google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: January 2020

Saturday 18 January 2020

ਅਲੱਗ ਸ਼ਬਦ ਯਗ ਟਰੱਸਟ ਵੱਲੋਂ ਸ੍ਰ ਗਿਆਨ ਸਿੰਘ ਕੋਟਲੀ ਦਾ ਸਨਮਾਨ

Saturday: 18th January 2020 at 5:58 PM
ਪੰਜਾਬੀ ਪ੍ਰੈਸ ਕਲੱਬ ਬੀ ਸੀ ਕਨੇਡਾ ਦੇ ਪ੍ਰਧਾਨ ਹਨ ਸ੍ਰ ਕੋਟਲੀ 
ਲੁਧਿਆਣਾ: 18 ਜਨਵਰੀ 2020: (ਸਾਹਿਤ ਸਕਰੀਨ ਬਿਊਰੋ)::
ਪੰਜਾਬੀ ਪ੍ਰੈਸ ਕਲੱਬ ਬੀ ਸੀ ਕਨੇਡਾ ਦੇ ਪ੍ਰਧਾਨ ਸ ਗਿਆਨ ਸਿੰਘ ਕੋਟਲੀ ਦਾ ਅਲੱਗ ਸ਼ਬਦ ਯਗ ਟਰੱਸਟ ਵੱਲੋਂ ਸਨਮਾਨ ਕੀਤਾ ਗਿਆ। ਉਨ੍ਹਾਂ ਨੂੰ ਟਰੱਸਟ ਦੇ ਚੇਅਰਮੈਨ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਲਿਖਤਾਂ ਦਾ ਸੈਟ ਭੇਂਟ ਕੀਤਾ ਗਿਆ। ਟਰੱਸਟ ਦੇ ਸਕਤਰ ਜਨਰਲ ਸ ਸੁਖਿੰਦਰ ਪਾਲ ਸਿੰਘ ਅਲੱਗ ਤੇ ਪ੍ਰਕਾਸ਼ਨਾ ਸਕੱਤਰ ਸ ਰਮਿੰਦਰ ਦੀਪ ਸਿੰਘ ਅਲੱਗ ਨੇ ਕੋਟਲੀ ਸਾਹਿਬ ਨੂੰ ਡਾਕਟਰ ਸਰੂਪ ਸਿੰਘ ਅਲੱਗ ਦੀਆਂ ਪੁਸਤਕਾਂ ਭੇਟ ਕੀਤੀਆਂ ਤੇ ਜੀ ਆਇਆਂ ਕਿਹਾ। ਸ ਗਿਆਨ ਸਿੰਘ ਕੋਟਲੀ ਨੇ ਵੀ ਡਾਕਟਰ ਅਲੱਗ ਦੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਸ ਨੂੰ ਇੱਕ ਲੋੜਵੰਦਾਂ ਤੇ ਜ਼ਰੂਰੀ ਕਾਰਜ ਦਸਿਆ। ੳਨਾ ਦਸਿਆ ਕਿ ਵੈਨਕੂਵਰ ਦੀ ਸੰਗਤ ਵੀ ਡਾਕਟਰ ਅਲੱਗ ਦੀਆਂ ਲਿਖਤਾਂ ਦੀ ਦੀਵਾਨੀ ਹੈ। ਸ ਗਿਆਨ ਸਿੰਘ ਕੋਟਲੀ ਨੇ ਵੀ ਆਪਣੀਆਂ ਪੁਸਤਕਾਂ ਸਕੱਤਰ ਜਨਰਲ ਟਰੱਸਟ ਨੂੰ ਭੇਂਟ ਕੀਤੀਆਂ। 

Friday 17 January 2020

ਪੰਜਾਬੀ ਗ਼ਜ਼ਲ ਮੰਚ ਦੀ ਮੀਟਿੰਗ ਇਸ ਵਾਰ 19 ਜਨਵਰੀ ਨੂੰ

 Friday:Whats App: 17th January 2020 at 21:45 PM
ਹਰ ਸਾਲ ਦਿਤੇ ਜਾਂਦੇ ਇਨਾਮਾਂ ਬਾਰੇ ਵੀ ਹੋਵੇਗਾ ਵਿਚਾਰ ਵਿਟਾਂਦਰਾ 
ਪੰਜਾਬੀ ਗ਼ਜ਼ਲ (ਰਜਿ.) ਦੀ ਇੱਕ ਫਾਈਲ ਫੋਟੋ
ਲੁਧਿਆਣਾ: 17 ਜਨਵਰੀ 2020: (ਕਾਰਤਿਕਾ ਸਿੰਘ//ਸਾਹਿਤ ਸਕਰੀਨ)::
ਆਧੁਨਿਕਤਾ ਦੇ  ਰੌਲੇ ਰੱਪੇ ਵਾਲੇ ਮਾਹੌਲ ਵਿੱਚ ਵੀ ਗ਼ਜ਼ਲ ਦੇ ਜਾਦੂ  ਜਿਊਂਦਿਆਂ ਰੱਖ ਵਾਲੀਆਂ ਸੰਸਥਾਵਾਂ ਅਤੇ ਸੰਗਠਨਾਂ ਵਿੱਚੋਂ ਇੱਕ ਹੈ ਪੰਜਾਬੀ ਗ਼ਜ਼ਲ ਮੰਚ ਪੰਜਾਬ (ਰਜਿ:) ਫਿਲੌਰ।  ਇਹ ਸੰਗਠਨਾਂ ਲੰਮੇ ਅਰਸੇ ਤੋਂ ਬਿਨਾ ਕਿਸੇ ਗੈਰਹਾਜ਼ਰੀ ਦੇ ਗ਼ਜ਼ਲ ਦੀ ਅਲਖ ਜਗਾਉਂਦਾ ਹੈ। ਬੜੀ ਹੀ ਖਾਮੋਸ਼ੀ ਅਤੇ ਸਾਦਗੀ ਨਾਲ ਪੁਰਾਤਨ ਸਮਿਆਂ ਦੀ ਤਰਾਂ ਮੀਟਿੰਗਾਂ ਸੱਦਣੀਆਂ, ਬੁਲਾਉਣੀਆਂ ਅਤੇ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਸਭਨਾਂ ਨੂੰ ਸੁਣਨਾ ਇਹਨਾਂ ਮੀਟਿੰਗਾਂ ਦੀ ਖਾਸੀਅਤ ਹੁੰਦੀ ਹੈ। ਕਈ ਵਾਰ ਗ਼ਜ਼ਲ ਦੇਖੇਤਰ ਵਿਚ ਮੁਹਾਰਤ ਰੱਖਣ ਵਾਲਿਆਂ ਨਾਮਿ ਸ਼ਖਸੀਅਤਾਂ ਨੂੰ ਵੀ ਸੱਦਿਆ ਜਾਂਦਾ ਹੈ। ਇਸ ਵਾਰ ਇਸ ਗ਼ਜ਼ਲ ਮੰਚ ਦੀ ਮਹੀਨਾਵਾਰ ਮੀਟਿੰਗ 19 ਜਨਵਰੀ 2020 ਐਤਵਾਰ ਨੂੰ ਹੋਣੀ ਹੈ। ਮੀਟਿੰਗ ਸ਼ੁਰੂ ਹੋਣ ਦਾ ਸਮਾਂ ਵੀ ਹਮੇਸ਼ਾਂ ਦੀ ਤਰਾਂ ਸਵੇਰੇ 10:30 ਵਜੇ ਅਤੇ ਮੀਟਿੰਗ ਦਾ ਥਾਂ ਵੀ ਪੰਜਾਬੀ ਭਵਨ ਲੁਧਿਆਣਾ। ਇਸ ਵਾਰ ਦੀ ਮੀਟਿੰਗ ਵਿੱਚ ਕੌਣ ਕੌਣ ਕਿਹੜਾ ਕਿਹੜਾ ਕਲਾਮ ਪੜ੍ਹੇਗਾ ਇਸਦਾ ਪਤਾ ਤਾਂ ਮੀਟਿੰਗ ਵਿੱਚ ਜਾ ਕੇ ਹੀ ਲੱਗ ਸਕੇਗਾ। 
ਇਸ ਵਾਰ ਦੀ ਇੱਕ ਹੋਰ ਖਾਸੀਅਤ ਇਹ ਕਿ ਇਸ ਮੀਟਿੰਗ ਵਿਚ ਹਰ ਸਾਲ ਦਿਤੇ ਜਾਂਦੇ ਇਨਾਮਾਂ ਬਾਰੇ ਵੀ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ। ਇਸ ਲਈ ਇਸ ਮੀਟਿੰਗ ਵਿੱਚ ਸਾਰੇ ਗ਼ਜ਼ਲ ਪ੍ਰੇਮੀ ਜ਼ਰੂਰ ਪਹੁੰਚਣ ਜੀ। ਇਸ ਮਕਸਦ ਲਈ ਪੰਜਾਬੀ ਗ਼ਜ਼ਲ ਮੰਚ ਫਿਲੌਰ ਵੱਲੋਂ  ਜ. ਸ. ਪਰੀਤ ਨੇ ਉਚੇਚੀ ਬੇਨਤੀ ਸਾਰੇ ਗ਼ਜ਼ਲ ਪ੍ਰੇਮੀਆਂ ਨੂੰ ਕੀਤੀ ਹੈ ਕਿ ਉਹ ਜ਼ਰੂਰ ਪਹੁੰਚਣ। 

