ਕਦੋਂ ਤੱਕ ਚੱਲੇਗਾ ਰੰਗਮੰਚ ਵਾਲਿਆਂ ਨਾਲ ਅਜਿਹਾ ਰਵਈਆ?
ਲੁਧਿਆਣਾ: 25 ਜਨਵਰੀ 2022: (ਸਾਹਿਤ ਸਕਰੀਨ ਡੈਸਕ)::
ਜਗਦੇਵ ਸਿੰਘ ਜੱਸੋਵਾਲ ਹੁਰਾਂ ਦੇ ਜ਼ਮਾਨੇ ਵਿੱਚ ਇਥੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਦੌਰਾਨ ਵੀ ਨਾਟਕ ਹੋਇਆ ਕਰਦੇ ਸਨ ਅਤੇ ਅੱਗੇ ਪਿਛੇ ਵੀ ਅਜਿਹਾ ਸਿਲਸਿਲਾ ਚੱਲਦਾ ਰਹਿੰਦਾ ਸੀ। ਸੱਦੇ ਗਿਆਂ ਦੀ ਲਿਸਟ ਵਿੱਚ ਕੋਈ ਵਿਅਕਤੀ ਹੋਵੇ ਜਾਂ ਨਾ ਹੋਵੇ, ਉਸਨੂੰ ਕੋਈ ਜਾਣਦਾ ਹੋਵੇ ਜਾਂ ਨਾ ਹੋਵੇ ਪਰ ਉਸਨੂੰ ਖਰਚਾ ਭਾੜਾ ਮਿਲ ਜਾਂਦਾ ਸੀ। ਚਾਹ-ਪਾਣੀ ਅਤੇ ਰੋਟੀ ਵੀ ਮਿਲ ਜਾਂਦੀ ਸੀ। ਦੋ ਪੈਗ ਵੀ ਕੋਈ ਮੁਸ਼ਕਲ ਨਹੀਂ ਸਨ ਹੁੰਦੇ। ਸਟੇਜ ਤੇ ਨਾਮ ਵੀ ਐਲਾਨਿਆ ਜਾਂਦਾ ਸੀ। ਉਸਦਾ ਮਾਣ ਸਨਮਾਣ ਵੀ ਹੋ ਜਾਂਦਾ ਸੀ। ਜਾਂਦੀ ਵਾਰ ਉਹ ਦੁਆਵਾਂ ਦੇਂਦਾ ਜਾਂਦਾ ਸੀ ਅਤੇ ਹੋਰ ਪੰਜਾਹ ਥਾਂਈਂ ਦੱਸਦਾ ਸੀ ਕਿ ਉਸਦਾ ਕਿੰਨਾ ਮਾਣ ਤਾਣ ਹੋਇਆ।
ਸਰਦਾਰ ਜਗਦੇਵ ਸਿੰਘ ਜੱਸੋਵਾਲ ਤੋਂ ਬਾਅਦ ਇਹ ਗੱਲਾਂ ਬੰਦ ਹੁੰਦੀਆਂ ਹੁੰਦੀਆਂ ਉੱਕਾ ਈ ਬੰਦ ਹੋ ਗਈਆਂ। ਉਦੋਂ ਪੰਜਾਬੀ ਭਵਨ ਆਰਥਿਕ ਪੱਖੋਂ ਟੁੱਟੇ ਹੋਏ ਕਲਾਕਾਰਾਂ, ਲੇਖਕਾਂ, ਸ਼ਾਇਰਾਂ ਅਤੇ ਪੱਤਰਕਾਰਾਂ ਦਾ ਅਸਲੀ ਆਲ੍ਹਣਾ ਵੀ ਹੁੰਦਾ ਸੀ। ਜੇ ਇਥੇ ਕੋਈ ਗੱਲ ਬੰਦੀ ਨਜ਼ਰ ਨੇ ਤਾਂ ਗੁਰਦੇਵ ਨਗਰ ਜਾ ਕੇ ਜੱਸੋਵਾਲ ਹੁਰਾਂ ਦੇ ਆਲ੍ਹਣੇ ਵਿੱਚ ਜਾ ਪਹੁੰਚਣਾ। ਕੋਈ ਨਿਰਾਸ਼ ਨਹੀਂ ਸੀ ਜਾਂਦਾ। ਵਿਰੋਧੀ ਵਿਚਾਰਾਂ ਵਾਲਿਆਂ ਦਾ ਵੀ ਇਥੇ ਸੁਲਾਹ ਸਫਾਈ ਕਰਵਾ ਕੇ ਮੇਲ ਮਿਲਾਪ ਕਰਾਇਆ ਜਾਂਦਾ ਸੀ। ਦੀਪਕ ਜੈਤੋਈ ਸਾਹਿਬ ਹੋਣ, ਸੰਤ ਰਾਮ ਉਦਾਸੀ, ਬਟਾਲੇ ਵਾਲੇ ਹਰਭਜਨ ਬਾਜਵਾ ਜਾਂ ਕੋਈ ਹੋਰ ਬਹੁਤ ਸਾਰੇ ਵੱਡੇ ਲੋਕਾਂ ਦੀਆਂ ਦਿਲਚਸਪ ਕਹਾਣੀਆਂ ਜੁੜੀਆਂ ਹੋਈਆਂ ਹਨ।
