google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: 25 ਜਨਵਰੀ ਨੂੰ ਕੇਂਦਰੀ ਲੇਖਕ ਸਭਾ ਵੱਲੋਂ ਚੰਡੀਗੜ੍ਹ ਵਿੱਚ ਧਰਨਾ/ਮੁਜ਼ਾਹਰਾ

Sunday 12 January 2020

25 ਜਨਵਰੀ ਨੂੰ ਕੇਂਦਰੀ ਲੇਖਕ ਸਭਾ ਵੱਲੋਂ ਚੰਡੀਗੜ੍ਹ ਵਿੱਚ ਧਰਨਾ/ਮੁਜ਼ਾਹਰਾ

ਪੰਜਾਬ ਵਿੱਚ ਹੁਣ ਅੰਦੋਲਨ ਤਿੱਖਾ ਕਰਨਗੇ ਲੇਖਕ ਅਤੇ ਬੁੱਧਜੀਵੀ
ਲੁਧਿਆਣਾ: 12 ਜਨਵਰੀ 2020: (ਸਾਹਿਤ ਸਕਰੀਨ ਬਿਊਰੋ):: 
ਪੰਜਾਬ ਵਿੱਚ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਚੁਣੌਤੀ ਦੇਣ ਅਤੇ ਇਹਨਾਂ ਦੇ ਖਿਲਾਫ ਤਿੱਖਾ ਅੰਦੋਲਨ ਖੜਾ ਕਰਨ ਦਾ ਮੁੱਦਾ ਹੁਣ ਲੇਖਕਾਂ ਦੇ ਜ਼ਰੀਏ ਪੂਰਾ ਕੀਤਾ ਜਾਣਾ ਹੈ। ਇਸ ਗੱਲ ਦੇ ਸੰਕੇਤ ਅੱਜ ਇਥੇ ਪੰਜਾਬੀ ਭਵਨ ਵਿੱਚ ਹੋਈ ਇੱਕ ਵਿਸ਼ੇਸ਼ ਮੀਟਿੰਗ ਦੇ ਰੰਗਢੰਗ ਨੂੰ ਦੇਖਦਿਆਂ ਮਿਲੇ। ਕੇਂਦਰੀ ਪੰਜਾਬੀ ਲੇਖਕ ਸਭਾ ਦੀ ਇਸ ਐਗਜ਼ੈਕੁਟਿਵ ਮੀਟਿੰਗ ਵਿੱਚ ਸਿਰਫ ਉਹਨਾਂ ਸਥਾਨਕ ਲੇਖਕਾਂ ਨੂੰ ਹੀ ਸ਼ਾਮਲ ਕੀਤਾ ਗਿਆ ਜਿਹਨਾਂ ਨੂੰ ਖੱਬੀ ਸਿਆਸਤ ਨਾਲ ਪ੍ਰਣਾਏ ਲੇਖਕ ਆਗੂਆਂ ਨੇ ਆਪਣੇ ਭਰੋਸੇ ਦੇ ਲਾਇਕ ਸਮਝਿਆ। ਬਾਕੀਆਂ ਨੂੰ ਤਾਂ ਇਸਦੀ ਭਿਣਕ ਵੀ ਨਹੀਂ ਲੱਗਣ ਦਿੱਤੀ ਗਈ। ਲੇਖਕਾਂ ਵਿੱਚ ਭਾਰੂ ਖੱਬੀ ਸਿਆਸਤ ਦੀ ਇਸ ਖੁਫੀਆ ਅੰਦਾਜ਼ ਵਰਗੀ ਮੀਟਿੰਗ ਤੋਂ ਜਾਪਦਾ ਹੈ ਕਿ ਹੁਣ ਲੋਕਪੱਖੀ ਅਖਵਾਉਣ ਵਾਲੇ ਲੇਖਕ ਕਲਮ ਦੇ ਨਾਲ ਨਾਲ ਯੁੱਧ ਵਰਗੇ ਹਾਲਾਤ ਲਈ ਵੀ ਕਮਰ ਕੱਸ ਰਹੇ ਹਨ। ਚੰਡੀਗੜ੍ਹ ਵਿੱਚ 25 ਜਨਵਰੀ ਨੂੰ ਹੋਣ ਵਾਲਾ ਧਰਨਾ ਪ੍ਰਦਰਸ਼ਨ ਲੇਖਕਾਂ ਦੇ ਇਸ ਰੋਸ ਅਤੇ ਰੋਹ ਦੀ ਅਗਲੇਰੀ ਸਥਿਤੀ ਬਾਰੇ ਵੀ ਦੱਸੇਗਾ। 
