ਡੇੜ ਦੋ ਸਤਰਾਂ 'ਚ ਸਿੱਧੀ ਜਿਹੀ ਗੱਲ
ਲੋਕ ਪੱਖੀ ਰੈਲੀ ਹੋਵੇ/ਜਲਸਾ ਹੋਵੇ/ਸ਼ਰਧਾਂਜਲੀ ਸਮਾਗਮ ਜਾਂ ਕੁਝ ਹੋਰ ਹੋਵੇ ਜਗਸੀਰ ਜੀਦਾ ਆਪਣੀ ਟੀਮ ਲੈ ਕੇ ਉੱਥੇ ਪਹੁੰਚ ਜਾਂਦਾ ਹੈ। ਛੋਟੀਆਂ ਛੋਟੀਆਂ ਬੋਲੀਆਂ ਜਿਹੀਆਂ ਨਾਲ ਗੱਲ ਉਹ ਕਹਿ ਦੇਣੀ ਜਿਹੜੀ ਲੀਡਰਾਂ ਕੋਲੋਂ ਵੱਡੇ ਵਡੇ ਭਾਸ਼ਣ ਦੇ ਕੇ ਵੀ ਨਹੀਂ ਕਹਿ ਹੁੰਦੀ। ਬੜੀ ਸਾਦਗੀ ਭਰੀ ਤਿਆਰੀ। ਕਰ ਦੇ ਅੰਦਰ ਜਾਂ ਕਰ ਦੇ ਓਹਲੇ ਜਿਹੇ ਹੋ ਕੇ ਡਰੈਸ ਬਦਲ ਲੈਣੀ ਅਤੇ ਜੀਦਾ ਦੀ ਟੀਮ ਤਿਆਰ।
ਹੁਣ ਫੇਸਬੁੱਕ ਤੇ ਇੱਕ ਗਰੁੱਪ ਚੱਲ ਰਿਹਾ ਹੈ-ਕੀਮਤੀ ਗੱਲਾਂ। ਇਹਨਾਂ ਵਿੱਚ ਜਗਸੀਰ ਜੀਦਾ ਦੀਆਂ ਦੋ ਦੋ ਸਤਰਾਂ ਵਾਲੀਆਂ ਕੁਝ ਬੋਲੀਆਂ ਹਨ। ਉਸਦਾ ਇਹ ਸਟਾਈਲ ਬਹੁਤ ਹੀ ਹਰਮਨ ਪਿਆਰਾ ਵੀ ਹੋ ਗਿਆ ਹੈ। ਲੋਕ ਬੜੇ ਧਿਆਨ ਨਾਲ ਸੁਣਦੇ ਹਨ। ਕੀਮਤੀ ਗੱਲਾਂ ਵਾਲੇ ਇਸ ਗਰੁੱਪ ਨੇ ਕੁਝ ਬੋਲੀਆਂ ਪ੍ਰਕਾਸ਼ਿਤ ਕੀਤੀਆਂ ਹਨ ਜਿਹੜੀਆਂ ਅਸੀਂ ਵੀ ਇਥੇ ਪ੍ਰਕਾਸ਼ਿਤ ਕਰ ਰਹੇ ਹਾਂ। --ਰੈਕਟਰ ਕਥੂਰੀਆ
ਤੈਨੂੰ ਪੈ ਜਾਵੇ ਦਿਲ ਦਾ ਦੌਰਾ
ਦੌਰਿਆਂ ਤੇ ਰਹਿਣ ਵਾਲਿਆਂ
---
ਅਸੀਂ ਮਰ ਕੇ ਬਣਾਂਗੇ ਸਵਰਗਵਾਸੀ
ਨਰਕਾਂ ਦੀ ਜੂਨ ਭੋਗਦੇ
,,,
ਧੀਆਂ ਸ਼ਗਨ ਸਕੀਮਾਂ ਨੂੰ ਉਡੀਕਣ
ਕੁੱਛੜ ਨਿਆਣੇ ਚੁੱਕ ਕੇ
,,,
ਅਸੀਂ ਉਂਗਲਾਂ 'ਤੇ ਸਿੱਖ ਗਏ ਖਿਡਾਉਣਾ
ਜਦੋਂ ਦੇ ਬਣੇ ਖੇਡ ਮੰਤਰੀ
,,,,
