ੀਰਾਬਾਦ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਰਵਿੰਦਰ ਰਵੀ, ਭਗਵਾਨ ਢਿੱਲੋਂ, ਪ੍ਰੋ. ਜਗਮੋਹਨ ਸਿੰਘ (ਪੀ.ਏ.ਯੂ.), ਡੀ. ਪੀ. ਮੌੜ, ਡਾ. ਰਜਿੰਦਰਪਾਲ ਔਲਖ, ਡਾ. ਗੁਰਪ੍ਰੀਤ ਰਤਨ, ਤਰਲੋਚਨ ਝਾਂਡੇ, ਬਲਵੀਰ ਰਾਏਕੋਟੀ, ਡਾ. ਹਰਵਿੰਦਰ ਕੌਰ, ਸੁਰਿੰਦਰ ਮਕਸੂਦਪੁਰੀ, ਡਾ. ਬਲਰਾਜ ਸਿੰਘ, ਦੀਪਕ ਰੰਗਾ, ਹਰਪਾਲ, ਦਵਿੰਦਰ ਸਿੰਘ ਸਮੇਤ ਤਿੰਨ ਸੌ ਲੇਖਕ, ਸਾਹਿਤ ਪ੍ਰੇਮੀ ਅਤੇ ਪਾਠਕ ਹਾਜ਼ਰ ਸਨ।

ਉਮੀਦ ਕਰਨੀ ਤਾਂ ਬਣਦੀ ਹੈ ਕਿ ਇਸ ਆਯੋਜਨ ਅਤੇ ਨੇੜ ਭਵਿੱਖ ਵਿੱਚ ਹੀ ਅਜਿਹੇ ਹੋਰ ਆਯੋਜਨਾਂ ਨਾਲ ਅਰਟੀਫੀਸ਼ਲ ਇੰਟੈਲੀਜੈਂਸ ਆਖੋ ਜਾਂ ਮਸ਼ੀਨੀ ਬੁਧੀਮਾਨਤਾ ਦੇ ਆਉਣ ਨਾਲ ਦਰਪੇਸ਼ ਅਸਲੀ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਜਾਚ ਅਤੇ ਹਿੰਮਤ ਪੈਦਾ ਕਰਨ ਵਿਚ ਸਹਾਇਤਾ  ਮਿਲੇਗੀ। ਜਿਹੜੀਆਂ ਲਹਿਰਾਂ ਅਤੇ ਅੰਦੋਲਨਾਂ ਨੂੰ ਉੱਸਰਦਿਆਂ ਲੇਖਕ ਵਰਗ ਨੂੰ ਮਹੀਨਿਆਂ ਦੇ ਮਹੀਨੇ ਜਾਂ ਸਾਲਾਂ ਦੇ ਸਾਲ ਵੀ ਲੱਗ ਜਾਇਆ ਕਰਦੇ ਸਨ ਉਹਨਾਂ ਲਈ ਇਹ ਨਵਾਂ ਸਿਸਟਮ ਕਿਸੇ ਹਨੇਰੀ ਤੂਫ਼ਾਨ ਵਾਂਗ ਚੜ੍ਹਿਆ ਆ ਰਿਹਾ ਹੈ। ਅਜਿਹੀਆਂ ਹਨੇਰੀਆਂ ਦਾ ਮੂੰਹ ਮੋੜਨ ਵਿੱਚ ਉਹੀ ਲੋਕ ਸਾਰਥਕ ਕੰਮ ਕਰ ਸਕਣਗੇ ਜਿਹੜੇ ਮੂੰਹਾਂ-ਮੁਲ੍ਹਾਜਿਆਂ, ਧੜੇਬੰਦੀਆਂ ਅਤੇ ਗੁੱਟਬੰਦੀਆਂ ਤੋਂ ਮੁਕਤ ਰਹਿ ਕਿ ਸਿਰਫ ਇਸ ਚੁਣੌਤੀ ਦੀ ਤਕਨੀਕੀ ਨੂੰ ਸੰਸਾਰ ਪੱਧਰ ਦੀ ਸੋਚ ਨਾਲ ਸਮਝ ਸਕਣਗੇ। 

Tuesday 23 April 2024

ਅਨਿਲ ਆਦਮ ਯਾਦਗਾਰੀ ਸਮਾਗਮ

 ਕਲਾਪੀਠ (ਰਜਿ:) ਵੱਲੋਂ ਪੁਸਤਕ ਦਾ ਵੀ ਲੋਕ ਅਰਪਣ


ਫ਼ਿਰੋਜ਼ਪੁਰ
: 21 ਅਪ੍ਰੈਲ 2024: (ਸਾਹਿਤ ਸਕਰੀਨ ਡੈਸਕ)::

ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ:) ਵੱਲੋਂ ਪੰਜਾਬੀ ਦੇ ਮਰਹੂਮ ਸ਼ਾਇਰ ਅਨਿਲ ਆਦਮ ਦੀ ਯਾਦ ਵਿੱਚ ਇੱਕ  ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ।  ਇਸ ਸਮਾਗਮ ਵਿੱਚ ਅਨਿਲ ਆਦਮ ਦੀ ਨਵੀਂ ਛਪੀ ਕਾਵਿ ਕਿਤਾਬ " 26 ਸਾਲ ਬਾਅਦ "  ਲੋਕ ਅਰਪਿਤ ਕੀਤੀ ਕੀਤੀ ਗਈ।  

ਫ਼ਿਰੋਜ਼ਪੁਰ ਦੀ ਜ਼ਿਲ੍ਹਾ ਲਾਇਬ੍ਰੇਰੀ ਵਿੱਚ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਆਲੋਚਕ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਪ੍ਰਧਾਨ ਡਾ.ਸੁਖਦੇਵ ਸਿੰਘ ਸਿਰਸਾ ਨੇ ਕੀਤੀ ਜਦੋਂ ਕਿ ਮੁੱਖ ਮਹਿਮਾਨ ਸਾਹਿਤ ਅਕੈਡਮੀ ਸਨਮਾਨ ਪ੍ਰਾਪਤ ਸ਼ਾਇਰ ਸਵਰਨਜੀਤ ਸਵੀ ਸਨ। ਪ੍ਰਧਾਨਗੀ ਮੰਡਲ ਵਿੱਚ ਪ੍ਰੋ.ਜਸਪਾਲ ਘਈ ਅਤੇ ਪ੍ਰੋ.ਗੁਰਤੇਜ ਕੋਹਾਰਵਾਲਾ ਅਤੇ ਅਨਿਲ ਆਦਮ ਦੀ ਹਮਸਫ਼ਰ ਅੰਜੁਮ ਸ਼ਰਮਾ ਸ਼ਾਮਿਲ ਹੋਏ। 

ਸੰਚਾਲਨ ਕਰਦਿਆਂ ਨੌਜਵਾਨ ਆਲੋਚਕ ਅਤੇ ਅਨੁਵਾਦਕ ਸੁਖਜਿੰਦਰ ਨੇ ਇਸ ਭਾਵਪੂਰਤ ਸਮਾਗਮ ਦੇ ਆਰੰਭ ਵਿੱਚ ਮਰਹੂਮ ਅਨਿਲ ਆਦਮ ਦੀ ਕਵਿਤਾ ਅਤੇ ਜ਼ਿੰਦਗੀ ਬਾਰੇ ਜਾਣਕਾਰੀ ਦਿੱਤੀ। ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਜਗਦੀਪ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਅੰਜੁਮ ਸ਼ਰਮਾ ਨੇ ਅਨਿਲ ਆਦਮ ਦੇ ਵਿਅਕਤੀਤਵ ਅਤੇ ਪਰਿਵਾਰ ਨਾਲ ਸਬੰਧਤ ਅਛੂਤੇ ਪਹਿਲੂਆਂ ਬਾਰੇ ਵੀ ਗੱਲ ਛੇੜੀ।

ਮਾਸਟਰ ਓਮ ਪ੍ਰਕਾਸ਼ ਸਰੋਏ ਨੇ ਅਨਿਲ ਨਾਲ ਸਬੰਧਤ ਯਾਦਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਪ੍ਰੋ.ਕੁਲਦੀਪ ਨੇ ਅਨਿਲ ਆਦਮ ਬਾਰੇ ਲਿਖੀਆਂ ਕਵਿਤਾਵਾਂ ਦਾ ਪਾਠ ਕਰਕੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ। ਜਦੋਂ ਕਿ ਅਨਿਲ ਦੀ ਪ੍ਰੇਰਨਾ ਨਾਲ ਸ਼ਾਇਰੀ ਦੇ ਪਿੜ ਵਿੱਚ ਸ਼ਾਮਲ ਹੋਏ ਯੁਵਰੀਤ ਨੇ ਵੀ ਆਪਣੀਆਂ ਕਵਿਤਾਵਾਂ ਸੁਣਾਈਆਂ। ਅਨਿਲ ਦੇ ਅਧਿਆਪਕ ਪ੍ਰੋ.ਜਸਪਾਲ ਘਈ ਨੇ ਉਸਦੀ ਜ਼ਿੰਦਗੀ ਅਤੇ ਕਵਿਤਾ ਦੇ ਵੱਖ ਵੱਖ ਪਸਾਰਾਂ ਤੇ ਰੌਸ਼ਨੀ ਪਾਈ। 

