Published on 29th January 2022 at 08:15 AM First Update: 30th January 2022 at 08:15 AM
ਨਵੀਂ ਟੀਮ ਲਈ ਅਹਿਮ ਚੁਣੌਤੀਆਂ ਬਣਨਗੇ ਮੀਤ ਟੀਮ ਦੇ ਨੁਕਤੇ
1 ਸੀਨੀਅਰ ਮੀਤ ਪ੍ਰਧਾਨ : ਡਾ. ਸ਼ਿਆਮ ਸੁੰਦਰ ਦੀਪਤੀ
2 ਜਨਰਲ ਸਕੱਤਰ : ਡਾ ਗੁਲਜ਼ਾਰ ਪੰਧੇਰ
3 ਮੀਤ ਪ੍ਰਧਾਨ: ਸੁਖਦਰਸ਼ਨ ਗਰਗ
4 ਪ੍ਰਬੰਧਕੀ ਬੋਰਡ ਦੇ ਮੈਂਬਰਾਂ ਲਈ ਜਾਰੀ ਹਮਾਇਤ ਵਿਚ ਦਿੱਤੇ ਨਾਮ ਹਨ- ਜਸਬੀਰ ਝੱਜ, ਹਰਬੰਸ ਮਾਲਵਾ, ਕੇ. ਸਾਧੂ ਸਿੰਘ, ਕਰਮ ਸਿੰਘ ਜ਼ਖ਼ਮੀ, ਪਰਮਜੀਤ ਸਿੰਘ ਮਾਨ। ਇਹ ਹਮਾਇਤ ਕਰਨ ਵਾਲੇ ਬੇਨਤੀ ਕਰਤਾ ਹਨ-ਕਰਮਜੀਤ ਸਿੰਘ ਔਜਲਾ, ਦਵਿੰਦਰ ਸਿੰਘ ਸੇਖਾ, ਜਗਤਾਰ ਬੈਂਸ, ਗੁਰਨਾਮ ਸਿੰਘ ਸੀਤਲ ਵਰਿਆਮ ਮਸਤ, ਮਿੱਤਰ ਸੈਨ ਮੀਤ।
ਜ਼ਿਕਰਯੋਗ ਹੈ ਕਿ ਮਿੱਤਰਸੈਨ ਮੀਤ ਨੇ ਪਿਛਲੇ ਕੁਝ ਅਰਸੇ ਦੌਰਾਨ ਪੰਜਾਬੀ ਸਾਹਿਤ ਅਕਾਦਮੀ ਦੇ ਕੰਮਕਾਜ ਨੂੰ ਲੈ ਕੇ ਹੁਣ ਤੱਕ ਕਈ ਵਾਰ ਗੰਭੀਰ ਖੁਲਾਸੇ ਕੀਤੇ ਹਨ। ਉਹਨਾਂ ਨੇ ਇਸ ਸੰਬੰਧੀ ਅਦਾਲਤ ਦਾ ਸਹਾਰਾ ਵੀ ਲਿਆ ਹੈ। ਕੋਰੋਨਾ ਕਾਰਨ ਠੱਪ ਹੋਏ ਕੰਮਾਂਕਾਜਾਂ ਕਾਰਨ ਇਸ ਕੇਸ ਦੀ ਰਫਤਾਰ 'ਤੇ ਵੀ ਫਰਕ ਪਿਆ। ਹੁਣ ਤਾਰੀਖ ਫਰਵਰੀ ਵਿੱਚ ਆ ਰਹੀ ਹੈ ਜਿਸ ਲਈ ਮਿੱਤਰਸੈਨ ਅਤੇ ਉਹਨਾਂ ਦੇ ਸਾਥੀ ਪੂਰੀ ਤਰ੍ਹਾਂ ਤਿਆਰ ਹਨ। ਪੰਜਾਬੀ ਸਾਹਿਤ ਅਕਾਦਮੀ ਦੀ ਨਵੀਂ ਟੀਮ ਲਈ ਇਹ ਅਦਾਲਤੀ ਤਾਰੀਖ ਵੀ ਅਹਿਮ ਚੁਣੌਤੀ ਹੋਵੇਗੀ।
