google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: January 2022

Sunday 30 January 2022

ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਚੁਣੇ ਗਏ ਡਾ. ਗੁਰਇਕਬਾਲ ਸਿੰਘ

Posted on 30th January 2022 at 09:42 PM         Updated 31st January 2022 at 10:42 AM

 ਡਾ.ਗੁਲਜ਼ਾਰ ਪੰਧੇਰ 41 ਵੋਟਾਂ ਦੇ ਫਰਕ ਨਾਲ ਹਾਰੇ 

 ਸੀ. ਮੀਤ ਪ੍ਰਧਾਨ ਦੇ ਸਖਤ ਮੁਕਾਬਲੇ ਵਿਚ ਡਾ. ਸ਼ਿਆਮ ਸੁੰਦਰ ਦੀਪਤੀ ਜੇਤੂ

ਜਿੱਤੇ ਹੋਏ ਲੇਖਕਾਂ ਦੇ ਦਰਮਿਆਨ ਬੈਠੇ ਹਨ ਬੇਤਾਜ ਬਾਦਸ਼ਾਹ ਡਾ. ਗੁਰਭਜਨ ਗਿੱਲ-ਇਹ ਹੁੰਦੈ ਅਸਲੀ ਜਲਵਾ 
ਲੁਧਿਆਣਾ: 30 ਜਨਵਰੀ 2022: (ਸਾਹਿਤ ਸਕਰੀਨ ਡੈਸਕ)::

ਥੋਹੜੀ ਹੀ ਦੇਰ ਪਹਿਲਾਂ ਰਾਤ ਨੂੰ ਕਰੀਬ 9 ਵਜੇ ਪੰਜਾਬੀ ਸਹਿਤ ਅਕਾਦਮੀ ਦੀਆਂ ਅੱਜ ਹੋਈਆਂ ਚੋਣਾਂ ਦੇ ਨਤੀਜੇ ਈਮੇਲ ਰਾਹੀਂ ਵੀ ਸਾਹਮਣੇ ਆ ਗਏ ਸਨ। ਉਂਝ ਵੱਡੇ ਅਹੁਦਿਆਂ ਬਾਰੇ ਇਸ ਰਸਮੀ ਐਲਾਨ ਤੋਂ ਪਹਿਲਾਂ ਵੀ ਜਾਣਕਾਰੀ ਆਮ ਹੋ ਗਈ ਸੀ। ਪ੍ਰਧਾਨ ਵੱਜੋਂ ਡਾ. ਲਖਵਿੰਦਰ ਜੌਹਲ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੇ ਗਏ ਸਨ ਪਰ ਜਨਰਲ ਸਕੱਤਰ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਬਾਕਾਇਦਾ ਸਖਤ ਚੋਣ ਜੰਗ ਹੋਈ ਜਿਸ ਵਿੱਚ ਸਭ ਤੋਂ ਵੱਧ ਮਜ਼ਬੂਤ ਉਮੀਦਵਾਰ ਵੱਜੋਂ ਗਿਣੇ ਜਾਂਦੇ ਡਾ. ਗੁਲਜ਼ਾਰ ਪੰਧੇਰ 41 ਵੋਟਾਂ ਦੇ ਫਰਕ ਨਾਲ ਜਨਰਲ ਸਕੱਤਰੀ ਦੀ ਚੋਣ ਹਾਰ ਗਏ ਅਤੇ ਡਾ. ਗੁਰਇਕਬਾਲ ਸਿੰਘ ਇਹ ਚੋਣ ਜਿੱਤ ਗਏ। ਅਕਾਦਮੀ ਦੀਆਂ ਚੋਣਾਂ ਲਈ ਅੱਜ ਸਵੇਰੇ ਅੱਠ ਵਜੇ ਵੋਟਾਂ ਸ਼ੁਰੂ ਹੋਈਆਂ ਜੋ ਸ਼ਾਮ 4 ਵਜੇ ਤੱਕ ਜਾਰੀ ਰਹੀਆਂ। ਸਵੇਰ ਸਮੇਂ ਭਾਵੇਂ ਵੋਟਾਂ ਪਾਉਣ ਦਾ ਰੁਝਾਨ ਕੁਝ ਮੱਠਾ ਸੀ ਪਰ ਜਿਉਂ ਜਿਉਂ ਦਿਨ ਚੜ੍ਹਦਾ ਗਿਆ ਵੋਟਾਂ ਪਾਉਣ ਵਾਲੇ ਲੇਖਕਾਂ ਦੀ ਗਿਣਤੀ ਵੀ ਵਧਦੀ ਗਈ।

ਕਬੂਲ ਨੇ ਚੁਣੌਤੀਆਂ ਨਵੀਂ ਟੀਮ ਨੂੰ 
ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਇੱਕੋ ਹੀ ਸੀ। ਇਸ ਅਹੁਦੇ ਲਈ ਡਾ. ਸੁਰਜੀਤ ਸਿੰਘ ਇਹ ਚੋਣ ਹਾਰ ਗਏ। ਪੰਜਾਬੀ ਸਾਹਿਤ ਐਕਡਮੀ ਦੀਆਂ ਚੋਣਾਂ ਵਿਚ ਇਹ ਇੱਕ ਮਜ਼ਬੂਤ ਉਮੀਦਵਾਰ ਸਨ ਪਰ ਇਸ ਵਾਰ ਚੱਲੀ ਹਵਾ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਅੰਮ੍ਰਿਤਸਰ ਦੀ ਧਰਤੀ ਨਾਲ ਸਬੰਧਤ ਮੈਡੀਕਲ ਖੇਤਰ ਨਾਲ ਜੁੜੇ ਹੋਏ ਡਾ. ਸ਼ਿਆਮ ਸੁੰਦਰ ਦੀਪਤੀ ਇਹ ਚੋਣ ਜਿੱਤ ਗਏ। ਡਾ. ਦੀਪਤੀ ਰੋਜ਼ਾਨਾ ਨਵਾਂ ਜ਼ਮਾਨਾ ਅਤੇ ਹੋਰ ਪ੍ਰਸਿੱਧ ਅਖਬਾਰਾਂ ਲਈ ਵੀ ਅਕਸਰ ਲਿਖਦੇ ਰਹਿੰਦੇ ਹਨ। ਸੀਨੀਅਰ ਮੀਤ ਪ੍ਰਧਾਨ ਦੇ ਇੱਕ ਅਹੁਦੇ ਦੇ ਸਖਤ ਮੁਕਾਬਲੇ ਵਿਚ 23 ਵੋਟਾਂ ਦੇ ਫ਼ਰਕ ਨਾਲ ਡਾ. ਸ਼ਿਆਮ ਸੁੰਦਰ ਦੀਪਤੀ ਜੇਤੂ ਕਰਾਰ ਦਿੱਤੇ ਗਏ। 


ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੁੱਖ ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਅਤੇ ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ ਨੇ ਦਸਿਆ ਕਿ ਉੱਘੇ ਪੰਜਾਬੀ ਕਵੀ ਤੇ ਚਿੰਤਕ ਡਾ. ਲਖਵਿੰਦਰ ਸਿੰਘ ਜੌਹਲ ਸਰਬਸੰਮਤੀ ਨਾਲ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਬਣ ਗਏ ਹਨ। ਸਰਬਸੰਮਤੀ ਵਾਲੀ ਇਹ ਚੋਣ ਕੁਝ ਦਿਨ ਪਹਿਲਾਂ ਹੀ ਹੋ ਗਈ ਸੀ ਪਰ ਅੱਜ ਰਸਮ ਵੀ ਪੂਰੀ ਹੋ ਗਈ। 

ਪੰਜ ਮੀਤ ਪ੍ਰਧਾਨਾਂ ਵਿਚੋਂ ਸ੍ਰੀ ਤ੍ਰੈਲੋਚਨ ਲੋਚੀ, ਸ. ਸਹਿਜਪ੍ਰੀਤ ਸਿੰਘ ਮਾਂਗਟ, ਡਾ. ਹਰਵਿੰਦਰ ਸਿੰਘ ਸਿਰਸਾ (ਪੰਜਾਬੋਂ ਬਾਹਰ), ਡਾ. ਭਗਵੰਤ ਸਿੰਘ ਅਤੇ ਸ੍ਰੀ ਭਗਵੰਤ ਰਸੂਲਪੁਰੀ ਮੀਤ ਪ੍ਰਧਾਨ ਚੁਣੇ ਗਏ ਹਨ।

ਪ੍ਰਬੰਧਕੀ ਬੋਰਡ ਦੇ ਪੰਦਰਾਂ ਮੈਂਬਰਾਂ ਵਿਚੋਂ ਸ੍ਰੀਮਤੀ ਇੰਦਰਾ ਵਿਰਕ, ਸ੍ਰੀਮਤੀ ਪਰਮਜੀਤ ਕੌਰ ਮਹਿਕ ਸ. ਬਲਜੀਤ ਸਿੰਘ ਰੈਣਾਂ, ਸ੍ਰੀ ਅਸ਼ੋਕ ਵਸ਼ਿਸ਼ਠ (ਬਿਨਾਂ ਮੁਕਾਬਲਾ ਜੇਤੂ) ਚੁਣੇ ਗਏ ਸਨ। ਸ੍ਰੀ ਹਰਦੀਪ ਢਿੱਲੋਂ, ਸ੍ਰੀ ਜਸਵੀਰ ਝੱਜ, ਸ. ਕਰਮ ਸਿੰਘ ਜ਼ਖ਼ਮੀ, ਸ੍ਰੀ ਹਰਬੰਸ ਮਾਲਵਾ, ਸ. ਸੰਤੋਖ ਸਿੰਘ ਸੁੱਖੀ, ਡਾ. ਗੁਰਮੇਲ ਸਿੰਘ, ਸ੍ਰੀ ਕੇ. ਸਾਧੂ ਸਿੰਘ, ਸ. ਰੋਜ਼ੀ ਸਿੰਘ, ਸ. ਬਲਵਿੰਦਰ ਸਿੰਘ, ਸ. ਬਲਦੇਵ ਸਿੰਘ ਝੱਜ ਅਤੇ ਸ. ਪਰਮਜੀਤ ਸਿੰਘ ਮਾਨ ਜੇਤੂ ਕਰਾਰ ਦਿੱਤੇ ਗਏ।

ਮੁੱਖ ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਹੋਰਾਂ ਨੇ ਦਸਿਆ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪੰਜਾਬ ਅਤੇ ਹੋਰਾਂ ਸੂਬਿਆਂ ਤੋਂ ਭਾਰੀ ਗਿਣਤੀ ਵਿਚ ਮੈਂਬਰਾਂ ਨੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਵੋਟਾਂ ਪਾਈਆਂ। ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ, ਮੈਂ ਅਤੇ ਚੋਣ ਕਰਵਾਉਣ ਵਾਲੀ ਮੇਰੀ ਪੂਰੀ ਟੀਮ ਨਵੇਂ ਚੁਣੇ ਅਹੁਦੇਦਾਰਾਂ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਨੂੰ ਮੁਬਾਰਕਬਾਦ ਦਿੰਦੇ ਹਾਂ।

ਗਲਤ ਨਾਮ ਦੀ ਸ਼ਿਕਾਇਤ-ਕੀ ਡਾ. ਗੁਲਜ਼ਾਰ ਪੰਧੇਰ ਖਿਲਾਫ ਕੋਈ ਸਾਜ਼ਿਸ਼ ਸੀ?
ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਵਿੱਚ ਜਨਰਲ ਸਕੱਤਰ ਦੀ ਚੋਣ ਹਾਰ ਜਾਣ ਵਾਲੇ ਡਾ. ਗੁਲਜ਼ਾਰ ਸਿੰਘ ਪੰਧੇਰ ਸਮੇਤ ਹਰਬੰਸ ਮਾਲਵਾ ਅਤੇ ਭਗਵੰਤ ਸਿੰਘ ਨੇ ਬੈਲੇਟ ਪੇਪਰ ਵਿੱਚ ਗਲਤ ਨਾਮ ਛਾਪਣ ਦੀ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਹੈ। ਡਾ. ਪੰਧੇਰ ਨੇ ਕਿਹਾ ਕਿ ਉਨ੍ਹਾਂ ਦੇ ਨਾਮ ਨਾਲ ‘ਪੰਧੇਰ’ ਸ਼ਬਦ ਡਾਇਰੈਕਟਰੀ ਵਿੱਚ ਛਪਿਆ ਹੈ ਪਰ ਬੈਲੇਟ ਪੇਪਰ ਵਿੱਚ ਉਹਨਾਂ ਦੇ ਨਾਮ ਨਾਲ ਪੰਧੇਰ ਸ਼ਬਦ ਨਹੀਂ ਛਾਪਿਆ ਗਿਆ। ਨਤੀਜਿਆਂ ਦਾ ਐਲਾਨ ਹੋ ਜਾਣ ਦੇ ਬਾਵਜੂਦ ਆਉਂਦੇ ਦਿਨਾਂ ਵਿੱਚ ਇਹ ਮੁੱਦਾ ਚਰਚਾ ਅਧੀਨ ਆ ਸਕਦਾ ਹੈ। 

ਅਸੀਂ ਸੁਣ ਕੇ ਤੇਰਾ ਫਤਵਾ ਕਦੇ ਵੀ ਲਿਫ ਨਹੀਂ ਸਕਦੇ, 
ਰਿਸ਼ੀ ਸ਼ੰਭੂਕ ਵਸਦਾ ਹੈ ਅਜੇ ਸਾਡੇ ਦਿਲਾਂ ਅੰਦਰ!
                                                   -ਅਜੇ ਤਨਵੀਰ


ਇੱਕ ਟਵੀਟ ਇਹ ਵੀ ਦੇਖੋ ਜ਼ਰਾ 
“जीत वही है असली, जिसमें नहीं किसी की हार है” #quotestoliveby

ਨਵੀਂ ਟੀਮ ਦੇ ਨਿਸ਼ਾਨੇ ਕੀ ਹੋਣਗੇ ਅਤੇ ਚੁਣੌਤੀਆਂ ਕਿਹੜੀਆਂ ਕਿਹੜੀਆਂ ਹਨ ਇਸ ਸਬੰਧੀ ਚਰਚਾ ਵੱਖਰੀ ਪੋਸਟ ਵਿੱਚ 

ਇਹ ਲਿੰਕ ਦੇਖਣ ਲਈ ਵੀ ਸਮਾਂ ਕੱਢਣਾ 

ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਿਹ ਮੋਰ ਪੰਖ ਦਾ ਦੂਜਾ ਸੰਸਕਰਨ ਲੋਕ ਅਰਪਨ

29th January 2022 at 7:27 PM

ਰਿਲੀਜ਼ ਕੀਤਾ ਕੇਂਦਰੀ ਪੰਜਾਬੀ ਲੇਖਕ ਸਭਾ ਪ੍ਰਧਾਨ ਦਰਸ਼ਨ ਬੁੱਟਰ ਹੁਰਾਂ ਨੇ 


ਲੁਧਿਆਣਾ: 29 ਜਨਵਰੀ 2022: (ਸਾਹਿਤ ਸਕਰੀਨ ਡੈਸਕ)::

ਕਲਮ ਦੀ ਸਾਧਨਾ ਵਿੱਚ,  ਸਾਹਿਤ ਦੀ ਸਾਧਨਾ ਵਿੱਚ ਜੇ ਕੁਝ ਵਿਅਕਤੀ ਨਿਰੰਤਰ ਜਤਨਸ਼ੀਲ ਹਨ ਤਾਂ ਪ੍ਰੋਫੈਸਰ ਗੁਰਭਜਨ ਗਿੱਲ ਉਹਨਾਂ ਵਿਚੋਂ  ਇੱਕ ਹਨ। ਗੋਡਿਆਂ ਦੀ ਸਮੱਸਿਆ ਦੇ ਬਾਵਜੂਦ ਇਸ ਉਮਰ ਵਿੱਚ ਏਨੀ ਊਰਜਾ, ਏਨੀ ਮਿਹਨਤ, ਏਨੀ ਹਿੰਮਤ, ਏਨੀ ਨਿਰੰਤਰਤਾ, ਏਨਾ ਤਾਲਮੇਲ, ਏਨਾ ਸੁਚੇਤ ਰਹਿਣਾ ਕੋਇਸੇ ਦੈਵੀ ਚਮਤਕਾਰ ਵਰਗਾ ਹੀ ਹੈ। ਹੁਣ ਉਹਨਾਂ ਦੀ ਪੁਸਤਕ ਮੋਰ ਪੰਖ ਦਾ ਦੂਜਾ ਐਡੀਸ਼ਨ ਸਾਹਮਣੇ ਆਇਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਵੱਲੋਂ ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਿਹ ਮੋਰ ਪੰਖ ਦਾ ਦੂਜਾ ਸੰਸਕਰਨ ਬੀਤੀ ਸ਼ਾਮ ਲੁਧਿਆਣਾ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਲੋਕ ਅਰਪਨ ਕੀਤਾ ਗਿਆ। ਇਹ ਇੱਕ ਇਤਿਹਾਸਿਕ ਸਮਾਂ ਸੀ। ਬੜੇ ਹੀ ਯਾਦਗਾਰੀ ਪਲ ਸਨ ਅਤੇ ਬਹੁਤ ਹੀ ਸੁਭਾਗੇ ਲੋਕ ਇਸ ਮੌਕੇ ਸ਼ਾਮਲ ਹੋ ਸਕੇ। 