ਹੁਣ ਉਹ ਗੱਲਾਂ ਅਤੀਤ ਹੋ ਗਈਆਂ ਹਨ। ਜੱਸੋਵਾਲ ਵਰਗਾ ਹੁਣ ਕੋਈ ਨਹੀਂ ਸ਼ਾਇਦ ਅਤੇ ਨਾ ਹੀ ਉਸ ਤਰ੍ਹਾਂ ਦੀ ਸਾਂਭ ਸੰਭਾਲ ਰਹੀ। ਪੰਜਾਬੀ ਭਵਨ ਇੱਕ ਵਪਾਰਕ ਕੇਂਦਰ ਜਿਹਾ ਬਣਦਾ ਚਲਾ ਗਿਆ ਜਿਸ ਨੂੰ ਹੋਰ ਵਿਕਸਿਤ ਕਰਨਾ ਇਥੋਂ ਦੇ ਪ੍ਰਬੰਧਕਾਂ ਨੂੰ ਸ਼ਾਇਦ ਕਦੇ ਵੀ ਜ਼ਰੂਰੀ ਨਹੀਂ ਲੱਗਿਆ। ਨਿਜੀ ਖੇਤਰ ਵਰਗੀਆਂ ਲੱਗਦੀਆਂ ਕੁਝ ਕੁ ਭਾਵਨਾਵਾਂ ਦਾ ਸ਼ਿਕਾਰ ਬਣਿਆ ਪੰਜਾਬੀ ਭਵਨ ਨਾਂ ਤਾ ਜੱਸੋਵਾਲ ਦੇ ਵੇਲਿਆਂ ਵਰਗਾ ਸਾਂਝਾ ਜਿਹਾ ਆਲ੍ਹਣਾ ਹੀ ਰਿਹਾ ਤੇ ਨਾ ਹੀ ਇਹ ਕੋਈ ਕਾਰਪੋਰੇਟ ਅਦਾਰਾ ਹੀ ਬਣ ਸਕਿਆ। ਇਸਦਾ ਹਾਲ ਉਸ ਗਾਂ ਮੱਝ ਵਰਗਾ ਹੋ ਗਿਆ ਜਿਸ ਤੋਂ ਦੁੱਧ ਚੋਣਾਂ ਤਾਂ ਯਾਦ ਰਹਿੰਦਾ ਹੈ ਪਰ ਉਸਨੂੰ ਪੱਠੇ ਪਾਉਣ ਵੇਲੇ ਕੰਜੂਸੀ ਸ਼ੁਰੂ ਹੋ ਜਾਂਦੀ ਹੈ।
ਸ੍ਰ ਜੱਸੋਵਾਲ ਵੇਲੇ ਕਲਮਾਂ ਅਤੇ ਰੰਗਮੰਚ ਵਾਲਿਆਂ ਦਰਮਿਆਨ ਨੇੜਤਾ ਬਹੁਤ ਜ਼ਿਆਦਾ ਸੀ। ਨਾਟਕ ਲਿਖੇ ਜਾਂਦੇ ਸਨ, ਨਾਟਕ ਖੇਡੇ ਜਾਂਦੇ ਸਨ। ਬਹੁਤ ਸਾਰੇ ਲੋਕਾਂ ਨੂੰ ਬੜੇ ਹੀ ਸਤਿਕਾਰ ਨਾਲ ਰੋਜ਼ਗਾਰ ਮਿਲਦਾ ਸੀ। ਡਿਪਟੀ ਕਮਿਸ਼ਨਰ ਅਤੇ ਹੋਰ ਵੱਡੀਆਂ ਵੱਡੀਆਂ ਸ਼ਖ਼ਸੀਅਤਾਂ ਖੁਦ ਮੂਹਰਲੀਆਂ ਕਤਾਰਾਂ ਵਿੱਚ ਬਿਰਾਜਮਾਨ ਹੋ ਕੇ ਬੜੇ ਹੀ ਧਿਆਨ ਨਾਲ ਨਾਟਕ ਦੇਖਦਿਆਂ ਸਨ। ਮੰਚਨ ਦੌਰਾਨ ਹੀ ਕਲਾਕਾਰ ਇਹਨਾਂ ਵੱਡੇ ਲੋਕਾਂ ਨਾਲ ਆਪਣੀਆਂ ਗੱਲਾਂ ਕਰ ਜਾਂਦੇ ਸਨ। ਇਹਨਾਂ ਸ਼ਖਸੀਅਤਾਂ ਵੱਲੋਂ ਕਲਾਕਾਰਾਂ ਦੀ ਹੌਂਸਲਾ ਅਫ਼ਜ਼ਾਈ ਹੁੰਦੀ ਸੀ ਬਹੁਤ ਸਾਰੇ ਕਲਾ ਪ੍ਰੇਮੀਆਂ ਵੱਲੋਂ ਇਨਾਮਾਂ ਸਨਮਾਨਾਂ ਦੀ ਵਰਖਾ ਜਿਹੀ ਹੁੰਦੀ ਸੀ। ਦਰਸ਼ਕ ਇਹਨਾਂ ਕਲਾਕਾਰਾਂ ਨਾਲ ਦੋ ਪਲ ਮਿਲਣਾ, ਫੋਟੋ ਖਿਚਵਾਉਣਾ ਅਤੇ ਇਹਨਾਂ ਦੇ ਆਟੋ ਗ੍ਰਾਫ ਲੈਣਾ ਆਪਣਾ ਹੱਕ ਵੀ ਸਮਝਦੇ ਸਨ। ਉਹਨਾਂ ਨੂੰ ਇਹ ਯਾਦਗਾਰੀ ਪਲ ਮਿਲਿਆ ਵੀ ਕਰਦੇ ਸਨ। ਸਰਦੀਆਂ ਦੀਆਂ ਸ਼ਾਮਾਂ ਨੂੰ ਚਾਹ ਕੋਫੀ ਹਰ ਕਿਸੇ ਨੂੰ ਬਿਨਾ ਮੰਗੇ ਮਿਲ ਜਾਇਆ ਕਰਦੀ ਸੀ।
ਇਥੇ ਹੀ ਗੁਰਦਾਸ ਮਾਨ ਨੂੰ ਲੋਕਾਂ ਨੇ ਬੜੀ ਨੇੜਿਉਂ ਹੋ ਕੇ ਦੇਖਿਆ। ਹਰਪਾਲ ਟਿਵਾਣਾ ਨੇ ਆਪਣੇ ਗੁਰ ਇੱਸੇ ਕੰਪਲੈਕਸ ਵਿੱਚ ਆਪਣੇ ਸ਼ਗਿਰਦਾਂ ਨੂੰ ਸਿਖਾਏ। ਪੱਤਰਕਾਰਿਤਾ ਅਤੇ ਰੰਗਮੰਚ ਦੀ ਸੁਮੇਲਤਾ ਦਾ ਪ੍ਰਤੀਕ ਰਹੀ ਰੀਟਾ ਸ਼ਰਮਾ ਇਸੇ ਓਪਨ ਆਡੀਟੋਰੀਅਮ ਵਿੱਚ ਸਟੇਜ ਤੇ ਆਪਣੀ ਭੂਮਿਕਾ ਨਿਭਾਉਂਦਿਆਂ ਵੱਡੇ ਵੱਡੇ ਅਫਸਰਾਂ ਵੱਲ ਇਸ਼ਾਰਾ ਕਰ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਦਿਆਂ ਸਰਕਾਰੀ ਊਣਤਾਈਆਂ ਵੱਲ ਅਜਿਹੇ ਇਸ਼ਾਰੇ ਕਰ ਜਾਂਦੀ ਕਿ ਸਭ ਹੈਰਾਨ ਰਹੀ ਜਾਂਦੇ। ਵਣਜਾਰਿਆਂ ਦੇ ਰੂਪ ਵਿਚ ਉਸਦੀ ਟੀਮ ਵੱਲੋਂ ਖੇਡਿਆ ਗਿਆ ਨਾਟਕ "ਗੁਡ ਮੈਨ ਦੀ ਲਾਲਟੈਣ ਤੇ ਬੈਡਮੈਨ ਦੀ ਦੀਵਾ" ਬੜਾ ਪਸੰਦ ਕੀਤਾ ਗਿਆ। ਇਸਨੇ ਯਾਦਗਾਰੀ ਪ੍ਰਭਾਵ ਛੱਡਿਆ। ਇਹ ਨਾਟਕ ਬਾਅਦ ਦੁਪਹਿਰ ਸ਼ੁਰੂ ਹੋਇਆ ਅਤੇ ਇਸ ਦੀਆਂ ਸਕਿੱਟ ਵਰਗੀਆਂ ਨਿੱਕੀਆਂ ਨਿੱਕੀਆਂ ਝਲਕੀਆਂ ਰਾਤ ਤੱਕ ਜਾਰੀ ਰਹੀਆਂ।
ਲੇਖਕਾਂ ਅਤੇ ਰੰਗਮੰਚ ਵਾਲਿਆਂ ਦੇ ਕਾਫ਼ਿਲੇ ਇਹਨਾਂ ਪ੍ਰੋਗਰਾਮਾਂ ਵਿੱਚ ਆਰਥਿਕ ਪੱਖੋਂ ਵੀ ਪ੍ਰਫੁੱਲਤ ਹੁੰਦੇ ਸਨ। ਪਰ ਸ਼ਾਇਦ ਇਸ ਨੂੰ ਨਜ਼ਰ ਲੱਗ ਗਈ। ਕਲਾਕਾਰਾਂ ਲਈ ਇਥੇ ਹੁੰਦੇ ਆਯੋਜਨ ਇੱਕ ਚੰਗਾ ਸੀਜ਼ਨ ਲੱਗਣ ਵਰਗੇ ਹੋਇਆ ਕਰਦੇ ਸਨ। ਪ੍ਰੋਗਰਾਮ ਕਿਸੇ ਦਾ ਵੀ ਹੋਵੇ ਸਭ ਨੂੰ ਪਤਾ ਹੁੰਦਾ ਸੀ ਕਿ ਕੋਈ ਪ੍ਰੋਗਰਾਮ ਹੈ ਤਾਂ ਸਾਨੂੰ ਵੀ ਨਿਸਚੇ ਹੀ ਕੁਝ ਫਾਇਦਾ ਜ਼ਰੂਰ ਹੋਵੇਗਾ ਇਸ ਲਈ ਇਹ ਪ੍ਰੋਗਰਾਮ ਵੀ ਸਾਡਾ ਹੀ ਹੈ। ਸਾਰੇ ਬੜੇ ਸਨੇਹ ਨਾਲ ਇੱਕ ਪਰਿਵਾਰ ਹੱਥ ਵੰਡਾਉਂਦੇ ਸਨ। ਜੱਸੋਵਾਲ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਹੋਲੀ ਹੋਲੀ ਇਹ ਸਭ ਕੁਝ ਨਿੱਘਰਦਾ ਹੀ ਚਲਾ ਗਿਆ। ਲਿਹਾਜ਼ਦਾਰੀਆਂ, ਨਿਜੀ ਮੁਫਾਦਾਂ ਵਾਲੇ ਰੁਝਾਣ ਅਤੇ ਚੌਧਰਪੁਣੇ ਨੇ ਸਭ ਕੁਝ ਨਿਗਲ ਲਿਆ।
ਫਿਰ ਦੋ ਚਾਰ ਸਾਲ ਪਹਿਲਾਂ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਰੰਗਮੰਚ ਵਾਲੇ ਆਪਣੇ ਨਾਲ ਹੁੰਦੇ ਸਲੂਕ ਕਾਰਨ ਦੁਖੀ ਅਤੇ ਪ੍ਰੇਸ਼ਾਨ ਹੋ ਗਏ। ਉਹਨਾਂ ਇੱਕ ਨਾਟਕ ਖੇਡਿਆ ਜਿਸਦਾ ਨਾਮ ਸੀ "ਪਰਮਿਸ਼ਨ।" ਪਰਮਿਸ਼ਨ ਨਾਂਅ ਦੇ ਇਸ ਨਾਟਕ ਵਿੱਚ ਨਾਟਕ ਖੇਡਣ ਵਾਲੀ ਟੀਮ ਨੇ ਸਾਰਾ ਤਵਾ ਪੰਜਾਬੀ ਭਵਨ ਦੀ ਮੈਨੇਜਮੈਂਟ ਤੇ ਹੀ ਲਾ ਦਿੱਤਾ। ਇਸ ਵਿੱਛ ਇੱਕ ਦਰਦ ਸੀ ਕਿ ਕਿੰਨੀ ਮੁਸ਼ਕਿਲ ਮਿਲਦੀ ਹੈ ਇਥੇ ਨਾਟਕਾਂ ਨੂੰ ਖੇਡਣ ਅਤੇ ਰਿਹਰਸਲ ਦੀ ਪਰਮਿਸ਼ਨ। ਇਸ ਨਾਟਕ ਦਾ ਪ੍ਰਤੀਕਰਮ ਵੀ ਹੋਇਆ। ਇਸ ਤੋਂ ਬਾਅਦ ਮੈਨੇਜਮੈਂਟ ਦੀ ਕਰੋਪੀ ਹੋਰ ਵੱਧ ਗਈ ਅਤੇ ਇਸਦੇ ਨਾਲ ਹੀ ਪੰਜਾਬੀ ਭਵਨ ਅਤੇ ਰੰਗਮੰਚ ਵਾਲਿਆਂ ਦਰਮਿਆਨ ਦੂਰੀ ਵੀ ਵੱਧਦੀ ਚਲੀ ਗਈ।
ਇਸ ਦੂਰੀ ਅਤੇ ਬੇਰੁਖੀ ਨੂੰ ਬਾਹਰ ਲਿਆਉਣ ਵਿੱਚ ਰਹਿੰਦੀ ਸਹਿੰਦੀ ਕਸਰ ਰੰਗ ਕਰਮੀ ਤਰਲੋਚਨ ਸਿੰਘ ਵੱਲੋਂ ਲਿਖੀ ਇੱਕ ਲੰਮੀ ਚਿੱਠੀ ਨੇ ਪੂਰੀ ਕਰ ਦਿੱਤੀ। ਤਰਲੋਚਨ ਸਿੰਘ ਨੇ ਫੱਕਰ ਕਿਸਮ ਦੇ ਬੇਬਾਕ ਜਿਹੇ ਕਲਾਕਾਰ ਤਰਲੋਚਨ ਸਿੰਘ ਸੱਤ ਸਫ਼ਿਆਂ ਦੀ ਟਾਈਪ ਕੀਤੀ ਹੋਈ ਇਹ ਚਿਠੀ ਮੈਨੇਜਮੈਂਟ ਨੂੰ ਸੰਨ 2014 ਵਿੱਚ। +
ਮਿੱਤਰ ਸੈਨ ਮੀਤ ਹੁਰਾਂ ਦੀ ਟੀਮ ਨੇ ਪੰਜਾਬੀ ਸਾਹਿਤ ਅਕਾਦਮੀ ਬਾਰੇ ਜਿਹੜੇ ਨੁਕਤੇ ਉਠਾਏ ਉਹਨਾਂ ਵਿੱਚ ਇੱਕ ਮੁੱਦਾ ਰੰਗਮੰਚ ਵਾਲਿਆਂ ਦੀ ਮੌਜੂਦਾ ਸਥਿਤੀ ਬਾਰੇ ਵੀ ਹੈ। ਉਹਨਾਂ ਲਿਖਿਆ-
ਮੀਤ ਹੁਰਾਂ ਵੱਲੋਂ ਜਾਰੀ ਲਿਖਤ ਹੈ-ਬਲਰਾਜ ਸਾਹਨੀ ਰੰਗਮੰਚ ਬਣਾਇਆ-ਖੰਡਰ ਅਤੇ ਹਵਾਲੇ ਦਿੱਤੇ ਹਨ ਪੁਰਾਣੇ ਰੰਗਕਰਮੀ ਤਰਲੋਚਨ ਸਿੰਘ ਹੁਰਾਂ ਦੇ ਜਿਹਨਾਂ ਨੇ ਮੁੰਬਈ ਦੀ ਦੁਨੀਆ ਵੀ ਦੇਖੀ ਹੈ ਅਤੇ ਲੁਧਿਆਣਾ ਦੀ ਵੀ।
ਇਹ ਲਿਖਤ ਦੱਸਦੀ ਹੈ-ਸੱਤ ਦਹਾਕੇ ਪਹਿਲਾਂ ਅਕਾਦਮੀ ਦੇ ਸੰਸਥਾਪਕਾਂ ਵੱਲੋਂ ਲੁਧਿਆਣੇ ਵਿਚ ਰੰਗਕਰਮੀਆਂ ਨੂੰ ਆਪਣੀ ਕਲਾ ਦੇ ਜੌਹਰ ਦਿਖਾਉਣ ਲਈ ਅਤੇ ਲੁਧਿਆਣਾ ਵਾਸੀਆਂ ਨੂੰ ਨਾਟਕ ਦੇਖਣ ਦੀ ਚਿਟਕ ਲਾਉਣ ਲਈ, ਚਾਵਾਂ ਨਾਲ ਓਪਨ ਏਅਰ ਥੀਏਟਰ ਉਸਾਰਿਆ ਗਿਆ ਸੀ। ਇਸ ਥੀਏਟਰ ਵਿਚ ਇੱਕੋ ਸਮੇਂ 5000 ਦਰਸ਼ਕ ਬੈਠ ਕੇ ਗੀਤ-ਸੰਗੀਤ ਅਤੇ ਨਾਟਕਾਂ ਦਾ ਆਨੰਦ ਮਾਣ ਸਕਦੇ ਹਨ। ਅੱਜ ਤੱਕ ਇੰਨਾ ਵੱਡਾ ਰੰਗਮੰਚ ਲੁਧਿਆਣੇ ਵਿਚ ਸਥਾਪਿਤ ਨਹੀਂ ਹੋਇਆ।
ਸਮੇਂ-ਸਮੇਂ ਦੇ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ 2014 ਵਿਚ ਇਸ ਥੀਏਟਰ ਦੀ ਇਮਾਰਤ ਖੰਡਰ ਹੀ ਨਹੀਂ ਬਣੀ ਸਗੋਂ ਇੱਥੇ ਨਾਟਕਾਂ, ਨਾਚਾਂ, ਭੰਗੜਿਆਂ ਅਤੇ ਗੀਤਾਂ ਦੀ ਰਹਿਰਸਲ ਕਰਨ ਆਏ ਕਲਾਕਾਰਾਂ ਨਾਲ, ਮਾੜੀ-ਮਾੜੀ ਗੱਲ ਤੇ ਦੁਰਵਿਵਹਾਰ ਹੋਣਾ ਵੀ ਸ਼ੁਰੂ ਹੋ ਗਿਆ। ਕੋਮਲ ਵਿਰਤੀ ਵਾਲੇ ਕਲਾਕਾਰਾਂ ਨੂੰ ਦੁਖੀ ਹੋ ਕੇ ਪ੍ਰਬੰਧਕਾਂ ਨੂੰ ‘ਮਰਨ-ਮਰਾਉਣ ਅਤੇ ਆਤਮ-ਹੱਤਿਆ ਕਰ ਲੈਣ’ ਤੱਕ ਦੀ ਧਮਕੀ ਦੇਣੀ ਪਈ।
