google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਗਦਰ ਲਹਿਰ ਨਾਲ ਜੁੜੇ ਸਾਹਿਤਕਾਰਾਂ ਨੇ ਮਨਾਇਆ ਕੌਮਾਂਤਰੀ ਇਸਤਰੀ ਦਿਹਾੜਾ

Wednesday 13 March 2024

ਗਦਰ ਲਹਿਰ ਨਾਲ ਜੁੜੇ ਸਾਹਿਤਕਾਰਾਂ ਨੇ ਮਨਾਇਆ ਕੌਮਾਂਤਰੀ ਇਸਤਰੀ ਦਿਹਾੜਾ

ਦੇਸ਼ ਅਤੇ ਦੁਨੀਆ ਦੇ ਮੌਜੂਦਾ ਹਾਲਾਤਾਂ ਦੀ ਚਰਚਾ ਵੀ ਹੋਈ 


ਖਰੜ
: 08 ਮਾਰਚ 2024: (ਮੀਡੀਆ ਲਿੰਕ//ਸਾਹਿਤ ਸਕਰੀਨ ਡੈਸਕ)::

ਗ਼ਦਰ ਲਹਿਰ ਭਾਰਤੀ ਸੁਤੰਤਰਤਾ ਸੰਗਰਾਮ ਦੌਰਾਨ ਇੱਕ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਲਹਿਰ ਸੀ, ਜਿਸ ਨੇ ਸਮਾਜ ਵਿੱਚ ਡੂੰਘੇ ਬਦਲਾਅ ਲਿਆਂਦੇ ਅਤੇ ਸਾਹਿਤ ਅਤੇ ਸੱਭਿਆਚਾਰ ਉੱਤੇ ਵੀ ਡੂੰਘਾ ਪ੍ਰਭਾਵ ਪਾਇਆ। ਇਸ ਲਹਿਰ ਨੇ ਸਾਹਿਤ ਨੂੰ ਨਵੀਂ ਦਿਸ਼ਾ ਦਿਖਾਈ ਅਤੇ ਨਵਾਂ ਉਤਸ਼ਾਹ ਵੀ ਦਿੱਤਾ।  ਇਸਦੇ ਨਾਲ ਹੀ ਸਾਹਿਤ ਅਤੇ ਪੰਜਾਬੀ ਪੱਤਰਕਾਰੀ ਨੂੰ ਰਾਸ਼ਟਰੀ ਚੇਤਨਾ ਨਾਲ ਵੀ ਜੋੜਿਆ। ਗਦਰ ਅਖਬਾਰ ਅੱਜ ਵੀ ਪੰਜਾਬੀ ਪੱਤਰਕਾਰੀ ਵਿਚ ਦਿਲਚਸਪੀ ਰੱਖਣ ਵਾਲਿਆਂ ਲਈ ਇੱਕ ਰਾਹ ਦਸੇਰਾ ਹੈ। ਅੱਜ ਵੀ ਗਦਰ ਲਹਿਰ ਦੇ ਵਾਰਸ ਹੀ ਗੋਦੀ ਮੀਡੀਆ ਦੇ ਸਾਹਮਣੇ ਚੁਣੌਤੀ ਵਾਂਗ ਖੜੇ ਹਨ।  