ਇਸ ਮੌਕੇ ਖਾਸ ਪੇਸ਼ਕਾਰੀ ਸ਼ਬਦੀਸ਼ ਦੀ ਵੀ ਰਹੀ। ਸ਼ਾਇਰ ਅਤੇ ਨਾਟਕਕਾਰ ਸ਼ਬਦੀਸ਼ ਨੇ ਆਪਣੇ ਦਿਲ ਦੀਆਂ ਗੱਲਾਂ ਕਰਦਿਆਂ ਅਨਿਲ ਦੀ ਪੁਸਤਕ "26 ਸਾਲ ਬਾਅਦ" ਤੋਂ ਪ੍ਰਭਾਵਿਤ ਹੋ ਕੇ ਲਿਖੀ ਨਜ਼ਮ "ਅਨਿਲ ਆਦਮ ਦੀ ਕਵਿਤਾ ਪੜ੍ਹਦਿਆਂ " ਪੇਸ਼ ਕੀਤੀ।

ਇਸ ਤੋਂ ਬਾਅਦ ਹਰਮੀਤ ਵਿਦਿਆਰਥੀ ਨੇ ਅਨਿਲ ਆਦਮ ਦੇ ਤੁਰ ਜਾਣ ਤੋਂ ਬਾਅਦ ਛਪੀ ਕਿਤਾਬ " 26 ਸਾਲ ਬਾਅਦ " ਦੀ ਸਿਰਜਣਾ , ਸੰਪਾਦਨਾ ਅਤੇ ਛਪਣ ਦੀ ਪ੍ਰਕਿਰਿਆ ਦੀ ਬਾਤ ਪਾਈ । ਪ੍ਰਧਾਨਗੀ ਮੰਡਲ ਵੱਲੋਂ ਇਸ ਪੁਸਤਕ ਦੇ ਲੋਕ ਅਰਪਣ ਦੀ ਰਸਮ ਅਦਾ ਕੀਤੀ ਗਈ। ਇਸ ਰਸਮ ਵਿੱਚ ਅਨਿਲ ਆਦਮ ਦੀ ਹਮਸਫ਼ਰ ਅੰਜੁਮ ਸ਼ਰਮਾ, ਅਨਿਲ ਦੇ ਅਧਿਆਪਕ , ਦੋਸਤ ਅਤੇ ਜਮਾਤੀ ਵੀ ਸ਼ਾਮਲ ਹੋਏ। ਪ੍ਰੋ.ਗੁਰਤੇਜ ਕੋਹਾਰਵਾਲਾ ਨੇ ਅਨਿਲ ਦੇ ਮੁਹੱਬਤੀ ਸੁਭਾਅ, ਸੂਖ਼ਮਤਾ, ਸੰਵੇਦਨਸ਼ੀਲਤਾ ਅਤੇ ਤਰਲਤਾ ਦੀ ਬਾਤ ਪਾਉਂਦਿਆਂ " 26 ਸਾਲ ਬਾਅਦ " ਵਿੱਚੋਂ ਕੁਝ ਕਵਿਤਾਵਾਂ ਦਾ ਪਾਠ ਕੀਤਾ ਅਤੇ ਉਸਦੀ ਸ਼ਾਇਰੀ ਨਾਲ ਸਰੋਤਿਆਂ ਦੀ ਸਾਂਝ ਪਵਾਈ। 

ਇਸ ਪੁਸਤਕ ਬਾਰੇ ਨੌਜਵਾਨ ਚਿੰਤਕ ਮਨਜੀਤ ਪੁਰੀ ਨੇ ਆਪਣਾ ਪੇਪਰ "ਮੁਹੱਬਤੀ ਸੰਵੇਦਨਾ ਦਾ ਕਾਵਿ : 26 ਸਾਲ ਬਾਅਦ ਪੜ੍ਹਦਿਆਂ ਕਿਹਾ ਕਿ ਅਨਿਲ ਦੀ ਇਹ ਕਿਤਾਬ ਕਈ ਟੁਕੜਿਆਂ ਵਿੱਚ ਲਿਖੀ ਇੱਕੋ ਲੰਬੀ ਕਵਿਤਾ ਹੈ। ਜਿਸ ਰਾਹੀਂ ਅਨਿਲ ਕਵਿਤਾ ਦੇ ਅਸਲੋਂ ਨਵੇਂ ਮੁਹਾਂਦਰੇ ਰਾਹੀਂ ਪਾਠਕਾਂ ਸਨਮੁੱਖ ਹੁੰਦਾ ਹੈ। 

ਨਾਮਵਰ ਵਿਦਵਾਨ ਹਰਵਿੰਦਰ ਭੰਡਾਲ ਨੇ "26 ਸਾਲ ਬਾਅਦ" ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਇਹ ਕਵਿਤਾ ਮੁਹੱਬਤ ਦੇ ਰਾਹ ਦਾ ਰੋੜਾ ਬਣਦੀਆਂ ਸਮਾਜਿਕ ਵਰਜਨਾਵਾਂ ਨੂੰ ਮੁਖ਼ਾਤਿਬ ਹੁੰਦੀ ਹੈ ਅਤੇ ਇਸ ਕਵਿਤਾ ਵਿੱਚ ਪੇਸ਼ ਮੁਹੱਬਤ ਦਾ ਤਾਅਲੁੱਕ ਕਵੀ ਦੀ ਵਿਅਕਤੀਗਤ ਮੁਹੱਬਤ ਨਹੀਂ ਹੈ ਸਗੋਂ ਇਹ ਸਮੁੱਚੇ ਸਮਾਜਿਕ ਤਾਣੇ ਬਾਣੇ ਦੀਆਂ ਦੀਵਾਰਾਂ ਨੂੰ ਚੁਣੌਤੀ ਦੇ ਰਹੀ ਹੈ। 

ਸਾਹਿਤ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ ਕਵੀ ਸਵਰਨਜੀਤ ਸਵੀ ਨੇ ਅਨਿਲ ਦੀ ਕਵਿਤਾ ਵਿਚਲੀ ਤਰਲਤਾ ਦੀ ਬਾਤ ਛੋਹੀ ਅਤੇ ਕਿਹਾ ਕਿ ਉਹ ਇੱਕ ਹਰਮਨ ਪਿਆਰਾ ਅਧਿਆਪਕ , ਗੰਭੀਰ ਬਾਲ ਸਾਹਿਤ ਲੇਖਕ , ਅਨੁਵਾਦਕ ਅਤੇ ਬਹੁਪਾਸਾਰੀ ਸਖ਼ਸ਼ੀਅਤ ਸੀ। 

ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਪ੍ਰਧਾਨ ਅਤੇ ਉੱਘੇ ਚਿੰਤਕ ਡਾ.ਸੁਖਦੇਵ ਸਿੰਘ ਸਿਰਸਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਅਨਿਲ ਆਦਮ ਦੇ ਬਹੁਪੱਖੀ ਵਿਅਕਤੀਤਵ ਨੂੰ ਸਲਾਮ ਕਰਦਿਆਂ

"26 ਸਾਲ ਬਾਅਦ" ਦੀ ਕਵਿਤਾ ਨੂੰ ਅਜੋਕੇ ਕਾਰਪੋਰੇਟੀ ਜਗਤ ਵਿੱਚ ਮਨੁੱਖ ਨੂੰ ਮਸ਼ੀਨ ਵਿੱਚ ਤਬਦੀਲ ਕੀਤੇ ਜਾਣ ਖ਼ਿਲਾਫ਼ ਨਾਬਰੀ ਅਤੇ ਵਿਦਰੋਹ ਦੀ ਕਵਿਤਾ ਦੱਸਿਆ। ਡਾ.ਸਿਰਸਾ ਨੇ ਕਿਹਾ ਕਿ ਜਦੋਂ ਵਕਤ ਅਤੇ ਹਾਲਾਤ ਬੰਦੇ ਦੀ ਹੋਂਦ ਦੇ ਖ਼ਿਲਾਫ਼ ਹੋਣ ਤਾਂ ਮੁਹੱਬਤ ਦੀ ਕਵਿਤਾ ਬੰਦਿਆਈ ਵਿੱਚ ਮਨੁੱਖ ਦਾ ਯਕੀਨ ਦ੍ਰਿੜ੍ਹ ਕਰਵਾਉਂਦੀ ਹੈ। ਇਸੇ ਲਈ ਅਨਿਲ ਦੀ ਕਵਿਤਾ ਮੁਹੱਬਤ ਅਤੇ ਸੱਭਿਆਚਾਰ ਦੀ ਰਾਜਨੀਤੀ ਦੀ ਕਵਿਤਾ ਹੈ।