‘ਰੰਗਮੰਚ ਰੰਗ ਨਗਰੀ’ ਗਰੁੱਪ ਦੇ ਸੰਚਾਲਕ ਤਰਲੋਚਨ ਸਿੰਘ ਨਾਲ ਉਸ ਸਮੇਂ ਦੇ ਪ੍ਰਬੰਧਕਾਂ ਵੱਲੋਂ ਇੰਨਾ ਮਾੜਾ ਦੁਰਵਿਵਹਾਰ ਕੀਤਾ ਗਿਆ ਕਿ ਅਖੀਰ ਅੱਕ ਕੇ ਉਨ੍ਹਾਂ ਵੱਲੋਂ ਪ੍ਰਬੰਧਕਾਂ ਨੂੰ ਲਗਾਤਾਰ ਕਈ ਚਿੱਠੀਆਂ ਲਿਖਣੀਆਂ ਪਈਆਂ। ਇਹ ਚਿੱਠੀਆਂ ਉਨ੍ਹਾਂ ਨੇ ਹੋਰ ਪੰਜਾਬੀ ਪ੍ਰੇਮੀਆਂ ਨਾਲ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਵਿਚੋਂ ਕੁਝ ਚਿੱਠੀਆਂ ਸਾਡੇ ਕੋਲ ਮੌਜੂਦ ਹਨ।
ਦੁਖੀ ਹੋਏ ਰੰਗਕਰਮੀ ਤਰਲੋਚਨ ਸਿੰਘ ਵੱਲੋਂ ਮਿਤੀ 26.08.2014 ਨੂੰ, ਉਸ ਸਮੇਂ ਦੇ ਅਕਾਦਮੀ ਦੇ ਜਨਰਲ ਸਕੱਤਰ ਨੂੰ ਭਾਵਪੂਰਕ ਚਿੱਠੀ ਲਿਖੀ ਗਈ ਜਿਸ ਵਿਚ ਉਨ੍ਹਾਂ ਵੱਲੋਂ ਮੁੱਖ ਤੌਰ ਤੇ ਹੇਠ ਲਿਖੇ ਮੁੱਦੇ ਉਠਾਏ ਗਏ:
1. ਪੰਜਾਬੀ ਭਵਨ ਵਿਚ ਅਕਾਦਮੀ ਦਾ ਪਿਆ ਕੀਮਤੀ ਸਮਾਨ ਜਿਸ ਵਿਚ ਲੈਕਚਰ ਸਟੈਂਡ, ਦਰਵਾਜੇ, ਪਲਾਸਟਿਕ ਦੇ ਪਾਈਪ, ਸਰੀਆ ਆਦਿ ਸ਼ਾਮਲ ਸੀ ਦੀਆਂ ਤਸਵੀਰਾਂ ਖਿੱਚ ਕੇ, ਚਿੱਠੀ ਨਾਲ ਲਾ ਕੇ, ਪ੍ਰਬੰਧਕਾਂ ਨੂੰ ਭੇਜ ਕੇ ਪੁੱਛਿਆ ਗਿਆ ਕਿ ਉਨ੍ਹਾਂ ਦਾ ਅਕਾਦਮੀ ਦੇ ਗਲ-ਸੜ ਰਹੇ ਕੀਮਤੀ ਸਮਾਨ ਨੂੰ ਸੰਭਾਲਣ ਵੱਲ ਧਿਆਨ ਕਿਉਂ ਨਹੀਂ ਹੈ।
2. ਉਨ੍ਹਾਂ ਨੂੰ ਮਹਿਸੂਸ ਹੋਇਆ ਜਿਵੇਂ ਪ੍ਰਬੰਧਕ ‘ਰੰਗਮੰਚ ਨੂੰ ਭਵਨੋਂ ਚੱਲਦਾ ਕਰਨ ਲਈ ਤਿਆਰ’ ਬੈਠੇ ਹਨ। ਉਹ ‘ਪੰਜਾਬੀ ਭਵਨ ਨੂੰ ਸਾਹਿਤ ਦਾ ਵਿਹੜਾ ਨਹੀਂ ਵਿਆਹ-ਸ਼ਾਦੀਆਂ ਦਾ ਰਿਜ਼ੋਰਟ ਬਣਾਉਣਾ ਚਾਹੁੰਦੇ ਹਨ।’
3.ਉਨ੍ਹਾਂ ਵੱਲੋਂ ਪੰਜਾਬੀ ਭਵਨ ਦੀਆਂ ਖਰਾਬ ਹੋ ਚੁੱਕੀਆਂ ਦੀਵਾਰਾਂ, ਓਪਨ ਏਅਰ ਥੀਏਟਰ ਦੀ ਸਟੇਜ ਦੀ ਟੁੱਟੀ ਛੱਤ, ਛੱਤ ਦੀਆਂ ਡਿੱਗ ਰਹੀਆਂ ਝਾਲਰਾਂ, ਪੌੜੀਆਂ ਦੇ ਨਾਲ ਲਗਾਏ ਗਏ ਅੜਿੱਕੇ ਅਤੇ ਦਰਸ਼ਕਾਂ ਦੇ ਬੈਠਣ ਲਈ ਬਣੀਆਂ ਪੌੜੀਆਂ ਵਿਚ ਅੜਾਏ ਗਏ ਅੜਿੱਕੇ, ਲਾਂਘਿਆਂ ਵਿਚ ਉਸਾਰੀਆਂ ਗਈਆਂ ਆਰਜ਼ੀ ਉਸਾਰੀਆਂ ਦੀ ਮੌਜੂਦਗੀ ਆਦਿ ਦੀਆਂ ਤਸਵੀਰਾਂ ਖਿੱਚੀਆਂ ਅਤੇ ਇਨ੍ਹਾਂ ਤਸਵੀਰਾਂ ਨੂੰ ਆਪਣੀ ਚਿੱਠੀ ਨਾਲ ਲਾ ਕੇ ਪ੍ਰਬੰਧਕਾਂ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਪੰਜਾਬੀ ਭਵਨ ਦੀ ਇਮਾਰਤ ਦੀ ਹੋ ਰਹੀ ਇਸ ਦੁਰਦਸ਼ਾ ਦਾ ਫ਼ਿਕਰ ਕਿਉਂ ਨਹੀਂ ਹੈ?
4. ਤਰਲੋਚਨ ਸਿੰਘ ਨੂੰ ਇਤਰਾਜ਼ ਸੀ ਕਿ ਪ੍ਰਬੰਧਕਾਂ ਵੱਲੋਂ ਥੀਏਟਰ ਦੇ ਗਰੀਨ ਰੂਮ ਤੱਕ ਕਿਰਾਏ ਤੇ ਦੇ ਦਿੱਤੇ ਗਏ ਹਨ। ਗਰੀਨ ਰੂਮ ਰੰਗਕਰਮੀਆਂ ਦੀ ਮੁੱਢਲੀ ਲੋੜ ਹੁੰਦੀ ਹੈ। ਗਰੀਨ ਰੂਮ ਬਿਨ੍ਹਾਂ ਉਨ੍ਹਾਂ ਦੀ ਕਲਾ ਦੇ ਪ੍ਰਗਟਾਵੇ ਵਿਚ ਵੱਡਾ ਅੜਿੱਕਾ ਪੈਂਦਾ ਹੈ। ਪ੍ਰਬੰਧਕ ਗਰੀਨ ਰੂਮ ਤੇ ਨਜਾਇਜ਼ ਤੌਰ ਤੇ ਕਾਬਜ ਹੋਏ ਵਿਅਕਤੀਆਂ ਤੋਂ ਗਰੀਨ ਰੂਮ ਖਾਲੀ ਕਿਉਂ ਨਹੀਂ ਕਰਵਾਉਂਦੇ?
5. ਪ੍ਰਬੰਧਕਾਂ ਵੱਲੋਂ ਵਾਰ-ਵਾਰ ਤੰਗ-ਪਰੇਸ਼ਾਨ ਕੀਤੇ ਜਾਣ ਤੇ ਤਰਲੋਚਨ ਸਿੰਘ ਨੇ ਆਪਣੀਆਂ ਮੰਗਾਂ ਮੰਨਵਾਉਣ ਲਈ ਪ੍ਰਬੰਧਕਾਂ ਵਿਰੁੱਧ ਧਰਨਾ-ਮੁਜ਼ਾਹਰਾ ਕਰਨ ਦੀ ਧਮਕੀ ਤੱਕ ਦਿੱਤੀ।
6. ਦੁਖੀ ਕਲਾਕਾਰਾਂ ਵੱਲੋਂ ਪ੍ਰਬੰਧਕਾਂ ਕੋਲ ਆਖਰੀ ਗੁਹਾਰ ਲਾ ਕੇ ਬੇਨਤੀ ਕੀਤੀ ਗਈ ਕਿ ਉਹ ਕਲਾਕਾਰਾਂ ਨੂੰ ‘ਮਾਨਸਿਕ ਤੌਰ ਤੇ ਪਰੇਸ਼ਾਨ ਨਾ ਕਰਨ।’ ‘ਕਲਾਕਾਰ ਬੜੇ ਨਰਮ ਤੇ ਭਾਵੁਕ ਹੁੰਦੇ ਹਨ। ਉਹ ਬੰਦੇ ਨੂੰ ਮਾਰਨ ਲੱਗਿਆਂ ਅਤੇ ਆਤਮ-ਹੱਤਿਆ ਕਰਨ ਲੱਗਿਆਂ ਵਕਤ ਨਹੀਂ ਲਾਉਂਦੇ।’ ਉਨ੍ਹਾਂ ਇਹ ਵੀ ਧਮਕੀ ਦਿੱਤੀ ਕਿ ‘ਜੇ ਪ੍ਰਬੰਧਕ ਉਨ੍ਹਾਂ ਨੂੰ ਪਰੇਸ਼ਾਨੀ ਦੇਣਗੇ ਤਾਂ ਮੈਂਬਰ ਹੋਣ ਦੇ ਨਾਤੇ ਉਹ ਵੀ ਉਨ੍ਹਾਂ ਨੂੰ ਕੁਝ ਦੇਣਗੇ।’
