google.com, pub-7610353441165800, DIRECT, f08c47fec0942fa0 ਸਾਹਿਤ ਸਕਰੀਨ: ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਚੁਣੇ ਗਏ ਡਾ. ਗੁਰਇਕਬਾਲ ਸਿੰਘ

Sunday, 30 January 2022

ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਚੁਣੇ ਗਏ ਡਾ. ਗੁਰਇਕਬਾਲ ਸਿੰਘ

Posted on 30th January 2022 at 09:42 PM         Updated 31st January 2022 at 10:42 AM

 ਡਾ.ਗੁਲਜ਼ਾਰ ਪੰਧੇਰ 41 ਵੋਟਾਂ ਦੇ ਫਰਕ ਨਾਲ ਹਾਰੇ 

 ਸੀ. ਮੀਤ ਪ੍ਰਧਾਨ ਦੇ ਸਖਤ ਮੁਕਾਬਲੇ ਵਿਚ ਡਾ. ਸ਼ਿਆਮ ਸੁੰਦਰ ਦੀਪਤੀ ਜੇਤੂ

ਜਿੱਤੇ ਹੋਏ ਲੇਖਕਾਂ ਦੇ ਦਰਮਿਆਨ ਬੈਠੇ ਹਨ ਬੇਤਾਜ ਬਾਦਸ਼ਾਹ ਡਾ. ਗੁਰਭਜਨ ਗਿੱਲ-ਇਹ ਹੁੰਦੈ ਅਸਲੀ ਜਲਵਾ 
ਲੁਧਿਆਣਾ: 30 ਜਨਵਰੀ 2022: (ਸਾਹਿਤ ਸਕਰੀਨ ਡੈਸਕ)::

ਥੋਹੜੀ ਹੀ ਦੇਰ ਪਹਿਲਾਂ ਰਾਤ ਨੂੰ ਕਰੀਬ 9 ਵਜੇ ਪੰਜਾਬੀ ਸਹਿਤ ਅਕਾਦਮੀ ਦੀਆਂ ਅੱਜ ਹੋਈਆਂ ਚੋਣਾਂ ਦੇ ਨਤੀਜੇ ਈਮੇਲ ਰਾਹੀਂ ਵੀ ਸਾਹਮਣੇ ਆ ਗਏ ਸਨ। ਉਂਝ ਵੱਡੇ ਅਹੁਦਿਆਂ ਬਾਰੇ ਇਸ ਰਸਮੀ ਐਲਾਨ ਤੋਂ ਪਹਿਲਾਂ ਵੀ ਜਾਣਕਾਰੀ ਆਮ ਹੋ ਗਈ ਸੀ। ਪ੍ਰਧਾਨ ਵੱਜੋਂ ਡਾ. ਲਖਵਿੰਦਰ ਜੌਹਲ ਪਹਿਲਾਂ ਹੀ ਸਰਬਸੰਮਤੀ ਨਾਲ ਚੁਣੇ ਗਏ ਸਨ ਪਰ ਜਨਰਲ ਸਕੱਤਰ ਅਤੇ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਬਾਕਾਇਦਾ ਸਖਤ ਚੋਣ ਜੰਗ ਹੋਈ ਜਿਸ ਵਿੱਚ ਸਭ ਤੋਂ ਵੱਧ ਮਜ਼ਬੂਤ ਉਮੀਦਵਾਰ ਵੱਜੋਂ ਗਿਣੇ ਜਾਂਦੇ ਡਾ. ਗੁਲਜ਼ਾਰ ਪੰਧੇਰ 41 ਵੋਟਾਂ ਦੇ ਫਰਕ ਨਾਲ ਜਨਰਲ ਸਕੱਤਰੀ ਦੀ ਚੋਣ ਹਾਰ ਗਏ ਅਤੇ ਡਾ. ਗੁਰਇਕਬਾਲ ਸਿੰਘ ਇਹ ਚੋਣ ਜਿੱਤ ਗਏ। ਅਕਾਦਮੀ ਦੀਆਂ ਚੋਣਾਂ ਲਈ ਅੱਜ ਸਵੇਰੇ ਅੱਠ ਵਜੇ ਵੋਟਾਂ ਸ਼ੁਰੂ ਹੋਈਆਂ ਜੋ ਸ਼ਾਮ 4 ਵਜੇ ਤੱਕ ਜਾਰੀ ਰਹੀਆਂ। ਸਵੇਰ ਸਮੇਂ ਭਾਵੇਂ ਵੋਟਾਂ ਪਾਉਣ ਦਾ ਰੁਝਾਨ ਕੁਝ ਮੱਠਾ ਸੀ ਪਰ ਜਿਉਂ ਜਿਉਂ ਦਿਨ ਚੜ੍ਹਦਾ ਗਿਆ ਵੋਟਾਂ ਪਾਉਣ ਵਾਲੇ ਲੇਖਕਾਂ ਦੀ ਗਿਣਤੀ ਵੀ ਵਧਦੀ ਗਈ।