ਨਹੀਂ ਰਹੇ ਡਾ.ਸੁਰਜੀਤ ਹਾਂਸ -ਪੰਜਾਬ ਕਲਾ ਪਰਿਸ਼ਦ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਡਾ. ਸੁਰਜੀਤ ਪਾਤਰ ਅਤੇ ਡਾ.  ਵੱਲੋਂ ਸ਼ੋਕ ਸੰਦੇਸ਼ ਜਾਰੀ
ਚੰਡੀਗੜ੍ਹ: 17 ਜਨਵਰੀ 2020: (ਸਾਹਿਤ ਸਕਰੀਨ ਬਿਊਰੋ)::  
ਉੱਘੇ  ਇਤਿਹਾਸਕਾਰ, ਵਿਲੱਖਣ ਵਿਚਾਰਕ ਅਤੇ ਸਾਹਿਤਕਾਰ  ਡਾਕਟਰ ਸੁਰਜੀਤ ਹਾਂਸ ਦੇ ਵਿਛੋੜੇ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਕਲਾ ਪਰਿਸ਼ਦ ਨੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਹੈ।                          ਪਰਿਸ਼ਦ ਦੇ ਚੇਅਰਮੈਨ ਡਾ.ਸੁਰਜੀਤ ਪਾਤਰ ਅਤੇ ਸਕੱਤਰ ਜਨਰਲ ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਇਕ ਸ਼ੋਕ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਡਾਕਟਰ ਹਾਂਸ ਦੇ ਜਾਣ ਨਾਲ ਪੰਜਾਬ ਦੇ ਸਮਕਾਲੀ ਦ੍ਰਿਸ਼ ਵਿਚੋਂ ਦਾਨਸ਼ਵਰੀ ਦਾ ਇਕ ਮਹਾਂ ਮੀਨਾਰ ਮਨਫੀ ਹੋ ਗਿਆ ਹੈ। ਡਾ. ਪਾਤਰ ਨੇ ਕਿਹਾ ਕਿ ਡਾਕਟਰ ਹਾਂਸ ਵਲੋਂ ਕੀਤਾ ਗਿਆ ਸ਼ੈਕਸਪੀਅਰ ਦੀਆਂ ਰਚਨਾਵਾਂ ਦਾ ਪੰਜਾਬੀ ਅਨੁਵਾਦ ਅਤੇ ਸਿੱਖ ਇਤਿਹਾਸ ਦੇ ਵਖ ਵਖ ਪਹਿਲੂਆਂ ਦਾ ਪੁਨਰ ਵਿਵੇਚਨ ਵੱਡਮੁੱਲੇ ਕਾਰਜ ਹਨ।ਉਨ੍ਹਾਂ ਨੇ ਜਿੰਨਾ ਵੀ ਕੰਮ ਕੀਤਾ ਉਹ ਲੀਕ ਤੋਂ ਹਟ ਕੇ ਹੈ। ਅਜਿਹੇ ਵਿਦਵਾਨ ਕਿਸੇ ਸਾਹਿਤ ਸਭਿਆਚਾਰ ਨੂੰ ਕਦੇ ਕਦੇ ਹੀ ਨਸੀਬ ਹੁੰਦੇ ਹਨ । ਪੰਜਾਬੀਅਤ ਉਨ੍ਹਾਂ ਉਤੇ ਜਿੰਨਾ ਮਾਣ ਕਰੇ ਥੋੜਾ ਹੈ।

Wednesday 15 January 2020

ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਲੈਕਚਰ ਅਤੇ ਸਨਮਾਨ 18 ਜਨਵਰੀ ਨੂੰ

15th January 2020 at 4:10 PM
18 ਨੂੰ ਹੀ ਹੋਵੇਗਾ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਜਨਰਲ ਇਜਲਾਸ
ਲੁਧਿਆਣਾ: 15 ਜਨਵਰੀ 2020: (ਸਾਹਿਤ ਸਕਰੀਨ ਬਿਊਰੋ)::
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਡਾ. ਰਵਿੰਦਰ ਸਿੰਘ ਰਵੀ ਲੈਕਚਰ ‘ਦੇਸ਼ ਨੂੰ ਮੌਜੂਦਾ ਆਰਥਿਕ ਚੁਣੌਤੀਆਂ ਦਾ ਵਿਸ਼ਲੇਸ਼ਣ’ ਵਿਸ਼ੇ ’ਤੇ ਡਾ. ਅਰੁਣ ਕੁਮਾਰ, ਪ੍ਰੋਫ਼ੈਸਰ ਜੇ.ਐਨ.ਯੂ. ਦਿੱਲੀ ਵਿਸ਼ੇਸ਼ ਭਾਸ਼ਣ ਦੇਣਗੇ। ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਪੁਰਸਕਾਰ ਇਸ ਵਾਰ ਉੱਘੇ ਕਹਾਣੀਕਾਰ ਅਤੇ ਆਲੋਚਕ ਡਾ. ਬਲਦੇਵ ਸਿੰਘ ਧਾਲੀਵਾਲ ਨੂੰ ਭੇਟਾ ਕੀਤਾ ਜਾ ਰਿਹਾ ਹੈ। ਡਾ. ਬਲਦੇਵ ਸਿੰਘ ਧਾਲੀਵਾਲ ਹੋਰਾਂ ਦੀ ਸਾਹਿਤਕ ਦੇਣ ਬਾਰੇ ਸ. ਪਰਮਜੀਤ ਸਿੰਘ ਪੇਪਰ ਪੜ੍ਹਨਗੇ। ਲੈਕਚਰ ਅਤੇ ਸਨਮਾਨ ਸਮਾਗਮ 18 ਜਨਵਰੀ, ਦਿਨ ਸ਼ਨੀਵਾਰ ਨੂੰ ਸਵੇਰੇ 10.30 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਪੰਜਾਬੀ ਸਾਹਿਤ ਅਕਾਡਮੀ ਦੇ ਸਮੂਹ ਮੈਂਬਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਇਸੇੇ ਦਿਨ ਦੁਪਹਿਰ 2 ਵਜੇ ਹੋਣ ਵਾਲੇ ਜਨਰਲ ਇਜਲਾਸ ਵਿਚ ਪਹੁੰਚਣ ਦੀ ਕਿਰਪਾਲਤਾ ਕਰਨ। ਪ੍ਰੈੱਸ ਸਕੱਤਰ ਡਾ. ਗੁਰਇਕਬਾਲ ਸਿੰਘ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਸਮਾਗਮ ਦੇ ਕਨਵੀਨਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦਸਿਆ ਕਿ ਸਮਾਗਮ ਦੀ ਪ੍ਰਧਾਨਗੀ ਅਕਾਡਮੀ ਦੇ ਸਾਬਕਾ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਕਰਨਗੇ ਅਤੇ ਸਵਾਗਤੀ ਸ਼ਬਦ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਕਹਿਣਗੇ। ਉਨ੍ਹਾਂ ਅਕਾਡਮੀ ਵਲੋਂ ਸਮੂਹ ਪੰਜਾਬੀ ਪਿਆਰਿਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
  

Monday 13 January 2020

ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਨੇ ਵੀ ਬੁਲੰਦ ਕੀਤੀ ਵਿਰੋਧ ਦੀ ਆਵਾਜ਼

13th January 2020 at 10:14 AM
ਗ੍ਰਿਫ਼ਤਾਰੀਆਂ ਦੇ ਸੱਦੇ ਦੀ ਪੁਰਜ਼ੋਰ ਹਮਾਇਤ ਦਾ ਐਲਾਨ 
ਲੁਧਿਆਣਾ13 ਜਨਵਰੀ 2020:(ਸਾਹਿਤ ਸਕਰੀਨ ਬਿਊਰੋ)::
ਲੇਖਕ ਇੱਕ ਵਾਰ ਫੇਰ ਮੈਦਾਨ ਵਿੱਚ ਹਨ। ਆਰਥਿਕ ਮਸਲਿਆਂ ਤੋਂ ਧਿਆਨ ਹਟਾਉਣ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਲੇਖਕਾਂ ਨੇ ਕਿਹਾ ਹੈ ਕਿ ਉਹ ਫਿਰਕੂ ਅਨਸਰਾਂ ਦੀਆਂ ਚਾਲਾਂ ਨੂੰ ਨਾਕਮਾ ਕਰਨ ਦੇ ਮਕਸਦ ਨਾਲ ਚੇਤਨਾ ਪੈਦਾ ਕਰਨ ਦੀ ਮੁਹਿੰਮ ਤੇਜ਼ ਕਰਨਗੇ। ਜੇ ਇਸ ਨੇਕ ਮਕਸਦ ਵਾਸਤੇ ਉਹਨਾਂ ਨੂੰ ਗ੍ਰਿਫਤਾਰੀਆਂ ਅਤੇ ਹੋਰ ਕੁਰਬਾਨੀਆਂ ਕਰਨ ਦੀ ਲੋੜ ਵੀ ਪਈ ਤਾਂ ਉਹ ਇਸ ਤੋਂ ਪਿਛੇ ਨਹੀਂ ਹਟਣਗੇ। ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਨੇ ਕੇਂਦਰੀ ਪੰਜਾਬੀ ਲੇਖਕ ਸਭ ਵੱਲੋਂ 12 ਜਨਵਰੀ ਵਾਲੀ ਐਗਜ਼ੈਕੁਟਿਵ ਮੀਟਿੰਗ ਵਿੱਚ ਦਿੱਤੇ ਸੱਦੇ ਦਾ ਪੁਰਜ਼ੋਰ ਸਮਰਥਨ ਕੀਤਾ ਹੈ। ਕੇਂਦਰੀ ਪੰਜਾਬੀ ਲੇਖਕ ਸਭ ਨੇ ਇਸ ਮਕਸਦ ਲਈ 25 ਜਨਵਰੀ ਵਾਲੇ ਧਰਨ/ਮੁਜ਼ਾਹਰਾ ਅਤੇ ਗ੍ਰਿਫਤਾਰੀਆਂ ਦੇ ਕੇ ਬੁੱਧੀਜੀਵੀ ਫਰੰਟ ਉੱਤੇ ਅੰਦੋਲਨ ਵਿੱਢਣਾ ਹੈ। ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਇਸ ਮਕਸਦ ਲਈ ਸਰਗਰਮ ਹੋ ਗਿਆ ਹੈ ਕਿ ਇਸ ਅੰਦੋਲਨ ਵਿੱਚ ਲੁਧਿਆਣਾ ਤੋਂ ਵੱਧ ਚੜ੍ਹ ਕੇ ਸ਼ਮੂਲੀਅਤ ਹੋਵੇ। 
ਇਸ ਸੰਗਠਨ ਵੱਲੋਂ *ਦਲਵੀਰ ਸਿੰਘ ਲੁਧਿਆਣਵੀ ਨੇ ਇੱਕ ਵਿਸ਼ੇਸ਼ ਪ੍ਰੈਸ ਨੋਟ ਵੀ ਮੀਡੀਆ ਲਈ ਜਾਰੀ ਕੀਤਾ ਹੈ। ਇਸ ਪ੍ਰੈਸ ਨੋਟ ਮੁਤਾਬਿਕ 12 ਜਨਵਰੀ ਐਤਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿਖੇ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਇਕੱਤਰਤਾ ਹੋਈ। ਪ੍ਰਧਾਨਗੀ ਮੰਡਲ ਵਿਚ ਮੰਚ ਦੇ ਪ੍ਰਧਾਨ ਡਾ ਗੁਲਜ਼ਾਰ ਸਿੰਘ ਪੰਧੇਰ, ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਦੇ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਦੇ ਜਨਰਲ ਸਕੱਤਰ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ ਸੁਖਦੇਵ ਸਿੰਘ ਸਿਰਸਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਕੱਤਰਤਾ ਵਿਚ ਸਰਵਸੰਬਤੀ ਨਾਲ ਫ਼ੈਸਲਾ ਹੋਇਆ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੱਦੇ ਦੀ ਹਮਾਇਤ ਵਿਚ 25 ਜਨਵਰੀ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਅਤੇ ਜੇਐਨਯੂ ਦੇ ਵਿਦਿਆਰਥੀਆਂ ਦੇ ਹੱਕ ਵਿਚ ਵੱਧ ਤੋਂ ਵੱਧ ਲੇਖਕ ਗ੍ਰਿਫ਼ਤਾਰੀਆਂ ਲਈ ਪਹੁੰਚਣਗੇ।  