ਹਾਲਾਂਕਿ ਇਸ ਮੀਟਿੰਗ ਦਾ ਸਰਕੂਲਰ 8 ਜਨਵਰੀ 2020 ਨੂੰ  ਹੀ ਜਾਰੀ ਹੋ ਗਿਆ ਸੀ ਪਰ ਇਸਦੇ ਬਾਵਜੂਦ ਸਥਾਨਕ  ਨੂੰ ਅੱਜ ਸਵੇਰੇ ਹੀ ਇਸਦੀ ਸੂਚਨਾ ਦਿੱਤੀ ਗਈ ਅਤੇ ਉਸ ਸੁਨੇਹੇ ਵਿੱਚ ਵੀ ਏਜੰਡਾ ਨਹੀਂ ਦੱਸਿਆ ਗਿਆ। ਸਿਰਫ ਇਹੀ ਕਿਹਾ ਗਿਆ ਕਿ ਬਹੁਤ ਜ਼ਰੂਰੀ ਮੀਟਿੰਗ ਹੈ ਇਸ ਲਈ ਹਰ ਹੀਲੇ ਮੀਟਿੰਗ ਵਿੱਚ ਪਹੁੰਚੋ। 
ਇਸ ਮੀਟਿੰਗ ਲਈ ਜਾਰੀ ਸਰਕੂਲਰ/ਚਿੱਠੀ ਵਿੱਚ ਦੱਸਿਆ ਗਿਆ ਕਿ ਅੱਜ ਹਿੰਦੋਸਤਾਨ ਦੇ ਹਾਲਾਤ ਬੜੇ ਚਿੰਤਾਜਨਕ ਬਣ ਰਹੇ ਹਨ। ਭਾਰਤੀ ਜਨਤਾ ਪਾਰਟੀ ਸਰਕਾਰ ਵੱਲੋਂ ਜੰਮੂ ਕਸ਼ਮੀਰ ਅਤੇ ਲਦਾਖ ਵਿਚੋਂ ਧਾਰਾ 370 ਹਟਾਉਣ, NRC ਅਤੇ CAA ਜਿਹੇ ਲੋਕ ਦੋਖੀ ਕਾਲੇ ਕਾਨੂੰਨ ਪਾਸ ਕਰਨ ਅਤੇ ਜੇ. ਐਨ. ਯੂ. ਵਿਚ ਨਿਰਦੋਸ਼ੇ ਵਿਦਿਆਰਥੀਆਂ ਉਤੇ ਗੁੰਡਿਆਂ ਵਲੋਂ ਕੀਤੇ ਅਣਮਨੁੱਖੀ ਤਸ਼ੱਦਦ ਨਾਲ ਆਮ ਨਾਗਰਿਕਾਂ ਵਿਚ ਭੈਅ ਅਤੇ ਸ਼ੱਕ ਦਾ ਮਾਹੌਲ ਪੈਦਾ ਹੋ ਗਿਆ ਹੈ। ਆਮ ਲੋਕ ਬਹੁਤ ਡਰੇ ਹੋਏ ਮਹਿਸੂਸ ਕਰ ਰਹੇ ਹਨ।
ਕੇਂਦਰੀ ਪੰਜਾਬੀ ਲੇਖਕ ਸਭਾ ਨੇ ਆਪਣੇ ਇਸ ਪੱਤਰ ਵਿੱਚ ਅਜਿਹੇ ਹਾਲਾਤ ਵਿੱਚ ਆਪਣੀ ਪ੍ਰਤੀਬੱਧਤਾ ਅਤੇ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਸਪਸ਼ਟ ਕਿਹਾ ਹੈ ਕਿ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਸੰਵੇਦਨਸ਼ੀਲ ਅਤੇ ਲੋਕਾਂ ਲਈ ਸੰਘਰਸ਼ ਕਰਨ ਵਾਲੇ ਲੇਖਕਾਂ ਦੀ ਕੌਮਾਂਤਰੀ ਸੰਸਥਾ ਹੈ। ਦੇਸ਼ ਦੇ ਅਤਿ ਨਾਜ਼ੁਕ ਹਾਲਤਾਂ ਨੂੰ ਸਮਝਦੇ ਹੋਏ, ਢੁਕਵੇਂ ਫੈਸਲੇ ਲੈਣ ਲਈ, ਅਸੀਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਕਾਰਜਕਾਰਨੀ ਮੈਂਬਰਾਂ ਦੀ ਅਤਿ ਹੰਗਾਮੀ ਬੈਠਕ 12.01.2020 