ਕਬੂਲ ਨੇ ਚੁਣੌਤੀਆਂ ਨਵੀਂ ਟੀਮ ਨੂੰ 
ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਦਾ ਅਹੁਦਾ ਇੱਕੋ ਹੀ ਸੀ। ਇਸ ਅਹੁਦੇ ਲਈ ਡਾ. ਸੁਰਜੀਤ ਸਿੰਘ ਇਹ ਚੋਣ ਹਾਰ ਗਏ। ਪੰਜਾਬੀ ਸਾਹਿਤ ਐਕਡਮੀ ਦੀਆਂ ਚੋਣਾਂ ਵਿਚ ਇਹ ਇੱਕ ਮਜ਼ਬੂਤ ਉਮੀਦਵਾਰ ਸਨ ਪਰ ਇਸ ਵਾਰ ਚੱਲੀ ਹਵਾ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ। ਅੰਮ੍ਰਿਤਸਰ ਦੀ ਧਰਤੀ ਨਾਲ ਸਬੰਧਤ ਮੈਡੀਕਲ ਖੇਤਰ ਨਾਲ ਜੁੜੇ ਹੋਏ ਡਾ. ਸ਼ਿਆਮ ਸੁੰਦਰ ਦੀਪਤੀ ਇਹ ਚੋਣ ਜਿੱਤ ਗਏ। ਡਾ. ਦੀਪਤੀ ਰੋਜ਼ਾਨਾ ਨਵਾਂ ਜ਼ਮਾਨਾ ਅਤੇ ਹੋਰ ਪ੍ਰਸਿੱਧ ਅਖਬਾਰਾਂ ਲਈ ਵੀ ਅਕਸਰ ਲਿਖਦੇ ਰਹਿੰਦੇ ਹਨ। ਸੀਨੀਅਰ ਮੀਤ ਪ੍ਰਧਾਨ ਦੇ ਇੱਕ ਅਹੁਦੇ ਦੇ ਸਖਤ ਮੁਕਾਬਲੇ ਵਿਚ 23 ਵੋਟਾਂ ਦੇ ਫ਼ਰਕ ਨਾਲ ਡਾ. ਸ਼ਿਆਮ ਸੁੰਦਰ ਦੀਪਤੀ ਜੇਤੂ ਕਰਾਰ ਦਿੱਤੇ ਗਏ। 


ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਮੁੱਖ ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਅਤੇ ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ ਨੇ ਦਸਿਆ ਕਿ ਉੱਘੇ ਪੰਜਾਬੀ ਕਵੀ ਤੇ ਚਿੰਤਕ ਡਾ. ਲਖਵਿੰਦਰ ਸਿੰਘ ਜੌਹਲ ਸਰਬਸੰਮਤੀ ਨਾਲ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਬਣ ਗਏ ਹਨ। ਸਰਬਸੰਮਤੀ ਵਾਲੀ ਇਹ ਚੋਣ ਕੁਝ ਦਿਨ ਪਹਿਲਾਂ ਹੀ ਹੋ ਗਈ ਸੀ ਪਰ ਅੱਜ ਰਸਮ ਵੀ ਪੂਰੀ ਹੋ ਗਈ। 

ਪੰਜ ਮੀਤ ਪ੍ਰਧਾਨਾਂ ਵਿਚੋਂ ਸ੍ਰੀ ਤ੍ਰੈਲੋਚਨ ਲੋਚੀ, ਸ. ਸਹਿਜਪ੍ਰੀਤ ਸਿੰਘ ਮਾਂਗਟ, ਡਾ. ਹਰਵਿੰਦਰ ਸਿੰਘ ਸਿਰਸਾ (ਪੰਜਾਬੋਂ ਬਾਹਰ), ਡਾ. ਭਗਵੰਤ ਸਿੰਘ ਅਤੇ ਸ੍ਰੀ ਭਗਵੰਤ ਰਸੂਲਪੁਰੀ ਮੀਤ ਪ੍ਰਧਾਨ ਚੁਣੇ ਗਏ ਹਨ।

ਪ੍ਰਬੰਧਕੀ ਬੋਰਡ ਦੇ ਪੰਦਰਾਂ ਮੈਂਬਰਾਂ ਵਿਚੋਂ ਸ੍ਰੀਮਤੀ ਇੰਦਰਾ ਵਿਰਕ, ਸ੍ਰੀਮਤੀ ਪਰਮਜੀਤ ਕੌਰ ਮਹਿਕ ਸ. ਬਲਜੀਤ ਸਿੰਘ ਰੈਣਾਂ, ਸ੍ਰੀ ਅਸ਼ੋਕ ਵਸ਼ਿਸ਼ਠ (ਬਿਨਾਂ ਮੁਕਾਬਲਾ ਜੇਤੂ) ਚੁਣੇ ਗਏ ਸਨ। ਸ੍ਰੀ ਹਰਦੀਪ ਢਿੱਲੋਂ, ਸ੍ਰੀ ਜਸਵੀਰ ਝੱਜ, ਸ. ਕਰਮ ਸਿੰਘ ਜ਼ਖ਼ਮੀ, ਸ੍ਰੀ ਹਰਬੰਸ ਮਾਲਵਾ, ਸ. ਸੰਤੋਖ ਸਿੰਘ ਸੁੱਖੀ, ਡਾ. ਗੁਰਮੇਲ ਸਿੰਘ, ਸ੍ਰੀ ਕੇ. ਸਾਧੂ ਸਿੰਘ, ਸ. ਰੋਜ਼ੀ ਸਿੰਘ, ਸ. ਬਲਵਿੰਦਰ ਸਿੰਘ, ਸ. ਬਲਦੇਵ ਸਿੰਘ ਝੱਜ ਅਤੇ ਸ. ਪਰਮਜੀਤ ਸਿੰਘ ਮਾਨ ਜੇਤੂ ਕਰਾਰ ਦਿੱਤੇ ਗਏ।

ਮੁੱਖ ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਹੋਰਾਂ ਨੇ ਦਸਿਆ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪੰਜਾਬ ਅਤੇ ਹੋਰਾਂ ਸੂਬਿਆਂ ਤੋਂ ਭਾਰੀ ਗਿਣਤੀ ਵਿਚ ਮੈਂਬਰਾਂ ਨੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਹੋਏ ਵੋਟਾਂ ਪਾਈਆਂ। ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ, ਮੈਂ ਅਤੇ ਚੋਣ ਕਰਵਾਉਣ ਵਾਲੀ ਮੇਰੀ ਪੂਰੀ ਟੀਮ ਨਵੇਂ ਚੁਣੇ ਅਹੁਦੇਦਾਰਾਂ ਅਤੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਨੂੰ ਮੁਬਾਰਕਬਾਦ ਦਿੰਦੇ ਹਾਂ।

ਗਲਤ ਨਾਮ ਦੀ ਸ਼ਿਕਾਇਤ-ਕੀ ਡਾ. ਗੁਲਜ਼ਾਰ ਪੰਧੇਰ ਖਿਲਾਫ ਕੋਈ ਸਾਜ਼ਿਸ਼ ਸੀ?
ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ਵਿੱਚ ਜਨਰਲ ਸਕੱਤਰ ਦੀ ਚੋਣ ਹਾਰ ਜਾਣ ਵਾਲੇ ਡਾ. ਗੁਲਜ਼ਾਰ ਸਿੰਘ ਪੰਧੇਰ ਸਮੇਤ ਹਰਬੰਸ ਮਾਲਵਾ ਅਤੇ ਭਗਵੰਤ ਸਿੰਘ ਨੇ ਬੈਲੇਟ ਪੇਪਰ ਵਿੱਚ ਗਲਤ ਨਾਮ ਛਾਪਣ ਦੀ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਕੀਤੀ ਹੈ। ਡਾ. ਪੰਧੇਰ ਨੇ ਕਿਹਾ ਕਿ ਉਨ੍ਹਾਂ ਦੇ ਨਾਮ ਨਾਲ ‘ਪੰਧੇਰ’ ਸ਼ਬਦ ਡਾਇਰੈਕਟਰੀ ਵਿੱਚ ਛਪਿਆ ਹੈ ਪਰ ਬੈਲੇਟ ਪੇਪਰ ਵਿੱਚ ਉਹਨਾਂ ਦੇ ਨਾਮ ਨਾਲ ਪੰਧੇਰ ਸ਼ਬਦ ਨਹੀਂ ਛਾਪਿਆ ਗਿਆ। ਨਤੀਜਿਆਂ ਦਾ ਐਲਾਨ ਹੋ ਜਾਣ ਦੇ ਬਾਵਜੂਦ ਆਉਂਦੇ ਦਿਨਾਂ ਵਿੱਚ ਇਹ ਮੁੱਦਾ ਚਰਚਾ ਅਧੀਨ ਆ ਸਕਦਾ ਹੈ। 

ਅਸੀਂ ਸੁਣ ਕੇ ਤੇਰਾ ਫਤਵਾ ਕਦੇ ਵੀ ਲਿਫ ਨਹੀਂ ਸਕਦੇ, 
ਰਿਸ਼ੀ ਸ਼ੰਭੂਕ ਵਸਦਾ ਹੈ ਅਜੇ ਸਾਡੇ ਦਿਲਾਂ ਅੰਦਰ!
                                                   -ਅਜੇ ਤਨਵੀਰ


ਇੱਕ ਟਵੀਟ ਇਹ ਵੀ ਦੇਖੋ ਜ਼ਰਾ 
“जीत वही है असली, जिसमें नहीं किसी की हार है” #quotestoliveby

ਨਵੀਂ ਟੀਮ ਦੇ ਨਿਸ਼ਾਨੇ ਕੀ ਹੋਣਗੇ ਅਤੇ ਚੁਣੌਤੀਆਂ ਕਿਹੜੀਆਂ ਕਿਹੜੀਆਂ ਹਨ ਇਸ ਸਬੰਧੀ ਚਰਚਾ ਵੱਖਰੀ ਪੋਸਟ ਵਿੱਚ 

ਇਹ ਲਿੰਕ ਦੇਖਣ ਲਈ ਵੀ ਸਮਾਂ ਕੱਢਣਾ 

2 comments:

  1. ਕੁੱਝ ਸਾਲਾਂ ਤੋਂ ਅਕਾਡਮੀ ਦਾ ਪ੍ਰਬੰਧ ਢਿੱਲਾ ਮਿਸਾ ਰਿਹਾ। ਬਹੁਤੇ ਫੈਸਲੇ ਪੱਖਪਾਤੀ ਢੰਗ ਨਾਲਹੁੰਦੇ ਰਹੇ ਹਨ। ਬਹੁਤੀਆਂ ਬੋਤਲਾਂ ਵਿਚ ਸ਼ਰਾਬ ਪੁਰਾਣੀ ਹੀ ਹੈ। ਪ੍ਰਬੰਧ ਨੂੰ ਲੀਹਾਂ ਤੇ ਲਿਆਉਣ ਲਈ ਸਾਡਾ ਸੰਘਰਸ਼ ਜਾਰੀ ਰਹੇਗਾ।

    ReplyDelete
  2. ਰੈਕਟਰ ਜੀ , ਜੌਹਲ ਸਾਹਿਬ ਬਹੁਤ ਸੁਲਝੇ ਹੋਏ ਵਿਅਕਤੀ ਹਨ । ਉਮੀਦ ਕਰੀਏ ਕਿ ਕੁਝ ਚੰਗਾ ਕਰਨਗੇ । ਜੇਤੂਆਂ ਨੂੰ ਜਿੱਤ ਮੁਬਾਰਕ, ਪਰ ਹਾਰਨ ਵਾਲਿਆਂ ਦੀ ਵੀ ਹਾਰ ਨਹੀਂ ਇੰਨੀਆਂ ਵੋਟਾਂ ਦਾ ਸਮਰਥਨ ਹਾਰੀ ਸਾਰੀ ਨੂੰ ਨਹੀਂ ਮਿਲਦਾ ਇਹ ਵੀ ਜਿੱਤ ਹੀ ਹੈ ਬੇਸ਼ਕ ਜਿੱਤਣ ਵਾਲੇ ਕੋਲ ਅਸਥਾਈ ਤਾਕਤ ਹੁੰਦੀ ਹੈ।

    ReplyDelete