ਕਰੀਬ ਸਾਢੇ ਤਿੰਨ ਘੰਟੇ ਚੱਲੇ ਇਸ ਭਾਵਪੂਰਤ ਸਮਾਗਮ ਤਾਸਮਨ ਦੇ ਸੰਪਾਦਕ ਹਰਮਨਦੀਪ ਸਿੰਘ ਆਸਟ੍ਰੇਲੀਆ, ਬਲਰਾਜ ਧਾਲੀਵਾਲ ਕੈਨੇਡਾ , ਰਾਜੀਵ ਖ਼ਿਆਲ, ਸੰਦੀਪ ਚੌਧਰੀ, ਸੁਰਿੰਦਰ ਕੰਬੋਜ, ਲਾਲ ਸਿੰਘ ਸੁਲਹਾਣੀ, ਸਰਬਜੀਤ ਸਿੰਘ ਭਾਵੜਾ, ਸੁਖਦੇਵ ਸਿੰਘ ਭੱਟੀ , ਰਿਸ਼ੀ ਹਿਰਦੇਪਾਲ, ਸੁਖਦੇਵ ਮਠਾੜੂ, ਗੌਰਵ ਸਾਗਰ ਭਾਸਕਰ, ਮਨਜੀਤ ਸੂਖ਼ਮ, ਡਾ. ਅਜ਼ਾਦਵਿੰਦਰ , ਕਮਲ ਸ਼ਰਮਾ, ਡਾ.ਸਤਿੰਦਰ ਸਿੰਘ , ਡਾ.ਗੁਰਪ੍ਰੀਤ ਕੌਰ, ਉੱਘੇ ਗਾਇਕ ਕਮਲ ਦ੍ਰਾਵਿੜ, ਰਣਦੀਪ ਕੌਰ, ਮਹਿੰਦਰ ਸ਼ੈਲੀ, ਜਬਰ ਮਾਹਲਾ, ਗਾਇਕ ਗਿੱਲ ਗੁਲਾਮੀ ਵਾਲਾ, ਰਾਕੇਸ਼ ਪਾਲ,ਅਵਤਾਰ ਸਿੰਘ ਪੁਰੀ, ਭੁਪਿੰਦਰ ਜੈਤੋ, ਪ੍ਰੀਤ ਜੱਗੀ, ਸੁਖਵਿੰਦਰ ਭੁੱਲਰ, ਦਲੀਪ ਸਿੰਘ ਸੈਣੀ , ਹਰਜੀਤ ਸਿੱਧੂ, ਅਜੀਤਪਾਲ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ, ਫ਼ਿਲਮ ਅਭਿਨੇਤਾ ਹਰਿੰਦਰ ਭੁੱਲਰ, ਗੁਰਨਾਮ ਸਿੱਧੂ , ਜਸਵਿੰਦਰ ਧਰਮਕੋਟ, ਗੁਰਮੀਤ ਰੱਖੜਾ ਕੜਿਆਲ, ਗੁਰਦਰਸ਼ਨ ਆਰਿਫ਼ ਕੇ, ਸੰਜੀਵ ਜੈਨ , ਦਲਜੀਤ ਸਿੰਘ ਦੌਧਰ, ਸਪਨ, ਮੰਗਤ ਬਜੀਦਪੁਰੀ, ਪ੍ਰੋ.ਲਕਸ਼ਮਿੰਦਰ , ਇੰਦਰ ਸਿੰਘ ਸਮੇਤ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ। ਕਲਾਪੀਠ ਫ਼ਿਰੋਜ਼ਪੁਰ ਵੱਲੋਂ ਆਏ ਹੋਏ ਵਿਦਵਾਨ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।

ਹਰਮੀਤ ਵਿਦਿਆਰਥੀ ਨੇ ਆਏ ਹੋਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਲਾਪੀਠ ਦੀਆਂ ਭਵਿੱਖੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਕਿ ਕਲਾਪੀਠ ਵੱਲੋਂ ਅਨਿਲ ਆਦਮ ਯਾਦਗਾਰੀ ਕਵਿਤਾ ਪੁਰਸਕਾਰ ਦੀ ਸਥਾਪਨਾ ਕੀਤੀ ਗਈ ਹੈ ਜੋ ਕਿ ਹਰ ਸਾਲ ਦਸੰਬਰ ਮਹੀਨੇ ਵਿੱਚ ਦਿੱਤਾ ਜਾਵੇਗਾ। ਜਦੋਂ ਕਿ ਪੰਜਾਬੀ ਕਵਿਤਾ ਅਤੇ ਸਮਾਜ ਦੀਆਂ ਵਿਭਿੰਨ ਪਰਤਾਂ ਦਾ ਵਿਸ਼ਲੇਸ਼ਣ ਕਰਨ ਲਈ ਅਨਿਲ ਆਦਮ ਯਾਦਗਾਰੀ ਲੈਕਚਰ ਸੀਰੀਜ਼ ਸ਼ੁਰੂ ਕੀਤੀ ਜਾਵੇਗੀ।

ਇਹ ਅਜਿਹਾ ਉਪਰਾਲਾ ਸੀ ਜਿਸ ਅਧੀਨ ਆਪਣੇ ਵਿਛੜ ਚੁੱਕੇ ਮਿੱਤਰ ਸ਼ਾਇਰ ਅਨਿਲ ਆਦਮ ਨੂੰ ਉਸ ਦੁਨੀਆ ਤੋਂ ਬੁਲਾਉਣ ਦੀ ਕੋਸ਼ਿਸ਼ ਕੀਤੀ ਜੀ ਸੀ ਜਿਥੇ ਜਾ ਕੇ ਕੋਈ ਵਾਪਿਸ ਨਹੀਂ ਆਉਂਦਾ। ਇਸ ਸਮਾਗਮ ਨੂੰ ਦੇਖ ਕੇ ਮਹਿਸੂਸ ਹੁੰਦਾ ਸੀ ਜਿਵੇਂ ਅਨਿਲ ਆਦਮ ਐਥੇ ਹੀ ਹੈ ਇਸੇ ਸਮਾਗਮ ਵਿੱਚ ਬੈਠਾ ਹੈ ਅਤੇ ਉਸ ਬਾਰੇ ਹੁੰਦੀ ਚਰਚਾ ਦੇ ਰੂਪ ਵਿਚ ਪ੍ਰਗਟ ਵੀ ਹੋ ਰਿਹਾ ਹੈ। ਉਸਦੀ ਸ਼ਾਇਰੀ ਉਸਦੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੀ ਹੈ। ਉਸ ਬਾਰੇ ਹੁੰਦੀਆਂ ਗੱਲਾਂ ਉਸਦੇ ਸਮਾਗਮ ਵਿੱਚ ਹੋਣ ਦੀ ਗਵਾਹੀ ਭਰ ਰਹੀਆਂ ਹਨ। 

Monday 15 April 2024

ਪੱਤਰਕਾਰ ਰਾਣਾ ਅਯੂਬ ਦੀ ਪੁਸਤਕ ਬਾਰੇ ਗੰਭੀਰ ਚਰਚਾ ਹੋਈ ਬਹਿਰਾਮਪੁਰ ਬੇਟ ਵਿੱਚ

 Monday 15th April 2024 at 09:45 AM 

ਸਾਹਿਤ ਸਭਾ ਨੇ ਸਾਹਿਤ ਦੇ ਨਾਲ ਨਾਲ ਮੌਜੂਦਾ ਚੁਣੌਤੀਆਂ ਦੀ ਵੀ ਗੱਲ ਕੀਤੀ  


ਬਹਿਰਾਮਪੁਰ ਬੇਟ
//ਚਮਕੌਰ ਸਾਹਿਬ: 15 ਅਪਰੈਲ 2024
(ਹਰਨਾਮ ਸਿੰਘ ਡੱਲਾ//ਇਨਪੁਟ-ਸਾਹਿਤ ਸਕਰੀਨ ਡੈਸਕ):

ਸਮੇਂ ਦੇ ਬਦਲਦੇ ਹੋਏ ਹਾਲਾਤ ਦੀ ਨਿਰਪੱਖ ਰਿਪੋਰਟਿੰਗ ਜਿੰਨੀ ਇਮਾਨਦਾਰੀ ਨਾਲ ਲੇਖਕਾਂ ਅਤੇ ਸ਼ਾਇਰਾਂ ਨੇ ਕੀਤੀ ਹੈ ਓਨੀ ਸ਼ਾਇਦ ਮੀਡੀਆ ਨਾਲ ਜੁੜੇ ਲੋਕ ਵੀ ਨਹੀਂ ਕਰ ਸਕੇ ਕਿਓਂਕਿ ਮੀਡੀਆ ਦੇ ਰਸਤਿਆਂ ਵਿੱਚ ਆਪਣੀ ਕਿਸਮ ਦੀਆਂ ਬਹੁਤ ਕਿਸਮ ਦੀਆਂ ਦੁਸ਼ਵਾਰੀਆਂ ਅਤੇ ਔਖਿਆਈਆਂ ਵੀ ਹੁੰਦੀਆਂ ਹਨ। ਇਸ ਲਈ ਲੇਖਕਾਂ ਅਤੇ ਸ਼ਾਇਰਾਂ ਨੇ ਕਦੇ ਵਾਰਾਂ ਅਤੇ ਕਦੇ ਇਤਿਹਾਸਿਕ ਖੋਜਾਂ ਦੇ ਰੂਪਾਂ ਵਿੱਚ ਬਹੁਤ ਵਰਨਣਯੋਗ ਕੰਮ ਕੀਤਾ। ਇਸ ਗੱਲ ਦੀ ਨਵੀਂ ਮਿਸਾਲ ਕਾਇਮ ਕਰਨ ਵਾਲਿਆਂ ਵਿੱਚ ਸਾਡੇ ਸਮਿਆਂ ਦੀ ਬਹੁ ਚਰਚਿਤ ਲੇਖਿਕਾ ਅਤੇ ਪੱਤਰਕਾਰਾ ਰਾਣਾ ਅਯੂਬ ਵੀ ਹੈ। ਜਦੋਂ ਸਾਰੇ ਰਸਤੇ ਬੰਦ ਹੋ  ਚੁੱਕੇ ਸਨ, ਉਸਦੇ ਆਰਥਿਕ ਹਾਲਾਤ ਵੀ ਡਾਂਵਾਂਡੋਲ ਸਨ, ਉਸਦੇ ਆਪਣੇ ਹੀ ਅਦਾਰੇ ਨੇ ਵੀ ਉਸਦੀ ਖੋਜ ਖਬਰ ਨੂੰ ਛਾਪਣ ਤੋਂ ਨਾਂਹ ਕਰ ਦਿੱਤੀ ਸੀ ਉਦੋਂ ਰਾਣਾ ਅਯੂਬ ਨੇ ਕਰੀਬ ਤਿੰਨ ਸਾਲਾਂ ਦਾ ਸਮਾਂ ਕਿਸੇ ਮੈਡੀਟੇਸ਼ਨ ਜਾਂ ਤੱਪਸਿਆ ਵਾਂਗ ਗੁਜ਼ਾਰਿਆ। ਇਹ ਉਸਦੀ ਆਪਣੇ ਆਪ ਨਾਲ ਲੰਮੀ ਮੁਲਾਕਾਤ ਸੀ। ਇਸ ਸਵੈ ਮੁਲਾਕਾਤ ਤੋਂ ਬਾਅਦ ਸਾਹਮਣੇ ਆਈ ਉਸਦੀ  ਕਿਤਾਬ "ਗੁਜਰਾਤ ਫਾਈਲਾਂ"-ਇਹ ਉਹ ਪੁਸਤਕ ਸੀ ਜਿਸਦੀਚਰਚਾ ਕਰਨ ਦੇ ਮਾਮਲੇ ਵਿੱਚ   ਨੇ ਮੀਡੀਆ ਦੇ ਵੱਡੇ ਹਿੱਸੇ ਨੇ ਜਾਣਬੁਝ ਕੇ ਸਾਜ਼ਿਸ਼ੀ ਜਿਹੀ ਚੁੱਪ ਰੱਖੀ। ਇਸ ਸਭ ਕੁਝ ਦੇ ਬਾਵਜੂਦ ਕਿਤਾਬ ਨੇ ਅਨੁਵਾਦ ਅਤੇ ਵਿਕਰੀ ਦੇ ਰਿਕਾਰਡ ਤੋੜ ਦਿੱਤੇ। ਖੁਦ ਰਾਣਾ ਅਯੂਬ ਨੂੰ ਵੀ ਪਤਾ ਨਹੀਂ ਸੀ ਕਿ ਸ਼ਾਇਦ ਹੁਣ ਵੀ ਪਤਾ ਨਾ ਹੋਵੇ ਕਿ ਇਹ ਕਿਤਾਬ ਅਸਲ ਵਿੱਚ ਕਿੰਨੀਆਂ ਭਾਸ਼ਾਵਾਂ ਵਿੱਚ ਕਿੱਥੇ ਕਿੱਥੇ ਅਨੁਵਾਦ ਹੋਈ। 

ਪਰ ਇਸ ਕਿਤਾਬ ਨੇ ਅਤੇ ਇਸ ਕਿਤਾਬ ਦੀ ਸਿਰਜਣਾ ਨੇ ਇੱਕ ਇਤਿਹਾਸ ਰਚਿਆ। ਇਸ ਕਿਤਾਬ ਨੇ ਸਾਬਿਤ ਕੀਤੀਆਂ ਬਾਬਾ ਨਜਮੀ ਦੀਆਂ ਉਹ ਸਤਰਾਂ-ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰ ਦਾ। ਇਸ ਕਿਤਾਬ ਨੇ  ਖੋਜੀ ਖਬਰਾਂ ਦੇ ਮਾਮਲੇ ਵਿੱਚ ਮਹਾਂਰਥੀ ਅਖਵਾਉਣ ਵਾਲੇ ਵੱਡੇ ਵੱਡੇ ਅਦਾਰਿਆਂ ਅਤੇ ਵਿਅਕਤੀਆਂ ਨੂੰ ਵੀ ਹੈਰਾਨ ਕਰ ਦਿੱਤਾ। ਫਿਕਸ਼ਨ ਵਾਂਗ ਜਾਪਦੀ ਇਹ ਕਿਤਾਬ ਅਸਲ ਵਿੱਚ ਇੱਕ ਦਸਤਾਵੇਜ਼ੀ ਵਾਂਗ ਹੀ ਲਿਖੀ ਗਈ ਅਤੇ ਸਾਹਮਣੇ ਵੀ ਆਈ। ਇਸਦੀ ਨਾਇਕਾ ਅਰਥਾਤ ਮੈਥਿਲੀ ਤਿਆਗੀ ਖੁਦ ਰਾਣਾ ਅਯੂਬ ਹੀ ਤਾਂ ਸੀ। ਇੱਕ ਫਿਲਮ ਨਿਰਮਾਤਾ ਬਣ ਕੇ ਉਸਨੇ ਕਿਵੇਂ ਸਾਰੀ ਖੋਜ ਕੀਤੀ ਇਸ ਦਾ ਸਹੀ ਸਹੀ ਪਤਾ ਇਸ ਪੁਸਤਕ ਨੂੰ ਪੜ੍ਹ ਕੇ ਹੀ ਲਗਾਇਆ ਜਾ ਸਕਦਾ ਹੈ। 

ਕਲਮਾਂ ਵਾਲੇ ਕਿਵੇਂ ਆਪਣੀਆਂ ਡਿਉਟੀਆਂ ਨਿਭਾਉਂਦੇ ਹਨ ਅਤੇ ਸੱਚ ਲੱਭਣ ਲਈ ਕਿਵੇਂ ਕਿੰਨੇ ਕਿੰਨੇ ਖਤਰੇ ਉਠਾਉਂਦੇ ਹਨ ਇਸਦੀ ਬੜੀ ਸਟੀਕ ਜਾਣਕਾਰੀ ਇਸ ਪੁਸਤਕ ਤੋਂ ਹੀ ਮਿਲਦੀ ਹੈ।  ਇਹਨਾਂ ਸਾਰੇ ਕਾਰਨਾਂ ਕਰਕੇ ਇਸ ਪੁਸਤਕ ਦੀ ਵਿਸ਼ੇਸ਼ ਚਰਚਾ ਇਸ ਵਾਰ ਬਹਿਰਾਮਪੁਰ ਬੇਟ ਵਾਲੀ ਸਾਹਿਤ ਸਭਾ  ਮੀਟਿੰਗ ਵਿੱਚ ਹੋਈ। ਸਾਹਿਤ ਸਭਾ ਰਜਿ: ਬਹਿਰਾਮਪੁਰ ਬੇਟ ਦੀ ਮਾਸਿਕ ਇਕੱਤਰਤਾ ਮਹਿਮਾਨ ਵੱਜੋਂ ਪਹੁੰਚੇ ਸੀਨੀਅਰ ਪੱਤਰਕਾਰ ਰੈੱਕਟਰ ਕਥੂਰੀਆ ਦੀ ਪ੍ਰਧਾਨਗੀ ਹੇਠ ਸਭਾ ਦੇ ਦਫ਼ਤਰ ਵਾਲੇ  ਕੰਪਲੈਕਸ ਬਹਿਰਾਮਪੁਰ ਬੇਟ ਵਿਖੇ ਹੋਈ। 

ਇਸ ਵਿੱਚ ਸ਼ਾਮਲ ਡਾਕਟਰ ਦੌਲਤ ਰਾਮ ਲੋਈ ਨੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ਉੱਤੇ ਪੰਛੀ ਝਾਤ ਪੁਆਉਂਦਿਆਂ ਇਕੱਤਰਤ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਸਭਾ ਦੇ ਪ੍ਰਧਾਨ ਸ੍ਰੀ ਹਰਨਾਮ ਸਿੰਘ ਡੱਲਾ ਨੇ ਜਿੱਥੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਧਰਮ ਪਰਿਵਰਤਨ ਬਾਰੇ ਚਾਨਣਾ ਪਾਇਆ ਉੱਥੇ ਭਾਰਤੀ ਸੰਵਿਧਾਨ ਦੇ ਆਦੇਸ਼ 'ਅਸੀਂ ਭਾਰਤ ਦੇ ਲੋਕ' 'ਸਮਾਜਵਾਦ' ਅਤੇ 'ਧਰਮ ਨਿਰਪੱਖ' ਸੰਵਾਧਾਨਕ ਪ੍ਰਣ ਨੂੰ ਵੀ ਸਰੋਤਿਆਂ ਸਾਹਮਣੇ ਰੱਖਿਆ‌। 

ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸੰਵਿਧਾਨ ਦੀ ਆਤਮਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਰਾਹੀਂ ਹੀ  ਭਾਈਚਾਰਕ ਸਾਂਝ, ਦੇਸ਼ ਦਾ ਭਲਾ ਅਤੇ ਲੋਕਾਂ ਦੀ ਤਰੱਕੀ ਦਾ ਰਾਹ ਆਸਾਨ ਹੋ ਸਕਦਾ ਹੈ। ਇਸ ਮੌਕੇ ਇਕੱਤਰ ਹੋਏ ਮੈਂਬਰਾਂ ਨੇ 13 ਅਪ੍ਰੈਲ 1919 ਦੇ ਜਲ੍ਹਿਆਂ ਵਾਲਾ ਬਾਗ਼ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਅਤੇ ਸ਼ਹੀਦ ਹੋਏ ਪੰਜਾਬੀਆਂ ਨੂੰ ਨਮਨ ਕੀਤਾ।

ਇਸ ਸਾਹਿਤ ਸਭਾ ਦੀ ਇੱਕ ਹੋਰ ਖਾਸੀਅਤ ਇਹ ਵੀ ਹੈ ਕਿ ਇਸ ਸਭਾ ਦੀ ਮੀਟਿੰਗ ਦੌਰਾਨ ਸਿਰਫ ਰਚਨਾਵਾਂ ਹੀ ਨਹੀਂ ਸੁਣਾਇਆ ਜਾਂਦੀਆਂ ਬਲਕਿ ਮਹੀਨੇ ਦੌੜਨ ਪੜ੍ਹੀਆਂ ਗਈਆਂ ਪੁਸਤਕਾਂ ਬਾਰੇ ਵੀ ਚਰਚਾ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਇਹ ਸਭਾ ਆਲੇ ਦੁਆਲੇ ਦੇ ਸਕੂਲਾਂ ਅਤੇ ਹੋਰ ਅਦਾਰਿਆਂ ਵਿੱਚ ਜਾ ਕੇ ਵੀ ਬਿਲਕੁਲ ਮੁਫ਼ਤ ਪੁਸਤਕਾਂ ਦੀ ਵੰਡ ਕਰਦੀ ਹੈ।  ਇਸ ਤ੍ਰਾਹ ਪੁਸਤਕ ਸੱਭਿਆਚਾਰ ਨੂੰ ਇਹ ਉਤਸ਼ਾਹਿਤ ਵੀ ਕਰਦੀ ਹੈ। 

ਐਤਕੀਂ ਵਾਲੀ ਮੀਟਿੰਗ ਮੌਕੇ ਵੀ ਸਾਹਿਤਕ ਦੌਰ ਦੇ ਦੌਰਾਨ ਮੈਂਬਰਾਂ ਵਲੋਂ ਪਿਛਲੇ ਮਹੀਨੇ ਪੜ੍ਹੀਆਂ ਪੁਸਤਕਾਂ ਦੀ ਸਮੀਖਿਆ ਵੀ ਕੀਤੀ ਗਈ। ਜਿਸ ਵਿੱਚ ਕੁਲਵਿੰਦਰ ਨੇ ਪ੍ਰਸਿੱਧ ਲੇਖਕ ਨਾਨਕ ਸਿੰਘ ਵਲੋਂ ਲਿਖੀ ਕਵਿਤਾ 'ਖੂੰਨੀ ਵਿਸਾਖੀ' ਦਾ ਜ਼ਿਕਰ ਕੀਤਾ। ਜੋ ਕਿ ਲੇਖਕ ਵਲੋਂ 22 ਸਾਲ ਦੀ ਉਮਰ ਵਿੱਚ ਲਿਖੀ ਗਈ ਸੀ। ਅਤੇ ਅੰਗਰੇਜ਼ ਸਰਕਾਰ ਨੇ ਇਸ ਕਵਿਤਾ ਉੱਤੇ ਪਾਬੰਦੀ ਲਗਾ ਦਿੱਤੀ ਸੀ। 

ਇਸੇ ਤਰ੍ਹਾਂ ਡਾਕਟਰ ਰਾਜਪਾਲ ਸਿੰਘ ਨੇ ਹਰਪਾਲ ਸਿੰਘ ਪੰਨੂੰ ਦੀ ਪੁਸਤਕ 'ਔਰੰਗਜੇਬ ਤੋਂ ਮਾਊਂਟਬੈਟਨ ਤੱਕ' ਪੁਸਤਕ ਦੀ ਗੱਲ ਰੱਖੀ। ਹਰਨਾਮ ਸਿੰਘ ਡੱਲਾ ਵਲੋਂ ਛੋਟੀ ਉਮਰ ਦੀ ਚਰਚਿਤ ਪੱਤਰਕਾਰ ਰਾਣਾ ਆਯੂਬ ਦੀ ਪੁਸਤਕ 'ਗੁਜਰਾਤ ਫਾਇਲ' ਡਾਕਟਰ ਅੰਬੇਡਕਰ ਦੀ ਪੁਸਤਕ 'ਅਛੂਤ ਕੌਣ ਅਤੇ ਕਿਵੇਂ' ਪੜ੍ਹੀਆਂ ਅਤੇ ਪੜ੍ਹੀਆਂ ਪੁਸਤਕਾਂ ਦੇ ਪ੍ਰਭਾਵਾਂ ਦਾ ਜ਼ਿਕਰ ਕੀਤਾ।

ਉਪਰੰਤ ਕੁਲਵਿੰਦਰ ਨੇ ਖੂਬਸੂਰਤ ਕਵਿਤਾ 'ਸਿਆਸਤੀ ਸਿਉਂਕ' ਯਾਦਵਿੰਦਰ ਯਾਦੀ ਨੇ ਗੀਤ, ਹਰਨਾਮ ਸਿੰਘ ਡੱਲਾ ਨੇ ਗ਼ਜ਼ਲ ਸੁਣਾਈ। ਸੁਖਵਿੰਦਰ ਸਿੰਘ ਨੇ ਸਾਹਿਤ ਸਭਾ ਬਹਿਰਾਮਪੁਰ ਬੇਟ ਦੀਆਂ ਸਰਗਰਮੀਆਂ ਦੀ ਸ਼ਲਾਘਾ ਕਰਦਿਆਂ ਸਭਾ ਦਾ ਮੈਂਬਰ ਬਣਨ ਲਈ ਇੱਛਾ ਜਿਤਾਈ। ਪ੍ਰਧਾਨਗੀ ਭਾਸ਼ਣ ਦੌਰਾਨ ਪੱਤਰਕਾਰ ਰੈਕਟਰ ਕਥੂਰੀਆ ਨੇ ਪੜ੍ਹੀਆਂ ਰਚਾਨਾਵਾਂ ਦੇ ਮਿਆਰ ਦੀ ਸਿਫਤ ਕਰਦਿਆਂ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਰੱਖੇ ‌। ਇਸ ਤਰਾਂ ਮੀਟਿੰਗ ਦੀ ਸਮਾਪਤੀ ਹੋਈ।

ਕੁਲ ਮਿਲਾ ਕੇ ਇਹ ਸਾਹਿਤ ਸਭਾ ਗੋਦੀ ਮੀਡੀਆ ਦੇ ਦੌਰ ਅੰਦਰ ਇੱਕ ਸੁਤੰਤਰ ਅਤੇ ਲੋਕ ਪੱਖੀ ਮੀਡੀਆ ਦੀ ਉਸਾਰੀ ਕਰਦੀ ਵੀ ਜਾਪਦੀ ਹੈ। ਇਸ ਤਰ੍ਹਾਂ ਪਿੰਡ ਪਿੰਡ ਸਾਹਿਤਿਕ ਸੋਚ ਅਤੇ ਸੁਆਦ ਵਾਲੇ ਨਵੇਂ ਯੁਗ ਦੇ ਪੱਤਰਕਾਰਾਂ ਦੀ ਸਿਰਜਣਾ ਵੀ ਹੋ ਰਹੀ ਹੈ। ਇਸ ਸਭਾ ਦੇ ਮੈਂਬਰਾਂ ਦੀਆਂ ਖੂਬੀਆਂ ਬਾਰੇ ਕਿਸੇ ਵੱਖਰੀ ਪੋਸਟ ਵਿੱਚ ਲਿਖਿਆ ਜਾ ਰਿਹਾ ਹੈ। 

Friday 12 April 2024

"ਚੱਪਣੀਆਂ ਦੀ ਰੁੱਤ"//ਸਿਮਰਜੀਤ ਕੌਰ ਗਰੇਵਾਲ

Wednesday 10th April 2024 at 21:34 Wa

ਮੌਜੂਦਾ ਹਾਲਾਤ ਨੂੰ ਬਿਨਾ ਕਿਸੇ ਰੰਗ ਵਾਲੀ ਐਨਕ ਤੋਂ ਦੇਖਦੀ ਲੇਖਿਕਾ 

ਹਾਲਾਤ ਨੂੰ ਬਿਨਾ ਕਿਸੇ ਰੰਗ ਦੀ ਐਨਕ ਦੇ ਦੇਖਣਾ ਵੀ ਜ਼ਰੂਰ ਆਉਣਾ ਚਾਹੀਦਾ ਹੈ। ਸਿਮਰਜੀਤ ਕੌਰ ਗਰੇਵਾਲ ਨਨ ਅਜਿਹੇ ਨਿਰਪੱਖ ਢੰਗ ਨਾਲ ਦੇਖਣਾ ਵੀ ਆਉਂਦਾ ਹੈ ਅਤੇ ਪ੍ਰਗਟਾਉਣਾ ਵੀ ਆਉਂਦਾ ਹੈ। ਜਨਾਬ "ਮਿਰਜ਼ਾ ਗਾਲਿਬ" ਸਾਹਿਬ ਦੀ ਇੱਕ ਹਰਮਨ ਪਿਆਰੀ ਗ਼ਜ਼ਲ ਦਾ ਮਕਤਾ ਹੈ:  

ਕਾਅਬਾ ਕਿਸ ਮੂੰਹ ਸੇ ਜਾਓਗੇ ਗਾਲਿਬ!

