google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਡਾ. ਸਰਬਜੀਤ ਸਿੰਘ ਵਾਲੀ ਟੀਮ ਨੇ ਹੂੰਝਾ ਫੇਰੂ ਜਿੱਤ ਨਾਲ ਰਚਿਆ ਇਤਿਹਾਸ

Monday 4 March 2024

ਡਾ. ਸਰਬਜੀਤ ਸਿੰਘ ਵਾਲੀ ਟੀਮ ਨੇ ਹੂੰਝਾ ਫੇਰੂ ਜਿੱਤ ਨਾਲ ਰਚਿਆ ਇਤਿਹਾਸ

Sunday 3rd March 2024 at  9:16 PM

 ਜੁਗਨੂੰਓਂ ਨੇ ਫਿਰ ਅੰਧੇਰੋਂ  ਸੇ ਲੜਾਈ ਜੀਤ ਲੀ!

ਚਾਂਦ ਸੂਰਜ ਘਰ ਕੇ ਰੌਸ਼ਨਦਾਨ ਮੇਂ ਰਖੇ ਰਹੇ!

ਵਿਚਾਰਧਾਰਾ ਨੂੰ ਸਮਰਪਿਤ ਟੀਮ ਦੀ ਹੂੰਝਾ ਫੇਰੂ ਜਿੱਤ ਪਿਛੇ ਹਰ ਛੋਟੇ ਵੱਡੇ ਵਰਕਰ ਲੇਖਕ ਦੀ ਸੀ ਕੋਸ਼ਿਸ਼ 


ਲੁਧਿਆਣਾ
: 03 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਟੀਮ)::

ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੀ 2024-2026 ਦੀ ਚੋਣ ਵਿਚ ਡਾ. ਸਰਬਜੀਤ ਸਿੰਘ ਅਕਾਡਮੀ ਦੇ ਪ੍ਰਧਾਨ, ਡਾ. ਪਾਲ ਕੌਰ ਸੀਨੀਅਰ ਮੀਤ ਪ੍ਰਧਾਨ ਅਤੇ ਡਾ. ਗੁਲਜ਼ਾਰ ਸਿੰਘ ਪੰਧੇਰ ਜਨਰਲ ਸਕੱਤਰ ਵੱਡੇ ਫ਼ਰਕ ਨਾਲ ਜੇਤੂ ਹੋਏ। ਮੁੱਖ ਚੋਣ ਅਧਿਕਾਰੀ ਸ. ਕੁਲਦੀਪ ਸਿੰਘ ਬੇਦੀ ਨੇ ਦੱਸਿਆ ਕਿ ਕੁੱਲ 827 ਵੋਟਾਂ ਪਈਆਂ ਜਿਨ੍ਹਾਂ ਵਿਚੋਂ ਪ੍ਰਧਾਨਗੀ ਲਈ ਡਾ. ਸਰਬਜੀਤ ਸਿੰਘ ਨੂੰ  497, ਡਾ. ਲਖਵਿੰਦਰ ਸਿੰਘ ਜੌਹਲ ਨੂੰ 279 ਅਤੇ ਸ੍ਰੀਮਤੀ ਬੇਅੰਤ ਕੌਰ ਗਿੱਲ ਨੂੰ  41 ਵੋਟਾਂ ਮਿਲੀਆਂ।  ਇਸ ਤਰ੍ਹਾਂ ਡਾ. ਸਰਬਜੀਤ ਸਿੰਘ 218 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। 

ਸੀਨੀਅਰ ਮੀਤ ਪ੍ਰਧਾਨ ਲਈ ਪਾਲ ਕੌਰ ਨੂੰ  479 ਅਤੇ ਡਾ. ਸ਼ਿੰਦਰਪਾਲ ਸਿੰਘ ਨੂੰ  329 ਵੋਟਾਂ ਮਿਲੀਆਂ।  ਇਸ ਤਰ੍ਹਾਂ 150 ਵੋਟਾਂ ਦੇ ਫ਼ਰਕ ਨਾਲ ਡਾ. ਪਾਲ ਕੌਰ ਜੇਤੂ ਰਹੇ। ਲੋਕਾਂ ਦੇ ਹੱਕ ਵਿੱਚ ਨਿਰੰਤਰ ਲਿਖਣ ਵਾਲੀ ਸ਼ਾਇਰਾ ਡਾਕਟਰ ਪਾਲ ਕੌਰ ਦੀਆਂ ਕਈ  ਪੁਸਤਕਾਂ ਹਰਮਨ ਪਿਆਰਿਆਂ ਹੋਈਆਂ ਹਨ। 

