google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: 2024

Saturday 27 April 2024

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਦੋ ਰੋਜ਼ਾ ਪੰਜਾਬੀ ਭਾਸ਼ਾ ਕਾਨਫ਼ਰੰਸ ਸ਼ੁਰੂ

ਮਸ਼ੀਨੀ ਬੁੱਧੀਮਾਨਤਾ ਦੇ ਸਕਾਰਾਤਮਕ ਪੱਖਾਂ ਨੂੰ ਅਪਨਾਉਣ ਦੀ ਜ਼ਰੂਰਤ-ਡਾ. ਸੁਰਜੀਤ ਪਾਤਰ


ਲੁਧਿਆਣਾ: 27 ਅਪ੍ਰੈਲ 2024::(ਸਾਹਿਤ ਸਕਰੀਨ ਡੈਸਕ)::

ਜਦੋਂ ਕੁਝ ਦਹਾਕੇ ਪਹਿਲਾਂ ਕੰਪਿਊਟਰ ਆਏ ਸਨ ਤਾਂ ਉਦੋਂ ਵੀ ਬਹੁਤ ਸਾਰੇ ਉਹ ਕਿਰਤੀ ਬੇਰੋਜ਼ਗਾਰ ਹੋ ਗਏ ਸਨ ਜਿਹੜੇ ਸਮੇਂ ਦੀ ਰਫਤਾਰ ਨਾਲ ਕਦਮ ਨਹੀਂ ਸਨ ਮਿਲਾ ਸਕੇ। ਫਿਰ ਅਖਬਾਰੀ ਦੁਨੀਆ ਵਿੱਚ ਆਈ ਕਾਮਸੈਟ ਪ੍ਰਿੰਟਿੰਗ ਜਿਸਨੇ ਅਖਬਾਰਾਂ ਦੀ ਛਪਾਈ ਦਾ ਨਕਸ਼ਾ ਹੀ ਬਦਲ ਦਿੱਤਾ ਸੀ। ਛਪਾਈ ਬਹੁਤ ਘੱਟ ਸਮੇਂ ਵਿੱਚ ਬਹੁਤ ਹੀ ਸੋਹਣੀ ਵੀ ਹੋ ਗਈ ਸੀ। ਇਸ ਮੌਕੇ ਵੀ ਬਹੁਤ ਸਾਰੇ ਕਿਰਤੀਆਂ ਨੂੰ ਬੇਰੋਜ਼ਗਾਰ ਹੋਣਾ ਪਿਆ ਕਿਓਂਕਿ ਉਹ ਤਾਂ ਇੱਕ ਇੱਕ ਮਾਤਰਾ ਅਤੇ ਇੱਕ ਇੱਕ ਅੱਖਰ ਜੋੜ ਕੇ ਹੀ ਅਖਬਾਰਾਂ//ਰਸਾਲੇ ਕੰਪੋਜ਼ ਕਰਨਾ ਜਾਣਦੇ ਸਨ। ਪਰ ਉਸ ਵੇਲੇ ਉਹ ਸਿਰਫ ਤਕਨੀਕੀ ਵਿਕਾਸ ਸੀ ਜਿਸ ਦਾ ਬਹੁਤਾ ਕੰਟਰੋਲ ਮਨੁੱਖ ਦੇ ਹੱਥ ਵਿੱਚ ਹੀ ਸੀ। ਇਸ ਵਾਰ ਦਾ ਮਾਮਲਾ ਬਹੁਤ ਹੀ ਹੋਰ ਹੋ ਗਿਆ ਹੈ। 

ਹੁਣ ਮਨੁੱਖ ਦਾ ਦਾ ਸਾਹਮਣਾ ਦਿਮਾਗਾਂ ਨੂੰ ਕੰਟਰੋਲ ਕਰਨ ਵਾਲੇ ਮਸ਼ੀਨੀ ਬੁੱਧੀਮਾਨਤਾ ਵਾਲੇ ਹੈਰਾਨਕੁੰਨ ਵਿਕਾਸ ਨਾਲ ਹੈ। ਇਸ ਬਾਰੇ ਸਭ ਤੋਂ ਵੱਧ ਚੇਤੰਨ ਹੋਣ ਦੀ ਲੋੜ ਉਹਨਾਂ ਕਲਮਕਾਰਾਂ ਨੂੰ ਹੀ ਹੈ ਜਿਹੜੇ ਲੋਕ ਪੱਖੀ ਵਿਚਾਰਧਾਰਾ ਵਾਲੀ ਪ੍ਰਤੀਬੱਧਤਾ ਨੂੰ ਪ੍ਰਣਾਏ ਹੋਏ ਹਨ। ਜੇਕਰ ਅੱਜ ਆਮ ਚੋਣਾਂ ਦੀਆਂ ਵੋਟਾਂ ਵੀ ਈਵੀਐਮ ਨਾਲ ਪੈ ਰਹੀਆਂ ਹਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਹਿਤ ਅਕਾਦਮੀਆਂ, ਸਾਹਿਤ ਸਭਾਵਾਂ ਅਤੇ ਸਾਹਿਤਿਕ ਅਦਾਰਿਆਂ ਦਾ ਕੰਟਰੋਲ ਵੀ ਮਸ਼ੀਨਾਂ ਵੱਲ ਜਾਣ ਦੀ ਤਿਆਰੀ ਵਿੱਚ ਹੈ। 


ਕੀ ਲਿਖਿਆ ਜਾਏ, ਕਦੋਂ ਲਿਖਿਆ ਜਾਏ, ਕਿਸ ਰੂਪ ਵਿੱਚ ਲਿਖਿਆ ਜਾਏ ਅਤੇ ਉਸਨੂੰ ਕਿਵੇਂ ਛਾਪਿਆ ਜਾਏ ਇਹ ਸਾਰੇ ਫੈਸਲੇ ਮਸ਼ੀਨਾਂ ਦੇ ਹੱਥਾਂ ਵਿੱਚ ਜਾ ਹੀ ਚੁੱਕੇ ਹਨ। ਦੇਰ ਸਵੇਰ ਇਹ ਸਭ ਕੁਝ ਆਮ ਲੋਕਾਂ ਦੇ ਸਾਹਮਣੇ ਵੀ ਆ ਹੀ ਜਾਣਾ ਹੈ। ਇਸਦੇ ਤਕਨੀਕੀ ਪੱਖੋਂ ਫਾਇਦੇ ਵੀ ਬਹੁਤ ਹੋਣਗੇ, ਰਫਤਾਰ ਵੀ ਬਹੁਤ ਵੱਧ ਜਾਏਗੀ ਅਤੇ ਰੇਂਜ ਵੀ ਪਰ ਸਭ ਤੋਂ ਵੱਡਾ ਹੱਲਾ ਸ਼ਾਇਦ ਵਿਚਾਰਧਾਰਕ ਪ੍ਰਤੀਬੱਧਤਾ ਨਾਲ ਜੁੜੇ ਅਦਾਰਿਆਂ ਅਤੇ ਸੰਗਠਨਾਂ 'ਤੇ ਹੋ ਸਕਦਾ ਹੈ। 

ਇਸਦੀ ਰੋਕਥਾਮ ਲਈ ਅਜੇ ਪ੍ਰਤੀਬੱਧ ਧਿਰਾਂ ਬਹੁਤ ਤਿਆਰ ਨਹੀਂ ਜਾਪਦੀਆਂ। ਤਸੱਲੀ ਵਾਲੀ ਗੱਲ ਇਹ ਹੈ ਕਿ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ‘ਬਦਲਦਾ ਦ੍ਰਿਸ਼, ਸਮਕਾਲ ਅਤੇ ਪੰਜਾਬੀ ਭਾਸ਼ਾ’ ਵਿਸ਼ੇ ’ਤੇ ਦੋ ਰੋਜ਼ਾ ਪੰਜਾਬੀ ਭਾਸ਼ਾ ਕਾਨਫ਼ਰੰਸ 27 ਅਤੇ 28 ਅਪ੍ਰੈਲ, 2024 ਨੂੰ ਪੰਜਾਬੀ ਭਵਨ, ਲੁਧਿਆਣਾ ਵਿਖੇ ਆਯੋਜਿਤ ਆਰੰਭਿਆ ਗਿਆ ਹੈ। ਇਸ ਇਤਿਹਾਸਿਕ ਆਯੋਜਨ ਦਾ ਪਹਿਲਾ ਦਿਨ 27 ਅਪ੍ਰੈਲ ਵੀ ਬਹੁਤ ਖਾਸ ਰਿਹਾ ਅਤੇ ਹੁਣ ਦੂਜੇ ਦਿਨ 28 ਅਪ੍ਰੈਲ ਨੂੰ ਬਹੁਤ ਸਾਰੇ ਮੁੱਦੇ ਵਿਚਾਰੇ ਜਾਣੇ ਹਨ। 

ਇਹ ਜਾਣਕਾਰੀ ਦਿੰਦੇ ਹੋਏ ਅਕਾਡਮੀ ਦੇ ਪ੍ਰੈੱਸ ਸਕੱਤਰ ਅਤੇ ਸਰਗਰਮ ਲੇਖਕ ਜਸਵੀਰ ਝੱਜ ਨੇ ਦਸਿਆ ਕਿ ਦੋ ਰੋਜ਼ਾ ਪੰਜਾਬੀ ਭਾਸ਼ਾ ਕਾਨਫ਼ਰੰਸ ਦੇ ਪਹਿਲੇ ਦਿਨ ਉਦਘਾਟਨੀ ਸੈਸ਼ਨ ਸ਼ੁਰੂ ਕਰਨ ਸਮੇਂ ਹਾਜ਼ਰੀਨ ਦਾ ਸਵਾਗਤ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਪਾਰਟੀਆਂ ਦੇ ਚੋਣ ਪ੍ਰਚਾਰ ਵਿਚੋਂ ਭਾਸ਼ਾ, ਸਾਹਿਤ, ਸਿੱਖਿਆ ਵਰਗੇ ਮਸਲੇ ਅਲੋਪ ਹਨ। ਇਕ ਰੰਗੇ ਭਾਰਤ ਦੀ ਗੱਲ ਕਰਦੇ ਹੋਏ ਅਸਹਿਮਤੀ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। 

ਉਨ੍ਹਾਂ ਕਾਨਫ਼ਰੰਸ ਦੀ ਰੂਪ-ਰੇਖਾ ਵਿਚ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਤੁਹਾਡੀ ਆਮਦ ਭਾਸ਼ਾ ਦੀ ਫ਼ਿਕਰਮੰਦੀ ਬਾਰੇ ਗਵਾਹੀ ਭਰਦੀ ਹੈ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸ. ਸ. ਜੌਹਲ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਡਾ. ਸੁਰਜੀਤ ਪਾਤਰ ਸ਼ਾਮਲ ਸਨ। ਪ੍ਰਧਾਨਗੀ ਮੰਡਲ ਵਿੱਚ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਡਾ. ਜੋਗਾ ਸਿੰਘ ਸ਼ਾਮਲ ਸਨ। 

ਪ੍ਰਸਿੱਧ ਭਾਸ਼ਾ ਵਿਗਿਆਨੀ ਡਾ. ਜੋਗਾ ਸਿਘ ਨੇ ਕਾਨਫ਼ਰੰਸ ਦਾ ਮੁੱਖ ਸੁਰ ਭਾਸ਼ਨ ’ਚ ਭਾਸ਼ਾਈ ਵਿਕਾਸ ਦੀਆਂ ਅਵੱਸਥਾਵਾਂ ਦਾ ਜ਼ਿਕਰ ਕਰਦੇ ਹੋਏ ਵਿਦਿਆ, ਰਾਜਸੀ ਤੰਤਰ ਅਤੇ ਸੰਚਾਰ ਰਾਹੀਂ ਇਕ ਭਾਸ਼ਾ ਦੇ ਦੂਜੀ ਭਾਸ਼ਾ ’ਤੇ ਭਾਰੂ ਹੋਣ ਦੀਆਂ ਮਿਸਾਲਾਂ ਦਿੰਦੇ ਹੋਏ ਪੰਜਾਬੀ ਭਾਸ਼ਾ ਦੇ ਅਤੀਤ ਅਤੇ ਸਮਕਾਲ ’ਤੇ ਚਰਚਾ ਕੀਤੀ। ਉਨ੍ਹਾਂ ਸਮਕਾਲ ਵਿਚ ਵਿਸ਼ਵੀਕਰਨ ਦੇ ਦੌਰ ਦੀ ਦਿੱਖ ਤੇ ਸੱਚ ਨੂੰ ਉਜਾਗਰ ਕੀਤਾ। 

ਉਨ੍ਹਾਂ ਕਿਹਾ ਕਿ ਪੰਜਾਬੀ ਦੇ ਪਾਸਾਰ ਲਈ ਇਸ ਨੂੰ ਵਿਦਿਆ ਦਾ ਮਾਧਿਅਮ, ਰੁਜ਼ਗਾਰ ਦੀ ਭਾਸ਼ਾ, ਕਾਨੂੰਨ, ਗਿਆਨ ਅਤੇ ਪੱਤਰ ਵਿਹਾਰ ਦੀ ਭਾਸ਼ਾ ਬਣਾਉਣਾ ਪਵੇਗਾ। ਡਾ. ਸ. ਸ. ਜੌਹਲ ਨੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਭਾਸ਼ਾ ਦੀ ਜ਼ਰੂਰਤ ਹੀ ਉਸ ਨੂੰ ਪ੍ਰਫੁੱਲਤ ਕਰਦੀ ਹੈ। ਉਨ੍ਹਾਂ ਸੌੜੀ ਰਾਜਨੀਤੀ ਤੇ ਪੰਜਾਬ ਦੀ ਵੰਡ ਵੱਲ ਇਸ਼ਾਰਾ ਕਰਦੇ ਹੋਏ ਭਾਸ਼ਾ ਦੇ ਨੁਕਸਾਨ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਡਾਇਸਪੋਰੇ ਤੋਂ ਬੋਲੀ ਦੀ ਪੱਧਰ ਤੇ ਭਾਸ਼ਾ ਦੇ ਚੰਗੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ।

ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇਹ ਬੜੀ ਨਮੋਸ਼ੀ ਦੀ ਗੱਲ ਹੈ ਕਿ ਪੰਜਾਬ ਦੇ ਸਕੂਲਾਂ ਵਿਚ ਹੀ ਬੱਚਿਆਂ ਨੂੰ ਪੰਜਾਬੀ ਬੋਲਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆਂ ਦੀ ਅੰਗਰੇਜ਼ੀ ਪ੍ਰਤੀ ਉਲਾਰ ਬਿਰਤੀ ਤੇ ਭਰਮ ਚੇਤਨਾ ਨੂੰ ਬਦਲਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਸ਼ੀਨੀ ਬੁੱਧੀਮਾਨਤਾ ਦੇ ਸਕਾਰਾਤਮਕ ਪੱਖਾਂ ਨੂੰ ਅਪਨਾਉਣ ਦੀ ਜ਼ਰੂਰਤ ਹੈ। ਉਨ੍ਹਾਂ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਾਲੇ ਤੇਰਾਂ ਕਾਰਕਾਂ ਦੀ ਵਿਸਥਾਰ ਨਾਲ ਚਰਚਾ ਕਰਦੇ ਹੋਏ ਭਾਸ਼ਾਈ ਸਰੋਕਾਰਾਂ ਤੇ ਸੁਹਿਰਦਤਾ ਨਾਲ ਸੰਬਾਦ ਰਚਾਉਣ ਦੀ ਲੋੜ ’ਤੇੇ ਜ਼ੋਰ ਦਿੱਤਾ। 

ਇਸ ਸੈਸ਼ਨ ਦਾ ਮੰਚ ਸੰਚਾਲਨ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਆਪਣੇ ਰਵਾਇਤੀ ਅਤੇ ਵਿਸ਼ੇਸ਼ ਅੰਦਾਜ਼ ਨਾਲ ਕੀਤਾ ਜਦਕਿ  ਰਿਪੋਰਟ ਪ੍ਰੋ.  ਬਲਵਿੰਦਰ ਸਿੰਘ ਚਾਹਿਲ ਨੇ ਰੱਖੀ।

ਦੂਸਰੇ ਸੈਸ਼ਨ ਦੀ ਪ੍ਰਧਾਨਗੀ ਡਾ. ਸਵਰਾਜਬੀਰ ਨੇ ਕੀਤੀ। ਡਾ. ਸੁਖਦੇਵ ਸਿੰਘ ਸਿਰਸਾ ਨੇ ‘ਸਮਕਾਲ ਅਤੇ ਭਾਰਤੀ ਭਾਸ਼ਾਵਾਂ ਦੀ ਸਥਿਤੀ’ ਬਾਰੇ ਆਪਣਾ ਖੋਜ-ਪੱਤਰ ਪੇਸ਼ ਕਰਦਿਆਂ ਕਿਹਾ ਕਿ ਜਨਜਾਤੀ ਅਤੇ ਕਬੀਲਾਈ ਭਾਸ਼ਾਵਾਂ ਪ੍ਰਤੀ ਸਰਕਾਰਾਂ ਦੀ ਅਵਿਗਿਆਨਕ, ਨਸਲੀ ਅਤੇ ਪ੍ਰਸ਼ਾਸ਼ਨਮੁਖ ਪਹੁੰਚ ਕਰਕੇ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸੈਂਕੜੇ ਭਾਸ਼ਾਵਾਂ ਮਰ ਚੁੱਕੀਆਂ ਹਨ ਜਾਂ ਮਰਨ ਕਿਨਾਰੇ ਹਨ। ਭਾਸ਼ਾਵਾਂ ਦੇ ਵਿਕਾਸ ਲਈ, ਲੋਕ ਚੇਤਨਾ ਅਤੇ ਸਿੱਖਿਆ ਅਹਿਮ ਅਤੇ ਬੁਨਿਆਦੀ ਕਾਰਕ ਹਨ।

ਡਾ. ਸੁਰਜੀਤ ਸਿੰਘ ਨੇ ‘ਉਪਭੋਗੀ ਸਭਿਆਚਾਰ ਅਤੇ ਪੰਜਾਬੀ ਭਾਸ਼ਾ’ ਬਾਰੇ ਆਪਣੇ ਖੋਜ-ਪੱਤਰ ’ਚ ਕਿਹਾ ਕਿ ਉਪਭੋਗੀ ਸਭਿਆਚਾਰ ਨੂੰ ਨਾਕਾਰਤਮਕ ਵਰਤਾਰੇ ਦੀ ਥਾਂ ਜ਼ਰੂਰੀ ਇਤਿਹਾਸਕ ਸਥਿਤੀ ਵਜੋਂ ਸਮਝਣਾ ਚਾਹੀਦਾ ਹੈ। ਇਸ ਸਮੇਂ ਵਸਤਾਂ ਹੀ ਸਮਾਜਿਕ ਰੁਤਬਾ ਅਤੇ ਪੱਧਰ ਤਹਿ ਕਰਦੀਆਂ ਹਨ। ਅਜਿਹੇ ਹਾਲਾਤ ਵਿੱਚ ਵਿਚ ਖੇਤਰੀ ਭਾਸ਼ਾਵਾਂ ਜਾਂ ਭਾਸ਼ਾ ਦੀ ਵੰਨਸੁਵੰਨਤਾ ਦਾ ਬਚਿਆ ਰਹਿਣਾ ਬੇਹੱਦ ਜ਼ਰੂਰੀ ਹੈ। 

ਡਾ. ਅਰਵਿੰਦਰ ਕੌਰ ਕਾਕੜਾ ਨੇ ਟਿੱਪਣੀ ਤੇ ਧੰਨਵਾਦ ਕੀਤਾ। ਮੰਚ ਸੰਚਾਲਨ ਸ਼ਬਦੀਸ਼ ਹੋਰਾਂ ਨੇ ਕੀਤਾ ਅਤੇ ਰਿਪੋਰਟ ਵਾਹਿਦ ਨੇ ਪੇਸ਼ ਕੀਤੀ। ਆਪਣੇ ਪ੍ਰਧਾਨਗੀ ਭਾਸ਼ਾਨ ਵਿਚ ਸਿਰੇ ਦੀ ਗੱਲ ਕਰਦਿਆਂ ਡਾ. ਸਵਰਾਜਬੀਰ ਨੇ ਸਪਸ਼ਟ ਕਿਹਾ ਕਿ ਪੱਛਮੀ ਵਿਦਵਾਨਾਂ ਦੇ ਹਵਾਲੇ ਨਾਲ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਸਿਰਫ਼ ਪੰਜਾਬੀ ਸਾਹਿਤਕਾਰ ਹੀ ਨਹੀਂ ਬਚਾ ਸਕਦੇ ਸਗੋਂ ਇਸ ਨੂੰ ਹੋਰਨਾਂ ਖੇਤਰਾਂ ਵਿਚ ਕੰਮ ਕਰ ਰਹੇ ਵਿਗਿਆਨੀ, ਚਿੰਤਕ, ਅਰਥਸ਼ਾਸਤਰੀ ਹੀ ਰਲ ਮਿਲ ਕੇ ਇਸ ਦੇ ਵਿਕਾਸ ਦੀਆਂ ਸੰਭਾਵਨਾਵਾਂ ਤਿਆਰ ਕਰ ਸਕਦੇ ਹਨ। ਮੌਜੂਦਾ ਸਥਿਤੀ ਵਿੱਚ ਹਕੀਕਤ ਵੀ ਇਹੀ ਹੈ। 

ਤੀਸਰੇ ਸੈਸ਼ਨ ਦੀ ਪ੍ਰਧਾਨਗੀ ਪ੍ਰੋਫ਼ੈਸਰ ਅਰਵਿੰਦ ਨੇ ਕੀਤੀ। ‘ਮਸਨੂਈ ਬੌਧਿਕਤਾ ਅਤੇ ਪੰਜਾਬੀ ਭਾਸ਼ਾ’ ਬਾਰੇ ਅਮਰਜੀਤ ਗਰੇਵਾਲ ਨੇ ਆਪਣੇ ਖੋਜ-ਪੱਤਰ ’ਚ ਕਿਹਾ ਕਿ ‘ਸਾਨੂੰ ਓਪਨ ਸੋਰਸ ਅਪਨਾਉਣਾ ਪਵੇਗਾ ਤਾਂ ਜੋ ਅਸੀਂ ਸਾਫ਼ਟਵੇਅਰ ਕੰਪਨੀਆਂ ਦੀ ਨਿਰਭਰਤਾ ਤੋਂ ਬਚ ਸਕੀਏ। ਪੰਜਾਬੀ ਸਾਹਿਤਿਕ ਜਗਤ ਦੀ ਆਰਥਿਕ ਹਾਲਤ, ਪਹੁੰਚ ਅਤੇ ਤਕਨੀਕੀ ਵਿਕਾਸ ਵੱਲ ਬੜਾ ਸਪਸ਼ਟ ਜਿਹਾ ਇਸ਼ਾਰਾ ਕਰਦਿਆਂ ਉਹਨਾਂ ਸਪਸਾਹਤ ਕਿਹਾ ਕਿ ਪੰਜਾਬੀ ਵਰਤਣ ਵਾਲੇ ਆਮ ਲੋਕ ਏਨੇੇ ਅਮੀਰ ਨਹੀਂ ਹਨ ਕਿ ਉਹ ਹਰ ਕੰਪਨੀ ਦੇ ਹਰ ਸਾਫ਼ਟਵੇਅਰ ਨੂੰ ਖ਼ਰੀਦ ਸਕਣ। ਉਨ੍ਹਾਂ ਕਿਹਾ ਯੂਨੀਵਰਸਲ ਭਾਸ਼ਾ ਬਣਾਉਣੀ ਤਾਂ ਔਖੀ ਹੈ ਪਰ ਜੇ ਭਾਰਤੀ ਭਾਸ਼ਾਵਾਂ ਦੀ ਇਕ ਸਾਂਝੀ ਭਾਸ਼ਾ ਆਰਟੀਫ਼ਿਸ਼ਲ ਇੰਨਟੇਲੀਜੈਂਸ ਨਾਲ ਬਣਾ ਲਈ ਜਾਵੇ ਤਾਂ ਇਹ ਸੌਖੀ ਬਣ ਜਾਵੇਗੀ। ਇਕ ਭਾਸ਼ਾ ਨੂੰ ਫ਼ੈਸ਼ਨ ਬਣਾਉਣਾ ਪਵੇਗਾ’।

ਡਾ. ਸੁਖਵਿੰਦਰ ਸਿੰਘ ਸੰਘਾ ਨੇ ‘ਵਿਸ਼ਵ-ਨੇੜਤਾ ਅਤੇ ਪੰਜਾਬੀ ਭਾਸ਼ਾ ਦੀਆਂ ਸੰਭਾਵਨਾਵਾਂ’ ਬਾਰੇ ਬੋਲਦਿਆਂ ਦੂਜੀਆਂ ਭਾਸ਼ਾਵਾਂ ਨਾਲ ਪੰਜਾਬੀ ਭਾਸ਼ਾ ਦੇ ਆਦਾਨ ਪ੍ਰਦਾਨ ਬਾਰੇ ਵਿਗਿਆਨਕ ਟਿੱਪਣੀਆਂ ਕੀਤੀਆਂ। ‘ਤਕਨਾਲੋਜੀ ਅਤੇ ਪੰਜਾਬੀ ਭਾਸ਼ਾ’ ਬਾਰੇ ਡਾ. ਧਰਮਵੀਰ ਸ਼ਰਮਾ ਨੇ ਖੋਜ-ਪੱਤਰ ਪੇਸ਼ ਕਰਦਿਆਂ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਆਪਣੇ ਪੱਧਰ ’ਤੇ ਕੁਝ ਇਸ ਤਰ੍ਹਾਂ ਦੇ ਸਾਫ਼ਟਵੇਅਰ ਤਿਆਰ ਕੀਤੇ ਹਨ ਜਿਨ੍ਹਾਂ ਨੂੰ ਮੌਜੂਦਾ ਸਾਫ਼ਟਵੇਅਰਾਂ ਨਾਲ ਜੋੜ ਕੇ ਪੰਜਾਬੀ ਭਾਸ਼ਾ ਨੂੰ ਜ਼ਿਆਦਾ ਬੇਹਤਰ ਢੰਗ ਨਾਲ ਤਕਨੀਕ ਦੇ ਹਾਣ ਦਾ ਬਣਾਇਆ ਜਾ ਸਕਦਾ ਹੈ। 

‘ਡਿਜ਼ੀਟਲ ਯੁੱਗ ਅਤੇ ਪੰਜਾਬੀ ਭਾਸ਼ਾ’ ਬਾਰੇ ਪੇਪਰ ਪੇਸ਼ ਕਰਦਿਆਂ ਡਾ. ਸੀ. ਪੀ. ਕੰਬੋਜ਼ ਨੇ ਪੰਜਾਬੀ ਭਾਸ਼ਾ ਨਾਲ ਸੰਬੰਧਿਤ ਜਿੰਨੇ ਵੀ ਸਾਫ਼ਟਵੇਅਰ ਬਣ ਚੁੱਕੇ ਹਨ ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਤੇ ਸਮੂਹ ਲੇਖਕਾਂ ਅਤੇ ਆਮ ਪੰਜਾਬੀਆਂ ਨੂੰ ਯੂਨੀਕੋਡ ਫ਼ੌਟ ਵਰਤਣ ਦੀ ਤਾਕੀਦ ਕੀਤੀ। ਖੋਜ-ਪੱਤਰਾਂ ’ਤੇ ਟਿੱਪਣੀ ਅਤੇ ਧੰਨਵਾਦ ਡਾ. ਹਰਵਿੰਦਰ ਸਿੰਘ ਸਿਰਸਾ ਨੇ ਕੀਤਾ। ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਕੁਲਦੀਪ ਸਿੰਘ ਦੀਪ ਨੇ ਕੀਤਾ ਅਤੇ ਰਿਪੋਰਟ ਦੀਪ ਜਗਦੀਪ ਸਿੰਘ ਨੇ ਪੇਸ਼ ਕੀਤੀ।

ਕਾਨਫ਼ਰੰਸ ਦੇ ਚੌਥੇ ਸੈਸ਼ਨ ਵਿਚ ‘ਆਤੂ ਖੋਜੀ’ ਫ਼ਿਲਮ ਜਿਸ ਦੇ ਲੇਖਕ ਗੁਰਮੀਤ ਕੜਿਆਲਵੀ ਹਨ ਅਤੇ ਮੁੱਖ ਕਿਰਦਾਰ ਸੈਮੂਅਲ ਜੌਹਨ, ਨਿਰਦੇਸ਼ਕ ਡਾ. ਰਾਜੀਵ ਕੁਮਾਰ ਹਨ ਦਿਖਾਈ ਗਈ।

ਟਿੱਪਣੀ ਅਤੇ ਧੰਨਵਾਦ ਡਾ. ਗੁਰਚਰਨ ਕੌਰ ਕੋਚਰ ਨੇ ਕੀਤਾ। ਇਸ ਸੈਸ਼ਨ ਦਾ ਮੰਚ ਸੰਚਾਲਨ ਸਹਿਜਪ੍ਰੀਤ ਸਿੰਘ ਮਾਂਗਟ ਨੇ ਕੀਤਾ ਅਤੇ ਰਿਪੋਰਟ ਸ. ਕਰਮਜੀਤ ਸਿੰਘ ਗਰੇਵਾਲ ਨੇ ਪੇਸ਼ ਕੀਤੀ।

ਕਾਨਫ਼ਰੰਸ ਦੇ ਪਹਿਲੇ ਦਿਨ ਭਾਰਤ ਦੇ ਵੱਖ ਵੱਖ ਰਾਜਾਂ ਤੋਂ ਪਹੁੰਚੇ ਲੇਖਕਾਂ, ਵਿਦਵਵਾਨਾਂ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਪ੍ਰਗਤੀਸ਼ੀਲ ਸੰਘ ਲੇਖਕ ਸੰਘ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ, ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਸੁਰਿੰਦਰ ਕੈਲੇ, ਡਾ. ਸੁਰਜੀਤ ਬਰਾੜ, ਜਸਵੀਰ ਝੱਜ, ਡਾ. ਹਰੀ ਸਿੰਘ ਜਾਚਕ, ਜਨਮੇਜਾ ਸਿੰਘ ਜੌਹਲ, ਤ੍ਰੈਲੋਚਨ ਲੋਚੀ, ਪ੍ਰੋ. ਜਗਮੋਹਨ ਸਿੰਘ, ਜਸਪਾਲ ਮਾਨਖੇੜਾ, ਡਾ. ਗੁਰਮੇਲ ਸਿੰਘ, ਡਾ. ਸਰਬਜੋਤ ਕੌਰ, ਸੋਮਾ ਸਬਲੋਕ, ਮਨਦੀਪ ਕੌਰ ਭੰਮਰਾ, ਸੁਰਿੰਦਰ ਦੀਪ, ਇੰਦਰਜੀਤ ਪਾਲ ਕੌਰ, ਇੰਜ. ਡੀ.ਐਮ. ਸਿੰਘ, ਭਗਵੰਤ ਰਸੂਲਪੁਰੀ, ਡਾ. ਚਰਨਦੀਪ ਸਿੰਘ, ਬਲਵਿੰਦਰ ਸਿੰਘ ਜੰਮੂ, ਸਾਗਰ ਸਫ਼ਰੀ, ਮਲਕੀਅਤ ਸਿੰਘ ਔਲਖ, ਕਰਨੈਲ ਸਿੰਘ ਵਜ਼ੀਰਾਬਾਦ, ਪਵਨ ਹਰਚੰਦਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਰਵਿੰਦਰ ਰਵੀ, ਭਗਵਾਨ ਢਿੱਲੋਂ, ਪ੍ਰੋ. ਜਗਮੋਹਨ ਸਿੰਘ (ਪੀ.ਏ.ਯੂ.), ਡੀ. ਪੀ. ਮੌੜ, ਡਾ. ਰਜਿੰਦਰਪਾਲ ਔਲਖ, ਡਾ. ਗੁਰਪ੍ਰੀਤ ਰਤਨ, ਤਰਲੋਚਨ ਝਾਂਡੇ, ਬਲਵੀਰ ਰਾਏਕੋਟੀ, ਡਾ. ਹਰਵਿੰਦਰ ਕੌਰ, ਸੁਰਿੰਦਰ ਮਕਸੂਦਪੁਰੀ, ਡਾ. ਬਲਰਾਜ ਸਿੰਘ, ਦੀਪਕ ਰੰਗਾ, ਹਰਪਾਲ, ਦਵਿੰਦਰ ਸਿੰਘ ਸਮੇਤ ਤਿੰਨ ਸੌ ਲੇਖਕ, ਸਾਹਿਤ ਪ੍ਰੇਮੀ ਅਤੇ ਪਾਠਕ ਹਾਜ਼ਰ ਸਨ।

