google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਪੱਤਰਕਾਰ ਰਾਣਾ ਅਯੂਬ ਦੀ ਪੁਸਤਕ ਬਾਰੇ ਗੰਭੀਰ ਚਰਚਾ ਹੋਈ ਬਹਿਰਾਮਪੁਰ ਬੇਟ ਵਿੱਚ

Monday 15 April 2024

ਪੱਤਰਕਾਰ ਰਾਣਾ ਅਯੂਬ ਦੀ ਪੁਸਤਕ ਬਾਰੇ ਗੰਭੀਰ ਚਰਚਾ ਹੋਈ ਬਹਿਰਾਮਪੁਰ ਬੇਟ ਵਿੱਚ

 Monday 15th April 2024 at 09:45 AM 

ਸਾਹਿਤ ਸਭਾ ਨੇ ਸਾਹਿਤ ਦੇ ਨਾਲ ਨਾਲ ਮੌਜੂਦਾ ਚੁਣੌਤੀਆਂ ਦੀ ਵੀ ਗੱਲ ਕੀਤੀ  


ਬਹਿਰਾਮਪੁਰ ਬੇਟ
//ਚਮਕੌਰ ਸਾਹਿਬ: 15 ਅਪਰੈਲ 2024
(ਹਰਨਾਮ ਸਿੰਘ ਡੱਲਾ//ਇਨਪੁਟ-ਸਾਹਿਤ ਸਕਰੀਨ ਡੈਸਕ):

ਸਮੇਂ ਦੇ ਬਦਲਦੇ ਹੋਏ ਹਾਲਾਤ ਦੀ ਨਿਰਪੱਖ ਰਿਪੋਰਟਿੰਗ ਜਿੰਨੀ ਇਮਾਨਦਾਰੀ ਨਾਲ ਲੇਖਕਾਂ ਅਤੇ ਸ਼ਾਇਰਾਂ ਨੇ ਕੀਤੀ ਹੈ ਓਨੀ ਸ਼ਾਇਦ ਮੀਡੀਆ ਨਾਲ ਜੁੜੇ ਲੋਕ ਵੀ ਨਹੀਂ ਕਰ ਸਕੇ ਕਿਓਂਕਿ ਮੀਡੀਆ ਦੇ ਰਸਤਿਆਂ ਵਿੱਚ ਆਪਣੀ ਕਿਸਮ ਦੀਆਂ ਬਹੁਤ ਕਿਸਮ ਦੀਆਂ ਦੁਸ਼ਵਾਰੀਆਂ ਅਤੇ ਔਖਿਆਈਆਂ ਵੀ ਹੁੰਦੀਆਂ ਹਨ। ਇਸ ਲਈ ਲੇਖਕਾਂ ਅਤੇ ਸ਼ਾਇਰਾਂ ਨੇ ਕਦੇ ਵਾਰਾਂ ਅਤੇ ਕਦੇ ਇਤਿਹਾਸਿਕ ਖੋਜਾਂ ਦੇ ਰੂਪਾਂ ਵਿੱਚ ਬਹੁਤ ਵਰਨਣਯੋਗ ਕੰਮ ਕੀਤਾ। ਇਸ ਗੱਲ ਦੀ ਨਵੀਂ ਮਿਸਾਲ ਕਾਇਮ ਕਰਨ ਵਾਲਿਆਂ ਵਿੱਚ ਸਾਡੇ ਸਮਿਆਂ ਦੀ ਬਹੁ ਚਰਚਿਤ ਲੇਖਿਕਾ ਅਤੇ ਪੱਤਰਕਾਰਾ ਰਾਣਾ ਅਯੂਬ ਵੀ ਹੈ। ਜਦੋਂ ਸਾਰੇ ਰਸਤੇ ਬੰਦ ਹੋ  ਚੁੱਕੇ ਸਨ, ਉਸਦੇ ਆਰਥਿਕ ਹਾਲਾਤ ਵੀ ਡਾਂਵਾਂਡੋਲ ਸਨ, ਉਸਦੇ ਆਪਣੇ ਹੀ ਅਦਾਰੇ ਨੇ ਵੀ ਉਸਦੀ ਖੋਜ ਖਬਰ ਨੂੰ ਛਾਪਣ ਤੋਂ ਨਾਂਹ ਕਰ ਦਿੱਤੀ ਸੀ ਉਦੋਂ ਰਾਣਾ ਅਯੂਬ ਨੇ ਕਰੀਬ ਤਿੰਨ ਸਾਲਾਂ ਦਾ ਸਮਾਂ ਕਿਸੇ ਮੈਡੀਟੇਸ਼ਨ ਜਾਂ ਤੱਪਸਿਆ ਵਾਂਗ ਗੁਜ਼ਾਰਿਆ। ਇਹ ਉਸਦੀ ਆਪਣੇ ਆਪ ਨਾਲ ਲੰਮੀ ਮੁਲਾਕਾਤ ਸੀ। ਇਸ ਸਵੈ ਮੁਲਾਕਾਤ ਤੋਂ ਬਾਅਦ ਸਾਹਮਣੇ ਆਈ ਉਸਦੀ  ਕਿਤਾਬ "ਗੁਜਰਾਤ ਫਾਈਲਾਂ"-ਇਹ ਉਹ ਪੁਸਤਕ ਸੀ ਜਿਸਦੀਚਰਚਾ ਕਰਨ ਦੇ ਮਾਮਲੇ ਵਿੱਚ   ਨੇ ਮੀਡੀਆ ਦੇ ਵੱਡੇ ਹਿੱਸੇ ਨੇ ਜਾਣਬੁਝ ਕੇ ਸਾਜ਼ਿਸ਼ੀ ਜਿਹੀ ਚੁੱਪ ਰੱਖੀ। ਇਸ ਸਭ ਕੁਝ ਦੇ ਬਾਵਜੂਦ ਕਿਤਾਬ ਨੇ ਅਨੁਵਾਦ ਅਤੇ ਵਿਕਰੀ ਦੇ ਰਿਕਾਰਡ ਤੋੜ ਦਿੱਤੇ। ਖੁਦ ਰਾਣਾ ਅਯੂਬ ਨੂੰ ਵੀ ਪਤਾ ਨਹੀਂ ਸੀ ਕਿ ਸ਼ਾਇਦ ਹੁਣ ਵੀ ਪਤਾ ਨਾ ਹੋਵੇ ਕਿ ਇਹ ਕਿਤਾਬ ਅਸਲ ਵਿੱਚ ਕਿੰਨੀਆਂ ਭਾਸ਼ਾਵਾਂ ਵਿੱਚ ਕਿੱਥੇ ਕਿੱਥੇ ਅਨੁਵਾਦ ਹੋਈ। 

ਪਰ ਇਸ ਕਿਤਾਬ ਨੇ ਅਤੇ ਇਸ ਕਿਤਾਬ ਦੀ ਸਿਰਜਣਾ ਨੇ ਇੱਕ ਇਤਿਹਾਸ ਰਚਿਆ। ਇਸ ਕਿਤਾਬ ਨੇ ਸਾਬਿਤ ਕੀਤੀਆਂ ਬਾਬਾ ਨਜਮੀ ਦੀਆਂ ਉਹ ਸਤਰਾਂ-ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰ ਦਾ। ਇਸ ਕਿਤਾਬ ਨੇ  ਖੋਜੀ ਖਬਰਾਂ ਦੇ ਮਾਮਲੇ ਵਿੱਚ ਮਹਾਂਰਥੀ ਅਖਵਾਉਣ ਵਾਲੇ ਵੱਡੇ ਵੱਡੇ ਅਦਾਰਿਆਂ ਅਤੇ ਵਿਅਕਤੀਆਂ ਨੂੰ ਵੀ ਹੈਰਾਨ ਕਰ ਦਿੱਤਾ। ਫਿਕਸ਼ਨ ਵਾਂਗ ਜਾਪਦੀ ਇਹ ਕਿਤਾਬ ਅਸਲ ਵਿੱਚ ਇੱਕ ਦਸਤਾਵੇਜ਼ੀ ਵਾਂਗ ਹੀ ਲਿਖੀ ਗਈ ਅਤੇ ਸਾਹਮਣੇ ਵੀ ਆਈ। ਇਸਦੀ ਨਾਇਕਾ ਅਰਥਾਤ ਮੈਥਿਲੀ ਤਿਆਗੀ ਖੁਦ ਰਾਣਾ ਅਯੂਬ ਹੀ ਤਾਂ ਸੀ। ਇੱਕ ਫਿਲਮ ਨਿਰਮਾਤਾ ਬਣ ਕੇ ਉਸਨੇ ਕਿਵੇਂ ਸਾਰੀ ਖੋਜ ਕੀਤੀ ਇਸ ਦਾ ਸਹੀ ਸਹੀ ਪਤਾ ਇਸ ਪੁਸਤਕ ਨੂੰ ਪੜ੍ਹ ਕੇ ਹੀ ਲਗਾਇਆ ਜਾ ਸਕਦਾ ਹੈ। 