ਇਸੇ ਤਰ੍ਹਾਂ ਆਪਣੀ ਲਗਨ ਵਿੱਚ ਗੰਭੀਰ ਸੁਰ ਲੱਗੇ ਰਹਿਣ ਵਾਲੇ ਸਾਹਿਤਕਾਰ ਦਰਸ਼ਨ ਬੁੱਟਰ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪਿਛਲੇ ਪੰਜਾਹ ਸਾਲਾਂ ਤੋਂ ਨਿਰੰਤਰ ਸਾਹਿੱਤ ਸਿਰਜਣਾ ਕਰਦਿਆਂ ਗੁਰਭਜਨ ਗਿੱਲ ਜੀ ਨੇ ਸੱਤ ਗ਼ਜ਼ਲ ਸੰਗ੍ਰਹਿ,ਇੱਕ ਰੁਬਾਈ ਸੰਗ੍ਰਹਿ, ਇੱਕ ਗੀਤ ਸੰਗ੍ਰਹਿ ਅਤੇ ਅੱਠ ਕਾਵਿ ਸੰਗ੍ਰਹਿ ਪੰਜਾਬੀ ਸਾਹਿੱਤ ਜਗਤ ਦੀ ਝੋਲੀ ਪਾਏ ਹਨ। ਇਨ੍ਹਾਂ ਵਿੱਚੋਂ ਦੋ ਕਾਵਿ ਸੰਗ੍ਰਹਿ ਰਾਵੀ (ਗ਼ਜ਼ਲਾਂ)ਅਤੇ ਖ਼ੈਰ ਪੰਜਾਂ ਪਾਣੀਆਂ ਦੀ (ਕਵਿਤਾਵਾਂ) ਸ਼ਾਹਮੁਖੀ ਅੱਖਰਾਂ ਵਿੱਚ ਪਾਕਿਸਤਾਨ ਅੰਦਰ ਵੀ ਪ੍ਰਕਾਸ਼ਿਤ ਹੋ ਚੁਕੇ ਹਨ। ਤੀਜੀ ਪੁਸਤਕ ਸੁਰਤਾਲ ਵੀ ਸ਼ਾਹਮੁਖੀ ਚ ਛਪਾਈ ਅਧੀਨ ਹੈ। ਇਹ ਮੁਬਾਰਕ ਯੋਗ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਗੁਰਭਜਨ ਗਿੱਲ ਨੇ ਵੱਡੇ ਭਰਾਵਾਂ ਵਾਂਗ ਸਾਡੀ ਪੀੜ੍ਹੀ ਦੀ ਸਾਹਿੱਤਕ ਤੇ ਸਭਿਆਚਾਰਕ ਅਗਵਾਈ ਕੀਤੀ ਹੈ। ਇਹ ਅਜਿਹੇ ਸ਼ਬਦ ਸਨ ਜਿਹਨਾਂ ਵਿੱਚ ਗੁਰਭਜਨ ਗਿੱਲ ਹੁਰਾਂ ਦੀ ਸ਼ਖ਼ਸੀਅਤ ਦਾ ਸੱਚ ਉਜਾਗਰ ਹੁੰਦਾ ਹੈ। 

ਅਤੀਤ ਅਤੇ ਵਰਤਮਾਨ ਨੂੰ ਜੋੜਦਿਆਂ ਇਸ ਮੌਕੇ ਪ੍ਰੋਫੈਸਰ ਗੁਰਭਜਨ ਗਿੱਲ ਨੇ ਕਿਹਾ ਕਿ ਪੰਜਾਬੀ ਗ਼ਜ਼ਲ ਲਿਖਣ ਦੇ ਰਾਹ ਉਨ੍ਹਾਂ ਨੂੰ ਪ੍ਰਿੰਸੀਪਲ ਤਖ਼ਤ ਸਿੰਘ, ਡਾਃ ਜਗਤਾਰ, ਸਰਦਾਰ ਪੰਛੀ ਤੇ ਸੁਰਜੀਤ ਪਾਤਰ ਜੀ ਨੇ ਉਤਸ਼ਾਹ ਦੇ ਕੇ ਤੋਰਿਆ। ਇਸੇ ਉਤਸ਼ਾਹ ਸਦਕਾ ਹੀ ਉਹ ਲਗਾਤਾਰ ਗ਼ਜ਼ਲ ਸਿਰਜਣਾ ਵਿੱਚ ਤੁਰ ਰਹੇ ਹਨ।

ਉਹਨਾਂ  ਦੱਸਿਆ ਕਿ ਟੋਰੰਟੋ ਸਥਿਤ ਏਕਮ ਟੀ ਵੀ ਤੇ ਰੇਡੀਓ ਸੰਚਾਲਕ ਅਮਰਜੀਤ ਸਿੰਘ ਰਾਏ ਉਨ੍ਹਾਂ ਦੀਆਂ ਹੁਣ ਤੀਕ ਲਿਖੀਆਂ ਲਗਪਗ 800 ਗ਼ਜ਼ਲਾਂ ਨੂੰ ਇੱਕ ਜਿਲਦ ਵਿੱਚ ਪ੍ਰਕਾਸ਼ਿਤ ਕਰਵਾ ਰਹੇ ਹਨ। ਇਹ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਹੈ। ਇਸ ਮੌਕੇ ਨਾਭਾ ਤੋਂ ਆਏ ਪੰਜਾਬੀ ਕਵੀ ਸੁਰਿੰਦਰਜੀਤ ਚੌਹਾਨ ਤੇ ਸਃ ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ (ਲੁਧਿਆਣਾ) ਵੀ ਹਾਜ਼ਰ ਸਨ। ਦਿਲਚਸਪ ਗੱਲ ਹੈ ਕਿ ਪੰਜਾਬੀ ਸਾਹਿਤ ਐਕਡਮੀ ਦੀਆਂ ਚੋਣਾਂ ਵਿਹਚ ਰੁਝੇ ਹੋਏ ਹੋਣ ਦੇ ਬਾਵਜੂਦ ਇਸ ਮਕਸਦ ਲਈ ਸਮਾਂ ਕੱਢਿਆ। ਇਹ ਸਭ ਕੁਝ ਗਿੱਲ ਸਾਹਿਬ ਅੰਦਰਲੀ ਸਹਿਜਤਾ ਕਾਰਨ ਹੀ ਸੰਭਵ ਹੋ ਸਕਿਆ।

ਚੰਗਾ ਹੋਵੇ ਜੇ ਗਿੱਲ ਸਾਹਿਬ ਆਪਣੀ ਇਸ ਸਹਿਜਤਾ ਅਤੇ ਊਰਜਾ ਦੇ ਸਰੋਤਾਂ ਬਾਰੇ ਅੱਜ ਦੀ ਪੀੜ੍ਹੀ ਨੂੰ ਕੁਝ ਗੁਰ ਵੀ ਸਮਝਾਉਣ। ਰਫਤਾਰ, ਕੁਆਲਿਟੀ ਅਤੇ ਸੰਖਿਆ--ਤਿੰਨਾਂ ਮਾਮਲਿਆਂ ਵਿੱਚ ਬੜੀ ਹੀ ਸਹਿਜਤਾ ਨਾਲ ਅੱਗੇ ਰਹਿਣਾ ਇੱਕ ਕ੍ਰਿਸ਼ਮਾ ਹੈ ਜਿਸਦੇ ਗੁਰ ਸਿੱਖੇ ਜਾਣੇ ਚਾਹੀਦੇ ਹਨ। 

Saturday 29 January 2022

ਮਿੱਤਰਸੈਨ ਮੀਤ ਅਤੇ ਸਾਥੀਆਂ ਵੱਲੋਂ ਵੀ ਆਪਣਾ ਪੈਨਲ ਜਾਰੀ

Published on 29th January 2022 at 08:15 AM         First Update: 30th January 2022 at 08:15 AM 

ਨਵੀਂ ਟੀਮ ਲਈ ਅਹਿਮ ਚੁਣੌਤੀਆਂ ਬਣਨਗੇ ਮੀਤ ਟੀਮ ਦੇ ਨੁਕਤੇ 


ਲੁਧਿਆਣਾ: 29 ਜਨਵਰੀ 2022: (ਸਾਹਿਤ ਸਕਰੀਨ ਡੈਸਕ)::
ਸਿਆਸੀ ਚੋਣਾਂ ਵਿਚ ਅਜੇ ਕੁਝ ਦਿਨ ਬਾਕੀ ਹਨ ਪਰ ਸਾਹਿਤ ਵਾਲੀ ਸਿਆਸਤ ਸਰਗਰਮ ਹੈ। ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ 30 ਜਨਵਰੀ 2022 ਨੂੰ ਹੋ ਰਹੀਆਂ ਹਨ।  ਲੇਖਕ ਹੀ ਲੀਡਰ ਹਨ। ਲੇਖਕ ਹੀ ਉਮੀਦਵਾਰ ਹਨ। ਲੇਖਕ ਹੀ ਵੋਟਰ ਹਨ। ਇਹਨਾਂ ਉਮੀਦਵਾਰਾਂ ਵੱਲੋਂ ਵੋਟਰਾਂ ਨਾਲ ਰਾਬਤਾ ਲਗਾਤਾਰ ਵਧਾਇਆ ਜਾ ਰਿਹਾ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ 30 ਜਨਵਰੀ ਨੂੰ ਹੋਣ ਵਾਲੀ ਚੋਣ ਲਈ ਮਿੱਤਰਸੈਨ ਮੀਤ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਪੰਜਾਬੀ ਸਾਹਿਤ ਐਕਡਮੀ ਦੀ ਚੋਣ ਲੜ ਰਹੇ ਉਹਨਾਂ ਉਮੀਦਵਾਰਾਂ ਦੇ ਨਾਵਾਂ ਦਾ ਪੈਨਲ ਜਾਰੀ ਕੀਤਾ ਗਿਆ ਹੈ ਜਿਹਨਾਂ ਨੂੰ ਉਹ ਠੀਕ ਸਮਝਦੇ ਹੋਏ ਆਪਣੀ ਹਮਾਇਤ ਦੇਂਦੇ ਹਨ। 

ਇਸ ਸਬੰਧੀ ਜਾਰੀ ਅਪੀਲ ਵਿੱਚ ਉਹਨਾਂ ਨੇ ਜਿਹਨਾਂ ਲੇਖਕਾਂ  ਨੂੰ ਖੁੱਲ੍ਹ ਕੇ ਹਮਾਇਤ ਦਿੱਤੀ ਹੈ ਉਹਨਾਂ ਸੰਬੰਧੀ ਮਿੱਤਰਸੈਨ ਮੀਤ ਅਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਹੈ ਕਿ 30 ਜਨਵਰੀ ਨੂੰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀਆਂ ਹੋਣ ਵਾਲੀਆਂ ਚੋਣਾਂ ਵਿੱਚ ਅਸੀਂ ਹੇਠ ਲਿਖੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹਾਂ:

1 ਸੀਨੀਅਰ ਮੀਤ ਪ੍ਰਧਾਨ : ਡਾ. ਸ਼ਿਆਮ ਸੁੰਦਰ ਦੀਪਤੀ 

2 ਜਨਰਲ ਸਕੱਤਰ : ਡਾ ਗੁਲਜ਼ਾਰ ਪੰਧੇਰ

3 ਮੀਤ ਪ੍ਰਧਾਨ: ਸੁਖਦਰਸ਼ਨ ਗਰਗ

4 ਪ੍ਰਬੰਧਕੀ ਬੋਰਡ ਦੇ ਮੈਂਬਰਾਂ ਲਈ ਜਾਰੀ ਹਮਾਇਤ ਵਿਚ ਦਿੱਤੇ ਨਾਮ ਹਨ- ਜਸਬੀਰ ਝੱਜ, ਹਰਬੰਸ ਮਾਲਵਾ, ਕੇ. ਸਾਧੂ ਸਿੰਘ, ਕਰਮ ਸਿੰਘ ਜ਼ਖ਼ਮੀ, ਪਰਮਜੀਤ ਸਿੰਘ ਮਾਨ। ਇਹ ਹਮਾਇਤ ਕਰਨ ਵਾਲੇ ਬੇਨਤੀ ਕਰਤਾ ਹਨ-ਕਰਮਜੀਤ ਸਿੰਘ ਔਜਲਾ, ਦਵਿੰਦਰ ਸਿੰਘ ਸੇਖਾ, ਜਗਤਾਰ ਬੈਂਸ, ਗੁਰਨਾਮ ਸਿੰਘ ਸੀਤਲ ਵਰਿਆਮ ਮਸਤ, ਮਿੱਤਰ ਸੈਨ ਮੀਤ। 

ਜ਼ਿਕਰਯੋਗ ਹੈ ਕਿ ਮਿੱਤਰਸੈਨ ਮੀਤ ਨੇ ਪਿਛਲੇ ਕੁਝ ਅਰਸੇ ਦੌਰਾਨ ਪੰਜਾਬੀ ਸਾਹਿਤ ਅਕਾਦਮੀ ਦੇ ਕੰਮਕਾਜ ਨੂੰ ਲੈ ਕੇ ਹੁਣ ਤੱਕ ਕਈ ਵਾਰ ਗੰਭੀਰ ਖੁਲਾਸੇ ਕੀਤੇ ਹਨ। ਉਹਨਾਂ ਨੇ ਇਸ ਸੰਬੰਧੀ ਅਦਾਲਤ ਦਾ ਸਹਾਰਾ ਵੀ ਲਿਆ ਹੈ। ਕੋਰੋਨਾ ਕਾਰਨ ਠੱਪ ਹੋਏ ਕੰਮਾਂਕਾਜਾਂ ਕਾਰਨ ਇਸ ਕੇਸ ਦੀ ਰਫਤਾਰ 'ਤੇ ਵੀ ਫਰਕ ਪਿਆ। ਹੁਣ ਤਾਰੀਖ ਫਰਵਰੀ ਵਿੱਚ ਆ ਰਹੀ ਹੈ ਜਿਸ ਲਈ ਮਿੱਤਰਸੈਨ ਅਤੇ ਉਹਨਾਂ ਦੇ ਸਾਥੀ ਪੂਰੀ ਤਰ੍ਹਾਂ ਤਿਆਰ ਹਨ। ਪੰਜਾਬੀ ਸਾਹਿਤ ਅਕਾਦਮੀ ਦੀ ਨਵੀਂ ਟੀਮ ਲਈ ਇਹ ਅਦਾਲਤੀ ਤਾਰੀਖ ਵੀ ਅਹਿਮ ਚੁਣੌਤੀ ਹੋਵੇਗੀ। 

ਅਕਾਦਮੀ ਚੋਣਾਂ ਮੌਕੇ ਅਹੁਦਿਆਂ ਦੀ ਭੁੱਖ ਬਾਰੇ ਵੀ ਮਿੱਤਰ ਸੈਨ ਮੀਤ ਅਤੇ ਉਹਨਾਂ ਦੇ ਸਾਥੀਆਂ ਨੇ ਖੁੱਲ੍ਹ ਕੇ ਆਖਿਆ ਸੀ। ਉਹਨਾਂ ਸਪਸ਼ਟ ਕਿਹਾ ਸੀ ਕਿ ਜ਼ਰਾ ਅਹੁਦਿਆਂ ਦੀ ਭੁੱਖ ਦਾ ਅੰਦਾਜ਼ਾ ਲਗਾਓ। ਇਸ ਸੰਬੰਧੀ ਉਹਨਾਂ ਇੱਕ ਸੀਨੀਅਰ ਲੇਖਕ ਵੱਲ ਇਸ਼ਾਰਾ ਕੀਤਾ ਸੀ ਜਿਸਨੇ ਇਕ ਉਮੀਦਵਾਰ ਵੱਜੋਂ ਵੱਡੇ ਤਿੰਨੇ ਅਹੁਦਿਆਂ ਲਈ ਕਾਗਜ਼ ਭਰੇ ਸਨ? ਮੀਤ ਹੁਰਾਂ ਨੇ ਸੁਆਲ ਕੀਤਾ ਸੀ ਕਿ ਕੀ ਇਸਦਾ ਮਤਲਬ ਸੌਦੇਬਾਜ਼ੀ ਸੀ। ਕੁਰਸੀ ਦੀ ਭੁੱਖ ਵੱਲ ਸੰਕੇਤ ਕਰਦਿਆਂ ਉਹਨਾਂ ਕਿਹਾ ਸੀ ਸੌਦੇਬਾਜ਼ੀ ਵਿਚ ਕੁੱਝ ਤਾਂ ਮਿਲੇਗਾ ਹੀ। ਸ਼ਾਇਦ ਇਸ ਉਮੀਦ ਨਾਲ! ਤਿੰਨ ਅਹੁਦਿਆਂ ਲਈ ਕਾਗਜ਼ ਭਰੇ ਗਏ ਸਨ? ਕੋਈ ਤਾਂ ਅਹੁਦਾ ਹੱਥ ਆਏਗਾ ਹੀ! ਮੀਤ ਹੁਰਾਂ ਨੇ ਵਿਅੰਗ ਕੱਸਦਿਆਂ ਇਹ ਵੀ ਕਿਹਾ ਸੀ--ਇਹ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ 'ਅਸਲ' ਸ਼ੁਭ ਚਿੰਤਕ! ਸਮੇਂ ਦੇ ਨਾਲ ਨਾਲ ਹੁਣ ਇਹ ਫੈਸਲਾ ਕਰਨਾ ਔਖਾ ਹੁੰਦਾ ਜਾ ਰਿਹਾ ਹੈ ਕਿ ਸਾਡੇ ਕਲਮਾਂ ਵਾਲੇ ਇਹ ਯੋਧੇ ਸਿਆਸੀ ਸੱਤਾ ਲਈ  ਉਤਰਦੇ ਸਿਆਸੀ ਭਲਵਾਨਾਂ ਨਾਲੋਂ ਵੱਖ? ਕੀ ਹੋਰਨਾਂ ਧਾਰਮਿਕ ਡੇਰਿਆਂ ਵਾਂਗ ਸਮਾਂ ਆਉਣ ਤੇ ਇਹਨਾਂ ਸਾਹਿਤਿਕ ਡੇਰਿਆਂ ਦੇ ਇਹ ਅਹੁਦੇਦਾਰ ਵੀ ਗੁਪਤ ਇਸ਼ਾਰਾ ਜਾਰੀ ਕਰੀਏ ਕਰਦੇ ਹਨ ਕਿ ਐਤਕੀਂ ਸਾਡੀ ਸੰਗਤ ਨੇ ਵੋਟ ਕਿਸਨੂੰ ਪਾਉਣੀ ਹੈ? ਅਫਸੋਸ ਲੋਕਾਂ ਦੇ ਦੁੱਖਾਂ ਦਰਦਾਂ ਦੀਆਂ ਗੱਲਾਂ ਕਰਨ ਦੇ ਦਾਅਵਿਆਂ ਨਾਲ ਵਿਚਰਦੇ ਇਹਨਾਂ ਸਾਹਿਤਿਕ ਮਠਾਧੀਸ਼ਾਂ ਦੀ ਸੱਤਾ ਨਾਲ ਨੇੜਤਾ ਵਧਦੀ ਜਾ ਰਹੀ ਹੈ। ਕਦੇ ਕਦੇ ਇਹ ਜ਼ਾਹਰ ਵੀ ਹੋ ਜਾਂਦੀ ਹੈ। 