ਉਮੀਦ ਕਰਨੀ ਤਾਂ ਬਣਦੀ ਹੈ ਕਿ ਇਸ ਆਯੋਜਨ ਅਤੇ ਨੇੜ ਭਵਿੱਖ ਵਿੱਚ ਹੀ ਅਜਿਹੇ ਹੋਰ ਆਯੋਜਨਾਂ ਨਾਲ ਅਰਟੀਫੀਸ਼ਲ ਇੰਟੈਲੀਜੈਂਸ ਆਖੋ ਜਾਂ ਮਸ਼ੀਨੀ ਬੁਧੀਮਾਨਤਾ ਦੇ ਆਉਣ ਨਾਲ ਦਰਪੇਸ਼ ਅਸਲੀ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਜਾਚ ਅਤੇ ਹਿੰਮਤ ਪੈਦਾ ਕਰਨ ਵਿਚ ਸਹਾਇਤਾ  ਮਿਲੇਗੀ। ਜਿਹੜੀਆਂ ਲਹਿਰਾਂ ਅਤੇ ਅੰਦੋਲਨਾਂ ਨੂੰ ਉੱਸਰਦਿਆਂ ਲੇਖਕ ਵਰਗ ਨੂੰ ਮਹੀਨਿਆਂ ਦੇ ਮਹੀਨੇ ਜਾਂ ਸਾਲਾਂ ਦੇ ਸਾਲ ਵੀ ਲੱਗ ਜਾਇਆ ਕਰਦੇ ਸਨ ਉਹਨਾਂ ਲਈ ਇਹ ਨਵਾਂ ਸਿਸਟਮ ਕਿਸੇ ਹਨੇਰੀ ਤੂਫ਼ਾਨ ਵਾਂਗ ਚੜ੍ਹਿਆ ਆ ਰਿਹਾ ਹੈ। ਅਜਿਹੀਆਂ ਹਨੇਰੀਆਂ ਦਾ ਮੂੰਹ ਮੋੜਨ ਵਿੱਚ ਉਹੀ ਲੋਕ ਸਾਰਥਕ ਕੰਮ ਕਰ ਸਕਣਗੇ ਜਿਹੜੇ ਮੂੰਹਾਂ-ਮੁਲ੍ਹਾਜਿਆਂ, ਧੜੇਬੰਦੀਆਂ ਅਤੇ ਗੁੱਟਬੰਦੀਆਂ ਤੋਂ ਮੁਕਤ ਰਹਿ ਕਿ ਸਿਰਫ ਇਸ ਚੁਣੌਤੀ ਦੀ ਤਕਨੀਕੀ ਨੂੰ ਸੰਸਾਰ ਪੱਧਰ ਦੀ ਸੋਚ ਨਾਲ ਸਮਝ ਸਕਣਗੇ। 

Tuesday 23 April 2024

ਅਨਿਲ ਆਦਮ ਯਾਦਗਾਰੀ ਸਮਾਗਮ

 ਕਲਾਪੀਠ (ਰਜਿ:) ਵੱਲੋਂ ਪੁਸਤਕ ਦਾ ਵੀ ਲੋਕ ਅਰਪਣ


ਫ਼ਿਰੋਜ਼ਪੁਰ
: 21 ਅਪ੍ਰੈਲ 2024: (ਸਾਹਿਤ ਸਕਰੀਨ ਡੈਸਕ)::

ਸ਼ਬਦ ਸੱਭਿਆਚਾਰ ਦੇ ਪਸਾਰ ਲਈ ਨਿਰੰਤਰ ਯਤਨਸ਼ੀਲ ਸੰਸਥਾ ਕਲਾਪੀਠ (ਰਜਿ:) ਵੱਲੋਂ ਪੰਜਾਬੀ ਦੇ ਮਰਹੂਮ ਸ਼ਾਇਰ ਅਨਿਲ ਆਦਮ ਦੀ ਯਾਦ ਵਿੱਚ ਇੱਕ  ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ।  ਇਸ ਸਮਾਗਮ ਵਿੱਚ ਅਨਿਲ ਆਦਮ ਦੀ ਨਵੀਂ ਛਪੀ ਕਾਵਿ ਕਿਤਾਬ " 26 ਸਾਲ ਬਾਅਦ "  ਲੋਕ ਅਰਪਿਤ ਕੀਤੀ ਕੀਤੀ ਗਈ।  

ਫ਼ਿਰੋਜ਼ਪੁਰ ਦੀ ਜ਼ਿਲ੍ਹਾ ਲਾਇਬ੍ਰੇਰੀ ਵਿੱਚ ਕਰਵਾਏ ਗਏ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਆਲੋਚਕ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਪ੍ਰਧਾਨ ਡਾ.ਸੁਖਦੇਵ ਸਿੰਘ ਸਿਰਸਾ ਨੇ ਕੀਤੀ ਜਦੋਂ ਕਿ ਮੁੱਖ ਮਹਿਮਾਨ ਸਾਹਿਤ ਅਕੈਡਮੀ ਸਨਮਾਨ ਪ੍ਰਾਪਤ ਸ਼ਾਇਰ ਸਵਰਨਜੀਤ ਸਵੀ ਸਨ। ਪ੍ਰਧਾਨਗੀ ਮੰਡਲ ਵਿੱਚ ਪ੍ਰੋ.ਜਸਪਾਲ ਘਈ ਅਤੇ ਪ੍ਰੋ.ਗੁਰਤੇਜ ਕੋਹਾਰਵਾਲਾ ਅਤੇ ਅਨਿਲ ਆਦਮ ਦੀ ਹਮਸਫ਼ਰ ਅੰਜੁਮ ਸ਼ਰਮਾ ਸ਼ਾਮਿਲ ਹੋਏ। 

ਸੰਚਾਲਨ ਕਰਦਿਆਂ ਨੌਜਵਾਨ ਆਲੋਚਕ ਅਤੇ ਅਨੁਵਾਦਕ ਸੁਖਜਿੰਦਰ ਨੇ ਇਸ ਭਾਵਪੂਰਤ ਸਮਾਗਮ ਦੇ ਆਰੰਭ ਵਿੱਚ ਮਰਹੂਮ ਅਨਿਲ ਆਦਮ ਦੀ ਕਵਿਤਾ ਅਤੇ ਜ਼ਿੰਦਗੀ ਬਾਰੇ ਜਾਣਕਾਰੀ ਦਿੱਤੀ। ਉਪਰੰਤ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ.ਜਗਦੀਪ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਿਹਾ। ਅੰਜੁਮ ਸ਼ਰਮਾ ਨੇ ਅਨਿਲ ਆਦਮ ਦੇ ਵਿਅਕਤੀਤਵ ਅਤੇ ਪਰਿਵਾਰ ਨਾਲ ਸਬੰਧਤ ਅਛੂਤੇ ਪਹਿਲੂਆਂ ਬਾਰੇ ਵੀ ਗੱਲ ਛੇੜੀ।

ਮਾਸਟਰ ਓਮ ਪ੍ਰਕਾਸ਼ ਸਰੋਏ ਨੇ ਅਨਿਲ ਨਾਲ ਸਬੰਧਤ ਯਾਦਾਂ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਪ੍ਰੋ.ਕੁਲਦੀਪ ਨੇ ਅਨਿਲ ਆਦਮ ਬਾਰੇ ਲਿਖੀਆਂ ਕਵਿਤਾਵਾਂ ਦਾ ਪਾਠ ਕਰਕੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ। ਜਦੋਂ ਕਿ ਅਨਿਲ ਦੀ ਪ੍ਰੇਰਨਾ ਨਾਲ ਸ਼ਾਇਰੀ ਦੇ ਪਿੜ ਵਿੱਚ ਸ਼ਾਮਲ ਹੋਏ ਯੁਵਰੀਤ ਨੇ ਵੀ ਆਪਣੀਆਂ ਕਵਿਤਾਵਾਂ ਸੁਣਾਈਆਂ। ਅਨਿਲ ਦੇ ਅਧਿਆਪਕ ਪ੍ਰੋ.ਜਸਪਾਲ ਘਈ ਨੇ ਉਸਦੀ ਜ਼ਿੰਦਗੀ ਅਤੇ ਕਵਿਤਾ ਦੇ ਵੱਖ ਵੱਖ ਪਸਾਰਾਂ ਤੇ ਰੌਸ਼ਨੀ ਪਾਈ। 

ਇਸ ਮੌਕੇ ਖਾਸ ਪੇਸ਼ਕਾਰੀ ਸ਼ਬਦੀਸ਼ ਦੀ ਵੀ ਰਹੀ। ਸ਼ਾਇਰ ਅਤੇ ਨਾਟਕਕਾਰ ਸ਼ਬਦੀਸ਼ ਨੇ ਆਪਣੇ ਦਿਲ ਦੀਆਂ ਗੱਲਾਂ ਕਰਦਿਆਂ ਅਨਿਲ ਦੀ ਪੁਸਤਕ "26 ਸਾਲ ਬਾਅਦ" ਤੋਂ ਪ੍ਰਭਾਵਿਤ ਹੋ ਕੇ ਲਿਖੀ ਨਜ਼ਮ "ਅਨਿਲ ਆਦਮ ਦੀ ਕਵਿਤਾ ਪੜ੍ਹਦਿਆਂ " ਪੇਸ਼ ਕੀਤੀ।

ਇਸ ਤੋਂ ਬਾਅਦ ਹਰਮੀਤ ਵਿਦਿਆਰਥੀ ਨੇ ਅਨਿਲ ਆਦਮ ਦੇ ਤੁਰ ਜਾਣ ਤੋਂ ਬਾਅਦ ਛਪੀ ਕਿਤਾਬ " 26 ਸਾਲ ਬਾਅਦ " ਦੀ ਸਿਰਜਣਾ , ਸੰਪਾਦਨਾ ਅਤੇ ਛਪਣ ਦੀ ਪ੍ਰਕਿਰਿਆ ਦੀ ਬਾਤ ਪਾਈ । ਪ੍ਰਧਾਨਗੀ ਮੰਡਲ ਵੱਲੋਂ ਇਸ ਪੁਸਤਕ ਦੇ ਲੋਕ ਅਰਪਣ ਦੀ ਰਸਮ ਅਦਾ ਕੀਤੀ ਗਈ। ਇਸ ਰਸਮ ਵਿੱਚ ਅਨਿਲ ਆਦਮ ਦੀ ਹਮਸਫ਼ਰ ਅੰਜੁਮ ਸ਼ਰਮਾ, ਅਨਿਲ ਦੇ ਅਧਿਆਪਕ , ਦੋਸਤ ਅਤੇ ਜਮਾਤੀ ਵੀ ਸ਼ਾਮਲ ਹੋਏ। ਪ੍ਰੋ.ਗੁਰਤੇਜ ਕੋਹਾਰਵਾਲਾ ਨੇ ਅਨਿਲ ਦੇ ਮੁਹੱਬਤੀ ਸੁਭਾਅ, ਸੂਖ਼ਮਤਾ, ਸੰਵੇਦਨਸ਼ੀਲਤਾ ਅਤੇ ਤਰਲਤਾ ਦੀ ਬਾਤ ਪਾਉਂਦਿਆਂ " 26 ਸਾਲ ਬਾਅਦ " ਵਿੱਚੋਂ ਕੁਝ ਕਵਿਤਾਵਾਂ ਦਾ ਪਾਠ ਕੀਤਾ ਅਤੇ ਉਸਦੀ ਸ਼ਾਇਰੀ ਨਾਲ ਸਰੋਤਿਆਂ ਦੀ ਸਾਂਝ ਪਵਾਈ। 

ਇਸ ਪੁਸਤਕ ਬਾਰੇ ਨੌਜਵਾਨ ਚਿੰਤਕ ਮਨਜੀਤ ਪੁਰੀ ਨੇ ਆਪਣਾ ਪੇਪਰ "ਮੁਹੱਬਤੀ ਸੰਵੇਦਨਾ ਦਾ ਕਾਵਿ : 26 ਸਾਲ ਬਾਅਦ ਪੜ੍ਹਦਿਆਂ ਕਿਹਾ ਕਿ ਅਨਿਲ ਦੀ ਇਹ ਕਿਤਾਬ ਕਈ ਟੁਕੜਿਆਂ ਵਿੱਚ ਲਿਖੀ ਇੱਕੋ ਲੰਬੀ ਕਵਿਤਾ ਹੈ। ਜਿਸ ਰਾਹੀਂ ਅਨਿਲ ਕਵਿਤਾ ਦੇ ਅਸਲੋਂ ਨਵੇਂ ਮੁਹਾਂਦਰੇ ਰਾਹੀਂ ਪਾਠਕਾਂ ਸਨਮੁੱਖ ਹੁੰਦਾ ਹੈ। 

ਨਾਮਵਰ ਵਿਦਵਾਨ ਹਰਵਿੰਦਰ ਭੰਡਾਲ ਨੇ "26 ਸਾਲ ਬਾਅਦ" ਦਾ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਇਹ ਕਵਿਤਾ ਮੁਹੱਬਤ ਦੇ ਰਾਹ ਦਾ ਰੋੜਾ ਬਣਦੀਆਂ ਸਮਾਜਿਕ ਵਰਜਨਾਵਾਂ ਨੂੰ ਮੁਖ਼ਾਤਿਬ ਹੁੰਦੀ ਹੈ ਅਤੇ ਇਸ ਕਵਿਤਾ ਵਿੱਚ ਪੇਸ਼ ਮੁਹੱਬਤ ਦਾ ਤਾਅਲੁੱਕ ਕਵੀ ਦੀ ਵਿਅਕਤੀਗਤ ਮੁਹੱਬਤ ਨਹੀਂ ਹੈ ਸਗੋਂ ਇਹ ਸਮੁੱਚੇ ਸਮਾਜਿਕ ਤਾਣੇ ਬਾਣੇ ਦੀਆਂ ਦੀਵਾਰਾਂ ਨੂੰ ਚੁਣੌਤੀ ਦੇ ਰਹੀ ਹੈ। 

ਸਾਹਿਤ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ ਕਵੀ ਸਵਰਨਜੀਤ ਸਵੀ ਨੇ ਅਨਿਲ ਦੀ ਕਵਿਤਾ ਵਿਚਲੀ ਤਰਲਤਾ ਦੀ ਬਾਤ ਛੋਹੀ ਅਤੇ ਕਿਹਾ ਕਿ ਉਹ ਇੱਕ ਹਰਮਨ ਪਿਆਰਾ ਅਧਿਆਪਕ , ਗੰਭੀਰ ਬਾਲ ਸਾਹਿਤ ਲੇਖਕ , ਅਨੁਵਾਦਕ ਅਤੇ ਬਹੁਪਾਸਾਰੀ ਸਖ਼ਸ਼ੀਅਤ ਸੀ। 

ਸਮਾਗਮ ਦੀ ਪ੍ਰਧਾਨਗੀ ਕਰ ਰਹੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਪ੍ਰਧਾਨ ਅਤੇ ਉੱਘੇ ਚਿੰਤਕ ਡਾ.ਸੁਖਦੇਵ ਸਿੰਘ ਸਿਰਸਾ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਅਨਿਲ ਆਦਮ ਦੇ ਬਹੁਪੱਖੀ ਵਿਅਕਤੀਤਵ ਨੂੰ ਸਲਾਮ ਕਰਦਿਆਂ

"26 ਸਾਲ ਬਾਅਦ" ਦੀ ਕਵਿਤਾ ਨੂੰ ਅਜੋਕੇ ਕਾਰਪੋਰੇਟੀ ਜਗਤ ਵਿੱਚ ਮਨੁੱਖ ਨੂੰ ਮਸ਼ੀਨ ਵਿੱਚ ਤਬਦੀਲ ਕੀਤੇ ਜਾਣ ਖ਼ਿਲਾਫ਼ ਨਾਬਰੀ ਅਤੇ ਵਿਦਰੋਹ ਦੀ ਕਵਿਤਾ ਦੱਸਿਆ। ਡਾ.ਸਿਰਸਾ ਨੇ ਕਿਹਾ ਕਿ ਜਦੋਂ ਵਕਤ ਅਤੇ ਹਾਲਾਤ ਬੰਦੇ ਦੀ ਹੋਂਦ ਦੇ ਖ਼ਿਲਾਫ਼ ਹੋਣ ਤਾਂ ਮੁਹੱਬਤ ਦੀ ਕਵਿਤਾ ਬੰਦਿਆਈ ਵਿੱਚ ਮਨੁੱਖ ਦਾ ਯਕੀਨ ਦ੍ਰਿੜ੍ਹ ਕਰਵਾਉਂਦੀ ਹੈ। ਇਸੇ ਲਈ ਅਨਿਲ ਦੀ ਕਵਿਤਾ ਮੁਹੱਬਤ ਅਤੇ ਸੱਭਿਆਚਾਰ ਦੀ ਰਾਜਨੀਤੀ ਦੀ ਕਵਿਤਾ ਹੈ।

ਕਰੀਬ ਸਾਢੇ ਤਿੰਨ ਘੰਟੇ ਚੱਲੇ ਇਸ ਭਾਵਪੂਰਤ ਸਮਾਗਮ ਤਾਸਮਨ ਦੇ ਸੰਪਾਦਕ ਹਰਮਨਦੀਪ ਸਿੰਘ ਆਸਟ੍ਰੇਲੀਆ, ਬਲਰਾਜ ਧਾਲੀਵਾਲ ਕੈਨੇਡਾ , ਰਾਜੀਵ ਖ਼ਿਆਲ, ਸੰਦੀਪ ਚੌਧਰੀ, ਸੁਰਿੰਦਰ ਕੰਬੋਜ, ਲਾਲ ਸਿੰਘ ਸੁਲਹਾਣੀ, ਸਰਬਜੀਤ ਸਿੰਘ ਭਾਵੜਾ, ਸੁਖਦੇਵ ਸਿੰਘ ਭੱਟੀ , ਰਿਸ਼ੀ ਹਿਰਦੇਪਾਲ, ਸੁਖਦੇਵ ਮਠਾੜੂ, ਗੌਰਵ ਸਾਗਰ ਭਾਸਕਰ, ਮਨਜੀਤ ਸੂਖ਼ਮ, ਡਾ. ਅਜ਼ਾਦਵਿੰਦਰ , ਕਮਲ ਸ਼ਰਮਾ, ਡਾ.ਸਤਿੰਦਰ ਸਿੰਘ , ਡਾ.ਗੁਰਪ੍ਰੀਤ ਕੌਰ, ਉੱਘੇ ਗਾਇਕ ਕਮਲ ਦ੍ਰਾਵਿੜ, ਰਣਦੀਪ ਕੌਰ, ਮਹਿੰਦਰ ਸ਼ੈਲੀ, ਜਬਰ ਮਾਹਲਾ, ਗਾਇਕ ਗਿੱਲ ਗੁਲਾਮੀ ਵਾਲਾ, ਰਾਕੇਸ਼ ਪਾਲ,ਅਵਤਾਰ ਸਿੰਘ ਪੁਰੀ, ਭੁਪਿੰਦਰ ਜੈਤੋ, ਪ੍ਰੀਤ ਜੱਗੀ, ਸੁਖਵਿੰਦਰ ਭੁੱਲਰ, ਦਲੀਪ ਸਿੰਘ ਸੈਣੀ , ਹਰਜੀਤ ਸਿੱਧੂ, ਅਜੀਤਪਾਲ ਜਟਾਣਾ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਗਾ, ਫ਼ਿਲਮ ਅਭਿਨੇਤਾ ਹਰਿੰਦਰ ਭੁੱਲਰ, ਗੁਰਨਾਮ ਸਿੱਧੂ , ਜਸਵਿੰਦਰ ਧਰਮਕੋਟ, ਗੁਰਮੀਤ ਰੱਖੜਾ ਕੜਿਆਲ, ਗੁਰਦਰਸ਼ਨ ਆਰਿਫ਼ ਕੇ, ਸੰਜੀਵ ਜੈਨ , ਦਲਜੀਤ ਸਿੰਘ ਦੌਧਰ, ਸਪਨ, ਮੰਗਤ ਬਜੀਦਪੁਰੀ, ਪ੍ਰੋ.ਲਕਸ਼ਮਿੰਦਰ , ਇੰਦਰ ਸਿੰਘ ਸਮੇਤ ਬਹੁਤ ਸਾਰੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ। ਕਲਾਪੀਠ ਫ਼ਿਰੋਜ਼ਪੁਰ ਵੱਲੋਂ ਆਏ ਹੋਏ ਵਿਦਵਾਨ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।

ਹਰਮੀਤ ਵਿਦਿਆਰਥੀ ਨੇ ਆਏ ਹੋਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕਰਦਿਆਂ ਕਲਾਪੀਠ ਦੀਆਂ ਭਵਿੱਖੀ ਯੋਜਨਾਵਾਂ ਦੀ ਜਾਣਕਾਰੀ ਦਿੱਤੀ ਕਿ ਕਲਾਪੀਠ ਵੱਲੋਂ ਅਨਿਲ ਆਦਮ ਯਾਦਗਾਰੀ ਕਵਿਤਾ ਪੁਰਸਕਾਰ ਦੀ ਸਥਾਪਨਾ ਕੀਤੀ ਗਈ ਹੈ ਜੋ ਕਿ ਹਰ ਸਾਲ ਦਸੰਬਰ ਮਹੀਨੇ ਵਿੱਚ ਦਿੱਤਾ ਜਾਵੇਗਾ। ਜਦੋਂ ਕਿ ਪੰਜਾਬੀ ਕਵਿਤਾ ਅਤੇ ਸਮਾਜ ਦੀਆਂ ਵਿਭਿੰਨ ਪਰਤਾਂ ਦਾ ਵਿਸ਼ਲੇਸ਼ਣ ਕਰਨ ਲਈ ਅਨਿਲ ਆਦਮ ਯਾਦਗਾਰੀ ਲੈਕਚਰ ਸੀਰੀਜ਼ ਸ਼ੁਰੂ ਕੀਤੀ ਜਾਵੇਗੀ।

ਇਹ ਅਜਿਹਾ ਉਪਰਾਲਾ ਸੀ ਜਿਸ ਅਧੀਨ ਆਪਣੇ ਵਿਛੜ ਚੁੱਕੇ ਮਿੱਤਰ ਸ਼ਾਇਰ ਅਨਿਲ ਆਦਮ ਨੂੰ ਉਸ ਦੁਨੀਆ ਤੋਂ ਬੁਲਾਉਣ ਦੀ ਕੋਸ਼ਿਸ਼ ਕੀਤੀ ਜੀ ਸੀ ਜਿਥੇ ਜਾ ਕੇ ਕੋਈ ਵਾਪਿਸ ਨਹੀਂ ਆਉਂਦਾ। ਇਸ ਸਮਾਗਮ ਨੂੰ ਦੇਖ ਕੇ ਮਹਿਸੂਸ ਹੁੰਦਾ ਸੀ ਜਿਵੇਂ ਅਨਿਲ ਆਦਮ ਐਥੇ ਹੀ ਹੈ ਇਸੇ ਸਮਾਗਮ ਵਿੱਚ ਬੈਠਾ ਹੈ ਅਤੇ ਉਸ ਬਾਰੇ ਹੁੰਦੀ ਚਰਚਾ ਦੇ ਰੂਪ ਵਿਚ ਪ੍ਰਗਟ ਵੀ ਹੋ ਰਿਹਾ ਹੈ। ਉਸਦੀ ਸ਼ਾਇਰੀ ਉਸਦੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੀ ਹੈ। ਉਸ ਬਾਰੇ ਹੁੰਦੀਆਂ ਗੱਲਾਂ ਉਸਦੇ ਸਮਾਗਮ ਵਿੱਚ ਹੋਣ ਦੀ ਗਵਾਹੀ ਭਰ ਰਹੀਆਂ ਹਨ। 

Monday 15 April 2024

ਪੱਤਰਕਾਰ ਰਾਣਾ ਅਯੂਬ ਦੀ ਪੁਸਤਕ ਬਾਰੇ ਗੰਭੀਰ ਚਰਚਾ ਹੋਈ ਬਹਿਰਾਮਪੁਰ ਬੇਟ ਵਿੱਚ

 Monday 15th April 2024 at 09:45 AM 

ਸਾਹਿਤ ਸਭਾ ਨੇ ਸਾਹਿਤ ਦੇ ਨਾਲ ਨਾਲ ਮੌਜੂਦਾ ਚੁਣੌਤੀਆਂ ਦੀ ਵੀ ਗੱਲ ਕੀਤੀ  


ਬਹਿਰਾਮਪੁਰ ਬੇਟ
//ਚਮਕੌਰ ਸਾਹਿਬ: 15 ਅਪਰੈਲ 2024
(ਹਰਨਾਮ ਸਿੰਘ ਡੱਲਾ//ਇਨਪੁਟ-ਸਾਹਿਤ ਸਕਰੀਨ ਡੈਸਕ):

ਸਮੇਂ ਦੇ ਬਦਲਦੇ ਹੋਏ ਹਾਲਾਤ ਦੀ ਨਿਰਪੱਖ ਰਿਪੋਰਟਿੰਗ ਜਿੰਨੀ ਇਮਾਨਦਾਰੀ ਨਾਲ ਲੇਖਕਾਂ ਅਤੇ ਸ਼ਾਇਰਾਂ ਨੇ ਕੀਤੀ ਹੈ ਓਨੀ ਸ਼ਾਇਦ ਮੀਡੀਆ ਨਾਲ ਜੁੜੇ ਲੋਕ ਵੀ ਨਹੀਂ ਕਰ ਸਕੇ ਕਿਓਂਕਿ ਮੀਡੀਆ ਦੇ ਰਸਤਿਆਂ ਵਿੱਚ ਆਪਣੀ ਕਿਸਮ ਦੀਆਂ ਬਹੁਤ ਕਿਸਮ ਦੀਆਂ ਦੁਸ਼ਵਾਰੀਆਂ ਅਤੇ ਔਖਿਆਈਆਂ ਵੀ ਹੁੰਦੀਆਂ ਹਨ। ਇਸ ਲਈ ਲੇਖਕਾਂ ਅਤੇ ਸ਼ਾਇਰਾਂ ਨੇ ਕਦੇ ਵਾਰਾਂ ਅਤੇ ਕਦੇ ਇਤਿਹਾਸਿਕ ਖੋਜਾਂ ਦੇ ਰੂਪਾਂ ਵਿੱਚ ਬਹੁਤ ਵਰਨਣਯੋਗ ਕੰਮ ਕੀਤਾ। ਇਸ ਗੱਲ ਦੀ ਨਵੀਂ ਮਿਸਾਲ ਕਾਇਮ ਕਰਨ ਵਾਲਿਆਂ ਵਿੱਚ ਸਾਡੇ ਸਮਿਆਂ ਦੀ ਬਹੁ ਚਰਚਿਤ ਲੇਖਿਕਾ ਅਤੇ ਪੱਤਰਕਾਰਾ ਰਾਣਾ ਅਯੂਬ ਵੀ ਹੈ। ਜਦੋਂ ਸਾਰੇ ਰਸਤੇ ਬੰਦ ਹੋ  ਚੁੱਕੇ ਸਨ, ਉਸਦੇ ਆਰਥਿਕ ਹਾਲਾਤ ਵੀ ਡਾਂਵਾਂਡੋਲ ਸਨ, ਉਸਦੇ ਆਪਣੇ ਹੀ ਅਦਾਰੇ ਨੇ ਵੀ ਉਸਦੀ ਖੋਜ ਖਬਰ ਨੂੰ ਛਾਪਣ ਤੋਂ ਨਾਂਹ ਕਰ ਦਿੱਤੀ ਸੀ ਉਦੋਂ ਰਾਣਾ ਅਯੂਬ ਨੇ ਕਰੀਬ ਤਿੰਨ ਸਾਲਾਂ ਦਾ ਸਮਾਂ ਕਿਸੇ ਮੈਡੀਟੇਸ਼ਨ ਜਾਂ ਤੱਪਸਿਆ ਵਾਂਗ ਗੁਜ਼ਾਰਿਆ। ਇਹ ਉਸਦੀ ਆਪਣੇ ਆਪ ਨਾਲ ਲੰਮੀ ਮੁਲਾਕਾਤ ਸੀ। ਇਸ ਸਵੈ ਮੁਲਾਕਾਤ ਤੋਂ ਬਾਅਦ ਸਾਹਮਣੇ ਆਈ ਉਸਦੀ  ਕਿਤਾਬ "ਗੁਜਰਾਤ ਫਾਈਲਾਂ"-ਇਹ ਉਹ ਪੁਸਤਕ ਸੀ ਜਿਸਦੀਚਰਚਾ ਕਰਨ ਦੇ ਮਾਮਲੇ ਵਿੱਚ   ਨੇ ਮੀਡੀਆ ਦੇ ਵੱਡੇ ਹਿੱਸੇ ਨੇ ਜਾਣਬੁਝ ਕੇ ਸਾਜ਼ਿਸ਼ੀ ਜਿਹੀ ਚੁੱਪ ਰੱਖੀ। ਇਸ ਸਭ ਕੁਝ ਦੇ ਬਾਵਜੂਦ ਕਿਤਾਬ ਨੇ ਅਨੁਵਾਦ ਅਤੇ ਵਿਕਰੀ ਦੇ ਰਿਕਾਰਡ ਤੋੜ ਦਿੱਤੇ। ਖੁਦ ਰਾਣਾ ਅਯੂਬ ਨੂੰ ਵੀ ਪਤਾ ਨਹੀਂ ਸੀ ਕਿ ਸ਼ਾਇਦ ਹੁਣ ਵੀ ਪਤਾ ਨਾ ਹੋਵੇ ਕਿ ਇਹ ਕਿਤਾਬ ਅਸਲ ਵਿੱਚ ਕਿੰਨੀਆਂ ਭਾਸ਼ਾਵਾਂ ਵਿੱਚ ਕਿੱਥੇ ਕਿੱਥੇ ਅਨੁਵਾਦ ਹੋਈ। 

ਪਰ ਇਸ ਕਿਤਾਬ ਨੇ ਅਤੇ ਇਸ ਕਿਤਾਬ ਦੀ ਸਿਰਜਣਾ ਨੇ ਇੱਕ ਇਤਿਹਾਸ ਰਚਿਆ। ਇਸ ਕਿਤਾਬ ਨੇ ਸਾਬਿਤ ਕੀਤੀਆਂ ਬਾਬਾ ਨਜਮੀ ਦੀਆਂ ਉਹ ਸਤਰਾਂ-ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰ ਦਾ। ਇਸ ਕਿਤਾਬ ਨੇ  ਖੋਜੀ ਖਬਰਾਂ ਦੇ ਮਾਮਲੇ ਵਿੱਚ ਮਹਾਂਰਥੀ ਅਖਵਾਉਣ ਵਾਲੇ ਵੱਡੇ ਵੱਡੇ ਅਦਾਰਿਆਂ ਅਤੇ ਵਿਅਕਤੀਆਂ ਨੂੰ ਵੀ ਹੈਰਾਨ ਕਰ ਦਿੱਤਾ। ਫਿਕਸ਼ਨ ਵਾਂਗ ਜਾਪਦੀ ਇਹ ਕਿਤਾਬ ਅਸਲ ਵਿੱਚ ਇੱਕ ਦਸਤਾਵੇਜ਼ੀ ਵਾਂਗ ਹੀ ਲਿਖੀ ਗਈ ਅਤੇ ਸਾਹਮਣੇ ਵੀ ਆਈ। ਇਸਦੀ ਨਾਇਕਾ ਅਰਥਾਤ ਮੈਥਿਲੀ ਤਿਆਗੀ ਖੁਦ ਰਾਣਾ ਅਯੂਬ ਹੀ ਤਾਂ ਸੀ। ਇੱਕ ਫਿਲਮ ਨਿਰਮਾਤਾ ਬਣ ਕੇ ਉਸਨੇ ਕਿਵੇਂ ਸਾਰੀ ਖੋਜ ਕੀਤੀ ਇਸ ਦਾ ਸਹੀ ਸਹੀ ਪਤਾ ਇਸ ਪੁਸਤਕ ਨੂੰ ਪੜ੍ਹ ਕੇ ਹੀ ਲਗਾਇਆ ਜਾ ਸਕਦਾ ਹੈ। 

ਕਲਮਾਂ ਵਾਲੇ ਕਿਵੇਂ ਆਪਣੀਆਂ ਡਿਉਟੀਆਂ ਨਿਭਾਉਂਦੇ ਹਨ ਅਤੇ ਸੱਚ ਲੱਭਣ ਲਈ ਕਿਵੇਂ ਕਿੰਨੇ ਕਿੰਨੇ ਖਤਰੇ ਉਠਾਉਂਦੇ ਹਨ ਇਸਦੀ ਬੜੀ ਸਟੀਕ ਜਾਣਕਾਰੀ ਇਸ ਪੁਸਤਕ ਤੋਂ ਹੀ ਮਿਲਦੀ ਹੈ।  ਇਹਨਾਂ ਸਾਰੇ ਕਾਰਨਾਂ ਕਰਕੇ ਇਸ ਪੁਸਤਕ ਦੀ ਵਿਸ਼ੇਸ਼ ਚਰਚਾ ਇਸ ਵਾਰ ਬਹਿਰਾਮਪੁਰ ਬੇਟ ਵਾਲੀ ਸਾਹਿਤ ਸਭਾ  ਮੀਟਿੰਗ ਵਿੱਚ ਹੋਈ। ਸਾਹਿਤ ਸਭਾ ਰਜਿ: ਬਹਿਰਾਮਪੁਰ ਬੇਟ ਦੀ ਮਾਸਿਕ ਇਕੱਤਰਤਾ ਮਹਿਮਾਨ ਵੱਜੋਂ ਪਹੁੰਚੇ ਸੀਨੀਅਰ ਪੱਤਰਕਾਰ ਰੈੱਕਟਰ ਕਥੂਰੀਆ ਦੀ ਪ੍ਰਧਾਨਗੀ ਹੇਠ ਸਭਾ ਦੇ ਦਫ਼ਤਰ ਵਾਲੇ  ਕੰਪਲੈਕਸ ਬਹਿਰਾਮਪੁਰ ਬੇਟ ਵਿਖੇ ਹੋਈ। 