ਇਸ ਮੌਕੇ ਡਾ ਸਿਰਸਾ ਨੇ ਕਿਹਾ ਕਿ ਸਾਡੀਆਂ ਸਰਕਾਰਾਂ ਲੋਕਾਂ ਦੇ ਮਹਿੰਗਾਈ, ਬੇਰੁਜ਼ਗਾਰੀ ਆਦਿ ਦੀਆਂ ਸਮੱਸਿਆਵਾਂ ਨੂੰ ਦਬਾਉਣ ਲਈ ਨਾਗਰਿਕਤਾ ਸੋਧ ਕਾਨੂੰਨ ਵਰਗੇ ਸਮਾਜ ਨੂੰ ਵੰਡਣ ਵਾਲੇ ਕਾਨੂੰਨ ਲੈ ਕੇ ਆ ਰਹੀਆਂ ਹਨ। ਸੰਸਦ ਵਿਚ ਬਹੁਗਿਣਤੀ ਭੀੜ ਦੀ ਮਾਨਸਿਕਤਾ ਇੱਕ ਵਾਰ ਫੇਰ ਗੁਆਂਢੀ ਮੁਲਖ ਨਾਲ ਜੰਗ ਦਾ ਮਾਹੌਲ ਭਖਾ ਰਹੀ ਹੈ। ਲੇਖਕਾਂ ਦਾ ਲੋਕਾਂ ਨੂੰ ਜਾਗਰੂਕ ਕਰਨਾ ਪਵਿੱਤਰ ਫਰਜ਼ ਹੈ।

ਇਸ ਇਕੱਤਰਤਾ ਵਿਚ ਪੰਜਾਬੀ ਭਾਸ਼ਾ, ਪਸਾਰ ਭਾਈਚਾਰੇ ਤੋਂ ਮਹਿੰਦਰ ਸਿੰਘ ਸੇਖੋਂ ਅਤੇ ਹਰਬਖਸ਼ ਸਿੰਘ ਗਰੇਵਾਲ ਪਹੁੰਚੇ ਹੋਏ ਸਨ।  ਇਸੇ ਤਰਾਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ  ਮੀਤ ਪ੍ਰਧਾਨ ਕਰਮ ਸਿੰਘ ਵਕੀਲ ਅਤੇ ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ।  
ਅੱਜ ਲੋਹੜੀ ਦੇ ਸਬੰਧ ਵਿਚ ਸਾਹਿਤਕ ਰਚਨਾਵਾਂ ਸਮੇਤ ਸਮੁੱਚੇ ਮੈਂਬਰਾਂ ਨੇ ਆਪੋ-ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ।  ਨੀਲੂ ਬੱਗਾ ਲੁਧਿਆਣਵੀ ਅਤੇ ਏਕਤਾ ਪੂਜਾ ਸ਼ਰਮਾ ਨੇ ਕਵਿਤਾ, ਮਨਿੰਦਰ ਭਾਟੀਆ ਨੇ ਮਿੰਨੀ ਕਹਾਣੀ ਮੈਨੀਫੈਸਟੋ, ਸੁਰਜੀਤ ਸਿੰਘ ਜੀਤ ਨੇ ਗੀਤ 'ਮਾਂ ਬੋਲੀ ਨਾ ਭੁਲਿਓ ਆਪਣੀ ਦਿਲੋਂ ਪਿਆਰ ਕਰੋ', ਭਗਵਾਨ ਢਿੱਲੋਂ ਨੇ ਮੀਸਣਾ ਮਿਰਜ਼ਾ, ਬਲਵਿੰਦਰ ਔਲੱਖ ਗਲੈਕਸੀ ਨੇ "ਆਓ ਜਸ਼ਨ ਮਨਾਏ ਸਭ ਮਿਲ ਕੇ, ਚਾਂਦ ਪੈ ਚੜ੍ਹ ਗਿਆ ਮੋਦੀ", ਇੰਜ: ਸੁਰਜਨ ਸਿੰਘ ਨੇ ਜੀਵਨ ਦੇ ਰੰਗ, ਮਲਕੀਤ ਸਿੰਘ  ਮਾਲੜਾ ਨੇ ਅਨੰਦਪੁਰੀਏ, ਅਨੰਦਪੁਰੀਏ, ਅੱਜ ਤੈਨੂੰ ਛੱਡ ਜਾਣਾ, ਰਘਬੀਰ ਸਿੰਘ ਸੰਧੂ ਨੇ ਲਵਾਰਿਸ ਬੱਚੀ, ਸਰਬਜੀਤ ਸਿੰਘ ਵਿਰਦੀ ਨੇ ਬੀਬੀ ਦੇਹ ਲੋਹੜੀ ਜੀਵੇ ਤੇਰੀ ਜੋੜੀ, ਤਰਨਜੀਤ ਸਿੰਘ ਮਾਨ ਨੇ ਜੇ ਪੰਜਾਬ 'ਚ ਰਹਿਣਾ ਪੰਜਾਬੀ ਬੋਲਣੀ ਪੈਣੀ', ਦਲੀਪ ਅਵਧ ਨੇ ਹਿੰਦੀ ਵਿਚ ਕਵਿਤਾ, ਸੁਖਚੈਨ ਸੱਤਾ ਨੇ ਨਸ਼ਿਆਂ ਦੇ ਪੱਟੇ ਬਈ, ਆਜ਼ਾਦ ਕੀ ਕਰਾਉਣਗੇ',  ਡਾ ਗੁਲਜ਼ਾਰ ਸਿੰਘ ਪੰਧੇਰ ਨੇ ਦੁੱਲੇ ਭੱਟੀ ਦੀ ਲੋਹੜੀ, ਦਲਵੀਰ ਸਿੰਘ ਲੁਧਿਆਣਵੀ ਨੇ ਛੋਟੀ ਕਹਾਣੀ 'ਖੁਸ਼ਬੂਹੀਨ' ਦੇ ਇਲਾਵਾ ਕਮਿੱਕਰ ਸਿੰਘ, ਬਲਕੌਰ ਸਿੰਘ ਗਿੱਲ, ਤਰਲੋਚਨ ਝਾਂਡੇ ਨੇ ਰਚਨਾਵਾਂ 'ਤੇ ਹੋਈ ਵਿਚਾਰ ਚਰਚਾ 'ਚ ਭਾਗ ਲਿਆ।
ਹੁਣ ਦੇਖਣਾ ਹੈ ਕਿ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਨੂੰ 25 ਜਨਵਰੀ ਵਾਲੇ ਅੰਦੋਲਨ ਲਈ ਲੁਧਿਆਣਾ ਅਤੇ ਆਲੇ ਦੁਆਲੇ ਦੇ ਹਲਕਿਆਂ ਤੋਂ ਕਿੰਨਾ ਕੁ ਹੁੰਗਾਰਾ ਮਿਲਦਾ ਹੈ।  
*ਦਲਵੀਰ ਸਿੰਘ ਲੁਧਿਆਣਵੀ ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੇ ਜਨਰਲ ਸਕੱਤਰ ਹਨ ਅਤੇ ਸਾਹਿਤਿਕ ਸਰਗਰਮਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਹਨ। ਉਹਨਾਂ ਨਾਲ ਸੰਪਰਕ ਲਈ ਉਹਨਾਂ ਦਾ ਮੋਬਾਈਲ ਨੰਬਰ ਹੈ:+9194170 01983