ਵਟਸਪ ਗਰੁੱਪਾਂ ਵਿਚ ਜਾਰੀ ਸੂਚਨਾ 
ਪੰਜਾਬੀ ਅਕਾਦਮੀ ਲੁਧਿਆਣਾ ਦੇ-ਅਰਸ਼ ਤੋਂ ਫਰਸ਼ ਤੇ-ਪੁੱਜਣ ਦੀ ਦਾਸਤਾਨ-ਸੁਣਾਉਂਦੀ ਇੱਕ ਵੀਡੀਓ ਗੱਲਬਾਤ ਦਾ ਲਿੰਕ ਵੀ ਉਹਨਾਂ ਨੇ ਜਾਰੀ ਕੀਤਾ ਸੀ।  ਅਕਾਦਮੀ ਦੀਆਂ 4 ਸਾਲ ਪਹਿਲਾਂ  ਹੋਈਆਂ ਚੋਣਾਂ ਤੋਂ ਕੁੱਝ ਦਿਨ ਪਹਿਲਾਂ 'ਸੂਹੀ ਸਵੇਰ' ਵਾਲੇ ਸ਼ਿਵਇੰਦਰ ਨੇ ਮਿੱਤਰ ਸੈਨ ਮੀਤ ਨਾਲ, ਅਕਾਦਮੀ ਦੇ ਹੋ ਰਹੇ "ਫਿਕਰਯੋਗ" ਪਤਨ ਦੇ ਕਾਰਨਾਂ ਦੀ ਸ਼ਨਾਖਤ ਲਈ ਇਕ ਲੰਬੀ ਗੱਲਬਾਤ ਕੀਤੀ ਸੀ। ਜਿਸ ਨੂੰ ਇਸ ਲਿੰਕ ਤੇ ਦੇਖਿਆ ਜਾ ਸਕਦਾ ਹੈ। 

ਮੀਤ ਸਾਹਿਬ ਨੇ ਇਸ ਲਿੰਕ ਦਾ ਹਵਾਲਾ ਦੇਂਦਿਆਂ ਦੱਸਿਆ ਕਿ ਉਸ ਗੱਲਬਾਤ ਨੂੰ ਹੋਇਆਂ 4 ਸਾਲ ਹੋ ਗਏ ਹਨ। ਇਨਾਂ 4 ਸਾਲਾਂ ਵਿਚ ਅਕਾਦਮੀ ਦੀ ਹਾਲਤ ਹੋਰ ਬਦਤਰ ਹੋ ਗਈ ਹੈ। ਮਹੀਨਿਆਂ ਬੱਧੀ ਸਾਹਿਤਕ ਸਮਾਗਮ ਨਾ ਹੋਣ ਕਾਰਨ ਪੰਜਾਬੀ ਭਵਨ ਵਿੱਚ ਕਾਂ ਬੋਲਣ ਲੱਗ ਪਏ ਹਨ। ਅਕਾਦਮੀ ‘ਚ ਆਉਣ ਵਾਲੇ ਲੇਖਕਾਂ, ਪਾਠਕਾਂ ਅਤੇ ਪੁਸਤਕ ਪ੍ਰੇਮੀਆਂ ਲਈ ਨਾ ਪਾਣੀ ਦਾ ਪ੍ਰਬੰਧ ਹੈ ਨਾ ਚਾਹ ਦਾ। ਵਾਸ਼ ਰੂਮਾਂ ਵਿਚੋਂ ਖਤਰਨਾਕ ਬਦਬੂ ਆਉਂਦੀ ਹੈ।

ਅਜਿਹੀਆਂ ਹਾਲਤਾਂ ਵਿੱਚ ਕੱਲ੍ਹ 30 ਜਨਵਰੀ ਨੂੰ ਮੁੜ ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਹੋਣ ਜਾ ਰਹੀ ਹੈ। ਅਕਾਦਮੀ ਦੀ ਦੁਰਦਸ਼ਾ ਕਰਨ ਵਾਲੇ ਧੜੇ ਹੀ, ਔਹਦਿਆਂ ਤੇ ਮੁੜ ਕਾਬਜ ਹੋਣ ਲਈ, ਆਪਸ ਵਿਚ ਜੋੜ ਤੋੜ ਕਰ ਰਹੇ ਹਨ। ਸੌਦੇਬਾਜ਼ੀ ਬਾਅਦ ਕੁਰਸੀਆਂ ਹੀ ਬਦਲਣਗੀਆਂ ਚਿਹਰੇ ਨਹੀਂ। 

ਇਨਾਂ ਹਾਲਾਤਾਂ ਵਿਚ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਨਾਲ ਮੋਹ ਰੱਖਣ ਵਾਲੇ ਹਰ ਪੰਜਾਬੀ ਨੂੰ ਇਹ ਗੱਲਬਾਤ ਇਕ ਵਾਰ ਫੇਰ ਸੁਣ ਲੈਣੀ ਚਾਹੀਦੀ ਹੈ ਤਾਂ ਜੋ ਉਸ ਨੂੰ ਅਕਾਦਮੀ ਦੀ ਦਸ਼ਾ ਵਿਚ ਆ ਰਹੇ ਨਿਘਾਰ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਹਿਚਾਣ ਹੋ ਸਕੇ। 

ਇਹ ਸਭ ਕੁਝ ਯਾਦ ਕਰਾਉਣ ਵਾਲੀ ਟੀਮ ਦੇ ਮੈਂਬਰ ਵੱਜੋਂ ਜਿਹੜੇ ਲੇਖਕ ਸਾਹਮਣੇ ਆਏ ਉਹਨਾਂ ਵਿਚ ਸ਼ਾਮਲ ਹਨ ਕਰਮਜੀਤ ਸਿੰਘ ਔਜਲਾ, ਦਵਿੰਦਰ ਸਿੰਘ ਸੇਖਾ, ਵਰਿਆਮ ਮਸਤ, ਗੁਰਨਾਮ ਸਿੰਘ ਸੀਤਲ ਅਤੇ ਮਿੱਤਰ ਸੈਨ ਮੀਤ। 

ਇੱਕ ਗੱਲ ਸਾਫ ਹੈ ਕਿ ਜੇ ਸਮਾਜ ਨੂੰ ਨੈਤਿਕਤਾ, ਤਿਆਗ ਅਤੇ ਲੋਭ ਲਾਲਚਾਂ ਤੋਂ ਮੁਕਤ ਰਹਿਣ ਦੀ ਚੇਤਨਾ ਦੇਣ ਦਾ ਦਾਅਵਾ ਕਰਨ ਵਾਲੇ ਬੁਧੀਜੀਵੀਆਂ//ਲੇਖਕਾਂ ਵਿੱਚ ਹੀ ਅਹੁਦਿਆਂ ਦੀ ਅਜਿਹੀ ਦੌੜ ਮੌਜੂਦ ਹੈ ਤਾਂ ਫਿਰ ਵਿਚਾਰੇ ਸਿਆਸੀ ਲੋਕਾਂ ਨੂੰ ਕੀ ਕਹਿਣਾ ਜਿਹੜੇ ਟਿਕਟ ਨਾ ਮਿਲਣ ਤੇ ਵੀ ਦਲਬਦਲੀਆਂ ਕਰ ਲੈਂਦੇ ਹਨ ਜੇ ਕੁਝ ਹੋਰ ਮਿਲਦਾ ਨਜ਼ਰ ਆਵੇ ਤਾਂ ਉਦੋਂ ਵੀ। 

ਕੀ ਅਹੁਦਿਆਂ ਦੇ ਲੋਭ ਲਾਲਚ ਵਿੱਚ ਗਲਤਾਨ ਇਹ ਲੋਕ ਬੁੱਧਦੇਵ ਭੱਟਾਚਾਰੀਆ ਦੇ ਉਹਨਾਂ ਵਿਚਾਰਾਂ ਤੋਂ ਕੋਈ ਸੇਧ ਲੈਣਗੇ ਜਿਹੜੇ ਵਿਚਾਰ ਇਸ ਮਹਾਨ ਕਮਿਊਨਿਸਟ ਆਗੂ ਨੇ ਪਦਮਸ਼੍ਰੀ ਐਵਾਰਡ ਨੂੰ ਨਾਂਹ ਕਰਨ ਵੇਲੇ ਪ੍ਰਗਟਾਏ ਹਨ? ਸੰਧਿਆ ਮੁਖੋਪਾਧਿਆਏ ਨੇ ਵੀ ਇਹ ਸਨਮਾਨ ਲੈਣ ਤੋਂ ਨਾਂਹ ਕਰ ਦਿੱਤੀ ਹੈ ਅਤੇ ਸਾਫ ਕਿਹਾ ਹੈ ਇਸ ਉਮਰ ਵਿੱਚ  ਇਹ ਐਵਾਰਡ ਕੋਈ ਸਨਮਾਨ ਨਹੀਂ ਬਲਕਿ ਅਪਮਾਨ ਹੈ। ਜ਼ਿਕਰਯੋਗ ਹੈ ਕਿ ਉਹਨਾਂ ਦੀ ਉਮਰ 90 ਸਾਲ ਹੈ। ਪ੍ਰਸਿੱਧ ਤਬਲਾ ਵਾਦਕ ਅਨਿੰਧ ਚੈਟਰਜੀ ਨੇ ਵੀ ਪਦਮ ਸ਼੍ਰੀ ਪੁਰਸਕਾਰ ਨੂੰ ਨਾਂਹ ਕਰ ਦਿੱਤੀ ਹੈ। ਇਸ ਤਰ੍ਹਾਂ ਪੱਛਮੀ ਬੰਗਾਲ ਨੂੰ ਮਿਲੇ ਤਿੰਨੇ ਪਦਮਸ਼੍ਰੀ ਐਵਾਰਡ  ਵਾਪਿਸ ਕਰ ਦਿੱਤੇ ਗਏ। ਇਹ ਇਨਕਾਰ ਸੀ ਅਸਲ ਵਿੱਚ ਲੋਕਾਂ ਦਾ ਅਸਲੀ ਸਨਮਾਨ। ਦੂਜੇ ਪਾਸੇ ਪੰਜਾਬ ਦੀ ਹਾਲਤ ਕੀ ਹੈ। ਸ਼੍ਰੋਮਣੀ ਐਵਾਰਡਾਂ ਲਈ ਲਿਲਕੜੀਆਂ ਕੱਢਣ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਹਨ ਜੀ ਮੈਂ ਅੱਸੀ ਸਾਲ ਦਾ ਹੋ ਗਿਆ, ਮੈਂ 90 ਸਾਲਾਂ ਦਾ ਹੋ ਗਿਆ ਹੁਣ ਤਾਂ ਐਵਾਰਡ ਦੇ ਦਿਓ।  ਇੱਕ ਮੰਤਰੀ ਜੀ ਨੇ ਮੀਤ ਸਾਹਿਬ ਨੂੰ ਵੀ ਇਸੇ ਦਲੀਲ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਮੀਤ ਸਾਹਿਬ ਨੇ ਆਖਿਆ ਉਹਨਾਂ ਨੂੰ ਪੰਜ ਲੱਖ ਛੱਡ ਕੇ ਦਸ ਲੱਖ ਰੁਪਏ ਦੀ ਗਰਾਂਟ ਦੇ ਦਿਓ ਪਰ ਪੁਰਸਕਾਰਾਂ ਦਾ ਪੱਧਰ ਤਾਂ ਨਾ ਡੇਗੋ!ਪਛਮੀ ਬੰਗਾਲ ਵਿਚ ਐਵਾਰਡ ਨੂੰ ਨਾਂਹ ਕਰਨ ਵਾਲੀਆਂ ਨੇ ਵੀ ਇਹੀ ਨੁਕਤਾ ਉਠਾਇਆ ਹੈ।  ਜਿਸ ਢੰਗ ਨਾਲ ਸਾਡੇ ਦੇਸ਼ ਵਿੱਚ ਵੱਕਾਰੀ ਇਨਾਮ/ਐਵਾਰਡ ਦਿੱਤੇ ਜਾਂਦੇ ਹਨ ਉਹ ਆਪਣੇ ਆਪ ਵਿਚ ਐਵਾਰਡ ਨੂੰ ਅਪਮਾਨਿਤ ਕਰਨ ਵਾਲਾ ਢੰਗ ਤਰੀਕਾ ਹੈ। ਸ਼੍ਰੋਮਣੀ ਐਵਾਰਡਾਂ ਬਾਰੇ ਵੀ ਮਿੱਤਰਸੈਨ ਮੀਤ ਹੁਰਾਂ ਦਾ ਸਟੈਂਡ ਸ਼ਲਾਘਾਯੋਗ ਹੈ। 

ਕੀ ਪੰਜਾਬ ਦੇ ਲੇਖਕ ਅਤੇ ਸਾਹਿਤਿਕ ਅਦਾਰੇ ਬੁੱਧਦੇਵ ਭੱਟਾਚਾਰੀਆ ਵਰਗੀ ਸਪਿਰਿਟ ਪੰਜਾਬੀ ਲੇਖਕਾਂ ਵਿਚ ਪੈਦਾ ਕਰਨਗੇ ਕਿ ਲੇਖਕ ਪੁੱਛਣ ਕਿ ਦੱਸੋ ਸਾਨੂੰ ਇਹ ਸਨਮਾਨ ਕਿਸ ਖੁਸ਼ੀ ਵਿਚ ਦਿੱਤਾ ਗਿਆ ਹੈ? ਕੇਂਦਰ ਸਰਕਾਰ ਦੇ ਮਾਮਲੇ ਵਿੱਚ ਗੋਦੀ ਮੀਡੀਆ ਬਦਨਾਮ ਹੋ ਗਿਆ ਪਰ ਸਾਹਿਤ ਦੇ ਮਾਮਲੇ ਵਿੱਚ ਖੁਦ ਨੂੰ ਬੋਲੀ ਤੇ ਲਾਉਣ ਵਾਲਿਆਂ  ਨੂੰ ਕੌਣ ਜਗਾਏਗਾ? ਇਹਨਾਂ ਵਿੱਚੋਂ ਵੀ ਬਹੁਤੇ ਗੋਦੀ ਵਿੱਚ ਬੈਠੇ ਹੁੰਦੇ ਹਨ ਜਾਂ ਗੋਦੀ ਚੜ੍ਹਨ ਦੇ ਚਾਹਵਾਨ ਹੁੰਦੇ ਹਨ ਇਹ ਗੱਲ ਵੱਖਰੀ ਹੈ ਸਾਰਿਆਂ ਦਾ ਵੱਸ ਨਹੀਂ ਚੱਲਦਾ। ਸਾਡੇ ਸਮੂਹ ਲੇਖਕ ਇਨਾਮਾਂ ਸ਼ਨਾਮਾਂ ਦੀ ਝਾਕ ਛੱਡ ਕੇ ਆਪਣੇ ਲੋਕਾਂ ਨਾਲ ਕਦੋਂ ਜੁੜਨਗੇ? ਇਹ ਖਤਰਾ ਵਧਦਾ ਜਾ ਰਿਹਾ ਹੈ ਕਿ ਕਿਧਰੇ ਸਾਨੂੰ ਪਾਸ਼, ਜਸਵੰਤ ਇੰਘ ਕੰਵਲ ਅਤੇ ਗੁਰਸ਼ਰਨ ਭਾਅ ਜੀ ਭੁੱਲ ਨਾ ਜਾਣ। ਸਾਨੂੰ ਸੰਤ ਰਾਮ ਉਦਾਸੀ ਦੀਆਂ ਰਚਨਾਵਾਂ ਵੀ ਹੁਣ ਸ਼ੀਸ਼ਾ ਨਹੀਂ ਦਿਖਾਉਂਦੀਆਂ। ਵੱਡਿਆਂ ਦੇ ਗੱਲਾਂ ਵਿੱਚ ਹਰ ਪਾਉਣ ਪਵਾਉਣ ਵਾਲਿਆਂ ਦੀਆਂ ਕਤਾਰਾਂ ਵਧਦੀਆਂ ਜਾ ਰਹੀਆਂ ਹਨ। ਸਿਆਸੀ ਲੀਡਰਾਂ ਅਤੇ ਲੇਖਕਾਂ ਦੀਆਂ ਬੰਦ ਕਮਰਿਆਂ ਵਾਲਿਆਂ ਮਹਿਫ਼ਿਲਾਂ ਵੀ ਵੱਧ ਰਹੀਆਂ ਹਨ। ਮੰਨਿਆਂ ਕਿ ਸਿਆਸੀ ਚੌਧਰੀਆਂ ਕੋਲ ਵੰਡਣ ਲਈ ਬਥੇਰੇ ਫ਼ੰਡ ਅਤੇ ਹੋਰ ਗੱਫੇ ਹੁੰਦੇ ਹਨ ਪਰ ਕਲਮ ਦੇ ਯੋਧਿਆਂ ਨੂੰ ਇਹਨਾਂ ਫਾਇਦਿਆਂ ਦੀ ਗੱਲ ਕਰਨ ਵੇਲੇ ਲੋਕ-ਪ੍ਰੇਮ ਭੁੱਲਣਾ ਤਾਂ ਨਹੀਂ ਚਾਹੀਦਾ। 