ਅਕਾਦਮੀ ਚੋਣਾਂ ਮੌਕੇ ਅਹੁਦਿਆਂ ਦੀ ਭੁੱਖ ਬਾਰੇ ਵੀ ਮਿੱਤਰ ਸੈਨ ਮੀਤ ਅਤੇ ਉਹਨਾਂ ਦੇ ਸਾਥੀਆਂ ਨੇ ਖੁੱਲ੍ਹ ਕੇ ਆਖਿਆ ਸੀ। ਉਹਨਾਂ ਸਪਸ਼ਟ ਕਿਹਾ ਸੀ ਕਿ ਜ਼ਰਾ ਅਹੁਦਿਆਂ ਦੀ ਭੁੱਖ ਦਾ ਅੰਦਾਜ਼ਾ ਲਗਾਓ। ਇਸ ਸੰਬੰਧੀ ਉਹਨਾਂ ਇੱਕ ਸੀਨੀਅਰ ਲੇਖਕ ਵੱਲ ਇਸ਼ਾਰਾ ਕੀਤਾ ਸੀ ਜਿਸਨੇ ਇਕ ਉਮੀਦਵਾਰ ਵੱਜੋਂ ਵੱਡੇ ਤਿੰਨੇ ਅਹੁਦਿਆਂ ਲਈ ਕਾਗਜ਼ ਭਰੇ ਸਨ? ਮੀਤ ਹੁਰਾਂ ਨੇ ਸੁਆਲ ਕੀਤਾ ਸੀ ਕਿ ਕੀ ਇਸਦਾ ਮਤਲਬ ਸੌਦੇਬਾਜ਼ੀ ਸੀ। ਕੁਰਸੀ ਦੀ ਭੁੱਖ ਵੱਲ ਸੰਕੇਤ ਕਰਦਿਆਂ ਉਹਨਾਂ ਕਿਹਾ ਸੀ ਸੌਦੇਬਾਜ਼ੀ ਵਿਚ ਕੁੱਝ ਤਾਂ ਮਿਲੇਗਾ ਹੀ। ਸ਼ਾਇਦ ਇਸ ਉਮੀਦ ਨਾਲ! ਤਿੰਨ ਅਹੁਦਿਆਂ ਲਈ ਕਾਗਜ਼ ਭਰੇ ਗਏ ਸਨ? ਕੋਈ ਤਾਂ ਅਹੁਦਾ ਹੱਥ ਆਏਗਾ ਹੀ! ਮੀਤ ਹੁਰਾਂ ਨੇ ਵਿਅੰਗ ਕੱਸਦਿਆਂ ਇਹ ਵੀ ਕਿਹਾ ਸੀ--ਇਹ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ 'ਅਸਲ' ਸ਼ੁਭ ਚਿੰਤਕ! ਸਮੇਂ ਦੇ ਨਾਲ ਨਾਲ ਹੁਣ ਇਹ ਫੈਸਲਾ ਕਰਨਾ ਔਖਾ ਹੁੰਦਾ ਜਾ ਰਿਹਾ ਹੈ ਕਿ ਸਾਡੇ ਕਲਮਾਂ ਵਾਲੇ ਇਹ ਯੋਧੇ ਸਿਆਸੀ ਸੱਤਾ ਲਈ ਉਤਰਦੇ ਸਿਆਸੀ ਭਲਵਾਨਾਂ ਨਾਲੋਂ ਵੱਖ? ਕੀ ਹੋਰਨਾਂ ਧਾਰਮਿਕ ਡੇਰਿਆਂ ਵਾਂਗ ਸਮਾਂ ਆਉਣ ਤੇ ਇਹਨਾਂ ਸਾਹਿਤਿਕ ਡੇਰਿਆਂ ਦੇ ਇਹ ਅਹੁਦੇਦਾਰ ਵੀ ਗੁਪਤ ਇਸ਼ਾਰਾ ਜਾਰੀ ਕਰੀਏ ਕਰਦੇ ਹਨ ਕਿ ਐਤਕੀਂ ਸਾਡੀ ਸੰਗਤ ਨੇ ਵੋਟ ਕਿਸਨੂੰ ਪਾਉਣੀ ਹੈ? ਅਫਸੋਸ ਲੋਕਾਂ ਦੇ ਦੁੱਖਾਂ ਦਰਦਾਂ ਦੀਆਂ ਗੱਲਾਂ ਕਰਨ ਦੇ ਦਾਅਵਿਆਂ ਨਾਲ ਵਿਚਰਦੇ ਇਹਨਾਂ ਸਾਹਿਤਿਕ ਮਠਾਧੀਸ਼ਾਂ ਦੀ ਸੱਤਾ ਨਾਲ ਨੇੜਤਾ ਵਧਦੀ ਜਾ ਰਹੀ ਹੈ। ਕਦੇ ਕਦੇ ਇਹ ਜ਼ਾਹਰ ਵੀ ਹੋ ਜਾਂਦੀ ਹੈ।
ਵਟਸਪ ਗਰੁੱਪਾਂ ਵਿਚ ਜਾਰੀ ਸੂਚਨਾ |
ਮੀਤ ਸਾਹਿਬ ਨੇ ਇਸ ਲਿੰਕ ਦਾ ਹਵਾਲਾ ਦੇਂਦਿਆਂ ਦੱਸਿਆ ਕਿ ਉਸ ਗੱਲਬਾਤ ਨੂੰ ਹੋਇਆਂ 4 ਸਾਲ ਹੋ ਗਏ ਹਨ। ਇਨਾਂ 4 ਸਾਲਾਂ ਵਿਚ ਅਕਾਦਮੀ ਦੀ ਹਾਲਤ ਹੋਰ ਬਦਤਰ ਹੋ ਗਈ ਹੈ। ਮਹੀਨਿਆਂ ਬੱਧੀ ਸਾਹਿਤਕ ਸਮਾਗਮ ਨਾ ਹੋਣ ਕਾਰਨ ਪੰਜਾਬੀ ਭਵਨ ਵਿੱਚ ਕਾਂ ਬੋਲਣ ਲੱਗ ਪਏ ਹਨ। ਅਕਾਦਮੀ ‘ਚ ਆਉਣ ਵਾਲੇ ਲੇਖਕਾਂ, ਪਾਠਕਾਂ ਅਤੇ ਪੁਸਤਕ ਪ੍ਰੇਮੀਆਂ ਲਈ ਨਾ ਪਾਣੀ ਦਾ ਪ੍ਰਬੰਧ ਹੈ ਨਾ ਚਾਹ ਦਾ। ਵਾਸ਼ ਰੂਮਾਂ ਵਿਚੋਂ ਖਤਰਨਾਕ ਬਦਬੂ ਆਉਂਦੀ ਹੈ।
ਅਜਿਹੀਆਂ ਹਾਲਤਾਂ ਵਿੱਚ ਕੱਲ੍ਹ 30 ਜਨਵਰੀ ਨੂੰ ਮੁੜ ਪੰਜਾਬੀ ਸਾਹਿਤ ਅਕਾਦਮੀ ਦੀ ਚੋਣ ਹੋਣ ਜਾ ਰਹੀ ਹੈ। ਅਕਾਦਮੀ ਦੀ ਦੁਰਦਸ਼ਾ ਕਰਨ ਵਾਲੇ ਧੜੇ ਹੀ, ਔਹਦਿਆਂ ਤੇ ਮੁੜ ਕਾਬਜ ਹੋਣ ਲਈ, ਆਪਸ ਵਿਚ ਜੋੜ ਤੋੜ ਕਰ ਰਹੇ ਹਨ। ਸੌਦੇਬਾਜ਼ੀ ਬਾਅਦ ਕੁਰਸੀਆਂ ਹੀ ਬਦਲਣਗੀਆਂ ਚਿਹਰੇ ਨਹੀਂ।