ਏਸੇ ਗ਼ਦਰ ਲਹਿਰ ਦੇ ਬਹੁਤ ਸਾਰੇ ਸਾਹਿਤਕਾਰਾਂ, ਕਵੀਆਂ ਅਤੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਰਾਹੀਂ ਆਜ਼ਾਦੀ ਸੰਗਰਾਮ ਦੀ ਵੀ ਪੁਰਜ਼ੋਰ ਹਮਾਇਤ ਕੀਤੀ ਸੀ ਅਤੇ ਆਜ਼ਾਦੀ ਤੋਂ ਬਾਅਦ ਵੀ ਲੋਕਾਂ ਨੂੰ ਅਮਨ, ਏਕਤਾ ਅਤੇ । ਗਦਰ ਦੀ ਬਰਾਬਰੀ ਦੀਆਂ ਭਾਵਨਾਵਾਂ ਨਾਲ ਜੋੜਿਆ। ਗ਼ਦਰ ਦੀ ਲਹਿਰ ਅਤੇ ਆਜ਼ਾਦੀ ਦੇ ਸੰਗਰਾਮਾਂ ਨਾਲ ਜੁੜੇ ਸਾਹਿਤ ਨੇ ਹੀ ਉਨ੍ਹਾਂ ਦੇ ਮਨਾਂ ਵਿੱਚ ਰਾਸ਼ਟਰੀ ਭਾਵਨਾ ਜਗਾਈ। ਉਸ ਸਾਹਿਤ ਦੀਆਂ ਰਚਨਾਵਾਂ ਨੇ ਭਾਰਤੀ ਸਮਾਜ ਦੀਆਂ ਅਸਲੀ ਸਮੱਸਿਆਵਾਂ ਨੂੰ ਵੀ ਉਜਾਗਰ ਕੀਤਾ ਅਤੇ ਲੋਕਾਂ ਨੂੰ ਸਮਾਜਿਕ ਅਤੇ ਰਾਜਨੀਤਿਕ ਸੁਧਾਰਾਂ ਲਈ ਵੀ ਉਤਸ਼ਾਹਿਤ ਕੀਤਾ।

ਅਜਿਹੇ ਲੋਕ ਪੱਖੀ ਸਾਹਿਤ ਰਾਹੀਂ ਹੀ ਗ਼ਦਰ ਲਹਿਰ ਨੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਆਜ਼ਾਦੀ ਲਈ ਸੰਘਰਸ਼ ਕਰਨ ਲਈ ਪ੍ਰੇਰਿਤ ਕੀਤਾ। ਇਸ ਲਹਿਰ ਦੇ ਲੇਖਕਾਂ ਨੇ ਰਾਸ਼ਟਰਵਾਦ, ਸਮਾਜਿਕ ਨਿਆਂ ਅਤੇ ਆਜ਼ਾਦੀ ਲਈ ਲੜਾਈ ਲੜੀ ਅਤੇ ਇਸਨੂੰ ਸਾਹਿਤਕ ਰੂਪ ਵਿੱਚ ਪੇਸ਼ ਕੀਤਾ। ਉਨ੍ਹਾਂ ਦੇ ਕੰਮਾਂ ਨੇ ਲੋਕਾਂ ਦੀ ਸੋਚ ਨੂੰ ਬਦਲਿਆ ਅਤੇ ਉਨ੍ਹਾਂ ਨੂੰ ਖੁਸ਼ਹਾਲ ਅਤੇ ਆਜ਼ਾਦ ਭਾਰਤ ਵੱਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਹੀ ਭਾਵਨਾ ਮਗਰੋਂ ਜਾ ਕੇ ਇਪਟਾ ਵਰਗੇ ਸੰਗਠਨਾਂ ਦੀ ਸਥਾਪਤੀ ਲਈ ਵੱਡਾ ਉੱਦਮ ਬਣੀ। 

ਇਸ ਤਰ੍ਹਾਂ, ਸਾਹਿਤ ਉੱਤੇ ਗ਼ਦਰ ਲਹਿਰ ਦਾ ਪ੍ਰਭਾਵ ਬਹੁਤ ਮਹੱਤਵਪੂਰਨ ਅਤੇ ਡੂੰਘਾ ਰਿਹਾ ਹੈ, ਜਿਸ ਨੇ ਭਾਰਤੀ ਸਮਾਜ ਵਿੱਚ ਡੂੰਘੀਆਂ ਸੰਵਿਧਾਨਕ ਅਤੇ ਸਮਾਜਿਕ ਤਬਦੀਲੀਆਂ ਲਿਆਉਣ ਵਿੱਚ ਮਦਦ ਕੀਤੀ ਹੈ। ਪਰ ਮੌਜੂਦਾ ਦੌਰ ਵਿੱਚ ਇਹ ਭਾਵਨਾਂ ਕਮਜ਼ੋਰ ਹੋਣ ਲੱਗ ਪਈ। ਲੋਕਾਂ ਨੂੰ ਨਸ਼ਿਆਂ ਦੇ ਨਾਲ ਨਾਲ ਅਸ਼ਲੀਲਤਾ ਦੇ ਹੜ੍ਹ ਵਿੱਚ ਰੋਹੜਨ ਦੀ ਸਾਜ਼ਿਸ਼ ਵੀ ਕ੍ਰਾਂਤੀ ਦੀਆਂ ਭਾਵਨਾਵਨ ਤੋਂ ਦੂਰ ਕਰਨਾ ਹੀ ਸੀ। 