ਕਈ ਦਹਾਕੇ ਪਹਿਲਾਂ ਬਾਗੀ ਸੁਭਾਅ ਵਾਲੇ ਸ਼ਾਇਰ ਮਿੱਤਰ ਹਰਮੀਤ ਵਿਦਿਆਰਥੀ ਨੇ ਆਪਣੇ ਆਰੰਭਕ ਦੌਰ ਸਮੇਂ ਕਿਵੇਂ ਦਿਖਾਈ ਸੀ ਹਿੰਮਤ ਇਸਦਾ ਜ਼ਿਕਰ ਜਲਦੀ ਹੀ ਕਿਸੇ ਵੱਖਰੀ ਪੋਸਟ ਵਿੱਚ ਕੀਤਾ ਜਾਏਗਾ। 

ਜਿੱਥੋਂ ਤੱਕ ਮੌਜੂਦਾ ਚੋਣਾਂ ਦੀ ਗੱਲ ਹੈ ਮਿੱਤਰਸੈਨ ਮੀਤ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਉਹਨਾਂ ਪੰਜਾਬੀ ਸਾਹਿਤ ਅਕਾਦਮੀ ਤੇ ਕਾਬਜ਼ ਰਹੇ ਅਹੁਦੇਦਾਰਾਂ ਦੀ ਕਾਰਕਰਦਗੀ ਬਾਰੇ ਬੜੇ ਹੀ ਸਲੀਕੇ ਨਾਲ ਝਾਤਾਂ ਵੀ ਪੁਆਈਆਂ ਹਨ।ਉਹਨਾਂ ਪਹਿਲੀ ਝਾਤ ਦਸੰਬਰ-2021 ਦੌਰਾਨ ਹੀ ਪੁਆ ਦਿੱਤੀ ਸੀ। ਉਹਨਾਂ ਕਿਹਾ ਸੀ-- - ਪਿਛਲੇ 2 ਦਹਾਕਿਆਂ ਤੋਂ ਵੀਹ ਕੁ ਵਿਅਕਤੀਆਂ ਦਾ ਇੱਕ ਸ਼ਕਤੀਸ਼ਾਲੀ ਗਰੁੱਪ ਅਕਾਦਮੀ ਦੀ ਸੱਤਾ ਤੇ ਕਾਬਜ ਹੈ। ਇਸ ਗਰੁੱਪ ਨੇ ਹਮੇਸ਼ਾ, ਅਕਾਡਮੀ ਦੀ ਥਾਂ, ਆਪਣੇ ਹਿੱਤਾਂ ਨੂੰ ਪਹਿਲ ਦਿੱਤੀ ਹੈ। ਕੀ ਨਵੀਂ ਟੀਮ ਇਹਨਾਂ ਦੋਸ਼ਾਂ ਬਾਰੇ ਖੁੱਲੀ ਚਰਚਾ ਕਰਵਾਏਗੀ?

-ਸੱਭ ਨੂੰ ਪਤਾ ਹੈ ਕਿ ਚੋਣਾਂ ਤੋਂ ਪਹਿਲਾਂ ਹੀ ਇਹ ਧੜਾ ਆਪਸ ਵਿੱਚ ਅਹੁਦੇ ਵੰਡ ਲੈਂਦਾ ਹੈ। ਕੀ ਇਸ ਰੁਝਾਨ ਬਾਰੇ ਕਦੇ ਖੁਲ੍ਹੀ ਚਰਚਾ ਹੋਵੇਗੀ?

-ਪਿਛਲੇ ਸਮਿਆਂ ਵਿੱਚ ਕੁੱਝ ਸੁਹਿਰਦ ਲੋਕਾਂ ਨੇ, ਇਸ ਅਜਾਰੇਦਾਰੀ ਨੂੰ ਤੋੜਨ ਦੇ ਯਤਨ ਕੀਤੇ। ਪਰ ਇਸ ਧੜੇ ਦੇ ਏਕੇ ਨੇ ਉਨ੍ਹਾਂ ਦੀ ਪੇਸ਼ ਨਹੀਂ ਜਾਣ ਦਿੱਤੀ।

ਕਨਸੋਆਂ ਦਾ ਜ਼ਿਕਰ ਕਰਦਿਆਂ ਮੀਤ ਸਾਹਿਬ ਆਖਦੇ ਹਨ-
- ਪਤਾ ਲੱਗਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਇਹ ਧੜਾ ਸਰਗਰਮ ਹੋਇਆ ਹੋਇਆ ਹੈ। ਅਹੁਦੇ ਵੰਡਣ ਲਈ ਮੀਟਿੰਗ ਤੇ ਮੀਟਿੰਗ ਹੋ ਰਹੀ ਹੈ।

ਸਮਝੌਤਾ ਹੁੰਦੇ ਹੀ ਚੋਣਾਂ ਦਾ ਐਲਾਨ ਹੋ ਸਕਦਾ ਹੈ । ਚੋਣਾਂ ਦਸੰਬਰ ਜਾਂ ਜਨਵਰੀ ਵਿਚ ਹੋ ਸਕਦੀਆਂ ਹਨ।

- ਇਸ ਧੜੇ ਦੇ ਕਿਸੇ ਨੁਮਾਇੰਦੇ ਨੂੰ ਹਰਾਉਣ ਦੀ, ਕਿਸੇ ਸਧਾਰਨ ਮੈਂਬਰ ਵਿੱਚ ਸਮਰਥਾ ਹੀ ਨਹੀਂ ਹੁੰਦੀ।
ਇਹ ਇੱਕ ਬੇਬਸੀ ਵਰਗੀ ਹਾਲਤ ਨੂੰ ਦਰਸਾਉਂਦਾ ਕਥਨ ਹੈ। ਫਿਰ ਵੀ ਇਸ ਟੀਮ ਨੇ ਲੜਾਈ ਲੜੀ। ਅਦਾਲਤ ਦਾ ਆਸਰਾ ਲਿਆ। ਕਾਨੂੰਨ ਨੂੰ ਹਥਿਆਰ ਬਣਾਇਆ। ਇਸ ਤੋਂ ਬਾਅਦ ਜਿਹੜੀ ਹਲਚਲ ਹੋਈ ਉਹ ਦੱਸਦੀ ਹੈ ਕਿ ਛੇਤੀ ਹੀ ਹਾਂ ਪੱਖੀ ਤਬਦੀਲੀ ਵੀ ਆਏਗੀ।

ਸਾਡੀ ਜਿੰਮੇਵਾਰੀ ਦੇ ਸਿਰਲੇਖ ਅਧੀਨ ਮੀਤ ਸਾਹਿਬ ਵਾਲੀ ਟੀਮ ਨੇ ਕਿਹਾ ਕਿ ਚੋਣ ਡਰਾਮਾ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ, ਇਸ ਧੜੇ ਦੀ ਪਿਛਲੇ ਇਕ ਦਹਾਕੇ ਦੀ ਕਾਰਗੁਜ਼ਾਰੀ ਤੇ ਤੁਹਾਡੀ ਝਾਤ ਪੁਆਵਾਂਗੇ।

ਤੁਹਾਡਾ ਫਰਜ਼ ਦੇ ਸ਼ਬਦਾਂ ਨਾਲ ਸੰਬੋਧਿਤ ਹੁੰਦਿਆਂ ਇਸ ਟੀਮ ਨੇ ਆਖਿਆ-
- ਇਨਾਂ ਪੋਸਟਾਂ ਨੂੰ ਧਿਆਨ ਨਾਲ ਪੜ੍ਹਨਾ, ਸ਼ੇਅਰ ਕਰਨਾ ਅਤੇ
- ਫੇਰ ਇਹ ਫੈਸਲਾ ਕਰਨਾ ਕਿ ਕੀ ਇਹ ਧੜਾ ਮੁੜ ਅਕਾਡਮੀ ਦੀ ਵਾਗ ਡੋਰ ਸੰਭਾਲਣ ਦੇ ਯੋਗ ਹੈ ਜਾਂ ਨਹੀਂ?

ਪਹਿਲੀ ਝਾਤ ਦਾ ਲਿੰਕ ਇਸ ਪ੍ਰਕਾਰ ਹੈ ਜਿਸ ਨੂੰ ਤੁਸੀਂ ਥੇ ਕਲਿੱਕ ਕਰਕੇ ਦੇਖ ਸਕਦੇ ਹੋ। ਇਸ ਮੌਕੇ ਵੀ ਮੀਤ ਸਾਹਿਬ ਦੀ ਪੂਰੀ ਟੀਮ ਸਰਗਰਮ ਰਹੀ ਜਿਸ ਵਿਚ ਸ਼ਾਮਲ ਸਨ- ਕਰਮਜੀਤ ਸਿੰਘ ਔਜਲਾ, ਵਰਿਆਮ ਮਸਤ, ਦਵਿੰਦਰ ਸਿੰਘ ਸੇਖਾ, ਗੁਰਨਾਮ ਸਿੰਘ ਸੀਤਲ, ਮਿੱਤਰ ਸੈਨ ਮੀਤ

ਇਸੇ ਤਰ੍ਹਾਂ ਦੂਜੀ ਝਾਤ ਲਈ ਇਸ ਲਿੰਕ ਨੂੰ ਕਲਿੱਕ ਕਰਕੇ ਦੇਖ ਸਕਦੇ ਹੋ। ਚੌਥੀ ਝਾਤ ਇਥੇ ਕਲਿੱਕ ਕਰਕੇ ਦੇਖੀ ਜਾ ਸਕਦੀ ਹੈ। ਉਹਨਾਂ ਦੀਆਂ ਇਹਨਾਂ ਝਾਤਾਂ ਵਿੱਚ ਪੂਰਾ ਵੇਰਵਾ ਵੀ ਹੈ ਅਤੇ ਲੁੜੀਂਦੇ ਦਸਤਾਵੇਜ਼ ਵੀ। ਇਹ ਝਾਤਾਂ ਨਵੀਂ ਟੀਮ ਲਈ ਇੱਕ ਚੁਣੌਤੀ ਬਣ ਕੇ ਸਾਹਮਣੇ ਆਉਣੀਆਂ ਹਨ। ਨਵੀਂ ਟੀਮ ਦੇ ਮੁਖੀ ਡਾ. ਲਖਵਿੰਦਰ ਜੌਹਲ ਹਮੇਸ਼ਾਂ ਲੋਕਪੱਖੀ ਪਛਾਣ ਵਾਲੇ ਲੇਖਕ ਰਹੇ ਹਨ ਇਸ ਲਈ ਉਮੀਦ ਹੈ ਕਿ ਜੋ ਸੁਧਾਰ ਦਹਾਕਿਆਂ ਦੌਰਾਨ ਵੀ ਨਹੀਂ ਹੋ ਸਕਿਆ ਉਹ ਸੁਧਾਰ ਹੁਣ ਡਾ. ਜੌਹਲ ਅਤੇ ਡਾ. ਗੁਲਜ਼ਾਰ ਪੰਧੇਰ ਦੀ ਟੀਮ ਕਰ ਦਿਖਾਏਗੀ। ਇਹ ਟੀਮ ਨਾਜ਼ੁਕ ਮੁੱਦਿਆਂ ਨੂੰ ਸੁਲਝਾਉਣ ਵਿੱਚ ਮਾਹਰ ਵੀ ਗਿਣੀ ਜਾਂਦੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਹ ਨਵੀਂ ਟੀਮ ਇਹਨਾਂ ਨੁਕਤਿਆਂ ਦਾ ਜੁਆਬ ਵੀ ਦੇਵੇਗੀ ਅਤੇ ਮੈਂਬਰਸ਼ਿਪ ਨੂੰ ਆਸਾਂ ਵੀ ਬਣਾਏਗੀ। ਕੀ ਇਹ ਸੰਸਥਾ ਪ੍ਰਕਾਸ਼ਕ ਮਾਫੀਏ ਨੂੰ ਤੋੜ ਕੇ ਆਪਣਾ ਪ੍ਰਕਾਸ਼ਨ ਸ਼ੁਰੂ ਕਰੇਗੀ ਜਿਸ ਵਿੱਚ ਲਾਗਤ ਮੁੱਲ ਤੇ ਕਿਤਾਬਾਂ ਛਾਪੀਆਂ ਜਾਣ?



Friday 28 January 2022

ਪੰਜਾਬੀ ਭਵਨ ਦੀ ਪੁਕਾਰ....ਆ ਜਾ ਅਬ ਤੋਂ ਆ ਜਾ...!

ਕਦੋਂ ਤੱਕ ਚੱਲੇਗਾ ਰੰਗਮੰਚ ਵਾਲਿਆਂ ਨਾਲ ਅਜਿਹਾ ਰਵਈਆ?


ਲੁਧਿਆਣਾ
: 25 ਜਨਵਰੀ 2022: (ਸਾਹਿਤ ਸਕਰੀਨ ਡੈਸਕ):: 

ਜਗਦੇਵ ਸਿੰਘ ਜੱਸੋਵਾਲ ਹੁਰਾਂ ਦੇ ਜ਼ਮਾਨੇ ਵਿੱਚ ਇਥੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੌਰਾਨ ਵੀ ਨਾਟਕ ਹੋਇਆ ਕਰਦੇ ਸਨ ਅਤੇ ਅੱਗੇ ਪਿਛੇ ਵੀ ਅਜਿਹਾ ਸਿਲਸਿਲਾ ਚੱਲਦਾ ਰਹਿੰਦਾ ਸੀ। ਸੱਦੇ ਗਿਆਂ ਦੀ ਲਿਸਟ ਵਿੱਚ ਕੋਈ ਵਿਅਕਤੀ ਹੋਵੇ ਜਾਂ ਨਾ ਹੋਵੇ, ਉਸਨੂੰ ਕੋਈ ਜਾਣਦਾ ਹੋਵੇ ਜਾਂ ਨਾ ਹੋਵੇ ਪਰ ਉਸਨੂੰ ਖਰਚਾ ਭਾੜਾ ਮਿਲ ਜਾਂਦਾ ਸੀ। ਚਾਹ-ਪਾਣੀ ਅਤੇ ਰੋਟੀ ਵੀ ਮਿਲ ਜਾਂਦੀ ਸੀ। ਦੋ ਪੈਗ ਵੀ ਕੋਈ ਮੁਸ਼ਕਲ ਨਹੀਂ ਸਨ ਹੁੰਦੇ। ਸਟੇਜ ਤੇ ਨਾਮ ਵੀ ਐਲਾਨਿਆ ਜਾਂਦਾ ਸੀ। ਉਸਦਾ ਮਾਣ ਸਨਮਾਣ ਵੀ ਹੋ ਜਾਂਦਾ ਸੀ। ਜਾਂਦੀ ਵਾਰ ਉਹ ਦੁਆਵਾਂ ਦੇਂਦਾ ਜਾਂਦਾ ਸੀ ਅਤੇ ਹੋਰ ਪੰਜਾਹ ਥਾਂਈਂ ਦੱਸਦਾ ਸੀ ਕਿ ਉਸਦਾ ਕਿੰਨਾ ਮਾਣ ਤਾਣ ਹੋਇਆ। 