ਇਨਾਂ ਹਾਲਾਤਾਂ ਵਿਚ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਨਾਲ ਮੋਹ ਰੱਖਣ ਵਾਲੇ ਹਰ ਪੰਜਾਬੀ ਨੂੰ ਇਹ ਗੱਲਬਾਤ ਇਕ ਵਾਰ ਫੇਰ ਸੁਣ ਲੈਣੀ ਚਾਹੀਦੀ ਹੈ ਤਾਂ ਜੋ ਉਸ ਨੂੰ ਅਕਾਦਮੀ ਦੀ ਦਸ਼ਾ ਵਿਚ ਆ ਰਹੇ ਨਿਘਾਰ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਪਹਿਚਾਣ ਹੋ ਸਕੇ।
ਇਹ ਸਭ ਕੁਝ ਯਾਦ ਕਰਾਉਣ ਵਾਲੀ ਟੀਮ ਦੇ ਮੈਂਬਰ ਵੱਜੋਂ ਜਿਹੜੇ ਲੇਖਕ ਸਾਹਮਣੇ ਆਏ ਉਹਨਾਂ ਵਿਚ ਸ਼ਾਮਲ ਹਨ ਕਰਮਜੀਤ ਸਿੰਘ ਔਜਲਾ, ਦਵਿੰਦਰ ਸਿੰਘ ਸੇਖਾ, ਵਰਿਆਮ ਮਸਤ, ਗੁਰਨਾਮ ਸਿੰਘ ਸੀਤਲ ਅਤੇ ਮਿੱਤਰ ਸੈਨ ਮੀਤ।
ਇੱਕ ਗੱਲ ਸਾਫ ਹੈ ਕਿ ਜੇ ਸਮਾਜ ਨੂੰ ਨੈਤਿਕਤਾ, ਤਿਆਗ ਅਤੇ ਲੋਭ ਲਾਲਚਾਂ ਤੋਂ ਮੁਕਤ ਰਹਿਣ ਦੀ ਚੇਤਨਾ ਦੇਣ ਦਾ ਦਾਅਵਾ ਕਰਨ ਵਾਲੇ ਬੁਧੀਜੀਵੀਆਂ//ਲੇਖਕਾਂ ਵਿੱਚ ਹੀ ਅਹੁਦਿਆਂ ਦੀ ਅਜਿਹੀ ਦੌੜ ਮੌਜੂਦ ਹੈ ਤਾਂ ਫਿਰ ਵਿਚਾਰੇ ਸਿਆਸੀ ਲੋਕਾਂ ਨੂੰ ਕੀ ਕਹਿਣਾ ਜਿਹੜੇ ਟਿਕਟ ਨਾ ਮਿਲਣ ਤੇ ਵੀ ਦਲਬਦਲੀਆਂ ਕਰ ਲੈਂਦੇ ਹਨ ਜੇ ਕੁਝ ਹੋਰ ਮਿਲਦਾ ਨਜ਼ਰ ਆਵੇ ਤਾਂ ਉਦੋਂ ਵੀ।
ਕੀ ਅਹੁਦਿਆਂ ਦੇ ਲੋਭ ਲਾਲਚ ਵਿੱਚ ਗਲਤਾਨ ਇਹ ਲੋਕ ਬੁੱਧਦੇਵ ਭੱਟਾਚਾਰੀਆ ਦੇ ਉਹਨਾਂ ਵਿਚਾਰਾਂ ਤੋਂ ਕੋਈ ਸੇਧ ਲੈਣਗੇ ਜਿਹੜੇ ਵਿਚਾਰ ਇਸ ਮਹਾਨ ਕਮਿਊਨਿਸਟ ਆਗੂ ਨੇ ਪਦਮਸ਼੍ਰੀ ਐਵਾਰਡ ਨੂੰ ਨਾਂਹ ਕਰਨ ਵੇਲੇ ਪ੍ਰਗਟਾਏ ਹਨ? ਸੰਧਿਆ ਮੁਖੋਪਾਧਿਆਏ ਨੇ ਵੀ ਇਹ ਸਨਮਾਨ ਲੈਣ ਤੋਂ ਨਾਂਹ ਕਰ ਦਿੱਤੀ ਹੈ ਅਤੇ ਸਾਫ ਕਿਹਾ ਹੈ ਇਸ ਉਮਰ ਵਿੱਚ ਇਹ ਐਵਾਰਡ ਕੋਈ ਸਨਮਾਨ ਨਹੀਂ ਬਲਕਿ ਅਪਮਾਨ ਹੈ। ਜ਼ਿਕਰਯੋਗ ਹੈ ਕਿ ਉਹਨਾਂ ਦੀ ਉਮਰ 90 ਸਾਲ ਹੈ। ਪ੍ਰਸਿੱਧ ਤਬਲਾ ਵਾਦਕ ਅਨਿੰਧ ਚੈਟਰਜੀ ਨੇ ਵੀ ਪਦਮ ਸ਼੍ਰੀ ਪੁਰਸਕਾਰ ਨੂੰ ਨਾਂਹ ਕਰ ਦਿੱਤੀ ਹੈ। ਇਸ ਤਰ੍ਹਾਂ ਪੱਛਮੀ ਬੰਗਾਲ ਨੂੰ ਮਿਲੇ ਤਿੰਨੇ ਪਦਮਸ਼੍ਰੀ ਐਵਾਰਡ ਵਾਪਿਸ ਕਰ ਦਿੱਤੇ ਗਏ। ਇਹ ਇਨਕਾਰ ਸੀ ਅਸਲ ਵਿੱਚ ਲੋਕਾਂ ਦਾ ਅਸਲੀ ਸਨਮਾਨ। ਦੂਜੇ ਪਾਸੇ ਪੰਜਾਬ ਦੀ ਹਾਲਤ ਕੀ ਹੈ। ਸ਼੍ਰੋਮਣੀ ਐਵਾਰਡਾਂ ਲਈ ਲਿਲਕੜੀਆਂ ਕੱਢਣ ਦੀਆਂ ਗੱਲਾਂ ਸੁਣੀਆਂ ਜਾਂਦੀਆਂ ਹਨ ਜੀ ਮੈਂ ਅੱਸੀ ਸਾਲ ਦਾ ਹੋ ਗਿਆ, ਮੈਂ 90 ਸਾਲਾਂ ਦਾ ਹੋ ਗਿਆ ਹੁਣ ਤਾਂ ਐਵਾਰਡ ਦੇ ਦਿਓ। ਇੱਕ ਮੰਤਰੀ ਜੀ ਨੇ ਮੀਤ ਸਾਹਿਬ ਨੂੰ ਵੀ ਇਸੇ ਦਲੀਲ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਮੀਤ ਸਾਹਿਬ ਨੇ ਆਖਿਆ ਉਹਨਾਂ ਨੂੰ ਪੰਜ ਲੱਖ ਛੱਡ ਕੇ ਦਸ ਲੱਖ ਰੁਪਏ ਦੀ ਗਰਾਂਟ ਦੇ ਦਿਓ ਪਰ ਪੁਰਸਕਾਰਾਂ ਦਾ ਪੱਧਰ ਤਾਂ ਨਾ ਡੇਗੋ!ਪਛਮੀ ਬੰਗਾਲ ਵਿਚ ਐਵਾਰਡ ਨੂੰ ਨਾਂਹ ਕਰਨ ਵਾਲੀਆਂ ਨੇ ਵੀ ਇਹੀ ਨੁਕਤਾ ਉਠਾਇਆ ਹੈ। ਜਿਸ ਢੰਗ ਨਾਲ ਸਾਡੇ ਦੇਸ਼ ਵਿੱਚ ਵੱਕਾਰੀ ਇਨਾਮ/ਐਵਾਰਡ ਦਿੱਤੇ ਜਾਂਦੇ ਹਨ ਉਹ ਆਪਣੇ ਆਪ ਵਿਚ ਐਵਾਰਡ ਨੂੰ ਅਪਮਾਨਿਤ ਕਰਨ ਵਾਲਾ ਢੰਗ ਤਰੀਕਾ ਹੈ। ਸ਼੍ਰੋਮਣੀ ਐਵਾਰਡਾਂ ਬਾਰੇ ਵੀ ਮਿੱਤਰਸੈਨ ਮੀਤ ਹੁਰਾਂ ਦਾ ਸਟੈਂਡ ਸ਼ਲਾਘਾਯੋਗ ਹੈ।