ਗੌਰਮਿੰਟ ਦੀ ਗਰਾਂਟ ਵਾਂਗੂੰ ਖਾ ਗਿਆ
ਗਮ ਸਾਨੂੰ ਮਿੱਤਰਾਂ ਦਾ
,,,,,
ਖੂਨ ਪੀ ਗਈ, ਮਹਿੰਗਾਈ ਸਾਡੀ ਚੰਦਰੀ
ਖੂਨਦਾਨ ਕਿੱਥੋੰ ਕਰੀਏ
,,,,
ਭਿ੍ਰਸ਼ਟਾਚਾਰ ਦੀ ਬੀਮਾਰੀ ਐਸੀ ਫੈਲੀ
ਰੋਗੀ ਹੋ ਗਿਆ ਸਿਹਤ ਮੰਤਰੀ
,,,,
ਚੱਟੇ ਰੁੱਖ ਨਾ ਹਰੇ ਸਾਡੇ ਹੋਏ
ਅਸੀਂ ਜੰਗਲਾਤ ਮੰਤਰੀ
,,,
66 ਸਾਲ ਦੀ ਅਜ਼ਾਦੀ ਹੋ ਗਈ
ਆਟਾ ਦਾਲ ਫਿਰੇ ਵੰਡਦੀ
,,,,
ਭੇਡ ਵਿਕ ਗਈ 1760 ਦੀ
400 ਨੂੰ ਵੋਟ ਵਿਕ ਗਈ
-ਜਗਸੀਰ ਜੀਦਾ ਹੁਰਾਂ ਦੀ ਹੀ ਇੱਕ ਹੋਰ ਰਚਨਾ
ਵੋਟਾਂ ਖਾਤਰ ਤਰਲੇ ਲੈਂਦੇ।
ਜਾਨ ਨੂੰ ਖਤਰਾ ਘਰ ਨੀ ਬਹਿੰਦੇ !
ਲਿਫ-ਲਿਫ ਹੱਥ ਮਿਲਾਉਂਦੇ ਆ ਕੇ,
"ਨੂਰਾ ਕੁਸ਼ਤੀ" ਖੇਡਦੇ ਰਹਿੰਦੇ।
ਚੌਂਕ-ਮੁਹੱਲੇ ਬੂਥੀਆਂ ਲੱਗੀਆਂ,
ਸੇਵਾਦਾਰ ਲੋਕਾਂ ਦੇ ਕਹਿੰਦੇ।
ਚੌਕੀਂਦਾਰ ਚੋਰਾਂ ਨੇ ਰੱਖੇ,
ਦੇਸ਼ ਦੇ ਰਾਖੇ ਸੁਪਨੇ ਲੈਂਦੇ।
ਪੋਤੜੇ ਇੱਕ ਦੂਜੇ ਦੇ ਫੋਲਣ ,
ਜਿਓ ਖੌਰੂ ਪਾਉਂਣੇ ਝੋਟੇ ਖਹਿੰਦੇ।
ਕਾਣੀ ਵੰਡ ਸਮਾਜ ਦੇ ਅੰਦਰ,
ਜਾਤ ਧਰਮ ਦੇ ਵਹਿਣ 'ਚ ਵਹਿੰਦੇ।
ਦੋ ਕੁ ਗੱਲਾਂ ਹੋਰ ਸੁਨ ਲਓ ਇੱਸੇ ਅੰਦਾਜ਼ ਵਿੱਚ--
ਬੌਡੀਗਾਰਡਾਂ ਦੇ ਘੇਰੇ ਵਿੱਚ ਘਿਰਿਆ,
ਕਾਹਦਾ ਏ ਉਮੀਦਵਾਰ ਤੂੰ!!
----------------------------
ਮੂੰਹ ਬੰਨ੍ਹ ਕੇ ਜ਼ੁਬਾਨ ਬੰਦ ਰੱਖਣੀ,
ਏਸਨੂੰ ਕਰੋਨਾ ਆਖਦੇ॥
---ਜਗਸੀਰ ਜੀਦਾ
No comments:
Post a Comment