ਸਰਦਾਰ ਜਗਦੇਵ ਸਿੰਘ ਜੱਸੋਵਾਲ ਤੋਂ ਬਾਅਦ ਇਹ ਗੱਲਾਂ ਬੰਦ ਹੁੰਦੀਆਂ ਹੁੰਦੀਆਂ ਉੱਕਾ ਈ ਬੰਦ ਹੋ ਗਈਆਂ। ਉਦੋਂ ਪੰਜਾਬੀ ਭਵਨ ਆਰਥਿਕ ਪੱਖੋਂ ਟੁੱਟੇ ਹੋਏ ਕਲਾਕਾਰਾਂ, ਲੇਖਕਾਂ, ਸ਼ਾਇਰਾਂ ਅਤੇ ਪੱਤਰਕਾਰਾਂ ਦਾ ਅਸਲੀ ਆਲ੍ਹਣਾ ਵੀ ਹੁੰਦਾ ਸੀ। ਜੇ ਇਥੇ ਕੋਈ ਗੱਲ ਬੰਦੀ ਨਜ਼ਰ ਨੇ ਤਾਂ ਗੁਰਦੇਵ ਨਗਰ ਜਾ ਕੇ ਜੱਸੋਵਾਲ ਹੁਰਾਂ ਦੇ ਆਲ੍ਹਣੇ ਵਿੱਚ ਜਾ ਪਹੁੰਚਣਾ। ਕੋਈ ਨਿਰਾਸ਼ ਨਹੀਂ ਸੀ ਜਾਂਦਾ। ਵਿਰੋਧੀ ਵਿਚਾਰਾਂ ਵਾਲਿਆਂ ਦਾ ਵੀ ਇਥੇ ਸੁਲਾਹ ਸਫਾਈ ਕਰਵਾ ਕੇ ਮੇਲ ਮਿਲਾਪ ਕਰਾਇਆ ਜਾਂਦਾ ਸੀ। ਦੀਪਕ ਜੈਤੋਈ ਸਾਹਿਬ ਹੋਣ, ਸੰਤ ਰਾਮ ਉਦਾਸੀ, ਬਟਾਲੇ ਵਾਲੇ ਹਰਭਜਨ ਬਾਜਵਾ ਜਾਂ ਕੋਈ ਹੋਰ ਬਹੁਤ ਸਾਰੇ ਵੱਡੇ ਲੋਕਾਂ ਦੀਆਂ ਦਿਲਚਸਪ ਕਹਾਣੀਆਂ ਜੁੜੀਆਂ ਹੋਈਆਂ ਹਨ। 

ਹੁਣ ਉਹ ਗੱਲਾਂ ਅਤੀਤ ਹੋ ਗਈਆਂ ਹਨ। ਜੱਸੋਵਾਲ ਵਰਗਾ ਹੁਣ ਕੋਈ ਨਹੀਂ ਸ਼ਾਇਦ ਅਤੇ ਨਾ ਹੀ ਉਸ ਤਰ੍ਹਾਂ ਦੀ ਸਾਂਭ ਸੰਭਾਲ ਰਹੀ। ਪੰਜਾਬੀ ਭਵਨ ਇੱਕ ਵਪਾਰਕ ਕੇਂਦਰ ਜਿਹਾ ਬਣਦਾ ਚਲਾ ਗਿਆ ਜਿਸ ਨੂੰ ਹੋਰ ਵਿਕਸਿਤ ਕਰਨਾ ਇਥੋਂ ਦੇ ਪ੍ਰਬੰਧਕਾਂ ਨੂੰ ਸ਼ਾਇਦ ਕਦੇ ਵੀ ਜ਼ਰੂਰੀ ਨਹੀਂ ਲੱਗਿਆ। ਨਿਜੀ ਖੇਤਰ ਵਰਗੀਆਂ ਲੱਗਦੀਆਂ ਕੁਝ ਕੁ ਭਾਵਨਾਵਾਂ ਦਾ ਸ਼ਿਕਾਰ  ਬਣਿਆ ਪੰਜਾਬੀ ਭਵਨ ਨਾਂ ਤਾ ਜੱਸੋਵਾਲ ਦੇ ਵੇਲਿਆਂ ਵਰਗਾ ਸਾਂਝਾ ਜਿਹਾ ਆਲ੍ਹਣਾ ਹੀ ਰਿਹਾ ਤੇ ਨਾ ਹੀ ਇਹ ਕੋਈ ਕਾਰਪੋਰੇਟ ਅਦਾਰਾ ਹੀ ਬਣ ਸਕਿਆ। ਇਸਦਾ ਹਾਲ ਉਸ ਗਾਂ ਮੱਝ ਵਰਗਾ ਹੋ ਗਿਆ ਜਿਸ ਤੋਂ ਦੁੱਧ ਚੋਣਾਂ ਤਾਂ ਯਾਦ ਰਹਿੰਦਾ ਹੈ ਪਰ ਉਸਨੂੰ ਪੱਠੇ ਪਾਉਣ ਵੇਲੇ ਕੰਜੂਸੀ ਸ਼ੁਰੂ ਹੋ ਜਾਂਦੀ ਹੈ। 

ਸ੍ਰ ਜੱਸੋਵਾਲ ਵੇਲੇ ਕਲਮਾਂ ਅਤੇ ਰੰਗਮੰਚ ਵਾਲਿਆਂ ਦਰਮਿਆਨ ਨੇੜਤਾ ਬਹੁਤ ਜ਼ਿਆਦਾ ਸੀ। ਨਾਟਕ  ਲਿਖੇ ਜਾਂਦੇ ਸਨ, ਨਾਟਕ ਖੇਡੇ ਜਾਂਦੇ ਸਨ। ਬਹੁਤ ਸਾਰੇ ਲੋਕਾਂ ਨੂੰ ਬੜੇ ਹੀ ਸਤਿਕਾਰ ਨਾਲ ਰੋਜ਼ਗਾਰ ਮਿਲਦਾ ਸੀ। ਡਿਪਟੀ ਕਮਿਸ਼ਨਰ ਅਤੇ ਹੋਰ ਵੱਡੀਆਂ ਵੱਡੀਆਂ ਸ਼ਖ਼ਸੀਅਤਾਂ ਖੁਦ ਮੂਹਰਲੀਆਂ ਕਤਾਰਾਂ ਵਿੱਚ ਬਿਰਾਜਮਾਨ ਹੋ ਕੇ ਬੜੇ ਹੀ ਧਿਆਨ ਨਾਲ ਨਾਟਕ ਦੇਖਦਿਆਂ ਸਨ। ਮੰਚਨ ਦੌਰਾਨ ਹੀ ਕਲਾਕਾਰ ਇਹਨਾਂ ਵੱਡੇ ਲੋਕਾਂ ਨਾਲ ਆਪਣੀਆਂ ਗੱਲਾਂ ਕਰ ਜਾਂਦੇ ਸਨ। ਇਹਨਾਂ ਸ਼ਖਸੀਅਤਾਂ ਵੱਲੋਂ ਕਲਾਕਾਰਾਂ ਦੀ ਹੌਂਸਲਾ ਅਫ਼ਜ਼ਾਈ ਹੁੰਦੀ ਸੀ ਬਹੁਤ ਸਾਰੇ ਕਲਾ ਪ੍ਰੇਮੀਆਂ ਵੱਲੋਂ ਇਨਾਮਾਂ ਸਨਮਾਨਾਂ ਦੀ ਵਰਖਾ ਜਿਹੀ ਹੁੰਦੀ ਸੀ। ਦਰਸ਼ਕ ਇਹਨਾਂ ਕਲਾਕਾਰਾਂ ਨਾਲ ਦੋ ਪਲ ਮਿਲਣਾ, ਫੋਟੋ ਖਿਚਵਾਉਣਾ ਅਤੇ ਇਹਨਾਂ ਦੇ ਆਟੋ ਗ੍ਰਾਫ ਲੈਣਾ ਆਪਣਾ ਹੱਕ ਵੀ ਸਮਝਦੇ ਸਨ। ਉਹਨਾਂ ਨੂੰ ਇਹ ਯਾਦਗਾਰੀ ਪਲ ਮਿਲਿਆ ਵੀ ਕਰਦੇ ਸਨ। ਸਰਦੀਆਂ ਦੀਆਂ ਸ਼ਾਮਾਂ ਨੂੰ ਚਾਹ ਕੋਫੀ ਹਰ ਕਿਸੇ ਨੂੰ ਬਿਨਾ ਮੰਗੇ ਮਿਲ ਜਾਇਆ ਕਰਦੀ ਸੀ। 

ਇਥੇ ਹੀ ਗੁਰਦਾਸ ਮਾਨ ਨੂੰ ਲੋਕਾਂ ਨੇ ਬੜੀ ਨੇੜਿਉਂ ਹੋ ਕੇ ਦੇਖਿਆ। ਹਰਪਾਲ ਟਿਵਾਣਾ ਨੇ ਆਪਣੇ ਗੁਰ ਇੱਸੇ ਕੰਪਲੈਕਸ ਵਿੱਚ ਆਪਣੇ ਸ਼ਗਿਰਦਾਂ ਨੂੰ ਸਿਖਾਏ। ਪੱਤਰਕਾਰਿਤਾ ਅਤੇ ਰੰਗਮੰਚ ਦੀ ਸੁਮੇਲਤਾ ਦਾ ਪ੍ਰਤੀਕ ਰਹੀ ਰੀਟਾ ਸ਼ਰਮਾ ਇਸੇ ਓਪਨ ਆਡੀਟੋਰੀਅਮ ਵਿੱਚ ਸਟੇਜ ਤੇ ਆਪਣੀ ਭੂਮਿਕਾ ਨਿਭਾਉਂਦਿਆਂ ਵੱਡੇ ਵੱਡੇ ਅਫਸਰਾਂ ਵੱਲ ਇਸ਼ਾਰਾ ਕਰ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਦਿਆਂ ਸਰਕਾਰੀ ਊਣਤਾਈਆਂ ਵੱਲ ਅਜਿਹੇ ਇਸ਼ਾਰੇ ਕਰ ਜਾਂਦੀ ਕਿ ਸਭ ਹੈਰਾਨ ਰਹੀ ਜਾਂਦੇ। ਵਣਜਾਰਿਆਂ ਦੇ ਰੂਪ ਵਿਚ ਉਸਦੀ ਟੀਮ ਵੱਲੋਂ ਖੇਡਿਆ ਗਿਆ ਨਾਟਕ "ਗੁਡ ਮੈਨ ਦੀ ਲਾਲਟੈਣ ਤੇ ਬੈਡਮੈਨ ਦੀ ਦੀਵਾ" ਬੜਾ ਪਸੰਦ ਕੀਤਾ ਗਿਆ। ਇਸਨੇ ਯਾਦਗਾਰੀ ਪ੍ਰਭਾਵ ਛੱਡਿਆ। ਇਹ ਨਾਟਕ ਬਾਅਦ ਦੁਪਹਿਰ ਸ਼ੁਰੂ ਹੋਇਆ ਅਤੇ ਇਸ ਦੀਆਂ ਸਕਿੱਟ ਵਰਗੀਆਂ ਨਿੱਕੀਆਂ ਨਿੱਕੀਆਂ ਝਲਕੀਆਂ ਰਾਤ ਤੱਕ ਜਾਰੀ ਰਹੀਆਂ। 

ਲੇਖਕਾਂ ਅਤੇ ਰੰਗਮੰਚ ਵਾਲਿਆਂ ਦੇ ਕਾਫ਼ਿਲੇ ਇਹਨਾਂ ਪ੍ਰੋਗਰਾਮਾਂ ਵਿੱਚ ਆਰਥਿਕ ਪੱਖੋਂ ਵੀ ਪ੍ਰਫੁੱਲਤ ਹੁੰਦੇ ਸਨ। ਪਰ ਸ਼ਾਇਦ ਇਸ ਨੂੰ ਨਜ਼ਰ ਲੱਗ ਗਈ। ਕਲਾਕਾਰਾਂ ਲਈ ਇਥੇ ਹੁੰਦੇ ਆਯੋਜਨ ਇੱਕ ਚੰਗਾ ਸੀਜ਼ਨ ਲੱਗਣ ਵਰਗੇ ਹੋਇਆ ਕਰਦੇ ਸਨ। ਪ੍ਰੋਗਰਾਮ ਕਿਸੇ ਦਾ ਵੀ ਹੋਵੇ ਸਭ ਨੂੰ ਪਤਾ ਹੁੰਦਾ ਸੀ ਕਿ ਕੋਈ ਪ੍ਰੋਗਰਾਮ ਹੈ ਤਾਂ ਸਾਨੂੰ ਵੀ ਨਿਸਚੇ ਹੀ ਕੁਝ ਫਾਇਦਾ ਜ਼ਰੂਰ ਹੋਵੇਗਾ ਇਸ ਲਈ ਇਹ ਪ੍ਰੋਗਰਾਮ ਵੀ ਸਾਡਾ ਹੀ ਹੈ। ਸਾਰੇ ਬੜੇ ਸਨੇਹ ਨਾਲ ਇੱਕ ਪਰਿਵਾਰ ਹੱਥ ਵੰਡਾਉਂਦੇ ਸਨ। ਜੱਸੋਵਾਲ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਹੋਲੀ ਹੋਲੀ ਇਹ ਸਭ ਕੁਝ ਨਿੱਘਰਦਾ ਹੀ ਚਲਾ ਗਿਆ। ਲਿਹਾਜ਼ਦਾਰੀਆਂ, ਨਿਜੀ ਮੁਫਾਦਾਂ ਵਾਲੇ ਰੁਝਾਣ ਅਤੇ ਚੌਧਰਪੁਣੇ ਨੇ ਸਭ ਕੁਝ ਨਿਗਲ ਲਿਆ। 

ਫਿਰ ਦੋ ਚਾਰ ਸਾਲ ਪਹਿਲਾਂ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਰੰਗਮੰਚ ਵਾਲੇ ਆਪਣੇ ਨਾਲ ਹੁੰਦੇ ਸਲੂਕ ਕਾਰਨ ਦੁਖੀ ਅਤੇ ਪ੍ਰੇਸ਼ਾਨ ਹੋ ਗਏ। ਉਹਨਾਂ ਇੱਕ ਨਾਟਕ ਖੇਡਿਆ ਜਿਸਦਾ ਨਾਮ ਸੀ "ਪਰਮਿਸ਼ਨ।" ਪਰਮਿਸ਼ਨ ਨਾਂਅ ਦੇ ਇਸ ਨਾਟਕ ਵਿੱਚ ਨਾਟਕ ਖੇਡਣ ਵਾਲੀ ਟੀਮ ਨੇ ਸਾਰਾ ਤਵਾ ਪੰਜਾਬੀ ਭਵਨ ਦੀ ਮੈਨੇਜਮੈਂਟ ਤੇ ਹੀ ਲਾ ਦਿੱਤਾ। ਇਸ ਵਿੱਛ ਇੱਕ ਦਰਦ ਸੀ ਕਿ ਕਿੰਨੀ ਮੁਸ਼ਕਿਲ ਮਿਲਦੀ ਹੈ ਇਥੇ ਨਾਟਕਾਂ ਨੂੰ ਖੇਡਣ ਅਤੇ ਰਿਹਰਸਲ ਦੀ ਪਰਮਿਸ਼ਨ। ਇਸ ਨਾਟਕ ਦਾ ਪ੍ਰਤੀਕਰਮ ਵੀ ਹੋਇਆ। ਇਸ ਤੋਂ ਬਾਅਦ ਮੈਨੇਜਮੈਂਟ ਦੀ ਕਰੋਪੀ ਹੋਰ ਵੱਧ ਗਈ ਅਤੇ ਇਸਦੇ ਨਾਲ ਹੀ ਪੰਜਾਬੀ ਭਵਨ ਅਤੇ ਰੰਗਮੰਚ ਵਾਲਿਆਂ ਦਰਮਿਆਨ ਦੂਰੀ ਵੀ ਵੱਧਦੀ ਚਲੀ ਗਈ। 

ਇਸ ਦੂਰੀ ਅਤੇ ਬੇਰੁਖੀ ਨੂੰ ਬਾਹਰ ਲਿਆਉਣ ਵਿੱਚ ਰਹਿੰਦੀ ਸਹਿੰਦੀ ਕਸਰ ਰੰਗ ਕਰਮੀ ਤਰਲੋਚਨ ਸਿੰਘ ਵੱਲੋਂ ਲਿਖੀ ਇੱਕ ਲੰਮੀ ਚਿੱਠੀ ਨੇ ਪੂਰੀ ਕਰ ਦਿੱਤੀ। ਤਰਲੋਚਨ ਸਿੰਘ ਨੇ ਫੱਕਰ ਕਿਸਮ ਦੇ ਬੇਬਾਕ ਜਿਹੇ ਕਲਾਕਾਰ ਤਰਲੋਚਨ ਸਿੰਘ ਸੱਤ ਸਫ਼ਿਆਂ ਦੀ ਟਾਈਪ ਕੀਤੀ ਹੋਈ ਇਹ ਚਿਠੀ ਮੈਨੇਜਮੈਂਟ ਨੂੰ ਸੰਨ 2014 ਵਿੱਚ। +

ਮਿੱਤਰ ਸੈਨ ਮੀਤ ਹੁਰਾਂ ਦੀ ਟੀਮ ਨੇ ਪੰਜਾਬੀ ਸਾਹਿਤ ਅਕਾਦਮੀ ਬਾਰੇ ਜਿਹੜੇ ਨੁਕਤੇ ਉਠਾਏ ਉਹਨਾਂ ਵਿੱਚ ਇੱਕ ਮੁੱਦਾ ਰੰਗਮੰਚ ਵਾਲਿਆਂ ਦੀ ਮੌਜੂਦਾ ਸਥਿਤੀ ਬਾਰੇ ਵੀ ਹੈ। ਉਹਨਾਂ ਲਿਖਿਆ-