ਸ਼ਰਮ ਤੁਮਕੋ ਮਗਰ ਨਹੀਂ ਆਤੀ!

ਇਸ ਸ਼ੇਅਰ ਨੂੰ ਗੱਲੀਂ ਬਾਤੀਂ ਵਰਤਣ ਦਾ ਰਿਵਾਜ ਵੀ ਕਾਫੀ ਬਣ ਗਿਆ ਸੀ। ਕਈ ਲੋਕ ਕਿਸੇ ਨ ਕਿਸੇ ਬਾਰੇ ਟਿੱਪਣੀ ਕਰਦਿਆਂ ਆਖਿਆ ਕਰਦੇ:ਸ਼ਰਮ ਇਨਕੋ ਮਗਰ ਨਹੀਂ ਆਤੀ!" ਹੁਣ ਸਿਮਰਜੀਤ ਕੌਰ ਗਰੇਵਾਲ ਨੇ ਇੱਕ ਰਚਨਾ ਭੇਜੀ ਹੈ ਬੜੀ ਸਾਦਗੀ ਵਾਲੇ ਅੰਦਾਜ਼ ਵਿੱਚ। ਅੰਦਾਜ਼ਾ ਤੁਸੀਂ ਆਪ ਲਗਾ ਲਓ ਕਿ ਲੇਖਕਾ ਦਾ ਇਸ਼ਾਰਾ ਕਿੰਨਾ ਲੋਕਾਂ ਵੱਲ ਹੈ। ਲੋ ਪੜ੍ਹੋ ਇਸ ਰਚਨਾ ਨੂੰ ਵੀ ਜਿਹੜੀ ਸਾਡੇ ਅੱਜ ਦੀ ਕਹਾਣੀ ਹੈ।  ਲੇਖਕ ਕਾਨੂੰਨ ਤਾਂ ਨਹੀਂ ਬਣਾ ਸਕਦਾ ਪਰ ਆਲੇ ਦੁਆਲੇ ਨੂੰ ਸਾਵਧਾਨ ਜ਼ਰੂਰ ਕਰ ਸਕਦਾ ਹੈ। 


"ਚੱਪਣੀਆਂ ਦੀ ਰੁੱਤ"//ਸਿਮਰਜੀਤ ਕੌਰ ਗਰੇਵਾਲ

ਮਿੱਟੀ ਦੇ ਭਾਂਡੇ ਬਣਾਉਣ ਵਿੱਚ, ਨੱਥੂ ਬਹੁਤ ਮਾਹਿਰ ਸੀ।ਗਰਮੀ ਦੀ ਰੁੱਤ ਸ਼ੁਰੂ ਹੋਣ ਸਾਰ ਹੀ,ਉਹ ਘਰ- ਘਰ ਜਾ ਕੇ, ਘੜੇ ਦੇ ਆਉਂਦਾ। ਪਰ ਇਸ ਵਾਰ ,ਉਹ ਕਿਸੇ ਦੇ ਘਰ ਨਹੀਂ  ਆਇਆ । ਤਾਈ ਨਿਹਾਲੀ,ਘੜਾ ਲੈਣ ਲਈ,ਨੱਥੂ ਦੇ ਘਰ ਜਾ ਪਹੁੰਚੀ।ਵਿਹੜੇ ਵਿੱਚ ਪੈਰ ਧਰਦਿਆਂ ਹੀ ਤਾਈ ਬੋਲੀ," ਵੇ ਪੁੱਤ ਨੱਥੂ!  ਐਤਕੀਂ ਕੀ ਗੱਲ ਹੋ ਗਈ,ਤੂੰ ਭਾਂਡੇ ਦੇਣ ਆਇਆ ਨਈਂ, ਮੈਂ ਤਾਂ ਉਡੀਕ ਕਰਦੀ ਥੱਕ ਗਈ।ਅੱਜ ਸੋਚਿਆ ਆਪ ਹੀ ਗੇੜਾ ਮਾਰ ਆਵਾਂ,ਲਿਆ ਦਿਖਾ ਕੋਈ ਘੜਾ ਮੈਨੂੰ।"

ਇਸ ਤੋਂ ਪਹਿਲਾਂ ਕਿ ਨੱਥੂ ਕੋਈ ਜਵਾਬ ਦਿੰਦਾ,ਨੱਥੂ ਦੇ ਘਰ ਵਾਲੀ ਬੋਲੀ,"ਅੰਮਾ ਜੀ!ਪਤਾ ਨਹੀਂ ਇਹਦੇ ਦਿਮਾਗ ਨੂੰ ਕੀ ਹੋ ਗਿਆ, ਐਤਕੀਂ ਨਾ ਘੜੇ ਬਣਾਏ ,ਨਾ ਕੋਈ ਹੋਰ ਭਾਂਡਾ,ਸਾਰੀ ਮਿੱਟੀ ਦੀਆਂ ਚੱਪਣੀਆਂ ਬਣਾ ਕੇ ਰੱਖ ਦਿੱਤੀਆਂ,ਪਿਛਲਾ ਵਿਹੜਾ ਸਾਰਾ ਚੱਪਣੀਆਂ ਨਾਲ਼ ਭਰਿਆ ਪਿਆ ਹੈ,ਸਾਡੀ ਤਾਂ ਸਮਝ ਤੋਂ ਪਰੇ ਹੈ ਇਹ ਗੱਲ ।"

ਤਾਈ ਨਿਹਾਲੀ ਸੁਣ ਕੇ ਬੜਾ ਹੈਰਾਨ ਹੋਈ ਤੇ ਬੋਲੀ,"ਦੱਸ 'ਕੱਲੀਆਂ  ਚੱਪਣੀਆਂ ਦਾ ਕੀ ਕਰਨਾ ਹੈ,ਤੂੰ ਹੋਰ ਭਾਂਡੇ ਬਣਾ, ਜਿਹੜੇ ਕੰਮ ਆਉਣ"

ਨੱਥੂ ਸਹਿਜ ਮਤੇ ਵਿੱਚ ਬੋਲਿਆ,"ਤਾਈ !ਹੋਰ ਭਾਂਡੇ ਵੀ ਬਣਾ ਦਿਆਂਗੇ, ਪਰ ਹੁਣ ਤਾਂ ਚੱਪਣੀਆਂ ਦੀ ਰੁੱਤ ਹੈ,ਚੱਪਣੀ 'ਚ ਨੱਕ ਡੁਬੋਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ,ਉਸ ਹਿਸਾਬ ਨਾਲ਼ ਤਾਂ ਹਾਲੇ ਹੋਰ ਚੱਪਣੀਆਂ ਦੀ ਲੋੜ ਹੈ।ਚੀਜ਼ਾਂ ਹਮੇਸ਼ਾਂ ਲੋੜ ਅਨੁਸਾਰ ਹੀ ਤਿਆਰ ਕਰਨੀਆਂ ਪੈਂਦੀਆਂ ਨੇ।"

ਇਹ ਕਹਿਕੇ,ਨੱਥੂ ਹੋਰ ਚੱਪਣੀਆਂ ਬਣਾਉਣ ਲੱਗ ਗਿਆ।

ਇਸ ਰਚਨਾ ਸੰਬੰਧੀ ਤੁਹਾਡੇ ਵਿਚਾਰਾਂ ਅਤੇ ਟਿੱਪਣੀਆਂ ਦੀ ਉਡੀਕ ਤਾਂ ਰਹੇਗੀ ਹੀ 

Monday 8 April 2024

ਲੇਖਕ ਸਮਾਜਿਕ ਸਰੋਕਾਰਾਂ ਨਾਲ ਜੁੜ ਕੇ ਸਾਹਿਤ ਸਿਰਜਣਾ ਕਰਨ

Tuesday 8th April 2024 at 3:31 PM

ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸਥਾਪਨਾ ਦਿਵਸ ਸਮਾਰੋਹ ਮੌਕੇ ਜ਼ੋਰਦਾਰ ਸੱਦਾ


ਲੁਧਿਆਣਾ
: 8 ਅਪ੍ਰੈਲ 2024: (ਕਾਰਤਿਕਾ ਕਲਿਆਣੀ ਸਿੰਘ ਇਨਪੁਟ ਸਾਹਿਤ ਸਕਰੀਨ ਡੈਸਕ)::
ਦੇਸ਼ ਅਤੇ ਦੁਨੀਆ ਭਰ ਦੀਆਂ ਸਭਿਆਚਾਰਕ ਕਦਰਾਂ-ਕੀਮਤਾਂ ਅਤੇ ਨੈਤਿਕਤਾ ਵਿੱਚ ਜਿਹੜਾ ਨਿਘਾਰ ਦੇਖਣ ਵਿੱਚ ਆ ਰਿਹਾ ਹੈ ਉਹ ਸਭ ਉਸ ਸਾਜਿਸ਼ ਦਾ ਨਤੀਜਾ ਹੈ ਜਿਸ ਸਾਜਿਸ਼ ਦੇ ਅਧੀਨ ਲੇਖਕਾਂ ਨੂੰ ਸਮਾਜਿਕ ਸਰੋਕਾਰਾਂ ਨਾਲੋਂ ਤੋੜ ਕੇ ਹੋਰਨਾਂ ਦਿਸ਼ਾਵਾਂ ਵੱਲ ਤੋਰ ਦਿੱਤਾ ਗਿਆ। 

ਲੇਖਕਾਂ ਦੀ ਉਦਾਸੀਨਤਾ ਅਤੇ ਸੰਵੇਦਨਾ ਘਟਣ ਦੇ ਸਿੱਟੇ ਵੀ ਬਹੁਤ ਭਿਆਨਕ ਨਿਕਲੇ। ਅੱਤਵਾਦ, ਵੱਖਵਾਦ ਦੇ ਨਾਲ ਨਾਲ ਨੈਤਿਕ ਪੱਤਨ ਦੀਆਂ ਹਨੇਰੀਆਂ ਝੁੱਲ ਪਈਆਂ। ਔਲਾਦ ਨੇ ਮਾਪਿਆਂ ਨੂੰ ਸਿਰਫ ਘਰੋਂ ਹੀ ਨਹੀਂ ਕਢਿਆ ਬਲਕਿ ਕਈ ਮਾਮਲਿਆਂ ਵਿੱਚ ਕਤਲ ਵੀ ਕੀਤੇ। ਪ੍ਰੇਮ ਵਿਆਹਾਂ ਦੇ ਬਾਵਜੂਦ ਲੜਕੀਆਂ ਨੂੰ ਵਹਿਸ਼ੀਆਨਾ ਢੰਗ ਨਾਲ ਕਤਲ ਕੀਤਾ ਗਿਆ। ਅਰੇੰਜ ਮੈਰਿਜ ਵਾਲੇ ਸਿਸਟਮ ਨਾਲ ਵਿਆਹ ਕੇ ਲਿਆਂਦੀਆਂ ਕੁੜੀਆਂ ਦੇ ਵੀ ਦਾਜ ਦਹੇਜ ਵਰਗੇ ਕਾਰਨਾਂ ਨੂੰ ਅਧਾਰ ਬਣਾ ਕੇ ਕਤਲ ਹੋਏ। 

ਮਜ਼ਹਬੀ ਬਹਾਨਿਆਂ ਅਤੇ ਤਿਓਹਾਰਾਂ ਨੂੰ ਆਧਾਰ ਬਣਾ ਕੇ ਧਾਰਮਿਕ ਅਸਥਾਨਾਂ ਅਤੇ ਸੰਪ੍ਰਦਾਵਾਂ ਦੇ ਖਿਲਾਫ਼ ਹਿੰਸਕ ਘਟਨਾਵਾਂ ਫਿਰ ਜ਼ੋਰ ਫੜ੍ਹਨ ਲੱਗੀਆਂ। ਪੱਛਮੀ ਕਲਚਰ ਨਾਲ ਜੁੜੇ ਫੈਸ਼ਨ ਸਾਡੀ ਸੰਸਕ੍ਰਿਤੀ ਉੱਤੇ ਭਾਰੂ ਹੋਣ ਲੱਗ ਪਏ। ਗੈਂਗਸਟਰ ਬਣਨਾ ਅਤੇ ਉਹਨਾਂ ਵਾਂਗ ਨਜ਼ਰ ਆਉਣਾ ਇੱਕ ਫੈਸ਼ਨ  ਬਣ ਗਿਆ। ਇਸ ਦੇ ਕਾਰਨਾਂ ਵਿੱਚ ਜਾਈਏ ਸਮਝ ਆਉਣ ਲੱਗ ਪਿਆ ਕਿ ਕੁਝ ਕੁ ਲੇਖਕਾਂ ਦੇ ਆਧੁਨਿਕ ਕਿਸਮ ਦੇ ਨਾਵਲ ਅਤੇ ਵਾਹਯਾਤ  ਗੀਤ ਸਾਡੇ ਨੌਜਵਾਨਾਂ ਅਤੇ ਮੁਟਿਆਰਾਂ ਦੀ ਪੀੜ੍ਹੀ ਦੇ ਦਿਲ ਦਿਮਾਗਾਂ ਨੂੰ ਬਦਲ ਰਹੇ ਸਨ। 

ਇੱਕ ਵਾਰ ਫੇਰ ਇਹਨਾਂ ਸਾਜ਼ਿਸ਼ੀ ਹਨੇਰੀਆਂ ਦੇ ਖਿਲਾਫ਼ ਇਪਟਾ ਵੀ ਮੈਦਾਨ ਵਿੱਚ ਨਿੱਤਰੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵੀ ਖੁਲ੍ਹ ਕੇ ਮੈਦਾਨ ਵਿੱਚ ਆਇਆ। ਪੂੰਜੀਵਾਦ ਦੀ ਸ਼ਹਿ ਪ੍ਰਾਪਤ ਇਹਨਾਂ ਵਾਵਰੋਲਿਆਂ ਨੰ ਨਥ ਪਾਉਣ ਲਈ "ਢਾਈ ਆਖਰ" ਵਰਗੀਆਂ ਜ਼ੋਰਦਾਰ ਮੁਹਿੰਮਾਂ ਵੀ ਦੇਸ਼ ਭਰ ਵਿਚ ਚਲਾਈਆਂ ਗਈਆਂ। ਮੈਕਸਿਮ ਗੋਰਕੀ ਦੇ ਨਾਲ ਨਾਲ ਮੁਨਸ਼ੀ ਪ੍ਰੇਮ ਚੰਦ, ਪਾਸ਼ ਅਤੇ ਲਾਲ ਸਿੰਘ ਦਿਲ ਨੂੰ ਵੀ ਚੇਤੇ ਕੀਤਾ ਜਾ ਰਿਹਾ ਹੈ। ਦੇਵਿੰਦਰ ਦਮਨ ਅਤੇ ਅਜਮੇਰ ਸਿੰਘ ਔਲਖ ਵਰਗੀਆਂ ਸ਼ਖਸੀਅਤਾਂ ਵੱਲੋਂ ਰਚੇ ਨਾਟਕ ਖੇਡਣ ਵਿੱਚ ਸੰਜੀਵਨ ਵਰਗੇ ਲਾਈਫ ਟਾਈਮ ਕਲਾਕਾਰ ਲਗਾਤਾਰ ਸਰਗਰਮ ਹਨ। 

ਇਸ ਤਰ੍ਹਾਂ ਪ੍ਰਗਤੀਸ਼ੀਲ ਅੰਦੋਲਨ ਨਾਲ ਜੁੜੇ ਲੋਕਪੱਖੀ ਲੇਖਕ ਇੱਕ ਵਾਰ ਫੇਰ ਕਲਮ ਦੀ ਧਾਰ ਨੂੰ ਤੇਜ਼ ਕਰਨ ਲਈ ਮੈਦਾਨ ਵਿੱਚ ਹਨ। ਇਸ ਲਹਿਰ ਨੂੰ ਇੱਕ ਵਾਰ ਫੇਰ ਮਜ਼ਬੂਤੀ ਦੇਣ ਲਈ ਇੱਕ ਵਿਸ਼ੇਸ਼ ਆਯੋਜਨ ਲੁਧਿਆਣਾ ਵਿੱਚ ਵੀ ਹੋਇਆ।

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਅੱਜ ਪੰਜਾਬੀ ਭਵਨ ਲੁਧਿਆਣਾ ਵਿੱਚ ਸਥਾਪਨਾ ਦਿਵਸ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ "ਚਰਚਾ" ਕੌਮਾਂਤਰੀ ਮੈਗਜ਼ੀਨ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ, ਪ੍ਰਸਿੱਧ ਪ੍ਰਗਤੀਵਾਦੀ ਲੇਖਕ ਜੋਗਿੰਦਰ ਸਿੰਘ ਨਿਰਾਲਾ, ਸੁਰਿੰਦਰ ਕੈਲੇ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ ਨੇ ਕੀਤੀ। 