ਇਸ ਵਿੱਚ ਸ਼ਾਮਲ ਡਾਕਟਰ ਦੌਲਤ ਰਾਮ ਲੋਈ ਨੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ਉੱਤੇ ਪੰਛੀ ਝਾਤ ਪੁਆਉਂਦਿਆਂ ਇਕੱਤਰਤ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਸਭਾ ਦੇ ਪ੍ਰਧਾਨ ਸ੍ਰੀ ਹਰਨਾਮ ਸਿੰਘ ਡੱਲਾ ਨੇ ਜਿੱਥੇ ਡਾਕਟਰ ਭੀਮ ਰਾਓ ਅੰਬੇਡਕਰ ਦੇ ਧਰਮ ਪਰਿਵਰਤਨ ਬਾਰੇ ਚਾਨਣਾ ਪਾਇਆ ਉੱਥੇ ਭਾਰਤੀ ਸੰਵਿਧਾਨ ਦੇ ਆਦੇਸ਼ 'ਅਸੀਂ ਭਾਰਤ ਦੇ ਲੋਕ' 'ਸਮਾਜਵਾਦ' ਅਤੇ 'ਧਰਮ ਨਿਰਪੱਖ' ਸੰਵਾਧਾਨਕ ਪ੍ਰਣ ਨੂੰ ਵੀ ਸਰੋਤਿਆਂ ਸਾਹਮਣੇ ਰੱਖਿਆ‌। 

ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸੰਵਿਧਾਨ ਦੀ ਆਤਮਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਰਾਹੀਂ ਹੀ  ਭਾਈਚਾਰਕ ਸਾਂਝ, ਦੇਸ਼ ਦਾ ਭਲਾ ਅਤੇ ਲੋਕਾਂ ਦੀ ਤਰੱਕੀ ਦਾ ਰਾਹ ਆਸਾਨ ਹੋ ਸਕਦਾ ਹੈ। ਇਸ ਮੌਕੇ ਇਕੱਤਰ ਹੋਏ ਮੈਂਬਰਾਂ ਨੇ 13 ਅਪ੍ਰੈਲ 1919 ਦੇ ਜਲ੍ਹਿਆਂ ਵਾਲਾ ਬਾਗ਼ ਦੇ ਸ਼ਹੀਦਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਅਤੇ ਸ਼ਹੀਦ ਹੋਏ ਪੰਜਾਬੀਆਂ ਨੂੰ ਨਮਨ ਕੀਤਾ।

ਇਸ ਸਾਹਿਤ ਸਭਾ ਦੀ ਇੱਕ ਹੋਰ ਖਾਸੀਅਤ ਇਹ ਵੀ ਹੈ ਕਿ ਇਸ ਸਭਾ ਦੀ ਮੀਟਿੰਗ ਦੌਰਾਨ ਸਿਰਫ ਰਚਨਾਵਾਂ ਹੀ ਨਹੀਂ ਸੁਣਾਇਆ ਜਾਂਦੀਆਂ ਬਲਕਿ ਮਹੀਨੇ ਦੌੜਨ ਪੜ੍ਹੀਆਂ ਗਈਆਂ ਪੁਸਤਕਾਂ ਬਾਰੇ ਵੀ ਚਰਚਾ ਕੀਤੀ ਜਾਂਦੀ ਹੈ। ਇਸਦੇ ਨਾਲ ਹੀ ਇਹ ਸਭਾ ਆਲੇ ਦੁਆਲੇ ਦੇ ਸਕੂਲਾਂ ਅਤੇ ਹੋਰ ਅਦਾਰਿਆਂ ਵਿੱਚ ਜਾ ਕੇ ਵੀ ਬਿਲਕੁਲ ਮੁਫ਼ਤ ਪੁਸਤਕਾਂ ਦੀ ਵੰਡ ਕਰਦੀ ਹੈ।  ਇਸ ਤ੍ਰਾਹ ਪੁਸਤਕ ਸੱਭਿਆਚਾਰ ਨੂੰ ਇਹ ਉਤਸ਼ਾਹਿਤ ਵੀ ਕਰਦੀ ਹੈ। 

ਐਤਕੀਂ ਵਾਲੀ ਮੀਟਿੰਗ ਮੌਕੇ ਵੀ ਸਾਹਿਤਕ ਦੌਰ ਦੇ ਦੌਰਾਨ ਮੈਂਬਰਾਂ ਵਲੋਂ ਪਿਛਲੇ ਮਹੀਨੇ ਪੜ੍ਹੀਆਂ ਪੁਸਤਕਾਂ ਦੀ ਸਮੀਖਿਆ ਵੀ ਕੀਤੀ ਗਈ। ਜਿਸ ਵਿੱਚ ਕੁਲਵਿੰਦਰ ਨੇ ਪ੍ਰਸਿੱਧ ਲੇਖਕ ਨਾਨਕ ਸਿੰਘ ਵਲੋਂ ਲਿਖੀ ਕਵਿਤਾ 'ਖੂੰਨੀ ਵਿਸਾਖੀ' ਦਾ ਜ਼ਿਕਰ ਕੀਤਾ। ਜੋ ਕਿ ਲੇਖਕ ਵਲੋਂ 22 ਸਾਲ ਦੀ ਉਮਰ ਵਿੱਚ ਲਿਖੀ ਗਈ ਸੀ। ਅਤੇ ਅੰਗਰੇਜ਼ ਸਰਕਾਰ ਨੇ ਇਸ ਕਵਿਤਾ ਉੱਤੇ ਪਾਬੰਦੀ ਲਗਾ ਦਿੱਤੀ ਸੀ। 

ਇਸੇ ਤਰ੍ਹਾਂ ਡਾਕਟਰ ਰਾਜਪਾਲ ਸਿੰਘ ਨੇ ਹਰਪਾਲ ਸਿੰਘ ਪੰਨੂੰ ਦੀ ਪੁਸਤਕ 'ਔਰੰਗਜੇਬ ਤੋਂ ਮਾਊਂਟਬੈਟਨ ਤੱਕ' ਪੁਸਤਕ ਦੀ ਗੱਲ ਰੱਖੀ। ਹਰਨਾਮ ਸਿੰਘ ਡੱਲਾ ਵਲੋਂ ਛੋਟੀ ਉਮਰ ਦੀ ਚਰਚਿਤ ਪੱਤਰਕਾਰ ਰਾਣਾ ਆਯੂਬ ਦੀ ਪੁਸਤਕ 'ਗੁਜਰਾਤ ਫਾਇਲ' ਡਾਕਟਰ ਅੰਬੇਡਕਰ ਦੀ ਪੁਸਤਕ 'ਅਛੂਤ ਕੌਣ ਅਤੇ ਕਿਵੇਂ' ਪੜ੍ਹੀਆਂ ਅਤੇ ਪੜ੍ਹੀਆਂ ਪੁਸਤਕਾਂ ਦੇ ਪ੍ਰਭਾਵਾਂ ਦਾ ਜ਼ਿਕਰ ਕੀਤਾ।

ਉਪਰੰਤ ਕੁਲਵਿੰਦਰ ਨੇ ਖੂਬਸੂਰਤ ਕਵਿਤਾ 'ਸਿਆਸਤੀ ਸਿਉਂਕ' ਯਾਦਵਿੰਦਰ ਯਾਦੀ ਨੇ ਗੀਤ, ਹਰਨਾਮ ਸਿੰਘ ਡੱਲਾ ਨੇ ਗ਼ਜ਼ਲ ਸੁਣਾਈ। ਸੁਖਵਿੰਦਰ ਸਿੰਘ ਨੇ ਸਾਹਿਤ ਸਭਾ ਬਹਿਰਾਮਪੁਰ ਬੇਟ ਦੀਆਂ ਸਰਗਰਮੀਆਂ ਦੀ ਸ਼ਲਾਘਾ ਕਰਦਿਆਂ ਸਭਾ ਦਾ ਮੈਂਬਰ ਬਣਨ ਲਈ ਇੱਛਾ ਜਿਤਾਈ। ਪ੍ਰਧਾਨਗੀ ਭਾਸ਼ਣ ਦੌਰਾਨ ਪੱਤਰਕਾਰ ਰੈਕਟਰ ਕਥੂਰੀਆ ਨੇ ਪੜ੍ਹੀਆਂ ਰਚਾਨਾਵਾਂ ਦੇ ਮਿਆਰ ਦੀ ਸਿਫਤ ਕਰਦਿਆਂ ਸਾਹਿਤਕਾਰਾਂ ਲਈ ਧੰਨਵਾਦੀ ਸ਼ਬਦ ਰੱਖੇ ‌। ਇਸ ਤਰਾਂ ਮੀਟਿੰਗ ਦੀ ਸਮਾਪਤੀ ਹੋਈ।

ਕੁਲ ਮਿਲਾ ਕੇ ਇਹ ਸਾਹਿਤ ਸਭਾ ਗੋਦੀ ਮੀਡੀਆ ਦੇ ਦੌਰ ਅੰਦਰ ਇੱਕ ਸੁਤੰਤਰ ਅਤੇ ਲੋਕ ਪੱਖੀ ਮੀਡੀਆ ਦੀ ਉਸਾਰੀ ਕਰਦੀ ਵੀ ਜਾਪਦੀ ਹੈ। ਇਸ ਤਰ੍ਹਾਂ ਪਿੰਡ ਪਿੰਡ ਸਾਹਿਤਿਕ ਸੋਚ ਅਤੇ ਸੁਆਦ ਵਾਲੇ ਨਵੇਂ ਯੁਗ ਦੇ ਪੱਤਰਕਾਰਾਂ ਦੀ ਸਿਰਜਣਾ ਵੀ ਹੋ ਰਹੀ ਹੈ। ਇਸ ਸਭਾ ਦੇ ਮੈਂਬਰਾਂ ਦੀਆਂ ਖੂਬੀਆਂ ਬਾਰੇ ਕਿਸੇ ਵੱਖਰੀ ਪੋਸਟ ਵਿੱਚ ਲਿਖਿਆ ਜਾ ਰਿਹਾ ਹੈ। 

Friday 12 April 2024

"ਚੱਪਣੀਆਂ ਦੀ ਰੁੱਤ"//ਸਿਮਰਜੀਤ ਕੌਰ ਗਰੇਵਾਲ

Wednesday 10th April 2024 at 21:34 Wa

ਮੌਜੂਦਾ ਹਾਲਾਤ ਨੂੰ ਬਿਨਾ ਕਿਸੇ ਰੰਗ ਵਾਲੀ ਐਨਕ ਤੋਂ ਦੇਖਦੀ ਲੇਖਿਕਾ 

ਹਾਲਾਤ ਨੂੰ ਬਿਨਾ ਕਿਸੇ ਰੰਗ ਦੀ ਐਨਕ ਦੇ ਦੇਖਣਾ ਵੀ ਜ਼ਰੂਰ ਆਉਣਾ ਚਾਹੀਦਾ ਹੈ। ਸਿਮਰਜੀਤ ਕੌਰ ਗਰੇਵਾਲ ਨਨ ਅਜਿਹੇ ਨਿਰਪੱਖ ਢੰਗ ਨਾਲ ਦੇਖਣਾ ਵੀ ਆਉਂਦਾ ਹੈ ਅਤੇ ਪ੍ਰਗਟਾਉਣਾ ਵੀ ਆਉਂਦਾ ਹੈ। ਜਨਾਬ "ਮਿਰਜ਼ਾ ਗਾਲਿਬ" ਸਾਹਿਬ ਦੀ ਇੱਕ ਹਰਮਨ ਪਿਆਰੀ ਗ਼ਜ਼ਲ ਦਾ ਮਕਤਾ ਹੈ:  

ਕਾਅਬਾ ਕਿਸ ਮੂੰਹ ਸੇ ਜਾਓਗੇ ਗਾਲਿਬ!

ਸ਼ਰਮ ਤੁਮਕੋ ਮਗਰ ਨਹੀਂ ਆਤੀ!

ਇਸ ਸ਼ੇਅਰ ਨੂੰ ਗੱਲੀਂ ਬਾਤੀਂ ਵਰਤਣ ਦਾ ਰਿਵਾਜ ਵੀ ਕਾਫੀ ਬਣ ਗਿਆ ਸੀ। ਕਈ ਲੋਕ ਕਿਸੇ ਨ ਕਿਸੇ ਬਾਰੇ ਟਿੱਪਣੀ ਕਰਦਿਆਂ ਆਖਿਆ ਕਰਦੇ:ਸ਼ਰਮ ਇਨਕੋ ਮਗਰ ਨਹੀਂ ਆਤੀ!" ਹੁਣ ਸਿਮਰਜੀਤ ਕੌਰ ਗਰੇਵਾਲ ਨੇ ਇੱਕ ਰਚਨਾ ਭੇਜੀ ਹੈ ਬੜੀ ਸਾਦਗੀ ਵਾਲੇ ਅੰਦਾਜ਼ ਵਿੱਚ। ਅੰਦਾਜ਼ਾ ਤੁਸੀਂ ਆਪ ਲਗਾ ਲਓ ਕਿ ਲੇਖਕਾ ਦਾ ਇਸ਼ਾਰਾ ਕਿੰਨਾ ਲੋਕਾਂ ਵੱਲ ਹੈ। ਲੋ ਪੜ੍ਹੋ ਇਸ ਰਚਨਾ ਨੂੰ ਵੀ ਜਿਹੜੀ ਸਾਡੇ ਅੱਜ ਦੀ ਕਹਾਣੀ ਹੈ।  ਲੇਖਕ ਕਾਨੂੰਨ ਤਾਂ ਨਹੀਂ ਬਣਾ ਸਕਦਾ ਪਰ ਆਲੇ ਦੁਆਲੇ ਨੂੰ ਸਾਵਧਾਨ ਜ਼ਰੂਰ ਕਰ ਸਕਦਾ ਹੈ। 


"ਚੱਪਣੀਆਂ ਦੀ ਰੁੱਤ"//ਸਿਮਰਜੀਤ ਕੌਰ ਗਰੇਵਾਲ

ਮਿੱਟੀ ਦੇ ਭਾਂਡੇ ਬਣਾਉਣ ਵਿੱਚ, ਨੱਥੂ ਬਹੁਤ ਮਾਹਿਰ ਸੀ।ਗਰਮੀ ਦੀ ਰੁੱਤ ਸ਼ੁਰੂ ਹੋਣ ਸਾਰ ਹੀ,ਉਹ ਘਰ- ਘਰ ਜਾ ਕੇ, ਘੜੇ ਦੇ ਆਉਂਦਾ। ਪਰ ਇਸ ਵਾਰ ,ਉਹ ਕਿਸੇ ਦੇ ਘਰ ਨਹੀਂ  ਆਇਆ । ਤਾਈ ਨਿਹਾਲੀ,ਘੜਾ ਲੈਣ ਲਈ,ਨੱਥੂ ਦੇ ਘਰ ਜਾ ਪਹੁੰਚੀ।ਵਿਹੜੇ ਵਿੱਚ ਪੈਰ ਧਰਦਿਆਂ ਹੀ ਤਾਈ ਬੋਲੀ," ਵੇ ਪੁੱਤ ਨੱਥੂ!  ਐਤਕੀਂ ਕੀ ਗੱਲ ਹੋ ਗਈ,ਤੂੰ ਭਾਂਡੇ ਦੇਣ ਆਇਆ ਨਈਂ, ਮੈਂ ਤਾਂ ਉਡੀਕ ਕਰਦੀ ਥੱਕ ਗਈ।ਅੱਜ ਸੋਚਿਆ ਆਪ ਹੀ ਗੇੜਾ ਮਾਰ ਆਵਾਂ,ਲਿਆ ਦਿਖਾ ਕੋਈ ਘੜਾ ਮੈਨੂੰ।"

ਇਸ ਤੋਂ ਪਹਿਲਾਂ ਕਿ ਨੱਥੂ ਕੋਈ ਜਵਾਬ ਦਿੰਦਾ,ਨੱਥੂ ਦੇ ਘਰ ਵਾਲੀ ਬੋਲੀ,"ਅੰਮਾ ਜੀ!ਪਤਾ ਨਹੀਂ ਇਹਦੇ ਦਿਮਾਗ ਨੂੰ ਕੀ ਹੋ ਗਿਆ, ਐਤਕੀਂ ਨਾ ਘੜੇ ਬਣਾਏ ,ਨਾ ਕੋਈ ਹੋਰ ਭਾਂਡਾ,ਸਾਰੀ ਮਿੱਟੀ ਦੀਆਂ ਚੱਪਣੀਆਂ ਬਣਾ ਕੇ ਰੱਖ ਦਿੱਤੀਆਂ,ਪਿਛਲਾ ਵਿਹੜਾ ਸਾਰਾ ਚੱਪਣੀਆਂ ਨਾਲ਼ ਭਰਿਆ ਪਿਆ ਹੈ,ਸਾਡੀ ਤਾਂ ਸਮਝ ਤੋਂ ਪਰੇ ਹੈ ਇਹ ਗੱਲ ।"

ਤਾਈ ਨਿਹਾਲੀ ਸੁਣ ਕੇ ਬੜਾ ਹੈਰਾਨ ਹੋਈ ਤੇ ਬੋਲੀ,"ਦੱਸ 'ਕੱਲੀਆਂ  ਚੱਪਣੀਆਂ ਦਾ ਕੀ ਕਰਨਾ ਹੈ,ਤੂੰ ਹੋਰ ਭਾਂਡੇ ਬਣਾ, ਜਿਹੜੇ ਕੰਮ ਆਉਣ"

ਨੱਥੂ ਸਹਿਜ ਮਤੇ ਵਿੱਚ ਬੋਲਿਆ,"ਤਾਈ !ਹੋਰ ਭਾਂਡੇ ਵੀ ਬਣਾ ਦਿਆਂਗੇ, ਪਰ ਹੁਣ ਤਾਂ ਚੱਪਣੀਆਂ ਦੀ ਰੁੱਤ ਹੈ,ਚੱਪਣੀ 'ਚ ਨੱਕ ਡੁਬੋਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ,ਉਸ ਹਿਸਾਬ ਨਾਲ਼ ਤਾਂ ਹਾਲੇ ਹੋਰ ਚੱਪਣੀਆਂ ਦੀ ਲੋੜ ਹੈ।ਚੀਜ਼ਾਂ ਹਮੇਸ਼ਾਂ ਲੋੜ ਅਨੁਸਾਰ ਹੀ ਤਿਆਰ ਕਰਨੀਆਂ ਪੈਂਦੀਆਂ ਨੇ।"

ਇਹ ਕਹਿਕੇ,ਨੱਥੂ ਹੋਰ ਚੱਪਣੀਆਂ ਬਣਾਉਣ ਲੱਗ ਗਿਆ।

ਇਸ ਰਚਨਾ ਸੰਬੰਧੀ ਤੁਹਾਡੇ ਵਿਚਾਰਾਂ ਅਤੇ ਟਿੱਪਣੀਆਂ ਦੀ ਉਡੀਕ ਤਾਂ ਰਹੇਗੀ ਹੀ 

Monday 8 April 2024

ਲੇਖਕ ਸਮਾਜਿਕ ਸਰੋਕਾਰਾਂ ਨਾਲ ਜੁੜ ਕੇ ਸਾਹਿਤ ਸਿਰਜਣਾ ਕਰਨ

Tuesday 8th April 2024 at 3:31 PM

ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਸਥਾਪਨਾ ਦਿਵਸ ਸਮਾਰੋਹ ਮੌਕੇ ਜ਼ੋਰਦਾਰ ਸੱਦਾ


ਲੁਧਿਆਣਾ
: 8 ਅਪ੍ਰੈਲ 2024: (ਕਾਰਤਿਕਾ ਕਲਿਆਣੀ ਸਿੰਘ ਇਨਪੁਟ ਸਾਹਿਤ ਸਕਰੀਨ ਡੈਸਕ)::
ਦੇਸ਼ ਅਤੇ ਦੁਨੀਆ ਭਰ ਦੀਆਂ ਸਭਿਆਚਾਰਕ ਕਦਰਾਂ-ਕੀਮਤਾਂ ਅਤੇ ਨੈਤਿਕਤਾ ਵਿੱਚ ਜਿਹੜਾ ਨਿਘਾਰ ਦੇਖਣ ਵਿੱਚ ਆ ਰਿਹਾ ਹੈ ਉਹ ਸਭ ਉਸ ਸਾਜਿਸ਼ ਦਾ ਨਤੀਜਾ ਹੈ ਜਿਸ ਸਾਜਿਸ਼ ਦੇ ਅਧੀਨ ਲੇਖਕਾਂ ਨੂੰ ਸਮਾਜਿਕ ਸਰੋਕਾਰਾਂ ਨਾਲੋਂ ਤੋੜ ਕੇ ਹੋਰਨਾਂ ਦਿਸ਼ਾਵਾਂ ਵੱਲ ਤੋਰ ਦਿੱਤਾ ਗਿਆ। 

ਲੇਖਕਾਂ ਦੀ ਉਦਾਸੀਨਤਾ ਅਤੇ ਸੰਵੇਦਨਾ ਘਟਣ ਦੇ ਸਿੱਟੇ ਵੀ ਬਹੁਤ ਭਿਆਨਕ ਨਿਕਲੇ। ਅੱਤਵਾਦ, ਵੱਖਵਾਦ ਦੇ ਨਾਲ ਨਾਲ ਨੈਤਿਕ ਪੱਤਨ ਦੀਆਂ ਹਨੇਰੀਆਂ ਝੁੱਲ ਪਈਆਂ। ਔਲਾਦ ਨੇ ਮਾਪਿਆਂ ਨੂੰ ਸਿਰਫ ਘਰੋਂ ਹੀ ਨਹੀਂ ਕਢਿਆ ਬਲਕਿ ਕਈ ਮਾਮਲਿਆਂ ਵਿੱਚ ਕਤਲ ਵੀ ਕੀਤੇ। ਪ੍ਰੇਮ ਵਿਆਹਾਂ ਦੇ ਬਾਵਜੂਦ ਲੜਕੀਆਂ ਨੂੰ ਵਹਿਸ਼ੀਆਨਾ ਢੰਗ ਨਾਲ ਕਤਲ ਕੀਤਾ ਗਿਆ। ਅਰੇੰਜ ਮੈਰਿਜ ਵਾਲੇ ਸਿਸਟਮ ਨਾਲ ਵਿਆਹ ਕੇ ਲਿਆਂਦੀਆਂ ਕੁੜੀਆਂ ਦੇ ਵੀ ਦਾਜ ਦਹੇਜ ਵਰਗੇ ਕਾਰਨਾਂ ਨੂੰ ਅਧਾਰ ਬਣਾ ਕੇ ਕਤਲ ਹੋਏ। 

ਮਜ਼ਹਬੀ ਬਹਾਨਿਆਂ ਅਤੇ ਤਿਓਹਾਰਾਂ ਨੂੰ ਆਧਾਰ ਬਣਾ ਕੇ ਧਾਰਮਿਕ ਅਸਥਾਨਾਂ ਅਤੇ ਸੰਪ੍ਰਦਾਵਾਂ ਦੇ ਖਿਲਾਫ਼ ਹਿੰਸਕ ਘਟਨਾਵਾਂ ਫਿਰ ਜ਼ੋਰ ਫੜ੍ਹਨ ਲੱਗੀਆਂ। ਪੱਛਮੀ ਕਲਚਰ ਨਾਲ ਜੁੜੇ ਫੈਸ਼ਨ ਸਾਡੀ ਸੰਸਕ੍ਰਿਤੀ ਉੱਤੇ ਭਾਰੂ ਹੋਣ ਲੱਗ ਪਏ। ਗੈਂਗਸਟਰ ਬਣਨਾ ਅਤੇ ਉਹਨਾਂ ਵਾਂਗ ਨਜ਼ਰ ਆਉਣਾ ਇੱਕ ਫੈਸ਼ਨ  ਬਣ ਗਿਆ। ਇਸ ਦੇ ਕਾਰਨਾਂ ਵਿੱਚ ਜਾਈਏ ਸਮਝ ਆਉਣ ਲੱਗ ਪਿਆ ਕਿ ਕੁਝ ਕੁ ਲੇਖਕਾਂ ਦੇ ਆਧੁਨਿਕ ਕਿਸਮ ਦੇ ਨਾਵਲ ਅਤੇ ਵਾਹਯਾਤ  ਗੀਤ ਸਾਡੇ ਨੌਜਵਾਨਾਂ ਅਤੇ ਮੁਟਿਆਰਾਂ ਦੀ ਪੀੜ੍ਹੀ ਦੇ ਦਿਲ ਦਿਮਾਗਾਂ ਨੂੰ ਬਦਲ ਰਹੇ ਸਨ। 

ਇੱਕ ਵਾਰ ਫੇਰ ਇਹਨਾਂ ਸਾਜ਼ਿਸ਼ੀ ਹਨੇਰੀਆਂ ਦੇ ਖਿਲਾਫ਼ ਇਪਟਾ ਵੀ ਮੈਦਾਨ ਵਿੱਚ ਨਿੱਤਰੀ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਵੀ ਖੁਲ੍ਹ ਕੇ ਮੈਦਾਨ ਵਿੱਚ ਆਇਆ। ਪੂੰਜੀਵਾਦ ਦੀ ਸ਼ਹਿ ਪ੍ਰਾਪਤ ਇਹਨਾਂ ਵਾਵਰੋਲਿਆਂ ਨੰ ਨਥ ਪਾਉਣ ਲਈ "ਢਾਈ ਆਖਰ" ਵਰਗੀਆਂ ਜ਼ੋਰਦਾਰ ਮੁਹਿੰਮਾਂ ਵੀ ਦੇਸ਼ ਭਰ ਵਿਚ ਚਲਾਈਆਂ ਗਈਆਂ। ਮੈਕਸਿਮ ਗੋਰਕੀ ਦੇ ਨਾਲ ਨਾਲ ਮੁਨਸ਼ੀ ਪ੍ਰੇਮ ਚੰਦ, ਪਾਸ਼ ਅਤੇ ਲਾਲ ਸਿੰਘ ਦਿਲ ਨੂੰ ਵੀ ਚੇਤੇ ਕੀਤਾ ਜਾ ਰਿਹਾ ਹੈ। ਦੇਵਿੰਦਰ ਦਮਨ ਅਤੇ ਅਜਮੇਰ ਸਿੰਘ ਔਲਖ ਵਰਗੀਆਂ ਸ਼ਖਸੀਅਤਾਂ ਵੱਲੋਂ ਰਚੇ ਨਾਟਕ ਖੇਡਣ ਵਿੱਚ ਸੰਜੀਵਨ ਵਰਗੇ ਲਾਈਫ ਟਾਈਮ ਕਲਾਕਾਰ ਲਗਾਤਾਰ ਸਰਗਰਮ ਹਨ। 

ਇਸ ਤਰ੍ਹਾਂ ਪ੍ਰਗਤੀਸ਼ੀਲ ਅੰਦੋਲਨ ਨਾਲ ਜੁੜੇ ਲੋਕਪੱਖੀ ਲੇਖਕ ਇੱਕ ਵਾਰ ਫੇਰ ਕਲਮ ਦੀ ਧਾਰ ਨੂੰ ਤੇਜ਼ ਕਰਨ ਲਈ ਮੈਦਾਨ ਵਿੱਚ ਹਨ। ਇਸ ਲਹਿਰ ਨੂੰ ਇੱਕ ਵਾਰ ਫੇਰ ਮਜ਼ਬੂਤੀ ਦੇਣ ਲਈ ਇੱਕ ਵਿਸ਼ੇਸ਼ ਆਯੋਜਨ ਲੁਧਿਆਣਾ ਵਿੱਚ ਵੀ ਹੋਇਆ।

ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵੱਲੋਂ ਅੱਜ ਪੰਜਾਬੀ ਭਵਨ ਲੁਧਿਆਣਾ ਵਿੱਚ ਸਥਾਪਨਾ ਦਿਵਸ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ "ਚਰਚਾ" ਕੌਮਾਂਤਰੀ ਮੈਗਜ਼ੀਨ ਦੇ ਸੰਪਾਦਕ ਦਰਸ਼ਨ ਸਿੰਘ ਢਿੱਲੋਂ, ਪ੍ਰਸਿੱਧ ਪ੍ਰਗਤੀਵਾਦੀ ਲੇਖਕ ਜੋਗਿੰਦਰ ਸਿੰਘ ਨਿਰਾਲਾ, ਸੁਰਿੰਦਰ ਕੈਲੇ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ ਨੇ ਕੀਤੀ। 

ਮੁੱਖ ਬੁਲਾਰੇ ਵਜੋਂ ਬੋਲਦਿਆਂ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਉਸ ਇਨਕਲਾਬੀ ਪਿਛੋਕੜ ਦਾ ਜ਼ਿਕਰ ਕੀਤਾ, ਜਿਸ ਵਿਚੋਂ ਸਜ਼ਾਦ ਜ਼ਹੀਰ, ਰਸ਼ੀਦ ਜਹਾਂ, ਮੁੰਸ਼ੀ ਪ੍ਰੇਮਚੰਦ, ਇਸਮਤ ਚੁਗਤਾਈ, ਮੰਟੋ ਅਤੇ ਫ਼ੈਜ਼ ਅਹਿਮਦ ਫ਼ੈਜ਼ ਵਰਗੇ ਵਿਸ਼ਵ ਪੱਧਰੀ ਚਿੰਤਕਾਂ ਨੇ ਮਿਲ ਕੇ ਇਹ ਰਾਸ਼ਟਰੀ ਮੰਚ  ਬਣਾਇਆ ਅਤੇ ਆਜ਼ਾਦੀ ਦੀ ਲੜਾਈ ਤੋਂ ਲੈਕੇ ਹੁਣ ਤਕ ਦੇਸ਼ ਵਿਚ ਫਿਰਕਾਪ੍ਰਸਤ ਅਤੇ ਫਾਸ਼ੀਵਾਦੀ ਤਾਕਤਾਂ ਦਾ ਡਟ ਕੇ ਮੁਕਾਬਲਾ ਕਰਨ ਵਿਚ ਵੱਡੀ ਭੂਮਿਕਾ ਨਿਭਾਈ। 

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਦੌਰ ਦੀਆਂ ਚੁਣੌਤੀਆਂ ਦੇ ਪ੍ਰਸੰਗ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਨੂੰ ਔਰਤਾਂ, ਦਲਿਤਾਂ ਅਤੇ ਹੋਰ ਹਾਸ਼ੀਆਕ੍ਰਿਤ ਸਮੂਹਾਂ ਦੀ ਲੜਾਈ ਅੱਗੇ ਵਧ ਕੇ ਕਰਨੀ ਚਾਹੀਦੀ ਹੈ। ਸਮਾਗਮ ਦੇ ਮੁੱਖ ਮਹਿਮਾਨ ਦਰਸ਼ਨ ਸਿੰਘ ਢਿੱਲੋਂ ਨੇ ਲੇਖਕਾਂ ਅਤੇ ਬੁੱਧੀਜੀਵੀਆਂ ਨੂੰ ਸੱਦਾ ਦਿੱਤਾ ਕਿ ਇਸ ਵੇਲੇ ਪੰਜਾਬੀ ਲੇਖਕਾਂ ਨੂੰ ਦਰਜਿਆਂ ਵਿਚ ਵੰਡਣ ਦੀ ਰਵਾਇਤ ਸਮਝ ਕੇ ਇਕ ਦੂਜੇ ਨੂੰ ਪੜ੍ਹਨਾ ਅਤੇ ਸਮਝਣਾ ਚਾਹੀਦਾ ਹੈ ਅਤੇ ਪ੍ਰਗਤੀਸ਼ੀਲ ਧਾਰਾ ਨਾਲ ਜੁੜਕੇ ਸਮਾਜਿਕ ਜ਼ਿੰਮੇਵਾਰੀ ਵਾਲਾ ਸਾਹਿਤ ਸਿਰਜਣਾ ਚਾਹੀਦਾ ਹੈ। 

ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ ਨੇ ਸਜ਼ਾਦ ਜ਼ਹੀਰ, ਮੁੰਸ਼ੀ ਪ੍ਰੇਮਚੰਦ ਦੁਆਰਾ 1936 ਵਿਚ ਦਿੱਤੇ ਭਾਸ਼ਣਾਂ ਵਿਚਲੇ ਕਥਨਾਂ ਦੇ ਹਵਾਲੇ ਨਾਲ ਵਰਤਮਾਨ ਦੌਰ ਵਿਚ ਪ੍ਰਗਤੀਸ਼ੀਲ ਸੰਘ ਦੀ ਭੂਮਿਕਾ ਤੇ ਚਰਚਾ ਕੀਤੀ। ਪ੍ਰਧਾਨ ਸੁਰਜੀਤ ਜੱਜ ਨੇ ਪੰਜਾਬ ਪ੍ਰਗਤੀਸ਼ੀਲ ਲੇਖਕ ਸੰਘ ਦੀਆਂ ਇਕਾਈਆਂ ਦੇ ਕਾਰਜਾਂ ਦੇ ਹਵਾਲੇ ਨਾਲ ਸੰਸਥਾ ਦੀ
ਕਾਰਗੁਜਾਰੀ ਤੇ ਚਾਨਣਾ ਪਾਇਆ।

ਦੂਜੇ ਸੈਸ਼ਨ ਵਿੱਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਉੱਘੇ ਪ੍ਰਗਤੀਸ਼ੀਲ ਸ਼ਾਇਰ ਭਗਵਾਨ ਢਿੱਲੋਂ, ਉੱਘੇ ਸ਼ਾਇਰ ਹਰਮੀਤ ਵਿਦਿਆਰਥੀ ਅਤੇ ਕਵਿਤਾ ਦੇ ਆਲੋਚਕ ਡਾ. ਅਰਵਿੰਦਰ ਕਾਕੜਾ ਨੇ ਕੀਤੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਸ਼ਾਇਰ ਡਾ. ਸੰਤੋਖ ਸੁੱਖੀ ਨੇ ਨਿਭਾਈ।