Sunday 12 January 2020

25 ਜਨਵਰੀ ਨੂੰ ਕੇਂਦਰੀ ਲੇਖਕ ਸਭਾ ਵੱਲੋਂ ਚੰਡੀਗੜ੍ਹ ਵਿੱਚ ਧਰਨਾ/ਮੁਜ਼ਾਹਰਾ

ਪੰਜਾਬ ਵਿੱਚ ਹੁਣ ਅੰਦੋਲਨ ਤਿੱਖਾ ਕਰਨਗੇ ਲੇਖਕ ਅਤੇ ਬੁੱਧਜੀਵੀ
ਲੁਧਿਆਣਾ: 12 ਜਨਵਰੀ 2020: (ਸਾਹਿਤ ਸਕਰੀਨ ਬਿਊਰੋ):: 
ਪੰਜਾਬ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਚੁਣੌਤੀ ਦੇਣ ਅਤੇ ਇਹਨਾਂ ਦੇ ਖਿਲਾਫ ਤਿੱਖਾ ਅੰਦੋਲਨ ਖੜਾ ਕਰਨ ਦਾ ਮੁੱਦਾ ਹੁਣ ਲੇਖਕਾਂ ਦੇ ਜ਼ਰੀਏ ਪੂਰਾ ਕੀਤਾ ਜਾਣਾ ਹੈ। ਇਸ ਗੱਲ ਦੇ ਸੰਕੇਤ ਅੱਜ ਇਥੇ ਪੰਜਾਬੀ ਭਵਨ ਵਿੱਚ ਹੋਈ ਇੱਕ ਵਿਸ਼ੇਸ਼ ਮੀਟਿੰਗ ਦੇ ਰੰਗਢੰਗ ਨੂੰ ਦੇਖਦਿਆਂ ਮਿਲੇ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਇਸ ਐਗਜ਼ੈਕੁਟਿਵ ਮੀਟਿੰਗ ਵਿੱਚ ਸਿਰਫ ਉਹਨਾਂ ਸਥਾਨਕ ਲੇਖਕਾਂ ਨੂੰ ਹੀ ਸ਼ਾਮਲ ਕੀਤਾ ਗਿਆ ਜਿਹਨਾਂ ਨੂੰ ਖੱਬੀ ਸਿਆਸਤ ਨਾਲ ਪ੍ਰਣਾਏ ਲੇਖਕ ਆਗੂਆਂ ਨੇ ਆਪਣੇ ਭਰੋਸੇ ਦੇ ਲਾਇਕ ਸਮਝਿਆ। ਬਾਕੀਆਂ ਨੂੰ ਤਾਂ ਇਸਦੀ ਭਿਣਕ ਵੀ ਨਹੀਂ ਲੱਗਣ ਦਿੱਤੀ ਗਈ। ਲੇਖਕਾਂ ਵਿੱਚ ਭਾਰੂ ਖੱਬੀ ਸਿਆਸਤ ਦੀ ਇਸ ਖੁਫੀਆ ਅੰਦਾਜ਼ ਵਰਗੀ ਮੀਟਿੰਗ ਤੋਂ ਜਾਪਦਾ ਹੈ ਕਿ ਹੁਣ ਲੋਕਪੱਖੀ ਅਖਵਾਉਣ ਵਾਲੇ ਲੇਖਕ ਕਲਮ ਦੇ ਨਾਲ ਨਾਲ ਯੁੱਧ ਵਰਗੇ ਹਾਲਾਤ ਲਈ ਵੀ ਕਮਰ ਕੱਸ ਰਹੇ ਹਨ। ਚੰਡੀਗੜ੍ਹ ਵਿੱਚ 25 ਜਨਵਰੀ ਨੂੰ ਹੋਣ ਵਾਲਾ ਧਰਨਾ ਪ੍ਰਦਰਸ਼ਨ ਲੇਖਕਾਂ ਦੇ ਇਸ ਰੋਸ ਅਤੇ ਰੋਹ ਦੀ ਅਗਲੇਰੀ ਸਥਿਤੀ ਬਾਰੇ ਵੀ ਦੱਸੇਗਾ। 
ਹਾਲਾਂਕਿ ਇਸ ਮੀਟਿੰਗ ਦਾ ਸਰਕੂਲਰ 8 ਜਨਵਰੀ 2020 ਨੂੰ  ਹੀ ਜਾਰੀ ਹੋ ਗਿਆ ਸੀ ਪਰ ਇਸਦੇ ਬਾਵਜੂਦ ਸਥਾਨਕ  ਨੂੰ ਅੱਜ ਸਵੇਰੇ ਹੀ ਇਸਦੀ ਸੂਚਨਾ ਦਿੱਤੀ ਗਈ ਅਤੇ ਉਸ ਸੁਨੇਹੇ ਵਿੱਚ ਵੀ ਏਜੰਡਾ ਨਹੀਂ ਦੱਸਿਆ ਗਿਆ। ਸਿਰਫ ਇਹੀ ਕਿਹਾ ਗਿਆ ਕਿ ਬਹੁਤ ਜ਼ਰੂਰੀ ਮੀਟਿੰਗ ਹੈ ਇਸ ਲਈ ਹਰ ਹੀਲੇ ਮੀਟਿੰਗ ਵਿੱਚ ਪਹੁੰਚੋ। 
ਇਸ ਮੀਟਿੰਗ ਲਈ ਜਾਰੀ ਸਰਕੂਲਰ/ਚਿੱਠੀ ਵਿੱਚ ਦੱਸਿਆ ਗਿਆ ਕਿ ਅੱਜ ਹਿੰਦੋਸਤਾਨ ਦੇ ਹਾਲਾਤ ਬੜੇ ਚਿੰਤਾਜਨਕ ਬਣ ਰਹੇ ਹਨ। ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਅਤੇ ਲਦਾਖ ਵਿਚੋਂ ਧਾਰਾ 370 ਹਟਾਉਣ, NRC ਅਤੇ CAA ਜਿਹੇ ਲੋਕ ਦੋਖੀ ਕਾਲੇ ਕਾਨੂੰਨ ਪਾਸ ਕਰਨ ਅਤੇ ਜੇ. ਐਨ. ਯੂ. ਵਿਚ ਨਿਰਦੋਸ਼ੇ ਵਿਦਿਆਰਥੀਆਂ ਉਤੇ ਗੁੰਡਿਆਂ ਵਲੋਂ ਕੀਤੇ ਅਣਮਨੁੱਖੀ ਤਸ਼ੱਦਦ ਨਾਲ ਆਮ ਨਾਗਰਿਕਾਂ ਵਿਚ ਭੈਅ ਅਤੇ ਸ਼ੱਕ ਦਾ ਮਾਹੌਲ ਪੈਦਾ ਹੋ ਗਿਆ ਹੈ। ਆਮ ਲੋਕ ਬਹੁਤ ਡਰੇ ਹੋਏ ਮਹਿਸੂਸ ਕਰ ਰਹੇ ਹਨ।
ਕੇਂਦਰੀ ਪੰਜਾਬੀ ਲੇਖਕ ਸਭਾ ਨੇ ਆਪਣੇ ਇਸ ਪੱਤਰ ਵਿੱਚ ਅਜਿਹੇ ਹਾਲਾਤ ਵਿੱਚ ਆਪਣੀ ਪ੍ਰਤੀਬੱਧਤਾ ਅਤੇ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਸਪਸ਼ਟ ਕਿਹਾ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਸੰਵੇਦਨਸ਼ੀਲ ਅਤੇ ਲੋਕਾਂ ਲਈ ਸੰਘਰਸ਼ ਕਰਨ ਵਾਲੇ ਲੇਖਕਾਂ ਦੀ ਕੌਮਾਂਤਰੀ ਸੰਸਥਾ ਹੈ। ਦੇਸ਼ ਦੇ ਅਤਿ ਨਾਜ਼ੁਕ ਹਾਲਤਾਂ ਨੂੰ ਸਮਝਦੇ ਹੋਏ, ਢੁਕਵੇਂ ਫੈਸਲੇ ਲੈਣ ਲਈ, ਅਸੀਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਕਾਰਜਕਾਰਨੀ ਮੈਂਬਰਾਂ ਦੀ ਅਤਿ ਹੰਗਾਮੀ ਬੈਠਕ 12.01.2020 ਐਤਵਾਰ ਨੂੰ ਸਵੇਰੇ 11 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਬੁਲਾਈ ਹੈ। ਆਪ ਸਾਰੇ ਸਾਥੀ ਸਮੇਂ ਸਿਰ ਜ਼ਰੂਰ ਪਹੁੰਚੋ ਜੀ। ਇਸ ਪੱਤਰ ਨੂੰ ਤੂਫ਼ਾਨੀ ਢੰਗ ਨਾਲ ਲੇਖਕ ਜਗਤ ਦੇ ਹਰ ਕੋਨੇ ਵਿੱਚ ਪਹੁੰਚਾਇਆ ਗਿਆ। ਇਹ ਪੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾਕਟਰ ਸੁਖਦੇਵ ਸਿੰਘ ਸਿਰਸਾ ਵੱਲੋਂ ਜਾਰੀ ਕੀਤਾ ਗਿਆ। 
ਦਿਲਚਸਪ ਗੱਲ ਹੈ ਕਿ ਇਸ ਗੰਭੀਰਤਾ ਦੇ ਬਾਵਜੂਦ ਇਸ ਸੁਨੇਹੇ ਨੂੰ ਅੱਗੇ ਪਹੁੰਚਾਉਣ ਵਾਲੇ ਸਥਾਨਕ ਲੇਖਕ ਆਗੂਆਂ ਨੇ ਖੱਬੀ ਸੋਚ ਨਾਲ ਸਬੰਧਤ ਸਾਰੇ ਕਲਮਕਾਰਾਂ ਨੂੰ ਇਹ ਸੁਨੇਹਾ ਨਹੀਂ ਦਿੱਤਾ। ਸਿਰਫ ਆਪਣੇ ਲਿਹਾਜ਼ ਵਾਲਿਆਂ ਨੂੰ ਹੀ ਸ਼ਾਮਲ ਹੋਣ ਦਾ ਇਸ਼ਾਰਾ ਜਿਹਾ ਕੀਤਾ ਗਿਆ। ਬਾਕੀਆਂ ਨੂੰ ਜ਼ੋਰ ਦੇ ਕੇ ਕਿਹਾ ਜਾਂਦਾ ਰਿਹਾ ਤੁਸੀਂ ਭਾਵੇਂ ਦੋ ਢਾਈ ਵਜੇ ਹੀ ਆਇਓ। ਜਦੋਂ ਬਾਕੀ ਲੇਖਕ ਪੰਜਾਬੀ ਭਵਨ ਵਿੱਚ ਦੋ ਢਾਈ ਵਜੇ ਹੀ ਪਹੁੰਚੇ ਤਾਂ ਖੱਬੀ ਰਵਾਇਤ ਦੇ ਐਨ ਉਲਟ ਇਹ ਮੀਟਿੰਗ ਬੜੇ ਹੀ ਨਿਸ਼ਚਿਤ ਸਮੇਂ ਤੇ ਸਮਾਪਤ ਕਰ ਦਿੱਤੀ ਗਈ। ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪੁੱਜੇ ਰਾਸ਼ਟਰਪਤੀ ਐਵਾਰਡੀ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਇਸ ਮੌਕੇ ਮੀਡੀਆ ਦੇ ਇੱਕ ਹਿੱਸੇ ਨਾਲ ਗੱਲਬਾਤ ਕਰਦਿਆਂ ਇਸ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਅਪੀਲ ਵੀ ਕੀਤੀ ਕਿ ਉਹ ਇਸ ਨੇਕ ਮਕਸਦ ਨੂੰ ਪੂਰਿਆਂ ਕਰਨ ਲਈ ਆਪਣੇ ਸਾਥੀਆਂ ਸਮੇਤ ਪੂਰਾ ਸਹਿਯੋਗ ਵੀ ਦੇਣ। ਸਭਾ ਦੇ ਜਨਰਲ ਸਕੱਤਰ ਡਾਕਟਰ ਸੁਖਦੇਵ ਸਿੰਘ ਸਿਰਸਾ ਆਪਣੇ ਸਾਥੀਆਂ ਨਾਲ ਅਗਲੀ ਰਣਨੀਤੀ ਬਾਰੇ ਚਰਚਾ ਕਰਨ ਵਿੱਚ ਰੁੱਝੇ ਰਹੇ ਅਤੇ ਡਾਕਟਰ ਗੁਲਜ਼ਾਰ ਪੰਧੇਰ ਆਪਣੇ ਨੇੜਲੇ ਸਾਥੀ ਐਮ ਐਸ ਭਾਟੀਆ ਸਮੇਤ "ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ" ਦੀ ਮੀਟਿੰਗ ਸ਼ੁਰੂ ਕਰਾਉਣ ਵਿੱਚ ਰੁਝ ਗਏ। ਦੋ ਚਾਰ ਦਿਨ ਪਹਿਲਾਂ ਹੀ ਐਲਾਨੀ ਹੋਈ ਇਸ ਮੀਟਿੰਗ ਵਿੱਚ ਬਹੁਤੇ ਲੇਖਕਾਂ ਨੂੰ ਇਹੀ ਕਹਿ ਕੇ ਲਿਜਾਇਆ ਗਿਆ ਕਿ ਪਹਿਲਾਂ ਤਾਂ ਵੱਡੀ ਮੀਟਿੰਗ ਸੀ ਇਸ ਲਈ ਉਸ ਵਿੱਚ ਸਭ ਨੂੰ ਬੁਲਾਉਣਾ ਸਾਡੇ ਵੱਸ ਵਿੱਚ ਨਹੀਂ ਸੀ। "ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ" ਇਹ ਮੀਟਿੰਗ ਵੀ ਲੰਮੇ ਸਮੇਂ ਤੱਕ ਚੱਲੀ। ਹੁਣ ਦੇਖਣਾ ਹੈ ਕਿ ਅੱਜ ਦੀ ਮੀਟਿੰਗ ਦੇ ਫੈਸਲਿਆਂ ਨੂੰ ਲਾਗੂ ਕਰਾਉਣ ਲਈ ਚੰਡੀਗੜ੍ਹ ਦੇ ਧਰਨੇ ਮੌਕੇ ਨਿਰਪੱਖ ਕਦਮ ਚੁੱਕੇ ਜਾਂਦੇ ਹਨ ਜਾਂ ਇਸ ਮਾਮਲੇ ਵਿੱਚ ਵੀ ਲਿਹਾਜ਼ਦਾਰੀਆਂ ਪਾਲੀਆਂ ਜਾਂਦੀਆਂ ਹਨ। 
ਇਸੇ ਦੌਰਾਨ ਮੀਟਿੰਗ ਵਿੱਚ ਸ਼ਾਮਲ ਹੋਣ ਮਗਰੋਂ ਲੋਕਾਂ ਨਾਲ ਜੁੜੀ ਲੇਖਿਕਾ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਕੇਂਦਰੀ ਲੇਖਕ ਸਭਾ ਨੇ ਅੱਜ ਦੀ ਇਕੱਤਰਤਾ ਵਿੱਚ ਲੋਕਪੱਖੀ ਫੈਸਲੇ ਕੀਤੇ ਹਨ। ਮੌਜੂਦਾ ਸਥਿਤੀ ਵਿੱਚ ਪੰਜਾਬ ਅੰਦਰ ਉਹ ਉਭਾਰ ਨਹੀਂ ਉੱਠ ਰਿਹਾ ਜਿਹੜਾ ਉੱਠਣਾ ਚਾਹੀਦਾ ਸੀ। ਅਜਿਹੀ ਸਥਿਤੀ ਵਿੱਚ ਲੇਖਕਾਂ ਦਾ ਅੱਗੇ ਆਉਣਾ ਇੱਕ ਚੰਗਾ ਸ਼ਗਨ ਹੈ। 
ਕਰਮ ਵਕੀਲ ਹੁਰਾਂ ਨੇ ਇਸ ਸਬੰਧੀ ਜਾਣਕਾਰੀ ਦੇਂਦਿਆਂ ਕਿਹਾ ਕਿ ਅੱਜ ਦੀ ਮੀਟਿੰਗ ਦੇ ਫੈਸਲਿਆਂ ਮੁਤਾਬਿਕ 25 ਜਨਵਰੀ 2020 ਨੂੰ ਚੰਡੀਗੜ੍ਹ ਦੇ 17 ਸੈਕਟਰ ਵਾਲੇ ਬ੍ਰਿਜ ਮਾਰਕੀਟ ਦੇ  ਥੱਲੇ ਭਾਰੀ ਰੋਸ ਵਖਾਵਾ ਅਤੇ ਧਰਨਾ ਹੋਵੇਗਾ। ਇਹ ਸਭ ਕੁਝ ਸਵੇਰੇ 11 ਵਜੇ ਸ਼ੁਰੂ ਹੋ ਜਾਏਗਾ ਅਤੇ ਬਾਅਦ ਦੁਪਹਿਰ ਦੋ ਵਜੇ ਤੱਕ ਚੱਲੇਗਾ। ਜ਼ਿਕਰਯੋਗ ਹੈ ਕਿ ਕੁਝ ਮਹਿਲਾ ਲੇਖਿਕਾਵਾਂ ਨੇ 25 ਜਨਵਰੀ ਵਾਲੇ ਪ੍ਰਸਤਾਵਿਤ ਧਰਨੇ ਵਿੱਚ ਸ਼ਾਮਲ ਹੋਣ ਤੋਂ ਝਿਜਕ ਵੀ ਮਹਿਸੂਸ ਕੀਤੀ ਅਤੇ ਆਪਣੀ ਇਸ ਝਿਜਕ ਨੂੰ ਮੀਟਿੰਗ ਵਿੱਚ ਜ਼ਾਹਿਰ ਵੀ ਕੀਤਾ। ਇਹਨਾਂ ਦਾ ਕਹਿਣਾ ਸੀ ਕਿ ਜੇ 25 ਜਨਵਰੀ ਨੂੰ ਸਭਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਹਨ ਤਾਂ ਜ਼ਮਾਨਤਾਂ ਦਾ ਕੰਮ ਵੀ ਫਿਰ 27 ਜਨਵਰੀ ਤੋਂ ਪਹਿਲਾਂ ਨਹੀਂ ਹੋਣ ਲੱਗਿਆ ਕਿਓਂਕਿ 26 ਜਨਵਰੀ ਨੂੰ ਛੁੱਟੀ ਆ ਜਾਣੀ ਹੈ। ਇਸਤੇ ਲੇਖਕਾਂ ਦੇ ਆਗੂਆਂ ਨੇ ਭਰੋਸਾ ਦੁਆਇਆ ਕਿ ਅਜਿਹਾ ਕੁਝ ਨਹੀਂ ਹੋਣ ਲੱਗਿਆ ਕਿਓਂਕਿ ਅਸੀਂ ਤੁਹਾਨੂੰ ਅਰਥਾਤ ਲੇਡੀਜ਼ ਨੂੰ ਅੱਗੇ ਨਹੀਂ ਕਰਾਂਗੇ;  ਦੂਰ ਦੂਰ ਹੀ ਰੱਖਾਂਗੇ। ਹੁਣ ਦੇਖਣਾ ਹੈ ਕਿ ਲੁਧਿਆਣਾ ਤੋਂ ਕਿੰਨੀਆਂ ਮਹਿਲਾ ਲੇਖਕਾਂ ਇਸ ਧਰਨੇ ਵਿੱਚ ਪੁੱਜਦੀਆਂ ਹਨ। ਕਿਓਂਕਿ ਸੁਨੇਹੇ ਦੇਣ ਵਿੱਚ ਵਰਤੀ ਗਈ ਕੰਜੂਸੀ ਨੇ ਇਸ ਐਕਸ਼ਨ ਦੀ ਸਫਲਤਾ ਨੂੰ ਬੁਰੀ ਤਰਾਂ ਪ੍ਰਭਾਵਿਤ ਕਰਨਾ ਹੈ। ਇਹ ਗੱਲ ਵੱਖਰੀ ਹੈ ਕਿ 25 ਜਨਵਰੀ ਦੇ ਧਰਨੇ ਵਾਲੀ ਇਸ ਗਿਣਤੀ ਨੂੰ ਵਧਾਉਣ ਲਈ ਖੱਬੀਆਂ ਧਿਰਾਂ ਆਪਣੀਆਂ ਟਰੇਡ ਯੂਨੀਅਨਾਂ ਦੀ ਤਾਕਤ ਨੂੰ ਵੀ ਵਰਤਣਗੀਆਂ। ਇਸਤਰਾਂ ਲੇਖਕ ਸਭਾ ਦੇ ਮੈਂਬਰਾਂ ਦੀ ਗਿਣਤੀ ਵੀ ਵਧੇਗੀ। ਮੈਂਬਰ ਬਣਾਉਣ ਦੀ ਪ੍ਰਕਿਰਿਆ ਅਤੇ ਨਿਯਮਾਵਲੀ ਬਾਰੇ ਚਰਚਾ ਇੱਕ ਵੱਖਰੀ ਪੋਸਟ ਵਿੱਚ। 