ਨਤੀਜਿਆਂ ਬਾਰੇ ਸਰਦਾਰ ਬੇਦੀ ਨੇ ਦਸਿਆ ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਗੁਲਜ਼ਾਰ ਸਿੰਘ ਪੰਧੇਰ ਨੂੰ  464 ਵੋਟਾਂ ਅਤੇ ਡਾ. ਗੁਰਇਕਬਾਲ ਸਿੰਘ ਨੂੰ  344 ਵੋਟਾਂ ਮਿਲੀਆਂ। ਇਸ ਤਰ੍ਹਾਂ ਡਾ. ਗੁਲਜ਼ਾਰ ਸਿੰਘ ਪੰਧੇਰ 120 ਵੋਟਾਂ ਦੇ ਫ਼ਰਕ ਨਾਲ ਅਕਾਡਮੀ ਦੇ ਜਨਰਲ ਸਕੱਤਰ ਬਣ ਗਏਹਨ। ਦਿਲਚਸਪ ਗੱਲ ਹੈ ਕਿ ਇਹਨਾਂ ਤਿੰਨਾਂ ਅਹੁਦਿਆਂ ਵਿਚ ਇਕੋ ਪੈਨਲ ਜੇਤੂ ਰਿਹਾ। 

ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਅਰਵਿੰਦਰ ਕੌਰ ਕਾਕੜਾ ਨੇ 581 ਵੋਟਾਂ, ਡਾ. ਗੁਰਚਰਨ ਕੌਰ ਕੋਚਰ 464, ਤ੍ਰੈਲੋਚਨ ਲੋਚੀ 449, ਡਾ. ਹਰਵਿੰਦਰ ਸਿੰਘ (ਪੰਜਾਬੋਂ ਬਾਹਰ) 428 ਅਤੇ ਜਸਪਾਲ ਮਾਨਖੇੜਾ 375 ਵੋਟਾਂ ਨਾ ਜੇਤੂ ਰਹੇ।  ਪ੍ਰਬੰਧਕੀ ਬੋਰਡ ਦੇ ਮੈਂਬਰਾਂ ਦੀ ਚੋਣ ਦੇ ਨਤੀਜੇ ਅੱਧੀ ਰਾਤ ਤੋਂ ਬਾਅਦ ਸਾਹਮਣੇ ਆਏ। 

ਮੁੱਖ ਚੋਣ ਅਧਿਕਾਰੀ ਸ. ਕੁਲਦੀਪ ਸਿੰਘ ਬੇਦੀ ਅਤੇ ਸਹਾਇਕ ਚੋਣ ਅਧਿਕਾਰੀ ਸ੍ਰੀਮਤੀ ਸੁਰਿੰਦਰ ਦੀਪ ਨੇ ਸਮੂਹ ਲੇਖਕਾਂ ਅਤੇ ਚੋਣ ਅਮਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਭ ਨੇ ਬੜੇ ਜਾਬਤੇ 'ਚ ਰਹਿ ਕੇ ਜ਼ਮਹੂਰੀ ਕਦਰਾਂ ਕੀਮਤਾਂ ਨੂੰ  ਬਹਾਲ ਰੱਖਦੇ ਹੋਏ ਸਾਨੂੰ ਸਹਿਯੋਗ ਦੇ ਕੇ ਚੋਣਾਂ ਨੂੰ  ਨਿਰਵਿਘਨ ਨੇਪਰੇ ਚਾੜ੍ਹਿਆ।  ਉਨ੍ਹਾਂ ਨੇ ਸਮੂਹ ਨਵੇਂ ਚੁਣੇ ਅਹੁਦੇਦਾਰਾਂ ਨੂੰ  ਵਧਾਈ ਦਿੱਤੀ। ਚੋਣ ਮੌਕੇ ਪੂਰੇ ਭਾਰਤ ਵਿਚੋਂ ਹੁੰਮ-ਹੁੰਮਾ ਕੇ ਲੇਖਕ ਵੋਟਾਂ ਪਾਉਣ ਲਈ ਪੰਜਾਬੀ ਭਵਨ ਵਿਚ ਪਹੁੰਚੇ। 

 ਸ੍ਰੀ ਭੈਣੀ ਸਾਹਿਬ ਵਾਲੇ ਤੀਰਥ ਅਸਥਾਨ ਵਿਖੇ ਬਿਰਾਜਮਾਨ ਨਾਮਧਾਰੀ  ਮੁਖੀ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੇ ਹੁਕਮ ਅਨੁਸਾਰ ਸੂਬਾ ਹਰਭਜਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਨਾਮਧਾਰੀ ਸੰਗਤ ਦੀ ਟੀਮ ਵਲੋਂ ਪੂਰੀ ਸੇਵਾ ਭਾਵ ਨਾਲ ਲੰਗਰ ਦੀ ਸੇਵਾ ਨਿਭਾਉਣ ਲਈ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਮੂਹ ਅਹੁਦੇਦਾਰਾਂ ਨੇ ਧੰਨਵਾਦ ਕੀਤਾ। 

1 comment: