google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਪੰਜਾਬੀ ਸਾਹਿਤ ਅਕਾਦਮੀ ਦੀ ਚੋਣ-ਅਸ਼ੋਕ ਵਸ਼ਿਸ਼ਠ ਬਿਨਾ ਮੁਕਾਬਲਾ ਜੇਤੂ

Wednesday, 26 January 2022

ਪੰਜਾਬੀ ਸਾਹਿਤ ਅਕਾਦਮੀ ਦੀ ਚੋਣ-ਅਸ਼ੋਕ ਵਸ਼ਿਸ਼ਠ ਬਿਨਾ ਮੁਕਾਬਲਾ ਜੇਤੂ

ਜ਼ਿੰਦਗੀ ਦੇ ਸੰਘਰਸ਼ਾਂ ਦੀ ਅਗਨੀ ਪ੍ਰੀਖਿਆ ਦੇ ਕੇ ਹੀ ਰਚਿਆ ਹੈ ਸਾਹਿਤ 


ਲੁਧਿਆਣਾ: 25 ਜਨਵਰੀ 2022:(ਰੈਕਟਰ ਕਥੂਰੀਆ//ਸਾਹਿਤ ਸਕਰੀਨ ਡੈਸਕ)::

ਕੁਝ ਦਹਾਕੇ ਪਹਿਲਾਂ ਸੱਤਰਵਿਆਂ ਤੋਂ ਸ਼ੁਰੂ ਹੋ ਕੇ ਅੱਸੀਵਿਆਂ ਤੱਕ ਫੈਲੇ ਕਾਰਜ ਕਾਲ ਦੌਰਾਨ ਜਦੋਂ ਪੰਜਾਬ ਦੀ ਸਿਆਸਤ ਦੇ ਸ਼ਾਤਰ ਲੋਕ ਬਾਰੂਦ ਵਿਛਾਉਣ ਵਰਗੀਆਂ ਸਾਜ਼ਿਸ਼ਾਂ ਵਿਚ ਰੁਝੇ ਹੋਏ ਸਨ ਉਦੋਂ ਅਸ਼ੋਕ ਵਸ਼ਿਸ਼ਠ ਅਤੇ ਮੈਂ ਵਿਚਾਰਧਾਰਕ ਪ੍ਰਤੀਬੱਧਤਾ ਕਾਰਨ ਜਿਸ ਕਾਫ਼ਿਲੇ ਵਿਚ ਸ਼ਾਮਲ ਸਾਂ ਉਹ ਕਾਫ਼ਿਲਾ ਵੀ ਲੰਮੇ ਸੰਘਰਸ਼ਾਂ ਦੀਆਂ ਤਿਆਰੀਆਂ ਹੀ ਕਰ ਰਿਹਾ ਸੀ। ਕੁਰਬਾਨੀਆਂ ਦੀ ਝੜੀ ਲਾਉਣ ਲਈ ਸਮੂਹਿਕ ਮਨੋਬਲ ਨੂੰ ਮਜ਼ਬੂਤ ਕਰ ਰਿਹਾ ਸੀ। 

ਹਾਲਾਤ ਅਤੇ ਰੋਜ਼ੀ ਰੋਟੀ ਨੇ ਸਾਨੂੰ ਰੋਜ਼ਾਨਾ ਅਕਾਲੀ ਟਾਈਮਜ਼ ਅਖਬਾਰ ਵਿਚ ਇਕੱਠਿਆਂ ਕਰ ਦਿੱਤਾ। ਅਸ਼ੋਕ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ ਸੀ। ਘਰ ਦੀਆਂ ਜ਼ਿੰਮੇਵਾਰੀਆਂ ਵੀ ਵੱਧ ਗਈਆਂ ਸਨ ਅਤੇ ਆਰਥਿਕ ਲੋੜਾਂ ਵੀ। ਉੱਪਰੋਂ ਐਮ ਏ ਦੇ ਇਮਤਿਹਾਨ ਦੀ ਤਿਆਰੀ। ਸ਼ਾਮ ਹੋਣ ਤੱਕ ਉਹ ਬੁਰੀ ਤਰ੍ਹਾਂ ਥੱਕ ਜਾਂਦਾ ਸੀ। ਇਸ ਥਕਾਵਟ ਦੇ ਬਾਵਜੂਦ ਪੈਗ ਵਾਲੇ ਕਲਚਰ ਤੋਂ ਬਹੁਤ ਦੂਰ ਰਹਿੰਦਾ। ਇਹਨਾਂ ਸਾਰੀਆਂ ਔਕੜਾਂ ਦੇ ਬਾਵਜੂਦ ਪਹਿਲਾਂ ਐਮ ਏ ਪੰਜਾਬੀ ਸ਼ਾਨਦਾਰ ਨੰਬਰਾਂ ਨਾਲ ਕੀਤੀ। ਫਿਰ ਐਮ ਏ ਹਿੰਦੀ ਸ਼ਾਨਦਾਰ ਨੰਬਰਾਂ ਨਾਲ ਕੀਤੀ। ਗਿਆਨੀ ਅਤੇ ਪ੍ਰਭਾਕਰ ਦੀਆਂ ਪ੍ਰੀਖਿਆਵਾਂ ਨੂੰ ਵੀ ਰਿਕਾਰਡ ਬਣਾ ਕੇ ਪਾਸ ਕੀਤਾ। ਅਖਬਾਰ ਨੂੰ ਇਸ ਕਾਬਲੀਅਤ ਦਾ ਫਾਇਦਾ ਵੀ ਪਹੁੰਚਦਾ ਸੀ। ਪੰਜਾਬੀ ਪੱਤਰਕਾਰੀ ਉਸ ਵੇਲੇ ਸੰਘਰਸ਼ਾਂ ਦੇ ਅਜਿਹੇ ਦੌਰ ਵਿੱਚੋਂ ਲੰਘ ਰਹੀ ਸੀ ਜਿਸ ਵਿੱਚ ਵਿੱਤੀ ਪ੍ਰਬੰਧ ਹੁੰਦਿਆਂ ਹੀ ਛਪਾਈ ਦਾ ਸਿਸਟਮ ਬਦਲਣ ਦੀਆਂ ਤਿਆਰੀਆਂ ਵੀ ਤੇਈ ਨਾਲ ਚੱਲ ਰਹੀਆਂ ਸਨ। ਇੱਕ ਇੱਕ ਅੱਖਰ ਅਤੇ ਇੱਕ ਇੱਕ ਮਾਤਰਾ ਵਾਲੇ ਲੋਹੇ ਦੇ ਅੱਖਰਾਂ ਨੰ ਚੁੱਕ ਕੇ ਕੰਪੋਜ਼ਿੰਗ ਕੀਤੀ ਜਾਂਦੀ ਸੀ। ਫੋਂਟ ਵੱਜੋਂ ਜਾਣੇ ਜਾਂਦੇ ਇਹਨਾਂ ਅੱਖਰਾਂ ਦਾ ਭਾਰ ਵੀ ਬਹੁਤ ਜ਼ਿਆਦਾ ਹੁੰਦਾ ਸੀ। ਅੰਦਰੋਂ ਅੰਦਰੀਂ ਪੰਜਾਬੀ ਅਖਬਾਰਾਂ ਦੀ ਛਪਾਈ ਵੀ ਆਫਸੈਟ ਵਾਲੇ ਪਾਸੇ ਤੇਜ਼ੀ ਨਾਲ ਕਦਮ ਵਧਾ ਰਹੀ ਸੀ ਪਰ ਅਸ਼ੋਕ ਵਸ਼ਿਸ਼ਠ ਅਤੇ ਮੇਰੇ ਸਮੇਤ ਸਾਡੇ ਸਾਰੇ ਸਾਥੀ ਇਹਨਾਂ ਉਮੀਦਾਂ ਤੇ ਜੀ ਰਹੇ ਸਾਂ ਅਤੇ ਖੁਸ਼ ਵੀ ਸਾਂ ਕਿ ਵੋਹ ਸੁਬਹ ਕਭੀ ਤੋਂ ਆਏਗੀ। ਉਹਨਾਂ ਦਿਨਾਂ ਵਿੱਚ ਰੇਲਵੇ ਸਟੇਸ਼ਨਾਂ ਦੇ ਪਲੇਟਫਾਰਮਾਂ 'ਤੇ ਅੱਜ ਨਾਲੋਂ ਵੱਡੇ ਭਟੂਰੇ ਛੋਲਿਆਂ ਦੇ ਭਰੇ ਵੱਡੇ ਡੂਨੇ ਸਮੇਤ ਇੱਕ ਰੁਪਏ ਵਿੱਚ ਚਾਰ ਤਾਂ ਆਮ ਮਿਲ ਜਾਂਦੇ ਸਨ ਕਈ ਲੋਕ ਪੰਜ ਵੀ ਦੇ ਦਿਆ ਕਰਦੇ ਸਨ। ਸਾਡੇ ਵਿੱਚੋਂ ਬਹੁਤੀਆਂ ਦਾ ਲੰਚ ਅਤੇ ਡਿਨਰ ਇਹਨਾਂ ਨਾਲ ਹੀ ਹੁੰਦਾ ਸੀ। ਕਦੇ ਕਦੇ ਕਿਸੇ ਮਿੱਤਰ ਨੇ ਦੋ ਪੈਗ ਵੀ ਲਵਾ ਦੇਣੇ। ਇਸ ਤੋਂ ਵੱਡੇ ਖਰਚੇ ਨਾ ਸਾਡੇ ਕੋਲ ਸਨ ਅਤੇ ਨਾ ਹੀ ਵੱਧ ਖਰਚਣ ਦੀ ਸਾਡੀ ਹਿੰਮਤ ਅਤੇ ਹੈਸੀਅਤ ਸੀ। ਸਾਡੀ ਅਸਲ ਹੈਸੀਅਤ ਤਾਂ ਸਿਰਫ ਕਲਮ ਦੇ ਕਿਰਤੀਆਂ ਵਾਲੀ ਹੀ ਸੀ ਪਰ ਫਿਰ ਵੀ ਸਾਨੂੰ ਅਖਬਾਰੀ ਡੈਸਕ ਤੇ ਬੈਠ ਕੇ ਲੱਗਿਆ ਕਰਦਾ ਸੀ ਜਿਵੇਂ ਸਰਕਾਰ ਉਲਟਾਉਣੀ ਜਾਂ ਫਿਰ ਨਵੀਂ ਸਰਕਾਰ ਬਣਾਉਣੀ ਸਾਡੇ ਹੀ ਹੱਥ ਵਿੱਚ ਹੈ। 

ਮੈਨੂੰ ਯਾਦ ਹੈ ਪੰਜਾਬ ਵਿਚ ਉਸ ਵੇਲੇ ਅਕਾਲੀਆਂ ਦੀ ਸਰਕਾਰ ਸੀ ਅਤੇ ਅਕਾਲੀ ਟਾਈਮਜ਼ ਅਖਬਾਰ ਵੀ ਅਕਾਲੀਆਂ ਦਾ ਹੀ ਸੀ। ਕੁਝ ਸਮਾਂ ਅਖਬਾਰ ਦੀ ਚੜ੍ਹਤ ਵੀ ਬੜੀ ਰਹੀ ਪਰ ਅਕਾਲੀਆਂ ਦੀ ਆਪਸੀ ਧੜੇਬੰਦੀ ਨੇ ਨਾ ਸਿਰਫ ਅਕਾਲੀ ਸਰਕਾਰ ਨੂੰ ਨੁਕਸਾਨ ਪਹੁੰਚਾਇਆ ਬਲਕਿ ਅਕਾਲੀ ਦਲ ਦੀ ਇਹ ਆਫੀਸ਼ਲ ਅਖਬਾਰ ਵੀ ਬੰਦ ਹੋ ਗਈ। ਵਰਕਰਾਂ ਦੀਆਂ ਹੜਤਾਲਾਂ ਅਤੇ ਰੋਜ਼ ਦੀਆਂ ਨਾਅਰੇਬਾਜ਼ੀਆਂ ਅਖਬਾਰ ਨੂੰ ਬਚਾ ਨਾ ਸਕੀਆਂ। ਸੰਪਾਦਕੀ ਡੈਸਕ ਤੇ ਐਡੀਟੋਰੀਅਲ ਵਾਲਾ ਸਫ਼ਾ ਬਣਾਉਣ ਵਾਲੇ ਗਿਆਨੀ ਜੰਗ ਸਿੰਘ, ਜਨਰਲ ਮੈਨੇਜਰ ਗੰਗਾ ਸਿੰਘ। ਨਿਊਜ਼ ਵਿਭਾਗ ਵਾਲੇ ਗੁਰਬਖਸ਼ ਸਿੰਘ ਬਖਸ਼ੀ, ਰੇਸ਼ਮ ਸਿੰਘ ਬਲਵੰਤ ਸਿੰਘ ਬੱਲ ਅਸੀਂ ਸਾਰੇ ਹੀ ਬੇਬਸ ਜਿਹੇ ਹੋਈ ਗਏ ਸਾਂ। 

ਅਖਬਾਰ ਦੇ ਬੰਦ ਹੋਣ ਮਗਰੋਂ ਸਾਡੇ ਸਭਨਾਂ ਦੀਆ ਰਾਹਾਂ ਵੀ ਵੱਖ ਹੋ ਗਈਆਂ ਅਤੇ ਸਾਨੂੰ ਸਭਨਾਂ ਨੂੰ ਦੂਰ ਦੁਰਾਡੇ ਵੀ ਲੈ ਗਈਆਂ। ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਕਰਦਿਆਂ ਅਸ਼ੋਕ ਵਸ਼ਿਸ਼ਠ ਪਰਿਵਾਰ ਸਮੇਤ ਕੁਝ ਸਮੇਂ ਮਗਰੋਂ ਦਿੱਲੀ ਜਾ ਸੈਟਲ ਹੋਏ। 

ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਇੱਕ ਜ਼ਿੰਮੇਵਾਰੀ ਵਾਲੇ ਅਹੁਦੇ ਤੇ ਨੌਕਰੀ ਕਰਦੀ ਉਹਨਾਂ ਦੀ ਪਤਨੀ ਸੁਮਨ ਨੇ ਵੀ ਇਹਨਾਂ ਸੰਘਰਸ਼ਾਂ ਵਿਚ ਅਸ਼ੋਕ ਹੁਰਾਂ ਦਾ ਪੂਰਾ ਸਾਥ ਦਿੱਤਾ। ਅਸਲ ਵਿੱਚ ਨਵਾਂ ਜ਼ਮਾਨਾ ਆਪਣੇ ਆਪ ਵਿੱਚ ਇੱਕ ਅਜਿਹਾ ਸੰਸਥਾਨ ਸੀ ਜਿੱਥੇ ਜਾ ਕੇ ਕੰਮ ਦੀ ਅਕਲ ਵੀ ਆਉਂਦੀ ਸੀ ਅਤੇ ਸੰਘਰਸ਼ਾਂ ਲਈ ਸ਼ਕਤੀ ਵੀ ਮਿਲਦੀ ਸੀ। 

ਬਾਬਾ ਗੁਰਬਖਸ਼ ਸਿੰਘ ਬੰਨੋਆਣਾ, ਸੁਰਜਨ ਜ਼ੀਰਵੀ, ਕਾਮਰੇਡ ਕ੍ਰਿਸ਼ਨ ਭਾਰਦਵਾਜ ਸਾਰੇ ਹੀ ਸਾਡੇ ਮਨੋਬਲ ਨੂੰ ਚੜ੍ਹਦੀਕਲਾ ਵਿਚ ਰੱਖਦੇ। ਜਦੋਂ ਰਸਤੇ ਵੱਖ ਹੋਏ ਤਾਂ ਮੰਜ਼ਲਾਂ ਵੀ ਬਦਲ ਗਈਆਂ। ਮਿਲਨੇ ਗਿਲਣੇ ਵੀ ਘਟਦੇ ਘਟਦੇ ਬੰਦ ਵਰਗੇ ਹੋ ਗਏ। ਗਰਦਿਸ਼ ਵਾਲੇ ਇਸ ਦੌਰ ਦੀ ਗਵਾਹੀ ਦੇ ਸਕਣ ਵਾਲਿਆਂ ਵਿਚ ਡਾ. ਲਖਵਿੰਦਰ ਜੋਹਲ ਵੀ, ਰਮੇਸ਼ ਕੌਸ਼ਲ ਅਤੇ ਉਹਨਾਂ ਦੀ ਪਤਨੀ ਜੀਤ ਕੁਮਾਰੀ ਵੀ ਅਤੇ ਕੁਝ ਹੱਦ ਤੱਕ ਬਲਬੀਰ ਪਰਵਾਨਾ ਅਤੇ ਸਤਨਾਮ ਮਾਣਕ ਵਰਗੀਆਂ ਸ਼ਖਸੀਅਤਾਂ ਵੀ ਸ਼ਾਮਲ ਹਨ। ਗੁਰਮੇਲ ਸਰਾ ਪਹਿਲਾਂ ਪਟਿਆਲਾ ਅਤੇ ਫਿਰ ਚੰਡੀਗੜ੍ਹ ਜਾ ਸੈਟਲ ਹੋਇਆ। ਪੀਆਈਬੀ ਵਿੱਚ ਉਹ ਵੱਡਾ ਅਫਸਰ ਸੀ। ਉਸ ਸੰਬੰਧੀ ਵੀ ਕਿਸੇ ਵੇਲੇ ਕਿਸੇ ਵੱਖਰੀ ਪੋਸਟ ਵਿੱਚ। 