ਇਸ ਕਵੀ ਦਰਬਾਰ ਵਿੱਚ ਰਾਜਦੀਪ ਤੂਰ, ਬਲਵਿੰਦਰ ਭੱਟੀ, ਰਵੀ ਰਵਿੰਦਰ, ਸੁਖਜੀਵਨ, ਗੁਰਪ੍ਰੀਤ ਕੌਰ, ਮਲਕੀਤ ਜੌੜਾ, ਬਲਵਿੰਦਰ ਸਿੰਘ ਢਿੱਲੋਂ,  ਜਸਪਾਲ ਮਾਨਖੇੜਾ, ਜਸਵੀਰ ਝੱਜ, ਅਮਰਜੀਤ ਸ਼ੇਰਪੁਰੀ, ਮਨਦੀਪ ਕੌਰ ਭੰਮਰਾ, ਧਰਵਿੰਦਰ ਔਲਖ, ਭੁਪਿੰਦਰ ਸੰਧੂ, ਗੁਲਾਬ ਸਿੰਘ,  ਇੰਦਰਜੀਤ ਜਾਦੂ, ਨਰਿੰਦਰਪਾਲ ਕੌਰ, ਸਤਨਾਮ ਸਿੰਘ, ਦੀਪਕ ਧਲੇਵਾਂ, ਮਨੂ ਬੁਆਣੀ, ਸੁਖਬੀਰ ਭੁੱਲਰ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ  ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ।

ਉਪਰੋਕਤ ਤੋਂ ਇਲਾਵਾ ਇਸ ਸਮਾਗਮ ਵਿੱਚ ਜਨਮੇਜਾ ਸਿੰਘ ਜੌਹਲ, ਪ੍ਰੋ. ਬਲਦੇਵ ਬੱਲੀ, ਸਤੀਸ਼ ਗੁਲਾਟੀ, ਸੁਰਿੰਦਰ ਦੀਪ, ਰਮੇਸ਼ ਯਾਦਵ, ਭੋਲਾ ਸਿੰਘ ਸੰਘੇੜਾ,  ਨਾਟਕਕਾਰ ਸੋਮਪਾਲ ਹੀਰਾ, ਡਾ. ਕੰਵਲ ਢਿੱਲੋ, ਗੁਰਮੇਜ ਭੱਟੀ, ਤਰਨ ਬੱਲ ਹਾਜ਼ਰ ਰਹੇ। ਇਸ ਪ੍ਰੋਗਰਾਮ ਦਾ ਸਮੁੱਚਾ ਪ੍ਰਬੰਧ ਡਾ. ਗੁਲਜਾਰ ਸਿੰਘ ਪੰਧੇਰ ਦੀ ਅਗਵਾਈ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੀ ਲੁਧਿਆਣਾ ਇਕਾਈ ਨੇ ਕੀਤਾ।

ਫ਼ੋਟੋ ਵਿੱਚ ਦੇਖੇ ਜਾ ਸਕਦੇ ਹਨ ਕਵੀ ਦਰਾਬਾਰ ਦੀ ਪ੍ਰਧਾਨਗੀ ਕਰ ਰਹੇ ਡਾ. ਅਰਵਿੰਦਰ ਕੌਰ ਕਾਕੜਾ, ਡਾ. ਸੰਤੋਖ ਸਿੰਘ ਸੁੱਖੀ, ਸ੍ਰੀ ਹਰਮੀਤ ਵਿਦਿਆਰਥੀ, ਸ੍ਰੀ ਭਗਵਾਨ ਢਿੱਲੋਂ ਅਤੇ ਸੈਮੀਨਾਰ ਦੀ ਪ੍ਰਧਾਨਗੀ ਕਰ ਰਹੇ ਸ. ਦਰਸ਼ਨ ਸਿੰਘ ਢਿੱਲੋਂ, ਡਾ. ਜੋਗਿੰਦਰ ਸਿੰਘ ਨਿਰਾਲਾ, ਸ੍ਰੀ ਸੁਰਿੰਦਰ ਕੈਲੇ, ਸ੍ਰੀ ਸੁਰਜੀਤ ਜੱਜ ਅਤੇ ਡਾ. ਕੁਲਦੀਪ ਸਿੰਘ ਦੀਪ। 

Sunday 17 March 2024

“ਦਰਿਆ ਤਾਂ ਹੀ ਵਗਦੇ ਰਹਿੰਦੇ ਹਨ ਜੇਕਰ ਉਹਨਾਂ ਵਿੱਚ ਨਵੇਂ ਵਹਿਣ ਮਿਲਦੇ ਰਹਿਣ

 Sunday 17th March 2024 at 5:28 PM

ਡਾ. ਸੁਰਜੀਤ ਪਾਤਰ ਨੇ ਨਵੇਂ ਵਹਿਣ ਮਿਲਦੇ ਰਹਿਣ ਦੇ ਇਸ਼ਾਰੇ ਨਾਲ ਯਾਦ ਦੁਆਈ ਨਵਿਆਂ ਦੀ 


ਲੁਧਿਆਣਾਃ 
17 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਅਦਾਰਾ ਸ਼ਬਦ ਜੋਤ ਵੱਲੋਂ  ਅੱਠਵਾਂ ਕਵਿਤਾ ਕੁੰਭ ਪੰਜਾਬੀ  ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ । ਇਸ ਕਵਿਤਾ ਮੇਲੇ ਦਾ ਪ੍ਰਬੰਧ ਅਦਾਰਾ ਸ਼ਬਦ ਜੋਤ ਦੇ ਮੈਂਬਰਾਂ ਪ੍ਰਭਜੋਤ ਸੋਹੀ, ਪਾਲੀ ਖਾਦਿਮ, ਰਾਜਦੀਪ ਸਿੰਘ ਤੂਰ, ਰਵਿੰਦਰ ਰਵੀ ਅਤੇ ਮੀਤ ਅਨਮੋਲ ਵੱਲੋਂ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਲੋਕ ਮੰਚ ਪੰਜਾਬ ,  ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਦੇ ਸਹਿਯੋਗ ਨਾਲ ਕੀਤਾ ਗਿਆ । ਮੰਚ ਸੰਚਾਲਨ ਉੱਘੇ ਪੰਜਾਬੀ ਕਵੀਆਂ ਪ੍ਰਭਜੋਤ ਸੋਹੀ ਤੇ ਪਾਲੀ ਖ਼ਾਦਿਮ ਨੇ ਬੜੇ ਜੀਵੰਤ ਤੇ ਰਸਵੰਤੇ ਅੰਦਾਜ਼ ਵਿੱਚ ਕੀਤਾ।

ਅੱਠਵੇ ਕਵਿਤਾ ਕੁੰਭ ਵਿਚ ਸ਼ਾਮਿਲ ਹੋਏ ਬਵੰਜਾ ਕਵੀਆਂ ਵਿੱਚ ਸਾਹਿਬ ਸੁਰਿੰਦਰ, ਜਗਸੀਰ ਸਿੰਘ ਬਰਾੜ, ਅਦੀਬ ਰਵੀ, ਜਗਸੀਰ ਬਰਾੜ, ਅਮਰਜੀਤ ਸਿਰਸਾ, ਸੁਰਿੰਦਰ ਅਜਨਬੀ, ਸਾਗਰ ਸਫ਼ਰੀ, ਗੁਰਪ੍ਰੀਤ ਵੜੈਚ, ਅਮਰ  ਜ਼ਿੰਦ, ਸੰਦੀਪ ਕੌਰ ਚੀਮਾ, ਪ੍ਰੀਤ ਹਾਮਦ, ਰਜਿੰਦਰ ਰਾਣੀ ਗੰਢੂਆਂ , ਪੂਜਾ ਕੁੰਢਰਕ, ਸੁਖਵਿੰਦਰ ਪਟਿਆਲ਼ਾ, ਹਰਵਿੰਦਰ ਤਤਲਾ, ਬੇਅੰਤ ਗਿੱਲ, ਜੇ ਦੀਪ ਜਤਿੰਦਰ, ਧਾਮੀ ਗਿੱਲ, ਲਵਪ੍ਰੀਤ ਸਿੰਘ, ਰਾਮ ਸਿੰਘ ਭੀਖੀ, ਸਰਘੀ ਕੌਰ ਬੜਿੰਗ, ਪ੍ਰੀਤ ਮਨਪ੍ਰੀਤ, ਸਰਬਜੀਤ ਕੌਰ ਬਰਾੜ, ਸੁਖਚੈਨ ਸਿੰਘ ਕੁਰੜ, ਮਨਜੀਤ ਕੌਰ ਜੀਤ, ਪਵਨਦੀਪ ਚੌਹਾਨ, ਅਮਰਪ੍ਰੀਤ ਕੌਰ ਸੰਘਾ, ਹਰਪ੍ਰੀਤ ਗਾਂਧੀ, ਲਖਵਿੰਦਰ ਮੁਖਾਤਿਬ, ਜਗਤਾਰ ਸਿੰਘ ਅਖਾੜਾ, ਮਨਦੀਪ ਗਿੱਲ, ਨਿਮਰਤ ਸੁੱਖ, ਕਮਲਗੀਤ ਸਰਹੰਦ, ਅਮਿਤ ਆਦੋਆਣਾ, ਗੁਰਜੰਟ ਰਾਜੇਆਣਾ, ਬਿੰਦਰ ਮਾਨ, ਫ਼ੈਸਲ  ਖਾਨ, ਹਰਮਨ ਮਾਨ, ਕਰਮਜੀਤ ਸਿੰਘ ਭੱਠਲ ਬਰਨਾਲਾ,ਅਨੰਤ ਗਿੱਲ, ਗੁਰਪ੍ਰੀਤ ਕੌਰ, ਅਵਜਿੰਦਰ  ਸਿੰਘ, ਗੁਰਸੇਵਕ ਸਿੰਘ ਢਿੱਲੋਂ, ਸਤੀਸ਼ ਵਿਦਰੋਹੀ, ਸ਼ਮਸ਼ੇਰ ਔਜਲਾ, ਗੁਰਬੀਰ ਆਤਿਫ, ਗੁਰਪ੍ਰੀਤ ਧਰਮਕੋਟ ਆਦਿ ਕਵੀਆਂ ਵੱਲੋਂ ਨਜ਼ਮਾਂ, ਗੀਤਾਂ ਅਤੇ ਗ਼ਜ਼ਲਾਂ ਨਾਲ ਹਾਜ਼ਰੀ ਭਰੀ। ਹਰਵਿੰਦਰ ਸਿੰਘ ਰੋਡੇ ਅਤੇ ਗੁਰਸੇਵਕ ਸਿੰਘ ਬੀੜ ਵੱਲੋਂ ਨਿਵੇਕਲੀ ਬਹੱਤਰ ਕਲੀਆ ਛੰਦ ਦੀ ਪੇਸ਼ਕਾਰੀ ਕਵਿਤਾ ਕੁੰਭ ਨੂੰ ਸਮਰਪਿਤ ਕੀਤੀ ਗਈ ।

ਇਸ ਮੌਕੇ ਉੱਤੇ ਸਹਿਯੋਗੀ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਬੀਬਾ ਬਲਵੰਤ ਗੁਰਦਾਸਪੁਰ,ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ,ਡਾ. ਦੀਪਕ ਮਨਮੋਹਨ ਸਿੰਘ,ਹਰਵਿੰਦਰ ਸਿੰਘ ਸਿਰਸਾ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਬਲਵਿੰਦਰ ਸਿੰਘ ਚਾਹਲ,ਤ੍ਰੈਲੋਚਨ ਲੋਚੀ,ਜਸਬੀਰ ਝੱਜ, ਮਨਦੀਪ ਕੌਰ ਭੰਵਰਾ, ਬਲਰਾਜ ਧਾਲੀਵਾਲ, ਡਾ. ਜਗਦੀਸ਼ ਕੌਰ ਪੀ ਏ ਯੂ,ਇੰਦਰਜੀਤ ਆਰਟਿਸਸਟ, ਡਾ. ਜੋਗਿੰਦਰ ਸਿੰਘ ਨਿਰਾਲਾ, ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਪਿੰਡ ਦਾਦ,ਤਰਸੇਮ ਨੂਰ, ਨਰਿੰਦਰ ਜਟਵਾਣੀ, ਬਲਵਿੰਦਰ ਸੰਧੂ , ਦਰਸ਼ਨ ਢਿੱਲੋਂ ਸੰਪਾਦਕ ਚਰਚਾ ਯੂ ਕੇ,ਸਰਦਾਰ ਪੰਛੀ, ਧਰਮਿੰਦਰ ਸ਼ਾਹਿਰ, ਸੁਖਜੀਵਨ ਜਾਂਗਰ, ਸੁਰਿੰਦਰਜੀਤ ਚੌਹਾਨ ਪ੍ਰੀਤ ਪ੍ਰਕਾਸ਼ਨ,ਜਸਪ੍ਰੀਤ ਅਮਲਤਾਸ, ਸੋਨਾ ਕਲਸੀਆਂ, ਅਜੀਤ ਪਿਆਸਾ, ਗੁਰਦੀਪ, ਅਲਬੇਲਾ, ਗੁਰਵਿੰਦਰ ਕੋਚਰ, ਗੀਤਕਾਰ ਅਮਰਜੀਤ ਸ਼ੇਰਪੁਰੀ, ਸੁਮੀਤ ਗੁਲਾਟੀ, ਸਤੀਸ਼ ਗੁਲਾਟੀ, ਡਾ. ਦੇਵਿੰਦਰ ਦਿਲਰੂਪ, ਸੁਖਵਿੰਦਰ, ਅਮਨਦੀਪ ਡੱਲ਼ੇਵਾਲ਼ੀਆ, ਅਨੀ ਕਾਠਗੜ, ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ 2023 ਸਵਰਨਜੀਤ ਸਵੀ, , ਗੁਰਤੇਜ ਕੋਹਾਰਵਾਲਾ, ਅਜੀਮ ਸ਼ੇਖਰ ਯੂ ਕੇ,ਡਾ. ਨਿਰਮਲ ਜੌੜਾ,ਰਾਮ ਸਿੰਘ, ਭਗਵਾਨ ਢਿੱਲੋ, ਬੁੱਧ ਸਿੰਘ ਨੀਲੋਂ, ਸੁਰਿੰਦਰ ਰਾਮਪੁਰੀ, ਗੁਰਦਿਆਲ ਦਲਾਲ, ਉਸਤਾਦ ਗੁਰਦਿਆਲ ਰੌਸ਼ਨ, ਸੁਰਜੀਤ ਸਿੰਘ ਲਾਂਬੜਾ, ਪ੍ਰਮੋਦ ਕਾਫ਼ਰ, ਰਾਜਵਿੰਦਰ ਸਮਰਾਲਾ, ਕਮਲਜੀਤ ਕੌਰ, ਬੰਟੀ ਉੱਪਲ਼, ਨਵਦੀਪ ਸਿੰਘ ਮੁੰਡੀ, ਅਨਿਲ ਫਤਹਿਗੜ੍ਹ ਜੱਟਾਂ ਪ੍ਰਧਾਨ ਲਿਖਾਰੀ ਸਭਾ ਰਾਮਪੁਰ,ਡਾ. ਸੁਖਦੇਵ ਸਿੰਘ ਸਿਰਸਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ ਸਰਬਜੀਤ ਸਿੰਘ, ਮੀਤ ਪ੍ਰਧਾਨ ਡਾ ਪਾਲ ਕੌਰ, ਜਸਪਾਲ ਮਾਨਖੇੜਾ, ਪੰਜਾਬੀ ਸਾਹਿੱਤ ਅਕਾਡਮੀ ਦੇ ਜਨਰਲ ਸਕੱਤਰ ਡਾ.ਗੁਲਜ਼ਾਰ ਸਿੰਘ ਪੰਧੇਰ, ਰਿਸ਼ੀ ਹਿਰਦੇਪਾਲ,  ਅਰਸ਼ਦੀਪ ਸਿੰਘ ਬਾਠ, ਦਵਿੰਦਰ ਦਿਲਰੂਪ, ਸ਼ੁਸੀਲ, ਗੁਰਸੇਵਕ ਸਿੰਘ ਢਿੱਲੋਂ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਸੁਸ਼ੀਲ ਦੋਸਾਂਝ, ਡਾ. ਗੁਰਚਰਨ ਕੌਰ ਕੋਚਰ, ਸੁਰਿੰਦਰ ਪ੍ਰੀਤ ਘਣੀਆ, ਜਸਪਾਲ ਮਾਨਖੇੜਾ, ਕਮਲ ਦੋਸਾਂਝ,ਡਾ. ਜਗਵਿੰਦਰ ਜੋਧਾ, ਦੀਪਕ ਬਾਲੀ, ਐਡਵੋਕੇਟ ਹਰਸਿਮਰਤ ਕੌਰ, ਅਮਰਜੀਤ ਕੌਂਕੇ, ਅਮਨਦੀਪ ਸਿੰਘ ਟੱਲੇਵਾਲੀਆ, ਬਲਵਿੰਦਰ ਸੰਧੂ, ਕੰਵਰਜੀਤ ਭੱਠਲ,ਬਲਕੌਰ ਸਿੰਘ ਗਿੱਲ,ਪ੍ਰੋ. ਜਸਲੀਨ ਕੌਰ, ਕਰਮ ਸਿੰਘ ਸੰਧੂ, ਐਚ ਐੱਸ ਡਿੰਪਲ, ਬੇਅੰਤ ਸਿੰਘ ਬਾਜਵਾ, ਤਲਵਿੰਦਰ ਸ਼ੇਰਗਿੱਲ ਖਾਸ ਮਹਿਮਾਨਾਂ ਵਜੋਂ ਸ਼ਾਮਿਲ ਹੋਏ ।

ਅਦਾਰਾ ਸ਼ਬਦਜੋਤ ਵਿੱਚ ਹਰ ਸਾਲ ਵਾਂਗ ਲਖਵੀਰ ਸਿੰਘ ਜੱਸੀ ਸਨਮਾਨ ਪੁਆਧੀ ਬੋਲੀ ਲਈ ਕੰਮ ਕਰਦੇ ਹੋਏ 33 ਪੁਸਤਕਾਂ ਲਿਖਣ ਵਾਲੇ ਚਰਨ ਪੁਆਧੀ ਨੂੰ ਉਹਨਾਂ ਦੀ ਪੁਸਤਕ ‘ਘੱਗਰ ਕੇ ਗਾਹੇ-ਗਾਹੇ’ ਨੂੰ ਅਦਾਰਾ ਸ਼ਬਦਜੋਤ ਦੇ ਮੈਂਬਰਾਂ ਸਮੇਤ ਸੁਰਜੀਤ ਪਾਤਰ ਹੋਰਾਂ ਵੱਲੋਂ ਦਿੱਤਾ ਗਿਆ ।

ਜ਼ਿਕਰਯੋਗ ਹੈ ਕਿ ਬਵੰਜਾ ਕਵੀਆਂ ਵੱਲੋਂ ਬੋਲੀਆਂ ਗਈਆਂ ਕਵਿਤਾਵਾਂ ਨੂੰ ਰਸਾਲੇ ਦਰਸ਼ਨ ਸਿੰਘ ਢਿੱਲੋਂ ਦੇ ਮੈਗਜ਼ੀਨ ਕੌਮਾਂਤਰੀ ਚਰਚਾ ਯੂ ਕੇ ਤੇ ਅਮਰਜੀਤ ਕੌਂਕੇ ਦੀ ਸੰਪਾਦਨਾ ਹੇਠ ਪਟਿਆਲਾ ਤੋਂ ਛਪਦੇ ਪਰਚੇ ਪ੍ਰਤੀਮਾਨ ਵਿੱਚ ਯੁਵਾ ਕਵੀਆਂ ਦੀਆਂ 5–5 ਕਵਿਤਾਵਾਂ ਨੂੰ  ਛਾਪਿਆ ਜਾਵੇਗਾ ।

ਕਵਿਤਾ ਕੁੰਭ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਰੇ ਸੁਰਜੀਤ ਪਾਤਰ ਹੋਰਾਂ ਨੇ ਕਿਹਾ, “ਦਰਿਆ ਤਾਂ ਹੀ ਵਗਦੇ ਰਹਿੰਦੇ ਹਨ ਜੇਕਰ ਉਹਨਾਂ ਵਿੱਚ ਨਵੇਂ ਵਹਿਣ ਮਿਲਦੇ ਰਹਿਣ”। ਇਸਦੇ ਨਾਲ ਉਹਨਾਂ ਪੰਜਾਬੀ ਭਾਸ਼ਾ ਦੀ ਨਦੀ ਦੇ ਵਗਦੇ ਰਹਿਣ ਦੀ ਕਾਮਨਾ ਵੀ ਕੀਤੀ  ਅਤੇ ਕਿਹਾ ਕਿ ਪੰਜਾਬੀ ਦੇ ਤਕਰੀਬਨ 35 ਲਹਿਜੇ ਹਨ ਜਿਹਨਾਂ ਨੂੰ ਬਚਾਅ ਕੇ ਰੱਖਣਾ ਸਾਡਾ ਪੰਜਾਬੀਅਤ ਦਾ ਕਰਮ ਹੈ। “ਦਰਿਆ ਤਾਂ ਹੀ ਵਗਦੇ ਰਹਿੰਦੇ ਹਨ ਜੇਕਰ ਉਹਨਾਂ ਵਿੱਚ ਨਵੇਂ ਵਹਿਣ ਮਿਲਦੇ ਰਹਿਣ

ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਵੀ ਦਰਸ਼ਨ ਬੁੱਟਰ, ਪ੍ਰਧਾਨ ਕੇਂਦਰੀ ਲੇਖਕ ਸਭਾ ਵੱਲੋਂ ਸਾਰੇ ਕਵੀਆਂ ਵੱਲੋਂ ਬੋਲੀਆਂ ਕਵਿਤਾਵਾਂ ਦੀ ਸਮੀਖਿਆ ਕੀਤੀ ਗਈ ਅਤੇ ਕਿਹਾ, “ਕਵਿਤਾ ਸਿਰਫ ਕਵੀਆਂ ਕੋਲ ਹੀ ਆਉਂਦੀ ਹੈ ਕਿਉਂਕਿ ਕਵੀ ਕਵਿਤਾ ਲਿਖ ਕੇ ਫੁੱਲ ਨਾਲੋਂ ਹੌਲਾ ਹੋ ਜਾਂਦਾ ਹੈ ਅਤੇ ਸਾਰੇ ਸਮਾਜਿਕ ਕੰਮ ਤਿਆਗ ਕਰ ਸਮਾਜ ਨਾਲੋਂ ਵੱਖਰਾ ਹੋ ਜਾਂਦਾ ਹੈ । ਕਵੀ ਦਾ ਮਨ ਸੰਵੇਦਨਸ਼ੀਲ ਹੁੰਦਾ ਹੈ ਅਤੇ ਓਹ ਸਾਰੀ ਦੁਨੀਆਂ ਦੇ ਅਹਿਸਾਸ ਆਪਣੇ ਮਨ ਦੇ ਅੰਦਰ ਰੱਖਦਾ ਹੈ। ਕਵਿਤਾ ਅਣਘੜਤ ਮਨ ਅਤੇ ਸਰੀਰ ਨੂੰ ਤਰਤੀਬ ਵਿੱਚ ਕਰ ਦਿੰਦੀ ਹੈ ।”

ਕਵਿਤਾ ਕੁੰਭ ਵਿੱਚ ਕਵੀਆਂ, ਲੇਖਕਾਂ ਅਤੇ ਕਲਾਕਾਰਾਂ ਤੋਂ ਇਲਾਵਾ ਬਹੁਤ ਸਾਰੇ ਗੰਭੀਰ ਸੁਣਨਹਾਰ  ਸਰੋਤੇ ਵੀ ਮੌਜੂਦ ਰਹੇ। ਨਾਮਧਾਰੀ ਦਰਬਾਰ ਸ੍ਰੀ ਭੈਣੀ ਸਾਹਿਬ ਵੱਲੋਂ ਗੁਰੂ ਕਾ ਅਤੁੱਟ ਲੰਗਰ ਤੇ ਪ੍ਰਸਾਦਿ ਵੀ ਵਰਤਾਇਆ ਗਿਆ ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Wednesday 13 March 2024

ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ ਨਵੀਂ ਸਰਗਰਮੀ

Wednesday 13th March 2024 at 5:38 PM

ਪੰਜਾਬੀ ਭਵਨ ਵਿੱਚ ਤਿੰਨ ਹੋਰ ਪੁਸਤਕਾਂ ਕੀਤੀਆਂ ਗਈਆਂ ਲੋਕ ਅਰਪਿਤ 


ਲੁਧਿਆਣਾ
: 13 ਮਾਰਚ 2024: (ਪ੍ਰਦੀਪ ਸ਼ਰਮਾ-ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪਿਛਲੇ ਦਿਨੀਂ ਪੰਜਾਬੀ ਭਵਨ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਕਰਕੇ ਬਹੁਤ ਜ਼ਿਆਦਾ ਗਹਿਮਾਗਹਿਮੀ ਰਹੀ। ਅਮਨ ਸ਼ਾਂਤੀ ਦਾ ਸੁਨੇਹਾ ਦੇਣ ਵਾਲੇ ਸਾਹਿਤਿਕ ਹਲਕਿਆਂ ਵਿੱਚ ਵੀ ਯੁੱਧ ਵਰਗਾ ਮਾਹੌਲ ਬਣਿਆ ਰਿਹਾ। ਤਿਆਗ ਅਤੇ ਏਕਤਾ ਦੇ ਸੁਨੇਹੇ ਦੇਣ ਵਾਲਾ ਸਾਹਿਤ ਰਚਨ ਦੇ ਹਾਮੀ ਵੀ ਅਹੁਦਿਆਂ ਲਈ ਸੰਘਰਸ਼ਾਂ ਵਿਚ ਪਏ ਨਜ਼ਰ ਆਏ। ਇਹ ਚੋਣਾਂ ਸਾਹਿਤਿਕ ਚੋਣਾਂ ਨਾ ਲੱਗ ਕੇ ਸਿਆਸੀ ਚੋਣਾਂ ਵਾਂਗ ਜਾਪ ਰਹੀਆਂ ਸਨ। ਸ਼ਾਇਦ ਬਹੁਤਿਆਂ ਨੂੰ ਕੁਰਸੀ ਦੀ ਨਜ਼ਰ ਲੱਗ ਗਈ ਸੀ। ਇਸ ਮੌਕੇ ਵੀ ਸਾਰੇ ਉਹੀ ਹਰਬੇ ਵਰਤੇ ਜਾ ਰਹੇ ਸਨ ਜਿਹੜੇ ਆਮ ਚੌਧਰਾਂ ਵਾਲਿਆਂ ਕੁਰਸੀਆਂ ਦੀ ਪ੍ਰਾਪਤੀ ਲਈ ਵਰਤੇ ਜਾਂਦੇ ਹਨ। ਨਗਰ ਦੀਆਂ ਚੋਣਾਂ ਹੋਣ ਜਾਂ ਨਗਰ ਪਾਲਿਕਾ ਦੀਆਂ, ਟਰੱਕ ਯੂਨੀਅਨਾਂ ਦੀਆਂ ਚੋਣਾਂ ਹੋਣ ਜਾਂ ਫਿਰ ਕਾਲਜਾਂ ਦੀਆਂ ਬਸ ਇਹੀ ਮਾਹੌਲ ਜਾਪਦਾ ਹੈ। ਜੇ ਗੁਰਦੁਆਰਿਆਂ ਅਤੇ ਮੰਦਰਾਂ ਦੀਆਂ ਚੋਣਾਂ ਤੇ ਇਹ ਅਸਰ ਪੈ ਚੁੱਕਿਆ ਹੈ ਤਾਂ ਸਾਹਿਤ ਵੀ ਇਸ ਲਪੇਟ ਵਿਚ ਆਉਣਾ ਹੀ ਸੀ। 

ਅਹੁਦਿਆਂ ਦੀ ਲਾਲਸਾ ਅਤੇ ਚੋਣਾਂ ਦੇ ਰੰਗ ਢੰਗ ਦਾ ਅਸਰ ਸਾਹਿਤ ਅਤੇ ਸਾਹਿਤਿਕ ਸੰਗਠਨਾਂ ਤੇ ਵੀ ਪੈਣਾ ਹੀ ਸੀ ਅਤੇ ਕਾਫੀ ਹੱਦ ਤੱਕ ਪਿਆ ਵੀ। ਪਰ ਇਸ ਹਕੀਕਤ ਦੇ ਬਾਵਜੂਦ ਕੁਝ ਲੋਕ ਇਹਨਾਂ ਸਾਰੀਆਂ ਸਾਹਿਤਿਕ ਸਿਆਸਤ ਵਾਲੀਆਂ ਸਰਗਰਮੀਆਂ ਤੋਂ ਬਿਲਕੁਲ ਹੀ ਨਿਰਲੇਪ ਰਹੇ। ਇਹਨਾਂ ਦੀ ਲਿਵ ਸਾਹਿਤ ਅਤੇ ਸਾਹਿਤਕਾਰਾਂ ਨਾਲ ਜੁੜੀ ਰਹੀ।  ਜੇ ਕਿਸੇ ਨ ਕੁਝ ਕੁਰੇਦਣ ਦੀ ਕੋਸ਼ਿਸ਼ ਵੀ ਕਰਨੀ ਤਾਂ ਇਹਨਾਂ ਮੁਸਕਰਾ ਕੇ ਕਹਿਣਾ 

'ਕਬੀਰਾ ਤੇਰੀ ਝੌਂਪੜੀ, ਗਲ ਕਟਿਅਨ ਕੇ ਪਾਸ, 

ਕਰਨਗੇ ਸੋ ਭਰਨਗੇ, ਤੂੰ ਕਿਉਂ ਭਇਆ ਉਦਾਸ..।

ਸਾਹਿਤਿਕ ਸੰਗਠਨਾਂ ਦੀਆਂ ਚੋਣਾਂ ਅਤੇ ਵੋਟਾਂ ਦੀ ਗੱਲ ਪੁਛਣੀ ਤਾਂ ਵੀ ਇਸ ਸੰਗਠਨ ਦੀ ਸਰਗਰਮ ਅਹੁਦੇਦਾਰ ਰਮਨਦੀਪ ਕੌਰ ਹਰ ਸਰ ਜਾਈ ਅਤੇ ਉਸਦੀ ਟੀਮ ਦੇ ਮੈਂਬਰਾਂ ਨੇ ਕਹਿਣਾ ਜੀ ਕਰਨਾ ਉਥੇ ਜਾ ਕੇ।  ਸਾਰੇ ਸਾਡੇ ਹੀ ਤਾਂ ਹਨ। ਇਹ ਸਾਰੇ ਸਾਡੇ ਆਪਣੇ ਹੀ ਹਨ! ਅਸੀਂ ਕਿਸੇ ਦੇ ਖਿਲਾਫ਼ ਵੀ ਨਹੀਂ। ਸਾਡੀ ਕਿਸੇ ਨਾਲ ਦੁਸ਼ਮਣੀ ਵੀ ਨਹੀਂ। ਸਾਨੂੰ ਕਿਸੇ ਅਹੁਦੇ ਦਾ ਲਾਲਚ ਵੀ ਨਹੀਂ। ਸਾਨੂੰ ਜਿਹੜਾ ਵੀ ਕੋਈ ਸੇਵਾ ਲਾਏਗਾ ਅਸੀਂ ਆਪਣੇ ਆਪ ਨੰ ਸੁਭਾਗੇ ਸਮਝਾਂਗੇ। 

ਇਸੇ ਭਾਵਨਾ ਤਹਿਤ ਸਾਹਿਤਕਦੀਪ ਵੈਲਫੇਅਰ ਸੁਸਾਇਟੀ (ਰਜਿ:)  ਵੱਲੋਂ  9 ਮਾਰਚ, 2024 ਦਿਨ ਸ਼ਨੀਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇਹੀ ਤਿੰਨ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ।  "ਲਫ਼ਜ਼ਾਂ ਦੀ ਜੋਤ"  ਨਾਮਕ ਸਾਂਝਾ ਸੰਗ੍ਰਿਹ ਦੇ ਨਾਲ ਨਾਲ ਅਮਰ ਸਿੰਘ ਲੁਧਿਆਣਵੀ ਜੀ ਦੀ ਹਿੰਦੀ ਪੁਸਤਕ "ਹਸਰਤੋਂ ਕੇ ਦਾਇਰੇ ਅਤੇ ਸ਼ਾਬੀ ਮਹਿਮੀ ਜੀ ਦੀ ਪੁਸਤਕ "ਆਹੋ! ਸੱਚ?" ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ। 

ਇਸ ਸਮਾਗਮ ਵਿੱਚ  ਉਘੇ ਸ਼ਾਇਰ ਅਤੇ ਵਿਦਵਾਨ ਡਾ. ਹਰੀ ਸਿੰਘ ਜਾਚਕ ਜੀ ਵੀ ਸਨ ਅਤੇ ਉਹਨਾਂ ਦੇ  ਨਾਲਾ ਨਾਲ ਸਾਹਿਤ ਅਤੇ ਮਨੁੱਖਤਾ ਦੇ ਨਾਲ ਜੁੜੀ ਹੋਈ ਸ਼ਖਸੀਅਤ ਡਾ. ਬਬੀਤਾ ਜੈਨ ਜੀ ਵੀ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ। ਲਖਵਿੰਦਰ ਸਿੰਘ ਰਈਆ ਜੀ, ਗੁਲਜ਼ਾਰ ਪੰਧੇਰ ਜੀ, ਪਰਮਜੀਤ ਕੌਰ ਮਹਿਕ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। 