ਇਹਨਾਂ ਸਾਜ਼ਿਸ਼ਾਂ ਨੂੰ ਪਛਾਣਦਿਆਂ ਜਿਹੜੇ ਚੇਤੰਨ ਕਲਮਕਾਰ ਖਰੜ ਦੇ ਇਲਾਕੇ ਵਿੱਚ ਸਰਗਰਮ ਹੋਏ ਉਹਨਾਂ ਵਿੱਚ ਹਰਨਾਮ ਸਿੰਘ ਡੱਲਾ ਅਤੇ ਉਹਨਾਂ ਦੇ ਸਾਥੀ ਵੀ ਸ਼ਾਮਿਲ ਰਹੇ। ਇਹਨਾਂ ਅਗਾਂਹਵਧੂ ਲੇਖਕਾਂ ਨੇ ਹੀ ਲੋਕ ਪੱਖੀ ਸਾਹਿਤ ਦੀ ਚਰਚਾ ਨੂੰ ਇੱਕ  ਵਾਰ ਫੇਰ ਤੇਜ਼ ਕਰਨਾ ਸ਼ੁਰੂ ਕੀਤਾ। ਇਸੇ ਮੁਹਿੰਮ ਅਧੀਨ ਹੀ ਸਾਹਿਤਿਕ ਇਕੱਤਰਤਾਵਾਂ ਅਤੇ ਹੋਰ ਆਯੋਜਨਾਂ ਦਾ ਸਿਲਸਿਲਾ ਸ਼ੁਰੂ ਕੀਤਾ। 

ਇਸੇ ਸਿਲਸਿਲੇ ਅਧੀਨ ਖਰੜ ਵਿੱਚ ਕੌਮਾਂਤਰੀ ਇਸਤਰੀ ਵਰ੍ਹੇ ਨੂੰ ਸਮਰਪਿਤ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ ਕੀਤਾ ਗਿਆ। ਸ਼ਾਇਰੀ ਦੇ ਨਾਲ ਨਾਲ ਵਿਚਾਰਾਂ ਵੀ ਹੋਈਆਂ। 

ਗ਼ਦਰੀ ਬਾਬੇ ਵਿਚਾਰਧਾਰਕ ਮੰਚ ਪੰਜਾਬ ਵੱਲੋਂ ਨਗਰ ਕੌਂਸਲ ਖਰੜ ਦੇ ਪਾਰਕ ਵਿੱਚ ਕੌਮਾਂਤਰੀ ਇਸਤਰੀ ਵਰ੍ਹੇ ਨੂੰ ਸਮਰਪਿਤ ਗੋਸ਼ਟੀ ਅਤੇ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਪੰਜਾਬੀ ਸ਼ਾਇਰਾਂ ਅਮਰਜੀਤ ਕੌਰ ਮੋਰਿੰਡਾ ਨੇ ਕੀਤੀ। ਇਸ ਸਮੇਂ ਕੌਮਾਂਤਰੀ ਇਸਤਰੀ ਵਰ੍ਹੇ ਬਾਰੇ ਜਾਣ ਪਹਿਚਾਣ ਕਰਵਾਉਂਦਿਆਂ ਸ੍ਰੀ ਕਿਰਪਾਲ ਸਿੰਘ ਮੁੰਡੀ ਖਰੜ ਨੇ ਕਿਹਾ ਕਿ ਸੰਸਾਰ ਵਿੱਚ ਅੱਧੀ ਆਬਾਦੀ ਔਰਤ ਜ਼ਾਤ ਨਾਲ ਸਬੰਧ ਰੱਖਦੀ ਹੈ। ਜਿਸ ਦੀ ਦਸ਼ਾ ਹਾਲੇ ਵੀ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਉਨ੍ਹਾਂ ਦੀ ਪੜ੍ਹਾਈ ਅਤੇ ਸਮਾਜਿਕ ਰਹਿਤਲ ਨੂੰ ਕਿਵੇਂ ਸੁਧਾਰਿਆ ਜਾਵੇ। 