ਉਦੋਂ ਵੀ ਜਦੋਂ ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਹੁੰਦੀਆਂ ਤਾਂ ਅਸੀਂ ਸਾਰੇ ਹੀ ਸਰਗਰਮ ਰਹਿੰਦੇ। ਉਹ ਸਰਗਰਮੀ ਹੁਣ ਨਾਲੋਂ ਸ਼ਾਇਦ ਕੁਝ ਵੱਖਰੀ ਜਿਹੀ ਵੀ ਲੱਗਦੀ ਸੀ। ਅਤੀਤ ਦਾ ਉਹ ਦੌਰ ਹੁਣ ਕੁਝ  ਧੁੰਦਲਾ ਜਿਹਾ ਵੀ ਹੋਣ ਲੱਗ ਪਿਆ ਹੈ। 

ਦੋ ਤਿੰਨ ਸਾਲ ਪਹਿਲਾਂ ਕੁਝ ਭੁੱਲੇ ਵਿੱਸਰੇ ਮਿੱਤਰ ਵੀ ਮਿਲੇ। ਚਿਰਾਂ ਬਾਅਦ ਅਕਾਦਮੀ ਦੀਆਂ ਸਰਗਰਮੀਆਂ ਵਾਲੀ ਕਵਰੇਜ ਕਰਦਿਆਂ ਹੀ ਮੁਲਾਕਾਤ ਹੋਈ ਅਸ਼ੋਕ ਵਸ਼ਿਸ਼ਠ ਨਾਲ। ਉਮਰ ਨੇ ਕੁਝ  ਤਬਦੀਲੀ ਲੈ ਆਂਦੀ ਸੀ ਪਰ ਪਛਾਣ ਝਟਪਟ ਆ ਗਈ। ਪਰ ਅਗਲੀ ਸਵੇਰ ਅਸ਼ੋਕ ਸਾਹਿਬ ਦਿੱਲੀ ਨੂੰ ਮੁੜ ਗਏ। ਕੋਈ ਜ਼ਿਆਦਾ ਗੱਲਾਂ ਨਾ ਹੋਈਆਂ। ਹਾਂ ਮੋਬਾਈਲ ਨੰਬਰ ਮਿਲ ਗਿਆ ਸੋ ਹਾਲ ਚਾਲ ਪੁਛਣਾ ਦੱਸਣਾ ਸੌਖਾ ਜਿਹਾ ਹੋ ਗਿਆ। ਹੋਰ ਵੀ ਕੀ ਗੱਲਾਂ ਹਨ ਪਰ ਉਹਨਾਂ ਦੀ ਚਰਚਾ ਕਿਸੇ ਵੱਖਰੀ ਪੋਸਟ ਵਿੱਚ। 