ਇਸ ਯਾਦਗਾਰੀ ਸਮਾਗਮ ਦਾ ਆਗਾਜ਼  ਨਰਿੰਦਰ ਕੌਰ ਜੀ ਵਲੋਂ ਬਹੁਤ ਮਿੱਠੀ ਅਤੇ ਸੁਰੀਲੀ ਆਵਾਜ਼ ਵਿੱਚ ਗਾਏ ਸ਼ਬਦ ਨਾਲ ਕੀਤਾ ਗਿਆ। ਇਸ ਤੋਂ ਬਾਅਦ ਮੁੱਖ ਮਹਿਮਾਨਾਂ ,ਵਿਸ਼ੇਸ਼ ਮਹਿਮਾਨਾਂ, ਰਮਨਦੀਪ ਕੌਰ ਪ੍ਰਿੰਸ (ਹਰਸਰ ਜਾਈ), ਜਸਪ੍ਰੀਤ ਸਿੰਘ ਜੱਸੀ ਅਤੇ ਇੰਦੂ ਬਾਲਾ ਵਲੋਂ ਪੁਸਤਕਾਂ ਲੋਕ ਅਰਪਿਤ ਕੀਤੀਆਂ ਗਈਆਂ ਅਤੇ ਸਾਂਝੇ ਸੰਗ੍ਰਿਹ ਵਿੱਚ ਸ਼ਾਮਿਲ ਕਵੀਆਂ ਅਤੇ ਕਵਿਤਰੀਆਂ ਨੂੰ ਸਾਹਿਤਿਕ ਦੀਪ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਰਮਨਦੀਪ ਕੌਰ ਪ੍ਰਿੰਸ (ਹਰਸਰ ਜਾਈ), ਉਪ-ਪ੍ਰਧਾਨ ਜਸਪ੍ਰੀਤ ਸਿੰਘ 'ਜੱਸੀ', ਕੋ-ਆਰਡੀਨੇਟਰ ਇੰਦੂ ਬਾਲਾ, ਮੁੱਖ ਮਹਿਮਾਨਾਂ ਅਤੇ ਵਿਸ਼ੇਸ਼ ਮਹਿਮਾਨਾਂ ਵਲੋਂ ਸਨਮਾਨਿਤ ਕੀਤਾ ਗਿਆ। 

ਇਸ ਦੌਰਾਨ ਵੱਖ ਵੱਖ ਸ਼ਹਿਰਾਂ ਤੋਂ ਆਏ ਕਵੀਆਂ ਅਤੇ ਕਵਿਤਰੀਆਂ ਦਾ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਦੇ ਵਿੱਚ ਮਨਜੀਤ ਕੌਰ ਧੀਮਾਨ,ਦੀਪ ਲੁਧਿਆਣਵੀ, ਅਕਸ਼ਿਤ, ਖੁਸ਼ਕਰਨ, ਨਿਖਿਲ, ਬਬੀਤਾ, ਜਸਨੂਰ ਸਿੰਘ,ਜੋਤੀ, ਰਵਨਜੋਤ ਕੌਰ ਰਾਵੀ, ਹਨੀ ਵਾਲੀਆ, ਬਲਜੀਤ ਮਾਲਹ, ਪਰਵਿੰਦਰ ਕੌਰ ਲੋਟੇ, ਪਰਮਿੰਦਰ ਸਿੰਘ ਅਲਬੇਲਾ,  ਸਿਮਰਨ ਧੁੱਗਾ, ਹਰਮੀਤ, ਸੁਰਿੰਦਰਦੀਪ, ਕੁਲਵਿਦਰ ਕਿਰਨ, ਸੰਦੀਪ ਕੌਰ, ਸਿਮਰਨਜੀਤ ਕੌਰ, ਮਨਦੀਪ ਕੌਰ, ਐਡਵੋਕੇਟ ਤ੍ਰਿਪਤਾ ਬਰਮੋਤਾ ਆਦਿ ਕਵੀ ਅਤੇ ਕਵਿਤਰੀਆਂ ਸ਼ਾਮਿਲ ਰਹੇ। 

ਕਵੀ ਦਰਬਾਰ ਵਿੱਚ ਹਾਜ਼ਰੀ ਭਰਨ ਵਾਲੇ ਕਵੀਆਂ ਅਤੇ ਕਵਿਤਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਸਾਰੇ ਪ੍ਰੋਗਰਾਮ ਦੌਰਾਨ ਸਰੋਤਿਆਂ ਨੂੰ ਬੰਨੀ ਰੱਖਣ ਦੀ ਅਤੇ ਮੰਚ ਸੰਚਾਲਨ ਦੀ ਭੂਮਿਕਾ ਸਰਬਜੀਤ ਕੌਰ ਹਾਜ਼ੀਪੁਰ ਜੀ ਵਲੋਂ ਬਾਖੂਬੀ ਨਿਭਾਈ ਗਈ। 

ਪ੍ਰੋਗਰਾਮ ਦੇ ਅੰਤ ਵਿੱਚ ਸੰਸਥਾ ਦੀ ਪ੍ਰਧਾਨ ਰਮਨਦੀਪ ਕੌਰ ਪ੍ਰਿੰਸ (ਹਰਸਰ ਜਾਈ)ਜੀ ਤੇ ਉੱਪ ਪ੍ਰਧਾਨ ਜਸਪ੍ਰੀਤ ਸਿੰਘ 'ਜੱਸੀ' ਜੀ ਅਤੇ ਕੋ- ਆਰਡੀਨੇਟਰ ਇੰਦੂ ਬਾਲਾ ਨੇ ਸਮਾਗਮ ਵਿੱਚ ਪਹੁੰਚੇ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ ,ਕਵੀਆਂ ਅਤੇ ਕਵਿਤਰੀਆਂ ਦਾ ਧੰਨਵਾਦ ਪ੍ਰਗਟ ਕੀਤਾ। ਆਓਣ ਵਾਲੇ ਸਮੇਂ 'ਚ ਵੀ ਇਹ ਸੰਸਥਾ ਇਸੇ ਤਰ੍ਹਾ ਦੇ ਉੱਦਮਸ਼ੀਲ ਕਾਰਜਾਂ ਨੂੰ ਨੇਪੜ੍ਹੇ ਚਾੜ੍ਹਨ ਲਈ ਯਤਨਸ਼ੀਲ ਰਹੇਗੀ।

ਦਿਲਚਸਪ ਅਤੇ ਸ਼ਲਾਘਾਯੋਗ ਗੱਲ ਇਹ ਵੀ ਰਹੀ ਕਿ ਇਸ ਸਮਾਗਮ ਵਿਚ ਹਿੰਦੀ ਪ੍ਰੇਮੀ ਵੀ ਸਨ ਅਤੇ ਪੰਜਾਬੀ ਪ੍ਰੇਮੀ ਵੀ। ਇਸ ਮੌਕੇ ਪੰਥਕ ਖਿਆਲਾਂ ਵਾਲੇ ਵੀ ਸਨ ਅਤੇ ਖੱਬੇ ਪੱਖੀ ਖਿਆਲਾਂ ਵਾਲੇ ਵੀ ਮੌਜੂਦ ਸਨ। ਇਹਨਾਂ ਦੇ ਨਾਲ ਨਾਲ ਭਾਰਤੀ ਜਨਤਾ ਪਰਤ ਵਾਲੀ ਵਿਚਾਰ੍ਧਾਰਾਂ ਨਾਲ ਸਹਿਮਤੀ ਰੱਖਾਂ ਵਾਲੇ ਵੀ ਸਨ ਆਮ ਆਦਮੀ ਪਾਰਟੀ ਦੀ ਸਿਆਸਤ ਵਿਚ ਰੂਚੀ ਰੱਖਾਂ ਵਾਲੇ ਵੀ ਸਨ। ਇਸ ਤਰ੍ਹਾਂ ਇਹ ਸਮਾਗਮ ਵੱਖ ਵੱਖ ਵਿਚਾਰਾਂ ਵਾਲੇ ਫੁੱਲਾਂ ਦਾ ਗੁਲਦਸਤਾ ਬਣ ਕੇ ਸਾਹਮਣੇ ਆਇਆ ਸੀ। 

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਜੰਗ ਵਾਲੀ ਮਹਾਭਾਰਤ ਤੋਂ ਬਾਅਦ ਇਹ ਸਮਾਗਮ ਕਿਸੇ ਸਾਹਿਤਿਕ ਸਤਿਸੰਗ ਵਾਂਗ ਸੀ ਜਿਸ ਵਿਚ ਸਿਰਫ ਕਵਿਤਾ ਦੀ ਗੱਲ ਸੀ, ਕਿਤਾਬਾਂ ਦੀ ਗੱਲ ਸੀ, ਸਾਹਿਤ ਦੀ ਗੱਲ ਸੀ, ਬੇਗਾਨਿਆਂ ਨੂੰ ਵੀ ਆਪਣਿਆਂ ਵਾਂਗ ਅਪਣਾਉਣ ਦੀ ਗੱਲ ਸੀ।  ਕਿਸੇ ਦਾ ਵੀ ਧਿਆਨ ਕਿਸੇ ਕੁਰਸੀ, ਅਹੁਦੇ, ਚੌਧਰ ਜਾਂ ਕੈਮਰੇ ਵੱਲ ਨਹੀਂ ਸੀ। ਅੱਖਾਂ ਵਿਚਲੀਆਂ ਘੂਰੀਆਂ, ਇਸ਼ਾਰਿਆਂ, ਚਿਹਰਿਆਂ ਦੇ ਸੰਕੇਤਕ ਇਸ਼ਾਰਿਆਂ ਅਜਿਹੇ ਹੋਰ ਵਰਤਾਰਿਆਂ ਤੋਂ ਬਹੁਤ ਦੂਰ ਸੀ ਇਹ ਸਮਾਗਮ। ਚੰਗਾ ਹੋਵੇ ਜੇਕਰ ਅਜਿਹਾ ਮਾਹੌਲ ਆਮ ਹੋ ਜਾਵੇ। 

ਗਦਰ ਲਹਿਰ ਨਾਲ ਜੁੜੇ ਸਾਹਿਤਕਾਰਾਂ ਨੇ ਮਨਾਇਆ ਕੌਮਾਂਤਰੀ ਇਸਤਰੀ ਦਿਹਾੜਾ

ਦੇਸ਼ ਅਤੇ ਦੁਨੀਆ ਦੇ ਮੌਜੂਦਾ ਹਾਲਾਤਾਂ ਦੀ ਚਰਚਾ ਵੀ ਹੋਈ 


ਖਰੜ
: 08 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਗ਼ਦਰ ਲਹਿਰ ਭਾਰਤੀ ਸੁਤੰਤਰਤਾ ਸੰਗਰਾਮ ਦੌਰਾਨ ਇੱਕ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਲਹਿਰ ਸੀ, ਜਿਸ ਨੇ ਸਮਾਜ ਵਿੱਚ ਡੂੰਘੇ ਬਦਲਾਅ ਲਿਆਂਦੇ ਅਤੇ ਸਾਹਿਤ ਅਤੇ ਸੱਭਿਆਚਾਰ ਉੱਤੇ ਵੀ ਡੂੰਘਾ ਪ੍ਰਭਾਵ ਪਾਇਆ। ਇਸ ਲਹਿਰ ਨੇ ਸਾਹਿਤ ਨੂੰ ਨਵੀਂ ਦਿਸ਼ਾ ਦਿਖਾਈ ਅਤੇ ਨਵਾਂ ਉਤਸ਼ਾਹ ਵੀ ਦਿੱਤਾ।  ਇਸਦੇ ਨਾਲ ਹੀ ਸਾਹਿਤ ਅਤੇ ਪੰਜਾਬੀ ਪੱਤਰਕਾਰੀ ਨੂੰ ਰਾਸ਼ਟਰੀ ਚੇਤਨਾ ਨਾਲ ਵੀ ਜੋੜਿਆ। ਗਦਰ ਅਖਬਾਰ ਅੱਜ ਵੀ ਪੰਜਾਬੀ ਪੱਤਰਕਾਰੀ ਵਿਚ ਦਿਲਚਸਪੀ ਰੱਖਣ ਵਾਲਿਆਂ ਲਈ ਇੱਕ ਰਾਹ ਦਸੇਰਾ ਹੈ। ਅੱਜ ਵੀ ਗਦਰ ਲਹਿਰ ਦੇ ਵਾਰਸ ਹੀ ਗੋਦੀ ਮੀਡੀਆ ਦੇ ਸਾਹਮਣੇ ਚੁਣੌਤੀ ਵਾਂਗ ਖੜੇ ਹਨ।  

ਏਸੇ ਗ਼ਦਰ ਲਹਿਰ ਦੇ ਬਹੁਤ ਸਾਰੇ ਸਾਹਿਤਕਾਰਾਂ, ਕਵੀਆਂ ਅਤੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਆਜ਼ਾਦੀ ਸੰਗਰਾਮ ਦੀ ਵੀ ਪੁਰਜ਼ੋਰ ਹਮਾਇਤ ਕੀਤੀ ਸੀ ਅਤੇ ਆਜ਼ਾਦੀ ਤੋਂ ਬਾਅਦ ਵੀ ਲੋਕਾਂ ਨੂੰ ਅਮਨ, ਏਕਤਾ ਅਤੇ । ਗਦਰ ਦੀ ਬਰਾਬਰੀ ਦੀਆਂ ਭਾਵਨਾਵਾਂ ਨਾਲ ਜੋੜਿਆ। ਗ਼ਦਰ ਦੀ ਲਹਿਰ ਅਤੇ ਆਜ਼ਾਦੀ ਦੇ ਸੰਗਰਾਮਾਂ ਨਾਲ ਜੁੜੇ ਸਾਹਿਤ ਨੇ ਹੀ ਉਨ੍ਹਾਂ ਦੇ ਮਨਾਂ ਵਿੱਚ ਰਾਸ਼ਟਰੀ ਭਾਵਨਾ ਜਗਾਈ। ਉਸ ਸਾਹਿਤ ਦੀਆਂ ਰਚਨਾਵਾਂ ਨੇ ਭਾਰਤੀ ਸਮਾਜ ਦੀਆਂ ਅਸਲੀ ਸਮੱਸਿਆਵਾਂ ਨੂੰ ਵੀ ਉਜਾਗਰ ਕੀਤਾ ਅਤੇ ਲੋਕਾਂ ਨੂੰ ਸਮਾਜਿਕ ਅਤੇ ਰਾਜਨੀਤਿਕ ਸੁਧਾਰਾਂ ਲਈ ਵੀ ਉਤਸ਼ਾਹਿਤ ਕੀਤਾ।

ਅਜਿਹੇ ਲੋਕ ਪੱਖੀ ਸਾਹਿਤ ਰਾਹੀਂ ਹੀ ਗ਼ਦਰ ਲਹਿਰ ਨੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਆਜ਼ਾਦੀ ਲਈ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ। ਇਸ ਲਹਿਰ ਦੇ ਲੇਖਕਾਂ ਨੇ ਰਾਸ਼ਟਰਵਾਦ, ਸਮਾਜਿਕ ਨਿਆਂ ਅਤੇ ਆਜ਼ਾਦੀ ਲਈ ਲੜਾਈ ਲੜੀ ਅਤੇ ਇਸਨੂੰ ਸਾਹਿਤਕ ਰੂਪ ਵਿੱਚ ਪੇਸ਼ ਕੀਤਾ। ਉਨ੍ਹਾਂ ਦੇ ਕੰਮਾਂ ਨੇ ਲੋਕਾਂ ਦੀ ਸੋਚ ਨੂੰ ਬਦਲਿਆ ਅਤੇ ਉਨ੍ਹਾਂ ਨੂੰ ਖੁਸ਼ਹਾਲ ਅਤੇ ਆਜ਼ਾਦ ਭਾਰਤ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਹੀ ਭਾਵਨਾ ਮਗਰੋਂ ਜਾ ਕੇ ਇਪਟਾ ਵਰਗੇ ਸੰਗਠਨਾਂ ਦੀ ਸਥਾਪਤੀ ਲਈ ਵੱਡਾ ਉੱਦਮ ਬਣੀ। 

ਇਸ ਤਰ੍ਹਾਂ, ਸਾਹਿਤ ਉੱਤੇ ਗ਼ਦਰ ਲਹਿਰ ਦਾ ਪ੍ਰਭਾਵ ਬਹੁਤ ਮਹੱਤਵਪੂਰਨ ਅਤੇ ਡੂੰਘਾ ਰਿਹਾ ਹੈ, ਜਿਸ ਨੇ ਭਾਰਤੀ ਸਮਾਜ ਵਿੱਚ ਡੂੰਘੀਆਂ ਸੰਵਿਧਾਨਕ ਅਤੇ ਸਮਾਜਿਕ ਤਬਦੀਲੀਆਂ ਲਿਆਉਣ ਵਿੱਚ ਮਦਦ ਕੀਤੀ ਹੈ। ਪਰ ਮੌਜੂਦਾ ਦੌਰ ਵਿੱਚ ਇਹ ਭਾਵਨਾਂ ਕਮਜ਼ੋਰ ਹੋਣ ਲੱਗ ਪਈ। ਲੋਕਾਂ ਨੂੰ ਨਸ਼ਿਆਂ ਦੇ ਨਾਲ ਨਾਲ ਅਸ਼ਲੀਲਤਾ ਦੇ ਹੜ੍ਹ ਵਿੱਚ ਰੋਹੜਨ ਦੀ ਸਾਜ਼ਿਸ਼ ਵੀ ਕ੍ਰਾਂਤੀ ਦੀਆਂ ਭਾਵਨਾਵਨ ਤੋਂ ਦੂਰ ਕਰਨਾ ਹੀ ਸੀ। 

ਇਹਨਾਂ ਸਾਜ਼ਿਸ਼ਾਂ ਨੂੰ ਪਛਾਣਦਿਆਂ ਜਿਹੜੇ ਚੇਤੰਨ ਕਲਮਕਾਰ ਖਰੜ ਦੇ ਇਲਾਕੇ ਵਿੱਚ ਸਰਗਰਮ ਹੋਏ ਉਹਨਾਂ ਵਿੱਚ ਹਰਨਾਮ ਸਿੰਘ ਡੱਲਾ ਅਤੇ ਉਹਨਾਂ ਦੇ ਸਾਥੀ ਵੀ ਸ਼ਾਮਿਲ ਰਹੇ। ਇਹਨਾਂ ਅਗਾਂਹਵਧੂ ਲੇਖਕਾਂ ਨੇ ਹੀ ਲੋਕ ਪੱਖੀ ਸਾਹਿਤ ਦੀ ਚਰਚਾ ਨੂੰ ਇੱਕ  ਵਾਰ ਫੇਰ ਤੇਜ਼ ਕਰਨਾ ਸ਼ੁਰੂ ਕੀਤਾ। ਇਸੇ ਮੁਹਿੰਮ ਅਧੀਨ ਹੀ ਸਾਹਿਤਿਕ ਇਕੱਤਰਤਾਵਾਂ ਅਤੇ ਹੋਰ ਆਯੋਜਨਾਂ ਦਾ ਸਿਲਸਿਲਾ ਸ਼ੁਰੂ ਕੀਤਾ। 

ਇਸੇ ਸਿਲਸਿਲੇ ਅਧੀਨ ਖਰੜ ਵਿੱਚ ਕੌਮਾਂਤਰੀ ਇਸਤਰੀ ਵਰ੍ਹੇ ਨੂੰ ਸਮਰਪਿਤ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ ਕੀਤਾ ਗਿਆ। ਸ਼ਾਇਰੀ ਦੇ ਨਾਲ ਨਾਲ ਵਿਚਾਰਾਂ ਵੀ ਹੋਈਆਂ। 

ਗ਼ਦਰੀ ਬਾਬੇ ਵਿਚਾਰਧਾਰਕ ਮੰਚ ਪੰਜਾਬ ਵੱਲੋਂ ਨਗਰ ਕੌਂਸਲ ਖਰੜ ਦੇ ਪਾਰਕ ਵਿੱਚ ਕੌਮਾਂਤਰੀ ਇਸਤਰੀ ਵਰ੍ਹੇ ਨੂੰ ਸਮਰਪਿਤ ਗੋਸ਼ਟੀ ਅਤੇ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਪੰਜਾਬੀ ਸ਼ਾਇਰਾਂ ਅਮਰਜੀਤ ਕੌਰ ਮੋਰਿੰਡਾ ਨੇ ਕੀਤੀ। ਇਸ ਸਮੇਂ ਕੌਮਾਂਤਰੀ ਇਸਤਰੀ ਵਰ੍ਹੇ ਬਾਰੇ ਜਾਣ ਪਹਿਚਾਣ ਕਰਵਾਉਂਦਿਆਂ ਸ੍ਰੀ ਕਿਰਪਾਲ ਸਿੰਘ ਮੁੰਡੀ ਖਰੜ ਨੇ ਕਿਹਾ ਕਿ ਸੰਸਾਰ ਵਿੱਚ ਅੱਧੀ ਆਬਾਦੀ ਔਰਤ ਜ਼ਾਤ ਨਾਲ ਸਬੰਧ ਰੱਖਦੀ ਹੈ। ਜਿਸ ਦੀ ਦਸ਼ਾ ਹਾਲੇ ਵੀ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਉਨ੍ਹਾਂ ਦੀ ਪੜ੍ਹਾਈ ਅਤੇ ਸਮਾਜਿਕ ਰਹਿਤਲ ਨੂੰ ਕਿਵੇਂ ਸੁਧਾਰਿਆ ਜਾਵੇ। 

ਇਸ ਮੌਕੇ ਵੱਖ ਵੱਖ ਬੁਲਾਰਿਆਂ ਵਿੱਚੋਂ ਸ੍ਰੀ ਸੁਖਬੀਰ ਸਿੰਘ ਨੇ‌ ਕਿਹਾ ਕਿ ਕਰੀਬ ਢਾਈ ਸੌ ਸਾਲ ਪਹਿਲਾਂ ਕੂਕਾ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਨੇ ਸਤੀ ਪ੍ਰਥਾ,ਬਾਲ ਵਿਆਹ ਅਤੇ ਔਰਤਾਂ ਦੀ ਬਰਾਬਰਤਾ ਲਈ ਲਹਿਰ ਚਲਾਈ ਸੀ, ਜਿਸ ਦੇ ਸਿੱਟੇ ਵਜੋਂ ਅੰਗਰੇਜ਼ਾਂ ਨੂੰ ਇਹਨਾਂ ਕੁਰੀਤੀਆਂ ਖ਼ਿਲਾਫ਼ ਕਾਨੂੰਨ ਬਣਾਉਂਣੇ ਪਏ। ਕਰਨੈਲ ਸਿੰਘ ਜੀਤ ਨੇ ਕਿਹਾ ਕਿ ਭਾਵੇਂ ਹਰ ਖੇਤਰ ਵਿੱਚ ਔਰਤ ਨੇ ਆਪਣੀ ਥਾਂ ਬਣਾਈ ਹੈ,ਪਰ ਇਸ ਦੇ ਬਾਵਜੂਦ ਔਰਤ ਵਿਰੁੱਧ ਜੁਲਮ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ। 

ਇਸ ਸਾਹਿਤਿਕ ਇਕੱਤਰਤਾ ਮੌਕੇ ਗੁਰਦੀਪ ਸਿੰਘ ਵੜੈਚ, ਨਾਵਲਕਾਰ ਸੰਤਵੀਰ,ਮੋਹਣ ਲਾਲ ਰਾਹੀ ਅਤੇ ਹਰਨਾਮ ਸਿੰਘ ਡੱਲਾ ਨੇ‌ ਦੇਸ਼ ਵਿੱਚ ਔਰਤਾਂ ਉੱਤੇ ਹੋ ਰਹੇ ਘਿਨੌਣੇ ਜ਼ੁਲਮਾਂ ਦੀਆਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਰੋਜ਼ਾਨਾ ਹੋ ਰਹੇ ਜਬਰ ਜਿਨਾਹਾਂ ਨੇ ਹਰ ਸੋਚਵਾਨ ਨਾਗਰਿਕ ਦੀ ਚਿੰਤਾ ਵਧਾਈ ਹੈ। ਸਪੈਨਿਸ਼ ਜੋੜੇ ਦੇ ਨਾਲ ਵਾਪਰੀ ਜਬਰ ਜਿਨਾਹ ਦੀ ਘਟਨਾ ਨੇ ਸਾਡੇ ਦੇਸ਼ ਨੂੰ ਦੁਨੀਆਂ‌ ਵਿੱਚ ਬਦਨਾਮ ਕਰਕੇ ਰੱਖ ਦਿੱਤਾ ਹੈ। 

ਇੱਕ ਮਤੇ ਰਾਹੀਂ ਇਕੱਤਰ ਹੋਏ ਮੈਂਬਰਾਂ ਨੇ ਮੰਗ ਕੀਤੀ ਕਿ ਪ੍ਰਵਾਸੀ ਜੋੜੇ ਨਾਲ਼ ਕੀਤੇ ਘਿਨੌਣੇ ਕਾਰੇ ਦੇ ਦੋਸੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਹਾਜ਼ਰ ਮੈਂਬਰਾਂ ਨੇ ਕੌਮਾਂਤਰੀ ਇਸਤਰੀ ਵਰ੍ਹੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਪੇਸ਼ ਕੀਤੀ। ਇੱਕ ਹੋਰ ਮਤੇ ਰਾਹੀਂ ਤੇਈ ਮਾਰਚ ਦੇ ਸ਼ਹੀਦਾਂ, ਸ਼ਹੀਦ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਿਤੀ 22 ਮਾਰਚ 2024 ਨੂੰ ਖਰੜ ਵਿਖੇ ਮਨਾਉਂਣ ਦਾ ਫੈਸਲਾ ਲਿਆ ਗਿਆ।

ਉਪਰੰਤ ਕਵੀ ਦਰਬਾਰ ਦੌਰਾਨ ਸ਼ਾਇਰਾਂ ਅਮਰਜੀਤ ਕੌਰ ਮੋਰਿੰਡਾ ਨੇ ਅਪਣੀ ਕਵਿਤਾ ਕੁਝ ਇਸ ਤਰਾਂ ਪੇਸ਼ ਕੀਤੀ:

 *ਦੋਸ਼ ਕਿਸੇ ਦੇ ਸਿਰ ਨਾ ਮੜ੍ਹਦੀ,

 ਕਾਦਰ ਕੈਸੀ ਮਿੱਟੀ ਲਾਈ,

ਚੁੱਲ੍ਹੇ ਸੜਦੀ , ਹਾਰੇ ਕੜ੍ਹਦੀ,

ਉਸਦਾ ਚਿਹਰਾ ਕੋਈ ਨਾ ਪੜ੍ਹਦਾ,

ਉਸ ਸਭਨਾਂ ਦਾ ਚਿਹਰਾ ਪੜ੍ਹਦੀ...

ਖੁਸ਼ੀ ਰਾਮ ਨਿਮਾਣਾ ਨੇ ਤਰੰਨੁਮ‌ ਵਿੱਚ ਧੀਆਂ ਦਾ ਗੀਤ ਸੁਣਾਇਆ। ਸੁਖਬੀਰ ਸਿੰਘ ਮੁਹਾਲੀ ਨੇ ਕਵਿਤ ਅਤੇ ਮੋਹਣ ਲਾਲ ਰਾਹੀ ਨੇ‌ ਮਹਿਮਾਨ ਗੀਤ 'ਡੋਲੀ ਚੜ੍ਹ ਕੇ ਦੁਲਹਨ ਸਸੁਰਾਲ ਚਲੀ' ਸ੍ਰੀ ਤਰਸੇਮ‌ ਸਿੰਘ ਅਤੇ ਹਰਨਾਮ ਸਿੰਘ‌ ਡੱਲਾ ਨੇ ਤਰੰਨਮ ਵਿੱਚ ਗੀਤ ਸੁਣਾਏ। ਇਸ ਸਮੇਂ ਗੁਰਦੀਪ ਸਿੰਘ ਮੋਹਾਲੀ,ਯੋਗ ਰਾਜ,ਦਿਨੇਸ਼ ਪ੍ਰਸਾਦ, ਸੰਤਵੀਰ,ਕਾਮਰੇਡ ਕਾਕਾ ਰਾਮ,ਅਮਰਜੀਤ ਸਿੰਘ,ਗੁਰਸ਼ਰਨ ਸਿੰਘ, ਸੁਖਵਿੰਦਰ ਸਿੰਘ ਦੁੱਮਣਾ ਅਤੇ ਜਸਵਿੰਦਰ ਸਿੰਘ ਕਾਈਨੌਰ ਵੀ ਹਾਜ਼ਰ ਸਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Monday 4 March 2024

ਡਾ. ਸਰਬਜੀਤ ਸਿੰਘ ਵਾਲੀ ਟੀਮ ਨੇ ਹੂੰਝਾ ਫੇਰੂ ਜਿੱਤ ਨਾਲ ਰਚਿਆ ਇਤਿਹਾਸ

Sunday 3rd March 2024 at  9:16 PM

 ਜੁਗਨੂੰਓਂ ਨੇ ਫਿਰ ਅੰਧੇਰੋਂ  ਸੇ ਲੜਾਈ ਜੀਤ ਲੀ!

ਚਾਂਦ ਸੂਰਜ ਘਰ ਕੇ ਰੌਸ਼ਨਦਾਨ ਮੇਂ ਰਖੇ ਰਹੇ!

ਵਿਚਾਰਧਾਰਾ ਨੂੰ ਸਮਰਪਿਤ ਟੀਮ ਦੀ ਹੂੰਝਾ ਫੇਰੂ ਜਿੱਤ ਪਿਛੇ ਹਰ ਛੋਟੇ ਵੱਡੇ ਵਰਕਰ ਲੇਖਕ ਦੀ ਸੀ ਕੋਸ਼ਿਸ਼ 


ਲੁਧਿਆਣਾ
: 03 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਟੀਮ)::

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ 2024-2026 ਦੀ ਚੋਣ ਵਿਚ ਡਾ. ਸਰਬਜੀਤ ਸਿੰਘ ਅਕਾਡਮੀ ਦੇ ਪ੍ਰਧਾਨ, ਡਾ. ਪਾਲ ਕੌਰ ਸੀਨੀਅਰ ਮੀਤ ਪ੍ਰਧਾਨ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਵੱਡੇ ਫ਼ਰਕ ਨਾਲ ਜੇਤੂ ਹੋਏ। ਮੁੱਖ ਚੋਣ ਅਧਿਕਾਰੀ ਸ. ਕੁਲਦੀਪ ਸਿੰਘ ਬੇਦੀ ਨੇ ਦੱਸਿਆ ਕਿ ਕੁੱਲ 827 ਵੋਟਾਂ ਪਈਆਂ ਜਿਨ੍ਹਾਂ ਵਿਚੋਂ ਪ੍ਰਧਾਨਗੀ ਲਈ ਡਾ. ਸਰਬਜੀਤ ਸਿੰਘ ਨੂੰ  497, ਡਾ. ਲਖਵਿੰਦਰ ਸਿੰਘ ਜੌਹਲ ਨੂੰ 279 ਅਤੇ ਸ੍ਰੀਮਤੀ ਬੇਅੰਤ ਕੌਰ ਗਿੱਲ ਨੂੰ  41 ਵੋਟਾਂ ਮਿਲੀਆਂ।  ਇਸ ਤਰ੍ਹਾਂ ਡਾ. ਸਰਬਜੀਤ ਸਿੰਘ 218 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। 

ਸੀਨੀਅਰ ਮੀਤ ਪ੍ਰਧਾਨ ਲਈ ਪਾਲ ਕੌਰ ਨੂੰ  479 ਅਤੇ ਡਾ. ਸ਼ਿੰਦਰਪਾਲ ਸਿੰਘ ਨੂੰ  329 ਵੋਟਾਂ ਮਿਲੀਆਂ।  ਇਸ ਤਰ੍ਹਾਂ 150 ਵੋਟਾਂ ਦੇ ਫ਼ਰਕ ਨਾਲ ਡਾ. ਪਾਲ ਕੌਰ ਜੇਤੂ ਰਹੇ। ਲੋਕਾਂ ਦੇ ਹੱਕ ਵਿੱਚ ਨਿਰੰਤਰ ਲਿਖਣ ਵਾਲੀ ਸ਼ਾਇਰਾ ਡਾਕਟਰ ਪਾਲ ਕੌਰ ਦੀਆਂ ਕਈ  ਪੁਸਤਕਾਂ ਹਰਮਨ ਪਿਆਰਿਆਂ ਹੋਈਆਂ ਹਨ। 

ਨਤੀਜਿਆਂ ਬਾਰੇ ਸਰਦਾਰ ਬੇਦੀ ਨੇ ਦਸਿਆ ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਗੁਲਜ਼ਾਰ ਸਿੰਘ ਪੰਧੇਰ ਨੂੰ  464 ਵੋਟਾਂ ਅਤੇ ਡਾ. ਗੁਰਇਕਬਾਲ ਸਿੰਘ ਨੂੰ  344 ਵੋਟਾਂ ਮਿਲੀਆਂ। ਇਸ ਤਰ੍ਹਾਂ ਡਾ. ਗੁਲਜ਼ਾਰ ਸਿੰਘ ਪੰਧੇਰ 120 ਵੋਟਾਂ ਦੇ ਫ਼ਰਕ ਨਾਲ ਅਕਾਡਮੀ ਦੇ ਜਨਰਲ ਸਕੱਤਰ ਬਣ ਗਏਹਨ। ਦਿਲਚਸਪ ਗੱਲ ਹੈ ਕਿ ਇਹਨਾਂ ਤਿੰਨਾਂ ਅਹੁਦਿਆਂ ਵਿਚ ਇਕੋ ਪੈਨਲ ਜੇਤੂ ਰਿਹਾ। 

ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਅਰਵਿੰਦਰ ਕੌਰ ਕਾਕੜਾ ਨੇ 581 ਵੋਟਾਂ, ਡਾ. ਗੁਰਚਰਨ ਕੌਰ ਕੋਚਰ 464, ਤ੍ਰੈਲੋਚਨ ਲੋਚੀ 449, ਡਾ. ਹਰਵਿੰਦਰ ਸਿੰਘ (ਪੰਜਾਬੋਂ ਬਾਹਰ) 428 ਅਤੇ ਜਸਪਾਲ ਮਾਨਖੇੜਾ 375 ਵੋਟਾਂ ਨਾ ਜੇਤੂ ਰਹੇ।  ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਚੋਣ ਦੇ ਨਤੀਜੇ ਅੱਧੀ ਰਾਤ ਤੋਂ ਬਾਅਦ ਸਾਹਮਣੇ ਆਏ। 

ਮੁੱਖ ਚੋਣ ਅਧਿਕਾਰੀ ਸ. ਕੁਲਦੀਪ ਸਿੰਘ ਬੇਦੀ ਅਤੇ ਸਹਾਇਕ ਚੋਣ ਅਧਿਕਾਰੀ ਸ੍ਰੀਮਤੀ ਸੁਰਿੰਦਰ ਦੀਪ ਨੇ ਸਮੂਹ ਲੇਖਕਾਂ ਅਤੇ ਚੋਣ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਨੇ ਬੜੇ ਜਾਬਤੇ 'ਚ ਰਹਿ ਕੇ ਜ਼ਮਹੂਰੀ ਕਦਰਾਂ ਕੀਮਤਾਂ ਨੂੰ  ਬਹਾਲ ਰੱਖਦੇ ਹੋਏ ਸਾਨੂੰ ਸਹਿਯੋਗ ਦੇ ਕੇ ਚੋਣਾਂ ਨੂੰ  ਨਿਰਵਿਘਨ ਨੇਪਰੇ ਚਾੜ੍ਹਿਆ।  ਉਨ੍ਹਾਂ ਨੇ ਸਮੂਹ ਨਵੇਂ ਚੁਣੇ ਅਹੁਦੇਦਾਰਾਂ ਨੂੰ  ਵਧਾਈ ਦਿੱਤੀ। ਚੋਣ ਮੌਕੇ ਪੂਰੇ ਭਾਰਤ ਵਿਚੋਂ ਹੁੰਮ-ਹੁੰਮਾ ਕੇ ਲੇਖਕ ਵੋਟਾਂ ਪਾਉਣ ਲਈ ਪੰਜਾਬੀ ਭਵਨ ਵਿਚ ਪਹੁੰਚੇ। 

 ਸ੍ਰੀ ਭੈਣੀ ਸਾਹਿਬ ਵਾਲੇ ਤੀਰਥ ਅਸਥਾਨ ਵਿਖੇ ਬਿਰਾਜਮਾਨ ਨਾਮਧਾਰੀ  ਮੁਖੀ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਹੁਕਮ ਅਨੁਸਾਰ ਸੂਬਾ ਹਰਭਜਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਨਾਮਧਾਰੀ ਸੰਗਤ ਦੀ ਟੀਮ ਵਲੋਂ ਪੂਰੀ ਸੇਵਾ ਭਾਵ ਨਾਲ ਲੰਗਰ ਦੀ ਸੇਵਾ ਨਿਭਾਉਣ ਲਈ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਮੂਹ ਅਹੁਦੇਦਾਰਾਂ ਨੇ ਧੰਨਵਾਦ ਕੀਤਾ। 

Sunday 3 March 2024

ਇਸੀ ਹੋਨੀ ਕੋ ਤੋ ਕਿਸਮਤ ਕਾ ਲਿਖਾ ਕਹਿਤੇ ਹੈਂ! ਜੀਤਨੇ ਕਾ ਜਹਾਂ ਮੌਕਾ ਥਾਂ, ਵਹੀਂ ਹਾਰ ਹੁਈ!