ਕਲਮਾਂ ਵਾਲੇ ਕਿਵੇਂ ਆਪਣੀਆਂ ਡਿਉਟੀਆਂ ਨਿਭਾਉਂਦੇ ਹਨ ਅਤੇ ਸੱਚ ਲੱਭਣ ਲਈ ਕਿਵੇਂ ਕਿੰਨੇ ਕਿੰਨੇ ਖਤਰੇ ਉਠਾਉਂਦੇ ਹਨ ਇਸਦੀ ਬੜੀ ਸਟੀਕ ਜਾਣਕਾਰੀ ਇਸ ਪੁਸਤਕ ਤੋਂ ਹੀ ਮਿਲਦੀ ਹੈ।  ਇਹਨਾਂ ਸਾਰੇ ਕਾਰਨਾਂ ਕਰਕੇ ਇਸ ਪੁਸਤਕ ਦੀ ਵਿਸ਼ੇਸ਼ ਚਰਚਾ ਇਸ ਵਾਰ ਬਹਿਰਾਮਪੁਰ ਬੇਟ ਵਾਲੀ ਸਾਹਿਤ ਸਭਾ  ਮੀਟਿੰਗ ਵਿੱਚ ਹੋਈ। ਸਾਹਿਤ ਸਭਾ ਰਜਿ: ਬਹਿਰਾਮਪੁਰ ਬੇਟ ਦੀ ਮਾਸਿਕ ਇਕੱਤਰਤਾ ਮਹਿਮਾਨ ਵੱਜੋਂ ਪਹੁੰਚੇ ਸੀਨੀਅਰ ਪੱਤਰਕਾਰ ਰੈੱਕਟਰ ਕਥੂਰੀਆ ਦੀ ਪ੍ਰਧਾਨਗੀ ਹੇਠ ਸਭਾ ਦੇ ਦਫ਼ਤਰ ਵਾਲੇ  ਕੰਪਲੈਕਸ ਬਹਿਰਾਮਪੁਰ ਬੇਟ ਵਿਖੇ ਹੋਈ। 

ਇਸ ਵਿੱਚ ਸ਼ਾਮਲ ਡਾਕਟਰ ਦੌਲਤ ਰਾਮ ਲੋਈ ਨੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ਉੱਤੇ ਪੰਛੀ ਝਾਤ ਪੁਆਉਂਦਿਆਂ ਇਕੱਤਰਤ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਸਭਾ ਦੇ ਪ੍ਰਧਾਨ ਸ੍ਰੀ ਹਰਨਾਮ ਸਿੰਘ ਡੱਲਾ ਨੇ ਜਿੱਥੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਧਰਮ ਪਰਿਵਰਤਨ ਬਾਰੇ ਚਾਨਣਾ ਪਾਇਆ ਉੱਥੇ ਭਾਰਤੀ ਸੰਵਿਧਾਨ ਦੇ ਆਦੇਸ਼ 'ਅਸੀਂ ਭਾਰਤ ਦੇ ਲੋਕ' 'ਸਮਾਜਵਾਦ' ਅਤੇ 'ਧਰਮ ਨਿਰਪੱਖ' ਸੰਵਾਧਾਨਕ ਪ੍ਰਣ ਨੂੰ ਵੀ ਸਰੋਤਿਆਂ ਸਾਹਮਣੇ ਰੱਖਿਆ‌। 

ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸੰਵਿਧਾਨ ਦੀ ਆਤਮਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਰਾਹੀਂ ਹੀ  ਭਾਈਚਾਰਕ ਸਾਂਝ, ਦੇਸ਼ ਦਾ ਭਲਾ ਅਤੇ ਲੋਕਾਂ ਦੀ ਤਰੱਕੀ ਦਾ ਰਾਹ ਆਸਾਨ ਹੋ ਸਕਦਾ ਹੈ। ਇਸ ਮੌਕੇ ਇਕੱਤਰ ਹੋਏ ਮੈਂਬਰਾਂ ਨੇ 13 ਅਪ੍ਰੈਲ 1919 ਦੇ ਜਲ੍ਹਿਆਂ ਵਾਲਾ ਬਾਗ਼ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਅਤੇ ਸ਼ਹੀਦ ਹੋਏ ਪੰਜਾਬੀਆਂ ਨੂੰ ਨਮਨ ਕੀਤਾ।

ਇਸ ਸਾਹਿਤ ਸਭਾ ਦੀ ਇੱਕ ਹੋਰ ਖਾਸੀਅਤ ਇਹ ਵੀ ਹੈ ਕਿ ਇਸ ਸਭਾ ਦੀ ਮੀਟਿੰਗ ਦੌਰਾਨ ਸਿਰਫ ਰਚਨਾਵਾਂ ਹੀ ਨਹੀਂ ਸੁਣਾਇਆ ਜਾਂਦੀਆਂ ਬਲਕਿ ਮਹੀਨੇ ਦੌੜਨ ਪੜ੍ਹੀਆਂ ਗਈਆਂ ਪੁਸਤਕਾਂ ਬਾਰੇ ਵੀ ਚਰਚਾ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਇਹ ਸਭਾ ਆਲੇ ਦੁਆਲੇ ਦੇ ਸਕੂਲਾਂ ਅਤੇ ਹੋਰ ਅਦਾਰਿਆਂ ਵਿੱਚ ਜਾ ਕੇ ਵੀ ਬਿਲਕੁਲ ਮੁਫ਼ਤ ਪੁਸਤਕਾਂ ਦੀ ਵੰਡ ਕਰਦੀ ਹੈ।  ਇਸ ਤ੍ਰਾਹ ਪੁਸਤਕ ਸੱਭਿਆਚਾਰ ਨੂੰ ਇਹ ਉਤਸ਼ਾਹਿਤ ਵੀ ਕਰਦੀ ਹੈ। 

ਐਤਕੀਂ ਵਾਲੀ ਮੀਟਿੰਗ ਮੌਕੇ ਵੀ ਸਾਹਿਤਕ ਦੌਰ ਦੇ ਦੌਰਾਨ ਮੈਂਬਰਾਂ ਵਲੋਂ ਪਿਛਲੇ ਮਹੀਨੇ ਪੜ੍ਹੀਆਂ ਪੁਸਤਕਾਂ ਦੀ ਸਮੀਖਿਆ ਵੀ ਕੀਤੀ ਗਈ। ਜਿਸ ਵਿੱਚ ਕੁਲਵਿੰਦਰ ਨੇ ਪ੍ਰਸਿੱਧ ਲੇਖਕ ਨਾਨਕ ਸਿੰਘ ਵਲੋਂ ਲਿਖੀ ਕਵਿਤਾ 'ਖੂੰਨੀ ਵਿਸਾਖੀ' ਦਾ ਜ਼ਿਕਰ ਕੀਤਾ। ਜੋ ਕਿ ਲੇਖਕ ਵਲੋਂ 22 ਸਾਲ ਦੀ ਉਮਰ ਵਿੱਚ ਲਿਖੀ ਗਈ ਸੀ। ਅਤੇ ਅੰਗਰੇਜ਼ ਸਰਕਾਰ ਨੇ ਇਸ ਕਵਿਤਾ ਉੱਤੇ ਪਾਬੰਦੀ ਲਗਾ ਦਿੱਤੀ ਸੀ। 