ਸੰਘਰਸ਼ਾਂ ਦੀ ਇਸ ਅਗਨੀ ਪ੍ਰੀਖਿਆ ਦੌਰਾਨ ਔਕੜਾਂ ਵੀ ਆਈਆਂ ਅਤੇ ਕੁਝ ਪ੍ਰਾਪਤੀਆਂ ਵੀ ਕਹਿਣ ਜਾ ਸਕਦੀਆਂ ਹਨ। ਤਕਰੀਬਨ 22 ਪੁਸਤਕਾਂ ਜਿਹਨਾਂ ਵਿੱਚੋਂ ਪੰਜ ਕਹਾਣੀ ਸੰਗ੍ਰਹਿ ਹਨ ਦੋ ਨਾਵਲ, ਇੱਕ ਜੀਵੀ, ਅੱਠ ਅਨੁਵਾਦ,ਤਿੰਨ ਖੋਜ ਕਾਰਜ ਅਤੇ ਇੱਕ ਆਲੋਚਨਾ ਵਾਲਾ ਕਾਰਜ ਵੀ ਸ਼ਾਮਲ ਹੈ। 

ਬਾਬਾ ਰਾਮਦੇਵ ਨੇ ਕਈ ਵਾਰ ਕਿਹਾ ਕਿ ਪਤਾ ਨਹੀਂ ਸਰਸਵਤੀ ਦੇ ਪੁੱਤਰਾਂ ਤੇ ਲਕਸ਼ਮੀ ਮੇਹਰਬਾਨ ਕਿਓਂ ਨਹੀਂ ਹੁੰਦੀ? ਬਾਬਾ ਰਾਮਦੇਵ ਤੇ ਤਾਂ ਲਕਸ਼ਮੀ ਬਹੁਤ ਹੀ ਮੇਹਰਬਾਨ ਹੋਈ ਹੋਈ ਹੈ ਪਰ ਅਸ਼ੋਕ ਵਰਗੇ ਸਰਸਵਤੀ ਪੁੱਤਰਾਂ ਵੱਲ ਉਹ ਕਿਰਪਾ ਵਾਲੀ ਦ੍ਰਿੜ੍ਹਤੀ ਨਾਲ ਨਹੀਂ ਦੇਖਦੀ। ਇਸਦੇ ਬਾਵਜੂਦ ਅਸ਼ੋਕ ਵਸ਼ਿਸ਼ਠ ਸਾਹਿਬ ਚੱਲਦੇ ਰਹੇ ਚੱਲਦੇ ਰਹੇ। ਹੁਣ ਜਦੋਂ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਬੰਧਕ ਬੋਰਡ ਦੇ ਮੈਂਬਰ ਵੱਜੋਂ ਚੋਣ ਲੜੀ ਤਾਂ ਬਿਨਾ ਮੁਕਾਬਲਾ ਜਿੱਤ ਵੀ ਗਏ। 

ਕਿੰਨਾ ਚੰਗਾ ਹੋਵੇ ਜੇ ਕਰ ਇਹ ਪ੍ਰਬੰਧਕੀ ਬੋਰਡ ਕਲਮ ਦੇ ਕਿਰਤੀਆਂ ਲਈ ਆਰਥਿਕ ਹੀਲੇ ਵਸੀਲੇ ਵੀ ਪੈਦਾ ਕਰ ਸਕੇ। ਰਿਆਇਤੀ ਦਰਾਂ ਵਾਲੀ ਪ੍ਰਕਾਸ਼ਨ ਸੰਸਥਾ ਵੀ ਸ਼ੁਰੂ ਕਰ ਸਕੇ। ਅਖੀਰ ਵਿਚ ਗੁਰਤੇਜ ਕੋਹਾਰਵਾਲਾ ਹੁਰਾਂ ਦਾ ਇੱਕ ਸ਼ੇਅਰ--

ਹੋਰਾਂ ਵਾਂਗੂੰ ਨ੍ਹੇਰਾ ਢੋਂਦੇ, ਰਾਤ -ਬ-ਰਾਤੇ ਜੀਅ ਲੈਣਾ ਸੀ
ਦਿਲ ਨੂੰ ਜੇਕਰ ਅੱਗ ਨ ਲਗਦੀ, ਮੈਂ ਚਾਨਣ ਤੋਂ ਕੀ ਲੈਣਾ ਸੀ?
--(ਗੁਰਤੇਜ ਕੋਹਾਰਵਾਲਾ) 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

2 comments:

  1. ਬਹੁਤ ਬਹੁਤ ਮੁਬਾਰਕਾਂ ਜੀ

    ReplyDelete
  2. Mere vllon v Gulzar Pandher g di full sport hai

    ReplyDelete