ਮੀਤ ਹੁਰਾਂ ਵੱਲੋਂ ਜਾਰੀ ਲਿਖਤ ਹੈ-ਬਲਰਾਜ ਸਾਹਨੀ ਰੰਗਮੰਚ ਬਣਾਇਆ-ਖੰਡਰ ਅਤੇ ਹਵਾਲੇ ਦਿੱਤੇ ਹਨ ਪੁਰਾਣੇ ਰੰਗਕਰਮੀ ਤਰਲੋਚਨ ਸਿੰਘ ਹੁਰਾਂ ਦੇ ਜਿਹਨਾਂ ਨੇ ਮੁੰਬਈ ਦੀ ਦੁਨੀਆ ਵੀ ਦੇਖੀ ਹੈ ਅਤੇ ਲੁਧਿਆਣਾ ਦੀ ਵੀ। 

ਇਹ ਲਿਖਤ ਦੱਸਦੀ ਹੈ-ਸੱਤ ਦਹਾਕੇ ਪਹਿਲਾਂ ਅਕਾਦਮੀ ਦੇ ਸੰਸਥਾਪਕਾਂ ਵੱਲੋਂ ਲੁਧਿਆਣੇ ਵਿਚ ਰੰਗਕਰਮੀਆਂ ਨੂੰ ਆਪਣੀ ਕਲਾ ਦੇ ਜੌਹਰ ਦਿਖਾਉਣ ਲਈ ਅਤੇ ਲੁਧਿਆਣਾ ਵਾਸੀਆਂ ਨੂੰ ਨਾਟਕ ਦੇਖਣ ਦੀ ਚਿਟਕ ਲਾਉਣ ਲਈ, ਚਾਵਾਂ ਨਾਲ ਓਪਨ ਏਅਰ ਥੀਏਟਰ ਉਸਾਰਿਆ ਗਿਆ ਸੀ। ਇਸ ਥੀਏਟਰ ਵਿਚ ਇੱਕੋ ਸਮੇਂ 5000 ਦਰਸ਼ਕ ਬੈਠ ਕੇ ਗੀਤ-ਸੰਗੀਤ ਅਤੇ ਨਾਟਕਾਂ ਦਾ ਆਨੰਦ ਮਾਣ ਸਕਦੇ ਹਨ। ਅੱਜ ਤੱਕ ਇੰਨਾ ਵੱਡਾ ਰੰਗਮੰਚ ਲੁਧਿਆਣੇ ਵਿਚ ਸਥਾਪਿਤ ਨਹੀਂ ਹੋਇਆ।

ਸਮੇਂ-ਸਮੇਂ ਦੇ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ 2014 ਵਿਚ ਇਸ ਥੀਏਟਰ ਦੀ ਇਮਾਰਤ ਖੰਡਰ ਹੀ ਨਹੀਂ ਬਣੀ ਸਗੋਂ ਇੱਥੇ ਨਾਟਕਾਂ, ਨਾਚਾਂ, ਭੰਗੜਿਆਂ ਅਤੇ ਗੀਤਾਂ ਦੀ ਰਹਿਰਸਲ ਕਰਨ ਆਏ ਕਲਾਕਾਰਾਂ ਨਾਲ, ਮਾੜੀ-ਮਾੜੀ ਗੱਲ ਤੇ ਦੁਰਵਿਵਹਾਰ ਹੋਣਾ ਵੀ ਸ਼ੁਰੂ ਹੋ ਗਿਆ। ਕੋਮਲ ਵਿਰਤੀ ਵਾਲੇ ਕਲਾਕਾਰਾਂ ਨੂੰ ਦੁਖੀ ਹੋ ਕੇ ਪ੍ਰਬੰਧਕਾਂ ਨੂੰ ‘ਮਰਨ-ਮਰਾਉਣ ਅਤੇ ਆਤਮ-ਹੱਤਿਆ ਕਰ ਲੈਣ’ ਤੱਕ ਦੀ ਧਮਕੀ ਦੇਣੀ ਪਈ।

‘ਰੰਗਮੰਚ ਰੰਗ ਨਗਰੀ’ ਗਰੁੱਪ ਦੇ ਸੰਚਾਲਕ ਤਰਲੋਚਨ ਸਿੰਘ ਨਾਲ ਉਸ ਸਮੇਂ ਦੇ ਪ੍ਰਬੰਧਕਾਂ ਵੱਲੋਂ ਇੰਨਾ ਮਾੜਾ ਦੁਰਵਿਵਹਾਰ ਕੀਤਾ ਗਿਆ ਕਿ ਅਖੀਰ ਅੱਕ ਕੇ ਉਨ੍ਹਾਂ ਵੱਲੋਂ ਪ੍ਰਬੰਧਕਾਂ ਨੂੰ ਲਗਾਤਾਰ ਕਈ ਚਿੱਠੀਆਂ ਲਿਖਣੀਆਂ ਪਈਆਂ। ਇਹ ਚਿੱਠੀਆਂ ਉਨ੍ਹਾਂ ਨੇ ਹੋਰ ਪੰਜਾਬੀ ਪ੍ਰੇਮੀਆਂ ਨਾਲ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਵਿਚੋਂ ਕੁਝ ਚਿੱਠੀਆਂ ਸਾਡੇ ਕੋਲ ਮੌਜੂਦ ਹਨ।

ਦੁਖੀ ਹੋਏ ਰੰਗਕਰਮੀ ਤਰਲੋਚਨ ਸਿੰਘ ਵੱਲੋਂ ਮਿਤੀ 26.08.2014 ਨੂੰ, ਉਸ ਸਮੇਂ ਦੇ ਅਕਾਦਮੀ ਦੇ ਜਨਰਲ ਸਕੱਤਰ ਨੂੰ ਭਾਵਪੂਰਕ ਚਿੱਠੀ ਲਿਖੀ ਗਈ ਜਿਸ ਵਿਚ ਉਨ੍ਹਾਂ ਵੱਲੋਂ ਮੁੱਖ ਤੌਰ ਤੇ ਹੇਠ ਲਿਖੇ ਮੁੱਦੇ ਉਠਾਏ ਗਏ:

1. ਪੰਜਾਬੀ ਭਵਨ ਵਿਚ ਅਕਾਦਮੀ ਦਾ ਪਿਆ ਕੀਮਤੀ ਸਮਾਨ ਜਿਸ ਵਿਚ ਲੈਕਚਰ ਸਟੈਂਡ, ਦਰਵਾਜੇ, ਪਲਾਸਟਿਕ ਦੇ ਪਾਈਪ, ਸਰੀਆ ਆਦਿ ਸ਼ਾਮਲ ਸੀ ਦੀਆਂ ਤਸਵੀਰਾਂ ਖਿੱਚ ਕੇ, ਚਿੱਠੀ ਨਾਲ ਲਾ ਕੇ, ਪ੍ਰਬੰਧਕਾਂ ਨੂੰ ਭੇਜ ਕੇ ਪੁੱਛਿਆ ਗਿਆ ਕਿ ਉਨ੍ਹਾਂ ਦਾ ਅਕਾਦਮੀ ਦੇ ਗਲ-ਸੜ ਰਹੇ ਕੀਮਤੀ ਸਮਾਨ ਨੂੰ ਸੰਭਾਲਣ ਵੱਲ ਧਿਆਨ ਕਿਉਂ ਨਹੀਂ ਹੈ।

2. ਉਨ੍ਹਾਂ ਨੂੰ ਮਹਿਸੂਸ ਹੋਇਆ ਜਿਵੇਂ ਪ੍ਰਬੰਧਕ ‘ਰੰਗਮੰਚ ਨੂੰ ਭਵਨੋਂ ਚੱਲਦਾ ਕਰਨ ਲਈ ਤਿਆਰ’ ਬੈਠੇ ਹਨ। ਉਹ ‘ਪੰਜਾਬੀ ਭਵਨ ਨੂੰ ਸਾਹਿਤ ਦਾ ਵਿਹੜਾ ਨਹੀਂ ਵਿਆਹ-ਸ਼ਾਦੀਆਂ ਦਾ ਰਿਜ਼ੋਰਟ ਬਣਾਉਣਾ ਚਾਹੁੰਦੇ ਹਨ।’

3.ਉਨ੍ਹਾਂ ਵੱਲੋਂ ਪੰਜਾਬੀ ਭਵਨ ਦੀਆਂ ਖਰਾਬ ਹੋ ਚੁੱਕੀਆਂ ਦੀਵਾਰਾਂ, ਓਪਨ ਏਅਰ ਥੀਏਟਰ ਦੀ ਸਟੇਜ ਦੀ ਟੁੱਟੀ ਛੱਤ, ਛੱਤ ਦੀਆਂ ਡਿੱਗ ਰਹੀਆਂ ਝਾਲਰਾਂ, ਪੌੜੀਆਂ ਦੇ ਨਾਲ ਲਗਾਏ ਗਏ ਅੜਿੱਕੇ ਅਤੇ ਦਰਸ਼ਕਾਂ ਦੇ ਬੈਠਣ ਲਈ ਬਣੀਆਂ ਪੌੜੀਆਂ ਵਿਚ ਅੜਾਏ ਗਏ ਅੜਿੱਕੇ, ਲਾਂਘਿਆਂ ਵਿਚ ਉਸਾਰੀਆਂ ਗਈਆਂ ਆਰਜ਼ੀ ਉਸਾਰੀਆਂ ਦੀ ਮੌਜੂਦਗੀ ਆਦਿ ਦੀਆਂ ਤਸਵੀਰਾਂ ਖਿੱਚੀਆਂ ਅਤੇ ਇਨ੍ਹਾਂ ਤਸਵੀਰਾਂ ਨੂੰ ਆਪਣੀ ਚਿੱਠੀ ਨਾਲ ਲਾ ਕੇ ਪ੍ਰਬੰਧਕਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਪੰਜਾਬੀ ਭਵਨ ਦੀ ਇਮਾਰਤ ਦੀ ਹੋ ਰਹੀ ਇਸ ਦੁਰਦਸ਼ਾ ਦਾ ਫ਼ਿਕਰ ਕਿਉਂ ਨਹੀਂ ਹੈ?

4. ਤਰਲੋਚਨ ਸਿੰਘ ਨੂੰ ਇਤਰਾਜ਼ ਸੀ ਕਿ ਪ੍ਰਬੰਧਕਾਂ ਵੱਲੋਂ ਥੀਏਟਰ ਦੇ ਗਰੀਨ ਰੂਮ ਤੱਕ ਕਿਰਾਏ ਤੇ ਦੇ ਦਿੱਤੇ ਗਏ ਹਨ। ਗਰੀਨ ਰੂਮ ਰੰਗਕਰਮੀਆਂ ਦੀ ਮੁੱਢਲੀ ਲੋੜ ਹੁੰਦੀ ਹੈ। ਗਰੀਨ ਰੂਮ ਬਿਨ੍ਹਾਂ ਉਨ੍ਹਾਂ ਦੀ ਕਲਾ ਦੇ ਪ੍ਰਗਟਾਵੇ ਵਿਚ ਵੱਡਾ ਅੜਿੱਕਾ ਪੈਂਦਾ ਹੈ। ਪ੍ਰਬੰਧਕ ਗਰੀਨ ਰੂਮ ਤੇ ਨਜਾਇਜ਼ ਤੌਰ ਤੇ ਕਾਬਜ ਹੋਏ ਵਿਅਕਤੀਆਂ ਤੋਂ ਗਰੀਨ ਰੂਮ ਖਾਲੀ ਕਿਉਂ ਨਹੀਂ ਕਰਵਾਉਂਦੇ?

5. ਪ੍ਰਬੰਧਕਾਂ ਵੱਲੋਂ ਵਾਰ-ਵਾਰ ਤੰਗ-ਪਰੇਸ਼ਾਨ ਕੀਤੇ ਜਾਣ ਤੇ ਤਰਲੋਚਨ ਸਿੰਘ ਨੇ ਆਪਣੀਆਂ ਮੰਗਾਂ ਮੰਨਵਾਉਣ ਲਈ ਪ੍ਰਬੰਧਕਾਂ ਵਿਰੁੱਧ ਧਰਨਾ-ਮੁਜ਼ਾਹਰਾ ਕਰਨ ਦੀ ਧਮਕੀ ਤੱਕ ਦਿੱਤੀ।

6. ਦੁਖੀ ਕਲਾਕਾਰਾਂ ਵੱਲੋਂ ਪ੍ਰਬੰਧਕਾਂ ਕੋਲ ਆਖਰੀ ਗੁਹਾਰ ਲਾ ਕੇ ਬੇਨਤੀ ਕੀਤੀ ਗਈ ਕਿ ਉਹ ਕਲਾਕਾਰਾਂ ਨੂੰ ‘ਮਾਨਸਿਕ ਤੌਰ ਤੇ ਪਰੇਸ਼ਾਨ ਨਾ ਕਰਨ।’ ‘ਕਲਾਕਾਰ ਬੜੇ ਨਰਮ ਤੇ ਭਾਵੁਕ ਹੁੰਦੇ ਹਨ। ਉਹ ਬੰਦੇ ਨੂੰ ਮਾਰਨ ਲੱਗਿਆਂ ਅਤੇ ਆਤਮ-ਹੱਤਿਆ ਕਰਨ ਲੱਗਿਆਂ ਵਕਤ ਨਹੀਂ ਲਾਉਂਦੇ।’ ਉਨ੍ਹਾਂ ਇਹ ਵੀ ਧਮਕੀ ਦਿੱਤੀ ਕਿ ‘ਜੇ ਪ੍ਰਬੰਧਕ ਉਨ੍ਹਾਂ ਨੂੰ ਪਰੇਸ਼ਾਨੀ ਦੇਣਗੇ ਤਾਂ ਮੈਂਬਰ ਹੋਣ ਦੇ ਨਾਤੇ ਉਹ ਵੀ ਉਨ੍ਹਾਂ ਨੂੰ ਕੁਝ ਦੇਣਗੇ।’

ਇਥੇ ਹੀ ਰੰਗਕਰਮੀ ਤਰਲੋਚਨ ਸਿੰਘ ਦੀ ਉਸ ਇਤਿਹਾਸਿਕ ਚਿੱਠੀ ਦਾ ਲਿੰਕ ਹੈ ਇਸ ਨੂੰ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ-

ਇਸ ਇਤਿਹਾਸਕ ਚਿੱਠੀ ਦਾ ਲਿੰਕ ਹੈ। 

ਵਿਸ਼ੇਸ਼ ਕਥਨ: ਅੱਜ-ਕੱਲ ਵੀ ਕਲਾਕਾਰਾਂ ਨਾਲ ਇਹੋ ਜਿਹਾ ਵਿਵਹਾਰ ਹੀ ਕੀਤਾ ਜਾਂਦਾ ਹੈ। ਥੀਏਟਰ ਦੀ ਹਾਲਤ ਵੀ ਤਰਸਯੋਗ ਹੈ। ਨਾਟਕ, ਗੀਤ ਅਤੇ ਨਾਚਾਂ ਆਦਿ ਦੀ ਰਹਿਰਸਲ ਲਈ ਕਲਾਕਾਰਾਂ ਤੋਂ ਘੰਟਿਆਂ ਦੇ ਹਿਸਾਬ ਨਾਲ ਕਿਰਾਇਆ ਲਿਆ ਜਾਂਦਾ ਹੈ।

ਇਹ ਉਹੀ ਥਾਂ ਹੈ ਜਿੱਥੇ ਲੁਧਿਆਣਾ ਦਾ ਪੰਜਾਬੀ ਭਵਨ ਰੰਗਮੰਚ ਦਾ ਕੇਂਦਰ ਬਣ ਕੇ ਉਭਰਿਆ। ਇਹ ਉਹੀ ਥਾਂ ਹੈ ਜਿੱਥੇ ਹਰਪਾਲ ਟਿਵਾਣਾ ਦੀ ਅਗਵਾਈ ਹੇਠ ਪੰਜਾਬੀ ਨਾਟਕ 'ਚਮਕੌਰ ਦੀ ਗੜੀ' ਸਮੇਤ ਅਨੇਕਾਂ ਨਾਟਕ ਖੇਡੇ ਗਏ ਜਿਹਨਾਂ ਨੇ ਰੰਗਮੰਚ ਦਾ ਇਤਿਹਾਸ ਵੀ ਰਚਿਆ। ਇਹਨਾਂ ਨਾਟਕਾਂ ਵਿੱਚ ਨੀਨਾ ਟਿਵਾਣਾ, ਸਰਦਾਰ ਸੋਹੀ, ਦਰਸ਼ਨ ਬੜੀ ਨੇ ਵੀ ਕੰਮ ਕੀਤਾ। ਇਸੇ ਤਰ੍ਹਾਂ 'ਹਿੰਦ ਦੀ ਚਾਦਰ' ਅਤੇ 'ਗੁਲਾਮ ਕੀ ਬੇਟੀ' ਵਿੱਚ ਗੁਰਦਾਸ ਮਾਨ ਨੇ ਵੀ ਕੰਮ ਕੀਤਾ। ਰੰਗਮੰਚ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੇ ਇਸ ਅਸਥਾਨ ਤੇ ਹੁਣ "ਪਰਮਿਸ਼ਨ" ਨਾਟਕ  ਦਾ ਮੰਚਨ ਕਰ ਕੇ ਕਲਾਕਾਰਾਂ ਨੂੰ ਆਪਣੀ ਬੇਬਸੀ 

ਕੀ ਹਰਪਾਲ ਟਿਵਾਣਾ ਦੇ ਸਨੇਹੀ ਜਾਗਣਗੇ? 