ਪੰਜਾਬੀ ਕਵੀ ਫ਼ਤਹਿਜੀਤ ਨੂੰ ਕੀਤਾ ਜਾਏਗਾ ਸਨਮਾਨਿਤ

Sunday 12th January 2020 at 5:29 PM
ਬਾਪੂ ਜਾਗੀਰ ਸਿੰਘ ਕੰਬੋਜ ਕਲਮ ਪੁਰਸਕਾਰ ਨਾਲ ਹੋਵੇਗਾ ਸਨਮਾਨ 
ਲੁਧਿਆਣਾ: 12 ਜਨਵਰੀ 2020: (ਸਾਹਿਤ ਸਕਰੀਨ ਬਿਊਰੋ)::
ਕੌਮਾਂਤਰੀ ਲੇਖਕ ਮੰਚ(ਕਲਮ)  ਵੱਲੋਂ ਦਿੱਤੇ ਜਾਂਦੇ ਸਾਲਾਨਾ ਪੁਰਸਕਾਰਾਂ ਵਿੱਚੋਂ ਇਸ ਸਾਲ ਦਾ ਬਾਪੂ ਜਾਗੀਰ ਸਿੰਘ ਕੰਬੋਜ ਕਲਮ ਪੁਰਸਕਾਰ ਇਸ ਸਾਲ ਬਜ਼ੁਰਗ ਸਿਰਕੱਢ ਪ੍ਰਗਤੀਸ਼ੀਲ ਕਵੀ ਫ਼ਤਹਿਜੀਤ(ਸ਼ਾਹਕੋਟ) ਜੀ ਨੂੰ ਪ੍ਰਦਾਨ ਕੀਤਾ ਜਾਵੇਗਾ। ਇਹ  ਜਾਣਕਾਰੀ ਪ੍ਰਸਿੱਧ ਅਤੇ ਸਰਗਰਮ ਪੰਜਾਬੀ ਲੇਖਕ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਹੁਰਾਂ ਨੇ ਅੱਜ ਸ਼ਾਮ ਨੂੰ ਦਿੱਤੀ। 
ਉਹਨਾਂ ਪੰਜਾਬੀ ਸਾਹਿਤ ਨੂੰ ਬਹੁਤ ਕੁਝ ਦਿੱਤਾ ਹੈ। ਪੰਜਾਬੀ ਕਵਿਤਾ ਵਿੱਚ ਨਿੱਕੀ ਜੇਹੀ ਚਾਨਣੀ, ਕੱਚੀ ਮਿੱਟੀ ਦੇ ਬੌਨੇ ਤੇ ਰੇਸ਼ਮੀ ਧਾਗੇ ਪੁਸਤਕਾਂ ਦੇ ਸਿਰਜਕ ਫ਼ਤਹਿਜੀਤ ਦੋਆਬੇ ਦੀ ਸਾਹਿੱਤਕ ਲਹਿਰ ਦੇ ਮਜ਼ਬੂਤ ਥੰਮ ਸਨ ਪਰ ਪਿਛਲੇ ਕੁਝ ਸਾਲਾਂ ਤੋਂ ਸਰੀਰਕ ਕਸ਼ਟ ਕਾਰਨ ਜਲੰਧਰ ਆਪਣੇ ਘਰ ਪਰਿਵਾਰ ਵਿੱਚ ਹੀ ਵਿਚਰ ਸਕਣ ਯੋਗ ਹੀ ਹਨ। 
ਕੌਮਾਂਤਰੀ ਲੇਖਕ ਮੰਚ (ਕਲਮ) ਦੇ ਜਨਰਲ ਸਕੱਤਰ ਪ੍ਰੋ: ਸੁਰਜੀਤ ਜੱਜ ਨੇ ਅੱਜ ਏਥੇ ਦੱਸਿਆ ਕਿ ਇਹ ਪੁਰਸਕਾਰ  ਵਿਸ਼ੇਸ਼ ਸਮਾਗਮ ਉਲੀਕ ਕੇ ਜਲੰਧਰ ਵਿੱਚ ਹੀ ਫ਼ਤਹਿਜੀਤ ਪਰਿਵਾਰ ਦੀ ਰਾਇ ਮੁਤਾਬਕ 21 ਜਨਵਰੀ ਨੂੰ ਪ੍ਰਦਾਨ ਕੀਤਾ ਜਾਵੇਗਾ। ਇਸ ਪੁਰਸਕਾਰ ਦੇ ਸੰਸਥਾਪਕ ਸੁਖਵਿੰਦਰ ਕੰਬੋਜ ਅਮਰੀਕਾ ਵੱਸਦੇ ਹਨ ਅਤੇ ਇਹ ਪੁਰਸਕਾਰ ਉਨ੍ਹਾਂ ਨੇ ਆਪਣੇ ਬਾਪੂ ਜੀ ਦੀ ਯਾਦ ਵਿੱਚ ਸਥਾਪਿਤ ਕੀਤਾ ਹੋਇਆ ਹੈ। ਵਰਨਣ ਯੋਗ ਗੱਲ ਇਹ ਹੈ ਕਿ ਸੁਖਵਿੰਦਰ ਕੰਬੋਜ ਵਿਸ਼ੇਸ਼ ਤੌਰ ਤੇ ਪੰਜਾਬ ਆ ਰਹੇ ਹਨ ਅਤੇ ਇਸ ਸਮਾਗਮ ਤੋਂ ਇਲਾਵਾ 23-24 ਜਨਵਰੀ ਨੂੰ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਕਰਵਾਈ ਜਾ ਰਹੀ ਤੀਸਰੀ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਸ਼ਾਮਿਲ ਹੋ ਕੇ ਵਾਪਸ ਅਮਰੀਕਾ ਪਰਤ ਜਾਣਗੇ।