ਕੀ ਪੰਜਾਬ ਦੇ ਲੇਖਕ ਅਤੇ ਸਾਹਿਤਿਕ ਅਦਾਰੇ ਬੁੱਧਦੇਵ ਭੱਟਾਚਾਰੀਆ ਵਰਗੀ ਸਪਿਰਿਟ ਪੰਜਾਬੀ ਲੇਖਕਾਂ ਵਿਚ ਪੈਦਾ ਕਰਨਗੇ ਕਿ ਲੇਖਕ ਪੁੱਛਣ ਕਿ ਦੱਸੋ ਸਾਨੂੰ ਇਹ ਸਨਮਾਨ ਕਿਸ ਖੁਸ਼ੀ ਵਿਚ ਦਿੱਤਾ ਗਿਆ ਹੈ? ਕੇਂਦਰ ਸਰਕਾਰ ਦੇ ਮਾਮਲੇ ਵਿੱਚ ਗੋਦੀ ਮੀਡੀਆ ਬਦਨਾਮ ਹੋ ਗਿਆ ਪਰ ਸਾਹਿਤ ਦੇ ਮਾਮਲੇ ਵਿੱਚ ਖੁਦ ਨੂੰ ਬੋਲੀ ਤੇ ਲਾਉਣ ਵਾਲਿਆਂ ਨੂੰ ਕੌਣ ਜਗਾਏਗਾ? ਇਹਨਾਂ ਵਿੱਚੋਂ ਵੀ ਬਹੁਤੇ ਗੋਦੀ ਵਿੱਚ ਬੈਠੇ ਹੁੰਦੇ ਹਨ ਜਾਂ ਗੋਦੀ ਚੜ੍ਹਨ ਦੇ ਚਾਹਵਾਨ ਹੁੰਦੇ ਹਨ ਇਹ ਗੱਲ ਵੱਖਰੀ ਹੈ ਸਾਰਿਆਂ ਦਾ ਵੱਸ ਨਹੀਂ ਚੱਲਦਾ। ਸਾਡੇ ਸਮੂਹ ਲੇਖਕ ਇਨਾਮਾਂ ਸ਼ਨਾਮਾਂ ਦੀ ਝਾਕ ਛੱਡ ਕੇ ਆਪਣੇ ਲੋਕਾਂ ਨਾਲ ਕਦੋਂ ਜੁੜਨਗੇ? ਇਹ ਖਤਰਾ ਵਧਦਾ ਜਾ ਰਿਹਾ ਹੈ ਕਿ ਕਿਧਰੇ ਸਾਨੂੰ ਪਾਸ਼, ਜਸਵੰਤ ਇੰਘ ਕੰਵਲ ਅਤੇ ਗੁਰਸ਼ਰਨ ਭਾਅ ਜੀ ਭੁੱਲ ਨਾ ਜਾਣ। ਸਾਨੂੰ ਸੰਤ ਰਾਮ ਉਦਾਸੀ ਦੀਆਂ ਰਚਨਾਵਾਂ ਵੀ ਹੁਣ ਸ਼ੀਸ਼ਾ ਨਹੀਂ ਦਿਖਾਉਂਦੀਆਂ। ਵੱਡਿਆਂ ਦੇ ਗੱਲਾਂ ਵਿੱਚ ਹਰ ਪਾਉਣ ਪਵਾਉਣ ਵਾਲਿਆਂ ਦੀਆਂ ਕਤਾਰਾਂ ਵਧਦੀਆਂ ਜਾ ਰਹੀਆਂ ਹਨ। ਸਿਆਸੀ ਲੀਡਰਾਂ ਅਤੇ ਲੇਖਕਾਂ ਦੀਆਂ ਬੰਦ ਕਮਰਿਆਂ ਵਾਲਿਆਂ ਮਹਿਫ਼ਿਲਾਂ ਵੀ ਵੱਧ ਰਹੀਆਂ ਹਨ। ਮੰਨਿਆਂ ਕਿ ਸਿਆਸੀ ਚੌਧਰੀਆਂ ਕੋਲ ਵੰਡਣ ਲਈ ਬਥੇਰੇ ਫ਼ੰਡ ਅਤੇ ਹੋਰ ਗੱਫੇ ਹੁੰਦੇ ਹਨ ਪਰ ਕਲਮ ਦੇ ਯੋਧਿਆਂ ਨੂੰ ਇਹਨਾਂ ਫਾਇਦਿਆਂ ਦੀ ਗੱਲ ਕਰਨ ਵੇਲੇ ਲੋਕ-ਪ੍ਰੇਮ ਭੁੱਲਣਾ ਤਾਂ ਨਹੀਂ ਚਾਹੀਦਾ।