ਮੁੱਖ ਬੁਲਾਰੇ ਵਜੋਂ ਬੋਲਦਿਆਂ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਉਸ ਇਨਕਲਾਬੀ ਪਿਛੋਕੜ ਦਾ ਜ਼ਿਕਰ ਕੀਤਾ, ਜਿਸ ਵਿਚੋਂ ਸਜ਼ਾਦ ਜ਼ਹੀਰ, ਰਸ਼ੀਦ ਜਹਾਂ, ਮੁੰਸ਼ੀ ਪ੍ਰੇਮਚੰਦ, ਇਸਮਤ ਚੁਗਤਾਈ, ਮੰਟੋ ਅਤੇ ਫ਼ੈਜ਼ ਅਹਿਮਦ ਫ਼ੈਜ਼ ਵਰਗੇ ਵਿਸ਼ਵ ਪੱਧਰੀ ਚਿੰਤਕਾਂ ਨੇ ਮਿਲ ਕੇ ਇਹ ਰਾਸ਼ਟਰੀ ਮੰਚ  ਬਣਾਇਆ ਅਤੇ ਆਜ਼ਾਦੀ ਦੀ ਲੜਾਈ ਤੋਂ ਲੈਕੇ ਹੁਣ ਤਕ ਦੇਸ਼ ਵਿਚ ਫਿਰਕਾਪ੍ਰਸਤ ਅਤੇ ਫਾਸ਼ੀਵਾਦੀ ਤਾਕਤਾਂ ਦਾ ਡਟ ਕੇ ਮੁਕਾਬਲਾ ਕਰਨ ਵਿਚ ਵੱਡੀ ਭੂਮਿਕਾ ਨਿਭਾਈ। 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਦੌਰ ਦੀਆਂ ਚੁਣੌਤੀਆਂ ਦੇ ਪ੍ਰਸੰਗ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਨੂੰ ਔਰਤਾਂ, ਦਲਿਤਾਂ ਅਤੇ ਹੋਰ ਹਾਸ਼ੀਆਕ੍ਰਿਤ ਸਮੂਹਾਂ ਦੀ ਲੜਾਈ ਅੱਗੇ ਵਧ ਕੇ ਕਰਨੀ ਚਾਹੀਦੀ ਹੈ। ਸਮਾਗਮ ਦੇ ਮੁੱਖ ਮਹਿਮਾਨ ਦਰਸ਼ਨ ਸਿੰਘ ਢਿੱਲੋਂ ਨੇ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਸੱਦਾ ਦਿੱਤਾ ਕਿ ਇਸ ਵੇਲੇ ਪੰਜਾਬੀ ਲੇਖਕਾਂ ਨੂੰ ਦਰਜਿਆਂ ਵਿਚ ਵੰਡਣ ਦੀ ਰਵਾਇਤ ਸਮਝ ਕੇ ਇਕ ਦੂਜੇ ਨੂੰ ਪੜ੍ਹਨਾ ਅਤੇ ਸਮਝਣਾ ਚਾਹੀਦਾ ਹੈ ਅਤੇ ਪ੍ਰਗਤੀਸ਼ੀਲ ਧਾਰਾ ਨਾਲ ਜੁੜਕੇ ਸਮਾਜਿਕ ਜ਼ਿੰਮੇਵਾਰੀ ਵਾਲਾ ਸਾਹਿਤ ਸਿਰਜਣਾ ਚਾਹੀਦਾ ਹੈ। 

ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਸਜ਼ਾਦ ਜ਼ਹੀਰ, ਮੁੰਸ਼ੀ ਪ੍ਰੇਮਚੰਦ ਦੁਆਰਾ 1936 ਵਿਚ ਦਿੱਤੇ ਭਾਸ਼ਣਾਂ ਵਿਚਲੇ ਕਥਨਾਂ ਦੇ ਹਵਾਲੇ ਨਾਲ ਵਰਤਮਾਨ ਦੌਰ ਵਿਚ ਪ੍ਰਗਤੀਸ਼ੀਲ ਸੰਘ ਦੀ ਭੂਮਿਕਾ ਤੇ ਚਰਚਾ ਕੀਤੀ। ਪ੍ਰਧਾਨ ਸੁਰਜੀਤ ਜੱਜ ਨੇ ਪੰਜਾਬ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਇਕਾਈਆਂ ਦੇ ਕਾਰਜਾਂ ਦੇ ਹਵਾਲੇ ਨਾਲ ਸੰਸਥਾ ਦੀ
ਕਾਰਗੁਜਾਰੀ ਤੇ ਚਾਨਣਾ ਪਾਇਆ।

ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਉੱਘੇ ਪ੍ਰਗਤੀਸ਼ੀਲ ਸ਼ਾਇਰ ਭਗਵਾਨ ਢਿੱਲੋਂ, ਉੱਘੇ ਸ਼ਾਇਰ ਹਰਮੀਤ ਵਿਦਿਆਰਥੀ ਅਤੇ ਕਵਿਤਾ ਦੇ ਆਲੋਚਕ ਡਾ. ਅਰਵਿੰਦਰ ਕਾਕੜਾ ਨੇ ਕੀਤੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਸ਼ਾਇਰ ਡਾ. ਸੰਤੋਖ ਸੁੱਖੀ ਨੇ ਨਿਭਾਈ।

ਇਸ ਕਵੀ ਦਰਬਾਰ ਵਿੱਚ ਰਾਜਦੀਪ ਤੂਰ, ਬਲਵਿੰਦਰ ਭੱਟੀ, ਰਵੀ ਰਵਿੰਦਰ, ਸੁਖਜੀਵਨ, ਗੁਰਪ੍ਰੀਤ ਕੌਰ, ਮਲਕੀਤ ਜੌੜਾ, ਬਲਵਿੰਦਰ ਸਿੰਘ ਢਿੱਲੋਂ,  ਜਸਪਾਲ ਮਾਨਖੇੜਾ, ਜਸਵੀਰ ਝੱਜ, ਅਮਰਜੀਤ ਸ਼ੇਰਪੁਰੀ, ਮਨਦੀਪ ਕੌਰ ਭੰਮਰਾ, ਧਰਵਿੰਦਰ ਔਲਖ, ਭੁਪਿੰਦਰ ਸੰਧੂ, ਗੁਲਾਬ ਸਿੰਘ,  ਇੰਦਰਜੀਤ ਜਾਦੂ, ਨਰਿੰਦਰਪਾਲ ਕੌਰ, ਸਤਨਾਮ ਸਿੰਘ, ਦੀਪਕ ਧਲੇਵਾਂ, ਮਨੂ ਬੁਆਣੀ, ਸੁਖਬੀਰ ਭੁੱਲਰ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ  ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।

ਉਪਰੋਕਤ ਤੋਂ ਇਲਾਵਾ ਇਸ ਸਮਾਗਮ ਵਿੱਚ ਜਨਮੇਜਾ ਸਿੰਘ ਜੌਹਲ, ਪ੍ਰੋ. ਬਲਦੇਵ ਬੱਲੀ, ਸਤੀਸ਼ ਗੁਲਾਟੀ, ਸੁਰਿੰਦਰ ਦੀਪ, ਰਮੇਸ਼ ਯਾਦਵ, ਭੋਲਾ ਸਿੰਘ ਸੰਘੇੜਾ,  ਨਾਟਕਕਾਰ ਸੋਮਪਾਲ ਹੀਰਾ, ਡਾ. ਕੰਵਲ ਢਿੱਲੋ, ਗੁਰਮੇਜ ਭੱਟੀ, ਤਰਨ ਬੱਲ ਹਾਜ਼ਰ ਰਹੇ। ਇਸ ਪ੍ਰੋਗਰਾਮ ਦਾ ਸਮੁੱਚਾ ਪ੍ਰਬੰਧ ਡਾ. ਗੁਲਜਾਰ ਸਿੰਘ ਪੰਧੇਰ ਦੀ ਅਗਵਾਈ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੀ ਲੁਧਿਆਣਾ ਇਕਾਈ ਨੇ ਕੀਤਾ।

ਫ਼ੋਟੋ ਵਿੱਚ ਦੇਖੇ ਜਾ ਸਕਦੇ ਹਨ ਕਵੀ ਦਰਾਬਾਰ ਦੀ ਪ੍ਰਧਾਨਗੀ ਕਰ ਰਹੇ ਡਾ. ਅਰਵਿੰਦਰ ਕੌਰ ਕਾਕੜਾ, ਡਾ. ਸੰਤੋਖ ਸਿੰਘ ਸੁੱਖੀ, ਸ੍ਰੀ ਹਰਮੀਤ ਵਿਦਿਆਰਥੀ, ਸ੍ਰੀ ਭਗਵਾਨ ਢਿੱਲੋਂ ਅਤੇ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਸ. ਦਰਸ਼ਨ ਸਿੰਘ ਢਿੱਲੋਂ, ਡਾ. ਜੋਗਿੰਦਰ ਸਿੰਘ ਨਿਰਾਲਾ, ਸ੍ਰੀ ਸੁਰਿੰਦਰ ਕੈਲੇ, ਸ੍ਰੀ ਸੁਰਜੀਤ ਜੱਜ ਅਤੇ ਡਾ. ਕੁਲਦੀਪ ਸਿੰਘ ਦੀਪ।