Friday 10 January 2020

ਬਰਤਾਨੀਆਂ ਵਸਦੇ ਪੰਜਾਬੀ ਸ਼ਾਇਰ ਰਜਿੰਦਰਜੀਤ ਨਾਲ ਰੂਬਰੂ

Friday:10th Jan 2020 at 5:57 PM
ਰਜਿੰਦਰਜੀਤ ਲਗਪਗ ਪੰਦਰਾਂ ਸਾਲ ਤਰਕਸ਼ੀਲ ਸੋਸਾਇਟੀ ਨਾਲ ਵੀ ਰਹੇ
ਲੁਧਿਆਣਾ10 ਜਨਵਰੀ 2020: (*ਡਾ. ਗੁਰਇਕਬਾਲ ਸਿੰਘ//ਸਾਹਿਤ ਸਕਰੀਨ ਡੈਸਕ)::
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਇੰਗਲੈਂਡ ਵੱਸਦੇ ਸ਼ਾਇਰ ਸ੍ਰੀ ਰਜਿੰਦਰਜੀਤ ਨਾਲ ਕਰਵਾਏ ਰੂਬਰੂ ਮੌਕੇ ਜਾਣ-ਪਛਾਣ ਕਰਵਾਉਂਦਿਆਂ ਅਕਾਡਮੀ ਦੇ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਦਸਿਆ ਕਿ ਕੋਟਕਪੁਰੇ ਪਿਛੋਕੜ ਵਾਲੇ ਸ੍ਰੀ ਰਜਿੰਦਰ ਜੀਤ 2006 ਤੋਂ ਇੰਗਲੈਂਡ ਵਿਚ ਵਾਲਸਾਲ ਵਿਖੇ ਰਹਿ ਰਹੇ ਹਨ। ਉਹਨਾਂ ਨੇ 21ਵੀਂ ਸਦੀ ਵਿਚ ਲਿਖਣਾ ਸ਼ੁਰੂ ਕੀਤਾ ਤੇ
ਇਹ ਗੁੜਤੀ ਉਹਨਾਂ  ਨੂੰ ਘਰੋਂ ਪ੍ਰਾਪਤ ਹੋਈ ਕਿਉਂਕਿ ਉਹਨਾਂ ਦੇ ਪਿਤਾ ਜੀ ਘਰ ਵਿਚ ਪੰਜਾਬੀ ਦੇ ਅਖ਼ਬਾਰ ਅਤੇ ਰਸਾਲੇ ਮੰਗਵਾਉਂਦੇ ਸਨ। ਜਿਥੋਂ ਰਜਿੰਦਰਜੀਤ ਨੂੰ ਪੜ੍ਹਨ ਦਾ ਸ਼ੌਕ ਪਿਆ। ਸਾਹਿਤ ਸਭਾ ਕੋਟਕਪੁਰਾ ਦੇ ਸੰਪਰਕ ਵਿਚ ਆਉਣ ਨਾਲ ਉਹਨਾਂ ਦਾ ਇਹ ਸ਼ੌਕ ਸਿਰਜਨਾ ਵੱਲ ਤੁਰ ਪੈਂਦਾ ਹੈ। ਰਜਿੰਦਰਜੀਤ ਲਗਪਗ ਪੰਦਰਾਂ ਸਾਲ ਤਰਕਸ਼ੀਲ ਸੋਸਾਇਟੀ ਨਾਲ
ਵੀ ਸੰਬੰਧਿਤ ਰਹੇ ਹਨ। ਉਹ ਗ੍ਰੈਜੂਏਟ ਹਨ ਤੇ ਸਿਹਤ ਵਿਭਾਗ ਵਿਚ ਨੌਕਰੀ ਕਰਦੇ ਹੋਏ ਪਰਵਾਸ ਧਾਰਨ ਕਰ ਗਏ। ਸੰਨ 2008 ਵਿਚ ਉਹਨਾਂ  ਦਾ ਗ਼ਜ਼ਲ ਸੰਗ੍ਰਹਿ 'ਸਾਵੇ ਅਕਸ' ਪਾਠਕਾਂ ਦੇ ਸਨਮੁੱਖ ਆਇਆ ਤੇ ਉਹ ਨਿਰੰਤਰ ਇਹ ਸਾਧਨਾ ਕਰ ਰਹੇ ਹਨ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਰਜਿੰਦਰਜੀਤ ਨੂੰ ਜੀ ਆਇਆਂ ਨੂੰ ਕਹਿੰਦਿਆਂ ਇਸ ਸਮਾਗਮ ਵਿੱਚ ਪਹੁੰਚੇ ਲੇਖਕਾਂ ਅਤੇ ਸਰੋਤਿਆਂ ਦਾ ਧੰਨਵਾਦ ਵੀ ਕੀਤਾ।
ਰਜਿੰਦਰਜੀਤ ਨੇ ਆਪਣੇ ਸਾਹਿਤਕ ਸਫ਼ਰ ਬਾਰੇ ਚਰਚਾ ਕਰਦੇ ਹੋਏ ਕਿਹਾ ਕਿ ਪਰਵਾਸ ਮਨੁੱਖ ਨੂੰ ਬਹੁਤ ਸਾਰੀਆਂ ਸੰਵੇਦਨਸ਼ੀਲ ਸਮੱਸਿਆਵਾਂ ਨੂੰ ਸਾਹਮਣੇ ਲਿਆਉਂਦਾ ਹੈ ਅਤੇ ਆਪਣੀ ਮਾਤ ਭੂਮੀ ਲਈ ਸੋਚਣ ਲਈ ਮਜਬੂਰ ਕਰ ਦਿੰਦਾ ਹੈ। ਜਿਸ ਵਿਚੋਂ ਜਦੋਂ ਆਤਮਾ ਤਨਾਓ ਵਿਚ ਵਿਚਰਦੀ ਹੈ ਤਾਂ ਉਹ ਸਿਰਜਨਾ ਦਾ ਕੋਈ ਨਾ ਕੋਈ ਰੂਪ ਲੈ ਲੈਂਦੀ ਹੈ। ਇਸ ਦੇ ਨਾਲ ਨਾਲ ਹੀ ਉਹਨਾਂ ਨੇ ਆਪਣੀਆਂ ਕੁਝ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਰਜਿੰਦਰ ਜੀਤ ਨੇ ਜੋ ਰਚਨਾਵਾਂ ਸੁਣਾਈਆਂ ਉਹਨਾਂ ਵਿਛਕਾਂ ਕੁਝ ਕੁ ਸ਼ੇਅਰ ਤੁਸੀਂ ਵੀ ਜ਼ਰੂਰ ਦੇਖੋ:
ਤੇਰੇ ਤੋਂ ਕੁਝ ਪਲ ਉਧਾਰੇ ਮੰਗ ਕੇ, ਵੇਖਣਾ ਹੈ ਤੇਰੇ ਰੰਗ ਵਿਚ ਰੰਗ ਕੇ,   
ਜ਼ਹਿਰ ਤਾਂ ਤੈਨੂੰ ਵੀ ਚੜਦੀ ਹੋਵੇਗੀ, ਮੇਰੀਆਂ ਸ਼ਾਮਾਂ ਨੂੰ ਏਦਾਂ ਡੰਗ ਕੇ। 
ਰਾਤ ਸਾਰੀ ਤਾਰਿਆਂ ਵੱਲ ਰਹਿੰਦੇ ਝਾਕਦੇ, 
ਰੌਸ਼ਨੀ ਦੀ ਭਾਲ ਅੰਦਰ ਹੋ ਗਏ ਝੱਲੇ ਅਸੀਂ। 
ਤਾਂ ਹੀ ਸ਼ਾਇਦ ਹੈ ਸਲੀਕਾ, ਸੁਰ ਵੀ ਹੈ ਤੇ ਮਿਠਾਸ ਵੀ, 
ਬੰਸਰੀ ਵਾਂਗਰ ਗਏ ਕਿੰਨੇ ਵਾਰ ਸੱਲੇ ਅਸੀਂ। 
ਅਤੇ 
ਕਿਹੜੇ ਸੱਚ ਦੀ ਗੱਲ ਕਰਦੇ ਹੋ, 
ਕਿਹੜਾ ਝੂਠ ਨਿਤਾਰਣ ਆਏ ਹੋ।  
ਕਿਹੜੇ ਪਾਣੀ ਦੀਆਂ ਬੁੱਕਾਂ ਭਰ ਦੇ ਹੋ, 
ਕਿਹੜੇ ਚੁੱਲੇ ਤੋਂ ਤਾਰਨ ਆਏ ਹੋ। 
ਸ਼ਾਇਰ ਦੀਆਂ ਕਈ ਗ਼ਜ਼ਲਾਂ ਨੇ ਵਾਹ ਵਾਹ ਖੱਟੀ। ਸਰੋਤਿਆਂ ਨੇ ਇਸਦੀ ਦਾਦ ਵੀ ਦਿੱਤੀ। ਇੱਕ ਤਰਾਂ ਨਾਲ ਇਹ ਸਾਰੀ ਸ਼ਾਇਰੀ ਹ ਯਾਦਗਾਰੀ ਹੋ ਨਿੱਬੜੀ। 
ਇਸ ਮੌਕੇ ਸੰਗੀਤਾ ਭੰਡਾਰੀ, ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਜਗਵਿੰਦਰ ਜੋਧਾ, ਮਨਜਿੰਦਰ ਸਿੰਘ ਧਨੋਆ, ਤ੍ਰੈਲੋਚਨ ਲੋਚੀ, ਜਨਮੇਜਾ ਸਿੰਘ ਜੌਹਲ, ਸਤੀਸ਼ ਗੁਲਾਟੀ, ਇੰਦਰਜੀਤ ਪਾਲ ਕੌਰ, ਸੁਰਿੰਦਰ ਦੀਪ, ਕਮਲਪ੍ਰੀਤ ਕੌਰ, ਸਰਬਜੀਤ ਸਿੰਘ ਵਿਰਦੀ, ਸੁਨੀਲ ਚੰਦਿਆਣਵੀ, ਸੰਗੀਤਾ ਭੰਡਾਰੀ, ਸੁਰਿੰਦਰ ਕੌਰ, ਬਲਕੌਰ ਸਿੰਘ, ਤੇਜਪਾਲ ਜਾਨੀ, ਸੱਤਪਾਲ ਰਿਸ਼ੀ, ਜਸ਼ਨਪਾਲ   ਸਿੰਘ ਸਮੇਤ ਸਥਾਨਕ ਲੇਖਕ ਹਾਜ਼ਰ ਸਨ।
ਵਿਚਾਰ ਚਰਚਾ ਵਿਚ ਭਾਗ ਲੈਂਦਿਆਂ ਡਾ. ਜਗਵਿੰਦਰ ਜੋਧਾ ਨੇ ਕਿਹਾ ਰਜਿੰਦਰਜੀਤ ਧਰਤੀ ਨਾਲ ਜੁੜਿਆ ਸ਼ਾਇਰ ਹੈ। ਇਸ ਮੌਕੇ ਮਨਜਿੰਦਰ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਸਤੀਸ਼ ਗੁਲਾਟੀ ਅਤੇ ਸੁਨੀਲ ਚੰਦਿਆਣਵੀ ਨੇ ਆਪਣੀਆਂ ਗ਼ਜ਼ਲਾਂ ਪੇਸ਼ ਕੀਤੀਆਂ।
*ਡਾ. ਗੁਰਇਕਬਾਲ ਸਿੰਘ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰੈੱਸ ਸਕੱਤਰ ਹਨ ਅਤੇ ਸਾਹਿਤਿਕ ਕਵਰੇਜ ਲਈ ਮੀਡੀਆ ਨੂੰ ਅਕਸਰ ਸਰਗਰਮ ਸਹਿਯੋਗ ਵੀ ਦੇਂਦੇ ਹਨ। ਉਹਨਾਂ ਦਾ ਸੰਪਰਕ ਨੰਬਰ ਹੈ: 98158-26301