ਇਸ ਮੌਕੇ ਵੱਖ ਵੱਖ ਬੁਲਾਰਿਆਂ ਵਿੱਚੋਂ ਸ੍ਰੀ ਸੁਖਬੀਰ ਸਿੰਘ ਨੇ‌ ਕਿਹਾ ਕਿ ਕਰੀਬ ਢਾਈ ਸੌ ਸਾਲ ਪਹਿਲਾਂ ਕੂਕਾ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਨੇ ਸਤੀ ਪ੍ਰਥਾ,ਬਾਲ ਵਿਆਹ ਅਤੇ ਔਰਤਾਂ ਦੀ ਬਰਾਬਰਤਾ ਲਈ ਲਹਿਰ ਚਲਾਈ ਸੀ, ਜਿਸ ਦੇ ਸਿੱਟੇ ਵਜੋਂ ਅੰਗਰੇਜ਼ਾਂ ਨੂੰ ਇਹਨਾਂ ਕੁਰੀਤੀਆਂ ਖ਼ਿਲਾਫ਼ ਕਾਨੂੰਨ ਬਣਾਉਂਣੇ ਪਏ। ਕਰਨੈਲ ਸਿੰਘ ਜੀਤ ਨੇ ਕਿਹਾ ਕਿ ਭਾਵੇਂ ਹਰ ਖੇਤਰ ਵਿੱਚ ਔਰਤ ਨੇ ਆਪਣੀ ਥਾਂ ਬਣਾਈ ਹੈ,ਪਰ ਇਸ ਦੇ ਬਾਵਜੂਦ ਔਰਤ ਵਿਰੁੱਧ ਜੁਲਮ ਦੀਆਂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ। 

ਇਸ ਸਾਹਿਤਿਕ ਇਕੱਤਰਤਾ ਮੌਕੇ ਗੁਰਦੀਪ ਸਿੰਘ ਵੜੈਚ, ਨਾਵਲਕਾਰ ਸੰਤਵੀਰ,ਮੋਹਣ ਲਾਲ ਰਾਹੀ ਅਤੇ ਹਰਨਾਮ ਸਿੰਘ ਡੱਲਾ ਨੇ‌ ਦੇਸ਼ ਵਿੱਚ ਔਰਤਾਂ ਉੱਤੇ ਹੋ ਰਹੇ ਘਿਨੌਣੇ ਜ਼ੁਲਮਾਂ ਦੀਆਂ ਉਦਾਹਰਣਾਂ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਰੋਜ਼ਾਨਾ ਹੋ ਰਹੇ ਜਬਰ ਜਿਨਾਹਾਂ ਨੇ ਹਰ ਸੋਚਵਾਨ ਨਾਗਰਿਕ ਦੀ ਚਿੰਤਾ ਵਧਾਈ ਹੈ। ਸਪੈਨਿਸ਼ ਜੋੜੇ ਦੇ ਨਾਲ ਵਾਪਰੀ ਜਬਰ ਜਿਨਾਹ ਦੀ ਘਟਨਾ ਨੇ ਸਾਡੇ ਦੇਸ਼ ਨੂੰ ਦੁਨੀਆਂ‌ ਵਿੱਚ ਬਦਨਾਮ ਕਰਕੇ ਰੱਖ ਦਿੱਤਾ ਹੈ। 