ਕੀ ਬਲਰਾਜ ਸਾਹਨੀ ਦੇ ਸਨੇਹੀ ਜਾਗਣਗੇ?

ਕਲਾ ਦੇ ਸਨੇਹੀਆਂ ਨੂੰ ਨਿਰੰਤਰ ਪੁਕਾਰ ਰਿਹਾ ਹੈ ਪੰਜਾਬੀ ਭਵਨ....ਆ ਜਾ ਅਬ ਤੋਂ ਆ ਜਾ...! 


ਇਹ ਲਿੰਕ ਦੇਖਣ ਲਈ ਵੀ ਸਮਾਂ ਕੱਢਣਾ 

Wednesday 26 January 2022

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ-ਅਸ਼ੋਕ ਵਸ਼ਿਸ਼ਠ ਬਿਨਾ ਮੁਕਾਬਲਾ ਜੇਤੂ

ਜ਼ਿੰਦਗੀ ਦੇ ਸੰਘਰਸ਼ਾਂ ਦੀ ਅਗਨੀ ਪ੍ਰੀਖਿਆ ਦੇ ਕੇ ਹੀ ਰਚਿਆ ਹੈ ਸਾਹਿਤ 


ਲੁਧਿਆਣਾ: 25 ਜਨਵਰੀ 2022:(ਰੈਕਟਰ ਕਥੂਰੀਆ//ਸਾਹਿਤ ਸਕਰੀਨ ਡੈਸਕ)::

ਕੁਝ ਦਹਾਕੇ ਪਹਿਲਾਂ ਸੱਤਰਵਿਆਂ ਤੋਂ ਸ਼ੁਰੂ ਹੋ ਕੇ ਅੱਸੀਵਿਆਂ ਤੱਕ ਫੈਲੇ ਕਾਰਜ ਕਾਲ ਦੌਰਾਨ ਜਦੋਂ ਪੰਜਾਬ ਦੀ ਸਿਆਸਤ ਦੇ ਸ਼ਾਤਰ ਲੋਕ ਬਾਰੂਦ ਵਿਛਾਉਣ ਵਰਗੀਆਂ ਸਾਜ਼ਿਸ਼ਾਂ ਵਿਚ ਰੁਝੇ ਹੋਏ ਸਨ ਉਦੋਂ ਅਸ਼ੋਕ ਵਸ਼ਿਸ਼ਠ ਅਤੇ ਮੈਂ ਵਿਚਾਰਧਾਰਕ ਪ੍ਰਤੀਬੱਧਤਾ ਕਾਰਨ ਜਿਸ ਕਾਫ਼ਿਲੇ ਵਿਚ ਸ਼ਾਮਲ ਸਾਂ ਉਹ ਕਾਫ਼ਿਲਾ ਵੀ ਲੰਮੇ ਸੰਘਰਸ਼ਾਂ ਦੀਆਂ ਤਿਆਰੀਆਂ ਹੀ ਕਰ ਰਿਹਾ ਸੀ। ਕੁਰਬਾਨੀਆਂ ਦੀ ਝੜੀ ਲਾਉਣ ਲਈ ਸਮੂਹਿਕ ਮਨੋਬਲ ਨੂੰ ਮਜ਼ਬੂਤ ਕਰ ਰਿਹਾ ਸੀ। 

ਹਾਲਾਤ ਅਤੇ ਰੋਜ਼ੀ ਰੋਟੀ ਨੇ ਸਾਨੂੰ ਰੋਜ਼ਾਨਾ ਅਕਾਲੀ ਟਾਈਮਜ਼ ਅਖਬਾਰ ਵਿਚ ਇਕੱਠਿਆਂ ਕਰ ਦਿੱਤਾ। ਅਸ਼ੋਕ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ। ਘਰ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਗਈਆਂ ਸਨ ਅਤੇ ਆਰਥਿਕ ਲੋੜਾਂ ਵੀ। ਉੱਪਰੋਂ ਐਮ ਏ ਦੇ ਇਮਤਿਹਾਨ ਦੀ ਤਿਆਰੀ। ਸ਼ਾਮ ਹੋਣ ਤੱਕ ਉਹ ਬੁਰੀ ਤਰ੍ਹਾਂ ਥੱਕ ਜਾਂਦਾ ਸੀ। ਇਸ ਥਕਾਵਟ ਦੇ ਬਾਵਜੂਦ ਪੈਗ ਵਾਲੇ ਕਲਚਰ ਤੋਂ ਬਹੁਤ ਦੂਰ ਰਹਿੰਦਾ। ਇਹਨਾਂ ਸਾਰੀਆਂ ਔਕੜਾਂ ਦੇ ਬਾਵਜੂਦ ਪਹਿਲਾਂ ਐਮ ਏ ਪੰਜਾਬੀ ਸ਼ਾਨਦਾਰ ਨੰਬਰਾਂ ਨਾਲ ਕੀਤੀ। ਫਿਰ ਐਮ ਏ ਹਿੰਦੀ ਸ਼ਾਨਦਾਰ ਨੰਬਰਾਂ ਨਾਲ ਕੀਤੀ। ਗਿਆਨੀ ਅਤੇ ਪ੍ਰਭਾਕਰ ਦੀਆਂ ਪ੍ਰੀਖਿਆਵਾਂ ਨੂੰ ਵੀ ਰਿਕਾਰਡ ਬਣਾ ਕੇ ਪਾਸ ਕੀਤਾ। ਅਖਬਾਰ ਨੂੰ ਇਸ ਕਾਬਲੀਅਤ ਦਾ ਫਾਇਦਾ ਵੀ ਪਹੁੰਚਦਾ ਸੀ। ਪੰਜਾਬੀ ਪੱਤਰਕਾਰੀ ਉਸ ਵੇਲੇ ਸੰਘਰਸ਼ਾਂ ਦੇ ਅਜਿਹੇ ਦੌਰ ਵਿੱਚੋਂ ਲੰਘ ਰਹੀ ਸੀ ਜਿਸ ਵਿੱਚ ਵਿੱਤੀ ਪ੍ਰਬੰਧ ਹੁੰਦਿਆਂ ਹੀ ਛਪਾਈ ਦਾ ਸਿਸਟਮ ਬਦਲਣ ਦੀਆਂ ਤਿਆਰੀਆਂ ਵੀ ਤੇਈ ਨਾਲ ਚੱਲ ਰਹੀਆਂ ਸਨ। ਇੱਕ ਇੱਕ ਅੱਖਰ ਅਤੇ ਇੱਕ ਇੱਕ ਮਾਤਰਾ ਵਾਲੇ ਲੋਹੇ ਦੇ ਅੱਖਰਾਂ ਨੰ ਚੁੱਕ ਕੇ ਕੰਪੋਜ਼ਿੰਗ ਕੀਤੀ ਜਾਂਦੀ ਸੀ। ਫੋਂਟ ਵੱਜੋਂ ਜਾਣੇ ਜਾਂਦੇ ਇਹਨਾਂ ਅੱਖਰਾਂ ਦਾ ਭਾਰ ਵੀ ਬਹੁਤ ਜ਼ਿਆਦਾ ਹੁੰਦਾ ਸੀ। ਅੰਦਰੋਂ ਅੰਦਰੀਂ ਪੰਜਾਬੀ ਅਖਬਾਰਾਂ ਦੀ ਛਪਾਈ ਵੀ ਆਫਸੈਟ ਵਾਲੇ ਪਾਸੇ ਤੇਜ਼ੀ ਨਾਲ ਕਦਮ ਵਧਾ ਰਹੀ ਸੀ ਪਰ ਅਸ਼ੋਕ ਵਸ਼ਿਸ਼ਠ ਅਤੇ ਮੇਰੇ ਸਮੇਤ ਸਾਡੇ ਸਾਰੇ ਸਾਥੀ ਇਹਨਾਂ ਉਮੀਦਾਂ ਤੇ ਜੀ ਰਹੇ ਸਾਂ ਅਤੇ ਖੁਸ਼ ਵੀ ਸਾਂ ਕਿ ਵੋਹ ਸੁਬਹ ਕਭੀ ਤੋਂ ਆਏਗੀ। ਉਹਨਾਂ ਦਿਨਾਂ ਵਿੱਚ ਰੇਲਵੇ ਸਟੇਸ਼ਨਾਂ ਦੇ ਪਲੇਟਫਾਰਮਾਂ 'ਤੇ ਅੱਜ ਨਾਲੋਂ ਵੱਡੇ ਭਟੂਰੇ ਛੋਲਿਆਂ ਦੇ ਭਰੇ ਵੱਡੇ ਡੂਨੇ ਸਮੇਤ ਇੱਕ ਰੁਪਏ ਵਿੱਚ ਚਾਰ ਤਾਂ ਆਮ ਮਿਲ ਜਾਂਦੇ ਸਨ ਕਈ ਲੋਕ ਪੰਜ ਵੀ ਦੇ ਦਿਆ ਕਰਦੇ ਸਨ। ਸਾਡੇ ਵਿੱਚੋਂ ਬਹੁਤੀਆਂ ਦਾ ਲੰਚ ਅਤੇ ਡਿਨਰ ਇਹਨਾਂ ਨਾਲ ਹੀ ਹੁੰਦਾ ਸੀ। ਕਦੇ ਕਦੇ ਕਿਸੇ ਮਿੱਤਰ ਨੇ ਦੋ ਪੈਗ ਵੀ ਲਵਾ ਦੇਣੇ। ਇਸ ਤੋਂ ਵੱਡੇ ਖਰਚੇ ਨਾ ਸਾਡੇ ਕੋਲ ਸਨ ਅਤੇ ਨਾ ਹੀ ਵੱਧ ਖਰਚਣ ਦੀ ਸਾਡੀ ਹਿੰਮਤ ਅਤੇ ਹੈਸੀਅਤ ਸੀ। ਸਾਡੀ ਅਸਲ ਹੈਸੀਅਤ ਤਾਂ ਸਿਰਫ ਕਲਮ ਦੇ ਕਿਰਤੀਆਂ ਵਾਲੀ ਹੀ ਸੀ ਪਰ ਫਿਰ ਵੀ ਸਾਨੂੰ ਅਖਬਾਰੀ ਡੈਸਕ ਤੇ ਬੈਠ ਕੇ ਲੱਗਿਆ ਕਰਦਾ ਸੀ ਜਿਵੇਂ ਸਰਕਾਰ ਉਲਟਾਉਣੀ ਜਾਂ ਫਿਰ ਨਵੀਂ ਸਰਕਾਰ ਬਣਾਉਣੀ ਸਾਡੇ ਹੀ ਹੱਥ ਵਿੱਚ ਹੈ। 

ਮੈਨੂੰ ਯਾਦ ਹੈ ਪੰਜਾਬ ਵਿਚ ਉਸ ਵੇਲੇ ਅਕਾਲੀਆਂ ਦੀ ਸਰਕਾਰ ਸੀ ਅਤੇ ਅਕਾਲੀ ਟਾਈਮਜ਼ ਅਖਬਾਰ ਵੀ ਅਕਾਲੀਆਂ ਦਾ ਹੀ ਸੀ। ਕੁਝ ਸਮਾਂ ਅਖਬਾਰ ਦੀ ਚੜ੍ਹਤ ਵੀ ਬੜੀ ਰਹੀ ਪਰ ਅਕਾਲੀਆਂ ਦੀ ਆਪਸੀ ਧੜੇਬੰਦੀ ਨੇ ਨਾ ਸਿਰਫ ਅਕਾਲੀ ਸਰਕਾਰ ਨੂੰ ਨੁਕਸਾਨ ਪਹੁੰਚਾਇਆ ਬਲਕਿ ਅਕਾਲੀ ਦਲ ਦੀ ਇਹ ਆਫੀਸ਼ਲ ਅਖਬਾਰ ਵੀ ਬੰਦ ਹੋ ਗਈ। ਵਰਕਰਾਂ ਦੀਆਂ ਹੜਤਾਲਾਂ ਅਤੇ ਰੋਜ਼ ਦੀਆਂ ਨਾਅਰੇਬਾਜ਼ੀਆਂ ਅਖਬਾਰ ਨੂੰ ਬਚਾ ਨਾ ਸਕੀਆਂ। ਸੰਪਾਦਕੀ ਡੈਸਕ ਤੇ ਐਡੀਟੋਰੀਅਲ ਵਾਲਾ ਸਫ਼ਾ ਬਣਾਉਣ ਵਾਲੇ ਗਿਆਨੀ ਜੰਗ ਸਿੰਘ, ਜਨਰਲ ਮੈਨੇਜਰ ਗੰਗਾ ਸਿੰਘ। ਨਿਊਜ਼ ਵਿਭਾਗ ਵਾਲੇ ਗੁਰਬਖਸ਼ ਸਿੰਘ ਬਖਸ਼ੀ, ਰੇਸ਼ਮ ਸਿੰਘ ਬਲਵੰਤ ਸਿੰਘ ਬੱਲ ਅਸੀਂ ਸਾਰੇ ਹੀ ਬੇਬਸ ਜਿਹੇ ਹੋਈ ਗਏ ਸਾਂ। 

ਅਖਬਾਰ ਦੇ ਬੰਦ ਹੋਣ ਮਗਰੋਂ ਸਾਡੇ ਸਭਨਾਂ ਦੀਆ ਰਾਹਾਂ ਵੀ ਵੱਖ ਹੋ ਗਈਆਂ ਅਤੇ ਸਾਨੂੰ ਸਭਨਾਂ ਨੂੰ ਦੂਰ ਦੁਰਾਡੇ ਵੀ ਲੈ ਗਈਆਂ। ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਕਰਦਿਆਂ ਅਸ਼ੋਕ ਵਸ਼ਿਸ਼ਠ ਪਰਿਵਾਰ ਸਮੇਤ ਕੁਝ ਸਮੇਂ ਮਗਰੋਂ ਦਿੱਲੀ ਜਾ ਸੈਟਲ ਹੋਏ। 

ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਇੱਕ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਨੌਕਰੀ ਕਰਦੀ ਉਹਨਾਂ ਦੀ ਪਤਨੀ ਸੁਮਨ ਨੇ ਵੀ ਇਹਨਾਂ ਸੰਘਰਸ਼ਾਂ ਵਿਚ ਅਸ਼ੋਕ ਹੁਰਾਂ ਦਾ ਪੂਰਾ ਸਾਥ ਦਿੱਤਾ। ਅਸਲ ਵਿੱਚ ਨਵਾਂ ਜ਼ਮਾਨਾ ਆਪਣੇ ਆਪ ਵਿੱਚ ਇੱਕ ਅਜਿਹਾ ਸੰਸਥਾਨ ਸੀ ਜਿੱਥੇ ਜਾ ਕੇ ਕੰਮ ਦੀ ਅਕਲ ਵੀ ਆਉਂਦੀ ਸੀ ਅਤੇ ਸੰਘਰਸ਼ਾਂ ਲਈ ਸ਼ਕਤੀ ਵੀ ਮਿਲਦੀ ਸੀ। 

ਬਾਬਾ ਗੁਰਬਖਸ਼ ਸਿੰਘ ਬੰਨੋਆਣਾ, ਸੁਰਜਨ ਜ਼ੀਰਵੀ, ਕਾਮਰੇਡ ਕ੍ਰਿਸ਼ਨ ਭਾਰਦਵਾਜ ਸਾਰੇ ਹੀ ਸਾਡੇ ਮਨੋਬਲ ਨੂੰ ਚੜ੍ਹਦੀਕਲਾ ਵਿਚ ਰੱਖਦੇ। ਜਦੋਂ ਰਸਤੇ ਵੱਖ ਹੋਏ ਤਾਂ ਮੰਜ਼ਲਾਂ ਵੀ ਬਦਲ ਗਈਆਂ। ਮਿਲਨੇ ਗਿਲਣੇ ਵੀ ਘਟਦੇ ਘਟਦੇ ਬੰਦ ਵਰਗੇ ਹੋ ਗਏ। ਗਰਦਿਸ਼ ਵਾਲੇ ਇਸ ਦੌਰ ਦੀ ਗਵਾਹੀ ਦੇ ਸਕਣ ਵਾਲਿਆਂ ਵਿਚ ਡਾ. ਲਖਵਿੰਦਰ ਜੋਹਲ ਵੀ, ਰਮੇਸ਼ ਕੌਸ਼ਲ ਅਤੇ ਉਹਨਾਂ ਦੀ ਪਤਨੀ ਜੀਤ ਕੁਮਾਰੀ ਵੀ ਅਤੇ ਕੁਝ ਹੱਦ ਤੱਕ ਬਲਬੀਰ ਪਰਵਾਨਾ ਅਤੇ ਸਤਨਾਮ ਮਾਣਕ ਵਰਗੀਆਂ ਸ਼ਖਸੀਅਤਾਂ ਵੀ ਸ਼ਾਮਲ ਹਨ। ਗੁਰਮੇਲ ਸਰਾ ਪਹਿਲਾਂ ਪਟਿਆਲਾ ਅਤੇ ਫਿਰ ਚੰਡੀਗੜ੍ਹ ਜਾ ਸੈਟਲ ਹੋਇਆ। ਪੀਆਈਬੀ ਵਿੱਚ ਉਹ ਵੱਡਾ ਅਫਸਰ ਸੀ। ਉਸ ਸੰਬੰਧੀ ਵੀ ਕਿਸੇ ਵੇਲੇ ਕਿਸੇ ਵੱਖਰੀ ਪੋਸਟ ਵਿੱਚ। 