Thursday 9 January 2020

ਸਮੇਂ ਦਾ ਸੱਚ ਬੋਲਦੀ ਜਗਵਿੰਦਰ ਜੋਧਾ ਹੁਰਾਂ ਦੀ ਕਾਵਿ ਰਚਨਾ

"ਆਣ ਪਹੁੰਚਾ" ਵਿੱਚ ਹੈ ਇੱਕ ਵੰਗਾਰ-ਇੱਕ ਚੁਣੌਤੀ
ਨਿੱਤ ਦਿਹਾੜੇ ਤੇਜ਼ੀ ਨਾਲ ਬਦਲ ਰਹੇ ਘਟਨਾਕ੍ਰਮ ਨਾਲ ਇੱਕ ਦਹਿਸ਼ਤ ਵਾਲਾ ਮਾਹੌਲ ਪੈਦਾ ਹੋ  ਦਹਿਸ਼ਤ ਵਿੱਚ ਵਾਧਾ ਜਾਰੀ ਹੈ। ਭਵਿੱਖ ਪ੍ਰਤੀ ਅਨਿਸਚਿਤਤਾ ਵੀ ਵੱਧ ਰਹੀ ਹੈ। ਹਾਲਾਤ ਬੜੇ ਸ਼ੱਕੀ ਅਤੇ ਸ਼ਸ਼ੋਪੰਜ ਵਾਲੇ ਹਨ।  ਬਾਰ ਬਾਰ ਸਾਹਮਣੇ ਆ ਰਹੇ ਸਪ੍ਸ਼ਟੀਕਰਨਾਂ ਦੇ ਬਾਵਜੂਦ ਹੁਣ ਕਿਸੇ ਨੂੰ ਕਿਸੇ ਤੇਬ ਇਤਬਾਰ ਨਹੀਂ ਆਉਂਦਾ। ਸ਼ਾਇਦ ਅੱਜ ਦੇ ਹਿਟਲਰ ਨੂੰ ਇਹੀ ਸਭ ਰਾਸ ਆਉਂਦਾ ਹੈ। ਅਜਿਹੇ ਹਾਲਾਤ ਵਿੱਚ ਅੱਜ ਦੇ ਸਮਿਆਂ ਦੀ ਗੱਲ ਕਰਦੀ ਇੱਕ ਹੋਰ ਕਾਵਿ ਰਚਨਾ ਲਿਖੀ ਹੈ ਜਨਾਬ ਜਗਵਿੰਦਰ ਜੋਧਾ ਹੁਰਾਂ ਨੇ। ਇਹ ਕਾਵਿ ਰਚਨਾ ਅੱਜ ਦੇ ਹਾਲਾਤ ਦੀ ਇੱਕ ਰਿਪੋਰਟ ਵੀ ਹੈ ਅਤੇ ਚੁਣੌਤੀ ਨੂੰ ਸਵੀਕਾਰ ਕਰਨ ਦਾ ਹਲੂਣਾ ਵੀ। --ਰੈਕਟਰ ਕਥੂਰੀਆ 
ਨਿਰੰਤਰ ਖੌਫ਼ ਦਾ  ਬੇਰਹਿਮ ਲਸ਼ਕਰ ਆਣ ਪਹੁੰਚਾ ਹੈ। 
ਤੂੰ ਹੁਣ ਤਾਂ ਜਾਗ, ਹੁਣ ਤਾਂ ਬੂਹੇ ਤੀਕਰ ਆਣ ਪਹੁੰਚਾ ਹੈ। 

ਝੁਕੇ ਹੋਏ ਸਿਰਾਂ ਦੀ ਥਾਂ 'ਤੇ ਤਣਿਆ ਸੀਸ ਚਾਹੀਦਾ;
ਬਦਲ ਕੇ ਭੇਸ ਫਿਰ ਇਕ ਵਾਰ ਹਿਟਲਰ ਆਣ ਪਹੁੰਚਾ ਹੈ

ਜੇ ਇਹ ਤੱਕ ਕੇ ਲਹੂ ਨਾ ਖੌਲਿਆ ਮੁੱਠੀ ਨਾ ਕੱਸ ਹੋਈ
ਤਾਂ ਇਸਦਾ ਅਰਥ ਮਨ ਕਬਰਾਂ ਬਰਾਬਰ ਆਣ ਪਹੁੰਚਾ ਹੈ। 

ਦਿਨੋਂ-ਦਿਨ ਹੋਰ ਭਾਰੀ ਹੋ ਰਹੇ ਨੇ ਚੁੱਪ ਦੇ ਜਿੰਦੇ;
ਤੇ ਸਾਰੇ ਸ਼ਹਿਰ ਦਾ ਰੌਲਾ ਮੇਰੇ ਘਰ ਆਣ ਪਹੁੰਚਾ ਹੈ। 

ਇਨੂੰ ਹੂੰਝਣ ਲਈ ਨਲਕੇ ਨਹੀਂ ਹੜ੍ਹ ਦੀ ਜ਼ਰੂਰਤ ਹੈ;
ਬੜਾ ਕਚਰਾ ਮੇਰੀ ਬਸਤੀ ਦੇ ਅੰਦਰ ਆਣ ਪਹੁੰਚਾ ਹੈ। 

ਕਿਤਾਬਾਂ ਪੜ੍ਹ ਰਹੇ ਬੱਚਿਆਂ ਦੀ ਪਿੱਠ 'ਤੇ ਜਾਗਣਾ ਪੈਣਾ;
ਉਨ੍ਹਾਂ ਦੇ ਸਬਕ ਵਿਚ ਤਰਸ਼ੂਲ ਖੰਜਰ ਆਣ ਪਹੁੰਚਾ ਹੈ। 