ਇਥੇ ਹੀ ਰੰਗਕਰਮੀ ਤਰਲੋਚਨ ਸਿੰਘ ਦੀ ਉਸ ਇਤਿਹਾਸਿਕ ਚਿੱਠੀ ਦਾ ਲਿੰਕ ਹੈ ਇਸ ਨੂੰ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ-
ਵਿਸ਼ੇਸ਼ ਕਥਨ: ਅੱਜ-ਕੱਲ ਵੀ ਕਲਾਕਾਰਾਂ ਨਾਲ ਇਹੋ ਜਿਹਾ ਵਿਵਹਾਰ ਹੀ ਕੀਤਾ ਜਾਂਦਾ ਹੈ। ਥੀਏਟਰ ਦੀ ਹਾਲਤ ਵੀ ਤਰਸਯੋਗ ਹੈ। ਨਾਟਕ, ਗੀਤ ਅਤੇ ਨਾਚਾਂ ਆਦਿ ਦੀ ਰਹਿਰਸਲ ਲਈ ਕਲਾਕਾਰਾਂ ਤੋਂ ਘੰਟਿਆਂ ਦੇ ਹਿਸਾਬ ਨਾਲ ਕਿਰਾਇਆ ਲਿਆ ਜਾਂਦਾ ਹੈ।
ਇਹ ਉਹੀ ਥਾਂ ਹੈ ਜਿੱਥੇ ਲੁਧਿਆਣਾ ਦਾ ਪੰਜਾਬੀ ਭਵਨ ਰੰਗਮੰਚ ਦਾ ਕੇਂਦਰ ਬਣ ਕੇ ਉਭਰਿਆ। ਇਹ ਉਹੀ ਥਾਂ ਹੈ ਜਿੱਥੇ ਹਰਪਾਲ ਟਿਵਾਣਾ ਦੀ ਅਗਵਾਈ ਹੇਠ ਪੰਜਾਬੀ ਨਾਟਕ 'ਚਮਕੌਰ ਦੀ ਗੜੀ' ਸਮੇਤ ਅਨੇਕਾਂ ਨਾਟਕ ਖੇਡੇ ਗਏ ਜਿਹਨਾਂ ਨੇ ਰੰਗਮੰਚ ਦਾ ਇਤਿਹਾਸ ਵੀ ਰਚਿਆ। ਇਹਨਾਂ ਨਾਟਕਾਂ ਵਿੱਚ ਨੀਨਾ ਟਿਵਾਣਾ, ਸਰਦਾਰ ਸੋਹੀ, ਦਰਸ਼ਨ ਬੜੀ ਨੇ ਵੀ ਕੰਮ ਕੀਤਾ। ਇਸੇ ਤਰ੍ਹਾਂ 'ਹਿੰਦ ਦੀ ਚਾਦਰ' ਅਤੇ 'ਗੁਲਾਮ ਕੀ ਬੇਟੀ' ਵਿੱਚ ਗੁਰਦਾਸ ਮਾਨ ਨੇ ਵੀ ਕੰਮ ਕੀਤਾ। ਰੰਗਮੰਚ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੇ ਇਸ ਅਸਥਾਨ ਤੇ ਹੁਣ "ਪਰਮਿਸ਼ਨ" ਨਾਟਕ ਦਾ ਮੰਚਨ ਕਰ ਕੇ ਕਲਾਕਾਰਾਂ ਨੂੰ ਆਪਣੀ ਬੇਬਸੀ
ਕੀ ਹਰਪਾਲ ਟਿਵਾਣਾ ਦੇ ਸਨੇਹੀ ਜਾਗਣਗੇ?
ਕੀ ਬਲਰਾਜ ਸਾਹਨੀ ਦੇ ਸਨੇਹੀ ਜਾਗਣਗੇ?
ਕਲਾ ਦੇ ਸਨੇਹੀਆਂ ਨੂੰ ਨਿਰੰਤਰ ਪੁਕਾਰ ਰਿਹਾ ਹੈ ਪੰਜਾਬੀ ਭਵਨ....ਆ ਜਾ ਅਬ ਤੋਂ ਆ ਜਾ...!
ਇਹ ਲਿੰਕ ਦੇਖਣ ਲਈ ਵੀ ਸਮਾਂ ਕੱਢਣਾ
No comments:
Post a Comment