Sunday 3rd March 2024 at 09>45 PM

ਕਾਰਾਂ ਵਾਲੇ ਲੇਖਕਾਂ ਅਤੇ ਬਸਾਂ ਵਾਲੇ ਲੇਖਕਾਂ ਚ ਵੱਧ ਰਹੀ ਖਾਈ ਨੂੰ ਵੀ ਰੋਕੀਏ 


ਲੁਧਿਆਣਾ
>3 ਮਾਰਚ 2024>ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ >>

ਪੰਜਾਬੀ ਸਾਹਿਤ ਐਕਡਮੀ ਦੀਆਂ ਚੋਣਾਂ ਦਾ ਕੰਮ ਨਿੱਬੜ ਚੁੱਕਿਆ। ਨਤੀਜੇ ਵੀ ਆ ਚੁੱਕੇ। ਜਿਹੜੇ ਵੋਟਾਂ ਪਾਉਣ ਆਏ ਸਨ ਉਹਨਾਂ ਨੇ ਜਾਂ ਤਾਂ ਕਿਸੇ ਨਾ ਕਿਸੇ ਨੂੰ ਜਿਤਾਉਣਾ ਸੀ ਅਤੇ ਕਿਸੇ ਨੂੰ ਕਿਸੇ ਹਰਾਉਣਾ ਸੀ। ਜਿਹੜੇ ਸਿਰਫ ਵੋਟਾਂ ਪਾਉਣ ਲਈ ਨਹੀਂ ਸਨ ਆਏ ਉਹਨਾਂ ਵਿੱਚੋਂ ਬਹੁਤ ਸਾਰੇ ਕਿਸੇ ਨ ਕਿਸੇ ਦੇ ਹਮਾਇਤੀ ਬਣ ਕੇ ਆਏ ਸਨ। ਇੱਕ ਧਿਰ ਹੋਰ ਵੀ ਸੀ ਜਿਹੜੇ ਇਸ ਚੋਣ ਇਕੱਠ ਵਾਲੇ ਮੇਲੇ ਵਿੱਚ ਸੱਜਣਾਂ ਮਿੱਤਰਾਂ ਨੂੰ ਮਿਲਣ ਲਈ ਆਈ ਸੀ। ਕਿਓਂਕਿ ਚੋਣ ਲੜ ਰਹੀਆਂ  ਦੋਵੇਂ ਤਿੰਨੇ ਧਿਰਾਂ ਵਿੱਚ ਸਭਨਾਂ ਦੇ ਸਾਂਝੇ ਮਿੱਤਰ ਵੀ ਸਨ ਅਤੇ ਲਿਹਾਜ਼ਦਾਰੀਆਂ ਵੀ ਸਨ। ਇਸ ਲਈ ਬਹੁਤਿਆਂ ਨੂੰ ਨਾ ਤਾਂ ਕਿਸੇ ਦੇ ਜਿੱਤਣ ਦੀ ਖੁਸ਼ੀ ਹੋਈ ਅਤੇ ਨਾ ਹੀ ਕਿਸੇ ਦੇ ਹਾਰਨ ਦਾ ਗਮ ਕੋਈ ਵੀ ਹੋਇਆ। ਡਾ. ਲਖਵਿੰਦਰ ਜੌਹਲ ਦੇ ਸਾਹਿਤਿਕ ਅਤੇ ਪੱਤਰਕਾਰੀ ਵਾਲੇ ਕੱਦ ਨੂੰ ਦੇਖਦਿਆਂ ਕਿਹਾ ਜਾ ਸਕਦਾ ਹੈ ਕਿ ਉਹ ਕਿਵੇਂ ਹਾਰ ਸਕਦਾ ਹੈ! ਇਥੇ ਚੋਣ  ਨਤੀਜਿਆਂ ਦੀ ਗੱਲ ਕਰਦਿਆਂ 

ਮੰਜ਼ਰ ਭੋਪਾਲੀ ਹੁਰਾਂ ਦਾ ਇੱਕ ਬਹੁਤ ਪਿਆਰਾ ਸ਼ੇਅਰ ਯਾਦ ਆ ਰਿਹਾ ਹੈ:

ਇਸੀ ਹੋਨੀ ਕੋ ਤੋ ਕਿਸਮਤ ਕਾ ਲਿਖਾ ਕਹਿਤੇ ਹੈਂ:

ਜੀਤਨੇ ਕਾ ਜਹਾਂ ਮੌਕਾ ਥਾਂ ਵਹੀਂ ਹਾਰ ਹੁਈ! 

ਪਰ ਇਹ ਸੁਆਲ ਇੱਕ ਵਾਰ ਫੇਰ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਲੇਖਕ ਅਤੇ ਸ਼ਾਇਰ ਇੱਕ ਦੂਜੇ ਦੇ ਖਿਲਾਫ਼ ਇਹਨਾਂ ਅਹੁਦਿਆਂ ਅਤੇ ਕੁਰਸੀਆਂ ਲਈ ਆਹਮੋ ਸਾਹਮਣੇ ਡਟੇ ਹੀ ਕਿਓਂ? ਇਹ ਮਹਾਂਭਾਰਤ ਹੋਈ ਹੀ ਕਿਓਂ? ਇਹ ਦੋ-ਤਿੰਨ ਜਾਂ ਚਾਰ ਥਾਂਈ ਵੰਡੇ ਹੀ ਕਿਓਂ ਗਏ? ਅਜਿਹੇ ਸੁਲਗਦੇ ਸੁਆਲਾਂ ਦੇ ਜੁਆਬਾਂ ਬਾਰੇ ਸੋਚਣਾ ਵੀ ਜ਼ਰੂਰੀ ਸੀ। 

ਯਾਦ ਆਉਂਦਾ ਹੈ ਕਦੇ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਨੇ ਲਿਖਿਆ  ਸੀ 

ਦੋ ਟੋਟਿਆਂ ਦੇ ਵਿੱਚ ਭੋਂ ਟੁੱਟੀ,

ਇਕ ਮਹਿਲਾਂ ਦਾ ਇਕ ਢੋਕਾਂ ਦਾ!

ਦੋ ਧੜਿਆਂ ਵਿਚ ਖ਼ਲਕਤ ਵੰਡੀ

ਇਕ ਲੋਕਾਂ ਦਾ ਇਕ ਜੋਕਾਂ ਦਾ!

ਦਹਾਕੇ ਹੋ ਗਏ ਹਨ ਇਸ ਕਵਿਤਾ ਨੂੰ ਬਹੁਤ ਵਾਰ ਬਹੁਤ ਥਾਂਵਾਂ ਅਤੇ ਮੌਕਿਆਂ 'ਤੇ ਪੜ੍ਹਿਆ ਜਾਂਦਾ ਰਿਹਾ ਹੈ। ਜਿਹਨਾਂ ਨੂੰ ਸਿਆਸਤ ਦੀ ਸ਼ਤਰੰਜ ਸਮਝ ਨਹੀਂ ਸੀ ਆਉਂਦੀ ਉਹਨਾਂ ਨੂੰ ਵੀ ਇਹ ਸਤਰਾਂ ਪਹਿਲਾਂ ਵੀ ਸਮਝ ਆਉਂਦੀਆਂ ਸਨ ਅਤੇ ਹੁਣ ਵੀ ਸਮਝ ਆਉਂਦੀਆਂ ਹਨ। ਇਸੇ ਕਵਿਤਾ ਵਿੱਚ ਅੱਗੇ ਜਾ ਕੇ ਪ੍ਰੋਫੈਸਰ ਮੋਹਨ ਸਿੰਘ ਲਿਖਦੇ ਹਨ:

ਅਸਲੀਅਤ ਵਿਚ ਨੇ ਦੋ ਵਿੱਥਾਂ

ਬਾਕੀ ਸਭ ਕੂੜੀਆਂ ਪਾੜਾਂ ਨੇ!

ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀ ਸ਼ਾਇਰੀ ਨੇ ਬੜੇ ਹੀ ਪ੍ਰਭਾਵੀ ਢੰਗ ਨਾਲ ਇਸ ਵਿਚਾਰ ਨੂੰ ਅੱਗੇ ਤੋਰਿਆ। ਇਸ ਵਿਚਾਰ ਨੂੰ ਨਵੇਂ ਸ਼ਾਇਰਾਂ ਨੇ ਇੱਕ ਵਿਰਾਸਤ ਅਤੇ ਵਸੀਅਤ ਵਾਂਗ ਅਪਣਾਇਆ ਵੀ। ਇਸ ਤਰ੍ਹਾਂ ਦੀ ਲੋਕ ਪੱਖੀ ਸ਼ਾਇਰੀ ਨੇ ਹੀ ਲੋਕ ਪੱਖੀ ਹਵਾ ਨੂੰ ਕਾਇਮ ਕਰਨ ਵਿਚ ਬੜੀ ਉਸਾਰੂ ਭੂਮਿਕਾ ਨਿਭਾਈ। ਪਾਸ਼, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ ਇਸੇ ਸਿਲਸਿਲੇ ਨੂੰ ਹੋਰ ਅੱਗੇ ਲੈ ਕੇ ਗਏ। 

ਪਰ 1978 ਦੀ ਵਿਸਾਖੀ ਤੋਂ ਬਾਅਦ ਹਾਲਾਤ ਤੇਜ਼ੀ ਨਾਲ ਬਦਲਣ ਲੱਗੇ। ਰੰਗ ਵੀ ਬਦਲਦੇ ਚਲੇ ਗਏ ਅਤੇ ਸੁਰਾਂ ਵੀ। ਹਵਾ ਜ਼ਹਿਰੀਲੀ ਹੋਣ ਲੱਗ ਪਈ। ਸਿਆਸਤਾਂ ਵਾਲੇ ਆਪਣੀ ਚਾਲ ਚੱਲ ਚੁੱਕੇ ਸਨ। ਕਾਲੀਆਂ ਬੋਲੀਆਂ ਹਨੇਰੀਆਂ ਚੜ੍ਹੀਆਂ ਆ ਰਹੀਆਂ ਸਨ। ਇਸਦੇ ਬਾਵਜੂਦ ਉਹਨਾਂ ਨਾਜ਼ੁਕ ਸਮਿਆਂ ਵਿੱਚ ਸੁਰਜਨ ਜ਼ੀਰਵੀ, ਬਾਬਾ ਗੁਰਬਖਸ਼ ਸਿੰਘ ਬੰਨੋਆਣਾ ਅਤੇ ਲਖਵਿੰਦਰ ਜੌਹਲ ਵਰਗੀਆਂ ਸ਼ਖਸੀਅਤਾਂ ਦਾ ਸਾਡੇ ਨਾਲ ਹੋਣਾ ਹੌਂਸਲਾ ਵੀ ਦੇਂਦਾ ਸੀ ਅਤੇ ਸਬਰ ਸੰਤੋਖ ਵੀ। ਇਸਦੇ ਨਾਲ ਹੀ ਬਹੁਤ ਕੁਝ ਸਿੱਖਣ  ਦੀ ਜਾਚ ਵੀ। ਏਨੇ ਵਿੱਚ ਪੰਜਾਬ ਉਹਨਾਂ ਖਤਰਿਆਂ ਦੀ ਦਸਤਕ ਸੁਣਨ ਲੱਗ ਪਿਆ ਸੀ ਜਿਹੜੇ ਕੁਝ ਸਮੇਂ ਮਗਰੋਂ ਹੀ ਸਾਹਮਣੇ ਆਉਣੇ ਸ਼ੁਰੂ ਹੋਈ ਗਏ ਸਨ। ਅੱਸੀਵਿਆਂ ਵਾਲੇ ਕਹਿਰ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਅਤੇ ਪੰਜਾਬ ਵਿੱਚ ਫਿਰਕੂ ਮਾਹੌਲ ਮਜ਼ਬੂਤ ਹੁੰਦਾ ਜਾ ਰਿਹਾ ਸੀ। 

ਇਸ ਤੋਂ ਪਹਿਲਾਂ ਨਕਸਲੀ ਲਹਿਰ ਦੇ ਉਭਾਰ ਵੇਲੇ ਵੀ ਪੰਜਾਬ ਦੇ ਹਾਲਾਤ ਬੜੇ ਨਾਜ਼ੁਕ ਬਣੇ ਸਨ। ਉਦੋਂ ਝੂਠੇ ਮੁਕਾਬਲਿਆਂ ਦਾ ਸਿਲਸਿਲਾ ਨਾ ਸਿਰਫ ਆਰੰਭ ਹੋਇਆ ਸੀ ਬਲਕਿ ਇਸਨੇ ਤੇਜ਼ੀ ਵੀ ਫੜ੍ਹੀ ਸੀ। ਹਾਲਾਂਕਿ ਨਕਸਲੀ ਲਹਿਰ ਅਤੇ ਨਕਸਲੀ ਲਹਿਰ ਵੇਲੇ ਸਾਹਮਣੇ ਆਈ ਸ਼ਾਇਰੀ ਅਤੇ ਪੱਤਰਕਾਰੀ  ਨੂੰ ਵੱਡੀ ਪੱਧਰ 'ਤੇ ਪਸੰਦ ਕੀਤਾ ਜਾ ਰਿਹਾ ਸੀ ਪਰ ਪੰਜਾਬ ਦੇ ਬਹੁਗਿਣਤੀ ਲੋਕ ਝੂਠੇ ਪੁਲਿਸ ਮੁਕਾਬਲਿਆਂ ਅਤੇ ਪੁਲਿਸ ਹਰਾਸਮੈਂਟ ਦੇ ਮਾਮਲਿਆਂ ਨੂੰ ਮਨੁੱਖੀ ਅਧਿਕਾਰਾਂ ਦਾ ਮਸਲਾ ਬਣਾ ਕੇ ਸਾਂਝੇ ਤੌਰ 'ਤੇ  ਕਦੇ ਮਜ਼ਬੂਤੀ ਨਾਲ ਲਾਮਬੰਦ ਨਾ ਹੋ ਸਕੇ। ਇਹ ਫਰਜ਼ ਜਸਟਿਸ ਅਜੀਤ ਸਿੰਘ ਬੈਂਸ, ਮਾਲਵਿੰਦਰ ਸਿੰਘ ਮਾਲੀ ਅਤੇ ਇਹਨਾਂ ਦੇ ਕਈ ਸਰਗਰਮ ਸਾਥੀਆਂ ਨੇ ਹੀ ਨਿਭਾਇਆ। ਕਾਮਰੇਡ ਜਗਜੀਤ ਸਿੰਘ ਆਨੰਦ ਅਤੇ ਕਾਮਰੇਡ ਸਤਪਾਲ ਡਾਂਗ ਵਰਗੇ ਪ੍ਰਸਿੱਧ ਆਗੂ ਅਤੇ ਬੁੱਧੀਜੀਵੀ ਵੀ ਇਸ ਸਬੰਧ ਵਿੱਚ ਚੋਣਵੇਂ ਮਾਮਲਿਆਂ ਦੀ ਪੂਰੀ ਘੋਖ ਪੜਤਾਲ ਕਰਕੇ ਜਤਨਸ਼ੀਲ ਰਹੇ।ਪਰ ਹੋਣੀ ਹਰ ਵਾਰ ਹੋ ਕੇ ਹੀ ਰਹਿੰਦੀ ਰਹੀ। ਬਹੁਤ ਸਾਰੇ ਘਰਾਂ ਦੇ ਚਿਰਾਗ ਬੁਝ ਗਏ। ਹਰ ਦਿਲ ਵਿੱਚੋਂ ਇਹ ਹੁੱਕ ਉੱਠ ਰਹੀ ਸੀ:

ਖੰਭ ਖਿੱਲਰੇ ਨੇ ਕਾਂਵਾਂ ਦੇ-ਰੋਕ ਲਓ ਨਿਸ਼ਾਨੇਬਾਜ਼ੀਆਂ--ਪੁੱਤ ਮੁੱਕ ਚੱਲੇ ਮਾਂਵਾਂ ਦੇ!

ਉਦੋਂ ਵੀ ਲੇਖਕ ਅਤੇ ਸ਼ਾਇਰ ਪਹਿਲਾਂ ਨਕਸਲੀ ਸੁਰ ਅਤੇ ਗੈਰ ਨਕਸਲੀ ਸੁਰ ਵਿੱਚ ਵੰਡੇ ਗਏ ਅਤੇ ਫਿਰ ਖਾੜਕੂ ਸੁਰ ਅਤੇ ਰਾਸ਼ਟਰਵਾਦੀ ਸੁਰ ਦਰਮਿਆਨ ਵੰਡੇ ਗਏ ਸਨ। ਇਹ ਲਕੀਰ ਬਾਅਦ ਵਿੱਚ ਵੀ ਸਾਹਿਤ ਦੇ ਵੱਖ ਵੱਖ ਰੂਪਾਂ ਵਿਚ ਕਈ ਵਾਰ ਬਣਦੀ ਅਤੇ ਗੂਹੜੀ ਹੁੰਦੀ ਰਹੀ। ਵਿਚਾਰਾਂ ਨੇ ਹਮੇਸ਼ਾਂ ਹੀ  ਸਾਹਿਤ ਨੂੰ ਪ੍ਰਭਾਵਿਤ ਵੀ ਕੀਤਾ। ਵਿਚਾਰਾਂ ਨੇ ਹੀ ਲਹਿਰਾਂ ਪੈਦਾ ਵੀ ਕੀਤੀਆਂ ਅਤੇ ਤੇਜ਼ ਵੀ ਕੀਤੀਆਂ। ਸ਼ਮ੍ਹਾਂ ਤੇ ਖੁਦ ਅੱਪੜ ਕੇ ਕੁਰਬਾਨੀ ਦੇਣ ਵਾਲਿਆਂ ਦੇ ਜਜ਼ਬੇ ਸ਼ਬਦਾਂ ਦੀ ਸ਼ਕਤੀ ਚੋਂ ਹੀ ਆਏ ਸਨ। ਵਿਚਾਰਾਂ ਦੀ ਸ਼ਕਤੀ ਚੋਂ ਹੀ ਆਏ ਸਨ। ਸਾਹਿਤ ਅਤੇ ਸਿਆਸਤ ਨੂੰ ਵੱਖ ਵੱਖ ਐਨਕਾਂ ਨਾਲ ਦੇਖਣ ਵਾਲੇ ਵੀ ਅਗਿਆਨੀ ਤਾਂ ਨਹੀਂ ਹਨ ਪਰ ਪਤਾ ਨਹੀਂ ਝੂਠ ਕਿਓਂ ਬੋਲਦੇ ਹਨ। ਸਿਆਸਤ ਅਤੇ ਸਾਹਿਤ ਵੱਖ ਹੋ ਹੀ ਕਿਵੇਂ ਸਕਦੇ ਹਨ

ਨਕਸਲੀ ਲਹਿਰ ਦੇ ਉਭਾਰ ਵੇਲੇ ਆਲ ਇੰਡੀਆ ਰੇਡੀਓ ਅਰਥਾਤ ਆਕਾਸ਼ਵਾਣੀ ਜਲੰਧਰ ਵਾਲੇ ਐਸ ਐਸ ਮੀਸ਼ਾ ਹੁਰਾਂ ਨੇ ਲਿਖਿਆ ਸੀ:

ਲਹਿਰਾਂ ਸੱਦਿਆ ਸੀ ਸਾਨੂੰ ਵੀ ਇਸ਼ਾਰਿਆਂ ਦੇ ਨਾਲ!

ਸਾਥੋਂ ਮੋਹ ਤੋੜ ਹੋਇਆ ਨਾ ਕਿਨਾਰਿਆਂ ਦੇ ਨਾਲ!

ਇੱਸੇ ਤਰ੍ਹਾਂ ਡਾਕਟਰ ਜਗਤਾਰ ਹੁਰਾਂ ਦੀਆਂ ਸਤਰਾਂ ਬਹੁਤ ਹਰਮਨ ਪਿਆਰੀਆਂ ਹੋਈਆਂ:

ਹਰ ਮੋੜ ‘ਤੇ ਸਲੀਬਾਂ, ਹਰ ਪੈਰ ‘ਤੇ ਹਨੇਰਾ।

ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ!

ਡਾਕਟਰ ਜਗਤਾਰ ਦੀਆਂ ਹੀ ਇਹ ਸਤਰਾਂ ਵੀ ਚੇਤੇ ਆਉਂਦੀਆਂ ਹਨ:

ਦੋਸਤੋ ਜੇ ਮਰ ਗਏ ਤਾਂ ਗ਼ਮ ਨਹੀਂ, ਦਾਸਤਾਂ ਸਾਡੀ ਕਦੇ ਜਾਣੀ ਨਹੀਂ।

ਬੇੜੀਆਂ ਦੀ ਛਣਕ ਵਿੱਚ ਜੋ ਰਮਜ਼ ਹੈ, ਕੌਣ ਕਹਿੰਦੈ, ਲੋਕਾਂ ਪਹਿਚਾਣੀ ਨਹੀਂ!

ਪਰ ਹੋਲੀ ਹੋਲੀ ਸਾਡੇ ਲੇਖਕ ਮਿੱਤਰ ਹੀ ਵਿਚਾਰਾਂ ਅਤੇ ਵਿਚਾਰਧਾਰਾਵਾਂ ਤੋਂ ਦੂਰ ਹੁੰਦੇ ਹੁੰਦੇ ਵਿਅਕਤੀਵਾਦੀ ਬਣਦੇ ਚਲੇ ਗਏ। ਵਿਚਾਰਧਾਰਾ ਨਾਲ ਇਹੋ ਜਿਹੀ ਬੇਵਫ਼ਾਈ ਸ਼ਾਇਦ ਪਹਿਲਾਂ ਕਦੇ ਨਹੀਂ ਹੁੰਦੀ ਸੀ। 

ਜਨਾਬ ਦੀਪਕ ਜੈਤੋਈ ਸਾਹਿਬ ਭਾਵੇਂ ਖੱਬੇ ਪੱਖੀਆਂ ਦੇ ਵਿਰੋਧੀਆਂ ਨਾਲ ਖਲੋਂਦੇ ਸਨ। ਉਹਨਾਂ ਦਾ ਸਟੈਂਡ ਵੀ ਸਪਸ਼ਟ ਹੀ ਸੀ। ਉਹਨਾਂ ਦੇ ਨਾਮ ਦਾ ਤਖੱਲਸ "ਦੀਪਕ" ਵੀ ਸ਼ਾਇਦ ਜਨਸੰਘ ਪਾਰਟੀ ਵਾਲੇ ਚੋਣ ਨਿਸ਼ਾਨ ਦੀਪਕ ਤੋਂ ਹੀ ਪ੍ਰੇਰਿਤ ਸੀ ਪਰ ਲੋਕ ਵਿਰੋਧੀ ਉਹ ਕਦੇ ਨਹੀਂ ਸਨ ਬਣੇ। 

ਉਹਨਾਂ ਨੇ ਅੱਤ ਦੀ ਗਰੀਬੀ ਦੇਖੀ ਸੀ ਪਰ ਕਿਸੇ ਬੰਦੇ ਦੇ ਬੰਦੇ ਉਹ ਕਦੇ ਵੀ ਨਹੀਂ ਸਨ ਬਣੇ। ਉਹਨਾਂ ਨੇ ਆਪਣੇ ਹੀ ਨਾਮ ਵਾਲੀ ਆਪਣੀ ਸੱਕੀ ਭੈਣ ਗੁਰਚਰਨ ਕੌਰ ਦੇ ਕੋਲ ਵੀ ਖਸਤਾ ਹਾਲ ਦੇ ਬਾਵਜੂਦ ਕਦੇ ਕੋਈ ਅਰਜੋਈ ਨਾ ਕੀਤੀ ਹਾਲਾਂਕਿ ਇਹ ਐਮ ਪੀ ਵੀ ਰਹੀ। ਕਮਜ਼ੋਰ ਆਰਥਿਕਤਾ ਦੇ ਬਾਵਜੂਦ ਉਹਨਾਂ ਦਾ ਆਤਮ ਸਨਮਾਨ, ਉਹਨਾਂ ਦਾ ਸਵੈ ਮਾਣ, ਉਹਨਾਂ ਦੀ ਅਣਖ ਹਮੇਸ਼ਾਂ  ਚੜ੍ਹਦੀਕਲਾ ਵਿੱਚ ਰਹੇ। ਉਹਨਾਂ ਦੀ ਸ਼ਾਇਰੀ ਵੀ ਬੁਲੰਦੀਆਂ ਛੂੰਦੀ ਰਹੀ। ਉਹਨਾਂ ਦੀਆਂ ਸਤਰਾਂ ਅੱਜ ਵੀ ਚੇਤੇ ਆਉਂਦੀਆਂ ਹਨ ਜਿਹੜੀਆਂ ਅੱਜ ਦੇ ਲੇਖਕਾਂ ਅਤੇ ਸਿਆਸਤਦਾਨਾਂ ਨੂੰ ਜ਼ਰੂਰੁ ਵਿਚਾਰਨੀਆਂ ਚਾਹੀਦੀਆਂ ਹਨ:

ਓ ਜਾਣ ਵਾਲੇ ਸੁਣ ਜਾ! ਇੱਕ ਗੱਲ ਮੇਰੀ ਖਲੋ ਕੇ!

ਚੱਲੀਏ ਕਿਸੇ ਦੇ ਬਣ ਕੇ; ਰਹੀਏ ਕਿਸੇ ਦੇ ਹੋ ਕੇ!

ਸਮੇਂ ਦੇ ਨਾਲ ਨਾਲ ਇਹ ਪ੍ਰਤੀਬੱਧਤਾ, ਇਹ ਅਣਖ, ਇਹ ਸਵੈ ਮਾਣ ਸਭ ਕੁਝ ਖੁਰਦਾ ਹੀ ਚਲਾ ਗਿਆ। ਪਤਾ ਨਹੀਂ ਕੁਰਸੀਆਂ ਨਾਲ ਲਗਾਓ ਕਿਓਂ ਅਤੇ ਕਿਸ ਕਾਰਣ ਵਧਿਆ ਅਤੇ ਵਧਦਾ ਹੀ ਚਲਾ ਗਿਆ।  ਅਹੁਦੇ ਦੀ ਲਾਲਸਾ ਭਾਰੂ ਹੁੰਦੀ ਚਲੀ ਗਏ। ਅਹੁਦੇ ਪਿੱਛੇ ਧਰਮ ਅਤੇ ਧੜਾ ਸਭ ਕੁਝ ਬਦਲਣਾ ਅੱਜਕਲ੍ਹ ਦੇ ਵੇਲਿਆਂ ਦੀ ਸਿਆਣਪ ਗਿਣੀ ਜਾਣ ਲੱਗ ਪਈ। 

ਪਤਾ ਨਹੀਂ ਕੁਰਸੀਆਂ ਵਿਚ ਕੀ ਜਾਦੂ ਸੀ ਇਸਨੇ ਸਭਨਾਂ ਦੀਆਂ ਵਿਚਾਰਾਂ ਅਤੇ ਸੋਚਾਂ ਹੀ ਬਦਲ ਸੁੱਟੀਆਂ। ਵੱਡੇ ਵੱਡੇ ਕਦ ਵਾਲੇ ਬਹੁਤ ਸਾਰੇ ਸੱਜਣ ਮਿੱਤਰ ਕੁਰਸੀਆਂ ਦੇਖ ਕੇ ਬੌਣੇ ਸਾਬਿਤ ਹੁੰਦੇ ਚਲੇ ਗਏ। ਪਤਾ ਨਹੀਂ ਇਹ ਸਭ ਕਿਓਂ ਹੋਇਆ? ਕਿਵੇਂ ਅਤੇ ਕਿਸ ਕਾਰਨ ਹੋਇਆ? ਇਸ ਅਰਸੇ ਦੌਰਾਨ ਪ੍ਰੋਫੈਸਰ ਮੋਹਨ ਸਿੰਘ ਹੁਰਾਂ ਦੀਆਂ ਦੋ ਧੜਿਆਂ ਵਿਚ ਖਲਕਤ ਵੰਡੀ ਵਾਲੀਆਂ ਸਤਰਾਂ ਵੀ ਭੁੱਲਦੀਆਂ ਅਤੇ ਗੁਆਚਦੀਆਂ ਚਲੀਆਂ ਗਈਆਂ। 

ਸਿਆਸੀ ਲੋਕਾਂ ਦੇ ਬਦਲਦੇ ਰੰਗਾਂ ਨੂੰ ਦੇਖ ਕੇ ਕੁਝ ਪ੍ਰਗਤੀਸ਼ੀਲ ਨੌਜਵਾਨਾਂ ਨੇ ਨਾਅਰੇ ਵੀ ਘੜੇ ਸਨ ਜਿਹੜੇ ਅਕਸਰ ਗੂੰਜਦੇ ਵੀ ਸਨ:

ਚਿੱਟੇ ਬਗਲੇ ਨੀਲੇ ਮੋਰ! ਇਹ ਵੀ ਚੋਰ ਤੇ ਓਹ ਵੀ ਚੋਰ!