ਐਤਵਾਰ ਨੂੰ ਸਵੇਰੇ 11 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਬੁਲਾਈ ਹੈ। ਆਪ ਸਾਰੇ ਸਾਥੀ ਸਮੇਂ ਸਿਰ ਜ਼ਰੂਰ ਪਹੁੰਚੋ ਜੀ। ਇਸ ਪੱਤਰ ਨੂੰ ਤੂਫ਼ਾਨੀ ਢੰਗ ਨਾਲ ਲੇਖਕ ਜਗਤ ਦੇ ਹਰ ਕੋਨੇ ਵਿੱਚ ਪਹੁੰਚਾਇਆ ਗਿਆ। ਇਹ ਪੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾਕਟਰ ਸੁਖਦੇਵ ਸਿੰਘ ਸਿਰਸਾ ਵੱਲੋਂ ਜਾਰੀ ਕੀਤਾ ਗਿਆ। 
ਦਿਲਚਸਪ ਗੱਲ ਹੈ ਕਿ ਇਸ ਗੰਭੀਰਤਾ ਦੇ ਬਾਵਜੂਦ ਇਸ ਸੁਨੇਹੇ ਨੂੰ ਅੱਗੇ ਪਹੁੰਚਾਉਣ ਵਾਲੇ ਸਥਾਨਕ ਲੇਖਕ ਆਗੂਆਂ ਨੇ ਖੱਬੀ ਸੋਚ ਨਾਲ ਸਬੰਧਤ ਸਾਰੇ ਕਲਮਕਾਰਾਂ ਨੂੰ ਇਹ ਸੁਨੇਹਾ ਨਹੀਂ ਦਿੱਤਾ। ਸਿਰਫ ਆਪਣੇ ਲਿਹਾਜ਼ ਵਾਲਿਆਂ ਨੂੰ ਹੀ ਸ਼ਾਮਲ ਹੋਣ ਦਾ ਇਸ਼ਾਰਾ ਜਿਹਾ ਕੀਤਾ ਗਿਆ। ਬਾਕੀਆਂ ਨੂੰ ਜ਼ੋਰ ਦੇ ਕੇ ਕਿਹਾ ਜਾਂਦਾ ਰਿਹਾ ਤੁਸੀਂ ਭਾਵੇਂ ਦੋ ਢਾਈ ਵਜੇ ਹੀ ਆਇਓ। ਜਦੋਂ ਬਾਕੀ ਲੇਖਕ ਪੰਜਾਬੀ ਭਵਨ ਵਿੱਚ ਦੋ ਢਾਈ ਵਜੇ ਹੀ ਪਹੁੰਚੇ ਤਾਂ ਖੱਬੀ ਰਵਾਇਤ ਦੇ ਐਨ ਉਲਟ ਇਹ ਮੀਟਿੰਗ ਬੜੇ ਹੀ ਨਿਸ਼ਚਿਤ ਸਮੇਂ ਤੇ ਸਮਾਪਤ ਕਰ ਦਿੱਤੀ ਗਈ। ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪੁੱਜੇ ਰਾਸ਼ਟਰਪਤੀ ਐਵਾਰਡੀ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਨੇ ਇਸ ਮੌਕੇ ਮੀਡੀਆ ਦੇ ਇੱਕ ਹਿੱਸੇ ਨਾਲ ਗੱਲਬਾਤ ਕਰਦਿਆਂ ਇਸ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਅਪੀਲ ਵੀ ਕੀਤੀ ਕਿ ਉਹ ਇਸ ਨੇਕ ਮਕਸਦ ਨੂੰ ਪੂਰਿਆਂ ਕਰਨ ਲਈ ਆਪਣੇ ਸਾਥੀਆਂ ਸਮੇਤ ਪੂਰਾ ਸਹਿਯੋਗ ਵੀ ਦੇਣ। ਸਭਾ ਦੇ ਜਨਰਲ ਸਕੱਤਰ ਡਾਕਟਰ ਸੁਖਦੇਵ ਸਿੰਘ ਸਿਰਸਾ ਆਪਣੇ ਸਾਥੀਆਂ ਨਾਲ ਅਗਲੀ ਰਣਨੀਤੀ ਬਾਰੇ ਚਰਚਾ ਕਰਨ ਵਿੱਚ ਰੁੱਝੇ ਰਹੇ ਅਤੇ ਡਾਕਟਰ ਗੁਲਜ਼ਾਰ ਪੰਧੇਰ ਆਪਣੇ ਨੇੜਲੇ ਸਾਥੀ ਐਮ ਐਸ ਭਾਟੀਆ ਸਮੇਤ "ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ" ਦੀ ਮੀਟਿੰਗ ਸ਼ੁਰੂ ਕਰਾਉਣ ਵਿੱਚ ਰੁਝ ਗਏ। ਦੋ ਚਾਰ ਦਿਨ ਪਹਿਲਾਂ ਹੀ ਐਲਾਨੀ ਹੋਈ ਇਸ ਮੀਟਿੰਗ ਵਿੱਚ ਬਹੁਤੇ ਲੇਖਕਾਂ ਨੂੰ ਇਹੀ ਕਹਿ ਕੇ ਲਿਜਾਇਆ ਗਿਆ ਕਿ ਪਹਿਲਾਂ ਤਾਂ ਵੱਡੀ ਮੀਟਿੰਗ ਸੀ ਇਸ ਲਈ ਉਸ ਵਿੱਚ ਸਭ ਨੂੰ ਬੁਲਾਉਣਾ ਸਾਡੇ ਵੱਸ ਵਿੱਚ ਨਹੀਂ ਸੀ। "ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ" ਇਹ ਮੀਟਿੰਗ ਵੀ ਲੰਮੇ ਸਮੇਂ ਤੱਕ ਚੱਲੀ। ਹੁਣ ਦੇਖਣਾ ਹੈ ਕਿ ਅੱਜ ਦੀ ਮੀਟਿੰਗ ਦੇ ਫੈਸਲਿਆਂ ਨੂੰ ਲਾਗੂ ਕਰਾਉਣ ਲਈ ਚੰਡੀਗੜ੍ਹ ਦੇ ਧਰਨੇ ਮੌਕੇ ਨਿਰਪੱਖ ਕਦਮ ਚੁੱਕੇ ਜਾਂਦੇ ਹਨ ਜਾਂ ਇਸ ਮਾਮਲੇ ਵਿੱਚ ਵੀ ਲਿਹਾਜ਼ਦਾਰੀਆਂ ਪਾਲੀਆਂ ਜਾਂਦੀਆਂ ਹਨ। 
ਇਸੇ ਦੌਰਾਨ ਮੀਟਿੰਗ ਵਿੱਚ ਸ਼ਾਮਲ ਹੋਣ ਮਗਰੋਂ ਲੋਕਾਂ ਨਾਲ ਜੁੜੀ ਲੇਖਿਕਾ ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਕੇਂਦਰੀ ਲੇਖਕ ਸਭਾ ਨੇ ਅੱਜ ਦੀ ਇਕੱਤਰਤਾ ਵਿੱਚ ਲੋਕਪੱਖੀ ਫੈਸਲੇ ਕੀਤੇ ਹਨ। ਮੌਜੂਦਾ ਸਥਿਤੀ ਵਿੱਚ ਪੰਜਾਬ ਅੰਦਰ ਉਹ ਉਭਾਰ ਨਹੀਂ ਉੱਠ ਰਿਹਾ ਜਿਹੜਾ ਉੱਠਣਾ ਚਾਹੀਦਾ ਸੀ। ਅਜਿਹੀ ਸਥਿਤੀ ਵਿੱਚ ਲੇਖਕਾਂ ਦਾ ਅੱਗੇ ਆਉਣਾ ਇੱਕ ਚੰਗਾ ਸ਼ਗਨ ਹੈ। 