ਕਈ ਦਹਾਕੇ ਪਹਿਲਾਂ ਬਾਗੀ ਸੁਭਾਅ ਵਾਲੇ ਸ਼ਾਇਰ ਮਿੱਤਰ ਹਰਮੀਤ ਵਿਦਿਆਰਥੀ ਨੇ ਆਪਣੇ ਆਰੰਭਕ ਦੌਰ ਸਮੇਂ ਕਿਵੇਂ ਦਿਖਾਈ ਸੀ ਹਿੰਮਤ ਇਸਦਾ ਜ਼ਿਕਰ ਜਲਦੀ ਹੀ ਕਿਸੇ ਵੱਖਰੀ ਪੋਸਟ ਵਿੱਚ ਕੀਤਾ ਜਾਏਗਾ।
ਜਿੱਥੋਂ ਤੱਕ ਮੌਜੂਦਾ ਚੋਣਾਂ ਦੀ ਗੱਲ ਹੈ ਮਿੱਤਰਸੈਨ ਮੀਤ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰਦੇ ਆ ਰਹੇ ਹਨ। ਉਹਨਾਂ ਪੰਜਾਬੀ ਸਾਹਿਤ ਅਕਾਦਮੀ ਤੇ ਕਾਬਜ਼ ਰਹੇ ਅਹੁਦੇਦਾਰਾਂ ਦੀ ਕਾਰਕਰਦਗੀ ਬਾਰੇ ਬੜੇ ਹੀ ਸਲੀਕੇ ਨਾਲ ਝਾਤਾਂ ਵੀ ਪੁਆਈਆਂ ਹਨ।ਉਹਨਾਂ ਪਹਿਲੀ ਝਾਤ ਦਸੰਬਰ-2021 ਦੌਰਾਨ ਹੀ ਪੁਆ ਦਿੱਤੀ ਸੀ। ਉਹਨਾਂ ਕਿਹਾ ਸੀ-- - ਪਿਛਲੇ 2 ਦਹਾਕਿਆਂ ਤੋਂ ਵੀਹ ਕੁ ਵਿਅਕਤੀਆਂ ਦਾ ਇੱਕ ਸ਼ਕਤੀਸ਼ਾਲੀ ਗਰੁੱਪ ਅਕਾਦਮੀ ਦੀ ਸੱਤਾ ਤੇ ਕਾਬਜ ਹੈ। ਇਸ ਗਰੁੱਪ ਨੇ ਹਮੇਸ਼ਾ, ਅਕਾਡਮੀ ਦੀ ਥਾਂ, ਆਪਣੇ ਹਿੱਤਾਂ ਨੂੰ ਪਹਿਲ ਦਿੱਤੀ ਹੈ। ਕੀ ਨਵੀਂ ਟੀਮ ਇਹਨਾਂ ਦੋਸ਼ਾਂ ਬਾਰੇ ਖੁੱਲੀ ਚਰਚਾ ਕਰਵਾਏਗੀ?
ਧੰਨਵਾਦ ਕਥੂਰੀਆ ਜੀ
ReplyDeleteਸਾਹਿਤਕ ਅਦਾਰੇ ਵੀ ਰਾਜਨੀਤੀ ਤੋਂ ਪ੍ਰੇਰਿਤ ਹੋ ਗਏ ਹਨ। ਪਰ ਚੰਗੇ ਲੇਖਕਾਂ ਦਾ ਅੱਗੇ ਆਉਣਾ ਸ਼ਲਾਘਾਯੋਗ ਕਦਮ ਹੈ।
ReplyDelete