ਇਸੇ ਤਰ੍ਹਾਂ ਡਾਕਟਰ ਰਾਜਪਾਲ ਸਿੰਘ ਨੇ ਹਰਪਾਲ ਸਿੰਘ ਪੰਨੂੰ ਦੀ ਪੁਸਤਕ 'ਔਰੰਗਜੇਬ ਤੋਂ ਮਾਊਂਟਬੈਟਨ ਤੱਕ' ਪੁਸਤਕ ਦੀ ਗੱਲ ਰੱਖੀ। ਹਰਨਾਮ ਸਿੰਘ ਡੱਲਾ ਵਲੋਂ ਛੋਟੀ ਉਮਰ ਦੀ ਚਰਚਿਤ ਪੱਤਰਕਾਰ ਰਾਣਾ ਆਯੂਬ ਦੀ ਪੁਸਤਕ 'ਗੁਜਰਾਤ ਫਾਇਲ' ਡਾਕਟਰ ਅੰਬੇਡਕਰ ਦੀ ਪੁਸਤਕ 'ਅਛੂਤ ਕੌਣ ਅਤੇ ਕਿਵੇਂ' ਪੜ੍ਹੀਆਂ ਅਤੇ ਪੜ੍ਹੀਆਂ ਪੁਸਤਕਾਂ ਦੇ ਪ੍ਰਭਾਵਾਂ ਦਾ ਜ਼ਿਕਰ ਕੀਤਾ।

ਉਪਰੰਤ ਕੁਲਵਿੰਦਰ ਨੇ ਖੂਬਸੂਰਤ ਕਵਿਤਾ 'ਸਿਆਸਤੀ ਸਿਉਂਕ' ਯਾਦਵਿੰਦਰ ਯਾਦੀ ਨੇ ਗੀਤ, ਹਰਨਾਮ ਸਿੰਘ ਡੱਲਾ ਨੇ ਗ਼ਜ਼ਲ ਸੁਣਾਈ। ਸੁਖਵਿੰਦਰ ਸਿੰਘ ਨੇ ਸਾਹਿਤ ਸਭਾ ਬਹਿਰਾਮਪੁਰ ਬੇਟ ਦੀਆਂ ਸਰਗਰਮੀਆਂ ਦੀ ਸ਼ਲਾਘਾ ਕਰਦਿਆਂ ਸਭਾ ਦਾ ਮੈਂਬਰ ਬਣਨ ਲਈ ਇੱਛਾ ਜਿਤਾਈ। ਪ੍ਰਧਾਨਗੀ ਭਾਸ਼ਣ ਦੌਰਾਨ ਪੱਤਰਕਾਰ ਰੈਕਟਰ ਕਥੂਰੀਆ ਨੇ ਪੜ੍ਹੀਆਂ ਰਚਾਨਾਵਾਂ ਦੇ ਮਿਆਰ ਦੀ ਸਿਫਤ ਕਰਦਿਆਂ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਰੱਖੇ ‌। ਇਸ ਤਰਾਂ ਮੀਟਿੰਗ ਦੀ ਸਮਾਪਤੀ ਹੋਈ।

ਕੁਲ ਮਿਲਾ ਕੇ ਇਹ ਸਾਹਿਤ ਸਭਾ ਗੋਦੀ ਮੀਡੀਆ ਦੇ ਦੌਰ ਅੰਦਰ ਇੱਕ ਸੁਤੰਤਰ ਅਤੇ ਲੋਕ ਪੱਖੀ ਮੀਡੀਆ ਦੀ ਉਸਾਰੀ ਕਰਦੀ ਵੀ ਜਾਪਦੀ ਹੈ। ਇਸ ਤਰ੍ਹਾਂ ਪਿੰਡ ਪਿੰਡ ਸਾਹਿਤਿਕ ਸੋਚ ਅਤੇ ਸੁਆਦ ਵਾਲੇ ਨਵੇਂ ਯੁਗ ਦੇ ਪੱਤਰਕਾਰਾਂ ਦੀ ਸਿਰਜਣਾ ਵੀ ਹੋ ਰਹੀ ਹੈ। ਇਸ ਸਭਾ ਦੇ ਮੈਂਬਰਾਂ ਦੀਆਂ ਖੂਬੀਆਂ ਬਾਰੇ ਕਿਸੇ ਵੱਖਰੀ ਪੋਸਟ ਵਿੱਚ ਲਿਖਿਆ ਜਾ ਰਿਹਾ ਹੈ। 

No comments:

Post a Comment