ਉਦੋਂ ਵੀ ਜਦੋਂ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਹੁੰਦੀਆਂ ਤਾਂ ਅਸੀਂ ਸਾਰੇ ਹੀ ਸਰਗਰਮ ਰਹਿੰਦੇ। ਉਹ ਸਰਗਰਮੀ ਹੁਣ ਨਾਲੋਂ ਸ਼ਾਇਦ ਕੁਝ ਵੱਖਰੀ ਜਿਹੀ ਵੀ ਲੱਗਦੀ ਸੀ। ਅਤੀਤ ਦਾ ਉਹ ਦੌਰ ਹੁਣ ਕੁਝ  ਧੁੰਦਲਾ ਜਿਹਾ ਵੀ ਹੋਣ ਲੱਗ ਪਿਆ ਹੈ। 

ਦੋ ਤਿੰਨ ਸਾਲ ਪਹਿਲਾਂ ਕੁਝ ਭੁੱਲੇ ਵਿੱਸਰੇ ਮਿੱਤਰ ਵੀ ਮਿਲੇ। ਚਿਰਾਂ ਬਾਅਦ ਅਕਾਦਮੀ ਦੀਆਂ ਸਰਗਰਮੀਆਂ ਵਾਲੀ ਕਵਰੇਜ ਕਰਦਿਆਂ ਹੀ ਮੁਲਾਕਾਤ ਹੋਈ ਅਸ਼ੋਕ ਵਸ਼ਿਸ਼ਠ ਨਾਲ। ਉਮਰ ਨੇ ਕੁਝ  ਤਬਦੀਲੀ ਲੈ ਆਂਦੀ ਸੀ ਪਰ ਪਛਾਣ ਝਟਪਟ ਆ ਗਈ। ਪਰ ਅਗਲੀ ਸਵੇਰ ਅਸ਼ੋਕ ਸਾਹਿਬ ਦਿੱਲੀ ਨੂੰ ਮੁੜ ਗਏ। ਕੋਈ ਜ਼ਿਆਦਾ ਗੱਲਾਂ ਨਾ ਹੋਈਆਂ। ਹਾਂ ਮੋਬਾਈਲ ਨੰਬਰ ਮਿਲ ਗਿਆ ਸੋ ਹਾਲ ਚਾਲ ਪੁਛਣਾ ਦੱਸਣਾ ਸੌਖਾ ਜਿਹਾ ਹੋ ਗਿਆ। ਹੋਰ ਵੀ ਕੀ ਗੱਲਾਂ ਹਨ ਪਰ ਉਹਨਾਂ ਦੀ ਚਰਚਾ ਕਿਸੇ ਵੱਖਰੀ ਪੋਸਟ ਵਿੱਚ। 

ਸੰਘਰਸ਼ਾਂ ਦੀ ਇਸ ਅਗਨੀ ਪ੍ਰੀਖਿਆ ਦੌਰਾਨ ਔਕੜਾਂ ਵੀ ਆਈਆਂ ਅਤੇ ਕੁਝ ਪ੍ਰਾਪਤੀਆਂ ਵੀ ਕਹਿਣ ਜਾ ਸਕਦੀਆਂ ਹਨ। ਤਕਰੀਬਨ 22 ਪੁਸਤਕਾਂ ਜਿਹਨਾਂ ਵਿੱਚੋਂ ਪੰਜ ਕਹਾਣੀ ਸੰਗ੍ਰਹਿ ਹਨ ਦੋ ਨਾਵਲ, ਇੱਕ ਜੀਵੀ, ਅੱਠ ਅਨੁਵਾਦ,ਤਿੰਨ ਖੋਜ ਕਾਰਜ ਅਤੇ ਇੱਕ ਆਲੋਚਨਾ ਵਾਲਾ ਕਾਰਜ ਵੀ ਸ਼ਾਮਲ ਹੈ। 

ਬਾਬਾ ਰਾਮਦੇਵ ਨੇ ਕਈ ਵਾਰ ਕਿਹਾ ਕਿ ਪਤਾ ਨਹੀਂ ਸਰਸਵਤੀ ਦੇ ਪੁੱਤਰਾਂ ਤੇ ਲਕਸ਼ਮੀ ਮੇਹਰਬਾਨ ਕਿਓਂ ਨਹੀਂ ਹੁੰਦੀ? ਬਾਬਾ ਰਾਮਦੇਵ ਤੇ ਤਾਂ ਲਕਸ਼ਮੀ ਬਹੁਤ ਹੀ ਮੇਹਰਬਾਨ ਹੋਈ ਹੋਈ ਹੈ ਪਰ ਅਸ਼ੋਕ ਵਰਗੇ ਸਰਸਵਤੀ ਪੁੱਤਰਾਂ ਵੱਲ ਉਹ ਕਿਰਪਾ ਵਾਲੀ ਦ੍ਰਿੜ੍ਹਤੀ ਨਾਲ ਨਹੀਂ ਦੇਖਦੀ। ਇਸਦੇ ਬਾਵਜੂਦ ਅਸ਼ੋਕ ਵਸ਼ਿਸ਼ਠ ਸਾਹਿਬ ਚੱਲਦੇ ਰਹੇ ਚੱਲਦੇ ਰਹੇ। ਹੁਣ ਜਦੋਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਬੰਧਕ ਬੋਰਡ ਦੇ ਮੈਂਬਰ ਵੱਜੋਂ ਚੋਣ ਲੜੀ ਤਾਂ ਬਿਨਾ ਮੁਕਾਬਲਾ ਜਿੱਤ ਵੀ ਗਏ। 

ਕਿੰਨਾ ਚੰਗਾ ਹੋਵੇ ਜੇ ਕਰ ਇਹ ਪ੍ਰਬੰਧਕੀ ਬੋਰਡ ਕਲਮ ਦੇ ਕਿਰਤੀਆਂ ਲਈ ਆਰਥਿਕ ਹੀਲੇ ਵਸੀਲੇ ਵੀ ਪੈਦਾ ਕਰ ਸਕੇ। ਰਿਆਇਤੀ ਦਰਾਂ ਵਾਲੀ ਪ੍ਰਕਾਸ਼ਨ ਸੰਸਥਾ ਵੀ ਸ਼ੁਰੂ ਕਰ ਸਕੇ। ਅਖੀਰ ਵਿਚ ਗੁਰਤੇਜ ਕੋਹਾਰਵਾਲਾ ਹੁਰਾਂ ਦਾ ਇੱਕ ਸ਼ੇਅਰ--

ਹੋਰਾਂ ਵਾਂਗੂੰ ਨ੍ਹੇਰਾ ਢੋਂਦੇ, ਰਾਤ -ਬ-ਰਾਤੇ ਜੀਅ ਲੈਣਾ ਸੀ
ਦਿਲ ਨੂੰ ਜੇਕਰ ਅੱਗ ਨ ਲਗਦੀ, ਮੈਂ ਚਾਨਣ ਤੋਂ ਕੀ ਲੈਣਾ ਸੀ?
--(ਗੁਰਤੇਜ ਕੋਹਾਰਵਾਲਾ) 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

ਅਸ਼ੋਕ ਵਸ਼ਿਸ਼ਠ ਵੱਲੋਂ ਵੀ ਡਾ. ਗੁਲਜ਼ਾਰ ਪੰਧੇਰ ਦੀ ਹਮਾਇਤ

ਡਾ. ਗੁਲਜ਼ਾਰ ਪੰਧੇਰ ਵਾਲੇ ਪੈਨਲ ਦੀ ਹਮਾਇਤ ਹੋਈ ਹੋਰ ਤੇਜ਼


ਲੁਧਿਆਣਾ
: 26 ਜਨਵਰੀ 2022: (ਸਾਹਿਤ ਸਕਰੀਨ ਡੈਸਕ)::  
ਅਗਾਂਹਵਧੂ ਲੇਖਕ, ਸੰਘਰਸ਼ਸ਼ੀਲ ਪੱਤਰਕਾਰ ਅਤੇ ਸਮਾਜਿਕ ਤਬਦੀਲੀਆਂ ਬਾਰੇ ਸੁਚੇਤ ਅਤੇ ਸਰਗਰਮ ਰਹਿਣ ਵਾਲੇ ਗੰਭੀਰ ਚਿੰਤਕ ਅਸ਼ੋਕ ਵਸ਼ਿਸ਼ਠ ਨੇ ਜ਼ੋਰਦਾਰ ਅਪੀਲ ਕੀਤੀ ਹੈ ਕਿ ਪੰਜਾਬੀ ਸਾਹਿਤ ਅਕਾਦਮੀ ਦੀਆਂ 30 ਜਨਵਰੀ ਨੂੰ ਹੋ ਰਹੀਆਂ ਚੋਣਾਂ ਵਿੱਚ ਸਰਗਰਮ ਅਤੇ ਜੱਥੇਬੰਦ ਹੋ ਕੇ ਡਾ. ਗੁਲਜ਼ਾਰ ਪੰਧੇਰ ਦੇ ਹੱਕ ਵਿੱਚ ਹੀ ਵੋਟਾਂ ਪਾਉਣ।ਸਾਹਿਤ ਅਤੇ ਸਾਹਿਤ ਅਕਾਦਮੀ ਦੇ ਵਡੇਰੇ ਹਿੱਤਾਂ ਲਈ ਇਹੀ ਸਹੀ ਹੋਵੇਗਾ।  

ਜ਼ਿਕਰਯੋਗ ਹੈ ਕਿ ਅਸ਼ੋਕ ਵਸ਼ਿਸ਼ਠ ਹਾਲ ਹੀ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੀ ਨਵੀਂ ਟੀਮ ਲਈ ਬਿਨਾ ਮੁਕਾਬਲਾ ਪ੍ਰਬੰਧਕੀ ਬੋਰਡ ਦੇ ਮੈਂਬਰ ਚੁਣੇ ਗਏ ਹਨ। ਪ੍ਰਬੰਧਕੀ ਬੋਰਡ ਦੇ ਪੰਦਰਾਂ ਮੈਂਬਰ ਚੁਣੇ ਜਾਣੇ ਹਨ ਜਿਨ੍ਹਾਂ ਵਿਚ ਦੋ ਇਸਤਰੀ ਮੈਂਬਰਾਂ ਵਿਚ ਸ੍ਰੀਮਤੀ ਇੰਦਰਾ ਵਿਰਕ ਅਤੇ ਸ੍ਰੀਮਤੀ ਪਰਮਜੀਤ ਕੌਰ ਮਹਿਕ ਵੀ ਬਿਨ੍ਹਾਂ ਮੁਕਾਬਲਾ ਜੇਤੂ ਹਨ।   ਇੱਕ ਮੈਂਬਰ ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਤੋਂ ਸ. ਬਲਜੀਤ ਸਿੰਘ ਰੈਣਾਂ ਅਤੇ ਬਾਕੀ ਭਾਰਤ ਵਿਚੋਂ ਸ੍ਰੀ ਅਸ਼ੋਕ ਵਸ਼ਿਸ਼ਠ ਬਿਨ੍ਹਾਂ ਮੁਕਾਬਲਾ ਜੇਤੂ ਹਨ ਜਦ ਕਿ ਗਿਆਰਾਂ ਮੈਂਬਰ ਅਜੇ ਹੋਰ ਚੁਣੇ ਜਾਣੇ ਹਨ। ਇਹਨਾਂ ਬਾਰੇ ਵੀ ਸਹਿਮਤੀ ਦੀਆਂ ਕੋਸ਼ਿਸ਼ਾਂ ਜਾਰੀ ਹਨ। 

ਇਸ ਤਰ੍ਹਾਂ ਬਿਨਾ ਮੁਕਾਬਲਾ ਪ੍ਰਬੰਧਕੀ ਬੋਰਡ ਦੇ ਮੈਂਬਰ ਵੱਜੋਂ ਚੁਣੇ ਗਏ ਅਸ਼ੋਕ ਵਸ਼ਿਸ਼ਠ ਨੇ ਕਿਹਾ ਕਿ ਡਾਕਟਰ ਗੁਲਜ਼ਾਰ ਪੰਧੇਰ ਨੂੰ ਜਨਰਲ ਸਕੱਤਰ ਵੱਜੋਂ ਦੇਖਣਾ ਉਹਨਾਂ ਦੀ ਹੀ ਨਹੀਂ ਬਹੁ ਗਿਣਤੀ ਦੀ ਇੱਛਾ ਹੈ ਜਿਸ ਲਈ ਉਹ ਪੂਰਾ ਤਾਣ ਲਾਉਣਗੇ। ਉਹਨਾਂ ਯਾਦ ਕਰਾਇਆ ਕਿ ਡਾ. ਗੁਲਜ਼ਾਰ ਪੰਧੇਰ ਨੇ ਸਾਹਿਤ ਨੂੰ ਲੋਕਾਂ ਲਈ ਸਮਰਪਿਤ ਰੱਖਣ ਦੇ ਮਿਸ਼ਨ ਦੀ ਸਫਲਤਾ ਲਈ ਪੂਰੀ ਉਮਰ ਲਾਈ ਹੈ। ਉਹਨਾਂ ਸਰਕਾਰੀ ਜਬਰ ਅਤੇ ਫਿਰਕੂ ਚੁਣੌਤੀਆਂ ਦਾ ਡਟ ਕੇ ਸਾਹਮਣਾ ਕੀਤਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਦਿਨਰਾਤ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਂਦਿਆਂ ਸਾਹਿਤ ਸਿਰਜਣਾ ਅਤੇ ਸਾਹਿਤਿਕ ਸੰਗਠਨਾਂ ਲਈ ਵੀ ਉਚੇਚ ਨਾਲ ਸਮਾਂ ਕੱਢਿਆ ਹੈ। ਖੋਜ ਕਾਰਜਾਂ ਵਿੱਚ ਸਰਗਰਮ ਰਹਿਣ ਦੇ ਨਾਲ ਨਾਲ ਕਿਤਾਬਾਂ ਵੀ ਲਿਖੀਆਂ ਹਨ। ਸਾਹਿਤਕਾਰਾਂ ਦੀ ਨਿਜੀ ਜ਼ਿੰਦਗੀ ਵਾਲੀਆਂ ਔਕੜਾਂ ਵਿਚ ਵੀ ਉਹਨਾਂ ਦੀ ਸਹਾਇਤਾ ਕੀਤੀ ਹੈ ਅਤੇ ਕਦੇ ਇਸਦਾ ਜ਼ਿਕਰ ਆਪਣੀ ਜ਼ੁਬਾਨ ਤੇ ਨਹੀਂ ਆਉਣ ਦਿੱਤਾ।


ਇਸ ਲਈ ਸਾਹਿਤ ਜਗਤ ਦੇ
ਵਡੇਰੇ ਹਿੱਤਾਂ ਨੂੰ ਸਾਹਮਣੇ ਰੱਖਦਿਆਂ ਜ਼ਰੂਰੀ ਹੈ ਕਿ ਡਾਕਟਰ ਗੁਲਜ਼ਾਰ ਪੰਧੇਰ ਵਰਗੀਆਂ ਸ਼ਖਸੀਅਤਾਂ ਉਹਨਾਂ ਅਹੁਦਿਆਂ ਤੇ ਬਿਰਾਜਮਾਨ ਹੋਣ ਜਿਨ੍ਹਾਂ ਰਾਹੀਂ ਸਾਹਿਤ ਜਗਤ ਦਾ ਕੁਝ ਸੁਆਰਿਆ ਜਾ ਸਕਦਾ ਹੋਵੇ। ਸਾਡਾ  ਨਿਜੀ ਤੌਰ ਤੇ ਕਿਸੇ ਉਮੀਦਵਾਰ ਨਾਲ ਕੋਈ ਵਿਰੋਧ ਨਹੀਂ ਪਰ ਵਿਚਾਰਧਾਰਕ ਅਤੇ ਪ੍ਰਤੀਬੱਧਤਾ ਨੂੰ ਦੇਖਦਿਆਂ ਅਸੀਂ ਡਾਕਟਰ ਗੁਲਜ਼ਾਰ ਪੰਧੇਰ ਦੇ ਨਾਲ ਖੜੇ ਹਾਂ। 

ਡਾਕਟਰ ਗੁਲਜ਼ਾਰ ਪੰਧੇਰ ਦੇ ਸਨੇਹੀਆਂ ਵੱਲੋਂ ਚੱਲ ਰਹੀ ਇੱਸੇ ਮੁਹਿੰਮ ਅਧੀਨ ਕਈ ਹੋਰਾਂ ਨੇ ਵੀ ਇਸ ਪੈਨਲ ਦੀ ਹਮਾਇਤ ਕੀਤੀ ਹੈ। ਇਸ ਦਾ ਵੇਰਵਾ ਇਸ ਖਬਰ ਦੇ ਨਾਲ ਹੀ ਦਿੱਤਾ ਗਿਆ ਹੈ।