                                        ----- ਜਗਵਿੰਦਰ ਜੋਧਾ
                                           6 ਜਨਵਰੀ 2020

Sunday 5 January 2020

ਸੀਐਮਸੀ ਦੀ ਮੁਲਾਜ਼ਮ ਯੂਨੀਅਨ ਵੱਲੋਂ ਕਰਾਇਆ ਗਿਆ ਮੁਸ਼ਾਇਰਾ

Sunday: 5th January 2020 at 5:15 PM
ਕਈ ਸ਼ਖਸੀਅਤਾਂ ਖੁਦ ਪੁੱਜੀਆਂ ਕਈਆਂ ਨੇ ਸੁਨੇਹੇ ਭੇਜ ਕੇ ਹਾਜ਼ਰੀ ਲਗਵਾਈ 
ਲੁਧਿਆਣਾ: 6 ਸਤੰਬਰ 2020: (ਐਮ ਐਸ ਭਾਟੀਆ//ਸਾਹਿਤ ਸਕਰੀਨ):: 
ਬਰਾਊਨ ਮੈਮੋਰੀਅਲ ਹਸਪਤਾਲ ਇੰਪਲਾਈਜ਼ ਯੂਨੀਅਨ (ਰਜਿਸਟਰਡ) ਵੱਲੋਂ ਨਵੇਂ ਸਾਲ ਦੇ ਮੌਕੇ ਤੇ ਸ਼ਾਮ ਪੈਲੇਸ ਵਿੱਚ ਇੱਕ ਯਾਦਗਾਰੀ ਮੁਸ਼ਾਇਰਾ ਆਯੋਜਿਤ ਕਰਾਇਆ ਗਿਆ। ਇਸ ਮੁਸ਼ਾਇਰੇ ਮੌਕੇ ਸ਼ਮਾ ਰੌਸ਼ਨ ਦੀ ਰਸਮ ਸਿਟੀਜ਼ਨ ਕਾਉਂਸਿਲ ਦੇ ਚੇਅਰਮੈਨ ਦਰਸ਼ਨ ਅਰੋੜਾ ਹੁਰਾਂ ਨੇ ਨਿਭਾਈ। ਸੀਐਮਸੀ ਦੇ ਨਰਸਿੰਗ ਕਾਲਜ ਦੀ ਵਾਈਸ ਪ੍ਰਿੰਸੀਪਲ ਡਾਕਟਰ ਊਸ਼ਾ ਗਿੱਲ, ਐਡਵੋਕੇਟ ਸ਼ਰਵਨ ਸਹਿਗਲ,  ਸਿਟੀਜ਼ਨ ਕਾਉਂਸਿਲ ਦੇ ਪ੍ਰਧਾਨ ਆਈ ਐਸ ਖੰਨਾ ਇਸ ਮੌਕੇ ਵਿਸ਼ੇਸ਼ ਮਹਿਮਾਨ ਸਨ। ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਸੈਮੁਅਲ ਸਿੱਧੂ, ਦੇ ਨਾਲ ਨਾਲ ਮਨਪ੍ਰੀਤ ਮੰਨ ਅਤੇ ਹਰਮਿੰਦਰ ਕਿੱਟੀ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ। ਡਾਕਟਰ ਜੌਹਨ ਅਕਬਰ ਰਾਹੀ, ਪ੍ਰੇਮ ਸ਼ਾਰਦਾ ਆਸੀ, ਗੁਲਾਮ ਹਸਨ ਕੈਸਰ, ਪਾਲ ਸੰਸਾਰਪੁਰੀ, ਗੁਰਦਿਆਲ ਮਸੀਹ ਦਿਲ, ਆਰਥਰ ਕੇ ਲਾਲ, ਯੂਨੁਸ ਗੁਰਦਾਸਪੁਰੀ, ਸੁਨੀਲ ਮੋਹਸਿਨ, ਐਲਵਿਨ ਅਣਜਾਣ, ਸੈਮੁਅਲ ਨੂਰਾਨੀ ਮੁਸਾਫ਼ਿਰ ਨੇ ਆਪਣਾ ਆਪਣਾ ਕਲਾਮ ਵੀ ਸੁਣਾਇਆ। 
ਸੀਐਮਸੀ ਦੇ ਡਾਇਰੈਕਟਰ ਡਾਕਟਰ ਵਿਲੀਅਮ ਭੱਟੀ, ਕ੍ਰਿਸ਼ਚੀਅਨ ਡੈਂਟਲ ਕਾਲਜ ਦੇ ਪ੍ਰਿੰਸੀਪਲ-ਡਾਕਟਰ ਅਭੀ ਥੋਮਸ, ਕਾਲਜ ਆਫ ਨਰਸਿੰਗ ਦੀ ਪ੍ਰਿੰਸੀਪਲ ਡਾਕਟਰ ਰੀਨਾ ਜੂਰੁਸ, ਅਲਾਈਡ ਹੈਲਥ ਸਾਇੰਸਿਜ਼ ਦੇ ਪ੍ਰਿੰਸੀਪਲ ਡਾਕਟਰ ਵਿੱਦਿਆ ਸਾਗਰ, ਸੀਐਮਸੀ ਦੇ ਸਾਬਕਾ ਡਾਇਰੈਕਟਰ ਡਾਕਟਰ ਜੌਹਨ ਪ੍ਰਮੋਦ, ਡਾਕਟਰ ਤ੍ਰਿਵੈਣੀ ਰਾਜੱਪਾ, ਡਾਕਟਰ ਇਕਬਾਲ ਅਹੂਜਾ ਅਤੇ ਨਾਇਬ ਸ਼ਾਹੀ ਇਮਾਮ ਮੋਹੰਮਦ ਉਸਮਾਨ ਲੁਧਿਆਣਵੀ ਸਮੇਤ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਆਪਣੀਆਂ ਹਾਰਦਿਕ ਸ਼ੁਭਕਾਮਨਾਵਾਂ ਦੇ ਸੁਨੇਹੇ ਭੇਜ ਕੇ ਆਪਣੀ ਹਾਜ਼ਰੀ ਲਗਵਾਈ। 

Thursday 2 January 2020

ਬਾਬਰਾਂ ਦੀ ਦੁਨੀਆ//ਗੁਰਮੇਲ ਸਿੰਘ ਸਰਾ

ਤੂੰ ਤੇ ਮੈਂ ਰਲ ਕੇ ਏਤੀ ਮਾਰ ਮਾਰਾਂਗੇ 
ਅਤੀਤ ਦੀ ਦੁਨੀਆ: 2 ਜਨਵਰੀ 2020: (ਸਾਹਿਤ ਸਕਰੀਨ ਡੈਸਕ)::
"ਬਾਬਰਾਂ ਦੀ ਦੁਨੀਆ" ਡਾਇਰੀਆਂ ਬੜੀ ਕੰਮ ਦੀ ਚੀਜ਼ ਹੁੰਦੀਆਂ ਹਨ ਪਰ ਰੋਜ਼ੀ ਰੋਟੀ ਦੇ ਝਮੇਲਿਆਂ ਵਿੱਚ ਰੁਝੇ ਸਾਡੇ ਵਰਗਿਆਂ ਕੋਲੋਂ ਅਕਸਰ ਹੀ ਗੁਆਚ ਜਾਂਦੀਆਂ ਹਨ। ਜਦੋਂ ਕੁਝ ਸਾਲ ਪਹਿਲਾਂ ਸਾਡੇ ਨਾਨਕਸ਼ਾਹੀ ਇੱਟ ਵਾਲੇ ਕਮਰੇ ਦੀ ਛੱਤ ਡਿੱਗੀ ਤਾਂ ਕ੍ਰਿਸ਼ਮਾ ਸੀ ਕਿ ਅਸੀਂ ਪਰਿਵਾਰ ਦੇ ਸਾਰੇ ਮੈਂਬਰ ਬਚ ਗਏ। ਬਾਰਿਸ਼ ਦੇ ਕਹਿਰ ਦਾ ਅੰਦਾਜ਼ਾ ਲਾਉਣ ਲਈ ਅਸੀਂ ਬੱਦਲਾਂ ਦਾ ਹਿਸਾਬ ਕਿਤਾਬ ਲਾਉਣ ਬਾਹਰ ਵਿਹੜੇ ਵਿੱਚ ਨਿਕਲ ਆਏ ਸਾਂ। ਮੀਂਹ ਕੁਝ ਪਲ ਪਹਿਲਾਂ ਹੀ ਰੁਕਿਆ ਸੀ। ਇਸਤਰਾਂ ਸਾਡਾ ਸਾਰਿਆਂ ਦਾ ਬਚਾਅ ਹੋ ਗਿਆ। ਫਿਰ ਵੀ ਦੁੱਖ ਇਸ ਗੱਲ ਦਾ ਕਿ ਬਹੁਤ ਕੁਝ ਉਸ ਛੱਤ ਹੇਠਾਂ ਆ ਗਿਆ। ਇਹਨਾਂ ਵਿੱਚੋਂ ਇੱਕ ਡਾਇਰੀ ਅਜਿਹੀ ਵੀ ਸੀ ਜਿਸ ਵਿੱਚ ਗੁਰਮੇਲ ਸਿੰਘ ਸਰਾ ਨਾਲ ਕੀਤੀਆਂ ਗੱਲਾਂ ਸਾਂਝੀਆਂ ਕੀਤੀਆਂ ਹੋਈਆਂ ਸਨ। ਹਥਲੀ ਕਵਿਤਾ ਉਸਨੇ ਕਦੋਂ ਲਿਖੀ ਅਤੇ ਕਿਸ ਪ੍ਰੇਰਨਾ ਨਾਲ ਉਸ ਡਾਇਰੀ ਵਿੱਚ ਇਸਦਾ ਵੀ ਜ਼ਿਕਰ ਸੀ। ਹੁਣ ਤਾਂ ਪੁੱਛ ਵੀ ਨਹੀਂ ਸਕਦੇ। ਹੁਣ ਇਹ ਸਾਡਾ ਮਿੱਤਰ ਪਿਆਰਾ ਇਸ ਦੁਨੀਆ ਵਿੱਚ ਨਹੀਂ। ਇਥੇ ਦੇ ਰਹੇ ਹਾਂ ਉਹੀ ਕਾਵਿ ਰਚਨਾ ਜਿਹੜੀ ਅੱਜ ਫੇਰ ਬਹੁਤ ਹੀ ਪ੍ਰਸੰਗਿਕ ਬਣ ਗਈ ਹੈ। --ਰੈਕਟਰ ਕਥੂਰੀਆ 
ਬਾਬਰਾਂ ਦੀ ਦੁਨੀਆ 
ਤੂੰ ਵੀ ਬਾਬਰ ਹੈਂ ਮੈਂ ਵੀ ਬਾਬਰ ਹਾਂ 
ਤੂੰ ਵੀ ਕਾਬਲੋਂ ਧਾਇਐਂ 
ਮੈਂ ਵੀ ਕਾਬਲੋਂ ਧਾਇਆਂ 
ਤੇਰੀ ਤੇ ਮੇਰੀ ਜੰਝ ਉਹੀ ਹੈ। 
ਤੂੰ ਬਾਲ ਮਨਾਂ ਵਿੱਚ ਮੇਖਾਂ ਗੱਡਦਾ ਹੈਂ 
ਮੈਂ ਤੜਾਗੀਆਂ ਦੇ ਮਣਕੇ ਭੁੰਨਦਾ ਹਾਂ 
ਤੂੰ ਮਸੀਤਾਂ ਭੰਨਦਾ ਤੇ ਮੈਂ ਮੰਦਰ ਭੰਨਦਾ ਹਾਂ 
ਤੇਰੀ ਭਾਸ਼ਾ 'ਚ ਜ਼ਹਿਰ ਹੈ
ਮੇਰੀ ਬੋਲੀ 'ਚ ਜ਼ਹਿਰ ਹੈ 
ਤੂੰ ਤਿੰਨ ਸੌ ਸੱਤਰ ਸਾੜੇਂਗਾ 
ਮੈਂ ਸਾਰੀ ਪੋਥੀ ਹੀ ਸਾੜਾਂਗਾ। 
ਤੂੰ ਤੇ ਮੈਂ ਰਲ ਕੇ ਏਤੀ ਮਾਰ ਮਾਰਾਂਗੇ 
ਦੇਖਾਂਗੇ ਕਿਸ ਨੂੰ ਦਰਦ ਆਊ 
ਦੇਖਾਂਗੇ ਕੌਣ ਕੁਰਲਾਊ 
ਅਸੀਂ ਭੈਣ ਦੇ ਯਾਰ ਪੱਕੇ ਹਾਂ। 
("ਇਹ ਕਵਿਤਾ ਨਹੀਂ" ਨਾਮਕ ਕਾਵਿ ਸੰਗ੍ਰਹਿ ਵਿੱਚੋਂ)ਸਫ਼ਾ-47
                                -ਗੁਰਮੇਲ ਸਿੰਘ ਸਰਾ 

ਅੰਤ ਵਿੱਚ ਇਸੇ ਸੰਗ੍ਰਹਿ ਵਿੱਚੋਂ ਇੱਕ ਨਿੱਕੀ ਕਵਿਤਾ ਹੋਰ 
ਕਿਹੜਾ ਯਾਰ?
ਮੈਂ ਚਰਨਾਂ ਦੀ ਧੂੜ 
ਮੇਰੇ ਯਾਰ ਦੀ। 
"ਕੌਣ ਹੈ ਮੇਰਾ ਯਾਰ ?"
ਰੂਹ ਪੁਕਾਰਦੀ। 
("ਇਹ ਕਵਿਤਾ ਨਹੀਂ" ਨਾਮਕ ਕਾਵਿ ਸੰਗ੍ਰਹਿ ਵਿੱਚੋਂ)ਸਫ਼ਾ-25
                            -ਗੁਰਮੇਲ ਸਿੰਘ ਸਰਾ