ਕਰਮ ਵਕੀਲ ਹੁਰਾਂ ਨੇ ਇਸ ਸਬੰਧੀ ਜਾਣਕਾਰੀ ਦੇਂਦਿਆਂ ਕਿਹਾ ਕਿ ਅੱਜ ਦੀ ਮੀਟਿੰਗ ਦੇ ਫੈਸਲਿਆਂ ਮੁਤਾਬਿਕ 25 ਜਨਵਰੀ 2020 ਨੂੰ ਚੰਡੀਗੜ੍ਹ ਦੇ 17 ਸੈਕਟਰ ਵਾਲੇ ਬ੍ਰਿਜ ਮਾਰਕੀਟ ਦੇ  ਥੱਲੇ ਭਾਰੀ ਰੋਸ ਵਖਾਵਾ ਅਤੇ ਧਰਨਾ ਹੋਵੇਗਾ। ਇਹ ਸਭ ਕੁਝ ਸਵੇਰੇ 11 ਵਜੇ ਸ਼ੁਰੂ ਹੋ ਜਾਏਗਾ ਅਤੇ ਬਾਅਦ ਦੁਪਹਿਰ ਦੋ ਵਜੇ ਤੱਕ ਚੱਲੇਗਾ। ਜ਼ਿਕਰਯੋਗ ਹੈ ਕਿ ਕੁਝ ਮਹਿਲਾ ਲੇਖਿਕਾਵਾਂ ਨੇ 25 ਜਨਵਰੀ ਵਾਲੇ ਪ੍ਰਸਤਾਵਿਤ ਧਰਨੇ ਵਿੱਚ ਸ਼ਾਮਲ ਹੋਣ ਤੋਂ ਝਿਜਕ ਵੀ ਮਹਿਸੂਸ ਕੀਤੀ ਅਤੇ ਆਪਣੀ ਇਸ ਝਿਜਕ ਨੂੰ ਮੀਟਿੰਗ ਵਿੱਚ ਜ਼ਾਹਿਰ ਵੀ ਕੀਤਾ। ਇਹਨਾਂ ਦਾ ਕਹਿਣਾ ਸੀ ਕਿ ਜੇ 25 ਜਨਵਰੀ ਨੂੰ ਸਭਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਹਨ ਤਾਂ ਜ਼ਮਾਨਤਾਂ ਦਾ ਕੰਮ ਵੀ ਫਿਰ 27 ਜਨਵਰੀ ਤੋਂ ਪਹਿਲਾਂ ਨਹੀਂ ਹੋਣ ਲੱਗਿਆ ਕਿਓਂਕਿ 26 ਜਨਵਰੀ ਨੂੰ ਛੁੱਟੀ ਆ ਜਾਣੀ ਹੈ। ਇਸਤੇ ਲੇਖਕਾਂ ਦੇ ਆਗੂਆਂ ਨੇ ਭਰੋਸਾ ਦੁਆਇਆ ਕਿ ਅਜਿਹਾ ਕੁਝ ਨਹੀਂ ਹੋਣ ਲੱਗਿਆ ਕਿਓਂਕਿ ਅਸੀਂ ਤੁਹਾਨੂੰ ਅਰਥਾਤ ਲੇਡੀਜ਼ ਨੂੰ ਅੱਗੇ ਨਹੀਂ ਕਰਾਂਗੇ;  ਦੂਰ ਦੂਰ ਹੀ ਰੱਖਾਂਗੇ। ਹੁਣ ਦੇਖਣਾ ਹੈ ਕਿ ਲੁਧਿਆਣਾ ਤੋਂ ਕਿੰਨੀਆਂ ਮਹਿਲਾ ਲੇਖਕਾਂ ਇਸ ਧਰਨੇ ਵਿੱਚ ਪੁੱਜਦੀਆਂ ਹਨ। ਕਿਓਂਕਿ ਸੁਨੇਹੇ ਦੇਣ ਵਿੱਚ ਵਰਤੀ ਗਈ ਕੰਜੂਸੀ ਨੇ ਇਸ ਐਕਸ਼ਨ ਦੀ ਸਫਲਤਾ ਨੂੰ ਬੁਰੀ ਤਰਾਂ ਪ੍ਰਭਾਵਿਤ ਕਰਨਾ ਹੈ। ਇਹ ਗੱਲ ਵੱਖਰੀ ਹੈ ਕਿ 25 ਜਨਵਰੀ ਦੇ ਧਰਨੇ ਵਾਲੀ ਇਸ ਗਿਣਤੀ ਨੂੰ ਵਧਾਉਣ ਲਈ ਖੱਬੀਆਂ ਧਿਰਾਂ ਆਪਣੀਆਂ ਟਰੇਡ ਯੂਨੀਅਨਾਂ ਦੀ ਤਾਕਤ ਨੂੰ ਵੀ ਵਰਤਣਗੀਆਂ। ਇਸਤਰਾਂ ਲੇਖਕ ਸਭਾ ਦੇ ਮੈਂਬਰਾਂ ਦੀ ਗਿਣਤੀ ਵੀ ਵਧੇਗੀ। ਮੈਂਬਰ ਬਣਾਉਣ ਦੀ ਪ੍ਰਕਿਰਿਆ ਅਤੇ ਨਿਯਮਾਵਲੀ ਬਾਰੇ ਚਰਚਾ ਇੱਕ ਵੱਖਰੀ ਪੋਸਟ ਵਿੱਚ। 


No comments:

Post a Comment