ਸਿਆਸਤ ਦਾ ਰੰਗ ਸਾਹਿਤ ਤੇ ਵੀ ਪੈਣ ਲੱਗਿਆ। ਲੇਖਕਾਂ ਵਿੱਚ ਵੀ ਨਵੇਂ ਧੜੇ ਬਣ ਗਏ। ਬਾਅਦ ਵਿੱਚ ਇਹ ਧੜੇ ਆਰਥਿਕ ਹਾਲਾਤਾਂ ਦੇ ਆਧਾਰਾਂ ਤੇ ਵੀ ਬਣਨ ਲੱਗ ਪਏ। ਮਹਿਲਾਂ ਵਾਲੇ ਅਤੇ ਕਾਰਾਂ ਵਾਲੇ ਇੱਕ ਪਾਸੇ ਹੋ ਗਏ। ਫਲੈਟਾਂ ਵਾਲੇ ਲੇਖਕ ਵੱਖਰੇ ਜਿਹੇ ਪੈ ਗਏ, ਕੋਠੀਆਂ ਵਾਲੇ ਉੱਚੇ ਜਿਹੇ ਬਣ ਗਏ ਅਤੇ ਜ਼ਿਆਦਾ ਮਾੜੀ ਹਾਲਤ ਵਿਚ ਰਹਿਣ ਵਾਲੇ ਕਲਮਕਾਰ ਨਿਖੜਨ ਵਾਲੀ ਹਾਲਤ ਵਿਚ ਆ ਗਏ। ਕਾਰਾਂ ਵਾਲੇ ਲੇਖਕ ਭਾਵੇਂ ਆਪਣੀਆਂ ਕਾਰਾਂ ਆਪਣੇ ਹੀ ਸ਼ਹਿਰਾਂ ਨੂੰ  ਖਾਲੀ ਭਾਵੇਂ ਲੈ ਜਾਣ  ਪਰ ਕਦੇ ਬਸ ਤੇ ਆਏ ਲੇਖਕ ਨੂੰ ਛੇਤੀ ਕੀਤਿਆਂ ਲਿਫਟ ਨਹੀਂ ਦੇਂਦੇ। 

ਸਾਹਿਤਿਕ ਖੇਤਰਾਂ ਵਿੱਚ ਵੀ ਅਮੀਰੀ ਗਰੀਬੀ ਦੀ ਇਹ ਲਕੀਰ ਗੂਹੜੀ ਹੁੰਦੀ ਚਲੀ ਗਈ। ਪੰਜਾਬੀ ਸਾਹਿਤ ਅਕਾਦਮੀ ਵਰਗੀਆਂ ਸੰਸਥਾਵਾਂ ਨੇ ਆਮ ਲੇਖਕਾਂ ਨੂੰ ਮੈਂਬਰ ਬਣਾਉਣ ਲਈ ਪੁਸਤਕ ਛਪੀ ਹੋਣ ਵਰਗੀਆਂ ਸ਼ਰਤਾਂ ਵੀ ਰੱਖ ਦਿੱਤੀਆਂ।ਇਸ ਤਰ੍ਹਾਂ ਕਿਤਾਬਾਂ ਛਾਪਣ ਵਾਲਿਆਂ ਦਾ ਕਾਰੋਬਾਰ ਵੀ ਚਮਕਿਆ ਅਤੇ ਮਾੜੀ ਆਰਥਿਕ ਹਾਲਤ ਵਾਲੇ ਲੇਖਕ ਖ਼ੁਦ ਹੀ ਹਾਸ਼ੀਏ 'ਤੇ ਆ ਗਏ। ਨਿਊਪਮਾ ਦੱਤ ਵਰਗੇ ਸ਼ਾਇਰਾਂ ਦੀ ਅਨੁਪਾਤ ਵੀ ਘਟਦੀ ਚਲੀ ਗਈ ਜਿਹੜੇ ਲਾਲ ਸਿੰਘ ਦਿਲ ਵਰਗੇ ਸ਼ਾਇਰਾਂ ਦੀ ਆਰਥਿਕ ਹਾਲਤ ਬਾਰੇ ਵੀ ਚਿੰਤਿਤ ਹੋਇਆ ਕਰਦੀ ਸੀ। ਹੁਣ ਤਾਂ ਕਰਨ ਵਾਲੇ ਸ਼ਾਇਰ ਲੋਕ ਤਿੰਨ ਜਾਂ ਚਾਰ ਸਵਾਰੀਆਂ ਦੇ ਬਾਵਜੂਦ ਕਿਸੇ ਬਸ ਵਾਲੇ ਨੂੰ ਪੰਜ ਸਵਾਰੀਆਂ ਹੋਣ ਦੀ ਗੱਲ ਕਹਿ ਕੇ ਨਾਲ ਲਿਜਾਣ ਤੋਂ ਪਾਸਾ ਵੱਟ ਜਾਂਦੇ ਹਨ। 

ਕਲਮਾਂ ਵਾਲਿਆਂ ਦਰਮਿਆਨ ਵੱਧ ਰਹੇ ਇਸ ਆਰਥਿਕ ਪਾੜ੍ਹੇ ਦਾ ਧਿਆਨ ਇੱਕ ਵਾਰ ਫੇਰ ਉਦੋਂ ਆਇਆ ਜਦੋਂ ਇੱਕ ਪੋਸਟ ਬਾਰੇ ਵਟਸਪ ਰਾਹੀਂ ਆਪਣੀ ਟਿੱਪਣੀ ਭੇਜਦਿਆਂ ਜਸਵੀਰ ਸ਼ਰਮਾ ਦੱਦਾਹੂਰ ਨੇ ਕਿਹਾ:

ਬਹੁਤ ਕੁੱਝ ਤੁਸੀਂ ਖੋਲ੍ਹ ਕੇ ਲਿਖਿਆ ਹੈ ਜੀ ਬਾਕੀ ਕੁੱਝ ਰਹਿ ਈ ਨਹੀਂ ਗਿਆ। ਚਹੇਤਿਆਂ ਦੀ ਚਾਪਲੂਸੀ ਹੁੰਦੀ ਹੈ,ਚੰਦ ਕੁ ਬੰਦੇ ਈ ਨੇ ਜੋ ਆਪਣਾ ਈ ਹੱਕ ਜਤਾਉਂਦੇ ਨੇ,ਜੋ ਤੁਸੀਂ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਹੈ, ਓਹਨਾਂ ਵਿੱਚ ਇਨ੍ਹਾਂ ਚਹੇਤਿਆਂ ਨੇ ਕੋਈ ਵੀ ਕਾਰਗੁਜ਼ਾਰੀ ਨਹੀਂ ਵਿਖਾਈ, ਮੈਂ ਤਾਂ ਇੱਕ ਲੇਖ ਵੀ ਲਿਖਿਆ ਸੀ ਕਿ ਆਰਥਿਕ ਪੱਖੋਂ ਕਮਜ਼ੋਰ ਲੇਖਕਾਂ ਨੂੰ ਬਣਦਾ ਮਾਣ ਸਤਿਕਾਰ ਦਿਓ ਜੋ ਸਿੱਧਾ ਮਾਨ ਸਾਹਿਬ ਦੀ ਈ ਮੇਲ ਤੇ ਵੀ ਭੇਜਿਆ ਸੀ,ਪਰ ਕੋਈ ਗੌਰ ਨਹੀਂ ਹੋਈ।ਜੋ ਜ਼ਿਆਦਾ ਪੂਛ ਪੂਛ ਕਰਦੇ ਨੇ ਓਹ ਸੱਭ ਕੁੱਝ ਲੈ ਜਾਂਦੇ ਨੇ। ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਮਾਨ ਸਾਹਿਬ ਨੂੰ ਭੇਜਿਆ ਤੇ ਅਖਬਾਰਾਂ ਵਿੱਚ ਲੱਗਾ ਲੇਖ ਵੀ ਭੇਜਾਂਗਾ ਜੀ ਤਕੜਿਆਂ ਦਾ ਸੱਤੀਂ ਵੀਹੀਂ ਸੌ ਹੈ ਇਥੇ। ਜਸਵੀਰ ਸ਼ਰਮਾ ਹੁਰਾਂ ਦੀ ਇਹ ਲਿਖਤ ਇਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ। 

ਇਸ ਲਈ ਸਾਹਿਤ ਦੇ ਖੇਤਰਾਂ ਵਿੱਚ ਜਿਹੜੇ ਹੋਰ ਬਹੁਤ ਸਾਰੇ ਮੁੱਦੇ ਹਨ ਉਹਨਾਂ ਵਿੱਚ ਇੱਕ ਮੁੱਦਾ ਆਰਥਿਕਤਾ ਵਾਲਾ ਵੀ ਅਹਿਮ ਸੀ ਅਤੇ ਹੁਣ ਵੀ ਹੈ ਪਰ ਇਸ ਬਾਰੇ ਸ਼ਾਇਦ ਹੀ ਕਦੇ ਕਿਸੇ ਵੱਲੋਂ ਕੋਈ ਪ੍ਰਸੰਸਾਯੋਗ ਕਦਮ ਚੁੱਕਿਆ ਗਿਆ ਹੋਵੇ। ਲੜਾਈਆਂ ਤਾਂ ਹੋਰ ਸਨ ਲੜਨ ਵਾਲੀਆਂ ਪਰ ਅਹੁਦਿਆਂ ਲਈ ਜੰਗ ਕਿਥੋਂ ਏਨੀ ਪ੍ਰਮੁੱਖ ਬਣ ਕੇ ਆ ਗਈ? 

ਜੇਕਰ ਚੋਣ ਹੋਈ ਤਾਂ ਜਿੱਤ ਹਾਰ ਵੀ ਹੋਣੀ ਹੀ ਸੀ। ਇਸ ਲਈ ਹਾਰਨ ਵਾਲੀ ਧਿਰ ਦੇ ਆਗੂ ਲਖਵਿੰਦਰ ਜੌਹਲ ਦੀ ਨਤੀਜਿਆਂ ਮਗਰੋਂ ਮੁਸਕਰਾਹਟ ਸੱਚਮੁੱਚ ਕਮਾਲ ਦੀ ਹਿੰਮਤ ਦਾ ਪ੍ਰਗਟਾਵਾ ਕਰ ਰਹੀ ਸੀ। ਇਹ ਮੁਸਕਰਾਹਟ ਸੀ ਅਸਲੀ ਖਿਡਾਰੀ ਭਾਵਨਾ ਦਾ ਪ੍ਰਗਟਾਵਾ। ਲਖਵਿੰਦਰ ਜੌਹਲ ਦੀ ਇਹ ਮੁਸਕਾਨ ਕਿਸੇ ਮਜਬੂਰੀ ਦੀ ਗੱਲ ਵੀ ਕਰਦੀ ਸੀ। ਪਤਾ ਨਹੀਂ ਉਹ ਮਜਬੂਰੀ ਕਿਹੜੀ ਸੀ ਜਾਂ ਹੈ ਪਰ ਮਜਬੂਰੀਆਂ ਅਤੇ ਔਕੜਾਂ ਨਾਲ ਮੁਸਕਰਾ ਕੇ ਗੱਲ ਕਰਨ ਵਿੱਚ ਜੌਹਲ ਸਾਹਿਬ ਕੋਲ ਇਹ ਮੁਹਾਰਤ ਦਹਾਕਿਆਂ ਪੁਰਾਣੀ ਹੈ। ਇਸਦੀਂਆਂ ਕਈ ਦਿਲਚਸਪ ਅਤੇ ਪ੍ਰੇਰਨਾਦਾਇਕ ਕਹਾਣੀਆਂ ਵੀ ਹਨ ਜਿਹਨਾਂ ਦੀ ਚਰਚਾ ਫਿਰ ਕਦੇ ਸਹੀ। 

ਪਹਾੜ ਕਾਟਨੇ ਵਾਲੇ ਜ਼ਮੀਂ ਸੇ ਹਾਰ ਗਏ!

ਇਸੀ ਜ਼ਮੀਨ ਮੈਂ ਦਰਿਆ ਸਮਾਏ ਹੈਂ ਕਿਆ ਕਿਆ!

          ----ਯਗਾਨਾ ਚੰਗੇਜ਼ੀ 

ਤੁਹਾਡੇ ਵਿਚਾਰਾਂ ਅਤੇ ਸੁਝਾਵਾਂ ਦੀ ਉਡੀਕ ਬਣੀ ਹੀ ਰਹੇਗੀ। ਜਿੱਤਾਂ ਹਾਰਾਂ ਦੇ ਨਾਲ ਨਾਲ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਲੇਖਕਾਂ ਦੀ ਮਾਨਸਿਕਤਾ ਅਤੇ ਲਾਈਫ ਸਟਾਈਲ ਕਿਹੜੀਆਂ ਖਿੜੀਆਂ ਗੱਲਾਂ ਕਰਕੇ ਡਿਸਟਰਬ ਹੋ ਰਹੇ ਹਨ। ਇਸ ਮਕਸਦ ਲਈ ਰਲ ਮਿਲ ਕੇ ਸਾਂਝਾ ਹੰਭਲਾ ਕਿਵੇਂ ਮਾਰਿਆ ਜਾ ਸਕਦਾ ਹੈ। ਪੱਤਰਕਾਰਾਂ//ਲੇਖਕਾਂ ਅਤੇ  ਬੁਧੀਜੀਵੀਆਂ ਤੇ ਕਿਹੜੇ ਕਿਹੜੇ ਖਤਰੇ ਮੰਡਰਾ ਰਹੇ ਹਨ।  ਹਾਲਤਾਂ ਵਿੱਚ ਸਾਨੂੰ ਸਭਨਾਂ ਨੂੰ ਇੱਕਜੁੱਟ ਹੋ ਕੇ ਵਡੇਰੇ ਹਿੱਤਾਂ ਪ੍ਰਤੀ ਗੰਭੀਰ ਹੋਣਾ ਚਾਹੀਦਾ ਹੈ। 

ਅਖੀਰ ਵਿੱਚ ਅਦਮ ਗੌਂਡਵੀ ਸਾਹਿਬ ਦੀ ਸਲਾਹ ਸਾਨੂੰ ਸਭਨਾਂ ਨੂੰ ਮੰਨ ਹੈ>

ਭੂਖ ਕੇ ਅਹਿਸਾਸ ਕੋ ਸ਼ੇ-ਅ ਰੋ  ਲੈ ਚਲੋ!

ਯਾ ਅਦਬ ਕੋ ਮੁਫਲਿਸੋਂ ਕੀ ਅੰਜੁਮਨ ਤੱਕ ਲੈ ਚਲੋ!

ਜੋ ਗ਼ਜ਼ਲ ਮਾਸ਼ੂਕ ਕੇ ਜਲਵੋਂ  ਸੇ ਵਾਕਿਫ ਹੋ ਗਈ!

ਉਸਕੋ ਅਬ ਬੇਵਾ ਕੇ ਮਾਥੇ ਕੀ ਸ਼ਿਕਨ ਤੱਕ ਲੈ ਚਲੋ!

ਮੁਝਕੋ ਸਬਰ-ਓ-ਜ਼ਬਤ ਕੀ ਤਾਲੀਮ ਦੇਣਾ ਬਾਅਦ ਮੈਂ,

ਪਹਿਲੇ ਆਪਣੀ ਰਹਿਬਰੀ ਕੋ ਆਚਰਣ ਤੱਕ ਲੈ ਚਲੋ!


     

Saturday 2 March 2024

ਡਾ.ਸਰਬਜੀਤ ਸਿੰਘ ਦੀ ਟੀਮ ਨੂੰ ਵੀ ਵੱਡੀਆਂ ਸ਼ਖਸੀਅਤਾਂ ਦੇ ਥਾਪੜੇ

ਤਿੰਨ ਵੱਡੀਆਂ ਹਸਤੀਆਂ ਦਾ ਪਿਆਰ, ਸਤਿਕਾਰ,ਥਾਪੜਾ ਅਤੇ ਅਸ਼ੀਰਵਾਦ


ਮੋਹਾਲੀ
//ਪਟਿਆਲਾ: 2 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::
ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਵਿੱਚ ਬਾਰ ਬਾਰ ਡਾਕਟਰ ਸਰਬਜੀਤ ਵਾਲੇ ਧੜੇ ਨੂੰ ਇੱਕ ਵਿਸ਼ੇਸ਼ ਸਿਆਸੀ ਪਾਰਟੀ ਦਾ ਧੜਾ ਕਹਿ ਕੇ ਆਲੋਚਨਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਸ ਮਕਸਦ ਲਈ ਆਲੋਚਨਾ ਦੇ ਤੀਰ ਛੱਡਣ ਵਾਲੇ ਇਹ ਸੱਜਣ ਇਹ ਵੀ ਭੁੱਲ ਜਾਂਦੇ ਰਹੇ ਕਿ ਇਹ ਉਹੀ ਪਾਰਟੀ ਹੈ ਜਿਸਦੇ ਵਿਚਾਰਾਂ ਨੇ ਦੁਨੀਆ ਵਿੱਚ ਸਦੀਆਂ ਤੋਂ ਜਾਰੀ ਲੁੱਟ ਖਸੁੱਟ ਅਤੇ ਸ਼ੋਸ਼ਣ ਦੇ ਖਿਲਾਫ਼ ਇੰਨਕਲਾਬ ਦਾ ਝੰਡਾ ਬੁਲੰਦ ਕੀਤਾ। ਇਸ ਝੰਡੇ ਦੀ ਬੁਲੰਦੀ ਲਈ ਕੁਰਬਾਨੀਆਂ ਦੀ ਝੜੀ ਵੀ ਲਾ ਦਿੱਤੀ।
ਲਗਾਤਾਰ ਡੁੱਲਦੇ ਆ ਰਹੇ ਇਸ ਲਹੂ ਨੇ ਹੀ ਦੁਨੀਆ ਦੇ ਬੁਧੀਜੀਵੀਆਂ, ਕਲਾਕਾਰਾਂ, ਸ਼ਾਇਰਾਂ, ਲੇਖਕਾਂ ਅਤੇ ਫਿਲਮਸਾਜ਼ਾਂ ਦੇ ਦਿਲਾਂ ਨੂੰ ਹਲੂਣਿਆ। ਜਾਂਨਿਸਾਰ ਅਖਤਰ, ਕੈਫ਼ੀ ਆਜ਼ਮੀ, ਸਾਹਿਰ ਲੁਧਿਆਣਵੀ, ਫੈਜ਼ ਅਹਿਮਦ ਫੈਜ਼--ਬਹੁਤ ਸਾਰੇ ਨਾਂਵਾਂ ਦੀ ਇਸ ਲੰਮੀ ਲਿਸਟ ਵਾਲੇ ਕਲਮਕਾਰ ਹੀ ਸਮਝ ਸਕੇ ਸਨ ਉਸ ਦਰਦ ਅਤੇ ਸੰਵੇਦਨਾ ਨੂੰ ਜਿਹੜਾ ਕਾਰਲ ਮਾਰਕਸ ਨੇ ਆਪਣੀ ਇਤਿਹਾਸਿਕ ਰਚਨਾ ਪੂੰਜੀ ਦੀ ਰਚਨਾ ਵੇਲੇ ਵੀ ਆਪਣੇ ਪਰਿਵਾਰ ਸਮੇਤ ਹੰਡਾਇਆ। ਨਿਸ਼ਾਨਾ:ਜਿੱਤ ਜਾਂ ਕੁਰਸੀ ਨਹੀਂ ਬਲਕਿ ਸਿਧਾਂਤਕ ਅਡੋਲਤਾ ਅਤੇ ਲੋਕਾਂ ਨਾਲ ਪ੍ਰਤੀਬੱਧਤਾ

ਇਹ ਉਹੀ ਫਲਸਫਾ ਹੈ ਜਿਸ ਵਿਚਲੇ ਵਿਚਾਰਾਂ ਨੇ ਬਹੁਤ ਸਾਰੇ ਸਾਹਿਤਕਾਰ ਪੈਦਾ ਕੀਤੇ। ਉਹਨਾਂ ਦੀਆਂ ਰਚਨਾਵਾਂ ਵਿੱਚੋਂ ਕਾਰਲ ਮਾਰਕਸ ਅਤੇ ਲੈਨਿਨ ਦੇ ਵਿਚਾਰਾਂ ਦਾ ਝਾਉਲਾ ਪੈਂਦਾ ਹੈ। ਜਾਦੂਈ ਫਲਸਫੇ ਵਾਲੀ ਇਹ ਇਹ ਲਿਖਤ "ਪੂੰਜੀ" ਕਿਸੇ ਇਨਾਮ ਸ਼੍ਨਾਮ ਅਤੇ ਅਹੁਦੇ ਲਈ ਨਹੀਂ ਸੀ ਲਿਖੀ ਗਈ। ਇਹ ਸਾਹਿਤ ਲੋਕਾਂ ਦੇ ਹਾਲਤਾਂ ਵਿਚ ਉਸਾਰੂ ਤਬਦੀਲੀ ਲਿਆਉਣ ਲਈ ਲਿਖਿਆ ਗਿਆ ਸੀ।

ਕਲਮਾਂ ਅਤੇ ਸਾਹਿਤ ਦੀ ਲੋਕਾਂ ਦੇ ਭਲੇ ਨਾਲ ਪ੍ਰਤੀਬਧਤਾ ਅਸਲ ਵਿਚ ਹਰ ਕਲਮਕਾਰ ਦਾ ਫਰਜ਼ ਬਣਦਾ ਹੈ। ਜਿਹੜੇ ਅਜਿਹਾ ਕਰਨ ਦੀ ਬਜਾਏ ਲੋਕਾਂ ਦੇ ਖਿਲਾਫ਼ ਖੜੇ ਹੁੰਦੇ ਰਹੇ ਹਨ ਉਹ ਅਸਲ ਵਿਚ ਜੋਕਾਂ ਦੇ ਹੱਕ ਵਿਚ ਸਟੈਂਡ ਲੈ ਰਹੇ ਹੁੰਦੇ ਹਨ। ਲਕੀਰ ਨਾ ਵੀ ਖਿੱਚੀ ਜਾਵੇ ਤਾਂ ਵੀ ਆਪਣੇ ਆਪ ਬਣ ਜਾਂਦੀ ਹੈ ਅਤੇ ਸਮੇਂ ਦੇ ਨਾਲ ਨਾਲ ਗੂਹੜੀ ਹੁੰਦੀ ਜਾਂਦੀ ਹੈ।

ਪਾਸ਼, ਲਾਲਸਿੰਘ ਦਿਲ ਅਤੇ ਸੰਤ ਰਾਮ ਉਦਾਸੀ ਹੁਰਾਂ ਵਾਲੇ ਕਾਫ਼ਿਲੇ ਵੀ ਇੱਸੇ ਸੋਚ ਨੂੰ ਹੀ ਅੱਗੇ ਤੋਰਿਆ। ਇੱਸੇ ਸੋਚ 'ਤੇ ਚੱਲਣ ਵਾਲੇ ਕਲਮਕਾਰਾਂ ਨੇ ਹੀ ਲੋਕ ਪੱਖੀ ਸਿਆਸਤ ਦੀ ਮਜ਼ਬੂਤੀ ਲਈ ਆਪਣੀ ਕਲਮ ਚਲਾਈ। ਕਲਮਕਾਰਾਂ ਦੇ ਇਹਨਾਂ ਸਮਰਪਿਤ ਲੇਖਕਾਂ ਨੇ ਹੀ ਹੁਣ ਵੀ ਉਸ ਸੋਚ ਵਾਲੇ ਪੈਨਲ ਨੂੰ ਸਮਰਥਨ ਦਿੱਤਾ ਹੈ ਜਿਹੜਾ ਪੈਨਲ ਲੋਕ ਪੱਖੀ ਸਾਹਿਤ ਲਈ ਲਗਾਤਾਰ ਪ੍ਰਤੀਬੱਧ ਹੈ।

ਲੋਕਾਂ ਦੇ ਹੱਕ ਵਿੱਚ ਜਿਊਣ ਮਰਨ ਦਾ ਸੰਕਲਪ ਰੱਖਣ ਵਾਲੇ ਡਾ.ਸਰਬਜੀਤ ਸਿੰਘ ਦੀ ਟੀਮ ਨੂੰ ਵੀ ਜਿਹੜੀਆਂ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਦੇ ਥਾਪੜੇ ਮਿਲ ਰਹੇ ਹਨ ਉਹ ਲੋਕਾਂ ਨੂੰ ਸਮਰਪਿਤ ਰਹਿਣ ਵਾਲਿਆਂ ਦੇ ਹੀ ਹਨ। ਦਿਲਚਸਪ ਗੱਲ ਇਹ ਹੈ ਕਿ ਇਹ ਹਮਾਇਤਾਂ ਗੈਰ ਸਿਆਸੀ ਹੋਣ ਦੇ ਬਾਵਜੂਦ ਲੋਕਾਂ ਲਈ ਰਚੇ ਜਾਂਦੇ ਸਾਹਿਤ ਦੇ ਸਮਰਥਕਾਂ ਦੀਆਂ ਹੀ ਹਨ।

ਲੋਕਧਾਰਾ ਦੇ ਖੋਜੀ ਅਤੇ ਵੱਡੇ ਕਹਾਣੀਕਾਰ ਕਿਰਪਾਲ ਕਜ਼ਾਕ ਜੀ ਨੇ ਜ਼ਿੰਦਗੀ ਨੂੰ ਨੰਗੀਆਂ ਅੱਖਾਂ ਨਾਲ ਬਹੁਤ ਨੇੜਿਓਂ ਹੋ ਕੇ ਦੇਖਿਆ ਹੈ। ਉਹਨਾਂ ਦੀਆ ਲਿਖਤਾਂ ਹੁਣ ਵੀ ਬਹੁਤ ਪਿਆਰ ਅਤੇ ਸਟਿੱਕਰ ਨਾਲ ਪੜ੍ਹੀਆਂ ਜਾਂਦੀਆਂ ਹਨ। ਉਹਨਾਂ ਨੇ ਵੀ ਡਾਕਟਰ ਸਰਬਜੀਤ ਦੀ ਟੀਮ ਨੂੰ ਸ਼ੁਭਕਾਮਨਾਵਾਂ ਕਰਦਿਆਂ ਇਸ ਟੀਮ ਦਾ ਸਮਰਥਨ ਕੀਤਾ ਹੈ।

ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਅਤੇ ਲੋਕ ਘੋਲਾਂ ਦੇ ਹਮਰਾਹ ਕਹਾਣੀਕਾਰ ਅਤਰਜੀਤ ਜੀ ਪੂਰੀ ਤਰ੍ਹਾਂ ਬੇਬਾਕ ਅਤੇ ਸਪਸ਼ਟ ਰਹੇ ਹਨ। ਜਿਥੇ ਕਿਤੇ ਰਸਤੇ ਦੀ ਚੋਣ ਵਾਲੀ ਗੱਲ ਵੀ ਆਵੇ ਤਾਂ ਉਹ ਲੋਕ ਪੱਖੀ ਰਸਤੇ ਵੱਲ ਹੀ ਮੁੜਦੇ ਰਹੇ ਹਨ। ਉਮਰ ਅਤੇ ਸਿਹਤ ਦੀਆਂ ਚੁਣੌਤੀਆਂ ਦੇ ਬਾਵਜੂਦ ਉਹਨਾਂ ਨੇ ਸਾਹਿਤ ਪ੍ਰਤੀ ਲੋਕ ਪੱਖੀ ਪਹੁੰਚ ਨੂੰ ਕਦੇ ਵਿਸਾਰਿਆ ਨਹੀਂ। ਉਹ ਲੋਕਾਂ ਨਾਲ ਹੀ ਖੜੇ ਹੁੰਦੇ ਰਹੇ ਹਨ।

ਪੰਜਾਬ ਦੇ ਇਤਿਹਾਸ ਅਤੇ ਸਭਿਆਚਾਰ ਦੇ ਖੋਜੀ ਅਤੇ ਵੱਡੇ ਚਿੰਤਕ ਡਾ.ਪਰਮਿੰਦਰ ਸਿੰਘ ਵੀ ਖੁੱਲ੍ਹ ਕੇ ਡਾ. ਸਰਬਜੀਤ ਸਿੰਘ ਵਾਲੀ ਟੀਮ ਦੀ ਹਮਾਇਤ 'ਤੇ ਆਏ ਹਨ।

ਡਾਕਟਰ ਸਰਬਜੀਤ ਸਿੰਘ ਵਾਲੀ ਟੀਮ ਦੇ ਸਟਾਰ ਚੋਣ ਪ੍ਰਚਾਰਕ ਡਾ. ਕੁਲਦੀਪ ਸਿੰਘ ਨੇ ਇਸ ਪੈਨਲ ਦੀ ਹਮਾਇਤ 'ਤੇ ਆਏ ਸਭਨਾਂ ਲੇਖਕਣਾ ਅਤੇ ਸੰਗਠਨਾਂ ਦਾ ਸ਼ੁਕਰੀਆ ਅਦਾ ਕੀਤਾ ਹੈ। ਉਹਨਾਂ ਨੇ ਇਹਨਾਂ ਤਿੰਨਾਂ ਸ਼ਖਸੀਅਤਾਂ ਅਰਥਾਤ ਕਿਰਪਾਲ ਕਜ਼ਾਕ, ਅਤਰਜੀਤ ਕਹਾਣੀਕਾਰ ਅਤੇ ਡਾ. ਪਰਮਿੰਦਰ ਸਿੰਘ ਹੁਰਾਂ ਦਾ ਧੰਨਵਾਦ ਕਰਦਿਆਂ ਕਿਹਾ ਹੈ,"ਬਹੁਤ ਸ਼ੁਕਰੀਆ ਤਿੰਨਾਂ ਸ਼ਖ਼ਸੀਅਤਾਂ ਦਾ......"
"ਆਪ ਸਭ ਨੂੰ ਵੀ ਅਪੀਲ ਹੈ ਕਿ ਡਾ. ਸਰਬਜੀਤ ਸਿੰਘ ਵਾਲੇ ਕਾਫ਼ਲੇ ਦੀ ਤਾਕਤ ਬਣੀਏ...."

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਦਾ ਰੌਲਾ-ਫ਼ਰੀਦਾਬਾਦ ਤਕ

 Friday 1st March 2024 at 12:04 PM

ਕੁਝ ਕੁ ਸਵਾਲ ਸੁਰਿੰਦਰ ਸਿੰਘ ਓਬਰਾਏ ਵੱਲੋਂ ਵੀ ਆਏ ਹਨ 

ਲੁਧਿਆਣਾ//ਫਰੀਦਾਬਾਦ: 1 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)

ਦੋਸਤੋ, ਪਿਆਰੇ ਕਲਾਕਾਰੋ,

ਮੇਰੇ ਵੱਲੋਂ ਆਪ‌ ਜੀ ਨੂੰ ਸਤਿਕਾਰ,ਆਦਾਬ।

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਦਾ ਰੌਲਾ , ਹਰਿਆਣਾ ਦੇ ਸਿਰੇ ਤੇ ਫ਼ਰੀਦਾਬਾਦ ਤਕ ਪਹੁੰਚ ਗਿਆ ਹੈ.... ਕੁਝ ਕੁਝ ਲੋਕ ਸਭਾ ਦੇ ਰੌਲ਼ੇ ਵਾਂਗ। ਸੁਣਿਆ ਹੈ ਦੋ ਧਿਰਾਂ ਆਹਮੋ ਸਾਹਮਣੇ ਖੜੀਆਂ ਹਨ, ਘਰੋਂ ਘਰੀਂ ਸੰਪਰਕ ਕੀਤਾ ਜਾ ਰਿਹਾ ਹੈ...ਪਰ ਮੈਨੂੰ , ਸ਼ਾਇਦ ਅਗਿਆਨਤਾ ਕਾਰਨ,ਸਮਝ ਨਹੀਂ ਆ ਰਹੀ ਕਿ ਕਿਓਂ ਏਨੇ ਵੱਡੇ ਵੱਡੇ ਵਿਦਵਾਨ ਲੇਖਕਾਂ ਨੂੰ ਕੀ ਲੋੜ ਪੈ ਗਈ,ਤਖ਼ਤ ਵਰਗੀ ਕੁਰਸੀ ਤੇ ਬੈਠ ਕੇ , ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ  ਦੀ? 

ਅਜ ਕਲ ਹਰ ਕੋਈ 'ਪੰਜਾਬੀ ਮਾਂ ਬੋਲੀ ਦੀ ਸੇਵਾ ' ਦਾ ਬਿੱਲਾ ਦਾ ਕੇ ਕੁਰਸੀ ਪਿਛੇ ਦੌੜ ਰਹੇ ਹਨ, ਕੁਰਸੀਆਂ ਭਾਲ ਰਹੇ ਹਨ... ਪਰ ਕੀ ਇਹ ਵਿਦਵਾਨਾਂ ਨੂੰ ਵੀ ਸੋਭਦਾ ਹੈ?

 ਪਤਾ ਲਗਿਆ ਕਿ ਇਸ ਸੰਸਥਾ ਨੂੰ ਕਰੋੜਾਂ ਰੁਪਏ ਦੀ ਗ੍ਰਾਂਟ ਮਿਲਦੀ ਹੈ, ਜਿਸ ਨੂੰ ਪੰਜਾਬੀ ਬੋਲੀ ਦੀ ਚੜ੍ਹਤ ਲਈ ਵਰਤਿਆ ਜਾਣਾ ਚਾਹੀਦਾ ਹੈ ।

ਕੁਝ ਕੁ ਸਵਾਲ ਹਨ,ਹੋ ਸਕਦਾ ਹੈ ਬੇਤੁਕੇ ਹੋਣ, ਜਾਣਕਾਰੀ ਲਈ ਹੀ ਇਸ ਦਾ ‌ਉਤੱਰ   ਚਾਹੀਦਾ ਹੈ:

੧- ਕਿਨੇਂ ਸੈਮੀਨਾਰ ਕਰਵਾਏ ਗਏ ਹਨ ?

,੨- ਕੀ ਕਵੀ ਦਰਬਾਰਾਂ ਤੋਂ  ਇਲਾਵਾ ਕੋਈ ਕਹਾਣੀ ਦਰਬਾਰ, ਜਾਂ ਨਾਵਲ ਤੇ ਕੋਈ ਗੋਸ਼ਟੀ ਕਰਵਾਈ ਗਈ?