ਇੱਕ ਮਤੇ ਰਾਹੀਂ ਇਕੱਤਰ ਹੋਏ ਮੈਂਬਰਾਂ ਨੇ ਮੰਗ ਕੀਤੀ ਕਿ ਪ੍ਰਵਾਸੀ ਜੋੜੇ ਨਾਲ਼ ਕੀਤੇ ਘਿਨੌਣੇ ਕਾਰੇ ਦੇ ਦੋਸੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਹਾਜ਼ਰ ਮੈਂਬਰਾਂ ਨੇ ਕੌਮਾਂਤਰੀ ਇਸਤਰੀ ਵਰ੍ਹੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਪੇਸ਼ ਕੀਤੀ। ਇੱਕ ਹੋਰ ਮਤੇ ਰਾਹੀਂ ਤੇਈ ਮਾਰਚ ਦੇ ਸ਼ਹੀਦਾਂ, ਸ਼ਹੀਦ ਭਗਤ ਸਿੰਘ, ਰਾਜ ਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਿਤੀ 22 ਮਾਰਚ 2024 ਨੂੰ ਖਰੜ ਵਿਖੇ ਮਨਾਉਂਣ ਦਾ ਫੈਸਲਾ ਲਿਆ ਗਿਆ।

ਉਪਰੰਤ ਕਵੀ ਦਰਬਾਰ ਦੌਰਾਨ ਸ਼ਾਇਰਾਂ ਅਮਰਜੀਤ ਕੌਰ ਮੋਰਿੰਡਾ ਨੇ ਅਪਣੀ ਕਵਿਤਾ ਕੁਝ ਇਸ ਤਰਾਂ ਪੇਸ਼ ਕੀਤੀ:

 *ਦੋਸ਼ ਕਿਸੇ ਦੇ ਸਿਰ ਨਾ ਮੜ੍ਹਦੀ,

 ਕਾਦਰ ਕੈਸੀ ਮਿੱਟੀ ਲਾਈ,

ਚੁੱਲ੍ਹੇ ਸੜਦੀ , ਹਾਰੇ ਕੜ੍ਹਦੀ,

ਉਸਦਾ ਚਿਹਰਾ ਕੋਈ ਨਾ ਪੜ੍ਹਦਾ,

ਉਸ ਸਭਨਾਂ ਦਾ ਚਿਹਰਾ ਪੜ੍ਹਦੀ...

ਖੁਸ਼ੀ ਰਾਮ ਨਿਮਾਣਾ ਨੇ ਤਰੰਨੁਮ‌ ਵਿੱਚ ਧੀਆਂ ਦਾ ਗੀਤ ਸੁਣਾਇਆ। ਸੁਖਬੀਰ ਸਿੰਘ ਮੁਹਾਲੀ ਨੇ ਕਵਿਤ ਅਤੇ ਮੋਹਣ ਲਾਲ ਰਾਹੀ ਨੇ‌ ਮਹਿਮਾਨ ਗੀਤ 'ਡੋਲੀ ਚੜ੍ਹ ਕੇ ਦੁਲਹਨ ਸਸੁਰਾਲ ਚਲੀ' ਸ੍ਰੀ ਤਰਸੇਮ‌ ਸਿੰਘ ਅਤੇ ਹਰਨਾਮ ਸਿੰਘ‌ ਡੱਲਾ ਨੇ ਤਰੰਨਮ ਵਿੱਚ ਗੀਤ ਸੁਣਾਏ। ਇਸ ਸਮੇਂ ਗੁਰਦੀਪ ਸਿੰਘ ਮੋਹਾਲੀ,ਯੋਗ ਰਾਜ,ਦਿਨੇਸ਼ ਪ੍ਰਸਾਦ, ਸੰਤਵੀਰ,ਕਾਮਰੇਡ ਕਾਕਾ ਰਾਮ,ਅਮਰਜੀਤ ਸਿੰਘ,ਗੁਰਸ਼ਰਨ ਸਿੰਘ, ਸੁਖਵਿੰਦਰ ਸਿੰਘ ਦੁੱਮਣਾ ਅਤੇ ਜਸਵਿੰਦਰ ਸਿੰਘ ਕਾਈਨੌਰ ਵੀ ਹਾਜ਼ਰ ਸਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments:

Post a Comment