੩- ਵਾਰਤਕ ਵਿਧਾ ਵਿਚ ਨਿਬੰਧ  (ਆਲੋਚਨਾ ਤੋਂ ਇਲਾਵਾ) ਲਿਖਣ ਵਾਲੇ ਕਿੰਨਿਆਂ 

ਨੂੰ ਸਨਮਾਨਿਤ ਕੀਤਾ ਗਿਆ ਹੈ।

੪-ਗ੍ਰਾਂਟ ਦਾ ਕਿੰਨਾ ਕੁ ਖ਼ਰਚ (ਰਖ ਰਿਖਾ ਤਨਖਾਹਾਂ ਤੋਂ ਇਲਾਵਾ) ਟੂਰ ਤੇ ਅਤੇ ਕਿੰਨਾ  ਕੁ ਸਮਾਗਮ ਵਗੈਰਾ ਤੇ।

੫-ਕੀ ਪੰਜਾਬ ਤੋਂ ਬਾਹਰ ਕਦੀ ਕਿਸੇ ਲਿਖਾਰੀ ਨੂੰ ਸਨਮਾਨਿਤ ਕੀਤਾ ਗਿਆ ਹੈ? ਜਾਂ ਕਦੀਂ ਕੋਈ ਸਮਾਗਮ ਕਰਵਾਇਆ ਹੋਵੇ।

੬-ਭਾਵੇਂ ਇਹ ਸੰਸਥਾ ਪੰਜਾਬ ਸਰਕਾਰ  ਦੀ ਗ੍ਰਾਂਟ ਨਾਲ ਚਲਦੀ ਹੈ , ਇਸ ਦਾ ਰਾਬਤਾ ਬਾਹਰਲੇ ਦੇਸ਼ਾਂ ਨਾਲ ਵੀ ਹੈ, ਪਰ ਕਿਸੇ ਭਾਰਤੀ ਸਟੇਟ ਨਾਲ ਨਹੀਂ , ਕਿਸੇ ਯੂਨੀਵਰਸਿਟੀ ਨਾਲ ਨਹੀਂ।

੭- ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿਚ ਹਾਲੇ ਵੀ ਪੰਜਾਬੀ ਨਹੀਂ ਪੜ੍ਹਾਈ ਜਾਂਦੀ, ਕੁਝ ਇਸ ਦੀ ਸਰਕਾਰ ਤਕ ਕੀ ਪਹੁੰਚ ਤੇ ਉਪਰਾਲੇ ਕੀਤੇ ਗਏ ਹਨ?

ਮੇਰੀ ਜਾਚੇ ਏਨਾ ਆਪਿਸ ਵਿਚ ਗੁੱਥਮਗੁੱਥਾ ਹੋਣ ਦੀ ਬਜਾਏ , ਜਿਸ ਉਦੇਸ਼ ਨੂੰ ਲੈਕੇ ਇਸ ਦੀ ਸਥਾਪਨਾ ਕੀਤੀ ਗਈ ਸੀ,ਉਸ  ਨੂੰ ਮੁਖ ਰਖ ਕੇ, ਵਿਦਵਾਨਾਂ ਨੂੰ ਅਪੀਲ ਹੈ ਕਿ ਆਪਣੇ ਵੋਟ ਦੀ ਤਾਕਤ ਦਾ ਇਸਤੇਮਾਲ ਕਰਨ।

ਭੁੱਲ ਚੁੱਕ ਮੁਆਫ ਕਰਨੀਂ ਜੀ।

ਆਪ ਜੀ ਦਾ,

ਸੁਰਿੰਦਰ ਸਿੰਘ ਓਬਰਾਏ


ਆਖਿਰ ਵਿੱਚ ਚਾਰ ਕਾਵਿਕ ਸਤਰਾਂ ਵੀ:

ਮੂਲ ਚੰਦ ਸ਼ਰਮਾ ਦੀ ਲਾਜਵਾਬ ਕਵਿਤਾ 

ਸੇਲ    ਸੇਲ    ਸੇਲ

---------------------

ਦੇਵਤੇ ਵਿਕਾਊ ਇਨਸਾਨ ਵੀ ਵਿਕਾਊ ਨੇ ।

ਤੇਰੇ ਅਤੇ ਮੇਰੇ ਭਗਵਾਨ ਵੀ ਵਿਕਾਊ ਨੇ  ।

ਅੱਜ ਨੀਂ ਜੇ ਕੋਲ਼ ਪਿੱਛੋਂ ਅੱਧੋ ਅੱਧ ਕਰ ਲਾਂ ਗੇ ,

ਪੰਜ ਦਸ ਲੱਖੇ ਸਨਮਾਨ ਵੀ ਵਿਕਾਊ ਨੇ ।

😃😃😃

Friday 1 March 2024

ਪਿਛਲੇ ਦੋ ਸਾਲਾਂ ਦੌਰਾਨ ਚਿਰਾਂ ਤੋਂ ਲਮਕਦੀਆ ਸਮੱਸਿਆਵਾਂ ਦੇ ਹੱਲ ਕੀਤੇ—ਡਾਃ ਜੌਹਲ

Friday 1st March 2024 at 7:04 PM GSG email

ਡਾ. ਲਖਵਿੰਦਰ ਜੌਹਲ ਵਾਲੀ ਟੀਮ ਦੀਆਂ ਖਾਸ ਪ੍ਰਾਪਤੀਆਂ ਇਸ ਤਰ੍ਹਾਂ ਰਹੀਆਂ


ਲੁਧਿਆਣਾਃ
: 1 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਪੰਜਾਬੀ ਭਵਨ ਅਤੇ ਪੰਜਾਬੀ ਸਾਹਿਤ ਅਕਾਦਮੀ ਨੂੰ ਕਿਹੜੇ ਸੰਕਟਾਂ ਅਤੇ ਖ਼ਦਸ਼ਿਆਂ ਦੇ ਬੱਦਲਾਂ ਨੇ ਘੇਰ ਲਿਆ ਸੀ ਇਸਦੀ ਵਿਸਥਾਰਤ ਚਰਚਾ ਕਿਸੇ ਖੁੱਲੇ ਸੈਮੀਨਾਰ ਵਿਚ ਕੀਤੀ ਜਾਣੀ ਬਣਦੀ ਹੈ ਪਰ ਫਿਲਹਾਲ ਸੰਖੇਪ ਵਿੱਚ ਉਹਨਾਂ ਕਾਰਜਾਂ ਦਾ ਵੇਰਵਾ ਜਿਹੜੇ ਡਾ. ਲਖਵਿੰਦਰ ਜੌਹਲ ਵਾਲੀ ਟੀਮ ਨੇ ਆਪਣੇ ਕਾਰਜਕਾਰ ਸੰਭਾਲਣ ਮਗਰੋਂ ਛੇਤੀ ਹੀ ਕਰਨੇ ਸ਼ੁਰੂ ਕਰ ਦਿੱਤੇ। ਇਹਨਾਂ ਉੱਦਮਾਂ ਉਪਰਾਲਿਆਂ ਨੇ ਉਹਨਾਂ ਸੰਕਟਾਂ ਅਤੇ ਖਦਸ਼ਿਆਂ ਨੂੰ ਘਟਾਉਣ ਵਿਚ ਅਹਿਮ ਭੂਮਿਕਾ ਵੀ ਨਿਭਾਈ। 

ਪੰਜਾਬੀ ਸਾਹਿਤ ਅਕਾਦਮੀ ਨੂੰ ਸ਼ੁੱਧ ਸਾਹਿਤਿਕ ਬਣਾਉਣਾ ਵੀ ਕੋਈ ਛੋਟੀ ਚੁਣੌਤੀ ਨਹੀਂ ਸੀ ਪਰ ਇਸ ਦੇ ਨਾਲ ਇਸ ਟੀਮ ਨੇ ਅਕਾਦਮੀ ਦੀ ਵਾਗਡੋਰ ਸੰਭਾਲਦਿਆਂ ਹੀ ਜਿਹੜੇ ਕੰਮ ਸਿਰੇ ਚੜ੍ਹੇ ਉਹਨਾਂ ਵਿੱਚ  ਦੋ ਕਮਰਿਆਂ ਤੇ ਗਰੀਨ ਰੂਮਜ਼ ਉੱਤੇ ਨਜਾਇਜ਼ ਕਬਜ਼ਿਆਂ ਨੂੰ ਹਟਵਾਉਣ ਜਾਣ ਦਾ ਜੋਖ਼ਮ ਭਰਿਆ ਕਾਰਜ ਵੱਡੀ ਅਹਿਮੀਅਤ ਰੱਖਦਾ ਹੈ। ਇਹ ਸਿਲਸਿਲਾ ਲੰਮੇ ਸਮੇਂ ਤੋਂ ਅਣਗੌਲਿਆ ਜਿਹਾ ਹੀ ਪਿਆ ਸੀ। ਪਿਛਲੇ ਚੌਦਾਂ ਸਾਲਾਂ ਤੋਂ ਪੰਜਾਬੀ ਸਾਹਿੱਤ ਅਕਾਡਮੀ ਦੇ ਦੋ ਕਮਰਿਆਂ ਤੇ ਗਰੀਨ ਰੂਮਜ਼ ਉੱਤੇ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾਉਣਾ ਇੱਕ ਚੁਣੌਤੀ ਸੀ ਅਤੇ ਖਤਰਾ ਭਰਿਆ ਵੀ ਸੀ। ਇਹਨਾਂ ਕਬਜ਼ਿਆਂ ਨੂੰ ਹਟਾਏ ਜਾਣ ਦਾ ਜੋਖ਼ਮ ਭਰਿਆ ਕਾਰਜ ਸਵਰਗੀ ਲੇਖਕ ਤੇ ਪ੍ਰਬੰਧਕੀ ਬੋਰਡ ਮੈਂਬਰ ਸੁਖਜੀਤ ਮਾਛੀਵਾੜਾ ਦੀ ਅਗਵਾਈ ਵਿੱਚ ਬਣਾਈ ਗਈ ਟੀਮ ਦੀ ਹਿੰਮਤ ਤੇ ਪ੍ਰੇਰਨਾ ਸਦਕਾ ਸਫ਼ਲਤਾ ਪੂਰਨ ਨੇਪਰੇ ਚਾੜ੍ਹਿਆ ਗਿਆ।

ਇਸਦੇ ਨਾਲ ਹੀ ਪੁਸਤਕ ਬਾਜ਼ਾਰ ਵਿੱਚ ਬੰਦ ਪਏ 'ਪੁਸਤਕ ਵਿਕਰੀ ਕੇਂਦਰ' ਦੀ ਮੁੜ ਵਿਉਂਤਕਾਰੀ ਵੀ ਇਥੋਂ ਦੇ ਸਾਹਿਤਿਕ ਮਾਹੌਲ ਨੂੰ ਸੁਰਜੀਤ ਕਰਨ ਵਾਲੀ ਹੀ ਸੀ। ਚਾਹ ਕਾਫੀ ਅਤੇ ਸਾਹਿਤ ਰਚਨਾ ਦਾ ਕੁਝ ਨੇੜਲਾ ਸੰਬੰਧ ਬਣਿਆ ਹੀ ਆਇਆ ਹੈ ਪਰ ਕੰਟੀਨ ਦੀ ਕਮੀ ਅਕਸਰ ਖਟਕਦੀ ਸੀ। ਇਸ ਲਈ ਇਸ ਟੀਮ ਨੇ ਪਹਿਲ ਦੇ ਅਧਾਰ 'ਤੇ ਜਿਹੜੇ ਕੰਮ ਕੀਤੇ ਉਹਨਾਂ ਵਿੱਚ ਕਈ ਸਾਲਾਂ ਤੋਂ ਬੰਦ ਪਈ ਕੰਟੀਨ ਸ਼ੁਰੂ ਕਰਨ ਵਾਲਾ ਉੱਦਮ ਉਪਰਾਲਾ ਵੀ ਸ਼ਾਮਲ ਸੀ। ਚਾਹ ਕੋਫੀ ਵਾਲੀ ਇਸ ਕੰਟੀਨ ਨਾਲ ਸਾਹਿਤਿਕ ਮਾਹੌਲ ਹੋਰ ਵੀ ਚੰਗੇਰਾ ਹੋਇਆ। ਹੋਰ ਵੀ ਚੰਗਾ ਹੋਵੇ ਜੇਕਰ ਇਸ ਕੰਟੀਨ ਵਿਚ ਵਿਕਣ ਵਾਲੀਆਂ ਚੀਜ਼ਾਂ ਦੀਆ ਕੀਮਤਾਂ ਬਾਜ਼ਾਰ ਨਾਲੋਂ ਕੁਝ ਸਸਤੀਆਂ ਹੋਣ। 

ਜਦੋਂ ਤਿੰਨ ਚਾਰ ਘੰਟੇ ਚੱਲਣ ਵਾਲੇ ਸਮਾਗਮਾਂ ਵੇਲੇ ਸਰੋਤੇ ਅਤੇ ਦਰਸ਼ਕ ਕਿਸੇ ਗੱਲੋਂ ਅੱਕ ਥੱਕ ਜਾਣ ਅਤੇ ਭੁੱਖ ਵੀ ਮਹਿਸੂਸ ਹੋਣ ਲੱਗੇ ਤਾਂ ਭੋਜਨ ਦੀ ਲੋੜ ਵੀ ਪੈਂਦੀ ਸੀ ਸੋ ਸਸਤਾ ਅਤੇ ਵਧੀਆ ਖਾਣਾ ਮੁਹੱਈਆ ਕਰਨਾ ਵੀ ਇਸ ਟੀਮ ਵੱਲੋਂ ਯਕੀਨੀ ਬਣਾਇਆ ਗਿਆ। 

ਇਸਦੇ ਨਾਲ ਹੀ ਪੰਜਾਬੀ ਭਵਨ ਵਿੱਚ ਕੁਝ ਅਣਪਛਾਤੇ ਅਤੇ ਬਾਹਰਲੇ ਅਨਸਰ ਮਾਹੌਲ ਨੂੰ ਗੰਧਲਾ ਕਰਨ ਲੱਗ ਪਏ ਸਨ। ਪੰਜਾਬੀ ਭਵਨ ਦੀ ਸੁਰੱਖਿਆ ਅਤੇ ਨਿਗਰਾਨੀ ਲਈ ਨਵੇਂ ਨਿਗਰਾਨੀ ਕੈਮਰੇ ਵੀ ਲਗਵਾਏ ਗਏ। ਇਹਨਾਂ ਉਪਰਾਲਿਆਂ ਨਾਲ ਇਸ ਵਰਤਾਰੇ ਨੂੰ ਕਾਫ਼ੀ ਠੱਲ੍ਹ ਵੀ ਪਈ ਹੈ। 

ਪੰਜਾਬੀ ਭਵਨ ਦੀ ਸੁਰੱਖਿਆ ਅਤੇ ਨਿਗਰਾਨੀ ਲਈ ਨਵੇਂ ਨਿਗਰਾਨੀ ਕੈਮਰੇ ਮਾਣਯੋਗ ਡਾਕਟਰ ਸਰਦਾਰਾ ਸਿੰਘ ਜੌਹਲ ਜੀ ਵਲੋਂ ਦਿੱਤੀ ਗਈ ਇਕ ਲੱਖ ਰੁਪਏ ਦੀ ਵਿੱਤੀ ਮਦਦ ਨਾਲ ਲਗਾਏ ਗਏ। ਪ੍ਰਾਜੈਕਟਰ ਦੀ ਸਹੂਲਤ ਵਾਲਾ, ਵੱਡ ਆਕਾਰੀ ਗੋਲ ਮੇਜ਼ ਤੇ 50 ਤੋਂ ਵੱਧ ਕੁਰਸੀਆਂ ਦੀ ਵਿਵਸਥਾ ਵਾਲੇ ਡਾ. ਮਹਿੰਦਰ ਸਿੰਘ ਰੰਧਾਵਾ ਵਾਤਾਅਨੁਕੂਲ ਕਾਨਫ਼ਰੰਸ ਰੂਮ ਦੀ ਸਥਾਪਨਾ ਕੀਤੀ ਗਈ। ਇਸਤਰ੍ਹਾਂ ਵੱਡੇ ਹਾਲ ਦੇ ਨਾਲ ਨਾਲ 50 ਤੋਂ ਵੱਧ ਕੁਰਸੀਆਂ ਦੀ ਵਿਵਸਥਾ ਵਾਲੇ ਡਾ. ਮਹਿੰਦਰ ਸਿੰਘ ਰੰਧਾਵਾ ਵਾਤਾਅਨੁਕੂਲ ਕਾਨਫ਼ਰੰਸ ਰੂਮ ਦੀ ਸਥਾਪਨਾ ਵੀ ਫਿਲ ਦੇ ਅਧਾਰ 'ਤੇ ਕੀਤੀ ਗਈ। ਇਸਨੂੰ ਵਰਕਸ਼ਾਪਾਂ ਅਤੇ ਸੈਮੀਨਾਰਾਂ ਲਈ ਵੀ ਚੰਗੀ ਤਰ੍ਹਾਂ ਵਰਤਿਆ ਜਾ ਸਕੇਗਾ। 

ਪੰਥ ਰਤਨ ਮਾਸਟਰ ਤਾਰਾ ਸਿੰਘ ਦਾ ਪੰਥ ਅਤੇ ਪੰਜਾਬ ਨਾਲ ਡੂੰਘਾ ਸੰਬੰਧ ਰਿਹਾ ਹੈ। ਇਥੋਂ ਦੀ ਸਿਆਸਤ ਅਤੇ ਸਾਹਿਤ ਨੂੰ  ਵੀ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਕਰਦੇ ਸਨ। ਉਹਨਾਂ ਦੇ ਵੇਲਿਆਂ ਦੌਰਾਨ ਬਹੁਤ ਸਾਰੇ ਘਰਾਂ ਅਤੇ ਪਰਿਵਾਰਾਂ ਵਿੱਚ  ਨਵੀਂ ਉਮਰ ਦੇ ਮੁੰਡੇ ਕੁੜੀਆਂ ਧਾਰਮਿਕ ਕਵਿਤਾਵਾਂ ਲਿਖਦੇ ਅਤੇ ਉਹਨਾਂ ਨੂੰ ਧਾਰਮਿਕ ਸਟੇਜਾਂ ਤੇ ਇਹ ਸ਼ਾਇਰੀ ਬੋਲਣ ਦਾ ਮੌਕਾ ਵੀ ਮਿਲਦਾ। ਇਸ ਦੇ ਨਾਲ ਨਾਲ ਉਹਨਾਂ ਨੂੰ ਮਾਇਕ ਤੌਰ ਤੇ ਵੀ ਉਤਸ਼ਾਹਿਤ ਕੀਤਾ ਜਾਂਦਾ। ਸਾਹਿਤ, ਇਤਿਹਾਸ ਅਤੇ ਧਰਮਕਰਮ ਦੇ ਸੁਮੇਲ ਵਾਲੀ ਇਸ ਭਾਵਨਾ ਨੂੰ ਮੁੜ ਸੁਰਜੀਤ ਅਤੇ ਉਤਸ਼ਾਹਿਤ ਕਰਦਿਆਂ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਨੂੰ ਵੀ ਯਾਦ ਕੀਤਾ ਗਿਆ। ਉਹਨਾਂ ਦੇ ਸਮੁੱਚੇ ਸਾਹਿਤ ਦੀ ਸੱਤ ਜਿਲਦਾਂ ਵਿਚ ਪ੍ਰਕਾਸ਼ਨਾ ਵੀ ਕਰਵਾਈ ਗਈ। ਡਾ. ਲਖਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਪ੍ਰੋ. ਗੁਰਭਜਨ ਸਿੰਘ ਗਿੱਲ ਤਾ ਡਾ. ਐੱਸ ਪੀ ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕੋਸ਼ਿਸ਼ ਸਦਕਾ ਸ. ਸੁਖਜਿੰਦਰ ਸਿੰਘ ਰੰਧਾਵਾ ਪਾਸੋਂ ਵਿੱਤੀ ਸਾਧਨ ਹਾਸਲ ਕਰਕੇ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦੇ ਸਮੁੱਚੇ ਸਾਹਿਤ ਦੀ ਸੱਤ ਜਿਲਦਾਂ ਵਿਚ ਪ੍ਰਕਾਸ਼ਨਾ ਕੀਤੀ ਗਈ ਅਤੇ ਉਸ ਨੂੰ ਅੱਗੋਂ ਛਾਪਣ ਦੇ ਵੀ ਪੂਰੇ ਅਧਿਕਾਰ ਪ੍ਰਾਪਤ ਕੀਤੇ ਗਏ। 

ਇਸਦੇ ਨਾਲ ਹੀ ਪ੍ਰਬੰਧਾਂ ਨਾਲ ਜੁੜੇ ਹੋਏ ਹੋਰ ਉਪਰਾਲੇ ਵੀ ਕੀਤੇ ਗਏ। ਪੰਜਾਬੀ ਭਵਨ ਅੰਦਰ ਦੀਆਂ ਸਾਰੀਆਂ ਦੁਕਾਨਾਂ ਦੇ ਕਿਰਾਏਦਾਰਾਂ ਤੋਂ ਬਕਾਇਆ ਕਿਰਾਇਆਂ ਵੀ ਉਗਰਾਹਿਆ ਗਿਆ। ਇਹ ਕੰਮ ਵੀ ਕਾਫੀ ਸਮੇਂ ਤੋਂ ਲਟਕ ਰਿਹਾ ਸੀ। ਇਸ ਤਰ੍ਹਾਂ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਪਿਛਲੇ ਦੋ ਸਾਲਾਂ ਦੌਰਾਨ ਸਾਹਿੱਤ ਪ੍ਰਕਾਸ਼ਨ, ਸਰਗਰਮੀਆਂ ਤੇ ਚਿਰਾਂ ਤੋਂ ਲਮਕਦੀਆ ਸਮੱਸਿਆਵਾਂ ਦੇ ਹੱਲ ਕੀਤੇ ਜੋ ਕਿ ਵੱਡੀਆਂ ਪ੍ਰਾਪਤੀਆਂ ਵਿਚ ਆਉਂਦੇ ਹਨ।  ਡਾਃ ਜੌਹਲ ਨੇ ਇਸ ਸੰਬੰਧੀ ਬਹੁਤ ਸੰਖੇਪ ਵਿਚ ਹੀ ਦੱਸਿਆ ਹਰ ਅਸਲ ਵਿੱਚ ਇਹ ਵੱਡੇ ਕਾਰਜ ਹੀ ਹਨ। 

ਡਾ. ਜੌਹਲ ਨੇ ਦੱਸਿਆ ਕਿ ਜਨਮੇਜਾ ਸਿੰਘ ਜੌਹਲ ਤੇ ਦੀਪ ਜਗਦੀਪ ਸਿੰਘ ਦੀ ਕੋਸ਼ਿਸ਼ ਸਦਕਾ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੀ ਵੈਬਸਾਈਟ ਬਣਾ ਕੇ ਚਾਲੂ ਕੀਤੀ ਗਈ। ਇਸ ਨਾਲ ਇਸ ਅਕਾਦਮੀ ਦਾ ਦਾਇਰਾ ਪੂਰੀ ਦੁਨੀਆ ਤੱਕ ਫੈਲ ਸਕੇਗਾ। 

ਡਾ. ਗੁਰਇਕਬਾਲ ਸਿੰਘ ਨੇ ਦੱਸਿਆ ਕਿ ਮੈਂਬਰਸ਼ਿਪ ਸੂਚੀ ਅਤੇ ਲਾਇਬਰੇਰੀ ਕਿਤਾਬਾਂ ਦੀ ਸੂਚੀ ਵੈਬਸਾਈਟ ਉਪਰ ਪਾਈ ਗਈ। ਅਜੇਹਾ ਪਹਿਲੀ ਵਾਰ ਹੋਇਆ ਹੈ। ਨਵੇਂ ਬਾਥਰੂਮਜ਼ ਦਾ ਨਿਰਮਾਣ ਮੁਕੰਮਲ ਕਰਕੇ ਅਕਾਡਮੀ ਦੇ ਮਾਣਯੋਗ ਮੈਂਬਰ ਅਤੇ ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੰਨੜ ਤੋੰ ਇਕ ਲੱਖ ਰੁਪਏ ਦੀ ਵਿਤੀ ਸਹਾਇਤਾ ਪ੍ਰਾਪਤ ਕਰਕੇ ,ਉਨ੍ਹਾਂ ਨੂੰ ਚਾਲੂ ਕਰਵਾਇਆ ਗਿਆ ਅਤੇ ਦੱਬੇ ਗਏ ਸੀਵਰੇਜ ਸਿਸਟਮ ਨੂੰ ਨਵੇਂ ਸਿਰੇ ਤੋਂ ਵਿਓਂਤ ਕੇ ਨਵੇਂ ਵੱਡੇ ਪਾਈਪ ਪਵਾਏ ਗਏ। 

ਇਹਨਾਂ ਇਤਿਹਾਸਿਕ ਲਿਖਤਾਂ ਦੀ ਪ੍ਰਕਾਸ਼ਨਾਂ ਦੇ ਨਾਲ ਨਾਲ ਸ਼ਹੀਦ ਬਿਲਾਸ ਭਾਈ ਮਨੀ ਸਿੰਘ, ਜੰਗਨਾਮਾ ਸ਼ਾਹ ਮੁਹੰਮਦ, ਸ੍ਰੀ ਗੁਰੂ ਨਾਨਕ ਜਹਾਜ਼ (ਕਾਮਾ ਗਾਟਾ ਮਾਰੂ ਜਹਾਜ਼ ਦਾ ਕਾਵਿ ਬਿਰਤਾਂਤ)ਵਰਗੀਆਂ ਕਿਤਾਬਾਂ ਦੀ ਪ੍ਰਕਾਸ਼ਨਾ ਕੀਤੀ ਗਈ। ‘ਆਲੋਚਨਾ' ਰਸਾਲੇ ਦੀ ਪ੍ਰਕਾਸ਼ਨਾ ਨੂੰ ਮੁੜ ਲੀਹ ਤੇ ਲਿਆਂਦਾ ਗਿਆ। ਅਕਾਡਮੀ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਗਏ ਪੁਰਸਕਾਰਾਂ ਨੂੰ ਹੁਣ ਤੀਕ ਸੰਪੂਰਨ (ਅਪਡੇਟ) ਕੀਤਾ ਗਿਆ। ਪੰਜਾਬੀ ਭਵਨ ਅੰਦਰ ਦੀਆਂ ਸਾਰੀਆਂ ਦੁਕਾਨਾਂ ਦੇ ਕਿਰਾਏਦਾਰਾਂ ਤੋਂ ਬਕਾਇਆ ਕਿਰਾਇਆਂ ਨੂੰ ਉਗਰਾਹਿਆ ਗਿਆ, ਅੱਗੋਂ ਲਈ ਨਵਿਆ ਕੇ ਸਾਰੀਆਂ ਦੁਕਾਨਾਂ ਨੂੰ ਕਿਰਾਏ ਉੱਤੇ ਚਾੜ੍ਹਿਆ ਗਿਆ।

ਇਹਨਾਂ ਪੁਸਤਕਾਂ ਦੀ ਸਾਂਭ ਸੰਭਾਲ ਵੀ ਬਹੁਤ ਜ਼ਰੂਰੀ ਸੀ ਅਤੇ ਲੋਕਾਂ ਤੱਕ ਇਹਨਾਂ ਨੂੰ ਪਹੁੰਚਾਉਣਾ ਵੀ। ਇਸ ਮਕਸਦ ਲਈ ਲਾਇਬ੍ਰੇਰੀ ਦੀਆਂ ਸਾਰੀਆਂ ਕਿਤਾਬਾਂ ਦੇ ਰੱਖ-ਰਖਾਓ ਨੂੰ ਨਵੇਂ ਸਿਰੇ ਤੋਂ ਵਿਉਂਤ ਕੇ ਅਤੇ ਨਵੀਂ ਲਾਇਬਰੇਰੀ ਵਿਚ ਤਬਦੀਲ ਕਰਨ ਲਈ ਯਤਨ ਆਰੰਭ ਕੀਤੇ ਗਏ।

ਸਾਹਿਤਕ ਸਮਾਗਮਾਂ ਦੀ ਲੜੀ ਨੂੰ ਨਿਰੰਤਰ ਜਾਰੀ ਰੱਖ ਕੇ, ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਨਵੀਆਂ ਪ੍ਰਕਾਸ਼ਿਤ ਕਿਤਾਬਾਂ ਉੱਤੇ ਗੋਸ਼ਟੀਆਂ ਅਤੇ ਲੁਧਿਆਣੇ ਤੋਂ ਬਾਹਰ ਸਿਰਸਾ (ਹਰਿਆਣਾ) ਵਿੱਚ ਵੀ ਡਾ. ਹਰਵਿੰਦਰ ਸਿੰਘ ਸਿਰਸਾ ਦੀ ਕਨਵੀਨਰਸ਼ਿਪ ਹੇਠ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ। ਖਾਲਸਾ ਕਾਲਜ ਮਾਹਿਲਪੁਰ ਵਿਖੇ ਭਗਵੰਤ ਰਸੂਲਪੁਰੀ ਅਤੇ ਜੇ ਬੀ ਸੇਖੋਂ ਦੀ ਦੇਖ-ਰੇਖ ਹੇਠ ਸ਼ਾਨਦਾਰ ਕਹਾਣੀ ਸਮਾਗਮ ਕੀਤਾ ਗਿਆ। 

ਅਕਾਡਮੀ ਦੀ ਵਿੱਤੀ ਵਿਵਸਥਾ ਨੂੰ ਸਮਰੱਥ ਬਣਾਉਣ ਲਈ, ਨਵੇਂ ਸਰਪ੍ਰਸਤ ਮੈਂਬਰਾਂ ਵਿਚ ਵਾਧਾ ਕੀਤਾ ਗਿਆ। ਇਸ ਕਾਰਜ ਵਿੱਚ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਵਲੋਂ ਵੱਡੀ ਭੂਮਿਕਾ ਨਿਭਾਈ ਗਈ।ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨਿਵਰਸਿਟੀ ਪਟਿਆਲਾ ਵਲੋਂ ਕਾਲਜਾਂ ਵਿੱਚ ਲਾਜ਼ਮੀ ਪੰਜਾਬੀ ਦੀ ਪੜ੍ਹਾਈ ਬੰਦ ਕਰਨ ਜਾਂ ਘੱਟ ਕਰਨ ਦੇ ਫੈਸਲਿਆਂ ਦਾ ਸਖ਼ਤ ਵਿਰੋਧ ਕਰਕੇ ਫੈਸਲੇ ਵਾਪਸ ਕਰਾਉਣ ਦਾ ਇਤਿਹਾਸਕ ਕਾਰਜ ਕੀਤਾ ਗਿਆ।

‘ਕੌਮੀ ਸਿੱਖਿਆ ਨੀਤੀ" ਨੂੰ ਜਦੋਂ ਪੰਜਾਬ ਦੀ ਅਫਸਰਸ਼ਾਹੀ ਵਲੋਂ ਚੁੱਪ-ਚੁਪੀਤੇ ਲਾਗੂ ਕਰਨ ਦੇ ਯਤਨ ਆਰੰਭੇ ਗਏ ਤਾਂ ਇਸਦਾ ਤਿੱਖਾ ਵਿਰੋਧ ਕਰਦਿਆਂ ਮੁੱਖ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ, ਅਜੇਹੇ ਯਤਨਾਂ ਨੂੰ ਰੁਕਵਾਇਆ ਗਿਆ। 

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਰਹੇ ਯੁਗ ਕਵੀ ਪ੍ਰੋਃ ਮੋਹਨ ਸਿੰਘ ਜੀ ਦੀ ਯਾਦ ਵਿੱਚ ਸਾਲ 2022 ਤੇ 2023 ਦੇ ਮੇਲਿਆਂ ਵਿੱਚ ਸੈਮੀਨਾਰ ਤੇ ਕਵੀ ਦਰਬਾਰ ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਦੇ ਸਹਿਯੋਗ ਨਾਲ ਕਰਵਾਏ ਗਏ। ਵਰਨਣ ਯੋਗ ਗੱਲ ਇਹ ਵੀ ਸੀ ਕਿ ਇਨ੍ਹਾਂ ਦੋਹਾਂ ਸਮਾਗਮਾਂ ਲਈ ਅਕਾਡਮੀ ਦੇ ਖਾਤੇ ਵਿੱਚੋਂ ਕੋਈ ਖ਼ਰਚਾ ਨਹੀਂ ਕੀਤਾ ਗਿਆ।

ਇਹ ਵੀ ਚੰਗੀ ਗੱਲ ਰਹੀ ਕਿ ਅਕਾਡਮੀ ਦੇ ਜਨਰਲ ਬਾਡੀ ਇਜਲਾਸ ਵਿੱਚ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਤੇ ਹੋਰ ਦੋਸਤਾਂ ਨੇ ਵੀ ਖੜ੍ਹੇ ਹੋ ਕੇ ਆਪਣੀ ਪ੍ਰਸੰਸਾ ਰੀਕਾਰਡ ਕਰਵਾਈ। ਇਸਤਰ੍ਹਾਂ ਇਸ ਸੰਸਥਾ ਨੂੰ ਇੱਕ ਅਨੁਸ਼ਾਸਿਤ ਅਤੇ ਸ਼ੁੱਧ ਸਾਹਿਤਿਕ ਮਾਹੌਲ ਅਤੇ ਮਕਸਦ ਵਾਲੀ ਸੰਸਥਾ ਬਣਾਉਣ ਲਈ ਕਈ ਕਦਮ ਉਠਾਏ ਗਏ। ਪਰ ਕੀ ਅਜੋਕੇ ਮਾਹੌਲ ਵਿੱਚ ਸਿਆਸਤ ਤੋਂ ਨਿਰਲੇਪ ਰਹਿਣਾ ਅਮਲੀ ਤੌਰ 'ਤੇ ਸੰਭਵ ਹੋ ਸਕੇਗਾ?